Punjabi Poetry : Ranjit Kaur Savi

ਪੰਜਾਬੀ ਕਵਿਤਾਵਾਂ : ਰਣਜੀਤ ਕੌਰ ਸਵੀ


ਹੱਸ ਕੇ ਆਪਾ ਵਾਰ ਦਿਆਂਗੇ

ਹੱਸ ਕੇ ਆਪਾ ਵਾਰ ਦਿਆਂਗੇ। ਤੇਰੇ ਤੋਂ ਸਭ ਹਾਰ ਦਿਆਂਗੇ। ਕਰੇ ਸਾਡੇ ਤੇ ਮੇਹਰ ਨਜ਼ਰ ਤੂੰ, ਬੇਸ਼ੁਮਾਰ ਤੈਨੂੰ ਪਿਆਰ ਦਿਆਂਗੇ। ਦੂਰ ਗਿਆ ਜੇ ਤੂੰ ਸਾਡੇ ਤੋ, ਚਾਅ ਦਿਲ ਦੇ ਮਾਰ ਦਿਆਂਗੇ। ਦਿਲ ਵਾਲੀ ਗੱਲ ਲਿਖ ਕੇ ਤੈਨੂੰ, ਬੰਦ ਲਿਫ਼ਾਫਾ ਤਾਰ ਦਿਆਂਗੇ। ਗੁਲਾਬਾਂ ਸੰਗ ਤੇਰਾ ਰਾਹ ਮਹਿਕਾਵਾਂ, ਫੁੱਲਾਂ ਨਾਲ ਸਜੀ ਗੁਲਜ਼ਾਰ ਦਿਆਂਗੇ। ਕਮਲਿਆਂ ਤੇਰੇ ਪਿੱਛੇ ਪਿੱਛੇ ਮੈਂ ਫਿਰਦੀ, ਸਾਨੂੰ ਹੱਸ ਕੇ ਬੁਲਾ ਸਤਿਕਾਰ ਦਿਆਂਗੇ। ਇਕ ਵਾਰ "ਸਵੀ" ਦਾ ਬਣ ਤੇ ਸਹੀ, ਤੇਰਾ ਸਾਰਾ ਕਰਜ਼ ਉਤਾਰ ਦਿਆਂਗੇ।

ਚੰਦਰਾ ਮੰਦਾ ਬੋਲਣ ਤੋਂ ਨਾ ਹੱਟਦਾ

ਚੰਦਰਾ ਮੰਦਾ ਬੋਲਣ ਤੋਂ ਨਾ ਹੱਟਦਾ।। ਰਾਜ਼ ਦਿਲ ਦੇ ਖੋਲਣ ਤੋਂ ਨਾ ਹੱਟਦਾ।। ਕੋਈ ਵੀ ਗੱਲ ਹੋਵੇ ਬਸ ਬੋਲ ਹੀ ਦੇਵੇ, ਦਿਲ ਤੇ ਸੱਟ ਮਾਰਨ ਤੋਂ ਨਾ ਹੱਟਦਾ।। ਦੁਨੀਆਂ ਸਾਰੀ ਹੀ ਭੁਲੇਖੇ ਮਾਰੀ ਮਿਲਦੀ ਕਿਉਂ ਜਾਣੇ ਨਾ ,ਸੱਪ ਡੰਗ ਮਾਰਨੋ ਨਾ ਹੱਟਦਾ। ਸੁਣ ਜਾਣ ਲੈ, ਮਹਿਰਮ ਮਿਲਣੇ ਔਖੇ ਨੇ ਬੜੇ, ਫਿਰ ਵੀ ਦੂਰ ਹੋਰ ਦੂਰ ਜਾਣ ਤੋਂ ਨਾ ਹੱਟਦਾ।। ਕੀ ਨਹੀਂ ਹੋ ਸਕਦਾ ਇਸ ਦੁਨੀਆਂ ਤੇ ਜੇ ਚਾਹੇ, 'ਸਵੀ' ਹੁਣ ਨਹੀਂ ਹੋ ਸਕਦਾ, ਕਹਿਣ ਤੋਂ ਨਾ ਹੱਟਦਾ।।

ਲੈਣਾ ਕੀ ਏ, ਗ਼ਜ਼ਲ ਦੀਆਂ ਬਹਿਰਾਂ ਤੋਂ

ਲੈਣਾ ਕੀ ਏ, ਗ਼ਜ਼ਲ ਦੀਆਂ ਬਹਿਰਾਂ ਤੋਂ। ਅੱਕੇ ਪਏ ਆ,ਪਹਿਲਾਂ ਹੀ, ਸ਼ਾਇਰਾਂ ਤੋਂ।। ਅਲੋਚਨਾ ਤਾਰੀਫ਼ਾਂ ਦੇ ਪਏ ਚੱਕਰ, ਸੁਪਨੇ ਸੱਚ ਨਹੀਂ ਦਿੱਸਦੇ ਪਹਿਰਾ ਤੋਂ।। ਮਨ ਆਈਆਂ ਕਰਦੇ ਨੇ , ਮਨਮੀਤ ਕਦੀ ਨਾ ਭਰਦੀ ਝੋਲ਼ੀ ਖਹਿਰਾ ਤੋਂ।। ਬਣਿਆਂ ਫਿਰਦਾ ਸ਼ੇਰ ਹਰ ਘਰ ਚ' ਡਰੇ ਨਾ ਔਰਤ ਦੀਆਂ ਕਹਿਰਾਂ ਤੋਂ।। ਪੜ੍ਹ ਲੈਂਦੀ ਅੱਖ ਦਿਲ ਦੀਆਂ ਗੱਲਾਂ, ਦਰ ਸੱਜਣਾ, ਦੂਰ ਹੈ ਮੇਰੇ ਸ਼ਹਿਰਾਂ ਤੋਂ।। ਤਾਜ਼ ਚ' ਰੱਖ ਲਵਾਂ ਤੈਨੂੰ ਜੱੜ ਕੇ ਮੈਂ, ਬੱਚ ਨਾ "ਸਵੀ" ਦੀਆਂ ਮਿਹਰਾ ਤੋਂ।।

ਘੜੀਆਂ ਪਹਿਰ ਦੀਆਂ ਬੀਤ ਨਾ ਜਾਵਣ

ਘੜੀਆਂ ਪਹਿਰ ਦੀਆਂ ਬੀਤ ਨਾ ਜਾਵਣ ਦਿਨ,ਮਹੀਨੇ,ਸਾਲ। ਛੇਤੀ-ਛੇਤੀ ਪਾ ਕੇ ਫੇਰਾ ਪੁੱਛ ਜਾਵੀਂ ਮੇਰਾ ਹਾਲ। ਆ ਕੇ ਵੇਖ ਸ਼ਹਿਰ ਮੇਰੇ ਦੇ ਸੁੰਨੇ ਪਏ ਨੇ ਰਾਹ, ਉਲਝ ਗਿਆ ਮੇਰਾ, ਤਾਣਾ ਬਾਣਾ , ਕਿੱਦਾਂ ਸੁਲਝੇ ਜਾਲ। ਮੇਰਾ ਤੇਰਾ ਰਿਸ਼ਤਾ ਮਹੁਤਾਜ ਕਿੱਥੇ ਬਰੂਹਾਂ ਦਾ, ਪਿਆਰ ਮੇਰੇ ਦੀ ਕਦਰ ਕਰੀ ਰੱਖ ਲਈਂ ਖਿਆਲ। ਫਿਰ ਫੋਲੇ ਗਾ ਭਾਲਣ ਖਾਤਿਰ , ਸਿਵਿਆਂ ਵਾਲੀ ਰਾਖ, ਮਿਲਣ ਦੀ ਘੜੀਆਂ ਨੂੰ ਹੁਣ ਲਾਰਿਆਂ ਵਿਚ ਟਾਲ। ਜਿਸ ਰਾਹ ਤੇ ਇਕੱਠਿਆਂ ਤੁਰਦੇ-ਤੁਰਦੇ ਮੰਜ਼ਿਲ ਪਾਈ, ਅੱਜ ਉਹ ਰਾਹਵਾਂ ਰੋਕ ਕੇ ਪੁੱਛਣ ਮੈਨੂੰ ਤੇਰੇ ਸਵਾਲ। ਘੜਾ ਡਫਲੀ ਚਿਮਟਾ ਅਲਗੋਜ਼ੇ ਕੁਝ ਵੀ ਨਹੀਂ ਚਾਹੀਦਾ, ਬਸ ਯਾਰਾ! ਜੇ ਕੱਠੀ ਹੋ ਜੇ , ਮੇਰੀ ਸੂਰ ਤੇ ਤੇਰੀ ਤਾਲ। ਰੂਹ ਤੇਰੀ ਹੋ ਜਾਵੇ , ਪੁਰੀ ਸਰਸ਼ਾਰ ਸੱਜਣ ਜੀ, ਜੇ ਕੋਈ ਤੈਨੂੰ ਮੇਰੇ ਵਰਗਾ ਲਾਵੇ ਸੀਨੇ ਨਾਲ਼।

ਸਦੀ ਦਾ ਮਹਾਨ ਸ਼ਾਇਰ

(ਸ਼ਿਵ ਕੁਮਾਰ ਬਟਾਲਵੀ) ਜੋ ਅਕਸਰ ਕਹਿੰਦੈ "ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ" ਇਹ ਲਿਖੀ ਸਤਰਾਂ ਨੂੰ ਸੱਚ ਕਰਦਾ ਹੋਇਆ ਦੁਨੀਆਂ ਤੋਂ ਤੁਰ ਗਿਆ ਅੱਜ 23 ਜੁਲਾਈ ਸ਼ਿਵ ਦਾ ਜਨਮ ਦਿਨ ਅੱਜ ਆਉਣ ਗਿਆ ਯਾਦ ਉਹ ਸੱਭ ਗੱਲਾਂ, ਬੀਤੇ ਪਲ, ਸ਼ਿਵ ਨਾਲ ਗੁਜ਼ਾਰੇ ਅੱਖਰਾਂ ਦੀ ਸਾਂਝ ਪਾਉਂਦੇ। ਬੇਵਕਤੀ ਬੇ ਖਿਆਲ, ਜਾਂਦੇ ਜਾਂਦੇ ਇਹ ਬਹੁਤ ਕੁੱਝ ਸਿਖਾ ਗਿਆ। ਪਿਆਰ ਵਾਲਾ ਸਬਕ ਪੜ੍ਹਾ ਗਿਆ, ਪਿਆਰ ਨੂੰ ਹੀ ਪਿਆਰ ਨਾਲ ਸਮਝਾ ਗਿਆ। ਬਹੁਤ ਕੁਝ ਪੱਲੇ ਪਾ ਗਿਆ। ਤੇ ਉਸ ਦੇ ਬੇ-ਵਕਤੇ ਤੁਰ ਜਾਣ ਦਾ ਦੁੱਖ ਸਦਿਆਂ ਤੀਕ ਸਾਡੇ ਮਨਾਂ ਤੇ ਉੱਕਰਿਆ ਰਹੇਗਾ।

ਕਰੋਨਾ ਕਾਰਨ ਕਰਫ਼ਿਊ ਲਗਾ

ਪੰਛੀ ਹੁਣ ਖੁੱਲ੍ਹ ਕੇ ਆਸਮਾਨ 'ਚ ਉਡਦੇ ਨੇ ਜਾਨਵਰ ਵੀ ਵੇਖੇ ਗਏ ਨੇ ਸੜਕਾਂ ਤੇ ਆਮ ਘੁੰਮਦੇ ਹੋਏ, ਹੁਣ ਜੰਲਧਰ ਤੇ ਫਗਵਾੜੋਂ ਦਿਖਦੇ ਨੇ ਸਾਫ਼ ਪਹਾੜ,ਜੋ ਵੇਖਣ ਬਾਰੇ ਸੋਚੇ ਵੀ ਨਹੀਂ ਸੀ, ਕਦੇ ਕਿਸੇ ਨੇ ਧੁੰਦ ਪ੍ਰਦੂਸ਼ਣਾ ਵਾਲੀ ਲੱਥ ਜੋ ਗਈ ਹੈ ਅੱਜਕਲ੍ਹ, ਇਨਸਾਨ ਵੀ ਹੁਣ ਬੈਠ ਗਿਆ ਘਰਾਂ 'ਚ, ਜੋ ਮੁੰਨਕਿਨ ਨਹੀਂ ਸੀ ਹੋ ਸਕਦਾ ਕਦੀ, ਜੋ ਵੀ ਚੱਲ ਰਿਹਾ ਹੈ ਅੱਜਕਲ੍ਹ ਮਾਨਵ ਸੋਚ ਤੋਂ ਹੈ ਪਰੇ, ਆਖਿਰ ਕੁਦਰਤ ਨੇ ਵਿਖਾ ਹੀ ਦਿੱਤਾ ਆਪਣਾ ਤਿਲ ਮਾਤਰ ਰੂਪ, ਮਾਨਵ ਨੂੰ ਆਪਣੇ ਦਾਤਾ ਹੋਣ ਦਾ ਹੰਕਾਰ ਸੀ ਬੜਾ, ਪਰ ਹੁਣ ਸੋਚਣ ਲਈ ਮਜਬੂਰ ਹੋ ਹੀ ਗਿਆ, ਕਿ ਕਿਵੇਂ ਲੜਿਆ ਜਾਵੇਗਾ ਇਸ ਮੁਸਿਬਤ ਤੋਂ ਕਿਉਂਕਿ ਧੰਮ ਗਈ ਹੈ, ਜ਼ਿੰਦਗੀ ਰੁੱਕ ਗਈ ਹੈ, ਜ਼ਿੰਦਗੀ।।

ਹਰੇ ਭਰੇ ਰੰਗਾਂ ਚ', ਕਾਲਾ ਰੰਗ ਕਿਉਂ ਡੋਲ੍ਹ ਗਿਆ

ਹਰੇ ਭਰੇ ਰੰਗਾਂ ਚ', ਕਾਲਾ ਰੰਗ ਕਿਉਂ ਡੋਲ੍ਹ ਗਿਆ, ਹੱਸਦੀ ਜ਼ਿੰਦਗੀ ਨੂੰ ਕਿਹੜੀ ਤਕੜੀ ਚ' ਤੋਲ ਗਿਆ। ਕੀਤੇ ਸੀ ਤੂੰ ਜੋ ਵਾਅਦੇ , ਉਮਰਾਂ ਸੰਗ ਨਿਭਾਉਣ ਵਾਲੇ, ਜਿੰਨੀ ਬੀਤੀ ਚੰਗੀ ਬੀਤੀ,ਜਾਂਦੇ ਜਾਂਦੇ ਤੂੰ ਬੋਲ ਗਿਆ। ਗੀਤਾਂ ਗ਼ਜ਼ਲਾਂ ਚ' ਲਿਖ ਲਿਖ ਯਾਦ ਕਰਦਾ ਨੀਤ ਮੈਂ, ਇਕ ਪਲ ਭੁੱਲ ਜੇ ਜਾਵੇ ਤਾਂ ਦਿਲ ਮੇਰਾ ਹੋਲ ਗਿਆ। ਸੌ ਘੜ੍ਹ ਘੜ੍ਹ ਬਹਾਨੇ ਲੱਭਾਂ, ਤੇਰੇ ਨਾਲ ਗੱਲ ਕਰਨ ਦੇ, ਚੱਲੇ ਕੈਸੇ ਚੱਕਰ, ਤੇਰੇ ਮੇਰੇ ਰਾਜ਼ ਸਾਰੇ ਖੋਲ ਗਿਆ। ਮਨਜ਼ੂਰ ਹੋਵੇ 'ਸਵੀ' ਦੁਆ, ਇਕ ਵਾਰ ਫਿਰ ਮਿਲਾਂਗੇ, ਪਰ ਅੱਜ ਜ਼ਿੰਦਗੀ ਚ'ਮੇਰੇ ਜ਼ਹਿਰ ਕਿਉਂ ਘੋਲ ਗਿਆ।

ਵਿਛੋੜਾ

ਕੀ ਵੰਡ ਦਾ ਸੰਤਾਪ ਪਹਿਲਾ ਘੱਟ ਸੀ? ਜੋ ਹੁਣ ਫਿਰ ਝੁਲਿਆਂ ਪਹਿਲਾ ਦੇਸ਼ ਵੰਡਿਆ ਫਿਰ ਘਰ, ਜ਼ਮੀਨ ਜ਼ਾਇਦਾਦ ਵੰਡੇ ਤੇ ਰਿਸ਼ਤਿਆਂ ਨੂੰ ਵੀ ਵੰਡਿਆ ਹੁਣ ਇਨਸਾਨੀਅਤ ਦੇ ਟੁਕੜੇ ਵੀ ਹੋਏ ਦੇਖਣ ਨੂੰ ਕਿਹੜਾ ਅਣਦੇਖੇ ਰਹਿ ਗਏ ਨੇ ਐ ਮੇਰੇ ਰੱਬਾ, ਮੇਰੇ ਮੋਲਾ, ਮੇਰੇ ਖੁਦਾ, ਤੱਕ ਲੈ ਜਰਾ ਮੇਰੀ ਮਲੂਕ ਜਹੀ ਜਿੰਦ ਨੂੰ ਦੇਖ ਕਿੰਨੇ ਦੁੱਖਾਂ ਨੇ ਘੇਰਿਆ ਹੋਇਆ ਹੈ। ਤੇ ਕਦੀ ਬੈਠ ਕੇ ਸੋਚ ਕੀ ਮੇਰੀ ਜਿੰਦਗੀ ਐਵੇ ਹੀ ਦੁੱਖਾਂ ਦੇ ਭਾਰ ਨਾਲ ਦੱਬੀ ਰਹੇ ਗੀ? ਕਦੇ ਦੱਸ ਤਾਂ ਸਹੀ ਕਦ ਹੋਵੇਗੀ ਮੇਰੀ ਮੁਕਤੀ ਕਦੋਂ ਹੋਵੇਗੀ ਮੇਰੀ ਮੁਕਤੀ

ਕੀ ਲੋੜ ਪਈ ਏ

ਕੀ ਲੋੜ ਪਈ ਏ ਬੋਲਣ ਦੀ, ਤੂੰ ਬੋਲ ਜਿੰਨਾ ਮਰਜੀ ਮਗਰ ਚੁੱਪ ਰਹਿ ਕੇ, ਫਿਰ ਕੋਈ ਨਹੀ ਰੋਕੇਗਾ। ਪਰ ਕੀ ਲੋੜ ਪਈ ਏ ਬੋਲਣ ਦੀ, ਘੱਟੋ ਘੱਟ ਤੂੰ ਵੀ ਸਭ ਲਈ ਥੋੜ੍ਹਾ ਸਮਝ 'ਚ ਆਉਣਾ ਔਖਾ ਹੋ ਜਾ, ਕੋਈ ਸਵਾਲ ਬਣ ਕੇ ਬੈਠ ਜਾ, ਫਿਰ ਕੋਈ ਤੇਰੇ ਬਾਰੇ ਜਾਣਨ ਦੀ ਕੋਸ਼ਿਸ਼ ਤਾ ਕਰੇਗਾ।

ਗੱਲਾਂ ਦੀ ਗਹਿਰਾਈ ਨੂੰ

ਗੱਲਾਂ ਦੀ ਗਹਿਰਾਈ ਨੂੰ ਮਾਪਣਾ ਉੱਤਰਾਂ ਦੀ ਪ੍ਰੀਭਾਸ਼ਾ ਨੂੰ ਬਦਲਣਾ ਸਾਰੀ ਉਮਰ ਪ੍ਰਮਾਣ ਦੇਣੇ ਆਪਣੀ ਸੱਚਾਈ ਬਾਰੇ ਜਾਣੂ ਕਰਵਾਉਣਾ ਮੈਂ ਤਾ ਕਹਾਂਗੀ ਇਹ ਇਮਤਿਹਾਨ ਕਿਉਂ ਸਾਹਿਬ! ਸਮਾਂ ਨਹੀ ਅੱਜ ਗਿੱਲੇ ਸ਼ਿਕਵਿਆਂ ਦਾ ਸਗੋਂ ਸਮਾਂ ਹੈ ਅੱਜ ਜਿੰਦਗੀ ਜਿਊਣ ਦਾ।

"ਰੱਬ ਦਾ ਉਲਾਭਾ"

ਸੁਣ ਕਦੀ ਕੰਨ ਲਗਾ ਕੇ ਅਜੇ ਤੇਰੇ ਲਈ ਰੱਬ ਦਾ ਉਲਾਂਭਾ ਬਾਕੀ ਹੈ ਬੰਦਿਆਂ ਸਿਰ ਉੱਤੇ ਧਰ ਜਿੰਮੇਵਾਰੀਆਂ ਦੀਆਂ ਪੰਡਾਂ ਚੱਲੀ ਜਾਵੇ ਬੇ-ਸੁਰਤ ਬੇ-ਧਿਆਨ ਕਦੀ ਸੋਚਿਆਂ ਤੂੰ ਕਿਸ ਲਈ ਕਿਉਂ ਤੇ ਕਿਵੇਂ? ਧਰਤੀ ਦੇ ਉੱਤੇ ਬੋਝ ਨਾ ਬਣ ਸੁਣ ਆਪਣੀਆਂ ਜਿੰਮੇਵਾਰੀਆਂ ਦੀਆਂ ਪੰਡਾਂ ਨੂੰ ਇੱਕ ਇੱਕ ਕਰਕੇ ਹਲਕਾ ਕਰ ਤਾ ਜੋ ਅੰਦਰਲੀ ਸੌਚ ਨੂੰ ਕੋਈ ਅਕਾਰ ਮਿਲ ਸਕੇ।.....

ਵਸਲ 'ਚ ਮਿਲਦਾ ਹੈ ਅਰਾਮ ਯਾਰੋ

ਵਸਲ 'ਚ ਮਿਲਦਾ ਹੈ ਅਰਾਮ ਯਾਰੋ, ਹਿਜ਼ਰਾਂ 'ਚ ਜਿਉਣਾ ਹਰਾਮ ਯਾਰੋ । ਦਰ - ਦਰ ਤੇ ਬੰਦਾ, ਜਾ ਕੇ ਵੇਖ ਲਵੇ, ਘਰ ਆਪਣੇ, ਮਿਲਦਾ ਹੈ ਅਰਾਮ ਯਾਰੋ। ਮਿਹਨਤ ਕਰੋਂ ਚਾਹੇ ਘੱਟ ਹੀ ਕਮਾਉਂ, ਚੀਜ਼ ਪਰਾਈ ਤਾਂ ਹੈ ਹਰਾਮ ਯਾਰੋ। ਕੁੜਤੀ ਸ਼ਲਵਾਰ ਪਹਿਨਣ 'ਚ ਕੀ ਕਮੀ, ਪਹਿਨਦੇ ਹੋ ਪੱਛਮੀ ਕਪੜੇ,ਸ਼ਰੇਆਮ ਯਾਰੋ। ਦੇਸ਼ 'ਚ ਕੀ ਘਾਟਾ ਸੀ ਕੰਮਾਂ ਦਾ, ਜੋ ਭਾਲਦੇ ਦੁਬਈ 'ਚ ਦਰਾਮ ਯਾਰੋ। ਲਿਖੋ ਭਾਵੇਂ ਤੁਸੀਂ ਰੋਜ਼ ਕੁਝ ਨਾ ਕੁਝ, ਕਿ 'ਸਵੀ' ਲਈ ਵੀ ਹੈ ਪੈਗ਼ਾਮ ਯਾਰੋ।

ਸਫ਼ਰ

ਮੈਂ ਮੁਸਾਫ਼ਿਰ ਹਾਂ ਚਲਦਾ ਹੀ ਜਾਂ ਰਿਹਾ ਹਾਂ ਪਰ ਮੰਜ਼ਿਲ ਕਿਸ ਰਸਤੇ ਤੇ ਆਵੇ ਕਿੰਨੇ ਸਮੇਂ ਵਿੱਚ ਆਵੇਗੀ ਕੁਝ ਨਹੀਂ ਪਤਾ, ਪਰ ਸਫ਼ਰ ਜ਼ਰੂਰੀ ਹੈ ਮੰਜ਼ਿਲ ਤੇ ਪਹੁੰਚਣ ਲਈ ਮੰਜ਼ਿਲ ਖੂਬਸੂਰਤ ਜੋ ਠਹਿਰੀਂ! ਰਾਹ 'ਚ ਰੰਗ ਬੜੇ ਨੇ ਤਮਾਸ਼ੇ ਬੜੇ ਨੇ, ਮਜਬੂਰੀਆਂ ਬੜੀ ਨੇ ਦਿਨ ਰਾਤ ਦੀ ਹੇਰਾਂ ਫੇਰੀ ਪਤਾ ਨਹੀਂ ਕੀ ਰੰਗ ਵਿਖਾਵੇ ਮਨਾਂ 'ਚ ਉਬਾਲ ਬੜੇ ਨੇ ਮੰਜ਼ਿਲ ਵੀ ਤਾਂ ਸਭ ਦੇ ਮਨਾਂ ਤੇ ਹੀ ਨਿਰਭਰ ਹੈ ਕਰਦੀ ਮਨ ਸਮੇਂ ਨੂੰ ਬੰਨਣ ਵਿਚ ਹੀ ਉਲਝਿਆ ਹੋਇਆ ਖ਼ਬਰੇ ਏਦਾਂ ਕਿਉਂ ਕਰਦਾਂ ਜਾਣਦਾ ਤਾਂ ਹੈ ਸਮਾਂ ਹੋਲੀ ਹੋਲੀ ਹੱਥਾਂ ਵਿਚੋਂ ਰੇਤ ਵਾਂਗੂੰ ਕਿਰ ਹੀ ਜਾਣਾਂ ਏ । ਸਗੋਂ ਸਮੇਂ ਵਿਚ ਰਹਿ ਕੇ ਸਮੇਂ ਦੇ ਨਾਲ ਨਾਲ ਹੋ ਤੁਰ ਫਿਰ ਰਾਹ ਵੀ ਸੁਹਾਵਨਾ ਤੇ ਮੰਜ਼ਿਲ ਵੀ...ਸੁਹਾਵਣੀ ਜੇ ਤੂੰ ਮੈਂ ਸਾਥ ਹੋਵੇਗੇ

ਟੁੱਟ ਜਾਣਾ ਲਾਜ਼ਮੀ ਹੈ

ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਏ, ਅੰਦਰ ਕਈ ਕਹਾਣੀਆ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ, ਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ ਜਦ ਅਸੀਂ ਉਸ ਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਦੇ ਹਾਂ, ਤਾਂ ਇਹ ਸਮਾਜ ਦੀਆਂ ਲੰਮੀਆਂ, ਉੱਚੀਆਂ ਦੀਵਾਰਾਂ ਨੂੰ ਟੱਪਣਾ, ਨਾਮੁਮਕਿਨ ਹੋ ਜਾਵੇ, ਤਾਂ ਫੇਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕੀਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ ਕੋਈ ਨਿੱਕੇ ਨਿੱਕੇ ਚਾਅ ਬੰਦ ਮੁੱਠੀ ਚ' ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿਚ ਦੁਨਿਆਂ ਭਰ ਦੀ ਦੌਲਤ ਹੋਵੇ, ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਵਾਉੰਦੀ ਹੋਵੇ, ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹੇ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਜੇ ਮਨ ਦੇ ਚਾਅ ਅੰਦਰ ਹੀ ਕਿਤੇ ਅਲੋਪ ਹੋ ਜਾਵਣ ਤੇ ਦੁਨੀਆਂ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਇਖ਼ਤਿਆਰ ਜਰੂਰ ਕਰਨਾ ਪੈਂਦਾ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ।

ਵਕ਼ਤ ਦੀ ਮਾਰ

ਹੋਣੀ ਕਿੰਨਾ ਕੁੱਝ ਕਰਵਾ ਦਿੰਦੀ ਏ ਜਦ ਚੰਗਾ ਭਲਾ ਚਲਦਾ ਸਮਾਂ ਇਕ ਬੇਜਾਨ ਵਕਤ 'ਚ ਤਬਦੀਲ ਹੋ ਜਾਵੇ ਤਦ ਕਿਸ ਨੂੰ ਦੋਸ਼ ਲਾਇਏ ਦੋਸ਼ ਤਾਂ ਸਭ ਕਰਮਾਂ ਦਾ ਏ ਜੋ ਚਾਹਿਆ ਉਹ ਕਦੀ ਝੋਲੀ ਵਿਚ ਨਾ ਪਾਇਆ ਜੋ ਨਾ ਚਾਹਿਆ ਉਮਰ ਭਰ ਨਾਲ ਹੀ ਢੋਇਆ ਅੱਜ ਵਕਤ ਵੀ ਵਿਰਲਾਂ ਵਿਚੋਂ ਝਾਕ ਰਿਹਾ ਏ ਤੇ ਝੂਠੀ ਜਿਹੀ ਮੁਸਕਾਨ ਹੱਸੇ ਕੀ ਬਿਆਨ ਕਰਾ ਆਪਣੀ ਅਵਸਥਾ ਇਸ ਹਾਲਤ ਦੇ ਜ਼ਿੰਮੇਵਾਰ ਤਾਂ ਹੈ ਇਹ ਸਰਕਾਰ ਜੋ ਕਿਤੇ ਅੱਖਾਂ ਮੀਚੀ ਹੈ ਬੈਠੀ ਆਮ ਇਨਸਾਨ ਇਸ ਮਾਰ ਨੂੰ ਸਹਿੰਦਾ ਹੋਇਆ ਉਥੋਂ ਚਲਾ ਜਾਂਦਾ ਹੈ ਸਾਹ ਘੁੱਟੀ ਕੰਮ ਕੋਈ ਵੀ ਨਹੀਂ ਚੱਲਦਾ ਇਹ ਰੋਜ਼ ਕਮਾਉਣ ਵਾਲੇ ਜਾਣ ਤਾਂ ਜਾਣ ਕਿੱਥੇ ਕੋਈ ਦੁਕਾਨਾਂ ਵਾਲਿਆਂ ਦੀ ਸੁਣਦਾ ਵੀ ਤਾਂ ਨਹੀਂ ਕਿਥੋਂ ਕੱਢੇ ਕਿਥੋਂ ਖਾਵੇ.... ਆਖਿਰ ਪਰਿਵਾਰਾਂ ਨੂੰ ਕਿਵੇਂ ਪਾਲੇ ਜੇਕਰ ਪਰੀਵਾਰ ਨੂੰ ਕੱਢ ਕੇ ਲੈ ਜਾਣਾ ਚਾਹੇ ਤਾਂ ਬਜ਼ੁਰਗ ਪਿੰਡ ਛੱਡ ਕੇ ਨਹੀਂ ਜਾਂਦੇ ਦੁਕਾਨ ਬੰਦ ਕਰਨਾ ਵੀ ਚਾਵੇ ਕਿਉਂਕਿ ਖਰਚੇ ਨਹੀਂ ਨਿਕਲ ਰਹੇ ਪਰ ਉਹ ਦੁਕਾਨਾਂ ਵੀ ਬੰਦ ਨਾ ਕਰਨ ਦਿੰਦੇ 1956 ਤੋਂ ਦੁਕਾਨ ਜੋ ਪਾਈ ਹੋਈ ਏ ਉਹ ਕਿੱਦਾਂ ਵੇਖਣਗੇ ਆਪਣੀ ਸਲਤਨਤ ਨੂੰ ਢਹਿ-ਢੇਰੀ ਹੁੰਦਿਆਂ ਅੱਖਾਂ ਮੂਹਰੇ ਉਸ ਜਗ੍ਹਾ ਦਾ ਗਾਹਕ ਵੀ ਹੈਗਾ ਪਿੰਡ ਵਿਚ ਦੁਕਾਨ ਵੇਚ ਵੀ ਹਾਂ ਸਕਦੇ ਪਰ ਇਹ ਜਜ਼ਬਾਤ ਘੇਰਾ ਪਾ ਲੈਂਦੇ ਨੇ ਦੁਕਾਨ ਹੈ ਵੀ ਕਾਫ਼ੀ ਪੁਰਾਣੀ ਜਿਸ ਨੂੰ ਨਵੇਂ ਸਿਰੇ ਤੋਂ ਉਸਾਰਿਆ ਜਾਵੇ ਤਾਂ ਠੀਕ ਦੁਕਾਨ ਉਪਰ ਜੇਕਰ ਚਾਰ-ਪੰਜ ਲੱਖ ਲਗਾ ਵੀ ਦਿੱਤਾ ਤਾਂ ਕੀ ਕਰਨੀ ਹੈ ਐਸੀ ਦੁਕਾਨ? ਕੰਮ ਤਾਂ ਪਹਿਲਾਂ ਹੀ ਨਹੀਂ ਚਲਦੇ ਪੈਸਾ ਕਿਥੋਂ ਲਿਆਉਂਣ ਇਹ ਸਾਰੀਆਂ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਤੇ ਅੱਜ ਬਹੁਤ ਹੀ ਉਦਾਸ ਹਾਂ ਇੱਦਾਂ ਇੱਦਾਂ ਕਰ ਕੇ ਸਾਰਾ ਕੁਝ ਹਿੱਲਿਆ ਪਿਆ ਆਪਣੀ-ਆਪਣੀ ਜਗ੍ਹਾ ਤੋਂ ਨਾਲ ਹੀ ਮੇਰੀ ਸ਼ਾਇਰੀ ਦੀ ਦੁਨੀਆਂ ਕਿਤਾਬਾਂ, ਅੱਖਰਾਂ ਦਾ ਸੰਸਾਰ ਜੋ ਮੇਰੇ ਨਾਲ ਨਾਲ ਹੈਂ ਚੱਲਦਾ ਦਿਲ ਨੂੰ ਸਕੂਨ ਦਿੰਦਵਿੱਚ ਉਦਾਸੀ, ਮਜਬੂਰੀ ਹੈ ਤਾਂ ਇਸ ਸਕੂਨ ਨੂੰ ਕੀ ਕਰਾਂ ਇਕੱਲੇ ਸਕੂਨ ਨਾਲ ਢਿੱਡ ਤਾਂ ਨਹੀਂ ਭਰਦਾ।

ਆਤਮਹੱਤਿਆ

ਕੀ ਆਤਮਹੱਤਿਆ ਕਰਨਾ ਸਹੀ ਹੈ? ਨਹੀ!! ਮੇਰੇ ਖਿਆਲਾਂ ਦੀ ਚੁੱਪ ਨੇ ਇਹ ਦੱਸ ਹੀ ਦਿੱਤਾ ਕੀ ਜਦੋ ਖਿਆਲਾਂ ਦੀ ਉਡਾਰੀ ਨੂੰ ਤੂੰ ਲਗਾਣਾ ਬੰਦ ਕਰ ਦੇਵੇਗੀ ਤੇ ਅੱਖਰਾਂ ਦੀ ਗਹਿਰਾਈ ਨੂੰ ਮਾਪਣਾ ਛੱਡ ਦੇਵੇਗੀ ਉਦੋਂ ਤੇਰੀ ਹਮੇਸ਼ਾ ਲਈ ਮੌਤ ਹੋ ਜਾਵੇਗੀ ਅਸਲ ਵਿਚ ਮੈਂ ਇਸ ਮੌਤ ਨੂੰ ਆਤਮਹੱਤਿਆ ਕਹਾਗੀ ਨਾ ਕਿ ਸਾਹਾ ਦਾ ਆਪ ਰੋਕ ਦੇਣ ਨੂੰ ਆਤਮਹੱਤਿਆ ।

ਦੂਰ ਹਵਾ ਦੇ ਹੁਲਾਰਿਆਂ

ਦੂਰ ਹਵਾ ਦੇ ਹੁਲਾਰਿਆਂ ਸੰਗ ਲਿਪਟੀ ਖੁਸ਼ਬੂ, ਪਿਆਜੀ ਆਵਾਜ਼ ਦੇ ਝਲਕਾਰੇ ਪਾਉਂਦੀ। ਕੋਲੋ ਦੀ ਇੰਝ, ਲੰਗੇ ਜਿਵੇਂ ਸਦੀਆਂ ਪੁਰਾਣੀ ਕੋਈ ਯਾਦ ਸਾਹਮਣੇ ਆ ਖਲੋ ਗਈ ਹੋਵੇ। ਸਮੇਂ ਦੀਆਂ ਪਰਤਾਂ ਫਰੋਲਦੀ ਮੈਂ ਸੋਚਾ ਸਮਾਂ ਕਿੰਨਾ ਬਲਵਾਨ ਹੁੰਦਾ ਏ, ਜੋ ਕਦੀ ਨਾ ਕਦੀ ਕੋਈ ਭੁੱਲੀ ਵਿਸਰੀ ਯਾਦ, ਯਾਦ ਕਰਵਾ ਦਿੰਦੀ ਹੈ। ਪਲ ਤਾਂ ਇਕ ਇਕ ਕਰ ਕੇ ਬੀਤ ਹੀ ਜਾਣਾ ਹੁੰਦਾ। ਕੱਲੀ ਚੁੱਪ-ਚਾਪ ਖੜ੍ਹੀ ਆਪਣੇ ਆਪ ਨਾਲ ਖੱਟੇ ਮਿੱਠੇ ਅਹਿਸਾਸਾਂ ਨੂੰ ਮਾਣਦੀ ਅੱਗੇ ਲੰਘ ਹੀ ਜਾਵਾਂਗੀ, ਪਰ ਸਮਾਂ ਆਪਣੇ ਅੰਦਰ ਬਹੁਤ ਕੁਝ ਜਮ੍ਹਾਂ ਕਰਕੇ ਰੱਖਦਾ, ਸਮਾਂ ਆਉਣ ਤੇ ਕਾਫੀ ਕੁਝ ਜੋੜ ਘਟਾਓ ਵੀ ਕਰਦਾ ਫੇਰ ਅਹਿਸਾਸ ਹੋਵੇ, ਸਮਾਂ ਤਾਂ ਐਂਵੇਂ ਹੀ ਲੰਘ ਗਿਆ ਕਿਸੇ ਦੇ ਲਾਰਿਆਂ ਸੰਗ ਕਿਸੇ ਦੇ ਹੁੰਗਾਰਿਆਂ ਸੰਗ....

ਤੇਰੇ ਦਿਲ ਵਿਚ ਖਬਰੇ ਕੀ

ਤੇਰੇ ਦਿਲ ਵਿਚ ਖਬਰੇ ਕੀ ਤੇਰੀਆਂ ਤੂੰ ਜਾਣੇ, ਸੁਣ ਲੈ ਬਸ ਰੱਬਾ ਪੁਕਾਰ ਤੇਰੀਆਂ ਤੂੰ ਜਾਣੇ। ਉਸ ਤੋਂ ਦੂਰੀ, ਬਿਖਰ ਜਾਵੇਗੀ ਦੁਨੀਆਂ ਮੇਰੀ ਹੁਣ ਲੈਂਦਾ ਨਾ ਕੋਈ ਸਾਰ ,ਤੇਰੀਆਂ ਤੂੰ ਜਾਣੇ। ਨਾ ਗਿਲਾ ਕੋਈ ਤੇ ਨਾ ਹੀ ਬੇ-ਵਫ਼ਾ ਹੈ ਕੋਈ, ਫਿਰ ਕਿਉਂ ਪਈ ਐ ਮਾਰ, ਤੇਰੀਆਂ ਤੂੰ ਜਾਣੇ। ਰੀਂਝ ਦਿਲਾਂ ਦੀ ਦਿਲ ਵਿਚ ਰਹਿ ਜਾਵੇ ਨਾ, ਹਰ ਪਾਸੇ ਹੋ ਗਈ ਹਾਰ, ਤੇਰੀਆਂ ਤੂੰ ਜਾਣੇ। ਜਿਸ ਤਨ ਲਾਗੇ, ਦੁੱਖ ਉਹੀ ਹੀ ਜਾਣਦਾ, ਮੇਰੇ ਹੰਝੂ ਬਣ ਗਏ ਖਾਰ ਤੇਰੀਆਂ ਤੂੰ ਜਾਣੇ। ਰੱਬਾ ਤਰਸ ਗਿਆ ਮੈਂ ਓਹਦੇ ਪਿਆਰ ਬਿਨਾਂ, ਹੁਣ ਕਰ ਕੋਈ ਐਸਾ ਕਾਰ, ਤੇਰੀਆਂ ਤੂੰ ਜਾਣੇ। ਸਾਹਮਣੇ ਬਿਠਾ ਕੇ ਦੇਖਾਂ, ਉਦਾ ਸੋਹਣਾ ਮੁੱਖ ਮੈਂ, ਅੱਖੀਆਂ ਹੋ ਜਾਣ ਸਰਸ਼ਾਰ, ਤੇਰੀਆਂ ਤੂੰ ਜਾਣੇ।

ਦੇਸ਼ ਮਿਰੇ ਦੀ ਮਿੱਟੀ ਦਾ

ਦੇਸ਼ ਮਿਰੇ ਦੀ ਮਿੱਟੀ ਦਾ ਇਹ ਹਾਲ ਬਣਾਵੋ ਨਾ, ਅੱਜ ਹਰ ਪਾਸੇ ਮਿੱਟੀ ਦਾ ਰੰਗ ਲਾਲ ਬਣਾਵੋ ਨਾ। ਭਾਈਚਾਰੇ ਨੂੰ ਭੁੱਲੀ ਬੈਠਾ ਅੱਜ ਹਰ ਬੰਦਾ, ਬੇ-ਦੋਸ਼ੇ ਪੰਜਾਬੀਆਂ ਨੂੰ ਢਾਲ ਬਣਾਵੋ ਨਾ। ਜਿੰਮੇਵਾਰ ਕੋਈ ਹੋਵੇਗਾ ਦੇਸ਼ ਮਿਰੇ ਵਿਚੋ, ਰਹਿਮ ਕਰੋ ਬੇਈਮਾਨੀ ਦਾ ਚਾਲ ਬਣਾਵੋ ਨਾ। ਗਲੀਆਂ ਚ ਉਡਦਾ ਫਿਰੇ ਰੰਗ ਲਾਲ ਦਿਸੇ ਸਭ ਨੂੰ, ਸਰਦਾਰਾ ਲਈ ਏਹੋ ਜੇਹਾ ਕਾਲ ਬਣਾਵੋ ਨਾ। ਨੋ ਜਵਾਨੀ ਖਤਰੇ ਵਿੱਚ ਨਸ਼ਾ ਪੈਰ ਪਸਾਰ ਰਿਹਾ, ਰਹਿਮ ਕਰੋ ਬਸ ਅਣਸੁਲਝਿਆਂ ਜਾਲ ਬਣਾਵੋ ਨਾ। ਛੱਡ ਕੇ ਖਾਲੀ ਘਰ ,ਪ੍ਦੇਸ਼ ਜਾਣ ਵਾਲਿਓ, ਕਹੇ "ਸਵੀ" ਪੰਜਾਬ ਮੇਰਾ ਕੰਗਾਲ ਬਣਾਓ ਨਾ,

ਸੁਣ ਜਿੰਦੇ ਮੇਰੀਏ

ਸੁਣ ਜਿੰਦੇ ਮੇਰੀਏ ਸੱਜਣ ਮਿਲਣੇ ਸੌਖੇ ਨਹੀਂ। ਲੱਭਿਆਂ ਰੂਹਾਂ ਦਾ ਪਿਆਰ ਕਿਤੇ ਗਵਾ ਨਾ ਲਈ। ਤੇਰੇ ਬਿਨਾ ਰੁਲ ਜੂ ਗੀ ਜ਼ਿੰਦਗੀ, ਵੇਖੀਂ ਵੇਲੇ-ਕੁਵੇਲੇ ਹੱਥ ਛੁਡਾ ਨਾ ਲਈ। ਤੂੰ ਮਿਲਿਆ ਸਾਨੂੰ ਰੱਬ ਮਿਲਿਆ‌ ਗੱਲ ਇਕੋ, ਵੇਖੀਂ ਕਿਤੇ ਸਾਨੂੰ ਦਿਲੋਂ ਭੁਲਾ ਨਾ ਲਈ। ਰਹੀ ਸਿਦਕ ਤੇ ਪੱਕਾ ਜੇ ਇਸ਼ਕ ਕਮਾਇਆ ਤੱਕ ਕੇ ਸੂਲੀ ਕਿਧਰੇ ਸਿਰ ਚੁੱਕਾ ਨਾ ਲਈ। "ਰਣਜੀਤ" ਜੇਹੇ ਯਾਰ ਫਿਰ ਲੱਭਣੇ ਨਹੀਂ, ਵੇਖੀਂ ਹੀਰਾ ਮਿੱਟੀ ਚ ਰੁਲਾ ਨਾ ਲਈ।

ਕੋਲ ਕਦੀ ਜੇ ਬੈਠੇ

ਕੋਲ ਕਦੀ ਜੇ ਬੈਠੇ ਤੈਨੂੰ ਹਾਲ ਸੁਣਾਵਾਂ। ਦਿਲ ਕਮਲੈ, ਇਹ ਕਰਦੈ ਤੇਰੀ ਭਾਲ ਸੁਣਾਵਾਂ। ਹੱਸਦਾ ਹੋਇਆ ਕੋਲੋਂ ਦੀ ਜਦ ਲੰਘੇ ਮੇਰੇ, ਲੈ ਜਾਂਦਾ ਉਹ ਕੀ-ਕੀ ਮੇਰਾ ਨਾਲ ਸੁਣਾਵਾ। ਜਦ ਵੀ ਮੈਨੂੰ ਆਉਂਦੀ ਜਾਂਦੀ ਤੱਕ ਲਵੇ ਤੂੰ, ਫਿਰ ਬਦਲਦੇ ਮੇਰੀ ਸੋਹਣੀ ਚਾਲ ਸੁਣਾਵਾ। ਦਿਲ ਦੀ ਮੈਨਾ, ਖੂਬ ਉਡਾਰੀ ਲਾਵੇ , ਉੱਚੀ, ਕਿੱਦਾਂ ਬਣਦੈ ਇਸ਼ਕੇ ਦਾ ਉਹ ਜਾਲ ਸੁਣਾਵਾਂ। ਤੇਰੀ ਖਾਤਿਰ ਗੀਤ ਲਿਖੇ ਮੈਂ ਚਾਈਂ ਚਾਈਂ, ਹੇਕ ਲਗਾ ਕੇ ਆਵੀਂ ਤੂੰ ਸੁਰ ਤਾਲ ਸੁਣਾਵਾਂ। ਨੂਰ ਜਿਹਾ ਚੜ੍ਹ ਜਾਂਦੈ ਬੱਸ ਤੇਰਾ ਨਾਂ ਲੈਂਦੇ, ਸਦਾ 'ਸਵੀ' ਰਹਿੰਦੀ ਕਿਦਾ ਖੁਸ਼ ਹਾਲ ਸੁਣਾਵਾਂ।

ਸਮਰਪਣ

ਕਿੰਨੇ ਹੀ ਦਿਨਾਂ ਬਾਅਦ ਫਿਰ ਤੋਂ ਓਹੀ ਮਿੱਠਾ ਸੰਗੀਤ ਮੇਰੇ ਕੰਨੀ ਸੁਣਾਈ ਪਾਇਆ। ਇੰਝ ਲੱਗਿਆ, ਜਿਵੇਂ ਅਧੂਰੀ ਤੋਂ ਪੂਰੀ ਹੋ ਜਾਵਾਂ ਗੀ। ਕਿੰਨੇ ਹੀ ਦਿਨਾਂ ਤੋਂ ਆਪਣੇ ਟੁੱਟੇ-ਭੱਜੇ ਟੁਕੜੇ ਜੋੜ ਕੇ ਚੱਲ ਰਹੀ ਸੀ, ਤੇ ਮੇਰਾ ਦਿਲ ਕਰ ਰਿਹਾ ਸੀ, ਕੀ ਆਪਣੇ ਨਿੱਕੇ ਨਿੱਕੇ ਚਾਅ ਆਪਣੀਆਂ ਰੀਝਾਂ ਤੇਰੇ ਨਾਲ ਵੇਖੇ ਸੁਪਨੇ ਆਪਣੀਆਂ ਸਾਰੀਆਂ ਉਮੀਦਾਂ ਤਿੱਤਲੀਆਂ ਵਾਂਗ ਉੱਡਦੀਆਂ ਆਪਣੀਆ ਮਹਿਕਾਂ ਨੂੰ ਤੇਰੇ ਹੱਥਾਂ ਦੀ ਤਲੀਆਂ ਚ ਰੱਖ ਦੇਵਾਂ। ਫਿਰ ਤੇਰੇ ਨਾਲ ਕਿਸੇ ਪਵਿੱਤਰ ਜਗ੍ਹਾ ਤੇ ਜਾਣਾ ਆਸ਼ੀਰਵਾਦ ਲੈਣ ਲਈ। ਮੇਰਾ ਤੇਰੇ ਪਿੱਛੇ-ਪਿੱਛੇ ਚੱਲਣਾ ਤੇਰੀ ਪੈੜ੍ਹ 'ਚ ਪੈਰ ਧਰਨਾ ਮੇਰੀ ਆਦਤ ਨਹੀਂ ਸਗੋਂ ਮੇਰਾ ਸਮਰਪਣ ਹੈ।

ਅੱਖਰ

ਤੇਰੀ ਚੁੱਪੀ ਦਾ ਅਹਿਸਾਸ ਹੈ ਮੈਨੂੰ, ਤੂੰ ਪ੍ਰੇਮ 'ਚ ਨਿਸਾਰ ਹੋ ਚੁੱਕੀ ਏ। ਇਸ ਖੁਦਗਰਜ਼ ਸੰਸਾਰ ਤੋ ਮੁਕਤ ਹੋ ਚੁੱਕੀ ਏ। ਤੁਰ ਪਈ ਐ ਮੇਰੇ ਨਾਲ ਅਨੰਤ ਦੀ ਯਾਤਰਾ ਵੱਲ, ਸਮਰਪਣ ਨੂੰ ਸਾਫ਼-ਸਪੱਸ਼ਟ ਦੇਖ ਸਕਦੀ ਏ। ਤੂੰ ਉਸ ਦੇ ਧੁਰ ਨਾਲ ਜੁੜ ਚੁੱਕੀ ਏ। ਆਪਣੇ ਆਪ ਨੂੰ ਅੱਖਰ ਹੋਣ ਤੋਂ ਬਚਾਉਣ ਲਈ ਖੁਦ ਅੱਖਰ ਹੋ ਚੁੱਕੀ ਏ। ਇਕ ਸ਼ੇਅਰ ਦੇ ਵਿਚ ਸਭ ਕੁਝ ਕਹਿ ਚੁੱਕੀ ਏ। ਤੂੰ ਜ਼ਿੰਦਗੀ ਦੀ ਕਿਤਾਬ ਦੇ ਇਕ ਪੰਨੇ 'ਚ ਨਹੀਂ ਬਲ ਕਿ ਸਾਰੇ ਪੰਨਿਆਂ 'ਚ ਸ਼ਾਮਿਲ ਹੋ ਚੁੱਕੀ ਏ। ਖਾਲੀਪਨ ਨੂੰ ਪੂਰੀ ਤਰ੍ਹਾਂ ਭਰ ਚੁੱਕੀ ਏ। ਉਸ ਪਾਰ ਜੋ ਦੁਨੀਆ ਵਸਦੀ ਹੈ ਉਸਨੂੰ ਜਿਉਂਣ ਦੀ ਇੱਛਾ ਕਰ ਚੁੱਕੀ ਏ। ਬੇਪਨਾਹ ਮੁਹੱਬਤ ਦਾ ਉਹ ਮੁਕਾਮ ਕਿਤੇ ਅੰਦਰ ਘਰ ਕਰ ਚੁੱਕੀ ਏ। ਦੂਰ ਰਹਿ ਕੇ ਵੀ ਨੇੜਤਾ ਦਾ ਅਹਿਸਾਸ ਕਰ ਚੁੱਕੀ ਏ। ਮੈਂ ਬਹੁਤ ਕਿਸਮਤ ਵਾਲਾ ਹਾਂ, ਜਿਸ ਨੂੰ ਤੂੰ ਚਾਇਆ, ਪਰ ਤੂੰ ਮੇਰੇ ਉੱਪਰ ਹਾਵੀ ਨਾ ਹੋ, ਬਸ ਨਿਸਾਰ ਹੋ, ਫਨਾਹ ਹੋ, ਤਿਤਲੀ ਵਾਂਗ ਉੱਡ ਕੇ ਇਕ ਕਤਰਾ ਸ਼ਬਨਮ ਹੋ, ਚੰਨ ਨਾ ਬਣ ਬੱਸ ਰੌਸ਼ਨੀ ਹੋ। ਤਾਂ ਜੋ ਮੈਂ ਤੇਰੀ ਰਜ਼ਾ ਹੋ ਸਕਾ।

ਦੋ ਜੀਵਨ

ਦੋ ਜੀਵਨ ਕਿਉਂ ਮੈਂ ਜੀਵਾਂ ਇੱਕ ਨੰਗੀ ਧੁੱਪ ਵਰਗਾ ਦੂਜਾ ਚਾਨਣੀ ਰਾਤ ਵਰਗਾ ਜੀਵਨ ਇਕੋ ਹੀ ਮਿਲਿਆ ਫਿਰ ਕਿਉਂ ਮੈਂ ਦੋ ਜੀਵਨ ਜੀਵਾਂ ਐ ਲੋਕੋ! ਮੈਨੂੰ ਅੰਦਰੋਂ ਬਾਹਰੋਂ ਇਕ ਹੋ ਜਾਣ ਦਿਉ ਆਸ਼ਾ ਨਿਰਾਸ਼ਾ ਦੇ ਇਸ ਪਲੜੇ 'ਚੋ ਮੈਨੂੰ ਹੱਥ ਛੁਡਾਉਣ ਦਿਉ ਅੱਖਾਂ ਦੇ ਝੱਪਕੇ ਵਾਂਗ ਹੁਣ ਜੀਵਨ ਬਦਲੇ ਬੰਦ ਅੱਖਾਂ ਵਿੱਚ ਨਿਰਾ ਚਾਨਣ ਸਮਾਇਆ ਖੁਲੀ ਅੱਖਾਂ ਵਿਚ ਹਨੇਰਾ਼ ਫਿਰ ਕਿਉਂ ਮੈਂ ਜੀਵਾਂ ਦੋ ਜੀਵਨ ਐ ਲੋਕੋ! ਮੈਨੂੰ ਅੰਦਰੋਂ ਬਾਹਰੋਂ ਇਕ ਹੋ ਜਾਣ ਦਿਓ ਆਸ਼ਾ ਨਿਰਾਸ਼ਾ ਦੇ ਇਸ ਪਲੜੇ'ਚੋ ਮੈਨੂੰ ਹੱਥ ਛੁਡਾਉਂਦੇ ਦਿਉ ਮੈਂ ਰੱਬ ਦਾ ਇਕ ਅੰਸ਼ ਹਾਂ ਤਾਂ ਮੈਨੂੰ ਰੱਬ ਦਾ ਰੂਪ ਹੋ ਜਾਣ ਦਿਉ ਬਸ ਬਿਨਾਂ ਹਿਲੇ-ਜੁੱਲੇ ਬੰਦ ਅੱਖਾਂ ਨਾਲ ਧਿਆਨ ਹੋ ਜਾਣ ਦਿਓ ਐ ਲੋਕੋ! ਮੈਂ ਬੁੱਧ ਹੋ ਜਾਵਾਂ ਬਸ ਮੈਂ ਚੁੱਪ ਹੋ ਜਾਵਾਂ।

ਬੈਠ ਕਿਨਾਰੇ ਸੋਚ ਕਦੇ

ਵਕਤ ਨੇ ਲਿਖ ਦਿੱਤਾ ਆਪਣੇ ਸੁਨਹਿਰੀ ਪੰਨਿਆਂ ਉਪਰ ਤੇਰਾ ਮੇਰਾ ਨਾਂ ਪਰ ਅੰਬਰੋਂ ਪਾਰ ਜੋ ਬੈਠਾ ਉਸਨੇ ਰੂਹਾਂ ਤਾਂ ਇੱਕ ਕਰ ਦਿੱਤੀਆਂ ਪਰ ਵਿਛੋੜਾ ਜਨਮਾਂ ਜਨਮਾਂ ਦਾ ਪਾ ਦਿੱਤਾ, ਆਪਣੀ ਚੇਤਨਾ ਵਿੱਚ ਗੁਆਚੀ ਬੈਠੀ ਤੇਰੀਆਂ ਨਜ਼ਮਾਂ ਨੂੰ ਮੋਤੀਆਂ ਵਾਂਗ ਕਿਸੇ ਧਾਗੇ ਚ ਪਿਰੋਂਦੀ ਤੇਰੀ ਯਾਦ ਚ ਵਹਿੰਦੀ ਇੱਕ ਸ਼ਾਂਤ ਨਦੀ ਵਾਂਗੂ ਤੇ ਕਿਨਾਰੇ ਬੈਠ ਤੂੰ ਵੀ ਕਦੇ ਸੋਚੀ ਜਦ ਕਦੀ ਵਕਤ ਮਿਲੇ ਮੈਂ ਆਪਣੇ ਆਗਿਆਤ ਜੀਵਨ'ਚ ਜੰਗਲ ਬੇਲੇ ਘੁੰਮਦੀ ਤੇਰੀ ਬੰਸੀ ਦੀ ਆਵਾਜ਼ ਨੂੰ ਲੱਭਦੀ ਥੱਕ ਚੁੱਕੀ ਹਾਂ ਤੂੰ ਹੁਣ ਤਾਂ ਇਹਨਾਂ ਪਿਆਸੀਆਂ ਅੱਖਾਂ ਦੀ ਪਿਆਸ ਬੁੱਝਾ ਜਾ ਇਹ ਮੇਰੇ ਸ਼ਿਆਮ।

ਅਪਣਾ ਘਰ

ਇਹ ਆਪਣਾ ਘਰ ਉਦੋਂ ਤੱਕ ਆਪਣਾ ਲੱਗਦਾ ਜਦੋਂ ਤੱਕ ਤੂੰ ਤੇ ਮੈਂ ਇਸ ਘਰ ਵਿਚ ਹੁੰਦੇ ਹਾਂ ਉਠਦੇ ਹਾਂ, ਬਹਿਦੇਂ ਹਾਂ, ਗੱਲਾਂ ਕਰਦੇ ਹਾਂ, ਜਦੋਂ ਤੂੰ ਚਲਾ ਜਾਵੇ, ਤਾਂ ਇਹ ਘਰ ਇਕ ਵਿਰਾਨ ਜਗ੍ਹਾਂ ਚ ਤਬਦੀਲ ਹੋ ਕੇ ਰਹਿ ਜਾਵੇ ਫਿਰ ਜਿਵੇਂ ਇੰਤਜ਼ਾਰ ਕਰਨ ਦਾ ਕੰਮ ਇਸ ਘਰ ਦੀਆਂ ਕੰਧਾਂ ਦਾ ਵੀ ਮੇਰੇ ਨਾਲ ਹੋ ਜਾਵੇ, ਤੇਰਾ ਮਿਲਣਾ ਪਲ ਦੋ ਪਲਾਂ ਦਾ ਹਮੇਸ਼ਾ ਸਮੇਂ ਦੀ ਮਹਿਰਬਾਨੀ ਜਾਂ ...... ਸ਼ਰਾਰਤ ਲੱਗਦੀ ਹੈ। ਚਲੋ! ਕੁਝ ਵੀ ਹੋਵੇ ਸਮਾਂ ਸਹੀ ਹੀ ਚੱਲੇ ਕਿਉਂ ਕੀ ਇਕ ਸਮਾਂ ਹੀ ਹੁੰਦਾ, ਜੋ ਬਹੁਤ ਕੁਝ ਲੈ ਜਾਦਾਂ ਤੇ ਬਹੁਤ ਕੁਝ ਦੇ ਜਾਦਾਂ ਹੈ ਚੰਗੀਆਂ ਤੇ ਬੁਰੀਆਂ ਯਾਦਾਂ।

ਚਿੜੀਆਂ

(ਚਿੜੀ ਦਿਵਸ ਮੌਕੇ ਤੇ ) ਅੱਜ ਸਵੇਰੇ ਜਦੋਂ ਮੈਂ ਝਾਤੀ ਮਾਰੀ ਘਰ ਦੇ ਬਾਹਰ ਆ ਕੇ। ਚਾਰੇ ਪਾਸੇ ਇੱਕ ਚਿੱਠੀ ਚਾਦਰ ਜਹੀ ਲਿਪਟੀ ਦੇਖੀ ਆਸਮਾਨ ਤੇ,ਹਰ ਇਕ ਚੀਜ਼ ਦਿਖਦੀ ਹੈ। ਧੁੰਦਲੀ ਜਹੀ, ਪਾਣੀ ਜਹੀ, ਨਵੀਂ ਜਹੀ। ਕਈ ਚਿੜੀਆਂ ਰਲ ਕੇ ਚਰਚੋਲਰ ਕਰਦੀਆਂ ਦੇਖਿਆਂ ਲਗਦਾ ਜਿਵੇਂ ਉਹਨਾਂ ਨੂੰ ਠਾਰ ਜਹੀ ਮਹਿਸੂਸ ਹੋ ਰਹੀ ਹੋਵੇ। ਮੇਰਾ ਦਿਲ ਕਰ ਰਿਹਾ ਸੀ, ਕਿ ਮੈਂ ਸਾਰੀਆਂ ਚਿੜੀਆਂ ਨੂੰ ਕੋਲ ਬੁਲਾ ਕੇ ਪੁੱਛਾ, ਕੀ ਤੁਹਾਨੂੰ ਠੰਡ ਲੱਗ ਰਹੀ ਹੈ? ਜੇ ਹਾਂ, ਤਾਂ ਮੇਰੇ ਕੋਲ ਰਜਾਈ 'ਚ ਆ ਜਾਉ ਫਿਰ ਮੈਂ ਦੇਖਿਆਂ ਇਕ ਚਿੜੀ ਮੇਰੇ ਵਲ ਮੂੰਹ ਕਰਕੇ ਕੁਝ ਬੋਲ ਰਹੀ ਸੀ। ਮੈਨੂੰ ਲੱਗਿਆ ਸ਼ਾਇਦ ਉਸ ਨੂੰ ਭੁੱਖ ਲੱਗ ਰਹੀ ਹੈ। ਮੈਂ ਉਸ ਨੂੰ ਕੁਝ ਦਾਣੇ ਖਾਣ ਲਈ ਦਿੱਤੇ। ਕਈ ਖਿਲਰੇ ਤੇ ਕਈ ਚੁੱਗ ਲਏ। ਫਿਰ ਉੱਡੀ ਤੇ ਹੋਰਾ ਨੂੰ ਵੀ ਉੱਚੀ ਉੱਚੀ ਆਵਾਜਾਂ ਮਾਰ ਕੇ ਬੁਲਾਣ ਲੱਗ ਪਈ। ਇਕ ਇਕ ਕਰਕੇ ਸਾਰੀਆਂ ਚਿੜੀਆਂ ਮੇਰੇ ਘਰ ਆਇਆ। ਮੈਨੂੰ ਇੰਝ ਲੱਗਾ ਜਿਵੇ ਮੈਨੂੰ ਹੀ ਮਿਲਣ ਆਇਆ ਹੋਣ ਮੈਂ ਸਾਰੀਆਂ ਦਾ 'ਜੀ ਆਇਆ ਕਹਿੰਦੀ ਹਾਂ। ਆ! ਕਿ ਮੈਂ ਦੇਖਿਆਂ ਹੁਣ ਚਿੜੀਆਂ ਨਾਲ ਹੋਰ ਪੰਛੀਆਂ ਦੀ ਡਾਰਾਂ ਵੀ ਆ ਮਿਲੀਆਂ। ਰੋਜ ਸਵੇਰੇ ਇਕੱਠੇ ਹੋ ਕੇ ਗੱਲਾਂ ਕਰਦੇ ਨੇ ਬਨੇਰੇ ਤੇ ਆ ਕੇ,ਲੱਗਦਾ ਜਿਵੇਂ ਆਪਣਾ ਦੁੱਖ ਸੁੱਖ ਸਾਂਝਾ ਕੇ ਆਪਣੇ ਕੰਮਾਂ ਨੂੰ ਚੱਲੇ ਜਾਂਦੇ ਨੇ, ਇਹ ਨਜ਼ਾਰਾ ਸਵੇਰੇ ਸਵੇਰੇ ਦਾ ਬਹੁਤ ਹੀ ਸੁਹਾਵਨਾ ਹੁੰਦਾ ਹੈ। ਮਨ ਹੀ ਮਨ ਅੰਦਰੋਂ ਇਕ ਆਵਾਜ਼ ਆਈ ਕਾਸ਼! ਮੈਂ ਵੀ ਇੱਕ ਪੰਛੀ ਹੁੰਦੀ।

ਤੇਰੇ ਵੇਹੜੇ 'ਚ ਮੈਂ

ਤੇਰੇ ਵੇਹੜੇ 'ਚ ਮੈਂ ਚਾਵਾਂ ਨਾਲ ਸੀ ਆਈ। ਵਾਂਗ ਖੁਸ਼ੀਆਂ ਮੈਂ ਤੇਰੇ ਸੰਗ ਜਿੰਦ ਹੰਢਾਈ। ਹੁਣ ਕੀ ਹੋ ਗਿਆ ਤੂੰ ਤਾ ਸਮਝ ਕਟਪੁਤਲੀ ਮੈਨੂੰ ਉਗਲੀਆਂ ਤੇ ਨਚਾਈ। ਜਦ ਪੈਦੀ ਲੋੜ ਮੇਰੀ ਉਦੋ ਤੂੰ ਬੁਲਾਈ। ਦਿਲ ਮੇਰਾ ਸੋਚਦਾ ਵਾਂਗਰਾ ਸੁਦਾਈ। ਜਦ ਹੋਵਾ ਸਾਮਣੇ ਤੂੰ ਮੈਨੂੰ ਰੁਲਾਈ। ਤੇ ਫਿਰ ਸੋਚ ਲਵਾ ਮੈਂ ਤਾ ਇਸੇ ਲਈ ਸੀ ਆਈ। ਇਸੇ ਲਈ ਸੀ ਆਈ।

ਭਗਤ ਸਿੰਘ ਭਗਤਾ

ਮੌਤ ਦਾ ਫ਼ਰਮਾਨ ਚੱਲ ਉਦੇ ਕੋਲ ਜਦ ਆਇਆ, 28 ਸਤੰਬਰ ਨੂੰ ਸੀ ਜੰਮਿਆ, 23 ਮਾਰਚ ਨੂੰ ਸੀ ਸ਼ਹੀਦੀ ਪਾ ਗਿਆ। ਜ਼ਰਾ ਵੀ ਨਾ ਉਹ ਘਬਰਾਇਆ। ਨੂਰ ਮੁੱਖ ਤੇ ਸੀ ਚੜ੍ਹਾਇਆ। ਸਭ ਨੌਜਵਾਨੀ ਨੂੰ ਉਹ ਰਾਹੇ ਪਾ ਗਿਆ। ਆਜ਼ਾਦੀ ਦਾ ਪ੍ਰਚਮ ਆਪਣੇ ਹੱਥ ਨਾਲ ਉਹ ਆਪ ਸੀ ਲਹਿਰਾ ਗਿਆ। ਦੇਸ਼ ਲਈ ਉਸਨੇ ਸੁਪਨਾ ਇਕ ਸਜਾਇਆ ਸੀ। ਅਜਾ਼ਦੀ ਨਾਲ ਜੀਉਣ ਸਾਰੇ ਆਪਣੇ ਖੂਨ ਨਾਲ ਲਿਖਵਾਇਆ ਸੀ। ਜਾਣ ਲੱਗੇ ਦੁਨੀਆ ਤੋਂ, ਉਹ ਆਪਣੇ ਦੋ ਬੋਲ ਪੁਗਾ ਗਿਆ। ਆਜ਼ਾਦੀ ਦਾ ਪ੍ਰਚਮ ਆਪਣੇ ਹੱਥ ਨਾਲ ਉਹ ਆਪ ਸੀ ਲਹਿਰਾ ਗਿਆ। ਭਗਤ ਸਿੰਘ ਭਗਤਾ ਤੇਰੀ ਸਰਦਾਰੀ ਤੋਂ ਕੁਰਬਾਨ ਵੇ, ਜੇਲ ਵਿੱਚ ਬੰਦ ਹੋਏ ਵੀ ਉਦਾਸੀ ਨਾ ਵੇਖੀ ਮੁੱਖ ਤੇਰੇ ਮੁਹਾਲ ਵੇ। ਕੁਝ ਕਰਨ ਦੀ ਸੀ ਸੋਚੀ ਤਾਹੀ, ਦਮੂਖਾਂ ਬੀਜੀਆਂ, ਤਸੀਹੇ ਸਹੇ ਮੌਤ ਨੂੰ ਸੀ ਤੂੰ ਲਾੜੀ ਬਣਾ ਗਿਆ। ਆਜ਼ਾਦੀ ਦਾ ਪ੍ਰਚਮ ਆਪਣੇ, ਹੱਥ ਨਾਲ ਉਹ ਆਪਸੀ ਲਹਿਰਾ ਗਿਆ। ਅੰਗਰੇਜ਼ਾਂ ਨਾਲ ਸਿੱਧੀ ਲੀਤੀ ਟੱਕਰ ਬਹਾਦਰੀ ਦਾ ਡੰਕਾ ਆਪ ਭਗਤ ਸਿੰਘ ਤੂੰ ਵਜਾ ਗਿਆ। ਅੰਗ੍ਰੇਜ਼ਾਂ ਤੋਂ ਆਜ਼ਾਦੀ ਦਾ ਸੁਪਨਾ ਅੱਖਾਂ 'ਚ ਸੁਰਮੇ ਵਾਂਗ ਉਹ ਪਾ ਗਿਆ। ਆਜ਼ਾਦੀ ਦਾ ਪਰਚਮ ਆਪਣੇ ਹੱਥ ਨਾਲ ਉਹ ਆਪ ਸੀ ਲਹਿਰਾ ਗਿਆ। ਭਗਤ ਦੇਸ਼ ਆਜ਼ਾਦ ਕਰਵਾਉਣ ਲਈ ਉਨ੍ਹਾਂ ਨੇ ਦਿੱਤੀ ਸ਼ਹਾਦਤ ਆਪਾਂ ਨੇ ਅੱਜ ਦੱਸੋ? ਕੀ ਮੁੱਲ ਪਾਇਆ ਅੱਜ ਵੇਖ ਕੇ ਹਾਲਤ ਦੇਸ਼ ਦੇ ਦਿਲੋਂ ਇਹ ਨਿਕਲੇ ਹੰਝੂਆਂ ਨਾਲ ਪੁਕਾਰ ਕਿਤੋ ਮੁੜ ਆਵੇ ਅੱਜ ਭਗਤ ਸਿੰਘ , ਕਰਤਾਰ, ਊਧਮ ਸਿੰਘ ਸਰਦਾਰ!

ਵੇ ਅੜਿਆ

ਵੇ ਅੜਿਆ ਤੂੰ ਚੰਨ ਤਾਰੇ ਜਿਹਾ ਨਹੀਂ ਹੋ ਸਕਦਾ, ਕਿਉਂ ਮੈਂ ਇੰਨਾ ਦੂਰ ਕਰਾ ਆਪਣੀ ਪਹੁੰਚ ਤੋਂ, ਤੂੰ ਨਾ ਚੰਨ ਤਾਰੇ ਜਿਹਾ, ਨਾ ਕਿਸੀ ਬਦਲ਼ ਬਰਸਾਤ ਜਿਹਾ, ਨਾ ਹੀ ਕਿਸੀ ਬਸੰਤੀ ਰੁੱਤ ਜਿਹਾ, ਨਾ ਸੰਗੀਤ ਦੀਆਂ ਮੀਠੀ ਅਵਾਜ਼ ਜਿਹਾ, ਨਾ ਗੀਤ, ਨਾ ਕਿਸੀ ਦੀ ਪ੍ਰੀਤ, ਤੇ ਨਾ ਹੀ ਕਿਸੇ ਤਬੀਤ ਜਿਹਾ, ਤੂੰ ਸਿਰਫ਼ ਹੈ ਤੂੰ, ਤੇਰੇ ਜਿਹਾ ਕੋਈ ਹੋਰ ਨਹੀਂ, ਤੂੰ ਹੋ ਸਕਦਾ ਹੈ ਤਾਂ ਸਿਰਫ਼ ਕਿਸੀ ਗੋਰੀ, ਚੰਗੀ ਮਾਂ ਦਾ ਜਾਇਆ, ਮੇਰੇ ਦਿਲ ਦੇ ਹਰਫਾਂ ਸੰਗ ਤੁਰਦਾ ਹੋਇਆ, ਬਸ ਮੇਰੇ ਜਿਹਾ ਇਕ ਮਿੱਕ ਹੋਇਆ, ਮੇਰੇ ਜਿਹਾ! ਬਸ ਮੇਰੇ ਜਿਹਾ।

ਘੜੀ ਮੁੜੀ ਸਤਾਵੇ

ਘੜੀ ਮੁੜੀ ਸਤਾਵੇ, ਕਹੀ ਗੱਲ ਨਾਲ ਜੋ ਵਾਰ ਹੋ ਗਿਆ। ਖੋਲ੍ਹੀ ਦਿਲ ਦੀ ਘੁੰਡੀ , ਤੇਰੇ ਹੱਥੋਂ ਕੈਸਾ ਕਾਰ ਹੋ ਗਿਆ। ਸ਼ਾਇਦ ਮੈਂ ਹੀ ਹੋਵਾ ਗਲਤ, ਜੋ ਤੂੰ ਇਹ ਸੋਚ ਲਿਆ, ਆਪਣਿਆਂ 'ਚ ਬੇਗਾਨਾ, ਤਾਂਹੀ ਤਾਂ ਹਾਰ ਹੋ ਗਿਆ। ਇਸ਼ਕ ਮੇਰਾ ਉਦਾਸ , ਲੱਗੀ ਕਿਸ ਦੀ ਨਜ਼ਰ ਸਾਨੂੰ, ਨਮਕ ਵਾਰ ਸਿਰ ਉਤੋਂ , ਪਾਣੀ 'ਚ ਤਾਰ ਹੋ ਗਿਆ। ਥੱਕ ਹਾਰ ਕੇ ਬੈਠ ਮਨਾਂ, ਕੁਝ ਵੀ ਨਾ ਕੀਤਾ ਜੇ ਤੂੰ, ਸੋਚ ਲਈ ਇਹ ਤਾਂ ਫਿਰ, ਜਾਨ - ਵਾਰ ਹੋ ਗਿਆ। ਸਮੇਂ ਦੀ ਕਾਲਖ ਘੁੱਲ ਜਾਵੇਗੀ ,ਇਸ ਕਾਲੀ ਰਾਤ 'ਚ ਚਾਣਨੀ ਉੱਤਰੀ ਵੇਹੜੇ, ਧੂੜ ਸਾਫ਼ ਸੰਸਾਰ ਹੋ ਗਿਆ। ਮੈਲ ਮਨ ਦੀ ਉਤਾਰ ਕੇ, ਮੁੜ ਨਜ਼ਰਾਂ ਮਿਲਾ ਲਓ ਜੀ, ਚੱਲ ਫਿਰ "ਸਵੀ" ਦੇ ਦਿਲ ਦਾ, ਹੱਕਦਾਰ ਹੋ ਗਿਆ। 02.43 am 15.11.2022

ਅਪਣੇ ਹੀ ਸ਼ਬਦਾਂ ਨਾਲ

ਅਪਣੇ ਹੀ ਸ਼ਬਦਾਂ ਨਾਲ ਉਹੋ ਨਿੱਤ ਲੜੀ ਜਾਂਦੇ ਨੇ। ਫੇਰ ਵੀ ਬਣਾ ਤਾਰੇ ਚੁੰਨੀ ਉੱਤੇ ਜੜੀ ਜਾਂਦੇ ਨੇ। ਮੰਦਰ ਮਸਜਿਦ ਗੁਰੂ ਘਰਾਂ ਨੂੰ ਮੈਂ ਦੱਸ ਕਿੱਦਾਂ ਜਾਵਾਂ, ਸੱਜਣਾਂ ਦੇ ਦਰ ਅੱਗੇ ਮੇਰੇ ਪੈਰ ਖ੍ਹੜੀ ਜਾਂਦੇ ਨੇ। ਚੱਲ ਕਦੀ ਜੰਗਲਾਂ ਦਾ ਵੀ ਗੇੜਾ ਲਾ ਆਈਏ ਆਪਾਂ, ਖ਼ਾਬ ਮਿਰੇ ਇਸ਼ਕ ਇਲਾਹੀ ਦੀ ਕਿਤਾਬ ਪੜ੍ਹੀ ਜਾਂਦੇ ਨੇ। ਓਕ ਲਗਾ ਕੇ ਪੀਤਾ ਪਾਣੀ ਵੀ ਅੰਮ੍ਰਿਤ ਬਣ ਜਾਂਦੈ, ਪਾ ਬੋਤਲਾਂ ਵਿਚ ਲੋਕੀ ਤਾਂ ਪਾਖੰਡ ਘੜੀ ਜਾਂਦੇ ਨੇ। ਕਿੰਝ ਨਬੇੜੇ ਹੋਣੇ ਨੇ ਜਾਗਦੀਆਂ ਜਮੀਰਾਂ ਦੇ, ਲੋਕੀ ਅਪਣੀ ਝੂੱਠੀ ਗੱਲ ਤੇ ਆਪ ਅੜੀ ਜਾਂਦੇ ਨੇ। ਮੀਰਾਂ ਦੇ ਵਾਂਗੂੰ ਮੈਂ ਵੀ ਉਸ ਰਾਹੇ ਤੁਰਨਾ ਚਾਹਾਂ, ਵੇਖ ਸ਼ਿਆਮ 'ਸਵੀ' ਦੇ ਨੇੜੇ, ਲੋਕ ਸੜੀ ਜਾਂਦੇ ਨੇ।

ਮੇਰੇ ਖੰਬਾਂ ਤੇ ਸ਼ੱਕ

ਬੇਬਸੀ ਦੀ ਹਾਲਤ ਦੇਖ ਕਿੰਨੀ ਮੰਦਭਰੀ ਨਜ਼ਰ ਹੈ ਆ ਰਹੀ, ਕੈਸੀ ਜਦੋਂ ਜਹਿਦ ਮੈਂ ਹੁਣ ਆਪਣੇ ਨਾਲ ਕਰਾਂ ਤਾਂ ਜੋ ਤੇਰੇ ਕੱਦ ਜਿੰਨੀ ਹੋ ਜਾਵਾਂ, ਐਸਾ ਕੀ ਕਰਾਂ ਜੋ ਤੇਰੀਆਂ ਅੱਖਾਂ ਨੂੰ ਭਾਅ ਜਾਵਾ, ਪਤਝੜ, ਬਹਾਰ ਧੁੱਪ-ਛਾਂ 'ਚ ਤੇਰੇ ਨਾਲ ਨਾਲ ਚੱਲ ਸਕਾਂ ਤੂੰ ਕਹਿੰਦਾ ਹੁੰਦਾ ਸੀ ਨਾ ਇਹ ਸਾਰਾ ਆਸਮਾਨ ਤੇਰਾ ਹੈ, ਆਜ ਕੀ ਹੋਇਆ, ਤੈਨੂੰ ਮੇਰੇ ਖੰਭਾਂ ਤੇ ਹੀ ਸ਼ੱਕ ਹੋ ਰਿਹਾ ਏ। 09.06.2019

ਹਸਰਤ

ਲਫ਼ਜ਼ ਜੋ ਗੁਨ-ਗੁਨਾਏ ਉਹ ਅਜ਼ੀਜ਼ ਨੇ। ਤੈਨੂੰ ਪਾਉਣਾ ਹਸਰਤ ਪਾਲ਼ ਲਈ ਨਾਚੀਜ਼ ਨੇ। ਯਾਦਾਂ ਵਿਚ ਸਮਾਇਆ ਏ ਮੇਰੇ ਰਹਿਬਰ ਤੂੰ ਤੜਪ ਤੜਪ ਮਰਨਾ ਏ ਤੇਰੇ ਮਰੀਜ਼ ਨੇ। ਜਿੱਥੋਂ ਵੀ ਲੰਘੇ ਮੱਲੀਏ ਤੇਰੇ ਰਾਹਾਂ ਨੂੰ ਪੁਆੜੇ ਪਾਏ ਰੰਗ ਕਾਲੀ ਤੇਰੀ ਕਮੀਜ਼ ਨੇ। ਮੁੱਖੜਾ ਸੋਹਣਾ ਤੱਕਕੇ ਦਿਨ ਸਾਡਾ ਲੰਘ ਜਾਂਦਾ, ਬੇਵਸ ਕੀਤਾ ਕੀ ਘੋਲ਼ ਪਿਲਾਏ ਤਾਵੀਜ਼ ਨੇ। ਤੇਰੇ ਸੱਜਣ ਰੰਗ ਰੰਗੀਲੇ ਹੁਣ ਕੀ ਸੋਚੇ ਤੂੰ, "ਸਵੀ" ਜਿੰਦ ਕੀਤੀ ਨਾਂ ਤੇਰੇ ਕਨੀਜ਼ ਨੇ। 15.6.2022 12.42Pm

ਮਿਸ਼ਾਲ ਤੁਹਾਡੇ ਹੱਥਾਂ ਵਿੱਚ

ਮਿਸ਼ਾਲ ਤੁਹਾਡੇ ਹੱਥਾਂ ਵਿੱਚ ਹੋਵੇ ਏਕੇ ਦੀ ਹਮੇਸ਼ਾ, ਜੰਗ ਜਿੱਤਣ ਲਈ ਇਹ ਬਲਦੀ ਜ਼ਰੂਰ ਹੋਵੇ। ਕਿਸਮਤ ਦੇ ਭਰੋਸੇ ਹੀ ਨਾ ਬੈਠਾ ਰਹਿ ਜਾਏ ਬੰਦਾ, ਮੰਜ਼ਿਲਾਂ ਪਾਵਣ ਲਈ ਪੈਰਾਂ 'ਚ ਜਲਦੀ ਜ਼ਰੂਰ ਹੋਵੇ। ਸਿਰ ਫ਼ਟਨੋ ਬਚ ਸਕਦੇ ਨੇ ਦੋਨਾਂ ਧਿਰਾਂ ਦੇ, ਲੜਾਈ ਝਗੜੇ ਤੋਂ ਗੱਲ ਟਲਦੀ ਜ਼ਰੂਰ ਹੋਵੇ। ਇਸ਼ਕ ਦੀਆਂ ਸੱਟਾਂ ਤੋਂ ਆ ਜਾਉ ਅਰਾਮ ਤੈਨੂੰ, ਮਗਰ ਪਾਈ ਦੁੱਧ ਵਿੱਚ ਹਲਦੀ ਜ਼ਰੂਰ ਹੋਵੇ। ਮਸਲਾ ਰੂਸ ਯੂਕਰੇਨ ਦਾ ਹੋ ਜਾਏ ਹੱਲ ਮਿੰਟਾਂ ਵਿੱਚ, ਗੱਲਾਂ ਰਾਹੀਂ ਸਮਝੌਤੇ ਦੀ ਦਾਲ ਗਲਦੀ ਜ਼ਰੂਰ ਹੋਵੇ। ਇਹ ਕੁੜੀ ਵਿਚਾਰੀ ਭਾਵੇਂ ਹੋਵੇ ਮਰਜਾਣੀ, ਹੱਕ ਆਪਣੇ ਲਈ ਜਗ੍ਹਾ ਮੱਲਦੀ ਜ਼ਰੂਰ ਹੋਵੇ। ਗੱਲਾਂ ਹੋਣ ਚਾਹੇ ਧੂੜਾਂ ਤਕੜਾ ਝੱਖੜਾਂ ਦੀਆਂ, ਮਸਲੇ ਦੇ ਹੱਲ ਲਈ ਗੱਲ ਚਲਦੀ ਜ਼ਰੂਰ ਹੋਵੇ। 24.02.2022

ਕਵਿਤਾ ਸੰਗ ਸੰਵਾਦ

ਮੈਨੂੰ ਸ਼ਬਦਾਂ ਸੰਗ ਹੈ ਪਿਆਰ, ਇਨ੍ਹਾਂ ਦਾ ਲੁੱਕਣਾ ਛਿਪਣਾ, ਕਲੋਲਾਂ ਕਰਨਾਂ, ਤੜਫਾਉਣਾ ਚੰਗਾ ਲੱਗਦੈ। ਫਿਰ ਹੌਲੀ ਜਿਹੀ ਮੇਰੇ ਕੰਨਾਂ ਵਿੱਚ ਆ ਕੇ ਤੇਰਾ ਕਹਿਣਾ ਲਿਖ ਜੋ ਤੂੰ ਲਿਖਣਾ ਚਾਹੁੰਦੀ, ਮੈਂ ਕਿਹਾ ਆ.... ਮੇਰੇ ਮਨ ਦੇ ਕੈਨਵਸ ਤੇ ਰੰਗਾਂ ਸੰਗ ਕੋਈ ਮੇਰੀ ਮਨਪਸੰਦ ਤਸਵੀਰ ਬਣਾ ਜਾ, ਤਾਂ ਜੋ ਮੈਂ ਫਰੇਮ ਕਰਵਾ ਕੇ ਆਪਣਾ ਕਮਰਾ ਸਜਾ ਸਕਾਂ.... 24 ਮਾਰਚ 2022 08.40 pm

ਫੇਸਬੁੱਕ

Like ਤਾਂ ਹੀ ਕਰੀਏ ਜੇ ਭਾਅ ਜਾਵੇ ਮਨ ਨੂੰ, Coments ਵੀ ਕੋਈ ਕਰੇ ਆਪਣੇ ਦਮ ਨੂੰ। Fb ਤੇ ਸਮਝਦਾਰਾ ਨੂੰ ਛੱਡ ਕੇ, ਵੇਹਲਪੁਣਾਂ , ਕੰਮ ਕੋਈ ਨਾ ਰਿਹਾ ਤਾਕਝਾਂਕ ਕਰਦੇਆਂ ਨੂੰ। ਸਿਖਣ ਨੂੰ ਬਹੁਤ ਕੁਝ ਮਹਾਨ ਉਸਤਾਦਾ ਤੋ, "ਅਮਰਜੀਤ ਸੰਧੂ"ਸਕੂਲ ਚ ਦਾਖਲਾ ਲੈਣ ਨੂੰ। ਮਾਣ ਜਿਹਾ ਕਰਦੇ ਹਾਂ ਜੁੜੇ ਹੋਏ ਦੋਸਤਾਂ ਤੋ, ਜੋ ਸਿਖਾ ਜਾਦੇਂ ਕੋਈ ਨਾ ਕੋਈ ਚੰਗੇ ਗੁਣਾਂ ਨੂੰ। ਕਈ ਵਾਰ ਲੜਦੇ ਦੇਖੇ ਇੱਲ ਕੂਕੜਾ ਵਾਂਗਰ, ਲਹੂ ਲਹਾਨ ਹੁੰਦੇ ਦੇਖੇ ਸ਼ਰੀਫ ਇਨਸਾਨਾਂ ਨੂੰ। ਚੰਗੀ ਕੁੜੀ ਦੀ ਫੋਟੋ ਨੂੰ ਦੇਖ ਕੇ ਅੱਗਲਾ ਕੰਮ, Request ਭੇਜਣਾ ਆਸ ਸ਼ਾਮਿਲ ਹੋਣ ਨੂੰ। Accept ਨਾ ਹੋਣ ਤੇ ਦੁੱਖ ਚ ਤਾਨੇ ਮਾਰਣ, coments ਕਰ ਕੇ ਰਾਹਤ ਹੋਈ ਬਿਮਾਰਾਂ ਨੂੰ। ਅਜੀਬੋ ਗਰੀਬ ਜਾਨ ਕੇ ਭੀੜ ਉਮੜ ਪਈ ਹੈ, ਸਭ ਕੁਝ ਠੀਕ ਝੂਠ ਸੱਚ ਚ'ਤਬਦੀਲ ਹੋਣ ਨੂੰ। ਗੀਤ,ਕਵਿਤਾ, ਗਜ਼ਲ,ਨਜਮ,ਤੇ ਕਹਾਣੀਆਂ ਤੋ ਪੜ੍ਹ ਕੇ ਲਿਖ ਕੇ ਆਪਣੇ ਦਿਲ ਹਲਕੇ ਕਰਨ ਨੂੰ। ਬਹੁਤ ਕੁਝ ਹੈ ਇਸ ਵਿਚ ਲਹਿਰ ਨਹਿਰ ਸ਼ਹਿਰ, ਰਾਹਾਂ ਆਪ ਚੁਣਕੇ ਇਸ ਵਿਚ ਡੁੱਬਣ ਜਾ ਤਰਨ ਨੂੰ। ਵਿਦਵਾਨਾਂ ਨੇ ਪਹਿਲਾ ਹੀ ਨਕਸ਼ਾ ਖਿਚ ਕੇ ਰੱਖਤਾ, ਹੁਣ ਤੂੰ ਕੀ ਕਰਨਾ ਸਵੀ ਬਿਆਨ ਵਿਚਾਰਾਂ ਨੂੰ।

ਉਧੇੜ ਬੁੰਨ

ਸਮੁੰਦਰ ਕਿਨਾਰੇ ਚਲਦੇ ਗਿੱਲ੍ਹੀ ਜ਼ਮੀਨ ਤੇ ਪਏ ਪੈਰਾਂ ਦੇ ਨਿਸ਼ਾਨ ਨੂੰ ਵੇਖ, ਪਾਣੀ ਵਿੱਚ ਲਹਿਰਾਂ ਦੇ ਆਏ ਉਛਾਲ ਨੂੰ ਵੇਖ, ਪਾਣੀ 'ਚ ਡੁੱਬਦੇ ਸੂਰਜ ਦੀ ਲਾਲੀ ਨੂੰ ਵੇਖ, ਪੰਛੀਆਂ ਨੂੰ ਉੱਡਦਾ ਤੇ ਸ਼ੋਰ ਪਾਉਂਦਾ ਵੇਖ, ਕਿੰਨਾ ਕੁੱਝ ਹੁੰਦਾ ਵੇਖ ਰਹੀ ਮੈਂ ਇੱਕੋ ਗੱਲ ਸੋਚ ਰਹੀ ਸੀ , ਕਈ ਵਾਰ, ਬਾਰ-ਬਾਰ, ਸ਼ਬਦਾਂ ਦੇ ਇਸ ਖਿਲਾਰੇ ਨੂੰ ਸਮੇਟ ਦੀ ਹੋਈ, ਗੱਲਾਂ ਦੀ ਉਧੇੜ-ਬੁੰਨ ਕਰਦੀ ਹੋਈ, ਆਪਣੇ ਸਵਾਲਾਂ ਦੇ ਜਵਾਬ ਆਪ ਹੀ ਲੱਭਦੀ ਹੋਈ, ਨਿਰੀਖਣ ਕਰਦੀ, ਕਿ ਮੇਰਾ ਇਹ ਸਾਹਾ ਦੇ ਸਾਥ ਦਾ ਸਾਥ ਕਿੰਨੀ ਦੇਰ ਦਾ ਹੈ ਤੇਰੇ ਨਾਲ!

ਮੇਰੀ ਕਿਤਾਬ 'ਚ ਮੈਂ

ਮੇਰੀ ਕਿਤਾਬ 'ਚ ਮੈਂ ਜਿਉਂ ਜਿਉਂ ਹੀ ਲਿਖਿਆ, ਤਿਉਂ ਤਿਉਂ ਹੀ ਤੁਸੀਂ ਪੜ੍ਹਿਆ। ਪਰ ਉਹਨਾਂ ਸ਼ਬਦਾਂ ਦੀ ਸਮਝ ਉਦੋ ਆਈ, ਜਦ ਮੈਂ ਨਾ ਰਹੀ ਵਿਸਰ ਗਈ ਦੂਰ ਹੋ ਗਈ ਤੇਰੀ ਨਜ਼ਰਾਂ ਤੋਂ, ਪਤਾ ਤਾਂ ਹੈ! ਕਦਰ ਓਦੋਂ ਪੈਣੀ ਹੁੰਦੀ ਏ, ਜਦੋਂ ਹੱਥੋਂ ਆਈ ਕੋਈ ਚੀਜ਼ ਖੁੱਸ ਜਾਵੇ। ਫਿਰ ਪਛਤਾਉਂਦਾ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦੈਂ ਪਰ ਅਫਸੋਸ! ਨਹੀਂ ਹੋ ਪਾਉਂਦੀ ਕਿਸੀ ਨੇ ਠੀਕ ਹੀ ਕਿਹਾ ਰਹਿੰਦੇ ਸਮੇਂ ਸਿਰ ਕੋਈ ਵੀ ਕੰਮ ਹੋਵੇ ਕਰ ਹੀ ਲੈਣਾ ਚਾਹੀਦਾ ਤਾਂ ਜੋ ਫਿਰ ਪਛਤਾਉਣਾ ਨਾ ਪਵੇ। 14.07.2022 6.48 PM

ਅਸੀਂ ਜਿਉਣ ਨੂੰ ਜਿਉਣਾ

ਅਸੀਂ ਜਿਉਣ ਨੂੰ ਜਿਉਣਾ ਜਾਣਦੇ ਹਾਂ। ਖੂਬਸੂਰਤ ਰੰਗਾਂ ਨੂੰ ਵੀ ਮਾਣਦੇ ਹਾਂ। ਤੇਰੀ ਸਭ ਗੱਲ ਨੂੰ ਮੰਨਦੇ ਹਾਂ, ਤੇ ਆਪਣੇ ਦਿਲ ਦੀ ਵੀ ਕਰਦੇ ਹਾਂ। ਕਿਉਂਕਿ ਮੈਂ ਜਾਣਦੀ ਹਾਂ, ਤੇਰਾ ਸਤਿਕਾਰ ਕਰਨ ਤੋਂ ਪਹਿਲਾਂ ਜੇ ਮੈਂ ਆਪਣਾ ਸਤਿਕਾਰ ਨਹੀਂ ਕਰਦੀ, ਮੇਰੇ ਵੱਲੋਂ ਦਿੱਤੇ ਸਤਿਕਾਰ ਦਾ ਕੋਈ ਅਰਥ ਨਹੀਂ ਰਹਿੰਦਾ।

ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ

ਮਹਿਕਦੇ ਨੇ ਸ਼ਬਦ , ਜਦੋਂ ਕੋਈ ਗਾਉਂਦਾ ਹੈ। ਦਿਲ ਦੀ ਗੱਲ ਸ਼ਬਦਾਂ ਰਾਹੀਂ ਸਮਝਾਉਂਦਾ ਹੈ। ਹਰ ਮਸਲੇ ਦਾ ਹੱਲ , ਗੋਲੀਆਂ ਨਹੀ ਹੁੰਦਾਂ , ਮਾਰ ਮੁਕਾ ਦਸ-ਖਾਂ ਤੂੰ ਕਿਸ ਨੂੰ ਸਮਝਾਉਂਦਾ ਹੈ।. ਕਿਸੇ ਦਾ ਪੁੱਤ ਕਿਸੇ ਦਾ ਭਾਈ ਕਿਸੇ ਨੇ ਮਾਰ ਦਿੱਤਾ, ਕੀ ਉਹ ਟੌਹਰ ਜਮਾਉਣ ਲਈ ਜੱਗ ਨੂੰ ਤੜ੍ਹਫਾਉਂਦਾ ਹੈ। ਦਿਲ ਦਾ ਨੀ ਮਾੜਾ , ਤੇਰਾ ਸਿਧੂ ਮੁਸੇ ਵਾਲਾ, ਇਹ ਗੱਲ ਗੀਤਾਂ 'ਚ ਸਭ ਨੂੰ ਜਤਾਉਂਦਾ ਹੈ। ਮਾਪੇ ਖੜ੍ਹੇ ਮੰਗਦੇ ਨੇ, ਹੁਣ ਇਨਸਾਫ਼ ਸਰਕਾਰੇ, ਜ਼ਿੰਮੇਵਾਰੀ ਤੇਰੀ,ਬਸ ਮਸਲੇ ਦਾ ਹੱਲ ਚਾਹੁੰਦਾ ਹੈ।

ਵਰ੍ਹਦਾ ਨੂਰ

ਪਿਆਰੇ ਲੈ ਫੜ ਸਾਂਭ ਲਉ ਮੇਰੀ ਰੂਹ ਦਾ ਅੰਮ੍ਰਿਤ ਵਰ੍ਹਦਾ ਨੂਰ ਅੱਜ ਤੋਂ ਬਾਅਦ ਮਹਿਫ਼ੂਜ਼ ਹੱਥਾਂ 'ਚ ਰਹੇ ਇਸੀ ਉਮੀਦ 'ਚ ਬੇਫਿਕਰੇ ਜ਼ਿੰਦਗੀ ਜਿਉਣ ਦੀ ਇੱਛਾ ਦਾ ਸੁਪਨਾ ਪੂਰਾ ਕਰ ਸਕਾ।

ਕੁਕਨੂਸ ਦੀ ਆਵਾਜ਼

ਕੁਕਨੂਸ ਭਾਵੇਂ ਬਹੁਤ ਮਿੱਠੇ ਆਵਾਜ਼ 'ਚ ਗੀਤ ਗਾਉਂਦਾ ਝੂਮਰ ਪਾਉਂਦਾ ਪਰ ਜਦ ਮੇਰੇ ਕੰਨਾਂ ਤੱਕ ਪਹੁੰਚੀ ਹੀ ਨਾ ਤਾਂ ਉਸਦੀ ਸੋਹਣੀ ਆਵਾਜ਼ ਦਾ ਮੈਨੂੰ ਦੱਸੋ? ਕੀ ਭਾਅ....

ਮੂਸੇ ਵਾਲਾ ਗੱਭਰੂ

ਪੁੱਤ ਸੀ ਗੱਬਰੂ ਤੇਰਾ ਸੋਹਣਾ ਜਵਾਨ ਨੀ ਮਾਏ। ਫੋਟੋ ਵੇਖ ਰੋਵੇਂਗੀ ਤੁਰਿਆ ਜਹਾਨ ਤੋਂ ਨੀ ਮਾਏ। ਮਾਨਸਾ ਦਾ ਸੀ ਪੁੱਤ , ਉਹ ਸਭ ਦਾ ਲਾਡਲਾ। ਛੁਪਿਆ ਤਾਰਾ, ਸੁੰਨਾ ਪਿਆ ਮਕਾਨ ਨੀ ਮਾਏ। ਪੱਗ ਜਦੋਂ ਬੰਨਦਾ, ਵਾਲਾ ਸੋਹਣਾ ਲਗਦਾ ਸੀ, ਤੇਰਾ ਸਾਢੇ ਛੇ ਫੁੱਟ ਦਾ ਗੱਭਰੂ ਸਰਦਾਰ ਨੀ ਮਾਏ। ਵੇਖੀ ਨਾ ਗਈ ਗੁੱਡੀ ਚੜਦੀ ਤੇਰੀ ਜ਼ਮਾਨੇ ਤੋਂ, ਕੰਮ ਕਰ ਤਮਾਮ,ਕੀਹਦੇ ਭੇਂਟ ਚੜ੍ਹਾ ਤਾਂ ਨੀ ਮਾਏ। ਘੇਰਾ ਪਾ ਕੇ, ਛਲਣੀ ਕਰਤੀ ਦੇਹ ਗੋਲੀਆਂ ਨਾਲ, ਘਰ ਦਾ ਇੱਕੋ ਹੀ ਚਿਰਾਗ ਬੁਝਾ ਤਾਂ ਨੀ ਮਾਏ। ਦਿਲ ਦਾ ਨਹੀਂ ਮਾੜਾ, ਤੇਰਾ ਸਿੱਧੂ ਮੂਸੇ ਵਾਲਾ, ਇਹ ਗੱਲ ਗੀਤਾਂ 'ਚ ਸਾਫ਼ ਸਮਝਾਤੀ ਨੀ ਮਾਏ। ਰੱਬਾ ਭਾਣਾ ਮੰਨਣ ਦਾ ਬਲ ਦੇਵੇ ਮਾਪਿਆਂ ਨੂੰ ਕਰੇ ਅਰਦਾਸ, ਚਰਨਾ 'ਚ ਹੋਵੇ ਵਾਸਾ ਨੀਂ ਮਾਏ।

ਸੁਣ ਜਿੰਦੇ ਮੇਰੀਏ

ਸੁਣ ਜਿੰਦੇ ਮੇਰੀਏ ਸੱਜਣ ਮਿਲਣੇ ਸੌਖੇ ਨਹੀਂ। ਲੱਭਿਆਂ ਰੂਹਾਂ ਦਾ ਪਿਆਰ ਕਿਤੇ ਗਵਾ ਨਾ ਲਈ। ਤੇਰੇ ਬਿਨਾ ਰੁਲ ਜੂ ਗੀ ਜ਼ਿੰਦਗੀ, ਵੇਖੀਂ ਵੇਲੇ-ਕੁਵੇਲੇ ਹੱਥ ਛੁਡਾ ਨਾ ਲਈ। ਤੂੰ ਮਿਲਿਆ ਸਾਨੂੰ ਰੱਬ ਮਿਲਿਆ‌ ਗੱਲ ਇਕੋ, ਵੇਖੀਂ ਕਿਤੇ ਸਾਨੂੰ ਦਿਲੋਂ ਭੁਲਾ ਨਾ ਲਈ। ਰਹੀ ਸਿਦਕ ਤੇ ਪੱਕਾ ਜੇ ਇਸ਼ਕ ਕਮਾਉਣਾ, ਤੱਕ ਕੇ ਸੂਲੀ ਕਿਧਰੇ ਸਿਰ ਚੁੱਕਾ ਨਾ ਲਈ। "ਰਣਜੀਤ" ਜੇਹੇ ਯਾਰ ਫਿਰ ਲੱਭਣੇ ਨਹੀਂ, ਵੇਖੀਂ ਹੀਰਾ ਮਿੱਟੀ ਚ ਰੁਲਾ ਨਾ ਲਈ। 29 ਜੂਨ 2018

ਗ਼ਜ਼ਲ

ਚੋਰੀ ਚੋਰੀ ਦਿਲ ਵਿਚ ਆਇਆ ਕਰਦੇ ਨੇ। ਉਹ ਰਾਤਾਂ ਦੀ ਨੀਂਦ ਚੁਰਾਇਆ ਕਰਦੇ ਨੇ। ਜੋ ਰੋਂਦੇ ਨੂੰ ਵੇਖ ਦਿਲਾਸਾ ਦਿੰਦੇ ਹਨ, ਉਹ ਯਾਰਾਂ ਦੇ ਯਾਰ ਕਹਾਇਆ ਕਰਦੇ ਨੇ। ਘੁੱਟ ਕੁ ਪੀ ਕੇ ਗੱਪਾਂ ਮਾਰਣ ਬੰਦੇ ਜੋ, ਬਿਪਤਾ ਵੇਲੇ ਨਜ਼ਰ ਘੁਮਾਇਆ ਕਰਦੇ ਨੇ। ਦਿਲ ਦੇ ਅੰਦਰ ਨਫ਼ਰਤ ਕਰਦੇ ਸਾਨੂੰ ਉਹ, ਗੱਲਾਂ ਵਿੱਚ ਮਿਠਾਸ ਜਤਾਇਆ ਕਰਦੇ ਨੇ। ਛੱਡ "ਸਵੀ " ਪਿਆਰ ਮਿਲੇ ਨ ਕਰਮਾਂ ਵਾਝੋਂ, ਦਿਲਬਰ ਹੀ ਤਾਂ ਗ਼ਜ਼ਲ ਲਿਖਾਇਆ ਕਰਦੇ ਨੇ।

ਗ਼ਜ਼ਲ

ਆਪਣੇ ਮਨ ਨੂੰ ਖ਼ੁਦ ਸਮਝਾਉਣਾ ਚੰਗਾ ਹੈ। ਚੰਚਲ ਦਿਲ ਤੇ ਕਾਬੂ ਪਾਉਣਾ ਚੰਗਾ ਹੈ। ਪਿਆਰ ਮਹੋਬਤ ਘਾਟੇ ਵਾਲਾ ਸੋਦਾ ਨੀ, ਸਾਂਝ ਦਿਲਾਂ ਦੀ,ਬੋਲ ਪੁਗਾਉਣਾ ਚੰਗਾ ਹੈ। ਦਿਹਾੜੇ ਚਾਰ ਹੁਸਨ ਪਰਾਉਣੇ ਵਾਂਗੂ ਏ, ਮਨ ਦੇ ਸ਼ਿਕਵੇ ਤੁਰਤ ਮਟਾਉਣਾ ਚੰਗਾ ਹੈ। ਹਸ ਕੇ ਨਜ਼ਰ ਘੁਮਾਈ ਚਾਰੇ ਚੁਫ਼ੇਰੇ ਤੂੰ, ਫੁੱਲਾ ਵਾਂਗਰ ਰਾਹ ਮਹਿਕਾਉਣਾ ਚੰਗਾ ਹੈ। ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ, ਕੋਲੇ ਬਹਿ ਕੇ ਦਰਦ ਵੰਡਾਉਣਾ ਚੰਗਾ ਹੈ। ਵਾਰ ਰਿਹਾ ਜੋ ਜਾਨ ਤੁਹਾਡੇ ਉੱਪਰ ਦੀ, ਉਸ ਨੂੰ ਆਪਣੇ ਸੀਨੇ ਲਾਉਣਾ ਚੰਗਾ ਹੈ। ਵਾਂਗ 'ਸਵੀ' ਫਿਰ ਸਭ ਕੁਝ ਚੰਗਾ ਲੱਗੇਗਾ, ਚੰਗੇ ਨੂੰ ਹੀ ਚੰਗਾ ਗਾਉਣਾ ਚੰਗਾ ਹੈ।

ਹਰਾ ਪੈੱਨ ਹੁਣ ਹੱਥ ਤੇਰੇ

ਹਰਾ ਪੈੱਨ ਹੁਣ ਹੱਥ ਤੇਰੇ। ਮਿਟਾ ਦੇਵੀ ਸੱਭ ਦੇ ਨੇਰੇ। ਚਾਨਣ ਤੂੰ ਲੈ ਕੇ ਆਉਣਾ, ਮੱਥੇ ਚਮਕਣ ਤੇਰੇ ਸੇਹਰੇ ਭਗਵੰਤ ਲਾਵੀ ਲਾਰੇ ਨਾ, ਲੋਕੀ ਪਾ ਲੈਣਾ ਤੈਨੂੰ ਘੇਰੇ। ਕਿਸੇ ਅੱਗੇ ਝੁੱਕ ਨਾ ਜਾਵੀ, ਬਹੁਤੇ ਰੱਖ ਲਈ ਤੂੰ ਜੇਰੇ। ਮਿਟਾ ਦੇਵੀ ਸੱਭ ਦੇ ਨੇਰੇ, ਹੁਣ ਹਰਾ ਪੈੱਨ ਹੱਥ ਤੇਰੇ। 2.32 Am 28.4.2022

ਸ਼ਿਕਵਾ ਰੱਬ ਨਾਲ

ਰੱਬਾ ਮੈਨੂੰ ਤੂੰ ਜਦੋਂ ਵੀ ਮਿਲਿਆ ਮੈਂ ਤੈਨੂੰ ਪੁੱਛਾਂ ਗੀ ਜਰੂਰ ਚੰਗੀ ਭਲੀ ਜ਼ਿਦਗੀ ਕਿਉਂ ਟੁੱਟਦੇ ਹੌਂਕਿਆਂ ਤੇ ਹਾਦਸਿਆਂ ਦੇ ਨਾਂ ਹੋ ਕੇ ਰਹਿ ਗਈ ਹੈ। ਏ ਰੱਬਾ! ਕਦੋਂ ਮੰਗਿਆਂ ਸੀ,ਮੈਂ ਤੇਰੇ ਕੋਲੋ ਸੋਨੇ ਦਾ ਸਾਮਰਾਜ ਦੱਸ ਤਾਂ ਸਹੀ ? ਕਦੇ ਕੀਤਾ ਹੋਵੇ ਤੇਰੇ ਨਾਲ ਸ਼ਿਕਵਾ ਜਾ ਸ਼ਿਕਾਇਤ, ਫੇਰ ਕਿਉਂ ਤੂੰ ਸਮੇ ਨੂੰ ਇਸ ਤਰ੍ਹਾਂ ਘੁੰਮਾ ਦਿੱਤਾ ਕਿ ਮੇਰੇ ਰੋਮ ਰੋਮ ਵਿੱਚ ਵੱਸ ਚੁੱਕੀ ਮਹਿਕ ਨੇ ਮੇਰੇ ਲਈ ਬਦਲ ਦਿੱਤੇ ਜ਼ਿੰਦਗੀ ਦੇ ਸਾਰੇ ਅਰਥ। ਤੇ ਮੈਂ ਰੰਗੀ ਗਈ ਸਾਰੀ ਦੀ ਸਾਰੀ ਉਸ ਦੇ ਰੰਗ ਵਿੱਚ ਕੀ ਇੰਝ ਹੋ ਜਾਣਾ ਕੋਈ ਗੁਨਾਹ ਹੈ ਰੱਬਾ? ਭਲਾ ਦੱਸ ਤਾਂ ਸਹੀ ਕਿਵੇਂ ਤੇ ਕਿਉਂ? ਮੇਰੇ ਲਈ ਸਾਰੇ ਰਿਸ਼ਤੇ ਪਹਿਲਾ ਨਾਲੋ ਵੀ ਵੱਧ ਪਿਆਰੇ ਤੇ ਗਹਿਰਾ ਹੋ ਗਏ ਨੇ ਛਿੜ ਗਈ ਹੈ ਮੇਰੇ ਰੋਮ ਰੋਮ ਵਿੱਚ ਕੋਈ ਕੰਬਣੀ ਕੋਈ ਝਰਝਨਾਹਟ ਕਿਸੇ ਅਬੁੱਝ ਅਣ ਕਿਆਸੇ ਰਾਗ ਦੀ ਤਰ੍ਹਾਂ ਕਿਉਂ ਜ਼ਿਦਗੀ ਮੇਰੇ ਲਈ ਸੁਪਨਾ ਹੋ ਕੇ ਰਹਿ ਗਈ? ਤੇ ਸੁਪਨਾ ਵੀ ਇਹੋ ਜਿਹਾ ਜੋ ਸੱਚ ਹੁੰਦਾ ਵੀ ਸੱਚ ਵਰਗਾ ਨਹੀ ਜਿਸ ਨੂੰ ਕਲਪਦਿਆਂ ਕਲਪਦਿਆਂ ਮੈਂ ਪਾਗਲ ਹੋ ਜਾਵਾ ਗੀ । ਚਾਹੁੰਦੀ ਹਾਂ ਮੈਂ ਕਿਸੇ ਦੀ ਰੂਹ ਦਾ ਹਾਣ ਕਿਸੇ ਦੀ ਅਧੂਰੀ ਇਬਾਦਤ ਤੇ ਚਾਹੁੰਦੀ ਹਾਂ ਅਧੂਰੇ ਬੋਲਾਂ ਦਾ ਪੂਰਾ ਹੋ ਜਾਣਾ ਤੂੰ ਮੇਰੇ ਕੋਲੋ ਭਾਵੇ ਸਾਰਾ ਕੁੱਝ ਲੈ ਲੈ ਪਰ ਮੇਰੀ ਰੂਹ ਮੇਰੀ ਆਤਮਾ ਮੇਰੇ ਸਰੀਰ ਵਿਚ ਵਾਪਸ ਭੇਜ ਦੇ। ਵੇਖ ਤਾਂ ਸਹੀ ਮੋਮ ਦੀ ਮੂਰਤੀ ਵਾਂਗ ਮੇਰਾ ਵੀ ਪਿਘਲਿਆ ਅਪਣਾ ਆਪ ਮੇਰਾ ਪ੍ਰੇਮ ਓਪਰਾ ਨਹੀਂ ਹੈ, ਬਲਕਿ ਗਹਿਰਾਈ ਦੀ ਸਭ ਤੋਂ ਅੰਤਿਮ ਸਿਖਰ ਹੈ। ਤੂੰ ਕਰਵਾ ਹੀ ਦਿੰਦਾ ਦੋ ਅਧੂਰੀਆਂ ਆਤਮਾਵਾਂ ਦਾ ਮਿਲਣ ਭਲਾ ਤੇਰੇ ਲਈ ਇਹ ਕਿਹੜੀ ਵੱਡੀ ਗੱਲ ਸੀ? ਮੈਥੋਂ ਨਹੀਂ ਦੇ ਹੋਣੇ , ਪ੍ਰੇਮ ਵਿਰੋਧ ਵਿੱਚ ਤਰਕ ਜਾਂ ਉਪਦੇਸ਼ ਹਾਂ! ਇੰਨਾ ਜਰੂਰ ਜਾਣਦੀ ਹਾਂ, ਸਾਡੀਆਂ ਤੜਫ਼ਦੀਆਂ ਰੂਹਾਂ ਦਾ ਬੇਬਸ ਮੋਨ ਤੈਨੂੰ ਦੇਵੇਗਾ ਸਰਾਪ ਜਰੂਰ। ਰੱਬਾ !

ਵਾਦਾ

ਇਕ ਦਿਨ ਉੱਜਲੀ ਸਵੇਰ 'ਚ ਜਦੋਂ ਤੈਨੂੰ ਦੇਖਿਆ ਮੈਂ ਪਹਿਲੀ ਵਾਰ ਇੰਝ ਲੱਗਾ ਜਿਵੇ ਲੱਖਾਂ ਹਨੇਰਿਆਂ ਵਿਚੋਂ ਚਮਕਦੇ ਇਕ ਵੱਡੇ ਤਾਰੇ ਵਾਂਗੂ ਤੂੰ ਨਜ਼ਰ ਆਇਆ ਮੈਂ ਉਸੀ ਦਿਨ ਤੋਂ ਤੇਰੇ ਬਾਰੇ ਸੋਚ ਕੇ ਇੱਕ ਫੈਸਲਾ ਕੀਤਾ ਬਹੁਤ ਹੀ ਪਿਆਰਾ ਇਕ ਵਾਦਾ ਤੇਰੇ ਨਾਮ ਲਿਖ ਦਿੱਤਾ ਜਿਸ 'ਚ ਮੇਰੀ ਜਿੰਦਗੀ ਦਾ ਇੱਕ ਇੱਕ ਸਾਹ ਮੇਰੀ ਹਰ ਚਾਹ ਮੇਰੀ ਖੁਸ਼ੀ ਗਮੀ ਮੇਰਾ ਸਾਰਾ ਕੁਝ ਤੇਰੇ ਨਾਮ ਕਰ ਚੁੱਕੀ ਹਾਂ। ਇਸ ਵਾਦੇ ਨੂੰ ਮੈਂ ਇੱਕਲੀ ਨਹੀਂ ਨਿਭਾਉਣਾ ਚਾਹੁੰਦੀ । ਤੂੰ ਬਸ ਮੇਰੇ ਸਾਥ ਚੱਲੀ ਮੈਨੂੰ ਤੇਰਾ ਸਾਥ ਅਣਗਿਣਤ ਉਚੀਆਂ ਪਹਾੜੀ ਦੀਆਂ ਚੋਟੀ ਵਰਗੀਆਂ ਦੁੱਖ ਤਕਲੀਫਾਂ ਤੋ ਨਿਜਾਤ ਦਿਲਾਉਦਾ ਹੈ ਤੇ ਇਕ ਵੱਖਰਾ ਜਿਹਾ ਸੰਤੋਸ਼ ਦਿੰਦਾ ਹੈ ਜੋ ਹੱਜੇ ਤੱਕ ਦੁਨੀਆ ਦੀ ਕਿਸੀ ਵੀ ਚੀਜ਼ ਤੋ ਨਹੀਂ ਲੱਭਿਆ ਤੇਰੇ ਇਸ ਨਿੱਘੇ ਸਾਥ ਦੇ ਸਾਹਮਣੇ ਦੁਨੀਆ ਦੀ ਹਰ ਸ਼ੈਅ ਫਿੱਕੀ ਜਾਪਦੀ ਹੈ ਨਹੀ ਤਾਂ ਜ਼ਿੰਦਗੀ ਸ਼ਮਸ਼ਾਨ ਹੈ। ਐ ਦੋਸਤ!ਤੇਰੇ ਨਾਲ ਕਿਤੇ ਇਸ ਵਾਦੇ ਨੂੰ ਮੈਂ ਨਿਭਾਵਾਂਗੀ ਤੇ ਸਮਾਂ ਆਉਣ ਤੇ ਦਿਖਾਵਾ ਗੀ ਜਰੂਰ ,ਕਿ ਤੂੰ ਮੇਰੀ ਜ਼ਿੰਦਗੀ ਵਿੱਚ ਕੀ ਜਗ੍ਹਾ ਰੱਖਦਾ ਹੈ।

ਇੰਤਜ਼ਾਰ

ਕਈ ਦਿਨਾਂ ਤੋਂ ਮੈਨੂੰ ਇੰਤਜ਼ਾਰ ਸੀ ਇਸ ਬਹਾਰ ਦਾ ਉਹ ਅੱਜ ਮੇਰੇ ਵੇਹੜੇ ਬਿਨਾਂ ਪੁੱਛੇ ਪੈਰ ਪਾ ਗਈ ਇੱਕ ਅਜੀਬ ਜਹੀ ਖੁਸ਼ੀ ਮੈਨੂੰ ਦੇ ਗਈ ਮੇਰੇ ਬਾਗ ਚ ਵੀ ਪੱਤਾ ਪੱਤਾ ਕਲੀ ਕਲੀ ਖਿਲ ਗਈ ਸਭ ਨੇ ਇਸ ਬਹਾਰ ਦਾ ਸਵਾਗਤ ਕੀਤਾ ਤੇ ਮੈਂ ਵੀ ਸਿਰ ਝੁਕਾ ਕੇ ਸਲਾਮ ਕਰਦੀ ਹਾਂ ਇਸ ਖੁਸ਼ੀ ਦਾ ਜੋ ਕੁਝ ਨਾ ਮਿਲਾ ਕੇ ਵੀ ਸਭ ਕੁੱਝ ਦੇ ਗਈ। ਇਕ ਅਜੀਬ ਜਹੇ ਅੰਨਦ ਦਾ ਅਹਿਸਾਸ ਇਸ ਬਹਾਰ ਦਾ ਇੰਤਜ਼ਾਰ ।

ਜੇਲ ਦਰਵਾਜ਼ੇ

ਕੁਝ ਹਲਾਤ ਸੀ ਜੋ ਮਜਬੂਰੀ ਚ ਲੰਘੇ । ਕੁਝ ਉਹ ਵੀ ਸੀ ਜੋ ਬੇਜਾਰੀ ਚ ਲੰਘੇ । ਦਿਲ ਸੀ ਦਿਮਾਗ ਸੀ ਤੇ ਕਈ ਸਵਾਲ , ਜਵਾਬਾਂ ਨੂੰ ਤਰਸਦੇ ਕਈ ਦਿਨ ਰਾਤ ਲੰਘੇ। ਹਲਾਤਾਂ ਦੀ ਮਾਰ ਕੁਝ ਇਸ ਤਰ੍ਹਾ ਦੀ ਸੀ, ਕੁਝ ਬਦਨਾਮ, ਕੁਝ ਬੇਦਾਗ ਸੋ ਕੇ ਲੰਘੇ। ਜਾਣ ਬੁੱਝ ਕੇ ਕੋਣ ਉਸ ਥਾਂ ਤੋ ਗੁਜਰੇ, ਕੁਝ ਪੱਕੇ ਹੋ ਕੇ ਕੁਝ ਆਮ ਹੋ ਕੇ ਲੰਘੇ। ਬੰਦ ਦਰਵਾਜ਼ੇ ਤੋ ਕਈ ਰਾਹ ਨਿਕਲੇ, ਕੁਝ ਪਥਰੀਲੇ ਕੁਝ ਸਾਫ਼ ਹੋ ਕੇ ਲੰਘੇ ।

ਜਦ ਕਦੀ ਵੀ ਕਾਗਜ਼ ਕਲਮ

ਜਦ ਕਦੀ ਵੀ ਕਾਗਜ਼ ਕਲਮ ਮੈਂ ਚੱਕਦੀ ਹਾਂ। ਅਪਣੀ ਕਲਮ ਨੂੰ ਰੰਗਾਂ ਵਿੱਚ ਡੋਬ ਕੇ ,ਅੱਖਰਾਂ ਨਾਲ ਤੇਰੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਲੈਂਦੀ ਹਾਂ। ਇਕ ਇਕ ਅੱਖਰ ਤੇਰੇ ਸਿਰ ਤੋ ਵਾਰ ਕੇ ਮੈਂ ਕਾਗਜ਼ ਦੀ ਝੋਲੀ ਪਾ ਦਿੰਦੀ ਹਾਂ। ਪਲਾਂ ਨੂੰ ਯਾਦ ਜਿਹਾ ਕਰ ਕੇ ਕਵਿਤਾ ਬਣਾ ਦਿੰਦੀ ਹਾਂ। ਕੋਸ਼ਿਸ਼ ਮੇਰੀ ਸਿਦਤ ਨਾਲ ਲਿਖਿਆ ਅੱਖਰ ਤੈਨੂੰ ਸੋਹਣਾ ਲੱਗੇ। ਇਹੋ ਦੁਆਵਾਂ ਮੈਂ ਮੰਗਦੀ ਰਹਿੰਦੀ ਹਾਂ, ਅੱਖਰ ਜੋ ਮੇਰੇ ਨਾਲ ਗੱਲਾਂ ਕਰਦੇ ਨੇ ਅੱਜ ਮੈਨੂੰ ਹੀ ਪੁੱਛਦੇ ਨੇ ਕੀ ਕਿਹੋ ਜਿਹਾ ਹੈ? ਜਿਸ ਨੂੰ ਤੂੰ ਲਿਖਣਾ ਚਾਹੁੰਦੀ ਹੈ। ਅਸੀਂ ਤੇਰੀ ਸਾਰੇ ਹੀ ਮਦਤ ਕਰਾ ਗੇ। ਤੂੰ ਦੱਸ ਤਾਂ ਸਹੀ ..... ਮੈਂ ਸ਼ਰਮਾਉਂਦੀ ਹਾਂ ਝੂਠਾ ਜਿਹਾ ਹੱਸ ਕੇ ਟਾਲ ਦਿੰਦੀ ਹਾਂ। ਤਾਹੀਉ ਤਾ ਮੈਂ ਤੈਨੂੰ ਅੱਜੇ ਤੱਕ ਉਤਾਰ ਨਹੀਂ ਪਾਈ ਕਾਗਜ ਤੇ.....।

ਸਫਰ / ਯਾਦ

ਮੈਂ ਸਫਰ ਕੀਤਾ ਜਿੰਦਗੀ 'ਚ ਕਈ ਵਾਰ ਸੱਜਣਾ ਪਰ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ ਮੈਂ ਕੱਲਾ ਸੀ ਪਰ ਕੱਲਾ ਨਹੀ ਤੂੰ ਸਫ਼ਰ ਕੀਤਾ ਵਿੱਚ ਯਾਦਾ ਹਰ ਥਾਂ ਮੇਰੇ ਨਾਲ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਕੁੱਝ ਰੁੱਖ, ਪਹਾੜੀਆਂ ,ਮੰਦਰ ਦੇਖੇ ਜਾਦੂਗਰ ਤੇ ਕਲੰਦਰ ਦੇਖੇ। ਉਸ ਹਰ ਥਾਂ ਕੀਤਾ ਤੈਨੂੰ ਯਾਦ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ। ਕੀਤੇ ਸਜਦੇ ਬਣਾਇਆ ਖੁਦਾ ਨੂੰ ਗਵਾਹ ਵੀ ਉਥੋ ਨਿਕਲੇ ਦਿਲਾਂ ਨੂੰ ਦਿਲਾਂ ਦੇ ਰਾਹ ਵੀ ਤੂੰ ਮੱਥਾ ਟੇਕਿਆ ਹਰ ਥਾਂ ਮੇਰੇ ਨਾਲ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਤੂੰ ਹੁੰਦੀ ਤਾਂ ਇੰਝ ਕਰਦੀ ਜੇ ਤੂੰ ਹੁੰਦੀ ਤਾਂ ਉਂਝ ਕਰਦੀ ਮੈਂ ਸੋਚਦਾ ਰਿਹਾ ਸਾਰੀ ਰਾਤ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਗੱਡੀ ਚੱਲਦੀ ਰਹੀ ਮੰਜਰ ਆਉਦੇ ਰਹੇ ਮੁਸਾਫਿਰ ਉਤਰ ਦੇ ਰਹੇ ਤੇ ਚੜਦੇ ਰਹੇ ਮੈਂ ਹਰ ਵਿਚੋਂ ਤੈਨੂੰ ਰਿਹਾ ਸੀ ਭਾਲ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਤੈਥੋਂ ਦੂਰ ਗਿਆ ਤਾਂ ਪਤਾ ਲੱਗਿਆ ਕੀ ਹੁੰਦਾ ਹੈ ਦਿਲਾਂ ਦਾ ਗੂੜ੍ਹਾ ਪਿਆਰ ਤੂੰ ਹੁੰਦੀ ਤਾਂ ਹੋਣਾ ਸੀ ਹੱਥਾਂ ਚ ਹੱਥ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਜਿਥੇ ਮੈਂ ਰੁਕਿਆ ਉਹ ਇਕ ਮੰਜਰ ਸੀ ਇਕ ਖਾਲੀ ਪੁਰਾਣਾ ਜਿਹਾ ਜਿਵੇਂਖੰਡਰ ਸੀ ਯਾਦਾਂ ਤੇਰੀਆਂ ਨੇ ਦਿੱਤਾ ਮਹਿਲ ਬਣਾ ਸੱਜਣਾ ਜੋ ਅੱਜ ਹੋਇਆ ਉਹ ਹੋਇਆ ਪਹਿਲੀ ਵਾਰ ਸੱਜਣਾ । ਰਮਜ਼ਾਂ ਵਿੱਚੋ

ਮੌਤ ਦਾ ਸੱਦਾ

ਚਲਦੇ ਚਲਦੇ ਰਾਹ ਤੇ ਸਾਹ ਇੱਕ ਦਿਨ ਮੁੱਕ ਜਾਣੇ ਨੇ, ਕੁੱਝ ਵੀ ਨਹੀਂ ਲੱਭਣਾ ਬੰਦਿਆਂ ,ਦਿਨ ਮੁੱਕ ਜਾਣੇ ਨੇ। ਗਿਣੀ ਚੁਣੀ ਜ਼ਿੰਦਗੀ ਮਿਲੀ ਏ ਖ਼ੁਸ਼ੀਆਂ ਨਾਲ ਕੱਟ ਲਵੋ, ਫਿਰ ਮੌਤ ਨੇ ਕਦੋਂ ਬੂਹਾ ਖੜਕਾ ਦੇਣਾ ਏ , ਦਿਨ ਮੁੱਕ ਜਾਣੇ ਨੇ। ਕੋਈ ਨਹੀਂ ਇਸ ਦੁਨੀਆਂ ਵਿੱਚ ਤੇਰਾ, ਸਭ ਨੂੰ ਆਪਣਾ ਆਪਣਾ ਹੈ ਬੰਦੇ, ਦਿਨ ਮੁੱਕ ਜਾਣੇ ਨੇ। ਵੰਡ ਸਕਦੇ ਹੋ ਤਾਂ ਖੁਸ਼ੀਆਂ ਵੰਡੋ, ਫਿਰ ਮੌਤ ਨੇ ਕਦੋਂ ਬੂਹਾ ਖੜਕਾ ਦੇਣਾ ਏ, ਦਿਨ ਮੁੱਕ ਜਾਣੇ ਨੇ। ਇਸ ਦੁਨੀਆਂ ਦੀਆਂ ਖੁਆਇਸ਼ਾਂ ਬਹੁਤ ਨੇ ਪਿਆਰੇ, ਮਰਨ ਤੋਂ ਬਾਅਦ ਵੀ ਜੋ ਪੂਰੀਆਂ ਨਹੀ ਹੋ ਸਕਦੀਆਂ ਬਣ ਸਕਦੇ ਹੋ ਤਾਂ ਸਹਾਰਾ ਬਣੋ, ਫਿਰ ਮੌਤ ਨੇ ਕਦੋਂ "ਸਵੀ"ਬੂਹਾ ਖੜਕਾ ਦੇਣਾ ਏ ਦਿਨ ਮੁੱਕ ਜਾਣੇ ਨੇ। ਚਲਦੇ ਚਲਦੇ ਰਾਹ ਤੇ ਸਾਹ ਇੱਕ ਦਿਨ ਮੁੱਕ ਜਾਣੇ ਨੇ, ਦਿਨ ਇੱਕ ਦਿਨ ਮੁੱਕ ਜਾਣੇ ਨੇ!!

ਸਾਰੀ ਦੁਨੀਆਂ ਖ਼ਾਤਿਰ

ਸਾਰੀ ਦੁਨੀਆਂ ਖ਼ਾਤਿਰ ਏਸੇ ਗੱਲ ਤੂੰ ਘੜ੍ਹਨਾ।। ਜਰੁਰੀ ਹੈ ਬਈ ਸਭ ਦੇ ਹੱਕਾ ਲਈ ਹੈ ਲੜਨਾ।। ਆਜ਼ਾਈ ਨਾ ਜਾਵੇ ਇਹ ਸ਼ਹਾਦਤ ਮੇਰੇ ਯਾਰੋ, ਇਸ ਲਈ ਜ਼ਰੂਰੀ,ਆਪਣੇ ਆਪ ਨਾਲ ਜੁੜਨਾ।। ਝੁਕਣਾ ਤਾਂ ਪੈਣਾ ਚਾਹੇ ਅੱਜ ਝੁੱਕਜਾ ਜਾਂ ਕੱਲ੍ਹ, ਰਾਹ ਨੇ ਲੰਬੇਰੇ ਪਰ ਅਸੀਂ ਹੁਣ ਨਹੀਂ ਮੁੜਨਾ।। ਅਣਖਾਂ ਦੇ ਮਾਰੇ, ਸਾਰੇ ਜਾਗ ਪਏ ਨੇ ਦਿੱਲੀਏ, ਭੁੱਲ ਨਾ ਜਾਈਂ ਆਖਿਰ ਅੱਗ 'ਚ ਪੈਣਾ ਸੜਨਾ।। 13.12.2020

ਨੀਂਦ ਦੀ ਨਦੀ ਨੂੰ ਪਾਰ ਕਰਦਿਆਂ

ਦੂਰ ਕਿਤੇ ਪੂਰਬ ਵੱਲੋਂ ਕਿਰਨਾਂ ਉੱਗੀਆਂ ਨੇ ਹੋ ਗਿਆ ਹੈ ਚਾਰੇ ਪਾਸੇ ਚਾਨਣ ਚਾਨਣ। ਚਿੜੀਆਂ , ਘੁੱਗੀਆਂ, ਤੋਤੇ ਉੱਡ ਉੱਡ ਡਾਰਾਂ ਬਣਾਉਣ ਲੱਗੇ। ਜੰਗਲ ਵਿਚ ਹਲਚਲ ਹੋਣ ਲੱਗੀ। ਸ਼ਹਿਰ ਵੀ ਹੁਣ ਜਾਗ ਪਿਆ ਆਪਣੀ ਨੀਂਦ ਵਿਚੋਂ। ਮਨੁੱਖ ਨੂੰ ਪੂਰੇ ਹੋਣ ਦੀ ਲਾਲਸਾ ਰਹਿੰਦੀ ਪਰ ਸਮਾਂ ਕਦੋਂ ਪੂਰਾ ਹੋਣ ਦਿੰਦਾ, ਉਹ ਤਾਂ ਆਪਣੀ ਸ਼ਤਰੰਜ ਦੀ ਚਾਲ ਚੱਲਦਾ ਹੋਇਆ, ਲਾ ਹੀ ਦਿੰਦਾ ਇੱਕ ਪਾਸੇ ਸਿਪਾਹੀ, ਘੋੜੇ, ਵਜ਼ੀਰ। ਅੱਧ ਕੁ ਸੁਪਨੇ ਤੇਰੇ ਅੱਧ ਕੁ ਮੇਰੇ ਹਮੇਸ਼ਾ ਢਹਿ-ਢੇਰੀ ਹੋ ਜਾਂਦੇ ਨੇ ਦੁਨੀਆ ਦਾਰੀ ਨੂੰ ਨਿਭਾਉਂਦਿਆਂ, ਪਰ ਫਿਰ ਵੀ ਮੈਂ ਇਸ ਔਖੇ ਸੌਖੇ ਨਦੀ ਨੂੰ ਪਾਰ ਕਰਕੇ ਦੂਜੇ ਕੰਢੇ ਤੇ ਪਹੁੰਚ ਜਾਣਾ, ਫਿਰ ਉੱਚੇ-ਉੱਚੇ ਪਹਾੜਾਂ ਨੂੰ ਪਾਰ ਕਰਦੀ ਹੋਈ, ਆਖਿਰ ਨੀਂਦ ਦੀ ਨਦੀ ਵਿਚ ਡੁੱਬਕੀ ਮਾਰ ਹੀ ਦੇਵਾਂਗੀ ਇਕ ਨਵੀ ਸਵੇਰ ਦੀ, ਉਡੀਕ ਵਿੱਚ ਪੂਰਬ ਚੋਂ ਉੱਗੀ ਨਵੀਂ ਕਿਰਨ ਦੀ ਆਸ 'ਚ। 10.38 AM 16.1.2022

ਹੁਣ ਕੀ ਸੋਚਦਾ

ਹੁਣ ਕੀ ਸੋਚਦਾ ਆਜਾ ਬਣ ਬਾਰਿਸ਼ ਦੀਆਂ ਬੂੰਦਾਂ ਵੇ ਜੋ ਤਪਦਾ ਸੀਨਾ ਠਾਰ ਜਾਵੇ। ਆਜਾ ਬਣ ਤੂੰ ਦੀਵੇ ਦੀ ਲੋਅ ਸੱਜਣਾ, ਚਾਨਣ ਬਣ ਰਾਤਾਂ ਰੁਸ਼ਨਾ ਜਾਵੇ। ਆਜਾ ਬੈਠ ਕਿਨਾਰੇ ਦੋ ਗੱਲਾਂ ਕਰੀਏ, ਤੂੰ ਦਿਲ ਦਾ ਹਾਲ ਸੁਣਾ ਜਾਵੇ। ਮੈਂ ਤੇਰੇ ਸਦਕੇ ਸਦਕੇ ਜਾਵਾਂ ਮਾਇਆ, ਤੂੰ ਵੀ ਮੈਥੋਂ ਦਿਲ ਹਾਰ ਜਾਵੇ। ਮੈਂ ਤੇਰੀ ਆ ਬਸ ਤੂੰ ਮੇਰਾ ਵੇ, ਇਹ ਕਹਿਣ ਦੀ ਲੋੜ ਨਾ ਰਹਿ ਜਾਵੇ। ਬਣ ਮੋਰਨੀ ਪੈਲਾਂ ਪਾਵਾਂ ਵੇਹੜੇ ਚ' ਭੁੱਖ ਵੇਖ ਕੇ ਜਨਮਾਂ ਦੀ ਲੱਥ ਜਾਵੇ। ਆਜਾ ਹੁਣ ਇੱਕ ਮਿੱਕ ਹੋ ਜਾਈਏ, ਜੋ ਲਿਖ-ਲਿਖ ਗੀਤ ਸੁਣਾ ਜਾਵੇ। ਜੋ ਲਿਖ- ਲਿਖ ਗੀਤ ਸੁਣਾ ਜਾਵੇ। 26.sep.2020 6.35am

ਉਹਦਾ ਮਿਲ ਜਾਣਾ

ਉਹਦਾ ਮਿਲ ਜਾਣਾ ਹਮੇਸ਼ਾ ਕਮਾਲ ਹੁੰਦਾ ਹੈ। ਸਾਡੇ ਲਈ ਤਾਂ ਉਹੀ ਦਿਨ ਨਵਾਂ ਸਾਲ ਹੁੰਦਾ ਹੈ। ਗੁੱਸੇ , ਗਿਲੇ , ਸ਼ਿਕਵੇ ਹੋਣ ਭਾਵੇਂ ਸਾਡੇ ਲੱਖਾਂ। ਹੱਸ ਕੇ ਪੁੱਛ ਜਾਵੇ ਤਾਂ ਚੰਗਾ ਹਾਲ ਹੁੰਦਾ ਹੈ।

ਗੀਤ

ਜ਼ਿੰਦਗੀ ਕਬੂਲ ਏ ਜੇ, ਤੂੰ ਮੇਰੇ ਨਾਲ ਏ, ਤੇਰੇ ਨਾਲ ਵਸਦਾ ਮੇਰਾ ਜਹਾਨ ਏ। ਮਰਜਾ ਗੇ ਤੂੰ ਜੇ, ਛੱਡ ਗਇਉ ਸੱਜਣਾ ਵੇ, ਚਲਦੇ ਨੇ ਸਾਹ ਤੇਰੇ ਨਾਲ, ਆਉਂਦਾ ਕਿਉਂ ਨਹੀਂ ਖ਼ਿਆਲ ਏ। ਰੋਜ਼-ਰੋਜ਼ ਰਾਹਾਂ ਵਿੱਚ ਖੜਦੇ ਹਾਂ ਤੇਰੇ ਲਈ, ਲੰਮੀਆਂ ਉਡੀਕਾਂ ਨੇ ਸੱਜਣਾਂ ਤੇਰੇ ਲਈ, ਤੂੰ ਵੇਖ ਬਦਲੇ ਨੇ ਰਾਹ ਦੱਸ, ਦਿਲ 'ਚ ਕੀ ਮਲਾਲ ਏ। ਚਲਦੇ ਨੇ ਸਾਹ ਤੇਰੇ ਨਾਲ, ਆਉਂਦਾ ਕਿਉਂ ਨਹੀਂ ਖ਼ਿਆਲ ਏ। ਜਾਣਦਾ ਹਾਂ ਤੂੰ ਵੀ ਕਰਦੀ ਏ ਪਿਆਰ ਨੀ, ਮੇਰੇ ਵਿੱਚ ਤੇਰੀ ਵੀ, ਵਸਦੀ ਏ ਜਾਨ ਨੀ, "ਸਵੀ" ਦੱਸਦੀ ਕਿਉਂ ਨਹੀਂ ਹਾਲ, ਇਹ ਦਿਲ ਦਾ ਕਮਾਲ ਹੈ। ਚਲਦੇ ਨੇ ਸਾਹ ਤੇਰੇ ਨਾਲ, ਆਉਂਦਾ ਕਿਉਂ ਨਹੀਂ ਖ਼ਿਆਲ ਏ। 05. oct.2021

ਮੇਰਾ ਕਮਰਾ

ਇੱਕ ਸ਼ਾਂਤਮਈ ਕਮਰਾ ਪੱਖਾ, ਏ.ਸੀ., ਖਿੜਕੀਆਂ, ਲਾਈਟਾਂ ਪੜਦੇ, ਟੇਬਲ, ਕੁਰਸੀਆਂ, ਕਿਤਾਬਾਂ ਪੈੱਨ, ਪੈਨਸਿਲ ਸਭ ਕੁਝ ਤਾਂ ਹੈ ਮੇਰੇ ਕੋਲ ਪਰ ਕਮੀ ਕਿਸ ਚੀਜ਼ ਦੀ ਏ, ਇਹ ਮਨ ਅੰਦਰ ਖਿਆਲ ਆਪਸੀ ਜੱਦੋਂ ਬਹਿਸ ਨਾਲ ਸਾਹਮਣੇ ਆਈ ਮੈਂ ਵਿਚੋਂ ਮੈਂ, ਸੀ! ਗੈਰ ਹਾਜ਼ਰ। 27.09.2021 2.12 AM

ਕੀ ਮਾਲਕ ਨੇ ਹੈ ਬਣਾਈ

ਕੀ ਮਾਲਕ ਨੇ ਹੈ ਬਣਾਈ ਐਸੀ ਕੋਈ ਰਾਤ ਜਿਸ ਦੀ ਬਣੀ ਨਾ ਹੋਵੇ , ਹੁਣ ਤੱਕ ਨ ਪ੍ਰਭਾਤ। ਵਕਤ ਨੇ ਤਾਂ ਘੇਰਾ ਪਾਉਣਾ ਹੀ, ਤੂੰ ਡੋਲੀ ਨਾ, ਜੋ ਤੇਰੇ ਨੇ, ਉਹ ਰਹਿਣਗੇ ਨਿਭਾਉਂਦੇ ਸਾਥ।

ਆਪਣੇ ਮਨ ਨੂੰ ਸਮਝਾ ਲੈ

ਆਪਣੇ ਮਨ ਨੂੰ ਸਮਝਾ ਲੈ ਚੰਗਾ ਰਹੇਗਾ, ਦਿਲ ਚਦਰੇ ਨੂੰ ਨੱਥ ਪਾ ਲੈ ਚੰਗਾ ਰਹੇਗਾ। ਪਿਆਰ ਮਹੋਬਤ ਘਾਟੇ ਦਾ ਸੋਦਾ ਨਹੀ ਹੈ, ਸਾਂਝ ਦਿਲਾਂ ਦੀ ਪੁਗਾ ਲੈ ਚੰਗਾ ਰਹੇਗਾ। ਦਿਨ ਪਰੋਣੇ ਰਹਿ ਗਏ ਨੇ ਗਿਣ ਕੇ ਚਾਰ, ਮਨ ਮਟਾਉ ਅੰਦਰੋ ਮਿਟਾ ਲੈ ਚੰਗਾ ਰਹੇ ਗਾ। ਹੱਸ ਕੇ ਦੇਖ ਨਜ਼ਰ ਘੁੰਮਾ ਚਾਰੇ ਪਾਸੇ ਤੂੰ, ਫੁੱਲਾ ਵਾਂਗੂੰ ਰਾਹ ਮਹਿਕਾ ਲੈ ਚੰਗਾ ਰਹੇ ਗਾ। ਇੱਥੇ ਸਭ ਤੇਰਾ ਹੋ ਜਾਵੇ ਗਾ " ਸਵੀ" ਮਿਲ ਕੇ ਰਹਿਣਾ ਆਦਤ ਪਾ ਲੈ ਚੰਗਾ ਰਹੇ ਗਾ।

ਗੀਤ

ਕੁੜੀ ਕੁੜੀ ਪੈਂਡੂ ਮੈਂ ਤੂੰ ਸ਼ਹਿਰ ਦਾ ਖਿਡੋਣਾ, ਵੇ ਤੇਰੀ ਮੇਰੀ ਨਹਿਉਂ ਨਿਭਣੀ ਸੋਹਣਿਆਂ ਚੰਨਾ ਹੱਟ ਜਾ ਤੂੰ ਪਿੱਛੇ ਮੇਰੇ ਆਉਣਾ, ਵੇ ਤੇਰੇ ਮੇਰੀ ਨਹਿਉਂ ਨਿਭਣੀ ਸੋਹਣਿਆਂ। ਮੂੰਡਾ ਨੀ ਮੈਂ ਜਿਉਂਦੇ ਜੀਅ ਸੁਰਗ ਨੂੰ ਜਾਵਾ ਜੇ ਤੇਰੀ ਮੇਰੀ ਗੱਲ ਬਣ ਜੇ ਸੋਹਣੀਏ ਜਿੰਦ ਆਪਣੀ ਮੈਂ ਤੇਰੇ ਨਾ ਲਿਖਾਵਾ ਜੇ ਤੇਰੀ ਮੇਰੀ ਗੱਲ ਬਣ ਜੇ ਸੋਹਣੀਏ। ਕੁੜੀ ਦੁੱਧ ਮੱਖਣਾਂ ਦੇ ਨਾਲ ਪਲੀ ਮੈਂ ਰਕਾਨ ਵੇ ਮਾਪਿਆਂ ਦੀ ਲਾਡਲੀ ਮੈਂ ਪਿੰਡ ਦੀ ਹਾ ਸ਼ਾਨ ਵੇ ਸ਼ਹਿਰ ਆ ਕੇ ਮੈਂ ਪਿੰਡ ਨਹੀ ਭੁਲਾਣਾਂ ਵੇ ਤੇਰੀ ਮੇਰੀ ਨਹਿਉਂ ਨਿਭਣੀ ਸੋਹਣਿਆਂ । ਮੂੰਡਾ ਜੇ ਤੂੰ ਆਖੇ ਬੱਲੀਏ ਮੈਂ ਛੱਡ ਦੇਵਾ ਸ਼ਹਿਰ ਨੀ ਜੀ ਨਹੀ ਹੁੰਦਾ ਹੁਣ ਤੇਰੇ ਤੋ ਬਗੈਰ ਨੀ ਤੇਰਾ ਹਰ ਬੋਲ ਚੰਨੀਏ ਪੁਗਾਵਾਂ ਜੇ ਤੇਰੀ ਮੇਰੀ ਗੱਲ ਬਣ ਜੇ ਸੋਹਣੀਏ। ਕੁੜੀ ਜਾਨ ਤੇਰੀ ਬਣ ਜਾਵਾ ਇੰਨਾਂ ਵੀ ਏ ਸੌਖਾ ਨੀ ਦਿਲ ਤੇਰਾ ਬਣ ਜਾਵੇ ਦੇਣਾ ਤੈਨੂੰ ਮੌਕਾ ਨੀ ਹੁਣ ਛੱਡ ਦੇ ਤੂੰ ਚੰਨਾ ਭਰਮਾਉਣਾ ਵੇ ਤੇਰੀ ਮੇਰੀ ਨਹਿਉਂ ਨਿਭਣੀ ਸੋਹਣਿਆਂ ਮੂੰਡਾ ਤੇਰੇ ਸਾਹਾ ਨਾਲ ਸਾਡੇ ਚੱਲ ਦੇ ਨੇ ਸਾਹ ਪੀ ਸਾਡੇ ਨਾਲ ਸਾਂਝ ਤੂੰ ਪਿਆਰਾ ਵਾਲੀ ਪਾ ਪੀ ਤੈਨੂੰ ਚੁੰਨੀ ਸੀ ਝੜਾ ਕੇ ਲੈ ਜਾਵਾਂ ਜੇ ਤੇਰੀ ਮੇਰੀ ਗੱਲ ਬਣ ਜੇ ਸੋਹਣੀਏ। ਕੁੜੀ ਮੈਂ ਹਾਂ ਸੋਹਣੀ ਜੱਟੀ ਤੂੰ ਮੂੰਡਾ ਥਾਣੇਦਾਰ ਦਾ ਪਿਉ ਮੇਰਾ ਡੀ.ਸੀ. ਤੂੰ ਕੰਮ ਦਾ ਨਾ ਕਾਰ ਦਾ ਹੱਥ ਸਵੀ ਰਣਜੀਤ ਨੇ ਨਹੀ ਆਉਣਾ ਵੇ ਤੇਰੀ ਮੇਰੀ ਨਹਿਉਂ ਨਿਭਣੀ ਸੋਹਣਿਆਂ।

ਗੀਤ

ਆਜਾ ਕਰੀਏ ,ਪਿਆਰ ਦੀਆਂ ਗੱਲਾਂ ਮੇਰੇ ਸੀਨੇ ਵਿਚ ,ਉੱਠਣ ਸੋਹਣਿਆਂ, ਛੱਲਾ ਤੁਹੀਉ ਦੱਸ ਦਿਲ ਤੇਰੇ ਚ ,ਜਗ੍ਹਾ ਕਿੰਝ ਮੈਂ ਮੱਲਾ ਆਜਾ ਕਰੀਏ ,ਦਿਲਾਂ ਦੀਆਂ ਗੱਲਾਂ। ਤੇਰੇ ਵਾਜੋ ਹੋ ਗਈ ਮੈਂ ਤਾ ਝੱਲੀ ਸੱਜਣਾ ਦੁਨੀਆਂ ਦੇ ਵਿਚ ਰਹਿ ਜਾਉ ਮੈਂ ਤਾਂ ਕੱਲੀ ਸੱਜਣਾ ਤਹੀਉ ਦੱਸ ਵਿਛੋੜਾ ਕਿੰਝ ਮੈਂ ਝੱਲਾ ਆਜਾ ਕਰੀਏ ਦਿਲਾਂ ਦੀਆਂ ਗੱਲਾਂ ਦਿਲੋਂ ਜਾਨ ਨਾਲ ਨਿਭਾਉਦੀ ਬਫਾਵਾਂ ਮੈਂ ਰੱਬ ਕੋਲੋ ਮੰਗਦੀ ਨਿਤ ਦੁਆਵਾਂ ਮੈਂ ਸੋਹਣਿਆਂ ਸੱਜਣਾਂ ਖੁਸ਼ੀ ਦੇ ਦੁਆਰਾ ਮੈਂ ਮੱਲਾਂ ਆਜਾ ਕਰੀਏ ਦਿਲਾਂ ਦੀਆਂ ਗੱਲਾਂ। ਅੱਖੀਆਂ ਤੋ ਦੂਰ ਨਾ ਤੂੰ ਜਾਇਆ ਕਰ ਸੋਲ ਜਹੀ ਜਿੰਦ ਨੂੰ ਨਾ ਤੜਫਾਇਆ ਕਰ ਕਾਵਾਂ ਹੱਥ ਸੁਨੇਹੇ ਤੈਨੂੰ ਮੈਂ ਘੱਲਾਂ ਆਜਾ ਕਰੀਏ ਦਿਲਾਂ ਦੀਆਂ ਗੱਲਾਂ । ਤੇਰੇ ਨਾਲ ਸੀ ਸੋਹਣਿਆਂ ਮੌਜ ਬਹਾਰਾਂ ਨਾਲ ਤੇਰੇ ਹੀ ਖਿੜਿਆ ਸਭ ਗੁਲਜਾਰਾਂ ਜੁਦਾਈ ਤੇਰੇ ਨੇ ਪਾ ਦਿੱਤੀਆ ਤਰੱਖਲਾਂ ਆਜਾ ਕਰੀਏ ਦਿਲਾਂ ਦੀਆਂ ਗੱਲਾਂ । ਤੁਸੀ ਰੱਬ ਰਣਜੀਤ ਸਵੀ ਦਾ ਚੰਨਾ ਸੋ ਮੱਕਿਆਂ ਦਾ ਮੱਕਾ ਤੈਨੂੰ ਮੰਨਾ ਹੱਥਾਂ ਵਿਚ ਹੱਥ ਪਾ ਕੇ ਚੱਲਾ ਆਜਾ ਕਰੀਏ ਦਿਲਾਂ ਦੀਆਂ ਗੱਲਾਂ ।

ਨੀਲੇ ਆਸਮਾਨ ਤੇ

ਨੀਲੇ ਆਸਮਾਨ ਤੇ ਬਦਲ ਕਈ ਘੁੰਮੀ ਜਾਦੇਂ ਨੇ ਕਈ ਰੁੱਕਦੇ ਨੇ ਕਈ ਰੁੱਕ ਕੇ ਚਲੇ ਜਾਂਦੇ ਨੇ ਇਸ ਤਰਾਂ ਕਾਫੀ ਦੇਰ ਹੁੰਦਾ ਰਿਹਾ। ਫਿਰ ਆਸਮਾਨ ਤੇ ਚਿੱਟੀ ਚਾਦਰ ਚ ਲਿਪਟੀ ਪਰੀ ਮੇਰੇ ਕੋਲ ਆਉਦੀਂ ਹੈ ਤੇ ਬੋਲਦੀ ਹੈ ਕਿ ਤੂੰ ਮੇਰੇ ਵਲ ਕੀ ਦੇਖ ਰਹੀ ਹੈ? ਕੀ ਲੱਭ ਰਹੀ ਹੈ? ਕੀ ਤੇਰਾ ਕੁਝ ਖੋ ਗਿਆ ਹੈ? ਮੈਂ ਕਿਹਾ ਕੀ ?? ਨਹੀ ਨਹੀ ਮੇਰਾ ਕੁਝ ਨਹੀ ਖੋਇਆਂ ਮੈਂ ਤਾ ਇਹ ਨਜਾਰੇ ਨੂੰ ਖੁਸ਼ੀ ਨਾਲ ਮਾਨ ਰਹੀ ਹਾਂ ਤੇ ਆਸਮਾਨ ਤੇ ਬੱਦਲਾਂ ਦਾ ਘੁੱਲਣਾ ਮਿਲਣਾ, ਪੰਛੀਆਂ ਦੀ ਉਡਾਰ, ਨੀਲੇ ਰੰਗ ਤੋ ਬਿਨਾ ਸਾਰੇ ਰੰਗਾਂ ਨੂੰ ਆਪਣੀ ਗੋਦੀ ਵਿਚ ਇਕੱਠੇ ਕਰਦੇ ਹੋਏ ਦੇਖ ਰਹੀ ਸੀ। ਨਾਲ ਹੀ ਬੱਦਲਾਂ ਨੂੰ ਚੀਰਦੀਆਂ ਹੋਇਆ ਬੂੰਦਾਂ, ਜਿਵੇ ਉਹਨਾਂ ਦੇ ਹੱਥ ਵਿਚ ਇਕ ਬਰਸ਼ ਦਿਤਾ ਹੋਵੇ ਜੋ ਸਾਰੇ ਸ਼ਹਿਰ ਨੂੰ ਸਾਫ,ਪੱਤੀਆਂ ਨੂੰ ਸਾਫ਼ ਕਰਨ ਦਾ ਕੰਮ ਕਰ ਰਹੀਆਂ ਹੋਣ। ਬਸ ਇਹ ਸਭ ਦੇਖ ਕੇ ਖੁਸ਼ੀ ਹੋ ਰਹੀ ਸੀ, ਤੇ ਮੈਂ ਤੇਰੀ ਆਵਾਜ਼ ਨੂੰ ਮਹਿਸੂਸ ਕੀਤਾ। ਮੈਨੂੰ ਇਕ ਗੱਲ ਦੱਸ ਪਰੀ ਤੂੰ ਸਾਰੇ ਆਸਮਾਨ ਤੇ ਇੱਕਲੀ ਹੀ ਰਹਿੰਦੀ ਹੈ। ਮੈਂ ਸੁਣਿਆ ਇਸ ਮੋਸਮ ਚ ਤਾਂ ਆਸ਼ਿਕ ਮਿਲਣ ਨੂੰ ਤਰਸ ਦੇ ਨੇ, ਤੂੰ ਕਿਸ ਨੂੰ ਮਿਲਣ ਆਈ ਹੈ? ਮੇਰੇ ਸਵਾਲਾਂ ਨੂੰ ਸੁਣ ਕੇ ਹੱਸੀ ਤੇ ਕਹਿੰਦੀ ਮੈਂ ਇੱਕਲੀ ਕਿਥੇ ਹਾਂ ਸਾਰਾ ਆਸਮਾਨ ਮੇਰਾ, ਸਾਰੇ ਬੱਦਲ ਮੇਰੇ, ਸਾਰੀਆਂ ਬੂੰਦਾ, ਚਿੱਟੀ ਚਾਦਰ ਚ ਲਿਪਟੀ ਹੋਈ ਧੂੰਦ ਵੀ ਮੈਂ ਹਾਂ,ਇਹ ਸਾਰਾ ਕੁੱਝ ਮੈਂ ਹੀ ਤਾ ਹਾਂ ਇਕਲੀ ਮੈਂ ਨਹੀ ਤੂੰ ਲੱਗ ਰਹੀ ਹੈ? ਨਹੀ ਨਹੀ ਮੈਂ ਵੀ ਇੱਕਲੀ ਨਹੀ ਹਾਂ, ਤੂੰ ਹੈ ਨਾ, ਮੇਰੇ ਨਾਲ ਗੱਲਾਂ ਕਰਦੀ ਹੋਈ ਤਾ ਮੈਂ ਇੱਕਲੀ ਕਿਵੇ ਹੋਈ ? ਸਾਰਾ ਆਸਮਾਨ ਮੇਰਾ ਵੀ ਹੈ, ਸਾਰੇ ਬੱਦਲ, ਸਾਰੀਆਂ ਬੂੰਦਾਂ ਜਿਹਨਾਂ ਨਾਲ ਮੈਂ ਗੱਲਬਾਤ ਕਰ ਰਹੀ ਹਾਂ, ਆਪਾ ਦੋਨੋ ਹੀ ਪਰੀਆਂ ਹਾਂ ਜੋ ਆਸਮਾਨ ਤੇ ਉੱਚੀਆਂ ਉਡਾਰੀਆਂ ਲਾ ਰਹੇ ਹਾਂ। ਬਸ ਫਰਕ ਇਹ ਹੈ ਕਿ ਮੈਂ ਧਰਤੀ ਤੇ ਖੜੀ ਹਾਂ ਤੇ ਤੂੰ ਆਸਮਾਨ ਤੇ ।

ਦਿਨ ਕਵਿਤਾ ਰਾਤ ਹੈ ਕਵਿਤਾ

ਦਿਨ ਕਵਿਤਾ ਰਾਤ ਹੈ ਕਵਿਤਾ, ਦੁਨੀਆ ਦੀ ਹਰ ਜਾਤ ਹੈ ਕਵਿਤਾ। ਮੈ ਹਾਂ ਕਵਿਤਾ ਤੇ ਤੂੰ ਵੀ ਪੜ੍ਹ, ਕਵਿਤਾ ਦੀ ਹਰ ਬਾਤ ਹੈ ਕਵਿਤਾ। ਡੁੱਬ ਦੇ ਸੂਰਜ ਦੀ ਲਾਲੀ ਵੀ, ਚਮਕਦੀ ਹਰ ਡਾਲੀ ਹੈ ਕਵਿਤਾ। ਗੀਤਕਾਰਾਂ ਦੇ ਗੀਤਾਂ ਚ ਮਿਠਾਸ, ਬਜ ਦੀ ਰਹੇ ਜੋ ਤਾਲੀ ਹੈ ਕਵਿਤਾ। ਜਿਉਣ ਦਾ ਢੰਗ ਸਿਖਾਉਣ ਦੀ ਖਾਤਿਰ, ਬਣ ਗਈ ਹਰ ਸੈ਼ਅ ਤੈਨੂੰ ਦੇਖ ਕਵਿਤਾ।

ਉਹ ਸਾਰਾ ਦਿਨ

ਉਹ ਸਾਰਾ ਦਿਨ ਮੈਨੂੰ ਸਾਹਮਣੇ ਬਿਠਾ ਕੇ ਦੇਖ ਦਾ ਰਿਹਾ ਬਹੁਤ ਕੁਝ ਪੁੱਛਦਾ ਰਿਹਾ ਬਿਨਾ ਕੁਝ ਕਹੇ ਮੈਂ ਜਵਾਬ ਦਿਤਾ ਉਸੇ ਦੀ ਭਾਸ਼ਾ ਚ ਚੁੱਪਚਾਪ ਕਾਫੀ ਦੇਰ ਦੀ ਗੁਪਤਗੂਹ ਚਲਦੀ ਰਹੀ ਅੱਖਾਂ ਰਾਹੀ ਫਿਰ ਅਹਿਸਾਸ ਨੇ ਇਕ ਦਸਤਕ ਦਿੱਤੀ ਦਿਲ ਤੇ ਦੋਵਾਂ ਦੇ ਦਿਲਾਂ ਦੀ ਧੜਕਣ ਤੇਜ ਹੋਈ ਕਿਉਂਕਿ ਮੈਂ ਸਭ ਕੁੱਝ ਸਮਝ ਗਈ ਸੀ ਉਸ ਦੇ ਦਿਲ ਦੀ ਗੱਲ ਤੇ ਉਹ ਮੇਰੇ ਦਿਲ ਦੀ ਗੱਲ ਜਿਸ ਚ ਉਮਰਾਂ ਦੀ ਸਾਂਝ ਸੀ ਇੱਕ ਦੂਜੇ ਪ੍ਰਤੀ ਸਮਰਪਣ ਸੀ ਤੇ ਗਹਿਰੇ ਪਾਣੀ ਜਿਹਾ ਪਿਆਰ।

ਧਰਤੀ ਦੀਆਂ ਅੱਖਾਂ

ਧਰਤੀ ਦੀਆਂ ਅੱਖਾਂ ਉਡੀਕਣ ਲੱਗੀਆਂ ਸੂਰਜ ਦੀ ਇੱਕ ਕਿਰਨ ਨੂੰ ਰੋ ਰੋ ਕੇ ਰਾਤ ਹੁੰਝੂਆਂ ਸੰਗ ਹੰਢਾਈ ਸੀ,ਸੂਰਜ ਦੀ ਰੌਸ਼ਨੀ ਨਾਲ ਹੁਣ ਉਹ ਚਮਕਣ ਲੱਗੇ ਧਰਤੀ ਤੇ ਥਾਂ ਥਾਂ ਬਿਖਰੇ ਮੋਤੀਆਂ ਵਾਂਗ ਦਿਲ ਕਰਦਾ ਇਹਨਾਂ ਮੋਤੀਆਂ ਨੂੰ ਬੁੱਕ ਭਰ ਕੇ ਹੱਥਾਂ ਚ ਚੁੱਕ ਲਵਾ ਫਿਰ ਸੋਚਾਂ ਹੱਥਾਂ ਚ ਆ ਕੇ ਤਾਂ ਇਹਨਾ ਮੋਤੀਆਂ ਨੇ, ਬਿਖਰ ਜਾਣਾ ਏ ਫਿਰ ਪਾਣੀ ਬਣ ਹੱਥਾਂ ਚੋ,ਮੋਤੀਆਂ ਨੇ ਵਹਿ ਜਾਣਾ ਏ।

ਮਾਂ ਰੂਹ ਤਾਂ ਹੁੰਦੀ ਹੈ

ਮਾਂ ਰੂਹ ਤਾਂ ਹੁੰਦੀ ਹੈ ਸਗੋ ਭੱਟਕਦੀ ਨਹੀ! ਰਸੋਈ ਵਿਚ ਬੱਚਿਆਂ ਲਈ ਗੋਲ ਰੋਟੀ ਬਣ ਜਾਵੇ ਸਬਜ਼ੀ ਚ ਸਵਾਦ ਬਣ ਜਾਵੇ। ਮਾਂ ਮਾਂ ਹੁੰਦੀ ਹੈ ਸਗੋ ਭਟਕਦੀ ਨਹੀ। ਮਾਂ ਬੱਚਿਆਂ ਲਈ ਪਿਸ ਜਾਵੇ ਰੋਜ ਮਰਾ ਦੀ ਜਿ਼ੰਮੇਵਾਰੀਆਂ ਵਿੱਚ ਕਣਕ ਦੇ ਭੜੋਲਿਆਂ ਚ ਦਾਣਿਆਂ ਦੀ ਤਰ੍ਹਾਂ ਮਾਂ ਮਾਂ ਹੁੰਦੀ ਹੈ ਸਗੋ ਭਟਕਦੀ ਨਹੀ! ਮਾਂ ਬੱਚਿਆਂ ਲਈ ਤਵੇ ਤੇ ਪਾਈ ਰੋਟੀ ਬਣ ਜਾਵੇ ਜੋ ਅੱਗ ਦੇ ਸੇਕ ਤੇ ਵੀ ਰੜ ਜਾਵੇ ਮਾਂ ਦੇ ਹੱਥਾਂ ਦੀਆਂ ਲਕੀਰਾਂ ਚੋ ਪਿਆਰ ਦੇਖਿਆਂ ਜਾ ਸਕਦਾ ਹੈ ਮਾਂ ਮਾਂ ਹੁੰਦੀ ਹੈ ਸਗੋ ਭਟਕਦੀ ਨਹੀ! ਮਾਂ ਬੱਚਿਆਂ ਲਈ ਠੰਡੀ ਸ਼ੀਤ ਲਹਿਰ ਬਣ ਜਾਵੇ ਸੰਘਣੀ ਛਾਂ ਬਣ ਜਾਵੇ ਘਰ ਦੇ ਵੇਹੜੇ ਚ ਖੜ੍ਹੇ ਸੰਘਣੀ ਧੁੰਦ ਨਾਲ ਭਰੇ ਬਰਿਖ ਦੀ ਤਰ੍ਹਾਂ ਮਾਂ ਮਾਂ ਹੁੰਦੀ ਹੈ ਭਟਕਦੀ ਨਹੀ! ਰੂਹਾਂ ਦੀ ਸੰਵੇਦਨਸ਼ੀਲ ਹੁੰਦੀ ਹੈ। ਮਾਂ ਕਦੀ ਵੀ ਨਹੀ ਭੱਟਕਣ ਵਾਲੀ ਨਹੀ ਹੁੰਦੀ ਮਾਂ ਬਸ ਮਾਂ ਹੁੰਦੀ ਹੈ ਤੇ ਜੋ ਭੱਟਕਦੀ ਹੈ ਉਹ ਕਦੀ ਮਾਂ ਨਹੀ ਹੁੰਦੀ।

ਐ ਕਵਿਤਾ ਜਹੇ

ਐ ਕਵਿਤਾ ਜਹੇ ਤੈਨੂੰ ਲੱਭਦੀ ਮੈਂ ਥੱਕ ਗਈ ਹਾਂ ਤੂੰ ਗੁੰਮ ਤਾ ਨਹੀਂ ਮੇਰੀ ਕਵਿਤਾ ਦੀ ਵਾਹ ਵਾਹ ਦੀ ਆਵਾਜ਼ ਚ' ਮੈਨੂੰ ਪਤਾ ਹੈ ਤੂੰ ਉਹ ਵੀ ਸੁੰਨ ਸਕਦਾ ਹੈ ਜੋ ਅਜੇ ਤੱਕ ਮੈਂ ਕਿਹਾ ਨਹੀਂ ਤੂੰ ਉਹ ਵੀ ਦੇਖ ਸਕਦਾ ਹੈ ਜੋ ਅਜੇ ਤੱਕ ਮੈਂ ਲਿਖਿਆ ਨਹੀਂ ਪਰ ਤੂੰ ਮੇਰੀਆਂ ਸੁੰਨੀਆਂ ਰਾਹਾਂ ਤੇ ਮੇਰੇ ਨਾਲ ਚਲੀ ਤੂੰ ਜੋ ਵੀ ਲਿਖਵਾਉਣਾ ਚਾਹੇ ਉਹ ਲਿਖਵਾ ਲਈ ਕਿਉਂਕਿ ਮੈਂ ਕਲਮ ਦੀ ਗੁਲਾਮ ਹਾਂ ਤੇ ਕਲਮ ਤੇਰੀ, ਇੱਕ ਅਨ-ਕਹੀ ਗੱਲ ਚ' ਉਮਰਾਂ ਦੀ ਗੱਲ ਕਹਿਣ ਵਾਲਿਆਂ ਤੂੰ ਮੈਨੂੰ ਕਵਿਤਾ ਸਿਖਾਉਣ ਵਾਲਿਆਂ ਤੂੰ ਕਵਿਤਾ ਜਹੇ ਕਿਤੇ ਤੂੰ ਕਵਿਤਾ ਤਾਂ ਨਹੀ ?

ਚੁੱਪੀ

ਅੱਜ ਮੌਸਮ ਵੀ ਚੁੱਪ ਚਾਪ ਤੈਨੂੰ ਦੇਖ ਰਿਹਾ ਹੈ। ਕਿਉਂ ਮੌਸਮ ਦੇ ਮੁਖੜੇ ਤੋ ਨੂਰ ਗੁੰਮਸ਼ੁਦਗੀ ਦਾ ਸੁਨੇਹਾ ਦੇ ਰਿਹਾ ਹੈ। ਅੱਜ ਹਵਾ ਵੀ ਅੱਗੇ ਵਾਂਗੂੰ ਲਹਿਰਾਉਂਦੀ ਹੋਈ ਕੋਲੋ ਦੀ ਨਹੀ ਲੰਘ ਰਹੀ। ਰਿਸ਼ਤੇ ਵਿੱਚੋ ਵੀ ਮਿਠਾਸ ਹੁਣ ਖੁਦ ਨੂੰ ਹੀ ਲੱਭਣ ਲੱਗੀ ਹੋਈ ਹੈ। ਬਰਸਾਤ ਵੀ ਹੋਲੀ ਹੋਲੀ ਬਿਰਹਾ ਦੇ ਗੀਤ ਗਾਉਣ ਚ ਰੁੱਝੀਂ ਹੋਈ ਹੈ। 1 ਮੂਨਿਸ ਸਿਰਫ ਤੇਰੀ ਚੁੱਪੀ ਕਰਕੇ ਇਹ ਕਾਇਨਾਤ ਵੀ ਉਦਾਸ ਹੋਈ ਪਈ ਹੈ। ਤੇ ਜਿੰਦਗੀ ਖੜੇ ਪਾਣੀ ਵਾਂਗੂੰ ਤੇਰੀ ਉਡੀਕ ਕਰਨ ਲੱਗੀ ਹੋਈ ਹੈ। ਮੇਰੇ ਹਮਦਮ ਐ ਮੇਰੇ ਦੋਸਤ ਇੰਝ ਨਾ ਕਰਿਆ ਕਰ। ਤੈਨੂੰ ਪਤਾ ਤਾਂ ਹੈ ਕਿ ਤੇਰੀ ਲੋੜ ਮੈਨੂੰ ਹਰ ਪਲ ਹਰ ਛਿੰਨ ਰਹਿੰਦੀ ਹੈ। ਕਿਉਂਕਿ ਤੇਰੇ ਬੋਲਾਂ ਨਾਲ ਹੀ ਤਾਂ ਮੈਨੂੰ ਜਿੰਦਗੀ ਮਿਲਦੀ ਹੈ। ਤੇ ਦਿਲ ਨੂੰ ਧੜਕਣ ਦਾ ਕੰਮ। 2 ਮੋਲਾ ਇੰਝ ਮੇਰੀ ਮਨ ਦੇ ਵੇਹੜੇ ਚੋ ਗੈਰ ਹਾਜਰ ਨਾ ਹੋਇਆਂ ਕਰ। 1- ਮੂਨਿਸ -ਪਿਆਰ ਕਰਨ ਵਾਲਾ ਸਾਥੀ, ਦੋਸਤ 2- ਮੋਲਾ - ਖੁਦਾ

ਸੋਚਦੀ ਹਾਂ

ਸੋਚਦੀ ਹਾਂ ਤੈਨੂੰ ਪਿਆਰ ਕਰਾਂ ਕਿ ਨਾ ਕਰਾਂ, ਭੁਲ ਕਰਦੀ ਹਾਂ ਤੈਨੂੰ ਆਪਣਾ ਕਹਿਣ ਦੀ। ਸੋਚਦੀ ਹਾਂ ਫਿਰ ਇਜਹਾਰ ਕਰਾਂ ਕਿ ਨਾ ਕਰਾਂ ਦਿਲ ਕਹਿੰਦਾ ਤੂੰ ਮੇਰਾ ਹੈ ਤੇ ਮੇਰਾ ਹੈ ਵੀ ਨਹੀ ਹੁਣ ਦਿਲ ਤੇ ਐਵਬਾਰ ਕਰਾਂ ਕਿ ਨਾ ਕਰਾਂ। ਉਂਝ ਤਾਂ ਮੇਰੀਆਂ ਦਿਲ ਦੀ ਤਹਿਆਂ ਤਕ ਫੋਲ ਦਿੰਦਾ ਹੈ ਤੂੰ, ਸੋਚਦੀ ਹਾਂ ਇਹ ਦਰਦਾਂ ਤੇ ਵਿਰਹੋ ਦਾ ਵਪਾਰ ਕਰਾਂ ਕਿ ਨਾ ਕਰਾਂ । ਪਹਿਲਾ ਵੇਖਿਆ ਹੈ ਬਹੁਤ ਦਰਦ, ਤੜਫ ਤੇ ਮਜਬੂਰੀ ਇਸ ਵਿਚੋਂ,ਸੋਚਦੀ ਹਾਂ ਫਿਰ ਇਕ ਵਾਰ ਕਰਾਂ ਕਿ ਨਾ ਕਰਾਂ। ਕਦੇ ਦਿਲ ਕਰਦਾ ਇਸ ਤੜਫ ਨੂੰ ਅਲਵਿਦਾ ਕਹਿ ਹੀ ਦੇਵਾਂ ਫਿਰ ਸੋਚਦੀ ਹਾਂ ਇਨਕਾਰ ਕਰਾਂ ਕਿ ਨਾ ਕਰਾਂ। ਹੈ ਤਾਂ ਦਰਦ, ਤੜਫ, ਜੁਦਾਈ ਤੇ ਹੰਝੂਆਂ ਦੀ ਇਕ ਤਿੱਖੀ ਤਲਵਾਰ ਵੀ ਪਰ ਸੋਚਦੀ ਹਾਂ ਇਜਹਾਰ ਇਕ ਵਾਰ ਫਿਰ ਕਰਾਂ ਕਿ ਨਾ ਕਰਾਂ। ਹੁਣ ਸੋਚਦੀ ਹੈ ਰਣਜੀਤ ਸਵੀ ਤੈਨੂੰ ਪਿਆਰ ਕਰੇ ਕਿ ਨਾ ਕਰਾਂ ।

ਚਲਦੇ ਚਲਦੇ ਰੁਕ ਜਾਂਦੇ ਹਾਂ

ਚਲਦੇ ਚਲਦੇ ਰੁਕ ਜਾਂਦੇ ਹਾਂ ਲੰਘਦੇ ਸਮੇਂ ਤੋ ਲੁਕ ਜਾਦੇਂ ਹਾਂ ਫਿਰ ਬੈਠ ਕੇ ਸੋਚੀ ਪੈ ਜਾਦੇ ਹਾਂ ਬਚਪਨ ਵਿੱਚ ਹੀ ਵਹਿ ਜਾਦੇ ਹਾਂ ਸਮਾਂ ਬਹੁਤ ਹੀ ਪਿਆਰਾ ਸੀ ਸਭ ਜਗ ਤੋ ਨਿਆਰਾ ਸੀ ਇਕੱਠੇ ਹੋ ਕੇ ਗਾਦੇਂ ਸੀ ਚਾਰ ਚੰਦ ਲੱਗ ਜਾਦੇਂ ਸੀ। ਪੋਸਨ ਪਾ ਬਈ ਪੋਸਨ ਪਾ ਡਾਕੀਏ ਨੇ ਕਿਆ ਕੀਆ ਸੋ ਰੁਪਏ ਕੀ ਘੜੀ ਚੁਰਾਈ ਅਬ ਤੋ ਜੇਲ ਮੇ ਜਾਨਾ ਪੜੇ ਗਾ ਜੇਲ ਕੀ ਰੋਟੀ ਖਾਨੀ ਪੜੇ ਗੀ ਜੇਲ ਕਾ ਪਾਨੀ ਪੀਨਾ ਪੜੇ ਗਾ ਅਬ ਤੋ ਜੇਲ ਮੇ ਜਾਨਾ ਪੜੇ ਗਾ। ਸਾਰੇ ਲਗਦਾ ਬਚਪਨ ਭੁਲ ਗਏ ਨੇ, ਨਵੀ ਦੁਨੀਆਂ ਵਿੱਚ ਡੁਲ ਗਏ ਨੇ। ਦੁਨਿਆਵੀ ਰੰਗਾਂ ਨਾਲ ਰੰਗ ਲਿਆ, ਰਿਸ਼ਤੇਆਂ ਵਿਚ ਲੱਗ ਜੰਗ ਗਿਆ। ਉਮਰਾਂ ਨਾਲ ਨਾ ਉਮਰ ਤੂੰ ਕੱਢੀ, ਬੱਚਪਨ ਵਾਲੀ ਗੱਲ ਨਾ ਤੂੰ ਛੱਡੀ।

ਮਾਂ ਤੇਰੇ ਵਾਂਗ ਤੇਰੇ ਪੁੱਤ ਨੇ

ਮਾਂ ਤੇਰੇ ਵਾਂਗ ਤੇਰੇ ਪੁੱਤ ਨੇ ਤੇਰਾ ਲਾਡ ਨ ਲਡਾਉਣਾਂ ਏ ਤੂੰ ਉਦੇ ਪਿੱਛੇ ਲੱਗ ਆਪਣਾ ਆਪ ਕਿਉਂ ਗਵਾਉਣਾਂ ਏ। ਪੁੱਤ ਕਪੁੱਤ ਸੁਣੇ ਭਾਵੇ ਮਾਤਾ ਨ ਕੁਮਾਤਾ ਸੁਣੀਆਂ ਅੱਜ ਦੇ ਸਮੇਂ ਵਿੱਚ ਮਾਂ ਹੱਥ ਨੂੰ ਹੱਥ ਵੰਡਾਉਣਾਂ ਏ ਮਾਂ ਆਪਣਾ ਆਪ ਕਿਉਂ ਗਵਾਉਣਾਂ ਏ। ਧੀ ਬਣਾ ਕੇ ਲਿਆਈ ਸੀ ਘਰੇ ਉਹ ਵੀ ਨ ਤੇਰਾ ਦੁੱਖ ਹੁਣ ਸੁਣੇ ਛੱਡ ਬੈਠੀ ਹੈ ਕਿਸ ਸਹਾਰੇ ਇਹ ਗੱਲ ਤੈਨੂੰ ਮੈਂ ਸਮਝਾਉਣਾਂ ਏ ਮਾਂ ਆਪਣਾ ਆਪ ਕਿਉਂ ਗਵਾਉਣਾਂ ਏ। ਧੀਆਂ ਤੇਰੀਆਂ ਨੇ ਮੱਥੇ ਹੱਥ ਮਾਰਿਆ ਏ ਹਾਲ ਦੇਖ ਅੰਦਰੋਂ ਮਨ ਸਾੜਿਆਂ ਏ ਤੂੰ ਦਰਦੀ ਆਪਣਾ ਸਾਨੂੰ ਮੰਨਦੀ ਨਾ ਪੀੜ ਬਾਪੂ ਵਾਲੀ ਤੈਨੂੰ ਦਿਖਾਉਣਾਂ ਏ ਮਾਂ ਆਪਣਾ ਆਪ ਕਿਉਂ ਗਵਾਉਣਾਂ ਏ। ਹੱਥ ਜੋੜ ਅਰਦਾਸ ਮੰਗਦੀ ਹੁਣ"ਸਵੀ ਹਮੇਸ਼ਾ ਅਸੀਂ ਖੁਸ਼ੀ ਤੇਰੀ ਚਾਈ ਏ ਜੇ ਕਿਸਮਤ ਵਿੱਚ ਸਾਥ ਨ ਰਿਹਾ ਆਪਣਾ ਦੁੱਖ ਕਿਸ ਨੂੰ ਸੁਣਾਉਂਣਾ ਏ ਮਾਂ ਆਪਣਾ ਆਪ ਕਿਉਂ ਗਵਾਉਣਾਂ ਏ। ਮਾਂ ਤੇਰੇ ਵਾਂਗ ਤੇਰੇ ਪੁੱਤ ਨੇ ਤੇਰਾ ਲਾਡ ਨ ਲਡਾਉਣਾਂ ਏ ਤੂੰ ਉਦੇ ਪਿੱਛੇ ਲੱਗ ਆਪਣਾ ਆਪ ਕਿਉਂ ਗਵਾਉਣਾਂ ਏ

ਚੱਲ ! ਅੱਜ ਫਿਰ ਤੋਂ

ਚੱਲ ! ਅੱਜ ਫਿਰ ਤੋਂ ਕੁੱਝ ਪਲਾਂ ਲਈ ਅਜਨਬੀ ਬਣ ਜਾਈਏ। ਤੂੰ ਮੈਨੂੰ ਨਾ ਜਾਣੇ ਮੈਂ ਤੈਨੂੰ ਨਾ ਪਹਿਛਾਣੇ! ਪਰ ਫਿਰ ਸੋਚਾਂ, ਇਦਾ ਕਿਦਾ ਹੋ ਜਾਵੇਗਾ। ਇਕ ਇਕ ਸਾਹ ਚ੍ਹ ਤਾ ਤੂੰ ਵੱਸ ਗਿਆ ਹੈ ਖੂਨ ਦੀ ਰਫ਼ਤਾਰ ਦੇ ਨਾਲ ਨਾਲ ਦੋੜਦਾ ਹੈ ਮੇਰੇ ਜਿਸਮ ਚ੍ਹ , ਕਿਵੇ ਇੰਨਾਂ ਦੂਰ ਚੱਲ ਕੇ ਫਿਰ ਤੋਂ ਉਹੀ ਸਫ਼ਰ ਸ਼ੁਰੂ ਕੀਤਾ ਜਾਵੇ। ਹਾਂ ਇਦਾ ਕਰਨਾ ਮੁਸ਼ਕਿਲ ਹੈ ਆਪਾ ਦੋਵਾਂ ਲਈ ਪਰ ਫਿਰ ਵੀ, ਚਲੋਂ! ਕੁਝ ਪਲਾਂ ਲਈ ਫਿਰ ਤੋਂ ਅਜਨਬੀ ਬਣ ਜਾਈਏ।

ਹੋਂਦ ਮੇਰੀ ਦੀ ਖਾਮੋਸ਼ੀ ਨੂੰ

ਹੋਂਦ ਮੇਰੀ ਦੀ ਖਾਮੋਸ਼ੀ ਨੂੰ ਹਾਰ ਨਾ ਸਮਝੀ ਪਰਖ਼ ਰਹੀਂ ਹਾਲਾਤ ਨੂੰ ਲਾਚਾਰ ਨਾ ਸਮਝੀ। ਹਰ ਬੰਦਾ ਰਾਹਾਂ ਦੇ ਵਿਚ ਚੋਕਸ ਹੁੰਦਾ ਹੈ ਆਪਣੇ ਨੁਕਤੇ ਦੇ ਕੇ ਹੁਸ਼ਿਆਰ ਨਾ ਸਮਝੀ। ਔਰਤ ਹਾਂ ਕਮਜ਼ੋਰ ਸ਼ਬਦ ਤੋਂ ਦੂਰੀ ਚੰਗੀ ਭੁੱਲ ਕੇ ਵੀ ਘੁੰਗਰੂਆਂ ਦੀ ਛਣਕਾਰ ਨਾ ਸਮਝੀ। ਖੁੱਲੇ ਡੁੱਲੇ ਦਿਲ ਦੀ ਮਾਲਕ ਹੈ ਸਦਾ "ਸਵੀ" ਸਮਿਆਂ ਹੱਥੋਂ ਹਾਰੀ ਮੁਟਿਆਰ ਨਾ ਸਮਝੀ।

ਮੈਂ ਇਕ ਔਰਤ ਹਾਂ

ਜਦ ਤੂੰ ਪਹਿਲੀ ਵਾਰ ਮੈਨੂੰ ਦੇਖਿਆ ਤੇ ਸਮਝਿਆਂ ਹੋਵੇਗਾਂ। ਤਾਂ ਮੇਰੀ ਵਿਸ਼ਾਲਤਾ ਨਿਮਰਤਾ,ਪ੍ਰੇਮ,ਪਿਆਰ ਅਤੇ ਤਿਆਗ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਕ ਔਰਤ ਕਿਹਾ ਹੋਵੇਗਾਂ। ਮੈਂ ਤੈਨੂੰ ਜੰਮਣ ਵਾਲੀ ਤੇਰੀ ਮਾਂ ਹਾਂ ਤੇਰੀ ਭੈਣ ਹਾਂ ਤੇਰੀ ਧੀ ਹਾਂ ਤੇ ਤੈਨੂੰ ਪਿਆਰ ਦੇਣ ਵਾਲੀ ਤੇਰੀ ਮਹਿਬੂਬਾ ਅਤੇ ਪਤਨੀ ਵੀ ਹਾਂ, ਮੇਰੇ ਨੈਂਣ ਤੈਨੂੰ ਡੂੰਗੇ ਸਾਗਰ ਨੀਲੇ ਪਾਣੀ ਜਹੇ ਜਾਪਦੇ ਨੇ। ਜਿਸ ਵਿਚ ਹਮੇਸ਼ਾਂ ਤੈਰਨਾ ਚਾਹੁੰਦਾਂ ਹੈ। ਤੇ ਜਦੋਂ ਤੈਨੂੰ ਮੇਰੀ ਛੂਹ ਮਿਲਦੀ ਹੈ ਤਾਂ ਮੇਰਾ ਪਿਆਰ ਤੈਨੂੰ ਉਹਨਾਂ ਸਿਖਰਾਂ ਤੇ ਲੈ ਜਾਂਦਾ ਹੈ, ਜਿਥੇ ਕੁਝ ਹੋਰ ਪਾਉਣ ਦੀ ਇੱਛਾਂ ਹੀ ਨਹੀਂ ਰਹਿੰਦੀ, ਤੇ ਤੇਰੇ ਦਿਲ 'ਚ ਉੱਠਣ ਵਾਲੇ ਉਹਨਾਂ ਵਲਵਲਿਆਂ ਨੂੰ ਮੈਂ ਸ਼ਾਤ ਕਰਦੀ ਹਾਂ।ਮੈਂ ਸਿਰਫ਼ ਤੇਰੀ ਸੇਜ ਸਜਾਉਣ ਵਾਲੀ ਨਹੀਂ ਤੇ ਨਾ ਹੀ ਘਰ ਵਿਚ ਪਈ ਹੋਈ ਕੋਈ ਬੇਜਾਨ ਵਸਤੂ, ਮੇਰੇ ਦਿਲ ਵਿਚ ਵੀ ਧੜਕਣ ਹੈ ਜੋ ਤੇਰੇ ਹੀ ਦਿਲ ਵਾਂਗ ਧੜਕਦੀ ਹੈ। ਮੈਂ ਸਿਰਫ ਪਿੰਜਰੇ 'ਚ ਰਹਿਣ ਵਾਲੀ ਚਿੜੀ ਨਹੀਂ ਹਾਂ ਮੈਨੂੰ ਵੀ ਤੇ ਉੱਡਣਾ ਆਉਦਾਂ ਹੈ। ਇਹ ਆਸਮਾਨ ਇੱਕਲਾ ਤੇਰੇ ਲਈ ਕਿਉਂ, ਮੈਂ ਵੀ ਤਾਂ ਉਡਣਾ ਚਾਹੁੰਦੀ ਹਾਂ ਤੇਰੇ ਬਰਾਬਰ ਖੰਭ ਫੈਲਾ ਕੇ । ਸੁਣ ਜੇ ਤੈਨੂੰ ਮੇਰੇ ਉੱਤੇ ਅਧਿਕਾਰ ਜਤਾਉਣਾ ਇੰਨਾਂ ਚੰਗਾ ਲੱਗਦਾ ਏ ਤਾਂ ਮੈਨੂੰ ਵੀ ਤਾਂ ਕੁੱਝ ਹੱਕ ਦੇ? ਜਦੋਂ ਮੈਂ ਅਤੇ ਤੂੰ ਇਕੱਠੇ ਹੋਏ ਤੇਂ ਸਿਰਫ ਤੇ ਸਿਰਫ ਰੂਹਾਂ ਦੀ ਵਸਤਰਹੀਣਤਾਂ ਹੋਵੇ। ਜੋ ਤੂੰ ਕਹੇ ਉਹ ਤੂੰ ਹੋਵੇ। ਜੋ ਮੈਂ ਕਹਾ ਉਹ ਮੈਂ ਹੋਵਾ। ਤੇਰੇ ਤੇ ਮੇਰੇ ਵਿਚਕਾਰ ਕੋਈ ਲਕੀਰ ਨਾ ਹੋਵੇ ਮੈਂ ਹੀ ਕਿਉਂ ਮੋਮ ਦੀ ਮੂਰਤੀ ਵਾਂਗ ਆਪਣਾ ਆਪ ਪਿੰਘਲਾਵਾਂ ਮੈਂ ਸਿਰਫ਼ ਇਕ ਔਰਤ ਨਹੀ ਹਾਂ। ਬਲਕਿ ਇਹ ਪੂਰਾ ਬ੍ਰਹਿਮੰਡ ਹਾਂ ਜਿਸ ਦੀ ਦੇਣ ਤੂੰ ਕਦੀ ਵੀ ਨਹੀ ਦੇ ਸਕਦਾ। ਤੇ ਔਰਤ ਦੀ ਪ੍ਰੀਭਾਸ਼ਾ ਦੇਣ ਲੱਗੇ ਤੂੰ ਹਮੇਸ਼ਾ ਨਿਰ-ਸ਼ਬਦ ਰਹੇਗਾਂ!!

ਉਤਰਦੇ ਇਨਸਾਨੀ ਮਖੋਟੇ

ਕੋਈ ਕਹਿੰਦਾ ਪੂਜਾ ਤਾਂ ਮਰ ਗਈ ਕੋਈ ਕਹਿੰਦਾ ਦਮ ਤੋੜ ਗਈ । ਮਰੀ ਤਾਂ ਹੈ ਇਨਸਾਨੀਅਤ ਮਰੀ ਹੈ ਅੱਜ ਤੁਹਾਡੀ ਸੋਚ ਬਸ, ਨਹੀਂ ਮਰੀ ਤਾਂ ਪੂਜਾ ਪੂਜਾ ਤਾ ਉਦੋਂ ਤੱਕ ਜਿੰਦੀ ਰਹੀ ਗੀ ,ਜਦੋਂ ਤੁਸੀ ਆਪਣੀ ਨਜ਼ਰਾ ਚ' ਉਸ ਨੂੰ ਨਹੀਂ ਮਾਰਦੇ। ਜਦੋ ਤੱਕ ਚਾਹੋਗੇ ਪੂਜਾ ਨੂੰ ਸਟੇਜਾਂ ਤੇ ਨੱਚਦੇ ਹੋਏ ਦੇਖੋਗੇ, ਜਦੋਂ ਤੱਕ ਚਾਹੋਗੇ ਪੂਜਾ ਆਪਣਾ ਲੱਕ ਹਿਲਾਉਦੀ ਰਹੀ ਗੀ, ਆਪ ਸਭ ਦਾ ਮਨ ਪ੍ਰਚਾਉਣ ਲਈ। ਜਦੋਂ ਤੱਕ ਚਾਹੋਗੇ ਉਸ ਦੇ ਪੈਰੀ ਘੁੰਗਰੂ ਬੰਨੇ ਰਹਿਣ ਗੇ। ਕਿਉਂਕਿ ਇਹ ਸਭ ਕੁੱਝ ਤੁਹਾਡੀ ਸੋਚ ਦੀ ਉਪਜ ਨਾਲ ਹੀ ਸਿਰਜੀਆਂ ਜਾਂਦਾ ਹੈ। ਕੀ ਹੋਇਆ ਉਹ ਨੱਚਦੀ ਨੱਚਦੀ ਦਮ ਤੋੜ ਗਈ। ਤੁਹਾਡੀ ਫੋਕੀ ਸ਼ੋਹਰਤ ਤੇ ਟੋਹਰ ਅੱਗੇ, ਚਲੋ ! ਜੋ ਕੁੱਝ ਹੋਇਆ ਰੱਬ ਦਾ ਭਾਣਾ ਮੰਨ ਲੈਦੇ ਹਾਂ। ਕਿਉਂਕਿ ਇਹ ਕਿਸ ਨੇ ਚਾਹਿਆ ਸੀ ਕੀ ਇਦਾ ਹੋ ਜਾਵੇ , ਉਹ ਤਾਂ ਬਸ ਕਿਸਮਤ ਦੀ ਸ਼ਿਕਾਰ ਬਣ ਗਈ, ਇਹ ਉਸ ਦੇ ਲੇਖਾ ਚ' ਹੀ ਲਿਖਿਆ ਹੋਇਆ ਸੀ। ਮਗਰ! ਤੁਹਾਡੀ ਸੋਚ ਨੂੰ ਕੀ ਘੁਣ ਲੱਗ ਗਿਆ ਸੀ, ਕਿ ਇਨਸਾਨੀਅਤ ਸੀ ਭੁੱਲ ਗਏ ਹੋ, ਉਦੇ ਸਰੀਰ ਦੀ ਦੁਰਗਤੀ ਤੱਕ ਕਰ ਗਏ । ਉਸ ਨੂੰ ਇੰਨੀ ਬੇਰਹਿਮੀ ਨਾਲ ਖਸੀਟਦੇ ਹੋਏ ਉਥੋ ਲੈ ਗਏ । ਐ! ਇਨਸਾਨੀਅਤ ਦੇ ਪੈਗੰਬਰੋ ਤੁਹਾਨੂੰ ਰੱਤਾ ਵੀ ਤਰਸ ਨਹੀ ਆਇਆ, ਤੁਹਾਡਾ ਦਿਲ ਨਹੀਂ ਰੋਇਆ ਕੀ ਘੱਟ ਤੋ ਘੱਟ ਜਿਉਂਦੇ ਜੀ ਨਹੀ ਮੋਈ ਨੂੰ ਤਾਂ ਇਜਤ ਦੇ ਦਿੰਦੇ। ਕੀ ਹੋਇਆ ਜੇ ਉਹ ਮਿੱਟੀ ਹੀ ਸੀ । ਘੱਟੋ ਘੱਟ ਉਸਨੂੰ ਪੈਰੀ ਤਾਂ ਨਾ ਰੋਲਦੇ। ਆਪਣੇ ਜਿਸਮ ਦੀ ਨੁਮਾਇਸ਼ ਕਰਨਾ, ਸਟੇਜੀ ਨੱਚਣਾ ਉਦਾਂ ਕੋਈ ਸ਼ੋਕ ਤਾਂ ਨਹੀ ਸੀ। ਪਤਾ ਨਹੀ ਕਿੰਨੀਆਂ ਜਿੰਦਾਂ ਨੂੰ ਪਾਲਣ ਦੀ ਜਿੰਮੇਵਾਰੀਆਂ, ਉਦੇ ਨਾਲ ਜੁੜਿਆ ਹੋਣਗੀਆਂ ਇਕ ਤਾਂ ਅੱਜ ਇਸ ਜਾਲਮ ਸੰਸਾਰ ਨੂੰ ਬਿਨਾਂ ਦੇਖਿਆ ਹੀ ਜਹਾਨੋ ਤੁਰ ਗਿਆ । ਕਿ ਉਸ ਨੂੰ ਇਸ ਜਹਾਨ ਚ' ਸਾਹ ਲੈਣ ਦਾ ਕੋਈ ਹੱਕ ਨਹੀ ਸੀ। ਚਲੋ ਜੋ ਹੋਇਆ ਇਕ ਪਾਸੇ ਰਹਿਣ ਦਿਉ। ਬਸ ਇਕ ਇਨਸਾਨੀਅਤ ਦਾ ਫਰਜ਼ ਤਾਂਙ ਅਦਾ ਕਰ ਦਿੰਦੇ, ਕੋਈ ਚਿੱਟੇ ਕਪੜੇ ਨਾਲ ਤਾਂ ਉਸਨੂੰ ਢੱਕ ਦਿੰਦੇ। ਫਿਰ ਕੋਈ ਸ਼ਿਕਵਾ ਜਾ ਗਿਲਾ ਨਾ ਹੁੰਦਾ ਮਗਰ! ਤੁਸੀ ਤਾ ਅਖੋਤੀ ਇਨਸਾਨੀਅਤ ਦਾ ਮਖੋਟਾ ਪਾ ਕੇ ਚੁੱਪ ਚਾਪ ਖੜੇ ਬਸ ਤਮਾਸ਼ਾ ਦੇਖ ਰਹੇ ਸੀ । ਕਿਸੇ ਨੂੰ ਵਿਆਹ ਦਾ ਫ਼ਿਕਰ , ਕਿਸੇ ਨੂੰ ਆਪਣੇ ਭਾਈ ਬਚਾਉਣ ਦਾ ਫ਼ਿਕਰ ਕਿਸੇ ਨੂੰ ਬਦਨਾਮੀ ਦਾ। ਮਗਰ! ਕਿਸੇ ਨੇ ਉਸ ਲੜਕੀ ਬਾਰੇ ਨਹੀਂ ਸੋਚਿਆ । ਹਾ! ਅੱਜ ਪੂਜਾ ਮਰ ਗਈ ਇਕ ਇਨਸਾਨੀ ਵੈਸ਼ਿਅਤ ਦੀ

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਣਜੀਤ ਕੌਰ ਸਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ