Punjabi Poetry : Naib Singh Gill
ਪੰਜਾਬੀ ਗੀਤ, ਗ਼ਜ਼ਲਾਂ ਤੇ ਕਵਿਤਾਵਾਂ : ਨਾਇਬ ਸਿੰਘ ਗਿੱਲ
ਜੁਗਨੀ ਜੱਟ ਦੀ
ਅੱਲਾ ਮੇਰਿਆ ਜੁਗਨੀ ਜੱਟ ਦੀ ਜੀ। ਮੌਲਾ ਮੇਰਿਆ ਜੁਗਨੀ ਜੱਟ ਦੀ ਜੀ। ਜੀਹਦੀ ਤਹਿਮਤ ਨਹੀਂ ਹੈ ਪੱਟ ਦੀ ਜੀ। ਕੋਈ ਦਵਾ ਕਰੇ ਨਾ ਉਹਦੀ ਸੱਟ ਦੀ ਜੀ ਅੱਲਾ ਮੇਰਿਆ ...... ਜੱਟ ਦੀ ਜੁਗਨੀ ਦੇ ਧਾਗੇ ਕੱਚੇ। ਹਰ ਥਾਂ ਖਾਂਦਾ ਫਿਰਦਾ ਧੱਕੇ। ਉਹਨੂੰ ਮਾਰ ਵਿਆਜ ਦੀ ਲੱਗੇ। ਚੇਹਰੇ ਹੋਏ ਪੂਣੀਓਂ ਬੱਗੇ। ਅੱਲਾ ਮੇਰਿਆ...... ਪਹਿਲਾਂ ਪਵੇ ਮੌਸਮ ਦੀ ਮਾਰ। ਫਿਰ ਪੱਲੇ ਪੈ ਗਿਆ ਸ਼ਾਹੂਕਾਰ। ਕੋਈ ਲਏ ਨਾ ਇਹਦੀ ਸਾਰ। ਲਾਰੇ ਲਾਵੇ ਹਰ ਸਰਕਾਰ। ਅੱਲਾ ਮੇਰਿਆ...... ਜੱਟ ਖਾਧਾ ਖਾਦਾਂ ਅਤੇ ਦਵਾਈਆਂ। ਕੀਹਨੂੰ ਅਰਜ਼ ਕਰੇ ਉਹ ਸਾਈਆਂ। ਉਹਨੇ ਗੱਲ ਵਿੱਚ ਫਾਹੀਆਂ ਪਾਈਆਂ। ਤੈਨੂੰ ਦੇਵੇ ਨਾਇਬ ਦੁਹਾਈਆਂ। ਅੱਲਾ ਮੇਰਿਆ ਜੁਗਨੀ ਜੱਟ ਦੀ ਜੀ। ਮੌਲਾ ਮੇਰਿਆ ਜੁਗਨੀ ਜੱਟ ਦੀ ਜੀ।
ਕੁੱਝ ਹੁੰਦੇ ਹਨ
ਕੁੱਝ ਹੁੰਦੇ ਹਨ ਰੱਬ ਦੇ ਬੰਦੇ, ਕੁੱਝ ਹੁੰਦੇ ਹਨ ਅੱਗ ਦੇ ਬੰਦੇ। ਕੁੱਝ ਹੁੰਦੇ ਹਨ ਅਪਣੇ ਘਰ ਦੇ, ਕੁੱਝ ਹੁੰਦੇ ਹਨ ਜੱਗ ਦੇ ਬੰਦੇ। ਕੁੱਝ ਹੁੰਦੇ ਨੇ ਕੱਲ੍ਹ ਦੇ ਲੋਕੀਂ, ਕੁੱਝ ਹੁੰਦੇ ਹਨ ਅੱਜ ਦੇ ਬੰਦੇ। ਕੁੱਝ ਹੁੰਦੇ ਹਨ ਆਪਣੇ ਆਪ ਦੇ, ਕੁੱਝ ਹੁੰਦੇ ਹਨ ਸੱਭ ਦੇ ਬੰਦੇ। ਬਹੁਤੇ ਹੁੰਦੇ ਬੜੇ ਨਿਕੰਮੇ, ਕੁੱਝ ਹੁੰਦੇ ਹਨ ਚੱਜ ਦੇ ਬੰਦੇ। ਕੁੱਝ ਰੇਸ਼ਮ ਪਹਿਨ ਵੀ ਨਹੀਂ ਸੋਂਹਦੇ, ਕੁੱਝ ਲੀਰਾਂ ‘ਚ ਵੀ ਫੱਬਦੇ ਬੰਦੇ। ਕੁੱਝ ਹੁੰਦੇ ਹਨ ਨਾਇਬ ਵਰਗੇ, ਜੋ ਲੱਭਿਆਂ ਵੀ ਨਹੀਂ ਲੱਭਦੇ ਬੰਦੇ।
ਮੇਰਾ ਭਾਰਤ ਦੇਸ਼ ਮਹਾਨ
ਮੇਰਾ ਭਾਰਤ ਦੇਸ਼ ਮਹਾਨ। ਮੈਂ ਇਸਤੋਂ ਜਾਵਾਂ ਕੁਰਬਾਨ। ਸਾਰੇ ਲੋਕੀਂ ਨੱਚਣ ਲੱਗੇ, ਮੁੰਨੀ ਜਦ ਹੋਈ ਬਦਨਾਮ। ਸਾਲਾਂ ਮਗਰੋਂ ਪਤਾ ਲੱਗਿਆ, ਸ਼ੀਲਾ ਹੋਈ ਅੱਜ ਜਵਾਨ। ਯੋਗਾ ਕਰ ਕਰ ਬਣਿਆ ਨੇਤਾ, ਕੁੜਤੀ ਪਾ ਛੱਡਿਆ ਮੈਦਾਨ। ਭਰ ਦਿੱਤੇ ਨੇ ਬੈਂਕ ਵਿਦੇਸ਼ੀ, ਲੁੱਟ-ਲੁੱਟ ਖਾਧਾ ਹਿੰਦੋਸਤਾਨ। ਨੇਤਾ ਤੇ ਅਭਿਨੇਤਾ ਬੋਲਣ, ਬਾਕੀ ਜਨਤਾ ਬੇਜ਼ੁਬਾਨ। ਡੰਡਾ, ਟੋਪੀ, ਵਰਦੀ ਭਾਰੂ, ਕੌਡੀ ਮੁੱਲ ਇੱਥੇ ਇਨਸਾਨ। ਚਾਰ ਕੁ ਲਾਈਨਾਂ ਲਿਖਕੇ ਨਾਇਬ, ਬਣ ਬੈਠਾ ਵੱਡਾ ਵਿਦਵਾਨ।
ਦੋ ਘੁੱਟ ਸ਼ਾਮੀਂ ਪੀਅ ਲੈਂਦੇ ਹਾਂ
ਦੋ ਘੁੱਟ ਸ਼ਾਮੀਂ ਪੀਅ ਲੈਂਦੇ ਹਾਂ, ਅਧਮੋਏ ਵੀ ਜੀਅ ਲੈਂਦੇ ਹਾਂ। ਲੋਕੀਂ ਸਾਨੂੰ ਕਹਿਣ ਸ਼ਰਾਬੀ, ਅਸੀਂ ਕਿਸੇ ਦਾ ਕੀ ਲੈਂਦੇ ਹਾਂ। ਜਾਮ ਸੁਰਾਹੀ ਸਾਕੀ ਸਾਥੀ, ਅੱਲਾ ਦਾ ਨਾਂ ਵੀ ਲੈਂਦੇ ਹਾਂ। ਕਦੇ ਕਦੇ ਰੋਣਾ ਵੀ ਆਉਂਦੈ, ਬੁੱਲ੍ਹ ਅਸੀਂ ਪਰ ਸੀਅ ਲੈਂਦੇ ਹਾਂ। ਹੱਸਣਾ ਸਾਨੂੰ ਆਉਂਦਾ ਹੀ ਨਹੀਂ, ਕਦੇ ਕਦੇ ਕਰ ਖੀ ਖੀ ਲੈਂਦੇ ਹਾਂ। ਗਿੱਲ ਦੇ ਬਾਝੋਂ ਕਾਹਦਾ ਜੀਣਾ, ਫਿਰ ਵੀ ਯਾਰਾ ਜੀਅ ਲੈਂਦੇ ਹਾਂ।।
ਦੁਨੀਆਂ ਦੇ ਵਿੱਚ ਯਾਰ ਬੜੇ ਨੇ
ਦੁਨੀਆਂ ਦੇ ਵਿੱਚ ਯਾਰ ਬੜੇ ਨੇ, ਐਪਰ ਕੁੱਝ ਕੁ ਸਾਹਵਾਂ ਵਰਗੇ। ਮਿਲ ਜਾਂਦੇ ਫੁਕਰੇ ਯਾਰ ਬਥੇਰੇ, ਕੁੱਝ ਕੁ ਸੱਜੀਆਂ ਬਾਹਵਾਂ ਵਰਗੇ। ਦੁਸ਼ਮਣ ਬਣੇ ਭਰਾ ਹੀ ਬੈਠੇ, ਕਿੰਝ ਕਹੀਏ ਯਾਰ ਭਰਾਵਾਂ ਵਰਗੇ। ਇੱਕ ਅੱਧ ਯਾਰ ਹੈ ਬੁੱਕਲ ਵਰਗਾ, ਬਾਕੀ ਮਤਰੇਈਆਂ ਮਾਵਾਂ ਵਰਗੇ। ਛੱਡੇ ਨਾਇਬ ਨੇ ਯਾਰ ਬਣਾਉਣੇ, ਨਹੀਂ ਮਿਲਦੇ ਯਾਰ ਦੁਆਵਾਂ ਵਰਗੇ।
ਰੋ ਰੋ ਕੇ ਥੱਕ ਗਿਆ ਹਾਂ
ਰੋ ਰੋ ਕੇ ਥੱਕ ਗਿਆ ਹਾਂ ਦੁੱਖ ਮਨਾਕੇ ਅੱਕ ਗਿਆ ਹਾਂ। ਹੁਣ ਜੀਣ ਦੀ ਵਾਰੀ ਏ, ਹੁਣ ਥੀਣ ਦੀ ਵਾਰੀ ਏ।
ਕੱਚੇ ਨੇ ਕਦ ਪਾਰ ਲੰਘਾਉਣਾ
ਕੱਚੇ ਨੇ ਕਦ ਪਾਰ ਲੰਘਾਉਣਾ, ਠਿੱਲੋਗੇ ਤਾਂ ਖਰੂ ਜਰੂਰ। ਡਾਢੇ ਨਾਲ ਜੇ ਲਾ ਲਈਆਂ ਤਾਂ, ਪਿਆਰ ਦੀ ਬਾਜ਼ੀ ਹਰੂ ਜਰੂਰ। ਨੇਹੁੰ ਲਾਈ ਜਿਸ ਨਾਲ ਪਿਆਰੇ, ਡੁੱਬੇ ਲੰਘੇ ਤਰੂ ਜਰੂਰ। ਚੋਰ ਚੋਰੀਓਂ ਹਟ ਸਕਦਾ ਏ, ਹੇਰਾ ਫੇਰੀ ਕਰੂ ਜਰੂਰ। ਇੱਕ ਦਿਨ ਇਹ ਹੋ ਕੇ ਰਹਿਣਾ, ਘੜਾ ਪਾਪ ਦਾ ਭਰੂ ਜਰੂਰ। ਸੱਪ ਦਾ ਡੰਗਿਆ ਬਚ ਸਕਦਾ ਏ, ਗੁੱਤ ਦਾ ਡੰਗਿਆ ਮਰੂ ਜਰੂਰ। ਸੂਰਾ ਤਾਂ ਸੂਰਾ ਹੈ ਯਾਰੋ, ਹੇਤ ਦੀਨ ਕੇ ਲੜੂ ਜਰੂਰ। ਜੇ ਸਰਦੈ ਉਹਨੂੰ ਸਾਡੇ ਬਾਝੋਂ, ਸਾਡਾ ਵੀ ਤਾਂ ਸਰੂ ਜਰੂਰ। ਜੋ ਸੂਰਜ ਸਿਖਰ ਦੁਪਹਿਰੇ ਤਪਦੈ, ਸ਼ਾਮਾਂ ਤਾਈਂ ਠਰੂ ਜਰੂਰ। ਜੋ ਗਜਦਾ ਹੈ ਕੜਕ ਕੜਕ ਕੇ, ਉਹ ਤਾਂ ਇੱਕ ਦਿਨ ਵਰ੍ਹੂ ਜਰੂਰ। ਕੌਣ ਕਹੇ ਗਿੱਲ ਢੇਰੀ ਢਾਹ ਗਿਆ, ਇੱਕ ਦਿਨ ਦਿਲ ਉਹ ਧਰੂ ਜਰੂਰ।
ਮੈਂ ਇੱਕ ਕਵਿਤਾ ਲਿਖਾਂਗਾ
ਮੈਂ ਇੱਕ ਕਵਿਤਾ ਲਿਖਾਂਗਾ ਤਿਤਲੀ ਦੀ ਉੜਾਨ ਜਿਹੀ ਬੱਚੇ ਦੀ ਮੁਸਕਾਣ ਜਿਹੀ ਭੌਰੇ ਦੀ ਗੁਣ ਗੁਣ ਜਿਹੀ ਮੀਂਹ ਦੀ ਰੁਣਝੁਣ ਜਿਹੀ ਮੈਂ ਇੱਕ ਕਵਿਤਾ ਲਿਖਾਂਗਾ ਮਿੱਟੀ ਦੀ ਸੁਗੰਧ ਜਿਹੀ ਗੁਲਾਬ ਦੀ ਗੁਲਕੰਦ ਜਿਹੀ ਚਿੜੀਆਂ ਦੀ ਚਹਚਿਹਾਟ ਜਿਹੀ ਪਿਆਰੇ ਦੇ ਪੈਰ ਦੀ ਆਹਟ ਜਿਹੀ ਮੈਂ ਇੱਕ ਕਵਿਤਾ ਲਿਖਾਂਗਾ ਪੁੰਨਿਆਂ ਦੇ ਚੰਨ ਜਿਹੀ ਸੱਚੇ ਸੁੱਚੇ ਅੰਨ ਜਿਹੀ ਹੁਸੀਨਾ ਦੇ ਖ਼ੁਆਬ ਜਿਹੀ ਝਰਨੇ ਦੇ ਆਬ ਜਿਹੀ ਮੈਂ ਇੱਕ ਕਵਿਤਾ ਲਿਖਾਂਗਾ ਪੁਰੇ ਦੀ ਹਵਾ ਜਿਹੀ ਵੈਦ ਦੀ ਦਵਾ ਜਿਹੀ ਮਾਂ ਦੀ ਦੁਆ ਜਿਹੀ ਪਾਣੀ ਦੇ ਵਹਾਅ ਜਿਹੀ ਮੈਂ ਇੱਕ ਕਵਿਤਾ ਲਿਖਾਂਗਾ ਪੰਛੀ ਦੀ ਪਰਵਾਜ਼ ਜਿਹੀ ਸੰਗੀਤਕਾਰ ਦੇ ਸਾਜ ਜਿਹੀ ਵਿੱਛੜੇ ਪਿਆਰੇ ਦੇ ਮੁੱਖ ਜਿਹੀ ਨਾਇਬ ਗਿੱਲ ਦੇ ਦੁੱਖ ਜਿਹੀ ਮੈਂ ਇੱਕ ਕਵਿਤਾ ਲਿਖਾਂਗਾ ਹਾਂ! ਮੈਂ ਇੱਕ ਕਵਿਤਾ ਲਿਖਾਂਗਾ
ਕੁੱਝ ਤਾਂ ਕਰਨਾ ਹੀ ਪਵੇਗਾ ਹਨੇਰੇ ਦਾ-ਗ਼ਜ਼ਲ
ਕੁੱਝ ਤਾਂ ਕਰਨਾ ਹੀ ਪਵੇਗਾ ਹਨੇਰੇ ਦਾ। ਕੱਦ ਤੱਕ ਤੱਕਾਂਗੇ ਆਸਰਾ ਸਵੇਰੇ ਦਾ।। ਸਿਰ ਕੱਟਕੇ ਫੜਾ ਸਕਦਾਂ ਤੇਰੇ ਹੱਥਾਂ ਚ। ਕਦੇ ਲਵੀਂ ਨਾ ਇਮਤਿਹਾਨ ਮੇਰੇ ਜੇਰੇ ਦਾ।। ਹੀਰ ਨੂੰ ਮਿਲਣਾ ਹੈ ਤਾਂ ਆਪ ਕੁੱਝ ਕਰ ਧੀਦੋ। ਛੱਡ ਪਰਾਂ ਖਿਆਲ ਨਾਥਾਂ ਦੇ ਡੇਰੇ ਦਾ।। ਹਿੰਮਤ ਕਰ, ਹੌਸਲਾ ਰੱਖ ਤੇ ਡਟ ਜਾਹ। ਕੋਈ ਮੁੱਲ ਨਹੀਂ ਪੈਂਦਾ ਐਂਵੇ ਹੰਝੂ ਕੇਰੇ ਦਾ।। ਲੜਦਾ ਰਹਿ ਹਿੰਮਤ ਨਾ ਹਾਰੀਂ ਕਦੇ। ਮੁੱਲ ਪੈਣਾਂ ਇੱਕ ਦਿਨ ਕੰਮ ਤੇਰੇ ਦਾ।।। ਕੁੱਝ ਤਾਂ ਸਾਡੀ ਦੋਸਤੀ ਦੀ ਲਾਜ ਰੱਖ। ਰੱਖੀਂ ਨਾ ਹਿਸਾਬ ਭਾਵੇਂ ਅਹਿਸਾਨ ਮੇਰੇ ਦਾ।। ਸਾਰੀ ਰਾਤ ਅਸੀਂ ਜਲਦੇ ਰਹੇ ਦੋ ਜਣੇ। ਇੱਕ ਨਾਇਬ ਗਿੱਲ ਦੂਜਾ ਦੀਵਾ ਬਨੇਰੇ ਦਾ।।
ਹਾਇਕੂ
ਕਰੋਨਾ ਦਾ ਡੰਗ ਵਿਧਵਾ ਧੀ ਦੀਆਂ ਚੂੜੀਆਂ ਅਲਮਾਰੀ 'ਚ ਬੰਦ। ਸ਼ੀਸ਼ੇ ਧੂੜ ਜੰਮੀ ਜਮਾਈ ਪੁੱਤ ਦੀ ਗੱਡੀ ਚਿੜੀ ਨੇ ਸ਼ਿੰਗਾਰੀ ਕਿਰਾਏ ਦਾ ਘਰ ਸੁਘੜ ਸੁਆਣੀ ਜਗ ਮਗ ਲੜੀਆਂ ਸੂਰਜ ਤਪਦਾ ਲੁਹਾਰ ਦੀ ਅਹਿਰਨ ਤੇ ਲੋਹਾ ਦਗਦਾ BIKE ਸਵਾਰ ਟੇਢੀ ਧੌਣ ਹੇਠ ਦੱਬਿਆ ਫੋਨ ਸਰਦ ਰਾਤ ਜਗਦੇ ਬੱਲਬ ਹੇਠ ਚਿੜੀ ਭਾਲੇ ਨਿੱਘ ਪੀਲੇ ਰੰਗੀ ਬਸ ਊਂਘਦੇ ਬੱਚੇ Five ਦੂਣੀ ਦਸ ਮੰਡੀ ਕਲਾਂਵਾਲੀ ਸੜਕਾਂ ਭਰੀਆਂ ਨਹਿਰਾਂ ਖਾਲੀ ਪਹਿਲੀਆਂ ਕਣੀਆਂ, ਬਾਰੀ ਚ ਪਏ ਕਾਗ਼ਜ਼ ਦੀ ਘੁਲੀ ਸਿਆਹੀ
ਮੇਰੇ ਵਿਹੜੇ ਦਾ ਮੋਰ
ਮੇਰੇ ਘਰ ਦੀ ਛੱਤ ਤੇ ਉਤਰਿਆ ਇੱਕ ਮੋਰ ਛੱਤ ਤੇ ਚੋਗ ਚੁਗ ਪੈਲ ਪਾਈ ਫਿਰ ਦੂਜੇ ਦਿਨ ਮੇਰੇ ਅੰਗਣ ਚ ਉਤਰਿਆ ਚੋਗ ਖਾਧੀ ਪੈਲ ਪਾਈ ਠੁਮਕ ਠੁਮਕ ਤੁਰਿਆ ਤੇ ਫਿਰ ਇੱਕ ਦਿਨ ਰੁੱਸ ਗਿਆ ਉਡਾਰੀ ਮਾਰ ਗਿਆ ਤੇ ਹੁਣ ਮੇਰੀ ਛੱਤ ਤੇ ਅੰਗਣ ਚ ਹੁਣ ਨਹੀਂ ਉਤਰਦਾ ਕਦੇ ਕੋਈ ਮੋਰ। (ਇਹ ਕਵਿਤਾ ਕਵੀ ਨੇ ਬਚਪਨ ਵਿੱਚ ਗੁਜ਼ਰ ਚੁੱਕੇ ਆਪਣੇ ਬੇਟੇ ਗੁਰੀਲੇ ਨੂੰ ਯਾਦ ਕਰਦਿਆਂ ਲਿਖੀ ਸੀ)
ਬੁੱਢਾ ਨੌ-ਸੈਨਿਕ ਤੇ ਸ਼ਾਰਕਾਂ
ਜੋ ਮੁੜਦੇ ਨੇ ਬੰਦ ਹੋ ਤਾਬੂਤ ਵਿੱਚ , ਲਿਪਟੇ ਹੋਏ ਤਿਰੰਗੇ ਨਾਲ ਸਰਕਾਰਾਂ ਤੇ ਅਧਿਕਾਰੀ ਤਾਂ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਵੀ ਤੈਨੂੰ ਕਿਸ ਰਖਣਾ ਯਾਦ ਓ ਯਾਰਾ ! ਬੁੱਢੇ ਨੌ-ਸੈਨਿਕਾ ਤੂੰ ਤਾਂ ਸਾਬਤ ਸਬੂਤ ਪਰਤ ਆਇਆ ਸੀ ਮੁਹਾਜ ਤੋਂ ਇਹ ਗੱਲ ਵੱਖਰੀ ਹੈ ਕਿ ਬੜਾ ਕੁਝ ਤਿੜਕ ਗਿਆ ਤੇਰਾ ਅੰਦਰੋਂ ਹੀ ਅੰਦਰੋਂ ਨਾਲ ਦੇ ਸਾਥੀਆਂ ਨੂੰ ਜਦ ਨਸੀਬ ਹੋਈ ਸੀ ਪਾਣੀ ਦੀ ਕਬਰ ਹੈਮਿੰਗਵੇ ਦੇ ਬੁੱਢੇ ਨੇ ਫੜੀ ਸੀ ਇੱਕ ਬੜੀ ਵੱਡੀ ਮਛਲੀ ਸ਼ਾਰਕਾਂ ਖਾ ਗਈਆਂ ਸੀ ਉਸ ਦਾ ਫੜਿਆ ਸ਼ਿਕਾਰ ਤੇ ਉਹ ਥੱਕਿਆ ਟੁੱਟਿਆ ਝਰੀਟੋ ਝਰੀਟ ਲਹੂ ਲੁਹਾਣ ਪਰਤਿਆ ਸੀ ਟੁੱਟੇ ਲੈ ਚੱਪੂ ਤਿੜਕੀ ਬੇੜੀ ਤੇ ਪਾਟੇ ਜਾਲ ਨਾਲ ਕੇਵਲ ਸ਼ਿਕਾਰ ਦਾ ਪਿੰਜਰ ਲੈ ਐ ਬੁੱਢੇ ਨੌ-ਸੈਨਿਕ ਯਾਰਾ ! ਤੂੰ ਵੀ ਹੈਮਿੰਗਵੇ ਦੇ ਪਾਤਰ ਵਾਂਗ ਆਖ "ਪੋਤਰਿਆ ! ਕੱਲ੍ਹ ਨੂੰ ਆਪਾਂ ਜਾਵਾਂਗੇ ਹੋਰ ਵੀ ਡੂੰਘੇ ਸਮੁੰਦਰ ਤੇ ਫੜਾਂਗੇ ਇਸਤੋਂ ਵੀ ਵੱਡੀ ਮਛਲੀ ਸਾਬਤ ਸਬੂਤ ਲਿਆਵਾਂਗੇ ਕਿਨਾਰੇ ਤੇ ਮਰਨ ਦੀ ਗੱਲ ਨਾ ਕਰ ਮੇਰੇ ਦੋਸਤ ! ਕਿਓਂਕਿ "ਮਨੁੱਖ ਨੂੰ ਤਬਾਹ ਕੀਤਾ ਜਾ ਸਕਦਾ ਪਰ ਹਰਾਇਆ ਨਹੀ ,ਪਰ ਹਰਾਇਆ ਨਹੀਂ ਜਾ ਸਕਦਾ।
ਸ਼ਰਧਾਂਜਲੀ ਵਜੋਂ ਬਿੱਟੂ ਮਲਿਕਪੁਰਾ ਵੱਲੋਂ
ਕੌਣ ਜਾਣਦਾ ਸੀ ਕਿ ਅੱਤ ਦੇ ਪਿੱਛੜੇ ਪੋਹਲੀ, ਤਾਂਦਲੇ, ਭੱਖੜੇ ਖੜਸੁੱਕ ਜੰਡ ਜੰਡੋਰਿਆਂ ਵਾਲੇ ਮਾਰੂ ਟਿੱਬਿਆਂ 'ਚ ਘਿਰੇ ਪਾਣੀ ਦੀਆਂ ਥੁੜਾਂ ਟੋਟਾ ਝੱਲਦੇ ਕੱਚੇ ਲਿਉੜਾਂ ਖਲੇਪੜਾਂ ਵਾਲੇ ਘਰ ਦੇ ਪਾਟੇ ਝੀਟੇ ਮਾਹੌਲ 'ਚੋਂ ਤੰਗੀਆਂ ਤੁਰਸੀਆਂ ਦਾ ਭੰਨਿਆ ਦੂਰ ਦੁਰਾਡੇ ਦੇ ਵਿੱਦਿਆ ਕੇਂਦਰਾਂ ਤੋਂ ਰੁਲ ਖੁਲ ਮੰਜ਼ਿਲ ਦੇ ਬਨੇਰਿਆਂ ਵੱਲ ਟਿਕ ਟਿਕੀ ਲਾ ਲਾ ਵੇਖਦਾ ਬਾਈ ਨੈਬ ਸਿੰਘ ਗਿੱਲ ਕਿਵੇਂ ਸਮੁੰਦਰਾਂ ਨੂੰ ਗਾਹੁੰਦਾ ਬੰਬੇ ਕਲਕੱਤੇ ਬੰਗਾਲ ਦੀਆ ਖਾੜੀਆਂ ਬੰਦਰਗਾਹਾਂ ਤੇ ਸਮੁੰਦਰੀ ਬੇੜਿਆਂ ਨਾਲ ਅਠਖੇਲੀਆਂ ਕਰਦਾ ਪੈਲਾਂ ਪਾਉਂਦਾ ਪੈੜਾਂ ਧਰਦਾ ਡੂੰਘੇ ਪਾਣੀਆਂ ਨੂੰ ਮਿਣਦਾ ਲੰਗਾਰ ਜੀ ਜ਼ਿੰਦਗੀ ਦੇ ਤੋਪੇ ਭਰਦਾ ਸਫ਼ਰਾਂ ਵੱਲ ਵੱਧਦਾ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਜਿੱਤ ਤੱਕ ਜਾਏਗਾ ਮਾਂ ਦੀਆ ਆਂਦਰਾ ਨੂੰ ਠੰਡ ਬਾਪ ਦਾ ਬੋਝ ਘਟਾਏਗਾ ਕਿਤਾਬਾਂ ਉਸ ਦੀਆਂ ਹਮ ਸਫ਼ਰ ਲਫ਼ਜ਼ਾਂ ਨਾਲ ਮੁਹੱਬਤ ਲਾਏਗਾ ਮੁਹੱਬਤ ਪਾ ਮਹੱਬਤ ਵੀ ਬੱਸ ਐਸੀ ਸ਼ਬਦਾਂ ਦਾ ਹੀ ਹੋਕੇ ਰਹਿ ਜਾਏਗਾ