Punjabi Poetry : Om Parkash Sharma

ਪੰਜਾਬੀ ਕਵਿਤਾਵਾਂ : ਓਮ ਪ੍ਰਕਾਸ਼ ਸ਼ਰਮਾ


ਸੁਦਾਮਾ ਦਾ ਸੰਦੇਸ਼

ਮੈਂ ਵੀ ਕ੍ਰਿਸ਼ਨ ਤੇਰੇ ਦਰਬਾਰ ਚੱਲਕੇ ਆਇਆ ਹਾਂ ਆਹ ਲੈ ਮੁੱਠ ਚੌਲ ਮੈਂ ਤੇਰੀ ਭੇਟ ਲਿਆਇਆਂ ਹਾਂ ਮੈਂ ਕੋਈ ਉਪਮਾ ਦੇ ਗੀਤ ਗਾਉਣ ਨਹੀਂ ਆਇਆ ਦੋਸਤੀ ਦਾ ਵਾਸਤਾ ਵੀ ਪਾਉਣ ਨਹੀਂ ਆਇਆ ਸੋਨਾ ਤੇ ਚਾਂਦੀ ਵੀ ਮੈਂ ਨਹੀਂ ਮੰਗਦਾ ਮੈਂ ਤਾਂ ਸਿਰਫ ਆਪਣੀ ਹੋਂਦ ਦਿਖਾਉਣ ਆਇਆਂ ਹਾਂ ਤੇ ਇਤਿਹਾਸ ਵਿਚ ਆਪਣਾ ਨਾਮ ਲਿਖਵਾਉਣ ਆਇਆਂ ਹਾਂ । ਪਰ ਕ੍ਰਿਸ਼ਨ ਮੈਂ ਉਸ ਥਾਂ ਚਲ ਆਇਆ ਹਾਂ ਜਿਥੇ ਟੁਕੜਿਆਂ ਦੇ ਬਦਲੇ ਔਰਤਾਂ ਤੇਰੇ ਚਰਨ ਘੁੱਟਦੀਆਂ ਨੇ ਤੇ ਜਿਥੇ ਟਕਿਆਂ ਦੇ ਬਦਲੇ ਸੋਨੇ ਤੇ ਚਾਂਦੀ ਦੇ ਬਦਲੇ ਤੇਰੇ ਬਾਹਮਣ ਤੇਰੀ ਉਪਮਾ ਲਿਖਦੇ ਨੇ ਤੇ ਤੈਨੂੰ ਸੋਲਾਂ ਕਲਾ ਸੰਪੂਰਨ ਕਹਿਣ ਦਾ ਤੇ ਭਗਵਾਨ ਬਣਾਉਣ ਦਾ ਹਰ ਯਤਨ ਕਰਦੇ ਨੇ ਇਹ ਤੇਰਾ ਇਤਿਹਾਸ ਲਿਖਦੇ ਨੇ ਇਹ ਭੁਲੜ ਤੇਰੀ ਮਹਿਮਾ ਦੇ ਮਾਰੇ ਤੈਨੂੰ ਦਾਨੀ ਸਦਵਾਉਣ ਦੇ ਮਾਰੇ ਗਰੀਬਾਂ ਦਾ ਰਾਖਾ ਕਹਿਲਾਵਣ ਦੇ ਮਾਰੇ ਇਤਿਹਾਸ ਵਿਚ ਮੇਰਾ ਨਾਂ ਵੀ ਲਿਖ ਬਹਿਣਗੇ । ਪਰ ਮੈਂ ਸੁਦਾਮਾ ਲੱਖਾਂ ਸੁਦਾਮਿਆਂ ਦਾ ਪ੍ਰਤੀਕ ਹਾਂ ਤੇਰੇ ਰਾਜ ਅੰਦਰ ਲੁਟੀਂਦਿਆਂ ਦਾ ਪ੍ਰਤੀਕ ਹਾਂ ਤੇਰੇ ਰਾਜ ਅੰਦਰ ਭੁੱਖਿਆਂ ਤੇ ਨੰਗਿਆਂ ਦਾ ਪ੍ਰਤੀਕ ਹਾਂ ਪਰ ਤੂੰ ਚਾਰ ਪੈਸੇ ਨਾਲ ਕੱਲੇ ਨੇ ਵਿਰਾਉਣਾ ਚਾਹਿਆ ਹੈ ਤੇ ਇਤਿਹਾਸ ਵਿਚ ਮਹਾਂਦਾਨੀ ਲਿਖਵਾਉਣਾ ਚਾਹਿਆ ਹੈ । ਪਰ ਕ੍ਰਿਸ਼ਨ ਦੁਆਪਰ ਬੀਤ ਜਾਵੇਗਾ ਸਮੇਂ ਅਜਿਹੇ ਵੀ ਆਉਣਗੇ ਜਦ ਲੋਕਾਂ ਦੇ ਦਿਮਾਗ ਹੋਣਗੇ ਫਿਰ ਸਭ ਰਾਮ ਕ੍ਰਿਸ਼ਨ ਬੇਨਕਾਬ ਹੋਣਗੇ ਫਿਰ ਕੋਈ ਕਵੀ ਇਤਿਹਾਸ ਤੇ ਸ਼ੱਕ ਕਰੇਗਾ ਤੇ ਪੁੱਛੇਗਾ: ਲੱਖਾਂ ਸੁਦਾਮਿਆਂ ਦੀ ਮਿਹਨਤਕਸ਼ ਕਾਮਿਆਂ ਦੀ ਮਿਹਨਤ ਤੇ ਪਲਣ ਵਾਲਾ ਕੋਈ ਵਿਹਲੜ ਭਗਵਾਨ ਕਿਦਾਂ ਹੋ ਸਕਦਾ? ਔਰਤ ਨੂੰ ਬੁਰਕੀ ਬਨਾਉਣ ਵਾਲਾ ਤਿੰਨ ਸੌ ਸੱਠਾਂ ਨੂੰ ਕੱਲਾ ਹੰਢਾਉਣ ਵਾਲਾ ਭਗਵਾਨ ਕਿਦਾਂ ਹੋ ਸਕਦਾ? ਫਿਰ ਇਕ ਕਵੀ ਨਹੀਂ ਜ਼ਮਾਨੇ ਦਾ ਹਰ ਸੋਚਵਾਨ ਇਤਿਹਾਸ ਨੂੰ ਮਿਥਿਹਾਸ ਕਹੇਗਾ ਫਿਰ ਸੁਦਾਮਿਆਂ ਦੀਆਂ ਝੁੱਗੀਆਂ 'ਚੋਂ ਇਕ ਆਵਾਜ਼ ਉੱਠੇਗੀ ਮਿਲਾਂ 'ਚੋਂ, ਖੇਤਾਂ 'ਚੋਂ ਆਵਾਜ਼ ਉੱਠੇਗੀ । ਬੜਾ ਚਿਰ ਵਿਹਲੜ ਖਾਂਦੇ ਰਹੇ ਹੁਣ ਤੱਕ ਭਗਵਾਨ ਕਹਾਂਦੇ ਰਹੇ ਹੁਣ ਇਹਨਾਂ ਦੇ ਭੱਤੇ ਬੰਦ ਕਰੋ ਇਹਨਾਂ ਦੇ ਭੱਤੇ ਬੰਦ ਕਰੋ ।

ਕੁਫ਼ਰ

ਮੇਰੇ ਸ਼ਗਿਰਦੋ! ਮੇਰੇ ਬੱਚਿਓ! ਪਲ ਲਈ ਕਰ ਲਉ ਬੰਦ ਕਿਤਾਬਾਂ ਨਾਲੇ ਭੇੜ ਦਿਓ ਆਹ ਬੂਹਾ ਅੱਜ ਸੱਚ ਬੋਲਣ ਨੂੰ ਦਿਲ ਕਰਦਾ ਹੈ ਜਰਾ ਕੁ ਬੋਲ ਸਕਾਂ ਕੁੱਝ ਹੌਲੀ ਝੀਥਾਂ 'ਚ ਗੱਲ ਬਾਹਰ ਸੁਣੇ ਨਾ । ਤੁਸੀਂ ਮੈਨੂੰ ਅਧਿਆਪਕ ਸੱਦਦੇ ਜਿਸ ਦਾ ਮਤਲਬ ਗੁਰੂ ਹੈ ਹੁੰਦਾ ਪਰ ਇਹ ਇਕ ਰਵਾਇਤੀ ਨਾਂ ਹੈ ਇਹ ਮੇਰੀ ਅਸਲੀਅਤ ਨਹੀਂ ਹੈ ਮੈਂ ਤਾਂ ਇਕ ਸਰਕਾਰੀ ਧੂਤੂ ਚਾਰ ਸੋ ਸੋਲ੍ਹਾਂ ਜਿਸ ਦੀ ਕੀਮਤ ਬਿਨਾਂ ਬੋਲੀਓਂ ਵਿਕਿਆ ਹੋਇਆ ਤੇ ਮੇਰੇ 'ਚ ਕੋਈ ਦਿੱਲੀ ਬੈਠਾ ਮਨ ਮਰਜ਼ੀ ਦੀਆ ਫੂਕਾਂ ਮਾਰੇ । ਸੱਚ ਬੋਲਣ ਲਈ ਥੋਨੂੰ ਆਖਾਂ ਖੁਦ ਦੀ ਸਿੱਖਿਆ ਸੱਚ ਨਹੀਂ ਹੈ ਕਿ 'ਤੁਸੀਂ' ਆਜ਼ਾਦ ਦੇਸ਼ ਵਿਚ ਜੰਮੇ ਜਾਂ ਫਿਰ 'ਇਥੇ ਲੋਕ ਰਾਜ ਹੈ' ਜਾਂ ਫਿਰ ਕਿਸੇ 'ਬਾਪੂ' ਜਾਂ 'ਚਾਚੇ' ਤੁਹਾਡੇ ਲਈ ਕੁਰਬਾਨੀ ਕੀਤੀ ਜਾਂ ਫਿਰ ਤੁਹਾਨੂੰ ਮੌਲਕ ਹੱਕ ਨੇ' ਜਾਂ ਫਿਰ 'ਅਸੀਂ ਸ਼ਾਂਤੀ ਚਾਹੁੰਦੇ' ਇਹ ਹਨ ਕੁੱਝ ਅਜਿਹੀਆਂ ਗੱਲਾਂ ਜੋ ਮੈਂ ਰੋਟੀ ਰੋਜ਼ੀ ਖਾਤਰ ਨਾ ਚਾਹੁੰਦੇ ਵੀ ਕਹਿ ਦੇਂਦਾ ਹਾਂ । ਪਰ ਜੇ ਹੱਕ ਸੱਚ ਦੀ ਖਾਤਰ ਚੋਰ ਬਜ਼ਾਰੀ ਤੋਂ ਤੰਗ ਆਕੇ ਮੌਲਕ ਹੱਕਾਂ ਦੇ ਨਾਂ ਥੱਲੇ ਕਦੇ ਸ਼ਹਿਰ ਵਿਚ ਰੋਸ ਕਰੋਗੇ ਤੇ ਫਿਰ 'ਲੋਕਰਾਜ' ਦੀ ਗੋਲੀ ਤੁਹਾਡੀ ਛਾਤੀ 'ਚੋਂ ਗੁਜ਼ਰੇਗੀ ਤੇ ਫਿਰ ਉਸੇ 'ਬਾਪੂ' ਦੇ ਬੱਚੇ ਤੁਹਾਡੀ ਅੱਧ-ਝੁਲਸੀ ਜਿਹੀ ਦੇਹ ਨੂੰ ਸਤਲੁਜ ਦੇ ਵਿੱਚ ਤਾਰ ਦੇਣਗੇ ਫਿਰ ਮੇਰੀ ਸਿੱਖਿਆ ਦਾ ਪਰਦਾ ਆਪਣੇ ਆਪ ਹੀ ਫਾਸ਼ ਹੋਏਗਾ ਫਿਰ ਤੁਹਾਡੀ ਨਿਰਦੋਸ਼ ਆਤਮਾ (ਜੇ ਆਤਮਾ ਕੋਈ ਸ਼ੈਅ ਹੈ) ਮੈਨੂੰ ਲੱਖ ਦੁਰਸੀਸ ਦੇਵੇਗੀ ਫਿਰ ਤੇ ਗੁਰੂ ਤੇ ਸਿੱਖ ਦੇ ਵਿਚਾਲਾ ਰਿਸ਼ਤਾ ਵੀ ਬਦਨਾਮ ਹੋਵੇਗਾ । ਸੋ ਮੇਰੇ ਸ਼ਗਿਰਦੋ! ਮੇਰੇ ਬੱਚਿਓ! ਜਾਂ ਤਾਂ ਮੈਨੂੰ ਗੁਰੂ ਨਾ ਕਹਿਣਾ ਜਾਂ ਫਿਰ ਮੇਰੀ ਸਿੱਖਿਆ ਉੱਤੇ ਸੱਚੇ ਦਿਲੋਂ ਯਕੀਨ ਨਾ ਕਰਨਾ ਕਾਗਜ਼ੀਆਂ ਕੁਝ ਜਿੱਤਣ ਖਾਤਰ ਮੇਰਾ ਕੂੜ ਸਵੀਕਾਰ ਕਰਨਾ ਆਪਣੀ ਰੋਜ਼ੀ ਰੋਟੀ ਖਾਤਰ ਮੈਂ ਤਾਂ ਕੁਫ਼ਰ ਤੋਲਦੇ ਰਹਿਣਾ । ਮੈਂ ਤਾਂ ਕੁਫ਼ਰ ਤੋਲਦੇ ਰਹਿਣਾ ।

ਉਸ ਦੀ ਗੱਲ

ਸਾਡੇ ਵਿਹੜੇ ਵਿੱਚ ਲੱਗੇ ਕੂੜੇ ਦੇ ਢੇਰ ਤੇ ਬੈਠੇ ਮੱਖੀਆਂ ਦੇ ਇਜਲਾਸ ਨੇ ਇੱਕ ਮਤਾ ਪਾਸ ਕੀਤਾ ਹੈ ਕਿ 'ਓਮ' ਦੀ ਬੁੱਧ ਫਿਰ ਗਈ ਹੈ । ਸਾਡੇ ਕੌਲੇ ਨਾਲ ਲਟਕਦਾ ਲਿਓੜ ਮੇਰੇ ਤੇ ਖਿੜ ਖਿੜਾ ਕੇ ਹੱਸਦਾ ਹੈ ਤੇ ਕਹਿੰਦਾ ਹੈ: ਮੈਂ ਤਾਂ ਡਿੱਗ ਹੀ ਸਕਦਾ ਹਾਂ ਸ਼ਾਇਦ ਊਠ ਦਾ ਬੱਲ੍ਹ ਵੀ ਡਿਗ ਜਾਏ ਪਰ ਮਹਿਲਾਂ ਤੋਂ ਲੈ ਆਇਐਂ ਜੋ ਸ਼ਹਿਜਾਦੀ ਦੀ ਤਸਵੀਰ ਇਹ ਤਾਂ ਕੰਧ ਤੇ ਹੀ ਲਟਕ ਸਕਦੀ ਹੈ ਕੁੜੀ ਨਹੀਂ ਬਣ ਸਕਦੀ ਕੌਲੇ ਨਹੀਂ ਲਿੱਪ ਸਕਦੀ ਚੋਏ ਨਹੀਂ ਮੁੰਦ ਸਕਦੀ । ਮੈਂ ਦਾਤੀ ਚੁੱਕ ਕੇ ਖੇਤ ਨੂੰ ਤੁਰਿਆ ਹਾਂ ਬੜਾ ਸ਼ਰਾਰਤੀ ਹੈ ਸਾਡੇ ਪਹੇ ਦਾ ਭੱਖੜਾ ਜੁੱਤੀ ਦੀ ਵਿਰਲ ਥਾਣੀ ਚੂੰਢੀ ਵੱਢ ਗਿਆ ਤੇ ਕਹਿੰਦਾ ਹੈ: ਤੂੰ ਮੇਰਾ ਗੁੱਸਾ ਨਹੀਂ ਕਰਦਾ ਪਰ ਉਹ ਵਿਛੀਆਂ ਦਰੀਆਂ ਤੇ ਚੱਲਣ ਵਾਲੀ ਸ਼ਹਿਜਾਦੀ ਭੱਖੜੇ ਨੂੰ ਦਿਓਰ ਕਿਉਂ ਆਖੇਗੀ? ਚੂੰਢੀਆਂ ਕਿਉਂ ਸਹਾਰੇਗੀ? ਕਦੇ ਕਦੇ ਮਾਂ ਦੇ ਚੌਕੇਂ ਵਿੱਚ ਬਹਿਕੇ ਮੈਂ ਯਾਦਾਂ 'ਚ ਮਾਨਣ ਲੱਗਦਾ ਹਾਂ ਤੇਰੇ ਸੰਗ ਬਹਿਕੇ ਭਰੇ ਦੋ ਕਾਫੀ ਦੇ ਘੁੱਟ ਪਰ ਮੇਰੀ ਖਿੱਲੀ ਉਡਾ ਦਿੰਦੇ ਨੇ ਸਾਡੀ ਟੋਕਰੀ 'ਚ ਪਏ ਤਿੜਕੇ ਗਲਾਸ ਸਾਡੇ ਚੁੱਲੇ ਤੇ ਪਈ ਬੋੜੀ ਪਤੀਲੀ ਤੇ ਭੜੋਲੀ ਦੇ ਥੱਲੇ ਨਾ' ਲੱਗਿਆ ਪਤ ਚੜ੍ਹੀ ਵਾਲ਼ਾ ਗੁੜ । ਮੈਂ ਤਾਂ ਸੁਭਾਵਕ ਹੀ ਛੇੜ ਬਹਿੰਦਾ ਹਾਂ ਤੇਰੀ ਗੱਲ ਪਰ ਸੁਣਕੇ ਹੱਸ ਪੈਂਦੇ ਨੇ ਰੁਲਦੂ ਮਜ੍ਹਬੀ ਤੇ ਗੋਖਾ ਨਾਈ ਨਿਆਮਤ ਤੇਲਣ ਤੇ ਕੇਹਰੂ ਰਾਈ । ਸੱਚ ਜਾਣੀ....... ਮੇਰੇ ਮਹਿਬੂਬ! ਮੈਨੂੰ ਤਾਂ ਬੜਾ ਭਰੋਸਾ ਹੈ ਤੇਰੇ ਵੈੱਲ ਬਾਟਮ ਤੇ ਪਰ ਅਲੇਹਿਆਂ ਤੇ ਪੋਲ੍ਹੀਆਂ ਦੇ ਤਿੱਖੜੇ ਮਖੌਲ ਮੇਰਾ ਵਿਸ਼ਵਾਸ਼ ਤੋੜ ਜਾਂਦੇ ਨੇ । ਤੇ ਮੈਂ ਝੂਠ ਤਾਂ ਨਹੀਂ ਕਹਿੰਦਾ ਕਿ ਸਾਡੇ ਵਿਹੜੇ ਵਿੱਚ ਲੱਗੇ ਕੂੜੇ ਦੇ ਢੇਰ ਤੇ ਬੈਠ ਮੱਖੀਆਂ ਦ ਇਜਲਾਸ ਨੇ ਇੱਕ ਮਤਾ ਪਾਸ ਕੀਤਾ ਹੈ ਕਿ 'ਓਮ' ਦੀ ਬੁੱਧ ਫਿਰ ਗਈ ਹੈ ।

ਤਬਸਰਾ

ਮੈਂ ਰੇਡੀਓ ਤੋਂ ਤਸਬਰਾ ਸੁਣਦਾ ਹਾਂ ਉਹ ਮਹਾਂਦੀਪ ਦੀ ਸ਼ਾਂਤੀ ਲਈ ਪਾਕਿ ਨੂੰ ਚਾਹੀਦਾ ਹੈ ਕਿ ਉਹ ਬੰਗਲਾ ਦੇਸ਼ ਨੂੰ ਤਸਲੀਮ ਕਰੇਂ ਮੈਨੂੰ ਇੱਕ ਸੁਣੀ ਸੁਣਾਈ ਕਥਾ ਯਾਦ ਆਉਂਦੀ ਹੈ ਮੇਰੇ ਪਿੰਡ ਦਾ ਇੱਕ ਡਾਕੂ ਲਾਗਲੇ ਪਿੰਡ ਦੀ ਇੱਕ ਕੰਨਿਆ ਵਰਗਲਾਕੇ ਲੈ ਆਇਆ ਸੀ ਤੇ ਫਿਰ ਉਸਨੇ ਲੜਕੀ ਦੇ ਬਾਪ ਨੂੰ ਲਿਖ ਭਿਜਵਾਇਆ ਸੀ ਕਿ ਉਹ ਕਹੇ ਮੈਂ ਕੁੜੀ ਨਿਕਾਹ ਪੜ੍ਹਾਕੇ ਤੋਰੀ ਹੈ ।

ਭਾਰਤੀ

ਕਿਸੇ ਕਿਹਾ ਮੁਸਲਮਾਨ ਸੀ ਕਿਸੇ ਕਿਹਾ ਜਸੂਸ ਸੀ । ਮੈਂ ਜੋ ਕੁਝ ਦੇਖਿਆ ਸੱਤਰੀ-ਬਹੱਤਰੀ ਚਿਹਰਾ ਝੁਰੜਾਇਆ ਉਹਦਾ ਕਾਲਾ ਨਾ ਵਾਲ ਕੋਈ ਘਰ ਉਸ ਦੇ ਕੀ ਸੀ? ਜਾਂ ਤਾਂ ਇੱਕ ਪਾਸ ਸੀ ਭਾਰਤ 'ਚ ਆਉਣ ਦਾ ਜਾਂ ਕੁੱਝ ਸ਼ੀਸ਼ੀਆਂ ਕਾਲੀਆਂ ਤੇ ਪੀਲੀਆਂ ਜਾ ਇੱਕ ਪਿੰਜਰ ਬੱਚੜੇ ਦੀ ਏਹ ਦਾ ਫਟਾ-ਫਟ ਆਣ ਜੁੜੀ ਭੀੜ ਉਥੇ ਸ਼ਹਿਰ ਦੀ ਸਾਰੇ ਹੀ 'ਭਾਰਤੀ' ਬੱਸ ਕੇਵਲ 'ਭਾਰਤੀ' ਭਾਰਤ ਜੇ ਲੇਲਾ ਹੋਵੇ ਫਿਰ ਵੀ ਉਹ ਭਾਰਤੀ ਭਾਰਤ ਬਘਿਆੜ ਹੋਵੇ ਫਿਰ ਵੀ ਉਹ ਭਾਰਤੀ ਭਾਰਤੀ ਦਿਮਾਗਾਂ ਨੇ ਪਾਸ ਨੂੰ ਵੇਖਿਆ ਸ਼ੀਸ਼ੀਆਂ ਨੂੰ ਵੇਖਿਆ ਉਸ ਬੁੱਢੀ ਕੋਲੋਂ ਮਿਲੇ ਪਿੰਜਰ ਨੂੰ ਵੇਖਿਆ ਉਸ ਦਾ ਪਾਕਿ-ਹਿੰਦ ਪਾਸ ਸੀ ਉਹ ਇਸ ਲਈ ਜਸੂਸ ਸੀ ਉਹ ਕੋਈ ਮੁਸਲਮਾਨ ਸੀ ਇਸ ਲਈ ਜਸੂਸ ਸੀ ਸ਼ੀਸ਼ੀਆਂ 'ਚ ਜੋ ਸੀ ਉਹ ਵੀ ਕੋਈ ਜ਼ਹਿਰ ਹੋਊ ਇਸ ਲਈ ਜਸੂਸ ਸੀ ਉਹ ਪਾਸ ਪਿੰਜਰ ਸੀ ਇਸ ਲਈ ਜਸੂਸ ਸੀ ਬਸ ਫਿਰ ਕੀ ਸੀ ਠੁੱਡਾਂ ਦੀ ਮਾਰ ਸੀ ਬੂਟਾਂ ਦੀ ਲਤਾੜ ਸੀ ਗਾਲ੍ਹੀ ਗਲੋਚ ਸੀ ਖਿੱਚ ਧੂ ਘਸੀਟ ਸੀ ਮੇਰੇ ਦੇਂਹਦੇ ਬੁੱਢੀ ਉਹ ਲੋਥ ਸੀ, ਨਿਰਜਾਨ ਸੀ ਨਾ ਕਿਸੇ ਮੂੰਹ ਤੇ ਸੋਗ ਸੀ ਨਾ ਮੌਤ ਦਾ ਕੋਈ ਚਿੰਨ੍ਹ ਸੀ ਕੀਹਦੀ ਦਾਦੀ ਮਰੀ ਹੈ ਕਿਸੇ ਵੀ ਨਾ ਪੁੱਛਿਆ ਕੀਹਦੀ ਨਾਨੀ ਮਰੀ ਏ ਕਿਸੇ ਵੀ ਨਾ ਪੁੱਛਿਆ ਇੱਕ ਦਿਨ ਬੀਤਿਆ ਬਜ਼ਾਰਾਂ 'ਚ ਸੁਣਿਆ ਅਖ਼ਬਾਰਾਂ 'ਚ ਪੜ੍ਹਿਆ ਜਸੂਸ ਨੂੰ ਹੈ ਫੜ੍ਹਿਆ ਪਾਕਿ ਤੋਂ ਉਹ ਆਈ ਸੀ ਜ਼ਹਿਰ ਉਹਦੇ ਕੋਲ਼ ਸੀ ਵਾਇਰਲੈੱਸ ਨਾਲ਼ ਸੀ ਨਾਲ਼ੇ ਹਥਿਆਰ ਸੀ ਜਦੋਂ ਉਸ ਨੂੰ ਫੜਿਆ ਉਹ ਜ਼ਹਿਰ ਖਾ ਕੇ ਮਰ ਗਈ । ਬੁੱਢੀ ਦਾ ਤੇ ਸ਼ੀਸ਼ੀਆ ਦਾ ਡਾਕਟਰੀ ਮੁਆਇਨਾ ਹੋਇਆ ਮੁਆਇਨਾ ਵੀ ਭਾਰਤੀ ਭਾਰਤੀ ਮੁਆਇਨੇ ਵਿੱਚ ਠੁੱਡਾਂ ਦੀ ਨਾ ਗੱਲ ਸੀ ਨਾ ਰਗੜਾਂ ਦੀ ਗੱਲ ਸੀ ਬਸ, ਸ਼ੀਸ਼ੀਆਂ 'ਚ ਜ਼ਹਿਰ ਸੀ ਉਹ ਜ਼ਹਿਰ ਖਾਕੇ ਮਰੀ ਸੀ । ਹਰ ਸੱਚੇ ਭਾਰਤ ਨੇ ਸੁਣਿਆ ਤੇ ਮੰਨਿਆਂ ਜਿਨ੍ਹਾਂ ਅੱਖਾਂ ਵੇਖਿਆਂ ਉਹਨਾਂ ਨੇ ਵੀ ਮੰਨਿਆਂ ਹੋਰ ਦਿਨ ਬੀਤਿਆ ਬੁੱਢੀਆਂ ਦੇ ਪਰ੍ਹੇ ਵਿੱਚ ਗੱਲ ਉਹਦੀ ਤੁਰ ਪਈ ਕਿਸੇ ਬੁੱਢੀ ਦੱਸਿਆ ਜੋ ਪੁਰਾਣੀ ਜਾਣਕਾਰ ਸੀ 'ਉਹ ਤੀਵੀਆਂ ਦੀ ਵੈਦ ਸੀ' ਦਵਾਈਆਂ ਉਹਦੇ ਪਾਸ ਸੀ ਇੱਕ ਉਸਦਾ ਪੁੱਤ ਸੀ ਜੋ ਚਿਰ ਪਹਿਲੋਂ ਮੋਇਆ ਸੀ ਉਸਦਾ ਪਿੰਜਰ ਉਹਨੇ ਯਾਦ ਵਜੋਂ ਸਾਂਭ ਕੇ ਰੱਖ ਲਿਆ ਕੋਲ਼ ਸੀ ਉਹ ਕੁਲ ਦਾ ਨਿਸ਼ਾਨ ਸੀ ਤੇ ਕੁੱਖ ਦੀ ਵੀ ਅੱਗ ਸੀ । ਮੈਨੂੰ ਇੰਝ ਜਾਪਿਆ ਬੁੱਢੀਆਂ ਉਹ ਕਹਿਣ ਜਿਵੇਂ ਅਸੀਂ ਨਹੀਂਓ ਭਾਰਤੀ ਮੇਰੀਆਂ ਇਹ ਅੱਖਾਂ ਜਿਨ੍ਹਾਂ ਸਭ ਕੁੱਝ ਵੇਖਿਆ ਹਕੀਕਤ ਨੂੰ ਸੁਣਿਆ ਫਿਰ ਵੀ ਨਾਂ ਚੋਈਆਂ ਤੇ ਬਣ ਰਹੀਆਂ 'ਭਾਰਤੀ' ।

ਕਿਹੜੀ ਕੌਮ

ਪਾੜ ਦਿੱਤੀਆਂ ਜੇ ਜੁਆਕਾਂ ਨੇ ਤਿੰਨ-ਰੰਗੀਆਂ ਲੀਰਾਂ ਤਾਂ ਤੁਸੀਂ ਮੱਚ ਉੱਠੇ ਹੋ ਪਿੱਠ ਨੂੰ ਬੜਾ ਸੇਕ ਲੱਗਿਆ ਹੈ ਬਿਆਨਾਂ ਨਾਲ਼ ਕਰ ਰਹੇ ਹੋ ਕਾਲ਼ੇ ਅਖ਼ਬਾਰ 'ਕੌਮ ਦਾ ਅਪਮਾਨ ਹੋਇਆ ਹੈ' ਜ਼ਰਾ ਦੱਸਣਾ ਤਾਂ ਸਹੀ ਕੌਮ ਤੋਂ ਤੁਹਾਡਾ ਭਾਵ? ਕੌਮ ਉਹ ਹੈ ਜੋ ਬੰਗਲਿਆਂ 'ਚ ਵਸਦੀ ਹੈ? ਜਾਂ ਫਿਰ ਉਹ ਜੋ ਫੁੱਟ-ਪਾਥਾਂ ਤੇ ਸੌਂਦੀ ਹੈ? ਕੌਮ ਉਹ ਹੈ ਜੋ ਆਏ ਪਹਿਰ ਸੂਟ ਬਦਲਦੀ ਹੈ? ਜਾਂ ਫਿਰ ਉਹ ਜੋ ਸਿਆਲ ਭਰ ਕੁਰਨ ਕੁਰਨ ਕਰਦੀ ਹੈ? ਕੌਮ ਉਹ ਹੈ ਜੋ ਗੋਲੀਆਂ ਦੇ ਵਾਰ ਕਰਦੀ ਹੈ? ਜਾਂ ਫਿਰ ਉਹ ਜੋ ਗੋਲੀਆਂ ਨੂੰ ਹਿੱਕ ਤੇ ਜਰਦੀ ਹੈ? ਕੌਮ ਉਹ ਹੈ ਜੋ ਦਿੱਲੀ 'ਚ ਬਹਿਕੇ ਹੁਕਮ ਕਰਦੀ ਹੈ? ਜਾਂ ਫਿਰ ਉਹ ਜੋ ਛੰਭ-ਜੌੜੀਆਂ 'ਚ ਲੜ ਮਰਦੀ ਹੈ? ਅੰਨ੍ਹੇ ਨੂੰ ਪੁੱਛੋ ਸੁਜਾਖੇ ਨੂੰ ਪੁੱਛੋ ਭਲਾਂ ਇੱਕ ਕਿਵੇਂ ਹੋ ਸਕਦੀ ਹੈ । ਪਹਿਲੀ ਤੇ ਦੂਸਰੀ ਕਿਸਮ ਦੀ ਕੌਮ? ਤੇ ਇੱਕ ਕਿਵੇਂ ਹੋ ਸਕਦਾ ਹੈ ਫਿਰ ਦੋਨਾਂ ਦਾ ਝੰਡਾ? ਤੁਹਾਡੇ ਬਿਆਨਾਂ ਤੇ ਮੈਨੂੰ ਗਿਲਾ ਨਹੀਂ ਪਰ ਖੋਲ੍ਹਕੇ ਦੱਸੋ ਕਿਹੜੀ ਕੌਮ ਦਾ ਅਪਮਾਨ ਹੋਇਆ ਹੈ? ਪਾੜ ਦਿੱਤੀਆਂ ਜੇ ਜੁਆਕਾਂ ਨੇ ਤਿੰਨ-ਰੰਗੀਆਂ ਲੀਰਾਂ ਤਾਂ ਤੁਸੀਂ ਬੜੇ ਟੱਪੇ ਹੋ ਪਰ ਮੈਂ ਪੁੱਛਦਾ ਹਾਂ ਇਹ ਕਿਹੜੀ ਅਣਹੋਣੀ ਹੋਈ ਹੈ? ਭਲਾ ਕਾਤਲਾਂ ਨੂੰ ਹਾਰ ਕਿਉਂ ਪਾਵੇਗੀ? ਗੋਲੀਆਂ ਸਹਿਣ ਵਾਲੀ ਕੌਮ ਝੁੱਗੀਆਂ 'ਚ ਰਹਿਣ ਵਾਲੀ ਕੌਮ ਪਾਲ਼ਿਆ ਵਿੱਚ ਠਰਨ ਵਾਲੀ ਕੌਮ ਸਰਹੱਦਾਂ ਤੇ ਮਰਨ ਵਾਲ਼ੀ ਕੌਮ.......

ਇਕ ਕਤਾਰ ਵਿਚ

ਹਾਂ ਤੁਸੀਂ? ਅਸੀਂ ਕਾਰਾਂ ਦੇ ਸਿਰਜਣਹਾਰੇ ਪਰ ਸੜਕ ਦੇ ਧੂੜ ਬੰਨੇ ਪੈਦਲ ਚੱਲਦੇ ਹਾਂ ਸਾਡੇ ਹੱਥਾਂ ਫਰਿੱਜ ਬਣਾਏ ਨੇ ਸਾਡੇ ਹੱਥਾਂ ਤੇ ਬਾਸੀ ਰੋਟੀ ਹੈ......... ਮੈਂ ਸਮਝ ਗਿਆ ਇਕ ਕਤਾਰ ਵਿਚ ਖੜ੍ਹ ਜਾਓ ਤੇ ਤੁਸੀਂ? ਅਸੀਂ ਸਫਾਈ ਕਰਦੇ ਹਾਂ ਖੁਦ ਕੁਥਰੇ ਵੱਜਦੇ ਹਾਂ ਸਾਨੂੰ ਦੇਖਕੇ ਨੱਕ ਚੜ੍ਹਦੇ ਹਨ ਪੱਲੇ ਜੂਠ ਪੈਂਦੀ ਹੈ....... ਮੈਂ ਸਮਝ ਗਿਆ ਇਸੇ ਕਤਾਰ ਵਿਚ ਖੜ੍ਹ ਜਾਓ ਹਾਂ ਤੁਸੀਂ? ਅਸੀਂ ਖੇਤਾਂ ਵਿਚ ਹਰੇ ਇਨਕਲਾਬ ਕੀਤੇ ਹਨ ਚਿਹਰਿਆਂ ਤੇ ਪੀਲੇ ਇਨਕਲਾਬ ਹੋਏ ਹਨ ਵਿਹੜਿਆਂ ਵਿਚ ਭੰਗ ਭੁੱਜਦੀ ਹੈ ਹਾੜ੍ਹਾਂ ਵਿਚ ਹਾੜ੍ਹ ਹੰਢਾਉਂਦੇ ਹਾਂ ਸਿਆਲਾਂ ਵਿਚ ਸਿਆਲ ਹੰਢਾਉਂਦੇ ਹਾਂ ਬਸ ਬਸ........ਸਮਝ ਗਿਆ ਇਸੇ ਕਤਾਰ ਵਿਚ ਖੜ੍ਹ ਜਾਓ ਤੇ ਤੁਸੀਂ? ਅਸੀਂ ਭਾਰਤ ਮਾਂ ਦੇ ਰਖਵਾਲੇ ਕਿਸ ਬਣਾਏ? ਭੁੱਖ ਨੰਗ ਨੇ....... ਤੇ ਤੁਹਾਡੀ ਮਾਂ? ਪਈ ਭਾਂਡੇ ਮਾਂਜੇ ਲੀਰਾਂ ਗੰਢੇ........ ਤੇ ਤੁਹਾਥੋਂ ਬਾਅਦ? ਪੰਦਰਾਂ ਰੁਪਏ ਪੈਨਸ਼ਨ ਸਾਡੀ ਮਾਂ ਦੀ ਰਾਖੀ ਕਰੇਗੀ । ਬਸ ਤੁਸੀਂ ਵੀ ਇਸੇ ਕਤਾਰ ਵਿਚ ਖੜ੍ਹ ਜਾਓ ਹਾਂ ਤੁਸੀਂ? ਅਸੀਂ ਬੁੱਧੀ-ਜੀਵੀ ਰੋਟੀ ਤਾਂ ਮਿਲਦੀ ਪਰ ਹੱਥ ਬੰਨ੍ਹਾ ਕੇ ਹਾੜ੍ਹੇ ਕਢਾ ਕੇ ਸੋਚ ਦਬਾ ਕੇ ਝੂਠ ਬੁਲਾਕੇ ਫਿਰ ਤਾਂ ਤੁਸੀਂ ਵੀ ਇਸੇ ਕਤਾਰ ਵਿੱਚ ਖੜ੍ਹ ਜਾਓ ਜਕਦੇ ਕਿਉਂ ਹੋ? ਅੱਛਾ.....ਸੋਚ ਲਵੋ....ਫਿਰ ਆ ਜਾਣਾ ਹੁਣ ਦੱਸੋ ਤੁਸੀਂ? ਤੇ ਇਹ ਫਾਈਲਾਂ? ਅਸੀਂ ਬੀ.ਏ. ਕੀਤੀ ਅਸੀਂ ਐੱਮ.ਏ. ਕੀਤੀ ਇੰਜਨੀਅਰਿੰਗ ਕੀਤੀ ਆਹ ਕਾਗਜਾਂ ਦਾ ਥੱਬਾ ਸਾਡੇ ਹਿੱਸੇ ਆਇਆ ਰੁਜ਼ਗਾਰ ਦਫ਼ਤਰ ਵਿੱਚ ਜਾਈਏ ਮੁੜ ਆਈਏ ਮਾਂ ਗਹਿਣੇ ਵੇਚੇ ਪਿਓ ਕਰਜ਼ੇ ਚੁੱਕੇ ਬਸ ਹੋਰ ਕੀ ਕਹੀਏ! ਇਕ ਮਰਨ ਨਹੀਂ ਹੁੰਦਾ । ਤੁਹਾਡਾ ਹੀ ਇੰਤਜ਼ਾਰ ਸੀ ਤੁਸੀਂ ਵੀ ਇੱਕ ਇੱਕ ਕਰਕੇ ਇਸੇ ਕਤਾਰ ਵਿਚ ਲੱਗ ਜਾਓ ਤੁਹਾਨੂੰ ਸਭ ਨੂੰ ਇੱਕ ਹੀ ਰੋਗ ਹੈ ਸਭ ਦੇ ਸਰੀਰਾਂ 'ਚ ਓਹੀ ਰੋਗਾਣੂ ਤੇ ਮੈਂ ਵੀ ਕੋਈ ਵੈਦ ਨਹੀਂ ਹਾਂ ਸਗੋਂ ਮਰੀਜ਼ ਹਾਂ ਇਸੇ ਮਰਜ਼ ਦਾ । ਆਓ ਫਿਰ ਅੱਗੇ ਵਧੀਏ ਸ਼ੱਤਰੂ ਨੂੰ ਲੱਭੀਏ ਹੱਥਾਂ 'ਚ ਕੁੱਝ ਲੈ ਕੇ ਚੱਲੀਏ ਤੇ ਮੈਂ ਵੀ ਇਸੇ ਕਤਾਰ 'ਚ ਲੱਗ ਜਾਂਦਾ ਹਾਂ ।

ਲੈ ਚੱਲੋ ਸਾਥੀਓ!

ਲੈ ਚੱਲੋ ਸਾਥੀਓ! ਮੈਨੂੰ ਇਸ ਕਾਫਲੇ ਸੰਗ ਕਿ ਮੈਂ ਨਹੀਂ ਬਣ ਸਕਿਆ ਬੁੱਢੇ ਬਾਪ ਦੀ ਡੰਗੋਰੀ ਕਿ ਮੈਂ ਨਹੀਂ ਮੁੜਵਾ ਸਕਿਆ ਗਹਿਣੇ ਪਈਆਂ ਮਾਂ ਦੀਆਂ ਮੁਰਕੀਆਂ ਮੇਰੇ ਸਿਰ ਅਜੇ ਤੱਕ ਬਾਕੀ ਹੈ ਭੈਣ ਦੀਆਂ ਰੱਖੜੀਆਂ ਦਾ ਉਧਾਰ ਵਿਅਰਥ ਢੋਂਦਾ ਰਿਹਾ ਹਾਂ ਇਹਨਾਂ ਡਿਗਰੀਆਂ ਦਾ ਭਾਰ ਘਸ ਗਏ ਹਨ ਤਲੇ ਰੁਜ਼ਗਾਰ ਦਫ਼ਤਰ ਦੇ ਬੂਹੇ 'ਤੇ ਪਰ ਅੱਜ ਸੰਘੀ ਘੁੱਟ ਕੇ ਮਾਰ ਆਇਆ ਹਾਂ ਚਿਰਾਂ ਤੋਂ ਸਹਿਕਦੀ ਹੋਈ ਆਸ ਤੇ ਹੁਣ ਸਾਥੀਓ! ਲੈ ਚੱਲੋ ਮੈਨੂੰ ਇਸ ਕਾਫਲੇ ਸੰਗ ਬਚਪਨ ਤੋਂ ਚੱਲ ਕੇ ਸਿੱਧਾ ਮੁਕਾ ਲਿਆ ਹੈ ਬੁਢਾਪੇ ਤੱਕ ਦਾ ਸਫਰ ਪਤਾ ਨਹੀਂ ਲੰਘ ਗਈ ਹੈ ਜਾਂ ਫਿਰ ਅਜੇ ਆਉਣੀ ਹੈ ਜਵਾਨੀ ਨਾਂ ਦੀ ਮੰਜ਼ਲ ਮੈਂ ਤਾਂ ਏਨਾ ਹੀ ਜਾਣਦਾ ਹਾਂ ਕਿ ਸਮੇਂ ਦੀ ਲੋਅ ਵਿਚ ਸਾਂਭਦਿਆਂ ਵੀ ਤਿੜਕ ਗਿਆ ਹੈ ਮੇਰਾ ਮਹਿਬੂਬ ਦਾ ਸੁਪਨਾ ਪਰ ਹੁਣ ਸਾਂਭ ਕੇ ਲੈ ਤੁਰਿਆ ਹਾਂ ਦਿਲ ਵਿਚ ਬਦਲੇ ਦੀ ਅੱਗ ਤੇ ਹੁਣ ਸਾਥੀਓ! ਲੈ ਚੱਲੋ ਮੈਨੂੰ ਇਸ ਕਾਫਲੇ ਦੇ ਸੰਗ ਖੁਦ ਤਾਂ ਵਸਦਿਆਂ 'ਚ ਵੀ ਦਾਖਲ ਨਹੀਂ ਪਰ ਅਜੇ ਕਿਓਟਣੀ ਬਾਕੀ ਹੈ ਕਬੀਲਦਾਰੀ ਬਾਪੂ ਦੀ ਇੱਕ ਮਿਹਣਾ ਬਣ ਗਈ ਹੈ ਯਾਰੋ । ਬੂਹੇ ਤੇ ਬੈਠੀ ਪਰ ਜਵਾਨ ਮਾਂ ਜਾਈ ਬੈਂਕ ਦੀ ਜਾੜ੍ਹ ਥੱਲੇ ਆ ਗਿਆ ਹੈ ਭੋਇੰ ਦਾ ਇੱਕ ਇੱਕ ਓਰਾ ਤੇ ਹੁਣ ਤਾਂ ਚੱਲ ਵੀ ਪਿਆ ਹੈ ਘਰਾਂ ਦੀ ਕੁਰਕੀ ਦਾ ਦੌਰ ਮੇਰੀਆਂ ਅੱਖਾਂ ਦੇ ਸਾਹਵੇਂ ਹੀ ਖੋਹਲੇ ਜਾ ਰਹੇ ਨੇ ਬਾਪੂ ਦੇ ਲਾਡਲੇ ਵਹਿੜੇ ਇਸ ਜੀਣ ਨੂੰ ਵੀ ਕਿ ਜੀਣਾ ਹੀ ਕਹੀਏ ਦੋਸਤੋ ਕਿ ਖੜ੍ਹੇ ਵੇਖੀ ਜਾਣਾ ਚੌਧਰੀਆਂ ਦੇ ਪੈਰਾਂ 'ਚ ਰੁਲਦੀ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਸਬਰ ਦੀ ਵੀ ਕੋਹੀ ਹੱਦ ਹੁੰਦੀ ਹੈ ਦੋਸਤੋ! ਕਿ ਲੈ ਚੱਲੋ ਮੈਨੂੰ ਇਸ ਕਾਫਲੇ ਸੰਗ ।

ਤੁਸੀਂ ਕੁੱਝ ਵੀ ਕਰਨਾ

ਮੇਰੇ ਯਾਰੋ! ਤੁਸੀਂ ਕੁਝ ਵੀ ਕਰਨਾ ਪਰ ਮੇਰੇ ਜਿਹਾ ਕੁਝ ਵੀ ਨਾ ਕਰਨਾ ਤੁਸੀਂ ਕਿਸੇ ਰੈਸਟੋਰੈਂਟ 'ਚ ਬਹਿ ਚਾਰ ਵੱਧ ਰਸਗੁੱਲੇ ਖਾ ਲੈਣਾ ਜਾਂ ਫਿਰ ਯਾਰਾਂ 'ਚ ਬਹਿ ਕੇ ਖਿੱਚ ਲੈਣਾ ਸਿਗਰਟ ਦੇ ਹੋਰ ਲੰਬੇ ਕਸ਼ ਤੁਸੀਂ ਦੋ ਹੋਰ ਮਾਰ ਲੈਣਾ ਸੁੱਖਣਾ ਝੀਲ ਦੇ ਚੱਕਰ ਤੁਸੀਂ ਰੱਜ ਕੇ ਕਰ ਲੈਣਾ ਰਾਹ ਜਾਂਦੀਆਂ ਕੁੜੀਆਂ ਨੂੰ ਟਿਚਕਰ ਦੋ ਚਾਰ ਨਹੀਂ, ਦਸ ਵਾਰ ਵੇਖ ਲੈਣਾ ਬੌਬੀ ਜਿਹੀ ਪਿਕਚਰ ਚਾਹੇ ਕਿੰਨੇ ਵੀ ਪੜ੍ਹ ਲੈਣਾ ਗੁਲਸ਼ਨ ਨੰਦਾ ਦੇ ਨਾਵਲ ਪਰ ਇੱਕ ਗੱਲ ਭੁੱਲ ਕੇ ਵੀ ਨਾ ਕਰਨਾ ਤੁਸੀਂ ਉਸ ਕੁੜੀ ਦੀ ਗੱਲ ਦਾ ਭੋਰਾ ਵੀ ਇਤਬਾਰ ਨਾ ਕਰਨਾ ਜਿਸਦੇ ਪੈਰਾਂ 'ਚ ਪਾਟੀਆਂ ਬਿਆਈਆਂ ਨਾ ਹੋਣ ਜਿਸਦੇ ਹੱਥਾਂ ਤੇ ਕਮਾਏ ਅੱਟਣ ਨਾ ਹੋਣ

ਮੇਰੇ ਪ੍ਰਦੇਸੀਆ ਯਾਰਾ

(ਕਨੇਡਾ ਗਏ ਇਕ ਦੋਸਤ ਤੇ ਨਾਂ) ਗਾਥਾ ਇੱਕ ਦੋਸਤ ਦੀ ਨਹੀਂ ਗਾਥਾ ਇੱਕ ਦੇਸ਼ ਦੀ ਹੈ ਜੇ ਮੈਂ ਇੱਕ ਅੱਧ ਹੀ ਹੋਵਾਂ ਮੇਰੇ ਪ੍ਰਦੇਸੀਆ ਯਾਰਾ! ਤਾਂ ਮੈਂ ਵੀ ਗੰਢੜੀ ਬੰਨ੍ਹ ਤੁਰਾਂ ਕਿਧਰੇ ਲੰਡਨ ਜਾਂ ਵੈਨਕੋਵਰ ਜਾ ਧਰਾਂ ਜੇ ਗਿੱਲੀਆਂ ਮੋੜ੍ਹੀਆਂ ਦਾ ਧੂਆਂ ਬੱਸ ਇਕ ਹੀ ਮਾਂ ਲਈ ਬਣੇ ਅੱਖਾਂ ਦਾ ਗਾਲਣ ਜੇ 'ਕੱਲੇ ਬਾਪੂ ਦੇ ਢੱਗਿਆਂ ਨੂੰ ਪਵੇ ਪਰਾਲੀ ਦਾ ਕੁਤਰਾ ਜੇ ਗੱਲ ਇੱਕ ਹੀ ਭੈਣ ਦੀ ਹੋਵੇ ਕਿ ਬਿਨ ਮਿਲਿਆਂ ਮੁੜ ਆਵਣ ਜੂਹਾਂ 'ਚ ਖਾਲੀ ਹੱਥ ਵੀਰੇ ਜੇ ਗੱਲ ਇੱਕ ਹੀ ਸੱਜਣੀ ਦੀ ਹੋਵੇ ਕਿ ਜਿਹਦਾ ਚੋਏ ਮੁੰਦਦਿਆਂ ਲੰਘ ਜਾਵੇ ਲੱਖਾਂ ਦਾ ਸਾਵਣ ਤਾਂ ਦੋਸਤਾਂ! ਫਿਰ ਮੈਂ ਵੀ ਗੰਢੜੀ ਬੰਨ ਤੁਰਾਂ ਕਿਧਰੇ ਲੰਡਨ ਜਾਂ ਵੈਨਕੁਵਰ ਜਾ ਧਰਾਂ ਪਰ ਮੇਰੀ ਤਾਂ ਹੋਂਦ ਓ ਯਾਰਾ! ਆਏ ਦਿਨ ਜ਼ਰਬ ਖਾਂਦੀ ਹੈ ਫੁੱਟਪਾਥਾਂ ਤੇ ਸੁੱਤੀ ਲਾਰ ਜਿਉਂ ਵੱਧਦੀ ਹੀ ਜਾਂਦੀ ਹੈ ਕਾਲ ਪੀੜਤ ਮੌਤਾਂ ਦੀ ਖਬਰ ਰੋਜ਼ ਸੁਣ ਜਾਂਦੀ ਹੈ ਰੋਜ਼ ਕੋਈ ਭੁੱਖੀ ਬਿਹਾਰਨ ਬੱਚਿਆਂ ਨੂੰ ਵੇਚ ਆਂਦੀ ਹੈ ਤੇ ਜਿਉਂਦੀ ਜੁਆਨੀ ਦੇ ਸਿਰ ਇਹ ਲਾਹਣਤ ਪੰਡ ਬਣ ਜਾਂਦੀ ਹੈ ਕੀ ਹੋਇਆ ਜੇ ਅਰਥ ਵਿਗਿਆਨੀਆਂ ਨੇ ਕੱਢ ਦਿੱਤਾ ਸਾਡੇ ਹਰ ਸਿਰ ਤੇ ਸੈਂਕੜਿਆਂ ਦਾ ਕਰਜਾ ਤਾਂ ਇਸ ਤੋਂ ਡਰਕੇ ਮੈਂ ਵਿਦੇਸ਼ਾਂ 'ਚ ਕਿਉਂ ਲੁਕਾਂ ਇੰਜ ਮੁਕਰ ਜਾਣ ਨਾਲੋਂ ਮੈਂ ਇਥੇ ਹੀ ਕਿਉਂ ਨਾ ਮੁਕਰਾਂ ਪਿਆਰੀ ਭਾਰਤ ਮਾਂ ਵਾਲਾ ਉਹ ਗੀਤ ਤੂੰ ਹੀ ਦੱਸ ਮੈਂ ਕਿੰਜ ਵਿਸਰਾਂ ਡਾਕੂਆਂ ਵੱਸ ਪਾ ਕੇ ਮਾਂ ਮੈਂ ਭਗੌੜਾ ਕਿੰਜ ਬਣਾ ਵੈਨਕੋਵਰ ਦੀਆਂ ਹੂੰਝ ਕੇ ਗਲੀਆਂ ਜੇ ਦੋ ਡਾਲਰ ਜੋੜ ਵੀ ਲਵਾਂ ਦਿੱਲੀਓਂ ਭਾੜੇ ਦੀ ਕਾਰ ਮੈਂ ਵਤਨ 'ਚ ਖੇਖਣ ਕਿੰਜ ਕਰਾਂ ਮੈਥੋਂ ਇਹ ਹਰਗਿਸ਼ ਨਹੀਂ ਹੋਣਾ ਮੇਰੇ ਪ੍ਰਦੇਸੀਆ ਯਾਰਾ! ਗਾਥਾ ਇਕ ਦੋਸਤ ਦੀ ਨਹੀਂ ਗਾਥਾ ਇਕ ਦੋਸਤ ਦੀ ਨਹੀਂ ਗਾਥਾ ਇਕ ਦੇਸ਼ ਦੀ ਹੈ ਦੇਸ਼ ਜੋ ਤੇਰਾ ਵੀ ਹੈ

ਨਿਹੋਰਾ

(ਅਧਿਆਪਕ ਦੇ ਨਾਂ) ਕਿੰਨ੍ਹੀਆਂ ਬੁਰਕੀਆਂ ਬੋਚ ਲੈ ਰੋਟੀ ਇੱਕ ਬਣਨੀ ਨਹੀਂ ਕਿ ਛੱਡਣੀ ਹੀ ਪਵੇਗੀ ਦੋਸਤਾ! ਬਾਣ ਇਹ ਅਲਖ ਜਗਾਉਣ ਦੀ ਅਠਵੰਜਵਾਂ ਵੀ ਬੀਤ ਜਾਵੇਗਾ ਮਨੋਹਰ ਸੁਪਨੇ ਲੈਂਦਿਆਂ ਤੇ ਮਾਲਕ ਦੀ ਸੇਵਾ ਕਰਦਿਆਂ ਕਿ ਨਹੀਂ ਬਣ ਸਕੇਗੀ ਦੋਸਤਾ! ਇੱਕ ਛੱਪਰੀ ਦੀ ਵੀ ਮਾਲਕੀ ਕਿਨ੍ਹਾਂ ਕੁ ਪਿੱਛੇ ਪਾਏਂਗਾ ਦੱਸ ਧੀ ਦਾ ਵਿਆਹ ਕਿ ਚਾਰ ਪੰਜ ਹੀ ਹੋਵੇਗਾ ਹੁਣ ਖੰਡ ਦਾ ਭਾਅ ਅਸਲੀਅਤ ਨਹੀਂ ਛੁਪਾ ਸਕੇਗੀ ਉਧਾਰ ਲੈ ਕੇ ਪਾਈ ਪੈਂਟ ਕਿ ਪਿੱਠ ਤੋਂ ਪਾਟ ਜਾਏਗੀ ਸੁਣਕੇ ਹਟਵਾਣੀਏ ਦੇ ਸਲਾਮ ਸੁਣਿਆਂ ਕਰ ਕਦੇ ਜ਼ਮੀਰ ਦੀ ਅਵਾਜ਼ ਕਿ ਤੂੰ ਏਜੰਟ ਹੈਾ ਉਸ ਦੁਕਾਨ ਦਾ ਜਿੱਥੇ ਘਿਓ ਦੇ ਡੱਬਿਆਂ 'ਚ ਗਰੀਸ ਵਿਕਦਾ ਹੈ ਕੁਝ ਨਹੀਂ ਖੋਹ ਸਕੇਗੀ ਸਟੇਅ-ਇਨ-ਸਟਰਾਈਕ ਕਿ ਇੱਥੇ ਤਾਂ ਸਭ ਕੁਝ ਨੀਹਾਂ ਤੋਂ ਪੁੱਟਣਾ ਪਏਗਾ ਫਿਰ ਨਵਾਂ ਬਣਾਉਣਾ ਪਏਗਾ ਇੱਥੇ ਤਾਂ ਕੁਝ ਜੜਾਂ ਤੋਂ ਪੁੱਟਣਾ ਪਏਗਾ ਫਿਰ ਨਵਾਂ ਉਗਾਉਣਾ ਪਏਗਾ ਜੇ ਤੂੰ ਸਮਝ ਸਕੇਂ ਤਾਂ ਤੇਰੀਆਂ ਬਾਹਵਾਂ ਦੇ ਘੇਰੇ 'ਚ ਹੀ ਸੁਲਘਦੇ ਨੇ ਬੰਬ ਜੋ ਇੱਕ ਦਿਨ ਫਟ ਕੇ ਹੀ ਰਹਿਣਗੇ ਤੇ ਉਲਟ ਦੇਣਗੇ ਇਹ ਝੂਠ ਦੀ ਦੁਕਾਨ ਜੋ ਖੋਹ ਕੇ ਵੰਡਾ ਲੈਣਗੇ ਛਾਬੇ 'ਚ ਰੋਟੀਆਂ ਜੋ ਬਦਲ ਕੇ ਹੀ ਰਹਿਣਗੇ ਬੁਰਕੀਆਂ ਬੋਚਣ ਦਾ ਰਿਵਾਜ ਤੂੰ ਵੀ ਕਰ ਕੋਈ ਅਜਿਹਾ ਉਪਾਅ ਕਿ ਹਰ ਬੰਬ ਟਾਈਮ ਬੰਬ ਬਣ ਜਾਵੇ ਜੋ ਫਟੇ ਅਜਿਹੇ ਵਕਤ ਤੇ ਅਜਿਹੀ ਥਾਂ ਕਿ ਮਾਣਸ ਖਾਣੇ ਭੂਪ ਦਾ ਸਿੰਘਾਸਨ ਹੀ ਉਲਟ ਜਾਏ ਨਹੀਂ ਤਾਂ ਜ਼ਿੰਦਗੀ ਤੁਰੇਗੀ ਦੋਸਤਾ! ਇੰਝ ਹੀ ਢੀਚਕ ਚਾਲ ਜਦ ਤੱਕ ਲੱਗਿਆ ਰਹੇਗਾ ਅਕਲਾਂ ਉੱਤੇ ਜੰਗਾਲ

ਨੰਗੀ ਨਾਚ ਕਰੇਗੀ

(ਐਮਰਜੈਂਸੀ ਦਾ ਐਲਾਨ 'ਤੇ) ਦੇਸ ਵਾਸੀਓ! ਸੁਣੋ! ਸੁਣੋ!! ਅੱਜ ਦਾ ਐਲਾਨ ਆ ਗਿਆ ਸ਼ਾਹੀ ਫੁਰਮਾਨ ਕਿ ਹੁਣ ਰਾਣੀ ਨੰਗੀ ਨਾਚ ਕਰੇਗੀ ਕੋਈ ਨਹੀਂ ਕਹਿ ਸਕੇਗਾ -ਰਾਣੀ ਤੂੰ ਅੱਗਾ ਤਾਂ ਢਕ ਸ਼ਹਿਰ ਵਾਸੀਓ! ਪੈ ਜਾਓ ਸਾਰੇ ਰਜਾਈਆਂ 'ਦੜ ਕੇ ਬਾਹਰ ਨਾ ਨਿਕਲੇ ਕਿਸੇ ਦਾ ਸਾਹ ਭੁਖਿਓ ਨਾ ਕਹਿਣਾ ਅਸੀਂ ਭੁੱਖੇ ਹਾਂ ਨਹੀਂ ਤਾਂ ਮੀਸਾ ਦਿੱਤਾ ਜਾਵੇਗਾ ਲਾ (ਸਿੱਧਾ ਹੈ ਕਾਲੇ ਪਾਣੀਆਂ ਦਾ ਰਾਹ) ਤੇ ਰਾਣੀ ਹੁਣ ਨੰਗੀ ਨਾਚ ਕਰੇਗੀ ਦਰਬਾਰੀਓ! ਨੱਚੋ ਰਾਣੀ ਦੇ ਅੱਗੇ ਤੇ ਪਿੱਛੇ ਜੇ ਰਾਣੀ ਕੁਝ ਬੁੜ-ਬੁੜਾਵੇ ਤਾਂ ਕਹੋ-ਕਿਆ ਬਾਤ ਕਹੀ ਹੈ ਜੇ ਰਾਣੀ ਨੂੰ ਛਿੱਕ ਵੀ ਆਵੇ ਤਾਂ ਕਹੋ-ਕਿਆ ਬਾਤ ਕਹੀ ਹੈ ਜੇ ਰਾਣੀ ਜਰਾ ਖੰਘੇ ਤਾਂ ਕਹੋ-ਰਾਣੀ ਦੀਆਂ ਨਹੀਂਓ ਰੀਸਾਂ ਤੇ ਰਾਣੀ ਹੁਣ ਨੰਗੀ ਨਾਚ ਕਰੇਗੀ ਤੇ ਕੋਈ ਨਹੀਂ ਕਹਿ ਸਕੇਗਾ ਕਿ ਰਾਣੀ ਤੂੰ ਅੱਗਾ ਢਕ

ਸਵਾਗਤ

ਦੋਸਤ, ਐ ਦੋਸਤੋ!! ਖੱਲਾਂ 'ਚੋਂ, ਖੂੰਜਿਆਂ 'ਚੋਂ ਰੂੜੀਆਂ ਤੋਂ, ਟੋਇਆਂ 'ਚੋਂ ਜਾਂ ਫਿਰ ਜਿੱਥੋਂ ਵੀ ਮਿਲ ਸਕਣ ਕੁੱਝ ਟੁੱਟੇ ਤੇ ਠਿੱਬੇ ਛਿੱਤਰ ਲੱਭ ਲੱਭ ਕੇ ਮੈਨੂੰ ਘੱਲੋ ਮੈਂ ਇੱਕ ਹਾਰ ਬਣਾਉਣਾ ਹੈ ਸਾਡੇ ਪਿੰਡ ਮੰਤਰੀ ਨੇ ਆਉਣਾ ਹੈ

ਲੰਬੀ ਕਵਿਤਾ

ਕੱਲ੍ਹ ਜਦ ਮੈਂ ਕਵੀਂ ਸਾਂ ਜੋ ਕੁੱਝ ਮੈਂ ਲਿਖਦਾ ਸਾਂ ਤੁਸੀਂ ਉਹੀਓ ਪੜ੍ਹਦੇ ਸੀ ਪਰ ਅੱਜ ਮੈਂ ਇੱਕ ਕਵਿਤਾ ਹਾਂ ਮੇਰੀਆਂ ਅੱਖਾਂ 'ਚ ਤੱਕੋ ਪੜ੍ਹੀ ਜਾਵੋ ਪੜ੍ਹੀ ਜਾਵੋ ਇਹ ਇਕ ਬਹੁਤ ਲੰਬੀ ਕਵਿਤਾ ਹੈ

ਕਿੱਸਾ ਲੰਡੀ ਗਾਂ ਦਾ

ਥੋਨੂੰ ਗਾਂ ਦਾ ਹਾਲ ਸੁਣਾਵਾਂ ਜਿਹਨੂੰ ਰੱਖਕੇ ਮੈਂ ਪਛਤਾਵਾਂ ਛੱਬੀ ਸਾਲ ਤੋਂ ਪੱਠੇ ਪਾਵਾਂ ਦੁੱਧ ਦੀ ਤਿੱਪ ਵੀ ਸਰਦੀ ਨਾ ਬਿਨਾਂ ਛੜਾਂ ਤੇ ਢੁੱਡਾ, ਹੋਰ ਇਹ ਗੱਲ ਵੀ ਕਰਦੀ ਨਾ । ਦੱਸਾਂ ਕੀ ਲੰਡੀ ਦੇ ਕਾਰੇ ਮੋਗੇ ਖੁਲ੍ਹਗੀ ਦਿਨੇ ਦਿਹਾੜੇ ਕਿੰਨੇ ਜੁਆਕ ਲਤੜ ਕੇ ਮਾਰੇ ਦੇਖੋ ਏਸ ਕਲਿਹਣੀ ਨੇ ਪਰ ਅਜੇ ਨਾ ਛੱਡਿਆ ਖਹਿੜਾ ਕੀੜੇ ਪੈਣੀ ਨੇ । ਮੋਗਿਓਂ, ਕਾਲਾ ਸੰਘਿਆ ਵੜਗੀ ਸਾਰੇ ਪਿੰਡ ਦੇ ਪੱਠੇ ਚਰਗੀ ਨਾਲੇ ਢਿੱਡ ਵਿੱਚ ਗਲੀਆਂ ਕਰਗੀ (ਇਹ) ਮਾਰਨ ਖੰਡੀ ਉਇ ਘਰ ਨੀ ਰੱਖਣੀ ਬਾਪੂ, ਵੇਚਦੇ ਮੰਡੀ ਉਇ ਘਰ ਦੇ ਕੰਧਾਂ ਕੌਲੇ ਢਾਹੁੰਦੀ ਖੌਰੂ ਗੁਆਂਢੀ ਦੇ ਜਾ ਪਾਉਂਦੀ ਕਮਲਿਆ ਟੱਬਰਾ ਸਮਝ ਨਹੀਂ ਆਉਂਦੀ ਥੋਨੂੰ ਅਜੇ ਵੀ ਢਾਂਡੀ ਦੀ ਕੱਲ੍ਹ ਦੇਖਲਾ ਬਾਂਹ ਤੋੜਤੀ ਗੁਆਂਢੀ ਦੀ ਓ ਤਾਇਆ ਚੁੱਕੀ ਫਿਰਦੈਂ ਦੋਹਣਾ ਲੱਗਦੈ ਤੂੰ ਵੀ ਬੂਥ ਭੰਨਾਉਣਾ ਅਕਸਰ ਪੈਣਾ ਇਹਨੂੰ ਭਜਾਉਣਾ ਮਾਰਕੇ ਫੌੜੇ ਉਇ ਨਹੀਂ ਮੰਨਦਾ ਤਾਂ ਭਰ ਲਈਂ ਘਿਓ ਦੇ ਤੌੜੇ ਉਇ ਓਮ ਪ੍ਰਕਾਸ਼ ਕਵੀਸ਼ਰ ਕਹਿੰਦਾ ਪੈਂਦਾ ਦੁੱਧ ਏਸ ਦਾ ਮਹਿੰਗਾ ਕੋਈ ਡਰਦਾ ਨਾਂ ਨਹੀਂ ਲੈਂਦਾ ਪਏ ਸਭ ਅੰਬੇ ਉਇ ਚਲੋ ਦਵੱਲੀਏ ਇਹਨੂੰ ਮਾਰਕੇ ਟੰਬੇ ਉਇ

ਦੇਸ਼ ਦਾ ਸਿਪਾਹੀ

ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ ਹਥੇਲੀ ਤੇ ਫਿਰਦਾ ਹਾਂ, ਸਿਰ ਨੂੰ ਉਠਾਈ ਮੇਰਾ ਤਾਂ ਦੁਸ਼ਮਣ ਹੈ, ਅਪਣਾ ਹੀ ਭਾਈ ਐਸ਼ ਦੀ ਖਾਤਰ, ਜੋ ਬਣਿਆ ਕਸਾਈ ਲੜਦਾ ਹਾਂ ਮੈਂ ਵੀ, ਪਰ ਹੱਕੀ ਲੜਾਈ ਮੈਨੂੰ ਨਹੀਂ ਦਿੱਤੀ ਜਾਂਦੀ ਸਿਖਲਾਈ ਸ਼ਾਸਤਰ ਦੀ ਮੈਨੂੰ ਹੀ ਕਰੜੀ ਮਨਾਹੀ ਸਿਪਾਹੀ ਹਾਂ ਮੈਂ ਵੀ , ਦੇਸ਼ ਦਾ ਸਿਪਾਹੀ ਮੈਂ ਕਿਰਤੀ, ਮੈਂ ਕਾਮਾ, ਕਿਸਾਨ ਮੁਜਾਰਾ ਬੋਝ ਮੈਂ ਚੁੱਕਿਆ ਹੈ, ਇਤਨਾ ਭਾਰਾ ਕਿ ਮੇਰੇ ਹੀ ਸਿਰ ਉੱਤੇ, ਹੈ ਕੌਮੀ ਖਾਰਾ ਖੂਨ ਪਸੀਨਾ, ਇਕ ਕਰਦਾ ਦਿਨ ਸਾਰਾ ਫਿਰ ਵੀ ਨਹੀਂ ਹੁੰਦਾ, ਮੇਰਾ ਗੁਜਾਰਾ ਮੈਂ ਪਾਉਂਦਾ ਦੁਹਾਈ, ਪਰ ਨਹੀਂ ਸੁਣਵਾਈ ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ ਦੁਸ਼ਮਣ ਨੇ ਮੇਰੇ ਹੀ, ਕੁੱਝ ਖਰੀਦੇ ਨੇ ਭਾਈ ਉਹਨਾਂ ਦੀ ਉਸ ਨੇ, ਇਕ ਸੈਨਾ ਬਣਾਈ ਦਿੱਤੀ ਗਈ ਉਹਨਾਂ ਨੂੰ , ਡਾਢੀ ਸਿਖਲਾਈ ਇੱਕ ਇੱਕ ਦੇ ਹੱਥੀਂ, ਬੰਦੂਕ ਫੜਾਈ ਜਦ ਵੀ ਮੈਂ ਰੋਟੀ ਲਈ, ਪਾਈ ਦੁਹਾਈ 'ਮੈਂ ਮਰਦਾ ਹਾਂ ਭਾਈ, ਮੈਂ ਮਰਦਾ ਹਾਂ ਭਾਈ' ਮੇਰਿਆਂ ਨੇ ਮੇਰੇ ਤੇ, ਗੋਲੀ ਚਲਾਈ ਕਰਦਾ ਗਿਆ ਖਾਲੀ ਹੱਥੀਂ ਲੜਾਈ ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ ਜਿਉਂਦੇ ਨੇ ਮੈਂ ਕੋਈ, ਤਨਖਾਹ ਨਹੀਂ ਪਾਈ ਮਰਗੇ ਦੀ ਔਰਤ ਨੂੰ , ਪੈਨਸ਼ਨ ਨਹੀਂ ਲਾਈ ਦੇਵੇਗਾ ਨਾਹੀਂ, ਇਤਿਹਾਸ ਗਵਾਹੀ ਕਿ ਵਤਨਾ ਤੋਂ ਜਿੰਦਗੀ, ਮੈਂ ਘੋਲ ਘੁਮਾਈ ਕਿਉਂਕਿ ਮੈਂ ਨਹੀਂ ਲੜਦਾ ਸਰਹੱਦੀ ਲੜਾਈ ਮੈਂ ਨਹੀਂ ਗੁਆਂਢੀ ਦੀ, ਨੂੰ ਹ ਵਿਧਾਵਾਈ ਮੇਰੀ ਤਾਂ ਹੈ ਬੱਸ, ਹੱਕ ਲਈ ਲੜਾਈ ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ ਮੇਰੇ ਨਹੀਂ ਕਤਲ ਦੀ, ਹੋਣੀ ਸੁਣਵਾਈ ਕਾਤਲ ਨੂੰ ਬਸ ਇਕ, ਤਮਗਾ ਮਿਲ ਜਾਈ ਕਿ ਉਸ ਨੇ ਦਲੇਰੀ ਹੈ, ਕਿਤਨੀ ਵਿਖਾਈ ਸ਼ਾਸਤਰ ਹੀਨ ਤੇ, ਗੋਲੀ ਚਲਾਈ ਰੋਟੀ ਕਪੜੇ ਦੀ, ਮੰਗ ਮੁਕਾਈ ਸ਼ਾਂਤੀ ਪੁਜਾਰੀ, ਇਹ ਦੇਸ਼ ਹੈ ਭਾਈ ਇਹ ਨਹੀਂ ਲੜਦਾ, ਕਦੇ ਕੋਈ ਲੜਾਈ ਲੜਦਾ ਤਾਂ ਮੈਂ ਹਾਂ, ਦੇਸ਼ ਦਾ ਸਿਪਾਹੀ ਕਰੇਗਾ ਜਦ ਮਰਗੇ ਦਾ, ਬੱਚਾ ਪੜ੍ਹਾਈ ਵਜ਼ੀਫਾ ਉਸ ਦੇ ਨਾਂ, ਹੋਊ ਸਖਤਾਈ ਬਾਗੀ ਦਾ ਪੁੱਤ ਵੀ, ਬਾਗੀ ਸਦਵਾਈ ਪੁੱਛੇਗਾ 'ਮਾਂ, ਇਹ ਕਾਹਦੀ ਸਜ਼ਾਈ' ਆਖੇਗੀ ਉਹ, 'ਇਹ ਪਿਉ ਦੀ ਕਮਾਈ' ਪਰ ਹੋਵੇਗਾ ਉਹ ਵੀ, ਅਣਖੀਲਾ ਸਿਪਾਹੀ ਲੜੇਗਾ ਉਹ ਵੀ, ਇਹ ਹੱਕੀ ਲੜਾਈ ਉਹ ਵੀ ਦੇਸ਼ ਦਾ ਸਿਪਾਹੀ ਮੈਂ ਵੀ ਦੇਸ਼ ਦਾ ਸਿਪਾਹੀ

ਡਾ. ਅਲੈਂਡੇ ਦੇ ਨਾਂ

ਯਾਰ ਅਲੈਂਡੇ! ਤੈਨੂੰ ਗਿਲਾ ਹੋਣੈ ਕਿ ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ ਤੇਰੀ ਖੁਦਕਸ਼ੀ ਦੀ ਖਬਰ ਨੂੰ ਮੈਂ ਝੂਠ ਨਹੀਂ ਦੱਸਿਆ ਤੇ ਨਾ ਹੀ ਕਿਹਾ ਹੈ ਤੇਰੇ ਕਤਲ ਨੂੰ ਸੀ.ਆਈ.ਏ. ਦੀ ਸਾਜ਼ਸ ਤੈਨੂੰ ਇਹ ਵੀ ਯਾਦ ਹੋਣੈ ਜਦ ਤੂੰ ਡਹੀ-ਡਹਾਈ ਕੁਰਸੀ ਤੇ ਮਲਕੜੇ ਜਿਹੇ ਬੈਠ ਗਿਆ ਸੈਂ ਮੈਂ ਤੈਨੂੰ ਵਧਾਈ ਨਹੀਂ ਘੱਲੀ ਸੀ ਸਗੋਂ ਮੈਂ ਤਾਂ ਸਮਝ ਛੱਡਿਆ ਸੀ ਕਿ ਤੂੰ ਖੁਦਕਸ਼ੀ ਕਰ ਲਈ ਏ ਕੁਰਸੀ ਜੋ ਬਣੀ ਹੋਵੇ ਸੀ.ਆਈ. ਏ. ਕਾਰਖਾਨੇ 'ਚ ਕੁਰਸੀ ਜਿਸ ਦਾ ਗੁਰੂਤਾ-ਕੇਂਦਰ ਵਾਸ਼ਿੰਗਟਨ 'ਚ ਹੋਵੇ ਅਜਿਹੀ ਕੁਰਸੀ ਤੇ ਬਹਿ ਕੇ ਕਿਸੇ ਅਲੈਂਡੇ ਦਾ ਉਲਟ ਜਾਣਾ ਕਿਹੜੀ ਅਚੰਭੇ ਦੀ ਗੱਲ ਸੀ ਪਰ ਜੇ ਬਿਜਲੀ ਵਿਭਾਗ ਦਾ ਕੋਈ ਇੰਜਨੀਅਰ ਨੰਗੀ ਤਾਰ ਤੇ ਹੱਥ ਰੱਖ ਕੇ ਮਰ ਜਾਏ ਤਾਂ ਉਸ ਨੂੰ ਖੁਦਕਸ਼ੀ ਨਹੀਂ ਤਾਂ ਹੋਰ ਕੀ ਕਹੀਏ! ਜੇ ਕੋਈ ਸਪੇਰਾ ਦੰਦ ਕੱਢੇ ਬਿਨਾਂ ਸੱਪ ਨੂੰ ਪਟਾਰੀ 'ਚ ਪਾਏ ਤੇ ਫਿਰ ਡੰਗ ਖਾ ਕੇ ਮਰ ਜਾਏ ਤਾਂ ਉਸ ਨੂੰ ਖੁਦਕਸ਼ੀ ਨਹੀਂ ਤਾਂ ਹੋਰ ਕੀ ਕਹੀਏ ਅਲੈਂਡੇ! ਤੂੰ ਸੁਣਿਆ ਹੋਣੈ ਕਿ ਤਾਕਤ ਲੋਕ ਹੁੰਦੇ ਨੇ ਪਰ ਬੈਲਟ ਵਾਲੇ ਨਹੀਂ ਬੁਲਟ ਵਾਲੇ ਲੋਕ ਪੋਲਿੰਗ ਬੂਥ ਤੇ ਲੱਗੀ ਲਾਈਨ ਵਿੱਚ ਤੇ ਖੁਸਰਿਆਂ ਦੁਆਲੇ ਜੁੜੀ ਭੀੜ ਵਿੱਚ ਕੋਈ ਢੇਰ ਅੰਤਰ ਨਹੀਂ ਹੁੰਦਾ ਪਰ ਬਹੁਤ ਅੰਤਰ ਹੁੰਦਾ ਹੈ ਡਾਂਡੀ ਮਾਰਚ ਵਿੱਚ ਤੇ ਲੌਂਗ ਮਾਰਚ ਵਿੱਚ ਖਾਨਗਾਹਾਂ ਤੇ ਦੀਵੇ ਬਾਲਦੇ ਜਾਂ ਸਾਧਾਂ ਤੋਂ ਪੁੱਤ ਭਾਲਦੇ ਜਾਂ ਫਿਰ ਵੋਟਾਂ ਵਾਲੇ ਡੱਬੇ 'ਚੋਂ ਲਭਦੇ ਹੋਏ ਰਾਜ ਪਲਟੇ ਕਹਿਣ ਨੂੰ ਲੋਕ ਹੁੰਦੇ ਨੇ ਪਰ ਅਸਲ ਵਿੱਚ ਭੇਡਾਂ ਦਾ ਇੱਜੜ ਹੁੰਦੇ ਨੇ ਲੋਕ ਤਾਂ ਉਦੋਂ ਬਣਦੇ ਨੇ ਜਦੋਂ ਪੁੱਟ ਲੈਂਦੇ ਨੇ ਕਮਾਦਾਂ ਮੁੱਢ ਮੋਰਚੇ ਭੰਨ ਦਿੰਦੇ ਨੇ ਬੀ-52 ਦਾ ਬੁਥਾੜ ਫਿਰ ਆਉਣ ਲੱਗਦੀਆਂ ਨੇ ਵਾਈਟ-ਹਾਊਸ ਨੂੰ ਤਰੇਲੀਆਂ ਤੇ ਇੱਕ ਧੁੜਧੁੜੀ ਬਣ ਕੇ ਰਹਿ ਜਾਂਦੀ ਹੈ ਸੀ.ਆਈ.ਏ. ਦੀ ਸਾਜ਼ਸ ਅਜਿਹੇ ਲੋਕ ਜਦ ਕਿਸੇ ਨੂੰ ਨੇਤਾ ਥਾਪਦੇ ਹਨ ਤਾਂ ਵਾਸ਼ਿੰਗਟਨ ਪਿਛਾਂਹ ਖੜ੍ਹਕੇ ਨਹੁੰ ਚੱਬਦਾ ਹੈ ਲੋਕ ਸੈਨਾ ਭਲਾਂ ਫੌਜੀ ਜੁੰਡਲੀ ਨੂੰ ਕੀ ਦਵਾਲ ਹੁੰਦੀ ਹੈ ਯਾਰ ਅਲੈਂਡੇ! ਤੈਨੂੰ ਗਿਲਾ ਹੋਣੈ ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ ਪਰ 'ਉਹ' ਜਿਹੜੇ ਰੋਏ ਨੇ ਚੰਘਿਆੜਾਂ ਮਾਰ ਕੇ ਉਹ ਤੈਨੂੰ ਨਹੀਂ ਰੋਏ ਉਹ ਤਾਂ ਰੋਏ ਨੇ ਕਿ ਝੂਠ ਪੈ ਗਏ ਖਰੁਸ਼ਚੋਵ ਦੇ ਮੰਤਰ ਯਾਰ ਅਲੈਂਡੇ! ਤੈਨੂੰ ਗਿਲਾ ਹੋਣੈ ਕਿ ਮੈਂ ਤੇਰੀ ਮੌਤ ਤੇ ਸੋਗ ਨਹੀਂ ਕੀਤਾ ਪਰ ਤੈਨੂੰ ਇਹ ਵੀ ਯਾਦ ਹੋਣੈ ਜਦ ਤੂੰ ਡਹੀ-ਡਹਾਈ ਕੁਰਸੀ ਤੇ ਮਲਕੜੇ ਜਿਹੇ ਬੈਠ ਗਿਆ ਸੈਂ ਮੈਂ ਤੈਨੂੰ ਵਧਾਈ ਨਹੀਂ ਘੱਲੀ ਸੀ

ਅੱਜ

ਹਨੇਰਿਆਂ ਤੋਂ ਤੰਗ ਆ ਕੇ ਮੈਂ ਤਾਂ ਬਹੁਤ ਚਾਹੁੰਨੈ ਕਿ ਅੱਜ ਨੂੰ ਦਿਨ ਹੀ ਕਹੀ ਦਿਆਂ ਪਰ ਇਸ ਤਰ੍ਹਾਂ ਕੀ ਚਾਨਣ ਦੀ ਹੱਤਕ ਨਹੀਂ ਹੋਵੇਗੀ

ਕੱਲ੍ਹ

ਅੱਜ ਮੈਨੂੰ ਕਿਥੋਂ ਲੱਭਦੇ ਹੋ ਮੈਂ ਤਾਂ ਅਜੇ ਕੱਲ੍ਹ ਨੂੰ ਜੰਮਣਾ ਹੈ

ਆਸ

ਸੈਗਾਓਂ ਜਿੱਤ ਕੇ ਤੈਨੂੰ ਲੱਭਣਾ ਮੇਰੀ ਘੋਰ ਗਲਤੀ ਸੀ ਪਰ ਹੁਣ ਮੈਨੂੰ ਇੰਜ ਲਗਦੈ ਦਿੱਲੀ ਸਰ ਕਰਕੇ ਵੀ ਮੈਂ ਤੈਨੂੰ ਨਹੀਂ ਪਾ ਸਕਣਾ ਪਰ ਫਿਰ ਵੀ ਕੀ ਹੋਇਆ ਮੈਂ ਛੰਡ ਮਾਰਾਂਗਾ ਵਾਸ਼ਿੰਗਟਨ ਤੇ ਮਾਸਕੋ ਦੀਆਂ ਗਲੀਆਂ ਅਗਾਂਹ ਭਲਾਂ ਉਹ ਕਿੱਥੇ ਲੁਕੋ ਸਕਦੇ ਨੇ ਤੈਨੂੰ

ਦੁੱਖ ਸੁੱਖ

ਥਲਾਂ ਵਿਚ ਭੁੱਜ ਰਹੀਏ ਕੁੜੀਏ! ਮੇਰੇ ਨਾਲ ਵੀ ਕੁੱਝ ਇਸ ਤਰ੍ਹਾਂ ਹੀ ਗੁਜਰੀ ਹੈ ਬੁੜ੍ਹਕਾ ਕੇ ਸੁਟ ਗਿਆ ਹੈ ਇਥੇ ਮੈਨੂੰ ਵੀ ਸਮਿਆਂ ਦਾ ਘੋੜਾ ਸੋਚਿਆ ਸੀ ਮੈਂ ਤਾਂ ਕਿ ਕਲੰਘੜੀ ਪਾ ਤੁਰਿਆਂ ਸੌਖੇ ਲੰਘ ਜਾਵਾਂਗੇ ਹੜ੍ਹਾਂ ਦਾ ਪਾਣੀ ਇਕ ਪਰੀ ਉਂਗਲ ਨਾਲ ਲਾ ਕੇ ਬੀਆ ਬਾਨ ਵਿਚ ਛੱਡ ਗਈ ਹੈ ਇਸ ਉਜਾੜ ਵਿਚ ਕੁੱਝ ਨਾ ਦਿਸੇ ਵਰਨੋ ਹੀ ਉਡਦੀ ਹੈ ਰੋ ਕੇ ਕਿੰਝ ਮੈਂ ਹਾਲ ਸੁਣਾਵਾਂ ਇੰਝਾਂ ਵੀ ਤਾਂ ਮੁੱਕ ਗਈਆਂ ਨੇ ਪਰ ਮੈਨੂੰ ਹੁਣ ਇੰਝ ਲੱਗਦਾ ਹੈ ਕਿ ਇਸ ਪੌਣ ਵਿਚ ਕੁੱਝ ਘੁਲਿਆ ਹੈ ਨਹੀਂ ਤਾਂ ਏਦਾਂ ਸੁਹਲ ਪਰੀ ਇਕ ਡੈਣ ਕਿਸ ਤਰ੍ਹਾਂ ਬਣ ਸਕਦੀ ਹੈ ਨਹੀਂ ਤਾਂ ਏਦਾਂ ਦੇਵ ਦਿਆਲੂ ਦਾਨਵ ਕਿਸ ਤਰ੍ਹਾਂ ਹੋ ਸਕਦੇ ਨੇ

ਜ਼ੁਲਫ ਦੀ ਤਾਰੀਫ਼

ਜੇ ਵਕਤ ਮਿਲ ਸਕਦਾ ਮੈਂ ਜਰੂਰ ਕਰਦਾ ਤੇਰੀ ਜ਼ੁਲਫ ਦੀ ਤਾਰੀਫ਼ ਇਹ ਕੋਈ 'ਬੁਰਜੁਆ' ਗੱਲ ਨਹੀਂ ਉਂਝ ਜਦ ਤੱਕ ਮੋੜ ਨਹੀਂ ਦਿੰਦੇ ਡਾਢਿਆਂ ਨੂੰ ਇੱਕੀ ਦੀ 'ਕੁੱਤੀ ਮੈਂ ਸੱਚ ਕਹਿਨੈ ਅੱਖ ਝਮਕਣ ਦੀ ਵੀ ਵਿਹਲ ਨਹੀਂ ਹੈ ਜੇ ਵਕਤ ਮਿਲ ਸਕਿਆ ਮੈਂ ਜਰੂਰ ਕਰਾਂਗਾ ਤੇਰੀ ਜ਼ੁਲਫ ਦੀ ਤਾਰੀਫ਼ ਇਹ ਸੱਚਮੁੱਚ ਤਾਰੀਫ਼ ਦੇ ਕਾਬਲ ਹੈ ਕਦੇ ਬਹਿ ਕੇ ਕਰਾਂਗਾ ਤੇਰੀ ਜ਼ੁਲਫ ਦੀ ਤਾਰੀਫ਼

ਕਈ ਵਾਰ

ਕਈ ਵਾਰ ਇਸ ਤਰ੍ਹਾਂ ਵੀ ਹੁੰਦੈ ਸੰਗ ਤੁਰਨੋਂ ਇਨਕਾਰੀ ਹੋ ਜਾਂਦੈ ਆਪਣਾ ਹੀ ਪ੍ਰਛਾਵਾਂ ਪਰ ਇਸ ਤਰ੍ਹਾਂ ਵੀ ਪਾਂਧੀ ਕੋਈ ਰੁਕ ਤਾਂ ਨਹੀਂ ਜਾਦੇ

ਵਿਥਿਆ

ਝਾਕੋਂ ਬੇ-ਝਾਕ ਹੋ ਗਈ ਹੈ ਲੋੜ ਜੁੱਤੀ ਜੋੜੇ ਦੀ ਲੀੜੇ ਲੱਤੇ ਦੀ ਜ਼ਬਾਨੋ-ਬੇਜ਼ੁਬਾਨ ਹੋ ਗਈ ਹੈ ਆਸ ਆਸ ਕਿ ਪੜ੍ਹ ਲਿਖ ਕੇ ਰੁਤਬੇ ਪਾਵਾਂਗੇ ਭਲਾਂ ਕਿਸ ਨੇ ਸੋਚਿਆ ਸੀ ਕਿ ਖੁੰਢਾਂ ਤੇ ਬੈਠੇ ਬੁੜਿਆਂ ਦੀ ਚਰਚਾ ਦਾ ਵਿਸ਼ਾ ਹੋ ਜਾਵਾਂਗੇ ਸੱਜਰ ਸੂਈ ਨੂੰ ਜਦ ਚੋਣ ਬਹਿੰਦੀ ਹੈ ਮਾਂ ਧਾਹਾਂ ਮਾਰ ਰੋਂਦੀਆਂ ਨੇ ਦੁੱਧ ਦੀਆਂ ਧਾਰਾਂ ਸਹੁਰੇ ਤੁਰਦੀਆਂ ਧੀਆਂ ਦੇ ਵਾਂਗ ਰੋਣ ਨੂੰ ਪਰ ਕੌਣ ਪੁੱਛਦਾ ਹੈ ਬੜਾ ਮਜਬੂਰ ਹੈ ਬਾਪੂ ਨੱਕੋ ਨੱਕ ਬਾਲਟੀ ਭਰ ਕੇ ਜੋ ਡੇਰ੍ਹੀ ਵੱਲ ਤੁਰਦਾ ਹੈ ਕੱਲ੍ਹ ਜਦ ਖੇਤਾਂ 'ਚ ਦਮਾਂ ਦਮ ਹਲਟ ਚਲਦੇ ਸਨ ਰਾਹੂ-ਕੇਤੂ ਤਾਂ ਭਾਵੇਂ ਉਦੋਂ ਵੀ ਮੰਡਲਾਂਦੇ ਸਨ ਪਰ ਕੁੱਝ ਨਾ ਕੁੱਝ ਛੱਡ ਕੇ ਮੁੜ ਜਾਂਦੇ ਸਨ ਜਦੋਂ ਤੋਂ ਧਰਿਆ ਹੈ ਖੂਹੇ ਤੇ ਇੰਜਨ ਐਸੀ ਸਾੜ੍ਹ-ਸਤੀ ਚਿੰਬੜੀ ਹੈ ਯਾਰੋ ਕਿ ਕਿਧਰੇ ਰੁੜ੍ਹ ਗਈਆਂ ਨੇ ਬਰਕਤਾਂ ਹੁਣ ਨਹੀਂ ਦੀਂਹਦਾ ਨਰਮਿਆਂ ਦੇ ਮੂੰਹਾਂ ਤੇ ਹਾਸਾ ਪਤਾ ਨਹੀਂ ਕਿਉਂ ਹੁਣ ਨਹੀਂ ਸੋਂਹਦੇ ਬੋਲੀਆਂ ਦੇ ਤਿੱਖੇ ਨਕਸ਼ ਸਰਮ੍ਹੇ! ਓ ਸਰਮ੍ਹੇ! ਐਵੇਂ ਨਾ ਦੇਈ ਜਾ ਬਹਾਰਾਂ ਦਾ ਹੋਕਾ ਵੇਖ ਤਾਂ ਸਹੀ ਜਰਾ ਤੇਰੀ ਇਸ ਪੀਲੀ ਚੁੰਨੀ ਤੇ ਕਿਵੇਂ ਬਦਨੀਤ ਹੋਈ ਹੈ ਤੇਲੇ ਦੀ ਗਿੱਡ ਲਿਬੜੀ ਅੱਖ ਲੰਬੜਾਂ ਦੇ ਪੁੱਤ ਵਾਂਗੂੰ ਲਾਚੜਿਆ ਕਾਨੂੰਨ ਜਦ ਧੀਆਂ ਵਾਂਗੂੰ ਪਾਲੀ ਹੋਈ ਕਣਕ ਨੂੰ ਅੰਦਰੋਂ ਚੁੱਕਣ ਦੀਆਂ ਮਾਰਦਾ ਹੈ ਟਾਹਰਾਂ ਤਾਂ ਦਿਲ ਕਰਦਾ ਹੈ ਬੁੱਢੇ ਬਾਪੂ ਨੂੰ ਪੁੱਛਾਂ ਆਹ ਪਾਲੇ ਪਲੋਸੇ ਪੁੱਤਾਂ ਨੂੰ ਡੱਕ ਕੇ ਦੱਸ ਕੀ ਅਚਾਰ ਪਾਉਣਾ ਹੈ?

ਆਓ ਹੱਸੀਏ

(ਮੇਰੀ ਪੰਦਰਾਂ ਮਾਰਚ ਦੇ ਨਾਂ) ਮੰਨਿਆ ਕਿ ਤੁਸੀਂ ਮਕਾਣ ਆਏ ਹੋ ਡੁਲ੍ਹਦੇ ਹੋਏ ਹੰਝੂ ਸੁਕਾਣ ਆਏ ਹੋ ਚੁੱਪ ਬੈਠਿਆਂ ਪਰ ਵਕਤ ਨਹੀਂ ਗੁਜਾਰੇਗਾ ਛੇੜੋ ਕੋਈ ਹਸਾਉਣੀ ਜਿਹੀ ਵਾਰਤਾ ਪਾਈਏ ਕੋਈ ਨਿਵੇਕਲੀ ਰਵਾਇਤ ਸ਼ਾਦੀ ਤੇ ਸਭ ਹੀ ਹੱਸਦੇ ਹਨ ਆਓ ਕਿ ਆਪਾਂ ਗਮੀ ਤੇ ਹੱਸੀਏ ਨਾਲੇ ਹੱਸਣ ਨੂੰ ਅਜੇ ਬੜਾ ਕੁੱਝ ਹੈ ਅਸੀਂ ਤਾਂ ਜੁਗਾਂ ਜੇਡੀ ਲੰਮੀ ਮੰਗੀ ਉਹਨਾਂ ਲਈ ਉਮਰ ਉਹਨਾਂ ਨੂੰ ਸਾਡੇ ਨਾਲ ਨਹੀਂ ਖੁਦਕਸ਼ੀ ਨਾਲ ਪਿਆਰ ਸੀ ਪਰ ਹੱਸੀਏ ਕਿ ਉਹਨਾਂ ਦੇ 'ਖੁਦ ਕਸ਼' ਪਿਆਰ ਤੇ ਹੱਸੀਏ ਹੱਸਣ ਨੂੰ ਅਜੇ ਬਹੁਤ ਕੁੱਝ ਹੈ ਰਾਤੀਂ ਤਾਂ ਕੰਮਪੋਜ ਖਾਧਿਆਂ ਵੀ ਨੀਂਦ ਨਹੀਂ ਆਈ ਆਓ ਕੰਮਪੋਜ ਦੀ ਬੇਬਸੀ ਤੇ ਹੱਸੀਏ ਹੱਸਣ ਲਈ ਅਜੇ ਬਹੁਤ ਕੁਝ ਹੈ ਆਲ ਇੰਡੀਆ ਰੇਡੀਓ ਜੇਡ ਹੋ ਗਿਆ ਹੈ ਮਿੱਤਰਾਂ ਦੀ ਗੱਲ ਦਾ ਮਿਆਰ ਆਓ ਕਿ ਮਿੱਤਰਾਂ ਦੀ ਉੱਨਤੀ ਤੇ ਹੱਸੀਏ ਆਉ ਰਲ ਕੇ ਉਹਨਾਂ ਨੂੰ ਕਹੀਏ ਬਹੁਤ ਲੇਟ ਆਈਆਂ ਹਨ ਭਾਵੇਂ ਤੁਹਾਡੀਆਂ ਸ਼ੁਭ ਇਛਾਵਾਂ ਪਰ ਇਹ ਅਜਾਈਂ ਨਹੀਂ ਜਾਣਗੀਆਂ ਸ਼ਰਧਾਜਲੀਆਂ ਕਹਿ ਲਈਆਂ ਜਾਣਗੀਆਂ ਸਾਡੀ ਹੀ ਕਮਾਨ 'ਚੋਂ ਚੱਲੇ ਹੋਏ ਬਾਣ ਸਾਡੀ ਹੀ ਹਿੱਕ ਨੂੰ ਆਣ ਛੋਹੇ ਆਓ ਕਿ ਆਪਣੀ ਮੂਰਖਤਾ ਤੇ ਹੱਸੀਏ ਵੇਦ ਵਿਆਸ ਤਾਂ ਬਹੁਤ ਕਹਿੰਦਾ ਸੀ ''ਜਨਮੇਜਾ! ਸੂਰ ਦੇ ਪੇਟ 'ਚੋਂ ਨਿਕਲੀ ਕੰਨਿਆਂ ਤੇਰੇ ਲਈ ਕੋਹੜ ਬਣ ਸਕਦੀ ਹੈ'' ਹੱਸੀਏ ਜਨਮੇਜਾ ਦੀਆਂ ਅਣਗਹਿਲੀਆਂ ਤੇ ਹੱਸੀਏ ਹੱਸਣ ਨੂੰ ਅਜੇ ਬਹੁਤ ਕੁੱਝ ਹੈ ਜੋ ਸਿੰਘ ਬੇਦਾਵਾ ਲਿਖ ਕੇ ਦੇ ਗਏ ਪਰ ਮੁੜ ਕੇ ਪਾੜਨ ਨਹੀਂ ਆਏ ਉਹਨਾਂ ਦੇ ਸਿੱਖੀ ਸਿਦਕ ਤੇ ਹੱਸੀਏ ਹੱਸਣ ਲਈ ਅਜੇ ਬੜਾ ਕੁਝ ਹੈ ਭਲਾਂ ਕਿਹੋ ਜਿਹਾ ਹੁੰਦਾ ਗੋਬਿੰਦ ਜੇ ਉਸ ਨੂੰ ਵੀ ਧੋਖਾ ਦੇ ਜਾਂਦੀ ਚੰਡੀ ਆਓ ਮੇਰੀ ਇਸ ਪਾਗਲ ਜਿਹੀ ਕਲਪਨਾ ਤੇ ਹੱਸੀਏ ਇੱਕ ਦਿਨ ਭਲਾਂ ਕਿੰਝ ਮੁੱਕੇਗਾ ਉਮਰਾਂ ਦਾ ਰੋਣਾਂ ਰੋਵਾਂਗੇ ਜਰੂਰ ਇਕੱਤਰਾ 'ਚ ਰੋਵਾਂਗੇ ਹੁਣ ਰੋਇਆਂ ਤਾਂ ਵਕਤ ਨਹੀਂ ਗੁਜ਼ਰੇਗਾ ਹੱਸੀਏ ਕਿ ਅਜੇ ਹੱਸਣ ਲਈ ਬਹੁਤ ਕੁੱਝ ਹੈ ਹੱਸਦਾ ਚਾਹੁੰਦਿਆਂ ਵੀ ਸਿਮ ਰਹੀਆਂ ਨੇ ਅੱਖਾਂ ਆਓ ਕਿ ਆਪਣੀ ਅਸਫਲਤਾ ਤੇ ਹੱਸੀਏ

ਏਥੇ

ਦਿਲ ਤਾਂ ਲੱਗ ਹੀ ਜਾਂਦਾ ਹੈ ਨਾਲੇ ਮੈਂ 'ਕੱਲਾ ਵੀ ਨਹੀਂ ਇਸ ਚਾਰਪਾਈ ਦੇ ਸੀਮਤ ਰਕਬੇ ਵਿੱਚ ਮੇਰੇ ਸਦਾ ਅੰਗ ਸੰਗ ਹੈ ਚੁੱਲ੍ਹੇ 'ਚ ਫੂਕਾਂ ਮਾਰਦੀ ਮਾਂ ਦਾ ਇੱਕ ਦਰਿਸ਼ ਪਾਥੀਆਂ ਪੱਥਦੀ ਭੈਣ ਦਾ ਚਿੱਤਰ ਢੱਗੇ ਜੋਤਦਿਆਂ ਏਥੇ ਪਹੁੰਚ ਗਈ ਬਾਪੂ ਦੀ ਬਿਰਤੀ

ਜਨਮ ਦਿਨ

ਚਾਹੇ ਕਿਧਰੋਂ ਵੀ ਲਿਆਵੀਂ ਅੱਜ ਚਾਹ ਵਿੱਚ ਦੁੱਧ ਜਰੂਰ ਪਾਈਂ ਮਾਂ ਅੱਜ ਮੇਰਾ ਜਨਮ ਦਿਨ ਹੈ

ਚੰਡੀਗੜ੍ਹ

ਚੰਡੀਗੜ੍ਹ! ਗੱਲ ਸਿਰਫ਼ ਏਨੀ ਹੀ ਨਹੀਂ ਕਿ ਮੈਂ ਅੱਜ ਤੇਰੀ ਪ੍ਰਯੋਗਸ਼ਾਲਾ (ਪੀ.ਜੀ.ਆਈ.) ਦਾ ਡੱਡੂ ਹਾਂ ਗੱਲ ਕਿਤੋਂ ਹੋਰ ਸ਼ੁਰੂ ਹੋਈ ਹੈ ਗੱਲ ਕਿਤੇ ਹੋਰ ਜਾ ਮੁੱਕਣੀ ਹੈ ਤੂੰ ਤਾਂ ਨੰਬਰ 13 ਉਡਾ ਕੇ ਮੁਕਾ ਦਿੱਤਾ ਬਦਕਿਸਮਤੀ ਦਾ ਭਰਮ ਪਰ ਮੇਰੇ ਲਈ ਤੇਰਾ ਹਰ ਸੈਕਟਰ 13 ਹੈ ਗੱਲ ਸਿਰਫ ਏਨੀ ਨਹੀਂ ਕਿ '161' ਬਣ ਗਿਆ ਮੇਰੇ ਲਈ ਰੋਹੀ ਦਾ ਜੰਡ (ਜਿੱਥੇ ਕੁੱਝ ਤੁੜਵਾ ਲਏ ਤੇ ਕੁੱਝ ਆਪਣੇ ਮਰਵਾ ਲਏ ਮੈਂ ਬਾਣ) ਪਰ ਰੋਜ਼ ਗਾਰਡਨ ਕਿਹੜੀ ਸੈਰਗਾਹ ਹੈ ਮੇਰੇ ਲਈ ਮੇਰੀਆਂ ਇੰਝਾਂ ਨਾਲ ਸਿੰਜ ਲਏ ਤੂੰ ਇਹਦੇ ਘਾਹ ਦੇ ਮੈਦਾਨ ਤੇਰੀਆਂ ਪੱਧਰੀਆਂ ਸੜਕਾਂ ਤੇ ਰੋਲਰ ਬਣਾ ਕੇ ਘਸੀਟੀ ਗਈ ਹੈ ਮੇਰੀ ਹੀ ਲਾਸ਼ ਸੁੱਖਣਾ ਝੀਲ ਦਾ ਬੰਨ ਕੋਈ ਪੱਥਰਾਂ ਦਾ ਨਹੀਂ ਇਹ ਮੇਰੀਆਂ ਤੇ ਮੇਰੀ ਬਰਾਦਰੀ ਦੀਆਂ ਹੱਡੀਆਂ ਹੀ ਹਨ ਮਿੱਧ ਮਿੱਧ ਕੇ ਭਾਵੇਂ ਉਪਰੋਂ ਪੱਥਰ ਹੀ ਲੰਘਦੇ ਹਨ ਚੰਡੀਗੜ੍ਹ! ਗੱਲ ਸਿਰਫ ਇਤਨੀ ਹੀ ਨਹੀਂ ਕਿ ਤੂੰ ਭੁੱਖੀ ਦੇ ਗਲ੍ਹ ਦਾ ਲੌਕਟ ਹੈਾ ਤੂੰ ਚੋਰ ਹੈਾ ਤੇਰੀ ਹਰ ਸ਼ੈ ਚੋਰੀ ਦੀ ਹੈ ਤੇਰੀਆਂ ਕੋਠੀਆਂ ਦੀ ਏਅਰ ਕੰਡੀਸ਼ਨ ਚੁੱਕ ਲਿਆਈ ਹੈ ਸਾਡੀਆਂ ਝੁੱਗੀਆਂ ਦੇ ਬੁੱਲੇ ਤੇਰੀਆਂ ਸੜਕਾਂ ਤੇ ਜਗਦੀਆਂ ਟਿਊਬਾਂ ਚੁੱਕ ਲਿਆਈਆਂ ਸਾਡੇ ਟਿਊਵੈੱਲਾਂ ਦੀ ਬਿਜਲੀ ਸੋਚਦਾ ਹੈ ਤੇਰਾ ਵਿਸ਼ਵ ਵਿਦਿਆਲਾ ਕਿ ਕਿੰਜ ਖੋਹਣੇ ਹਨ ਸਾਡੇ ਬੱਚਿਆਂ ਤੋਂ 'ਬਾਲ ਉਪਦੇਸ਼' ਵਾਲੇ ਪੈਸੇ

ਹਸਪਤਾਲ 'ਚੋਂ

ਫੱਟੜਾਂ ਨੂੰ ਰਹਿਣ ਦੇਵੋ ਆਪਣੀ ਹੀ ਦੇਖ ਤੇ ਵੈਰੀ ਦੀ ਦਿਸ਼ਾ 'ਚ ਵਧੋ ਕਿ ਵਧੋ ਸਾਥੀਓ! ਪਾ ਸਕੇ ਤਾਂ ਹੋਰ ਵੀ ਪਾਵਾਂਗੇ ਹਿੱਸਾ ਜੰਗ 'ਚ ਨਿਗੂਣਿਆਂ ਦੀ ਆਸ ਤੇ ਨਾ ਐਵੇਂ ਰੁਕੋ ਸਾਥੀਓ! ਝੱਖੜ ਬੁਝਾ ਕੇ ਹੰਭਾ ਲਏ ਇੱਕ ਬਲ ਰਹੇ ਦੀਪ ਨੂੰ ਪਹਿਲਾਂ ਹੀ ਇੱਕ ਦੇ ਬੁਝਣ ਤੋਂ ਨਵੇਂ ਅਨੇਕਾਂ ਬਲੇ ਸਾਥੀਓ! ਚਮਕੇਗੀ ਜਦ ਉਹਨਾਂ ਦੀ ਹਨ੍ਹੇਰਿਆ 'ਚ ਰੋਸ਼ਨੀ ਲੈ ਕੇ ਕੁੱਝ ਕਿਰਨਾਂ ਅਸੀਂ ਵੀ ਹੋਵਾਂਗੇ ਵਿੱਚ ਰਲੇ ਸਾਥੀਓ

ਕੀ ਲਿਖਾਂ

ਕੀ ਲਿਖਾਂ ਤੇ ਕੀ ਛੱਡ ਦਿਆਂ ਓ ਦਿਨ! ਤੂੰ ਸਾਰਾ ਇੱਕ ਨਜ਼ਮ ਹੈਾ ਮੇਰੀ ਨਜ਼ਰ ਦੇਖ ਸਕਦੀ ਹੈ ਬਿਸਤਰੇ ਤੋਂ ਕਿੰਨਾ ਹੀ ਦੂਰ ਬਿਸਤਰੇ ਤੋਂ ਕਿੰਨਾ ਹੀ ਪਾਰ ਜਿੱਥੇ ਲਾ-ਇਲਾਜ ਮਰ ਰਹੇ ਹਨ ਕਿੰਨੇ ਹੀ ਬਿਮਾਰ ਅੱਜ ਵੀ ਤੂੰ ਕੀ ਕੀ ਨਹੀਂ ਦੇਖੇਂਗਾ ਓ ਦਿਨ ਅੱਜ ਤੁਰਨੀਆਂ ਨੇ ਕਬਰਾਂ ਵੱਲ ਕਿੰਨੀਆਂ ਹੀ ਡੋਲੀਆਂ ਬਿਨ ਕੱਫ਼ਨ ਉਠ ਜਾਣੀਆਂ ਅੱਜ ਵੀ ਸੱਧਰਾਂ ਦੀਆਂ ਅਰਥੀਆਂ ਰੱਬ ਦੇ ਘਰਾਂ ਵਿੱਚ ਹੋਣੇ ਨੇ ਅੱਜ ਵੀ ਕਿੰਨੇ ਹੀ ਜਬਰ-ਜਿਨਾਹ ਬਿਲੂੰ ਬਿਲੂੰ ਕਰਦੇ ਫਿਰਨਗੇ ਅੱਜ ਵੀ ਕਿੰਨੇ ਅੰਨ ਦਾਤਿਆਂ ਦੇ ਬਾਲ ਵਿਰਾਟ ਰੂਪ ਬਣ ਜਾਵੇਗੀ ਨਜ਼ਮ ਜੇ ਮੈਂ ਛੋਹ ਬੈਠਾ ਓ ਦਿਨ! ਐਨਾ ਵੀ ਨਹੀਂ ਜਾਣਦੇ ਅਜੇ ਤਾਂ ਮੇਰੇ ਲੋਕ ਕਿ ਉਹ ਜੀਣ ਆਏ ਹਨ ਜਾਂ ਫਿਰ ਮਕਾਣ ਆਏ ਹਨ ਤਾਂ ਫਿਰ ਅਜੇ ਪੱਥਰਾਂ ਨੂੰ ਕਿੰਜ ਦੱਸਾਂ ਕਿ ਮਨੁੱਖ ਦੇ ਦਿਲ ਵੀ ਹੁੰਦੇ ਨੇ ਮੈਂ ਕੁੱਝ ਵੀ ਕਿਉਂ ਛੱਡਾਂ ਓ ਦਿਨ! ਤੂੰ ਸਾਰਾ ਇੱਕ ਨਜ਼ਮ ਹੈਂ

ਅਲਵਿਦਾ

ਨਾ ਭੰਨਣੀ ਘੜੀ ਕੋਈ ਨਾ ਤੁਸੀਂ ਪਿੰਨ ਹੀ ਮਨਸਾਣਾ ਮੈਂ ਤਾਂ ਭਲਕੇ ਪਰਸੋਂ ਹੀ ਵਾਪਸ ਆ ਜਾਣਾ ਮੈਂ ਗੰਢੜੀ 'ਚ ਲੈ ਤੁਰਿਆਂ ਹਾਂ ਕਾਸ਼ਨੀ ਦੇ ਫੁੱਲ ਵਰਗੀਆ ਸ਼ਾਮਾਂ ਮੈਂ ਦਿਲ 'ਚ ਲੈ ਤੁਰਿਆਂ ਹਾਂ ਗੰਨੇ ਦੇ ਰਿਓ ਵਰਗੀਆਂ ਯਾਦਾਂ ਤੁਹਾਡੇ ਤਾਂ ਬੋਲ ਗੂੰਜਣਗੇ ਸਦਾ ਮੇਰਿਆਂ ਕੰਨਾਂ ਦੇ ਅੰਦਰ ਹੋਵੇਗੀ ਜਦ ਚਲਦੀ ਹਵਾਂ 'ਚ ਝੂਮਣੇ ਫਰਮਾਹਾਂ ਦੀ ਸਰਸਰ ਚਟਾਨਾਂ ਦੇ ਇਸ ਸ਼ਹਿਰ ਵਿੱਚ ਮੈਂ ਛੱਡ ਕੇ ਤੁਰ ਚੱਲਿਆ ਹਾਂ ਪਿੰਜੇ ਹੋਏ ਨਰਮੇ ਦੇ ਗੋਹੜੇ ਸ਼ਾਇਦ ਇਸੇ ਲਈ ਪੈਣਾ ਮੈਨੂੰ ਵਾਪਸ ਵੀ ਆਣਾ ਮੈਂ ਕਿਧਰੇ ਦੂਰ ਨਹੀਂ ਜਾਣਾ ਸ਼ਹਿਦ ਦੀ ਮੱਖੀਓ! ਗੰਦਗੀ ਦੀਆਂ ਮੱਖੀਆਂ 'ਚ ਬਹਿਕੇ ਬਰਾਦਰੀ ਭੁੱਲ ਨਹੀਂ ਜਾਣਾ ਭਮੱਕੜਾਂ ਦੇ ਯਾਰੋ! ਭੂੰਡਾਂ ਦੇ ਰੌਲੇ 'ਚ ਤੁਸੀਂ ਵੀ ਰੁਲ ਨਹੀਂ ਜਾਣਾ ਯਾਦ ਰੱਖਣਾ ਅਸੀਂ ਪਰਵਾਸੀ ਪੰਛੀ ਹਾਂ ਸਾਡਾ ਤਾਂ ਕਿਧਰੇ ਹੋਰ ਹੈ ਟਿਕਾਣਾ ਹਾੜ੍ਹੇ! ਤੁਸੀਂ ਭੁੱਲ ਨਾ ਜਾਣਾ ਰਾਂਝਣ ਦਾ ਠਾਣਾ ਨਾ ਭੰਨਣੀ ਘੜੀ ਕੋਈ ਨਾ ਤੁਸੀਂ ਪਿੰਨ ਹੀ ਮਨਸਾਣਾ ਮੈਂ ਤਾਂ ਭਲਕੇ ਪਰਸੋਂ ਹੀ ਵਾਪਸ ਆ ਜਾਣਾ

ਸਿਰ

(ਪਾਸ਼ ਰਚਿਤ ‘ਹੱਥ ' ਤੇ ‘ਪੈਰ’ ਦੇ ਨਾਂ) ਸਿਰ ਢੁੱਡ ਨਹੀਂ ਹੁੰਦੇ ਸਿਰ ਤਾਂ ਸਿਰ ਹੁੰਦੇ ਹਨ ਸਿਰ ਚਾਹੇ ਤਲੀ 'ਤੇ ਟਿਕਣ ਤੇ ਚਾਹੇ ਸਿਰ ਭਾਰ ਚੱਲਣ ਫਿਰ ਵੀ ਬੇਸਿਰੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ ‘ਠੁੱਡ', ‘ਛੜ’ ਤੇ ‘ਘਸੁੰਨ' ਸਿਰਾਂ ਸੰਗ ਹੋ ਸਕਦੇ ਹਨ ਪਰ ਅਕਲ ਦੀ ਪੁੜੀ ਜੁੱਤੀ 'ਚ ਨਹੀਂ ਸਿਰਾਂ `ਚ ਬੰਦ ਹੁੰਦੀ ਹੈ ਜਦ ਕੁੱਝ ਸਿਰ ਸਿਰ ਹੋਣ ਤੋਂ ਮੁਨਕਰ ਹੁੰਦੇ ਹਨ ਤਾਂ ਸਿਰਾਂ 'ਤੇ ਸਿੰਗ ਉੱਗ ਆਉਂਦੇ ਹਨ ਤੇ ਸਿੰਗਾਂ ਵਾਲੇ ਸਿਰ ਬੇਸਿੰਗਿਆਂ ਦੀ ਪੰਜਾਲੀ 'ਚ ਸੌਖੇ ਹੀ ਆ ਜਾਂਦੇ ਹਨ ਦੂਸਰੇ ਬੰਨੇ ਜਦ ਇਕ ਤ੍ਰੀਮਤ ਸਿਰ 'ਚੋਂ ਲੋਰੀ ਸਿਰਜਦੀ ਹੈ ਤਾਂ ਭੁੱਖੇ ਵੀ ਸੌਂ ਜਾਂਦੇ ਹਨ ਸਿਰਾਂ ਵਿਚ ਖੁਰਦਬੀਨ ਹੁੰਦੀ ਹੈ ਜੋ ਰੋਗ ਦੇ ਰੋਗਾਣੂਆਂ ਨੂੰ ਵੇਖ ਸਕਦੀ ਹੈ ਸਿਰਾਂ ਵਿੱਚ ਦੂਰਬੀਨ ਹੁੰਦੀ ਹੈ ਜੋ ਵੱਖ ਵੱਖ ਗ੍ਰਹਿਆਂ ਦੀ ਦੂਰੀ ਮਿਣ ਸਕਦੀ ਹੈ ਤੇ ਵੇਖ ਸਕਦੀ ਹੈ ਕਿਹੜੇ ਗ੍ਰਹਿ ਇਸ ਕੈਂਪ 'ਚ ਆਉਂਦੇ ਨੇ ਜਰਮਨ ਤੇ ਰੂਸ ਵਿਚ ਸਿਰ ਉਪਜੇ ਸਨ ਚੀਨ ਦਿਆਂ ਖੇਤਾਂ 'ਚ ਸਿਰ ਹੀ ਉਗਮੇ ਹਨ ਪਰ ਇਥੇ ਤਾਂ ਹੁਣ ਤੱਕ ਢੁੱਡਾਂ ਹੀ ਉਪਜੀਆਂ ਹਨ ਆਪਣੀ ਹੀ ਪੰਜਾਲੀ ਦੀ ਦੂਜੀ ਢੁੱਡ ਸੰਗ ਭਿੜੀਆਂ ਹਨ ਜਾਂ ਤਾਂ ਫੁੱਟ ਗਈਆਂ ਹਨ ਜਾਂ ਫਿਰ ਸਿਰ ਸੁੱਟ ਕੇ ਚੱਲ ਪਈਆਂ ਹਨ ਸਿਰ ਚਾਹੇ ਸੂਲੀ ਤੱਕ ਸਫ਼ਰ ਕਰਨ ਪਰ ਇਹ ਕੋਈ ਮੰਜ਼ਲ ਨਹੀਂ ਹੁੰਦੀ ਸਿਰਾਂ ਨੂੰ ਫੁੱਟ ਜਾਣ ਦਾ ਕੋਈ ‘ਠਰਕ’ ਨਹੀਂ ਹੁੰਦਾ ਜੰਗਾਲ ਤਲਵਾਰ ਨੂੰ ਨਹੀਂ ਸਿਰਾਂ ਨੂੰ ਲੱਗਿਆ ਹੈ ਸਿਰ ਨਾ ਤਾਂ ਝੁਕ ਜਾਣ ਲਈ ਹੁੰਦੇ ਨੇ ਸਿਰ ਨਾ ਹੀ ਫੁੱਟ ਜਾਣ ਲਈ ਹੁੰਦੇ ਨੇ ਸਿਰ ਤਾਂ ਸਿਰ ਹੁੰਦੇ ਨੇ ਸਿਰਾਂ ਵਿੱਚ ਖੁਰਦਬੀਨ ਹੁੰਦੀ ਹੈ ਸਿਰਾਂ ਵਿੱਚ ਦੂਰਬੀਨ ਹੁੰਦੀ ਹੈ

  • ਮੁੱਖ ਪੰਨਾ : ਕਾਵਿ ਰਚਨਾਵਾਂ, ਓਮ ਪ੍ਰਕਾਸ਼ ਸ਼ਰਮਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ