Mittraan Naal Baharaan (Baal Kaav Sangrah) : Balwinder Singh Jammu

ਮਿੱਤਰਾਂ ਨਾਲ ਬਹਾਰਾਂ (ਬਾਲ ਕਾਵਿ ਸੰਗ੍ਰਹਿ) : ਬਲਵਿੰਦਰ ਸਿੰਘ ਜੰਮੂ


ਨਿੱਕੇ ਕਾਕੇ

ਨਿੱਕੇ ਕਾਕੇ,ਫੁੱਲਾਂ ਵਾਂਗ, ਵਿਹੜਿਆਂ ਨੂੰ ਮਹਿਕਾਉਂਦੇ। ਘਰ ਦੀਆਂ ਰੌਨਕਾਂ ਨੂੰ, ਇਹ ਨੇ ਵਧਾਉਂਦੇ। ਆਵੇ ਕੋਈ ਪ੍ਰਾਹੁਣਾ, ਝੱਟ ਬੂਹਾ ਖੋਲਦੇ। ਜ਼ਰਾ ਵੀ ਨਹੀਂ ਸੰਗਦੇ, ਇਹ ਬੋਲ ਮਿੱਠੇ ਬੋਲਦੇ। ਸਿੱਧੇ ਸਾਦੇ ਆਲੇ ਭੋਲੇ , ਸ਼ੀਸ਼ੇ ਵਾਂਗੂੰ ਸਾਫ਼ ਦਿਲ । ਕੋਈ ਬੋਲੇ ਪਿਆਰ ਨਾਲ, ਝੱਟ ਇਹ ਜਾਂਦੇ ਘੁਲਮਿਲ। ਜੇ ਕੋਈ ਫੜੇ ਉਂਗਲ, ਨਾਲ ਉਹਦੇ ਤੁਰ ਪੈਂਦੇ। ਆਪਣਾ ਯਾ ਹੋਵੇ ਬੇਗਾਨਾ, ਸਭ ਨੂੰ ਨਾਨਾ,ਦਾਦਾ ਕਹਿੰਦੇ। ਸਾਰਿਆਂ ਦੇ ਵਿਹੜੇ ਖੇਡਣ, ਰੋਸ਼ਨ ਕਰਨ ਸਾਰਾ ਸੰਸਾਰ। ਖੁਸ਼ੀਆਂ ਦੇ ਖਜ਼ਾਣੇ ਹੁੰਦੇ, ਇਹ ਘਰ ਦੇ ਹਾਰ ਸ਼ਿੰਗਾਰ।

ਅੱਧੀ ਛੁੱਟੀ ਹੋ ਗਈ ਸਾਰੀ

ਅੱਧੀ ਛੁੱਟੀ ਹੋ ਗਈ ਸਾਰੀ। ਗੱਲ ਕੋਈ ਹੋਈ ਨਿਆਰੀ। ਚਪੜਾਸੀ ਲੰਮੀ ਘੰਟੀ ਵਜਾਉਂਦਾ। ਨਿੰਮ੍ਹਾ ਨਿੰਮ੍ਹਾ ਹੱਸਦਾ ਤੇ ਮੁਸਕਾਉਂਦਾ। ਹੱਥਾਂ ਨਾਲ ਪਿਆ ਕਰੇ ਇਸ਼ਾਰੇ। ਸਾਰੇ ਇਕੱਠੇ ਹੋ ਜਾਓ ਪੁਕਾਰੇ। ਹੈਡਮਾਸਟਰ ਆਏ ਸਾਡੇ ਵਿਚਕਾਰ । ਕਹਿੰਦੇ ਬੱਚਿਓ ਥੋੜ੍ਹਾ ਕਰੋ ਇੰਤਜ਼ਾਰ। ਪੀਟੀ ਮਾਸਟਰ ਨੇ ਸੀਟੀ ਵਜਾਈ। ਸਾਰੇ ਹੋਏ ਚੁੱਪ ਇੱਕ ਗੱਲ ਸੁਣਾਈ। ਸਾਨੂੰ ਸਭ ਨੂੰ ਗੱਲ ਸਮਝ ਆਈ। ਹਾਕੀ ਦੀ ਟੀਮ ਟਰਾਫ਼ੀ ਲਿਆਈ। ਕਹਿੰਦੇ ਪੰਜ ਚਾਰ ਦਾ ਰਿਹਾ ਸਕੋਰ। ਦੂਜੀ ਟੀਮ ਨੇ ਵੀ ਲਾਇਆ ਜ਼ੋਰ। ਜਦੋਂ ਮੁਕਿਆ ਖੇਡ ਦਾ ਆਖਰੀ ਮਿੰਟ। ਲੰਮੀ ਸੀਟੀ ਵੱਜੀ ਹੋਈ ਸਾਡੀ ਜਿੱਤ । ਖੁਸ਼ੀਆਂ ਦੇ ਵਿੱਚ ਨੱਚੇ ਝੂਮੇ ਸਾਰੇ ਛੁੱਟੀ ਦੇ ਲੁੱਟ ਲਏ ਅਸਾਂ ਨਜ਼ਾਰੇ। ਗਗਨ ਨੇ ਰੱਖਿਆ ਵਿਰੋਧੀਆਂ ਨੂੰ ਕੱਸ। ਟੂਰਨਾਮੈਂਟ 'ਚ ਉਹਨੇ ਮਾਰੇ ਗੋਲ ਦਸ। ਗਗਨ ਸੀਰੀਜ਼ ਵਿੱਚ ਅੱਵਲ ਆਇਆ। ਬੱਚਿਆਂ ਨੇ ਉਹਨੂੰ ਗਲ ਨਾਲ ਲਾਇਆ। ਕੱਲ੍ਹ ਸਾਰੇ ਗਗਨ ਦੇ ਘਰ ਜਾਵਾਂਗੇ। ਉਹਦੇ ਗਲ ਵਿੱਚ ਹਾਰ ਪਾਵਾਂਗੇ।

ਮੈਂ ਚੱਲਿਆਂ ਮੱਕੀ ਦੀ ਗੋਡੀ ਕਰਨ

ਮੰਮੀ ਮੈ ਚੱਲਿਆਂ ਮੱਕੀ ਦੀ ਗੋਡੀ ਕਰਨ। ਫ਼ਿਕਰ ਨਾ ਕਰੀਂ ਮੇਰੇ ਨਾਲ ਚੱਲਿਆ ਤਰਨ। ਅੱਜ ਛੁੱਟੀ ਹੈ ਸਾਰਾ ਖੱਤਾ ਮੁਕਾ ਆਵਾਂਗਾ। ਪਾਪਾ ਕਰਨ ਅਰਾਮ ਪਾਣੀ ਲਾ ਆਵਾਂਗਾ। ਸੂਰਜ ਡੁੱਬਨ ਤੋਂ ਪਹਿਲਾਂ ਆ ਜਾਵਾਂਗਾ ਪੜ੍ਹਨ। ਮੰਮੀ ਮੈਂ------------। ਮੰਮੀ ਇਹ ਨਾ ਸੋਚੀਂ ਮੈਂ ਖੇਡਣ ਟੁਰ ਜਾਵਾਂਗਾ। ਕੱਲ੍ਹ ਜਾਕੇ ਵੇਖ ਲਈਂ ਸਾਰਾ ਘਾਹ ਮੁਕਾਵਾਂਗਾ। ਕੰਮ ਕਰਕੇ ਹੀ ਆਉਂਦਾ ਹੈ,ਕਹਿੰਦੇ ਸਰ ਚਰਨ। ਮੰਮੀ ਮੈਂ-----------। ਇਕ ਗੋਡੀ ਤੋਂ ਬਾਅਦ ਫ਼ਸਲ ਲਹਿਲਹਾਵੇਗੀ ਚਿੰਤਾ ਨਾ ਕਰੀਂ ਐਤਕੀ ਵਾਧੂ ਫ਼ਸਲ ਆਵੇਗੀ। ਕਟਾਈ ਵੇਲੇ ਆਉਣ ਗੇ ਰਮਨੀਕ ਤੇ ਸਵਰਨ। ਮੰਮੀ ਮੈਂ--------------। ਮੰਮੀ ਵੱਡਾ ਹੋਕੇ ਸਾਰਾ ਕੰਮ ਸੰਭਾਲਾਂਗਾ। ਪਾਪਾ ਠੀਕ ਨਹੀਂ ਰਹਿੰਦੇ ਨਵੇਂ ਰਾਹ ਭਾਲਾਂਗਾ। ਨਿੱਕੇ ਵੀਰ ਤੇ ਦੀਦੀ ਨੂੰ ਕਵੋ ਮੇਰੇ ਨਾਲ ਚਲਣ। ਮੰਮੀ ਮੈਂ-------------। ਪੜ੍ਹਾਈ ਵਲ ਵੀ ਦਿਆਂ ਗਾ ਪੂਰਾ ਧਿਆਨ। ਕਲਾਸ'ਚ ਆਵਾਂ ਅੱਵਲ ਲਾਵਾਂਗਾ ਜਿੰਦ -ਜਾਨ। ਥੋੜ੍ਹੇ ਪੈਸਿਆਂ ਦਾ ਕਰੀਂ ਜੁਗਾੜ ਕੱਲ੍ਹ ਜਾਣਾ ਫ਼ੀਸ ਭਰਨ। ਮੰਮੀ ਮੈਂ--------------। ਮੰਮੀ ਫ਼ਿਕਰਾਂ ਵਿਚ ਨਾ ਝੂਰਿਆ ਕਰ। ਜਿਸ ਦਿੱਤੇ ਸਾਹ ਆਪੇ ਲਵੇਗਾ ਬਾਂਹ ਫੜ। ਚੰਗੇ ਦਿਨ ਆਉਣ ਗੇ ਰਹੀਏ ਵਿਚ ਉਹਦੀ ਸ਼ਰਨ। ਮੰਮੀ ਮੈਂ ਚੱਲਿਆਂ ਮੱਕੀ ਦੀ ਗੋਡੀ ਕਰਨ।

ਛਾਬੜੀ ਵਾਲਾ

ਮੰਮੀ ਛਾਬੜੀ ਵਾਲਾ ਹੈ ਆਇਆ। ਮੰਮੀ ਛਾਬੜੀ ਵਾਲਾ ਹੈ ਆਇਆ। ਖਿੱਲ,ਮੁਰਮੁਰੇ ਗੁੜ ਦੀ ਪਟੀ ਦੇਂਦਾ। ਖਾਓ ਕਚਾਲੂ ਚਾਟ ਉੱਚੀ ਉੱਚੀ ਕਹਿੰਦਾ। ਛੇਤੀ ਕਰ ਮੁਕੇ ਨਾ, ਮੁੰਡਿਆਂ ਰਸ਼ ਪਾਇਆ। ਮੰਮੀ ਛਾਬੜੀ----------। ਮੰਮੀ ਕਾਹਨੂੰ ਕਰਨੀ ਪਈ ਏਂ ਦੇਰੀ। ਮੌਸਮ ਖਰਾਬ ਹੋਈ ਜਾਵੇ ਝੁੱਲੇ ਹਨੇਰੀ। ਉਹਨੇ ਟੁਰ ਜਾਣਾ ਘਨਘੋਰ ਹਨੇਰਾ ਛਾਇਆ। ਮੰਮੀ ਛਾਬੜੀ------------। ਉਹ ਵਾਰ ਵਾਰ ਬੁਲਾਵੇ ਨਾ ਕਰ ਅੜੀਆਂ। ਹੋਮਵਰਕ ਕਰ ਲਿਆ ਝਾੜ ਲਈਆਂ ਦਰੀਆਂ। ਹਰ ਗੱਲ ਮੰਨਾਂ ਤੇਰੀ ਤੂੰ ਕਿਉਂ ਪੁਆੜਾ ਪਾਇਆ। ਮੰਮੀ ਛਾਬੜੀ ਵਾਲਾ ਹੈ ਆਇਆ। ਪੁੱਤ ਰੋਕ ਉਹਨੂੰ ਮੈਂ ਪੈਸੇ ਲੈਕੇ ਆਈ। ਜੇ ਨਹੀਂ ਬੈਠਾ,ਤੈਨੂੰ ਖਵਾਊਂ ਗੀ ਰਸ ਮਲਾਈ। ਮੈਨੂੰ ਹੁਣੇ ਵਿਹਲ ਮਿਲੀ ਤੂੰ ਕਾਹਨੂੰ ਹੈਂ ਘਬਰਾਇਆ। ਜਾ ਕਹਿ ਦੇ ਉਹਨੂੰ ਮੈਂ ਮੰਮੀ ਲੈਕੇ ਆਇਆ।

ਮੇਰੇ ਪਾਪਾ

ਮੇਰੇ ਪਾਪਾ ਅਫ਼ਸਰ ਬਣ ਗਏ। ਅਫ਼ਸਰ ਬਣ ਕੇ ਬਣ ਠਣ ਗਏ। ਗੁਨੂੰ, ਤਨਵੀ ,ਸੁੰਮੀ ਪ੍ਰਦੀਪ ਆਓ। ਮਿਲ ਕੇ ਗੀਤ ਖੁਸ਼ੀਆਂ ਦੇ ਗਾਓ। ਪਾਪਾ ਖਵਾਉਣ ਗੇ ਲੱਡੂ ਮੰਨ ਗਏ। ਮੇਰੇ ਪਾਪਾ---------। ਮੰਮੀ ਨੇ ਵੀ ਖੁਸ਼ੀ ਮਨਾਈ। ਦੌੜੀ ਦੌੜੀ ਬਾਹਰੋਂ ਆਈ। ਖੁਸ਼ੀ ਦੇ ਬੋਲ ਉਹਦੇ ਵੀ ਕੰਨ ਪਏ। ਮੇਰੇ ਪਾਪਾ---------। ਆਂਢੀ ਗੁਆਂਢੀ ਸਾਰੇ ਆਏ। ਸਭ ਨੇ ਪਾਪਾ ਗਲਵਕੜੀ'ਚ ਪਾਏ। ਅਫ਼ਸਰ ਬਣ ਗਏ ਜਨ ਜਨ ਕਹੇ। ਮੇਰੇ ਪਾਪਾ---------। ਸਾਡੇ ਵਿਹੜੇ ਖੁਸ਼ੀਆਂ ਆਈਆਂ। ਵੱਜੇ ਢੋਲ ਵੱਜੀਆਂ ਸ਼ਹਿਨਾਈਆਂ। ਲੱਡੂ ਖਾਦੇ,ਅਜੇ ਵੀ ਘਰ ਇੱਕ ਮਣ ਪਏ। ਮੇਰੇ ਪਾਪਾ ਅਫ਼ਸਰ ਬਣ ਗਏ।

ਜਾਦੂਗਰ

ਸਾਡੇ ਸਕੂਲ ਜਾਦੂਗਰ ਆਇਆ। ਉਹਨੇ ਅਨੋਖਾ ਖੇਲ ਰਚਾਇਆ। ਕਲਾਬਾਜੀਆਂ ਕਰੇ ਬੇਸ਼ੁਮਾਰ। ਕਦੀ ਬਣਾਵੇ ਇੱਕ ਦੇ ਚਾਰ। ਕੈਸਾ ਉਹਨੇ ਚਕਰ ਚਲਾਇਆ। ਸਾਡੇ----------। ਰਿੱਛ ਗਧੇ ਦਾ ਕਰਾਵੇ ਘੋਲ। ਚਲ ਜਮੂਰੇ ਚਲ, ਬੋਲੇ ਬੋਲ। ਸਾਰਿਆਂ ਨੂੰ ਬੜਾ ਹੱਸਾਇਆ। ਸਾਡੇ----------। ਵੇਖ ਕੇ ਬੱਚੇ ਖੁਸ਼ ਹੋਈ ਜਾਣ। ਤਾੜੀਆਂ ਨਾਲ ਕਰਦੇ ਸਨਮਾਨ। ਜਦੋਂ ਖੀਰ ਦਾ ਹਲਵਾ ਬਣਾਇਆ। ਸਾਡੇ---------। ਜਾਦੂਗਰ ਜਿੰਦਾਬਾਦ ਲਗੇ ਨਾਹਰੇ। ਬੱਚਿਆਂ ਨੇ ਲੁੱਟੇ ਬੜੇ ਨਜ਼ਾਰੇ। ਪੰਜ, ਕਿਸੇ ਦਸ ਦਾ ਨੋਟ ਫ਼ੜਾਇਆ। ਸਾਡੇ ਸਕੂਲ ਜਾਦੂਗਰ ਆਇਆ।

ਮੇਰੇ ਦਾਦਾ

ਮੇਰੇ ਦਾਦਾ ਬੜੇ ਹੀ ਚੰਗੇ। ਖੁਸ਼ੀਆਂ ਵਿੱਚ ਰਹਿੰਦੇ ਰੰਗੇ। ਸੁਬ੍ਹਾ ਸਵੇਰੇ ਸੈਰ ਕਰਦੇ । ਸ਼ਾਮਾਂ ਨੂੰ ਕਿਤਾਬਾਂ ਪੜ੍ਹਦੇ। ਦਿਲ ਦੇ ਬੜੇ ਦਿਲਦਾਰ। ਕਰਦੇ ਸਭ ਨਾਲ ਪਿਆਰ। ਉਮਰ ਉਨ੍ਹਾਂ ਦੀ ਨੱਬੇ ਸਾਲ। ਹਾਲੇ ਵੀ ਟੱਪ ਜਾਂਦੇ ਖਾਲ। ਗੱਲਾਂ ਕਰਦੇ ਪਿਆਰੀਆਂ। ਸਭ ਨਾਲ ਰੱਖੀਆਂ ਯਾਰੀਆਂ। ਘਰ ਕੋਈ ਆਵੇ ਖੁਸ਼ ਹੋ ਜਾਂਦੇ। ਸਭ ਨੂੰ ਹੱਸ ਕੇ ਗਲ ਲਾਉਂਦੇ। ਸੱਚੀਆਂ ਸੱਚੀਆਂ ਗੱਲਾਂ ਕਰਦੇ। ਝੂਠ ਦੀ ਹਾਮੀ ਕਦੀ ਨਹੀਂ ਭਰਦੇ। ਉਹ ਨੇ ਪਿੰਡ ਦੇ ਲੰਬੜਦਾਰ। ਸਭ ਮੰਨਦੇ ਦਾਦੇ ਨੂੰ ਸਰਦਾਰ। ਝਗੜੇ ਝੇੜੇ ਨਿਪਟਾਉਂਦੇ ਨੇ। ਸਭ ਨੂੰ ਚੰਗਾ ਸਮਝਾਉਂਦੇ ਨੇ। ਪਿੰਡ'ਚ ਹੈ ਬੜਾ ਸਤਿਕਾਰ। ਸਾਰੇ ਕਰਦੇ ਦਾਦੇ ਨੂੰ ਪਿਆਰ।

ਬੀਬਾ ਬੱਚਾ

ਸੁਬ੍ਹਾ ਸਵੇਰੇ ਉਠਦਾ ਹੈ। ਰੋਜ਼ ਦਾਤਨ ਕਰਦਾ ਹੈ। ਉੱਠ ਕੇ ਰੋਜ਼ ਨਹਾਂਦਾ ਹੈ। ਸੈਰ ਨੂੰ ਵੀ ਜਾਂਦਾ ਹੈ। ਆਕੇ ਨਾਸ਼ਤਾ ਕਰਦਾ ਹੈ। ਟਿਫਨ ਬਸਤੇ'ਚ ਧਰਦਾ ਹੈ। ਛੁੱਟੀ ਹੋਵੇ ਸਿੱਧਾ ਘਰ ਆਂਦਾ। ਆਕੇ ਫਲ ਹੈ ਖਾਂਦਾ । ਇੱਕ ਘੰਟਾ ਕਰਦਾ ਹੈ ਅਰਾਮ। ਉੱਠ ਜਾਂਦਾ ਹੈ ਜਦੋਂ ਹੋਵੇ ਸ਼ਾਮ। ਮਿੱਤਰਾਂ ਨਾਲ ਹੈ ਖੇਡਣ ਜਾਂਦਾ। ਸੂਰਜ ਢਲਦਿਆਂ ਮੁੜ ਆਂਦਾ। ਰੋਟੀ ਖਾਕੇ ਦੋ ਘੰਟੇ ਪੜ੍ਹਦਾ। ਸਕੂਲ ਦਾ ਹੋਮਵਰਕ ਕਰਦਾ। ਰਾਤੀ ਦਸ ਵਜੇ ਸੌ ਜਾਂਦਾ ਹੈ। ਸਵੇਰੇ ਪੰਜ ਵਜੇ ਉੱਠਦਾ ਹੈ। ਸੱਚ ਦੀਆਂ ਰਾਹਾਂ ਤੇ ਹੈ ਚਲਦਾ। ਸਭ ਦਾ ਪਿਆਰਾ ਸੂਰਜ ਕੱਲ੍ਹਦਾ।

ਪਾਪਾ ਮੈਨੂੰ ਪੜ੍ਹਾਇਆ ਕਰੋ

ਪਾਪਾ ਮੈਨੂੰ ਪੜ੍ਹਾਇਆ ਕਰੋ। ਨਵੇਂ ਫ਼ਾਰਮੂਲੇ ਸਿਖਾਇਆ ਕਰੋ। ਇਕ ਦੋ ਘੰਟੇ ਮੇਰੇ ਤੇ ਲਗਾਓ। ਹਿਸਾਬ, ਇੰਗਲਿਸ਼ ਸਾਈਂਸ ਪੜ੍ਹਾਓ। ਇਕ ਚੈਪਟਰ ਰੋਜ਼ ਕਰਾਇਆ ਕਰੋ। ਪਾਪਾ ਮੈਨੂੰ--------------। ਮੰਮੀ ਹਰ ਦਮ ਕੰਮ'ਚ ਰਹਿੰਦੀ। ਕਿਵੇਂ ਆਖਾਂ ਉਹ ਪਲ ਨਹੀਂ ਬਹਿੰਦੀ। ਉਹਦੇ ਕੰਮ'ਚ ਹੱਥ ਵਟਾਇਆ ਕਰੋ। ਪਾਪਾ ਮੈਨੂੰ------------। ਹੁਣ ਮੇਰੇ ਵੱਲ ਦਿਓ ਧਿਆਨ। ਨੇੜੇ ਆਏ ਮੇਰੇ ਇਮਤਿਹਾਨ। ਸ਼ਾਮੀ ਛੇਤੀ ਘਰ ਆਇਆ ਕਰੋ। ਪਾਪਾ ਮੈਨੂੰ------------। ਪੜ੍ਹਾਓ ਗੇ ਨੰਬਰ ਇੱਕ ਤੇ ਆਵਾਂਗਾ। ਜੱਗ'ਚ ਤੁਹਾਡਾ ਨਾਂ ਚਮਕਾਵਾਂਗਾ। ਮੇਰੀ ਮਿਹਨਤ ਨੂੰ ਸਲਾਹਿਆ ਕਰੋ। ਪਾਪਾ ਮੈਨੂੰ ਪੜ੍ਹਾਇਆ ਕਰੋ।

ਹਾੜ੍ਹ ਦੀਆਂ ਧੁੱਪਾਂ

ਹਾੜ੍ਹ ਦੀਆਂ ਧੁੱਪਾਂ, ਡਾਢੀਆਂ ਤਿਖੇਰੀਆਂ। ਲੂਹ ਚਲੇ ਮਾਰੋ ਮਾਰ, ਝੁੱਲਨ ਹਨੇਰੀਆਂ। ਸਿਖਰ ਦੁਪਿਹਰੇ, ਬੱਚਿਓ ਘਰਾਂ'ਚ ਰਵੋ। ਨਿੰਬੂ ਪਾਣੀ ਲਈ , ਮੰਮੀ ਨੂੰ ਵਾਰ ਵਾਰ ਕਵੋ। ਖਾਣ ਪਾਣ ਦਾ ਵੀ, ਰਖਿਓ ਪੂਰਾ ਖਿਆਲ। ਬਜ਼ਾਰ ਦਾ ਨਾ ਖਾਇਓ, ਨਾ ਕਰਿਓ ਬੁਰਾ ਹਾਲ। ਮੱਖੀ ਮੱਛਰਾਂ ਤੋਂ, ਬੱਚਿਓ ਬੱਚ ਕੇ ਰਹੀਓ। ਜਾਲੀਦਾਰ ਘਰਾਂ ਵਿੱਚ, ਆਪਣੇ ਬਿਸਤਰੇ ਡਾਹੀਓ। ਖਾਣ ਤੋਂ ਪਹਿਲਾਂ, ਹੱਥ ਧੋਵੋ ਜ਼ਰੂਰ। ਪਾ ਲਵੋ ਸਾਰੇ ਆਦਤ, ਇਹ ਬਣਾ ਲੋ ਦਸਤੂਰ। ਬਲਵਿੰਦਰ ਗੱਲਾਂ ਕਰਦਾ, ਬੜੀਆਂ ਸਿਆਣੀਆਂ। ਮੰਨ ਲਿਓ ਬੱਚਿਓ, ਇਹਦੀਆਂ ਬਿਆਨੀਆਂ।

ਪਿਕਨਿਕ ਤੇ ਜਾਵਾਂਗੇ

ਕੱਲ੍ਹ ਪਿਕਨਿਕ ਤੇ ਜਾਵਾਂਗੇ। ਖੂਬ ਮੌਜ ਮਸਤੀ ਮਨਾਵਾਂਗੇ। ਬੱਸ ਵਿੱਚ ਬਹਿ ਕੇ ਜਾਵਾਂਗੇ। ਹੱਸਾਂਗੇ ਸਭ ਨੂੰ ਹਸਾਵਾਂਗੇ। ਦੋ ਮਾਸਟਰ ਜੀ ਨਾਲ ਹੋਣਗੇ। ਹਰ ਥਾਂ ਸਾਡੇ ਨਾਲ ਖੜ੍ਹੋਣਗੇ। ਸਾਡਾ ਰੱਖਣਗੇ ਪੂਰਾ ਖਿਆਲ। ਰਹਿਣਗੇ ਸਾਡੇ ਨਾਲ ਨਾਲ। ਪਤਨੀ ਟਾਪ ਵੀ ਜਾਵਾਂਗੇ। ਠੰਢੀਆਂ ਹਵਾਵਾਂ ਖਾਵਾਂਗੇ। ਸੰਨਾਸਰ ਤੇ ਨੱਥਾ ਟਾਪ। ਕਰਾਂਗੇ ਇੱਕ ਦਿਨ ਸਟਾਪ। ਰਾਜੂ, ਦੀਪੂ, ਮੁੰਨਾ ਕੁਨਾਲ। ਬੈਠਾਂਗੇ ਇਕੱਠੇ ਨਾਲ ਨਾਲ। ਹੋਟਲ ਸਾਡਾ ਬੁੱਕ ਹੋ ਗਿਆ। ਠਹਿਰਨ ਦਾ ਸੁੱਖ ਹੋ ਗਿਆ। ਤਿੰਨ ਦਿਨ ਪਿਛੋਂ ਮੁੜ ਆਵਾਂਗੇ। ਅਗਲੇ ਦਿਨ ਸਕੂਲ ਜਾਵਾਂਗੇ।

ਬੱਚੇ ਮਨ ਦੇ ਸੱਚੇ

ਬੱਚੇ ਮਨ ਦੇ ਸੱਚੇ। ਫੁੱਲਾਂ ਤੋਂ ਵੀ ਕੱਚੇ। ਰੱਬ ਰੂਪ ਅਖਵਾਉਂਦੇ। ਹੱਸਦੇ ਨਹੀਂ ਘਬਰਾਉਂਦੇ। ਦਿਲ ਦੇ ਬੜੇ ਦਿਲਦਾਰ। ਕਰਦੇ ਸਭ ਨਾਲ ਪਿਆਰ। ਵੈਰ ਵਿਰੋਧ ਨਹੀਂ ਰਖਦੇ। ਗੱਲ ਗੱਲ ਤੇ ਨਹੀਂ ਭਖਦੇ। ਦਿਲ ਦੇ ਭੇਦ ਨਹੀਂ ਛੁਪਾਉਂਦੇ। ਮਿਲ ਕੇ ਮਹਿਫ਼ਲਾਂ ਸਜਾਉਂਦੇ। ਜਾਤ ਪਾਤ ਨਾ ਭਿੰਨ ਭੇਦ। ਸੱਚੇ ਸੁੱਚੇ ਇਹ ਦਰਵੇਸ਼। ਹਿੰਦੂ,ਮੁਸਲਿਮ,ਸਿੱਖ ਇਸਾਈ। ਮਿਲ ਕੇ ਰਹਿੰਦੇ ਭਾਈ ਭਾਈ। ਬੱਚਿਆਂ ਨਾਲ ਕਰੋ ਪਿਆਰ। ਇਹ ਨੇ ਕੱਲ੍ਹ ਦੇ ਪਹਿਰੇਦਾਰ। ਬਲਵਿੰਦਰ ਗੀਤ ਲਿਖੀ ਜਾਵੇ। ਨਿੱਕੇ ਨਿੱਕੇ ਫੁੱਲ ਮਹਿਕਾਵੇ।

ਪਾਪਾ ਆਉਣਗੇ

ਅੱਜ ਪਾਪਾ ਘਰ ਆਉਣਗੇ। ਖੁਸ਼ੀਆਂ'ਚ ਘਰ ਸਜ ਜਾਣਗੇ। ਮੰਮੀ ਘਰ ਦੀ ਕਰੇ ਸਫ਼ਾਈ ਦਾਦੀ ਨੇ ਹੈ ਰੋਟੀ ਬਣਾਈ। ਨਾਨਾ ਨਾਨੀ ਬਰਫ਼ੀ ਲਿਆਉਣਗੇ। ਅੱਜ ਪਾਪਾ-------। ਦਾਦਾ ਜੀ ਬਾਹਲੇ ਖੁਸ਼ ਲਗਦੇ। ਮੁਖੜੇ ਤੇ ਨੂਰ ਉਨ੍ਹਾਂ ਦੇ ਫਬਦੇ। ਪੁੱਤ ਨੂੰ ਗਲੇ ਲਗਾਉਣਗੇ। ਅੱਜ ਪਾਪਾ----------। ਭੁਆ ਸਾਡੀ ਵੀ ਆਵੇਗੀ। ਖੁਸ਼ੀਆਂ'ਚ ਸਭ ਨੂੰ ਹੱਸਾਵੇਗੀ। ਵੀਰੇ ਦੀ ਘੋੜੀ ਗਾਉਣਗੇ। ਅੱਜ ਪਾਪਾ-------। ਮਾਮਾ ਮਾਮੀ ਵੀ ਆਏ ਸਾਰੇ। ਰੋਸ਼ਨ ਹੋ ਗਏ ਮਹਿਲ ਮੁਨਾਰੇ। ਖੁਸ਼ੀਆਂ ਦੇ ਗੀਤ ਗਾਉਣਗੇ। ਅੱਜ ਪਾਪਾ--------। ਸਟੇਸ਼ਨ ਤੇ ਲੈਣ ਜਾਵਾਂਗੇ। ਪਾਪਾ ਨੂੰ ਗਲਵਕੜੀ ਪਾਵਾਂਗੇ। ਪਾਪਾ ਹੱਸਣਗੇ ਹਸਾਉਣਗੇ ਅੱਜ ਪਾਪਾ---------। ਇੰਤਜ਼ਾਰ ਦੀ ਮੁਕ ਗਈ ਘੜੀ। ਪਾਪਾ ਆਏ ਕੁਲੀ ਨੇ ਅਟੈਚੀ ਫੜੀ। ਖੁਸ਼ੀਆਂ ਦੇ ਫੁੱਲ ਖਿਲ ਜਾਣਗੇ। ਅੱਜ ਪਾਪਾ ਘਰ ਆਉਣਗੇ।

ਖੇਡਾਂਗੇ ਦਿਨ ਚਾਰ

ਹੁਣ ਖੇਡਾਂ ਗੇ ਦਿਨ ਚਾਰ। ਹੁਣ ਖੇਡਾਂ ਗੇ ਦਿਨ ਚਾਰ। ਪੇਪਰ ਦੇ ਕੇ ਹੋਏ ਹਾਂ ਵਿਹਲੇ। ਜਾਵਾਂ ਗੇ ਖੇਡਣ ਨਿੱਤ ਤਬੇਲੇ। ਸਾਡੇ ਮਨ'ਚ ਬੜੇ ਉਲਾਰ। ਹੁਣ ਖੇਡਾਂ-------। ਗਗਨ,ਸਾਰੰਗ ਛੇਤੀ ਆਇਓ। ਅਮਨ,ਰਮਨ ਵੀ ਲਿਆਇਓ। ਅੱਜ ਹੋਵੇ ਗਾ ਮੈਚ ਸ਼ਾਨਦਾਰ। ਹੁਣ ਖੇਡਾਂ-------। ਸਾਲ ਕੀਤੀਆਂ ਅਸੀਂ ਪੜ੍ਹਾਈਆਂ। ਮਿੱਤਰਾਂ ਤੋਂ ਸਨ ਲੰਮੀਆਂ ਜੁਦਾਈਆਂ। ਇਕੱਠੇ ਜਾਵਾਂ ਗੇ ਰੋਜ਼ ਬਜ਼ਾਰ। ਹੁਣ ਖੇਡਾਂ--------। ਅਗਲੇ ਹਫ਼ਤੇ ਨਤੀਜਾ ਆਉਣਾ। ਕਿਸੇ ਨੇ ਹੱਸਣਾ ਕਿਸੇ ਨੇ ਰੋਣਾਂ। ਜਿਨ੍ਹਾਂ ਕੀਤੀ ਮਿਹਨਤ ਲੰਘਣ ਗੇ ਪਾਰ। ਹੁਣ ਖੇਡਾਂ -------। ਬਲਵਿੰਦਰ ਅੰਕਲ ਖੁਸ਼ ਹੋਣਗੇ। ਜਿੱਤਾਂ ਗੇ ਮੈਚ ਨਾਲ ਖੜੋਣਗੇ। ਮੁੰਡਿਓ ਲਾਇਓ ਜ਼ੋਰ ਇਸ ਵਾਰ। ਹੁਣ ਖੇਡਾਂ ਗੇ ਦਿਨ ਚਾਰ।

ਟੀਵੀ ਮੋਬਾਈਲ ਤੋਂ ਰਖੋ ਦੂਰੀ

ਟੀਵੀ ਮੋਬਾਈਲ ਤੋਂ ਰਖੋ ਦੂਰੀ। ਕਰਦਾ ਹਾਂ ਗੱਲ ਬੱਚਿਓ ਜ਼ਰੂਰੀ। ਪੜ੍ਹਾਈ ਵਲ ਹੀ ਦਿਓ ਧਿਆਨ। ਮਾਰੋ ਗੇ ਮੱਲਾਂ ਵਿੱਚ ਮੈਦਾਨ। ਮਿਹਨਤ ਨਾਲ ਮੰਜ਼ਿਲ ਮਿਲਦੀ। ਜਿੱਤ ਦੀ ਕਿਆਰੀ ਹੈ ਖਿਲਦੀ। ਮੰਮੀ ਪਾਪਾ ਦਾ ਮੰਨ ਲੋ ਕਹਿਣਾ। ਜੇ ਮਾਰਨ ਦਾਬਾ ਹੱਸ ਕੇ ਸਹਿਣਾ। ਜਿਹੜੇ ਨਹੀਂ ਕਰਦੇ ਪੜ੍ਹਾਈਆਂ। ਉਹ ਢਹਿ ਪੈਂਦੇ ਵਿੱਚ ਖਾਹੀਆਂ। ਸੱਚ ਦੀਆਂ ਰਾਹਾਂ ਤੇ ਚੱਲੋ ਸਾਰੇ। ਬੱਚੇ ਬਣੋ ਸਮਾਜ ਦੇ ਪਿਆਰੇ। ਸੁਬ੍ਹਾ ਉੱਠੋ ਮਿੱਤਰਾਂ ਨੂੰ ਉੱਠਾਓ । ਮੰਦਰ,ਮਸਿਜਦ ਗੁਰਦਵਾਰੇ ਜਾਓ। ਬਲਵਿੰਦਰ ਕਰੇ ਸਭ ਨੂੰ ਫ਼ਰਿਆਦ। ਇਹਦੀਆਂ ਕਹੀਆਂ ਰੱਖਿਓ ਯਾਦ।

ਇਕ ਕਾਕਾ ਆਇਆ

ਸਾਡੇ ਵਿਹੜੇ ਇੱਕ ਕਾਕਾ ਆਇਆ। ਸਭ ਨੂੰ ਉਹਨੇ ਬੜਾ ਹੱਸਾਇਆ। ਤੋਤਲੀਆਂ ਤੋਤਲੀਆਂ ਗੱਲਾਂ ਕਰੇ। ਜੇ ਬੋਲੋ ਉੱਚੀ ਉੱਚੀ ਅਗੋਂ ਡਰੇ। ਇਕ ਵਲ ਜਾਵੇ ਕਦੀ ਦੂਜੇ ਵਲ। ਫੜ ਕੇ ਉਂਗਲ ਕਹਿੰਦਾ ਚਲ। ਕਦੀ ਟੀਵੀ ਮੂਹਰੇ ਬਹਿ ਜਾਵੇ। ਲੈਕੇ ਰਿਮੋਟ ਬਟਨ ਦਬਾਵੇ। ਕਾਰਟੂਨ ਕਾਰਟੂਨ ਕਰੀ ਜਾਵੇ। ਉਹ ਵਾਰ ਵਾਰ ਸਭ ਨੂੰ ਸਤਾਵੇ। ਕਦੀ ਕਹਿੰਦਾ ਮੈਂ ਰੋਟੀ ਖਾਣੀ। ਨਾਲੇ ਕਹਿੰਦਾ ਪੀਣਾ ਪਾਣੀ। ਖਿੜ ਖਿੜ ਹੱਸੇ ,ਹੱਸੀ ਜਾਵੇ। ਕਦੀ ਕਹਿੰਦਾ ਚੁਕੋ,ਵਿੱਚ ਕਲਾਵੇ। ਖੇਡਦਿਆਂ ਖੇਡਦਿਆਂ ਸੌ ਗਿਆ। ਜਦੋਂ ਉਠਿਆ ਤਾਂ ਰੋ ਪਿਆ। ਸ਼ਾਮਾਂ ਨੂੰ ਉਹਨੂੰ ਘਰ ਛੱਡ ਆਏ। ਭੁਲਦੇ ਨਹੀਂ ਜੋ ਲਾਡ ਲਡਾਏ। ਸੱਚ ਮੁੱਚ ਸਭ ਨੂੰ ਭਰਮਾ ਗਿਆ। ਵਿਹੜੇ ਮਹਿਕਾਂ ਖਿੰਡਾ ਗਿਆ।

ਸਾਡੇ ਪੱਕੇ ਪੇਪਰ ਆਏ

ਸਾਡੇ ਪੱਕੇ ਪੇਪਰ ਆਏ । ਸਾਡੇ ਪੱਕੇ ਪੇਪਰ ਆਏ। ਕਰੋ ਸਾਰੇ ਖੂਬ ਮਿਹਨਤ। ਰੱਬ ਦੀ ਹੋ ਜਾਊ ਰਹਿਮਤ। ਬਜ਼ੁਰਗਾਂ ਗੁਰ ਸਮਝਾਏ। ਸਾਡੇ ------। ਮਿਹਨਤ ਦਾ ਫਲ ਮਿੱਠਾ ਹੁੰਦਾ। ਜੋ ਨਹੀਂ ਕਰਦਾ ਉਹ ਹੈ ਰੋਂਦਾ। ਖੁੰਝ ਜਾਂਦੇ ਜਿਨ੍ਹਾਂ ਦਿਨ ਗਵਾਏ। ਸਾਡੇ -------। ਰਾਤਾਂ ਜਾਗ ਕੇ ਕਰਦੇ ਪੜ੍ਹਾਈਆਂ। ਮੰਜ਼ਿਲਾਂ ਵੀ ਉਨ੍ਹਾਂ ਨੇ ਪਾਈਆਂ। ਇਰਾਦੇ ਨੇਕ ਪਹਾੜ ਜਾਂਦੇ ਢਾਹੇ। ਸਾਡੇ--------। ਆਓ ਇਕੱਠੇ ਹੋਕੇ ਪੜ੍ਹੀਏ। ਪੌੜੀ ਪੌੜੀ ਉਤਾਂਹ ਨੂੰ ਚੜ੍ਹੀਏ। ਅਮਰਪ੍ਰੀਤ,ਹਰਨੂਰ ਵੀ ਬੁਲਾਏ। ਸਾਡੇ---------। ਸਾਡੇ ਚੋਂ ਜਿਹੜਾ ਅਵੱਲ ਆਊ। ਉਹ ਸਭ ਨੂੰ ਲੱਡੂ ਖਵਾਊ। ਰਲ ਮਿਲ ਸਭ ਨੇ ਮਤੇ ਪਕਾਏ। ਸਾਡੇ ਪੱਕੇ ਪੇਪਰ ਆਏ। ਬਲਵਿੰਦਰ ਸਭ ਨੂੰ ਸਮਝਾਵੇ। ਮੋਬਾਈਲ ਦੇ ਨਾ ਕੋਈ ਨੇੜੇ ਜਾਵੇ। ਲੰਘ ਜਾਂਦੇ ਪਾਰ ਜੋ ਨਾ ਅਪਨਾਏ। ਸਾਡੇ ਪੱਕੇ ਪੇਪਰ ਆਏ।

ਕਿਤਾਬਾਂ

ਕਿਤਾਬਾਂ ਨਾਲ ਕਰੋ ਪਿਆਰ। ਬਣੋ ਗੇ ਵੱਡੇ ਵਿੱਚ ਸੰਸਾਰ। ਕਿਤਾਬਾਂ ਗਿਆਨ ਵਧਾਉਂਦੀਆਂ। ਸਾਨੂੰ ਚੰਗੇ ਰਾਹੇ ਪਾਉਂਦੀਆਂ । ਉੱਚਾ ਹੁੰਦਾ ਗੱਲ ਦਾ ਮਿਆਰ। ਕਿਤਾਬਾਂ ਨਾਲ---------। ਕਿਤਾਬਾਂ ਹੀ ਸਿਖਰ ਪਹੁੰਚਾਉਣ। ਕੁਲੈਕਟਰ ਤੇ ਡਾਕਟਰ ਬਣਾਉਣ। ਇਹ ਸਿਖਾਉਂਦੀਆਂ ਸ਼ਿਸ਼ਟਾਚਾਰ। ਕਿਤਾਬਾਂ ਨਾਲ--------। ਪੜ੍ਹੀਏ ਕਿਤਾਬਾਂ ਹੋਈਏ ਹੁਸ਼ਿਆਰ। ਕਰਾਂਗੇ ਰੋਸ਼ਨ ਸਭੇ ਦੁਆਰ। ਸੁਖਾਲੇ ਹੋ ਜਾਣੀ ਮੰਜ਼ਿਲ ਪਾਰ। ਕਿਤਾਬਾਂ ਨਾਲ ਕਰੋ ਪਿਆਰ। ਬਲਵਿੰਦਰ ਆਖੇ ਕਰੋ ਤਿਆਰੀ। ਕਿਤਾਬਾਂ ਦੇ ਨਾਲ ਲਾਲੋ ਯਾਰੀ। ਅਰਮਾਨਾਂ ਦੇ ਖਿੜਾਓ ਗੁਲਜ਼ਾਰ। ਕਿਤਾਬਾਂ ਨਾਲ ਕਰੋ ਪਿਆਰ।

ਮੰਮੀ ਡਾਕਟਰ ਲੈ ਕੇ ਆਈ

ਇਕ ਦਿਨ ਮੈਨੂੰ ਬੁਖਾਰ ਹੋ ਗਿਆ। ਮੈਂ ਬਾਹਲਾ ਅਵਾਜ਼ਾਰ ਹੋ ਗਿਆ। ਗਲਾ ਕੁੱਝ ਦਰਦ ਸੀ ਕਰਦਾ। ਮੈਂ ਲੰਮੇ ਲੰਮੇ ਸਾਹ ਭਰਦਾ। ਮੈਥੋਂ ਤਕਲੀਫ ਝੱਲੀ ਨਾ ਜਾਏ। ਮੰਮੀ ਨੂੰ ਆਖਾਂ ਕਰੋ ਉਪਾਏ। ਮੰਮੀ ਡਾਕਟਰ ਲੈਕੇ ਆਈ। ਉਹਨੇ ਦਿੱਤੀ ਮੈਨੂੰ ਦਵਾਈ। ਬੁਖਾਰ ਸੀ ਚੜ੍ਹਿਆ ਇੱਕ ਸੌ ਦੋ। ਕਹਿੰਦਾ ਬੇਟਾ ਛੇਤੀ ਆਉਣਾ ਸੌ। ਦੂਜੇ ਦਿਨ ਸੱਚੀ ਸੌ ਹੋ ਗਿਆ। ਮੈਂ ਮੰਜੇ ਤੋਂ ਉੱਠ ਖੜੋ ਗਿਆ। ਤੀਜੇ ਦਿਨ ਕਮਜੋਰੀ ਘੱਟ ਗਈ। ਮੈਂ ਸਕੂਲ ਵਲ ਛੂਟ ਵਟ ਲਈ। ਮਾਸਟਰ ਜੀ ਨੂੰ ਹਾਲ ਸੁਣਾਇਆ। ਉਨ੍ਹਾਂ ਪਿਛਲਾ ਸਬਕ ਪੜਾਇਆ।

ਆਓ ਬੱਚਿਓ ਮੈਂ ਸੁਣਾਵਾਂ

ਆਓ ਬੱਚਿਓ ਮੈਂ ਸੁਣਾਵਾਂ, ਆਪਣੇ ਵੇਲੇ ਦੀਆਂ ਬਾਤਾਂ। ਸਾਡੀ ਵੀ ਮਿੱਤਰ ਟੋਲੀ ਸੀ, ਭਿੰਨ ਭੇਦ ਨਾ ਜਾਤਾਂ ਪਾਤਾਂ। ਹਾੜ ਮਹੀਨੇ ਲੂਹ ਚਲੇ, ਨਹਿਰਾਂ ਤੇ ਜਾ ਨਹਾਈਏ। ਪਿੰਡਾ ਠੰਢਾ ਠਾਰ ਹੋ ਜਾਏ, ਮਿੱਟੀ ਤੇ ਲੰਮੇ ਪੈ ਜਾਈਏ। ਜਦੋਂ ਸ਼ਾਮਾਂ ਨੂੰ ਘਰ ਆਈਏ, ਝੋਲੇ ਭਰ ਅੰਬੀਆਂ ਲੈ ਆਈਏ । ਕਦੀ ਲੈ ਆਈਏ ਜਾਮਨੂੰ , ਕਦੀ ਮੰਮੀ ਦੀਆਂ ਝਿੱੜਕਾਂ ਖਾਈਏ। ਗੁਰਬਤ ਦੇ ਦਿਨ ਹੁੰਦੇ ਸੀ , ਬਰਕਤਾਂ ਬੇਸ਼ੁਮਾਰ ਸਨ। ਘਰ ਪ੍ਰਾਹੋਣੇ ਆਉਂਦੇ ਜਾਂਦੇ, ਦਿਲ'ਚ ਖੁਸ਼ੀ ਦੇ ਖੁਮਾਰ ਸਨ। ਗੁੱਲੀ ਡੰਡਾ ,ਸੰਤੋਲੀਆਂ ਬੰਟੇ, ਨਿੱਤ ਸਾਡੀਆਂ ਖੇਡਾਂ ਸਨ। ਕਦੀ ਖੇਡਦੇ ਹਾਕੀ ਕਬੱਡੀ, ਖੁਸ਼ ਰਹਿੰਦਾ ਸੀ ਹਰ ਵੇਲੇ ਮਨ। ਬਲਵਿੰਦਰ ਦੀ ਮੰਨ ਲੋ ਬੱਚਿਓ, ਸਾਰੇ ਖੇਡਣ ਜਾਇਆ ਕਰੋ। ਮੋਬਾਈਲ ਦੀ ਵਰਤੋ ਘੱਟ ਕਰੋ, ਮਿੱਤਰਾਂ ਨੂੰ ਸਮਝਾਇਆ ਕਰੋ।

ਮੇਰਾ ਮਿੱਤਰ

ਮੇਰਾ ਮਿੱਤਰ ਦਿਲਦਾਰ ਹੈ। ਉਹਦਾ ਨਾਂ ਗੁਲਜਾਰ ਹੈ। ਰੋਜ਼ ਸਕੂਲੇ ਆਉਂਦਾ ਹੈ। ਮੈਨੂੰ ਬੜਾ ਹੀ ਭਾਉਂਦਾ ਹੈ। ਹਰਦਮ ਮੇਰੇ ਨਾਲ ਹੈ ਰਹਿੰਦਾ। ਕਲਾਸ'ਚ ਮੂਹਰੇ ਹੋ ਕੇ ਬਹਿੰਦਾ। ਹਰ ਸਾਲ ਉਹ ਅੱਵਲ ਆਵੇ। ਨੰਬਰ ਇੱਕ ਦਾ ਖਿਤਾਬ ਪਾਵੇ। ਖੇਡਾਂ ਵਿੱਚ ਬੜਾ ਹੁਸ਼ਿਆਰ। ਕ੍ਰਿਕੇਟ ਦਾ ਖਿਡਾਰੀ ਸ਼ਾਨਦਾਰ। ਸਕੂਲ ਦੀ ਟੀਮ ਦਾ ਕਪਤਾਨ ਹੈ। ਸਾਰੇ ਸਕੂਲ ਦੀ ਜਿੰਦ ਜਾਨ ਹੈ। ਸਾਡੀ ਦੋਵਾਂ ਦੀ ਗੂੜ੍ਹੀ ਯਾਰੀ ਹੈ। ਉਹਦੀ ਯਾਰੀ ਮੈਨੂੰ ਪਿਆਰੀ ਹੈ। ਉਹਦੀ ਆਸਾਂ ਨੂੰ ਪੈਣ ਗੇ ਬੂਰ। ਉਹਨੂੰ ਮਿਲੇ ਗੀ ਮੰਜ਼ਿਲ ਜ਼ਰੂਰ। ਸ਼ਾਲਾ ਵੱਸਦਾ ਰਵੇ ਮਿੱਤਰ ਮੇਰਾ। ਸਦਾ ਹੱਸਦਾ ਰਵੇ ਮਿੱਤਰ ਮੇਰਾ।

ਸਾਉਣ ਦਾ ਮਹੀਨਾ

ਆਇਆ ਸਾਉਣ ਦਾ ਮਹੀਨਾ। ਪੈਲਾਂ ਪਾਉਣ ਦਾ ਮਹੀਨਾ। ਅੰਬਰੀ ਘਟਾਵਾਂ ਛਾਈਆਂ। ਬੱਦਲਾਂ ਝੜੀਆਂ ਲਾਈਆਂ। ਮੱਥੇ ਸੁੱਕਿਆ ਪਸੀਨਾ। ਆਇਆ----------। ਵਿਹੜੇ ਫੁੱਲ ਮੁਸਕਾਏ। ਗੀਤ ਬਹਾਰਾਂ ਨੇ ਗਾਏ। ਝੂਮੇ ਬੇਲਿਆਂ'ਚ ਮੀਣਾ। ਆਇਆ--------। ਅੰਬ ਹੋ ਗਏ ਸੰਧੂਰੀ। ਮਾਲੀ ਵੰਡਦਾ ਫ਼ਿਰੇ ਚੂਰੀ। ਚੋੜ੍ਹਾ ਕਰ ਕੇ ਉਹ ਸੀਨਾ। ਆਇਆ---------। ਨੰਗ -ਧੜੰਗ ਹੋ ਕੇ ਨਾਹੀਏ। ਭੋਰਾ ਵੀ ਨਾ ਸ਼ਰਮਾਈਏ। ਵਰ੍ਹ ਬੱਦਲਾ ਉੱਚੀ ਗਾਉਣਾ। ਆਇਆ---------। ਮਾਲ ਪੂੜੇ ਬਣਾਈਏ। ਇਕੱਠੇ ਰੱਜ ਰੱਜ ਖਾਈਏ। ਦਾਦੀ ,ਦਾਦਾ ,ਨਾਨੀ ਨਾਨਾ। ਆਇਆ--------। ਘਰ ਛੁਪ ਛੁਪ ਆਈਏ। ਮੰਮੀ ਤੋਂ ਬੜਾ ਘਬਰਾਈਏ। ਭੋਲਾ, ਕਸਤੂਰੀ ਤੇ ਦੀਨਾ। ਆਇਆ ਸਾਉਣ ਦਾ ਮਹੀਨਾ।

ਮੰਮੀ ਮੈਂ ਸਾਈਕਲ ਹੈ ਲੈਣੀ

ਤੈਨੂੰ ਪਹਿਲੀ ਵਾਰ ਇੱਕ ਗੱਲ ਕਹਿਣੀ। ਮੰਮੀ ਮੈਂ ਸਾਈਕਲ ਹੈ ਲੈਣੀ। ਸਾਰੇ ਮਿੱਤਰ ਸਕੂਲੇ ਸਾਈਕਲ ਤੇ ਆਂਦੇ। ਦਿਲ'ਚ ਕੁੱਝ ਹੁੰਦਾ ਜਦੋਂ ਕੋਲੋਂ ਲੰਘ ਜਾਂਦੇ। ਹੁਣ ਨਹੀਂ ਜਾਣਾ ਪੈਦਲ ਨਹੀਂ ਤੰਗੀ ਸਹਿਣੀ। ਮੰਮੀ ਮੈਂ--------। ਮੰਮੀ ਕਾਹਤੋਂ ਮੇਰੀ ਗੱਲ ਨਹੀਂ ਮੰਨਦੀ। ਕਿਉਂ ਨਹੀਂ ਨਾਂ ਦੀ ਅੜੀ ਤੂੰ ਭੰਨਦੀ। ਮੈਂ ਨਹੀਓਂ ਮੁੜਨਾ ਤੈਨੂੰ ਗੱਲ ਮੰਨਣੀ ਪੈਣੀ। ਮੰਮੀ ਮੈਂ----------। ਹੌਲੀ ਹੌਲੀ ਸਾਈਕਲ ਚਲਾਇਆ ਕਰਾਂਗਾ। ਸਿੱਧੇ ਰਾਹ ਆਇਆ ਜਾਇਆ ਕਰਾਂਗਾ। ਅਜ਼ਮਾ ਕੇ ਵੇਖ ਲਈਂ ਮੇਰੀ ਕਰਨੀ ਕਹਿਣੀ। ਮੰਮੀ ਮੈਂ----------। ਜਦੋਂ ਹੋਇਆ ਸੀ ਪਾਸ ਤੂੰ ਕੀਤੀ ਸੀ ਹਾਂ । ਹੁਣ ਕਹਿੜੀ ਗੱਲੋਂ ਕਰਦੀ ਪਈ ਏਂ ਨਾਂ। ਚਲ ਲੈ ਦੇ ਸਾਈਕਲ ਕੱਲ੍ਹ ਹੱਟੀ ਬੰਦ ਰਹਿੰਣੀ। ਮੰਮੀ ਮੈਂ ਸਾਈਕਲ ਹੈ ਲੈਣੀ।

ਵੀਰ ਮੇਰਾ ਪਾਸ ਹੋ ਗਿਆ

ਵੀਰ ਮੇਰਾ ਪਾਸ ਹੋ ਗਿਆ। ਸਭ ਦਾ ਖਾਸ ਹੋ ਗਿਆ। ਮੰਮੀ ਲੱਡੂ ਲੈ ਕੇ ਆਵੇਗੀ। ਸਭ ਨੂੰ ਰੱਜ ਰੱਜ ਖਵਾਵੇਗੀ। ਦਾਦਾ ਦਾਦੀ ਖੁਸ਼ ਹੋਣਗੇ। ਅੱਜ ਬੇਫ਼ਿਕਰੇ ਹੋਕੇ ਸੌਣਗੇ। ਆਂਢੀ ਗੁਆਂਢੀ ਦੇਣ ਵਧਾਈਆਂ। ਚਾਚਾ ਚਾਚੀ ਤਾਇਆ ਤਾਈਆਂ। ਵਿਹੜਾ ਸਾਡਾ ਭਰਿਆ ਭਰਿਆ । ਸਭ ਨੂੰ ਖੁਸ਼ੀ ਦਾ ਸਰੂਰ ਚੜ੍ਹਿਆ। ਬਿੰਦਾ ,ਰੋਸ਼ਨ ਵਿੱਕੀ ਆਏ। ਸਭ ਨੇ ਮਿਲ ਕੇ ਭੰਗੜੇ ਪਾਏ। ਮਾਸਟਰ ਜੀ ਵੀ ਦੇਣ ਵਧਾਈਆਂ। ਖੁਸ਼ੀ ਦੀਆਂ ਵੱਜਣ ਸ਼ਹਿਨਾਈਆਂ।

ਮੰਮੀ ਪਾਪਾ ਗਏ ਬਜ਼ਾਰ

ਮੰਮੀ ਪਾਪਾ ਗਏ ਬਜ਼ਾਰ। ਸਾਡੇ ਲਈ ਲੈ ਆਏ ਕਾਰ। ਚਾਬੀ ਭਰੋ ਦੌੜਦੀ ਜਾਂਦੀ। ਦਿਲ ਸਾਡੇ ਨੂੰ ਬੜੀ ਭਾਉਂਦੀ। ਰੰਗ ਇਹਦਾ ਸੂਹਾ ਲਾਲ। ਹਰਦਮ ਰਹਿੰਦੀ ਮੇਰੇ ਨਾਲ। ਜਦੋਂ ਚਲਾਵਾਂ ਸਾਰੇ ਆ ਜਾਂਦੇ। ਦੋਸਤ ਮੇਰੇ ਬੜਾ ਹੱਸਾਉਂਦੇ। ਕਦੀ ਦੌੜੇ ਤੇਜ ਰਫਤਾਰ। ਕਦੀ ਜਗਾਵੇ ਲਾਟਾਂ ਚਾਰ। ਦਿੱਖ ਇਹਦੀ ਬੜੀ ਹੈ ਸੋਹਣੀ। ਸਭ ਨੂੰ ਲਗਦੀ ਹੈ ਮਨਮੋਹਣੀ। ਮੰਮੀ ਪਾਪਾ ਬੜੇ ਹੀ ਚੰਗੇ। ਸਭ ਕੁੱਝ ਲੈ ਦੇਂਦੇ ਬਿਨ ਮੰਗੇ।

ਛੁੱਟੀਆਂ

ਛੁੱਟੀਆਂ ਹੋ ਗਈਆਂ ਖੂਬ ਮਸਤੀ ਕਰਾਂਗੇ ਨਾਲੋ ਨਾਲ ਪੜ੍ਹਾਂਗੇ। ਛੁੱਟੀਆਂ ਹੋ ਗਈਆਂ ਨਾਨੀ ਘਰ ਜਾਵਾਂਗੇ ਮਾਲ ਪੂੜੇ ਖਾਵਾਂਗੇ। ਛੁੱਟੀਆਂ ਹੋ ਗਈਆਂ ਖੇਡਾਂ ਗੇ ਸੁਬ੍ਹਾ ਤੇ ਸ਼ਾਮ ਦਿਨ ਨੂੰ ਕਰਾਂ ਗੇ ਆਰਾਮ। ਛੁੱਟੀਆਂ ਹੋ ਗਈਆਂ ਪਿੱਪਲੀ ਪੀਂਘਾਂ ਚਾੜ੍ਹਾਂਗੇ ਅੰਬਰਾਂ ਨੂੰ ਨਿਹਾਰਾਂਗੇ। ਛੁੱਟੀਆਂ ਹੋ ਗਈਆਂ ਸਾਵਨ ਮੇਲੇ ਜਾਵਾਂਗੇ ਗਿੱਧੇ ਭੰਗੜੇ ਪਾਵਾਂਗੇ। ਛੁੱਟੀਆਂ ਹੋ ਗਈਆਂ ਸਾਰੇ ਮਿਲ ਕੇ ਪੜ੍ਹਾਂਗੇ ਹੋਮ ਵਰਕ ਵੀ ਕਰਾਂਗੇ। ਛੁੱਟੀਆਂ ਮੁਕ ਗਈਆਂ ਕੱਲ੍ਹ ਨੂੰ ਸਕੂਲੇ ਜਾਵਾਂਗੇ ਮਿੱਤਰਾਂ ਨੂੰ ਗਲ ਲਾਵਾਂਗੇ।

ਵੱਡਾ ਹੋ ਕੇ ਬਣਾਂਗਾ ਡਾਕਟਰ

ਵੱਡਾ ਹੋ ਕੇ ਬਣਾਂਗਾ ਡਾਕਟਰ। ਯਾ ਬਣਾਂ ਗਾ ਮੈਂ ਕੁਲੈਕਟਰ। ਮਾਨਵਤਾ ਦੀ ਕਰਾਂਗਾ ਸੇਵਾ। ਮਿਲੇ ਗਾ ਮੈਨੂੰ ਮਿੱਠਾ ਮੇਵਾ। ਉੱਚਾ ਰਖਾਂ ਗਾ ਕਰੈਕਟਰ। ਵੱਡਾ--------। ਹਾਲੇ ਮੇਰੀ ਮੰਜ਼ਿਲ ਹੈ ਦੂਰ। ਕਰਾਂ ਗਾ ਮਿਹਨਤ ਪੈਣੇ ਬੂਰ। ਕਰਨ ਗੇ ਪਾਸ ਸਲੈਕਟਰ। ਵੱਡਾ--------। ਮੰਮੀ ਸਵੇਰੇ ਉਠਾਇਆ ਕਰੋ। ਰੋਜ਼ ਮੈਨੂੰ ਪੜਾਇਆ ਕਰੋ। ਪੂਰਾ ਕਰਾਓ ਇੱਕ ਚੈਪਟਰ। ਵੱਡਾ --------। ਮੰਮੀ ਬੱਸ ਹਰਨ ਵਜਾਵੇ। ਸਕੂਲੇ ਜਾਣ ਲਈ ਬੁਲਾਵੇ। ਉਹ ਵੇਖੋ ਆਇਆ ਕੰਡਕਟਰ। ਵੱਡਾ ਹੋ ਕੇ ਬਣਾਂ ਗਾ ਡਾਕਟਰ।

ਮੈਂ ਜਾਣਾ ਬਜ਼ਾਰ

ਮੰਮੀ ਮੈਂ ਜਾਣਾਂ ਬਜ਼ਾਰ। ਛੇਤੀ ਮੈਨੂੰ ਕਰੋ ਤਿਆਰ। ਰਮਨ ਤੇ ਮੈਂ ਦੋਵੇਂ ਜਾਵਾਂਗੇ। ਰਸ ਮਲਾਈ ਖਾਵਾਂਗੇ। ਹੱਟੀ ਤੇ ਕਰਦਾ ਇੰਤਜ਼ਾਰ। ਛੇਤੀ ਮੈਨੂੰ---------। ਮੇਰਾ ਫ਼ਿਕਰ ਨਾ ਕਰੀਂ। ਪਾਪਾ ਨਾਲ ਜ਼ਿਕਰ ਨਾ ਕਰੀਂ। ਰਿਕਸ਼ੇ ਤੇ ਜਾਣਾ ਹੋ ਕੇ ਸਵਾਰ। ਛੇਤੀ ਮੈਨੂੰ-----------। ਸ਼ਾਮਾਂ ਵੇਲੇ ਮੁੜ ਆਵਾਂਗਾ। ਤੈਨੂੰ ਸਾਰਾ ਹਾਲ ਸੁਣਾਵਾਂਗਾ। ਲਵਾਂਗਾ ਇੱਕ ਰੀਮੋਟ ਕਾਰ। ਛੇਤੀ ਮੈਨੂੰ---------। ਮਾਸਟਰ ਜੀ ਵੀ ਆਉਣਗੇ। ਸਰਕਸ ਸਾਨੂੰ ਦਿਖਾਉਣਗੇ। ਸਭ ਨੂੰ ਕਰਦੇ ਬੜਾ ਪਿਆਰ। ਛੇਤੀ ਮੈਨੂੰ------। ਹੁਣ ਦੇ ਮੇਰੀ ਪਾਕਟ ਮਨੀ। ਏਥੇ ਨਾ ਤੂੰ ਕੰਜੂਸ ਬਣੀਂ। ਰਿਕਸ਼ਾ ਕਰ ਰਿਹਾ ਇੰਤਜ਼ਾਰ। ਛੇਤੀ ਮੈਨੂੰ ਕਰੋ ਤਿਆਰ।

ਕਸ਼ਮੀਰ ਦੀ ਸੈਰ

ਚੜ੍ਹਿਆ ਹਾੜ ਦਾ ਮਹੀਨਾ। ਚੋਵੇ ਮੁੱਖ ਤੋਂ ਪਸੀਨਾ। ਸਕੂਲ ਕਾਲਜ ਹੋਏ ਬੰਦ। ਆਵੇ ਗਾ ਬੜਾ ਅਨੰਦ। ਕਸ਼ਮੀਰ ਦੀ ਸੈਰ ਕਰਾਂਗੇ। ਪਹਾੜਾਂ ਤੇ ਵੀ ਚੜ੍ਹਾਂਗੇ। ਪਹਿਲਗਾਮ ਵੀ ਜਾਵਾਂਗੇ। ਰੱਜ ਰੱਜ ਖੁਸ਼ੀ ਮਨਾਵਾਂਗੇ। ਰਾਹ,ਚ ਸਾਡੇ ਦਾਦਾ ਰਹਿੰਦੇ । ਘਰੇ ਆਉਣਾ ਨਿੱਤ ਕਹਿੰਦੇ । ਦਿਲ ਦੇ ਬੜੇ ਦਿਲਦਾਰ । ਰਹਿੰਦੇ ਸਰੁੰਗਸੂ ਵਿਚਕਾਰ। ਡਲ ਲੇਕ ਵੀ ਜਾਵਾਂਗੇ। ਕਿਸ਼ਤੀ ਤੇ ਝੂਟਾ ਖਾਵਾਂਗੇ। ਓਥੇ ਬਾਗ ਬਗੀਚੇ ਬੜੇ ਪਿਆਰੇ। ਕਰਾਂ ਗੇ ਸਭ ਦੇ ਦਰਸ ਦੀਦਾਰੇ। ਪਾਪਾ ਛੇਤੀ ਕਰੋ ਤਿਆਰੀ। ਕਸ਼ਮੀਰ ਸਾਰੇ ਜੱਗ ਤੋ ਪਿਆਰੀ।

ਅੱਜ ਸਕੂਲੇ ਛੁੱਟੀ ਹੈ

ਅੱਜ ਸਕੂਲੇ ਛੁੱਟੀ ਹੈ। ਸਭ ਨੇ ਮੌਜ ਲੁੱਟੀ ਹੈ। ਨਾਨੀ ਦੇ ਘਰ ਜਾਵਾਂਗੇ। ਮਾਲ ਪੂੜੇ ਖਾਵਾਂਗੇ। ਰੱਜ ਕੇ ਖੁਸ਼ੀ ਮਨਾਵਾਂਗੇ। ਪਿੱਪਲੀ ਪੀਂਘਾਂ ਚੜਾਵਾਂਗੇ। ਨਾਨੀ ਸਾਡੀ ਸਭ ਤੋਂ ਚੰਗੀ। ਆਉਣ ਨਹੀਂ ਦਿੰਦੀ ਜ਼ਰਾ ਵੀ ਤੰਗੀ। ਸੁਬ੍ਹਾ ਸਵੇਰੇ ਉੱਠ ਉਹ ਜਾਂਦੀ। ਸਭ ਨੂੰ ਉੱਠ ਕੇ ਦੁੱਧ ਪਿਲਾਂਦੀ। ਮੱਝਾਂ ਉਹਨੇ ਰਖੀਆਂ ਚਾਰ। ਵਾਰੋ ਵਾਰੀ ਕੱਢਦੀ ਧਾਰ। ਨਾਨਾ ਪੱਠੇ ਲੈ ਕੇ ਆਉਂਦਾ। ਮੱਝਾਂ ਨੂੰ ਖੁਰਲੀ ਵਿੱਚ ਪਾਉਂਦਾ। ਕਿੱਸੇ ਕਹਾਣੀਆਂ ਸੁਣਾਉਂਦਾ। ਨਾਨਾ ਸਾਨੂੰ ਬੜਾ ਹੱਸਾਉਂਦਾ। ਮਾਮਾ ਲੈ ਕੇ ਛੁੱਟੀ ਆਇਆ। ਸਭ ਨੂੰ ਗਲਵਕੜੀ'ਚ ਪਾਇਆ। ਮੇਰੇ ਲਈ ਸੂਟ ਲੈ ਆਇਆ ਕਾਲੇ ਰੰਗ ਦਾ ਬੂਟ ਲੈ ਆਇਆ। ਕਪਤਾਨ ਬਣ ਕੇ ਮਾਮਾ ਆਇਆ। ਨਾਨੀ ਨੇ ਮੂੰਹ ਮਿੱਠਾ ਕਰਾਇਆ। ਦੋ ਦਿਨ ਰਹਿ ਕੇ ਘਰ ਨੂੰ ਆਏ। ਮੁੜ ਮੁੜ ਯਾਦ ਨਾਨੀ ਦੀ ਸਤਾਏ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਲਵਿੰਦਰ ਸਿੰਘ ਜੰਮੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ