Punjabi Poetry : Mohinder Singh Mann
ਪੰਜਾਬੀ ਕਵਿਤਾਵਾਂ : ਮਹਿੰਦਰ ਸਿੰਘ ਮਾਨ
ਦੁੱਖਾਂ ਦੇ ਤੂਫਾਨ
ਭਾਵੇਂ ਪੇਕਿਆਂ 'ਚ ਹੋਵਣ ਚਾਰ ਦਿਨ ਦੀਆਂ ਮਹਿਮਾਨ ਧੀਆਂ, ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ। ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ, ਸਮਾਜ ਵਿੱਚ ਬਣਾਉਣ ਆਪਣੀ ਵੱਖਰੀ ਪਹਿਚਾਨ ਧੀਆਂ। ਆਪਣੇ ਹੱਕਾਂ ਲਈ ਉਠਾਉਣ ਆਵਾਜ਼ ਇਕੱਠੀਆਂ ਹੋ ਕੇ, ਪਹਿਲਾਂ ਵਾਂਗ ਹੁਣ ਰਹਿਣ ਨਾ ਦੋਸਤੋ, ਬੇਜ਼ਬਾਨ ਧੀਆਂ। ਪੁੱਤਾਂ ਕੋਲੋਂ ਰਹੀ ਨਾ ਉਨ੍ਹਾਂ ਨੂੰ ਹੁਣ ਆਸ ਕੋਈ ਵੀ, ਮਾਪਿਆਂ ਵਾਂਗ ਸਹੁਰਿਆਂ ਨੂੰ ਵੀ ਦੇਣ ਸਨਮਾਨ ਧੀਆਂ। ਜਿਨ੍ਹਾਂ ਕੰਮਾਂ ਨੂੰ ਕਰਨ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ, ਉਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹ ਕੇ ਸਭ ਨੂੰ ਕਰਨ ਹੈਰਾਨ ਧੀਆਂ। ਇਸ ਨੂੰ ਵਗਦਾ ਦੇਖ ਕੇ ਅੱਖਾਂ ਚੋਂ ਹੰਝੂ ਨਾ ਕੇਰਨ, ਦੁੱਖਾਂ ਦੇ ਤੂਫਾਨ ਨੂੰ ਰੋਕਣ ਬਣ ਕੇ ਚੱਟਾਨ ਧੀਆਂ। ਪੇਕਿਆਂ, ਸਹੁਰਿਆਂ ਨੂੰ ਇਹ ਬਰਾਬਰ ਸਮਝਦੀਆਂ ਨੇ, ਦੇਖ ਸਕਦੀਆਂ ਨਹੀਂ ਕਿਸੇ ਦਾ ਵੀ ਹੁੰਦਾ ਨੁਕਸਾਨ ਧੀਆਂ।
ਟੱਪੇ
ਆਕਾਸ਼ ਤੇ ਬੱਦਲ ਛਾਏ ਹੋਏ ਨੇ, ਉਨ੍ਹਾਂ ਮਾਪਿਆਂ ਨੂੰ ਹਾਸੇ ਕੀ ਆਣੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਨਾਲ ਮੋਏ ਨੇ। ਅੱਗ ਚੁੱਲ੍ਹੇ 'ਚ ਬਲ ਰਹੀ ਏ, ਉਸ ਨੂੰ ਮੰਨ ਕੇ ਨਾ ਨੁਕਸਾਨ ਹੋਵੇ ਜਿਹੜੀ ਗੱਲ ਹੁੰਦੀ ਸਹੀ ਏ। ਕਾਂ ਬੈਠਾ ਏ ਬਨੇਰੇ ਤੇ, ਮੈਂ ਕਰਦਾ ਨ੍ਹੀ ਕਦੇ ਚੁਗਲੀ ਐਵੇਂ ਸ਼ੱਕ ਨਾ ਕਰ ਮੇਰੇ ਤੇ। ਚੰਗੇ ਸੰਸਕਾਰ ਭੁੱਲੇ ਬੱਚਿਆਂ ਨੂੰ, ਝੂਠਿਆਂ ਨੂੰ ਕੋਈ ਮੂੰਹ ਨਾ ਲਾਵੇ ਲੋਕੀਂ ਅੱਖਾਂ ਤੇ ਬਿਠਾਣ ਸੱਚਿਆਂ ਨੂੰ। ਦਰਿਆ ਵਗ ਰਿਹਾ ਏ ਚੜ੍ਹ ਕੇ, ਸਦਾ ਰਲ ਮਿਲ ਕੇ ਰਹੋ ਕਦੇ ਕੁਝ ਨਾ ਮਿਲੇ ਲੜ ਕੇ। ਮਣਕੇ ਖਿਲਰ ਗਏ ਗਾਨੀ ਦੇ, ਅੱਖਾਂ ਮੱਲੋ ਮੱਲੀ ਨਮ ਹੋ ਜਾਣ ਦਿਨ ਯਾਦ ਕਰਕੇ ਜਵਾਨੀ ਦੇ। ਪਲੇਟ ਵਿੱਚ ਬਰਫੀ ਪਈ, 'ਮਾਨਾ' ਤੇਰੇ ਟੱਪੇ ਪੜ੍ਹ ਕੇ ਸਹੀ ਰਸਤੇ ਪੈ ਗਏ ਕਈ। ਨੌਜਵਾਨ ਕੁਰਾਹੇ ਪੈ ਗਏ ਨੇ, ਉਹ ਦਿਲ ਲਾ ਕੇ ਪੜ੍ਹਨ ਦੀ ਥਾਂ ਨਸ਼ਿਆਂ ਦੇ ਆਦੀ ਹੋ ਗਏ ਨੇ। ਗੁਰੂ ਘਰਾਂ ਨੂੰ ਜਾਂਦੇ ਬਥੇਰੇ ਨੇ, ਬਾਣੀ ਤੇ ਅਮਲ ਕੀਤੇ ਬਿਨਾਂ ਮਿੱਤਰੋ ਨਾ ਹੋਣੇ ਨਬੇੜੇ ਨੇ। ਜਿੱਤ ਕੇ ਬਹੁਤਾ ਖੁਸ਼ ਹੋਈਦਾ ਨ੍ਹੀ, ਹਰਦੇ ਵੀ ਬੰਦੇ ਹੁੰਦੇ ਆ ਹਰ ਕੇ ਬਹੁਤਾ ਰੋਈਦਾ ਨ੍ਹੀ। ਚੋਰ ਤੇ ਲੁਟੇਰੇ ਚਾਰੇ ਪਾਸੇ ਨੇ, ਇਨ੍ਹਾਂ ਦੇ ਕਾਰਨਾਮੇ ਸੁਣ ਕੇ ਬਹੁਤਿਆਂ ਨੂੰ ਆਉਂਦੇ ਨਾ ਹਾਸੇ ਨੇ। ਜੱਗ ਤੋਂ ਸਭ ਨੇ ਤੁਰ ਜਾਣਾ ਏਂ, ਚੰਗੇ ਕੰਮ ਕਰਨ ਵਾਲਾ ਹੀ ਲੋਕਾਂ ਨੂੰ ਯਾਦ ਆਣਾ ਏਂ। ਘਰ ਗਰੀਬ ਦਾ ਢਹਿ ਗਿਆ ਏ, ਦੋ ਵੇਲੇ ਦੀ ਰੋਟੀ ਮਿਲਦੀ ਨਹੀਂ ਸੀ ਹੁਣ ਨਵਾਂ ਪੰਗਾ ਪੈ ਗਿਆ ਏ। ਖੁਸ਼ੀ ਮਹਿਲੀਂ ਨਾ ਵੱਸਦੀ ਏ, ਸਬਰ ਤੇ ਸੰਤੋਖ ਹੋਵੇ ਜਿਸ ਕੋਲ ਇਹ ਉਸ ਦੇ ਪੈਰਾਂ 'ਚ ਡਿੱਗਦੀ ਏ। ਲੋਹੇ ਦਾ ਕਿੱਲ ਬੱਲੀਏ, ਬੱਚੇ ਰੱਖੀਏ ਚੰਡ ਕੇ ਸਦਾ ਬਹੁਤੀ ਦਈਏ ਨਾ ਢਿੱਲ ਬੱਲੀਏ। ਕੋਠੇ ਤੇ ਚਿੜੀਆਂ ਨੇ, ਇਹ ਰਹਿਣ ਸਲਾਮਤ ਸਦਾ ਕਾਫੀ ਚਿਰ ਪਿੱਛੋਂ ਦਿੱਸੀਆਂ ਨੇ। ਅੰਬਰ ਤੇ ਫਿਰ ਘਟਾ ਛਾਈ ਏ, ਰੱਬ ਕਰਕੇ ਮੀਂਹ ਨਾ ਪਵੇ ਪਹਿਲਾਂ ਹੀ ਹੋਈ ਬਹੁਤ ਤਬਾਹੀ ਏ। ਬੱਸ ਅੱਡੇ ਤੋਂ ਤੁਰ ਪਈ ਏ, ਖੜੀਆਂ ਸਵਾਰੀਆਂ ਨੇ ਔਖੀਆਂ ਇਹ ਪੂਰੀ ਭਰੀ ਹੋਈ ਏ। ਪੱਥਰ ਸੜਕ ਵਿਚਕਾਰ ਪਿਆ, ਏਨੀ ਮਹਿੰਗਾਈ ਦੇ ਵਿੱਚ ਜਿਉਣ ਦਾ ਕੋਈ ਮਜ਼ਾ ਨਾ ਰਿਹਾ। ਕੁਰੱਪਸ਼ਨ ਵਿਰੁੱਧ ਮੁਹਿੰਮ ਚੱਲ ਰਹੀ, ਲੋਕਾਂ ਦੇ ਜਾਇਜ਼ ਕੰਮ ਵੀ ਕਰਨੋਂ ਹੱਟ ਗਏ ਅਫਸਰ ਕਈ। ਬਦਲਾਅ ਹੋਇਆ ਲੱਗਦਾ ਏ, ਲੋਕਾਂ ਨੂੰ ਘਰ ਬਣਾਉਣ ਲਈ ਰੇਤਾ ਬੜਾ ਔਖਾ ਮਿਲਦਾ ਏ। ਧੀਆਂ ਕੋਮਲ ਕਲੀਆਂ ਹੁੰਦੀਆਂ ਨੇ, ਉਹ ਘਰ ਨਰਕ ਬਣ ਜਾਂਦੇ ਨੇ ਜਿਨ੍ਹਾਂ 'ਚ ਧੀਆਂ ਰੋਂਦੀਆਂ ਨੇ। ਮੰਨਿਆਂ ਪੁੱਤ ਮਿੱਠੇ ਮੇਵੇ ਹੁੰਦੇ ਨੇ, ਪਰ ਧੀਆਂ ਤੋਂ ਬਿਨਾਂ ਮਿੱਤਰੋ ਵੰਸ਼ ਅੱਗੇ ਨਾ ਚੱਲਦੇ ਨੇ। ਖੁਦਕੁਸ਼ੀ ਮਸਲੇ ਦਾ ਹੱਲ ਨਹੀਂ, ਇਹ ਹੋਰ ਗੁੰਝਲਦਾਰ ਹੋ ਜਾਣਾ ਜੇ ਬੈਠ ਕੇ ਕੀਤੀ ਗੱਲ ਨਹੀਂ। ਜ਼ਿੰਦਗੀ ਕੋਈ ਫਿਲਮ ਨਹੀਂ, ਇਸ ਵਿੱਚ ਅੱਗੇ ਕੀ ਹੋਣਾ ਕਿਸੇ ਨੂੰ ਕੋਈ ਇਲਮ ਨਹੀਂ। ਕਿਤਾਬਾਂ ਦਿਲ ਲਾ ਕੇ ਪੜ੍ਹੋ ਤਾਂ ਸਹੀ, ਜਿਨ੍ਹਾਂ ਦਿਲ ਲਾ ਕੇ ਪੜ੍ਹੀਆਂ ਇਹ ਉਨ੍ਹਾਂ ਦੇ ਰੁਕੇ ਕੰਮ ਹੋ ਗਏ ਕਈ। ਚਿੜੀਆਂ ਦਿਸੀਆਂ ਨੇ ਚਿਰ ਪਿੱਛੋਂ, ਜੇ ਨਾ ਇਨ੍ਹਾਂ ਦਾ ਖਿਆਲ ਰੱਖਿਆ ਫਿਰ ਇਨ੍ਹਾਂ ਨੂੰ ਭਾਲੋਗੇ ਕਿੱਥੋਂ? ਮਾੜਾ ਆਖੋ ਨਾ ਕੰਡਿਆਂ ਨੂੰ, ਇਹ ਪਹਿਰੇਦਾਰ ਬਣ ਕੇ ਸੁਰੱਖਿਅਤ ਰੱਖਦੇ ਨੇ ਫੁੱਲਾਂ ਨੂੰ।
ਅੱਜ ਦੇ ਰਾਵਣ
ਰਾਮ ਦੇ ਵੇਲੇ ਦਾ ਉਹ ਰਾਵਣ ਜਿਸ ਨੇ ਸੀਤਾ ਦਾ ਹਰਣ ਕੀਤਾ ਸੀ ਦਸ ਮਹੀਨੇ ਸੀਤਾ ਨੂੰ ਆਪਣੀ ਕੈਦ 'ਚ ਰੱਖਿਆ ਸੀ ਤੇ ਜਿਸ ਨੇ ਸੀਤਾ ਦੀ ਇੱਜ਼ਤ ਵੱਲ ਅੱਖ ਚੁੱਕ ਕੇ ਨਹੀਂ ਸੀ ਵੇਖਿਆ ਅੱਜ ਦੇ ਰਾਵਣਾਂ ਨਾਲੋਂ ਕਿਤੇ ਚੰਗਾ ਸੀ ਕਿਉਂ ਕਿ ਅੱਜ ਦੇ ਰਾਵਣ ਹਜ਼ਾਰਾਂ ਨਾਰਾਂ ਦੀ ਇੱਜ਼ਤ ਦਿਨ ਦਿਹਾੜੇ ਲੁੱਟ ਰਹੇ ਨੇ ਤੇ ਗਲੀਆਂ, ਬਾਜ਼ਾਰਾਂ ਵਿੱਚ ਸਿਰ ਉੱਚਾ ਕਰਕੇ ਬੜੀ ਸ਼ਾਨ ਨਾਲ ਘੁੰਮ ਰਹੇ ਨੇ ਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਵੀ ਇੱਥੇ ਕੋਈ ਦਿਸ ਨਹੀਂ ਰਿਹਾ ।
ਦੀਵਾਲੀ
ਅੱਜ ਮੇਰੇ ਦੇਸ਼ ਦੇ ਲੋਕ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਮਨਾ ਰਹੇ ਨੇ ਪਟਾਕੇ,ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾ ਰਹੇ ਨੇ ਬੇਵੱਸ ਪੰਛੀਆਂ ਤੇ ਜਾਨਵਰਾਂ ਨੂੰ ਡਰਾ ਰਹੇ ਨੇ ਪਟਾਕਿਆਂ ਦੀ ਆਵਾਜ਼ ਅਤੇ ਧੂੰਏਂ ਨਾਲ ਵਾਤਾਵਰਣ ਨੂੰ ਹੋਰ ਦੂਸ਼ਿਤ ਕਰਨ ਵਿੱਚ ਯੋਗਦਾਨ ਪਾ ਰਹੇ ਨੇ ਇਹ ਲੋਕ ਅੱਗ ਵਿੱਚ ਕਰੋੜਾਂ ਰੁਪਏ ਫੂਕ ਰਹੇ ਨੇ ਨਕਲੀ ਮਠਿਆਈਆਂ ਖਾ ਕੇ ਵੀ ਖੁਸ਼ੀ ਮਨਾ ਰਹੇ ਨੇ ਸਵੇਰ ਹੋਣ ਤੱਕ ਇਨ੍ਹਾਂ ਚੋਂ ਬਹੁਤ ਸਾਰੇ ਲੋਕ ਬੀਮਾਰ ਹੋ ਕੇ ਹਸਪਤਾਲਾਂ 'ਚ ਪਹੁੰਚ ਜਾਣਗੇ ਘਰ ਵਾਪਸ ਪਹੁੰਚਣ ਲਈ ਹਸਪਤਾਲਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ ਅਦਾ ਕਰਨਗੇ ਹੇ ਮੇਰੇ ਦੇਸ਼ ਦੇ ਅਗਿਆਨੀ ਲੋਕੋ ਹਾਲੇ ਵੀ ਵੇਲਾ ਹੈ ਸੰਭਲ ਜਾਉ ਨਕਲੀ ਮਠਿਆਈਆਂ ਖਾਣ ਤੋਂ ਤੋਬਾ ਕਰੋ ਤੇ ਆਪਣੀ ਸਿਹਤ ਬਚਾਉ ਪਟਾਕੇ,ਆਤਿਸ਼ਬਾਜ਼ੀਆਂ ਅਤੇ ਅਨਾਰਾਂ ਤੋਂ ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉ ਬੇਵੱਸ ਪੰਛੀਆਂ ਤੇ ਜਾਨਵਰਾਂ 'ਤੇ ਤਰਸ ਕਰੋ ਤੇ ਚਰੱਸੀ ਲੱਖ ਜੂਨਾਂ 'ਚੋਂ ਉੱਤਮ ਹੋਣ ਦਾ ਸਬੂਤ ਦਿਉ।
ਪੰਜਾਬ ਦੀ ਰਾਣੀ
ਸਾਡੀ ਮਾਂ ਬੋਲੀ ਪੰਜਾਬੀ, ਹੈ ਪੰਜਾਬ ਦੀ ਰਾਣੀ। ਇਦ੍ਹੇ 'ਚ ਰਚੀ ਹੈ ਗੁਰੂਆਂ ਤੇ ਭਗਤਾਂ ਨੇ ਬਾਣੀ। ਇਸ ਨੂੰ ਬੋਲਣ ਵੇਲੇ ਨਾ ਕੋਈ ਮੁਸ਼ਕਿਲ ਪੇਸ਼ ਆਵੇ। ਇਸ ਨੂੰ ਬੋਲ ਕੇ ਮੂੰਹ ਸ਼ਹਿਦ ਵਰਗਾ ਮਿੱਠਾ ਹੋ ਜਾਵੇ। ਇਦ੍ਹੇ ਟੱਪੇ, ਬੋਲੀਆਂ ਤੇ ਲੋਕ ਗੀਤ ਜੇ ਪੜ੍ਹੋਗੇ ਕਦੇ, ਤੁਹਾਡੀ ਰੂਹ ਫੁੱਲਾਂ ਵਾਂਗ ਖਿੜੇਗੀ ਦੋਸਤੋ ਤਦੇ। ਇਸ ਨੂੰ ਕਰੋ ਦਿਲੋਂ ਪਿਆਰ ਤੇ ਦਿਉ ਸਤਿਕਾਰ, ਤਾਂ ਹੀ ਇਸ ਦਾ ਨਾਂ ਉੱਚਾ ਹੋਣਾ ਵਿੱਚ ਸੰਸਾਰ। ਇਸ ਦੇ ਨਾਲ ਕਰਿਉ ਨਾ ਦੋਸਤੋ ਕਦੇ ਵੀ ਧੋਖਾ, ਇਸ ਨੂੰ ਮਿੱਟੀ 'ਚ ਰੋਲਣ ਦਾ ਕਿਸੇ ਨੂੰ ਦਿਉ ਨਾ ਮੌਕਾ। ਇਸ ਦੀ ਕਰਿਉ ਨਾ ਬੇਕਦਰੀ, ਭਾਵੇਂ ਸਿੱਖੋ ਹੋਰ ਭਾਸ਼ਾਵਾਂ, ਇਸ ਨੂੰ ਲੱਗੇ ਨਾ ਕਿਸੇ ਦੀ ਨਜ਼ਰ, ਰਲ ਕਰੋ ਦੁਆਵਾਂ। ਇਸ ਨੂੰ ਬਚਾਉਣ ਲਈ ਰਲ ਹੰਭਲਾ ਮਾਰੋ ਸਾਰੇ, ਵੇਲਾ ਬੀਤ ਗਿਆ, ਤਾਂ ਫਿਰ ਗਿਣੋਗੇ ਰਾਤਾਂ ਨੂੰ ਤਾਰੇ।
ਧੀਆਂ ਦੀ ਲੋਹੜੀ
ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ, ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ। ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ, ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ। ਕੋਈ ਹੁੰਦਾ ਨਾ ਫਰਕ ਧੀਆਂ ਤੇ ਪੁੱਤਾਂ ਵਿੱਚ, ਪੁਰਾਣੇ ਵਿਚਾਰ ਹੁਣ ਛਿੱਕੇ ਤੇ ਟੰਗੋ ਮਿੱਤਰੋ। ਸਖ਼ਤ ਮਿਹਨਤ ਕਰਕੇ ਇਹ ਅੱਗੇ ਵਧਣ, ਧੀਆਂ ਦੀਆਂ ਜਿੱਤਾਂ ਦੱਸਣ ਵੇਲੇ ਨਾ ਸੰਗੋ ਮਿੱਤਰੋ। ਧੀਆਂ ਤੇ ਕਰੜੀ ਨਜਰ ਰੱਖਣੀ ਠੀਕ ਹੈ, ਪਰ ਪੁੱਤਾਂ ਨੂੰ ਵੀ ਰੰਬੇ ਵਾਂਗ ਚੰਡੋ ਮਿੱਤਰੋ। ਤੁਹਾਡੀ ਸੁੱਖ ਮੰਗਣ ਹਰ ਵੇਲੇ ਰੱਬ ਕੋਲੋਂ, ਤੁਸੀਂ ਵੀ ਧੀਆਂ ਦੀ ਸੁੱਖ ਮੰਗੋ ਮਿੱਤਰੋ। ਇਹ ਵੰਡਣ ਪਿਆਰ ਸਭ ਕੁਝ ਭੁਲਾ ਕੇ, ਤੁਸੀਂ ਵੀ ਧੀਆਂ ਵਾਂਗ ਪਿਆਰ ਵੰਡੋ ਮਿੱਤਰੋ।
ਰੱਖੜੀ ਬੰਨ੍ਹਾਈਂ ਵੀਰਿਆ
ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ। ਪੂਰਾ ਇਕ ਸਾਲ ਹੋ ਗਿਆ ਮੇਰਾ ਵਿਆਹ ਹੋਏ ਨੂੰ, ਪੂਰੇ ਛੇ ਮਹੀਨੇ ਹੋ ਗਏ ਤੈਨੂੰ ਮੇਰੇ ਘਰ ਆਏ ਨੂੰ, ਅੱਜ ਕੋਈ ਮੈਨੂੰ ਲਾਰਾ ਨਾ ਤੂੰ ਲਾਈਂ ਵੀਰਿਆ। ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ। ਜੀਜਾ ਤੇਰਾ ਵੀਰਿਆ ਬੜਾ ਹੀ ਲਾਈਲੱਗ ਆ, ਆਪਣੀ ਮਾਂ ਤੇ ਭੈਣ ਦੇ ਕਹੇ ਤੇ ਬਣ ਜਾਂਦਾ ਅੱਗ ਆ, ਆ ਕੇ ਉਸ ਨੂੰ ਕੁਝ ਤਾਂ ਸਮਝਾਈਂ ਵੀਰਿਆ। ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ। ਮੈਂ ਤਾਂ ਭੁੱਖੀ ਹਾਂ ਵੀਰਿਆ ਵੇ ਤੇਰੇ ਪਿਆਰ ਦੀ, ਲਾਜ ਰੱਖ ਲਈਂ ਤੂੰ ਵੀਰਿਆ ਵੇ ਮੇਰੇ ਇੰਤਜ਼ਾਰ ਦੀ, ਭਾਵੇਂ ਮੇਰੇ ਲਈ ਤੂੰ ਕੁਝ ਨਾ ਲਿਆਈਂ ਵੀਰਿਆ। ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ। ਘਰ ਭੈਣ ਦਾ ਵਸਾਉਣ ਲਈ ਰੱਖ ਗੇੜੇ ਉੱਤੇ ਗੇੜਾ, ਉਸ ਤੇ ਰੱਖੀਂ ਅੱਖ, ਮਾਹੌਲ ਖਰਾਬ ਕਰੇ ਜਿਹੜਾ, ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਈਂ ਵੀਰਿਆ। ਅੱਜ ਮੇਰੇ ਘਰ ਆ ਕੇ ਰੱਖੜੀ ਬੰਨ੍ਹਾਈਂ ਵੀਰਿਆ।
ਵਹਿਮ
ਦਿੱਲੀ ਦੇ ਹਾਕਮਾ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੀਆਂ ਹੱਦਾਂ ਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਰ ਦਿੰਦੇ ਹਾਂ ਕਤਲ ਕਿਉਂ ਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ, ਪਰ ਤੂੰ ਤਾਂ ਤਿੰਨ ਖੇਤੀ ਕਨੂੰਨ ਬਣਾ ਕੇ ਸਾਡੇ ਖੇਤਾਂ ਨੂੰ ਹੀ ਨਿਗਲ ਲੈਣ ਦੀ ਰਚੀ ਹੈ ਸਾਜ਼ਿਸ਼। ਪਰ ਤੇਰੀ ਇਹ ਸਾਜ਼ਿਸ਼ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ ਸਫਲ। ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
ਕਿਸਾਨ ਤੇ ਹਾਕਮ
ਤੂੰ ਤਿੰਨ ਖੇਤੀ ਕਨੂੰਨ ਬਣਾ ਕੇ ਸਾਡੇ ਦਿਲਾਂ 'ਚ ਭਾਂਬੜ ਮਚਾਏ ਹਾਕਮਾ। ਸਾਨੂੰ ਖੇਤ ਮਾਂ ਤੋਂ ਵੀ ਵੱਧ ਪਿਆਰੇ ਨੇ ਤੈਨੂੰ ਇਹ ਗੱਲ ਕਿਉਂ ਨਾ ਸਮਝ ਆਏ ਹਾਕਮਾ। ਤੂੰ ਕਾਰਪੋਰੇਟ ਘਰਾਣਿਆਂ ਦੇ ਲਾਭ ਲਈ ਇਹ ਕਾਲੇ ਕਨੂੰਨ ਬਣਾਏ ਹਾਕਮਾ। ਇਨ੍ਹਾਂ ਨੂੰ ਰੱਦ ਕਰਵਾਉਣ ਲਈ ਅਸੀਂ ਸੜਕਾਂ ਤੇ ਉਤਰ ਆਏ ਹਾਕਮਾ। ਤੂੰ ਸਾਨੂੰ ਰੋਕਣ ਲਈ, ਸਾਡੇ ਤੇ ਪੁਲਿਸ ਤੋਂ ਗੈਸ ਦੇ ਗੋਲੇ ਛਡਾਏ ਹਾਕਮਾ। ਸੱਭ ਰੋਕਾਂ ਨੂੰ ਹਟਾ ਕੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਆਏ ਹਾਕਮਾ। ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰਾਂ ਤੇ ਅਸੀਂ ਪੱਕੇ ਧਰਨੇ ਲਾਏ ਹਾਕਮਾ। ਪਏ ਮੀਂਹ ਤੇ ਠੰਡ ਵੀ ਜ਼ੋਰਾਂ ਦੀ ਅਸੀਂ ਫਿਰ ਵੀ ਨਹੀਂ ਘਬਰਾਏ ਹਾਕਮਾ। ਅਸੀਂ ਕੱਲੇ ਨਹੀਂ, ਸਾਡੇ ਨਾਲ ਮਜ਼ਦੂਰ ਤੇ ਬੁੱਧੀਜੀਵੀ ਵੀ ਆਏ ਹਾਕਮਾ। ਤੂੰ ਕੁਰਸੀ ਦੇ ਨਸ਼ੇ 'ਚ ਚੂਰ ਹੋ ਕੇ ਇਨ੍ਹਾਂ ਬਿੱਲਾਂ ਦੇ ਲਾਭ ਗਿਣਾਏ ਹਾਕਮਾ। ਵੈਰੀ ਨਾਲ ਲੜਨ ਵੇਲੇ ਦੇਸ਼ ਭਗਤ ਅਸੀਂ ਹੱਕ ਮੰਗੇ,ਤਾਂ ਗੱਦਾਰ ਕਹਾਏ ਹਾਕਮਾ। ਸਾਡੇ ਨਾਲ ਮਾਵਾਂ,ਭੈਣਾਂ ਤੇ ਬਜ਼ੁਰਗ ਨੇ ਅਸੀਂ ਘਰ ਖਾਲੀ ਕਰ ਆਏ ਹਾਕਮਾ। ਰੋਜ਼ ਸ਼ਹੀਦ ਹੋਈ ਜਾਣ ਸਾਡੇ ਸਾਥੀ ਤੈਨੂੰ ਰਤਾ ਤਰਸ ਨਾ ਆਏ ਹਾਕਮਾ। ਏਨਾ ਨਾ ਪਰਖ ਸਬਰ ਸਾਡੇ ਨੂੰ ਕਿਤੇ ਸਾਡਾ ਸਬਰ ਨਾ ਮੁੱਕ ਜਾਏ ਹਾਕਮਾ। ਅਸੀਂ ਜਿੱਤ ਕੇ ਹੀ ਮੁੜਾਂਗੇ ਘਰਾਂ ਨੂੰ ਭਾਵੇਂ ਸਾਡੀ ਜਾਨ ਵੀ ਚਲੀ ਜਾਏ ਹਾਕਮਾ।
ਸਾਰਿਆਂ ਦਾ ਅੰਨਦਾਤਾ
ਸਾਡਾ ਸਾਰਿਆਂ ਦਾ ਅੰਨਦਾਤਾ ਕਿਸਾਨ ਹੈ, ਪਰ ਇਹ ਗੱਲ ਸਮਝਦਾ ਨਾ ਹੁਕਮਰਾਨ ਹੈ। ਖੇਤਾਂ ਵਿੱਚ ਉਹ ਦਿਨ-ਰਾਤ ਕੰਮ ਕਰੇ, ਆਪਣੇ ਢਿੱਡ ਦਾ ਵੀ ਨਾ ਉਹ ਫ਼ਿਕਰ ਕਰੇ। ਜਦ ਤੱਕ ਫਸਲ ਉਸ ਦੇ ਘਰ ਨਾ ਆਵੇ, ਉਸ ਦੇ ਖਰਾਬ ਹੋਣ ਦੀ ਉਸ ਨੂੰ ਚਿੰਤਾ ਸਤਾਵੇ। ਜਦ ਉਸ ਦੀ ਫਸਲ ਮੰਡੀ ਦੇ ਵਿੱਚ ਰੁਲੇ, ਹੁਕਮਰਾਨ ਤੇ ਉਸ ਨੂੰ ਡਾਢਾ ਗੁੱਸਾ ਚੜ੍ਹੇ। ਕੌਡੀਆਂ ਦੇ ਭਾਅ ਉਸ ਨੂੰ ਇਹ ਵੇਚਣੀ ਪਵੇ, ਲਾਗਤ ਦਾ ਮੁੱਲ ਵੀ ਨਾ ਉਸ ਨੂੰ ਮਿਲੇ। ਕਰਜ਼ਾ ਲੈ ਕੇ ਉਹ ਫਸਲ ਬੀਜੇ ਤੇ ਵੱਢੇ, ਇਹ ਨਾ ਮੁੜੇ,ਤਾਂ ਉਹ ਖ਼ੁਦਕੁਸ਼ੀ ਕਰੇ। ਹੁਣ ਨਵਾਂ ਹੀ ਪੰਗਾ ਪਾ ਦਿੱਤਾ ਹੁਕਮਰਾਨ ਨੇ, ਤਿੰਨ ਖੇਤੀ ਕਨੂੰਨ ਬਣਾ ਦਿੱਤੇ ਬੇਈਮਾਨ ਨੇ। ਉਸ ਨੂੰ ਚੰਗੇ ਲੱਗਣ ਕਾਰਪੋਰੇਟ ਘਰਾਣੇ, ਕਿਸਾਨ ਨੂੰ ਲੁੱਟ ਕੇ ਉਹ ਹੋਰ ਅਮੀਰ ਬਣਾਣੇ। ਆਓ ਸਾਰੇ ਰਲ ਕੇ ਕਿਸਾਨ ਨੂੰ ਬਚਾਈਏ, ਉਸ ਨੂੰ ਬਚਾਣ ਵਿੱਚ ਆਪਣਾ ਹਿੱਸਾ ਪਾਈਏ। ਵੇਲਾ ਬੀਤ ਗਿਆ ਫਿਰ ਹੱਥ ਨਹੀਂ ਆਣਾ, ਵੇਲਾ ਸੰਭਾਲ ਲਓ, ਪਿੱਛੋਂ ਪਏ ਨਾ ਪਛਤਾਣਾ ।
ਗੁਰੂ ਰਵਿਦਾਸ
ਨਮਸਕਾਰ ਲੱਖ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੇਰਾ ਜੀਵਨ ਸਾਨੂੰ ਚਾਨਣ ਦੇਵੇ, ਜਿਉਂ ਅਰਸ਼ ਦੇ ਚੰਨ, ਤਾਰੇ। ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ 'ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ। ਹੁਣ ਜ਼ੁੱਲਮ ਗਰੀਬਾਂ ਤੇ ਬੰਦ ਹੋਏਗਾ, ਮਿਲ ਰਹੇ ਸਨ ਇਹ ਇਸ਼ਾਰੇ। ਨਮਸਕਾਰ ਲੱਖ ਲੱਖ ਵਾਰ ਤੈਨੂੰ ......................। ਪ੍ਰਭੂ ਦਾ ਨਾਂ ਜਪ ਕੇ, ਤੂੰ ਉਸ ਦਾ ਰੂਪ ਹੀ ਹੋਇਆ। ਛੱਡ ਕੇ ਜ਼ਾਤ ਤੇ ਵਰਨ ਨੂੰ, ਉਹ ਤੇਰੇ ਸੰਗ ਖਲੋਇਆ। ਪ੍ਰਭੂ ਦਾ ਰੂਪ ਹੋ ਕੇ, ਤੂੰ ਖੇਡੇ ਕਈ ਖੇਡ ਨਿਆਰੇ। ਨਮਸਕਾਰ ਲੱਖ ਲੱਖ ਵਾਰ ਤੈਨੂੰ ........................। ਸੁਣ ਕੇ ਤੇਰੀ ਚਰਚਾ ਰਾਣੀ ਝਾਲਾਂ ਬਾਈ ਤੇਰੇ ਦੁਆਰੇ ਆਈ। ਤੇਰੇ ਕਦਮੀਂ ਢਹਿ ਕੇ ਉਸ ਨੇ ਰਾਮ ਨਾਮ ਦੀ ਦੌਲਤ ਪਾਈ। ਸੱਭ ਨੇ ਰਾਮ ਨਾਮ ਦੀ ਦੌਲਤ ਪਾਈ, ਜੋ ਵੀ ਆਏ ਤੇਰੇ ਦੁਆਰੇ। ਨਮਸਕਾਰ ਲੱਖ ਲੱਖ ਵਾਰ ਤੈਨੂੰ .........................। ਆਪਣੀ ਸਾਰੀ ਜ਼ਿੰਦਗੀ ਤੂੰ ਮਨੂੰ ਸਿਮਰਤੀ ਤੋੜਨ ਤੇ ਲਾਈ। ਨਾਮ ਜਪਣ ਤੇ ਆਮ ਫਿਰਨ ਦੀ ਸੱਭ ਨੂੰ ਆਜ਼ਾਦੀ ਦਿਵਾਈ। ਇੰਨੇ ਕੰਮ ਕੀਤੇ ਤੂੰ,ਤੈਨੂੰ 'ਮਾਨ' ਕਿਵੇਂ ਦਿਲੋਂ ਵਿਸਾਰੇ? ਨਮਸਕਾਰ ਲੱਖ ਲੱਖ ਵਾਰ ਤੈਨੂੰ ............................।
ਤੁਹਾਨੂੰ ਕੋਈ ਹੱਕ ਨਹੀਂ
ਤੁਸੀਂ ਤਾਂ ਡੇਰਿਆਂ 'ਚ ਬੈਠੇ ਉਨ੍ਹਾਂ ਪਖੰਡੀ ਬਾਬਿਆਂ ਨੂੰ ਵੇਖਣ ਦੇ ਆਦੀ ਹੋ ਗਏ ਹੋ ਜੋ ਹਜ਼ਾਰਾਂ ਔਰਤਾਂ ਤੇ ਮਰਦਾਂ ਨੂੰ ''ਮੌਤ ਪਿਛੋਂ ਤੁਹਾਨੂੰ ਸਵਰਗ ਮਿਲੇਗਾ'' ਦਾ ਲਾਰਾ ਲਾ ਕੇ ਉਨ੍ਹਾਂ ਦੇ ਸਾਰੇ ਧਨ ਅਤੇ ਜਾਇਦਾਦ ਨੂੰ ਦੋਹੀਂ ਹੱਥੀਂ ਲੁੱਟ ਰਹੇ ਨੇ । ਤੁਸੀਂ ਤਾਂ ਹੋਟਲਾਂ 'ਚ ਕੰਮ ਕਰਕੇ ਤੇ ਭੀਖ ਮੰਗਦੇ ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ ਵੇਖਣ ਦੇ ਆਦੀ ਹੋ ਗਏ ਹੋ ਜਿਨ੍ਹਾਂ ਨੇ ਕਦੇ ਸਕੂਲ਼ ਦਾ ਮੂੰਹ ਨਹੀਂ ਵੇਖਿਆ ਤੇ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਤੇ ਤਨ ਢੱਕਣ ਨੂੰ ਕਪੜਾ ਨਸੀਬ ਨਹੀਂ ਹੁੰਦਾ। ਤੁਸੀਂ ਤਾਂ ਆੜ੍ਹਤੀਆਂ ਵਲੋਂ ਮੰਡੀ 'ਚ ਦਿਨ ਦਿਹਾੜੇ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਵੇਖਣ ਦੇ ਆਦੀ ਹੋ ਗਏ ਹੋ। ਤੁਸੀਂ ਤਾਂ ਠਾਣਿਆਂ 'ਚ ਅਗਾਂਹ ਵਧੂ ਵਿਚਾਰਾਂ ਵਾਲੇ ਨੌਜਵਾਨਾਂ ਤੇ ਪੁਲਿਸ ਵਲੋਂ ਹੁੰਦੇ ਅੰਨ੍ਹੇ ਤਸ਼ੱਦਦ ਨੂੰ ਵੇਖਣ ਦੇ ਆਦੀ ਹੋ ਗਏ ਹੋ ਅਤੇ ਤੁਸੀਂ ਮੀਡੀਏ ਵਲੋਂ ਵੱਖ ਵੱਖ ਫਿਰਕਿਆਂ 'ਚ ਨਫਰਤ ਫੈਲਾਣ ਨੂੰ ਵੇਖਣ ਦੇ ਆਦੀ ਹੋ ਗਏ ਹੋ। ਏਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਵਾਰਸ ਕਹਾਣ ਦਾ ਤੁਹਾਨੂੰ ਕੋਈ ਹੱਕ ਨਹੀਂ , ਤੁਹਾਨੂੰ ਕੋਈ ਹੱਕ ਨਹੀਂ ।
ਵੋਟਰ ਨੂੰ
ਆਪਣੀ ਕੀਮਤ ਜਾਣ ਵੋਟਰਾ ਆਪਣੀ ਕੀਮਤ ਜਾਣ। ਸੋਚ ਜ਼ਰਾ, ਕਿਉਂ ਨੇਤਾ ਮੁੜ ਮੁੜ ਤੇਰੇ ਘਰ ਦੇ ਗੇੜੇ ਲਾਣ। ਦੇਖ ਦਫਤਰਾਂ 'ਚ ਕਿਵੇਂ ਫੈਲਿਆ ਭ੍ਰਿਸ਼ਟਾਚਾਰ। ਚਾਰ ਦਿਨ ਪਹਿਲਾਂ ਦਿੱਤੀ ਫਾਈਲ ਦਫਤਰਾਂ ਵਿਚੋਂ ਜਾਏ ਗੁਆਚ। 'ਪਾਣੀ ਜੀਵਨ ਦਾ ਆਧਾਰ ਹੈ' ਕਹਿੰਦੇ ਲੋਕ ਸਿਆਣੇ। ਪਰ ਪਾਣੀ ਦੀ ਇਕ ਇਕ ਬੂੰਦ ਨੂੰ ਤਰਸਣ ਗਰੀਬਾਂ ਦੇ ਨਿਆਣੇ। ਦੇਖ ਕਿਸਾਨਾਂ ਦੀ ਫਸਲ ਕਿਵੇਂ ਮੰਡੀ ਵਿੱਚ ਹੈ ਰੁਲਦੀ। ਕੌਡੀਆਂ ਦੇ ਭਾਅ ਖਰੀਦਣ ਆੜ੍ਹਤੀ ਫਸਲ ਮਹਿੰਗੇ ਮੁੱਲ ਦੀ। ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਜਾ ਚੜ੍ਹੇ। ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ ਗਾਹਕ ਰਹਿ ਜਾਣ ਖੜ੍ਹੇ ਦੇ ਖੜ੍ਹੇ। ਦੇਖ ਕਿਵੇਂ ਡਿਗਰੀਆਂ ਲੈ ਕੇ ਵਿਹਲੇ ਫਿਰਦੇ ਨੌਜਵਾਨ। ਨੌਕਰੀ ਨਾ ਮਿਲਣ ਦੇ ਗ਼ਮ 'ਚ ਉਹ ਨਸ਼ੇ ਲੱਗ ਪਏ ਖਾਣ। ਹੁਣ ਚੋਣ ਮੈਦਾਨ ਹੈ ਭਖਿਆ ਤੇਰਾ ਵੱਧ ਗਿਆ ਹੈ ਮੁੱਲ। ਸੌ,ਦੋ ਸੌ ਦੇ ਲਾਲਚ ਵਿੱਚ ਨੇਤਾਵਾਂ ਦੇ ਕਾਰੇ ਜਾਈਂ ਨਾ ਭੁੱਲ। ਜੋ ਤੇਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ। ਆਪਣੇ ਹੱਕ ਦੀ ਵਰਤੋਂ ਕਰਕੇ ਤੂੰ ਉਨ੍ਹਾਂ ਨੂੰ ਲਈਂ ਚੁਣ।
ਪਾਣੀ ਬਚਾਉ
ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ, ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ। ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ, ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ। ਬੀਜੋ ਕਿਰਸਾਨੋ ਘੱਟ ਪਾਣੀ ਵਾਲੀਆਂ ਫਸਲਾਂ, ਜੇ ਜੀਵਤ ਰੱਖਣੀਆਂ ਆਣ ਵਾਲੀਆਂ ਨਸਲਾਂ। ਨਹਾਣ ਤੇ ਕਪੜੇ ਧੋਣ ਲਈ ਘੱਟ ਵਰਤੋ ਪਾਣੀ, ਗੱਡੀਆਂ ਤੇ ਸਕੂਟਰਾਂ ਉੱਤੇ ਨਾ ਬਹੁਤਾ ਸੁੱਟੋ ਪਾਣੀ। ਨਦੀਆਂ ਤੇ ਦਰਿਆਵਾਂ ਦਾ ਪਾਣੀ ਰੱਖੋ ਸਾਫ, ਇਨ੍ਹਾਂ ਵਿੱਚ ਸੁੱਟੋ ਨਾ ਕੂੜਾ ਤੇ ਲਿਫਾਫੇ ਆਪ। ਸਾਫ ਪਾਣੀ ਫਸਲਾਂ ਤੇ ਪੰਛੀਆਂ ਦੇ ਆਏਗਾ ਕੰਮ, ਇਸ ਨਾਲ ਖਰਾਬ ਨਹੀਂ ਹੋਵੇਗਾ ਕਿਸੇ ਦਾ ਚੰਮ। ਇਸ ਤੋਂ ਪਹਿਲਾਂ ਕਿ ਬਹੁਤ ਮਹਿੰਗਾ ਪਾਣੀ ਹੋ ਜਾਵੇ, ਇਸ ਤੋਂ ਪਹਿਲਾਂ ਕਿ ਇਹ ਪਹੁੰਚ ਤੋਂ ਬਾਹਰ ਹੋ ਜਾਵੇ, ਪਾਣੀ ਬਚਾਣਾ ਸ਼ੁਰੂ ਕਰ ਦਿਉ ਤੁਸੀਂ ਅੱਜ ਤੋਂ ਹੀ, ਸਭ ਨੂੰ ਜੀਵਤ ਰੱਖਣ ਲਈ ਸੋਚੋ ਅੱਜ ਤੋਂ ਹੀ।
ਧੀਆਂ
ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ, ਮਾਵਾਂ ਨੂੰ ਦੇਖ ਮੁਸਕਾਵਣ ਧੀਆਂ। ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ, ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ। ਪਿੱਪਲਾਂ ਥੱਲੇ ਰੌਣਕ ਲੱਗ ਜਾਵੇ, ਜਦ ਪੀਂਘਾਂ ਚੜ੍ਹਾਵਣ ਧੀਆਂ। ਵੀਰਾਂ ਦੇ ਗੁੱਟਾਂ ਤੇ ਬਿਨਾਂ ਲਾਲਚ ਤੋਂ, ਸੋਹਣੀਆਂ ਰੱਖੜੀਆਂ ਸਜਾਵਣ ਧੀਆਂ। ਪੁੱਤਾਂ ਨਾਲੋਂ ਵੱਧ ਪੜ੍ਹ , ਲਿਖ ਕੇ, ਉਨ੍ਹਾਂ ਨੂੰ ਰਾਹ ਦਰਸਾਵਣ ਧੀਆਂ। ਚੰਗੇ, ਚੰਗੇ ਅਹੁਦਿਆਂ ਤੇ ਲੱਗ ਕੇ, ਆਪਣੇ ਫਰਜ਼ ਨਿਭਾਵਣ ਧੀਆਂ। ਸਜੇ ਹੋਏ ਪੇਕੇ ਘਰ ਨੂੰ ਛੱਡ ਕੇ, ਸਹੁਰਾ ਘਰ ਸਜਾਵਣ ਧੀਆਂ। ਪੇਕੇ ਘਰ ਜੇ ਕੋਈ ਦੁਖੀ ਹੋਵੇ, ਪੇਕੇ ਘਰ ਝੱਟ ਆਵਣ ਧੀਆਂ। ਪੁੱਤ ਵੰਡਾਵਣ ਖੇਤ ਤੇ ਦੌਲਤ, ਪਰ ਦੁੱਖਾਂ ਨੂੰ ਵੰਡਾਵਣ ਧੀਆਂ।
ਕਮਜ਼ੋਰ
ਕਮਜ਼ੋਰ ਉਹ ਨਹੀਂ ਜੋ ਲੜ ਰਹੇ ਨੇ ਚਿਰਾਂ ਤੋਂ ਆਪਣੇ ਹੱਕਾਂ ਲਈ ਅਤੇ ਜਿਨ੍ਹਾਂ ਨੂੰ ਹਾਲੇ ਕੋਈ ਸਫਲਤਾ ਨਹੀਂ ਮਿਲੀ। ਕਮਜ਼ੋਰ ਉਹ ਨਹੀਂ ਜੋ ਰਹਿੰਦੇ ਨੇ ਕੱਚੇ ਕੋਠਿਆਂ 'ਚ ਤੇ ਜਿਨ੍ਹਾਂ ਨੂੰ ਮਿਲਦੀ ਨਹੀਂ ਢਿੱਡ ਭਰਨ ਲਈ ਦੋ ਵੇਲੇ ਦੀ ਰੋਟੀ ਤੇ ਤਨ ਢਕਣ ਲਈ ਕਪੜਾ। ਕਮਜ਼ੋਰ ਤਾਂ ਉਹ ਹਨ ਜੋ ਇਹ ਕਹਿੰਦੇ ਨੇ "ਸਾਡੇ ਲੇਖਾਂ 'ਚ ਹੀ ਲਿਖਿਆ ਹੈ ਕੱਚੇ ਕੋਠਿਆਂ 'ਚ ਰਹਿਣਾ, ਢਿੱਡੋਂ ਭੁੱਖੇ ਰਹਿਣਾ ਤੇ ਤਨਾਂ ਤੋਂ ਨੰਗੇ ਰਹਿਣਾ।"
ਇਹੋ ਜਹੀ ਆਜ਼ਾਦੀ
ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ, ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ, ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ। ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ। ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ, ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ, ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ? ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ। ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ, ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ, ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ। ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ। ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ, ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ, ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ। ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ। ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ, ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ, ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ। ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ। ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ, ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ, ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ। ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਅਧਿਆਪਕ ਦਿਵਸ
ਬੱਚਿਆਂ ਤੋਂ ਪਹਿਲਾਂ ਅਧਿਆਪਕ ਸਕੂਲਾਂ 'ਚ ਪਹੁੰਚ ਜਾਂਦੇ ਨੇ, ਡਾਇਰੀਆਂ ਦੇ ਅਨੁਸਾਰ ਉਹ ਸਾਰੇ ਬੱਚਿਆਂ ਨੂੰ ਪੜ੍ਹਾਂਦੇ ਨੇ। ਨੈਤਿਕ ਸਿੱਖਿਆ ਵੀ ਉਹ ਦਿੰਦੇ ਨੇ, ਕਿਤਾਬੀ ਸਿੱਖਿਆ ਦੇ ਨਾਲ, ਉਹ ਆਣ ਵਾਲੇ ਸਮੇਂ ਲਈ ਉਨ੍ਹਾਂ ਨੂੰ ਕਰਦੇ ਨੇ ਤਿਆਰ। ਵਧੀਆ ਸਿੱਖਿਆ ਦੇ ਕੇ ਉਹ ਉਨ੍ਹਾਂ ਨੂੰ ਅਫਸਰ ਬਣਾਂਦੇ ਨੇ। ਬੱਚੇ ਵੀ ਅਫਸਰ ਬਣ ਕੇ ਉਨ੍ਹਾਂ ਦਾ ਜੱਸ ਗਾਂਦੇ ਨੇ। ਜਦ ਅਧਿਆਪਕਾਂ ਦੇ ਹੱਥਾਂ ਵਿੱਚ ਹੈ ਦੇਸ਼ ਦਾ ਭਵਿੱਖ, ਫਿਰ ਆਪਣੇ ਕਿੱਤੇ ਤੋਂ ਉਹ ਖੁਸ਼ ਕਿਉਂ ਰਹੇ ਨ੍ਹੀ ਦਿੱਖ? ਕੱਚੇ ਹੋਣ ਦਾ ਫਾਹਾ ਉਨ੍ਹਾਂ ਦੇ ਗਲ਼ਾਂ 'ਚ ਪਾਇਆ ਹੋਇਆ, ਘੱਟ ਤਨਖਾਹਾਂ ਦੇਣ ਦਾ ਹਾਕਮਾਂ ਨੂੰ ਬਹਾਨਾ ਮਿਲਿਆ ਹੋਇਆ। ਭੁੱਲ ਕੇ ਵੀ ਨਾ ਕਰਿਉ ਉਨ੍ਹਾਂ ਦੀਆਂ ਬਦਲੀਆਂ ਦੂਰ ਦੀਆਂ, ਉਹ ਕੋਈ ਗੈਰ ਨਹੀਂ, ਉਹ ਤੁਹਾਡੇ ਹੀ ਨੇ ਪੁੱਤ, ਧੀਆਂ। ਅਧਿਆਪਕ ਦਿਵਸ ਮਨਾ ਕੇ ਦੱਸੋ ਉਨ੍ਹਾਂ ਨੂੰ ਕੀ ਮਿਲ ਜਾਣਾ, ਮੰਨੋ ਉਨ੍ਹਾਂ ਦੀਆਂ ਜਾਇਜ਼ ਮੰਗਾਂ, ਪਿੱਛੋਂ ਪਏ ਨਾ ਪਛਤਾਣਾ।
ਬਲਵਾਨ
ਬਲਵਾਨ ਉਹ ਨਹੀਂ ਜੋ ਕਮਜ਼ੋਰਾਂ ਤੇ ਤਲਵਾਰ ਦੇ ਜ਼ੋਰ ਨਾਲ ਰਾਜ ਕਰਦੇ ਨੇ । ਬਲਵਾਨ ਉਹ ਨਹੀਂ ਜੋ ਕਮਜ਼ੋਰਾਂ ਦੇ ਹੱਕ ਅਜ਼ਲਾਂ ਤੋਂ ਮਾਰ ਕੇ ਬੈਠੇ ਨੇ ਹੱਕ-ਰੋਟੀ, ਪੈਸੇ ਤੇ ਜ਼ਮੀਨ ਦੇ। ਬਲਵਾਨ ਤਾਂ ਉਹ ਨੇ ਜੋ ਕਮਜ਼ੋਰਾਂ ਨੂੰ ਆਪਣੇ ਵਰਗੇ ਸਮਝ ਕੇ ਉਨ੍ਹਾਂ ਦੀ ਸਹਾਇਤਾ ਕਰਦੇ ਨੇ ਰੋਟੀ ਨਾਲ, ਪੈਸੇ ਨਾਲ ਤੇ ਜ਼ਮੀਨ ਨਾਲ।
ਦੀਵਾਲੀ
ਅੱਜ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ, ਲੋਕਾਂ ਨੂੰ ਪਟਾਕੇ ਚਲਾਉਣ ਦੀ ਬੜੀ ਕਾਹਲੀ ਹੈ। ਪਟਾਕੇ ਚਲਾਉਣ ਵਾਲਿਓ ਲੋਕੋ,ਜ਼ਰਾ ਸੰਭਲ ਕੇ, ਖਾ ਲਿਉ ਤਰਸ ਬੇਵੱਸ ਪੰਛੀਆਂ ਅਤੇ ਜਾਨਵਰਾਂ ਤੇ। ਪਟਾਕਿਆਂ ਦੇ ਧੂੰਏਂ ਨਾਲ ਹਵਾ ਹੋਰ ਦੂਸ਼ਿਤ ਹੋ ਜਾਣੀ, ਸਾਹ ਲੈਣ 'ਚ ਸਭ ਨੂੰ ਮੁਸ਼ਕਲ ਹੈ ਪੇਸ਼ ਆਉਣੀ। ਕਰੋੜਾਂ ਰੁਪਏ ਫੂਕ ਕੇ ਤੁਸੀਂ ਕੀ ਪਾ ਲੈਣਾ, ਝੁੱਗਾ ਆਪਣਾ ਤੁਸੀਂ ਹੋਰ ਵੀ ਚੌੜ ਕਰਾ ਲੈਣਾ। ਨਕਲੀ ਮਠਿਆਈਆਂ ਖਾਣ ਤੋਂ ਵੀ ਕਰਿਉ ਪ੍ਰਹੇਜ਼, ਇਨ੍ਹਾਂ ਨੇ ਤੁਹਾਨੂੰ ਹਸਪਤਾਲਾਂ 'ਚ ਦੇਣਾ ਭੇਜ। ਫਿਰ ਦੇਣੇ ਪੈਣਗੇ ਤੁਹਾਨੂੰ ਹਜ਼ਾਰਾਂ ਰੁਪਏ ਦੇ ਬਿੱਲ, ਮਹੀਨਾ ਭਰ ਮੰਜਿਆਂ ਤੋਂ ਤੁਹਾਥੋਂ ਹੋਣਾ ਨ੍ਹੀ ਹਿੱਲ। ਇਸ ਕਰਕੇ ਜੋ ਕੁਝ ਚਾਹੁੰਦੇ ਹੋ ਤੁਸੀਂ ਖਾਣਾ, ਉਹ ਆਪਣੇ ਘਰਾਂ 'ਚ ਬੈਠ ਕੇ ਹੀ ਬਣਾਉਣਾ। ਏਸੇ ਵਿੱਚ ਹੀ ਹੈ ਭਲਾ ਲੋਕੋ,ਤੁਹਾਡਾ ਸਭ ਦਾ, ਚੱਜ ਨਾਲ ਮਨਾਇਆਂ ਹੀ ਤਿਉਹਾਰ ਚੰਗਾ ਲੱਗਦਾ।
ਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ
ਤੂੰ ਜਿਸ ਪਾਸੇ ਲਾਣਾ ਚਾਹੁੰਦਾ ਸੀ, ਉਸ ਪਾਸੇ ਨਾ ਲੱਗਿਆ ਮਨੁੱਖ ਬਾਬਾ। ਇਹ ਬਣ ਕੇ ਵਾਰਿਸ ਮਾਲਕ ਭਾਗੋ ਦਾ, ਹੱਕ ਦੀ ਖਾਣ ਵਾਲਿਆਂ ਨੂੰ ਦੇਵੇ ਦੁੱਖ ਬਾਬਾ। ਇਹ ਆਪਣੇ ਭਰਾਵਾਂ ਨੂੰ ਹੀ ਮਾਰੀ ਜਾਵੇ, ਇਦ੍ਹੀ ਵੱਧ ਗਈ ਏਨੀ ਪੈਸੇ ਦੀ ਭੁੱਖ ਬਾਬਾ। ਇਹ ਪੁੱਤਰ ਮੋਹ ਦੇ ਵਿੱਚ ਫਸਿਆ ਏਨਾ, ਕਿ ਸੁੰਨੀ ਕਰੀ ਜਾਵੇ ਨਾਰੀ ਦੀ ਕੁੱਖ ਬਾਬਾ। ਇਹ ਆਪਣੇ ਮਾਂ-ਪਿਉ ਨੂੰ ਹੀ ਨਾ ਪੁੱਛੇ, ਹੋਰ ਕਿਸੇ ਨੂੰ ਇਸ ਨੇ ਦੇਣਾ ਕੀ ਸੁੱਖ ਬਾਬਾ। ਕਿਸੇ ਦਾ ਭਲਾ ਕਰਨਾ ਇਸ ਨੂੰ ਆਉਂਦਾ ਨ੍ਹੀ, ਇਹ ਆਪਣੀ ਗਰਜ਼ ਰੱਖੇ ਸਦਾ ਮੁੱਖ ਬਾਬਾ। ਇਹ ਖ਼ੁਦ ਹੀ ਜੀਣਾ ਚਾਹੁੰਦਾ ਨਹੀਂ, ਤਾਂ ਹੀ ਵੱਢ ਵੱਢ ਕੇ ਸੁੱਟੀ ਜਾਵੇ ਰੁੱਖ ਬਾਬਾ। ਹਵਾ ਤੇ ਪਾਣੀ ਇਸ ਨੇ ਪ੍ਰਦੂਸ਼ਿਤ ਕੀਤੇ, ਖ਼ਬਰੇ ਹੋਰ ਕਿੱਧਰ ਕਰਨਾ ਇਸ ਨੇ ਰੁੱਖ ਬਾਬਾ। ਮੂੰਹੋਂ ਤਾਂ ਬਥੇਰੀ ਉਚਾਰੀ ਜਾਵੇ ਤੇਰੀ ਬਾਣੀ, ਪਰ ਇਸ ਤੇ ਅਮਲ ਨਾ ਕਰਕੇ ਪਾਵੇ ਦੁੱਖ ਬਾਬਾ। ਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ, ਨਹੀਂ ਤਾਂ ਇਸ ਨੇ ਦਈ ਜਾਣਾ ਸਭ ਨੂੰ ਦੁੱਖ ਬਾਬਾ।
ਚੜ੍ਹਦਾ ਸੂਰਜ
ਆਸਮਾਨ 'ਚ ਚੜ੍ਹ ਕੇ ਸੂਰਜ ਨ੍ਹੇਰਾ ਦੂਰ ਭਜਾਵੇ। ਸੁੱਤਿਆਂ ਪਿਆਂ ਨੂੰ ਜਗਾ ਕੇ ਆਪਣੇ, ਆਪਣੇ ਕੰਮੀਂ ਲਾਵੇ। ਔਰਤਾਂ ਹੱਥ, ਮੂੰਹ ਧੋ ਕੇ ਰਸੋਈਆਂ ਵਿੱਚ ਡਟ ਜਾਵਣ। ਆਪਣੇ, ਆਪਣੇ ਪਰਿਵਾਰਾਂ ਲਈ ਖਾਣਾ ਤਿਆਰ ਕਰਨ ਲੱਗ ਜਾਵਣ। ਬੱਚੇ ਤਿਆਰ ਹੋ ਕੇ, ਖਾਣਾ ਖਾ ਕੇ ਸਕੂਲਾਂ ਨੂੰ ਤੁਰ ਜਾਵਣ। ਕੁੱਝ ਬੰਦੇ ਕੰਮ ਲੱਭਣ ਲਈ ਚੌਂਕਾਂ ਵਿੱਚ ਖੜ੍ਹ ਜਾਵਣ। ਤੇ ਕੁੱਝ ਸਕੂਟਰ, ਕਾਰਾਂ ਲੈ ਕੇ ਦਫਤਰਾਂ ਨੂੰ ਤੁਰ ਜਾਵਣ। ਉਹ ਮਿਲਿਆ ਕੰਮ ਕਰਕੇ ਸ਼ਾਮ ਨੂੰ ਘਰਾਂ ਨੂੰ ਮੁੜ ਆਵਣ। ਕਾਮੇ ਆਪਣੇ ਪਰਿਵਾਰਾਂ ਲਈ ਧਨ ਕਮਾ ਕੇ ਲਿਆਵਣ। ਦਫਤਰਾਂ 'ਚ ਕੰਮ ਕਰਨ ਵਾਲੇ ਮਹੀਨੇ ਪਿੱਛੋਂ ਤਨਖਾਹ ਲਿਆਵਣ। ਇਸ ਧਨ ਨਾਲ ਉਨ੍ਹਾਂ ਦੇ ਘਰਾਂ 'ਚ ਰੋਟੀਆਂ ਪੱਕਣ ਲੱਗ ਜਾਵਣ। ਸੱਚਮੁੱਚ ਜੇ ਸੂਰਜ ਨਾ ਚੜ੍ਹੇ ਲੋਕੀਂ ਭੁੱਖੇ ਹੀ ਮਰ ਜਾਵਣ।
ਨਵੇਂ ਸਾਲ ਨੂੰ
ਐ ਨਵੇਂ ਸਾਲ, ਮੈਂ ਤੇਰੇ ਕੋਲੋਂ ਕੁੱਝ ਵੀ ਨਹੀਂ ਮੰਗਦਾ ਕਿਉਂਕਿ ਤੂੰ ਮੈਨੂੰ ਕੁੱਝ ਵੀ ਦੇਣ ਜੋਗਾ ਨਹੀਂ। ਮੈਂ ਤਾਂ ਉਹਨਾਂ ਲੋਕਾਂ ਦਾ ਸਾਥ ਮੰਗਦਾ ਹਾਂ, ਜਿਹੜੇ ਕਹਿਰ ਦੀ ਗਰਮੀ 'ਚ ਵੀ ਪੈਰਾਂ ਤੋਂ ਨੰਗੇ ਰਹਿੰਦੇ ਨੇ ਤੇ ਕਹਿਰ ਦੀ ਸਰਦੀ 'ਚ ਵੀ ਪੈਰਾਂ ਤੋਂ ਨੰਗੇ ਰਹਿੰਦੇ ਨੇ। ਮੈਂ ਤਾਂ ਉਹਨਾਂ ਲੋਕਾਂ ਦਾ ਸਾਥ ਮੰਗਦਾ ਹਾਂ, ਜਿਹੜੇ ਕਾਨਿਆਂ ਦੀਆਂ ਝੁੱਗੀਆਂ 'ਚ ਰਹਿੰਦੇ ਨੇ, ਜਿਨ੍ਹਾਂ ਚੋਂ ਠੰਢੀ ਹਵਾ ਤੇ ਮੀਂਹ ਦਾ ਪਾਣੀ ਬੇ ਰੋਕ ਟੋਕ ਲੰਘ ਜਾਂਦਾ ਹੈ। ਮੈਂ ਇਨ੍ਹਾਂ ਲੋਕਾਂ ਦਾ ਸਾਥ ਇਸ ਲਈ ਮੰਗਦਾ ਹਾਂ ਕਿਉਂਕਿ ਇਨ੍ਹਾਂ ਦੇ ਸਾਥ ਤੋਂ ਬਿਨਾਂ ਇਕ ਐਸਾ ਸਮਾਜ ਸਿਰਜਿਆ ਨਹੀਂ ਸਕਦਾ ਜਿਸ ਵਿੱਚ ਨਾ ਕੋਈ ਊਚ ਨੀਚ ਹੋਵੇ, ਨਾ ਕੋਈ ਭੇਦ ਭਾਵ ਹੋਵੇ, ਨਾ ਕੋਈ ਉਦਾਸ ਹੋਵੇ, ਨਾ ਕਿਸੇ ਦੀਆਂ ਅੱਖਾਂ 'ਚ ਹੰਝੂ ਵਗਣ। ਐ ਸਾਲ, ਮੈਂ ਤੇਰੇ ਕੋਲੋਂ ਕੁੱਝ ਨਹੀਂ ਮੰਗਦਾ ਕਿਉਂਕਿ ਤੂੰ ਮੈਨੂੰ ਕੁੱਝ ਵੀ ਦੇਣ ਜੋਗਾ ਨਹੀਂ।
ਖਾਲਸਾ ਪੰਥ ਦੀ ਸਾਜਨਾ
ਖਾਲਸਾ ਪੰਥ ਦੀ ਸਾਜਨਾ ਸੰਨ 1699 ਦੀ ਵਿਸਾਖੀ ਦੇ ਦਿਨ ਸੰਗਤ ਦੂਰੋਂ, ਦੂਰੋਂ ਅਨੰਦਪੁਰ ਸਾਹਿਬ ਪਹੁੰਚੀ। ਦਸਵੇਂ ਗੁਰੂ ਜੀ ਨੇ ਹੱਥ ਤਲਵਾਰ ਫੜਕੇ ਵਾਰੀ, ਵਾਰੀ ਪੰਜ ਸੀਸਾਂ ਦੀ ਮੰਗ ਕੀਤੀ। ਗੁਰੂ ਜੀ ਦਾ ਹੁਕਮ ਮੰਨ ਕੇ ਸੰਗਤ ਵਿੱਚੋਂ ਪੰਜ ਜਣੇ ਉਨ੍ਹਾਂ ਅੱਗੇ ਪੇਸ਼ ਹੋਏ। ਇੱਕੋ ਬਾਟੇ 'ਚ ਛਕਾ ਅੰਮ੍ਰਿਤ ਇਨ੍ਹਾਂ ਨੂੰ ਸਿੰਘ ਬਣਾ ਦਿੱਤਾ ਗੁਰੂ ਜੀ ਨੇ। ਪਿਛਲੀਆਂ ਜ਼ਾਤਾਂ, ਗੋਤ ਖਤਮ ਹੋ ਗਏ ਪੰਜ ਪਿਆਰੇ ਬਣ ਗਏ ਗੁਰੂ ਜੀ ਦੇ। ਪਿੱਛੋਂ ਆਪ ਇਨ੍ਹਾਂ ਤੋਂ ਛਕ ਅੰਮ੍ਰਿਤ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਪੰਜਾਂ ਪਿਆਰਿਆਂ ਨਾਲ ਗੁਰੂ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ। ਇੱਕੋ ਬਾਟੇ 'ਚ ਸਭ ਨੂੰ ਛਕਾ ਅੰਮ੍ਰਿਤ ਇੱਕੋ ਜਹੀ ਰਹਿਤ ਮਰਿਆਦਾ ਦਿੱਤੀ। ਗੁਰੂ ਜੀ ਨੇ ਜ਼ੁਲਮ, ਜਬਰ, ਅਨਿਆਂ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਗਿੱਦੜ ਵੀ ਸ਼ੇਰ ਬਣ ਸਕਦੇ ਮੌਕੇ ਦੇ ਹਾਕਮਾਂ ਨੂੰ ਦਰਸਾ ਦਿੱਤਾ।
ਦਲ ਬਦਲਣ ਦੀ ਰੁੱਤ
ਦਲ ਬਦਲਣ ਦੀ ਰੁੱਤ ਆਈ ਹੈ ਦਲ ਬਦਲ ਲਉ ਭਾਈ। ਉਸ ਦਲ 'ਚ ਪਹੁੰਚ ਜਾਉ ਜਿਸ 'ਚ ਹੋਵੇ ਵੱਧ ਕਮਾਈ। ਨਵੇਂ ਦਲ 'ਚ ਜਾ ਕੇ ਗਲ਼ ਹਾਰ ਪੁਆ ਲਉ। ਗੱਲਾਂ ਦਾ ਕੜਾਹ ਬਣਾ ਕੇ ਉਸ ਦਲ ਤੇ ਛਾ ਜਾਉ। ਭਾਵੇਂ ਨਵੇਂ ਦਲ 'ਚ ਜਾ ਕੇ ਉੱਥੇ ਪੈਰ ਟਿਕਾਣੇ ਔਖੇ। ਜਿਹੜੇ ਕੰਮ ਲੱਗਣ ਔਖੇ ਉਹ ਬਾਅਦ 'ਚ ਹੋ ਜਾਂਦੇ ਸੌਖੇ। ਪ੍ਰਧਾਨ ਜੀ ਦੇ ਗੋਡੀਂ ਹੱਥ ਜ਼ਰਾ ਚੱਜ ਨਾਲ ਲਾਇਊ। ਮੰਨ ਲਉ ਗੱਲ ਮੇਰੀ ਚੁੱਪ ਕਰਕੇ ਫਿਰ ਪਿੱਛੋਂ ਨਾ ਪਛਤਾਇਉ। ਜਿਹੜੇ ਸਮੇਂ ਸਿਰ ਫੁਰਤੀ ਨਾਲ ਫੈਸਲਾ ਨਹੀਂ ਲੈਂਦੇ। ਉਨ੍ਹਾਂ ਨੂੰ ਫਿਰ ਰੋਣਾ ਪੈਂਦਾ ਸਿਆਣੇ ਇਹ ਕਹਿੰਦੇ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
1582 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਹੋ ਗਏ ਬਿਰਾਜਮਾਨ ਸੀ। ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਤੋਂ ਇਹ ਗੱਲ ਰਤਾ ਨਾ ਹੋਈ ਸਹਾਰ ਸੀ। ਉਸ ਨੇ ਚੰਦੂ ਦੇ ਨਾਲ ਰਲ ਕੇ ਉਨ੍ਹਾਂ ਵਿਰੁੱਧ ਕਈ ਸਾਜ਼ਿਸ਼ਾਂ ਰਚੀਆਂ ਸੀ। ਉਨ੍ਹਾਂ ਨੇ ਜਹਾਂਗੀਰ ਕੋਲ ਜਾ ਕੇ ਗੁਰੂ ਜੀ ਵਿਰੁੱਧ ਗੱਲਾਂ ਕੀਤੀਆਂ ਝੂਠੀਆਂ ਸੀ। ਗੁਰੂ ਜੀ ਨੇ ਚੰਦੂ ਦੀ ਧੀ ਦੇ ਰਿਸ਼ਤੇ ਨੂੰ ਹਰਗੋਬਿੰਦ ਵਾਸਤੇ ਕੀਤਾ ਇਨਕਾਰ ਸੀ। ਇਸੇ ਕਰਕੇ ਦਿਲ ਦਾ ਮਾੜਾ ਚੰਦੂ ਉਨ੍ਹਾਂ ਨਾਲ ਰੱਜ ਕੇ ਖਾਂਦਾ ਖ਼ਾਰ ਸੀ। ਜਹਾਂਗੀਰ ਦੇ ਕਹਿਣ ਤੇ ਅੱਤ ਦੀ ਗਰਮੀ 'ਚ ਉਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ। ਫਿਰ ਵੀ ਜ਼ਾਲਮਾਂ ਨੂੰ ਚੈਨ ਨਾ ਮਿਲਿਆ ਫਿਰ ਸੀਸ ਤੇ ਗਰਮ ਰੇਤਾ ਪਾਇਆ ਗਿਆ ਸੀ। ਫਿਰ ਵੀ ਉਨ੍ਹਾਂ ਨੇ ਸੀ ਨਾ ਕੀਤੀ, ਅਡੋਲ ਰਹੇ ਤੇ ਉਨ੍ਹਾਂ ਨੇ ਸਿਦਕ ਨਾ ਹਾਰਿਆ ਸੀ। "ਤੇਰਾ ਭਾਣਾ ਮੀਠਾ ਲਾਗੈ" ਕਹਿ ਉਨ੍ਹਾਂ ਨੇ ਆਪਾ ਧਰਮ ਦੀ ਖਾਤਰ ਵਾਰਿਆ ਸੀ।
ਮੁੰਡੇ ਨਸ਼ੇ ਦੇ ਆਦੀ
ਲੱਤ ਮਾਰ ਕੇ ਦੁੱਧ ਤੇ ਘਿਓ ਨੂੰ, ਮੁੰਡੇ ਨਸ਼ੇ ਦੇ ਆਦੀ ਹੋਏ ਬੇਲੀ। ਉੱਥੋਂ ਕੱਢ ਲੈਂਦੇ ਨੇ ਝੱਟ ਪੈਸੇ, ਜਿੱਥੇ ਪਿਓ ਨੇ ਹੋਣ ਲਕੋਏ ਬੇਲੀ। ਕਿਤੇ ਮਾਂ ਨੂੰ ਜ਼ਖਮੀ ਕੀਤਾ ਨਸ਼ੇ ਕਰਕੇ, ਕਿਤੇ ਪਿਓ ਨਾਲ ਵੱਧ, ਘੱਟ ਹੋਏ ਬੇਲੀ। ਆਪ ਰੁਲਦੇ, ਮਾਂ-ਪਿਓ ਨੂੰ ਰੋਲਦੇ, ਜ਼ਮੀਨਾਂ ਵੇਚ ਕੇ ਵਿਹਲੇ ਹੋਏ ਬੇਲੀ। ਜਦ ਮਿਲੇ ਨਾ ਪੈਸੇ ਉਧਾਰੇ ਕਿਸੇ ਤੋਂ, ਬੱਚਿਆਂ ਵਾਂਗ ਉੱਚੀ, ਉੱਚੀ ਰੋਏ ਬੇਲੀ। ਆਪੇ ਹੰਝੂ ਇਨ੍ਹਾਂ ਨੇ ਗਲ਼ ਪਾਏ, ਕਿਹੜਾ ਇਨ੍ਹਾਂ ਦੀਆਂ ਅੱਖਾਂ ਧੋਏ ਬੇਲੀ। ਕਈ ਮਰੇ ਨਸ਼ੇ ਦੀ ਘਾਟ ਕਰਕੇ, ਕਈ ਵੱਧ ਨਸ਼ੇ ਦੀ ਡੋਜ ਨਾਲ ਮੋਏ ਬੇਲੀ। ਕਿਵੇਂ ਨਸ਼ਿਆਂ ਨੂੰ ਪਏ ਠੱਲ੍ਹ ਇੱਥੇ, ਨਸ਼ਾ ਤਸਕਰਾਂ ਨਾਲ ਨੇਤਾ ਰਲੇ ਹੋਏ ਬੇਲੀ।
ਚਰਿੱਤਰਵਾਨ ਰਾਵਣ
ਰਾਮ ਵੇਲੇ ਦੇ ਜਿਸ ਰਾਵਣ ਨੇ ਸੀਤਾ ਦਾ ਹਰਣ ਕੀਤਾ ਸੀ, ਉਸ ਨੇ ਦਸ ਮਹੀਨੇ ਉਸ ਨੂੰ ਆਪਣੀ ਕੈਦ 'ਚ ਰੱਖਿਆ ਸੀ। ਉਸ ਨੇ ਸੀਤਾ ਦੀ ਇੱਜ਼ਤ ਮਿੱਟੀ 'ਚ ਨਹੀਂ ਸੀ ਰੋਲੀ। ਫਿਰ ਵੀ ਉਸ ਦੇ ਪੁਤਲੇ ਬਣਾ ਕੇ ਸਾੜੇ ਹਰ ਸਾਲ ਜਨਤਾ ਭੋਲ਼ੀ। ਅੱਜ ਦੇ ਰਾਵਣ ਹਜ਼ਾਰਾਂ ਨਾਰਾਂ ਦੀ ਇੱਜ਼ਤ ਮਿੱਟੀ 'ਚ ਜਾਣ ਰੋਲ਼ੀ। ਉਨ੍ਹਾਂ ਨੂੰ ਅਕਲ ਦੇਣ ਲਈ ਅੱਗੇ ਨਾ ਆਵੇ ਸੂਰਮਾ ਕੋਈ। ਉਹ ਬੜੀ ਸ਼ਾਨੋ ਸ਼ੌਕਤ ਨਾਲ ਸਮਾਜ ਵਿੱਚ ਰਹਿ ਰਹੇ ਨੇ। 'ਸਾਨੂੰ ਕਿਸੇ ਦਾ ਡਰ ਨਹੀਂ,' ਆਪਣੇ ਮੂੰਹੋਂ ਕਹਿ ਰਹੇ ਨੇ। ਪਹਿਲਾਂ ਹੋਏ ਚਰਿੱਤਰਵਾਨ ਰਾਵਣ ਤੇ ਲੋਕੋ ਚਿੱਕੜ ਸੁੱਟਣਾ ਛੱਡੋ। ਅੱਜ ਦੇ ਚਰਿੱਤਰਹੀਣ ਰਾਵਣਾਂ ਦਾ ਸਾਰੇ ਰਲ ਕੇ ਫਾਹਾ ਵੱਢੋ।
ਬੋਲੀਆਂ
ਰੱਬ ਉਨ੍ਹਾਂ ਦੇ ਮਨਾਂ ਵਿੱਚ ਵੱਸਦਾ, ਖੌਰੇ ਲੋਕੀਂ ਮੰਦਰਾਂ ਚੋਂ ਕੀ ਭਾਲਦੇ? ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ, ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ। ਲੋਕਾਂ ਨੂੰ ਆਪਸ ਵਿੱਚ ਲੜਾ ਕੇ, ਆਪ ਨੇਤਾ ਕੱਠੇ ਹੋ ਕੇ ਮਜ਼ੇ ਲੁੱਟਦੇ। ਪਾਣੀ ਪੀਣ ਨੂੰ ਵੀ ਲੱਭਣਾ ਨਹੀਂ, ਜੇ ਨਾ ਬੰਦੇ ਨੇ ਅਕਲ ਵਰਤੀ। ਹੁਣ ਬੰਦਾ ਠੰਢੀ ਛਾਂ ਭਾਲਦਾ ਫਿਰੇ, ਚਾਰੇ, ਪਾਸੇ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ। ਲੋਕੀਂ ਇਸ ਨੂੰ ਖਰੀਦਣ ਤੋਂ ਡਰਦੇ, ਘਰੇਲੂ ਗੈਸ ਸਲੰਡਰ ਦਾ ਮੁੱਲ ਸੁਣ ਕੇ। ਲੋਕਾਂ ਦੇ ਦਿਲਾਂ 'ਚ ਪਿਆਰ ਨਾ ਰਿਹਾ, ਹੁਣ ਨਾਂ ਦੇ ਰਹਿ ਗਏ ਰਿਸ਼ਤੇ।
ਤੁਸੀਂ ਖੇਤਾਂ ਦੇ ਮਾਲਕ
ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ, ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ। ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ, ਉਨ੍ਹਾਂ ਦੇ ਮਿੱਤਰ ਜੀਵ ਮਰਿਆਂ ਵਾਂਗ ਹੋ ਜਾਣ। ਨਾਲ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਹੋ ਜਾਵੇ, ਖੇਤਾਂ 'ਚ ਪਹਿਲਾਂ ਵਰਗੀ ਚੰਗੀ ਫਸਲ ਨਾ ਹੋਵੇ। ਧੂੰਏਂ ਨਾਲ ਰਾਹੀਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ, ਇਹ ਉਨ੍ਹਾਂ ਦੀਆਂ ਅੱਖਾਂ ਤੇ ਵੀ ਮਾੜਾ ਅਸਰ ਪਾਵੇ। ਇਹ ਉੱਤੇ ਚੜ੍ਹ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਜਾਵੇ, ਵਾਤਾਵਰਣ ਠੀਕ ਹੋਣ ਨੂੰ ਕਾਫੀ ਸਮਾਂ ਲੱਗ ਜਾਵੇ। ਪਰਾਲੀ ਨੂੰ ਮਿੱਟੀ 'ਚ ਰਲਾਉਣ ਲਈ ਹੰਭਲਾ ਮਾਰੋ, ਆਪਣਾ ਤੇ ਹੋਰਾਂ ਦਾ ਨੁਕਸਾਨ ਹੋਣ ਤੋਂ ਰੋਕ ਲਉ। ਤੁਸੀਂ ਖੇਤਾਂ ਦੇ ਮਾਲਕ, ਇਹ ਤੁਹਾਡੇ ਹੀ ਰਹਿਣੇ, ਤੁਹਾਨੂੰ ਇਹ ਚੱਜ ਨਾਲ 'ਮਾਨਾ' ਸੰਭਾਲਣੇ ਹੀ ਪੈਣੇ।
ਪੈਸਿਆਂ ਦੇ ਭੁੱਖੇ
ਵੀਰੇ ਤੂੰ, ਡੈਡੀ ਤੇ ਮੰਮੀ ਨੇ ਰਲ ਕੇ ਜਿਹੜਾ ਮੇਰੇ ਲਈ ਸੀ ਵਰ ਟੋਲਿਆ, ਮੈਂ ਉਸ ਨਾਲ ਲਾਵਾਂ ਲੈ ਲਈਆਂ ਸਨ ਮੂੰਹੋਂ ਇਕ ਸ਼ਬਦ ਨਹੀਂ ਸੀ ਬੋਲਿਆ। ਅੱਜ ਮੈਨੂੰ ਸਹੁਰੇ ਘਰ ਰਹਿੰਦੀ ਨੂੰ ਹੋ ਗਏ ਨੇ ਪੂਰੇ ਛੇ ਮਹੀਨੇ ਵੇ, ਭੁੱਖਿਆਂ, ਨੰਗਿਆਂ ਦੀ ਧੀ ਕਹਿ ਕੇ ਸਭ ਮਾਰਨ ਤੀਰ ਮੇਰੇ ਸੀਨੇ ਵੇ। ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹੀ ਪੇਕੀਂ ਰਹਿ ਕੇ ਤੇਰੇ ਕੋਲ ਵੇ, ਅੱਜ ਮੈਂ ਨ੍ਹੀ ਆਣਾ ਪੇਕੇ ਰੱਖੜੀ ਬੰਨ੍ਹਾ ਲੈ ਆ ਕੇ ਮੇਰੇ ਕੋਲ ਵੇ। ਅੱਜ ਮੇਰੇ ਸਹੁਰੇ ਘਰ ਆ ਕੇ ਦੇਖ ਲੈ ਆਪਣੀ ਭੈਣ ਦਾ ਹਾਲ ਵੇ, ਮੇਰਾ ਕਹਿਣਾ ਮੰਨ ਛੇਤੀ ਆ ਜਾ ਮੇਰੀ ਇੱਜ਼ਤ ਦਾ ਹੈ ਸਵਾਲ ਵੇ। ਪੈਸਿਆਂ ਦੇ ਭੁੱਖੇ ਸਹੁਰਿਆਂ ਨੂੰ ਆ ਕੇ ਲੁਆ ਦੇ ਕੰਨਾਂ ਨੂੰ ਹੱਥ ਵੇ, ਜੇ ਸਿੱਧੇ ਰਾਹ ਉਨ੍ਹਾਂ ਨੂੰ ਪਾ ਦੇਵੇਂ ਸਾਰੀ ਉਮਰ ਗਾਵਾਂਗੀ ਤੇਰਾ ਜੱਸ ਵੇ।
ਨਫਰਤ ਦੀ ਅੱਗ
ਤੇਰੀ ਨਫਰਤ ਦੀ ਅੱਗ ਨੇ ਮੈਨੂੰ ਦਿੱਤੀ ਹੈ ਉਹ ਤਾਕਤ ਜਿਹੜੀ ਸ਼ਾਇਦ ਦੇ ਨਾ ਸਕਦਾ ਮੈਨੂੰ ਤੇਰਾ ਪਿਆਰ ਵੀ। ਇਸ ਤਾਕਤ ਨੇ ਮੈਨੂੰ ਆਪਣੇ ਦੁੱਖ ਭੁੱਲ ਕੇ ਦੱਬੇ, ਕੁੱਚਲੇ ਲੋਕਾਂ ਦੇ ਦੁੱਖ ਯਾਦ ਕਰਾਏ ਨੇ। ਦਰਿੰਦਿਆਂ ਹੱਥੋਂ ਨਾਰਾਂ ਦੀ ਲੁੱਟ ਹੁੰਦੀ ਇੱਜ਼ਤ ਯਾਦ ਕਰਾਈ ਹੈ, ਅਮੀਰਾਂ ਵੱਲੋਂ ਗਰੀਬਾਂ ਦਾ ਹੁੰਦਾ ਸੋਸ਼ਣ ਯਾਦ ਕਰਾਇਆ ਹੈ, ਆਪੇ ਬਣੇ ਬਾਬਿਆਂ ਵੱਲੋਂ ਭੋਲੇ ਭਾਲੇ ਲੋਕਾਂ ਦੀਆਂ ਜੇਬਾਂ ਖਾਲੀ ਕਰਵਾਉਣ ਲਈ ਵਰਤੇ ਗਏ ਹੱਥ ਕੰਡੇ ਯਾਦ ਕਰਵਾਏ ਨੇ, ਨੇਤਾਵਾਂ ਵੱਲੋਂ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਰਾਜ ਕਰਨ ਦੀਆਂ ਕੋਝੀਆਂ ਚਾਲਾਂ ਯਾਦ ਕਰਵਾਈਆਂ ਨੇ। ਮੈਨੂੰ ਨਫਰਤ ਦੀ ਅੱਗ ਵਿੱਚ ਜਲਾਉਣ ਦੀ ਕੋਸ਼ਿਸ਼ ਕਰਨ ਵਾਲਿਆ ਤੇਰਾ ਬਹੁਤ, ਬਹੁਤ ਸ਼ੁਕਰੀਆ।
ਵਿਰਸਾ ਸੰਭਾਲ ਲਉ ਆਪਣਾ ਪੰਜਾਬੀਉ
ਢੋਲੇ, ਮਾਹੀਏ, ਟੱਪੇ ਹੁਣ ਤੁਸੀਂ ਗਾਉਂਦੇ ਨਹੀਂ, ਭੰਗੜੇ 'ਚ ਬੰਨ੍ਹ, ਬੰਨ੍ਹ ਟੋਲੀਆਂ ਵੀ ਆਉਂਦੇ ਨਹੀਂ। ਚੌੜੀਆਂ ਛਾਤੀਆਂ ਤੇ ਗੁੰਦਵੇਂ ਸਰੀਰ ਨਹੀਂਉ ਦਿਸਦੇ, ਨਸ਼ੇ ਕਰਕੇ ਵਿਹਲੇ ਤੁਸੀਂ ਗਲੀਆਂ 'ਚ ਫਿਰਦੇ। ਸਿਰਾਂ ਦੇ ਵਾਲ ਕਟਵਾ ਕੇ ਏਦਾਂ ਲੱਗਦੇ, ਜਿੱਦਾਂ ਜਿੰਨ ਬਾਹਰੋਂ ਕਿਤਿਉਂ ਆ ਗਏ। ਕੰਮ ਤੁਹਾਥੋਂ ਹੁੰਦਾ ਨ੍ਹੀ ਖੇਤਾਂ ਵਿੱਚ ਜਾ ਕੇ, ਸਾਰਾ ਕੁੱਝ ਕਰ ਦਿੱਤਾ ਤੁਸੀਂ ਸੀਰੀਆਂ ਹਵਾਲੇ। ਲੈ ਲਿਆ ਕਰਜ਼ਾ ਤੁਸੀਂ ਲੋੜ ਤੋਂ ਵੱਧ ਬਈ, ਬਗੈਰ ਕੰਮ ਕੀਤਿਆਂ ਇਹ ਲਹਿਣਾ ਕਦ ਬਈ। ਬੱਚੇ ਮਾਡਲ ਸਕੂਲਾਂ 'ਚ ਦਾਖਲ ਕਰਾ ਲਏ, ਘਰਾਂ 'ਚ ਪੰਜਾਬੀ ਬੋਲਣੋ ਵੀ ਹਟਾ ਲਏ। ਗੈਂਗ ਵਾਰ ਕਰਕੇ ਭਰਾਵਾਂ ਨੂੰ ਮਾਰੀ ਜਾਂਦੇ ਹੋ, ਨਫਰਤ ਦੇ ਕੰਡੇ ਦੂਰ ਤੱਕ ਖਿਲਾਰੀ ਜਾਂਦੇ ਹੋ। ਪਹਿਲਾਂ ਵਾਂਗ ਰਹੋ ਕੱਠੇ ਪਿਆਰ ਨਾਲ ਬਈ, ਕਦੇ ਮਸਲੇ ਹੱਲ ਹੁੰਦੇ ਨਾ ਹਥਿਆਰ ਨਾਲ ਬਈ। ਕਿਰਤ ਕਰੋ,ਵੰਡ ਛਕੋ ਤੇ ਜਪੋ ਨਾਮ ਬਈ, ਆਪਣੇ ਪੰਜਾਬ ਨੂੰ ਨਾ ਕਰੋ ਬਦਨਾਮ ਬਈ।