Mukhbandh -Chandi Range Phull : S. S. Misha
ਮੁਖਬੰਧ-ਚਾਂਦੀ ਰੰਗੇ ਫੁੱਲ : ਸ. ਸ. ਮੀਸ਼ਾ
ਦੇਵਿੰਦਰ ਜੋਸ਼ ਹੁਸ਼ਿਆਰਪੁਰ ਦਾ ਵਾਸੀ ਹੈ। ਗੱਲ ਹੁਸ਼ਿਆਰਪੁਰ ਤੋਂ ਹੀ ਸ਼ੁਰੂ ਕਰੀਏ । ਮੈਨੂੰ ਆਪਣਾ ਜ਼ਿਕਰ ਕਰਨਾ ਪਏਗਾ । ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਹਾਂ। ਮਈ 1953 ਤੋਂ ਅਗਸਤ 1957 ਦੇ ਵਿਚਾਲੇ ਸਮੇਂ ਦੀ ਗੱਲ ਹੈ । ਹੁਸ਼ਿਆਰਪੁਰ ਵਿਚ ਸ਼ੇਅਰੋ ਸ਼ਾਇਰੀ ਦੀਆਂ ਮਜਲਸਾਂ ਬਾਕਾਇਦਾ ਜੁੜਦੀਆਂ ਸਨ ਤੇ ਖ਼ੂਬ ਗਰਮਾ ਗਰਮ ਬਹਿਸ ਮੁਬਾਹਸਾ ਹੁੰਦਾ ਸੀ । ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਅਧਿਆਪਨ ਵਿਭਾਗ ਏਥੇ ਸਨ । ਇਹ ਸ਼ਹਿਰ ਉਸ ਵੇਲੇ ਪੰਜਾਬ ਦੀ ਹੀ ਨਹੀਂ ਸਗੋਂ ਉੱਤਰੀ ਭਾਰਤ ਦਾ ਬੜਾ ਅਹਿਮ ਤਾਲੀਮੀ ਮਰਕਜ਼ ਸੀ । ਅਫ਼ਰੀਕਾ ਤੇ ਏਸ਼ੀਆ ਦੇ ਕਈ ਦੋਸਤ ਮੁਲਕਾਂ ਦੇ ਮੁੰਡੇ ਕੁੜੀਆਂ ਏਥੇ ਪੜ੍ਹਦੇ ਸਨ । ਜਿਵੇਂ ਹਰ ਸ਼ਹਿਰ ਦਾ ਕੋਈ ਉਘੜਵਾਂ ਰੰਗ ਹੁੰਦਾ ਹੈ, ਹੁਸ਼ਿਆਰਪੁਰ ਉਸ ਵੇਲੇ ਅਦਬੀ ਤੇ ਤਾਲੀਮੀ ਸ਼ਹਿਰ ਸੀ । ਮਿਸ, ਏ, ਜੀ, ਸਟਾਕ, ਡਾ: ਰਾਜ ਕੁਮਾਰ ਕੌਲ, ਸੁਰਜੀਤ ਹਾਂਸ, ਕੇ, ਕੇ, ਨਯੀਅਰ, ਬਰਜਿੰਦਰ ਗੋਸਵਾਮੀ, ਐਸ, ਐਨ, ਬਤਰਾ, ਐਸ, ਪੀ, ਭੰਡਾਰੀ, ਆਜ਼ਾਦ ਗੁਲਾਟੀ, ਨਜ਼ਰ ਹੁਸ਼ਿਆਰਪੁਰੀ, ਮੇਹਰ ਗੋਰਾ, ਅਸਰ ਹੁਸ਼ਿਆਰਪੁਰੀ ਤੇ ਕਿੰਨੇ ਹੀ ਹੋਰ ਸਜਣ ਯੂਨੀਵਰਸਿਟੀ ਕਾਲਜ ਵਿਚ ਸਨ । ਕਾਲਜ ਤੋਂ ਬਾਹਰ ਬਰਕ, ਰਾਮ ਦੇਵ, ਦਾਮਨ ਹੁਸ਼ਿਆਰਪੁਰੀ, ਠਾਕੁਰ ਭਾਰਤੀ, ਮਨਜ਼ੂਰ ਹੁਸ਼ਿਆਰਪੁਰੀ, ਪ੍ਰਦੁਮਨ ਸਿੰਘ ਦਮਨ, ਸਤਿਆ ਪ੍ਰਕਾਸ਼ ਸਾਲਕ, ਕੈਸ ਜਲੰਧਰੀ ਤੇ ਹੋਰ ਕਿੰਨੇ ਹੀ ਅਦੀਬ ਸਰਗਰਮ ਸਨ । ਯੂਨੀਵਰਸਿਟੀ ਨਾਲ ਸਬੰਧਤ ਤੇ ਇਲਾਕੇ ਦੇ ਬਾਕੀ ਸਜਣਾਂ ਦਾ ਆਪੋ ਵਿਚ ਵਾਹ ਵਾਹ ਮੇਲ ਮਿਲਾਪ ਸੀ । ਬਹੁਤ ਸਾਰੀਆਂ ਅਦਬੀ ਸਰਗਰਮੀਆਂ ਆਪੋ ਵਿਚ ਤਾਲ ਮੇਲ ਦਾ ਨਤੀਜਾ ਸਨ ।
ਇਸ ਮਾਹੌਲ ਵਿਚ ਕਦੀ ਖੁਲ੍ਹ ਕੇ ਤੇ ਕਦੀ ਦਬੀ ਜ਼ਬਾਨ ਵਿਚ ਰਵਾਇਤੀ ਸ਼ਾਇਰੀ ਖ਼ਾਸ ਤੌਰ ਤੇ ਗ਼ਜ਼ਲ, ਵਿਚਾਰਾਂ ਦੇ ਮਤ ਭੇਦ ਦਾ ਮੌਜ਼ੂਹ ਹੁੰਦੀ ਸੀ । ਮੈਂ ਪਹਿਲਾਂ ਗ਼ਜ਼ਲ ਦੇ ਹਾਮੀਆਂ ਵਿਚ ਸਾਂ, ਪਰ ਹੌਲੀ ਹੌਲੀ ਡਾ: ਕੌਲ, ਸੁਰਜੀਤ ਹਾਂਸ ਤੇ ਯਸ਼ਦੀਪ ਬੈਂਸ ਦੇ ਅਸਰ ਹੇਠ ਇਸ ਦਾ ਵਿਰੋਧੀ ਹੋ ਗਿਆ । ਸਾਡਾ ਵਿਚਾਰ ਸੀ ਕਿ ਪੰਜਾਬੀ ਸ਼ਾਇਰੀ ਨੂੰ ਗ਼ਜ਼ਲ ਤੋਂ ਕੋਈ ਆਸ ਨਹੀਂ ਰਖਣੀ ਚਾਹੀਦੀ।
ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਨੂੰ ਤੇ ਗ਼ਜ਼ਲ ਦੀ ਵਾਹ ਵਾਹ ਕਰਨ ਵਾਲੇ ਸਰੋਤਿਆਂ ਨੂੰ ਅਸੀਂ ਘਟੀਆ ਟੇਸਟ ਵਾਲੇ ਲੋਕ ਸਮਝਦੇ ਸਾਂ , ਸਾਡੇ ਹਲਕੇ ਵਿਚ ਸੁਰਜੀਤ ਹਾਂਸ ਦਾ ਇਕ ਮਖੌਲੀਆ ਸ਼ੇਅਰ ਬੜਾ ਪ੍ਰਸਿੱਧ ਸੀ ।
ਜੇ ਕਰ ਅਸਲੋਂ ਖੋਤਾ ਹੁੰਦਾ
ਮੈਂ ਵੀ ਗਜ਼ਲ ਸਰੋਤਾ ਹੁੰਦਾ ।
ਅਸਲ ਵਿਚ ਸਾਡੀ ਇਹ ਧਾਰਨਾ ਉਸ ਰਵਾਇਤੀ ਗ਼ਜ਼ਲ-ਗੋਈ ਨੂੰ ਪੜ੍ਹ ਸੁਣ ਕੇ ਬਣੀ ਸੀ ਜਿਸ ਵਿਚ ਕਾਫੀਆਂ ਦੀ ਫਰਿਸਤ ਪਹਿਲਾਂ ਤਿਆਰ ਕੀਤੀ ਜਾਂਦੀ, ਹਰ ਸ਼ੇਅਰ ਪਿਛਲ ਖੁਰੀ ਭਰਦਾ ਹੈ, ਬਾਕੀ ਦੂਜਾ ਮਿਸਰਾ ਪਹਿਲਾਂ ਸੋਚਿਆ ਜਾਂਦਾ ਹੈ ਤੇ ਪਹਿਲਾ ਪਿਛੋਂ । ਇਸੇ ਤਰ੍ਹਾਂ ਦੀਆਂ ਗ਼ਜ਼ਲਾਂ ਦੇ ਮਜ਼ਮੂਨ ਆਮ ਤੌਰ ਤੇ ਮਹਿਫ਼ਲ, ਮੈਖ਼ਾਨੇ, ਬਾਗ਼ ਤੇ ਦਰਿਆ ਨਾਲ ਸਬੰਧਤ ਹੁੰਦੇ ਹਨ । ਪਿਛਲੇ ਕੁਝ ਸਾਲਾਂ ਵਿਚ ਗ਼ਜ਼ਲ ਇਸ ਘੇਰੇ ਵਿਚੋਂ ਬਾਹਰ ਨਿਕਲੀ ਹੈ । ਪੰਜਾਬੀ ਗ਼ਜ਼ਲ ਨੂੰ ਰਵਾਇਤੀ ਮਜ਼ਮੂਨਾਂ ਦੀ ਜਕੜ 'ਚੋਂ ਕੱਢਣ ਲਈ ਹੁਸ਼ਿਆਰਪੁਰ ਦੇ ਦੋ ਸ਼ਾਇਰਾਂ ਦਾ ਕੰਮ ਬੜਾ ਅਹਿਮ ਹੈ, ਠਾਕੁਰ ਭਾਰਤੀ ਤੇ ਦੇਵਿੰਦਰ ਜੋਸ਼ ਦਾ । ਗ਼ਜ਼ਲ ਹੁਣ ਪੰਜਾਬੀ ਸੁਭਾ ਨੂੰ ਪਛਾਣ ਰਹੀ ਹੈ ਤੇ ਨਿਤਾਪ੍ਰਤੀ ਜ਼ਿੰਦਗੀ ਦੇ ਦੁਖ ਸੁਖ ਨੂੰ ਜਾਂ ਲੋਕ-ਜੀਵਨ ਦੇ ਯਥਾਰਥ ਨੂੰ ਸਮਝਣ ਤੇ ਦਰਸਾਣ ਦੇ ਯਤਨ ਕਰ ਰਹੀ ਹੈ ! ਪੰਜਾਬੀ ਜ਼ਬਾਨ ਵਿਚ ਗ਼ਜ਼ਲ ਦਾ ਭਵਿੱਖ ਇਸ ਯਤਨ ਦੀ ਕਾਮਯਾਬੀ ਉਤੇ ਨਿਰਭਰ ਹੈ । ਇਸ ਭਵਿੱਖ ਦੀ ਝਲਕ ਦੇਵਿੰਦਰ ਜੋਸ਼ ਦੀਆਂ ਇਹਨਾਂ ਗ਼ਜ਼ਲਾਂ ਵਿਚ ਮਿਲਦੀ ਹੈ ।
‘ਵਿਦਿਆਲੇ ਨੂੰ ਜਾਣ ਵੇਲੇ ਕਲ੍ਹ ਪੁੱਛਦਾ ਸੀ ਮੇਰਾ ਮੁੰਨਾ
ਡੈਡੀ ਮੈਨੂੰ ਇਹ ਤਾਂ ਦਸੋ ਕਿਉਂ ਨਹੀਂ ਪੜ੍ਹਦੇ ਸਾਰੇ ਬੱਚੇ'
ਬੜੀ ਸਿੱਧੀ ਪਧਰੀ ਸਾਧਾਰਨ ਗੱਲ ਹੈ । ਇਸ ਵਿਚ ਬੱਚੇ ਦੀ ਮਾਸੂਮੀਅਤ ਵੀ ਹੈ, ਤੇ ਗੱਲ ਬਾਤ ਦੀ ਆਪ ਮੁਹਾਰਤਾ ਵੀ । ਬੱਚੇ ਦਾ ਤੋਤਲਾ ਜਿਹਾ ਤੇ ਆਮ ਸਵਾਲ ਹੈ, ਜਿਸ ਦਾ ਕੋਈ ਜਵਾਬ ਨਹੀਂ ਦਿਤਾ ਗਿਆ। ਇਹ ਸ਼ੇਅਰ ਪੜ੍ਹ ਕੇ ਪਾਠਕ ਚੌਂਕ ਜਾਂਦਾ ਹੈ । ਉਸ ਨੂੰ ਕੁਝ ਪਲ ਚੁਪ ਚਾਪ ਉਦਾਸ ਹੋਣਾ ਤੇ ਸੋਚਣਾ ਪੈਂਦਾ ਹੈ । ਨਾ ਬਰਾਬਰੀ ਤੇ ਲੁਟ ਖਸੁਟ ਉਤੇ ਕਾਇਮ ਸਮਾਜੀ ਢਾਂਚੇ ਬਾਰੇ ਕਿੰਨੇ ਹੀ ਸਵਾਲ ਮਨ ਵਿਚ ਪੈਦਾ ਹੁੰਦੇ ਹਨ । ਇਸ ਸਾਦੇ ਜਿਹੇ ਸ਼ੇਅਰ ਵਿਚ ਏਨੀ ਤਾਕਤ ਕਿਥੋਂ ਆਈ ? ਸ਼ਾਇਦ ! ਯਥਾਰਥ ਦੀ ਪਛਾਣ ਤੇ ਉਸ ਦੇ ਅਲੰਕਾਰ ਰਹਿਤ ਦਬਵੀਂ ਸੁਰ ਵਾਲੇ ਬਿਆਨ ਵਿਚੋਂ ।
ਬੇਲੋੜੇ ਲਗ ਲਬੇੜ ਤੋਂ ਬਚ ਕੇ ਗੱਲ ਕਰਨੀ ਤੇ ਉਸ ਗੱਲ ਨੂੰ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਤਲਖੀਆਂ, ਸਿੱਕਾਂ ਤੇ ਸੱਧਰਾਂ ਦੇ ਨੇੜੇ ਰਖਣਾ, ਇਹਨਾਂ ਗ਼ਜ਼ਲਾਂ ਦਾ ਖਾਸ ਗੁਣ ਹੈ । ਮਨੋਵਿਗਿਆਨਿਕ ਯਥਾਰਥ ਦਾ ਕਿੰਨਾ ਸੁਹਣਾ ਸ਼ੇਅਰ ਇਹ ਹੈ-
ਬੰਦ ਕਮਰੇ ਵਿਚ ਕੱਲ੍ਹਾ ਬਹਿ ਕੇ ਜਦ ਮੈਂ ਜ਼ਿਹਨ ਫਰੋਲਾਂ
ਪਤਨੀ ਤੇ ਮਹਿਬੂਬ ਦੇ ਚਿਹਰੇ ਆਪਸ ਵਿਚ ਮਿਲ ਜਾਂਦੇ
ਸਮਾਜੀ ਯਥਾਰਥ ਦੀ ਗੱਲ ਕਰਦਿਆਂ ਝਟ ਉਸ ਜੋਸ਼ੀਲੀ ਸ਼ਾਇਰੀ ਦਾ ਖਿਆਲ ਆਉਂਦਾ ਹੈ ਜਿਸ ਵਿਚ ਸਮਾਜੀ ਢਾਂਚੇ ਨੂੰ ਬਦਲਨ ਲਈ ਮਰ ਮਿਟਣ ਦਾ ਸੱਦਾ ਹੈ । ਪੰਜਾਬੀ ਵਿਚ ਇਸ ਸ਼ਾਇਰੀ ਦੀ ਰਵਾਇਤ ਵੀ ਬੜੀ ਪੁਰਾਣੀ ਹੈ । ਗੁਰੂ ਸਾਹਿਬਾਨ ਦੀ ਬਾਣੀ ਵਿਚ, ਖ਼ਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਵਿਚ ਇਸ ਦੇ ਸਭ ਤੋਂ ਉਤਮ ਨਮੂਨੇ ਮਿਲਦੇ ਹਨ । ਗ਼ਦਰ ਗੂੰਜਾਂ ਵੀ ਏਸੇ ਰਵਾਇਤ ਵਿਚ ਸ਼ਾਮਿਲ ਹਨ , ਗ਼ਦਰ ਗੂੰਜਾਂ ਤੇ ਉਸ ਤੋਂ ਬਾਦ ਫਿਰੋਜ਼ਦੀਨ ਸ਼ਰਫ, ਵਿਧਾਤਾ ਸਿੰਘ ਤੀਰ, ਹੀਰਾ ਸਿੰਘ ਦਰਦ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਤੇ ਧਨੀ ਰਾਮ ਚਾਤ੍ਰਿਕ ਹੋਰਾਂ ਦੀ ਦੇਸ਼ ਭਗਤੀ ਦੀ ਸ਼ਾਇਰੀ ਸਮਾਜੀ ਯਥਾਰਥ ਦੀ ਪਛਾਣ ਨੂੰ ਕੌਮੀ-ਜਾਗਰਤ ਵਿਚ ਢਾਲਣ ਦਾ ਯਤਨ ਕਰਦੀ ਹੈ । ਇਸ ਦਾ ਸੁਭਾ ਜਨਤਕ ਹੈ । ਕਵੀ ਲੋਕਾਂ ਨੂੰ ਮੁਖਾਤਬ ਹੈ ਤੇ ਉਹਨਾਂ ਨੂੰ ਸਮਝ ਆਉਣ ਵਾਲੀ ਜ਼ਬਾਨ ਤੇ ਜਾਣੀ ਪਛਾਣੀ ਸੁਰ ਵਿਚ ਗੱਲ ਕਰਦਾ ਹੈ । ਪ੍ਰਗਤੀਵਾਦੀ ਲਹਿਰ ਦੇ ਦਿਨੀਂ ਕਵੀਆਂ ਦੇ ਸੰਬੋਧਨ ਵਿਚ ਨਿਜੀ ਸੁਰ ਵੀ ਸ਼ਾਮਿਲ ਹੋ ਗਈ । ਗੱਲ ਨਿੱਜ ਨੂੰ ਸਮੂਹ ਨਾਲ ਜੋੜਨ ਦੀ ਹੋਣ ਲੱਗੀ । ਪਰ ਪਿਛਲੇ ਕੁਝ ਸਾਲਾਂ ਵਿਚ ਸਮਾਜੀ ਚੇਤਨਾ ਤੇ ਸਮਾਜੀ ਪੀਵਰਤਨ ਦੀ ਦਾਅਵੇਦਾਰ ਸ਼ਾਇਰੀ ਅਜੀਬ ਪਰਕਾਰ ਦੇ ਅੰਤਰ ਵਿਰੋਧ ਦਾ ਸ਼ਿਕਾਰ ਰਹੀ ਹੈ । ਇਸ ਨੂੰ ਦਾਅਵਾ ਤਾਂ ਹੈ ਜਨਤਕ ਹੋਣ ਦਾ ਪਰ ਨਾ ਹੀ ਯਥਾਰਥ ਦੀ ਪਕੜ ਇਸ ਨੂੰ ਨਸੀਬ ਹੋਈ ਨਾ ਹੀ ਇਸ ਦਾ ਸੰਬੋਧਨ ਲੋਕਾਂ ਵਲ ਹੋਇਆ ਅਤੇ ਨਾ ਹੀ ਕਵੀਆਂ ਨੇ ਲੋਕ ਮੁਹਾਵਰੇ ਜਾਂ ਲੋਕ ਬਹਿਰਾਂ ਨੂੰ ਵਰਤਿਆ । ਨਤੀਜਾ ਇਹ ਨਿਕਲਿਆ ਕਿ ਸ਼ਾਇਰ ਆਪਣੀ ਨਿਜੀ ਕੁਰਬਾਨੀ ਜਾਂ ਬਹਾਦਰੀ ਦੇ ਦਮਗਜੇ ਮਾਰਦੇ ਤੇ ਲੋਕਾਂ ਨੂੰ ਮੀਰਾਜ ਵਿਖਾ ਕੇ ਭਰਮ ਵਿਚ ਪਾਉਣ ਦੇ ਅਸਫਲ ਯਤਨ ਕਰਦੇ ਰਹੇ । ਉਹਨਾਂ ਲੋਕਾਂ ਦੇ ਕਸ਼ਟ ਨੂੰ ਕਵਿਤਾ ਦਾ ਵਿਸ਼ਾ ਨਹੀਂ ਬਣਾਇਆ । ਉਹਨਾਂ ਦਾ ਸਭ ਤੋਂ ਅਹਿਮ ਮਜ਼ਮੂਨ ਸਵੈ ਉਪਮਾ ਸੀ । ਅਸੀਂ ਗੁਰੂ ਗੋਬਿੰਦ ਸਿੰਘ ਤੇ ਬਾਬਾ ਦੀਪ ਸਿੰਘ ਦੇ ਸੰਗੀ ਸਾਥੀ ਹਾਂ, ਭਗਤ ਸਿੰਘ ਦੇ ਭਰਾ ਹਾਂ, ਅਸੀਂ ਕਿਸੇ ਨੂੰ ਕੁਛ ਨਹੀਂ ਸਮਝਦੇ । ਛੇਤੀ ਹੀ ਅਸਾਂ ਬੜਾ ਕੁਛ ਕਰ ਵਿਖਾਉਣਾ ਹੈ। ਬੇ ਬਹਿਰ ਸਿਆਸੀ ਤਕਰੀਰ ਬਾਜ਼ੀ ਦੇ ਅੰਦਾਜ਼ ਵਿਚ ਇਸ ਸ਼ਾਇਰੀ ਦੀ ਪਹੁੰਚ ਏਥੋਂ ਕੁ ਤਕ ਰਹੀ ਹੈ । ਬਹੁਤ ਸਾਰੇ ਨੌਜਵਾਨ ਲੇਖਕ ਇਸ ਵਕਤੀ ਰੌਂ ਵਿਚ ਵਹਿ ਤੁਰੇ ਸਨ ।
ਦੇਵਿੰਦਰ ਜੋਸ਼ ਦੀ ਸਮਾਜੀ ਯਥਾਰਥ ਉਤੇ ਪਕੜ ਨੂੰ ਸਮਝਣ ਲਈ ਉਸ ਦੀ ਸ਼ਾਇਰੀ ਨੂੰ ਯਥਾਰਥਵਾਦੀ ਕਵਿਤਾ ਦੇ ਇਸ ਪ੍ਰਸੰਗ ਵਿਚ ਰਖ ਕੇ ਵਿਚਾਰਨਾ ਚਾਹੀਦਾ ਹੈ । ਉਸ ਨੇ ਇਹਨਾਂ ਧਾਰਾਵਾਂ ਦੇ ਸਿਹਤਮੰਦ ਤਤ ਅਪਣਾਏ ਹਨ, ਪਰ ਉਹ ਇਹਨਾਂ ਦੀ ਅਤ ਭਾਵੁਕ ਨਾਅਰੇ ਬਾਜ਼ੀ ਤੋਂ ਬਚਿਆ ਰਿਹਾ ਹੈ । ਇਸੇ ਲਈ ਉਸ ਦੀ ਸੁਰ ਨਵੇਕਲੀ ਤੇ ਅਸਲੋਂ ਨਿੱਜੀ ਹੈ । ਸਾਮਿਅਕ ਸਾਹਿੱਤਕ ਧਾਰਾਵਾਂ ਦਾ ਉਸ ਨੂੰ ਅਹਿਸਾਸ ਹੈ, ਪਰ ਇਹਨਾਂ ਵਿਚ ਉਹ ਆਪਣੀ ਨਿੱਜੀ ਵਿਸ਼ੇਸ਼ ਆਵਾਜ਼ ਨੂੰ ਗੁਆਚਣ ਨਹੀਂ ਦਿੰਦਾ:-
ਮੇਰੇ ਜ਼ਿਹਨ ਤੇ ਛਾ ਰਹੇ ਨੇ ਅੱਗ ਦੇ ਸ਼ਬਦ
ਅਹਿਸਾਸ ਬਣਦੇ ਜਾ ਰਹੇ ਨੇ ਅੱਗ ਦੇ ਸ਼ਬਦ
ਆਪਣੇ ਨਗਰ ਦੇ ਮੋੜ ਤੋਂ ਕਾਤਿਲ ਦੇ ਸ਼ਹਿਰ ਤਕ
ਸਾਰੇ ਹੀ ਲੋਕ ਗਾ ਰਹੇ ਨੇ ਅੱਗ ਦੇ ਸ਼ਬਦ
ਹੁਣ ਬੇੜੀਆਂ ਦੀ ਛਣਕ ਤੇ ਕੜੀਆਂ ਦੇ ਸਾਜ਼ ਤੇ
ਕੁਛ ਲੋਕ ਗੁਣ ਗੁਣਾ ਰਹੇ ਨੇ ਅੱਗ ਦੇ ਸ਼ਬਦ
ਆਵਾਜ਼ ਬਣਦੀ ਜਾ ਰਹੀ ਤਲਵਾਰ ਵਾਂਗਰਾਂ
ਲਲਕਾਰ ਬਣਦੇ ਜਾ ਰਹੇ ਨੇ ਅੱਗ ਦੇ ਸ਼ਬਦ
ਇਤਿਹਾਸ ਦੇ ਪ੍ਰਸੰਗ ਚੋਂ ਕਢੇ ਨਾ ਜਾਣਗੇ
ਜੋ ਲੋਕ ਲਿਖਦੇ ਜਾ ਰਹੇ ਨੇ ਅੱਗ ਦੇ ਸ਼ਬਦ ।
ਇਸ ਗ਼ਜ਼ਲ ਵਿਚ ਕਵੀ ਅੱਗ ਦੇ ਸ਼ਬਦ ਆਪ ਨਹੀਂ ਬੋਲਦਾ । ਹੋਰਨਾਂ ਵਲੋਂ ਬੋਲੇ ਜਾ ਰਹੇ ਅਜੇਹੇ ਸ਼ਬਦਾਂ ਵਲ ਆਪਣਾ ਜਜ਼ਬਾਤੀ ਰੱਦੇ ਅਮਲ ਦਸਦਾ ਹੈ ।
ਅੱਗ ਦੇ ਸ਼ਬਦ ਉਸ ਦੇ ਜ਼ਿਹਨ ਉਤੇ ਛਾ ਰਹੇ ਹਨ । ਉਸ ਦਾ ਅਹਿਸਾਸ ਬਣ ਰਹੇ ਨੇ ਪਰ ਇਹਨਾਂ ਨੂੰ ਗੁਣ ਗੁਣਾਉਣ ਵਾਲੇ ‘ਕੁਝ ਲੋਕ’ ਹੋਰ ਹਨ । ਇਹ ਰੱਦੇ-ਅਮਲ ਨਾ ਤਾਂ ਜੁਝਾਰ ਕਵਿਤਾ ਦੀਆਂ ਫੜਾਂ ਵਰਗਾ ਹੈ ਤੇ ਨਾ ਹੀ ਸਨਕੀ ਠਠੇ-ਬਾਜ਼ੀ ਵਾਲਾ । ਇਸ ਵਿਚ ਹਮਦਰਦੀ ਵੀ ਹੈ ਤੇ ਆਪਣੇ ਆਪ ਨੂੰ ਨਿਵੇਕਲਾ ਰਖਣ ਦੀ ਰੁਚੀ ਵੀ । ਇਸ ਸੰਗ੍ਰਹਿ ਦੀ ਇਹ ਗ਼ਜ਼ਲ ਇਨਕਲਾਬੀ ਸੁਰ ਦੇ ਸਭ ਤੋਂ ਵਧ ਨੇੜੇ ਹੈ । ਇਸ ਵਿਚ ਵੀ ਜੋਸ਼ ਨੇ ਆਪਣੀ ਹੋਸ਼ ਕਾਇਮ ਰੱਖੀ ਹੈ । ਇਹ ਹੋਸ਼ ਹੀ ਉਸ ਦੀਆਂ ਗ਼ਜ਼ਲਾਂ ਦੀ ਸਭ ਤੋਂ ਵਡੀ ਖ਼ੂਬੀ ਹੈ । ਉਹ ਜੋਸ਼ ਵਿਚ ਆ ਕੇ ਹਕੀਕਤ ਨੂੰ ਰੁਮਾਂਚਕ ਕਲਪਣਾ ਵਿਚ ਨਹੀਂ ਵਲ੍ਹੇਟਦਾ ।
ਦਵਿੰਦਰ ਜੋਸ਼ ਦੀ ਸ਼ਾਇਰੀ ਦਾ ਵਾਤਾਵਰਨ ਨਿੱਗਰ ਹੈ । ਇਸ ਨੂੰ ਤੁਸੀਂ ਪਛਾਣ ਸਕਦੇ ਹੋ। ਸਾਰੀ ਸਮੱਗਰੀ ਹੀ ਸਥੂਲ ਹੈ। ਸਕੂਲ, ਦਫ਼ਤਰ; ਘਰ ਤੇ ਸ਼ਹਿਰ ਦੀ ਸੜਕ, ਸਾਰਾ ਮਾਹੌਲ ਸਾਡੇ ਨੇੜੇ ਦੇ ਤਜਰਬੇ ਨਾਲ ਸਬੰਧਤ ਹੈ । ਕਿੱਸਿਆਂ ਕਹਾਣੀਆਂ ਜਾਂ ਉਰਦੂ ਫ਼ਾਰਸੀ ਦੀ ਕਵਿਤਾ ਵਿਚੋਂ ਉਧਾਰੇ ਲਏ ਹੋਏ ਬਿੰਬ ਵਰਤਣ ਤੋਂ ਵੀ ਗੁਰੇਜ਼ ਕਰਦਾ ਹੈ। ਇਸੇ ਲਈ ਉਸ ਦਾ ਬਿਆਨ ਸਜਰਾ ਸਜਰਾ ਹੈ ।
ਇਹਨਾਂ ਗ਼ਜ਼ਲਾਂ ਦੀ ਬੰਦਸ਼, ਇਹਨਾਂ ਦੀ ਬਹਿਰ ਦੀ ਮੈਂ ਕੋਈ ਗੱਲ ਨਹੀਂ ਕੀਤੀ । ਇਹ ਅਸਲ ਵਿਚ ਮੇਰਾ ਪਿੜ ਨਹੀਂ । ਮੈਨੂੰ ਗ਼ਜ਼ਲ ਦੀਆਂ ਤਕਨੀਕੀ ਬਰੀਕੀਆਂ ਦਾ ਬਹੁਤ ਇਲਮ ਨਹੀਂ । ਉੱਜ ਹੁਸ਼ਿਆਰਪੁਰ ਦੇ ਸ਼ਾਇਰ ਇਹਨਾਂ ਗੱਲਾਂ ਦਾ ਬਹੁਤ ਖਿਆਲ ਰਖਦੇ ਹੁੰਦੇ ਸਨ । ਦੇਵਿੰਦਰ ਜੋਸ਼ ਦੀਆਂ ਗ਼ਜ਼ਲਾਂ ਬਾਰੇ ਮੈਂ ਜ਼ਰੂਰ ਮਹਿਸੂਸ ਕਰਦਾ ਹਾਂ ਕਿ ਇਸ ਨੇ ਔਖੇ ਔਖੇ ਤੇ ਨਵੇਂ ਨਵੇਂ ਕਾਫੀਏ ਰਦੀਫ ਵਰਤੇ ਹਨ ਅਤੇ ਸਿੱਧ ਪਧਰੀਆਂ ਬਹਿਰਾਂ ਵਿਚ ਵੀ ਸ਼ੇਅਰ ਕਹੇ ਹਨ । ਪਰ ਉਸ ਨੇ ਕਿਤੇ ਵੀ ਉਚੇਚ ਨਹੀਂ ਕੀਤੀ ਜਾਪਦੀ। ਔਖੀ ਜ਼ਮੀਨ ਉਹ ਕੋਈ ਚੁਸਤੀ ਵਿਖਾਲਣ ਲਈ ਨਹੀਂ ਵਰਤਦਾ । ਜਾਪਦਾ ਹੈ ਕਿ ਇਹ ਗੱਲ ਇਸ ਜ਼ਮੀਨ ਤੋਂ ਬਿਨਾਂ ਕਹੀ ਹੀ ਨਹੀਂ ਸੀ ਜਾ ਸਕਦੀ । ਸਮੁੱਚਾ ਪ੍ਰਭਾਵ ਇਹ ਪੈਂਦਾ ਹੈ ਕਿ ਕਵੀ ਕੋਲ ਕਹਿਣ ਲਈ ਕੁਝ ਸੁਹਿਰਦ ਗੱਲਾਂ ਹਨ, ਇਹਨਾਂ ਗੱਲਾਂ ਲਈ ਢੁਕਵੇਂ ਲਫ਼ਜ਼ ਉਸ ਨੂੰ ਆਪ ਮੁਹਾਰੇ ਸੁਝਦੇ ਜਾ ਰਹੇ ਹਨ । ਕਿਸੇ ਗ਼ਜ਼ਲ ਵਿਚੋਂ ਇਹ ਪ੍ਰਭਾਵ ਪੈਣਾ ਬਹੁਤ ਚੰਗਾ ਸ਼ਗਨ ਹੁੰਦਾ ਹੈ ।
ਅੰਤ ਵਿਚ ਮੈਂ ਇਹ ਸ਼ੇਅਰ ਪੜ੍ਹ ਕੇ ਇਸ ਕਿਤਾਬ ਦਾ ਸਵਾਗਤ ਕਰਦਾ ਹਾਂ ।
ਕਿਹੜਾ ਚਿੰਤਕ ਸਮਝ ਲਵੇਗਾ ਮੇਰੀ ਪਿਆਰੀ ਕਵਿਤਾ
ਮੈਂ ਜੀਵਨ ਦੇ ਅਨੁਭਵ ਵਿਚੋਂ ਰਚੀ ਹੈ ਸਾਰੀ ਕਵਿਤਾ ।
ਨਾ ਮੈਂ ਚਿੰਤਕ ਹਾਂ ਤੇ ਨਾ ਮੇਰਾ ਇਹ ਪਿਆਰੀ ਕਵਿਤਾ ਪੂਰੀ ਤਰ੍ਹਾਂ ਸਮਝਣ ਦਾ ਦਾਅਵਾ ਹੈ । ਪਰ ਇਸ ਸ਼ੇਅਰ ਦੇ ਦੂਜੇ ਮਿਸਰੇ ਦੀ ਮੈਂ ਵੀ ਜ਼ਰੂਰ ਸ਼ਾਹਦੀ ਭਰਨੀ ਚਾਹਵਾਂਗਾ ।
ਕਪੂਰਥਲਾ
ਸ. ਸ. ਮੀਸ਼ਾ