Punjabi Poems for children : Mohinder Singh Mann

ਪੰਜਾਬੀ ਬਾਲ ਕਵਿਤਾਵਾਂ : ਮਹਿੰਦਰ ਸਿੰਘ ਮਾਨ


ਪਾਣੀ ਦੀ ਦੁਰਵਰਤੋਂ

ਜਾਨਵਰਾਂ ਤੇ ਪੰਛੀਆਂ ਤੋਂ ਮਨੁੱਖ ਹੈ ਵੱਧ ਸਿਆਣਾ, ਪਰ ਸਹੀ ਪਾਸੇ ਦਿਮਾਗ ਨਾ ਵਰਤੇ ਇਹ ਮਰਜਾਣਾ। ਮੂੰਹ ਧੋਣ ਤੇ ਬੁਰਸ਼ ਕਰਨ ਵੇਲੇ ਸਵੇਰੇ ਉੱਠ ਕੇ, ਇਹ ਪਾਣੀ ਦੀਆਂ ਦੋ ਬਾਲਟੀਆਂ ਹਟੇ ਸੁੱਟ ਕੇ। ਨਹਾਉਣ ਤੇ ਕਪੜੇ ਧੋਣ ਲਈ ਵਰਤੇ ਬਹੁਤ ਪਾਣੀ, ਪਤਾ ਨਹੀਂ ਇਸ ਚੰਦਰੇ ਨੂੰ ਅਕਲ ਕਦੋਂ ਆਣੀ। ਇਸ ਨੇ ਆਪਣੇ ਘਰ 'ਚ ਆਰ ਓ ਲੁਆ ਲਿਆ, ਇਹ ਪਾਣੀ ਸਾਫ ਘੱਟ ਕਰੇ,ਵੇਸਟ ਕਰੇ ਜ਼ਿਆਦਾ। ਉਦਯੋਗਾਂ ਦਾ ਪਾਣੀ ਇਹ ਦਰਿਆਵਾਂ 'ਚ ਸੁੱਟੇ, ਕੂੜਾ ਕਰਕਟ ਤੇ ਲਿਫਾਫੇ ਨਦੀਆਂ, ਨਾਲਿਆਂ 'ਚ ਸੁੱਟੇ। ਇਨ੍ਹਾਂ ਦਾ ਪਾਣੀ ਪੀਣਯੋਗ ਨਾ ਇਸ ਨੇ ਛੱਡਿਆ, ਕੀਟਨਾਸ਼ਕ ਤੇ ਨਦੀਨਨਾਸ਼ਕ ਵਰਤ ਕੇ ਨਾ ਅੱਕਿਆ। ਇਹ ਵੱਧ ਪਾਣੀ ਵਾਲੀਆਂ ਫਸਲਾਂ ਖੇਤਾਂ 'ਚ ਬੀਜੀ ਜਾਵੇ, ਫਸਲੀ ਵਿਭਿੰਨਤਾ ਇਹ ਅਪਨਾਉਣਾ ਨਾ ਚਾਹਵੇ। ਇਹ ਧਰਤੀ ਚੋਂ ਅੰਨ੍ਹੇਵਾਹ ਪਾਣੀ ਕੱਢੀ ਜਾਵੇ, ਦਿਨੋ ਦਿਨ ਇਸ ਦਾ ਪੱਧਰ ਡੂੰਘਾ ਹੋਈ ਜਾਵੇ। ਇਸ ਨੂੰ ਕੈਂਸਰ ਹੋਈ ਜਾਵੇ ਦੂਸ਼ਿਤ ਪਾਣੀ ਪੀ ਕੇ, ਵਿਚਾਰੇ ਜਾਨਵਰ ਤੇ ਪੰਛੀ ਵੀ ਇਸ ਨੇ ਤੰਗ ਕੀਤੇ। ਸੰਭਲ ਜਾ, ਜੇ ਸੰਭਲ ਹੁੰਦਾ, ਹੈ ਹਾਲੇ ਵੀ ਵੇਲਾ, ਨਹੀਂ ਤਾਂ ਛੱਡਣਾ ਪੈਣਾ ਤੈਨੂੰ ਜੱਗ ਵਾਲਾ ਮੇਲਾ।

ਧਰਤੀ ਮਾਂ

ਭਾਵੇਂ ਸਾਰੇ ਮੈਨੂੰ ਕਹਿੰਦੇ ਨੇ ਧਰਤੀ ਮਾਂ, ਪਰ ਮੇਰਾ ਰਤਾ ਵੀ ਖਿਆਲ ਰੱਖੇ ਕੋਈ ਨਾ। ਮੇਰੀ ਕੁੱਖ ਚੋਂ ਕੱਢ ਕੇ ਅੰਨ੍ਹੇ ਵਾਹ ਪਾਣੀ, ਇਸ ਨੂੰ ਖਾਲੀ ਕਰੀ ਜਾਣ ਸੱਭ ਪ੍ਰਾਣੀ। ਵੱਢ ਕੇ ਧੜਾ ਧੜ ਮੇਰੇ ਉੱਤੋਂ ਸਾਰੇ ਰੁੱਖ, ਮੈਨੂੰ ਧੁੱਪਾਂ ਨਾਲ ਸਾੜ ਕੇ ਪਹੁੰਚਾਈ ਜਾਣ ਦੁੱਖ। ਪਸ਼ੂ, ਪੰਛੀ ਵਿਚਾਰੇ ਧੁੱਪ'ਚ ਫਿਰਦੇ ਮਾਰੇ, ਮਾਰੇ। ਉਨ੍ਹਾਂ ਨਿਆਸਰਿਆਂ ਨੂੰ ਦੇਵੇ ਨਾ ਕੋਈ ਸਹਾਰੇ। ਨਾ ਮੀਂਹ ਪੈਂਦੇ, ਨਾ ਠੰਢੀਆਂ ਹਵਾਵਾਂ ਵਗਦੀਆਂ, ਤਾਂ ਹੀ ਸੱਭ ਦੀਆਂ ਜਾਨਾਂ ਨਿਕਲਦੀਆਂ ਲੱਗਦੀਆਂ। ਕੀਟਨਾਸ਼ਕਾਂ ਨੇ ਕੀਤੀ ਪ੍ਰਦੂਸ਼ਿਤ ਮੇਰੀ ਮਿੱਟੀ, ਲਿਫਾਫਿਆਂ ਤੇ ਕੂੜੇ ਨੇ ਹਾ਼ਲਤ ਹੋਰ ਵੀ ਮਾੜੀ ਕੀਤੀ। ਬੰਦੇ ਦੀ ਬੇਅਕਲੀ ਨੇ ਕੰਮ ਕੀਤਾ ਬਹੁਤ ਖਰਾਬ, ਕੀ ਕਰਨਾ ਪੈਸਾ,ਜੇ ਉਹ ਜਿਉਂਦਾ ਰਿਹਾ ਨਾ ਆਪ।

ਮੇਰੀ ਭੈਣ

ਮੇਰੀ ਹੈ ਇਕ ਵੱਡੀ ਭੈਣ, ਸਾਰੇ ਉਸ ਨੂੰ ਸਿੰਮੀ ਕਹਿਣ। ਮੈਨੂੰ ਮੇਰਾ ਹੋਮ ਵਰਕ ਕਰਾਵੇ, ਪ੍ਰਸ਼ਨ-ਉੱਤਰ ਯਾਦ ਕਰਾਵੇ। ਮੇਰੇ ਨਾਲ ਉਹ ਲੜੇ ਨਾ ਕਦੇ, ਮੈਨੂੰ ਡਾਢੀ ਚੰਗੀ ਲੱਗੇ ਤਦੇ। ਮੰਮੀ, ਡੈਡੀ ਦਾ ਉਹ ਕਰੇ ਸਤਿਕਾਰ, ਉਹ ਵੀ ਉਸ ਨੂੰ ਕਰਨ ਪਿਆਰ। ਆਵੇ ਜਦ ਰੱਖੜੀ ਦਾ ਤਿਉਹਾਰ, ਮੇਰੇ ਰੱਖੜੀ ਬੰਨ੍ਹੇ ਨਾਲ ਪਿਆਰ। ਰੱਖੜੀ ਬੰਨ੍ਹਾ ਮੈਨੂੰ ਖੁਸ਼ੀ ਮਿਲੇ, ਉਹ ਮੰਗੇ ਨਾ ਮੈਥੋਂ ਪੈਸੇ ਕਦੇ। ਦੀਵਾਲੀ ,ਦਸਹਿਰਾ ਰਲ ਮਨਾਈਏ, ਘਰ ਦੀਆਂ ਬਣੀਆਂ ਚੀਜ਼ਾਂ ਖਾਈਏ। ਸ਼ਾਲਾ! ਉਹ ਚੰਗੀ ਪੜ੍ਹ, ਲਿਖ ਜਾਵੇ, ਆਈ ਪੀ ਐੱਸ ਪਾਸ ਕਰ ਜਾਵੇ। ਭ੍ਰਿਸ਼ਟਾਚਾਰੀਆਂ ਨੂੰ ਪਾ ਕੇ ਨੱਥ, ਸੱਭ ਦੇ ਦਿਲਾਂ ਵਿੱਚ ਜਾਵੇ ਵੱਸ।

ਨਕਲ

ਨਕਲ ਬੰਦੇ ਨੂੰ ਨਲਾਇਕ ਬਣਾਵੇ ਬੱਚਿਓ। ਇਹ ਦੂਜਿਆਂ ਦੀਆਂ ਨਜ਼ਰਾਂ ਚੋਂ ਗਿਰਾਵੇ ਬੱਚਿਓ। ਨਕਲ ਬੰਦੇ ਨੂੰ ਬੇਈਮਾਨ ਤੇ ਰਿਸ਼ਵਤਖ਼ੋਰ ਬਣਾਵੇ, ਮਿਹਨਤ ਉਸ ਨੂੰ ਸੱਚਾ ਤੇ ਈਮਾਨਦਾਰ ਬਣਾਵੇ ਬੱਚਿਓ। ਮਿਹਨਤ ਕਰਨ ਵਾਲੇ ਦੀ ਸੋਚਣ ਸ਼ਕਤੀ ਵਧੇ, ਨਕਲ ਕਰਨ ਵਾਲੇ ਨੂੰ ਕੁਝ ਸਮਝ ਨਾ ਆਵੇ ਬੱਚਿਓ। ਨਕਲ ਕਰਨ ਵਾਲਾ ਪਾਸ ਹੋ ਕੇ ਵੀ ਰੋਂਦਾ ਹੈ, ਉਸ ਨੂੰ ਸਮਾਜ ਕਦੇ ਮੂੰਹ ਨਾ ਲਾਵੇ ਬੱਚਿਓ। ਨਕਲ ਕਰਨ ਵਾਲਾ ਕਸੂਰਵਾਰ ਹੁੰਦਾ ਹੈ, ਉਹ ਫੜੇ ਜਾਣ ਤੇ ਸੈਂਟਰ ਚੋਂ ਬਾਹਰ ਹੋ ਜਾਵੇ ਬੱਚਿਓ। ਵਿੱਦਿਆ ਪੜ੍ਹ ਕੇ ਬੰਦਾ ਵਿਦਵਾਨ ਬਣਦਾ ਹੈ, ਨਕਲ ਕਰਨ ਵਾਲਾ ਕਦੇ ਮਾਣ ਨਾ ਪਾਵੇ ਬੱਚਿਓ। ਪੜ੍ਹਨ ਵਾਲੇ ਦਾ ਭਵਿੱਖ ਸਦਾ ਸੁਨਹਿਰੀ ਹੁੰਦਾ ਹੈ, ਨਕਲ ਕਰਨ ਵਾਲੇ ਨੂੰ ਇਹ ਨਜ਼ਰ ਨਾ ਆਵੇ ਬੱਚਿਓ। ਮਿਹਨਤ ਕਰਨ ਵਾਲਾ ਪਹਿਲੇ ਦਰਜੇ 'ਚ ਪਾਸ ਹੋਵੇ, ਨਕਲ ਕਰਨ ਵਾਲੇ ਦੇ ਕੁਝ ਹੱਥ ਨਾ ਆਵੇ ਬੱਚਿਓ। ਮਿਹਨਤ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ, 'ਮਾਨ'ਸਰ ਤੁਹਾਨੂੰ ਇਹ ਤਾਂ ਹੀ ਸਮਝਾਵੇ ਬੱਚਿਓ।

ਐਤਵਾਰ

ਛੇ ਦਿਨਾਂ ਪਿੱਛੋਂ ਅੱਜ ਆਇਆ ਐਤਵਾਰ ਬੱਚਿਓ, ਨੱਚੋ,ਟੱਪੋ ਕੱਠੇ ਹੋ ਕੇ ਘਰਾਂ ਚੋਂ ਆ ਕੇ ਬਾਹਰ ਬੱਚਿਓ। ਤੁਹਾਡੇ ਚਾਰੇ,ਪਾਸੇ ਨਫਰਤ ਦੀ ਅੱਗ ਹੈ ਬਲ ਰਹੀ, ਇਸ ਨੂੰ ਬੁਝਾਓ ਪਾ ਕੇ ਪਿਆਰ ਦੀ ਫੁਹਾਰ ਬੱਚਿਓ। ਬੇਅਦਬੀ ਨੂੰ ਮੋਰ੍ਹਾ ਬਣਾ ਕੇ ਸਿਆਸਤ ਖੇਡੀ ਜਾ ਰਹੀ, ਭੁੱਲ ਕੇ ਸੱਭ ਕੁਝ,ਕਰੋ ਸਾਰੇ ਧਰਮਾਂ ਦਾ ਸਤਿਕਾਰ ਬੱਚਿਓ। 'ਸਾਰੇ ਬੰਦੇ ਬਰਾਬਰ ਨੇ', ਕਿਹਾ ਗੁਰੂਆਂ, ਪੀਰਾਂ ਨੇ, ਕਰਕੇ ਜ਼ਾਤਾਂ ਦੀਆਂ ਗੱਲਾਂ,ਹੋਵੋ ਨਾ ਸ਼ਰਮਸਾਰ ਬੱਚਿਓ। ਲੈ ਕੇ ਮੁਫ਼ਤ ਆਟੇ,ਦਾਲ ਦੀ ਸਰਕਾਰੀ ਸਹੂਲਤ, ਮੁੰਡੇ, ਕੁੜੀਆਂ ਕਰਦੇ ਨਾ ਕੋਈ ਕੰਮ ਕਾਰ ਬੱਚਿਓ। ਛੋਟੇ,ਛੋਟੇ ਦੇਸ਼ ਸਾਡੇ ਦੇਸ਼ ਤੋਂ ਅੱਗੇ ਵੱਧ ਗਏ ਨੇ, ਇਦ੍ਹੇ ਲਈ ਦੇਸ਼ ਦੇ ਹਾਕਮ ਨੇ ਜ਼ਿੰਮੇਵਾਰ ਬੱਚਿਓ। ਮੈਡਮਾਂ ਦੁਆਰਾ ਦਿੱਤੇ ਹੋਮ-ਵਰਕ ਨੂੰ ਕਰੋ ਕੱਠੇ ਹੋ ਕੇ, ਤਾਂ ਹੀ ਲਹਿਣਾ ਤੁਹਾਡੇ ਦਿਮਾਗਾਂ ਤੋਂ ਭਾਰ ਬੱਚਿਓ।

ਖ਼ਜ਼ਾਨਾ

ਮਾਤਾ , ਪਿਤਾ ਤਾਂ ਉਹ ਖ਼ਜ਼ਾਨਾ ਹੈ ਜੋ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਵਿੱਚ ਪ੍ਰਾਪਤ ਹੁੰਦਾ ਹੈ ਰੱਬ ਤੋਂ। ਇਸ ਖ਼ਜ਼ਾਨੇ ਨੂੰ ਵਰਤ ਕੇ ਉਹ ਹੁੰਦੇ ਨੇ ਵੱਡੇ। ਪਹਿਲਾਂ ਪੜ੍ਹਦੇ ਨੇ ਸਕੂਲਾਂ 'ਚ ਫਿਰ ਪੜ੍ਹਦੇ ਨੇ ਕਾਲਜਾਂ 'ਚ ਤੇ ਪ੍ਰਾਪਤ ਕਰਦੇ ਨੇ ਡਿਗਰੀਆਂ। ਫਿਰ ਪ੍ਰਾਪਤ ਕਰਕੇ ਅੱਛੇ ਅਹੁਦੇ ਕਰਦੇ ਨੇ ਇਕੱਠੀ ਧਨ , ਦੌਲਤ। ਰਹਿਣ ਲਈ ਬਣਾਉਂਦੇ ਨੇ ਕੋਠੀਆਂ ਤੇ ਖਰੀਦਦੇ ਨੇ ਹੋਰ ਐਸ਼ੋ ਆਰਾਮ ਦੀਆਂ ਵਸਤਾਂ । ਫਿਰ ਇਕ ਦਿਨ ਉਨ੍ਹਾਂ ਨੂੰ ਇਸ ਖ਼ਜ਼ਾਨੇ ਦੀ ਰਹਿੰਦੀ ਨਹੀਂ ਲੋੜ ਕੋਈ। ਤੇ ਉਹ ਇਸ ਦੀ ਕਰਨ ਲੱਗ ਪੈਂਦੇ ਨੇ ਬੇਕਦਰੀ । ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ ਉੱਕੀ ਹੀ ਕਿ ਉਨ੍ਹਾਂ ਨੇ ਵੀ ਇਕ ਦਿਨ ਆਪਣੇ ਬੱਚਿਆਂ ਲਈ ਬਣਨਾ ਹੈ ਖ਼ਜ਼ਾਨਾ। ਜਦ ਉਨ੍ਹਾਂ ਨੂੰ ਇਸ ਗੱਲ ਦੀ ਆਉਂਦੀ ਹੈ ਸੋਝੀ ਉਸ ਵੇਲੇ ਹੋ ਚੁੱਕੀ ਹੁੰਦੀ ਹੈ ਬੜੀ ਦੇਰ। ਤੇ ਉਨ੍ਹਾਂ ਦਾ ਇਹ ਖ਼ਜ਼ਾਨਾ ਰੱਬ ਉਨ੍ਹਾਂ ਤੋਂ ਲੈ ਲੈਂਦਾ ਹੈ ਵਾਪਸ। ਫਿਰ ਪਛਤਾਵੇ ਤੋਂ ਬਗੈਰ ਉਨ੍ਹਾਂ ਦੇ ਹੱਥ ਲੱਗਦਾ ਨਹੀਂ ਕੁਝ ਵੀ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮਹਿੰਦਰ ਸਿੰਘ ਮਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ