O Mian : Jasvir Singh Shameel
ਓ ਮੀਆਂ : ਸ਼ਮੀਲ
ਭਾਗ ਪਹਿਲਾ
ਇਸ ਸੰਗ੍ਰਹਿ ਦੀ ਛਪੀ ਹੋਈ ਕਿਤਾਬ ਵਿੱਚ ਪਹਿਲਾ ਭਾਗ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਅਰਦਾਸ ਨਾਂ ਦੇ ਭਾਗ ਵਿੱਚ ਓ ਮੀਆਂ ਤੇ ਹੈਰਾਨ ਕਰ ਦੇ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਹਿੱਸੇ ਦੀਆਂ ਕਵਿਤਾਵਾਂ ਵਿੱਚ ਮੁਰਸ਼ਦ ਦੀ ਖਿੱਚ ਤੇ ਕਾਇਨਾਤੀ ਮੁਹੱਬਤ ਦਾ ਰੰਗ ਭਾਰੂ ਹੈ। ਇਹ ਸਾਰੀਆਂ ਕਵਿਤਾਵਾਂ ਰਚਨਾ ਕਾਲ ਦੇ ਹਿਸਾਬ ਨਾਲ ਮੇਰੀਆਂ ਸਭ ਤੋਂ ਨਵੀਆਂ ਕਵਿਤਾਵਾਂ ਹਨ।
ਓ ਮੀਆਂ
ਮੈਂ ਬਜ਼ਾਰਾਂ ਵਿੱਚ ਰੁਲਦਾ ਜੰਗਲ ਦਾ ਬਾਂਸ ਹਾਂ ਤੂੰ ਮੈਨੂੰ ਬੰਸਰੀ ਬਣਾ ਦੇ ਮੇਰੀ ਬੰਜਰ ਹੋਂਦ ਵਿੱਚ ਸੁਰ ਉਗਾ ਦੇ ਇੱਕ ਵਾਰੀ ਤੂੰ ਮੈਨੂੰ ਹੱਥ ਲਾ ਦੇ ਮੈਨੂੰ ਬਾਂਸ ਨੂੰ ਤੂੰ ਬੰਸਰੀ ਬਣਾ ਦੇ ਮੇਰੇ ਸੱਤੇ ਛੇਕ ਬੱਸ ਖਾਲੀ ਸੁਰਾਖ ਹਨ ਜਿਵੇਂ ਇਨ੍ਹਾਂ ਚੋਂ ਸੁਰ ਨਹੀਂ ਨਿਕਲਦੀ ਜਿਵੇਂ ਕੋਈ ਕੁੱਖ ਬਾਂਝ ਹੁੰਦੀ ਹੈ ਜਿਵੇਂ ਸੰਖ ਕੋਈ ਵੱਜਦਾ ਨਹੀਂ ਹੈ ਮੈਂ ਸਭ ਕੋਲ ਜਾ ਆਇਆ ਹਾਂ ਆਤਮਾ ਦੇ ਰੇਗਿਸਤਾਨ ਵਿੱਚ ਭਟਕ ਰਿਹਾ ਹਾਂ ਇਸ ਪਿਆਸੇ ਨੂੰ ਕੋਈ ਖੂਹ ਨਜ਼ਰ ਆਇਆ ਹੈ ਮੈਨੂੰ ਹੁਣ ਤ੍ਰਿਪਤ ਕਰਦੇ ਮਨ ਦੀਆਂ ਸਭ ਦਿਸ਼ਾਵਾਂ ਵਿੱਚ ਮੈਂ ਉਦਾਸੀਆਂ ਕੀਤੀਆਂ ਨੇ ਡਰਾਉਣੇ ਜੰਗਲਾਂ ਰਾਤਾਂ ਠੰਡੀਆਂ ਚੋਟੀਆਂ ਕੰਦਰਾਂ ਤੇ ਭੂਲ ਭਲਈਆਂ ਵਿੱਚ ਭਟਕ ਆਇਆ ਹਾਂ ਤੂੰ ਮੈਨੂੰ ਹੁਣ ਹੱਥ ਲਾ ਦੇ ਤੇ ਸ਼ਾਂਤ ਕਰਦੇ ਦੁਨੀਆ ਨੂੰ ਮੈਂ ਉਸ ਤਰਾਂ ਵੀ ਦੇਖਿਆ ਹੈ ਜਿਵੇਂ ਮਰ ਗਿਆ ਕੋਈ ਅਸਮਾਨ ਤੋਂ ਆਪਣਾ ਪਰਿਵਾਰ ਦੇਖਦਾ ਹੈ ਮੁਹੱਬਤ ਦੀ ਇੱਕ ਨਦੀ ਦੇਖੀ ਸਾਰਾ ਡੁੱਬਕੇ ਜਿਵੇਂ ਕੋਈ ਜਲ- ਟੁੱਭੀ ਲਾਉਂਦਾ ਹੈ ਤਲ ਨਾਲ ਟਕਰਾ ਕੇ ਵਾਪਸ ਆ ਗਿਆ ਹਾਂ ਕਿਨਾਰੇ ਤੇ ਬੈਠਾ ਮੈਂ ਹੁਣ ਕਦੇ ਨਦੀ ਨੂੰ ਦੇਖਦਾਂ ਕਦੇ ਆਪਣੇ ਆਪ ਨੂੰ ਕਦੇ ਮਛੇਰਿਆਂ ਨੂੰ ਇਨਸਾਨੀ ਮੁਹੱਬਤ ਇੱਕ ਬੇਸੁਆਦੀ ਚਿੰਗਮ ਹੈ ਗਿਆਨ ਅੰਤ ਹੀਣ ਤੈਹਾਂ ਵਾਲਾ ਕੋਈ ਫਲ ਹੈ ਜਿਸ ਨੂੰ ਖੋਲ੍ਹਦਿਆਂ ਖੋਲ੍ਹਦਿਆਂ ਤੁਸੀਂ ਸ਼ੂਨਯ ਤੇ ਪਹੁੰਚ ਜਾਂਦੇ ਹੋ ਜਿਵੇਂ ਪਹਾੜੀਆਂ ਉਲੰਘਕੇ ਕੋਈ ਯਾਤਰੀ ਖਾਲੀ ਥਾਂ ਤੇ ਪਹੁੰਚ ਜਾਵੇ ਜੀਵਨ ਜੇ ਨੇਕੀ ਦੀ ਪੌੜੀ ਹੈ ਤਾਂ ਬੰਦੇ ਕੋਲ ਸਿਰਫ ਦੋ ਕਦਮ ਹਨ ਇੱਕ ਗਲਤ, ਇੱਕ ਠੀਕ ਮੈਂ ਇੱਕ ਕਦਮ ਨਾਲ ਇਸ ਨੂੰ ਚੜ੍ਹਨ ਦੀ ਕੋਸ਼ਿਸ ਕੀਤੀ ਜਿਵੇਂ ਯੋਗੀ ਕੋਈ ਇੱਕ ਪੈਰ ਤੇ ਖਲੋਕੇ ਤਪੱਸਿਆ ਕਰਦਾ ਹੈ ਵਾਰ ਵਾਰ ਡਿਗਦਾ ਰਿਹਾ ਤੇਰੇ ਚਰਨਾਂ ਦੇ ਐਨ ਥੱਲੇ ਮੈਂ ਡਿਗਿਆ ਪਿਆ ਹਾਂ ਤੂੰ ਮੈਨੂੰ ਉਠਾ ਲੈ ਧਿਆਨ ਦੀ ਹਰ ਕੋਸ਼ਿਸ ਦੇ ਬਾਵਜੂਦ ਮੈਂ ਬੇਧਿਆਨਾ ਹਾਂ ਚੁੱਪ ਤੇ ਬੰਦ ਅੱਖਾਂ ਪਿੱਛੇ ਮਨ ਸਮੁੰਦਰੀ ਤੁਫਾਨ ਦੀ ਤਰਾਂ ਬਿਹਬਲ ਹੈ ਤੂੰ ਇਸ ਨੂੰ ਸਾਂਭ ਮਨ ਦੀ ਇੱਕ ਦਿਸ਼ਾ ਵਿੱਚ ਸਿਰਫ ਚਟਾਨੀ ਵਾਦੀਆਂ ਹਨ ਨਾ ਕੋਈ ਜੀਵ ਨਾ ਬਨਸਪਤੀ ਸਿਰਫ ਖੁਸ਼ਕ ਹਵਾਵਾਂ ਦੇ ਸਰਕਣ ਦੀ ਅਵਾਜ਼ ਆਉਂਦੀ ਹੈ ਇਸ ਵਿੱਚ ਗਿਆਨ, ਮਹੱਬਤ ਤੇ ਨੈਤਿਕਤਾ ਦੀਆਂ ਸਭ ਨਦੀਆਂ ਸੁੱਕ ਜਾਂਦੀਆਂ ਹਨ ਮੇਰੇ ਮੂੰਹ ਵਿੱਚ ਮੁਹੱਬਤ ਦੀ ਚਿੰਗਮ ਹੈ ਅੱਖਾਂ ਵਿੱਚ ਅਰਥਾਂ ਦਾ ਸ਼ੂਨਯਪਣ ਇੱਕ ਕਦਮ ਤੇ ਖਲੋਣ ਦੀ ਕੋਸ਼ਿਸ਼ ਵਿੱਚ ਮੈਂ ਡਿਗ ਪਿਆ ਹਾਂ ਮੁੜ ਆਇਆ ਹਾਂ ਸਭ ਉਦਾਸੀਆਂ ਤੋਂ ਮਨ ਦੇ ਰੇਗਿਸਤਾਨ ਵਿਚ ਭਟਕਦਾ ਮੈਂ ਨਿਹੱਥਾ ਯਾਤਰੀ ਮੇਰੇ ਕੋਲ ਕੁੱਝ ਵੀ ਨਹੀਂ ਹੈ ਸਿਵਾ ਧਾਰਨਾਵਾਂ ਦੀਆਂ ਕੁੱਝ ਫੌੜੀਆਂ ਦੇ ਇਹ ਫੌੜੀਆਂ ਵੀ ਮੈਂ ਤੇਰੇ ਕਦਮਾਂ ਵਿੱਚ ਰੱਖ ਰਿਹਾ ਹਾਂ ਤੂੰ ਮੇਰਾ ਹੱਥ ਪਕੜ ਲੈ ਇਨਸਾਨ ਦੇ ਅੰਦਰ ਉਤੇਜਨਾ ਦੇ ਕੁੱਝ ਫੋੜੇ ਹਨ- ਮੁਹੱਬਤ ਗਿਆਨ ਨੈਤਿਕਤਾ ਉਤੇਜਨਾ ਦੇ ਇਹ ਸਭ ਫੋੜੇ ਹੁਣ ਫੁਟ ਚੁੱਕੇ ਹਨ ਤੂੰ ਮੈਨੂੰ ਧੋ ਦੇ ਧੁਰ ਅੰਦਰ ਤੱਕ ਤੂੰ ਮੈਨੂੰ ਜਗਾ ਦੇ ਜਿਵੇਂ ਕ੍ਰਿਸ਼ਨ ਦੇ ਹੱਥਾਂ ਵਿੱਚ ਬੰਸਰੀ ਜਗਦੀ ਸੀ ਮੇਰੇ ਛੇਦਾਂ ਨੂੰ ਤੂੰ ਸੁਰ ਬਣਾ ਦੇ ਹੁਣ
ਮੁਰਸ਼ਦ
ਕੋਈ ਛਾਂ ਤੁਰਦੀ ਹੈ ਨਾਲ ਨਾਲ ਕੋਈ ਮੇਰੀਆਂ ਅੱਖਾਂ ਚੋਂ ਦੇਖਦਾ ਹੈ ਮੈਂ ਅੰਨ੍ਹੇਵਾਹ ਦੌੜ ਰਿਹਾ ਸਾਂ ਕੁੱਝ ਕਦਮ ਅੱਗੇ ਮੌਤ ਸੀ ਐਨ੍ਹ ਕੰਢੇ ਤੋਂ ਮੁੜ ਆਇਆ ਇਹ ਕੌਣ ਸੀ ਜੋ ਮੈਨੂੰ ਮੋੜ ਲਿਆਇਆ ਮੈਂ ਜੀਵਨ ਦਾ ਅਣਜਾਣ ਸਿਪਾਹੀ ਘਿਰ ਗਿਆ ਸਾਂ ਚੱਕਰਵਿਊ ਚ ਉਹ ਕੌਣ ਸੀ ਜੋ ਮੈਨੂੰ ਬਾਹਰ ਕੱਢ ਲਿਆਇਆ ਬਹੁਤ ਸਾਰੇ ਮੋੜ ਜੋ ਮੈਂ ਲੰਘ ਆਇਆ ਜਿਵੇਂ ਕੋਈ ਅੱਖਾਂ ਮੀਚਕੇ ਪਰਚੀ ਚੁੱਕਦਾ ਹੈ ਇਹ ਮੋੜ ਹੁਣ ਮੈਂ ਪਿੱਛੇ ਮੁੜਕੇ ਦੇਖਦਾਂ ਕੋਈ ਹੋਰ ਸੀ ਜੋ ਮੇਰੀਆਂ ਅੱਖਾਂ ਚੋਂ ਸੋਚ ਰਿਹਾ ਸੀ ਜੋ ਮੈਨੂੰ ਲੈ ਆਇਆ ਉਹ ਅੰਦਰ ਹੈ ਜਿਵੇਂ ਜ਼ਮੀਰ ਬੋਲਦੀ ਹੈ ਜਿਵੇਂ ਚੁਪ ਗੂੰਜਦੀ ਹੈ ਜਿਵੇਂ ਆਪਣੀਆਂ ਅੱਖਾਂ ਨਾਲ ਮੈਂ ਖੁਦ ਨੂੰ ਹੀ ਦੇਖਦਾ ਹਾਂ ਉਹ ਮੈਨੂੰ ਵੱਡਾ ਕਰਦਾ ਹੈ ਜਿਵੇਂ ਬੱਚਾ ਕੋਈ ਤੁਰਨਾ ਸਿਖਦਾ ਹੈ ਜਿਵੇਂ ਵੱਡਾ ਕੋਈ ਤੈਰਨਾ ਸਿੱਖਦਾ ਹੈ ਜਿਵੇਂ ਰੰਗਰੂਟ ਕੋਈ ਲੜਨਾ ਸਿੱਖਦਾ ਹੈ ਜਿਵੇਂ ਲੜਕੀ ਕੋਈ ਮਾਂ ਬਣਦੀ ਹੈ ਜਿਵੇਂ ਬਿਰਧ ਕੋਈ ਸਿਖਦਾ ਹੈ ਹੰਝੂਆਂ ਨੂੰ ਥੰਮਣਾ ਮੈਂ ਉਸਦੀ ਉਂਗਲ ਫੜੀ ਹੈ
ਅਰਦਾਸ
ਮੈਂ ਕੀ ਅਰਦਾਸ ਕਰਾਂ ਕੁੱਝ ਵੀ ਤਾਂ ਕਮੀ ਨਹੀਂ ਹੈ ਹਰ ਸ਼ੈਅ ਸੰਪੂਰਨ ਹਰ ਪਲ ਹਰ ਕਣ ਤੇਰੇ ਨਾਲ ਭਰਭੂਰ ਹਰ ਉਡੀਕ ਹਰ ਦਰਦ ਹਰ ਮਿਲਣੀ ਤੇਰੇ ਸੇਕ ਨਾਲ ਮਘ ਰਹੀ ਹੈ ਤੂੰ ਮਹਾਂ ਕਲਾਕਾਰ ਹੈਂ ਐਨਾ ਗੁਸਤਾਖ ਕਿਵੇਂ ਹੋਵਾਂ ਕਿ ਤੈਨੂੰ ਸਲਾਹ ਦੇਵਾਂ ਇਸ ਚਿੱਤਰ ਵਿੱਚ ਇਸ ਸੰਗੀਤ ਵਿੱਚ ਕਾਵਿ ਵਿੱਚ ਮੇਰੀ ਅਰਦਾਸ ਵਿਘਨ ਪਾ ਦੇਵੇਗੀ
ਹੈਰਾਨ ਕਰ ਦੇ
ਜਿਵੇਂ ਡਿਗਦੇ ਸੇਬ ਨੂੰ ਦੇਖਕੇ ਨਿਊਟਨ ਹੈਰਾਨ ਹੋਇਆ ਸੀ ਨਾ ਤੂੰ ਮੈਨੂੰ ਹਰ ਲਮਹੇ ਹਰ ਹਰਕਤ ਹਰ ਦ੍ਰਿਸ਼ ਤੋਂ ਉਸੇ ਤਰਾਂ ਹੈਰਾਨ ਕਰਦੇ ਤੇਰੀ ਹਰ ਹਰਕਤ ਵਿੱਚ ਮੁਕਤੀ ਹੈ ਹਰ ਦ੍ਰਿਸ਼ ਵਿੱਚ ਨਿਰਵਾਣ ਹਰ ਸੁਰ ਵਿੱਚ ਗਿਆਨ ਬੱਚੇ ਵੱਡੇ ਹੁੰਦੇ ਹਨ ਬੀਜ ਪੁੰਗਰਦੇ ਹਨ ਪੰਛੀ ਡਰਦੇ ਹਨ ਪਸ਼ੂ ਮੋਹ ਕਰਦੇ ਹਨ ਬੰਦੇ ਗਾਉਂਦੇ ਹਨ ਔਰਤਾਂ ਨ੍ਰਿਤ ਕਰਦੀਆਂ ਹਨ ਮੈਂ ਇਸ ਨੂੰ ਬਿਨ੍ਹਾਂ ਹੈਰਾਨ ਹੋਏ ਦੇਖਦਾਂ ਹਰ ਪੱਤੇ ਦਾ ਚਿਹਰਾ ਹੈ ਹਰ ਚਿਹਰਾ ਵੱਖਰਾ ਹੈ ਹਰ ਅਵਾਜ਼ ਪਛਾਣੀ ਜਾ ਸਕਦੀ ਹੈ ਹਰ ਗੰਧ ਵੱਖਰੀ ਹੈ ਤੇ ਬ੍ਰਹਿਮੰਡ ਦਾ ਕੋਈ ਅੰਤ ਨਹੀਂ ਹੈ ਮੈਂ ਇਸ ਤੇ ਵੀ ਹੈਰਾਨ ਨਹੀਂ ਹੁੰਦਾ ਬਾਲ ਰੋਂਦੇ ਹਨ ਮਾਵਾਂ ਜੋਤ ਜਗਾਉਂਦੀਆਂ ਹਨ ਬਾਪੂ ਦੀਆਂ ਅੱਖਾਂ ਵਿੱਚ ਹੰਝੂ ਨੇ ਧੀਆਂ ਵਿਦਾ ਹੁੰਦੀਆਂ ਹਨ ਮੈਂ ਇਸ ਤੋਂ ਵੀ ਅਚੰਭਿਤ ਨਹੀਂ ਹੁੰਦਾ ਜਹਾਜ਼ ਉਡਦੇ ਹਨ ਲੋਕਾਂ ਕੋਲ ਸੈੱਲ ਫੋਨ ਹਨ ਮੇਰੇ ਟੇਬਲ ਤੇ ਕੰਪਿਊਟਰ ਹੈ ਘਰ ਵਿੱਚ ਟੀਵੀ ਹੈ ਮੈਂ ਕਿਸੇ ਤੋਂ ਵੀ ਹੈਰਾਨ ਨਹੀਂ ਹੁੰਦਾ ਕੋਈ ਮਿਲਦਾ ਹੈ ਅਚਨਚੇਤੇ ਫਕੀਰ ਦੁਆ ਕਰਦੇ ਹਨ ਦਿਲ ਚ ਦਰਦ ਉਠਦਾ ਹੈ ਕੋਈ ਚਲੇ ਜਾਂਦਾ ਹੈ ਹਮੇਸ਼ਾ ਲਈ ਮੈਂ ਫੇਰ ਵੀ ਹੈਰਾਨ ਨਹੀਂ ਹੁੰਦਾ ਜੇ ਤੂੰ ਦਿਆਲ ਹੈਂ ਮੇਰੇ ਤੇ ਤਾਂ ਮੈਨੂੰ ਹਰ ਜ਼ਰੇ ਹਰ ਪਲ ਤੇ ਹੈਰਾਨ ਕਰਦੇ ਸਮੁਚੀ ਕਾਇਨਾਤ ਜਿਵੇਂ ਹੈਰਾਨਗੀ ਦਾ ਨ੍ਰਿਤ ਹੋਵੇ ਤੇ ਜੀਵਨ ਹੈਰਾਨੀ ਦੀ ਨਦੀ
ਦੁਨੀਆ
ਮੈਂ ਤੇਰੇ ਚ ਛਾਲ ਮਾਰੀ ਅੱਖਾਂ ਬੰਦ ਕਰਕੇ ਤਲ ਨਾਲ ਟਕਰਾਕੇ ਉਪਰ ਆ ਗਿਆ ਮੇਰਾ ਤਾਂ ਬੱਸ ਐਨਾ ਹੀ ਮਹਾਂਭਾਰਤ ਹੈ ਦੇਖ ਮੈਂ ਕਿੰਨਾ ਸੰਖੇਪ ਹਾਂ ਉਪਰੋਂ ਤੂੰ ਬਹੁਤ ਸਾਦੀ ਅੰਦਰੋਂ ਬਹੁਤ ਗਹਿਰੀ ਜਿਵੇਂ ਸਮੁੰਦਰ ਹੁੰਦਾ ਹੈ ਕਿਸੇ ਦੇ ਮਨ ਦਾ। ਮੈਂ ਨੀਚੇ ਜਾ ਰਿਹਾ ਸਾਂ ਅੱਖਾਂ ਬੰਦ ਕਰਕੇ ਲਗਦਾ ਸੀ ਉਪਰ ਉਠ ਰਿਹਾ ਹਾਂ ਉਡ ਰਿਹਾ ਹਾਂ ਥੱਲੇ ਵੱਲ ਬੰਦ ਅੱਖਾਂ ਨਾਲ ਕੋਈ ਮਨਚਾਹੇ ਦ੍ਰਿਸ਼ ਦੇਖ ਸਕਦਾ ਹੈ ਗਿਆਨ ਪ੍ਰਾਪਤੀ ਦਾ ਮਤਲਬ ਜੀਵਨ ਦੇ ਤਲ ਨਾਲ ਸਿਰ ਵੱਜਣਾ ਹੁੰਦਾ ਹੈ ਇਹ ਮੈਨੂੰ ਪਤਾ ਨਹੀਂ ਸੀ ਤਲ ਇਹ ਐਨਾ ਠੋਸ ਹੈ ਮੈਨੂੰ ਪਤਾ ਨਹੀਂ ਸੀ ਤੇ ਮਨਾਂ ਦੇ ਵੀ ਤਲ ਹੁੰਦੇ ਹਨ ਇਹ ਵੀ ਮੈਨੂੰ ਪਤਾ ਨਹੀਂ ਸੀ ਮੈਂ ਤੇਰੇ ਤਲ ਨੂੰ ਸਿਰ ਮਾਰਿਆ ਹੈ ਮੈਂ ਵੀ ਕੈਸਾ ਖੋਜੀ ਹਾਂ ਤਲ ਨਾਲ ਸਿਰ ਵੱਜਣ ਤੋ ਉਪਰ ਕੰਢੇ ਤੱਕ ਆਉਣ ਦਾ ਸਫਰ ਜ਼ਿਆਦਾ ਭਿਆਨਕ ਹੈ ਅੰਦਰ ਤੇਰਾ ਬਿਲਕੁਲ ਪੁਰਾਣੇ ਕਿਲੇ ਵਰਗਾ ਹੈ ਜਾਲੇ ਹੀ ਜਾਲੇ ਕਮਰੇ ਹੀ ਕਮਰੇ ਗੁਪਤ ਤਹਿਖਾਨੇ ਰਿਸ਼ਤਿਆਂ ਦੀਆਂ ਬੰਦ ਅਲਮਾਰੀਆਂ ਕਿੰਨਾ ਕੁੱਝ ਹੀ ਮਨ ਦੇ ਸਮੁੰਦਰ ਵਿੱਚ ਤੈਰ ਰਿਹਾ ਸੀ ਰਿਸ਼ਤੇ ਜਾਲਿਆਂ ਵਾਂਗ ਲਟਕ ਰਹੇ ਸਨ ਚਿਹਰੇ ਕਿੰਨੇ ਹੀ ਪੁਰਾਣੀਆਂ ਫਰੇਮਾਂ ਚ ਜੜੇ ਸਨ ਬੰਦੇ ਜੋ ਬੀਤ ਗਏ ਉਨ੍ਹਾਂ ਦੇ ਭੂਤ ਘੁੰਮ ਰਹੇ ਸਨ ਜੋ ਵੀ ਰਹਿ ਗਏ ਇਸ ਕਿਲ੍ਹੇ ਵਿੱਚ ਉਨ੍ਹਾਂ ਸਭ ਦੀਆਂ ਪੈੜਾਂ ਨਿਸ਼ਾਨ ਜਗ੍ਹਾ ਜਗ੍ਹਾ ਭਿਣਕ ਰਹੇ ਸਨ ਸ਼ਬਦਾਂ ਤੇ ਚਿਹਰਿਆਂ ਦਾ ਅੰਦਰਲਾ ਪਾਸਾ ਦਿਸਦਾ ਸੀ ਮਨ ਤੇਰਾ ਇਸ ਤਰਾਂ ਹੈ ਜਿਵੇਂ ਸਮੁੰਦਰ ਵਿੱਚ ਮੱਛੀਆਂ ਦੀ ਸੰਖਿਆ ਬਹੁਤ ਵਧ ਗਈ ਹੋਵੇ ਭੀੜ ਹੀ ਭੀੜ ਖਿਆਲਾਂ ਦੀ ਬੰਦਿਆਂ ਦੀ ਪ੍ਰਭਾਵਾਂ ਦੀ ਜੀਵਨ ਸਾਰੇ ਦਾ ਸਾਰਾ ਥੱਲੇ ਹੈ ਸਤਹਿ ਦੇ ਉਪਰ ਸਿਰਫ ਚਿਹਰੇ ਹਨ ਸ਼ਬਦ ਹਨ ਇਮਾਰਤਾਂ ਹਨ ਕੰਢੇ ਤੇ ਬੈਠਾ ਹੁਣ ਮੈਂ ਸੋਚ ਰਿਹਾਂ ਦੁਨੀਆ ਕਿੰਨੀ ਛੋਟੀ ਹੈ ਬੰਦੇ ਦੇ ਮਨ ਜਿੰਨੀ ਮਨ ਦੀ ਟੁਭੀ ਮਾਰਕੇ ਤੁਸੀਂ ਦੁਨੀਆ ਦਾ ਤਲ ਵੇਖ ਸਕਦੇ ਹੋ
ਮਨ ਦੀ ਤਾਰ
ਇਹ ਦਰਦ ਮੇਰੇ ਮਨ ਦੀ ਕੱਸੀ ਹੋਈ ਤਾਰ ਹੈ ਇਸ ਚੋਂ ਸੁਰ ਨਿਕਲਦੇ ਹਨ ਸਤਰੰਗੇ ਇਹ ਜੋ ਖਿੱਚ ਹੈ ਅਦਿੱਖ ਅਬੁੱਝ ਧੂਹ ਜਿਹੀ ਇਸੇ ਨੇ ਮੈਨੂੰ ਸੁਰ ਚ ਰੱਖਿਆ ਹੈ ਮੈਂ ਵੱਜਦਾ ਹਾਂ ਇਸੇ ਦਰਦ ਨਾਲ ਇਸੇ ਨਾਲ ਸਿਤਾਰ ਵੱਜਦਾ ਹੈ ਮੇਰੇ ਮਨ ਦੀ ਇਸ ਤਾਰ ਦਾ ਇੱਕ ਸਿਰਾ ਅਸਮਾਨ ਵਿੱਚ ਹੈ ਇੱਕ ਪਤਾਲ ਵਿੱਚ ਮੈਂ ਤਾਂ ਉਹ ਥੋੜ੍ਹੀ ਜਿਹੀ ਥਾਂ ਹਾਂ ਜਿਥੇ ਤੇਰੀ ਉਂਗਲ ਛੁੰਹਦੀ ਹੈ ਤੇਰੀ ਇਸ ਖਿੱਚ ਬਿਨਾਂ ਮੈਂ ਸੁਰ ਚ ਨਹੀਂ ਆਉਂਦਾ
ਸਾਗਰ ਵੱਲ
ਸਾਰੀਆਂ ਨਦੀਆਂ ਸਾਗਰ ਵੱਲ ਜਾਂਦੀਆਂ ਹਨ ਸਾਰੇ ਦਰਦ ਰੱਬ ਵੱਲ ਮੈਂ ਵਹਿਣ ਲੱਗਾ ਹਾਂ ਜਿਵੇਂ ਕੋਈ ਨਦੀ ਪਹਿਲੀ ਵਾਰ ਪਹਾੜੋਂ ਉਤਰੀ ਹੋਵੇ ਮੇਰਾ ਇਹ ਤਰਲ ਦਰਦ ਸਾਗਰ ਤੋਂ ਉਰ੍ਹੇ ਕਿੱਥੇ ਰੁਕੇ ਮੁਹੱਬਤ ਇਸ ਧਰਤੀ ਦਾ ਪਾਣੀ ਅਸਮਾਨ ਤੋਂ ਆਇਆ ਅਸਮਾਨ ਵੱਲ ਚਲੇ ਜਾਏਗਾ ਕੁੱਝ ਦਰਦ ਰਹਿ ਜਾਏਗਾ ਸੀਨੇ ਚ ਧਰਤੀ ਹੇਠਲੇ ਪਾਣੀ ਵਾਂਗ ਕਦੇ ਕਦੇ ਫੁੱਟੇਗਾ ਮੈਂ ਪਿਘਲਿਆ ਬੰਦਾ ਤੇਰੇ ਬਿਨਾਂ ਕਿਥੇ ਰੁਕਾਂ ਮੇਰੇ ਸਾਗਰ ਸਾਰੇ ਪਾਣੀ ਸਾਗਰ ਕੋਲ ਹੀ ਤਾਂ ਜਾਂਦੇ ਹਨ ਜਿਵੇਂ ਸਾਰੀ ਮੁਹੱਬਤ ਰੱਬ ਕੋਲ ਸਾਰੇ ਦਰਦ ਅਸਮਾਨ ਕੋਲ ਸਾਰੇ ਅੱਖਰ ਚੁਪ ਕੋਲ
ਵਸਲ ਤੇ ਹਿਜਰ
ਵਸਲ ਤੇ ਹਿਜਰ ਘੁਲੇ ਹਨ ਇੱਕ ਦੂਜੇ ਚ ਜਿਵੇਂ ਸ਼ਾਮ ਵੇਲੇ ਦਿਨ ਤੇ ਰਾਤ ਮਿਲੇ ਹੁੰਦੇ ਹਨ ਨਾ ਕੋਈ ਵਸਲ ਪੂਰਾ ਹੈ ਨਾ ਹਿਜਰ ਜ਼ਿੰਦਗੀ ਕਿੰਨੀ ਸ਼ਾਮ ਜਿਹੀ ਹੈ ਹਰ ਅਹਿਸਾਸ ਅਧੂਰਾ ਹੈ ਜਾਂ ਸਾਰੇ ਅਹਿਸਾਸ ਰਲੇ ਹਨ ਇੱਕ ਦੂਜੇ ਚ ਕੁੱਝ ਵੀ ਪਤਾ ਨਹੀਂ ਲੱਗਦਾ ਜ਼ਿੰਦਗੀ ਸ਼ਾਇਦ ਵਿਛੋੜੇ ਤੇ ਮਿਲਾਪ ਵਿਚਾਲੇ ਲਟਕਦੀ ਪੀੜ ਹੈ ਕੋਈ ਸ਼ਾਮ ਨਾਲ ਇਸ ਦੀ ਸੁਰ ਮਿਲਦੀ ਹੈ ਜਾਗ ਪੈਂਦੀ ਹੈ ਸ਼ਾਮ ਵੇਲੇ ਕਵੀਆਂ ਨੂੰ ਸ਼ਾਮ ਵੇਲੇ ਵੈਰਾਗ ਉਠਦਾ ਹੈ ਨਾ ਤੂੰ ਦੂਰ ਹੈਂ ਨਾ ਨੇੜੇ ਕਿਤੇ ਵਿਚਾਲੇ ਜਿਹੇ ਹੈਂ ਜਿਥੇ ਹੱਥ ਨਹੀਂ ਪਹੁੰਚਦਾ ਅਜੇ ਇੱਕ ਪੀੜ ਜਿਹੀ ਹੈ
ਲਕੀਰ ਦੇ ਪਾਰ
ਖਿੱਚ ਲੈ ਮੈਨੂੰ ਬਾਹੋਂ ਫੜਕੇ ਲਕੀਰ ਦੇ ਉਸ ਪਾਰ ਜਿਸ ਪਾਸੇ ਸਿਰਫ ਤੂੰ ਹੀ ਤੂੰ ਹੈਂ ਤੜਫ ਹੁਣ ਹੋਰ ਸਹਿ ਨਹੀਂ ਹੁੰਦੀ ਇਸ ਪਾਸੇ ਬੋਝਲ ਦੁਨੀਆ ਹੈ ਜਿਸ ਦੇ ਸਭ ਅਕਾਰ ਸਭ ਨਾਂ ਦਿਲੋਂ ਲਹਿ ਗਏ ਨੇ ਇਸ ਪਾਸੇ ਉਪਰਾਮਤਾ ਦਾ ਜੰਗਲ ਉੱਗ ਆਇਆ ਹੈ ਹੁੰਮਸ ਦੀ ਹਵਾ ਵਗਦੀ ਹੈ ਕਿਸੇ ਦ੍ਰਿਸ਼ ਵਿੱਚ ਰੌਸ਼ਨੀ ਨਹੀਂ ਕਿਸੇ ਛੁਹ ਵਿੱਚ ਧੜਕਣ ਨਹੀਂ ਹਰ ਕਿਣਕੇ ਵਿੱਚ ਤੇਰੀ ਕਮੀ ਹੈ ਤੂੰ ਮੈਨੂੰ ਇਸ ਵੀਰਾਨ ਦੁਨੀਆ ਵਿੱਚ ਨਾ ਰੱਖ ਮੈਂ ਇਸ ਲਕੀਰ ਨੂੰ ਟੱਪ ਰਿਹਾ ਹਾਂ ਜਿਵੇਂ ਗ੍ਰਹਿ ਪੰਧ ਤੇ ਪੈਣ ਤੋਂ ਪਹਿਲਾਂ ਕੋਈ ਉਪਗ੍ਰਹਿ ਗੁਰੂਤਾ ਦਾ ਘੇਰਾ ਤੋੜਦਾ ਹੈ ਮੈਂ ਦੌੜ ਰਿਹਾ ਹਾਂ ਤੇਰੇ ਵੱਲ ਤੂੰ ਮੈਨੂੰ ਖਿੱਚ ਲੈ ਜੋਰ ਨਾਲ ਹੋਰ ਜੋਰ ਨਾਲ ਜਿਵੇਂ ਕੋਈ ਡੁੱਬਦੇ ਨੂੰ ਬਚਾਉਂਦਾ ਹੈ ਖਿੱਚ ਲੈ ਮੈਨੂੰ ਉਸ ਪਾਰ ਜਿੱਥੇ ਸਿਰਫ ਤੂੰ ਹੀ ਤੂੰ ਹੈਂ ਜਿਥੇ ਤੇਰੇ ਸਾਹ ਦੀ ਹਵਾ ਹੈ ਤੇ ਤੇਰੀ ਨਜ਼ਰ ਦੀ ਰੌਸ਼ਨੀ ਵਸਾ ਲੈ ਆਪਣੇ ਵਿੱਚ ਦੂਰ ਉੱਡਦੀ ਉਸ ਇੱਲ੍ਹ ਦੀ ਤਰਾਂ ਜਿਹੜੀ ਗਹਿਰੇ ਅਸਮਾਨ ਵਿੱਚ ਨਿਰਉਚੇਚ ਉਡਦੀ ਹੈ
ਤਪੀ ਨਹੀਂ
ਮੁਕਤੀ ਜੇ ਮਰਕੇ ਮਿਲਦੀ, ਮਰ ਜਾਂਦਾ ਚੈਨ ਜੇ ਜਿਊਣ ਵਿੱਚ ਹੁੰਦਾ, ਜਿਊਂ ਲੈਂਦਾ ਇਹ ਜੋ ਮਰ ਮਰ ਕੇ ਜਿਊਣਾ ਹੈ ਇਹ ਜੋ ਡੁੱਬ ਡੁੱਬ ਕੇ ਤਰਨਾ ਹੈ ਇਸ ਦਾ ਕੀ ਕਰਾਂ ਕੋਈ ਤਾਂ ਰਾਹ ਹੋਵੇ ਛੱਡਣ ਦਾ ਜਾਂ ਪਕੜਨ ਦਾ ਤੱਤੇ ਥਮਲਿਆਂ ਨੂੰ ਜੱਫੀਆਂ ਤਾਂ ਨਾ ਪੁਆ ਸਿਰ ਦੇ ਭਾਰ ਤੁਰਨ ਲਈ ਤਾਂ ਨਾ ਕਹਿ ਮੈਂ ਕਿੱਥੇ ਖੁੰਝ ਗਿਆ ਸਾਂ ਮੈਨੂੰ ਨਹੀਂ ਪਤਾ ਇਸ ਜਨਮ ਵਿੱਚ ਜਾਂ ਪਹਿਲਾਂ ਕਿਤੇ ਚਾਹ ਕੇ ਵੀ ਤੇਰੇ ਮੇਚ ਦਾ ਨਹੀਂ ਹੋ ਸਕਦਾ ਮੈਂ ਮਾਂ ਨਹੀਂ ਹਾਂ ਮੈਂ ਐਨੀ ਵਫਾ ਕਿਥੋਂ ਲਿਆਵਾਂ ਮੈਂ ਸਿਰਫ ਤੁਰਨਾ ਜਾਣਦਾ ਹਾਂ ਰਾਹਾਂ ਦੀ ਮੈਨੂੰ ਕੋਈ ਖਬਰ ਨਹੀਂ ਜਿਥੇ ਵੀ ਪਹੁੰਚ ਗਿਆ ਕਬੂਲ ਕਰ ਲਈਂ ਮੈਂ ਕੋਈ ਤਪੀ ਨਹੀਂ ਹਾਂ ਤੇਰਾ ਆਮ ਜਿਹਾ ਬੰਦਾ ਹਾਂ ਪ੍ਰਭੂ
ਅਕਾਸ਼ ਦੇਖਦਾ ਹੈ
ਅਕਾਸ਼ ਦੇਖਦਾ ਹੈ ਬਿਨਾਂ ਅੱਖਾਂ ਤੋਂ ਬਿਨਾਂ ਅੱਖਾਂ ਦੇ ਮੈਨੂੰ ਅਕਾਸ਼ ਦੇਖਦਾ ਹੈ ਅਕਾਸ਼ ਹਰ ਜਗ੍ਹਾ ਮੌਜੂਦ ਹੈ ਹਰ ਦਿਸ਼ਾ ਵਿਚ ਹਰ ਦ੍ਰਿਸ਼ ਵਿਚ ਮੈਂ ਹਰ ਦ੍ਰਿਸ਼ ਅਤੇ ਦਿਸ਼ਾ ਵਿਚ ਅਕਾਸ਼ ਦੇਖਦਾ ਹਾਂ ਮੇਰੇ ਕੋਲ ਤੇਰੀ ਕੋਈ ਤਸਵੀਰ ਨਹੀਂ ਹੈ ਮੈਂ ਤੈਨੂੰ ਬਿਨਾਂ ਤਸਵੀਰ ਦੇ ਦੇਖਦਾ ਹਾਂ ਸਾਰੇ ਅਕਾਸ਼ ਵਿਚੋਂ ਅਕਾਸ਼ ਦੀ ਕੋਈ ਤਸਵੀਰ ਨਹੀਂ ਹੁੰਦੀ ਸਿਰਫ ਇਕ ਝਲਕ ਹੁੰਦੀ ਹੈ ਅਕਾਸ਼ ਦਿਸਦਾ ਹੈ ਨਿੱਕੀਆਂ ਨਿੱਕੀਆਂ ਝਲਕੀਆਂ ਵਿਚ ਕਿਤੇ ਧੁੰਧਲਾ, ਕਿਤੇ ਰੌਸ਼ਨੀ ਦੀ ਕੋਈ ਕਣੀ ਮੈਂ ਅੱਖਾਂ ਵਾਲਾ ਇਨਸਾਨ ਤੈਨੂੰ ਕਿਵੇਂ ਚਿਤਰਾਂ ਮੈਂ ਤੇਰੀ ਕੀ ਤਸਵੀਰ ਬਣਾਵਾਂ ਮੇਰੇ ਕੋਲ ਤੇਰੀ ਕੋਈ ਤਸਵੀਰ ਨਹੀਂ ਹੈ ਪਿਆਰ ਦੀ ਕੋਈ ਤਸਵੀਰ ਨਹੀਂ ਬਣਦੀ ਇਕ ਨਾਦ ਇਕ ਅਵਾਜ਼ ਵਜਦੀ ਹੈ ਨਿਰੰਤਰ ਨਬਜ਼ ਦੀ ਤਰਾਂ ਸਾਹਾਂ ਵਿਚ ਰਾਤ ਦੀ ਰਾਣੀ ਫੈਲੀ ਹੈ
ਦਰਦ ਬਹੁਤ ਹੈ
ਮੈਨੂੰ ਨਹੀਂ ਪਤਾ ਇਹ ਦਰਦ ਕਿਸ ਦਾ ਹੈ ਯੋਗ ਦਾ ਵਿਯੋਗ ਦਾ ਜਾਂ ਭਰਮਾਂ ਦੇ ਤਿੜਕਣ ਦਾ ਪਰ ਇਹ ਦਰਦ ਬਹੁਤ ਹੈ ਭਰਮ ਜੇ ਬਣਿਆ ਰਹਿੰਦਾ ਤੇਰੀ ਮਾਇਆ ਦਾ ਸੁੱਤਿਆਂ ਸਫਰ ਲੰਘ ਜਾਣਾ ਸੀ ਜ਼ਿੰਦਗੀ ਇੰਝ ਹੀ ਤਾਂ ਕੱਟਦੀ ਹੈ ਭੇਤ ਜਦ ਖੁਲ੍ਹ ਗਏ ਨੇ ਹੁਣ ਹੁਣ ਕੋਈ ਚਾਰਾ ਨਹੀਂ ਹੈ ਵਜੂਦ ਬੰਦੇ ਦਾ ਹੋਰ ਕੁੱਝ ਵੀ ਨਹੀਂ ਹੈ ਸਾਬਣ ਦੀ ਟਿੱਕੀ ਵਾਂਗ ਬੱਸ ਘਸਦੇ ਜਾਣਾ ਹੈ ਜਾਂ ਬੁਝ ਜਾਣਾ ਹੈ ਦੀਵੇ ਵਾਂਗ ਸਭ ਮਿਲਾਪ ਗੁਬਾਰਿਆਂ ਵਰਗੇ ਹਨ ਫੁੱਟਦਿਆਂ ਪਤਾ ਨਹੀਂ ਲੱਗਦਾ ਰਿਸ਼ਤੇ ਸਭ ਮਿੱਟੀ ਦੇ ਖਿਡੌਣੇ ਹਨ ਖੁਰਦਿਆਂ ਦੇਰ ਨਹੀਂ ਲਾਉਂਦੇ ਤੇ ਅਰਥ ਸਭ ਆਈਸਕਰੀਮ ਵਰਗੇ ਹੱਥਾਂ ਚ ਹੀ ਪਿਘਲ ਜਾਂਦੇ ਹਨ ਭੇਤਾਂ ਦਾ ਖੁਲ੍ਹਣਾ ਵੀ ਕਿੰਨਾ ਪੀੜਾਦਾਇਕ ਹੈ
ਪੁਕਾਰ
ਨਾ ਪੌਣ ਇਹ ਸੁਨੇਹਾ ਲਿਜਾਂਦੀ ਹੈ ਨਾ ਪੰਛੀ ਨਾ ਝੱਲੇ ਬੱਦਲ ਕਦੇ ਕਦੇ ਮੇਰਾ ਸੁਨੇਹਾ ਤੇਰੇ ਤੱਕ ਕੋਈ ਨਹੀਂ ਪਹੁੰਚਾਉਂਦਾ ਉਦੋਂ ਮੈਂ ਤੈਨੂੰ ਕਿਵੇਂ ਪੁਕਾਰਾਂ ਭਾਵ ਇਹ ਬੋਝਲ ਜਿਹੇ ਨੇ ਸ਼ਾਮ ਜਦ ਢਲਦੀ ਹੈ ਤਾਂ ਪੂਰੀ ਕਾਇਨਾਤ ਇੱਕ ਬੰਦ ਕੋਠੜੀ ਬਣ ਜਾਂਦੀ ਹੈ ਜੀ ਕਰਦਾ ਹੈ ਕਿ ਕੋਈ ਆਵੇ ਤੇ ਤੇਰੇ ਵੱਲ ਖੁਲ੍ਹਦੀ ਕੋਈ ਬਾਰੀ ਖੋਲ੍ਹ ਦੇਵੇ ਅਚਾਨਕ ਤੇਰੀ ਮਹਿਕ ਘੁਲ ਜਾਵੇ ਜਿਵੇਂ ਦਮ ਘੁੱਟਦੇ ਇਨਸਾਨ ਨੂੰ ਸਾਹ ਆਉਂਦਾ ਹੈ ਰਾਤ ਜਦ ਸੌਂਦੀ ਹੈ ਤੇਰੇ ਨਾਲ ਨੀਂਦਰਾਈ ਪੌਣ ਹੌਲੀ ਹੌਲੀ ਚੱਲਦੀ ਹੈ ਨਬਜ਼ ਮੇਰੀ ਨਾਲ ਤਾਲ ਮਿਲਾਉਂਦੀ ਹੈ ਤੇਰੇ ਤੇ ਮੇਰੇ ਵਿਚਕਾਰਲੀ ਦੂਰੀ ਪੂਰੇ ਅਸਮਾਨ ਨੂੰ ਘੇਰ ਲੈਂਦੀ ਹੈ ਉਸ ਪਲ ਧਰਤੀ ਤੇ ਮਨ ਨਹੀਂ ਲੱਗਦਾ ਸੋਚਦਾਂ ਤੈਨੂੰ ਪੁਕਾਰ ਲਵਾਂ ਪਰ ਅਵਾਜ਼ਾਂ ਵੀ ਜਜ਼ਬਿਆਂ ਨੂੰ ਨਹੀਂ ਚੁੱਕ ਸਕਦੀਆਂ ਸ਼ਾਇਦ ਬੋਲ ਚੁੱਪ ਨੂੰ ਨਹੀਂ ਬੋਲ ਸਕਦੇ ਉਦਾਸੀ ਸ਼ਬਦਾਂ ਚ ਵੀ ਸਮਾਈ ਨਹੀਂ ਜਾਂਦੀ ਪਰ ਮੈਂ ਤੈਨੂੰ ਪੁਕਾਰਨਾ ਚਾਹੁੰਦਾ ਉਹ ਪੁਕਾਰ ਜਿਹੜੀ ਬਿਨਾ੍ਹਂ ਪੁਕਾਰਿਆਂ ਸੁਣਦੀ ਹੈ ਜਿਹੜੀ ਬੋਲਾਂ, ਅਵਾਜ਼ਾਂ ਦੇ ਵਿਚਕਾਰੋਂ ਲੰਘ ਜਾਂਦੀ ਹੈ ਜਿਹੜੀ ਪੁਕਾਰ ਰੱਬ ਨੂੰ ਸੁਣਦੀ ਹੈ ਦਰਵੇਸ਼ ਜਿਸ ਪੁਕਾਰ ਦੇ ਗਵਾਹ ਹੋਣ ਕੋਈ ਐਸੀ ਪੁਕਾਰ ਮੈਂ ਕਿਵੇਂ ਪੁਕਾਰਾਂ
ਬੇਨਾਮ
ਕਵਿਤਾ ਜੇ ਚਿਤਰ ਸਕਦੇ ਸੰਗੀਤ ਜੇ ਲਿਖ ਹੁੰਦਾ ਪੇਂਟਿੰਗ ਜੇ ਗਾ ਸਕਦੇ ਤਾਂ ਮੈਂ ਤੈਨੂੰ ਕੋਈ ਨਾਂ ਦਿੰਦਾ ਸ਼ਬਦ ਤਾਂ ਇੰਝ ਹਨ ਜਿਵੇਂ ਚਿਮਟੀ ਨਾਲ ਮਨ ਪਕੜਨ ਲੱਗੀਏ ਜਾਂ ਪਾਣੀ ਚ ਤੇਰਾ ਨਾਂ ਲਿਖੀਏ ਮੁੱਠੀਆਂ ਨਾਲ ਹਵਾ ਢੋਣ ਲੱਗੀਏ ਸ਼ਬਦ ਤਾਂ ਮੇਰੇ ਮਨ ਦਾ ਸਹਾਰਾ ਹਨ ਬੱਸ ਤੂੰ ਇੰਝ ਹੀ ਰਹਿ ਨਿਰਾਕਾਰ ਬੇਨਾਮ ਗੁੰਮਨਾਮ ਜੀਵਨ ਅਸਲ ਵਿੱਚ ਸਾਗਰ ਹੈ ਸ਼ਬਦ ਛੋਟੀਆਂ ਛੋਟੀਆਂ ਹੌਦੀਆਂ ਇਨ੍ਹਾਂ ਵਿੱਚ ਅਸੀਂ ਵੁਜ਼ੂ ਕਰਦੇ ਹਾਂ ਚੱਲ ਫੇਰ ਮੈਂ ਅੱਜ ਤੈਨੂੰ ਕੋਈ ਨਾਂ ਨਹੀਂ ਦਿੰਦਾਂ ਇੰਝ ਹੀ ਰਹਿ ਮੇਰੇ ਸਾਹਮਣੇ ਨਿਰਾ ਚਿਹਰਾ ਜਿਸ ਦਾ ਕੋਈ ਅਕਾਰ ਨਹੀਂ ਹੈ
ਨੰਗਾ ਸੱਚ
ਭਰਮ ਜਦ ਟੁੱਟ ਗਿਆ ਹੈ ਮਨ ਜਦ ਮੁੜ ਹੀ ਗਿਆ ਹੈ ਮੈਨੂੰ ਹੁਣ ਕਿਸੇ ਸੱਚ ਤੋਂ ਡਰ ਨਹੀਂ ਲੱਗਦਾ ਜਿੰਨੀ ਦੇਰ ਇਹ ਝੂਠ ਵਿੱਚ ਲਿਪਟਿਆ ਸੀ ਡਰਾਉਂਦਾ ਸੀ ਡਰ ਸਿਰਫ ਓਹਲਿਆਂ ਦਾ ਹੀ ਤਾਂ ਹੈ- ਓਹਲਿਆਂ ਦੇ ਹਟ ਜਾਣ ਦਾ ਡਰ ਨੰਗੀ ਅੱਖ ਨਾਲ ਸੂਰਜ ਨੂੰ ਦੇਖ ਸਕਣ ਦਾ ਡਰ ਜ਼ਿੰਦਗੀ ਸ਼ਾਇਦ ਓਹਲਿਆਂ ਦਾ ਹੀ ਦੂਸਰਾ ਨਾਮ ਹੈ ਜਿਵੇਂ ਰਿਸ਼ਤੇ ਲਿਪਟੇ ਹਨ ਮੁਹੱਬਤ ਦੇ ਗਿਫਟ ਰੈਪ ਵਿੱਚ ਅਰਥ ਲਿਪਟੇ ਹਨ ਸ਼ਬਦਾਂ ਵਿੱਚ ਨੰਗਾ ਜੀਵਨ ਲਿਪਟਿਆ ਹੈ ਬੁਲੰਦ ਖਿਆਲਾਂ ਵਿੱਚ ਮੌਤ ਲਿਪਟੀ ਹੈ ਜ਼ਿੰਦਗੀ ਵਿੱਚ ਪਰਦੇ ਹੁਣ ਹਟ ਗਏ ਹਨ ਤਾਂ ਮੈਨੂੰ ਡਰ ਕੋਈ ਨਹੀਂ ਹੈ ਰਿਸ਼ਤੇ ਅਰਥ ਜੀਵਨ ਤੇ ਮੌਤ ਸਾਰੇ ਹੀ ਤਾਂ ਬੇਪਰਦ ਹੋ ਚੁੱਕੇ ਹਨ ਮੈਨੂੰ ਤੈਨੂੰ ਦੇਖ ਲਿਆ ਹੈ ਹਰ ਤਰਾਂ ਦੇ ਕੱਜਣਾਂ ਤੋਂ ਬਗੈਰ ਹੁਣ ਮੈਂ ਕੁੱਝ ਵੀ ਦੇਖ ਸਕਦਾ ਹਾਂ
ਸਭ ਅੰਦਰ
ਸੱਚ ਸਭ ਦੇ ਅੰਦਰ ਹੈ ਹਿੰਮਤ ਕਿਸੇ ਕਿਸੇ ਦੇ ਸਭ ਦੇ ਅੰਦਰ ਰੱਬ ਹੈ ਡਾਕੂਆਂ ਅੰਦਰ ਕਵਿਤਾ ਲੀਡਰਾਂ ਅੰਦਰ ਧਰਮ ਬੇਈਮਾਨਾਂ ਅੰਦਰ ਇਮਾਨਦਾਰੀ ਕਾਤਲਾਂ ਅੰਦਰ ਰਹਿਮ ਮੇਰੇ ਅੰਦਰ ਮੁਹੱਬਤ ਤੇਰੇ ਅੰਦਰ ਵਫਾਦਾਰੀ ਕੋਈ ਵੀ ਅਜਿਹਾ ਨਹੀਂ ਹੈ ਜਿਸ ਅੰਦਰ ਸੱਚ ਮੌਜੂਦ ਨਾ ਹੋਵੇ ਸਿਰਫ ਹਿੰਮਤ ਨਹੀਂ ਹੈ ਦੇਖ ਸਕਣ ਦੀ ਪਛਾਣ ਸਕਣ ਦੀ ਫੜ ਸਕਣ ਦੀ ਜਿਊ ਸਕਣ ਦੀ ਸੱਚ ਹੋਣ ਤੇ ਸੱਚ ਜਿਊ ਸਕਣ ਵਿੱਚਕਾਰ ਇੱਕ ਡੂੰਘੀ ਖਾਈ ਹੈ ਜਿਵੇਂ ਵਫਾ ਤੇ ਬੇਵਫਾਈ ਵਿਚਕਾਰ ਹੁੰਦੀ ਹੈ ਇਹ ਖਾਈ ਤੰਗ ਕਰਦੀ ਹੈ ਕਦੇ ਥੋੜ੍ਹੀ ਕਦੇ ਬਹੁਤੀ ਜਿਵੇਂ ਕਾਤਲਾਂ ਨੂੰ ਪਛਤਾਵਾ ਹੁੰਦਾ ਹੈ ਜਿਵੇਂ ਬੇਈਮਾਨ ਆਪਣੇ ਬੱਚਿਆਂ ਬਾਰੇ ਸੋਚਦੇ ਹਨ ਜਿਵੇਂ ਬੇਵਫਾ ਨੂੰ ਉਬਾਲ ਉਠਦਾ ਹੈ ਕਦੇ ਕਦੇ ਰੱਬ ਜਿਵੇਂ ਯਾਦ ਆਉਂਦਾ ਹੈ ਦੁਖ ਵੇਲੇ ਸੱਚ ਸੁੱਕਦਾ ਨਹੀਂ ਹੈ ਜ਼ਮੀਨ ਹੇਠ ਪਾਣੀ ਨਹੀਂ ਮੁੱਕਦਾ ਅਸਮਾਨ ਅੰਦਰ ਬਾਰਸ਼ ਨਹੀਂ ਮੁੱਕਦੀ ਰਾਤਾਂ ਅੰਦਰ ਪ੍ਰਕਾਸ਼ ਨਹੀਂ ਮੁੱਕਦਾ ਬੰਦਿਆਂ ਅੰਦਰ ਮੁਹੱਬਤ ਨਹੀਂ ਮੁੱਕਦੀ ਮੁਹੱਬਤਾਂ ਅੰਦਰ ਵਫਾ ਨਹੀਂ ਮੁੱਕਦੀ ਹਿੰਮਤ ਵਿਰਲਿਆਂ ਕੋਲ ਹੈ ਬੇਵਫਾਈਆਂ ਛੱਡ ਸਕਣ ਦੀ ਮਨਾਂ ਨੂੰ ਮਾਰ ਸਕਣ ਦੀ ਪਿੱਛੇ ਮੁੜ ਸਕਣ ਦੀ ਵਿਦਾਇਗੀ ਲੈ ਸਕਣ ਦੀ ਮੁਹੱਬਤ ਨਿਭਾ ਸਕਣ ਦੀ ਕਵਿਤਾ ਜਿਊ ਸਕਣ ਦੀ ਸਚਾਈ ਦੀ ਝਲਕ ਸਭ ਦੇਖਦੇ ਹਨ ਆਪਣੇ ਅੰਦਰ ਕਦੇ ਕਦੇ ਕਦੇ ਕਦੇ ਜਿਵੇਂ ਕੋਈ ਯਾਦ ਆਉਂਦਾ ਹੈ
ਰੱਬ ਦਾ ਤੋਹਫਾ
ਦੁਖ ਮੇਰੇ ਮਨ ਵਿੱਚ ਸੁਰਾਖ ਕਰਦੇ ਹਨ ਦੁਖ ਮੇਰੀ ਆਤਮਾ ਤੱਕ ਪਹੁੰਚਦੇ ਹਨ ਦੁਖ ਜਦ ਦੁਖਦੇ ਹਨ ਮੈਂ ਆਪਣੇ ਧੁਰ ਅੰਦਰ ਤੱਕ ਜਾਗਦਾ ਹਾਂ ਇਹ ਮੇਰੇ ਮਨ ਦੀ ਚੀੜ੍ਹੀ ਦੀਵਾਰ ਨੂੰ ਚੀਰਦੇ ਹਨ ਹੌਲੇ ਹੌਲੇ ਰੱਬ ਨੇ ਜਦ ਬੰਦਾ ਸਾਜਿਆ ਤਾਂ ਇੱਕ ਤੋਹਫਾ ਦਿੱਤਾ ਦੁਖਾਂ ਵਿਚ ਲਪੇਟ ਕੇ ਬੰਦਾ ਇਸ ਤੋਹਫੇ ਨੂੰ ਖੋਲ੍ਹਣ ਤੋਂ ਡਰਦਾ ਹੈ ਦਿਲ ਜਿਵੇਂ ਪਿਘਲਣ ਤੋਂ ਡਰਦਾ ਹੈ ਅੱਖਾਂ ਜਿਵੇਂ ਹੰਝੂਆਂ ਤੋਂ ਡਰਦੀਆਂ ਹਨ ਬੱਚੇ ਜਿਵੇਂ ਟੀਕੇ ਤੋਂ ਡਰਦੇ ਹਨ ਦੁਖਾਂ ਦੀ ਖੁਰਦਰੀ ਪਰਤ ਅੰਦਰ ਇੱਕ ਸ਼ੀਸ਼ਾ ਲੁਕਿਆ ਹੈ ਜਿਸ ਸ਼ੀਸ਼ੇ ਚੋਂ ਆਤਮਾ ਦਿਸਦੀ ਹੈ ਜਿਸ ਵਿਚੋਂ ਮਨ ਦੇ ਆਰ ਪਾਰ ਦਿਸਦਾ ਹੈ ਹਰ ਦੁਖ ਕੋਈ ਸੁਨੇਹਾ ਹੈ ਸ਼ਾਇਦ ਕਿ ਦੁਖਾਂ ਦੀ ਇਸ ਪਰਤ ਅੰਦਰ ਰੱਬ ਦਾ ਕੋਈ ਤੋਹਫਾ ਲੁਕਿਆ ਹੈ ਜਿਨ੍ਹਾਂ ਨੂੰ ਇਹ ਤੋਹਫਾ ਲੱਭ ਜਾਂਦਾ ਹੈ ਉਹ ਦੁਨੀਆ ਨੂੰ ਇਸ ਤਰਾਂ ਦੇਖਦੇ ਹਨ ਜਿਵੇਂ ਰੋਣ ਤੋਂ ਬਾਅਦ ਕੋਈ ਮਹਿਬੂਬ ਨੂੰ ਦੇਖਦਾ ਹੈ
ਪਰਦਾ
ਐਨੀ ਬੇਪਰਦ ਜ਼ਿੰਦਗੀ ਕਿਵੇਂ ਦੇਖਾਂ ਥੋੜ੍ਹੀ ਜਿਹੀ ਢਕੀ ਰਹਿਣ ਦੇ ਇਹ ਮਹਿਜ਼ ਇੱਕ ਪਰਦਾ ਹੈ ਤੇ ਅਸੀਂ ਪਾਤਰ ਜਿਨ੍ਹਾਂ ਦੀ ਯਾਦਾਸ਼ਤ ਗੁਆਚ ਗਈ ਹੈ ਨਾਟਕ ਜੇ ਚਲਦਾ ਰੱਖਣਾ ਹੈ ਤਾਂ ਇਸ ਨੂੰ ਢਕੀ ਰਹਿਣ ਦੇ ਮੈਂ ਕਿਵੇਂ ਦੇਖਾਂਗਾ ਇਸ ਦਾ ਅਸਲ ਰੂਪ ਪਰਦੇ ਓਹਲੇ ਸਭ ਕੁੱਝ ਡਰਾਉਣਾ ਹੈ- ਚਿਹਰਿਆਂ ਪਿੱਛੇ ਮਨ ਸ਼ਬਦਾਂ ਓਹਲੇ ਸੱਚ ਰਿਸ਼ਤਿਆਂ ਓਹਲੇ ਬੇਵਫਾਈ ਨੰਗੀ ਅੱਖ ਨਾਲ ਕੀ ਕੀ ਦੇਖਾਂ -ਦਹੀਂ ਵਿੱਚ ਚੱਲਦੇ ਜੀਵ ਦਿਸਦੇ ਹਨ -ਚਿਹਰਿਆਂ ਤੇ ਵਸੀ ਬੈਕਟੀਰੀਆ ਸਭਿਅਤਾ -ਆਪਣੇ ਹੀ ਹੱਥਾਂ ਤੋਂ ਡਰ ਆਉਂਦਾ ਹੈ ਚਿਹਰੇ ਹਟਾਵਾਂ ਤਾਂ ਮਨ ਦਿਸਦੇ ਹਨ ਕੁਰਬਲ ਕੁਰਬਲ ਕਰਦੇ ਸ਼ਬਦ ਛੂਹਾਂ ਤਾਂ ਨਿਰੇ ਚਿਪਸ ਦੇ ਪੈਕਟ ਹਨ ਸਿਰਫ ਹਵਾ ਨਾਲ ਭਰੇ ਹਨ ਤੇ ਰਿਸ਼ਤੇ ਸਿਰਫ ਭ੍ਰਾਂਤੀ ਹੈ ਮੈਂ ਰਿਸ਼ਤਿਆਂ ਦੇ ਅੰਦਰ ਝਾਕਿਆ ਤੇ ਡਰ ਕੇ ਦੌੜ ਆਇਆ ਕਿਸੇ ਨੂੰ ਕੀ ਦੱਸਾਂ ਪਰਦਿਆਂ ਓਹਲੇ ਕੀ ਹੈ ਸਭ ਪਾਰਦਰਸ਼ੀ ਹੋ ਗਿਆ ਹੈ ਚਿਹਰੇ, ਸ਼ਬਦ, ਰਿਸ਼ਤੇ ਮਨਾਂ ਦੀ ਕੁਰਬਲ ਭਿਣਕਦੇ ਰਿਸ਼ਤੇ ਫਟੇ ਹੋਏ ਸ਼ਬਦ ਹਿੰਮਤ ਨਹੀਂ ਹੈ ਇਸ ਨੂੰ ਦੇਖਣ ਦੀ ਜੀਵਨ ਦੀ ਇਸ ਲੀ੍ਹਲਾ ਨੂੰ ਢਕੀ ਰਹਿਣ ਦੇ ਮੌਲਾ
ਮਨ ਤੇ ਜ਼ਿੰਦਗੀ
ਜ਼ਿੰਦਗੀ ਅਜੀਬ ਸ਼ੈਅ ਹੈ ਬੰਦੇ ਦੇ ਮਨ ਵਾਂਗ ਕਿਸੇ ਵੀ ਪਾਸਿਓਂ ਪਕੜੀ ਨਹੀਂ ਜਾ ਸਕਦੀ ਕਿਸੇ ਪ੍ਰੀਭਾਸ਼ਾ ਚ ਨਹੀਂ ਟਿਕਦੀ ਅਸਥਿਰ ਤੇ ਤਰਲ ਰਿਸ਼ਤਿਆਂ ਵਾਂਗ, ਬੇਵਫਾ ਬੰਦਿਆਂ ਵਾਂਗ, ਘੁਟੀ ਜਿਹੀ ਘਰਾਂ ਵਾਂਗ, ਡਰੀ ਜਿਹੀ ਮੁਹੱਬਤ ਵਾਂਗ, ਨਿੱਤ ਬਦਲਦੀ ਖਿਆਲਾਂ ਵਾਂਗ, ਜ਼ਿੰਦਗੀ ਕੋਈ ਨਦੀ ਹੋਣੀ ਹੈ ਫਿਰ ਵੀ ਕੁੱਝ ਹੈ ਜੋ ਇਸਦੇ ਪਿੱਛੇ ਹੈ ਕੋਈ ਧਾਗਾ ਜਿਸ ਚ ਤਾਰੇ ਪਿਰੋਏ ਹਨ ਜਿਸ ਤੇ ਧਰਤੀ ਖੜ੍ਹੀ ਹੈ ਜਿਸ ਦੁਆਲੇ ਸੂਰਜ ਘੁੰਮਦਾ ਹੈ ਕੁੱਝ ਤਾਂ ਹੈ ਮਨ ਵੀ ਤਾਂ ਬੰਦੇ ਦਾ ਅਜੀਬ ਹੈ ਜਿੰਦਗੀ ਵਾਂਗ
ਲਾਈਟ ਐਂਡ ਸਾਊਂਡ
ਜ਼ਿੰਦਗੀ ਵੀ ਅਜੀਬ ਮਾਇਆ ਹੈ ਝੂਠੀ ਮੁਹੱਬਤ ਵਰਗੀ ਜਿਸ ਨੂੰ ਤੁਸੀਂ ਰੱਬ ਸਮਝਦੇ ਹੋ ਉਹ ਬੰਦਾ ਨਿਕਲਦਾ ਹੈ ਜਿਸ ਨੂੰ ਮਨ ਸਮਝਦੇ ਹੋ ਉਹ ਨਿਰਾ ਜਿਸਮ ਵਿਸ਼ਵਾਸ਼ ਸਾਡੀਆਂ ਅੱਖਾਂ ਦੀ ਰੌਸ਼ਨੀ ਹੈ ਸ਼ਾਇਦ ਇਸ ਅਦਿਖ ਰੌਸ਼ਨੀ ਨਾਲ ਅਸੀਂ ਰੰਗ ਦਿੰਦੇ ਹਾਂ ਚਿਹਰਿਆਂ ਨੂੰ ਬੰਦਿਆਂ ਨੂੰ ਖੁਦਾ ਬਣਾ ਲੈਂਦੇ ਹਾਂ ਰਾਤ ਦੀਆਂ ਰੌਸ਼ਨੀਆਂ ਵਿੱਚ ਸ਼ਹਿਰ ਜਿਵੇਂ ਚਮਕਦੇ ਹਨ ਦਿਨ ਚੜ੍ਹਦਾ ਹੈ ਤਾਂ ਦਿਸਦਾ ਹੈ ਕੂੜਾ ਨਾਲੀਆਂ ਤੇ ਬਦਬੂਦਾਰ ਗਲੀਆਂ ਜ਼ਿੰਦਗੀ ਲਾਈਟ ਐਂਡ ਸਾਊਂਡ ਦਾ ਡਰਾਮਾ ਹੀ ਤਾਂ ਹੈ ਸ਼ਾਇਦ
ਥੋੜ੍ਹੀ ਥੋੜ੍ਹੀ ਨਮੀ
ਜ਼ਿੰਦਗੀ ਥੋੜ੍ਹੀ ਥੋੜ੍ਹੀ ਨਮੀ ਹੈ ਥੋੜ੍ਹਾ ਥੋੜ੍ਹ ਸੇਕ ਕਿਸੇ ਵੀ ਸ਼ੈਅ ਨੂੰ ਪਲਟ ਕੇ ਦੇਖੋ ਕਿਸੇ ਵੀ ਦ੍ਰਿਸ਼ ਦੇ ਗਹਿਰੇ ਉਤਰ ਜਾਓ ਕਾਹਲੀ ਵਿੱਚ ਦੌੜਦੇ ਲੋਕ ਤੇਜ਼ ਰਫਤਾਰ ਕਾਰਾਂ ਸੜਕਾਂ ਤੇ ਚੱਲਦੀਆਂ ਰੌਸ਼ਨੀਆਂ ਸਾਰਿਆਂ ਦੇ ਪਿੱਛੇ ਥੋੜ੍ਹਾ ਥੋੜ੍ਹਾ ਦਰਦ ਧੜਕ ਰਿਹਾ ਹੈ ਖੂਬਸੂਰਤ ਜਿਸਮ ਚਮਕਦੇ ਮੇਕਅੱਪ ਖੁਸ਼ਬੂਆਂ ਕਿਸੇ ਦੀ ਵੀ ਗੁੱਝੀ ਸੱਟ ਨੂੰ ਹੱਥ ਲਾਓ ਫਿਸ ਪਏਗਾ ਇਹ ਤੇਰੀ ਮੌਜੂਦਗੀ ਹੈ ਜਾਂ ਗੈਰ ਮੌਜੂਦਗੀ ਜੋ ਹਰ ਸ਼ੈਅ ਵਿੱਚ ਖਟਕ ਰਹੀ ਹੈ? ਜੋ ਮੇਰੇ ਨਾਲ ਨਾਲ ਤੁਰਦੀ ਹੈ
ਜਿਸਮ ਦੀ ਮਿੱਟੀ
ਜਿਸਮ ਇਹ ਮੇਰਾ ਨਿਰੀ ਮਿੱਟੀ ਮੈਂ ਇਸ ਨੂੰ ਕਿਵੇਂ ਧੋਵਾਂ? ਧੋਂਦਾ ਹਾਂ ਤਾਂ ਹੋਰ ਖੁਰਦਾ ਹੈ ਇਹ ਰੋਜ਼ ਮੁੱਕ ਰਿਹਾ ਹੈ ਪਰ ਇਸ ਦੀ ਮੈਲ ਨਹੀਂ ਮੁੱਕਦੀ ਸ਼ਾਇਦ ਇਹ ਮੁੱਕ ਕੇ ਹੀ ਮੁਕਤ ਹੁੰਦਾ ਹੈ ਆਪਣੇ ਆਪ ਨੂੰ ਰੋਜ਼ ਖੋਰਦੇ ਜਾਣਾ ਸ਼ਾਇਦ ਇਹੀ ਜੀਵਨ ਹੈ ਨਿੱਤ ਦਾ ਖੁਰਨਾ ਹੀ ਅਸਲ ਕਹਾਣੀ ਹੈ ਮੈਂ ਹੁਣ ਕੁੱਝ ਲੱਭ ਨਹੀਂ ਰਿਹਾ ਮੈਲ ਦੀਆਂ ਪਰਤਾਂ ਥੱਲੇ ਜਿਸਮ ਦੀਆਂ ਤੈਹਾਂ ਥੱਲੇ ਮਨ ਦੇ ਦਰਪਣ ਪਿੱਛੇ ਭਾਸ਼ਾ ਦੀ ਗਣਿਤ ਪਿੱਛੇ ਅਰਥਾਂ ਦੇ ਮੂਲ ਵੱਲ ਮੁਹੱਬਤ ਦੇ ਰੰਗਾਂ ਪਿੱਛੇ ਮੈਂ ਕਿਸੇ ਤਲਾਸ਼ ਵਿੱਚ ਨਹੀਂ ਹਾਂ ਸਿਰਫ ਘਿਸ ਰਿਹਾ ਹਾਂ ਇਹ ਕੋਈ ਤ੍ਰਾਸਦੀ ਨਹੀਂ ਤਕਦੀਰ ਹੈ ਜਿਵੇਂ ਕੱਚਾ ਘੜਾ ਖੁਰਦਾ ਹੈ ਜਿਵੇਂ ਮੋਮਬੱਤੀ ਪਿਘਲਦੀ ਹੈ
ਦਿਲ ਅੰਦਰ
ਸਿਤਾਰ ਵਜਦਾ ਹੈ ਹੌਲੀ ਹੌਲੀ ਦਰਦ ਚੱਲਦਾ ਹੈ ਹੌਲੀ ਹੌਲੀ ਕੋਈ ਗੈਰ ਹਾਜ਼ਰੀ ਗੁਨਗੁਨਾ ਰਹੀ ਹੈ ਹੌਲੀ ਹੌਲੀ ਦਿਲ ਵੀ ਅਜੀਬ ਵਾਦੀਆਂ ਹਨ ਬਾਹਰੋਂ ਦਿਸਦੇ ਨਹੀਂ ਅੰਦਰੋਂ ਕਿੰਨੇ ਗਹਿਰੇ ਬਾਹਰ ਕਿੰਨਾ ਹੰਗਾਮਾ ਹੈ ਅੰਦਰ ਕਿੰਨੀ ਚੁਪ ਬਾਹਰ ਰੌਣਕਾਂ ਨੇ ਅੰਦਰ ਇਕੱਲ ਇਕੱਲ ਜਦ ਬਹੁਤ ਗੂੰਜਦੀ ਹੈ ਮੈਂ ਦੁਨੀਆਂ ਦਾ ਵੌਲਯੂਮ ਤੇਜ਼ ਕਰ ਦਿੰਦਾਂ ਧੁਨਾਂ ਜਦ ਅਸਹਿ ਹੁੰਦੀਆਂ ਹਨ ਮੈਂ ਸ਼ੋਰ ਸੁਣਨ ਲੱਗਦਾਂ ਦਰਦ ਜਦ ਵਧ ਜਾਂਦਾ ਹੈ ਮੈਂ ਬਾਹਰ ਦੌੜ ਆਉਂਦਾਂ ਸਿਤਾਰ ਜੋ ਵੱਜਦਾ ਰਹਿੰਦਾ ਹੈ ਦਰਦ ਜੋ ਪਿਘਲਦਾ ਰਹਿੰਦਾ ਹੈ ਮੈਂ ਇਸ ਤੋਂ ਡਰ ਜਾਂਦਾਂ
ਅਦਿਖ ਤੀਰ
ਕੁੱਝ ਤਾਂ ਦੁਖਦਾ ਹੀ ਰਹੇਗਾ ਇਸ ਦੀ ਕੋਈ ਦਵਾਈ ਨਹੀਂ ਹੈ ਜਿਵੇਂ ਹੱਡਾਂ ਦੀ ਸੱਟ ਹੁੰਦੀ ਹੈ ਠੰਡੀ ਹਵਾ ਚੱਲੇ ਤਾਂ ਦੁਖਣ ਲੱਗਦੀ ਹੈ ਜਿਸਮ ਵਿੱਚ ਜਿਵੇਂ ਕੁੱਝ ਪੁੜਿਆ ਹੋਵੇ ਜਿਵੇਂ ਬੇਵਫਾਈ ਚੁਭਦੀ ਰਹਿੰਦੀ ਹੈ ਸਾਰੀ ਉਮਰ ਜਿਵੇਂ ਕੋਈ ਯਾਦ ਕਾਇਮ ਰਹਿੰਦੀ ਹੈ ਪਿਰਾਮਿਡਾਂ ਦੀ ਤਰਾਂ ਦਿਲ ਦੇ ਮਾਰੂਥਲਾਂ ਵਿੱਚ ਇਸਦਾ ਕੋਈ ਇਲਾਜ ਨਹੀਂ ਹੈ ਇਹ ਅੰਦਰ ਰਿਹਾ ਗੋਲੀ ਦਾ ਕੋਈ ਛੱਰਾ ਨਹੀਂ ਇਸ ਦਾ ਅਪਰੇਸ਼ਨ ਨਹੀਂ ਹੋ ਸਕਦਾ ਕੋਈ ਅਦਿੱਖ ਤੀਰ ਹੈ ਜੋ ਦਿਲ ਵਿੱਚ ਪੁੜਿਆ ਹੈ ਹਵਾ ਚਲਦੀ ਹੈ ਤਾਂ ਦੁਖ ਦਿੰਦਾ ਹੈ ਜਾਗ ਪੈਂਦਾ ਹੈ ਕਿਸੇ ਦ੍ਰਿਸ਼ ਤੋਂ ਕਿਸੇ ਚਿਹਰੇ ਤੋਂ ਕਿਸੇ ਸ਼ਬਦ ਤੋਂ ਕਿਸੇ ਗੱਲ ਤੋਂ ਸੀਨੇ ਵਿੱਚ ਖੁਭੇ ਅਦਿਖ ਤੀਰ ਦੁਖਦੇ ਰਹਿੰਦੇ ਹਨ ਲਗਤਾਰ ਇਨ੍ਹਾਂ ਦਾ ਕੋਈ ਇਲਾਜ ਨਹੀਂ ਹੈ
ਇੱਕ ਦਿਨ
ਕੁੱਝ ਯਾਦ ਆਏਗਾ ਤੈਨੂੰ ਇੱਕ ਦਿਨ ਜਿਸਮ ਜਦ ਥੱਕ ਗਿਆ ਮਨ ਜਦ ਮੁੱਕ ਗਿਆ ਤੈਨੂੰ ਕੁਝ ਯਾਦ ਆਏਗਾ ਘੁੰਮ ਲੈ ਜਿਸਮ ਦਰ ਜਿਸਮ ਸੋਚ ਦੀ ਹਰ ਗਲੀ ਰਸਾਂ ਦੀ ਅਮੁਕ ਦਾਅਵਤ ਚਿਹਰਾ ਦਰ ਚਿਹਰਾ ਤੂੰ ਦੁਨੀਆ ਜਿੱਤ ਲੈ ਪਰ ਕੁੱਝ ਹੈ ਜੋ ਅੰਦਰ ਮੌਜੂਦ ਰਹੇਗਾ ਨਾਲ ਨਾਲ ਤੁਰੇਗਾ ਜਿਵੇਂ ਹਵਾ ਵਿੱਚ ਧੁਨੀਆਂ ਹਨ ਅਕਾਸ਼ ਵਿੱਚ ਚਿੱਤਰ ਹਨ ਜਿਵੇਂ ਸਭ ਪ੍ਰਗਟ ਹੋ ਜਾਏਗਾ ਇਕ ਦਿਨ ਯਾਦ ਜੋ ਯਾਦ ਨਹੀਂ ਹੈ ਤੈਨੂੰ ਯਾਦ ਆ ਜਾਏਗੀ ਮੁਲਾਕਾਤ ਦੀਆਂ ਸਭ ਥਾਵਾਂ ਸਭ ਘੜੀਆਂ ਕਹਾਣੀ ਜਿਥੋਂ ਸ਼ੁਰੂ ਹੋਈ ਸੀ ਯਾਦ ਇਹ ਤੇਰੇ ਅੰਦਰ ਲੁਪਤ ਹੈ ਸੰਸਾਰ ਵਿੱਚ ਜਿਵੇਂ ਨਿਰਵਾਣ ਲੁਪਤ ਹੈ ਮਨ ਵਿੱਚ ਜਿਵੇਂ ਗਿਆਨ ਲੁਪਤ ਹੈ ਦਿਲਾਂ ਵਿੱਚ ਜਿਵੇਂ ਮੁਹੱਬਤ ਲੁਪਤ ਹੈ ਮੇਰੇ ਵਿੱਚ ਜਿਵੇਂ ਤੂੰ ਉਵੇਂ ਹੀ ਮੈਂ ਤੇਰੇ ਵਿੱਚ ਲੁਪਤ ਹਾਂ ਅਸਲ ਵਿੱਚ ਕਹਾਣੀ ਇਹ ਰੁਕਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਤਲਾਸ਼ ਜਦ ਹਾਰ ਜਾਂਦੀ ਹੈ ਜਦ ਅਸੀਂ ਖੜ੍ਹ ਜਾਂਦੇ ਹਾਂ ਨਾ ਇਹ ਸਫਰ ਉਦੋਂ ਸ਼ੁਰੂ ਹੁੰਦਾ ਹੈ ਦਰਦ ਜੋ ਧੀਮਾ ਧੀਮਾ ਹੈ ਤੇਜ਼ ਹੋ ਜਾਵੇਗਾ ਇੱਕ ਦਿਨ ਸੰਭਾਲਿਆ ਨਹੀਂ ਜਾਏਗਾ ਤੈਥੋਂ ਜਿਸਮ ਹੰਢ ਜਾਏਗਾ ਮਨ ਹਾਰ ਜਾਵੇਗਾ ਜਿਸ ਦਿਨ ਕੁੱਝ ਨਾ ਹੋਇਆ ਤੇਰੇ ਕੋਲ ਉਸ ਦਿਨ ਇਹ ਖਜ਼ਾਨਾ ਨਿਕਲੇਗਾ ਇੱਕ ਦਿਨ ਕੁੱਝ ਯਾਦ ਆਏਗਾ ਤੈਨੂੰ
ਖਿੱਚ
ਮੈਂ ਟੁੱਟੀ ਪਤੰਗ ਦੀ ਤਰਾਂ ਡੋਲ ਰਿਹਾ ਹਾਂ ਤੂੰ ਮੇਰੀ ਡੋਰ ਪਕੜ ਲੈ ਮੈਨੂੰ ਖਿੱਚ ਲੈ ਖਿੱਚ ਬਿਨਾਂ ਮੈਂ ਡੋਲ ਜਾਵਾਂਗਾ ਅਟਕ ਜਾਵਾਂਗਾ ਟਾਹਣੀਆਂ ਵਿੱਚ ਹਵਾ ਵਿੱਚ ਲਟਕ ਜਾਵਾਂਗਾ ਤੂੰ ਮੈਨੂੰ ਆਪਣੀ ਖਿਚ ਨਾਲ ਤਣ ਦੇ ਮੇਰੇ ਪੂਰੇ ਵਜੂਦ ਨੂੰ ਇੱਕ ਬਿੰਦੂ ਵੱਲ ਖਿੱਚ ਲੈ ਇਸ ਖਿੱਚ ਬਿਨ੍ਹਾਂ ਮੈਂ ਭਟਕ ਰਿਹਾ ਹਾਂ ਇਸ ਖਿੱਚ ਬਿਨ੍ਹਾਂ ਮੈਂ ਬੇਦਿਸ਼ਾ ਹਾਂ ਜਿਵੇਂ ਮੁਹੱਬਤ ਬਿਨ੍ਹਾਂ ਜ਼ਿੰਦਗੀ ਹੁੰਦੀ ਹੈ ਜਿਵੇਂ ਮਰਦ ਬਿਨ੍ਹਾਂ ਔਰਤ ਮਾਂ ਬਿਨਾਂ ਬੱਚੇ ਔਰਤ ਬਿਨਾਂ ਘਰ ਸ਼ਿੱਦਤ ਬਿਨਾਂ ਰਿਸ਼ਤੇ ਮੌਤ ਬਿਨਾਂ ਜ਼ਿੰਦਗੀ ਜਿਵੇਂ ਮੇਰੇ ਬਿਨਾਂ ਤੂੰ ਮੈਨੂੰ ਖਿੱਚ ਲੈ ਆਪਣੇ ਵੱਲ ਇਸ ਤੋਂ ਪਹਿਲਾਂ ਕਿ ਮੈਂ ਡਿੱਗ ਪਵਾਂ
ਵਿਦਾਇਗੀ ਤੋਂ ਪਹਿਲਾਂ
ਕੀ ਫਰਕ ਪਏਗਾ ਜੇ ਖਾਲੀ ਹੱਥ ਜਾਵਾਂਗਾ ਮਨ ਤਾਂ ਭਰਿਆ ਹੈ ਵਾਸਨਾਵਾਂ ਨਾਲ, ਅਪੂਰਨ ਇੱਛਾਵਾਂ ਨਾਲ ਦੱਬੀਆਂ ਖਾਹਸ਼ਾਂ ਨਾਲ ਟੁੱਟੇ ਸੁਪਨਿਆਂ ਨਾਲ ਅਧੂਰੇ ਰਿਸ਼ਤਿਆਂ ਨਾਲ ਐਨੇ ਭਾਰੀ ਮਨ ਨਾਲ ਮੈਂ ਭਵਜਲ ਕਿਵੇਂ ਲੰਘਾਂਗਾਂ? ਖਾਲੀ ਹੱਥ ਤਾਂ ਸਭ ਜਾਂਦੇ ਹਨ ਮੈਂ ਖਾਲੀ ਮਨ ਨਾਲ ਜਾਣਾ ਚਾਹੁੰਦਾਂ ਕਰਮਾਂ ਦਾ ਸਭ ਹਿਸਾਬ ਨਬੇੜ ਕੇ ਸਭ ਕੁੱਝ ਸਮੇਟ ਕੇ ਤੇਰੀ ਦੁਨੀਆ ਤੋਂ ਰੁਖਸਤ ਹੋਣਾ ਚਾਹੁੰਦਾਂ ਹੱਥ ਤਾਂ ਬਹੁਤ ਛੋਟੇ ਹਨ ਮਨ ਕਿਤੇ ਜ਼ਿਆਦਾ ਭਾਰੀ ਹੈ ਮਨ ਦਾ ਭਾਰ ਚੁੱਕ ਕੇ ਮੌਤ ਨੂੰ ਲੰਘਣਾ ਇਸ ਤਰਾਂ ਹੈ ਜਿਵੇਂ ਕਿਸੇ ਉਪਗ੍ਰਹਿ ਨੇ ਗੁਰੂਤਾ ਦੀ ਦੀਵਾਰ ਲੰਘਣੀ ਹੋਵੇ ਤੂੰ ਮੇਰੇ ਮਨ ਨੂੰ ਖਾਲੀ ਕਰ ਦੇ ਵਾਸਨਾਵਾਂ ਦੀ ਭੀੜ ਖਾਹਸ਼ਾਂ ਦੀ ਭਿਨਭਿਨਾਹਟ ਅਧੂਰੇ ਰਿਸ਼ਤਿਆਂ ਦੀ ਟਸ ਟਸ ਅਪੂਰੇ ਸੁਪਨਿਆਂ ਦੀ ਰੜਕਣ ਸਭ ਧੋ ਦੇ ਤੂੰ ਮੈਨੂੰ ਖਾਲੀ ਮਨ ਨਾਲ ਵਿਦਾ ਕਰੀਂ ਖਾਲੀ ਹੱਥ ਤਾਂ ਸਭ ਜਾਂਦੇ ਹਨ
ਬੇਬਸੀ
ਇਹ ਜੋ ਵੀ ਹੈ ਬੇਬਸੀ ਦਾ ਆਲਮ ਜੀਵਨ ਇਹੀ ਤਾਂ ਹੈ ਇਹ ਜੋ ਕੁੱਝ ਛੂਹ ਨਹੀਂ ਹੋ ਰਿਹਾ ਜੋ ਫਾਸਲ ਬਚ ਜਾਂਦਾ ਹੈ ਹਮੇਸ਼ਾ ਜ਼ਿੰਦਗੀ ਇਹੀ ਤਾਂ ਹੈ ਮੈਂ ਤੈਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹਾਂ ਵਾਰ ਵਾਰ ਪਰ ਕੁੱਝ ਹੈ ਜੋ ਪਕੜਿਆ ਨਹੀਂ ਜਾਂਦਾ ਕੁੱਝ, ਜੋ ਬੱਦਲਾਂ ਦੀ ਤਰਾਂ ਦਿਸਦਾ ਹੈ ਪਰ ਫੜ ਨਹੀਂ ਹੁੰਦਾ ਕਈ ਵਾਰ ਲੱਗਦਾ ਹੈ ਕਿ ਮੈਂ ਤੈਨੂੰ ਛੁਹ ਲਿਆ ਹੈ ਪਰ ਉਹ ਤਾਂ ਇੱਕ ਫਾਸਲਾ ਹੀ ਹੁੰਦਾ ਹੈ ਫਾਸਲਾ ਇਹ ਮਿਟਦਾ ਨਹੀਂ ਇਹ ਫਾਸਲਾ ਮੇਰੇ ਹੱਥਾਂ ਤੇ ਦਸਤਾਨਿਆਂ ਦੀ ਤਰਾਂ ਚਿਪਕਿਆ ਹੈ ਸ਼ਾਇਦ ਇਹ ਪੂਰਾ ਜਿਸਮ ਮੇਰਾ ਇੱਕ ਦਸਤਾਨਾ ਹੀ ਹੈ ਮੈਂ ਆਪਣੇ ਆਪ ਵਿੱਚ ਕੈਦ ਹਾਂ ਮੈਂ ਤੈਨੂੰ ਕਿਵੇਂ ਪਕੜਾਂ
ਭਾਗ ਦੂਜਾ
ਇਸ ਭਾਗ ਵਿੱਚ ਸ਼ਾਮਲ ਕਵਿਤਾਵਾਂ ਦੀ ਮੁਖ ਸੁਰ ਬੌਧਿਕ ਪ੍ਰਸ਼ਨ ਹਨ। ਇਹ ਨਿੱਕੇ ਨਿੱਕੇ ਸੁਆਲਾਂ ਤੇ ਆਤਮਿਕ ਸੁਆਲਾਂ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਵੱਖ ਵੱਖ ਮੌਕਿਆਂ ਤੇ ਲਿਖੀਆਂ ਗਈਆਂ। ਮਿਸਾਲ ਦੇ ਤੌਰ ਤੇ ਪਹਿਲੀ ਕਵਿਤਾ ਚਿੰਤਨ ਦੀ ਤਕਦੀਰ 1992-93 ਦੀ ਲਿਖੀ ਹੋਈ ਹੈ ਅਤੇ ਜ਼ਿਆਦਾਤਰ ਕਵਿਤਾਵਾਂ 2008-09 ਵਿੱਚ ਲਿਖੀਆਂ ਗਈਆਂ ਹਨ।
ਚਿੰਤਨ ਦੀ ਤਕਦੀਰ
ਸ਼ਾਮੀ ਨਜ਼ਰ ਨਾਲ ਦਿਨ ਨੂੰ ਤੋਰਨ ਬਾਅਦ ਮੈਂ ਅੰਬਰ ਦੇ ਪੇਸ਼ ਹੁੰਦਾ ਹਾਂ ਹਾਰੀਆਂ ਅੱਖਾਂ ਤੇ ਕਸੈਲਾ ਨ੍ਹੇਰਾ ਡੁੱਲ੍ਹਣ ਲੱਗਦਾ ਹੈ ਤੇ ਮੈਂ ਕਾਲੇ ਅਸਮਾਨ ਨੂੰ ਦੁਰਾਸੀਸ ਦੇ ਦਿੰਦਾਂ...... ਕਾਲੀ ਉਡੀਕ ਚ ਅੰਬਰ ਦੇ ਮਾਤਾ ਨਿਕਲਦੀ ਵੇਖਦਾ ਹਾਂ ਹੌਲੀ ਹੌਲੀ ਮਾਤਾ ਦੇ ਦਾਣੇ ਤਾਰੇ ਬਣਨ ਲੱਗਦੇ ਹਨ ਮੈਂ ਤਾਰਿਆਂ ਵਿੱਚੀਂ ਪਾਰਲੇ ਚਾਨਣ ਨਾਲ ਗੱਲਾਂ ਕਰਦਾ ਤਾਰਿਆਂ ਦੇ ਪੂਰੇ ਅਸਮਾਨ ਚ ਫੈਲ ਜਾਣ ਦੇ ਸੁਪਨੇ ਚ ਸੌਂ ਜਾਂਦਾ ਹਾਂ...... ਬੀਬੀ ਹਾਕ ਮਾਰਦੀ ਹੈ ਗੋਡੇ ਗੋਡੇ ਦਿਨ ਨੂੰ ਨਰਾਜ਼ਗੀ ਨਾਲ ਵੇਖਦਾਂ ਮੇਰੀ ਉਡੀਕ ਦੇ ਰਾਹਾਂ ਤੋਂ ਬਿਨਾਂ ਧੁੱਪ ਕਿੱਧਰੋਂ ਆਈ ਹੈ? ਕਿਉਂ ਆਈ ਹੈ? ਆਪੇ ਚੜ੍ਹੇ ਦਿਨ ਨੂੰ ਅਸਵੀਕਾਰ ਕਰ ਦਿੰਦਾਂ ਤੇ ਫੇਰ ਓਪਰੇ ਪ੍ਰਾਹੁਣੇ ਵਾਂਗ ਆਏ ਦਿਨ ਨਾਲ ਹੌਲੀ ਹੌਲੀ ਪਰਚਣ ਲੱਗਦਾਂ ਕਿ ਦਿਨ ਦੀ ਹਥੇਲੀ ਤੋਂ ਤਿਲ੍ਹਕ ਜਾਂਦਾ ਹੈ ਸੂਰਜ ਸ਼ਾਮੀ ਨਜ਼ਰ ਨਾਲ ਕਾਲੀ ਉਡੀਕ ਦੇ ਸੇਕ ਵਿੱਚ ਫੇਰ ਤਪਣ ਲੱਗ ਜਾਂਦਾਂ.........
ਅਰਥਾਂ ਤੋਂ ਪਾਰ
ਅਰਥਾਂ ਦੀ ਤਲਾਸ਼ ਨਾ ਕਰ ਇਸ ਦੇ ਅਰਥ ਕੋਈ ਨਹੀਂ ਹਨ ਐਵੇਂ ਰੱਬ ਨੇ ਲਕੀਰ ਜਿਹੀ ਮਾਰੀ ਹੈ ਇੱਕ ਵਿੰਗੀ ਜਾਂ ਟੇਢੀ ਤੂੰ ਜੀਵਨ ਦੇ ਅਰਥ ਨਾ ਖੋਜ ਕਿਤੇ ਵੀ ਪਹੁੰਚਦੀ ਨਹੀਂ ਹੈ ਇਹ ਲਕੀਰ ਗੋਲ ਚੱਕਰ ਵਿੱਚ ਘੁੰਮਦੀ ਹੈ ਸੁਣ ਇਸ ਨੂੰ, ਜਿਵੇਂ ਕੋਈ ਅਲਾਪ ਹੋਵੇ ਅੰਬਰ ਨੂੰ ਛੁੰਹਦਾ ਹੋਇਆ ਜਿਵੇਂ ਮੰਦਰ ਵਿੱਚ ਕਿਸੇ ਨੇ ਸੰਖ ਵਜਾਇਆ ਹੋਵੇ ਜਾਂ ਪੰਛੀ ਕੋਈ ਸਿਰ ਤੋਂ ਲੰਘ ਗਿਆ ਹੋਵੇ ਵੈਰਾਗ ਕਰਨ ਵਾਲਾ ਕੁੱਝ ਨਹੀਂ ਹੈ ਇਸ ਵਿੱਚ ਵੈਰਾਗ ਤੇਰੇ ਮਨ ਦੀ ਰਚਨਾ ਹੈ ਅਰਥਾਂ ਦੀ ਹਾਰ ਦਾ ਨਾਂ ਹੈ ਅਰਥਾਂ ਦੇ ਪਿੱਛੇ ਨਾ ਜਾਹ ਇਹ ਨਜ਼ਰ ਤੇਰੀ ਦਾ ਭੁਲਾਂਦਰਾ ਹੈ ਵੈਰਾਗ ਦੀ ਸਪਾਪਤੀ ਤੇ ਸ਼ੁਰੂ ਹੁੰਦਾ ਹੈ ਇਹ ਸਫਰ ਉਦਾਸ ਨਾ ਹੋ ਬਸ ਦੇਖ। ਦੇਖ ਤਾਂ ਸਹੀ ਇੱਕ ਖਾਲੀ ਅਨੰਤਤਾ
ਮਹਾਂਯੁਧ
ਜੇ ਮੇਰੇ ਕੋਲ ਕਵਿਤਾ ਨਾ ਹੁੰਦੀ ਤਾਂ ਮੈਂ ਕਿਵੇਂ ਲੜਦਾ ਤੇਰੇ ਅਦਿੱਖ ਹਥਿਆਰਾਂ ਨਾਲ ਜੋ ਲੜਾਈਆਂ ਮੈਂ ਲੜ ਨਹੀਂ ਸਕਦਾ ਪ੍ਰਤੱਖ ਦੇ ਮੰਡਲਾਂ ਵਿੱਚ ਜੋ ਲੜਾਈਆਂ ਮੈਂ ਇਕੱਲਿਆਂ ਲੜਨੀਆਂ ਹਨ ਪਰਛਾਵਿਆਂ ਨਾਲ ਅਦਿੱਖ ਅਕਾਰਾਂ ਨਾਲ ਅਰਥਾਂ ਨਾਲ ਬਜ਼ਾਰਾਂ ਵਿੱਚ ਉਨ੍ਹਾਂ ਲਈ ਹਥਿਆਰ ਨਹੀਂ ਹਨ ਮੈਂ ਲੜ ਰਿਹਾ ਹਾਂ ਜਿਵੇਂ ਆਪਣੀ ਸਤਹ ਦੇ ਥੱਲੇ ਸਮੁੰਦਰ ਲੜਦਾ ਹੈ ਜਿਵੇਂ ਹਰ ਦਿਸਦੇ ਪਿੱਛੇ ਕੁੱਝ ਸੂਖਮ ਹੁੰਦਾ ਹੈ ਜਿਵੇਂ ਚੁਪ ਦੇ ਪਿੱਛੇ ਕੋਈ ਖਲਬਲੀ ਹੁੰਦੀ ਹੈ ਮੇਰਾ ਇਹ ਅਮੁਕ ਯੁੱਧ ਕਵਿਤਾ ਵਿੱਚ ਛੁਪਿਆ ਹੈ ਮਿੱਥਾਂ ਵਿੱਚ ਜਿਵੇਂ ਸੱਚ ਲੁਪਤ ਹੈ ਧਰਤੀ ਵਿੱਚ ਜਿਵੇਂ ਬੋਲ ਛੁਪੇ ਹਨ ਅਸਮਾਨਾਂ ਵਿੱਚ ਜਿਵੇਂ ਅਸੀਸਾਂ ਗੁੰਮ ਹਨ
ਮੇਰੀ ਗਲੋਬ ਯਾਤਰਾ
ਤੇਰਾ ਇਹ ਜੀਵਨ ਬਿਲਕੁਲ ਗੋਲ ਹੈ ਮੇਰੇ ਮੌਲਾ ਮੈਂ ਇਸ ਦਾ ਕੀ ਕਰਾਂ? ਜਿਥੋਂ ਵੀ ਤੁਰਾਂ ਜਿਸ ਵੀ ਪਾਸੇ ਤੁਰਾਂ ਵਾਪਸ ਉਸੇ ਥਾਂ ਪਹੁੰਚ ਜਾਂਦਾ ਹਾਂ ਕਿੰਨਾ ਵੀ ਤੁਰਾਂ ਚਾਹੇ ਮੈਂ ਕਿਤੇ ਵੀ ਨਹੀਂ ਪਹੁੰਚਦਾ ਇਹ ਤੂੰ ਕੀ ਸਫਰ ਬਣਾਇਆ ਹੈ ਇਹ ਨਾ ਸ਼ੁਰੂ ਹੁੰਦਾ ਹੈ ਨਾ ਮੁਕਦਾ ਹੈ ਟਰੈੱਡ ਮਿੱਲ ਦੀ ਤਰਾਂ ਸਿਰਫ ਪੈਰ ਚੱਲਦੇ ਦਿਸਦੇ ਹਨ ਮੈਂ ਪ੍ਰੈਕਟਿਸ ਕਰਦਾਂ ਇਸ ਨੂੰ ਜਿਊਣ ਦੀ ਮੈਂ ਕਿਤੇ ਵੀ ਨਹੀਂ ਪਹੁੰਚਦਾ ਹੁਣ ਹੰਭ ਗਿਆ ਹਾਂ ਬੱਸ ਹੋਰ ਨਾ ਪਰਖ ਮੈਨੂੰ ਪਰਖਕੇ ਵੀ ਕੀ ਕਰੇਂਗਾ ਫੇਲ੍ਹ ਪਾਸ ਸਭ ਤੇਰੀ ਰਜ਼ਾ ਹੈ ਮੈਂ ਤਾਂ ਸਿਰਫ ਦੌੜਨ ਦਾ ਸਮਾਨ ਹਾਂ ਥੱਕ ਗਿਆ ਹਾਂ ਇਹ ਦੌੜ ਮੇਰੇ ਵੱਸ ਦੀ ਨਹੀਂ ਆਹ ਲੈ ਮੈਂ ਬੈਠਣ ਲੱਗਾਂ ਅੱਗੇ ਤੇਰੀਆਂ ਤੂੰ ਜਾਣੇਂ
ਮੁਹੱਬਤ
ਦੁਨੀਆ ਸਾਜਣ ਵੇਲੇ ਰੱਬ ਨੇ ਸ਼ਾਇਦ ਬੰਦੇ ਨੂੰ ਸਰਾਪ ਦਿੱਤਾ - ਹਰ ਇਨਸਾਨੀ ਪਿਆਰ ਇੱਕ ਤਰਫਾ ਹੋਵੇਗਾ ਨਦੀ ਦੀ ਤਰਾਂ ਪੌਣ ਵਾਂਗ ਜਾਂ ਨੂਰ ਦੀ ਬਾਰਿਸ਼ ਵਾਂਗ ਇਨਸਾਨਾਂ ਦੀ ਮੁਹੱਬਤ ਕਦੇ ਦੋ ਤਰਫਾ ਨਹੀਂ ਹੋ ਸਕਦੀ ਦੋ ਤਰਫਾ ਮੁਹੱਬਤ ਨੂੰ ਪ੍ਰਾਪਤ ਹੋਣਾ ਇਨਸਾਨੀ ਵਜੂਦ ਦੀਆਂ ਸੀਮਾਵਾਂ ਨੂੰ ਉਲੰਘ ਜਾਣਾ ਹੈ ਸ਼ਾਇਦ ਨਿਰਵਾਣ ਨੂੰ ਪ੍ਰਾਪਤ ਹੋਣਾ ਹੈ ਮੁਹੱਬਤ ਦੇ ਇਸ ਇਕਹਿਰੇਪਣ ਦਾ ਨਾਂ ਹੀ ਬਿਰਹਾ ਜਾਂ ਹਿਜਰ ਹੈ ਤੜਫ ਦਾ ਨਿਰੰਤਰ ਵਹਿਣਾ ਹੀ ਮਹੱਬਤ ਹੈ ਸ਼ਾਇਦ ਵਸਲ ਇੱਕ ਭ੍ਰਾਂਤੀ ਹੈ ਨਦੀ ਦੇ ਰੇਗਿਸਤਾਨ ਵਿੱਚ ਰਮ ਜਾਣ ਵਾਂਗ ਹਵਾ ਦੇ ਲੰਘ ਜਾਣ ਵਾਂਗ ਜਾਂ ਰੌਸ਼ਨੀ ਨੂੰ ਪਕੜ ਲੈਣ ਵਾਂਗ ਇਸ ਦਾ ਕੋਈ ਵਜੂਦ ਨਹੀਂ ਹੈ ਨਦੀ ਜਿਵੇਂ ਪੱਥਰਾਂ ਨੂੰ ਮਿਲਦੀ ਹੈ ਹਵਾ ਜਿਵੇਂ ਦਰਖਤਾਂ ਨੂੰ ਹਿਲਾਉਂਦੀ ਹੈ ਰੌਸ਼ਨੀ ਜਿਵੇਂ ਕੰਦਰਾਂ ਨੂੰ ਜਗਾਉਂਦੀ ਹੈ ਮੁਹੱਬਤ ਵੀ ਬੱਸ ਇੰਝ ਹੀ ਆਉਂਦੀ ਹੈ ਇਸ ਵਿੱਚ ਮਿਲਨ ਨਹੀਂ ਹੈ ਜੋਤ ਨਾਲ ਜੋਤ ਕਿਤੇ ਨਹੀਂ ਜਗਦੀ ਮੁਹੱਬਤ ਮਹਿਜ਼ ਇੱਕ ਸਿਜਦਾ ਹੈ ਪਰਿਕਰਮਾ ਕਿਸੇ ਪਿੱਪਲ ਦੀ ਜੜ੍ਹ ਤੇ ਦੀਵੇ ਜਗਾਉਣਾ ਇਹ ਮੂਕ ਮੂਰਤੀਆਂ ਦੀ ਆਰਤੀ ਹੈ ਬੱਸ ਇਕੋ ਜਿਹੇ ਦੋ ਇਨਸਾਨ ਇੱਕੋ ਵੇਲੇ ਕਦੇ ਇਕੱਠੇ ਨਹੀਂ ਹੁੰਦੇ ਰੱਬ ਨੇ ਬੰਦੇ ਨੂੰ ਇਹ ਸਰਾਪ ਦਿੱਤਾ ਹੈ
ਜ਼ਿੰਦਗੀ
ਜਿੰਦਗੀ ਨੂੰ ਕਿਤਾਬ ਵਾਂਗ ਫੇਰ ਤੋਂ ਨਹੀਂ ਪੜ੍ਹਿਆ ਜਾ ਸਕਦਾ ਚੰਗੀ ਤਰਾਂ ਪੜ੍ਹਨ ਤੋਂ ਪਹਿਲਾਂ ਨਜ਼ਰ ਨਹੀਂ ਮਾਰ ਸਕਦੇ ਮੋਟੀ ਮੋਟੀ ਕੁੱਝ ਪੈਰ੍ਹੇ, ਕੁੱਝ ਫਿਕਰੇ ਬਿਨਾਂ ਸਮਝਿਆਂ ਨਹੀਂ ਨਿਕਲ ਸਕਦੇ ਇਸ ਉਮੀਦ ਨਾਲ ਕਿ ਜੋ ਗੱਲਾਂ ਇੱਕ ਵਾਰ ਪੜ੍ਹਦਿਆਂ ਸਮਝ ਨਹੀਂ ਆਈਆਂ ਉਹ ਅਗਲੀ ਵਾਰ ਸਮਝ ਆ ਜਾਣਗੀਆਂ ਨਾ ਹੀ ਇਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਕਿਸੇ ਹੋਰ ਵਕਤ ਪੜ੍ਹਨ ਲਈ ਤਸੱਲੀ ਨਾਲ, ਅਰਾਮ ਨਾਲ ਹੌਲੋ ਹੌਲੇ ਇਸ ਕਿਤਾਬ ਦਾ ਕੋਈ ਵੀ ਪਲਟਿਆ ਵਰਕਾ ਵਾਪਿਸ ਨਹੀਂ ਖੋਲ੍ਹਿਆ ਜਾ ਸਕਦਾ ਪੜ੍ਹਿਆ ਜਾ ਚੁੱਕਾ ਇੱਕ ਅੱਖਰ ਵੀ ਦੁਬਾਰਾ ਤੋਂ ਨਹੀਂ ਪੜ੍ਹਿਆ ਜਾ ਸਕਦਾ ਕੋਈ ਹੋਰ ਰਸਤਾ ਨਹੀਂ ਹੈ ਮੇਰੇ ਕੋਲ ਕਿ ਹਰ ਵਰਕੇ, ਹਰ ਸਤਰ, ਹਰ ਅੱਖਰ ਨੂੰ ਆਖਰੀ ਵਾਰ ਮਿਲਾਂ ਆਖਰੀ ਵਾਰ ਹਰ ਸਫੇ ਦੀ ਖੁਸ਼ਬੂ ਨੂੰ ਮਹਿਸੂਸ ਕਰਾਂ ਹਰ ਸਤਰ ਦਾ ਰਿਦਮ ਸੁਣਾਂ ਹਰ ਅੱਖਰ ਦੀਆਂ ਗੋਲਾਈਆਂ ਤੇ ਕੋਨਿਆਂ ਨੂੰ ਨੀਝ ਨਾਲ ਦੇਖਾਂ ਜਿਵੇਂ ਵਿਛੜਨ ਵੇਲੇ ਕਿਸੇ ਆਪਣੇ ਨੂੰ ਦੇਖੀਦਾ ਹੈ ਜਿਵੇਂ ਫਾਂਸੀ ਚੜ੍ਹਨ ਤੋਂ ਪਹਿਲਾਂ ਪਰਿਵਾਰ ਨਾਲ ਆਖਰੀ ਮੁਲਾਕਾਤ ਹੁੰਦੀ ਹੈ
ਪਾਸਵਰਡ
ਰੱਬ ਭੇਜਦਾ ਹੈ ਕਿ ਹਰ ਜੀਵ ਨੂੰ ਲੌਕ ਕੀਤੇ ਦਿਲ ਨਾਲ ਇਸ ਦਾ ਪਾਸਵਰਡ ਕਿਸੇ ਇੱਕ ਕੋਲ ਛੱਡ ਦਿੰਦਾ ਹੈ ਤੇ ਫੇਰ ਰੱਬ ਇੱਕ ਖੇਡ ਖਿਡਾਉਂਦਾ ਹੈ ਲੋਕ ਜਿਸ ਨੂੰ ਮੁਹੱਬਤ ਕਹਿੰਦੇ ਹਨ ਜਿਨ੍ਹਾਂ ਦੇ ਪਾਸਵਰਡ ਲੱਭ ਜਾਂਦੇ ਹਨ ਉਹ ਮੁਕਤ ਹੋ ਜਾਂਦੇ ਹਨ ਬਾਕੀ ਭਟਕਦੇ ਹਨ ਵਾਰ ਵਾਰ ਜਨਮਦੇ ਹਨ ਆਪਣੇ ਪਾਸਵਰਡ ਲੱਭਣ ਲਈ ਜਿਸ ਇੱਕ ਕੋਲ ਤੁਹਾਡਾ ਪਾਸਵਰਡ ਹੁੰਦਾ ਹੈ ਉਸ ਦੇ ਕਦਮਾਂ ਦੀ ਆਹਟ ਦੂਰ ਤੋਂ ਸੁਣ ਜਾਂਦੀ ਹੈ। ਜਿਸਮ ਦੇ ਬ੍ਰਹਿਮੰਡ ਵਿੱਚ ਵਸਦੀਆਂ ਹਜ਼ਾਰਾਂ ਰੰਗ ਬਰੰਗੀਆਂ ਚਿੜੀਆਂ ਚਹਿਚਹਾਉਣ ਲੱਗਦੀਆਂ ਹਨ, ਜਦ ਉਸ ਦੇ ਔਣ ਦੀ ਖਬਰ ਹੁੰਦੀ ਹੈ। ਉਸ ਦੇ ਆਉਣ ਤੋਂ ਪਹਿਲਾਂ ਉਸ ਦੀ ਅਦਿੱਖ ਦੇਹ ਤੁਹਾਡੇ ਕੋਲ ਆਉਂਦੀ ਹੈ ਚਿੜੀਆਂ ਜਿਸ ਨੂੰ ਦੇਖ ਸਕਦੀਆਂ ਹਨ ਕੋਈ ਇੱਕ ਤੁਹਾਡੇ ਕੋਲ ਰਹਿੰਦਾ ਹੈ ਹਮੇਸ਼ਾ ਜਿਵੇਂ ਜਿਸਮ ਵਿੱਚ ਆਤਮਾ ਰਹਿੰਦੀ ਹੈ ਜਿਵੇਂ ਬੋਲਾਂ ਵਿੱਚ ਮਿਠਾਸ ਰਹਿੰਦੀ ਹੈ ਜਿਵੇਂ ਅੱਖਾਂ ਵਿੱਚ ਨਮੀ ਰਹਿੰਦੀ ਹੈ ਇਸ ਇੱਕ ਦੀ ਅਨੋਖੀ ਗਣਿਤ ਹੈ ਇਸ ਇੱਕ ਨਾਲ ਮਿਲਕੇ ਤੁਸੀਂ ਦੋ ਨਹੀਂ ਹੁੰਦੇ ਸਿਰਫ ਇੱਕ ਹੁੰਦੇ ਹੋ ਜਿਵੇਂ ਜ਼ੀਰੋ ਨਾਲ ਜ਼ੀਰੋ ਮਿਲਦੀ ਹੈ ਜਾਂ ਅਨੰਤ ਨਾਲ ਅਨੰਤ ਇਹ ਇੱਕ ਜੋ ਕਦੇ ਗੁਆਚਦਾ ਨਹੀਂ ਕਦੇ ਛੁੱਟਦਾ ਨਹੀਂ ਵਸਦਾ ਹੈ ਹਮੇਸ਼ਾ ਲਈ ਜਿਵੇਂ ਜ਼ਿਹਨ ਵਿੱਚ ਕੋਈ ਯਾਦ ਰਹਿੰਦੀ ਹੈ ਜਿਵੇਂ ਜਿਸਮ ਅੰਦਰ ਅਰਾਮ ਹੁੰਦਾ ਹੈ ਜਿਵੇਂ ਗਲੇ ਅੰਦਰ ਹੁੰਦੀ ਹੈ ਮਾਂ ਬੋਲੀ ਜਿਵੇਂ ਸਾਹਾਂ ਦਾ ਹਲਟ ਗਿੜਦਾ ਹੈ
ਲਗਨ
ਕੀ ਤੂੰ ਕੁੱਝ ਨਵਾਂ ਉਸਾਰਨਾ ਹੈ? ਕੋਈ ਰਿਸ਼ਤਾ ਕੋਈ ਘਰ ਜਾਂ ਕਵਿਤਾ ਕੋਈ ਤਾਂ ਸ਼ਬਦ ਕਾਫੀ ਨਹੀਂ ਹਨ ਕੁੱਝ ਹੋਰ ਚਾਹੀਦਾ ਹੈ ਲਗਨ ਵਰਗਾ ਤੜਫ ਵਰਗਾ ਇਸ਼ਕ ਵਰਗਾ ਜੋ ਦਿਸਦਾ ਨਹੀਂ ਹੈ ਜਿਸ ਨੂੰ ਛੁਹ ਵੀ ਨਹੀਂ ਸਕਦੇ ਪਰ ਜਿਹੜਾ ਤੁਹਾਨੂੰ ਛੁਹ ਸਕਦਾ ਹੈ ਹਵਾ ਵਾਂਗ ਜੋ ਤੁਹਾਡੇ ਇਰਦ ਗਿਰਦ ਮੌਜੂਦ ਰਹਿੰਦਾ ਹੈ ਫਰਿਸ਼ਤਿਆਂ ਦੇ ਪਹਿਰੇ ਦੀ ਤਰਾਂ ਸ਼ਬਦ ਬਹੁਤ ਪੋਲੇ ਹਨ ਇਹ ਤਾਂ ਇੱਟਾਂ ਵੀ ਨਹੀਂ ਹਨ ਜਿਨ੍ਹਾਂ ਤੇ ਕੁੱਝ ਉਸਾਰ ਸਕੀਏ ਇੱਕ ਲਗਨ ਚਾਹੀਦੀ ਹੈ ਬੇਪਰਦ ਬੇਖੌਫ ਜਿਵੇਂ ਕੋਈ ਕਤਲ ਕਰਕੇ ਆਵੇ ਤੇ ਸਾਫ ਦੱਸ ਦੇਵੇ ਜਾਂ ਬੀਵੀ ਕਿਸੇ ਦੀ ਸੌਂ ਕੇ ਆਵੇ ਕਿਸੇ ਨਾਲ ਤੇ ਸਭ ਦੱਸ ਦੇਵੇ ਕੀ ਤੇਰੇ ਕੋਲ ਐਨਾ ਸੱਚ ਹੈ? ਲਗਨ ਹੈ ਐਸੀ? ਵਚਨਾਂ ਨੂੰ ਰਹਿਣ ਦੇ ਤਰਕਾਂ ਨੂੰ ਛੱਡ ਦੇ ਰੇਤ ਨਾਲ ਘਰ ਨਹੀਂ ਉਸਰਦੇ ਸ਼ਬਦਾਂ ਨਾਲ ਕਵਿਤਾ ਨਹੀਂ ਬਣਦੀ
ਰੱਬ ਦੀ ਲੀਲ੍ਹਾ
ਅਸਟਰੀਆ ਵਿੱਚ ਇੱਕ ਪਿਓ ਨੇ ਆਪਣੀ ਹੀ ਬੇਟੀ ਨੂੰ 24 ਸਾਲ ਭੋਰੇ ਵਿੱਚ ਕੈਦ ਰੱਖਿਆ ਛੇ ਬੱਚੇ ਪੈਦਾ ਕੀਤੇ ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ ਇਹ ਸੀਨ ਕੱਟ ਦੇ ਅਰਬ ਦੇ ਸ਼ੇਖ ਭਾਰਤ ਵਿੱਚੋਂ ਛੋਟੇ ਬੱਚੇ ਮੰਗਵਾਉਂਦੇ ਹਨ ਊਠਾਂ ਤੇ ਬਿਠਾਕੇ ਬੰਨ੍ਹ ਦਿੰਦੇ ਹਨ ਬੱਚੇ ਚੀਕਾਂ ਮਾਰਦੇ ਹਨ ਊਠ ਦੌੜਦੇ ਹਨ। ਊਠ ਹੋਰ ਦੌੜਦੇ ਹਨ ਬੱਚੇ ਹੋਰ ਚੀਕਦੇ ਹਨ ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ ਤੂੰ ਇਹ ਸੀਨ ਵੀ ਕੱਟ ਦੇ ਬਾਰਡਰ ਤੇ ਤਾਇਨਾਤ ਕੋਈ ਟੱਬਰਦਾਰ ਸਿਪਾਹੀ ਦੂਜੇ ਮੁਲਕ ਦੀ ਜੇਲ੍ਹ ਵਿੱਚ ਪਹੁੰਚ ਜਾਂਦਾ ਹੈ ਪੱਚੀ ਸਾਲ ਜੇਲ੍ਹ ਵਿੱਚ ਸੜਦਾ ਹੈ ਕੋਈ ਉਸ ਨੂੰ ਮਿਲਣ ਨਹੀਂ ਆਉਂਦਾ ਰੋਜ਼ ਆਪਣੇ ਬੱਚਿਆਂ ਨੂੰ ਯਾਦ ਕਰਦਾ ਪਾਗਲ ਹੋ ਜਾਂਦਾ ਹੈ ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ ਇਹ ਸੀਨ ਵੀ ਕੱਟਦੇ ਨਿੱਕੀ ਬੇਟੀ ਨੂੰ ਕੋਈ ਗਰੀਬ ਪਿਓ ਵੇਚ ਦਿੰਦਾ ਹੈ ਜੁਆਨ ਹੋਣ ਤੋਂ ਪਹਿਲਾਂ ਧੰਦਾ ਸ਼ੁਰੂ ਕਰ ਲੈਂਦੀ ਹੈ ਮਾਂ ਨੂੰ ਯਾਦ ਕਰਕੇ ਰੋਂਦੀ ਹੈ ਆਪਣੇ ਘਰ ਵਾਪਸ ਨਹੀਂ ਜਾ ਸਕਦੀ ਤੇਰੀ ਇਹ ਲੀਲ੍ਹਾ ਮੈਂ ਦੇਖ ਨਹੀਂ ਸਕਦਾ ਪ੍ਰਭੂ ਤੂੰ ਇਹ ਸੀਨ ਵੀ ਕੱਟਦੇ ਤੂੰ ਸਰਬ ਸਮਰੱਥ ਹੈਂ ਮਾਲਕ ਇਹ ਲੀਲ੍ਹਾ ਨਵੇਂ ਸਿਰੇ ਤੋਂ ਸ਼ੁਰੂ ਕਰ
ਪਰੀਖਿਆ
ਸਾਨੂੰ ਦਿਸਦਾ ਨਹੀਂ ਹੈ ਅਗਲਾ ਸੰਸਾਰ ਉਸਦੀ ਆਸ ਵਿੱਚ ਕਿਵੇਂ ਬੈਠੀਏ ਮੌਲਾ ਕੁੱਝ ਤਾਂ ਉਮੀਦ ਦੇਹ ਬਦੀ ਵਾਲੇ ਰਾਜ ਭੋਗਦੇ ਨੇ ਨੇਕ ਬੰਦੇ ਦੁਖ ਭੋਗਦੇ ਨੇ ਤੇ ਮੌਤ ਤੋਂ ਪਰ੍ਹੇ ਸਾਨੂੰ ਦਿਸਦਾ ਨਹੀਂ ਹੈ ਕਹਿੰਦੇ ਹਨ: ਤੂੰ ਬਦੀ ਵਾਲਿਆਂ ਨੂੰ ਸਜ਼ਾਵਾਂ ਦਿੰਦਾ ਹੈਂ ਅਗਲੇ ਸੰਸਾਰ ਵਿੱਚ ਨੇਕੀ ਵਾਲਿਆਂ ਨੂੰ ਆਪਣੀ ਰਹਿਮਤ ਨਾਲ ਨਿਵਾਜ਼ਦਾ ਹੈਂ ਅਗਲੇ ਸੰਸਾਰ ਵਿੱਚ ਤੇ ਸੁਣਿਆ ਹੈ ਇਹ ਦੁਨੀਆ ਤੇਰੀ ਲੈਬਾਰਟਰੀ ਹੈ ਜਿਸ ਚ ਤੂੰ ਨੇਕੀ ਵਾਲਿਆਂ ਦੀ ਨੇਕੀ ਪਰਖਦਾ ਹੈਂ ਬਦੀਆਂ ਵਾਲੇ ਮਸਤ ਨੇ ਵਰਤਮਾਨ ਵਿੱਚ ਜਿਊਂਦੇ ਨੇ ਨੇਕੀ ਵਾਲੇ ਭਵਿਖ ਦੀ ਉਮੀਦ ਵਿੱਚ ਬੈਠੇ ਨੇ ਭਵਿਖ ਜੋ ਮੌਤ ਤੋਂ ਪਰ੍ਹੇ ਹੈ ਮੌਤ ਤੋਂ ਪਰ੍ਹੇ ਅਸੀਂ ਦੇਖ ਨਹੀਂ ਸਕਦੇ ਇਹ ਤੇਰੀ ਕੈਸੀ ਪਰਖਿਆ ਹੈ ਰੱਬਾ ਅੰਨ੍ਹਿਆਂ ਨੂੰ ਦੇਖਣ ਲਈ ਕਹਿ ਰਿਹਾ ਹੈਂ
ਬੰਦਾ
ਦੋ ਸਾਲਾਂ ਦੇ ਐਰੀ ਨੂੰ ਮੈਂ ਲੈਨਜ਼ ਚੋਂ ਦੇਖਦਾਂ- ਵੱਡਾ ਕਰਕੇ ਪੂਰੇ ਆਦਮੀ ਦੀ ਸ਼ਕਲ ਵਿੱਚ ਵਾਰ ਵਾਰ ਪੌੜੀਆਂ ਚੜ੍ਹਦਾ ਹੈ ਉਤਰ ਜਾਂਦਾ ਹੈ ਚੜ੍ਹਦਾ ਹੈ, ਉਤਰ ਜਾਂਦਾ ਹੈ ਤਿੰਨ ਪਹੀਆਂ ਵਾਲੀ ਗੱਡੀ ਦੇ ਚੱਕਰ ਲਵਾਉਂਦਾ ਹੈ ਨਿੱਕੀ ਜਿਹੀ ਗੱਲ ਤੇ ਰੁੱਸ ਜਾਂਦਾ ਹੈ ਐਵੇਂ ਜਿਹੇ ਹੱਸ ਪੈਂਦਾ ਹੈ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਗੰਨ ਨਾਲ ਫਾਇਰ ਕਰਦਾ ਹੈ ਉਹ ਆਪਣੀ ਦੁਨੀਆ ਦਾ ਸੁਤੰਤਰ ਬਾਦਸ਼ਾਹ ਹੈ ਕੁੱਤੇ ਅਤੇ ਬਿੱਲੀਆਂ ਨੂੰ ਦੇਖਣਾ ਉਸਦਾ ਸ਼ੌਕ ਹੈ ਉਹ ਸੜਕ ਤੋਂ ਲੰਘਦੇ ਹਰ ਟਰੱਕ ਨੂੰ ਦੇਖਕੇ ਹੈਰਾਨ ਹੁੰਦਾ ਹੈ ਤੇ ਮੁੜ ਮੁੜ ਦੇਖਦਾ ਹੈ ਉਸ ਨੂੰ ਗੁਬਾਰੇ ਅੱਛੇ ਲੱਗਦੇ ਹਨ ਉਹ ਆਪਣੀ ਤਰਾਂ ਦਾ ਪੁਲਾੜ ਖੋਜੀ ਹੈ ਦੂਰ ਅਸਮਾਨ ਵਿੱਚ ਬੈਠਾ ਕੋਈ ਦੇਵਤਾ ਮੈਨੂੰ ਦੇਖ ਰਿਹਾ ਹੈ ਟੈਲੀਸਕੋਪ ਰਾਹੀਂ ਜਿਸ ਵਿੱਚ ਮੈਂ ਦੋ ਸਾਲ ਦੇ ਐਰੀ ਜਿੰਨਾ ਲੱਗਦਾ ਹਾਂ ਰੋਜ਼ ਘਰ ਦੀਆਂ ਪੌੜੀਆਂ ਉਤਰਦਾ ਹਾਂ ਦਫਤਰ ਦੀਆਂ ਚੜ੍ਹਦਾ ਹਾਂ ਕੰਪਿਊਟਰ ਨਾਲ ਖੇਡਦਾ ਹਾਂ ਭੰਬੀਰੀ ਵਾਂਗ ਕਾਰ ਚਲਾਉਂਦਾ ਹਾਂ ਰਿਸ਼ਤਿਆਂ ਨਾਲ ਖੇਡਦਾ ਹਾਂ ਖਿਡੌਣਿਆਂ ਵਾਂਗ ਕੋਈ ਖਬਰ ਸੁਣਕੇ ਖੁਸ਼ ਹੋ ਜਾਂਦਾ ਹਾਂ ਕੋਈ ਬੋਲ ਸੁਣਕੇ ਉਦਾਸ ਨਵੇਂ ਲੋਕਾਂ ਨੂੰ ਮਿਲਣ ਵੇਲੇ ਉਤੇਜਿਤ ਹੋ ਜਾਂਦਾ ਹਾਂ ਰੱਬ ਦੇ ਖਿਡੌਣਿਆਂ ਨੂੰ ਖੋਲ੍ਹ ਖੋਲ੍ਹ ਕੇ ਮੈਂ ਗਿਆਨ ਲੱਭ ਰਿਹਾ ਹਾਂ ਭਾਵਨਾਵਾਂ ਨੂੰ ਚੌਕਲੇਟ ਵਾਂਗ ਖਾਂਦਾ ਹਾਂ ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦਾਂ ਕੋਕ ਦੀ ਬੋਤਲ ਦੇਖਕੇ ਐਰੀ ਨੂੰ ਵੀ ਕੁੱਝ ਹੁੰਦਾ ਹੈ ਤੇ ਮੈਨੂੰ ਵੀ ਐਰੀ ਵੀ ਖੇਡਾਂ ਦੇਖਦਾ ਹੈ ਮੈਂ ਵੀ ਮੇਰੇ ਤੇ ਦੋ ਸਾਲ ਦੇ ਐਰੀ ਵਿੱਚ ਕੀ ਫਰਕ ਹੈ ਭਲਾ? ਸਿਰਫ ਸਾਈਜ਼ ਦਾ ਕੀ ਅਸੀਂ ਸੱਚਮੁੱਚ ਵੱਡੇ ਹੁੰਦੇ ਹਾਂ?
ਹੇ ਮੌਲਾ
ਜੇ ਬੱਚਿਆਂ ਦੀਆਂ ਸਹੁੰਆਂ ਖਾਂਦੀਆਂ ਮਾਵਾਂ ਵੀ ਝੂਠੀਆਂ ਹਨ ਤਾਂ ਮੈਂ ਤੇਰੀ ਇਸ ਦੁਨੀਆ ਦਾ ਕੀ ਕਰਨਾ ਹੈ ਮੌਲਾ ਦੁਨੀਆ ਇਹ ਆਪਣੀ ਤੂੰ ਵਾਪਸ ਲੈ ਲੈ ਜੇ ਹਰ ਸ਼ੈਅ ਖਾਲੀ ਹੈ ਸਾਰੇ ਸ਼ਬਦ ਮਹਿਜ਼ ਪਰਦੇ ਹਨ ਹੰਝੂ ਸਿਰਫ ਖਾਰਾ ਪਾਣੀ ਹੈ ਜੇ ਸਾਰੀ ਧਰਤੀ ਪੋਲੀ ਹੈ ਤਾਂ ਮੈਂ ਕਿਸ ਥਾਂ ਖਲੋਵਾਂ ਕਿਨ੍ਹਾਂ ਹੰਝੂਆਂ ਤੇ ਯਕੀਨ ਕਰਾਂ ਮੈਨੂੰ ਕੋਈ ਹੱਥ ਚਾਹੀਦਾ ਹੈ ਪਾਰ ਜਾਣ ਲਈ ਕਦਮ ਰੱਖਣ ਲਈ ਕੋਈ ਥਾਂ ਚਾਹੀਦੀ ਹੈ ਸਿਜਦਾ ਕਰਨ ਲਈ ਦੋ ਸੁੱਚੇ ਹੰਝੂ ਨੀਮ ਰੌਸ਼ਨੀਆਂ ਦੇ ਸੰਸਾਰ ਨੂੰ ਜਦ ਦਿਨ ਚੜ੍ਹੇ ਤੋਂ ਦੇਖੀਦਾ ਹੈ ਸ਼ਬਦ ਜਦ ਡਿਗ ਪੈਂਦੇ ਹਨ ਕੱਚੀ ਦੀਵਾਰ ਦੀ ਤਰਾਂ ਤੇ ਧਰਤੀ ਜਦ ਪਾਟ ਜਾਂਦੀ ਹੈ ਤਾਂ ਬੰਦਾ ਤੇਰੇ ਵੱਲ ਦੇਖਦਾ ਹੈ ਕੋਈ ਹੱਥ ਦੇਹ ਪਾਰ ਲਾਉਣ ਵਾਲਾ ਨਹੀਂ ਤਾਂ ਦੁਨੀਆ ਆਪਣੀ ਇਹ ਵਾਪਸ ਮੋੜ ਲੈ
ਕਿਤਾਬਾਂ
ਮੈਂ ਕਿਤਾਬਾਂ ਨਹੀਂ ਪੜ੍ਹਦਾ ਕਿਤਾਬਾਂ ਮੈਨੂੰ ਪੜ੍ਹਦੀਆਂ ਹਨ ਜਿਉਂ ਜਿਉਂ ਕਿਤਾਬਾਂ ਮੈਨੂੰ ਪੜ੍ਹਦੀਆਂ ਹਨ ਮੇਰੇ ਵਿੱਚ ਲੁਪਤ ਅਦਿੱਖ ਅੱਖਰ ਪ੍ਰਗਟ ਹੋਣ ਲੱਗਦੇ ਹਨ ਜੋ ਮੇਰੇ ਅੰਦਰ ਲੁਪਤ ਨਹੀਂ ਹੈ ਕਿਤਾਬਾਂ ਉਸ ਨੂੰ ਪੜ੍ਹ ਨਹੀਂ ਸਕਦੀਆਂ ਕਿਤਾਬਾਂ ਲਿਖਣਾ ਨਹੀਂ ਜਾਣਦੀਆਂ ਸਿਰਫ ਗੁਪਤ ਅੱਖਰਾਂ ਨੂੰ ਪੜ੍ਹਨਾ ਜਾਣਦੀਆਂ ਹਨ ਕਿਤਾਬਾਂ ਮੈਨੂੰ ਲੱਭ ਲੈਂਦੀਆਂ ਹਨ ਦੂਰੋਂ ਦੂਰੋਂ ਸੱਤ ਸਮੁੰਦਰੋਂ ਪਾਰ ਯੁਗਾਂ ਦੀ ਦੂਰੀ ਤੋਂ ਉਹ ਮੇਰੇ ਕੋਲ ਆ ਜਾਂਦੀਆਂ ਹਨ ਜਦ ਮੈਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ ਉਹ ਮੈਨੂੰ ਹੌਲੀ ਹੌਲੀ ਵੱਡਾ ਕਰਦੀਆਂ ਹਨ ਕੋਈ ਪਿਓ ਜਿਵੇਂ ਪੁੱਤ ਨੂੰ ਵੱਡਾ ਕਰਦਾ ਹੈ ਉਹ ਮੇਰੇ ਕੋਲ ਆਉਂਦੀਆਂ ਹਨ ਕਦਮ ਕਦਮ ਪੌੜੀ ਪੌੜੀ ਉਹ ਮੇਰੀ ਅਵਸਥਾ ਨੂੰ ਜਾਣਦੀਆਂ ਹਨ ਸ਼ਾਇਦ ਕੁੱਝ ਵੀ ਅਚਨਚੇਤਾ ਨਹੀਂ ਹੈ ਉਹ ਮੇਰੇ ਕੋਲ ਆਉਂਦੀਆਂ ਹਨ ਮੌਕੇ ਮੁਤਾਬਕ ਲੋੜ ਮੁਤਾਬਕ ਅਗਵਾਈ ਦੇਣ ਦਿਸ਼ਾ ਦੇਣ ਜਿਵੇਂ ਮੇਰੇ ਗੁਰੂ ਨੇ ਭੇਜੀਆਂ ਹੋਣ ਧਰਤੀ ਤੇ ਬੇਅੰਤ ਕਿਤਾਬਾਂ ਹਨ ਜਿਵੇਂ ਹਵਾ ਵਿੱਚ ਬੇਅੰਤ ਅਵਾਜ਼ਾਂ ਹਨ ਬੇਅੰਤ ਅਵਾਜ਼ਾਂ ਦੀ ਭੀੜ ਵਿੱਚ ਕੋਈ ਅਵਾਜ਼ ਹੈ ਮੇਰੇ ਲਈ ਬੇਅੰਤ ਕਿਤਾਬਾਂ ਵਿੱਚ ਕੋਈ ਸੁਨੇਹਾ ਹੈ ਮੇਰੇ ਲਈ ਮੈਂ ਰੋਜ਼ ਉਸ ਅਵਾਜ ਨਾਲ ਇਕ ਸੁਰ ਹੁੰਦਾਂ ਉਸ ਸੁਨੇਹੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾਂ ਕਿਤਾਬਾਂ ਵਿੱਚ ਰੱਬ ਦੇ ਸੁਨੇਹੇ ਹਨ
ਰੱਬ ਦੀ ਮਸ਼ੀਨ
ਹਵਾ ਸਭ ਸੁਣਦੀ ਹੈ ਤਾਰੇ ਸਭ ਦੇਖਦੇ ਹਨ ਜਿਸਮ ਤੇ ਸਭ ਉਕਰਿਆ ਜਾਂਦਾ ਹੈ ਤੇਰੇ ਚੋਂ ਜੋ ਲੋਕ ਲੰਘੇ ਰਿਸ਼ਤੇ ਜੋ ਜੀਏ ਯਾਤਰੀ ਜੋ ਪੈੜਾਂ ਛੱਡ ਗਏ ਤੇਰੇ ਵਜੂਦ ਵਿੱਚ ਸਭ ਕੁੱਝ ਦਰਜ ਹੈ ਸਭ ਮੁਲਾਕਾਤਾਂ ਸਭ ਰਾਤਾਂ ਤਾਰਿਆਂ ਨੇ ਦੇਖੀਆਂ ਹਨ ਸਭ ਬਾਤਾਂ ਹਵਾ ਨੇ ਸੁਣੀਆਂ ਹਨ ਸਭ ਛੁਹਾਂ ਜਿਸਮ ਨੇ ਸਾਂਭੀਆਂ ਹਨ ਕੁੱਝ ਵੀ ਮਿਟਦਾ ਨਹੀਂ ਹੈ ਕੁੱਝ ਵੀ ਛੁਪਦਾ ਨਹੀਂ ਹੈ ਅਕਾਸ਼ ਦੇ ਡੇਟਾ ਬੈਂਕ ਵਿੱਚ ਸੰਭਾਲਿਆ ਜਾਂਦਾ ਹੈ ਕੁਝ ਵੀ ਲੁਕਾ ਨਹੀਂ ਸਕਦੇ ਅਕਾਸ਼ ਕੋਲੋਂ ਤਾਰਿਆਂ ਕੋਲੋਂ ਜਿਸਮ ਦੀ ਸਲੇਟ ਕੋਲੋਂ ਮਨ ਦੀ ਫਿਲਮ ਕੋਲੋਂ ਤੇਰੇ ਚੋਂ ਸਭ ਦਿਸਦਾ ਹੈ ਤੇਰੇ ਅੰਦਰ ਸਭ ਦਿਸਦਾ ਹੈ ਹਰ ਪੈੜ ਜੀਵਨ ਵੀ ਕੈਸੀ ਖੇਡ ਹੈ ਕੁੱਝ ਵੀ ਛੁਪਾ ਨਹੀਂ ਸਕਦੇ ਦਿਲ ਵੀ ਲੁਕਾ ਨਹੀਂ ਸਕਦੇ ਤਨਾਂ ਤੇ ਉਕਰਿਆ ਕੁਝ ਵੀ ਮਿਟਾ ਨਹੀਂ ਸਕਦੇ ਰੱਬ ਨੇ ਇਹ ਕੈਸੀ ਮਸ਼ੀਨ ਬਣਾਈ ਹੈ
ਲਗਨ
ਮੇਰੇ ਕੋਲ ਲਗਨ ਹੀ ਤਾਂ ਹੈ ਇਕੱਲੀ ਤੈਨੂੰ ਮੇਰੀ ਲਗਨ ਤੇ ਵੀ ਗਿਲਾ ਹੈ ਜੇ ਮੇਰੇ ਕੋਲ ਲਗਨ ਨਾ ਹੁੰਦੀ ਤਾਂ ਮੈਂ ਇਥੇ ਨਹੀਂ ਸਾਂ ਹੋਣਾ ਇਸ ਪਲ ਤੇਰੇ ਇਸ ਸੁਆਲ ਦਾ ਜੁਆਬ ਦੇਣ ਲਈ ਮੈਂ ਮਨ ਦੇ ਖੂਹ ਵਿੱਚ ਨਹੀਂ ਸੀ ਉਤਰਨਾ ਨਾ ਹੀ ਨਿਕਲ ਸਕਣਾ ਸੀ ਰਿਸ਼ਤਿਆਂ ਦੇ ਚੱਕਰਵਿਊ ਚੋਂ ਮੈਂ ਜਿਥੋਂ ਤੁਰਿਆ ਸਾਂ ਉਥੇ ਸੜਕ ਨਹੀਂ ਸੀ ਕੋਈ ਚਾਰੇ ਤਰਫ ਅਦਿੱਖ ਕੰਧਾਂ ਸਨ ਕੰਧਾਂ ਦੇ ਉਤੋਂ ਕੋਈ ਕੋਈ ਅਵਾਜ਼ ਸੁਣਦੀ ਸੀ ਕਦੇ ਕੋਈ ਪੰਛੀ ਸੁਟ ਜਾਂਦਾ ਸੀ ਕੋਈ ਦ੍ਰਿਸ਼, ਕੋਈ ਅਕਾਰ ਬਾਹਰ ਦੇ ਸਭ ਰਸਤੇ ਬੰਦ ਸਨ ਮੈਂ ਆਪਣੇ ਮਨ ਵਿੱਚ ਸੁਰੰਗ ਕਰ ਲਈ ਕੁਰਦੇਦਾ ਕੁਰੇਦਦਾ ਮੈਂ ਬਾਹਰ ਨਿਕਲ ਆਇਆ ਧਰਤੀ ਦੇ ਦੂਸਰੇ ਪਾਸੇ ਬਾਹਰੋਂ ਰਾਹ ਨਾ ਮਿਲਿਆ ਅੰਦਰੋਂ ਘੁੰਮ ਆਇਆ ਮੇਰੇ ਨਹੁੰਆਂ ਵਿੱਚ ਲਗਨ ਫਸੀ ਹੈ ਤੇ ਤੈਨੂੰ ਮੇਰੀ ਲਗਨ ਤੇ ਇਤਰਾਜ਼ ਹੈ ਤੈਨੂੰ ਦਿਸਦੇ ਹੋਣਗੇ ਮੇਰੇ ਖੁਰਦਰੇ ਪੈਰ ਮੇਰੇ ਮੈਲੇ ਹੱਥ ਮੇਰਾ ਖੁਸ਼ਕ ਚਿਹਰਾ ਤੂੰ ਮੇਰੀ ਲਗਨ ਨਹੀਂ ਦੇਖੀ ਮੈਂ ਆਪਣੇ ਹੀ ਅੰਦਰ ਡੁੱਬਕੇ ਆਇਆ ਹਾਂ
ਦਿਲ ਦੀਆਂ ਅੱਖਾਂ
ਦਿਲ ਦੀਆਂ ਹੋਰ ਅੱਖਾਂ ਹਨ ਦਿਲ ਵੀ ਦੇਖਦਾ ਹੈ ਮੈਂ ਜਿਸ ਨੂੰ ਦੇਖ ਨਹੀਂ ਸਕਦਾ ਦਿਲ ਉਸ ਨੂੰ ਪਛਾਣ ਲੈਂਦਾ ਹੈ ਦਿਲ ਦੇਖ ਸਕਦਾ ਹੈ ਜਨਮਾਂ ਦੇ ਆਰ ਪਾਰ ਦਿਲ ਪਛਾਣ ਲੈਂਦਾ ਹੈ ਵਿਛੜੇ ਹੋਏ ਜਨਮਾਂ ਪਹਿਲਾਂ ਜਦ ਇਹ ਪਛਾਣਦਾ ਹੈ ਕੋਈ ਚਿਹਰਾ, ਕੋਈ ਅਵਾਜ਼ ਸਾਇਰਨ ਵਜਾ ਦਿੰਦਾ ਹੈ ਕਿਸੇ ਹੋਰ ਸੁਰ ਤੇ ਵੱਜਣ ਲੱਗਦਾ ਹੈ ਦਿਲ ਮੈਟਲ ਡਿਟੈਕਟਰ ਦੀ ਤਰਾਂ ਦੇਖਦਾ ਹੈ
ਮਾਇਆ
ਦੁਨੀਆ ਭਰ ਵਿੱਚ ਭਟਕ ਕੇ ਆਏ ਨੋਟ ਉਸਦੇ ਹੱਥਾਂ ਵਿੱਚ ਕੀਮਤੀ ਬਲੌਰਾਂ ਦੀ ਤਰਾਂ ਅਟਕ ਜਾਂਦੇ ਹਨ ਜਦ ਮਹੀਨੇ ਦੇ ਪਹਿਲੇ ਹਫਤੇ ਤਨਖਾਹ ਆਉਂਦੀ ਹੈ ਤਾਂ ਉਹ ਉਸ ਨੂੰ ਅਲੱਗ ਅਲੱਗ ਥੱਦੀਆਂ ਵਿੱਚ ਵੰਡ ਦਿੰਦੀ ਹੈ- ਇਹ ਕਿਰਾਏ ਦੇ ਇਹ ਦੁਧ ਵਾਸਤੇ ਇਹ ਮਹੀਨੇ ਦਾ ਸਮਾਨ ਖਰੀਦਣ ਵਾਸਤੇ ਇਹ ਕਾਰ ਦੇ ਤੇਲ ਵਾਸਤੇ ਬਿਜਲੀ ਦਾ ਕਿਰਾਇਆ ਇਹ ਟੈਲੀਫੋਨ ਦਾ ਇਹ ਫੁਟਕਲ, ਹੋਰ ਖਰਚਿਆਂ ਵਾਸਤੇ ਇਹ ਥੱਦੀਆਂ ਅਲੱਗ ਵਜੂਦ ਬਣ ਜਾਂਦੀਆਂ ਹਨ ਕਿਰਾਏ ਦੇ ਥੱਦੀ ਚੋਂ ਤੇਲ ਨਹੀਂ ਪੁਆਇਆ ਜਾ ਸਕਦਾ ਟੈਲੀਫੋਨ ਬਿਲ ਵਾਲੀ ਥੱਦੀ ਵਿੱਚੋਂ ਦੁਧ ਨਹੀਂ ਲਿਆ ਜਾ ਸਕਦਾ ਕਿਸ ਇੱਕ ਥੱਦੀ ਵਿੱਚੋਂ ਨੋਟ ਕਢਕੇ ਕਿਸੇ ਹੋਰ ਕੰਮ ਤੇ ਖਰਚਣਾ ਉਸ ਨੂੰ ਇਨ੍ਹਾਂ ਨੋਟਾਂ ਦੀ ਬੇਅਦਬੀ ਲੱਗਦੀ ਹੈ ਭਟਕਦੇ ਨੋਟ ਉਸਦੇ ਹੱਥਾਂ ਵਿੱਚ ਪਹੁੰਚ ਸ਼ਾਂਤ ਹੋ ਜਾਂਦੇ ਹਨ ਮੇਰੇ ਹੱਥਾਂ ਵਿੱਚ ਆ ਨਹੀਂ ਟਿਕਦੇ, ਛੋਟੇ ਬੱਚਿਆਂ ਦੀ ਤਰਾਂ ਨੋਟ ਵੀ ਬੱਚਿਆਂ ਦੀ ਤਰਾਂ ਹੱਥਾਂ ਤੇ ਬੁਕਲਾਂ ਦੀ ਛੋਹ ਨੂੰ ਮਹਿਸੂਸ ਕਰਦੇ ਹਨ ਨੋਟ ਵੀ ਮੋਹ ਦੇ ਭੁੱਖੇ ਹਨ ਉਹ ਖਿੱਚੇ ਚਲੇ ਆਉਂਦੇ ਹਨ, ਉਨ੍ਹਾਂ ਹੱਥਾਂ ਵੱਲ ਜਿਹੜੇ ਉਨ੍ਹਾਂ ਨੂੰ ਮੋਹ ਕਰਦੇ ਹਨ ਸ਼ਾਇਦ ਇਸੇ ਲਈ ਕਹਿੰਦੇ ਹਨ ਮਾਇਆ ਨੂੰ ਮਾਇਆ ਖਿਚਦੀ ਹੈ ਨੋਟ ਵੀ ਬੰਦਿਆਂ ਵਰਗੇ ਹਨ, ਜਿਊਂਦੇ ਜਾਗਦੇ ਨੋਟਾਂ ਦੀਆਂ ਵੀ ਕਿਸਮਾਂ ਹਨ ਨੇਕੀ ਦੇ ਨੋਟ, ਬੁਰਾਈ ਦੇ ਨੋਟ ਮਿਹਨਤ ਦੇ ਨੋਟ, ਬੇਈਮਾਨੀ ਦੇ ਨੋਟ ਅਲੱਗ ਅਲੱਗ ਕਿਸਮਾਂ ਦੇ ਨੋਟ ਅਲੱਗ ਅਲੱਗ ਥਾਵਾਂ ਵੱਲ ਦੌੜਦੇ ਹਨ ਮੇਰੀ ਬੀਵੀ ਕੋਲ ਨੋਟ ਇੰਝ ਆਉਂਦੇ ਹਨ ਜਿਵੇਂ ਛੋਟੀ ਜਿਹੀ ਸ਼ੀਸ਼ੀ ਵਿੱਚ ਗੰਗਾਜਲ ਹੁੰਦਾ ਹੈ। ਜਿਸ ਨੂੰ ਸਾਂਭ ਸਾਂਭ ਰੱਖਿਆ ਜਾਂਦਾ ਹੈ ਥੋੜ੍ਹਾ ਥੋੜ੍ਹਾ ਵਰਤਿਆ ਜਾਂਦਾ ਹੈ ਗੰਗਾਜਲ ਥੋੜ੍ਹਾ ਹੀ ਬਹੁਤ ਹੁੰਦਾ ਹੈ ਮੇਰੇ ਹੱਥਾਂ ਵਿੱਚ ਨੋਟ ਨਹੀਂ ਟਿਕਦੇ ਜਿਵੇਂ ਕਿਸੇ ਕਿਸੇ ਤੋਂ ਬੱਚੇ ਨਹੀਂ ਵਿਰਦੇ ਉਹ ਮੇਰੇ ਕੋਲ ਭੱਜੇ ਭੱਜੇ ਆਉਂਦੇ ਹਨ ਜਿਵੇਂ ਕਾਹਲੀ ਕਾਹਲੀ ਖਾਣ ਵਾਲੇ ਦੇ ਮੂੰਹ ਵਿੱਚ ਬੁਰਕੀ ਆਉਂਦੀ ਹੈ ਜਿਸ ਦੇ ਸਾਰੇ ਕੋਨਿਆਂ ਨੂੰ ਛੋਹਿਆ ਵੀ ਨਹੀਂ ਜਾਂਦਾ ਮਾਇਆ ਵੀ ਕੋਈ ਤੱਤ ਜੂਨ ਹੈ ਸ਼ਾਇਦ ਜਿਊਂਦੀ, ਸਾਹ ਲੈਂਦੀ ਭਾਵਾਂ ਦੀ, ਛੁਹਾਂ ਦੀ ਬੋਲੀ ਸਮਝਦੀ ਮੇਰੇ ਕੋਲ ਮਾਇਆ ਕਿਉਂ ਨਹੀਂ ਟਿਕਦੀ ਇਹ ਸਬਕ ਮੈਂ ਆਪਣੀ ਬੀਵੀ ਤੋਂ ਸਿਖਿਆ ਹੈ
ਰਿਸ਼ਤੇ
ਰਿਸ਼ਤੇ ਜੇ ਪਿੰਜਰੇ ਨਾ ਹੁੰਦੇ ਤਾਂ ਅਸੀਂ ਦੂਰੋਂ ਦੂਰੋਂ ਉਡਕੇ ਆਉਂਦੇ ਆਲ੍ਹਣੇ ਫੇਰ ਕਿੰਨੇ ਅੱਛੇ ਲਗਣੇ ਸਨ ਜੇ ਰਿਸ਼ਤੇ ਟਾਹਣੀਆਂ ਵਰਗੇ ਹੁੰਦੇ ਅਸੀਂ ਉਨ੍ਹਾਂ ਤੇ ਆਲ੍ਹਣੇ ਪਾ ਸਕਦੇ ਜੀ ਕਰਦਾ ਉਡ ਜਾਂਦੇ ਜੀ ਕਰਦਾ ਮੁੜ ਆਉਂਦੇ ਟਾਹਣੀਆਂ ਦਾ ਸੁਖ ਅਸੀਂ ਜਾਣ ਸਕਦੇ ਜੇ ਅਸੀਂ ਉਡਕੇ ਆਉਂਦੇ ਜੇ ਅਸੀਂ ਉਡ ਸਕਦੇ ਅਸੀਂ ਲੋਟਣੀਆਂ ਲਾਉਂਦੇ ਦੂਰ ਅਸਮਾਨਾਂ ਵਿੱਚ ਕਦੇ ਕਦੇ ਗੁੰਮ ਜਾਂਦੇ ਫੇਰ ਲੱਭਦੇ ਆਪਣੀਆਂ ਟਾਹਣੀਆਂ ਨੂੰ ਆਲ੍ਹਣਿਆਂ ਨੂੰ ਅਸੀਂ ਬਹੁਤ ਦੂਰ ਜਾ ਕੇ ਵੀ ਮੁੜ ਆਉਂਦੇ ਹੁਣ ਅਸੀਂ ਉਡਦੇ ਨਹੀਂ ਹਾਂ ਪੂਰੇ ਖੰਭਾਂ ਨਾਲ ਖਿਆਲਾਂ ਨਾਲ ਉਡਦੇ ਹਾਂ ਪਿੰਜਰੇ ਦੀਆਂ ਵਿਰਲਾਂ ਨੂੰ ਪਿਆਰ ਕਰਦੇ ਹਾਂ ਵਿਰਲਾਂ ਚੋਂ ਝਾਕਦੇ ਸਾਡੇ ਤਨ ਤੇ ਮਨ ਪਾਟ ਗਏ ਹਨ ਅਸੀਂ ਆਪਣੇ ਆਪ ਤੋਂ ਜੁਦਾ ਹੋ ਗਏ ਹਾਂ ਰਿਸ਼ਤੇ ਜੇ ਪਿੰਜਰੇ ਨਾ ਹੁੰਦੇ ਅਸੀਂ ਪੂਰੇ ਖੰਭਾਂ ਨਾਲ ਉਡਦੇ
ਪਰਮਜੀਤ
ਉਹ ਸਾਈਕਲਾਂ ਦੇ ਜ਼ਮਾਨਿਆਂ ਤੋਂ ਮੇਰਾ ਦੋਸਤ ਹੈ ਜਦ ਉਸ ਨੇ ਪਹਿਲੀ ਵਾਰ ਮੋਬਾਇਲ ਫੋਨ ਖਰੀਦਿਆ ਫੋਨ ਤੇ ਕਹਿੰਦਾ ''ਮੈਂ ਮੋਬਾਇਲ ਫੋਨ ਲੈ ਲਿਆ ਹੈ, ਮੋਟਰੋਲਾ ਦਾ ਸੈਟ ਹੈ ਮਦਨਦੀਪ ਨੂੰ ਦੱਸ ਦਈਂ " ਉਸ ਦਿਨ ਪਹਿਲੀ ਵਾਰ ਮੈਂ ਮਹਿਸੂਸ ਕੀਤਾ ਇਹ ਬੰਦਾ ਅਜੇ ਪੁਰਾਣਾ ਨਹੀਂ ਹੋਇਆ ਵਿਆਹ ਹੋਇਆ ਤਾਂ ਅਸੀਂ ਸੋਚਦੇ ਵਿਆਹ ਇਸ ਨੂੰ ਪੁਰਾਣਾ ਕਰ ਦਏਗਾ ਸਿਆਣਾ ਕਰ ਦਏਗਾ ਇਸ ਦੀ ਤਾਜ਼ੀ ਮੁਸਕਾਨ ਗੰਭੀਰ ਹੋ ਜਾਏਗੀ ਕੁੱਝ ਦਿਨ ਲੰਘੇ ਤਾਂ ਮੈਂ ਪੁੱਛਿਆ ਭਾਬੀ ਕਿਸ ਤਰਾਂ ਹੈ ''ਉਹ ਤਾਂ ਰੱਬ ਵਰਗੀ ਹੈ" ਜੁਆਬ ਸੁਣਕੇ ਮੈਂ ਹੈਰਾਨ ਹੋ ਗਿਆ- ਇਹ ਤਾਂ ਹੋਰ ਨਵਾਂ ਹੋ ਗਿਆ ਹੈ ਪਹਿਲਾਂ ਖੁਲ੍ਹੀ ਕਵਿਤਾ ਲਿਖਦਾ ਸੀ ਹੁਣ ਟੱਪੇ ਲਿਖਣ ਲੱਗਾ ਹੈ ਪਿਛਲੇ ਦਿਨੀਂ ਮੁੱਦਤ ਬਾਦ ਫੇਰ ਉਸ ਨਾਲ ਗੱਲ ਹੋਈ ਕਹਿੰਦਾ '' ਮੈਂ ਕਾਰ ਲੈ ਲਈ ਹੈ ਆਲਟੋ, ਮਦਨਦੀਪ ਨੂੰ ਦੱਸ ਦਈਂ, ਚਲਾਉਣੀ ਸਿੱਖ ਰਿਹਾ ਹਾਂ" ਜ਼ੈਨ ਫਕੀਰਾਂ ਦੀ ਤਰਾਂ ਉਸਦੇ ਇਨ੍ਹਾਂ ਤਿੰਨ ਫਿਕਰਿਆਂ ਨਾਲ ਹੀ ਮੈਂ ਮੁਕਤ ਹੋ ਗਿਆ ਜਿਵੇਂ ਨਿਊਟਨ ਦੇ ਸਿਰ ਵਿੱਚ ਸੇਬ ਵੱਜਾ ਹੋਵੇ ਜਿਵੇਂ ਡਾ ਗੁਰਭਗਤ ਸਿੰਘ ਦੇ ਪੋਤਾ ਹੋ ਗਿਆ ਹੋਵੇ ਸਾਈਕਲ, ਮੋਬਾਇਲ ਫੋਨ ਤੇ ਆਲਟੋ ਗੱਡੀ ਉਸ ਨਾਲ ਖਲੋਤੇ ਇਸ ਤਰਾਂ ਲੱਗਦੇ ਹਨ ਜਿਵੇਂ ਮਾਂ ਕੋਈ ਆਪਣੇ ਬੱਚਿਆਂ ਨਾਲ ਫੋਟੋ ਖਿਚਵਾਉਂਦੀ ਹੈ ਨਿੱਕੇ ਨਿੱਕੇ ਚਾਅ ਉਸ ਦੇ ਮਨ ਤੇ ਰੋਮਾਂ ਦੀ ਤਰਾਂ ਖੜ੍ਹਦੇ ਹਨ ਜਿਵੇਂ ਨਵੀਂ ਗੱਡੀ ਤੇ ਕਿਸੇ ਨੇ ਫੁਲਾਂ ਦੀ ਮਾਲਾ ਪਾਈ ਹੋਵੇ ਜਾਂ ਟਰੱਕ ਵਾਲੇ ਸ਼ੌਕੀਨ ਕਿਸੇ ਨੇ ਤਰਾਂ ਤਰਾਂ ਦੀਆਂ ਸਤਰਾਂ ਲਿਖੀਆਂ ਹੋਣ ਉਹ ਇੱਕ ਪਿੰਡ ਹੈ ਜਿਥੇ ਅਜੇ ਸੜ੍ਹਕ ਨਹੀਂ ਗਈ ਸੋਚਦਾਂ ਉਸ ਦੀ ਇੱਕ ਫੋਟੋ ਖਿੱਚਾਂ ਜਿਸ ਵਿੱਚ ਚਾਵਾਂ ਦੇ ਸਾਰੇ ਰੰਗ ਬਹੁਤ ਗੂੜ੍ਹੇ ਹੋਣ ਬੱਚਿਆਂ ਦੇ ਕਮਰੇ ਦੀ ਤਰਾਂ ਹਰ ਕੋਨਾ ਸਜਿਆ ਹੋਵੇ ਕੋਲ ਬੀਵੀ ਖੜ੍ਹੀ ਹੋਵੇ, ਪਿੱਛੇ ਗੱਡੀ, ਇੱਕ ਕੋਨੇ ਵਿੱਚ ਸਕੂਟਰ, ਬੀਵੀ ਦੀ ਗੋਦ ਵਿੱਚ ਬੱਚਾ ਹੱਥ ਵਿੱਚ ਮੋਬਾਇਲ ਫੋਨ ਸਮਾਈਲ ਕਹਿਣ ਤੋਂ ਪਹਿਲਾਂ ਉਸ ਨੂੰ ਆਖਾਂ ਘੜੀ ਵਾਲਾ ਗੁੱਟ ਉਪਰ ਕਰ ਲੈ ਤੇ ਕਲਿੱਕ ਇੱਕੋ ਫੋਟੋ ਵਿੱਚ ਉਸ ਦੀ ਪੂਰੀ ਰਚਨਾ ਸੰਭਾਲ ਲਵਾਂ ਇਹ ਫੋਟੋ ਮੈਂ ਚਾਹੁੰਦਾਂ ਆਪਣੀਆਂ ਕਿਤਾਬਾਂ ਵਿੱਚ ਰੱਖ ਦੇਵਾਂ ਜਿਵੇਂ ਆਲੇ ਵਿੱਚ ਧੂਫ ਲਾਈ ਹੁੰਦੀ ਹੈ
ਮਿਲਾਵਟ
ਕਵਿਤਾ ਮੇਰੇ ਅੰਦਰ ਥੋੜ੍ਹੀ ਥੋੜ੍ਹੀ ਉਤਰਦੀ ਹੈ ਮੁਲ ਦੇ ਦੁਧ ਤੇ ਜਿੰਨੀ ਕੁ ਮਲਾਈ ਆਉਂਦੀ ਹੈ ਮਿਲਾਵਟੀ ਜ਼ਿੰਦਗੀ ਜਿਊਂਦਿਆਂ ਪੇਤਲਾ ਹੋ ਗਿਆ ਹਾਂ ਪਾਣੀ ਜ਼ਿਆਦਾ ਦੁੱਧ ਥੋੜ੍ਹਾ ਹੈ ਰੱਬ ਜਦ ਚਲਾਏਗਾ ਫੈਟ ਵਾਲੀ ਮਸ਼ੀਨ ਕੀ ਮੂੰਹ ਦਿਖਾਵਾਂਗਾ ਪਾਣੀ ਪਾਣੀ ਹੋ ਜਾਵਾਂਗਾ
ਜਵਾਰਭਾਟਾ
ਅਕਾਸ਼ ਡੋਲਦਾ ਹੈ ਸਮੁੰਦਰ ਵਾਂਗ ਸਮੁੰਦਰ ਚ ਮੇਰਾ ਦਿਲ ਡੋਲਦਾ ਹੈ ਚੰਨ ਦੇ ਪ੍ਰਛਾਵੇਂ ਵਾਂਗ ਅਕਾਸ਼ ਤੇਰੀ ਚਾਨਣੀ ਨਾਲ ਭਰਿਆ ਹੈ ਦਿਲ ਮੇਰਾ ਤੇਰੇ ਨਾਲ ਅੱਜਕਲ੍ਹ ਜਵਾਰਭਾਟਿਆਂ ਨਾਲ ਰਹਿਣ ਦੀ ਜਾਚ ਸਿੱਖ ਰਿਹਾ ਹਾਂ
ਸ਼ਬਦਾਂ ਦੀ ਮੁਕਤੀ
ਅਕਾਸ਼ ਜੇ ਡੋਲਦਾ ਹੈ ਸਮੁੰਦਰ ਵਾਂਗ ਤਾਂ ਡੋਲਦਾ ਰਹੇ ਮੈਂ ਨਿਰੰਤਰ ਸੁੱਟਦਾ ਰਹਾਂਗਾ ਇਸ ਵੱਲ ਸ਼ਬਦਾਂ ਦੇ ਤੀਰ ਜਦ ਤੱਕ ਇਹ ਆਪਣੇ ਕਿਨਾਰਿਆਂ ਤੇ ਉਂਝ ਨਾ ਹਿੱਲਣ ਲਗ ਪਏ ਜਿਵੇਂ ਸਿਖਰ ਤੇ ਪਹੁੰਚੇ ਜੋ ਜਿਸਮ ਹਿੱਲਦੇ ਹਨ ਫੇਰ ਇਸ ਵਿੱਚ ਜਵਾਰ ਆ ਜਾਏ ਮੈਂ ਇਸ ਵਿੱਚ ਭਿੱਜ ਜਾਵਾਂ ਸ਼ਬਦ ਠੰਡੇ ਹੋ ਜਾਣ ਸ਼ਬਦ ਇੰਝ ਹੀ ਨਿਰਵਾਣ ਪ੍ਰਾਪਤ ਕਰਦੇ ਹਨ
ਖੇਡਾਂ
ਮੈਂ ਤਣ ਦਿੰਦਾਂ ਸ਼ਬਦਾਂ ਨੂੰ ਤੇਰੇ ਲਈ ਕਮਾਨ ਵਾਂਗ ਵਿੰਨ੍ਹ ਦਿੰਦਾਂ ਅਕਾਸ਼ ਨੂੰ ਕਿ ਬੱਦਲ ਫੜਫੜਾਉਂਦੇ ਤੇਰੇ ਸਿਰ ਤੇ ਆ ਬੈਠਣ ਮੈਂ ਇਨ੍ਹਾਂ ਕਬੂਤਰਾਂ ਨੂੰ ਛੇੜਾਂ ਹਵਾ ਦੀ ਇਕ ਲਹਿਰ ਛਿੜ ਪਏ ਤੇ ਤੂੰ ਵਾਦੀਆਂ ਵਿੱਚ ਉਡਦੀ ਚੁੰਨੀ ਵਾਂਗ ਮੇਰੇ ਮੂੰਹ ਤੇ ਆ ਪਏਂ ਤੇ ਮੈਂ ਇੰਝ ਹੀ ਰੱਬ ਨਾਲ ਖੇਡਦਾ ਹੋਇਆ ਸੌਂ ਜਾਵਾਂ.......
ਅਨੰਦ ਤੋਂ ਅੱਗੇ
ਤੂੰ ਫੇਰ ਆ ਗਈ ਏਂ, ਹੌਲ ਦੀ ਤਰਾਂ ਇੱਕ ਹੌਲ ਪੂਰੇ ਅਕਾਸ਼ ਤੇ ਤਣਿਆ ਹੈ ਹੌਲ, ਜਿਵੇਂ ਰੱਬ ਨੂੰ ਮਿਲ ਰਹੇ ਹੋਈਏ ਸੁੰਨ ਦੀ ਝਰਨਾਹਟ ਜਿਵੇਂ ਰਗਾਂ ਚੋਂ ਗੁਜ਼ਰਦੀ ਹੈ ਸਭ ਸਿਮਟ ਗਿਆ ਹੈ ਤੇਰੇ ਤੇ ਸੁੰਨੇ ਅਕਾਸ਼ ਵਿੱਚ ਜਿਵੇਂ ਕੱਲਾ ਚੰਨ ਲਟਕਦਾ ਹੋਵੇ ਤੇ ਧਰਤੀ ਸੌਂ ਜਾਵੇ ਕਾਇਨਾਤ ਨੂੰ ਐਨੀ ਇਕਟਕ ਹੁੰਦਿਆਂ ਮੈਂ ਕਦੇ ਨਹੀਂ ਦੇਖਿਆ ਹਵਾ ਚਾਹੇ ਗੌਣ ਲੱਗੀ ਹੈ, ਸਾਰੀ ਕਵਿਤਾ ਰੌਸ਼ਨੀ ਥਿਰਕ ਪਈ ਹੈ ਪੁਰਾਣੀਆਂ ਧੁਨਾਂ ਨਾਲ ਤੇ ਗਹਿਰੀਆਂ ਸ਼ਾਮਾਂ ਨੂੰ ਸ਼ਾਇਰ ਬੋਲਣ ਲੱਗਦੇ ਹਨ ਬੀਂਡਿਆਂ ਵਾਂਗ ਪਰ ਇੱਕ ਹੌਲ ਹੈ ਸਾਰੇ ਇਸ ਹੌਲ ਨੂੰ ਨਹੀਂ ਜਾਣਦੇ ਅਨੰਦ ਤੇ ਦਰਦ ਬਹੁਤ ਰਲਗਡ ਹੋਏ ਹਨ ਇੱਕ ਟਿਕਟਿਕੀ ਹੈ ਅਨੰਤ ਨੂੰ ਮੇਧ ਰਹੀਆਂ ਕਿਰਨਾਂ ਵਰਗੀ ਦੂਰ ਖਲਾਅ ਵਿੱਚ ਧਰਤੀ ਜਿਵੇਂ ਇੱਕ ਤੁਪਕੇ ਵਾਂਗ ਡਿਗ ਪਏ ਧਿਆਨ ਦੀ ਐਸੀ ਨੋਕ ਚੋਂ ਇਕ ਹੌਲ ਨਿਕਲਦਾ ਹੈ ਕਿਰਨਾਂ ਦੀ ਤਰਾਂ ਮੈਂ ਸ਼ਬਦਾਂ ਵਿੱਚ ਰਿੱਝ ਰਿਹਾ ਹਾਂ ਤੇ ਭਾਸ਼ਾ ਦੀਆਂ ਉਨ੍ਹਾਂ ਸਭ ਤਰਤੀਬਾਂ ਨਾਲ ਲੜਦਾ ਹਾਂ ਜਿਹੜੀਆਂ ਬੰਦੇ ਨੂੰ ਪਾਗਲ ਨਹੀਂ ਹੋਣ ਦਿੰਦੀਆਂ।
ਮਾਂ
ਬੀਬੀ ਮੈਨੂੰ ਅਕਾਸ਼ ਚੋਂ ਦੇਖਦੀ ਹੈ ਮੈਨੂੰ ਥਿੜ੍ਹਕਣ ਤੋਂ ਬਚਾਈ ਰੱਖਦੀ ਹੈ ਮੈਂ ਡੋਲ ਜਾਂਦਾ ਕਦੇ ਜੀਵਨ ਦੀਆਂ ਬੇਯਕੀਨੀਆਂ ਤੋਂ ਮਨ ਦੇ ਵੇਗਾਂ ਤੋਂ ਜੀਅ ਕਰਦਾ ਹੈ ਗਰਕ ਜਾਵਾਂ ਗਰਕਣ ਲੱਗਦਾਂ ਤਾਂ ਉਹ ਮੈਨੂੰ ਰੋਕ ਲੈਂਦੀ ਹੈ ਉਹ ਮੈਨੂੰ ਦੇਖਦੀ ਰਹਿੰਦੀ ਹੈ ਜਿਊਂਦੀ ਸੀ ਤਾਂ ਚੋਰੀ ਕਰ ਸਕਦਾ ਸਾਂ ਮਰਕੇ ਤਾਂ ਉਹ ਦੇਖ ਸਕਦੀ ਹੈ ਅਕਾਸ਼ ਤੋਂ ਹੁਣ ਮੈਂ ਉਸ ਤੋਂ ਚੋਰੀ ਨਹੀਂ ਕਰ ਸਕਦਾ ਹਮੇਸ਼ਾ ਦੇਖਦੀ ਰਹਿੰਦੀ ਹੈ ਦੇਖਦੇ ਤਾਂ ਦੇਵਤੇ ਵੀ ਹਨ ਰੱਬ ਵੀ ਪਰ ਉਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਉਨ੍ਹਾਂ ਤੋਂ ਮੈਂ ਸੰਗਦਾ ਨਹੀਂ ਅਸਮਾਨ ਵਿੱਚ ਮੈਂ ਇਕੱਲੀ ਬੀਬੀ ਨੂੰ ਹੀ ਜਾਣਦਾਂ ਪੂਰਾ ਅਸਮਾਨ ਮਾਵਾਂ ਨਾਲ ਭਰਿਆ ਹੈ ਮਾਂ ਮਾਂ ਦੀ ਮਾਂ ਫੇਰ ਉਸ ਦੀ ਮਾਂ ਅਨੰਤ ਤੱਕ ਮਾਵਾਂ ਹੀ ਮਾਵਾਂ ਹਨ ਬੱਚਿਆਂ ਨੂੰ ਦੇਖ ਰਹੀਆਂ ਹਨ ਪੁੱਤਰ ਗੁਨਾਹ ਕਰਦੇ ਹਨ ਤਾਂ ਤੜਫਦੀਆਂ ਹਨ ਦੁਖੀ ਹੁੰਦੀਆਂ ਹਨ ਪੂਰਾ ਅਸਮਾਨ ਤੜਫਦਾ ਹੈ ਅਨੰਤ ਤੱਕ ਪੁੱਤਰ ਦੁਖੀ ਹੁੰਦੇ ਹਨ ਤਾਂ ਦੁਖੀ ਹੁੰਦੀਆਂ ਹਨ ਪੂਰਾ ਅਸਮਾਨ ਦੁਖ ਨਾਲ ਭਰ ਜਾਂਦਾ ਹੈ ਦੁਖ ਉਹ ਸਾਰੇ ਨਾਲ ਲੈ ਗਈਆਂ ਸਬਰ ਵਿੱਚ ਬੰਨ੍ਹ ਕੇ ਤੰਗੀਆਂ ਦੇ ਪਿਓਆਂ ਦੇ ਘਰਾਂ ਦੇ ਬੱਚਿਆਂ ਦੇ ਪਿੱਛੇ ਅਰਦਾਸਾਂ ਛੱਡ ਗਈਆਂ ਸੁਖਾਂ ਬਹੁਤ ਸਾਰੀਆਂ ਜੋਤ ਵਾਲੇ ਆਲੇ ਪਾਠ ਦੀਆਂ ਧੁਨਾਂ ਧੂਫ, ਜੋ ਹਵਾ ਵਿੱਚ ਘੁਲ ਗਈ ਮਾਵਾਂ ਵੀ ਅਜੀਬ ਦੇਵੀਆਂ ਨੇ ਮੈਂ ਹੁਣ ਕੋਈ ਹੇਰਾਫੇਰੀ ਨਹੀਂ ਕਰ ਸਕਦਾ ਆਪਣੇ ਆਪ ਨਾਲ ਵੀ ਨਹੀਂ ਸਭ ਦੇਖਦੀਆਂ ਹਨ ਮੁੜ ਆਉਂਦਾ ਗੁਨਾਹਾਂ ਤੋਂ ਗਲਤੀਆਂ ਠੀਕ ਕਰਦਾਂ ਡਿਗਣ ਤੋਂ ਬਚਾਕੇ ਰੱਖਦਾਂ ਖੁਦ ਨੂੰ ਬੀਬੀ ਮੈਨੂੰ ਦੇਖੀ ਜਾ ਰਹੀ ਹੈ ਅਕਾਸ਼ ਤੋਂ ਉਹ ਮੈਨੂੰ ਬਚਾਈ ਰੱਖਦੀ ਹੈ
ਰੱਬੀ ਨਿਜ਼ਾਮ
ਧਰਤੀ ਦਾ ਵੀ ਅਜੀਬ ਸਫਰ ਹੈ ਜਿਵੇਂ ਸਰਕਾਰੀ ਬੱਸ ਦੀ ਸੁਆਰੀ ਹੋਏ ਖੜਕਦਿਆਂ ਦਿਨ ਗੁਜ਼ਰਦੇ ਹਨ ਟੋਏ ਪਾਰ ਕਰਦਿਆਂ ਉਮਰ ਲੰਘ ਜਾਂਦੀ ਹੈ ਇਹ ਵੀ ਕੀ ਸਫਰ ਹੋਇਆ ਹਰ ਕਦਮ ਨਾਲ ਦਿਲ ਨੂੰ ਡੋਲ ਪੈਂਦਾ ਹੈ ਰੂਹ ਦੇ ਟਾਂਕੇ ਦੁਖਦੇ ਹਨ ਨਾ ਤੁਰਕੇ ਜੀਣਾ ਹੋਇਆ ਨਾ ਖੜ੍ਹਕੇ ਰੱਬ ਵੀ ਤਾਂ ਸੱਚੀ ਸਰਕਾਰ ਹੈ ਉਸਦਾ ਨਿਜ਼ਾਮ ਵੀ ਸਰਕਾਰੀ ਹੈ ਸਭ ਕੁੱਝ ਖੜਕਦਾ ਹੈ ਬਹੁਤ ਕੁੱਝ ਰੜਕਦਾ ਹੈ ਵੀਰਾਨ ਰੂਹਾਂ ਤੇ ਰਿਸ਼ਤੇ ਭਿਣਕਦੇ ਹਨ ਕੋਈ ਕਰੇ ਤਾਂ ਕੀ ਕਰੇ ਬਿਨਾਂ ਦੁਖਿਆਂ ਇਹ ਯਾਤਰਾ ਪੂਰੀ ਨਹੀਂ ਹੁੰਦੀ ਸਭ ਪਾਸੇ ਅਨੋਖੀਆਂ ਬਸਤੀਆਂ ਹਨ ਇਕ ਬਸਤੀ ਰਿਸ਼ਤਿਆਂ ਦੀ ਮੱਕੜੀ ਦੇ ਜਾਲੇ ਵਾਂਗ ਲਟਕਦੀ ਆਪੇ ਸਿਰਜਿਆ ਖੁਦਕੁਸ਼ੀ ਦਾ ਸਮਾਨ ਇੱਕ ਬਸਤੀ ਖਾਹਸ਼ਾਂ ਦੀ ਜਿਹੜੀ ਚੰਡੋਲ ਵਾਂਗ ਉਪਰ ਲਿਜਾਂਦੀ ਹੈ ਪਰ ਵਾਪਸ ਨਹੀਂ ਲਿਆਂਦੀ ਸਿਧਾ ਥੱਲੇ ਡੇਗ ਦਿੰਦੀ ਹੈ ਮੁਹੱਬਤ ਦਾ ਇੱਕ ਰੇਗਿਸਤਾਨ ਹੈ ਚਮਕਦੀ ਧੁਪ ਵਿੱਚ ਪਾਣੀ ਦਾ ਭਰਮ ਪੈਂਦਾ ਹੈ ਪਾਣੀ ਤੱਕ ਹੱਥ ਨਹੀਂ ਪਹੁੰਚਦਾ ਭਰਮ ਅੱਗੇ ਅੱਗੇ ਤੁਰਦਾ ਜਾਂਦਾ ਹੈ ਰੱਬ ਦੀ ਵਿਸ਼ਾਲ ਕਾਇਨਾਤ ਵਿੱਚ ਧਰਤੀ ਕੋਈ ਜੇਲ੍ਹਖਾਨਾ ਹੈ ਸ਼ਾਇਦ ਇਨਸਾਨ ਇਸ ਦਾ ਕੈਦੀ ਹੈ ਇਨ੍ਹਾਂ ਦੀਵਾਰਾਂ ਦੇ ਅੰਦਰ ਮੁਕਤੀ ਕਿੱਥੋਂ ਜੀਵਨ ਵਫਾ ਵਰਗਾ ਕੋਈ ਸ਼ਬਦ ਹੈ ਇਸ ਦੇ ਅਰਥ ਬਦਲ ਜਾਂਦੇ ਹਨ ਸਚਾਈ ਹਵਾ ਵਾਂਗ ਹੈ ਇਸ ਨੂੰ ਪਕੜ ਨਹੀਂ ਸਕਦੇ ਮੁਹੱਬਤ ਕੋਈ ਅਸਮਾਨੀ ਬਿਜਲੀ ਹੈ ਇੱਕ ਵਾਰ ਪੈਂਦੀ ਹੈ ਸਾੜ ਜਾਂਦੀ ਹੈ ਚੱਲ ਮਨਾ, ਵਾਪਸ ਚੱਲੀਏ ਦੁਨੀਆ ਇਹ ਦੇਖ ਲਈ ਹੈ
ਕਿਨਾਰੇ ਦੇ ਦੀਪਾਂ ਵੱਲ ਪਰਤਦਿਆਂ
ਤੇਰਾ ਨੰਗਾ ਸਰੂਪ ਨਹੀਂ ਝੱਲ ਸਕਦਾ ਜ਼ਿੰਦਗੀ ਬਸਤਰਾਂ ਦੀ ਚਮਕ ਵਿੱਚ ਚੁੰਧਿਆਕੇ ਮਿਲਦਾ ਹਾਂ ਚੁਫੇਰਿਓਂ ਵਰ੍ਹਦੀ ਸੱਖਣੇਪਣ ਦੀ ਮਾਰ ਤੋਂ ਬਚਣ ਲਈ ਮੈਂ ਤਾਣ ਦਿੱਤੇ ਹਨ ਰੰਗ ਬਰੰਗੇ ਪਰਦੇ ਬੇਰੰਗ ਤੇਜ ਨੂੰ ਰੰਗ ਰੰਗ ਕੇ ਦੇਖਣ ਵਿੱਚ ਰੁਝਿਆ ਹਾਂ ਤੇਰੇ ਮਹਾਂ ਵਿਸਫੋਟ ਤੇ ਮਹਾਂ ਮਿਲਨ ਦੇ ਆਰ ਪਾਰ ਬਿਖਰੀ ਅਰਥਹੀਣਤਾ ਦੀ ਤਿੱਖੀ ਧਾਰ ਤੇ ਚੱਲਦੇ ਹੋਏ ਜੁਗਾਦੀ ਇਕੱਲਤਾ ਦੀ ਘੁਟਣ ਤੋਂ ਬਚਣ ਲਈ ਮੈਂ ਕਰ ਲਿਆ ਸਭਿਅਤਾ ਦਾ ਜਸ਼ਨ ਤੇ ਰੱਬ ਦੇ ਖਿਆਲ ਨਾਲ ਪਰਚ ਗਿਆ ਅਰਥ ਵਿਹੂਣੀ ਇਕੱਲਤਾ ਨੂੰ ਅਰਥ ਦੇਣ ਲਈ ਮੈਂ ਸਫਰ ਕੀਤੇ ਅਧਿਆਤਮ ਦੇ ਬੱਦਲਾਂ ਵਿੱਚੋਂ ਸ਼ਾਇਰੀ ਦੇ ਧੁੰਧੀਲੇ ਪੰਧਾਂ ਰਾਹੀਂ ਮੁਹੱਬਤ ਦੀਆਂ ਪਹਾੜੀ ਪਗਡੰਡੀਆਂ ਉਤੇ ਤਰਕ ਦੀਆਂ ਕੜੀਆਂ ਜੋੜਦਾ ਜੋੜਦਾ ਮੈਂ ਆ ਪਹੁੰਚਾ ਹਾਂ ਜਿਥੇ ਸਭ ਮਾਰਗਾਂ ਦੇ ਆਖਰੀ ਸਿਰੇ ਤੇ ਉਥੇ ਬੇਨਾਮ ਦਿਸ਼ਾਵਾਂ ਚੋਂ ਅਰਥਹੀਣਤਾ ਟਪਕ ਰਹੀ ਹੈ ਨਿਰਵਾਣ ਤੇ ਕਾਇਨਾਤੀ ਮਿਲਾਪ ਦੀਆਂ ਨੂਰਾਨੀ ਤਸਵੀਰਾਂ ਦਾ ਇਹ ਪਿਛਲਾ ਪਾਸਾ ਹੈ -ਪਾਰ ਨਿਰਵਾਣ ਦੀ ਮਹਾਂ ਸੁਰੰਗ ਆਖਰੀ ਸਚਾਈ ਦੀ ਭਾਲ ਚ ਮੈਂ ਨਿਕਲ ਆਇਆ ਹਾਂ ਜਿਥੇ ਨਾ ਅੱਗੇ ਕੁੱਝ ਹੈ ਨਾ ਪਿੱਛੇ ਖਲਾਅ ਚ ਲਟਕਦੇ ਵਜੂਦ ਅੰਦਰ ਭਾਫ ਵਾਂਗ ਫੈਲ ਰਹੀ ਇਕੱਲਤਾ ਤੋਂ ਸਿਵਾ ਇੱਕ ਨੁਕਤੇ ਚ ਡਿਗਦੀ ਹੋਈ ਪੂਰੀ ਕਾਇਨਾਤ - ਸੂਖਮ ਤੇ ਵਿਰਾਟ - ਭੂਤ ਤੇ ਭਵਿਖ - ਪ੍ਰਕਾਸ਼ ਤੇ ਹਨੇਰਾ -ਚੇਤਨ ਤੇ ਜੜ੍ਹ ਕੁੱਲ ਵਜੂਦ ਤੇਰਾ ਦਿਸ਼ਾਹੀਣਤਾ ਚ ਡੋਲ ਰਿਹਾ ਹੈ ਟਿਕਾ ਦੇ ਰੂਹ ਦੀ ਹਥੇਲੀ ਤੇ ਇਸ ਬਿੰਦੂ ਦੀ ਤਿੱਖੀ ਧਾਰ ਨੂੰ ਮੈਂ ਚੱਲ ਰਿਹਾ ਹਾਂ.......... ਕਦਮ ਕਦਮ ਤੇ ਧਸ ਰਿਹਾ ਹੈ ਅੰਦਰ ਤੇਰਾ ਆਖਰੀ ਸੱਚ ਪੀੜ ਦਾ ਜਸ਼ਨ ਹੋ ਰਿਹਾ ਹੈ ਮੈਂ ਭੱਜ ਆਇਆ ਹਾਂ ਤੇਰੇ ਆਖਰੀ ਨੰਗੇਜ ਨੂੰ ਹੱਥ ਲਾ ਕੇ ਕੁੱਝ ਨਹੀਂ ਹੈ ਤੇਰੇ ਕੋਲ ਜ਼ਿੰਦਗੀ ਜਨਮ ਦੇ ਬੰਧਨਾਂ ਬਿਨਾਂ ਅਹੁ ਦੂਰ, ਮਜਬੂਰ ਆਦਮੀ ਤੇਰੀ ਆਖਰੀ ਸਚਾਈ ਵੱਲ ਪਿੱਠ ਕਰੀਂ ਸਭਿਅਤਾ ਦੇ ਨਸ਼ੇ ਚ ਗੁਆਚਿਆ ਹੈ ਤੇਰੀ ਅਰਥਹੀਣਤਾ ਦੇ ਖਿਲਾਫ ਬੇਅਰਥ ਹੋਂਦ ਨੂੰ ਅਰਥ ਦੇਣ ਲਈ ਵੇਖ ਆਦਮੀ ਨੇ ਕੀ ਕੀ ਰਚ ਲਿਆ ਆਪਣੀ ਧਰਤੀ ਦੇ ਟਾਪੂ ਤੇ ਦੇਖ- ਸਭਿਅਤਾ ਦੇ ਸ਼ਾਮਿਆਨੇ ਰੂਹਾਨੀਅਤ ਦੇ ਸਤਰੰਗੀ ਦ੍ਰਿਸ਼ਾਂ ਚ ਸੰਮੋਹਿਤ ਆਦਮੀ ਰਿਸ਼ਤਿਆਂ ਦੇ ਚਕਰਵਿਊ ਚ ਉਲਝਿਆ ਬੰਦਾ ਅਚੇਤ ਦੇ ਥਲਾਂ ਚ ਰਚਾਕੇ ਅਰਥਹੀਣਤਾ ਦੀ ਪੀੜ ਸਾਡੇ ਮੱਥਿਆਂ ਤੇ ਉਗਾਈਆਂ ਫਸਲਾਂ ਦੇਖ ਫੇਰ ਮਾਰਦਾ ਹਾਂ ਨਜ਼ਰ ਤੇਰੇ ਅਖੀਰਲੇ ਸੱਚ ਤੇ ਬੇਚੈਨ ਅਨੰਤਤਾ ਚ ...... ਕੁਝ ਨਹੀਂ ਹੈ ਵਿਸ਼ਵਾਸ਼ ਦੇ ਲਗਾਤਾਰ ਮੱਧਮ ਪੈਂਦੇ ਜਾਣ ਤੋਂ ਸਿਵਾ ਤੇਰੇ ਆਖਰੀ ਸਿਰੇ ਦੀ ਪੀੜ ਚ ਹਲਾਲ ਹੁੰਦਿਆਂ ਮੈਂ ਭੱਜ ਨਿਕਲਿਆ ਹਾਂ ਕਿਨਾਰੇ ਦੀਆਂ ਰੌਸ਼ਨੀਆਂ ਵੱਲ ਗਹਿਰਾਈਆਂ ਦੀ ਪੀੜ ਤੋਂ ਡਰਦਿਆਂ ਮੈਂ ਸਤਹ ਦੇ ਨਸ਼ੇ ਚ ਗੁੰਮ ਹਾਂ
ਭਾਗ ਤੀਜਾ
ਪੁਸਤਕ ਦੇ ਇਸ ਭਾਗ ਵਿੱਚ ਸ਼ਾਮਲ ਕਵਿਤਾਵਾਂ ਵਿੱਚ ਇਨਸਾਨੀ ਤੇ ਬ੍ਰਹਿਮੰਡੀ ਮੁਹੱਬਤ ਦੇ ਅਹਿਸਾਸ ਰਲਗੱਡ ਹੋਏ ਹਨ। ਇਹ ਕਵਿਤਾਵਾਂ ਰਚਨਾ ਕਾਲ ਦੇ ਹਿਸਾਬ ਨਾਲ ਇਸ ਸੰਗ੍ਰਹਿ ਦੀਆਂ ਸਭ ਤੋਂ ਪੁਰਾਣੀਆਂ ਕਵਿਤਾਵਾਂ ਹਨ। ਕੁੱਝ ਕਵਿਤਾਵਾਂ ਨੱਬੇਵਿਆਂ ਦੇ ਸ਼ੁਰੂ ਦੀਆਂ ਵੀ ਹਨ।
ਮੂਰਤੀ ਪੂਜਕ
ਮੂਰਤੀ ਪੂਜਕ ਨਾ ਕਹਿ, ਤੇਰਾ ਅੱਧਾ ਅਧੂਰਾ ਇਨਸਾਨ ਹਾਂ ਤੇਰੇ ਬੇਤਸਵੀਰੇ ਨਿਰਾਕਾਰ ਰੂਪ ਨੂੰ ਮੈਂ ਕਿੰਝ ਪਿਆਰ ਕਰਾਂ? ਮੈਂ ਬਿਨਾਂ ਅੱਖਾਂ ਦੇਖ ਨਹੀਂ ਸਕਦਾ ਬਿਨਾਂ ਕੰਨਾਂ ਸੁਣ ਨਹੀਂ ਸਕਦਾ ਮੈਂ ਦੇਖਦਾ ਹਾਂ ਤੈਨੂੰ ਪੰਛੀਆਂ ਚੋ ਫੁਲਾਂ ਚੋਂ ਹਵਾਵਾਂ ਚੋਂ ਤੇਰੀ ਖੁਸ਼ਬੂ ਲੱਭਦਾਂ ਨੀਲੇ ਅਸਮਾਨ ਚੋ ਤੇਰਾ ਟਿਕਾਣਾ ਲੱਭਦਾ ਹਾਂ ਧਰਤੀ ਦੀ ਥਰਥਰਾਹਟ ਚੋਂ ਤੇਰੀ ਗੂੰਜ ਸੁਣਨ ਦੀ ਕੋਸ਼ਿਸ਼ ਕਰਦਾ ਹਾਂ ਕੁਦਰਤ ਦੇ ਵੱਖ ਵੱਖ ਅਕਾਰਾਂ ਨੂੰ ਜੋੜਕੇ ਤੇਰੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾਂ ਪਰ ਤਸਵੀਰ ਹੈ ਕਿ ਬਣਦੀ ਨਹੀਂ ਇਸ ਬਿੰਦੂ ਤੇ ਮੇਰੀ ਸਾਧਨਾ ਅਟਕ ਜਾਂਦੀ ਹੈ ਫੇਰ ਲੈ ਜਾਵੀਂ ਮੈਨੂੰ ਤਸਵੀਰਾਂ ਅਕਾਰਾਂ ਤੋਂ ਪਾਰ ਨਿਰਾਕਾਰਤਾ ਦੇ ਮੰਡਲ ਵਿਚ ਪਹਿਲਾਂ ਤੂੰ ਮੇਰੇ ਸਾਹਮਣੇ ਆ ਮੈਨੂੰ ਆਪਣੀ ਤਸਵੀਰ ਦੇਹ ਤੇਰਾ ਅੱਧਾ ਅਧੂਰਾ ਇਨਸਾਨ ਹਾਂ ਮੂਰਤੀ ਪੂਜਕ ਨਾ ਕਹੀਂ
ਪਹਿਲਾ ਮੀਂਹ
ਮੁਹੱਬਤ ਸੁੱਤੀ ਰਹੀ ਮੇਰੇ ਅੰਦਰ ਸਦੀਆਂ ਤਕ ਕਿਸੇ ਨੇ ਇਸ ਨੂੰ ਜਗਾਇਆ ਨਹੀਂ ਸ਼ਾਇਦ ਇਹ ਘੂਕ ਸੁੱਤੀ ਸੀ, ਜਿਵੇਂ ਧਰਤੀ ਹੇਠਾਂ ਬੀਜ ਹੁੰਦੇ ਹਨ ਜਿਵੇਂ ਬੀਜਾਂ ਅੰਦਰ ਫੁਲ ਜਿਵੇਂ ਮਾਵਾਂ ਅੰਦਰ ਸੌਂ ਰਹੇ ਹੁੰਦੇ ਹਨ ਅਣਜੰਮੇ ਬਾਲ ਬੜੀ ਦੇਰ ਮੈਂ ਇਸ ਨੂੰ ਫੂਕਾਂ ਮਾਰੀਆਂ ਪਾਥੀਆਂ ਵਿਚ ਛੁਪੀ ਅੱਗ ਨੂੰ ਸੁਲਘਾਉਣ ਲਈ ਸਾਹੋ ਸਾਹੀ ਹੋਇਆ ਇਹ ਨਹੀਂ ਜਾਗੀ ਰੌਸ਼ਨੀ ਵਾਲਿਆਂ ਕੋਲ ਗਿਆ ਲੌਅ ਲੈਣ ਜਿਵੇਂ ਬਾਂਝ ਕੁਖਾਂ ਫਕੀਰਾਂ ਕੋਲ ਜਾਂਦੀਆਂ ਹਨ ਜਿਵੇਂ ਪਿਆਸੀਆਂ ਰੂਹਾਂ ਨੀਰਾਂ ਕੋਲ ਜਾਂਦੀਆਂ ਹਨ ਪਰ ਇਕ ਘੁਟਣ ਮੈਂਨੂੰ ਜਕੜਕੇ ਬੈਠੀ ਰਹੀ ਘੁਟਣ, ਜਿਵੇਂ ਅਕਾਸ਼ ਨੂੰ ਕਿਸੇ ਨੇ ਬੰਨ ਲਿਆ ਹੋਵੇ ਹਵਾ ਦੇ ਜਿਵੇਂ ਪੈਰ ਨੂੜੇ ਹੋਣ ਇਕ ਲਹਿਰ ਉਠਦੀ ਤੇ ਰੋਗੀ ਦੀ ਨਬਜ਼ ਵਾਂਗ ਬੈਠ ਜਾਂਦੀ ਛੱਡ ਦਿੱਤਾ ਮੈਂ ਸੁੱਤੇ ਅਕਾਸ਼ ਨੂੰ ਜਗਾਉਣਾ ਮੌਸਮਾਂ ਵਿਚ ਲੁਪਤ ਬਰਸਾਤ ਨੂੰ ਬੁਲਾਉਣਾ ਤਕਦੀਰਾਂ ਨਾਲ ਲੜਦਾ ਮੈਂ ਹਾਰ ਗਿਆ ਸਾਂ ਫੇਰ ਅਚਾਨਕ ਆਈ ਇਕ ਬਦਲੋਟੀ ਜਿਹੀ ਬਿਨਾਂ ਵਰ੍ਹਿਆਂ ਮੇਰੇ ਅਸਮਾਨ ਤੋਂ ਢੱਕਣ ਚੁੱਕ ਗਈ ਬਿਨਾਂ ਪਾਣੀ ਦੇ ਪੇਰੀ ਧਰਤੀ ਭਿਉਂ ਗਈ ਮੈਂ ਅਭੜਵਾਹਾ ਜਿਹਾ ਬਰਸਾਤੇ ਵਜੂਦ ਨਾਲ ਧੋਤੇ ਅਸਮਾਨ ਨੂੰ ਦੇਖ ਰਿਹਾ ਹਾਂ ਰਗਾਂ ਵਿਚ ਸੁੱਤੇ ਫੁਲ ਰਾਤੋ ਰਾਤ ਪੁੰਗਰ ਪਏ ਹਨ ਮੇਰੇ ਮੌਲਾ, ਤੇਰੇ ਇਹ ਕੀ ਰੰਗ ਨੇ
ਅਕਾਸ਼ ਦਾ ਦਿਲ
ਤੂੰ ਮੇਰਾ ਹਾਲ ਨਾ ਪੁੱਛ ਬੱਸ ਆਪੇ ਜਾਣ ਲੈ ਕੀ ਹੈ ਮੇਰੇ ਦਿਲ ਵਿੱਚ ਜੋ ਵੀ ਤੈਨੂੰ ਦੱਸਾਂਗਾ ਤੈਨੂੰ ਪਤਾ ਹੋਵੇਗਾ ਬੋਲਾਂ ਵਿੱਚ ਆਉਣ ਤੋਂ ਪਹਿਲਾਂ ਤੇਰੇ ਕੋਲ ਪਹੁੰਚ ਗਿਆ ਹੋਵੇਗਾ ਕੁੱਝ ਵੀ ਕਹਿਣ ਲਈ ਨਾ ਕਹਿ ਆਪੇ ਜਾਣ ਲੈ ਕਹਿੰਦੇ ਹਨ ਕਿ ਦਿਲਾਂ ਵਾਲੇ ਜਾਣੀ ਜਾਣ ਹੁੰਦੇ ਹਨ ਚੁੱਪ ਨਾਲ ਬੋਲਦੇ ਹਨ ਜਾਂ ਸ਼ਾਇਦ ਜਾਣੀ ਜਾਣ ਵੀ ਨਹੀਂ ਹੁੰਦੇ ਸਿਰਫ ਅਕਾਸ਼ ਨਾਲ ਗੱਲਾਂ ਕਰਨੀਆਂ ਜਾਣਦੇ ਹਨ ਅਕਾਸ਼ ਜਿਹੜਾ ਕਿ ਸਭ ਦੀਆਂ ਜਾਣਦਾ ਹੈ ਜਿਸ ਦੇ ਦਿਲ ਵਿੱਚ ਸਾਰਿਆਂ ਦਾ ਦਿਲ ਹੈ
ਅੱਖਾਂ
ਬਰਫ ਜਮੀ ਹੈ ਅਨੰਤ ਸਾਗਰ ਤੇ ਅੱਖਾਂ ਤੇਰੀਆਂ ਇਸ ਬਰਫ ਵਿੱਚ ਹੋਏ ਦੋ ਸੁਰਾਖ ਇਨ੍ਹਾਂ ਸੁਰਾਖਾਂ ਚੋਂ ਅਨੰਤ ਸਾਗਰ ਦਿਸਦਾ ਹੈ ਇਨ੍ਹਾਂ ਅੱਖਾਂ ਨੂੰ ਬੰਦ ਨਾ ਕਰੀਂ ਇਹ ਜੋ ਨਮੀ ਹੈ ਇਨ੍ਹਾਂ ਚ ਇਹ ਸਾਗਰ ਹੀ ਤਾਂ ਹੈ ਅਨੰਤ ਅਸਗਾਹ ਅਥਾਹ ਮੇਰੇ ਕੋਲ ਇਹੀ ਦੁਆਰ ਹੈ ਅਗੰਮ ਨੂੰ ਛੁਹਣ ਦਾ ਆਤਮਾ ਮੇਰੀ ਜ਼ਿੰਦਗੀ ਵਿੱਚ ਕੈਦ ਹੈ ਕੈਦੀ ਆਤਮਾ ਕੋਲ ਇਹ ਦੋ ਰੌਸ਼ਨਦਾਨ ਹਨ ਰੱਬ ਵੱਲ ਖੁਲ੍ਹਦੇ ਹੋਏ ਇਨ੍ਹਾਂ ਰੌਸ਼ਨਦਾਨਾਂ ਚੋਂ ਮੈਂ ਰੱਬ ਦੇਖ ਰਿਹਾਂ ਅਨੰਤ ਵਿੱਚ ਲੀਨ ਹੋ ਰਿਹਾਂ
ਗੰਗਾ
ਤੂੰ ਮੇਰੇ ਕਰਮ ਧੋਤੇ ਹਨ ਹੇ ਸਦਾ ਕੁਆਰੀ ਤੇਰੀ ਛੁਹ ਨਾਲ ਮੈਂ ਅਮਰ ਹੋ ਗਿਆ ਹਾਂ ਕਿ ਮੈਂ ਪਹਿਲਾ ਯਾਤਰੀ ਹਾਂ ਤੇ ਆਖਰੀ ਵੀ ਜੋ ਤੇਰੇ ਪਵਿੱਤਰ ਜਲਾਂ ਵਿੱਚ ਟੁੱਭੀ ਲਾ ਰਿਹਾ ਹੈ ਮੈਨੂੰ ਇਹ ਅਦਭੁਤ ਅਹਿਸਾਸ ਕਿਉਂ ਹੋ ਰਿਹਾ ਹੈ ਹੇ ਦੇਵੀ ਤੂੰ ਜੁਗਾਂ ਤੋਂ ਵਹਿ ਰਹੀ ਹੈਂ ਮੈਂ ਤੇਰੇ ਘਾਟ ਤੇ ਬੈਠਾ ਹਾਂ ਉਦੋਂ ਤੋਂ ਹੀ ਯੁਗ, ਸਾਲ, ਮਹੀਨੇ, ਘੰਟੇ ਹਰ ਪਲ ਤੇਰੇ ਵਿੱਚ ਡਿੱਗ ਰਹੇ ਹਨ ਹਰ ਪਲ ਹੀ ਤੂੰ ਨਵੀਂ ਹੋ ਰਹੀ ਹੈਂ ਤੂੰ ਕਦੇ ਪਲੀਤ ਨਹੀਂ ਹੁੰਦੀ ਅਸਲ ਵਿੱਚ ਸਿਰਫ ਮੈਂ ਤੇਰੇ ਵਿੱਚ ਨਹੀਂ ਨਹਾਉਂਦਾ ਤੂੰ ਵੀ ਮੇਰੇ ਵਿੱਚ ਨਹਾਉਂਦੀ ਹੈਂ ਮੇਰੀ ਹਰ ਟੁੱਭੀ ਤੈਨੂੰ ਵੀ ਨਹਾਉਂਦੀ ਹੈ ਮੇਰੀ ਹਰ ਤੀਰਥ ਯਾਤਰਾ ਤੈਨੂੰ ਵੀ ਧੋ ਦਿੰਦੀ ਹੈ ਦੁਨੀਆ ਵਿੱਚ ਬੇਅੰਤ ਸਮੁੰਦਰ, ਨਦੀਆਂ, ਟੋਭੇ, ਖੂਹ ਤੇ ਟੂਟੀਆਂ ਹਨ ਪਰ ਗੰਗਾ ਇੱਕ ਹੈ ਮੈਂ ਤੇਰਾ ਇਕੋ ਇੱਕ ਤੀਰਥ ਯਾਤਰੀ ਮੈਨੂੰ ਵਰ ਦੇ ਹੇ ਮਹਾਨਦੀ ਕਿ ਗੰਗੋਤਰੀ ਤੋਂ ਵਿਲਯ ਤੱਕ ਤੇਰੇ ਘਾਟਾਂ ਤੇ ਪਸਰ ਜਾਵਾਂ
ਸ਼ਬਦ
ਸ਼ਬਦ ਆਪਣੇ ਮੈਂ ਭਿਉਂ ਰੱਖੇ ਹਨ ਤੇਰੇ ਵਿਯੋਗ ਵਿਚ ਇਨ੍ਹਾਂ ਨਾਲ ਕੁਝ ਵੀ ਲਿਖਾਂ ਕਵਿਤਾ ਬਣ ਜਾਏਗਾ ਵਿਯੋਗ ਤੇਰੇ ਨਾਲ ਮੇਰਾ ਦਿਲ ਗਰਭਿਆ ਹੈ ਇਕ ਟੀਸ ਰਗਾਂ ਵਿਚ ਰੁਕ ਰੁਕ ਕੇ ਚਲਦੀ ਹੈ ਇਨ੍ਹਾਂ ਸ਼ਬਦਾਂ ਨਾਲ ਤੂੰ ਬਹਿਸ ਨਾ ਕਰੀਂ ਦਰਦ ਆਪਣੇ ਵਿਚ ਪਿਘਲ ਪਿਘਲ ਜਾਂਦੇ ਨੇ ਬਲ ਰਹੇ ਨੇ ਵਿਚਾਰੇ ਇਨ੍ਹਾਂ ਵਿਚ ਹੇਕ ਨਹੀ ਸੇਕ ਹੈ ਤੂੰ ਇਨ੍ਹਾਂ ਦੀ ਤਪਸ਼ ਦੇਖੀਂ ਜੀਵਨ ਦੀਆਂ ਸਰਦ ਰਾਤਾਂ ਨੂੰ ਇਨ੍ਹਾਂ ਦੇ ਨਿੱਘ ਹੇਠ ਲੁਕਾ ਦੇਵੀਂ ਵੈਸੇ ਮੈਂ ਕੀ ਕਰਾਂਗਾ ਕਵਿਤਾ ਲਿਖਕੇ ਆਤਮਾ ਦਾ ਬੇਮੰਜ਼ਲਾ ਯਾਤਰੂ ਗਰਮ ਸ਼ਬਦਾਂ ਨਾਲ ਤੇਰੇ ਵਿਯੋਗ ਨੂੰ ਸਹਿਲਾਉਂਦਾ ਹਾਂ ਮੈਂ ਕਵਿਤਾ ਨਹੀਂ ਲਿਖਦਾ ਸ਼ਾਇਦ ਇਹ ਸ਼ਬਦ ਸਾਨੂੰ ਓਟ ਦੇਣ ਦਿਲਾਂ ਦੀਆਂ ਸੁੰਨੀਆਂ ਵਾਦੀਆਂ ਵਿਚ ਅਸ਼ਾਂਤ ਰਾਤਾਂ ਅੰਦਰ ਮੈਂ ਇਹ ਭਿਉਂ ਰੱਖੇ ਹਨ ਤੇਰੇ ਵਿਯੋਗ ਵਿਚ ਇਨਾਂ ਚੂਚਿਆਂ ਦਾ ਤੂੰ ਖਿਆਲ ਰੱਖੀਂ
ਛੁਪਾ ਲੈ
ਪਿਆਰ ਮੇਰਾ ਤੂੰ ਛੁਪਾ ਲੈ ਦਿਲ ਵਿਚ, ਹੌਲੀ ਜਿਹੇ ਬਾਹਰ ਬਹੁਤ ਤੇਜ਼ ਹਵਾ ਹੈ ਇਹ ਐਵੇਂ ਦੀਵਾ ਜਿਹਾ ਇਸ ਦੀ ਨਿੰਮੀ ਨਿੰਮੀ ਲੋਅ ਹੈ ਤੇ ਮੱਠਾ ਮੱਠਾ ਸੇਕ ਇਹ ਖੁਸ਼ਬੂ ਦੀ ਲਹਿਰ ਹੈ ਇਹ ਮਸ਼ਾਲ ਨਹੀਂ ਬਣ ਸਕੇਗਾ ਬਸ ਤੇਰੀਆਂ ਅੱਖਾਂ ਵਿਚ ਟਿਮਟਿਮਾਏਗਾ ਤੂੰ ਇਸ ਨੂੰ ਘੁਟ ਕੇ ਪਕੜ ਲੈ ਜਿਵੇਂ ਮਾਂ ਕੋਈ ਡਰੇ ਹੋਏ ਬੱਚੇ ਨੂੰ ਪਕੜਦੀ ਹੈ ਲੁਕਾ ਲੈ ਦਿਲ ਦੀਆਂ ਸਿਆਹ ਰਾਤਾਂ ਵਿਚ ਇਹ ਦੀਵੇ ਵਾਂਗ ਬਲਦਾ ਰਹੇਗਾ ਖਾਮੋਸ਼ ਤੜਕੇ ਦੇ ਤਾਰੇ ਦੀ ਤਰਾਂ ਤੈਨੂੰ ਰਾਹ ਦਰਸਾਏਗਾ ਤੂੰ ਇਸ ਨੂੰ ਦਿਲ ਵਿਚ ਛੁਪਾ ਲੈ ਬਾਹਰ ਬਹੁਤ ਤੇਜ਼ ਹਵਾ ਹੈ
ਧੂਫ
ਹੋਰ ਕੁੱਝ ਵੀ ਨਹੀਂ ਹੈ ਉਸ ਕੋਲ ਸਿਰਫ ਦੁਆਵਾਂ ਦੀ ਇਕ ਮਾਲਾ ਹੈ ਜੋ ਤੇਰੇ ਗਲ ਵਿਚ ਪਾ ਦਿੱਤੀ ਉਹ ਕੋਈ ਰਾਜਕੁਮਾਰ ਨਹੀਂ ਫਕੀਰਾਂ ਦਾ ਦੂਤ ਹੈ ਸ਼ਾਇਦ ਉਸ ਕੋਲ ਸਾਦੇ ਜਿਹੇ ਗੇਂਦੇ ਦੇ ਫੁਲ ਹਨ ਤੇਰੀ ਝੋਲੀ ਵਿਚ ਪਾਉਣ ਲਈ ਸਿਰਫ ਫੁਲ ਹੀ ਹਨ ਸਾਦੇ ਜਿਹੇ ਉਹ ਅਸਲ ਵਿਚ ਕੁਝ ਵੀ ਨਹੀਂ ਹੈ ਇਕ ਅਖੰਡ ਅਰਦਾਸ ਤੋਂ ਸਿਵਾ ਇਕ ਸਾਲਮ ਦੁਆ ਹੈ ਫਕੀਰਾਂ ਦੇ ਦਰ ਤੇ ਖੜ੍ਹਾ ਹੈ ਤੇਰੇ ਲਈ ਹੌਲੀ ਹੌਲੀ ਜਲ ਰਿਹਾ ਹੈ ਇਕ ਧੂਫ ਦੀ ਤਰਾਂ ਤੇਰੇ ਚੌਗਿਰਦੇ ਨੂੰ ਮਹਿਕਾਉਣ ਲਈ ਤੂੰ ਕਿਤੇ ਵੀ ਜਾਈਂ ਇਹ ਮਹਿਕ ਤੇਰੇ ਨਾਲ ਰਹੇਗੀ ਇਹ ਇਕ ਦੁਆ ਹੀ ਹੈ ਸਿਰਫ ਹੋਰ ਕੁਝ ਵੀ ਨਹੀਂ
ਅਵਾਜ
ਜੀਅ ਕਰਦਾ ਹੈ ਤੈਨੂੰ ਜੋਰ ਦੀ ਅਵਾਜ ਮਾਰਾਂ, ਚੁਪ ਚਾਪ ਕਿ ਦੇਵਤਿਆਂ ਦਾ ਸਿੰਘਾਸਣ ਕੰਬ ਜਾਏ ਕਿ ਅਸਮਾਨ ਵਿਚ ਤਰੇੜ ਪੈ ਜਾਵੇ ਅਵਾਜ ਮੇਰੀ ਰਾਕਟ ਦੀ ਤਰਾਂ ਦੂਰੀਆਂ ਨੂੰ ਚੀਰ ਜਾਵੇ ਤੇ ਤੇਰੇ ਦਿਲ ਤੇ ਜਾ ਟਿਕੇ ਪਾਣੀ ਤੇ ਤੈਰਦੀ ਕਾਗਜ ਦੀ ਕਿਸਤੀ ਵਾਂਗ ਮੈਂ ਤੈਨੂੰ ਬੁਲਾ ਰਿਹਾਂ ਤਾਂ ਕਿ ਤੂੰ ਦੇਖ ਸਕੇਂ ਕਿ ਖੜਕੇ ਤੋਂ ਬਗੈਰ ਵਿਸਫੋਟ ਕਿਵੇਂ ਹੁੰਦੇ ਨੇ ਕਿ ਦਿਲਾਂ ਦਾ ਹੁੰਮਸ ਕਿੰਨਾ ਜਾਨਲੇਵਾ ਹੁੰਦਾ ਹੈ ਬਿਨਾਂ ਬੋਲਿਆਂ ਤੈਨੂੰ ਅਵਾਜ ਮਾਰੀ ਹੈ ਬਿਨਾਂ ਕੰਨਾਂ ਦੇ ਇਸ ਨੂੰ ਸੁਣ ਬਿਨਾਂ ਅੱਖਾਂ ਦੇ ਆਪਣੇ ਦਿਲ ਵਿਚ ਦੇਖ ਇਸ ਝੀਲ ਵਿਚ ਚੰਦਰਮਾਂ ਦੀ ਤਰਾਂ ਕੁਝ ਡੋਲਦਾ ਹੈ ਕਿ ਨਹੀਂ? ਇਸ ਤੋਂ ਵੱਧ ਖਾਮੋਸੀ ਨਾਲ ਮੈਂ ਐਨੀ ਉਚੀ ਅਵਾਜ ਨਹੀਂ ਮਾਰ ਸਕਦਾ ਸੁੱਤੀ ਕਾਇਨਾਤ ਜਾਗ ਜਾਵੇਗੀ
ਪਿਘਲੇ ਸ਼ਬਦ
ਮੈਂ ਸੁੱਕਾ ਮੋਮ ਸਾਂ ਤੈਨੂੰ ਮਿਲਣ ਤੋਂ ਪਹਿਲਾਂ ਤੈਨੂੰ ਮਿਲਕੇ ਹੰਝੂ ਵਾਂਗ ਵਹਿਣ ਲੱਗਿਆ ਹਾਂ ਸ਼ਬਦਾਂ ਦੇ ਬੇਜਾਨ ਸੰਚਿਆਂ ਨੂੰ ਇੰਟਾਂ ਵਾਂਗ ਚਿਣਕੇ ਕਵਿਤਾ ਬਣਾ ਲੈਂਦਾ ਸਾਂ ਪਲਾਸਟਿਕ ਦੇ ਫੁਲਾਂ ਵਾਂਗ ਸਜਾ ਲੈਂਦਾ ਸਾਂ ਤੇਰੇ ਆਉਣ ਤੋਂ ਪਹਿਲਾਂ ਸ਼ਬਦ ਮੇਰੇ ਜਗ ਪਏ ਹਨ ਰੌਸ਼ਨੀਆਂ ਵਾਂਗ ਤੇਰੀ ਆਮਦ ਤੇ ਤੇਰੇ ਸਨਮਾਨ ਵਿਚ ਛੋਹ ਤੇਰੀ ਨਾਲ ਪੁੰਗਰ ਪਏ ਹਨ ਇਸ ਪਿਘਲੇ ਮਨ ਨਾਲ ਦੁਨੀਆ ਨੂੰ ਮੈਂ ਇੰਝ ਦੇਖਦਾ ਹਾਂ ਜਿਵੇਂ ਕੋਈ ਪ੍ਰੇਮੀ ਖੂਨ ਨਾਲ ਚਿੱਠੀਆਂ ਲਿਖਦਾ ਹੈ ਬੇਜਾਨ ਸ਼ਬਦ ਪੁੰਗਰ ਪਏ ਹਨ ਤੇਰੀ ਛੋਹ ਨਾਲ ਤੇਰੇ ਸਨਮਾਨ ਵਿਚ ਲੋਟ ਪੋਟ ਹੋ ਰਹੇ ਹਨ
ਲੱਭ ਜਾਇਆ ਕਰ
ਤੈਥੋਂ ਬਿਨਾਂ ਧਰਤੀ ਦੇ ਬਿਜਲੀ ਚਲੀ ਜਾਂਦੀ ਹੈ ਤੈਥੋਂ ਬਿਨਾਂ ਮੇਰੇ ਨਾਲ ਕੋਈ ਨਹੀਂ ਬੋਲਦਾ ਭਰਿਆ ਮੇਲਾ ਵੀ ਸੁੰਨਾ ਹੋ ਸਕਦਾ ਹੈ ਇਹ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਹੈ ਐਨਾ ਸ਼ੋਰ ਵੀ ਸੁੰਨਾ ਹੈ ਤੈਥੋਂ ਬਿਨਾਂ ਮੈਨੂੰ ਸਮਝਾ ਨਾ ਕਿ ਹਰ ਵੇਲੇ ਮੇਰੇ ਨਾਲ ਹੈ ਤੂੰ ਫੇਰ ਮੈਂ ਅਕਸਰ ਤੈਨੂੰ ਕਿਉਂ ਲੱਭਦਾਂ ਮੇਰਾ ਇਹ ਪਲ ਪਲ ਦਾ ਸੰਸਾਰ ਹੈ ਹਰ ਰੋਜ਼ ਮੈਂ ਤੈਨੂੰ ਨਵੇਂ ਸਿਰਿਓਂ ਲੱਭਦਾਂ ਜਿਵੇਂ ਕੋਲੰਬਸ ਨੇ ਅਮਰੀਕਾ ਲੱਭਿਆ ਹੋਵੇ ਜਿਵੇਂ ਕੋਈ ਚੰਦਰਮਾ ਤੇ ਉਤਰਿਆ ਹੋਵੇ ਭਲਾਂ ਤੂੰ ਰੋਜ਼ ਗੁੰਮ ਪਰ ਲੱਭ ਜਾਇਆ ਕਰ ਜ਼ਰੂਰ ਤੇਰੇ ਬਿਨਾਂ ਧਰਤੀ ਤੇ ਬਿਜਲੀ ਚਲੀ ਜਾਂਦੀ ਹੈ ਤੈਥੋ ਬਿਨਾਂ ਮੇਰੇ ਨਾਲ ਕੋਈ ਨਹੀਂ ਬੋਲਦਾ
ਤੇਰਾ ਖਿਆਲ
ਦਿਲ ਤੇਰੇ ਖਿਆਲ ਨਾਲ ਭਰਿਆ ਹੈ ਜਿਵੇਂ ਰਸ ਨਾਲ ਅੰਬੀ ਨਮੀ ਨਾਲ ਅੱਖ ਕੋਈ ਜਿਵੇਂ ਮੀਂਹ ਨਾਲ ਬੱਦਲ ਭਰਿਆ ਹੁੰਦਾ ਹੈ ਮੈਂ ਖਿਆਲ ਤੇਰਾ ਸਾਂਭ ਸਾਂਭ ਰੱਖ ਰਿਹਾਂ ਜਿਵੇਂ ਅੱਖਾਂ ਵਿੱਚ ਹੰਝੂ ਸਾਂਭੀਦੇ ਨੇ ਜਿਵੇਂ ਅੰਬੀ ਰਸ ਸਾਂਭਦੀ ਹੈ ਜਿਵੇਂ ਬੱਦਲਾਂ ਨੇ ਮੀਂਹ ਸਾਂਭਿਆ ਹੋਵੇ ਪਰ ਦਿਲ ਕਿੰਨੀ ਕੁ ਦੇਰ ਸੰਭਲਦਾ ਹੈ ਭਲਾ ਹੰਝੂ ਕਿੰਨੀ ਕੁ ਦੇਰ ਅਟਕਦੇ ਨੇ ਬੱਦਲ ਕਿੰਨੀ ਕੁ ਦੇਰ ਰੋਕ ਸਕਦਾ ਹੈ ਮੀਂਹ ਤੇਰੇ ਖਿਆਲਾਂ ਨਾਲ ਨਮ ਹੋ ਜਾਵਾਂਗਾ ਭਿੱਜ ਜਾਵੇਗਾ ਤਨ ਮਨ ਫੇਰ ਤੂੰ ਆਵੀਂ ਮੀਂਹ ਤੋਂ ਬਾਅਦ ਚਲਦੀ ਹਵਾ ਦੀ ਤਰਾਂ
ਤੇਰੇ ਗ੍ਰਹਿ ਤੇ
ਤੇਰੀ ਦੁਨੀਆ ਵਿਚ ਸੂਰਜ ਪੱਛਮ ਤੋਂ ਚੜ੍ਹਦਾ ਹੈ ਤੇਰੀ ਦੁਨੀਆ ਦੀ ਸ਼ਾਮ ਪੂਰਬ ਵਿਚ ਉਤਰਦੀ ਹੈ ਤੇਰੀ ਦੁਨੀਆ ਵਿਚ ਉਡੀਕਾਂ ਲੰਬੀਆਂ ਨੇ ਤੇ ਮਿਲਨ ਛੋਟੇ ਤੇਰਾ ਘੰਟਾ ਗੁਜ਼ਰਦਾ ਹੈ ਤੇ ਮੇਰਾ ਸਾਲ ਮੁੱਕਦਾ ਹੈ ਤੇਰੀ ਹਰ ਸ਼ਾਮ ਮੇਰੀ ਸਦੀ ਬਾਅਦ ਆਉਂਦੀ ਹੈ ਸਾਲਾਂ ਬਾਅਦ ਮਿਲਣਾ ਤੇ ਅੱਖ ਫਰਕਣ ਤੋਂ ਪਹਿਲਾਂ ਗਾਇਬ ਹੋ ਜਾਣਾ ਕਿਸੇ ਹੋਰ ਗ੍ਰਹਿ ਦੇ ਵਾਸੀ ਤੈਂ ਮੇਰੀਆਂ ਘੜੀਆਂ ਪਾਗਲ ਕਰ ਦਿਤੀਆਂ ਨੇ ਤੇਰਾ ਪਲ ਤੇ ਮੇਰਾ ਸਾਲ ਮੈਂ ਤੈਨੂੰ ਕਿਵੇਂ ਉਡੀਕਾਂ ਚਲ ਆਪਣੀਆਂ ਘੜੀਆਂ ਵਟਾ ਲਈਏ ਤੂੰ ਸਦੀਆਂ ਬਾਅਦ ਜਾਇਆ ਕਰ ਪਲ ਛਿਣ ਲਈ ਅੱਖ ਫਰਕਦਿਆਂ ਫਿਰ ਮੁੜ ਆਇਆ ਕਰ ।
ਪਾਥੀ ਦੀ ਅੱਗ
ਸ਼ਾਮ ਪੈਂਦਿਆਂ ਹੀ ਪਾਥੀ ਤੇ ਫੂਕ ਮਾਰਦਾਂ ਤੇ ਉਸ ਦਰਦ ਨੂੰ ਸੁਲਘਾ ਲੈਂਦਾਂ ਜੋ ਦਬਿਆ ਰਹਿੰਦਾ ਹੈ ਦਿਨ ਭਰ ਤੂੰ ਮੇਰੇ ਅੰਦਰ ਮੌਜੂਦ ਹੈਂ ਹਰ ਪਲ ਜਿਵੇਂ ਪਾਥੀਆਂ ਵਿੱਚ ਅੱਗ ਹੁੰਦੀ ਹੈ ਜਿਵੇਂ ਅੰਗਾਂ ਵਿੱਚ ਪੀੜ ਜਿਵੇਂ ਮਨ ਵਿੱਚ ਰੋਣਾ ਹੁੰਦਾ ਹੈ ਜਿਵੇਂ ਦਿਨ ਵਿੱਚ ਸ਼ਾਮ ਛੁਪੀ ਹੁੰਦੀ ਹੈ ਦਿਨ ਢਲਦਾ ਹੈ ਤਾਂ ਤੂੰ ਅਸਮਾਨ ਤੋਂ ਉਤਰਦੀ ਹੈ ਪਾਥੀਆਂ ਚ ਸੁਲਘਦੀ ਹੈਂ ਜਿਸਮ ਵਿੱਚ ਜਾਗ ਪੈਂਦੀ ਹੈਂ ਮਨ ਤੇ ਛਾ ਜਾਂਦੀ ਹੈਂ ਤੂੰ ਆਪਣੀ ਹੋਂਦ ਜਾਂ ਅਣਹੋਂਦ ਦੋਵੇਂ ਰੂਪਾਂ ਵਿੱਚ ਮੇਰੇ ਨਾਲ ਰਹਿ ਕਦੇ ਸਕਾਰ, ਕਦੇ ਨਿਰਾਕਾਰ
ਧੂਣੀ ਦਾ ਸੇਕ
ਰੱਬ ਨੇ ਲਾਇਆ ਹੈ ਅਸਮਾਨ ਦਾ ਸ਼ਾਮਿਆਨਾ ਦੁਨੀਆ ਵਿਆਹ ਵਿਆਹ ਖੇਡ ਰਹੀ ਹੈ ਮੈਂ ਤੈਥੋਂ ਬਿਨਾ ਬੈਠਾ ਹਾਂ ਬਰਾਤ ਤੋਂ ਰਹਿ ਗਏ ਸਾਕ ਵਾਂਗ ਧੂਫ ਦੀ ਤਰਾਂ ਸੁਲਘ ਰਿਹਾਂ ਤੇਰੀ ਮਹਿਕ ਨਾਲ ਘਿਰਿਆ ਹਾਂ ਤੇਰਾ ਖਿਆਲ ਟਕ ਟਕ ਚਲਦਾ ਹੈ ਟਿਕੀ ਰਾਤ ਵਿੱਚ ਟੂਟੀ ਚੋਂ ਸਿੰਮਦੇ ਤੁਪਕਿਆਂ ਦੀ ਤਰਾਂ ਵੱਜਦਾ ਹੈ ਲਗਾਤਾਰ ਤੁਪਕੇ ਵੀ ਤਾਂ ਨਿਸ਼ਾਨ ਪਾ ਦਿੰਦੇ ਨੇ ਵਿਯੋਗ ਯਾਦ ਦੇ ਨਿਸ਼ਾਨਾਂ ਨੂੰ ਸਹਿਲਾਉਣ ਦਾ ਹੀ ਹੁਨਰ ਹੈ ਸ਼ਾਇਦ ਕਿਸੇ ਦੀ ਗੈਰ ਮੌਜੂਦਗੀ ਨੂੰ ਧੂਣੀ ਵਾਂਗ ਧੁਖਾਉਣ ਦੀ ਕਲਾ ਹੈ ਦੁਨੀਆ ਆਪਣੇ ਕੰਮੀਂ ਰੁੱਝੀ ਹੈ ਮੈਂ ਕੱਲਾ ਧੂਣੀ ਵਾਂਗ ਤੈਨੂੰ ਸੇਕ ਰਿਹਾਂ।
ਤਾਰ ਦਾ ਸਫਰ
ਇਹ ਜੋ ਅਦਿਸਦੀ ਤਾਰ ਹੈ ਤੇਰੇ ਤੇ ਮੇਰੇ ਵਿਚਕਾਰ ਇਹ ਬਹੁਤ ਜ਼ਾਲਮ ਹੈ ਯਾਰ ਦਿਲ ਚ ਜਿਵੇਂ ਕੋਈ ਧਾਗਾ ਪਰੋਇਆ ਹੈ ਤੂੰ ਇਸ ਨੂੰ ਤੁਣਕੇ ਨਾ ਮਾਰ ਤਾਰ ਇਹ ਖਿਚਦੀ ਹੈ ਕਿਸੇ ਅਜਾਣੀ ਦਿਸ਼ਾ ਵਲ ਧੂਹ ਪਾਉਂਦੀ ਹੈ ਮੇਰੇ ਵਜੂਦ ਦੇ ਧੁਰ ਅੰਦਰੋਂ ਕੋਈ ਰੁਗ ਭਰ ਲੈਂਦੀ ਹੈ ਨਾ ਇਸ ਨੂੰ ਤੁਣਕਾ ਨਾ ਮਾਰ ਇਹ ਜੋ ਪੀੜ ਹਲਕੀ ਹਲਕੀ ਨਬਜ਼ ਦੀ ਤਰਾਂ ਟਕ ਟਕ ਚਲਦੀ ਹੈ ਇਸ ਤਾਰ ਦੀ ਖਿਚ ਹੈ ਦਰਦ ਇਹ ਅੱਛਾ ਲਗਦਾ ਹੈ ਜਿਵੇਂ ਇਸ ਚ ਬੱਸ ਬੈਠ ਜਾਈਏ ਬਹੁਤ ਹਲਕੇ ਹਲਕੇ ਕੋਈ ਖਿਚਦਾ ਰਹੇ ਦੂਰ ਦਿਸ਼ਾ ਤੋਂ ਇਹ ਪੀੜ ਰੱਬ ਦੀ ਉੱਗਲ ਹੈ ਕਿਸੇ ਦੂਸਰੇ ਸੰਸਾਰ ਵਿਚ ਜਾਣ ਲਈ ਤੂੰ ਇਸ ਨੂੰ ਪਕੜ ਰੱਖੀਂ ਹਰ ਸ਼ਾਮ ਉਤਰਦੀ ਹੈ ਇਹ ਜੋ ਪੀੜ ਜ਼ਾਲਮ ਤੇਰੇ ਤੇ ਮੇਰੇ ਵਿਚਕਾਰ ਤਣੀ ਕੋਈ ਅਦਿਖ ਤਾਰ ਹੈ
ਤੇਰਾ ਹੋਣਾ
ਤੂੰ ਕਿਤੇ ਹੈਂ ਬਸ ਐਨਾ ਹੀ ਬਹੁਤ ਹੈ ਇਸੇ ਨਾਲ ਮੇਰੀ ਧਰਤੀ ਤੇ ਰੌਣਕ ਹੈ ਮੈਂ ਤੈਨੂੰ ਅਜੇ ਦੇਖਿਆ ਨਹੀਂ ਇਸ ਕਰਕੇ ਤੈਨੂੰ ਲੱਭਦਾ ਰਹਿੰਦਾ ਸਾਰੇ ਅਕਾਰਾਂ ਚੋਂ ਦ੍ਰਿਸ਼ਾਂ ਚੋਂ ਅਵਾਜ਼ਾਂ ਚੋਂ ਸਾਰੇ ਚਿਹਰਿਆਂ ਤੇ ਤੇਰੀ ਹੀ ਆਭਾ ਦਿਸਦੀ ਹੈ ਤੈਨੂੰ ਮੈਂ ਕਿਵੇਂ ਮਿਲਾਂਗਾ ਪ੍ਰਭੂ ਮੇਰੇ ਮਿਲਣ ਤੋਂ ਪਹਿਲਾਂ ਹੀ ਐਨਾ ਪਿਘਲ ਗਿਆ ਹਾਂ ਹੋਰ ਕਿੰਝ ਪਿਘਲਾਂਗਾ ਮੇਰੇ ਸਾਰੇ ਕੋਨੇ ਸਾਰੇ ਸਿਰੇ ਵਹਿ ਗਏ ਨੇ ਜੇ ਚਾਹਾਂ ਵੀ ਤਾਂ ਕਿੰਝ ਆਵਾਂ ਬਹੁਤ ਦੂਰ ਹੈ ਤੇਰਾ ਟਿਕਾਣਾ ਜਿਸਮ ਦੀ ਇਹ ਕੈਦ ਇਹ ਕੈਦ ਕਿੰਝ ਪਾਰ ਕਰਾਂ ਕੀ ਜਿਸਮ ਨੂੰ ਖੋਲ੍ਹ ਆਵਾਂ ਬਾਹਰ ਜਿਵੇਂ ਗੁਰੂਘਰ ਦੇ ਬਾਹਰ ਜੋੜੇ ਉਤਾਰੀਦੇ ਹਨ ਅਜੇ ਮੇਰੀ ਇਸੇ ਤੇ ਟੇਕ ਹੈ ਕਿ ਤੂੰ ਹੈਂ ਕਿਤੇ ਰਾਜ਼ੀ ਖੁਸ਼ੀ ਬਸ ਐਨਾ ਹੀ ਬਹਤ ਹੈ ਇਸੇ ਨਾਲ ਮੇਰੀ ਧਰਤੀ ਤੇ ਰੌਣਕ ਹੈ
ਦੀਵਾਲੀ
ਬਲਦੀਆਂ ਬੁਝਦੀਆਂ ਇਨ੍ਹਾਂ ਰੌਸ਼ਨੀਆਂ ਵਿੱਚ ਇਹ ਜੋ ਦੀਵੇ ਨੇ ਚੁਪ ਜਿਹੇ ਇਹੀ ਮੇਰੀ ਚੁਪ ਦੇ ਸਾਥੀ ਨੇ ਸ਼ੋਰ ਦੇ ਇਸ ਤੁਫਾਨ ਵਿੱਚ ਜੋ ਚੁਪ ਮੈਂ ਤੇਰੇ ਲਈ ਸਾਂਭ ਰੱਖੀ ਹੈ ਇਹ ਉਸ ਨਾਲ ਬਲ ਰਹੇ ਨੇ ਇਹ ਦੀਵੇ ਚੁਪ ਚੁਪ ਸ਼ਾਇਦ ਇਹੀ ਮੇਰਾ ਕਹਿਣਾ ਮੰਨਣਗੇ ਜੀ ਕਰਦਾ ਹੈ ਇਨ੍ਹਾਂ ਨੂੰ ਕਹਾਂ ਕਿ ਡਾਰ ਬਣਕੇ ਉਡ ਜਾਣ ਕੂੰਜਾਂ ਵਾਂਗ ਤੇਰੇ ਦੇਸ ਤੇਰੀ ਚੁਪ ਨੂੰ ਮੇਰੀ ਚੁਪ ਦੀ ਖਬਰ ਦੇਣ ਤੁਫਾਨੀ ਸ਼ੋਰ ਵਿੱਚ ਮੈਂ ਇਸ ਚੁਪ ਨੂੰ ਲੁਕਾ ਰਿਹਾਂ ਦੀਵੇ ਦੀ ਤਰਾਂ ਬਚਾ ਰਿਹਾ ਹਾਂ।
ਸਮਰਪਣ
ਮੈਂ ਤੈਨੂੰ ਕੀ ਕਹਾਂ ਮੇਰੇ ਸਾਰੇ ਹਥਿਆਰ ਤਾਂ ਤੂੰ ਗਿਰਾ ਦਿੱਤੇ ਨੇ ਮੈਂ ਨਿਸ਼ਬਦਾ ਸਿਪਾਹੀ ਹਾਂ ਆਤਮ ਸਮਰਪਣ ਲਈ ਵੀ ਮੇਰੇ ਕੋਲ ਕੁਝ ਨਹੀਂ ਇਹ ਕੈਸਾ ਯੁੱਧ ਹੈ ਜੋ ਮੇਰੇ ਹਾਰਨ ਨਾਲ ਸ਼ੁਰੂ ਹੋਇਆ ਮੇਰੇ ਹਾਰਨ ਤੋਂ ਬਿਨਾਂ ਸ਼ਾਇਦ ਇਹ ਯੁੱਧ ਸ਼ੁਰੂ ਨਾ ਹੁੰਦਾ ਨਾ ਕੋਈ ਫੌਜ ਨਾ ਸਿਪਾਹੀ ਹਥਿਆਰ ਵੀ ਕੋਈ ਨਹੀਂ ਮੈਂ ਆਪਣੇ ਮਨ ਦਾ ਸਿਕੰਦਰ ਪਤਾ ਨਹੀਂ ਕਿਸ ਫੌਜ ਤੋਂ ਹਾਰ ਗਿਆ ਹਾਂ
ਖੋਜ ਤੋਂ ਪਰੇ
ਜਦ ਮੈਂ ਭਾਲ ਆਪਣੀ ਤੋਂ ਹੰਭ ਗਿਆ ਸਾਂ ਤੂੰ ਮੈਨੂੰ ਉਦੋਂ ਮਿਲਣਾ ਸੀ ਜਦ ਮੈਂ ਮੁੜਨ ਲੱਗਿਆ ਸਾਂ ਵਾਪਿਸ ਪੱਤਣਾਂ ਵੱਲ ਤੂੰ ਮੈਨੂੰ ਉਦੋਂ ਮਿਲਣਾ ਸੀ? ਸਾਰੇ ਪੰਛੀ ਪਰਿੰਦੇ, ਬੱਦਲ ਤੇ ਤਾਰੇ ਜੋ ਮੇਰੇ ਨਾਲ ਸਨ ਇਸ ਖੋਜ ਮੁਹਿੰਮ ਵਿਚ ਮੈਂ ਹਾਰ ਕੇ ਉਹ ਸਭ ਵਾਪਿਸ ਮੋੜ ਦਿੱਤੇ ਸਨ ਫੁਲਾਂ ਦੇ ਬਾਗ ਸਭ ਘਰਾਂ ਨੂੰ ਤੋਰ ਦਿੱਤੇ ਸਨ ਸੋਚਦਾ ਸਾਂ ਮੇਰੀ ਭਾਲ ਇਹ ਸਭ ਵਿਅਰਥ ਹੈ ਇਸ ਅਨੰਤ ਸਾਗਰ ਦਾ ਕੋਈ ਸਿਰਾ ਨਹੀਂ ਹੈ ਸ਼ਾਇਦ ਜਿਸ ਨੂੰ ਮੈਂ ਪਕੜਨ ਤੁਰਿਆ ਹਾਂ ਸਭ ਡਰਾਉਣੀ ਅਨੰਤਤਾ ਸੀ ਤੇ ਛੱਲਾਂ ਚੋਂ ਉਠਦੀ ਧੁੰਦ ਮੈ ਆਤਮਾ ਦਾ ਕੋਲੰਬਸ ਹਾਰ ਗਿਆ ਸਾਂ ਇਸ ਅਮੁੱਕ ਖੋਜ ਵਿਚ ਖੋਜ ਤੋਂ ਅੱਗੇ ਨਿਕਲ ਗਿਆ ਸਾਂ ਤੂੰ ਅਚਾਨਕ ਚਮਕੀ ਬਿਜਲੀ ਵਾਂਗ ਉਸ ਪਾਸਿਓਂ ਜਿਥੋਂ ਮੈਂ ਨਿਕਲ ਆਇਆ ਸਾਂ ਮੈ ਘੁੰਮ ਗਿਆ ਜਿਵੇਂ ਕਿਸੇ ਬੱਚੇ ਦੇ ਹੱਥ ਤੇ ਲਾਟੂ ਘੁੰਮਦਾ ਹੈ ਰਿੜਕਿਆ ਗਿਆ ਆਪਣੇ ਸਾਰੇ ਤਰਕਾਂ ਸਮੇਤ ਪੰਛੀਆਂ, ਤਾਰਿਆਂ ਤੇ ਬੱਦਲਾਂ ਨੂੰ ਮੈਂ ਹੁਣ ਅਵਾਜ਼ਾਂ ਮਾਰ ਰਿਹਾ ਹਾਂ ਜੋ ਮੈਂ ਵਾਪਿਸ ਮੋੜ ਦਿੱਤੇ ਸਨ ਅਸਮਾਨ ਨੂੰ ਤੇਰੇ ਸਵਾਗਤ ਲਈ ਉਤਾਰ ਰਿਹਾ ਹਾਂ ਤੂੰ ਮੈਨੂੰ ਉਦੋਂ ਕਿਉਂ ਮਿਲਣਾ ਸੀ ਜਦ ਮੈਂ ਤਲਾਸ਼ ਤੋਂ ਵੀ ਅੱਗੇ ਨਿਕਲ ਗਿਆ ਸਾਂ ਹੁਣ ਦੱਸ ਮੈਂ ਕੀ ਕਰਾਂ ਤੇਰੇ ਸਵਾਗਤ ਲਈ ਮੇਰੇ ਕੋਲ ਬਹੁਤ ਥੋੜ੍ਹੀਆਂ ਚੀਜਾਂ ਬਚੀਆਂ ਹਨ
ਮੁਲਾਕਾਤ ਦੀ ਰਾਤ
ਇਸੇ ਜਨਮ ਵਿੱਚ ਮੁਕਾ ਲੈ ਇਹ ਮੁਲਾਕਾਤ ਅਗਲੇ ਦਾ ਲਾਲਚ ਨਾ ਦੇਹ ਤੂੰ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਆਉਂਦਿਆਂ ਆਉਂਦਿਆਂ ਮੈਂ ਤਾਂ ਸਭ ਉਮੀਦਾਂ ਬੁਝਾ ਦਿੱਤੀਆਂ ਸਨ ਚਮਕੀਲੇ ਲਫਜ਼ਾਂ ਦੀਆਂ ਲੜੀਆਂ ਉਠਵਾ ਦਿੱਤੀਆਂ ਸਨ ਜਾਣ ਲੱਗਿਆਂ ਸਾਂ ਬਸ ਜੇ ਮਿਲੇ ਹਾਂ ਤਾਂ ਹੁਣ ਬਲਣ ਦੇਹ ਉਮਰ ਦਾ ਕਤਰਾ ਕਤਰਾ ਦੀਵੇ ਵਿੱਚ ਢਲਣ ਦੇ ਇੱਕੋ ਮੁਲਾਕਾਤ ਵਿੱਚ ਮੁਕਾ ਦੇ ਸਾਹਾਂ ਦੀ ਇਹ ਲੜੀ ਅਗਲੇ ਜਨਮ ਦੀ ਉਡੀਕ ਨਾ ਕਰ ਜਨਮ ਇਹ ਇਸੇ ਮੁਲਾਕਾਤ ਲਈ ਸੀ ਤੈਨੂੰ ਹੀ ਮਿਲਣ ਲਈ ਇੱਕ ਪੜਾਅ ਸੀ ਤੂੰ ਮੈਨੂੰ ਫੇਰ ਨਾ ਬੁਲਾਈਂ ਇਸੇ ਜਨਮ ਵਿੱਚ ਮਿਲ ਲੈ ਜੀਅ ਭਰ ਕੇ ਅਗਲੇ ਚ ਮੈਂ ਨਹੀਂ ਹੋਣਾ
ਸ਼ਾਮ
ਐ ਸ਼ਾਮ ਆ, ਮੇਰੇ ਕੋਲ ਬੈਠ ਚੱਲ ਉਦਾਸੀ ਮਨਾਈਏ ਕੋਈ ਗਿਆ ਹੈ ਕਿਤੇ ਉਦਾਸੀ ਤੋਂ ਮੁੱਖ ਮੋੜਨ ਲਈ ਜਾਂ ਉਦਾਸ ਹੋਣ ਲਈ ਹੀ ਉਸ ਦੀ ਗੈਰ ਹਾਜ਼ਰੀ ਵਿੱਚ ਸਿਰਫ ਤੂੰ ਹੀ ਹੈਂ ਜੋ ਮੇਰੇ ਕੋਲ ਹੁੰਦੀ ਹੈਂ ਜੋ ਮੇਰੀ ਚੁੱਪ ਨਾਲ ਗੱਲਾਂ ਕਰਦੀ ਹੈ ਸ਼ਾਮ ਸ਼ਾਇਦ ਉਸੇ ਦਾ ਰੂਪ ਹੈ ਜਿਵੇਂ ਧੂਣੀ ਤੇ ਧੂੰਆਂ ਉਹ ਹੋਵੇ ਤਾਂ ਧੂਣਾ ਬਲਦਾ ਹੈ ਫਕੀਰਾਂ ਦਾ ਜਾਵੇ ਤਾਂ ਧੂੰਆਂ ਉੱਠਦਾ ਹੈ ਡੁੱਬ ਰਹੇ ਸੂਰਜ ਕੋਲੋਂ ਇਸ ਤਰਾਂ ਗੁਜ਼ਰਦਾ ਹੈ ਜਿਵੇ ਕੋਈ ਹੂਕ ਚੁੱਪ ਚਾਪ ਉਡੀ ਜਾ ਰਹੀ ਹੋਵੇ ਬਿਨ੍ਹਾਂ ਕੋਈ ਅਵਾਜ਼ ਕੀਤਿਆਂ ਉਸਦੀ ਗੈਰ ਹਾਜ਼ਰੀ ਵਿੱਚ ਸਾਰੀ ਰੰਗੀਨ ਦੁਨੀਆ ਬਲੈਕ ਐਂਡ ਵਾਈਟ ਦਿਸਦੀ ਹੈ ਭੰਬੀਰੀਆਂ ਦੀ ਤਰਾਂ ਉਦਾਸ ਧੁਨਾਂ ਹਵਾ ਵਿੱਚ ਉਡਦੀਆਂ ਹਨ ਸ਼ਾਮ ਉਤਰ ਆਉਂਦੀ ਹੈ ਸ਼ਾਮ ਮੇਰਾ ਦਰਦ ਬੁੱਝਦੀ ਹੈ ਉਸਦੀ ਗੈਰ ਹਾਜ਼ਰੀ ਵਿੱਚ ਉਸ ਨੂੰ ਮੇਰੇ ਕੋਲ ਬਿਠਾ ਰੱਖਦੀ ਹੈ ਅੱਖਾਂ ਦੀ ਤਪਸ਼ ਨੂੰ ਟਕੋਰਾਂ ਕਰਦੀ ਹੈ ਉਦਾਸ ਧੁਨਾਂ ਵਜਾਉਂਦੀ ਹੈ ਐ ਸ਼ਾਮ ਅੱਜ ਮੇਰੇ ਕੋਲ ਬੈਠ ਜਾ
ਦਰਦ
ਇਹ ਜੋ ਦਰਦ ਤੂੰ ਦਿੱਤਾ ਹੈ ਮਿੱਠਾ ਮਿੱਠਾ ਇਸ ਨੂੰ ਚਲਣ ਦੇ ਸਿਤਾਰ ਤੇ ਚਲਦੀ ਉਂਗਲ ਦੀ ਤਰਾਂ ਹੌਲੀ ਹੌਲੀ ਵੱਜਣ ਦੇ ਇਹ ਮੇਰੇ ਜੀਵਨ ਦਾ ਬੈਕਗਰਾਊਂਡ ਮਿਊਜ਼ਕ ਹੈ ਬਸ ਇਸ ਦੀ ਧੁਨ ਸੁਣਦੀ ਰਹਿ ਧੀਮੀ ਜਿਹੀ ਤੂੰ ਖੁਸ਼ ਰਿਹਾ ਕਰ ਨਿੱਖਰੇ ਅਸਮਾਨ ਵਿਚ ਉਡਦੇ ਪੰਛੀਆਂ ਦੀ ਤਰਾਂ ਉਡਾਣਾਂ ਭਰ ਇਹ ਸਭ ਅਸਮਾਨ ਤੇਰੇ ਲਈ ਖਾਲੀ ਪਏ ਨੇ ਇਹ ਜੋ ਪਿੰਜਰੇ ਨੇ ਇਹ ਤੇਰੇ ਲਈ ਨਹੀਂ ਹਨ ਤੂੰ ਇਨ੍ਹਾਂ ਤੋਂ ਦੂਰ ਰਹੀਂ ਇਹ ਜੋ ਤਾਰ ਹੈ ਸੁਨਹਿਰੀ ਜਿਹੀ ਜੋ ਤੇਰੇ ਅਤੇ ਮੇਰੇ ਵਿਚਕਾਰ ਲਟਕ ਰਹੀ ਹੈ ਇਹ ਤੈਨੂੰ ਹੋਰ ਉਚਾ ਉਡਾਉਣ ਲਈ ਹੈ ਇਹ ਰੱਸੀ ਨਹੀਂ ਹੈ ਤੂੰ ਇਨ੍ਹਾਂ ਅਸਮਾਨਾਂ ਵਿਚ ਉਡਾਣਾਂ ਭਰ ਮੈਂ ਤੇਰੇ ਲਈ ਇਹ ਸਿਤਾਰ ਵਜਾ ਰਿਹਾ ਹਾਂ ਧੀਮੇ ਧੀਮੇ
ਸੰਨਾਟਾ
ਜੀਵਨ ਦੇ ਸਭ ਉਦਾਸ ਅਤੇ ਹਸੀਨ ਪਲਾਂ ਵਿਚ ਤੂੰ ਮੇਰੇ ਨਾਲ ਰਹੀਂ ਸੰਨਾਟੇ ਦਾ ਇਹ ਸਫਰ ਮੁਕ ਹੀ ਜਾਵੇਗਾ ਇਨ੍ਹਾਂ ਪ੍ਰਸ਼ਨਾਂ ਚ ਨਾ ਉਲਝ ਇਨ੍ਹਾਂ ਦਾ ਕੋਈ ਸਿਰਾ ਨਹੀਂ ਹੈ ਸਵਾਲਾਂ ਦਾ ਇਹ ਚੱਕਰਵਿਊ ਭਰਮੀਲੀਆਂ ਰੌਸ਼ਨੀਆਂ ਦਾ ਅੰਤਹੀਣ ਚੱਕਰ ਹੈ ਇਨ੍ਹਾਂ ਨੂੰ ਛੱਡ ਬੱਸ ਮੇਰੇ ਕੋਲ ਬੈਠ ਜਾ ਮੈਂ ਇਕੱਲਾ ਇਸ ਸੰਨਾਟੇ ਨਾਲ ਕਿਵੇਂ ਨਿਪਟਾਂਗਾ ਜੀਵਨ ਦੀਆਂ ਸਭ ਗੁੰਝਲਾਂ ਹੱਥਾਂ ਨਾਲ ਨਹੀਂ ਖੁਲ੍ਹਣਗੀਆਂ ਇਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰ ਰਹਿਣ ਦੇ ਇਸੇ ਤਰਾਂ ਬੱਸ ਮੇਰੇ ਵੱਲ ਦੇਖ ਸਾਰੇ ਦਾ ਸਾਰਾ ਆਪਣੀਆਂ ਹੀ ਅੱਖਾਂ ਦੀ ਨਮੀ ਵਿਚ ਡੁੱਬਿਆ ਹਾਂ ਤੂੰ ਪ੍ਰਸ਼ਨਾਂ ਵੱਲ ਨਾ ਜਾਹ ਮੇਰੀ ਇਸ ਨਮੀ ਦਾ ਜਵਾਬ ਦੇਹ ਆ, ਮੇਰੇ ਕੋਲ ਬੈਠ ਇਸ ਇਕੱਲਾ ਇਸ ਸੰਨਾਟੇ ਵਿਚ ਕੀ ਕਰਾਂਗਾ
ਸੇਕ
ਜੋਰ ਲਾ ਲੈਣ ਦੇ ਇਸ ਨੂੰ ਇਸ ਸੇਕ ਤੋਂ ਨਾ ਡਰ ਤੜਫ ਇੰਝ ਹੀ ਰਿੱਝਦੀ ਹੈ ਜੁਦਾਈ ਦੇ ਸੇਕ ਨਾਲ ਬਹੁਤ ਕੁੱਝ ਪਿਘਲਦਾ ਹੈ ਮਨ ਦੇ ਕਿੰਨੇ ਹੀ ਗਲੇਸ਼ੀਅਰ ਅਹੁੰ ਦੀਆਂ ਨੋਕੀਲੀਆਂ ਚੋਟੀਆਂ ਰੂਹ ਦੇ ਗੋਲੇ ਸਭ ਕੁੱਝ ਵਹਿਣ ਲੱਗਦਾ ਹੈ ਮੈਂ ਵੀ ਹੰਢਾ ਰਿਹਾ ਹਾਂ ਇਹ ਹੁੰਮਸ ਤੇਰੀ ਬਾਰਿਸ਼ ਦੀ ਉਡੀਕ ਵਿੱਚ ਤਨ ਦੇ ਹਾਰੇ ਵਿੱਚ ਮੱਠਾ ਮੱਠਾ ਸੁਲਘ ਰਿਹਾ ਹਾਂ ਇੱਕ ਦਿਨ ਵਰ੍ਹੇਗਾ ਤੂੰ ਇਸ ਸੇਕ ਤੋਂ ਨਾ ਡਰ ਕਹਿੰਦੇ ਨੇ ਇਹ ਤਪਸ਼ ਬੰਦੇ ਨੂੰ ਪਾਰਦਰਸ਼ੀ ਬਣਾ ਦਿੰਦੀ ਹੈ ਪਾਣੀ ਵਾਂਗ ਜਾਂ ਸ਼ਾਇਦ ਹਵਾ ਵਾਂਗ ਆਸ਼ਕ ਤੇ ਫਕੀਰ ਇਸ ਅਗਨ ਵਿੱਚ ਰਿੱਝਦੇ ਹਨ ਦੋਵੇਂ ਪਾਰਦਰਸ਼ੀ ਹੁੰਦੇ ਹਨ ਮੈਂ ਦੇਖ ਰਿਹਾਂ ਤੈਨੂੰ ਜਿਵੇਂ ਨੇਰ੍ਹੀ ਰਾਤ ਵਿੱਚ ਕੋਈ ਦੀਵੇ ਦੀ ਲਾਟ ਨੂੰ ਦੇਖਦਾ ਹੈ ਮੈਂ ਤੈਨੂੰ ਦੇਖਦਿਆਂ ਪਿਘਲ ਜਾਣਾ ਹੈ ਤੂੰ ਮੈਂਨੂੰ ਪਿਘਲਾ ਕੇ
ਰਾਤ ਤੂੰ ਉਮਰ ਹੋ ਜਾ
ਥਲਾਂ ਚੋਂ ਸੇਕ ਉਠਿਆ ਤੈਨੂੰ ਮਿਲਣ ਲਈ ਜਲਾਂ ਚੋਂ ਭਾਫ ਉਠੀ ਮੈਂ ਤੇਰੀ ਤਾਂਘ ਦਾ ਬਣਿਆ ਵਰੋਲਾ ਸਾਂ ਮਹਾਂ-ਆਤਮਾ ਚੋਂ ਉਖੜੀ ਕਾਤਰ ਪੌਣ ਦਾ ਝੌੱਕਾ ਜਿਹਾ ਹਵਾ ਦੇ ਸਹਿਜ ਸਮੁੰਦਰ ਚ ਬੇਤਰਤੀਬਾ ਭਟਕਦਾ ਸਾਂ ਤੇਰੀ ਭਾਲ ਲਈ ਦੁਪਹਿਰੀ ਰੇਤਿਆਂ ਚੋਂ ਗੁਜ਼ਰਿਆ ਸੁੰਨੇ ਚੇਤਿਆਂ ਚੋਂ ਗੁਜ਼ਰਿਆ ਹਵਾ ਜਿਵੇਂ ਖਲਾਅ ਨੂੰ ਤਾਂਘਦੀ ਹੈ ਪਰਿੰਦੇ ਜਿਵੇਂ ਸ਼ਾਮ ਲਈ ਭਟਕਦੇ ਹਨ ਅੰਬਰ ਤੇ ਬਣੀਆਂ ਬੇਚੈਨ ਰੇਖਾਵਾਂ ਮਹਾਂ-ਤਰਤੀਬ ਚ ਰੁਖ ਸਿਰ ਹੋਣ ਲਈ ਭਟਕਦੀ ਚੱਪਾ ਕੁ ਰੂਹ ਸਾਂ ਸ਼ਾਇਦ ਤੇਰੇ ਲਈ ਮੈਂ ਹੁਸਨ ਦੇ ਕਲਸਾਂ ਨੂੰ ਸਜਦੇ ਕੀਤੇ ਅਕਲ ਦੁਆਰਿਆਂ ਦੀਆਂ ਪੌੜੀਆਂ ਚੜ੍ਹਿਆ ਤੈਨੂੰ ਹੀ ਮਿਲਣ ਲਈ ਮੇਰੀ ਧਰਤੀ ਚੋਂ ਰੁੱਖ ਉੱਗੇ ਰੁੱਖਾਂ ਦੀ ਬੇਬਸੀ ਸਣੇ ਮੈਂ ਭਟਕਿਆ ਅੰਤਹੀਣ ਗ੍ਰਹਿ ਪੰਧ ਬੇਨਾਮ ਨਛੱਤਰਾਂ ਦੀ ਗੁਰੂਤਾ ਚੋਂ ਲੰਘਿਆ ਰਾਤ ਦੀ ਹਿੱਕ ਤੇ ਗ੍ਰਹਿਣ ਝੱਲਦਿਆਂ ਕਈ ਵਾਰ ਤੂੰ ਦੁਮੇਲ ਦੇ ਮੱਥੇ ਤੇ ਚਮਕਦੀ ਤਾਰਾ ਜਿਹੀ ਅਸਮਾਨੀ ਤਾਂਘ ਚ ਮੈਂ ਅਹੁਲਦਾ ਤੇਰੀ ਚਾਨਣੀ ਦੀ ਚੂਲੀ ਲਈ ਕਿ ਅਚਾਨਕ ਤੂੰ ਔਝਲ ਹੋ ਜਾਂਦੀ ਤਾਰਿਆਂ ਦੀ ਭੀੜ ਚ ਘਿਰਿਆ ਮੈਂ ਤੇਰੀ ਪਛਾਣ ਗੁਆ ਬਹਿੰਦਾ ਗੁਰੂਤਾ ਦੀ ਪੀੜ ਵਿਚ ਤਣਿਆ ਇਹ ਇਕ ਅਨੰਤ ਸਫਰ ਸੀ ਤੇ ਫੇਰ ਇਕ ਪਲ ਤੂੰ ਮੈਥੋਂ ਵਿਥ ਤੇ ਖਲੋਤੀ ਸੈਂ - ਇੱਕ ਚਾਨਣੀ ਦਾ ਜਿਸਮ ਤੇਰੇ ਸੇਕ ਚ ਮੈਂ ਪਿਘਲਣ ਲੱਗਿਆ ਕਿ ਤੈਨੂੰ ਮਿਲ ਸਕਾਂ ਜਿਸਮ ਦੇ ਬਸਤਰਾਂ ਬਿਨ੍ਹਾਂ ਆਪਣੀ ਪੂਰੀ ਨਿਹ ਹੋਂਦ ਚ ਹਵਾ ਦੀ ਤਾਂਘ ਵਾਂਗ ਤੈਨੂੰ ਮਿਲਣ ਲਈ ਦਰਿਆਈ ਛੱਲ ਵਾਂਗ ਧਾਉਣ ਲਈ ਬੋਧ ਦੇ ਸਭ ਕਿਨਾਰੇ ਤੋੜ ਦਿੱਤੇ ਕਿ ਅਚਾਨਕ ਮੈਂ ਫੇਰ ਕੱਲਾ ਸਾਂ ਰਾਤ ਦੀ ਚਾਨਣੀ ਹੇਠ ਤੇਰਾ ਵਜੂਦ ਕਿਤੇ ਨਹੀਂ ਸੀ ਮੈਥੋਂ ਹੁਣੇ ਕੁ ਜਿੰਨੀ ਵਿਥ ਤੇ ਭਰਮ ਦਾ ਝੌਂਕਾ ਜਿਹਾ ਸੀ ਸਾਹਾਂ ਦੀ ਮੱਠੀ ਰੁਮਕ ਤੇ ਮੈਂ ਅੰਦਰ ਦੇਖਿਆ- ਸ਼ਾਮ ਚ ਉਤਰ ਰਹੇ ਚਾਅ ਦੇ ਪੰਛੀ ਨਿਰ ਆਸ ਫੜਫੜਾਹਟਾਂ ਨਾਲ ਅਸਮਾਨ ਚ ਨੀਂਦ ਉਤਰ ਰਹੀ ਸੀ ਕਿ ਬਹੁਤ ਸਹਿਜ ਨਾਲ ਤੂੰ ਆ ਬੈਠੀ ਮੇਰੇ ਸਾਹਮਣੇ -ਇੱਕ ਨੂਰੀ ਝਲਕ -ਮੇਰੀ ਤਾਂਘ ਦੀ ਪੂਰਨਮਾਸ਼ੀ ਜਿਵੇਂ ਧਰਤੀ ਸਾਹਮਣੇ ਚੰਨ ਆਉਂਦਾ ਹੈ ਤਾਰੇ ਚੱਲ ਪਏ ਸਨ ਫੁਲਝੜੀਆਂ ਵਾਂਗ ਰੌਸ਼ਨੀ ਨਾਲ ਕਿਣ ਮਿਣ ਹੁੰਦਾ ਮੈਂ ਅਹੁਲ ਪਿਆ ਸਾਂ ਤੇਰੇ ਵੱਲ ਆਪਣੇ ਸਮੁੰਦਰਾਂ ਸਣੇ ਇਹ ਇਕ ਦੁਮੇਲੀ ਅਵਸਥਾ ਸੀ ਨਿਰਵਾਣੀ ਝਲਕ ਚੋਂ ਤੇਰੀ ਤਰੇਲ ਚੁੰਮ ਪਰਤੇ ਮੇਰੇ ਪੱਤੇ ਚਮਕਦੇ ਸਨ ਸੰਜੋਗ ਦੀ ਪਹਿਲੀ ਸਵੇਰ ਚ ਸ਼ਾਤ ਚਲਦੀ ਹਵਾ ਚ ਮੈਂ ਜਿਉਂ ਰਿਹਾ ਸਾਂ ਤੇਰਾ ਨੂਰੀ ਮਿਲਨ ਤੂੰ ਕਿਤੇ ਨਹੀਂ ਸੀ ਮੈਥੋਂ ਦੂਰ ਅਨੰਤ ਗ੍ਰਹਿਆਂ ਓਹਲੇ ਤੂੰ ਮੇਰੇ ਕੋਲ ਮੌਜੂਦ ਸੀ ਸਾਹ ਦੀ ਹਵਾ ਚ ਮੈਂ ਗੁਜ਼ਰਦਾ ਸਾਂ ਤੇਰੇ ਸ਼ਹਿਰ ਚੋਂ ਤੈਨੂੰ ਬਿਨ ਮਿਲਿਆਂ ਤੇਰੀ ਹੀ ਭਾਲ ਵਿੱਚ ਬੇਚੈਨ ਝੱਖੜਾਂ ਚ ਭਾਉਂਦਾ ਸਾਂ ਤੂੰ ਮੇਰੀ ਹੀ ਨਵੀਂ ਤਰਤੀਬ ਹੈਂ ਕੋਈ ਮੇਰੇ ਹੀ ਸਾਹਾਂ ਚ ਗੁੰਮਿਆ ਸੁਰ ਸੀ ਤੂੰ ਮੇਰੀ ਹੋਂਦ ਦਾ ਪ੍ਰਕਾਸ਼ ਹੈਂ ਦੁਪਹਿਰੀ ਭਟਕਣਾਂ ਦਾ ਅੰਤ ਕਰਦਿਆਂ ਮੈਂ ਖਿੱਚ ਦਿੰਦਾਂ ਦਿਨ ਦਾ ਪਰਦਾ ਓੜ੍ਹਦਾ ਹਾਂ ਤੈਨੂੰ ਤਾਰਿਆਂ ਭਰੀ ਨੂੰ ਦਰਿਆਵਾਂ ਤੇ ਪੈਂਦੀ ਚਾਨਣੀ ਕੰਢੇ ਮੈਂ ਅਨੰਤ ਵਹਿ ਰਿਹਾ ਹਾਂ 1 ਨਵੰਬਰ, 1994
ਨਵੇਂ ਸਿਰਿਓਂ
ਜੇ ਮੇਰੇ ਕੋਲ ਕਵਿਤਾ ਨਾ ਹੁੰਦੀ ਤਾਂ ਮੈਂ ਹਾਰ ਜਾਂਦਾ ਮੁੜ ਜਾਂਦਾ ਬਿਨਾ ਬੋਲਿਆਂ ਹੀ ਕੋਈ ਵੀ ਕਾਰਡ, ਕੋਈ ਤਸਵੀਰ ਤੈਨੂੰ ਛੁਹ ਨਹੀਂ ਰਹੀ ਹਰ ਕਾਰਡ ਵਿਚ ਕੋਈ ਕਮੀ ਹੈ ਹਰ ਸਤਰ ਅਪੂਰਨ ਹੈ ਕੋਈ ਵੀ ਰੰਗ ਤੇਰੀ ਥਾਹ ਨਹੀਂ ਪਾ ਸਕਦਾ ਮੈਂ ਤੈਨੂੰ ਕੀ ਆਖਾਂ ਹਰ ਸ਼ਬਦ ਵਰਤਿਆ ਜਾ ਚੁੱਕਾ ਹੈ ਹਰ ਸਤਰ ਕਹੀ ਜਾ ਚੁੱਕੀ ਹੈ ਕੋਈ ਐਸਾ ਸ਼ਬਦ ਲੱਭ ਰਿਹਾਂ ਜੋ ਕਾਇਨਾਤ ਵਿਚ ਪਹਿਲੀ ਵਾਰ ਮੈਂ ਹੀ ਉਚਾਰਾਂ ਤੇਰੇ ਲਈ ਐਸੀ ਤਸਵੀਰ ਲੱਭ ਰਿਹਾਂ ਜੋ ਸਿਰਫ ਤੇਰੇ ਲਈ ਬਣੀ ਹੋਵੇ ਕੋਈ ਰੰਗ ਜੋ ਸਿਰਫ ਤੂੰ ਹੀ ਦੇਖ ਸਕੇਂ ਪਰ ਰੱਬ ਦੀ ਇਹ ਦੁਨੀਆ ਬਹੁਤ ਪੁਰਾਣੀ ਹੋ ਗਈ ਹੈ ਕੁਝ ਵੀ ਅਣਵਰਤਿਆ ਨਹੀਂ ਜਾਂ ਸ਼ਾਇਦ ਮੈਂ ਹੀ ਪੁਰਾਣਾ ਹੋ ਗਿਆ ਹਾਂ ਸੋਚਦਾਂ ਨਵੇਂ ਸਿਰਿਓਂ ਜਨਮ ਲਵਾਂ ਇਕ ਬੱਚੇ ਦੀ ਤਰਾਂ ਜ਼ਿੰਦਗੀ ਫੇਰ ਤੋਂ ਜਿਊਣੀ ਸਿੱਖਾਂ ਕਦਮ- ਕਦਮ ਸ਼ਬਦ- ਸ਼ਬਦ
ਧਰਤੀ ਤੇ ਬੰਦਾ
ਬਹੁਤ ਲੰਘੇ ਹਨ ਇਨ੍ਹਾਂ ਰਾਹਾਂ ਤੋਂ ਇਸ ਤੈਹ ਥੱਲੇ ਅਨੇਕਾਂ ਪੈੜਾਂ ਦੇ ਨਿਸ਼ਾਨ ਗੁੰਮ ਹਨ ਫੇਰ ਵੀ ਮੈਂ ਸੋਚਦਾ ਰਿਹਾ- ਇਸ ਗ੍ਰਹਿ ਦਾ ਮੈਂ ਪਹਿਲਾ ਯਾਤਰੀ ਹਾਂ ਮੈਂ ਕਿੰਨਾ ਮਾਸੂਮ ਸਾਂ ਯਾਰੋ ਜੋ ਲੰਘ ਗਏ ਨੇ ਜਿਨ੍ਹਾਂ ਨੇ ਲੰਘਣਾ ਹੈ ਹਾਲੇ ਮੈਂ ਉਨ੍ਹਾਂ ਚੋਂ ਕੌਣ ਹਾਂ? ਇਨ੍ਹਾਂ ਰਾਹਾਂ ਨਾਲ ਮੇਰਾ ਕੀ ਰਿਸ਼ਤਾ ਹੈ ? ਮੈਂ ਇਨ੍ਹਾਂ ਸਵਾਲਾਂ ਨਾਲ ਜੂਝ ਰਿਹਾ ਹਾਂ ਮੇਰੇ ਕੋਲ ਜੋ ਮਾਸੂਮੀਅਤ ਸੀ ਥੋੜ੍ਹੀ ਜਿਹੀ ਉਹ ਮੈਂ ਸਾਰੀ ਓੜ੍ਹ ਲਈ ਸਿਰ ਢਕਣ ਲਈ ਪਰਿਕਰਮਾ ਕਰਨ ਲਈ ਤੇਰੀ ਆਰਤੀ ਕਰਦਿਆਂ ਹੋਰਾਂ ਦੀ ਤਰਾਂ ਮੇਰੀਆਂ ਪੈੜਾਂ ਵੀ ਗੁਆਚ ਜਾਣਗੀਆਂ ਤੈਨੂੰ ਕੀ ਫਰਕ ਪਵੇਗਾ ਕਿ ਮੈਂ ਕੌਣ ਹਾਂ ਜਾਂ ਕੌਣ ਨਹੀਂ ਹਾਂ ਧਰਤੀ ਅਤੇ ਔਰਤ ਪੈੜਾਂ ਦੇ ਨਿਸ਼ਾਨ ਨਹੀਂ ਸਾਂਭਦੀਆਂ ਤੂੰ ਧਰਤੀ ਹੋਵੇਂਗੀ ਪਰ ਮੈਂ ਤਾਂ ਬੰਦਾ ਹਾਂ ਮੈਂ ਆਪਣੀਆਂ ਪੈੜਾਂ ਦੇ ਮੋਹ ਨਾਲ ਗ੍ਰਸਿਆ ਹਾਂ ਮੈਂ ਬਿਹਬਲ ਹਾਂ ਇਹ ਜਾਣਨ ਲਈ ਕਿ ਮੈਂ ਤੇਰਾ ਕੌਣ ਯਾਤਰੀ ਹਾਂ
ਪੈੜਾਂ
ਤੇਰੇ ਅੰਦਰ ਕਿੰਨੀਆਂ ਪੈੜਾਂ ਹਨ ਮੈਂ ਆਪਣੀ ਪੈੜ ਵੀ ਪਛਾਣ ਨਹੀਂ ਸਕਦਾ ਕਿੱਥੇ ਆ ਗਿਆ ਹਾਂ ਮੈਂ ਜੀਵਨ ਇਹ ਬੜਾ ਰਿਸਕੀ ਹੈ ਪਤਾ ਨਹੀਂ ਕਿਸ ਮਨ ਵਿੱਚ ਪੈਰ ਪੈ ਜਾਵੇ ਮਨ ਜੋ ਦਲਦਲੇ ਹਨ ਤੇਜ਼ਾਬੀ ਭਾਵਾਂ ਦੀ ਹਵਾੜ ਨਾਲ ਭਰੇ ਹੋਏ ਚਾਂਦਨੀ ਚੌਂਕ ਦੀਆਂ ਗਲੀਆਂ ਵਾਂਗ ਭੀੜਭਰੇ ਮੈਂ ਸੋਚਿਆ ਸੀ ਮਨ ਰੇਗਿਸਤਾਨੀ ਦ੍ਰਿਸ਼ ਹੁੰਦੇ ਹਨ ਦੂਰ ਤੱਕ ਮੇਰੀਆਂ ਪੈੜਾਂ ਦੇ ਨਿਸ਼ਾਨ ਦਿਸਣਗੇ ਖਿਤਿਜ ਤੱਕ ਜਾਂਦੇ ਹੋਏ ਜਿਨ੍ਹਾਂ ਦੇ ਦੂਜੇ ਪਾਸੇ ਸੂਰਜ ਛਿਪੇਗਾ ਪਰ ਇਹ ਕੀ ਇਹ ਤਾਂ ਪੈੜਾਂ ਦਾ ਝੁਰਮਟ ਹੈ ਮੈਂ ਕਿੱਥੇ ਆ ਗਿਆ ਹਾਂ ਪਤਾ ਨਹੀਂ ਲਗਦਾ ਕਿਸ ਮਨ ਵਿੱਚ ਪੈਰ ਪੈ ਜਾਵੇ
ਕਰਮ
ਮਨ ਜੇ ਮੇਟ ਸਕਦੇ ਸਲੇਟ ਵਾਂਗ ਕਿੰਨਾ ਚੰਗਾ ਹੁੰਦਾ ਦਿਲ ਜੇ ਨਿਚੋੜ ਸਕਦੇ ਮਲਮਲ ਵਾਂਗ ਕਿੰਨਾ ਚੰਗਾ ਹੁੰਦਾ ਰਿਸ਼ਤੇ ਜੇ ਤੋੜ ਸਕਦੇ ਤੀਲੀ੍ਹ ਵਾਂਗ ਕਿੰਨਾ ਚੰਗਾ ਹੁੰਦਾ ਕੁੱਝ ਵੀ ਸੌਖਾ ਨਹੀਂ ਕੁੱਝ ਵੀ ਮਿਟਦਾ ਨਹੀਂ ਹੈ ਦਿਲ ਖਾਲੀ ਨਹੀਂ ਹੁੰਦੇ ਰੱਬ ਦੀ ਇਹ ਡਿਜੀਟਲ ਸਲੇਟ ਤੇ ਅਸੀਂ ਗਣਿਤ ਦੇ ਹਿੰਦਸੇ ਕੋਈ ਵੀ ਹਿੰਦਸਾ ਵਾਪਸ ਨਹੀਂ ਲੈ ਸਕਦੇ ਜੀਵਨ ਦੀ ਗਣਿਤ ਚੋਂ ਗਿਣਤੀ ਜੋ ਸ਼ੁਰੂ ਹੋ ਗਈ ਹੈ ਇਸ ਨੂੰ ਕਿਵੇਂ ਰੋਕੀਏ ਇਹ ਰੋਕੀ ਨਹੀਂ ਜਾ ਸਕਦੀ ਕਰਮਾਂ ਦੀ ਇਸ ਖੇਡ ਵਿੱਚ ਰਿਵਰਸ ਗੇਅਰ ਨਹੀਂ ਹੈ ਤੂੰ ਭਲਾਂ ਕਿਉਂ ਮਿਲਣਾ ਸੀ ਹਰ ਮਿਲਣੀ ਅਨੰਤ ਤੱਕ ਜਾਂਦੀ ਹੈ ਹਰ ਵਿਯੋਗ ਧੁਰ ਨੂੰ ਪਹੁੰਚਦਾ ਹੈ ਹਰ ਚਿਹਰਾ ਅਸਮਾਨ ਵਿੱਚ ਛਪ ਜਾਂਦਾ ਹੈ ਜੇ ਆਪਾਂ ਨਾ ਮਿਲਦੇ ਕਿੰਨਾ ਚੰਗਾ ਹੁੰਦਾ
ਕਹਾਣੀ
ਕਿਉਂ ਛੇੜਨੀ ਹੈ ਫੇਰ ਉਹੀ ਪੁਰਾਣੀ ਕਥਾ ਇਸ ਦੇ ਸਭ ਮੋੜ ਸਭ ਸਿਖਰ ਮੈਂ ਦੇਖ ਚੁੱਕਾ ਹਾਂ ਵਾਰ ਵਾਰ ਉਹੀ ਦਰਦ ਉਹੀ ਚੀਸ ਉਡੀਕ ਵਿਯੋਗ ਇਨ੍ਹਾਂ ਸਭ ਮੋੜਾਂ ਤੋਂ ਹੁਣ ਡਰ ਲਗਦਾ ਹੈ ਕੁਝ ਹੋਰ ਕਹਿ ਸਭ ਕਹਾਣੀਆਂ ਦਾ ਇਕ ਹੀ ਵਿਸ਼ਾ ਹੈ ਜ਼ਿੰਦਗੀ ਜ਼ਿੰਦਗੀ ਦੀ ਇੱਕੋ ਭਟਕਣ ਹੈ ਤਲਾਸ਼ ਤਲਾਸ਼ ਦਾ ਇੱਕੋ ਰਾਹ ਹੈ ਦਰਦ ਦਰਦ ਦੀ ਇੱਕੋ ਮੰਜ਼ਲ ਹੈ ਵੈਰਾਗ ਵੈਰਾਗ ਦਾ ਇੱਕੋ ਅੰਤ ਹੈ ਰਾਕਟ ਦੀ ਤਰਾਂ ਸੜ ਜਾਣਾ ਮੇਰੇ ਕੋਲ ਬਥੇਰਾ ਵੈਰਾਗ ਹੈ ਪਹਿਲਾਂ ਹੀ ਗੁਰੂਤਾ ਦੇ ਘੇਰੇ ਨੂੰ ੋਤੋੜਨ ਲਈ ਉਹੀ ਕਹਾਣੀ ਹੁਣ ਫੇਰ ਨਾ ਛੇੜ
ਫੇਰ ਮਿਲੀਂ
ਕਾਗਜ਼ ਤੇ ਰੱਖੇ ਸ਼ਬਦ ਤਿਲ੍ਹਕ ਜਾਂਦੇ ਹਨ ਹਵਾ ਵਿੱਚ ਕਹੇ ਬੋਲ ਬਿਖਰ ਜਾਂਦੇ ਹਨ ਧਰਤੀ ਤੇ ਮਿਲਦੇ ਲੋਕ ਵਿਛੜ ਜਾਂਦੇ ਹਨ ਤੂੰ ਮੈਨੂੰ ਕਿਸੇ ਹੋਰ ਸਤਹ ਤੇ ਮਿਲ ਬੜੀ ਵਾਰ ਮੈਂ ਤੈਨੂੰ ਪਕੜਨ ਦੀ ਕੋਸ਼ਿਸ਼ ਕੀਤੀ ਮੈਂ ਤੇਰੇ ਵਜੂਦ ਨੂੰ ਆਪਣੀ ਹੋਂਦ ਦੁਆਲੇ ਵਲ੍ਹੇਟ ਲਿਆ ਲੋਈ ਦੀ ਤਰਾਂ ਮੈਂ ਆਪਣੀ ਰੂਹ ਨੂੰ ਤੇਰੇ ਰੰਗ ਵਿੱਚ ਡੋਬ ਦਿੱਤਾ ਪਰ ਮੈਂ ਹਾਂ ਕਿ ਰੰਗ ਕੋਈ ਚੜ੍ਹਦਾ ਨਹੀਂ ਹੈ ਤੇਰਾ ਹਰ ਅਕਾਰ ਹੱਥਾਂ ਚੋਂ ਕਿਰ ਜਾਂਦਾ ਹੈ ਤੂੰ ਮੈਨੂੰ ਇੰਝ ਨਹੀਂ ਸੀ ਮਿਲਣਾ ਜਿਵੇਂ ਜਿਸਮ ਮਿਲਦੇ ਹਨ ਜਿਵੇਂ ਦੋ ਪ੍ਰੇਮੀ ਮਿਲਦੇ ਹਨ ਯੁਗਾਂ ਪਿਛੋਂ ਮੁਹੱਬਤ ਇਹ ਬੜੀ ਚੀਕਣੀ ਹੈ ਪਕੜੀ ਨਹੀਂ ਜਾਂਦੀ ਧਰਤੀ ਬਹੁਤ ਤਿਲ੍ਹਕਵੀ ਹੈ ਤੇ ਰਿਸ਼ਤੇ ਰਬੜ ਦੀਆਂ ਤਾਰਾਂ ਜਿੰਨਾ ਮਰਜ਼ੀ ਕਸੋ ਸਰਕ ਸਰਕ ਕੇ ਖੁਲ੍ਹ ਜਾਂਦੇ ਹਨ ਮੈਂ ਤੈਨੂੰ ਹੁਣ ਹੱਥਾਂ ਨਾਲ ਨਹੀਂ ਪਕੜਾਂਗਾ ਰਿਸ਼ਤਿਆਂ ਦੀਆਂ ਰਸੀਆਂ ਨਾਲ ਨਹੀਂ ਬੰਨ੍ਹਾਗਾਂ ਮੈਂ ਗਲ ਤੇਰੇ ਵਿੱਚ ਹਾਰ ਨਹੀਂ ਪਾਵਾਂਗਾ ਵਚਨਾਂ ਦੇ, ਸ਼ਬਦਾਂ ਦੇ ਜ਼ਿੰਦਗੀ ਬਹੁਤ ਤਰਲ ਹੈ ਤੇ ਸਾਡੇ ਕੋਲ ਸਿਰਫ ਸਥੂਲ ਜਿਸਮ ਹਨ ਤੂੰ ਮੈਨੂੰ ਹੁਣ ਬੰਦਿਆਂ ਦੀ ਤਰਾਂ ਨਾ ਮਿਲੀਂ ਸ਼ਬਦਾਂ ਵਚਨਾਂ ਵਿੱਚ ਨਾ ਮਿਲੀਂ ਜਿਸਮਾਂ ਵਿੱਚ ਨਾ ਮਿਲੀਂ ਤੂੰ ਮੈਨੂੰ ਹੁਣ ਕਿਸੇ ਹੋਰ ਸਤਹ ਤੇ ਮਿਲ