Punjabi Geet : Suhinder Bir
ਪੰਜਾਬੀ ਗੀਤ ਤੇ ਕਵਿਤਾਵਾਂ : ਸੁਹਿੰਦਰ ਬੀਰ
1. ਮੇਰਾ ਪੰਜਾਬ
ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ ਸੁਪਨੇ ਬਗ਼ੇਰ ਬੜਾ ਕਠਿਨ ਹੁੰਦਾ ਜੀਵਣਾ ਸੋਨੇ ਜਿਹੀ ਦੇਹੀ ਵਿਚ ਮਿੱਟੀ ਬਣ ਥੀਵਣਾ ਰਿਜ਼ਕ ਬਿਨਾਂ ਜੀਣ ਹੋਵੇ ਜ਼ਹਿਰ ਜਿਵੇਂ ਪੀਵਣਾ ਮਲਾਹਾਂ ਦਿਆਂ ਮਨਾਂ ਵਿਚ ਕਿਤੇ ਕੋਈ ਖੋਟ ਹੈ ਤਾਹੀੳਂ ਤਾਂ ਮਨ-ਮੇਰਾ ਡੱਕੇ-ਡੋਲੇ ਖਾਂਵਦਾ ਧਰਤੀ ਲਈ ਕਿਸ ਹਿੱਕ ਵਿਚ ਧਰਵਾਸ ਹੈ? ਪੈਰਾਂ ਅੱਗੇ ਦਿਸ ਰਿਹਾ ਲੰਮਾ ਬਨਵਾਸ ਹੈ ਮਾਣ ਕਾਹਦਾ ਰਿਹਾ ਜਦੋਂ ਛੱਡ ਦਿੱਤਾ ਵਾਸ ਹੈ ਪੈੇਰਾਂ ਵਿਚ ਕੰਡਿਆਂ ਵਿਛਾਇਆ ਹੋਵੇ ਜਾਲ ਜਦ ਧਰਤੀ ਦੇ ਪਿਆਰ ਦੇ ਨਹੀਂ ਗੀਤ ਕੋਈ ਗਾਂਵਦਾ ਇਕ ਇਕ ਘਰ ਕਈ ਚੁਲ੍ਹਿਆਂ 'ਚ ਵੰਡਿਆ ਹੱਦਾਂ-ਸਰਹੱਦਾਂ ਦੀਆਂ ਜੇਲ੍ਹਾਂ ਵਿਚ ਡੱਕਿਆ ਪੇਟ ਦੀ ਮੁਥਾਜੀ ਨੇ ਹੈ ਹੌਲਾ ਕਰ ਛੱਡਿਆ ਕੂੰਜਾਂ ਦੀਆਂ ਡਾਰਾਂ ਵਾਂਗ ਯਾਰ ਜਦੋਂ ਦੂਰ ਜਾਣ ਫੇਰ ਕੌਣ ਗਿੱਧੇ ਅਤੇ ਭੰਗਣੇ ਹੈ ਪਾਂਵਦਾ ਮਨਾਂ ਵਿਚ ਗਹਿਰੇ ਸਰਾਪ ਵੱਸ ਗਏ ਨੇ ਜਿਸਮਾਂ ਨੂੰ ਹਾਰਾਂ ਦੇ ਨਾਗ਼ ਡੱਸ ਗਏ ਨੇ ਹੱਡਾਂ 'ਚ ਪੰਜਾਬੀਆਂ ਦੇ ਨਸ਼ੇ ਧਸ ਗਏ ਨੇ ਸੱਧਰਾਂ-ਇੱਛਾਵਾਂ ਦੇ ਸਿਤਾਰੇ ਟੁੱਟ ਜਾਣ ਜਦੋਂ ਮੋਰ ਵੀ ਕਲਹਿਰੀ ਨਹੀੳਂ ਤਾਲ ਵਿਚ ਆਂਵਦਾ ਨੇਕ-ਨੀਤੀ ਵਾਲੇ ਬੰਦੇ ਨਜ਼ਰ ਨਹੀਂ ਆਂਵਦੇ ਧਨ ਦੇ ਅੰਬਾਰ ਭਲਾ ਬੰਦੇ ਕਿਉਂ ਨੇ ਲਾਂਵਦੇ? ਥਾਲ ਵਿਚ ਵਸਤਾਂ ਤਾਂ ਤਿਲ ਭਰ ਖਾਂਵਦੇ ਡੋਬ ਰਹੇ ਬੇੜੇ ਜਦੋਂ ਆਪ ਹੀ ਮਲਾਹ ਹੋਣ ਉਸ ਵੇਲੇ ਅੱਲਹ ਵੀ ਨਹੀਂ ਆਣਕੇ ਬਚਾਂਵਦਾ ਸੇਵਾਦਾਰ ਵੇਖ ਬੀਰ ਸੇਵਾ ਨੇ ਨਿਭਾਂਵਦੇ ਪਲਟਣਾਂ ਦੇ ਵਿਚ ਵੀ ਨੇ ਖ਼ੌਫ਼ ਪਏ ਇਹ ਖਾਂਵਦੇ ਭਰਮ ਰਣਜੀਤ ਸਿਹੁੰ ਦੇ ਰਾਜ ਦਾ ਵਿਖਾਂਵਦੇ ਮਰ ਜਾਏ ਜਦੋਂ ਵੀ ਜ਼ਮੀਰ ਕਦੇ ਬੰਦੇ ਦੀ ਜੀਂਦਾ ਹੋਇਆ ਖਾਕ ਜਿਉਂ ਅਉਧ ਹੇ ਹੰਢਾਂਵਦਾ ਦੇਸ਼ ਨਹੀਂ ਗ਼ਰੀਬ ਏਹਦੇ ਚੌਧਰੀ ਗ਼ਰੀਬ ਨੇ ਖਾ ਕੇ ਵੀ ਭੁੱਖੇ ਨੇ ਇਹ ਆਦਮੀ ਅਜੀਬ ਨੇ ਸਦੀਆਂ ਤੋਂ ਸੜ ਰਹੇ ਇਸਦੇ ਨਸੀਬ ਨੇ ਫ਼ਸਲ ਕਿਵੇ ਹਰੀ ਹੋਵੇ ਮੈਂਡੜੇ ਪੰਜਾਬ ਦੀ ਪਹਿਰੇਦਾਰ ਆਪ ਜਦੋਂ ਜੜੀਂ ਤੇਲ ਪਾਂਵਦਾ
2. ਕਾਹਨੂੰ ਰੋਲਦੈਂ ਪੰਜਾਬ ਦੇ ਨਸੀਬ ਹਾਣੀਆਂ
(ਪੰਜਾਬ ਸੰਤਾਪ ਦੇ ਸਮਿਆਂ ਵਿਚ ਲਿਖਿਆ ਗੀਤ) ਕਾਹਨੂੰ ਰੋਲਦੈਂ ਪੰਜਾਬ ਦੇ ਨਸੀਬ ਹਾਣੀਆਂ ਕਾਹਨੂੰ ਟੰਗਦੇ ਪੰਜਾਬ ਨੂੰ ਸਲੀਬ ਹਾਣੀਆਂ ਹੀਰਾਂ ਰਾਂਝਿਆਂ ਦੇ ਦੇਸ ਵਿਚ ਖ਼ੈਰ ਰਹਿਣ ਦੇ ਪੰਜਾਂ ਪਾਣੀਆਂ ਦੇ ਵੇਗ ਨੂੰ ਹੁਲਾਰਾ ਲੈਣ ਦੇ ਵੇਖ ਵਿਹੜੇ ‘ਚ ਵਿਛਾਈ ਨ ਜਰੀਬ ਹਾਣੀਆਂ ਡੂੰਘੇ ਪਿਆਰ ਦੇ ਸਰੋਵਰਾਂ ‘ਚ ਵਿਸ ਘੋਲ ਨਾ ਸੋਨ ਧਰਤੀ ‘ਚ ਆਦਮੀ ਦਾ ਖ਼ੂਨ ਡੋਲ ਨਾ ਟੁੱਕ ਦੇਵੀਂ ਨਾ ਪਰਿੰਦਿਆਂ ਦੀ ਜੀਭ ਹਾਣੀਆਂ ਕਾਹਨੂੰ ਜਗਦੇ ਚਿਰਾਗ਼ ਤੂੰ ਬੁਝਾਈ ਜਾ ਰਿਹੈਂ ਸੋਹਣੇ ਵਸਦੇ ਘਰਾਂ ਦੇ ਵਿਚ ਸੋਗ ਪਾ ਰਿਹੈਂ ਮਾਪੇ ਪੁੱਤਾਂ ਤੋਂ ਬਗ਼ੈਰ ਨੇ ਗ਼ਰੀਬ ਹਾਣੀਆਂ ਬੁੱਢੇ ਬਿਰਧ ਹੋਏ ਰੁੱਖਾਂ ਕੋਲ ਛਾਂਵਾਂ ਰਹਿਣ ਦੇ ਲੂੰਆਂ ਤੱਤੀਆਂ ‘ਚ ਮਿੱਠੀਆਂ ਹਵਾਵਾਂ ਰਹਿਣ ਦੇ ਕਰ ਦੂਰ ਹੁੰਦੇ ਰਾਹੀਆਂ ਨੂੰ ਕਰੀਬ ਹਾਣੀਆਂ ਸੋਹਣੇ ਸੂਰਜਾਂ ਦੇ ਮੱਥੇ ਉੱਤੇ ਕਾਲਖਾਂ ਨਾ ਧੂੜ ਨਿੱਕੀ ਉਮਰਾਂ ‘ਚ ਜ਼ਿੰਦਗੀ ਦਾ ਰਹਿਣ ਦੇ ਸਰੂਰ ਕਾਹਨੂੰ ਮਿੱਤਰਾਂ ਨੂੰ ਮੰਨਦੈਂ ਰਕੀਬ ਹਾਣੀਆਂ
3. ਗੀਤ-ਸ਼ਹੀਦ ਭਗਤ ਸਿੰਘ ਦੇ ਨਾਮ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਗਿਓਂ! ਰਾਜ ਫ਼ਰੰਗੀਆਂ ਦਾ ਤੂੰ ਜੜ੍ਹੋਂ ਉਖਾੜ ਗਿਓਂ... ਆਜ਼ਾਦੀ ਦੀ ਗੁੜਤੀ ਘਰ 'ਚੋਂ ਪਾਈ ਸੀ ਸੀਸ ਅਰਪ ਦੇਵਣ ਦੀ ਰੀਤ ਨਿਭਾਈ ਸੀ ਸੀਤ ਲਹੂ ਭਾਰਤ ਦਾ ਕਰ ਅੰਗਿਆਰ ਗਿਓਂ!... ਦੁਨੀਆ ਵਿਚ ਹੈ ਸਭ ਤੋਂ ਪਿਆਰੀ ਆਪਣੀ ਮਾਂ ਮਾਂ ਤੋਂ ਵਧ ਕੇ ਹੈ ਵਤਨ ਦੀ ਮਿੱਠੜੀ ਛਾਂ ਏਸ ਹਕੀਕਤ ਨੂੰ ਕਰਕੇ ਜੱਗ ਜ਼ਾਹਰ ਗਿਓਂ!... ਜਲ੍ਹਿਆਂ ਵਾਲੇ ਬਾਗ਼ 'ਚ ਖ਼ੂਨ ਜੋ ਡੁੱਲ੍ਹਿਆ ਸੀ ਤੇਰੀ ਅੱਖ ਵਿਚ ਲਾਲੀ ਬਣਕੇ ਘੁਲ੍ਹਿਆ ਸੀ ਭਾਰਤ ਮਾਂ ਲਈ ਅਪਣਾ ਕਰਜ਼ ਉਤਾਰ ਗਿਓਂ!... ਗੇਰੂ ਰੰਗ ਦੀ ਮਿੱਟੀ ਬਾਗ਼ 'ਚੋਂ ਲੈ ਆਇਓਂ ਸ਼ਹੀਦ ਹੋਇਆਂ ਨੂੰ ਇੰਤਕਾਮ ਲਈ ਕਹਿ ਆਇਓਂ ਏਸ ਮਿਸ਼ਨ ਲਈ ਅਪਣਾ ਜੀਵਨ ਵਾਰ ਗਿਓਂ!... ਫਾਹੀ ਨੂੰ ਹੱਸ ਹੱਸ ਕੇ ਗਲ ਵਿਚ ਪਾਇਆ ਤੂੰ ਇਨਕਲਾਬ ਦਾ ਮਾਰਗ਼ ਠੀਕ ਦਿਖਾਇਆ ਤੂੰ ਮੌਤ ਨੂੰ ਦੁਲਹਨ ਵਾਂਗੂੰ ਕਰਕੇ ਪਿਆਰ ਗਿਓਂ!... ਪੰਜ-ਆਬ 'ਚੋਂ ਜਿਸਨੇ ਚੂਲੀ ਭਰ ਲਈ ਏ ਜਾਨ ਤਲੀ 'ਤੇ ਅਪਣੀ ਉਸ ਨੇ ਧਰ ਲਈ ਏ ਹੱਥ-ਕੜੀਆਂ ਵਿਚ ਰੋਹਲੇ ਬੋਲ ਉਚਾਰ ਗਿਓਂ !... ਅਸੀਂ ਵੀ ਧਰਤੀ ਮਾਂ ਦੇ ਕੈਸੇ ਪੁੱਤਰ ਹਾਂ? ਆਪਣੇ ਫਰਜ਼ਾਂ ਤੋਂ ਵੀ ਹੋਏ ਮੁਨਕਰ ਹਾਂ ਭੁੱਲ ਗਏ ਜੋ ਦੇ ਕੇ ਸੋਚ-ਵਿਚਾਰ ਗਿਓਂ!...
4. ਨੀ ਜਿੰਦੇ ਮੇਰੀਏ !
ਤੇਰੀ ਦੀਦ ਦੇ ਤਿਹਾਏ ਜੋਗੀ ਦਰ ਦਰ ਖਾਕ ਛਾਣਦੇ ਨੀ ਜਿੰਦੇ ਮੇਰੀਏ! ਸਾਡੇ ਸਾਹਾਂ 'ਚ ਸੁਗੰਧੀਆਂ ਭਰ ਕੇ ਚੰਨ ਹੁਣ ਪੈਰ ਦਬਦਾ ਨੀ ਜਿੰਦੇ ਮੇਰੀਏ! ਸੈਆਂ ਕਲਮਾਂ 'ਚੋਂ ਕਲਾ ਬਣ ਆਵੇ ਹੁਸਨ ਦੀਏ ਰੂਪ-ਮੱਤੀਏ ਨੀ ਜਿੰਦੇ ਮੇਰੀਏ ! ਤੇਰੇ ਲਈ ਨ ਉਮਰ ਇਕ ਕਾਫੀ ਉਮਰਾਂ ਦੇ ਗੇੜ 'ਚ ਰਹਾਂ ਨੀ ਜਿੰਦੇ ਮੇਰੀਏ ! ਜੋਗੀ ਰਮਤੇ ਪਹਾੜੀ ਬਹਿ ਗਏ ਅੱਖੀਆਂ ਦੇ ਰੋੜ ਬਣ ਗਏ ਨੀ ਜਿੰਦੇ ਮੇਰੀਏ ! ਜੋਗੀ ਭੇਤ ਨ ਦਿਲਾਂ ਦੇ ਦਸਦੇ ਵਹਿਣ ਡੂੰਘੇ ਪਾਣੀਆਂ ਦੇ ਨੀ ਜਿੰਦੇ ਮੇਰੀਏ ! ਸ਼ਾਹ ਰਗ਼ ਤੋਂ ਕਰੀਬ ਪਿਆ ਵਸਨੈਂ ਡਾਰ ਵਿਚੋਂ ਦੂਰ ਨਿਖੜੇ ਨੀ ਜਿੰਦੇ ਮੇਰੀਏ ! ਤਾਲੂ ਲਗ ਗਈ ਜ਼ੁਬਾਨ ਥਲ ਗੌਂਹਦਿਆ ਬੱਦਲਾਂ ਦੀ ਭੂਰ ਬਣ ਜਾ ਨੀ ਜਿੰਦੇ ਮੇਰੀਏ ! ਤੇਰੇ ਕਦਮਾਂ 'ਚ ਖਿੱਤੀਆਂ ਸਿਤਾਰੇ ਸਫ਼ਾਂ ਬਣ ਜਾਣ ਵਿਛਦੇ ਨੀ ਜਿੰਦੇ ਮੇਰੀਏ ! ਤੈਨੂੰ ਰਾਹਾਂ 'ਚ ਜਦੋਂ ਦਾ ਗਵਾਇਆ ਉਮਰਾ ਦੇ ਹੋਸ਼ ਨ ਰਹੇ ਨੀ ਜਿੰਦੇ ਮੇਰੀਏ ! ਤੇਰਾ ਖਿੜਿਆ ਕਪਾਹੀ ਜੋਬਨਾ ਟਿੱਬਿਆਂ ਦੀ ਰੇਤ ਮਹਿਕ ਪਈ ਨੀ ਜਿੰਦੇ ਮੇਰੀਏ ! ਤੇਰੇ ਬੋਲ ਮਿੱਠੜੇ ਨੇ ਮੇਵੇ ਸਾਹਾਂ 'ਚ ਸਰੂਰ ਭਰਦੇ ਨੀ ਜਿੰਦੇ ਮੇਰੀਏ ! ਤੇਰੇ ਰੂਪ ਦਾ ਭੁਲੇਖਾ ਕੇਹਾ ਚੰਨ ਨੂੰ ਮੈਂ 'ਵਾਜ਼ਾਂ ਮਾਰਦਾ ਨੀ ਜਿੰਦੇ ਮੇਰੀਏ ! ਪੰਛੀ ਉਤਰੇ ਬਨੇਰੇ ਭਰ ਗਏ ਘਰਾਂ ਦੇ ਬਗੀਚੇ ਬਣ ਗਏ ਨੀ ਜਿੰਦੇ ਮੇਰੀਏ ! ਪੰਛੀ ਕਰ ਗਏ ਬਨੇਰੇ ਖਾਲੀ ਘਰਾਂ ਵਿਚ ਸੋਗ ਪੈ ਗਿਆ ਨੀ ਜਿੰਦੇ ਮੇਰੀਏ !
5. ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ
ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ ਵੇ ਤੇਰੀ ਕੋਈ ਸੋਅ ਨ ਪਵੇ ਤੂੰ ਤੇ ਬਹਿ ਗਿਓਂ ਦੁਮੇਲਾਂ ਕੋਲ ਜਾ ਕੇ ਵੇ ਸਾਡੀ ਕਿਹੜਾ ਸਾਰ ਜੋ ਲਵੇ ਦਮਾਂ ਦੀਆਂ ਚਮਕਾਂ ਨੇ ਤੈਨੂੰ ਭਰਮਾ ਲਿਆ ਛੱਡ ਗਿਓਂ ਜੀਣ ਦੇ ਵਿਹਾਰ ਵੇ ਅੱਲੜੀ ਵਰੇਸ ਨੇ ਕਰਾਰ ਜਿਹੜੇ ਕੀਤੜੇ ਸੀ ਤੋੜ ਗਿਓਂ ਅੱਧ-ਵਿਚਕਾਰ ਵੇ ਮੋਹ ਦੀਆਂ ਛਿਲਤਾਂ ਕਲੇਜੇ ਧੁਹ ਪਾਉਂਦੀਆਂ ਜਦ ਤਾਈਂ ਜੂਨ ਇਹ ਰਵ੍ਹੇ ਸਾਗਰਾਂ ਤੋਂ ਪਾਰ ਦੇ ਸੁਨਹਿਰੀ ਸੋਨ-ਸੁਪਨੇ ਸੀਨੇ ਵਿਚ ਸੈ ਭਾਵੇਂ ਚਾਅ ਵੇ ਅੰਮੜੀ ਦੇ ਦੇਸ਼ ਦਾ ਨਹੀਂ ਕਿਤੇ ਵੀ ਮੁਕਾਬਲਾ ਫ਼ੱਕਰਾਂ ਦੇ ਬੋਲ ਅਜ਼ਮਾ ਵੇ ਮਾਂ ਤੇ ਮਤੇਈ ਵਿਚੋਂ ਲੀਕ ਜਦੋਂ ਮਿਟ ਜਾਵੇ ਸੁਰਗਾਂ ਦੀ ਝਾਤ ਵੀ ਪਵੇ ਮੁੜ ਕੇ ਨਹੀਂ ਆ ਹੋਣਾ ਤੈਥੋਂ ਪਰਦੇਸੀਆ! ਕੱਚ ਦੀਆਂ ਵੰਗਾਂ ਜਿਹੇ ਕਰਾਰ ਵੇ ਸੱਧਰਾਂ ਦੇ ਰੰਗ ਸਤਰੰਗੀ ਪੀਂਘ ਵਰਗੇ ਪਲਕਾਂ 'ਚ ਭਰਦੇ ਖ਼ੁਮਾਰ ਵੇ ਰੁੱਖਾਂ ਕੋਲ ਛਾਵਾਂ ਚੰਨਾ ਠੰਡੀਆਂ ਤੇ ਮਿਠੀਆਂ ਵੇ! ਸਿਰਾਂ ਉਤੇ ਤਪਦੇ ਤਵੇ ਦੁੱਧ-ਚਿੱਟੀ ਚਾਨਣੀ 'ਚ ਚੰਨ ਦਾ ਕਟੋਰਾ ਸਦਾ ਮਹਿਕ-ਭਿੰਨੀ ਵੰਡਦਾ ਸਰੂਰ ਵੇ ਪੱਛੋਂ ਦੀਆਂ ਪੌਣਾਂ ਕੋਲੋਂ ਲੰਘ ਲੰਘ ਜਾਂਦੀਆਂ ਮਿੱਠੀ ਮਿੱਠੀ ਬੱਦਲਾਂ ਦੀ ਭੂਰ ਵੇ ਸੋਚਾਂ ਦੇ ਸਰਾਣੇ ਬਹਿ ਕੇ ਅਉਧ ਮੁਕ ਚੱਲੀ ਏ ਮੰਦਾ ਕੀਹਨੂੰ ਜਿੰਦ ਇਹ ਕਵੇ
6. ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ
ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ ਸੱਪਣੀ ਦੀ ਅੱਖ ਦਾ ਸਰੂਰ ਅੰਬਰਾਂ ਤੋਂ ਪਾਰ ਜੋ ਫ਼ਰਿਸ਼ਤੇ ਵੀ ਵੱਸਦੇ ਨੇ ਧਰਤੀ ਦਾ ਝਾਕਦੇ ਨੇ ਨੂਰ ਮਿਹਨਤਾਂ-ਮੁਸ਼ੱਕਤਾਂ 'ਚ ਰੱਤ ਜਿਹੜੇ ਡੋਲ੍ਹਦੇ ਨੇ ਸ਼ਾਮ ਵੇਲੇ ਪਲ ਵਿਸ਼ਰਾਮ ਆਲ੍ਹਣੇ 'ਚ ਬੈਠ ਕੇ ਸਕੂਨ ਘੜੀ ਮਾਣਦੇ ਨੇ ਦੁੱਖਾਂ ਵਾਲੇ ਘੋੜ ਬੇ ਲਗਾਮ ਦੁਨੀਆ ਹੀ ਘਰ ਭਾਵੇਂ ਬੰਦੇ ਦਾ ਹੈ ਹੋਂਵਦੀ ਕੁਲੀ ਜੇਹਾ ਕਿਤੇ ਨ ਗ਼ਰੂਰ ਘੜੀ-ਪਲ ਵਿਹਲ ਜਦੋਂ ਮਿਲਦੀ ਮਜ਼ੂਰੀਆਂ 'ਚੋਂ ਅੱਖ ਭਰ ਲੈਂਦੇ ਉਦੋਂ ਯਾਰ ਵਤਨਾਂ ਤੋਂ ਪਾਰ ਗਏ ਯਾਰ ਪਰਦੇਸ ਜਿਹੜੇ ਸ਼ਾਮ ਵੇਲੇ ਮੋੜਦੇ ਮੁਹਾਰ ਪੱਤਣਾਂ 'ਤੇ ਬੇੜੀਆਂ 'ਚ ਪੂਰ ਲੱਦੇ ਜਾਂਵਦੇ ਨੇ ਲੱਦੇ ਅਉਣ ਪਾਰ ਤੋਂ ਵੀ ਪੂਰ ਪਰਬਤਾਂ-ਪਹਾੜੀਆਂ ਦੀ ਕੁੱਖ ਵਿਚੋਂ ਜਨਮੇ ਜੋ ਨਾਗ਼ਾਂ ਵਾਂਗੂੰ ਸ਼ੁਕਦੇ ਨੇ ਨੀਰ ਰਾਹਾਂ ਦੀਆਂ ਰੋਕਾਂ ਵਿਚ ਅਟਕ ਕੇ ਬਹਿੰਦੇ ਨਾਹੀਂ ਤੁਰੇ ਰਹਿਣ ਰਮਤੇ-ਫ਼ਕੀਰ ਨੇਮਾਂ ਵਿਚ ਬੱਝੇ ਇਹ ਫ਼ਰਿਸ਼ਤੇ ਨੇ ਧਰਤੀ ਦੇ ਮੰਜ਼ਿਲਾਂ ਨੂੰ ਮੰਨਦੇ ਨੇ ਹੂਰ ਸ਼ਾਮਾਂ 'ਤੇ ਸਵੇਰਿਆਂ ਦੇ ਭੇਦ ਜਿਨ੍ਹਾਂ ਮੇਟ ਦਿਤੇ ਘੜੀ ਦੀਆਂ ਸੂਈਆਂ ਵਿਚ ਜਾਨ ਅਸਾਂ ਪਰਦੇਸੀਆਂ ਲਈ ਸੁਬਹ ਅਤੇ ਸ਼ਾਮ ਕੀ ਕੰਮਾਂ ਵਿਚ ਰਹੀਏ ਗ਼ਲਤਾਨ ਕੈਸੀ ਮਹਾ ਨਗਰਾਂ ਨੇ ਘੜ ਦਿਤੀ ਹੋਣੀ ਹੁਣ ਰੂਹ ਕੋਲੋਂ ਬੰਦਾ ਕੋਹਾਂ ਦੂਰ
7. ਜੇ ਧੀਆਂ ਨੂੰ ਕੁੱਖ ਵਿਚ ਮਾਰ ਮੁਕਾਓਗੇ
ਜੇ ਧੀਆਂ ਨੂੰ ਕੁੱਖ ਵਿਚ ਮਾਰ ਮੁਕਾਓਗੇ। ਸੋਹਣਾ ਜਿਹਾ ਸੰਸਾਰ ਇਹ ਕਿਵੇਂ ਵਸਾਓਗੇ? ਧੀ ਹੋਵੇ ਤਾਂ ਘਰ ਵਿਚ ਲਛਮੀ ਆਉਂਦੀ ਹੈ। ਸਭ ਜੀਆਂ ਨੂੰ ਜੀਣ ਆਚਾਰ ਸਿਖਾਉਂਦੀ ਹੈ। ਧੀ ਬਿਨ ਸੱਭਤਾ ਤੋਂ ਸੱਖਣੇ ਹੋ ਜਾਓਗੇ---- ਸਦੀਆਂ ਤੋਂ ਧੀਆਂ ਨੂੰ ਮਾਰ ਮੁਕਾਉਂਦੇ ਰਹੇ। ਸਿਰ ਸ਼ਮਲੇ ਦੀ ਝੂਠੀ ਧੌਂਸ ਜਮਾਉਂਦੇ ਰਹੇ। ਧੀਆਂ ਬਿਨ ਦੁੱਖੜੇ ਕਿਸ ਕੋਲ ਵੰਡਾਓਗੇ? ਤੁਸੀਂ ਪੰਜਾਬ ਦੇ ਜਾਏ ਆਲਮ ਫ਼ਾਜ਼ਲ ਹੋ। ਆਲਮ ਫ਼ਾਜ਼ਲ ਹੀ ਧੀਆਂ ਦੇ ਕਾਤਲ ਹੋ। ਥੋੜ੍ਹ-ਦਿਲੇ ਮਨ ਤੋਂ ਕੱਦ ਰਾਹਤ ਪਾਓਗੇ? ਨੰਨੀਆਂ ਛਾਵਾਂ ਦੀ ਜੇ ਖ਼ੈਰ ਮਨਾਉਂਦੇ ਹੋ। ਥੋਥੀਆਂ ਰੀਤਾਂ ਲਈ ਕਿਓਂ ਸੀਸ ਝੁਕਾਉਂਦੇ ਹੋ? ਧੀ ਆਵੇਗੀ ਜਦ ਇਹ ਜਾਲ ਉਠਾਓਗੇ--- ਅੱਜ ਪੰਜਾਬੀਓ! ਤੁਸੀਂ ਨਵੀਨ ਸਦਾਉਂਦੇ ਹੋ। ਆਦਮ ਵੇਲੇ ਦੀ ਪਰ ਰੀਤ ਨਿਭਾਉਂਦੇ ਹੋ। ਜ਼ਿਹਨੀ ਗ਼ੁਰਬਤ ਤੋਂ ਕੱਦ ਮੁਕਤੀ ਪਾਉਗੇ?
8. ਆਓ ਸੋਹਣੇ ਦੇਸ ਪੰਜਾਬ ਦੀ ਰਲਕੇ ਸ਼ਾਨ ਵਧਾਈਏ
ਆਓ ਸੋਹਣੇ ਦੇਸ ਪੰਜਾਬ ਦੀ ਰਲਕੇ ਸ਼ਾਨ ਵਧਾਈਏ। ਸੋਨ-ਸੁਨਹਿਰੀ ਇਸ ਧਰਤੀ ਨੂੰ ਜੱਗ ਦੇ ਵਿਚ ਰੁਸ਼ਨਾਈਏ। ਇਸ ਧਰਤੀ ਨੂੰ ਕੁਦਰਤ ਨੇ ਹੈ ਬਖ਼ਸ਼ਿਆ ਖ਼ੂਬ ਨਜ਼ਾਰਾ। ਹਿਮ-ਪਰਬਤ 'ਚੋਂ ਪਾਕ-ਪਵਿੱਤਰ ਵਗਦੀ ਹੈ ਜਲ ਧਾਰਾ। ਇਸ ਉਪਜਾਊ ਮਿੱਟੀ ਵਿਚੋਂ ਅਪਣੇ ਭਾਗ ਜਗਾਈਏ---- ਏਥੇ ਰਿਸ਼ੀਆਂ-ਮੁਨੀਆਂ, ਪੀਰਾਂ ਰੱਬੀ ਰਮਜ਼ਾਂ ਪਾਈਆਂ। ਇਹ ਰਮਜ਼ਾਂ ਵੇਦਾਂ-ਰਿਗਵੇਦਾਂ ਵਿਚ ਉਹਨਾਂ ਸਮਝਾਈਆਂ। ਇਸ ਧਰਤੀ ਦਾ ਕੁੱਲ ਦੁਨੀਆ ਵਿਚ ਉੱਚਾ ਕਲਸ ਸਜਾਈਏ---- ਸੱਚੇ-ਸੁੱਚੇ ਜੀਣ ਦਾ ਬਾਬੇ ਨਾਨਕ ਨੇਮ ਸਿਖਾਇਆ। ਕਿਰਤ ਕਰਨ ਤੇ ਵੰਡ ਛਕਣ ਦਾ ਮੰਤਰ ਮੂਲ ਪੜ੍ਹਾਇਆ। ਮੇਰ-ਤੇਰ ਦੇ ਭੇਦ ਮਿਟਾ ਕੇ ਪੰਗਤ ਵਿਚ ਬਹਿ ਜਾਈਏ----- ਆਓ ਅਪਣੀ ਮਾਂ-ਧਰਤੀ ਤੋਂ ਮਮਤਾ ਦਾ ਵਰ ਮੰਗੀਏ। ਬਾਰਿ ਪਰਾਏ ਬੈਠ ਨ ਐਵੇਂ ਜਿੰਦ ਸੂਲੀ 'ਤੇ ਟੰਗੀਏ। ਇਸ ਪੰਜਾਬ ਦੀ ਰਲ ਮਿਲ ਆਪਾਂ ਨਵ-ਤਕਦੀਰ ਬਣਾਈਏ---- ਆਓ ਸੋਹਣੇ ਦੇਸ ਪੰਜਾਬ ਦੀ ਰਲਕੇ ਸ਼ਾਨ ਵਧਾਈਏ। ਸੋਨ-ਸੁਨਹਿਰੀ ਇਸ ਧਰਤੀ ਨੂੰ ਜੱਗ ਦੇ ਵਿਚ ਰੁਸ਼ਨਾਈਏ।
9. ਜੋ ਸੁਪਨਿਆਂ ਦੇ ਵਿਚ ਚਿਤਵੀਆਂ ਸੀ
ਜੋ ਸੁਪਨਿਆਂ ਦੇ ਵਿਚ ਚਿਤਵੀਆਂ ਸੀ, ਤਸਵੀਰਾਂ ਕਿਧਰ ਗਈਆਂ? ਮਿੱਟੀ ਨੂੰ ਸੋਨਾ ਕਰਦੀਆਂ ਜੋ, ਤਕਦੀਰਾਂ ਕਿਧਰ ਗਈਆਂ? ਅਸੀਂ ਜਦ ਤੋਂ ਸੁਰਤ ਸੰਭਾਲੀ ਹੈ,ਸਾਡੀ ਜਾਨ ਦੁੱਖਾਂ ਵਿਚ ਜਕੜੀ ਏ। ਅਸੀਂ ਸੁਪਨੇ ਦੇਖ ਕੇ ਅੱਕ ਗਏ ਹਾਂ, ਸਾਡੀ ਕਿਸਮਤ ਸਾਥੋਂ ਵਿੱਟੜੀ ਏ। ਸਾਨੂੰ ਮਾਰਿਆ ਨਹੀਂ ਹਮਲਾਵਰਾਂ ਨੇ, ਅਸੀਂ ਆਪਣਿਆਂ ਤੋਂ ਮਰ ਗਏ ਹਾਂ, ਦੁਸ਼ਟਾਂ ਨੂੰ ਮਾਰ ਮੁਕਾਉਂਦੀਆਂ ਜੋ, ਸ਼ਮਸ਼ੀਰਾਂ ਕਿਧਰ ਗਈਆਂ----? ਨਿਆਈਆਂ ਤੋਂ ਮਿੱਟੀ ਉਡ ਉਡ ਕੇ, ਹੁਣ ਪਾਰ ਸਮੁੰਦਰੋਂ ਜਾ ਰਹੀ ਏ। ਧਰਤੀ ਦੇ ਮਿੱਠੜੇ ਮੋਹ ਤੋਂ ਕਿਓਂ, ਅੱਜ ਹਰ ਪੀੜੀ ਉਕਤਾ ਰਹੀ ਏ? ਮਾਂ ਧਰਤੀ ਦੇ ਰੰਗਾਂ ਵਿਚ ਜਿਸਨੇ, ਰੰਗ ਸੂਹੇ ਸੂਹੇ ਭਰਨੇ ਸੀ, ਰੰਗ ਸੂਹੇ ਸੂਹੇ ਭਰਨ ਦੀਆਂ, ਤਦਬੀਰਾਂ ਕਿਧਰ ਗਈਆਂ--------? ਅਸੀਂ ਲਿਆ ਸੀ ਖ਼ਾਬ ਆਜ਼ਾਦੀ ਦਾ, ਹੱਸ ਹੱਸ ਕੇ ਜਾਨਾਂ ਵਾਰੀਆਂ ਸੀ। ਅਸੀਂ ਜਾਮ ਸ਼ਹਾਦਤ ਪੀਤੇ ਸੀ, ਦੇਹਾਂ ਤੱਤੀਆਂ ਜੰਗ ਵਿਚ ਠਾਰੀਆਂ ਸੀ। ਉਹ ਸੁਬਹ ਆਜ਼ਾਦੀ ਦੀ ਜਿਸਨੇ, ਸਾਡੀ ਤਵਾਰੀਖ਼ ਸੰਵਾਰਨੀ ਸੀ, ਉਹ ਭਾਗ ਜਗਾਵਣ ਵਾਲੀਆਂ ਦੱਸ, ਯਾਰ! ਲਕੀਰਾਂ ਕਿਧਰ ਗਈਆਂ-------? ਤਖ਼ਤ ਦੇ ਵਾਰਿਸ ਆਉਂਦੇ ਰਹੇ, ਬੜੇ ਸਬਜ਼-ਬਾਗ਼ ਦਿਖਾਉਂਦੇ ਰਹੇ। ਭਾਰਤ ਦਾ ਨਾਂ ਰੁਸ਼ਨਾਵਣ ਦੀ ਰੱਟ, ਉੱਚੀ ਉੱਚੀ ਲਾਉਂਦੇ ਰਹੇ। ਪਰ ਫਿਰ ਵੀ ਸਾਡਾ ਅਮਨਦਾਤਾ ਕਿਓਂ ਖ਼ੁਦਕੁਸ਼ੀਆਂ ਦੇ ਰਾਹ ਤੁਰਦਾ? ਮੇਹਨਤ ਨੂੰ ਬੂਰ ਲਗਾਉਣ ਦੀਆਂ, ਤਕਰੀਰਾਂ ਕਿਧਰ ਗਈਆਂ----
10. ਗੁਰੂ ਦੇ ਨਾਮ
ਬਾਲੜੀ ਉਮਰੇ ਤਖ਼ਤੀ ਉਤੇ ਕੱਚੀ ਪੈਨਸਿਲ ਦੇ ਨਾਲ ਤੁਸਾਂ ਜੋ ਪੂਰਨੇ ਪਾਏ ਉਮਰ ਦੇ ਸਾਰੇ ਸਾਲ ਮੈਂ ਉਹਨਾਂ ਨੂੰ ਗੂੜ੍ਹੇ ਕਰਨ ਦੇ ਵਿਚ ਬਿਤਾਏ ਤੁਸਾਂ ਜੋ ਮੇਰੇ ਹੱਥਾਂ ਦੇ ਵਿਚ ਕਲਾ ਪਛਾਣੀ 'ਵਾਹ' ਆਖਣ ਤੇ ਮੇਰੇ ਮੱਥੇ ਦੇ ਵਿਚ ਬਲਦੇ ਦੀਵੇ ਨੂੰ ਸਾਹ ਮਿਲਿਆ ਧੀਮਾ ਧੀਮਾ ਸਾਰੀ ਉਮਰ ਰਿਹਾ ਹੈ ਜਗਦਾ ਮੇਰੇ ਜੀਵਨ ਵਿਚ ਮੇਰੇ ਸੁੱਖ-ਦੁੱਖ ਜਾਂ ਮੇਰੇ ਰਾਹੀਆਂ-ਹਮਰਾਹੀਆਂ ਦੇ ਝੋਰੇ ਕਮੀਆਂ-ਪੇਸ਼ੀਆਂ ਮਨ-ਮਸਤਕ ਦੀ ਤਖ਼ਤੀ ਉਤੇ ਕੱਚੇ ਪੂਰਨਿਆਂ ਦੇ ਵਾਂਗ ਉਕਰੀਆਂ ਇਨ੍ਹਾਂ ਪੂਰਨਿਆਂ ਨੂੰ ਗੂੜ੍ਹੇ ਕਰਦਿਆਂ ਸਾਧਨਾ ਦੇ ਵਿਚ ਅਉਧ ਲੰਘਾਈ ਇਸ ਵਿਚ ਮੇਰਾ ਕੁਝ ਵੀ ਨਾਹੀਂ ਸਭ ਕੁਝ ਤੁਸਾਂ ਦਾ ਤੁਸਾਂ ਜੋ ਵਾਹ ਦੀ ਛੋਹ ਲਗਾਈ ਸਦਾ ਰਹੀ ਉਹ ਮੇਰੇ ਅੰਗ-ਸੰਗ ਸਦਾ ਰਹੀ ਉਹ ਸੰਗ-ਸਹਾਈ।