Kachch Diaan Moortaan (Baal Kaav Sangrah) : Balwinder Singh Jammu

ਕੱਚ ਦੀਆਂ ਮੂਰਤਾਂ (ਬਾਲ ਕਾਵਿ ਸੰਗ੍ਰਹਿ) : ਬਲਵਿੰਦਰ ਸਿੰਘ ਜੰਮੂ


ਆ ਨੀ ਚਿੜੀਏ

ਕਿਤੋਂ ਤਾਂ ਆ ਨੀ ਚਿੜੀਏ। ਗੀਤ ਕੋਈ ਗਾ ਨੀ ਚਿੜੀਏ। ਸਾਰੇ ਤੈਨੂੰ ਉਡੀਕਦੇ। ਤੇਰੀਆਂ ਰਾਹਾਂ ਲੀਕਦੇ। ਝਾਤ ਆ, ਪਾ ਨੀ ਚਿੜੀਏ। ਕਿਤੋਂ ਤਾਂ ਆ ਨੀ ਚਿੜੀਏ। ਸੁਬ੍ਹਾ ਸਵੇਰੇ ਚਹਿਕਦੀ ਸੈਂ। ਆਕੇ ਵਿਹੜੇ ਟਹਿਕਦੀ ਸੈਂ। ਮੁੜ ਫੇਰਾ ਪਾ ਨੀ ਚਿੜੀਏ। ਕਿਤੋਂ ਤਾਂ ਆ ਨੀ ਚਿੜੀਏ। ਰੁੱਖਾਂ ਤੇ ਆਲਣੇ ਪਾ ਆਕੇ। ਸੁੱਤੇ ਅਰਮਾਨ ਜਗਾ ਆਕੇ। ਦਿਲ'ਚ ਸਮਾਂ ਨੀ ਚਿੜੀਏ। ਕਿਤੋਂ ਤਾਂ ਆ ਨੀ ਚਿੜੀਏ। ਤੂੰ ਆਵੇਂ ਤਾਂ ਆਏ ਬਹਾਰ। ਤੇਰੇ ਬਾਝੋਂ ਦਿਲ ਬੇਕਰਾਰ। ਵਿਹੜੇ ਰੌਣਕ ਲਾ ਨੀ ਚਿੜੀਏ। ਕਿਤੋਂ ਤਾਂ ਆ ਨੀ ਚਿੜੀਏ। ਕਰ ਕਰ ਉਡੀਕ ਥੱਕੇ ਹਾਰੇ। ਆ ਚਿੜੀਏ ਮਹਿਕਾ ਚੁਬਾਰੇ। ਸਵੇਰ ਵੇਲਾ ਚਹਿਕਾ ਚਿੜੀਏ। ਕਿਤੋਂ ਤਾਂ ਆ ਨੀ ਚਿੜੀਏ। ਗੀਤ ਕੋਈ ਗਾ ਨੀ ਚਿੜੀਏ।

ਬੰਤੋ ਦੀ ਬੇਰੀ

ਛੁਪ ਛੁਪ ਲਾਹੀਏ ਬੰਤੋ ਦੇ ਬੇਰ। ਭਰ ਭਰ ਝੋਲੇ ਨੱਸੀਏ ਫੇਰ। ਖਾਈਏ ਕੁੱਝ ਘਰ ਲਿਆਈਏ। ਕੁੱਝ ਗੁਆਂਢੀਆਂ ਨੂੰ ਦੇ ਆਈਏ। ਮੁੜ ਕੇ ਜਾਈਏ ਜਦੋਂ ਹੋਵੇ ਹਨੇਰ। ਛੁਪ ਛੁਪ ਲਾਈਏ ਬੰਤੋ ਦੇ ਬੇਰ। ਇਕ ਦਿਨ ਬੰਤੋ ਵਿਓਂਤ ਬਣਾਈ। ਬਹਿ ਗਈ ਛੁਪ ਕੇ ਖੇਸੀ ਪਾਈ। ਜਦੋਂ ਚੱੜ੍ਹੇ ਬੇਰੀ, ਦਿੱਤੀ ਡਾਂਗ ਫ਼ੇਰ। ਛੁਪ ਛੁਪ ਲਾਈਏ ਬੰਤੋ ਦੇ ਬੇਰ। ਨੱਸੋ ਨੱਸੀ ਦਾ ਪੈ ਗਿਆ ਰੌਲਾ। ਨੱਸ ਗਏ ਸਾਰੇ ਫੜਿਆ ਭੋਲਾ। ਕੁੱਟ ਕੁੱਟ ਵੱਖੀਆਂ ਦਿੱਤੀਆਂ ਉੱਧੇੜ। ਛੁਪ ਛੁਪ ਲਾਈਏ ਬੰਤੋ ਦੇ ਬੇਰ। ਇਕ ਦਿਨ ਸਾਡੇ ਘਰੇ ਆ ਗਈ। ਸਭ ਨੂੰ ਪੁੱਠੇ ਕੰਨ ਫੜਾ ਗਈ। ਪਿੰਡ'ਚ ਦਸ ਗਈ ਚਾਰ ਚੁਫੇਰ। ਇਹ ਮੁੰਡੇ ਨਿੱਤ ਲਾਹੁੰਦੇ ਬੇਰ। ਛੁਪ ਛੁਪ ਲਾਹੀਏ ਬੰਤੋ ਦੇ ਬੇਰ। ਭਰ ਭਰ ਝੋਲੇ ਨੱਸੀਏ ਫੇਰ।

ਨਾ ਛਡੀਂ ਪੜ੍ਹਨਾ ਊੜਾ

ਮਾਂ ਬੋਲੀ ਬਿਨਾਂ ਅਧੂਰਾ ਕਿੰਝ ਆਖਾਂ ਤੈਨੂੰ ਸੂਰਾ ਜੇ ਕਰਨਾ ਸੁਪਨਾ ਪੂਰਾ ਨਾ ਛੱਡੀਂ ਤੂੰ ਪੜ੍ਹਨਾ ਊੜਾ। ਪਾ ਅੱਖਰਾਂ ਦੇ ਨਾਲ ਯਾਰੀ ਇਹਦੀ ਖੁਸ਼ਬੂ ਬੜੀ ਪਿਆਰੀ ਤੈਨੂੰ ਰਹਿਣੀ ਚੜ੍ਹੀ ਖੁਮਾਰੀ ਪਾ ਪਿਆਰ ਇਹਦੇ ਨਾਲ ਗੂੜ੍ਹਾ ਨਾ ਛਡੀਂ ਤੂੰ ਪੜ੍ਹਨਾ ਊੜਾ। ਪੈਂਤੀ ਪੜ੍ਹ ਅਤੇ ਪੜ੍ਹਾ ਲੈ ਹਰ ਅੱਖਰ ਦਿਲੀ ਵਸਾ ਲੈ ਆਪਣੀ ਰੀਝ ਪੁਗਾ ਲੈ ਤਹਿਜ਼ੀਬ ਦਾ ਇਹੀ ਪੰਘੂੜਾ ਨਾ ਛਡੀਂ ਤੂੰ ਪੜ੍ਹਨਾ ਊੜਾ। ਜੇ ਵਿਰਸਾ ਆਪ ਸੰਭਾਲੇਂ ਤੁਰਦਾ ਰਹੀਂ ਆਪਣੀ ਚਾਲੇ ਦੁਨੀਆਂ ਵੀ ਚਲੂ ਤੇਰੇ ਨਾਲੇ ਹਉਮੈਂ ਦਾ ਰਸਤਾ ਕੂੜਾ ਨਾ ਛਡੀਂ ਤੂੰ ਪੜ੍ਹਨਾ ਊੜਾ। ਮਾਂ ਬੋਲੀ ਸੰਗ ਹੈ ਜੀਵਨ ਇਹਦੇ ਲੇਖੇ ਲਾ ਦੇ ਤਨ ਮਨ ਆਖਣਗੇ ਸਾਰੇ ਧੰਨ ਧੰਨ ਸਾਂਭੀ ਦਸਤਾਰ ਤੇ ਜੂੜਾ ਨਾ ਛਡੀਂ ਤੂੰ ਪੜ੍ਹਨਾ ਊੜਾ। ਧਰਤੀ ਤੇ ਰਾਜ ਕਰੇਂਗਾ ਸਭ ਦਾ ਸਰਤਾਜ ਬਣੇਂਗਾ ਬੋਲੀ ਨੂੰ ਜੇ ਪਾਵੇਂਗਾ ਨਵਿਆਂ ਗੀਤਾਂ ਦਾ ਚੂੜਾ ਨਾ ਛਡੀਂ ਤੂੰ ਪੜ੍ਹਨਾ ਊੜਾ। ਇਕ ਇਕ ਜੁੜ ਹੋਏ ਗਿਆਰਾਂ ਗਿਆਰਾਂ ਤੋਂ ਫ਼ੇਰ ਹਜ਼ਾਰਾਂ ਢਾਹ ਸਮੇਂ ਦੀਆਂ ਦੀਵਾਰਾਂ ਨਾ ਬਣੀ ਕਿਤੇ ਨਿਗੁਰਾ ਨਾ ਛਡੀਂ ਤੂੰ ਪੜ੍ਹਨਾ ਊੜਾ।

ਮੈਂ ਰੋਜ਼ ਸਕੂਲੇ ਜਾਂਦਾ ਹਾਂ

ਮੈਂ ਰੋਜ਼ ਸਕੂਲੇ ਜਾਂਦਾ ਹਾਂ। ਗੀਤ ਸੱਚ ਦੇ ਗਾਂਦਾ ਹਾਂ। ਮੈਂ ਹਾਂ ਜਮਾਤ ਦਾ ਮਨੀਟਰ। ਸਾਰੇ ਕਹਿੰਦੇ ਮੈਨੂੰ ਪੀਟਰ। ਵਿਹਲੇ ਸਮੇਂ ਖੂਬ ਹਸਾਂਦਾ ਹਾਂ। ਮੈਂ ਰੋਜ਼ ਸਕੂਲੇ ਜਾਂਦਾ ਹਾਂ। ਹਰ ਸਾਲ ਅੱਵਲ ਆਵਾਂ। ਪਹਿਲਾ ਇਨਾਮ ਮੈਂ ਪਾਵਾਂ। ਸਭ ਦੇ ਦਿਲਾਂ ਨੂੰ ਭਾਂਦਾ ਹਾਂ। ਮੈਂ ਰੋਜ਼ ਸਕੂਲੇ ਜਾਂਦਾ ਹਾਂ। ਸਾਰੇ ਮਾਸਟਰ ਕਰਦੇ ਪਿਆਰ। ਕਹਿੰਦੇ ਤੂੰ ਜਮਾਤ ਦਾ ਸਰਦਾਰ। ਪੀਟੀ ਵੀ ਮੈਂ ਕਰਾਂਦਾ ਹਾਂ। ਮੈਂ ਰੋਜ਼ ਸਕੂਲੇ ਜਾਂਦਾ ਹਾਂ। ਬੱਚੇ ਕਰਦੇ ਮੇਰਾ ਗੁਣਗਾਣ। ਮੇਰੇ ਵਲ ਦੇਂਦੇ ਪੂਰਾ ਧਿਆਨ। ਸਭ ਨੂੰ ਅਨੁਸ਼ਾਸਨ ਸਿਖਾਂਦਾ ਹਾਂ। ਮੈਂ ਰੋਜ਼ ਸਕੂਲੇ ਜਾਂਦਾ ਹਾਂ। ਆਓ ਸੁਚੇਤ ਹੋ ਜਾਈਏ। ਸਮੇਂ ਨੂੰ ਇਵੇਂ ਨਾ ਗਵਾਈਏ। ਸਭ ਨੂੰ ਮੈਂ ਸਮਝਾਂਦਾ ਹਾਂ। ਮੈਂ ਰੋਜ਼ ਸਕੂਲੇ ਜਾਂਦਾ ਹਾਂ। ਗੀਤ ਸੱਚ ਦੇ ਗਾਂਦਾ ਹਾਂ।

ਦਾਦੀ ਜੀ ਕਹਾਣੀ ਸੁਣਾਓ

ਦਾਦੀ ਜੀ ਕਹਾਣੀ ਸੁਣਾਓ। ਕਹਾਣੀ ਸੁਣਾਓ ਮੈਨੂੰ ਹਸਾਓ। ਤੁਸੀਂ ਰੋਜ਼ ਰੋਜ਼ ਟਾਲੀ ਜਾਂਦੇ ਹੋ। ਨਿੱਤ ਨਵੀਆਂ ਤਰੀਕਾਂ ਪਾਂਦੇ ਹੋ। ਨੀਂਦ ਨਹੀਂ ਆਉਂਦੀ ਕੁੱਝ ਗਾਓ। ਦਾਦੀ ਜੀ ਕਹਾਣੀ ਸੁਣਾਓ। ਹਰ ਗੱਲ ਮੈਂ ਮੰਨਾਂ ਤੁਹਾਡੀ ਪੱਠੇ ਵੱਢਾਂ ਕਦੀ ਕਰਾਂ ਵਾਢੀ ਹੁਣ ਮੇਰਾ ਆਖਾ ਮੰਨ ਜਾਓ। ਦਾਦੀ ਜੀ ਕਹਾਣੀ ਸੁਣਾਓ। ਰਾਜਾ ਰਾਣੀ ਜਾਂ ਹੋਰ ਕਹਾਣੀ। ਜੋ ਵੀ ਆਉਂਦੀ ਤੁਹਾਨੂੰ ਜ਼ੁਬਾਨੀ। ਛੇਤੀ ਕਰੋ ਦੇਰ ਨਾ ਲਗਾਓ। ਦਾਦੀ ਜੀ ਕਹਾਣੀ ਸੁਣਾਓ। ਮੇਰਾ ਆਖਾ ਮੰਨ ਜਾਓ । ਕਹਾਣੀ ਜਾਂ ਕਵਿਤਾ ਸੁਣਾਓ । ਅੱਜ ਮਿੱਠੇ ਚੋਲ ਵੀ ਖਵਾਓ। ਦਾਦੀ ਜੀ ਕਹਾਣੀ ਸੁਣਾਓ। ਕਹਾਣੀ ਸੁਣਾਓ ਮੈਨੂੰ ਹਸਾਓ।

ਮਾਂ ਬੋਲੀ ਦੇ ਰਖਵਾਲੇ

ਕੱਲ੍ਹ ਸਾਡੇ ਸਕੂਲ ਕਵੀ ਸੀ ਆਏ। ਸਭ ਨੇ ਕਵਿਤਾ, ਗੀਤ ਸੁਣਾਏ। ਬਾਲ ਕਵਿਤਾਵਾਂ ਵੀ ਸੁਣਾਈਆਂ। ਸਾਡੇ ਮਨ ਨੂੰ ਬੜੀਆਂ ਭਾਈਆਂ। ਸਭ ਦੇ ਮੁਖੜੇ ਖਿਲਖਿਲਾਏ। ਕੱਲ੍ਹ ਸਾਡੇ ਸਕੂਲ ਕਵੀ ਸੀ ਆਏ। ਮੈਂ ਵੀ ਬਾਲ ਗੀਤ ਸੁਣਾਇਆ। ਸੁੱਖੀ,ਮੀਤੇ ਨੇ ਰੰਗ ਜਮਾਇਆ। ਸਭ ਨੇ ਮਾਂ ਬੋਲੀ ਦੇ ਗੀਤ ਗਾਏ। ਕੱਲ੍ਹ ਸਾਡੇ ਸਕੂਲ ਕਵੀ ਸੀ ਆਏ। ਅੱਵਲ ਆਉਣ ਤੇ ਮਿਲਿਆ ਇਨਾਮ। ਦੂਜੇ ਤੀਜੇ ਦਾ ਵੀ ਕੀਤਾ ਸਨਮਾਨ। ਆਏ ਕਵੀਆਂ, ਸਾਡੇ ਹੌਸਲੇ ਵਧਾਏ। ਕੱਲ੍ਹ ਸਾਡੇ ਸਕੂਲ ਕਵੀ ਸੀ ਆਏ। ਹਰ ਸਾਲ ਸਮਾਗਮ ਦਾ ਕੀਤਾ ਐਲਾਨ। ਮਾਂ ਬੋਲੀ ਲਈ ਲਾਵਾਂਗੇ ਜਿੰਦਜਾਨ। ਹੈਡਮਾਸਟਰ ਜਿੰਦਾਬਾਦ ਨਾਅਰੇ ਲਾਏ। ਕੱਲ੍ਹ ਸਾਡੇ ਸਕੂਲ ਕਵੀ ਸੀ ਆਏ। ਸਭ ਨੇ ਕਵਿਤਾ, ਗੀਤ ਸੁਣਾਏ।

ਚਿੱਟੇ ਰੰਗ ਦਾ ਸੂਟ

ਚਿੱਟੇ ਰੰਗ ਦਾ ਸੂਟ ਸਵਾਇਆ। ਉੱਤੇ ਫੁੱਲ ਗੁਲਾਬ ਦਾ ਲਾਇਆ। ਅੱਜ ਮੈਂ ਸਭ ਤੋਂ ਸੋਹਣਾ ਲੱਗਾਂ। ਸਾਰਿਆਂ ਵਿਚੋਂ ਮੈਂ ਹੀ ਫੱਬਾਂ। ਮੈਨੂੰ ਮੁੜ੍ਹਕਾ ਰਤਾ ਨਾ ਆਇਆ। ਚਿੱਟੇ ਰੰਗ ਦਾ ਸੂਟ ਸਵਾਇਆ। ਸਾਰੇ ਜਮਾਤੀ ਢੁਕ ਢੁਕ ਬਹਿੰਦੇ। ਵੇਖ ਕੇ ਸੂਟ ਕੁੱਝ ਕੁੱਝ ਕਹਿੰਦੇ। ਸਭ ਨੂੰ ਸੂਟ ਬਾਹਲਾ ਭਾਇਆ। ਚਿੱਟੇ ਰੰਗ ਦਾ ਸੂਟ ਸਵਾਇਆ। ਪਿੰਡੇ ਨੂੰ ਇਹ ਠੰਢਕ ਪਹੁੰਚਾਵੇ। ਕਰਾਂ ਸੰਭਾਲ ਮੈਲਾ ਨਾ ਹੋ ਜਾਵੇ ਇਕ ਹੋਰ ਪਾਪਾ ਲੈ ਕੇ ਆਇਆ। ਚਿੱਟੇ ਰੰਗ ਦਾ ਸੂਟ ਸਵਾਇਆ। ਪਿੰਡ'ਚ ਮੇਰੀ ਟੌਹਰ ਬਣ ਗਈ। ਦਿੱਖ ਹੋਰ ਦੀ ਹੋਰ ਬਣ ਗਈ। ਯਾਰ ਕਹਿੰਦੇ ਚਿੱਟੂ ਆਇਆ। ਚਿੱਟੇ ਰੰਗ ਦਾ ਸੂਟ ਸਵਾਇਆ। ਉੱਤੇ ਫੁੱਲ ਗੁਲਾਬ ਦਾ ਲਾਇਆ।

ਦੇਸ਼ ਦਾ ਸਿਪਾਹੀ

ਮੇਰੇ ਦੇਸ਼ ਦਾ ਸਿਪਾਹੀ। ਕਰੇ ਸਭ ਦੀ ਭਲਾਈ। ਗੀਤ ਦੇਸ਼ ਦੇ ਗਾਏ। ਉੱਚਾ ਤਿਰੰਗਾ ਲਹਿਰਾਏ। ਹੋਵੇ ਸਭ ਦਾ ਸਹਾਈ। ਮੇਰੇ ਦੇਸ਼ ਦਾ ਸਿਪਾਹੀ। ਜੰਗ ਜਿੱਤ ਕੇ ਆਏ। ਮਾਂ ਘੁੱਟ ਸੀਨੇ ਲਾਏ। ਪਵੇ ਪਿੰਡ'ਚ ਦੁਹਾਈ। ਮੇਰੇ ਦੇਸ਼ ਦਾ ਸਿਪਾਹੀ। ਸਦਾ ਅਮਨ ਦਾ ਪੁਜਾਰੀ। ਉਹਦੇ ਸਾਹਾਂ'ਚ ਵਫ਼ਾਦਾਰੀ। ਦੇਸ਼ ਭਗਤੀ'ਚ ਸ਼ੁਦਾਈ। ਮੇਰੇ ਦੇਸ਼ ਦਾ ਸਿਪਾਹੀ। ਸਰਹਦਾਂ ਤੇ ਕਰੇ ਰਖਵਾਲੀ। ਹੋਵੇ ਈਦ ਜਾਂ ਦਿਵਾਲੀ। ਉਹਦੇ ਸਾਹਾਂ'ਚ ਸੱਚਾਈ ਮੇਰੇ ਦੇਸ਼ ਦਾ ਸਿਪਾਹੀ। ਉਹਦਾ ਹੌਸਲਾ ਬੁਲੰਦ। ਲੰਘ ਜਾਵੇ ਔਖੇ ਪੰਧ। ਭਾਵੇਂ ਹੋਵੇ ਡੂੰਘੀ ਖਾਹੀ। ਮੇਰੇ ਦੇਸ਼ ਦਾ ਸਪਾਹੀ। ਵੈਰੀਆਂ ਨੂੰ ਤਾੜਦਾ। ਸੀਤ ਹਵਾਵਾਂ ਸਹਾਰਦਾ। ਹੱਸ ਕੇ ਜਰੇ ਔਖਿਆਈ। ਮੇਰੇ ਦੇਸ਼ ਦਾ ਸਿਪਾਹੀ। ਜਦੋਂ ਜਾਵੇ ਵਿਚ ਮੈਦਾਨ। ਕਰੇ ਵੈਰੀਆਂ ਦਾ ਘਾਣ। ਜੋਤ ਜਿੱਤ ਦੀ ਜਗਾਈ। ਮੇਰੇ ਦੇਸ਼ ਦਾ ਸਿਪਾਹੀ। ਕਰੇ ਸਭ ਦੀ ਭਲਾਈ।

ਮਾਨਵਤਾ

ਰੁੱਤ ਗਰਮੀਆਂ ਦੀ ਆਏ ਪੰਛੀਆਂ ਦੇ ਮੁੱਖ ਕੁਮਲਾਏ। ਕਰਦੇ ਪਾਣੀ ਦੀ ਭਾਲ। ਉਡਦੇ ਜਾਂਦੇ ਬੇਹਾਲ। ਭੈੜਾ ਹਾੜ ਦਾ ਮਹੀਨਾ। ਤਪੇ ਧਰਤੀ ਤਪਦਾ ਸੀਨਾ। ਬੱਚਿਓ ਕਰੋ ਕੋਈ ਚਾਰੇ। ਉਹ ਵੀ ਨੇ ਜੀਵ ਪਿਆਰੇ। ਸਭ ਨੂੰ ਸਮਝਾਓ। ਛੱਤਾਂ ਤੇ ਪਾਣੀ ਰਖਾਓ। ਪਿਆਸ ਪੰਛੀਆਂ ਦੀ ਬੁਝਾਓ। ਮਾਨਵਤਾ ਨੂੰ ਫੈਲਾਓ। ਬੱਚਿਓ ਮੰਨੋ ਮੇਰੀ ਗੱਲ। ਤੁਹਾਨੂੰ ਮਿਲੇਗਾ ਫਲ। ਕਰ ਲੋ ਨੇਕ ਕਮਾਈਆਂ। ਗੱਲਾਂ ਚੰਗੀਆਂ ਸਮਝਾਈਆਂ।

ਚਿੜੀਆ ਘਰ

ਕੱਲ੍ਹ ਗਏ ਸੀ ਵੇਖਣ ਚਿੜੀਆ ਘਰ। ਵੇਖ ਕੇ ਪੰਛੀ,ਜਾਨਵਰ ਲੱਗਿਆ ਡਰ। ਭਾਵੇਂ ਪਿੰਜਰੇ ਵਿੱਚ ਉਹ ਕੈਦ ਸਨ। ਤਾਂਵੀ ਅੰਦਰੋਂ ਡਰਦਾ ਸੀ ਮਨ। ਸਾਡੇ ਨਾਲ ਸਨ ਜੈ ਸਿੰਘ,ਦੱਤਾ ਸਰ। ਕੱਲ੍ਹ ਗਏ ਸੀ ਵੇਖਣ ਚਿੜੀਆ ਘਰ। ਥਾਂ ਥਾਂ ਤੇ ਖੜ੍ਹੇ ਸੀ ਪਹਿਰੇਦਾਰ। ਅਣਹੋਣੀ ਨਾ ਹੋਏ ਬੜੇ ਹੁਸ਼ਿਆਰ। ਅਸੀਂ ਵੇਖੇ ਸਾਰੇ ਜੀਵ ਹੋਕੇ ਨਿਡਰ। ਕੱਲ੍ਹ ਗਏ ਸੀ ਵੇਖਣ ਚਿੜੀਆ ਘਰ। ਪਹਿਰੇਦਾਰ ਨੇ ਲੰਮੀ ਸੀਟੀ ਵਜਾਈ। ਗੇਟ ਬੰਦ ਹੋਇਆ ਖਲਕਤ ਬਾਹਰ ਆਈ। ਸਾਰੇ ਮੁੜ ਆਏ ਘਰ ਨੂੰ ਗਡੀ ਤੇ ਚੜ੍ਹ। ਕੱਲ੍ਹ ਗਏ ਸੀ ਵੇਖਣ ਚਿੜੀਆ ਘਰ। ਵਾਰ ਵਾਰ ਜੀਵ ਯਾਦ ਨੇ ਆਂਦੇ । ਸਾਡੇ ਮਨ ਮਸਤਕ ਖੌਰੂ ਪਾਂਦੇ । ਲੜਦਿਆਂ ਇਕ ਜਿੱਤੇ ਇਕ ਜਾਵੇ ਹਰ। ਕੱਲ੍ਹ ਗਏ ਸੀ ਵੇਖਣ ਚਿੜੀਆ ਘਰ। ਵੇਖ ਕੇ ਪੰਛੀ,ਜਾਨਵਰ ਲੱਗਿਆ ਡਰ।

ਬੀਬੀ ਰਜਨੀ

ਭੈਣੇ ਲੈ ਚਲ ਮੈਨੂੰ ਫ਼ਿਲਮ ਵਿਖਾਣ। ਬੀਬੀ ਰਜਨੀ ਫ਼ਿਲਮ ਹੈ ਮਹਾਨ। ਰਜਨੀ ਨੂੰ ਪਾਪਾ ਕੋਹੜੇ ਲੜ ਲਾਉਂਦੇ। ਕ੍ਰੋਧ ਵਿੱਚ ਆ ਕੇ ਉਹਨੂੰ ਡਰਾਉਂਦੇ। ਰਜਨੀ ਬਣੀ ਹੈ ਫ਼ਿਲਮ ਦੀ ਜਾਨ। ਭੈਣੇ ਲੈ ਚਲ ਮੈਨੂੰ ਫ਼ਿਲਮ ਵਿਖਾਣ। ਮੰਮੀ ਪਾਪਾ ਕਹਿੰਦੇ ਅਸੀਂ ਵੀ ਜਾਵਾਂਗੇ। ਫ਼ਿਲਮ ਦੀ ਕਹਾਣੀ ਸਭ ਨੂੰ ਸੁਣਾਵਾਂਗੇ। ਰੱਬ ਤੇ ਭਰੋਸਾ ਰਖਣ ਵਾਲੇ ਹੁੰਦੇ ਮਹਾਨ। ਭੈਣੇ ਲੈ ਚਲ ਮੈਨੂੰ ਫ਼ਿਲਮ ਵਿਖਾਣ। ਛੇਤੀ ਕਰ ਟਿਕਟਾਂ ਮੁਕ ਨਾ ਜਾਵਣ। ਅੱਜ ਛੁੱਟੀ ਹੈ ਲੋਕੀ ਭੀੜ ਨਾ ਪਾਵਣ। ਮੈਡਮ ਵੀ ਕਰਦੀ ਫ਼ਿਲਮ ਦੇ ਗੁਣਗਾਣ। ਭੈਣੇ ਲੈ ਚਲ ਮੈਨੂੰ ਫ਼ਿਲਮ ਵਿਖਾਣ। ਮੇਰੀ ਜਮਾਤ ਦੇ ਬੱਚੇ ਵੇਖ ਆਏ ਨੇ। ਫ਼ਿਲਮ ਦੇ ਸੋਹਿਲੇ ਸਭ ਨੇ ਗਾਏ ਨੇ। ਕਿਵੇਂ ਰਜਨੀ ਕਰਦੀ ਆਪਾ ਕੁਰਬਾਨ। ਭੈਣੇ ਲੈ ਚਲ ਮੈਨੂੰ ਫ਼ਿਲਮ ਵਿਖਾਣ। ਬੀਬੀ ਰਜਨੀ ਫ਼ਿਲਮ ਹੈ ਮਹਾਨ।

ਪੰਛੀ ਬਚਾਓ

ਇਕ ਸ਼ਿਕਾਰੀ ਕਰੇ ਸ਼ਿਕਾਰ ਦੀ ਭਾਲ। ਅਸੀਂ ਵੀ ਪਿਛੇ ਪਿਛੇ ਤੁਰ ਪਏ ਨਾਲ। ਛੁਪ ਕੇ ਬਹਿ ਗਿਆ ਸ਼ਿਕਾਰੀ। ਪੰਛੀ ਮਾਰਨ ਦੀ ਕੀਤੀ ਤਿਆਰੀ। ਜਿਵੇਂ ਹੀ ਚਲਾਉਣ ਲਗਾ ਬੰਦੂਕ। ਅਸੀਂ ਉਡਾ ਤੇ ਪੰਛੀ ਮਾਰ ਕੇ ਕੂਕ। ਸਾਰੇ ਮਿਲ ਕੇ ਗਏ ਉਹਦੇ ਕੋਲ। ਆਖਿਆ ਉਹਨੂੰ ਪੰਛੀ ਨੇ ਅਣਮੋਲ। ਨਾ ਮਾਰ ਪੰਛੀ ਨਾ ਪਾਪ ਕਮਾ। ਇਹ ਵੀ ਨੇ ਸਾਡੇ ਵਾਂਗ ਤਰਸ ਖਾ। ਸ਼ਿਕਾਰੀ ਨੂੰ ਸਮਝ ਆਈ ਗੱਲ। ਕੀਤੀ ਤੋਬਾ ਹੱਥ ਜੋੜੇ ਸਾਡੇ ਵਲ। ਜਦੋਂ ਮਾਸਟਰ ਜੀ ਨੂੰ ਗੱਲ ਸੁਣਾਈ। ਉਨ੍ਹਾਂ ਸਾਡੀ ਪਿਠ ਥਪਥਪਾਈ। ਮੰਮੀ ਪਾਪਾ ਨੇ ਗਲ ਲਾਇਆ। ਕਹਿੰਦੇ ਤੁਸੀਂ ਪੰਛੀਆਂ ਨੂੰ ਬਚਾਇਆ। ਹੈਡਮਾਸਟਰ ਜੀ ਨੇ ਵੀ ਸਲ੍ਹਾਇਆ। ਸਕੂਲ ਨੇ ਸਾਡਾ ਹੌਸਲਾ ਵਧਾਇਆ। ਆਓ ਬੱਚਿਓ! ਸਭ ਨੂੰ ਸਮਝਾਈਏ। ਪੰਛੀ ਬਚਾਓ ਦਾ ਨਾਅਰਾ ਲਾਈਏ ।

ਭੈਣ-ਭਰਾ

ਇਕ ਭੈਣ ਤੇ ਇਕ ਭਰਾ। ਰੋਜ਼ ਜਾਂਦੇ ਸਿੱਧੇ ਰਾਹ। ਇਕੋ ਸਕੂਲੇ ਦੋਵੇਂ ਪੜ੍ਹਦੇ। ਆਪਿਸ 'ਚ ਨਹੀਂ ਲੜਦੇ। ਇਕ ਦੂਜੇ ਦੇ ਖੈਰਖਾਹ। ਇਕ ਭੈਣ ਤੇ ਇਕ ਭਰਾ। ਹਰ ਸਾਲ ਅੱਵਲ ਆਂਦੇ। ਪਹਿਲਾ ਇਨਾਮ ਦੋਵੇਂ ਪਾਂਦੇ। ਮੰਗਦੇ ਸਭ ਦਾ ਭਲਾ। ਇਕ ਭੈਣ ਤੇ ਇਕ ਭਰਾ। ਸਾਰੇ ਪਿੰਡ ਦੇ ਪਿਆਰੇ। ਲੱਗਣ ਅਰਸ਼ਾਂ ਦੇ ਤਾਰੇ। ਹਰ ਕੋਈ ਕਰੇ ਵਾਹ ਵਾਹ। ਇਕ ਭੈਣ ਤੇ ਇਕ ਭਰਾ। ਰੋਜ਼ ਗੁਰਦੁਆਰੇ ਜਾਂਦੇ। ਗੀਤ ਹਰੀ ਦੇ ਗਾਂਦੇ। ਰਖੀਂ ਮੇਹਰ ਪਾਤਸ਼ਾਹ। ਇਕ ਭੈਣ ਤੇ ਇਕ ਭਰਾ। ਰੋਜ਼ ਜਾਂਦੇ ਸਿੱਧੇ ਰਾਹ।

ਬਟੋਤ ਦੀ ਸੈਰ

ਇਕ ਦਿਨ ਗਏ ਸੀ ਬਟੋਤ। ਫਲ ਖਾਧੇ ਸੇਬ ਤੇ ਅਖਰੋਟ। ਮੰਮੀ ਪਾਪਾ ਵੀ ਨਾਲ ਸਨ। ਟੇਢੇ ਮੇਢੇ ਰਾਹ ਕਮਾਲ ਸਨ। ਰਾਹ'ਚ ਖਾਧੇ ਚਾਵਲ ਮੋਠ। ਇਕ ਦਿਨ ਗਏ ਸੀ ਬਟੋਤ। ਕਮਰਾ ਬੁੱਕ ਸੀ ਕਰਾਇਆ। ਹਫ਼ਤਾ ਠਹਿਰੇ ਮਜ਼ਾ ਆਇਆ। ਸੱਚੇ ਲੋਕ ਨਾ ਦਿਲਾਂ'ਚ ਖੋਟ। ਇਕ ਦਿਨ ਗਏ ਸੀ ਬਟੋਤ। ਰਮਾਂ ਮਾਸੀ ਦੇ ਘਰ ਗਏ ਸੀ। ਦੋ ਦਿਨ ਓਥੇ ਵੀ ਰਹੇ ਸੀ। ਮਾਸੀ ਨੇ ਖਵਾਏ ਮਿੱਠੇ ਰੋਟ । ਇਕ ਦਿਨ ਗਏ ਸੀ ਬਟੋਤ। ਪਹੁੰਚੇ ਜੰਮੂ ਗਰਮੀ ਸਤਾਵੇ। ਬਟੋਤ ਦੀ ਠੰਢ ਚੇਤੇ ਆਵੇ। ਖੁਸ਼ੀ'ਚ ਹੁੰਦੇ ਸੀ ਲੋਟ ਪੋਟ। ਇਕ ਦਿਨ ਗਏ ਸੀ ਬਟੋਤ। ਫਲ ਖਾਧੇ ਸੇਬ ਤੇ ਅਖਰੋਟ। (ਬਟੋਤ ਸ਼ਹਿਰ ਇਕ ਠੰਢੀ ਥਾਂ ਹੈ ਜੋ ਜੰਮੂ ਤੋਂ ਸ਼੍ਰੀਨਗਰ ਜਾਂਦਿਆਂ ਰਾਹ 'ਚ ਆਉਂਦਾ ਹੈ।ਇਹ ਜੰਮੂ ਤੋਂ ਤਕਰੀਬਨ ਸੌ ਕਿਲੋਮੀਟਰ ਦੂਰ ਹੈ।)

ਦੋ ਭੈਣਾਂ

ਅਸੀਂ ਹਾਂ ਦੋ ਹੀ ਭੈਣਾਂ। ਹਰਦਮ ਇਕੱਠਿਆਂ ਰਹਿਣਾ। ਰੋਜ਼ ਸਕੂਲ ਵੈਨ ਤੇ ਜਾਈਏ। ਦਿਨੇ ਰੋਟੀ ਇਕੱਠਿਆਂ ਖਾਈਏ। ਇਕੋ ਬੈਂਚ ਤੇ ਦੋਵਾਂ ਬਹਿਣਾ। ਅਸੀਂ ਹਾਂ ਦੋ ਹੀ ਭੈਣਾਂ। ਚੌਥੀ ਵਿੱਚ ਹਾਂ ਪੜ੍ਹਦੀਆਂ। ਆਪਸ ਵਿਚ ਨਾ ਲੜਦੀਆਂ। ਸਭ ਨੂੰ ਦੱਸੀਏ ਕੱਠੇ ਰਹਿਣਾ। ਅਸੀਂ ਹਾਂ ਦੋ ਹੀ ਭੈਣਾਂ। ਜਮਾਤ ਵਿੱਚ ਅੱਵਲ ਆਈਏ। ਹੋਰਾਂ ਨੂੰ ਵੀ ਅਸੀਂ ਪੜ੍ਹਾਈਏ। ਮਾਸਟਰ ਜੀ ਸ਼ਾਬਾਸ਼ੀ ਦੇਣਾ। ਅਸੀਂ ਹਾਂ ਦੋ ਹੀ ਭੈਣਾਂ। ਮੰਮੀ ਸਾਨੂੰ ਲਾਡ ਲਡਾਵੇ। ਘੁੱਟ ਕੇ ਸੀਨੇ ਨਾਲ ਲਾਵੇ। ਕਹਿੰਦੀ ਤੁਸੀਂ ਮੇਰੇ ਹੋ ਨੈਣਾਂ। ਅਸੀਂ ਹਾਂ ਦੋ ਹੀ ਭੈਣਾ। ਹਰਦਮ ਇਕੱਠਿਆਂ ਰਹਿਣਾ।

ਨਵੀਂ ਕਾਰ

ਪਾਪਾ ਨਵੀਂ ਕਾਰ ਲੈਕੇ ਆਏ। ਸਭ ਨੇ ਮਿਲ ਕੇ ਭੰਗੜੇ ਪਾਏ। ਬਿਨਾਂ ਪੈਟਰੋਲ ਡੀਜ਼ਲ ਚਲਦੀ। ਨਾ ਖਰਚਾ ਨਾ ਚਿੰਤਾ ਕੱਲ੍ਹ ਦੀ। ਕਰ ਲੋ ਚਾਰਜ ਦੌੜਦੀ ਜਾਏ। ਪਾਪਾ ਨਵੀਂ ਕਾਰ ਲੈਕੇ ਆਏ। ਪੰਜ ਸੀਟਾਂ ਵਾਲੀ ਇਹ ਕਾਰ। ਓਲਾ ਕੰਪਨੀ ਨੇ ਕੀਤੀ ਤਿਆਰ। ਧੂੰਆਂ ਛੱਡੇ ਨਾ ਪ੍ਰਦੂਸ਼ਨ ਫਲਾਏ। ਪਾਪਾ ਨਵੀਂ ਕਾਰ ਲੈਕੇ ਆਏ। ਹੌਲੀ ਹੌਲੀ ਤਬਦੀਲੀ ਆਵੇਗੀ। ਅੰਬਰ ਤੇ ਕਾਲਖ ਹਟ ਜਾਵੇਗੀ। ਸੀਤ ਹਵਾ ਦੇ ਬੁੱਲ੍ਹੇ ਸੀਨੇ ਠਰਾਏ। ਪਾਪਾ ਨਵੀਂ ਕਾਰ ਲੈਕੇ ਆਏ। ਨਵੀਂ ਸਵੇਰ ਲੈਕੇ ਆਵੇਗਾ ਸੂਰਜ। ਸਭ ਦੇ ਮੁਖੜੇ ਖਿੜਾਵੇ ਗਾ ਸੂਰਜ। ਘਟ ਜਾਣੇ ਰੋਗ ਜੋ ਧੂੰਏਂ ਫੈਲਾਏ। ਪਾਪਾ ਨਵੀਂ ਕਾਰ ਲੈਕੇ ਆਵੇ।

ਪਾਪਾ ਮੇਰੇ ਵੱਡੇ ਲਿਖਾਰੀ

ਪਾਪਾ ਮੇਰੇ ਵੱਡੇ ਲਿਖਾਰੀ। ਕਵਿਤਾ ਲਿਖਦੇ ਪਿਆਰੀ ਪਿਆਰੀ। ਪਹਿਲਾਂ ਨੌਕਰੀ ਸੀ ਕਰਦੇ। ਓਦੋਂ ਨਹੀਂ ਸੀ ਲਿਖਦੇ ਪੜ੍ਹਦੇ। ਹੁਣ ਕਿਤਾਬਾਂ ਨਾਲ ਹੈ ਯਾਰੀ। ਪਾਪਾ ਮੇਰੇ ਵੱਡੇ ਲਿਖਾਰੀ। ਬੂਹਾ ਬੰਦ ਕਰਕੇ ਬਹਿ ਜਾਂਦੇ। ਲਿਖਦੇ ਪੜ੍ਹਦੇ ਤੇ ਗੁਣਗੁਣਾਂਦੇ। ਜਾਂਦੇ ਮਹਿਫ਼ਲਾਂ'ਚ ਕਰਕੇ ਤਿਆਰੀ। ਪਾਪਾ ਮੇਰੇ ਵੱਡੇ ਲਿਖਾਰੀ। ਸਭ ਨੂੰ ਕਿਤਾਬਾਂ ਮੁਫ਼ਤ'ਚ ਦੇਂਦੇ। ਪੰਜਾਬੀ ਪੜ੍ਹੋ ਸਭ ਨੂੰ ਕਹਿੰਦੇ। ਮਾਂ ਬੋਲੀ ਦੇ ਉਹ ਹਿਤਕਾਰੀ। ਪਾਪਾ ਮੇਰੇ ਵੱਡੇ ਲਿਖਾਰੀ। ਮੈਨੂੰ ਵੀ ਨਿੱਤ ਕਵਿਤਾ ਸਿਖਾਂਦੇ। ਮਾਂ ਬੋਲੀ ਦੇ ਕਿੱਸੇ ਸੁਣਾਂਦੇ। ਸ਼ਿਵ, ਮੋਹਨ, ਵੀਰ ਸਿੰਘ ਦੇ ਪੁਜਾਰੀ। ਪਾਪਾ ਮੇਰੇ ਵੱਡੇ ਲਿਖਾਰੀ। ਕਵਿਤਾ ਲਿਖਦੇ ਪਿਆਰੀ ਪਿਆਰੀ।

ਜਨਮ ਦਿਨ

ਦੋ ਅਗਸਤ ਦਾ ਦਿਨ ਹੈ ਆਇਆ। ਦਾਦਾ ਜੀ ਜਨਮ ਦਿਨ ਮਨਾਇਆ। ਸੱਤਰ ਸਾਲ ਦੇ ਹੋਏ ਮੇਰੇ ਦਾਦਾ। ਅਜੇ ਵੀ ਲੱਗਦੇ ਨਰੋਏ ਮੇਰੇ ਦਾਦਾ। ਸਭ ਨੇ ਮਿਲਕੇ ਜਸ਼ਨ ਮਨਾਇਆ। ਦੋ ਅਗਸਤ ਦਾ ਦਿਨ ਹੈ ਆਇਆ। ਮੰਮੀ ਪਾਪਾ ਵੀ ਦੇਣ ਵਧਾਈਆਂ। ਭੂਆ ਫੁੱਫੜ ਲੈ ਆਏ ਮਿਠਾਈਆਂ। ਦਾਦੀ ਨੇ ਹਾਰ ਨੋਟਾਂ ਦਾ ਪਾਇਆ। ਦੋ ਅਗਸਤ ਦਾ ਦਿਨ ਹੈ ਆਇਆ। ਚਾਚਾ ਚਾਚੀ ਵੀ ਬਾਹਰੋਂ ਆਏ। ਦਾਦਾ ਜੀ ਨੇ ਘੁੱਟ ਸੀਨੇ ਲਾਏ। ਮਿੱਤਰ ਆਏ,ਆਇਆ ਹਮਸਾਇਆ। ਦੋ ਅਗਸਤ ਦਾ ਦਿਨ ਹੈ ਆਇਆ। ਨਾਨਾ ਆਇਆ ਨਾਨੀ ਵੀ ਆਈ। ਦਾਦੇ ਨੂੰ ਦੇਣ ਲੱਖ ਲੱਖ ਵਧਾਈ। ਪ੍ਰਾਹੁਣਿਆਂ ਵਿਹੜਾ ਮਹਿਕਾਇਆ। ਦੋ ਅਗਸਤ ਦਾ ਦਿਨ ਹੈ ਆਇਆ। ਤੋਹਫ਼ਿਆਂ ਦੇ ਲੱਗ ਗਏ ਢੇਰ। ਚੁੱਕ ਚੁੱਕ ਸਾਂਭੀਏ ਮੈਂ ਤੇ ਗੁਲਸ਼ੇਰ। ਦਾਦਾ ਜੀ ਪੈਂਟ ਕੋਟ ਹੈ ਪਾਇਆ। ਦੋ ਅਗਸਤ ਦਾ ਦਿਨ ਹੈ ਆਇਆ। ਦਾਦਾ ਜੀ ਨੇ ਜਨਮ ਦਿਨ ਮਨਾਇਆ।

ਚੋਣਾਂ ਦਾ ਦੌਰ

ਆਇਆ ਚੋਣਾਂ ਦਾ ਹੈ ਦੌਰ । ਹਰ ਪਾਸੇ ਮਚਿਆ ਹੈ ਸ਼ੋਰ। ਮੇਰੇ ਪਾਪਾ ਵੀ ਚੋਣਾਂ'ਚ ਖੜ੍ਹੇ। ਪਹਿਲਾਂ ਵੀ ਦੋ ਵਾਰ ਨੇ ਲੜੇ। ਐਤਕੀ ਭਰਾਵੋ ਲਾਇਓ ਜ਼ੋਰ। ਆਇਆ ਚੋਣਾਂ ਦਾ ਹੈ ਦੌਰ। ਮੰਮੀ ਵੀ ਕਰੇ ਚੋਣ ਪ੍ਰਚਾਰ। ਲੈ ਕੇ ਸਹੇਲੀਆਂ ਦੋ ਚਾਰ। ਥਾਂ ਥਾਂ ਸਾਡੀ ਬਣੀ ਹੈ ਟੌਹਰ। ਆਇਆ ਚੋਣਾਂ ਦਾ ਹੈ ਦੌਰ। ਘਰ ਨਿੱਤ ਪ੍ਰਾਹੁਣੇ ਆਈ ਜਾਂਦੇ। ਸਭ ਨੂੰ ਰੋਟੀ ਪਾਣੀ ਹਾਂ ਛਕਾਂਦੇ ਪਾਪਾ ਹੁਣ ਲੱਗਦੇ ਹੋਰ ਦੇ ਹੋਰ। ਆਇਆ ਚੋਣਾਂ ਦਾ ਹੈ ਦੌਰ। ਸਭ ਦੀ ਇਹੋ ਹੀ ਕਿਆਸਕਾਰੀ। ਜਿੱਤ ਪਾਪਾ ਦੀ ਪੱਕੀ ਇਸ ਵਾਰੀ। ਸਾਰੇ ਰਲਮਿਲ ਲਾਇਓ ਜ਼ੋਰ। ਆਇਆ ਚੋਣਾਂ ਦਾ ਹੈ ਦੌਰ। ਬੀਰਾ,ਸੁੱਖੀ ਪਾਲਾ ਨਿੱਤ ਆਉਂਦੇ। ਆ ਕੇ ਕੰਮ ਵਿਚ ਹੱਥ ਵਟਾਉਂਦੇ ਹੋਰ ਵੀ ਆਉਂਦੇ ਜੇ ਪਵੇ ਲੋੜ। ਆਇਆ ਚੋਣਾਂ ਦਾ ਹੈ ਦੌਰ । ਹਰ ਪਾਸੇ ਮਚਿਆ ਹੈ ਸ਼ੋਰ।

ਬਾਂਦਰ ਆਇਆ

ਸਾਡੇ ਪਿੰਡ 'ਚ ਬਾਂਦਰ ਆਇਆ। ਸਭ ਨੂੰ ਉਹਨੇ ਬੜਾ ਡਰਾਇਆ। ਕਦੀ ਰੁੱਖਾਂ ਤੇ ਆ ਕੇ ਚੜ੍ਹ ਜਾਵੇ। ਕਦੀ ਵਿਹੜਿਆਂ 'ਚ ਖੜ੍ਹ ਜਾਵੇ। ਪੰਛੀਆਂ ਡਾਢਾ ਸ਼ੋਰ ਮਚਾਇਆ। ਸਾਡੇ ਪਿੰਡ 'ਚ ਬਾਂਦਰ ਆਇਆ। ਨਸਾਓ ਨਸਾਓ ਦੀ ਪਈ ਦੁਹਾਈ। ਡਾਂਗ ਸੋਟਾ ਸਭ ਨੇ ਖੜਕਾਈ। ਫ਼ੇਰ ਵੀ ਸਾਥੋਂ ਗਿਆ ਨਾ ਨਸਾਇਆ। ਸਾਡੇ ਪਿੰਡ'ਚ ਬਾਂਦਰ ਆਇਆ। ਸਭ ਨੇ ਮਿਲ ਕੇ ਵਿਓਂਤ ਬਣਾਈ। ਇਕ ਸਰਕਾਰੀ ਟੀਮ ਬੁਲਾਈ। ਉਨ੍ਹਾਂ ਅਪਣਾ ਜਾਲ ਵਿਛਾਇਆ। ਸਾਡੇ ਪਿੰਡ'ਚ ਬਾਂਦਰ ਆਇਆ। ਬਾਂਦਰ ਨੂੰ ਫੜ ਗੱਡੀ 'ਚ ਪਾਇਆ। ਵਿੱਚ ਜੰਗਲ ਜਾ ਪਹੁੰਚਾਇਆ। ਸਾਰਿਆਂ ਦੇ ਸਾਹ 'ਚ ਸਾਹ ਆਇਆ। ਸਾਡੇ ਪਿੰਡ 'ਚ ਬਾਂਦਰ ਆਇਆ। ਸਭ ਨੂੰ ਉਹਨੇ ਬੜਾ ਡਰਾਇਆ।

ਚੀਨੇ ਕਬੂਤਰ

ਅਸਾਂ ਛੱਤ ਉੱਤੇ ਪਿੰਜਰੇ ਬਣਾਏ। ਪਾਪਾ ਚੀਨੇ ਕਬੂਤਰ ਲੈ ਕੇ ਆਏ। ਸੁਬ੍ਹਾ ਉੱਠ ਕੇ ਪਿੰਜਰਾ ਖੋਲ੍ਹਦਾ। ਉੱਡ ਜਾਂਦੇ, ਜਦੋਂ ਉੱਡੋ ਬੋਲਦਾ। ਚਿੱਟੇ ਦੁੱਧ ਜਿਵੇਂ ਦੁੱਧ'ਚ ਨੁਹਾਏ। ਪਾਪਾ ਚੀਨੇ ਕਬੂਤਰ ਲੈ ਕੇ ਆਏ। ਸ਼ਾਮਾਂ ਨੂੰ ਮੁੜ ਵਿਹੜੇ ਆਉਂਦੇ। ਪੀ ਕੇ ਪਾਣੀ ਮੁੜ ਉੱਡ ਜਾਂਦੇ। ਵੜ ਜਾਂਦੇ ਪਿੰਜਰੇ'ਚ ਬਿਨ ਬੁਲਾਏ। ਪਾਪਾ ਚੀਨੇ ਕਬੂਤਰ ਲੈ ਕੇ ਆਏ। ਮੈਂ ਉੱਤੇ ਚੜ੍ਹ ਪਿੰਜਰਾ ਬੰਦ ਕਰਦਾ। ਬਿੱਲੀ ਨਾ ਆਵੇ ਰਹਿੰਦਾ ਡਰਦਾ। ਬੜੇ ਸਿਆਣੇ ਜਿਵੇਂ ਕਿਸੇ ਪੜ੍ਹਾਏ। ਪਾਪਾ ਚੀਨੇ ਕਬੂਤਰ ਲੈ ਕੇ ਆਏ। ਮੈਂਥੋਂ ਹੁਣ ਉਹ ਰਤਾ ਨਾ ਡਰਦੇ। ਬੈਠਾ ਹੋਵਾਂ ਵਿਹੜੇ ਮੂਹਰੇ ਖੜ੍ਹਦੇ। ਸੱਚਮੁੱਚ ਮੇਰੇ ਦਿਲ ਨੂੰ ਭਾਏ। ਪਾਪਾ ਚੀਨੇ ਕਬੂਤਰ ਲੈ ਕੇ ਆਏ।

ਦਾਦੀ ਗਾਂ ਲੈ ਕੇ ਆਏ

ਮੇਰੇ ਦਾਦੀ ਗਾਂ ਲੈ ਕੇ ਆਏ। ਚਿੱਟੇ ਰੰਗ ਦੀ ਸਭ ਨੂੰ ਭਾਏ। ਨਾਲ ਇਕ ਵੱਛੜੀ ਵੀ ਆਈ। ਦੁੱਧ ਚੁੰਘਦੀ ਰੋਜ਼ ਕਿੱਲੋ ਢਾਈ। ਦਾਦੇ ਨੇ ਪੱਠੇ ਖੁਰਲੀ 'ਚ ਪਾਏ। ਮੇਰੇ ਦਾਦੀ ਗਾਂ ਲੈ ਕੇ ਆਏ। ਉਹਦੇ ਲਈ ਸ਼ੈੱਡ ਬਣਾਇਆ। ਹਵਾ ਲਈ ਉਤੇ ਪੱਖਾ ਲਾਇਆ। ਸ਼ਾਮੀ ਕਰ ਧੂੰਆਂ ਮੱਛਰ ਨਸਾਏ। ਮੇਰੇ ਦਾਦੀ ਗਾਂ ਲੈ ਕੇ ਆਏ। ਬਾਲਟੀ ਭਰ ਭਰ ਦੁੱਧ ਦੇਵੇ। ਸਾਰੇ ਪੀਂਦੇ ਵਿੱਚ ਪਾਕੇ ਮੇਵੇ। ਚਾਹ ਦਾ ਵੀ ਸਵਾਦ ਆਏ। ਮੇਰੇ ਦਾਦੀ ਗਾਂ ਲੈ ਕੇ ਆਏ। ਮੈਂ ਤੇ ਦਾਦਾ ਜੀ ਦੋਵੇਂ ਜਾਈਏ। ਖੇਤਾਂ ਚੋਂ ਪੱਠੇ ਲੈ ਕੇ ਆਈਏ। ਕਿਵੇਂ ਵੱਢਣੇ ਦਾਦਾ ਜੀ ਸਿਖਾਏ। ਮੇਰੇ ਦਾਦੀ ਗਾਂ ਲੈਕੇ ਆਏ। ਚਿੱਟੇ ਰੰਗ ਦੀ ਸਭ ਨੂੰ ਭਾਏ।

ਸਿਟੀ ਬੱਸ

ਸਿਟੀ ਬੱਸ ਆਈ । ਸਿਟੀ ਬੱਸ ਆਈ। ਹਾਰਨ ਵਜਾਉਂਦੀ। ਮੰਮੀ ਵੇਖੋ ਆਉਂਦੀ। ਰੋਕੀਂ ਉਹ ਭਾਈ। ਸਿਟੀ ਬੱਸ ਆਈ। ਬੈਟਰੀ ਨਾਲ ਚੱਲੇ। ਹੋ ਗਈ ਬੱਲੇ- ਬੱਲੇ। ਬੜੀ ਕਰਦੀ ਕਮਾਈ। ਸਿਟੀ ਬੱਸ ਆਈ। ਅੰਦਰੋਂ ਠੰਢੀ ਠਾਰ। ਆਵੇ ਮਜ਼ਾ ਬੇਸ਼ੁਮਾਰ। ਸਾਡੇ ਸਾਹਾਂ'ਚ ਸਮਾਈ। ਸਿਟੀ ਬੱਸ ਆਈ। ਲੱਗੇ ਸਭ ਨੂੰ ਪਿਆਰੀ। ਰਾਹ ਵੇਖਦੀ ਸਵਾਰੀ। ਟਾਟਾ ਕੰਪਨੀ ਬਣਾਈ। ਸਿਟੀ ਬੱਸ ਆਈ। ਸਭ ਰਾਹਾਂ ਉੱਤੇ ਚੱਲੇ। ਆਉਣ ਜਾਣ ਹੋਏ ਸੁਖੱਲੇ। ਮਚੀ ਹਰ ਥਾਂ ਦੁਹਾਈ। ਸਿਟੀ ਬੱਸ ਆਈ। ਪ੍ਰਦੂਸ਼ਨ ਹੋਇਆ ਘੱਟ। ਮੰਜ਼ਿਲ ਤੇ ਪੁਜਦੀ ਝੱਟ। ਖੁਸ਼ੀ'ਚ ਝੂਮਣ ਰਾਹੀ। ਸਿਟੀ ਬੱਸ ਆਈ। ਸਿਟੀ ਬੱਸ ਆਈ।

ਬੱਤੀ ਦਾ ਕੱਟ

ਬੱਤੀ ਦਾ ਕੱਟ ਹੋਇਆ ਬੰਦ। ਆਉਂਦਾ ਮਿੱਤਰਾ ਬੜਾ ਅਨੰਦ। ਘਰਾਂ ਵਿੱਚ ਲੱਗ ਗਏ ਮੀਟਰ। ਲੋਕਾਂ ਕੀਤੇ ਬੰਦ ਹੁਣ ਹੀਟਰ। ਪਹਿਲਾਂ ਵਿਗੜੀ ਸੀ ਤਾਣੀ ਤੰਦ। ਬੱਤੀ ਦਾ ਕੱਟ ਹੋਇਆ ਬੰਦ। ਗਰਮੀ ਹੁਣ ਘੱਟ ਹੈ ਲੱਗਦੀ। ਕੂਲਰ ਦੀ ਹਵਾ ਫਰ ਫਰ ਵਗਦੀ। ਠਰਦਾ ਪਿੰਡਾ ਠਰਦੇ ਦੰਦ। ਬੱਤੀ ਦਾ ਕੱਟ ਹੋਇਆ ਬੰਦ। ਸੰਕੋਚ ਨਾਲ ਵਰਤੋਂ ਕਰੀਏ। ਬਿੱਲ ਵੱਧ ਆਉਣ ਤੋਂ ਵੀ ਡਰੀਏ। ਰਿਸ਼ਵਤਖੋਰੀ ਦਾ ਮੁੱਕਿਆ ਪੰਧ। ਬੱਤੀ ਦਾ ਕੱਟ ਹੋਇਆ ਬੰਦ। ਆਓ ਮਿਲਕੇ ਸਭ ਨੂੰ ਸਮਝਾਈਏ। ਕੌਮੀ ਬੱਚਤ ਦੀ ਵਿਓਂਤ ਬਣਾਈਏ। ਜਿਹੜਾ ਕਰੇ ਚੋਰੀ ਦੇਈਏ ਦੰਡ। ਬੱਤੀ ਦਾ ਕੱਟ ਹੋਇਆ ਬੰਦ। ਆਉਂਦਾ ਮਿੱਤਰਾ ਬੜਾ ਅਨੰਦ।

ਵਾਰਸ਼ਿਕ ਦਿਹਾੜਾ

ਵਾਰਸ਼ਿਕ ਦਿਹਾੜਾ ਆਇਆ। ਅਸੀਂ ਸਕੂਲ ਹੈ ਲਿਸ਼ਕਾਇਆ। ਕਮਰਿਆਂ ਦੀ ਕੀਤੀ ਸਫ਼ਾਈ। ਫੇਰ ਸਭ ਨੂੰ ਕਲੀ ਕਰਾਈ। ਬੂਹੇ ਬਾਰੀਆਂ ਨੂੰ ਰੰਗ ਕਰਾਇਆ। ਵਾਰਸ਼ਿਕ ਦਿਹਾੜਾ ਆਇਆ। ਜਿਨ੍ਹਾਂ ਬੱਚਿਆਂ ਮੱਲਾਂ ਮਾਰੀਆਂ। ਮਿਲਣ ਗੀਆਂ ਚੀਜ਼ਾਂ ਪਿਆਰੀਆਂ। ਮਾਸਟਰ ਜੀ ਨੇ ਹੈ ਸਮਝਾਇਆ। ਵਾਰਸ਼ਿਕ ਦਿਹਾੜਾ ਆਇਆ। ਰਿਆਸਤ ਦੇ ਮੰਤਰੀ ਆਉਣੇ। ਜੇਤੂਆਂ ਦੇ ਹੌਸਲੇ ਵਧਾਉਣੇ। ਫੁੱਲਾਂ ਨਾਲ ਮੰਚ ਹੈ ਸਜਾਇਆ। ਵਾਰਸ਼ਿਕ ਦਿਹਾੜਾ ਆਇਆ। ਰੰਗਾ ਰੰਗ ਪ੍ਰੋਗਰਾਮ ਹੋਣੇ। ਦੂਰੋਂ ਆਉਣੇ ਹੋਰ ਪ੍ਰਾਹੁਣੇ। ਮੰਮੀ ਪਾਪਾ ਨੂੰ ਵੀ ਬੁਲਾਇਆ। ਵਾਰਸ਼ਿਕ ਦਿਹਾੜਾ ਆਇਆ। ਚੀਨੇ ਕਬੂਤਰ ਉਡਾਏ ਜਾਣਗੇ। ਗੈਸੀ ਗੁਬਾਰੇ ਚੜਾਏ ਜਾਣਗੇ। ਸਾਡੇ ਮਨੀਟਰ ਨੇ ਸੁਣਾਇਆ। ਵਾਰਸ਼ਿਕ ਦਿਹਾੜਾ ਆਇਆ। ਅਸੀਂ ਸਕੂਲ ਹੈ ਲਿਸ਼ਕਾਇਆ।

ਵਿਸਾਖੀ ਦਾ ਮੇਲਾ

ਮੈਂ ਵੀ ਜਾਵਾਂਗਾ ਵੀਰ ਜਾਏਗਾ। ਦੀਦੀ ਨੂੰ ਵੀ ਨਾਲ ਲਿਆਏਗਾ। ਮੌਸਮ ਵੀ ਹੋਇਆ ਬੜਾ ਸੁਹਾਣਾ। ਅੱਜ ਵਿਸਾਖੀ ਮੇਲੇ ਨੂੰ ਜਾਣਾ। ਦਾਦੀ ਦਾਦਾ ਵੀ ਹੋਏ ਤਿਆਰ। ਵੇਖਣਗੇ ਉਹ ਸਜਿਆ ਬਜ਼ਾਰ। ਚਿੱਟਾ ਪਾਇਆ ਦਾਦੇ ਨੇ ਬਾਣਾ। ਅੱਜ ਵਿਸਾਖੀ ਮੇਲੇ ਨੂੰ ਜਾਣਾ। ਮੰਮੀ ਪਾਪਾ ਵੀ ਆਉਣਗੇ। ਸਾਡਾ ਪੂਰਾ ਸਾਥ ਨਿਭਾਉਣਗੇ। ਲਿਆਉਣਗੇ ਨਾਲ ਸਾਡਾ ਖਾਣਾ। ਅੱਜ ਵਿਸਾਖੀ ਮੇਲੇ ਨੂੰ ਜਾਣਾ। ਬੰਸਾ,ਸ਼ੇਰਾ,ਮੀਤਾ ਅਤੇ ਜਗਤਾਰ, ਕਰਦੇ ਪਏ ਨੇ ਸਾਡਾ ਇੰਤਜ਼ਾਰ। ਸਾਡੀ ਖੁਸ਼ੀ ਦਾ ਭਰਿਆ ਪੈਮਾਨਾ। ਅੱਜ ਵਿਸਾਖੀ ਮੇਲੇ ਨੂੰ ਜਾਣਾ। ਜਮਾਤ ਦੇ ਮਿੱਤਰ ਆਉਣਗੇ। ਰੌਣਕਾਂ ਨੂੰ ਹੋਰ ਵਧਾਉਣਗੇ। ਅਸਾਂ ਇਕੱਠਿਆਂ ਭੰਗੜਾ ਪਾਣਾ। ਅੱਜ ਵਿਸਾਖੀ ਮੇਲੇ ਨੂੰ ਜਾਣਾ।

ਅਜ਼ਾਦੀ

ਅਜ਼ਾਦੀ ਦਾ ਦਿਨ ਮਨਾਵਾਂਗੇ। ਰਲਮਿਲ ਭੰਗੜੇ ਪਾਵਾਂਗੇ। ਸੁਬ੍ਹਾ ਸਵੇਰੇ ਉਠਾਂਗੇ ਸਾਰੇ। ਅਜ਼ਾਦੀ ਦੇ ਲਾਵਾਂਗੇ ਨਾਅਰੇ। ਘਰ ਘਰ ਤਿਰੰਗਾ ਲਹਿਰਾਵਾਂਗੇ। ਅਜ਼ਾਦੀ ਦਾ ਦਿਨ ਮਨਾਵਾਂਗੇ। ਸਾਫ਼ -ਸੁਥਰੇ ਕਪੜੇ ਪਾਵਾਂਗੇ। ਖੁਸ਼ੀਆਂ ਦੇ ਢੋਲ ਵਜਾਵਾਂਗੇ। ਖੀਰ ਪੂੜੇ ਹਲਵਾ ਖਾਵਾਂਗੇ। ਅਜ਼ਾਦੀ ਦਾ ਦਿਨ ਮਨਾਵਾਂਗੇ। ਗੀਤ ਰਾਸ਼ਟਰ ਦਾ ਗਾਵਾਂਗੇ। ਤਿਰੰਗੇ ਤੇ ਫੁੱਲ ਚੜ੍ਹਾਵਾਂਗੇ। ਸ਼ਹੀਦਾਂ ਨੂੰ ਸੀਸ ਨਿਵਾਵਾਂਗੇ। ਅਜ਼ਾਦੀ ਦਾ ਦਿਨ ਮਨਾਵਾਂਗੇ। ਸਾਡਾ ਦੇਸ਼ ਹੈ ਸਾਡੀ ਜਾਨ। ਰੱਖਾਂਗੇ ਇਹਦੀ ਉੱਚੀ ਸ਼ਾਨ। ਘਰ ਘਰ ਸਭ ਨੂੰ ਸਮਝਾਵਾਂਗੇ। ਅਜ਼ਾਦੀ ਦਾ ਦਿਨ ਮਨਾਵਾਂਗੇ। ਰਲਮਿਲ ਭੰਗੜੇ ਪਾਵਾਂਗੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਲਵਿੰਦਰ ਸਿੰਘ ਜੰਮੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ