Punjabi Poetry : Deep Sandhu
ਪੰਜਾਬੀ ਕਵਿਤਾਵਾਂ : ਦੀਪ ਸੰਧੂ
ਹੱਕਾਂ ਦਾ ਬੀਜ
ਜਦੋਂ ਰਾਖੇ ਖਾ ਜਾਣ ਖੇਤਾਂ ਦਾ ਹੱਕ, ਤਾਂ ਚੁੱਪ ਉੱਠ ਖੜ੍ਹਦੀ ਹੈ, ਤਹਿਰੀਕ ਜਾਗਦੀ ਹੈ। ਮਜ਼ਬੂਰੀ ਆ ਬਹਿੰਦੀ ਹੈ ਸੜਕਾਂ ਉੱਤੇ, ਤੁਰ ਪੈਂਦੇ ਨੇ ਰੋਹ ਦੇ ਪਹੀਏ, ਜ਼ਮੀਰਾਂ ਦੇ ਸਿਆੜ ਕੱਢਣ। ਭਾਲਦੇ, ਕਿਸੇ ਅਦਲੀ ਭੋਂਏਂ ਦਾ ਕੋਈ ਜ਼ਰਖੇਜ਼ ਕੋਨਾ "ਜਿੱਥੇ ਪੁੰਗਰੇ ਇਨਸਾਫ਼ ਦੀ ਫ਼ਸਲ।" ਜਦ ਤੱਕ ਮੁਨਸਫ਼ ਅੱਖਾਂ ਨਹੀਂ ਖੋਲ੍ਹਦਾ, ਇਹ ਦਿੰਦੇ ਰਹਿਣਗੇ ਛਿੱਟਾ, ਬੀਜਦੇ ਰਹਿਣਗੇ ਹੱਕਾਂ ਦਾ ਬੀਜ ਸੜਕਾਂ ਉੱਤੇ।
ਭਟਕਣ
ਰਾਹ ਤੇ ਬਾਹਲੇ ਮਨਮੋਹਣੇ ਮੇਰੇ ਸ਼ਹਿਰ ਗਰਾਂ ਦੇ ਵੀ, ਇਹ ਭਟਕਣ ਹੈ ਮੇਰੀ, ਜੋ ਮੈਨੂੰ ਟਿਕਣ ਨਹੀਂ ਦੇਂਦੀ। ਉਂਝ ਕੁਝ ਖਾਸ ਨਹੀਂ ਹੈ ਬਾਕੀ ਇਸ ਉੱਜੜ੍ਹੇ ਆਲਮ 'ਚ, ਇੱਕ ਜ਼ਮੀਰ ਦਾ ਕੋਨਾ ਹੈ ਜੋ ਮੈਨੂੰ ਵਿਕਣ ਨਹੀਂ ਦੇਂਦੀ। ਕਿੰਨੇ ਪਰਦੇ, ਕਿੰਨੇ ਰਾਜ਼ ਮੈਂ ਸੀਨੇ ਸਾਂਭ ਬੈਠਾ ਹਾਂ, ਅਜ਼ਬ ਤਹਜ਼ੀਬ ਹੈ ਮੇਰੀ ਜੋ ਖੁੱਲਕੇ ਲਿਖਣ ਨਹੀਂ ਦੇਂਦੀ। ਵਫ਼ਾਵਾਂ ਤੇ ਸਜ਼ਾਵਾਂ ਸਭ ਮੈਂ ਪਿੱਛੇ ਭੁਗਤ ਕੇ ਆਇਆਂ, ਕੇਹੀ ਅੱਖਾਂ ਤੇ ਪੱਟੀ ਹੈ ਅਸਲ ਰਿੜਕਣ ਨਹੀਂ ਦੇਂਦੀ। ਜੰਗਲ਼ ਭੌਂਦਿਆਂ ਸਾਰਾ ਹੱਥੋਂ ਤਸਬੀ ਵੀ ਗਵਾ ਲਈ ਮੈਂ, ਖ਼ੁਦਾ ਨਜ਼ਰੀਂ ਨਹੀਂ ਪੈਂਦਾ, ਤੇ ਖ਼ੁਦੀ ਲਿਫਣ ਨਹੀਂ ਦੇਂਦੀ।
ਗੱਲ ਸੁਣ, ਪੰਛੀ ਭੋਲਿਆ
ਗੱਲ ਸੁਣ, ਪੰਛੀ ਭੋਲਿਆ, ਬੁਲੰਦ ਉਡਾਰਾਂ ਮਾਰ। ਤੇਰਾ ਮੋਹ ਪਿਆ ਏਕਣ ਆਂਵਦਾ, ਜਿਵੇਂ ਸੱਜਣ, ਬੇਲੀ, ਯਾਰ। ਰੱਜ ਮਾਣ ਵੇ ਸੁੱਖਾਂ ਲੱਧਿਆ ਔਧ, ਮੌਜ਼ ਘੜ੍ਹੀ ਦਿਨ-ਚਾਰ ਪਰ ਯਾਦ ਰੱਖੀਂ ਤੂੰ ਸੋਹਣਿਆ ਇਸ ਧਰਤ ਨਾਲ ਹੋਏ ਕਰਾਰ ਰੰਗ, ਰੰਗਤ, ਛਬ ਰੂਪ ਨੂੰ, ਨਿਹਾਰਾਂ, ਤੇ ਬਲਿਹਾਰ। ਤੈਨੂੰ ਕਿਸ ਖ਼ਸਲਤ ਤਰਾਸ਼ਿਆ, ਤੇਰਾ ਕਿਹੜਾ ਘਾੜ੍ਹਣਹਾਰ? ਹਵਸ ਨਾ, ਤਮਾਹ, ਨਾ ਲੋਭ, ਰੋਹ, ਤੈਨੂੰ, ਨਾ ਹਉਮੈ, ਨਾ ਖ਼ਾਰ। ਜਿੱਡਾ ਪਰਾਂ ‘ਚ ਹੌਂਸਲਾ, ਪ੍ਰਬਲ ਨੂਰਾਨੀ ਆਕਾਰ। ਤੂੰ ਝਿਲਮਲ ਚਾਨਣ ਜੇਹੜਾ, ਤੇਰਾ ਨੂਰ ਅੰਬਰ ਤੋਂ ਪਾਰ। ਉਸ ਪਾਰ, ਵੇ ਜੰਨਤ ਪਰੀਆਂ, ਵੱਸਣ ਬਹਿਸਤ ਦਰਬਾਰ। ਚਹਚਹਾਟ ਰੂਹਾਂ ਟੁੰਬਦੀ, ਸੁਰ, ਹੂਕ, ਰੂਹਾਨੀ ਸਾਰ। ਤੇਰਾ ਇਸ਼ਕ ਵੇ ਸੁੱਚਾ ਅਮਰਤਾ, ਤੈਨੂੰ ਦੇਖ ਚੜੇ ਖੁਮਾਰ। ਤੂੰ ਪੂਰਨ, ਤ੍ਰਿਪਤ, ਸੁਹਾਵੜਾ, ਯੁੱਗ-ਯੁੱਗ ਵੱਸੇ ਕਲਾਕਾਰ। ਮਸਰੂਰ ਰਹੇ ਇਹ ਵਣ-ਬੇਲਾ, ਜੰਮ ਸੁਖਦ ਵੱਸੇ ਸੰਸਾਰ।
ਬਾਬਾ ਨਾਨਕ ਮਾਫ਼ ਕਰੀਂ
ਬਾਬਾ ਨਾਨਕ ਮਾਫ਼ ਕਰੀਂ, ਮਨ 'ਚ ਕੁਝ ਸਵਾਲ ਨੇ। ਜਾਣਦੀ ਹਾਂ ਤੇਰੇ ਕੋਲ, ਸਭ ਦੇ ਜੁਵਾਬ ਨੇ। ਬਾਬਾ ਨਾਨਕ, ਸਿੱਖ ਤੇਰਾ, ਮੂਰਤਾਂ ਕਿਉਂ ਪੂਜ ਦਾ? ਨਿਰਭਉ ਨਿਰਵੈਰੁ ਭੁੱਲ , ਚੇਤਾ ਨੀਚ ਊਚ ਦਾ, ਤਾਨਾਸ਼ਾਹੀ ਤਕੜਾ, ਮਾੜੇ ਤੇ ਕਾਬੂ ਚਾਹੁੰਦਾ ਹੈ? ਨਰਕਾਂ ਤੇ ਸੁਰਗਾਂ ਦਾ, ਡਰ ਕਿਉਂ ਸਤਾਉਂਦਾ ਹੈ? ਕਿੱਥੇ ਗਿਆ ਸੁਨੇਹਾ ਬਾਬਾ, ਸਭੇ ਸਾਂਝੀਵਾਲਤਾ, ਕਾਣੀ ਵੰਡ ਕਾਬਿਜ਼ ਹੋਗੀ, ਸਰਬੱਤ ਭਲਾ ਹਾਰਦਾ , ਤੇਰੇ ਨਾਮ ਦੇ ਠੇਕਾਦਾਰਾਂ , ਹੋਰਨਾਂ ਨੂੰ ਫਿਟਕਾਰ ਤਾ, ਘੜ੍ਹ ਘੜ੍ਹ ਟੋਲਾ ਨਵੇਂ, ਨਿਯਮ ਬਣਾਉਂਦਾ ਹੈ, ਬਣ ਖੁੱਦ ਮੁਖਤਿਆਰ, ਦਾਅਵੇ ਝੂਠੇ ਇਹ ਜਤਾਉਂਦਾ ਹੈ। ਬਾਬਾ ਨਾਨਕ, ਦੇਖ ਆ ਕੇ, ਵੰਡ ਛੱਕੋ ਭੁੱਲ ਗਏ, ਲੋਭਾਂ ਤੇ ਹੰਕਾਰਾਂ ਵਾਲੀ, ਤੱਕੜੀ 'ਚ ਤੁਲ ਗਏ, ਵੰਡ ਵਿੱਚ ਜਾਤਾਂ ਪਾਤਾਂ, ਸਿਰ ਚੜ ਲੜ੍ਹਦੇ ? ਤੇਰੇ ਨਾਮ ਦਾ ਨਾਹਰਾ ਲਾ ਕੇ, ਕੁਰਸੀਆਂ ਤੇ ਚੜ੍ਹਦੇ, ਸਬਰ, ਸੰਤੋਖ ਅੱਜ, ਲੁਕ-ਲੁਕ ਜਿਉਂਦਾ ਹੈ। ਹਾਕਮ ਹੀ ਯਮ ਜਿਹਾ, ਭੇਸ ਕਿਉਂ ਬਣਾਉਂਦਾ ਹੈ? ਬਾਬਾ ਨਾਨਕ, ਥਾਂ ਜਿਹੜੀ, ਲੈਣੀ ਸੀ, ਕੰਮ, ਕਾਰਜਾਂ ਨੇ, ਉਹੋ ਜਗਾ ਅੱਜ ਵੀ ਮੱਲੀ, ਅੰਧ ਵਿਸ਼ਵਾਸ਼ਾਂ ਨੇ, ਧਰਮਾਂ ਨੂੰ ਲੱਗਿਆ, ਕੁਧਰਮਾਂ ਦਾ ਢੋਰਾ ਕਿਉਂ? ਮੰਦਰ, ਮਸਜਿਦ, ਗੁਰਦੁਆਰੇ, ਹਰ ਮੋਹਰੀ ਡਰਾਉਂਦਾ ਹੈ? ਬਾਬਾ, ਦੱਸ ਬੰਦੇ ਤੇ ਬੰਦਾ, ਕਬਜ਼ਾ ਕਿਉਂ ਚਾਹੁੰਦਾ ਹੈ? ਅੱਜ ਵੀ ਬਾਬਾ, ਭਲਾ, ਧੀਆਂ ਕਿਉਂ, ਅਣਆਈ ਮਰਦੀਆਂ? ਮਰਦ ਨੂੰ ਜੰਮ ਕੇ, ਇਹ ਮਰਦ ਕੋਲੋਂ ਡਰਦੀਆਂ , ਤੂੰ ਤਾਂ ਕਿਹਾ ਸੀ, ਤੁਹਾਡੇ ਸਾਰੇ ਹੱਕ ਨੇ ਬਰਾਬਰ ਦੇ, ਉਮਰਾਂ ਦੇ ਲੰਮੇ ਫਿਰ, ਇਹ ਤਸੀਹੇ ਕਿਉਂ ਜ਼ਰਦੀਆਂ? ਇੱਜਤਾਂ ਦੇ ਰਾਖਿਆਂ ਦਾ, ਇੰਨਾ ਭੇਦ-ਭਾਵ ਕਿਉਂ? ਦੂਸਰਿਆਂ ਦੀ ਧੀਆਂ ਨੂੰ, ਸਮਾਜ ਹੱਥ ਪਾਉਂਦਾ ਹੈ। ਘਰ ਤੇਰੇ ਖ਼ੌਰੇ ਕਿਹੜੀ, ਅਮਰਵੇਲ ਉੱਗ ਪਈ, ਕੌਮ ਤੇਰੀ ਮੁੜ ਕਿਉਂ, ਮਸੰਦਾਂ ਵੱਲ ਰੁੱਝ ਪਈ, ਗ੍ਰੰਥਾਂ ਵਿੱਚ ਛੇੜ ਛਾੜ, ਆਪਣੇ ਹਿਸਾਬਾਂ ਨਾਲ, ਸਾਨੂੰ ਮੁਗਧ ਕਰੀ ਰੱਖਣ, ਘੜ੍ਹੇ ਹੋਏ ਜੁਵਾਬਾਂ ਨਾਲ, ਚੰਦ ਠੇਕੇਦਾਰਾਂ ਕੋਲ, ਸਭ ਹੱਕ ਰਾਖਵੇਂ, ਇੱਕ ਵਾਰੀ ਫੇਰਾ ਪਾਉਣਾ, ਲੋੜ ਦਰਸਾਉਂਦਾ ਹੈ। ਬਾਬਾ ਨਾਨਕ ਮਾਫ਼ ਕਰੀਂ, ਮਨ 'ਚ ਸਵਾਲ ਨੇ। ਜਾਣਦੀ ਹਾਂ ਤੇਰੇ ਕੋਲ, ਸਭ ਦੇ ਜੁਵਾਬ ਨੇ।