Punjabi Poetry : Jagir Sadhar

ਪੰਜਾਬੀ ਕਵਿਤਾਵਾਂ : ਜਗੀਰ ਸੱਧਰ


ਨਮਸਕਾਰ

ਹੇ ਇਸ ਅਪ੍ਰਮਪਾਰ ਲੀਲਾ ਦੇ ਦੇ ਕਰਤਾ ਪ੍ਰਮਪੁਰਖ ਪਰਮਾਤਮਾ ਕੁਲ ਸ੍ਰਿਸ਼ਟੀ ਦੇ ਸਿਰਜਣਹਾਰ ਬਾਰ ਬਾਰ ਨਮਸਕਾਰ ਤੈਨੂੰ ਬਾਰ ਬਾਰ ਨਮਸਕਾਰ ! ਤੂੰ ਨਿਰਾ ਹਾਕਮ ਨਹੀਂ ਤੂੰ ਜੀਵਨ ਦੇ ਦਿਲ ਦਾ ਰਾਜ਼ ਤੂੰ ਜੀਵਨ ਦੇ ਸਿਰ ਦਾ ਤਾਜ਼ ਅਜ਼ਲਾਂ ਤੋਂ ਸਥਿਰ ਹੈਂ ਤੂੰ ਤੇ ਰਹੇਂਗਾ ਹਸ਼ਰ ਤੀਕ ਸਿਫ਼ਤ ਤੇਰੀ ਕਰ ਸਕਾਂ ਇਹ ਨਹੀਂ ਮੇਰੀ ਤੌਫੀਕ ! ਸਿਫ਼ਤ ਤੇਰੀ ਕਰ ਰਿਹਾ ਸਾਰਾ ਬ੍ਰਹਿਮੰਡ ਖੰਡ ਖੰਡ, ਜੀਆ ਜੰਤ, ਪੌਣ ਪਾਣੀ ਪਾ ਰਹੇ ਤੇਰੀ ਕਹਾਣੀ ਧਰਤ ਤੇ ਆਕਾਸ਼ ਸਾਰੇ ਸਾਰੀਆਂ ਕੌਮਾਂ ਦੀ ਰੂਹ ਸੂਰਜ ਅਤੇ ਚੰਦ ਤਾਰੇ, ਕਰ ਰਹੇ ਡੰਡੌਤ ਤੇਰੇ ਮੰਦਰੀਂ ਹੋ ਰਹੀ ਹਰ ਪਲ ਤੇਰੀ ਆਰਤੀ! ਤੂੰ ਐਂ ਪ੍ਰਕਾਸ਼ ਲੱਖਾਂ ਸੂਰਜਾਂ ਦਾ ਚੰਦਰਮਾ ਦਾ ਜਿਸ 'ਚ ਮੇਰਾ ਇਹ ਗਿਆਨ ਮਹਿਜ਼ ਇਕ ਜੁਗਨੂੰ ਸਮਾਨ ਤੇਰੇ ਇਸ ਤੇਜ਼ ਸਾਹਵੇਂ ਅਕਲ ਮੇਰੀ ਦੇ ਸਿਤਾਰੇ ਸ਼ਰਮਸਾਰ ਸ਼ਰਮਸਾਰ ! ਹੇ ਇਸ ਅਥਾਹ ਸਲਤਨਤ ਦੇ ਸ਼ਾਹ ਅਸਵਾਰ ਹੇ ਮੇਰੇ ਪਰਵਰਦਿਗਾਰ ਤੇਰੀ ਇਸ ਪਾਵਨ ਹਸਤੀ ਨੂੰ ਬਾਰ ਬਾਰ ਨਮਸਕਾਰ ਨਮਸਕਾਰ... ਨਮਸਕਾਰ !

ਨਵਾਂ ਸਵੇਰਾ

ਸ਼ਾਹ ਰਾਤ ਗਈ ਚੜ੍ਹਿਆ ਇਕ ਨਵਾਂ ਸਵੇਰਾ ਨੀ ! ਸੱਧਰਾਂ ਦੇ ਸੂਰਜ ਨੇ ਪੀ ਲਿਆ ਹਨੇਰਾ ਨੀ ! ਬਣ ਗਏ ਥੱਲ ਤੱਤੇ ਵੀ ਸਾਗ਼ਰ ਦੀਆਂ ਛੱਲਾਂ ਜਿਉਂ ਮੇਰੀ ਪਾਇਲ ਛਣਕੇ ਪਈ, ਨੱਚ ਪਿਆ ਚੁਫ਼ੇਰਾ ਨੀ ! ਅੱਜ ਕੋਲੇ ਦੀਪਕ ਦੇ ਪੁੱਜੇ ਪ੍ਰਵਾਨੇ ਨੀ ! ਆਸਾਂ ਦਿਆਂ ਤੀਰਾਂ ਨੂੰ ਜਿਸ ਪਏ ਨਿਸ਼ਾਨੇ ਨੀ ! ਹੋਈ ਮਿਹਰ ਬਹਾਰਾਂ ਦੀ ਪੱਤਝੜ ਦੇ ਪੰਛੀ ਤੇ, ਪੱਥਰਾਂ ਦੇ ਭਾਗ ਜਗੇ ਬਣ ਗਏ ਪੈਮਾਨੇ ਨੀ ! ਅੱਜ ਨਿਆਈਂ ਸ਼ਬਨਮ ਦੀ ਹੋਏ ਨਿਰਮਲ ਸ਼ੋਲੇ ਨੀ ! ਅੱਜ ਦਰਦਮੰਦ ਕੁੰਡੇ ਲੱਖ ਦਯਾ ਦੇ ਖੋਹਲੇ ਨੀ ! ਮਿਲ ਗਿਆ ਚਕੋਰੀ ਨੂੰ ਚੰਦ ਆਪਣੇ ਨੈਣਾਂ ਚੋਂ ਜਦ ਮੇਲ ਮਿਲਾਵਣਾ ਦੇ ਮਿਲ ਗਏ ਵਿਚੋਲੇ ਨੀ ! ਅੱਜ ਨੱਚੋ ਨੀ ਕੁੜੀਓ ਰਲ਼ ਮੰਗਲ ਗਾਓ ਨੀ ! ਮੈਨੂੰ ਵੀ ਨਚਣ ਤੋਂ ਨਾ ਅੱਜ ਹਟਾਓ ਨੀ ! ਲੈ ਤਾਂਘਾਂ ਸੱਜਰੀਆਂ ਜੋਬਨ ਹਨ ਆਏ ਨੇ, ਮੈਂ ਚੱਲੀ ਦੇਸ਼ ਨਵੇਂ ਗਲ਼ ਲੱਗ ਲੱਗ ਜਾਓ ਨੀ ! ਮੈਨੂੰ ਪ੍ਰੇਮ ਸੁਹਾਗਣ ਨੂੰ ਕਾਹਦੀ ਦਿਲਗੀਰੀ ਏ ! ਡਰ ਨਹੀਂ ਚੁਰਾਸੀ ਦਾ ਮੇਰਾ ਗੇੜ ਅਖੀਰੀ ਐ ! ਉਸ ਪਰਦੇ ਲਾਹ ਦਿੱਤੇ ਸਭ ਹੱਦਾਂ ਮਿਟ ਗਈਆਂ, ਦੁੱਖ ਦੇਵਣ ਵਾਲਾ ਹੀ ਦੁੱਖਾਂ ਦਾ ਸੀਰੀ ਏ ! ਗਈ ਮਨ ਦੀ ਚੰਚਲਤਾ ਮੈਂਨੂੰ ਰੀਝ ਪਿਆਰਾਂ ਦੀ ! ਨਾ ਲੋੜ ਕੋਈ ਮੈਂਨੂੰ ਭੈੜੇ ਹਥਿਆਰਾਂ ਦੀ ! ਨਾ ਨਫ਼ਰਤ ਜਾਤਾਂ ਤੋਂ ਮਿੱਠੀ ਦੀ ਪੁਤਲੀ ਨੂੰ, ਮੈਂ ਰਾਹੀਂ ਪੰਡ ਸਿਰੋਂ ਇਹ ਵਾਧੂ ਬਾਰਾਂ ਦੀ ! ਨਾ ਫ਼ਿਕਰ ਬੁਢਾਪੇ ਦਾ ਨਾ ਮਾਣ ਜਵਾਨੀ ਦਾ ! ਨਾ ਦੁੱਖ ਕੰਗਾਲੀ ਦਾ ਨਾ ਲੋਭ ਦੁਆਨੀ ਦਾ ! ਨਾ ਸੰਗਾਂ ਲੀਰਾਂ ਤੋਂ ਨਾ ਸ਼ੌਕ ਫੈਸ਼ਨਾਂ ਦੇ, ਨਾ ਸੜਕਾਂ ਵੇਖਕੇ ਮੈਂ ਰੰਗ ਖੁਸ਼ੀ ਬੇਗਾਨੀ ਦਾ !

ਰੁਬਾਈਆਂ

੧. ਨਜ਼ਰ ਲੜੀ, ਨਾ ਧੀਦੋ ਡਿੱਠਾ ਨਿਹੁੰ ਲਾਇਆ ਬੇਸਾਰੀ ! ਮੇਰੀ ਵਹਿਸ਼ਤ ਨਾਜਾਣੇ ਪਰ ਮੈਂ ਸ਼ਾਹਿਦ ਤੋਂ ਵਾਰੀ ! ਕੀਕਰ ਰਾਂਝਾ ਰੋਹੀਓਂ ਟੋਲਾਂ ਕਦਮ ਕਦਮ ਤੇ ਕੈਦੋਂ, ਖੇੜੇ ਤੇ ਫਿਟਕਾਰਨ ਮਾਪੇ, ਇਕ ਮੈਂ ਚਾਕ ਵਿਸਾਰੀ ! ੨. ਆਵਾ ਗਵਨੁ 'ਚ ਯਾਰ ਢੂੰਡਦੀ ਲੋਚ ਲੋਚ ਮੈਂ ਤਰਸੀ ! ਮੇਰੇ ਭਾਣੇ ਪਾਰ ਨਿਗਾਹੋਂ ਹੀ ਸਜਨ ਦਾ ਘਰ ਸੀ ! ਅਜ਼ਲਾਂ ਤੋਂ ਹੀ ਮੈਂ ਤੇ ਮਾਹੀ ਇਕ ਘਰ ਵਿਚ ਜਾਂ ਰਹਿੰਦੇ, ਕੀ ਪਤਾ ਸੀ, ਨਿੱਜ ਘਰ ਮੇਰਾ ਹੀ ਸਜਨ ਦਾ ਘਰ ਸੀ ! ੩. ਪੈਰੋਂ ਨੰਗੀ ਜੱਗ ਤੋਂ ਚੋਰੀ ਝੱਲ ਝੱਲ ਕੇ ਮਜਬੂਰੀ ! ਜੰਗਲ ਜੰਗਲ ਫਿਰਾਂ ਢੂੰਡਦੀ ਲੈ ਦੇ ਰਾਂਝਾ ਚੂਰੀ ! ਸੈ ਜਗੀਆਂ ਸੈ ਬੁੱਝੀਆਂ ਜੋਤਾਂ ਗੁਜ਼ਰੇ ਸਾਲ ਮਹੀਨੇ, ਪਰ ਹਾਏ ! ਨਾ ਰਾਂਝਣ ਮਿਲਿਆ ਹਸਰਤ ਰਹੀ ਅਧੂਰੀ ! ੪. ਮਨ ਦੀ ਡੁੰਘੀ ਤਹਿ ਦੇ ਵਿੱਚੋਂ ਉੱਠੀ ਤਾਂਘ ਅਵੱਲੀ ! ਇਕ ਚੁਲੀ ਚੋਂ ਸਾਗਰ ਲੱਭਾ ਦੋ ਹੋ ਗਏ, ਮੈਂ ਕੱਲੀ ! ਜਦ ਮੈਂ ਮਰ ਗਈ ਇਹੀਓ ਡਿੱਠਾ ਹਰ ਪਾਸੇ ਦਰ ਉਸਦਾ, ਜੱਸ ਗਾਵਾਂ ਸਦਾ ਵਿਚੋਲੇ ਦਾ ਜਿਸ ਦੇਸ਼ ਸੁਲੱਖਣੇ ਘੱਲੀ ! ੫. ਮੇਰੇ ਮਨ ਦੇ ਕੱਫਨ ਖਟੋਲੇ ਆਪਣਾ ਪੰਧ ਮੁਕਾਇਆ ! ਪਰ ਵਿਚ ਉੱਤਰ ਗਈ ਥਕਾਵਟ ਸ਼ਾਹ ਕੁਝ ਸੁੱਖ ਦਾ ਆਇਆ! ਹਰ ਘੁੰਮਨ ਘੇਰੀ ਸਾਥੀ ਦਿੱਸੇ ਹਰ ਇਕ ਲਹਿਰ ਕਿਨਾਰਾ, ਲੱਖ ਮਰਨੀ ਮਗਰੋਂ ਇਸ ਮਰਨੀ ਦਾ ਅਜ਼ਬ ਨਜ਼ਾਰਾ ਆਇਆ ! ੬. ਆਪਣਾ ਰਸਤਾ ਆਪੇ ਦੱਸਕੇ ਅੰਦਰ ਆਣ ਸਮਾਏ ! ਮੇਰੇ ਮਨ ਦੇ ਚਾਰੇ ਖੂੰਜੇ ਝੂੰਮ ਝੂੰਮ ਨਸ਼ਆਏ ! ਛੰਨਣ ਛੰਨਣ ਮੇਰੀ ਪਾਇਲ ਛਣਕੇ, ਠੁਮਕ ਠੁਮਕ ਮੈਂ ਨੱਚਾਂ, ਸਾਰਾ ਰਹੀ ਨਾ ਮਟਕੀ ਦੀ ਇਹ ਮੁਰਲੀ ਕੌਣ ਵਜਾਏ ! ੭. ਵੇਖ ਬਦਲੋ ਨਾ ਅੰਬਰੀਂ ਗਰਦੋ ਬਿਜਲੀ ਨਾ ਲਿਸ਼ਕਾਵੋ ! ਜਾਗ ਪੈਣਾ ਨਾ ਸੁੱਤੇ ਖੇੜੇ ਬੂੰਦਾਂ ਨਾ ਛਿੜਕਾਵੋ ! ਮੈਂ ਹਾਂ ਜਿਸ ਦੀ ਉਸ ਪਰਦੇਸੀ ਜੋਗੀ ਬਣਕੇ ਆਉਂਣਾ, ਚਿਰ ਦੀ ਲੋਚਾਂ ਅੱਜ ਮਿਲਾਂਗੀ ਤੁਸੀਂ ਨਾ ਠੱਲਾਂ ਪਾਵੋ ! ੮. ਆਪ ਵਿਚੋਲਾ ਬਣਕੇ ਆਏ ਆਪੇ ਮੈਂ ਪ੍ਰਨਾਈ ! ਅੱਜ ਆਏ ਘਰ ਸਜਨ ਮੇਰੇ ਗੂੰਜ ਉੱਠੀ ਸ਼ਹਿਨਾਈ ! ਕੰਨਿਆਂ ਦਾਨ ਵੀ ਆਪੇ ਕੀਤਾ ਆਪੇ ਪੱੜ੍ਹੀਆਂ ਲਾਵਾਂ, ਆਪੇ ਸਹੁਰੇ ਆਪੇ ਪੇਕੇ ਆਪੇ ਸੱਸ ਜਵਾਈ ! ੯. ਉਜਲੇ ਵਸਤਰ ਪਹਿਨ ਕੇ ਸਭ ਨੂੰ ਮੈਲੇ ਮੈਲੇ ਕਹੀਏ ! ਮਨ ਵਿਚ ਮੈਲ ,ਤੇ ਰਸਤਾ ਲੱਭਦੇ ਹੋਰ ਕੁਰਾਹੇ ਪਈਏ ! ਗਿਰੇਬਾਨ ਵਿੱਚ ਝਾਕ ਕੇ ਵੇਖੋ ਪਾਪ ਦੇ ਕਾਲੇ ਧੱਬੇ, ਦੇ ਮਨ ਮੈਲਾ ਨਜ਼ਰੀਂ ਆਵੇ ਤਾਂ ਝੱਟ ਹੀ ਦੋ ਲਈ ਏ !

ਮੈਂ ਹੀਰੇ ਸੁੱਟਦਾ ਫਿਰਦਾਂ-ਗ਼ਜ਼ਲ

ਮੈਂ ਹੀਰੇ ਸੁੱਟਦਾ ਫਿਰਦਾਂ,ਤੇ ਕੱਚ ਸੰਭਾਲਦਾ ਫਿਰਦਾਂ ! ਬੜਾ ਹੀ ਕੀਮਤੀ ਜੀਵਨ, ਮੈਂ ਐਵੇਂ ਗਾਲਦਾ ਫਿਰਦਾਂ! ਗੋਲੋਟਾ ਸੱਚ ਦਾ ਜਿਹੜਾ, ਉਲਝਿਆ ਹੈ ਮੇਰੇ ਸਾਹਵੇਂ , ਓਹੀ ਸੁਲਝਾਉਣ ਖਾਤਰ ਮੈਂ, ਕੋਈ ਤੰਦ ਭਾਲਦਾ ਫਿਰਦਾਂ! ਉਹ ਹੋਕੇ ਹੀ ਰਹੇਗੀ ਜਦੋਂ, ਅਸਾਡੇ ਨਾਲ ਹੋਣੀ ਹੈ , ਜੋ ਕਾਲੀ ਜਾ ਨਹੀਂ ਸੱਕਦੀ, ਮੈਂ ਉਸਨੂੰ ਟਾਲਦਾ ਫਿਰਦਾਂ! ਜੋ ਆਸ਼ਿਕ ਸੱਚੇ ਦੀ ਖਾਤਰ, ਗਏ ਟੰਗੇ ਸਲੀਬਾਂ ਤੇ, ਅਜੇ ਤੀਕਰ ਮੈਂ ਇਕ ਆਸ਼ਕ, ਉਨ੍ਹਾਂ ਦੇ ਨਾਵਲਾਂ ਫਿਰਦਾਂ! ਜੇ ਮੂਰਖ ਨਾ ਕਹੋਗੇ ਤਾਂ ,...... ਕਹੋਗੇ ਹੋਰ ਕੀ ਮੈਨੂੰ, ਕਿ ਫੜਕੇ ਹੱਥ ਵਿਚ ਦੀਵਾ, ਮੈਂ ਸੂਰਜ ਭਾਲਦਾ ਫਿਰਦਾ!

ਜੰਗਲ-ਨਜ਼ਮ

ਮੇਰੀ ਜਨਨੀ ਨੇ ਜੰਮ ਕੇ ਮੈਨੂੰ ਨਦੀ ਵਿਚ ਰੋਹੜ੍ਹ ਦਿਤਾ ਸੀ ਤੇ ਨਦੀ ਦੇ ਪਾਣੀਆਂ ਨੂੰ ਜੰਗਲਾਂ ਵੱਲ ਮੋੜ ਦਿਤਾ ਸੀ ! ਮੈਂ ਜੰਗਲ ਵਿੱਚ ਪਲਿਆ ਹਾਂ ਹੈ ਜੰਗਲ ਹੀ ਘਰਾਂ ਮੇਰਾ, ਮੈਂ ਜੰਗਲ ਦਾ ਬਸ਼ਿੰਦਾ ਹਾਂ ਤੇ ਜੰਗਲੀ ਹੈ ਨਾਂ ਮੇਰਾ ! ਜੰਗਲ ਦੇ ਕਿਸੇ ਰੁੱਖ ਨੇ ਕਦੇ ਮੈਨੂੰ ਜਾਂ ਨਹੀਂ ਦਿੱਤੀ, ਜਦ ਕਦੇ ਵੀ ਮੈਂ ਤਾਂ ਮੰਗੀ ਸੁਲਗਦੀ ਧੁੱਪ ਦੇ ਦਿੱਤੀ ! ਇਹ ਕੈਸੇ ਰੁੱਖ ਜੰਗਲ ਦੇ ਇਹ ਕੈਸੀ ਪੌਣ ਜੰਗਲ ਦੀ, ਇਹ ਕੈਸਾ ਸ਼ੋਰ ਜੰਗਲ ਦਾ ਇਹ ਕੈਸੀ ਮੌਨ ਜੰਗਲ ਦੀ ! ਜੇ ਉਪਰ ਨੂੰ ਨਜ਼ਰ ਸੁੱਟਾਂ ਇਹ ਜੰਗਲ ਨਜ਼ਰ ਨੂੰ ਰੋਕੇ, ਦੇ ਅੱਗੇ ਨੂੰ ਕਦਮ ਪੁੱਟਾਂ , ਇਹ ਜੰਗਲ ਕਦਮ ਨੂੰ ਰੋਕੇ ! ਮੈਂ ਚਾਹਵਾਂ ਪੁੱਟ ਕੇ ਜੰਗਲ ਨਵੇਂ ਸਿਰਿਓਂ ਉੰੱਗਾ ਦੇਵਾਂ, ਖੜੇ ਹੋ ਲੋਕ ਕੇ ਰਸਤਾ ਮੈਂ ਰੁੱਖਾਂ ਨੂੰ ਹਟਾ ਦੇਵਾਂ ! ਪਏ ਝੁਰਦੇ ਜੋ ਕਿਸਮਤ ਤੇ ਉਹ ਫੁੱਲ ਰੋਂਦੇ ਹੱਸਾ ਦੇਵਾਂ, ਕਲੀ ਦੱਬੀ ਦੋ ਅਜ਼ਲਾਂ ਤੋਂ ਮੈਂ ਡਾਹਢੀ ਤੇ ਖਿੜਾ ਦੇਵਾਂ ! ਜੋ ਪੰਛੀ ਕੈਦ ਪਿੰਜਰੇ ਵਿਚ ਮੈਂ ਗਗਨਾਂ ਤੇ ਉਨਾਂ ਦੇਵਾਂ, ਇਹ ਜੰਗਲ ਦੋਜ਼ਖਾਂ ਵਰਗਾ ਮੈਂ ਜੰਨਤ ਵਿਚ ਵਟਾ ਦੇਵਾਂ ! ਫਿਰ ਜਿੱਧਰ ਜੀ ਚਾਹੇ ਤੱਕਾਂ ਜਿੱਧਰ ਜੀ ਕਰੇ ਜਾਵਾਂ, ਮੈਂ ਪੀਵਾਂ ਨੀਰ ਨਦੀਆਂ ਦਾ ਤੇ ਗਗਨਾਂ ਦੀ ਹਵਾ ਖਾਵਾਂ ! ਜੀ ਚਾਹੇ ਤਾਂ ਉੱਡ ਜਾਵਾਂ ਜੀ ਚਾਹੇ ਤਾਂ ਬਹਿ ਜਾਵਾਂ, ਦੋ ਚਾਹਵਾਂ ਆਖਣਾ ਸੱਧਰ ਉਹ ਨਿਰ-ਸੰਕੋਚ ਕਹਿ ਜਾਵਾਂ !

ਜਿੰਨਾਂ ਕਿਸੇ ਦੇ ਪੈਰਾਂ ਥੱਲੇ-ਗ਼ਜ਼ਲ

ਜਿੰਨਾਂ ਕਿਸੇ ਦੇ ਪੈਰਾਂ ਥੱਲੇ, ਆਪਣੇ ਨੈਣ ਵਿਛਾਵੋਗੇ! ਤੁਸੀਂ ਉਸ ਦੀਆਂ ਨਜ਼ਰਾਂ ਵਿਚੋਂ ਓਨਾਂ ਹੀ ਗਿਰ ਜਾਵੋਗੇ! ਮਦ-ਭਰੇ ਨੈਣਾਂ ਚੋਂ ਪੀ ਕੇ, ਜੇਕਰ ਤੁਸੀਂ ਹੀ ਬਹਿਕ ਗਏ, ਕਿਸ ਤਰਾਂ ਫਿਰ ਰਹਿਬਰ ਬਣਕੇ, ਸਾਨੂੰ ਰਾਹ ਦਿਖਲਾਵੋਗੇ ! ਯਾਦ ਰਖੋ! ਜੇ ਸਾਡੇ ਸਿਰ ਤੇ, ਬੱਦਲ ਬਣਕੇ ਗਰਜੋਗੇ , ਬੂੰਦ ਬੂੰਦ ਪਾਣੀ ਦੀ ਹੋ ਕੇ, ਧਰਤੀ ਤੇ ਵਿਛ ਜਾਵੋਗੇ ! ਸਾਡੇ ਹੱਕਾਂ ਖਾਤਰ ਜਿਹੜੇ, ਆਸ਼ਕ ਚੜ੍ਹੇ ਸਲੀਬਾਂ ਤੇ, ਤੁਸੀਂ ਉਨਾਂ ਦੀ ਕੁਰਬਾਨੀ ਦਾ, ਕੀਕਣ ਮੁੱਲ ਚੁਕਾਵੋਗੇ! ਮੰਨਿਆਂ, ਨਾਮ ਨਿਸ਼ਾਨ ਅਸਾਡਾ ਤੁਸੀਂ ਮਿਟਾ ਦੇਵੋਗੇ,ਪਰ ਸਾਡੈ ਪੈਰਾਂ ਨੇ ਦੋ ਪਾਈਆਂ, ਪੈੜਾਂ ਕਿੰਜ ਮਿਟਾਵੋਗੇ ! ਐ ਸੱਧਰ, ਦੇ ਹੱਕ ਸੱਚ ਲਈ,ਸਾਰੀ ਖ਼ਲਕਤ ਜੂਝ ਪਈ, ਕਿਹੜੇ ਕੇਹੜੇ ਈਸਾ ਨੂੰ ਫਿਰ, ਸੂਲੀ ਤੇ ਲਟਕਵੋਗੇ !

ਗੰਗਾ ਗੰਗੋਤਰੀ ਤੋਂ-ਗ਼ਜ਼ਲ

ਗੰਗਾ ਗੰਗੋਤਰੀ ਤੋਂ ਸਾਗ਼ਰ ਨੂੰ ਹੋ ਤੁਰੀ ! ਜਿੱਧਰ ਨੂੰ ਪੈਰ ਲ਼ੈ ਗਏ ਓਧਰ ਨੂੰ ਹੋ ਤੁਰੀ! ਗਾਹੀ ਮੈਂ ਧਰਤੀ ਸਾਰੀ ਮਿਲਿਆ ਨਾ ਤੂੰ ਜਦੋਂ, ਤਾਂ ਜਿੰਦ ਤੇਰੀ ਢੂੰਡ ਵਿਚ ਅੰਬਰ ਨੂੰ ਹੋ ਤੁਰੀ! ਰੰਗ ਪੁਰ ਨੂੰ ਛੱਡਕੇ ਤੁਰ ਗੲੀ ਜੋਗੀ ਦੇ ਨਾਲ ਜੋ ਭਟਕੀ ਹੋਈ ਸੀ ਰੂਹ ਕੋਈ ਜੋ ਘਰ ਨੂੰ ਹੋ ਤੁਰੀ ! ਸੱਸੀ ਇਹ ਖ਼ਲਕਤ ਜਦ ਕੋਈ ਡਿੱਗਿਆ ਜ਼ਮੀਨ ਤੇ ਜਦ ਸਿਰ ਉਠਾਕੇ ਤੁਰ ਪਿਆ ਖਾਤਰ ਨੂੰ ਹੋ ਤੁਰੀ ! ਮਾਰਗ ਭੁਲਾਕੇ ਇਸ਼ਕ ਦਾ ਠਿੱਕਰਾਂ ਲਈ ਦੌੜਦੀ ਸੱਧਰ ਇਹ ਦੁਨੀਆਂ ਬਾਂਵਰੀ ਕਿੱਧਰ ਨੂੰ ਹੋ ਤੁਰੀ !

ਕਲਪ ਬ੍ਰਿੱਛ-ਨਜ਼ਮ

ਤੁਸੀਂ ਚਾਹੁੰਦੇ ਹੋ ਮੈਂ ਆਪਣਾ ਸੀਸ ਤੁਹਾਡੇ ਪੈਰਾਂ ਤੇ ਰੱਖ ਕੇ ਆਪਣੇ ਕਾਰਜ ਵਿਚ ਸਫ਼ਲ ਹੋਣ ਲਈ ਅਸ਼ੀਰਵਾਦ ਮੰਗਾਂ ! ਮੇਰਾ ਸਿਰ ਤਾਂ ਪਤਾ ਨਹੀਂ ਕਦੋਂ ?, ਤੁਸੀਂ ਹੀ ਮੇਰੇ ਧੜ ਤੋਂ ਗਾਇਬ ਕਰ ਲਿਆ ਸੀ, ਆਪਣਾ ਕਾਰਜ ਪੂਰਾ ਕਰਨ ਲਈ ! ਹੁਣ ਮੈਨੂੰ ਤੁਹਾਡੇ ਅਸ਼ੀਰਵਾਦ ਦੀ ਨਹੀਂ ਆਪਣੇ ਗ਼ਾਇਬ ਹੋ ਚੁੱਕੇ ਸੀਸ ਦੀ ਲੋੜ ਹੈ ! ਪਰ ਤੁਸੀਂ ਮੈਨੂੰ ਅਜੇਹਾ ਕਰਨ ਲਈ ਕਿਉਂ ਆਖ ਰਹੇ ਹੋ ?, ਸ਼ਾਇਦ ਤੁਸੀਂ ਮੇਰੇ ਧੜ ਤੇ ਇਕ ਹੋਰ ਸੀਸ ਉੱਗਲਾਂ ਵੇਖ ਲਿਆ ਹੈ, ਜਿਸਨੂੰ ਗ਼ਾਇਬ ਕਰਨ ਦੀ ਸਮਰੱਥਾ ਤੁਹਾਡੇ ਵਿਚ ਨਹੀਂ ! ਯਾਦ ਰੱਖੋ ! ਮੇਰੇ ਧੜ ਤੇ ਸੀਸ ਨਹੀਂ ਸੂਰਜ ਉੱਗ ਰਿਹਾ ਹੈ, ਜੋ ਤੁਹਾਡੀ ਕੋਠੀ ਚ ਲੱਗੇ ਮਣੀ ਪਲਾਂਟ ਨੂੰ ਰਾਖ਼ ਕਰ ਸੁੱਟੇਗਾ ਤੇ ਬੀਜ ਦੇਵੇਗਾ ਹਰ ਘਰ ਦੇ ਵਿਹੜੇ ਵਿਚ (ਕਲਪ ਬ੍ਰਿੱਛ ਵਿਚੋਂ )

ਸੋਚਾਂ ਦੀ ਸਲੀਬ-ਨਜ਼ਮ

ਮਿੱਤਰਾਂ, ਸੂਲਾਂ ਦਾ ਜੰਗਲ ਪਾਰ ਕਰਕੇ ਮੈਂ ਤੇਰੇ ਕੋਲ ਇਸ ਲਈ ਨਹੀਂ ਪਹੁੰਚਿਆ ਕਿ ਤੂੰ-- ਵਿਸਕੀ ਦੀ ਬੋਤਲ ਨਾਲ ਮੇਰਾ ਸਵਾਗਤ ਕਰੇਂਗਾ, ਤੇ ਨਸ਼ੇ ਦੀ ਲੋਰ ਵਿਚ ਛੇੜ ਬਹੇਂਗਾ ਆਪਣੇ ਅਸੱਫ਼ਲ ਪਿਆਰ ਦਾ ਕਿੱਸਾ ! ਜਾਂ ਸ਼ੁਰੂ ਕਰੇਂਗਾ, ਕਿਸੇ ਸੰਗ-ਮਰਮਰੀ ਜਿਸਮ ਨਾਲ ਹੰਢਾਏ, ਕੁਝ ਪਲਾਂ ਦੀ ਗਾਥਾ ! ਮੇਰੇ ਦੋਸਤ! ਮੇਰੇ ਨਾਲ ਤਾਂ... ਡੁੱਬਦੇ ਸੂਰਜਾਂ ਨੂੰ ਬਚਾਉਣ ਦੀ ਗੱਲ ਕਰ, ਕੁਲੀ ਤੋਂ ਕੋਠੇ ਵੱਲ ਵੱਧਦੇ ਮਜਬੂਰ ਕਦਮਾਂ ਦੀ ਗੱਲ ਕਰ, ਭੁੱਖੇ ਢਿੱਡਾਂ ਤੇ ਪਾਣੀ ਹੋ ਰਹੇ ਪਸੀਨੇ ਦੀ ਗੱਲ ਕਰ! ਮੇਰੇ ਕੋਲ ਵਕਤ ਨਹੀਂ , ਤੇਰੀ ਨਵੀਂ ਮਹਿਬੂਬ ਦੇ ਹੁਸਨ ਦੀ ਤਾਰੀਫ਼ ਸੁਣਨ ਦਾ, ਮੇਰੇ ਨਾਲ ਤਾਂ, ਗ਼ੁਰਬਤ ਦੀ ਚੱਕੀ 'ਚ ਪਿੱਸਦੇ ਮਨੁੱਖ ਦੀ ਗੱਲ ਕਰ! ਜੰਮਨ ਤੋਂ ਲੈਕੇ ਮਰਨ ਤੱਕ ਜੋ- ਟੰਗਿਆ ਰਹਿੰਦੇ, ਮੁੱਖ ਅਤੇ ਭਵਿੱਖ ਲਈ ਸੋਚਾਂ ਦੀ ਸਲੀਬ ਤੇ... ( ਕਲਪ ਬ੍ਰਿੱਛ ਵਿਚੋਂ )

ਬੌਣੇ-ਨਜ਼ਮ

ਲੋਕ ਜੋ ਆਪਣੇ ਲੰਮੇ ਲੰਮੇ ਹਾਏ ਵੇਖਕੇ ਕਹਿੰਦੇ ਨੇ ਸਾਡਾ ਕੱਦ ਬੜਾ ਉੱਚਾ ਹੋ ਗਿਆ ਹੈ, ਕਿੰਨੇ ਭੋਲੇ ਨੇ ਵਿਚਾਰੇ-? ਇਹ ਵੀ ਨਹੀਂ ਜਾਣਦੇ ਰੌਸ਼ਨੀ ਉਨ੍ਹਾਂ ਤੋਂ ਕਿੰਨੀ ਦੂਰ ਹੈ, ਤੇ ਉਹ ਪੂਰੇ ਆਦਮੀਂ ਵੀ ਨਹੀਂ ਸਗੋਂ ਬੌਣੇ ਹਨ ! ਜਿੰਨ੍ਹਾਂ ਦੇ ਕੱਦ ਉੱਚੇ ਤੇ ਰੋਸ਼ਨੀ ਸਿਰ ਤੇ ਹੁੰਦੀ ਹੈ, ਉਨ੍ਹਾਂ ਨੂੰ ਆਪਣੇ ਸਾਏ ਲੰਮੇਂ ਨਹੀਂ ਸਗੋਂ ਛੋਟੇ ਦਿੱਸਦੇ ਹਨ ! (ਕਲਪ ਬ੍ਰਿੱਛ ਵਿਚੋਂ )

ਅਮਰ ਫ਼ਲ-ਨਜ਼ਮ

ਅਸੀਂ ਤਾਂ -- ਪੀਹੜੀ ਦਰ ਪੀੜ੍ਹੀ ਕੋਹਲੂ ਦੇ ਬਲਦਾਂ ਵਰਗੀ ਜੂਨ ਭੋਗੀ ਹੈ , ਤੇ ਰੂੜੀਆਂ ਤੇ ਸੌਂ ਕੇ ਲਏ ਨੇ ਸੀਸ ਮਹਿਲਾਂ ਦੇ ਸੁਪਣੇ! ਹਰ ਜਨਮ ਵਿਚ ਅਸੀਂ ਮਹਿਜ਼ ਭੁੱਖ ਤੋਂ ਰੋਟੀ ਤੱਕ ਦਾ ਸਫ਼ਰ ਤਹਿ ਕੀਤਾ ਹੈ, ਕੋਹਲੂ ਦੁਆਲੇ ਕੱਢਦੇ ਰਹੇ ਹਾਂ ਚੱਕਰ ਚੜ੍ਹਾਕੇ ਆਪਣੀਆਂ ਅੱਖਾਂ ਤੇ ਖੋਪੇ, ਸਮਝਕੇ ਤੁਹਾਡੇ ਜ਼ੁਲਮ ਨੂੰ ਪਿੱਛਲੇ ਜਨਮ ਵਿਚ ਕੀਤੇ ਕਰਮਾਂ ਦਾ ਫ਼ਲ ! ਖਾਂਦੇ ਰਹੇ ਹਾਂ ਤੁਹਾਡੀਆਂ ਛਮਕਾਂ ਦੀ ਮਾਰ ਕਰਦੇ ਰਹੇ ਹਾਂ, ਖ਼ੁਦਾ ਦਾ ਸ਼ੁਕਰ ! ਚਾਂਦੀ ਦੀਆਂ ਕੰਧਾਂ ਨੇ ਉਡਾਇਆ ਹੈ ਮਜ਼ਾਕ ਸ੍ਦਾ ਡਿੱਗੂੰ ਡਿੱਗੁੰ ਕਰਦੀਆਂ ਕੰਧਾਂ ਤੇ ਖੜ੍ਹੇ ਸਾਡੇ ਘੁਰਨਿਆਂ ਵਰਗੇ ਘਰਾਂ ਦਾ ! ਤੇ ਜਦ ਵੀ ਕਦੇ ਹੋਇਆ ਹੈ ਸਾਨੂੰ ਅਹਿਸਾਸ ਆਪਣੇ ਮਰਦ ਹੋਣ ਦਾ , ਅਸੀਂ ਕੁਝ ਵੀ ਨਹੀਂ ਕਰ ਸਕੇ ਸਿਵਾਅ ਠੰਢੇ ਹਾਉਕੇ ਭਰਨ ਤੋਂ ਜਾਂ- ਮੱਚਦੀ ਅੱਗ ਵਰਗੀਆਂ ਨਜ਼ਮਾਂ ਲਿਖਣ ਤੋਂ ! ਪਰ, ਹੁਣ ਅਸੀਂ ਉਹ ਨਹੀਂ ਰਹੇ ਰੁੱਤ ਬਦਲ ਗਈ ਹੈ, ਬੜਾ ਚਿਰ ਖਾ ਲਿਆ ਹੈ ਤੁਸੀਂ- ਸਾਡੀ ਮਿਹਨਤ ਦਾ ਅਮਰ ਫ਼ਲ !

ਮਜਬੂਰ ਨਾ ਕਰੋ

ਮਜਬੂਰ ਨਾ ਕਰੋ ਅੱਠ ਤੇ ਅੱਠ ਸੋਲਾਂ ਘੰਟੇ ਪਸ਼ੂਆਂ ਵਾਂਗ ਕੰਮ ਕਰਕੇ ਸੌਂ ਜਾਵਾਂ ਰਾਤ ਨੂੰ ਰੁੱਖੀ ਮਿੱਸੀ ਖਾਕੇ ਤੇ ਪੱੜ੍ਹਕੇ ਫ਼ਰੀਦ ਦਾ ਸ਼ਲੋਕ ਦੇ ਲਵਾਂ ਮਨ ਨੂੰ ਤਸੱਲੀ ਇਹ ਮੇਥੋਂ ਆਸ ਨਾ ਰੱਖੋ ਮੈਂ ਇਵੇਂ ਕਰ ਨਹੀਂ ਸਕਦਾ ! ਤੁਰ ਨਹੀਂ ਸਕਦਾ ਮੈਂ ਆਪਣੇ ਬਾਪੂ ਦੇ ਪੈਰ-ਚਿੰਨਾਂ ਤੇ ਖੌਲ ਉੱਠਦਾ ਹੈ ਮਿਰਾ ਖੂਨ ਕੰਬ ਉੱਠਦਾ ਹੈ ਮਿਰਾ ਜ਼ਿਹਨ ਨਿਗਾਹ ਮਾਰਦਾ ਹਾਂ ਜਦੋਂ ਮੈਂ ਆਪਣੇ ਬਾਪੂ ਦੇ ਹੰਢਾਏ ਦਿਨਾਂ ਤੇ, ਰਹਿ ਨਹੀਂ ਸਕਦਾ ਮੈਂ ਆਪਣੇ ਬਾਪੂ ਵਾਂਗ ਘਰਦੇ ਖਲਜਗਨ ਵਿਚ ਉੱਲਝ ਕੇ ! ਸਮਝ ਨਹੀਂ ਸਕਦਾ ਮੈਂ ਢਿੱਡ ਭਰਕੇ ਸੌਂ ਜਾਣ ਨੂੰ ਜਿੰਦਗੀ, ਕੁਝ ਨਵਾਂ ਸਿਰਜ ਕੇ ਦੰਮ ਲਵਾਂ ਗਾ ਮੈਂ, ਮੈਂ ਲੜਾਂਗਾ ਆਪਣੇ ਹੱਕ ਲਈ ਕਿਰਤੀ ਦੇ ਹੱਕ ਲਈ ਚੰਡੀ ਦਾ ਲੈਕੇ ਆਸਰਾ ! ਘੁੱਟ ਨਹੀਂ ਸਕਦਾ ਮੈਂ ਆਪਣੀ ਜ਼ਮੀਰ ਦਾ ਗਲ਼ਾ ਕਰ ਨਹੀਂ ਸਕਦਾ ਮੈਂ ਆਪਣੇ ਅਰਮਾਨਾਂ ਦਾ ਕਤਲ, ਖੋਹ ਲਵੋ ਤੁਸੀਂ- ਮੇਰੇ ਬੱਚਿਆਂ ਦੇ ਹੱਥੋਂ ਰੋਟੀ ਤੇ ਮੈਂ ਚੁੱਪ ਰਹਾਂ, ਲੁੱਟ ਦੇ ਰਹੋ ਤੁਸੀਂ ਕਿਸੇ ਮਾਸੁੰਮ ਦੀ ਇਜ਼ਤ ਤੇ ਲੰਘ ਜਾਵਾਂ ਮੈਂ ਕੋਲ ਦੀ ਮੀਟ ਕੇ ਅੱਖਾਂ ਇਹ ਮੇਥੋਂ ਆਸ ਨਾ ਰੱਖੋ ਮੈਂ ਏਵੇਂ ਕਰ ਨਹੀਂ ਸਕਦਾ ਮੈਂ ਜਿਉਂਦਾ ਮਰ ਨਹੀਂ ਸੱਕਦਾ ! ਫ਼ੜ ਲਵਾਂਗਾ ਮੈਂ ਹੱਥ ਵਿਚ ਚੰਡੀ ਬਣ ਜਾਵਾਂਗਾ 'ਬੰਦਾ' ਬਹਾਦਰ ਹਿੱਲਾ ਦੇਵਾਂਗਾ ਮੁੱਢੋਂ ਤੁਹਾਡੀ ਸਿਆਸਤ ਦੇ ਥੰਮ ਹੋ ਜਾਵਾਂਗਾ ਆਤੰਕਵਾਦੀ ਮਿਟਾਉਣ ਲਈ ਆਪਣੇ ਘਰ ਦਾ ਹਨੇਰਾ ਦੋ ਸਦੀਆਂ ਤੋਂ ਕੇਵਲ ਸਾਡੇ ਹੀ ਘਰਾਂ ਵਿੱਚ ਵੱਸਿਆ ਹੋਇਐ ! ਮਜਬੂਰ ਨਾ ਕਰੋ ਮਜਬੂਰ ਨਾ ਕਰੋ

ਅਜ਼ਾਦੀ

ਆਜ਼ਾਦੀ ਦੀ ਗੱਲ ਕਰਦੇ ਹੋ-? ਕਿੱਥੇ ਹੈ ਦੱਸੋ ਆਜ਼ਾਦੀ ਕਿਸਨੂੰ ਕਹੀਏ ਅਸੀਂ ਅਜ਼ਾਦੀ ? ਸਾਡੇ ਪੈਰਾਂ ਦੇ ਵਿਚ ਬੇੜੀ ਸਾਡੇ ਹੋਠਾਂ ਉਤੇ ਤਾਲਾ ਸਾਡੇ ਸੋਚਣ ਤੇ ਪਾਬੰਦੀ ਸਾਡੇ ਹੱਕਾਂ ਉਤੇ ਛਾਪੇ ਸਾਡੀ ਇੱਜ਼ਤ ਨਹੀਂ ਸੁਰੱਖਿਅਤ ! ਕਿੱਥੇ ਹੈ ਦੱਸੋ ਆਜ਼ਾਦੀ ਕਿਸਨੂੰ ਕਹੀਏ ਅਸੀਂ ਅਜ਼ਾਦੀ ਆਜ਼ਾਦੀ ਦੀ ਗੱਲ ਕਰਦੇ ਹੋ ?,

ਸਮੇਂ ਦੀ ਵਾਗ

ਸਾਨੂੰ ਪਤਾ ਹੈ, ਗਿੱਲੇ ਗੋਹੇ ਵਾਂਗ ਧੁੱਖਦਾ ਹੈ ਤੁਹਾਡਾ ਦਿਲ ! ਸਾਡੀ ਝੌਂਪੜੀ ਦੀ ਕੱਲਰ ਝਾੜਦੀ ਦੀਵਾਰ ਤੇ ਹੋਈ, ਤੁਹਾਡੀ ਕੋਠੀ ਦੇ ਰੰਗ ਵਰਗੀ ਸਫੇਦੀ ਵੇਖ ਕੇ ! ਤੁਹਾਨੂੰ ਗਿਲ਼ਾ ਹੈ, ਪੁਰਾਣੇ ਲੀੜਿਆਂ ਨੂੰ ਕੱਟ ਕੇ ਬਾਣਾਏ ਝੱਗਿਆਂ ਦੀ ਥਾਂ ਪਾਉਂਣ ਲੱਗ ਪਏ ਹਾਂ ਅਸੀਂ, ਆਪਣੇ ਬੱਚਿਆਂ ਦੇ ਗਲ਼ ਤੁਹਾਡੇ ਬੱਚਿਆਂ ਵਰਗੀਆਂ ਰੈਡੀਮੇਟ ਫ਼ਿਰਾਕਾਂ! ਤੇ.. ਕਿਉਂ ਆਉਂਣ ਲੱਗ ਪਈ ਹੈ ਸਾਡੇ ਚੌਂਕੇ ਚੋਂ, ਦੋ ਵੇਲੇ ਗੰਢਿਆਂ ਦੀ ਥਾਂ ਮੂੰਗੀ ਦੀ ਦਾਲ ਨੂੰ ਲੱਗਦੇ ਤੜਕੇ ਦੀ ਵਾਸ਼ਨਾਂ! ...ਤੇ ਸਾਡੇ ਸਿੱਕਰੀ ਖਾਧੇ ਬੁੱਲਾਂ ਤੇ ਕਿਉਂ ਟਹਿਕ ਪੈਂਦੀ ਹੈ, ਗਾਹੇ-ਬਗਾਹੇ ਮੁਸਕਰਾਹਟ ਦੀ ਕਲੀ! ਤੁਸੀਂ ਜ਼ਰ ਨਹੀਂ ਸਕੇ ਗ਼ੁਰਬਤ ਦੇ ਦਾਇਰੇ ਚੋਂ, ਭਵਿੱਖ ਵੱਲ ਪੁੱਟਿਆ ਸਾਡਾ ਇਕ ਵੀ ਸਾਹਸੀ ਕਦਮ, ਕਿਵੇਂ ਬਰਦਾਸ਼ਤ ਕਰੋਗੇ ?, ਸਾਡੇ ਹੱਥਾਂ ਵਿਚ ਆਈ ਸਮੇਂ ਦੀ ਵਾਗ ?

ਪਿਆਰ ਜਿਹੀ ਬਾਤ

ਮੈਂ ਕਦੇ ਵੀ ਆਪਣੀ ਮਹਿਬੂਬ ਦੇ ਭੁੱਖ ਨਾਲ ਕੁਮਲਾਏ ਚਿਹਰੇ ਦੀ, ਤੁੱਲਣਾ , ਖਿੜਦੇ ਗੁਲਾਬ ਨਾਲ ਨਹੀਂ ਕੀਤੀ ! ਮੈਨੂੰ ਤਾਂ ਸਦਾ ਉਹ ਮੁਰਝਾਈ ਕਲੀ ਵਾਂਗ ਲੱਗੀ ਹੈ, ਵਗਦੀਆਂ ਲੋਆਂ ਨੇ ਟਹਿਕਣ ਨਹੀਂ ਦਿਤਾ ਜਿਸਨੂੰ ! ਨਾ ਹੀ ਮੈਂ ਕਦੇ , ਉਸ ਲਈ ਤਾਰੇ ਤੋੜਕੇ ਲ਼ੈ ਆਉਂਣ ਵਰਗੀ ਗ਼ੱਲ ਕੀਤੀ ਹੈ! ਨਾ ਉਸਨੇ ਹੀ ਕਦੇ ਮੇਰੇ ਲਈ ਝਨਾਂ ਪਾਰ ਕਰਨ ਲਈ ਮੈਨੂੰ ਕਿਹਾ ਹੈ ! ਮੈਂ ਜਦ ਵੀ ਕਦੇ, ਉਸਦੀਆਂ ਅੱਖਾਂ 'ਚ ਨੀਝ ਲਾਕੇ ਝਾਕਿਆ ਹੈ, ਉਦਾਸ ਮਾਰੂਥਲ ਹੀ ਵੇਖਿਆ ਹੈ ! ਤੇ...ਜਦ ਵੀ ਕਦੇ ਮੈਂ , ਉਸ ਲਈ ਖੁਸ਼ੀ ਵਰਗਾ ਕੁਝ ਲੱਭਣਾ ਚਾਹਿਆ ਹੈ, ਮੌਸਮਾਂ ਨੇ ਮੇਰਾ ਰਾਹ ਰੋਕਿਆ ਹੈ ! ਮੈਂ ਉਸ ਅੱਗੇ ਜਦ ਵੀ ਕਦੇ ਪਿਆਰ ਜਿਹੀ ਬਾਤ ਪਾਈ ਹੈ ! ਉਸ ਰੋਟੀ ਵਰਗਾ ਹੁੰਗਾਰਾ ਭਰਿਆ ਹੈ ! ( ਕਲਪ ਬ੍ਰਿੱਛ - ਵਿਚੋਂ )

ਅਸੀਂ ਸੋਚਾਂਗੇ

ਕਿੰਨੇ ਬੁਜ਼ਦਿਲ ਹੋ ਤੁਸੀਂ ?, ਗੋਲ਼ੀ ਬਾਰੂਦ ਪੁਲਿਸ ਤੇ ਫੌਜਾਂ ਦੇ ਹੁੰਦਿਆਂ ਵੀ ਡਰ ਰਹੇ ਹੋ ਸਾਥੋਂ ਬਾਣੀਏਂ ਦੇ ਪੁੱਤ ਵਾਂਗ, ਜੋ ਥੱਲੇ ਪੲੇ ਜੱਟ ਤੋਂ ਡਰ ਰਿਹਾ ਸੀ ! ਅਸੀਂ ਤਾਂ ਬਿਲਕੁਲ ਨਿਹੱਥੇ ਹਾਂ, ਸਾਡੇ ਕੋਲ ਤਾਂ ਕੁਝ ਵੀ ਨਹੀਂ ! ਸਿਰਫ਼ ਭੁੱਖੇ ਪੇਟ ਹਨ, ਜਾਂ ਗ਼ੁਰਬਤ ਹੈ ! ਗ਼ੁਰਬਤ ਦੇ ਭੰਨੇ ਲੋਕ ਕੀ ਕਰ ਸੱਕਦੇ ਨੇ ਆਖ਼ਰ , ਕਦੇ ਸੋਚਿਆ ਹੈ ਤੁਸੀਂ ?, ਤੁਸੀਂ -- ਸੋਚਿਆ ਹੋਵੇ ਜਾਂ ਨਾ ਅਸੀਂ ਜ਼ਰੂਰ ਸੋਚਾਂਗੇ ! ਤੁਸੀਂ ਆਪਣਾ ਸ਼ਿਕੰਜਾ ਇਵੇਂ ਹੀ ਹੱਸਦੇ ਰਹੇ ਦੇ, ਅਸੀਂ ਜ਼ਰੂਰ ਸੋਚਾਂਗੇ - ਕਿ , ਗ਼ੁਰਬਤ ਦਾ ਸ਼ਿਕਾਰ ਅਸੀਂ ਹੀ ਕਿਉਂ ਹਾਂ ? ਕਿ , ਤੁਹਾਨੂੰ ਇਹ ਗੋਲ਼ੀ ਸਿੱਕਾ ਰੱਖਣ ਦੀ ਲੋੜ ਆਖਰ ਕਿਉਂ ਪਈ ?,

ਸਾਇਰਨ ਦੀ ਆਵਾਜ਼

ਸਾਇਰਨ ਦੀ ਆਵਾਜ਼ ਨਾਲ ਝੰਡੀ ਵਾਲੀਆਂ ਬੁੱਲਟ ਪਰੂਫ਼ ਕਾਰਾਂ 'ਚ ਸੰਗੀਨਾਂ ਦੇ ਪਹਿਲੇ ਹੇਠ, ਘੁੰਮਦੇ ਨੇਤਾਓ, ਸ਼ੁਕਰੀਆ ! ਕਿ ਲੋਕ ਜੋ ਗਰੀਬੀ ਤੇ ਭੁੱਖਮਰੀ ਹਿੰਸਾਂ ਤੇ ਬੇਰੁਜ਼ਗਾਰੀ ਦਾ ਹੋ ਰਹੇ ਸ਼ਿਕਾਰ ਨੇ , ਉਹਨਾਂ ਨੂੰ ਖ਼ਬਰਦਾਰ ਕਰ ਦਿਤੈ ਸਰਕਾਰ ਨੇ ! ਦੀਵਾਰਾਂ ਤੇ ਲਿਖਕੇ, ਕਿ -- ਲੋਕ ਆਪਣੀ ਜ਼ਿੰਦਗੀ ਦੇ ਆਪ ਜੁਮੇਵਾਰ ਨੇ (ਕਲਪ ਬ੍ਰਿੱਛ ਵਿਚੋ। )

ਗੁਬਾਰਾ / ਲਘੂ ਨਜ਼ਮ

ਬੱਸ ਕਰੋ ! ਬਹੁਤ ਹੋ ਗਈ ਹੈ ਇਸ ਗੁਬਾਰੇ ਵਿਚ ਹਵਾ , ਹੋਰ ਭਰੋਗੇ ਤਾਂ -- ਗੁਬਾਰਾ ਫ਼ਟ ਜਾਵੇਗਾ ! (ਕਲਪ ਬ੍ਰਿੱਛ ਵਿਚੋਂ)

ਆਜ਼ਾਦ ਲੋਕ

ਸਾਡੇ ਗਲਾਂ ਵਿਚ ਜੰਗਲ ਹੈ, ਸਵਿਧਾਨ ਦਾ ਆਮ ਸੰਗਲਾਂ ਤੋਂ ਕੁਝ ਲਮੇਰਾ , ਇਕ ਸੀਮਤ ਦੂਰੀ ਤੀਕ ਕਿੱਲੇ ਦੁਆਲੇ ਘੁੰਮਣ ਫਿਰਨ ਲਈ ਅਸੀਂ ਆਜ਼ਾਦ ਹਾਂ ( ਕਲਪ ਬ੍ਰਿੱਛ ਵਿਚੋਂ )

ਭਟਕਣ / ਲਘੂ ਨਜ਼ਮ

ਸੜਕਾਂ ਤੇ ਅੰਗਿਆਰ ਵਿਛੇ ਨੇ ਮੋੜਾਂ ਤੇ ਰਾਹ-ਮਾਰ ਖੜੇ ਨੇ ਕਿਸ ਤਰਾਂ ਦਾ ਸ਼ਹਿਰ ਹੈ ਇਹ ਕਿੱਥੇ ਮੈਂ ਆ ਗਿਆ ਹਾਂ !

ਸ਼ਹੀਦ

ਉਹ, ਸਧਾਰਨ ਜਿਹੀ ਦਿੱਖ ਵਾਲਾ ਹੀ ਜਜ਼ਬਾਤੀ ਜਿਹਾ ਗੱਭਰੂ ਜੌੜੀਆਂ ਨਹਿਰਾਂ ਦੇ ਪੁਲਾਂ ਕੋਲ ਮਰਿਆ ਪਿਆ ਹੈ ! ਤੇ ਸ਼ਨਾਖਤ ਲਈ ਰੱਖੀ ਉਹਦੀ ਲਾਸ਼, ਤੇ ਲਾਸ਼ ਕੋਲ ਖੜੀ ਪੁਲਿਸ ਦੀ ਧਾੜ ਹਿੱੜ- ਹਿੜ ਕਰਕੇ ਹੱਸ ਰਹੀ ਹੈ , ਇਹ ਮਾਰਿਆ ਗਿਆ ਹੈ ਰਾਤੀਂ ਪੁਲਿਸ ਮੁਕਾਬਲੇ ਵਿਚ ਲੋਕਾਂ ਨੂੰ ਦੱਸ ਰਹੀ ਹੈ ! ਉਹ ਜੋ ਉੱਚੀ ਹਵੇਲੀ ਵਾਲੇ ਜਗੀਰਦਾਰਾਂ ਨੂੰ ਕਿਹਾ ਕਰਦਾ ਸੀ, - ਤੁਸੀਂ ਸਾਡੇ ਹਿੱਸੇ ਦੀ ਧੁੱਪ ਹੰਢਾ ਰਹੈ ਹੋ , ਸਾਡੇ ਅਰਮਾਨਾਂ ਦੀਆਂ ਲਾਸ਼ਾਂ ਤੇ ਆਪਣੀਆਂ ਉਮੀਦਾਂ ਦੇ ਗੁਲਸ਼ਨ ਸਜ਼ਾ ਰਹੇ ਹੋ , ਜੋ ਅਕਸਰ ਸੱਥ ਚ ਜੀ ਖੜੇ ਲੋਕਾਂ ਨੂੰ ਕਿਹਾ ਕਰਦਾ ਸੀ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਇਹ ਲਿੰਕ-ਸੜਕਾਂ ਤੁਹਾਡੇ ਲਈ ਨਹੀਂ ਤੁਹਾਡੀ ਜਿਨਸ ਨੂੰ ਮੰਡੀਆਂ ਤੱਕ ਪੁੱਜਦਾ ਕਰਨ ਲਈ ਬਣਦੀਆਂ ਹਨ ! ਇਹ ਕਾਨੂੰਨ, ਇਹ ਪੁਲਿਸ ਇਹ ਕਚਹਿਰੀਆਂ, ਤੇ ਸਰਹੱਦਾਂ ਤੇ ਬੈਠੀਆਂ ਫ਼ੌਜਾਂ ਤੁਹਾਡੀ ਨਹੀਂ ਸਰਮਾਏਦਾਰਾਂ ਦੀ ਰਾਖੀ ਕਰਦੀਆਂ ਹਨ! ਤੁਹਾਡੀ ਗ਼ੁਰਬਤ ਤੋਂ ਸਿਵਾ ਕੀ ਹੈ ਤੁਹਾਡੇ ਕੋਲ ?, ਜੋ ਕੋਈ ਲੁੱਟ ਲਵੇਗਾ ! ਪਿੰਡਾਂ ਦੇ ਪੰਚ ਤੋਂ ਲੈਕੇ ਪ੍ਰਧਾਨ ਮੰਤਰੀ ਤੱਕ ਵੋਟਾਂ ਨਾਲ ਚੁਣੇ ਸਭ ਦੇ ਸਭ ਨੁਮਾਇੰਦੇ , ਲੁਟੇਰੇ ਹਨ......ਤੇ ਸਰਮਾਏਦਾਰੀ ਦੇ ਇੰਜਨ ! ਉਹ ਜੋ ਗੁਰਦਵਾਰੇ ਵਾਲੇ ਚੌਂਕ 'ਚ ਖਲੋਕੇ, ਪੰਡਤਾਂ, ਭਾਈਆਂ, ਪਾਦਰੀਆਂ ਅਤੇ ਮੁਲਾਣਿਆਂ ਨੂੰ, ਮਸੰਦ ਆਖਿਆ ਕਰਦਾ ਸੀ ! ਤੇ ਦੱਸਿਆ ਕਰਦਾ ਸੀ- ਅਜੋਕੇ ਧਰਮ ਆਦਮੀਂ ਨੂੰ ਇਨਸਾਨ ਨਹੀਂ ਹਿੰਦੂ ਸਿੱਖ ਇਸਾਈ ਜਾਂ ਮੁਸਲਮਾਨ ਬਣਾਉਂਦੇ ਹਨ ਧਰਮ ਲੋਕਾਂ ਨੂੰ ਆਪੋ ਵਿਚ ਲੜਨਾ ਸਿਖਾਉਂਦੇ ਹਨ ! ਜੋ ਬਾਅਦ ਵਿਚ ਕਿਸੇ ਅੰਡਰਗਰਾਊਂਡ ਜੱਥੇਬੰਦੀ ਦਾ ਮੈਂਬਰ ਬਣੋ ਗਿਆ ਸੀ, ਤੇ ਮਾਇਆਧਾਰੀ ਸੱਪਾਂ ਅੱਗੇ ਲਾਠੀ ਬਣਕੇ ਤਣ ਗਿਆ ਸੀ ! ਹਾਂ, ਹਾਂ ! ਓਹੀ- ਦੋ ਇਕ ਦਿਨ , ਜਦੋਂ ਉਹ ਕੰਮੀਆਂ ਦੇ ਵਿਹੜੇ ਖੜੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ, ਜਗੀਰਦਾਰਾਂ ਦੇ ਟੁੱਕੜਬੋਚ ਤੇ ਪੁਲਿਸ ਦੇ ਟਾਊਟ ਬਖਤੌਰੇ ਨੇ, ਥਾਣੇ ਖ਼ਬਰ ਜਾਂ ਦਿਤੀ ਸੀ! ਤੇ ਗ੍ਰਿਫਤਾਰਹੋ ਗਿਆ ਸੀ ਉਹ ! ਸਰਕਾਰ ਨੇ ਦੇਸ਼ ਧ੍ਰੋਹੀ ਦਾ ਇਲਜ਼ਾਮ ਲਗਾਕੇ ਸੀਖਾਂ ਪਿੱਛੇ ਡੱਕ ਦਿਤਾ ਸੀ ਉਸਨੂੰ ! ਤੇ...ਕੁਝ ਮਹੀਨਿਆਂ ਬਾਅਦ ਅਜੇ ਕੱਲ੍ਹ ਪਰਸੋਂ ਹੀ , ਅਖ਼ਬਾਰ ਵਿਚ ਖ਼ਬਰ ਛਪੀ ਸੀ, ਕਿ ਉਹ ਪੁਲਿਸ ਹਿਰਾਸਤ ਵਿਚੋਂ ਦੌੜ ਗਿਆ ਹੈ ! ਤੇ ਰਾਤੀਂ ਜਿਸਨੂੰ ਕਿਸੇ ਨੇ ਹੱਥਕੜੀਆਂ ਸਮੇਤ ਪੁਲਿਸ ਦੀ ਜੀਪ ਵਿਚ ਜੌੜੀਆਂ ਨਹਿਰਾਂ ਦੇ ਪੁਲਾਂ ਵੱਲ ਜਾਂਦੇ ਵੇਖਿਆ ਸੀ ! ਜੌੜੀਆਂ ਨਹਿਰਾਂ ਦੇ ਪੁਲਾਂ ਕੋਲ ਉਹ ਮਰਿਆ ਪਿਆ ਹੈ !

ਗ਼ਜਲ / ਪੁਸਤਕਾਂ ਦਾ ਮੈਂ ਦੀਵਾਨਾ

ਪੁਸਤਕਾਂ ਦਾ ਮੈਂ ਦੀਵਾਨਾ, ਹਾਂ ਬਦੌਲਤ ਪੁਸਤਕਾਂ ਦੀ ! ਵਾਚ ਲੈਂਦਾ ਹਾਂ ਇਬਾਰਤ ਬੰਦਿਆਂ ਦੇ ਚਿਹਰਿਆਂ ਦੀ ! ਮੁਫਲਿਸੀ ਮੇਰੀ ਦਾ ਅਕਸਰ , ਦੋ ਉਡਾਉਂਦੇ ਨੇ ਮਜ਼ਾਕ, ਛੱਡ ਦਿਤੀ ਹੈ ਮੈਂ ਯਾਰੀ, ਅੱਜ ਤੋਂ ਉਨਾਂ ਫੁਕਰਿਆਂ ਦੀ ! ਜਾਨ ਲੈਕੇ ਵੀ ਮੇਰੀ ਜੋ , ਖੁਸ਼ ਨਹੀਂ ਹੋਇਆ ਕਦੇ , ਸਮਝ ਮੈਨੂੰ ਪਰ ਨਾ ਆਈ,ਉਸਦੇ ਨਾਜਾ ਨਖ਼ਰਿਆਂ ਦੀ ਮਾੜਿਆਂ ਕਮਜ਼ੋਰ ਲੋਕਾਂ ਤੇ ਸਿਤਮ ਦੋ ਢਾਅ ਰਹੇ ਹਨ , ਬੰਦਿਆਂ ਵਿਚ ਵੀ ਨਾ ਮੈਨੂੰ ,ਸ਼ਕਲ ਦਿਸਦੀ ਬੰਦਿਆਂ ਦੀ ! ਮਾਪਿਆਂ ਦੇ ਸਿਰ ਤੇ ਜਦ ਬੇ-ਫਿਕਰ ਘੁੰਮਦੇ ਸਾਂ ਅਸੀਂ, ਯਾਦ ਹੁਣ ਆਉਂਦੀ ਬੜੀ ਹੈ ,ਸਾਨੂੰ ਉਨ੍ਹਾਂ ਵੇਲਿਆਂ ਦੀ! ਚਮਚਾਗਿਰੀ ਲੀਡਰਾਂ ਦੀ, ਕਰਨ ਵਿਚ ਦੋ ਮਾਹਰ ਨੇ, ਵੇਖਕੇ ਹੈਰਾਨ ਹਾਂ ਮੈਂ , ਚਾਲ ਉਹਨਾਂ ਚਮਚਿਆਂ ਦੀ ! ਇਕ ਮਦ- ਹੋਸੀ ਜਿਹੀ ਵਿਚ , ਜੀ ਲੲੀ ਮੈਂ ਜ਼ਿੰਦਗੀ, ਸਮਝ ਅੱਜ ਤੀਕਰ ਨਾ ਆਈ, ਮੰਜ਼ਲਾਂ ਦੀ ਰਸਤਿਆਂ ਦੀ ,

ਉਸ ਬਾਗ਼ ਦੇ ਫਿਰ ਗ੍ਹਾਲੜ ਪਟਵਾਰੀ ਕਿਉਂ ਹੋਵਨ

ਉਸ ਬਾਗ਼ ਦੇ ਫਿਰ ਗ੍ਹਾਲੜ ਪਟਵਾਰੀ ਕਿਉਂ ਹੋਵਨ, ਸਾਂਭ- ਸੰਭਾਲ ਜੇ ਕਰੇ ਬਾਗ਼ ਦਾ ਮਾਲੀ ਠੀਕ ਤਰ੍ਹਾਂ! ਸਾਡੀ ਕੋਠੀ ਚੋਂ ਫਿਰ ਦਾਣੇ ਚੋਰੀ ਕਿਉਂ ਹੁੰਦੇ , ਰਾਖਿਆ ਜੇਕਰ ਕਰਦਾ ਤੂੰ, ਰਖਵਾਲੀ ਠੀਕ ਤਰ੍ਹਾਂ! ਜੇਕਰ ਸਾਡਾ ਹੱਕ ਅਸਾਨੂੰ ਮਿਲਦਾ ਰਹਿੰਦਾ ਤਾਂ, ਸਾਡੇ ਚਿਹਰੇ ਤੇ ਵੀ ਹੁੰਦੀ ਲਾਲੀ ਠੀਕ ਤਰ੍ਹਾਂ! ਸਾਡੀ ਕਿਸਮਤ ਦੀ ਚਾਬੀ ਸੀ ਸਾਡੇ ਮੱਥੇ ਵਿਚ, ਪਰ ਹਾਏ ! ਉਹ ਗੲੀ ਨਾ ਸਾਥੋਂ ,ਭਾਲੀ ਠੀਕ ਤਰ੍ਹਾਂ! ਤਾ-ਉਮਰ ਮੈਂ ਕੋਸ਼ਿਸ਼ ਕਰ ਕਰ , ਇਕੋ ਗ਼ਜ਼ਲ ਲਿਖੀ, ਜਦੋਂ ਸੁਣਾਈ , ਪਰ! ਨਾ ਵੱਜੀ, ਤਾਲੀ ਠੀਕ ਤਰ੍ਹਾਂ ! ਕਦੇ ਬਾਪ ਦੀ ਪਗੜੀ ਨੂੰ ਉਹ ,ਦਾਗ਼ ਨਹੀਂ ਲਾਉਂਦੀ, ਧੀ ਹੋਵੇ ਜੇ ਪੁੱਤਰਾਂ ਵਾਂਗੂ , ਪਾਲੀ ,ਪਾਲੀ ਠੀਕ ਤਰਾਂ! ਇਸ ਦੋ-ਪਾਏ ਜੀਵ ਨੂੰ ,ਬੰਦਾ ਕਹਿੰਦੇ ਤਾਂ ਹਾਂ ! ਪਰ, ਨਹੀਂ ਬੰਦਾ ਬਣਿਆ ਲੱਗਦਾ ਮੈਨੂੰ,ਹਾਲੀ ਠੀਕ ਤਰਾਂ ! ਭਾਰਤ ਮਾਂ ਦਾ ਹਾਲ ਵੇਖਕੇ , ਰੋਣਾ ਆਉਂਦਾ ਹੈ , ਇਸ ਦਿਆਂ ਪੁੱਤਰਾਂ , ਮਾਂ ਵੀ ਨਹੀਂ , ਸੰਭਾਲੀ ਠੀਕ ਤਰਾਂ! ਦੇਸ਼ - ਬਾਗ਼ ਦੀ ਰਾਖੀ ਚੰਦ੍ਰ , ਕੌਣ ਬਹਿ ਗਿਆ ਹੈ , ਸੱਧਰਾ ! ਆਈ ਅੱਜ ਤੱਕ ਨਾ , ਖੁਸ਼ਹਾਲੀ ਠੀਕ ਤਰ੍ਹਾਂ !

ਆਪਣੇ ਲੋਕਾਂ 'ਚ ਰਹਿੰਨਾ , ਜਿਵੇਂ ਕੋਈ ਅਜ਼ਨਬੀ ਹੋਵਾਂ

ਆਪਣੇ ਲੋਕਾਂ 'ਚ ਰਹਿੰਨਾ , ਜਿਵੇਂ ਕੋਈ ਅਜ਼ਨਬੀ ਹੋਵਾਂ! ਲੱਗਦੈ ! ਸ਼ਹਿਰ ਆਪਣਾ ਵੀ ,ਨਾ ਆਪਣਾ ਸ਼ਹਿਰ ਹੋਵੇ ! ਤੂੰ ਬੁਲਾਵੇਂ, ਤੂੰ ਬਿਠਾਵੇਂ, ਤੂੰ ਪਿਲਾਵੇਂ , ਪੀ ਲਵਾਂ ਗਾ , ਸਮਝਕੇ ਅੰਮ੍ਰਿਤ ..., ਭਾਵੇਂ.........ਉਹ, ਜ਼ਹਿਰ ਹੋਵੇ ! ਪਤਾ ਨਹੀਂ ਕਿਉਂ, ਖੁਦ ਨੂੰ ਹੀ, ਮੈਂ ਜੁਮੇਵਾਰ ਮੰਨਦਾ ਹਾਂ , ਕਿਤੇ ਵੀ , ਜ਼ੁਲਮ ਹੋਵੇ, ਜਾਂ ਕਿਤੇ ਕੋਈ , ਕਹਿਰ ਹੋਵੇ ? ਲਾ ਲਵਾਂ ਗ਼ਲ ਨਾਲ ਮੈਂ, ਕੋਈ ਮੁਸਕਰਾਉਂਦਾ ਜੀ ਮਿਲੇ, ਹਿੰਦੂ ਹੈਵੇ , ਸਿੱਖ ਹੋਵੇ, ਆਪਣਾ ਜਾਂ ਕੋਈ ਗ਼ੈਰ ਹੋਵੇ ! ਮੁਸ਼ਕਿਲਾਂ, ਮੁਸੀਬਤਾਂ ਦੇ , ਔਖੇ ਪੈਂਡੇ ਗਾਹ ਲੲੇ ਮੈਂ, ਹਾਏ ਪਰ, ਤੇਰੇ ਹਿਜ਼ਰ ਦੀ,ਸਾਥੋਂ ਨਦੀ ਨਾ ਤੈਹਰ ਹੋਵੇ! ਲੰਮੀਂ ਨਦਰ ਵਾਲੇ ,ਸੱਚ ਤੱਕ ,ਪਹੁੰਚ ਜਾਂਦੇ ਨੇ ! ਹਜ਼ੂਰ, ਨ੍ਹੇਰ ਹੋਵੇ , ਰਸਤਿਆਂ ਵਿਚ , ਧੁੰਦ ਭਾਵੇਂ ਗਹਿਰ ਹੋਵੇ!

ਗੀਤ / ਸਾਡਾ ਤੁਰ ਗਿਆ ਯਾਰ

ਸਾਡਾ ਤੁਰ ਗਿਆ ਯਾਰ ਅਸੀਂ ਕੱਲੇ ਰਹਿ ਗਏ! ਲੱਪ ਅੱਥਰੂ ਹੀ ਬੱਸ ਸਾਡੇ ਪੱਲੇ ਰਹਿ ਗਏ ! ਹਾਏ ! ਲੰਗਦੀ ਨਾ ਰਾਤ ਅਸੀਂ ਜਾਗਦੇ ਰਹੀਏ ਸਾਡਾ ਕੌਣ ਸੁਣੇ ਦੁੱਖ ਅਸੀਂ ਕਿਸਨੂੰ ਕਹੀਏ ! ਫੱਟ ਦਿਲਾਂ ਵਾਲੇ ਅੱਲੇ ਸਨ ਅੱਲੇ ਰਹਿ ਗਏ ਸਾਡਾ ਤੁਰ ਗਿਆ ਯਾਰ.. ਸਾਡੀ ਅੱਖੀਆਂ ਚੋਂ ਛੰਮ ਛੰਮ ਵਹਿਣ ਅੱਥਰੂ ਟੁੱਟੇ ਦਿਲਾਂ ਦੀ ਕਹਾਣੀ ਪਏ ਕਹਿਣ ਅੱਥਰੂ ! ਹੋਏ ਪਿਆਰ ਵਿਚ ਝੱਲੇ ਨੈਣ ਝੱਲੇ ਰਹਿ ਗਏ ਸਾਡਾ ਤੁਰ ਗਿਆ ਯਾਰ.. ਕੀਤੇ ਵਾਅਦੇ ਪਲਾਂ ਵਿਚ ਚੂਰ ਚੂਰ ਹੋ ਗਏ ਫੋਰ ਅੱਖ ਦੀ ਚੋਂ ਯਾਰ ਸਾਥੋਂ ਦੂਰ ਹੋ ਗਏ ! ਸੁੱਖ ਲ਼ੈ ਗਏ ਉਹ ਦੁੱਖ ਸਾਡੇ ਵੱਲੇ ਲਹਿ ਗਏ ਸਾਡਾ ਤੁਰ ਗਿਆ ਯਾਰ.. ਚਲੋ ਜਿਵੇਂ ਵੀ ਸਰੇਗਾ ਅਸੀਂ ਸਾਰੇ ਲਵਾਂਗੇ ਉਸਦੀ ਯਾਦ ਵਿਚ ਜ਼ਿੰਦਗੀ ਗੁਜ਼ਾਰ ਲਵਾਂਗੇ ! ਸੱਧਰ ਆਇਆ ਨਾ ਸੁਨੇਹੇ ਸਾਡੇ ਘੱਲੇ ਰਹਿ ਗਏ ਸਾਡਾ ਤੁਰ ਗਿਆ ਯਾਰ.. ਅਸੀਂ.....

ਮੁਹੱਬਤ

ਦੋ ਜਵਾਨ ਦਿਲਾਂ ਨੂੰ ਮੁਹੱਬਤ ਦੀ ਬਾਤ ਪਾਉਂਣੀ ਕਿੰਨੀ ਮਹਿੰਗੀ ਪੈ ਸਕਦੀ ਹੈ ਇਹ ਮੈਂ ਵੀ ਜਾਣਦਾ ਸਾਂ ਤੇ... ਸ਼ਾਇਦ ਤੂੰ ਵੀ ! ਠੀਕ ਹੈ ਸਿਖ਼ਰ ਦੁਪਹਿਰੇ ਲੱਕ ਲੱਕ ਬਲਦੀ ਜਵਾਨੀ ਕਿਸੇ ਹਾਣੀ ਦਾ ਸੰਗ ਭਾਲਦੀ ਹੈ , ਜੋ ਉਸਦੇ ਸੁਪਨਿਆਂ ਦੇ ਹਾਣਦਾ ਹੋਵੇ ਜੋ ਦਿਲ ਚੋਂ ਉਠਦੇ ਜਜ਼ਬੇ ਪਹਿਚਾਣਦਾ ਹੋਵੇ ! ਠੀਕ ਹੈ ਜਿੰਦਗੀ ਮੁਹੱਬਤ ਬਿੰਨ ਅਧੂਰੀ ਹੈ ਨਮਕ ਬਿੰਨ ਸਲੂਣੇ ਵਾਂਗ ਫਿੱਕੀ ਤੇ ਬੇ-ਸਵਾਦ, ਠੀਕ ਹੈ ਮੁਹੱਬਤ ਵਰ ਹੈ ਜਿੰਦਗੀ ਲਈ ਪਰ ਸਰਾਪ ਵੀ ਬਣ ਜਾਂਦੀ ਹੈ ਕਦੀ ਕਦੀ..! ਜ਼ਰੂਰੀ ਨਹੀਂ ਮੁਹੱਬਤ ਦੇ ਬੂਟੇ ਨੂੰ ਉਮੀਦਾਂ ਦੇ ਹੀ ਫੁੱਲ ਪੈਣ ਬੇ-ਉਮੀਦੀ ਦੇ ਕੰਡੇ ਵੀ ਲੱਗ ਸਕਦੇ ਨੇ ਵਿੰਨ੍ਹਿਆਂ ਜਾਵੇ ਜਿੰਨ੍ਹਾਂ ਚ ਸਾਡੇ ਜ਼ਹਿਨ ਦਾ ਰੇਸ਼ਾ ਰੇਸ਼ਾ ! ਤੇ...ਇਹ ਵੀ ਹੋ ਸਕਦੈ ਜ਼ਹਿਨ ਚ ਪੁੜੀ ਮੁਹੱਬਤ ਦੀ ਛਿਲਤਰ ਦੁੱਖਿਧ ਯਾਦਾਂ ਦੀ ਸੂਈ ਨਾਲ ਕੱਢਦੇ ਕੱਢਦੇ ਅਸੀਂ ਉਮਰ ਗੁਜ਼ਾਰ ਲਈਏ ! ਜਾਂ ਡੂੰਘੇ ਅੰਤਰੀਵ ਵਿਚ ਲਹਿ ਗਈ ਮੁਹੱਬਤ ਦਾ ਰੇਖਾ ਚਿੱਤਰ ਲਿਖਦੇ ਲਿਖਦੇ ਵਕਤ ਦੇ ਕਾਫਲੇ ਤੋਂ ਬਹੁਤ ਪਿੱਛੇ ਰਹਿ ਜਾਈਏ! ਸੱਚ ਤਾਂ ਇਹ ਹੈ, ਬਹਾਰ ਤੋਂ ਬਾਅਦ ਖ਼ਿਜ਼ਾਂ ਦੀ ਰੁੱਤ ਆਉਂਦੀ ਹੈ ਤੇ ਪਿਆਰ ਤੋਂ ਬਾਅਦ ਜੁਦਾਈ ਦੀ, ਜਦ ਜਿੰਦਗੀ ਦੇ ਬਿਰਖ਼ ਤੋਂ ਹਸਰਤਾਂ ਦੇ ਪੱਤੇ ਝੜਣ ਲੱਗਦੇ ਹਨ ਇਕ ਤੋਂ ਬਾਅਦ ਇਕ ਤੇ...ਰਹਿ ਜਾਂਦੇ ਹਾਂ ਅਸੀਂ ਮਾਰੂਥਲ ਚ ਖੜ੍ਹੇ ਕਿਸੇ ਰੁੰਡ ਮਰੁੰਡ ਬਿਰਖ਼ ਵਾਂਗ ਤਨ ਦੀ ਚਿੱਖਾ ਸੇਕਦੇ ਸਜਨੀ, ਅਜੇ ਜ਼ੁਲਫ਼ਾਂ ਦੀ ਛਾਂ ਥੱਲੇ ਤਮਾਮ ਉਮਰ ਬਿਤਾ ਦੇਣ ਦੀ ਗੱਲ ਵਕਤ ਦੇ ਹਾਣਦੀ ਨਹੀਂ ਖ਼ਲਕਤ ਅਜੇ ਮੁਹੱਬਤ ਦੇ ਅਰਥ ਪਹਿਚਾਣਦੀ ਨਹੀਂ ! ਦੋ ਜਵਾਨ ਦਿਲਾਂ ਨੂੰ ਮੁਹੱਬਤ ਦੀ ਬਾਤ ਪਾਉਂਣੀ ਕਿੰਨੀ ਮਹਿੰਗੀ ਪੈ ਸਕਦੀ ਹੈ ਇਹ ਮੈਂ ਵੀ ਜਾਣਦਾ ਹਾਂ ਤੇ ਸ਼ਾਇਦ ਤੂੰ ਵੀ...!

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਗੀਰ ਸੱਧਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ