Sunil Chandianvi
ਸੁਨੀਲ ਚੰਦਿਆਣਵੀ

ਪੰਜਾਬੀ ਗ਼ਜ਼ਲ ਦੇ ਸਮਰਥਾਵਾਨ ਸ਼ਾਇਰ ਸੁਨੀਲ ਚੰਦਿਆਣਵੀ ਦੀ ਜੰਮਣ ਭੋਇੰ ਚੰਦਿਆਣੀ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਉਹ ਫ਼ਰੀਦਕੋਟ ਵਿਖੇ ਹੀ ਪਰਿਵਾਰ ਸਮੇਤ ਰਹਿ ਰਿਹਾ ਹੈ। ਸੁਨੀਲ ਚੰਦਿਆਣਵੀ ਮਾਤਾ ਸ਼੍ਰੀਮਤੀ ਪ੍ਰਕਾਸ਼ ਦੇਵੀ ਤੇ ਪਿਤਾ ਸ਼੍ਰੀ ਆਤਮਾ ਰਾਮ ਦੇ ਘਰ 11 ਜੁਲਾਈ 1968 ਨੂੰ ਪੈਦਾ ਹੋਇਆ। ਦੋ ਭਰਾਵਾਂ ਤੇ ਇੱਕ ਭੈਣ ਦਾ ਵੀਰ ਹੈ ਸੁਨੀਲ। ਨੰਗਲ (ਰੋਪੜ) ਦੇ ਅਦਬ ਨਵਾਜ਼ ਪਰਿਵਾਰ ਦੀ ਜੰਮੀ ਜਾਈ ਉਸ ਦੀ ਪਤਨੀ ਪ੍ਰਿੰ. ਰਣਬੀਰ ਕੌਰ ਤੇ ਪੁੱਤਰੀ ਨਜ਼ਮੀਤ ਉਸ ਦੀ ਸਾਹਿੱਤ ਸਿਰਜਣਾ ਲਈ ਸੁਯੋਗ ਮਾਹੌਲ ਉਸਾਰਦੇ ਹਨ। ਐਮ. ਏ. ਪੰਜਾਬੀ ਤੇ ਅਰਥਸ਼ਾਸਤਰ ਸਮੇਤ ਬੀ.ਐੱਡ ਕਰਕੇ ਉਸ ਅਧਿਆਪਨ ਕਾਰਜ ਅਪਣਾਇਆ। ਸ਼ੌਕ ਤੇ ਆਦਰ਼ਸ਼ ਵਜੋਂ ਦਸ ਸਾਲ ਥੀਏਟਰ ਕੀਤਾ।

1997 ਚ ਲਿਟਰੇਰੀ ਫ਼ੋਰਮ ਫ਼ਰੀਦਕੋਟ ਦੀ ਸਾਹਿੱਤ ਸਨੇਹੀਆਂ ਨਾਲ ਮਿਲ ਕੇ ਸਥਾਪਨਾ ਕੀਤੀ। ਲਗਾਤਾਰ ਅਨੇਕਾਂ ਮੁਸ਼ਾਇਰੇ.. ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਬਾਬਾ ਫਰੀਦ ਪੁਰਸਕਾਰ ਹਰ ਸਾਲ ਦਿੱਤਾ ਜਾਂਦਾ ਹੈ। ਮੈਨੂੰ ਮਾਣ ਹੈ ਕਿ ਸਾਲ 2019 ਦਾ ਪੁਰਸਕਾਰ ਦੇ ਕੇ ਮੈਨੂੰ ਨਿਵਾਜਿਆ ਗਿਆ। ਸੁਨੀਲ ਹੋਰ ਵੀ ਕਈ ਸਥਾਨਕ, ਰਾਜ ਪੱਧਰੀ ਸਾਹਿਤਕ,ਸੱਭਿਆਚਾਰਕ ਸੰਸਥਾਵਾਂ ਦਾ ਅਹੁਦੇਦਾਰ ਹੈ। ਰਚਨਾਕਾਰੀ ਵਿੱਚ ਗੀਤ,ਨਿੱਕੀ ਕਹਾਣੀ.. ਵਿਅੰਗ, ਲੇਖ ਤੇ ਪ੍ਰਮੁੱਖ ਤੌਰ ਤੇ ਗ਼ਜ਼ਲ ਰਚਨਾ ਕਰਦਾ ਹੈ। ਸੁਨੀਲ ਆਪਣੇ ਨਿੱਜ ਤੋਂ ਪਾਰ ਜਾ ਕੇ ਦੂਸਰਿਆਂ ਦਾ ਸੰਵਾਰਨਹਾਰ ਕਵੀ ਹੈ। -ਗੁਰਭਜਨ ਗਿੱਲ