Punjabi Poetry : Dr. Surinder Gill
ਪੰਜਾਬੀ ਕਵਿਤਾਵਾਂ : ਡਾ. ਸੁਰਿੰਦਰ ਗਿੱਲ
ਸਿਰ ਨਾ ਖਾਹ
ਸੱਥ ‘ਚ ਕੱਠੇ ਹੁੰਦੇ ਪੜ੍ਹੇ- ਲਿਖੇ ਸੇਵਾ ਮੁਕਤ ਵਿਅਕਤੀ ਮੈਂ ਕਹਿ ਬੈਠਾ “ਆਓ ਪੰਜਾਬੀ ਕਵਿਤਾ ਦੀ ਗੱਲ ਕਰੀਏ” “ਕਵਿਤਾ ? ਇਸ ਵਿਗਿਆਨਕ ਯੁੱਗ ‘ਚ ਕਵਿਤਾ ਦੀ ਗੱਲ ਕਵਿਤਾ ਬੀਤੇ ਯੁੱਗ ਦੀ ਕੋਈ ਕਹਾਣੀ ਹੋਈ ਕਵਿਤਾ ਤਾਂ ਬੁੱਢੀ ਹੋ ਚੁੱਕੀ ਹੁਣ ਤਾਂ ਮੁਟਿਆਰਾਂ ਦਾ ਯੁੱਗ ਹੈ ਰਾਜਨੀਤੀ ਦੀ ਚਰਚਾ ਜਾਂ ਕੋਈ ਤੇਜ਼ ਤਰਾਰ ਚੁੱਟਕਲਾ ਛੱਡੋ.. ਹੁਣ ਕਵਿਤਾ ਤੋਂ ਕੀ ਲੈਣਾ? ਜਾਹ ਤੂੰ ਏਥੋਂ ਚਲਾ ਜਾਹ ਐਵੇਂ ਸਿਰ ਨਾ ਖਾਹ,,,,,,।”
ਦਿਮਾਗ ਧੋਂਣਾ (ਬ੍ਰੇਨ ਵਾਸ਼)
ਮੇਰੇ ਨਗਰ ਦੇ ਇਕ ਪਾਰਕ ਵਿਚ ਨਿੱਤ ਇਕੱਤਰ ਹੁੰਦੇ ਸੇਵਾ ਮੁਕਤ ਕਰਮਚਾਰੀ ਤੇ ਅਧਿਕਾਰੀ ਪੜ੍ਹੀਆਂ ਸੁਣੀਆਂ ਤਾਜ਼ੀਆਂ ਖਬਰਾਂ ਰਾਰਨੀਤੀ ‘ਤੇ ਚਰਚਾ ਹੁੰਦੀ ਰਾਜਨੀਤਕ ਆਗੂਆਂ ਦੇ ਬਿਆਨ ਮੋਦੀ ਅਤੇ ਟਰੰਪ ਦੀ ਨਿੰਦਿਆ ਜਾਂ ਗੁਣਗਾਨ ਗ਼ਰਮਾ ਗ਼ਰਮੀ ਖਹਿਬੜ ਪੈਂਦੇ ਆਪਣੇ ਪਰਿਵਾਰਕ ਮਸਲੇ ਜਾਂ ਆਲੇ-ਦੁਆਲੇ ਦੀ ਗੱਲ ਨਾ ਕਰਦੇ ਜਿਉਂ ਆਥਣ ਡੂੰਘੀ ਹੋਵੇ ਦਾਰੂ-ਪਾਣੀ ਦੀ ਗੱਲ ਚੱਲੇ ਜੇਕਰ ਕੋਈ ਸਾਮੀ ਫ਼ਸ ਜਾਵੇ ਤਾਂ ਵਾਹ ਵਾਹ ਨਹੀਂ ਤਾਂ ਕੰਨ ਝਾੜ ਕੇ ਘਰ ਨੂੰ ਤੁਰ ਜਾਂਦੇ ਨੇ ਘਰ ਵਾਲੀ ਦੀ ਮਿੰਨਤ ਕਰਕੇ ਅਧੀਆ, ਪਊਆ ਲੈ ਕੇ ਟੀ ਵੀ, ਸਾਹਵੇਂ ਬਹਿ ਜਾਂਦੇ ਨੇ ਪੂੰਜੀਵਾਦ ਦੀ ਕੋਝੀ ਰਾਜਨੀਤੀ ਨੇ ਅਧੁਨਿਕ ਯੁੱਗ ਦੀ ਮੱਧ-ਸ਼੍ਰੇਣੀ ਦੀ ਸੋਚ ਬਦਲ ਕੇ ਰੱਖ ਦਿੱਤੀ ਹੈ ਲੋਕਾਂ ਦਾ ਦਿਮਾਗ ਹੀ ਧੋ ਦਿੱਤਾ ਹੈ ਅੰਗਰੇਜ਼ੀ ਵਾਲੇ ਇਸ ਨੂੰ ‘ਬ੍ਰੇਨ ਵਾਸ਼’ ਕਹਿੰਦੇ ਹਨ।
ਸੁਭਾਵਕ ਘਟਨਾ
ਜੀਵਨ ਦੀ ਇਸ ਆਥਣ ਵੇਲੇ ਨਿਕੇ ਵੱਡੇ ਕਈ ਝਮੇਲੇ ਮੱਨ ਦਾ ਮਿਰਗ ਥੱਕਿਆ ਥੱਕਿਆ ਸੰਗੀ ਸਾਥੀ , ਰਿਸ਼ਤੇ ਨਾਤੇ, ਮਿੱਤਰ ਪਿਆਰੇ ਪਤਝੜ ਦੇ ਪੀਲੇ ਪੱਤਿਆਂ ਵਾਂਙ ਝੜਦੇ ਜਾਂਦੇ ਮਰ ਮੁੱਕ ਗਏ ਮਿੱਤਰਾਂ ਦਾ ਸੋਗ ਮਨਾਵਣ ਵੇਲੇ ਮਨ ਦੀ ਕਿਸੇ ਨੁੱਕਰੋਂ ਆਪਣਾ ਚੇਤਾ ਆਵੇ ਅੱਜ ਉਹ ਤੁਰਿਆ ਕੱਲ੍ਹ ਨੂੰ ਕਿਸ ਦੀ ਵਾਰੀ ਕਰੋ ਤਿਆਰੀ ਨਾ ਕੋਈ ਡਰ ਨਾ ਚਿੰਤਾ ਕੋਈ ਇਹ ਤਾਂ ਆਮ ਜਿਹਾ ਵਰਤਾਰਾ ਕਿਸੇ ਵੀ ਦਿਨ ਆਪਾਂ ਵੀ ਇਹ ਭਰਿਆ ਮੇਲਾ ਛੱਡ ਜਾਣਾ ਹੁਣ ਨਾ ਕੋਈ ਅਨੋਖਾ ਭਾਣਾ ਹੁਣ ਤਾਂ ਇਹ ਕੋਈ ਅਤਿ ਸੁਭਾਵਕ ਘਟਨਾ।
ਚੇਤੇ ਦੀ ਪੁਸਤਕ ਦੇ ਪੰਨੇ
ਬਚਪਨ ਤੋਂ ਬੁਢਾਪੇ ਤਕ ਦੇ ਸਫ਼ਰ ਕੁਝ ਚੰਗੀਆਂ ਕੁਝ ਮੰਦੀਆਂ ਘਟਨਵਾਂ ਘਟੀਆਂ ਸਮੇਂ ਸਮੇਂ ਟੱਕਰੇ ਕੁਝ ਪਿਆਰੇ ਤੇ ਕੁਝ ਹੱਤਿਆਰੇ ਲੋਕ ਮਨ ਤਨ ਉੱਤੇ ਪੀੜ ਪਰੁੱਚੇ ਜ਼ਖਮ ਤੇ ਕਈ ਸੁਰਗ ਹੁਲਾਰੇ। ਰਲਗੱਡ ਹੋਏ ਸਾਰੇ ਦੇ ਸਾਰੇ ਮਨ ਮੇਰੇ ਦੇ ਚਿਤ੍ਰਪਪਟ ‘ਤੇ ਉੱਭਰ ਰਹੇ ਨੇ ਲੱਖ ਭੁਲਾਉਣ ਦੇ ਯਤਨ ਕਰਾਂ ਪਰ ਨਹੀਂ ਭੁੱਲਦੇ। ਇਹਨਾਂ ਦੁੱਖਾਂ ਸੁੱਖਾਂ ਚੋਂਹੀ ਗੀਤਾਂ ਤੇ ਕਵਿਤਾਵਾਂ ਦੀ ਰਚਨਾ ਹੋਈ ਉਨ੍ਹਾਂ ਪਿਆਰੇ ਅਤੇ ਕੌੜੇ ਪਲਾਂ ਨੂੰ ਆਪਣੇ ਇਤਿਹਾਸ ਦੇ ਪੰਨਿਆਂ ਵਿਚੋਂ ਕਿਸ ਤਰਾਂ ਮਨਫ਼ੀ ਕਰਾਂ? ਇਹ ਮੇਰੀ ਚੇਤੇ ਦੀ ਪੁਸਤਕ ਦੇ ਪੰਨੇ ਇਕ ਜਿਉਂਦਾ ਜਾਗਦਾ ਇਤਿਹਾਸ ਨੇ।
ਖੋਮਾਨੇਈ
ਇਹ ਜੋ ਉੱਚੇ ਤਖਤ ਤੋਂ ਹੁਕਮਨਾਮਾ ਦੇ ਨਾਂ ‘ਤੇ ਕੱਟੜ ਅਤੇ ਕਠੋਰ ਬਿਆਨ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੁੰਦੇ ਸੱਭੇ ਸਾਂਝੀਵਾਲ’ ਕਥਨ ਦਾ ਘੋਰ ਨਿਰਾਦਰ ਦੂਰ ਪੰਜਾਬ ਦੇ ਖੇਤਾਂ ‘ਚ ਕੰਮ ਕਰਦੇ ਕਿਸਾਨਾਂ, ਕਾਮਿਆਂ, ਕਿਰਤੀਆਂ ਤੇ ਜਨ ਸਧਾਰਣ ਨੂੰ ਕੁਝ ਸਮਝ ਨਾ ਆਵੇ! ਸਿਰ ਚਕਰਾਵੇ ਚਿੱਤ ਘਬਰਾਵੇ ਜਨ ਸਧਾਰਣ ਸੋਚੀਂ ਡੁੱਬੇ ਅਤੇ ਹੈਰਾਨ, ਪ੍ਰੇਸ਼ਾਨ ਦੇਖੋ! ਕਿਧਰੇ ਗੁਰਧਾਮਾਂ ਤੇ ਆਇਤਉੱਲਾ ਖੋਮਾਨੇਈ ਆ ਕੇ ਕਾਬਜ਼ ਤਾਂ ਨਹੀਂ ਹੋ ਗਿਆ?
ਲਹੂ
ਇਹ ਲਹੂ ਮੇਰੇ ਪੰਜਾਬ ਦਾ ਹੈ ਧਰਤੀ ’ਤੇ ਡੁਲ੍ਹਿਆ ਰੰਗ ਨਹੀਂ ਇਹ ਲਹੂ ਮੇਰੇ ਪੰਜਾਬ ਦਾ ਹੈ ਕੋਈ ਸ਼ਹਿਰ ਦਿੱਲੀ ਜਾਂ ਅੰਮ੍ਰਿਤਸਰ ਮੇਰਾ ਪਿੰਡ ਰੂਮੀ ਜਾਂ ਪ੍ਰੀਤ ਨਗਰ ਜਿਧਰੋਂ ਵੀ ਚੰਦਰੀ ਸੋਅ ਆਵੇ ਮੇਰੇ ਦਿਲ ਵਿੱਚ ਡੂੰਘੀ ਲਹਿ ਜਾਵੇ ਇਹ ਜੋ ਚੌਕ ’ਚ ਲਹੂ-ਲੁਹਾਣ ਪਿਆ ਇਹ ਪੰਨਾ ਮੇਰੀ ਕਿਤਾਬ ਦਾ ਹੈ ਕਲ੍ਹ ਰਾਤ ਪਿੰਡ ਦੀਆਂ ਨਿਆਈਆਂ ’ਚੋਂ ਤੜ ਤੜ ਤੜ ਤੜ ਆਵਾਜ਼ ਪਈ ਹਰ ਮੂੰਹ ’ਤੇ ਸਹਿਮ ਦਾ ਜੰਦਰਾ ਸੀ ਹਰ ਅੱਖ ਸੀ ਜੀਕਣ ਤਿੜਕ ਗਈ ਜਿਹਨੂੰ ‘ਅਣਪਹਿਚਾਣੀ ਲਾਸ਼’ ਕਹਿਣ ਇਹ ਸ਼ਵ ਤਾਂ ਕਿਸੇ ਗੁਲਾਬ ਦਾ ਹੈ ਕੁਝ ਸ਼ੈਤਾਨਾਂ ਦੀ ਚਾਲ ਸਹੀ ਸਾਡੀ ਜੂਨ ਤਾਂ ਖ਼ਰਾਬ ਹੋਈ ਕਿਉਂ ਸ਼ਹਿਰ ਦੇ ਮੱਥੇ ਸਹਿਮ ਜਿਹਾ ਕਿਉਂ ਪਿੰਡ ਦੀ ਸੱਥ ਬੇਆਬ ਹੋਈ ਇਸ ਚੰਦਰੀ ਬਵਾ ਦੀ ਜੜ੍ਹ ਫੜੀਏ ਇਹ ਲੇਖਾ ਕਿਸ ਹਿਸਾਬ ਦਾ ਹੈ ਧਰਤੀ ’ਤੇ ਡੁਲਿਆ ਰੰਗ ਨਹੀਂ ਇਹ ਲਹੂ ਮੇਰੇ ਪੰਜਾਬ ਦਾ ਹੈ ਇਹ ਤੱਤਾ ਲਹੂ ਪੰਜਾਬ ਦਾ ਹੈ ਇਹ ਗਾੜ੍ਹਾ ਲਹੂ ਪੰਜਾਬ ਦਾ ਹੈ