Punjabi Poetry : Malkiat Sohal
ਪੰਜਾਬੀ ਕਵਿਤਾਵਾਂ : ਮਲਕੀਅਤ 'ਸੁਹਲ'
101. ਪਿੰਡ ਦੇ ਨੇਤਾ
ਛੋਟੇ- ਮੋਟੇ ਪਿੰਡ ਦੇ ਨੇਤਾ ਆਪਣੀ ਸਾਂਝ ਪੁਗਾਉਂਦੇ ਨੇ। ਚਮਚੇ, ਕੱੜਛੇ, ਕੱੜਛੀਆਂ ਨੂੰ ਕਿਵੇਂ ਉਹ ਟਕਰਾਉਂਦੇ ਨੇ। ਹਾਰ ਗਿਆ ਜਾਂ ਜਿੱਤ ਗਿਆ ਇਹ ਬਾਜ਼ੀ ਹੈ ਦੰਗਲ ਦੀ, ਸਮਝਦਾਰਸਿਆਣੇ ਨੇਤਾ ਪਰਦੇ ਵਿਚ ਨੱਚਾਉਂਦੇ ਨੇ। ਸੌਦੇਬਾਜੀ ‘ਤੇ ਗੱਲ ਮੁੱਕੇ ਏਧਰ ਵੀ ਤੇ ਓਧਰ ਵੀ, ਫਿਰ ਵੀ ਘਾਲਾ-ਮਾਲਾ ਕਰਕੇ ਥਾਣਾ ਜਰੂਰ ਵਿਖਾਉਂਦੇ ਨੇ। ਰਿਸ਼ਵਤ ਦੀ ਹੈ ਬੋੱਲੀ ਲੱਗੀ ਟੈਂਡਰ ਭਰਨਾ ਪੈਣਾ ਹੈ, ਸੱਸਤੀ ਬੋੱਲੀ ਤੇ ਉੇਹ ਸਾਰੇ ਆਪਣਾ ਹੱਕ ਜਮਾਉਂਦੇ ਨੇ। ਏਥੇ ਆਈਆਂ ਕਈ ਸਰਕਾਰਾਂ ਰਿਸ਼ਵਤ-ਖੋਰੀ ਹੋਈ ਜਵਾਨ, ਮੁੱਕਬਰ ਬਣ ਕੇ ਨੇਤਾ ਸਾਡੇ ਸੌਦਾ ਖੁਦ ਮੁਕਾਉਂਦੇ ਨੇ। ਈਰਖ਼ਤਾ ਦੀ ਹੱਦ ਨਾ ਕੋਈ ਹੱਦਾਂ - ਬੰਨੇਂ ਟੱਪ ਗਈ ਹੈ, ਰੱਬ ਜਿਹੇ ਪਿਆਰੇ ਮੁੱਖੜੇ ਲਉਂਦੇ ਅਤੇ ਬੁਝਾਉਂਦੇ ਨੇ। “ਸੁਹਲ” ਤੈਨੂੰ ਰਾਸ ਨਾ ਆਏ ਝੂਠੇ ਵਾਇਦੇ ਤੇ ਵਲ ਫਰੇਬ, ਇਕ ਨੇਤਾ ਦੀ ਕੁਰਸੀ ਖਾਤਰ ਆਪਣੀ ਧੌਣ ਝੁਕਾਉਂਦੇ ਨੇ।
102. ਪਿਆਕੱੜ
ਬੜੇ ਪਿਆਕੱੜ, ਸਿਫ਼ਤਾਂ ਕਰਨ ਸ਼ਰਾਬ ਦੀਆਂ। ਉੱਠ ਸਵੇਰੇ , ਗੱਲਾਂ ਕਰਨ ਹਿਸਾਬ ਦੀਆਂ। ਘੁੱਟ ਪਾ ਦੇ ਯਾਰਾ, ਅਜੇ ਤਾਂ ਕਿਹੜੀ ਪੀਤੀ ਹੈ ਅਜੇ ਤਾ ਗੱਲਾਂ, ਛਿੜੀਆਂ ਨੇ ਪੰਜਾਬ ਦੀਆਂ। ਮੈਖ਼ਾਨੇ ਵਿਚ, ਦਾਰੂ ਸਵਰਗ ਵਿਖਾਉਂਦਾ ਏ ਇਹ ਤਾਂ ਸਭੇ ਮਿਹਰਾਂ ਹੈਨ ਜਨਾਬ ਦੀਆਂ। ਭੁੱਲ ਜਾਂਦੇ , ਸਭ ਦੁੱਖ- ਦੁਖੇਵੇਂ ਜ਼ਿੰਦਗੀ ਦੇ ਆਉਂਦੀਆਂ ਖ਼ੁਸ਼ਬੂਆਂ ਜਦੋਂ ਕਬਾਬ ਦੀਆਂ। ਬੋਤਲ, ਮੁੱਰਗਾ, ਮੱਛੀ “ਸੁਹਲ” ਖਤਮ ਹੋਏ ਤਾਂ ਮੁੱਕੀਆਂ ਨੇ, ਗ਼ਜ਼ਲਾਂ, ਓਸ ਕਿਤਾਬ ਦੀਆਂ।
103. ਪ੍ਰੇਮ ਪੱਤਰ
ਗਲਤੀ ਕਰ- ਕਰ ਵੇਖੀ ਹੈ। ਗਰਮੀਂ ਦੀ ਅੱਗ ਸੇੱਕੀ ਹੈ। ਯਾਦ ਸਤਾਉਂਦੀ ਸਾਨੂੰ ਵੀ। ਆਉਂਦੀ ਯਾਦ ਤੁਹਾਨੂੰ ਵੀ। ਕਰ ਦਿਲ ਵਢਾ ਆ ਯਾਰਾ। ਸਮਾਂ ਨਾ ਦਈਂ ਗੁਆ ਯਾਰਾ। ਕਲਮਾਂ ਦੀ ਯਾਰੀ ਪੱਕੀ ਹੈ। ਪਰ1 ਗੁੱਸੇ ਵਿਚ ਨਿਪੱਕੀ ਹੈ। ਨਾ ਰੁਕਣਾ ਤੇ ਨਾ ਮੁਕਣਾ ਹੈ। ਤੜਪ-ਤੜਪ ਨਾ ਸੁੱਕਣਾ ਹੈ। ਸੁੱਖ, ਸਾਂਝ ਦੀ ਮੰਗਦਾ ਹਾਂ। ਨਫ਼ਰਤ ਨੂੰ ਕਿੱਲੀ ਟੰਗਦਾ ਹਾਂ ਹੋ ਜਾਣ ਕਿਧਰੇ ਬੋਲ-ਕਬੋਲ। ਤਾਂ ਫਿਰ ਦਿਲ ਨੂੰ ਪੈਂਦੇ ਹੌਲ। ਤੋੜ-ਵਿਛੋੜਾ ਜੇ ਲਿੱਖਤ ਰੂਪ। ਤਦ ਗੁੱਸਾ ਹੁੰਦਾ ਬੜਾ ਕਰੂਪ। ਸਾਂਭੀਆਂ ਲਿਖ਼ਤਾਂ ਪੜ੍ਹ ਲਵੋ। ਐਵੇਂ ਸ਼ੀਸ਼ੇ ‘ਚ ਨਾ ਜੜ ਲਵੋ। ਬਹੁਤਾ ਗੁੱਸਾ ਮੰਨ ਹੰਡਾਉ ਨਾ। ਫੁੱਲ ‘ਸੁਹਲ’ ਤੋੜ ਗਵਾਉ ਨਾ।
104. ਪੰਜਾਬ ਕੌਰੇ
ਵਲੈਤ ਰਾਣੀ ਪੁੱਛਦੀ, ਭੈਣੇਂ ਨੀਂ ਪੰਜਾਬ ਕੌਰੇ, ਕੀ ਹਾਲ ਰੰਗਲੇ ਪੰਜਾਬ ਦਾ। ਛੋਟੇ ਹੁੰਦੇ ਖੇਡਦੇ ਸੀ, ਗੋਟਲਾ-ਛੱਪਾਕੀ ਸਾਰੇ। ਇਕ ਦੂਜੇ ਉਤੇ ਆਪਾਂ, ਗੋਟਲੇ ਸੀ ਬੜੇ ਮਾਰੇ। ਉੱਚੀ-ਉੱਚੀ ਬੋਲਦੇ, ਪਹਾੜਾ ਸੀ ਹਿਸਾਬ ਦਾ, ਵਲੈਤ ਰਾਣੀ ਪੁੱਛਦੀ, ਭੈਣੇਂ ਨੀਂ ਪੰਜਾਬ ਕੌਰੇ, ਕੀ ਹਾਲ ਰੰਗਲੇ ਪੰਜਾਬ ਦਾ। ਪੱਪਾ- ਜਿੱਜੇ ਕੰਨਾਂ ਬੱਬਾ, ਲਿਖ਼ਦੇ ਪੰਜਾਬ ਸੀ। ਰਾਰਾ- ਬੱਬੇ ਕੰਨਾਂ- ਬੱਬਾ, ਪੜ੍ਹਦੇ ਰਬਾਬ ਸੀ। ਖਿੱੜਦਾ ਸੀ ਫੁੱਲ ਉਦੋਂ ਵਾੜਾਂ ‘ਚ ਗੁੱਲਾਬ ਦਾ, ਵਲੈਤ ਰਾਣੀ ਪੁੱਛਦੀ, ਭੈਣੇਂ ਨੀਂ ਪੰਜਾਬ ਕੌਰੇ, ਕੀ ਹਾਲ ਰੰਗਲੇ ਪੰਜਾਬ ਦਾ। ਰੇੜ੍ਹੀਆਂ ਤੋਂ ਖਾਂਦੇ ਪੀਜ਼ਾ, ਬਰਗਰ, ਮੈਗ਼ੀ ਨੀਂ। ਮੁੰਡੇ ਅਤੇ ਕੁੜੀਆਂ ਨੂੰ, ਆਦਤ ਹੈ ਪੈ ਗਈ ਨੀਂ ਸਵਾਦ ਭੁੱਲੀ ਜਾਂਦਾ ਹੁਣ, ਗੰਦਲਾਂ ਦੇ ਸਾਗ ਦਾ ਵਲੈਤ ਰਾਣੀ ਪੁੱਛਦੀ, ਭੈਣੇਂ ਨੀਂ ਪੰਜਾਬ ਕੌਰੇ, ਕੀ ਹਾਲ ਰੰਗਲੇ ਪੰਜਾਬ ਦਾ। ‘ਸੁਹਲ’ ਏਥੇ ਬੰਦਾ ਹੁਣ, ਬੰਦੇ ਨੂੰ ਹੈ ਖਾ ਰਿਹਾ। ਨੇਤਾ ਹੁਣ ਵਾਇਦਿਆ ਦੀ, ਡੱਫ਼ਰੀ ਵਜਾ ਰਿਹਾ ਗੀਤਾਂ ਵਿਚ ਰੰਗ ਹੁੰਦਾ, ਟੱਕੂਏ - ਸ਼ਰਾਬ ਦਾ, ਵਲੈਤ ਰਾਣੀ ਪੁੱਛਦੀ, ਭੈਣੇ ਨੀਂ ਪੰਜਾਬ ਕੌਰੇ, ਹਾਲ ਦੱਸ ਰੰਗਲੇ ਪੰਜਾਬ ਦਾ। ਨੀਂ ਹਾਲ ਰੰਗਲੇ ਪੰਜਾਬ ਦਾ।
105. ਮਾਂ ਪੰਜਾਬੀ ਬੋਲੀ
ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਮਿਹਣੇਂ ਨਾ ਇਹਨੂੰ ਮਾਰੋ, ਪੈਰਾਂ ‘ਚ ਨਾ ਲਿਤਾੜੋ। ਇਹ ਰਾਣੀਆਂ ਦੀ ਰਾਣੀਂ ਬਣਨੀ ਕਦੇ ਨਹੀਂ ਗੋਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਏਥੇ ਹੋਰ ਕਈ ਭਾਸ਼ਾਵਾਂ, ਜਿਹੜੀ ਵੀ ਮਰਜੀ ਸਿਖੋ। ਇਹ ਮਾਂ ਬੋਲੀ ਨੂੰ ਯਾਰੋ ਕਰਿਉ ਨਾ ਕੱਖੋਂ ਹੌਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਸਰਕਾਰਾਂ ਦੀ ਰਾਜਨੀਤੀ, ਬਦਨੀਤੀ ਇਸ ਤੇ ਕੀਤੀ। ਪੰਜਾਬੀ ਮਾਂ ਤੋਂ ਜੰਮ ਕੇ ਕਿਸੇ ਮਾਂ ਨਵੀਂ ਹੈ ਟੋਹਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਨਾਨਕ ਗੁਰਾਂ ਦੀ ਬਾਣੀ, ਬਾਬੇ ਫ਼ਰੀਦ ਦੀ ਹਾਣੀ। ਇਸ ਨੂੰ ਮਨ ਵਸਾ ਕੇ ਭਰਨੀ ਹੈ ਆਪਣੀ ਝੋਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਕੈਸਾ ਜਮਾਨਾਂ ਆਇਆ, ਮਾਂ ਦਾ ਦਿਲ ਤਪਾਇਆ। ਮਾਂ ਬੋਲੀ ਤੋ ਜੋ ਮੁੱਕਰੇ ਕੀ, ਵੱਜੀ ਉਨ੍ਹਾਂ ਨੂੰ ਗੋਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਮਾਂ ਬੋਲੀ ਹੈ ਜਨਮ ਦੱਾਤੀ, ਦੁੱਧ ਵਿਚ ਹੈ ਇਹ ਨ੍ਹਾਤੀ। ਮਾਂ ਚਰਨੀਂ ਸੀਸ ਝੁਕਾਉ ਪੈਰਾਂ ‘ਚ ਮਾਂ ਕਿਉਂ ਰੋੱਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ। ਪੰਜਾਬ ਦੀ ਹੈ ਮਾਂ ਪੰਜਾਬੀ, ਜ੍ਹਿਦਾ ਮੁੱਖੜਾਂ ਹੈ ਗ਼ੁਲਾਬੀ। ਮਲਕੀਅਤ ਪੰਜਾਬੀਆਂ ਦੀ ਤਵਾਰੀਖ਼ ਜਦਫਰੋਲੀ; ਸਾਡੀ ਮਾਂ ਪੰਜਾਬੀ ਬੋਲੀ। ਦੁੱਧ ‘ਚ ਮਿਸ਼ਰੀ ਘੋਲੀ।
106. ਰਾਵੀ ਨੂੰ ਝੰਜੋੜ ਗਏ
ਜਿਹਲਮ, ਝਨਾਬ ਵੀਰੇ, ਬਾਂਹ ਮੇਰੀ ਤੋੜ ਗਏ। ਸਤਲੁਜ, ਬਿਆਸ ਭੈਣ ਰਾਵੀ ਨੂੰ ਝੰਜੋੜ ਗਏ। ਵੰਡਿਆ ਭਰਾਵਾਂ ਮੈਨੂੰ, ਦਿਲ ਮੇਰਾ ਚੀਰਿਆ। ਕਿਵੇਂ ਕਰਾਂ ਹੌਂਸਲਾ, ਪੰਜਾਬੀ ਮੇਰੇ ਵੀਰਿਆ। ਇਹ ਰੰਗਲੇ ਪੰਜਾਬ ਨੂੰ, ਲਹੂ ਵਿਚ ਰੋ੍ਹੜ ਗਏ, ਜਿਹਲਮ, ਝਨਾਬ ਵੀਰੇ, ਬਾਂਹ ਮੇਰੀ ਤੋੜ ਗਏ। ਸਤਲੁਜ, ਬਿਆਸ ਭੈਣ ਰਾਵੀ ਨੂੰ ਝੰਜੋੜ ਗਏ। ਸਾਰੀ ਦੁਨੀਆਂ ਤੇ ਮੇਰਾ, ਵੱਧ ਸਤਿਕਾਰ ਸੀ। ਨੱਚਦੀ ਮੈਂ ਖੇਡਦੀ, ਕੋਈ ਨਾ ਪਹਿਰੇਦਾਰ ਸੀ। ਫਿਰਕੂ, ਜਨੂਨੀ ਮੈਨੂੰ, ਅੱਗ ਲਾ ਕੇ ਦੌੜ ਗਏ, ਜਿਹਲਮ, ਝਨਾਬ ਵੀਰੇ, ਬਾਂਹ ਮੇਰੀ ਤੋੜ ਗਏ। ਸਤਲੁਜ, ਬਿਆਸ ਭੈਣ ਰਾਵੀ ਨੂੰ ਝੰਜੋੜ ਗਏ। ਚੌਹਾਂ ਮੈਂ ਭਰਾਵਾਂ ਦੀ, ਇਕੋ-ਇਕ ਭੈਣ ਸਾਂ। ਪੁੱਛਦੀ ਹਾਂ ਉਨ੍ਹਾਂ ਨੂੰ, ਭੈਣ ਸੀ ਜਾਂ ਡੈਣ ਸਾਂ। ਜੋ ਦੋਵਾਂ ਸਰਹੱਦਾਂ ਵਿਚ, ਮੈਨੂੰ ਕਿਉਂ ਹੋੜ ਗਏ, ਜਿਹਲਮ, ਝਨਾਬ ਵੀਰੇ, ਬਾਂਹ ਮੇਰੀ ਤੋੜ ਗਏ। ਸਤਲੁਜ, ਬਿਆਸ ਭੈਣ, ਰਾਵੀ ਨੂੰ ਝੰਜੋੜ ਗਏ। ਮੇਰੇ ਦਾਦੇ - ਨਾਨੇਂ ਪੱਗਾਂ, ਬੰਨ੍ਹਦੇ ਗੁਲਾਬੀ ਸੀ। ਹਿੰਦੂ-ਸਿੱਖ, ਮੁਸਲਮ, ਸਾਰੇ ਹੀ ਪੰਜਾਬੀ ਸੀ। ‘ਸੁਹਲ’ ਜਿਹੇ ਫੁੱਲ ਵੀ, ਟਾਹਣੀਉਂ ਤਰੋੜ ਗਏ ਸਤਲੁਜ, ਬਿਆਸ ਭੈਣ, ਰਾਵੀ ਨੂੰ ਝੰਜੋੜ ਗਏ। ਜਿਹਲਮ, ਝਨਾਬ ਵੀਰੇ, ਬਾਂਹ ਮੇਰੀ ਤੋੜ ਗਏ।
107. ਰਾਜ-ਭਾਗ ਦੇ ਮਾਲਿਕ
ਸਿਆਸਤ ਵੀ ਹੁਣ ਵੜ ਗਈ ਯਾਰੋ! ਆਮ ਘਰਾਂ ਦੇ ਅੰਦਰ। ਹੁਣ ਇਨ੍ਹਾਂ ਤੋਂ ਬਚ ਨਹੀਂ ਸਕਦੇ, ਗ਼ਿਰਜ਼ੇ, ਮਸਜ਼ਿਦ-ਮੰਦਰ। ਅਜੇ ਵੀ ਅਕਲ ਨਾ ਆਈ ਲੋਕੋ ਧਰਮ ਪੜ੍ਹਾਈਆਂ ਪੜ੍ਹ ਕੇ ਜੰਗ ਜਨੂਨੀਂ ਇਉਂ ਲੜਦੇ ਨੇ, ਜਿਉਂ ਲੜਦੇ ਨੇ ਭੁੱਖੇ ਬੰਦਰ। ਰਾਜਨੀਤੀ ਦਾ ਘੋਲ - ਮਚੋਲਾ, ਧਰਮਾਂ ਨੂੰ ਢਾਹ ਲਾਈ ਜਾਵੇ ਰਾਜ-ਭਾਗ ਦੇ ਮਾਲਕ ਹੱਥੀਂ, ਚਮਕ ਰਿਹਾ ਹੈ ਖੂਨੀਂ ਖ਼ੰਜਰ। ਹੁਣ ਪਿੰਡਾਂ, ਸ਼ਹਿਰਾਂ- ਸੜਕਾਂ ਦੇ , ਸਭ ਨਾਂ ਬਦਲਦੇ ਜਾਂਦੇ ਨੇ ਬਦਲ ਜਾਊ ਇਤਹਾਸਿਕ ਥਾਵਾਂ, ਕਿਥੋਂ ਲਭਣਾਂ ਤੁਸੀਂ ਜਲੰਧਰ। “ਸੁਹਲ” ਗੁਰੂਆਂ- ਪੀਰਾਂ ਦੇ , ਨਾਵਾਂ ਤੇ ਹੋ ਰਹੀ ਸਿਆਸਤ ਨਿੱਤ ਨਵਾਂ ਹੀ ਚੰਨ ਚੜ੍ਹਾਉਂਦੇ , ਖੇਡਾਂ ਖੇਡਣ ਕਈ ਪਤੰਦਰ।
108. ਰੱਖੜੀ ਹੈ ਤਿਉਹਾਰ
ਭੈਣਾ ਦਾ ਤਿਉਹਾਰ ਹੈ ਰੱਖੜੀ। ਰੀਝਾਂ ਦਾ ਸ਼ਿੰਗਾਰ ਹੈ ਰੱਖੜੀ। ਰੱਖੜੀ ਦੀ ਤੰਦ ਧਰਮ ਨਿਭਾਏ ਮਾਣ ਅਤੇ ਸਤਿਕਾਰ ਹੈ ਰੱਖੜੀ। ਗੁੱਟ ਉੱਤੇ ਜਦ ਸੱਜ ਜਾਵੇ ਤਾਂ ਜੀਵਨ ਦਾ ਇਕਰਾਰ ਹੈ ਰੱਖੜੀ। ਇਹ ਸੱਚੀ ਸੋਚ ਤੇ ਪਹਿਰਾ ਦੇਵੇ ਵੰਡਦੀ ਸਦਾ ਪਿਆਰ ਹੈ ਰੱਖੜੀ ਉਮਰਾਂ ਦਾ ਇਹ ਸਾਥ ਨਿਭਾਵੇ ਸਾਂਝਾਂ ਦਾ ਪਰਵਾਰ ਹੈ ਰੱਖੜੀ। ਸੋਹਣਿਆਂ ਰੰਗਾਂ ਫੁੱਲਾਂ ਵਾਲੀ ਜਿੰਦਗ਼ੀ ਚ ਗੁਲਜ਼ਾਰ ਹੈ ਰੱਖੜੀ। ‘ਸੁਹਲ’ ਸੁੱਚੇ ਰਿਸ਼ਤਿਆਂ ਲਈ ਸਧਰਾਂ ਦਾ ਸੰਸਾਰ ਹੈ ਰੱਖੜੀ।
109. ਰਾਤ ਨਾ ਮੁਕੀ
ਇਸ਼ਕ ਦੀ ਜਿਹੜੀ ਪਾਈ ਕਹਾਣੀ, ਉਹ ਤਾਂ ਸਾਰੀ ਰਾਤ ਨਾ ਮੁੱਕੀ। ਦਿਨ ਚੜ੍ਹਿਆ ਤਾਂ ਨੀਂਦਰ ਆਵੇ, ਫਿਰ ਵੀ ਸਾਡੀ ਬਾਤ ਨਾ ਮੁੱਕੀ। ਪਿਆਰ ਕਹਾਣੀ ਐਸੀ ਪਾਈ, ਜਿਹਨੇ ਸਭ ਦੀ ਹੋਸ ਗਵਾਈ। ਅੱਖੀਆਂ ਦੇ ਵਿਚ ਨੀਂਦਰ ਰੜਕੇ, ਤਾਂ ਵੀ ਸਾਡੀ ਚਾਹਤ ਨਾ ਮੁੱਕੀ। ਸਭ ਗੱਲਾਂ ਹੋਈਆਂ ਊਲ- ਜਲੂਲ ਇਸ਼ਕ ਦਾ ਖੁੱਲਾ ਜਿਉਂ ਸਕੂਲ, ਲ਼ਿਖਦੇ ਲਿਖਦੇ ਭਰ ਗਏ ਪੰਨੇ, ਸਿਆਹੀ ਦੀ ਭਰੀ ਦਵਾਤ ਨਾ ਮੁੱਕੀ। ਜਿਹਨੂੰ ਲਗ ਜਾਏ ਇਸ਼ਕ ਬੀਮਾਰੀ ਮੱਤ ਉਹਦੀ ਹੈ ਜਾਂਦੀ ਮਾਰੀ, ਰਿਸ਼ਤਿਆਂ ਦੀ ਗੱਲ ਜੇ ਮੁੱਕੀ, ਇਸ਼ਕ ਦੀ ਕਰਾਮਾਤ ਨਾ ਮੁੱਕੀ। ਤਾ੍ਹਨੇਂ ਸੁਣ ਕੰਨ ਬੋਲੇ ਹੋ ਗਏ ਝਿੜਕਾਂ ਸੁਣ ਦਿਲ ਕੋਲੇ ਹੋ ਗਏ, ਕਾਤਿਲ ਵੀ ਚੁੱਪ ਕਰਕੇ ਬਹਿ ਗਏ ਉਹਨਾਂ ਦੀ ਮੁਲਾਕਾਤ ਨਾ ਮੁੱਕੀ। “ਸੁਹਲ” ਇਹਦੇ ਤੋਂ ਮਰਨਾ ਚੰਗਾ ਜਿਸ ਤੋਂ ਹੁੰਦਾ ਰਹਿੰਦਾ ਦੰਗਾ, ਹੁਣ ਹਰ ਮਹੀਨਾ ਸਾਵਣ ਵਰਗਾ ਹੰਝੂਆਂ ਦੀ ਬਰਸਾਤ ਨਾ ਮੁੱਕੀ। ਇਸ਼ਕ ਦੀ ਜਿਹੜੀ ਪਾਈ ਕਹਾਣੀ, ਉਹ ਤਾਂ ਸਾਰੀ ਰਾਤ ਨਾ ਮੁੱਕੀ। ਦਿਨ ਚੜ੍ਹਿਆ ਤਾਂ ਨੀਂਦਰ ਆਈ, ਫਿਰ ਵੀ ਸਾਡੀ ਬਾਤ ਨਾ ਮੁੱਕੀ।
110. ਸਬਰ ਪਿਆਲਾ
ਕੋਈ ਘਰ ਕਿਸੇ ਦਾ ਲੁੱਟ ਗਿਆ। ਸਬਰ ਪਿਆਲਾ ਟੁੱਟ ਗਿਆ। ਇਹ ਹੁਣ ਕੀ ਚਲਿਆ ਚੱਕਰ ਹੈ ਕੋਈ ਨਾ ਰੱਬ ਦਾ ਫ਼ੱਕਰ ਹੈ। ਕਰ ਕੇ ਆਪਣਾ ਰੰਗ- ਤਮਾਸ਼ਾ, ਮਸੂਮ ਦਾ ਗਲ ਘੁੱਟ ਗਿਆ। ਕੋਈ ਘਰ ਕਿਸੇ ਦਾ ਲੁੱਟ ਗਿਆ। ਸਬਰ ਪਿਆਲਾ ਟੁੱਟ ਗਿਆ। ਉਹ ਜਿਸ ਦੇ ਨਾਲ ਵੀ ਰਹਿੰਦੇ ਨੇ ਉਸ ਨੂੰ ਆਪਣਾ ਕਹਿੰਦੇ ਨੇ। ਅੰਦਰੋਂ - ਅੰਦਰ ਛੁਰੀ ਚਲਾ ਕੇ, ਖ਼ਿੱੜੀ ਕਲੀ ਨੂੰ ਪੁੱਟ ਗਿਆ। ਕੋਈ ਘਰ ਕਿਸੇ ਦਾ ਲੁੱਟ ਗਿਆ। ਸਬਰ ਪਿਆਲਾ ਟੁੱਟ ਗਿਆ। ਉਹ ਕਿਹੜੇ ਖੂਹ ਵਿਚ ਪੈ ਮਰਨਗੇ ਜਿਹੜੇ ਭੈੜੇ ਕਰਮ ਕਰਨਗੇ। ਕੋਈ ਅੰਨ੍ਹੇਂ, ਬੋਲੇ ਕਰ ਕੇ ਗੁੰਗੇ, ਸੰਗਲਾਂ ਦੇ ਨਾਲ ਜੁੱਟ ਗਿਆ। ਕੋਈ ਘਰ ਕਿਸੇ ਦਾ ਲੁੱਟ ਗਿਆ। ਸਬਰ ਪਿਆਲਾ ਟੁੱਟ ਗਿਆ। ਸਮਝ ਕਿਉਂ ਫਿਰ ਆਉਂਦੀ ਨਹੀਂ ਲੋਕਾਂ ਨੂੰ ਗੱਲ ਭਉਂਦੀ ਨਹੀਂ। ਹੁਣ ‘ਸੁਹਲ’ ਕੋਈ ਵਿਚਾਰ ਕਰੋ, ਪਾਪ ਦਾ ਭਾਂਡਾ ਫੁੱਟ ਗਿਆ। ਕੋਈ ਘਰ ਕਿਸੇ ਦਾ ਲੁੱਟ ਗਿਆ। ਸਬਰ ਪਿਆਲਾ ਟੁੱਟ ਗਿਆ।
111. ਸੱਚੇ-ਸੁੱਚੇ ਹੁੰਦੇ ਬੋਟ
ਹੁੰਦੇ ਨੇ ਸੱਚੇ - ਸੁੱਚੇ ਬੋਟ। ਕਈ ਬੋਟਾਂ ਵਿਚ ਹੁੰਦੀ ਖੋਟ। ਮਾਪੇ ਸੁੱਖ਼ਣਾ, ਸੁੱਖ਼ਦੇ ਰਹੰਦੇ, ਬੋਟਾਂ ਤਾਈਂ ਨਾ ਲੱਗੇ ਚੋਟ। ਆਪੇ ਭੁੱਖੇ ਰਹਿ ਕੇ ਸੌਂ ਜਾਣ ਬੱਚਿਆਂ ਨੂੰ ਦੇਂਦੇ ਅਖ਼ਰੋਟ। ਉਨ੍ਹਾਂ ਨੂੰ ਤੱਤੀ ਵਾ ਨਾ ਲੱਗੇ, ਸਤਿਗੁਰਾਂ ਦੀ ਮੰਗਣ ਓਟ। ਜਦ ਉਹ ਖ਼ੰਭੀਂ ਉਡਣ ਲਗੇ, ਖ਼ੁਸ਼ੀਆਂ ਅੰਦਰ ਲੋਟ-ਪਲੋਟ। ਦਿਲ ਦੀ ਗੱਲ ਲਕੋਈ ਰਖਣ ਸੀਤੇ ਗਏ ਉਹਨਾਂ ਦੇ ਹੋਠ। ‘ਸੁਹਲ’ ਰਿਸ਼ਤੇ ਫ਼ਿੱਕੇ ਜਾਪਣ, ਛੱਤ ਪਾੜ ਜਦ ਡਿਗਦੇ ਨੋਟ।
112. ਸਾਡਾ ਵਧੀਆ ਬਿਆਸਾ
ਝਨਾਬ ਨਾਲ ਸੋਹਣੀ ਦਾ ਸੀ, ਇਸ਼ਕ ਬੇ-ਤਹਾਸ਼ਾ। ਏਸੇ ਲਈ ਝਨਾਂ ਤੋਂ ਸਾਡਾ, ਵਧੀਆ ਬਿਆਸਾ। ਜਿੰਦ ਰੱਖੀ ਤਲੀ ‘ਤੇ, ਨਾ ਝੱਖੜ-ਤੂਫਾਨ ਡਿੱਠਾ। ਮੌਤ ‘ਵਾਜਾਂ ਪਈ ਮਾਰੇ, ਇਸ਼ਕ ਸੀ ਮੌਤੋਂ ਮਿੱਠਾ। ਮਹੀਂਵਾਲ ਉਡੀਕਦਾ ਸੀ, ਮੂੰਹ ਉਤੋਂ ਮੁੱਕਾ ਹਾੱਸਾ, ਝਨਾਬ ਨਾਲ ਸੋਹਣੀ ਦਾ ਸੀ, ਇਸ਼ਕ ਬੇ-ਤਹਾਸ਼ਾ। ਏਸੇ ਲਈ ਝਨਾਂ ਤੋਂ ਸਾਡਾ, ਵਧੀਆ ਬਿਆਸਾ। ਸੋਹਣੀ ਨੂੰ ਪਰਖ਼ ਨਹੀਂ, ਘੱੜਾ ਕੱਚਾ-ਪੱਕਾ ਹੋਵੇ। ਸੋਚਾਂ ਸੋਚਦੀ ਕਿ ਮੇਰਾ, ਮਹੀਂਵਾਲ ਮੱਕਾ ਹੋਵੇ। ਕੁੱਦ ਗਈ ਝਨਾਂ ਚ, ਉਹਨੇ ਵੱਟਿਆ ਨਾ ਪਾਸਾ, ਝਨਾਬ ਨਾਲ ਸੋਹਣੀ ਦਾ ਸੀ, ਇਸ਼ਕ ਬੇ-ਤਹਾਸ਼ਾ। ਏਸੇ ਲਈ ਝਨਾਂ ਤੋਂ ਸਾਡਾ, ਵਧੀਆ ਬਿਆਸਾ। ਰਾਵੀ, ਭੈਣ ਹੈ ਝਨਾਂ ਦੀ, ਸੱਚ ਕਹਿਣ ਤੋਂ ਪਰੇ। ਸਤਲੁਜ ਤੇ ਬਿਆਸਾ ਤੋਂ ਵੀ, ਉਹ ਜਾਪਦੀ ਡਰੇ। ਜਿਹਲਮ ਵਿਚਾਰਾ ਕਿਉਂ, ਰਹਿੰਦਾ ਹੈ ਉਦਾਸਾ, ਝਨਾਬ ਨਾਲ ਸੋਹਣੀ ਦਾ ਸੀ, ਇਸ਼ਕ ਬੇ-ਤਹਾਸ਼ਾ। ਏਸੇ ਲਈ ਝਨਾਂ ਤੋਂ ਸਾਡਾ, ਵਧੀਆ ਬਿਆਸਾ। ਬਿਆਸ ਕੰਡ੍ਹਾ ਗੁਰੂਆਂ ਦੀ, ਚਰਨਛੋਹ ਹੈ ਧਰਤੀ। ਸੇਵਾ ਨੂੰ ਲਗੇ ਮੇਵਾ “ਸੁਹਲ” ਗੱਲ ਬੜੀ ਸ਼ਰਤੀ। ਬਿਆਸਾ ਦੇ ਕਿਨਾਰੇ ਰਹਿੰਦਾ ਗੁਰੂਆਂ ਦਾ ਵਾਸਾ, ਜੋ ਝਨਾਂ ਤੋਂ ਵੀ ਸੋਹਣਾ ਸਾਡਾ ਵਗਦਾ ਬਿਆਸਾ। ਜਿਹੜਾ ਕਰੇ ਇਸ਼ਨਾਨ. ਏਥੋਂ ਜਾਏ ਨਾ ਨਿਰਾਸਾ।
113. ਸਾਧਾਂ ਨੇ
ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਸੋਹਣੇ ਜਿਹੇ ਮੱਖੌਟੇ ਉਹਨਾਂ ਪਾਏ ਮੁੱਖ ‘ਤੇ। ਕੀਤੇ ਬੜੇ ਕਹਿਰ, ਉਨ੍ਹਾਂ ਨੇ ਮਨੁੱਖ ‘ਤੇ। ਆਪਣੇ-ਪਰਾਇਆਂ ਦਾ ਵੀ, ਘਰ ਪੁੱਟਿਆ, ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਭਦਲੇ ਕਈੇ ਭੇਸ, ਚੋਲਾ ਹੋਰ ਪਾ ਲਿਆ। ਕੰਜਕਾਂ ਨੂੰ ਵੇਖੋ, ਬਘਿਆੜਾਂ ਖਾ ਲਿਆ। ਹੈ ਕਾਤਲਾਂ ਨੇ, ਬੱਚੀਆਂ ਨੂੰ ਮਾਰ ਸੁੱਟਿਆ, ਭੋਲੇ - ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਧੀਆਂ-ਭੈਣਾ ਉਹਨਾਂ ਤਾਈਂ ਸਭੇ ਭੁੱਲੀਆਂ। ਜ਼ਬਰ - ਜਨਾਹਾਂ ਵਿਚ, ਨੀਤਾਂ ਡੁੱਲ਼੍ਹੀਆਂ। ਮਸੂਮ ਜਿੰਦਗ਼ਾਨੀਆਂ ਦਾ, ਸ਼ੀਸ਼ਾ ਟੁੱਟਿਆ, ਭੋਲੇ- ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਉਹ ਸਾਧ ਜਦੋਂ ਬਣਿਆਂ ਤਾਂ, ਪੈਰ ਨੰਗੇ ਸੀ। ਚੋਲੇ ਲਈ ਵੀ ਪੈਸੇ ਲੋਕਾਂ ਤੋਂ ਹੀ ਮੰਗੇ ਸੀ। ਮਿਹਨਤ-ਮਜੂਰੀ ਤੋਂ ਸੀ, ਖਹਿੜਾ ਛੁੱਟਿਆ, ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਉਹ ਬੜੀ ਛੇਤੀ ਬਾਬਾ ਮਸ਼ਹੂਰ ਹੋ ਗਿਆ। ਸੀਸ-ਮਹਿਲ ਡੇਰੇ ਦਾ, ਗਰੂਰ ਹੋ ਗਿਆ। ਜੋ ਰਾਜਨੀਤੀ, ਭਗਤੀ ‘ਚ ਰਹੇ ਜੁੱਟਿਆ, ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਤੂੰ ਭੋਲੇ-ਭਾਲੇ ਲੋਕਾਂ ਦਾ ਹੈ ਗਲਾ ਘੁੱਟਿਆ। ਅਯਾਸ਼ੀ ਵਾਲਾ ਡੇਰਾ, ਪਾਰੇ ਵਾਂਗ ਡੋਲਿਆ। ਕਚਿਹਰੀ ਵਿਚ ਬਾਬਾ, ਢਾਹਾਂ ਮਾਰ ਬੋਲਿਆ। ਸਾਧ ਵਾਲਾ ਅੰਨ-ਪਾਣੀ, ਜਾਪੇ ਮੁੱਕਿਆ, ਤੂੰ ਭੋਲੇ-ਭਾਲੇ ਲੋਕਾਂ ਦਾ ਸੀ ਗਲਾ ਘੁੱਟਿਆ। ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। ਜੱਜ ਸਾਹਿਬ, ਬਾਬੇ ਨੂੰ ਸੀ ਹੁਕਮ ਸੁਣਾਇਆ । ਸੁਣ ਸਜ਼ਾ ਬਾਬੇ ਦਾ ਸੀ ਮੁੱਖ ਮੁਰਝਾਇਆ । ਹੱਥਕੱੜੀਨਾਲ , ਸਾਧ ਨੂੰ ਹੈ ਜੁੱਟਿਆ, ਤੂੰ ਭੋਲੇ-ਭਾਲੇ ਲੋਕਾਂ ਦਾ ਸੀ ਗਲਾ ਘੁੱਟਿਆ। ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ। “ਸੁਹਲ” ਸਰਕਾਰਾਂ ਤਾਂ, ਸਾਧ ਹੀ ਬਣਾਂਵਦੇ। ਕਾਰਾਂ ਦਾ ਚੜ੍ਹਾਵਾ ਉਹਨੂੰ ਲੀਡਰ ਚੜ੍ਹਾਂਵਦੇ। ਕਾਮ-ਕਰੋਧੀਆ ਤੇ ਮਾਇਆ ਦੇ ਭੁੱਖਿਆ, ਭੋਲੇ- ਭਾਲੇ ਲੋਕਾਂ ਦਾ ਤੂੰ ਗਲਾ ਘੁੱਟਿਆ। ਸਾਧਾਂ ਨੇ ਹੈ ਡੇਰਿਆਂ ਨੂੰ ਬੜਾ ਲੁੱਟਿਆ।
114. ਸਾਹਿਤਕਾਰ ਵੀ
ਸਾਹਿਤਕਾਰ ਵੀ ਲੀਡਰ ਵਾਂਗਰ, ਗੁਣ ਗਾਉਂਦੇ ਸਰਕਾਰਾਂ ਦੇ। ਫ਼ੀਤਾ ਕੱਟ, ਉਦਘਾਟਨ ਕਰਦੇ, ਨੇੱਤਾ ਕਵੀ- ਦਰਬਾਰਾਂ ਦੇ। ਕੁਰਸੀ ਦੀ ਭੁੱਖ ਖਾਤਰ ਜਿਹੜੇ ਆਪਣੀਂ ਹੋਂਦ ਗੁਆ ਬਹਿੰਦੇ, ਉਹ ਤਾਂ ਗੀਤ, ਗੳਂੁਣਗੇ ਯਾਰੋ, ਆਪਣੇ ਹੀ ਪਰਵਾਰਾਂ ਦੇ। ਕਲਮ ਤਿੱਖੀ ਤਲਵਾਰ ਦੇ ਵਾਂਗਰ ਖੁੰਡੀ ਕਦੇ ਨਹੀਂ ਹੋ ਸਕਦੀ, ਬਾਣੀ ਕਹਿੰਦੀ ‘ਧਨ ਲਿਖਾਰੀ’ ਸਦਕੇ ਮੈਂ ਕਿਰਦਾਰਾਂ ਦੇ। ਚੌਧਰ ਦੀ ਭੁੱਖ ਮਾਰ ਰਹੀ ਹੈ ਬੰਦੇ ਦੀਆਂ ਜ਼ਮੀਰਾਂ ਨੂੰ, ਮੈਂ ਤਾਂ ਦਰਸ਼ਨ ਕਰਨਾ ਚਾਹੁੰਨਾ ਸਾਹਿਤਕਾਰ ਫ਼ਨਕਾਰਾਂ ਦੇ। ‘ਸੁਹਲ’ ਦੇਸ਼ ਤੇ ਕੌਮ ਖਾਤਰ ਕਲਮ ਦਾ ਤੂੰ ਲੈ ਸਹਾਰਾ, ਮਾਂ ਬੋਲੀ ਲਈ, ਲੜਦੇ ਜਿਹੜੇ ਮੁੱਲ ਪੈਂਦੇ ਲਲਕਾਰਾਂ ਦੇ।
115. ਸੱਜਣ ਹੱਥ ਛੁਡਾ ਕੇ
ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ। ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ। ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ ਕਿਧਰੇ ਉਹ ਵੀ ਗੱਮ ਦੇ ਵਿਚ ਨਾ ਝੁਰ ਜਾਵੇ। ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ। ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ ਜਾਵੇ। ‘ਸੁਹਲ’ ਟੁੱਟੀ ਯਾਰੀ ਦਾ, ਕੋਈ ਇਲਾਜ਼ ਕਰੋ ਕੋਈ ਐਸੀ ਦਿਉ ਦੁਆ ਜੋ ਅੰਦਰ ਧੁਰ ਜਾਵੇ।
116. ਸਉਣ ਦਾ ਮਹੀਨਾ
ਸਉਣ ਮਹੀਨੇ ਬਦਲੇ, ਰੰਗ ਹਵਾਵਾਂ ਦੇ। ਵੇਖੋ ਨੱਖ਼ਰੇ, ਬੱਦਲਾਂ ਦੀਆਂ ਅਦਾਵਾਂ ਦੇ। ਮੌਸਮ ਹੈ ਰੰਗੀਨ, ਕਣੀਆਂ ਵਰ੍ਹੀਆਂ ਨੇ ਖੇਤਾਂ ਵਿਚ ਫਸਲਾਂ,ਹਰੀਆਂ ਭਰੀਆਂ ਨੇ। ਖੁਸ਼ੀ ਮਨਾਈ ਪੇਕੇ ਆਈਆਂ ਕੁੜੀਆਂ ਨੇ। ਪਹਿਲੇ ਸਾਵੇਂ, ਪੀਂਘਾਂ ਝੂਟਣ ਜੁੜੀਆਂ ਨੇ। ਮਹਿੰਦੀ ਵਾਲੇ ਹੱਥੀਂ, ਰੰਗਲਾ ਚੂੜਾ ਹੈ। ਚੂੜੇ ਦਾ ਰੰਗ, ਮਹਿੰਦੀ ਤੋਂ ਵੀ ਗੂੜ੍ਹਾ ਹੈ। ਕੰਤ ਜਿਨ੍ਹਾਂ ਦੇ ਦੂਰ,ਉਹ ਸੋਚਾਂ ਸੋਚਦੀਆਂ ਮੁੱਖੜੇ ਤੇ ਨਹੀਂ ਨੂਰ, ਸਧਰਾਂ ਲੋਚਦੀਆਂ। ਕਦ ਪਰਦੇਸੀ ਢੋਲਾ, ਵਤਨੀਂ ਆਵੇਗਾ। ਤੀਆਂ ਦੇ ਵਿਚ ਮੇਰੀ,ਰੀਝ ਪੁਗਾਵੇਗਾ। ਮਾਹੀ ਬਾਝੋਂ ਤੀਆਂ ਚੰਗੀਆਂ ਲੱਗਣ ਨਾ। ਬਿੰਦੀ- ਸੁਰਖ਼ੀ, ਮੱਥੇ ਟਿੱਕਾ ਫੱਬਣ ਨਾ। ਪੀਂਘ ਮੇਰੀ ਨੂੰ, ਕੌਣ ਹੁਲਾਰਾ ਦੇਵੇਗਾ। ਜੇ ਭੌਂ ਚੜ੍ਹੇ ਤਾਂ, ਕੌਣ ਸਹਾਰਾ ਦੇਵੇਗਾ। ਤੀਆਂ ਦਾ ਸੰਧਾਰਾ, ਸੱਸ ਲਿਆਵੇਗੀ। ਲੋਕਾਂਚਾਰੀ,ਆਪਣਾ ਫ਼ਰਜ਼ ਨਿਭਾਵੇਗੀ। 'ਸੁਹਲ' ਅਗਲੇ ਸਾਲ ਸਾਵਣ ਆਵੇਗਾ। ਤੀਆਂ ਦੇ ਵਿਚ, ਮਾਹੀ ਬਾਲ ਖਿਡਾਵੇਗਾ।
117. ਮੋਰਚਾ
ਕਿਸਾਨਾਂ ਲਾਇਆ ਮੋਰਚਾ, ਹੁਣ ਦੂਜੀ ਵਾਰੀ। ਸਰਕਾਰਾਂ ਘੇਰਨ ਵਾਸਤੇ, ਕਰ ਲਈ ਤਿਆਰੀ। ਸਭ ਕਿਸਾਨਾਂ ਰਲ ਕੇ, ਫਿਰ ਮੋਰਚਾ ਲਾਇਆ। ਇੱਕਠੇ ਹੋ ਕੇ,ਏਕਤਾ ਦਾ ਬਿਗਲ ਵਜਾਇਆ। ਸ਼ਹੀਦ ਹੋਏ ਕਿਸਾਨਾਂ ਦੀ, ਕਿਸੇ ਬਾਤ ਨਾ ਪੁੱਛੀ ਸ਼ਰਧਾਂਜਲੀ ਦਿਤੀ ਅਸੀਂ ਨੇ, ਸੱਚੀ ਤੇ ਸੁੱਚੀ। ਮੁੱਕਰ ਗਈ ਸਰਕਾਰ ਹੁਣ, ਕਰ ਝੂਠੇ ਵਾਇਦੇ ਕਿਸਾਨਾਂ ਨੇ ਸਰਕਾਰ ਨੂੰ, ਬੜੇ ਦਿਤੇ ਫਾਇਦੇ। ਹੁਣ,ਜੈ ਜਵਾਨ ਜੈ ਕਿਸਾਨ, ਦਾ ਨਾਅਰਾ ਲੱਗਾ ਇਨ੍ਹਾਂ ਨਾ ਮੁੜ ਕੇ ਵੇਖਣਾਂ,ਕੋਈ ਪਿੱਛਾ-ਅੱਗਾ। ਕ੍ਰਿਤੀ ਦਾ ਕੁਝ ਨਾ ਸੋਚਿਆ,ਸਭਨਾਂ ਸਰਕਾਰਾਂ ਤਾਹੀਉਂ ਲਾਇਆ ਮੋਰਚਾ, ਸਾਡੇ ਪਰਵਾਰਾਂ। ਇਹ ਮੰਗਤੇ ਬਣ ਕੇ,ਆ ਜਾਂਦੇ ਨੇ ਵੋਟਾਂ ਮੰਗਣ ਸ਼ਰਮ - ਹਯਾ ਨਾ ਕਰਦੇ, ਜਿੰਦ ਸੂਲੀ ਟੰਗਣ। ‘ਸੁਹਲ’ ਕਿਸਾਨ ਏਕਤਾ ਦਾ ਨਾਅਰਾ ਲਾਉ ਜ਼ਿੰਦਾਬਾਦ ਹੋਣ ਦੀ, ਆਉ ਫ਼ਤਹਿ ਬੁਲਾਉ।
118. ਸ਼ਰਧਾ ਦੇ ਫੁੱਲ
ਚਲਦੀ ਨੱਬਜ਼ ਯਾਰੋ ! ਜਦੋਂ ਰੁਕ ਜਾਏਗੀ । ਗੱਲ ਯਾਰਾਂ ਦੋਸਤਾਂ ਦੀ ਉਦੋਂ ਮੁੱਕ ਜਾਏਗੀ । ਕੁਝ ਦਿਨ ਗੱਲਾਂ, ਦੁੱਖ - ਸੁੱਖ ਦੀਆ ਹੋਣੀਆਂ, ਵਗ ਰਹੇ ਹੰਝੂਆ ਦੀ, ਨਦੀ ਸੁੱਕ ਜਾਏਗੀ । ਐਰ ਗ਼ੈਰ ਮੇਰੇ ਜਦੋਂ, ਵਿਹੜੇ ਆ ਕੇ ਬਹਿਣਗੇ, ਤਾਂ ਉਨ੍ਹਾਂ ਦੀ ਸ਼ਰਮ ਨਾਲ ਧੌਣ ਝੁੱਕ ਜਾਏਗੀ । ਸਾਕ ਤੇ ਸਬੰਧੀ ਸਾਰੇ ਗਲਲੱਗ ਰੋਣਗੇ, ਜਨਾਜ਼ਾ ਬਣ ਮਾਤਮ ਦੀ , ਜੰਞ ਢੁੱਕ ਜਾਏਗੀ । ਲਟ-ਲਟ ਲਾਂਬੂ ਬੜੀ ਦੂਰ ਤਕ ਜਾਣਗੇ, ਕੁਝ ਦੇਰ ਬਾਅਦ ਉਹ ਵੀ ਲਾਟ ਮੁੱਕ ਜਾਏਗੀ । ਜੇ ਸੱਜਣਾਂ ਨੂੰ ਦੁੱਖ ਹੋਊ, ਮੇਰੇ ਤੁਰ ਜਾਣ ਦਾ, ਤਾਂ ਦਿਲਾਂ ਉਤੇ ਬ੍ਰਿਹਾ ਦੀ ਅੱਗ ਧੁਖ ਜਾਏਗੀ । 'ਸ਼ਰਧਾ ਦੇ ਫੁੱਲ' ਭੇਟ ਕਰਿਉ ਨਾ ਦੋਸਤੋ ! 'ਸੁਹਲ' ਉੱਭੇ ਸਾਹਾਂ ਵਿਚੋਂ, ਗੱਲ ਉੱਕ ਜਾਏਗੀ ।
119. ਗਾਉਣ ਲੋਕੀਂ ਘੋੜੀਆਂ
ਗਾਉਣ ਲੋਕੀਂ ਘੋੜੀਆਂ ਅਜੀਤ ਤੇ ਜੁਝਾਰ ਦੀਆਂ, ਤੋਰੀਆਂ ਸੀ ਜੋੜੀਆਂ। ਜੋਰਾਵਰ, ਫਤਿਹ ਦੀਆਂ ਗਾਉਣ ਲੋਕੀਂ ਘੋੜੀਆਂ। ਗੜ੍ਹੀ ਚਮਕੌਰ ਵਾਲੀ, ਲਹੂ ਤੇ ਲੁਹਾਨ ਸੀ। ਵੱਡੇ ਸਾਹਿਬਜ਼ਾਦਿਆਂ ਦਾ ਜੱਗ ਤੇ ਨਿਸ਼ਾਨ ਜੀ। ਜੰਗ ਵਿੱਚ ਸਿੰਘਾਂ ਦੀਆਂ ਫੌਜਾਂ ਭਾਵੇਂ ਥੋੜੀਆਂ। ਅਜੀਤ ਤੇ ਜੁਝਾਰ ਦੀਆਂ, ਤੋਰੀਆਂ ਸੀ ਜੋੜੀਆਂ। ਜੋਰਾਵਰ, ਫਤਿਹ ਦੀਆਂ ਗਾਉਣ ਲੋਕੀਂ ਘੋੜੀਆਂ। ਜੀ, ਮਿੱਤਰ ਪਿਆਰੇ ਨੂੰ , ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸੱਥਰ ਚੰਗਾ, ਭਠ ਖੇੜਿਆਂ ਦਾ ਰਹਿਣਾ। ਵੈਰੀਆਂ ਨੂੰ ਲਗਦੀਆਂ , ਸੱਚੀਆਂ ਵੀ ਗੱਲਾਂ ਕੌੜੀਆ। ਅਜੀਤ ਤੇ ਜੁਝਾਰ ਦੀਆਂ ਤੋਰੀਆਂ ਸੀ ਜੋੜੀਆਂ। ਜੋਰਾਵਰ, ਫਤਿਹ ਦੀਆਂ ਗਾਉਣ ਲੋਕੀਂ ਘੋੜੀਆਂ। ਜੰਗ 'ਚ ਸ਼ਹੀਦ ਹੋਏ, ਅਜੀਤ ਤੇ ਜੁਝਾਰ ਵੀ। ਦਾਦੀ ਮਾਂ ਨੇ ਦਿੱਤਾ 'ਸੁਹਲ' ਰੱਜ ਕੇ ਪਿਆਰ ਸੀ। ਮਾਈ ਭਾਗੋ ਵੰਡੀਆਂ ਸੀ, ਗਮਾਂ ਦੀਆਂ ਲੋਹੜੀਆਂ, ਅਜੀਤ ਤੇ ਜੁਝਾਰ ਦੀਆਂ, ਤੋਰੀਆਂ ਸੀ ਜੋੜੀਆਂ। ਜੋਰਾਵਰ, ਫਤਿਹ ਦੀਆਂ ਗਾਉਣ ਲੋਕੀਂ ਘੋੜੀਆਂ।
120. ਗੁਰੂ ਗੋਬਿੰਦ ਸਿੰਘ
ਮਾਂ ਗੁਜਰੀ ਦੇ ਲਾਲ, ਕੀਤੇ ਸੀ,ਕੌਤਕ ਕਮਾਲ। ਦੁੱਖੀਆਂ ਲਈ ਜਿਸ ਨੇ ਪਿਤਾ ਨੂੰ ਸੀ ਵਾਰਿਆ। ਅਜੀਤ ਤੇ ਜੁਝਾਰ ਤਾਈਂ ਹੱਥੀਂ ਸੀ, ਸਿੰਗਾਰਿਆ। ਨੀਲਾ ਘੋੜਾ ਜੰਗ ਵਿੱਚ, ਪਾਉਂਦਾ ਸੀ ਧਮਾਲ, ਮਾਂ ਗੁਜਰੀ ਦੇ ਲਾਲ , ਕੀਤੇ ਸੀ...........। ਜੋਰਾਵਰ ਤੇ ਫ਼ਤਿਹ ਸਿੰਘ ਨੀਂਹ ਵਿਚ ਚਿਣੇ ਗਏ। ਤਵਾਰੀਖ਼ ਵਿਚ ਨਾਮ, ਬੱਚਿਆਂ ਦੇ ਗਿਣੇ ਗਏ। ਧਰਤੀ ਵੀ ਕੰਬੀ ਆਇਆ, ਪਾਪਾਂ ਦਾ ਭੂਚਾਲ, ਮਾਂ ਗੁਜਰੀ ਦੇ ਲਾਲ, ਕੀਤੇ ਸੀ........। ਜੁਲਮ ਵਿਰੁੱਧ, ਕਿਹੜਾ, ਪਰਵਾਰ ਨੂੰ ਵਾਰਦਾ। ਹਾਕਮਾਂ ਦੇ ਸਾਹਮਣੇ ਹੈ, ਕਿਹੜਾ ਲੱਲਕਾਰਦਾ। ਗੁਰੂ ਗੋਬਿੰਦ ਸਿੰਘ ਦੀ, ਬਣ ਗਈ ਮਿਸਾਲ, ਮਾਂ ਗੁਜਰੀ ਦੇ ਲਾਲ ਕੀਤੇ ਸੀ........। ਵਾਲੀ ਦੋ ਜਹਾਨ ਦਾ ਹੈ, ਗੁਰੂ ਦਸਮੇਸ਼ ਜੀ । 'ਸੁਹਲ' ਜਿਹੇ ਦਿਲਾਂ 'ਚ ਹੋਇਆ ਪਰਵੇਸ਼ ਜੀ। ਮਜ਼ਲੂਮ ਤੇ ਲਿਤਾੜੇ ਨੂੰ, ਲਾਇਆ ਸੀਨੇ ਨਾਲ, ਮਾਂ ਗੁਜਰੀ ਦੇ ਲਾਲ, ਕੀਤੇ ਕੌਤਕ ਕਮਾਲ। ਕੀਤੇ ਕੌਤਕ ਕਮਾਲ।