ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ : ਇਰਸ਼ਾਦ ਸੰਧੂ
ਅੱਥਰੂ ਬਣ ਕੇ ਵੀ ਆਇਆਂ ਨੂੰ
ਅੱਥਰੂ ਬਣ ਕੇ ਵੀ ਆਇਆਂ ਨੂੰ ਸਤ ਬਿਸਮਿੱਲਾ ਜੀ ਆਇਆਂ ਨੂੰ ਅੰਮ੍ਰਿਤ ਰੁੱਤ ਦੇ ਜ਼ਹਿਰ ਵੀ ਹੋਏ ਮੈਂ ਜਾਣਾ ਏ ਪੀ ਆਇਆਂ ਨੂੰ ਜੇ ਦੁੱਖ ਵੀ ਸਨ ਤੇ ਆ ਜਾਂਦੇ ਮੈਂ ਕੀ ਕਹਿਣਾ ਸੀ ਆਇਆਂ ਨੂੰ ਦੱਸ ਦਿਲਾ ਤੂੰ ਕਹਿ ਵੀ ਲਏਂਗਾ ਜੋ ਜੋ ਕਹਿਣਾ ਈ ਆਇਆਂ ਨੂੰ ਘੁੰਡ ਦੇ ਉਹਲੇ ਚੰਨ ਭਖਾ ਕੇ ਤੜਕ ਤੇ ਨਾ ਤੜਕੀ ਆਇਆਂ ਨੂੰ ਮਾਪੇ ਬੁੱਝ ਲੈਂਦੇ ਨੇ ਆਪੇ ਨਾ ਵੀ ਦੱਸੇ ਧੀ ਆਇਆਂ ਨੂੰ ਵੰਡ ਨੇ ‘ਸੰਧੂ’ ਮੁੜ ਮੁੜ ਵੰਡਿਆ ਵੰਡ ਵਿਚ ਵੰਡ ਵੰਡੀ ਆਇਆਂ ਨੂੰ *ਤੜਕ :- ਰੇਤ ਵਿਚ ਦਾਣੇ ਭੁੰਨਦਿਆਂ ਪੈਦਾ ਹੋਈ ਆਵਾਜ਼
ਅੱਜ ਤੋਂ ਇੰਜ ਨਾ ਕਰਿਆ ਕਰੀਏ
ਅੱਜ ਤੋਂ ਇੰਜ ਨਾ ਕਰਿਆ ਕਰੀਏ ਨਾ ਜਿੱਤਿਆ ਨਾ ਹਰਿਆ ਕਰੀਏ ਬਹੁਤਾ ਨਾ ਸਹੀਂ ਕਦੀ ਕਦਾਈਂ ਸੀਨੇ ਲੱਗ ਲੱਗ ਠਰਿਆ ਕਰੀਏ ਇੱਕ ਦੂਜੇ ਨੂੰ ਮਾਰਨ ਦੀ ਥਾਂ ਇੱਕ ਦੂਜੇ ਤੇ ਮਰਿਆ ਕਰੀਏ ਰਲ਼ਕੇ ਸਾਰੇ ਸੁੱਖ ਹੰਢਾਈਏ ਰਲ਼ਕੇ ਦੁੱਖੜੇ ਜਰਿਆ ਕਰੀਏ ਜੀਵਨ ਦੇ ਲਈ ਜੀਵਨ ਦੇ ਵਿਚ ਜੀਵਨ ਦੇ ਰੰਗ ਭਰਿਆ ਕਰੀਏ ਹੋਰ ਕਿਸੇ ਤੋਂ ਡਰਨੋ ਪਹਿਲਾਂ ਆਪਣੇ ਆਪ ਤੋਂ ਡਰਿਆ ਕਰੀਏ ਤਾਰੂ ਹੋ ਕੇ ਵੀ ਨਾ ‘ਸੰਧੂ’ ਪੁੱਠੀ ਤਾਰੀ ਭਰਿਆ ਕਰੀਏ
ਬਲ਼ਦੇ ਸੀਨੇ ਠਾਰ ਵੀ ਹੁੰਦੀਆਂ
ਬਲ਼ਦੇ ਸੀਨੇ ਠਾਰ ਵੀ ਹੁੰਦੀਆਂ ਗੱਲਾਂ ਬੰਦੇ ਮਾਰ ਵੀ ਹੁੰਦੀਆਂ ਦਿਸਣਾ ਫਿਰ ਵੀ ਏਹੋ ਕੁਝ ਸੀ ਅੱਖਾਂ ਭਾਵੇਂ ਚਾਰ ਵੀ ਹੁੰਦੀਆਂ ਕਈ ਰੂਹਾਂ ਨੇ ਇੱਕੋ ਵੇਲ਼ੇ ਆਰ ਵੀ ਹੁੰਦੀਆਂ ਪਾਰ ਵੀ ਹੁੰਦੀਆਂ ਜੇ ਮੌਜਾਂ ਤੇ ਸਭ ਦਾ ਹੱਕ ਸੀ ਫਿਰ ਤੇ ਸਾਡੀ ਵਾਰ ਵੀ ਹੁੰਦੀਆਂ ਪੱਗਾਂ ਸਭ ਦੀ ਇੱਜ਼ਤ ਨੇ ਪਰ ਇੱਥੇ ਤਾਰੋ ਤਾਰ ਵੀ ਹੁੰਦੀਆਂ ਕਈ ਗੱਲਾਂ ਜੋ ਮੰਡੀ ਵਿਚ ਸਨ ਅੱਜ-ਕਲ੍ਹ ਰੱਬ ਦੇ ਘਾਰ ਵੀ ਹੁੰਦੀਆਂ ਪੁੱਤਰ ਹੁੰਦੇ ਰੌਣਕ ਘਰ ਦੀ ਧੀਆਂ ਹਾਰ ਸ਼ਿੰਗਾਰ ਵੀ ਹੁੰਦੀਆਂ ਉਹ ਕਹਿੰਦਾ ਏ ਤੂੰ ਤੇ ਸ਼ੈਅ ਵੇਂ ਸ਼ੈਵਾਂ ਤੇ ਬੇਕਾਰ ਵੀ ਹੁੰਦੀਆਂ ਬਾਹਵਾਂ ਵੱਲੋਂ ਖ਼ੈਰ ਸੀ ‘ਸੰਧੂ’ ਜੇਕਰ ਗਲ਼ ਦਾ ਹਾਰ ਵੀ ਹੁੰਦੀਆਂ *ਸ਼ੈਅ :- ਵਸਤੂ, ਚੀਜ਼
ਲੁੱਕ ਲੁੱਕ ਗੱਲਾਂ ਕਰਦੇ ਓ
ਲੁੱਕ ਲੁੱਕ ਗੱਲਾਂ ਕਰਦੇ ਓ ਇਹਦਾ ਮਤਲਬ ਡਰਦੇ ਓ ਸੱਤ ਸੱਤ ਪੁੱਤਰ ਜੰਮ ਕੇ ਵੀ ਧੀ ਜੰਮੇ ਤੇ ਮਰਦੇ ਓ ਇੱਕ ਦੇ ਕੰਨੋਂ ਕੱਢ ਕੱਢ ਕੇ ਦੂਜਿਆਂ ਦੇ ਕੰਨ ਭਰਦੇ ਓ ਲੋਹੜਾ ਨਈਂ ਦੋ ਹਰਫ਼ਾਂ ਤੋਂ ਤਿੰਨ ਹਰਫ਼ਾਂ ਵਿਚ ਹਰਦੇ ਓ ਆਪਣੇ ਘਰ ਵਿਚ ਖਾਂਦੇ ਓ ਦੂਜਿਆਂ ਦੇ ਘਰ ਚਰਦੇ ਓ ਓਨੇ ਸਰਦੇ ਪੁੱਜਦੇ ਨਈਂ ਜਿੰਨੇ ਪੁੱਜਦੇ ਸਰਦੇ ਓ ਆਦਤ ਏ ਜਾਂ ਫ਼ਿਤਰਤ ਏ ਅੱਗਾਂ ਲਾ ਲਾ ਠਰਦੇ ਓ ਇੱਥੇ ਵੱਖ ਵੱਖ ਹੋ ਗਏ ਓ ਪਿੱਛੋਂ ਇੱਕੋ ਘਰਦੇ ਓ ‘ਸੰਧੂ’ ਖੁਸ਼ ਏ ਡੁੱਬ ਕੇ ਵੀ ਜੇ ਤੇ ਡੁੱਬਿਆਂ ਤਰਦੇ ਓ
ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ
ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ ਓਦੋਂ ਕਾਲ਼ੇ ਕਾਂ ਵੀ ਸੋਹਣੇ ਲੱਗਦੇ ਨੇ ਰੱਬ ਦੀ ਕਸਮੇਂ ਰੁੱਖ ਸੱਜਣਾਂ ਦੇ ਵਿਹੜੇ ਦੇ ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ ਦੂਜੇ ਕੰਢੇ ਪੱਟ ਚਰੀਂਦੇ ਹੋਵਣ ਤੇ ਘੜਿਆਂ ਨਾਲ਼ ਝਨਾਂ ਵੀ ਸੋਹਣੇ ਲੱਗਦੇ ਨੇ ਸੱਜਣਾਂ ਦੇ ਤਿਲ ਠੋਡੀ 'ਤੇ ਜਾਂ ਬੁੱਲ੍ਹੀਆਂ 'ਤੇ ਹੋਵਣ ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ ਕੀ ਪੁੱਛਨਾ ਏਂ ਯਾਰਾ ਯਾਰ ਪਟੋਲੇ ਜਿਹੇ ਫਿਰਦੇ ਹਰ ਇਕ ਦਾਂ ਵੀ ਸੋਹਣੇ ਲੱਗਦੇ ਨੇ ਸੋਹਣੇ ਲੋਕਾਂ ਵਾਂਗੂੰ ਸੋਹਣੇ ਲੋਕਾਂ ਦੇ ‘ਸੰਧੂ’ ਸ਼ਹਿਰ ਗਰਾਂ ਵੀ ਸੋਹਣੇ ਲੱਗਦੇ ਨੇ *ਪਟੋਲਾ :- ਰੇਸ਼ਮੀ ਕੱਪੜਾ *ਦਾਂ :- ਪਾਸਾ, ਪਾਸੇ
ਅੱਜ ਜ਼ੁਲਮਾਂ ਨੂੰ ਜਰ ਵੀ ਗਏ ਤੇ
ਅੱਜ ਜ਼ੁਲਮਾਂ ਨੂੰ ਜਰ ਵੀ ਗਏ ਤੇ ਕੱਲ੍ਹ ਨਾ ਸੋਚੀਂ ਮਰ ਵੀ ਗਏ ਤੇ ਰੋਟੀ ਦੇ ਈ ਰੌਲ਼ੇ ਪਏ ਸਨ ਰੱਬਾ ਤੇਰੇ ਘਰ ਵੀ ਗਏ ਤੇ ਕਾਅਬੇ ਨੂੰ ਤੇ ਕੰਡ ਨਈਂ ਹੋਣੀ ਸੱਜਣ ਕੰਡ ਜੇ ਕਰ ਵੀ ਗਏ ਤੇ ਫੇਰ ਵੀ ਹਿੰਮਤ ਹੋ ਸਕਦੀ ਏ ਇੱਕ ਵਾਰੀ ਜੇ ਡਰ ਵੀ ਗਏ ਤੇ ਛੱਲਾਂ ਬਾਹਰ ਨਈਂ ਆਵਣ ਦੇਣਾ ਕੱਖ ਵਿਚਾਰੇ ਤਰ ਵੀ ਗਏ ਤੇ ਕੁਝ ਗੱਲਾਂ ਦਾ ਸੇਕ ਨਈਂ ਜਾਣਾ ਭਾਵੇਂ ਸੀਨੇ ਠਰ ਵੀ ਗਏ ਤੇ ਜਿੱਤ ਸੱਜਣਾਂ ਦੇ ਹੱਥ ਫੜ੍ਹਾ ਕੇ ਜਿੱਤ ਜਾਵਾਂਗੇ ਹਰ ਵੀ ਗਏ ਤੇ ਭੁੱਲ ਜਾ ‘ਸੰਧੂ’ ਅੱਖ ਦੇ ਭਾਂਡੇ ਡੁੱਲ੍ਹਦੇ ਨਈਓਂ ਭਰ ਵੀ ਗਏ ਤੇ *ਕਾਅਬਾ :- ਇਸਲਾਮ 'ਚ ਪਵਿੱਤਰ ਸਥਾਨ *ਕੰਡ :- ਪਿੱਠ
ਪਿਆਰ ਦਿਲਾਸਾ ਲੈ ਬਹਿੰਦਾ ਈ
ਪਿਆਰ ਦਿਲਾਸਾ ਲੈ ਬਹਿੰਦਾ ਈ ਇੰਜ ਦਾ ਝਾਂਸਾ ਲੈ ਬਹਿੰਦਾ ਈ ਰੱਜ ਕੇ ਹੱਸ ਪਰ ਚੇਤਾ ਰੱਖੀਂ ਬਹੁਤਾ ਹਾਸਾ ਲੈ ਬਹਿੰਦਾ ਈ ਰਹਿ ਜਾਵੇ ਤਾਂ ਉੱਚੇ ਘਰ ਨੂੰ ਨੀਵਾਂ ਪਾਸਾ ਲੈ ਬਹਿੰਦਾ ਈ ਬਹੁਤੇ ਤਿੱਖੇ ਨੈਣ ਨਕਸ਼ ਤੇ ਰੰਗ ਪਤਾਸਾ ਲੈ ਬਹਿੰਦਾ ਈ ਮੈਂ ਭੈੜੀ ਨੂੰ ਛੱਡਦੇ ਮੈਂ ਦਾ ਇੱਕ ਵੀ ਮਾਸਾ ਲੈ ਬਹਿੰਦਾ ਈ ‘ਸੰਧੂ’ ਯਾਰ ਬੜੇ ਨੇ ਉਂਝ ਪਰ ਇਹ ਭਰਵਾਸਾ ਲੈ ਬਹਿੰਦਾ ਈ *ਭਰਵਾਸਾ :- ਵਿਸ਼ਵਾਸ, ਭਰੋਸਾ *ਮਾਸਾ :- ਭਾਵ ਥੋੜ੍ਹਾ ਜਿਹਾ ਕਣ, ਤੋਲੇ ਦਾ ਬਾਰਵਾਂ ਹਿੱਸਾ
ਖੱਚ ਨੇ ਸੱਚ ਲੁਕਾ ਲੈਂਦੇ ਨੇ ਜਿਹੜੇ
ਖੱਚ ਨੇ ਸੱਚ ਲੁਕਾ ਲੈਂਦੇ ਨੇ ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ ਜਿਹੜੇ ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ ਐਵੇਂ ਦਿਲ ਤੇ ਲਾ ਲੈਂਦੇ ਨੇ ਜਿਹੜੇ ਫੁੱਲ ਬਣਦੇ ਨੇ ਉਹਨਾਂ ਦੇ ਈ ਮਿਸਰੇ ਰੱਜਵੀਂ ਰੱਤ ਪਿਆ ਲੈਂਦੇ ਨੇ ਜਿਹੜੇ ਹੋ ਜਾਂਦੇ ਨੇ ਅੰਨ੍ਹਿਆਂ ਤੋਂ ਵੀ ਭੈੜੇ ਸ਼ੱਕ ਦਾ ਸੁਰਮਾ ਪਾ ਲੈਂਦੇ ਨੇ ਜਿਹੜੇ ਚੰਗੇ ਰਹਿੰਦੇ ਆਪਣੇ ਆਪ ਨੂੰ ਆਪਣੇ ਬਹਿ ਕੇ ਦੁੱਖ ਸੁਣਾ ਲੈਂਦੇ ਨੇ ਜਿਹੜੇ ਥਾਂ ਥਾਂ ਡਿੱਗਦੇ ਵੇਖੇ ਨੇ ਮੈਂ ਸਿਰ ਤੋਂ ਵੱਡੀਆਂ ਪੰਡਾਂ ਚਾ ਲੈਂਦੇ ਨੇ ਜਿਹੜੇ ਰੋਂਦੇ ਵੇਖੇ ਕੱਲਿਆਂ ਬਹਿ ਬਹਿ ‘ਸੰਧੂ’ ਬਹੁਤੇ ਯਾਰ ਬਣਾ ਲੈਂਦੇ ਨੇ ਜਿਹੜੇ *ਮਿਸਰਾ (ਸ਼ਿਅਰ ਦੀ ਸਤਰ) *ਚਾ (ਚੁੱਕਣਾ)
ਸੀਨੇ ਲਾ ਕੇ ਭੌਰੇ ਦਿਲ ਨੂੰ
ਸੀਨੇ ਲਾ ਕੇ ਭੌਰੇ ਦਿਲ ਨੂੰ ਕੀ ਕੀਤਾ ਸੂ ਖ਼ੌਰੇ ਦਿਲ ਨੂੰ ਜਦ ਵਿੱਛੜੇ ਸੀ ਤਦ ਸਮਝੇ ਸਾਂ ਪੈਂਦੇ ਕਿਉਂ ਨੇ ਦੌਰੇ ਦਿਲ ਨੂੰ ਚੰਨਾ ਖੰਡ ਰਲ਼ਾਉਣੀ ਨਈਂ ਸੀ ਦੇਣੇ ਸੀ ਜੇ ਮੌਹਰੇ ਦਿਲ ਨੂੰ ਇੱਥੇ ਕੋਈ ’ਵਾਜ਼ ਨ੍ਹੀ ਸੁਣਦਾ ਕਿੰਜ ਸਮਝਾਵਾਂ ਬੌਰੇ ਦਿਲ ਨੂੰ ਲਾ ਬੈਠੇ ਆਂ ਰੋਗ ਵੀ ‘ਸੰਧੂ’ ਦੂਹਰੇ ਤੀਹਰੇ ਚੌਹਰੇ ਦਿਲ ਨੂੰ *ਭੌਰਾ :- ਫੁੱਲਾਂ ਤੋਂ ਰਸ ਚੂਸਣ ਵਾਲ਼ਾ ਪਤੰਗਾ *ਔਹਰਾ :- ਜ਼ਹਿਰ *ਬੌਰਾ :- ਜਿਸ ਨੂੰ ਕੁਝ ਸਮਝ ਨਾ ਆਉਂਦਾ ਹੋਵੇ
ਥਰ ਥਰ ਕੰਬਦੇ ਪਰ ਚਿੜੀਆਂ ਦੇ
ਥਰ ਥਰ ਕੰਬਦੇ ਪਰ ਚਿੜੀਆਂ ਦੇ ਰੱਬਾ ਲਾਹ ਦੇ ਡਰ ਚਿੜੀਆਂ ਦੇ ਤੇਰੇ ਪੱਕਿਆਂ ਮਹਿਲਾਂ ਖੋਹ ਲਏ ਨਿੱਕੇ ਨਿੱਕੇ ਘਰ ਚਿੜੀਆਂ ਦੇ ਕਿੱਕਰ ਟਾਹਲੀ ਬੋਹੜਾਂ ਪੁੱਟ ਕੇ ਸਿਰ ਨਾ ਨੰਗੇ ਕਰ ਚਿੜੀਆਂ ਦੇ ਇੱਲ ਤੇ ਕਾਂ ਦੇ ਰੌਲ਼ੇ ਵਿਚ ਵੀ ਹੱਕ ਜਾਂਦੇ ਨੇ ਮਰ ਚਿੜੀਆਂ ਦੇ ਸ਼ਿਕਰੀ ਰੁੱਤ ਏ ਵੇਖੀਂ ਕਿਧਰੇ ਲੇਖ ਨਾ ਜਾਵਣ ਹਰ ਚਿੜੀਆਂ ਦੇ ਮੌਸਮ ਭਾਵੇਂ ਜੋ ਵੀ ਹੋਵੇ ਰਹਿੰਦੇ ਪੱਲੂ ਤਰ ਚਿੜੀਆਂ ਦੇ ਸੁੱਖ ਜੇ ਵੱਸ ਵਿਚ ਹੋਵਣ ‘ਸੰਧੂ’ ਵਿਹੜੇ ਦੇਵਾਂ ਭਰ ਚਿੜੀਆਂ ਦੇ
ਦੁੱਖ ਏ, ਦੁੱਖ ਨੂੰ ਜਰ ਜਾਣਾ ਏ ਲੋਕਾਂ
ਦੁੱਖ ਏ, ਦੁੱਖ ਨੂੰ ਜਰ ਜਾਣਾ ਏ ਲੋਕਾਂ ਇੱਥੇ ਇੰਜ ਈ ਮਰ ਜਾਣਾ ਏ ਲੋਕਾਂ ਧੁੱਪ ਦਾ ਮਤਲਬ ਸਮਝਣਗੇ ਜਿਸ ਵੇਲ਼ੇ ਓਨੇ ਚਿਰ ਨੂੰ ਖਰ ਜਾਣਾ ਏ ਲੋਕਾਂ ਕੱਲ ਦੇ ਵਾਂਗੂੰ ਸੱਚ ਬੋਲਣ ਵਿਚ ਅੱਜ ਵੀ ਇਹ ਈ ਡਰ ਏ ਡਰ ਜਾਣਾ ਏ ਲੋਕਾਂ ਥੋੜ੍ਹਾ ਚਿਰ ਏ ਇੱਕ ਦੂਜੇ ਨੂੰ ਵੇਖੀਂ ਅੱਗਾਂ ਲਾ ਲਾ ਠਰ ਜਾਣਾ ਏ ਲੋਕਾਂ ਇੱਕ ਨਾ ਇੱਕ ਦਿਨ ਇੱਕ ਇੱਕ ਲੋੜ ਦੇ ਹੱਥੋਂ ਇੱਕ ਇੱਕ ਕਰ ਕੇ ਹਰ ਜਾਣਾ ਏ ਲੋਕਾਂ ਜੰਮ ਜੰਮ ਡੋਬਣ ਸਾਡੇ ਡੁੱਬਿਆਂ ‘ਸੰਧੂ’ ਫੇਰ ਵੀ ਕਿਹੜਾ ਤਰ ਜਾਣਾ ਏ ਲੋਕਾਂ
ਜੇ ਤੱਕੇਂ ਤੇ ਛਾਂਵਾਂ ਵਿਚੋਂ
ਜੇ ਤੱਕੇਂ ਤੇ ਛਾਂਵਾਂ ਵਿਚੋਂ ਰੱਬ ਦਿਸਦਾ ਏ ਮਾਂਵਾਂ ਵਿਚੋਂ ਬੰਦਿਆਂ ਦੇ ਸਾਹ ਕੱਢ ਕੇ ਖ਼ੌਰੇ ਕੀ ਕੱਢਦਾ ਏਂ ਸਾਹਵਾਂ ਵਿਚੋਂ ਕਿੰਜ ਵੀ ਮਿਲ਼ੀਏ ਦਿਸ ਪੈਂਦੇ ਨੇ ਨੀਅਤਾ ਦੇ ਰੰਗ ਬਾਹਵਾਂ ਵਿਚੋਂ ਦੋਵੇਂ ਘਰ ਈ ਨਿਕਲੇ ਨਈਂ ਆਂ ਹਾਲੇ ਤੀਕ ਸਲਾਹਵਾਂ ਵਿਚੋਂ ਟੁੱਕਰ, ਬੋਟ ਤੇ ਆਂਡੇ ਇੱਕ ਦਿਨ ਮੈਂ ਕੱਢਣੇ ਨੇ ਕਾਂਵਾਂ ਵਿਚੋਂ ਰਾਹਵਾਂ ਤੇ ਨਈਂ! ਮੈਂ ਤੁਰਿਆ ਵਾਂ ਰਾਹਵਾਂ ਕੱਢਕੇ ਰਾਹਵਾਂ ਵਿਚੋਂ ਹੋਵੇ ਤੇ ਕੁਝ ਕੱਢੇ ‘ਸੰਧੂ’ ਅੱਜ-ਕਲ੍ਹ ਦੇ ਦਰਿਆਵਾਂ ਵਿਚੋਂ
ਲੰਮੇ ਲੰਮੇ ਵਾਲ਼ ਸਿਰਹਾਣੇ ਉੱਤੇ
ਲੰਮੇ ਲੰਮੇ ਵਾਲ਼ ਸਿਰਹਾਣੇ ਉੱਤੇ ਖਿੱਲਰੇ ਪਏ ਸਨ ਜਾਲ ਸਿਰਹਾਣੇ ਉੱਤੇ ਲੱਗਦਾ ਸੀ ਕੋਈ ਚੰਨ ਅਸਮਾਨੋਂ ਲੱਥਾ ਉਸਦਾ ਮੁੱਖੜਾ ਲਾਲ ਸਿਰਹਾਣੇ ਉੱਤੇ ਰੁੱਤਾਂ ਰੰਗ ਬਿਰੰਗੇ ਫੁੱਲ ਬਣਾਵਣ ਕਿੰਨੀਆਂ ਰੀਝਾਂ ਨਾਲ਼ ਸਿਰਹਾਣੇ ਉੱਤੇ ਸੌਂਦੇ ਨਈਂ ਨੇ ਸੜਿਆਂ ਲੇਖਾਂ ਵਾਲ਼ੇ ਮਾੜੇ ਘਰ ਦੇ ਬਾਲ ਸਿਰਾਹਣੇ ਉੱਤੇ ਬੈਠੇ ਰਹਿੰਦੇ ਸੋਚਾਂ ਦੇ ਸੱਪ ਕਾਲ਼ੇ ਪੂਰਾ ਪੂਰਾ ਸਾਲ ਸਿਰਹਾਣੇ ਉੱਤੇ ਰੱਖ ਦਿੰਦੀ ਸੀ ਮਾਂ ਦੀ ਲੋਰੀ ਭਰ ਕੇ ਨੀਂਦਾਂ ਵਾਲ਼ੇ ਥਾਲ਼ ਸਿਰਹਾਣੇ ਉੱਤੇ
ਅੱਖਾਂ ਸਾਹਵੇਂ ਕਿੰਜ ਅੱਖਾਂ ਦੇ
ਅੱਖਾਂ ਸਾਹਵੇਂ ਕਿੰਜ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ ਲੋੜ ਕਿਸੇ ਦੀ ਗਾਰਾ ਦਿੱਤਾ ਭੁੱਖ ਨੇ ਇੱਟਾਂ ਢੋਈਆਂ ਬਾਊਜੀ ਮੈਂ ਇੰਜ ਨਈਂ ਪੜ੍ਹਿਆ ਪੜ੍ਹਨ ਲਈ ਸਾਡੇ ਘਰ ਦੀ ਛਾਂ ਨੇ ਘਰ ਘਰ ਭਾਂਡੇ ਮਾਂਜੇ ਰੁੱਖ ਨੇ ਇੱਟਾਂ ਢੋਈਆਂ ਹੱਸਦੇ ਵੱਸਦੇ ਦੰਦੀਆਂ ਕੱਢਦੇ ਸੁੱਖ ਨੂੰ ਕਿੰਜ ਸਮਝਾਵਾਂ ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ ਅੱਜ ਵੀ ਇੱਟਾਂ ਢੋਵਣ ਵਾਲ਼ੇ ਉਹੀਓ ਨੇ ਨਾ ‘ਸੰਧੂ’ ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ
ਅੱਜ ਵੀ ਇੱਕ ਇੱਕ ਛੱਲ ਝਨਾਂ ਦੀ
ਅੱਜ ਵੀ ਇੱਕ ਇੱਕ ਛੱਲ ਝਨਾਂ ਦੀ ਦੱਸਦੀ ਪਈ ਏ ਗੱਲ ਝਨਾਂ ਦੀ ਮੇਰਾ ਨਾਂ ਮਹੀਂਵਾਲ ਜੇ ਹੋਂਦਾ ਲਾਹ ਦੇਂਦਾ ਮੈਂ ਖੱਲ ਝਨਾਂ ਦੀ ਲੇਖਾ ਤੇਰੇ ਨਾਲ਼ ਪਈ ਮਿਲਦੀ ਪਿੱਛੋਂ ਕਿਧਰੇ ਅੱਲ ਝਨਾਂ ਦੀ ਮੈਂ ਕੱਢਣੀਏ ਵਿਚੋਂ ਸੋਹਣੀ ਮੈਨੂੰ ਮਿੱਟੀ ਘੱਲ ਝਨਾਂ ਦੀ ਅੱਜ ਵੇਖੀ ਏ ਘੱਟੇ ਰੁਲ਼ਦੀ ਆਕੜ ਸੀ ਜੋ ਕੱਲ੍ਹ ਝਨਾਂ ਦੀ *ਅੱਲ :- ਲੱਛਣ ਕਾਰਨ ਪੱਕੀ ਗੋਤ
ਕਰਦੀ ਦਿਲ ਤੇ ਵਾਰ ਏ ਬੱਚੇ ਮੋਈ
ਕਰਦੀ ਦਿਲ ਤੇ ਵਾਰ ਏ ਬੱਚੇ ਮੋਈ ਅੱਖ ਕਾਹਦੀ ਤਲਵਾਰ ਏ ਬੱਚੇ ਮੋਈ ਜਿਹਨੂੰ ਮਿਲਦੀ ਓਹਨੂੰ ਰਾਹੇ ਛੱਡਦੀ ਜ਼ਿੰਦਗੀ ਉਹ ਮੁਟਿਆਰ ਏ ਬੱਚੇ ਮੋਈ ਦਿਲ ਢੱਠੇ ਪਰ ਢੱਠੀ ਨਈਂ ਜੋ ਸਾਥੋਂ ਨਫ਼ਰਤ ਦੀ ਦੀਵਾਰ ਏ ਬੱਚੇ ਮੋਈ ਸਾਡੇ ਲਈ ਨਈਂ ਆਪਣੇ ਢਿੱਡ ਲਈ ਇਥੇ ਆਉਂਦੀ ਹਰ ਸਰਕਾਰ ਏ ਬੱਚੇ ਮੋਈ ਖਝਕੇ ਜ਼ਿਹਨ ਨੇ ਤਾਂ ਈ ਸੋਚ ਵੀ ਸਾਡੀ ਹਾਲੇ ਤੱਕ ਬੀਮਾਰ ਏ ਬੱਚੇ ਮੋਈ ਸਾਡੀ ਨਈਂ ਇਹ ਮੁੱਲਾਂ ਤੇਰੀ ਕੰਧ ਏ ਜੋ ਸਾਡੇ ਵਿਚਕਾਰ ਏ ਬੱਚੇ ਮੋਈ ਜਿਹਨੇ ਸਾਥੋਂ ਸਾਡੇ ਯਾਰ ਨਿਖੇੜੇ ਆਹ ਪਿਛਲੀ ਅਤਵਾਰ ਏ ਬੱਚੇ ਮੋਈ ‘ਸੰਧੂ’ ਯਾਰੀ ਵਾਂਗ ਨਿਭਾਈਏ ਯਾਰੀ ਪਰ ਬੜੀ ਦੁਸ਼ਵਾਰ ਏ ਬੱਚੇ ਮੋਈ *ਖਝਕੇ :- ਹਿੱਲਿਆ ਦਿਮਾਗ *ਦੁਸ਼ਵਾਰ :- ਔਖੀ, ਮੁਸ਼ਕਿਲ
ਕੁਝ ਸਨ ਲਿਖੀਆਂ ਪੜ੍ਹੀਆਂ ਗੱਲਾਂ
ਕੁਝ ਸਨ ਲਿਖੀਆਂ ਪੜ੍ਹੀਆਂ ਗੱਲਾਂ ਕੁਝ ਗਈਆਂ ਨੇ ਘੜੀਆਂ ਗੱਲਾਂ ਗੱਲ 'ਚੋਂ ਸੌ ਸੌ ਗੱਲ ਨਿਕਲੇਗੀ ਜਿਹੜੇ ਦਿਨ ਮੈਂ ਫੜ੍ਹੀਆਂ ਗੱਲਾਂ ਕਿੱਥੇ ਨੇ ਅੱਜ ਦਿਸਦੇ ਕਿਉਂ ਨਈਂ ਕਰਦੇ ਸਨ ਜੋ ਬੜੀਆਂ ਗੱਲਾਂ ਮੈਂ ਸਦੀਆਂ ਤੋਂ ਡਿੱਗੀਆਂ ਹੋਈਆਂ ਕਰ ਦਿੱਤੀਆਂ ਨੇ ਖੜ੍ਹੀਆਂ ਗੱਲਾਂ ਗੱਲਾਂ ਪਿੱਛੇ ਸੂਲ਼ੀ ਚੜ੍ਹ ਗਏ ਫੇਰ ਵੀ ਤੋੜ ਨਾ ਚੜ੍ਹੀਆਂ ਗੱਲਾਂ ਉਹਨੂੰ ਸੱਪਾਂ ਕੀ ਕਹਿਣਾ ਏ ਜਿਸ ਬੰਦੇ ਨੂੰ ਲੜੀਆਂ ਗੱਲਾਂ ਕੱਢ ਰਿਹਾਂ ਵਾਂ ਜ਼ਿਹਨਾਂ ਵਿਚੋਂ ਫਸੀਆਂ ਖੁੱਭੀਆਂ ਅੜੀਆਂ ਗੱਲਾਂ ਇੰਜ ਹੋਈਆਂ ਕੁਝ ਗੱਲਾਂ ‘ਸੰਧੂ’ ਗੱਲਾਂ ਸੁਣ ਸੁਣ ਸੜੀਆਂ ਗੱਲਾਂ
ਰੱਬਾ ਤੇਰੇ ਵੱਗ ਦੀਆਂ ਤਸਵੀਰਾਂ
ਰੱਬਾ ਤੇਰੇ ਵੱਗ ਦੀਆਂ ਤਸਵੀਰਾਂ ਰੱਤੋ ਰੱਤ ਨੇ ਜੱਗ ਦੀਆਂ ਤਸਵੀਰਾਂ ਤੌਬਾ ਵੇਖ ਰਿਹਾਂ ਦਰਿਆਵਾਂ ਵਿਚ ਵੀ ਪਾਣੀ ਦੀ ਥਾਂ ਅੱਗ ਦੀਆਂ ਤਸਵੀਰਾਂ ਆਪਣੇ ਵੱਲੋਂ ਰੋਜ਼ ਬਣਾਉਂਦਾ ਰਹਿਨਾਂ ਮੈਂ ਇੱਕ ਸਿਰ ਤੇ ਪੱਗ ਦੀਆਂ ਤਸਵੀਰਾਂ ਪਹਿਲਾਂ ਉਹ ਠੱਗਦਾ ਸੀ ਤੇ ਹੁਣ ਮੈਨੂੰ ਠੱਗਦੀਆਂ ਨੇ ਠੱਗ ਦੀਆਂ ਤਸਵੀਰਾਂ ਮੈਂ ਵੀ ਤੇ ਮਸਕੀਨ ਆਂ ਫਿਰ ਵੀ ਖ਼ੌਰੇ ਮੈਨੂੰ ਕਿਉਂ ਨਈਂ ਲੱਗ ਦੀਆਂ ਤਸਵੀਰਾਂ ਕੁਝ ਨਈਂ ਹੋਣਾ ਜਿੱਥੇ ਲੋਕੀਂ ਹੋਵਣ ਕਸਮੇਂ ਬੈਠੀ ਝੱਗ ਦੀਆਂ ਤਸਵੀਰਾਂ ਉਹ ਵੀ ਨੇ ਜੋ ‘ਸੰਧੂ’ ਬੰਦੇ ਵਿਚੋਂ ਬੰਦੇ ਨੂੰ ਨੇ ਖੱਗ ਦੀਆਂ ਤਸਵੀਰਾਂ *ਮਸਕੀਨ :- ਗ਼ਰੀਬ *ਠੱਗ :- ਠੱਗਣਾ, ਖੱਗ :- ਪੌਦੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਗਾਉਣਾ
ਜਿੰਨੇ ਵੀ ਸਨ ਬਣ ਗਏ ਸੀ ਦਰਬਾਰੀ
ਜਿੰਨੇ ਵੀ ਸਨ ਬਣ ਗਏ ਸੀ ਦਰਬਾਰੀ ਬਸਤੀ ਵਿਚੋਂ ਮੈਂ ਕੱਲ੍ਹਾ ਈ ਫਿਰਨਾਂ ਵਾਂ ਅੱਜ ਸਾਰੀ ਬਸਤੀ ਵਿਚੋਂ ਸੋਚ ਰਿਹਾ ਵਾਂ ਕੁੱਲ ਮਿਲ਼ਾ ਕੇ ਕੀ ਬਚਦਾ ਏ ਪਿੱਛੇ ਕੱਢ ਦੇਈਏ ਜੇ ਠੂੰਹੇ ਸੱਪ ਮਦਾਰੀ ਬਸਤੀ ਵਿਚੋਂ ਚੇਤੇ ਰੱਖਿਓ ਲੱਭਣਾ ਨਈਂ ਏ ਕੱਲ੍ਹ ਨੂੰ ਕੋਈ ਸੁਜਾਖਾ ਮੁੱਕੀ ਨਾ ਜੇ ਅੰਨ੍ਹਿਆਂ ਦੀ ਸਰਦਾਰੀ ਬਸਤੀ ਵਿਚੋਂ ਅੱਧ ਖੁੱਲ੍ਹੀ ਜਿਹੀ ਬਾਰੀ ਵਿਚੋਂ ਡਿੱਗਦੇ ਜਾਣੇ ਹਾਸੇ ਯਾਦ ਏ ਜਿਸਲ਼ੇ ਲੰਘਦੀ ਸੀ ਇਕ ਲਾਰੀ ਬਸਤੀ ਵਿਚੋਂ ਜਿੰਨ੍ਹੇ ਸਾਂਝ ਸਲੂਕਾਂ ਵਾਲ਼ੇ ਪਿੱਪਲ ਬੋਹੜ ਨਈਂ ਛੱਡੇ ਲੱਭਣੀ ਪਏਗੀ ਰਲ਼ਕੇ ਹੁਣ ਉਹ ਆਰੀ ਬਸਤੀ ਵਿਚੋਂ ਜ਼ੋਰਾਵਰ ਤੋਂ ਜ਼ੋਰਾਵਰ ਵੀ ਇੱਧਰ ਮੂੰਹ ਨਾ ਕਰਦੇ ਜੇਕਰ ਕਿੱਧਰੇ ਹੁੰਦੀ ਨਾ ਗ਼ਦਾਰੀ ਬਸਤੀ ਵਿਚੋਂ ਸਭ ਕੁਝ ਖਾ ਕੇ ਹੋਰ ਕਿਸੇ ਦਾ ਖਾਧਾ ਹਜ਼ਮ ਨਈਂ ਹੁੰਦਾ ਹਾਲੇ ਵੀ ਏ ਕਈਆਂ ਨੂੰ ਬਿਮਾਰੀ ਬਸਤੀ ਵਿਚੋਂ ਬਸਤੀ ਵਾਲ਼ੇ ਰਹਿ ਗਏ ‘ਸੰਧੂ’ ਧੂੜ ਤੇ ਭੱਕਰਾਂ ਫੱਕਦੇ ਸਭ ਕੁਝ ਵੰਡ ਕੇ ਲੈ ਗਏ ਛੱਜ ਸਰਕਾਰੀ ਬਸਤੀ ਵਿਚੋਂ *ਜਿਸਲ਼ੇ :- ਜਿਸ+ਵੇਲ਼ੇ *ਭੱਕਰਾਂ :- ਬਾਰੀਕ ਤੂੜੀ
ਗੱਲ ਲੱਭਣ ਦੀ ਦੇਰ ਹੁੰਦੀ ਏ
ਗੱਲ ਲੱਭਣ ਦੀ ਦੇਰ ਹੁੰਦੀ ਏ ਚੱਲ ਸੋ ਚੱਲ ਤੇ ਫੇਰ ਹੁੰਦੀ ਏ ਕੋਈ ਨਈਂ ਹੁੰਦਾ ਰਾਹ ਤੇ ਉੱਗ ਕੇ ਜਿੰਨੀ ਖੱਜਲ਼ ਬੇਰ ਹੁੰਦੀ ਏ ਆਪਣੇ ਘਰ ਤੇ ਪਿੰਡ ਚੂਹਿਆਂ ਦੇ ਮਾਊਂ ਬਿੱਲੀ ਸ਼ੇਰ ਹੁੰਦੀ ਏ ਹੋਵੇ ਤੇ ਫਿਰ 'ਕੱਲੀ ਅੱਖ ਨਈਂ ਦਿਲ ਦੇ ਨਾਲ਼ ਵੀ ਢੇਰ ਹੁੰਦੀ ਏ ਪੁੱਤ ਦਲੇਰੀ ਉਹ ਕਰਦਾ ਏ ਜਿਹਦੀ ਰੱਤ ਦਲੇਰ ਹੁੰਦੀ ਏ ਸਿਰ ਤੇ ਰਾਤਾਂ ਪੈ ਜਾਵਣ ਤੇ ਸੋਚਾਂ ਵਿਚ ਸਵੇਰ ਹੁੰਦੀ ਏ ਮਨ ਭਰੀਜੇ ਹੋਣ ਜੇ ‘ਸੰਧੂ’ ਪਾਈਆ ਸ਼ੈਅ ਵੀ ਸੇਰ ਹੁੰਦੀ ਏ *ਭਰੀਜੇ :- ਭਰੇ ਹੋਣ *ਸ਼ੇਰ :- ਮਣ ਦਾ 40 ਵਾਂ ਹਿੱਸਾ, ਲਗਭਗ 900 ਗ੍ਰਾਮ
ਕੁਝ ਤੇ ਉਂਝ ਏ ’ਨ੍ਹੇਰਾ ’ਨ੍ਹੇਰਾ
ਕੁਝ ਤੇ ਉਂਝ ਏ ’ਨ੍ਹੇਰਾ ’ਨ੍ਹੇਰਾ ਕੁਝ ਤੇਰਾ ਕੁਝ ਮੇਰਾ ’ਨ੍ਹੇਰਾ ਉਸ ਡੇਰੇ ਦਾ ਅੱਲ੍ਹਾ ਹਾਫ਼ਿਜ਼ ਜਿੱਥੇ ਲਾ ਲਏ ਡੇਰਾ 'ਨ੍ਹੇਰਾ ਕੁਝ ਲੋਕਾਂ ਨੂੰ ਚਿੱਟੇ ਦਿਨ ਵੀ ਪਾ ਲੈਂਦਾ ਏ ਘੇਰਾ 'ਨ੍ਹੇਰਾ ਅਕਲੋਂ ਅੰਨ੍ਹੇ ਹੋ ਜਾਈਏ ਤੇ ਮੱਲਦਾ ਫੇਰ ਚੁਫ਼ੇਰਾ 'ਨ੍ਹੇਰਾ ਹੌਲ਼ੀ ਹੌਲ਼ੀ ਲੈ ਬੈਠਾ ਏ ਸਾਡੀ ਚੁੱਪ ਤੇ ਤੇਰਾ ’ਨ੍ਹੇਰਾ ਛੱਡ ਜਾਂਦੇ ਨੇ ਚੰਨ ਸੂਰਜ ਵੀ ਹੋਵੇ ਜਦ ਵਧੇਰਾ 'ਨ੍ਹੇਰਾ ਮੁੱਕਿਆ ਵੀ ਤੇ ਮੁੱਕਣਾ ‘ਸੰਧੂ’ ਕਰਕੇ ਪੰਧ ਲੰਮੇਰਾ 'ਨ੍ਹੇਰਾ *ਪੰਧ :- ਰਸਤਾ
ਖ਼ੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ
ਖ਼ੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ ਕਈ ਜੀਭਾਂ ਤੇ ਹੱਦੋਂ ਲੰਘੀਆਂ ਹੋਈਆਂ ਨੇ ਪਿੰਡ ਦੀ ਚੌਧਰ ਅੰਨ੍ਹੀ ਹੋਈ ਫਿਰਦੀ ਏ ਇੰਜ ਲੱਗਦਾ ਜਿਉਂ ਫ਼ਸਲਾਂ ਚੰਗੀਆਂ ਹੋਈਆਂ ਨੇ ਪੂਰੇ ਸ਼ਹਿਰ ਤੇ ਕਾਲ਼ਕ ਹੱਸਦੀ ਫਿਰਦੀ ਏ ਜਿਹੜੇ ਦਿਨ ਤੋਂ ਚਿੱਟੀਆਂ ਨੰਗੀਆਂ ਹੋਈਆਂ ਨੇ ਉਂਝ ਤਸਵੀਰਾਂ ਰਹਿਣ ਕਿਉਂ ਨਈਂ ਦੇਂਦੇ ਓ ਰੰਗਣ ਵਾਲ਼ੇ ਜਿਸਰਾਂ ਰੰਗੀਆਂ ਹੋਈਆਂ ਨੇ ਉੱਥੇ ਕੋਈ ਦੱਸੋ ਖਾਂ ਕੀ ਸੋਚੇਗਾ ਜਿੱਥੇ ਸੋਚਾਂ ਮੰਗੀਆਂ ਤੰਗੀਆਂ ਹੋਈਆਂ ਨੇ ਜੇ ਲੰਘੇ ਤਾਂ ਸਮਝ ਲਈਂ ਘਰ ਕੀਹਦਾ ਏ ਜਿਸ ਬੂਹੇ ਵਿਚ ਅੱਖਾਂ ਟੰਗੀਆਂ ਹੋਈਆਂ ਨੇ ਚਾਨਣ ‘ਸੰਧੂ’ ਆ ਗਏ ਨੇ ਹੱਥ 'ਨ੍ਹੇਰੇ ਦੇ ਛਾਂਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ *ਜਿਸਰਾਂ :- ਜਿਸ ਤਰ੍ਹਾਂ
ਰਲ਼ ਕੇ ਚਾਨਣ ਵੰਡ ਵੰਡ ਨ੍ਹੇਰ
ਰਲ਼ ਕੇ ਚਾਨਣ ਵੰਡ ਵੰਡ ਨ੍ਹੇਰ ਮੁਕਾਵਣ ਦੀ ਲੋੜ ਏ ਸੋਚਣ ਸਮਝਣ ਤੇ ਸਮਝਾਵਣ ਦੀ ਪਾ ਲਵੀਂ ਫਿਰ ਹਾੜ੍ਹ ਤੇ ਸਾਰਾ ਮਲਬਾ ਤੂੰ ਪਹਿਲਾਂ ਲੈ ਤਲਾਸ਼ੀ ਪੋਹ ਤੇ ਸਾਵਣ ਦੀ ਲੰਗਰ ਵਿਚ ਪ੍ਰਸ਼ਾਦ ਰਲ਼ਾ ਕੇ ਤੂੰ ਤੇ ਮੈਂ ਹਿੰਮਤ ਕਰੀਏ ਬਹਿ ਕੇ ਇੱਕ ਥਾਂ ਖਾਵਣ ਦੀ ਤੂੰ ਉਸ ਸ਼ਹਿਰ 'ਚ ਹੰਸਾਂ ਦੀ ਗੱਲ ਕਰਨਾ ਏਂ ਜਿੱਥੇ ਰੀਤ ਏ ਕਾਂਵਾਂ ਨੂੰ ਵਡਿਆਵਣ ਦੀ ਕਈ ਅੰਨ੍ਹਿਆਂ ਨੂੰ ਬਾਲ਼ ਕੇ ਦੀਵੇ ਅੱਖਰਾਂ ਦੇ ਕੋਸ਼ਿਸ਼ ਕਰਦੇ ਪਏ ਆਂ ਰਾਹ ਵਿਖਾਵਣ ਦੀ ਇੱਥੇ ਉਹ ਲੱਭ ਜਿਹੜਾ ਬਲ਼ਿਆ ਹੋਇਆ ਨਈਂ ਇੱਥੇ ਲੋੜ ਨਈਂ ਪੈਣੀ ਤੀਲ੍ਹੀ ਲਾਵਣ ਦੀ ਸਭ ਜੋਕਾਂ ਨੂੰ ‘ਸੰਧੂ’ ਸਾਡੇ ਲੋਕਾਂ ਨੇ ਆਦਤ ਪਾ ਲਈ ਆਪੇ ਰੱਤ ਪਿਆਵਣ ਦੀ
ਮੁੱਲਾਂ ਜੀ ਇਹ ਹੂਰ ਫ਼ਰਿਸ਼ਤੇ
ਮੁੱਲਾਂ ਜੀ ਇਹ ਹੂਰ ਫ਼ਰਿਸ਼ਤੇ ਸਾਥੋਂ ਰੱਖੋ ਦੂਰ ਫ਼ਰਿਸ਼ਤੇ ਹਾਕਮ ਨੂੰ ਕਹਿ ਬੰਦੇ ਰੱਖੇ ਸਾਨੂੰ ਨਈਂ ਮਨਜ਼ੂਰ ਫ਼ਰਿਸ਼ਤੇ ਵਾਰੋ-ਵਾਰੀ ਬਣ ਜਾਂਦੇ ਓ ਜਨਤਾ ਕਰਕੇ ਚੂਰ ਫ਼ਰਿਸ਼ਤੇ ਸੇਠ ਵੇਠ ਨਈਂ ਰੱਬ ਤੋਂ ਪੁੱਛ ਲੈ ਹੁੰਦੇ ਨੇ ਮਜ਼ਦੂਰ ਫ਼ਰਿਸ਼ਤੇ ’ਨ੍ਹੇਰੇ ਵੰਡਦੇ ਮੈਂ ਵੇਖੇ ਨੇ ਇੱਥੋਂ ਦੇ ਕਈ ਨੂਰ ਫ਼ਰਿਸ਼ਤੇ ਅਸੀਂ ਮੰਨ ਕੇ ਕੋਹੜੇ, ਤੁਸੀਂ ਤੋੜ ਕੇ ਹਰ ਦਸਤੂਰ ਫ਼ਰਿਸ਼ਤੇ ਹੈ ਵੀ ਸਨ ਤਾਂ ਲੋਕਾਂ ਲੁੱਟ ਲਏ ਇੱਥੇ ਕਈ ਮਜਬੂਰ ਫ਼ਰਿਸ਼ਤੇ ਆਪ ਬਣਾਏ ਖਾ ਗਏ ‘ਸੰਧੂ’ ਕਈ ਨਸਲਾਂ ਕਈ ਪੂਰ ਫ਼ਰਿਸ਼ਤੇ
ਜੇਕਰ ਟਿਕ ਕੇ ਸਾਲ ਬਗ਼ਾਵਤ ਕਰਦੇ
ਜੇਕਰ ਟਿਕ ਕੇ ਸਾਲ ਬਗ਼ਾਵਤ ਕਰਦੇ ਦਿਨ ਸਾਲਾਂ ਦੇ ਨਾਲ਼ ਬਗ਼ਾਵਤ ਕਰਦੇ ਕਿਉਂ ਜੀ ! ਤਦ ਬਦਲੋਗੇ ਜਦ ਵੇਖੋਗੇ ਹਰ ਥਾਂ ਜੰਮਦੇ ਬਾਲ ਬਗ਼ਾਵਤ ਕਰਦੇ ਜਿਸ ਪੰਛੀ ਨੇ ਚੁੰਝ ਨਾ ਵੇਚੀ ਹੋਵੇ ਉਹਦੇ ਲਈ ਨੇ ਜਾਲ ਬਗ਼ਾਵਤ ਕਰਦੇ ਰੰਗ ਉੱਡਣੇ ਸੀ ਜੇਕਰ ਇੱਕੋ ਦਿਨ ਈ ਨੀਲੇ ਪੀਲੇ ਲਾਲ ਬਗ਼ਾਵਤ ਕਰਦੇ ਸੱਜਣ ਜੇਕਰ ਸੱਚਮੁੱਚ ਸੱਜਣ ਹੁੰਦੇ ਸੁਣਕੇ ਮੇਰਾ ਹਾਲ ਬਗ਼ਾਵਤ ਕਰਦੇ ਕੱਲ ਦੀ ਅੱਖ ਬਾਗ਼ੀ ਏ ਤੱਕ ਬੈਠੀ ਏ ਕੱਲ ਇੱਕ ਮੁੱਖ ਤੇ ਵਾਲ਼ ਬਗ਼ਾਵਤ ਕਰਦੇ ਉਸ ਸਮੁੰਦਰੋਂ ਕੱਢਣਾ ਈਂ ਜੇ ਜਗ ਨੂੰ ਮਾਰ ਕੇ ਪੂਰੀ ਛਾਲ਼ ਬਗ਼ਾਵਤ ਕਰਦੇ ਜਾਤਾਂ-ਪਾਤਾਂ, ਰਸਮ-ਰਿਵਾਜਾਂ ਉੱਤੇ ਪੈਣੀ ਫੇਰ ਧਮਾਲ ਬਗ਼ਾਵਤ ਕਰਦੇ ਬੱਝ ਜਾਣੇ ਕਈ ਪਿੰਡ ਪੱਥਰਾਂ ਦੇ ‘ਸੰਧੂ’ ਹੁਣ ਵੀ ਜੇ ਨਈਂ ਲਾਲ ਬਗ਼ਾਵਤ ਕਰਦੇ
ਇੱਕੋ ਰੁੱਖ 'ਤੇ ਪਲ਼ ਕੇ ਚਿੜੀਆਂ
ਇੱਕੋ ਰੁੱਖ 'ਤੇ ਪਲ਼ ਕੇ ਚਿੜੀਆਂ ਰਹਿ ਨਾ ਸਕੀਆਂ ਰਲ਼ ਕੇ ਚਿੜੀਆਂ ਬਾਜ਼ ਕਮੀਨੇ ਕੱਚੀਆਂ ਖਾ ਗਏ ਬੰਦੇ ਖਾ ਗਏ ਤਲ਼ ਕੇ ਚਿੜੀਆਂ ਇਕ ਇਕ ਪਿੰਜਰੇ ਪਾ ਦੇਂਦੇ ਨੇ ਮਾਪੇ ਹੱਥੀਂ ਵਲ਼ ਕੇ ਚਿੜੀਆਂ ਮੁੜ ਕੇ ਜੰਗਲੀਂ ਜਾ ਵੜੀਆਂ ਨੇਂ ਸ਼ਹਿਰਾਂ ਤੋਂ ਸੜ ਬਲ਼ ਕੇ ਚਿੜੀਆਂ ਲੈ ਨੀ ਮਾਏ ਟੁਰ ਚੱਲੀਆਂ ਨੇ ਸ਼ਗਨਾਂ ਦੇ ਰੰਗ ਮਲ਼ ਕੇ ਚਿੜੀਆਂ ਦੁੱਖ ਦੇ ਗੀਤ ਸੁਣਾਵਣ ‘ਸੰਧੂ’ ਘਰ ਘਰ ਉਮਰੋਂ ਢਲ਼ ਕੇ ਚਿੜੀਆਂ
ਆਪਣੇ ਆਪਣੇ ਦੁੱਖ ਲੁਕਾ ਕੇ
ਆਪਣੇ ਆਪਣੇ ਦੁੱਖ ਲੁਕਾ ਕੇ ਭਾਵੇਂ ਹੱਸਦੇ ਹੁੰਦੇ ਸੀ ਸਾਡੇ ਪਿੰਡ ਵਿਚ ਕੰਧਾਂ ਤੇ ਪਰਛਾਵੇਂ ਹੱਸਦੇ ਹੁੰਦੇ ਸੀ ਚੇਤ ਵਸਾਖੂ ਬੱਦਲ ਤੇ ਕਈ ਚੰਨ ਬਣਦੇ ਸੀ ਰਾਹਵਾਂ ਤੇ ਜਦ ਵੀ ਉਹਦੇ ਲੱਕ ਦੇ ਸੱਪ ਵਲ਼ਾਵੇਂ ਹੱਸਦੇ ਹੁੰਦੇ ਸੀ ਆਲ਼-ਦੁਆਲ਼ੇ ਖੜ੍ਹੀਆਂ ਵੇਖ ਕੇ ਹਰੀਆਂ ਗ਼ਜ਼ਲਾਂ ਟਹਿਕਦੀਆਂ ਬੋਹੜਾਂ ਥੱਲੇ ਨਜ਼ਮਾਂ ਦੇ ਸਿਰਨਾਵੇਂ ਹੱਸਦੇ ਹੁੰਦੇ ਸੀ ਰੀਝਾਂ ਨੂੰ ਫ਼ਲ ਲੱਗਣੇ ਤੇ ਫਿਰ ਕਿੰਜ ਕਿੰਜ ਬਹਿ ਕੇ ਬੰਨਿਆਂ ਤੇ ਅੱਲੜ ਬੱਲੜ ਬਾਵੇ ਸੂਰਜ ਸਾਹਵੇਂ ਹੱਸਦੇ ਹੁੰਦੇ ਸੀ ਸਤ ਸਲਾਮਾਂ ਕਰਦੇ ਸਾਰੇ ਰੰਗ ਸੰਧੂਰੀ ਰੁੱਤਾਂ ਨੂੰ ਸਾਉਣ ਮਹੀਨੇ ਜਿਸਲ਼ੇ ਅੰਬ ਪਕਾਵੇਂ ਹੱਸਦੇ ਹੁੰਦੇ ਸੀ *ਅੱਲੜ ਬੱਲੜ ਬਾਵੇ :- ਲੋਕ ਗੀਤ *ਜਿਸਲ਼ੇ :- ਜਿਸ+ਵੇਲ਼ੇ
ਹੁਣ ਤੀਕਰ ਜੇ ਰਹਿੰਦਾ ਓਵੇਂ
ਹੁਣ ਤੀਕਰ ਜੇ ਰਹਿੰਦਾ ਓਵੇਂ ਬੰਦਾ ਕੀ ਕੀ ਸਹਿੰਦਾ ਓਵੇਂ ਚੁੰਮਦਾ ਕੋਈ ਨਈਂ ਮਾਂ ਦੇ ਵਾਂਗੂੰ ਚੰਨ ਵੀ ਕੋਈ ਨਈਂ ਕਹਿੰਦਾ ਓਵੇਂ ਤੈਨੂੰ ਚੇਤੇ ਨਾ ਕਰਦਾ ਪਰ ਦਿਨ ਵੀ ਨਈਂ ਨਾ ਲਹਿੰਦਾ ਓਵੇਂ ਦੁੱਖਾਂ ਐਵੇਂ ਤਾਂ ਢਾਇਆ ਏ ਮੈਂ ਜੋ ਨਈਂ ਸਾਂ ਢਹਿੰਦਾ ਓਵੇਂ ਯਾਦ ਈ ਇੱਕ ਦਰਿਆ ਹੁੰਦਾ ਸੀ ਅਜ-ਕਲ੍ਹ ਤੇ ਨਈਂ ਵਹਿੰਦਾ ਓਵੇਂ ਦਿਲ ਚਾਹੁੰਦਾ ਸੀ ਜਿਸਰਾਂ ਸਾਹਵੇਂ ਇੱਕ ਵਾਰੀਂ ਤੇ ਬਹਿੰਦਾ ਓਵੇਂ ‘ਸੰਧੂ’ ਲੋਕੀਂ ਜਿਸਰਾਂ ਡਾਂਹਦੇ ਸ਼ਿਅਰ ਨੂੰ ਸਿਰ ਨਈਂ ਡਹਿੰਦਾ ਓਵੇਂ
ਲੇਖ ਲਕੀਰਾਂ ਵਰਗਾ ਨਈਂ ਆਂ
ਲੇਖ ਲਕੀਰਾਂ ਵਰਗਾ ਨਈਂ ਆਂ ਮੈਂ ਤਕਦੀਰਾਂ ਵਰਗਾ ਨਈਂ ਆਂ ਭੁੱਲ ਸਕਦਾ ਸਾਂ ਤੈਨੂੰ ਪਰ ਮੈਂ ਯਾਰ ਅਮੀਰਾਂ ਵਰਗਾ ਨਈਂ ਆਂ ਗੱਲ ਵੀ ਕਰਨਾਂ ਤੀਰਾਂ ਵਰਗੀ ਖਾਲੀ ਤੀਰਾਂ ਵਰਗਾ ਨਈਂ ਆਂ ਲੀਰੋ ਲੀਰ ਆਂ ਸ਼ੁਕਰ ਏ ਫਿਰ ਵੀ ਲੱਥੀਆਂ ਲੀਰਾਂ ਵਰਗਾ ਨਈਂ ਆਂ ਮੇਰੇ ਵਾਂਗ ਨੇ ਕਈ ਤਸਵੀਰਾਂ ਮੈਂ ਤਸਵੀਰਾਂ ਵਰਗਾ ਨਈਂ ਆਂ ਨਾ ਮੰਨੋਂ ਪਰ ਇਹ ਤੇ ਮੰਨ ਲਓ ਘਰ ਦੇ ਪੀਰਾਂ ਵਰਗਾ ਨਈਂ ਆਂ ਦਿਲ ਜਾਗੀਰਾਂ ਵਾਂਗ ਏ ਭਾਅ ਜੀ ਆਪ ਜਾਗੀਰਾਂ ਵਰਗਾ ਨਈਂ ਆਂ ਮੇਰੇ ਦੁੱਖੜੇ ਪੜ੍ਹ ਕੇ ਦੱਸ ਤੂੰ ਠੀਕ ਤਹਰੀਰਾਂ ਵਰਗਾ ਨਈਂ ਆਂ ਵੀਰਾਂ ਦੇ ਨਈਂ ‘ਸੰਧੂ’ ਜਿਹੜੇ ਉਹਨਾਂ ਵੀਰਾਂ ਵਰਗਾ ਨਈਂ ਆਂ *ਤਹਰੀਰ :- ਲਿਖਤਾਂ
ਇੱਕ ਤਾਂ ਚੰਨ ਦੇ ਲਾਰੇ ਠੂੰਹਿਆਂ ਵਰਗੇ ਸੀ
ਇੱਕ ਤਾਂ ਚੰਨ ਦੇ ਲਾਰੇ ਠੂੰਹਿਆਂ ਵਰਗੇ ਸੀ ਉੱਤੋਂ ਰਾਤੀਂ ਤਾਰੇ ਠੂੰਹਿਆਂ ਵਰਗੇ ਸੀ ਹਾਸੇ ਸੱਪ ਸਨ ਤੇਰੇ ਬਾਝੋਂ ਮੇਰੇ ਲਈ ਜਗ ਦੇ ਬੋਲ ਬੁਲਾਰੇ ਠੂੰਹਿਆਂ ਵਰਗੇ ਸੀ ਦੋਵੇਂ ਸਾਂ ਤੇ ਚਾਰੇ ਮੌਸਮ, ਮੌਸਮ ਸਨ 'ਕੱਲੇ ਸਾਂ ਤੇ ਚਾਰੇ ਠੂੰਹਿਆਂ ਵਰਗੇ ਸੀ ਲੱਗਦੇ ਤੇ ਤਰੀਆਕ ਸੀ ਵਾਅਦੇ ਸੱਜਣਾ ਦੇ ਨਿਕਲੇ ਉਂਝ ਪਰ ਸਾਰੇ ਠੂੰਹਿਆਂ ਵਰਗੇ ਸੀ ਏਧਰ ਛੱਲਾਂ ਤੁੱਲ ਗਈਆਂ ਸਨ ਡੋਬਣ ਤੇ ਓਧਰ ਯਾਰ ਕਿਨਾਰੇ ਠੂੰਹਿਆਂ ਵਰਗੇ ਸੀ ਮੈਂ ਖ਼ੌਰੇ ਕੀ ਸੋਚ ਕੇ ਨੇੜੇ ਹੋਇਆ ਸਾਂ ਅੱਗੋਂ ਫੁੱਲ ਹੁਲਾਰੇ ਠੂੰਹਿਆਂ ਵਰਗੇ ਸੀ ਬੱਧੀ ਫਿਰਿਆਂ ਐਵੇਂ ਈ ਪੰਡ ਸੱਜਣਾ ਦੀ ‘ਸੰਧੂ' ਜਦ ਖਿਲਾਰੇ ਠੂੰਹਿਆਂ ਵਰਗੇ ਸੀ *ਤਰੀਆਕ :- ਜ਼ਹਿਰ ਦੀ ਕਾਟ / ਜਾਂ ਕਿਸੇ ਬੀਮਾਰੀ ਦੀ ਰੋਕਥਾਮ ਦੀ ਪ੍ਰਕਿਰਿਆ *ਬੱਧੀ :- ਭਾਵ ਬੰਨ੍ਹ
ਖ਼ੌਰੇ ਕੀ ਕੀ ਪੁੱਠੇ ਸਿੱਧੇ ਸਬਕ
ਖ਼ੌਰੇ ਕੀ ਕੀ ਪੁੱਠੇ ਸਿੱਧੇ ਸਬਕ ਪੜ੍ਹਾ ਕੇ ਅੱਖੀਆਂ ਨੂੰ ਮੇਰੇ ਕੰਮੋਂ ਰੱਖਿਆ ਈ ਨਾ ਪਿਆਰ ਸਿਖਾ ਕੇ ਅੱਖੀਆਂ ਨੂੰ ਜਿਹੜੇ ਦਿਨ ਤੋਂ ਤੱਕਿਆ ਏ ਮੈਂ ਤੇਰੇ ਮੁੱਖ ਦੀ ਜੰਨਤ ਨੂੰ ਉਸੇ ਦਿਨ ਤੋਂ ਲਈ ਫਿਰਨਾ ਵਾਂ ਵਲ਼ ਵਲ਼ਾ ਕੇ ਅੱਖੀਆਂ ਨੂੰ ਓਦੋਂ ਈ ਤੇ ਉਮਰਾਂ ਭਰ ਦੇ ਸੁਫ਼ਨੇ ਲੁੱਟੇ ਜਾਂਦੇ ਨੇ ਸੌਂ ਜਾਂਦੇ ਜਿਸ ਵੇਲ਼ੇ ਲੋਕੀਂ ਜਿੰਦੇ ਲਾ ਕੇ ਅੱਖੀਆਂ ਨੂੰ ਇਨ੍ਹਾਂ ਢੇਰ ਉਦਾਸੀ ਬਾਰੇ ਫਿਰ ਵੀ ਕੁਝ ਨਈਂ ਦੱਸਿਆ ਕਿੰਨੀ ਵਾਰੀਂ ਪੁੱਛਿਆ ਵੀ ਏ ਮੈਂ ਵਰਚਾ ਕੇ ਅੱਖੀਆਂ ਨੂੰ ਜ਼ਿਦਲ ਜਿਹੀਆਂ ਭੁੱਲੀਆਂ ਈ ਨਈਂ ਅੱਜ ਤੱਕ ਚੰਨ ਜਿਹੇ ਮੁੱਖੜੇ ਨੂੰ ਸੌ ਸੌ ਵਾਰੀ ਵੇਖ ਲਿਆ ਏ ਮੈਂ ਸਮਝਾ ਕੇ ਅੱਖੀਆਂ ਨੂੰ ਰੱਬ ਦੀ ਕਸਮੇਂ ਜਦ ਕਦੀ ਜੇ ਝੱਲੀਆਂ ਰੁੱਸ ਵੀ ਜਾਵਣ ਤੇ ਪੈਂਦਾ ਫੇਰ ਮਨਾਉਣਾ ਤੇਰੀ ਗੱਲ ਸੁਣਾ ਕੇ ਅੱਖੀਆਂ ਨੂੰ ਪਿੱਛੇ ਕਿਧਰੇ ਛੱਡ ਆਉਂਦਾ ਤੇ ਕਿੰਨਾ ਚੰਗਾ ਰਹਿੰਦਾ ਮੈਂ ਇੰਜ ਨਾ ਆਪ ਗਵਾਉਂਦਾ ਤੇਰੇ ਕੋਲ਼ ਲਿਆ ਕੇ ਅੱਖੀਆਂ ਨੂੰ ਜਿੰਨੇ ‘ਸੰਧੂ’ ਅੱਖਾਂ ਦੀ ਏ ਭੈੜੀ ਹਾਲਤ ਕੀਤੀ ਏ ਲੰਘ ਗਿਆ ਏ ਕੋਲ਼ੋਂ ਅੱਜ ਉਹ ਆਪ ਘੁਮਾ ਕੇ ਅੱਖੀਆਂ ਨੂੰ
ਪੈਰ ਪੈਰ ਤੇ ਭਾਂਬੜ ਬਲ਼ ਪਏ
ਪੈਰ ਪੈਰ ਤੇ ਭਾਂਬੜ ਬਲ਼ ਪਏ ਕੋਹ ਕੋਹ ਅੱਗਾਂ ਲੱਗੀਆਂ ਸੱਚ ਲਿਖਿਆ ਤੇ ਕਈ ਸੱਜਣਾਂ ਨੂੰ ਓਹ ਓਹ ਅੱਗਾਂ ਲੱਗੀਆਂ ਮਹਿਲੀਂ ਸੁੱਤਿਆਂ ਤੂੰ ਕੀ ਜਾਣੇ ਕੀ ਨੇ ਭੁੱਖ ਦੇ ਸੋਕੇ ਝੁੱਗੀਆਂ ਕੋਲ਼ੋਂ ਪੁੱਛ ਤੂੰ ਜਿੱਥੇ ਪੋਹ ਪੋਹ ਅੱਗਾਂ ਲੱਗੀਆਂ ਕੋਈ ਤਾਂ ਦੱਸੇ ਉਹ ਦੀਵਾ ਕਿਉਂ ਹਾਲੇ ਤੱਕ ਨਈਂ ਬਲ਼ਿਆ ਜਿਸ ਲਈ ਘਰ ਘਰ ਚੰਨਾ ਦੇ ਚੰਨ ਕੋਹ ਕੋਹ ਅੱਗਾਂ ਲੱਗੀਆਂ ਚੇਤਰ ਫਾਹੇ ਲੱਗਿਆ ਤੇ ਫਿਰ ਹੱਥੋਂ ਹੱਥੀਂ ਹਰ ਥਾਂ ਫੁੱਲ ਕਲੀਆਂ ਤੋਂ ਰੰਗ ਤੇ ਹਾਸੇ ਖੋਹ ਖੋਹ ਅੱਗਾਂ ਲੱਗੀਆਂ ਅੱਜ ਫਿਰ ਪਿੰਡ ਵਿਚ ਉਹਦੇ ਵਰਗੀ ਸ਼ਾਮ ਪਰਾਹੁਣੀ ਆਈ ਅੱਜ ਫਿਰ ਦਿਲ ਨੂੰ ਪਿਛਲੇ ਕਿੱਸੇ ਛੋਹ ਛੋਹ ਅੱਗਾਂ ਲੱਗੀਆਂ ਅੰਨ੍ਹੀ ਰੁੱਤ ਦੇ ਅੰਨ੍ਹਿਆਂ ਨੇ ਜਦ ਰਲ਼ ਕੇ ਅੰਨ੍ਹ ਮਚਾਇਆ ਪੂਰੀ ਰੁੱਤ ਸੁਜਾਖੇ ਸੁਫ਼ਨੇ ਟੋਹ ਟੋਹ ਅੱਗਾਂ ਲੱਗੀਆਂ ਸਿੱਧੀ ਗੱਲ ਏ ਜਾਂ ਕੋਹੜਾ ਜਾਂ ਫਿਰਕੇਬਾਜ਼ ਏ ‘ਸੰਧੂ’ ਜਿਹਨੂੰ ਹਰ ਥਾਂ ਹੁੰਦੀ ਤੱਕ ਕੇ ਮੋਹ ਮੋਹ ਅੱਗਾਂ ਲੱਗੀਆਂ *ਸੁਜਾਖਾ :- ਅੱਖਾਂ ਵਾਲ਼ਾ, ਦੋਹਾਂ ਨਜ਼ਰਾਂ ਤੋਂ ਵੇਖ ਸਕਣ ਵਾਲ਼ਾ
ਲਿੱਬੜੇ ਤਿੱਬੜੇ ਮੈਲ਼ ਕੁਚੈਲ਼ੇ
ਲਿੱਬੜੇ ਤਿੱਬੜੇ ਮੈਲ਼ ਕੁਚੈਲ਼ੇ ਨੰਗ ਤੜੰਗੇ ਬਾਲ ਮੰਗਦੇ ਫਿਰਦੇ ਰੋਟੀ ਰੋਟੀ ਭੁੱਖ ਦੇ ਡੰਗੇ ਬਾਲ ਲੜ ਝਗੜ ਕੇ ਫਿਰ ਵੀ ਖੇਡਣ ਸਕਿਆਂ ਵੀਰਾਂ ਵਾਂਗ ਏਸੇ ਲਈ ਤੇ ਸਾਡੇ ਨਾਲ਼ੋਂ ਲੱਖਾਂ ਚੰਗੇ ਬਾਲ ਸ਼ਾਲਾ ਸੂਲ਼ੀ ਟੰਗੇ ਰਹਿਣ ਕਿਆਮਤ ਤੋਂ ਵੀ ਬਾਅਦ ਸਦੀਆਂ ਪਹਿਲੋਂ ਨੇਜ਼ੇ ਉੱਤੇ ਜਿੰਨਾਂ ਟੰਗੇ ਬਾਲ ਰੱਬ ਦੀ ਕਸਮੇਂ ਮਾਪੇ ਭਾਵੇਂ ਕਿੰਨੇ ਮਾੜੇ ਹੋਵਣ ਜਿੰਦੜੀ ਵਾਰਨ ਤੀਕਰ ਜਾਂਦੇ ਜੇ ਕੁਝ ਮੰਗੇ ਬਾਲ ‘ਸੰਧੂ’ ਤੈਨੂੰ ਭੁੱਖ ਦੇ ਰੋਣੇ ਦੱਸਾਂ ਕੀ ਮੈਂ ਹੋਰ ਪੱਥਰਾਂ ਦੀ ਮਜ਼ਦੂਰੀ ਕਰਦੇ ਫੁੱਲਾਂ ਰੰਗੇ ਬਾਲ *ਕਿਆਮਤ :- ਦੁਨੀਆਂ ਦਾ ਅੰਤਿਮ ਸਮਾਂ
ਵੇਖ ਕੇ ਕੀਤੇ ਜਾਵਣ ਜੋ ਇਤਬਾਰ
ਵੇਖ ਕੇ ਕੀਤੇ ਜਾਵਣ ਜੋ ਇਤਬਾਰ ਤੇ ਨਈਂ ਨਾ ਹੁੰਦੇ ਮਤਲਬ ਇੰਜ ਦੇ ਪਿਆਰ ਵੀ ਕੋਈ ਪਿਆਰ ਤੇ ਨਈਂ ਨਾ ਹੁੰਦੇ ਮਨ ਲੈਨੇ ਆਂ ਪੈ ਸਕਦਾ ਏ ਫ਼ਰਕ ਤੇ ਥੋੜ੍ਹਾ ਬਹੁਤਾ ਦੂਰੋਂ ਤੱਕਿਆਂ ਸੀਨੇ ਠੰਢੇ ਠਾਰ ਤੇ ਨਈਂ ਨਾ ਹੁੰਦੇ ਘਾਟੇ ਵਾਧੇ ਰੌਲ਼ੇ ਰੱਪੇ ਗੱਲਾਂ ਬਾਤਾਂ ਕੋਲ਼ੋਂ ਡਰਕੇ ਕਰਿਆਂ ਇਸ਼ਕ ਦੇ ਕਾਰੋਬਾਰ ਤੇ ਨਈਂ ਨਾ ਹੁੰਦੇ ਜਿਹੜੇ ਵੇਲ਼ੇ ਜਿੱਥੇ ਮੰਗਣ ਭਾਵੇਂ ਜੋ ਵੀ ਮੰਗਣ ਸੱਜਣਾਂ ਕੋਲ਼ੋਂ ਸੱਜਣਾਂ ਤੋਂ ਇਨਕਾਰ ਤੇ ਨਈਂ ਨਾ ਹੁੰਦਾ ਜਿੰਨਾਂ ਮਰਜ਼ੀ ਨੇੜੇ ਹੋਈਏ ਜਿੰਨਾਂ ਮਰਜ਼ੀ ਮਿਲ਼ੀਏ ਸਾਰੇ ਹੱਥ ਮਿਲਾਵਣ ਵਾਲ਼ੇ ਯਾਰ ਤੇ ਨਈਂ ਨਾ ਹੁੰਦੇ ਸੱਜਣ ਨਾਲ਼ ਨਾ ਹੋਵਣ ‘ਸੰਧੂ’ ਲੱਖ ਮਲਾਹ ਵੀ ਹੋਵਣ ਸੱਚੀਂ ਦੱਸੋ ’ਕੱਲਿਆਂ ਬੇੜੇ ਪਾਰ ਤੇ ਨਈਂ ਨਾ ਹੁੰਦੇ
ਨਿਮਾਂ ਨਿਮਾਂ ਹੱਸਣਾ ਤੇ ਸ਼ਰਮਾ ਕੇ
ਨਿਮਾਂ ਨਿਮਾਂ ਹੱਸਣਾ ਤੇ ਸ਼ਰਮਾ ਕੇ ਕੋਲ਼ੋਂ ਲੰਘਣਾ ਯਾਦ ਏ ਉਹਦਾ ਚੂੜੇ ਨੂੰ ਛਣਕਾ ਕੇ ਕੋਲ਼ੋਂ ਲੰਘਣਾ ਉਹਨੇ ਵੀ ਨਿੱਤ ਨਹਿਰ ਤੇ ਲੀੜੇ ਧੋਣ ਬਹਾਨੇ ਆਉਣਾ ਮੈਂ ਵੀ ਪਾਣੀ ਲਾਵਣ ਦਾ ਪੱਜ ਲਾ ਕੇ ਕੋਲ਼ੋਂ ਲੰਘਣਾ ਮੇਰੇ ਦਿਲ ਤੇ ਉਹਦੇ ਲੱਕ ਨੇ ਸੌ ਵਲ਼ਾਵੇਂ ਖਾਣੇ ਜਦ ਵੀ ਉਹਨੇ ਲਾਲ ਪਰਾਂਦਾ ਪਾ ਕੇ ਕੋਲ਼ੋਂ ਲੰਘਣਾ ਇਸ ਮੰਜ਼ਰ ਨੂੰ ਕਿਸਰਾਂ ਭੁੱਲਾਂ ਪਾਣੀ ਭਰਨ ਲਈ ਉਹਨੇ ਵੱਖੀ ਉੱਤੇ ਜਦ ਘੜ੍ਹੇ ਨੂੰ ਚਾ ਕੇ ਕੋਲ਼ੋਂ ਲੰਘਣਾ ਕਿੰਨੀ ਵਾਰੀ ਗਲ਼ੀ ਦੇ ਵਿਚ ਅੱਖਾਂ ਅੱਖਾਂ ਰਾਹੀਂ ਇੱਕ ਦੂਜੇ ਨੂੰ ਦਿਲ ਦੀ ਗੱਲ ਸੁਣਾ ਕੇ ਕੋਲ਼ੋਂ ਲੰਘਣਾ ਸ਼ਾਮੀਂ ਖੂਹ ਤੋਂ ਪਰਤਣ ਵੇਲ਼ੇ ਨਜ਼ਮ ਕਿਸੇ ਦਾ ਮਿਸਰਾ ਉਹਦਾ ਘਰ ਜਦ ਆਉਣਾ ਤੇ ਮੈਂ ਗਾ ਕੇ ਕੋਲ਼ੋਂ ਲੰਘਣਾ ਉਦੋਂ ਖ਼ੌਰੇ ਕੀ ਹੁੰਦਾ ਸੀ ਜਦ ਚੁੰਨੀ ਦਾ ਪੱਲੂ ‘ਸੰਧੂ’ ਉਹਨੇ ਬੁੱਲ੍ਹੀਆਂ ਵਿਚ ਦਬਾ ਕੇ ਕੋਲੋਂ ਲੰਘਣਾ *ਪੱਜ :- ਬਹਾਨਾ *ਕਿਸਰਾਂ :- ਕਿੱਦਾਂ *ਚਾ :- ਚੁੱਕ ਕੇ
ਟੁਰ ਪਈ ਆਪ ਸਈਆਦਾਂ ਪਿੱਛੇ
ਟੁਰ ਪਈ ਆਪ ਸਈਆਦਾਂ ਪਿੱਛੇ ਕਮਲੀ ਅੱਖ ਜਲਾਦਾਂ ਪਿੱਛੇ ਬੰਦਾ ਅੱਪੜ ਜਾਂਦਾ ਏ ਦੱਸ ਕਿੱਥੋਂ ਤੀਕ ਔਲਾਦਾਂ ਪਿੱਛੇ ਜਾ ਕੇ ਵੇਖੋ ਚੰਦੇ ਵਾਲ਼ਾ ਹੱਥ ਜੇ ਯਾਰ ਫ਼ਸਾਦਾਂ ਪਿੱਛੇ ਕਸਮੇਂ ਕੀ ਕੀ ਕਰ ਛੱਡਦੀ ਏ ਭੀੜੀ ਜੇਬ ਸਵਾਦਾਂ ਪਿੱਛੇ ਮੂੰਜੀ ਵੇਚ ਕਪਾਵ੍ਹਾਂ ਗੱਡੀਆਂ ਵਿਕ ਗਈ ਕਣਕ ਕਮਾਦਾਂ ਪਿੱਛੇ ਕਦਰਾਂ ਦੀ ਵੀ ਕਦਰ ਨਾ ਕੀਤੀ ਬੇਕਦਰੇ ਬੇਦਾਦਾਂ ਪਿੱਛੇ ‘ਸੰਧੂ’ ਅੱਜ ਤੱਕ ਵਾਂਗ ਬਲਾਵਾਂ ਪਈਆਂ ਨੇ ਕੁਝ ਯਾਦਾਂ ਪਿੱਛੇ *ਸਈਆਦ :- ਸ਼ਿਕਾਰੀ *ਜਲਾਦ :- ਫਾਂਸੀ ਦੇਣ ਵਾਲ਼ਾ, ਤਸੀਹੇ ਦੇ ਕੇ ਕਤਲ ਕਰਨ ਵਾਲ਼ਾ *ਮੂੰਜੀ :- ਝੋਨੇ ਦੀ ਫ਼ਸਲ/ਚੌਲਾਂ ਦੀ ਫ਼ਸਲ
ਰੂਪ ਤੇ ਖਿੱਲਰੇ ਵਾਲ਼ ਈ ਸੋਹਣੇ
ਰੂਪ ਤੇ ਖਿੱਲਰੇ ਵਾਲ਼ ਈ ਸੋਹਣੇ ਲੱਗਦੇ ਨੇ ਚੰਨ ਬੱਦਲਾਂ ਦੇ ਨਾਲ਼ ਈ ਸੋਹਣੇ ਲੱਗਦੇ ਨੇ ਸਾਵੀ ਚੁੰਨੀ ਵਿਚ ਜਾਂ ਹਰੀਆਂ ਸ਼ਾਖਾਂ ਤੇ ਫੁੱਲ ਤੇ ਬੁੱਲ੍ਹ ਵੀ ਲਾਲ ਈ ਸੋਹਣੇ ਲੱਗਦੇ ਨੇ ਮੁਰਦੇ ਖਾਣਾ ਕੰਮ ਹੁੰਦਾ ਏ ਗਿਰਝਾਂ ਦਾ ਹੰਸਾਂ ਅੱਗੇ ਲਾਲ ਈ ਸੋਹਣੇ ਲੱਗਦੇ ਨੇ ਗ਼ਜ਼ਲਾਂ ਦੇ ਵਿਚ ਪੰਛੀ ਸੋਲ੍ਹ ਖਿਆਲਾਂ ਦੇ ਫਿਰਦੇ ਪਾਲ਼ੋ ਪਾਲ਼ ਈ ਸੋਹਣੇ ਲੱਗਦੇ ਨੇ ਇਕੋ ਜਿਹੇ ਵੀ ਹੋਵਣ ਫਿਰ ਵੀ ਮਾਵਾਂ ਨੂੰ ਆਪਣੇ ਆਪਣੇ ਬਾਲ ਈ ਸੋਹਣੇ ਲੱਗਦੇ ਨੇ ਜ਼ਿੰਦਗੀ ਵਿਚੋਂ ਲੰਘਣ ਜੋ ਸੰਗ ਸੱਜਣਾ ਦੇ ਉਹੀਓ ਇੱਕ ਦੋ ਸਾਲ ਈ ਸੋਹਣੇ ਲੱਗਦੇ ਨੇ ਸੱਜਣਾ ਅੱਗੇ ‘ਸੰਧੂ’ ਪਿਆਰ ਸ਼ਰੀਣੀ ਦੇ ਭਰ ਭਰ ਰੱਖੇ ਥਾਲ ਈ ਸੋਹਣੇ ਲੱਗਦੇ ਨੇ *ਸਾਵੀ :- ਹਰੀ *ਲਾਲ ਜਾਂ ਲੱਲ :- ਮੋਤੀ *ਪਾਲ਼ੋ ਪਾਲ਼ :- ਕਤਾਰ ਵਿੱਚ *ਸ਼ਰੀਣੀ :- ਮਠਿਆਈ
ਆਪਣੇ ਆਪ ਗਵਾਹ ਹੁੰਦੇ ਨੇ
ਆਪਣੇ ਆਪ ਗਵਾਹ ਹੁੰਦੇ ਨੇ ਚੇਤੇ ਰੱਖੀਂ ਅੱਖਰਾਂ ਵਿਚ ਵੀ ਸਾਹ ਹੁੰਦੇ ਨੇ ਚੇਤੇ ਰੱਖੀਂ ਆਪਣੇ ਫਰਜ਼ ਭੁਲਾਇਆਂ ਦੂਜਿਆਂ ਦੇ ਹੱਕ ਖਾਇਆਂ ਪਿੰਡ ਤੇ ਸ਼ਹਿਰ ਤਬਾਹ ਹੁੰਦੇ ਨੇ ਚੇਤੇ ਰੱਖੀਂ ਉਹ ਜੋ ਐਵੇਂ ਸੂਰਜ ਬਣ ਫਿਰਦੇ ਨੇ ਪੁੱਤਰਾ ਅੰਦਰੋਂ ਕਾਲ਼ੇ ਸ਼ਾਹ ਹੁੰਦੇ ਨੇ ਚੇਤੇ ਰੱਖੀਂ ਜਿੱਥੇ ਕੁੜ-ਕੁੜ ਵੱਸੇ ਘੜਿਓਂ ਪਾਣੀ ਨੱਸੇ ਚੁੱਲ੍ਹਿਆਂ ਵਿਚ ਫਿਰ ਘਾਹ ਹੁੰਦੇ ਨੇ ਚੇਤੇ ਰੱਖੀਂ ਚੰਨ ਜੀ ਚੰਨਾਂ ਦੇ ਦੁੱਖ ਚੰਨ ਸਮਝਣ ਜਾਂ ਤਾਰੇ ਬੱਦਲ ਬੇਪ੍ਰਵਾਹ ਹੁੰਦੇ ਨੇ ਚੇਤੇ ਰੱਖੀਂ ਇੱਕ ਦਿਨ ਉਸੇ ਅੱਗ ਵਿਚ ਅੱਗਾਂ ਲਾਵਣ ਵਾਲ਼ੇ ਸੜ ਕੇ ਆਪ ਸਵਾਹ ਹੁੰਦੇ ਨੇ ਚੇਤੇ ਰੱਖੀਂ ਏਥੇ ਚੰਗੀਆਂ ਭਲੀਆਂ ਜਿੰਦਾਂ ਦੇ ਵੀ ‘ਸੰਧੂ' ਮਈਅਤਾਂ ਨਾਲ਼ ਵਿਆਹ ਹੁੰਦੇ ਨੇ ਚੇਤੇ ਰੱਖੀਂ *ਮਈਅਤਾਂ :- ਜਨਾਜ਼ਾ, ਮੁਰਦਾ ਸਰੀਰ
ਕੀਤੇ ਕੌਲ਼ ਨਿਭਾ ਨੀ ਜਿੰਦੇ
ਕੀਤੇ ਕੌਲ਼ ਨਿਭਾ ਨੀ ਜਿੰਦੇ ਇਸ਼ਕ ਉਲ੍ਹਾਮੇ ਲਾਹ ਨੀ ਜਿੰਦੇ ਇੰਜ ਸੂਲ਼ੀ ਤੇ ਪਾ ਧਮਾਲਾਂ ਮੌਤ ਵੀ ਆਖੇ ਵਾਹ ਨੀ ਜਿੰਦੇ ਦਿਲ ਦੇ ਕੱਪਾਂ ਵਿਚ ਈ ਠਰ ਗਈ ਮੇਰੀ ਉਹਦੀ ਚਾਹ ਨੀ ਜਿੰਦੇ ਮੈਂ ਵੇਖੇ ਨੇ ਚੰਨ ਤੇ ਸੂਰਜ ਅੰਦਰੋਂ ਕਾਲ਼ੇ ਸ਼ਾਹ ਨੀ ਜਿੰਦੇ ਓੜਕ ਇੱਕ ਦਿਨ ਡੰਗ ਲੈਂਦੇ ਨੇ ਸੱਪ ਸੱਜਣ ਤੇ ਸਾਹ ਨੀ ਜਿੰਦੇ ਜੀਣਾ ਕੀ ਸੀ ਪੈ ਗਏ ਸਾਡੇ ਗਲ਼ ਤੋਂ ਵੱਡੇ ਫਾਹ ਨੀ ਜਿੰਦੇ *ਕੌਲ਼ :- ਇਕਰਾਰ, ਵਾਅਦਾ *ਓੜਕ :- ਅਖੀਰ, ਅੰਤ ਨੂੰ
ਐਵੇਂ ਭੁੱਲ਼ ਏ ਕਦ ਪਨ੍ਹਾਵਾਂ ਦੇਂਦੇ
ਐਵੇਂ ਭੁੱਲ਼ ਏ ਕਦ ਪਨ੍ਹਾਵਾਂ ਦੇਂਦੇ ਬਹੁਤੇ ਉੱਚੇ ਰੁੱਖ ਨਈਂ ਛਾਵਾਂ ਦੇਂਦੇ ਹੱਸ ਕੇ ਤੱਕ ਈ ਲੈਂਦੋਂ ਤੇ ਇਹ ਕਮਲੇ ਚੰਨਾ ਤੈਨੂੰ ਰੋਜ਼ ਦੁਆਵਾਂ ਦੇਂਦੇ ਰਾਹਵਾਂ ਵਿਚੋਂ ਰਾਹ ਏ ਕੱਢਣੀ ਪੈਂਦੀ ਇੱਥੇ ਲੋਕੀਂ ਉਂਜ ਨਈਂ ਰਾਹਵਾਂ ਦੇਂਦੇ ਜਾਗੋ ਜਾਗੋ ਸੁੱਤੇ ਲੋਕੋ ਜਾਗੋ ਪਏ ਨੇ ਮੇਰੇ ਸ਼ਿਅਰ ਸਦਾਵਾਂ ਦੇਂਦੇ ਦਿਲ ਨੂੰ ਦਿਲ ਦੀ ਭੁੱਲ ਨਈਂ ਭੁੱਲਣ ਦਿੱਤੀ ਇਸ ਤੋਂ ਵੱਧ ਕੀ ਹੋਰ ਸਜ਼ਾਵਾਂ ਦੇਂਦੇ ਉੱਜੜੇ ਆਂ ਤੇ ਵਾਤ ਵੀ ਨਈਂ ਏ ਪੁੱਛੀ ਰਹਿੰਦੇ ਸਨ ਜੋ ਨਿੱਤ ਸਲਾਹਵਾਂ ਦੇਂਦੇ ਅੱਗੇ ਤੋਂ ਨਾ ਇੱਕ ਖ਼ਤਾ ਵੀ ਕਰਦੇ ਸੱਜਣ ਜੇਕਰ ਦੱਸ ਖ਼ਤਾਵਾਂ ਦੇਂਦੇ ਸੋਹਣੇ ਤੇ ਮਨ ਮੋਹਣੇ ਮੁੱਖੜੇ ‘ਸੰਧੂ’ ਹੱਸ ਕੇ ਦੱਸ ਖਾਂ ਰੋਕ ਨਈਂ ਸਾਹਵਾਂ ਦਿੰਦੇ? *ਸਦਾਵਾਂ :- ਆਵਾਜ਼ਾਂ *ਖ਼ਤਾ/ਖ਼ਤਾਵਾਂ :- ਗ਼ਲਤੀ/ਗ਼ਲਤੀਆਂ
ਅੱਖ ਤੇ ਤੀਰ ਦਾ ਨਾਂ ਕੀ ਰੱਖਾਂ
ਅੱਖ ਤੇ ਤੀਰ ਦਾ ਨਾਂ ਕੀ ਰੱਖਾਂ ਦੌਂ ਦੇ ਸੀਰ ਦਾ ਨਾਂ ਕੀ ਰੱਖਾਂ ਹੈ ਤੇ ਦੁੱਖ ਨੇ ਦੱਸਣੇ ਸੁੱਖ ਨੇ ਅੱਜ ਤਕਰੀਰ ਦਾ ਨਾਂ ਕੀ ਰੱਖਾਂ ਕਹਿੰਦੀ ਕੁਝ ਏ ਕਰਦੀ ਕੁਝ ਏ ਮੈਂ ਤਕਦੀਰ ਦਾ ਨਾਂ ਕੀ ਰੱਖਾਂ ਇੱਕ ਇੱਕ ਅੰਗ ਤੇ ਸੌ ਸੌ ਡੰਗ ਨੇ ਦੱਸ ਸਰੀਰ ਜਾ ਨਾਂ ਕੀ ਰੱਖਾਂ ਨਾਂ ਦੀ ਬਸ ਜਾਗੀਰ ਏ ਮੇਰੀ ਪਰ ਜਾਗੀਰ ਦਾ ਨਾਂ ਕੀ ਰੱਖਾਂ ਹੱਥ ਵਿਚ ਫੁੱਲ ਨੇ ਅੱਖ ਵਿਚ ਅੱਥਰੂ ਇਸ ਤਸਵੀਰ ਦਾ ਨਾਂ ਕੀ ਰੱਖਾਂ ਪਾਟੇ ਬੁੱਲ੍ਹ ਨੇ ਸੁੱਕੀ ਜੀਭ ਸੂ ਅੜੀਓ ਵੀਰ ਦਾ ਨਾਂ ਕੀ ਰੱਖਾਂ *ਦੌ/ਦੌ/ਦਵ :- (ਸੰਤਾਪ) *ਤਕਰੀਰ :- (ਵਿਖਿਆਨ/ਬਿਆਨ)
ਸੋਚਾਂ ਫ਼ਿਕਰਾਂ ਲੋੜਾਂ ਥੋੜ੍ਹਾਂ ਹੱਥੋਂ
ਸੋਚਾਂ ਫ਼ਿਕਰਾਂ ਲੋੜਾਂ ਥੋੜ੍ਹਾਂ ਹੱਥੋਂ ਟੁੱਟ ਕੇ ਰਾਤੀਂ ਸੌਂ ਜਾਨਾਂ ਵਾਂ ਰੀਝਾਂ ਦੀ ਮੈਂ ਸੰਘੀ ਘੁੱਟ ਕੇ ਰਾਤੀਂ ਉੱਗ ਪੈਂਦਾ ਏ ਦਿਨ ਚੜ੍ਹਦੇ ਨੂੰ ਹਿਜਰ ਦਾ ਉਹੀਓ ਬੂਟਾ ਸੁੱਟ ਦਿੰਨਾਂ ਵਾਂ ਵਿਹੜੇ ਵਿਚੋਂ ਜਿਹਨੂੰ ਪੁੱਟ ਕੇ ਰਾਤੀਂ ਸ਼ਾਮੀ ਦਿਲ ਵਿਚ ਨੱਪੇ ਸਨ ਮੈਂ ਐਵੇਂ ਦੋ ਤਿੰਨ ਟੁੱਕੜੇ ਮੇਰੇ ਤੋਂ ਵੀ ਵੱਡੇ ਹੋ ਗਏ ਕੜਮੇ ਫੁੱਟ ਕੇ ਰਾਤੀਂ ਹੱਥਾਂ ਨੂੰ ਹੱਥ ਖਾਂਦੇ ਰਹੇ ਪਰ ਸੁੱਤੇ ਲੋਕ ਨਾ ਜਾਗੇ ਮੁੜ ਆਇਆ ਵਾਂ ਪੂਰੇ ਸ਼ਹਿਰ ਦੇ ਬੂਹੇ ਕੁੱਟ ਕੇ ਰਾਤੀਂ ਕੀ ਦੱਸਾਂ ਮੈਂ ਕਸਮੇਂ ਧਰਤੀ ਅੰਬਰ ਨੂੰ ਅੱਗ ਲਾਈ ’ਵਾ ਨੇ ਚੰਨ ਦੇ ਮੁੱਖੜੇ ਉੱਤੇ ਬੱਦਲ ਸੁੱਟ ਕੇ ਰਾਤੀਂ ਚਿੱਟੇ ਦਿਨ ਈ ਲੁੱਟੀ ਜਾਵੇ ਰੋਜ਼ ਜਿਹਦੀ ਮਜ਼ਦੂਰੀ ਕੀ ਲੈਣਾ ਈ ਲੇਖਾ ਉਹਦੇ ਘਰ ਨੂੰ ਲੁੱਟ ਕੇ ਰਾਤੀਂ ਇਸ ਧਰਤੀ ਤੇ ‘ਸੰਧੂ’ ਅੱਖ ਨੇ ਇੰਜ ਦੀ ਖੇਡ ਵੀ ਵੇਖੀ ਪਿੱਟਦੇ ਪਏ ਸਨ ਚੋਟਾਂ ਵਾਲ਼ੇ ਮੀਹਰਾਂ ਚੁੱਟ ਕੇ ਰਾਤੀਂ *ਕੜਮੇ :- ਮਨਹੂਸ *’ਵਾ/ਹਵਾ *ਚੁੱਟ :- ਬਰੰਟੇ, ਬਾਗੜਾਂ ਇਕੱਠੀਆਂ ਸੁੱਟਣਾ
ਜਿੱਥੇ ਜਿੱਥੇ ਲੱਗ ਸਕਦੇ ਸੀ ਲਾ ਦਿੱਤੇ
ਜਿੱਥੇ ਜਿੱਥੇ ਲੱਗ ਸਕਦੇ ਸੀ ਲਾ ਦਿੱਤੇ ਨੇ ਸ਼ੀਸ਼ੇ ਬਾਕੀ ਦੇ ਮੈਂ ਹਰਫ਼ਾਂ ਨਾਲ਼ ਬਣਾ ਦਿੱਤੇ ਨੇ ਸ਼ੀਸ਼ੇ ਤੂੰ ਹਾਲੇ ਵੀ ਪੱਥਰਾਂ ਦੇ ਈ ਰਾਗਾਂ ਵਿਚ ਐਂ ਫਿਰਦਾ ਮੈਂ ਤੇ ਖ਼ੌਰੇ ਕਿੱਥੇ ਕਿੱਥੇ ਗਾ ਦਿੱਤੇ ਨੇ ਸ਼ੀਸ਼ੇ ਵੇਖ ਲਿਆ ਜੇ, ਹੋ ਜਾਣਾ ਏ ਸਭ ਕੁਝ ਸ਼ੀਸ਼ਾ ਸ਼ੀਸ਼ਾ ਹੌਲ਼ੀ ਹੌਲ਼ੀ ਏਨੇ ਕੁ ਵਰਤਾ ਦਿੱਤੇ ਨੇ ਸ਼ੀਸ਼ੇ ਜੇ ਨਾ ਆਪਣਾ ਆਪ ਸਿਆਣਨ ਇਹ ਲੋਕਾਂ ਦੀ ਮਰਜ਼ੀ ਵੇਲ਼ੇ ਸਾਨੂੰ ਕਈ ਕਈ ਵਾਰ ਵਿਖਾ ਦਿੱਤੇ ਨੇ ਸ਼ੀਸ਼ੇ ਸਾਰੇ ਜਗ ਦੀ ਧੂੜ ਦੇ ਵਿਚ ਵੀ ਮੈਲ਼ੇ ਹੋ ਨਈਂ ਸਕਦੇ ਹੋ ਇੱਕੋ ਘਰ ਨੇ ਜਗ ਤੇ ਜੋ ਚਮਕਾ ਦਿੱਤੇ ਨੇ ਸ਼ੀਸ਼ੇ ਲਈ ਫਿਰਨੇ ਵਾਂ ਦਿਲ ਤੇ ਅੱਖ ਨੂੰ ਉਂਜ ਪਰ ਕਿਹਨੂੰ ਦਿੱਸਦੇ ਕਿੰਨੇ ਚਿਰ ਤੋਂ ਸੱਜਣਾ ਨੇ ਤਿੜਕਾ ਦਿੱਤੇ ਨੇ ਸ਼ੀਸ਼ੇ ਅੰਨ੍ਹਿਆਂ ਨੂੰ ਵੀ ਦੱਸਦੇ ਪਏ ਨੇ ਇੱਕ ਇੱਕ ਕਰਕੇ ‘ਸੰਧੂ’ ਕਿੱਥੇ ਸਨ ਤੇ ਕਿੱਥੋਂ ਤੱਕ ਅਪੜਾ ਦਿੱਤੇ ਨੇ ਸ਼ੀਸ਼ੇ
ਰੱਖੇ ਰੱਬ ਉਚੇਰੀ ਬਾਬਾ
ਰੱਖੇ ਰੱਬ ਉਚੇਰੀ ਬਾਬਾ ਹਰ ਵੇਲੇ ਪੱਗ ਤੇਰੀ ਬਾਬਾ ਅੱਜ ਤੇ ਈਦ ਏ ਅੱਜ ਤੇ ਨਾ ਜਾਹ ਅੱਜ ਤੇ ਰਹਿਣ ਦੇ ਫੇਰੀ ਬਾਬਾ ਨਿਤ ਨਿਤ ਵੱਟੇ ਖਾਵਣ ਨਾਲ਼ੋਂ ਪੱਟ ਈ ਦੇ ਤੂੰ ਬੇਰੀ ਬਾਬਾ ਛੱਪਰਾਂ ਦੇ ਈ ਆਲ਼ ਦੁਆਲ਼ੇ ਰਹਿੰਦੀ ਕਿਉਂ ਏ ’ਨ੍ਹੇਰੀ ਬਾਬਾ ਜੂਹ ਜੰਮੇ ਆਂ ਜੂਹ ਹੰਸਾਂ ਦੀ ਕਾਂਵਾਂ ਹੋਈ ਏ ਘੇਰੀ ਬਾਬਾ ਇੱਕੋ ਦੁੱਖ ਤੇ ਇੱਕ ਕਹਾਣੀ ਚਿੜੀਆਂ ਦੀ ਤੇ ਮੇਰੀ ਬਾਬਾ ਏਥੇ ਉਹੀਓ ਭੁੱਖੇ ਨੇ ਨਾ ਜਿੰਨ੍ਹਾਂ ਕੋਲ ਵਧੇਰੀ ਬਾਬਾ ਕਹਿ ਕੇ ਮਿੱਠੇ ਫਲ਼ ਸਬਰਾਂ ਦੇ ਤੂੰ ਕਿਉਂ ਅੱਥਰ ਕੇਰੀ ਬਾਬਾ ਤੇਰੇ ਵਾਂਗੂੰ ਅੱਜ ਮੈਂ ਕੀਤੀ ਭੁੱਖ ਦੇ ਨਾਲ਼ ਬਥੇਰੀ ਬਾਬਾ *ਛੱਪਰ :- ਸਰਕੜੇ ਦੀ ਛੱਤ *ਜੂਹ :- ਹੱਦ, ਸੀਮਾ *ਅੱਥਰ :- ਅੱਥਰੂ, ਹੰਝੂ
ਨਿੱਕੇ ਨਿੱਕੇ ਹੱਥਾਂ ਦੇ ਜਦ
ਨਿੱਕੇ ਨਿੱਕੇ ਹੱਥਾਂ ਦੇ ਜਦ ਨਾਲ਼ ਦਿਹਾੜੀ ਕਰਦੇ ਵਾਰਾ ਨਹੀਓਂ ਖਾਂਦੇ ਬੀਬਾ ਬਾਲ ਦਿਹਾੜੀ ਕਰਦੇ ਤੂੰ ਕੀ ਜਾਣੇ ਤੇਰੇ ਕਾਲ਼ੇ ਬੋਦੇ ਦੇ ਲਈ ਪੁੱਤਰਾ ਕਿੰਨਾ ਅਰਸਾ ਰਹੇ ਨੇ ਚਿੱਟੇ ਵਾਲ਼ ਦਿਹਾੜੀ ਕਰਦੇ ਕੰਡਿਆਂ ਦੇ ਘਰ ਕਰਨੀ ਪੈ ਗਈ ਫੁੱਲਾਂ ਨੂੰ ਮਜ਼ਦੂਰੀ ਪੱਥਰਾਂ ਦੇ ਘਰ ਵੇਖੇ ਨੇ ਮੈਂ ਲਾਲ ਦਿਹਾੜੀ ਕਰਦੇ ਐਵੇਂ ਤੇ ਨਈਂ ਫਿਰ ਜਾ ਕਿਧਰੇ ਹੁੰਦਾ ਏ ਕੋਈ ਮਿਸਰਾ ਕਿੰਨਾ ਚਿਰ ਨੇ ਰਹਿੰਦੇ ਸੋਚ ਖਿਆਲ ਦਿਹਾੜੀ ਕਰਦੇ ਸਾਡੇ ਲਈ ਤੇ ਉਹ ਦਿਨ ‘ਸੰਧੂ ਆ ਕੇ ਵੀ ਨਾ ਆਇਆ ਜਿਹੜੇ ਦਿਨ ਲਈ ਰਹੇ ਸਾਂ ਕਿੰਨੇ ਸਾਲ ਦਿਹਾੜੀ ਕਰਦੇ *ਬੋਦੇ :- ਵਾਲ਼
ਦਾਣੇ ਬਦਲੇ ਛੱਜ ਨਈਂ ਬਦਲੇ
ਦਾਣੇ ਬਦਲੇ ਛੱਜ ਨਈਂ ਬਦਲੇ ਪੱਜ ਬਦਲੇ ਨੇ ਜੱਜ ਨਈਂ ਬਦਲੇ ਤੂੰ ਹੀ ਦੱਸ ਹੁਣ ਕਿੱਥੇ ਘੱਲੀਏ ਕਰਕੇ ਜਿਹੜੇ ਹੱਜ ਨਈਂ ਬਦਲੇ ਕੱਲ ਨੂੰ ਦੱਸ ਖਾਂ ਕਿੰਜ ਬਦਲਣਗੇ ਜੋ ਸਾਡੇ ਤੋਂ ਅੱਜ ਨਈਂ ਬਦਲੇ ਸਭ ਕੁਝ ਬਦਲ ਗਿਆ ਪਰ ਤੇਰੇ ਲਾਰੇ ਲੱਪੇ ਪੱਜ ਨਈਂ ਬਦਲੇ ਕੱਲ੍ਹ ਵੀ ਸਨ ਤੇ ਅੱਜ ਵੀ ‘ਸੰਧੂ’ ਨਈਂ ਜਿੰਨ੍ਹਾਂ ਨੂੰ ਲੱਜ ਨਈਂ ਬਦਲੇ *ਹੱਜ :- ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਦੀ ਯਾਤਰਾ *ਪੱਜ :- ਬਹਾਨੇ *ਲੱਜ :- ਸ਼ਰਮ
ਵਾਰੋ ਵਾਰੀ ਸਾਡੇ ਗਲ਼ ਵਿਚ ਪਾ ਕੇ
ਵਾਰੋ ਵਾਰੀ ਸਾਡੇ ਗਲ਼ ਵਿਚ ਪਾ ਕੇ ਡੋਰ ਤਮਾਸ਼ਾ ਕਰਦੇ ਪਏ ਨੇ ਕਿੰਨੇ ਚਿਰ ਤੋਂ ਰਲ਼ ਕੇ ਚੋਰ ਤਮਾਸ਼ਾ ਜਿੱਥੇ ਹੋਵੇ ਬਾਗਾਂ ਦੇ ਵਿਚ ਉੱਲੂਆਂ ਦੀ ਸਰਦਾਰੀ ਬਣਦੇ ਰਹਿੰਦੇ ਕਾਂਵਾਂ ਹੱਥੋਂ ਤਿੱਤਰ ਮੋਰ ਤਮਾਸ਼ਾ ਹੋਰ ਤਮਾਸ਼ਾ ਕਰ ਲੈ ਉਂਜ ਪਰ ਹੋਰ ਤਮਾਸ਼ਾ ਕਰਿਆਂ ਵੇਖੀਂ ਕਿਧਰੇ ਬਣ ਨਾ ਜਾਵੇ ਹੋਰ ਦਾ ਹੋਰ ਤਮਾਸ਼ਾ ਢੇਰ ਤਮਾਸ਼ੇ ਹੱਥੋਂ ਜਿਸਲ਼ੇ ਢੇਰ ਤਮਾਸ਼ਾ ਬਣ ਗਏ ਸ਼ਹਿਰਾਂ ਨੇ ਫਿਰ ਪਿੰਡਾਂ ਵੱਲੇ ਦਿੱਤਾ ਟੋਰ ਤਮਾਸ਼ਾ ਇੰਜ ਦੀ ਗ਼ਜ਼ਲ ਉਲੀਕਾਂ ਜਿਸਦਾ ਅੰਗ ਅੰਗ ਨੱਚਦਾ ਹੋਵੇ ਇੱਕ ਇੱਕ ਸਾਹ ਤੇ ਕਰਦੀ ਹੋਵੇ ਇੱਕ ਇੱਕ ਪੋਰ ਤਮਾਸ਼ਾ ਅਜ਼ਲਾਂ ਤੋਂ ਇਸ ਧਰਤੀ ਉੱਤੇ ਸਾਰੇ ਵਾਂਗ ਮਦਾਰੀ ਆਪਣਾ ਆਪਣਾ ਕਰਦੇ ਫਿਰਦੇ ਲਾ ਕੇ ਜ਼ੋਰ ਤਮਾਸ਼ਾ ਪੂਰੀ ਖਾ ਕੇ ਵੀ ਨਈਂ ਬੰਦੇ ਇੰਜ ਦੁਆਵਾਂ ਦਿੰਦੇ ਤੱਕਿਆ ਏ ਮੈਂ ਪੱਖੂਵਾਂ ਅੱਗੇ ਸੁੱਟ ਕੇ ਭੋਰ ਤਮਾਸ਼ਾ ਅੱਜ ਤਮਾਸ਼ੇ ਵਿਚ ਮੈਂ ਆਇਆਂ ਆਪ ਤਮਾਸ਼ਾ ਬਣਕੇ ਅੱਜ ਵੀ ਆਖੀਂ ਜੇ ਨਾ ਦੇਵੇ ਅੱਜ ਵੀ ਲੋਰ ਤਮਾਸ਼ਾ ਭਰਨੇ ਆਂ ਨਈਂ ਭਰਿਆ ਜਾਂਦਾ ਕੌੜਾ ਘੁੱਟ ਵੀ ਸਾਥੋਂ ਜੀਵਨ ਵਿਚ ਏ ਦਿੱਤਾ ਉਹਨੇ ਏਨਾ ਖੋਰ ਤਮਾਸ਼ਾ ਬੁੱਲ੍ਹਾਂ ਉੱਤੇ ਉੱਗਲਾਂ ਧਰ ਕੇ ਤੱਕਣਾ ਸਾਰੀ ਦੁਨੀਆਂ ਜਿਸ ਦਿਨ ‘ਸੰਧੂ’ ਰਲ਼ ਕੇ ਕੀਤਾ ਚੁੱਪ ਤੇ ਸ਼ੋਰ ਤਮਾਸ਼ਾ *ਜਿਸਲ਼ੇ :- ਜਿਸ+ਵੇਲ਼ੇ *ਪੋਰ :- ਉਂਗਲੀ ਦੀਆਂ ਦੋ ਗੰਢਾਂ ਦੇ ਵਿਚਕਾਰਲਾ ਹਿੱਸਾ
ਬੰਦਾ ਕਿੰਜ ਸੰਭਾਲੇ ਬੰਦੇ
ਬੰਦਾ ਕਿੰਜ ਸੰਭਾਲੇ ਬੰਦੇ ਜੋ ਨੇ ਸੱਪ ਤੇ ਨਾਲ਼ੇ ਬੰਦੇ ਧੁੱਪ ਨੇ ਛਾਂ ਦੇ ਮੱਥੇ ਮਾਰੇ ਕਰ ਕੇ ਨੀਲੇ ਕਾਲ਼ੇ ਬੰਦੇ ਮੈਂ ਦੇਖੇ ਨੇ ਗਿੱਠ ਗਿੱਠ ਕੱਦ ਤੇ ਹੱਥ ਹੱਥ ਜੀਭਾਂ ਵਾਲ਼ੇ ਬੰਦੇ ਅੱਜ-ਕੱਲ੍ਹ ਤੇ ਤਕਦੀਰਾਂ ਤੋਂ ਵੀ ਵੱਧ ਨੇ ਬਾਰਾਂ ਤਾਲ਼ੇ ਬੰਦੇ ਸੱਪ ਨਈਂ ਸੱਪ ਦੇ ਪਿਓ ਹੁੰਦੇ ਨੇ ਬਹੁਤੇ ਭੋਲ਼ੇ ਭਾਲ਼ੇ ਬੰਦੇ *ਬਾਰਾਂ ਤਾਲ਼ੇ :- ਬਹੁਤ ਚਾਤਰ
ਇਕ ਦੂਜੇ ਲਈ ਠੰਢੀਆਂ ਛਾਵਾਂ
ਇਕ ਦੂਜੇ ਲਈ ਠੰਢੀਆਂ ਛਾਵਾਂ ਵਰਗੇ ਨੇ ਓਹ ਜਿੰਨ੍ਹਾਂ ਦੇ ਦਿਲ ਦਰਿਆਵਾਂ ਵਰਗੇ ਨੇ ਨਾ ਬਈ ਇਸ਼ਕਾ ਡਰ ਲਗਦਾ ਏ ਤੇਰੇ ਤੋਂ ਭਾਈਆ ਤੇਰੇ ਰੋਗ ਬਲ਼ਾਵਾਂ ਵਰਗੇ ਨੇ ਸਭ ਕੁਝ ਸਿਰ ’ਤੇ ਰੱਖਿਆਂ ਈ ਮਿਲ ਜਾਂਦਾ ਏ ਮੇਰੀ ਮਾਂ ਦੇ ਹੱਥ ਦੁਆਵਾਂ ਵਰਗੇ ਨੇ ਤੂੰ ਮਾੜੇ ਦੀ ਕਿਸ ਖ਼ਤਾ ਨੂੰ ਰੋਨਾ ਏਂ ਇਹ ਕੜਮੇ ਤੇ ਆਪ ਖ਼ਤਾਵਾਂ ਵਰਗੇ ਨੇ ਕਾਂ ਤੇ ਕਾਂ ਨੇ ਗੱਲ ਕੀ ਕਰਨੀ ਕਾਵਾਂ ਦੀ ਹੁਣ ਤੇ ਸ਼ੋਹਦੇ ਬਾਜ਼ ਵੀ ਕਾਵਾਂ ਵਰਗੇ ਨੇ ਹੱਸ ਨਾ ਹੱਸਿਆਂ ਸੌ ਸੌ ਫ਼ਤਵੇ ਲਗਦੇ ਨੇ ਏਥੇ ਹਾਸੇ ਸਖ਼ਤ ਗੁਨਾਹਵਾਂ ਵਰਗੇ ਨੇ ਮਾੜੇ ਘਰ ਵਿਚ ਖ਼ੁਸ਼ੀ ਵੀ ਮਰਗਾਂ ਵਰਗੀ ਏ ਤਗੜੇ ਘਰ ਵਿਚ ਸੋਗ ਵਿਆਹਵਾਂ ਵਰਗੇ ਨੇ *ਸ਼ੋਹਦੇ :- ਸ਼ਿਕਾਰੀ
ਨਾ ਢਾਲ਼ੇ ਤੇ ਢਲ਼ਣੇ ਢੁਲ਼ਣੇ ਕੋਈ ਨਈਂ ਨੇ
ਨਾ ਢਾਲ਼ੇ ਤੇ ਢਲ਼ਣੇ ਢੁਲ਼ਣੇ ਕੋਈ ਨਈਂ ਨੇ ਦੁੱਖ ਦੇ ਸੂਰਜ ਟਲ਼ਣੇ ਟੁਲ਼ਣੇ ਕੋਈ ਨਈਂ ਨੇ ਜਿੰਨਾ ਤੀਕਰ ਆਪਣਾ ਆਪ ਨਾ ਬਾਲ਼ਾਂਗੇ ਸੱਚ ਦੇ ਦੀਵੇ ਬਲ਼ਣੇ ਬੁਲ਼ਣੇ ਕੋਈ ਨਈਂ ਨੇ ਲੱਖ ਉਬਾਲ਼ੋ ਵੈਰ ਪੁਰਾਣੇ ਜ਼ਿਹਨਾ ਦੇ ਬੁੱਢੇ ਹੱਡ ਨੇ ਗਲ਼ਣੇ ਗੁਲ਼ਣੇ ਕੋਈ ਨਈਂ ਨੇ ਪਿਓ ਈ ਨੇ ਜੋ ਪਾਲ਼ੀ ਜਾਵਣ ਪੁੱਤਰਾਂ ਨੂੰ ਪਿਓ ਪੁੱਤਰਾਂ ਤੋਂ ਪਲ਼ਣੇ ਪੁਲ਼ਣੇ ਕੋਈ ਨਈਂ ਨੇ ਭੁੱਖ ਬੰਦਿਆਂ ਨੂੰ ਕੱਚਿਆਂ ਈ ਖਾ ਜਾਣਾ ਏ ਇਸ ਕੜਮੀ ਨੇ ਤਲ਼ਣੇ ਤੁਲ਼ਣੇ ਕੋਈ ਨਈਂ ਨੇ ਖੁੱਲ੍ਹੇ ਰਹਿਣਗੇ ਦਿਲ ਦੇ ਵਿਹੜੇ ਸੱਜਣਾਂ ਲਈ ਮੈਂ ਇਹ ਵਿਹੜੇ ਵਲ਼ਣੇ ਵੁਲ਼ਣੇ ਕੋਈ ਨਈਂ ਨੇ ‘ਸੰਧੂ’ ਜਾਂ ਤੇ ਵੇਲ਼ਾ ਹੱਥੋਂ ਨਿਕਲ਼ੇ ਨਾ ਜਾਂ ਮੈਂ ਹੱਥ ਹੱਥ ਮਲ਼ਣੇ ਮੁਲ਼ਣੇ ਕੋਈ ਨਈਂ ਨੇ *ਕੜਮੀ :- ਕੜਕਦੀ ਧੁੱਪ (ਨਫ਼ਰਤ ਦੀ ਧੁੱਪ ਦੇ ਅਰਥਾਂ ਵਿਚ)
ਪਹਿਲਾਂ ਭੁੱਖ ਦੀ ਕੁੱਖ ਨਾ ਖੇਡਣ ਦਿੱਤਾ
ਪਹਿਲਾਂ ਭੁੱਖ ਦੀ ਕੁੱਖ ਨਾ ਖੇਡਣ ਦਿੱਤਾ ਤੇ ਫਿਰ ਏਸੇ ਦੁੱਖ ਨਾ ਖੇਡਣ ਦਿੱਤਾ ਜਾਹ ਵੇ ਲੇਖਾ ਤੇਰੀ ਖੇਡ ਨੇ ਇੱਕ ਵੀ ਸਾਡੇ ਵਿਹੜੇ ਸੁੱਖ ਨਾ ਖੇਡਣ ਦਿੱਤਾ ਮਾਂ ਕਹਿੰਦੀ ਏ ਪੁੱਤਰਾ ਨਿੱਕੇ ਹੁੰਦਿਆਂ ਤੈਨੂੰ ਘਰ ਦੀ ਭੁੱਖ ਨਾ ਖੇਡਣ ਦਿੱਤਾ ਧੁੱਪੇ ਸਾਂ ਤੇ ਧੁੱਪ ਨੇ ਧੱਕੇ ਦਿੱਤੇ ਛਾਂਵੇਂ ਇੱਕ ਵੀ ਰੁੱਖ ਨਾ ਖੇਡਣ ਦਿੱਤਾ ਗੋਰੇ ਚਿੱਟੇ ਰੰਗਾਂ ਦੇ ਸੰਗ ‘ਸੰਧੂ’ ਸਾਡੇ ਪੀਲੇ ਮੁੱਖ ਨਾ ਖੇਡਣ ਦਿੱਤਾ
ਮੈਂ ਤੂੰ ਤੇ ਚੰਨ ਤਾਰੇ ਆਪੋ ਆਪ
ਮੈਂ ਤੂੰ ਤੇ ਚੰਨ ਤਾਰੇ ਆਪੋ ਆਪ ਦਿਨ ਚੜ੍ਹਿਆ ਤੇ ਚਾਰੇ ਆਪੋ ਆਪ ਮਾਪੇ ਸਨ ਤੇ ਸਾਰੇ ਇੱਕੋ ਮੁੱਠ ਮਾਪੇ ਨਈਂ ਤੇ ਸਾਰੇ ਆਪੋ ਆਪ ਕਿਹੜਾ ਬੰਦਾ ਏ ਤੇ ਕਿਹੜਾ ਸੱਪ ਸੋਚੋ ਆਪਣੇ ਬਾਰੇ ਆਪੋ ਆਪ ਪਏ ਰਹਿਨੇ ਆਂ ਮੈਂ ਤੇ ਮੇਰੀ ਜਿੰਦ ਸ਼ਾਮੀਂ ਥੱਕੇ ਹਾਰੇ ਆਪੋ ਆਪ ‘ਸੰਧੂ’ ਏਥੇ ਲੋਕੀਂ ਜੀਭ ਦੀ ਥਾਂ ਲਈ ਫਿਰਦੇ ਨੇ ਆਰੇ ਆਪੋ ਆਪ
ਜਦ ਕਿਸੇ ਨੇ ਜਦ ਕਿਸੇ ਵੀ ਮਾਂ ਨੂੰ
ਜਦ ਕਿਸੇ ਨੇ ਜਦ ਕਿਸੇ ਵੀ ਮਾਂ ਨੂੰ ਵੱਟੇ ਮਾਰੇ ਰੱਬ ਈ ਜਾਣੇ ਰੱਬ ਦੀ ਕਿਹੜੀ ਥਾਂ ਨੂੰ ਵੱਟੇ ਮਾਰੇ ਮੈਂ ਵੇਖੇ ਨੇ ਸਾਰੀ ਉਮਰੇ ਧੁੱਪਾਂ ਦੇ ਵਿਚ ਸੜਦੇ ਰੁੱਖ ਨੂੰ ਜਿੰਨ੍ਹਾਂ ਧੱਕੇ ਦਿੱਤੇ ਛਾਂ ਨੂੰ ਵੱਟੇ ਮਾਰੇ ਜਦ ਵੀ ਪਿਆਰ ਸੁਨੇਹੜੇ ਲੈ ਕੇ ਤੇਰੇ ਪਿੰਡ ਨੂੰ ਟੁਰਿਆ ਖ਼ਬਰ ਏ ਮੈਨੂੰ ਕੀਹਨੇ ਕੀਹਨੇ ਕਾਂ ਨੂੰ ਵੱਟੇ ਮਾਰੇ ਪਹਿਲਾਂ ਫੁੱਲ ਸੁਟਦੇ ਸੀ ਤੇ ਫਿਰ ਉਹ ਵੇਲ਼ਾ ਵੀ ਆਇਆ ਮੈਂ ਤੇ ਮੈਂ ਸਾਂ ਸੱਜਣਾਂ ਮੇਰੇ ਨਾਂ ਨੂੰ ਵੱਟੇ ਮਾਰੇ ਏਥੋਂ ਦੇ ਈ ਲੋਕ ਸੀ ਭਲਿਆ ਹੋਰ ਕਿਤੋਂ ਨਈਂ ਆਏ ਜਿੰਨ੍ਹਾਂ ਭਰੀ ਪਰ੍ਹਿਆਂ ਵਿਚ ਨਿਆਂ ਨੂੰ ਵੱਟੇ ਮਾਰੇ ਇੱਕ ਅਰਸੇ ਲਈ ਜਿੰਨ੍ਹਾਂ ਨੇ ਇੱਕ ਹਾਂ ਲਈ ਤਰਲੇ ਮਾਰੇ ਦੁੱਖ ਹੋਇਆ ਜਦ ਉਹਨਾਂ ਓਸੇ ਹਾਂ ਨੂੰ ਵੱਟੇ ਮਾਰੇ ਅੱਜ ਫਿਰ ‘ਸੰਧੂ ਪਿੰਡ ਦੇ ਚੌਕ ’ਚ ਇਕ ਮਜਬੂਰ ਨੂੰ ਲੋਕਾਂ ਇੰਜ ਲਗਦਾ ਸੀ ਜਿਸਰਾਂ ਮੱਝ ਜਾਂ ਗਾਂ ਨੂੰ ਵੱਟੇ ਮਾਰੇ *ਪਰ੍ਹਿਆਂ :- ਪੰਚਾਇਤ ਦਾ ਇਕੱਠ, ਸਾਂਝੀ ਥਾਂ
ਜਿਹੜੀ ਸੋਚ ਦੀ ਲੋੜ ਸੀ ਸਾਨੂੰ
ਜਿਹੜੀ ਸੋਚ ਦੀ ਲੋੜ ਸੀ ਸਾਨੂੰ ਉਹਦਾ ਕਾਲ਼ ਏ ਚਾਚਾ ਤਾਂ ਤੇ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਏ ਚਾਚਾ ਮੈਨੂੰ ਤੂੰ ਇਹ ਸੋਚ ਕੇ ਦੱਸ ਖਾਂ ਆਪਣੇ ਦੇਸ ਦੇ ਅੰਦਰ ਬੇ-ਵਸੀਆਂ ਤੇ ਬੇ-ਹਿੱਸੀਆਂ ਨੂੰ ਕਿਤਵਾਂ ਸਾਲ ਏ ਚਾਚਾ ਮੈਨੂੰ ਚੁੱਪ ਕਰਾ ਦੇਂਦੇ ਨੇ ਉਹਨੂੰ ਕੁਝ ਨਈਂ ਕਹਿੰਦੇ ਉਹ ਤਗੜੇ ਦਾ ਪੁੱਤਰ ਵੀ ਤੇ ਕੱਲ੍ਹ ਦਾ ਬਾਲ ਏ ਚਾਚਾ ਘਰ ਘਰ ਲੱਗੀ ਇੱਟ ’ਤੇ ਜੇ ਮਜ਼ਦੂਰ ਦਾ ਲੂਹ ਨਈਂ ਲੱਗਿਆ ਮੈਨੂੰ ਵੀ ਫਿਰ ਦੱਸ ਖਾਂ ਇਹਦਾ ਰੰਗ ਕਿਉਂ ਲਾਲ ਏ ਚਾਚਾ ਜੂ ਜੰਮੇ ਆਂ ਸਹਿੰਦੇ ਪਏ ਨੇ ਮਾੜੇ ਈ ਦੁੱਖ ਸਾਰੇ ਆਪਣੇ ਪਿੰਡ ਤੇ ਰੱਬ ਵੀ ਖ਼ੌਰੇ ਤਗੜੇ ਨਾਲ਼ ਏ ਚਾਚਾ ਹੁਣ ਵੀ ਜੇ ਨਾ ਲੋਕੀਂ ਬਦਲੇ ਤੇ ਫਿਰ ਇਸ ਤੋਂ ਅੱਗੇ ਸਿੱਧੀ ਸਾਵੀਂ ਅੰਨ੍ਹੇ ਖੂਹ ਵਿਚ ਅੰਨ੍ਹੀ ਛਾਲ਼ ਏ ਚਾਚਾ ਜਿਹੜੇ ਬਾਗ਼ ਨੂੰ ਲਾਉਦੇਂ ਰਹਿ ਗਏ ਤੋਤੇ ਮੋਰ ਤੇ ਚਿੜਿਆਂ ਗਿਰਝਾਂ ਤੇ ਕੁਝ ਕਾਵਾਂ ਰਲ਼ ਕੇ ਦਿੱਤਾ ਗਾਲ਼ ਏ ਚਾਚਾ ਨਿੱਤ ਗਲ਼ੀ 'ਚੋਂ ਲੰਘਦਾ ਏ ਜੋ ’ਵਾ ਦੇ ਬੁੱਲੇ ਵਰਗਾ ਬਾਕੀ ਦਾ ਤੂੰ ਛੱਡ ਪਰ ਉਹਦੀ ਟੋਰ ਕਮਾਲ ਏ ਚਾਚਾ ‘ਸੰਧੂ’ ਇੱਕੋ ਗੱਲ ਪੁੱਛਦਾ ਏ ਦੂਰ ਕਰਨ ਵਿਚ ਸਾਨੂੰ ਬੰਦੇ ਹੁਣ ਤੱਕ ਸਮਝੇ ਕਿਉਂ ਨਈਂ ਕਿਹਦੀ ਚਾਲ ਏ ਚਾਚਾ *ਬੇ-ਹਿੱਸੀਆਂ :- ਮਰੀਆਂ ਜ਼ਮੀਰਾਂ
ਪੈਰਾਂ ਭਾਰ ਖਲੋਵੇਗਾ ਤੇ ਹੱਸੇਗਾ
ਪੈਰਾਂ ਭਾਰ ਖਲੋਵੇਗਾ ਤੇ ਹੱਸੇਗਾ ਸਾਰੇ ਧੋਣੇ ਧੋਵੇਗਾ ਤੇ ਹੱਸੇਗਾ ਹਾਲੇ ਠੀਕ ਏ ਇਸੇ ਲਈ ਤੇ ਹੱਸਦਾ ਨਈਂ ਪੂਰਾ ਪਾਗ਼ਲ ਹੋਵੇਗਾ ਤੇ ਹੱਸੇਗਾ ਅੱਜ ਫੇਰ ਦਿਲ ਨੇ ਦਿਲ ਦੀ ਮਰਜ਼ੀ ਕਰ ਲਈ ਏ ਅੱਜ ਫੇਰ ਚੰਦਰਾ ਰੋਵੇਗਾ ਤੇ ਹੱਸੇਗਾ ਉਹਨੂੰ ਤਾਰ ਕੇ ਕੀ ਕਰਦਾ ਏ ਖਬਰਾਂ ਨਈਂ ਮੈਨੂੰ ਲੇਖ ਡਬੋਵੇਗਾ ਤੇ ਹੱਸੇਗਾ ਇਸ ਦੁਨੀਆਂ ਵਿਚ ਉਹੀਓ ਹੀ ਰਹਿ ਸਕਦਾ ਏ ਜਿਹੜਾ ਦੁੱਖ ਲਕੋਵੇਗਾ ਤੇ ਹੱਸੇਗਾ ‘ਸੰਧੂ’ ਇੱਥੇ ਜੋ ਵੀ ਹੱਸਣਾ ਚਾਹੁੰਦਾ ਏ ਆਪਣਾ ਹਾਸਾ ਖੋਹਵੇਗਾ ਤੇ ਹੱਸੇਗਾ
ਕਿਰਚੀ ਕਿਰਚੀ ਲੈ ਕੇ ਦਿਲ ਦੀ
ਕਿਰਚੀ ਕਿਰਚੀ ਲੈ ਕੇ ਦਿਲ ਦੀ ਪਾਰਾ ਪਾਰਾ ਖੇਡੇ ਰਾਤੀਂ ਮੇਰੀ ਅੱਖ ਤੇ ਮੈਂ ਸਾਂ ਤਾਰਾ ਤਾਰਾ ਖੇਡੇ ਮੈਂ ਭਰਵਾਸੇ ਤੇ ਭਰਵਾਸਾ ਉਹ ਧੋਖੇ ਤੇ ਧੋਖਾ ਜਿਹੜਾ ਜਿਹੜਾ ਰੰਗ ਸੀ ਦੋਵੇਂ ਸਾਰਾ ਸਾਰਾ ਖੇਡੇ ਕਈ ਵਾਰੀ ਨੇ ਹੋਈਆਂ ਇੱਥੇ ਇੰਜ ਦੀਆਂ ਵੀ ਖੇਡਾਂ ਕਸਮਾਂ ਖਾ ਖਾ ਕੇ ਵੀ ਲੋਕੀਂ ਲਾਰਾ ਲਾਰਾ ਖੇਡੇ ਕੁਝ ਵੀ ਹੁੰਦਾ ਜ਼ਹਿਰਾਂ ਹੱਥੋਂ ਹਰਨਾ ਨਈਂ ਸੀ ਖੰਡਾਂ ਦੋਵੇਂ ਘਰ ਨਾ ਜੇਕਰ ਹੁੰਦੇ ਖਾਰਾ ਖਾਰਾ ਖੇਡੇ ਪੈਰਾਂ ਉੱਤੇ ਥੱਪੇ ਘਰ ਨਈਂ ਅੱਖਾਂ ਵਿਚੋਂ ਨਿਕਲ਼ੇ ਮਿੱਟੀਓ ਮਿੱਟੀ ਹੋ ਕੇ ਜਿੱਥੇ ਗਾਰਾ ਗਾਰਾ ਖੇਡੇ ਉੱਥੇ ਮੁੜਕੇ ਪੈਰ ਪੈਰ ਤੇ ਖੇਡ ਦੀਆਂ ਨੇ ਧੁੱਪਾਂ ਜਿਹੜੇ ਪਿੰਡ ਵਿਚ ਰੁੱਖਾਂ ਉੱਤੇ ਆਰਾ ਆਰਾ ਖੇਡੇ ਆਉਂਦਾ ਆਉਂਦਾ ਆ ਜਾਂਦਾ ਏ ਇੱਕ ਦਿਨ ਖੇਡਾਂ ਥੱਲੇ ‘ਸੰਧੂ’ ਬੰਦਾ ਜਦ ਵਜੂਦੋਂ ਭਾਰਾ ਭਾਰਾ ਖੇਡੇ *ਕਿਰਚੀ :- ਟੁੱਕੜੇ-ਟੁੱਕੜੇ *ਗਾਰਾ :- ਮਿੱਟੀ ਅਤੇ ਪਾਣੀ ਦੇ ਮੇਲ ਵਾਲ਼ਾ ਚਿੱਕੜ
ਮੇਰੇ ਫੱਗਣ ਚੇਤਰ ਦੇ ਵਿਚ ਸਾੜ ਸੀ
ਮੇਰੇ ਫੱਗਣ ਚੇਤਰ ਦੇ ਵਿਚ ਸਾੜ ਸੀ ਜਿਹੜੇ ਜਿਹੜੇ ਮੈਂ ਉਹ ਸਾਰੇ ਕੱਢ ਦਿੱਤੇ ਨੇ ਹਾੜ ਸੀ ਜਿਹੜੇ ਜਿਹੜੇ ਮੇਰਾ ਇੱਕ ਸਵਾਲ ਏ ਬਾਬਾ ਹਿਰਨ ਕਿਉਂ ਅੱਜ ਬਣ ਗਏ ਬਾਹਰੋਂ ਆਏ ਬਿੱਲੇ ਤੇ ਬਘਿਆੜ ਸੀ ਜਿਹੜੇ ਜਿਹੜੇ ਦਿਸਦੇ ਨਈਂ ਜੇ ਹੌਲ਼ੀ ਹੌਲ਼ੀ ਲੈ ਬੈਠੇ ਨੇ ਸਾਨੂੰ ਸਾਡੇ ਜ਼ਿਹਨ ਤੇ ਨੀਤਾਂ ਵਿਚ ਵਿਗਾੜ ਸੀ ਜਿਹੜੇ ਜਿਹੜੇ ਤੱਕ ਪੰਜਾਬ ਨੂੰ ਜਿਹਦੀ ਅੱਖ 'ਚੋਂ ਹਾਲੇ ਵੀ ਪਏ ਦਿਸਦੇ ਵੰਡ ਦੇ ਨਾਂ ਤੇ ਕੀਤੇ ਗਏ ਖਿਲਵਾੜ ਸੀ ਜਿਹੜੇ ਜਿਹੜੇ ਕਿੰਜ ਦਾ ਦੌਰ ਏ ਵੇਲ਼ਾ ਆਣ ਤੇ ਟਿੱਬੇ ਵੀ ਨਾ ਨਿਕਲੇ ਇੱਥੇ ਲੋਕਾਂ ਸਮਝੇ ਉੱਚ ਪਹਾੜ ਸੀ ਜਿਹੜੇ ਜਿਹੜੇ ਕਈ ਗੱਲਾਂ 'ਚੋਂ ਨਿੱਤਰ ਜਾਣੇ ਓੜਕ ਇੱਕ ਇੱਕ ਕਰਕੇ ਕਈ ਗੱਲਾਂ 'ਚੋਂ ਨਿੱਤਰ ਗਏ ਨੇ ਘਾੜ ਸੀ ਜਿਹੜੇ ਜਿਹੜੇ ਸੈ ਕੁਝ ਕੀਤਾ ਸੈ ਕੁਝ ਹੋਇਆ ਪਰ ਨਾ ਭੁੱਲੇ ‘ਸੰਧੂ’ ਇਸ ਧਰਤੀ ਦੇ ਦਿਲ ਨੂੰ ਵੱਜੇ ਪਾੜ ਸੀ ਜਿਹੜੇ ਜਿਹੜੇ *ਓੜਕ: ਅਖੀਰ
ਫੁੱਲ ਜਿਹਾ ਜਦ ਤਰਦਾ ਸੀ, ਤੂੰ ਸੱਚਾ ਸੈਂ
ਫੁੱਲ ਜਿਹਾ ਜਦ ਤਰਦਾ ਸੀ, ਤੂੰ ਸੱਚਾ ਸੈਂ ਦਰਿਆ ਹੌਕੇ ਭਰਦਾ ਸੀ, ਤੂੰ ਸੱਚਾ ਸੈਂ ਅੱਜ ਮੈਂ ਉਹਨੂੰ ਤੱਕਿਆ ਤੇ ਮਰਜਾਣੇ ਦਾ ਹਾਸਾ ਗੱਲਾਂ ਕਰਦਾ ਸੀ, ਤੂੰ ਸੱਚਾ ਸੈਂ ਉਸ ਤੋਂ ਰਾਤੀਂ ਚੰਨ ਤੇ ਦਿਨ ਨੂੰ ਸੂਰਜ ਵੀ ਅੱਖ ਮਿਲਾਉਣ ਤੋਂ ਡਰਦਾ ਸੀ, ਤੂੰ ਸੱਚਾ ਸੈਂ ਖਾਲੀ ਹਾਰ ਨਈਂ ਹਾਰਨ ਵਾਲ਼ਾ ਉਹਦੇ ਤੋਂ ਖ਼ੌਰੇ ਕੀ ਕੀ ਹਰਦਾ ਸੀ, ਤੂੰ ਸੱਚਾ ਸੈਂ ਸੂਰਜ ਜਿਹੇ ਨੂੰ ਜਦ ਕਦੀ ਵੀ ਮਿਲਦਾ ਸਾਂ ਦਿਲ ਦਾ ਦੋਜ਼ਖ਼ ਠਰਦਾ ਸੀ, ਤੂੰ ਸੱਚਾ ਸੈਂ ਉਹਦੇ ਉੱਤੇ ਮਰਕੇ ਜ਼ਿੰਦਗੀ ਮਿਲ਼ ਗਈ ਏ ਐਵੇਂ ਨਈਂ ਜਗ ਮਰਦਾ ਸੀ, ਤੂੰ ਸੱਚਾ ਸੈਂ ਦਿਲ ਦੇ ਹੱਥੋਂ ਉੱਜੜੇ ਆਂ ਤੇ ਸਮਝੇ ਆਂ ਘਰ ਈ ਦੁਸ਼ਮਣ ਘਰਦਾ ਸੀ, ਤੂੰ ਸੱਚਾ ਸੈਂ ਮੈਂ ’ਕੱਲਾ ਕੀ ਜਰਦਾ ‘ਸੰਧੂ’ ਉਹਦੇ ਲਈ ਵੇਲ਼ਾ ਦੁੱਖੜੇ ਜਰਦਾ ਸੀ, ਤੂੰ ਸੱਚਾ ਸੈਂ *ਦੋਜ਼ਖ :- ਨਰਕ, ਦੁੱਖ
ਬੇ-ਰੰਗੀਆਂ ਤਸਵੀਰਾਂ ਹੱਥੀਂ ਆ ਗਏ ਆਂ
ਬੇ-ਰੰਗੀਆਂ ਤਸਵੀਰਾਂ ਹੱਥੀਂ ਆ ਗਏ ਆਂ ਲੱਗਦਾ ਏ ਤਕਦੀਰਾਂ ਹੱਥੀਂ ਆ ਗਏ ਆਂ ਫੇਰ ਕਿਸੇ ਨੇ ਭੰਨ ਦਿੱਤਾ ਏ ਤੀਰਾਂ ਨੂੰ ਫੇਰ ਕਿਸੇ ਦੇ ਵੀਰਾਂ ਹੱਥੀਂ ਆ ਗਏ ਆਂ ਪਿਛਲੀ ਵਾਰ ਵੀ ਡੰਗਿਆ ਸੀ ਤਕਰੀਰਾਂ ਨੇ ਮੁੜਕੇ ਫਿਰ ਤਕਰੀਰਾਂ ਹੱਥੀਂ ਆ ਗਏ ਆਂ ਹਾਲਾਂ ਤੇ ਇੱਕ ਸੁਫ਼ਨਾ ਵੀ ਨਈਂ ਤੱਕਿਆ ਸੀ ਪਹਿਲਾਂ ਹੀ ਤਾਬੀਰਾਂ ਹੱਥੀਂ ਆ ਗਏ ਆਂ ਅੱਖਰਾਂ ਦੀ ਅੱਗ ਝੁੱਗੇ ਸਾੜਨ ਲੱਗ ਪਈ ਏ ਕਿੰਜ ਦੀਆਂ ਤਹਰੀਰਾਂ ਹੱਥੀਂ ਆ ਗਏ ਆਂ ਵੱਢੀ ਗਏ ਆਂ ਮੁੜ ਮੁੜ ਪਿੱਪਲ ਬੋਹੜਾਂ ਨੂੰ ਤਾਂ ਤੇ ਜੰਡ ਕਰੀਰਾਂ ਹੱਥੀਂ ਆ ਗਏ ਆਂ ਨੱਸਦੇ ਨੱਸਦੇ ‘ਸੰਧੂ’ ਜੀ ਤੰਗ ਜ਼ਿਹਨਾਂ ਤੋਂ ਕਾਲ਼ੇ ਕੱਟ ਜ਼ਮੀਰਾਂ ਹੱਥੀਂ ਆ ਗਏ ਆਂ *ਤਕਰੀਰ :- ਭਾਸ਼ਣ, ਬਿਆਨ *ਤਾਬੀਰ :- ਸੁਪਨੇ ਵਿਚ ਮਿਲਣ ਵਾਲ਼ਾ ਫਲ਼ (ਸੁਪਨੇ ਵਿਚ ਕੋਈ ਮਨਚਾਹੀ ਚੀਜ਼ ਮਿਲ ਜਾਣਾ) *ਤਹਰੀਰਾਂ :- ਲਿਖਤਾਂ *ਕਾਲ਼ੇ ਕੱਟ :- ਕਾਲ਼ੇ ਸ਼ਾਹ (ਪੂਰੇ ਕਾਲ਼ੇ)
ਅੱਖਾਂ ਇੰਜ ਨਈਂ ਭਰੀਆਂ ਹੋਈਆਂ
ਅੱਖਾਂ ਇੰਜ ਨਈਂ ਭਰੀਆਂ ਹੋਈਆਂ ਹਾਸੇ ਵਿਚ ਨੇ ਮਰੀਆਂ ਹੋਈਆਂ ਕਿੰਜ ਦਾ ਦੌਰ ਏ ਕੰਧਾਂ ਵੀ ਨੇ ਇੱਕ ਦੂਜੀ ਤੋਂ ਡਰੀਆਂ ਹੋਈਆਂ ਤੂੰ ਅੱਧੀਆਂ ਵੀ ਸੁਣ ਨਈਂ ਸਕਦਾ ਮੈਂ ਜਿੰਨੀਆਂ ਨੇਂ ਜਰੀਆਂ ਹੋਈਆਂ ਦੋ ਕੰਢਿਆਂ ਦੇ ਰੌਲ਼ੇ ਵਿਚ ਕਈ ਡੁੱਬ ਗਈਆਂ ਨੇ ਤਰੀਆਂ ਹੋਈਆਂ ਚੰਨ ਦੇ ਹੁਸੜੇ, ਹੁਸੜੇ ਰਹੇ ਆਂ ਰਾਤਾਂ ਤੇ ਸਨ ਠਰੀਆਂ ਹੋਈਆਂ ਤੂੰ ਜੇ ਨਈਂ ਤੇ ਕੀ ਏ ਓਥੇ ਭਾਵੇਂ ਸੱਤ ਸੌ ਪਰੀਆਂ ਹੋਈਆਂ ਚੇਤਰ ਸੜੀਆਂ ਸਾਵਣ ਸੁੱਕੀਆਂ ਫਿਰ ਕਦੇ ਨਾ ਹਰੀਆਂ ਹੋਈਆਂ ਸੱਜਣਾਂ ਵਾਂਗੂੰ ਸਾਥੋਂ ‘ਸੰਧੂ’ ਨਈਂ ਨਾ ਕਾਰੀਗਰੀਆਂ ਹੋਈਆਂ *ਹੁਸੜੇ :- ਉਦਾਸੀ ਦੇ ਅਰਥਾਂ ਵਿਚ
ਆਰ ਡਰਾਮੇ ਪਾਰ ਡਰਾਮੇ
ਆਰ ਡਰਾਮੇ ਪਾਰ ਡਰਾਮੇ ਬਾਕੀ ਨੇ ਵਿਚਕਾਰ ਡਰਾਮੇ ਯਾਰ ਡਰਾਮੇ ਪਿਆਰ ਡਰਾਮੇ ਵੱਧ ਤੋਂ ਵੱਧ ਸ਼ਾਹਕਾਰ ਡਰਾਮੇ ਤੂੰ ਰੋਣਾ ਏ ਜਦ ਮੈਂ ਤੇਰੇ ਮੂੰਹ ਤੇ ਦਿੱਤੇ ਮਾਰ ਡਰਾਮੇ ਲਿਖਣੇ ਨਈਂ ਸਨ ਲਿਖਣੇ ਪਏ ਨੇ ਸਾਨੂੰ ਵੀ ਦੋ ਚਾਰ ਡਰਾਮੇ ਇੱਕ ਡਰਾਮੇ ਵਿਚੋਂ ਸੌ ਸੌ ਨਿਕਲ਼ੇ ਨੇ ਕਈ ਵਾਰ ਡਰਾਮੇ ਓਸ ਡਰਾਮੇਗੀਰ ਦੇ ਅੱਗੇ ਸਭ ਆਇਆ ਵਾਂ ਹਾਰ ਡਰਾਮੇ ਕਰਦੀ ਪਈ ਏ ਦੁਨੀਆਂ ਸਾਰੀ ਕਰ ਲੈ ਤੂੰ ਵੀ ਯਾਰ ਡਰਾਮੇ ਨਾ ਮਰਦੇ ਵੀ ਇੰਜ ਲੱਗਦਾ ਏ ਦੇਣਗੇ ਬੰਦੇ ਮਾਰ ਡਰਾਮੇ ‘ਸੰਧੂ’ ਸੱਜਣਾ ਇੰਜ ਕੀਤੇ ਨੇ ਕਰਦੇ ਨਈਂ ਫ਼ਨਕਾਰ ਡਰਾਮੇ
ਤੂੰ ਜੇ ਹਿੰਮਤ ਕਰਦੋਂ ਤੇ ਫਿਰ
ਤੂੰ ਜੇ ਹਿੰਮਤ ਕਰਦੋਂ ਤੇ ਫਿਰ ਦੋਵੇਂ ਯਾਰ ਕਹਾਣੀ ਨੂੰ ਇੰਜ ਕਦੀ ਨਾ ਮੁੱਕਣ ਦੇਂਦੇ ਅੱਧ ਵਿਚਕਾਰ ਕਹਾਣੀ ਨੂੰ ਤੂੰ ਜੋ ਮੋਢਾ ਦਿੱਤਾ ਨਈਂ ਤੇ ਓੜਕ ਇੱਕ ਦਿਨ ਡਿੱਗਣੀ ਸੀ ਕਿੰਨਾ ਕੁ ਚਿਰ ਚੁੱਕੀ ਫਿਰਦਾ ’ਕੱਲਿਆਂ ਪਿਆਰ ਕਹਾਣੀ ਨੂੰ ਜੇਸ ਕਹਾਣੀ ਸਾਡੇ ਦੋਹਾਂ ਨਾਲ਼ ਕਹਾਣੀ ਕੀਤੀ ਸੀ ਭੁੱਲੇ ਨਈਂ ਆਂ ਹਾਲੇ ਤੀਕਰ ਦੋਵੇਂ ਘਾਰ ਕਹਾਣੀ ਨੂੰ ਜਿਹੜੀ ਗੱਲ ਦਾ ਡਰ ਸੀ ਮੈਨੂੰ ਉਹੀਓ ਈ ਗੱਲ ਕੀਤੀ ਊ ਅੱਧ ਵਿਚਕਾਰੇ ਛੱਡਿਆ ਈ ਨਾ ਆਖ਼ਿਰਕਾਰ ਕਹਾਣੀ ਨੂੰ ਮੈਨੂੰ ਤੈਨੂੰ ਇਹਨੂੰ ਉਹਨੂੰ ਏਸ ਕਿਸੇ ਨੂੰ ਛੱਡਣਾ ਨਈਂ ਹਾਲੇ ਵੀ ਜੇ ਬੰਦ ਨਾ ਕੀਤਾ ਬੰਦੇ ਮਾਰ ਕਹਾਣੀ ਨੂੰ ਓਹ ਜੋ ਮਾੜਾ ਬਾਦਸ਼ਾਹ ਸੀ ਸਮਝ ਗਿਆ ਸਾਂ ਕਿਹੜਾ ਏ ਬਾਪੂ ਕੋਲ਼ੋਂ ਸੁਣਿਆ ਸੀ ਜਦ ਪਹਿਲੀ ਵਾਰ ਕਹਾਣੀ ਨੂੰ ਜਿੰਨ੍ਹਾਂ ਉੱਤੇ ‘ਸੰਧੂ’ ਸਭ ਤੋਂ ਮਾਣ ਵਧੇਰਾ ਹੁੰਦਾ ਏ ਓੜਕ ਇੱਕ ਦਿਨ ਲੈ ਬਹਿੰਦੇ ਨੇ ਓਹ ਕਿਰਦਾਰ ਕਹਾਣੀ ਨੂੰ *ਓੜਕ :- ਆਖਿਰਕਾਰ
ਉੱਜੜੇ ਪੁੱਜੜੇ ਹੋਵਣ ਜੋ ਇਨਸਾਨ
ਉੱਜੜੇ ਪੁੱਜੜੇ ਹੋਵਣ ਜੋ ਇਨਸਾਨ ਨਈਂ ਹੱਸਦੇ ਹੁੰਦੇ ਸੁੰਞ ਮਸੁੰਞੀਆਂ ਥਾਂਵਾਂ ਕਬਰਸਤਾਨ ਨਈਂ ਹੱਸਦੇ ਹੁੰਦੇ ਅੱਜ ਕਿਸੇ 'ਤੇ ਹੱਸ ਨਾ ਖ਼ੌਰੇ ਕੱਲ੍ਹ ਨੂੰ ਪੈ ਜਾਏ ਰੋਣਾ ਰੋਂਦੇ ਹੋਇਆਂ ਉੱਤੇ ਮੇਰੀ ਜਾਨ ਨਈਂ ਹੱਸਦੇ ਹੁੰਦੇ ਏਨਾ ਚੇਤੇ ਰੱਖ ਪ੍ਰਧਾਨਾ ਮਾੜੇ ਦੀ ਗੱਲ ਸੁਣ ਕੇ ਜਿਸਰਾਂ ਤੂੰ ਹੱਸ ਪੈਨਾ ਏ ਪ੍ਰਧਾਨ ਨਈਂ ਹੱਸਦੇ ਹੁੰਦੇ ਆਪਣੇ ਮੁੱਖ 'ਤੇ ਖਿੜ ਖਿੜ ਹੱਸਦੇ ਤਿਲ ਨੂੰ ਇਹ ਸਮਝਾ ਲੈ ਰਾਖੀ ਬੈਠੇ ਹੋਵਣ ਜੋ ਦਰਬਾਨ ਨਈਂ ਹੱਸਦੇ ਹੁੰਦੇ ‘ਸੰਧੂ’ ਕਿੰਜ ਇਹ ਅੱਜ ਦਿਆਂ ਸੁਲਤਾਨਾਂ ਨੂੰ ਸਮਝਾਈਏ ਰਈਅਤ ਰੋਂਦੀ ਹੋਵੇ ਤੇ ਸੁਲਤਾਨ ਨਈਂ ਹੱਸਦੇ ਹੁੰਦੇ *ਸੁੰਞ ਮਸੁੰਞੀਆਂ :- ਉਜਾੜ *ਰਈਅਤ :- ਪ੍ਰਜਾ
ਕਿੰਨੇ ਮਾਪੇ ਆਲ਼ ਦੁਆਲ਼ੇ ਮੂੰਹੋਂ ਆਖਣ
ਕਿੰਨੇ ਮਾਪੇ ਆਲ਼ ਦੁਆਲ਼ੇ ਮੂੰਹੋਂ ਆਖਣ ਲੱਗ ਪਏ ਨੇ ਡਾਢੇ ਦੁੱਖ ਨੇ ਧੀਆਂ ਵਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਗੂੰਗੇ ਲੋਕੋ ਹਿੰਮਤ ਕਰਕੇ ਹੁਣ ਤੇ ਸਾਨੂੰ ਖੋਲ੍ਹ ਦਿਓ ਸਾਡੀ ਜੀਭ ਨੂੰ ਲੱਗੇ ਤਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਯਾਰ ਤੁਹਾਡੇ ਲੋਕ ਤੇ ਅੱਜ-ਕੱਲ੍ਹ ਸਾਡੇ ਤੋਂ ਵੀ ਜ਼ਹਿਰੀ ਹਨ ਖੱਪਰੇ ਸੱਪ ਤੇ ਫ਼ਨੀਅਰ ਕਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਸਾਨੂੰ ਕਿਸ ਦਿਨ ਮਾਫ਼ੀ ਮਿਲਣੀ ਸਾਨੂੰ ਕਿਸ ਦਿਨ ਲਾਹੋਗੇ ਜ਼ਿਹਨਾਂ ਉੱਤੇ ਲੱਗੇ ਜਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਸਾਡੇ ਤੋਂ ਵੱਧ ਗਰਮੀ ਸਰਦੀ ਹੋ ਗਈ ਏ ਇਨਸਾਨਾਂ ਦੀ ਰੱਬ ਦੀ ਕਸਮੇਂ ਧੁੱਪਾਂ ਪਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਕੂਕਾਂ ਮਾਰ ਕੇ ਸ਼ਾਮਾਂ ਵੇਲ਼ੇ ਦੀਵੇ ਕਿੰਨੀਆਂ ਕਬਰਾਂ ਦੇ ਸਾਨੂੰ ਵੀ ਕੋਈ ਆ ਕੇ ਬਾਲ਼ੇ ਮੂੰਹੋਂ ਆਖਣ ਲੱਗ ਪਏ ਨੇ ਸਾਡੇ ਨਾਲ਼ ਈ ਵੈਰ ਕਿਉਂ ਏ ‘ਸੰਧੂ' ਸਾਰੇ ਬੱਦਲਾਂ ਨੂੰ ਕੱਚੀਆਂ ਛੱਤਾਂ ਤੇ ਪਰਨਾਲ਼ੇ ਮੂੰਹੋਂ ਆਖਣ ਲੱਗ ਪਏ ਨੇ
ਤਲੀਆਂ 'ਤੇ ਆਸਮਾਨ ਧਰਨ ਨੂੰ ਕੀਹਦਾ
ਤਲੀਆਂ 'ਤੇ ਆਸਮਾਨ ਧਰਨ ਨੂੰ ਕੀਹਦਾ ਜੀਅ ਨਈਂ ਕਰਦਾ ਵਿਹੜਾ ਖ਼ੁਸ਼ੀਆਂ ਨਾਲ਼ ਭਰਨ ਨੂੰ ਕੀਹਦਾ ਜੀਅ ਨਈਂ ਕਰਦਾ ਮੁੱਕਦੇ ਨਈਂ ਨੇ ਔਂਤਰ ਜਾਣੇ ਢਿੱਡ ਦੇ ਵੈਲ ਸਿਆਪੇ ਨਈਂ ਤੇ ਕਸਮੇਂ ਪਿਆਰ ਕਰਨ ਨੂੰ ਕੀਹਦਾ ਜੀਅ ਨਈਂ ਕਰਦਾ ਮੁੱਖੜਾ ਚੰਨ ਤੇ ਬੱਦਲ ਜ਼ੁਲਫਾਂ ਅੱਖੀਆਂ ਨੇ ਦੋ ਤਾਰੇ ਇਹ ਜਿਹੇ ਮੁੱਖ ’ਤੇ ਯਾਰ ਮਰਨ ਨੂੰ ਕੀਹਦਾ ਜੀਅ ਨਈਂ ਕਰਦਾ ਹਿਜਰ ਦੀ ਧੁੱਪੇ ਸੜਦਾ ਏ ਕੋਈ ਚੰਨ ਮਜਬੂਰੀ ਪਾਰੋਂ ਸੀਨੇ ਲਗ ਲਗ ਰੋਜ਼ ਠਰਨ ਨੂੰ ਕੀਹਦਾ ਜੀਅ ਨਈਂ ਕਰਦਾ ਮਿੱਠੀ ਮਿੱਠੀ ਅੱਗ ਇਸ਼ਕ ਦੀ ਮਿੱਠੇ ਮਿੱਠੇ ਦੁੱਖੜੇ ਮਿੱਠੀ ਮਿੱਠੀ ਪੀੜ ਜਰਨ ਨੂੰ ਕੀਹਦਾ ਜੀਅ ਨਈਂ ਕਰਦਾ ਜਿਨ੍ਹਾਂ ਅੱਖਾਂ ਵਿਚੋਂ ਸੱਜਰੇ ਹਾਸੇ ਡਲ੍ਹਕਾਂ ਮਾਰਨ ਓਹਨਾਂ ਵਿਚ ਕਈ ਵਾਰ ਤਰਨ ਨੂੰ ਕੀਹਦਾ ਜੀਅ ਨਈਂ ਕਰਦਾ ਸਾਰੀ ਦੁਨੀਆਂ ਕੋਲ਼ੋਂ ਹਰਿਆਂ ਜੇ ਇੱਕ ਸੱਜਣ ਲੱਭੇ ਦੱਸ ਬਈ ‘ਸੰਧੂ’ ਫੇਰ ਹਰਨ ਨੂੰ ਕੀਹਦਾ ਜੀਅ ਨਈਂ ਕਰਦਾ *ਔਂਤਰ :- ਫਿਟਕਾਰ ਦੇ ਰੂਪ ਵਿਚ ਵਰਤਿਆ ਜਿਸ ਦੇ ਘਰ ਔਲਾਦ ਨਾ ਹੋਵੇ * ਡਲ੍ਹਕਾਂ :- ਉੱਛਲਣ, ਛੱਲਾਂ ਮਾਰਨ
ਹੋ ਗਈ ਕਿੰਨੀ ਦੇਰ ਭਰਾ ਜੀ
ਹੋ ਗਈ ਕਿੰਨੀ ਦੇਰ ਭਰਾ ਜੀ ਪਰ ਨਈਂ ਮੁੱਕਿਆ ’ਨ੍ਹੇਰ ਭਰਾ ਜੀ ਸੌ ਦਾ ਚੌਥਾ ਹਿੱਸਾ ਕੋਈ ਨਈਂ ਪੌਣੇ ਰਹਿ ਗਏ ਸੇਰ ਭਰਾ ਜੀ ਤੀਰਾਂ ਦੇ ਨਾਲ਼ ਵਿੰਨ੍ਹੇ ਗਏ ਜਦ ਉੱਤੋਂ ਆ ਗਏ ਸ਼ੇਰ ਭਰਾ ਜੀ ਖਾਣੇ ਨਈਂ ਸਨ ਜਿਸ ਬੇਰੀ ਦੇ ਖਾਣੇ ਪੈ ਗਏ ਬੇਰ ਭਰਾ ਜੀ ਇਹਨਾਂ ਨੇ ਈ ਭੇਸ ਵਟਾ ਕੇ ਆ ਜਾਣਾ ਜੇ ਫੇਰ ਭਰਾ ਜੀ ਜੇ ਠੂਹਿਆਂ ਤੋਂ ਜਾਨ ਛੁਡਾਈਏ ਸੱਪ ਲੈਂਦੇ ਨੇ ਘੇਰ ਭਰਾ ਜੀ ਜਬਰਾਂ ਪੇਸ਼ ਨਾ ਜਾਵਣ ਦਿੱਤੀ ਜਾਂਦੀ ਕਿੱਥੇ ਜ਼ੇਰ ਭਰਾ ਜੀ *ਸੇਰ :- ਇੱਕ ਕਿੱਲੋ, ਮਣ ਦਾ ਚਾਲੀਵਾਂ ਹਿੱਸਾ
ਦੁੱਖ ਹੁੰਦਾ ਏ ਫੁੱਲਾਂ 'ਤੇ ਮਰ ਜਾਂਦੇ ਨੇ
ਦੁੱਖ ਹੁੰਦਾ ਏ ਫੁੱਲਾਂ 'ਤੇ ਮਰ ਜਾਂਦੇ ਨੇ ਜਿਹੜੇ ਹਾਸੇ ਬੁੱਲ੍ਹਾਂ ’ਤੇ ਮਰ ਜਾਂਦੇ ਨੇ ਕੁਝ ਰਿਸ਼ਤੇ ਨਈਂ ਰਹਿੰਦੇ ਮਾਂ ਪਿਉ ਮੋਏ ਤੇ ਜੋ ਬਚਦੇ ਨੇ ਕੁੱਲਾਂ ’ਤੇ ਮਰ ਜਾਂਦੇ ਨੇ ਦਿਲ ਪੰਛੀ ਨੇ ਡੱਕ ਕੇ ਰੱਖਣੇ ਪੈਂਦੇ ਨੇ ਦੇ ਬਹੀਏ ਜੇ ਖੁੱਲਾਂ ਤੇ ਮਰ ਜਾਂਦੇ ਨੇ ਆਵਣ ਵੀ ਤੇ ਜੋਬਨ ਏਥੇ ਰੁੱਤਾਂ ਦੇ ਆ ਕੇ ਪੂਰੇ ਤੁੱਲਾਂ 'ਤੇ ਮਰ ਜਾਂਦੇ ਨੇ ਤੱਕਦੇ ਨਈਂ ਨੇ ਲਾਗਤ ਕੀ ਏ ਬੰਦੇ ਦੀ ‘ਸੰਧੂ’ ਬੰਦੇ ਮੁੱਲਾਂ ’ਤੇ ਮਰ ਜਾਂਦੇ ਨੇ *ਜੋਬਨ :- ਭਰੀ ਜਵਾਨੀ *ਤੁੱਲ :- ਬਰਾਬਰ
ਹੰਸਾਂ ਉੱਤੇ ਕਾਵਾਂ ਦੀ ਸਰਦਾਰੀ ਨੂੰ
ਹੰਸਾਂ ਉੱਤੇ ਕਾਵਾਂ ਦੀ ਸਰਦਾਰੀ ਨੂੰ ਰੋਕੋ ਜਗ 'ਤੇ ਖਿੱਲਰੀ ਏਸ ਬਿਮਾਰੀ ਨੂੰ ਪੱਕ ਵੀ ਹੋਵੇ ਕੱਚੇ ਪਾਰ ਲੰਘਾਉਂਦੇ ਨਈਂ ਪੁੱਛ ਲੈ ਜਾ ਗੁਜਰਾਤ ਦੀ ਇੱਕ ਘੁਮਿਆਰੀ ਨੂੰ ਰਹਿੰਦਾ ਏ ਧੂੰਅ 'ਨ੍ਹੇਰ ਜਿਹਾ ਚਬਾਰੇ ਤੇ ਸੱਜਣਾਂ ਕੀਤਾ ਬੰਦ ਜਦੋਂ ਦਾ ਬਾਰੀ ਨੂੰ ਚੱਜ ਦੇ ਰੁੱਖ ਤੇ ਬੰਦਿਆਂ ਨੇ ਈ ਛੱਡਣੇ ਨਈਂ ਲੇਖਾ ਐਵੇਂ ਲਈ ਫਿਰਨਾ ਏਂ ਆਰੀ ਨੂੰ ਸੁਣਿਆ ਏ ਮੈਂ ਸੱਜਣ ਵੇਚਣ ਲੱਗ ਪਏ ਨੇ ਲੋਕੀਂ ਕਾਰੋਬਾਰ ਬਣਾ ਕੇ ਯਾਰੀ ਨੂੰ ਲੈਣਾ ਕੋਈ ਨਈਂ ਛੱਡਦਾ ਤਾਂ ਤੇ ਬੰਦਾ ਵੀ ਮੋੜ ਰਿਹਾ ਏ ਇਕ ਇਕ ਸਾਹ ਉਧਾਰੀ ਨੂੰ ਸੱਜਣ ਟੁਰ ਪਏ ਰੱਖ ਕੇ ਹੱਥ ਕਲੇਜੇ 'ਤੇ ਦੂਰ ਖਲੋਤੇ ਤੱਕਦੇ ਰਹਿ ਗਏ ਲਾਰੀ ਨੂੰ ਓੜਕ ‘ਸੰਧੂ’ ਉਹੀਓ ਕੁਝ ਵੀ ਛੱਡਦੇ ਨਈਂ ਜਿੰਨ੍ਹਾਂ ਪਿੱਛੇ ਛੱਡੀਏ ਦੁਨੀਆ ਸਾਰੀ ਨੂੰ *ਲਾਰੀ :- ਗੱਡੀ
ਦੋ ਨੈਣਾਂ ਦੀ ਜੰਗ ਸਹੇਲੀ ਤੈਨੂੰ ਵੀ
ਦੋ ਨੈਣਾਂ ਦੀ ਜੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਕੀਤਾ ਡਾਢਾ ਤੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਅਚਨਚੇਤੀ ਜਿਹੜੀ ਬਾਂਹ ਵਿਚ ਅੱਖਾਂ ਮੀਟ ਕੇ ਪਾ ਲਈ ਸੀ ਡੰਗਿਆ ਓਸੇ ਵੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਗੋਰੇ ਚਿੱਟੇ ਸਾਵੇ ਪੀਲ਼ੇ ਨੀਲੇ ਕਾਲ਼ੇ ਜਿਹੜੇ ਵੀ ਰਾਸ ਨਾ ਆਏ ਰੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਔਂਤਰ ਜਾਣੇ ਵੇਲ਼ੇ ਦਿੱਤਾ ਵੇਖ ਲੈ ਛੱਡ ਕੇ ਅੰਬਾਂ ਨੂੰ ਅੱਕਾਂ ਵੱਲੇ ਮੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਅੰਨ੍ਹੀਆਂ ਰਸਮਾਂ ਧੱਕੇ ਦਿੱਤੇ ਲੁੱਟਿਆ ਕਾਲ਼ੀ ਚੌਧਰ ਨੇ ਪੱਗਾਂ ਮਾਰੇ ਡੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਉਮਰਾਂ ਭਰ ਲਈ ਮੁੱਢ ਦੇ ਵੈਰੀ ਚਾਰ ਦਿਨਾਂ ਦੇ ਜੋਬਨ ਨੇ ਸੂਫ਼ੀ ਦਿੱਤਾ ਟੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਇੰਜ ਨਾ ਉੱਜੜੇ ਹੁੰਦੇ ਅੜੀਏ ਲੋਕਾਂ ਵਾਂਗੂੰ ਜੀਵਨ ਦਾ ਆ ਜਾਂਦਾ ਜੇ ਢੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਚਾਅ ਸੀ ਹੀਰ ਸਲੇਟੀ ਵਰਗੇ ਤਾਂ ਹੀ ਲੰਗੜੇ ਕੈਦੋ ਦਾ ਲੈ ਬੈਠਾ ਏ ਝੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਜਗ ਨਜ਼ਮਾਂ ਦੀ ਰਾਣੀ ਆਖੇ ਜਾਂ ਸ਼ਹਿਜ਼ਾਦੀ ਗ਼ਜ਼ਲਾਂ ਦੀ ਤੱਕ ‘ਸੰਧੂ’ ਦੇ ਸੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ *ਸਾਵੇ :- ਹਰਾ ਰੰਗ *ਔਂਤਰ :- ਜਿਸਦੀ ਔਲਾਦ ਨ ਹੋਵੇ
ਅੱਜ ਵੀ ਮਾਰ ਕੇ ਧਾਹਵਾਂ ਏਧਰ ਵੀ
ਅੱਜ ਵੀ ਮਾਰ ਕੇ ਧਾਹਵਾਂ ਏਧਰ ਵੀ ਤੇ ਓਧਰ ਵੀ ਰੋਂਦੇ ਰੁੱਖ ਤੇ ਛਾਂਵਾਂ ਏਧਰ ਵੀ ਤੇ ਓਧਰ ਵੀ ਕਿੰਜ ਪੁੱਤਰਾਂ ਲਈ ਤੜਫ਼ ਤੜਫ਼ ਕੇ ਕਬਰੀਂ ਜਾ ਵੜੀਆਂ ਅੱਜ ਤੱਕ ਕਿੰਨੀਆਂ ਮਾਵਾਂ ਏਧਰ ਵੀ ਤੇ ਓਧਰ ਵੀ ਰੋਂਦੇ ਰੋਜ਼ ਬਨੇਰੇ ਕਈ ਕਈ ਗੱਲਾਂ ਤੇਰੇ ਤੋਂ ਪੁੱਛਦੇ ਹੋਣਗੇ ਕਾਂਵਾਂ ਏਧਰ ਵੀ ਤੇ ਓਧਰ ਵੀ ਗੱਲਾਂ ਚੇਤੇ ਆਵਣ ਦਿਲ ਚਰੀਜਣ ਲੱਗ ਪੈਂਦੈ ਵੇਖ ਕੇ ਕਣਕ ਕਪਾਵ੍ਹਾਂ ਏਧਰ ਵੀ ਤੇ ਓਧਰ ਵੀ ਕਦ ਤੋਂ ਇੱਕ ਦੂਜੇ ਨੂੰ ਹੱਸ ਕੇ ਸੀਨੇ ਲਾਵਣ ਲਈ ਤਰਸ ਰਹੀਆਂ ਨੇ ਬਾਹਵਾਂ ਏਧਰ ਵੀ ਤੇ ਓਧਰ ਵੀ ਕਿੰਨੇ ਈ ਨੇ ਜਿਹੜੇ ਅੱਜ ਵੀ ਲੈ ਕੇ ਫਿਰਦੇ ਨੇ ਹੌਕੇ ਹੰਝੂ ਹਾਵਾਂ ਏਧਰ ਵੀ ਤੇ ਓਧਰ ਵੀ ਅੱਖਾਂ ਵਿੱਚ ਨੇ ‘ਸੰਧੂ’ ਯਾਰ ਕਿਸੇ ਨੂੰ ਭੁੱਲੀਆਂ ਨਈਂ ਹਾਲੇ ਵੀ ਕੁਝ ਥਾਵਾਂ ਏਧਰ ਵੀ ਤੇ ਓਧਰ ਵੀ * ਧਾਹਵਾਂ :- ਦਰਦ ਭਰੀਆਂ ਚੀਕਾਂ ਹਾੜੇ
ਵਰ੍ਹਿਆਂ ਤੋਂ ਇਹ ਗਿਣਵੇਂ ਚੁਣਵੇਂ
ਵਰ੍ਹਿਆਂ ਤੋਂ ਇਹ ਗਿਣਵੇਂ ਚੁਣਵੇਂ ਨਾਂਵਾਂ ਦੀ ਸਰਦਾਰੀ ਵੇਖ ਰਿਹਾ ਵਾਂ ਹੰਸਾਂ ਉੱਤੇ ਕਾਂਵਾਂ ਦੀ ਸਰਦਾਰੀ ਅੰਦਰੋਂ ਖਾਧੇ ਰੁੱਖ ਨਈਂ ਬਹੁਤੀ ਦੇਰ ਖਲੋਤੇ ਰਹਿੰਦੇ ਬਹੁਤੇ ਦਿਨ ਨਈਂ ਰਹਿੰਦੀ ਟੁੱਟੀਆਂ ਬਾਹਵਾਂ ਦੀ ਸਰਦਾਰੀ ਕੁਝ ਲੋਕਾਂ ਨੂੰ ਭਾਵੇਂ ਘਰ ਵਿਚ ਸਾਰੇ ਰੁੱਖ ਵੀ ਹੋਵਣ ਹੋਰ ਕਿਸੇ ਘਰ ਪਚਦੀ ਨਈਂ ਏ ਛਾਂਵਾਂ ਦੀ ਸਰਦਾਰੀ ਓਨਾ ਚਿਰ ਤੇ ਤੂੰ ਵੀ ਰੱਜ ਕੇ ਮੌਜਾਂ ਕਰ ਨੀ ਜਿੰਦੇ ਜਿੰਨਾਂ ਚਿਰ ਏ ਜੁੱਸੇ ਅੰਦਰ ਸਾਹਵਾਂ ਦੀ ਸਰਦਾਰੀ ਤੋੜ ਕਿਆਮਤ ਰੱਖੀਂ ਸਾਡੇ ਖੇਤਾਂ ਵਿਚ ਹਰਿਆਲੀ ਤੋੜ ਕਿਆਮਤ ਰੱਖੀਂ ਪੰਜ ਦਰਿਆਵਾਂ ਦੀ ਸਰਦਾਰੀ *ਤੋੜ ਕਿਆਮਤ :- ਕਿਆਮਤ ਤੀਕ, ਅਖ਼ੀਰ ਤੱਕ
ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ
ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ ਬਾਕੀ ਦੇ ਦਸਤਾਰਾਂ ਚੰਨ ਚੜ੍ਹਾਏ ਨੇ ਸੋਚੋ ਤੇ ਸਹੀ ਇੰਜ ਭਲਾਂ ਚੰਨ ਚੜ੍ਹਦੇ ਨੇ ਅੱਜ ਕੱਲ੍ਹ ਕਿੰਜ ਅਖਬਾਰਾਂ ਚੰਨ ਚੜ੍ਹਾਏ ਨੇ ਚਾਰ ਚੁਫ਼ੇਰੇ ਓਹਨਾਂ ਦਾ ਈ ’ਨ੍ਹੇਰਾ ਏ ਰਲ਼ ਕੇ ਜਿਹੜੇ ਯਾਰਾਂ ਚੰਨ ਚੜ੍ਹਾਏ ਨੇ ਕਿੰਨੀ ਵਾਰੀ ਰਾਤਾਂ ਮਲ਼ ਕੇ ਮੂੰਹਾਂ 'ਤੇ ਚਿੱਟੇ ਦਿਨ ਜ਼ਰਦਾਰਾਂ ਚੰਨ ਚੜ੍ਹਾਏ ਨੇ ਚੋਰ ਤੇ ਚੋਰ ਨੇ ਉਹਨਾਂ ਦਾ ਕੀ ਕਰਨਾ ਜੇ ਜਿਹੜੇ ਪਹਿਰੇਦਾਰਾਂ ਚੰਨ ਚੜ੍ਹਾਏ ਨੇ ਹੱਥੀਂ ਫਾਹੇ ਲਾ ਕੇ ਸਾਂਝ ਦੇ ਸੂਰਜ ਨੂੰ ‘ਸੰਧੂ’ ਕਿੰਜ ਦੀਵਾਰਾਂ ਚੰਨ ਚੜ੍ਹਾਏ ਨੇ *ਜ਼ਰਦਾਰ :- ਰਾਠ, ਚੌਧਰੀ
ਖ਼ੁਸ਼ੀਆਂ ਹਾਸੇ ਛਾਵਾਂ ਕੁਝ ਵੀ
ਖ਼ੁਸ਼ੀਆਂ ਹਾਸੇ ਛਾਵਾਂ ਕੁਝ ਵੀ ਰਹਿੰਦਾ ਨਈਂ ਮਰ ਜਾਵਣ ਜਦ ਮਾਵਾਂ ਕੁਝ ਵੀ ਰਹਿੰਦਾ ਨਈਂ ਚੇਤੇ ਰੱਖਿਓ ਆਪਣਾ ਵੀ ਹੱਕ ਮੰਗਣ 'ਤੇ ਜਿੱਥੇ ਮਿਲਣ ਸਜ਼ਾਵਾਂ ਕੁਝ ਵੀ ਰਹਿੰਦਾ ਨਈਂ ਜੋਬਨ ਰੁੱਤੇ ਮੇਰੇ ਵਰਗੇ ਰੁੱਖਾਂ ਨੂੰ ਖਾ ਜਾਵਣ ਜੇ ਛਾਂਵਾਂ ਕੁਝ ਵੀ ਰਹਿੰਦਾ ਨਈਂ ਜਿਹੜੇ ਦੇਸ਼ 'ਚ ਥੋਬੇ ਲਾ ਕੇ ਮੂੰਹਾਂ 'ਤੇ ਨੱਪੀਆਂ ਜਾਣ ਸਦਾਵਾਂ ਕੁਝ ਵੀ ਰਹਿੰਦਾ ਨਈਂ ਜਿਸ ਧਰਤੀ ’ਤੇ ਭੇਸ ਵਟਾ ਕੇ ਬੰਦਿਆਂ ਦੇ ਫਿਰਦੀਆਂ ਹੋਣ ਬਲ਼ਾਵਾਂ ਕੁਝ ਵੀ ਰਹਿੰਦਾ ਨਈਂ *ਥੋਬਾ :- ਸਿਆਹੀ ਜਾਂ ਚਿੱਕੜ ਦਾ ਲੱਪ
ਏਨਾ ਤੇ ਮਜ਼ਦੂਰਾਂ ਦੇ ਲਈ
ਏਨਾ ਤੇ ਮਜ਼ਦੂਰਾਂ ਦੇ ਲਈ ਕਰ ਮਜ਼ਦੂਰੀ ਵਿਚੋਂ ਢਿੱਡ ਤੇ ਜਾਵੇ ਇਹਨਾਂ ਦਾ ਵੀ ਭਰ ਮਜ਼ਦੂਰੀ ਵਿਚੋਂ ਅਗਲੀ ਈਦ 'ਤੇ ਲੈ ਦੇਵਾਂਗਾ ਪੁੱਤਰਾ ਤੈਨੂੰ ਲੀੜੇ ਥੋੜ੍ਹੇ ਥੋੜ੍ਹੇ ਜੋੜ ਕੇ ਪੈਸੇ ਹਰ ਮਜ਼ਦੂਰੀ ਵਿਚੋਂ ਹਰ ਇੱਕ ਸ਼ੈਅ ਦਾ ਮੁੱਲ ਸੀ ਕੁੱਲ ਮਜ਼ਦੂਰੀ ਤੋਂ ਵੀ ਚੋਖਾ ਭਲੀਏ ਲੈ ਕੇ ਆਉਂਦਾ ਕੀ ਮੈਂ ਘਰ ਮਜ਼ਦੂਰੀ ਵਿਚੋਂ ਕੱਪ ਟੁੱਟਣ ’ਤੇ ਐਡੀ ਵੱਡੀ ਗਾਲ੍ਹ ਨਾ ਮੈਨੂੰ ਕੱਢੋ ਇਹਦੇ ਪੈਸੇ ਕੱਟ ਲਿਆ ਜੇ ਸਰ ਮਜ਼ਦੂਰੀ ਵਿਚੋਂ ਜਿੰਨ੍ਹਾਂ ਦੀ ਮਜ਼ਦੂਰੀ ਕਰਨਾਂ ‘ਸੰਧੂੱ ਇਹੋ ਕਹਿੰਦੇ ਖਾ ਲਈ ਜੋ ਕੁਝ ਖਾਣਾ ਹੋਵੇ ਪਰ ਮਜ਼ਦੂਰੀ ਵਿਚੋਂ
ਝੁੱਗੀਆਂ ਦੇ ਦੁੱਖ ਸੁਣ ਕੇ ਹੱਸਣਾ
ਝੁੱਗੀਆਂ ਦੇ ਦੁੱਖ ਸੁਣ ਕੇ ਹੱਸਣਾ ਰੀਤ ਪੁਰਾਣੀ ਮਹਿਲਾਂ ਦੀ ਇਸ ਤੋਂ ਵਧ ਕੇ ਦੱਸੋ ਕੀ ਏ ਹੋਰ ਕਹਾਣੀ ਮਹਿਲਾਂ ਦੀ ਨੀਵੇਂ ਘਰਾਂ ਵੱਲ ਨਈਂ ਆਵਣ ਦੇਣਾ ਠੰਡੀਆਂ ’ਵਾਵਾਂ ਨੂੰ ਭਾਵੇਂ ਕੁਝ ਵੀ ਹੋਵੇ ਇਹ ਨਈਂ ਆਦਤ ਜਾਣੀ ਮਹਿਲਾਂ ਦੀ ਜੀਵਨ ਪਰੀਏ ਤੇਰਾ ਸਾਡਾ ਮੇਲ ਨਈਂ ਹੋਣਾ ਏਸੇ ਲਈ ਉੱਜੜੇ ਪੁੱਜੜੇ ਘਰ ਨੇ ਸਾਡੇ ਤੂੰ ਏਂ ਰਾਣੀ ਮਹਿਲਾਂ ਦੀ ਕੱਚੀਆਂ ਕੰਧਾਂ ਓਹਲੇ ਤੇ ਬਸ ਠੰਡੇ ਹਉਕੇ ਹੁੰਦੇ ਨੇ ਸ਼ਾਮ ਤੇ ਕਸਮ ਏ ਹੁੰਦੀ ਏ ਬਸ ਸ਼ਾਮ ਸੁਹਾਣੀ ਮਹਿਲਾਂ ਦੀ ਮਾੜੇ ਘਰ ਦੇ ਨੇੜੇ ਆ ਕੇ ਚੇਤਰ ਵੀ ਮੁੜ ਜਾਂਦਾ ਏ ਫੁੱਲਾਂ ਨਾਲ ਏ ਲੱਦੀ ਰਹਿੰਦੀ ਇਕ ਇਕ ਟਾਹਣੀ ਮਹਿਲਾਂ ਦੀ ਸਾਰੀ ਜ਼ਿੰਦਗੀ ‘ਸੰਧੂ’ ਇੱਕ ਵੀ ਸੁੱਚਾ ਹੀਰਾ ਲੱਭਿਆ ਨਾ ਬੂਹੇ ਬੂਹੇ ਰੁਲ਼ਿਆ ਤੇ ਮੈਂ ਖ਼ਾਕ ਵੀ ਛਾਣੀ ਮਹਿਲਾਂ ਦੀ
ਸੂਰਜ ਵਰਗੇ ਮੁੱਖ ਦੇ ਸਾਹਵੇਂ ਸ਼ੀਸ਼ਾ ਧਰਕੇ
ਸੂਰਜ ਵਰਗੇ ਮੁੱਖ ਦੇ ਸਾਹਵੇਂ ਸ਼ੀਸ਼ਾ ਧਰਕੇ ਅੱਖੀਆਂ ਦਾ ਦਿਲਾ ਓੜਕ ਛੱਡਿਆ ਈ ਨਾ ਕੂੰਡਾ ਕਰਕੇ ਅੱਖੀਆਂ ਦਾ ਤੇਰੇ ਬਾਝੋਂ ਡੰਗਦੇ ਸਨ ਜਦ ਚੰਨਾ ਪਾਲ਼ੇ ਹਿਜਰਾਂ ਦੇ ਨੀਲਾ ਕਾਲ਼ਾ ਹੋ ਜਾਂਦਾ ਸੀ ਜੁੱਸਾ ਠਰ ਕੇ ਅੱਖੀਆਂ ਦਾ ਖ਼ੌਰੇ ਕਿੰਜ ਕਿੰਜ ਫੁੱਲ ਖੁਸ਼ਬੂਆਂ ’ਕੱਠੀਆਂ ਕਰ ਕੇ ਤੇਰੇ ਲਈ ਸਾਰਾ ਦਿਨ ਮੈਂ ਬੈਠਾ ਰਹਿਨਾ ਵਿਹੜਾ ਭਰ ਕੇ ਅੱਖੀਆਂ ਦਾ ਕਹਿੰਦਾ ਸੀ ਜੋ ਸੱਜਣਾ ਮੈਨੂੰ ਭੋਰਾ ਡਰ ਨਈਂ ਲੋਕਾਂ ਦਾ ਓਸੇ ਬੂਹਾ ਢੋਅ ਲਿਆ ਏ ਅੱਜ-ਕੱਲ੍ਹ ਡਰ ਕੇ ਅੱਖੀਆਂ ਦਾ ਐਂਵੇ ਤੇ ਨਈਂ ‘ਸੰਧੂ’ ਇੱਕ ਇੱਕ ਛੱਲ ਵਿਚ ਡੁੱਬਿਆ ਫਿਰਨਾ ਵਾਂ ਮੈਂ ਇਕ ਦਰਿਆ ਵੇਖ ਲਿਆ ਸੀ ਅੱਖੀਂ ਤਰ ਕੇ ਅੱਖੀਆਂ ਦਾ *ਹਿਜਰ :- ਬਿਰਹਾ ਦੀ ਤੜਪ, ਜੁਦਾਈ ਦਾ ਦੁੱਖ
ਖਿੜ ਖਿੜ ਹੱਸਦਾ ਸੋਹਣਾ ਫੁੱਲ ਗੁਲਾਬ
ਖਿੜ ਖਿੜ ਹੱਸਦਾ ਸੋਹਣਾ ਫੁੱਲ ਗੁਲਾਬ ਜਿਹਾ ਈ ਲਗਦਾ ਏ ਮੈਨੂੰ ਮੇਰਾ ਸੱਜਣ ਵੀ ਪੰਜਾਬ ਜਿਹਾ ਈ ਲਗਦਾ ਏ ਖੂਹ ਖਲਵਾੜੇ ਡੇਰੇ ਡੰਡੇ ਹੁੱਕੇ ਪਾਣੀ ਸਾਂਝੇ ਸੀ ਉਹ ਵੇਲ਼ਾ ਹੁਣ ਅੱਖ ’ਚੋਂ ਡਿੱਗਿਆ ਖ਼ਾਬ ਜਿਹਾ ਈ ਲਗਦਾ ਏ ਅੱਖ ਤੇ ਅੱਖ ਏ ਦਿਲ ਵੀ ਮੈਨੂੰ ਇਸ ਧਰਤੀ ਦੇ ਪੁੱਤਰਾਂ ਦਾ ਸਤਲੁਜ ਜਿਹਲਮ ਰਾਵੀ ਬਿਆਸ ਚਨਾਬ ਜਿਹਾ ਈ ਲਗਦਾ ਏ ਜਿਹੜੀ ਅੱਖ ਨੂੰ ਸੋਹਣੇ ਰੱਬ ਦੇ ਬੰਦੇ ਸੋਹਣੇ ਲਗਦੇ ਨੇ ਉਹਨੂੰ ਹਰ ਇੱਕ ਪੰਛੀ ਵੀ ਸੁਰਖ਼ਾਬ ਜਿਹਾ ਈ ਲਗਦਾ ਏ ਜਿਹੜੇ ਵੇਲ਼ੇ ਅੱਖਾਂ ਸਾਹਵੇਂ ਨੁੱਚੜਨ ਭਿੱਜੇ ਵਾਲ਼ਾਂ 'ਚੋਂ ਓਦੋਂ ਇੱਕ ਇੱਕ ਮਿਸਰਾ ਇੱਕ ਕਿਤਾਬ ਜਿਹਾ ਈ ਲਗਦਾ ਏ ਸੱਜਣ ਜੇਕਰ ਮਹਿੰਦੀ ਵਾਲ਼ੇ ਹੱਥਾਂ ਨਾਲ਼ ਪਿਆਵਣ 'ਤੇ ਸਿੱਧੀ ਗੱਲ ਏ ਪਾਣੀ ਫੇਰ ਸ਼ਰਾਬ ਜਿਹਾ ਈ ਲਗਦਾ ਏ ਮੈਂ ਤੇ ਮੈਂ ਆਂ ‘ਸੰਧੂ’ ਜਿਹੜੀ ਰਾਤ ਨੂੰ ਵੀ ਨਾ ਆਵੇਂ ਤੂੰ ’ਕੱਲਾ ਚੰਨ ਨਈਂ ਚਾਨਣ ਵੀ ਬੇਤਾਬ ਜਿਹਾ ਈ ਲਗਦਾ ਏ *ਖਲਵਾੜਾ :- ਵਿਹੜਾ *ਡੇਰੇ :- ਖੇਤਾਂ ਵਿਚਲਾ ਘਰ *ਬੇਤਾਬ :- ਚਮਕ ਰਹਿਤ
ਇਕ ਦੂਜੇ ਦੀ ਰੱਤ ਵਗਾ ਕੇ
ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ ਰੱਬ ਦੀ ਕਸਮੇਂ ਜੰਗਾਂ ਲਾ ਕੇ ਕੁਝ ਨਈਂ ਮਿਲਣਾ ਸਾਨੂੰ ਇੱਕੋ ਧਰਤੀ ਮਾਂ ਏ ਸਾਡੀ ਇੱਕ ਧਰਤੀ ਦੇ ਜਾਏ ਧਰਤੀ ਮਾਂ 'ਤੇ ਬੰਬ ਚਲਾ ਕੇ ਕੁਝ ਨਈਂ ਮਿਲਣਾ ਸਾਨੂੰ ਦੀਨ ਧਰਮ ਦੇ ਠੇਕੇਦਾਰਾਂ ਪਿੱਛੇ ਲੱਗ ਕੇ ਮਿੱਤਰੋ ਸੋਚ ਲਓ ਮਸਜਿਦ ਮੰਦਰ ਢਾਹ ਕੇ ਕੁਝ ਨਈਂ ਮਿਲਣਾ ਸਾਨੂੰ ਕਹਿੰਦੇ ਨੇ ਨਾ ਹੁੰਦੇ ਨੇ ਹਮਸਾਏ ਮਾਂ ਪਿਉ ਜਾਏ ਹਮਸਾਇਆਂ ਸੰਗ ਵੈਰ ਕਮਾ ਕੇ ਕੁਝ ਨਈਂ ਮਿਲਣਾ ਸਾਨੂੰ ਪਹਿਲੇ ਵੀ ਨੇ ਖ਼ੌਰੇ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ ਫੇਰ ਮਾਵਾਂ ਦੇ ਪੁੱਤ ਮਰਵਾ ਕੇ ਕੁਝ ਨਈਂ ਮਿਲਣਾ ਸਾਨੂੰ ਓਧਰ ਖਿੜ੍ਹ ਖਿੜ੍ਹ ਤੂੰ ਹੱਸ ਸੱਜਣਾ ਏਧਰ ਮੈਂ ਵੀ ਹੱਸਾਂ ਇੱਕ ਦੂਜੇ ਵੱਲ ਘੂਰੀ ਪਾ ਕੇ ਕੁਝ ਨਈਂ ਮਿਲਣਾ ਸਾਨੂੰ ਦੂਰੀ ਪੈ ਗਈ ਫਿਰ ਕੀ ਹੋਇਆ ਸਾਂਝਾਂ ਤੇ ਨਈਂ ਮੁੱਕੀਆਂ ਢੇਰ ਪੁਰਾਣੀ ਸਾਂਝ ਮੁਕਾ ਕੇ ਕੁਝ ਨਈਂ ਮਿਲਣਾ ਸਾਨੂੰ ਸਾਡਾ ਸਾਵਾ ਚਿੱਟਾ ਵੱਸੇ ਤੇਰਾ ਵੀ ਤਿੰਨ ਰੰਗਾ ਇੱਕ ਦੂਜੇ ਦੇ ਰੰਗ ਮਿਟਾ ਕੇ ਕੁਝ ਨਈਂ ਮਿਲਣਾ ਸਾਨੂੰ ਆ ਖਾਂ ‘ਸੰਧੂ’ ਇੱਕ ਥਾਂ ਬਹਿ ਕੇ ਵੈਰ ਦਾ ਜ਼ਹਿਰ ਮੁਕਾਈਏ ਇਕ ਦੂਜੇ ਨੂੰ ਨਾਗ ਲੜਾ ਕੇ ਕੁਝ ਨਈਂ ਮਿਲਣਾ ਸਾਨੂੰ *ਸਾਵਾ :- ਹਰਾ
ਹੱਕ ਦੇ ਦੀਵੇ ਬਾਲ਼ ਫ਼ਕੀਰਾ
ਹੱਕ ਦੇ ਦੀਵੇ ਬਾਲ਼ ਫ਼ਕੀਰਾ ਮੈਂ ਆਂ ਤੇਰੇ ਨਾਲ਼ ਫ਼ਕੀਰਾ ਹਰ ਥਾਂ ਬੰਦੇ ਫਿਰ ਵੀ ਹਰ ਥਾਂ ਬੰਦਿਆਂ ਦਾ ਏ ਕਾਲ ਫ਼ਕੀਰਾ ਹਿੰਮਤ ਨੂੰ ਅਕੜਾਇਆਂ ਟੁੱਟਣੇ ਜਿੰਨੇ ਵੀ ਨੇ ਜਾਲ਼ ਫ਼ਕੀਰਾ ਰਜਵਾਂ ਕੰਮ ਨਾ ਰਜਵੀਂ ਖਾਵੇ ਰੱਜਿਆਂ ਦੀ ਏ ਚਾਲ ਫ਼ਕੀਰਾ ਤੂੰ-ਤੂੰ, ਮੈਂ-ਮੈਂ ਕਰ ਛੱਡਿਆ ਏ ਲੋਕਾਂ ਦਾ ਕੀ ਹਾਲ ਫ਼ਕੀਰਾ ਦਿਨ ਦਿਨ ਕਰਕੇ ਦਿਨ ਆਵਣ ਵਿਚ ਲੱਗ ਜਾਂਦੇ ਕਈ ਸਾਲ ਫ਼ਕੀਰਾ ਸਭ ਕੁਝ ਲੱਭਦਾ ਜੇ ਕਰ ਲੈਂਦੇ ਇੱਕ ਦੂਜੇ ਨੂੰ ਭਾਲ਼ ਫ਼ਕੀਰਾ ਤਰ ਗਏ ਜਿਨ੍ਹਾਂ ਡੁੱਬਣਾ ਤਰਨਾ ਭੁੱਲ ਕੇ ਮਾਰੀਂ ਛਾਲ ਫ਼ਕੀਰਾ ‘ਸੰਧੂ’ ਜਿਹੇ ਦਰਿਆਵਾਂ ਨੂੰ ਕਈ ਧੋਖਾ ਦੇ ਗਏ ਖਾਲ਼ ਫ਼ਕੀਰਾ
ਅੰਨ੍ਹੀ ਖਿੱਚ ਤੇ ਮੋਹ ਕਿਸੇ ਦੀ
ਅੰਨ੍ਹੀ ਖਿੱਚ ਤੇ ਮੋਹ ਕਿਸੇ ਦੀ ਜਿੰਦ ਦਿੰਦੀ ਏ ਕੋਹ ਕਿਸੇ ਦੀ ਜਿਹਦੇ ਪੱਲੇ ਆਪਣੀ ਹੋਵੇ ਕਰਦਾ ਨਈਂ ਏ ਉਹ ਕਿਸੇ ਦੀ ਆਪਣੇ ਐਬ ਫਰੋਲ਼ੀ ਦੇ ਨੇ ਲਾਈ ਦੀ ਨਈਂ ਤੋਹ ਕਿਸੇ ਦੀ ਕਈ ਕਈ ਵਾਰੀ ਖੋਹ ਲੈਂਦੀ ਏ ਕਸਮੇਂ ਹਰ ਸ਼ੈਅ ਖੋਹ ਕਿਸੇ ਦੀ ਪਹਿਲਾਂ ਵੇਖ ਕਹਾਣੀ ਬਣ ਕੇ ਫੇਰ ਕਹਾਣੀ ਛੋਹ ਕਿਸੇ ਦੀ ਇੱਥੇ ਹਾੜ ਨੇ ਗੂੰਗੇ ਬੋਲ਼ੇ ਸੁਣਨੀ ਕੀ ਏ ਪੋਹ ਕਿਸੇ ਦੀ ਢਿੱਡ ਲਈ ‘ਸੰਧੂ' ਪੁੱਚ ਪੁੱਚ ਤੇ ਅੱਜ ਹੁੰਦੀ ਪਈ ਏ ਤੋਹ ਤੋਹ ਕਿਸੇ ਦੀ *ਕੋਹ :- ਤਸੀਹੇ ਦੇ ਕੇ ਜਾਣ ਲੈਣੀ *ਐਬ :- ਨੁਕਸ, ਔਗੁਣ *ਤੋਹ :- ਝੋਨੇ, ਕਣਕ ਦੀ ਛਿੱਲੜ, ਉਪਰਲੀ ਪਰਤ *ਛੋਹ :- (ਛੇੜ, ਸ਼ੁਰੂ ਕਰਨਾ) *ਪੁੱਚ :- (ਪੁਚਕਾਰਨਾ, ਲਾਡ ਕਰਨਾ) ਤੋਹ :- (ਕੁੱਤੇ ਨੂੰ ਵਰਜਣਾ ਜਾਂ ਬੁਲਾਉਣਾ)
ਜੁਗਨੀ ਟੱਪੇ ਮਾਹੀਏ ਢੋਲੇ
ਜੁਗਨੀ ਟੱਪੇ ਮਾਹੀਏ ਢੋਲੇ ਆ ਜਾ ਰਲ਼ ਕੇ ਗਾਈਏ ਢੋਲੇ ਬੋਲੀ ਪਾਈਏ ਪਿੱਪਲਾਂ ਥੱਲੇ ਬੋਹੜਾਂ ਹੇਠ ਸੁਣਾਈਏ ਢੋਲੇ ਇੱਕ ਮੌਕਾ ਜੇ ਮਿਲ ਜਾਵੇ ਤੇ ਇੱਕ ਥਾਂ ਫਿਰ ਲੈ ਆਈਏ ਢੋਲੇ ਲੱਭ ਜਾਵਣ ਤੇ ਥਾਂ ਸੁਰਮੇ ਦੀ ਅੱਖੀਆਂ ਦੇ ਵਿਚ ਪਾਈਏ ਢੋਲੇ ਰੁੱਸ ਜਾਵਣ ਤੇ ਨੱਚਦੇ ਨੱਚਦੇ ਢੋਲਾਂ ਨਾਲ਼ ਮਨਾਈਏ ਢੋਲੇ ਇੱਕ ਦੂਜੇ ਲਈ ਇੱਕ ਦੂਜੇ ਦੇ ਸਾਰੇ ਈ ਬਣ ਜਾਈਏ ਢੋਲੇ ਨਾ ਉਹ ਬਾਰਾਂ ਨਾ ਉਹ ਬੇਲੇ ਕਿੱਥੋਂ ਲੱਭ ਲਿਆਈਏ ਢੋਲੇ ਜਿੰਨੇ ਵੀ ਨੇ ਲਹਿੰਦੇ ਚੜ੍ਹਦੇ ਵਾਰੋ ਵਾਰ ਮਿਲਾਈਏ ਢੋਲੇ ਰੱਬ ਜੇ ਦਿੱਤੇ ਹੋਵਣ ‘ਸੰਧੂ’ ਚੁੰਮ ਚੁੰਮ ਸੀਨੇ ਲਾਈਏ ਢੋਲੇ *ਢੋਲਾ :- (ਲੋਕ ਗੀਤ/ਮਾਹੀ)
ਕਰਕੇ ਅੱਜ ਵੀ ਕਾਰੇ ਸ਼ਾਰੇ
ਕਰਕੇ ਅੱਜ ਵੀ ਕਾਰੇ ਸ਼ਾਰੇ ਲੱਗਦੇ ਪਏ ਨੇ ਲਾਰੇ ਸ਼ਾਰੇ ਅੱਜ ਈ ਸੋਚ ਲੈ ਕੱਲ ਨੂੰ ਸਾਥੋਂ ਟੁੱਟਣੇ ਨਈਂਓ ਤਾਰੇ ਸ਼ਾਰੇ ਮਤਲਬ ਮਿੱਠੇ ਕਰ ਦਿੰਦਾ ਏ ਕੂੜੇ ਕਾੜੇ ਖਾਰੇ ਸ਼ਾਰੇ ਲੰਘ ਗਏ ਵੇਲ਼ੇ ਤੈਨੂੰ ਤੱਕ ਕੇ ਫਿਰਦੇ ਸੀ ਜਦ ਆਰੇ ਸ਼ਾਰੇ ਕਿੱਥੇ ਗਈਆਂ ਸੁਰਮ ਸਲਾਈਆਂ ਕਿੱਧਰ ਗਏ ਅੱਜ ਖਾਰੇ ਸ਼ਾਰੇ ਕਿੰਜ ਮਹਿਲਾਂ ਦੇ ਪਿੰਜਰੇ ਖਾ ਗਏ ਆਲ਼ੇ ਖੱਡੇ ਹਾਰੇ ਸ਼ਾਰੇ ਦਿਲ ਖੜੀਜਣ ਮਗਰੋਂ ‘ਸੰਧੂ’ ਕੰਮ ਨਈਂ ਆਉਂਦੇ ਦਾਰੇ ਸ਼ਾਰੇ *ਖੁੱਡਾ :- ਕੁੱਕੜ ਕੁੱਕੜੀਆਂ ਤਾੜਨ ਵਾਲ਼ੀ ਕੋਠੜੀ *ਖੜੀਜਣ :- ਚੋਰੀ ਹੋ ਜਾਣਾ ਜਾਂ ਗਵਾਚ ਜਾਣਾ *ਦਾਰੇ :- ਪੀਰ-ਫ਼ਕੀਰ ਖਵਾਚੀ ਚੀਜ਼ ਲੱਭਣ ਲਈ ਦਾਰੇ ਪਾਉਂਦੇ ਸਨ
ਰਲ਼ਕੇ ਚਿੜੀਆਂ ਨਾਲ਼ ਕਬੂਤਰ
ਰਲ਼ਕੇ ਚਿੜੀਆਂ ਨਾਲ਼ ਕਬੂਤਰ ਲਾਲ ਕਬੂਤਰ ਤੋੜਨਗੇ ਸਭ ਜਾਲ ਕਬੂਤਰ ਲਾਲ ਕਬੂਤਰ ਰੁਲਦੇ ਪਏ ਨੇ ਅੱਜ ਵੀ ਚਿੱਟਿਆਂ ਕਾਵਾਂ ਹੱਥੋਂ ਇਸ ਧਰਤੀ ਤੇ ਲਾਲ ਕਬੂਤਰ ਲਾਲ ਕਬੂਤਰ ਜੇ ਚਾਹਨਾ ਏਂ ਪਿਆਰ ਦੀ ਗੁਟਕੂੰ ਗੁਟਕੂੰ ਹੋਵੇ ਮੈਂ ਪਾਲ਼ੇ ਤੂੰ ਪਾਲ਼ ਕਬੂਤਰ ਲਾਲ ਕਬੂਤਰ ਕੋਈ ਤੇ ਸੋਚੇ ਕੋਈ ਤੇ ਸਮਝੇ ਕੋਈ ਤੇ ਪੁੱਛੇ ਫਿਰਦੇ ਕਿਹੜੇ ਹਾਲ ਕਬੂਤਰ ਲਾਲ ਕਬੂਤਰ ਕਮਲ਼ੇ ਨੇ ਨਾ ਅੱਜ ਵੀ ਗਿਰਝਾਂ ਦੇ ਪਿੰਡ ਸੁੱਖ ਦੀ ਕਰਦੇ ਪਏ ਨੇ ਭਾਲ਼ ਕਬੂਤਰ ਲਾਲ ਕਬੂਤਰ ਭੋਲ਼ੇ ਭਾਲ਼ੇ ਕਈ ਲਗੜਾਂ ਦੇ ਹੱਥੀਂ ਆ ਕੇ ਮਰ ਜਾਂਦੇ ਹਰ ਸਾਲ ਕਬੂਤਰ ਲਾਲ ਕਬੂਤਰ ਇੰਜ ਦੇ ਦਿਨ ਲਿਆਈਏ ਇੱਕ ਮਿੱਕ ਹੋ ਕੇ ‘ਸੰਧੂ’ ਪਾਉਂਦੇ ਫਿਰਨ ਧਮਾਲ ਕਬੂਤਰ ਲਾਲ ਕਬੂਤਰ *ਲਗੜਾਂ :- ਸ਼ਿਕਾਰੀ ਪੰਛੀ
ਸੋਚ ਸੋਚ ਕੇ ਨੰਗ ਸੋਚਾਂ ਨੂੰ
ਸੋਚ ਸੋਚ ਕੇ ਨੰਗ ਸੋਚਾਂ ਨੂੰ ਲਾ ਦਿੱਤੇ ਨੇ ਰੰਗ ਸੋਚਾਂ ਨੂੰ ਜੇ ਸੋਚਾਂ ਤੋਂ ਕੰਮ ਲੈਣਾ ਈਂ ਕਿੱਲੀਆਂ ਨਾਲ਼ ਨਾ ਟੰਗ ਸੋਚਾਂ ਨੂੰ ਇੱਕ ਮਿਸਰੇ ਲਈ ਲੜਨੀ ਪੈਂਦੀ ਕਈ ਕਈ ਰਾਤਾਂ ਜੰਗ ਸੋਚਾਂ ਨੂੰ ਸਾਰੇ ਜਗ ਵਿਚ ਕਰ ਛੱਡਿਆ ਏ ਤੰਗ ਜ਼ਿਹਨਾ ਨੇ ਤੰਗ ਸੋਚਾਂ ਨੂੰ ਕਈ ਸੋਚਾਂ ਵਿਚ ਕੰਮ ਦੇਂਦੀ ਏ ਅੱਜ ਵੀ ਉਹਦੀ ਵੰਗ ਸੋਚਾਂ ਨੂੰ ਖਾ ਜਾਂਦਾ ਏ ਕਈ ਕਈ ਵਾਰੀਂ ਕਈ ਸੋਚਾਂ ਦਾ ਜੰਗ ਸੋਚਾਂ ਨੂੰ ਇੰਜ ਲੱਗਦਾ ਏ ਸੁੱਤੇ ਪਏ ਨੇ ਲੋਕ ਪਿਆ ਕੇ ਭੰਗ ਸੋਚਾਂ ਨੂੰ ਲੌਹਰ ਕਸੂਰ ਦੇ ਪਿਆਰ ਨੇ ‘ਸੰਧੂੱ ਕਰ ਦਿੱਤਾ ਏ ਝੰਗ ਸੋਚਾਂ ਨੂੰ *ਲੌਹਰ :- ਲਾਹੌਰ
ਚੰਗਾ ਏ ਜਾਂ ਮੰਦਾ ਏ
ਚੰਗਾ ਏ ਜਾਂ ਮੰਦਾ ਏ ਬੰਦੇ ਵਿਚ ਇੱਕ ਬੰਦਾ ਏ ਇੰਜ ਦੀ ਵੀ ਇੱਕ ਆਰੀ ਜੇ ਜਿਹਨੂੰ ਮੁੱਠ ਨਾ ਦੰਦਾ ਏ ਤੇਰੇ ਦੇਸ ਹਕੂਮਤ ਹੈ ਸਾਡੇ ਦੇਸ਼ 'ਚ ਧੰਦਾ ਏ ਇੱਥੇ ਜਿਹੜੇ ਪੱਧਰ ਨੇ ਉਹਨਾਂ ਉੱਤੇ ਰੰਦਾ ਏ ਸਾਡੇ ਗਲ਼ ਗੁਲਾਮੀ ਦਾ ਹਾਲੇ ਸੌ ਸੌ ਫੰਦਾ ਏ ਗੰਦੇ ਜਿਹੇ ਨੇ ਸਾਨੂੰ ਵੀ ਕੀਤਾ ਹਰ ਥਾਂ ਗੰਦਾ ਏ ‘ਸੰਧੂ’ ਜਗ ਦੇ ਦਫ਼ਤਰ ਵਿਚ ਜੀਵਨ ਰੋਗ ਪਲੰਦਾ ਏ *ਪਲੰਦਾ :- ਦਸ-ਬਾਰਾਂ ਫਾਈਲਾਂ ਜੋੜ ਕੇ ਬੰਨ੍ਹੇ ਕਾਗਜ਼
ਜੋ ਆਈ ਤੇ ਆ ਸਕਦੇ ਨੇ
ਜੋ ਆਈ ਤੇ ਆ ਸਕਦੇ ਨੇ ਉਹੀ ਅੱਗੇ ਜਾ ਸਕਦੇ ਨੇ ਕੱਖ ਆਖੋ ਤਾਂ ਕੱਖ ਨਈਂ ਚੁੱਕਦੇ ਲੋਕੀ ਡਾਂਗਾ ਚਾ' ਸਕਦੇ ਨੇ ਤੇਰੇ ਕਾਂ ਤੇ ਸਾਡੇ ਤੋਤੇ ਸਾਡੇ ਕੰਨ ਈ ਖਾ ਸਕਦੇ ਨੇ ਉਹਦੇ ਹਾਸੇ ਪਾਣੀ ਵਿਚ ਵੀ ਅੱਗ ਦਾ ਮੇਲਾ ਲਾ ਸਕਦੇ ਨੇ ਰੋਕੋ ਨਈਂ ਤੇ ਅੱਜ ਦੇ ਅੰਨ੍ਹੇ ਕੱਲ ਨੂੰ ਅੰਨ੍ਹੀ ਪਾ ਸਕਦੇ ਨੇ ਬੰਦੇ ਕੀ ਨੇ ਕੁਝ ਬੰਦਿਆਂ ਲਈ ਬੰਦੇ ਰੱਬ ਭੁਲਾ ਸਕਦੇ ਨੇ ਰਾਹ ’ਚੋਂ ਰਾਹ ਕਿੰਜ ਕੱਢਣੀ ‘ਸੰਧੂ’ ਠੁੱਡੇ ਹੀ ਸਮਝਾ ਸਕਦੇ ਨੇ *ਚਾ’ :- ਚਾਉਣਾ (ਚੁੱਕਣਾ, ਉਠਾਉਣਾ) *ਅੰਨ੍ਹੀ :- ਵੱਡੀ ਬਿਪਤਾ ਦੇ ਅਰਥਾਂ ਵਿਚ)
ਹਾਸਾ ਵੀ ਇਜ਼ਹਾਰ ਜਿਹਾ ਈ ਹੁੰਦਾ ਏ
ਹਾਸਾ ਵੀ ਇਜ਼ਹਾਰ ਜਿਹਾ ਈ ਹੁੰਦਾ ਏ ਇਕ ਤਰ੍ਹਾਂ ਦਾ ਪਿਆਰ ਜਿਹਾ ਈ ਹੁੰਦਾ ਏ ਖਾਲੀ ਸੱਜਣ ਕੋਲ਼ੋਂ ਹੀ ਲੰਘ ਜਾਵਣ ਤੇ ਉਹ ਵੀ ਦਿਨ ਤਿਉਹਾਰ ਜਿਹਾ ਈ ਹੁੰਦਾ ਏ ਚੰਨਾ ਚੰਨ ਨੂੰ ਖ਼ੌਰੇ ਕੀ ਚਾ ਕੀਤਾ ਈ ਜਦ ਵੇਖਾਂ ਬੀਮਾਰ ਜਿਹਾ ਈ ਹੁੰਦਾ ਏ ਮਾੜੇ ਤੇ ਮਜ਼ਦੂਰ ਦੇ ਈ ਕਿਉਂ ਚਾਵਾਂ ਦਾ ਗਲਮਾ ਤਾਰੋ ਤਾਰ ਜਿਹਾ ਈ ਹੁੰਦਾ ਏ ਬਾ'ਜ਼ੇ ਵੇਲ਼ੇ ਤੱਕਣਾ ਵੀ ਕੁਝ ਲੋਕਾਂ ਦਾ ਦਿਲ ਦੇ ਲਈ ਤਲਵਾਰ ਜਿਹਾ ਈ ਹੁੰਦਾ ਏ ਹੋਰ ਤੇ ਕੁਝ ਨਈਂ ਇਸ਼ਕ 'ਚ ਸਾਰੀ ਜ਼ਿੰਦਗੀ ਦਾ ਐਵੇਂ ਬਸ ਬੁਖਾਰ ਜਿਹਾ ਈ ਹੁੰਦਾ ਏ ‘ਸੰਧੂ’ ਜੇਕਰ ਬੰਦਾ ਗੱਲ ਨੂੰ ਸਮਝੇ ਤੇ ਵਾਅਦਾ ਵੀ ਇੱਕ ਭਾਰ ਜਿਹਾ ਈ ਹੁੰਦਾ ਏ *ਬਾ'ਜ਼ੇ :- ਕਿਸੇ ਵੇਲ਼ੇ
ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ
ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ ਵਰ੍ਹਿਆਂ ਤੋਂ ਤਲਵਾਰਾਂ ਐਵੇਂ ਭੌਂਕਦੀਆਂ ਕਿਸੇ ਨੇ ਨਾ ਦੁੱਖ ਵੰਡਾਇਆ ਮਾੜੇ ਦਾ ਰਹੀਆਂ ਸਭ ਸਰਕਾਰਾਂ ਐਵੇਂ ਭੌਂਕਦੀਆਂ ਜਿਹੜੇ ਦਿਨ ਮੈਂ ਮੂੰਹ ਨਾ ਲਾਇਆ ਇਹਨਾਂ ਨੂੰ ਗਈਆਂ ਫਿਰ ਬਹਾਰਾਂ ਐਵੇਂ ਭੌਂਕਦੀਆਂ ਮੈਂ ਦੀਵਾਰਾਂ ਓਹਲੇ ਲੁਕ ਲੁਕ ਰੋਇਆ ਨਈਂ ਪਈਆਂ ਨੇ ਦੀਵਾਰਾਂ ਐਵੇਂ ਭੌਂਕਦੀਆਂ ਦਿਲ ਨਈਂ ਮੰਨਦਾ ਤੋੜੇ ਨੇ ਦਿਲ ਸੱਜਣਾਂ ਨੇ ਦਿਲ ਦੀਆਂ ਨੇ ਤਾਰਾਂ ਐਵੇਂ ਭੌਂਕਦੀਆਂ ਮੈਂ ਉਹ ਕੂੰਜ ਆਂ ਜਿਹੜੀ ਵਿਛੜ ਗਈ ਤੇ ਫਿਰ ਫਿਰਨਗੀਆਂ ਇਹ ਡਾਰਾਂ ਐਵੇਂ ਭੌਂਕਦੀਆਂ
ਹੋਰ ਦੇ ਹੋਰ ਫ਼ਸਾਨੇ ਘੜ ਕੇ
ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਕੂੜ ਦੀ ਮਿੱਟੀ ਥੱਲੇ ਜੀਂਦਾ ਸੱਚ ਦਫ਼ਨਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਅੰਨ੍ਹਿਆਂ ਕਰਕੇ ਜੀਭਾਂ ਵੱਢ ਕੇ ਸਦੀਆਂ ਤੋਂ ਇਹ ਇਕੋ ਇਕ ਤਮਾਸ਼ਾ ਸਾਨੂੰ ਵਾਂਗ ਮਦਾਰੀ ਵਾਰੋ ਵਾਰੀ ਕਿੰਜ ਵਿਖਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਪਿਆਰ ਖ਼ਲੂਸ ਦੇ ਕੋਠੇ ਢਾਹ ਕੇ, ਲੋਭ ਦੇ ਮਹਿਲ ਮੁਨਾਰੇ ਪਾ ਕੇ, ਸਾਂਝ ਮੁਕਾਕੇ, ਬੇ-ਹਿੱਸੀਆਂ ਤੇ ਬੇ-ਵਸੀਆਂ ਦੇ ਸ਼ਹਿਰ ਵਸਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਕੁਝ ਨਾ ਕੁਝ ਤੇ ਸੋਚੋ, ਕੁਝ ਤੇ ਸਮਝੋ, ਆਪਣੇ ਆਪਣੇ ਕਮਲ਼ਪੁਣੇ ਵਿਚ ਲੋਕੋ, ਕਿੰਨੇ ਚਿਰ ਤੋਂ ਹੱਥੀਂ ਆਪਣੀ ਖੱਲ ਲੁਹਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਇਕੋ ਮਾਂ ਦੇ ਪੁੱਤਰਾਂ ਨੂੰ ਈ ਦੀਨ ਧਰਮ ਦੇ ਨਾਂ ਤੇ ਖ਼ੌਰੇ ਕਿਹੜੀ ਗੱਲੋਂ ਡੰਗਰਾਂ ਵਾਂਗੂੰ ਇਕ ਦੂਜੇ ਦੇ ਨਾਲ਼ ਲੜਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਕਿੰਨੇ ਚਿਰ ਦਾ ਸਿਰ ਤੋਂ ਪਾਣੀ ਲੰਘ ਗਿਆ ਏ, ਜਾਗਣ ਦਾ ਪਰ ਸੁੱਤੇ ਜ਼ਿਹਨੋਂ ਲੋੜ੍ਹਾ ਨਈਂ ਏ ਹਾਲੇ ਤੀਕਰ ਜ਼ਿਹਨ ਬਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ ਚੇਤਰ ਰੁੱਤੇ ਕੌਣ ਖ਼ਿਜ਼ਾਵਾਂ ਵਰਗੇ ਲੋਕਾਂ ਕੋਲੋਂ ‘ਸੰਧੂ’ ਇਹ ਗੱਲ ਪੁੱਛੇ ਖਿੜ ਖਿੜ ਹੱਸਦੇ ਫੁੱਲ ਕਲੀਆਂ ਨੂੰ ਕਿੰਜ ਜ਼ਖ਼ਮਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ *ਫ਼ਸਾਨਾ/ਅਫ਼ਸਾਨਾ :- ਕਹਾਣੀ *ਖਲਊਸ :- ਪਵਿੱਤਰਤਾ/ਸ਼ੁਧਤਾ *ਖਿਜ਼ਾਵਾਂ :- ਪੱਤਝੜ
ਜੱਫੀਆਂ ਪਾ ਪਾ ਹੱਸਦੇ ਫਿਰਦੇ
ਜੱਫੀਆਂ ਪਾ ਪਾ ਹੱਸਦੇ ਫਿਰਦੇ ਬੁੱਲੇ ਤੇਜ਼ ਹਵਾਵਾਂ ਦੇ ਇਸ ਧਰਤੀ ਤੇ ਫੁੱਲ ਖਿੜ੍ਹਦੇ ਸੀ ਕਿੰਜ ਕਿੰਜ ਪਿਆਰ ਵਫ਼ਾਵਾਂ ਦੇ ਛਣ-ਛਣ, ਛਣ-ਛਣ ਚੂੜੇ ਛਣਕਣ ਡਗ ਡਗ ਕਰਨੀ ਢੋਲਾਂ ਨੇ ਜਿਹੜੇ ਵੇਲ਼ੇ ਲੱਗ ਜਾਂਦੇ ਸੀ ਮੇਲੇ ਕਣਕ ਕਪਾਵ੍ਹਾਂ ਦੇ ਵਰ੍ਹਿਆਂ ਪਹਿਲੋਂ ਲਾਲ ਅਨ੍ਹੇਰੀ ਖਾ ਗਈ ਪਿੱਪਲ ਬੋਹੜਾਂ ਨੂੰ ਵੈਰ ਦੀ ਕੜਮੀ ਧੁੱਪ ਨੇ ਦਿੱਤੇ ਚੀਰ ਕਲੇਜੇ ਛਾਂਵਾਂ ਦੇ ਤੇਰੇ ਮਗਰੋਂ ਕੀ ਬੀਤੀ ਏ ਗਲ਼ੀਆਂ ਸੁੰਝ ਮਸੁੰਝੀਆਂ ਤੇ ਤੂੰ ਕੀ ਜਾਣੇ ਕਿੰਨੇ ਸੁਫ਼ਨੇ ਟੁੱਟ ਗਏ ਪਿੰਡ ਦਿਆਂ ਰਾਹਵਾਂ ਦੇ ਤਰਸ ਰਹੀਆਂ ਨੇ ਕਿੰਨੀਆਂ ਅੱਖਾਂ ਅੱਜ ਵੀ ਇੱਕ ਇੱਕ ਤਾਰੇ ਨੂੰ ਹਾਲੇ ਤੀਕਰ ਚੰਨ ਨਈਂ ਲੱਭੇ ਉੱਜੜ ਗਈਆਂ ਕਈ ਮਾਵਾਂ ਦੇ ਮਰ ਕੇ ਵੀ ਨਈਂ ਸਾਨੂੰ ਭੁੱਲਣੇ ਖਾਡੇ ਮਿੱਠਿਆਂ ਖੂਹਾਂ ਦੇ ਜਿੱਥੋਂ ਠੰਢੇ ਪਾਣੀ ਪੀਤੇ ਰਲ਼ ਕੇ ਵਾਂਗ ਭਰਾਵਾਂ ਦੇ ਘੁੱਗੀ, ਲਾਲ੍ਹੀ, ਸੀੜ੍ਹ, ਕਬੂਤਰ ਰਲ਼-ਮਿਲ਼ ਗਾਉਂਦੀਆਂ ਚਿੜੀਆਂ ਨੂੰ ਵੱਖ ਕਰਨੇ ਵਿਚ ਹੱਥ ਨੇ ਬਹੁਤੇ ਕੁਝ ਗਿਰਝਾਂ ਕੁਝ ਕਾਵਾਂ ਦੇ ਕੁਝ ਵਿੱਥਾਂ ਦੀ ਕੀੜੀ ਪੈ ਗਈ ਰੁੱਤ ਮਿਲਾਪਾਂ ਵਾਲ਼ੀ ਨੂੰ ਤਾਂ ਈ ਖ਼ੌਰੇ ਸਾਂਝਾ ਉੱਤੇ ਚੱਲ ਗਏ ਵਾਰ ਬਲ਼ਾਵਾਂ ਦੇ ਜਿੰਨੀਆਂ ਮਰਜ਼ੀ ਵੰਡਾਂ ਪਾ ਲੈ ਰਾਹ ਵਿਚ ਤਾਰਾਂ ਲਾ ਲੈ ਤੂੰ ਕਦੀ ਕਿਸੇ ਤੋਂ ਵੱਖ ਨਈਂ ਹੋਣੇ ਪੁੱਤਰ ਪੰਜ ਦਰਿਆਵਾਂ ਦੇ ਇੱਕੋ ਦੇਸ ਪੰਜਾਬ ਜੇ ਰਹਿੰਦਾ ‘ਸੰਧੂ’ ਜਗ ਨੇ ਤੱਕਣਾ ਸੀ ਕਿੰਜ ਕਿੰਜ ਸੱਜਣ ਭਾਰ ਵੰਡਾਉਂਦੇ ਬਾਹਵਾਂ ਬਣਕੇ ਬਾਹਵਾਂ ਦੇ *ਅਨ੍ਹੇਰੀ :- ਹਨੇਰੀ *ਕੜਮੀ :- ਕੜਕਦੀ ਧੁੱਪ ਦੇ ਅਰਥਾਂ ਵਿਚ *ਸੁੰਝ ਮਸੁੰਝੀਆਂ :- ਉਜਾੜ/ਸੁੰਨੀਆਂ *ਖਾਡੇ/ਖਾਡਾ :- ਖੂਹ 'ਚੋਂ ਪਾਣੀ ਕੱਢਣ ਵਾਲ਼ੀ ਜਗ੍ਹਾ/ਚੁਬੱਚਾ *ਲਾਲ੍ਹੀ, ਸੀੜ੍ਹ :- ਪੰਛੀ
ਜਿੱਥੇ ਠੱਲੇ ਉੱਥੇ ਠੱਲੇ ਰਹਿ ਗਏ
ਜਿੱਥੇ ਠੱਲੇ ਉੱਥੇ ਠੱਲੇ ਰਹਿ ਗਏ ਨੀ ਦਰਿਆ ਖ਼ੌਰੇ ਕਿੰਨੇ ਅੱਖਾਂ ਥੱਲੇ ਰਹਿ ਗਏ ਨੀ ਦਰਿਆ ਅੱਧੇ ਪਾਣੀ, ਅੱਧੇ ਪਿੰਡ ਤੇ ਅੱਧੇ ਸਾਡੇ ਸ਼ਹਿਰ ਅੱਧੇ ਸਾਡੇ ਤੇਰੇ ਵੱਲੇ ਰਹਿ ਗਏ ਨੀ ਦਰਿਆ ਪੁੱਛਣਾ ਈ ਤੇ ਵੰਡਾਂ ਦਾ ਦੁੱਖ ਸਾਡੇ ਕੋਲ਼ੋਂ ਪੁੱਛੀਂ ਜਿੰਨਾਂ ਦੇ ਅੱਜ ’ਕੱਲੇ ’ਕੱਲੇ ਰਹਿ ਗਏ ਨੀ ਦਰਿਆ ਠਾਠਾਂ ਮਾਰਨ ਵਾਲ਼ੇ ਸਨ ਜੋ ਦੱਸ ਕੀ ਦੱਸਾਂ ਮੈਂ ਸੁੱਕ ਭੜੁੱਕੇ ਕਿਹੜੀ ਗੱਲੋਂ ਰਹਿ ਗਏ ਨੀ ਦਰਿਆ ਲਿਖਾਂ ਵੀ ਤੇ ਅੱਜ ਪੰਜਾਬ ਦਾ ਲਿਖਾਂ ਕੀ ਮੈਂ ਨਾਂ ਗਿਣਵੇਂ ਚੁਣਵੇਂ ਜਿਹਦੇ ਪੱਲੇ ਰਹਿ ਗਏ ਨੀ ਦਰਿਆ ਨਾ ਉਹ ਛੱਲਾਂ ਤੇ ਅੱਜ ਨਾ ਉਹ ਸ਼ੂਕ ਸ਼ਕਾਟੇ ਨੀ ‘ਸੰਧੂ’ ਹੁਣ ਤੇ ਝੱਲ ਵਲੱਲੇ ਰਹਿ ਗਏ ਨੀ ਦਰਿਆ
ਕੀ ਤਿੱਤਰ ਕੀ ਮੋਰ ਨੇ ਸਾਰੇ
ਕੀ ਤਿੱਤਰ ਕੀ ਮੋਰ ਨੇ ਸਾਰੇ ਅੰਦਰ ਖਾਤੇ ਚੋਰ ਨੇ ਸਾਰੇ ਢਿੱਡ ਕੁਰਸੀ ਤੇ ਨਾਂ ਤੋਂ ਹੱਟ ਕੇ ਦੱਸੋ ਕਾਹਦੇ ਸ਼ੋਰ ਨੇ ਸਾਰੇ ਅਕਲਾਂ ਨਈਂ ਘਾਹ ਚਰਨੇ ਛੱਡੇ ਤਾਂ ਤੇ ਅੱਜ ਵੀ ਢੋਰ ਨੇ ਸਾਰੇ ਤੂੰ ਏਂ ਖੰਡ ਪਤਾਸਾ ਮਤਲਬ ਬਾਕੀ ਤੇ ਫਿਰ ਭੋਰ ਨੇ ਸਾਰੇ ਜਿੰਨੇ ਵੀ ਨੇ ਜਿਹੜੇ ਵੀ ਨੇ ਰੰਗ ਹਾਲੇ ਕਮਜ਼ੋਰ ਨੇ ਸਾਰੇ ਚੜ੍ਹਦੇ ਤੋਂ ਅੱਜ ਲਹਿੰਦੇ ਤੀਕਰ ਕੰਮ ਈ ਹੋਰ ਦੇ ਹੋਰ ਨੇ ਸਾਰੇ ਵਧਣਾ ਈ ਸੀ ਕੌੜ ਚੁਫ਼ੇਰੇ ਗੁੜ੍ਹ ਜੋ ਦਿੱਤੇ ਖੋਰ ਨੇ ਸਾਰੇ ਸਮਝ ਨਈਂ ਆਉਂਦੀ ਇੱਕ ਦੂਜੇ ਦੀ ਟੁਰਦੇ ਪਏ ਕਿਉਂ ਟੋਰ ਨੇ ਸਾਰੇ *ਢੋਰ :- ਪਸ਼ੂ *ਭੋਰ :- ਟੁੱਕੜੇ-ਟੁੱਕੜੇ
ਸੱਚ ਮੁੱਚ ਸੱਚ ਦੀ ਰੀਤ ਈ ਕੋਈ ਨਈਂ
ਸੱਚ ਮੁੱਚ ਸੱਚ ਦੀ ਰੀਤ ਈ ਕੋਈ ਨਈਂ ਇੱਥੇ ਪੁੱਛ ਪ੍ਰਤੀਤ ਈ ਕੋਈ ਨਈਂ ਕਸਮੇਂ ਮੈਨੂੰ ਦਿਲ ਤੋਂ ਵਧਕੇ ਦਿੱਸਦੀ ਹੋਰ ਮਸੀਤ ਈ ਕੋਈ ਨਈਂ ਉਹਦੇ ਨਾਂ ਦੇ ਬਾਝੋਂ ਰਹਿੰਦਾ ਗਲ਼ ਦੇ ਵਿਚ ਤਵੀਤ ਈ ਕੋਈ ਨਈਂ ਜਿਹੜਾ ਪਿਆਰ ਤੇ ਯਾਰ ਨਖੇੜੇ ਉਸਤੋਂ ਵੱਧ ਪਲੀਤ ਈ ਕੋਈ ਨਈਂ ਲਾਲਚ ਲੋਭ ਤੇ ਬਿਨ ਮਤਲਬ ਦੇ ਕਸਮੇਂ ਪਿਆਰ ਪ੍ਰੀਤ ਈ ਕੋਈ ਨਈਂ ‘ਸੰਧੂ’ ਮਾਂ ਦੀ ਲੋਰੀ ਵਰਗਾ ਜਗ ਤੇ ਮਿੱਠਾ ਗੀਤ ਈ ਕੋਈ ਨਈਂ *ਪਲੀਤ :- ਨਾ-ਪਾਕ
ਚੰਨ ਜੇ ਮੁੱਖ ਲਕੋਇਆ ਏ
ਚੰਨ ਜੇ ਮੁੱਖ ਲਕੋਇਆ ਏ ਕੁਝ ਤੇ ਹੋਇਆ ਏ ਬੱਦਲ ਹੱਸ ਕੇ ਰੋਇਆ ਏ ਕੁਝ ਤੇ ਹੋਇਆ ਏ ਕਿੰਨੀਆਂ ਰੀਝਾਂ ਲੈ ਕੇ ਦੋ ਅੱਖੀਆਂ ਵਿਚ 'ਕੱਲਾ ਸੂਰਜ ਡੁੱਬ ਕੇ ਮੋਇਆ ਏ ਕੁਝ ਤੇ ਹੋਇਆ ਏ ਸੋਚ ਰਿਹਾ ਵਾਂ ਜੇ ਨਈਂ ਚੇਤਰ ਫਾਹੇ ਲੱਗਿਆ ਫੇਰ ਕਿਉਂ ਹਾੜ ਨਰੋਇਆ ਏ ਕੁਝ ਤੇ ਹੋਇਆ ਏ ਕੰਮ ਬਰਾਬਰ ਸੀ ਅੱਜ ਐਵੇਂ ਤੇ ਨਈਂ ਹਰ ਥਾਂ ਇੱਕ ਟਿੱਬਾ ਇੱਕ ਟੋਇਆ ਏ ਕੁਝ ਤੇ ਹੋਇਆ ਏ ਵੇਲ਼ੇ ਜਿਸਰਾਂ ਚੁੱਪ ਦਾ ਇੱਕੋ ਪੱਥਰ ਬੰਨ੍ਹ ਕੇ ਪੂਰਾ ਸ਼ਹਿਰ ਡੁਬੋਇਆ ਏ ਕੁਝ ਤੇ ਹੋਇਆ ਏ ਵਾਅ ਦਾ ਹੱਥ ਈ ਤੰਗ ਏ ਜਾਂ ਫਿਰ ਸੱਜਰੀ ਰੁੱਤ ਦਾ ਹਾਣੀ ਮਰਿਆ ਹੋਇਆ ਏ ਕੁਝ ਤੇ ਹੋਇਆ ਏ ਕੱਲ ਦਾ ਕਹਿ ਨਈਂ ਸਕਦਾ ਅੱਜਕੱਲ ਬੰਦੇ ਅੱਗੇ ਲੱਗਦਾ ਸੱਪ ਗੰਡੋਇਆ ਏ ਕੁਝ ਤੇ ਹੋਇਆ ਏ ਮਾਸਾ ਮਾਸਾ ਕਰਕੇ ਸੱਜਣਾ ਆਪਣੇ ਵੱਲੇ ਕਿੰਜ ਕਿੰਜ ਮੈਨੂੰ ਢੋਇਆ ਏ ਕੁਝ ਤੇ ਹੋਇਆ ਏ ਨਜ਼ਮਾਂ ਵਿਚ ਨਈਂ ਜੇ ਤੂੰ ਗ਼ਜ਼ਲਾਂ ਵਿਚ ਵੀ ‘ਸੰਧੂ’ ਦੁੱਖ ਤੇ ਦੁੱਖ ਪਰੋਇਆ ਏ ਕੁਝ ਤੇ ਹੋਇਆ ਏ
ਟੁੰਡੀ ਮੁੰਡੀ ਲੂਲ੍ਹੀ ਲੰਗੜੀ
ਟੁੰਡੀ ਮੁੰਡੀ ਲੂਲ੍ਹੀ ਲੰਗੜੀ ਅੰਨ੍ਹੀ ਮੂਰੀ ਕਾਣੀ ਨੂੰ ਹਾਲੇ ਤੀਕਰ ਛੱਡਿਆ ਨਈਂ ਏ ਲੋਕਾਂ ਸੋਚ ਪੁਰਾਣੀ ਨੂੰ ਜਿਹਦੇ ਹੱਥੋਂ ਦੇਸ਼ ਦੀ ਹਾਲਤ ਜੰਗਲ਼ੋਂ ਭੈੜੀ ਹੋ ਗਈ ਏ ਬੂਥਾ ਟੱਡ ਕੇ ਫਿਰਦੀ ਵੇਖ ਸਿਆਸਤ ਬੰਦੇ ਖਾਣੀ ਨੂੰ ਖ਼ੌਰੇ ਕਿੰਨੇ ਦਿਨ ਦਿਨਾਂ ਦੀ ਆਸ 'ਚ ਬੁੱਢੇ ਹੋ ਗਏ ਨੇ ਖ਼ੌਰੇ ਕਦ ਤੋਂ ਤਰਸ ਰਹੀਆਂ ਨੇ ਸ਼ਾਮਾਂ ਸ਼ਾਮ ਸੁਹਾਣੀ ਨੂੰ ਨੀਤੋਂ ਖੋਟੇ ਲੋਕਾਂ ਪਿੱਟੇ ਹਿਰਸਾਂ ਮਾਰੇ ਲੋਕਾਂ ਨੇ ਦੇ ਛੱਡਿਆ ਏ ਦੇਸ਼ ਨਿਕਾਲਾ ਅੱਜਕੱਲ ਸੁੱਖ ਦੀ ਰਾਣੀ ਨੂੰ ਚੰਗੀਆਂ ਭਲੀਆਂ ਅੱਖਾਂ ਨੂੰ ਜਦ ਸਾਡੇ ਫੱਟ ਨਈਂ ਦਿਸਣੇ ਨੇ ਬੋਲ਼ੇ ਕੰਨਾਂ ਨੇ ਕੀ ਸੁਣਨਾ ਸਾਡੀ ਦਰਦ ਕਹਾਣੀ ਨੂੰ ਚੇਤਰ ਰੁੱਤੇ ਟੋਟੇ ਕੀਤਾ ਦਿਲ ਨੂੰ ਚੇਤਰ ਵਰਗੀ ਨੇ ਖ਼ੌਰੇ ਕਿਹੜਾ ਦੁੱਖ ਸੀ ਅੰਦਰੋਂ ਸਾਡੇ ਤੇ ਮਰਜਾਣੀ ਨੂੰ ਵੇਖ ਵੇਖ ਕੇ ਹੱਸਣ ਵਾਲ਼ੇ ਬਹੁਤ ਨੇ ਜਗ ਵਿਚ ‘ਸੰਧੂ’ ਜੀ ਸਮਝਣ ਵਾਲ਼ੇ ਘੱਟ ਨੇ ਏਥੇ ਅੱਖ 'ਚੋਂ ਵਗਦੇ ਪਾਣੀ ਨੂੰ
ਟੁੱਟੇ ਭੱਜੇ ਦਿਨ ਤੇ ਅੱਜ ਤੱਕ
ਟੁੱਟੇ ਭੱਜੇ ਦਿਨ ਤੇ ਅੱਜ ਤੱਕ ਵੱਢੀਆਂ ਟੁੱਕੀਆਂ ਰਾਤਾਂ ਦੀਵੇ ਚਾਨਣ ਵੰਡਦੇ ਮਰ ਗਏ ਪਰ ਨਾ ਮੁੱਕੀਆਂ ਰਾਤਾਂ ਸਾਵਣ ਰੁੱਤੇ ਤੜਫੇਂ ਤੇਰੀ ਅਕਲ ਟਿਕਾਣੇ ਆਵੇ ਮੇਰੇ ਵਾਂਗੂੰ ਹਿਜਰਾ ਜੇਕਰ ਲੰਘੀਆਂ ਸੁੱਕੀਆਂ ਰਾਤਾਂ ਆਪਣੇ ਹੱਥੀਂ ਦਿਨ ਮੜ੍ਹਾ ਕੇ ਜਿਨ੍ਹਾਂ ਦੇ ਗਲ਼ ਪਾਏ ਬਦਲੇ ਦੇ ਵਿਚ ਉਹਨਾਂ ਸਾਡੇ ਮੂੰਹ ਤੇ ਥੁੱਕੀਆਂ ਰਾਤਾਂ ਅੱਜ ਫਿਰ ਕਿਹੜੀ ਰੁੱਤ ਦੇ ਗੁੱਟ ਤੇ ਬੱਝ ਗਏ ਵਾਵਰੋਲ਼ੇ ਅੱਜ ਫਿਰ ਕਾਲਖ ਮਲ਼ ਕੇ ਖ਼ੌਰੇ ਕਿੱਧਰ ਢੁੱਕੀਆਂ ਰਾਤਾਂ ਸਾਥੋਂ ਸੱਜਰਾ ਚੰਨ ਲੁਕਾ ਕੇ ਉਹੀਓ ਟੁਰਦਾ ਬਣਿਆ ਜਿਹਦੇ ਲਈ ਸਨ ਇੱਕ ਇੱਕ ਕਰ ਕੇ ਸਿਰ ਤੇ ਚੁੱਕੀਆਂ ਰਾਤਾਂ ਚੰਨ ਗੱਡਿਆਂ ਸਾਡੇ ਲੂੰ ਲੂੰ ਖੁਭ ਗਿਆ ਘੁੱਪ ਹਨ੍ਹੇਰਾ ਦਿਨ ਬੀਜਣ ਵਿਚ ਪੈਰ ਪੈਰ ਤੇ ਸਾਨੂੰ ਠੁੱਕੀਆਂ ਰਾਤਾਂ ਫ਼ਜਰ ਤੋਂ ਲੈ ਕੇ ਸ਼ਾਮਾਂ ਤੀਕਰ ਕਈ ਵਰ੍ਹਿਆਂ ਤੋਂ ’ਕੱਲਾ ਸੂਰਜ ਬਣ ਕੇ ਲੱਭਦਾ ਫਿਰਨਾ ਘਰ ਘਰ ਲੁਕੀਆਂ ਰਾਤਾਂ *ਫ਼ਜਰ :- ਸਵੇਰ
ਛੱਡ ਨਾ ਜਗ ਤੋਂ ਡਰਦਾ ਪਾਣੀ
ਛੱਡ ਨਾ ਜਗ ਤੋਂ ਡਰਦਾ ਪਾਣੀ ਪੀ ਲੈ ਕੁਝ ਨਈਂ ਕਰਦਾ ਪਾਣੀ ਜੇਕਰ ਪੀਣਾ ਸਿੱਖ ਲੈਂ ਪੁੱਤਰਾ ਰੂਹਅਫ਼ਜ਼ਾ ਏ ਘਰਦਾ ਪਾਣੀ ਕੋਈ ਕਿਸੇ ਲਈ ਕੋਈ ਕਿਸੇ ਲਈ ਕੋਈ ਕਿਸੇ ਲਈ ਭਰਦਾ ਪਾਣੀ ਤੂੰ ਤੇ ਦਿਲ ਦੀ ਗੱਲ ਕਰਨਾ ਏਂ ਗੱਲਾਂ ਨਾਲ਼ ਨਈਂ ਠਰਦਾ ਪਾਣੀ ਇੱਥੇ ਮੋਤੀ ਜਰ ਜਾਂਦੇ ਨੇ ਪਰ ਨਈਂ ਕੋਈ ਜਰਦਾ ਪਾਣੀ ਜਮ ਜਾਂਦਾ ਏ ਉੱਡ ਜਾਂਦਾ ਏ ‘ਸੰਧੂ’ ਖੇਡ ਨਈਂ ਹਰਦਾ ਪਾਣੀ
ਇੱਥੇ ਰੋਜ਼ ਨਿਆਂ ਮਰ ਜਾਂਦੇ
ਇੱਥੇ ਰੋਜ਼ ਨਿਆਂ ਮਰ ਜਾਂਦੇ ਹੱਕ ਤੇ ਸੱਚ ਵੀ ਤਾਂ ਮਰ ਜਾਂਦੇ ਤੂੰ ਤੇ ਖਾਲੀ ਕੰਡ ਕਰਨੀ ਸੀ ਇਹ ਕਮਲ਼ੇ ਤਾਂ ਥਾਂ ਮਰ ਜਾਂਦੇ ਹਰਫ਼ਾਂ ਨੇ ਨਾਂ ਜ਼ਿੰਦਾ ਰੱਖੇ ਨਈਂ ਤਾਂ ਕਿੰਨੇ ਨਾਂ ਮਰ ਜਾਂਦੇ ਮੌਤ ਨੂੰ ਸ਼ਾਬਸ਼ ਦਿੰਦੇ ਜੇਕਰ ਚਿੜੀਆਂ ਦੀ ਥਾਂ ਕਾਂ ਮਰ ਜਾਂਦੇ ਐਨੇ ਕੌਣ ਜਨਾਜ਼ੇ ਪੜ੍ਹਦਾ ਵਾਅਦੇ ਜੇ ਹਰ ਦਾਂ ਮਰ ਜਾਂਦੇ ਮਰਨ ਇਬਾਦਤ ਹੁੰਦਾ ਜੇਕਰ ਸੁਣਕੇ ਉਹਦੀ ਹਾਂ ਮਰ ਜਾਂਦੇ ਜੇ ਨਾ ਹੁੰਦੀਆਂ ਮਾਵਾਂ ‘ਸੰਧੂਆ’ ਲੱਭਦੇ ਲੱਭਦੇ ਛਾਂ ਮਰ ਜਾਂਦੇ *ਦਾਂ :- ਪਾਸੇ
ਰਲ਼ ਕੇ ਦੋਵੇਂ ਅਗਲੇ ਪਿੱਛਲੇ
ਰਲ਼ ਕੇ ਦੋਵੇਂ ਅਗਲੇ ਪਿੱਛਲੇ ਧੋਣੇ ਧੋ ਕੇ ਆਈਏ ਆ ਨੀ ਜਿੰਦੇ ਅੱਜ ਸੱਜਣਾ ਦੇ ਪਿੰਡ ’ਚੋ ਹੋ ਕੇ ਆਈਏ ਅੱਲ੍ਹਾ ਜਾਣੇ ਭੋਏਂ ਉੱਤੇ ਪੈਰ ਕਿਉਂ ਨਈਂ ਟਿਕਦੇ ਜਦ ਕਦੀ ਵੀ ਉਹਦੇ ਨੇੜੇ ਝੱਟ ਖਲ੍ਹੋ ਕੇ ਆਈਏ ਦੁਨੀਆਂ ਜੰਨਤ ਬਣ ਸਕਦੀ ਏ ਧਰਤੀ ਰੱਬ ਦਾ ਵਿਹੜਾ ਇੱਕ ਦੂਜੇ ਵੱਲ ਵੈਰ ਦੇ ਜੇਕਰ ਬੂਹੇ ਢੋਹ ਕੇ ਆਈਏ ਯਾਰ ਨੂੰ ਮਿਲ ਕੇ ਆਵਣ ਵਾਲ਼ਾ ਦਿਸ ਪੈਂਦਾ ਏ ਦੂਰੋਂ ਆਪਣੇ ਵੱਲੋਂ ਗੱਲ ਨੂੰ ਭਾਵੇਂ ਲੱਖ ਲੁਕੋ ਕੇ ਆਈਏ ਚੰਨ ਏ ਚੁੰਨਾ, ਤਾਰੇ ਬੱਝਲ, ਸੂਰਜ ਗੂੰਗਾ ਬੋਲ਼ਾ ਕਿਹਦੇ ਅੱਗੇ ਇਸ ਧਰਤੀ ਦੇ ਰੋਣੇ ਰੋ ਕੇ ਆਈਏ ਤੂੰ ਤੇ ਸਾਨੂੰ ਅੰਨ੍ਹੇ ਖੂਹ ਤੇ ਜੋ ਛੱਡਿਆ ਏ ਲੇਖਾ ਤੂੰ ਦੱਸ ਨਾ ਤੈਨੂੰ ਕਿਹੜੇ ਖੂਹ ਤੇ ਜੋ ਕੇ ਆਈਏ ਜਗ ਨੂੰ ਜਿਹੜਾ ਇੱਕੋ ਜਿੰਨੀਆਂ ਧੁੱਪਾਂ ਛਾਵਾਂ ਵੰਡੇ ਜੀਅ ਕਰਦਾ ਏ ‘ਸੰਧੂਆ’ ਇੰਜ ਦਾ ਅੰਬਰ ਗ੍ਹੋ ਕੇ ਆਈਏ
ਰੁੱਖੇ ਤੇ ਕਸਲਾਂਦੇ ਵਿਹੜੇ
ਰੁੱਖੇ ਤੇ ਕਸਲਾਂਦੇ ਵਿਹੜੇ ਰਲ਼ ਕੇ ਵੰਡੀ ਜਾਂਦੇ ਵਿਹੜੇ ਖਾਂਦੀ ਪਈ ਏ ਕੰਧ ਸਦੀਆਂ ਤੋਂ ਕੰਧ ਨੂੰ ਕਿਉਂ ਨਈਂ ਖਾਂਦੇ ਵਿਹੜੇ ਅੱਜ ਸੱਜਣਾ ਨੇ ਫੇਰਾ ਪਾਇਆ ਅੱਜ ਮੈਂ ਮੋੜ ਲਿਆਂਦੇ ਵਿਹੜੇ ਵੱਡਿਆਂ ਹੋ ਕੇ ਪੁੱਤਰਾਂ ਕਿੰਨੇ ਵਿਹੜੇ ਵਿਚ ਲੈ ਆਂਦੇ ਵਿਹੜੇ ਤੂੰ ਕਾਸਦ ਨੂੰ ਘੱਲ ਕੇ ਵੇਖੀਂ ਕਿੰਜ ਕਿੰਜ ਨੈਣ ਵਿਛਾਂਦੇ ਵਿਹੜੇ ਕੱਲ ਵੀ ਵੰਡ ਦੇ ਹੱਕ ਵਿਚ ਨਈਂ ਸਨ ਅੱਜ ਵੀ ਪਏ ਕੁਰਲਾਂਦੇ ਵਿਹੜੇ ਹੱਥੀਂ ਬੋਹੜਾਂ ਪੱਟ ਕੇ ‘ਸੰਧੂਆ’ ਵੇਖੇ ਮੈ ਪਛਤਾਂਦੇ ਵਿਹੜੇ *ਕਾਸਦ :- ਦੂਤ, ਸੁਨੇਹਾ ਦੇਣ ਵਾਲ਼ਾ *ਕੁਰਲਾਂਦੇ :- ਵਿਰਲਾਪ ਕਰਦੇ, ਰੋਂਦੇ
ਮੁੱਖ ਜੋ ਮੁੱਖ ਤੋਂ ਮੁੱਖ ਨੂੰ ਮੋੜੀ ਫਿਰਦੇ ਨੇ
ਮੁੱਖ ਜੋ ਮੁੱਖ ਤੋਂ ਮੁੱਖ ਨੂੰ ਮੋੜੀ ਫਿਰਦੇ ਨੇ ਐਵੇਂ ਆਪਣੇ ਆਪ ਨੂੰ ਰੋੜੀ ਫਿਰਦੇ ਨੇ ਤੂੰ ਰੋਨਾ ਏਂ ਖਾਲੀ ਦਿਲ ਤੇ ਸ਼ੀਸ਼ੇ ਨੂੰ ਲੋਕੀਂ ਖ਼ੌਰੇ ਕੀ ਕੀ ਤੋੜੀ ਫਿਰਦੇ ਨੇ ਲੱਗਦਾ ਏ ਕੋਈ ਰੋਵੇਗਾ ਕੋਈ ਹੱਸੇਗਾ ਲੇਖ ਤੇ ਵੇਲ਼ਾ ਨੁੱਕਰਾਂ ਜੋੜੀ ਫਿਰਦੇ ਨੇ ਕਿਹੜੇ ਨੇ ਉਹ ਕਿਹੜੇ ਵੇਲ਼ੇ ਸਮਝਾਂਗੇ ਜਿਹੜੇ ਸਾਡੀ ਰੱਤ ਨਿਚੋੜੀ ਫਿਰਦੇ ਨੇ ਕਿੰਨੇ ਨਾਂ ਨੇ ਜਿਹੜੇ ਆਪਣੇ ਨਾਂਵਾਂ ਲਈ ਕਈ ਨਾਂਵਾਂ ਦੀ ਧੌਣ ਮਰੋੜੀ ਫਿਰਦੇ ਨੇ ਚੰਗੇ ਭਲੇ ਚਿੱਟੇ ਦਿਨ ਵੀ ਰਾਤਾਂ ਜਿਹੇ ਚੰਦਰੀ ਅੱਖ ਨੂੰ ਰੋਗ 'ਚ ਮੋੜੀ ਫਿਰਦੇ ਨੇ *ਰੋੜੀ :- ਸਾੜਨਾ
ਇੱਕ ਦੂਜੇ ਤੇ ਗੱਜਦੇ ਪਏ ਨੇਂ ਜਿਹੜੇ
ਇੱਕ ਦੂਜੇ ਤੇ ਗੱਜਦੇ ਪਏ ਨੇਂ ਜਿਹੜੇ ਬਹੁਤੇ ਉਹ ਨੇਂ ਰੱਜਦੇ ਪਏ ਨੇਂ ਜਿਹੜੇ ਉਨ੍ਹਾਂ ਅੱਜ ਤੱਕ ਕੁਝ ਨਈਂ ਨਿੱਬੜਨ ਦਿੱਤਾ ਇੱਧਰ ਉੱਧਰ ਵੱਜਦੇ ਪਏ ਨੇਂ ਜਿਹੜੇ ਨਈਂ ਜੁੜਨੇ ਨੇਂ ਟੁੱਟਦੇ ਵੇਖ ਖਿਡੌਣੇ ਅੰਦਰੋਂ ਟੁੱਟਦੇ ਭੱਜਦੇ ਪਏ ਨੇਂ ਜਿਹੜੇ ਨੀਅਤ ਨੰਗਾਂ ਰੱਖੇ ਨੰਗ ਤੜੰਗੇ ਸਭ ਦੇ ਨੰਗ ਨੂੰ ਕੱਜਦੇ ਪਏ ਨੇਂ ਜਿਹੜੇ ਹੌਲੀ ਹੌਲੀ ਬੰਨ੍ਹ ਦੇਵਣਗੇ ਸਭ ਕੁਝ ਏਨੇ ਚਿਰ ਤੋਂ ਬੱਝਦੇ ਪਏ ਨੇਂ ਜਿਹੜੇ ਕੁਝ ਕਿਸਾਨ ਤੇ ਕੁਝ ਮਜ਼ਦੂਰ ਦਾ ਲਹੂ ਏ ਰੰਗ ਧਰਤੀ ਤੇ ਸੱਜਦੇ ਪਏ ਨੇਂ ਜਿਹੜੇ ਕਿੰਜ ਰਹਿਵਣਗੇ ਖਿੱਚ ਧਰੂ ਵਿੱਚ ‘ਸੰਧੂ’ ਐਵੇਂ ਛਿਜਦੇ ਛੱਜਦੇ ਪਏ ਨੇਂ ਜਿਹੜੇ *ਨੀਅਤ ਨੰਗਾਂ :- ਭੁੱਖਾ ਰੱਖਣਾ
ਉੱਜੜ ਗਏ ਆਂ ਪੱਕ ਕੇ ਭਲਿਆ
ਉੱਜੜ ਗਏ ਆਂ ਪੱਕ ਕੇ ਭਲਿਆ ਹਾਲੇ ਵੀ ਕੋਈ ਸ਼ੱਕ ਏ ਭਲਿਆ ਇਸ ਤੋਂ ਵਧਕੇ ਕੀ ਹੋਣੀ ਏਂ ਹੋ ਗਈ ਜਿੱਥੋਂ ਤੱਕ ਏ ਭਲਿਆ ਜੇ ਭਰਿਆ ਏ ਲੇਖਾਂ ਨੇ ਫਿਰ ਚੂੰਡੀ ਨਈਂ ਏ ਚੱਕ ਏ ਭਲਿਆ ਜਿਹੜਾ ਫਲ਼ ਤੇ ਛਾਂ ਦੇਂਦਾ ਏ ਉਹੀਓ ਟੱਕੋ ਟੱਕ ਏ ਭਲਿਆ ਮੰਨ ਵੀ ਜਾ ਤੂੰ ਅੰਬ ਮਾੜੇ ਲਈ ਅੱਕ ਏ ਭਲਿਆ ਅੱਕ ਏ ਭਲਿਆ ਜੋ ਮੌਹਰਾ ਵੀ ਹੋਵੇ ਇੱਥੇ ਲੋਕਾਂ ਜਾਣਾ ਫੱਕ ਏ ਭਲਿਆ ਕਾਹਦਾ ਨੱਕ ਏ ‘ਸੰਧੂ’ ਜਿਸ ਤੋਂ ਨੱਕ ਵੀ ਨੱਕੋ ਨੱਕ ਏ ਭਲਿਆ *ਮੌਹਰਾ :- ਜ਼ਹਿਰ
ਜਿਸਰਾਂ ਦੀ ਦਰਗਾਵ੍ਹਾਂ ਨਾਲ਼ ਪ੍ਰੀਤ
ਜਿਸਰਾਂ ਦੀ ਦਰਗਾਵ੍ਹਾਂ ਨਾਲ਼ ਪ੍ਰੀਤ ਹੁੰਦੀ ਏ ਕੁਝ ਨਾਂਵਾਂ ਨਾਲ਼ ਪ੍ਰੀਤ ਤੂੰ ਇਹ ਗੱਲ ਸਾਹਵਾਂ ਨੂੰ ਸਮਝਾ ਤੈਥੋਂ ਵੱਧ ਨਈਂ ਸਾਹਵਾਂ ਨਾਲ਼ ਪ੍ਰੀਤ ਦਿਲ ਵਿਚ ਰੱਖੀ ਦੇ ਨਈਂ ਮਾਰੂਥਲ ਹੋਵੇ ਜੇ ਦਰਿਆਵਾਂ ਨਾਲ਼ ਪ੍ਰੀਤ ਤੱਕ ਲਈਂ ਬੰਦਿਆਂ ਦੀ ਨਈਂ ਕਾਂਵਾਂ ਦੀ ਕਾਂਵਾਂ ਜਿਹੀ ਏ ਕਾਂਵਾਂ ਨਾਲ਼ ਪ੍ਰੀਤ ਨਾ ਪੁੱਛ ਜਿੱਥੋਂ ਸੱਜਣ ਲੰਘਦੇ ਹੋਵਣ ਕਿੰਜ ਹੁੰਦੀ ਏ ਰਾਹਵਾਂ ਨਾਲ਼ ਪ੍ਰੀਤ ਅੱਜ ਵੀ ਸਮਝਣ ਬੋਹੜ ਨੂੰ ਮਾਵਾਂ ਵਾਂਗ ਜਿੰਨ੍ਹਾਂ ਨੂੰ ਏ ਛਾਂਵਾਂ ਨਾਲ਼ ਪ੍ਰੀਤ ‘ਸੰਧੂ’ ਬਚਿਆਂ ਕਈ ਗੁਨਾਹਵਾਂ 'ਤੋਂ ਰੱਖਕੇ ਕੁਝ ਗੁਨਾਹਾਂ ਨਾਲ਼ ਪ੍ਰੀਤ
ਦੱਸੀਆਂ ਅੱਖ ਦੇ ਸਭ ਵਸਨੀਕਾਂ ਤੇਰੀਆਂ
ਦੱਸੀਆਂ ਅੱਖ ਦੇ ਸਭ ਵਸਨੀਕਾਂ ਤੇਰੀਆਂ ਦਿਲ ਨੇ ਝੱਲੀਆਂ ਕਿੰਜ ਫਟੀਕਾਂ ਤੇਰੀਆਂ ਜਿਸਰਾਂ ਕੋਈ ਅੰਨ੍ਹਾ ਤਰਸੇ ਅੱਖਾਂ ਨੂੰ ਰੱਖੀਆਂ ਨੇ ਮੈਂ ਇੰਜ ਉਡੀਕਾਂ ਤੇਰੀਆਂ ਕੱਲ੍ਹ ਪਰਸੋਂ ਨਾ ਆਈ ਕੱਲ੍ਹ ਤੇ ਪਰਸੋਂ ਵੀਂ ਮੁੱਕੀਆਂ ਈ ਨਾ ਯਾਰ ਤਰੀਕਾਂ ਤੇਰੀਆਂ ਫੇਰ ਸਤਾਇਆ ਫੇਰ ਸਤਾਇਆ ਸਤਿਆਂ ਨੂੰ ਕਰ ਕਰ ਗੱਲਾਂ ਫੇਰ ਸ਼ਰੀਕਾਂ ਤੇਰੀਆਂ ਤੂੰ ਕੀ ਜਾਣੇ ਕਿੰਜ ਤਰਕੀਜੇ ਸਾਹਵਾਂ ਦੇ ਯਾਦਾਂ ਵੀ ਨਿੱਤ ਨਾਲ਼ ਧਰੀਕਾਂ ਤੇਰੀਆਂ ਵਿਛੜਨ ਵੇਲ਼ੇ ਜੋ ਜੋ ਦਿਲ ਤੇ ਵਾਹੀਆਂ ਸੀ ਮਿਟੀਆਂ ਹੀ ਨਈਂ ਸਾਥੋਂ ਲੀਕਾਂ ਤੇਰੀਆਂ ਥੱਕ ਗਏ ਜਿੱਥੇ ‘ਸੰਧੂ’ ਲਾਊਡ ਸਪੀਕਰ ਵੀ ਸੁਣਦਾ ਕਿਹੜਾ ਉੱਥੇ ਚੀਕਾਂ ਮੇਰੀਆਂ *ਫਟੀਕਾਂ :- ਫਿਟਕਾਰਾਂ
ਖਿੜ ਖਿੜ ਹੱਸਦੇ ਫ਼ਿਰਦੇ ਪਿੰਡਾਂ ਵੱਲੇ ਬੱਲੇ
ਖਿੜ ਖਿੜ ਹੱਸਦੇ ਫ਼ਿਰਦੇ ਪਿੰਡਾਂ ਵੱਲੇ ਬੱਲੇ ਸੱਜਰੇ ਚੰਨ ਦੇ ਟੋਟੇ ਬੋਹੜਾਂ ਥੱਲੇ ਬੱਲੇ ਸਿਖਰ ਦੁਪਹਿਰੀਂ ਕਾਲ਼ੇ-ਕੱਟ ਬੱਦਲਾਂ ਦੇ ਟੋਲੇ ਗੋਰੀ ਧੁੱਪ ਦਾ ਮੇਲਾ ਲੁੱਟਣ ਚੱਲੇ ਬੱਲੇ ਜਿਹੜਾ ਤੱਕਦਾ ਉਹ ਨਈਂ ਥੱਕਦਾ ਤੱਕਦਾ ਤੱਕਦਾ ਰੱਬ ਧਰਤੀ ਤੇ ਉਹ ਉਹ ਮੁੱਖੜੇ ਘੱਲੇ ਬੱਲੇ ਜਗ ਤੇ ਇੱਕ ਲਾਹੌਰ ਏ ਜਿਸਦੇ ਵਿਚ ਨੇਂ ਸਾਰੇ ਜੰਨਤਾਂ ਵਰਗੇ ਗਲ਼ੀਆਂ ਮੋੜ ਮੁਹੱਲੇ ਬੱਲੇ ਉਸ ਗ਼ਜ਼ਲ ਤੋਂ ਸਦਕੇ ਜਿਸ ਗ਼ਜ਼ਲ ਦੇ ਮਿਸਰੇ ਝਾਂਜਰ ਚੂੜਾ ਛਾਪਾਂ ਮੁੰਦਰੀ ਛੱਲੇ ਬੱਲੇ ਅੱਲ੍ਹੜ ਰੁੱਤ ਦੀ ਟੋਰ ਤੇ ਜੋਬਨ ਰੁੱਤ ਦਾ ਹਾਸਾ ਉੱਡਦੇ ਬੱਗ ਤੇ ਵਗਦੇ ਪਾਣੀ ਠੱਲੇ ਬੱਲੇ ਜਿਹਨੇ ਕੱਲਿਆਂ ਕੀਤਾ ਇਹ ਈ ਉਹਦੀ ਭੁੱਲ ਸੀ ਕੱਲੇ ਵੀ ਕਈ ਹੁੰਦੇ ਨਈਂ ਨੇਂ ਕੱਲੇ ਬੱਲੇ ਜਿਹੜੀ ਜਿਹੜੀ ਰੱਖੀ ਪੱਲੇ ਬੰਨ੍ਹ ਕੇ ਰੱਖੀ ਜਿਹੜੀ ਛੱਡੀ ਮੁੜ ਨਈਂ ਬੱਧੀ ਪੱਲੇ ਬੱਲੇ ਕੋਈ ਨਈਂ ‘ਸੰਧੂ’ ਹੈ ਨੇਂ ਜਿਸਰਾਂ ਰੱਬ ਦੇ ਨੇੜੇ ਸਿੱਧੇ ਸਾਧੇ ਕਮਲ਼ੇ ਰਮਲੇ ਝੱਲੇ - ਬੱਲੇ *ਕਾਲ਼ੇ-ਕੱਟ :- ਕਾਲ਼ੇ ਸ਼ਾਹ *ਬੱਗ :- ਬਗਲੇ *ਠੱਲੇ :- ਰੋਕੇ
'ਵਾ ਜਦ ਤੇਰੇ ਕੋਲੋਂ ਲੰਘ ਰਹੀ ਹੋਵੇਗੀ
'ਵਾ ਜਦ ਤੇਰੇ ਕੋਲੋਂ ਲੰਘ ਰਹੀ ਹੋਵੇਗੀ ਸੋਚ ਖਾਂ ਉਹਦੀ ਦੁਨੀਆਂ ਕਿੰਜ ਜਿਹੀ ਹੋਵੇਗੀ ਤੂੰ ਜਦ ਮੁੱਖ ਤੇ ਵਾਲ਼ ਖਿਲਾਰੇ ਹੋਵਣਗੇ ਸੂਰਜ ਦੀ ਤੇ ਜਾਨ ਨਿਕਲ਼ ਗਈ ਹੋਵੇਗੀ ਜਿੰਨ੍ਹਾਂ ਅੱਖਾਂ ਤੈਨੂੰ ਤੱਕਿਆ ਹੋਵੇਗਾ ਉਹਨਾਂ ਦੀ ਤੇ ਹਾੜੀ ਪੱਕ ਪਈ ਹੋਵੇਗੀ ਤਾਰੇ ਗ਼ਜ਼ਲ ਜੇ ਕਹਿੰਦੇ ਹੋਣਗੇ ਅੱਖਾਂ ’ਤੇ ਫੁੱਲਾਂ ਤੇਰੇ ਬੁੱਲ੍ਹਾਂ ਤੇ ਕਹੀ ਹੋਵੇਗੀ ‘ਸੰਧੂ’ ਚੰਨ ਵੀ ਵੇਖ ਕੇ ਤੇਰੇ ਮੁੱਖੜੇ ਨੂੰ ਇੱਕ ਵਾਰੀ ਤੇ ਤੌਬਾ ਕਰ ਲਈ ਹੋਵੇਗੀ
ਨਿਕਲੀ ਏ ਜਾਗੀਰ ਕਿਤਾਬਾਂ ਵਿਚੋਂ
ਨਿਕਲੀ ਏ ਜਾਗੀਰ ਕਿਤਾਬਾਂ ਵਿਚੋਂ ਅੱਜ ਉਹਦੀ ਤਸਵੀਰ ਕਿਤਾਬਾਂ ਵਿਚੋਂ ਮੈਂ ਪੜ੍ਹਿਆ ਏ ਇਸ਼ਕ ਨੂੰ ਅੱਖਾਂ ਵਿਚੋਂ ਤੂੰ ਪੜ੍ਹਿਆ ਏ ਵੀਰ ਕਿਤਾਬਾਂ ਵਿਚੋਂ ਤੱਕਦਾ ਰਹਿਨਾਂ ਸੁਫ਼ਨੇ ਵਿਚ ਕਈ ਸੁਫ਼ਨੇ ਲੱਭੇ ਕੀ ਤਾਬੀਰ ਕਿਤਾਬਾਂ ਵਿਚੋਂ ਜਿਹੜੀ ਰੁੱਸ ਗਏ ਸੱਜਣ ਮੋੜ ਲਿਆਵੇ ਲੱਭ ਖਾਂ ਉਹ ਤਦਬੀਰ ਕਿਤਾਬਾਂ ਵਿਚੋਂ ਰਟ ਲੈਂਦੇ ਨੇ ਆਪਣੇ ਕੰਮ ਦੀਆਂ ਗੱਲਾਂ ਫ਼ਾਦਰ ਪੰਡਿਤ ਪੀਰ ਕਿਤਾਬਾਂ ਵਿਚੋਂ ਮੈਂ ਵੇਖੇ ਨੇ ਕਈ ਅੱਖਰਾਂ ਦੇ ਹਾਸੇ ਕਈ ਅੱਖਰਾਂ ਦੇ ਨੀਰ ਕਿਤਾਬਾਂ ਵਿਚੋਂ ਅਹਿਮਦ ਦੁੱਲੇ ਭਗਤ ਨੂੰ ਸ਼ਾਮਲ ਕਰੀਏ ਕੱਢ ਕੇ ਰਾਂਝੇ ਹੀਰ ਕਿਤਾਬਾਂ ਵਿਚੋਂ ਪੜ੍ਹ ਕੇ ‘ਸੰਧੂ’ ਲਿਖ ਲੈਨਾਂ ਵਾਂ ਦਿਲ 'ਤੇ ਸਾਂਝ ਦੀ ਹਰ ਤਹਿਰੀਰ ਕਿਤਾਬਾਂ ਵਿਚੋਂ *ਤਾਬੀਰ :- ਸੁਫ਼ਨੇ ਦਾ ਫਲ਼ *ਤਦਬੀਰ :- ਜੁਗਤ, ਉਪਰਾਲਾ, ਕੋਸ਼ਿਸ਼ *ਤਹਿਰੀਰ :- ਲਿਖ਼ਤ, ਦਸਤਾਵੇਜ਼
ਰੰਗਾਂ ’ਤੇ ਸ਼ੱਕ ਪੈਂਦਾ ਏ ਤਸਵੀਰਾਂ ਦਾ
ਰੰਗਾਂ ’ਤੇ ਸ਼ੱਕ ਪੈਂਦਾ ਏ ਤਸਵੀਰਾਂ ਦਾ ਨਈਂ ਰੌਲ਼ਾ ਸੀ ਸੁਫ਼ਨੇ ਈ ਕੁਝ ਕਾਹਲੇ ਸਨ ਤਾਬੀਰਾਂ ਦਾ ਨਈਂ ਰੌਲ਼ਾ ਸੀ ਜਿੰਨੇ ਮਰਜ਼ੀ ਰੌਲ਼ੇ ਹੋਵਣ ਇੱਕ ਦੂਜੇ ਤੋਂ ਨਿੱਖੜਨ ਦੇ ਇਹ ਤੇ ਉਹ ਵੀ ਮੰਨਦਾ ਏ ਤਕਦੀਰਾਂ ਦਾ ਨਈਂ ਰੌਲ਼ਾ ਸੀ ਵੱਖਰੀ ਗੱਲ ਏ ਵੇਲ਼ੇ ਨੇ ਨਈਂ ਮੁੱਕਣ ਦਿੱਤਾ ਹਾਲਾਂਕਿ ਮੇਰਾ ਓਹਦਾ ਰੌਲ਼ਾ ਕੋਈ ਜਾਗੀਰਾਂ ਦਾ ਨਈਂ ਰੌਲ਼ਾ ਸੀ ਕੰਨ ਪੜਵਾਉਣਾ ਵੀ ਤੇ ਮੌਤ ਸੀ ਮੇਰੇ ਧਰਤ ਕਬੀਲੇ ਦੀ ਹੀਰਾਂ ਤੇ ਸਨ ਲੱਖਾਂ ਮੈਨੂੰ ਹੀਰਾਂ ਦਾ ਨਈਂ ਰੌਲ਼ਾ ਸੀ ਤੇਰੇ ਰੁੱਸਣ ਮਗਰੋਂ ਦਿਲ ਦੇ ਸ਼ੀਸ਼ੇ ਨੂੰ ਕਈ ਖ਼ਤਰੇ ਸਨ ਅੱਖ ਤੋਂ ਪੁੱਛ ਲੈ ਅੱਖ ਨੂੰ ਅੱਖ ਦੇ ਨੀਰਾਂ ਦਾ ਨਈਂ ਰੌਲ਼ਾ ਸੀ ਜਿੰਨਾਂ ਵੀ ਸੀ ਜੇਹਜਾ ਵੀ ਸੀ ਮੇਲ ਮਿਲਾਪ ਸੀ ਰੂਹਾਂ ਦਾ ਸਾਡੀ ਪਿਆਰ ਕਹਾਣੀ ਵਿਚ ਸਰੀਰਾਂ ਦਾ ਨਈਂ ਰੌਲ਼ਾ ਸੀ ਜੰਡ ਝਨਾਂ ਦੇ ਸਾਹਵੇਂ ‘ਸੰਧੂ’ ਖ਼ੌਰੇ ਕੀ ਕੀ ਮਸਲੇ ਸਨ ਖਾਲੀ ਕੱਚਿਆਂ ਘੜਿਆਂ ਟੁੱਟਿਆਂ ਤੀਰਾਂ ਦਾ ਨਈਂ ਰੌਲ਼ਾ ਸੀ *ਤਾਬੀਰ :- ਸੁਪਨਫਲ਼ *ਨੀਰ :- ਅੱਥਰੂ *ਜੇਹਜਾ :- ਜਿਹੋ ਜਿਹਾ
ਕਾਲ਼ੇ ਚਿੱਟੇ ਲਾਲ ਪਖੇਰੂ
ਕਾਲ਼ੇ ਚਿੱਟੇ ਲਾਲ ਪਖੇਰੂ ਦਿਨ ਮਹੀਨੇ ਸਾਲ ਪਖੇਰੂ ਕਰਦੇ ਰਹੇ ਨੇਂ ਕਰਦੇ ਪਏ ਨੇਂ ਸਾਵੀ ਰੁੱਤ ਦੀ ਭਾਲ਼ ਪਖੇਰੂ ਤੂੰ ਤੇ ਮੁੜ ਕੇ ਪੁੱਛਿਆ ਈ ਨਾ ਫਿਰਦੇ ਨੇਂ ਕਿਸ ਹਾਲ ਪਖੇਰੂ ਚੰਗਾ ਸੀ ਮੈਂ ਸੱਪਾਂ ਨਾਲ਼ੋਂ ਲੈਂਦਾ ਦੋ ਤਿੰਨ ਪਾਲ਼ ਪਖੇਰੂ ਜਿਸ ਦਿਨ ਪਿੰਡ ਨਾ ਹੋਣ ਸ਼ਿਕਾਰੀ ਖੇਡਣ ਬੰਦਿਆਂ ਨਾਲ਼ ਪਖੇਰੂ ਰੋ ਰੋ ਬੋਹੜਾਂ ਲੱਭਦੇ ਫਿਰਦੇ ਬੁੱਢੇ ਨੱਢੇ ਬਾਲ ਪਖੇਰੂ ਤੱਕ ਲਈਂ ਇੱਕ ਦਿਨ ਇੱਕ ਨਈਂ ਐਥੇ ਤੋੜਨਗੇ ਕਈ ਜਾਲ ਪਖੇਰੂ ਨਾ ਛੱਡਦੇ ਨਾ ਭੁੱਲਦੇ ‘ਸੰਧੂ’ ਇੱਕ ਬੋਲੀ ਇੱਕ ਚਾਲ ਪਖੇਰੂ *ਨੱਢੇ :- ਜਵਾਨ
ਮੇਰੇ ਵਰਗਾ ਮੇਰਾ ਪਿੰਡ ਏ
ਮੇਰੇ ਵਰਗਾ ਮੇਰਾ ਪਿੰਡ ਏ ਤਾਂ ਤੇ ਹੁਣ ਤੱਕ ਡੇਰਾ ਪਿੰਡ ਏ ਸਾਡੇ ਲਈ ਤੇ ਅੱਜ ਵੀ ਸੱਜਣਾ ਸਾਰਾ ਕੁਝ ਈ ਤੇਰਾ ਪਿੰਡ ਏ ਹਾਲੇ ਲੋਕੀਂ ਘੱਟ ਰੁੱਸਦੇ ਨੇਂ ਹਾਲੇ ਕੁਝ ਕਚੇਰਾ ਪਿੰਡ ਏ ਬਚਪਨ ਦੇ ਦੋ ਯਾਰਾਂ ਵਿਚੋਂ ਬਿੱਲਾ ਸ਼ਹਿਰ ਤੇ ਸ਼ੇਰਾ ਪਿੰਡ ਏ ਬਾਕੀ ਸਭ ਕੁਝ ਲੈ ਆਇਆ ਵਾਂ ਚੂਰੀ ਕਾਗ ਬਨੇਰਾ ਪਿੰਡ ਏ ਟੁਰ ਦੇ ਫਿਰਦੇ ਚੰਨ ਦਿੱਸਦੇ ਨੇਂ ਹੁੰਦਾ ਜਦ ਹਨ੍ਹੇਰਾ ਪਿੰਡ ਏ ਦਿਲ ਤੇ ਦਿਲ ਈ ਫਿਰ ਜਾਂਦਾ ਏ ਲੱਗਦਾ ਜਦ ਵੀ ਫੇਰਾ ਪਿੰਡ ਏ ‘ਸੰਧੂ’ ਤੇਰੇ ਸ਼ਿਅਰਾਂ ਦੇ ਵਿਚ ਸੱਜਣ ਸਾਂਝ ਸਵੇਰਾ ਪਿੰਡ ਏ *ਡੇਰਾ :- ਟਿਕਾਣਾ, ਰਹਿਣ ਬਸੇਰਾ *ਬਿੱਲਾ :- ਚਲਾਕ ਵਿਅਕਤੀ *ਸ਼ੇਰਾ :- ਤਾਕਤਵਰ ਪਰ ਭੋਲ਼ਾ
ਫੇਰ ਮੁਨਾਫ਼ਿਕ ਫੇਰ ਮੁਨਾਫ਼ਿਕ
ਫੇਰ ਮੁਨਾਫ਼ਿਕ ਫੇਰ ਮੁਨਾਫ਼ਿਕ ਫੇਰ ਮੁਨਾਫ਼ਿਕ ਨਿਕਲੇ ਕੁਝ ਕੁਝ ਯਾਰ ਕਮੀਨੇ ਤੇ ਕੁਝ ਢੇਰ ਮੁਨਾਫ਼ਿਕ ਨਿਕਲੇ ਜਿਹਨੇ ਆਪਣੀ ਰੱਤ ਪਿਆਈ ਧੁੱਪਾਂ ਸਹਿ ਸਹਿ ਪਾਲ਼ੇ ਮੈਂ ਤੱਕਿਆ ਉਸ ਬੇਰੀ ਦੇ ਈ ਬੇਰ ਮੁਨਾਫ਼ਿਕ ਨਿਕਲੇ ਝੂਠ ਤੇ ਸੱਚ ਨੂੰ ਤੋਲਣ ਲੱਗਿਆਂ ਜਦ ਮੈਂ ਤੱਕੜੀ ਚਾੜ੍ਹੇ ਤੌਬਾ ਦੀ ਵਾਹ ਪਾਈਏ ਕਈ ਕਈ ਸੇਰ ਮੁਨਾਫ਼ਿਕ ਨਿਕਲੇ ਵੇਲ਼ੇ ਸਿਰ ਜੇ ਨਿੱਤਰ ਜਾਂਦੇ ਏਨਾ ਦੁੱਖ ਨਾ ਹੁੰਦਾ ਦੁੱਖ ਏ ਇਹੋ ਕਰਕੇ ਬਹੁਤੀ ਦੇਰ ਮੁਨਾਫ਼ਿਕ ਨਿਕਲੇ ਛਾਂਵਾਂ ਮਾਣਨ ਲਈ ਤੇ ਨਿੱਤ ਨਿੱਤ ਫਲ਼ ਖਾਵਣ ਲਈ ਕਸਮੇ ਬਹਿੰਦੇ ਸਨ ਜੋ ਰੁੱਖ ਦੇ ਚਾਰ ਚੁਫੇਰ ਮੁਨਾਫ਼ਿਕ ਨਿਕਲੇ ਭੁੱਲ ਭੁਲੇਖੇ ਜਾ ਫਸਿਆ ਮੈਂ ਜਦ ਗਿੱਦੜਾਂ ਦੀ ਬਸਤੀ ਲੂੰਬੜ ਹੋ ਕੇ ਬਣਦੇ ਸਨ ਜੋ ਸ਼ੇਰ ਮੁਨਾਫ਼ਿਕ ਨਿਕਲੇ ਐਵੇਂ ਤੇ ਨਈਂ ਆਏ ‘ਸੰਧੂ’ ਅੰਨ੍ਹੀਆਂ ਰਾਤਾਂ ਹੱਥੀਂ ਸਾਡੇ ਦੀਵੇ ਵਧਿਆ ਸੀ ਜਦ ’ਨ੍ਹੇਰ ਮੁਨਾਫ਼ਿਕ ਨਿਕਲੇ *ਮੁਨਾਫ਼ਿਕ :- ਇਸਲਾਮ ਵਿਚ ਉਹ ਪਖੰਡੀ ਜੋ ਬਾਹਰੋਂ ਧਾਰਮਿਕ ਹੋਵੇ ਅੰਦਰੋਂ ਕਾਫ਼ਿਰ
ਗੁੱਡੀਆਂ ਗੁੱਡੇ ਪਿਆਰ ਪਟੋਲੇ
ਗੁੱਡੀਆਂ ਗੁੱਡੇ ਪਿਆਰ ਪਟੋਲੇ ਲੁਕ ਈ ਗਏ ਨੇਂ ਯਾਰ ਪਟੋਲੇ ਕੱਢ ਬਹਿੰਦੀ ਏ ਬੇਬੇ ਅੱਜ ਵੀ ਲਾਡੋ ਦੇ ਦੋ ਚਾਰ ਪਟੋਲੇ ਦਿਸ ਪੈਂਦੇ ਨੇਂ ਜਦ ਕਦੀ ਵੀ ਅੱਖਾਂ ਦਿੰਦੇ ਠਾਰ ਪਟੋਲੇ ਮਿਲਣਾ ਛੱਡ ਕੇ ਤੱਕਿਆ ਵੀ ਨਾ ਮੁੜ ਕੇ ਜਾਂਦੀ ਵਾਰ ਪਟੋਲੇ ਬਚੀਆਂ ਤੇ ਕੀ ਪੱਗਾਂ ਬਚੀਆਂ ਕਰਕੇ ਤਾਰੋ ਤਾਰ ਪਟੋਲੇ ਰੋਂਦੇ ਫਿਰਦੇ ਇੱਕ ਦੂਜੇ ਨੂੰ ਆਰ ਪਟੋਲੇ ਪਾਰ ਪਟੋਲੇ ਛੱਡ ਕੇ ਟੁਰ ਗਏ ਦੇਸ ਬੇਗਾਨੇ ਕਿੰਜ ਡਾਰਾਂ ਦੇ ਡਾਰ ਪਟੋਲੇ ਰੁਲ਼ ਜਾਂਦੇ ਨੇਂ ਜਗ ਤੇ ‘ਸੰਧੂ’ ਜੋ ਬਹਿੰਦੇ ਨੇਂ ਹਾਰ ਪਟੋਲੇ
ਬਹਿ ਕੇ ਗ਼ੈਰਾਂ ਕੋਲ਼ ਸਿਆਣਪ
ਬਹਿ ਕੇ ਗ਼ੈਰਾਂ ਕੋਲ਼ ਸਿਆਣਪ ਕੀਤੀ ਨਈਂ ਏ ਢੋਲ ਸਿਆਣਪ ਕਮਲ਼ੇ ਰਮਲ਼ੇ ਮੌਜਾਂ ਵਿਚ ਨੇਂ ਸਾਨੂੰ ਗਈ ਏ ਰੋਲ਼ ਸਿਆਣਪ ਮੈਂ ਕਹਿਨਾ ਵਾਂ ਦਿਲ ਦਾ ਬੂਹਾ ਉਹ ਬਹਿੰਦਾ ਏ ਖੋਲ੍ਹ ਸਿਆਣਪ ਇੱਕ ਦੂਜੇ ਤੋਂ ਦੋਵੇਂ ਘਰ ਈ ਬਹੁਤੀ ਬੈਠੇ ਘੋਲ਼ ਸਿਆਣਪ ਜੇ ਤੇ ਗੱਲ ਸਿਆਣਪ ਦੀ ਏ ਆਜਾ ਲਈਏ ਤੋਲ ਸਿਆਣਪ ਓਥੇ ਇਸ਼ਕ ਹੁਰਾਂ ਨੂੰ ਸੱਦ ਲਿਓ ਜਿੱਥੇ ਜਾਵੇ ਡੋਲ ਸਿਆਣਪ ਜਿੰਨੀ ਜਿਸ ਵਿਚ ਹੋਵੇ ‘ਸੰਧੂ’ ਮੂੰਹੋਂ ਪੈਂਦੀ ਬੋਲ ਸਿਆਣਪ
ਹੋਇਆ ਮੰਦੜਾ ਹਾਲ ਸਹੇਲੀ
ਹੋਇਆ ਮੰਦੜਾ ਹਾਲ ਸਹੇਲੀ ਐਧਰ ਵੀ ਤੇ ਓਧਰ ਵੀ ਰੁਲ਼ ਗਏ ਸਾਡੇ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ ਲਾਲ ਹਨ੍ਹੇਰੀ ਜਦ ਵੀ ਝੁੱਲੀ ਔਂਤਰ ਜਾਣੀ ਮਾਵਾਂ ਤੋਂ ਖੋਹ ਲਏ ਕਿੰਨੇ ਬਾਲ ਸਹੇਲੀ ਐਧਰ ਵੀ ਤੇ ਓਧਰ ਵੀ ਕਿੰਜ ਘੁੱਗੀਆਂ ਦੇ ਆਂਡੇ ਪੀਤੇ ਬੋਟ ਨਾ ਛੱਡੇ ਚਿੜੀਆਂ ਦੇ ਕਾਂਵਾਂ ਚੱਲ ਕੇ ਚਾਲ ਸਹੇਲੀ ਐਧਰ ਵੀ ਤੇ ਓਧਰ ਵੀ ਯਾਰਾਂ ਹੱਥੋਂ ਯਾਰ ਲੁਟੀਜੇ ਵੀਰ ਲੁਟੀਜੇ ਵੀਰਾਂ ਤੋਂ ਬਣ ਕੇ ਲੁੱਟ ਦਾ ਮਾਲ ਸਹੇਲੀ ਐਧਰ ਵੀ ਤੇ ਓਧਰ ਵੀ ਅੰਨ੍ਹੀ ਖੇਡ ਨੇ ਇੰਜ ਖਿਡਾਇਆ ਕੰਧਾਂ ਵੀ ਰੁੱਸ ਪਈਆਂ ਸਨ ਇੱਕ ਦੂਜੀ ਦੇ ਨਾਲ਼ ਸਹੇਲੀ ਐਧਰ ਵੀ ਤੇ ਓਧਰ ਵੀ ਚੇਤਾ ਈ ਜਾਂ ਭੁੱਲ ਗਈ ਐਂ ਤੂੰ ਕਿੰਜ ਕਿੰਜ ਸੀ ਲਹੂ ਚਿੱਟੇ ਤੋਂ ਪਾਣੀ ਹੋ ਗਏ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ ਕਿੰਨੇ ਈ ਨੇਂ ਹਾਲੇ ਵੀ ਜੋ ਥਾਂ ਥਾਂ ਕਰਦੇ ਫਿਰਦੇ ਨੇਂ ਇੱਕ ਦੂਜੇ ਦੀ ਭਾਲ ਸਹੇਲੀ ਐਧਰ ਵੀ ਤੇ ਓਧਰ ਵੀ ਜੁਗਨੀ ਮਾਹੀਏ ਢੋਲੇ ਟੱਪੇ ਗੀਤ ਵਿੱਛੜ ਗਏ ਗੀਤਾਂ ਤੋਂ ਸੁਰ ਤੋਂ ਵਿਛੜੀ ਤਾਲ ਸਹੇਲੀ ਐਧਰ ਵੀ ਤੇ ਓਧਰ ਵੀ ਇੱਕ ਦੂਜੇ ਵੱਲ ਰਹਿ ਗਏ ਸਨ ਜੋ ਅੱਜ ਵੀ ਰੱਜ ਰਵਾਉਂਦੇ ਨੇਂ ਕਈ ਛੰਨੇ ਕਈ ਥਾਲ ਸਹੇਲੀ ਐਧਰ ਵੀ ਤੇ ਓਧਰ ਵੀ ਜਿੰਨਾ ਮਰਜ਼ੀ ਭੁੱਲੀਏ ਭਾਵੇਂ ‘ਸੰਧੂ’ ਸੱਚ ਈ ਕਹਿੰਦਾ ਏ ਭੁੱਲਣਾ ਨਈਂ ਉਹ ਸਾਲ ਸਹੇਲੀ ਐਧਰ ਵੀ ਤੇ ਓਧਰ ਵੀ *ਜੁਗਨੀ/ਮਾਹੀਏ/ਢੋਦੇ/ਟੱਪੇ/ਗੀਤ :- ਪੰਜਾਬ ਦੇ ਲੋਕ ਕਾਵਿ ਰੂਪ *ਛੰਨਾ :- ਬਰਤਨ (ਜਿਸ ਵਿਚ ਦੁੱਧ ਲੱਸੀ ਪੀਤੀ ਜਾਂਦੀ ਸੀ)
ਕਈ ਚੰਬੇ ਕਈ ਡਾਰ ਹਵਾ ਦੇ ਬੁੱਲਿਆਂ ਨੂੰ
ਕਈ ਚੰਬੇ ਕਈ ਡਾਰ ਹਵਾ ਦੇ ਬੁੱਲਿਆਂ ਨੂੰ ਰੁਲ਼ ਗਏ ਕਰ ਕੇ ਪਿਆਰ ਹਵਾ ਦੇ ਬੁੱਲਿਆਂ ਨੂੰ ਸਿਖਰ ਦੁਪਹਿਰੀਂ ਆਕੇ ਜੇਠ ਮਹੀਨੇ ਵੀ ਤੂੰ ਦਿੰਦਾ ਸੈਂ ਠਾਰ ਹਵਾ ਦੇ ਬੁੱਲਿਆਂ ਨੂੰ ਟਾਹਲ਼ੀ ਵਾਲ਼ੇ ਖੂਹ ਤੇ ਓਹਲੇ ਪਿੱਪਲਾਂ ਦੇ ਮਿਲਿਆ ਸਾਂ ਕਈ ਵਾਰ ਹਵਾ ਦੇ ਬੁੱਲਿਆਂ ਨੂੰ ਅੱਜ ਸੱਜਣਾਂ ਦੇ ਸਾਹ ਕਲੇਜਾ ਠਾਰਨਗੇ ਅੱਜ ਤੂੰ ਗੋਲ਼ੀ ਮਾਰ ਹਵਾ ਦੇ ਬੁੱਲਿਆਂ ਨੂੰ ਬਾਂਕੇ ਸੱਪ ਦੀ ਟੋਰ ਨਈਂ ਭੁੱਲੀ ਹੋਵੇਗੀ ਹਾਲੇ ਵੀ ਦੋ ਚਾਰ ਹਵਾ ਦੇ ਬੁੱਲਿਆਂ ਨੂੰ ਏਨੀ ਗੱਲ ਨਾ ਸਮਝੀ ਪਾਗਲ ਅੱਖੀਆਂ ਨੇ ਬੱਦਲਾਂ ਦਾ ਕੀ ਭਾਰ ਹਵਾ ਦੇ ਬੁੱਲਿਆਂ ਨੂੰ ‘ਸੰਧੂ’ ਭਾਵੇਂ ਤੀਲਾ ਤੀਲਾ ਹੋ ਗਏ ਆਂ ਛੱਡਿਆ ਨਈਂ ਵਿਚਕਾਰ ਹਵਾ ਦੇ ਬੁੱਲਿਆਂ ਨੂੰ *ਚੰਬਾ :- ਗਰੁੱਪ ਜਾਂ ਵੱਧ ਗਿਣਤੀ ਦੇ ਅਰਥਾਂ ਵਿਚ *ਬਾਂਕਾ :- ਸੁੰਦਰ ਦਿੱਖ ਵਾਲ਼ੇ ਗੱਭਰੂ ਲਈ ਵਰਤਿਆ ਜਾਂਦਾ ਸ਼ਬਦ
ਮੈਂ ਲੋਕਾਂ ਨੂੰ ਲੱਖ ਵਾਰੀ ਸਮਝਾਇਆ ਏ
ਮੈਂ ਲੋਕਾਂ ਨੂੰ ਲੱਖ ਵਾਰੀ ਸਮਝਾਇਆ ਏ ਬੰਦਾ ਜਗ 'ਤੇ ਡਿੱਗਿਆ ਨਈਂ ਏ ਆਇਆ ਏ ਵੇਖ ਸਿਆਸਤ ਰਲ਼ ਕੇ ਕਾਂ ਤੇ ਗਿਰਝਾਂ ਨੇ ਸਾਰੇ ਜਗ ਨੂੰ ਕੁੱਤਿਆਂ ਵਾਂਗ ਲੜਾਇਆ ਏ ਦਿਲ ਨਈਂ ਮੰਨਦਾ ਉਂਜ ਪਰ ਹਾਲਤ ਦਿਸਦੀ ਏ ਸਾਡੇ ਦੇਸ਼ 'ਤੇ ਡੈਣ ਕਿਸੇ ਦਾ ਸਾਇਆ ਏ ਕੰਨਾਂ ਨੂੰ ਹੱਥ ਲਾ ਲਏ ਸੱਪ ਤੇ ਠੂਹਿਆਂ ਨੇਂ ਇਥੇ ਜਿਹੜਾ ਲੋਕਾਂ ਰੰਗ ਵਿਖਾਇਆ ਏ ਮੈਂ ਈ ਨਈਂ ਘਬਰਾਇਆ ਤੱਕ ਕੇ ਸ਼ੀਸ਼ੇ ਨੂੰ ਮੈਨੂੰ ਤੱਕ ਕੇ ਸ਼ੀਸ਼ਾ ਵੀ ਘਬਰਾਇਆ ਏ ਸਾਰੀ ਉਮਰਾਂ ਪੜ੍ਹਨਾ ਏ ਨਾ ਪੜ੍ਹਿਆ ਸੀ ਜਿਹੜਾ ਮੈਨੂੰ ਤੇਰੇ ਇਸ਼ਕ ਪੜ੍ਹਾਇਆ ਏ ‘ਸੰਧੂ’ ਉਹੀਓ ਉਹੀਓ ਇੱਕ ਦਿਨ ਭੁਗਤੇਗਾ ਜਿਹਨੇ ਜਿਹਨੇ ਜੋ ਜੋ ਜ਼ੁਲਮ ਕਮਾਇਆ ਏ
ਸਾਡੀ ਇੱਕ ਇੱਕ ਰੀਝ ਤੇ
ਸਾਡੀ ਇੱਕ ਇੱਕ ਰੀਝ ਤੇ ਹਰ ਇੱਕ ਖ਼ਾਬ ਯਜ਼ੀਦਾਂ ਹੱਥੀਂ ਸਤਲੁਜ ਜਿਹਲਮ ਰਾਵੀ ਬਿਆਸ ਚਨਾਬ ਯਜ਼ੀਦਾਂ ਹੱਥੀਂ ਓਸੇ ਦਿਨ ਤੋਂ ਰੁਲ਼ਦੀ ਪਈ ਏ ਸਾਡੇ ਦੇਸ਼ ਦੀ ਬੋਲੀ ਜਿਹੜੇ ਦਿਨ ਤੋਂ ਆਇਆ ਏ ਪੰਜਾਬ ਯਜ਼ੀਦਾਂ ਹੱਥੀਂ ਸਾਡੇ ਲੋਕਾਂ ਆਪਣੇ ਹੱਥੀਂ ਕੰਡੇ ਝੋਲ਼ੀ ਪਾ ਲਏ ਚੰਗੇ ਭਲ਼ੇ ਦੇ ਕੇ ਫੁੱਲ ਗੁਲਾਬ ਯਜ਼ੀਦਾਂ ਹੱਥੀਂ ਕੁਦਰਤ ਦੇ ਕੰਮ ਵੇਖੋ ਉੱਥੇ ਜੋ ਜੋ ਵੀ ਸਨ ਆਈਆਂ ਗਿਰਝਾਂ ਸਾਡੇ ਵੱਲੇ ਤੇ ਸੁਰਖ਼ਾਬ ਯਜ਼ੀਦਾਂ ਹੱਥੀਂ ਓਥੇ ਮਿਹਨਤ-ਕਸ਼ ਦੀ ਰੱਤ ਦੇ ਨਾਲ਼ ਮਈਸ਼ਤ ਪਲ਼ਦੀ ਜਿਥੇ ਜਿਥੇ ਹੁੰਦਾ ਏ ਹਿਸਾਬ ਯਜ਼ੀਦਾਂ ਹੱਥੀਂ ਕੂਫ਼ਾ ਸ਼ਹਿਰ ਦਾ ਨਾਂ ਨਈਂ ਅੰਨ੍ਹੀ ਸੋਚ ਦਾ ਨਾਂ ਏ ਕੂਫ਼ਾ ਇਹ ਗੱਲ ਆ ਕੇ ਸਮਝੇ ਆਂ ਜਨਾਬ ਯਜ਼ੀਦਾਂ ਹੱਥੀਂ ਅੱਜ ਨਈਂ ਸੱਚ ਨੂੰ ਕੋਹ ਕੇ ‘ਸੰਧੂ' ਹਰ ਇੱਕ ਦੌਰ ’ਚ ਲਿਖਿਆ ਆਪਣੇ ਨਾਂ ਲਈ ਲਾਹਣਤ ਦਾ ਇੱਕ ਬਾਬ ਯਜ਼ੀਦਾਂ ਹੱਥੀਂ *ਯਜ਼ੀਦ :- ਬੇਰਹਿਮ, ਉਹ ਖ਼ਲੀਫ਼ਾ ਜਿਸ ਨੇ ਇਮਾਮ ਹੁਸੈਨ ਨੂੰ ਕਤਲ ਕੀਤਾ ਸੀ *ਸੁਰਖ਼ਾਬ :- ਪੰਛੀ *ਮਈਸ਼ਤ :- ਤਰੱਕੀ *ਬਾਬ :- ਕਾਂਡ, ਅਧਿਆਇ
ਅੱਲ੍ਹੜ 'ਵਾਵਾਂ ਗੀਤ ਗੁਲਾਬੀ
ਅੱਲ੍ਹੜ 'ਵਾਵਾਂ ਗੀਤ ਗੁਲਾਬੀ ਗਾਣ ਕਦੀ ਤੇ ਦੱਸੀਂ ਗੁੱਤ ਹਿਲਾਉਂਦੀਆਂ ਰੁੱਤਾਂ ਮੁੜ ਕੇ ਆਣ ਕਦੀ ਤੇ ਦੱਸੀਂ ਕਿੱਕਰ ਟਾਹਲੀ ਨਿੰਮ ਧਰੇਕਾਂ ਤੂਤ ਤੇ ਬੋਹੜਾਂ ਉੱਤੇ ਚਿੜੀਆਂ ਤੋਤੇ ਘੁੱਗੀਆਂ ਮੇਲੇ ਲਾਣ ਕਦੀ ਤੇ ਦੱਸੀਂ ਵੰਗਾਂ ਨੂੰ ਚਮਕਾਉਂਦੇ ਹੋਏ ਸੱਜਰੇ ਚੰਨ ਦੇ ਟੋਟੇ ਖੂਹ ਨੂੰ ਜਾਂਦੀ ਰਾਹ ਤੇ ਪੈਲਾਂ ਪਾਣ ਕਦੀ ਤੇ ਦੱਸੀਂ ਡੀਗਰ ਵੇਲ਼ੇ ਪਤਲੇ ਪਤਲੇ ਲੋਕ ਘੜਿਆਂ ਦੇ ਥੱਲੇ ਗਲ਼ੀਆਂ ਦੇ ਵਿਚ ਸੱਪ ਵਲ਼ਾਵੇਂ ਖਾਣ ਕਦੀ ਤੇ ਦੱਸੀਂ ਜਿੰਨ੍ਹਾਂ ਦੇ ਲਈ ਦਿਲ ਨੂੰ ਫੜ ਕੇ ਬਹਿ ਜਾਂਦੇ ਸੀ ਤਾਰੇ ਉਹੀਓ ਹਾਸੇ ਪਿੰਡ ਵਿਚ ਬੀਜੇ ਜਾਣ ਕਦੀ ਤੇ ਦੱਸੀਂ ਨਜ਼ਮ ਕਿਸੇ ਦਾ ਮਿਸਰਾ ਮਿਸਰਾ ਫੁੱਲ ਸਰ੍ਹੋਂ ਦੇ ਚੁੰਮੇ ਗ਼ਜ਼ਲ ਕਿਸੇ ਦਾ ਕਣਕਾਂ ਸ਼ਿਅਰ ਸੁਣਾਣ ਕਦੀ ਤੇ ਦੱਸੀਂ ਕੁੱਲੀਆਂ ਮਹਿਲ ਵਿਸਾਖੀ ਦੇ ਵਿਚ ਰਲ਼ਕੇ ਨੱਚਦੇ ‘ਸੰਧੂ’ ਪੱਗ ਤੇ ਸਾਫ਼ਾ ਇਕ ਜਿਹੀ ਈਦ ਮਨਾਣ ਕਦੀ ਤੇ ਦੱਸਾਂ *ਅੱਲ੍ਹੜ :- ਜਵਾਨ *ਡੀਗਰ ਵੇਲ਼ਾ :- ਸ਼ਾਮ ਦਾ ਸਮਾਂ *ਸਾਫ਼ਾ :- ਇਸਲਾਮਿਕ ਲੋਕਾਂ ਤੇ ਸਿਰ ਤੇ ਬੰਨ੍ਹਣ ਵਾਲ਼ਾ ਕੱਪੜਾ
ਕਰ ਜਾਵਣ ਜਦ ਸੱਭੇ ਹੱਦਾਂ ਪਾਰ
ਕਰ ਜਾਵਣ ਜਦ ਸੱਭੇ ਹੱਦਾਂ ਪਾਰ ਕਿਸੇ ਦੇ ਹਾਸੇ ਵੇਖੀ ਦੇ ਨਈਂ ਸਮਝੀ ਦੇ ਨੇਂ ਯਾਰ ਕਿਸੇ ਦੇ ਹਾਸੇ ਮਸਜਿਦ ਵਰਗੇ ਸਾਡੇ ਦਿਲ ਦਾ ਫ਼ਿਰਕਾ ਫ਼ਿਰਕਾ ਕਰ ਕੇ ਕੀ ਫ਼ਾਇਦਾ ਜੇ ਮੱਲ ਬੈਠੇ ਦਰਬਾਰ ਕਿਸੇ ਦੇ ਹਾਸੇ ਪਿੰਡ ਸੰਗਾਊ ਮਿਸਰੇ ਤੇ ਸ਼ਰਮੀਲੀਆਂ ਬਹਿਰਾਂ ਅੰਦਰ ਗ਼ਜ਼ਲਾਂ ਕਹਿੰਦੇ ਵੇਖੇ ਸੀ ਕਈ ਵਾਰ ਕਿਸੇ ਦੇ ਹਾਸੇ ਸੱਤਰ ਸੌ ਤੇ ਮੈਂ ਵੇਖੇ ਨੇਂ ਹੰਝੂਆਂ ਦੇ ਵਿਚ ਡੁੱਬਦੇ ਕੋਈ ਹੋਵੇਗਾ ਜਿਹਨੂੰ ਗਏ ਨੇਂ ਤਾਰ ਕਿਸੇ ਦੇ ਹਾਸੇ ਅੰਦਰੋਂ ਸਹਿਮੇ ਤੇਰੇ ਸਾਡੇ ਪਿੰਡ ਤੇ ਸ਼ਹਿਰਾਂ ਵਿਚੋਂ ਕਿਹੜਾ ਹੱਸੇ, ਛੱਡੇ ਨਈਂ ਸਰਕਾਰ ਕਿਸੇ ਦੇ ਹਾਸੇ ਚੰਨ ਤਾਰੇ ਵੀ ਇੰਜ ਲਗਦੇ ਨੇਂ ਜਿਸਰਾਂ ਹੋਵਣ ‘ਸੰਧੂ’ ਆਲ਼ ਦੁਆਲ਼ੇ ਅੱਖਾਂ ਤੇ ਵਿਚਕਾਰ ਕਿਸੇ ਦੇ ਹਾਸੇ
ਬਾਂਹਵਾਂ ਦੇ ਵਿਚ ਪਾ ਕੇ ਬਾਂਹਵਾਂ
ਬਾਂਹਵਾਂ ਦੇ ਵਿਚ ਪਾ ਕੇ ਬਾਂਹਵਾਂ ਹਾਸੇ ਗੱਲਾਂ ਕਰਦੇ ਕਿੱਧਰ ਗਏ ਉਹ ਨਾਲ਼ ਹਵਾਵਾਂ ਹਾਸੇ ਗੱਲਾਂ ਕਰਦੇ ਸ਼ਹਿਰ ਤੇਰੇ ਨੂੰ ਭੁੱਲ ਜਾਣਾ ਏ ਸ਼ਹਿਰ ਤੇਰੇ ਦਾ ਹਾਸਾ ਵੇਖ ਲਵੇ ਜੇ ਕੋਲ਼ ਕਪਾਵ੍ਹਾਂ ਹਾਸੇ ਗੱਲਾਂ ਕਰਦੇ ਬਦਨੀਅਤਾਂ ਨੂੰ ਕੀ ਮਿਲਿਆ ਏ ਏਨੇ ਰੋਣੇ ਦੇ ਕੇ ਜਿੱਥੇ ਵੇਖੇ ਪੰਜ ਦਰਿਆਵਾਂ ਹਾਸੇ ਗੱਲਾਂ ਕਰਦੇ ਮੋਢਾ ਲਾ ਕੇ ਜੇਕਰ ਮੇਰੇ ਨਾਲ਼ ਟੁਰੇਂ ਤੂੰ ਮਿੱਤਰਾ ਮੈਂ ਪੰਜਾਬ 'ਚ ਮੋੜ ਲਿਆਵਾਂ ਹਾਸੇ ਗੱਲਾਂ ਕਰਦੇ ਕਣਕਾਂ ਵੱਢਦੇ ਮੂੰਜੀ ਕੁੱਟਦੇ ਅੱਖ ਵਿਚ ਸੁਫ਼ਨੇ ਲੈ ਕੇ ਨਈਂ ਵੇਖੇ ਤੇ ਆ ਵਿਖਾਵਾਂ ਹਾਸੇ ਗੱਲਾਂ ਕਰਦੇ ਚੜ੍ਹਦਿਓਂ ਲਹਿੰਦੇ ਵੱਲ ਜੇ ਆਵੇਂ ਲੈ ਕੇ ਖਿੜਿਆ ਮੱਥਾ ਲਹਿੰਦਿਓਂ ਮੈਂ ਵੀ ਲੈ ਕੇ ਆਵਾਂ ਹਾਸੇ ਗੱਲਾਂ ਕਰਦੇ ਇੱਕ ਇੱਕ ਅੱਖ ਦੇ ਪੂੰਝ ਕੇ ਅੱਥਰੂ ਵੱਸ ਚੱਲੇ ਜੇ ਮੇਰਾ ਸਾਰੇ ਜਗ ਦੇ ਵਿਚ ਵਰਤਾਵਾਂ ਹਾਸੇ ਗੱਲਾਂ ਕਰਦੇ ਸਾਹਵੇਂ ਬੈਠਾ ਹੱਸਦਾ ਰਹੇਂ ਤੇ ਸ਼ਿਅਰਾਂ ਦੀ ਥਾਂ ‘ਸੰਧੂ’ ਜੀ ਕਰਦਾ ਏ ਲਿਖਦਾ ਜਾਵਾਂ ਹਾਸੇ ਗੱਲਾਂ ਕਰਦੇ *ਮੂੰਜੀ :- ਝੋਨਾ
ਜਿੱਥੇ ਅੱਖਾਂ ਬੰਦ ਨੇਂ ਉਨ੍ਹਾਂ ਥਾਂਵਾਂ ਦੇ ਦਰਵਾਜ਼ੇ
ਜਿੱਥੇ ਅੱਖਾਂ ਬੰਦ ਨੇਂ ਉਨ੍ਹਾਂ ਥਾਂਵਾਂ ਦੇ ਦਰਵਾਜ਼ੇ ਹਾਲੇ ਖੁੱਲਣ ਵਾਲ਼ੇ ਨੇਂ ਕਈ ਰਾਹਵਾਂ ਦੇ ਦਰਵਾਜ਼ੇ ਇੱਕ ਵੇਲ਼ਾ ਏ ਵੱਖ ਨੇਂ ਸਾਡੀ ਸੋਚ ਦੀਆਂ ਵੀ ਗਲ਼ੀਆਂ ਇਕ ਵੇਲ਼ਾ ਸੀ ਸਾਂਝੇ ਸਨ ਜਦ ਸਾਹਵਾਂ ਦੇ ਦਰਵਾਜ਼ੇ ਵੇਖ ਰਿਹਾ ਵਾਂ ਲੱਗੀਆਂ ਹੋਈਆਂ ਉਨ੍ਹਾਂ ਵਿਚ ਵੀ ਇੱਟਾਂ ਸ਼ਹਿਰ 'ਚ ਸਨ ਜੋ ਬੋਲਣ ਵਾਲ਼ੇ ਨਾਵਾਂ ਦੇ ਦਰਵਾਜ਼ੇ ਨਾ ਵੇਲ਼ੇ ਦੀਆਂ ਸ਼ਰਤਾਂ ਨੇਂ ਤੇ ਨਾ ਰਸਮਾਂ ਦੇ ਤਾਲੇ ਤੇਰੇ ਲਈ ਨੇਂ ਅੱਜ ਵੀ ਓਵੇਂ ਬਾਂਹਵਾਂ ਦੇ ਦਰਵਾਜ਼ੇ ਵੱਸ ਚੱਲਦਾ ਤੇ ਲੋਕਾਂ ਅੰਬਰੋਂ ਉੱਚੀਆਂ ਕੰਧਾਂ ਕਰਕੇ ਆਪਣੇ ਵੱਲੇ ਰੱਖ ਲੈਣੇ ਸੀ 'ਵਾਵਾਂ ਦੇ ਦਰਵਾਜ਼ੇ ਦੇਸਾਂ ਵਿਚੋਂ ਦੇਸ ਏ ਜਿਸਦਾ ਨਾਂ ਪੰਜਾਬ ਏ ਮਿੱਤਰਾ ਦਿਲ ਨੇਂ ਜਿੱਥੇ ਹੁੰਦੇ ਕਿੰਜ ਦਰਗਾਹਵਾਂ ਦੇ ਦਰਵਾਜ਼ੇ ਫਿਰ ਸਮਝੋਗੇ ਕਿੱਕਰ ਟਾਹਲੀ ਕੀ ਹੁੰਦੀਆਂ ਨੇਂ ਬੋਹੜਾਂ ਧੁੱਪਾਂ ਆ ਕੇ ਮੱਲ ਲਏ ਜਿਸ ਦਿਨ ਛਾਂਵਾਂ ਦੇ ਦਰਵਾਜ਼ੇ ਕਿੰਨੀ ਵਾਰੀ ਇੱਕ ਦੂਜੇ ਵੱਲ ਨੇਂ ਲਾ ਕੇ ਵੇਖੇ ‘ਸੰਧੂ' ਬਹੁਤੀ ਦੇਰ ਖਲੋਂਦੇ ਨਈਂ ਨੇਂ ਚਾਵਾਂ ਦੇ ਦਰਵਾਜ਼ੇ
ਜਿੱਥੇ ਬੈਠੇ ਓਥੇ ਹਉਕੇ ਭਰਦੇ ਰਹੇ
ਜਿੱਥੇ ਬੈਠੇ ਓਥੇ ਹਉਕੇ ਭਰਦੇ ਰਹੇ ਤੇ ਮਰਦੇ ਰਹੇ ਰੱਬ ਤੋਂ ਬਹੁਤਾ ਤੈਨੂੰ ਚੇਤੇ ਕਰਦੇ ਰਹੇ ਤੇ ਮਰਦੇ ਰਹੇ ਕਈ ਕਈ ਰੁੱਤਾਂ ਆਈਆਂ ਗਈਆਂ ਕਈ ਕਈ ਆ ਕੇ ਦਿਨ ਵੀ ਗਏ ਕੁਝ ਵੀ ਹੋਇਆ ਤੇਰੇ ਉੱਤੇ ਮਰਦੇ ਰਹੇ ਤੇ ਮਰਦੇ ਰਹੇ ਨਿੱਘ 'ਚ ਸੁੱਤਿਆ ਤੂੰ ਕੀ ਜਾਣੇ ਤੇਰੇ ਨਿੱਘ ਲਈ ਸ਼ਹਿਰ ਦੇ ਵਿਚ ਕਿਹੜੇ ਕਿਹੜੇ ਰਾਤੀਂ ਪਾਲ਼ੇ ਠਰਦੇ ਰਹੇ ਤੇ ਮਰਦੇ ਰਹੇ ਉਂਜ ਤੇ ਜੀਂਦੇ ਰਹੇ ਪਰ ਜੀਵਣ ਜੋਗੇ ਨਿੱਤ ਜੀਵਨ ਲਈ ਇੱਕ ਇੱਕ ਸਾਹ ਤੇ ਸੌ ਸੌ ਮੌਤਾਂ ਜਰਦੇ ਰਹੇ ਤੇ ਮਰਦੇ ਰਹੇ ਹੋਰ ਤੇ ਕੋਈ ਗੱਲ ਨਾ ਹੋਈ ਉਹੀਓ ਗੱਲ ਈ ਹੁੰਦੀ ਰਹੀ ਜਿਹੜੀ ਗੱਲ ਤੋਂ ਡਰਦੇ ਮਾਰੇ ਡਰਦੇ ਰਹੇ ਤੇ ਮਰਦੇ ਰਹੇ ਰੰਗੀਆਂ ਦੇ ਰੰਗ ਵੇਖੋ ਰੰਗ ਦੇ ਸਾਰੇ ਪੱਤੇ ਲੈ ਕੇ ਵੀ ਰੰਗਾਂ ਵਾਲ਼ੇ ਬਦ-ਰੰਗੀਆਂ ਤੋਂ ਹਰਦੇ ਰਹੇ ਤੇ ਮਰਦੇ ਰਹੇ ‘ਸੰਧੂ’ ਵੇਖੇ ਨੇਂ ਮੈਂ ਉਹ ਜਿੰਨ੍ਹਾਂ ਨੂੰ ਚਾਰ ਨਾ ਸਕਿਆ ਕੋਈ ਸਾਰੀ ਉਮਰਾਂ ਸੱਜਣਾਂ ਹੱਥੋਂ ਚਰਦੇ ਰਹੇ ਮਰਦੇ ਰਹੇ *ਚਰਦੇ :- ਭਾਵ ਮੂਰਖ ਬਣਦੇ ਰਹੇ
ਇੱਕ ਇੱਕ ਅੱਥਰੂ ਉੱਤੇ ਇੱਕ ਇੱਕ ਯਾਰ ਨੇ
ਇੱਕ ਇੱਕ ਅੱਥਰੂ ਉੱਤੇ ਇੱਕ ਇੱਕ ਯਾਰ ਨੇ ਵਾਹ ਵਾਹ ਕੀਤੀ ਮੈਂ ਤੇ ਦੁੱਖ ਉਲੀਕੇ ਪਰ ਸੰਸਾਰ ਨੇ ਵਾਹ ਵਾਹ ਕੀਤੀ ਓਸ ਦਿਹਾੜੇ ਸਮਝਾਂਗਾ ਮੈਂ ਲਿਖਿਆ ਏ ਕੁੱਝ ਵੱਖਰਾ ਜਿਸ ਦਿਨ ਮੇਰੇ ਅੰਦਰ ਦੇ ਫ਼ਨਕਾਰ ਨੇ ਵਾਹ ਵਾਹ ਕੀਤੀ ਬੱਸ ਫਿਰ ਓਸ ਕਹਾਣੀ ਵਿਚੋਂ ਕੱਢ ਦਿੱਤਾ ਉਸ ਮੈਨੂੰ ਜਦ ਮੇਰੇ ਕਿਰਦਾਰ 'ਤੇ ਹਰ ਕਿਰਦਾਰ ਨੇ ਵਾਹ ਵਾਹ ਕੀਤੀ ਉਹ ਜਿੱਤਿਆ ਤੇ ਉਹਦੀ ਜਿੱਤ ਮੈਂ ਵੇਖੀ ਮੂੰਹ ਲੁਕਾਉਂਦੀ ਉਹਦੀ ਜਿੱਤ ਤੇ ਜਿਸਲ਼ੇ ਮੇਰੀ ਹਾਰ ਨੇ ਵਾਹ ਵਾਹ ਕੀਤੀ ਉਹਦੇ ਹੱਥੋਂ ਕੁਸਦਾ ਨਾ ਤੇ ਦੱਸੋ ਦਿਲ ਕੀ ਕਰਦਾ ਜਿਹਦੀ ਅੱਖ ਦੀ ਧਾਰ 'ਤੇ ਹਰ ਤਲਵਾਰ ਨੇ ਵਾਹ ਵਾਹ ਕੀਤੀ ਸਿਰ ਤੇ ਆਏ ਭਾਰ ਨੂੰ ਲੈ ਕੇ ਜਗ ਦੇ ਧੱਕਿਆਂ ਵਿਚ ਵੀ ਪੈਰਾਂ ਤੇ ਸਾਂ ਤਾਂ ਹੀ ਸਿਰ ਦੇ ਭਾਰ ਨੇ ਵਾਹ ਵਾਹ ਕੀਤੀ ਜਦ ਕਦੀ ਵੀ ਉਹਦੇ ਨਾਂ ਦੇ ਸਾਜ਼ ਛਿੜੇ ਤੇ ‘ਸੰਧੂ’ ਜਿਹਨੂੰ ਵੀ ਹੱਥ ਲਾਇਆ ਓਸੇ ਤਾਰ ਨੇ ਵਾਹ ਵਾਹ ਕੀਤੀ *ਜਿਸਲ਼ੇ :- ਜਿਸ ਵੇਲ਼ੇ *ਕੁਸਦਾ :- ਹਲਾਲ ਕਰਨਾ, ਕੋਹ ਦੇਣਾ
ਜਿਸਲ਼ੇ ਸੂਰਜ ਰਾਤ ਦੀ ਬਾਂਹ ਫੜ੍ਹਦਾ ਏ
ਜਿਸਲ਼ੇ ਸੂਰਜ ਰਾਤ ਦੀ ਬਾਂਹ ਫੜ੍ਹਦਾ ਏ ਚੰਨ ਚੜ੍ਹਦਾ ਏ ਜਿਉਂ ਅੰਬਰਾਂ ਤੇ ਮਾਝਾ ਦੁੱਧ ਕੜ੍ਹਦਾ ਏ ਚੰਨ ਚੜ੍ਹਦਾ प्टे ਜਦ ਉਹ ਸੱਜਰਾ ਸੱਕ ਮਲ਼ਦਾ ਏ ਪੂਰਾ ਜਗ ਬਲ਼ਦਾ ਏ ਤੇ ਫਿਰ ਜੋ ਬੁੱਲ੍ਹੀਆਂ ਨੂੰ ਰੰਗ ਚੜ੍ਹਦਾ ਏ ਚੰਨ ਚੜ੍ਹਦਾ ਏ ਮੈਂ ਤੱਕਿਆ ਏ ਅੱਖਾਂ ਮੀਟ ਕੇ ਪੂਰਾ ਪਿੰਡ ਈ ਜਿੱਥੇ ਛਾਂ ਨੂੰ ਧੁੱਪ ਤੇ ਧੁੱਪ ਨੂੰ ਛਾਂ ਪੜ੍ਹਦਾ ਏ ਚੰਨ ਚੜ੍ਹਦਾ ਏ ਇਹ ਗੱਲ ਲਿਖ ਕੇ ਰੱਖ ਲਓ ਹਵਸੀ ਹੋਸੀ ਜ਼ਿਹਨਾਂ ਨੂੰ ਜਦ ਬਦਨੀਤੀ ਦਾ ਕਾਲ਼ਾ ਸੱਪ ਲੜਦਾ ਏ ਚੰਨ ਚੜ੍ਹਦਾ ਏ ਜਿਹੜੇ ਥਾਂ ਤੇ ਪੁੱਜਦੀ ਸਰਦੀ 'ਵਾ ਦੇ ਵਿਚ ਕਿਸੇ ਦਾ ਰੁੱਖਾਂ ਹੇਠ ਵੀ ਜਾ ਕੇ ਸਿਰ ਸੜਦਾ ਏ ਚੰਨ ਚੜ੍ਹਦਾ ਏ ਕੱਲ੍ਹ ਵੀ ਜਿਹਦਾ ਜਿੱਥੇ ਨੌਂਹ ਅੜਦਾ ਸੀ ਚੰਨ ਚੜ੍ਹਦਾ ਸੀ ਅੱਜ ਵੀ ਜਿਹਦਾ ਜਿੱਥੇ ਨੌਂਹ ਅੜਦਾ ਏ ਚੰਨ ਚੜ੍ਹਦਾ ਏ ‘ਸੰਧੂ’ ਆਪਣੀ ਸੋਚ ਤੇ ਆਪਣੀ ਆਪਣੀ ਲੋੜ ਮੁਤਾਬਿਕ ਜਦ ਕੋਈ ਆਪਣਾ ਆਪਣਾ ਰੱਬ ਘੜਦਾ ਏ ਚੰਨ ਚੜ੍ਹਦਾ ਏ *ਮਾਲਾ ਦੁੱਧ :- ਮੱਝ ਦਾ ਦੁੱਧ *ਹਿਰਸੀ :- ਲਾਲਚ *ਹੋਸੀ :- ਹੁੰਦੀ
ਬੇਕਦਰੀ ਦੇ ਟੁੱਕ ਟੁੱਕ ਖਾ ਗਏ
ਬੇਕਦਰੀ ਦੇ ਟੁੱਕ ਟੁੱਕ ਖਾ ਗਏ ਕਿੰਜ ਕਿੰਜ ਕੀੜੇ ਸਾਨੂੰ ਕਾਲ਼ੇ ਸ਼ਹਿਰ 'ਚ ਰਾਸ ਨਾ ਆਏ ਚਿੱਟੇ ਲੀੜੇ ਸਾਨੂੰ ਜਿਹੜੇ ਐਵੇਂ ਖੁੱਲ੍ਹ ਜਾਂਦੇ ਸਨ ਬੰਦ ਰਏ ਖੁੱਲ੍ਹਣ ਵੇਲ਼ੇ ਹੌਲ਼ੀ ਹੌਲ਼ੀ ਲੈ ਬੈਠੇ ਨੇਂ ਜੀਭ ਦੇ ਬੀੜੇ ਸਾਨੂੰ ਕੱਲ੍ਹ ਨੂੰ ਕਿਧਰੇ ’ਨ੍ਹੇਰ ਪਿਆ ਤੇ ਉਨ੍ਹਾਂ ਨੇਂ ਕੀ ਆਉਣਾ ’ਕੱਲਿਆਂ ਛੱਡ ਕੇ ਟੁਰ ਗਏ ਜੋ ਵਿਚਕਾਰ ਘਰੀੜੇ ਸਾਨੂੰ ਜਿਹਨੂੰ ਤਲੀਆਂ ਉੱਤੇ ਚੁੱਕੀਏ ਮਿੱਧ ਦਾ ਪੈਰਾਂ ਥੱਲੇ ਜਿਹਦੇ ਲਈ ਖੰਡ ਬਣ ਜਾਂਦੇ ਆਂ ਉਹੀ ਪੀੜੇ ਸਾਨੂੰ ਜਦ ਕਦੀ ਵੀ ਸਾਡੇ ਦਿਲ ਵਿਚ ਰਾਂਝਾ ਰਾਂਝਾ ਹੋਈ ਓਸੇ ਵੇਲੇ ਡੰਗ ਲੈਂਦੇ ਨੇਂ ਲੰਗ ਲੰਗੀੜੇ ਸਾਨੂੰ ਤੰਗ ਜ਼ਿਹਨਾਂ ਦੇ ਮਾਲਿਕ ਸਾਰੇ ਸੌੜਾਂ ਭੀੜਾ ਮਾਰੇ ਆਪਣੀ ਖੁੱਲ ਲਈ ਕਰ ਦਿੰਦੇ ਨੇਂ ਸੌੜੇ ਭੀੜੇ ਸਾਨੂੰ ਤਾਂ ਤੇ ‘ਸੰਧੂ’ ਸਾਡੇ ਵਿਚੋਂ ਅੱਜ ਤੱਕ ਜ਼ਹਿਰ ਨਈਂ ਮੁੱਕਿਆ ਨਾਗਾਂ ਦੀ ਥਾਂ ਲੜਦੇ ਰਹੇ ਨੇਂ ਜੋਗ ਜੋਗੀੜੇ ਸਾਨੂੰ *ਬੀੜੇ :- ਬਟਨ *ਸੌੜੇ :- ਤੰਗ, ਭੀੜੇ, ਛੋਟੇ *ਖੜੀੜੇ :- ਧੂੰਦ
ਜ਼ੁਲਫ਼ਾਂ ਛੰਡ ਕੇ ਸੁੱਟਣ ਦਾ
ਜ਼ੁਲਫ਼ਾਂ ਛੰਡ ਕੇ ਸੁੱਟਣ ਦਾ ਪੂਰਾ ਵੱਲ ਸੂ ਲੁੱਟਣ ਦਾ ਜਿਸ ਵੇਲ਼ੇ ਮੈਂ ਟੁੱਟਿਆ ਵਾਂ ਮੌਸਮ ਨਈਂ ਸੀ ਟੁੱਟਣ ਦਾ ’ਨ੍ਹੇਰੇ ਵਿਚ ਨੇਂ ਜਿੰਨਿਆਂ ਨੂੰ ਚਾਅ ਸੀ ਸੂਰਜ ਚੁੱਟਣ ਦਾ ਮਿੱਲ ਏ ਜਿੱਥੇ ਲਗਦਾ ਸੀ ਮੇਲਾ ਕਣਕਾਂ ਫੁੱਟਣ ਦਾ ਮਿਸਰੇ ਮਿਸਰੇ ਰੋਇਆ ਵਾਂ ਰੋਣਾ ਬੋਹੜਾਂ ਪੁੱਟਣ ਦਾ ਹੋਇਆ ਏ ਨਾ ਹੋਣਾ ਏ ਫ਼ਾਇਦਾ ਲੀਕਾਂ ਕੁੱਟਣ ਦਾ ‘ਸੰਧੂੱ ਅੱਜ-ਕੱਲ੍ਹ ਮੋਢੇ ਨਈਂ ਦੌਰ ਏ ਸੰਘੀਆਂ ਘੁੱਟਣ ਦਾ *ਫੰਡ :- ਵਾਲ਼ ਝਾੜਨੇ
ਹੱਸਦਾ ਵੱਸਦਾ ਕੱਚਾ ਵਿਹੜਾ
ਹੱਸਦਾ ਵੱਸਦਾ ਕੱਚਾ ਵਿਹੜਾ ਰਾਠਾਂ ਨੂੰ ਨਈਂ ਪਚਦਾ ਮਾੜੇ ਘਰ ਦਾ ਰਿੜ੍ਹਿਆ ਰਿਹੜਾ ਰਾਠਾਂ ਨੂੰ ਨਈਂ ਪਚਦਾ ਇੱਕ ਨਾ ਇੱਕ ਤੇ ਹਰ ਇੱਕ ਪਿੰਡ ਈ ਹੁੰਦਾ ਏ ਜੋ ਰੜਕੇ ਸਾਡੇ ਪਿੰਡੋਂ ਮੈਂ ਆਂ ਜਿਹੜਾ ਰਾਠਾਂ ਨੂੰ ਨਈਂ ਪਚਦਾ ਕਿਹਦਾ ਕਿਹਦਾ ਨਾਂ ਲਵਾਂ ਮੈਂ ਕਿਹਦਾ ਕਿਹਦਾ ਦੱਸਾਂ ਖ਼ੌਰੇ ਇੱਥੇ ਕਿਹੜਾ ਕਿਹੜਾ ਰਾਠਾਂ ਨੂੰ ਨਈਂ ਪਚਦਾ ਚੜ੍ਹਦਿਓਂ ਲਹਿੰਦੇ ਲਹਿੰਦਿਓਂ ਚੜ੍ਹਦੇ ਆਵਣ ਜਾਵਣ ਵਾਲ਼ਾ ਸਾਂਝ ਸਲੂਕ ਦਾ ਸੱਦ ਸੁਨੇਹੜਾ ਰਾਠਾਂ ਨੂੰ ਨਈਂ ਪਚਦਾ ਇੱਕ ਥਾਂ ਗੀਤ ਸੁਣਾਉਂਦਾ ਅੱਜ ਵੀ ਇੱਕ ਥਾਂ ਚੋਗਾ ਚੁਗਦਾ ਘੁੱਗੀ ਘੁੱਗੂ ਸਿਹੜੀ ਸਿਹੜਾ ਰਾਠਾਂ ਨੂੰ ਨਈਂ ਪਚਦਾ ਆਪਣੇ ਘਰ ਵਿਚ ਭਾਵੇਂ ‘ਸੰਧੂ’ ਸੌ ਸੌ ਬਲ਼ਦੇ ਹੋਵਣ ਬਲ਼ਦਾ ਕਿਧਰੇ ਹੋਰ ਚੁਲ੍ਹਿੜਾ ਰਾਠਾਂ ਨੂੰ ਨਈਂ ਪਚਦਾ *ਸਿਹੜੀ :- ਚਿੱਟੇ ਰੰਗ ਦਾ ਗੁਟਾਰਨੁਮਾ ਪੰਛੀ *ਚਲ੍ਹਿੜਾ :- ਚੁੱਲ੍ਹਾ
ਥੋੜ੍ਹੀਆਂ ਵਧੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਥੋੜ੍ਹੀਆਂ ਵਧੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਨਵੀਆਂ ਉਚੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਮੇਰੀਆਂ ਜਾਂ ਤੇਰੀਆਂ ਨੇ ਤੇਰੀਆਂ ਜਾਂ ਮੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਕਾਲ਼ਕਾਂ ਨੂੰ ਧੋਂਦਿਆਂ ਵੀ ਚਾਨਣਾਂ ਦੇ ਹੋਂਦਿਆਂ ਵੀ ਰਾਤਾਂ ਜੋ ਹਨੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਰੁੱਗਾਂ ਮੂੰਹੀਂ ਖਾਂਵਦੇ ਨੇ ਸਾਨੂੰ ਜੋ ਵੀ ਖਾਂਵਦੇ ਨੇ ਚਿੱਕੜਾਂ ਤੇ ਗੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਅੱਗੇ ਪਿੱਛੇ ਡੋਲਣਾ ਨਈਂ ਮੂੰਹਾਂ ਉੱਤੇ ਬੋਲਣਾ ਨਈਂ ਕਾਹਦੀਆਂ ਦਲੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ਗਿੱਦੜਾਂ ਤੇ ਚੀਤਿਆਂ ਨੇ ਇੱਥੇ ਕਈ ਪਲੀਤਿਆਂ ਨੇ ਭੇਡਾਂ ਜਿਵੇਂ ਘੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ ‘ਸੰਧੂ’ ਜੋ ਲਸੇਰੀਆਂ ਸੀ ਹਾਲੇ ਵੀ ਲਸੇਰੀਆਂ ਨੇ ਦੱਸਾਂ ਕਿਉਂ ਲਸੇਰੀਆਂ ਨੇ, ਸੱਭੇ ਹੇਰਾ ਫੇਰੀਆਂ ਨੇ
ਕੱਲ੍ਹ ਨੂੰ ਕਿਧਰੇ ਦੋਹਾਂ ਪੜ੍ਹ ਪੁੜ੍ਹ ਜਾਣਾ ਏ
ਕੱਲ੍ਹ ਨੂੰ ਕਿਧਰੇ ਦੋਹਾਂ ਪੜ੍ਹ ਪੁੜ੍ਹ ਜਾਣਾ ਏ ਤੂੰ ਕਿਧਰੇ ਮੈਂ ਕਿਧਰੇ ਖੜ੍ਹ ਖੁੜ੍ਹ ਜਾਣਾ ਏ ਮੈਨੂੰ ਕੋਹ ਕਾਹ ਦੇਣਾ ਅੰਤ ਰਿਵਾਜਾਂ ਨੇ ਤੂੰ ਰਸਮਾਂ ਦੀ ਸੂਲ਼ੀ ਚੜ੍ਹ ਚੁੜ੍ਹ ਜਾਣਾ ਏ ਕੁਝ ਵੀ ਕਰੀਏ ਭੁੱਖ ਤੇ ਰੱਜ ਦੇ ਨਾਗਾਂ ’ਚੋਂ ਇੱਕ ਤੈਨੂੰ ਇੱਕ ਮੈਨੂੰ ਲੜ ਲੁੜ ਜਾਣਾ ਏ ਹੌਲ਼ੀ ਹੌਲ਼ੀ ਤੇਰੇ ਪਿੰਡ ਤੇ ਪਿੱਪਲਾਂ ਤੋਂ ਸਾਡੇ ਨਾਂ ਦੇ ਪੱਤਰਾਂ ਝੜ ਝੁੜ ਜਾਣਾ ਏ ਉੱਡ ਉੱਡਾ ਕੇ ਓੜਕ ਚਿੜੀਆਂ ਚੁੜੀਆਂ ਨੇ ਆਪੋ ਆਪਣੇ ਪਿੰਜਰੇ ਤੜ ਤੁੜ ਜਾਣਾ ਏ ਜਿੰਨੇ ਚਿਰ ਨੂੰ ਵੇਲ਼ਾ ਨਾਲ਼ ਖਲੋਵੇਗਾ ਓਨੇ ਚਿਰ ਨੂੰ ਲੇਖਾਂ ਅੜ ਉੜ ਜਾਣਾ ਏ ਕਈ ਗੱਲਾਂ ਨਈਂ ਪਚਣਾ ‘ਸੰਧੂ’ ਕਈਆਂ ਨੂੰ ਕਈ ਗੱਲਾਂ ਤੋਂ ਕਈਆਂ ਸੜ ਸੁੜ ਜਾਣਾ ਏ
ਅੱਜ ਫੇਰ ਦਿਲ ਕਮਲ਼ੇ ਨੂੰ ਖੋਹ ਜਿਹੀ
ਅੱਜ ਫੇਰ ਦਿਲ ਕਮਲ਼ੇ ਨੂੰ ਖੋਹ ਜਿਹੀ ਲੱਗੀ ਹੋਈ ਏ ਲੱਗਦੀ ਸੀ ਜੋ ਯਾਰ ਕਦੀ ਬਸ ਓਹ ਜਿਹੀ ਲੱਗੀ ਹੋਈ ਏ ਬਾਬਾ ਜੀ ਮੈਂ ਧੁੱਪ ਵੀ ਪੀਨਾ ਫੇਰ ਵੀ ਪਾਲ਼ਾ ਲਹਿੰਦਾ ਨਈਂ ਹਾੜ ਦੇ ਵਿੱਚ ਕੋਈ ਮੇਰੇ ਪਿੱਛੇ ਪੋਹ ਜਿਹੀ ਲੱਗੀ ਹੋਈ ਏ ਜਿਹੜੇ ਦਿਨ ਤੋਂ ਢਿੱਡ ਦਾ ਕੁੱਤਾ ਸੰਗਲ਼ੀ ਤੋੜਕੇ ਫਿਰਦਾ ਏ ਓਸੇ ਦਿਨ ਤੋਂ ਪੁੱਚ-ਪੁੱਚ ਤੇ ਤੋਹ-ਤੋਹ ਜਿਹੀ ਲੱਗੀ ਹੋਈ ਏ ਸਾਡੇ ਲਹੂ ਤੋਂ ਪਹਿਲਾਂ ਜਿੰਨੂ ਵੈਰ ਕ੍ਰੋਧ ਈ ਲੱਗਦਾ ਸੀ ਮੈਂ ਸੁਣਿਆ ਅੱਜ ਓਸੇ ਰੁੱਖ ਨੂੰ ਮੋਹ ਜਿਹੀ ਲੱਗੀ ਹੋਈ ਏ ਨਾ ਕਿਸੇ ਨੂੰ ਲੱਭਣਾ ਏਂ ਮੈਂ ਨਾ ਕਿਸੇ ਨੂੰ ਲੱਭਨਾ ਵਾਂ ਅੱਲ੍ਹਾ ਜਾਣੇ ਅੰਦਰ ਕਾਹਦੀ ਟੋਹ ਜਿਹੀ ਲੱਗੀ ਹੋਈ ਏ ਜਦ ਵੀ ਕਰਦੇ ਘਟੀਆ ਈ ਗੱਲ ਕਰਦੇ ਨੇ ਜੋ ਓਹਨਾਂ ਨੂੰ ਹੋਰ ਤੇ ਕੁਝ ਨਈਂ ਮਿੱਟੀ ਖ਼ੌਰੇ ਲੋਹ ਜਿਹੀ ਲੱਗੀ ਹੋਈ ਏ ‘ਸੰਧੂ’ ਤਾਂ ਨਈਂ ਡਿੱਗਦਾ ਕੰਡ ਦੇ ਪਿੱਛੇ ਮਾਂ ਦੇ ਹੱਥਾਂ ਦੀ ਇੰਜ ਲੱਗਦਾ ਏ ਹਾਲੇ ਤੀਕਰ ਢੋਹ ਜਿਹੀ ਲੱਗੀ ਹੋਈ ਏ
ਕੀ ਪੁੱਛਨਾ ਏ ਕੀ ਹੁੰਦਾ ਸੀ ਯਾਰ
ਕੀ ਪੁੱਛਨਾ ਏ ਕੀ ਹੁੰਦਾ ਸੀ ਯਾਰ ਚਬਾਰੇ ਉੱਤੇ ਜਿੰਨਾ ਚਿਰ ਨਈਂ ਆਉਂਦਾ ਮੈਂ ਇਕ ਵਾਰ ਚਬਾਰੇ ਉੱਤੇ ਘੁੱਟ-ਘੁੱਟ ਸੀਨੇ ਲਾ ਕੇ ਮੇਰੇ ਮੂੰਹ ਤੇ ਸੁੱਟਕੇ ਜ਼ੁਲਫ਼ਾਂ ਇਕ ਵਾਰੀ ਤੇ ਦਿੱਤਾ ਸੀ ਤੂੰ ਮਾਰ ਚਬਾਰੇ ਉੱਤੇ ਯਾਦ ਜੇ ਅੱਖੀਓ ਸ਼ਾਮਾਂ ਵੇਲ਼ੇ ਲੁੱਟਦੇ ਸਾਂ ਜਦ ਬੁੱਲੇ ਬਹਿ ਕੇ ਦੋਹਾਂ ਚੰਨਾਂ ਦੇ ਵਿਚਕਾਰ ਚੁਬਾਰੇ ਉੱਤੇ ਵੇਖ ਕੇ ਤੈਨੂੰ ਸਿਖਰ ਦੁਪਿਹਰੀ ਲੱਗਦੀ ਕਿਉਂ ਸੀ ਖ਼ੌਰੇ ਸੜਦੀ ਬਲ਼ਦੀ 'ਵਾ ਵੀ ਠੰਡੀ ਠਾਰ ਚਬਾਰੇ ਉੱਤੇ ਜਿਸ ਦਿਨ ਮਰਨਾ ਹੁੰਦਾ ਸੀ ਮੈਂ ਆ ਜਾਂਦਾ ਸੈਂ ਤੂੰ ਵੀ ਤਿੱਖੀ ਕਰਕੇ ਨੈਣਾਂ ਦੀ ਤਲਵਾਰ ਚਬਾਰੇ ਉੱਤੇ ਮੈਨੂੰ ਇਹ ਨਈਂ ਭੁੱਲਿਆ ਖ਼ੌਰੇ ਤੈਨੂੰ ਭੁੱਲ ਗਿਆ ਹੋਵੇ ਲੱਗਦਾ ਸੀ ਜੋ ਰੀਝਾਂ ਦਾ ਦਰਬਾਰ ਚਬਾਰੇ ਉੱਤੇ ਇੰਜ ਲੱਗਦਾ ਏ ਸੁੱਕਣੇ ਪਾ ਕੇ ਭੁੱਲ ਗਈ ਚੁੰਨੀ ਵਾਂਗੂ ਭੁੱਲਿਆ ਏ ਨਾ ਰੱਖ ਕੇ ਸਾਡਾ ਪਿਆਰ ਚਬਾਰੇ ਉੱਤੇ ਤੂੰ ਨਈਂ ਦਿਸਦਾ ਫਿਰ ਵੀ ਤੈਨੂੰ ਐਵੇਂ ਲੱਭਦਾ ਰਹਿਨਾ ਅੱਜ ਵੀ ਆ ਕੇ ਹਫ਼ਤਾ ਤੇ ਇਤਵਾਰ ਚਬਾਰੇ ਉੱਤੇ ਓਹੀਓ ਈ ਤੇ ਰਾਤਾਂ ਸਨ ਜੋ ‘ਸੰਧੂੱ ਰਲ਼ਕੇ ਲੰਘੀਆਂ ਰਲ਼ਕੇ ਜਾਂ ਫਿਰ ਲੰਘੇ ਦਿਨ ਜੋ ਚਾਰ ਚਬਾਰੇ ਉੱਤੇ