Khoon-e-Shaheedan : Giani Kartar Singh Kalaswalia

ਖ਼ੂਨਿ ਸ਼ਹੀਦਾਂ ਅਰਥਾਤ ਸਾਕਾ ਸ੍ਰੀ ਨਨਕਾਣਾ ਸਾਹਿਬ ਜੀ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ


ੴ ਸਤਿਗੁਰਪ੍ਰਸਾਦਿ ॥ ਅਥ ਖ਼ੂਨਿ ਸ਼ਹੀਦਾਂ

ਖ਼ੂਨੀ ਮੰਗਲਾਚਾਰ

ਦੋਹਰਾ॥

ਆਦਿ ਪੁਰਖ ਪਰਮਾਤਮਾ ਸਤਿਗੁਰ ਦੀਨ ਦਿਆਲ ! ਗ੍ਰੰਥ ਪੰਥ ਰੱਖਯਾ ਕਰੋ ਦਾਸ ਬੁਧ ਸਮ ਬਾਲ॥ ੧॥ ਸ੍ਰੀਖੜਗ ਤਾਂਈਂ ਨਮਸਕਾਰ ਮੇਰੀ ਤਬਰ ਤੀਰ ਅਰ ਤੁਪਕ ਮਨਾਂਵਦਾ ਹਾਂ ਖੰਡੌ ਖੜਗ ਤੇ ਸੈਫ਼ ਸਰੋਹੀ ਇਕੋ ਸ੍ਰੀ ਸਾਹਿਬ ਸੈਹਥੀ ਧਿਆਂਵਦਾ ਹਾਂ ਦੁਸ਼ਟ ਮਾਰਨੀ ਸੰਤ ਉਬਾਰਨੀ ਜੋ ਸ੍ਰੀ ਤੇਗ ਨੂੰ ਸੀਸ ਨਿਵਾਂਵਦਾ ਹਾਂ ਕਾਲ ਕਾਲੀ ਨੂੰ ਸਮਝਕੇ ਰੂਪ ਇਕੋ ਖ਼ੂਨ ਜਿਗਰ ਦੇ ਫੁੱਲ ਚੜ੍ਹਾਂਵਦਾ ਹਾਂ ਅੱਗੇ ਰੱਖਕੇ ਖ਼ੂਨ ਦੀ ਭੇਟ ਸੋਹਣੀ ਖ਼ੂਨੀ ਮੰਗਲਾਚਾਰ ਅਲਾਂਵਦਾ ਹਾਂ ਇਹ ਖ਼ੂਨ ਦੇ ਸੋਹਲੇ ਹੋਨ ਪੂਰੇ ਦਿਹ ਆੱਗਿਆ ਕਲਮ ਚਲਾਂਵਦਾ ਹਾਂ ਸ੍ਰੀ ਖੜਗ ਤੇਰੀ ਗੋਦੇ ਪੰਥ ਪਿਆ ਆਦਿ ਤੈਨੂੰ ਹੀ ਚਿੱਤ ਵਸਾਂਵਦਾ ਹਾਂ ਖ਼ੂਨ ਜਿਗਰ ਉਛਾਲ ਕਰਤਾਰ ਸਿੰਘਾ ਨਵੇਂ ਸਾੱਕੇ ਦੇ ਸੋਹਿਲੇ ਗਾਂਵਦਾ ਹਾਂ

ਵਾਕ ਕਵੀ

ਆ ਸੁਰਤ ਮੇਰੀ ਜ਼ਰਾ ਠਹਿਰ ਕਰਕੇ ਮੇਰੇ ਮਨ ਦੇ ਤਈਂ ਟਿਕਾ ਦਿਹ ਖਾਂ ਮੇਰੀ ਕਲਮ ਨੂੰ ਹੋਸ਼ਦੇ ਨਾਲ ਫੜਕੇ ਬਹਿਰ ਸ਼ਿਹਰ ਦਾ ਜ਼ਰਾ ਚਲਾ ਦਿਹ ਖਾਂ ਅੱਗ ਜਿਗਰ ਦੀ ਕੱਢਕੇ ਬਾਹਿਰ ਜਲਦੀ ਰਸਤੇ ਕਲਮ ਦੇ ਜੋਤ ਜਗਾ ਦਿਹ ਖਾਂ ਅੱਗੇ ਲਿਖੇ ਪੁਰਾਣੇ ਨੇ ਹਾਲ ਗੁਜਰੇ ਹੁਣ ਨਵੇਂ ਨਮੂਨੇ ਦਿਖਾ ਦਿਹ ਖਾਂ ਬੁੱਝੀ ਅੱਗ ਸ਼ਹੀਦੀ ਦੀ ਚਿਰਾਂ ਦੀ ਸੀ ਨਵੇਂ ਸਿਰਿਓਂ ਹੁਣ ਭੜਕਾ ਦਿਹ ਖਾਂ ਠੰਢਾ ਖ਼ੂਨ ਪੈ ਗਿਆ ਸੀ ਪੰਥ ਅੰਦਰ ਤਾਜ਼ਾ ਫੇਰ ਹੁਣ ਜੋਸ਼ ਦਵਾ ਦਿਹ ਖਾਂ ਸ਼ਕਲ ਖਿੱਚਕੇ ਤਾਜ਼ਾ ਕੁਰਬਾਨੀਆਂ ਦੀ ਗੱਲਾਂ ਬੀਤੀਆਂ ਯਾਦ ਕਰਾ ਦਿਹ ਖਾਂ ਆਹੀਂ ਕੱਢਕੇ ਸੱਚੀਆਂ ਜਿਗਰ ਵਿੱਚੋਂ ਪੱਥਰ ਦਿਲਾਂ ਦੇ ਤਈਂ ਰਵਾ ਦਿਹ ਖਾਂ ਸਾੱਕਾ ਬੀਤਿਆ ਜੋ ਨਨਕਾਣੇ ਸਾਹਿਬ ਜੀ ਜੀ ਦੇ ਪਾਸ ਪੁਚਾ ਦਿਹ ਖਾਂ ਕੀਤਾ ਕੰਮ ਮਹੰਤ ਨੇ ਬੁਰਾ ਭੈੜਾ ਓਹਦਾ ਅਸਲੀ ਰੂਪ ਜਤਾ ਦਿਹ ਖਾਂ ਜਿਨ੍ਹਾਂ ਸਿੰਘਾਂ ਨੇ ਸੀਸ ਕੁਰਬਾਨ ਕੀਤੇ ਸਿਦਕ ਉਨ੍ਹਾਂ ਦੇ ਲਿਖ ਸੁਨਾ ਦਿਹ ਖਾਂ ਸਾੱਕਾ ਬੇ ਮਸਾਲ ਕਰਤਾਰਸਿੰਘਾ ਨਾਮ 'ਖ਼ੂਨਿ ਸ਼ਹੀਦਾਂ’ ਰਖਾ ਦਿਹ ਖਾਂ

ਤਥਾ

ਚਿਰ ਹੋ ਗਿਆ ਸੀ ਜਿਨ੍ਹਾਂ ਗੱਲਾਂ ਤਾਂਈਂ ਲੋਕ ਮੂਲੋਂ ਹੀ ਸਨ ਭੁਲਾ ਬੈਠੇ ਮਨੀਸਿੰਘ ਮਤਾਬਸਿੰਘ ਤਾਰੂਸਿੰਘ ਦੇ ਸਾੱਕੇ ਦਿਲਾਂ ਤੋਂ ਸਨ ਚੁਕਾ ਬੈਠੇ ਸਮਾ ਗੁਜ਼ਰਿਆ ਸੁਖਾਂ ਦੀ ਨੀਂਦ ਸੌਂਂਦੇ ਇਨ੍ਹਾਂ ਗੱਲਾਂ ਨੂੰ ਦਿਲੋਂ ਉਠਾ ਬੈਠੇ ਸਿੰਘਾਂ ਯਾਦ ਕਰਾਈ ਕਰਤਾਰਸਿੰਘਾ ਹੈਸਨ ਲੋਕ ਨਸ਼ਾਨ ਗਵਾ ਬੈਠੇ

ਤਥਾ

ਜਦੋਂ ਲਿੱਖਯਾ ਸੀ ਸਿਦਕ ਖ਼ਾਲਸਾ ਮੈਂ ਕੀਤਾ ਬਹੁਤਿਆਂ ਦਿਲੋਂ ਇਤਬਾਰ ਨਹੀਂ ਸੀ ਕਹਿੰਦੇ ਇਹ ਗੱਪਾਂ ਐਵੇਂ ਮਾਰੀਆਂ ਨੇ ਸਿੰਘਾਂ ਕੀਤੀ ਏਡੀ ਵੱਡੀ ਕਾਰ ਨਹੀਂ ਸੀ ਬੰਦ ਬੰਦ ਕਟਾਵਨੇ ਬੜੇ ਔਖੇ ਸਿੰਘਾਂ ਜਾਨ ਦਾ ਕੀਤਾ ਪਿਆਰ ਨਹੀਂ ਸੀ ਗੱਲਾਂ ਕੀਤੀਆਂ ਹੁਣ ਗਵਾਹੀ ਕੀਹ ਏ ਠੀਕ ਉਨ੍ਹਾਂ ਦੇ ਸਾਮ੍ਹਣੇ ਕਾਰ ਨਹੀਂ ਸੀ ਅੱਜ ਗੁਰੂ ਦੇ ਲਾੱਲਾਂ ਓਹ ਕਰ ਦੱਸੀ ਜਿਧੀ ਲੋਕਾਂ ਦੇ ਦਿਲਾਂ ਵਿਚ ਸਾਰ ਨਹੀਂ ਸੀ ਮੈਂ ਭੀ ਸੱਚਾ ਹੋ ਗਿਆ ਕਰਤਾਰਸਿੰਘਾ ਕਰਨੀ ਐਵੇਂ ਪ੍ਰਤੀਤ ਸੰਸਾਰ ਨਹੀਂ ਸੀ

ਤਥਾ

ਸਾੱਕਾ ਨਵਾਂ ਹੋਯਾ ਨਨਕਾਣੇ ਸਾਹਿਬ ਜਿਸ ਕੁੱਲ ਸੰਸਾਰ ਕੰਬਾ ਦਿੱਤਾ ਜਿਹੜੇ ਥਾਂ ਸੁਨਯਾਂ ਦੇਸ ਦਰਦੀਆਂ ਨੇ ਓਹਨਾਂ ਨੈਨਾਂ ਤੋਂ ਨੀਰ ਵਹਾ ਦਿੱਤਾ ਹੋਈਆਂ ਇਹ ਸ਼ਹੀਦੀਆਂ ਅਤੀ ਉੱਤਮ ਪੱਥਰ ਦਿਲਾਂ ਨੂੰ ਜਿਨ੍ਹਾਂ ਰਵਾ ਦਿੱਤਾ ਜੰਗਲ ਵਸਤੀਆਂ ਅਤੇ ਪਹਾੜਾਂ ਉਤੇ ਅਸਰ ਆਪਨਾ ਪਾ ਜਤਾ ਦਿੱਤਾ। ਸਬਰ ਸ਼ੁਕਰ ਅਤੇ ਭਾਣਾ ਮੰਨਨੇ ਦਾ ਜੱਗ ਵਿਚ ਨਮੂਨਾ ਦਿਖਾ ਦਿੱਤਾ ਧਰਮ ਆਪਣੇ ਲਈ ਸ਼ਹੀਦ ਹੋਨਾ ਸਿੰਘਾਂ ਲਈ ਸੁਖੱਲਾ, ਸੁਨਾ ਦਿੱਤਾ ਜਿਸ ਮੌਤ ਤੋਂ ਦੁਨੀਆਂ ਕੰਬਦੀ ਏ ਓਸ ਮੌਤ ਨੂੰ ਖੇਡ ਬਨਾ ਦਿੱਤਾ ਕਰ ਸੀਸ ਕੁਰਬਾਨ ਕਰਤਾਰਸਿੰਘਾ ਸਿੰਘਾਂ ਜੱਸ ਦਾ ਡੰਕਾ ਵਜਾ ਦਿੱਤਾ।

ਗੁਰਦੁਵਾਰਿਆਂ ਦੀ ਰਚਨਾਂ

ਗੁਰੂ ਨਾਨਕ ਗੁਰੂ ਗੋਬਿੰਦਸਿੰਘ ਜੀ ਪੰਥ ਸਾੱਜਿਆ ਪਰਉਪਕਾਰ ਬਦਲੇ ਗੁਰਦਵਾਰਿਆਂ ਦੀ ਰੱਖੀ ਨੀਂਹ ਹਰ ਥਾਂ ਭਗਤੀ ਕੀਰਤਨ ਨਾਮ ਕ੍ਰਤਾਰ ਬਦਲੇ ਸਿੱਖਾਂ ਸਮਝਕੇ ਗੁਰਾਂ ਦੇ ਘਰ ਭਾਈ ਸਦਾ ਰਹਿਨ ਅਟੱਲ ਸੁਧਾਰ ਬਦਲੇ ਨਾਲ ਸਭਨਾਂ ਲਾ ਜਾਗੀਰ ਦਿੱਤੀ ਜਿੰਨੀ ਜਿੰਨੀ ਪੁੱਜੀ ਭਲੀ ਕਾਰ ਬਦਲੇ ਲੰਗਰ ਗੁਰਾਂ ਦੇ ਹਰ ਬਾਂ ਰਹਿਨ ਜਾਰੀ ਨੰਗੇ ਭੁੱਖਯਾਂ ਜੀਆਂ ਦੀ ਸਾਰ ਬਦਲੇ ਸੇਵਾ ਕਰਦੇ ਸਿੱਖ ਕਰਤਾਰਸਿੰਘਾ ਗੁਰ ਘਰਾਂ ਦੀ ਨਿਜ ਉਧਾਰ ਬਦਲੇ

ਗੁਰਦਵਾਰਿਆਂ ਦੀ ਸੇਵਾ

ਬਹੁਤ ਚਿਰ ਤਾਂ ਏਹੋ ਹੀ ਚਾਲ ਰਹੀ ਜਿਸ ਥਾਂ ਹੋਵੇ ਧਰਮਸਾਲ ਭਾਈ ਸਿੱਖ ਆਪ ਪਰੇਮ ਦੀ ਕਰਨ ਸੇਵਾ ਝਾੜੂ ਪਾਣੀ ਲੰਗਰ ਦੀ ਸੰਭਾਲ ਭਾਈ ਕਿਰਤ ਕਰਕੇ ਘਰਾਂ ਤੋਂ ਹੋ ਵਿਹਲੇ ਫੇਰ ਗੁਰਦਵਾਰੇ ਗੁਰੂ ਲਾਲ ਭਾਈ ਕੱਠੇ ਹੋਇਕੇ ਕੀਰਤਨ ਆਇ ਕਰਦੇ ਰਲ ਬੁੱਢੜੇ ਤੀਵੀਆਂ ਬਾਲ ਭਾਈ ਸਦਾ ਆਪਨੀ ਨੇਕ ਕਮਾਈ ਵਿੱਚੋਂ ਹਿੱਸਾ ਕੱਢ ਪਰੀਤ ਦੇ ਨਾਲ ਭਾਈ ਗੁਰਪੁਰਬ ਮਨਾਂਵਦੇ ਧਾਰ ਨਿਹਚਾ ਦੇਂਦੇ ਦੇਖਕੇ ਦਾਨ ਕੰਗਾਲ ਭਾਈ ਸਿੱਖ ਸੰਤ ਦੀ ਕਰਦੇ ਬਹੁਤ ਸੇਵਾ ਜਾਨ ਗੁਰਾਂ ਦਾ ਧਨ ਤੇ ਮਾਲ ਭਾਈ ਸਿੱਖੀ ਤਈਂ ਫੈਲਾਉਨ ਕਰਤਾਰਸਿੰਘਾ ਅਮਲ ਜੱਗ ਨੂੰ ਨੇਕ ਦਿਖਾਲ ਭਾਈ

ਮਸੰਦ ਧਰਮਸਾਲਾਂ ਵਿਚ ਕਿਵੇਂ ਵੜੇ

ਗੁਰੂ ਘਰ ਅੰਦਰ ਕਾਰਦਾਰ ਆਹੇ ਜਿਹੜੇ ਨਾਮ ਮਸੰਦ ਕਹਾਂਵਦੇ ਸਨ ਜਾਕੇ ਸਿੱਖਾਂ ਪਾਸੋਂ ਕਾਰ ਗੁਰੂਘਰ ਦੀ ਫਿਰ ਦੇਸਾਂ ਵਿੱਚੋਂ ਉਘਰਾਂਹਵਦੇ ਸਨ ਜਿਸ ਪਿੰਡ ਹੁੰਦਾ ਚੰਗਾ ਗੁਰਦਵਾਰਾ ਡੇਰੇ ਜਾ ਓਹਦੇ ਵਿਚ ਲਾਂਵਦੇ ਸਨ ਇਰਦ ਗਿਰਦ ਫਿਰਕੇ ਲੈਕੇ ਕਾਰ ਸਿੱਖੀ ਮੁੜ ਥਾਂ ਓਸੇ ਆ ਜਾਂਵਦੇ ਸਨ ਲੋਕ ਜਾਣਕੇ ਗੁਰਾਂ ਦੇ ਖਾਸ ਨੌਕਰ ਆਖ ਗੁਰੂਕੇ ਚਰਨ ਪੁਜਾਂਵਦੇ ਸਨ ਹੁੰਦੀ ਉਨ੍ਹਾਂ ਦੀ ਮਾਨ ਵਡਿਆਈ ਬਹੁਤੀ ਸਿੱਖ ਅਦਬ ਅਦਾਬ ਰਖਾਂਵਦੇ ਸਨ ਓਹ ਮਸੰਦ ਜਿਹੜੀ ਆਵੇ ਕਾਰ ਭੇਟਾ ਕੁਝ ਗੁਰਾਂ ਦੇ ਘਰ ਪੁਚਾਂਵਦੇ ਸਨ ਬਾਕੀ ਰੱਖਕੇ ਆਪਣੇ ਪਾਸ *ਭਾਈ ਭੈੜੇ ਕਰਮ ਤੇ ਐਸ਼ ਉਡਾਂਵਦੇ ਸਨ ਵਿੱਚੋਂ ਕਈ ਸਨ ਬਹੁਤ ਪਰੇਮ ਵਾਲੇ ਜਿਹੜੇ ਕੌਡੀ ਨ ਵਿੱਚੋਂ ਚੁਰਾਂਵਦੇ ਸਨ ਸਭ ਗੁਰਾਂ ਦੀ ਲੰਗਰੀਂ ਪਾ ਦੇਂਦੇ ਯਾਂ ਗਰੀਬ ਗੁਰਬੇ ਨੂੰ ਵੰਡਾਂਵਦੇ ਸਨ ਬਹੁਤੇ ਖਾਕੇ ਧਾਨ ਹੋ ਗਏ ਅੱਨੇ ਆਪ ਗਲੇ ਤੇ ਸਿੱਖੀ ਗਵਾਂਵਦੇ ਸਨ ਨੌਆਂ ਗੁਰਾਂ ਤੋੜੀ ਕਰਤਾਰ ਸਿੰਘਾ ਬਹੁਤ ਜ਼ੋਰ ਮਸੰਦ ਵਧਾਂਵਦੇ ਸਨ *ਪਹਿਲਾਂ ਤਾਂ ਚੰਗੇ ਸਿਖਾਂ ਨੂੰ ਇਹਨਾਂ ਕੰਮਾਂ ਤੇ ਸਤਿਗੁਰਾਂ ਨੇ ਲਾਯਾ ਸੀ, ਮਗਰੋਂ ਜਦ ਉਨ੍ਹਾਂ ਦੀਆਂ ਔਲਾਦਾਂ ਦੌਲਤਮੰਦ ਹੋ ਗਈਆਂ ਤਾਂ ਭੈੜੀਂ ਕੰਮੀ ਪੈ ਗਈਆਂ।

ਮਸੰਦਾਂ ਦੀਆਂ ਖ਼ਰਾਬੀਆਂ

ਜਿੱਥੇ ਜਿੱਥੇ ਜਾਗੀਰਾਂ ਇਹ ਭਾਰੀਆਂ ਸਨ ਓਥੇ ਓਥੇ ਮਸੰਦ ਹੀ ਰਹਿਨ ਲਗ ਪਏ ਥੋੜਾ ਗੁਰਾਂ ਦੇ ਘਰ ਪੁਚਾ ਛਡਦੇ ਬਾਕੀ ਆਪਣੇ ਕਬਜ਼ੇ ਲੈਨ ਲਗ ਪਏ ਅੱਨ੍ਹੇ ਮਾਯਾ ਨੇ ਬਹੁਤ ਹੀ ਕਰ ਦਿੱਤੇ ਜਾਨਬੁਝ ਭੈੜੇ ਨਰਕੀਂ ਪੈਨ ਲਗ ਪਏ ਆਉਨ ਦੌਲਤਾਂ ਜੋ ਧਰਮ ਵਾਸਤੇ ਜੀ ਓਹ ਬੁਰੀ ਕੰਮੀਂ ਖਰਚੈਨ ਲਗ ਪਏ ਛੱਡ ਪਰਉਪਕਾਰ ਤੇ ਲੰਗਰਾਂ ਨੂੰ ਰੁੜ੍ਹਨ ਵਿਸ਼ੇ ਸ਼ਰਾਬਾਂ ਦੇ ਵਹਿਨ ਲਗ ਪਏ ਗੁਰੂ ਸਾਡੇ ਬਨਾਇ ਕਰਤਾਰ ਸਿੰਘਾ ਹੋ ਕੁਕਰਮੀ ਇਉਂ ਭੈੜੇ ਕਹਿਨ ਲਗ ਪਏ

ਦਸਵੇਂ ਪਾਤਸ਼ਾਹ ਦਾ ਸਮਾਂ

ਸਮਾਂ ਆ ਗਿਆ ਦਸਵੇਂ ਪਾਤਸ਼ਾਹ ਦਾ ਓਸ ਡਿੱਠਾ ਮਮੰਦਾਂ ਦਾ ਹਾਲ ਸਾਰਾ ਇਹਤਾਂ ਸਿੱਖੀ ਨੂੰ ਕਰ ਖ਼ਰਾਬ ਰਹੇ ਸਿੱਖ ਪੰਥ ਇਹ ਦੇਨਗੇ ਗਾਲ ਸਾਰਾ ਪਹਿਲਾਂ ਬਹੁਤ ਸਮਝਾਯਾ ਸਾਰਯਾਂ ਨੂੰ ਧਰਮ ਅਰਥ ਖਰਚੋ ਇਹ ਮਾਲ ਸਾਰਾ ਸੇਵਾ ਭਗਤੀ ਪਰਉਪਕਾਰ ਕਰੋ ਇਹ ਝੂਠਾ ਹੈ ਮਾਯਾ ਦਾ ਜਾਲ ਸਾਰਾ ਪੈਸਾ ਧਰਮ ਦਾ ਧਰਮ ਦੇ ਅਰਥ ਲੱਗੇ ਇਹ ਖਰਚ ਘੱਤੇ ਧਰਮਸਾਲ ਸਾਰਾ ਇਹ ਪੂਜਾ ਦਾ ਧਾਨ ਕਰਤਾਰ ਸਿੰਘਾ ਸਮਝ ਲਵੋ ਹੈ ਜ਼ਹਿਰ ਮਸਾਲ ਸਾਰਾ

*ਮਸੰਦਾਂ ਨੂੰ ਸਜ਼ਾ ਦੇ ਕੇ ਪੰਥੋਂ ਖ਼ਾਰਜ ਕਰਨੇ

ਓਨ੍ਹਾਂ ਚਿਰ ਦੇ ਵਿਗੜਯਾਂ ਸਮਝਿਆ ਨ ਹੋਇ ਗੂਰਾਂ ਦੇ ਓਹ ਬਰਖਲਾਫ਼ ਸਾਰੇ ਗੁਰੂ ਬਲੀ ਭਾਰਾ ਯੋਧਾ ਬੀਰ ਹੈਸੀ ਓਸ ਫੜਕੇ ਦੇ ਸਜ਼ਾ ਮਾਰੇ ਕੱਢ ਦਿੱਤੇ ਅੱਗੋਂ ਲਈ ਗੁਰੂਘਰੋਂ ਕਿਤੇ ਵੜਨ ਨਾਹੀਂ ਭੈੜੇ ਹੱਤਯਾਰੇ ਗੁਰੂ ਘਰ ਸਿੱਖਾਂ ਨੂੰ ਸੰਭਾਲ ਦਿੱਤੇ ਸੇਵਾ ਕਰਦੇ ਸਿੱਖ ਪਰੇਮ ਧਾਰੇ ਥਾਂ ਥਾਂ ਸਦਾ ਵਰਤ ਲੱਗ ਰਹੇ ਨੰਗੇ ਭੁੱਖੇ ਵਰਸਾਉਂਦੇ ਗੁਰਦਵਾਰੇ ਬੇਹੋ ਚਾਲ ਚੱਲੀ ਕਰਤਾਰ ਸਿੰਘਾ ਪੈਸਾ ਧਰਮ ਦਾ ਧਰਮ ਦੇ ਥਾਉਂ ਸਾਰੇ *ਨਨਕਾਣੇ ਸਾਹਿਬ ਵੱਲੇ ਭਾਈ ਫੇਰੂ ਮਸੰਦ ਸੀ ਜੋ ਸ਼ਰਨ ਜਾਕੇ ਬਚ ਰਿਹਾ ਸੀ, ਸੁਨਯਾ ਜਾਂਦਾ ਹੈ ਕਿ ਇਹ ਨਰੈਣੂ ਮਹੰਤ ਓਸੇ ਵੱਲ ਵਿਚੋਂ ਜ਼ਹਿਰ ਦੀ ਗੰਦਲ ਪੈਦਾ ਹੋਈ ਸੀ।

ਵਾਕ ਕਵੀ

ਸਿੱਖ ਕਾਰ ਭੇਟਾ ਜੇਹੜੀ ਗੁਰੂ ਘਰ ਦੀ ਕੁਝ ਗੁਰੂ ਖ਼ਜ਼ਾਨੇ ਪੁਚਾਂਵਦੇ ਸਨ ਬਾਕੀ ਖ਼ਰਚਦੇ ਧਰਮ ਦੇ ਕਾਰਜਾਂ ਤੇ ਅੱਠੇ ਪਹਿਰ ਹੀ ਲੰਗਰ ਚਲਾਂਵਦੇ ਸਨ ਸਤਿਸੰਗ ਦੇ ਬਣੇ ਵਿਹਾਰ ਰਹਿੰਦੇ ਦਿਨੋ ਦਿਨ ਸਿੱਖੀ ਨੂੰ ਵਧਾਂਵਦੇ ਸਨ ਪੈਸਾ ਖਾਣ ਨ ਵਿਚੋਂ ਕਰਤਾਰ ਸਿੰਘਾ ਸਿਖੀ ਸਿਦਕ ਪਰੇਮ ਨਭਾਂਵਦੇ ਸਨ

ਸਾਧਾਂ ਦੀ ਹੱਥੀਂ ਗੁਰਦਵਾਰੇ ਕਿਵੇਂ ਆ ਗਏ

ਸਿੰਘ ਪੰਥ ਜਾਂ ਸਾਜਿਆ ਗੁਰੂ ਦਸਵੇਂ ਸਿੱਖ ਸੂਰਮੇ ਯੋਧੇ ਬਨਾਇ ਸਾਰੇ ਧਰਮ ਕਿਰਤ ਕਰ ਖਾਣਾ ਤੇ ਜੰਗ ਕਰਨੇ ਡਾਢੇ ਕਰੜੇ ਹੁਕਮ ਸੁਨਾਇ ਸਾਰੇ ਧਰਮਸਾਲ ਦੀ ਝਾਕ ਨੂੰ ਜ਼ਹਿਰ ਕਹਿਆ ਧਾਨ ਪੂਜਾ ਦਾ ਖਾਣੋ ਹਟਾਇ ਸਾਰੇ ਸਿੰਘ ਧਰਮਸਾਲਾਂ ਵਿਚ ਬਹੇ ਕੋਈ ਨ ਰਲੇ ਯੋਧਿਆਂ ਦੇ ਵਿਚ ਜਾਇ ਸਾਰੇ ਗੁਰਦਵਾਰਿਆਂ ਦੇ ਵਿਚ ਏਸੇ ਲਈ ਅੱਭਯਾਗਤ ਤੇ ਸਾਧ ਬਠਾਇ ਸਾਰੇ ਓਹਨਾਂ ਸਿੰਘਾਂ ਦੇ ਹੁਕਮ ਦੇ ਵਿਚ ਰਹਿਕੇ ਗੁਰਘਰਾਂ ਦੇ ਕੰਮ ਚਲਾਇ ਸਾਰੇ ਸਿੰਘ ਉਨ੍ਹਾਂ ਦੀ ਪਾਲਨਾ ਕਰਨ ਲੱਗੇ ਖੂਹ ਨਾਲ ਜ਼ਮੀਨਾਂ ਲਵਾਇ ਸਾਰੇ ਇਹ ਰੀਤ ਚੱਲੀ ਕਰਤਾਰ ਸਿੰਘਾ ਗੁਰੂ ਘਰ ਸਾਧਾਂ ਹੱਥੀਂ ਆਇ ਸਾਰੇ

ਸਿੰਘਾਂ ਸਰਦਾਰਾਂ ਨੇ ਗੁਰਦਵਾਰਿਆਂ ਦੇ ਨਾਲ ਜਾਗੀਰਾਂ ਲਾਈਆਂ

ਜਦੋਂ ਪੰਥ ਦਾ ਆਨਕੇ ਰਾਜ ਹੋਯਾ ਥਾਂ ਥਾਂ ਹੋਇ ਸਿੰਘ ਸਰਦਾਰ ਭਾਈ ਗੁਰ ਬਰਕਤਾਂ ਬਖ਼ਸ਼ੀਆਂ ਵੱਡੀਆਂ ਜਾਂ ਗੁਰਘਰਾਂ ਦੀ ਲਈ ਓਹਨਾਂ ਸਾਰ ਭਾਈ ਜਿੱਥੇ ਕਿੱਥੇ ਕੋਈ ਗੁਰ ਧਾਮ ਹੈਸੀ ਓਹਦੇ ਸ਼ਾਨ ਦੇ ਹੇਤ ਵਚਾਰ ਭਾਈ ਓਥੇ ਓਥੇ ਜਾਗੀਰਾਂ ਲਵਾਈਆਂ ਚਾ ਜਿਵੇਂ ਲੰਗਰਾਂ ਦੀ ਚਲੇ ਕਾਰ ਭਾਈ ਰਹੇ ਪਲਦਾ ਸਦਾ ਗ਼ਰੀਬ ਗੁਰਬਾ ਹੁੰਦਾ ਸਿੱਖੀ ਦਾ ਰਹੇ ਪਰਚਾਰ ਭਾਈ ਸੇਵਾਦਾਰ ਜਿਹੜਾ ਰਹੇ, ਰਹੇ ਰਾਜ਼ੀ ਭੁੱਖਾ ਮਰੇ ਨ ਓਹਦਾ ਪਰਵਾਰ ਭਾਈ ਆਇ ਗਏ ਦੀ ਸੇਵਾ ਓਹ ਕਰ ਸਕੇ ਹੋਵੇ ਤੰਗ ਨ ਮੂਲ ਵਿਹਾਰ ਭਾਈ ਸਿੱਖ ਸਾਧ ਬਠਾਇ ਜੋ ਗੁਰਦਵਾਰੀਂ ਚੰਗੇ ਚੁਣਕੇ ਬੰਦਗੀ ਦਾਰ ਭਾਈ ਓਹ ਹੈਸਨ ਭਗਤੀ ਪ੍ਰੇਮ ਵਾਲੇ ਕਰਦੇ ਗ੍ਰਿਸਤੀਆਂ ਖ਼ੂਬ ਸੁਧਾਰ ਭਾਈ ਜੋ ਆਮਦਨ ਆਉਂਦੀ ਗੁਰਦਵਾਰੀਂ ਹੇਤ ਖਰਚਦੇ ਪਰਉਪਕਾਰ ਭਾਈ ਆਪ ਸਿੱਖਾਂ ਵਾਲੀ ਗੁਜ਼ਰਾਨ ਕਰਦੇ ਸਭ ਛੱਡਕੇ ਵਿਸ਼ੇ ਵਕਾਰ ਭਾਈ ਸਤਿਸੰਗ ਦੇ ਰੰਗ ਕਰਤਾਰ ਸਿੰਘਾ ਰੱਤੇ ਰਹਿਣ ਸਦਾ ਨਰ ਨਾਰ ਭਾਈ

ਤਥਾ

ਫੇਰ ਰਾਜ ਲਿਆ ਰਣਜੀਤ ਸਿੰਘ ਨੇ ਗੁਰੂ ਘਰ ਦੇ ਸ਼ਾਨ ਵਧਾਇ ਸੁਣ ਲੌ ਜਿੱਥੇ ਜਿੱਥੇ ਇਤਹਾਸਕ ਗੁਰਦਵਾਰੇ ਕਰ ਸੇਵਾ ਨਮੂਨੇ ਦਿਖਾਇ ਸੁਣਲੌ ਖੁੱਲੇ ਦਿਲ ਜਾਗੀਰਾਂ ਭੀ ਲਾਈਆਂ ਜੀ ਚਿੱਟੇ ਪੱਥਰ ਸਵਰਨ ਚੜਾਇ ਸੁਣਲੌ ਅੰਮ੍ਰਿਤਸਰ ਤੇ ਅਬਚਲਾ ਨਗਰ ਆਦੀ ਖ਼ਰਚ ਲੱਖਾਂ ਰੁਪਏ ਕਰਾਇ ਸੁਣਲੌ ਓਹ ਬਲੀ ਮਹਾਂਰਾਜੇ ਦੀ ਸੇਵ ਕੀਤੀ ਹਰ ਗੁਰਦ੍ਵਾਰੇ ਨਜ਼ਰ ਆਇ ਸੁਣਲੌ ਦਾਤ ਗੁਰੂ ਦੀ ਜਾਣ ਕਰਤਾਰ ਸਿੰਘਾ ਓਸ ਖੁੱਲੇ ਗੱਫੇ ਵਰਤਾਇ ਸੁਣਲੌ

ਵਾਕ ਕਵੀ

ਪਿਛੋਂ ਆਣ ਜਦ ਡੋਗਰੇ ਵਧ ਗਏ ਮਨਮੰਨੀਆਂ ਕਾਰਾਂ ਚਲਾਈਆਂ ਓਹਨਾਂ ਜ਼ੋਰ ਫੜ ਲਾਹੌਰ ਦਰਬਾਰ ਅੰਦਰ ਸਿੰਘਾਂ ਤਈਂ ਮੁਸੀਬਤਾਂ ਪਾਈਆਂ ਓਹਨਾਂ ਸਭ ਸਿਲਸਲੇ ਤਦੋਂ ਹੀ ਵਿਗੜ ਗਏ ਹਿੰਦੂ ਰਸਮਾਂ ਜਾਰੀ ਕਰਾਈਆਂ ਓਹਨਾਂ *ਰਾਜ ਖਾਲਸੇ ਵਿਚ ਕਰਤਾਰ ਸਿੰਘਾ ਹੈਣ ਲਿਖੀਆਂ ਜੋ ਕਮਾਈਆਂ ਓਹਨਾਂ * ਰਾਜ ਖ਼ਾਲਸਾ ਗ੍ਰੰਥ ਦਾਸ ਦਾ ਬਨਾਯਾ ਹੋਯਾ ਓਸ ਵਿਚ ਮਹਾਰਾਜੇ ਰਣਜੀਤ ਸਿੰਘ ਦਾ ਪੂਰਾ ਹਾਲ ਹੈ ॥

ਅੰਗ੍ਰੇਜ਼ ਦਾ ਰਾਜ

ਸੰਮਤ ਉਨੀ ਸੌ ਪੰਜ ਨੂੰ ਖਾਸ ਕਰਕੇ ਲਿਆ ਸਾਂਭ ਲਾਹੌਰ ਫ਼ਰੰਗੀਆਂ ਨੇ ਲੜ ਭਿੜਕੇ ਆਪਣੇ ਦੇਸ ਬਦਲੇ ਜਾੱਨਾਂ ਵਾਰੀਆਂ ਖਾਲਸੇ ਜੰਗੀਆਂ ਨੇ ਸਾਰੇ ਦੇਸ ਅੰਗ੍ਰੇਜ਼ ਦਾ ਰਾਜ ਹੋਯਾ ਚਾਲਾਂ ਸਮੇਂ ਦੀਆਂ ਬਹੁਰੰਗੀਆਂ ਨੇ ਸਿੰਘ ਰਾਜ ਖੁਹਾਇ ਕਰਤਾਰ ਸਿੰਘਾ ਅੰਤ ਬੈਠ ਗਏ ਝੱਲ ਤੰਗੀਆਂ ਨੇ

ਤਥਾ

ਖ਼ੁੱਸ ਖ਼ਾਲਸੇ ਤੋਂ ਰਾਜ ਭਾਗ ਗਿਆ ਮੁੜ ਕਿਸੇ ਨੇ ਹੌਸਲਾ ਧਾਰਿਆ ਨ ਮਨ ਮਾਰਕੇ ਬੈਠ ਗਏ ਘਰਾਂ ਅੰਦਰ ਵਿਚ ਰੰਜ ਦੇ ਕੁਝ ਵਿਚਾਰਿਆ ਨ ਅੰਮ੍ਰਿਤਸਰ ਅੰਗ੍ਰੇਜ਼ਾਂ ਨੇ ਲਿਆ ਕਬਜ਼ੇ ਸਿੰਘਾਂ ਜ਼ੋਰ ਦੇ ਥਾਂ ਸੰਭਾਰਿਆ ਨ ਬੰਦੋਬਸਤ ਕੀਤੇ ਸੱਭੋ ਹਾਕਮਾਂ ਨੇ ਬਿਨਾਂ ਵਾਕਫੀ ਕੁਝ ਨਤਾਰਿਆ ਨ ਵੱਡੇ ਥਾਂ ਤਾਂ ਹਾਕਮਾਂ ਲਏ ਕਬਜੇ ਵੱਲ ਛੋਟਿਆਂ ਦੇ ਖਿਆਲ ਡਾਰਿਆ ਨ ਜਿੱਥੇ ਕੋਈ ਹੈਸੀ ਕਬਜਾ ਕਰ ਬੈਠਾ ਮੁੜ ਬੈਠਿਆਂ ਕਿਸੇ ਉਠਾਰਿਆ ਨ ਭਾਵੇਂ ਪੰਥ ਦਰਦੀ ਰਹੇ ਵੱਟ ਖਾਂਦੇ ਸਿਰ ਡਰਦੇ ਕਿਸੇ ਉਭਾਰਿਆ ਨ ਸਮਾ ਲੰਘ ਗਿਆ ਕਰਤਾਰ ਸਿੰਘਾ ਏਸ ਕਾਜ ਨੂੰ ਕਿਸੇ ਸਵਾਰਿਆ ਨ

ਕਬਜੇ ਦਾ ਕਾਨੂਨ ਤੇ ਉਸਦਾ ਅਸਰ

ਜਦੋਂ ਨਵਾਂ ਸਰਕਾਰ ਕਾਨੂਨ ਰਚਿਆ ਇਕ ਕਬਜ਼ੇ ਦੀ ਦਫਾ ਡਾਰ ਦਿੱਤੀ ਬਹੁਤੀ ਥਾਈਂ ਤਾਂ ਓਸਦਾ ਹੋਯਾ ਫਾਇਦਾ ਪਰ ਪੰਥ ਦੀ ਨੀਂਹ ਉਖਾੜ ਦਿੱਤੀ ਗੁਰਦੁਵਾਰਿਆਂ ਵਿਚ ਮਹੰਤ ਜੇਹੜੇ ਜਦੋਂ ਉਨ੍ਹਾਂ ਨੂੰ ਦਫਾ ਨੇ ਸਾਰ ਦਿੱਤੀ ਤੁਹਾਡਾ ਕਬਜ਼ਾ ਤੁਸੀਂ ਨ ਉਠ ਸਕੋ ਇਹ ਖੁਲ੍ਹ ਕਾਨੂਨ ਸਰਕਾਰ ਦਿੱਤੀ ਹੌਲੀ ਹੌਲੀ ਓਹ ਪੈਰ ਜਮਾਉਨ ਲਗੇ ਲੱਤ ਮਾਲਕੀ ਆਨ ਪਸਾਰ ਦਿੱਤੀ ਓਹ ਲੱਖਾਂ ਰੁਪਯਾਂ ਸਾਂਭ ਬੈਠੇ ਧਮਕੀ ਪੰਥ ਦੀ ਦਿਲੋਂ ਵਿਸਾਰ ਦਿੱਤੀ ਗੁਰਦੁਵਾਰਿਆਂ ਦੇ ਬਣ ਗਏ ਮਾਲਕ ਛੱਟ ਪੰਥ ਦੀ ਸਿਰੋਂ ਉਤਾਰ ਦਿੱਤੀ ਜੋ ਮਰਜ਼ੀ ਆਈ ਸੋ ਕਰਨ ਲਗੇ ਸਿੱਖੀ ਮੁਢੋਂ ਹੀ ਧੱਕ ਨਕਾਰ ਦਿੱਤੀ ਸਿੱਖੀ ਗਈ ਤੇ ਐਬਾਂ ਨੇ ਲਾਇ ਡੇਰੇ ਛੱਡ ਧਰਮ ਉਪਕਾਰ ਦੀ ਕਾਰ ਦਿੱਤੀ ਗੁਰਧਾਮ ਬਦਨਾਮ ਕਰਤਾਰ ਸਿੰਘਾ ਲੋਕਾਂ ਪੰਥ ਦੇ ਤਾਈਂ ਫਿਟਕਾਰ ਦਿੱਤੀ

ਪੰਥ ਨੇ ਵਿਚਾਰ ਕਰਨੀ

ਜਦੋਂ ਪੰਥ ਦਾ ਰਿਹਾ ਨਾ ਕਿਤੇ ਕਬਜ਼ਾ ਥਾਂ ਥਾਂ ਮਹੰਤ ਮੁਖਤਾਰ ਹੋਏ ਕਿਤੇ ਜ਼ੋਰ ਪੁਜਾਰਿਆਂ ਬਹੁਤ ਫੜੇ ਕਿਤੇ ਆਨ ਮਹੰਤ ਸਰਦਾਰ ਹੋਏ ਵਿਸ਼ੇ ਐਬ ਕਮਾਉਂਦੇ ਦਿਨ ਦੀਵੀਂ ਲੁਚਪੁਣੇ ਦੇ ਗਰਮ ਬਾਜ਼ਾਰ ਹੋਏ ਭੋਗਨ ਕੰਜਰੀ ਪੀਣ ਸ਼ਰਾਬ ਖੁਲ੍ਹੇ ਵਧ ਇਕ ਤੋਂ ਇਕ ਬਦਕਾਰ ਹੋਏ ਨਾਮ ਸਾਧ ਉਦਾਸੀ ਤੇ ਕਈ ਰੰਨਾਂ ਛੱਡ ਸਾਧਗੀ ਵਡੇ ਬੁਰਯਾਰ ਹੋਏ ਨਾਂ ਪੈਸੇ ਧਰਮ ਦੇ ਖਰਚਦੇ ਵਿਸ਼ਿਆਂ ਤੇ ਆਗੂ ਡਾਕੂਆਂ ਦੇ ਬਦਕਾਰ ਹੋਏ ਜਿੱਨੇ ਐਬ ਸਾਰੇ ਵਿਚ ਡੇਰੇਦਾਰਾਂ ਗੁਰੂ ਘਰ ਬਦਨਾਮ ਅਪਾਰ ਹੋਏ ਹੋਈ ਪੀੜ ਆ ਪੰਥਦੇ ਦਰਦੀਆਂ ਨੂੰ ਓਹ ਖਰਾਬੀਆਂ ਵੇਖ ਲਾਚਾਰ ਹੋਏ ਜਾਂਦੀ ਪੇਸ਼ ਨਾ ਕਿਸੇ ਦੀ ਕਿਸੇ ਥਾਂ ਤੇ ਜਾ ਪਾਸ ਫਰਿਆਦੀ ਸਰਕਾਰ ਹੋਏ ਸੁਣੀ ਕਿਸੇ ਨ ਗੱਲ ਕਰਤਾਰ ਸਿੰਘਾ ਪੇਸ਼ ਹਾਕਮਾਂ ਦੇ ਬਹੁਤੀ ਵਾਰ ਹੋਏ

ਤਥਾ

ਮੈਂਬਰ ਕੌਂਸਲਾਂ ਦੇ ਸਰਕਾਰ ਅੱਗੇ ਕਈ ਵਾਰ ਰੁੰਨੇ ਜਾਇ ਜਾਇਕੇ ਜੀ ਗੁਰੂ ਘਰਾਂ ਦਾ ਕਰੋ ਸੁਧਾਰ ਜਲਦੀ ਕੋਈ ਜ਼ੋਰ ਕਾਨੂਨ ਦਾ ਪਾਇਕੇ ਜੀ ਪਈਆਂ ਜਾਇਦਾਦਾਂ ਬਰਬਾਦ ਹੋਵਨ ਲਾਈਆਂ ਪੰਥ ਨੇ ਖੂਨ ਚੁਵਾਇਕੇ ਜੀ ਇਹ ਲੋਕ ਬਰਬਾਦ ਨੇ ਕਰੀ ਜਾਂਦੇ ਵਿਚ ਐਬਾਂ ਵਿਕਾਰਾਂ ਉਡਾਇਕੇ ਜੀ ਅਗੇ ਘਰ ਸਰਕਾਰ ਦਾ ਸੁਣੇਂਹੀ ਨ ਜੇਕਰ ਸੁਣੇ ਬਹੁਤੀ ਦੇਰ ਪਾਇਕੇ ਜੀ ਲੰਘ ਗਏ ਕਈ ਸਾਲ ਕਰਤਾਰ ਸਿੰਘਾ ਸਿੱਟਾ ਨਿਕਲਯਾ ਨ ਕੋਈ ਆਇਕੇ ਜੀ

ਤਥਾ

ਬਹੁਤੇ ਸਿੰਘਾਂ ਨੇ ਬੈਠ ਵਿਚਾਰ ਕੀਤੀ ਹਾਲ ਦਿਨੋ ਦਿਨ ਵਿਗੜਦਾ ਜਾਇ ਰਿਹਾ ਗੁਰਦੁਵਾਰਿਆਂ ਦੀ ਚਾਲ ਨਹੀਂ ਚੰਗੀ ਸਾਰਾ ਦੇਸ ਬਦਨਾਮ ਕਰਾਇ ਰਿਹਾ ਗੁਰੂ ਘਰਾਂ ਦੀ ਹੱਤਕ ਹੋਇ ਰਹੀ ਪੰਥ ਕਿਉਂ ਹੈ ਵਕਤ ਗਵਾਇ ਰਿਹਾ ਏਸ ਗੱਲ ਨਾਲੋਂ ਮਰ ਜਾਨ ਚੰਗਾ ਸਮਾ ਖੇਹ ਉਡਾਇ ਕੇ ਪਾਇ ਰਿਹਾ ਇਕ ਖਾਲਸਾ ਪੰਥ ਹੀ ਪਿਆ ਸੁੱਤਾ ਹੋਰ ਹਰ ਇਕ ਪੈਰ ਵਧਾਇ ਰਿਹਾ ਉਠੋ ਵੀਰੋ ਸੰਭਾਲੋ ਖਾਂ ਗੁਰਦੁਵਾਰੇ ਗੁਰੂ ਕਲਗੀਧਰ ਜਗਾਇ ਰਿਹਾ ਜਿਵੇਂ ਹੋਵੇ ਸੁਧਾਰ ਸੋ ਤਿਵੇਂ ਕਰਨਾ ਡਰ ਮੌਤ ਦਾ ਕਿਉਂ ਹੈ ਖਾਇ ਰਿਹਾ ਪੰਥ ਜਾਗ ਪਿਆ ਕਰਤਾਰ ਸਿੰਘ ਗੁਰ ਮਦਦੀ ਆਪ ਹੋ ਆਇ ਰਿਹਾ

ਅਕਾਲੀ ਪੰਥ ਨੇ ਜੱਥੇ ਬਨਾਉਣ ਦੀ ਵਿਚਾਰ ਕਰਨੀ

ਬੈਠ ਪੰਥ ਅਕਾਲੀ ਗੁਰਮਤਾ ਕੀਤਾ ਗੁਰੂ ਘਰਾਂ ਦਾ ਕਿਵੇਂ ਸੁਧਾਰ ਹੋਵੇ ਬੈਠੇ ਕਬਜ਼ੇ ਕਰੀ ਕੁਕਰਮੀ ਜੋ ਕਿਵੇਂ ਉਨ੍ਹਾਂ ਪਾਸੋਂ ਛੁਟਕਾਰ ਹੋਵੇ ਓਹਨਾਂ ਪਾਸ ਜਾਗੀਰਾਂ ਤੇ ਬਹੁਤ ਪੈਸਾ ਨਾਲ ਟਾਕਰਾ ਉਨ੍ਹਾਂ ਦੇ ਭਾਰ ਹੋਵੇ ਵਿਚ ਮਾਯਾ ਦੇ ਫ਼ਿਰਨ ਮਹੰਤ ਅੱਨ੍ਹੇ ਖ਼ਰਚ ਕਰਦਿਆਂ ਨ ਉਨ੍ਹਾ ਆਰ ਹੋਵੇ ਮਜ਼ੇ ਛੱਡਨੇ ਉਨ੍ਹਾਂ ਨੂੰ ਬਹੁਤ ਔਖੇ ਗੱਲ ਉਨ੍ਹਾਂ ਤੋਂ ਨਹੀਂ ਸਹਾਰ ਹੋਵੇ ਉਨ੍ਹਾਂ ਪੰਥ ਦੇ ਟਾਕਰੇ ਹੈਨ ਕਰਨੇ ਕੰਮ ਨਹੀਂ ਸੁਖੱਲਾ ਇਹ ਸਾਰ ਹੋਵੇ ਅੱਗੋਂ ਪੰਥ ਜੇ ਲੜੇ ਤਾਂ ਬਣੇ ਔਖੀ ਦੋਹਾਂ ਧਿਰਾਂ ਵਿਚ ਆ ਸਰਕਾਰ ਹੋਵੇ ਪੰਥ ਪੈ ਜਾਇ ਵਿਚ ਮੁਕੱਦਮਿਆਂ ਦੇ ਸਮਾ ਖਰਚ ਬਹੁਤਾ ਏਸੇ ਢਾਰ ਹੋਵੇ ਲੜਿਆਂ ਭਿੜਿਆਂ ਕੰਮ ਪੈ ਜਾਇ ਢਿੱਲਾ ਹਾਸੋਹੀਨੀ ਅੰਦਰ ਸੰਸਾਰ ਹੋਵੇ ਏਸ ਕੰਮ ਦੇ ਲਈ ਕਰਤਾਰ ਸਿੰਘਾ ਏਸ ਤਰ੍ਹਾਂ ਦਾ ਜੱਥਾ ਤਯਾਰ ਹੋਵੇ

ਤਥਾ

ਸਿੰਘਾਂ ਅੱਗੇ ਹੀ ਗੁਰਾਂ ਨੂੰ ਸੀਸ ਦਿੱਤੇ ਸੇਵਾ ਕਰਦੇ ਹੋਇ ਨਿਰਮਾਨ ਜਿਹੜੇ ਹੁਣ ਲੋੜ ਜਾਪੇ ਓਨ੍ਹਾਂ ਵੀਰਾਂ ਸੰਦੀ ਖ਼ੁਸ਼ੀ ਨਾਲ ਆ ਨਾਮ ਲਖਾਨ ਜਿਹੜੇ ਗੁਰਧਾਮ ਕੀਤੇ ਗੰਦੇ ਪਾਪੀਆਂ ਨੇ ਸੀਗੇ ਵਿਚ ਪਵਿੱਤ ਜਹਾਨ ਜਿਹੜੇ ਖ਼ੂਨ ਡੋਲ ਕੇ ਆਪਣੇ ਧੋ ਦੇਵਨ ਹੈਨ ਦੇਸ ਅੰਦਰ ਗੁਰਥਾਨ ਜਿਹੜੇ ਇਕ ਦਲ ਹੋਵੇ ਓਨ੍ਹਾਂ ਬੀਰਾਂ ਸੰਦਾ ਕਰਨ ਨਹੀਂ ਪਿਆਰੇ ਪਰਾਨ ਜਿਹੜੇ ਸੀਸ ਦੇਵਨਾ ਹੱਥ ਉਠਾਵਨਾ ਨਹੀਂ ਬੁਰਾ ਕਹਿਨਾ ਨ ਵੈਰੀ ਸਤਾਨ ਜਿਹੜੇ ਮਾਰ ਖਾਵਨੀ ਮਾਰਨਾ ਕਿਸੇ ਨੂੰ ਨ ਧੀਰਜ ਹੌਸਲਾ ਵੱਡਾ ਰਖਾਨ ਜਿਹੜੇ ਦੁੱਖ ਝੱਲਨਾ ਦੁੱਖ ਨ ਦੇਵਨਾ ਏਂ ਏਸ ਬਚਨ ਦੇ ਤਈਂ ਨਭਾਨ ਜਿਹੜੇ ਨਾਲ ਖ਼ੁਸ਼ੀ ਦੇ ਸੀਸ ਕੁਰਬਾਨ ਕਰਨੇ ਕਰਨ ਸੀ ਨ ਵਿਚ ਮੈਦਾਨ ਜਿਹੜੇ ਐਸੇ ਬੀਰ ਹੋਵਨ ਕਰਤਾਰ ਸਿੰਘਾ ਵੇਲੇ ਔਖੇ ਨ ਰਿਦੇ ਡੁਲਾਨ ਜਿਹੜੇ

ਮਾੱਝਾ ਦੀਵਾਨ

ਪਹਿਲਾਂ ਮਾੱਝਾ ਦੀਵਾਨ ਦੇ ਸੇਵਕਾਂ ਨੇ ਸਤਿਗੁਰਾਂ ਦੇ ਪਾਸ ਅਰਦਾਸ ਕਰਕੇ ਏਸ ਦਲ ਵਿਚ ਆਪਣੇ ਨਾਮ ਦਿੱਤੇ ਅਤੇ ਸੀਸ ਭੇੱਟਾ ਕੀਤੇ ਖ਼ਾਸ ਕਰਕੇ ਕਲਗ਼ੀਧਰ ਪਿਤਾ ਆਪ ਹੋਈਂ ਸਾਥੀ ਬੀੜਾ ਚੁੱਕਦੇ ਹਾਂ ਤੇਰੀ ਆਸ ਕਰਕੇ ਤੂੰਹੀਂ ਆਪਣੇ ਥਾਨ ਸੁਧਾਰਨੇ ਨੇ ਮੰਦੇ ਪਾਪੀਆਂ ਦਾ ਮੂਲੋਂ ਨਾਸ ਕਰਕੇ ਦੇਵੀਂ ਹੌਂਸਲੇ ਆਪਣੇ ਸੇਵਕਾਂ ਨੂੰ ਵਿੱਚ ਹਿਰਦਿਆਂ ਸਿੰਘਾਂ ਦੇ ਵਾਸ ਕਰਕੇ ਗੱਲ ਚੱਲ ਪਈ ਕਰਤਾਰ ਸਿੰਘ ਜੋਤ ਜਾਗ ਪਈ ਪਰਕਾਸ਼ ਕਰਕੇ

ਸ਼ਹੀਦੀ ਦੱਲ ਦੀ ਲਹਿਰ

ਲਹਿਰ ਚੱਲ ਪਈ ਸਾਰੇ ਦੇਸ ਅੰਦਰ ਸੁੱਤੇ ਸਿੰਘ ਆ ਉੱਠ ਹੁਸ਼ਯਾਰ ਹੋ ਗਏ ਜਿੱਥੇ ਕਿੱਥੇ ਗੱਲਾਂ ਏਹੋ ਟੁਰ ਪਈਆਂ ਸਾਡੇ ਗੁਰਦਵਾਰੇ ਹੈਨ ਖ਼ਵਾਰ ਹੋ ਗਏ ਕਰਨਾ ਅਸਾਂ ਸੁਧਾਰ ਹੈ ਜਿਵੇਂ ਹੋਵੇ ਸੀਸ ਦੇਨ ਨੂੰ ਲੱਖਾਂ ਤਯਾਰ ਹੋ ਗਏ ਪਿੰਡ ਪਿੰਡ ਅੰਦਰ ਗੁਰਮਤੇ ਹੋਏ ਵਿਚ ਦਲ ਸ਼ਾਮਲ ਬੇਸ਼ੁਮਾਰ ਹੋ ਗਏ ਹਰ ਸਿੱਖ ਅੰਦਰ ਜੋਸ਼ ਜਾੱਗਿਆ ਆ ਦਿਲੋਂ ਸਾਰੇ ਹੀ ਵੱਲ ਸੁਧਾਰ ਹੋ ਗਏ ਭਾਣਾ ਗੁਰਾਂ ਦਾ ਵੇਖ ਕਰਤਾਰ ਸਿੰਘਾ ਗਈ ਫੁੱਟ ਤੇ ਖ਼ਾਸ ਪਯਾਰ ਹੋ ਗਏ

ਸ੍ਰੀ ਅੰਮ੍ਰਿਤਸਰ ਜੀ ਦੇ ਸੁਧਾਰ ਦੀ ਵੀਚਾਰ

ਅੰਮ੍ਰਿਤਸਰ ਬਹਿ ਪੰਥ ਵਿਚਾਰ ਕੀਤੀ ਪਹਿਲਾਂ ਏਥੋਂ ਦਾ ਕਾਜ ਸਵਾਰੀਏ ਜੀ ਇਹ ਗੁਰਦ੍ਵਾਰਾ ਵੱਡਾ ਸਿਰੋਮਣੀ ਹੈ ਏਥੇ ਪਾਪ ਹੁੰਦੇ ਵੱਡੇ ਭਾਰੀਏ ਜੀ ਭੋਗਨ ਵੇਸਵਾ ਪੀਨ ਸ਼ਰਾਬ ਖੁੱਲ੍ਹੇ ਸਾਰੇ ਹੈਨ ਬਦਚਲਨ ਪੁਜਾਰੀਏ ਜੀ ਕਰਨ ਬੈਠ ਬਦਮਾਸ਼ੀਆਂ ਹਰੀਮੰਦਰ ਤ੍ਰਾਹਿ ਤ੍ਰਾਹਿ ਕਰੇ ਖ਼ਲਕ ਸਾਰੀਏ ਜੀ ਸਾਰਾ ਦਿਨ ਬਦਮਾਸ਼ੀ ਦਾ ਦੌਰ ਚੱਲੇ ਆਈਆਂ ਸੰਗਤਾਂ ਪਾਉਨ ਲਾਚਾਰੀਏ ਜੀ ਆਈਆਂ ਬੀਬੀਆਂ ਭੈਣਾਂ ਦੀ ਲਾਹੁਨ ਇੱਜਤ ਕਰਨ ਮਨਮੱਤਾਂ ਹੰਕਾਰੀਏ ਜੀ ਧਰਤੀ ਸਾਧ ਦੀ ਚੋਰਾਂ ਨੇ ਮੱਲ ਲਈ ਪਹਿਲਾਂ ਏਹੋ ਹੀ ਥਾਨ ਸੁਧਾਰੀਏ ਜੀ ਲਿਆ ਕਰ ਗੁਰਮਤਾ ਕਰਤਾਰ ਸਿੰਘਾ ਆਸ ਵਾਹਿਗੁਰੂ ਦੀ ਚਿੱਤ ਧਾਰੀਏ ਜੀ

ਸ੍ਰੀ ਦਰਬਾਰ ਸਾਹਿਬ ਤੇ ਗੁਰੂਪੰਥ ਦਾ ਕਬਜਾ

ਬਾਗ਼ ਜੱਲ੍ਹਿਆਂਵਾਲੇ ਦੀਵਾਨ ਕਰਕੇ ਪੰਥ ਚੱਲਿਆ ਵੱਲ ਦਰਬਾਰ ਭਾਈ ਦੇਗ ਲਈ ਕੜਾਹ ਪਰਸਾਦਿ ਸੰਦੀ ਹੱਥੀਂ ਆਪਣੀ ਕਰ ਤਯਾਰ ਭਾਈ ਜਦੋਂ ਗਏ ਸ੍ਰੀ ਹਰਮੰਦਰ ਅੰਦਰ ਦੇਖ ਹੋਇ ਪੁਜਾਰੇ ਲਚਾਰ ਭਾਈ ਕਹਿੰਦੇ ਅਸਾਂ ਨੇ ਨਹੀਂ ਅਰਦਾਸ ਕਰਨੀ ਤੁਸੀਂ ਚੂੜ੍ਹੇ ਹੋ ਸੱਭੇ ਚੁਮਾਰ ਭਾਈ ਮਜ਼੍ਹਬੀ ਨੀਚ ਰਮਦਾਸੀਏ ਕਰੇ ਕੱਠੇ ਹੋ ਜਾਉ ਹਰ ਮੰਦਰੋਂ ਬਾਹਿਰ ਭਾਈ ਬੈਠ ਬਹੁਤ ਸਮਝਾਇਆ ਮੁਖੀਆਂ ਨੇ ਤੁਸੀਂ ਕਰੋ ਨ ਏਡ ਵਗਾੜ ਭਾਈ ਪੰਥ ਗੁਰੂ ਦਾ ਇਹ ਮੰਦਰ ਗੁਰੂ ਦਾ ਹੈ ਬਾਹਿਰ ਕਢੋ ਹੈ ਕੀਹ ਅਖਤਯਾਰ ਭਾਈ ਸਿੰਘ ਬੈਠ ਗਏ, ਅੰਦਰ ਟੇਕ ਮੱਥਾ ਉਹ ਪੁਜਾਰੇ ਹੋ ਗਏ ਬਾਹਿਰਵਾਰ ਭਾਈ ਪਾਂਦੇ ਸ਼ੋਰ ਨੱਠੇ ਵੱਲ ਹਾਕਮਾਂ ਦੇ ਮੰਦਰ ਪੰਥ ਨੇ ਲਿਆ ਸੰਭਾਰ ਭਾਈ ਏਸੇ ਤਰ੍ਹਾਂ ਹੀ ਤਖਤ ਅਕਾਲ ਅੰਦਰ ਦਿੱਤਾ ਸਤਿਗੁਰਾਂ ਕਾਜ ਸਵਾਰ ਭਾਈ ਕੱਠੇ ਹੋ ਪੁਜਾਰੀਏ ਪਾਇ ਰੌਲਾ ਪਾਸ ਅਫ਼ਸਰਾਂ ਕਰਨ ਪੁਕਾਰ ਭਾਈ ਸਾਨੂੰ ਸਿੰਘਾਂ ਨੇ ਲੁੱਟਿਆ ਮਾਰਯਾ ਏ ਸਾਡੀ ਕਰੇ ਇਮਦਾਦ ਸਰਕਾਰ ਭਾਈ ਅੱਗੇ ਅਫ਼ਸਰਾਂ ਨੂੰ ਸਾਰਾ ਪਤਾ ਹੈ ਸੀ ਇਹ ਮਜ਼੍ਹਬੀ ਹੈ ਸਾਰੀ ਕਾਰ ਭਾਈ ਕੋਈ ਨ ਲੁੱਟਦਾ ਮਾਰਦਾ ਕਿਸੇ ਨੂੰ ਹੈ ਸਿੰਘ ਚਾਹੁੰਦੇ ਹੈਨ ਸੁਧਾਰ ਭਾਈ ਕਹਯਾ ਹਾਕਮਾਂ ਪੰਥ ਦੀ ਸ਼ਰਨ ਜਾਵੋ ਜਿਵੇਂ ਪੰਥ ਕਹਿੰਦਾ ਕਰੋ ਕਾਰ ਭਾਈ ਕਾਜ ਸਿੱਧ ਹੋ ਗਿਆ ਕਰਤਾਰ ਸਿੰਘਾ ਹੋਯਾ ਮਦਦੀ ਆਪ ਕਰਤਾਰ ਭਾਈ

ਹੋਰ ਗੁਰਦਵਾਰਿਆਂ ਦੇ ਪ੍ਰਬੰਧ

ਹੱਥ ਪੰਥ ਦੇ ਸ੍ਰੀ ਦਰਬਾਰ ਆਯਾ ਫੇਰ ਬਾਬੇ ਦੀ ਬੇਰ ਸੰਭਾਰ ਕਰਕੇ *ਮਿਸਟਰ ਗੰਡਾ ਸਿੰਹ ਨੂੰ ਓਥੋਂ ਧੱਕਿਆ ਚਾ ਬੈਠਾ ਹੋਯਾ ਸੀ ਧ੍ਰਨਾ ਮਾਰ ਕਰਕੇ ਪੰਜੇ ਸਾਹਿਬ ਦਾ ਫੇਰ ਸੁਧਾਰ ਕੀਤਾ ਬਦਚਲਨ ਮਹੰਤ ਨਕਾਰ ਕਰਕੇ ਇਸਤਰ੍ਹਾਂ ਹੀ ਪੰਥ ਅਕਾਲੀ ਨੇ ਜੀ ਵੱਡਾ ਹੌਂਸਲਾ ਧੀਰਜ ਧਾਰ ਕਰਕੇ ਕਈ ਗੁਰ ਅਸਥਾਨਾਂ ਨੂੰ ਠੀਕ ਕੀਤਾ ਮਨ ਮੱਤ ਕੁਰੀਤਾਂ ਉਠਾਰ ਕਰਕੇ ਵਿਗੜੀ ਗੱਲ ਆ ਹੁਣ ਕਰਤਾਰ ਸਿੰਘਾ ਜ਼ਰਾ ਸੁਨਣੀ ਚਿੱਤ ਖਲ੍ਹਾਰ ਕਰਕੇ

ਪੰਥ ਦੀ ਚਾਲ ਵੇਖ ਕੇ ਮਹੰਤਾਂ ਤੇ ਪੁਜਾਰੀਆਂ ਨੇ ਸ਼ੋਰ ਪਾਣਾ

ਜਿਹੜੇ ਖਾਂਵਦੇ ਸਨ ਮੁਫ਼ਤ ਜਾਇਦਾਦਾਂ ਓਹ ਬੈਠਕੇ ਫ਼ਿਕਰ ਦੁੜਾਨ ਲੱਗੇ ਵੱਗੀ ਕਿਧਰੋਂ ਪੰਥ ਨੂੰ ਹਵਾ ਆ ਕੇ ਸਿੰਘ ਕੱਠੇ ਹੋ ਕੀਹ ਬਨਾਨ ਲੱਗੇ ਅਸੀਂ ਚਿਰਾਂ ਦੇ ਲੁੱਟਦੇ ਮਜ਼ੇ ਹੈਸਾਂ ਵਿਘਨ ਇਹ ਪਾਪੀ ਕਾਹਨੂੰ ਪਾਨ ਲੱਗੇ ਬੈਠੇ ਮਾਲਕ ਬਣੇ ਸਾਂ ਡੇਰਿਆਂ ਦੇ ਸਿੰਘ ਵਿੱਚ ਆ ਲੱਤ ਅੜਾਨ ਲੱਗੇ ਹੁਣ ਤੀਕ ਤਾਂ ਕਿਸੇ ਨ ਬਾਤ ਪੁੱਛੀ ਨਵੀਂ ਕਲ੍ਹਾ ਇਹ ਕੀਹ ਉਠਾਨ ਲੱਗੇ ਰਲ ਮਿਲ ਏਹੋ ਜਹੇ ਮੁਫ਼ਤ ਖੋਰੇ ਲੋਕਾਂ ਕੱਚਿਆਂ ਤਈਂ ਭੜਕਾਨ ਲੱਗੇ ਥਾਂ ਥਾਂ ਤੇ ਪੰਥ ਦੇ ਉਲਟ ਭਾਈ ਖ਼ਬਰਾਂ ਝੂਠੀਆਂ ਕਈ ਉਡਾਨ ਲੱਗੇ ਸਿੰਘਾਂ ਚੂੜ੍ਹੇ ਚੁਮਾਰ ਸਭ ਨਾਲ ਮੇਲੇ ਹਿੰਦ ਧਰਮ ਦੇ ਤਾਈਂ ਰੁੜ੍ਹਾਨ ਲੱਗੇ ਜਿਵੇਂ ਪੰਥ ਤੇ ਲੋਕ ਬਦਜ਼ੱਨ ਹੋਵਨ ਤੂਤ ਭੀਤੀਆਂ ਕਈ ਸੁਨਾਨ ਲੱਗੇ ਆਪੋ ਆਪਣੇ ਥਾਂ ਉਲਟ ਖ਼ਾਲਸੇ ਦੇ ਕਈ ਬਾਨ੍ਹਣੂ ਰਲ ਬਨ੍ਹਾਨ ਲੱਗੇ ਵੈਰੀ ਪੰਥ ਦੇ ਕਈ ਨਾਲ ਰਲ ਬੈਠੇ ਕਰ ਮਜਲਸਾਂ ਸੋਚ ਦੁੜਾਨ ਲੱਗੇ ਇਹ ਭੀ ਆਪਣੇ ਥਾਂ ਕਰਤਾਰ ਸਿੰਘਾ ਜਿੱਨਾਂ ਜ਼ੋਰ ਸੀ ਰਾਤ ਦਿਨ ਲਾਨ ਲੱਗੇ * ਮਿਸਟਰ ਗੰਡਾ ਸਿੰਹੁੰ ਨੂੰ ਬਾਬੇ ਦੀ ਬੇਰ ਵਾਲੀ ਮਹੰਤਨੀ ਨੇ ਸਿੰਘਾਂ ਦੀ ਰਾਇ ਦੇ ਬਰਖਿਲਾਫ਼ ਹੋਕੇ ਗੁਰਦਵਾਰੇ ਦਾ ਸਰਬਰਾਹ ਥਾਪ ਲਿਆ ਸੀ ਜਿਸਨੂੰ ਪੰਥ ਨੇ ਫੇਰ ਮਸਾਂ ਓਥੋਂ ਕੱਢਿਆ ਧਿਆਨ ਰਹੇ ਕਿ 'ਸਿਹੁੰ' ਪਦ ਸਿੱਖੀਓਂ ਖਾਰਜ ਹੋਏ ਵਾਸਤੇ ਹੈ ।

*ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦਾ ਬਨਣਾ

ਏਸ ਰੌ ਨੇ ਜਦੋਂ ਆ ਜ਼ੋਰ ਫੜਯਾ ਸਿਆਣੇ ਬੈਠਕੇ ਸਭ ਵਚਾਰ ਕਰਦੇ ਸਾਰੇ ਪੰਥ ਦੇ ਮੁਖੀਏ ਹੋ ਕੱਠੇ ਬੈਠ ਮਸ਼ਵਰਾ ਨਾਲ ਪਿਯਾਰ ਕਰਦੇ ਹੋਈ ਸਭਦੀ ਏਹੋ ਸਲਾਹ ਪੱਕੀ ਬਣੇ ਇਕ ਕਮੇਟੀ ਇਜ਼ਹਾਰ ਕਰਦੇ ਬੰਦੋਬਸਤ ਕਰੇ ਗੁਰਦ੍ਵਾਰਿਆਂ ਦਾ ਝੱਟ ਪੱਟ ਕਮੇਟੀ ਤਿਯਾਰ ਕਰਦੇ ਹੋਈ ਚੋਣ ਆ ਸ੍ਰੀ ਅਕਾਲ ਬੁੰਗੇ ਸੇਵਾ ਕਰਨੀ ਸਿੰਘ ਅਖ਼ਤਿਆਰ ਕਰਦੇ ਕੰਮ ਸ਼ੁਰੂ ਕਰ ਦੇਣ ਕਰਤਾਰ ਸਿੰਘਾ ਸਾਰੇ ਦੇਸ ਅੰਦਰ ਇਸ਼ਤਿਆਰ ਕਦੇ *ਅਕਲ ਤਖਤ ਤੇ ਸਾਰੇ ਪੰਥ ਵਲੋਂ ਕਮੇਟੀ ਚੁਣੀ ਗਈ ਜਿਸਦਾ ਨਾਮ "ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ" ਰਖਯਾ ਗਿਆ, ਜਿਸਦੇ ੧੭੫ ਦੇ ਲਗ ਪਗ ਮੈਂਬਰ ਬਣੇ। ਏਸਦੇ ਵਿਚ ਹੀ ਓਹ ਸੱਤਆਂ ਮੈਂਬਰਾਂ ਦੀ ਕਮੇਟੀ ਰਲ ਗਈ ਜੇਹੜੀ ਉਸਤੋਂ ਪਹਿਲਾਂ ਸਰਕਾਰ ਨੇ ਬਨਾਈ ਸੀ।

ਪੰਥਕ ਅਖ਼ਬਾਰਾਂ ਤੇ ਇਸ਼ਤਿਹਾਰਾਂ ਰਾਹੀਂ ਖ਼ਬਰਾਂ

ਇਹ ਚੋਣ ਕਮੇਟੀ ਦੀ ਹੋਈ ਜਦੋਂ ਸਾਰੇ ਦੇਸ ਅੰਦਰ ਖ਼ਬਰਾਂ ਛਾਈਆਂ ਨੇ ਅਖ਼ਬਾਰਾਂ ਅਤੇ ਇਸ਼ਤਿਹਾਰਾਂ ਅੰਦਰ ਇਹ ਸਭ ਰਪੋਟਾਂ ਛਪਾਈਆਂ ਨੇ ਗੁਰ ਘਰਾਂ ਦਾ ਪੰਥ ਸੁਧਾਰ ਚਾਹੇ ਹੋਈਆਂ ਦੇਸ ਦੇ ਵਿੱਚ ਵਧਾਈਆਂ ਨੇ ਸੋਗ ਪਿਆ ਮਹੰਤਾਂ ਪੁਜਾਰੀਆਂ ਨੂੰ ਜਿਹੜੇ ਨਿੱਤ ਕਰਦੇ ਬੁਰਿਆਈਆਂ ਨੇ ਏਧਰ ਪੰਥ ਤਾਂ ਚਾਹੇ ਸੁਧਾਰ ਕਰਨਾ ਡੇਰੇਦਾਰ ਚਾਹੁੰਦੇ ਖੁਟਿਆਈਆਂ ਨੇ ਲੱਗੇ ਖਿੱਚ ਵਧਾਉਨ ਕਰਤਾਰ ਸਿੰਘਾ ਖਾਂਦੇ ਨਿੱਤ ਜੋ ਦੁੱਧ ਮਲਾਈਆਂ ਨੇ

ਕੀਹ ਪੰਥ ਗੁਰਦਵਾਰੇ ਖੋਹਣੇ ਚਾਹੁੰਦਾ ਹੈ ਯਾ ਸੁਧਾਰ

ਸੁਣੋ ਵੀਰ ਪਿਆਰਿਓ ਗੱਲ ਸੱਚੀ ਕਵੀ ਇਹ ਭੁਲੇਖਾ ਮੁਕਾਨਾ ਚਾਹੇ ਸਿੰਘ ਕਰਨ ਲੱਗੇ ਕਬਜ਼ੇ ਗੁਰਦਵਾਰੀਂ ਦਾਸ ਏਸਦਾ ਭੇਦ ਸੁਨਾਨਾ ਚਾਹੇ ਪੰਥ ਆਪਣੇ ਵਾਸਤੇ ਗੁਰਦ੍ਵਾਰੇ ਖੋਹ ਕੇ ਮੂਲ ਨ ਸ਼ੋਰ ਪਵਾਨਾ ਚਾਹੇ ਨ ਕੱਢ ਕੇ ਵਿੱਚੋਂ ਪੁਜਾਰੀਆਂ ਨੂੰ ਭਾਈ ਬੰਦਾਂ ਦੇ ਤਈਂ ਬਠਾਨਾ ਚਾਹੇ ਨ ਖੋਹ ਕੇ ਕਿਸੇ ਤੋਂ ਜਾਇਦਾਤਾਂ ਧਾਨ ਪੂਜਾ ਦੇ ਨੂੰ ਪੰਥ ਖਾਨਾ ਚਾਹੇ ਨਾ ਕਿਸੇ ਗ਼ਰੀਬ ਤੇ ਕਰ ਧੱਕਾ ਓਸ ਤਈਂ ਨੁਕਸਾਨ ਪੁਚਾਨਾ ਚਾਹੇ ਸੇਵਾਦਾਰਾਂ ਨੂੰ ਸੇਵਾ ਤੋਂ ਬੰਦ ਕਰਕੇ ਨਹੀਂ ਬੇਰੁਗਜ਼ਾਰ ਫਿਰਾਨਾ ਚਾਹੇ ਪੰਥ ਚਾਹੁੰਦਾ ਸਭ ਦਾ ਭਲਾ ਹੋਵੇ ਨਹੀਂ ਕਿਸੇ ਦਾ ਬੁਰਾ ਤਕਾਨਾ ਚਾਹੇ ਗੁਰਦਵਾਰਯਾਂ ਵਿਚ ਸੁਧਾਰ ਹੋਵੇ ਪੈਸਾ ਧਰਮ ਦਾ ਧਰਮ ਤੇ ਲਾਨਾ ਚਾਹੇ ਬਦਚਲਨ ਮਹੰਤ ਪੁਜਾਰੀਏ ਜੋ ਸਿਰਫ਼ ਉਨ੍ਹਾਂ ਨੂੰ ਠੀਕ ਕਰਾਨਾ ਚਾਹੇ ਸੁਧਰ ਜਾਣ ਤੇ ਓਹੋ ਹੀ ਕਰਨ ਸੇਵਾ ਨਹੀਂ ਲੁੱਚਿਆਂ ਤਈਂ ਰਖਾਨਾ ਚਾਹੇ ਘਰ ਰੱਬ ਦੇ ਰੱਬ ਦੇ ਹੋ ਜਾਵਨ ਬੁਰਯਾਂ ਕੰਮਾਂ ਨੂੰ ਪੰਥ ਧਕਾਨਾ ਚਾਹੇ ਬੇ ਹਸਾਬ ਜਾਗੀਰਾਂ ਦਾ ਜੋਇ ਪੈਸਾ ਐਬਾਂ ਮੂੰਹ ਨ ਪੰਥ ਉਡਵਾਨਾ ਚਾਹੇ ਪੈਸਾ ਧਰਮ ਦਾ ਧਰਮ ਤੇ ਲੱਗ ਜਾਵੇ ਕੌਮ ਦੇਸ ਦੇ ਹੇਤ ਖ਼ਰਚਾਨਾ ਚਾਹੇ ਹੋਵੇ ਪਾਲਨਾ ਨੰਗਿਆਂ ਭੁੱਖਯਾਂ ਦੀ ਲੋੜਵੰਦਾਂ ਦੀ ਲੋੜ ਪੁਚਾਨਾ ਚਾਹੇ ਨੁਕਤਾ ਪੰਥ ਦਾ ਇਹੋ ਕਰਤਾਰ ਸਿੰਘਾ *ਧਨ ਲੁੱਟੀਦੇ ਤਈਂ ਬਚਾਨਾ ਚਾਹੇ *ਕੋਈ ਇਹ ਨ ਮੂਰਖ ਸਮਝ ਲਵੇ ਕਿ ਪੰਥ ਨੇ ਜਗੀਰਾਂ ਤੇ ਧਨਾਂ ਬਦਲੇ ਸਿੰਘ ਮਰਵਾ ਲਏ ਇੱਕ ਇੱਕ ਸਿੰਘ ਦੀ ਜ਼ਿੰਦਗੀ ਬੇਮੁੱਲੀ ਹੈ ਸਾਰੇ ਬ੍ਰਹਮੰਡ ਦਾ ਧਨ ਭੀ ਉਸਦੇ ਨਾਲ ਨਹੀਂ ਪੁਜਦਾ, ਸਿੰਘਾਂ ਦੀਆਂ ਸ਼ਹੀਦੀਆਂ ਗੁਰਦਵਾਰਿਆਂ ਦੀ ਇੱਜ਼ਤ ਬਦਲੇ ਹਨ ॥

ਦੇਸ ਦੇ ਗੁਰਦਵਾਰਿਆਂ ਦੇ ਹਾਲ

ਆਪ ਦੇਖਦੇ ਹੋ ਡੇਰੇ ਦੇਸ ਅੰਦਰ ਹਾਲ ਉਨ੍ਹਾਂ ਦੇ ਲਿਹੋ ਪਛਾਨ ਭਾਈ ਆਉਨ ਲੱਖਾਂ ਰੁਪਏ ਜਾਗੀਰ ਸੰਦੇ ਧਨ ਹੋਰ ਭੀ ਲੋਕ ਚੜ੍ਹਾਨ ਭਾਈ ਮਾਲਕ ਉਨ੍ਹਾਂ ਦੇ ਬਣੇ ਮਹੰਤ ਬੈਠੇ ਐਸ਼ਾਂ ਇਸ਼ਰਤਾਂ ਵਿਚ ਉਡਾਨ ਭਾਈ ਮਿਲੇ ਭੁੱਖਯਾਂ ਨੂੰ ਸੁੱਕਾ ਟੁੱਕ ਭੀ ਨ ਆਪ ਖੋਏ ਪੇੜੇ ਨਿੱਤ ਖਾਨ ਭਾਈ ਨੰਗੇ ਫਿਰਨ ਗ਼ਰੀਬ ਦਰਵਾਜ਼ਿਆਂ ਤੇ ਲੀਰ ਇਕ ਨ ਉਨ੍ਹਾਂ ਦਵਾਨ ਭਾਈ ਜੋੜੇ ਮਖ਼ਮਲਾਂ ਦੇ ਦੇਨ ਕੰਜਰਾਂ ਨੂੰ ਘਰੀਂ ਜਿਨ੍ਹਾਂ ਜਾ ਖੇਹ ਪਵਾਨ ਭਾਈ ਭਗਤੀ ਪਰੇਮ ਦਾ ਜਾਣਦੇ ਨਾਮ ਨਾਹੀਂ ਨ ਕੋਈ ਵਿਦਯਾ ਵਿਚ ਰਖਾਨ ਭਾਈ ਭਲੇਮਾਨਸਾਂ ਦੇ ਨਾਲ ਬਹਿਨ ਨਹੀਂ ਲੁੱਚਮੰਡਲੀ ਨਿੱਤ ਲਗਾਨ ਭਾਈ ਉਤੋਂ ਸਾਧ ਤੇ ਵਿਚ ਉਪਾਧਭਰੀ ਨਿੱਤ ਦੌਰ ਸ਼ਰਾਬ ਚਲਾਨ ਭਾਈ ਬਾਹਰ ਖੇਹ ਤੇ ਅੰਦਰੀਂ ਅੱਗ ਬਲਦੀ ਦਿਨੇ ਰਾਤ ਹੀ ਵਿਸ਼ੇ ਕਮਾਨ ਭਾਈ ਮੋਹਰੀ ਲੁੱਚਿਆਂ ਦੇ ਆਗੂ ਗੁੰਡਿਆਂ ਦੇ ਚੜ੍ਹ ਬੋਤੀਆਂ ਤੇ ਮੇੱਲੀਂ ਜਾਨ ਭਾਈ ਕੱਛੀਂ ਬੋਤਲਾਂ ਸਿਰੀਂ ਜੜਾਂ ਜੂੜੇ ਰੰਨਾਂ ਚੇੱਲੀਆਂ ਮੇੱਲੀਂਆਂ ਜਾਨ ਭਾਈ ਨ ਕਾਰ ਵਿਹਾਰ ਨ ਕੰਮ ਕੋਈ ਖਾਨ ਸਾਧ ਤੇ ਜੱਟ ਕਮਾਨ ਭਾਈ ਨ ਜਪ ਨ ਤਪ ਨ ਹਠ ਮੂਲੋਂ ਪਾਪੀ ਸਾਧ ਹੋ ਪਾਪ ਕੁਮਾਨ ਭਾਈ ਇਹਨਾਂ ਪਿੰਡਾਂ ਦੇ ਪਿੰਡ ਵਿਗਾੜ ਛੱਡੇ ਨਿੱਤ ਬੁਰੇ ਨਮੂਨੇ ਦਿਖਾਨ ਭਾਈ ਮੁੰਡੇ ਜੱਟਾਂ ਦੇ ਪੱਟ ਕੇ ਚੌੜ ਕਰਦੇ ਨਿੱਤ ਨਵੇਂ ਨੁਕਸਾਨ ਪੁਚਾਨ ਭਾਈ ਚਾਰ ਦਿਨ ਜਿਹੜਾ ਬੈਠੇ ਪਾਸ ਇਹਨਾਂ ਓਸ ਤਾਈਂ ਭੀ ਏਹੋ ਸਖਾਨ ਭਾਈ ਹਲ ਵਾਹੁਨਾ ਛੱਡ ਤੇ ਸਾਧ ਹੋ ਜਾਹ ਵਿਹਲੇ ਬੈਠ ਖਾਵੋ ਪੂਜਾ ਧਾਨ ਭਾਈ ਫਿਰਨ ਸੈਂਕੜੇ ਕੱਢਕੇ ਚੁੱਤੜਾਂ ਨੂੰ ਮਾਂ ਬਾਪ ਦੀ ਨੇਕੀ ਗਵਾਨ ਭਾਈ ਬਹੁਤੇ ਜੱਟਾਂ ਦੇ ਪੁੱਤ ਹੀ ਸਾਧ ਬਣਦੇ ਨੇਕੀ ਡੇਰਿਆਂ ਦੀ ਲਿਹੋ ਜਾਨ ਭਾਈ ਹੋਰ ਫੋਲਨੇ ਬਹੁਤ ਕੀਹ ਫੋਲ ਦੱਸਾਂ ਹੈ ਜਾਣਦਾ ਆਪ ਜਹਾਨ ਭਾਈ ਵਿਚ ਨੇਕ ਭੀ ਕਈ ਕਰਤਾਰ ਸਿੰਘ ਸੰਤ ਰੂਪ ਓਹ ਜੋਗ ਸਨਮਾਨ ਭਾਈ

ਡੇਰਿਆਂ ਨਾਲ ਜਾਗੀਰਾਂ ਕਿੱਥੋਂ ਆਈਆਂ

ਇਨ੍ਹਾਂ ਡੇਰਿਆਂ ਨਾਲ ਜਾਗੀਰਾਂ ਨੇ ਜੋ ਕਿੱਥੋਂ ਆਈਆਂ ਕਰੋ ਵਚਾਰ ਵੀਰੋ ਇਹ ਤੁਹਾਡੇ ਹੀ ਕਾਲਜੇ ਕੱਟੇ ਹੋਇ ਮਾਲਕ ਤੁਸੀਂ ਜ਼ਮੀਨਾਂ ਦੇ ਸਾਰ ਵੀਰੋ ਇਨ੍ਹਾਂ ਮੰਗਤਿਆਂ ਨੇ ਕਿੱਥੋਂ ਲੈਨੀਆਂ ਸਨ ਇਨ੍ਹਾਂ ਪਾਸ ਸੀ ਕੀਹ ਅਖਤਯਾਰ ਵੀਜੋ ਨ ਇਹ ਸੂਰਮੇ ਰਾਜੇ ਕਿਰਸਾਨ ਨ ਇਹ ਮਾਲਕ ਬਣ ਗਏ ਕਿਸਤਰ੍ਹਾਂ ਭਾਰ ਵੀਰੋ ਇਹ ਤੁਹਾਡਯਾਂ ਵਡਯਾਂ ਦਿੱਤੀਆਂ ਸਨ ਹੋਵੇ ਸਿੱਖੀ ਦਾ ਜਿਵੇਂ ਪਰਚਾਰ ਵੀਰੋ ਗੁਰਦ੍ਵਾਰੇ ਬਨਾਕੇ ਵਿੱਚ ਪਿੰਡਾਂ ਲਾਈਆਂ ਜਿਮੀਆਂ ਜਿਉਂ ਚੱਲੇ ਕਾਰ ਵੀਰੋ ਭਲਾ ਸੰਤ ਕੋਈ ਵੇਖ ਟਿਕਾ ਦਿੱਤਾ ਸੇਵਾ ਕਰੇ ਹੋਕੇ ਸੇਵਾਦਾਰ ਵੀਰੋ ਸਮੇਂ ਗੁਜਰ ਗਏ ਦਿਨ ਹੋਰ ਆਏ ਲਈ ਮਾਲਕਾਂ ਮੁੜ ਨ ਸਾਰ ਵੀਰੋ ਚੇਲੇ ਉਨ੍ਹਾਂ ਦੇ ਮਾਲਕੀ ਕੱਢ ਬੈਠੇ ਹੋ ਗਏ ਓਹ ਖ਼ੁਦ ਮੁਖ਼ਤਾਰ ਵੀਰੋ ਗੁਰਦ੍ਵਾਰਿਆ ਦੇ ਥਾਂ *ਘਰ ਬਣ ਗਏ ਰਿਹਾ ਪਿੰਡਾਂ ਦਾ ਨ ਅਖ਼ਤਯਾਰ ਵੀਰੋ ਪੈਸਾ ਧਰਮ ਤੇ ਜੋ ਖ਼ਰਚ ਹੋਵਨਾ ਸੀ ਹੋਣ ਲੱਗਾ ਓਹ ਵਿਸ਼ੇ ਵਕਾਰ ਵੀਰੋ ਜਿਹੜੀ ਆਸ ਤੇ ਲਾਈ ਜਾਗੀਰ ਹੈਸੀ ਓਹ ਆਸ ਹੋ ਗਈ ਫ਼ਰਾਰ ਵੀਰੋ ਥਾਂ ਪੁੱਨ ਦੇ ਪਾਪ ਦਾ ਮੁੱਢ ਬੱਝਾ ਕੀਤਾ ਭਲਾ ਤੇ ਹੋਇ ਖ਼ਵਾਰ ਵੀਰੋ ਡੇਰੇਦਾਰ ਓਹ ਅੱਜ ਸ਼ਰੀਕ ਬਣ ਗਏ ਤੁਸੀਂ ਭੁੱਖੇ ਤੇ ਓਹ ਸਰਦਾਰ ਵੀਰੋ ਇਹ ਤੁਹਾਡੀ ਹੀ ਭੁੱਲਦਾ ਫਲ ਹੈ ਜੇ ਜਿਨੂੰ ਭੋਗਦੇ ਹੋ ਲਚਾਰ ਵੀਰੋ ਵੇਲਾ ਸੰਭਲੋ ਅਜੇ ਕਰਤਾਰ ਸਿੰਘਾ ਸੱਚ ਨਿੱਤਰੇਗਾ ਆਖ਼ਰਕਾਰ ਵੀਰੋ *ਸਾਡੇ ਨੱਗਰ ਕਲਾਸ ਵਾਲੇ ਵਿਚ ਭੀ ਭਾਈ ਜਰਾਮ ਸਿੰਘ ਵਾਲੀ ਧਰਮਸਾਲਾ ਦਾ ਏਹੋ ਹਾਲ ਹੋਯਾ ਹੈ ਹੁਣ ਓਸਦੇ ਪੋਤਰੇ ਕਰਤਾਰ ਸਿੰਘ ਨੇ ਧਰਮਸਾਲਾ ਦਾ ਨਾਮਨਸ਼ਾਨ ਮਟਾਕੇ ਅਪਣਾ ਘਰ ਬਨਾ ਲਿਆ ਹੈ ਤੇ ਇਕ ਸੌ ਪੰਦ੍ਰਾਂ ਵਿਘੇ ਪਕੇ ਨਾਲ ਜਮੀਨ ਸੀ ਜੋ ਓਸਨੇ ਮਾਲਕੀ ਬਨਾ ਲਈ ਹੈ।

੧੯੭੭ ਬਿਕ੍ਰਮੀ ਦੀ ਪੂਰਨਮਾਸ਼ੀ

ਕੱਠਾ ਪੰਥ ਹੋਯਾ ਨਨਕਾਣੇ ਸਾਹਿਬ ਮਾਝਾ ਮਾਲਵਾ ਤੇ ਪੁੱਠੋਹਾਰ ਭਾਈ ਦੂਰ ਦੂਰ ਦੇਸਾਂ ਵਿਚੋਂ ਸਿੱਖ ਆਏ ਗੁਰ ਘਰ ਦਾ ਕਰਨ ਦੀਦਾਰ ਭਾਈ ਓਥੇ ਇਕ ਮਹੰਤ ਨੇ ਖੜੇ ਹੋਕੇ ਕਹੇ ਸਖ਼ਤ ਸੀ ਬਚਨ ਉਚਾਰ ਭਾਈ ਅਸਾਂ ਆਪ ਸਾਧਾਂ ਗੁਰਦਵਾਰੇ ਰਚੇ ਪੰਥ ਉੱਠ ਪਿਆ ਦਾਹਵੇਦਾਰ ਭਾਈ ਕੌਨ ਜਾਣਦਾ ਸੀ ਇਹਨਾਂ ਗੁਰੂਆਂ ਨੂੰ ਸਾੱਧਾਂ ਸੰਤਾਂ ਕੀਤਾ ਪਰਚਾਰ ਭਾਈ ਕਈ ਕਹੇ ਕੁਬਚਨ ਕਰਤਾਰ ਸਿੰਘਾ ਸ਼ਾਨ ਗੁਰਾਂ ਅੰਦਰ ਬਦਕਾਰ ਭਾਈ

*ਕਿਰਪਾ ਸਿੰਘ ਦੇ ਕੁਬਚਨ

ਸਿੰਘ ਸਾਡੇ ਕੰਮਾਂ ਵਿਚ ਦਖਲ ਦੇਵਨ ਅਸੀਂ ਇਨ੍ਹਾਂ ਨੂੰ ਮਜ਼ੇ ਚਖਾ ਦਿਆਂਗੇ ਗੁਰਦ੍ਵਾਰਿਆਂ ਵੱਲ ਇਹ ਮੂੰਹ ਕਰਨ ਅਸੀਂ ਮਾਰਕੇ ਕਿਤੇ ਖਪਾ ਦਿਆਂਗੇ ਸਾਡੇ ਪਾਸ ਹੈ ਮਾਯਾ ਬੇਅੰਤ ਕੱਠੀ ਅਸੀਂ ਪੰਥ ਨੂੰ ਘੱਟੇ ਰੁਲਾ ਦਿਆਂਗੇ ਨਹੀਂ ਚੋਬਰਾਂ ਦਾ ਅੰਤ ਵਿੱਚ ਸਾਡੇ ਚੁੱਕ ਲੁੰਡਿਆਂ ਨੂੰ ਗੱਲ ਪਾ ਦਿਆਂ ਅਸੀਂ ਨਾਲ ਰਲਾਵਾਂਗੇ ਸਾਰਿਆਂ ਨੂੰ ਕੱਛਾਂ ਵਾਲਿਆਂ ਵੱਖ ਕਰਾ ਦਿਆਂਗੇ ਨਵੇਂ ਉਠੇ ਅਕਾਲੀਆਂ ਸਾਰਿਆਂ ਨੂੰ ਅਸੀਂ ਰਲਕੇ ਪਰੇ ਧਕਾ ਦਿਆਂਗੇ ਕੱਠੇ ਹੋਕੇ ਅਸੀਂ ਲੰਗੋਟਾਂ ਵਾਲੇ ਲਾਕੇ ਪੰਥ ਨੂੰ ਹੱਥ ਦਿਖਾ ਦਿਆਂਗੇ ਸਾਡਾ ਜਾਊਗਾ ਕੀਹ ਕਰਤਾਰ ਸਿੰਘਾ ਲੁੱਟ ਪੰਥ ਨੂੰ ਪੰਥ ਤੇ ਲਾ ਦਿਆਂਗੇ *ਕਿਰਪਾ ਸਿੰਘ ਸਤਲਾਨੀ ਵਾਲੇ

ਉਦਾਸੀਆਂ ਦੇ ਅਕੱਠ

ਆ ਸਭ ਮਹੰਤਾਂ ਨੂੰ ਫ਼ਿਕਰ ਪਿਆ ਓਹਨਾਂ ਦਿਲਾਂ ਦੇ ਵਿਚ ਵਚਾਰ ਲਿਆ ਸਿੰਘਾਂ ਹੌਲੀ ਹੌਲੀ ਸਭਤੇ ਜ਼ੋਰ ਪਾਣਾ ਜਿਨ੍ਹਾਂ ਨਿਸਚਾ ਪੱਕਾ ਹੈ ਧਾਰ ਲਿਆ ਸਤਲਾਨੀ ਅਤੇ ਨਨਕਾਣੇ ਵਾਲੇ ਮੋਹਰੀ ਬਣ ਇਹਨਾਂ ਕੰਮ ਸਾਰ ਲਿਆ ਸ੍ਰੀ ਅੰਮ੍ਰਿਤਸਰ ਵਿਚ ਹੋਏ ਕੱਠੇ ਸਾਥੀ *ਸਭਨਾਂ ਤਾਈਂ ਹਕਾਰ ਲਿਆ ਅੱਖਾੜਯਾਂ ਵਾਲਿਆਂ ਹੋਏ ਕੱਠੇ ਰਲ ਮਿਲਕੇ ਇਹ ਵਚਾਰ ਲਿਆ ਕਰੋ ਸਿੰਘਾਂ ਦਾ ਟਾੱਕਰਾ ਜਿਵੇਂ ਹੋਵੇ ਕੱਠਾ ਧਨ ਕਰ ਕਈ ਹਜਾਰ ਲਿਆ ਅਸੀਂ ਲਾਖਾਂ ਪਤੀ ਸਾਨੂੰ ਕਮੀ ਕੀਹ ਏ ਸਾਧਾਂ ਹੌਂਸਲਾ ਵੱਡਾ ਉਭਾਰ ਲਿਆ ਲੱਗੇ ਕਰਨ ਤਯਾਰੀ ਕਰਤਾਰ ਸਿੰਘਾ ਏਸ ਗੱਲ ਨੁੰ ਸੁਣ ਸੰਸਾਰ ਲਿਆ *ਮੰਗਲ ਸਿੰਘ ਜੈਸੇ ਕੂਕੇ ਭੀ ਨਾਲ ਰਲ ਗਏ

ਮਹੰਤਾਂ ਨੇ ਅਖ਼ਬਾਰ ਕੱਢਨੀ

ਓਹਨਾ ਪਾਸ ਰੁਪਏ ਦੀ ਕਮੀ ਕੋਈ ਨ ਝੱਟ ਇਕ ਅਖ਼ਬਾਰ ਚਲਾਉਨ ਲੱਗੇ ਸੰਤ ਸੇਵਕ ਓਸਦਾ ਨਾਮ ਧਰਯਾ ਬੇਖ਼ਤਰ ਹੋ ਲਿਖਨ ਲਿਖਾਉਨ ਗੱਲੇ ਪਹਿਲਾਂ ਸਤਿਗੁਰਾਂ ਤੇ ਕਈ ਵਾਰ ਕੀਤੇ ਗੁਰੂ ਹੈਸਨ ਹਿੰਦੂ ਸੁਨਾਉਨ ਲੱਗੇ ਗੁਰੂ ਗ੍ਰੰਥ ਜੀ ਵੇਦਾਂ ਦਾ ਤਰਜਮਾ ਨੇ ਸ਼ਾਨ ਗੁਰਾਂ ਦਾ ਪਾਪੀ ਘਟਾਉਨ ਲੱਗੇ ਗੁਰੂ ਦਸਮ ਜੀ ਤੋਂ ਮੁਨਕਰ ਹੋ ਕਰਕੇ ਵਧ ਘੱਟ ਕਈ ਗੱਲਾਂ ਬਨਾਉਨ ਲੱਗੇ ਨਾਨਕ ਪੰਥੀਆਂ ਨੂੰ ਚੇੜ ਚਾੜ੍ਹ ਕਰਕੇ ਗੁਰੂ ਪੰਥ ਤੋਂ ਵੱਖ ਕਰਾਉਨ ਲੱਗੇ ਤੱਤ ਖ਼ਾਲਸੇ ਨੂੰ ਨਵੇਂ ਸਿੰਘ ਲਿਖਦੇ ਤੇ ਸਨਾਤਨੀ ਆਪ ਸਦਾਉਨ ਲੱਗੇ ਲਿਖ ਨਜ਼ਮਾਂ ਤੇ ਮਜਮੂਨ ਕਰੜੇ ਗੁਰੂ ਪੰਥ ਦੇ ਤਈਂ ਚਿੜਾਉਨ ਲੱਗੇ ਕਦੇ ਚੁੱਕਦੇ ਜਾ ਨਾਮਧਾਰੀਆਂ ਨੂੰ ਕਰਨਾ ਵੀਰਾਂ ਤਾਈਂ ਵੱਖ ਚਾਹੁਨ ਲੱਗੇ ਪਰ ਓਥੇ ਤਾਂ ਦਾਲ ਨ*ਗਲੀ ਕੋਈ ਨਾਲ ਹਿੰਦੂਆਂ ਮੇਲ ਮਲਾਉਨ ਲੱਗੇ ਗੁਰਮੱਤ ਦਾ ਖੰਡਨ ਖੂਬ ਕਰਕੇ ਮਨਮੱਤ ਨੂੰ ਸਿੱਧ ਜਤਾਉਨ ਲੱਗੇ ਜੰਝੂ,ਆਰਤੀ, ਵੇਦਾਂ ਦਾ ਮੱਨਨਾ ਇਹ ਖ਼ਾਲਸ ਸਿੱਖੀ ਦੇ ਵਿਚ ਰਲਾਉਨ ਲੱਗੇ ਇਹ ਜਾਗੀਰਾਂ ਅਸਾਂ ਸਭੋ ਮੁੱਲ ਲਈਆਂ ਸਿੰਘ ਆ ਕਿਉਂ ਲੱਤ ਅੜਾਉਨ ਲੱਗੇ ਗੁਰਦ੍ਵਾਰੇ ਜੋ ਸੰਤਾਂ ਨੇ ਰਚੇ ਆਪੇ ਕੀਹ ਗੁਰਾਂ ਦਾ ਹੱਕ ਅਲਾਉਨ ਲੱਗੇ ਮੁੱਦਾ ਗੱਲਾਂ ਅਨਹੋਣੀਆਂ ਨਿੱਤ ਕਰਦੇ ਗਾਲ ਮੰਦਾ ਭੀ ਲਿਖ ਛਪਾਉਨ ਲੱਗੇ ਕਿਵੇਂ ਸਿੰਘ ਚਿੜਨ ਗਲ ਪੈਨ ਸਾਡੇ ਏਹੋ ਜਹੇ ਕੁਬਚਨ ਘੜਾਉਨ ਲੱਗੇ ਲੜਨ ਵਾਸਤੇ ਸਾਧ ਤਯਾਰ ਕੀਤੇ ਡਰ ਸਿੰਘਾਂ ਨੂੰ ਦੇ ਧਮਕਾਉਨ ਲੱਗੇ ਪੰਥ ਤਾਈਂ ਵੰਗਾਰ ਕਰਤਾਰ ਸਿੰਘਾਂ ਖੜਮਸਤੀਆਂ ਸਾਧ ਦਿਖਾਉਨ ਲੱਗੇ

ਬਾਬੇ ਕਰਤਾਰ ਸਿੰਘ ਆਦਿਕ ਬਾਵਿਆਂ ਨੇ ਭੀ ਮਹੰਤਾਂ ਨਾਲ ਮਿਲ ਜਾਨਾ

ਜਿੱਥੇ ਖੋਟ ਹੈਸੀ ਓਥੇ ਫਿਕਰ ਪੈ ਗਏ ਇਕੋ ਜਹੇ ਸਾਰੇ ਰਲ ਜਾਨ ਲੱਗੇ ਲਖਾਂਪਤੀ ਨਾਰੈਣਾ ਮਹੰਤ ਹੈਸੀ ਮੋਹਰੀ ਓਸਦੇ ਤਾਈਂ ਬਨਾਨ ਲੱਗੇ ਬਾਬੇ ਖੇਮ ਸਿੰਘ ਦੇ ਪੁੱਤ ਨਾਲ ਰਲੇ ਬੁਰਾ ਪੰਥ ਦਾ ਵੇਖੋ ਤਕਾਨ ਲੱਗੇ ਰਲ ਮਿਲਕੇ ਗੋਂਦਨਾ ਗੁੰਦਦੇ ਓਹ ਬੰਦੋਬਸਤ ਪੱਕੇ ਕਰਵਾਨ ਲੱਗੇ ਵਿਚ ਬੈਠ ਲਾਹੌਰੇ ਸਲਾਹਾਂ ਕਰਦੇ ਪੰਥ' ਤਈਂ ਨੁਕਸਾਨ ਪੁਚਾਨ ਲੱਗੇ ਜਿਧਾ ਖਾਂਵਦੇ ਓਹਦਾ ਕਰਤਾਰ ਸਿੰਘਾ ਰਲ ਮਿਲਕੇ ਬੁਰਾ ਕਮਾਨ ਲੱਗੇ *ਪਰ ਮਗਰੋਂ ਆਕੇ ਨਿਧਾਨ ਸਿੰਘ ਜਿਹਾਂ ਨੂੰ ਮਾਯਾ ਦਾ ਜਾਲ ਪਾਕੇ ਵੱਸ ਕਰ ਹੀ ਲਿਓ ਨੇ।

ਜੱਥੇਦਾਰਾਂ ਦੀ ਵੀਚਾਰ

ਉੱਠੇ ਜਦੋਂ ਮਹੰਤ ਮੁਕਾਬਲੇ ਤੇ ਲੜਨ ਮਰਨ ਦੇ ਤਈਂ ਤਯਾਰ ਹੋਏ ਥਾਂ ਥਾਂ ਤੋਂ ਲੱਗੀਆਂ ਆਉਨ ਖ਼ਬਰਾਂ ਸਾਧ ਜੰਗਦੇ ਲਈ ਹੁਸ਼ਯਾਰ ਹੋਏ ਪੰਥ ਮੁਖੀਆਂ ਸੋਚੀਆਂ ਸਭ ਗੱਲਾਂ ਕੰਮ ਕਿਸਤਰ੍ਹਾਂ ਇਹ ਸਹਿਜੇ ਪਾਰ ਹੋਏ ਅਸਾਂ ਅਾੱਖਯਾ ਹੱਥ ਨ ਚੁੱਕਨਾ ਏਂ ਦੂਜੇ ਸਾਮ੍ਹਣੇ ਲੈ ਹਥਯਾਰ ਹੋਏ ਹੁਣ ਦੇਵਨੇ ਸਿਰ ਜ਼ਰੂਰ ਪੈਣੇ ਐਵੇਂ ਜਾਪਦਾ, ਨਹੀਂ ਛੁਟਕਾਰ ਹੋਏ ਪਤਾ ਨਹੀਂ ਕਿੰਨੇ ਸੀਸ ਲੱਗਨੇ ਨੇ ਖ਼ਬਰੇ ਜਾਕੇ ਕਿੱਥੇ ਖਲ੍ਹਾਰ ਹੋਏ ਏਸ ਕੰਮ ਲਈ ਲੋੜ ਹੈ ਬਹੁਤਿਆਂ ਦੀ ਦਲ ਗੁਰੂ ਕਾ ਬੇਸ਼ੁਮਾਰ ਹੋਏ ਦੇਵੇ ਖ਼ਾਲਸਾ ਸੀਸ ਕਰਤਾਰ ਸਿੰਘਾ ਗੁਰੁਥਾੱਨਾਂ ਦਾ ਜਿਵੇਂ ਸੁਧਾਰ ਹੋਏ

ਸਤਿਗੁਰ ਅਕਾਲੀ ਦੇ ਅਕਾਲੀ ਪੰਥ ਵਿਚ ਜੋਸ਼

ਇਹ ਖ਼ਬਰਾਂ ਪੰਥ ਨੇ ਸੁਨੀਆਂ ਜਾਂ ਹਰ ਇੱਕ ਹਿਰਦਾ ਜੋਸ਼ ਮਾਰਦਾ ਜੀ ਮਾਝਾ ਮਾਲਵਾ ਮੈਨ ਦਵਾਬ ਸਾਰਾ ਖ਼ੂਨ ਦੇਸ ਦਵਾਬਾ ਉਛਾਰਦਾ ਜੀ ਕੰਢੀ ਦੜਪ ਬਾਂਗਰ ਲੰਮਾ ਦੇਸ ਜਾਨੋਂ ਧੱਨੀ ਘੇਪ ਹਾੱਤਾ ਪੁਠੋਹਾਰ ਦਾ ਜੀ ਲੈਕੇ ਜਮਨਾ ਅਤੇ ਪਸ਼ੌਰ ਤੋੜੀ ਹਰ ਸਿੱਖ ਇਹ ਮੂੰਹੋਂ ਉਚਾਰਦਾ ਜੀ ਸਾਡੇ ਸੀਸ ਗੁਰਾਂ ਲੇਖੇ ਲੱਗ ਜਾਵਨ ਅਸੀਂ ਸ਼ੁਕਰ ਕਰੀਏ ਕਰਤਾਰ ਦਾ ਜੀ ਕਿਹੜਾ ਵੇਲਾ ਅਸੀਂ ਕੁਰਬਾਨ ਹੋਈਏ ਲਾਭ ਖੱਟ ਜਾਈਏ ਸੰਸਾਰ ਦਾ ਜੀ ਮਾਈਆਂ ਬੀਬੀਆਂ ਵਿਚ ਭੀ ਜੋਸ਼ ਏਹੋ ਚਾਹੁਨ ਕਰਨਾ ਕੰਮ ਸੁਧਾਰ ਦਾ ਜੀ ਸਿੰਘ ਧਰਮ ਤੇ ਮਰੇ ਕਰਤਾਰ ਸਿੰਘਾ ਤਾਹੀਂ ਆਪਣਾ ਜਨਮ ਸਵਾਰਦਾ ਜੀ

ਸ੍ਰੀ ਅੰਮ੍ਰਿਤਸਰ ਵਿਚ ਪੰਥ

ਸ੍ਰੀ ਅੰਮ੍ਰਿਤਸਰ ਵਿਚ ਕੱਠੇ ਹੋਕੇ ਵੱਖੋ ਵੱਖਰੇ ਜੱਥੇ ਬਨਾਇ ਗਏ ਨਾਲ ਸ਼ਾਂਤੀ ਸਭਨਾਂ ਕੰਮ ਕਰਨਾ ਸਤਿਗੁਰਾਂ ਹਜ਼ੂਰ ਕਹਾਇ ਗਏ ਵਿਚ ਅਮਨ ਦੇ ਪਵੇ ਨ ਭੰਗ ਕਿਤੇ ਸਿੰਘਾਂ ਪਾਸੋਂ ਇੱਕਰਾਰ ਕਰਾਇ ਗਏ ਹੋ ਜਾਹੋ ਸ਼ਹੀਦ ਨ ਹੱਥ ਚੁੱਕੋ ਧੀਰਜ ਧਰਮ ਅਸੂਲ ਸਿਖਾਇ ਗਏ ਕਲਗ਼ੀਧਰ ਦੇ ਪੁੱਤਾਂ ਨੇ ਮੱਨ ਲਿਆ ਤਾਨ ਹੁੰਦਿਆ ਤਾਨ ਗਵਾਇ ਗਏ ਬਲੀ ਧਰਮ ਦੀ ਹੋਨਾ ਕਰਤਾਰ ਸਿੰਘਾ ਮੋਹ ਮਾਨ ਗੁਮਾਨ ਮਟਾਇ ਗਏ

ਵਾਹ ਵਾਹ ਸੋਹਣਾ ਮੁਕਬਲਾ

ਇੱਕ ਤਰਫ਼ ਆ ਸ਼ਾਂਤੀ ਖੜੀ ਹੋਈ ਦੂਜੀ ਤਰਫ਼ ਕੁਪੱਤ ਹੈ ਆਇ ਗਿਆ ਇੱਕ ਤਰਫ਼ ਆ ਧੀਰਜ ਲਾਇ ਡੇਰੇ ਦੂਜੀ ਤਰਫ਼ ਗੁਮਾਨ ਆ ਛਾਇ ਗਿਆ ਇੱਕ ਤਰਫ਼ ਨਿਰਮਾਨਤਾ ਖੜੀ ਅੱਗੇ ਦੂਜੀ ਤਰਫ਼ ਆ ਕਲ੍ਹਾ ਬਠਾਇ ਗਿਆ ਇੱਕ ਪੱਸੇ ਗ਼ਰੀਬੀ ਦੀ ਗਦਾ ਵਾਲੇ ਖੰਡਾ ਜ਼ੋਰ ਦਾ ਸਾਮ੍ਹਣੇ ਧਾਇ ਗਿਆ ਇੱਕ ਪਾਸੇ ਨੇ ਬੈਠਿਆਂ ਮਾਰ ਖਾਣੀ ਦੂਜੇ ਪਾਸੇ ਕਰੋਧ ਵਸਾਇ ਗਿਆ ਦੇਖ ਜਿਤਦਾ ਕੌਨ ਕਰਤਾਰ ਸਿੰਘਾ ਹੈ ਉਲਟ ਮੁਕਾਬਲਾ ਭਾਇ ਗਿਆ

ਤਥਾ

ਇੱਕ ਪਾਸਾ ਕਹੇ ਹੱਥ ਚੁੱਕਨਾ ਨਹੀਂ ਪਾਸੇ ਦੂਸਰੇ ਪਏ ਹੱਥਯਾਰ ਬਣਦੇ ਇੱਕ ਪਾੱਸਾ ਕਹੈ ਸੀਸ ਦੇ ਦਿਹੋ ਦੂਜੇ ਕੱਟਨੇ ਲਈ ਤਯਾਰ ਬਣਦੇ ਸਾਧ ਲੈ ਹੱਥਯਾਰ ਮੈਦਾਨ ਨਿਕਲੇ ਸਿੰਘ ਉਨ੍ਹਾਂ ਦੇ ਅੱਗੇ ਸ਼ਕਾਰ ਬਣਦੇ ਇੱਕ ਪਾੱਸੇ ਪਯਾਰ ਤੇ ਮੇਲ ਚਾਂਹਦੇ ਦੂਜੀ ਤਰਫ਼ ਪਏ ਮੋਰਚੇ ਸਾਰ ਬਣਦੇ ਇੱਕ ਪਾੱਸੇ ਨੇ ਰੂਈਂ ਦਾ ਗੁਣ ਫੜਯਾ ਦੂਜੇ ਪਾਸੇ ਵਾਲੇ ਤਲਵਾਰ ਬਣਦੇ ਹੋਵੇ ਕਿਸਦੀ ਜਿੱਤ ਕਰਤਾਰ ਸਿੰਘਾਂ ਭਾਣੇ ਕਿਸਤਰ੍ਹਾਂ ਦੇ ਕਰਤਾਰ ਬਣਦੇ

ਸ੍ਰੀ ਨਨਕਾਣਾ ਸਾਹਿਬ

ਏਹੋ ਥਾਨ ਨਿਰੰਜਨੀ ਜੋਤ ਜਿੱਥੇ ਜਾਗ ਜੱਗ ਅੰਦਰ ਚਮਕਾਰ ਕੀਤਾ ਏਹੋ ਥਾਨ ਜਿੱਥੇ ਪਿਆਰੇ ਏਕਤਾ ਦੇ ਆ ਧਾਰ ਅਵਤਾਰ ਵਿਹਾਰ ਕੀਤਾ ਏਹੋ ਥਾਨ ਜਿੱਥੇ ਸੂਰਜ ਸ਼ਾਂਤੀ ਦੇ ਚੜ੍ਹ ਪਾਪ ਦਾ ਦੂਰ ਅੰਧਾਰ ਕੀਤਾ ਜਨਮ ਥਾਨ ਇਹ ਓਸੇ ਪਿਆਰੇ ਦਾ ਜੈ ਜਿਸ ਜੱਗ ਦੇ ਨਾਲ ਪਿਆਰ ਕੀਤਾ ਏਹੋ ਥਾਨ ਬਾਬੇ ਨਾਨਕ ਦੇਵ ਜੀ ਦਾ ਜਿਸ ਜੱਗ ਸੜਦਾ ਠੰਢਾਠਾਰ ਕੀਤਾ ਏਹੋ ਥਾਨ ਜਿੱਥੇ ਕੀਤੀ ਬਾਲ ਲੀਲ੍ਹਾ ਪਹਿਲਾ ਸਿੱਖ ਚਾ ਰਾਇ ਬੁਲਾਰ ਕੀਤਾ ਓਹੋ ਗੁਰਦ੍ਵਾਰਾ ਜਨਮ ਸਥਾਨ ਹੈ ਜੇ ਸੋਮਾ ਰਹਿਮ ਦਾ ਜਾਰੀ ਕਰਤਾਰ ਕੀਤਾ ਅੱਜ ਓਹੋ ਹੀ ਥਾਨ ਕਰਤਾਰ ਸਿੰਘਾ ਬਦਨਾਮ ਜਿੱਨੂੰ ਸੇਵਾਦਾਰ ਕੀਤਾ

ਤਥਾ

ਜਿਧਾ ਨਾਂ ਸੁਣ ਕੰਬ ਗਏ ਪਾਪ ਸਾਰੇ ਅੱਜ ਓਸ ਥਾਂ ਪਾਪ ਮਹਾਨ ਹੋਵਨ ਜਿਸ ਰਾਕਸ਼ਾਂ ਨੂੰ ਦੇਉਤੇ ਆਨ ਕੀਤਾ ਸੇਵਾਦਾਰ ਓਹਦੇ ਰਾਕਸ਼ ਆਨ ਹੋਵਨ ਜਿਧਾ ਪੱਥਰਾਂ ਨੇ ਹੁਕਮ ਮੋੜਯਾ ਨ ਓਹਦੇ ਸੇਵਕ ਨਿੱਡਰ ਸ਼ੈਤਾਨ ਹੋਵਨ ਜਿਥੇ ਕਹੇ ਰੇਠੇ ਮਿੱਠੇ ਹੋਇ ਗਏ ਬਰਦੇ ਜਿਸਦੇ ਖਾਨ ਸੁਲਤਾਨ ਹੋਵਨ ਓਹਦੇ ਘਰ ਦੇ ਸੇਵਕ ਖਾਸ ਕਰਕੇ ਓਥੇ ਪੀ ਸ਼ਰਾਬ ਗ਼ਲਤਾਨ ਹੋਵਨ ਜਿੱਥੇ ਨਾਮ ਦੀ ਚੱਲਦੀ ਲਹਿਰ ਹੈ ਸੀ ਓਥੇ ਮੁਜਰੇ ਕੰਜਰੀ ਜਾਨ ਹੋਵਨ ਰੱਖੇ ਘਰ ਮਹੰਤ ਮਰਾਸਨਾਂ ਨੂੰ ਵਿਸ਼ੇ ਭੋਗ ਬਦਮਾਸ਼ੀਆਂ ਤਾਨ ਹੋਵਨ ਟੁੱਕ ਸੰਗਤਾਂ ਨੂੰ ਮਿਲੇ ਕਦੇ ਭੀ ਨ ਬਦਲੇ ਕੰਜਰਾਂ ਛੱਤੀ ਪਕਵਾਨ ਹੋਵਨ ਆਏ ਸਿੱਖਾਂ ਦੀਆਂ ਪਤਾਂ ਜਾਣ ਲਾਹੀਆਂ ਬਦਮਾਸ਼ਾਂ ਦੇ ਹਰ ਤਰਾਂ ਮਾਨ ਹੋਵਨ *ਮਾਈਆਂ ਬੀਬੀਆਂ ਦੀ ਪਤ ਜਇ ਲਾਹੀ ਆਈ ਕੰਜਰੀ ਦੇ ਆਦ੍ਰ ਠਾਨ ਹੋਵਨ ਪੈਸਾ ਧਰਮ ਤੇ ਇੱਕ ਨ ਖ਼ਰਚ ਹੋਵੇ ਲੱਖਾਂ ਐਬਾਂ ਦੇ ਮੂੰਹੀ ਉੜਾਂਨ ਹੋਵਨ ਗੱਲਾਂ ਸੁਣ ਕੇ ਇਹ ਕਰਤਾਰ ਸਿੰਘਾ ਬੰਦੇ ਰੱਬ ਦੇ ਸਭ ਹੈਰਾਨ ਹੋਵਨ *ਇਕ ਸਿੰਧਨ ਬੀਬੀ ਕੁਵਾਰੀ ਦਾ ਸਤ ਬਦੋਬਦੀ ਗੁਰਦੁਵਾਰੇ ਅੰਦਰ ਹੀ ਗਵਾਯਾ॥

ਵਾਕ ਕਵੀ

ਕਿਉਂ ਖ਼ਾਲਸਾ ਜੀ ਅਤੇ ਹੋਰ ਲੋਕੋ ਗੁਰੂ ਨਾਨਕ ਦੇਵ ਦਾ ਥਾਨ ਹੋਵੇ ਓਥੇ ਹੋਣ ਓਹ ਪਾਪ ਨ ਜਾਣ ਗਿਣੇ ਕਲਮ ਰਾਹ ਨ ਜਿਨ੍ਹਾਂ ਬਿਆਨ ਹੋਵੇ ਕੀਹ ਸੁਣ ਕੇ ਕਾਲਜੇ ਕੰਬਦੇ ਨ ਭਲਾਪੁਰਸ਼ ਕਿਉਂ ਨਹੀਂ ਹੈਰਾਨ ਹੋਵੇ ਕਿਹੜਾ ਚਾਹੁੰਦਾ ਨਹੀਂ ਸੁਧਾਰ ਕਰਨਾ ਸਾਫ਼ ਪਾੱਪਾਂ ਤੋਂ ਥਾਨ ਪਛਾਨ ਹੋਵੇ ਬਣੇ ਰੱਬਦੇ ਥਾਂ ਘਰ ਕੰਜਰਾਂ ਦੇ ਸੁਣ ਦੁਖੀ ਹਰ ਇਕ ਇਨਸਾਨ ਹੋਵੇ ਮੇਰੀ ਰਾਇ ਦੇ ਉਲਟ ਕਰਤਾਰ ਸਿੰਘਾ ਓਹੋ ਹੋਵੇ ਜੋ ਰੂਪ ਸ਼ੈਤਾਨ ਹੋਵੇ

ਅਕਾਲੀ ਦਲ ਦਾ ਨਨਕਾਣੇ ਸਾਹਿਬ ਵੱਲ ਸੁਧਾਰ ਦਾ ਧਿਆਨ

ਕੀਤਾ ਪੰਥ ਨੇ ਬੈਠਕੇ ਫ਼ੈਸਲਾ ਇਹ ਨਨਕਾਣਾ ਸਾਹਿਬ ਗੁਰ ਥਾਨ ਵੱਡਾ ਓਥੇ ਪਾਪਾਂ ਦੀ ਹੱਦ ਭੀ ਹੋ ਮੁੱਕੀ ਹੈ ਓਸ ਮਹੰਤ ਨੂੰ ਮਾਨ ਵੱਡਾ ਕੇਈ ਲੱਖ ਦੀ ਸਾਲ ਦੀ ਆਮਦਨੀ ਹੈ ਹੈ ਓਸ ਦੇ ਵਿਚ ਤਰਾਨ ਵੱਡਾ ਓਹਦੇ ਨਾਲ ਡੇਰੇ ਹੋਰ ਮਿਲ ਗਏ ਦਿੱਤਾ ਬੇਦੀਆਂ ਹੌਂਸਲਾ ਆਨ ਵੱਡਾ ਓਹਨੂੰ ਹੋਰਭੀ ਮੱਦਦਾਂ ਬਹੁਤੀਆਂ ਨੇ ਓਹ ਪੈਸੇ ਵਾਲਾ ਧਨਵਾਨ ਵੱਡਾ ਓਹਨੰ ਰਹੇ ਸਮਝਾ ਓਹ ਸਮਝਦਾ ਨਹੀਂ ਓਹਦੇ ਚਿੱਤ ਦੇ ਵਿਚ ਗੁਮਾਨ ਵੱਡਾ ਓਹਦੇ ਨਾਲ ਹੈ ਟਾਕਰਾ ਖ਼ਰਾ ਔਖਾ ਓਥੇ ਜਾਪਦਾ ਹੋਇ ਨੁਕਸਾਨ ਵੱਡਾ ਧਾਰੋ ਹੌਂਸਲਾ ਚਿੱਤ ਕਰਤਾਰ ਸਿੰਘਾ ਔਖਾ ਕੰਮ ਹੋ ਜਾਇ ਆਸਾਨ ਵੱਡਾ

ਤਰਨ ਤਾਰਨ ਦਾ ਸਾਕਾ

ਛੱਬੀ ਜਨਵਰੀ ਨੂੰ ਵਿਚ ਤਰਨਤਾਰਨ ਜੋ ਕੀਤੀ ਸੋ ਇਨ੍ਹਾਂ ਹੀ ਕਾਰਿਆਂ ਨੇ ਉੱਤੇ ਵੀਰਾਂ ਦੇ ਵਿਚ ਦਰਬਾਰ ਸਾਹਿਬ ਕੀਤੀ ਕਾਰ ਸੀ ਜਿਹੜੀ ਪੁਜਾਰਿਆਂ ਨੇ ਛਵੀਆਂ ਨਾਲ ਗੰਡਾਸਿਆਂ ਟੋਕਿਆਂ ਦੇ ਖੁੱਲ੍ਹੇ ਵਾਰ ਕੀਤੇ ਹਤਿਆਰਿਆਂ ਨੇ ਹੋ ਗਏ ਸ਼ਹੀਦ ਹਜ਼ਾਰਾ ਸਿੰਘ ਜੀ ਬੈਠ ਵਾਰ ਝੱਲੇ ਗੁਰੂ ਪਿਆਰਿਆਂ ਨੇ ਅੱਗੋਂ ਕਿਸੇ ਨੇ ਚੁੱਕਿਆ ਹੱਥ ਭੀ ਨ ਬਚਨ ਪਾਲ ਦੱਸੇ ਗੁਰ ਦੁਲਾਰਿਆਂ ਨੇ ਜੱਥੇਦਾਰਾਂ ਦੇ ਹੁਕਮ ਕਰਤਾਰ ਸਿੰਘਾ ਮੱਨ ਫੱਟ ਝੱਲੇ ਸਿੰਘਾਂ ਸਾਰਿਆਂ ਨੇ

ਵਾਕ ਕਵੀ

ਤਰਨਤਾਰਨ ਵਾਲੇ ਸਾਕੇ ਵਿਚ ਸੁਨਯਾਂ ਰਲੇ ਮਾਝੇ ਦੇ ਕੁਝ ਜਵਾਨ ਭਾਈ ਸ਼ਕਲ ਦੇਖਨੇ ਦੇ ਵਿਚ ਸਿੰਘ ਹੈਸਨ ਪਾਪੀ ਅੰਦਰੋਂ ਜ਼ਾਤ ਸ਼ੈਤਾਨ ਭਾਈ ਓਇ ਪਾਪੀਓ ਸਿੰਘਾਂ ਦੇ ਪੁੱਤ ਹੋਕੇ ਕੀਤੇ ਪਾਪ ਗੁਰੂ ਘਰ ਆਨ ਭਾਈ ਉੱਤੇ ਮੰਦਰ ਬੈਠ ਸ਼ਰਾਬ ਪੀਤੇ ਲਾਹੇ ਆਪਣੇ ਵੀਰਾਂ ਦੇ ਘਾਨ ਭਾਈ ਤੁਹਾਡਾ ਭਲਾ ਨ ਗੁਰੂ ਨੇ ਕਦੇ ਕਰਨਾ ਦੇਂਦਾ ਰਹੂ ਫਟਕਾਰ ਜਹਾਨ ਭਾਈ ਕੀਹ ਖੱਟਯਾ ਤੁਸਾਂ ਕਰਤਾਰ ਸਿੰਘਾ ਥੋੜਾ ਲੋਭ ਤੇ ਪਾਪ ਮਹਾਨ ਭਾਈ

ਸਿੰਘਾਂ ਦੇ ਨ ਹਥ ਉਠਾਨ ਤੇ ਸਗੋਂ ਮਹੰਤਾਂ ਤੇ ਪੁਜਾਰੀਆਂ ਨੇ ਭੂਏ ਹੋਨਾ

ਇਸ ਗੱਲ ਨੇ ਸਭ ਨੂੰ ਭੂਏ ਕੀਤਾ ਅੱਗੋਂ ਸਿੰਘ ਤਾਂ ਹੱਥ ਉਠਾਂਵਦੇ ਨਹੀਂ ਭਾਵੇਂ ਪਹਿਨ ਤੇ ਸਾਰੇ ਕਿਰਪਾਨ ਫਿਰਦੇ ਪਰ ਕਿਸੇ ਤੇ ਵਾਰ ਚਲਾਂਵਦੇ ਨਹੀਂ ਹੈ ਇੰਨ੍ਹਾ ਨੂੰ ਮਾਰਨਾ ਕੀਹ ਔਖਾ ਬੈਠੇ ਮਰਦੇ ਅੰਗ ਹਲਾਂਵਦੇ ਨਹੀਂ ਸਾਥੋਂ ਲੈ ਸੱਕਨ ਕਿਵੇਂ ਗੁਰਦ੍ਵਾਰੇ ਇਹਤਾਂ ਆਪਨਾ ਜ਼ੋਰ ਜਤਾਂਵਦੇ ਨਹੀਂ ਡੇਰੇਦਾਰ ਬੇਖ਼ਤਰੇ ਹੋ ਗਏ ਹੁਣ ਅਸੀਂ ਰਤਾ ਖੌਫ਼ ਖਾਂਵਦੇ ਨਹੀਂ ਬਿਨਾ ਲੜੇ ਮਰੇ ਕਰਤਾਰ ਸਿੰਘਾ ਜਾਇਦਾਤ ਨੂੰ ਅਸੀਂ ਖੁਹਾਂਵਦੇ ਨਹੀਂ

੨੩ ਜਨਵਰੀ ਤੇ ੬ ਫਰਵਰੀ ਦੇ ਜੋੜ ਮੇਲਿਆਂ ਵਿਚ ਗੁਰਮਤੇ ਪਾਸ ਕਰਕੇ ਪੰਥ ਨੇ ਖੁਲੀ ਚਿੱਠੀ ਦਵਾਰਾ ਐਲਾਨ ਕਰਨਾ

ਪੰਥ ਵੇਖਯਾ ਨਹੀਂ ਮਹੰਤ ਟਲਨਾ ਹੈ ਓਸਦੇ ਤਈਂ ਗੁਮਾਨ ਕੋਈ ਖੁੱਲੀ ਚਿੱਠੀ ਦਿਤੀ ਛਾਪ ਖਾਲਸੇ ਨੇ ਰਹੇ ਵਿਚ ਭੁਲੇਖਾ ਨ ਮਾਨ ਕੋਈ ਸੁਣ ਲੈਣ ਰਾਜੇ ਮਹਾਂਰਾਜੇ ਸਾਰੇ ਸਰਕਾਰ ਭੀ ਦੇਵੇ ਧਿਆਨ ਕੋਈ ਏਸ ਫੈਸਲੇ ਤਈਂ ਕਰਤਾਰ ਸਿੰਘਾ ਨਿਪਟਾ ਦੇਵੇ ਵਿੱਚ ਆਨ ਕੋਈ

ਤਥਾ

ਬਾਈ ਤੇਈ ਚੌਵੀ ਫੱਗਨ ਖ਼ਾਲਸੇ ਨੇ ਨਨਕਾਣੇ ਸਾਹਿਬ ਜਾ ਦੀਵਾਨ ਕਰਨਾ ਓਥੋਂ ਦੂਰ ਕੁਰੀਤੀਆਂ ਕਰਨੀਆਂ ਨੇ ਭਾਵੇਂ ਜਿੰਦਾਂ ਨੂੰ ਪਵੇ ਕੁਰਬਾਨ ਕਰਨਾ ਸਮਝ ਜਾਇ ਮਹੰਤ ਸੁਧਾਰ ਕਰ ਲਏ ਐਵੇਂ ਕਾਸਨੂੰ ਹੈ ਨੁਕਸਾਨ ਕਰਨਾ ਕੰਮ ਹੋਵਨਾ ਓਹੋ ਕਰਤਾਰ ਸਿੰਘਾ ਜਿਹੜਾ ਆਪ ਸ੍ਰੀ ਭਗਵਾਨ ਕਰਨਾ

ਸਾਰੇ ਅਕਾਲੀ ਦਲ ਨੂੰ ਸੰਦੇਸਾ

ਖੁੱਲ੍ਹੇ ਚਿੱਠੇ ਦਵਾਰਾ ਹੀ ਪੰਥ ਤਾਈਂ ਦਿੱਤਾ ਦੱਸ ਨਨਕਾਣੇ ਜੀ ਜਾਵਨਾ ਜੇ ਓਹ ਵੀਰ ਤਯਾਰ ਹੋ ਰਹਿਨ ਸਾਰੇ ਜਿਨ੍ਹਾਂ ਗੁਰੂ ਨੂੰ ਸੀਸ ਚੜ੍ਹਾਵਨਾ ਜੇ ਹੈ ਮਹੰਤ ਤਯਾਰੀਆਂ ਕਰ ਰਿਹਾ ਤਕੜਾ ਓਸ ਮੁਕਾਬਲਾ ਪਾਵਨਾ ਜੇ ਅੰਮ੍ਰਿਤ ਜਿਨ੍ਹਾਂ ਸ਼ਹੀਦੀ ਦਾ ਪਾਨ ਕਰਨਾ ਓਨ੍ਹਾਂ ਘਰਾਂ ਤੋਂ ਵਿਦਾ ਹੋ ਆਵਨਾ ਜੇ ਓਥੇ ਪਤਾ ਨਹੀਂ ਕਿਤਨੇ ਸੀਸ ਲੱਗਨ ਸਰਫ਼ਾ ਸਿਰਾਂ ਦਾ ਨਹੀਂ ਰਖਾਵਨਾ ਜੇ ਗੁਰੂ ਘਰ ਪਾਪਾਂ ਨਾਲ ਹੋਯਾ ਮੈਲਾ ਖ਼ੂਨ ਸਿੱਖਾਂ ਦੇ ਨਾਲ ਧੁਲਾਵਨਾ ਜੇ ਕੱਢ ਦੇਣੀਆਂ ਸਭ ਪਲੀਤੀਆਂ ਨੇ ਹਵਨ ਸਿਰਾਂ ਦਾ ਉਥੇ ਕਰਾਵਨਾ ਜੇ ਕਲਗ਼ੀਧਰ ਦੇ ਪੁੱਤ੍ਰੋ ਆਵਨੇ ਤੋਂ ਜ਼ਰਾ ਭਰ ਨ ਜੀ ਚੁਰਾਵਨਾ ਜੇ ਪਰ ਆਵਨਾ ਇਹ ਇਕਰਾਰ ਕਰਕੇ ਓਥੇ ਹੱਥ ਨ ਅਸਾਂ ਉਠਾਵਨਾਂ ਜੇ ਕਰਨੀ ਮੌਤ ਕਬੂਲ ਕਰਤਾਰ ਸਿੰਘ ਪਰ ਮਾਰਨਾ ਮੂਲ ਨ ਚਾਹਵਨਾਂ ਜੇ

ਪੰਥ ਵਿਚ ਤਯਾਰੀਆਂ

ਜੀ ਜੀ ਨੂੰ ਪੁੱਜ ਸੁਨੇਹਾ ਗਿਆ ਲੱਖਾਂ ਸਿੰਘ ਹੋ ਦਿਲੋਂ ਤਯਾਰ ਬੈਠੇ ਬਾਈ ਤੇਈ ਚੌਵੀ ਫੱਗਣ ਕਦੋਂ ਆਵੇ ਓਸ ਵੇਲੇ ਦੇ ਸਭ ਇੰਤਜ਼ਾਰ ਬੈਠੇ ਅਸਾਂ ਚੱਲਨਾ ਹੋਨ ਸ਼ਹੀਦ ਭਾਈ ਘਰ ਬਾਰ ਦੇ ਮੋਹ ਵਿਸਾਰ ਬੈਠੇ ਬਾਜਾਂ ਵਾਲੇ ਸਤਿਗੁਰੂ ਦੇ ਲਾਲ ਸੋਹਣੇ ਸਿਰ ਦੇਣੇ ਨੇ ਖੁਸ਼ੀਯਾਂ ਧਾਰ ਬੈਠੇ ਕਈ ਅਹੇ ਭਾਗਾਂ ਵਾਲੇ ਸਿੰਘ ਸੂਰੇ ਜਿਹੜੇ ਤਯਾਰ ਹੋ ਸਣੇ ਪਰਵਾਰ ਬੈਠੇ ਧੰਨ ਭਾਗ ਸਾਡੇ, ਲੇਖੇ ਲੱਗ ਜਾਈਏ ਹੋ ਪਰੇਮ ਦੀ ਗੱਡੀ ਅਸਵਾਰ ਬੈਠੇ ਧੰਨ ਪੰਥ ਤੂੰ ਧਨ ਭਰੋਸਾ ਤੇਰਾ ਤੈਨੂੰ ਦਿਲੋਂ ਸਨ ਲੋਕ ਵਸਾਰ ਬੈਠੇ ਸਿੰਘ ਤਯਾਰ ਹੋ ਪਏ ਕਰਤਾਰ ਸਿੰਘਾ ਤੇ ਅਚਰਜ ਹੋਵਨ ਦੁਨੀਆਂਦਾਰ ਬੈਠੇ

ਵਾਕ ਕਵੀ

ਭਾਵੇਂ ਤਰਨਤਾਰਨ ਸਾਕਾ ਵੇਖ ਚੁੱਕੇ ਲੋਕ ਫੇਰ ਭੀ ਕਰਨ ਇਤਬਾਰ ਨਾਹੀਂ ਕਹਿਨ ਸਿੰਘ ਐਵੇਂ ਪਏ ਕਰਨ ਗੱਲਾਂ ਸਿਰ ਦੇਨੇ ਸੁਖੱਲੜੀ ਕਾਰ ਨਾਹੀਂ ਹੱਥ ਪੈਰ ਤੇ ਤਾਕਤ ਹੁੰਦਿਆਂ ਜੀ ਖਾਧੀ ਜਾਂਵਦੀ ਬੈਠਿਆਂ ਮਾਰ ਨਾਹੀਂ ਬੈਠ ਸੀਸ ਵਢਾਵਨੇ ਬਹੁਤ ਔਖੇ ਜਾਂਦਾ ਝੱਲਿਆ ਇਕ ਭੀ ਵਾਰ ਨਹੀਂ ਜੇਕਰ ਲੜਨਗੇ ਨ ਭੱਜ ਜਾਣਗੇ ਜੀ ਜੇਕਰ ਚੁਕਨਾ ਇਨ੍ਹਾਂ ਹੱਥਯਾਰ ਨਾਹੀਂ ਤਦ ਕਰਨਗੇ ਕੀਹ ਕਰਤਾਰ ਸਿੰਘਾ ਲੜੇ ਮਰੇ ਦੇ ਬਿਨਾ ਸੁਧਾਰ ਨਾਹੀਂ

ਮਹੰਤ ਨਰੈਣੇ ਦੀਆਂ ਤਿਯਾਰੀਆਂ

ਓਧਰ ਚਿੱਠੇ ਮਹੰਤ ਨੇ ਫੇਰ ਦਿੱਤੇ ਜਿੱਥੇ ਕਿੱਥੇ ਤੁਸੀਂ ਰਲ ਆਓ ਸਾਧੋ ਤੱਤ ਖ਼ਾਲਸਾ ਗੱਦੀਆਂ ਖੋਹਨ ਲੱਗਾ ਜ਼ਰਾ ਇਨ੍ਹਾਂ ਨੂੰ ਹੱਥ ਦਿਖਾਓ ਸਾਧੋ ਉੱਠ ਸਿਖੜੇ ਸਾਨੂੰ ਦਬਾਉਨ ਲੱਗੇ ਜ਼ਰਾ ਇਨ੍ਹਾਂ ਨੂੰ ਚਣੇ ਚਬਾਓ ਸਾਧੋ ਖਾਕੇ ਇਨ੍ਹਾਂ ਦੇ ਹੀ ਤੁਸੀਂ ਦੁੱਧ ਮੱਖਨ ਇਨ੍ਹਾਂ ਉਤੇ ਹੀ ਜ਼ੋਰ ਕਢਾਓ ਸਾਧੋ ਇਨ੍ਹਾਂ ਬੁੱਧੂਆਂ ਨੂੰ ਖਾ ਕੇ ਪਲੋ ਤੁਸੀਂ ਮਾਰ ਇਨ੍ਹਾਂ ਹੀ ਤਈਂ ਖਪਾਓ ਸਾਧੋ ਤੁਹਾਨੂੰ ਦੁੱਧ ਪਿਆਲੇ ਇਹ ਯਾਦ ਰੱਖਨ ਜੜ੍ਹਾਂ ਇਨਾਂ ਦੀਆਂ ਚਾ ਪੁਟਾਓ ਸਾਧੋ ਇਕਵਾਰ ਇਨ੍ਹਾਂ ਉੱਤੇ ਪਾਉ ਦੱਬਾ ਮੁੜ ਘੂਰ ਮਲਾਈਆਂ ਖਾਓ ਸਾਧੋ ਏਥੇ ਸਭ ਹਥਯਾਰ ਕਰਤਾਰ ਸਿੰਘਾ ਤੁਸੀਂ ਸਿਰਫ਼ ਜਮ੍ਹਾ ਹੋਇ ਜਾਓ ਸਾਥੋ

ਭੱਟੀ ਮੁਸਲਮਾਨ ਪਚਾਧੇ ਨੌਕਰ ਰੱਖਨੇ

ਬਹੁਤ ਦੌਲਤ ਪਾਸ ਮਹੰਤ ਹੈ ਸੀ ਓਸ ਕਈ ਵਸੀਲੇ ਬਨਾਇ ਲਏ ਇਰਦ ਗਿਰਦ ਵਾਲੇ ਮੁਸਲਮਾਨ ਤੁਰਦੇ ਹੋਰ ਰਾਹਿਕ ਨਾਲ ਰਲਾਇ ਗਏ ਕਈਂ ਸੈਂਕੜੇ ਰਖ ਲੲੇ ਨੌਕਰੀ ਤੇ ਡਾਕੂ ਕਈ ਬਦਮਾਸ਼ ਮੰਗਾਇ ਲਏ ਕਈ ਨੌਕਰ ਰਖ ਪਠਾਨ ਲਏ ਬਾਹਰੋਂ ਸਾਧ ਭੀ ਸੈਂਕੜੇ ਆਇ ਲਏ ਹੋਯਾ ਕਠ ਮਹੰਤ ਦੇ ਪਾਸ ਚੰਗਾ ਵੇਖ ਹੌਸਲੇ ਓਸ ਵਧਾਇ ਲਏ ਪੰਥ ਕਤਲ ਕਰਨਾ ਕਰਤਾਰ ਸਿੰਘਾ ਬੰਦੋਬਸਤ ਚੰਗੇ ਕਰਵਾਇ ਲਏ

ਜਨਮ ਅਸਥਾਨ ਦੀ ਕਿਲ੍ਹਾਬੰਦੀ

ਏਹੋ ਗੁਰਦਵਾਰਾ ਸਭ ਤੋਂ ਸੀ ਵੱਡਾ ਓਹਨੂੰ ਕਿਲ੍ਹੇ ਦੀ ਤਰ੍ਹਾਂ ਬਨਾਇ ਲਿਆ ਚਾਦਰ ਲੋਹੇ ਦੀ ਦਰਾਂ ਤੇ ਲਾਇ ਦਿੱਤੀ ਕੋਟ ਗਿਰਦ ਉੱਚਾ ਕਰਵਾਇ ਲਿਆ ਦਰਾਂ ਵਿੱਚੋਂ ਦੀ ਮੋਰਚੇ ਕੱਢ ਲਏ ਚੰਗਾ ਜੰਗ ਦਾ ਢੰਗ ਰਚਾਇ ਲਿਆ ਕੰਧਾਂ ਪਾੜ ਕੇ ਮੋਰੀਆਂ ਕਰ ਲਈਆਂ ਹਰ ਤਰ੍ਹਾਂ ਦਾ ਸਾਜ ਸਜਾਇ ਲਿਆ ਟੱਪ ਅੰਦਰੋਂ ਬਾਹਿਰ ਨ ਕੋਈ ਜਾਏ ਏਸ ਤਰ੍ਹਾਂ ਦਾ ਢੱਬ ਰਖਾਇ ਲਿਆ ਓਹ ਪਵਿੱਤਰ ਥਾਨ ਕਰਤਾਰ ਸਿੰਘਾ ਪਾਪੀ ਜੰਗ ਦੇ ਲਈ ਸਜਾਇ ਲਿਆ

ਰਫ਼ਲਾਂ, ਛਵੀਆਂ, ਪਸਤੌਲ, ਗੋਲੀ, ਬਾਰੂਦ ਜਮ੍ਹਾ ਕਰਨਾ

ਕੇਈ ਲੱਖ ਦੀ ਆਮਦਨ ਇੱਕ ਰਾਜਾ ਨਾਲ ਮੱਦਦਾਂ ਹੋਰ ਮਲਾਇ ਲਈਆਂ ਜਮ੍ਹਾ ਰਫਲਾਂ ਓਸਨੇ ਕਰ ਲਈਆਂ ਅਤੇ ਛਵੀਆਂ ਬਹੁਤ ਘੜਾਇ ਲਈਆਂ ਕਾਰੀਗਰ ਮੰਗਵਾਕੇ ਦੇਸ ਵਿੱਚੋਂ ਲੋੜਵੰਦੀਆਂ ਚੀਜ਼ਾਂ ਬਨਾਇ ਲਈਆਂ ਕਈ ਪੇਟੀਆਂ ਗੋਲੀ ਬਾਰੂਦ ਦੀਆਂ ਪਤਾ ਨਹੀਂ ਕਿਥੋਂ ਮੰਗਵਾਇ ਲਈਆਂ ਤੇਲ ਮਿੱਟੀ ਦਾ ਹੋਰ ਪਟਰੌਲ ਬਹੁਤਾ ਕਈ ਭੱਠੀਆਂ ਤਯਾਰ ਕਰਾਇ ਲਈਆਂ ਤਯਾਰ ਜੰਗ ਨੂੰ ਹੋਯਾ ਕਰਤਾਰ ਸਿੰਘਾ ਅੱਤਾਂ ਅੱਤ ਮਹੰਤ ਨੇ ਚਾਇ ਲਈਆਂ

ਵਾਕ ਕਵੀ

ਵਿਚ ਦੇਸਦੇ ਖ਼ਬਰਾਂ ਧੁੰਮ ਗਈਆਂ ਹੈ ਮਹੰਤ ਤਯਾਰੀਯਾਂ ਕਰ ਰਿਹਾ ਓਹਦੇ ਪਾਸ ਹਥਯਾਰਾਂ ਦਾ ਅੰਤ ਨਾਹੀਂ ਘਰ ਗੋਲੀ ਬਾਰੂਦ ਸੋਂ ਭਰ ਰਿਹਾ ਓਹਦਾ ਹੌਸਲਾ ਏਤਨਾ ਵਧ ਗਿਆ ਓਹਨੂੰ ਨਹੀਂ ਕਾਨੂੰਨ ਦਾ ਡਰ ਰਿਹਾ ਖਾ ਕੇ ਪੰਥ ਦਾ ਧਨ ਕਰਤਾਰ ਸਿੰਘਾ ਪੰਥ ਮਾਰਨੇ ਦਾ ਦਮ ਭਰ ਰਿਹਾ

ਮਹੰਤ ਤੇ ਉਸ ਦੇ ਸਾਥੀਆਂ ਦੀ ਲੁਕਵੀਂ ਸਲਾਹ

ਕਈਆਂ ਵਿਚ ਅਖ਼ਬਾਰਾਂ ਦੇ ਨੋਟ ਨਿਕਲੇ ਹੈ ਗੱਲ ਭੀ ਦਿਲ ਨੂੰ ਫੱਬਦੀ ਜੀ ਕੀਤੀ ਦੁਸ਼ਟਾਂ ਰਲ ਸਲਾਹ ਹੈਸੀ ਗੁੰਦੀ ਗੋਂਦ ਓਹਨਾਂ ਵੱਡੇ ਢੱਬ ਦੀ ਜੀ ਜਦੋਂ ਪੰਥ ਕੱਠਾ ਏਥੇ ਆਨ ਹੋਵੇ ਧੋਖਾ ਦੇ ਕੇ ਕਰੋ ਕੁਢੱਬ ਦੀ ਜੀ ਅੰਦਰ ਸੱਦ ਕੇ ਮੁਖੀਏ ਪੰਥਦੇ ਜੋ ਚਾ ਅਲਖ ਮੁਕਾਈਏ ਸੱਬ ਦੀ ਜੀ ਪਹਿਲਾਂ ਅੱਗੂਆਂ ਦਾ ਫਸਤਾ ਵੱਢ ਕਰਕੇ ਫੇਰ ਕਰ ਧਾਵਾ ਉੱਠ ਝੱਬ ਹੀ ਜੀ ਦਹੀਏ ਫੈਸਲਾ ਕਰ ਕਰਤਾਰ ਸਿੰਘਾ ਨਹੀਂ ਸੀ ਮਰਜ਼ੀ ਵਿਚ ਪਰ ਰੱਬ ਦੀ ਜੀ

ਤਥਾ

ਦੂਜੀ ਉਨ੍ਹਾਂ ਦੀ ਚਾਲ ਇਹ ਚੰਦਰੀ ਸੀ ਜੱਥੇਦਾਰਾਂ ਨੂੰ ਅੰਦ੍ਰ ਬੁਲਾਇ ਭਾਈ ਮਾਰ ਅੰਦਰੇ ਉਨ੍ਹਾਂ ਨੂੰ ਖ਼ਤਮ ਕਰੀਏ ਤੇਲ ਪਾਕੇ ਫੇਰ ਜਲਾਇ ਭਾਈ ਲੱਕੜ ਬਹੁਤ ਸੁੱਕੀ ਰੱਖੀ ਜਮ੍ਹਾ ਹੈਸੀ ਝੱਟ ਪਟ ਨਸ਼ਾਨ ਮਟਾਇ ਭਾਈ ਫੇਰ ਬਾਹਰਲੇ ਸਿੱਖ ਜਦ ਕਰਨ ਧਾਵਾ ਨਾਲ ਗੋਲੀਆਂ ਉਨ੍ਹਾਂ ਉਡਾਇ ਭਾਈ ਆਪ ਅੰਦਰੇ ਘਿਰਕੇ ਬੈਠ ਰਹੀਏ ਇਕ ਦੋ ਕੁ ਦਿਨ ਲੰਘਾਇ ਭਾਈ ਫੇਰ ਫ਼ੌਜ ਸਰਕਾਰ ਦੀ ਆ ਜਾਵੇ ਊਜ ਸਿਰ ਸਿੰਘਾਂ ਸਾਰੀ ਲਾਇ ਭਾਈ ਘੇਰਾ ਪਾਯਾ ਹੈ ਪੰਥ ਨੇ ਲੁੱਟਨੇ ਨੂੰ ਅੰਦਰ ਬੈਠੇ ਹਾਂ ਜਾਨ ਬਚਾਇ ਭਾਈ ਇਹ ਦੱਸ ਸਰਕਾਰ ਦੇ ਅਫ਼ਸਰਾਂ ਨੂੰ ਦੱਹੀਏ ਸਿੰਘਾਂ ਨੂੰ ਕੈਦ ਕਰਾਇ ਭਾਈ ਕੁਝ ਮਿਲਨ ਫਾਸੀ ਕੁਝ ਕਾਲੇ ਪਾਣੀ ਫੜ ਦੇ ਸਰਕਾਰ ਪੁਚਾਇ ਭਾਈ ਏਸੋ ਤਰਾਂ ਆਪੇ ਮਰ ਖ੫ ਜਾਵਨ ਸਾਡਾ ਲੱਗ ਜਾਵੇ ਚੰਗਾ ਦਾਇ ਭਾਈ ਮੁੜ ਫੇਰ ਸਾਨੂੰ ਪੁੱਛੂ ਕੌਣ ਆਕੇ ਇਹ ਰਖੀ ਸਲਾਹ ਪਕਾਇ ਭਾਈ ਪਰ ਸਤਿਗੁਰੂ ਧੱਨ ਕਰਤਾਰ ਸਿੰਘਾ ਜਿਨ੍ਹਾਂ ਬਾਜੀ ਦਿੱਤੀ ਉਲਟਾਇ ਭਾਈ

ਵਾਕ ਕਵੀ

ਜਿਹੜੀ ਚਾਲ ਸੋਚੀ ਦੁਸ਼ਟ ਚੌਂਕੜੀ ਸੀ ਜੇਕਰ ਤੋੜ ਸਿਰੇ ਤਕ ਚੜ੍ਹ ਜਾਂਦੀ ਹੁੰਦਾ ਪੰਥ ਦਾ ਬੜਾ ਨੁਕਸਾਨ ਭਾਈ ਗੱਡੀ ਚਲਦੀ ਇਕ ਥਾਂ ਖੜ ਜਾਂਦੀ ਮਾਰੇ ਜਾਂਵਦੇ ਮੁਖੀਏ ਪੰਥ ਦੇ ਜੇ ਸ਼ਾਖ ਆਸ ਤਰੱਕੀ ਦੀ ਸੜ ਜਾਂਦੀ ਮੁੜ ਸਦੀ ਤਕ ਪੰਥ ਨ ਹੋਸ਼ ਫੜਦਾ ਹਿਲ ਏਸ ਧੱਕੇ ਨਾਲ ਜੜ ਜਾਂਦੀ ਕਲਗ਼ੀਧਰ ਪਿਤਾ ਕਿਉਂ ਇਹ ਹੋਣ ਦੇਂਦੇ ਬੇੜੀ ਪੰਥ ਦੀ ਕਿਸਤਰ੍ਹਾਂ ਹੜ ਜਾਂਦੀ ਏਹ ਪੰਥ ਅਕਾਲੀ ਕਰਤਾਰ ਸਿੰਘਾ ਤਕਦੀਰ ਤਦਬੀਰ ਆ ਲੜ ਜਾਂਦੀ

ਵਾਹਿਗੁਰੂ ਦੇ ਰੰਗ

ਬੰਦਾ ਅਪਨੇ ਥਾਂ ਸੋਚਾਂ ਹੋਰ ਸੋਚੇ ਰਬ ਹੋਰ ਹੀ ਕਲਾ ਭਵਾ ਦੇਂਦਾ ਗੋਂਦਾਂ ਗੁੰਦੀਆਂ ਪਾਪੀ ਮਹੰਤ ਨੇ ਜੋ ਕਲਗੀਧਰ ਪਿਤਾ ਉਲਟਾ ਦੇਂਦਾ ਓਹ ਕੁਝ ਕੂ ਆਪਨੇ ਲਾਡਲੇ ਚਾ ਸਾਰੇ ਪੰਥ ਦੇ ਹੇਤ ਉਠਾ ਦੇਂਦਾ ਦੇਕੇ ਉਨ੍ਹਾਂ ਦੀ ਬਲੀ ਕਰਤਾਰ ਘਾ ਬਾਕੀ ਪੰਥਦੇ ਤਈਂ ਬਚਾ ਦੇਂਦਾ

ਚਕ ਨੰਬਰ ੯੬ ਸ਼ਰੀਂਹ ਪਿੰਡ ਵਿਚ ਰਾਜਨੀਤੀ ਦੀਵਾਨ

ਏਧਰ ਰਚਨਾ ਏਹ ਪਈ ਰਚੀ ਦੀ ਸੀ ਓਧਰ ਹੋਰ ਕਰਤਾਰ ਰਚਾਇ ਭਾਈ ਚਕ ਛਿਆਨਵੇਂ ਦੇ ਵਿਚ ਰਾਜਨੀਤੀ ਦੀਵਾਨ ਦੀ ਹੋਈ ਸਲ੍ਹਾਇ ਭਾਈ ਰਾਜਨੀਤ ਗੱਲਾਂ ਓਥੇ ਹੋਣੀਆਂ ਸਨ ਸਾਰੇ ਦੇਸ਼ ਭਲੇ ਲਈ ਆਇ ਭਾਈ ਕੱਠੇ ਦੇਸ ਦੇ ਲੀਡਰਾਂ ਹੋਣਾਂ ਓਥੇ ਦਿੱਤਾ ਦੇਸ ਦੇ ਵਿਚ ਸੁਨਾਇ ਭਾਈ ਏਧਰ ਪੰਥ ਭੀ ਸੇਵਾ ਦੇ ਵਿਚ ਮੋਹਰੀ ਦਿੱਤਾ ਇਨ੍ਹਾਂ ਭੀ ਜੱਥਾ ਵੰਡਾਇ ਭਾਈ ਸੇਵਾ ਲੰਗਰ ਹੇਤ ਕਰਤਾਰ ਸਿੰਘਾ ਕਹਯਾ ਇਹ ਜੱਥਾ ਓਥੇ ਜਾਇ ਭਾਈ

ਸ੍ਰੀ ਮਾਨ ਭਾਈ ਲਛਮਣ ਸਿੰਘ ਜੀ

ਇਹ ਪੰਥ ਦਾ ਵੀਰ ਪਿਆਰਾ ਭਾਰਾ ਕਲਗੀਧਰ ਪਿਤਾ ਜੀ ਦਾ ਬੀਰ ਬਾਂਕਾ ਪੰਥ ਖ਼ਾਲਸੇ ਵਿਚ ਨਮੂਜ ਟਿੱਕਾ ਧਾਰੋਵਾਲ ਦਾ ਇਕ ਅਮੀਰ ਬਾਂਕਾ ਸੇਵਕ ਕੌਮ ਦਾ ਇਕ ਨਿਰਮਾਨ ਵੱਡਾ ਸਿੱਖੀ ਸਿਦਕ ਅੰਦਰ ਅਤੀ ਧੀਰ ਬਾਂਕਾ ਮਾਂ ਸੁਲੱਖਣੀ ਦਾ ਪੁੱਤ ਲਾਡਲਾ ਏਹ ਅਤੇ ਭੈਣ ਪਿਆਰੀ ਦਾ ਵੀਰ ਬਾਂਕਾ ਕੌਮ ਸਾਰੀ ਉੱਤੋਂ ਸਦਕੇ ਹੋਣ ਵਾਲਾ ਪੀਣ ਵਾਲਾ ਸ਼ਹੀਦੀ ਦਾ ਸ਼ੀਰ ਬਾਂਕਾ ਜੱਥੇਦਾਰ ਬਣਾ ਕਰਤਾਰ ਸਿੰਘਾ ਸਿੰਘਾਂ ਟੋਰਿਆ ਕਰ ਤਦਬੀਰ ਬਾਂਕਾ

ਇਸ ਜੱਥੇ ਨੇ ਸੱਚੇ ਸੌਦਿਓਂ ਰਵਾਨਾਂ ਹੋਣਾਂ

ਦਸ ਫੱਗਣੋਂ ਤੇ ਵੀਹ ਫ਼ਰਵਰੀ ਸੀ ਗੁਰਪੁਰਬ ਸੀ ਗੁਰੂ ਹਰਰਾਇ ਵੀਰੋ ਜੱਥਾ ਚਲਿਆ ਇਹ ਸੱਚੇ ਸੌਦਿਓਂ ਸੀ ਸਿੰਘ ਡੇੜ੍ਹ ਕੁ ਸੌ ਮਲਾਇ ਵੀਰੋ ਮਿਲਗਿਲ ਕੇ ਵੀਰਾਂ ਪਿਆਰਿਆਂ ਨੂੰ ਖੜੇ ਹੋ ਅਰਦਾਸ ਸੁਧਾਇ ਵੀ ਸਤਿ ਅਕਾਲ ਦੇ ਬੋਲ ਨਾਹਰੇ *ਬੋਲਾ ਖ਼ਾਲਸਾ ਫ਼ਤ੍ਹੇ ਗਜਾਇ ਵੀਰੋ ਅਹੇ ਵਿਛੜੇ ਫੇਰ ਨ ਕੋਈ ਮਿਲਯਾ ਟੁਰੇ ਸ੍ਰੀ ਨਨਕਾਣੇ ਦੇ ਦਾਇ ਵੀਰੋ ਫਿਰਕੇ ਜਾਵਣਾਂ ਚੱਕ ਸ਼ਰੀਂਹ ਹੈਸੀ ਸੀ ਗੁਰਦ੍ਵਾਰਾ ਵਿਚ ਰਾਹਿ ਵੀਰੋ ਟੁਰਨ ਲੱਗਿਆਂ ਸਿੰਘਾਂ ਸੀ+ਬੰਦ ਕੀਤਾ ਜਾਣਾਂ ਤੁਸਾਂ ਨਨਕਾਣੇ ਨ ਭਾਇ ਵੀਰੋ ਜਾਲ ਰਚੇ ਮਹੰਤ ਨੇ ਪਾਪ ਦੇ ਨੇ ਜਾਣਾਂ ਲਾਂਭ ਦੀ ਲੰਘ ਬਚਾਇ ਵੀਰੋ ਅੱਛਾ ਗੁਰੂ ਜੋ ਕਰੇ ਸੋ ਹੋ ਜਾਸੀ ਟੁਰਯਾ ਬੀਰ ਇਹ ਬਚਨ ਸੁਨਾਇ ਵੀਰੋ ਵਾਜਾਂ ਮਾਰਦੀ ਮੌਤ ਕਰਤਾਰ ਸਿੰਘਾ ਲੜੋ ਦੌੜ ਸ਼ਹੀਦੀਆਂ ਪਾਇ ਵੀਰੋ *ਸਤਿ ਸ੍ਰੀ ਅਕਾਲ ਇਕ ਪਵਿਤ੍ਰ ਅਵਾਜ਼ ਹੈ ਪਰ ਸਿੰਘਾਂ ਦਾ ਮਜ਼੍ਹਬੀ ਬੋਲਾ ਸ੍ਰੀ ਵਾਹਿਗੁਰੂ ਫਤ੍ਹੇ ਹੀ ਹੈ । +ਅਕਾਲੀ ਜੱਥੇ ਨੂੰ ਪਤਾ ਲਗ ਗਿਆ ਹੋਯਾ ਸੀ ਕਿ ਮਹੰਤ ਚਾਂਹਦਾ ਹੈ ਕਿ ਕਿਸੇ ਛੋਟ ਜੱਥੇ ਤੇ ਅਪਣਾਂ ਜੋਰ ਦਿਖਾਕੇ ਅਸਲੀ ਤਾਰੀਖ ਤੇ ਆਉਨ ਵਾਲੇ ਬੇਅੰਤ ਪੰਥ ਨੂੰ ਰੋਕਿਆ ਜਾਵੇ ਜਿਸ ਦੇ ਵਾਸਤੇ ਅਕਾਲੀ ਜੱਥੇ ਵਿਚ ਓਸਨੇ ਆਪਨੇ ਬਹੁਤ ਆਦਮੀ ਛੱਡ ਹੋਏ ਸਨ ਜਿਹੜੇ ਜੱਥੇ ਵਿਚ ਮਿਲ ਕੇ ਛੇਤੀ ਚੱਲਨ ਬਾਬਤ ਜੋਸ਼ ਦਿਵਾਂਦੇ ਰਹਿੰਦੇ ਸਨ, ਸੁਣਿਆ ਹੈ ਕਿ ਮਹੰਤ ਏਤਣਾਂ ਦਲੇਰ ਨਹੀਂ ਕਿਉਂਕਿ ਐਬੀ ਪੁਰਸ਼ ਦਲੇਰ ਹੋ ਹੀ ਨਹੀਂ ਸਕਦਾ, ਓਸਨੂੰ ਫਿਕਰ ਸੀ ਕਿ ਏਥੇ ਸਿੰਘ ਬੇਅੰਤ ਕੱਠੇ ਹੋ ਜਾਣੇ ਨੇ ਤੇ ਸ਼ਾਇਦ ਮੈਂ ਕੁਝ ਭੀ ਨ ਕਰ ਸੱਕਾਂ ਤੇ ਪੰਥ ਦਬਾ ਪਾ ਲਏ ਏਸ ਵਾਸਤੇ ਓਹ ਚਾਹੁੰਦਾ ਸੀ ਕਿ ਜੇ ਪਹਿਲਾਂ ਹੀ ਦਾਓ ਫੱਬ ਜਾਵੇ ਤੇ ਆਪਨਾ ਰੋਹਬ ਪਾਕੇ ਸਿੰਘਾਂ ਨੂੰ ਡਰਾ ਦਿਆਂ ਸੋ ਓਸਨੇ ਓਹੋ ਹੀ ਕੀਤੀ।

ਸਾਥੀ ਸਿੰਘਾਂ ਦੇ ਬਚਨ

ਰਸਤੇ ਵਿਚ ਕਹਯਾ ਕਈ ਸਾਥੀਆਂ ਨੇ ਅਸਾਂ ਸੁਣਯਾਂ ਨਹੀਂ ਭੁਲਾਯਾ ਜਾਵੇ ਦੇ ਰਖੇ ਮਹੰਤ ਨੇ ਹੁਕਮ ਐਸੇ ਸਿੰਘ ਲੱਭੇ ਜੋ ਮਾਰ ਮੁਕਾਯਾ ਜਾਵੇ ਜੂਹ ਵਿਚ ਦਿੱਸੇ ਕਿਰਪਾਨ ਵਾਲਾ ਓਹਨੂੰ ਝੱਟ ਹੀ ਪਾਰ ਬੁਲਾਯਾ ਜਾਵੇ ਪਾਪੀ ਸੁਣਯਾਂ ਕੱਠ ਹੈ ਬਹੁਤ ਕੀਤਾ ਸੋਚ ਸਮਝਕੇ ਵੇਲਾ ਟਪਾਯਾ ਜਾਵੇ ਬਾਹਿਰ ਦੂਰੋਂ ਹੀ ਬੈਠਕੇ ਗੁਰੂ ਜੀ ਨੂੰ ਨਿਹਚਾ ਧਰਕੇ ਸੀਸ ਝੁਕਾਯਾ ਜਾਵੇ ਜੇਕਰ ਕੁਝ ਹੋਰ ਨ ਬਣੇ ਕਰਤਾਰ ਸਿੰਘਾ ਫ਼ਸਯਾਂ ਫੇਰ ਨ ਪੱਲਾ ਛੁਡਾਯਾ ਜਾਵੇ

ਸ੍ਰੀ ਮਾਨ ਭਾਈ ਲਛਮਣ ਸਿੰਘ ਜੀ ਤੇ ਭਾਈ ਟਹਿਲ ਸਿੰਘ ਦੇ ਬਚਨ

ਰਾਹ ਵਿਚ ਆਵੇ ਗੁਰ ਅਸਥਾਨ ਅੱਗੇ ਸਿੰਘ ਲੰਘ ਜਾਇ ਪਿੱਠ ਦਿਖਾ ਭਾਈ ਓਹ ਸਿੱਖ ਕਾਹਦਾ ਭੈੜਾ ਹੈ ਭੇਖੀ ਗੁਰੂਥਾਨ ਨ ਦਰਸ਼ਨ ਪਾਇ ਭਾਈ ਝੱਖੜ ਝਾਂਗੀ ਮੀਂਹ ਬਰਸੇ, ਗੁਰ ਸਿੱਖ ਗੁਰ ਦੇਖਨ ਜਾਇ ਭਾਈ ਵੀਰੋ ਡਰੋ ਨ ਹੋਵਣੀ ਗੱਲ ਓਹੋ ਸੱਚੇ ਪਿਤਾ ਦੀ ਜਿਹੜੀ ਰਜ਼ਾਇ ਭਾਈ ਝੇਕਰ ਲੱਗ ਜਾਵਨ ਸਾਡੇ ਸੀਸ ਓਥੇ ਸੌਦਾ ਏਦੂੰ ਚੰਗਾ ਕਿਹੜਾ ਭਾਇ ਭਾਈ ਅਸਾਂ ਕਿਸੇ ਦੇ ਨਾਲ ਨ ਲੜਨ ਜਾਣਾਂ ਮੱਥਾ ਟੇਕ ਪੈਣਾਂ ਅੱਗੇ ਰਾਹਿ ਭਾਈ ਪਰ ਜੇ ਮਹੰਤ ਨੇ ਮਿਥੀ ਏਹੋ ਜੋ ਆਵੇ ਸੋ ਦੇਣਾਂ ਮੁਕਾਇ ਭਾਈ ਤਦ ਬਹੁਤ ਚੰਗੀ ਗੱਲ ਬਣ ਜਾਵੇ ਕਰੇ ਮਿਹਰ ਗੁਰੂ ਹਰਿਰਾਇ ਭਾਈ ਪਹਿਲਾਂ ਨੰਬਰ ਅਸੀਂ ਹੀ ਲੈ ਲਈਏ ਪਿਛੋਂ ਰਹੇ ਨਾਹੀਂ ਪਛੋਤਾਇ ਭਾਈ ਸਾਡੇ ਸਿਰਾਂ ਬਦਲੇ ਕਰਤਾਰ ਸਿੰਘਾ ਹੋਵੇ ਪੰਥ ਦਾ ਬਹੁਤ ਬਚਾਇ ਭਾਈ

ਤਥਾ

ਏਸ ਪਾਪੀ ਮਹੰਤ ਨੇ ਚਿਰਾਂ ਤੋਂ ਲੈ ਕਰ ਰੱਖੀਆਂ ਬਹੁਤ ਤੱਯਾਰੀਆਂ ਨੇ ਏਥੇ ਪੰਥ ਦਾ ਹੋਵਣਾਂ ਕੱਠ ਭਾਰਾ ਪਤਾ ਕੀਹ ਵਰਤਨ ਏਬੇ ਕਾਰੀਆਂ ਨੇ ਓਹਨਾਂ ਵਿਚ ਬਹੁਤੇ ਪੰਥ ਰਤਨ ਆਵਨ ਐਵੇਂ ਜਾਣ ਨਾਹੀਂ ਜਿੰਦਾਂ ਮਾਰੀਆਂ ਨੇ ਜੇਕਰ ਲਗ ਜਾਵਨ ਪਹਿਲਾਂ ਏਸ ਥਾਂ ਤੇ ਇਹ ਸਾਡੀਆਂ ਜਿੰਦਾਂ ਨਕਾਰੀਆਂ ਨੇ ਬਚ ਰਹਿਨ ਫਿਰ ਗੁਰੂ ਦੇ ਲਾਲ ਬਹੁਤੇ ਏਦੂੰ ਵਧ ਕੀਹ ਖ਼ੁਸ਼ੀਆਂ ਭਾਰੀਆਂ ਨੇ ਪੂਰੇ ਸਿੱਖਾਂ ਦੇ ਬਚਨ ਕਰਤਾਰ ਸਿੰਘ ਸੁਣ ਭੁੱਲ ਗਈਆਂ ਸੋਚਾਂ ਸਾਰੀਆਂ ਨੇ

ਤਥਾ

ਕਹਯਾ ਫੇਰ ਜੱਥੇਦਾਰ ਜੱਥੇ ਤਾਈਂ ਜੇਕਰ ਨਹੀਂ ਤੁਸੀਂ ਅਗ੍ਹਾਂ ਜਾਨਾ ਚਾਂਹਦੇ ਮੁੜ ਜਾਹੋ ਪਿਛਾਂ ਏਥੋਂ ਖਾਲਸਾ ਜੀ ਡਰ ਮੌਤ ਤੋਂ ਜਾਨ ਬਚਾਨਾ ਚਾਂਹਦੇ ਅਸਾਂ ਆਪ ਨ ਕਿਸੇ ਦੇ ਗਲ ਪੈਣਾਂ ਨਹੀਂ ਕਿਸੇ ਦਾ ਕੁੱਝ ਗਵਾਨਾ ਚਾਂਹਦੇ ਮੱਥਾ ਟੇਕ ਕੇ ਗੁਰ ਅਸਥਾਨ ਅੰਦਰ ਚਾੱਲਾ ਆਪਣੇ ਰਾਸਤੇ ਪਾਨਾ ਚਾਂਹਦੇ ਬਦੋ ਬਦੀ ਮਹੰਤ ਜੇ ਮਾਰ ਦੇਊ ਫੇਰ ਨਹੀਂ ਹਾਂ ਜੀ ਚੁਰਾਨਾ ਚਾਂਹਦੇ ਖ਼ੁਸ਼ੀ ਨਾਲ ਸਤਿਗੁਰਾਂ ਦੇ ਥਾਨ ਉੱਤੇ ਏਸ ਸੀਸ ਦੀ ਭੇਟ ਚੜ੍ਹਾਨਾ ਚਾਂਹਦੇ ਜਿਨ੍ਹਾਂ ਮੁੜਨਾਂ ਹੁਣੇ ਹੀ ਮੁੜ ਜਾਵੋ ਅਸੀਂ ਸੱਚ ਦੇ ਬਚਨ ਸੁਨਾਨਾ ਚਾਂਹਦੇ ਮੈਨੂੰ ਆਖ ਰਹੇ ਗੁਰ ਕਰਤਾਰ ਸਿੰਘਾ ਤੇਰੀ ਬਲੀ ਇਸ ਥਾਂ ਦਵਾਨਾ ਚਾਂਹਦੇ

ਵਾਕ ਕਵੀ

ਦੇਹ ਸਭ ਦੀ ਓਥੇ ਹੀ ਲੱਗਨੀ ਸੀ ਪੈਰ ਕਿਸਤਰ੍ਹਾਂ ਪਿਛਾਂ ਪਰਤਾ ਜਾਂਦੇ ਓਹਨਾਂ ਵੀਰਾਂ ਸ਼ਹੀਦੀਆਂ ਪਾਣੀਆਂ ਸਨ ਓਹ ਕਿਸਤਰਾਂ ਮੁੱਖ ਭਵਾ ਜਾਂਦੇ ਮੌਤ ਸਿਰਾਂ ਉੱਤੇ ਵਾਜਾਂ ਮਾਰਦੀ ਸੀ ਕਿਵੇਂ ਭਾਣੇ ਤੋਂ ਜਾਨ ਬਚਾ ਜਾਂਦੇ ਘਰੀਂ ਜਾ ਬੀਮਾਰੀ ਦੇ ਨਾਲ ਮਰਦੇ ਏਡੀ ਨਾਮਵਰੀ ਕਿਵੇਂ ਪਾ ਜਾਂਦੇ ਓਹ ਲਾਡਲੇ ਗੁਰੂ ਗੋਬਿੰਦ ਸਿੰਘ ਦੇ ਡਰ ਕਿਸਤਰ੍ਹਾਂ ਜੀ ਚੁਰਾ ਜਾਂਦੇ ਦੇਖ ਹੋਣ ਸ਼ਹੀਦ ਕਰਤਾਰ ਸਿੰਘਾ ਸਿੰਘ ਕਿਸਤਰ੍ਹਾਂ ਧਰ ਕੇ ਚਾ ਜਾਂਦੇ

ਮਹੰਤ ਦੇ ਸੂਹੇ ਨੇ ਮਹੰਤ ਨੂੰ ਖ਼ਬਰ ਦੇਣੀ

ਭਾਵੇਂ ਕਾਨਫਰੰਸ ਰਚੀ ਬਾਵਿਆਂ ਸੀ ਓਦਨ ਓਥੇ ਮਹੰਤ ਨ ਜਾਂਵਦਾ ਏ ਏਸ ਥਾਂ ਦੇ ਬਾਨ੍ਹਣੂ ਬੱਨ੍ਹਦਾ ਸੀ ਖਰਚ ਸਾਰਾ ਲਾਹੌਰ ਲਗਾਂਵਦਾ ਏ ਸੂਹੇ ਫਿਰਨ ਮਹੰਤ ਦੇ *ਪੰਥ ਅੰਦਰ ਓਹਦਾ ਇਕ ਸੂਹਾ ਚੱਲ ਆਂਵਦਾ ਏ ਜੱਥਾ ਆਇ ਰਿਹਾ ਇਕ ਸਿੰਘਾਂ ਦਾ ਹੈ ਤਯਾਰ ਹੋ ਜਾਹ ਖ਼ਬਰ ਪੁਚਾਂਵਦਾ ਏ ਝੱਟ ਪੱਟ ਮਹੰਤ ਤਯਾਰ ਹੋਯਾ ਸਾਥੀ ਆਪਣੇ ਸਭ ਬੁਲਾਂਵਦਾ ਏ ਸਿੰਘ ਦੇਖਲੌ ਪਹਿਲਾਂ ਹੀ ਆ ਗਏ ਜੇ ਤਯਾਰ ਹੋ ਜਾਹੁ ਬਚਨ ਸੁਨਾਂਵਦਾ ਏ ਝਟਾ ਪੱਟ ਹਥਯਾਰ ਚਾ ਵੰਡ ਦਿੱਤੇ ਜਿਵੇਂ ਕੰਮ ਕਰਨਾਂ ਸਿਖਲਾਂਵਦਾ ਏ ਹੋ ਰਹੇ ਤਯਾਰ ਕਰਤਾਰ ਸਿੰਘਾ ਭਾਣਾ ਕੀਹ ਕਰਤਾਰ ਰਚਾਂਵਦਾ ਏ *ਅਕਾਲੀ ਦਲ ਦੇ ਵਿਚ ਪੰਥ ਦੇ ਦੁਸ਼ਮਣਾਂ ਵਲੋਂ ਬਹੁਤ ਸਾਰੇ ਲੋਕ ਅਕਾਲੀ ਬਾਣੇ ਪਹਿਨ ਕੇ ਮਿਲਾਇ ਗਏ ਹੋਏ ਹਨ ਜੋ ਅਸਲ ਵਿਚ ਪੰਥ ਦੇ ਦੁਸ਼ਮਣ ਹਨ, ਹਰਥਾਂ ਓਹ ਪੰਥ ਨੂੰ ਜੁਸ਼ੀਲੀਆਂ ਤੇ ਪੁਠੀਆਂ ਚਾਲਾਂ ਤੇ ਲਾ ਕੇ ਬਦਨਾਮ ਕਰਦੇ ਹਨ, ਆਪ ਸ਼ਰਾਰਤਾਂ ਕਰਕੇ ਪੰਥ ਮੱਥੇ ਲਵਾਂਦੇ ਹਨ ਤੇ ਨਾਲੇ ਸਭ ਖ਼ਬਰਾਂ ਵੈਰੀਆਂ ਨੂੰ ਦੇਂਦੇ ਰਹਿੰਦੇ ਹਨ ਪੰਥ ਨੂੰ ਓਹਨਾਂ ਚਾਲਬਾਜ਼ਾਂ ਦੀ ਪਛਾਣ ਰਖਨੀ ਚਾਹੀਦੀ ਹੈ।

ਜੱਥੇ ਨੇ ਅੰਮ੍ਰਿਰਤ ਵੇਲ਼ੇ ਪਹੁੰਚ ਕੇ ਬਾਲ ਲੀਲਾ ਵਾਲੇ ਤਾਲ ਵਿਚ ਅਸ਼ਨਾਨ ਕਰਨਾਂ

ਜੱਥਾ ਪਹੁੰਚ ਗਿਆ ਨਨਕਾਣੇ ਸਾਹਿਬ ਜਾ ਵਿਚ ਤਾਲਾਬ ਅਸ਼ਨਾਨ ਕੀਤਾ ਬਾਲ ਲੀਲ੍ਹਾ ਦੇ ਆ ਮਹੰਤ ਓਥੇ ਸਿੰਘ ਸਾਹਿਬ ਦੇ ਨਾਲ ਬਿਆਨ ਕੀਤਾ ਜੇਕਰ ਆਪ ਕਬਜ਼ਾ ਕਰਨ ਆਇ ਏਥੇ ਮੈਂ ਫੈਸਲਾ ਲਿਹੁ ਪਛਾਨ ਕੀਤਾ ਮੈਥੋਂ ਲੈ ਲਵੋ ਕਬਜ਼ਾ ਨਾਲ ਖ਼ੁਸ਼ੀ ਬਾਨ ਪੰਥ ਦਾ ਪੰਥ ਧਿਆਨ ਕੀਤਾ ਕਹਯਾ ਸਿੰਘ ਜੀ ਅਸੀਂ ਤਾਂ ਜਾਤਰੂ ਹਾਂ ਜਾਣਾਂ ਛਿਆਨਵੇਂ ਚੱਕ ਦੀਵਾਨ ਕੀਤਾ ਕਬਜ਼ਾ ਲੈਣ ਵਾਲੇ ਆਪੇ ਆ ਜਾਸਨ ਸਾਨੂੰ ਸੇਵਾ ਦਾ ਹੈ ਫ਼ਰਮਾਨ ਕੀਤਾ ਫੈਰ ਕਈਆਂ ਪਰੇਮੀਆਂ ਕਹਯਾ ਓਥੇ ਤਯਾਰ ਬਹੁਤ ਮਹੰਤ ਸਾਮਾਨ ਕੀਤਾ ਤੁਸੀਂ ਜਨਮ ਅਸਥਾਨ ਨ ਮੂਲ ਜਾਣਾ ਪਾਪੀ ਕੰਮ ਮੰਦਾ ਪਾ ਪਠਾਨਕੀਤਾ ਅੱਜ ਆਦਮੀ ਓਸਦੇ ਫਿਰ ਰਹੇ ਤੁਹਾਡਾ ਪਤਾ ਜਾਪੇ ਕਿਸੇ ਆਨ ਕੀਤਾ ਗੁਰੂ ਕਰੇ ਸੋ ਹੋਇ ਕਰਤਾਰਸਿੰਘਾ ਜੱਥੇਦਾਰ ਜੀ ਬਚਨ ਸਿਆਨ ਕੀਤਾ

ਜੱਥੇ ਨੇ ਜਨਮ ਅਸਥਾਨ ਗੁਰਦਾਰੇ ਵਿਚ ਪਹੁੰਚਣਾਂ

ਬਾਣੀ ਪੜ੍ਹਦੇ ਪੰਥ ਦੇ ਲਾਲ ਹੀਰੇ ਵੜੇ ਗੁਰਦਾਰੇ ਅੰਦਰ ਜਾਇ ਸਾਰੇ ਅਹੇ ਗਏ ਮੁੜ ਬਾਹਰ ਨ ਨਿਕਲੇ ਓਹ ਭੈੜੀ ਮੌਤ ਨੇ ਮਾਰ ਖਪਾਇ ਸਾਰੇ ਓਹ ਮੁਕਤ ਸਥਾਨ ਦਾ ਦਰ ਹੈ ਸੀ ਮੁਕਤ ਕਰ ਸੱਚ ਖੰਡ ਵਸਾਇ ਸਾਰੇ ਯਾਂ ਖਾਨ ਸੀ ਲਾਲ ਅਨਮੁਲਯਾਂ ਦੀ ਲਾਲ ਓਸਨੇ ਵਿਚ ਛਪਾਇ ਸਾਰੇ ਓਹ ਠੀਕ ਪੌੜੀ ਗੁਰਪੁਰੀ ਦੀ ਸੀ ਚਾੜ੍ਹ ਗੁਰਾਂ ਦੇ ਪਾਸ ਪੁਚਾਇ ਸਾਰੇ ਬਾਲ ਬੱਚੇ ਉਡੀਕਾਂ ਦੇ ਵਿਚ ਹੋਸਨ ਓਹ ਪਰਤਕੇ ਬਾਹਰ ਨ ਆਇ ਸਾਰੇ ਅੰਦਰ ਜੋਤ ਸ਼ਹੀਦੀ ਦੀ ਬੱਲਦੀ ਸੀ ਓਹ ਪ੍ਰੇਮ ਪਤੰਗੇ ਜਲਾਇ ਸਾਰੇ ਆਨ ਗੁਰਾਂ ਦੇ ਨਾਮ ਦੇ ਸੂਰਮੇ ਓਹ ਨਦੀ ਮੌਤ ਨੇ ਫੜ ਰੁੜ੍ਹਾਇ ਸਾਰੇ ਲੋਕ ਚਾੜ੍ਹਦੇ ਫੁੱਲ ਪਰਸਾਦਿ ਭੇਟਾ ਓਹਨਾਂ ਪ੍ਰੇਮੀਆਂ ਸੀਸ ਚੜ੍ਹਾਇ ਸਾਰੇ ਮਾਵਾਂ ਧੰਨ ਸਨ ਧੱਨ ਕਰਤਾਰਸਿੰਘਾ ਜਿਨ੍ਹਾਂ ਕੁੱਖਾਂ ਤੋਂ ਬੀਰ ਇਹ ਜਾਇ ਸਾਰੇ

ਮਹੰਤ ਦਾ ਖੋਟ ਦਰਵਾਜਿਆਂ ਦਾ ਇੱਕ ਦਮ ਬੰਦ ਹੋ ਜਾਣਾਂ

ਜਾਂਦੇ ਜੱਥੇ ਨੇ ਜੋੜਕੇ ਹੱਥ ਪਹਿਲਾਂ ਗੁਰੂ ਗ੍ਰੰਥ ਨੂੰ ਸੀਸ ਝੁਕਾਯਾ ਏ ਨਿਮ੍ਰਤਾਈ ਨੂੰ ਧਾਰ ਕੇ ਬੈਠ ਗਏ ਮਨ ਬ੍ਰਿਤੀ ਦੇ ਤਈਂ ਟਿਕਾਯਾ ਏ ਝੱਟ ਆਣ ਮਹੰਤ ਤੇ ਕਾਰਦਾਰਾਂ ਜ਼ਾਹਿਰਾ ਆਦਰ ਮਾਨ ਕਰਾਯਾ ਏ ਲੰਗਰ ਤਯਾਰ ਹੁੰਦਾ ਛਕੋ ਖਾਲਸਾ ਜੀ ਉੱਤੋਂ ਵਾਲੀ ਚੰਗਾ ਪੋਚਾ ਪਾਯਾ ਏ ਸਿੰਘਾਂ ਆਸਾ ਦੀ ਵਾਰ ਚਾ ਸ਼ੁਰੂ ਕੀਤੀ ਅਜੇ ਪਹਿਲਾ ਸ਼ਲੋਕ ਹੀ ਲਾਯਾ ਏ ਵੱਡਾ ਦਰ ਝਟਾ ਪਟ ਬੰਦ ਹੋਯਾ ਓਹ ਖੜਕ ਸਿੰਘਾਂ ਸੁਣ ਪਾਯਾ ਏ ਏਨੇ ਚਿਰ ਨੂੰ ਦੂਜੇ ਭੀ ਬੰਦ ਹੋ ਗਏ ਵੱਡਾ ਪਾਪੀ ਨੇ ਧ੍ਰੋਹ ਕਮਾਯਾ ਏ ਚਾਰੋਂ ਪਾਸੇ ਹੀ ਜ਼ਾਲਮਾਂ ਘੇਰ ਲਏ ਜੱਥੇਦਾਰ ਨੂੰ ਸਿੰਘਾਂ ਸੁਨਾਯਾ ਏ ਹੁਣ ਕੀਹ ਕਰੀਏ ਹੁਕਮ ਦਿਹੋ ਝਬਦੇ ਸਾਡਾ ਵੇਲਾ ਸ਼ਹੀਦੀ ਦਾ ਆਯਾ ਏ ਧਾਰ ਹੌਸਲਾ ਬੜਾ ਕਰਤਾਰ ਸਿੰਘ ਜੱਥੇਦਾਰ ਜੀ ਹੁਕਮ ਸੁਨਾਯਾ ਏ

ਸ੍ਰੀ ਮਾਨ ਲਛਮਨ ਸਿੰਘ ਜੀ ਦੇ ਜੱਥੇ ਦੇ ਸਿੰਘਾਂ ਨਾਲ ਛੇਤੀ ੨ ਬਚਨ

ਕਲਗੀਧਰ ਦੇ ਤੁਸੀ ਸਪੁੱਤ ਸਾਰੇ ਵੀਰੋ ਮੇਰਿਓਂ ਰਿਦਾ ਡੁਲਾਯੋ ਨ ਲਵੋ ਹੁਣ ਸ਼ਹੀਦੀਆਂ ਨਾਲ ਖ਼ੁਸ਼ੀ ਮਰਨੋ ਡਰ ਗੀਦੀ ਅਖਵਾਯੋ ਨ ਹੁਕਮ ਪੰਥ ਦਾ ਨ ਕਦੇ ਚੁਕਣਾ ਏਂ ਓਸ ਹੁਕਮ ਦੇ ਤਈਂ ਭੁਲਾਯੋ ਨ ਖ਼ੂਨ ਆਪਣੇ ਪਾ ਗੁਰ ਥਾਨ ਧੋਵੋ ਬਾਕੀ ਮੈਲ ਹੁਣ ਰਤੀ ਰਖਾਯੋ ਨ ਮਰਨ ਲੱਗੇ ਨਹੀਂ ਜੇ ਹਾਂ ਤਾਂ ਜੀਉਨ ਲਗੇ ਜਿੰਦਾਂ ਦੇਣ ਲਗੇ ਪਛਤਾਯੋ ਨ ਵੇਲਾ ਅੰਤ ਦਾ ਸਾਡਾ ਕਰਤਾਰ ਸਿੰਘਾ ਵੀਰੋ ਵੀਰਾਂ ਦੇ ਤਈਂ ਭੁਲਾਯੋ ਨ

ਜੱਥੇ ਤੇ ਚੁਫੇਰਯੋਂ ਬੰਦੂਕਾਂ ਦੇ ਵਾਰ

ਪਲੋ ਪਲੀ ਦੇ ਵਿਚ ਚੌਫੇਰਯੋਂ ਹੀ ਕੜਾਕਾੜ ਬੰਦੂਕਾਂ ਆਸਾਰ ਹੋਈਆਂ ਸੜਾਸਾੜ ਆ ਜੱਥੇ ਨੂੰ ਭੁੰਨਿਓਂ ਨੇ ਵਿੱਨ੍ਹ ਕਈ ਸਰੀਰਾਂ ਤੋਂ ਪਾਰ ਹੋਈਆਂ ਕਈ ਸਿੰਘ ਤਾਂ ਬੈਠੇ ਹੀ ਰਹਿ ਗਏ ਜਿੰਦਾਂ ਨਿਕਲਕੇ ਝੱਟ ਉਡਾਰ ਹੋਈਆਂ ਜਿੰਦਾਂ ਸਿੰਘਾਂ ਦੀਆਂ ਵਿਚ ਪਈਆਂ ਘੇਰੇ ਨਾਲੇ ਹੱਥਾਂ ਤੋਂ *ਬੇਹਥਯਾਰ ਹੋਈਆਂ ਸਿੰਘ ਏਧਰ ਓਧਰ ਹੋਕੇ ਬਚਨ ਲੱਗੇ ਪਰ ਕੋਸ਼ਸ਼ਾਂ ਸਭ ਬੇਕਾਰ ਹੋਈਆਂ ਗੁਰੂ ਘਰ ਅੰਦਰ ਕਰਤਾਰ ਸਿੰਘਾ ਘੜੀਆਂ ਕਹਿਰ ਦੀਆਂ ਨਮੂਦਾਰ ਹੋਈਆਂ *ਸੁਨਯਾਂ ਹੈ ਕਿ ਸਿੰਘ ਬਾਲ ਲੀਲਾ ਦੇ ਥਾਂਨ ਤੇ ਆਪਣੇ ਟਕੂਏ 'ਤੇ ਡਾਂਗਾਂ ਰੱਖ ਆਏ ਸਨ ਕਿ ਜਦ ਸਾਡੇ ਪਾਸ ਕੋਈ ਹਥਯਾਰ ਨਾ ਹੋਵੇਗਾ ਤਾਂ ਮਹੰਤ ਸਾਡੇ ਤੇ ਕਿਉਂ ਵਾਰ ਕਰੂ ਓਸ ਦੁਸ਼ਟ ਨੂੰ ਸਗੋਂ ਮੌਜ ਬਣ ਗਈ ।

ਤਥਾ

ਜਿਸ ਤਰਫ਼ ਜਾ ਸਿੰਘ ਬਚਾ ਢੂੰਡਨ ਓਸੇ ਤਰਫ ਹੀ ਗੋਲੀਆਂ ਪੈਨ ਅੱਗੋਂ ਓਹ ਬੇਦਰਦ ਕਸਾਈ ਤਯਾਰ ਬੈਠੇ ਢਾਹ ਗੋਲੀਆਂ ਦੇ ਨਾਲ ਲੈਨ ਅੱਗੋਂ ਕਿੱਧਰ ਜਾਓਗੇ ਜਾਣ ਨ ਇੱਕ ਦੇਣਾਂ ਬੋਲ ਭਰੇ ਹੰਕਾਰ ਦੇ ਕਹਿਣ ਅੱਗੋਂ ਵਾਰ ਉਨ੍ਹਾਂ ਦੇ ਕਹਿਰ ਕਰਤਰ ਸਿੰਘਾ ਓਹ ਬੇਹੱਥਯਾਰੇ ਹੋ ਸਹਿਨ ਅੱਗੋਂ

ਭਾਈ ਲਛਮਣ ਸਿੰਘ ਤੇ ਕੁਝ ਸਿੰਘਾਂ ਨੇ ਜਨਮ ਸਥਾਨ ਦੇ ਅੰਦਰ ਹੋ ਜਾਣਾਂ ਤੇ ਮਹੰਤ ਨੇ ਤੇ ਓਸਦੇ ਆਦਮੀਆਂ ਨੇ ਹੇਠਾਂ ਉਤਰ ਕੇ ਹੱਲਾ ਕਰਨਾ

ਜੱਥੇਦਾਰ ਤੇ ਅੱਠ ਕੂ ਸਿੰਘ ਸਾਥੀ ਵੜੇ ਜਨਮ ਅਸਥਾਨ ਮੇਂ ਜਾਇ ਭਾਈ ਲੱਗੇ ਦੇਰ ਮਹੰਤ ਕੁਝ ਸਮਝ ਜਾਵੇ ਇਹ ਚਿੱਤ ਦੇ ਵਿਚ ਰਖਾਇ ਭਾਈ ਹੋਰ ਸਿੰਘ ਵੀ ਕੋਠੜੀ ਵੜ ਗਏ ਬਾਹਿਰ ਰਹੇ ਸੋ ਮਾਰ ਖਪਾਇ ਭਾਈ ਦੇ ਮਹੰਤ ਪਿਆ ਲਲਕਾਰਯਾਂ ਨੂੰ ਸਾਧੋ ਜੋਰ ਜਿੱਨਾਂ ਦਿਹੋ ਲਾਇ ਭਾਈ ਜਿਹੜੀ ਹੋਵਣੀ ਸੀ ਓਹ ਤਾਂ ਹੋ ਗਈ ਜੇ ਹੁਣ ਕਰੋ ਲੇਖਾ ਇਕ ਦਾਇ ਭਾਈ ਜ਼ੁੰਮੇਵਾਰ ਹਾਂ ਕੱਲਾ ਮੈਂ ਸਾਰਯਾਂ ਦਾ ਕੋਈ ਖ਼ੌਫ਼ ਨ ਚਿੱਤ ਰਖਾਇ ਭਾਈ ਮਾਰੋ ਚੁਣਕੇ ਸਿੰਘ ਗੋਬਿੰਦ ਸਿੰਘ ਦੇ ਰਹਿਣਾਂ ਜੀਂਵਦਾ ਕੋਈ ਨ ਪਾਇ ਭਾਈ ਜਦ ਅੱਧ ਕੂ ਸਿੰਘ ਸ਼ਹੀਦ ਹੋ ਗਏ ਲਿਆ ਹੌਸਲਾ ਉਨ੍ਹਾਂ ਵਧਾਇ ਭਾਈ ਝੱਟ ਚਾਰ ਚੁਫੇਰਯੋਂ ਕੁੱਦ ਪਏ ਉਤਰ ਵਿੱਚ ਪਰਕਰਮਾਂ ਆਇ ਭਾਈ ਗੁਰਥਾਨ ਵੇਖੋ ਕਤਲ ਘਰ ਬਣਯਾਂ ਦਿੱਤਾ ਗਰੂ ਦਾ ਖੌਫ਼ ਉਡਾਇ ਭਾਈ ਓਹਨਾਂ ਸਾਧੂਆਂ ਭੱਟੀ ਪਠਾਨਾਂ ਨੇ ਜੀ ਲਈਆਂ ਛਵੀਆਂ ਹੱਥੀਂ ਉਠਾਇ ਭਾਈ ਓਹ ਨਿਹੱਥਯਾਂ ਤੇ ਲੱਗੇ ਵਾਰ ਕਰਨੇ ਪਲਾਂ ਵਿਚ ਦਿਤੇ ਝਟਕਾਇ ਭਾਈ ਖੂਨ ਨਾਲ ਓਹ ਰੰਗਿਆ ਥਾਨ ਗਿਆ ਫੁਲਾਂ ਨਾਲ ਜੋ ਕਦੇ ਸੁਹਾਇ ਭਾਈ ਵੇਖੋ ਗੁਰੂ ਦਾ ਘਰ ਕਰਤਾਰ ਸਿੰਘਾ ਬਣਯਾਂ ਖਾਲਸੇ ਦਾ ਕਤਲ ਗਾਇ ਭਾਈ

ਮਹੰਤ ਦਾ ਜੋਸ਼

ਓਹ ਰੂਪ ਚੰਡਾਲ ਮਹੰਤ ਪਾਪੀ ਹੱਥ ਛਵ੍ਹੀ ਦੇ ਤਈਂ ਉਲਾਰ ਕਰਕੇ ਅਾਯਾ ਬੋਲਦਾ ਬੋਲ ਕਬੋਲ ਗੰਦੇ ਗੁਰੂ ਦੱਸਮ ਦਾ ਨਾਮ ਉਚਾਰ ਕਰਕੇ ਕਹਿੰਦਾ ਸ਼ਾਬਾਸ਼ੇ ਮੇਰੇ ਬਹਾਦਰੋ ਓਏ ਮਾਰੋ ਸਿੱਖ ਸਭ ਬਾਹਰ ਨਿਕਾਰ ਕਰਕੇ ਓਹ ਕਿੱਥੇ ਹੈ ਜੇ ਜੱਥੇਦਾਰ ਜਿਹੜਾ ਮੇਰੇ ਸਾਮ੍ਹਣੇ ਲਿਆਓ ਖਵਾਰ ਕਰਕੇ ਝੱਟ ਪੱਟ ਲੈ ਪਾਪੀਆਂ ਭੱਨ ਬੂਹੇ ਉੱਤੇ ਸਿੰਘਾਂ ਦੇ *ਸੈਂਕੜੇ ਵਾਰ ਕਰਕੇ ਪਹਿਲਾਂ ਗੋਲੀਆਂ ਦੇ ਨਲ ਕਰੇ ਜ਼ਖ਼ਮੀ ਫੇਰ ਬਾਹਰ ਧ੍ਰੂਹਨ ਕਾਰ ਕਰਕੇ ਜਿੱਥੇ ਕਿੱਥੇ ਲੱਭਾ ਸਿੰਘ ਮਰ ਛਵੀਆਂ ਸੁੱਟੇ ਮਾਵਾਂ ਦੇ ਪੁੱਤ ਸਥਾਰ ਕਰਕੇ ਕੀਤਾ ਪਾਪੀ ਨੇ ਕਹਿਰ ਕਰਤਾਰ ਸਿੰਘਾ ਗੁਰੂ ਘਰ ਅੰਦਰ ਅੱਤਯਾਚਾਰ ਕਰਕੇ *ਇਕ ਦੀਵਾਰ ਵਿਚ ਦੋ ਸੌ ਦੇ ਕਰੀਬ ਤੇ ਦੂਸਰੀ ਕੰਧ ਤੇ ਚਾਰ ਸੌ ਚੁਰੰਜਾ ਗੋਲੀਆਂ ਲਗੀਆਂ ਹੋਈਆਂ ਦੇ ਨਸ਼ਾਨ ਅਜੇ ਤਕ ਮੌਜੂਦ ਹੈਨ ਏਸੇ ਤਰਾਂ ਹੋਰਨਾਂ ਵਿਚ ਭੀ ॥

ਵਾਕ ਕਵੀ

ਹੱਥ ਚੁੱਕਣੋਂ ਪੰਥ ਨ ਬੰਦ ਕਰਦਾ ਤਦ ਸਿੰਘ ਕਰ ਹੱਥ ਦਿਖਾ ਜਾਂਦੇ ਐ ਮਹੰਤ ਪਾਪੀ ਬੇਟੇ ਦਸਮ ਗੁਰ ਦੇ ਤੇਰਾ ਚਾ ਲੜਾਈ ਦਾ ਲਾਹ ਜਾਂਦੇ ਭਾਵੇਂ ਕਾਫ਼ੀ ਰਫ਼ਲਾਂ ਤੇਰੇ ਪਾਸ ਹੈਸਨ ਤੇਰਾ ਮਾਰਕੇ ਮੂੰਹ ਭਵਾ ਜਾਂਦੇ ਤੇਰੇ ਭੱਟੀਆਂ ਸਾਧਾ ਪਠਾਨਾਂ ਤਾਈਂ ਸ਼ੇਰ ਪਾੜ ਹਰਨਾ ਵਾਂਗੂੰ ਖਾ ਜਾਂਦੇ ਜੇਕਰ ਪੰਥ ਦਾ ਤੋੜ ਅਸੂਲ ਦੇਂਦੇ ਤੇਰੇ ਸਾਧਾਂ ਦੇ ਤੂੰਬੇ ਉਡਾ ਜਾਂਦੇ ਜੌਹਰ ਖੰਡੇ ਦੇ ਅੰਮ੍ਰਿਤ ਦਾ ਦੱਸ ਦੇਂਦੇ ਮੁਰਦੇ ਤੇਰੇ ਭੀ ਨਾਲ ਰੁਲਾ ਜਾਂਦੇ ਓਹਨਾਂ ਮੰਨਯਾ ਪੰਥ ਦਾ ਹੁਕਮ ਪੱਕਾ ਹੋ ਨਤਾਣੇ ਸ਼ਹੀਦੀਆਂ ਪਾ ਜਾਂਦੇ ਝੂਠਾ ਜੱਗ ਕਰਦਾ ਕਰਤਰ ਸਿੰਘਾ ਜੇਕਰ ਥੋੜਾ ਭੀ ਹਥ ਉਠਾ ਜਾਂਦੇ

ਸ਼ਹਿਰ ਦੇ ਵਿਚ ਰੌਲਾ

ਗੁਰਦਵਾਰੇ ਹੈ ਸੀ ਕਤਲਆਮ ਮੱਚੀ ਲੋਕ ਸ਼ਹਿਰ ਦੇ ਥਰਥਰਾਨ ਲੱਗੇ ਹਾਹਾਕਾਰ ਪਈ ਆਨਕੇ ਘਰਾਂ ਅੰਦਰ ਬਾਲ ਬੱਚਿਆਂ ਤਈਂ ਛਪਾਨ ਲੱਗੇ ਖਾਸ ਕਰਕੇ ਸਿੰਘਾਂ ਦੇ ਘਰ ਜਿੰਨੇ ਘਰ ਛਡਕੇ ਬਾਹਰ ਨੂੰ ਜਾਨ ਲੱਗੇ ਮਾਰੋ ਫੜੋ ਦੀ ਜਦੋਂ ਆਵਾਜ਼ ਆਵੇ ਰੌਲਾ ਸੁਣ ਵਡਾ ਗ਼ਮ ਖਾਨ ਲੱਗੇ ਵਿਚ ਸ਼ੈਹਰ ਸਾਰੇ ਭਾਜੜ ਪੈ ਗਈ ਕੋਠੀਂ ਚੜ੍ਹਕੇ ਕਈ ਤਕਾਨ ਲੱਗੇ ਸਿੰਘ ਆਏ ਜਿਹੜੇ ਪਏ ਮਾਰੀਦੇ ਨੇ ਲੋਕ ਖ਼ੌਫ਼ ਤੋਂ ਨੀਰ ਵਗਾਨ ਲੱਗੇ ਜੀ ਜੀ ਦੇ ਕਾਲਜੇ ਕੰਬ ਰਹੇ ਲਾਹਨਤ ਸਬ ਮਹੰਤ ਤੇ ਪਾਨ ਲੱਗੇ ਬੁਰੇ ਦਿਨ ਇਹਦੇ ਕਰਤਾਰ ਸਿੰਘਾ ਸਹਿਮੇ ਹੋਇ ਸਬ ਲੋਕ ਸੁਨਾਨ ਲੱਗੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਓਹਨਾਂ ਪਾਪੀਆਂ ਗੁੰਡੇ ਸ਼ਰਾਬੀਆਂ ਨੇ ਗੁਰਦ੍ਵਾਰੇ ਵਿਚ ਹੋਲੀ ਮਚਾਈ ਦੇਖੋ ਖੂਨ ਨਾਲ ਗੁਰਦ੍ਵਾਰਾ ਓਹ ਰੰਗ ਦਿੱਤਾ ਲਹੂ ਮਿੱਝ ਦੀ ਘਾਣੀ ਬਨਾਈ ਦੇਖੋ ਟੋਟੇ ਟੋਟੇ ਓਹ ਪੰਥ ਦੇ ਲਾਲ ਕੀਤੇ ਕਿਰਕ ਕਿਸੇ ਦੇ ਚਿਤ ਨ ਆਈ ਦੇਖੋ ਗੁਰੂ ਗ੍ਰੰਥ ਦੀ ਤਾਬਿਆ ਸਿੰਘ ਬੈਠਾ ਓਹਦੇ ਮੱਥੇ ਦੀ ਸ਼ਿਸਤ ਲਗਾਈ ਦੇਖੋ ਬਾਣੀ ਪੜ੍ਹਦਾ ਲਾਲ ਓਹ ਗੁੱਮ ਹੋਯਾ ਸੁਰਤ ਸਤਿਗੁਰਾਂ ਵਿਚ ਟਕਾਈ ਦੇਖੋ ਕਈ ਗੋਲੀਆਂ ਲੰਘੀਆਂ ਬੀੜ ਵਿਚੋਂ ਕੀਤਾ ਕੰਮ ਬੁਰਾ ਦੁਖਦਾਈ ਦੇਖੋ ਇਕ ਬੀੜ ਭੀ ਫੜਕੇ ਜ਼ਾਲਮਾਂ ਨੇ ਬਾਹਰ ਵੇਹੜੇ ਦੇ ਵਿਚ ਵਗਾਈ ਦੇਖੋ ਦੇਹ ਸਤਿਗੁਰਾਂ ਦੀ ਰੋਲੀ ਪਾਪੀਆਂ ਨੇ ਸਾਰੀ ਖ਼ੂਨ ਦੇ ਵਿਚ ਨੁਲ੍ਹਾਈ ਦੇਖੋ ਸ਼ਰਮ ਆਈ ਨ ਪਾਪੀ ਮਹੰਤੜੇ ਨੂੰ ਲੱਖ ਲਾਹਨਤ ਓਸਦੀ ਕਮਾਈ ਦੇਖੋ ਇਹ ਸਾਧ ਦੇ ਕੰਮ ਕਰਤਾਰ ਸਿੰਘਾ ਅਸੀਂ ਆਖੀਏ ਕਿਨੂੰ ਕਸਾਈ ਦੇਖੋ

ਭਾਈ ਲਛਮਣ ਸਿੰਘ ਜੀ ਦਾ ਹਾਲ

ਲਛਮਣ ਸਿੰਘ ਨੂੰ ਫੜ ਮਹੰਤ ਲਿਆ ਹੱਥ ਛਵੀ ਤੇ ਰੂਪ ਕਸਾਈ ਵੀਰੋ ਕਹਿੰਦਾ ਤੂੰ ਆਯਾ ਗੱਦੀ ਲੈਨ ਮੇਰੀ ਤੈਨੂੰ ਦੇਂਦਾ ਹਾਂ ਗੱਜ ਸੁਨਾਈ ਵੀਰੋ ਦਿੱਤੇ ਹੁਕਮ ਇਹਦੇ ਹੱਥ ਕੱਟ ਦੇਵੋ ਤੇਜਆਬ ਦੀ ਬੋਤਲ ਮੰਗਾਈ ਵੀਰੋ ਧਾਰ ਬੰਨ੍ਹਕੇ ਸਿਰ ਤੇ ਪਾ ਦਿੱਤੀ ਦੇਹ ਹੋ ਬੇ ਦਰਦ ਜਲਾਈ ਵੀਰੋ ਓਹਦੀ ਇੰਦਰੀ ਫੇਰ ਕਟਾਇ ਕਰਕੇ ਕਹਿੰਦੇ ਮੂੰਹ ਦੇ ਵਿਚ ਦਿਵਾਈ ਵੀਰੋ ਧੂਹ ਕੇਸਾਂ ਤੋਂ ਜੰਡ ਦੇ ਪਾਸ ਖੜਯਾ ਬੰਨ੍ਹ, ਸਿੰਘ ਦੀ ਦਿਹ ਲਟਕਾਈ ਵੀਰੋ ਉੱਤੇ ਮਿੱਟੀ ਦਾ ਤੇਲ ਪਵਾਇ ਦਿੱਤਾ ਅੱਗ ਆਪ ਨਰੈਣੇ ਨੇ ਲਾਈ ਵੀਰੋ ਮੇਰੀ ਕਲਮ ਹੈ ਲਿਖਦੀ ਰੋ ਪਈ ਤੇ ਹਨੇਰੀ ਅੱਖਾਂ ਅੱਗੇ ਛਾਈ ਵੀਰੋ ਜੀਉਂਦੇ ਜੀਵ ਨੂੰ ਪਾਪੀ ਨੇ ਅੱਗ ਲਾਈ ਡਾਢੀ ਭਾਰੀ ਤਕਲੀਫ ਪੁਚਾਈ ਵੀਰੋ ਜਿਹੜਾ ਕੰਮ ਮਹੰਤ ਨੇ ਸ਼ੁਰੂ ਕੀਤਾ ਕਰ ਸੱਕਦਾ ਨਹੀਂ ਕਸਾਈ ਵੀਰੋ ਲੱਗੀ ਜੀਉਂਦੇ ਜਿਥਮ ਨੂੰ ਅੱਗ ਜਦੋਂ ਕਿੱਡੀ ਹੋਊ ਤਕਲੀਫ ਉਠਾਈ ਵੀਰੋ ਦੇਖ ਸਾਧ ਦਾ ਕੰਮ ਕਰਤਾਰ ਸਿੰਘਾ ਘੈਰ ਵਿਚ ਅਕਾਸ਼ ਦੇ ਛਾਈ ਵੀਰੋ

ਵਾਕ ਕਵੀ

ਆ ਪੰਥ ਤੂੰ ਵੇਖ ਖਾਂ ਹਾਲ ਅੱਖੀਂ ਤੇਰਾ ਵੀਰ ਕਿਵੇਂ ਲਟਕਾਯਾ ਈ ਮਾਤਾ ਸਾਹਿਬ ਦੇਵਾਂ ਤੇਰਾ ਪੁੱਤ ਪਿਆਰਾ ਕਿਹੜੀ ਸ਼ਾਮਤਾਂ ਦੇ ਮੂੰਹ ਆਯਾ ਈ ਸਤਿਗੁਰੂ ਨਾਨਕ ਤੇਰੇ ਜਨਮ ਥਾਂ ਤੇ ਕਿੱਡਾ ਪਾਪ ਮਹੰਤ ਕਮਾਯਾ ਈ ਫੌਜਾਂ ਵਾਲਿਆ ਤੇਰਾ ਸਪੁੱਤ ਬਾਂਕਾ ਵੇਖ ਹੱਥ ਕਸਾਈ ਦੇ ਆਯਾ ਈ ਵੇਖਾਂ ਕਿਸਤਰ੍ਹਾਂ ਦਿਹ ਪਈ ਬਲਦੀ ਏ ਕਿੱਡਾ ਵੀਰ ਨੇ ਦੁਖ ਉਠਾਯਾ ਈ ਐ ਪੰਥ ਤੂੰ ਪਾਈ ਸੁਗੰਦ ਹੈ ਸੀ ਬਚਨ ਲਾਲ ਨੇ ਤੋੜ ਚੜ੍ਹਾਯਾ ਈ ਹੱਥ ਚੁੱਕਨਾ ਨਹੀਂ ਮਾਰ ਖਾਵਨੀ ਏਂ ਕਿੱਡੀ ਧੀਰਜ ਤਈਂ ਰਖਾਯਾ ਈ ਹੱਥ ਚੁੱਕਨੇ ਦੀ ਹੁੰਦੀ ਅਾੱਗਯਾ ਜੇ ਤਾਂ ਮੈਂ ਸੱਚ ਦਾ ਬਚਨ ਸੁਨਾਯਾ ਈ ਸਿੰਘ ਲਾਹ ਕੇ ਗੁਮਰ ਸ਼ਹੀਦ ਹੁੰਦਾ ਮਰਦਾ ਇਉਂ ਨ ਸਿੰਘਨੀ ਜਾਯਾ ਈ ਨੇੜੇ ਜੀਉਂਦਿਆਂ ਦੇ ਕਿਸ ਆਵਨਾ ਸੀ ਪਰ ਔਖਾ ਸਵਾਲ ਤੂੰ ਪਾਯਾ ਈ ਜੀਉਂਦਾ ਸੜੇ ਪਿਆ ਕਰੇ ਹਾਇ ਨਾਹੀਂ ਕਿੱਡਾ ਹੌਂਸਲਾ ਕਰ ਦਿਖਾਯਾ ਈ ਹੁਣ ਵੇਖ ਮਹੰਤ ਕਰਤਾਰ ਸਿੰਘਾ ਆਹ ਹੋਰ ਇਕ ਪਾਪ ਕਮਾਯਾ ਈ

ਭਾਈ ਲਛਮਣ ਸਿੰਘ ਜੀ ਦਾ ਸੀਸ ਕੱਟ ਲੈਣਾ

ਜਦੋਂ ਸਿੰਘ ਅਧਮੋਆ ਕੁ ਹੋਇ ਗਿਆ ਓਹ ਪਾਪੀ ਮਹੰਤ ਲਲਕਾਰਦਾ ਏ ਕਹਿੰਦਾ ਚੱਲ ਓਇ ਗੱਦੀ ਸੰਭਾਲ ਮੇਰੀ ਰੋਹ ਭਰਯਾ ਪਿਆ ਭਭਕਾਰਦਾ ਏ ਛਵੀ ਮਾਰਕੇ ਗਿੱਦੜ ਸ਼ੇਰ ਬਣਯਾ ਚਾ ਸਿੰਘ ਦਾ ਸੀਸ ਉਤਾਰਦਾ ਏ ਲਿਆ ਕੇਸਾਂ ਤੋਂ ਫੜ ਕਰਤਾਰ ਸਿੰਘਾ ਹੋਯਾ ਖ਼ੁਸ਼ ਭਰਯਾ ਹੰਕਾਰ ਦਾ ਏ

ਭਾਈ ਦਲੀਪ ਸਿੰਘ ਜੀ

ਓਹਦੇ ਸੂਹੇ ਨੇ ਉੱਪਰੋਂ ਖ਼ਬਰ ਦਿੱਤੀ ਕੁਝ ਸਿੰਘ ਮਹੰਤ ਜੀ ਹੋਰ ਆਏ ਓਦੋਂ ਖੜਾ ਮਹੰਤ ਸੀ ਬੂਹੇ ਅੱਗੇ ਦੂਰੋਂ ਦੇਖਦਾ ਆਪਨੀ ਨੀਜ ਲਾਏ ਓਹਨਾਂ ਵਿਚ ਸਰਦਾਰ *ਦਲੀਪ ਸਿੰਘ ਸੀ ਵੱਡਾ ਰੱਖਦਾ ਸਿੱਖੀ ਪਰੇਮ ਭਾਏ ਓਹਦੀ ਨਾਲ ਮਹੰਤ ਦੇ ਵਾਕਫ਼ੀ ਸੀ ਅੱਗੇ ਮਿਲਦੇ ਸਨ ਕਈ ਵਾਰ ਜਾਏ ਸੱਚੇ ਸੌਦਿਓਂ ਜੱਥੇ ਨੇ ਘੱਲਯਾ ਸੀ ਭਾਈ ਲਛਮਣ ਸਿੰਘ ਨੂੰ ਰੋਕ ਧਾਏ ਓਹ ਜਾਇ ਨਾਹੀਂ ਨਨਕਾਣੇ ਸਾਹਿਬ ਐਵੇਂ ਫੱਸ ਕੇ ਜੱਥਾ ਨ ਦੁਖ ਪਾਏ ਸੋਆਂ ਬੁਰੀਆਂ ਆਉਨ ਮਹੰਤ ਵਲੋਂ ਓਹ ਚੰਡਾਲ ਹੈ ਤਕਦਾ ਬੁਰਾ ਦਾਏ ਆਯਾ ਵੀਰ ਬਚਾਉਨ ਕਰਤਾਰ ਸਿੰਘਾ ਪਰ ਆਉਂਦੇ ਨੂੰ ਮਾਰ ਮੌਤ ਢਾਏ *ਪਿੱਛੇ ਇਹ ਸਾਹੋਵਾਲ ਜਿਲਾ ਸਿਆਲ ਕੋਟ ਦਾ ਰਹਿਨ ਵਾਲਾ ਸੀ ਤੇ ਬਾਰ ਵਿਚ ਸਾਂਗਲੇ ਪਾਸ ਮੁਰੱਬੇ ਮਿਲੇ ਸਨ॥

ਪਾਪੀ ਮਹੰਤ ਨੇ ਭਾਈ ਦਲੀਪ ਸਿੰਘ ਜੀ ਨੂੰ ਭੀ ਗੋਲੀ ਮਾਰਨੀ

ਦੂਰੋਂ ਡਿੱਠਾ ਮਹੰਤ ਦਲੀਪ ਸਿੰਘ ਨੇ ਚੜਯਾ ਘੋੜੀ ਤੇ ਰੂਪ ਚੰਡਾਲ ਦਾ ਜੀ ਟਾਵੀਂ ਟਾਵੀਂ ਗੋਲੀ ਤਦੋਂ ਚੱਲ ਰਹੀ ਬਣ ਸਮਾ ਰਿਹਾ ਰੂਪ ਕਾਲ ਦਾ ਜੀ ਲੋਕ ਸ਼ਹਿਰ ਵਿੱਚੋਂ ਭੱਜੇ ਜਾ ਰਹੇ ਸਨ ਮੁੱਢ ਬੱਝ ਰਿਹਾ ਹੜਤਾਲ ਦਾ ਜੀ ਦੂਰੋਂ ਵੀਰ ਨੇ ਕਹਯਾ ਮਹੰਤ ਸਾਹਿਬ ਕਿਉਂ ਨਹੀਂ ਆਪਨਾ ਆਪ ਸੰਭਾਲਦਾ ਜੀ ਕਿਉਂ ਇਹ ਅੱਤ ਕੀਤੀ ਕਤਲ ਸਿੰਘ ਕੀਤੇ ਡਰ ਰੱਖਯਾ ਨਹੀਂ ਅਕਾਲ ਦਾ ਜੀ ਏਨੇ ਚਿਰ ਨੂੰ ਗੋਲੀ ਆ ਪਈ ਮੱਥੇ ਪਾਰ ਕਰ ਗਈ ਕੰਮ ਲਾਲ ਦਾ ਜੀ ਸਤਿਗੁਰਾਂ ਦੀ ਚਰਨੀਂ ਝੁਕ ਡਿੱਗਾ ਮੁੜ ਫੇਰ ਨ ਸਿਰ ਉਠਾਲਦਾ ਜੀ ਛਵੀ ਬਾਗੀ ਨੇ ਮਾਰਕੇ ਬਾਂਹ ਕੱਟੀ ਕੀਤਾ ਪਾਪੀ ਨੇ ਕੰਮ ਕੁਚਾਲ ਦਾ ਜੀ ਜੱਥੇਦਾਰ ਸ਼ਹੀਦ ਕਰਤਾਰ ਸਿੰਘਾ ਕਰ ਰੋਹ ਮਹੰਤ ਉਛਾਲਦਾ ਜੀ

ਸ਼ਰਾਬ ਦਾ ਦੌਰ

ਘੋਰ ਪਾਪ ਕੀਤਾ ਹੱਤਯਾਰਯਾਂ ਨੇ ਬੇ ਦੋਸੀਆਂ ਜਿੰਦਾਂ ਕੁਹਾਇ ਕਰਕੇ ਖੂਨ ਚਾਰ ਚੁਫੇਰੇ ਹੀ ਪਿਆ ਚੱਲੇ ਲੋਕ ਰੋਣ ਕਈ ਹਾਇ ਹਾਇ ਕਰਕੇ ਅੰਦਰ ਬਾਹਿਰ ਮੁਰਦੇ ਸਾਰੇ ਨਜ਼੍ਰ ਆਵਨ ਪਾਪੀ ਪਾਪ ਨੇ ਲਏ ਦਬਾਇ ਕਰਕੇ ਮਨ ਕੰਬ ਗਏ ਖਬਰੇ ਕੀਹ ਬਣੂ ਕਿੱਥੇ ਛਪਾਂਗੇ ਅਸੀਂ ਹੁਣ ਜਾਇ ਕਰਕੇ ਇਹ ਵੇਖ ਮਹੰਤ ਨੇ ਵਕਤ ਓਸੇ ਬਹੁਤ ਸਾਰਾ ਸ਼ਰਾਬ ਮੰਗਾਇ ਕਰਕੇ ਗੁਰਦਵਾਰੇ ਦੇ ਅੰਦਰ ਬੈਠਕੇ ਜੀ ਸਾਧਾਂ ਭੱਟੀਯਾਂ ਤਈਂ ਪਲਾਇ ਕਰਕੇ ਝੱਟ ਪੱਟ ਜ਼ਾਲਿਮ ਫਿਰ ਤਯਾਰ ਕੀਤੇ ਕਹਯਾ ਸਾਰਿਯਾਂ ਤਈਂ ਸੁਨਾਇ ਕਰਕੇ ਹੁਣ ਨਿਕਲੋ ਬਾਹਰ ਕਰਤਾਰ ਸਿੰਘਾ ਮਾਰੋ ਸ਼ਹਰ ਵਿੱਚੋਂ ਸਿੰਘ ਧਾਇ ਕਰਕੇ

ਜ਼ਾਲਮ ਮਹੰਤ ਦਾ ਹੁਕਮ

ਇਹ ਮਰ ਗਏ ਬਹੁਤੇ ਹੋਏ ਫੱਟੜ ਹੁਣ ਨਿਕਲੋ ਬਾਹਰ ਹਥਯਾਰ ਫੜਕੇ ਜਿੱਥੇ ਸ਼ਹਿਰ ਅੰਦਰ *ਸਿੰਘ ਨਜ਼ਰ ਆਵੇ ਬਿਨਾ ਪੁੱਛਯਾਂ ਦਿਹੋ ਸੂ ਮਾਰ ਫੜਕੇ ਕੇਸਾਂ ਦਾੜੀ ਵਾਲਾ ਕੋਈ ਛੱਡਣਾ ਨਹੀਂ ਦਿਹੋ ਸਿੰਘਾਂ ਤੇ ਕਹਿਰ ਗੁਜ਼ਾਰ ਫੜਕੇ ਵੇਖ ਹੌਂਸਲਾ ਇਹ ਕਰਤਾਰ ਸਿੰਘਾ ਕਿਥੋਂ ਆਯਾ ਸੀ ਸੋਚ ਵਚਾਰ ਫੜਕੇ *ਸਰਦਾਰ ਉੱਤਮ ਸਿੰਘ ਨੂੰ ਮਾਰਨ ਤੇ ਓਸਦਾ ਕਾਰਖਾਨਾ ਲੁਟਨ ਵਾਸਤੇ ਮਹੰਤ ਤਯਾਰ ਸੀ ਪਰ ਵਾਹਿਗੁਰੂ ਨੇ ਓਸ ਨੂੰ ਰੱਖ ਲਿਆ ਸੁਨਯਾਂ ਹੈ ਕਿ ਸਰਦਾਰ ਜੀ ਨੂੰ ਮਾਰਨ ਵਾਸਤੇ ਮਹੰਤ ਨੇ ਕਾਫ਼ੀ ਇਨਾਮ ਸੁਨਾਯਾ ਸੀ।

ਭਾਈ ਲਛਮਨ ਸਿੰਘ ਜੀ ਦਾ ਸੀਸ ਲੈਕੇ ਮਹੰਤ ਨੇ ਅਸਵਾਰ ਹੋਨਾ

ਓਸੇ ਵਕਤ ਮਹੰਤ ਨੇ ਹੁਕਮ ਦੇਕੇ ਨਾਲ ਸਾਥੀਆਂ ਤਈਂ ਰਲਾਯਾ ਏ ਬੂਹਾ ਖੋਲ ਕੇ ਝੱਟ ਅਸਵਾਰ ਹੋਯਾ ਤਾ ਮੁਛਾਂ ਦੇ ਤਈਂ ਚੜ੍ਹਾਯਾ ਏ ਭਾਈ ਲਛਮਣ ਸਿੰਘ ਦੇ ਸੀਸ ਤਾਈਂ ਲੰਬੇ ਕੇਸਾਂ ਤੋਂ ਫੜ ਲਟਕਾਯਾ ਏ ਵੱਲ ਸ਼ਹਿਰ ਦੇ ਫ਼ੌਜ ਲੈ ਰਵਾਂ ਹੋਯਾ ਡਰ ਸਾਰਿਆਂ ਲੋਕਾਂ ਤੇ ਛਾਯਾ ਏ ਬੂਹੇ ਸ਼ਹਿਰ ਦੇ ਸਾਰੇ ਹੀ ਬੰਦ ਹੋਏ ਲੋਕਾਂ ਆਪਨਾ ਆਪ ਛੁਪਾਯਾ ਏ ਓਹਦੇ ਬੁਰਛਯਾਂ ਘੱਤਿਆ ਸ਼ੋਰ ਭਾਰਾ ਦੂਜਾ ਜੱਥਾ ਭੀ ਮਾਰ ਖਪਾਯਾ ਏ ਜਿੱਥੇ ਕਿੱਥੇ ਕੋਈ ਸਿੰਘ ਨਜ਼ਰ ਆਯਾ ਝੱਟ ਮੌਤ ਦੇ ਘਾਟ ਲੰਘਾਯਾ ਏ ਚੜ੍ਹਯਾ ਸ਼ਹਿਰ ਦੇ ਵਿਚ ਮਹੰਤ ਫਿਰਦਾ ਥਾਂ ਥਾਂ ਇਹ ਬਚਨ ਸੁਨਾਯਾ ਏ ਇਹ ਆਯਾ ਸਾ ਜੇ ਮੇਰੀ ਲੈਨ ਗੱਦੀ ਇਹਨੂੰ ਕਿਹਾ ਕੂ ਸ੍ਵਾਦ ਚਖਾਯਾ ਏ ਏਸੇ ਤਰ੍ਹਾਂ ਕਰੂੰ ਨਾਲ ਸਿਖੜਯਾਂ ਦੇ ਯਾਦ ਰੱਖਨੀਗੇ ਹੱਥ ਲਾਯਾ ਏ ਸਾਧਾਂ ਭੱਟੀਆਂ ਅਤੇ ਪਠਾਨਾਂ ਨੇ ਜੀ ਸ਼ਹਿਰ ਗਿਰਦ ਅਧਮੂਲ ਮਚਾਯਾ ਏ ਰਾਹ ਗੁਜਰੂ ਫੜਕੇ ਸਿੰਘ ਮਾਰੇ ਕਈ ਬੱਚਿਆਂ ਨੂੰ ਫਟਕਾਯਾ ਏ ਗੁਰ ਥਾਨ ਕਿ ਜੰਗ ਮੈਦਾਨ ਬਣਿਯਾਂ ਕਿਹਾ ਕਹਿਰ ਮਹੰਤ ਕਮਾਯਾ ਏ ਥਾਂ ਥਾਂ ਤੇ ਫੱਟੜ ਪਏ ਤੜਫਨ ਵਿਚ ਰਾਹਾਂ ਦੇ ਲਹੂ ਚਲਾਯਾ ਏ ਸਾਢੇ ਸੱਤ ਬਜੇ ਤੋਂ ਇਹ ਕਾਰ ਚੱਲੀ ਦੋ ਪਹਿਰ ਦਾ ਸਮਾ ਵਿਹਾਯਾ ਏ ਕੋਈ ਅਫ਼ਸਰ ਅਜੇ ਕਰਤਾਰ ਸਿੰਘਾ ਦੂਰੋਂ ਨੇੜਯੋਂ ਕਿਤੋਂ ਨ ਆਯਾ ਏ

ਸਟੇਸ਼ਨ ਮਾਸਟਰ ਸਰਦਾਰ ਕਰਮ ਸਿੰਘ ਅਤੇ ਸਰਦਾਰ ਉੱਤਮ ਸਿੰਘ ਕਾਰਖਾਨੇ ਵਾਲੇ ਦੀ ਹਿੰਮਤ

ਭਾਵੇਂ ਉਹ ਵੇਲਾ ਔਖਾ ਬਹੁਤ ਹੈਸੀ ਇਹਨਾਂ ਕੀਤੀਯਾਂ ਨੇਕ ਕਮਾਈਯਾਂ ਨੇ ਲਾਭ ਸਿੰਘ ਇਕ ਜੱਥੇ ਤੋਂ ਬਚ ਆਯਾ ਦੁਖ ਭਰੀਯਾਂ ਗੱਲਾਂ ਸੁਨਾਈਯਾਂ ਨੇ ਇਹਨਾਂ ਝੱਟ ਅਸਟੇਸ਼ਨੋਂ ਅਫਸਰਾਂ ਨੂੰ ਚੌਂ ਤਰਫ ਤਾਰਾਂ ਖੜਕਾਈਯਾਂ ਨੇ ਗੁਜਰਾਂਵਾਲੇ ਲਾਹੌਰ ਤੇ ਸ਼ੇਖੂਪੁਰੇ ਅਮ੍ਰਤਸਰ ਨੂੰ ਖਬਰਾਂ ਪੁਚਾਈਯਾਂ ਨੇ ਪਹੁੰਚੋ ਝਬਦੇ ਕਰੋ ਨ ਦੇਰ ਕੋਈ ਘੜੀਯਾਂ ਕਹਿਰ ਦੀਯਾਂ ਏਥੇ ਆਈਯਾਂ ਨੇ ਸਿੰਘ ਸੈਂਕੜੇ ਕਤਲ ਪਏ ਹੋਂਵਦੇ ਜੇ ਜਿੰਦਾਂ ਜੀਉਂਦੀਯਾਂ ਕਈ ਜਲਾਈਯਾਂ ਨੇ ਕੀਤਾ ਕਹਿਰ ਮਹੰਤ ਨੇ ਬੜਾ ਭਾਰਾ ਕਤਲਆਮ ਹੋ ਰਹੀ ਦੋਹਾਈਯਾਂ ਨੇ ਤਾਰਾਂ ਫੈਲ ਗਈਯਾਂ ਕਰਤਾਰ ਸਿੰਘਾ ਛੋਟੇ ਵੱਡਿਆਂ ਨੇ ਸੁਣ ਪਾਈਯਾਂ ਨੇ

ਫੱਟੜਾਂ ਦੇ ਜਲਾਨ ਦੀ ਕੋਸ਼ਿਸ਼

ਹੋ ਗਈ ਮਹੰਤ ਨੂੰ ਖ਼ਬਰ ਇਹ ਭੀ ਦਿਲ ਵਿਚ ਓਹ ਫ਼ਿਕਰ ਦੁੜਾਂਵਦਾ ਏ ਸੱਦ ਆਪਣੀ ਫ਼ੌਜ ਨੂੰ ਨਾਲ ਛੇਤੀ ਉੱਚੀ ਬੋਲਕੇ ਹੁਕਮ ਸੁਨਾਂਵਦਾ ਏ ਕਰੋ ਮੁਰਦਿਆਂ ਫੱਟੜਾਂ ਤਾਈਂ ਕੱਠਾ ਮਤਾਂ ਕੋਈ ਹਾਕਿਮ ਹੁਣੇ ਆਂਵਦਾ ਏ ਝੱਟ ਪੱਟ ਪਾ ਤੇਲ ਜਲਾ ਦਿਹੋ ਮੇਟ ਦਿਹੋ ਨਸ਼ਾਨ ਬਤਾਂਵਦਾ ਏ ਵੇਖੋ ਅਗਲੇ ਕਹਿਰ ਤੋਂ ਓਹ ਪਾਪੀ ਵੱਡਾ ਹੋਰ ਇਹ ਕਹਿਰ ਕਮਾਂਵਦਾ ਏ ਫੜ ਜੀਉਂਦਿਯਾਂ ਤਈਂ ਕਰਤਾਰਸਿੰਘਾ ਚਾ ਭੱਠੀਆਂ ਵਿਚ ਸੁਟਾਂਵਦਾ ਏ

ਸ੍ਰਦਾਰ ਉੱਤਮ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਖਬਰ ਦੇਨੀ

ਏਸ ਵੀਰ ਨੇ ਬਹੁਤ ਦਲੇਰੀ ਕੀਤੀ ਖਰਚ ਤਾਰਾਂ ਤੇ ਬਹੁਤ ਕਰਾਯਾ ਜੀ ਕਤਲਿਆਮ ਦਾ ਪਤਾ ਪੰਜਾਬ ਅੰਦਰ ਵਿਚ ਪਲਾਂ ਦੇ ਸਾਰੇ ਪੁਚਾਯਾ ਜੀ ਇਹਨੂੰ ਪਤਾ ਲੱਗਾ ਪਿੰਡ ਮਾਂਗਟੀ ਹੈ ਦੌਰੇ ਡਿਪਟੀ ਕਮਿਸ਼ਨਰ ਆਯਾ ਜੀ ਓਸੇ ਵਕਤ ਹੀ ਇਕ 1ਅਸਵਾਰ ਤਾਈਂ ਓਸ ਪਿੰਡ ਦੇ ਵੱਲ ਦੁੜਾਯਾ ਜੀ ਏਸ ਜ਼ੁਲਮ ਦਾ ਸਾਹਿਬ ਨੂੰ ਪਤਾ ਦਿੱਤਾ ਸਾਹਿਬ ਵਕਤ ਓਸੇ ਉਠ ਧਾਯਾ ਜੀ ਸਾਢੇ ਬਾਰਾਂ ਬਜੇ ਕਰਤਾਰ ਸਿੰਘ ਨਨਕਾਣੇ ਸਾਹਿਬ ਚਲ ਆਯਾ ਜੀ 1ਓਸਦਾ ਨਾਮ ਨਰਾਇਨ ਸਿੰਘ ਤੇ ਗੋਤ ਸਿੱਧੂ ਸੀ ।

*ਸਾਹਿਬ ਡਿਪਟੀ ਕਮਿਸ਼ਨਰ ਨੇ ਜਨਮ ਅਸਥਾਨ ਜਾਨਾ

ਸਿੱਧਾ ਸਾਹਿਬ ਜਦੋਂ ਗੁਰਦ੍ਵਾਰੇ ਗਿਆ ਡਿੱਠੇ ਹੋਏ ਬੂਹੇ ਅੱਗੇ ਬੰਦ ਸਾਰੇ ਸੁਨਸਾਨ ਹੋਯਾ ਸ਼ਹਿਰ ਨਿਗ੍ਹਾ ਆਯਾ ਹੋ ਰਿਹਾ ਸੀ ਧੂਆਂ ਬਲੰਦ ਸਾਰੇ ਬੂਹਾ ਖੁਲ੍ਹਦਾ ਨ ਬਹੁਤ ਯਤਨ ਕੀਤੇ ਚਾਰੋਂ ਤਰਫ ਹੈਸੀ ਉੱਚੀ ਕੰਧ ਸਾਰੇ ਬਹੁਤ ਚਿਰ ਪਿਛੋਂ ਬੂਹਾ ਖੋਲ੍ਹ ਕਰਕੇ ਆਯਾ ਬਾਹਰ ਮਹੰਤ ਕਰ ਫੰਦ ਸਾਰੇ ਕਹਿੰਦਾ ਸਿੱਖਾਂ ਮੇਰੇ ਸਾਧ ਬਹੁਤ ਮਾਰੇ ਕਰ ਗਏ ਆ ਕੇ ਕੰਮ ਮੰਦ ਭਾਰੇ ਵੇਖ ਹਾਲਤ ਓਹ ਕਰਤਾਰ ਸਿੰਘਾ ਬੈਠ ਗਏ ਸੀ ਸਾਹਿਬ ਦੇ ਦੰਦ ਸਾਰੇ *ਜਦ ਮਹੰਤ ਨੂੰ ਪਤਾ ਲਗਾ ਕ ਡਿਪਟੀ ਕਮਿਸ਼ਨਰ ਆਉਂਦਾ ਹੈ ਤਦ ਓਹ ਕਤਲ ਆਮ ਦੇ ਵੱਲੋਂ ਮੁੜਕੇ ਝਟ ਪਟ ਮੁਰਦਿਆਂ ਦੇ ਜਲਾਉਨ ਵਿਚ ਰੁਝ ਗਿਆ ਨਹੀਂ ਤਾਂ ਪਤਾ ਨਹੀਂ ਅਜੇ ਕਿੱਨੇ ਥਾਂ ਬੇਹੋਸ਼ ਸਿੰਘ ਕਤਲਾਏ ਜਾਂਦੇ ।

ਡਿਪਟੀ ਕਮਿਸ਼ਨਰ ਨੇ ਲਾਹੌਰੋਂ ਮਦਦ ਮੰਗਨੀ

ਸਾਹਬ ਬੋਲਿਆ ਨ ਬਾਹਰ ਚਲਾ ਆਯਾ ਲਗਾ ਚਿਤ ਤਾਈਂ ਥ੍ਰਥਰਾਓ ਜਲਦੀ ਓਥੇ ਪੇਸ਼ ਨ ਜਾਂਵਦੀ ਕੁਝ ਡਿੱਠੀ ਸੋਚੇ ਆਪਦਾ ਭੀ ਬਚਾਓ ਜਲਦੀ ਡਾਕਖਾਨੇ ਜਾ ਬਾਬੂ ਦੇ ਤਈਂ ਕਹਿਆ ਤਾਰ ਵੱਲ ਲਾਹੌਰ ਖੜਕਾਓਂ ਜਲਦੀ ਮਿਸਟਰ ਕਿੰਗ ਤਾਈਂ ਝਟ ਖਬਰ ਦਿੱਤੀ ਫੌਜ ਲੈ ਨਨਕਾਣੇ ਨੂੰ ਆਓ ਜਲਦੀ ਏਥੇ ਹੋ ਗਈ ਜੇ ਕਤਲਿਆਮ ਭਾਰੀ ਝਟ ਪਟ ਸਪੈਸ਼ਲ ਤੇ ਆਓ ਜਲਦੀ ਪਤਾ ਨਹੀਂ ਕੀਹ ਹੋਨਾ ਕਰਤਾਰ ਸਿੰਘਾ ਫ਼ੌਜ ਮਦਦੀ ਏਥੇ ਪੁਚਾਓ ਜਲਦੀ

ਪਾਪ ਦੀ ਹੱਦ

ਕੀਤਾ ਸਾਹਿਬ ਨ ਆਪ ਜਾਂ ਕੋਈ ਹੀਲਾ ਜ਼ਾਲਮ ਸਗੋਂ ਫਿਰ ਕਹਿਰ ਮਚਾਨ ਲਗੇ ਜ਼ਾਲਮ ਭੱਟੀ ਪਠਾਨ ਬੇਦਰਦ ਪਾਪੀ ਟੋਟੇ ਸਿੰਘਾਂ ਦੇ ਕਰਨ ਕਰਾਨ ਲੱਗੇ ਪੰਜ ਭੱਠੀਆਂ ਵਿਚ ਪਰਕਰਮਾ ਦੇ ਧੂਹ ਫੱਟੜਾਂ ਦੇ ਢੇਰ ਲਾਨ ਲੱਗੇ ਉੱਤੇ ਤੇਲ ਪਟਰੋਲ ਦੇ ਪਾ ਪੀਪੇ ਸਿੰਘਾਂ ਜਿਉਂਦਿਆਂ ਤਈਂ ਜਲਾਨ ਲੱਗੇ ਬੰਨ੍ਹ ਕਈਆਂ ਨੂੰ ਨਾਲ ਦਰਖਤਾਂ ਦੇ ਤੇਲ ਪਾ ਪਾ ਅੱਗ ਲਗਾਨ ਲੱਗੇ ਧੂਆਂ ਨਿਕਲਯਾ ਵਲ ਅਸਮਾਨ ਆਏ ਲੋਕ ਵੇਖ ਹਾਕਾਰ ਸੁਨਾਨ ਲੱਗੇ ਜੀਉਂਦੇ ਜੀ ਸੜਨਾ ਖਰਾ ਔਖ ਭਾਈ ਪਾਪੀ ਮੱਛੀਆਂ ਵਾਂਗ ਤੜਫਾਨ ਲੱਗੇ ਚੀਕਾਂ ਮਾਰਦੇ ਕਈ ਪਾ ਦੁਖ ਬਹੁਤਾ ਕੰਧਾਂ ਰੁੱਖਾਂ ਦੇ ਤਈਂ ਰੁਵਾਨ ਲੱਗੇ ਤੜਫ ਤੜਫ ਕੇ ਭੱਠੀਆਂ ਵਿੱਚ ਜਿੰਦਾਂ ਸਿੰਘ ਪਰ ਵੱਸ ਹੋ ਗਵਾਨ ਲੱਗੇ ਜਿਹੜਾ ਤੜਫਕੇ ਭੱਠੀਓਂ ਬਾਹਰ ਆਵੇ ਓਹਨੂੰ ਕਟਕੇ ਵਿਚ ਸੁਟਾਨ ਲੱਗੇ ਹਾਹਾਕਾਰ ਪੈ ਰਹੀ ਕਰਤਾਰ ਸਿੰਘਾ ਸਿੰਘ ਦੁਖ ਬੇਹੱਦ ਉਠਾਨ ਲੱਗੇ

ਇਕ ਜਵਾਨ ਉਮਰ ਦੇ ਸਿੰਘ ਨੂੰ ਫੱਟੜ ਕੀਤੇ ਬਿਨਾਂ ਹੀ ਘੁਮਯਾਰ ਦੀ ਭੱਠੀ ਵਿਚ ਜੀਉਂਦੇ ਨੂੰ ਸਾੜਨਾ

ਉਤੇ ਸੜਕ ਦੇ ਆਵੀ ਘੁਮਿਯਾਰ ਦੀ ਸੀ ਇਕ ਸਿੰਘ ਨੂੰ ਫੜ ਲਿਆਉਨ ਪਾਪੀ ਉਹ ਮਹੰਤ ਦੇ ਹੁਕਮ ਦੇ ਨਾਲ ਜਿਉਂਦਾ ਉਸ ਆਵੀ ਦੇ ਵਿਚ ਸੁਟਾਉਨ ਪਾਪੀ ਜਿੰਦ ਨਿਕਲੀ ਸੱਜਨੋ ਖਰੀ ਔਖੀ ਦੇਖੋ ਕਿਤਨਾ ਕਹਿਰ ਕਮਾਉਨ ਪਾਪੀ ਓਹ ਤੜਫਕੇ ਭੱਠੀਯੋਂ ਬਾਹਰ ਆਵੇ ਓਹ ਚੁੱਕ ਕੇ ਫੇਰ ਵਗਾਉਨ ਪਾਪੀ ਓਸ ਹੱਥ ਜੋੜੇ ਸਾੜੋ ਜੀਉਂਦਾ ਨ ਓਹਦੇ ਹੱਥਾਂ ਨੂੰ ਚਾ ਕਟਾਉਨ ਪਾਪੀ ਤਿੰਨ ਚਾਰ ਵਾਰੀ ਤੜਫ ਬਾਹਰ ਆਯਾ ਤਰਸ ਜ਼ਰਾ ਨ ਚਿਤ ਲਿਆਉਨ ਪਾਪੀ ਫ਼ੇਰ ਚੁਕ ਕੇ ਭੱਠੀ ਦੇ ਵਿਚ ਮਾਰਨ ਏਸੇ ਤਰ੍ਹਾਂ ਉਸ ਤਈਂ ਜਲਾਉਨ ਪਾਪੀ ਛੇ ਸੱਤ ਓਥੇ ਕਰਤਾਰ ਸਿੰਘਾ ਸਿੰਘ ਹੋਰ ਭੀ ਪਾ ਮੁਕਾਉਨ ਪਾਪੀ

*ਇਕ ਬੱਚੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਅਲਮਾਰੀ ਵਿਚ ਟੋਟੇ ਟੋਟੇ ਕਰਨਾ

ਜਦੋਂ ਸਿੰਘ ਆਏ ਤਦੋਂ ਇਕ ਬੱਚਾ ਉਸ ਵਕਤ ਉੱਥੇ ਆ ਗਿਆ ਸੀ ਜੀ ਜਦੋਂ ਸਿੰਘਾਂ ਉਤੇ ਵ੍ਰਤਨ ਕਹਿਰ ਲੱਗਾ ਓਹ ਅਲਮਾਰੀ ਅੰਦ੍ਰ ਛਪ ਰਿਹਾ ਸੀ ਜੀ ਟੋਲ ਟੋਲ ਜਾਂ ਸਿੰਘਾਂ ਨੂੰ ਕਤਲ ਕੀਤਾ ਛਪਯਾ ਓਸਨੂੰ ਭੀ ਦੇਖ ਲਿਆ ਸੀ ਜੀ ਟੋਟੇ ਓਥੇ ਹੀ ਕੀਤਾ ਕਰਤਾਰ ਸਿੰਘਾ ਇਹ ਭੀ ਸਿੰਘ ਹੈ ਸਾਧਾਂ ਨੇ ਕਿਹਾ ਸੀ ਜੀ * ਕਈਆਂ ਦੀ ਰਾਇ ਹੈ ਕਿ ਏਹ ਲੜਕਾ ਨਹੀਂ ਸੀ ਇਹ ਲੜਕੀ ਸੀ ਜਿਸਨੂੰ ਭੱਠੀ ਵਿੱਚੋਂ ਪਛਾਨ ਕੀਤਾ ਗਿਆ ਸੀ ।

ਵਾਕ ਕਵੀ

ਵਾਹ ਵਾਹ ਕੁਦਰਤਾਂ ਤੇਰੀਆਂ ਰੱਬ ਮੇਰੇ ਅੰਤ ਤੇਰਾ ਭੀ ਕੁਝ ਨ ਆਯਾ ਏ ਜਿਹੜਾ ਸਤਿਗੁਰਾਂ ਦਾ ਜਨਮਸਥਾਨ ਹੈਸੀ ਕਤਲਗਾਹ ਬਨਾ ਦਿਖਾਯਾ ਏ ਜਿੱਥੇ ਫੁੱਲਾਂ ਦੀ ਬਰਖਾ ਹੋਣੀ ਚਾਹੀਏ ਉਹ ਥਾਂ ਮੁਰਦਿਆਂ ਨਾਲ ਭਰਾਯਾ ਏ ਵੱਡਾ ਸਿੱਖਾਂ ਦਾ ਪੂਜ ਅਸਥਾਨ ਜਿਹੜਾ ਸਾਰਾ ਖੂਨ ਦੇ ਨਾਲ ਨੁਲ੍ਹਾਯਾ ਏ ਜਿੱਥੇ ਬੈਠਕੇ ਸੰਗਤਾਂ ਪੜ੍ਹਨ ਬਾਣੀ ਹਾਹਾਕਾਰ ਦਾ ਸ਼ਬਦ ਸੁਨਾਯਾ ਏ ਅੱਗੇ ਕੇਸਰ ਲੱਗੇ ਰੁਮਾਲਾਂ ਤਾਈਂ ਅੱਜ ਖੂਨ ਸਾਰੇ ਛਿੜਕਾਯਾ ਏ ਜਿਸ ਫਰਸ਼ ਤੇ ਪਾਪੀਆਂ ਚੁਰਟ ਪੀਤੇ ਓਹਨੂੰ ਖੂਨ ਦੇ ਨਾਲ ਧੁਲਾਯਾ ਏ ਗੁਰੂ ਨਾਨਕ ਤੇਰਿਆਂ ਬੱਚਿਆਂ ਨੂੰ ਤੇਰੇ ਸਾਮ੍ਹਣੇ ਪਕੜ ਕੁਹਾਯਾ ਏ ਕੀਤਾ ਕਹਿਰ ਓਹ ਤੇਰੇ ਮਹੰਤ ਪਾਪੀ ਅੱਜ ਤੱਕ ਨ ਕਿਸੇ ਕੁਮਾਯਾ ਏ ਬੜੇ ਬੜੇ ਜ਼ਾਲਮ ਅੱਗੇ ਹੋ ਗੁਜ਼ਰੇ ਇਹ ਕਿਸੇ ਤੋਂ ਹੋ ਨ ਆਯਾ ਏ ਇਉਂ ਤਾਂ ਸ਼ੇਰ ਬਘਯਾੜ ਭੀ ਨਹੀਂ ਕਰਦੇ ਜਿਹੜਾ ਕਹਿਰ ਨਰੈਣੇ ਕਰਾਯਾ ਏ ਚਲ ਭੱਠੀਆਂ ਵੱਲ ਕਰਤਾਰ ਸਿੰਘਾ ਬਾਹਿਰ ਕਿਉਂ ਏਨਾ ਚਿਰ ਲਾਯਾ ਏ

ਤਥਾ

ਕਿਵੇਂ ਸਿੰਘਾਂ ਦੇ ਮਿਟ ਨਸ਼ਾਨ ਜਾਵਨ ਇਹ ਮਹੰਤ ਪਾਪੀ ਸੋਚੀ ਕਾਰ ਹੈ ਸੀ ਕਰ ਕਰ ਕੱਠੇ ਸਾਰੇ ਫੱਟੜਾਂ ਨੂੰ ਓਹ ਕਰਨ ਲੱਗਾ ਸਸਕਾਰ ਹੈ ਸੀ ਤੇਲ ਪਾ ਜਾਂ ਸਾੜਦੇ ਜਿਉਂਦਿਆਂ ਨੂੰ ਪੈ ਰਹੀ ਤਦ ਬੁਰੀ ਪੁਕਾਰ ਹੈ ਸੀ ਵੀਰੋ ਜਿਉਂਦਿਆਂ ਸੜਨਾ ਖਰਾ ਔਖਾ ਕਿੱਡਾ ਦੁਖ ਓਹ ਰਹੇ ਸਹਾਰ ਹੈ ਸੀ ਪਰ ਕੌਣ ਓਥੇ ਗੁਰੂ ਬਾਝ ਸੁਣੇ ਨਹੀਂ ਦੁਖਾਂ ਦਾ ਅੰਤ ਸ਼ੁਮਾਰ ਹੈ ਸੀ ਸੜਨ ਪੰਥ ਦੇ ਲਾਲ ਕਰਤਾਰ ਸਿੰਘਾ ਕੀ ਬਾਹਰ ਕਿਸੇ ਤਾਈਂ ਸਾਰ ਹੈਸੀ

ਲਾਹੌਰੋਂ ਤਾਰ ਆਉਣੀ

ਚਾਲੀ ਕੋਹ ਦੀ ਵਿੱਥ ਲਾਹੌਰ ਦੀ ਸੀ ਪਹੁੰਚੀ ਤਾਰ ਤੇ ਹਾਲ ਪੁਕਾਰ ਹੋਈ ਵਿਚ ਸ਼ਹਿਰ ਦੇ ਖਬਰਾਂ ਧੁੱਮ ਗਈਆਂ ਘਰ ਘਰ ਅੰਦਰ ਹਾਹਾਕਾਰ ਹੋਈ ਕਾਨਫਰੰਸ ਸੀ *ਬਾਵਿਆਂ ਰਚੀ ਹੋਈ ਖ਼ਬਰ ਜਾ ਓਥੇ ਬਿਨਾ ਵਾਰ ਹੋਈ ਓਹ ਸੁਣ ਸਗੋਂ ਬੜੇ ਖੁਸ਼ ਹੋਏ ਸਾਡੀ ਕਾਰ ਚੰਗੀ ਅਸਰਦਾਰ ਹੋਈ ਓਧਰ ਝੱਟ ਸਰਦਾਰ ਮਤਾਬ ਸਿੰਘ ਦੀ ਗੱਲ ਨਾਲ ਲਾਹੌਰ ਸਰਕਾਰ ਹੋਈ ਟੈਲੀਫੂਨ ਥਾਣੀਂ ਕਹਯਾ ਕਿੰਗ ਤਾਈਂ ਨਨਕਾਣੇ ਸਾਹਿਬ ਕਤਲ ਭਾਰ ਹੋਈ ਪਹੁੰਚੋ ਝੱਟ ਕਰੋ ਬੰਦੋਬਸਤ ਕੋਈ ਇੱਕ ਬਜੇ ਕਰੀਬ ਇਹ ਕਾਰ ਹੋਈ ਫ਼ਿਕਰ ਪੈ ਗਿਆ ਆਣਕੇ ਅਫਸਰਾਂ ਨੂੰ ਥਾਂ ਥਾਂ ਝਟਾ ਪਟ ਸਾਰ ਹੋਈ ਚਾਰ ਬਜੇ ਪਿਛੋਂ ਫੇਰ ਖਬਰ ਆਈ ਗੱਡੀ ਹੈ ਸਪੈਸ਼ਲ ਤਯਾਰ ਹੋਈ ਮਿਸਟਰ ਕਿੰਗ ਤੇ ਸਿੱਖ ਸਰਦਾਰ ਥੋੜੇ ਨਾਲ ਚੜ੍ਹੇ ਜਿਨ੍ਹਾਂ ਤਾਈਂ ਸਾਰ ਹੋਈ ਥੋੜ੍ਹੇ ਦਿਨ ਦੇ ਨਾਲ ਨਨਕਾਣੇ ਸਾਹਿਬ ਸਿੱਧੀ ਆਣ ਲਾਹੌਰ ਤੋਂ ਤਾਰ ਹੋਈ ਫੌਜ ਸਣੇਂ ਆਉਂਦੇ ਕਰਤਾਰ ਸਿੰਘਾ ਮਿਸਟਰ ਕਰੀ ਨੂੰ ਫੇਰ ਸੰਭਾਰ ਹੋਈ *ਬੇਦੀ ਕਰਤਾਰ ਸਿੰਘ ਹੋਰਾਂ ਨੇ ਪੰਥ ਦੇ ਬਰਖਲਾਫ ਸਨਾਤਨ ਸਿੱਖ ਕਾਨਫ੍ਰੰਸ ਰਚੀ ਹੋਈ ਸੀ ਜਿਸਤੇ ਖਰਚ ਸਾਰਾ ਮਹੰਤ ਨਰੈਣੇ ਦਾ ਲੱਗਾ ਸੀ ਜਦ ਓਥੇ ਖਬਰ ਪਹੁੰਚੀ ਤਾਂ ਏਹਨਾਂ ਨੇ ਹੱਸ ਛਡਿਆ।

ਮਹੰਤ ਦੀ ਤੇਜ਼ੀ

ਓਧਰ ਸੁਣੀ ਮਹੰਤ ਨੇ ਗੱਲ ਸਾਰੀ ਓਹ ਆਪਣੀ ਬਣਤ ਬਣਾਉਣ ਲੱਗਾ ਫੱਟੜ ਮੁਰਦੇ ਢੂੰਡ ਢੂੰਡਾ ਕਰਕੇ ਤੇਲ ਪਾ ਪਾ ਜਲਦ ਜਲਾਉਨ ਲੱਗਾ ਕਹਿੰਦਾ ਇਨ੍ਹਾਂ ਦੇ ਗੁਰੂ ਮਸੰਦ ਸਾੜੇ ਮੈਂ ਮਸੰਦਾਂ ਦਾ ਬਦਲਾ ਲਾਹੁਣ ਲੱਗਾ ਭਾਰ ਲਾਹ ਲੌ ਅਪਨੇ ਵਡਿਆਂ ਦੇ ਸਾਧਾਂ ਨਾਂਗਿਆਂ ਤਈਂ ਸੁਨਾਉਨ ਲੱਗਾ ਜਿਵੇਂ ਜਲਦੀ ਦੂਰ ਨਸ਼ਾਨ ਹੋਵਨ ਛੋਟੇ ਛੋਟੇ ਟੋਟੇ ਕਰਵਾਉਨ ਲੱਗਾ ਓਹਨਾਂ ਜ਼ਾਲਮਾਂ ਭੱਟੀਆਂ ਸਾਧਾਂ ਪਾਸੋਂ ਸਿੰਘ ਕੁਤਰੇ ਵਾਂਗ ਵਢਾਉਨ ਲੱਗਾ ਏਸੇ ਤਰਾਂ ਹੀ ਸਾਰੀ ਦੁਪਹਿਰ ਗੁਜਰੀ ਪਾਪੀ ਸੁਬਾ ਤੋਂ ਕਹਿਰ ਵ੍ਰਤਾਉਨ ਲੱਗਾ ਖੁਲਾ ਪਾ ਪਾ ਤੇਲ ਕਰਤਾਰ ਸਿੰਘਾ ਓਹਨਾਂ ਭੱਠੀਆਂ ਤਈਂ ਭੜਕਾਉਨ ਲੱਗਾ

ਡਿ: ਸਾਹਿਬ ਨੇ ਫੇਰ ਗੁਰਦਵਾਰੇ ਜਾਣਾ

ਤਾਰ ਆਈ ਲਾਹੌਰ ਦੀ ਜਿਸ ਵੇਲੇ ਸਾਹਿਬ ਹੌਸਲੇ ਦੇ ਵਿਚ ਆਂਵਦੇ ਨੇ ਓਸੇ ਵੇਲੇ ਸਰਦਾਰ ਨਰੈਣ ਸਿੰਘ ਨੂੰ ਨਾਲ ਆਪਣੇ ਚਾ ਰਲਾਂਵਦੇ ਨੇ ਉੱਤਮ ਸਿੰਘ ਨੂੰ ਘੇਰਯਾ ਪਾਪੀਆਂ ਸੀ ਮਸਾਂ ਓਸਦੇ ਤਈਂ ਬਚਾਂਵਦੇ ਨੇ ਨਾਲ ਲੈ ਕੇ ਹੋਰ ਪਤਵੰਤਿਆਂ ਨੂੰ ਗੁਰਦਵਾਰੇ ਵੱਲੇ ਨਿਗ੍ਹਾ ਪਾਂਵਦੇ ਨੇ ਸਿੰਘਾਂ ਆਖਯਾ ਸਾਹਿਬ ਜੀ ਕਰੋ ਹੀਲਾ ਪਾਪੀ ਪਏ ਨਸ਼ਾਨ ਮਟਾਂਵਦੇ ਨੇ ਇਹਨਾਂ ਭੱਠੀਆਂ ਦੇ ਵਿਚ ਸਿੰਘ ਸੜਦੇ ਵੇਖੋ ਪਾ ਪਾ ਤੇਲ ਜਲਾਂਵਦੇ ਨੇ ਆਹ ਵੇਖ ਲੈ ਖ਼ੂਨ ਖ਼ਰਾਬਾ ਸਾਰਾ ਰੋਇ ਰੋਇ ਕੇ ਹਾਲ ਸੁਨਾਂਵਦੇ ਨੇ ਮਿਟ ਜਾਣਗੇ ਸੜ ਨਸ਼ਾਨ ਸਾਰੇ ਪੀਪੇ ਤੇਲ ਦੇ ਪਏ ਰੁੜ੍ਹਾਂਵਦੇ ਨੇ ਗੱਲ ਸੋਚ ਕੇ ਪਾਣੀ ਪਵਾਇ ਕਰਕੇ ਓਹ ਭੱਠੀਆਂ ਸਭ ਬੁਝਾਂਵਦੇ ਨੇ ਦਿਨ ਡੁੱਬ ਗਿਆ ਕਰਤਾਰ ਸਿੰਘਾ ਬਦਮਾਸ਼ ਰੂਪੋਸ਼ ਹੋ ਜਾਂਵਦੇ ਨੇ

ਮਹੰਤ ਨੇ ਆਪਣੇ ਬਦਮਾਸ਼ਾਂ ਨੂੰ ਭਜਾ ਦੇਣਾ

ਡਿਪਟੀ ਸਾਹਿਬ ਦੇ ਪਾਸ ਨ ਪੁਲਸ ਇਤਨੀ ਘੇਰਾ ਪਾ ਬਦਮਾਸ਼ ਫੜਾਇ ਸਾਰੇ ਓਧਰ ਵੇਲਾ ਮਹੰਤ ਨੂੰ ਮਿਲ ਗਿਆ ਦਿੱਤੇ ਓਸਨੇ ਸਾਥੀ ਨਸਾਇ ਸਾਰੇ ਭੱਟੀ ਸਾਧ ਬਦਮਾਸ਼ ਉਡਾਰ ਹੋ ਗਏ ਉਰੇ ਪਰੇ ਹਥਯਾਰ ਖਪਾਇ ਸਾਰੇ ਥਾਂ ਧੋਣ ਤੇ ਲਾਸ਼ਾਂ ਖਪਾਉਣ ਦੇ ਭੀ ਹੀਲੇ ਓਸਨੇ ਕਰੇ ਕਰਾਇ ਸਾਰੇ ਫੇਰ ਘਰ ਜਾਕੇ ਬੂਹੇ ਬੰਦ ਕਰ ਲਏ ਖੌਫ ਓਸਨੇ ਦਿਲੋਂ ਭੁਲਾਇ ਸਾਰੇ ਕੋਈ ਹੌਸਲਾ ਸੀ ਕਰਤਾਰ ਸਿੰਘਾ ਜਿਸ ਕਾਰੇ ਉਸਤੋਂ ਕਰਵਾਇ ਸਾਰੇ

ਸਪੈਸ਼ਲ ਟ੍ਰੇਨ ਨੇ ਨਨਕਾਣੇ ਸਾਹਿਬ ਪਹੁੰਚਣਾ

ਥੋੜੀ ਰਾਤ ਪਈ ਗੱਡੀ ਪਹੁੰਚ ਗਈ ਜਿਧੇ ਵਿਚ ਦੋ ਸੌ ਸਪਾਹੀ ਸੀ ਜੀ ਮਿਸ ਕਿੰਗ ਸ੍ਰਦਾਰ ਮਤਾਬ ਸਿੰਘ ਜੀ ਗੱਡੀ ਪਾਸ ਹੀ ਜਾ ਠਹਰਾਈ ਸੀ ਜੀ ਹੋਰ ਛੇ ਕੁ ਸਿੰਘ ਸਰਦਾਰ ਸਾਥੀ ਝੱਟ ਪੱਟ ਸਲਾਹ ਬਨਾਈ ਸੀ ਜੀ ਘੇਰਾ ਫੌਜ ਨੇ ਘੱਤ ਚੁਫੇਰੇ ਲਿਆ ਬੰਦ ਹੋ ਗਈ ਆਵਾਜਾਈ ਸੀ ਜੀ ਓਸੇ ਵਕਤ ਸਰਦਾਰ ਮਤਾਬ ਸਿੰਘ ਨੇ ਕਿੰਗ ਸਾਹਿਬ ਦੇ ਤਈਂ ਸੁਨਾਈ ਸੀ ਝੱਟਾ ਪੱਟ ਗ੍ਰਿਫ਼ਤਾਰੀਆਂ ਸ਼ੁਰੂ ਕਰੋ ਇਹੋ ਕਾਰ ਅਮਲ ਵਿੱਚ ਆਈ ਸੀ ਜੀ ਪਹਿਲਾਂ ਜਾ ਮਹੰਤ ਦੇ ਬੂਹੇ ਅੱਗੇ ਖੁੱਲ੍ਹੇ ਬੂਹਾ ਕੋਸ਼ਸ਼ ਕਰਵਾਈ ਸੀ ਜੀ ਪਰ ਖੁੱਲ੍ਹਾ ਨ ਓਹ ਕਰਤਾਰ ਸਿੰਘਾ ਦੇਰ ਆਪ ਮਹੰਤ ਨੇ ਲਾਈ ਸੀ ਜੀ *ਸਰਦਾਰ ਬਹਾਦਰ ਸਰਦਾਰ ਮਤਾਬ ਸਿੰਘ ਜੀ ਸਰਕਾਰੀ ਵਕੀਲ ਸਨ ਓਹਨਾਂ ਦੇ ਨਾਲ ਸਰਦਾਰ ਹਰਨਾਮ ਸਿੰਘ ਜੀ, ਬੈਂਕ ਵਾਲੇ, ਭਾਈ ਅਮਰ ਸਿੰਘ ਜੀ ਐਡੀਟਰ, ਸੁੰਦਰ ਸਿੰਘ ਜੀ ਚਾਵਲਾ, ਗੁਰਬਖਸ਼ ਸਿੰਘ ਜੀ ਤੇ ਲਾਲ ਸਿੰਘ ਜੀ ਚੋਬ ਫਰੋਸ਼ ਨਨਕਾਣੇ ਸਾਹਿਬ ਪਹੁੰਚੇ ਸਨ

ਮਹੰਤ ਨੂੰ ਹਥਕੜੀ ਲਗਾਨੀ

ਇਕ ਵਾਰ ਅਾਵਾਜ਼ ਦੇ ਚੁੱਪ ਹੋਯਾ ਬੂਹਾ ਹੁਕਮ ਦੇ ਕੇ ਤੁੜਵਾਯਾ ਜੀ ਟੁੱਟਾ ਬੂਹਾ ਜਦੋਂ ਹੱਥ ਰਫਲ ਫੜੀ ਥੱਲੇ ਖ਼ੂਨੀ ਮਹੰਤ ਓਹ ਆਯਾ ਜੀ ਮਿਸਟਰ ਕਰੀ ਨੇ ਝੱਟ ਬੰਦੂਕ ਫੜ ਲਈ ਵੱਡਾ ਹੌਸਲਾ ਕਰ ਦਿਖਾਯਾ ਜੀ ਓਸੇ ਵਕਤ ਓਹਨੂੰ ਹਥਕੜੀ ਲਾਕੇ ਵਾਂਗ *ਕੈਦੀਆਂ ਚਾਇ ਬਠਾਯਾ ਜੀ ਜਦੋਂ ਹੋਰ ਬਦਮਾਸ਼ਾਂ ਦੀ ਭਾਲ ਕੀਤੀ ਤਦ ਛੱਬੀ ਪਠਾਨਾਂ ਨੂੰ ਪਾਯਾ ਜੀ ਦੋ ਫੜੇ ਮਹੰਤ ਦੇ ਨਾਲ ਚੇਲੇ ਜਿਨ੍ਹਾਂ ਬੜਾ ਅਪ੍ਰਾਧ ਕਮਾਯਾ ਜੀ ਓਸੇ ਵਕਤ ਇਹਨਾਂ ਸਾਰੇ ਜ਼ਾਲਮਾਂ ਨੂੰ ਬੰਨ੍ਹ ਵੱਲ ਲਾਹੌਰ ਚਲਾਯਾ ਜੀ ਕਬਜ਼ਾ ਕਰ ਸਰਕਾਰ ਕਰਤਾਰ ਸਿੰਘਾ ਜੇਹਲ ਵਿੱਚ ਮਹੰਤ ਪੁਚਾਯਾ ਜੀ *ਤਲਾਸ਼ੀ ਲੈਣ ਤੇ ਮਹੰਤ ਪਾਸੋਂ ਕਾਰਤੂਸ ਨਿਕਲੇ ਜੋ ਕਾਬੂ ਕਰ ਲਏ॥

ਵਾਕ ਕਵੀ

ਅੱਧੀ ਰਾਤ ਨਾਲੋਂ ਬਹੁਤ ਬੀਤ ਚੁੱਕੀ ਗੁਰਦਵਾਰੇ ਗਿਰਦੇ ਪਹਿਰੇ ਲਾ ਕਰਕੇ ਜਿਹੜੇ ਫੜੇ ਗਏ ਮੁਲਜ਼ਮ ਫੜ ਲਏ ਕਰ ਕੈਦ ਗੱਡੀ ਬਠਲਾ ਕਰਕੇ ਹਾਕਮ ਥਾਓਂ ਥਾਈਂ ਸਾਰੇ ਜਾ ਸੁੱਤੇ, ਸੁੱਤੇ ਸਿੰਘ ਸਰਦਾਰ ਭੀ ਜਾ ਕਰਕੇ ਸਿਮੈਲਾਂ *ਭੱਟੀ ਤੇ ਓਸਦੇ ਹੋਰ ਸਾਥੀ ਛਿਪ ਗਏ ਕਿਧਰੇ ਵੇਲਾ ਪਾ ਕਰਕੇ ਲੋਕ ਜਾਂਗਲੀ ਆਪਣੇ ਵੜੇ ਪਿੰਡੀਂ ਸਾਧ ਨੱਠ ਗਏ ਖ਼ੂਨ ਮਚਾ ਕਰਕੇ ਆਪੋ ਆਪਣੀ ਰਾਹੀਂ ਬਦਮਾਸ਼ ਪੈ ਗਏ ਵੜਦਾ ਕੌਨ ਤਦੋਂ ਘੇਰਾ ਪਾ ਕਰਕੇ ਰਹਿ ਗਏ ਪਰਦੇਸੀ ਪਠਾਨ ਬਾਕੀ ਕਿੱਧਰ ਜਾਂਵਦੇ ਸਿਰ ਛਪਾ ਕਰਕੇ ਓਹ ਆਏ ਹੈਸਨ ਸਰਹੱਦ ਵੱਲੋਂ ਵਾਕਫ਼ ਹੋਇ ਨਹੀਂ ਸਨ ਚੰਗੇ ਆ ਕਰਕੇ ਨਹੀਂ ਤਾਂ ਉਹ ਭੀ ਕਿਸੇ ਪਾੱਸੇ ਖਿਸਕ ਜਾਂਦੇ ਜਾਣੂ ਹੁੰਦੇ ਤੇ ਦਾਉ ਬਚਾ ਕਰਕੇ ਕਿਸ ਫੜਨੇ ਸਨ ਕਰਤਾਰ ਸਿੰਘਾ ਨਿਕਲ ਜਾਂਵਦੇ ਮਿਲਮਿਲਾ ਕਰਕੇ *ਰਾਏ ਬੁਲਾਰ ਦੇ ਖ਼ਾਨਦਾਨ ਵਿਚੋਂ ਦੱਸੀਦਾ ਹੈ ਏਹ ਕਤਲ ਕਰਨ ਵਿਚ ਮਹੰਤ ਦਾ ਸਾਥੀ ਸੀ।

ਇੱਕੀ ਤਰੀਖ਼ ਦੀ ਕਾਰਵਾਈ

ਅੰਮ੍ਰਿਤ ਵੇਲੇ ਸਰਦਰ ਹਰਬੰਸ ਸਿੰਘ ਜਹੇ ਅੰਮ੍ਰਤਸਰੋਂ ਮੋਟਰ ਉਤੇ ਆਇ ਗਏ ਪਹਿਲੇ ਆਇਆਂ ਨਾਲ ਓਹ ਮਿਲੇ ਆਕੇ ਰਲ ਮਿਲਕੇ ਦੁੱਖ ਸੁਨਾਇ ਗਏ ਦਿਨ ਚੜ੍ਹੇ ਲੈ ਕੇ ਨਾਲ ਅਫ਼ਸਰਾਂ ਨੂੰ ਸਾਰੇ ਗੁਰਦ੍ਵਾਰੇ ਵੱਲੇ ਧਾਇ ਗਏ ਪਹਿਲਾਂ ਦੇਖੀ ਆਵੀ ਘੁਮਿਹਾਰ ਦੀ ਉਹ ਜਿੱਥੇ ਜੀਉਂਦੇ ਸਿੰਘ ਜਲਾਇ ਗਏ ਫੇਰ ਗਏ ਸੱਭੇ ਜਨਮ ਥਾਨ ਵੱਲੇ ਅੰਦਰ ਪੰਥ ਦੇ ਆਗੂ ਲੰਘਾਇ ਗਏ ਲੰਘ ਅਫ਼ਸਰਾਂ ਨੇ ਬੂਹਾ ਬੰਦ ਕੀਤਾ ਬਾਕੀ ਲੋਕ ਬਾਹਰੇ ਅਟਕਾਇ ਗਏ ਬੂਹਿਓਂ ਵੜਦਿਆਂ ਜਦ ਉਹ ਹਾਲ ਡਿੱਠਾ ਉਛਲ ਕਾਲਜੇ ਮੂੰਹਾਂ ਨੂੰ ਆਇ ਗਏ ਥੰਮ੍ਹੇ ਰਹੇ ਨ ਦਿਲ ਕਰਤਾਰ ਸਿੰਘਾ ਏਥੇ ਵੀਰ ਸਾਡੇ ਝਟਕਾਇ ਗਏ

ਅੰਦਰ ਦੀ ਹਾਲਤ

ਅੰਦਰ ਵੜਦਿਆਂ ਦਿੱਸੀ ਓਹ ਰਣਭੂਮੀ ਲੱਥੇ ਥਾਂ ਥਾਂ ਸਿੰਘਾਂ ਦੇ ਘਾਨ ਪਏ ਹਰ ਥਾਨ ਭਰਯਾ ਸਾਰਾ ਨਾਲ ਲਹੂ ਦੇ ਟੋੱਟੇ ਕੀਤੇ ਜਿੱਥੇ ਓ ਨਸ਼ਾਨ ਪਏ ਚਾਰੋਂ ਤਰਫ਼ ਖ਼ੂਨੋ ਖ਼ੂਨ ਪਿਆ ਦਿੱਸੇ ਫੱਟੜ ਹੋ ਹੋ ਜਿੱਥੇ ਜਵਾਨ ਪਏ ਕੰਘੇ ਕੇਸ ਪਰਕਰਮਾਂ ਵਿਚ ਰੁਲਦੇ ਦਰੀਆਂ ਕੱਪੜੇ ਲਹੂ ਲੁਹਾਨ ਪਏ ਟੁੱਟੇ ਜਨਮ ਸਥਾਨ ਦੇ ਪਏ ਸ਼ੀਸ਼ੇ ਗੁਰੂ ਗ੍ਰੰਥ ਜੀ ਜ਼ਖ਼ਮੀ ਜਾਨ ਪਏ ਖ਼ੂਨ ਨਾਲ ਰੁਮਾਲ ਭੀ ਭਰੇ ਹੋਏ ਓਹ ਦੱਸਦੇ ਸਾਰੇ ਬਿਆਨ ਪਏ ਕਿਵੇਂ ਘਾਨ ਲੱਥੇ ਗੁਰੂ ਪਿਆਰਯਾਂ ਦੇ ਜਿਹੜੇ ਸ਼ਰਨ ਸਨ ਬਾਬੇ ਦੀ ਆਨ ਪਏ ਬੂਹੇ ਤੋੜੇ ਤੇ ਜੰਗਲੇ ਪੁੱਟੇ ਹੋਏ ਕੰਧਾਂ ਵਾਲੇ ਨਸ਼ਾਨ ਜਤਾਨ ਪਏ ਏਥੇ ਗੋਲੀਆਂ ਦਾ ਚੰਗਾ ਮੀਂਹ ਵਰ੍ਹਯਾ ਕਿਤੋਂ ਧਾੜਵੀ ਸਾਨ ਪਠਾਨ ਪਏ ਵਿਚ ਨਾਲੀਆਂ ਅਤੇ ਚੁਬੱਚਿਆਂ ਦੇ ਖੂਨ ਜੱਮੇ ਹੋਏ ਇਹ ਬਤਾਨ ਪਏ ਏਥੇ ਨਾਦਰ ਦੀ ਕਤਲਆਮ ਹੋਈ ਥਾਂਉਂ ਵੇਂਹਦਿਆਂ ਦਿਲ ਬਰਾਨ ਪਏ ਹਾਲ ਵੀਰਾਂ ਦੇ ਵੇਖ ਕਰਤਾਰ ਸਿੰਘਾ ਸਿੰਘ ਰੋਇ ਰੋਇ ਨੀਰ ਵਗਾਨ ਪਏ

ਤਥਾ

ਪੰਜ ਭੱਠੀਆਂ ਮਾਸ ਦੇ ਨਾਲ ਭਰੀਆਂ ਤੇਲ ਪਾ ਪਾ ਦੇਹਾਂ ਜਲਾਈਆਂ ਹੋਈਆਂ ਸਾਫ਼ ਦਿੱਸਦੇ ਪਏ ਨਸ਼ਾਨ ਸਾਰੇ ਧੂ, ਧੂ ਕੇ ਦਿਹਾਂ ਲਿਆਂਈਆਂ ਹੋਈਆਂ ਓਹ ਦ੍ਰਖਤ ਵੇਖੇ ਵੀਰ ਜੀਉਂਦੇ ਹੀ ਦੇਹਾਂ ਬੰਨ੍ਹਕੇ ਨਾਲ ਲਟਕਾਈਆਂ ਹੋਈਆਂ ਅੱਗੇ ਭੱਠੀਆਂ ਤੋਂ ਚਾਰ ਹੋਰ ਲਾਸ਼ਾਂ ਨਜ਼੍ਰ ਪਈਆਂ ਜੋ ਉਨ੍ਹਾਂ ਰਖਾਈਆਂ ਹੋਈਆਂ ਕੇਸ ਉਨ੍ਹਾਂ ਦੇ ਸੱਜਰੇ ਕੱਟੇ ਹੋਏ ਤੇ ਲੰਗੋਟੀਆਂ ਤੇੜ ਪਹਿਨਾਈਆਂ ਹੋਈਆਂ ਮਤਲਬ ਏਹਿ ਕਿ ਸਿੰਘਾਂ ਨੇ ਸਾਧ ਮਾਰੇ ਕੱਛਾਂ ਤਾਜ਼ੀਆਂ ਹੈਸਨ ਲਾਹੀਆਂ ਹੋਈਆਂ ਮਿਲੀਆਂ ਪਾਸ ਨਸ਼ਾਨ ਦੋ ਤਿੱਨ ਲਾਸ਼ਾਂ ਦਿਹਾਂ ਛਵੀਆਂ ਨਾਲ ਕਟਾਈਆਂ ਹੋਈਆਂ ਏਸੇ ਤਰ੍ਹਾਂ ਹੀ ਗੁਰ ਅਸਥਾਨ ਅੰਦਰ ਓਸ ਪਾਪੀ ਨੇ ਜਿੰਦਾਂ ਕੁਹਾਈਆਂ ਹੋਈਆਂ ਥਾਂ ਥਾਂ ਤੇ ਚੁਰਟ ਹੀ ਨਜ਼੍ਰ ਆਵਨ ਓਹਨਾਂ ਬੁਰਛਯਾਂ ਨੂੰ ਜੋ ਪਿਆਈਆਂ ਹੋਈਆਂ ਗੁਰਥਾਨ ਦੇ ਵਿਚ ਕਰਤਾਰ ਸਿੰਘਾ ਪਾਪੀ ਹੋਲੀਆਂ ਖ਼ੂਨ ਖਡਾਈਆਂ ਹੋਈਆਂ

ਦੇਸ ਵਿਚ ਰੌਲਾ

ਕੁਝ ਤਾਰਾਂ ਨੇ ਖ਼ਬਰ ਪੁਚਾ ਦਿੱਤੀ ਕੁਝ ਹੈ ਆਕਾਸ਼ ਨੂੰ ਰਾਹਿ ਭਾਈ ਝਟਾ ਪਟ ਸਾਰੇ ਖ਼ਬਰ ਫੈਲ ਗਈ ਪਿੰਡ ਪਿੰਡ ਨੱਗਰ ੨ ਜਾਇ ਭਾਈ ਗੁਰੂ ਪੰਥ ਦਾ ਲਾਡਲਾ ਵੀਰ ਦੋ ਸੌ ਦਿਤਾ ਹੈ ਮਹੰਤ ਕੁਹਾਇ ਭਾਈ ਜੀਉਂਦੇ ਲਾਡਲੇ ਗੁਰੂ ਦੇ ਲਾਲ ਪਿਆਰੇ ਦਿਤੇ ਪਾ ਕੇ ਤੇਲ ਜਲਾਇ ਭਾਈ ਜ਼ਬ੍ਹਾ ਕੀਤੇ ਕਸਾਈ ਨੇ ਬੁਰੀ ਤਰ੍ਹਾਂ ਸਾੜੇ ਭੱਠੀਆਂ ਵਿਚ ਸੁਟਾਇ ਭਾਈ ਕਹਿਰ ਬੜਾ ਕੀਤਾ ਪਾਪੀ ਸਾਧ ਨੇ ਇਹ ਪੰਥ ਗੁਰੂ ਦਾ ਖ਼ੌਫ਼ ਭੁਲਾਇ ਭਾਈ ਪੁੱਤ ਮਾਵਾਂ ਦੇ ਦੁੱਖਾਂ ਦੇ ਨਾਲ ਪਾਲੇ ਮਾਰੇ ਬੇਗੁਨਾਹ ਰੁਲਾਇ ਭਾਈ ਇਹ ਸੁਣਦੇ ਸਾਰ ਕਰਤਾਰ ਸਿੰਘਾ ਜੋਸ਼ ਦੇਸ ਅੰਦਰ ਗਿਆ ਛਾਇ ਭਾਈ

ਥਾਂ ਥਾਂ ਤੋਂ ਕਮਰ ਕੱਸੇ

ਖ਼ਬਰ ਦੇਸ ਦੇ ਵਿਚ ਇਹ ਜਦੋਂ ਧੁੰਮੀ ਘਰ ਘਰ ਵਿਚ ਪਈ ਪੁਕਾਰ ਸਾਰੇ ਮੁਸਲਮਾਨ ਤੇ ਹਿੰਦੂ ਭੀ ਰੋ ਉਠੇ ਪਾਪੀ ਸਾਧ ਨੂੰ ਦੇਣ ਫਟਕਾਰ ਸਾਰੇ ਮਾਈਆਂ ਭੈਣਾਂ ਦੇ ਕਾਲਜੇ ਉਛਲੇ ਆ ਗ਼ਮ ਖਾ ਗਏ ਪਰਵਾਰ ਸਾਰੇ ਪੁਤ ਵੀਰ ਤੇ ਪਤੀ ਨ ਘਰ ਜਿਨ੍ਹਾਂ ਪਏ ਉਨ੍ਹਾਂ ਉਤੇ ਦੁਖ ਭਾਰ ਸਾਰੇ ਭਾਈ ਚਲੋ ਸ਼ਹੀਦਾਂ ਦੇ ਕਰੋ ਦਰਸ਼ਨ ਝੱਟ ਪਟ ਹੋ ਗਏ ਤਯਾਰ ਸਾਰੇ ਰੌਲਾ ਪੈ ਗਿਆ ਇਉਂ ਕਰਤਾਰ ਸਿੰਘਾ ਰੋਕੇ ਪੱਤਨ ਆ ਸਰਕਾਰ ਸਾਰੇ

ਰਾਹ ਵਿਚ ਆਉਂਦੀਆਂ ਮਾਈਆਂ ਦੇ ਜੋਸ਼

ਜਿਨ੍ਹਾਂ ਪੁੱਤ ਮਾਰੇ ਸਾਡੇ ਕੋਹ ਕੋਹ ਕੇ ਅਸਾਂ ਵੰਡੀਆਂ ਉਨ੍ਹਾਂ ਦੀਆਂ ਪਾਣੀਆਂ ਨੇ ਸਾਧਾਂ ਝੋਟਿਆਂ ਬੁਰਛਯਾਂ ਪਾਪੀਆਂ ਨੂੰ ਫੜ ਬੋਟੀਆਂ ਲਾਹਕੇ ਖਾਣੀਆਂ ਨੇ ਵਿੱਚ ਪਿੰਡਾਂ ਦੇ ਵੜਨ ਨ ਕਦੇ ਦੇਣੇ ਨ ਮਲਾਈਆਂ ਲਾਹ ਖਵਾਣੀਆਂ ਨੇ ਪਾਲੇ ਬੁਰਛੇ ਦੁੱਧ ਪਿਆਲ ਕਰਕੇ ਕੀਹ ਪਤਾ ਇਹ ਔਤਰ ਢਾਣੀਆਂ ਨੇ ਜਟਾਂ ਵਾਲਿਆਂ ਨੇ ਲੁੱਟ ਦੇਸ ਖਾਧਾ ਦੇਣ ਮੱਖਣ ਦੁੱਧ ਸਵਾਣੀਆਂ ਨੇ ਸੱਤੀ ਪੀੜੀ ਹੱਗੇ ਕਰਤਾਰ ਸਿੰਘਾ ਰਖੋ ਯਾਦ ਜੋ ਇਹ ਵਿਹਾਣੀਆਂ ਨੇ

ਭੈਣਾਂ ਦੇ ਰੋਹ

ਸਾਡੇ ਪੰਥ ਦੇ ਵੀਰ ਪਿਆਰੇ ਮਾਰੇ ਸਾਨੂੰ ਸੌਂਹ ਵਿਹੜੇ *ਸਾਧ ਵੜਨ ਦਹੀਏ ਗੁਦੇ ਮਾਰਕੇ ਪਿੰਡਾਂ ਤੋਂ ਕੱਢ ਦੇਣੇ ਘਰੀਂ ਕਦੇ ਭੀ ਪੈਰ ਨ ਧਰਨ ਦਹੀਏ ਦੁੱਧ ਮੰਗਣ ਸਿਰ ਸਵਾਹ ਪਾਈਏ ਚੌਂਕੇ ਵਿਚ ਚੰਡਾਲ ਨ ਚੜ੍ਹਨ ਦਹੀਦੇ ਇਨ੍ਹਾਂ ਵਿਹਲਯਾਂ ਝੋਟਿਯਾਂ ਪਾਪੀਆਂ ਨੂੰ ਕਰੀਏ ਤਰਸ ਨਾਹੀਂ ਭੁੱਖੇ ਮਰਨ ਦਹੀਏ ਵਿਚੋਂ ਡੇਰਿਆਂ ਇਨ੍ਹਾਂ ਨੂੰ ਕੱਢ ਦੇਣਾ ਕਿਉਂ ਇਨ੍ਹਾਂ ਨੂੰ ਗੋਗੜਾਂ ਭਰਨ ਦਹੀਏ ਵੈਰੀ ਪੰਥ ਦੇ ਇਹ ਕਰਤਾਰ ਸਿੰਘਾ ਵਿਚ ਪਿੰਡਾਂ ਦੇ ਕਿਉਂ ਵਿਚਰਨ ਦਹੀਏ *ਸਾਧ ਨਾਮ ਮੁਫ਼ਤ ਖੋਰਿਆਂ ਦਾ ਨਹੀਂ ਹੈ। ਗੁਰੂ ਜੀ ਦਸਦੇ ਹਨ ਕਿ ਸਾਧ ਕੌਨ ਹਨ “ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁੱਖਾ”

ਵਾਕ ਕਵੀ

ਚਹੁੰ ਪਾਸੀਂ ਆ ਪੈ ਵਹੀਰ ਗਏ ਮਾਈ ਭਾਈ ਸਭ ਕੰਮ ਵਸਾਰ ਚੱਲੇ ਰਾਤ ਦਿਨ ਨ ਕਿਸੇ ਨੇ ਮੂਲ ਡਿੱਠਾ ਕਰ ਕਮਰ ਕੱਸੇ ਹੋ ਤਯਾਰ ਚੱਲੇ ਹਿਰਦੇ ਸਭ ਦੇ ਜ਼ਖ਼ਮੀ ਹੋਇ ਪਏ ਡਾਢੀ ਵੀਰਾਂ ਦੀ ਪੀੜ ਸਹਾਰ ਚੱਲੇ ਪਈਆਂ ਧਮਕਾਂ ਦੇਸ ਪੰਜਾਬ ਅੰਦਰ ਸਿੰਘ ਰੋਹ ਨੂੰ ਹਿਰਦੇ ਧਾਰ ਚੱਲੇ ਕੰਬੀ ਖ਼ਲਕਤ ਧਰਤੀ ਡੋਲ ਗਈ ਦਸਵੇਂ ਗੁਰੂ ਦੇ ਬੀਰ ਅਪਾਰ ਚੱਲੇ ਭਾਵੇਂ ਬੰਦ ਰੇਲਾਂ ਪਹਿਲੇ ਹੋ ਗਈਆਂ ਸੈ ਕੋਹਾਂ ਦੇ ਪੰਧਾਂ ਨੂੰ ਮਾਰ ਚੱਲੇ ਕਿਵੇਂ ਜਾਇ ਸ਼ਹੀਦਾਂ ਦੇ ਦਰਸ ਕਰੀਏ ਹਿਰਦੇ ਸਭਦੇ ਹੋ ਉਡਾਰ ਚੱਲੇ ਡੋਰ ਪੰਥ ਪਰੇਮ ਕਰਤਾਰ ਸਿੰਘਾ ਗੁੱਡੀ ਵਾਂਗ ਖਿੱਚੇ ਬੇਸ਼ੁਮਾਰ ਚੱਲੇ

ਭਾਈ ਕਰਤਾਰ ਸਿੰਘ ਜੀ ਝੱਬਰ ਦਾ ਜੱਥਾ

ਇਹ ਬੀਰ ਬਾਂਕਾ ਪਿੰਡ ਝੱਬਰਾਂ ਦਾ ਸ਼ੇਖ਼ੂਪੁਰੇ ਦਾ ਜ਼ਿਲ੍ਹਾ ਪਛਾਨੀਏ ਜੀ ਵਿਰਕ ਤੱਪੇ ਦਾ ਸੂਰਮਾ ਸਿੱਖ ਪੂਰਾ ਖੜਕੇਦਾਰ ਸੱਚਾ ਸਿੰਘ ਜਾਨੀਏਂ ਜੀ ਗੁਰੂ ਪੰਥ ਉੱਤੋਂ ਕੁਰਬਾਨ ਹੋਯਾ ਅਤੇ ਜ਼ਿੰਦਾ ਸ਼ਹੀਦ ਬਖਾਨੀਏਂ ਜੀ ਸ਼ਚੇ ਸੌਦੇ ਇਹ ਜੱਥੇ ਦੇ ਨਾਲ ਹੈਸੀ ਨਾਲ ਸਿੰਘ ਹਜ਼ਾਰ ਕੂ ਠਾਨੀਏ ਜੀ ਇਹਨੂੰ *ਖ਼ਬਰ ਪੁੱਜੀ ਸਚੇ ਸੌਦੇ ਅੰਦਰ ਜੋ ਸਿੰਘਾਂ ਦੇ ਸਿਰ ਵਿਹਾਣੀਏਂ ਜੀ ਦਿਨ ਅਗਲੇ ਇਹ ਕਰਤਾਰ ਸਿੰਘਾ ਸਿੰਘ ਟੁਰਯਾ ਹੋਣ ਕੁਰਬਾਣੀਏਂ ਜੀ *ਧਰਮ ਸਿੰਘ ਚੂੜ੍ਹਕਾਣੇ ਵਾਲੇ ਨ ੧੧ ਬਜੇ ਜਾਕੇ ਸੱਚੇ ਸੌਦੇ ਗੁਰਦ੍ਵਾਰੇ ਤਾਰ ਦੱਸੀ।

ਏਸ ਜੱਥੇ ਨੇ ਰਸਤੇ ਵਿਚ ਇਕ ਮੋਟਰ ਫੜਨੀ

ਟੁਰਨ ਲੱਗਿਆਂ ਹੀ ਕਰਤਾਰ ਸਿੰਘ ਨੇ ਸਾਰੇ ਜੱਥੇ ਨੂੰ ਸੀ ਸੁਨਾਇ ਲਿਆ ਜਿਸ ਪੰਥ ਦੇ ਹੁਕਮ ਨੂੰ ਮੱਨਨਾ ਨਹੀਂ ਜੋ ਫੈਸਲਾ ਪੰਥ ਕਰਾਇ ਲਿਆ ਓਹ ਏਥੋਂ ਹੀ ਅਗ੍ਹਾਂ ਨ ਪੈਰ ਪਾਏ ਸਾਰਾ ਫੈਸਲਾ ਕਰ ਇਕ ਦਾਇ ਲਿਆ ਸੀਸ ਦੇਵਨੇ ਹੱਥ ਉਠਾਵਨਾ ਨਹੀਂ ਗੁਰੂ ਪੰਥ ਨੇ ਇਹ ਠਹਿਰਾਇ ਲਿਆ ਮੱਨ ਲਿਆ ਇਹ ਸਾਰਿਆਂ ਟੁਰ ਪਏ ਕੁਝ ਥੋੜਾ ਹੀ ਪੰਧ ਮੁਕਾਇ ਲਿਆ *ਮੋਟਰ ਆਂਵਦੀ ਸਾਮ੍ਹਣੇ ਨਜ਼ਰ ਪਈ ਸਿੰਘਾਂ ਓਸ ਤਾਈਂ ਅਟਕਾਇ ਲਿਆ ਓਹਦੇ ਵਿਚ ਗੁਰ ਭਾਈ ਨਰੈਣੇ ਦਾ ਸੀ ਓਹਨੂੰ ਫੜ ਸਿੰਘਾਂ ਉਤੋਂ ਲਾਹਿ ਲਿਆ ਤੁਰਲੇ ਕਰਦਾ ਦੰਦੀਆਂ ਵਿਲਕਦਾ ਓਹ ਮੈਨੂੰ ਮਾਰਯੋ ਨ ਪੱਲਾ ਪਾਇ ਲਿਆ ਸਾਨੂੰ ਮਾਰਨੇ ਦਾ ਭਾਈ ਹੁਕਮ ਨਾਹੀਂ ਪੰਥ ਆਗੂਆਂ ਹੈ ਵਰਜਾਇ ਲਿਆ ਮੁਸ਼ਕਾਂ ਬੰਨ੍ਹਕੇ ਸਾਥੀਆਂ ਸਣੇ ਓਹਨੂੰ ਤੁਰਤ ਖਾਲਸੇ ਨੇ ਅੱਗੇ ਲਾਇ ਲਿਆ ਓਹਨੂੰ ਆਨ ਕੇ ਪੁਲਸ ਦੇ ਹੱਥ ਦਿੱਤਾ ਪਾਪੀ ਜ਼ਾਲਮਾਂ ਤਈਂ ਬਚਾਇ ਲਿਆ ਧੱਨ ਖਾਲਸਾ ਪੰਥ ਕਰਤਾਰ ਸਿੰਘਾ ਵੱਡਾ ਹੌਸਲਾ ਇਹ ਦਖਾਇ ਲਿਆ *ਮੋਟਰ ਵਿਚ ਦੇਵੀ ਦਾਸ ਤੇ ਅਰਜਨ ਦਾਸ ਭਣੇਵਾਂ ਮਹੰਤ ਦਾ ਬਾਬੇ ਥੱਮਣ ਵਾਲਾ ।

ਵਾਕ ਕਵੀ

ਦੇਸ ਵਾਸੀਓ ਜੇਕਰ ਇਹ ਪਾਪੀ ਹੋਰੀ ਮਜ਼੍ਹਬ ਦਾ ਕੁਝ ਵਗਾੜਦਾ ਜੇ ਮੁਸਲਮਾਨ ਯਾਂ ਹਿੰਦੂਆਂ ਮਜ਼੍ਹਬ ਅੰਦਰ ਭਾਰਾ ਏਤਨਾ ਕਹਿਰ ਗੁਜ਼ਾਰਦਾ ਜੇ ਤੁਹਾਡੇ ਹੱਥ ਆ ਜਾਂਵਦਾ ਫੇਰ ਪਾਪੀ ਬੰਦਾ ਪਾਸ ਨ ਹੁੰਦਾ ਸਰਕਾਰ ਦਾ ਜੇ ਕਰਦੇ ਕੀਹ ਸਲੂਕ ਕਰਤਾਰ ਸਿੰਘਾ ਮੇਰਾ ਸਵਾਲ ਇਹ ਠੀਕ ਵਚਾਰਦਾ ਜੇ

ਤਥਾ

ਵਾਹ ਵਾਹ ਖਾਲਸਾ ਪੰਥ ਰੰਗੀਲੜਾ ਤੂੰ ਗੁਰਮਤੇ ਦੀ ਕਦਰ ਤੂੰ ਸਦਾ ਕਰਦਾ ਜੋ ਪੰਥ ਦਾ ਫੈਸਲਾ ਗੁਰੂ ਦਾ ਓਹ ਸਿਰ ਮੱਥੇ ਤੇ ਮੱਨ ਕੇ ਸਦਾ ਧਰਦਾ ਜੱਥੇਦਾਰਾਂ ਦੇ ਹੁਕਮ ਸੋ ਗੁਰੂ ਦੇ ਨੇ ਮੰਨ ਉਨ੍ਹਾਂ ਨੂੰ ਦੁਖ ਤੇ ਜ਼ੁਲਮ ਜਰਦਾ ਜੱਥੇਬੰਦੀ ਹੈ ਇਹੋ ਕਰਤਾਰ ਸਿੰਘਾ ਜਿਧੇ ਲੱਗ ਪਿਛੇ ਵੇਖੋ ਪੰਥ ਤਰਦਾ

ਭਾਈ ਕਰਤਾਰ ਸਿੰਘ ਦੇ ਜੱਥੇ ਨੂੰ ਬਾਹਿਰ ਡੱਕ ਦੇਨਾ

ਸੋਮਵਾਰ ਲੌਢੇ ਵੇਲੇ ਚਾਰ ਬਜੇ ਗਿਆ ਨੇੜੇ ਨਨਕਾਣੇ ਦੇ ਆਇ ਜੱਥਾ ਝੱਟ ਅਫਸਰਾਂ ਦੇ ਤਈਂ ਖਬਰ ਹੋਈ ਫਿਕਰ ਪਿਆ ਨ ਜ਼ੋਰ ਉਠਾਇ ਜੱਥਾ ਕਹਯਾ ਸੱਦ ਸਰਦਾਰ ਮਤਾਬ ਸਿੰਘ ਨੂ ਦਿਹੋ ਬਾਹਿਰ ਹੀ ਦੂਰ ਅਟਕਾਇ ਜੱਥਾ ਦਿਲ ਐਸ ਵੇਲੇ ਜ਼ਖ਼ਮੀ ਸਿੰਘਾਂ ਦੇ ਨੇ ਮਤਾਂ ਹੋਰ ਨ ਰੰਗ ਖੰਡਾਇ ਜੱਥਾ ਦੇਕੇ ਹੌਸਲਾ ਬਾਹਰ ਉਤਾਰ ਦਿਹੋ ਢੱਬ ਨਾਲ ਨ ਜਿਵੇਂ ਘਬਰਾਇ ਜੱਥਾ ਮਿਲੇ ਜਾ ਅੱਗੋਂ ਸਰਦਾਰ ਸਾਹਿਬ ਬੋਲ ਵਾਹਿਗੁਰੂ ਫ਼ਤੇ ਸੁਨਾਇ ਜੱਥਾ ਦਿਲ ਚਾਹੁੰਦੇ ਅਸੀਂ ਸ਼ਹੀਦ ਹੋਈਏ ਓਹਨਾਂ ਵੀਰਾਂ ਦਾ ਸਾਥ ਕਰਾਇ ਜੱਥਾ ਜੇਕਰ ਮਰਨ ਦਾ ਦੇਂਵਦੇ ਖ਼ੌਫ਼ ਸਾਨੂੰ ਖ਼ੌਫ਼ ਮੌਤ ਤੋਂ ਮੂਲ ਨ ਖਾਇ ਜੱਥਾ ਜਾਕੇ ਵੀਰਾਂ ਦੇ ਹੁਣੇ ਦੀਦਾਰ ਕਰਨੇ ਅਗੋਂ ਲਏਗਾ ਫ਼ੌਜ ਹਟਾਇ ਜੱਥਾ *ਭੇਦ ਕਈ ਸਮਝਾ ਕਰਤਾਰ ਸਿੰਘ ਨੂੰ ਦਿੱਤਾ ਦੂਰ ਹੀ ਬਾਹਿਰ ਠਰਾਇ ਜੱਥਾ, ਵਿਚ ਜੰਗਲ ਦੇ ਸਿੰਘ ਬੈਠ ਗਏ ਹੁਕਮ ਪੰਥ ਦਾ ਨਹੀਂ ਪਰਤਾਇ ਜੱਥਾ ਲੱਗੇ ਕਾਲਜੇ ਦਾਹ ਕਰਤਾਰ ਸਿੰਘਾ ਕਿਵੇਂ ਓਹ ਦਿਲੋਂ ਭੁੱਲ ਜਾਇ ਜੱਥਾ *ਭਾਵੇਂ ਓਸ ਵੇਲੇ ਸਿੰਘਾਂ ਦੇ ਦਿਲ ਸਖ਼ਤ ਜੋਸ਼ ਵਿਚ ਸਨ ਪਰ ਸ੍ਰ: ਬਹਾਦਰ ਸ੍ਰ: ਮਤਾਬ ਸਿੰਘ ਜੀ ਦੇ ਕਹਿਨ ਕਰਕੇ ਭਾਈ ਕਰਤਾਰ ਸਿੰਘ ਜੀ ਝੱਬਰ ਦੀ ਦਾਨਾਈ ਨਾਲ ਜੱਥੇ ਨੂੰ ਧੀਰਜ ਦੇਕੇ ਬਠਾਯਾ ਗਿਆ॥

ਸਿੰਘਾਂ ਦੇ ਦਲ

ਦੂਰੋਂ ਨੇੜਿਓਂ ਸਿੰਘ ਜੋ ਚਲੇ ਹੈਸਨ ਆ ਚਹੂੰ ਪਾਸੀਂ ਨਮੂਦਾਰ ਹੋਏ ਜਿਗਰ ਪੰਥ ਦੇ ਛਾਨਨੀ ਹੋਇ ਹੋਏ ਕੱਠੇ ਆ ਸਿੰਘ ਕਈ ਹਜ਼ਾਰ ਹੋਏ ਮਾਈਆਂ ਬੀਬੀਆਂ ਬੱਚਿਆਂ ਅੰਤ ਨ ਸੀ ਚੌਗਿਰਦ ਕਰਤਾਰ ਕਰਤਾਰ ਹੋਏ ਸਭੋ ਚਾਹੁੰਦੇ ਦੇਖਨਾ ਹਾਲ ਸਾਰਾ ਕਿਵੇਂ ਧਰਮ ਤੇ ਵੀਰ ਬਲਿਹਾਰ ਹੋਏ ਦੂਰ ਦੂਰ ਜੱਥੇਦਾਰਾਂ ਡੱਕ ਦਿੱਤੇ ਤੀਰ ਜਿਨ੍ਹਾਂ ਦੇ ਸੀਨਿਓਂ ਪਾਰ ਹੋਏ ਮਤਾਂ ਫੌਜ ਦੇ ਨਾਲ ਨ ਹੋਏ ਝਗੜਾ ਏਸ ਗੱਲ ਦੇ ਫਿਕਰ ਅਪਾਰ ਹੋਏ ਦੂਰ ਦੂਰ ਡੇਰੇ ਸਿੰਘ ਘੱਤ ਬੈਠੇ ਕੱਠੇ ਫੇਰ ਅਫਸਰ ਸਰਦਾਰ ਹੋਏ ਲੱਗੇ ਕਰਨ ਵਿਚਾਰ ਕਰਤਾਰ ਸਿੰਘਾ ਕੰਮ ਸ਼ਾਂਤੀ ਨਾਲ ਜਿਉਂ ਸਾਰ ਹੋਏ

ਸਰਦਾਰ ਮਤਾਬ ਸਿੰਘ ਜੀ ਨੇ ਅਫਸਰਾਂ ਨੂੰ ਸਲਾਹ ਦੇਨੀ

ਜਦੋਂ ਪੁਛਯਾ ਅਫਸਰਾਂ ਕੀਹ ਕਰੀਏ ਕਿਵੇਂ ਕਾਰ ਹੁਣ ਇਹ ਨਬਾਹੀ ਜਾਵੇ ਦਬਾ ਦਬ ਆ ਰਿਹਾ ਹੈ ਪੰਥ ਸਾਰਾ ਇਹ ਹਜੂਮ ਕਿਸਤਰ੍ਹਾਂ ਅਟਕਾਈ ਜਾਵੇ ਸੋਚ ਸਮਝ ਸਰਦਾਰ ਜੀ ਇਓਂ ਕਿਹਾ ਏਥੋਂ ਫੌਜ ਹੁਣ ਝੱਟ ਹਟਾਈ ਜਾਵੇ ਦਿਲ ਪੰਥ ਦੇ ਦੁਖੀ ਨੇ ਏਸ ਵੇਲੇ ਵਿਚ ਹੋਰ ਨ ਕਾਰ ਵਧਾਈ ਜਾਵੇ ਨਾਲ ਜ਼ੋਰ ਦੇ ਤੱਕਨਾ ਨਹੀਂ ਚੰਗਾ ਧੀਰਜ ਸ਼ਾਂਤੀ ਅਗੋਂ ਦਖਾਈ ਜਾਵੇ ਕਬਜ਼ਾ ਪੰਥ ਨੂੰ ਦੇ ਸਰਕਾਰ ਦੇਵੇ ਝਟਾ ਪੱਟ ਕਮੇਟੀ ਬਨਾਈ ਜਾਵੇ ਇਹ ਮੰਨ ਲਿਆ ਸਭਨਾਂ ਹਾਕਮਾਂ ਨੇ ਕਹਿੰਦੇ ਝੱਬ ਕੀਤੀ ਕਾਰਵਾਈ ਜਾਵੇ ਓਸੇ ਵੇਲੇ ਹੀ ਬੈਠ ਕਰਤਾਰ ਸਿੰਘਾ ਬਨ ਗਈ *ਕਮੇਟੀ ਸੁਨਾਈ ਜਾਵੇ *ਸਰਦਾਰ ਹਰਬੰਸ ਸਿੰਘ ਜੀ ਪ੍ਰਧਾਨ, ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ ਮੀਤ ਪਰਧਾਨ ਮੈਂਬਰ - ਭਾਈ ਜੋਧ ਸਿੰਘ ਜੀ ਐਮ.ਏ. ਭਾਈ ਅਮਰਸਿੰਘ ਜੀ ਐਡੀਟਰ ਭਾਈ ਕਰਤਾਰ ਸਿੰਘ ਜੀ ਝੱਬਰ ਆਦਿਕ । ਸ੍ਰਦਾਰ ਹਰਬੰਸ ਸਿੰਘ ਜੀ ਤਾਂ ਝਬਦੇ ਹੀ ਭਾਰ ਸੁਟਕੇ ਲਾਂਭੇ ਹੋ ਗਏ।

ਗੁਰਦਵਾਰੇ ਤੇ ਪੰਥ ਦਾ ਕਬਜ਼ਾ

ਬਣ ਗਏ ਪਰਧਾਨ ਹਰਬੰਸ ਸਿੰਘ ਜੀ ਜਿਨ੍ਹਾਂ ਪੰਥ ਦੀ ਸੇਵਾ ਨਭਾਈ ਚੰਗੀ ਇਹ ਅਟਾਰੀ ਵਾਲੇ ਖਾਨਦਾਨ ਵਿਚੋਂ ਇਹਨਾ ਵਿਚ ਮੁੱਢੋਂ ਸੂਰਮਤਾਈ ਚੰਗੀ ਸੁੰਦਰ ਸਿੰਘ ਜੀ ਮੀਤ ਪ੍ਰਧਾਨ ਚੁਣੇ ਰਾਮਗੜੀਏ ਅਕਲ ਸਫਾਈ ਚੰਗੀ ਮਿਸਟਰ ਕਿੰਗ ਨੇ ਕਬਜ਼ਾ ਦੇ ਦਿੱਤਾ ਇਹਨਾਂ ਨਾਲ ਕਮੇਟੀ ਬਨਾਈ ਚੰਗੀ ਝੱਟਪੱਟ ਫੌਜਾਂ ਪਿਛੇ ਹਟ ਗਈਆਂ ਕੀਤੀ ਹਾਕਮਾਂ ਇਹ ਦਨਾਈ ਚੰਗੀ ਜੁੱਮਾਂ ਪੰਥ ਦਾ ਹੋਯਾ ਕਰਤਾਰ ਸਿੰਘਾ ਧੀਰਜ ਖਾਲਸੇ ਨੇ ਭੀ ਰਖਾਈ ਚੰਗੀ

ਪੰਥ ਵਿਚ ਤੇ ਸ਼ਹਿਰ ਵਿਚ ਖ਼ਬਰ ਕਰ ਦੇਨੀ

ਝਟਪਟ ਇਹ ਹੋ ਐਲਾਨ ਗਿਆ ਹੁਣ ਸਿੰਘ ਨ ਜੋਸ਼ ਦਖਾਇ ਕੋਈ ਕਬਜ਼ਾ ਪੰਥ ਦਾ ਹੋ ਗਿਆ ਗੁਰੂ ਘਰ ਤੇ ਹੁਣ ਪੈਰ ਮਹੰਤ ਨ ਪਾਇ ਕੋਈ ਗੁਰੂ ਖਾਲਸਾ ਸਭ ਦਾ ਹੈ ਰਾਖਾ ਕਿਸੇ ਜੀਵ ਨੂੰ ਨਹੀਂ ਸਤਾਇ ਕੋਈ ਲੋਕ ਕਰਨ ਕਾਰਾਂ ਹੋ ਬੇਖਤਰ ਸਾਰੇ ਦੁਖ ਕਿਸੇ ਨੂੰ ਨਹੀਂ ਪੁਚਾਇ ਲੜਨਾ ਭਿੜਨਾ ਕਿਸੇ ਦੇ ਨਾਲ ਨਾਹੀਂ ਕੁਝ ਕਿਸੇ ਦਾ ਨਹੀਂ ਗਵਾਇ ਕੋਈ ਰੱਖ ਸਬਰ ਸੰਤੋਖ ਕਰਤਾਰ ਸਿੰਘਾ ਵਿਚ ਜੋਸ਼ ਦੇ ਮੂਲ ਨ ਆਇ ਕੋਈ

ਪੰਥ ਨੇ ਜੈਕਾਰੇ ਗਜਾਂਦਿਆਂ ਗੁਦਵਾਰੇ ਵਿਚ ਦਾਖਲ ਹੋਨਾ

ਹੈਸੀ ਫੌਜ ਦਾ ਕਬਜ਼ਾ ਹੱਟ ਚੁੱਕਾ ਸ੍ਰੀ ਵਾਹਿਗੁਰੂ ਫੜ੍ਹੇ ਗਜਾਇ ਕਰਕੇ ਕਲਗੀਧਰ ਦਾ ਪੰਥ ਅਕਾਲੀ ਸੋਹਣਾ ਪਹੁੰਚਾ ਗੁਰਦ੍ਵਾਰੇ ਅੰਦ੍ਰ ਧਾਇ ਕਰਕੇ ਗੂੰਜ ਉਠਿਆ ਧਰਤ ਆਕਾਸ਼ ਸਾਰਾ ਪੰਥ ਆਂਵਦਾ ਫਤੇ ਬੁਲਾਇ ਕਰਕੇ ਡਿੱਠੇ ਥਾਂ ਜਿੱਥੇ ਵੀਰ ਕਤਲ ਹੋਏ ਧਰਮ ਬਦਲੇ ਦੁੱਖ ਉਠਾਇ ਕਰਕੇ ਅੰਦ੍ਰ ਲੰਘਦਿਆਂ ਹੀ ਭੁੱਭਾਂ ਨਿਕਲ ਗਈਆਂ ਜਾਵੇ ਦੁੱਖ ਓਹ ਜਿਗਰ ਜਲਾਇ ਕਰਕੇ ਜਦੋਂ ਭੱਠੀਆਂ ਦੇ ਵੱਲ ਨਜ਼ਰ ਪਈ ਖ਼ੂਨ ਫੱਟਦਾ ਰੋਮਾਂ ਤੋਂ ਆਇ ਕਰਕੇ ਅੱਗ ਬਲੇ ਪਰ ਕਿਸ ਤੇ ਜਾਇ ਕੱਢੀ ਸੜਨ ਆਪਣੇ ਜਿਗਰ ਦਬਾਇ ਕਰਕੇ ਵੇਖਨ ਵੀਰਾਂ ਦੀਆਂ ਲੋਥਾਂ ਰੁਲਦੀਆਂ ਜਾਂ ਕੰਘੇ ਕੇਸ ਤੇ ਕੜੇ ਉਠਾਇ ਕਰਕੇ ਨਾਲ ਛਾਤੀਆਂ ਦੇ ਲਾ, ਲਾ ਰੋਣ ਭੈਣਾਂ ਖੂਨ ਅੱਥਰੂ ਅੱਖੀਂ ਵਗਾਇ ਕਰਕੇ ਜਦੋਂ ਧਰਤੀ ਦੇ ਵੱਲ ਨਿਗ੍ਹਾ ਜਾਵੇ ਨੈਨ ਪਾਟ ਜਾਵਨ ਸ਼ਰਮਾਇ ਕਰਕੇ ਇਹ ਸਾਡਿਆਂ ਵੀਰਾਂ ਦਾ ਖੂਨ ਹੈ ਜੀ ਅਸੀਂ ਜੀਉਂਦੀਆਂ ਹਾਂ ਦੁਖ ਪਾਇ ਕਰਕੇ ਬੱਧੇ ਨਾਲ ਦ੍ਰਖਤ ਵੀਰ ਸੜੇ ਮਾਈਆਂ ਦੇਖਦੀਆਂ ਜਦੋਂ ਜਾਇ ਕਰਕੇ ਫੁੱਟ ਫੁੱਟ ਚੀਕਾਂ ਆਪੇ ਨਿਕਲ ਜਾਵਨ ਡਿੱਗ ਪੈਨ ਭੈਣਾ ਗਸ਼ ਖਾਇ ਕਰਕੇ ਇਹ ਵੀਰਾਂ ਦੀਆਂ ਕੱਛਾਂ ਰੁਲਦੀਆਂ ਨੇ ਐਹ ਕੇਸ ਨੇ ਸੁੱਟੇ ਕਟਾਇ ਕਰ ਕੇ ਆਹ ਖੋਪੜੀਆਂ ਸਾਡੇ ਲਾਲਾਂ ਦੀਆਂ ਕੜੇ ਚੁੰਮਦੀਆਂ ਹਾਇ ਹਾਇ ਕਰਕੇ ਏਸ ਤਰਾਂ ਦਾ ਹਾਲ ਕਰਤਾਰ ਸਿੰਘਾ ਕਾਹਨੂੰ ਫੋਲਦਾ ਰਿਦਾ ਤਪਾਇ ਕਰਕੇ

ਧੀਰਜ ਵਾਨਾਂ ਨੇ ਧੀਰਜਾਂ ਦੇਨੀਆਂ

ਗੁਰਦਵਾਰੇ ਅੰਦਰ ਕਰਨਾ ਰਸ ਛਾਯਾ ਦਾੱਨੇ ਵੀਰ ਜਿਹੜੇ ਸਮਝਾਂਵਦੇ ਨੇ ਭਾਣਾ ਮੰਨਨਾ ਖਲਸਾ ਕੰਮ ਸਾਡਾ ਸਾਨੂੰ ਕੀਰਨੇ ਨਹੀ ਸੁਹਾਂਵਦੇ ਨੇ ਸਾਡੇ ਵੀਰ ਨ ਮਰੇ ਓਹ ਜੀਵੰਦੇ ਨੇ ਜਿਹੜੇ ਧਰਮ ਤੋਂ ਸਦਕੇ ਜਾਂਵਦੇ ਨੇ ਸੋਗ ਇਨ੍ਹਾਂ ਦਾ ਕਰੋ ਨ ਮਾਈ ਭੈਣੋਂ ਇਹ ਤਾਂ ਸਗੋਂ ਜੀਉਂਦੇ ਨਿਗ੍ਹਾ ਆਂਵਦੇ ਨੇ ਇਹਨਾਂ ਪੰਥ ਦੇ ਤਈਂ ਬਚਾਇ ਲਿਆ ਇਹੋ ਗੁਰੂ ਅਕਾਲ ਨੂੰ ਭਾਂਵਦੇ ਨੇ ਦੇ ਕੇ ਧੀਰਜ ਬੜੀ ਕਰਤਾਰ ਸਿੰਘਾ ਥਾਂ ਥਾਂ ਸਭ ਤਈਂ ਬਠਾਂਵਦੇ ਨੇ

ਬਾਈ ਫਰਵਰੀ ਮੰਗਲ ਵਾਰ ਲਾਟ ਪੰਜਾਬ ਨੇ ਨਨਕਾਣੇ ਸਾਹਿਬ ਆਉਨਾਂ

ਦਿੱਤੀ ਤਾਰ ਸਰਦਾਰ ਹਰਬੰਸ ਸਿੰਘ ਨੇ ਰਾਵਲ ਪਿੰਡੀ ਸੀ ਲਾਟ ਪੰਜਾਬ ਦੇਖੋ ਕਤਲ ਸਿੱਖ ਹੋਏ ਨਨਕਾਣੇ ਸਾਹਿਬ ਹਾਲ ਬੀਤਿਆ ਆਨ ਸ਼ਤਾਬ ਦੇਖੋ ਕੀਤਾ ਜ਼ੁਲਮ ਮਹੰਤ ਤੇ ਬਾਵਿਆਂ ਨੇ ਸਾਹਿਬ ਸੁਣਕੇ ਹੋਯਾ ਬੇਤਾਬ ਦੇਖੋ ਚੜ੍ਹ ਰੇਲ ਤੇ ਪਹੁੰਚਿਆ ਲਾਟ ਸਾਹਿਬ ਸਣੇ ਮੈਂਬਰਾਂ ਦੇ ਰੋਹਬਦਾਬ ਦੇਖੋ ਅਗੋਂ ਜਾ ਮਿਲੇ ਜੱਥੇਦਾਰ ਸਾਰੇ ਦਿਲੀ ਦੁੱਖ ਅੱਖਾਂ ੧ਪੁਰਆਬ ਦੇਖੋ ਸਾਰੇ ਥਾਂ ਦੇਖੇ ਲਾਟ ਸਾਹਿਬ ਨੇ ਜੀ ਜਿੱਥੇ ਸਿੰਘਾਂ ਦੇ ਹੋਇ ਕਬਾਬ ਦੇਖੋ ਜਗਾ ਦੇਖਕੇ ਸਾਹਿਬ ਹੈਰਾਨ ਹੋਯਾ ਦਿਲ ਧੜਕਦਾ ਵਾਂਗ ੨ਸੀਮਾਬ ਦੇਖੋ ਏਨਾ ਖੂਨ ਨ ਸੀ ਕਦੇ ਨਜ਼ਰ ਆਯਾ ਡਿੱਠੀ ਹਾਲਤ ਅਹੀ ਖ਼ਰਾਬ ਦੇਖੋ ਖੂਹ ਭੱਠੀਆਂ ਥਾਂ ਮਕਾਨ ਡਿੱਠੇ ਤੇ ਹੈਰਾਨ ਹੋਯਾ ਬੇ ਹਸਾਬ ਦੇਖੋ ਇਹ ਮਸਾਲ ਨ ਮਿਲੇ ਕਰਤਾਰ ਸਿੰਘਾ ਤਵਾਰੀਖਾਂ ਦੇ ਫੋਲਕੇ ੩ਬਾਬ ਦੇਖੋ ੧ ਪਾਣੀ ਭਰੀਆਂ ੨ ਪਾਰਾ ੩ ਤਵਾਰੀਖਾਂ ਦੇ ਕਾਂਡ

ਇੱਕ ਬੁਢੜੀ ਮਾਈ ਨੇ ਪੁਕਾਰ ਕਰਨੀ

ਗੁਰਦਵਾਰਿਓਂ ਬਾਹਿਰ ਜਾਂ ਲਾਟ ਆਯਾ ਇਕ ਬੁਢੜੀ ਖਲੀ ਆ ਮਾਈ ਅੱਗੇ ਕਹਿੰਦੀ ਵੇ ਬੱਚਾ ਮੇਰੀ ਗੱਲ ਸੁਣੀ ਕੂੰਜ ਵਾਂਗ ਪਹਿਲਾਂ ਕੁਰਲਾਈ ਅੱਗੇ ਪੰਜ ਪੁੱਤ ਤੇ ਪੋਤਰਾ ਏਸ ਪਾਪਨ ਗੁਰਦ੍ਵਾਰੇ ਹੈ ਭੇਟ ਚੜ੍ਹਾਈ ਅੱਗੇ ਬੱਚਾ ਕੀਤਾ ਈ ਜ਼ੁਲਮ ਮਹੰਤ ਵੱਡਾ ਅੱਜ ਤੱਕ ਨਹੀਂ ਸੀ ਸੁਣ ਪਾਈ ਅੱਗੇ ਤੁਸੀਂ ਬਾਦਸ਼ਾਹ ਤੁਸਾਂ ਇਨਸਾਫ਼ ਕਰਨਾ ਇਹ ਕਹਿੰਦੀ ਖਾ ਗਰਦਨੀ ਆਈ ਅੱਗੇ ਦਿੱਤੀ ਸਾਹਿਬ ਦਿਲਬਰੀ ਕਰਤਾਰ ਸਿੰਘਾ ਆਵੀ ਫੇਰ ਘੁਮਿਹਾਰ ਦਿਖਾਈ ਅੱਗੇ

ਅਸਟੇਸ਼ਨ ਤੇ ਲਾਟ ਸਾਹਿਬ ਤੇ ਭਾਈ ਕਰਤਾਰ ਸਿੰਘ ਝੱਬਰ ਦੀ ਮੁਲਾਕਾਤ

ਖ਼ਲਕਤ ਬੇਹਸਾਬ ਬੇਅੰਤ ਹੈਸੀ ਸਭ ਮੋੜੀ ਪਿਛਾਂ ਹਟਾਇਕੇ ਜੀ ਲਾਟ ਸੱਦਿਆ ਫੇਰ ਕਰਤਾਰ ਸਿੰਘ ਨੂੰ ਸਿੰਘ ਮਿਲਯਾ ਫ਼ਤ੍ਹੇ ਗਜਾਇਕੇ ਜੀ ਲਾਟ ਸਾਹਿਬ ਨੇ ਬਹੁਤ ਅਫ਼ਸੋਸ ਕੀਤਾ ਅਤੇ ਆਖਯਾ ਇਉਂ ਸੁਨਾਇਕੇ ਜੀ ਦਿੱਤੀ ਜਾਊ ਸਜ਼ਾ ਅਪ੍ਰਾਧੀਆਂ ਨੂੰ ਰੱਖੋ ਹੌਸਲਾ ਅਮਨ ਰਖਾਇਕੇ ਜੀ ਅੱਗੋਂ ਅਾੱਖਯਾ ਭਾਈ ਕਰਤਾਰ ਸਿੰਘ ਨੇ ਸੁਨੋ ਗੱਲ ਸਾਡੀ ਦਿਲ ਲਾਇਕੇ ਜੀ ਸਾਨੂੰ ਸ਼ੱਕ ਹੈਗਾ ਕਈਆਂ ਗੱਲਾਂ ਉੱਤੇ ਇੰਤਜ਼ਾਮ ਕਰਨਾ ਚੰਗਾ ਭਾਇਕੇ ਜੀ ਅਸੀਂ ਹੱਦੋਂ ਪਰੇ ਸਖ਼ਤੀ ਸਹਿ ਚੁੱਕੇ ਪੂਰੇ ਦੋ ਸੌ ਵੀਰ ਕੁਹਾਇਕੇ ਜੀ ਜੇਕਰ ਹੁਣ ਭੀ ਨ ਇਨਸਾਫ਼ ਹੋਯਾ ਕਿਵੇਂ ਝੱਲਾਂਗੇ ਬਿੰਦ ਗਵਾਇਕੇ ਜੀ ਫੇਰ ਮਰਨ ਨੂੰ ਅਸੀਂ ਤਯਾਰ ਸਾਰੇ ਉੱਤੇ ਧਰਮ ਸ਼ਹੀਦੀਆਂ ਪਾਇਕੇ ਜੀ ਭੱਟੀ ਦੇਂਵਦੇ ਧਮਕੀਆਂ ਪਏ ਸਾਨੂੰ ਜੇਕਰ ਪਿਆ ਮੁਕਾਬਲਾ ਆਇਕੇ ਜੀ ਫੇਰ ਲਾਵਾਂਗੇ ਉਨ੍ਹਾਂ ਨੂੰ ਹੱਥ ਅਹੇ ਯਾਦ ਰੱਖਨੀਗੇ ਪਛਤਾਇਕੇ ਜੀ ਲਾਟ ਸਾਹਿਬ ਨੇ ਕਹਯਾ ਸ੍ਰਦਾਰ ਸਾਹਿਬ ਰਖੋ ਹੌਸਲਾ ਦਿਲੀਂ ਵਸਾਇਕੇ ਜੀ ਠੀਕ ਕਰੂ ਸਰਕਾਰ ਇਨਸਾਫ਼ ਪੂਰਾ ਅਪ੍ਰਾਧੀਆਂ ਤਈਂ *ਢੁੰਡਾਇਕੇ ਜੀ ਪੂਰੀ ਪੂਰੀ ਸਜ਼ਾ ਮਹੰਤ ਪਾਸੀ ਰੱਖੇ ਪੰਥ ਇਤਬਾਰ ਜਮਾਇਕੇ ਜੀ ਕਈ ਹੋਰ ਗੱਲਾਂ ਕਰ ਚੜ੍ਹੇ ਗੱਡੀ ਜੱਥੇਦਾਰਾਂ ਨੂੰ ਮਿਲ ਮਲਾਇਕੇ ਜੀ ਹੁਣ ਅਗਲੀ ਸੁਣੋ ਕਰਤਾਰ ਸਿੰਘਾ ਇਹ ਵਾਧੂ ਝੇੜੇ ਗਲੋਂ ਲਾਹਿਕੇ ਜੀ *ਢੂੰਡਨੇ ਕੀਹ ਸਨ ਫੜ ਹੋਏ ਭੀ ਛੱਡ ਦਿੱਤੇ।

ਬੁੱਧਵਾਰ ਦਾ ਦਿਨ

ਆਈ ਬਾਈ ਨੂੰ ਭੀ ਬੇਸ਼ੁਮਾਰ ਸੰਗਤ ਦਲ ਉਤਰੇ *ਕੁਰਬ ਜਵਾਰ ਭਾਈ ਤਾਰਾਂ ਦੂਰੋਂ ਦੂਰੋਂ ਕਈ ਆਇ ਗਈਆਂ ਆਉਨ ਸੰਗਤਾਂ ਬੇਸ਼ੁਮਾਰ ਭਾਈ ਇਕ ਦਿਨ ਦੀ ਹੋਰ ਉਡੀਕ ਕਰਨੀ ਕਰਨਾ ਵੀਰਾਂ ਦਾ ਨ ਸਸਕਾਰ ਭਾਈ ਅਸੀਂ ਟੋੱਟੇ ਹੀ ਉਨ੍ਹਾਂ ਦੇਖ ਲਈਏ ਅਤੇ ਕਰੀਏ ਪਾਕ ਦੀਦਾਰ ਭਾਈ ਏਸ ਲਈ ਤਰੇਈ ਤਾਰੀਖ ਰੱਖੀ ਸਸਕਾਰ ਦੇ ਲਈ ਵਚਾਰ ਭਾਈ ਦੂਰੋਂ ਚੱਲੀਆਂ ਸੰਗਤਾਂ ਆ ਜਾਵਨ ਕੱਢ ਲੈਨ ਓਹ ਦਿਲੀ ਬੁਖ਼ਾਰ ਭਾਈ ਬੁਧਵਾਰ ਦਾ ਚੜ੍ਹਯਾ ਜਦੋਂ ਸੂਰਜ ਰਿਹਾ ਕੁਝ ਨ ਸੀ ਪਾਰਾਵਾਰ ਭਾਈ ਜੂਹ ਭੂ ਅਕਾਲ ਅਕਾਲ ਹੋਵੇ ਪਈ ਸ਼ਬਦਾਂ ਦੀ ਘੁਮਿਘਾਰ ਭਾਈ ਭਰੀਆਂ ਗੱਡੀਆਂ ਚਾਰ ਚੁਫੇਰਯੋਂ ਹੀ ਆਈਆਂ ਬੋਲਦੀਆਂ ਜੈ ਜੈਕਾਰ ਭਾਈ ਪੈਦਲ ਰਾਹਾਂ ਦੇ ਵਿਚ ਨ ਅੰਤ ਕੋਈ ਸਿੰਘ ਸਿੰਘਨੀਆਂ ਬੁੱਢੇ ਬਾਰ ਭਾਈ ਹਿਰਦੇ ਸਭ ਦੇ ਛਾਨਣੀ ਹੋਇ ਹੋਏ ਅੱਖਾਂ ਰੋਂਵਦੀਆਂ ਜ਼ਾਰੋ ਜ਼ਾਰ ਭਾਈ ਸਿੰਘ ਜਾ ਅੱਗੋਂ ਕਰਤਾਰ ਸਿੰਘਾ ਦੇਨ ਧੀਰਜਾਂ ਭੀੜ ਖਲ੍ਹਾਰ ਭਾਈ *ਆਲੇ ਦੁਆਲੇ ॥

ਵਾਕ ਕਵੀ

ਓਸ ਦਿਨ ਓਥੇ ਨਜ਼ਰ ਆਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਹਰ ਇਕ ਇਹ ਵੇਖ ਸੁਨਾਂਵਦਾ ਸੀ ਵਿੱਚ ਪੰਥ ਦੇ ਹੈ ਪਿਆਰ ਕਿੱਡਾ ਮੁਸਲਮਾਨ ਹਿੰਦੂ ਪਿਆ ਗਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਜੀ ਜੀ ਹੀ ਸਿਰ ਝੁਕਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਆਸਮਾਨ ਭੀ ਫੁੱਲ ਬਰਸਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਵੈਰੀ ਮੀਤ ਭੀ ਪਿਆ ਅਲਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਜੁੜ ਮਿਲਨਾ ਓਹ ਦਿਖਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ ਕਰਤਾਰ ਸਿੰਘਾ ਇਹ ਜੋਸ਼ ਦਿਸਾਂਵਦਾ ਸੀ ਵਿਚ ਪੰਥ ਦੇ ਹੈ ਪਿਆਰ ਕਿੱਡਾ

ਗੁਰਦ੍ਵਾਰੇ ਵੜਦੀਆਂ ਸੰਗਤਾਂ ਨੂੰ ਧਰਤੀ ਨੇ ਦੁੱਖ ਦੱਸਨੇ

ਹਾਇ ਹਾਇ ਨ ਮੇਰੇ ਤੇ ਭਾਰ ਪਾਯੋ ਨਾਲ ਖੂਨ ਦੇ ਅੱਗੇ ਹੀ ਭਰੀ ਪਈ ਹਾਂ ਮੇਰੇ ਉੱਤੇ ਸ਼ਹੀਦਾਂ ਦੇ ਘਾਨ ਲੱਥੇ ਦੁਖ ਨਾਲ ਮੈ ਅੰਦ੍ਰੋਂ ਸੜੀ ਪਈ ਹਾਂ ਭੈਣੋ ਮੈਨੂੰ ਨ ਹੋਰ ਰਵਾਇਓ ਤੁਸੀਂ ਮੈਂ ਤਾਂ ਅੱਗੇ ਹੀ ਵੇਖਕੇ ਮਰੀ ਪਈ ਹਾਂ ਕਿਨ੍ਹੂੰ ਫੋਲਕੇ ਲਾਲਾਂ ਦੇ ਹਾਲ ਦੱਸਾਂ ਵਿਚੇ ਵਿੱਚ ਹੀ ਦੁੱਖ ਮੈ ਜਰੀ ਪਈ ਹਾਂ ਓਸ ਵੇਲੇ ਨ ਦਰਦੀ ਕੋਈ ਆਯਾ ਕੱਲੀ ਦੁੱਖਯਾਰੀ ਰੋਂਦੀ ਖਰੀ ਪਈ ਹਾਂ ਚਰਨ ਏਥੇ ਪਏ ਗੁਰੂ ਦੇ ਸਨ ਪਾਪਾਂ ਨਾਲ ਹੁਣ ਚਿਰਾਂ ਦੀ ਜੜੀ ਪਈ ਹਾਂ ਧੋ ਕੇ ਸਾਫ਼ ਤਾਂ ਸਿੰਘਾਂ ਨੇ ਕਰ ਦਿੱਤੀ ਪਰ ਦੁੱਖਾਂ ਨੇ ਛਾਨਣੀ ਕਰੀ ਪਈ ਹਾਂ ਜੋ ਮੈਂ ਦੁੱਖ ਡਿੱਠਾ ਕਰਤਾਰ ਸਿੰਘਾ ਉਤੇ ਆਪਨੀ ਛੱਤੀ ਦੇ ਧਰੀ ਪਈ ਹਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿਖੱਯਾ ਦੇਨੀ

ਤੁਸੀਂ ਆਏ ਸ਼ਹੀਦਾਂ ਦੇ ਹਿਤ ਵਾਲੇ ਤੁਹਾਡੇ ਨਾਲ ਹੀ ਦੁਖੀ ਅਪਾਰ ਮੈਂ ਭੀ ਜਿੰਨਾ ਤੁਸਾਂ ਨੂੰ ਉਨ੍ਹਾਂ ਦਾ ਦੁੱਖ ਲੱਗਾ ਬਹੁਤ ਓਸਤੋਂ ਚੁੱਕਾ ਸਹਾਰ ਮੈਂ ਭੀ ਮੇਰੇ ਥਾਨ ਤੇ ਉਨ੍ਹਾਂ ਨੂੰ ਕਤਲ ਕੀਤਾ ਪਾਪੀ ਸਾਧ ਨੂੰ ਦਿਆਂ ਫਿਟਕਾਰ ਮੈਂ ਭੀ ਆਹ ਵੇਖ ਲਵੋ ਮੇਤੀ ਆਣ ਛਾਤੀ ਪਹਿਲਾਂ ਬੈਠਾ ਕਰਾ ਦੋ ਫਾੜ ਮੈਂ ਭੀ ਪਹਿਲਾਂ ਪੁੱਤਾਂ ਤੋਂ ਆਪ ਮੈਂ ਖਾਧੀਆਂ ਨੇ ਓਹ ਗੋਲੀਆਂ ਸਾਰ ਦੋ ਪਾਰ ਮੈਂ ਭੀ ਇਹੋ ਜਿਹਾਂ ਮਹੰਤਾਂ ਪਾਪੀਆਂ ਤੋਂ ਦੁਖੀ ਹੋਯਾ ਹਾਂ ਬੇ ਸ਼ੁਮਾਰ ਮੈਂ ਭੀ ਜੜ੍ਹ ਇਨ੍ਹਾਂ ਦੀ ਪੁੱਟ ਹੁਣ ਸੁੱਟ ਘੱਤੀ ਕਹਿੰਦਾ ਤੁਸਾਂ ਨੂੰ ਹੁਣ ਉਚਾਰ ਮੈਂ ਭੀ ਮੇਰੇ ਚਰਨਾਂ ਵਿਚ ਸ਼ਹੀਦ ਹੋਏ ਕਦੇ ਦਿਆਂਗਾ ਨਹੀਂ ਵਸਾਰ ਮੈਂ ਭੀ ਮੇਰੇ ਥਾਂ ਨੂੰ ਪਾਪਾਂ ਤੋਂ ਉਨ੍ਹਾਂ ਧੋਤਾ ਕਰ ਦਿਤੇ ਨੇ ਮੁਕਤ ਉਧਾਰ ਭੀ ਇਹ ਅਟੱਲ ਹੋ ਗਏ ਕਰਤਾਰ ਸਿੰਘਾ ਸੱਚਖੰਡ ਕਰਾਂ ਜੈ ਜੈ ਕਾਰ ਮੈਂ ਭੀ

ਓਹਨਾਂ ਰੁੱਖਾਂ ਨੇ ਪੁਕਾਰ ਕਰਨੀ

ਦੁਖੀ ਹਿਰਦਯਾਂ ਵਾਲਿਓ ਦੇਖ ਲਵੋ ਏਥੇ ਤੁਸਾਂ ਦੇ ਵੀਰ ਕੁਹਾਇ ਗਏ ਅਸਾਂ ਪਾਪੀਆਂ ਦੇ ਨਾਲ ਬੰਨ੍ਹ ਕਰਕੇ ਜੀਊਂਦੇ ਪਾ ਪਾ ਤੇਲ ਜਲਾਇ ਗਏ ਓਹ ਮੱਖਨਾਂ ਦੇ ਨਾਲ ਪਲੇ ਹੋਏ ਸਾਡੇ ਸਾਮ੍ਹਣੇ ਟੋੱਟੇ ਕਰਾਇ ਗਏ ਸਾਧਾਂ ਨਾਂਗਿਆਂ ਭੱਟੀਆਂ ਜ਼ਾਲਮਾਂ ਦੇ ਹੱਥੋਂ ਤੁਸਾਂ ਦੇ ਵੀਰ ਕਟਾਇ ਗਏ ਦੱਹੀਆਂ ਨਾਲ ਪਾਲੇ ਲੰਮੇ ਕੇਸ ਸੋਹਣੇ ਪੁੱਟ ਪੁੱਟ ਕੇ ਏਥੇ ਰੁਲਾਇ ਗਏ ਓਹਨਾ ਚੁੱਕਿਆ ਹੱਥ ਨ ਮੂਲ ਅੱਗੋਂ ਓਹ ਨਿਹੱਥੇ ਏਥੇ ਮਰਵਾਇ ਗਏ ਵੀਰ ਭੈਣਾਂ ਦੇ ਤੇ ਪੁੱਤ ਮਾਈਆਂ ਦੇ ਕੋਹ ਕੋਹ ਕੇ ਜ਼ਿਬ੍ਹਾ ਕਰਾਇ ਗਏ ਦੱਸਨ ਜੋਗੇ ਨ ਅਸੀਂ ਕਰਤਾਰ ਸਿੰਘਾ ਜਿਹੜੇ ਏਸ ਥਾਂ ਜ਼ੁਲਮ ਕਮਾਇ ਗਏ

ਭੱਠੀਆਂ ਦੀ ਪੁਕਾਰ

ਪਈ ਭੱਠੀਆਂ ਦੇ ਵਿਚੋਂ ਕੂਕ ਨਿਕਲੇ ਤੁਸੀਂ ਬਹੁਤ ਹੀ ਪਛੜਕੇ ਆਇ ਏਥੇ ਹੁਣ ਵੇਖਣਾ ਕੀਹ ਜੇ ਸਾਡੇ ਵਿੱਚੋਂ ਬੜੇ ਪਾਪ ਮਹੰਤ ਕਮਾਇ ਏਥੇ ਕੁਤਰ ਕੁਤਰ ਕੇ ਜੀਉਂਦਿਆਂ ਵੀਰਾਂ ਤਾਈਂ ਧੂ ਧੂ ਕੇ ਸਭ ਸੁਟਾਇ ਏਥੇ ਓਹ ਤੜਫ਼ਦੇ ਮਾਵਾਂ ਦੇ ਪੁੱਤ ਬਾਂਕੇ ਤੇਲ ਪਾ ਪਾ ਹੈਨ ਜਲਾਇ ਏਥੇ ਸਾਡੇ ਪਾਸ ਹੁਣ ਕੁਝ ਨਸ਼ਾਨ ਨਾਹੀਂ ਸਿਰਫ ਕੜੇ ਛਪਾ ਰਖਾਇ ਏਥੇ ਤੁਹਾਡੇ ਵਾਸਤੇ ਇਹ ਨਸ਼ਾਨ ਰੱਖੇ ਜ਼ਰਾ ਵੇਖ ਲੌ ਨੀਜ ਲਗਾਇ ਏਥੇ ਖ਼ਬਰ ਅਸਾਂ ਤੇ ਭੇਜ ਅਸਮਾਨ ਦਿੱਤੀ ਬੇ ਦੋਸ਼ ਜੇ ਸਿੰਘ ਕੁਹਾਇ ਏਥੇ ਵੇਲੇ ਸਿਰ ਨ ਕਿਸੇ ਕਰਤਾਰ ਸਿੰਘਾ ਓਹ ਪਹੁੰਚਕੇ ਵੀਰ ਬਚਾਇ ਏਥੇ

ਜਾਨਵਰਾਂ ਦੀ ਪੁਕਾਰ

ਜਾਨਵਰਾਂ ਨੇ ਆਨ ਪੁਕਾਰ ਕੀਤੀ ਤੁਸੀਂ ਸਾਧਾਂ ਨੂੰ ਨਿਤ ਪੁਜਾਓ ਭੈਣੋ ਖੋਹ ਕੇ ਦੁੱਧ ਮਲਾਈਆਂ ਬੱਚਯਾਂ ਤੋਂ ਨਿਤ ਇਨ੍ਹਾਂ ਦੇ ਤਈਂ ਖੁਵਾਓ ਭੈਣੋ ਲੱਸੀ ਮੱਖਣ ਅਤੇ ਬਦਾਮ ਗਾੜ੍ਹੇ ਗਿਆਂ ਲਈ ਸਰਦਾਈ ਘੁਟਾਓ ਭੈਣੋ ਸਾਡੇ ਸਾਮ੍ਹਣੇ ਉਨ੍ਹਾਂ ਨੇ ਕੋਹ ਮਾਰੇ ਤੁਹਾਡੇ ਪਤੀ ਤੇ ਪੁੱਤ ਭਿਰਾਓ ਭੈਣੋ ਇਨਹਾਂ ਸਾਧਾਂ ਨੇ ਕਹਿਰ ਗੁਜ਼ਾਰਯਾ ਜੇ ਸਾਰੇ ਸੁਣੋ ਤੇ ਦੁੱਖ ਉਠਾਓ ਭੈਣੋ ਅੱਛਾ ਗੁਰੂ ਦਾ ਭਾਣਾ ਕਰਤਾਰ ਸਿੰਘਾ ਹੁਣ ਸਬਰ ਤੇ ਸ਼ੁਕਰ ਮਨਾਓ ਭੈਣੋ

ਵਾਕ ਕਵੀ

ਹੋਈ ਖ਼ਲਕਤ ਬੇਹਿਸਾਬ ਕੱਠੀ ਭੈਣਾਂ ਮਾਂਵਾਂ ਤੇ ਰੋਣ ਸਵਾਣੀਆਂ ਨੇ ਮਾਂ ਬਾਪ ਸ਼ਹੀਦਾਂ ਦੇ ਕਈ ਬੁੱਢੇ ਖੱਟ ਖੱਟੀਆਂ ਕਿਸ ਖਵਾਣੀਆਂ ਨੇ ਕਈ ਰੰਡੀਆਂ ਹੋਈਯਾਂ ਬਾਲ ਉਮਰੇ ਅੱਗੇ ਉਮਰਾਂ ਕਿਸ ਲੰਘਾਣੀਆਂ ਨੇ ਪਿੱਛੇ ਰਹੇ ਜੋ ਕਈ ਯਤੀਮ ਬੱਚੇ ਖੇਡਾਂ ਕਿਸਨੇ ਆਣ ਖਡਾਣੀਆਂ ਨੇ ਬੱਸ ਕਰ ਨ ਕੀਰਨੇ ਫੋਲ ਇਹ ਤੂੰ ਇਹਤਾਂ ਡਾਢੀਆਂ ਦਰਦ ਕਹਾਣੀਆਂ ਨੇ ਕਿਵੇਂ ਲਿਖੀਆਂ ਜਾਣ ਕਰਤਾਰ ਸਿੰਘਾ ਕਿਸ ਪੜ੍ਹਨੀਆਂ ਅਤੇ ਸੁਨਾਣੀਆਂ ਨੇ

ਸ਼ਹੀਦਾਂ ਦੇ ਸਸਕਾਰ ਦੀ ਤਯਾਰੀ

ਏਸੇ ਤਰ੍ਹਾਂ ਹੀ ਦਿਣ ਦੋ ਪਹਿਰ ਹੋਯਾ ਢੇਰ ਲੱਕੜਾਂ ਦੇ ਮੰਗਵਾਇ ਗਏ ਕੱਠੇ ਕਰ ਸਰੀਰ ਸ਼ਹੀਦਾਂ ਦੇ ਓਹ ਚੁਣ ਚੁਣ ਉਪਰ ਰਖਵਾਇ ਗਏ ਪੰਜ ਸੱਤ ਲੋਥਾਂ ਸਾਬਤ ਹੱਥ ਆਈਆਂ ਹੋਰ ਸਭ ਟੋਟੇ ਕਰਵਾਇ ਗਏ ਤਿੰਨ ਟੋਕਰੇ ਮਾਸ ਦੇ ਮਿਲੇ ਹੈਸਨ ਜਿਹੜੇ ਕੀਮੀਆਂ ਵਾਂਗ ਕੁਟਵਾਇ ਗਏ ਇਕ ਸੌ ਛੱਬੀ ਹੋਰ ਸਿਰ ਮਿਲੇ ਜਿਹੜੇ ਭੱਠੀਆਂ ਵਿਚ ਜਲਾਇ ਗਏ ਦਸ ਟੋਕਰੇ ਮਾਸ ਦੇ ਕਰ ਕੱਠੇ ਟੋਟੇ ਹੋਰ ਜਿੱਥੋਂ ਕਿੱਥੋਂ ਪਾਇ ਗਏ ਸਭ ਕੁਝ ਹੀ ਚਿਖਾ ਤੇ ਰੱਖ ਦਿੱਤਾ ਸਿੰਘ ਦੇਖਨੇ ਹੇਤ ਹੁਮਾਇ ਗਏ ਦੇਖ ਵੀਰਾਂ ਦੇ ਹਾਲ ਕਰਤਾਰ ਸਿੰਘਾ ਕਈ ਵੀਰ ਭੈਣਾਂ ਗ਼ਸ਼ ਖਾਇ ਗਏ

ਸ਼ਹੀਦਾਂ ਦੇ ਆਤਮਯਾਂ ਨੇ ਪੰਥ ਅਗੇ ਬੇਨਤੀ ਕਰਨੀ

ਐ ਗੁਰੂ ਦੇ ਪੰਥ ਗੁਰ ਰੂਪ ਹੈਂ ਤੂੰ ਅਸੀਂ ਤੈਥੋਂ ਵਿਛੋੜਾ ਹਾਂ ਪਾ ਚੱਲੇ ਤੂੰ ਜੋ ਆਗਯਾ ਕੀਤੀ ਸੀ ਸਾਡੇ ਤਾਈਂ ਅਸੀਂ ਮੰਨਕੇ ਪੂਰੀ ਕਰਾ ਚੱਲੇ ਬਿਨਾ ਹੱਥ ਚੁਕੇ ਅਸਾਂ ਸੀਸ ਦਿਤੇ ਚਾਲ ਨਵੀਂ ਸ਼ਹੀਦੀ ਚਲਾ ਚੱਲੇ ਪਿਛੇ ਚਾਲ ਨੂੰ ਰਖਨਾ ਕਾਇਮ ਤੁਸਾਂ ਅਸੀਂ ਆਪਨੀ ਤੋੜ ਨਿਭਾ ਚੱਲੇ ਸੀਸ ਦੇਣ ਦਾ ਸਾਨੂੰ ਨ ਦੁੱਖ ਹੋਯਾ ਖ਼ੁਸ਼ੀ ਨਾਲ ਹਾਂ ਭੇਟ ਚੜ੍ਹਾ ਚੱਲੇ ਦੁਖ ਹੋਊ ਜੇ ਤੁਸੀਂ ਭੁਲਾ ਦਿਹੋਗੇ ਗੀਤ ਜਿਹੜਾ ਸ਼ਹੀਦੀ ਦਾ ਗਾ ਚੱਲੇ ਦੁਖੀ ਹੋਵਾਂਗੇ ਸੁਣ ਕੇ ਅਸੀਂ ਭਾਰੇ ਜੇਹੜੇ ਬੀਜ ਨੂੰ ਏਥੇ ਹਾਂ ਲਾ ਚੱਲੇ ਤੁਸਾਂ ਓਸ ਨੂੰ ਜੇ ਸੰਭਾਲਯਾ ਨ ਜਿਧੇ ਵਾਸਤੇ ਖ਼ੂਨ ਡੁਲ੍ਹਾ ਚੱਲੇ ਅਸੀਂ ਤੁੱਛ ਨਕਾਰੇ ਸਾਂ ਜੀਵ ਪਾਪੀ ਜਿੱਨੀ ਪੁੱਜੀ ਸੋ ਸੇਵ ਕਮਾ ਚੱਲੇ ਗੁਰੂ ਪੰਥ ਤੂੰ ਕਰ ਮਨਜੂਰ ਲਵੀਂ ਬਖ਼ਸ਼ੀਂ ਕਰ ਜੋ ਅਸੀਂ ਖ਼ਤਾ ਦੱਲੇ ਸਾਡੇ ਖ਼ੂਨ ਨੂੰ ਸੁੱਕਨ ਦੇਵਣਾ ਨ ਅਸੀਂ ਖੇਤ ਸ਼ਹੀਦੀ ਸਿੰਜਾ ਚੱਲੇ ਪੈਦਾ ਹੋਂਵਦੇ ਰਹਿਨ ਸ਼ਹੀਦ ਬੱਚੇ ਸਿੱਖੀ ਖੇਤ ਵਿੱਚੋਂ ਹਾਂ ਸੁਨਾ ਚੱਲੇ ਏਸ ਕੰਮ ਨੂੰ ਨਹੀਂ ਭੁਲਾ ਬਹਿਨਾ ਜਿਧੇ ਲਈ ਹਾਂ ਦੇਹਾਂ ਜਲਾ ਚੱਲੇ ਅਜੇ ਹੋਰ ਸ਼ਹੀਦੀਆਂ ਬਹੁਤ ਹੋਸਨ ਮੋਹਤ ਕਰ ਹਾਂ ਕੌਮ ਹਲਾ ਚੱਲੇ ਮਾਂ ਬਾਪ ਪਰਵਾਰ ਤੇ ਬਾਲ ਬੱਚੇ ਬਾਂਹ ਤੁਸਾਂ ਦੇ ਹੱਥ ਫੜਾ ਚੱਲੇ ਗੁਰਪੁਰੀ ਮਿਲਾਪ ਕਰਤਾਰ ਸਿੰਘਾ ਲੌ ਆਖ਼ਰੀ ਫ਼ੜ੍ਹੇ ਗਜਾ ਚੱਲੇ

ਵਾਕ ਕਵੀ

ਓਸ ਵੇਲੇ ਦੀ ਕੀਹ ਤਸਵੀਰ ਖਿੱਚਾਂ ਮੇਰੀ ਕਲਮ ਨ ਜੋਰ ਰਖਾਇ ਹੋਈ ਓਥੇ ਗਮ ਤੇ ਹੌਸਲਾ ਹੋਏ ਕੱਠੇ ਕੋਈ ਰੋਏ ਪਿਆ ਸਮਝਾਇ ਕੋਈ ਚੀਕਾਂ ਮਾਰਦੀਆਂ ਪਈਆਂ ਕਈ ਭੈਣਾਂ ਭਾਣਾ ਮੱਨਨਾ ਪਈ ਸੁਨਾਇ ਕੋਈ ਕੋਈ ਆਖਦੀ ਅੱਜ ਮੈਂ ਸਫ਼ਲ ਹੋਈ ਗ਼ਮ ਦੁੱਖ ਨ ਚਿਹਰੇ ਦਿਖਾਇ ਕੋਈ ਕੋਈ ਆਖਦੀ ਨਾਲ ਮੈਂ ਵੀਰ ਸੜਨਾ ਪਤੀ ਪੁੱਤ ਨੂੰ ਢੂੰਡ ਢੂੰਡਾਇ ਕੋਈ ਰੋਨਾ ਬੰਦ ਕਰਾ ਕਰਤਾਰਸਿੰਘਾ ਦੁਖੀ ਜਿਗਰ ਨ ਪਿਆ ਦੁਖਾਇ ਕੋਈ

ਤਥਾ

ਓਸ ਮਾਈ ਦੇ ਭੀ ਓਥੇ ਹੋਏ ਦਰਸ਼ਨ ਪੰਜ ਕੁੱਖ ਦੇ ਜਿਸਨੇ ਲਾਲ ਵਾਰੇ ਪੋਤਾ ਨਾਲ ਛੇਵਾਂ ਕਰ ਟੋਰਯੋ ਸੂ ਸਹੇ ਜਿਧੇ ਕਲੇਜੇ ਨੇ ਦੁੱਖ ਭਾਰੇ ਦੇਖੀ ਸਭਨੇ ਭੈਣ *ਦਲੀਪ ਸਿੰਘ ਦੀ ਖੜੀ ਵੀਰ ਦਾ ਦਿਲ ਵੈਰਾਗ ਧਾਰੇ ਆਈ ਸਿੰਘਣੀ ਲਛਮਣ ਸਿੰਘ ਦੀ ਜੀ ਝੁਕੇ ਜਿਸਨੂੰ ਦੇਖਕੇ ਸਿੰਘ ਸਾਰੇ ਏਸੇ ਤਰ੍ਹਾਂ ਜਿਨ੍ਹਾਂ ਦੇ ਸ਼ਹੀਦ ਹੋਏ ਬੀਤੇ ਜ਼ੁਲਮ ਦੇ ਜਿਨ੍ਹਾਂ ਦੇ ਨਾਲ ਕਾਰੇ ਕੱਠੇ ਹੋਏ ਪਰਵਾਰ ਕਰਤਾਰ ਸਿੰਘ ਪੁੱਤ ਜਿਨ੍ਹਾਂ ਦੇ ਜ਼ਾਲਿਮ ਸਾਧ ਮਾਰੇ *ਏਸ ਬੀਬੀ ਦਾ ਨਾਮ ਭਗਵਾਨ ਕੌਰ ਹੈ ਤੇ ਬਿੱਧਵਾ ਹੈ

ਅੰਤ ਸਸਕਾਰ ਕਰਨਾ

ਬੁੱਧਵਾਰ ਥੋੜ੍ਹਾ ਦਿਨ ਰਹਿ ਗਿਆ ਸੀ ਆਖ਼ਰਕਾਰ ਅਰਦਾਸ ਸੁਧਾਇਕੇ ਜੀ ਲੰਬੂ ਚਾਰ ਚੁਫੇਰਯੋਂ ਲਾ ਦਿੱਤੇ ਸ੍ਰੀ ਵਾਹਿਗੁਰੂ ਫ਼ਤੇ ਗਜਾਇ ਕੇ ਜੀ ਭੁੱਬਾਂ ਨਿਕਲ ਗਈਆਂ ਇੱਕ ਵਾਰ ਸਭਨਾਂ ਪਰ ਹੌਸਲੇ ਫੇਰ ਵਧਾਇਕੇ ਜੀ ਭਾਣਾ ਮੱਨਨਾ ਹੈ ਸੋਗ ਨਹੀਂ ਕਰਨਾ ਏਸ ਬਚਨ ਵੱਲੇ ਦਿਲ ਲਾਇਕੇ ਜੀ ਵੀਰ ਤਈਂ ਅਖ਼ੀਰ ਦੀ ਵਿਦਾ ਦਿੱਤੀ ਪਿਆਰ ਉਨ੍ਹਾਂ ਦੇ ਰਿਦੇ ਵਸਾਇਕੇ ਜੀ ਜਾਪ ਵਾਹਿਗੁਰੂ ਕਰ ਕਰਤਾਰ ਸਿੰਘਾ ਬੈਠੇ ਲੋਕ ਥਾਓਂ ਥਾਈਂ ਜਾਇਕੇ ਜੀ

ਵਾਕ ਕਵੀ

ਬੱਚੇ ਜਿਨ੍ਹਾਂ ਦੇ ਹੋ ਸ਼ਹੀਦ ਗਏ ਦੁੱਖ ਉਨ੍ਹਾਂ ਦੇ ਫੋਲ ਫ਼ੁਲਾਂਵਦਾ ਨਹੀਂ ਵੀਰ ਜਿਨ੍ਹਾਂ ਦੇ ਜੀਉਂਦੇ ਸਾੜ ਦਿੱਤੇ ਅੰਤ ਉਨ੍ਹਾਂ ਦੇ ਦੁੱਖ ਦਾ ਆਂਵਦਾ ਨਹੀਂ ਪਤੀ ਜਿਨ੍ਹਾਂ ਦੇ ਸਿਰਾਂ ਤੋਂ ਗੁੱਮ ਹੋਏ ਭੇਦ ਉਨ੍ਹਾਂ ਦੇ ਦੁੱਖ ਦਾ ਪਾਂਵਦਾ ਨਹੀਂ ਪਿਤਾ ਜਿਨ੍ਹਾਂ ਯਤੀਮਾਂ ਦੇ ਮਰ ਗਏ ਉਨ੍ਹਾਂ ਤਈਂ ਮੈਂ ਫੇਰ ਦੁਖਾਂਵਦਾ ਨਹੀਂ ਜਦ ਉਨ੍ਹਾਂ ਨੇ ਸਿੱਖ ਹੋ ਸਬਰ ਕੀਤੇ ਮੈਂ ਉਨ੍ਹਾਂ ਦਾ ਸ਼ਾਨ ਘਟਾਂਵਦਾ ਨਹੀਂ ਜੋਸ਼ਦਾਰ ਜ਼ਰਾ ਸ਼ਿਹਰ ਕਰਨ ਬਦਲੇ ਝੂਠਾ ਉਨ੍ਹਾਂ ਦੇ ਤਈਂ ਰਵਾਂਵਦਾ ਨਹੀਂ ਏਸ ਸਾੱਕੇ ਉੱਤੇ ਰੰਗ ਚਾੜ੍ਹਨੇ ਨੂੰ ਗੁਰਮੱਤ ਦੇ ਉਲਟ ਲਖਾਂਵਦਾ ਨਹੀਂ ਐਵੇਂ ਭੈਣਾਂ ਤੇ ਮਾਵਾਂ ਦੇ ਨਾਮ ਲੈ ਕੇ ਝੂਠੇ ਵੈਨ ਏਥੇ ਕਰਵਾਂਵਦਾ ਨਹੀਂ ਲਾਲ ਪੰਥ ਦੇ ਆਪਣੇ ਧਰਮ ਉੱਤੇ ਹੋ ਸ਼ਹੀਦ ਗਏ ਸੋਗ ਮਨਾਂਵਦਾ ਨਹੀਂ ਓਹ ਖ਼ੁਸ਼ੀਆਂ ਨਾਲ ਕੁਰਬਾਨ ਹੋਏ ਮੈਂ ਮੁਫ਼ਤ ਦੇ ਕੀਰਨੇ ਪਾਂਵਦਾ ਨਹੀਂ ਕਿਤੇ ਪਾਪ ਕਰਕੇ ਫਾਸੀ ਨਹੀਂ ਚੜ੍ਹੇ ਕੋਈ ਡਾਕੂ ਹੋ ਜਾਨ ਗਵਾਂਵਦਾ ਨਹੀਂ ਧਰਮ ਉਤੇ ਸ਼ਹੀਦ ਕਰਤਾਰ ਸਿੰਘਾ ਹੋਇ ਪੰਥ ਹੁਣ ਨਾਮ ਭੁਲਾਂਵਦਾ ਨਹੀਂ

ਤਥਾ

ਸਫ਼ਲ ਆਵਨਾ ਜੱਗ ਤੇ ਵੀਰ ਕਰ ਗਏ ਸਚਾ ਨਾਮ ਅਟੱਲ ਰਖਾ ਗਏ ਫਲ ਮਾਨੁਖ ਜੂਨ ਦਾ ਜੱਗ ਅੰਦਰ ਆ ਕੇ ਸਭ ਨਾਲੋਂ ਉੱਚਾ ਪਾ ਗਏ ਪਾਪਾਂ ਨਾਲ ਸੀ ਗੁਰ ਸਥਾਨ ਭਰਯਾ ਖ਼ੂਨ ਆਪਣਾ ਪਾ ਧੁਵਾ ਗਏ ਭੁੱਲ ਗਈ ਸ਼ਹੀਦੀ ਦੀ ਜਾਚ ਹੈਸੀ ਨਵੇਂ ਸਿਰੇ ਹਨ ਜਾਚ ਸਿਖਾ ਗਏ ਸਿੰਘ ਪੰਥ ਦੇ ਵਿਚ ਕੁਰਬਾਨੀਆਂ ਦਾ ਮੁੱਦਾ ਜੀਉਂਦਾ ਹੈ ਜਤਾ ਗਏ ਸਿੰਘ ਗੁਰੂ ਦੀ ਏਤਨੀ ਇਜ਼ਤ ਕਰਦੇ ਸਾਰੇ ਜੱਗਦੇ ਤਈਂ ਦਿਖਾ ਗਏ ਝੱਲ ਸੱਕਦੇ ਗੁਰੂ ਬੇਅਦਬੀ ਨ ਸੀਸ ਦੇ ਦੇਂਦੇ ਲਖਵਾ ਗਏ ਧਰਮ ਆਪਣੇ ਹੇਤ ਕਰਤਾਰ ਸਿੰਘਾ ਹੋ ਸ਼ਹੀਦ ਮਰਨਾ ਇਹ ਪੜ੍ਹਾ ਗਏ

ਸ਼ਹੀਦਾਂ ਦੇ ਖੂਨ ਦਾ ਅਸਰ

ਇਹ ਖ਼ੂਨ ਸ਼ਹੀਦਾਂ ਦਾ ਨਵਾਂ ਚੋਇਆ ਏਸ ਨਵਾਂ ਹੀ ਰੰਗ ਦਿਖਾਵਨਾ ਏਂ ਪੰਥ ਖ਼ਾਲਸਾ ਚਿਰਾਂ ਦਾ ਸੁੱਤਾ ਹੈਸੀ ਏਸ ਖ਼ੂਨ ਨੇ ਹੁਣ ਜਗਾਵਨਾ ਏਂ ਕੰਮ ਆਪਣੇ ਭੁੱਲੇ ਸੀ ਸਿੰਘਾਂ ਤਾਈਂ ਮੋੜ ਫੇਰ ਓਹਨੀਂ ਕੰਮ ਲਾਵਨਾ ਏਂ ਏਸੇ ਖ਼ੂਨ ਨੇ ਫੁੱਟ ਦੇ ਫੱਟ ਤਾਈਂ ਮੇਲ ਫੁੱਟ ਦਾ ਨਾਮ ਮਟਾਵਨਾ ਏਂ ਏਸੇ ਖ਼ੂਨ ਸ਼ਹੀਦੀ ਦੇ ਬਿਰਛ ਤਾਈਂ ਕਰ ਹਰਾ ਭਰਾ ਟਹਿਕਾਵਨਾ ਏਂ ਇਹ ਖ਼ੂਨ ਸ਼ਹੀਦਾਂ ਦਾ ਮਿਲਵਾਂ ਜੋ ਏਸ ਏਕਤਾ ਬੀਜ ਪਕਾਵਨਾ ਏਂ ਏਸ ਖ਼ੂਨ ਨੇ ਵਿਚ ਸੰਸਾਰ ਸਾਰੇ ਸਿੱਖ ਪੰਥ ਦੇ ਤਈਂ ਫੈਲਾਵਨਾ ਏਂ ਏਸ ਖ਼ੂਨ ਨੇ ਸੁੱਕਨਾ ਕਦੇ ਨਾਹੀਂ ਡੇਰਾ ਹਿਰਦਿਆਂ ਦੇ ਵਿਚ ਲਾਵਨਾ ਏਂ ਵੀਰ ਪਹਿਲਾਂ ਸਾਥੋਂ ਜਿਹੜੇ ਹੋ ਗੁਜ਼ਰੇ ਰੋਸ਼ਨ ਉਨ੍ਹਾਂ ਦਾ ਨਾਮ ਕਰਾਵਨਾ ਏਂ ਦੇਸ ਧਰਮ ਦੇ ਹੇਤ ਕੁਰਬਾਨ ਹੋਨਾ ਏਸੇ ਖ਼ੂਨ ਨੇ ਸਬਕ ਪੜ੍ਹਾਵਨਾ ਏਂ ਧੀਰਜ ਹੌਸਲਾ ਮੰਨਣਾ ਭਾਣੇ ਤਾਈਂ ਅੱਗੋਂ ਬੱਚਿਆਂ ਤਈ ਸਿਖਾਵਨਾ ਏਂ ਸੀਸ ਦੇਵਨਾਂ ਸੀ ਨ ਮੂਲ ਕਰਨੀ ਗੁਰ ਵਾਕ ਨੂੰ ਫੇਰ ਦੋਹਰਾਵਨਾ ਏਂ ਏਸ ਖ਼ੂਨ ਨੇ ਮੁਰਦਿਆਂ ਰੂਹਾਂ ਤਾਈਂ ਜਾਮਾ ਸ਼ੇਰ ਦਾ ਮੁੜ ਪਹਿਨਾਵਨਾ ਏਂ ਇਹ ਖ਼ੂਨ ਨ ਆਖ ਕਰਤਾਰ ਸਿੰਘਾ ਏਸੇ ਅੰਮ੍ਰਿਤ ਰੂਪ ਹੋ ਜਾਵਨਾ ਏਂ

ਸ਼ਹੀਦਾਂ ਦੇ ਪਰਵਾਰਾਂ ਨਾਲ ਕਵੀ ਦੀ ਹਮਦਰਦੀ

ਮਾਤਾ ਪਿਤਾ ਸ਼ਹੀਦਾਂ ਦੇ ਧਨ ਤੁਸੀਂ ਤੁਹਾਡੀ ਚਰਨੀਂ ਸੀਸ ਝੁਕਾਂਵਦਾ ਹਾਂ ਇਹ ਲਾਲ ਅਨਮੁੱਲੜੇ ਜਿਨ੍ਹਾਂ ਜਾਏ ਤੁਸੀਂ ਧੰਨ ਹੋ ਆਖ ਸੁਨਾਂਵਦਾ ਹਾਂ ਹੋਰ ਉਨ੍ਹਾਂ ਦੇ ਭੈਣ ਭਰਾਓ ਜਿਹੜੇ ਦੁੱਖ ਉਨ੍ਹਾਂ ਦੇ ਨਾਲ ਵੰਡਾਂਵਦਾ ਹਾਂ ਬੱਚੇ ਬੱਚੀਆਂ ਰਹੇ ਯਤੀਮ ਜਿਹੜੇ ਦੁੱਖ ਉਨ੍ਹਾਂ ਦਾ ਰਿਦੇ ਵਸਾਂਵਦਾ ਹਾਂ ਪਤੀ ਜਿਨ੍ਹਾਂ ਦੇ ਸਿਰਾਂ ਤੋਂ ਗੁਜ਼ਰ ਗਏ ਓਹਨਾ ਭੈਣਾਂ ਨੂੰ ਧੀਰ ਧਰਾਂਵਦਾ ਹਾਂ ਤੁਹਾਡੇ ਸਿੰਘ ਨ ਮਰੇ ਓਹ ਸਦਾ ਜੀਉਂਦੇ ਓਹ ਅਟੱਲ ਹੋ ਗਏ ਅਲਾਂਵਦਾ ਹਾਂ ਤੁਹਾਨੂੰ ਵਾਹਿਗੁਰੂ ਸਬਰ ਸੰਤੋਖ ਦੇਵੇ ਸੱਚੇ ਦਿਲੋਂ ਅਰਦਾਸ ਕਰਾਂਦਾ ਹਾਂ ਰੱਖੇ ਪੰਥ ਧਿਆਨ ਕਰਤਾਰ ਸਿੰਘਾ ਏਥੇ ਲਿਖਕੇ ਯਾਦ ਦਿਲਾਂਵਦਾ ਹਾਂ

ਵਾਕ ਕਵੀ

ਕੁਝ ਦਾਸ ਦੀ ਹੋਰ ਦਲੀਲ ਹੈਸੀ ਪਰ ਸੱਜਨਾਂ ਨੇ ਜ਼ੋਰ ਪਾਇ ਲਿਆ ਏਸ ਵੇਲੇ ਹੈ ਚੁੱਪ ਤੂੰ ਕਿਉਂ ਪਕੜੀ ਤੇਰੇ ਦਿਲ ਅੰਦਰ ਕੀ ਹੈ ਆਇ ਗਿਆ ਰਚਾਂ ਵੇਖ ਅਖ਼ੀਰ ਗ੍ਰੰਥ ਪੂਰਾ ਹੈਸੀ ਦਾਸ ਨੇ ਚਿੱਤ ਠਰ੍ਹਾਇ ਲਿਆ ਪਰ ਬਹੁਤ ਪ੍ਰੇਮੀਆਂ ਖਿੱਚ ਕੀਤੀ ਤੂੰ ਕੀਮਤੀ ਸਮਾ ਗਵਾਇ ਲਿਆ ਹਾਲਾਂ ਲਿਖਦੇਹ ਖਾਂ ਮੁਖਤਸਿਰ ਕਰਕੇ ਅਕਲ ਵਾਲਯਾਂ ਭੇਦ ਸਮਝਾਇ ਲਿਆ ਫੇਰ ਦੇਖੀ ਜਾਊ ਕਰਤਾਰ ਸਿੰਘਾ ਕਹਿਨਾ ਮੰਨ ਸਾੱਕਾ ਇਹ ਬਨਾਇ ਲਿਆ

ਤਥਾ

ਹਾਲਾਂ ਅਗਲੇ ਹਾਲ ਦਾ ਭੇਦ ਕੁਝ ਨਾ ਪਤਾ ਨਹੀਂ ਕੀਹ ਕਰੇ ਸਰਕਾਰ ਦੇਖੋ ਗਲਤਮਲਤ ਅਵਾਈਆਂ ਉੱਡਦੀਆਂ ਨੇ ਕਿਸੇ ਬਾਤ ਤੇ ਨਹੀਂ ਇਤਬਾਰ ਦੇਖੋ ਮੂੰਹ ਆਈਆਂ ਹੁੰਦੀਆਂ ਬਹੁਤ ਗੱਲਾਂ ਦੇਸ ਵਿੱਚ ਕਰਦੇ ਨਰਨਾਰ ਦੇਖੋ ਆਪੋ ਆਪਨੀ ਖਿੱਚ ਹੈ ਸਾਰਿਆਂ ਨੂੰ ਜਿੰਨੀ ਜਿੰਨੀ ਹੈ ਕਿਤੇ ਵਚਾਰ ਦੇਖੋ ਕਈ ਰੰਗ ਤਾਂ ਏਸਦੇ ਵਿਚ ਦਿੱਸਨ ਕਾਲੀ ਪੀਲੀ ਕਦੇ ਗੁਲਾਨਾਰ ਦੇਖੋ ਅਜੇ ਰਾਇ ਕੋਈ ਲਿਖਨੀ ਨਹੀਂ ਚੰਗੀ ਅੱਧ ਵਿਚ ਫਸੀ ਸਾਰੀ ਕਾਰ ਦੇਖੋ ਏਸੇ ਲਈ ਬੱਸ ਕਰਾਂ ਕਰਤਾਰ ਸਿੰਘਾ ਅੱਗੇ ਹੋਊ ਜੋ ਕਰੇ ਕਰਤਾਰ ਦੇਖੋ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ