Nadiye Tera Ki Sirnawan (Ghazals) : Kesar Karamjit
ਨਦੀਏ ਤੇਰਾ ਕੀ ਸਿਰਨਾਵਾਂ (ਗ਼ਜ਼ਲ ਸੰਗ੍ਰਹਿ) : ਕੇਸਰ ਕਰਮਜੀਤ
ਪ੍ਰਸਤਾਵਨਾ
ਪੰਜਾਬੀ ਗ਼ਜ਼ਲ ਦਾ ਕੇਸਰ-ਕੇਸਰ ਕਰਮਜੀਤ : ਗੁਰਦਿਆਲ ਰੌਸ਼ਨ
ਤਕਰੀਬਨ ਢਾਈ ਤਿੰਨ ਸਦੀਆਂ ਤੋਂ ਪੰਜਾਬੀ ਵਿਚ ਗ਼ਜ਼ਲ ਵਰਗੀ ਕਾਵਿ ਸਿਰਜਣਾ ਦੇਖੀ ਜਾ ਸਕਦੀ ਹੈ। ਯਕੀਨਨ ਉਸ ਵਕਤ ਦੀ ਛਿਟਪੁਟ ਸ਼ਿਅਰਕਾਰੀ ਨੂੰ ਮੌਜੂਦਾ ਦੌਰ ਦੀ ਪੰਜਾਬੀ ਗ਼ਜ਼ਲ ਨਾਲ ਨਹੀਂ ਮੇਚਿਆ ਜਾ ਸਕਦਾ। ਉਦੋਂ ਨਾ ਤਾਂ ਪੰਜਾਬੀ ਲਿੱਪੀ ਏਨੀ ਨਿੱਖਰੀ ਸੀ ਤੇ ਨਾ ਹੀ ਅਰੂਜ਼ੀ ਨੁਕਤਿਆਂ ਵਲ ਬਹੁਤਾ ਧਿਆਨ ਸੀ। ਵੀਹਵੀਂ ਸਦੀ ਦੀ ਸ਼ੁਰੂਆਤ ਪੰਜਾਬੀ ਗ਼ਜ਼ਲ ਦੇ ਉਭਾਰ ਨਾਲ ਹੋਈ ਤੇ ਇਸੇ ਸਦੀ ਦੇ ਅੰਤ ਤਕ ਪੰਜਾਬੀ ਗ਼ਜ਼ਲ ਕਾਵਿ-ਸਾਹਿਤ ’ਤੇ ਛਾ ਗਈ। ਮੈਂ ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਗ਼ਜ਼ਲ ਦੇ ਹਮਾਇਤੀਆਂ ਤੇ ਵਿਰੋਧੀਆਂ ਦੀਆਂ ਤਿੱਖੀਆਂ ਬਹਿਸਾਂ ਵੀ ਦੇਖੀਆਂ ਹਨ ਤੇ ਇਸ ਸਿਨਫ਼ ਨੂੰ ਪਰਵਾਨ ਚੜ੍ਹਦੇ ਵੀ ਦੇਖਿਆ ਹੈ। ਅਜੋਕੇ ਦੌਰ ਵਿਚ ਗ਼ਜ਼ਲ ਦੀ ਆਲੋਚਨਾ ਭਾਵੇਂ ਖੁੱਲ੍ਹ ਕੇ ਨਹੀਂ ਹੋ ਰਹੀ ਪਰ ਕੁੱਝ ਲੋਕਾਂ ਅੰਦਰ ਇਸ ਪ੍ਰਤੀ ਈਰਖਾ ਅਜੇ ਵੀ ਮੌਜੂਦ ਹੈ। ਪਰ ਹੁਣ ਗ਼ਜ਼ਲ ਨੂੰ ਪਰਵਾਹ ਵੀ ਕਿਸ ਦੀ ਹੈ, ਇਸ ਨੇ ਆਪਣਾ ਵੱਖਰਾ ਬ੍ਰਹਿਮੰਡ ਸਿਰਜ ਲਿਆ ਹੈ। ਹੁਣ ਇਹ ਕਿਸੇ ਦੀ ਮੁਹਤਾਜ ਨਹੀਂ, ਇਸ ਦਾ ਆਪਣਾ ਪੰਜਾਬੀ ਲਹਿਜ਼ਾ ਤੇ ਮੁਹਾਵਰਾ ਹੈ। ਮੌਜੂਦਾ ਦੌਰ ਵਿਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਸੰਤੁਸ਼ਟ ਤਾਂ ਕਰਦੀ ਹੈ ਪਰ ਅਜੇ ਵੀ ਕੁੱਝ ਖ਼ਤਰੇ ਇਸ ਦੇ ਆਲੇ ਦੁਆਲੇ ਮੌਜੂਦ ਹਨ, ਇਨ੍ਹਾਂ 'ਚੋਂ ਬਹੁਤਿਆਂ ਦੇ ਕਾਰਕ ਖ਼ੁਦ ਪੰਜਾਬੀ ਗ਼ਜ਼ਲਕਾਰ ਹਨ। ਉਂਝ ਪੰਜਾਬੀ ਕਾਵਿ-ਸਾਹਿਤ ਵਿਚ ਪੰਜਾਬੀ ਗ਼ਜ਼ਲ ਦਾ ਕੋਈ ਤੋੜ ਨਹੀਂ ਹੈ, ਜੇ ਇਸ ਮਨਫ਼ੀ ਕਰ ਦਈਏ ਤਾਂ ਬਚਦਾ ਕੁੱਝ ਨਹੀਂ। ਇਹ ਸਾਰਾ ਕੁੱਝ ਵਡੇਰਿਆਂ ਤੇ ਪੰਜਾਬੀ ਗ਼ਜ਼ਲਕਾਰਾਂ ਦੇ ਵੱਡੇ ਕਾਫ਼ਿਲੇ ਕਾਰਨ ਸੰਭਵ ਹੋ ਸਕਿਆ ਹੈ। ਇਸ ਕਾਫ਼ਿਲੇ ਵਿਚ ਕੇਸਰ ਕਰਮਜੀਤ ਵਰਗਾ ਗੂੜ੍ਹਾ ਹਸਤਾਖ਼ਰ ਵੀ ਸ਼ਾਮਿਲ ਹੈ।
ਕੇਸਰ ਕਰਮਜੀਤ ਪਰਵਾਸੀ ਕਲਮਕਾਰ ਜੋ ਇਸ ਵੇਲੇ ਅਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਸਿਡਨੀ ਵਿਖੇ ਰਹਿ ਰਿਹਾ ਹੈ।ਉਸ ਦਾ ਪਿਛੋਕੜ ਬਰਨਾਲਾ ਹੈ ਜਿਸ ਨੂੰ ਸਾਹਿਤਕਾਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਬਿਨਾਂ ਸ਼ੱਕ ਬਰਨਾਲਾ ਨੇ ਬਹੁਤ ਵੱਡੇ ਨਾਵਾਂ ਵਾਲੇ ਸਾਹਿਤਕਾਰ ਤੇ ਪੱਤਰਕਾਰ ਦਿੱਤੇ ਹਨ। ਉਹ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ, ਪੜ੍ਹਿਆ ਲਿਖਿਆ ਹੈ ਤੇ ਪੰਜਾਬੀ ਰਹਿਤਲ ਵਿਚ ਰਚਿਆ ਮਿਚਿਆ ਹੋਇਆ ਹੈ। ਇਕ ਵਧੀਆ ਕਵੀ ਵਜੋਂ ਕੇਸਰ ਦਾ ਨਾਮ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ। ਮੈਂ ਹਮੇਸ਼ਾਂ ਇਸ ਪੱਖ ਵਿਚ ਰਿਹਾ ਹਾਂ ਕਿ ਕੋਈ ਵੀ ਅਦੀਬ ਪਹਿਲਾਂ ਇਨਸਾਨ ਹੋਵੇ, ਲੋਕਾਂ ਦਾ ਰਾਹ ਦਸੇਰਾ ਹੋਵੇ ਤੇ ਆਪਣੇ ਸਮਾਜ ਦੀ ਹੀ ਨਹੀਂ ਪੂਰੇ ਸੰਸਾਰ ਦਾ ਉਸ ਨੂੰ ਫ਼ਿਕਰ ਹੋਵੇ। ਪਰ ਅਫ਼ਸੋਸ, ਕਿ ਏਦਾਂ ਨਹੀਂ ਇਸ ਵੇਲੇ ਅਦਬੀ ਖ਼ੇਤਰ ਮੈਨੂੰ ਸਭ ਨਾਲੋਂ ਗ਼ਲੀਜ਼ ਜਾਪ ਰਿਹਾ ਹੈ ਜਿਸ ਵਿਚ ਪ੍ਰਬੰਧਨ ਤਕ ਪਹੁੰਚ ਕਰਕੇ ਸਨਮਾਨਾਂ ਲਈ ਦੌੜ ਲਗਦੀ ਹੈ ਤੇ ਦੂਸਰੇ ਨੂੰ ਪਛਾੜਨ ਲਈ ਘਟੀਆ ਪੱਧਰ ਦੀਆਂ ਜੁਗਤਾਂ ਲੜਾਈਆਂ ਜਾਂਦੀਆਂ ਹਨ। ਕਦੀ ਸਮਾਂ ਸੀ ਮੈਂ ਸਾਹਿਤਕ ਖ਼ੇਤਰ ਨੂੰ ਪਵਿੱਤਰ ਸਮਝਦਾ ਸਾਂ ਪਰ ਇਸ ਦੀ ਅਪਵਿੱਤਰਤਾ ਨੇ ਮੇਰੇ ਵਿਚਾਰ ਬਦਲ ਦਿੱਤੇ ਹਨ।
ਮੈਨੂੰ ਖ਼ੁਸ਼ੀ ਹੈ ਕੇਸਰ ਕਰਮਜੀਤ ਇਕ ਦਰਵੇਸ਼ ਬਿਰਤੀ ਵਿਅਕਤੀਤਵ ਹੈ ਤੇ ਉਹ ਉਪ੍ਰੋਕਤ ਕਿਸਮ ਦੇ ਨਾਮਨਿਹਾਦ ਅਦੀਬਾਂ ਤੋਂ ਫ਼ਾਸਲਾ ਬਣਾ ਕੇ ਖੜ੍ਹਾ ਹੈ। ਇਸ ਦਾ ਇਕ ਕਾਰਨ ਕ੍ਰਿਸ਼ਨ ਭਨੋਟ ਵਰਗੀ ਸ਼ਖ਼ਸੀਅਤ ਵੀ ਹੈ ਜਿਸ ਤੋਂ ਕੇਸਰ ਅਗਵਾਈ ਲੈਂਦਾ ਹੈ। ਅਗਵਾਈਕਾਰ ਦਾ ਕਾਫ਼ੀ ਕੁੱਝ ਅੱਗੇ ਆਪਣੇ ਆਪ ਸੰਚਾਰਤ ਹੋ ਜਾਂਦਾ ਹੈ। ਅਸਟ੍ਰੇਲੀਆ ਵਿਚ ਪੰਜਾਬੀ ਸਾਹਿਤਕਾਰ ਗਿਣਵੇਂ ਚੁਣਵੇਂ ਹਨ ਤੇ ਸਾਹਿਤਕ ਸੰਗਠਨ ਵੀ ਏਨੇ ਜ਼ਿਆਦਾ ਨਹੀਂ ਹਨ। ਹਰ ਬੰਦਾ ਰੁੱਝਿਆ ਹੋਇਆ ਹੈ ਤੇ ਕਿਸੇ ਕੋਲ ਵੀ ਏਧਰ ਵਰਗੀ ਵਿਹਲ ਨਹੀਂ ਹੈ। ਅੰਗ੍ਰੇਜ਼ੀ ਪ੍ਰਮੁੱਖ ਭਾਸ਼ਾ ਹੈ ਤੇ ਸਾਹਿਤ ਪੜ੍ਹਨ ਦੇ ਮੌਕੇ ਬਹੁਤ ਘੱਟ ਹਨ। ਆਲਾ-ਦੁਆਲਾ ਵੱਖਰਾ ਤੇ ਸਕਾਫ਼ਤੀ ਰੁਝਾਨ ਵੀ ਅਲੱਗ ਹਨ। ਏਦਾਂ ਦੇ ਮਾਹੌਲ ਵਿਚ ਕਿਸੇ ਦਾ ਕੇਸਰ ਕਰਮਜੀਤ ਹੋ ਜਾਣਾ ਤੇ ਨਿਰੰਤਰ ਗ਼ਜ਼ਲ ਲਿਖਣਾ ਆਸਾਨ ਨਹੀਂ ਹੈ।
ਮੇਰੇ ਕੋਲ ਆਪਣੇ ਸਾਹਿਤਕ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਸੋਧ ਸੁਧਾਈ ਕਾਰਨ ਵਿਹਲ ਘੱਟ ਹੁੰਦੀ ਹੈ, ਇਸੇ ਕਾਰਨ ਮੇਰੇ ਲਈ ਸ਼ੋਸ਼ਲ ਮੀਡੀਆ ’ਤੇ ਟਿੱਪਣੀਆਂ ਤੇ ਕਿਸੇ ਨਾਲ ਬਹੁਤਾ ਕਰਕੇ ਸੰਪਰਕ ਕਾਇਮ ਕਰਨਾ ਔਖਾ ਹੋ ਜਾਂਦਾ ਹੈ। ਪਰ ਮੈਨੂੰ ਯਾਦ ਹੈ ਕਿ ਮੈਂ ਕੇਸਰ ਦੇ ਸ਼ਿਅਰ ਪੜ੍ਹ ਕੇ ਆਪ ਉਸ ਨੂੰ ਸ਼ਾਬਾਸ਼ ਦਿੱਤੀ ਸੀ।
ਉਸ ਦੀਆਂ ਗ਼ਜ਼ਲਾਂ ਆਪਣੀ ਭਾਂਤ ਦੀਆਂ ਹਨ ਇਨ੍ਹਾਂ 'ਤੇ ਕਿਸੇ ਹੋਰ ਦੀ ਛਾਪ ਨਹੀਂ ਹੈ। ਆਪਣੇ ਸ਼ਿਅਰਾਂ ਵਿਚ ਉਹ ਨਵੇਂ ਨਵੇਂ ਸ਼ਬਦ ਇਸਤੇਮਾਲ ਕਰਦਾ ਹੈ ਤੇ ਕੁੱਝ ਘੜ ਵੀ ਲੈਂਦਾ ਹੈ। ਗ਼ਜ਼ਲ ਵਿਧਾਨ ’ਤੇ ਉਸ ਦੀ ਕਾਫ਼ੀ ਪਕੜ ਹੈ ਤੇ ਉਸ ਨੂੰ ਸ਼ਿਅਰੀਅਤ ਦਾ ਚੋਖਾ ਗਿਆਨ ਹਾਸਿਲ ਹੈ। ਜਦੋਂ ਉਹ ਸ਼ਬਦਾਂ ਨੂੰ ਖੰਭ ਲਾਉਂਦਾ ਹੈ ਤਾਂ ਉਨ੍ਹਾਂ ਦੀ ਉਡਾਰੀ ਦੇਖਣਯੋਗ ਹੁੰਦੀ ਹੈ। ਉਸ ਦੇ ਸ਼ਿਅਰਾਂ ਦੀਆਂ ਕੁੱਝ ਭਾਵਪੂਰਤ ਵੰਨਗੀਆਂ ਦੇਖੋ-
ਨਵੀਆਂ ਤਸ਼ਬੀਹਾਂ-
ਸਫ਼ੇ ਤੋਂ ਰਾਤ ਦੇ, ਉਹ ਚੰਨ ਦੀ ਮੂਰਤ ਹਟਾ ਦਿੱਤੀ।
ਖ਼ੁਦਾ ਦੇ ਵਾਸਤੇ ਸੋਚੀਂ, ਇਹ ਕਿਉਂ ਸੀ ਬਦਦੁਆ ਦਿੱਤੀ।
ਹੈ ਕੀੜੀ ਲੋਚਦੀ ਉੱਡਣਾ, ਖ਼ੁਦਾ ਕੁਝ ਪੰਖ ਤਾਂ ਦੇ ਦੇ,
ਕਿਸੇ ਜ਼ਾਲਮ ਬਨੇਰੇ 'ਤੇ, ਕੋਈ ਬੱਤੀ ਜਲਾ ਦਿੱਤੀ।
ਜ਼ਿੰਦਗੀ ਦਾ ਸੱਚ ਤੇ ਨਵੀਂ ਮੁਹਾਵਰੇਬੰਦੀ –
ਮੁਕੰਮਲ ਮੁਕੰਮਲ ਨਾ ਮਿਲਦਾ ਕਿਸੇ ਨੂੰ,
ਕੋਈ ਥੋੜ ਸਭ ਨੂੰ ਖਟਕਦੀ ਰਹੇਗੀ।
ਚਿਰਾਂ ਤੋਂ ਪਿਆਸਾ ਇਹ ਦਰਿਆ ਰਿਹਾ ਹੈ,
ਇਹੀ ਤੇਹ ਸਮੁੰਦਰ ਸਮੁੰਦਰ ਕਹੇਗੀ।
ਰੋਮਾਂਸ ਵਿਚ ਸਹਿਜਤਾ ਦੀ ਅਨੂਠੀ ਪੇਸ਼ਕਾਰੀ-
ਕਥਾ ਜ਼ੁਲਫਾਂ ਦੀ ਉਂਜ ਤਾਂ ਰੇਸ਼ਮੀ ਸੀ। ਤੂੰ ਨੱਚਦੀ ਕੀ, ਪਜੇਬਾਂ ਦੀ ਕਮੀ ਸੀ।
ਬਦਲ ਜਾਣਾ ਹੈ ਰੁੱਤਾਂ, ਜਾਣਦਾ ਸਾਂ,
ਮੇਰੇ ਹਾਸੇ, ਉਹ ਰੌਣਕ ਮੌਸਮੀ ਸੀ।
ਪਰੰਪਰਾ ਤੇ ਜਦੀਦੀਅਤ ਦਾ ਸੁਮੇਲ-
ਲਫ਼ਜ਼ ਦੋ ਪਿਆਰ ਦੇ ਨਾ ਬੋਲਦਾ, ਮਜਬੂਰ ਹੈ ਇੰਨਾ।
ਖ਼ੁਦਾ ਮੈਂ ਖ਼ੁਦ ਬਣਾਇਆ ਓਸ ਨੂੰ, ਮਗ਼ਰੂਰ ਹੈ ਇੰਨਾ।
ਇਹ ਤਪਦੀ ਤੈਰਦੀ ਬੱਦਲੀ, ਕਦੇ ਪੁਛਦੀ ਪਈ ਉਸ ਨੂੰ,
ਕਿ ਛੁਪਦੇ ਸੂਰਜਾ, ਤੇਰਾ ਭਲਾ ਕਿਉਂ ਨੂਰ ਹੈ ਇੰਨਾ।
ਸਰਲਤਾ ਤੇ ਸਾਦਗੀ-
ਬਹਾਰਾਂ ਤੋਂ ਉਸਦਾ ਨਗਰ ਪੁੱਛ ਲੈਣਾ।
ਮਹਿਕਦੀ ਹਵਾ ਤੋਂ ਖ਼ਬਰ ਪੁੱਛ ਲੈਣਾ।
ਸੀ ਕਿਸ ਨੇ ਚੁਰਾਇਆ ਜਿਗਰ ਪੁੱਛ ਲੈਣਾ।
ਉਹ ਨਾਂਹ ਹੀ ਕਹੇਗਾ ਮਗਰ ਪੁੱਛ ਲੈਣਾ।
ਉਸਾਰੂ ਖ਼ਿਆਲ ਤੇ ਸਾਹਿਤਕ ਪ੍ਰਦੂਸ਼ਨ 'ਤੇ ਤਨਜ਼-
ਰੁਦਨ ਕੰਠਾਂ ਦਾ ਮੇਰੇ ਤੋਂ, ਕਦੇ ਵੀ ਸਹਿ ਨਹੀਂ ਹੋਣਾ।
ਚਮਨ ਤੂੰ ਆਖਦੈਂ ਇਸ ਨੂੰ, ਮੇਰੇ ਤੋਂ ਕਹਿ ਨਹੀਂ ਹੋਣਾ।
ਤਿਰੇ ਦਰਬਾਰ ਵਿਚ, ਪੜ੍ਹਦੇ ਕਸੀਦੇ ਜੋ ਵੀ ਨੇ ਰਾਜਨ,
ਉਨ੍ਹਾਂ ਨੂੰ ਭੰਡ ਕਹਿੰਦੇ ਨੇ, ਕਵੀ ਤਾਂ ਕਹਿ ਨਹੀਂ ਹੋਣਾ।
ਆਸ ਕਰਦਾ ਹਾਂ ਕਿ ਪੰਜਾਬੀ ਗ਼ਜ਼ਲ ਦੇ ਚੇਤਨ ਪਾਠਕ ਕੇਸਰ ਕਰਮਜੀਤ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਨਦੀਏ ਤੇਰਾ ਕੀ ਸਿਰਨਾਵਾਂ' ਨੂੰ ਭਰਪੂਰ ਸਹਿਯੋਗ ਤੇ ਪਿਆਰ ਦੇਣਗੇ। ‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ ? ਮੇਰੀ ਜਾਚੇ ਕੇਸਰ ਕਰਮਜੀਤ ਦਾ ਸਫ਼ਰ ਅਜੇ ਮੁਕੰਮਲ ਨਹੀਂ ਹੋਇਆ, ਉਸ ਨੇ ਇਸ ਸਫ਼ਰ ਦੌਰਾਨ ਹੋਰ ਅਨੁਭਵ ਹਾਸਲ ਕਰਨੇ ਹਨ। ਮੇਰੇ ਵਲੋਂ ਪੁਸਤਕ ਦੀ ਪ੍ਰਕਾਸ਼ਨਾ 'ਤੇ ਬਹੁਤ ਬਹੁਤ ਮੁਬਾਰਕਬਾਦ।
01-11-2024
-ਗੁਰਦਿਆਲ ਰੌਸ਼ਨ
ਪੰਜਾਬੀ ਗ਼ਜ਼ਲ ਦੀ ਫੁਲਕਾਰੀ ਦਾ ਕੇਸਰੀ ਫੁੱਲ : ਵਿਨੋਦ ਅਨਿਕੇਤ
ਕੇਸਰ ਕਰਮਜੀਤ ਸਮਾਂ, ਸਥਾਨ ਅਤੇ ਨਮਿੱਤ ਭਾਵੇਂ ਅੱਜ ਦੇ ਤਰਕਸ਼ੀਲ ਦਿਮਾਗ਼ ਨੂੰ ਇਹ ਸ਼ਬਦ ਹਜ਼ਮ ਨਹੀਂ ਹੁੰਦੇ ਪਰੰਤੂ ਮੈਂ ਅਪਣੀ ਜ਼ਿੰਦਗੀ ਵਿੱਚ ਇੰਨ੍ਹਾਂ ਤਿੰਨਾਂ ਸ਼ਬਦ ਦੇ ਸੰਜੋਗ ਨੂੰ ਸਿੱਧ ਕਰਦੀਆਂ ਅਨੇਕਾਂ ਘਟਨਾਵਾਂ ਦੇਖੀਆਂ ਅਤੇ ਹੰਢਾਈਆਂ ਹਨ। ਵਰਤਮਾਨ ਸੰਦਰਭ ਮੇਰੇ ਪਿਆਰੇ ਮਿੱਤਰ ਕਰਮਜੀਤ ਦੇ ਕੇਸਰ ਕਰਮਜੀਤ ਦੇ ਰੂਪ ਵਿੱਚ ਪ੍ਰਗਟ ਹੋਣ ਬਾਰੇ ਹੈ। ਬਰਨਾਲੇ ( ਪੰਜਾਬ,ਭਾਰਤ) ਵਿੱਚ ਉਹ ਸਿਰਫ਼ ਕਰਮਜੀਤ ਸੀ। ਵਿਗਿਆਨ ਦਾ ਸਕੂਲੀ ਅਧਿਆਪਕ, ਲੈਕਚਰਰ ਬਣਿਆ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਣਿਆ। ਰਿਟਾਇਰਮੈਂਟ ਤੋਂ ਬਾਅਦ ਆਸਟ੍ਰੇਲੀਆ ਆਇਆ। ਇਥੋਂ ਦੇ ਹਵਾ ਪਾਣੀ ਨੇ ਉਸਦੇ ਅੰਦਰ ਬੀਜ ਰੂਪ ਵਿੱਚ ਪਏ ਸ਼ਾਇਰ ਨੂੰ ਚੁੱਪ ਦੀ ਮਿੱਟੀ ਭੰਨ ਕੇ ਸਹਿਜੇ ਹੀ ਅੰਕੁਰ ਬਣਾ ਅਦਬ ਦੇ ਆਸਮਾਨ ਵਿਚ ਸਿਰ ਚੁੱਕ ਕੇ ਵਿਗਸਣ ਦੀ ਦਾਤਿ ਬਖਸ਼ੀ। ਗ਼ਜ਼ਲਾਂ ਦੀ ਉਸ ਦੀ ਪਹਿਲੀ ਹੀ ਕਿਤਾਬ ਦਿਨ ਢਲੇ਼ ਨੇ ਉਸਨੂੰ ਪੰਜਾਬ ਦੀ ਗ਼ਜ਼ਲਕਾਰੀ ਵਿੱਚ ਇਕ ਜਾਣਿਆ ਪਛਾਣਿਆ ਨਾਂਅ ਬਣਾ ਦਿੱਤਾ।
ਉਸ ਦੀਆਂ ਗ਼ਜ਼ਲਾਂ ਜਿੱਥੇ ਮੀਟਰ ਦੇ ਪੱਖੋਂ ਅਪਣੇ ਆਪ ਵਿਚ ਪੂਰੀਆਂ ਹੁੰਦੀਆਂ ਹਨ ਉਥੇ ਵਿਸ਼ਾ ਵਸਤੂ ਦੇ ਪੱਖੋਂ ਵੀ ਪੁਨਰੁਕਤੀ ਤੋਂ ਕੋਹਾਂ ਦੂਰ ਅਤੇ ਨਵੇਂ ਨਵੇਂ ਸ਼ਬਦ ਦੇ ਨਾਲ ਭਰਪੂਰ ਹੁੰਦੀਆਂ ਹਨ। ਦਾਰਸ਼ਨਿਕਤਾ ਅਤੇ ਮਿਠਾਸ ਦਾ ਸੁਮੇਲ ਹੈ ਕੇਸਰ ਕਰਮਜੀਤ ਦਾ ਨਵਾਂ ਗ਼ਜ਼ਲ ਸੰਗ੍ਰਹਿ 'ਨਦੀਏ ਤੇਰਾ ਕੀ ਸਿਰਨਾਵਾਂ।' ਵਿਚਾਰਾਂ ਦੀ ਪਰਿਪੱਕਤਾ, ਭਾਵਾਂ ਦੀ ਗਹਿਰਾਈ ਅਤੇ ਸ਼ਬਦ ਗਿਆਨ ਦੀ ਅਮੀਰੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕੀ ਕੇਸਰ ਨੇ ਬਹੁਤ ਕੁਝ ਪੜ੍ਹਿਆ ਹੈ ਅਤੇ ਪੜ੍ਹ ਕੇ ਵਿਚਾਰਿਆ ਵੀ ਹੈ। ਉਸਦੇ ਸ਼ਬਦ ਭੰਡਾਰ ਵਿਚ ਸੰਸਕ੍ਰਿਤ ਅਤੇ ਫ਼ਾਰਸੀ ਦੇ ਸ਼ਬਦ ਬਹੁਤ ਹਨ ਪਰੰਤੂ ਉਸਨੇ ਅਪਣੀਆਂ ਗ਼ਜ਼ਲਾਂ ਵਿਚ ਉਨ੍ਹਾਂ ਦਾ ਇਸਤੇਮਾਲ ਇੰਨੇਂ ਸਹਿਜ ਨਾਲ ਕੀਤਾ ਹੈ ਕਿ ਉਹ ਨਾ ਉਹ ਓਪਰੇ ਜਾਪਦੇ ਅਤੇ ਨਾ ਹੀ ਰੜਕਦੇ ਹਨ।
ਕਾਲਜ ਦੇ ਜ਼ਮਾਨੇ ਵਿੱਚ ਉਸ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਕਾਫ਼ੀ ਦੇਰ ਅਸਰ ਰਿਹਾ ਜੋ ਉਸ ਦੇ ਸ਼ਿਅਰਾਂ ਵਿੱਚ ਅੱਜ ਵੀ ਵਿਦਮਾਨ ਹੈ। ਸਮੇਂ ਦੇ ਬਦਲਾਅ ਨਾਲ, ਸਮਾਜਿਕ ਜੀਵਨ ਦੇ ਉਤਰਾਅ ਚੜ੍ਹਾਵਾਂ ਨਾਲ ਵਿਅਕਤੀ ਦੀ ਸੋਚ ਦਾ ਬਦਲਣਾ ਵੀ ਵਿਅਕਤਿਤਵ ਦੀ ਪ੍ਰੋੜ੍ਹਤਾ ਦੀ ਨਿਸ਼ਾਨੀ ਹੈ। ਉਹ ਵਿਗਿਆਨ ਦਾ ਵਿਦਿਆਰਥੀ ਹੈ ੍ਰੲਲੳਟਵਿਟਿੇ ਦੇ ਸਿਧਾਂਤ ਨੂੰ ਕਮਾਲ ਨਾਲ ਇਸ ਸ਼ਿਅਰ ਵਿੱਚ ਬਿਆਨ ਕਰਦਾ ਹੈ:
ਵਸਲ ਹੈ ਖੇਡ ਦੋ ਖਿਣ ਦੀ, ਨਾ ਇਸ ਦੀ ਉਮਰ ਲੰਮੀ ਹੈ।
ਬੜੀ ਹੀ ਦੇਰ ਤੱਕ ਟਿਕਦਾ, ਜੁਦਾਈ ਦਾ ਨਸ਼ਾ ਹੈ ਜੋ।
ਜ਼ਿੰਦਗੀ ਦੇ ਸੰਘਰਸ਼ਮਈ ਦਿਨਾਂ ਵਿਚ ਕਿਸੇ ਮਿਹਰਬਾਨੀ ਭਰੇ ਅਦਿੱਖ ਹੱਥ ਵੱਲੋਂ ਕੀਤੀ ਰੱਖਿਆ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਿਆਂ ਕੇਸਰ ਕਹਿੰਦਾ ਹੈ:
ਘੜੇ ਦੇ ਇੱਕ ਹੱਥ ਅੰਦਰ, ਕਰੀ ਤੂੰ ਚੋਟ ਵੀ ਉੱਤੇ।
ਕਦੇ ਤਪਦੀ ਹਵਾ ਦਿੱਤੀ, ਕਦੇ ਸ਼ੀਤਲ ਸਬਾ ਦਿੱਤੀ।
ਉਸਦੀ ਆਸ਼ਾਵਾਦੀ ਸੋਚ:
ਹਨੇਰਾ ਘਨੇਰਾ ਅਜੇ ਭਾਵੇਂ ਕੇਸਰ।
ਕਦੇ ਦਿਨ ਚੜ੍ਹੇਗਾ, ਕਦੇ ਪਹੁ ਫਟੇਗੀ।
ਸੰਘਰਸ਼ਮਈ ਦਿਨਾਂ ਦੇ ਹੌਸਲੇ ਨੂੰ ਸਾਂਭ ਕੇ ਰੱਖਣ ਦੀ ਕਵੀ ਬਹੁਤ ਵਧੀਆ ਉਪਮਾ ਦਿੰਦਾ ਹੋਇਆ ਕਹਿੰਦਾ ਹੈ:
ਦੋਵਾਂ ਤਲ਼ੀਆਂ ਵਿੱਚ ਲੁਕਾਵਾਂ, ਉਸ ਦੀਵੇ ਦੀ ਮੱਧਮ ਲੋਅ।
ਕਦੇ ਤਾਂ ਹਾਰ ਤਿਮਿਰ ਨੇ ਜਾਣਾ, ਕਦੇ ਤਾਂ ਆਖ਼ਰ ਫੁੱਟੂ ਪਹੁ।
ਤੋਤਾ ਰਟਣ ਤੋਂ ਅੱਕਿਆ ਕਵੀ ਸੁੱਚੇ ਆਚਰਣ ਦੀ ਵਕਾਲਤ ਕਰਦਿਆਂ ਕਹਿੰਦਾ ਹੈ:
ਜੇ ਪੜ੍ਹ ਪੜ੍ਹ ਪੋਥੀਆਂ ਇੱਕਣ ਕਦੇ ਜੀਵਨ ਬਦਲ ਜਾਂਦੇ।
ਬਥੇਰੇ ਰੋਜ਼ ਪੜ੍ਹਦੇ ਨੇ, ਕਿਸੇ ਤੇ ਤਾਂ ਅਸਰ ਹੁੰਦਾ।
ਕੇਸਰ ਸ਼ਬਦਾਂ ਦਾ ਚਮਤਕਾਰਿਕ ਪ੍ਰਯੋਗ ਵੀ ਕਰਦਾ ਹੈ। ਇਸੇ ਸੰਗ੍ਰਹਿ ਦੀ ੧੫ਵੀਂ ਗ਼ਜ਼ਲ ਵਿਚ 'ਸਭ' ਸ਼ਬਦ ਦਾ ਇਸਤੇਮਾਲ ਮੇਰੀ ਇਸ ਗੱਲ ਦੀ ਗਵਾਹੀ ਭਰਦਾ ਹੈ। ਕਿਤੇ ਕਿਤੇ ਕੇਸਰ ਨੈਤਿਕਤਾ ਦਾ ਪਾਠ ਵੀ ਪੜ੍ਹਾਉਂਦਾ ਹੈ ਪਰੰਤੂ ਬੜੇ ਸਲੀਕੇ ਨਾਲ। ਪੋਲੇ ਜਿਹੇ ਲਫਜ਼ਾਂ ਵਿੱਚ ਉਹ ਕਹਿੰਦਾ ਹੈ:
ਕਿਸੇ ਅਗਨੀ 'ਚ ਕੋਈ ਫ਼ਰਕ ਹੈ ਕੀ?
ਬਿਗਾਨੀ ਅੱਗ ਨੂੰ ਕਿਉਂ ਤਾਪਦੇ ਹੋ।
ਬਹੁਤ ਗਹਿਰਾਈ ਹੈ ਉਸਦੇ ਸ਼ਿਅਰਾਂ ਵਿੱਚ। ਭਾਵੇਂ ਕਰਮਜੀਤ ਮੇਰਾ ਬਚਪਨ ਦਾ ਸਾਥੀ ਹੈ ਪਰੰਤੂ ਉਸ ਦਾ ਸ਼ਾਇਰ ਵਾਲਾ ਰੂਪ ਉਸਦੀ ਉਮਰ ਦੇ ਸਾਢੇ ਛੇ ਦਹਾਕੇ ਲੰਘਣ ਤੋਂ ਬਾਅਦ ਪ੍ਰਗਟ ਹੋਇਆ ਹੈ। ਅਪਣੀ ਮੁੱਢਲੀ ਗੱਲ ਤੇ ਆਵਾਂ। 'ਸਮਾਂ' ਦਿਨ ਦੇ ਢਲਣ ਦਾ, 'ਸਥਾਨ' ਅਪਣੀ ਜਨਮਭੂਮੀ ਤੋਂ ਹਜ਼ਾਰਾਂ ਮੀਲ ਦੂਰ ਦਾ ਅਤੇ 'ਨਮਿੱਤ' ਕੀ ਬਣਿਆ ਇਹ ਉਹ ਜਾਣੇ ਜਾਂ ਕੁਦਰਤ ਪਰੰਤੂ ਸਾਨੂੰ ਸਾਡੇ ਮਿੱਤਰ ਦਾ ਇਕ ਰੂਹ ਭਰਿਆ ਕਾਵਿਕ ਰੂਪ ਪ੍ਰਾਪਤ ਹੋਇਆ ਹੈ ਉਸ ਦਾ ਤਹਿਦਿਲੋਂ ਸਵਾਗਤ ਹੈ। ਪਰਮਾਤਮਾ ਕਰੇ ਉਹ ਸੌ ਸਾਲ ਦੀ ਤੰਦਰੁਸਤੀ ਭਰੀ ਉਮਰ ਭੋਗੇ ਅਤੇ ਪੰਜਾਬੀ ਭਾਸ਼ਾ ਦੀ ਰੰਗ ਬਿਰੰਗੀ ਫੁਲਕਾਰੀ ਉੱਤੇ ਅਪਣੇ ਗ਼ਜ਼ਲ ਸੰਗ੍ਰਹਿਆਂ ਦੇ ਅਨੇਕਾਂ ਸ਼ੋਖ ਫੁੱਲ ਕੱਢੇ।
ਸ਼ੁਭਮ ਅਸਤੁ।
ਵਿਨੋਦ ਅਨਿਕੇਤ,
ਬਰਨਾਲਾ ( ਪੰਜਾਬ) 95017 00369
ਕੁਛ ਉਦਾਸੀ ਦੀ ਤਾਂ ਵਜ੍ਹਾ ਹੋਵੇ
ਕੁਛ ਉਦਾਸੀ ਦੀ ਤਾਂ ਵਜ੍ਹਾ ਹੋਵੇ । ਐਵੇਂ ਮੇਰਾ ਨਾ ਮਸ਼ਗਲਾ ਹੋਵੇ । ਇਸ ਜੁਦਾਈ ਦਾ ਸੋਗ ਕੀ ਕਰਨਾ, ਫ਼ਰਕ ਹੋਵੇ ਜੇ ਫ਼ਾਸਲਾ ਹੋਵੇ । ਰੁੱਖ ਰੋਹੀ ‘ਚ ਹਰ ਇਕੱਲਾ ਹੈ, ਵਹਿਮ ਹੋਵੇ ਜੇ ਕਾਫ਼ਲਾ ਹੋਵੇ । ਹਲਕੀ ਹਲਕੀ ਜੀ ਕੰਬਣੀ ਦਿਲ ਦੀ, ਕੀ ਪਤਾ ਇਹ ਨਾ ਜ਼ਲਜ਼ਲਾ ਹੋਵੇ । ਦਿਲ ਸ਼ੁਦਾਈ ਬੜਾ ਅਵੱਲਾ ਹੈ, ਪਾਸ ਹੋ ਕੇ ਵੀ ਓਸਦਾ ਹੋਵੇ । ਰਾਤ ਚਾਨਣ ਤੋਂ ਵਾਰ ਦਿੰਦੇ ਹਾਂ, ਹੋਵੇ ਜਿੰਨੀ ਵੀ ਫਿਰ ਸਜ਼ਾ ਹੋਵੇ ।
ਕਦੇ ਨੱਚਦਾਂ ਕਦੇ ਹਸਦਾਂ
ਕਦੇ ਨੱਚਦਾਂ ਕਦੇ ਹਸਦਾਂ ਤੇਰੀ ਤਸਵੀਰ ਤੱਕਾਂ ਰੋ, ਛੜਾਕੇ ਬਾਦ ਉੱਠੀ ਹੈ ਤਿਹਾਈ ਧਰਤ ਦੀ ਖੁਸ਼ਬੋ । ਹੈ ਮੁੱਦਤ ਹੋ ਗਈ ਹੁਣ ਤਾਂ ਤੇਰਾ ਦੀਦਾਰ ਕੀਤੇ ਨੂੰ, ਕਿਤੋਂ ਪਰਤੀਂ ਮੇਰੇ ਚੰਨਾ ਉਡੀਕੇ ਤਾਰਿਆਂ ਦੀ ਲੋਅ । ਵਸਲ ਹੈ ਖੇਡ ਦੋ ਖਿਣ ਦੀ, ਨਾ ਇਸਦੀ ਉਮਰ ਲੰਮੀ ਹੈ, ਬੜੀ ਹੀ ਦੇਰ ਤੱਕ ਟਿਕਦਾ ਜੁਦਾਈ ਦਾ ਨਸ਼ਾ ਹੈ ਜੋ । ਹੈ ਮਿਟਦਾ ਔੜ ਦੀ ਰੁੱਤੇ ਸਦਾ ਹੀ ਨਾਂ ਨਿਸ਼ਾਂ ਇਸਦਾ, ਵਗੇ ਬਰਸਾਤ ਦੀ ਆਮਦ, ਮੇਰੇ ਸੀਨੇ ‘ਚ ਛੁਪਿਆ ਚੋਅ । ਰਹੇ ਚਲਦੀ ਸਦਾ ਦੁਨੀਆ ਨਹੀਂ ਥਿਰ ਏਸ ਵਿਚ ਕੁਝ ਵੀ, ਤਪੰਦਾ ਹਾੜ ਵੀ ਗੁਜ਼ਰੇ, ਗੁਜ਼ਰਦਾ ਸਰਦ ਠਰਿਆ ਪੋਹ ।
ਬੜਾ ਹੀ ਇਸ਼ਕ ਵਿੱਚ ਮੱਖਣਾ ਜ਼ਰੂਰੀ
ਬੜਾ ਹੀ ਇਸ਼ਕ ਵਿੱਚ ਮੱਖਣਾ ਜ਼ਰੂਰੀ । ਕਿ ਥੋੜਾ ਫ਼ਾਸਲਾ ਰੱਖਣਾ ਜ਼ਰੂਰੀ । ਇਹ ਬਿਰਹਾ ਦਾ ਮਜ਼ਾ ਚੱਖਣਾ ਜ਼ਰੂਰੀ । ਕਲਮ ਦੇ ਵਾਸਤੇ ਦੱਖਣਾ ਜ਼ਰੂਰੀ । ਜੇ ਤੱਕਣਾ ਆਪ ਨੂੰ ਸ਼ੀਸ਼ੇ ਦੇ ਅੰਦਰ, ਰਤੀ ਭਰ ਦੂਰ ਤੋਂ ਲਖਣਾ ਜ਼ਰੂਰੀ । ਜ਼ਹਿਰ ਪੱਛਣਾ ਜ਼ਰੂਰੀ ਇਸ਼ਕ ਦਾ ਨਾ, ਇਹ ਵਗਦਾ ਖੂਨ ਵਿੱਚ ਰੱਖਣਾ ਜ਼ਰੂਰੀ । ਜੇ ਫ਼ਾਨੀ ਇਸ ਜਹਾਂ ਤੇ ਘਰ ਬਨਾਉਣਾ, ਤਾਂ ਗੋਸ਼ਾ ਰੋਣ ਦਾ ਰੱਖਣਾ ਜ਼ਰੂਰੀ ।
ਕਹਿ ਕੇ ਝੂਠ ਨੂੰ ਵਾਰੋ ਵਾਰੀ
ਕਹਿ ਕੇ ਝੂਠ ਨੂੰ ਵਾਰੋ ਵਾਰੀ ਸੱਚ ਦੀ ਪੁੱਠ ਚੜ੍ਹਾਈ ਜਾਵੇ । ਹੋਲੀ ਹੋਲੀ ਅਵਚੇਤਨ ਮਨ ਝੂਠੀ ਗੱਲ ਬਿਠਾਈ ਜਾਵੇ । ਸੱਜਣ ਤੱਕ ਦੁਹਾਈ ਜਾਏ, ਐਸੀ ਬਣਤ ਬਣਾਈ ਜਾਵੇ । ਕੁਝ ਤਾਂ ਹੋਵੇ ਸਫ਼ਰ ਕਲੇਵਾ, ਕੁੱਛੜ ਅਗਨ ਜਲ਼ਾਈ ਜਾਵੇ । ਮੈਂ ਚਾਹਾਂ ਕਿ ਮੁਰਸ਼ਿਦ ਦੀ ਚੁੱਪ ਦਿਲ ਦੇ ਅੰਦਰ ਸਾਂਭ ਕੇ ਰੱਖਾਂ, ਉਹ ਚਾਹੁੰਦਾ ਹੈ ਮੁਰਸ਼ਿਦ ਦੀ ਗੱਲ ਸੋਨੇ ਵਿੱਚ ਮੜ੍ਹਾਈ ਜਾਵੇ । ਰਾਹ ਦੀ ਗੱਲ ਤਾਂ ਹਰ ਇੱਕ ਮਜ਼੍ਹਬ ਲੋਕਾਂ ਤੀਕ ਮਿਲਾ ਕੇ ਰੱਖੇ, ‘ਉਹ’ ਚਾਹੁੰਦੇ ਪਰ ਮੰਦਰ ਮਸਜਿਦ ਲੋਕਾਂ ਤੱਕ ਲੜਾਈ ਜਾਵੇ । ਸ਼ਾਮ ਹੋਈ ਹੁਣ ਖੁਦ ਨੂੰ ਆਖਾਂ ਪਲ ਭਰ ਤਾਂ ਚੱਲ ਬਹਿ ਜਾ 'ਕੇਸਰ', ਅੱਥਰਾ ਘੋੜਾ ਮਨ ਮੇਰੇ ਦਾ ਹਿਰਸਾਂ ਮਗਰ ਨਸਾਈ ਜਾਵੇ ।
ਪਲਕਾਂ ‘ਚ ਉਸਦੇ ਚੰਨ ਦਾ
ਪਲਕਾਂ ‘ਚ ਉਸਦੇ ਚੰਨ ਦਾ ਲਟਕਾਅ ਹੈ ਦੋਸਤੋ । ਠਹਿਰਾ ਇਹ ਜੈਸੇ ਕੋਈ ਕਿ ਦਰਿਆ ਹੈ ਦੋਸਤੋ । ਇਹ ਜ਼ਹਿਰ ਵੀ ਕਦੇ ਤਾਂ ਸੁਧਾ ਵੀ ਕਦੇ ਕਦੇ, ਇਹ ਜ਼ਿੰਦਗੀ ਵੀ ਖ਼ੂਬ ਤਮਾਸ਼ਾ ਹੈ ਦੋਸਤੋ । ਲਿਪਟੀ ਹੈ ਅੰਧਕਾਰ ਦੇ ਕੈਸੇ ਇਹ ਰੌਸ਼ਨੀ, ਇਹ ਭੇਤ ਇਸ ਤਰਾਂ ਕਿ ਖ਼ੁਲਾਸਾ ਹੈ ਦੋਸਤੋ । ਜ਼ਾਹਰ ਸਰੂਪ ਵਿੱਚ ਮੈਂ ਬੁੱਲ੍ਹਾਂ ਨੂੰ ਸੀ ਲਿਆ, ਪਰ ਸ਼ੋਰ ਇਕ ਅਜੀਬ ਜਾ ਬਰਪਾ ਹੈ ਦੋਸਤੋ । ਹੋਇਆ ਨਹੀਂ ਹੈ ਵਕਤ ਕਿਸੇ ਦਾ ਵੀ ਤਾਂ ਕਦੇ, ਇਸ ਨੂੰ ਉਠਾ ਕੇ ਓਸ ਨੂੰ ਝਟਕਾ ਹੈ ਦੋਸਤੋ ।
ਸੋਚਦਾ ਹਾਂ ਕਿ ਹਰਿਕ ਹਾਲ
ਸੋਚਦਾ ਹਾਂ ਕਿ ਹਰਿਕ ਹਾਲ, ਲਿਖਾਂਗਾ ਉਸਨੂੰ । ਕੀ ਕੀ ਗੁਜ਼ਰੀ ਹੈ ਮਿਰੇ ਨਾਲ, ਲਿਖਾਂਗਾ ਉਸਨੂੰ । ਸੀ ਅਧੂਰੀ ਜੋ ਰਹੀ ਨਜ਼ਮ, ਮਿਰਾ ਵਾਅਦਾ ਹੈ, ਬਿਖਰੇ ਪੰਨੇ ਮੈਂ ਕਿਤੋਂ ਭਾਲ, ਲਿਖਾਂਗਾ ਉਸਨੂੰ । ਰੇਤ ਤੜਫੀ ਹੈ ਕਿਵੇਂ ਨੀਰ ਬਿਨਾਂ ਸਹਿਰਾ ਦੀ, ਕਿੱਦਾਂ ਗੁਜ਼ਰੇ ਨੇ ਮਹੋ ਸਾਲ, ਲਿਖਾਂਗਾ ਉਸਨੂੰ । ਕਿਉਂ ਪਰੇਸ਼ਾਨ ਤੇਰਾ ਸ਼ਹਿਰ ਤੇ ਮੌਸਮ ਸਹਿਮੇ, ਜ਼ਿੰਦਗੀ ਖੁਸ਼ਕ ਹੈ ਕਰਤਾਲ, ਲਿਖਾਂਗਾ ਉਸਨੂੰ । ਉਸਦੇ ਮੱਥੇ ਦੀ ਸ਼ਿਕਨ ਉਸ ਦੀ ਭਲਾ ਮਜਬੂਰੀ, ਕਿਉਂ ਉਦਾਸੀ ਸੀ ਨਜ਼ਰ ਲਾਲ ਲਿਖਾਂਗਾ ਉਸਨੂੰ । ਸੱਚ ਬੰਦੀ ਹੈ, ਤਖ਼ਤ ਝੂਠ, ਲਬਾਂ ਤਾਲੇ ਨੇ, ਕੀ ਮੁਬਾਰਕ ਮੈਂ ਨਵਾਂ ਸਾਲ, ਲਿਖਾਂਗਾ ਉਸਨੂੰ ।
ਸਫ਼ੇ ਤੋਂ ਰਾਤ ਦੇ
ਸਫ਼ੇ ਤੋਂ ਰਾਤ ਦੇ, ਉਹ ਚੰਨ ਦੀ ਮੂਰਤ ਹਟਾ ਦਿੱਤੀ । ਖ਼ੁਦਾ ਦੇ ਵਾਸਤੇ ਸੋਚੀਂ, ਇਹ ਕਿਉਂ ਸੀ ਬਦਦੁਆ ਦਿੱਤੀ । ਇਹ ਜੰਗਲ ਰਾਜ ਹੈ ਪਿਆਰੇ, ਸਹੀ ਜੋ ਸ਼ੇਰ ਖਾਂ ਆਖੇ, ਖ਼ਤਾ ਕਿਸਦੀ, ਕੋਈ ਦੋਸ਼ੀ ਸਜ਼ਾ ਮੁਨਸਫ਼ ਸੁਣਾ ਦਿੱਤੀ । ਗਿਲਾ ਇਹ ਨਾ, ਸਰੇ ਬਾਜ਼ਾਰ ਦਾਮਨ ਜਲ਼ ਗਿਆ ਮੇਰਾ, ਗਿਲਾ ਏਹੋ ਜਦੋਂ ਜਲ਼ਿਆ, ਹਵਾ ਕਿਉਂ ਆਪਣੇ ਦਿੱਤੀ । ਲਗਾ ਕੇ ਜਾਗ ਜਿਸ ਦੁੱਧ ਦੀ, ਤੁਸੀਂ ਹੋ ਲੋਚਦੇ ਲੱਸੀ, ਸਰ੍ਹਾਣੇ ਏਸ ਦੇ ਕਿਉਂ ਮੁੱਢ ਤੋਂ, ਬਿੱਲੀ ਬਿਠਾ ਦਿੱਤੀ । ਅਜ਼ਲ ਤੋਂ ਜੋ ਗੁਆਚਾ ਐ ਖ਼ੁਦਾ, ਮੈਂ ਭਾਲ਼ਦਾ ਫਿਰਦਾਂ, ਲਕੋ ਕੇ ਉਹ ਖ਼ੁਦੀ ਪਿੱਛੇ, ਮੇਰੀ ਖਿੱਲੀ ਉਡਾ ਦਿੱਤੀ । ਕਹਾਂ ਕੀ ਓਸ ਨੂੰ, ਕਹਿਣਾ ਬੜਾ ਮੁਸ਼ਕਿਲ, ਅਸੰਗਤ ਹੈ, ਕੁਤਰ ਕੇ ਸਾਰੀਆਂ ਲਗਰਾਂ, ਬਹਾਰਾਂ ਦੀ ਦੁਆ ਦਿੱਤੀ । ਹੈ ਕੀੜੀ ਲੋਚਦੀ ਉੱਡਣਾ, ਖ਼ੁਦਾ ਕੁਝ ਪੰਖ ਤਾਂ ਦੇ ਦੇ, ਕਿਸੇ ਜ਼ਾਲਮ ਬਨੇਰੇ ‘ਤੇ, ਕੋਈ ਬੱਤੀ ਜਲਾ ਦਿੱਤੀ । ਘੜੇ ਦੇ ਹੱਥ ਇਕ ਅੰਦਰ, ਕਰੀ ਤੂੰ ਚੋਟ ਵੀ ਉੱਤੇ, ਕਦੇ ਤਪਦੀ ਹਵਾ ਦਿੱਤੀ, ਕਦੇ ਸ਼ੀਤਲ ਸਬਾ ਦਿੱਤੀ ।
ਤੂੰ ਕਿਸ ਤਰਾਂ ਕਹੇਂ
ਤੂੰ ਕਿਸ ਤਰਾਂ ਕਹੇਂ, ਉਹ ਯਕੀਨਨ ਚਲਾ ਗਿਆ । ਅਪਣੀ ਜਗ੍ਹਾ ਰਿਹਾ ਖ਼ਲਾਅ ਬਰਤਨ ਚਲਾ ਗਿਆ । ਕੀ ਸੋਚ ਕੇ ਨਾ ਜਾਣੇ ਮੈਂ ਚੰਦਨ ਉਗਾ ਲਿਆ, ਵਰਖਾ ਬਗੈਰ ਚੰਦਰਾ ਸਾਵਨ ਚਲਾ ਗਿਆ । ਹੱਥਾਂ ਚੋਂ ਰੇਤ ਕਿਰ ਗਈ ਇਉਂ ਵਕਤ ਗੁਜ਼ਰਿਆ, ਗੁੱਡੀਆਂ ਪਟੋਲ਼ਿਆਂ ‘ਚ ਇਹ ਜੋਬਨ ਚਲਾ ਗਿਆ । ਹੁਣ ਨੂੰ ਕਦੋਂ ਦਾ ਖੋ ਲਿਆ ਕੱਲ੍ਹ ਨੂੰ ਉਡੀਕਦੇ, ਕਿਸ ਜ਼ਿੰਦਗੀ ਨੂੰ ਲੋਚਦੇ ਜੀਵਨ ਚਲਾ ਗਿਆ । ਹੈਰਾਨ ਹਾਂ ਮੈਂ ਦੇਖ ਕੇ ਤਿਣਕੇ ਦਾ ਸਿਦਕ ਇਹ, ਪੌਣਾਂ ਦੇ ਨਾਲ ਖਾਮਖਾਹ ਉਲਝਨ ਚਲਾ ਗਿਆ । ਜਿਸ ਨੂੰ ਸਮਝ ਕੇ ਅਪਣਾ ਮੈਂ ਝੋਲੀ ਫੈਲਾ ਲਈ, ਉਹ ਤਾਰ ਤਾਰ ਕਰਕੇ ਸੀ ਦਾਮਨ ਚਲਾ ਗਿਆ । ਮਾਸੂਮ ਦਿਲ ਦੀ ਜੋਤ ਨੂੰ ਰੱਖੀਂ ਤੂੰ ਸਾਂਭ ਕੇ, ਮੁੜਕੇ ਹਨੇਰਿਆਂ ‘ਚ ਇਹ ਧੜਕਨ ਚਲਾ ਗਿਆ ।
ਇਹ ਨਾ ਸੋਚ ਤੂੰ
ਇਹ ਨਾ ਸੋਚ ਤੂੰ ਇਹ ਹਵਾ ਕੀ ਕਰੇਗੀ । ਹੈ ਕਹਿਣਾ ਜੋ ਕਹਿ ਇਹ ਤਾਂ ਵਗਦੀ ਰਹੇਗੀ । ਮੁਕੰਮਲ ਮੁਕੰਮਲ ਨਾ ਮਿਲਦਾ ਕਿਸੇ ਨੂੰ, ਕੋਈ ਥੋੜ ਸਭ ਨੂੰ ਖਟਕਦੀ ਰਹੇਗੀ । ਮਿਹਰ ਓਸਦੀ ਹੈ ਕਿ ਉਹ ਦੂਰ ਜਾ ਕੇ, ਰਿਹਾ ਕੋਲ ਮੇਰੇ ਕੀ ਦੂਰੀ ਕਰੇਗੀ । ਨਾ ਕਿਸ਼ਤੀ ਨਾ ਪੱਤਵਾਰ, ਖੇਵਟ, ਕਿਨਾਰਾ, ਨਾ ਘਬਰਾ ਭੰਵਰ ਤੋਂ ਨਦੀ ਕੁਝ ਕਰੇਗੀ । ਚਿਰਾਂ ਤੋਂ ਪਿਆਸਾ ਇਹ ਦਰਿਆ ਰਿਹਾ ਹੈ, ਇਹੀ ਤੇਹ ਸਮੁੰਦਰ ਸਮੁੰਦਰ ਕਹੇਗੀ । ਹਨੇਰਾ ਘਨੇਰਾ ਅਜੇ ਭਾਵੇਂ ‘ਕੇਸਰ’, ਕਦੇ ਦਿਨ ਚੜੇਗਾ, ਕਦੇ ਪਹੁ ਫੁਟੇਗੀ ।
ਖਮੋਸ਼ੀ ਆਉਣ ਤੋਂ ਪਹਿਲਾਂ
ਖ਼ਮੋਸ਼ੀ ਆਉਣ ਤੋਂ ਪਹਿਲਾਂ ਉਹ ਅੱਥਰਾ ਤਮ ਗਿਆ ਹੋਣੈ । ਉਹ ਅਪਣੇ ਆਪ ਵਿੱਚ ਆਖ਼ਰ ਕਦੇ ਤਾਂ ਰਮ ਗਿਆ ਹੋਣੈ । ਅਗਨ ਫਿਰਦੋਸ ਦੇ ਜੰਗਲ ਅਚਾਨਕ ਫੜ ਲਈ ਹੋਣੀ, ਅਚੰਭਿਤ ਹੋ ਕੇ ਹੱਵਾ ਕੋਲ ਜਦ ਆਦਮ ਗਿਆ ਹੋਣੈ । ਇਹ ਨਾ ਚਾਹੇਂ ਸਮਝਣੀ ਜੇ ਹਕੀਕਤ ਉਹ ਤੇਰੀ ਮਰਜ਼ੀ, ਕਿਸੇ ਗੁੱਸੇ 'ਚ ਖ਼ਲਕਤ ਦੇ ਤੇਰਾ ਪਰਚਮ ਗਿਆ ਹੋਣੈ । ਫਿਜ਼ਾ ਮਹਿਕੀ ਅਤੇ ਇਹ ਬੰਸਰੀ ਦੀ ਧੁਨ ਗਵਾਹੀ ਹੈ, ਗਲੀ ਮਹਿਬੂਬ ਦੀ ਕਰਦਾ ਕੋਈ ਛਮ ਛਮ ਗਿਆ ਹੋਣੈ । ਉਹੀ ਹੈ ਮੰਜ਼ਿਲੇ ਮਕਸੂਦ ਹੋਵੇ ਕੋਈ ਵੀ ਰਸਤਾ, ਕੋਈ ਉਦਗਮ ਗਿਆ ਹੋਣੈ ਕੋਈ ਜ਼ਮਜ਼ਮ ਗਿਆ ਹੋਣੈ ।
ਕਥਾ ਜ਼ੁਲਫ਼ਾਂ ਦੀ
ਕਥਾ ਜ਼ੁਲਫ਼ਾਂ ਦੀ ਉਂਜ ਤਾਂ ਰੇਸ਼ਮੀ ਸੀ । ਤੂੰ ਨੱਚਦੀ ਕੀ, ਪਜੇਬਾਂ ਦੀ ਕਮੀ ਸੀ । ਅੱਗੜ ਦੁਗੜੀ ਬੜੀ ਇਹ ਜ਼ਿੰਦਗੀ ਹੈ, ਮੇਰੀ ਚੁੱਪੀ, ਉਦਾਸੀ ਆਲ਼ਮੀ ਸੀ । ਬਦਲ ਜਾਣਾ ਹੈ ਰੁੱਤਾਂ, ਜਾਣਦਾ ਸੀ, ਮੇਰੇ ਹਾਸੇ, ਉਹ ਰੌਣਕ ਮੌਸਮੀ ਸੀ । ਗ਼ਰੀਬੀ, ਭੁਖਮਰੀ ਅਤਿ ਤੀਰਗੀ ਹੈ, ਹਵਾ ਇਉਂ ਸ਼ਹਿਰ ਦੀ ਕੁਝ ਮਾਤਮੀ ਸੀ । ਜਨੂੰਨੀ ਸੀ ਸਿਰੇ ਦਾ, ਧਾਰਮਿਕ ਵੀ, ਬੜੀ ਉਲਝਣ ‘ਚ ਹਾਂ, ਕਿ ਆਦਮੀ ਸੀ ?
ਗਿਣ ਗਿਣ ਤਾਰੇ
ਗਿਣ ਗਿਣ ਤਾਰੇ ਰਾਤ ਗਈ । ਕਿਸਦੇ ਚੇਤੇ, ਬਾਤ ਗਈ । ਖੇਡਣ ਵਾਲੇ ਉੱਠ ਖੜ੍ਹੇ, ਕਿਸਦੀ ਬਾਜ਼ੀ ਮਾਤ ਗਈ । ਕਿੰਨੀ ਕ੍ਹਾਲ਼ੀ ਉਮਰਾ ਤੈਨੂੰ , ਆਈ ਕਹਿ ਕੇ, ਝਾਤ ਗਈ । ਸਾਡੀ ਬਿੱਲੀ ਸਾਨੂੰ ਮਿਉਂ, ਆਖੀ ਕਿਉਂ ਨਾ, ਹਾਤ ਗਈ । ਕੀ ਰਾਜਾ ਤੇ ਕਿਹੜੀ ਰਾਣੀ, ਰਾਤ ਗਈ ਬਸ ਬਾਤ ਗਈ । ਕੀ ਕੁੜਮਾਈ ਨਾਤੇ ਨੂਤੇ, ਲਾੜਾ ਗਿਆ ਬਰਾਤ ਗਈ । ਜਿੰਦੂ ਨਹੀਂਓ ਸਾਥ ਨਿਭਾਉਣਾ, ਬੁਰਕੀ ਮੂੰਹ ਵਿੱਚ, ਤਾਤ ਗਈ । ਰੁੱਤਾਂ ਦਾ ਵੀ ਹੁੰਦਾ ਖਾਸਾ, ਸੌਣ ਗਿਆ ਬਰਸਾਤ ਗਈ ।
ਕਹਿ ਅਕੜ ਬਕੜ
ਕਹਿ ਅਕੜ ਬਕੜ ਭੰਬਾ ਭੌਅ, ਹੈ ਅੱਸੀ ਨੱਬੇ ਪੂਰਾ ਸਉ* । ਏਸੇ ਨੂੰ ਜੇ ਗ਼ਜ਼ਲ ਆਖਣਾ, ਤੇਰੀ ਮਰਜ਼ੀ ਕਹਿੰਦਾ ਰਹੁ । ਛੰਦ ਚੌਪਾਈ, ਹਜ਼ਜ਼, ਰਮਲ ਤੋਂ, ਅੱਗੇ ਨਹੀਂ ਜੇ ਪੈਂਦਾ ਫਹੁ । ਬੱਸ ਘੁਮਾਈ ਜਾ ਪਾਠਕ ਨੂੰ, ਉਸਨੇ ਕਿਹੜਾ ਕਰਨਾ ਗਹੁ । ਭੱਜਾ ਮੰਦਰ ਮਸਜਿਦ ਜਾਨੈ, ਬੈਠਾਂ ਜਿੱਥੇ ਬੈਠੈਂ ਰਹੁ, ਲੱਭਣਾ ਓਥੇ ਯਾਰ ਗੁਆਚਾ, ਖੋਇਆ ਜਿੱਥੇ ਉਸਦਾ ਥਹੁ । ਦੋਵੇਂ ਤਲੀਆਂ ਵਿੱਚ ਲੁਕਾਵਾਂ, ਉਸ ਦੀਵੇ ਦੀ ਮੱਧਮ ਲੋਅ । ਕਦੇ ਤਾਂ ਹਾਰ ਤਿਮਿਰ ਨੇ ਜਾਣਾ, ਕਦੇ ਤਾਂ ਆਖਰ ਫੁੱਟੂ ਪਹੁ । ਜਿਸ ਵਿਸਰਾਇਆ ਉਸੇ ਮਿਲਾਣਾ ਉਸਦੇ ਹੁੰਦੇ ਕਾਹਦਾ ਭਉ । ਰੱਖ ਭਰੋਸਾ ਨਹੀਂ ਉਦਾਸੀ, ਥਿਰ ਘਰ ਅਪਣੇ ਆ ਕੇ ਬਹੁ । *ਸਉ- ਸੌ
ਕਦੇ ਹੀ ਗਰਭ ਸਿੱਪੀ ਦੇ
ਕਦੇ ਹੀ ਗਰਭ ਸਿੱਪੀ ਦੇ ਕੋਈ ਕਤਰਾ ਗੁਹਰ ਹੁੰਦਾ । ਬੜੇ ਜਨਮਾਂ ਦੀ ਭਟਕਣ ਬਾਅਦ ਹੀ ਜਾ ਕੇ ਸਹਰ ਹੁੰਦਾ । ਇਹੋ ਰੌਲੇ-ਘਚੌਲੇ ਨੇ ਕਿ ਹਰ ਇਕ ਦਾ ਖ਼ੁਦਾ ਵੱਖ ਹੈ, ਜੇ ਨਾ ਹੁੰਦਾ ਖ਼ੁਦਾਇਆ ਤੂੰ, ਬੜਾ ਅੱਛਾ ਬਸ਼ਰ* ਹੁੰਦਾ । ਜੇ ਪੜ੍ਹ ਪੜ੍ਹ ਪੋਥੀਆਂ ਇੱਕਣ ਕਦੇ ਜੀਵਨ ਬਦਲ ਜਾਂਦੇ, ਬਥੇਰੇ ਰੋਜ਼ ਪੜ੍ਹਦੇ ਨੇ, ਕਿਸੇ ਤੇ ਤਾਂ ਅਸਰ ਹੁੰਦਾ । ਹੈ ਚੰਨ ਦੀ ਚਾਨਣੀ ਪਸਰੀ ਗਲੀ ਕੂਚੇ, ਦਰੀਚੇ ਵਿਚ, ਮੇਰੀ ਅੱਖਾਂ ਦਾ ਪਰਦਾ ਨਾ ਕਦੇ ਮੈਥੋਂ ਕੁਤਰ ਹੁੰਦਾ । ਨਹੀਂ ਤਾਬੀਰ ਸੀ ਮੁਸ਼ਕਿਲ, ਕਦੇ ਵੀ ਸੁਪਨਿਆਂ ਦੀ ਤਾਂ, ਤੇਰੇ ਵਾਅਦੇ ‘ਚ ਨਾ ਜੇਕਰ, ਅਗਰ ਹੁੰਦਾ ਮਗਰ ਹੁੰਦਾ । * ਬਸ਼ਰ- ਇਨਸਾਨ
ਕਦੇ ਮੰਗੇਂ ਤਾਂ ਹਾਜ਼ਰ ਹੈ
ਕਦੇ ਮੰਗੇਂ ਤਾਂ ਹਾਜ਼ਰ ਹੈ ਦਿਲੋ ਜਾਂ ਸਭ । ਬੜਾ ਹੈਰਾਨ ਕਿਉਂ ਹੁੰਦਾ, ਅਜੀ ਹਾਂ ਸਭ । ਉਸੇ ਗਾਰੇ ਚੋਂ ਬਣੀਆ ਨੇ, ਸਭੇ ਇੱਟਾਂ, ਇਸਾਈ ਕੀ ਕਿ ਹਿੰਦੂ ਕੀ ਮੁਸਲਮਾਂ, ਸਭ । ਨਹੀਂ ਅਹਿਸਾਨ ਨਾ ਆਖੋ, ਮੁਹੱਬਤ ਹੈ, ਸਦਾ ਔਲਾਦ ਦੀ ਖ਼ਾਤਰ ਕਰੇ ਮਾਂ ਸਭ । ਇਹ ਡਰਨੇ ਖੇਤ ਦੇ ਥੱਕੇ ਬਦਲਦੇ ਹਾਂ, ਡਰਾਉਂਦੇ ਨੇ ਲੁਕਾਈ ਨੂੰ ਨਿਗ੍ਹੇਬਾਂ ਸਭ । ਕਿਸੇ ਦੇ ਦੋਸ਼ ਨੂੰ ਦਸਦੇ ਵਧਾ ਕੇ ਕਿਉਂ,, ਛੁਪਾਉਂਦੇ ਆਪ ਤੋਂ ਅਪਣਾ ਗਿਰੇਬਾਂ ਸਭ ।
ਲਫ਼ਜ਼ ਦੋ ਪਿਆਰ ਦੇ ਨਾ ਬੋਲਦਾ
ਲਫ਼ਜ਼ ਦੋ ਪਿਆਰ ਦੇ ਨਾ ਬੋਲਦਾ, ਮਜਬੂਰ ਹੈ ਇੰਨਾ । ਖ਼ੁਦਾ ਮੈਂ ਖ਼ੁਦ ਬਣਾਇਆ ਓਸਨੂੰ, ਮਗ਼ਰੂਰ ਹੈ ਇੰਨਾ । ਮੈਂ ਜਿਸ ਖ਼ਾਤਰ ਸਮੁੰਦਰ ਚੇਤਨਾ ਦਾ ਪਾਰ ਕਰ ਆਇਆਂ, ਇਹੀ ਹੈ ਉਹ ਕਿਨਾਰਾ ਤਾਂ, ਦਿਸੇ ਪਰ ਦੂਰ ਹੈ ਇੰਨਾ । ਦੁਚਿੱਤੀ ਵਿੱਚ ਹੈ ਕੋਇਲ, ਬੇਰੁੱਤੇ ਗੀਤ ਕਿਉਂ ਗਾਵੇ, ਕਰੁੱਤੀ ਰੁੱਤ ਇਹ ਅੰਬੀ, ਪਿਆ ਕਿਉਂ ਬੂਰ ਹੈ ਇੰਨਾ । ਇਹ ਤਪਦੀ ਤੈਰਦੀ ਬੱਦਲੀ, ਕਦੇ ਪੁਛਦੀ ਪਈ ਉਸਨੂੰ, ਕਿ ਛੁਪਦੇ ਸੂਰਜਾ ਤੇਰਾ ਭਲਾ, ਕਿਉਂ ਨੂਰ ਹੈ ਇੰਨਾ । ਜਦੋਂ ਮੇਲਾ ਵਿਝੜਦਾ ਹੈ, ਤਾਂ ਛਡਦਾ ਹੈ ਖਿਲਾਰਾ ਹੀ, ਭਰੇ ਮੇਲੇ ‘ਚੋਂ ਜੋ ਤੁਰਦਾ, ਦਿਸੇ ਭਰਪੂਰ ਹੈ ਇੰਨਾ ।
ਚਮਸ ਦੇ ਨਾਲ
ਚਮਸ ਦੇ ਨਾਲ ਸਾਗਰ ਮਾਪਦੇ ਹੋ । ਬੜੇ ਅਨਜਾਣ ਮਹਿਰਮ ਜਾਪਦੇ ਹੋ । ਕਦੇ ਅਪਣੇ ਜ਼ਰਾ ਹੋ ਕੇ ਤਾਂ ਦੇਖੋ, ਖ਼ੁਦਾ ਅਪਣੇ ਬਣਾਏ ਨਾਪਦੇ ਹੋ । ਬੜੇ ਇਤਰਾ ਰਹੇ ਹੋਂ ਆਲ੍ਹਣੇ ਤੇ, ਸਰਾਂ ਹੈ ਇਹ ‘ਤੇ ਮਹਿਮਾਂ ਜਾਪਦੇ ਹੋ । ਜੋ ਡੁੱਬੇ ਇਸ਼ਕ ਵਿਚ ਉਹ ਪਾਰ ਹੋਏ, ਕਿਨਾਰੇ ਬੈਠ ਦਰਿਆ ਨਾਪਦੇ ਹੋ । ਕਿਸੇ ਅਗਨੀ 'ਚ ਕੋਈ ਫਰਕ ਹੈ ਕੀ ? ਬਿਗਾਨੀ ਅੱਗ ਨੂੰ ਕਿਉਂ ਤਾਪਦੇ ਹੋ ।
ਚਲੋ ਦੀਵਾ ਮੁਹੱਬਤ ਦਾ
ਚਲੋ ਦੀਵਾ ਮੁਹੱਬਤ ਦਾ, ਤਿਰੇ ਦਰ ਬਾਲ ਚਲਦੇ ਹਾਂ । ਕਰਾਂਗੇ ਕੀ ਕਿਨਾਰੇ ਦਾ, ਨਦੀ ਦੇ ਨਾਲ ਚਲਦੇ ਹਾਂ । ਰਤਾ ਇਕ ਵਾਰ ਉਸਦੇ ਸ਼ਹਿਰ ਚੱਕਰ ਮਾਰ ਹੀ ਆਵਾਂ ਫ਼ਕੀਰਾਂ ਦਾ ਕੀ ਜਾਣਾ ਹੈ, ਫ਼ਟੇ ਹੀ ਹਾਲ ਚਲਦੇ ਹਾਂ । ਪਤਾ ਨੀ ਰਹਿ ਗਿਆ ਕਿੱਥੇ, ਵਿਚਾਰਾ ਦਿਲ ਅਵੱਲਾ ਸੀ, ਤੇਰਾ ਕੂਚਾ, ਤੇਰੀ ਸਰਦਲ, ਗੁਆਚਾ ਭਾਲ ਚਲਦੇ ਹਾਂ । ਬੜਾ ਜਿੱਦੀ ਹੈ ਦਿਲ ਮੇਰਾ, ਕਿ ਮੰਗਦਾ ਚੰਨ ਸੀ ਮੈਥੋਂ, ਚਲੋ ਦੇਖੋ ਕੀ ਬਣਦਾ ਹੈ, ਇਕੇਰਾਂ ਟਾਲ ਚਲਦੇ ਹਾਂ । ਕਿਤੇ ਜਾਣਾ ਨਹੀਂ ਤੇ ਜਾਣ ਨੂੰ ਵੀ ਥਾਂ ਨਹੀਂ ‘ਕੇਸਰ’, ਕੋਈ ਜਲਦੀ ਨਹੀਂ ਹੈ ਬਾਦਸ਼ਾਹੀ ਚਾਲ ਚਲਦੇ ਹਾਂ ।
ਬਹਾਰਾਂ ਤੋਂ ਉਸਦਾ ਨਗਰ ਪੁੱਛ ਲੈਣਾ
ਬਹਾਰਾਂ ਤੋਂ ਉਸਦਾ ਨਗਰ ਪੁੱਛ ਲੈਣਾ । ਮਹਿਕਦੀ ਹਵਾ ਤੋਂ ਖ਼ਬਰ ਪੁੱਛ ਲੈਣਾ । ਸੀ ਕਿਸਨੇ ਚੁਰਾਇਆ ਜਿਗਰ ਪੁੱਛ ਲੈਣਾ । ਉਹ ਨਾ ਹੀ ਕਹੇਗਾ ਮਗਰ ਪੁੱਛ ਲੈਣਾ । ਹਾਂ, ਸੀ ਰੌਸ਼ਨੀ ਦੀ ਤਮੰਨਾ ਤਾਂ ਲੇਕਿਨ, ਭਟਕਿਆ ਮੈਂ ਕਿੱਥੇ, ਡਗਰ ਪੁੱਛ ਲੈਣਾ । ਤਸੱਵਰ ‘ਚ ਰੱਖਣਾ ਮਿਰੇ ਯਾਰ ਦਾ ਦਰ, ਬੜੀ ਬੇਬਸੀ ਤੋਂ ਸਬਰ ਪੁੱਛ ਲੈਣਾ । ਕਹੇਗਾ ਕਿ ਮੁਸ਼ਕਿਲ ਹੈ ਸ਼ਬਦਾਂ ਚ ਕਹਿਣਾ, ਹਾਂ ਚੁੱਪੀ ‘ਚ ਪੁੱਛਣਾ, ਮਗਰ ਪੁੱਛ ਲੈਣਾ । ਤੇਰੇ ਅੰਦਰੋਂ ਹੀ ਉਹ ਉੱਤਰ ਜੋ ਨਿਕਲੇ, ਕਿਸੇ ਵੀ ਤਰ੍ਹਾਂ ਇਸ ਕਦਰ ਪੁੱਛ ਲੈਣਾ ।
ਰੁਦਨ ਕੰਠਾਂ ਦਾ ਮੇਰੇ ਤੋਂ
ਰੁਦਨ ਕੰਠਾਂ ਦਾ ਮੇਰੇ ਤੋਂ, ਕਦੇ ਵੀ ਸਹਿ ਨਹੀਂ ਹੋਣਾ । ਚਮਨ ਤੂੰ ਆਖਦਾ ਇਸਨੂੰ, ਮੇਰੇ ਤੋਂ ਕਹਿ ਨਹੀਂ ਹੋਣਾ । ਪੁਲੰਦਾ ਝੂਠ ਦਾ ਏਦਾਂ, ਸਚਾਈ ਤਹਿ ਨਹੀਂ ਹੋਣਾ । ਨਾ ਉਡ ਅਸਮਾਨ ਵਿਚ ਇੰਨਾ, ਗਿਰੇਂਗਾ ਲਹਿ ਨਹੀਂ ਹੋਣਾ । ਤੇਰੇ ਦਰਬਾਰ ਵਿਚ, ਪੜ੍ਹਦੇ ਕਸੀਦੇ ਜੋ ਵੀ ਨੇ ਰਾਜਨ, ਉਨ੍ਹਾਂ ਨੂੰ ਭੰਡ ਆਖਾਂਗਾ, ਕਵੀ ਤਾਂ ਕਹਿ ਨਹੀਂ ਹੋਣਾ । ਤੇਰੇ ਸ਼ੋਸ਼ੇ, ਤਿਰੇ ਲਾਰੇ, ਦਿਲਾਸੇ ਝੂਠ ਨੇ ਸਾਰੇ, ਨਹੀਂ ਛਾਵੇਂ ਕਰੀਰਾਂ ਦੇ, ਅਸਾਥੋਂ ਬਹਿ ਨਹੀਂ ਹੋਣਾ । ਦਬਾ ਸਕਦਾ ਹੈਂ ਮੇਰੀ ਚੀਖ਼ ਤਾਕਤ ਹੱਥ ਹੈ ਤੇਰੇ, ਮੇਰੀ ਹਿੰਮਤ ਮਨੋਬਲ ਹੌਂਸਲਾ ਪਰ ਢਹਿ ਨਹੀਂ ਹੋਣਾ ।
ਜਿਉਂ ਤਸੱਵਰ ਓਸਦਾ ਮਨ ਛਾ ਗਿਆ
ਜਿਉਂ ਤਸੱਵਰ ਓਸਦਾ ਮਨ ਛਾ ਗਿਆ । ਬਿਰਹੜਾ ਪਾ ਕੇ ਬਸੰਤੀ ਆ ਗਿਆ । ਮਾਣਮੱਤੀ, ਰੋ ਕੇ ਨੱਚੇ ਰਾਧਕਾ, ਰੋਗ ਕੀ ਮੋਹਨ ਅਵੱਲਾ ਲਾ ਗਿਆ । ਨਾ ਝਟਕ ਨਾ ਕੇਸ ਸੁਹਣੇ ਇਸ ਤਰ੍ਹਾਂ, ਆਰਸੀ ਵੀ ਵੇਖ ਲੈ ਲਰਜ਼ਾ ਗਿਆ । ਭੌਰ ਨੇ ਕੰਨੀ ਨਾ ਜਾਣੇ ਕੀ ਕਿਹਾ, ਡਾਲ਼ ਖਿੜਿਆ ਫੁੱਲ ਵੀ ਸ਼ਰਮਾ ਗਿਆ । ਕਿਉਂ ਵਿਚਾਰਾ ਚੰਨ, ਅੱਧਾ ਰਹਿ ਗਿਆ, ਤਾਰਿਆਂ ਦੀ ਰਾਤ ਨੂੰ, ਬਿਸਮਾ ਗਿਆ ।
ਮਿਲਦੇ ਨਾਹੀ ਧਰਤੀ ਅੰਬਰ
ਮਿਲਦੇ ਨਾਹੀ ਧਰਤੀ ਅੰਬਰ । ਭਰਮ ਭੁਲੇਖਾ ਮੇਰੇ ਅੰਦਰ । ਧਰਤੀ, ਬੱਦਲ, ਨੀਲਾ ਅੰਬਰ । ਉਸ ਦੀ ਧੜਕਣ ਦਿਲ ਦੇ ਅੰਦਰ । ਕਾਗ ਉਡਾਵਾਂ ਬੈਠ ਬਨੇਰੇ, ਸੁੰਨੀਆਂ ਰਾਹਾਂ ਸੁੰਨੇ ਮੰਜਰ । ਘੁੱਪ ਹਨੇਰਾ ਚਾਰ ਚੁਫੇਰੇ, ਫਿੱਕੇ ਮਸਜਿਦ ਫਿੱਕੇ ਮੰਦਰ । ਉਸ ਬਦਲੋਟੀ ਮਾਰ ਤਿਹਾਏ, ਧਰਤੀ ਕਰਤੀ ਬੰਜਰ ਬੰਜਰ । ਬਾਂਦਰ ਵੰਡ ਦਾ ਚੇਤਾ ਆਵੇ, ਤਖ਼ਤ ਤੇ ਬੈਠੇ ਵੇਖ ਪਤੰਦਰ । ਤੂੰ ਵੀ ਛੋਟਾ ਮੈਂ ਵੀ ਛੋਟਾ, ਮੈਂ ਵੱਡੀ ਦੋਹਾਂ ਦੇ ਅੰਦਰ ।
ਕੋਈ ਜੁਗਨੂੰ ਹਥੇਲੀ ਤੇ
ਕੋਈ ਜੁਗਨੂੰ ਹਥੇਲੀ ਤੇ, ਭਰੋਸੇ ਦਾ ਨਾ ਧਰ ਲੈਂਦਾ । ਤਰਕ ਦੇ ਨਾਲ ਚੰਗਾ ਸੀ, ਹਨੇਰਾ ਹੀ ਕੁਤਰ ਲੈਂਦਾ । ਕਦੇ ਮਹਿਬੂਬ ਪੁਸਤਕ ਨੂੰ, ਕਦੇ ਪੱਥਰ ਦੀ ਮੂਰਤ ਨੂੰ, ਭਲਾ ਜੇ ਯਾਰ ਕਰਨਾ ਸੀ, ਤਾਂ ਸਾਲਮ ਯਾਰ ਕਰ ਲੈਂਦਾ । ਇਹ ਰੱਖੀ ਕਿਸ ਲਈ ਦੁਵਿਧਾ, ਮਚਲਦੀ ਖ਼ਾਬ ਦੇ ਅੰਦਰ, ਨਾ ਹੁੰਦੀ ਕਸ਼ਮਕਸ਼ ਜੇਕਰ, ਸਮੁੰਦਰ ਪਾਰ ਕਰ ਲੈਂਦਾ । ਹਨੇਰੀ ਰਾਤ ਦੇ ਇਉਂ ਖ਼ੌਫ਼ ਕਾਰਨ, ਗ਼ਮਜ਼ਦਾ ਹੈਂ ਕਿਉਂ, ਜੇ ਡਰਨਾ ਸੀ, ਤਾਂ ਚੰਗਾ ਸੀ, ਬਦੀ ਅਪਣੀ ਤੋਂ ਡਰ ਲੈਂਦਾ । ਪੁਜਾਰੀ ਦੀ ਨਾ ਮੁਨਸਿਫ਼ ਦੀ, ਕਦੇ ਵੀ ਲੋੜ ਪੈਣੀ ਸੀ, ਜੇ ਦੀਵਾ ਬੋਧ ਦਾ ਅਪਣੀ, ਹਥੇਲੀ ਤੇ ਤੂੰ ਧਰ ਲੈਂਦਾ ।
ਕੁਝ ਇਸ ਤਰ੍ਹਾਂ ਮੁਸ਼ਕਿਲ ਜ਼ਰਾ
ਕੁਝ ਇਸ ਤਰ੍ਹਾਂ ਮੁਸ਼ਕਿਲ ਜ਼ਰਾ, ਤੈਨੂੰ ਚਿਤਾਰਨਾ । ਵਗਦੀ ਹਵਾ ਨੂੰ ਜਿਸ ਤਰ੍ਹਾਂ, ਕੈਨਵਸ ਉਤਾਰਨਾ । ਤੈਨੂੰ ਪਤਾ ਨਾ ਕਿਸ ਤਰ੍ਹਾਂ, ਝੱਲਾਂ ਵਿਯੋਗ ਨੂੰ, ਅੱਖਾਂ ‘ਚ ਤੈਨੂੰ ਚਿਤਵ ਕੇ, ਸ੍ਹਾਮੇ ਖਿਲ੍ਹਾਰਨਾ । ਕੀ ਕੀ ਬਣਾਏ ਸ਼ੌਕ ਸੀ ਮੈਂ ਯਾਰ ਬਿਨ ਤਿਰੇ, ਅਪਣੇ ਇਕੱਲੇਪਣ ਸਮੇਂ, ਛੱਪਰ ਨਿਹਾਰਨਾ । ਇਹ ਉਮਰ ਤਾਂ ਕਟ ਜਾਣੀ ਹੈ ਤੇਰੇ ਬਗੈਰ ਵੀ, ਤੇਰੇ ਬਿਨਾਂ ਵੀ ਕੀ ਭਲਾ ਉਮਰਾਂ ਗੁਜਾਰਨਾ ।
ਕਦੇ ਚਿਤੇਰਾ ਖ਼ਾਬ ਮੇਰਾ ਮਨ
ਕਦੇ ਚਿਤੇਰਾ ਖ਼ਾਬ ਮੇਰਾ ਮਨ । ਕੋਰੀ ਕਦੇ ਕਿਤਾਬ ਮੇਰਾ ਮਨ । ਕਦੇ ਰੁਆਂਸਾ ਵੀ ਹੁੰਦਾ ਹੈ, ਖਿੜਿਆ ਕਦੇ ਗੁਲਾਬ ਮੇਰਾ ਮਨ । ਸਤਲੁਜ ਦੀ ਧਰਤੀ ਦਾ ਜਾਇਆ, ਕਲਪੇ ਝਨਾਂਅ ਚਨਾਬ ਮੇਰਾ ਮਨ । ਕੋਰਾ ਕਾਗਜ਼ ਲੈ ਕੇ ਆਇਆ, ਕਰ 'ਤਾ ਭੀੜ ਖ਼ਰਾਬ ਮੇਰਾ ਮਨ । ਮਾਲਕ ਜਦ ਹੈ ਮਨ ਦੇ ਵਿਹੜੇ, ਮੇਰਾ ਨਹੀਂ, ਜਨਾਬ ਮੇਰਾ ਮਨ ।
ਕਦੇ ਤਾਂ ਇੰਜ ਲੱਗਦਾ ਹੈ
ਕਦੇ ਤਾਂ ਇੰਜ ਲੱਗਦਾ ਹੈ, ਕਦਮ ਭਰ ਦੂਰ ਉਹ ਮਾਤਰ । ਸਜੀ ਜੋ ਅਰਸ਼ ਦੇ ਮੱਥੇ, ਉਹ ਪਿਆਰੀ ਚੰਨ ਦੀ ਕਾਤਰ । ਇਹ ਪੁੱਛੀਂ ਨਾ ਮੁਸਾਫਿਰ ਨੂੰ, ਸਫ਼ਰ ਕਿੰਨਾ ਕੁ ਮੁਸ਼ਕਿਲ ਸੀ, ਮੈਂ ਤੈਅ ਹੈ ਫ਼ਾਸਲਾ ਕੀਤਾ, ਕਦੇ ਡੁੱਬ ਡੁੱਬ ਕਦੇ ਤਰ ਤਰ । ਸਖੀ ਵੀ ਕੀ ਭਲਾ ਕਰਦੀ, ਕਦੇ ਸੀ ਮੋਢਿਆਂ ਥੱਕਣਾ, ਨਿਮਾਣੀ ਰਾਤ ਭਰ ਰੋਈ, ਇਕੱਲੀ ਹੁਬਕੀਆਂ ਭਰ ਭਰ । ਜਦੋਂ ਕੁਝ ਮੁਦੂਆ ਉਠਦੈ, ਉਹ ਪਲਟੀ ਮਾਰ ਦਾ ਗੱਲ ਤੋਂ, ਲਗਾਵੇ ਅੰਬਰੀਂ ਟਾਕੀ, ਹੈ ਜਾਦੂਗਰ ਬੜਾ ਚਾਤਰ । ਭਰੋਸਾ ਕਿਸ ਕਰੇ ਕੋਈ, ਭਰੋਸੇ ਯੋਗ ਨਾ ਕੋਈ, ਹਥੌੜੇ ਵੀ ਉਹੀ ਹੋਏ, ਉਹੀ ਹੁਣ ਹੋ ਗਈ ਦਾਤਰ ।
ਜਦੋਂ ਸਾਡੇ ਹੱਕਾਂ ਦੀ, ਹੱਕ-ਬਾਤ ਹੋਈ
ਜਦੋਂ ਸਾਡੇ ਹੱਕਾਂ ਦੀ, ਹੱਕ-ਬਾਤ ਹੋਈ । ਨਪੀੜੀ ਸਚਾਈ, ਹਵਾਲਾਤ ਹੋਈ । ਬਹਿਸ ਤਾਂ ਬਥੇਰੀ ਸੀ, ਦਿਨ ਰਾਤ ਹੋਈ । ਨਾ ਮੁੱਦੇ ਤੇ ਆਏ, ਕੋਈ ਬਾਤ ਹੋਈ । ਕਦਮ ਦਰ ਕਦਮ ਸਾਥ ਚਲਦੇ ਰਹੇ ਪਰ, ਬੜੀ ਮੁਖ਼ਤਸਰ ਸੀ, ਜੋ ਗੱਲ-ਬਾਤ ਹੋਈ । ਤਦੇ ਜੋਸ਼ ਜਗਿਆ, ਤਦੇ ਰੋਹ ਚੜ੍ਹਿਆ, ਜਦੋਂ ਵੀ ਹੈ ਜ਼ੁਲਮਾਂ ਦੀ, ਬਹੁਤਾਤ ਹੋਈ । ਨਾ ਬਿਜਲੀ ਹੀ ਚਮਕੀ, ਨਾ ਬੱਦਲ ਹੀ ਗਰਜੇ, ਝਿਜਕਦੀ ਝਿਜਕਦੀ ਹੀ, ਬਰਸਾਤ ਹੋਈ ।
ਚੁੱਪੀ ਦੀ ਆਵਾਜ਼ ਮੇਰਾ ਮਨ
ਚੁੱਪੀ ਦੀ ਆਵਾਜ਼ ਮੇਰਾ ਮਨ । ਕਦੇ ਇਹ ਸੁਪਨੇ ਸਾਜ਼ ਮੇਰਾ ਮਨ । ਸਭ ਸੀਮਾਵਾਂ ਪਿੱਛੇ ਛੱਡਦਾ, ਭਰਦਾ ਜਦ ਪਰਵਾਜ਼ ਮੇਰਾ ਮਨ । ਸਾਰਾ ਕੁਝ ਨਹੀਂ ਸੱਚ ਬੋਲਦਾ, ਰੱਖਦਾ ਕੁਝ ਕੁਝ ਰਾਜ਼ ਮੇਰਾ ਮਨ । ਕਈ ਵਾਰੀ ਤਾਂ ਚੰਨ ਵੀ ਮੰਗੇ, ਆਉਂਦਾ ਨਹੀਂਓ ਬਾਜ਼ ਮੇਰਾ ਮਨ । ਜਿੱਥੇ ਤੱਕ ਨਹੀਂ ਅਕਲ ਪਹੁੰਚਦੀ, ਪਹੁੰਚੇ ਦੂਰ ਦਰਾਜ਼ ਮੇਰਾ ਮਨ । ਜਦ ਮੈਂ ਆਖਾਂ ਹੁਣ ਘਰ ਰਹੀਏ, ਕਰਦਾ ਕੀ ਕੀ ਨਾਜ਼ ਮੇਰਾ ਮਨ ।
ਨਵੇਂ ਤੂੰ ਭੇਜਿਆ, ਕੱਪੜੇ ਪਵਾ ਕੇ
ਨਵੇਂ ਤੂੰ ਭੇਜਿਆ, ਕੱਪੜੇ ਪਵਾ ਕੇ । ਮੈਂ ਨਾਟਕ ਖੇਡਿਆ, ਮੁਖੜਾ ਲਗਾ ਕੇ । ਤੂੰ ਕਿੱਥੇ ਟੁਰ ਗਿਐਂ, ਮੈਨੂੰ ਖੜ੍ਹਾਅ ਕੇ, ਬੜਾ ਕੁਝ ਕਹਿ ਗਿਐਂ, ਚੁੱਪੀ ਸੁਣਾ ਕੇ । ਮੈਂ ਉਸਦੇ ਹੋਣ ਨੂੰ, ਲਾ ਡੀਕ ਪੀਤਾ, ਪਿਆਸਾ ਰੱਖ ਗਿਆ ਉਹ ਤੇਹ ਮਿਟਾ ਕੇ । ਮੈਂ ਇਸਨੂੰ ਫੇਰ ਤੇਰਾ ਪਿਆਰ ਆਖਾਂ, ਡਬੋਇਆ ਅੰਤ ਨੂੰ, ਦਰਿਆ ਤਰਾ ਕੇ । ਮੇਰੇ ਜੇ ਅੰਤ ਨੂੰ ਨੇ ਹੱਥ ਵੱਢਣੇ, ਕਰਾਂਗੇ ਕੀ ਭਲਾ, ਕੰਗਣ ਪਵਾ ਕੇ । ਮੈਂ ਸਿੱਕਾ ਉਹ, ਅਜਬ ਤਕਦੀਰ ਮੇਰੀ, ਵਗ੍ਹਾ ਸੁੱਟਿਆ ਕਿਸੇ ਨੇ, ਸਿਰ ਛੁਹਾ ਕੇ ।
ਰੁੱਖਾਂ ਜੇਡ ਨੇ ਹੋਈਆਂ ਛਾਵਾਂ
ਰੁੱਖਾਂ ਜੇਡ ਨੇ ਹੋਈਆਂ ਛਾਵਾਂ । ਵਿਸਰ ਗਿਆ ਮੇਰਾ ਸਿਰਨਾਵਾਂ । ਤਾਰਾ ਦਿਸਦਾ ਟਾਵਾਂ ਟਾਵਾਂ । ਗੀਤ ਪਈ ਢੋਲੇ ਦੇ ਗਾਵਾਂ । ਕਿੱਥੇ ਲੈਕੇ ਨਿੱਜ ਨੂੰ ਜਾਵਾਂ । ਸਜਣਾਂ ਬਾਝੋਂ ਸੁੰਨੀਆਂ ਥਾਵਾਂ । ਹੰਸ ਉਡਾਰੀ ਮਾਰੀ ਇੱਥੋਂ, ਕਾਵਾਂ ਰੌਲੀ ਪਾਈ ਕਾਵਾਂ । ਮਾਰੂਥਲ ਵਿਚ ਉਸ ਦੀਆਂ ਪੈੜਾਂ, ਚੁਕ ਚੁਕ ਮਿੱਟੀ ਮਸਤਕ ਲਾਵਾਂ ।
ਹੱਥੀਂ ਕਦੇ ਚਿਰਾਗ਼ ਮੇਰਾ ਮਨ
ਹੱਥੀਂ ਕਦੇ ਚਿਰਾਗ਼ ਮੇਰਾ ਮਨ । ਬਿਖਰੇ ਜੀਕਣ ਫਾਗ ਮੇਰਾ ਮਨ । ਸੁੰਦਰ ਕਦੇ ਕਲਾਮ ਸਿਰਜਦਾ, ਉਡਦਾ ਕਦੇ ਪਰਾਗ ਮੇਰਾ ਮਨ । ਰੌਲਾ ਰੱਪਾ ਪਾਉਂਦਾ ਰਹਿੰਦਾ, ਕੋਠੇ ਬੈਠਾ. ਕਾਗ ਮੇਰਾ ਮਨ । ਪਲ ਭਰ ਇੱਧਰ, ਪਲ ਭਰ ਓਧਰ, ਕਦੇ ਹੈ ਬਾਗੋ ਬਾਗ ਮੇਰਾ ਮਨ । ਰੁੱਤਾਂ ਵਾਂਗ, ਬਦਲਦਾ ਰਹਿੰਦਾ, ਰਾਗ ਤੇ ਕਦੇ ਵਿਰਾਗ ਮੇਰਾ ਮਨ ।
ਬਿਨਾਂ ਰੰਗ ਦੇ ਤਾਂ ਚਿਤੇਰਾ ਕੀ ਕਰਦਾ
ਬਿਨਾਂ ਰੰਗ ਦੇ ਤਾਂ ਚਿਤੇਰਾ ਕੀ ਕਰਦਾ । ਜੇ ਚਾਨਣ ਨਾ ਹੁੰਦਾ ਸਵੇਰਾ ਕੀ ਕਰਦਾ । ਤੜਪਦਾ ਸੁਬਕਦਾ ਹੀ ਦਮ ਤੋੜ ਦਿੰਦਾ, ਘਨੇਰਾ ਸੀ ਭਾਵੇਂ ਹਨੇਰਾ ਕੀ ਕਰਦਾ । ਜੇ ਹੈ ਸੀ ਮੁਹੱਬਤ ਤਦੇ ਸਨ ਉਡੀਕਾਂ, ਬਿਨਾਂ ਦੀਵਿਆਂ ਦੇ ਬਨੇਰਾ ਕੀ ਕਰਦਾ । ਪਲ਼ੀਆਂ, ਨਾ ਛੰਨੇ, ਨਾ ਗੜਵੇ ਨਾ ਸਗਲੇ, ਗਲੀਆਂ 'ਚ ਆ ਕੇ ਠਠੇਰਾ ਕੀ ਕਰਦਾ । ਜਦੋਂ ਖਾਣ ਨੂੰ ਕੰਧ, ਘਰ ਦੀ ਹੀ ਆਵੇ, ਸੀ ਛੱਡਣਾ ਹੀ ਪੈਣਾ ਬਸੇਰਾ ਕੀ ਕਰਦਾ ।
ਸਫ਼ਰ ਲਮੇਰਾ, ਥੁੜੀਆਂ ਠ੍ਹਾਰਾਂ
ਸਫ਼ਰ ਲਮੇਰਾ, ਥੁੜੀਆਂ ਠ੍ਹਾਰਾਂ । ਬੈਠ ਕੇ ਕਿੱਥੇ, ਜੁੱਤੀ ਝਾੜਾਂ । ਸੱਜਣਾ ਬਾਝੋਂ ਨਹੀਂ ਬਹਾਰਾਂ । ਖਿਲਰੇ ਕੇਸੀਂ ਵਾਜਾਂ ਮਾਰਾਂ । ਦਿਲ ਦਰਿਆ ਨੇ ਅੱਖੋਂ ਵਹਿੰਦੇ, ਪੱਤਣ ਤੋੜਨ ਪਾਵਣ ਘਾਰਾਂ । ਕਿਉਂ ਹਾਂ ਕੌਣ ਹਾਂ ਕਿਸ ਖਾਤਰ ਹਾਂ, ਪਤਾ ਨਹੀਂ, ਕਿਉਂ ਟੁੱਕੜ ਪਾੜਾਂ । ਚੱਲ 'ਕੇਸਰ' ਹੁਣ ਘਰ ਨੂੰ ਚੱਲੀਏ, ਹੋਗੀ ਆਥਣ ਉਡੀਆਂ ਡਾਰਾਂ ।
ਆਵੀਂ ਕਦੇ ਮਨ ਮੋਹਣਾ ਸਾਡੇ ਗਰਾਂ
ਆਵੀਂ ਕਦੇ ਮਨ ਮੋਹਣਾ ਸਾਡੇ ਗਰਾਂ । ਆ ਕੇ ਵਰ੍ਹੀਂ ਬੱਦਲ, ਵਰ੍ਹੇਂਦਾ ਜਿਸ ਤਰ੍ਹਾਂ । ਚਿੱਟੀ ਕਿਨਾਰੀ ਬੱਦਲਾਂ ਦੀ, ਕਹਿ ਰਹੀ, ਸੂਰਜ ਕਿਤੇ ਹੋਣਾ ਹੈ ਮੁਮਕਿਨ ਇਸ ਪਰਾਂ । ਅਹਿਸਾਸ ਮੇਰੇ ਹੋਣ ਦਾ, ਨਾ ਹੋਣ ਤੋਂ, ਮੈਂ ਹੋਣ ਤੋਂ, ਨਾ ਹੋਣ ਦੀ ਕੋਸ਼ਿਸ਼ ਕਰਾਂ । ਇਹ ਟੁੱਟ ਜਾਵੇ ਖ਼ਾਮੁਸ਼ੀ ਨਾ ਬਿਰਖ ਦੀ, ਸੁੱਕੇ ਖੜਕਦੇ, ਪੱਤਰਾਂ ਤੋਂ ਮੈਂ ਡਰਾਂ । ਆਪਾਂ ਮਿਲੇ ਹਾਂ ਰਾਹ ਤੇ, ਇਤਫ਼ਾਕ ਹੈ, ਇਤਫ਼ਾਕ ਤਾਂ ਇਤਫ਼ਾਕ ਹੈ, ਮੈਂ ਕੀ ਕਰਾਂ ।
ਅੰਤਿਮ ਪਹਿਰ ਰਾਤ ਦਾ ਢਲ਼ਿਆ
ਅੰਤਿਮ ਪਹਿਰ ਰਾਤ ਦਾ ਢਲ਼ਿਆ । ਲਟ ਲਟ ਕਰਕੇ ਦਿਲ ਸੀ ਜਲ਼ਿਆ । ਮੈਂ ਤੇ ਉਹ ਸੀ ਜੌੜੇ ਜੰਮੇ, ਬਿਰਹਾ ਮੇਰੇ ਨਾਲ ਹੀ ਪਲ਼ਿਆ । ਮੈਂ ਦੀ ਕਾਲਖ ਧੋਣ ਲਈ ਮੈਂ, ਜੀ ਲਾ ਕੇ ਚਾਨਣ ਸੀ ਮਲ਼ਿਆ । ਨੇਤਾ ਨੇ ਵਿਹੁ ਹਵਾ ‘ਚ ਘੋਲੀ, ਉਂਜ ਪੁਜਾਰੀ ਵੀ ਨਾ ਟਲ਼ਿਆ । ਯਾਦ ਤੇਰੀ ਦਾ ਪੰਗਾ, ਅੜਿਆ, ਪਈ ਕਲੇਜੇ ਧੂਹ, ਧੂਅ ਬਲ਼ਿਆ ।
ਪੁੱਛੇ ਕਿਨਾਰਿਆਂ ਨੂੰ
ਪੁੱਛੇ ਕਿਨਾਰਿਆਂ ਨੂੰ, ਦਰਿਆ ਇਹ ਤਿਲਮਿਲਾ । ਕਿੱਥੇ ਗੁਆਚਿਆ ਹੈ, ਯਾਰਾਂ ਦਾ ਮਰਹਲਾ । ਚੱਲਿਆ ਸਵੇਰ ਲੱਭਣ, ਲੋਕਾਂ ਦਾ ਕਾਫ਼ਲਾ । ਰਸਤੇ ‘ਚ ਹੈ ਸੁਭਾਵਿਕ, ਪੀੜਾਂ ਦਾ ਸਿਲਸਿਲਾ । ਲ਼ਫ਼ਜ਼ੋ ਕਹੋ ਤਾਂ ਕੁਛ, ਹੋ ਖ਼ਾਮੋਸ਼ ਕਿਸ ਲਈ । ਇਹ ਤੋੜਨਾ ਜ਼ਰੂਰੀ, ਚੁੱਪੀ ਦਾ ਸਿਲਸਿਲਾ । ਚੁੱਪ ਕਿਉਂ ਖੜੇ ਹੋ ਬਿਰਖੋ, ਕੁਝ ਬੋਲਦੇ ਨਹੀਂ, ਰੁੱਤਾਂ ਨੇ ਬਦਲਨਾ ਸੀ, ਰੁੱਤਾਂ ਤੇ ਕੀ ਗਿਲਾ । ਉਹ ਆਦਮੀ ਸੀ ਇੱਦਾਂ, ਸੀ ਹੀ ਨਹੀਂ ਜਿਵੇਂ, ਬੁੱਤਾਂ ਦੇ ਸ਼ਹਿਰ ਅੰਦਰ ਆਇਆ ਸੀ ਇਕ ਖ਼ਲਾਅ ।
ਹਾਲੇ ਦਿਲ ਦਾ, ਬਿਆਨ ਹੈ ਬਾਕੀ
ਹਾਲੇ ਦਿਲ ਦਾ, ਬਿਆਨ ਹੈ ਬਾਕੀ । ਰੁਕ ਜ਼ਰਾ ਤਾਂ, ਤੁਫ਼ਾਨ ਹੈ ਬਾਕੀ । ਦਾਗ਼ ਦਿਲ ਨੂੰ ਛੁਪਾ ਕਿਵੇਂ ਰੱਖਾਂ, ਚੋਟ ਖਾਈ, ਨਿਸ਼ਾਨ ਹੈ ਬਾਕੀ । ਸ਼ਹਿਰ ਪਸਰੀ ਹੈ ਚਾਰ ਸੂ ਚੁੱਪੀ, ਆਉਣ ਵਾਲਾ, ਤੁਫ਼ਾਨ ਹੈ ਬਾਕੀ । ਘਰ ਜਲ਼ਾ, ਇੰਜ ਭੀੜ ਸੀ ਬੋਲੀ, ਹਾਲ ਇਸਦੀ ਦੁਕਾਨ ਹੈ ਬਾਕੀ । ਸ਼ਾਮ ਠਹਿਰੇ, ਖ਼ਿਆਲ ਇਹ ਹਾਸਿਲ, ਸਾਰੇ ਦਿਨ ਦੀ, ਥਕਾਨ ਹੈ ਬਾਕੀ ।
ਹੁਣ ਤਾਂ ਕਿੱਸਾ ਤਮਾਮ ਹੋ ਜਾਏ
ਹੁਣ ਤਾਂ ਕਿੱਸਾ ਤਮਾਮ ਹੋ ਜਾਏ । ਜਾਮ ਮੁਰਸ਼ਦ ਦੇ ਨਾਮ ਹੋ ਜਾਏ । ਕੁਛ ਤਾਂ ਤਾਜ਼ਾ ਕਲਾਮ ਹੋ ਜਾਏ । ਚਲਦੇ ਚਲਦੇ ਸਲਾਮ ਹੋ ਜਾਏ । ਘਰ ਦੀ ਦੀਵਾਰ ਮੈਂ ਨਹੀਂ ਲੇਕਿਨ, ਤੈਅ ਤਾਂ ਮੇਰਾ ਮੁਕਾਮ ਹੋ ਜਾਏ । ਮਸਤ ਦੇਖੀ ਫ਼ਕੀਰ ਦੀ ਤੱਕਣੀ, ਬੰਦਾ ਉਸਦਾ ਗ਼ੁਲਾਮ ਹੋ ਜਾਏ । ਪਾਰ ਤੂੰ ਹੀ, ਉਰਾਰ ਵੀ ਤੂੰ ਹੀ, ਕੂਚ ਕਰਕੇ, ਕਯਾਮ ਹੋ ਜਾਏ । ਇਉਂ ਨਾ ਇਤਰਾ ਤੇਰੇ ਸਵੇਰੇ ਤੇ, ਰਫ਼ਤਾ ਰਫ਼ਤਾ ਇਹ ਸ਼ਾਮ ਹੋ ਜਾਏ । ਜ਼ਿੰਦਗੀ, ਦੌੜ ਧੂਪ ਸੀ 'ਕੇਸਰ', ਕੁਛ ਘੜੀ ਤਾਂ ਅਰਾਮ ਹੋ ਜਾਏ ।
ਸੂਰਤੇ ਹਾਲ ਕੁਛ ਬਦਲ ਜਾਏ
ਸੂਰਤੇ ਹਾਲ ਕੁਛ ਬਦਲ ਜਾਏ । ਕੋਈ ਪੱਥਰ ਖ਼ੁਦਾਇਆ ਢਲ਼ ਜਾਏ । ਸ਼ੋਰ ਚੁੱਪੀ ‘ਚ ਕਦ ਬਦਲ ਜਾਏ, ਸੋਚਦਾਂ ਕਿਸ ਤਰ੍ਹਾਂ ਖ਼ਲਲ ਜਾਏ । ਉਸਦੇ ਨੈਣਾਂ ‘ਚ ਅਸ਼ਕ ਕਿਉਂ ਆਏ, ਫੇਰ ਪਾਗਲ ਨਾ ਦਿਲ ਮਚਲ ਜਾਏ । ਘਰ ਦੀ ਤਖ਼ਤੀ ਉਖਾੜ ਦਿੰਦਾ ਹਾਂ, ਫਿਰ ਫ਼ਰੇਬੀ ਨਾ ਕੋਈ ਛਲ ਜਾਏ । ਸ਼ਾਮ ਫਿਰ ਜੀ ਉਦਾਸ ਹੈ ਮੇਰਾ, ਪਿਆਰ ਸੇ ਦੇਖ ਗਰ ਬਹਲ ਜਾਏ । ਕੋਈ ਇਜ਼ਹਾਰ ਦੀ ਜ਼ਰੂਰਤ ਨਾ, ਉਸਦੇ ਹੱਥਾਂ ‘ਚ ਇਹ ਗ਼ਜ਼ਲ ਜਾਏ । ਦਿਲ ਦੇ ਜਜ਼ਬਾਤ ਪੁਛ ਰਹੇ ਮੈਨੂੰ, ਕਾਰਵਾਂ ਕਿਸ ਗਲੀ ਨਿਕਲ ਜਾਏ । ਸ਼ਾਮ ਉੱਖੜੀ, ਉਦਾਸ ਚਿੰਤਤ ਹੈ, ਕਦ ਹਨੇਰਾ ਉਸੇ ਨਿਗਲ ਜਾਏ । ਉਸਦੇ ਅੰਦਰ ਦਹਿਕਦਾ ਲਾਵਾ ਹੈ, ਦੂਰ ਰਹਿਣਾ ਨਾ ਹੱਥ ਜਲ਼ ਜਾਏ ।
ਆਇਆ ਜ਼ਬਾਂ 'ਤੇ ਉਸਦੇ
ਆਇਆ ਜ਼ਬਾਂ 'ਤੇ ਉਸਦੇ ਸ਼ਾਇਦ ਸੀ ਨਾਮ ਮੇਰਾ । ਕਾਤਲ ਨੂੰ ਮਿਲ ਗਿਆ ਹੈ ਆਖ਼ਰ ਸਲਾਮ ਮੇਰਾ । ਮਿਲਿਆ ਜ਼ਰੂਰ ਉਸਨੂੰ, ਪਰ ਗੁਫ਼ਤਗੂ ਨਾ ਹੋਈ, ਅਸ਼ਕਾਂ ਨੇ ਆਖਿਆ ਸੀ ਕਿੱਸਾ ਤਮਾਮ ਮੇਰਾ । ਕੁੰਨੀ ਕੁ ਦੇਰ ਤੇਰਾ ਮੈਂ ਇੰਤਜ਼ਾਰ ਕਰਦਾ, ਇਹ ਵਕਤ ਤਾਂ ਨਹੀਂ ਸੀ ਕੋਈ ਗ਼ੁਲਾਮ ਮੇਰਾ । ਆਵਾਰਗੀ ਨੇ ਮੇਰੀ ਕੀ ਰੰਗ ਹੈ ਦਿਖਾਇਆ, ਸਾਇਆ ਹੀ ਸੰਗ ਮੇਰੇ, ਸੀ ਹਮ ਕਲਾਮ ਮੇਰਾ । ‘ਕੇਸਰ’ ਦੀ ਸ਼ਾਇਰੀ ‘ਤੇ ਰੰਗਤ ਹੈ ਅੰਤ ਆਈ, ਸੁਣਿਆਂ ਉਹ ਪੜ੍ਹ ਰਹੇ ਸੀ ਤਾਜ਼ਾ ਕਲਾਮ ਮੇਰਾ ।
ਪਹਿਲੀ ਵਾਰੀ ਦਿਲ ਹੈ ਰੋਇਆ
(ਸੁਰਜੀਤ ਪਾਤਰ ਸਾਹਿਬ ਜੀ ਦੀ ਯਾਦ ਵਿੱਚ) ਪਹਿਲੀ ਵਾਰੀ ਦਿਲ ਹੈ ਰੋਇਆ । ਲੱਗਿਆ ਜੀਕਣ ਆਪਾ ਮੋਇਆ । ਰੋਇਆ ਨੰਦ ਕਿਸ਼ੋਰ ਵੀ ਗੋਇਆ, ਇਕ ਮਹਿਰਮ ਨੇ ਬੂਹਾ ਢੋਇਆ । ਡਿਗਾ ਬਿਰਖ ਹੈ ਖੜਕਾ ਹੋਇਆ । ਝਾਂਜਰ ਰੋਈ ਚਾਅ ਵੀ ਖੋਇਆ । ਬੰਸੀ ਬਹਿਸੀ, ਕੂਹੂ ਕੂਹ ਵੀ, ਹਰ ਇਕ ਲਫ਼ਜ਼ ਗ਼ਜ਼ਲ ਦਾ ਰੋਇਆ । ਰੀਝਾਂ ਅਤੇ ਔਕਾਤ ਨੂੰ ਮਿਣਦਾ, ਕਿੱਥੇ ਆ ਕੇ ਵਕਤ ਖਲੋਇਆ ।
ਚੁੱਪ ਦਾ ਮਤਲਬ, ਨਹੀਂ ਕਿਹਾ ਹੋਣਾ
ਚੁੱਪ ਦਾ ਮਤਲਬ, ਨਹੀਂ ਕਿਹਾ ਹੋਣਾ । ਉਸਦੇ ਅੰਦਰ ਤਾਂ ਜ਼ਲਜ਼ਲਾ ਹੋਣਾ । ਉਸ ‘ਤੇ ਮੇਰੇ ‘ਚ ਫ਼ਾਸਲਾ ਹੋਣਾ । ਇਸਦਾ ਮਤਲਬ ਨਾ, ਬੇ-ਵਫ਼ਾ ਹੋਣਾ । ਉਸਦਾ ਦਿਸਦਾ ਕਰੂਪ ਚਿਹਰਾ ਸੀ, ਭੀੜ ਹੋਣੀ, ਨਾ ਕਾਫ਼ਲਾ ਹੋਣਾ । ਦਰਦ ਮੇਰੇ ਦੀ ਗਰ ਦਵਾ ਹੈ ਤੂੰ, ਅਰਥ ਇਸਦਾ ਨਹੀਂ, ਖ਼ੁਦਾ ਹੋਣਾ । ਦਿਲ ਤੇ ਮੁਸ਼ਕਿਲ ਨਾ ਚੋਟ ਕਰਨਾ ਪਰ, ਯਾਰ ਮੁਸ਼ਕਿਲ ਤਾਂ ਹੈ ਦਵਾ ਹੋਣਾ ।
ਜਦੋਂ ਉਹ ਸ਼ਹਿਰ ਵਿਚ
ਜਦੋਂ ਉਹ ਸ਼ਹਿਰ ਵਿਚ ਤਨਹਾ ਰਿਹਾ ਹੋਣੈ । ਘਰੇ ਦੀਵਾਰ ‘ਤੇ ਲਿਖ-ਲੁਖ ਗਿਆ ਹੋਣੈ । ਸਫ਼ੇ ਤੇ ਰਾਤ ਦੇ, ਅਲਫਾਜ ਉਸ ਉਕਰੇ, ਉਦ੍ਹਾ ਦਿਲ ਵੀ ਕਿਤੇ ਇੱਥੇ ਪਿਆ ਹੋਣੈ । ਉਦ੍ਹੇ ਹੋਠਾਂ ‘ਤੇ ਚੁੱਪ ਦੀ ਬਰਫ਼ ਜੰਮੀ ਸੀ, ਵਿਦਾ ਦੇ ਵਕਤ ਉਸਦਾ ਨਾਂ ਲਿਆ ਹੋਣੈ । ਬੜੇ ਸੀ ਜਿਸਮ ‘ਤੇ ਪੈਵੰਦ ਜ਼ਖ਼ਮਾਂ ਦੇ, ਉਹ ਨਤਮਸਤਕ ਨਹੀਂ ਸੀ, ਸਹਿਮਿਆ ਹੋਣੈ । ਨਹੀਂ ਇਹ ਲੋਕ ਧਾਰਾ ਹੋ ਨਹੀਂ ਸਕਦੀ, ਸਫ਼ਰ ‘ਤੇ ਕਾਫ਼ਲਾ ਰਾਹ ਭਟਕਿਆ ਹੋਣੈ ।
ਰੋਗ ਮੇਰਾ ਤਬੀਬ
ਰੋਗ ਮੇਰਾ ਤਬੀਬ ਸੀ ਫਿਰ ਵੀ । ਦਿਲ ਦੇ ਕਿੰਨਾ ਕਰੀਬ ਸੀ ਫਿਰ ਵੀ । ਨੋਟ ਕਿੰਨੇ ਹੀ ਜੇਬ ਵਿਚ ਉਸਦੇ, ਹਾਏ ਕਿੰਨਾ ਗ਼ਰੀਬ ਸੀ ਫਿਰ ਵੀ । ਯੁੱਗ ਬਦਲੇ, ਮਗਰ ਸਚਾਈ ਦੇ, ਮੋਢਿਆਂ ‘ਤੇ ਸਲੀਬ ਸੀ ਫਿਰ ਵੀ । ਦੂਰ ਜਦ ਵੀ ਗਿਆ ਹਾਂ ਮੈਂ ਉਸਤੋਂ, ਪਾਸ ਮੇਰੇ ਹਬੀਬ ਸੀ ਫਿਰ ਵੀ । ਧਰਤ ਕੋਰੀ, ਲਕੀਰ ਨਾ ਕੋਈ, ਕੋਲ ਉਸਦੇ ਜਰੀਬ ਸੀ ਫਿਰ ਵੀ ।
ਨਦੀ ਦੇ ਏਸ ਬੰਨੇ ਦਾ
ਨਦੀ ਦੇ ਏਸ ਬੰਨੇ ਦਾ ਕਦੇ ਸਤਿਕਾਰ ਵੀ ਕੀਤਾ । ਮੁਹੱਬਤ ਓਸ ਦੀ ਲੋਚੇਂ, ਕਦੇ ਤੂੰ ਪਿਆਰ ਵੀ ਕੀਤਾ । ਜਦੋਂ ਇੱਕ ਪੈਰ ਹੈ ਥੱਕਦਾ, ਤਾਂ ਦੂਜੇ ਭਾਰ ਹੋ ਜਾਂਦੇ, ਕਦੇ ਪੂਰਾ ਕੋਈ ਵਾਅਦਾ, ਕਿਸੇ ਸਰਕਾਰ ਵੀ ਕੀਤਾ । ਤਿਮਰ ਦੇ ਸਾਮ੍ਹਣੇ ਇਕ ਚੂੰਗੜੇ ਦੀ, ਹੈਸਿਅਤ ਵੀ ਕੀ, ਬੁਝਣ ਨੂੰ ਬੁਝ ਗਿਆ ਭਾਵੇਂ, ਮਗਰ ਤਕਰਾਰ ਵੀ ਕੀਤਾ । ਇਹ ਮਨ ਦਾ ਵੇਗ ਜੋ ਅੱਥਰਾ, ਨਚਾਉਂਦਾ ਨਾਚ ਹੈ ਮੈਨੂੰ, ਸਹਾਰੇ ਏਸ ਦੇ ‘ਨੇਕਾਂ ਝਨਾ ਨੂੰ ਪਾਰ ਵੀ ਕੀਤਾ । ਸਜਨ ਉਹ ਕਿਸ ਲਈ ਸੀ ਅੰਤ ਨੂੰ ਦੇ ਹੀ ਗਏ ਧੋਖਾ, ਮੈਂ ਜਿਸ ਹੀ ਸ਼ਖ਼ਸ ਤੇ ਦਿਲ ਖੋਲ ਕੇ ਇਤਬਾਰ ਵੀ ਕੀਤਾ ।
ਮਿਲੇਂ ਤੂੰ ਨਾ ਮਿਲੇਂ
ਮਿਲੇਂ ਤੂੰ ਨਾ ਮਿਲੇਂ, ਇਹ ਤਹਿ ਕਿ ਤਨਹਾਈ ਨਹੀਂ ਜਾਣੀ । ਇਹ ਦੁਨੀਆ ਹੈ ਬੜੀ ਤਿਲਿਸਮ, ਕਦੇ ਪਾਈ ਨਹੀਂ ਜਾਣੀ । ਚਤਰ ਇਕ ਸ਼ੇਰ ਨੇ, ਹਰ ਭੇਡ ਨੂੰ ਵਿਸ਼ਵਾਸ ਦੇ ਦਿੱਤਾ, ਕਿ ਉਹ ਉਸਦੀ ਨਸਲ ਚੋਂ ਹੈ, ਕਦੇ ਖਾਈ ਨਹੀਂ ਜਾਣੀ । ਉਦ੍ਹੀ ਨਜ਼ਰਾਂ ‘ਚ ਹਰ ਇਕ ਸ਼ਖ਼ਸ ਹੈ ਪਰਚੀ, ਮਹਿਜ ਪਰਚੀ, ਜਦੋਂ ਤਕ ਆਦਮੀ ਅਬਲਾ, ਇਹ ਖ਼ਸਮਾਈ ਨਹੀਂ ਜਾਣੀ । ਫਲਾਂ ਨੀਵਾਂ ਢਿਮਕ ਉੱਤਮ, ਇਹ ਵਾਧੂ ਭੇਖ ਦਾ ਬਲਵਾ, ਦਿਲਾਂ ਵਿਚ ਇਸ ਤਰਾਂ ਪਾਈ ਗਈ, ਖਾਈ ਨਹੀਂ ਜਾਣੀ ।
ਵਿਚਾਲੇ ਓਸ ਦੇ ਮੇਰੇ
ਵਿਚਾਲੇ ਓਸ ਦੇ ਮੇਰੇ, ਕੋਈ ਨਾ ਫ਼ਾਸਲਾ ਮਿਲਿਆ । ਸਮੁੰਦਰ ਤਕ ਗਿਆ ਦਰਿਆ, ਨਾ ਮੁੜ ਕੇ ਥਹੁ ਪਤਾ ਮਿਲਿਆ । ਬ-ਜ਼ਾਹਰ 'ਤੇ ਕਿਤੇ ਛੁਪਿਆ, ਇਹੀ ਬਸ ਸਿਲਸਿਲਾ ਮਿਲਿਆ । ਕਹਾਣੀ ਮੇਰੀ ਦਾ ਮੈਨੂੰ, ਨਹੀਂ ਕੋਈ ਸਿਰਾ ਮਿਲਿਆ । ਕੁਸਮ ਅਰਪਣ, ਤਿਲਕ ਕਰਕੇ ਦਿਲੋਂ ਜਿਸ ਨੂੰ ਖੁਦਾ ਮੰਨਿਆ, ਮੇਰੀ ਕਿਸਮਤ ਤੇਰੇ ਸਦਕੇ, ਉਹੀ ਪੱਥਰ ਖ਼ੁਦਾ ਮਿਲਿਆ । ਕਰਨ ਵਿਖਿਆਨ ਉਸਤਤ ਰੱਬ ਦੀ, ਧਰਮਾਤਮਾ ਵੇਖੇ, ਅਹਿੰਸਾ ਸੀ ਲਬਾਂ ਉੱਤੇ ਮਗਰ ਹੱਥੀਂ ਛੁਰਾ ਮਿਲਿਆ । ਭੁਲਾ ਸਕਿਆ ਨਾ ਮੈਂ ਤੇਰੀ, ਉਹ ਮਿਕਨਾਤੀਸ ਤੱਕਣੀ ਨੂੰ, ਬੜੀ ਹੀ ਮੁਖ਼ਤਸਰ ਮਿਲਣੀ, ਜਦੋਂ ਪਲ ਭਰ ਖ਼ੁਦਾ ਮਿਲਿਆ ।
ਗੂੰਗੇ ਬੋਲ਼ੇ ਮੌਸਮ ਜਦ ਵੀ ਬੋਲਣਗੇ
ਗੂੰਗੇ ਬੋਲ਼ੇ ਮੌਸਮ ਜਦ ਵੀ ਬੋਲਣਗੇ । ਹਰ ਇਕ ਚੀਖ ਜੋ ਰੇਤੇ ਦੱਬੀ ਫੋਲਣਗੇ । ਮੁੱਛ ਮਰੋੜੀ ਖੜ੍ਹੇ ਵਪਾਰੀ ਰੁੱਤਾਂ ਦੇ, ਫ਼ੁੱਟ ‘ਚ ਆਏ ਹੌਂਕੇ ਹਾਵੇ ਤੋਲਣਗੇ । ਅਦਬ ਦੀਏ ਖ਼ੁਸ਼ਬੂਏ ਬਾਗ ਚੋਂ ਜਾਵੀਂ ਨਾ, ਪਾਗਲ ਭੌਰੇ ਕਿੱਥੇ ਕਿੱਥੇ ਟੋਲਣਗੇ । ਇਕ ਛਲ਼ੇਡਾ, ਉੱਚੀ ਕੁਰਸੀ ਆ ਬੈਠਾ, ਨ੍ਹੇਰੇ, ਚਾਨਣ ਪੈਰਾਂ ਹੇਠ ਮਧੋਲਣਗੇ । ਸੁੱਕੇ ਬੇਲੇ, ਲੁੰਜ ਕਨੇਰਾ, ਚੇਤਰ ਕੀ ? ਧੁਖਦੇ ਨੀਡੋਂ, ਕਿਹੜੇ ਪੰਖੀ ਬੋਲਣਗੇ ।
ਜ਼ਰੂਰਤ ਮੁਤਾਬਕ ਦੁਆ ਨੇ ਬਦਲਦੇ
ਜ਼ਰੂਰਤ ਮੁਤਾਬਕ ਦੁਆ ਨੇ ਬਦਲਦੇ । ਨਹੀਂ ਆਪ ਬਦਲੇ ਖ਼ੁਦਾ ਨੇ ਬਦਲਦੇ । ਇਹ ਕਲਮਾਂ ਖ਼ਰੀਦਣ ਇਹ ਭੌਂਕੇ ਖ਼ਰੀਦਣ, ਪਤਾ ਵੀ ਨਾ ਲੱਗੇ ਹਵਾ ਨੇ ਬਦਲਦੇ । ਭਲਾ ਏਸ ਬਸਤੀ ਦੇ ਮੁਨਸਿਫ਼ ਨੇ ਕੈਸੇ, ਜੇ ਧਿਰ ਹੋਵੇ ਅਪਣੀ ਸਜ਼ਾ ਨੇ ਬਦਲਦੇ । ਛਲ਼ੇਡੇ ਬੜੇ ਨੇ ਇਹ ਲੋਕਾਂ ਦੇ ਸੇਵਕ, ਜਿਵੇਂ ਲੋੜ ਹੋਵੇ ਕਬਾ ਨੇ ਬਦਲਦੇ । ਜੇ ਮਥਿਆ ਹੀ ਹੋਵੇ ਕਿ ਸੱਜਣਾ ਨੇ ਰੁੱਸਣਾ, ਉਹ ਸ਼ਿਕਵੇ ਦੀ ਪਲ ਵਿੱਚ ਵਜ੍ਹਾ ਨੇ ਬਦਲਦੇ ।
ਚੰਨ ਵੱਲ ਮੁਖੜਾ ਚਾ ਕੇ ਦੇਖਾਂ
ਚੰਨ ਵੱਲ ਮੁਖੜਾ ਚਾ ਕੇ ਦੇਖਾਂ । ਚੱਲ ਅੱਜ ਅਰਘ ਚੜ੍ਹਾ ਕੇ ਦੇਖਾਂ । ਦਿਲ ਦੇ ਪਾਸ ਬਿਠਾ ਕੇ ਦੇਖਾਂ । ਬੁੱਕਲ਼ ਜੋਤ ਜਗਾ ਕੇ ਦੇਖਾਂ । ਖ਼ੁਦ ਦੇ ਨੇੜੇ ਆਕੇ ਦੇਖਾਂ । ਚੁੱਪ ਦੀ ਅਲਖ ਜਗਾ ਕੇ ਦੇਖਾਂ । ਵਿਗੜੀ ਬਾਤ ਬਣਾ ਕੇ ਦੇਖਾਂ । ਰੁੱਸਿਆ ਯਾਰ ਮਨਾ ਕੇ ਦੇਖਾਂ । ਮੈਲ਼ਾ ਚਿਹਰਾ ਹੋਵੇ ਉਜਲਾ, ‘ਕੇਸਰ’ ਨੀਰ ਵਹਾ ਕੇ ਦੇਖਾਂ ।
ਮੁਹੱਬਤ ਪਾਰ ਹੈ ਦੇਹ ਤੋਂ
ਮੁਹੱਬਤ ਪਾਰ ਹੈ ਦੇਹ ਤੋਂ ਅਤੇ ਅਖ਼ਲਾਕ ਤੋਂ ਅੱਗੇ । ਬੜਾ ਕੋਈ ਸਮੁੰਦਰ ਨਾ ਦਿਲੇ ਮੁਸ਼ਤਾਕ ਤੋਂ ਅੱਗੇ । ਜਨਮ ਇਤਫ਼ਾਕ ਹੈ, ਇਤਫ਼ਾਕ ਮਿਟ ਜਾਣਾ ਜਹਾਂ ਵਿੱਚੋਂ, ਕਹਾਣੀ ਕਿਉਂ ਨਹੀਂ ਤੁਰਦੀ ਕਦੇ ਇਤਫ਼ਾਕ ਤੋਂ ਅੱਗੇ । ਮਿਲ਼ਾਵੇ ਹੱਥ ਜੋ ਵੀ ਹਰ ਕੋਈ ਮਿੱਤਰ ਨਹੀਂ ਹੁੰਦਾ, ਤਕੱਲੁਫ਼ ਜਾ ਨਹੀਂ ਸਕਦਾ ਮੁਹੱਬਤ ਪਾਕ ਤੋਂ ਅੱਗੇ । ਜ਼ਰੂਰੀ ਇਹ ਨਹੀਂ ਹੁੰਦਾ, ਕਹਾਣੀ ਸੱਚ ਹੀ ਹੋਵੇ, ਕਦੇ ਮਿਥਿਹਾਸ ਵੀ ਹੁੰਦਾ ਲਿਖੇ ਔਰਾਕ਼* ਤੋਂ ਅੱਗੇ । ਕਦੇ ਹੈ ਤਰਕ ਹਰ ਜਾਂਦਾ ਅਤੇ ਜ਼ਜਬੇ ਅਗਾਂਹ ਹੁੰਦੇ, ਟਪੂਸੀ ਦਿਲ ਦੀ ਹੁੰਦੀ ਹੈ ਕਦੇ ਇਦਰਾਕ* ਤੋਂ ਅੱਗੇ । * ਔਰਾਕ਼ - ਕਿਸੇ ਪੁਸਤਕ ਦੇ ਛੱਪੇ ਪੰਨੇ * ਇਦਰਾਕ. – ਸਮਝ ਬੂਝ/ ਗਿਆਨ
ਜੁਗਤ ਕੋਈ ਸਿਖਾ ਦੇ ਯਾਰ ਮੈਨੂੰ
ਜੁਗਤ ਕੋਈ ਸਿਖਾ ਦੇ ਯਾਰ ਮੈਨੂੰ । ਨਜ਼ਰ ਆਵੇ ਖ਼ੁਦੀ ਦੇ ਪਾਰ ਮੈਨੂੰ । ਕਿਹਾ ਇਹ ਮੋੜ ਆਇਆ ਜ਼ਿੰਦਗਾਨੀ, ਜੋ ਲੱਗਦੇ ਫੁੱਲ ਲੱਗੇ ਖ਼ਾਰ ਮੈਨੂੰ । ਕਦਰ ਖੋਈ ਕਿ ਮੈਂ ਕਮਜ਼ੋਰ ਹੋਇਆਂ, ਲਗੇ ਕਿਉਂ ਜ਼ਿੰਦਗੀ ਹੁਣ ਭਾਰ ਮੈਨੂੰ । ਅਜੇ ਮੈਂ ਸਮਝਦਾਂ ਤੈਨੂੰ ਨਿਆਣਾ, ਮਜ਼ਾ ਆਉਂਦਾ ਹੈ ਤੈਥੋਂ ਹਾਰ ਮੈਨੂੰ । ਤੇਰੇ ਬਿਨ ਜੀਣ ਦੀ ਹੁਣ ਯਾਰ ਮੇਰੇ, ਕੋਈ ਦਿਸਦੀ ਨਹੀਂ ਹੈ ਸਾਰ ਮੈਨੂੰ ।
ਵਤਨ ਆਖੇਂ ਤਰੱਕੀ ਕਰ ਰਿਹਾ ਹੈ
ਵਤਨ ਆਖੇਂ ਤਰੱਕੀ ਕਰ ਰਿਹਾ ਹੈ । ਧਰਾਤਲ ਫੇਰ ਕਿਉਂ ਓਸੇ ਜਗ੍ਹਾ ਹੈ ? ਤੇਰਾ ਸ਼ੀਸ਼ਾ ਗਲਤ ਦਿਖਲਾ ਰਿਹਾ ਹੈ । ਤੇਰੇ ਚਿਹਰੇ ਤੇ ਇਕ ਧੱਬਾ ਜਿਹਾ ਹੈ । ਲੁੱਟੇ ਲੁੱਟੇ ਦਿਖਾਈ ਦੇ ਰਹੇ ਹੋ, ਅਜੀ ਪਰ ਤਾਜ ਤਾਂ ਅਪਣੀ ਜਗ੍ਹਾ ਹੈ । ਮਿਲਨ ਮੁਸ਼ਕਿਲ ਵਿਛੋੜਾ ਹੋਰ ਮੁਸ਼ਕਿਲ, ਮੁਹੱਬਤ ਚੀਜ਼ ਹੀ ਐਸੀ ਬਲ਼ਾ ਹੈ । ਸਜਾਵਾਂ ਆਪਣੀ ਮੈਂ ਨੂੰ, ਮੈਂ ਕਿੱਥੇ, ਖ਼ਲਾ ਦੇ ਹੋਰ ਵੀ ਅੱਗੇ ਖ਼ਲਾ ਹੈ ।
ਗਿਰੇ ਮੁੜਕੇ ਸਮੁੰਦਰ ਵਿੱਚ
ਗਿਰੇ ਮੁੜਕੇ ਸਮੁੰਦਰ ਵਿੱਚ ਲਹਰ ਦੀ ਲੋੜ ਹੈ ਲੇਕਿਨ । ਬਥੇਰਾ ਜ਼ੋਰ ਮੈਂ ਲਾਇਆ ‘ਨਜ਼ਰ’ ਦੀ ਲੋੜ ਹੈ ਲੇਕਿਨ । ਖਿਲਾਰੇ ਨੂੰ ਸਦਾ ਮਹਿਸੂਸ ਕਰਨਾ, ਆਪਣੇ ਅੰਦਰ, ਹੈ ਪੀੜਾਂ ਦੇਹ ਬੜਾ ਭਾਵੇਂ, ਸਫ਼ਰ ਦੀ ਲੋੜ ਹੈ ਲੇਕਿਨ । ਬਸਰ ਇਤਫ਼ਾਕ ਵਿਚ ਹੋਵੇ ਨਗਰ ਦੀ ਲੋੜ ਹੈ ਭਾਵੇਂ, ਜ਼ਰਾ ਤਾਂ ਸਨਸਨੀ ਹੋਵੇ, ਖ਼ਬਰ ਦੀ ਲੋੜ ਹੈ ਲੇਕਿਨ । ਬਜ਼ਿੱਦੀ ਏਸ ਤੇ ਉੱਲੂ ਹਨੇਰੀ ਰਾਤ ਨਾ ਜਾਵੇ, ਚਿੜੀ ਤਾਂ ਚਹਿਕਣਾ ਚਾਹੁੰਦੀ ਸਹਰ ਦੀ ਲੋੜ ਹੈ ਲੇਕਿਨ । ਖ਼ੁਰਾਫ਼ਾਤੀ ਕਹੇ ਕੋਈ ਗ਼ਿਲਾ ਨਾ ਏਸ ਦਾ ‘ਕੇਸਰ’, ਦਬਾਏ ਦੇਰ ਤੱਕ ਜਜ਼ਬੇ ਨਸ਼ਰ ਦੀ ਲੋੜ ਹੈ ਲੇਕਿਨ ।
ਹੋਰ ਵੀ ਉਲਝੀ ਦਿਸੀ ਤਾਣੀ ਜਦੋਂ
ਹੋਰ ਵੀ ਉਲਝੀ ਦਿਸੀ ਤਾਣੀ ਜਦੋਂ । ਹਰ ਕਦਮ ਠੋਕਰ ਪਈ ਖਾਣੀ ਜਦੋਂ । ਅਕਸ ਟੁਕੜੇ ਟੁਕੜੇ ਹੋਇਆ ਚੰਨ ਦਾ, ਕੰਬਿਆ ਸੀ ਝੀਲ਼ ਦਾ ਪਾਣੀ ਜਦੋਂ । ਹੋ ਗਿਆ ਅਹਿਸਾਸ ਦੂਰੀ ਦਾ ਤਦੋਂ, ਇਕ ਸਮਾਂਤਰ ਹੋਂਦ ਮੈਂ ਜਾਣੀ ਜਦੋਂ । ਹੋਣ ਅਪਣਾ ਅਜਨਬੀ ਕਿਉਂ ਜਾਪਿਆ, ਦੂਰ ਹੋਇਆ ਹਾਣ ਦਾ ਹਾਣੀ ਜਦੋਂ । ਉਸ ਸਮੇਂ ਅਹਿਸਾਸ ਹੋਇਆ ਜੀਣ ਦਾ, ਸਿਰ ਦੇ ਉਪਰੋਂ ਲੰਘਿਆ ਪਾਣੀ ਜਦੋਂ । ਖ਼ਾਬ ਮੈਂ ਸੁਹਣੇ ਸਜਾਉਂਦਾ ਫਿਰ ਰਿਹਾਂ, ਜ਼ਿੰਦਗੀ ਤਿੜਕੇ ਘੜੇ ਪਾਣੀ ਜਦੋਂ ।
ਚੰਦ ਖ਼ਾਬਾਂ ਦੀ ਖ਼ਾਕ ਯਾ’ਨੀ ਹੈ
ਚੰਦ ਖ਼ਾਬਾਂ ਦੀ ਖ਼ਾਕ ਯਾ’ਨੀ ਹੈ । ਦਿਲ ਹੈ ਗੋਇਆ ਕਿ ਰਾਖ਼-ਦਾਨੀ ਹੈ । ਤੋਰ ਇਸਦੀ 'ਚ ਯਕ ਰਵਾਨੀ ਹੈ, ਵਗਦਾ ਪਾਣੀ ਇਹ ਜ਼ਿੰਦਗਾਨੀ ਹੈ । ਲਾਲਸਾ ਨਾਲ ਸਭਦੇ ਜਾਂਦੀ ਹੈ, ਕੌਣ ਆਖੇ ਜਹਾਨ ਫ਼ਾਨੀ ਹੈ । ਮੂਕ ਦਰਸ਼ਕ ਹੈ ਚੇਤਨਾ ਮੇਰੀ, ਮੈਂ ਕੋਈ ਹਾਂ ਇਹ ਬਦ-ਗੁਮਾਨੀ ਹੈ । ਜਿਸਦਾ ਮੈਂ ਤੂੰ ਅਜੇ ਨਹੀਂ ਮਿੱਟਿਆ, ਖ਼ਾਕ ਇਸ਼ਕੇ ਦੀ ਸਾਰ ਜਾਨੀ ਹੈ ।
ਕਿਸ ਨੂੰ ਦਿਲ ਦਾ ਹਾਲ ਸੁਣਾਵਾਂ
ਕਿਸ ਨੂੰ ਦਿਲ ਦਾ ਹਾਲ ਸੁਣਾਵਾਂ । ਯਾਰੜਿਆ ਵੇ ਮੈਂ ਕੁਰਲਾਵਾਂ । ਕਿੱਥੋਂ ਆਈ ਕਿੱਥੇ ਜਾਣਾ, ਨਦੀਏ ਤੇਰਾ ਕੀ ਸਿਰਨਾਵਾਂ । ਫ਼ਰ ਫ਼ਰ ਕਰ ਕੇ ਚੁੰਨੀ ਉੱਡੇ, ਸਰ ਸਰ ਕਰ ਕੇ ਵਗਣ ਹਵਾਵਾਂ । ਸ਼ਾਮ ਸ਼ੁਦੈਣੇ ਨੱਚੀ ਜਾਵੇਂ, ਘਰ ਨੂੰ ਜਾਹ ਢਲਿਆ ਪਰਛਾਵਾਂ । ਕੇਸੂ ਨਿਸਰੇ ਵਿਹੜੇ ਮੇਰੇ, ਭਰ ਭਰ ਲੱਪਾਂ ਚਾਨਣ ਪਾਵਾਂ । ਸ਼ਾਮ ਨਾ ਆਇਆ ਆਥਣ ਹੋਇਆ, ਨਾ ਗੋ ਧੂੜੀ ਨਾ ਹੀ ਗਾਵਾਂ । ਕੋਈ ਆਖਿਰ ਪਾਰ ਲਗਾਏ, ਖੜ੍ਹ ਪੱਤਣ ‘ਤੇ ਤਰਲੇ ਪਾਵਾਂ ।
ਤੇਰੀ ਮਹਿਫ਼ਿਲ ਦੇ ਮੈਂ ਕਾਬਿਲ ਨਹੀਂ ਸੀ
ਤੇਰੀ ਮਹਿਫ਼ਿਲ ਦੇ ਮੈਂ ਕਾਬਿਲ ਨਹੀਂ ਸੀ । ਮੇਰੇ ਮੇਚੇ ਦਾ ਇਹ ਸਾਹਿਲ ਨਹੀਂ ਸੀ । ਨਜ਼ਰ ਜੋ ਅੰਤ ਨੂੰ ਮਾਰੀ ਸਫ਼ਰ ਤੇ, ਸੀ ਰਸਤਾ ਹੋਰ ਵੀ, ਮੰਜ਼ਿਲ ਨਹੀਂ ਸੀ । ਤੇਰੀ ਚੁੱਪੀ ਕੋਈ ਪੱਥਰ ਨਹੀਂ ਸੀ, ਕਦੇ ਇਉਂ ਤੋੜਨੀ ਮੁਸ਼ਕਿਲ ਨਹੀਂ ਸੀ । ਤੇਰੇ ਸ਼ਬਦਾਂ ਨੇ ਸੀਨਾ ਚਾਕ ਕੀਤਾ, ਕਿਹਾ ਸੀ ਝੂਠ ਮੈਂ, ਬਿਸਮਿਲ* ਨਹੀਂ ਸੀ । ਡੁਬੋਇਆ ਸੀ ਸਫ਼ੀਨਾ* ਤੂੰ ਹੀ ਮੇਰਾ, ਤੂੰ ਸਭ ਦੇ ਸਾਮ੍ਹਣੇ ਕਾਤਿਲ਼ ਨਹੀਂ ਸੀ । ਮੇਰੇ ਪੱਲੇ ਤਾਂ ਦਮੜੇ ਸੀ ਬਥੇਰੇ, ਨਹੀਂ ਕੁਝ ਹੋਰ ਤਾਂ ਹਾਸਿਲ ਨਹੀਂ ਸੀ । ਇਕੱਲਾ ਟੁਰ ਗਿਆ ਪੈਂਡੇ ‘ਤੇ 'ਕੇਸਰ', ਉਹ ਪਾਗਲ ਭੀੜ ਜੋ ਸ਼ਾਮਿਲ ਨਹੀਂ ਸੀ । * ਬਿਸਮਿਲ – ਘਾਇਲ * ਸਫ਼ੀਨਾ – ਕਿਸ਼ਤੀ
ਡਰੀਂ ਨਾ ਤੂੰ ਨਦੀ ਦੇ ਵੇਗ ਤੋਂ
ਡਰੀਂ ਨਾ ਤੂੰ ਨਦੀ ਦੇ ਵੇਗ ਤੋਂ, ਇਕਰਾਰ ਕਰ ਲੈਣਾ । ਝਨਾ ਜਿਸ ਪਾਰ ਕਰਨਾ, ਡੁੱਬ ਕੇ ਵੀ ਪਾਰ ਕਰ ਲੈਣਾ । ਫੁਟੇਂਦੀ ਪਹੁ ਤੋਂ ਡਰਦੇ ਡਰਦਿਆਂ ਸੀ, ਰਾਤ ਇਉਂ ਬੋਲੀ, ਕਦੇ ਸੁਪਨੇ ਨੇ ਮਰ ਜਾਣਾ, ਮੇਰਾ ਇਤਬਾਰ ਕਰ ਲੈਣਾ । ਬੜਾ ਕਿਸਦਾ ਪਗੰਬਰ ਹੈ, ਕਦੇ ਇਹ ਤਹਿ ਨਹੀਂ ਹੋਣਾ, ਹਾਂ ਫ਼ਿਤਨਾ ਏਸ ਤੇ ਚਾਹੇ, ਤੂੰ ਜਿਤਨੀ ਬਾਰ ਕਰ ਲੈਣਾ ।
ਦੂਰ ਮੈਥੋਂ ਹਜ਼ੂਰ ਹੈ ਸ਼ਾਇਦ
ਦੂਰ ਮੈਥੋਂ ਹਜ਼ੂਰ ਹੈ ਸ਼ਾਇਦ । ਇਹ ਤਾਂ ਮੇਰਾ ਕਸੂਰ ਹੈ ਸ਼ਾਇਦ । ਹਾਂ ਇਹ ਬੇਸ਼ਕ ਜਹਾਨ ਫ਼ਾਨੀ ਹੈ, ਉਂਜ ਦਿਲਕਸ਼ ਜ਼ਰੂਰ ਹੈ ਸ਼ਾਇਦ । ਮੈਨੂੰ ਮਿਲਣਾ ਉਹ ਲੋਚਦਾ ਹੋਣਾ, ਮੇਰੇ ਦਿਲ ਦਾ ਫ਼ਤੂਰ ਹੈ ਸ਼ਾਇਦ । ਤੇਰੀ ਆਗੋਸ਼ ਮੇਰਾ ਸਿਰ ਹੁੰਦਾ, ਇਹ ਠਿਕਾਣਾ ਤਾਂ ਦੂਰ ਹੈ ਸ਼ਾਇਦ । ਤੂੰ ਜੋ ਇੱਕੋ ਨਿਗਾਹ ਤਕਿਆ ਸੀ, ਬਾਕੀ ਉਸਦਾ ਸਰੂਰ ਹੈ ਸ਼ਾਇਦ ।
ਜੇ ਸਹਰਾ ਪੀ ਗਿਆ ਉਹ
ਜੇ ਸਹਰਾ ਪੀ ਗਿਆ ਉਹ ਸ਼ੂਕਦਾ ਦਰਿਆ ਤਾਂ ਸ਼ਿਕਵਾ ਕੀ । ਤਰਸ ਕੇ ਅੰਤ ਨੂੰ ਮਿਲਿਆ ਕੋਈ ਜੇ ਸਰਦ ਬੋਸਾ ਕੀ ? ਹਕੀਕਤ ਜਾਂ ਭੁਲੇਖਾ ਦਰ ਹਕੀਕਤ ਜ਼ਿੰਦਗੀ ਹੈ ਕੀ, ਕਿਸੇ ਸੁਪਨੇ ‘ਚ ਆਏ ਹੋਰ ਸੁਪਨੇ ਦਾ ਭਰੋਸਾ ਕੀ ? ਮੈਂ ਵਣ ਦੀ ਲੱਕੜੀ ਹੀ ਸੀ ਨਦੀ ਦੇ ਵੇਗ ਵਿੱਚ ਰੁੜ੍ਹਦੀ, ਮੁਕੱਦਰ ਸੀ ਇਹੋ ਮੇਰਾ ਕਿਸੇ ਤੇ ਯਾਰ ਰੋਸਾ ਕੀ । ਮੇਰੇ ਸੱਯਾਦ ਨੂੰ ਕਿੰਨੀ ਮੁਹੱਬਤ ਨਾਲ ਹੈ ਮੇਰੇ, ਪਰਾਂ ਨੂੰ ਨੋਚ ਕੇ ਮੇਰੇ ਉਹ ਪੁੱਛਦਾ ਹੈ ਕਿ ਮਨਸਾ ਕੀ ?
ਦਰਦ ਜਿਹਾ ਇਕ ਮੇਰੇ ਦਿਲ ਵਿਚ
ਦਰਦ ਜਿਹਾ ਇਕ ਮੇਰੇ ਦਿਲ ਵਿਚ ਹਰ ਰੁੱਤੇ ਮਹਿਮਾਨ ਰਿਹਾ । ਲੈ ਦੇ ਕੇ ਬੱਸ ਇਹੋ ਤੇਰਾ ਮੇਰੇ ਤੇ ਅਹਿਸਾਨ ਰਿਹਾ । ਧਰਤੀ ਤੇ ਆਕਾਸ਼ ਦਾ ਮਿਲਣਾ ਸ਼ਾਇਦ ਮੁਮਕਿਨ ਹੋਇਆ ਨਾ, ਦੂਰ ਦੁਮੇਲੀ ਲਗਿਆ ਬੇਸ਼ੱਕ ਕੋਸ਼ਿਸ਼ ਵਿੱਚ ਅਸਮਾਨ ਰਿਹਾ । ਇਸ ਵਾਰੀ ਦਾ ਚੇਤਰ ਲੰਘਿਆ ਦੂਰ ਦੂਰ ਤੋਂ ਏਸ ਤਰ੍ਹਾਂ, ਦਿਲ ਮੇਰੇ ਦਾ ਖ਼ਾਲੀ ਖ਼ਾਲੀ ਫੁੱਲਾਂ ਤੋਂ ਗੁਲਦਾਨ ਰਿਹਾ । ਦਿਲ ਦੇਣਾ ਬਿਰਹਾ ਦੇ ਬਦਲੇ, ਕਿਹੜਾ ਸੌਦਾ ਘਾਟੇ ਦਾ, ਕੀ ਖੋਇਆ ਕੀ ਪਾਇਆ ਕਿਸਦੇ ਚੇਤੇ ਹੈ ਨੁਕਸਾਨ ਰਿਹਾ ।
ਨਾ ਵੱਟੀ ਸੀ
ਨਾ ਵੱਟੀ ਸੀ, ਕਿਵੇਂ ਬੁੱਲ੍ਹਾਂ ਨੂੰ ਉਸਨੇ ਸੀ ਲਿਆ ਹੋਣੈ । ਸਮੁੱਚਾ ਜ਼ਹਿਰ ‘ਕੱਲੇ ਜ਼ਿੰਦਗੀ ਦਾ ਲੀਲਿਆ ਹੋਣੈ । ਹਨੇਰੇ ਦਾ ਤੇ ਅੰਨ੍ਹੇ ਹੋਣ ਦਾ ਅਹਿਸਾਸ ਉਸ ਹੁੰਦਾ, ਜਿਨ੍ਹੇ ਪਲ ਭਰ ਲਈ ਵੀ ਰੌਸ਼ਨੀ ਨੂੰ ਜੀ ਲਿਆ ਹੋਣੈ । ਇਹ ਮੈਖ਼ਾਨਾ ਇਹ ਮਯਖ਼ਾਰੀ ਕਦੋਂ ਸੀ ਰਾਸ ਉਸ ਆਈ, ਕਸ਼ੀਦੀ ਆਪਣੇ ਅੰਦਰ ਉਸੇ ਨੂੰ ਪੀ ਲਿਆ ਹੋਣੈ । ਲੱਗਾ ਕੇ ਜ਼ੋਰ ਕਦ ਕਿਸ ਮੇਚ ਕੀਤਾ ਵਕਤ ਨੂੰ ਅਪਣੇ, ਰਿੜਕ ਉਸਨੇ ਸਮੁੰਦਰ ਅੰਤ ਨੂੰ ਵੀ ਕੀ ਲਿਆ ਹੋਣੈ । ਕੇਹੀ ਚੁੱਪ ਚਾਂਦ ਹੈ ਅੰਦਰ ਅਤੇ ਇਹ ਮਖ਼ਮਲੀ ਨ੍ਹੇਰਾ, ਛਲਕ ਆਈਆਂ ਤਦੇ ਅੱਖਾਂ ਤੇਰਾ ਨਾ ਹੀ ਲਿਆ ਹੋਣੈ ।