Takhat Hazara : Hazara Singh Gurdaspuri

ਤਖ਼ਤ ਹਜ਼ਾਰਾ : ਹਜ਼ਾਰਾ ਸਿੰਘ ਗੁਰਦਾਸਪੁਰੀ


ਨਾ ਰੋਕੋ

ਨਾ ਰੋਕੋ ਇਹ ਨਹੀਂ ਰੁਕਣੇ, ਭੌਰ ਫੁੱਲਾਂ ਤੇ ਬਹਿਣੋਂ। ਨਾ ਰੋਕੋ ਅੰਬਰ ਦੇ ਤਾਰੇ, ਅੱਖ ਮਟੱਕੇ ਲੈਣੋਂ। ਨਾ ਰੋਕੋ ਜੰਗਲ਼ ਦੇ ਪੰਛੀ, ਫਾਹੀਆਂ ਦੇ ਵਿਚ ਪੈਣੋਂ। ਲਹਿਰਾਂ ਬੱਝ ਨਾ ਸਕਣੀਆਂ, ਤੇ ਵਹਿਣ ਨਾ ਰੁਕਣੇ ਵਹਿਣੋਂ। ਜੋਬਨ ਅਤੇ ਜਵਾਨੀ ਦੋਵੇਂ, ਕਦੇ ਨਾ ਰੁਕਣੇ ਖਹਿਣੋਂ। ਨਾ ਰੋਕੋ......... ਨਾ ਰੋਕੋ ਪਰਬਤ ਦੇ ਚਸ਼ਮੇ, ਨਹੀਂ ਰੁਕਣੇ ਫੁੱਟ ਪੈਣੋਂ। ਨਹੀਂ ਰੁਕਣੇ ਦਰਦਾਂ ਦੇ ਹੰਝੂ, ਮਨ ਦੀ ਵੇਦਨ ਕਹਿਣੋਂ। ਇਹ ਦੁਨੀਆ ਮੌਸਮ ਦੀ ਸਾਰੀ, ਮੌਸਮ ਆਉਣੇ ਜਾਣੇ, ਕਲੀ ਨੇ ਆਖ਼ਰ ਪਾਟ ਕੇ ਰਹਿਣਾ, ਪੱਤ ਨਾ ਰੁਕਣੇ ਟਹਿਣੋਂ। ਨਾ ਰੋਕੋ.........

ਗ਼ਜ਼ਲ-ਚੜੇਗੀ ਕਾਂਗ ਕੋਈ ਐਸੀ

ਚੜੇਗੀ ਕਾਂਗ ਕੋਈ ਐਸੀ, ਕਿਨਾਰੇ ਡੁੱਬ ਜਾਵਣਗੇ। ਰਹੇਗਾ ਇਸ਼ਕ ਬਾਕੀ, ਹੋਰ ਸਾਰੇ ਡੁੱਬ ਜਾਵਣਗੇ। ਮੇਰੇ ਸਾਕੀ ਦੇ ਨੈਣਾਂ ਵਿਚ ਕਲਸ ਨੇ ਗ਼ਰਕ ਹੋ ਜਾਣਾ, ਤੇ ਤਕ ਲੈਣਾਂ ਮਸੀਤਾਂ ਦੇ ਮੁਨਾਰੇ, ਡੁੱਬ ਜਾਵਣਗੇ। ਅਜੇ ਨਾ ਘੁੰਡ ਲਾਹ ਅੜੀਏ ਵਖਾ ਨਾ ਖੂਹ ਠੋਡੀ ਦਾ, ਇਹ ਅਜ਼ਲਾਂ ਦੇ ਪਿਆਸੇ ਨੇ, ਵਿਚਾਰੇ ਡੁੱਬ ਜਾਵਣਗੇ। ਮੈਂ ਹੰਝੂ ਕਿਉਂ ਨਹੀਂ ਕੱਢਦਾ, ਮਤਾਂ ਤੂਫਾਨ ਆ ਜਾਵੇ, ਮੇਰੇ ਵੇਲੇ ਕੁਵੇਲੇ ਦੇ ਸਹਾਰੇ, ਡੁੱਬ ਜਾਵਣਗੇ। ਰੋ ਸੋਹਣੀਏ ਐਨਾ, ਝਨਾਂ ਨੂੰ ਅੱਗ ਲੱਗ ਜਾਏਗੀ, ਨੀ ਤੇਰਿਆਂ ਹੌਕਿਆਂ ਵਿਚ, ਚੰਦ ਤਾਰੇ ਡੁੱਬ ਜਾਵਣਗੇ। ਅਜੇ ਹੈ ਪਤਝੜ ਕਲੀਓ, ਬਹਾਰਾਂ ਆਉਣੀਆਂ ਓਦੋਂ, ਜਦੋਂ ਇਹ ਸਾਹਮਣੇ ਦਿਸਦੇ ਨਜ਼ਾਰੇ ਡੁੱਬ ਜਾਵਣਗੇ। ਕਿਸੇ ਨੇ ਰੁੱਕਾ ਆ ਦਿੱਤਾ, ਜਿਹਦੇ ਵਿਚ ਇਹ ਲਿਖਿਆ ਸੀ- ਮਿਲਾਂਗੇ, ਮਿਲਣ ਦੇ ਜਦ ਹੀਲੇ ਚਾਰੇ, ਡੁੱਬ ਜਾਵਣਗੇ। ਮੈਂ ਨਹੀਂ ਬਾਜ਼ ਹੁਣ ਰਹਿਣਾ, ਮੈਂ ਰਾਤੀਂ ਪੀ ਲੈਣੀ ਜੇ, ਪੈਮਾਨੇ ਵਿਚ ਤੇਰੀ ਜੰਨਤ ਦੇ ਲਾਰੇ, ਡੁੱਬ ਜਾਵਣਗੇ।

ਓ ਰੱਬਾ

ਉਹ ਰੱਬਾ ਤੇਰਿਆਂ ਭਾਈਆਂ, ਉਹ ਰੱਬਾ ਤੇਰਿਆ ਭਗਤਾਂ। ਉਹ ਰੱਬਾ ਤੇਰਿਆਂ ਜ਼ਾਹਦਾਂ, ਉਹ ਰੱਬਾ ਤੇਰਿਆਂ ਪੰਡਤਾਂ। ਤੇਰੀ ਦੁਨੀਆ ਦੇ ਵੇਖਣ ਤੋਂ, ਤੇਰੀ ਦੁਨੀਆ ਨੂੰ ਟੋਕਿਆ ਏ। ਤੇਰੀ ਕੁਦਰਤ ਦੇ ਵੇਖਣ ਤੋਂ, ਤੇਰੇ ਬੰਦਿਆਂ ਨੂੰ ਰੋਕਿਆ ਏ। ਇਨ੍ਹਾਂ ਤੋਂ ਹੋ ਕੇ ਜੇ ਬਾਗ਼ੀ, ਤੇਰੀ ਦੁਨੀਆ ਮੈਂ ਤੱਕ ਬੈਠਾਂ। ਤੇਰੇ ਦਿੱਤੇ ਅੰਗੂਰਾਂ ਦਾ, ਰਸਾ ਕੱਢ ਕੇ ਜੇ ਛੱਕ ਬੈਠਾਂ। ਤਾਂ ਮੈਂ ਕਿਦਾਂ ਗੁਨਾਹੀ ਹਾਂ, ਤੇਰੀ ਦਰਗਾਹ ਦੇ ਅੰਦਰ ! ਤੇ ਇਹ ਕਿੱਦਾਂ ਪਵਿਤਰ ਨੇ, ਤੇਰੀ ਨਿਗਾਹ ਦੇ ਅੰਦਰ ! ਕੀ ਤੇਰੀਆਂ ਨੇਮਤਾਂ ਤੋਂ ਵਾਂਜੇ, ਰਹਿਣਾ ਤੇਰੀ ਭਗਤੀ ਏ ? ਤੇਰੀ ਦੁਨੀਆ ਨੂੰ ਝੂਠੀ, ਧੋਖਾ ਕਹਿਣਾ ਤੇਰੀ ਭਗਤੀ ਏ ? ਤੇਰੇ ਹੁਨਰ ਨੂੰ ਨਾ ਤਕਣਾ, ਤੇਰੀ ਕਾਰੀਗਰੀ ਨਿੰਦਣੀ। ਕੀ ਭਗਤੀ ਵਿਚ ਦਾਖ਼ਲ ਹੈ, ਇਹ ਖੁਸ਼ਕੀ ਤੇ ਤੇਰੀ ਨਿੰਦਣੀ ? ਕੰਨਾਂ ਨੂੰ ਝੱਪੇ ਦੇ ਛਡਣੇ, ਅੱਖਾਂ ਨੂੰ ਪੱਟੀ ਬੰਨ੍ਹ ਛਡਣੀ। ਕੀ ਤੂੰ ਹੈਂ ਏਸ ਵਿਚ ਰਾਜ਼ੀ, ਬੇ ਮਤਲਬ ਦੁਨੀਆ ਮੰਨ ਛੱਡਣੀ ? ਚਿੜੇ ਨੂੰ ਖੰਭ ਲਾਏ ਜੇ, ਉਡਾਰੀ ਕਿਉਂ ਨਾ ਮਾਰੇ ਉਹ। ਚਿੜੀ ਨੂੰ ਹੁਸਨ ਜੇ ਦਿੱਤਾ, ਭਲਾ ਕਿਉਂ ਨਾ ਉਭਾਰੇ ਉਹ। ਲਚਕ ਜੇ ਵੇਲ ਨੂੰ ਦਿੱਤੀ, ਉਹ ਜੁੱਸਾ ਕਿਉਂ ਨਾ ਲਚਕਾਵੇ ? ਜੇ ਮਹਿੰਦੀ ਰਤੜੀ ਕੀਤੀ ਹੈ, ਹੱਥਾਂ ਨੂੰ ਕਿਉਂ ਨਾ ਲਗ ਜਾਵੇ ? ਜੇ ਨਾਰਾਂ ਵਿਉਹ ਭਰੀਆਂ ਸਨ, ਇਨ੍ਹਾਂ ਨੂੰ ਕਿਉਂ ਬਣਾਇਆ ਸੀ ? ਬੁਰਾ ਜੇ ਕਾਮ ਸੀ ਰੱਬਾ, ਬੁੱਤਾਂ ਵਿੱਚ ਕਾਹਨੂੰ ਪਾਇਆ ਸੀ ? ਜੇ ਸੂਰਜ ਹਰ ਦਿਨ ਚੜ੍ਹਾ ਸਕਦਾ, ਜੇ ਤਾਰਾ ਟਿਮਟਿਮਾ ਸਕਦਾ। ਤਾਂ ਬੰਦੇ ਨੂੰ ਸਜ਼ਾ ਕਾਹਦੀ, ਇਹ ਆਪਾ ਨਹੀਂ ਵਿਖਾ ਸਕਦਾ ? ਜੇ ਪਾਣੀ ਬੱਝੇ ਰਹਿਣੇ ਸਨ, ਰਵਾਨੀ ਕਿਉਂ ਤੂੰ ਦਿੱਤੀ ਸੀ? ਸਮਾਧੀਆਂ ਲਾਉਣੀਆਂ ਸੀਜੇ, ਜਵਾਨੀ ਕਿਉਂ ਤੂੰ ਦਿੱਤੀ ਸੀ ? ਅਕਲ ਵਿਸ਼ਵਾਸ ਨਹੀਂ ਕਰਦੀ, ਕਿ ਤੂੰ ਕੁਝ ਐਦਾਂ ਚਾਹਿਆ ਏ। ਮੇਰੀ ਜਾਚੇ ਤੇਰੇ ਭਗਤਾਂ, ਜਗਤ ਬੁਧੂ ਬਣਾਇਆ ਏ।

ਸੁੰਦਰਾਂ-ਪੂਰਨ

ਮੈਂ ਸੁੰਦਰਾਂ ਤੇਰੀ ਆਸ਼ਕ ਸੁੰਦਰਾਂ, ਤੈਨੂੰ ਆਈ ਪੂਰਨਾ ਲੈਣ। ਤੇਰੀ ਬਾਝ ਨੇ ਸੁੰਨੀਆਂ ਸੇਜਾਂ, ਤੇਰੇ ਬਾਝ ਨਾ ਲੱਗਣ ਨੈਣ। ਆਦ ਜੁਗਾਦੋਂ ਸਾਥਣ ਤੇਰੀ, ਕਰਕੇ ਮੁੜ ਸੋਲ੍ਹਾਂ ਸ਼ਿੰਗਾਰ। ਨੱਸਿਆ ਹੋਇਆ ਤੈਨੂੰ ਫੜ੍ਹਨ ਆਈ ਹਾਂ ਉੱਠ ਭਗੌੜਿਆਂ ਹੋ ਤਿਆਰ। ਨਿਕਲੇ ਜਦੋਂ ਸਵਰਗਾਂ ਚੋਂ ਸਾਂ, ਤੂੰ 'ਆਦਮ' ਅਤੇ ਮੈਂ 'ਹਵਾ'। ਕੀ ਸਨ ਕੌਲ ਅਸਾਂ ਨਾਲ ਤੇਰੇ, ਤੁਰ ਗਈ ਕਿੱਧਰ ਅੱਜ ਵਫ਼ਾ ਇਸ ਦੁਨੀਆ ਨੂੰ ਪੂਰਾ ਕਰਨਾ, ਦੋਹਾਂ ਨੇ ਸੀ ਬੀੜਾ ਚਾਇਆ। ਵਿਚੇ ਕੰਮ ਅਧੂਰਾ ਛੱਡ ਕੇ, ਹੁਣ ਸੱਜਣਾ ਕਿਤ ਵਲ ਉੱਠ ਧਾਇਆ। ਇਹ ਨਹੀਂ ਜਿਸਮ ਭਬੂਤੀ ਦੇ ਲਈ, ਇਹ ਨਹੀਂ ਮੁੰਦਰਾਂ ਦੇ ਲਈ ਕੰਨ। ਇਨ੍ਹੀਂ ਹੱਥੀਂ ਨਾ ਸੋਹਣ ਚਿੱਪੀਆਂ ਇਹ ਕੀ ਆ ਗਈ ਤੇਰੇ ਮਨ। ਇਨ੍ਹਾਂ ਕੰਨਾਂ ਲਈ ਖਾਣਾਂ ਦੇ ਵਿਚ, ਹੀਰੇ ਪਏ ਨੇ ਕਾਹਲੇ। ਸਿੱਪੀਆਂ ਦੇ ਵਿਚ ਮੋਤੀ ਤੜਫਨ, ਆਵਣ ਕੱਢਣ ਵਾਲੇ। ਇਨ੍ਹਾਂ ਹੱਥਾਂ ਨੇ ਰੰਗਲੀਆਂ ਬਾਹਵਾਂ, ਲੈਣੀਆਂ ਵਿਚ ਵਲੇਵੇਂ। ਤੂੰ ਏਂ ਤੁਰ ਚਲਿਆ ਜੇ ਢੋਲਿਆ, ਗੱਲ ਬਣੇਗੀ ਕੇਵੇਂ, ਬੇਸ਼ਕ ਤੈਨੂੰ ਸ਼ਿਕਾਇਤ ਬੜੀ ਹੈ, ਬੇਸ਼ਕ ਗਿਲਾ ਬਥੇਰਾ। ਲੂਣਾ ਦੇ ਚੱਲਣ ਨੇ ਕੀਤਾ, ਇਹ ਦਿਲ ਪੱਥਰ ਤੇਰਾ। ਰੁੱਸ ਗਇਓਂ ਤੂੰ ਜ਼ੁਲਫ਼ਾਂ ਦੇ ਨਾਲ ਲਟਕ ਰਹੀਆਂ ਜ਼ੰਜੀਰਾਂ ਨਾਲ। ਤੂੰ ਗੁੱਸੇ ਅੱਖੀਆਂ ਨਾਲ ਹੋਇਉਂ, ਅੱਤ ਤਿੱਖੀਆਂ ਸ਼ਮਸ਼ੀਰਾਂ ਨਾਲ। ਜੋਬਨ 'ਤੇ ਅਫ਼ਸੋਸ ਹੈ ਤੈਨੂੰ, ਰੱਜ ਕੇ ਹਿਰਖ ਜਵਾਨੀ ਉੱਤੇ । ਰੂਪ ਨੇ ਤੁਧ ਨਾਲ ਮੰਦਾ ਕੀਤਾ, ਸ਼ਿਕਵਾ ਤੇਰਾ ਜ਼ਨਾਨੀ ਉੱਤੇ। ਐਪਰ ਖੂਹ ਵਿਚ ਡਿੱਗਾ ਹੋਇਆ, ਕਾਸ਼ ਕਿਤੇ ਤੂੰ ਆਪਣੇ ਆਪ । ਨਜ਼ਰ ਡੂੰਘੇਰੀ ਮਾਰ ਕੇ ਤੱਕਦਾ, ਕਿਸ ਦਾ ਹੈ ਇਹ ਬੱਜਰ ਪਾਪ। ਇਕ ਬੁੱਢੇ ਅੱਤ ਨਿਰਬਲ ਰਾਜੇ, ਆਪਣੇ ਰਾਜ ਮਹੱਲਾਂ ਅੰਦਰ ਅੱਗ ਜਵਾਨੀ ਕੈਦਣ ਕੀਤੀ, ਸੜ ਗਏ ਉਸਦੇ ਮੋਤੀ ਮੰਦਰ । ਇਕ ਕਮਜ਼ੋਰ ਅੱਖਾਂ ਦੇ ਠਰਕੀ, ਰਾਣੇ ਰੰਗ ਮਹੱਲੀਂ। ਕਾਂਗ ਹੁਸਨ ਦੀ ਡੱਕਣੀ ਚਾਹੀ, ਐਵੇਂ ਗੱਲੀਂ ਗੱਲੀਂ। ਚੜ੍ਹੀ ਕਾਂਗ ਤਾਂ ਰੁੜ੍ਹ ਗਿਆ ਸਭ ਕੁਝ, ਢਹਿ ਗਏ ਮਹਿਲ ਮੁਨਾਰੇ। ਹੜ੍ਹਾਂ ਅੰਦਰ ਹਨ ਗੱਭਰੂ ਤਰਦੇ, ਬੁੱਢੇ ਕੌਣ ਵਿਚਾਰੇ। ਇਕ ਸ਼ੀਹਣੀ ਸੇਜਾਂ ਦੀ ਭੁੱਖੀ ਚੂੜੇ ਬੀੜੇ ਵਾਲੀ। ਪਿੰਜਰੇ ਦੇ ਵਿਚ ਪਾਈ ਹੋਈ, ਸੱਤਰ ਸਾਲ ਦੇ ਵਾਲੀ। ਉਹ ਲੋਚੇ ਕੋਈ ਹਾਣੀ ਆਪਣਾ, ਬਹਿਬਲ ਪਾਗ਼ਲ ਹੋਈ। ਰੱਬ ਸਬੱਬੀ ਹਾਣੀ ਮਿਲ ਜਾਏ, ਕੀ ਕਰੇ ਦੱਸ ਉਹੀ ? ਸਮਾਂ ਨਾ ਰੱਸੀਆਂ ਨਾਲ ਬੱਝਦਾ, ਜੋ ਬੰਨ੍ਹੇ ਪਛਤਾਏ। ਸਿਖਰ ਦੁਪਹਿਰੇ ਗਰਮੀ ਪੈਂਦੀ, ਠੰਡ ਤਕਾਲੀਂ ਆਏ। ਮੈਂ ਹਾਂ ਆਪਣਾ ਤਖ਼ਤ ਲਿਆਈ ਤੇਰੇ, ਲਈ ਹਾਂ ਤਾਜ ਲਿਆਈ। ਤੇਰੇ ਪਿਆਰ ਦੀ ਭੁੱਖੀ ਨਾਰੀ, ਸੁੰਦਰਾਂ ਆਪਣਾ ਰਾਜ਼ ਲਿਆਈ। ਦਿਲ ਮੇਰੇ ਦੇ ਤਖ਼ਤ ਤੇ ਬਹਿ ਕੇ, ਪੂਰਨ ਚੰਦਾ ਕਰ ਨਿਆਂ। ਲੂਣਾਂ ਸੀਗੀ ਪਾਪਣ ਭਾਰੀ, ਕਿ ਰਾਜਾ ਸਲਵਾਨ ਸੀ ਜਾਂ ?

ਮੈਂ ਧਰਤੀ ਦਾ ਪੁੱਤ

ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਮੈਂ ਮਿੱਟੀ ਦਾ ਪੁਤਲਾ, ਮੇਰੀ ਮਿੱਟੀ ਨਾਲ ਵਫ਼ਾ ਕਦੇ ਕਦੇ ਮੈਂ ਅੱਗਾਂ ਸੁੱਟਾਂ, ਜਿਦਾਂ ਧਰਤੀ ਸੁੱਟੇ। ਕਦੇ ਕਦੇ ਮੈਂ ਲੜਾਂ ਟੁੱਟਾਂ, ਜਿੰਦਾਂ ਧਰਤੀ ਟੁਟੇ। ਖਿੱਚ ਪਵੇ ਮੁੜ ਕੇ ਮਿਲ ਜਾਵਾਂ, ਹੋਵਾਂ ਜਿਵੇਂ ਜੁਦਾ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਪਰਬਤ ਵਾਂਗ ਮੈਂ ਉੱਚਾ ਕਿਧਰੇ, ਸਾਗਰ ਵਾਂਗ ਡੂੰਘੇਰਾ। ਵੇਖਣ ਵਾਲੇ ਵੇਖਣ ਪਏ, ਉਤਲਾ ਪਾਸਾ ਮੇਰਾ। ਵਿਰਲਾ ਕੋਈ ਵੇਖਦਾ, ਮੈਨੂੰ ਅੰਦਰ ਝਾਤੀ ਪਾ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ ਸੋਨੇ ਵਾਂਗ ਮੈਂ ਚਮਕਾਂ ਕਿਧਰੇ, ਕਿਧਰੇ ਲੋਹਾ ਤਾਂਬਾ। ਕਿਧਰੇ ਆਏ ਭੁਚਾਲ ਮੇਰੇ ਵਿਚ, ਜਿਉਂ ਧਰਤੀ ਨੂੰ ਕਾਂਬਾ। ਜੋ ਦਿਸਦਾ ਹੈ ਘੜੀ ਪਲਾਂ ਵਿਚ, ਦੇਵਾਂ ਸਭ ਬਦਲਾ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਕਿਤੇ ਕਿਤੇ ਮੈਂ ਖਰਵਾ ਖਿੰਗਰ, ਜਿਉਂ ਧਰਤੀ ਪਥਰੇਲੀ। ਕਿਤੇ ਕਿਤੇ ਮੈਂ ਸੁੰਦਰ ਘਾਟੀ, ਜਿਉਂ ਸੱਜਣਾਂ ਦਾ ਬੇਲੀ। ਅੱਖਾਂ ਵਿਚ ਪਿਆਸ ਮਿਲਨ ਦੀ, ਬਾਹਵਾਂ ਅੱਡ ਖੜਾ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਲੱਖ ਜ਼ਹਿਰ ਮੇਰੇ ਵਿਚ ਘੁਲਣ, ਲੱਖਾਂ ਅੰਮ੍ਰਿਤ ਕੁੰਡ। ਪਲ ਵਿਚ ਚਾਹਵਾਂ ਜੀਵਨ ਦੇਵਾਂ, ਪਲ ਵਿਚ ਕਰਾਂ ਮਰੁੰਡ। ਮਾਂ ਵਾਂਗੂੰ ਜੇ ਆਈ ਉੱਤੇ, ਕਿਧਰੇ ਜਾਵਾਂ ਆ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਮਿੱਟੀ ਨਾਲ ਨਿਹੁੰ ਹੈ ਮੇਰਾ, ਮਿੱਟੀ ਲਈ ਮੈਂ ਸੋਚਾਂ। ਇਸ ਧਰਤੀ ਦਾ ਬੰਦਾ ਹਾਂ ਮੈਂ, ਧਰਤੀ ਹੋਰ ਨਾ ਲੋਚਾਂ। ਕਿਸੇ ਮਿੱਟੀ ਨੂੰ ਮੈਂ ਹਾਂ ਖਾਂਦਾ, ਕੋਈ ਮੈਨੂੰ ਜਾਵੇ ਖਾ। ਮੈਂ ਧਰਤੀ ਦਾ ਪੁੱਤ, ਮੇਰਾ ਧਰਤੀ ਵਾਂਗ ਸੁਭਾ। ਮੈਂ ਮਿੱਟੀ ਦਾ ਪੁਤਲਾ, ਮੇਰੀ ਮਿੱਟੀ ਨਾਲ ਵਫ਼ਾ।

ਤਖ਼ਤ ਹਜ਼ਾਰਾ ਹਿੱਲਿਆ

ਤਖ਼ਤ ਹਜ਼ਾਰਾ ਹਿੱਲਿਆ, ਬਾਗ਼ੋਂ ਹਿੱਲੀ ਚੀਲ। ਹਾਲੀ ਖਾ ਗਏ ਹਲਾਂ ਨੂੰ, ਕਣਕ ਨੂੰ ਖਾ ਗਏ ਚੋਰ। ਲੋਹਾ ਲੁਹਾਰਾਂ ਖਾ ਲਿਆ, ਆਹਰਨ ਆਪਣੀ ਤੋੜ। ਖੱਡੀ ਜੁਲਾਹਿਆਂ ਖਾ ਲਈ, ਕੀ ਉਹ ਖਾਂਦੇ ਹੋਰ। ਮੋਚੀ ਨੇ ਖਾ ਲਈਆਂ ਰੰਬੀਆਂ, ਭੁੱਖ ਤੇ ਕਿਸਦਾ ਜ਼ੋਰ। ਭੁੱਖ ਦਾ ਲਾਵਾ ਰਿੱਝਦਾ, ਢਿੱਡੀਂ ਲੱਗੀ ਤੀਲ। ਤਖ਼ਤ ਹਜ਼ਾਰਾ ਹਿੱਲਿਆ, ਬਾਗ਼ੋਂ ਹਿੱਲੀ ਚੀਲ। ਗੋਰੀ ਨੁੰ ਖਾ ਗਈਆਂ ਰੋਟੀਆਂ, ਨਾ ਜੋਬਨ ਨਾ ਸ਼ਾਨ । ਚੂੜਾ ਪਿਆ ਤੰਦੂਰ ਵਿਚ, ਤ੍ਰਿੰਞਣ ਹੋਏ ਵੀਰਾਨ। ਬੇ ਰੁਜ਼ਗਾਰੀ ਖਾ ਗਈ, ਗੱਭਰੂਆਂ ਦੀ ਜਾਨ। ਭੁੱਖਾਂ ਹੋਈਆਂ ਕੱਠੀਆਂ, ਸੈ ਵਰ੍ਹਿਆਂ ਦੀਆਂ ਆਨ। ਸੜ ਰਿਹਾ ਲਹੂ ਮਨੁੱਖ ਦਾ, ਪੂਰਬ ਤੋਂ ਧੁਰ ਨੀਲ। ਤਖ਼ਤ ਹਜ਼ਾਰਾ ਹਿੱਲਿਆ, ਬਾਗ਼ੋਂ ਹਿੱਲੀ ਚੀਲ। ਭੁੱਖਾਂ ਖਾਧੀ ਦੁਨੀਆ, ਸਭ ਕੁਝ ਬੈਠੀ ਖਾ। ਪਾਂਧਾ ਖਾ ਗਿਆ ਪੋਥੀਆਂ, ਖਾ ਲਿਆ ਮੁੱਲਾਂ ਖ਼ੁਦਾ। ਸਤਵੰਤੀ ਦੇ ਸਤ ਦਾ, ਮੁੜ ਮੁੜ ਚੁੱਕਿਆ ਭਾ। ਮਜ਼੍ਹਬ ਧਰਮ, ਇਖ਼ਲਾਕ ਦਾ, ਵਿਕ ਗਿਆ ਮਾਲ ਮਤਾ। ਭੁੱਖਾਂ ਅਜੇ ਵੀ ਦੂਣੀਆਂ, ਕੌਣ ਸਕੇਗਾ ਕੀਲ। ਤਖ਼ਤ ਹਜ਼ਾਰਾ ਹਿੱਲਿਆ, ਬਾਗ਼ੋਂ ਹਿੱਲੀ ਚੀਲ। ਹੌਕੇ ਸੁੱਕ ਗਏ ਛਾਤੀਓਂ, ਅੱਖੀਆਂ ਚੋਂ ਸੁੱਕ ਗਏ ਨੀਰ। ਆਸਾਂ ਸੁੱਕ ਗਈਆਂ ਲਗੀਆਂ। ਔੜਾਂ ਨਾਲ ਅਖੀਰ। ਸੁਕਦੀ ਜਾਂਦੀ ਮਨਾਂ ਚੋਂ, ਜੁਗਾਂ ਜੁਗਾਂ ਦੀ ਧੀਰ । ਪਾਲ ਰਹੇ ਲੱਖ ਹੋਣੀਆਂ, ਸੁੱਕੇ ਸੜੇ ਸਰੀਰ। ਪਰਤੇਗੀ ਧਰਤੀ ਵੱਖੀਆਂ, ਨਵੇਂ ਲਗਣਗੇ ਮੀਲ। ਤਖ਼ਤ ਹਜ਼ਾਰਾ ਹਿੱਲਿਆ, ਬਾਗ਼ੋਂ ਹਿੱਲੀ ਚੀਲ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਜ਼ਾਰਾ ਸਿੰਘ ਗੁਰਦਾਸਪੁਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ