Punjabi Poetry : Prabhjot Sohi

ਪੰਜਾਬੀ ਕਵਿਤਾਵਾਂ : ਪ੍ਰਭਜੋਤ ਸੋਹੀ



1. ਅਸੀਂ ਭੁੱਲ ਗਏ

ਨਾ ਪਹਿਲਾਂ ਵਰਗੇ ਪਿਆਰ ਰਹੇ ਨਾ ਉਹ ਅਪਣੱਤ ਨਾ ਹੀ ਯਾਰ ਰਹੇ । ਹੁਣ ਹਰ ਥਾਂ ‘ਨ੍ਹੇਰਾ ਮੋਹਰੀ ਐ, ਕੋਈ ਕਦਰ ਨਾ ਚਾਨਣ ਰਿਸ਼ਮਾਂ ਦੀ।। ਉਥੇ ਕੌਣ ਰੂਹਾਂ ਨੂੰ ਪੁੱਛਦਾ ਏ, ਜਿਥੇ ਮੰਡੀ ਲੱਗਦੀ ਜਿਸਮਾਂ ਦੀ। ਕੋਈ ਪੱਟ ਦਾ ਮਾਸ ਖੁਆਵੇ ਕਿਉਂ। ਕੋਈ ਥਲਾਂ 'ਚ ਸੜ ਮਰ ਜਾਵੇ ਕਿਉਂ। ਮੱਥਾ ਨਾਲ ਪਹਾੜਾਂ ਲਾਵੇ ਕਿਉਂ। ਕਹਿੰਦੇ ਅੱਜ ਕੱਲ੍ਹ ਐਸੀ ਲੋੜ ਨਹੀਂ। ਹੁਣ ਮਾਸ ਦੀ ਬੋਲੀ ਲੱਗਦੀ ਐ ਜਿਥੇ ਗਿਰਝਾਂ ਦੀ ਥੋੜ ਨਹੀਂ । ਅੰਦਰ ਚੂਹੇ ਬਾਹਰ ਕਾਂ ਪੈਂਦੇ। ਉਂਝ ਭੈਣ ਕਦੇ , ਕਦੇ ਮਾਂ ਕਹਿੰਦੇ । ਕਹਿਣ ਮਨ ਸਾਡੇ ਸਤਿਕਾਰ ਬੜਾ ਪਰ 'ਗਾਂਹ ਨਾਂ ਜਾਣ ਸਰੀਰਾਂ ਤੋਂ । ਗ਼ੈਰਾਂ ਦੀ ਗੱਲ ਹੁਣ ਕੀ ਕਰਨੀ ਡਰ ਲੱਗਦੈ ਸਕਿਆਂ ਵੀਰਾਂ ਤੋਂ ।। ਅਸੀਂ ਭੁਲ ਗਏ ਮਾਤ ਪੰਜਾਬੀ ਨੂੰ ਉਸ ਸ਼ਾਇਰ ਅਤੇ ਰੱਬਾਬੀ ਨੂੰ । ਜੋ ਇਕ ਦਾ ਹੋਕਾ ਦਿੰਦਾ ਸੀ, ਸੀ ਦੂਰ ਜੋ ਜਾਤਾਂ ਪਾਤਾਂ ਤੋਂ ।। 'ਸੋਹੀ' ਸੋਚ ਬਦਲਣੀ ਪੈਣੀ ਐ ਜੇ ਬਚਣਾ ਹੈ ਬਦਜ਼ਾਤਾਂ ਤੋਂ ।

2. ਤਿੱਤਲੀ

ਹੋਸ਼ ਭੁਲਾਵੇ ਹੋਸ਼ ਭੁਲਾਵੇ ਸੋਚ ਹਿਲਾਵੇ ਨਸ਼ਾ ਜਿਹਾ ਚੜ੍ਹਦਾ... ਨਸਾਂ ਵਿੱਚ ਖੌਲੇ ਰਗਾਂ ਵਿੱਚ ਬੋਲੇ ਰੂਹ ਤੇ ਲੜਦਾ... ਸ਼ੂਕਦੀ ਲਹਿਰ ਸੁਨਾਮੀ ਕਹਿਰ ਕਿ ਚੱਤੋ ਪਹਿਰ ਅਮੋੜ ਮੁਹੱਬਤ ਸੁੱਚੀ ਕੋਈ ਲੱਭਤ ਭਾਵਾਂ ਦੇ ਹੜ੍ਹ 'ਚ ਜਾਵੇ ਜਿਵੇਂ ਹੜ੍ਹਦਾ ਖ਼ਿਆਲਾਂ ਦੀ ਤਿੱਤਲੀ ਜਾਵੇ ਹੱਥੋਂ ਨਿਕਲੀ ਕਿਵੇਂ ਕੋਈ ਫੜਦਾ ਕਿਵੇਂ ਕੋਈ ਫੜਦਾ...॥

3. ਸ਼ਬਦਾਂ ਦੀ ਖ਼ੈਰ

ਸ਼ਬਦਾਂ ਦੀ ਖ਼ੈਰ ਵੇਲਾ ਸੀ ਜਦ ਅਕਸਰ ਹੀ ਖਿਆਲਾਂ ਨੂੰ ਖੰਭ ਲੱਗ ਜਾਂਦੇ ਤੇ ਤੂੰ ਰਾਣੀਂ ਬਣ ਆ ਬਹਿੰਦੀ ਕੋਰੇ ਕਾਗਜ਼ ਤੇ.. ਵੇਲਾ ਹੈ ਬੈਠੇ ਰਹੀਦਾ ਤੇਰੇ ਦਰ ਤੇ ਕਈ-ਕਈ ਦਿਨ...ਮਹੀਨੇ ਪਰ ਝੋਲ਼ੀ ਖ਼ੈਰ ਨਾ ਪੈਂਦੀ ਸ਼ਬਦਾਂ ਦੀ...।

4. ਅਧੂਰਾਪਨ

ਅਧੂਰੇਪਣ ਦੀ ਖ਼ੂਬਸੂਰਤੀ ਅਧੂਰੀ ਪੇਂਟਿੰਗ ਅਧੂਰੀ ਕਵਿਤਾ ਜਾਂ ਸਤਰ ਹੀ ਕੋਈ... ਦਿਲਕਸ਼ ਹੋ ਸਕਦੀ ਹੈ ਮਹਿਸੂਸ ਕਰ ਸਕਦੇ ਹਾਂ ਅਸੀਂ ਇਹਦੇ ਅੰਦਰਲਾ ਜਲੌਅ..ਤੜਪ ਇਕ ਅਜੀਬ ਜਿਹੀ ਕਸ਼ਿਸ਼ ਜੋ ਤੁਹਾਨੂੰ ਆਪਣੇ ਵੱਲ ਤੱਕਣ ਅਤੇ ਤੱਕਦੇ ਰਹਿਣ ਲਈ ਮਜ਼ਬੂਰ ਕਰ ਦੇਂਦੀ... ਤੁਸੀਂ ਚਾਹ ਕੇ ਵੀ ਨਜ਼ਰ ਚੁਰਾ ਨਹੀਂ ਸਕਦੇ ਕਿਧਰੇ ਹੋਰ ਜਾ ਨਹੀਂ ਸਕਦੇ। ਅਧੂਰੇ ਰਿਸ਼ਤੇ ਵੀ ਹੁੰਦੇ ਕੁਝ ਇਸੇ ਤਰਾਂ ਦੇ ਖੂਬਸੂਰਤ ਹੋਣ ਵਾਸਤੇ ਜ਼ਰੂਰੀ ਨਹੀਂ ਮੁਕੰਮਲ ਹੋਣਾ।

5. ਸਿੱਜਦਾ

ਪੌਣਾਂ ਦੀ ਅਜ਼ਾਦੀ ਤੇ ਰਵਾਨੀ ਪਾਣੀ ਦੀ। ਦੱਸਦੇ ਨੇ ਕਿਵੇਂ ਹੈ ਹਯਾਤੀ ਮਾਣੀ ਦੀ। ਫੁੱਲਾਂ ਉਤੇ ਭੌਰੇ ਨੇ ਕਲੋਲਾਂ ਕਰਦੇ ਸੋਚਦੇ ਨੇ ਬੰਦੇ ਕਿਹੜੀ ਗੱਲੋਂ ਮਰਦੇ। ਸਤਰੰਗੀ ਪੀਂਘ ਵਾਲੇ ਰੰਗ ਬੇਲੀਉ, ਕਹਿਣ ਸਾਡੇ ਵਿਹੜੇ ਲੰਘ ਆਉ ਬੇਲੀਉ। ਘੁਗੀਆਂ ਗੁਟਾਰਾਂ ਤੋਤੇ ਮੁਰਗਾਬੀਆਂ ਖੁਸ਼ੀ ਦੇ ਖ਼ਜ਼ਾਨੇ ਦੀਆਂ ਇਹ ਨੇ ਚਾਬੀਆਂ। ਪੱਤੀਆਂ ਦੇ ਉਤੇ ਤੁਪਕਾ ਤਰੇਲ ਦਾ, ਡੇਲੀਏ ਦਾ ਫੁੱਲ ਹਵਾ ਨਾਲ ਖੇਲ੍ਹਦਾ। ਹੋਈ ਪਈ ਆ ਸਾਰੇ ਪਾਸੇ ਧੰਨ ਧੰਨ ਜੀ ਮਾਣ ਲੈ ਤੂੰ ਨਿਹਮਤਾਂ ਨੂੰ ਗੱਲ ਮੰਨ ਜੀ।

6. ਇਹ ਕਿਸ ਦੀ ਕਵਿਤਾ ਹੈ..?

ਕਵੀ ਜੀ ਲਿਖਦੇ ਨੇ ਕਵਿਤਾ ਕਿਸੇ ਗ਼ਰੀਬ ਕਿਰਸਾਨ ਦੀ ਜਾਂ ਫਿਰ ਹੜ੍ਹ ਗਏ ਮਕਾਨ ਦੀ । ਬੇਸਹਾਰਾ ਮਜ਼ਦੂਰ ਦੀ ਜਾਂ ਜ਼ਾਲਿਮ ਹਜ਼ੂਰ ਦੀ । ਦੱਬੇ ਕੁਚਲਿਆਂ ਦੀ ਜਾਂ ਭਖ਼ਦੇ ਮਸਲਿਆਂ ਦੀ । ਵਰਤਦੇ ਨੇ ਅਣਛੋਹੀਆਂ, ਨਿਵੇਕਲੀਆਂ ਤਸ਼ਬੀਹਾਂ... ਅਣਥੱਕ ਯਤਨਾਂ ਨਾਲ ਲੱਭੇ ਅਲੰਕਾਰ... ਕਵੀ ਜੀ ਨਿਚੋੜ ਦਿੰਦੇ ਹਨ ਸਾਰੇ ਦਾ ਸਾਰਾ ਸਾਰ ਤੱਤ ਹੁਣ ਤੱਕ ਪੜ੍ਹੀਆਂ ਭਾਰੀਆਂ ਹੌਲ਼ੀਆਂ ਕਿਤਾਬਾਂ ਦਾ ਆਪਣੀ ਕਵਿਤਾ ਵਿੱਚ । ਪਰ ਫਿਰ ਵੀ ਪਤਾ ਨਹੀਂ ਕਿਉਂ ਗ਼ਰੀਬ ਕਿਸਾਨ ਮਜ਼ਦੂਰ ਨੂੰ ਕਿਸੇ ਦੱਬੇ ਕੁਚਲ੍ਹੇ ਮਜ਼ਬੂਰ ਨੂੰ ਉਹ ਕਵਿਤਾ ਆਪਣੇ ਰੱਤ ਰੰਗੇ ਮੁੜਕੇ ਦੀ ਬਾਤ ਪਾਉਂਦੀ ਨਹੀਂ ਲੱਗਦੀ ਕਵਿਤਾ ਨੂੰ ਪੜ੍ਹ ਕੇ ਉਸਦੇ ਸੀਨੇ 'ਚ ਕੋਈ ਚਿਣਗ ਨਹੀਂ ਮੱਘਦੀ । ਬੱਸ ਉਹ ਤਾਂ ਬਿੱਟ-ਬਿੱਟ ਤੱਕਦੇ ਨੇ ਅਜਨਬੀ ਸਤਰਾਂ ਵੱਲ ਬੇਗਾਨੇ ਜਾਪਦੇ ਅੱਖਰਾਂ ਵੱਲ । ਉਹਨਾਂ ਦੀ ਸਮਝ ਤੋਂ ਪਰ੍ਹੇ ਨੇ ਭਾਰੀ ਭਰਕਮ ਬਿੰਬ ਤੇ ਕਲਾਤਮਿਕ ਕਲਾਬਾਜ਼ੀਆਂ..। ..ਤਾਂ ਫਿਰ ਕਵੀ ਜੀ ਇਹ 'ਉਚ ਪਾਏ' ਦੀ ਕਵਿਤਾ ਕਿਸਦੀ ਹੈ ਬੇਸਹਾਰਾ ਮਜ਼ਦੂਰਾਂ ਦੀ ? ਕਰਜ਼ਾਈ ਕਿਰਸਾਨਾਂ ਦੀ ? ਜਾਂ ਫਿਰ ਤੁਹਾਡੀ ਤੇ ਮੁੱਠੀ ਭਰ ਵਿਦਵਾਨਾਂ ਦੀ...? ਕਿਸਦੀ ਕਵਿਤਾ ਹੈ ਇਹ...?

7. ਕੋਵਿਡ-19

1 ਨਿਰੰਤਰ ਦੇਖ ਰਿਹਾਂ ਬਗੀਚੀ 'ਚ ਖਿੜ੍ਹੇ ਫੁੱਲਾਂ ਵੱਲ ਨਹੀਂ ਸ਼ਾਇਦ ਫੁੱਲ ਦੇਖ ਰਹੇ ਨੇ ਮੇਰੇ ਵੱਲ ਹੈਰਾਨੀ ਨਾਲ .... । 2 ਆਪਣੇ ਹੀ ਘਰ ਨੂੰ ਮਿਲਿਆਂ ਹਾਂ ਅੱਜ ਚਿਰਾਂ ਬਾਅਦ ਤੇ ਹੈਰਾਨ ਹਾਂ ਬੜੇ ਹੀ ਕੀਮਤੀ ਗਵਾਚੇ ਹੋਏ ਪਲ ਲੱਭ ਰਹੇ ਨੇ ਕਦੇ ਕਿਸੇ ਕੋਨੇ 'ਚੋਂ ਕਦੇ ਕਿਸੇ ਦਰਵਾਜ਼ੇ ਪਿੱਛੋਂ ਤੇ ਕਦੇ ਕੰਧਾਂ 'ਤੇ ਜੜ੍ਹੇ ਫਰੇਮਾਂ 'ਚੋਂ । 3 ਕਿਤੇ ਵੀ ਨਹੀਂ ਜਾਣਾ ਹੈ ਬਾਹਰਲਾ ਬੂਹਾ ਬੰਦ ਹੈ ਤੇ ਖੋਜ ਰਿਹਾਂ ਕੋਈ ਖਿੜਕੀ ਅੰਦਰ ਵੱਲ ਖੁੱਲ੍ਹਦੀ । 4 ਪੰਛੀ ਵਧੇਰੇ ਚਹਿਕ ਰਹੇ ਨੇ ਜਾਂ ਸੁਨਣ ਸ਼ਕਤੀ ਵਧ ਗਈ ਹੈ ਕੰਨਾਂ ਦੀ... ਅਸਮਾਨ 'ਚ ਪਹਿਲਾਂ ਨਾਲੋਂ ਵੱਧ ਨੀਲੱਤਣ ਹੈ ਲੱਗਦੈ ਨੇੜੇ ਹੋ ਗਿਆ ਹੈ ਕੁਝ ਹੋਰ... ਫੁੱਲ ਸੈਨਤਾਂ ਮਾਰ ਰਹੇ ਨੇ ਮਨੁੱਖ ਨੇ ਆਪਣੀ "'ਮਨੁੱਖਤਾ" ਤੇ ਜ਼ਰਾ ਜਿੰਨੀ ਰੋਕ ਲਗਾਈ ਹੈ ਕਿ ਕੁਦਰਤ ਮੌਲ ਪਈ ਹੈ.....। 5 ਕਿਸੇ ਵੀ ਦੌੜ 'ਚ ਨਹੀਂ ਹਾਂ ਕਿਤਾਬ ਹੈ.... ਸੰਗੀਤ ਹੈ... ਇਕਾਂਤ ਹੈ... ਤੇ ਸੰਵਾਦ ਹੈ...।।

8. ਮੂਕ ਸੰਵਾਦ

ਜਸ਼ਨ ਦਾ ਮੌਕਾ ਹੈ ਡੀ. ਜੇ. ਪਾ ਰਿਹੈ ਖ਼ੌਰੂ ਸਰਦਾਰਾਂ ਦਾ ਛੋਟਾ ਕਾਕਾ ਲੁਟਾ ਰਿਹੈ ਨੋਟ ਧੜਾ ਧੜ ਤੇ ਸਰਦਾਰਾਂ ਦੀਆਂ ਲੱਤਾਂ ਨਾਲ ਖਹਿੰਦਾ ਹੋਇਆ ਬੂਟਾਂ ਤੋਂ ਉਂਗਲਾਂ ਬਚਾਉਂਦਾ ਚੁਗ ਰਿਹੈ ਨੋਟ ਡੀ. ਜੇ. ਵਾਲਿਆਂ ਨਾਲ ਆਇਆ ਛੋਟੂ ਜਿਹਾ ਮਾਸੂਮ। ਅਚਾਨਕ ! ਦੋਹਾਂ ਦੀਆਂ ਅੱਖਾਂ ਮਿਲੀਆਂ ਇਕ ਮੂਕ ਸੰਵਾਦ ਤੁਰਿਆ ਦੋਹਾਂ ਦਰਮਿਆਨ... ਛੋਟੇ ਜਿਹੇ ਅੰਤਰਾਲ 'ਚ ਵਾਪਰੇ ਇਸ ਸੰਵਾਦ ਦੇ ਅਰਥ ਬਹੁਤ ਗਹਿਰੇ ਨੇ ਬੜਾ ਹੀ ਮਹੱਤਵਪੂਰਨ ਹੈ ਸੰਵਾਦ 'ਚੋਂ ਉਪਜਿਆ ਸਵਾਲ ਤੇ ਇਹ ਸਵਾਲ ਖੜ੍ਹਾ ਹੀ ਰਹੇਗਾ ਜਦ ਤੱਕ ਮਿਟ ਨੀ ਜਾਂਦਾ ਡੋਂਗੇ ਤੇ ਠੂਠੇ ਵਿਚਲਾ ਅੰਤਰ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਭਜੋਤ ਸੋਹੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ