Punjabi Poetry : Sarfaraz Safi
ਪੰਜਾਬੀ ਕਵਿਤਾਵਾਂ : ਸਰਫ਼ਰਾਜ਼ ਸਫ਼ੀ
ਝੱਲਿਆ! ਜੀ ਨੂੰ ਜੀ ਹੁੰਦੀ ਏ
ਝੱਲਿਆ! ਜੀ ਨੂੰ ਜੀ ਹੁੰਦੀ ਏ ਹੋਰ ਮੁਹੱਬਤ ਕੀ ਹੁੰਦੀ ਏ ਤੇਰਾ ਮੁਖੜਾ ਵੇਖ ਕੇ ਸੋਚਾਂ ਐਸੀ ਸੂਰਤ ਵੀ ਹੁੰਦੀ ਏ! ਆਸ਼ਿਕ ਨਾ ਸਾਹ ਦੇਂਦੇ ਡਰਦੇ ਨਾ ਬੁਲ੍ਹਾਂ ਤੇ ਸੀ ਹੁੰਦੀ ਏ ਹਰ ਇਕ ਦਿਲ ਦੀ ਪ੍ਰੇਮ ਕਹਾਣੀ ਸਮਝੋ ਸੱਚੀ ਹੀ ਹੁੰਦੀ ਏ ਪਹਿਲੇ ਤੋੜ ਦੀ ਬੋਤਲ ਵਰਗੀ ਪੂਰੀ ਕਿੱਥੇ ਪੀ ਹੁੰਦੀ ਏ ਪਿਓ ਦਾ ਲੱਕ ਜੋ ਦੋਹਰਾ ਕਰਦੀ ਉਹ ਮਾੜੇ ਦੀ ਧੀ ਹੁੰਦੀ ਏ ਯਾਰ 'ਸਫ਼ੀ' ਹੁਣ ਮੈਂ ਕੀ ਦੱਸਾਂ ਆਖ਼ਿਰ ਉਲਫ਼ਤ ਕੀ ਹੁੰਦੀ ਏ
ਇਸ਼ਕ ਨੇ ਐਸਾ ਛੱਜ ਵਿਚ ਪਾ ਕੇ
ਇਸ਼ਕ ਨੇ ਐਸਾ ਛੱਜ ਵਿਚ ਪਾ ਕੇ ਛੱਟਿਆ ਯਾਰ ਸਾਰੇ ਜੱਗ ਨੇ ਮੂੰਹ ਮੇਰੇ ਤੋਂ ਵੱਟਿਆ ਯਾਰ ਪਿਛਲੀ ਰਾਤ ਦੇ ਤਾਰੇ ਮੈਥੋਂ ਪੁਛਦੇ ਨੇ ਹਿਜਰ ਇਲਾਵਾ ਤੂੰ ਕੀ ਜਗ ਤੋਂ ਖੱਟਿਆ ਯਾਰ ਉਹ ਤਿਤਲੀ ਤੋਂ ਨਾਜ਼ੁਕ ਦਿਲ ਦੀ ਪੱਥਰ ਏ ਜਿਹਨੇ ਮੇਰੀ ਆਸ ਦਾ ਬੂਟਾ ਪੁੱਟਿਆ ਯਾਰ ਤੋੜ ਗਿਆ ਉਹ ਤਸਬੀ ਮੇਰੇ ਸਾਹਵਾਂ ਦੀ ਵਿਰਦ ਮੈਂ ਜਿਸਦਾ ਧੜਕਣ ਧੜਕਣ ਰਟਿਆ ਯਾਰ ਨੈਣ ਮਿਲਾ ਕੇ ਕੱਖੋਂ ਹੌਲੇ ਹੋ ਗਏ ਆਂ ਕੀ ਨੈਣਾਂ ਨੇਂ ਖੱਟਿਆ ਤੇ ਕੀ ਵੱਟਿਆ ਯਾਰ ਆਪਣੇ ਮਾਰ ਕੇ ਬੰਦਾ ਛਾਵੀਂ ਸੁੱਟਦੇ ਨੇ ਸੱਜਣ ਮੈਨੂੰ ਮਾਰ ਕੇ ਧੁੱਪੇ ਸੁੱਟਿਆ ਯਾਰ
ਇਹ ਨਾ ਆਖੀਂ ਹਿਜ਼ਰਾਂ ਦੇ ਵਿੱਚ
ਇਹ ਨਾ ਆਖੀਂ ਹਿਜ਼ਰਾਂ ਦੇ ਵਿੱਚ ਤੇਰੇ ਵੈਣ ਨਈਂ ਦਿੱਤੇ ਦਿੱਤੇ ਨੇ ਪਰ ਅਪਣੇ ਵੀ ਮੈਂ ਕੰਨੀ ਪੈਣ ਨਈਂ ਦਿੱਤੇ ਝੰਡੇ ਅਣਖਾਂ ਲੱਜਾਂ ਵਾਲੇ ਭੁੰਜੇ ਢੈਣ ਨਈਂ ਦਿੱਤੇ ਭਾਂਵੇ ਸਾਡੇ ਜੁੱਸਿਆਂ ਨਾਲ ਵੀ ਬਾਜ਼ੂ ਰਹਿਣ ਨਈਂ ਦਿੱਤੇ ਤਾਂ ਵੱਡਿਆਂ ਨੂੰ ਮੇਰਾ ਜੀਣ ਕਸਾਰਾਂ ਵਾਂਗੂੰ ਚੁੱਭਦਾ ਛੋਟੇ ਲੋਕੀ ਮੈਂ ਇਹਨਾਂ ਦੇ ਪੈਰੀਂ ਬਹਿਣ ਨਈਂ ਦਿੱਤੇ ਜਿੰਨੇ ਆਖੇ ਤੇਰੇ ਵਰਗੇ ਸੋਹਣੇ ਸਿੱਧੇ ਆਖੇ ਤੇਰੇ ਮੁੱਖ ਨੇ ਸ਼ਿਅਰ ਵੀ ਮੈਨੂੰ ਕੋਝੇ ਕਹਿਣ ਨਈਂ ਦਿੱਤੇ ਢਿਡਾਂ ਉੱਤੇ ਪੱਥਰ ਬੰਨਕੇ ਖ਼ੰਦਕ ਖੱਟੀ ਅਨਵਰ ਦੁਸ਼ਮਣ ਅੱਗੇ ਭੁੱਖ ਵੀ ਟੇਕਣ ਨੈਣ ਪਰੈਣ ਨਈਂ ਦਿੱਤੇ
ਕੀ ਜ਼ਿਕਰ ਕਰਾਂ ਮੈਂ ਹਾਣੀ ਦਾ
ਕੀ ਜ਼ਿਕਰ ਕਰਾਂ ਮੈਂ ਹਾਣੀ ਦਾ ਓਹ ਚਸ਼ਮਾ ਮਿੱਠੇ ਪਾਣੀ ਦਾ ਓਹਦੀ ਪੋਰ ਪੋਰ ਵਿਚ ਚਾਨਣ ਏ ਚੇਤਰ ਦੇ ਚੰਨ ਤੋਂ ਵੱਧ ਕੋਈ ਓਹਦੇ ਲੂੰ ਲੂੰ ਦੇ ਵਿਚ ਜੋਬਨ ਏ ਮਾਸ਼ੂਕ ਬਦਨ ਤੋਂ ਵੱਧ ਕੋਈ ਓਹ ਹੀਰ ਏ ਦਿਲ ਦੇ ਬੇਲੇ ਦੀ ਓਹ ਵੰਚਲੀ ਸੁਰ ਦੇ ਮੇਲੇ ਦੀ ਓਹ ਗੀਤ ਏ ਪੇ੍ਮ ਕਹਾਣੀ ਦਾ ਓਹ ਚਸ਼ਮਾ ਮਿੱਠੇ ਪਾਣੀ ਦਾ ਓਹ ਚੇਤ ਵਿਸਾਖ ਦੀ ਧੁੱਪ ਵਰਗੀ ਸਰਘੀ ਤੋਂ ਪਹਿਲੀ ਚੁੱਪ ਵਰਗੀ ਉਹ ਸੁਰਖ਼ ਲਬਾਂ ਦੀ ਲਾਲੀ ਜੇਈ ਓਹ ਜੋਗਨ ਜੇਈ ਮਤਵਾਲੀ ਜੇਈ ਓਹ ਸੁਪਨੇ ਵਾਂਗ ਖਿਆਲੀ ਜੇਈ ਤੇ ਹੂਰਾਂ ਵਾਂਗ ਨਿਰਾਲੀ ਜੇਈ ਦਿਲ ਆਸ਼ਿਕ ਏ ਮਰਜਾਣੀ ਦਾ ਓਹ ਚਸ਼ਮਾਂ ਮਿੱਠੇ ਪਾਣੀ ਦਾ
ਜੈਸੀ ਖ਼ੁਸ਼ਬੂ ਹਾਣੀ ਵਿਚ
ਜੈਸੀ ਖ਼ੁਸ਼ਬੂ ਹਾਣੀ ਵਿਚ ਵੈਸੀ ਰਾਤ ਦੀ ਰਾਣੀ ਵਿਚ ਰੱਬ ਬਣਾਇਆ ਤੈਨੂੰ ਯਾਰ ਚੰਨ ਘੋਲ਼ ਕੇ ਪਾਣੀ ਵਿਚ ਗੀਤ ਸੀ ਤੇਰੇ ਚੂੜੇ ਦੇ ਸੁਰ ਸੀ ਨਾਲ਼ ਮਧਾਣੀ ਵਿਚ ਵੰਝਲੀ ਰੋਜ਼ ਵਜਾਂਦਾ ਏ ਰਾਂਝਾ ਕਬਰ ਪੁਰਾਣੀ ਵਿਚ ਹਿਜਰ ਇਲਾਵਾ ਕੀ ਏ ਯਾਰ ਸਭ ਦੀ ਪ੍ਰੇਮ ਕਹਾਣੀ ਵਿਚ ਰਿੜ੍ਹਕਾਂ ਅੱਖ ਦੇ ਪਾਣੀ ਨੂੰ ਪਾਣੀ ਪਾਵਾਂ ਪਾਣੀ ਵਿਚ ਨਿੱਕੀ ਉਮਰੇ ਮਿਲਿਆ ਸੀ ਕੋਈ ਰਾਤ ਸੁਹਾਣੀ ਵਿਚ ਯਾਦ ਤੇਰੀ ਦਾ ਹਾੜਾ ਏ ਮੇਰੀ ਜਿੰਦ ਨਿਮਾਣੀ ਵਿਚ ਦੁਨੀਆ ਸਾਨੂੰ ਲੱਭੀ ਨਾ ਦੁਨੀਆ ਖ਼ਸਮਾਂ ਖਾਣੀ ਵਿਚ ਯਾਰ ਸਫ਼ੀ ਜੀ ਦੱਸਾਂ ਕੀ ਤੰਦ ਰਹੇ ਨਾ ਤਾਣੀ ਵਿਚ