Punjabi Ghazals : Mohinder Singh Mann
ਪੰਜਾਬੀ ਗ਼ਜ਼ਲਾਂ : ਮਹਿੰਦਰ ਸਿੰਘ ਮਾਨ
ਸਾਲ ਨਵਾਂ : ਅਮੀਰ-ਗਰੀਬ ਵਿੱਚ ਪਾੜਾ ਘਟਾਏ
ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ। ਹਰ ਘਰ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ। ਪਿਛਲੇ ਸਾਲ ਬਥੇਰੀ ਵਧੀ ਹੈ ਮਹਿੰਗਾਈ ਚੰਦਰੀ, ਇਸ ਤੋਂ ਸੱਭ ਨੂੰ ਰਾਹਤ ਦੁਆਏ ਸਾਲ ਨਵਾਂ। ਨਸ਼ੇ ਨੇ ਕਈ ਵਸਦੇ ਘਰਾਂ ਨੂੰ ਉਜਾੜਿਆ ਹੈ, ਇੱਥੇ ਨਸ਼ੇ ਦਾ ਆਣਾ ਬੰਦ ਕਰਾਏ ਸਾਲ ਨਵਾਂ। ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ, ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ। ਮੰਦਰਾਂ ਤੇ ਮਸਜਿਦਾਂ 'ਤੇ ਲੱਖਾਂ ਖਰਚਣ ਵਾਲਿਆਂ ਨੂੰ, ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ। ਬੁੱਤਾਂ ਤੇ ਕਰੋੜਾਂ ਲਾਣ ਵਾਲੇ ਹਾਕਮਾਂ ਤੋਂ, ਲੋਕਾਂ ਦਾ ਖਹਿੜਾ ਛੱਡਾਏ ਸਾਲ ਨਵਾਂ। ਗਰੀਬਾਂ ਨੂੰ ਲੁੱਟਦੇ ਦੋਹੀਂ ਹੱਥੀਂ ਜਿਹੜੇ ਬਾਬੇ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਪੁਚਾਏ ਸਾਲ ਨਵਾਂ। ਪਿਛਲੇ ਵਰ੍ਹੇ ਜੋ ਭੁੱਲ ਗਏ ਸਨ ਪਿਆਰ ਕਰਨਾ, ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ। ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ, ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ। 'ਮਾਨ' ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ, ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।
ਹਰ ਪਾਸੇ ਖਿੱਲਰੀ ਹੋਈ ਹੈ
ਹਰ ਪਾਸੇ ਖਿੱਲਰੀ ਹੋਈ ਹੈ ਫੁੱਲਾਂ ਦੀ ਖੁਸ਼ਬੋ, ਲ਼ੱਗਦਾ ਹੈ ਮਾਲੀ ਦੀ ਮਿਹਨਤ ਸਫਲ ਗਈ ਹੈ ਹੋ। ਚੁੱਪ ਕਰਕੇ ਸ਼ੇਅਰਾਂ ਦੀ ਰਚਨਾ ਕਰਦੇ ਸ਼ਾਇਰ ਜੋ, ਉਹ ਲੋਕਾਂ ਵਿੱਚ ਹਰਮਨ ਪਿਆਰੇ ਆਪੇ ਜਾਂਦੇ ਹੋ। ਵੱਡੀ ਔਕੜ ਨਾ' ਉਸ ਨੇ ਕੀ ਮੱਥਾ ਹੈ ਲਾਣਾ, ਨਿੱਕੀ ਔਕੜ ਤੱਕ ਕੇ ਹੀ ਜੋ ਪੈਂਦਾ ਹੈ ਰੋ । ਸੀ ਐੱਫ ਐੱਲ਼ ਬਲਬਾਂ ਲੱਗੇ ਘਰ ਵਾਲੇ ਨੂੰ, ਕਿੱਦਾਂ ਚੰਗੀ ਲੱਗੂ ਦੀਵੇ ਦੀ ਮੱਧਮ ਜਹੀ ਲੋ। ਉਸ ਤੋਂ ਸਾਰੇ ਰੋਗ ਬਣਾਈ ਰੱਖਦੇ ਨੇ ਦੂਰੀ, ਕੰਮ ਕਰਦੇ ਸਮੇਂ ਜਿਸ ਦੇ ਤਨ ਚੋਂ ਮੁੜ੍ਹਕਾ ਪੈਂਦਾ ਚੋ। ਅੱਖਾਂ ਦੇ ਹੰਝੂਆਂ ਨੂੰ ਐਂਵੇਂ ਨਾ ਸੁੱਟ ਯਾਰਾ, ਇਹਨਾਂ ਦੇ ਨਾ' ਦਾਗ ਦਿਲਾਂ ਦੇ ਹੋ ਜਾਂਦੇ ਨੇ ਧੋ। 'ਮਾਨ' ਸਮਝਦਾ ਹੋਣਾ ਹੱਕ ਮੇਰੇ ਉੱਤੇ ਆਪਣਾ, ਤਾਂ ਹੀ ਉਸ ਫੋਟੋ ਖਿਚਵਾਈ ਮੇਰੇ ਨਾਲ ਖਲੋ।
ਨਫਰਤ ਦੇ ਆਰੇ : ਕਰਦੇ ਨੇ ਜੋ ਨਿੱਤ
ਕਰਦੇ ਨੇ ਜੋ ਨਿੱਤ ਕਾਲੇ ਕਾਰੇ, ਉਹ ਇੱਥੇ ਜਾਂਦੇ ਨੇ ਸਤਿਕਾਰੇ। ਜਿੱਤ ਗਏ ਜੋ ਚੋਣਾਂ ਧੋਖੇ ਨਾ', ਉਹਨਾਂ ਦੇ ਹੋ ਗਏ ਵਾਰੇ ਨਿਆਰੇ। ਝੂਠੇ ਲਾਰੇ ਸੁਣ ਕੇ ਹਾਕਮ ਦੇ, ਖ਼ੁਸ਼ ਹੋਈ ਜਾਵਣ ਲੋਕੀਂ ਸਾਰੇ। ਅਗਲੇ ਤੋਂ 'ਕੱਠੇ ਨਹੀਂ ਹੋ ਸਕਣੇ, ਜੋ ਇਸ ਹਾਕਮ ਨੇ ਪਾਏ ਖਿਲਾਰੇ। ਖਬਰੇ ਕਿਸ ਕਿਸ ਨੇ ਜ਼ਖ਼ਮੀ ਹੋਣਾ, ਹਰ ਥਾਂ ਚੱਲਦੇ ਨਫਰਤ ਦੇ ਆਰੇ। ਇਸ ਨੂੰ ਜੋ ਸਿੱਧੇ ਰਸਤੇ ਪਾਏ, ਇਹ ਦੁਨੀਆਂ ਉਸ ਦੇ ਪੱਥਰ ਮਾਰੇ। ਜਿੱਥੇ ਦੇਖਣ, ਉੱਥੇ ਸੌਂ ਜਾਵਣ, ਜੋ ਸਿਰਾਂ 'ਤੇ ਚੁੱਕਦੇ ਬੱਠਲ ਭਾਰੇ। ਕੁਝ ਨਹੀਂ ਬਦਲੇਗਾ ਇੱਥੇ ਉਦੋਂ ਤੱਕ, ਜਦ ਤੱਕ ਹੁੰਦੇ ਨਹੀਂ 'ਕੱਠੇ ਸਾਰੇ।
ਕਰਦੇ ਨੇ ਜੋ ਮਾੜੇ ਧੰਦੇ
ਕਰਦੇ ਨੇ ਜੋ ਮਾੜੇ ਧੰਦੇ, ਲੋਕਾਂ ਤੇ ਉਹ ਬੋਝ ਨੇ ਬੰਦੇ। ਵਰਤਣ ਜੋਗੇ ਨਾ ਰਹਿ ਗਏ ਨੇ, ਦਰਿਆਵਾਂ ਦੇ ਪਾਣੀ ਗੰਦੇ। ਖਬਰੇ ਕਿਸ ਦੀ ਜੇਬ 'ਚ ਪੈਂਦੇ, ਲੋਕਾਂ ਤੋਂ ਉਗਰਾਹੇ ਚੰਦੇ। ਸ਼ਾਂਤੀ ਭੰਗ ਨਾ ਕਰਨੋਂ ਹੱਟਦੇ, ਪੁੱਠੇ ਕੰਮੀਂ ਲੱਗੇ ਬੰਦੇ। ਚੋਰਾਂ ਅੱਗੇ ਜ਼ਰਾ ਨਾ ਅੜਦੇ, ਲੱਗੇ ਘਰਾਂ ਨੂੰ ਵੱਡੇ ਜੰਦੇ। ਦਾਤੀ ਨੂੰ ਇੱਕ ਪਾਸੇ ਹੁੰਦੇ, ਦੁਨੀਆਂ ਨੂੰ ਦੋ ਪਾਸੇ ਦੰਦੇ।
ਕੱਲ੍ਹ ਕੋਈ ਮਿਲਿਆ ਹੋਣਾ
ਕੱਲ੍ਹ ਕੋਈ ਮਿਲਿਆ ਹੋਣਾ ਯਾਰਾ ਜ਼ਰੂਰ ਤੈਨੂੰ, ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ। ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ, ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ। ਮੈਂ ਵੇਖਦਾ ਰਿਹਾ ਚੁੱਪ ਕਰਕੇ ਤੇਰੇ ਕੰਮਾਂ ਨੂੰ, ਕੀ ਮਿਲਣਾ ਸੀ ਭਲਾ ਮੈਨੂੰ ਐਵੇਂ ਘੂਰ ਤੈਨੂੰ। ਇਹ ਦਿੰਦੀ ਹੈ ਸਹਾਰਾ ਮਾਰੂਥਲਾਂ 'ਚ ਸਭ ਨੂੰ, ਨਾ ਲੱਗੇ ਚੰਗੀ, ਜੇ ਨਹੀਂ ਲੱਗਦੀ ਖਜੂਰ ਤੈਨੂੰ। ਦਿਸਿਆ ਨਾ ਤੂੰ ਕਦੇ ਮੇਰੇ ਦਿਲ ਦੇ ਅਰਸ਼ ਉੱਤੇ, ਏਸੇ ਲਈ ਸਮਝਦਾਂ ਮੈਂ ਚੰਨ ਬੇਨੂਰ ਤੈਨੂੰ। ਜਦ ਕੋਲ ਸਾਡੇ ਕੁਝ ਨਾ,ਫਿਰ ਕਿਉਂ ਕਿਸੇ ਤੋਂ ਡਰੀਏ, ਦੇਵੇਗਾ ਡੋਬ ਪਰ ਮਾਇਆ ਦਾ ਗਰੂਰ ਤੈਨੂੰ। ਤੇਰੀ ਗਰੀਬੀ ਤੋਂ ਕੀ ਲੋਕਾਂ ਨੇ ਲੈਣਾ 'ਮਾਨਾ', ਤੇਰੇ ਹੀ ਵਧੀਆ ਸ਼ਿਅਰਾਂ ਕਰਨਾ ਮਸ਼ਹੂਰ ਤੈਨੂੰ।
ਖ਼ਬਰੇ ਕਦ ਤੇਰਾ ਜੱਗ ਚੋਂ
ਖ਼ਬਰੇ ਕਦ ਤੇਰਾ ਜੱਗ ਚੋਂ ਅੰਨ, ਪਾਣੀ ਜਾਵੇ ਮੁੱਕ, ਛੱਡ ਕੇ ਫੋਕੀ ਆਕੜ , ਵੱਡਿਆਂ ਅੱਗੇ ਜਾ ਕੇ ਝੁੱਕ। ਮਿੱਠੇ ਬੋਲਾਂ ਦੇ ਨਾ' ਇਹ ਤੇਜ਼ੀ ਨਾ' ਵਧਦਾ ਜਾਵੇ, ਕੌੜੇ ਬੋਲਾਂ ਦੇ ਨਾ' ਪਿਆਰ ਦਾ ਬੂਟਾ ਜਾਵੇ ਸੁੱਕ। ਹਾਲੇ ਦਿਲ ਲਾ ਕੇ ਕਰ ਤੂੰ ਕੰਮ ਆਪਣਾ,ਗੱਲਾਂ ਕਰ ਨਾ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਂ, ਜਦ ਕੰਮ ਜਾਵੇ ਮੁੱਕ। ਨਸ਼ਿਆਂ ਦੀ ਭੇਟ ਗਿਆ ਹੈ ਚੜ੍ਹ ਜਿਸ ਮਾਂ ਦਾ ਇੱਕੋ ਪੁੱਤ, ਉਹ ਵਿਚਾਰੀ, ਕਰਮਾਂ ਮਾਰੀ ਫ਼ਿਕਰਾਂ 'ਚ ਗਈ ਹੈ ਸੁੱਕ। ਲੋਕਾਂ ਨੇ ਟੂਣੇ ਕਰ ਕਰ ਉਸ ਨੂੰ ਭਰਿਆ ਸੀ ਹੋਇਆ, ਨਾ ਪਤਾ ਲੱਗਦਾ, ਜੇ ਕਰ ਨਹਿਰ ਗਈ ਹੁੰਦੀ ਨਾ ਸੁੱਕ। ਉਹ ਡਰਪੋਕ ਬਣੇਗਾ, ਜਿਸ ਨੂੰ ਦੱਸਿਆ ਜਾਵੇ ਰੋਜ਼, ਇਸ ਪਿੰਡ 'ਚ ਛੋਟੇ ਬੱਚਿਆਂ ਨੂੰ ਚੋਰ ਨੇ ਲੈਂਦੇ ਚੁੱਕ। ਉਹ ਜਨਤਾ ਨੂੰ ਨੇਤਾਵਾਂ ਕਰਕੇ ਕਰਦੇ ਨੇ ਤੰਗ, ਤਾਂ ਹੀ ਮਾੜੇ ਬੰਦੇ ਉਨ੍ਹਾਂ ਅੱਗੇ ਜਾਂਦੇ ਨੇ ਝੁੱਕ।
ਗਿਣਤੀ ਵਧਦੀ ਜਾਵੇ ਬੇਰੁਜ਼ਗਾਰਾਂ ਦੀ
ਗਿਣਤੀ ਵਧਦੀ ਜਾਵੇ ਬੇਰੁਜ਼ਗਾਰਾਂ ਦੀ, ਖੌਰੇ ਕਦ ਅੱਖ ਖੁੱਲ੍ਹਣੀ ਹੈ ਸਰਕਾਰਾਂ ਦੀ। ਯਤਨ ਇਨ੍ਹਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ, ਪਰ ਇੱਜ਼ਤ ਵਧਦੀ ਜਾਵੇ ਸਰਦਾਰਾਂ ਦੀ। ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ, ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ। ਲੋਕੀਂ ਸਿਰ ਤੇ ਚੁੱਕ ਉਨ੍ਹਾਂ ਨੂੰ ਲੈਂਦੇ ਨੇ, ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ। ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ, ਵਿੱਕਰੀ ਹੋਵੇ ਬਹੁਤ ਉਨ੍ਹਾਂ ਅਖਬਾਰਾਂ ਦੀ। ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ, ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ। ਉੱਥੇ ਰਹਿਣੇ ਨੂੰ ਦਿਲ ਨਾ ਕਰੇ ਮਾੜਾ ਵੀ, ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।
ਜਦ ਦਾ ਤੂੰ ਆਇਆਂ ਕੀਤੀ ਕੋਈ
ਜਦ ਦਾ ਤੂੰ ਆਇਆਂ ਕੀਤੀ ਕੋਈ ਗੱਲ ਨਹੀਂ। ਚੁੱਪ ਰਹਿਣਾ ਤਾਂ ਮਸਲੇ ਦਾ ਕੋਈ ਹੱਲ ਨਹੀਂ। ਜਿਹੜਾ ਬੱਚਾ ਬਚਪਨ 'ਚ ਕਿਸੇ ਦੀ ਸੁਣਦਾ ਨ੍ਹੀ, ਵੱਡਾ ਹੋ ਕੇ ਵੀ ਉਸ ਨੇ ਸੁਣਨੀ ਗੱਲ ਨਹੀਂ। ਏਨੇ ਸਾਲਾਂ ਦੀ ਆਜ਼ਾਦੀ ਦੇ ਪਿੱਛੋਂ ਵੀ, ਇੱਥੇ ਗੁਰਬਤ ਦਾ ਮਸਲਾ ਹੋਇਆ ਹੱਲ ਨਹੀਂ। ਭਾਵੇਂ ਲੱਖ ਹੰਝੂ ਕੇਰ ਕੇ ਦੱਸੋ ਲੋਕਾਂ ਨੂੰ, ਹਿੰਮਤ ਤੇ ਸਬਰ ਬਿਨਾਂ ਦੁੱਖ ਸਕਦੇ ਠੱਲ੍ਹ ਨਹੀਂ। ਏਨਾ ਹੋ ਗਿਆ ਹੈ ਨਸ਼ਿਆਂ ਦੇ ਵਿੱਚ ਗਲਤਾਨ ਉਹ, ਲੱਗਦਾ ਹੈ ਉਸ ਦਾ ਆਣਾ ਯਾਰੋ, ਕੱਲ੍ਹ ਨਹੀਂ। ਭਾਵੇਂ ਉਹ ਦਿਨ ਰਾਤ ਰਹੇ ਆਦਮੀਆਂ ਦੇ ਵਿੱਚ, ਤਾਂ ਵੀ ਉਸ ਨੂੰ ਗੱਲ ਕਰਨ ਦਾ ਆਂਦਾ ਵੱਲ ਨਹੀਂ। ਮਿਲਦਾ ਨਾ ਤੂੰ 'ਮਾਨ' ਕਦੇ ਚੰਗੇ ਕਵੀਆਂ ਨੂੰ, ਤਾਂ ਹੀ ਉਹਨਾਂ ਵਿੱਚ ਤੇਰੀ ਹੁੰਦੀ ਗੱਲ ਨਹੀਂ।
ਜਿਸ ਬੰਦੇ ਨੇ ਸਵੇਰੇ ਹੀ
ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ, ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ। ਉਸ ਵਰਗਾ ਮੂਰਖ ਨਾ ਇੱਥੇ ਕੋਈ ਹੋਰ, ਜਿਸ ਨੇ ਹੁਣ ਤਕ ਸਿੱਖਿਆ ਨ੍ਹੀ ਬੋਲਣ ਦਾ ਢੰਗ। ਕੰਮ ਕਰਕੇ ਹੀ ਅੱਜ ਕਲ੍ਹ ਰੋਟੀ ਯਾਰਾ ਮਿਲਦੀ, ਐਵੇਂ ਦੇਖੀ ਨਾ ਜਾ ਆਪਣਾ ਗੋਰਾ ਰੰਗ। ਰੱਬ ਵੀ ਉਹਨਾਂ ਅੱਗੇ ਬੇਵੱਸ ਹੋ ਜਾਂਦਾ ਹੈ, ਏਨਾ ਕੁਝ ਉਸ ਤੋਂ ਲੋਕੀਂ ਲੈਂਦੇ ਨੇ ਮੰਗ। ਕਲ੍ਹ ਤੱਕ ਜੋ ਕਹਿੰਦਾ ਸੀ, 'ਮੈਂ ਨ੍ਹੀ ਤੈਨੂੰ ਮਿਲਣਾ', ਅੱਜ ਮੇਰੇ ਘਰ ਆ ਗਿਆ ਰੋਸੇ ਛਿੱਕੇ ਟੰਗ। ਉਹ ਜੀਵਨ ਦੇ ਵਿੱਚ ਤਰੱਕੀ ਕਰਦਾ ਜਾਵੇ, ਜਿਸ ਨੂੰ ਮਿਲ ਜਾਵੇ ਚੱਜ ਦੇ ਬੰਦੇ ਦਾ ਸੰਗ। ਆਓ ਕਰੀਏ ਸਜਦਾ ਉਹਨਾਂ ਸੂਰਮਿਆਂ ਨੂੰ, ਜੋ ਸਾਡੀ ਰਾਖੀ ਕਰਨ ਹੋ ਕੇ ਡਾਢੇ ਤੰਗ।
ਜਿਨ੍ਹਾਂ ਨੇ ਟਿੱਚ ਸਮਝੀ
ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ, ਕਿਵੇਂ ਉਹ ਜਰਨਗੇ ਕੋਈ ਖੁਸ਼ੀ ਸਾਡੀ? ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ, ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ। ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗਰ ਉਹ, ਜਿਨ੍ਹਾਂ ਨੂੰ ਚੰਗੀ ਲੱਗੀ ਸਾਦਗੀ ਸਾਡੀ। ਅਸੀਂ ਮੌਕੇ ਮੁਤਾਬਕ ਕਦਮ ਚੁੱਕਦੇ ਹਾਂ, ਇਸ ਨੂੰ ਸਮਝੋ ਨਾ ਯਾਰੋ,ਬੁਜ਼ਦਿਲੀ ਸਾਡੀ। ਸ਼ਬਦ ਔਖੇ ਨਾ ਗ਼ਜ਼ਲਾਂ ਵਿੱਚ ਵਰਤਦੇ ਹਾਂ, ਹਰਿਕ ਨੂੰ ਸਮਝ ਆਵੇ ਸ਼ਾਇਰੀ ਸਾਡੀ। ਕਰਾਂਗੇ ਦੂਰ ਨ੍ਹੇਰਾ ਚਾਰੇ ਪਾਸੇ ਦਾ, ਹੋਈ ਸੂਰਜ ਤਰ੍ਹਾਂ ਜਦ ਰੌਸ਼ਨੀ ਸਾਡੀ। ਅਸੀਂ ਹਾਜ਼ਰ ਹੋ ਜਾਵਾਂਗੇ ਉਦੋਂ 'ਮਾਨਾ', ਜਦੋਂ ਮਹਿਸੂਸ ਕੀਤੀ ਤੂੰ ਕਮੀ ਸਾਡੀ।
ਜਿਨ੍ਹਾਂ ਨੇ ਮੰਦਰਾਂ ਵਿੱਚ ਚੋਰੀ ਦਾ ਧਨ
ਜਿਨ੍ਹਾਂ ਨੇ ਮੰਦਰਾਂ ਵਿੱਚ ਚੋਰੀ ਦਾ ਧਨ ਦਾਨ ਕੀਤਾ ਹੈ, ਉਨ੍ਹਾਂ ਨੇ ਕਿਹੜਾ ਰੱਬ ਉੱਤੇ ਕੋਈ ਅਹਿਸਾਨ ਕੀਤਾ ਹੈ। ਉਨ੍ਹਾਂ ਨੂੰ ਯਾਦ ਕਰਨੇ ਵੇਲੇ ਮੱਥੇ ਵੱਟ ਅਸੀਂ ਪਾਈਏ, ਜਿਨ੍ਹਾਂ ਨੇ ਸਾਡੀ ਖਾਤਰ ਸਾਰਾ ਕੁਝ ਕੁਰਬਾਨ ਕੀਤਾ ਹੈ। ਨਸ਼ਾ ਕੀਤੇ ਬਿਨਾਂ ਉਹ ਆਪ ਯਾਰੋ ਰਹਿ ਨਹੀਂ ਸਕਦੇ, ਜਿਨ੍ਹਾਂ ਨੇ ਨਸ਼ਿਆਂ ਨੂੰ ਠੱਲ੍ਹ ਪਾਣ ਦਾ ਐਲਾਨ ਕੀਤਾ ਹੈ। ਜੋ ਚੋਣਾਂ ਹੋਈਆਂ ਨੇ ਕੁਝ ਅਰਸਾ ਪਹਿਲਾਂ ਦੇਸ਼ ਵਿੱਚ ਯਾਰੋ, ਉਨ੍ਹਾਂ ਨੇ ਦੇਸ਼ ਦਾ ਹਰ ਪਾਸੇ ਤੋਂ ਨੁਕਸਾਨ ਕੀਤਾ ਹੈ। ਡਰੀ ਜਾਂਦੇ ਪਿਤਾ-ਮਾਤਾ ਧੀਆਂ ਜੰਮਣ ਤੋਂ ਐਵੇਂ ਹੀ, ਹਰਿਕ ਨੂੰ ਤਾਂ ਇਨ੍ਹਾਂ ਦੇ ਕੰਮਾਂ ਨੇ ਹੈਰਾਨ ਕੀਤਾ ਹੈ। ਉਨ੍ਹਾਂ ਨੂੰ ਸਮਝ ਕੇ ਆਪਣੇ ਉਨ੍ਹਾਂ ਦਾ ਮਾਣ ਕਰਦੇ ਹਾਂ, ਜਿਨ੍ਹਾਂ ਦੁੱਖ ਵੇਲੇ ਸਾਨੂੰ ਹੌਸਲਾ ਪ੍ਰਦਾਨ ਕੀਤਾ ਹੈ। ਬੜਾ ਕੁਝ ਦੋਸਤਾਂ ਤੇ ਦੁਸ਼ਮਣਾਂ ਨੇ ਦਿੱਤਾ ਹੈ ਸਾਨੂੰ, ਪਰੰਤੂ ਜਚਿਆ ਜੋ ਉਹ ਹੀ ਅਸੀਂ ਪ੍ਰਵਾਨ ਕੀਤਾ ਹੈ।
ਜੇ ਕੋਈ ਚੱਜਦਾ ਮੀਤ ਬਣਾ ਲੈਂਦੇ
ਜੇ ਕੋਈ ਚੱਜਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ, ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ। ਪੈਸਾ ਆਉਂਦਾ-ਜਾਂਦਾ ਰਹਿੰਦਾ, ਉਹ ਮਾਣ ਨਾ ਇਸ ਤੇ ਕਰਨ, ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ। ਐਵੇਂ ਸਾਰਾ ਪੈਸਾ ਖਰਚ ਲਿਆ ਬੇਸਮਝੀ ਵਿੱਚ ਹੀ, ਔਖੇ ਸਮੇਂ ਲਈ ਵੀ ਥੋੜ੍ਹਾ ਬਚਾ ਲੈਂਦੇ ਤਾਂ ਚੰਗਾ ਸੀ। ਐਵੇਂ ਗ਼ਮ ਆਪਣੇ ਦਿਲ 'ਚ ਉਮਰ ਭਰ ਲੈ ਕੇ ਫਿਰਦੇ ਰਹੇ, ਆਪਣੇ ਨੈਣਾਂ ਚੋਂ ਨੀਰ ਵਹਾ ਲੈਂਦੇ ਤਾਂ ਚੰਗਾ ਸੀ। ਕੰਮ ਕਰਕੇ ਬੰਦੇ ਦਾ ਕਿਹੜਾ ਕੁਝ ਘੱਟਦਾ ਹੈ ਯਾਰੋ, ਆਪਣੇ ਦਿਲ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ। ਨੋਟ ਕਮਾਉਣ ਲਈ ਜੋ ਬਦੇਸ਼ਾਂ ਵਿੱਚ ਧੱਕੇ ਖਾਂਦੇ ਨੇ, ਉਹ ਆਪਣੇ ਦੇਸ਼ 'ਚ ਰੋਟੀ ਖਾ ਲੈਂਦੇ ਤਾਂ ਚੰਗਾ ਸੀ। ਕੁਰਸੀ ਤੇ ਬੈਠਣ ਲਈ ਉਹ ਨਿੱਤ ਲੜਾਂਦੇ ਨੇ ਸਾਨੂੰ, ਨੇਤਾਵਾਂ ਦਾ ਭੇਤ ਅਸੀਂ ਪਾ ਲੈਂਦੇ ਤਾਂ ਚੰਗਾ ਸੀ।
ਜੋ ਤੂੰ ਕੀਤਾ ਮੇਰੇ ਨਾਲ
ਜੋ ਤੂੰ ਕੀਤਾ ਮੇਰੇ ਨਾਲ, ਕਰ ਨ੍ਹੀ ਸਕਦਾ ਤੇਰੇ ਨਾਲ। ਇਹ ਮੈਨੂੰ ਹੀ ਖਾ ਨਾ ਜਾਵੇ, ਤਾਂ ਹੀ ਲੜਦਾਂ ਨ੍ਹੇਰੇ ਨਾਲ। ਪਹਿਲਾਂ ਕੱਲੇ ਤੁਰਨਾ ਪੈਂਦਾ, ਫਿਰ ਰਲ ਜਾਣ ਬਥੇਰੇ ਨਾਲ। ਯਾਰਾਂ ਛੱਡੀ ਕਸਰ ਕੋਈ ਨਾ, ਸੱਟਾਂ ਜਰੀਆਂ ਜੇਰੇ ਨਾਲ। ਬਾਬੇ ਨੇ ਅਕਲ ਆਪਣੀ ਨਾਲ, ਲੋਕੀਂ ਜੋੜੇ ਡੇਰੇ ਨਾਲ। ਮਾਂ ਦੇ ਮੂੰਹ ਤੇ ਰੌਣਕ ਆਈ, ਪੁੱਤ ਦੇ ਇੱਕੋ ਫੇਰੇ ਨਾਲ। ਦਿਲ ਮਿਲਦਾ ਹੁੰਦਾ ਇਕ ਨਾਲ, ਬੰਦੇ ਤੁਰਨ ਬਥੇਰੇ ਨਾਲ। ਤੇਰੇ ਦਰ ਤੇ ਆਇਆ 'ਮਾਨ', ਛੱਡ ਕੇ ਰੋਸਾ ਤੇਰੇ ਨਾਲ।
ਜੋ ਬੈਠੇ ਕਰਕੇ ਬੰਦ ਬੂਹੇ, ਬਾਰੀਆਂ
ਜੋ ਬੈਠੇ ਕਰਕੇ ਬੰਦ ਬੂਹੇ, ਬਾਰੀਆਂ, ਲੱਗਣ ਉਨ੍ਹਾਂ ਨੂੰ ਭੱਜ ਕੇ ਬੀਮਾਰੀਆਂ। ਕਰਦੇ ਜੋ ਸੇਵਾ ਮਾਪਿਆਂ ਦੀ ਦਿਲ ਲਾ ਕੇ, ਪਾ ਲੈਣ ਉਹ ਜੀਵਨ 'ਚ ਖੁਸ਼ੀਆਂ ਸਾਰੀਆਂ। ਫਿਰ ਭਾਲਿਓ ਨਾ ਠੰਢੀਆਂ ਛਾਵਾਂ ਤੁਸੀਂ, ਛਾਂ ਵਾਲੇ ਰੁੱਖਾਂ ਤੇ ਚਲਾ ਕੇ ਆਰੀਆਂ। ਉੱਥੇ ਪੁੱਜਣ ਤੋਂ ਡਰ ਰਹੇ ਨੇ ਬੰਦੇ ਵੀ, ਅੱਜ ਕੱਲ੍ਹ ਨੇ ਜਿੱਥੇ ਪੁੱਜ ਗਈਆਂ ਨਾਰੀਆਂ। ਜੇ ਪੈਸਾ ਹੋਵੇ ਕੋਲ, ਭੱਜੇ ਆਣ ਸਭ, ਅੱਜ ਕੱਲ੍ਹ ਬਿਨਾਂ ਪੈਸੇ ਨਾ ਰਿਸ਼ਤੇਦਾਰੀਆਂ। ਯਾਰੀ ਨਿਭਾਵਾਂ ਨਾਲ ਤੇਰੇ ਕਿੰਝ ਮੈਂ, ਸਿਰ ਤੇ ਮੇਰੇ ਨੇ ਹੋਰ ਜ਼ਿੰਮੇਵਾਰੀਆਂ। ਖੁਸ਼ ਸਾਨੂੰ ਵੇਖਣ ਦੀ ਉਨ੍ਹਾਂ ਦੀ ਇੱਛਾ ਸੀ, ਸਾਡੇ ਲਈ ਜਾਨਾਂ ਜਿਨ੍ਹਾਂ ਨੇ ਵਾਰੀਆਂ।
ਜੋ ਮਾਂ-ਪਿਉ ਨਾ' ਦੁੱਖ ਸੁੱਖ ਫੋਲੇ
ਜੋ ਮਾਂ-ਪਿਉ ਨਾ' ਦੁੱਖ ਸੁੱਖ ਫੋਲੇ, ਉਹ ਮੰਦਰ, ਮਸਜਿਦ ਕਦ ਟੋਲ੍ਹੇ ? ਉਸ ਨੂੰ ਸਾਰੇ ਪਿਆਰ ਨੇ ਕਰਦੇ, ਜੋ ਮੂੰਹੋਂ ਮਿੱਠੇ ਸ਼ਬਦ ਬੋਲੇ। ਤੁਰਦੇ ਜਾਂਦੇ ਸਿਰੜੀ ਬੰਦੇ, ਝੱਟ ਡਿਗ ਪੈਂਦੇ ਬੰਦੇ ਪੋਲੇ। ਏਦਾਂ ਲੱਗਿਆ ਜੜ੍ਹ ਵੱਢ ਹੋ ਗਈ, ਜਦ ਮਾਂ-ਬਾਪ ਰਹੇ ਨਾ ਕੋਲੇ। ਅੱਜ ਕਲ੍ਹ ਸਾਰੇ ਚੁੱਪ ਰਹਿੰਦੇ ਨੇ, ਦਿਲ ਦੇ ਭੇਤ ਕੋਈ ਨਾ ਖੋਲ੍ਹੇ। ਆਪਣੇ ਗੁਆਂਢੀ ਨੂੰ ਖੁਸ਼ ਵੇਖ ਕੇ, ਐਵੇਂ ਸੜ ਨਾ ਹੋ ਤੂੰ ਕੋਲੇ। ਉਸ ਦਾ ਕਿੱਦਾਂ ਕਰੀਏ ਆਦਰ ? ਜੋ ਸਾਨੂੰ ਵੇਖ ਕੇ ਵਿਸ ਘੋਲੇ। ਇੱਥੇ ਹੁਣ ਉਹ ਲੱਭਣਾ ਮੁਸ਼ਕਿਲ, ਜਿਹੜਾ ਤੇਰਾਂ ਤੇਰਾਂ ਤੋਲੇ।
ਜੋ ਲੋਕਾਂ ਲਈ ਕੁਰਬਾਨ ਹੈ ਹੁੰਦਾ
ਜੋ ਲੋਕਾਂ ਲਈ ਕੁਰਬਾਨ ਹੈ ਹੁੰਦਾ, ਉਹ ਬੰਦਾ ਬਹੁਤ ਮਹਾਨ ਹੈ ਹੁੰਦਾ। ਹਲ ਵਾਹੇ ਖੇਤਾਂ 'ਚ ਉਦੋਂ ਕੋਈ, ਜਦ ਸੁੱਤਿਆ ਘੂਕ ਜਹਾਨ ਹੈ ਹੁੰਦਾ। ਉਹ ਕੌਮ ਤਰੱਕੀ ਹੈ ਸਦਾ ਕਰਦੀ, ਜਿਸ ਦਾ ਉੱਚਾ ਵਿਗਿਆਨ ਹੈ ਹੁੰਦਾ। ਓਹੀ ਰੋਕ ਸਕੇ ਗ਼ਮ ਦਾ ਝੱਖੜ, ਜਿਸ ਦਾ ਸੀਨਾ ਚੱਟਾਨ ਹੈ ਹੁੰਦਾ। ਉਹ ਧੇਲੇ ਦੀ ਚੀਜ਼ ਤੇ ਮਰ ਜਾਏ, ਜਿਸ ਦਾ ਦਿਲ ਬੇਈਮਾਨ ਹੈ ਹੁੰਦਾ। ਜੋ ਚਾਹਵੇ ਸਭ ਦਾ ਭਲਾ ਹਰ ਵੇਲੇ, ਉਹ ਬੰਦਾ ਨ੍ਹੀ ,ਭਗਵਾਨ ਹੈ ਹੁੰਦਾ। ਸਾਨੂੰ ਆਪਸ 'ਚ ਲੜਾਣ ਵਾਲਾ, ਹੋਰ ਨਾ ਕੋਈ, ਸ਼ੈਤਾਨ ਹੈ ਹੁੰਦਾ। ਉਸ ਨੂੰ ਮਿਲਦੀ ਹੈ ਇਜ਼ੱਤ ਸਭ ਤੋਂ, ਜੋ ਕਵੀ ਸਭ ਨੂੰ ਪ੍ਰਵਾਨ ਹੈ ਹੁੰਦਾ।
ਝੂਠ ਬੋਲਣ ਤੋਂ ਤੋਬਾ ਕਰ ਲਵੇਂ
ਝੂਠ ਬੋਲਣ ਤੋਂ ਤੋਬਾ ਕਰ ਲਵੇਂ, ਤਾਂ ਚੰਗਾ ਹੈ। ਈਰਖਾ ਦਾ ਦਰਿਆ ਤਰ ਲਵੇਂ,ਤਾਂ ਚੰਗਾ ਹੈ। ਮਾਂ-ਪਿਉ ਸਦਾ ਬੱਚਿਆਂ ਦਾ ਭਲਾ ਚਾਹੁੰਦੇ ਨੇ, ਉਨ੍ਹਾਂ ਦੇ ਕੌੜੇ ਬੋਲ ਜਰ ਲਵੇਂ,ਤਾਂ ਚੰਗਾ ਹੈ। ਠੀਕ ਥਾਂ ਤੇ ਰੱਖੀ ਚੀਜ਼ ਛੇਤੀ ਲੱਭ ਪੈਂਦੀ ਹੈ, ਹਰ ਚੀਜ਼ ਠੀਕ ਥਾਂ ਤੇ ਧਰ ਲਵੇਂ, ਤਾਂ ਚੰਗਾ ਹੈ। ਚੰਗੇ ਕੰਮ ਕਰਨ ਵਾਲਿਆਂ ਦੀ ਲੋਕ ਇੱਜ਼ਤ ਕਰਦੇ ਨੇ, ਤੂੰ ਜੇਕਰ ਚੰਗੇ ਕੰਮ ਕਰ ਲਵੇਂ, ਤਾਂ ਚੰਗਾ ਹੈ। ਹੱਕ ਪਰਾਇਆ ਖਾਣਾ ਚੰਗਾ ਨਹੀਂ ਹੁੰਦਾ, ਦਸਾਂ ਨਹੁੰਆਂ ਦੀ ਕਿਰਤ ਕਰ ਲਵੇਂ, ਤਾਂ ਚੰਗਾ ਹੈ। ਇਹ ਨਾ ਹੋਵੇ ਲੋੜ ਪੈਣ ਤੇ ਕੋਈ ਆਵੇ ਹੀ ਨਾ, ਦੋਸਤਾਂ ਦੀ ਪਹਿਲਾਂ ਹੀ ਪਰਖ ਕਰ ਲਵੇਂ, ਤਾਂ ਚੰਗਾ ਹੈ। ਬੁਰੇ ਦਿਨ ਕਿਸੇ ਨੂੰ ਪੁੱਛ ਕੇ ਨ੍ਹੀ ਆਉਂਦੇ, ਬੁਰੇ ਦਿਨਾਂ ਲਈ ਖੀਸਾ ਭਰ ਲਵੇਂ, ਤਾਂ ਚੰਗਾ ਹੈ।
ਤੂੰ ਸੋਚ ਸਮਝ ਕੇ ਬੋਲ, ਜ਼ਮਾਨਾ ਭੈੜਾ ਹੈ
ਤੂੰ ਸੋਚ ਸਮਝ ਕੇ ਬੋਲ, ਜ਼ਮਾਨਾ ਭੈੜਾ ਹੈ, ਨਾ ਭੇਤ ਕਿਸੇ ਦੇ ਖੋਲ੍ਹ, ਜ਼ਮਾਨਾ ਭੈੜਾ ਹੈ। ਅੱਜ ਕੱਲ੍ਹ ਹਰ ਕੋਈ ਗਲ਼ ਪੈਣੇ ਨੂੰ ਫਿਰਦਾ ਹੈ, ਮੂੰਹੋਂ ਕੌੜਾ ਨਾ ਬੋਲ, ਜ਼ਮਾਨਾ ਭੈੜਾ ਹੈ। ਮੰਨਿਆਂ ਤੇਰੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ, ਪਰ ਬਹੁਤਾ ਸੱਚ ਨਾ ਬੋਲ, ਜ਼ਮਾਨਾ ਭੈੜਾ ਹੈ। ਤੂੰ ਸਾਰਾ ਪੈਸਾ ਪੁੱਤਾਂ ਨੂੰ ਨਾ ਦੇ ਦੇਵੀਂ, ਰੱਖ ਲਵੀਂ ਥੋੜ੍ਹਾ ਕੋਲ, ਜ਼ਮਾਨਾ ਭੈੜਾ ਹੈ। ਕਾਮਾ ਵੀ ਇਕ ਦਿਨ ਪੈਸੇ ਵਾਲਾ ਬਣ ਸਕਦਾ ਹੈ, ਐਵੇਂ ਨਾ ਉਸ ਨੂੰ ਰੋਲ, ਜ਼ਮਾਨਾ ਭੈੜਾ ਹੈ। ਪੈਸੇ ਲੈ ਕੇ ਗਾਹਕ ਨੂੰ ਪੂਰੀ ਵਸਤੂ ਦੇਹ, ਐਵੇਂ ਨਾ ਤੂੰ ਘੱਟ ਤੋਲ, ਜ਼ਮਾਨਾ ਭੈੜਾ ਹੈ। ਜੋ ਕੁਝ ਵੀ ਕਰਨਾ, ਤੂੰ ਚੁੱਪ ਕਰਕੇ ਕਰਦਾ ਜਾਹ, ਨਾ ਦੱਸ ਵਜਾ ਕੇ ਢੋਲ, ਜ਼ਮਾਨਾ ਭੈੜਾ ਹੈ।
ਚੰਗੇ ਅਮਲਾਂ ਬਾਝੋਂ : ਦੇ ਕੇ ਸਾਨੂੰ ਛਾਪਾਂ-ਛੱਲੇ
ਦੇ ਕੇ ਸਾਨੂੰ ਛਾਪਾਂ-ਛੱਲੇ, ਦਿਲ ਨਾ ਛੱਡਿਆ ਸਾਡੇ ਪੱਲੇ। ਜੇ ਤੂੰ ਬੋਲਣਾ ਸਾਨੂੰ ਮਾੜਾ, ਤਾਂ ਫਿਰ ਰਹਿਣ ਦੇ ਸਾਨੂੰ ਕੱਲੇ। ਐਵੇਂ ਨ੍ਹੀ ਖਿੜ ਖਿੜ ਹੱਸੀਦਾ, ਜ਼ਖਮ ਕਿਸੇ ਦੇ ਦੇਖ ਕੇ ਅੱਲੇ। ਪੈਸੇ ਖਰਚ ਲਿਆ ਕਰ ਝੱਲਿਆ, ਰੱਖੀ ਨਾ ਜਾ ਭਰ ਭਰ ਗੱਲੇ। ਹਿੰਮਤ ਬਹੁਤ ਉਦੋਂ ਕੰਮ ਆਵੇ, ਹੋਣ ਜਦੋਂ ਦੁੱਖਾਂ ਦੇ ਹੱਲੇ। ਉਸ ਨੂੰ ਫੜ ਕੇ ਉਠਾ ਦੇ ਯਾਰਾ, ਜਿਹੜਾ ਡਿਗਿਆ ਪਿਆ ਹੈ ਥੱਲੇ। ਮਿਹਨਤ ਕਰਕੇ ਵਧੇ ਜੋ ਅੱਗੇ, ਉਸ ਦੀ ਹੋਵੇ ਬੱਲੇ, ਬੱਲੇ। ਉਸ ਨੂੰ ਵੀ ਚੇਤੇ ਰੱਖਿਆ ਕਰ, ਜਿਸ ਦੇ ਹੁਕਮ 'ਚ ਦੁਨੀਆਂ ਚੱਲੇ। ਜਿਸ ਨੂੰ ਮਰਜ਼ੀ ਹਾਕਾਂ ਮਾਰੀਂ, ਜਾਣਾ ਪੈਣਾ ਕੱਲ-ਮ-ਕੱਲੇ। ਚੰਗੇ ਅਮਲਾਂ ਬਾਝੋਂ 'ਮਾਨਾ', ਹੋ ਜਾਏਂਗਾ ਸਭ ਤੋਂ ਥੱਲੇ।
ਨਸ਼ਿਆਂ ਵਿੱਚ ਫਸਿਆਂ ਦੀ ਜੇ ਨਾ
ਨਸ਼ਿਆਂ ਵਿੱਚ ਫਸਿਆਂ ਦੀ ਜੇ ਨਾ ਕੀਤੀ ਸਭ ਨੇ ਗੱਲ, ਤਾਂ ਫਿਰ ਉਹ ਹਰ ਰੋਜ਼ ਹੀ ਜਾਣਗੇ ਮੌਤ ਕੁਲਹਿਣੀ ਵੱਲ। ਵੋਟਾਂ ਲੈਣ ਲਈ ਵਾਅਦਿਆਂ ਦੀ ਝੜੀ ਜਿਹੜੇ ਲਾਣ, ਜਿੱਤਣ ਪਿੱਛੋਂ ਉਹ ਲੋਕਾਂ ਤੋਂ ਫਿਰਨ ਬਚਾਂਦੇ ਖੱਲ। ਬੇਰੁਜ਼ਗਾਰਾਂ ਨੂੰ ਸਰਕਾਰੇ ਇੱਥੇ ਦੇਹ ਰੁਜ਼ਗਾਰ, ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦਾ ਹੈ ਇਹੋ ਹੱਲ। ਝਗੜੇ ਕਰਕੇ ਆਪਣਾ ਸਮਾਂ ਨਾ ਕਰੋ ਯਾਰੋ ਬਰਬਾਦ, ਰਲ ਕੇ ਬਹਿ ਕੇ ਕਰ ਲਉ ਆਪਣੇ ਸਾਰੇ ਮਸਲੇ ਹੱਲ। ਰਿਸ਼ਵਤ ਲੈਣ ਤੋਂ ਹੱਟਣ ਕਿੱਦਾਂ ਯਾਰੋ ਰਿਸ਼ਵਤਖੋਰ, ਜਦ ਉੱਤੇ ਤੋਂ ਥੱਲੇ ਤੱਕ ਹੈ ਸਭ ਦੀ ਇੱਕੋ ਗੱਲ। ਉਹ ਖਾਲੀ ਹੋ ਕੇ ਬਹਿ ਗਏ ਨੇ, ਕੁੱਝ ਵੀ ਰਿਹਾ ਨਾ ਕੋਲ, ਮਾਪੇ ਹੁਣ ਪਛਤਾਣ ਬੜਾ ਪੁੱਤਰ ਨੂੰ ਬਾਹਰ ਘੱਲ। ਆਪਣੀ ਇੱਜ਼ਤ ਜੱਗ 'ਚ ਬਣਾ ਲਉ ਕਰਕੇ ਚੰਗੇ ਕੰਮ, ਨਾ ਜਾਣੇ ਮੌਤ ਆ ਜਾਵੇ ਕਦ ਚੱਲ ਤੁਹਾਡੇ ਵੱਲ।
ਪੀ ਨਾ ਪਾਣੀ ਵਾਂਗ ਸ਼ਰਾਬ ਭਰਾਵਾ
ਪੀ ਨਾ ਪਾਣੀ ਵਾਂਗ ਸ਼ਰਾਬ ਭਰਾਵਾ, ਨਾ ਕਰਾ ਬੈਠੀਂ ਸਿਹਤ ਖਰਾਬ ਭਰਾਵਾ। ਨਾ ਪੀ ਕੇ ਦਾਰੂ ਬੰਦਾ ਬਣਿਆ ਰਹਿ, ਇਸ ਨੂੰ ਪੀ ਕੇ ਬਣ ਨਾ ਨਵਾਬ ਭਰਾਵਾ। ਤੂੰ ਜੇ ਬਿਤਾਣਾ ਜੀਵਨ ਚੱਜ ਨਾ', ਪੜ੍ਹ ਲੈ ਚੰਗੀ ਕੋਈ ਕਿਤਾਬ ਭਰਾਵਾ। ਜੇ ਨਾ ਹੱਟਿਆ ਤੂੰ ਪੀਣੋਂ ਬਿਨ ਨਾਗਾ, ਮਿਲ ਜਾਣਾ 'ਸ਼ਰਾਬੀ' ਦਾ ਖਿਤਾਬ ਭਰਾਵਾ। ਜੀਵਨ ਵਿੱਚ ਤੈਨੂੰ ਸੁੱਖ ਨਹੀਂ ਮਿਲਣਾ, ਜੇ ਤੂੰ ਮਿੱਧੇ ' ਆਪਣੇ ਗੁਲਾਬ' ਭਰਾਵਾ। ਜਿਹੜੀ ਪਤਨੀ ਤੇਰੇ ਲੜ ਹੈ ਲੱਗੀ, ਸੁੱਕਿਆ ਉਸ ਦੇ ਦਿਲ ਦਾ ਤਲਾਬ ਭਰਾਵਾ। ਸੰਭਲ ਜਾ, ਕਿਤੇ ਛੱਡ ਨਾ ਜਾਵੇ ਪਤਨੀ, ਤੇਰੇ ਨਾਲ ਮੁਕਾ ਕੇ ਹਿਸਾਬ ਭਰਾਵਾ।
ਮਹਿੰਗਾਈ ਨੇ ਤੋੜ ਦਿੱਤਾ ਹੈ
ਮਹਿੰਗਾਈ ਨੇ ਤੋੜ ਦਿੱਤਾ ਹੈ ਸਭ ਲੋਕਾਂ ਦਾ ਲੱਕ, ਪਰ ਹਾਕਮ ਦੇ ਕੰਨ ਤੇ ਜੂੰ ਨ੍ਹੀ ਸਰਕੀ ਹਾਲੇ ਤੱਕ। ਬਾਗੀ ਹੋ ਕੇ ਲੋਕੀਂ ਫਿਰ ਸੜਕਾਂ ਤੇ ਆ ਜਾਂਦੇ ਨੇ, ਜਦ ਉਹ ਜਾਬਰ ਤੇ ਲੋਟੂਆਂ ਤੋਂ ਜਾਂਦੇ ਨੇ ਅੱਕ। ਇਹ ਹੱਸਦੇ, ਵੱਸਦੇ ਘਰਾਂ ਦੇ ਵਿੱਚ ਲਾ ਦਿੰਦਾ ਏ ਅੱਗ, ਭੁੱਲ ਕੇ ਵੀ ਨਾ ਕਰੀਏ ਯਾਰੋ ਇੱਕ, ਦੂਜੇ ਤੇ ਸ਼ੱਕ। ਰੁੱਖਾਂ ਦਾ ਲੇਖਾ ਤਾਂ ਉਹ ਮਰਦੇ ਦਮ ਤੱਕ ਨ੍ਹੀ ਦੇ ਸਕਦਾ, ਬੰਦੇ ਦੀ ਜਾਨ ਬਚਾਂਦੇ ਨੇ ਕੁੱਝ ਰੁੱਖਾਂ ਦੇ ਸੱਕ। ਐਵੇਂ ਨਾ ਇੱਕ, ਦੂਜੇ ਨੂੰ ਚੰਗਾ, ਮਾੜਾ ਕਹੀ ਜਾਉ, ਇਸ ਦੇਸ਼ ਦੇ ਵਿੱਚ ਰਹਿਣੇ ਦਾ ਹੈ ਸਭ ਨੂੰ ਬਰਾਬਰ ਹੱਕ। ਮੀਂਹ ਦੀ ਇੱਕ ਕਣੀ ਵੀ ਇਨ੍ਹਾਂ ਲਈ ਹਾਨੀਕਾਰਕ ਹੋਵੇ, ਜਦ ਖੇਤਾਂ ਵਿੱਚ ਕਿਸਾਨ ਦੀਆਂ ਫਸਲਾਂ ਜਾਵਣ ਪੱਕ। ਸੂਬੇ ਨੂੰ ਖਾਲੀ ਹੋਣ ਤੋਂ ਰੋਕਣ ਦਾ ਹੈ ਇਹੋ ਹੱਲ, ਰੁਜ਼ਗਾਰ ਦੇ ਕੇ ਮੁੰਡੇ, ਕੁੜੀਆਂ ਨੂੰ ਲੈ ਹਾਕਮਾ ਡੱਕ।
ਮਿਲ ਗਿਆ ਦਿਲਦਾਰ ਜਿਸ ਨੂੰ ਹਾਣ ਦਾ
ਮਿਲ ਗਿਆ ਦਿਲਦਾਰ ਜਿਸ ਨੂੰ ਹਾਣ ਦਾ, ਮੌਕਾ ਉਸ ਨੂੰ ਮਿਲ ਗਿਆ ਮੁਸਕਾਣ ਦਾ। ਦੂਜੇ ਪਾਸੇ ਨੈਣ ਜਿਸ ਨੇ ਲਾ ਲਏ, ਨਾਂ ਨਹੀਂ ਲੈਂਦਾ ਉਹ ਘਰ ਨੂੰ ਆਣ ਦਾ। ਪੈਰ ਉਸਦੇ ਲੱਗਦੇ ਨ੍ਹੀ ਸੀ ਧਰਤ ਤੇ, ਜਦ ਪਤਾ ਲੱਗਾ ਪਤੀ ਦੇ ਆਣ ਦਾ। ਉਸ ਨੂੰ ਨਫਰਤ ਮਿਲਦੀ ਹੈ ਹਰ ਪਾਸੇ ਤੋਂ, ਕੰਮ ਕਰਦਾ ਹੈ ਜੋ ਅੱਗਾਂ ਲਾਣ ਦਾ। ਸਾਰ ਕੇ ਆਪਣੀ ਗਰਜ਼ ਉਸ ਆਖਿਆ, 'ਵੀਰ ਜੀ, ਤੈਨੂੰ ਨਹੀਂ ਮੈਂ ਜਾਣਦਾ।' ਜੋ ਸਦਾ ਲੋਕਾਂ ਦਾ ਕਰਦਾ ਹੈ ਭਲਾ, ਉਸ ਨੂੰ ਗ਼ਮ ਨ੍ਹੀ ਹੋਣਾ ਇੱਥੋਂ ਜਾਣ ਦਾ। ਕੰਡਿਆਂ ਨੂੰ ਮਸਲ ਕੇ ਅੱਗੇ ਵਧੇ, ਏਨਾ ਚਾਅ ਸੀ ਸਾਨੂੰ ਮੰਜ਼ਲ ਪਾਣ ਦਾ।
ਲੋਕ ਸਮੇਂ ਦੇ ਹਾਕਮ ਤੋਂ ਅੱਕੇ
ਲੋਕ ਸਮੇਂ ਦੇ ਹਾਕਮ ਤੋਂ ਅੱਕੇ, ਸੜਕਾਂ ਤੇ ਆ ਗਏ ਹੋ ਕੇ ਕੱਠੇ। ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ, ਦਿਲ ਵਾਲੇ ਹੀ ਤੁਰ ਸਕਦੇ ਅੱਗੇ। ਫੇਰ ਹਰਾ ਛੇਤੀ ਹੀ ਹੋਏਗਾ, ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ। ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ, ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ। ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ, ਸਾਨੂੰ ਦਿਲ ਆਪਣਾ ਮੰਦਰ ਲੱਗੇ। ਨੀਂਦ ਜਰੂਰੀ ਤਾਂ ਹੈ ਸਿਹਤ ਲਈ, ਪਰ ਬਹੁਤਾ ਸੌਣਾ ਮਾੜਾ ਲੱਗੇ। ਕਿੰਜ ਤਰੱਕੀ ਸਾਡਾ ਦੇਸ਼ ਕਰੇ, ਜਦ ਮੰਗਣ ਬੰਦੇ ਹੱਟੇ, ਕੱਟੇ।