Punjabi Ghazlan/Ghazals : Karamjit Singh Gathwala

ਪੰਜਾਬੀ ਗ਼ਜ਼ਲਾਂ : ਕਰਮਜੀਤ ਸਿੰਘ ਗਠਵਾਲਾ

ਦਿਨ ਵੇਲੇ ਜੋ ਲੜਦਾ ਸੀ ਦੂਜਿਆਂ ਲਈ ਦਰਿਆਵਾਂ ਨਾਲ

ਦਿਨ ਵੇਲੇ ਜੋ ਲੜਦਾ ਸੀ ਦੂਜਿਆਂ ਲਈ ਦਰਿਆਵਾਂ ਨਾਲ ।
ਸ਼ਾਮ ਪੈਂਦਿਆਂ ਲੜਨ ਲੱਗ ਪਿਆ ਆਪਣੇ ਸਕੇ ਭਰਾਵਾਂ ਨਾਲ ।

ਘਰ ਵਿੱਚ ਰੋਗੀ ਵੀ ਕੋਈ ਹੋਵੇ ਸਾਰੇ ਸਹਿਮ ਹੈ ਛਾ ਜਾਂਦਾ,
ਮਰੀ ਜ਼ਮੀਰ ਤੇ ਕੋਈ ਨਹੀਂ ਡਿੱਠਾ ਮਾਤਮ ਕਰਦਾ ਆਹਵਾਂ ਨਾਲ ।

ਸਾਰੀ ਦੁਨੀਆਂ ਸੋਹਣੀ ਕਰਨੀ ਆਪਣੇ ਘਰ ਦਾ ਗੰਦ ਹੂੰਝੋ,
ਹੋਕਾ ਦਿੱਤਿਆਂ ਕੁਝ ਨਹੀਂ ਬਣਨਾ ਨਾ ਕੁਝ ਬਣੇ ਸਭਾਵਾਂ ਨਾਲ ।

ਸਿਦਕ ਦਿਲੀ ਨਾਲ ਪੈਰ ਪੁਟ ਤੇ ਯਾਰ ਨੂੰ ਦਿਲ ਵਸਾਈ ਰੱਖ,
ਹਿੰਮਤ ਨੂੰ ਖੰਭ ਲਗ ਜਾਂਦੇ ਨੇ ਮੰਗੀਆਂ ਦਿਲੀ ਦੁਆਵਾਂ ਨਾਲ ।

ਸੋਹਣਾ ਜੇ ਤੂੰ ਬਣਨਾ ਚਾਹੇਂ ਸੋਹਣਾ ਕੁਝ ਵਿਖਾ ਕਰ ਕੇ,
ਮਨ ਵਿਚ ਬਹੁਤੀ ਥਾਂ ਨਹੀਂ ਮਿਲਦੀ ਐਵੇਂ ਮਸਤ ਅਦਾਵਾਂ ਨਾਲ ।

ਜੁਰਅਤ ਵਾਲੇ ਨਾਲ ਕਜ਼ਾ ਟਕਰਾਂਦੇ ਨੇ

ਜੁਰਅਤ ਵਾਲੇ ਨਾਲ ਕਜ਼ਾ ਟਕਰਾਂਦੇ ਨੇ ।
ਕਾਇਰ ਲੋਕੀਂ ਪਾਰੇ ਜਿਉਂ ਥਰਰਾਂਦੇ ਨੇ ।

ਪੈਰੀਂ ਜੁੱਤੀ ਪਾਈ ਜਿਨ੍ਹਾਂ ਅਸੂਲਾਂ ਦੀ,
ਰਾਹ ਦੇ ਕੰਡੇ ਮਿੱਧਦੇ ਟੁਰਦੇ ਜਾਂਦੇ ਨੇ ।

ਮਨ ਦਾ ਸਾੜਾ ਸਾੜ ਸੁਆਹ ਕਰ ਦਿੰਦੇ ਜੋ,
ਚਿਹਰੇ ਨੂਰੀ ਉਨ੍ਹਾਂ ਦੇ ਹੋ ਜਾਂਦੇ ਨੇ ।

ਨਾਲ ਬੁੱਢਿਆਂ ਬੁੱਢੇ ਭੋਲੂ ਸੰਗ ਭੋਲੂ,
ਉਹੀਓ ਲੋਕੀ ਪੌਣਾਂ ਨੂੰ ਮਹਿਕਾਂਦੇ ਨੇ ।

ਧੌਂਸ ਕਿਸੇ ਦੀ ਸਹਿਣੀ ਮਿਹਣਾ ਸਮਝਣ ਜੋ,
ਮਾੜੇ ਸਾਹਵੇਂ ਧੌਣ ਨਹੀਂ ਅਕੜਾਂਦੇ ਨੇ ।

(ਕਜ਼ਾ=ਮੌਤ)

ਆਪਣੀ ਰਾਹ ਤੇ ਤੁਰਦੇ, ਕਿੰਨੇ ਹੀ ਕੰਡੇ ਹੂੰਝੇ

ਆਪਣੀ ਰਾਹ ਤੇ ਤੁਰਦੇ, ਕਿੰਨੇ ਹੀ ਕੰਡੇ ਹੂੰਝੇ ।
ਅੱਖੀਂ ਜੋ ਅੱਥਰੂ ਆਏ, ਬਾਹਾਂ ਦੇ ਨਾਲ ਪੂੰਝੇ ।

ਅਜੇ ਦੂਰ ਸੀ ਲੜਾਈ, ਜ਼ਰਾ ਤੇਜ਼ ਵਾ ਵੱਗੀ;
ਜਾ ਦੂਰ ਕਿਤੇ ਡਿੱਗੇ, ਸਾਥੀ ਅੱਕ ਵਾਲੀ ਰੂੰ ਦੇ ।

ਜਿੱਥੇ ਜੀ ਚਾਹੇ ਖੇਡੋ, ਸਾਰਾ ਹੀ ਘਰ ਹੈ ਖਾਲੀ;
ਮੈਂ ਸੁਪਨੇ ਬੁਣ ਰਿਹਾ ਹਾਂ, ਬੈਠਾ ਹਾਂ ਇੱਕ ਖੂੰਜੇ ।

ਐ ਕਾਸ਼ ਬਣ ਹੀ ਜਾਏ, ਮੇਰੇ ਸੁਪਨਿਆਂ ਦੀ ਦੁਨੀਆਂ;
ਹਰ ਇਕ ਦਾ ਵਿਚ ਫ਼ਿਜ਼ਾ ਦੇ, ਉੱਚਾ ਹੋ ਹਾਸਾ ਗੂੰਜੇ ।

ਯਾਦਾਂ ਦੀ ਰੌਸ਼ਨੀ ਵਿਚ, ਅੱਜ ਫੇਰ ਭਾਲਦਾ ਹਾਂ;
ਮੇਰੇ ਤ੍ਰੇਲ ਵਰਗੇ ਮੋਤੀ, ਡਿੱਗੇ ਸੀ ਜਿਹੜੇ ਭੂੰਜੇ ।

ਵੇਖੋ ਕੀਹਦੇ ਹੱਥ ਵਿੱਚ ਆਈਆਂ ਸ਼ਾਹੀਆਂ ਨੇ

ਵੇਖੋ ਕੀਹਦੇ ਹੱਥ ਵਿੱਚ ਆਈਆਂ ਸ਼ਾਹੀਆਂ ਨੇ ।
ਲੋਕਾਂ ਦੇ ਮੂੰਹ ਫਿਰ ਗਈਆਂ ਹੁਣ ਸਿਆਹੀਆਂ ਨੇ ।

ਕੋਈ ਸ਼ਾਹੀ ਲੈ ਅੱਗੇ, ਸ਼ੁਕਰ ਹਜ਼ਾਰਾਂ ਕਰਦਾ ਸੀ,
ਸ਼ਾਹ ਬਣਦਿਆਂ ਉਹਨੇ, ਬੇਨਤੀਆਂ ਠੁਕਰਾਈਆਂ ਨੇ ।

ਧੌਣ ਹੱਥ ਵਿੱਚ ਉਸਦੇ ਆਪੇ ਦੇ ਕੇ ਪਿੱਛੋਂ ਪੁੱਛਦੇ ਹੋ,
ਛੁਰੀਆਂ ਗਰਦਨ 'ਤੇ ਕੀਹਨੇ, ਆਣ ਚਲਾਈਆਂ ਨੇ ?

ਕਲਮ ਦਾ ਮੂੰਹ ਵੀ ਖੁੰਢਾ ਕਰ ਗਈਆਂ ਕੁਝ ਗਰਜ਼ਾਂ ਨੇ,
ਇਨਕਲਾਬ ਭੁੱਲਾ ਕੇ, ਫੇਰ ਅਰਜ਼ੀਆਂ ਪਾਈਆਂ ਨੇ ।

ਜੇ ਕੋਈ ਉਚਾ ਬੋਲੇ, ਬੈਠਣ ਉਹਦੇ ਸਿਰ੍ਹਾਣੇ ਆ,
ਹਾਣ-ਲਾਭ ਦੀਆਂ ਗੱਲਾਂ, ਸਭਨਾਂ ਨੇ ਸਮਝਾਈਆਂ ਨੇ ।

ਦੋਸਤੀ ਦੇ ਦੂਰ ਘਰ ਨੇ ਆਖਿਆ ਸੀ ਰਹਿਣ ਦੇ

ਦੋਸਤੀ ਦੇ ਦੂਰ ਘਰ ਨੇ ਆਖਿਆ ਸੀ ਰਹਿਣ ਦੇ ।
ਜ਼ਿੰਦਗੀ ਜੋ ਦੇ ਰਹੀ ਏ ਆਪੇ ਸਾਨੂੰ ਸਹਿਣ ਦੇ ।

ਵਿਚ ਹਨੇਰੇ ਨਾਲ ਗੱਲਾਂ ਉਸਰੇ ਜਿਹੜੇ ਮਹਿਲ ਨੇ;
ਚਾਨਣ ਦੀ ਛਿੱਟ ਪੈਣ ਤੇ ਢਹਿੰਦੇ ਨੇ ਜੇਕਰ ਢਹਿਣ ਦੇ ।

ਦਿਲ ਦੇ ਵਿੱਚੋਂ 'ਵਾਜ਼ ਉੱਠ ਕੇ ਬੁੱਲ੍ਹਾਂ ਤੱਕ ਹੈ ਆ ਗਈ;
ਹੁਣ ਤੂੰ ਮੈਨੂੰ ਰੋਕ ਨਾ ਸਾਰੀ ਦੀ ਸਾਰੀ ਕਹਿਣ ਦੇ ।

ਅੱਖੀਆਂ ਤੇ ਹੱਥ ਧਰਕੇ ਕਦ ਭਲਾ ਰੁਕਦੇ ਨੇ ਇਹ;
ਮੱਲੋਮੱਲੀ ਵਹਿ ਰਹੇ ਨੇ ਹੰਝੂ ਜਿਹੜੇ ਵਹਿਣ ਦੇ ।

ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲਦੀਆਂ

ਤੇਰੇ ਨਾਲ ਇਕੱਠੀਆਂ ਤੁਰੀਆਂ ਰੁਕ ਰੁਕ ਤੈਨੂੰ ਭਾਲਦੀਆਂ ।
ਹੁੰਦੀਆਂ ਸੀ ਤਰੀਫ਼ਾਂ ਬੜੀਆਂ ਸੁਹਣਿਆਂ ਤੇਰੀ ਚਾਲ ਦੀਆਂ ।

ਪਹਿਲਾ ਤੀਰ ਹੀ ਸਿੱਧਾ ਆਇਆ ਤੈਨੂੰ ਜ਼ਖ਼ਮੀ ਕਰ ਗਿਆ ਉਹ,
ਕਿਧਰ ਗਈਆਂ ਨੇ ਪਕਿਆਈਆਂ ਤੇਰੀ ਢਾਲ ਕਮਾਲ ਦੀਆਂ ।

ਸ਼ਰਮਦਿਆਂ ਤੇ ਡਰਦਿਆਂ ਉਸਤੋਂ ਸਾਰੀ ਉਮਰ ਗੰਵਾ ਲਈ ਏ,
ਵਿੱਚ ਖ਼ਿਆਲਾਂ ਗੱਲਾਂ ਕਰਦੈਂ ਉਸ ਦੇ ਨਾਲ ਵਿਸਾਲ ਦੀਆਂ ।

ਮੀਂਹ ਵੀ ਆਉਣਾ ਚਿਕੜ ਹੋਣਾ ਇਹ ਨਿਯਮ ਨੇ ਕੁਦਰਤ ਦੇ,
ਤਿਲਕਦੀਆਂ ਪਰ ਉਹੀ ਜਿੰਦਾਂ ਜੋ ਨਾ ਪੈਰ ਸੰਭਾਲਦੀਆਂ ।

ਸੁਟ ਸੁਟ ਗਏ ਵਕਤਾਂ 'ਤੇ ਹੰਝੂ ਕੀ ਖੱਟਣਾ ਕੀ ਖਾਣਾ ਤੂੰ,
ਭਿਜਿਆ ਫਿਰਦੈਂ ਸਾਰਾ ਮੀਂਹ ਵਿਚ ਗੱਲਾਂ ਕਰਦੈਂ ਕਾਲ ਦੀਆਂ ।

ਗ਼ਜ਼ਲਾਂ ਲਿਖ ਲਿਖ ਹੁੱਬੀਂ ਜਾਵੇਂ ਆਪੂੰ ਪੜ੍ਹ ਪੜ੍ਹ ਖ਼ੁਸ਼ ਹੋਵੇਂ,
ਕੀ ਕੰਮ ਇਹ ਲਿਖੀਆਂ ਪੜ੍ਹੀਆਂ ਜੋ ਨਾ ਲਹੂ ਉਬਾਲਦੀਆਂ ।

ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁੜ੍ਹੇ

ਲਾਲੀ ਤੱਕ ਕਿਸੇ ਦੇ ਚਿਹਰੇ ਕਿਉਂ ਪਈ ਤੇਰੀ ਜਿੰਦ ਕੁੜ੍ਹੇ ।
ਮੂੰਹ ਤੇਰਾ ਤਾਂ ਖੁਲ੍ਹਣਾ ਕੀ ਸੀ ਜਾਪਣ ਮੈਨੂੰ ਦੰਦ ਜੁੜੇ ।

ਪਾਰ ਲੰਘੇ ਜੋ ਵਾਹ ਵਾਹ ਖੱਟਣ ਸਾਰੇ ਚੁੱਕਦੇ ਹੱਥਾਂ ਤੇ,
ਉਹ ਕਿਸੇ ਨੂੰ ਯਾਦ ਨਾ ਆਵਣ ਜੋ ਨੇ ਤਿੱਖੇ ਵਹਿਣ ਰੁੜ੍ਹੇ ।

ਤੂੰ ਸੋਚੇਂ ਇਹ ਨਾਲ ਨੇ ਮੇਰੇ ਉੱਚੀ ਨਾਅਰੇ ਲਾਉਂਦੇ ਨੇ,
ਇਹ ਹੋਰਾਂ ਦੇ ਨਾਲ ਵੀ ਜਾਵਣ ਬੈਠੇ ਤੇਰੇ ਨਾਲ ਜੁੜੇ ।

ਮੰਜ਼ਿਲ ਉਹਨੇ ਵਿਖਾਈ ਨੇੜੇ ਸਾਰੇ ਉੱਠ ਕੇ ਭੱਜ ਤੁਰੇ,
ਰਾਹ ਤੱਕ ਜਾਂਦੇ ਜਾਂਦੇ ਵੇਖਿਆ ਪਿੱਛੇ ਕਿੰਨੇ ਲੋਕ ਮੁੜੇ ।

ਵਸਲ ਹੋਇਆ ਮੂੰਹ ਸ਼ਾਂਤੀ ਡਿੱਠੀ 'ਅਸ਼ ਅਸ਼' ਕਰਦੇ ਲੋਕੋ,
ਹੇਠਾਂ ਵੱਲ ਵੀ ਨਿਗਾਹ ਮਾਰ ਲਉ ਕਿੰਨੇ ਕੰਡੇ ਪੈਰ ਪੁੜੇ ।

ਬੜੇ ਚਿਰਾਂ ਦੇ ਬਾਦ ਉਹਦੇ ਹੱਥ ਆਈ ਚੰਗੀ ਬਾਜ਼ੀ ਏ

ਬੜੇ ਚਿਰਾਂ ਦੇ ਬਾਦ ਉਹਦੇ ਹੱਥ ਆਈ ਚੰਗੀ ਬਾਜ਼ੀ ਏ ।
ਸਾਡੇ ਉੱਤੇ ਤੁਹਮਤ ਲਾਵੇ ਉਸਦੀ ਜ਼ੱਰਾ-ਨਿਵਾਜ਼ੀ ਏ ।

ਨਫ਼ਰਤ ਪਾਲ ਮਨਾਂ ਵਿਚ ਅਪਣੇ ਬੰਨ੍ਹੇ ਹੱਥ ਗ਼ੁਲਾਮ ਬਣੇ,
ਇਸ਼ਕ ਓਸ ਦਾ ਯਾਦ ਕਰੋ ਜਿਸ ਇਹ ਕੁਦਰਤ ਸਾਜੀ ਏ ।

ਜਿਸਨੇ ਉਹਨੂੰ ਯਾਰ ਬਣਾਕੇ ਗ਼ੈਰਾਂ ਕੋਲੇ ਵੇਚ ਦਿੱਤਾ,
ਤੂੰ ਕਹੇਂ ਉਹ ਬੜਾ ਵਪਾਰੀ ਮੈਂ ਕਹਾਂ ਉਹ ਪਾਜੀ ਏ ।

ਆਪਣੀ ਗ਼ੈਰਤ ਆਪਣੇ ਹੱਥੀਂ ਜਿਸ ਨੇ ਵੀ ਨੀਲਾਮ ਕਰੀ,
ਲੱਖ ਲੜਾਈਆਂ ਜਿੱਤੇ ਭਾਵੇਂ ਬਣਨਾ ਕਦੇ ਨਾ ਗ਼ਾਜ਼ੀ ਏ ।

ਆਲੇ-ਦੁਆਲੇ ਨਾਲ ਓਸ ਦਾ ਇੱਟ-ਖੜੱਕਾ ਰਹਿੰਦਾ ਏ,
ਪੰਜ ਨਮਾਜ਼ਾਂ ਰੋਜ਼ ਉਹ ਪੜ੍ਹਦਾ ਜਾਪੇ ਪੂਰਾ ਨਮਾਜ਼ੀ ਏ ।

ਮਸਤ-ਮਲੰਗ ਜਦੋਂ ਦਾ ਹੋਇਆ, ਚਿਹਰਾ ਦਗਦਗ ਕਰਦਾ ਏ,
ਕਿਉਂ ਹੁਣ ਧੌਂਸ ਕਿਸੇ ਦੀ ਝੱਲੇ, ਕੀ ਉਸਨੂੰ ਮੁਹਤਾਜੀ ਏ ।

ਸੂਹੇ ਫੁੱਲ ਗੁਲਾਬ ਨੂੰ ਤੱਕਿਆਂ, ਕਿਉਂ ਤੇਰੇ ਮੂੰਹ ਜਰਦ ਫਿਰੀ

ਸੂਹੇ ਫੁੱਲ ਗੁਲਾਬ ਨੂੰ ਤੱਕਿਆਂ, ਕਿਉਂ ਤੇਰੇ ਮੂੰਹ ਜਰਦ ਫਿਰੀ ?
ਹਿੰਮਤ ਦਾ ਫਲ ਕਿਸੇ ਜੇ ਖਾਧਾ, ਕਿਉਂ ਤੇਰੇ ਦਿਲ ਕਰਦ ਫਿਰੀ ?

ਕਿਤੇ ਉਮੀਦ ਦਾ ਬੱਦਲ ਵਰ੍ਹਿਆ, ਬੈਠਾ ਦੱਸ ਕਿਉਂ ਝੂਰੇਂ ਤੂੰ ?
ਨਾ ਕੋਈ ਤੇਰਾ ਕੋਠਾ ਚੋਇਆ, ਨਾ ਹੈ ਕਿਧਰੇ ਕੰਧ ਗਿਰੀ ।

ਉਹ ਤੈਨੂੰ ਸੀ ਬਹੁਤ ਪਿਆਰਾ ਜਿਸਦੀ ਗੁੱਡੀ ਅਸਮਾਨ ਚੜ੍ਹੀ,
ਤੇਰੀ ਗੁੱਡੀ ਨੂੰ ਕਿਉਂ ਏਦਾਂ ਲੱਗਦੈ, ਜਿਦਾਂ ਉਹ ਵਿੱਚ ਗਰਦ ਘਿਰੀ ।

ਜਿਸਦੀ ਹਰ ਇਕ ਗੱਲ 'ਤੇ ਕਰਦਾ ਤੂੰ ਰੱਬ ਜਿੰਨਾਂ ਭਰੋਸਾ ਸੀ,
ਕਿਉਂ ਉਸ ਲਈ ਮਨ ਦੀ ਗੁੱਠ ਆ ਬੈਠਾ ਸੱਪ ਸ਼ੱਕ ਦਾ ਕੱਢ ਸਿਰੀ ।

ਸਾਥੀ ਅੱਗੇ ਤੋਰਨ ਲੱਗਿਆਂ ਕਿੰਨਾਂ ਕੁਝ ਤੂੰ ਆਖਿਆ ਸੀ,
ਹੁਣ ਤਾਂ ਤੇਰੀ ਪੱਕੀ ਗੱਲ ਵੀ ਲਗਦੀ ਸਭਨਾਂ ਨੂੰ ਹੈ ਗੱਪ ਨਿਰੀ ।

ਮੈਨੂੰ ਸ਼ਬਦ ਸਦਾਵਾਂ ਦਿੰਦੇ ਨੇ, ਕੁਝ ਕਰਨ ਲਈ, ਕੁਝ ਕਰਨ ਲਈ

ਮੈਨੂੰ ਸ਼ਬਦ ਸਦਾਵਾਂ ਦਿੰਦੇ ਨੇ, ਕੁਝ ਕਰਨ ਲਈ, ਕੁਝ ਕਰਨ ਲਈ ।
ਡਾਕੂ ਆਣ ਵੜੇ, ਸਭ ਉੱਠ ਖੜੇ, ਕੁਝ ਡਰਨ ਲਈ, ਕੁਝ ਮਰਨ ਲਈ ।

ਲਹਿਰਾਂ ਦੇ ਬੁਲਾਵੇ ਆਉਂਦੇ ਨੇ, ਤਾਂ ਖੂਨ ਉਬਾਲੇ ਖਾਂਦਾ ਏ;
ਲੋਕੀ ਭੱਜ ਉਨ੍ਹਾਂ ਵੱਲ ਜਾਂਦੇ ਨੇ, ਕੁਝ ਤੱਕਣ ਲਈ, ਕੁਝ ਤਰਨ ਲਈ ।

ਜੋ ਚੜ੍ਹਦਾ ਏ, ਉਹ ਲਹਿੰਦਾ ਏ, ਜੋ ਜਿੱਤਦਾ ਏ, ਕਦੇ ਢਹਿੰਦਾ ਏ;
ਇਹ ਹੈ ਆਵਾਜਾਈ ਟਿੰਡਾਂ ਦੀ, ਕੁਝ ਡੁਲ੍ਹਣ ਲਈ, ਕੁਝ ਭਰਨ ਲਈ ।

ਜਿਹੜਾ ਕੰਡਿਆਂ ਵਿੱਚ ਗੁਲਾਬ ਪਿਆ, ਕੱਢਣਾ ਏਂ ਤਾਂ ਕੰਡੇ ਚੁੱਭਣਗੇ;
ਕੁਝ ਰੱਤ ਵਗਾਉਣੀ ਪੈਂਦੀ ਏ, ਫੁੱਲ ਫੜਨ ਲਈ, ਤਲੀ ਧਰਨ ਲਈ ।

ਸੁਕਰਾਤ ਤੂੰ ਹੋਣਾ ਚਾਹੁੰਨਾ ਏਂ, ਪਰ ਜ਼ਹਿਰ ਪੀਣ ਤੋਂ ਡਰਨਾ ਏਂ;
ਮਰਨੋਂ ਪਹਿਲਾਂ ਮਰਨਾਂ ਪੈਂਦਾ ਏ, ਜੰਗ ਲੜਨ ਲਈ, ਸਰ ਕਰਨ ਲਈ ।

ਜਿਦਣ ਦੀ ਉਸ ਭਰੀ ਉਡਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਜਿਦਣ ਦੀ ਉਸ ਭਰੀ ਉਡਾਰੀ, ਕੌਣ ਤੁਸੀਂ ਤੇ ਕੌਣ ਅਸੀਂ ?
ਪੈਦਲ ਟੁਰਦੇ ਕਰੀ ਸਵਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਖੇਤੀਂ ਜਾਂਦੇ 'ਕੱਠੇ ਹੋ ਕੇ, ਹੋਲਾਂ ਚੱਬਦੇ ਰਹਿੰਦੇ ਸਾਂ;
ਬੋਟੀ ਸੰਘੋਂ ਹੇਠ ਉਤਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਬੈਠ ਖੁੰਢਾਂ 'ਤੇ ਗੱਲਾਂ ਕਰਦੇ, ਉਸਦਾ ਉੱਚਾ ਹਾਸਾ ਸੀ;
ਬੈਠਾ ਵੇਖੋ ਉੱਚ ਅਟਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਗੱਲ ਸਾਦਗੀ ਨਾਲ ਸੀ ਕਰਦਾ, ਕਦੇ ਲੁਕੋ ਨਾ ਰਖਦਾ ਸੀ;
ਦਿਲ ਅੰਦਰ ਆ ਗਈ ਮੱਕਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਕਿਸੇ ਨੂੰ ਜਾਂ ਫਸਿਆ ਵੇਂਹਦਾ, ਉਸ ਵੱਲ ਭੱਜਾ ਆਉਂਦਾ ਸੀ;
ਆਪਣਿਆਂ ਸੰਗ ਕਰੀ ਗੱਦਾਰੀ, ਕੌਣ ਤੁਸੀਂ ਤੇ ਕੌਣ ਅਸੀਂ ?

ਪਪੀਹਾ ਪੀ ਪੀ ਕਹਿੰਦਾ ਜੋ ਕਿੰਨਾਂ ਚਿਰ ਹੋਰ ਤਰਸੇਗਾ ?

ਪਪੀਹਾ ਪੀ ਪੀ ਕਹਿੰਦਾ ਜੋ ਕਿੰਨਾਂ ਚਿਰ ਹੋਰ ਤਰਸੇਗਾ ?
ਬੱਦਲ ਜੋ ਗਰਜਦਾ ਫਿਰਦਾ ਕਦੇ ਨਾ ਕਦੇ ਤਾਂ ਬਰਸੇਗਾ ।

ਸੁਪਨੇ ਜੋ ਰਾਖ ਹੋ ਗਏ ਨੇ ਉਹਨਾਂ ਨੂੰ ਸਾਂਭ ਕੇ ਰੱਖੀਂ,
ਕਿਸੇ ਦਿਨ ਇਸ ਦੇ ਵਿੱਚੋਂ ਹੀ ਵੇਖੀਂ ਕੁਕਨੂਸ ਜਨਮੇਗਾ ।

ਤੇਰੀ ਉਹ ਗੱਲ ਨਹੀਂ ਮੰਨਦਾ ਏਸ ਤੇ ਰੋਸ ਫਿਰ ਕਾਹਦਾ,
ਤੂੰ ਆਪਣੀ ਗੱਲ ਆਖੀਂ ਜਾ ਕਦੀ ਉਹ ਜ਼ਰੂਰ ਸਮਝੇਗਾ ।

ਬੈਠਾ ਏ ਤੇਰੇ ਦਿਲ ਦੇ ਵਿੱਚ ਜਿਸ ਤੋਂ ਸਾਰੇ ਡਰਦੇ ਨੇ,
ਤੂੰ ਦਿਲ 'ਚ ਉਮੀਦ ਭਰਦਾ ਰਹਿ ਕਦੀ ਤਾਂ ਬਾਹਰ ਨਿਕਲੇਗਾ ।

ਤੂੰ ਹਰਦਮ ਦੁਆ ਕਰਦਾ ਰਹਿ ਉਹਦਾ ਹਰ ਕੰਮ ਹੋ ਜਾਵੇ,
ਸੁਬਹ ਜੋ ਦਰ ਤੇ ਮਿਲਿਆ ਸੀ ਤੈਨੂੰ ਮਨਹੂਸ ਸਮਝੇਗਾ ।

ਯਾਰ ਬਣਾਕੇ ਲੁੱਟਣਾ ਉਸਦੀ ਆਦਤ ਏ

ਯਾਰ ਬਣਾਕੇ ਲੁੱਟਣਾ ਉਸਦੀ ਆਦਤ ਏ
ਅੱਧ-ਵਿਚਕਾਰੇ ਟੁੱਟਣਾ ਉਸਦੀ ਆਦਤ ਏ

ਡਾਢੇ ਸਾਹਵੇਂ ਨੀਵੀਂ ਪਾਈ ਰਖਦਾ ਏ,
ਪਿੱਛੋਂ ਹੂਰੇ ਵੱਟਣਾ ਉਸਦੀ ਆਦਤ ਏ

ਰਾਹ ਕਿਸੇ ਦੇ ਕੌਣ ਸੰਵਾਰੇ ਖੇਚਲ ਏ
ਚੋਰੀਂ ਕੰਡੇ ਸੁੱਟਣਾ ਉਸਦੀ ਆਦਤ ਏ

ਦੂਰੋਂ ਸੁਣੇ ਫੁਕਾਰਾ ਨੇੜੇ ਲਗਦਾ ਨਹੀਂ
ਪਿਛੋਂ ਲੀਹ ਨੂੰ ਕੁੱਟਣਾ ਉਸਦੀ ਆਦਤ ਏ

ਬੂਟੇ ਲਾਏ ਸੋਹਣੇ ਨੇ ਇਹ ਵਾੜ ਕਰੋ
ਘੁੱਪ-ਹਨੇਰੇ ਪੁੱਟਣਾ ਉਸਦੀ ਆਦਤ ਏ

ਸੱਟ ਲਗਦੀ ਜਾਂ ਦਿਲ ਤੇ ਸੰਗੀਤ ਬਣਾ ਦਿੰਦੀ

ਸੱਟ ਲਗਦੀ ਜਾਂ ਦਿਲ ਤੇ ਸੰਗੀਤ ਬਣਾ ਦਿੰਦੀ ।
ਢਿੱਲੇ ਹੋਏ ਸਾਜ਼ਾਂ 'ਚੋਂ ਗੀਤ ਸੁਣਾ ਦਿੰਦੀ ।

ਸੁੱਕੀ ਮਿੱਟੀ 'ਚੋਂ ਖ਼ੁਸ਼ਬੂ ਜੋ ਆਉਂਦੀ ਏ,
ਫੁੱਲ ਝੜ ਝੜ ਖ਼ਾਕ ਬਣੇ ਏਹੋ ਸਦਾ ਦਿੰਦੀ ।

ਮੋਇਆ ਜੋ ਰੁੱਖ ਦਿੱਸੇ ਇਹ ਵੀ ਜਿਉਂਦਾ ਏ,
ਖੋਡ 'ਚੋਂ ਚਹਿਕ ਉੱਡ ਸਾਹਾਂ ਦਾ ਪਤਾ ਦਿੰਦੀ ।

ਨਸ਼ਾ ਜਿੱਤ ਦਾ ਹੁੰਦਾ ਜੋ ਸਿਰ ਚੜ੍ਹ ਕੇ ਬੋਲੇ,
ਧਰਮ ਦੇ ਪੁੱਤ ਤੋਂ ਵੀ ਇਹ ਝੂਠ ਬੁਲਾ ਦਿੰਦੀ ।

ਸੁੱਤੇ ਜਗਾਣ ਲਈ ਹੋਕਾ ਤੂੰ ਦੇਈ ਜਾ,
ਦੁਨੀਆਂ ਦਾ ਖ਼ਿਆਲ ਰੱਖੀਂ ਜ਼ਹਿਰ ਪਿਲਾ ਦਿੰਦੀ ।

(ਸਦਾ=ਆਵਾਜ਼)

ਕਹਿਣ ਵਾਲੇ ਵੱਡੀਆਂ ਗੱਲਾਂ ਕਹਿ ਗਏ ਨੇ

ਕਹਿਣ ਵਾਲੇ ਵੱਡੀਆਂ ਗੱਲਾਂ ਕਹਿ ਗਏ ਨੇ
ਨਿਭਣ ਵਾਲੇ ਉਨ੍ਹਾਂ 'ਤੇ ਕਿੰਨੇ ਰਹਿ ਗਏ ਨੇ ?

ਮੂੰਹੋਂ ਕਹਿਣ ਦੀ ਤਾਕਤ ਕਿਧਰੇ ਉੱਡ ਗਈ
ਕਿਤੇ ਕਿਤੇ ਹੁਣ ਕੁਝ ਇਸ਼ਾਰੇ ਰਹਿ ਗਏ ਨੇ

ਵਗ ਪਈ ਹਵਾ ਅਜੇਹੀ ਗਲ ਉਸ ਘੁੱਟ ਲਿਆ
ਜੀਵਨ ਲਈ ਸਾਹ ਉਧਾਰੇ ਰਹਿ ਗਏ ਨੇ

ਸ਼ਰਮ ਧਰਮ ਤਾਂ ਲੁਕਦੇ ਛਿਪਦੇ ਫਿਰਦੇ ਨੇ
ਸੰਗਮਰਮਰੀ ਗੁਰੂਦੁਆਰੇ ਰਹਿ ਗਏ ਨੇ

ਮੈਲਾ ਜਲ ਪਿਆ ਦਿੱਸੇ ਜਾਂ ਫਿਰ ਖਾਲੀ ਤਲ
ਨਦੀਆਂ ਕੋਲ ਚੁੱਪ ਕਿਨਾਰੇ ਰਹਿ ਗਏ ਨੇ

ਲੋਕਾਂ ਮਾਇਆ, ਜ਼ਹਿਰਾਂ ਖੋਹ ਲਈਆਂ,
ਸਹਿਮੇ-ਸਹਿਮੇ ਨਾਗ ਵਿਚਾਰੇ ਰਹਿ ਗਏ ਨੇ

ਭਾਵੇਂ ਕਰਦੇ ਆਪਣੇਂ ਮੂੰਹ ਤੇ ਐਡੇ ਵੱਡੇ ਪਰਦੇ ਲੋਕ

ਭਾਵੇਂ ਕਰਦੇ ਆਪਣੇਂ ਮੂੰਹ ਤੇ ਐਡੇ ਵੱਡੇ ਪਰਦੇ ਲੋਕ ।
ਮੈਂ ਜਰਾ ਕੁ ਹੀ ਚੁੱਪ ਵੱਟੀ ਐਨਾ ਵੀ ਨਾ ਜਰਦੇ ਲੋਕ ।

ਕੱਲ੍ਹ ਜਿਹੜੇ ਪਿੱਠ ਦੇ ਕੇ ਆਏ ਤੱਤੇ ਰਣ ਦੇ ਵਿੱਚੋਂ ਸੀ ;
ਅਸਾਂ ਨੇ ਕਈ ਲੜਾਈਆਂ ਜਿੱਤੀਆਂ ਗੱਲਾਂ ਨੇ ਇੰਜ ਕਰਦੇ ਲੋਕ ।

ਅੱਧ ਵਿਚਕਾਰੋਂ ਜਾਂ ਮੈਂ ਮੁੜਿਆ ਤਾਹਨੇਂ ਮੈਂਨੂੰ ਦੇਣ ਲੱਗੇ ;
ਵਕਤ ਪੈਣ ਤੇ ਪਤਾ ਇਹ ਲੱਗਿਆ ਠਿਲ੍ਹਣ ਤੋਂ ਹੀ ਡਰਦੇ ਲੋਕ ।

ਰਾਜ਼ ਦੀਆਂ ਕਈ ਗੱਲਾਂ ਦੱਸਕੇ ਅੱਜ ਪਛਤਾਉਣਾ ਪੈ ਗਿਆ ;
ਦੱਸਣ ਲੱਗਿਆਂ ਮੈਂ ਸੀ ਸਮਝਿਆ ਸੱਭੇ ਨੇ ਇਹ ਘਰਦੇ ਲੋਕ ।

ਪੋਹ ਮਾਘ ਦੀਆਂ ਰਾਤਾਂ ਅੰਦਰ ਸਾਥ ਇਹਨਾ ਨੇ ਦੇਣਾ ਕੀ ;
ਸਾਉਣ ਮਹੀਨੇ ਮੀਂਹਾਂ ਅੰਦਰ ਜੋ ਰਹਿੰਦੇ ਨੇ ਠਰਦੇ ਲੋਕ ।

ਦਾਦੀ ਮਾਂ ਸੀ ਬਾਤ ਸੁਣਾਉਂਦੀ ਮਾਇਆਧਾਰੀ ਨਾਗਾਂ ਦੀ ;
ਮਾਇਆ ਦੇ ਵਹਿਣਾਂ ਦੇ ਅੰਦਰ ਸਾਰੇ ਹੀ ਹੁਣ ਹੜ੍ਹਦੇ ਲੋਕ ।

ਪਾਣੀ ਪਾਣੀ ਕਰਦੇ ਏਥੇ ਕਈ ਮੁਸਾਫਿਰ ਮਰ ਗਏ ਨੇ ;
ਮੋਇਆਂ ਦੇ ਮੂੰਹਾਂ ਦੇ ਅੰਦਰ ਗੰਗਾਜਲ ਨੇ ਧਰਦੇ ਲੋਕ ।

ਕਈ ਚਿਰਾਂ ਦੀ ਵਗ ਰਹੀ ਇਹ ਜੋ ਬਰਫ਼ੀਲੀ ਹਵਾ

ਕਈ ਚਿਰਾਂ ਦੀ ਵਗ ਰਹੀ ਇਹ ਜੋ ਬਰਫ਼ੀਲੀ ਹਵਾ ।
ਹੁਣ ਤਾਂ ਸੁਣਿਐਂ ਹੋ ਗਈ ਹੋਰ ਜ਼ਹਰੀਲੀ ਹਵਾ ।

ਜਿੰਨਾਂ ਭੂਤਾਂ ਨੂੰ ਵਸ ਕਰਨ ਦੇ ਹਰ ਥਾਂ ਹੀ ਅੱਡੇ ਬਣੇ ;
ਕੋਈ ਤਾਂ ਭਾਲ਼ੋ ਮਾਂਦਰੀ ਜਿਸਦੀ ਹੋਏ ਕੀਲੀ ਹਵਾ ।

ਹਰ ਸ਼ਹਿਰ ਤੇ ਹਰ ਗਿਰਾਂ ਦੀ ਹਰ ਗਲ਼ੀ ;
ਨੰਗੀ ਹੋ ਕੇ ਘੁੰਮ ਰਹੀ ਸੀ ਜੋ ਸ਼ਰਮੀਲੀ ਹਵਾ ।

ਸਾਹ ਲੈਣ ਲਈ ਬਾਹਰ ਨਿਕਲ਼ੋ ਜਖ਼ਮ ਖਾ ਅੰਦਰ ਵੜੋ ;
ਮੈਂ ਦੱਸੋ ਕਿੱਦਾਂ ਨਾ ਮੰਨਾਂ ਬਾਹਰ ਪਥਰੀਲੀ ਹਵਾ ।

ਹੁਣ ਅੱਗ ਲਾਣ ਲਈ ਡਰਨ ਦੀ ਨਾ ਇਸ ਕੋਲ਼ੋਂ ਲੋੜ ਹੈ ;
ਆਪਣੇ ਹੱਥੀਂ ਚੁੱਕੀ ਫਿਰ ਰਹੀ ਬਲਦੀ ਹੋਈ ਤੀਲੀ ਹਵਾ ।

ਤੂੰ ਕਹੇਂ ਤਾਂ ਇਸ ਸ਼ਹਿਰ ਵੀ ਲੋਕ ਵੱਸਦੇ ਹੋਣਗੇ

ਤੂੰ ਕਹੇਂ ਤਾਂ ਇਸ ਸ਼ਹਿਰ ਵੀ ਲੋਕ ਵੱਸਦੇ ਹੋਣਗੇ ।
ਮੈਂਨੂੰ ਜਾਪੇ ਤੂੰ ਨਹੀਂ ਵੇਖੇ ਹੋਰ ਦੱਸਦੇ ਹੋਣਗੇ ।

ਤਿੱਖੇ ਪੱਥਰਾਂ ਦੇ ਇਹ ਮੰਦਿਰ ਤੂੰ ਕੀ ਏਥੋਂ ਭਾਲ਼ਦਾ ;
ਤੂੰ ਕੀ ਜਾਣੇਂ ਰੋਜ ਇੱਥੇ ਕਿੰਨੇ ਮੱਥੇ ਘਸਦੇ ਹੋਣਗੇ ।

ਜਿੱਥੋਂ ਦੀ ਜੀਅ ਚਾਹੇ ਲੰਘੋ ਕਹਿੰਦੇ ਖਤਰਾ ਕੋਈ ਨਾ ;
ਇਸ ਸੜਕ ਤੇ ਮੂੰਹ ਹਨੇਰੇ ਨਾਗ ਡਸਦੇ ਹੋਣਗੇ ।

'ਤੂੰ ਬੜਾ ਚੰਗਾ ਏਂ ਤੇ ਬੜਾ ਚੰਗਾ ਏ ਤੇਰਾ ਸੁਭਾਅ' ;
ਕਹਿਣ ਵਾਲੇ ਤੇਰੇ ਪਿੱਛੋਂ ਫੇਰ ਹੱਸਦੇ ਹੋਣਗੇ ।

ਨਾਂ ਖੁਦਾ ਦੇ ਚੋਗਾ ਸੁੱਟ ਕੇ ਆਲਾ ਦੁਆਲਾ ਵੇਖਦੇ ;
ਇਸ ਤਰ੍ਹਾਂ ਦੇ ਨਾਲ ਇੱਥੇ ਪੰਛੀ ਫਸਦੇ ਹੋਣਗੇ ।

ਜਿੰਨਾ ਚਿਰ ਕੋਈ ਜਾਗਦਾ ਕਲੀਆਂ ਜਿਹੇ ਚਿਹਰੇ ਨੇ ਇਹ ;
ਜਦ ਜਰਾ ਕੁ ਅੱਖ ਲੱਗੇ ਤੀਰ ਕਸਦੇ ਹੋਣਗੇ ।

ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ

ਕੁੱਝ ਗੂੰਗੇ ਤੇ ਕੁੱਝ ਬੋਲ਼ੇ ਤੇਰੇ ਗਿਰਾਂ ਦੇ ਲੋਕ ।
ਕੱਖਾਂ ਤੋਂ ਵੀ ਨੇ ਹੌਲ਼ੇ ਤੇਰੇ ਗਿਰਾਂ ਦੇ ਲੋਕ ।

ਕੋਹਾਂ ਦੇ ਦਾਈਏ ਬੰਨ੍ਹਣ ਨਾ ਚੱਲਣ ਦੋ ਕਦਮ ;
ਤੂੰ ਹੀ ਵੇਖ ਕਿੰਨੇ ਪੋਲੇ ਤੇਰੇ ਗਿਰਾਂ ਦੇ ਲੋਕ ।

ਜ਼ਹਿਰ ਦੇ ਕਿਸੇ ਸੁਕਰਾਤ ਨੂੰ ਫੇਰ ਇਹ ਮਾਤਮ ਕਰਨ ;
ਬਣਦੇ ਨੇ ਕਿੰਨੇਂ ਭੋਲ਼ੇ ਤੇਰੇ ਗਿਰਾਂ ਦੇ ਲੋਕ ।

ਅਮਨਾਂ ਦੇ ਸਮੇਂ ਸੂਰਮੇਂ ਜਦ ਭਖ ਪਏ ਮੈਦਾਨ ;
ਬਣ ਜਾਂਦੇ ਵਾਅ ਵਰੋਲੇ ਤੇਰੇ ਗਿਰਾਂ ਦੇ ਲੋਕ ।

ਇਹ ਦਾਅਵਤਾਂ ਦੇ ਸਾਥੀ ਜਾਂ ਮੱਥੇ ਵਹੇ ਪਸੀਨਾ ;
ਲੱਗਦੇ ਨਾ ਫਿਰ ਇਹ ਕੋਲ਼ੇ ਤੇਰੇ ਗਿਰਾਂ ਦੇ ਲੋਕ ।

ਕਿੰਨੀ ਕੁ ਜ਼ਿੰਦਗੀ ਬਾਕੀ ਕਿੰਨੀ ਕੁ ਆਸ ਰੱਖਾਂ

ਕਿੰਨੀ ਕੁ ਜ਼ਿੰਦਗੀ ਬਾਕੀ ਕਿੰਨੀ ਕੁ ਆਸ ਰੱਖਾਂ ।
ਤੇਰੇ ਦਰ ਤੇ ਕਰਦੇ ਸਿਜਦੇ ਮੇਰੇ ਜਿਹੇ ਨੇ ਲੱਖਾਂ ।

ਸੁਕਰਾਤ ਪੀਤਾ ਹੋਣੈਂ ਕੇਰਾਂ ਹੀ ਜ਼ਹਿਰ ਪਿਆਲਾ ;
ਨਿੱਤ ਜ਼ਹਿਰ ਬੇਬਸੀ ਦਾ ਅਣਚਾਹਿਆਂ ਮੈਂ ਚੱਖਾਂ ।

ਜੇ ਪੋਟੇ ਘਸ ਗਏ ਨੇ ਕੀ ਦੋਸ਼ ਹੈ ਇਨ੍ਹਾਂ ਦਾ ;
ਬਹੁਤ ਔਸੀਆਂ ਨੇ ਪਾਈਆਂ ਮੇਰੇ ਨਿਮਾਣੇ ਹੱਥਾਂ ।

ਇੱਕ ਦੋ ਦਿਨ ਲਈ ਜੇ ਹੁੰਦਾ ਮੈਂ ਤੱਕਣੀਆਂ ਸੀ ਰਾਹਵਾਂ ;
ਹੁਣ ਬੰਦ ਹੋ ਹੋ ਜਾਵਣ ਆਪਣੇ ਹੀ ਆਪ ਅੱਖਾਂ ।

ਕਈ ਮਿਲਣੀਆਂ ਸੀ ਹੋਈਆਂ ਨਾ ਅੰਤ ਸੀ ਜਿਨ੍ਹਾਂ ਦਾ ;
ਕਿੰਨੀਆਂ ਦੀ ਯਾਦ ਸਾਂਭੀ ਤੇਰੇ ਗਿਰਾਂ ਦੇ ਸੱਥਾਂ ।

ਇਉਂ ਨ੍ਹੇਰੀਆਂ ਸੀ ਆਈਆਂ ਬੂਟੇ ਹੀ ਪੁੱਟ ਗਏ ਨੇ ;
ਤੂੰ ਹੀ ਦੱਸ ਕਿੰਝ ਸੀ ਬਚਣਾ ਮੇਰੇ ਆਲ੍ਹਣੇ ਦੇ ਕੱਖਾਂ ।

ਮੇਰੇ ਦਿਲ ਨੂੰ ਘੇਰਿਆ ਇੱਕ ਸਹਿਮ ਹੈ

ਮੇਰੇ ਦਿਲ ਨੂੰ ਘੇਰਿਆ ਇੱਕ ਸਹਿਮ ਹੈ ।
ਤੂੰ ਹੁਣ ਮਿਲਣਾਂ ਨਹੀਂ ਏਸਨੂੰ ਇਹ ਵਹਿਮ ਹੈ ।

ਕੱਲ੍ਹ ਸੀ ਜਿੱਥੇ ਗੋਲੀਆਂ ਚੱਲੀਆਂ ਤੇ ਬਹੁਤ ਮੁਰਦੇ ਰੁਲੇ ;
ਉਸ ਸ਼ਹਿਰ ਦੇ ਵਿੱਚ ਬਜ਼ਾਰਾਂ ਅੱਜ ਗਹਿਮਾ-ਗਹਿਮ ਹੈ ।

ਇੱਕ ਜਗ੍ਹਾ ਤੋਂ ਤੋੜਕੇ ਤੂੰ ਦੂਜੇ ਪਾਸੇ ਗੰਢ ਲਵੇਂ ;
ਮੇਰੇ ਲਈ ਤਾਂ ਇਹੋ ਮਸਲਾ ਬਹੁਤ ਜਿਆਦਾ ਅਹਿਮ ਹੈ ।

ਇਸ ਗਲ਼ੀ ਚੋਂ ਲੰਘਣਾਂ ਤਾਂ ਮੂੰਹ ਨੂੰ ਬੰਦ ਕਰਕੇ ਤੁਰੋ ;
ਕੱਲ੍ਹ ਵਾਲਾ ਅੱਜ ਤੱਕ ਵੀ ਇੱਥੇ ਮਹਾ ਮਹਿਮ ਹੈ ।

ਰੋਜ਼ ਭਾਵੇਂ ਗਾਲ਼ਾਂ ਖਾਵੋ ਨਾਲੇ ਮਾਰਾਂ ਵੀ ਸਹੋ ;
ਇਸ ਜਗ੍ਹਾ ਤੇ ਕਿਸੇ ਨੇ ਨਾ ਕਦੇ ਕਰਨਾ ਰਹਿਮ ਹੈ ।

ਕਿੰਨੇ ਚੰਗੇ ਮੋੜ ਤੇ ਲੈ ਆਇਆ ਮੈਨੂੰ ਨਸੀਬ

ਕਿੰਨੇ ਚੰਗੇ ਮੋੜ ਤੇ ਲੈ ਆਇਆ ਮੈਨੂੰ ਨਸੀਬ ।
ਜਿੱਧਰ ਫੇਰਾਂ ਨਜ਼ਰ ਮੈਂ ਚਾਰੇ ਪਾਸੇ ਨੇ ਰਕੀਬ ।

ਉਸਨੂੰ ਭਲਾ ਕੀ ਲੋੜ ਸੀ ਰੱਬ ਦਾ ਪੁੱਤਰ ਬਣਨ ਦੀ ;
ਈਸਾ ਨੂੰ ਜਦ ਸੀ ਪਤਾ ਇਸ ਬਦਲੇ ਮਿਲਣੀ ਸਲੀਬ ।

ਜਿਸ ਜਿਸ ਕੋਲ ਜ਼ਿਕਰ ਕੀਤਾ ਮੈਂ ਆਪਣੀ ਮਰਜ਼ ਦਾ ;
ਹਰ ਇੱਕ ਮੂੰਹੋਂ ਨਿਕਲਿਆ ਮੈਂ ਹੀ ਹਾਂ ਚੰਗਾ ਤਬੀਬ ।

ਉੱਭੜਵਾਹੇ ਜਾਗ ਕੇ ਮੈਂ ਚਾਰੇ ਬੰਨੇਂ ਵੇਖਿਆ ;
ਕਿੱਧਰ ਨੂੰ ਉਹ ਟੁਰ ਗਿਆ ਜਿਹੜਾ ਸੀ ਐਨਾ ਕਰੀਬ ।

ਕੱਲ੍ਹ ਜਿਹਨੇ ਕਸਮ ਖਾਧੀ ਤੇਰੇ ਨਾਲ ਨਿਭਾਣ ਦੀ ;
ਪਰਸੋਂ ਤੱਕ ਸੀ ਦੋਸਤਾ ਯੁੱਗਾਂ ਦਾ ਮੇਰਾ ਹਬੀਬ ।

ਇਹ ਸਫ਼ਰ ਲੰਮੇਰਾ ਜ਼ਿੰਦਗੀ ਦਾ ਤੇਰੇ ਬਿਨ ਕੱਟਿਆ ਨਹੀਂ ਜਾਂਦਾ

ਇਹ ਸਫ਼ਰ ਲੰਮੇਰਾ ਜ਼ਿੰਦਗੀ ਦਾ ਤੇਰੇ ਬਿਨ ਕੱਟਿਆ ਨਹੀਂ ਜਾਂਦਾ ।
ਕੀ ਗ਼ਮ ਲੱਗੇ ਨੇ ਦਿਲ ਮੇਰੇ ਕਿਸੇ ਹੋਰ ਨੂੰ ਦੱਸਿਆ ਨਹੀਂ ਜਾਂਦਾ ।

ਬੂਟਾ ਪਿਆਰ ਦਾ ਲਾਇਆ ਮੈਂ ਹੱਥੀਂ ਸੁੱਕ ਗਿਆ ਬਿਨ ਪਾਣੀ ਤੋਂ ;
ਸੁੱਕੇ ਬੂਟੇ ਨਾਲ ਪਿਆਰ ਬੜਾ ਤਾਂਹੀਂ ਉਹ ਪੱਟਿਆ ਨਹੀਂ ਜਾਂਦਾ ।

ਮੇਰੀ ਸੋਚ ਉੱਡੀ ਪੰਛੀ ਬਣਕੇ ਤੇਰੇ ਮਹਿਲਾਂ ਤੇ ਜਾ ਬੈਠੀ ;
ਤੂੰ ਦਰਸ਼ ਨਾ ਦੇਵੇਂ ਜਦ ਤੋੜੀਂ ਇਸ ਕੋਲੋਂ ਉੱਡਿਆ ਨਹੀਂ ਜਾਂਦਾ ।

ਤੇਰੇ ਖ਼ਾਬਾਂ ਤੇ ਪਹਿਰੇ ਲੱਗੇ ਤੈਥੋਂ ਕੋਈ ਬਗ਼ਾਵਤ ਨਾ ਹੋਈ ;
ਅੱਖੀਂ ਵਿੰਹਦਿਆਂ ਸਾਥੋਂ ਸੱਜਣਾ ਵੇ ਇਹ ਮਹੁਰਾ ਚੱਟਿਆ ਨਹੀਂ ਜਾਂਦਾ ।

ਬਰਸਾਤ ਨਾਲ ਵੀ ਜੁੜੀਆਂ ਨੇ ਤੇਰੀਆਂ ਮੇਰੀਆਂ ਕੁੱਝ ਗੱਲਾਂ ;
ਬਿਜਲੀ ਚਮਕੇ ਭਾਂਵੇਂ ਕਹਿਰਾਂ ਦੀ ਇਹਤੋਂ ਪਾਸਾ ਵੱਟਿਆ ਨਹੀਂ ਜਾਂਦਾ ।

ਤੂੰ ਕੋਲ ਜਦੋਂ ਵੀ ਹੁੰਦਾ ਸੈਂ ਹਾਸਾ ਰਹਿੰਦਾ ਸੀ ਬੁਲ੍ਹਾਂ ਤੇ ;
ਤੂੰ ਦੂਰ ਗਿਉਂ ਕਿਸੇ ਹੋਰ ਨੂੰ ਤੱਕ ਹੁਣ ਐਂਵੇਂ ਹੱਸਿਆ ਨਹੀਂ ਜਾਂਦਾ ।

ਕੋਈ ਪੁੱਛ ਵੀ ਲਏ ਕੀ ਦੱਸਾਂ ਮੈਂ ਕੀਹਨੇ ਗਲ ਘੁੱਟਿਆ ਸਾਹਵਾਂ ਦਾ

ਕੋਈ ਪੁੱਛ ਵੀ ਲਏ ਕੀ ਦੱਸਾਂ ਮੈਂ ਕੀਹਨੇ ਗਲ ਘੁੱਟਿਆ ਸਾਹਵਾਂ ਦਾ ।
ਤੇਰੀ ਨਜ਼ਰ ਪਈ ਪੱਥਰ ਹੋਏ ਕੀ ਇਲਾਜ ਕਰਾਂ ਹੁਣ ਚਾਅਵਾਂ ਦਾ ।

ਤੇਰੇ ਸ਼ਹਿਰ ਦੀਆਂ ਗਲੀਆਂ 'ਚੋਂ ਚੁੱਪਚਾਪ ਕਿਦਾਂ ਲੰਘ ਜਾਂਵਾਂ ਮੈਂ ;
ਤੇਰੇ ਬੂਹੇ ਸਾਹਵੇਂ ਜਾਂ ਆਂਵਾਂ ਉੱਚਾ ਸੁਰ ਹੋਏ ਦੁਆਂਵਾਂ ਦਾ ।

ਤੇਰੇ ਬਾਗ਼ ਦੇ ਚੰਨਣ ਰੁੱਖਾਂ ਨੂੰ ਸੱਪਾਂ ਨੇ ਵਲੇਂਵੇਂ ਪਾ ਲਏ ਨੇ ;
ਉਸ ਬਾਗ਼ ਦੀਆਂ ਸੜਕਾਂ ਉੱਤੇ ਤਾਂਹੀਂ ਰਾਜ ਹੋ ਗਿਆ ਘਾਹਵਾਂ ਦਾ ।

ਸਰਦੀ ਦੇ ਦਿਨਾਂ ਵਿੱਚ ਸੇਕਣ ਲਈ ਰੁੱਖਾਂ ਦਾ ਬਣਾਇਆ ਬਾਲਣ ਤੂੰ ;
ਹੁਣ ਸੂਰਜ ਦੀ ਧੁੱਪ ਸਿਰ ਚਮਕੀ ਕਿਉਂ ਖ਼ਿਆਲ ਕਰੇਂ ਤੂੰ ਛਾਂਵਾਂ ਦਾ ।

ਹਰ ਕਦਮ ਹੀ ਮਕਤਲ ਵੱਲ ਉੱਠਦਾ ਦਿਲ ਨਾ ਮੰਨੇ ਗੱਲ ਮੇਰੀ ਨੂੰ ;
ਐ ਕਾਸ਼! ਕੋਈ ਮੈਨੂੰ ਦੱਸ ਦਿੰਦਾ ਕਿੰਝ ਮੁੜਦਾ ਮੂੰਹ ਦਰਿਆਂਵਾਂ ਦਾ ।

ਜਿਹਦੀ ਹਰ ਗਲੀ ਦੇ ਮੋੜ ਤੇ ਅਧਜਲੀ ਕਿਸੇ ਦੀ ਲਾਸ਼ ਪਈ ;
'ਕੀ ਇਹ ਓਹੀ ਸ਼ਹਿਰ ਹੈ' ? ਜਿੱਥੇ ਚਰਚਾ ਸੀ ਵਫ਼ਾਵਾਂ ਦਾ ।

ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ

ਯਾਦ ਕਰਨਾ ਭੁੱਲਣਾ ਤੇਰੇ ਸ਼ਹਿਰ ਦਾ ਰਿਵਾਜ਼ ਸੀ ।
ਇੱਥੇ ਆਉਣੋਂ ਪਹਿਲਾਂ ਕਦੋਂ ਮੇਰਾ ਇਹ ਮਿਜਾਜ ਸੀ ।

ਖੰਭ ਮੇਰੇ ਕੱਟ ਲੈ ਗਏ ਸ਼ਿਕਾਰੀ ਤੇਰੇ ਦੇਸ਼ ਦੇ ;
ਤੇਰੇ ਭਾਣੇ ਬੱਸ ਮੇਰੀ ਐਨੀ ਕੁ ਹੀ ਪਰਵਾਜ਼ ਸੀ ।

ਬੁੱਤਖਾਨੇ ਬੁੱਤ ਨਾ ਰਿਹਾ ਮੈਂ ਪੂਜਾ ਕਿਸਦੀ ਕਰ ਲਵਾਂ ;
ਉਹ ਵੀ ਬੰਦ ਨੇ ਹੋ ਗਏ ਵੱਜ ਰਹੇ ਜੋ ਸਾਜ ਸੀ ।

ਹੁਣ ਵੀ ਘੜੀ ਦੋ ਘੜੀ ਲਈ ਯਾਦ ਤੈਨੂੰ ਕਰ ਲਵਾਂ ;
ਦਿਨ ਕਦੇ ਸਨ ਇਸ ਤਰ੍ਹਾਂ ਵੀ ਹਰ ਘੜੀ ਤੂੰ ਯਾਦ ਸੀ ।

ਦੇਸ਼ ਤੇਰੇ ਦੇ ਲੋਕੀਂ ਕਿਉਂ ਨੇ ਉਸਨੂੰ ਪੂਜਦੇ ;
ਗੈਰਾਂ ਦੀ ਠੋਕਰ ਦੇ ਉੱਤੇ ਜਿਸ ਰਾਜੇ ਦਾ ਤਾਜ ਸੀ ।

ਚੰਨ ਦੀਆਂ ਰਿਸ਼ਮਾਂ ਤੇਰੇ ਬਾਝੋਂ ਹੈਣ ਬਿਜਲੀਆਂ ਹੋ ਗਈਆਂ

ਚੰਨ ਦੀਆਂ ਰਿਸ਼ਮਾਂ ਤੇਰੇ ਬਾਝੋਂ ਹੈਣ ਬਿਜਲੀਆਂ ਹੋ ਗਈਆਂ ।
ਤੇਰੇ ਰਾਹ ਵੱਲ ਵਿੰਹਦੇ ਵਿੰਹਦੇ ਅੱਖਾਂ ਝੱਲੀਆਂ ਹੋ ਗਈਆਂ ।

ਯਾਦ ਤੇਰੀ ਨੂੰ ਯਾਦ ਸੀ ਕੀਤਾ ਮਨ ਕੁੱਝ ਹੌਲਾ ਹੋ ਜਾਵੇ ;
ਮਨ ਨੇ ਹੌਲਾ ਕੀ ਹੋਣਾ ਸੀ ਪਲਕਾਂ ਗਿੱਲੀਆਂ ਹੋ ਗਈਆਂ ।

ਨਜ਼ਰ ਸਰਾਪੀ ਮੇਰੀ ਮੈਨੂੰ ਕੱਲ੍ਹ ਪਤਾ ਏ ਚੱਲ ਗਿਆ ;
ਕੋਇਲਾਂ ਸੀ ਕਲੋਲ ਕਰਦੀਆਂ ਕੱਲੀਆਂ ਕੱਲੀਆਂ ਹੋ ਗਈਆਂ ।

ਗੀਤ ਮੇਰੇ ਨੇ ਜਿੱਦ ਇਹ ਕੀਤੀ ਰਾਗ ਤੇਰਾ ਮਨ ਮੋਂਹਦੇ ਨੇ ;
ਜਿਹੜੇ ਸਾਜ਼ ਨੂੰ ਵੀ ਹੱਥ ਲਾਇਆ ਤਾਰਾਂ ਢਿੱਲੀਆਂ ਹੋ ਗਈਆਂ ।

ਸੁਪਨੇ ਵਿੱਚ ਰਾਤੀਂ ਤੂੰ ਆਇਆ, ਆਇਆ ਵੀ ਇੱਕ ਪਲ ਦੇ ਲਈ ;
ਤੂੰ ਆਪੇ ਹੀ ਸੋਚ ਲਿਆ ਇਸ ਨਾਲ ਤਸੱਲੀਆਂ ਹੋ ਗਈਆਂ ।

ਘਰੋਂ ਤੁਰੇ ਸਾਂ ਤੇਰੇ ਦਰ ਵੱਲ ਇਕੋ ਰਸਤਾ ਜਾਂਦਾ ਏ ;
ਬਾਹਰ ਨਿਕਲੇ ਅੱਖਾਂ ਸਾਹਵੇਂ ਕਿੰਨੀਆਂ ਗਲੀਆਂ ਹੋ ਗਈਆਂ ।

ਸੁਪਨਿਆਂ ਦੇ ਜਲਣ ਤੇ ਮੇਰੇ ਗੀਤਾਂ ਦਾ ਸਿਰ ਦੁਖੇ

ਸੁਪਨਿਆਂ ਦੇ ਜਲਣ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।
ਖਿੜਦੇ ਫੁੱਲ ਝੜਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਲੋਕੀਂ ਮੈਥੋਂ ਪੁੱਛਦੇ ਨੇ 'ਤੂੰ ਕਿਉਂ ਉਦਾਸ ਹੈਂ'?
ਮੈਂ ਕਿੰਝ ਸਮਝਾ ਦਿਆਂ ਮੇਰੇ ਗੀਤਾਂ ਦਾ ਸਿਰ ਦੁਖੇ ।

ਤੂੰ ਆਪ ਬੀਜੀ ਜੋ ਉਹ ਕਿਸੇ ਨੇ ਵੱਢ ਲਈ ;
ਤੇਰੇ ਇਹ ਜਰਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਮੇਰੀ ਤੇ ਉਹਦੀ ਪ੍ਰੀਤ ਕਿਦਾਂ ਮੈਂਨੂੰ ਖੁਸ਼ ਕਰੇ ;
ਲੱਖਾਂ ਸਿਵੇ ਬਲਣ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਤੇਰੇ ਦੋਸਤ ਨੇ ਜਾਂ ਪਿੱਛੋਂ ਤੈਨੂੰ ਛੁਰਾ ਮਾਰਿਆ ;
ਤੇਰੇ ਇੰਝ ਮਰਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਜੇ ਬਣਾਉਣਾ ਹੀ ਏਂ ਤੂੰ ਲੋਹੇ ਦਾ ਕੁੱਝ ਬਣਾ ;
ਰੇਤੇ ਦੇ ਖਰਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਇੱਕ ਹਨੇਰੀ ਆਣ ਤੇ ਤੂੰ ਘਾਹ ਜਿਉਂ ਵਿਛ ਗਿਉਂ ;
ਉੱਤੇ ਪੈਰ ਧਰਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਤੇਰੇ ਕੰਨੀਂ ਬੰਨ੍ਹਿਆਂ ਸੀ ਉਹ ਰਾਹ ਵਿੱਚ ਖੁਲ੍ਹ ਗਿਆ ;
ਤੇਰੇ ਹੌਕੇ ਭਰਨ ਤੇ ਮੇਰੇ ਗੀਤਾਂ ਦਾ ਸਿਰ ਦੁਖੇ ।

ਗੱਲਾਂ ਕਿਸ ਤਰਾਂ ਕਰੇਂ, ਗੱਲਾਂ ਇਸ ਤਰਾਂ ਤੂੰ ਕਰ ;
ਜਿਨ੍ਹਾਂ ਦੇ ਕਰਨ ਤੇ ਨਾ ਮੇਰੇ ਗੀਤਾਂ ਦਾ ਸਿਰ ਦੁਖੇ ।

ਜਿਗਰ ਚੀਰ ਕੇ ਵਿਖਾ ਕਿਤੋਂ ਚਾਨਣਾ ਲਿਆ ;
ਤੇਰੇ ਇੰਝ ਮਰਨ ਤੇ ਨਾ ਮੇਰੇ ਗੀਤਾਂ ਦਾ ਸਿਰ ਦੁਖੇ ।

ਰਿਸ਼ਤਿਆਂ ਦਾ ਖੂਨ ਹੁੰਦਾ ਮੈਂ ਜਦੋਂ ਵੀ ਵੇਖਦਾਂ

ਰਿਸ਼ਤਿਆਂ ਦਾ ਖੂਨ ਹੁੰਦਾ ਮੈਂ ਜਦੋਂ ਵੀ ਵੇਖਦਾਂ ।
ਹੰਝੂਆਂ ਦੀ ਅੱਗ 'ਤੇ ਫਿਰ ਹੱਥ ਆਪਣੇ ਸੇਕਦਾਂ ।

ਵੱਡਿਆਂ ਦੀ ਗੱਲ ਉੱਪਰ ਖੜਨਾ ਹੈ ਔਖਾ ਬੜਾ ;
ਸਭ ਨੂੰ ਉਹ ਦੱਸਦਾ ਫਿਰੇ, 'ਮੈਂ ਸੁਬਹ ਮੱਥਾ ਟੇਕਦਾਂ' ।

ਕੱਦ ਉਸਦਾ ਹੋਰ ਭਾਵੇਂ ਨੀਂਵਾ ਹੁੰਦਾ ਜਾ ਰਿਹਾ ;
ਰੋਜ ਆਖੇ, 'ਏਸ ਨੂੰ ਮੈਂ ਤਾਰਿਆਂ ਸੰਗ ਮੇਚਦਾਂ' ।

ਜੰਮਿਆਂ ਇਨਸਾਨ ਉਹ ਇਨਸਾਨ ਪਰ ਬਣਿਆਂ ਨਹੀਂ ;
ਤਾਹੀਉਂ ਸਭ ਤੋਂ ਪੁੱਛਦਾ, 'ਦੱਸੋ ਮੈਂ ਕਿਹੜੇ ਭੇਖਦਾਂ' ?

'ਘੜੀ ਘੜੀ ਕਿਉਂ ਰੰਗ ਬਦਲੇਂ'?ਪੁੱਛਣ ਤੇ ਉਸ ਦੱਸਿਆ ;
'ਸੋਚ ਮੇਰੀ ਆਪਣੀ ਮੈਂ ਜਿਦਾਂ ਮਰਜ਼ੀ ਵੇਚਦਾਂ' ।

ਦਿਲ ਵਹਿ ਤੁਰਿਆ ਦਿਲ ਵਹਿ ਤੁਰਿਆ

ਦਿਲ ਵਹਿ ਤੁਰਿਆ ਦਿਲ ਵਹਿ ਤੁਰਿਆ,
ਕਿਦਾਂ ਮੈਂ ਰੋਕਾਂ ਰਾਹ ਇਸਦੀ ।
ਸਦੀਆਂ ਤੋਂ ਲੋਕੀਂ ਨਾਪ ਰਹੇ,
ਕਿਸੇ ਨਾ ਪਾਈ ਥਾਹ ਇਸਦੀ ।

ਕਿਤੇ ਅੱਗ ਦੇ ਭਾਂਬੜ ਬਲ ਉੱਠਣ,
ਕਿਤੇ ਬਰਫ਼ ਬਰਫ਼ ਹੀ ਜੰਮ ਜਾਂਦੀ ;
ਨਾ ਕੋਈ ਸਿਆਣਾ ਦੱਸ ਸਕਿਆ,
ਕਿਦਾਂ ਅਸਰ ਕਰੇਂਦੀ ਆਹ ਇਸਦੀ ।

ਜੋ ਕਤਰਾ ਕਤਰਾ ਹੋ ਸਕਦਾ,
ਉਸਨੂੰ ਸੂਲੀ ਦਾ ਡਰ ਕਾਹਦਾ ;
ਜੋ ਜ਼ਹਿਰ ਪਿਆਲਾ ਪੀ ਸਕਦਾ,
ਉਹ ਕਰਦਾ ਫਿਰ ਪਰਵਾਹ ਕਿਸਦੀ ।

ਇੱਕ ਸੁਪਨਾ ਕਿਧਰੇ ਟੁੱਟਿਆ ਸੀ,
ਤੁਸੀਂ ਉਸ 'ਤੇ ਮਿੱਟੀ ਪਾ ਰੋਂਦੇ ;
ਇਹਦੇ ਹੇਠ ਵੀ ਲੱਖਾਂ ਸੁਪਨੇ ਨੇ,
ਜੋ ਮਿੱਧੀ ਹੋਈ ਘਾਹ ਦਿਸਦੀ ।

ਤੇਰੇ ਸਾਹਵੇਂ ਜੋ ਵੀ ਹੁੰਦਾ ਏ,
ਤੂੰ ਉਸ ਤੋਂ ਅੱਖਾਂ ਮੀਟ ਲਈਆਂ ;
ਪਰ ਖ਼ੁਦ ਤੋਂ ਬਚਣ ਲਈ ਸੱਜਣਾਂ,
ਨਾ ਕਿਧਰੇ ਕੋਈ ਪਨਾਹ ਦਿਸਦੀ ।

ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ

ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ ।
ਝਲਕ ਵਿਖਾ ਕੇ ਆਪਣੀ ਨੀਂਦਰ ਹਰ ਗਿਆ ।

ਕਿਹੜੇ ਦਿਲ ਦੇ ਖੂੰਜੇ ਸਾਂਭਾਂ ਯਾਦ ਤੇਰੀ ;
ਦਿਲ ਸਾਰੇ ਦਾ ਸਾਰਾ ਸੋਚੀਂ ਭਰ ਗਿਆ ।

ਉਸਦੇ ਪਿੱਛੇ ਜਾਨ ਤਲੀ 'ਤੇ ਕੌਣ ਧਰੇ ;
ਥੋੜ੍ਹੀ ਦੇਰ ਦੇ ਬਾਦ ਕਹੇ ਜੋ ਸਰ ਗਿਆ ।

ਸ਼ਾਇਦ ਕਿਤੋਂ ਸੀ ਕੱਚੀ ਨੀਂਹ ਵਿਸ਼ਵਾਸ ਦੀ ;
ਚਾਰ ਕਣੀਆਂ ਦੇ ਪੈਣ ਤੇ ਜੋ ਖਰ ਗਿਆ ।

ਸੁਪਨੇ ਵਿੱਚ ਮੈਂ ਤੱਕਿਆ ਤੈਨੂੰ ਆਉਂਦਿਆਂ ;
ਸੁਬਹ ਤੇਰੇ ਦਰ ਗਏ ਤੂੰ ਹੋਰ ਦੇ ਘਰ ਗਿਆ ।

ਵਰ੍ਹਿਆਂ ਦੇ ਵਰ੍ਹੇ ਲੰਘਦੇ ਕੋਈ ਯਾਦ ਕੀ ਕਰੇ

ਵਰ੍ਹਿਆਂ ਦੇ ਵਰ੍ਹੇ ਲੰਘਦੇ ਕੋਈ ਯਾਦ ਕੀ ਕਰੇ ।
ਮੰਦਿਰਾਂ ਦੇ ਬੂਹੇ ਘਸ ਗਏ ਫਰਿਆਦ ਕੀ ਕਰੇ ।

ਅੱਧੀ ਤੋਂ ਵੱਧ ਲੰਘ ਗਈ ਬਾਕੀ ਨਹੀਂ ਅੱਧੀ ਰਹੀ,
ਕਿਸੇ ਦੇ ਕਹੇ ਕੋਈ ਇਹਨੂੰ ਬਰਬਾਦ ਕੀ ਕਰੇ ।

ਕਿਸੇ ਸੰਭਾਲ ਨਾ ਕਰੀ ਜਦ ਲੋੜ ਸੀ ਸੰਭਾਲ ਦੀ,
ਕੋਈ ਖੰਡਰਾਂ ਤੇ ਮਹਿਲ ਨੂੰ ਆਬਾਦ ਕੀ ਕਰੇ ।

ਤੜਫਦੀ ਰਹੀ ਜਿੰਨਾਂ ਚਿਰ ਸਾਹ ਵਿੱਚ ਸਾਹ ਰਿਹਾ,
ਮੋਈ ਬੁਲਬੁਲ ਨੂੰ ਹੁਣ ਕੋਈ ਆਜ਼ਾਦ ਕੀ ਕਰੇ ।

ਢਹਿ ਗਈ ਇਮਾਰਤ ਢਹਿ ਗਈ ਲੋਕਾਂ 'ਚ ਰੌਲਾ ਪਿਆ,
ਉੱਤੇ ਸੀ ਰੇਤਾ ਲੱਗਿਆ ਬੁਨਿਆਦ ਕੀ ਕਰੇ ।

ਕੁਝ ਝਿਜਕਦਾ ਕੁਝ ਸੰਗਦਾ, ਮੇਰੇ ਗਿਰਾਂ ਦਾ ਹਰ ਬੰਦਾ

ਕੁਝ ਝਿਜਕਦਾ ਕੁਝ ਸੰਗਦਾ, ਮੇਰੇ ਗਿਰਾਂ ਦਾ ਹਰ ਬੰਦਾ ।
ਅੱਖਾਂ ਅੱਖਾਂ 'ਚੋਂ ਕੁਝ ਮੰਗਦਾ, ਮੇਰੇ ਗਿਰਾਂ ਦਾ ਹਰ ਬੰਦਾ ।

ਚਿੱਠੀ ਲਿਖੀ ਕਿਸੇ ਨੇ ਨਹੀਂ, ਨਾ ਕਦੇ ਲਿਖਣੀ ਵੀ ਹੈ ;
ਪਤਾ ਪੁੱਛੇ ਫਿਰ ਕਿਉਂ ਝੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਧੁੱਪੇ ਆ ਕੇ ਧੁੱਪ ਹੀ ਬਣੇ, ਛਾਵੇਂ ਆ ਕੇ ਛਾਂ ਹੋਵੇ ;
ਦੱਸ ਬਣਿਆਂ ਕਿਹੜੇ ਰੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਇਸ ਜਗ੍ਹਾ ਸਾਰੇ ਦੇ ਸਾਰੇ ਲੋਕੀ ਵਪਾਰੀ ਹੋਣਗੇ ;
ਹਾਲ ਪੁੱਛੇ ਤਾਂਹੀਉਂ ਜੰਗ ਦਾ, ਤੇਰੇ ਗਿਰਾਂ ਦਾ ਹਰ ਬੰਦਾ ।

ਇਸ ਦੀ ਮੰਜ਼ਿਲ ਹੋਣੀ ਏਂ, ਖ਼ਾਬਾਂ ਦਾ ਕੋਈ ਸ਼ਹਿਰ ;
ਜਿਸ ਰਾਹੋਂ ਹਰ ਰੋਜ਼ ਲੰਘਦਾ, ਮੇਰੇ ਗਿਰਾਂ ਦਾ ਹਰ ਬੰਦਾ ।

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ ।
ਉਮਰ ਬਦਲਦੀ ਏ ਜਜਬਾਤ ਜਿਸ ਤਰ੍ਹਾਂ ।

ਦਸ ਸਿਰ ਕਿਸ ਨੇ ਦੇ ਕੇ ਮੂੰਹੋਂ ਨਾ ਆਖੀ ਸੀ ;
ਕੋਈ ਹੁਣ ਦਏ ਤਾਂ ਜਾਣਾਂ ਸੌਗਾਤ ਇਸ ਤਰ੍ਹਾਂ ।

ਤੇਰਾ ਸਾਥ ਜਦ ਸੀ ਹੁੰਦਾ ਵਿੱਚ ਵਾ ਦੇ ਸਾਂ ਉਡਦੇ ;
ਹੁਣ ਕਿਦਾਂ ਕਰ ਵਿਖਾਈਏ ਕਰਾਮਾਤ ਇਸ ਤਰ੍ਹਾਂ ।

ਕਦੇ ਉਹ ਵੀ ਸੀ ਜ਼ਮਾਨਾ ਪਾਉਣੋਂ ਪਹਿਲਾਂ ਸਾਂ ਬੁਝਦੇ ;
ਤੇਰਾ ਠਿਕਾਣਾ ਕਿਸੇ ਪੁੱਛਿਆ ਬੁੱਝਾਂ ਬਾਤ ਕਿਸ ਤਰ੍ਹਾਂ ।

ਦਿਨ ਵੇਲੇ ਹਰੇਕ ਪੁੱਛੇ 'ਕੀ ਹਾਲ ਚਾਲ ਤੇਰਾ ?'
ਕਦੀ ਕਿਸੇ ਨਾ ਪੁੱਛਿਆ ਲੰਘੀ ਰਾਤ ਕਿਸ ਤਰ੍ਹਾਂ ।

ਭੁੱਲ ਜਾਵਾਂ ਇਸ ਕਹਾਣੀ ਨੂੰ ਦੱਸਦੇ ਦੱਸਦੇ

ਭੁੱਲ ਜਾਵਾਂ ਇਸ ਕਹਾਣੀ ਨੂੰ ਦੱਸਦੇ ਦੱਸਦੇ ।
ਫੜਾਂ ਫਿਰ ਮੈਂ ਖ਼ਿਆਲਾਂ ਨੂੰ ਨੱਸਦੇ ਨੱਸਦੇ ।

ਮੇਰੇ ਸਬਰ ਨੂੰ ਤੁਸੀਂ ਨਾ ਹੁਣ ਐਨਾ ਖਿੱਚੋ ;
ਟੁੱਟ ਹੀ ਨਾ ਜਾਵੇ ਕਿਤੇ ਇਹ ਕੱਸਦੇ ਕੱਸਦੇ ।

ਭਾਈਚਾਰੇ ਦੇ ਖ਼ਿਆਲ ਸਭ ਪੁਰਾਣੇ ਨੇ ;
ਸਾਰੇ ਫਟ ਗਏ ਨੇ ਇਹ ਵੀ ਘੱਸਦੇ ਘੱਸਦੇ ।

ਕਿਹਾ ਤੂਫ਼ਾਨ ਤੂੰ ਘੱਲਿਆ ਚਮਨ ਮੇਰੇ ਵੱਲ ;
ਬਹੁਤੇ ਰੁੱਖ ਉਖੜ ਗਏ ਨੇ ਵੱਸਦੇ ਰੱਸਦੇ ।

ਅੱਜ ਧਰਤੀ ਉਹਨਾਂ ਦਾ ਭਾਰ ਸਹਿ ਨਾ ਸਕੀ ;
ਜਿਹੜੇ ਕੱਲ੍ਹ ਮਿਲੇ ਸੀ ਮੈਨੂੰ ਹੱਸਦੇ ਹੱਸਦੇ ।

ਹੁਣ ਤਾਂ ਪਿਟਾਰੀ ਪਾਵੋ ਇਨ੍ਹਾਂ ਨਾਗਾਂ ਨੂੰ ;
ਥੱਕ ਗਏ ਹੋਣੇ ਨੇ ਇਹ ਵੀ ਡੱਸਦੇ ਡੱਸਦੇ ।

ਕਈ ਵਾਰੀ ਤਾਂ ਸਭ ਕੁਝ ਚੰਗਾ ਲਗਦਾ ਹੈ

ਕਈ ਵਾਰੀ ਤਾਂ ਸਭ ਕੁਝ ਚੰਗਾ ਲਗਦਾ ਹੈ ।
ਰੁੱਖ ਦੀ ਟਾਹਣੀ ਬੈਠਾ ਪੰਛੀ ਫਬਦਾ ਹੈ ।

ਉਹ ਘਰਾਂ ਵਿੱਚ ਰੋਸ਼ਨਦਾਨ ਨਹੀਂ ਰਖਦੇ,
ਕਹਿੰਦੇ ਚਿੜੀਆਂ ਚੀਕਣ ਤੋਂ ਡਰ ਲਗਦਾ ਹੈ ।

ਮੈਂ ਕਹਿੰਦਾ ਹਾਂ ਜੀਵਨ ਮਿਲਿਆ ਜੀਣ ਲਈ,
ਉਹ ਕਹਿੰਦੇ ਨੇ ਸਾਰਾ ਕੁਝ ਹੀ ਰੱਬਦਾ ਹੈ ।

ਰੁੱਖ ਤੋਂ ਪੁੱਛਿਆ ਸਾਹ ਛੱਡੇਂ ਤੂੰ ਕਿਸਦਾ ਉਹ,
ਉਸਨੇ ਆਖਿਆ ਮੇਰੇ ਵੱਲੋਂ ਸਭਦਾ ਹੈ ।

ਹਵਾ ਵਗਣ ਤੇ ਰੁੱਖ ਜੋ ਗੱਲਾਂ ਕਰਦੇ ਨੇ,
ਦਿਲ ਮੇਰਾ ਉਨ੍ਹਾਂ ਨਾਲ ਹੰਘੂਰਾ ਭਰਦਾ ਹੈ ।

ਕੀਤਿਆਂ ਬਿਨ ਇਕਰਾਰ ਗਿਉਂ ਤੈਨੂੰ ਬੁਲਾਵਾਂ ਕਿਸ ਤਰ੍ਹਾਂ

ਕੀਤਿਆਂ ਬਿਨ ਇਕਰਾਰ ਗਿਉਂ ਤੈਨੂੰ ਬੁਲਾਵਾਂ ਕਿਸ ਤਰ੍ਹਾਂ ?
ਮੇਰੇ ਦਿਲ ਦਾ ਤੇਰੇ ਤੱਕ ਸੁਨੇਹਾ ਪੁਚਾਵਾਂ ਕਿਸ ਤਰ੍ਹਾਂ ?

ਵਾਅਦਾ ਤੇਰੇ ਨਾਲ ਨਹੀਂ, ਤੂੰ ਕਦੇ ਵੀ ਆਏਂਗਾ ;
ਤੈਨੂੰ ਬਿਨ ਦੱਸਿਆਂ ਮੈਂ ਤੇਰਾ ਹੋ ਤੇ ਜਾਵਾਂ ਕਿਸ ਤਰ੍ਹਾਂ ?

ਸਭ ਸਾਮਾਨ ਤਿਆਰ ਕਰ ਬੈਠੇ ਨੇ ਮੇਰੇ ਨਾਲ ਦੇ ;
ਨਾ ਕੋਈ ਤੀਲੀ ਆਸ ਦੀ ਦੀਵਾ ਜਗਾਵਾਂ ਕਿਸ ਤਰ੍ਹਾਂ ?

ਨੀਲੇ ਗਗਨਾਂ ਹੇਠ ਪੰਛੀ ਮਾਰਨ ਪਏ ਉਡਾਰੀਆਂ ;
ਉਹਨਾਂ ਦੀ ਨਾ ਬੋਲੀ ਜਾਣਾ ਗੱਲ ਸਮਝਾਵਾਂ ਕਿਸ ਤਰ੍ਹਾਂ ?

ਤੇਰੀ ਸ਼ਕਲ ਸੂਰਤ ਕਿਹੋ ਜਿਹੀ ਸਾਰੇ ਮੈਨੂੰ ਪੁੱਛਦੇ ;
ਖ਼ਿਆਲਾਂ ਦਾ ਦਿਲ ਚੀਰ ਕੇ ਉਹਨੂੰ ਦਿਖਾਵਾਂ ਕਿਸ ਤਰ੍ਹਾਂ ?

ਤੇਰਾ ਜੋਗੀ ਵਾਲਾ ਬਾਣਾ ਤੈਨੂੰ ਹੀ ਹੈ ਸੋਭਦਾ ;
ਬਿਨਾਂ ਕਹੇ ਤੋਂ ਤੇਰੇ ਇਹ ਬਾਣਾ ਰੰਗਾਵਾਂ ਕਿਸ ਤਰ੍ਹਾਂ ?

ਕੰਢੇ ਇਸ ਦਰਿਆ ਦੇ ਮੈਂ ਲੈ ਆਇਆਂ ਆਪੇ ਸੋਚ ਨੂੰ ;
ਤੂੰ ਨਾ ਮਿਲਿਉਂ ਤਾਂ ਏਸ ਨੂੰ, ਧੱਕਾ ਦੇ ਜਾਵਾਂ ਕਿਸ ਤਰ੍ਹਾਂ ?

ਬੀਜ ਪਿਆਰ ਦਾ ਫੁੱਟ ਕੇ ਪੱਤੀਆਂ ਨੇ ਵਿੱਚੋਂ ਨਿਕਲੀਆਂ ;
ਪਿਆਸ ਇਨ੍ਹਾਂ ਦੀ ਖ਼ੂਨ ਦਿਲ ਦਾ ਮੈਂ ਬੁਝਾਵਾਂ ਕਿਸ ਤਰ੍ਹਾਂ ?

ਮੈਂ ਲਿਖ ਰੱਖੇ ਸਨ ਤੇਰੀ ਖਾਤਰ, ਗੀਤ ਜਿਹੜੇ ਮਿਲਣ ਦੇ ;
ਤੇਰੇ ਹੁੰਦਿਆਂ ਹੋਰ ਨੂੰ ਦੱਸ ਜਾ ਸੁਣਾਵਾਂ ਕਿਸ ਤਰ੍ਹਾਂ ?

ਆਸ ਮੇਰੀ ਦੇ ਝਰਨੇ ਸੱਜਣਾਂ

ਆਸ ਮੇਰੀ ਦੇ ਝਰਨੇ ਸੱਜਣਾਂ ਰੰਗ ਬਦਲਦੇ ਰਹਿੰਦੇ ਨੇ ।
ਯਾਦ ਤੇਰੀ ਦੀਆਂ ਕਿਰਨਾਂ ਦੇ ਤੀਰ ਜਾਂ ਦਿਲ ਵਿਚ ਲਹਿੰਦੇ ਨੇ ।

ਅਣਬੋਲੇ ਬੋਲਾਂ ਦੇ ਵੀ ਕੋਈ ਅਰਥ ਤਾਂ ਹੁੰਦੇ ਹੋਣੇ ਨੇ,
'ਕੱਲੇ ਬੈਠਿਆਂ ਹੰਝੂ ਮੇਰੇ ਤਾਹੀਉਂ ਛਮਛਮ ਵਹਿੰਦੇ ਨੇ ।

ਮਿਲ ਬੈਠੇਂ ਜੇ ਇੱਕ ਵਾਰੀ ਸੂਰਤ ਦਿਲੀਂ ਵਸਾ ਲਈਏ,
ਦੱਸ ਦਈਏ ਲੋਕਾਂ ਦੇ ਤਾਈਂ ਜੋ ਇਹ ਪੁਛਦੇ ਰਹਿੰਦੇ ਨੇ ।

ਸਾਰੇ ਕਹਿੰਦੇ ਆਪਾਂ ਇੱਕੋ ਫੇਰ ਇਹ ਦੂਰੀ ਕਾਹਦੇ ਲਈ,
ਨਾਗ ਵਿਛੋੜੇ ਵਾਲੇ ਮੈਨੂੰ ਕਾਹਤੋਂ ਡੰਗਦੇ ਰਹਿੰਦੇ ਨੇ ।

ਖ਼ਿਆਲਾਂ ਦੀ ਮੈਂ ਡੋਰੀ ਫੜਕੇ ਕਈ ਪੁਲਾੜ ਗਾਹ ਆਇਆ,
ਆਪਣੇ ਕੰਨੀਂ ਮੈਂ ਸੁਣ ਆਇਆਂ ਤਾਰੇ ਕੀ ਕੁਝ ਕਹਿੰਦੇ ਨੇ ।

ਸਿਰਲੱਥਾਂ ਦੀ ਸੱਥ ਅੱਗੇ

ਸਿਰਲੱਥਾਂ ਦੀ ਸੱਥ ਅੱਗੇ, ਲੰਘਣਾਂ ਤਾਂ ਲੰਘੀਂ ਸੋਚ ਕੇ ।
ਸਾਰੇ ਰਾਹ ਕੰਡੇ ਹੀ ਕੰਡੇ, ਪੈਰ ਰੱਖੀਂ ਬੋਚ ਕੇ ।

ਦਿਲ 'ਚੋਂ ਨਿਕਲੀ ਜੀਭ ਅਟਕੀ, ਗੱਲ ਤੇਰੇ ਅੰਦਰੇ,
ਕਿੰਨਾਂ ਚਿਰ ਤੂੰ ਹੋਰ ਰੱਖਣੀ ਮੱਲੋਜੋਰੀ ਰੋਕ ਕੇ ।

'ਕਿੰਨੇ ਪਿੰਡੇ ਛਾਲੇ ਹੋਏ', ਵਾਰ ਵਾਰ ਕਿਉਂ ਪੁੱਛਦਾ ?
ਜ਼ਖ਼ਮਾਂ ਉੱਤੇ ਲੂਣ ਛਿੜਕੇਂ ਆਪੇ ਭੱਠੀ ਝੋਕ ਕੇ ।

ਮੇਰੇ ਖ਼ਿਆਲ ਜਿਸ ਜਲਾਏ ਉਸ ਸਿਤਮ ਦਾ ਕੀ ਕਰਾਂ

ਮੇਰੇ ਖ਼ਿਆਲ ਜਿਸ ਜਲਾਏ ਉਸ ਸਿਤਮ ਦਾ ਕੀ ਕਰਾਂ
ਬਿਨ ਦਰਦ ਜਾਣਿਆਂ ਲਾ ਦਿੱਤੀ ਇਸ ਮਰ੍ਹਮ ਦਾ ਕੀ ਕਰਾਂ

ਹੰਝੂਆਂ ਨਾਲ ਜ਼ਖ਼ਮ ਧੋਤੇ ਕੀਤੇ ਜੋ ਗ਼ਮ ਤੇਰੇ,
ਤੈਨੂੰ ਹਸਦਿਆਂ ਵੇਖ ਹੋਏ ਇਸ ਜ਼ਖ਼ਮ ਦਾ ਕੀ ਕਰਾਂ

ਰੁੱਤ ਬਹਾਰਾਂ ਦੀ ਸਦਾ ਰਹਿਣੀ ਏਂ ਦਿਲ ਫ਼ਰੇਬ,
ਜਿਹਦੀ ਨਾਲ ਖ਼ਿਜਾਂ ਯਾਰੀ ਉਸ ਚਮਨ ਦਾ ਕੀ ਕਰਾਂ

ਨਾਲ ਖ਼ੂਨ ਦੇ ਨੇ ਭਰੀਆਂ ਮੇਰੇ ਦਿਲ ਦੀਆਂ ਰਗਾਂ,
ਮੈਨੂੰ ਸੰਗ-ਦਿਲ ਜੋ ਮਿਲਿਆ ਉਸ ਸਨਮ ਦਾ ਕੀ ਕਰਾਂ

ਹੰਝੂਆਂ ਨੇ ਪਰੋਈ ਮਾਲਾ ਕਰ ਰਹੇ ਤੇਰੀ ਉਡੀਕ,
ਆਵੇਂਗਾ ਕਦੇ ਨਾ ਕਦੇ ਇਸ ਵਹਿਮ ਦਾ ਕੀ ਕਰਾਂ

ਮੈਨੂੰ ਗੱਲਾਂ ਸੱਭੇ ਯਾਦ ਨੇ ਤੇ ਹਰ 'ਨਹੀਂ' ਤੇਰੀ,
ਤੇਰੇ ਸ਼ਹਿਰ ਵੱਲ ਨੂੰ ਜਾਂਦੈ ਇਸ ਕਦਮ ਦਾ ਕੀ ਕਰਾਂ

ਨਾ ਤੂੰ ਜੀਣ ਸਮੇਂ ਆਇਉਂ, ਨਾ ਤੂੰ ਮਰਨ ਸਮੇਂ ਆਇਉਂ,
ਸਿਵਾ ਬਾਲਣੇ ਨੂੰ ਆਇਉਂ ਇਸ ਰਹਿਮ ਦਾ ਕੀ ਕਰਾਂ

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ