Katak Koonjan : Pritam Singh Safeer

ਕੱਤਕ ਕੂੰਜਾਂ : ਪ੍ਰੀਤਮ ਸਿੰਘ ਸਫ਼ੀਰ

1. ਕਨਸੋਆਂ

ਰੂਪ-ਨਗਰ ਦੀ ਰਾਣੀ ਦੀਆਂ,
ਆ ਰਹੀਆਂ ਕਨਸੋਆਂ;
ਪਤਾ ਨਾ ਲਗਦਾ ਸੁਣ ਸੁਣ ਕੇ ਮੈਂ,
ਹਸਿਆ ਕਰਾਂ ਕਿ ਰੋਆਂ !

ਜਿਸ ਪਿਆਰੀ ਨੇ ਪਿਆਰ ਜਗਾ ਕੇ,
ਲੁਟ ਲਈ ਮੇਰੀ ਹਸਤੀ;
ਜਿਸ ਨੇ ਮਿੱਠੇ ਬੋਲ ਸੁਣਾ ਕੇ,
ਰੂਹ ਨੂੰ ਦਿੱਤੀ ਮਸਤੀ;
ਸੁਣ ਸੁਣ ਓਹਦੀਆਂ ਬੇਪਰਵਾਹੀਆਂ,
ਪਾਗਲ ਕਿਉਂ ਨਾ ਹੋਆਂ
ਰੂਪ-ਨਗਰ ਦੀ......

ਜਨਮ ਮਰਨ ਦੇ ਗੇੜਾਂ ਅੰਦਰ,
ਲੱਖ ਹੁਸ਼ਨਾਕਾਂ ਵਰੀਆਂ;
ਪਰ ਇੱਕੋ ਇੱਕ ਇਸ ਤੀਵੀਂ ਤੋਂ,
ਰੂਹ ਦੀਆਂ ਤਪਤਾਂ ਠਰੀਆਂ ।

ਕੋਈ ਅੰਦਰਲੀ ਤ੍ਰਿਸ਼ਨਾ ਅਪਣੀ,
'ਪੁਤਲੀ' ਬਣ ਗਈ ਜਾਪੀ;
ਖ਼ਿਆਲਾਂ ਦੀਆਂ ਸੋਹਲ ਪੱਤੀਆਂ,
ਹੋਈਆਂ, ਹਰੀਆਂ ਭਰੀਆਂ ।
ਹੁਣ 'ਰੋਸੇ' ਦੀ ਪਤ-ਝੜ ਤੋਂ ਮੈਂ,
ਕਿੱਥੇ ਛੱਪ ਖਲੋਆਂ ?
ਰੂਪ-ਠਗ਼ਰ ਦੀ......

ਜਿਸ ਦੇ ਜਾਦੂਗਰ ਹੱਥ ਚੁੰਮ ਕੇ,
ਜੀਵਨ ਸੀ ਤ੍ਰਿਪਤਾਇਆ;
ਉੱਡਦੀ ਬਦਲੀ ਦੀ ਛਾਂ ਵਾਕਰ,
ਟਿਕੇ ਨਾ ਉਸ ਦਾ ਸਾਇਆ ।

ਨਜ਼ਰਾਂ ਅੰਦਰ ਉਛਲ ਪੈਣ,
ਕੋਈ ਭਵ-ਸਾਗਰ ਤੂਫ਼ਾਨੀ;
ਲਹਿਰਾਂ ਸ਼ੂਕ ਰੰਗੀਨ ਸਪਣੀਆਂ,
ਡਸਦੀਆਂ ਜਾਣ ਜਵਾਨੀ ।
ਮਤਵਾਲੇ ਨੈਣਾਂ ਦੇ ਪਿੱਛੇ,
ਖ਼ੂਨ ਜਿਗਰ ਦਾ ਚੋਆਂ !

ਰੂਪ-ਨਗਰ ਦੀ ਰਾਣੀ ਦੀਆਂ,
ਆ ਰਹੀਆਂ ਕਨਸੋਆਂ,
ਪਤਾ ਨਾ ਲਗਦਾ ਸੁਣ ਸੁਣ ਕੇ ਮੈਂ,
ਹਸਿਆ ਕਰਾਂ ਕਿ ਰੋਆਂ !

2. ਇੱਕ ਮਿੱਟੀ ਦੀ ਮੁੱਠੀ

ਇੱਕ ਮਿੱਟੀ ਦੀ ਮੁੱਠੀ
ਭਰ ਕੇ,
ਨੈਣਾਂ ਨਾਲ ਨੀਝ ਲਾ ਤੱਕੀ,
ਨਕਸ਼ ਗਵਾਚੇ ਹੋਏ ਨਾ ਦਿੱਸੇ,
ਹੋਠ ਹਸਾ ਨਾ ਸੱਕੀ;
ਲੱਭ ਲੱਭ ਚਮਕੀਲੀਆਂ ਘੁੰਘਰਾਲੀਆਂ,
ਨਜ਼ਰ ਸਹਿਕ ਕੇ ਥੱਕੀ;
ਕੇਰ ਕੇਰ ਉਂਗਲਾਂ ਚੋਂ ਭੋਂ ਤੇ,
ਕੂਕ ਅੰਤ ਮੈਂ ਉੱਠੀ;
ਹਾਇ ! ਨੀ
ਇੱਕ ਮਿੱਟੀ ਦੀ ਮੁੱਠੀ !

ਇੱਕ ਮਿਟੀ ਦੀ ਮੁੱਠੀ,
ਸੁਫ਼ਨੇ,
ਸੈ ਬ੍ਰਹਿਮੰਡਾਂ, ਕੁਲ ਹੁਸਨਾਂ ਦੇ,
ਇੱਕ ਇੱਕ ਕਿਣਕੇ ਵਿੱਚ ਸਾਂਭੇ ਹੋਏ;
ਵੱਲਾਂ ਫੁੱਲਾਂ ਦੇ, ਦਰਿਆਂ ਦੇ,
ਹੁਸ਼ਨਾਕਾਂ ਦੇ, ਦਿਲ ਪ੍ਰੋਏ;
ਝੁਲ ਪੈਂਦੇ ਵਿੱਚ ਸਖ਼ਤ ਹਵਾਂ ਦੇ,
ਕਦੇ ਜ਼ਿਮੀਂ ਤੇ ਫੇਰ ਸਿਸਕਦੀ
ਆ ਪੈਂਦੀ ਏ ਪੁੱਠੀ,
ਕੀ ਬੋਲੇ ?
ਇੱਕ ਮਿੱਟੀ ਦੀ ਮੁੱਠੀ ।

ਇੱਕ ਮਿੱਟੀ ਦੀ ਮੁੱਠੀ,
ਆਵੇ ਨੀ
ਕੋਈ ਜਿੰਦ ਤੈਨੂੰ ਜੋੜੇ,
ਵੱਸੇਂ ਕਿਸੇ ਸਿਤਾਰੇ ਅੰਦਰ,
ਉੱਡ ਉੱਡ ਕੇ ਰੂਹ ਮੇਰੀ ਲੋੜੇ;
ਹੋਵੇਂ ਜੇ ਸੁਹਜਾਂ ਦਾ ਮੰਦਰ,
ਫਿਰ ਨਾ ਉਪਾਸ਼ਕ ਥੋਹੜੇ;
ਨਾ ਪਰ ਹੁਸਨ, ਨਾ ਇਸ਼ਕ ਨਿਆਜ਼ਾਂ,
ਜੱਦ ਤੀਕਰ ਜਿੰਦ ਰੁੱਠੀ,
ਰੁਲੇਂ ਪਈ,
ਇੱਕ ਮਿੱਟੀ ਦੀ ਮੁੱਠੀ ।

3. ਸਵਾਦ ਵੇ ਜਾਗ

ਬਦਲਾਂ ਦੇ ਵਲ ਤੱਕਦਿਆਂ ਤੱਕਦਿਆਂ
ਬ੍ਰਹਿਮੰਡਾਂ ਦੀ ਕੋਈ ਵਯਕਤੀ,
ਕਿਸੇ ਉਚੇਚੇ ਰੱਬ ਦੀ ਹਸਤੀ,
ਆ ਕੇ ਨੱਚਣ ਲਗ ਪਏ ਦਿਲ ਵਿੱਚ,
ਛੇੜੇ ਜੀਵਨ-ਰਾਗ;
ਸਵਾਦ ਵੇ ! ਜਾਗ !!

ਗ਼ਮੀਆਂ, ਖ਼ੁਸ਼ੀਆਂ, ਨਾਲ ਜੁਦਾਈ,
ਚਹੁੰ ਕੂੰਟਾਂ ਚੋਂ ਕਿਸੇ ਨਾਲ ਵੀ
ਖ਼ਿਆਲ ਤੱਕ ਦੀ ਪ੍ਰੀਤ ਨਾ ਪਾਈ,
ਸਾਰਿਆਂ ਵਿੱਚ ਜੇ ਜੀਉਂਦਾ ਹੈ ਕੋਈ,
ਬਖ਼ਸ਼ੇ ਅਪਣਾ ਸੁਹਾਗ,
ਸਵਾਦ ਵੇ ! ਜਾਗ !!

ਅੱਜ ਤਾਰਿਆਂ ਦੀਆਂ ਪਾਲਾਂ ਵਿੱਚੋਂ,
ਉੱਡ ਉੱਡ ਕੇ ਜਿੰਦ ਜਾਏ ਅਗੇਰੇ,
ਕਿਸੇ ਪੰਖੇਰੂ ਵਾਂਗ ਅਕਾਸ਼ਾਂ
ਵਿੱਚ ਘੁੰਮ ਘੁੰਮ ਕੇ ਪਈ ਪੁਕਾਰੇ:
ਬਦਲ ਸਾਈਂ ਮੇਰੇ ਭਾਗ!
ਸਵਾਦ ਵੇ ! ਜਾਗ !!

4. ਕੱਤਕ ਕੂੰਜਾਂ

ਲੱਖਾਂ ਕੱਤਕ ਆਏ, ਲੰਘ ਗਏ,
ਲੱਖਾਂ ਕੂੰਜਾਂ ਮੋਈਆਂ,
ਲੱਖਾਂ ਧਰਮ ਤੇ ਲੱਖਾਂ ਕੌਮਾਂ,
ਤੀਵੀਓਂ ਪੈਦਾ ਹੋਈਆਂ ।

ਲੱਖਾਂ ਰਾਤਾਂ ਪੈ ਧਰਤੀ ਤੇ,
ਅੰਤ ਕਾਲ ਵਿੱਚ ਰੁਲੀਆਂ ।
ਲੱਖਾਂ 'ਆਦਮ' ਬੀਤ ਚੁਕੇ ਨੇ
ਲਿਪਟ ਲਿਪਟ ਕੇ ਨਾਲ 'ਹੱਵਾਵਾਂ',
ਮੌਤਾਂ ਜਿਨ੍ਹਾਂ ਭੁੱਲੀਆਂ ।

ਲੱਖਾਂ ਝੀਲਾਂ ਭਰੀਆਂ, ਸੁੱਕੀਆਂ,
ਲੱਖਾਂ ਪਰਬਤ ਪਾਟੇ ।
ਲੱਖਾਂ ਪੀਰ ਪੈਗ਼ੰਬਰ ਮਰ ਗਏ,
ਦੁਨੀਆ ਰਹੀ ਅੱਧ-ਵਾਟੇ ।

ਮੈ' ਨਹੀਂ ਮੰਨਦਾ ਕਿ ਇਹ ਤਾਰੇ,
ਇਹ ਨੌ-ਖੰਡ ਪੁਰਾਣੇ,
ਲੱਖਾਂ ਰੱਬ ਬਰਬਾਦ ਹੋ ਗਏ,
ਕੌਣ ਉਨ੍ਹਾਂ ਨੂੰ ਜਾਣੇ !

ਘਾਹ ਦੇ ਪਤਰਾਂ ਜਿੰਨੇ ਵਿਸ਼ਨੂੰ,
ਸ਼ਿਵਜੀ, ਬ੍ਰਹਮਾਂ ਹੋਏ;
ਕੇਹੜੀ ਕੋਈ ਪਾਰਵਤੀ,
ਅੱਜ ਕਿਸਨੂੰ ਕਿਸਨੂੰ ਰੋਏ ।

ਏਹਨਾਂ ਖਾਰੇ ਸਾਗਰਾਂ ਥੱਲੇ
ਲੱਖਾਂ ਰਾਵਣ ਰਾਜੇ;
ਅਵਤਾਰਾਂ ਦੀਆਂ ਮਾਣ ਵਿਆਹੀਆਂ,
ਅਪਣੀ ਅਪਣੀ ਪ੍ਰਿਥਵੀ ਡੋਬੀ,
ਅੰਗ ਹੀਣ ਹੋ, ਰੂਹ ਹੀਣ ਹੋ,
ਬੇ-ਖ਼ੁਦ ਹੋ ਵਿਰਾਜੇ ।

ਦੇਵਾਂ ਤੇ ਦੈਂਤਾਂ ਦੀਆਂ ਫ਼ੌਜਾਂ,
ਪਾਸ਼ਾ-ਜ਼ਾਦੀਆਂ ਪਰੀਆਂ,
ਸੈਆਂ ਖੂਹਣੀਆਂ, ਚਹੁੰ ਕੂੰਟਾਂ ਚੋਂ,
ਕਾਲ ਨਦੀ ਨੂੰ ਤਰੀਆਂ ।

ਜੁੱਗਾਂ ਨੇ ਸੰਗਰਾਮ ਮਚਾਏ,
ਪੁੱਟ ਸਭਯਤਾਂ ਸੁਟੀਆਂ;
ਤੀਵੀਆਂ ਜੰਮਣੋਂ, ਜਿੰਦਾਂ ਮਰਣੋਂ,
ਅਜੇ ਤੀਕ ਨਾ ਹੁਟੀਆਂ ।

ਮੁੜ ਮੁੜ ਕੱਤਕ ਆਉਂਦੇ, ਜਾਂਦੇ,
ਨਵੀਆਂ ਜੰਮੀਆਂ ਹੋਈਆਂ ਕੂੰਜਾਂ
ਅਸਮਾਨਾਂ ਤੋਂ ਲਹਿੰਦੀਆਂ;
ਸੋਚਾਂ ਭਰੀਆਂ, ਸਮਝਾ ਭਰੀਆਂ,
ਦਰਦ ਵਿੰਨ੍ਹੀਆਂ,
ਭਰਮਾਂ ਭਰੇ ਦਿਲਾਂ ਦੇ ਅੰਦਰ
ਉਜਲੀਆਂ ਆ ਕੇ ਬਹਿੰਦੀਆਂ ।

ਕਹਿੰਦੀਆਂ: ਲੱਖਾਂ ਕੈਦੀ ਮਰ ਗਏ,
ਨਾ ਜ਼ੰਜੀਰਾਂ ਟੁੱਟੀਆਂ,
ਲੋਹੇ-ਚਾਦਰਾਂ ਵਿਚੋਂ ਜਾਵਣ,
ਰੋਜ ਸੰਗੀਨਾਂ ਕੁੱਟੀਆਂ ।

ਰੱਬ ਦੀ ਭਗਤੀ, ਦੇਸ ਦੀ ਭਗਤੀ,
ਮਹਿੰਗੀਆਂ ਮਹਿੰਗੀਆਂ ਗੱਲਾਂ;
ਢਾਹ ਨਾ ਸਕੀਆਂ ਮਹਿਲ ਮੁਨਾਰੇ
ਲਹੂ-ਪੀਣਿਆਂ ਬੇ-ਰਹਿਮਾਂ ਦੇ,
ਲੱਖ ਗ਼ਰੀਬਾਂ ਦੀਆਂ ਅੱਥਰਾਂ,
ਦੇ ਦੇ ਜੁਗਾਂ ਤੋਂ ਛੱਲਾਂ ।

ਸਾਡੇ ਵਾਂਗਰ ਆਹੋਜ਼ਾਰੀਆਂ
ਕਰਦੀ, ਖ਼ਲਕਤ ਮਰਦੀ;
ਪਸ਼ੇਮਾਨੀਆਂ ਦੇ ਵਿੱਚ ਰੁਲਦੀ,
ਨਾਕਾਮੀ ਨੂੰ ਜਾਣ ਖ਼ੁਦਾਈ
ਜੁਗ-ਗਰਦੀ ਦੀ ਮੰਜ਼ਲ ਵੱਲੇ
ਇੱਕ ਵੀ ਕਦਮ ਨ ਧਰਦੀ ।

'ਬਦਲ ਦੇਣ' ਨੂੰ ਜਾਣੇ ਇਹ, ਕੋਈ
ਇੱਕ ਭਯੰਕਰ ਕਾਰਾ;
ਉੱਦਮ ਨੂੰ ਜੋ 'ਗੜ ਬੜ' ਜਾਣੇ,
ਉਸ ਦੁਨੀਆ ਦਾ
ਕੌਣ ਕਰੇ ਛੁਟਕਾਰਾ ?

ਮਰਣ ਵਾਲਿਆਂ, ਮਰ ਹੈ ਜਾਣਾ,
ਏਸ 'ਮਰਣ' ਨੂੰ,
ਰੋਕ ਨਾ ਸਕਿਆ ਕੋਈ;
ਫਿਰ ਜੇ ਇੱਕ ਘਮਸਾਣ ਮਚਾ ਕੇ,
ਰਾਹ ਦੇ ਰੋੜੇ ਪੀਸ ਪਿਸਾ ਕੇ,
ਏਥੇ ਸਵਰਗ ਵਸ ਸਕੇ ਕੋਈ,
ਕਿਉਂ ਨਾ ਹੋਏ ਅਣਹੋਈ ?

ਸੋਨਾ, ਚਾਂਦੀ, ਕਦੇ ਨਾ ਮਰਦੇ,
ਮਹਾਂ-ਦੀਪਾਂ ਦੀਆਂ ਰਾਜਧਾਨੀਆਂ
ਬਣਦੀਆਂ ਢਹਿੰਦੀਆਂ ਰਹਿੰਦੀਆਂ;
ਪਰ ਦੌਲਤ, ਮਲਕੀਅਤ ਖ਼ਾਤਰ,
ਮਹਾਂ-ਸਾਗਰਾਂ ਅੰਦਰ,
ਪੱਧਰਾਂ ਅਤੇ ਪਹਾੜਾਂ ਉੱਤੇ,
ਬਿਨਾਂ ਕਿਸੇ ਆਸ਼ਾ ਦੇ ਲੜ ਲੜ,
ਲੋਕਾਂ ਦੀਆਂ
ਖੂਨ-ਫੁਹਾਰਾਂ ਵਹਿੰਦੀਆਂ ।

ਆਸ਼ਾ ਭਰੀ ਜੁਗ-ਗਰਦੀ ਆਵੇ,
ਝੁੱਲਣ ਓਹ ਹਵਾਵਾਂ;
ਮੇਹਨਤ ਦੀ ਗਰਮੀ ਸਾਂਝੀ ਹੋਏ,
ਸਾਂਝੀਆਂ ਸੁੱਖ ਦੀਆਂ ਛਾਵਾਂ ।

ਪੀੜਾਂ ਪੈ ਪੈ ਜੰਮੀਆਂ ਹੋਈਆਂ,
ਜਿੰਦਾਂ ਇਉਂ ਨਾ ਮਾਰੋ;
ਮਾਰੋ ਤਾਂ ਇਸ ਖ਼ਾਤਰ ਮਾਰੋ,
ਕਰੋ ਸਮਗਰੋ ਇਕ ਥਾਂ ਕੱਠੀ,
ਸੜਦੀਆਂ ਹਡੀਆਂ ਦੀ ਧਰਤੀ ਤੇ,
ਸੁਖ ਦਾ ਮਹਿਲ ਉਸਾਰੋ ।

ਟੁਟ ਜਾਵਣ ਕੈਦਾਂ, ਹੱਦ ਬੰਦੀਆਂ,
ਵੰਡ ਰਹੇ ਨਾ ਕਾਣੀ,
ਹਰ ਇੱੱਕ ਬੰਦਾ ਸ਼ਾਹ ਦੁਨੀਆ ਦਾ,
ਹਰ ਇੱਕ ਤੀਵੀਂ ਰਾਣੀ ।

ਕੱਤਕ ਦੀਆਂ ਨਵੀਆ ਕੂੰਜਾਂ,
ਦਿਲ ਉਕਸਾਵਣ ਪਈਆਂ,
ਸੀਨਿਆਂ ਅੰਦਰ ਉਤਰ ਉਤਰ ਕੇ
ਦਰਦ ਜਗਾਵਣ ਪਈਆਂ ।

ਕਾਸ਼ ! ਇਨਾਂ ਦੀ ਬੋਲੀ ਵਿੱਚੋਂ,
ਨਵਾਂ ਜੁੱਗ ਕੋਈ ਜਾਗੇ;
ਸਾਰੇ ਭਾਗਾਂ ਵਾਲੇ ਹੋਵਣ,
ਰਹਿਣ ਨਾ ਕੋਈ ਨਿਭਾਗੇ ।

5. ਦੋ ਪਿੱਪਲ ਦੇ ਪੱਤੇ

ਦੋ ਪਿੱਪਲ ਦੇ ਪੱਤੇ
ਤੋੜੇ, ਹੋਰ ਤੋੜ ਕੇ ਪ੍ਰੋਤੇ,
ਸਿਰ ਤੇ ਬੱਧੇ ਰਿਸ਼ੀ ਵਿਆਸ;
ਸੁਰਤੀ ਖਾਏ ਸੁਰਗਾਂ ਵਿੱਚ ਗੋਤੇ,
ਦਿਲ ਵਿੱਚ ਪੀਆ ਮਿਲਣ ਦੀ ਆਸ;
ਤੁਰ ਪਏ ਨਾਲ ਓਹ ਵੀ……
ਤਰ ਗਏ ਗਿਆਨ ਸਮੁੰਦਰ ਸੱਤੇ,
ਜੁੱਗ ਜੁੱਗ ਜੀਉਣ ਪਿੱਪਲ ਦੇ ਪੱਤੇ ।

ਦੋ ਪਿੱਪਲ ਦੇ ਪੱਤੇ
ਪੁੰਗਰੇ ਹੋਏ ਹਿੰਦੁਸਤਾਨ,
ਤੋੜੇ ਆਣ ਕਿਸੇ ਅਣਭੋਲ;
ਉਞ ਤਾਂ ਇਕੋ ਜਹੇ ਇਨਸਾਨ,
ਹੋ ਪਿਆ ਦੋ ਮਜ਼੍ਹਬਾਂ ਦਾ ਘੋਲ;
ਡੁਲ੍ਹਾ ਖ਼ੂਨ ਇੱਕ ਥਾਂ,……
ਲੂੰ ਲੂੰ ਹੋ ਗਏ ਜ਼ਿਮੀ ਦੇ ਰੱਤੇ,
ਕੀ ਟੁੱਟੇ ਦੋ ਆਫ਼ਤ ਦੇ ਪੱਤੇ ?

ਦੋ ਪਿੱਪਲ ਦੇ ਪੱਤੇ,
ਜੁੜਦੇ ਕੰਬਦੇ ਪ੍ਰੀਤ ਦੇ ਨਾਲ,
ਰਲ ਮਿਲ ਝੂਮ ਝੂਮ ਹੋ ਝੱਲੇ;
ਦੋ ਦਿਲ ਚਲਦੇ ਇਕੋ ਚਾਲ,
ਡਿਗ ਪਏ ਮਾਂ ਟਾਹਣੀ ਤੋਂ ਥੱਲੇ;
ਨਾ ਕੋਈ ਹੂਰ ਚੁਗੇ
ਨਾ ਕੋਈ ਤੁੰਬੇ ਤੇ ਨਾ ਕੋਈ ਕੱਤੇ,
ਰੁਲਦੇ ਦੋ ਪਿੱਪਲ ਦੇ ਪੱਤੇ ।

6. ਪਾਂਧੀ ਦੂਰ ਦਿਆ

ਪਾਂਧੀ ਦੂਰ ਦਿਆ !
ਟਾਹਣੀ ਵਾਂਗੂੰ ਨਾ ਝੁਕ,
ਪੱਥਰ ਵਾਂਗੂੰ ਨਾ ਰੁਕ,
ਪੱਤੇ ਦੇ ਵਾਂਗ ਨਾ ਝੁੱਲ,
ਤੇ ਲਹਿਰ ਵਾਂਗ ਨਾ ਡੁੱਲ੍ਹ,
ਕੋਈ ਨਵਾਂ ਜਨਮ ਲੈ ਕੇ,
ਕੀ ਘੋਲ ਸਕੇਂਗਾ ਘੁੱਲ ?
ਨਾ ਨ੍ਹੇਰ ਮਚਾ ਏਨਾ,
ਸਰ ਚਸ਼ਿਮਆ ਨੂਰ ਦਿਆ!

ਪਾਂਧੀ ਦੂਰ ਦਿਆ !
ਲੱਖ ਸੂਰਜ, ਚੰਨ, ਤਾਰੇ,
ਲੱਭਦੇ ਲੱਭਦੇ ਹਾਰੇ,
ਨਾ ਮਿਲੀ ਸੁਤੰਤਰਤਾ,
ਕੈਦੀ ਹੀ ਰਹੇ ਸਾਰੇ,
ਭਰਮਾਂ ਦਾ ਭਾਰ ਨਾ ਚੁੱਕ,
ਫ਼ਿਕਰਾਂ ਦੇ ਨਾਲ ਨਾ ਸੁੱਕ,
ਦਿਲ ਵਿੱਚ ਕੋਈ ਪ੍ਰੀਤ ਜਗਾ,
ਬੰਦਿਆ ਦਸਤੂਰ ਦਿਆ !

ਪਾਂਧੀ ਦੂਰ ਦਿਆ !
ਦੁਨੀਆਂ ਦੇ ਅੰਦਰਵਾਰ,
ਕੋਈ ਨਦੀ ਚੱਲੇ ਇਕਸਾਰ,
ਜੀਵਨ ਦੀ ਹੱਦ ਵਿੱਚੋਂ
ਵਹਿ ਵਹਿ ਜੋ ਪਹੁੰਚੇ ਪਾਰ,
ਹੋਣੀ ਨੂੰ ਇਉਂ ਨਾ ਘੂਰ,
ਰੱਬ ਵਾਂਗ ਮੌਤ ਮਸ਼ਹੂਰ,
ਹੱਸ ਕੇ ਜੁਗਾਂ ਨੂੰ ਲੰਘ,
ਵਣਜਾਰਿਆ ਤੂਰ ਦਿਆ !

7. ਹਿੰਦੁਸਤਾਨ

ਮੂੰਹ ਤੇ ਉਮਰ ਦੇ ਲੰਘੇ ਸਾਲਾਂ,
ਲਾਈਆਂ ਗ਼ੁਰਬਤ ਦੀਆਂ ਗਰ੍ਹਾਲਾਂ,
ਟਾਹਣੀਆਂ ਦੀਆਂ ਛਿਲਤਰ੍ਹਾਂ ਵਾਂਗੂੰ
ਫੁਟੀਆਂ ਗਲ੍ਹਾਂ,
ਸਹਿਮ-ਪੇਪੜੀ ਹੋਠਾਂ ਉਤੇ,
ਅੱਖੀਆਂ ਦਾ ਚਾਨਣ ਇਉਂ ਚਮਕੇ,
ਜੀਕੁਰ ਡੂੰਘੇ ਖੂਹ ਦਾ ਪਾਣੀ
ਭੰਬਰ-ਤਾਰੇ ਵਾਂਗ ਝਿਲਮਿਲੇ,
ਸੂਰਜ ਬੰਸੀ, ਚੰਦਰ ਬੰਸੀ
ਇਹ ਸ਼ਹਿਜ਼ਾਦਾ
ਆਦਮ ਦਾ ਇਹ ਪੰਡਤ ਪੁੱਤਰ,
ਰਿਸ਼ੀਆਂ, ਮੁਨੀਆਂ, ਅਵਤਾਰਾਂ ਦਾ
ਅਰਬਾਂ ਖਰਬਾਂ ਖੂਹਣੀਆਂ ਦਾ ਅੱਜ
ਘੂਕ ਨੀਂਦਰੇ ਸਿਰ ਵਿਚ ਸੁੱਤਾ
ਪਾਟ-ਪਟੰਭਰ ਗਿਆਨ ।

ਹੱਥ ਵਿੱਚ ਰੰਬੀ, ਮੋਢੇ ਪਟਕਾ,
ਲਕੜ ਵਾਂਗ ਸੁਕੀਆੰ ਹੋਈਆਂ
ਲੋਹੋ-ਚੂਨ ਰੰਗੀਆਂ ਬਾਰਵਾਂ,
ਘਾਹ ਦੀਆਂ ਤਿੜ੍ਹਾਂ ਵਾਗਰਾਂ ਤਿੱਖੇ
ਨਿੱਕੇ ਨਿੱਕੇ ਭੂਰੇ, ਸਿਰ ਤੇ ਵਾਲ,
ਕਿਸੇ ਬਾਗ ਦੀ ਆਡ ਖੋਤ ਕੇ
ਲੈ ਕੇ ਇੱਕ ਅੰਗੜਾਈ,
ਚੂਹੇ ਵਾਂਗ ਡੁਕਰਿਆ ਹੋਇਆ,
ਹੋਇਆ ਸਾਵਧਾਨ,
ਮੱਧ-ਹਿੰਦ ਦਾ ਆਮ ਜਿਹਾ ਇਨਸਾਨ !

ਸੂਰਜ ਦੇ ਚਾਨਣ ਨੂੰ ਜਾਪੇ
ਖੇਹ ਵਿੱਚ ਉਡਦਾ ਇਹ ਪ੍ਰਮਾਣੂੰ
ਕਾਲੇ ਲੇਖ ਲਿਖ ਰਿਹਾ ਆਪੇ,
ਜਵਾਹਰ ਲਾਲ ਦੀ ਆਸ਼ਾ ਹੈ
ਇਹ ਹੋ ਜਾਵੇ ਬਲਵਾਨ !

ਇਸਦੀ ਦੇਵੀ ਮਾਤਾ ਦੇ ਹਨ
ਚਰਨ ਡੁੱਬ ਰਹੇ
ਲੰਕਾ ਬਣ ਕੇ
'ਟਰਾਵਨ ਕੋਰ' ਤੋਂ ਪਾਰ;
ਮਾਤਾ ਦੀਆਂ ਪਿੰਜਣੀਆਂ ਤੇ,
ਗੋਡਿਆਂ ਉਤੇ,
ਬੰਬੇ ਤੇ ਮਦਰਾਸ ਦਿਆਂ
ਮਜ਼ਦੂਰਾਂ ਦੀਆਂ,
ਦੁੱਖਾਂ ਭਰੀਆਂ, ਭੁਖਾਂ ਭਰੀਆਂ
ਲੱਖ ਜਿੰਦਾਂ ਦਾ ਭਾਰ !
"ਮੁਕਣ ਇਹ ਹਨੇਰੀਆਂ ਰਾਤਾਂ,
ਸ਼ੁਰੂ ਹੋਣ ਉੱਜਲੀਆਂ ਪ੍ਰਭਾਤਾਂ",
ਮਿੱਨਤਾਂ ਕਰੇ ਇਉਂ ਮਦਰਾਸੀ,
ਬੰਬੇ ਦਾ ਅਰਬੀ ਰੂਹ ਵਾਲਾ
ਚਾਨਣ ਤੋਂ ਬੇਜ਼ਾਰ ।
ਕਾਵੇਰੀ ਤੇ ਕ੍ਰਿਸ਼ਨਾ ਨਦੀ ਦੀ ਚਾਲ;
ਕਲਪ ਰਹੇ ਲੋਕਾਂ ਦੀ ਰਤੋਂ
ਖਾ ਖਾ ਜੋਸ਼ ਟਪੱਕਦੇ ਅੱਥਰੂ
ਖਾਰੇ ਸਾਗਰ ਨੂੰ ਸੌਂਪਣ ਲਈ
ਸੀਨੇ ਵਿੱਚ ਸਾਂਭ ਲੈ ਜਾ ਰਹੀ
ਹਰਦਮ ਆਪਣੇ ਨਾਲ ।

ਸਥਲੇ ਹੋ ਗਏ ਹੀਣ ਸੋਹਜ ਤੋਂ
ਨਾ ਹੀ ਕੂਲੇ, ਨਾ ਹੀ ਨਿੱਘੇ,
ਹਾਂ ਓਹਨਾਂ ਵਿੱਚ
ਪੈਰੀਂ ਪਈਆਂ ਜ਼ੰਜੀਰਾਂ ਨੂੰ, ਕੋਈ
ਝਟਕਾ ਦੇ ਕੇ ਤੋੜ ਸੁਟਣ ਦਾ
ਮਧਮ ਜਿਹਾ ਖ਼ਿਆਲ;
ਜਿਥੇ ਜੀਵਨ ਦਾ ਕੇਂਦਰ ਹੈ
ਓਸ ਕੁੱਖ ਚੋਂ, ਓਸ ਜਗ੍ਹਾ ਤੋਂ
ਬਰਫ਼-ਗੋਹੜਿਆਂ ਵਾਂਗ ਵੱਸ ਕੇ,
ਅਪਣੀ ਬੇਵਸੀ ਨੂੰ ਦੱਸ ਕੇ,
ਪੰਘਰਣ ਜਿੰਦਾਂ ਹਾੜ ਸਿਆਲ !
ਕਦੇ ਕਦੇ ਕੋਈ 'ਤਾਂਤੀਆ ਟੋਪੀ',
ਸੀਨੇ ਦੇ ਵਿੱਚ ਖ਼ੰਜਰ ਘੋਪੀ,
ਪਾਵੇ ਹਾਲ ਪੁਕਾਰ !
ਹਸ਼ਰ ਓਸਦੇ ਤੋਂ ਸਿਖਿਆ ਲੈ
ਚਰਖੇ ਦੀ ਦੇ ਕੇ ਘੁਮਕਾਰ
ਕਦੇ ਕੋਈ 'ਗੁਜਰਾਤੀ ਬਾਵਾ',
ਜਾਨ ਪਾਣ ਦਾ ਬੰਨ੍ਹੇ ਦਾਹਵਾ,
ਪਰ ਅੱਜ ਤੱਕ ਬੇਹੋਸ਼ !
ਹਸਰਤ ਭਰੇ ਦਿਲ ਨੂੰ ਜਾਪੇ
ਆਉਂਦੀ ਕੋਈ ਨਾ ਹੋਸ਼ ।

ਇੱਕ ਬਾਂਹ ਮਾਤਾ ਦੀ ਉਲਰੀ ਹੋਈ
ਤਲੀ ਓਸਦੀ ਸੰਗਦੀ, ਮੰਗਦੀ
ਅੱਡੀ ਹੋਈ,
ਹੁਗਲੀਓਂ ਉਤੇ
ਹਰ ਇਕ ਰੁੱਤੇ
'ਬ੍ਰਹਮ ਪੁਤਰ' ਦੇ ਪਾਰ,
ਏਨ੍ਹਾਂ ਤ੍ਰਿਖਾਵੰਤ ਨਾੜਾਂ ਵਿੱਚ
ਕੁਰਬਾਨੀ ਦਾ ਪਿਆਰ ।

ਦੂਜੀ ਬਾਂਹ ਮਾਤਾ ਦੀ ਪਸਰੀ
ਪੰਜ ਦਰਿਆਂ ਦੇ ਪਾਰ,
ਇਸ ਪਾਸੇ ਵੀ ਹੱਥ ਵਿੱਚ ਜਾਪੇ
ਪੈਂਦੀ ਜਾਂਦੀ ਜਾਨ;
ਪਰ ਪੰਜਾਬੀ ਪੁੱਤਰਾਂ ਉਤੇ, ਉਕਾ ਨਹੀਂ ਗੁਮਾਨ ।

ਨਕਸ਼ਾਂ ਉਤੇ, ਜੰਗਲੀ ਫੁਲਾਂ ਦਾ ਖ਼ੁਮਾਰ ।
ਹਿੰਦੂਕੁਸ਼ ਤੋਂ ਤਿੱਬਤ ਤੀਕਰ 'ਬੇਗ਼ਮ ਪੁਰ', ਇਕਸਾਰ
ਸਿਰ ਮਾਤਾ ਦਾ ਬਰਫ਼ਾਂ ਭਰਿਆ,
ਇਸਨੇ ਕੀਤੇ ਭਾਵ ਸਮੁਚੇ ਸੀਤ ।
ਭਾਰਤ ਦੇ ਇਸ ਚਿਤਰ ਨਾਲ,
ਨਾ ਪੈਂਦੀ ਪੂਰੀ ਪ੍ਰੀਤ ।
ਤੀਵੀਂਆਂ ਸਾਰੀਆਂ 'ਭਾਰਤ' ਹੋਵਣ,
ਬੰਦੇ 'ਹਿੰਦੁਸਤਾਨ',
ਆਜ਼ਾਦੀ ਦੀ ਤੜਪ ਉਨ੍ਹਾਂ ਦੇ
ਜੀਵਨ ਦੀ ਗੁਜ਼ਰਾਨ !
ਹਰ ਕੋਈ ਅਪਣੀ ਮੁਸ਼ਕਲ ਜਾਣੇ
ਕਦੇ ਦੂਏ ਤੋਂ ਆਸ ਨਾ ਰਖੇ
ਅਪਣਾ ਆਪ ਮੁਕੰਮਲ ਸਮਝੇ
ਹੋਣ ਲਈ ਕੁਰਬਾਨ,
ਹੋਏ ਤਦ ਦੇਵੀ-ਮਾਂ ਦੀ
ਠੀਕ ਤਰ੍ਹਾਂ ਕਲਿਆਨ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੀਤਮ ਸਿੰਘ ਸਫ਼ੀਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ