Rani Dhee Poems on Daughter : Karamjit Singh Gathwala

ਰਾਣੀ ਧੀ ਬਾਲ ਕਵਿਤਾ : ਕਰਮਜੀਤ ਸਿੰਘ ਗਠਵਾਲਾ

ਧੀ ਰਾਣੀ


ਮੇਰੀ ਧੀ ਘੂਕ ਪਈ ਏ ਸੁੱਤੀ,
ਹਾਸਾ ਬੁੱਲ੍ਹੀਆਂ ਉੱਤੇ ਖੇਡੇ ।
ਇਉਂ ਲੱਗਦੈ ਖਿਡਾਣ ਲਈ ਉਹਨੂੰ,
ਨੀਂਦ-ਪਰੀ ਲੈ ਗਈ ਦੁਰੇਡੇ ।

'ਉਸ ਬਾਗੇ ਪਤਝੜ ਨਹੀਂ ਆਉਂਦੀ,
ਸਦੀਵੀ ਰੁੱਤ ਬਹਾਰ ਹੈ ਰਹਿੰਦੀ ।
ਆਪੇ ਤਲੀਆਂ ਤੇ ਆ ਲਗਦੀ,
ਕਾਲੇ ਬਾਗਾਂ ਵਾਲੀ ਮਹਿੰਦੀ ।

ਉਸ ਬਾਗ ਦੇ ਸਾਰੇ ਪੰਛੀ,
ਹਮੇਸ਼ਾ ਮਿੱਠੀ ਬੋਲੀ ਬੋਲਣ ।
ਇਕ ਦੂਜੇ ਤੇ ਰੋਅਬ ਪਾਣ ਲਈ,
ਕਦੇ ਵੀ ਆਪਣੇ ਪਰ ਨਾ ਤੋਲਣ ।

ਮਾਂ ਵਰਗੀ ਉਸ ਬਾਗ ਦੀ ਮਾਲਣ,
ਜਿਹੜੀ ਉੱਥੇ ਸਦੀਵੀ ਰਹਿੰਦੀ ।
ਜਿਹੜਾ ਫਲ ਧੀ ਰਾਣੀ ਚਾਹਵੇ,
ਉਸਨੂੰ ਹੱਸਦੀ ਲਾਹ ਉਹ ਦਿੰਦੀ ।

ਹਰ ਬੂਟੇ ਤੇ ਫੁੱਲ ਖਿੜੇ ਨੇ,
ਸੋਹਣੇ-ਸੋਹਣੇ ਰੰਗ ਬਿਰੰਗੇ ।
ਸਭਨਾਂ ਨੂੰ ਖੁਸ਼ਬੋਈ ਵੰਡਣ,
ਮੰਗੇ ਭਾਵੇਂ ਨਾ ਕੋਈ ਮੰਗੇ ।'

ਏਨੇ ਨੂੰ ਉਹਦੀ ਮਾਂ ਆਈ,
ਉਹਦੇ ਮੱਥੇ ਨੂੰ ਹੱਥ ਲਾਇਆ ।
ਹੱਸ ਧੀ ਨੇ ਅੱਖਾਂ ਖੋਲ੍ਹੀਆਂ,
ਉਸਨੇ ਚੁੱਕ ਸੀਨੇ ਨਾਲ ਲਾਇਆ ।

ਪੀਂਘ ਝੂਟਦੀ ਧੀ


ਮੇਰੀ ਧੀ ਪਈ ਪੀਂਘ ਝੂਟਦੀ,
ਨਾਲੇ ਮਿੱਠੇ ਗੀਤ ਸੁਣਾਵੇ।
ਮੇਰੀ ਨਜ਼ਰ ਓਸਨੂੰ ਵਿੰਹਦੀ,
ਕਦੇ ਹੇਠਾਂ ਕਦੇ ਉੱਤੇ ਜਾਵੇ।

ਹੀਂਘ ਚੜ੍ਹਾਉਂਦੀ ਬੁੱਲ੍ਹ ਹੱਸਦੇ,
ਵਾਲਾਂ ਨੂੰ ਹੈ ਹਵਾ ਹਿਲਾਉਂਦੀ।
ਜਾਪੇ ਰੁੱਖ ਦਾ ਪੱਤਾ ਪੱਤਾ,
ਖ਼ੁਸ਼ੀ ਲੋਰ ਵਿੱਚ ਹੱਥ ਹਿਲਾਵੇ।

ਟਾਹਣੀ ਟਾਹਣੀ ਪੰਛੀ ਬੈਠੇ,
ਨਾਲ ਸੰਗੀਤ ਚੁਗਿਰਦਾ ਭਰਿਆ।
ਜਾਦੂ ਕੰਨਾਂ ਦੇ ਵਿੱਚ ਘੁਲਦਾ,
ਨਸ਼ਾ ਜਿਹਾ ਕੋਈ ਚੜ੍ਹਦਾ ਜਾਵੇ।

ਪਤਾ ਨਹੀਂ ਕਿਧਰੋਂ ਬੱਦਲ ਉਮੜੇ,
ਕਣੀਆਂ ਵੀ ਨਾਲੇ ਵਰ੍ਹ ਪਈਆਂ।
ਪੀਂਘ ਨੂੰ ਛੱਡ ਕੇ ਮੇਰੇ ਵੱਲ ਨੂੰ,
ਧੀ ਮੇਰੀ ਪਈ ਭੱਜੀ ਆਵੇ।

ਲੋਰੀ-ਧੀ ਲਈ

ਆ ਨੀ ਨੀਂਦੇ ਛੇਤੀ ਆ ।
ਮੇਰੀ ਧੀ ਨੂੰ ਥਾਪੜ ਜਾ ।
ਤਿਤਲੀ ਬਣ ਕੇ ਖੰਭ ਫੈਲਾ ।
ਮੇਰੀ ਧੀ ਨੂੰ ਪੱਖਾ ਝੁਲਾ ।

ਹੱਸਦੀ ਹੱਸਦੀ ਥੱਕ ਜਾਂਦੀ ਏ ।
ਨੱਸਦੀ ਨੱਸਦੀ ਅੱਕ ਜਾਂਦੀ ਏ ।
ਆ ਕੇ ਇਹਨੂੰ ਲੋਰੀ ਸੁਣਾ ।
ਮਨ ਇਹਦੇ ਨੂੰ ਆ ਪਰਚਾ ।
ਆ ਨੀ ਨੀਂਦੇ ਛੇਤੀ ਆ ।

ਸੁਪਨਿਆਂ ਦੇ ਇਹਨੂੰ ਦੇਸ਼ ਲਿਜਾਈਂ ।
ਪਰੀਆਂ ਦੀ ਇਹਨੂੰ ਗੋਦ ਬਿਠਾਈਂ ।
ਕਿਰਨਾਂ ਦੀ ਅਸਵਾਰ ਬਣਾ ।
ਤਾਰਿਆਂ ਕੋਲੇ ਲੈ ਕੇ ਜਾ ।
ਆ ਨੀ ਨੀਂਦੇ ਛੇਤੀ ਆ ।

ਦੁੱਧ-ਨਦੀ 'ਚੋਂ ਦੁੱਧ ਪਿਆ ਕੇ ।
ਗਗਨਾਂ ਦਾ ਸੰਗੀਤ ਸੁਣਾ ਕੇ ।
ਮੁੜ ਕੇ ਚਾਈਂ ਚਾਈਂ ਆ ।
ਸਾਡੇ ਕੋਲੇ ਮੁੜ ਛੱਡ ਜਾ ।
ਆ ਨੀ ਨੀਂਦੇ ਛੇਤੀ ਆ ।

ਰਾਣੀ ਧੀ

1
ਦੀਪ ਆਸਾਂ ਤੇ ਖ਼ੁਸ਼ੀਆਂ ਦੇ ਬਾਲ ਅਸਾਂ,
ਮਨ ਦੀਆਂ ਮੰਮਟੀਆਂ ਸਭ ਸਜਾਈਆਂ ਨੇ ।
ਤੇਲ ਪਾਉਣ ਲਈ ਹੋਰ ਮਨਦੀਪ ਆਈ,
ਤਾਹੀਂਉਂ ਵਧੀਆਂ ਹੋਰ ਰੁਸ਼ਨਾਈਆਂ ਨੇ ।
2
ਉਹਦੇ ਹਾਸੇ ਦੇ ਨਾਲ ਹੀ ਖਿੜਨ ਕਲੀਆਂ,
ਉਹਦੇ ਬੋਲ ਨਾਲ ਬੁਲਬਲਾਂ ਚਹਿਕਦੀਆਂ ।
ਜਦੋਂ ਦਿਲ ਦੀ ਗੋਦ ਉਹ ਆ ਬੈਠੇ,
ਚਾਰੇ ਕੂੰਟਾਂ ਨੇ ਆਪੇ ਹੀ ਮਹਿਕਦੀਆਂ ।
3
ਲਹਿਰ ਉਠੀ ਖ਼ਿਆਲਾਂ ਦੀ ਨਦੀ ਵਿਚੋਂ,
ਉਛਲ ਕੰਢਿਓਂ ਤਾਰਮਤਾਰ ਕਰ ਗਈ ।
ਖਾਲੀ ਨਿਵਾਣ ਸੀ ਜੋ ਪਿਆਰ ਵੱਲੋਂ,
ਉਨ੍ਹਾਂ ਸਭਨਾਂ ਤਾਈਂ ਸਰਸ਼ਾਰ ਕਰ ਗਈ ।
4
ਦਿਲ ਚਾਹੁੰਦਾ ਪਰੀ ਦੇ ਖੰਭ ਲੱਗਣ,
ਸਾਡੀ ਝੋਲ ਅੰਦਰ ਉੱਡ ਆ ਜਾਵੇ ।
ਪੰਛੀ ਪਿਆਰ ਦੇ ਬੋਲ ਜੋ ਬੋਲਦੇ ਨੇ,
ਵਿੱਚ ਆਪਣੇ ਬੋਲ ਰਲਾ ਜਾਵੇ ।
5
ਅੱਖਾਂ ਬੰਦ ਕਰ ਜਦੋਂ ਵੀ ਵੇਖਦੇ ਹਾਂ,
ਖੇਡੇ ਵਿਹੜੇ ਖਿੜੀ ਬਹਾਰ ਵਾਂਗੂੰ ।
ਤੱਤੀ ਲੂ ਭਾਵੇਂ ਬਾਹਰ ਵਗਦੀ ਏ,
ਛੱਟੇ ਸੁੱਟਦੀ ਜਾਏ ਫੁਹਾਰ ਵਾਂਗੂੰ ।
6
ਤ੍ਰੇਲ-ਮੋਤੀਉਂ ਸੂਰਜ-ਕਿਰਣ ਲੰਘੇ,
ਸਤ-ਰੰਗੜੀ ਪੀਂਘ ਉਹ ਪਾ ਜਾਂਦੀ ।
ਮਨ ਦੇ ਸ਼ੀਸ਼ਿਉਂ ਲੰਘ ਮੁਸਕਾਨ ਤੇਰੀ,
ਸਭ ਪਾਸੇ ਹੈ ਰੰਗ ਬਿਖਰਾ ਜਾਂਦੀ ।
7
ਤੈਨੂੰ ਕਦੇ ਨਾ ਚੰਦਰੀ ਨਜ਼ਰ ਲੱਗੇ,
ਸਦਾ ਬਚ ਕੇ ਰਹੇਂ ਮੱਕਾਰੀਆਂ ਤੋਂ ।
ਸਿਦਕ ਉਂਗਲੀ ਫੜ ਲੰਘਾਏ ਤੈਨੂੰ,
ਬਿਖੜੇ ਪੈਂਡਿਉਂ ਔਕੜਾਂ ਸਾਰੀਆਂ ਤੋਂ ।
8
ਤੇਰੇ ਮਨ ਦੀ ਉੱਚੀ ਉਡਾਣ ਹੋਵੇ,
ਦੀਵੇ ਬਾਲਦੀ ਰਹੇਂ ਸੱਚਾਈ ਵਾਲੇ ।
ਸਦਾ ਵਿਹੜੇ 'ਚ ਰੌਣਕਾਂ ਲਾਈ ਰੱਖੇਂ,
ਕੰਮ ਕਰਦੀ ਰਹੇਂ ਦਾਨਾਈ ਵਾਲੇ ।
9
ਤੇਰੀ ਨਜ਼ਰੋਂ ਨਜ਼ਰਾਂ ਪੈਂਦਿਆਂ ਹੀ,
ਕੋਇਲਾਂ ਵਿਛੜੀਆਂ ਕੱਠੀਆਂ ਹੋ ਗਈਆਂ ।
ਅਚਣਚੇਤ ਜਿਹੜੇ ਕਿਤੇ ਪੈ ਗਏ ਸਨ,
ਸਾਰੇ ਦਿਲ ਦੇ ਦਾਗ਼ ਉਹ ਧੋ ਗਈਆਂ ।
10
ਰਾਤ ਘੁੱਪ-ਕਾਲੀ ਕਾਲੀ ਘਟਾ ਗਰਜੇ,
ਵਿੱਚੋਂ ਬਿਜਲੀ ਜਿਉਂ ਚਮਕ ਮਾਰ ਜਾਂਦੀ ।
ਰਾਣੀ ਧੀ ਜਾਂ ਖਿਆਲਾਂ ਦੇ ਮਹਿਲ ਆਵੇ,
ਤਪਦੇ ਸੀਨਿਆਂ ਤਾਈਂ ਏ ਠਾਰ ਜਾਂਦੀ ।
11
ਪਿੱਛੇ ਤਿਤਲੀਆਂ ਉੱਡਦੀ ਜਾਂਵਦੀ ਜਾਂ,
ਕੇਸ ਉੱਡਦੇ ਨਦੀ ਦੀ ਲਹਿਰ ਵਾਂਗੂੰ ।
ਜਦੋਂ ਗੱਲ ਨਾ ਕਰੇ ਤੇ ਚੁੱਪ ਰਹਿੰਦੀ,
ਘੜੀ ਘੜੀ ਲੰਘੇ ਪਹਿਰ ਪਹਿਰ ਵਾਂਗੂੰ ।
12
ਸੂਰਜ ਚਮਕਦਾ ਬਦਲੀ ਜਿਉਂ ਆ ਢਕਦੀ,
ਵਿੱਚੋਂ ਝਾਕੇ 'ਬਲੇਕ' ਦੇ ਬਾਲ ਵਾਂਗੂੰ ।
ਜਦੋਂ ਕਦੇ ਉਦਾਸੀ ਆ ਘੇਰਦੀ ਏ,
ਆ ਸਾਹਮਣੇ ਖੜੇ ਉਹ ਢਾਲ ਵਾਂਗੂੰ ।

(ਬਲੇਕ=ਅੰਗ੍ਰੇਜੀ ਦੇ ਮਸ਼ਹੂਰ ਕਵੀ ਵਿਲੀਅਮ ਬਲੇਕ)

ਸਰਗਮ


ਸਾਡੇ ਘਰ ਅੱਜ ਕਲੀ ਹੈ ਆਈ ।
ਮਹਿਕਾਂ ਵੰਡਦੀ ਕਰ ਰੁਸ਼ਨਾਈ ।

ਦਿਲ ਸਾਗਰ ਜਿਉਂ ਉੱਛਲ ਜਾਵੇ।
ਚਾਹਵੇ ਚੰਨ ਨੂੰ ਜੱਫੀਆਂ ਪਾਵੇ ।

ਜਿਸ ਸਿੱਪੀ ਚੋਂ ਮੋਤੀ ਆਇਆ ।
ਰੱਬ ਕਰੇ ਉਹਦਾ ਉੱਚਾ ਪਾਇਆ ।

ਸਾਡੇ ਮਨ ਵਿੱਚ ਚਾਨਣ ਭਰਿਆ ।
ਨ੍ਹੇਰਾ ਭੱਜਿਆ ਡਰਿਆ ਡਰਿਆ ।

ਜਦ ਵੀ ਕੁਝ ਉਹ ਮੰਗਣਾ ਚਾਹੁੰਦੀ।
ਉੱਚੀ ਉੱਚੀ ਫਿਰ ਰੌਲਾ ਪਾਉਂਦੀ।

ਮਾਂ ਚੁੱਕ ਕੇ ਦੁੱਧ ਪਿਆਉਂਦੀ।
ਮਿੱਠੀ ਨੀਂਦ ਓਸਨੂੰ ਆਉਂਦੀ।

ਸਰਗਮ ਦੇ ਨਾਲ ਗੀਤ ਰਲ ਗਏ।
ਸਿਖ਼ਰ ਦੁਪਹਿਰੇ ਆਪੇ ਢਲ ਗਏ।

(28 ਜੂਨ 2020)

ਮਾਂ ਦੀ ਲੋਰੀ ਧੀ ਨੂੰ

ਕਿਹੜੇ ਦੇਸ਼ੋਂ ਆਈ ਤੂੰ ਅੜੀਏ, ਕਿਹੜੇ ਦੇਸ਼ੋਂ ਆਈ ?
ਅਪਣੇ ਮਨ ਦੇ ਬੋਝੇ ਓਥੋਂ, ਸਾਡੇ ਲਈ ਕੀ ਲਿਆਈ ?

ਸਾਲਾਂ ਵਾਂਗੂੰ ਪਲ ਲੰਘਾਏ ਜਿੰਨਾਂ ਚਿਰ ਮਨ ਵੱਸੀ।
ਪਪੀਹੇ ਸਵਾਂਤੀ ਬੂੰਦ ਪਾ ਲਈ ਜਦੋਂ ਬਾਹਰ ਆ ਹੱਸੀ ।
ਮੈਨੂੰ ਲੱਗਿਆ ਜਿੱਦਾਂ ਆਪਣੀ ਖੋਈ ਚੀਜ਼ ਥਿਆਈ ।
ਕਿਹੜੇ ਦੇਸ਼ੋਂ ਆਈ ਤੂੰ ਅੜੀਏ, ਕਿਹੜੇ ਦੇਸ਼ੋਂ ਆਈ ?

ਜਦੋਂ ਜਦੋਂ ਮੈਂ ਮੂੰਹ ਤੇਰੇ ਵੱਲ ਵੇਖਾਂ ਨੀਝ ਲਗਾ ਕੇ ।
ਕਲੀਆਂ ਝੁਰਮਟ ਪਾਵਣ ਆ ਕੇ ਉੱਚੀ ਹੱਸ ਹਸਾ ਕੇ ।
ਘਰ ਦੇ ਖਾਲੀ ਖੂੰਜੇ ਭਰ ਗਏ ਐਸੀ ਮਹਿਕ ਖਿੰਡਾਈ ।
ਕਿਹੜੇ ਦੇਸ਼ੋਂ ਆਈ ਤੂੰ ਅੜੀਏ, ਕਿਹੜੇ ਦੇਸ਼ੋਂ ਆਈ ?

ਤੈਨੂੰ ਬੁਰੀ ਨਜ਼ਰ ਲੱਗੇ ਨਾ ਕਾਲਾ ਟਿੱਕਾ ਲਾਵਾਂ ।
ਦੂਰ ਦੂਰ ਸਭ ਭੱਜਣ ਤੈਥੋਂ ਜੋ ਵੀ ਹੋਣ ਬਲਾਵਾਂ ।
ਹਰ ਖ਼ੁਸ਼ੀ ਤੈਨੂੰ ਰੱਬ ਬਖ਼ਸ਼ੇ ਜੋ ਤੇਰੇ ਮਨ ਆਈ ।
ਕਿਹੜੇ ਦੇਸ਼ੋਂ ਆਈ ਤੂੰ ਧੀਏ, ਕਿਹੜੇ ਦੇਸ਼ੋਂ ਆਈ ?
ਕਿਹੜੇ ਦੇਸ਼ੋਂ ਆਈ ਤੂੰ ਅੜੀਏ, ਕਿਹੜੇ ਦੇਸ਼ੋਂ ਆਈ ?

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ