Punjabi Ghazals : Suhinder Bir
ਪੰਜਾਬੀ ਗ਼ਜ਼ਲਾਂ : ਸੁਹਿੰਦਰ ਬੀਰ
1. ਹਵਾ ਬਦਲੀ ਜ਼ਮਾਨੇ ਦੀ, ਰਤਾ-ਮਾਸਾ ਬਦਲ ਤੂੰ ਵੀ
ਹਵਾ ਬਦਲੀ ਜ਼ਮਾਨੇ ਦੀ, ਰਤਾ-ਮਾਸਾ ਬਦਲ ਤੂੰ ਵੀ! ਸਮੇਂ ਦੇ ਹਾਣ ਦਾ ਹੋ ਜਾ, ਮਿਲਾ ਕੇ ਕਦਮ ਚਲ ਤੂੰ ਵੀ! ਹਵਾ ਹੈ ਬਦਲਦੀ ਰਹਿੰਦੀ, ਨਹੀਂ ਇਕਸਾਰ ਇਹ ਵਗਦੀ ਇਕਹਿਰੇ ਰੁਖ਼ ਕਿਉਂ ਤੁਰਦਾ, ਹਵਾ ਦੇ ਸੰਗ ਰਲ ਤੂੰ ਵੀ! ਹਵਾ ਦੇ ਬਦਲ ਜਾਵਣ 'ਤੇ, ਸ਼ਖ਼ਸ ਨੇ ਝੂਰਦੇ ਵੇਖੇ ਨਿਰਾਲੀ ਤੋਰ ਇਸਦੀ ਹੈ, ਨ ਉਹਨਾਂ ਵਾਂਗ ਜਲ ਤੂੰ ਵੀ! ਜਿਸਮ ਅਪਣੇ ਉਪਰ ਤੂੰ ਵੀ, ਨਵਾਂ ਹੀ ਪਹਿਨ ਲੈ ਬਾਣਾ ਨਹੀਂ ਜੇ ਪਹਿਨਣਾ ਤਾਂ ਬਣ, ਸਮੇਂ ਬੀਤੇ ਦਾ ਪਲ ਤੂੰ ਵੀ! ਹਵਾ ਨੇ ਬਦਲਨਾ ਹੁੰਦਾ, ਹਵਾ ਨੂੰ ਬਦਲ ਜਾਵਣ ਦੇ ਹਵਾ ਸੰਗ ਬਦਲਦੇ ਨ ਜੋ, ਉਨ੍ਹਾਂ ਦੇ ਵਿਚ ਰਲ ਤੂੰ ਵੀ! ਵਜਾ ਕੇ ਬੰਸਰੀ ਅਪਣੀ, ਸੁਰਾਂ ਨਾ ਮਾਤਮੀ ਹੀ ਕੱਢ ਹਵਾ ਵਿਚ ਤੁਰਦਿਆਂ ਦੀ ਯਾਦ ਵਿਚ ਆਏਂਗਾ ਕੱਲ ਤੂੰ ਵੀ!
2. ਸੱਚ ਦੀ ਅਲਖ
ਜੇ ਜੀਣਾ ਚਾਰ ਦਿਹਾੜੇ ਤਾਂ, ਅੱਖੀਆਂ ਵਿਚ ਖ਼ਾਬ ਸਜਾਉਂਦਾ ਰਹੀ ਮੰਜ਼ਿਲ ਪਾਵੇਂ ਜਾਂ ਨ ਪਾਵੇਂ, ਰਾਹਾਂ ਤੇ ਕਦਮ ਟਿਕਾਉਂਦਾ ਰਹੀ ਅੱਜ ਕੱਲ ਤਾਂ ਹਰ ਇਕ ਬੰਦਾ ਹੀ, ਨਿੱਜਤਾ ਦੇ ਖੂਹ ਵਿਚ ਡੁੱਬਿਆ ਹੈ ਤੂੰ ਦੇਖ ਦੁਖੀ ਹਮਸਾਇਆ ਨੂੰ, ਦੁੱਖ-ਦਰਦ ਹਮੇਸ਼ ਵੰਡਾਉਂਦਾ ਰਹੀ ਹਰ ਪਾਸੇ ਮਾਰੋ ਮਾਰ ਪਈ, ਇਹ ਕੈਸਾ ਮੌਸਮ ਆਇਆ ਹੈ? ਇਨ੍ਹਾਂ ਲੋਟੂਆਂ, ਡਾਕੂਆਂ, ਚੋਰਾਂ ਦੇ, ਅਸਲੀ ਕਿਰਦਾਰ ਦਿਖਾਉਂਦਾ ਰਹੀ ਇਸ ਧਰਤੀ ਤੇ ਕਈ ਜ਼ੋਰਾਵਰ, ਆਏ ਸੀ ਧੌਂਸ ਜਮਾਵਣ ਲਈ ਇਨ੍ਹਾਂ ਨ੍ਹੇਰੀਆਂ-ਝੱਖੜਾਂ ਲੰਘ ਜਾਣਾ,ਤੂੰ ਸੱਚ ਦੀ ਅਲਖ ਜਗਾਉਂਦਾ ਰਹੀ
3. ਜਦੋਂ ਫ਼ਰਿਆਦ ਨਹੀਂ ਸੁਣਦਾ , ਝੁਕਾ ਕੇ ਸੀਸ ਕੀ ਕਰਨਾ
ਜਦੋਂ ਫ਼ਰਿਆਦ ਨਹੀਂ ਸੁਣਦਾ , ਝੁਕਾ ਕੇ ਸੀਸ ਕੀ ਕਰਨਾ ਝੁਕਾਵਣ ਵਾਸਤੇ ਉਸਨੂੰ, ਤਲੀ 'ਤੇ ਸੀਸ ਇਹ ਧਰਨਾ ਸੁਣਾਵਣ ਵਾਸਤੇ ਦੁੱਖੜਾ, ਗਿਆ ਹਾਂ ਜਦ ਕਦੇ ਵੀ ਮੈਂ ਹਕੂਮਤ ਨੇ ਬਣਾ ਦਿਤਾ, ਹੈ ਮੈਨੂੰ ਖੇਤ ਦਾ ਡਰਨਾ ਜਿਦ੍ਹੇ ਸਿਰ 'ਤੇ ਸਜਾਈ ਸੀ, ਕਦੇ ਮੈਂ ਆਪ ਹੀ ਕਲਗ਼ੀ ਉਹੀ ਹੁਣ ਆਖਦਾ ਮੈਨੂੰ, ਧਰਤ ਤੋਂ ਹੈ ਫ਼ਨਾ ਕਰਨਾ ਸਜਾ ਕੇ ਦੇਖ ਲਓ ਮੇਰੇ, ਵੀ ਸੀਨੇ ਤੇ ਕਦੇ ਫ਼ੀਤੇ ਕਰਾਂ ਜੇ ਬੋਲ ਨਾ ਪੂਰੇ, ਜਿਸਮ ਤੋ ਸਿਰ ਜੁਦਾ ਕਰਨਾ ਦਿਲਾਂ ਵਿਚ ਦਰਦ ਤੇ ਨਾ ਬਦਨ ਦੇ ਵਿਚ ਖ਼ੂਨ ਏਨ੍ਹਾਂ ਦੇ ਕੁਹਾੜਾ ਬੀਰ ਏਨ੍ਹਾਂ ਦਾ, ਅਸਾਡੇ ਤੇ ਸਦਾ ਵਰ੍ਹਨਾ ਹਕੂਮਤ ਦਾ ਨਸ਼ਾ ਜਦ ਵੀ, ਲਹੂ ਵਿਚ ਰਕਸ ਕਰਦਾ ਹੈ ਪਿਆਦਾ ਵੀ ਸਮਝਦਾ ਹੈ, ਖ਼ੁਦਾ ਤੋਂ ਹੁਣ ਨਹੀਂ ਡਰਨਾ
4. ਜੀਣ ਵਾਸਤੇ
ਜੀਣ ਲਈ ਦੋ ਰੋਟੀਆਂ , ਕੜਛੀ ਦਾਲ ਬੜੇ ਭੁੱਖਾਂ ਦੇ ਪਰ ਸਾਗਰ ਹੋਣ ਵਿਸ਼ਾਲ ਬੜੇ ਪੇਟ ਦੀ ਭੁੱਖ ਤਾਂ ਦਹੁੰ-ਚਹੁੰ ਬੁਰਕੀਆਂ ਨਾਲ ਮਿਟੇ ਜ਼ਿਹਨੀ ਭੁੱਖ ਲਈ ਲੱਗ ਜਾਂਦੇ ਨੇ ਸਾਲ ਬੜੇ ਛੱਡ ਦੇ ਕੁਝ ਗ਼ਰੀਬ-ਗ਼ੁਰਬਿਆਂ ਦੇ ਲਈ ਵੀ ਭਰ ਭਰ ਕੇ ਤੂੰ ਕੋੜਮੇ ਲਏ ਨੇ ਗਾਲ ਬੜੇ ਤੂੰ ਸੋਨੇ ਦੀ ਕੁਟੀਆ ਵਿਚ ਸੌ ਜਾਣਾ ਏ ਰਹਿ ਜਾਣੇ ਨੇ ਸੋਨ-ਸੁਨਹਿਰੀ ਜਾਲ ਬੜੇ
5. ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ
ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ ਸਾਗਰਾਂ ਤੋਂ ਪਾਰ ਨੇ ਉਹ ਜਾ ਰਹੇ। ਦੇਸ਼ ਅੰਦਰ ਬਹੁਤ ਨੇ ਦੁਸ਼ਵਾਰੀਆਂ ਖਾਬ ਪਲਕਾਂ ਵਿਚ ਨਵੇਂ ਲਟਕਾ ਰਹੇ। ਦੇਸ ਜੈਸਾ ਵੇਸ ਤੈਸਾ ਪਾਵਣਾ ਸੂਈ ਦੇ ਨਕੇ ‘ਚ ਲੰਘਣ ਜਾ ਰਹੇ। ਜੋ ਚੁਬਾਰੇ ਸੁਖ ਛਜੂ ਦੇ ਨਾ ਕਿਤੇ ਕਾਫਲੇ ਪਰ ਫੇਰ ਤੁਰਦੇ ਜਾ ਰਹੇ। ਪਾਠ ਉਲਟਾ ਪੜ੍ਹ ਲਿਆ ਹੈ ਮਜ਼੍ਹ੍ਹਬ ਦਾ ਮਸਜਿਦਾਂ ਢਾਹ ਕੇ ਮੰਦਿਰ ਬਣਵਾ ਰਹੇ। ਕਦਮ ਸਾਬਿਤ ਇਕ ਕਦੇ ਧਰਿਆ ਨਹੀਂ ਢੋਲ ਰਾਜੇ ਫਿਰ ਕਿਉਂ ਵਜਵਾ ਰਹੇ। ਜੋ ਕਦੇ ਜਪਦੇ ਗੁਰਾਂ ਦਾ ਨਾਮ ਸੀ ਹੁਣ ਵਤਨ ਤੋਂ ਬਾਹਰ ਦੀ ਰਟ ਲਾ ਰਹੇ। ਹੀਰ ਬਦਲੇ ਭੇਸ ਰਾਂਝੇ ਬਦਲਿਆ ਯੁਵਕ ਅਜ ਪਰਵਾਸ ਬਾਣਾ ਪਾ ਰਹੇ । ਵੇਖ ਨੇਕਾਂ ਰੰਗ ਦੇ ਨੇ ਲੋਕ ਇਹ ਇਕ ਕਿਆਰੀ ਵਿਚ ਖਿੜੇ ਮੁਸਕਾ ਰਹੇ।
6. ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ ਭਲਾ ਬੰਦਾ ਨਹੀਂ ਦਿਸਦਾ, ਡਿੱਗੇ ਨੂੰ ਜੋ ਉਠਾ ਦੇਵੇ। ਜ਼ਮਾਨਾ ਜੰਗਲੀ ਹੁੰਦਾ, ਸਬਕ ਤਹਿਜ਼ੀਬ ਦੇ ਦੇਂਦੇ ਭਲਾ ਆਲਮ ਤੇ ਫ਼ਾਜ਼ਿਲ ਨੂੰ, ਕੋਈ ਕੀਕਣ ਪੜ੍ਹਾ ਦੇਵੇ। ਬੜੇ ਆਏ ਮੁਹੱਬਤ ਦਾ ਸੁਨੇਹਾ ਲੈ ਕੇ ਧਰਤੀ ‘ਤੇ ਨਹੀਂ ਮਿਲਿਆ ਰਿਸ਼ੀ ਬੰਦੇ ਨੂੰ ਜੋ ਬੰਦਾ ਬਣਾ ਦੇਵੇ। ਕਸਾਬ ਆਇਆ ਕਰਾਚੀ ਤੋਂ ਕਸਮ ਖਾ ਕੇ ਤਬਾਹੀ ਦੀ ਖ਼ਬਰ ਆਪਣੀ ਵਿਰਾਸਤ ਦੀ ਕੋਈ ਉਸ ਨੂੰ ਸੁਣਾ ਦੇਵੇ। ਜੋ ਲੀਕਾਂ ਨੀਰ ਵਿੱਚ ਪਾਵੇ ਮਜ਼੍ਹਬ ਕੋਈ ਨਹੀਂ ਐਸਾ ਖ਼ੁਦਾ ਦੇ ਆਦਮੀ ਨੂੰ ਇਹ ਕਿਵੇਂ ਦਾਨਵ ਬਣਾ ਦੇਵੇ। ਚਲੋ ਐਸੇ ਗੁਰੂ ਦੀ ਰਲਕੇ ਆਪਾਂ ਭਾਲ ਸਭ ਕਰੀਏ ਜੋ ਕਤਲਗਾਹ ‘ਚ ਵੀ ਸੂਹੇ ਜਿਹੇ ਕੁੱਝ ਫੁੱਲ ਖਿੜਾ ਦੇਵੇ। ‘ਜਹਾਦੋ’ ਕੋਈ ਵੀ ਰਸਤਾ, ਨਹੀਂ ਜੱਨਤ ਵੱਲ ਜਾਂਦਾ ਕਿਸੇ ਥਾਂ ਇਸ ਤਰ੍ਹਾਂ ਲਿਖਿਆ, ਕੋਈ ਮੈਨੂੰ ਦਿਖਾ ਦੇਵੇ।
7. ਜੋ ਤਪਦੇ ਰਸਤਿਆਂ ਵਿਚ ਪਾਲ ਬਿਰਖਾਂ ਦੀ ਲਗਾਉਂਦਾ ਹੈ
ਜੋ ਤਪਦੇ ਰਸਤਿਆਂ ਵਿਚ ਪਾਲ ਬਿਰਖਾਂ ਦੀ ਲਗਾਉਂਦਾ ਹੈ ਪੈਗੰਬਰ ਵੀ ਉਹਦੇ ਰਾਹਾਂ ‘ਚ ਆ ਕੇ ਸਿਰ ਝੁਕਾਉਂਦਾ ਹੈ। ਜ਼ਮਾਨਾ ਉਸਦੇ ਰਾਹਾਂ ਵਿਚ ਵਿਛਾ ਕੇ ਨੈਣ ਬਹਿੰਦਾ ਹੈ ਤਿਹਾਏ ਪੰਛੀਆਂ ਲਈ ਨੀਰ ਦੇ ਜੋ ਸਰ ਲਿਆਉਂਦਾ ਹੈ। ਲੋਕਾਈ ਕੋਸਦੀ ਰਹਿੰਦੀ ਹੈ ਉਸਨੂੰ ਹਸ਼ਰ ਦੇ ਤੀਕਰ ਜੋ ਛਾਂਵਾਂ ਵੰਡਦੇ ਬਿਰਖਾਂ ਦੀ ਜੜ੍ਹ ਵਿਚ ਤੇਲ ਪਾਉਂਦਾ ਹੈ। ਉਹ ਬੰਦੇ ਹੋਰ ਹੋਵਣਗੇ ਜੋ ਰੱਖਦੇ ਬਗਲ ਵਿਚ ਛੁਰੀਆਂ ਕਵੀ ਐਪਰ ਹਮੇਸ਼ਾਂ ਖ਼ੈਰ ਖਲਕਤ ਦੀ ਮਨਾਉਂਦਾ ਹੈ। ਇਹ ਪਾਣੀ,ਪੌਣ,ਬੂਟੇ ਜਾਨ-ਸਾਹ-ਸਤ ਧਰਤ ਮਾਤਾ ਦੇ ਖ਼ੁਦਾ ਇਹਨਾਂ ਲਈ ਅਪਣਾ ਲਹੂ ਪਾਣੀ ਵਹਾਉਂਦਾ ਹੈ ਉਹਦੇ ਸਿਰ ਨੂੰ ਅਸੀਸਾਂ ਨੇ ਜੋ ਛਾਂਵਾਂ ਪਾਲਦਾ ਰਹਿੰਦਾ ਖੁਦਾ ਵੀ ਬੰਦਿਆਂ ਦੇ ਭੇਸ ਵਿਚ ਧਰਤੀ ਤੇ ਆਉਂਦਾ ਹੈ। ਉਹ ਸੂਰਜ ਹੈ ਹਨੇਰੇ ਘੁਰਨਿਆਂ ਵਿਚ ਰੌ ਹੈ ਕਿਹੜਾ ਆਦਮੀ ਆਪਣੀ ਪਿਆ ਦੌਲਤ ਲਟਾਉਂਦਾ ਹੈ? ਕਿਸੇ ਦੀ ਸੁਣਕੇ ਮਹਿਮਾਂ ਉਹ ਬਹੁਤ ਬੇਹਾਲ ਹੋ ਜਾਵੇ ਬੜਾ ਸਨਕੀ ਜਿਹਾ ਬੰਦਾ ਸਦਾ ਦਿਲ ਨੂੰ ਦੁਖਾਉਂਦਾ ਹੈ। ਮੁਹੱਬਤ ਕਰ ਰਹੇ ਬੰਦੇ, ਉਹਦੇ ਮਨ ਨੂੰ ਨਹੀਂ ਭਾਉਂਦਾ ਬੜਾ ਹੈ ਨਾਗ ਜ਼ਹਿਰੀਲਾ, ਵਿਹੁ ਆਪਣਾ ਦਿਖਾਉਂਦਾ ਹੈ।
8. ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ
ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ ਉਹ ਮੈਨੂੰ ਦੇਸ਼ ਦੀ ਗ਼ੁਰਬਤ ਦਾ ਇਕ ਸ਼ੀਸ਼ਾ ਵਿਖਾਉਂਦਾ ਹੈ। ਉਹ ਦਰਪਣ ਹੈ ਮੇਰੇ ਸਾਹਵੇਂ ਜੋ ਮੈਨੂੰ ਸੋਚ ਵਿਚ ਪਾਉਂਦਾ ਕਫ਼ਨ ਵਿਚ ਕਿਸਤਰ੍ਹਾਂ ਬੰਦਾ ਬਦਨ ਆਪਣਾ ਹਢਾਉਂਦਾ ਹੈ। ਹੈ ਕਿਹੜਾ ਬਸ਼ਰ ਏਥੇ ਯਾਦ ਜੋ ਗ਼ੁਰਬਤ ਨੂੰ ਰੱਖਦਾ ਹੈ ਜੋ ਰੱਖਦਾ ਚੇਤਿਆਂ ਵਿਚ ਉਹ ਮਹਾ ਮਾਨਵ ਕਹਾਉਂਦਾ ਹੈ। ਕਿਸੇ ਦੇ ਬਾਲ ਨੂੰ ਜੋ ਪਾਲਦੀ ਹੈ ਮਾਂ ਤੋਂ ਵੀ ਵੱਧ ਕੇ ਉਹ ਦੇਵੀ ਹੈ, ਨਹੀਂ ਦਲਿਤ, ਉਹਦੇ ‘ਤੇ ਰਸ਼ਕ ਆਉਂਦਾ ਹੈ। ਬਹੁਤ ਮੁਸ਼ਕਿਲ ਹੈ ਦੂਜੇ ਬਾਲ ਨੂੰ ਮੋਹ ਮਾਂ ਜਿਹਾ ਦੇਣਾ ਨਗਰ ਵਿਚ ਬਾਲਕਾਂ ਦੀ ਪਿਆਸ ਨੂੰ ਕਿਹੜਾ ਬੁਝਾਉਂਦਾ ਹੈ। ਨਗਰ ਵਿਚ ਵੇਖਕੇ ਅਨਾਥ ਬੱਚੇ ਪਿਘਲ ਜਾਂਦਾ ਹਾਂ ਤੜਪ ਸੁਣ ਸੁਣ ਕੇ ਲਗਦਾ ਹੈ ਵਤਨ ਮੈਨੂੰ ਬੁਲ਼ਾਉਂਦਾ ਹੈ। ਅਜੇ ਉਹ ਨਿਕਲ ਨਹੀਂ ਸਕਿਆ ਉਹਦੇ ਪੈਰਾਂ ‘ਚ ਦਲਦਲ ਹੈ ਉਹ ਸਾਰੇ ਝੂਠ ਨੇ ਪਰਬਤ ਤੇ ਜੋ ਤੇਵਰ ਦਿਖਾਉਂਦਾ ਹੈ। ਮੈਂ ਇਕ ਦੋ ਬਾਲ ਕੇ ਦੀਵੇ ਹੀ ਉਥੇ ਰੋਸ਼ਨੀ ਕਰ ਦਾਂ ਹਨੇਰਾ ਜਿਸ ਜਗ੍ਹਾ ਰਹਿੰਦਾ ਤੇ ਦਿਨ ਦੀਵੀਂ ਡਰਾਉਂਦਾ ਹੈ। ਮੈਂ ਹਰ ਅੱਖ ਵਿਚ ਵੇਖੇ ਨੇ ਗਹਿਰੇ ਦੁੱਖ ਦੇ ਅੱਥਰੂ ਬਹੁਤ ਵੱਡਾ ਹੈ ਉਹ ਬੰਦਾ ਜੋ ਫਿਰ ਵੀ ਮੁਸਕਰਾਉਂਦਾ ਹੈ।
9. ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ
ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ! ਦਿਲਾਂ ਨੂੰ ਮੋਕ੍ਹਲਾ ਤੇ ਜੀਣ ਜੋਗਾ ਕਰ ਦਵੀਂ ਸ਼ਾਇਰ! ਹੱਦਾਂ ਤੇ ਹਾਂ ਵਿਛਾ ਬੈਠੇ, ਅਸੀਂ ਜੋ ਅਗਨ ਇਹ ਤਾਰਾਂ ਇਨ੍ਹਾਂ ਨੂੰ ਸੀਤ ਕਰਕੇ ਮਹਿਕ ਦੇ ਫੁੱਲ ਧਰ ਦਵੀਂ ਸ਼ਾਇਰ! ਬਿਗਾਨੀ ਆਸ ਤੇ ਬੈਠੇ ਫੈਲਾ ਕੇ ਝੋਲ ਜੋ ਅਪਣੀ ਇਨ੍ਹਾਂ ਦੀ ਝੋਲ ਵਿਚ ਵੀ ਰਿਜ਼ਕ ਰਜਵਾਂ ਭਰ ਦਵੀਂ ਸ਼ਾਇਰ! ਬਹੁਤ ਖ਼ੁਦਗ਼ਰਜ਼ ਹੋਏ ਨੇ, ਅਹਿਲਕਾਰ ਹੁਣ ਜ਼ਮਾਨੇ ਦੇ ਇਨ੍ਹਾਂ ਦੀ ਅਕਲ ਤੋਂ ਪਰਦੇ, ਉਲਾਂਭੇ ਕਰ ਦਵੀਂ ਸ਼ਾਇਰ! ਸੜਕ ਤੇ ਰੀਂਘਦੇ ਕੀੜੇ-ਮਕੌੜੇ ਦੀ ਤਰ੍ਹਾਂ ਜਿਹੜੇ ਉਨ੍ਹਾਂ ਨੂੰ ਆਦਮੀ ਦੀ ਜੂਨ ਦਾ ਵੀ ਵਰ ਦਵੀਂ ਸ਼ਾਇਰ! ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕੜ ਵਿਖਾਉਂਦੇ ਨੇ ਉਨ੍ਹਾਂ ਦੀ ਡੁੱਬ ਰਹੇ ਸੂਰਜ ਵਲ ਨਜ਼ਰ ਕਰ ਦਵੀਂ ਸ਼ਾਇਰ! ਗਏ ਬਨਵਾਸ ਵਿਚ ਜੋ ਯਾਰ ਮੇਰੇ ਦੂਰ ਸਾਗਰ ਤੋਂ ਉਨ੍ਹਾਂ ਨੂੰ ਵਤਨ ਵਿਚ ਹੀ ਜੀਣ ਦਾ ਅਵਸਰ ਦਵੀਂ ਸ਼ਾਇਰ! ਪਿਆਰੇ ਬਹੁਤ ਨੇ ਤਾਰੇ, ਹਨੇਰਾ ਹੂੰਝ ਦੇਂਦੇ ਨੇ ਯੁਗਾਂ ਤਕ ਨੂਰ ਬਰਸਣ ਦਾ ਇਨ੍ਹਾਂ ਨੂੰ ਵਰ ਦਵੀਂ ਸ਼ਾਇਰ! ਬਹੁਤ ਖੁਸ਼ਕੀ ਮਨਾਂ ਵਿਚ ਆ ਰਹੀ ਹੈ ਦਿਨ-ਬ-ਦਿਨ ਅੱਜ ਕਲ੍ਹ ਹਵਾ ਵਿਚ ਹੀ ਜ਼ਰਾ-ਮਾਸਾ, ਨਮੀ ਤੂੰ ਭਰ ਦਵੀ ਸ਼ਾਇਰ!
10. ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ
ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ ਉਦੋਂ ਨ੍ਹੇਰਾ ਮਚਾਵਣ ਲਈ ਘਰੋਂ ਉਹ ਨਿਕਲ ਆਉਂਦਾ ਹੈ ਬਿਰਖ ਖਿੜਿਆ ਬਹਾਰਾਂ ਵਿਚ ਨਹੀਂ ਉਸਨੂੰ ਕਦੇ ਭਾਉਂਦਾ ਜਦੋਂ ਤਕ ਸੁੱਕ ਨ ਜਾਵੇ ਜੜ੍ਹਾਂ ਵਿਚ ਤੇਲ ਪਾਉਂਦਾ ਹੈ ਲਿਆਕਤ ਤੋਂ ਵਧੇਰੇ ਮਨ 'ਚ ਉਹ ਹਓਮੈਂ ਵਸਾ ਬੈਠਾ ਪਹਾੜੀ ਤੋਂ ਜਗਤ ਕੀੜਾ-ਮਕੌੜਾ ਨਜ਼ਰ ਆਉਂਦਾ ਹੈ ਕਦੇ ਜੇ ਵੱਸ ਚਲੇ ਅਸਮਾਨ ਨੂੰ ਉਹ ਲਾ ਦਵੇ ਟਾਕੀ ਧਰਤ ਦੇ ਹੇਠ ਬੌਲਦ ਨੂੰ ਸਦਾ ਘੂਰੀ ਦਿਖਾਉਂਦਾ ਹੈ ਕਦੇ ਤੇਰਾ ਕਦੇ ਮੇਰਾ ਬਦਲਦਾ ਰੰਗ ਗਿਰਗਿਟ ਬਣ ਵਚਨ 'ਤੇ ਉਮਰ ਭਰ ਰਹਿਣਾ ਨਹੀਂ ਉਸਨੂੰ ਸਿਖਾਉਂਦਾ ਹੈ ਬਸ਼ਰ ਦਿਸਦਾ ਨਹੀਂ ਬਚਿਆ ਉਦ੍ਹੇ ਜੋ ਡੰਗ ਤੋਂ ਹੋਵੇ ਜ਼ਹਿਰ ਸੱਪ ਤੋਂ ਵਧੇਰੇ ਉਹ ਨਸਾਂ ਦੇ ਵਿਚ ਫਲਾਉਂਦਾ ਹੈ ਰਹਿਮ ਦਾ ਹਰਫ਼ ਕੋਈ ਵੀ ਉਦ੍ਹੇ ਨਾ ਕੋਸ਼ ਵਿਚ ਸ਼ਾਮਿਲ ਸ਼ਿਕਾਰੀ ਜਾਲ ਅੰਦਰ ਨਿਤ ਨਵਾਂ ਮੁਰਗਾ ਫਸਾਉਂਦਾ ਹੈ ਖ਼ੁਦਾ ਉਸਨੂੰ ਸਿਖਾ ਦੇ ਜੀਣ ਦਾ ਕੋਈ ਭਲਾ ਨੁਸਖਾ ਸਫ਼ਰ ਅਨਮੋਲ ਜੀਵਨ ਦਾ ਇਹ ਇਕੋ ਵਾਰ ਆਉਂਦਾ ਹੈ ਖ਼ੁਦਾ ਨੇ ਘਰ 'ਚ ਬਖ਼ਸ਼ੀ ਹੈ ਜਗਤ ਦੀ ਹਰ ਖ਼ੁਸ਼ੀ ਉਸਨੂੰ ਪਰਾਏ ਘਰ 'ਚ ਤਕ ਕੇ ਪਰ ਬੜਾ ਹੀ ਤੜਫੜਾਉਂਦਾ ਹੈ ਕਦੇ ਮੈਂ ਸੋਚਦਾ ਹਾਂ ਕਰੜ-ਬਰੜਾ ਬਦਲ ਜਾਵੇਗਾ ਉਸੇ ਪਲ ਬੋਲ ਵਾਰਿਸ ਦਾ ਸਦੀਵੀ ਯਾਦ ਆਉਂਦਾ ਹੈ
11. ਨਜ਼ਰ ਤੋਂ ਦੂਰ ਰਹਿ ਕੇ ਵੀ ਜਿਗਰ ਅੰਦਰ ਸਮਾ ਜਾਣਾ
ਨਜ਼ਰ ਤੋਂ ਦੂਰ ਰਹਿ ਕੇ ਵੀ ਜਿਗਰ ਅੰਦਰ ਸਮਾ ਜਾਣਾ ਮੁਹੱਬਤ ਵਿਚ ਜ਼ਰੂਰੀ ਹੈ ਖ਼ੁਦੀ ਅਪਣੀ ਮਿਟਾ ਜਾਣਾ ਸਦਾ ਉਪਕਾਰ ਕਰਕੇ ਤੇ ਵਿਚਰ ਕੇ ਸਹਿਜ ਦੇ ਅੰਦਰ ਕਿਰਤ ਕਰਕੇ ਜਗਤ ਤਾਈਂ ਸਹੀ ਰਸਤਾ ਦਿਖਾ ਜਾਣਾ ਬਹੁਤ ਵਿਰਲੇ ਤਿਰੇ ਮਾਰਗ 'ਤੇ ਜੋ ਨੇ ਚਲ ਰਹੇ ਬਾਬਾ ! ਤਿਰੇ ਬੇ ਦਾਗ਼ ਬਾਣੇ ਨੂੰ ਇਨ੍ਹਾਂ ਦਾਗ਼ੀ ਬਣਾ ਜਾਣਾ ਜੜ੍ਹਾਂ ਵਿਚ ਤੇਲ ਦੇਂਦੇ ਨੇ ਜੋ ਵਸਤਰ ਪਹਿਨ ਕੇ ਨੀਲੇ ਇਨ੍ਹਾਂ ਪੰਜਾਬ ਦਾ ਹਰ ਮੌਲਦਾ ਟਾਣ੍ਹਾ ਸੁਕਾ ਜਾਣਾ ਸਲੀਬਾਂ ਤਕ ਨਿਭਾਵਣ ਦਾ ਵਚਨ ਤਾਂ ਯਾਦ ਹੈ ਮੈਨੂੰ ਨਹੀਂ ਸਾਂ ਜਾਣਦਾ ਇਕਰਾਰ ਤੋਂ ਮੈਂ ਹਾਰ ਖਾ ਜਾਣਾ ਮਿਟਾ ਸਕਿਆ ਨਹੀਂ ਹਸਤੀ ਅਸਾਡੀ ਵੇਖ! ਅਬਦਾਲੀ ਤਿਰਾ ਜਰਵਾਣਿਆਂ ਵਰਗਾ ਸਮਾਂ ਇਹ ਵੀ ਬਿਤਾ ਜਾਣਾ ਹਰਫ਼ ਐਵੇਂ ਜ਼ੁਬਾਂ 'ਚੋਂ ਕਿਉਂ ਸਦਾ ਤੂੰ ਕੇਰਦਾ ਰਹਿਨਾ? ਨਹੀਂ ਰਣਜੀਤ ਵਰਗੇ ਰਾਜ ਦੀ ਝਾਕੀ ਦਿਖਾ ਜਾਣਾ ਵਕਤ ਦੀ ਵਿਦਵਤਾ ਨੇ ਬਹੁਤ ਹੈ ਸਾਊ ਬਣਾ ਦਿਤਾ ਬਿਨਾਂ ਬੋਲੇ ਸੁਣੇ ਹੀ ਪੰਧ ਜੀਵਨ ਦਾ ਮੁਕਾ ਜਾਣਾ ਸੁਪਨ ਦਿਲ ਵਿਚ ਸੁਨਹਿਰੇ ਰਾਜ ਦਾ ਤੂੰ ਰੱਖ ਐ ਸ਼ਾਇਰ! ਲ਼ਤਾੜੇ ਬੰਦਿਆਂ ਨੇ ਸੁਰਗ ਹੈ ਇਕ ਦਿਨ ਵਸਾ ਜਾਣਾ
12. ਜਿਹੜਾ ਛੱਡਿਆ ਗਿਰਾਂ, ਉਹਦਾ ਲੈਣਾ ਕੀ ਏ ਨਾਂ
ਜਿਹੜਾ ਛੱਡਿਆ ਗਿਰਾਂ, ਉਹਦਾ ਲੈਣਾ ਕੀ ਏ ਨਾਂ। ਚਲ ਸੋਹਣਿਆਂ! ਤੂੰ ਜਾ, ਹੁਣ ਨਵੀਂ ਕਿਸੇ ਥਾਂ। ਦਿਲ ਤੋੜ ਕੇ ਨਾ ਬਹਿ, ਨਵੇਂ ਖ਼ਾਬਾਂ ਵਿਚ ਵਹਿ, ਬੀਤੇ ਕਿੱਸਿਆਂ 'ਚੋਂ ਹੋਣੀਆਂ ਤੂੰ ਨਵੀਆਂ ਬਣਾ। ਨੀਰ ਨਦੀਆਂ ਦੇ ਵਹਿਣ, ਸਦਾ ਚਲਦੇ ਹੀ ਰਹਿਣ, ਢੇਰੀ ਢਾਹ ਕੇ ਨਾ ਬੈਠੇ, ਕਦੇ ਬੱਦਲਾਂ ਦੀ ਛਾਂ। ਕੱਚੇ-ਪਿੱਲੇ ਨੇ ਮਕਾਨ, ਥੱਕੀ-ਟੁੱਟੀ ਏ ਰਕਾਨ, ਸ਼ਾਲਾ! ਬਦਲੇ ਨਿਜ਼ਾਮ, ਮੌਲ ਪੈਣ ਇਹ ਗਿਰਾਂ! ਖੜੇ ਉੱਚੇ ਨੇ ਚਨਾਰ, ਲੈਣ ਬੱਦਲ ਉਤਾਰ, ਕਰਨ ਪੀਲਿਆਂ-ਪਲੱਤਿਆਂ ਨੂੰ ਜੀਣ-ਜੋਗਿਆਂ। ਗੱਲ ਕਹਿੰਦੇ ਨੇ ਸਿਆਣੇ, ਜਦੋਂ ਮੁੱਕ ਜਾਣ ਦਾਣੇ, ਪੁੱਤ ਤੋਰੇ ਪਰਦੇਸ, ਉਦੋਂ ਦੁੱਖੀ ਹੋ ਕੇ ਮਾਂ। ਜਿਹਨਾਂ ਘਰਾਂ ਵਿਚ ਆਮ, ਨਿੱਤ ਛਲਕਦੇ ਸੀ ਜਾਮ, ਓਥੇ ਸਿਵਿਆਂ ਦੇ ਵਾਂਗ, ਹੁਣ ਛਾਈ ਚੁੱਪ-ਚਾਂ।
13. ਮੀਲਾਂ ਤੋਂ ਅਪਣਾ ਘਰ ਵੇਖਾਂ
ਮੀਲਾਂ ਤੋਂ ਅਪਣਾ ਘਰ ਵੇਖਾਂ। ਧਰਤੀ ਤੋਂ ਜਿਓਂ ਅੰਬਰ ਵੇਖਾਂ। ਪਰਦੇਸਾਂ ਵਿਚ ਘਾਟ ਨ ਕੋਈ, ਫਿਰ ਵੀ ਏਧਰੋਂ ਓਧਰ ਵੇਖਾਂ। ਦੇਸ ਬੜੇ ਨੇ ਵਿਕਸਤ ਲਗਦੇ, ਪਛੜੇ ਹੋਏ ਦਿਲ ਪਰ ਵੇਖਾਂ। ਢਲਦੀ ਉਮਰ ਬਣੇ ਪਰਦੇਸੀ, ਉਖੜੇ ਉਖੜੇ ਤੇਵਰ ਦੇਖਾਂ। ਵਸਦੇ ਰਸਦੇ ਘਰ ਛੱਡ ਆਏ, ਫ਼ੱਨੇ ਖ਼ਾਂ ਮੈਂ ਬੇ ਘਰ ਵੇਖਾਂ। ਢੁਬਦਾ ਬੇੜਾ ਕੱਦ ਤਾਰਨਗੇ, ਭਟਕੇ ਹੋਏ ਰਹਿਬਰ ਵੇਖਾਂ। ਮਹਿਲਾਂ ਵਰਗੇ ਘਰ ਛੱਡ ਆਏ, ਬਣਦੇ ਹੋਏ ਖੰਡਰ ਵੇਖਾਂ।
14. ਜਦੋਂ ਆ ਕੇ ਬਨੇਰੇ 'ਤੇ ਪਹਾੜੀ ਕਾਗ ਬਹਿੰਦਾ ਹੈ
ਜਦੋਂ ਆ ਕੇ ਬਨੇਰੇ 'ਤੇ ਪਹਾੜੀ ਕਾਗ ਬਹਿੰਦਾ ਹੈ। ਉਦੋਂ ਬਿਰਹਣ ਦੀਆਂ ਅੱਖੀਆਂ 'ਚੋਂ ਪਾਣੀ ਆਣ ਵਹਿੰਦਾ ਹੈ। ਤੇਰਾ ਘਰ ਔਣ ਦਾ ਇਕ ਖ਼ਾਬ ਸਜਦਾ ਹੈ ਸੁਬ੍ਹਾ ਵੇਲੇ, ਢਲੇ ਪਰਛਾਵਿਆਂ ਵੇਲੇ ਖ਼ਿਆਲੂ ਮਹਿਲ ਢਹਿੰਦਾ ਹੈ। ਉਮਰ ਭਰ ਹੀ ਜ਼ਮਾਨੇ ਨੇ ਮੈਨੂੰ ਬੜਾ ਸਤਾ ਰੱਖਿਆ, ਹਕੀਕਤ ਜ਼ਿੰਦਗੀ ਦੀ ਹੈ ਕਵੀ ਦਾ ਬੋਲ ਕਹਿੰਦਾ ਹੈ। ਕਦੇ ਰੁਕਦੇ ਨਹੀਂ ਜੁਗਨੂੰ ਹਮੇਸ਼ਾ ਜਾਣ ਇਹ ਉਡਦੇ, ਹਨੇਰੇ ਚੀਰ ਜਾਵਣ ਦਾ ਇਨ੍ਹਾਂ ਨੂੰ ਖ਼ਬਤ ਰਹਿੰਦਾ ਹੈ। ਮੇਰੇ ਮੱਥੇ 'ਚ ਤੇਰੀ ਯਾਦ ਦਾ ਸੂਰਜ ਉਦੈ ਹੋਵੇ, ਤਕਾਲੀਂ ਜਿਸ ਸਮੇਂ ਸੂਰਜ ਪੱਛੋਂ ਵਿਚ ਆਣ ਲਹਿੰਦਾ ਹੈ। ਕਹਾਂ ਕੀਕਣ ਕਿ ਤੂੰ ਮਸਤਕ 'ਚ ਦੀਵੇ ਬਾਲ ਵਿੱਦਿਆ ਦੇ, ਮੁਬਾਇਲ ਹੁਣ ਮੁਹੱਬਤ ਦਾ ਹਮੇਸ਼ਾ ਔਨ ਰਹਿੰਦਾ ਹੈ।
15. ਰਗ਼ਾਂ ਵਿਚ ਖ਼ੂਨ ਜਦ ਤੀਕਰ ਤਦੋਂ ਤੱਕ ਯਾਦ ਆਵੇਂਗਾ
ਰਗ਼ਾਂ ਵਿਚ ਖ਼ੂਨ ਜਦ ਤੀਕਰ ਤਦੋਂ ਤੱਕ ਯਾਦ ਆਵੇਂਗਾ। ਵਚਨ ਅਪਣਾ ਨਿਭਾਵਾਂਗੀ ਵਚਨ ਤੂੰ ਵੀ ਨਿਭਾਵੇਂ ਕਲੇਜੇ ਵਿਚ ਮੁਹੱਬਤ ਦੀ ਅਗਨ ਐਸੀ ਲਗਾ ਦੇਣੀ, ਵਧੇਰੇ ਯਾਦ ਆਵਾਂਗੀ ਜਿੰਨਾ ਮੈਨੂੰ ਭੁਲਾਵੇਂਗਾ। ਸਦਾ ਤੇਰੇ ਕਲੇਜੇ ਵਿਚ ਚੁਭਾਂਗੀ ਛਿਲਤ ਵਾਂਗੂੰ ਮੈਂ, ਅਜ਼ਲ ਤਾਈਂ ਮੁਹੱਬਤ ਦਾ ਵਿਜੋਗੀ ਗੀਤ ਗਾਵੇਂਗਾ। ਜੁਦਾ ਹੋ ਕੇ ਚਲੇ ਜਾਣਾ ਬੜੀ ਹੀ ਦੂਰ ਤੂੰ ਮੈਥੋਂ, ਜਿਗਰ ਦੇ ਆਲ੍ਹਣੇ ਵਿਚ ਪਰ ਸਦਾ ਮੈਨੂੰ ਵਸਾਵੇਂਗਾ। ਵਤਨ ਨੂੰ ਅਲਵਿਦਾ ਕਹਿ ਕੇ ਪਰਾਇਆ ਹੋ ਨਹੀਂ ਸਕਣਾ, ਮਹਿਕ ਅਪਣੀ ਵਿਰਾਸਤ ਦੀ ਕਿਥਾਓ ਢੂੰਡ ਪਾਵੇਂਗਾ? ਉਦਾਸੀ ਦੇ ਘਣੇ ਜੰਗਲ ਵਲੇਵਾਂ ਪੌਣ ਜੇ ਤੈਨੂੰ, ਕਰੇਗਾ ਯਾਦ ਜੇ ਮੈਨੂੰ ਦੁੱਖਾਂ ਵਿਚ ਮੁਸਕਰਾਵੇਂਗਾ। ਗ਼ਨੀਮਤ ਹੈ ਕਿ ਤੇਰੇ ਪਾਸ ਹੈ ਜਜ਼ਬਾ ਮੁਹੱਬਤ ਦਾ, ਕਦਮ ਅਪਣੇ ਪਹਾੜਾਂ ਦੀ ਬੁਲੰਦੀ 'ਤੇ ਟਿਕਾਵੇਂਗਾ। ਨਜ਼ਾਰੇ ਹਰ ਜਜ਼ੀਰੇ ਤੇ ਬੜੇ ਹੀ ਮਿਲਣਗੇ ਤੈਨੂੰ, ਬਿਨਾਂ ਮੇਰੇ ਸਮੁੰਦਰ ਵਿਚ ਕਿਵੇਂ ਜਾਦੂ ਜਗਾਵੇਂਗਾ?
16. ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ
ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ। ਜੀਵਨ ਦੇ ਹੁਸੀਨ ਨਜ਼ਾਰੇ ਚਲੇ ਗਏ। ਮਿੱਟੀ ਦੇ ਵਿਚ ਮਿਲਿਆ ਬੂਰ ਏ ਸਾਹਾਂ ਦਾ, ਮਿੱਟੀ ਦੇ ਜ਼ਰਖ਼ੇਜ਼ ਭੰਡਾਰੇ ਚਲੇ ਗਏ। ਧਰਤੀ, ਅੰਬਰ, ਚਾਰੇ ਕੂਟਾਂ ਗਾਹ ਲਈਆਂ, ਓ ! ਕਿਥੇ ਮੇਰੀ ਅੱਖ ਦੇ ਤਾਰੇ ਚਲੇ ਗਏ? ਦਿਲ ਦੀ ਬਾਤ ਅਜੇ ਮੈਂ ਪੂਰੀ ਕਰਨੀ ਸੀ, ਸੱਜਣ ਭਰਕੇ ਚਾਰ ਹੁੰਗਾਰੇ ਚਲੇ ਗਏ । ਅਟਕ ਗਿਆ ਹਾਂ ਸਿਖਰ ਦੁਪਹਿਰੇ ਰਾਹ ਅੰਦਰ, ਸਾਹਾਂ ਵਰਗੇ ਯਾਰ ਸਹਾਰੇ ਚਲੇ ਗਏ। ਮੇਰੀ ਅੱਖ ਵਿਚ ਭਰਕੇ ਸਾਗਰ ਛਲਕਣ ਲਈ, ਢੋਹ ਕੇ ਉਮਰ ਦੇ ਬੂਹੇ ਸਾਰੇ ਚਲੇ ਗਏ। ਜੋ ਜੀਅ ਕਰਦਾ ਲੈ ਜੋ ਮੇਰੇ ਘਰ ਵਿਚੋਂ, ਕੀ ਕਰਨੇ ਇਹ ਪੱਥਰ ਜੇਕਰ ਪਿਆਰੇ ਚਲੇ ਗਏ? ਜੋ ਸੁੱਖ ਛੱਜੂ ਦੇ ਚੁਬਾਰੇ ਦਸਦੇ ਸੀ, ਓਹੀਓ ਇਕ ਦਿਨ ਬਲਖ ਬੁਖਾਰੇ ਚਲੇ ਗਏ। ਲੱਭਦਾ ਫਿਰਦਾ ਬੀਰ ਹੈ ਅੱਜ ਕੱਲ ਸੱਜਣਾਂ ਨੂੰ, ਸੱਜਣਾ ਦੇ ਓਹ ਵਾਰੇ ਪਾਰੇ ਚਲੇ ਗਏ ।