Mitti Roi : Hazara Singh Gurdaspuri

ਮਿੱਟੀ ਰੋਈ : ਹਜ਼ਾਰਾ ਸਿੰਘ ਗੁਰਦਾਸਪੁਰੀ


ਮਿੱਟੀ ਰੋਈ

ਮਿੱਟੀ ਦੇ ਵਿਚ ਵੇਦਨ ਜਾਗੀ, ਮਿੱਟੀ ਸਾਡੀ ਰੋਈ। ਅੱਜ ਵੀ ਰੋਈ, ਕੱਲ ਵੀ ਰੋਈ, ਰੋ ਰੋ ਚੰਬਾ ਹੋਈ। ਉਸ ਮਿੱਟੀ ਨੂੰ ਕੌਣ ਨਿਵਾਜੇ, ਕਿੱਥੇ ਉਸਦੀ ਢੋਈ। ਜਿਸਦੇ ਕੰਨੀਂ ਹੋਏ ਨਾ ਬੱਝੀ, ਹੰਝੂਆਂ ਦੀ ਖੁਸ਼ਬੋਈ।

ਗ਼ਜ਼ਲ-ਕਿਉਂ ਦਿਨੋਂ ਦਿਨ ਜ਼ਿੰਦਗੀ

ਕਿਉਂ ਦਿਨੋਂ ਦਿਨ ਜ਼ਿੰਦਗੀ, ਬੇਨੂਰ ਹੁੰਦੀ ਜਾ ਰਹੀ ? ਪਾਂਧੀਆ ਮੰਜ਼ਿਲ ਤੇਰੀ, ਕਿਉਂ ਦੂਰ ਹੁੰਦੀ ਜਾ ਰਹੀ ? ਹੀਰ ਦੀ ਹਰ ਗਲ ਕੁਫ਼ਰ ਹੈ, ਕਾਜ਼ੀਆਂ ਦੀ ਨਜ਼ਰ ਵਿਚ; ਖੇੜਿਆਂ ਦੀ ਹਰ ਅਦਾ, ਮਨਜ਼ੂਰ ਹੁੰਦੀ ਜਾ ਰਹੀ। ਮੇਰੀਆਂ ਦੋ ਚਾਰ ਬੂੰਦਾਂ, ਕਿਉਂ ਉਨ੍ਹਾਂ ਨੂੰ ਰੜਕੀਆਂ; ਜਦ ਸੁਰਾਹੀ ਕਿਸੇ ਦੀ ਭਰਪੂਰ ਹੁੰਦੀ ਜਾ ਰਹੀ। ਹਰ ਨਵੀਂ ਠੋਕਰ ਮਿਰੇ ਕਦਮਾਂ 'ਚ ਭਰ ਦੇਵੇ ਤੂਫਾਨ, ਤਾਰਿਆਂ ਵਿਚ ਗੱਲ ਮਿਰੀ, ਮਸ਼ਹੂਰ ਹੁੰਦੀ ਜਾ ਰਹੀ। ਸ਼ੌਕ ਚਾਹੀਦਾ, ਝਨਾਵਾਂ ਦਾ ਕੋਈ ਘਾਟਾ ਨਹੀ; ਹਰ ਨਦੀ ਤੇਰੇ ਇਸ਼ਕ ਵਿਚ, ਚੂਰ ਹੁੰਦੀ ਜਾ ਰਹੀ।

ਗ਼ਜ਼ਲ-ਇਸ਼ਕ ਜੇਕਰ ਝਨਾਂ ਬਣ ਕੇ

ਇਸ਼ਕ ਜੇਕਰ ਝਨਾਂ ਬਣ ਕੇ, ਅੱਖਾਂ ਚੋਂ ਵਹਿਣ ਲੱਗਾ ਹੈ। ਕਹਾਣੀ ਹੰਝੂਆਂ ਦੀ ਹੰਝੂਆਂ ਰਾਹ ਕਹਿਣ ਲੱਗਾ ਹੈ। ਮੇਰੀ ਕਿਸ਼ਤੀ ਨੂੰ ਨਾ ਡਕੋ, ਸਮੁੰਦਰ ਦੀ ਦਸ਼ਾ ਤਕ ਕੇ, ਕਿਨਾਰੇ ਲਾਉਣ ਨੂੰ ਤੂਫਾਨ, ਮਾਸਾ ਖਹਿਣ ਲਗਾ ਹੈ। ਹੈ ਮੰਤਵ ਜ਼ਿੰਦਗੀ ਦਾ ਬਲਾਂਦੇ ਰਹਿਣਾ ਚਾਨਣਾ ਦੇਣਾ, ਜੁਗਾਂ ਤੋਂ ਖ਼ੂਨ ਦੀਵੇ ਦਾ, ਅੰਗਾਂ ਨੂੰ ਸਹਿਣ ਲਗਾ ਹੈ। ਜੇ ਤਾਰੇ ਘੁੰਮਦੇ ਪਏ ਹਨ, ਪੁਜਾਰੀ ਮੁੜ ਕਿਉਂ ਰੋਂਦਾ, ਨਵਾਂ ਬੁਤ ਹੋਰ ਆ ਜਾਣਾ, ਜੇ ਪਹਿਲਾ ਢਹਿਣ ਲੱਗਾ ਹੈ। ਓ ਮਹਿਫ਼ਲ ਵਾਲਿਓ, ਪੰਡਤ ਹੈ ਆਇਆ ਆਬਰੂ ਕਰਨੀ, ਬੜੇ ਚਿਰ ਬਾਦ ਬੰਦਾ ਬੰਦਿਆਂ ਵਿਚ, ਬਹਿਣ ਲਗਾ ਹੈ।

ਇੰਤਜ਼ਾਰਾਂ ਨੇ ਮਾਰਿਆ

ਪਤਝੜ ਨੇ ਨਹੀਂ ਫੁਲ ਨੂੰ, ਬਹਾਰਾਂ ਨੇ ਮਾਰਿਆ। ਤੇਰੇ ਇਨਕਾਰਾਂ ਨੇ ਨਹੀਂ, ਇਕਰਾਰਾਂ ਨੇ ਮਾਰਿਆ। ਹਰ ਲਹਿਰ ਵਿਆਕੁਲ ਸੀ, ਇਕ ਵੱਖਰੇ ਜੀਵਨ ਨੂੰ, ਨਦੀ ਨੂੰ ਹਾ ! ਸਾਗਰ ਦੇ ਪਿਆਰਿਆਂ ਨੇ ਮਾਰਿਆ। ਅਸੀਂ ਅਰਸ਼ਾਂ ਤੋਂ ਡਿਗੇ, ਡਿਗ ਕੇ ਰੇਤ ਵਿਚ ਸੜ ਗਏ, ਕਤਰੇ ਨੂੰ ਮੋਤੀ ਬਣਨ ਦੇ, ਇਤਬਾਰਾਂ ਨੇ ਮਾਰਿਆ। ਤੇਰੇ ਆਵਣ ਦੀ ਸੋ ਸੁਣ ਕੇ, ਵਿਚਾਰਾ ਮਰ ਗਿਆ ਆਸ਼ਕ, ਦੀਵੇ ਨੂੰ ਹਰ ਜਨਮ ਵਿਚ, ਇੰਤਜ਼ਾਰਾਂ ਨੇ ਮਾਰਿਆ।

ਬਿਰਹਾ ਦੇ ਆਂਗਣ ਇਸ਼ਕ ਖਡੇਂਦਾ

ਬਿਰਹਾ ਦੇ ਆਂਗਣ ਇਸ਼ਕ ਖਡੇਂਦਾ, ਮੋਤੀ ਝੜ ਝੜ ਪੈਣ। ਕਿਹੜਾ ਖਰੀਦੇ ਇਹ ਨੈਣਾਂ ਦੇ ਮੋਤੀ, ਕਿਹੜੇ ਸੁਦਾਗਰ ਲੈਣ। ਇਨ੍ਹਾਂ ਖਰੀਦੇ ਕੋਈ ਰਾਂਝਾ ਰਾਜਾ, ਤਖ਼ਤ ਹਜ਼ਾਰਿਓਂ ਆ। ਜਿੰਦੜੀ ਤੋਂ ਸਾਵੇਂ ਤੁਲਦੇ ਮੋਤੀ, ਤਦ ਵੀ ਸਸਤੇ ਪੈਣ। ਸੱਜਣਾਂ ਨੇ ਸੱਜਣਾਂ ਨੂੰ ਮੋਤੀ ਦਿੱਤੇ, ਉਮਰਾਂ ਦੇ ਕਾਸੇ ਭਰ ਕੇ। ਡੁਲ੍ਹ ਡੁੱਲ੍ਹ ਪੈਂਦੀ ਆਬ ਇਨ੍ਹਾਂ ਦੀ ਰੂਹ ਵਿਚ ਜਗਦੇ ਰਹਿਣ।

ਫ਼ਰਕ ਕਿੰਨਾ ਪਿਆਲੇ ਦਾ

ਤੇਰੇ ਤਸਵੀਰ-ਘਰ ਵਿਚ ਕਿਉਂ ਕੋਈ ਸੂਰਤ ਨਾ ਪੂਰੀ ਏ। ਨਾ ਰਾਂਝਾ ਹੀ ਮੁਕੰਮਲ ਏ, ਸਲੇਟੀ ਵੀ ਅਧੂਰੀ ਏ। ਹਜ਼ਾਰਾਂ ਸੁੱਤੀਆਂ ਹੋਈਆਂ, ਅਦਾਵਾਂ ਤੇਰੇ ਅੰਦਰ ਨੇ, ਜਗ੍ਹਾ ਜੇ ਇਕ ਵੀ ਦੇਵੇਂ, ਇਹ ਦੁਨੀਆ ਨੂਰੋ ਨੂਰੀ ਏ। ਕਹਾਣੀ ਨਰਕਾਂ ਸੁਰਗਾਂ ਦੀ, ਜੁਗਾਂ ਤੋਂ ਸੁਣਦੇ ਆਉਂਦੇ ਹਾਂ, ਸੁਣਾ ਹੁਣ ਗਲ ਧਰਤੀ ਦੀ, ਜੋ ਧਰਤੀ ਨੂੰ ਜ਼ਰੂਰੀ ਏ। ਹਕੀਕਤ ਖੋਲ੍ਹਦੇ ਐਦਾਂ, ਮਹੱਲਾਂ ਤੇ ਮਿਨਾਰਾਂ ਦੀ, ਜਿਵੇਂ ਅਸਮਾਨ ਇਕ ਧੋਖਾ, ਅਤੇ ਨਜ਼ਰਾਂ ਦੀ ਦੂਰੀ ਏ। ਮੈਂ ਪੀ ਕੇ ਉਡਣਾ ਚਾਹਵਾਂ, ਤੂੰ ਪੀ ਕੇ ਬੰਨ੍ਹਣਾ ਚਾਹਵੇਂ, ਫ਼ਰਕ ਕਿੰਨਾ ਪਿਆਲੇ ਦਾ, ਦੁਹਾਂ ਪੀਤੀ ਅੰਗੂਰੀ ਏ।

ਕੋਈ ਕੋਈ ਫੁੱਲ ਸ਼ਰੀਂਹ ਦਾ

ਰਾਤ ਦਿਸੇ ਸੁਤ-ਨੀਂਦਰੀ, ਫੁੱਲਾਂ ਨੂੰ ਸਪਨੇ ਆਉਣ। ਜਾਗੋ ਮੀਟੀ ਚਾਨਣੀ, ਕੱਚੀ ਕੱਚੀ ਨੀਂਦੇ ਪੌਣ। ਪਾਣੀ ਵਗਦੇ ਕੂਲ ਦੇ, ਵੱਟਿਆਂ ਵਿਚ ਉਂਘਲੌਣ। ਪੰਛੀ ਪੰਖ ਨਾ ਮਾਰਦਾ, ਨੀਂਦਾਂ ਸਾਏ ਹੰਢੌਣ। ਬੁੱਤ ਸੁੱਤਾ ਜਿੰਦ ਜਾਗਦੀ, ਅੱਥਰੂ ਨ ਅੱਖੀਆਂ 'ਚ ਸੌਣ। ਕੋਈ ਕੋਈ ਫੁੱਲ ਸ਼ਰੀਂਹ ਦਾ, ਡਿਗਣੋਂ ਰੋਕੇ ਕੌਣ।

ਪੈਂਡੇ ਬੜੇ ਨਸ਼ੀਲੇ ਵੋ

ਥੋਰਾਂ ਦੇ ਸਿਰ ਕੇਸਰ ਲੱਗਾ, ਥੋਰਾਂ ਦੇ ਫੁੱਲ ਪੀਲੇ ਵੋ। ਚਾਨਣੀਆਂ ਨੇ ਪਿੱਪਲੀ ਧੋਤੀ, ਰਾਤੀਂ ਕਰ ਕਰ ਹੀਲੇ ਵੋ। ਵਗਦੇ ਪਾਣੀ ਚੁੰਮਣ ਆਏ, ਅੰਬਰਾਂ ਦੇ ਰੰਗ ਨੀਲੇ ਵੋ। ਕੰਕਰ ਚੁੱਗਣ ਗਏ ਥੱਲ ਪੰਛੀ, ਰਿਜ਼ਕਾਂ ਦੂਰ ਵਸੀਲੇ ਵੋ। ਸੱਭੇ ਚੀਜਾਂ ਜਾਦੂ ਕੀਲੇ, ਵੇਲੇ ਜਾਣ ਨਾ ਕੀਲੇ ਵੋ। ਕਿਸ ਬਿਧ ਜ਼ੁਲਫ਼ ਰਿਸ਼ਮ ਨੂੰ ਛੋਹੀਏ, ਪੈਂਡੇ ਬੜੇ ਨਸ਼ੀਲੇ ਵੋ।

ਪਿੱਪਲਾਂ ਦਿਆਂ ਪਰਛਾਵਿਆਂ

ਪਿੱਪਲਾਂ ਦਿਆਂ ਪਰਛਾਵਿਆਂ ਸਾਡੀ ਧਰਤੀ ਚਿਤ੍ਰੀ ਪਿੱਪਲਾਂ ਦਿਆ ਪਰਛਾਵਿਆਂ ਸਾਡੀ ਧਰਤੀ ਚਿਤ੍ਰੀ, ਵੇ ਹੋ, ਪੋਲੇ ਪੋਲੇ ਕਦਮ ਧਰੀਂ। ਚੰਨ ਨੇ ਘੱਲੀ ਚਾਨਣੀ ਫੁੱਲਾਂ ਨੇ ਖੁਸ਼ਬੋ, ਵੇ ਹੋ, ਤੂੰ ਵੀ ਨੀਤ ਕਰੀਂ। ਨੀਰ ਵਿਹੂਣੀਆਂ ਅੱਖੀਆਂ, ਦਰਦ ਵਿਹੂਣੇ ਚਿਤ, ਵੇ ਹੋ, ਘਾੜਿਆ ਨਾ ਘੜੀਂ। ਲੱਖਾਂ ਪਾਣੀ ਵਗਦੇ ਮਾਨ ਸਰੋਵਰ ਤੀਕ, ਵੇ ਹੋ, ਛੱਪੜੀਂ ਨਾ ਚੁੰਝ ਭਰੀਂ। ਡਾਲੀ ਡਾਲੀ ਦੀਵੇ ਜਗਦੇ ਇਕ ਡਾਲੀ ਨਾ ਕੋ, ਵੇ ਹੋ, ਦੀਵਾ ਬਾਲ ਧਰੀਂ। ਸਾਡੀ ਕਣੀ ਫਰਾਕ ਦੀ ਬਦਲੀ ਨਾ ਸਕੀ ਲੁਕੋ, ਵੇ ਹੋ, ਰੁੜ੍ਹਦੀ ਜਾਏ ਸਰੀਂ।

ਕਿਰਨ ਲਲਾਰਨ

ਕਿਰਨ ਲਲਾਰਨ ਪੱਲੜੇ, ਦਿੱਤੇ ਨੀ ਸਾਡੇ ਰੰਗ। ਇਕ ਰੰਗ ਲੱਗਾ ਜਿੰਦ ਨੂੰ, ਮੁੜ ਮੁੜ ਲਾਈਏ ਅੰਗ। ਬੂਹੇ ਬੈਠੀਆਂ ਰੁੱਤੜੀਆਂ ਖੜੀਆਂ ਕੂੰਟਾਂ ਚਾਰ। ਮੰਙਣ ਰੰਗ ਕਸੁੰਭੜਾ, ਨੈਣੀਂ ਅੱਥਰੂ ਟੰਗ। ਕਿਰਨ ਲਲਾਰਨ ਪੱਲੜੇ, ਦਿਤੇ ਨੀ ਸਾਡੇ ਰੰਗ। ਸੱਤੇ ਅੰਬਰ ਉਤਰੇ, ਗਿੱਟੀਆਂ ਉੱਤਰੀਆਂ ਨਾਲ। ਜਿਸ ਰੰਗ ਡੰਗੀ ਮਿੱਟੜੀ, ਰਹੇ ਨਮਾਣੇ ਮੰਗ। ਕਿਰਨ ਲਲਾਰਨ ਪੱਲੜੇ, ਦਿੱਤੇ ਨੀ ਸਾਡੇ ਰੰਗ। ਇਕ ਰੰਗ ਲੱਗਾ ਜਿੰਦ ਨੂੰ, ਮੁੜ ਮੁੜ ਲਾਈਏ ਅੰਗ।

ਦੋ ਸ਼ੇਅਰ

ਇਕ ਕਣੀ ਹਿਜਰ ਦੀ ਮਿਲੇ ਤਾਂ ਜੀਅ ਜੀਅ ਜਾਈਏ। ਡਾਲਾਂ ਦੇ ਲੋਇਣ ਸੱਖਣੇ, ਇਕ ਬੂੰਦ ਮਿਲੇ ਛਲਕਾਈਏ। ਹੰਸ ਗਏ ਘਰ ਆਪਣੇ, ਮੋਤੀ ਚੁਗ ਚੁਗਾ। ਕੰਢੇ ਰਹਿ ਗਏ ਸੁੰਞੜੇ, ਸਾਗਰ ਮਾਰੇ ਹਾ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਜ਼ਾਰਾ ਸਿੰਘ ਗੁਰਦਾਸਪੁਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ