Nand Lal Noorpuri
ਨੰਦ ਲਾਲ ਨੂਰਪੁਰੀ
 Punjabi Kavita
Punjabi Kavita
  

Punjabi Poetry Nand Lal Noorpuri

ਪੰਜਾਬੀ ਗੀਤ ਗ਼ਜ਼ਲਾਂ ਤੇ ਕਵਿਤਾਵਾਂ ਨੰਦ ਲਾਲ ਨੂਰਪੁਰੀ

1. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ

ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ

ਜੰਗ ਵਿਚੋਂ ਲੜ ਕੇ ਸਿਪਾਹੀ ਮੇਰੇ ਆਣਗੇ
ਚੰਨਾਂ ਦਿਆਂ ਚਿਹਰਿਆਂ 'ਚੋਂ ਚੰਨ ਮੁਸਕਾਣਗੇ
ਵਿਹੜੇ ਵਿਚ ਠਾਠਾਂ ਮਾਰੂ ਖ਼ੁਸ਼ੀ ਸੰਸਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ

ਕੂਲੇ ਕੂਲੇ ਹੱਥ ਕਿਰਪਾਨਾਂ ਵਿਚ ਗੋਰੀਆਂ
ਕੱਲ੍ਹ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ
ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ

ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ
ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ
ਲਹੂ ਵਿਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ

ਲੱਗੇ ਹੋਏ ਕਾਠੀ ਉਤੇ ਲਹੂ ਨੇ ਇਹ ਦੱਸਿਆ
ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ
ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ

2. ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ

ਤੀਰਾਂ ਤੇ ਕਮਾਨਾਂ ਨਾਲ ਖੇਡ ਖੇਡ ਹੱਸਦੇ
ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ
ਮੱਥੇ ਕਿਵੇਂ ਭਰੇ ਪਏ ਨੇ ਤਿਉੜੀਆਂ ਦੇ ਨਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

ਵੇਖ ਤੇ ਸਹੀ ਕਿਦਾਂ ਨੀ, ਕਚਹਿਰੀ ਵਿਚ ਆਣਕੇ
ਮੌਤ ਨੂੰ ਵਿਖਾਉਂਦੇ ਕਿਰਪਾਨਾਂ ਜਾਣ ਜਾਣ ਕੇ
ਦਿਲ ਵਿਚ ਜ਼ਰਾ ਵੀ ਨਾ ਮੌਤ ਦਾ ਖ਼ਿਆਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

ਸ਼ਹਿਨਸ਼ਾਹਾਂ ਵਾਂਗ ਕਿਵੇਂ ਸੋਹਣਿਆਂ ਦਾ ਨੂਰ ਨੀ
ਜੀਊ ਕਿਵੇਂ ਮਾਂ ਰਹਿਕੇ ਇਹਨਾਂ ਕੋਲੋਂ ਦੂਰ ਨੀ
ਮਾਂ ਨੂੰ ਤੇ ਲਵੋ ਇਨ੍ਹਾਂ ਲਾਲਾਂ ਨੂੰ ਵਿਖਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

ਸੁਹਲ ਜਿਹੇ ਫੁੱਲ ਕਹਿੰਦੇ ਨੀਹਾਂ 'ਚ ਚਿਣਾ ਦਿਓ
ਮਾਵਾਂ ਦੇ ਜਹਾਨ ਵਿਚ ਨ੍ਹੇਰ ਹੋਰ ਪਾ ਦਿਓ
'ਨੂਰਪੁਰੀ" ਦਾਦੀ ਦਾ ਕੀ ਹੋਊ ਪਿੱਛੋਂ ਹਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ

3. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ

ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ?

ਜਿਹਨਾਂ ਦੀਆਂ ਚਾਈਂ ਚਾਈਂ ਘੋੜੀਆਂ ਸੀ ਗਾਣੀਆਂ
ਸੇਹਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਣੀਆਂ
ਸੇਹਰਿਆਂ ਦੇ ਵਿਚ ਹੈਸੀ ਗੁੰਦਣਾਂ ਪਿਆਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ

ਸੁੰਞੇ ਸੁੰਞੇ ਜਾਪਦੇ ਨੇ ਮਹਿਲ ਤੇ ਅਟਾਰੀਆਂ
ਚੰਦ ਜੇਹੀਆਂ ਸੂਰਤਾਂ ਇਹ ਕਿੱਥੇ ਗਈਆਂ ਪਿਆਰੀਆਂ
ਕਾਹਨੂੰ ਤੋਰ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ

ਪਿਤਾ ਦਸ਼ਮੇਸ਼ ਜਦੋਂ ਚਾਈਂ ਚਾਈਂ ਆਣਗੇ
ਅੱਜ ਕਿੱਥੋਂ ਹਾਕਾਂ ਮਾਰ ਇਨ੍ਹਾਂ ਨੂੰ ਬੁਲਾਉਣਗੇ
ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ

ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣ ਨਾ
ਪੁੱਤਰਾਂ ਦੇ ਬਿਨਾਂ ਚੰਗਾ ਲਗਦਾ ਜਹਾਨ ਨਾ
'ਨੂਰਪੁਰੀ' ਪੁੱਛ ਕੇ ਤੇ ਵੇਖ ਸੰਸਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ

4. ਭੋਲਾ ਪੰਛੀ

ਏਥੋਂ ਉਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ
ਏਥੇ ਘਰ ਘਰ ਫਾਹੀਆਂ ਗੱਡੀਆਂ ਵੇ ਤੂੰ ਛੁਰੀਆਂ ਹੇਠ ਨਾ ਆ

ਏਥੇ ਡਾਕੇ ਪੈਣ ਦੁਪਹਿਰ ਨੂੰ ਤੇਰੇ ਆਲ੍ਹਣੇ ਦੇਣਗੇ ਢਾ
ਏਥੇ ਜ਼ਹਰ ਭਰੇ ਵਿਚ ਦਾਣਿਆਂ ਤੇਰੀ ਦਿੱਤੀ ਚੋਗ ਖਿੰਡਾ

ਏਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿਚ ਜ਼ੁਲਫ਼ਾਂ ਪਾ
ਏਥੇ ਗਾਨੇ ਬੰਨ੍ਹ ਪਛਤਾਈਆਂ ਕੋਈ ਮਨੋ ਨਾ ਲੱਥੜੇ ਚਾ

ਏਥੇ ਛੈਲਾਂ ਫਾਹੇ ਖਾਂਦੀਆਂ ਅਜ ਗਜ਼ ਗਜ਼ ਵਾਲ ਵਧਾ
ਏਥੇ ਡੁਬ ਡੁਬ ਮੋਈਆਂ ਸੋਹਣੀਆਂ ਏਥੇ ਲਹੂ ਬਣੇ ਦਰਿਆ

ਏਥੇ ਕਬਰੀਂ ਸੁੱਤੇ ਸੂਰਮੇ ਅਜ ਮਾਵਾਂ ਨੂੰ ਤੜਫਾ
ਏਥੇ ਵਡਿਆਂ ਖੰਭਾਂ ਵਾਲੀਆਂ ਅਜ ਤੁਰੀਆਂ ਖੰਭ ਖੁਹਾ

ਏਥੇ ਬੰਦੇ-ਖਾਣੇ ਆਦਮੀ ਏਥੇ ਭੈਣਾਂ-ਮਾਰ ਭਰਾ
ਏਥੇ ਕਲੀਆਂ ਵਰਗੀਆਂ ਸੂਰਤਾਂ ਅਜ ਦਿੱਤੀਆਂ ਸਾੜ ਖਪਾ

ਉਹ ਤੂੰ ਸੁਤੇ ਫਨੀਅਰ ਛੇੜ ਨਾ ਜਾਹ ਵਖਰੀ ਬੀਨ ਵਜਾ
ਏਥੇ ਭਾਈ ਭਾਈਆਂ ਨੂੰ ਮਾਰਦੇ ਅੱਜ ਭੈਣਾਂ ਦੇ ਘਰ ਚਾ

ਏਥੋਂ ਜੀਭ ਕਟਾ ਕੇ ਜਾਏਂਗਾ ਏਥੇ ਗੀਤ ਨਾ ਮਿੱਠੜੇ ਗਾ
ਏਥੇ ਗਊਆਂ ਛੁਰੀਆਂ ਖਾਂਦੀਆਂ ਏਨ੍ਹੀਂ ਜੰਗਲੀਂ ਹੈ ਨਹੀਂ ਘਾ

ਏਥੇ ਹਸਦੇ ਫੁੱਲ ਗੁਲਾਬ ਦੇ ਵੈਰੀ ਸੁੱਕਣੇ ਦੇਂਦੇ ਨੀ ਪਾ
ਏਥੇ ਹੱਸਣਾ ਮੌਤ ਨਿਸ਼ਾਨੀਆਂ ਏਥੇ ਡਰ ਕੇ ਝੱਟ ਲੰਘਾ

ਏਥੇ ਵੈਣ ਨੇ ਪੌਂਦੀਆਂ ਬੁਲਬੁਲਾਂ ਅਜ ਵਗ ਗਈ ਕੋਈ ਹਵਾ
ਏਥੇ ਘੋੜੀ ਕਿਸੇ ਨਹੀਂ ਚਾੜ੍ਹਨਾ ਤੈਨੂੰ ਰੰਗਲੀ ਮਹੰਦੀ ਲਾ

ਤੈਨੂੰ ਰੋਣਾ ਕਿਸੇ ਨਹੀਂ ਰਜ ਕੇ ਕਿਸੇ ਭੈਣ ਨਹੀਂ ਮਾਰਨੀ ਧਾ
ਏਥੇ ਰੰਨਾਂ ਚੈਂਚਲ ਹਾਰੀਆਂ ਅਤੇ ਬੰਦੇ ਕਹਰ ਖ਼ੁਦਾ

ਏਥੇ ਲੋਹੇ ਸੋਨੇ ਕੱਚ ਦਾ ਬੀਬਾ ਇਕ ਬਜ਼ਾਰੀਂ ਭਾ
ਤੇਰੀ ਕੱਲੀ ਜਾਨ ਵੇ ਪਾਂਧੀਆ ਏਥੇ ਨਾ ਕੋਈ ਭੈਣ ਭਰਾ

ਓ ਤੂੰ 'ਨੂਰਪੁਰੀ' ਪਛਤਾਏਂਗਾ ਏਥੋਂ ਮੁੜ ਵਤਨਾਂ ਨੂੰ ਜਾ ।

5. ਕਾਹਨੂੰ ਵੇ ਪਿਪਲਾ ਖੜ ਖੜ ਲਾਈਆ

ਕਾਹਨੂੰ ਵੇ ਪਿਪਲਾ ਖੜ ਖੜ ਲਾਈਆ
ਵੇਖ ਛਰਾਟੇ ਸੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਤੇਰੀਆਂ ਤੇ ਗੂੜ੍ਹੀਆਂ ਛਾਵਾਂ ਵੇ ਪਿਪਲਾ
ਮੈਂ ਛਾਵੇਂ ਚਰਖੀ ਡਾਹ ਲਈ
ਨਿੱਕੀਆਂ ਨਿੱਕੀਆਂ ਬੂੰਦਾਂ ਜੋ ਵਰ੍ਹੀਆਂ
ਨੈਣਾਂ ਨੇ ਛਹਬਰ ਲਾ ਲਈ
ਘਰ ਵਿਚ ਬੈਠੀ ਨੂੰ ਛੇੜਨੋਂ ਨਾ ਹਟਦੇ
ਵੈਰੀ ਹੁਲਾਰੇ ਪੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਉੱਚੇ ਤੇ ਟਿੱਲਿਓਂ ਜੋਗੀ ਜੋ ਆਇਆ
ਮਸਤੀ 'ਚ ਬੀਨ ਵਜਾ ਗਿਆ
ਚਰਖੀ ਬਿਸਰੀ ਪੂਣੀਆਂ ਉਡੀਆਂ
ਜਾਦੂ ਤੇ ਜਾਦੂ ਚਲਾ ਗਿਆ
ਹੋਣੀ ਨਨਾਣ ਨੂੰ ਪਲ ਪਲ ਸੁਝਦੇ
ਬੜੇ ਖਰੂਦ ਸਤੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਅੰਬਾਂ ਦੇ ਹੋਕੇ ਗਲੀਆਂ 'ਚ ਮਿਲਦੇ
ਬਾਗ਼ੀਂ ਕੋਇਲਾਂ ਬੋਲੀਆਂ
ਨਵੀਆਂ ਵਿਆਹੀਆਂ ਭਿੱਜੀਆਂ ਭਿੱਜੀਆਂ
ਨਿਕਲੀਆਂ ਬੰਨ੍ਹ ਬੰਨ੍ਹ ਟੋਲੀਆਂ
ਇਕਨਾਂ ਨੂੰ ਚਾ ਵਿਚ ਗਿੱਧੇ 'ਚ ਨੱਚੀਏ
ਇਕਨਾਂ ਨੂੰ ਪੀਘਾਂ ਚੜ੍ਹੌਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

ਨਾ ਮੈਂ ਡਿਠੀਆਂ ਮਸਤ ਸ਼ਰਾਬਾਂ
ਭਰ ਗਏ ਨੈਣ ਸ਼ਬਾਬ ਦੇ
ਆਪੇ ਬੁਲ੍ਹਾਂ ਦਾ ਰੰਗ ਨਿਖਰਿਆ
ਬਣ ਗਏ ਫੁਲ ਗੁਲਾਬ ਦੇ
'ਨੂਰਪੁਰੀ' ਕੋਈ ਗੀਤ ਤੇ ਦਸ ਜਾ
ਸਜਣਾਂ ਨੂੰ ਮੋੜ ਲਿਔਣ ਦੇ
ਅਜੇ ਜਵਾਨੀ ਓਦਰੀ ਓਦਰੀ
ਸੱਜਣਾਂ ਨੂੰ ਘਰ ਔਣ ਦੇ

6. ਜੀਉਂਦੇ ਭਗਵਾਨ

ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ
ਚਾ ਜਿਨ੍ਹਾਂ ਦੇ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ
ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

ਕਈ ਨਾਰਾਂ ਦੇ ਫੁੱਲਾਂ ਵਰਗੇ, ਹਾਲੇ ਰੂਪ ਨਰੋਏ ਨੇ
ਸ਼ਗਨਾਂ ਦੇ ਹੱਥਾਂ ਵਿਚ ਗਾਨੇ, ਚਾ ਨਾ ਪੂਰੇ ਹੋਏ ਨੇ
ਦਿਲ ਦੇ ਵਿਚ ਲਕੋਈ ਬੈਠੀਆਂ, ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਉਣਾ ਚਾਹੁੰਦਾ ਏ
ਤਰਾਂ ਤਰਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

ਸ਼ੇਰਾਂ ਦੀ ਛਾਤੀ ਤੇ ਬਹਿਕੇ, ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿਚ ਡੁੱਬਕੇ, ਗੋਰੀ ਚਮੜੀ ਰੰਗੀ ਏ
ਨਵੀਂ ਦੇਸ਼ ਤੇ ਰੰਗਣ ਚਾੜ੍ਹੀ, ਪੂਜੋ ਉਨ੍ਹਾਂ ਭਗਵਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

ਜੀਉਣਾ ਹੁੰਦਾ ਓਸ ਮਰਦ ਦਾ, ਕਿਸੇ ਲਈ ਜੋ ਮਰਦਾ ਏ
ਅਪਣੇ ਦੇਸ਼ ਕੌਮ ਦੀ ਖ਼ਾਤਰ, ਜੀਵਨ ਅਰਪਨ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ

7. ਮਾਹੀ ਘਰ ਆਇਆ

ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।

ਕਿੱਡੀ ਸੋਹਣੀ ਲੱਗੇ ਸਾਨੂੰ ਤਾਰਿਆਂ ਦੀ ਲੋ ਨੀ
ਗੁਤ ਵਿਚ ਮੈਂ ਜਦੋਂ ਸ਼ੀਸ਼ੇ ਲਏ ਪਰੋ ਨੀ
ਮੇਰੇ ਕੁੰਡਲਾਂ 'ਚ ਫਾਹੀਆਂ ਉਹਦੇ ਨੈਣਾਂ ਵਿਚ ਚੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।

ਸੌਣ ਦਾ ਮਹੀਨਾ, ਪੈਂਦੀ ਠੰਡੀ ਜਹੀ ਫੁਹਾਰ ਨੀ
ਹੋਰ ਗੂੜ੍ਹਾ ਹੋਇਆ ਸਾਡੇ ਨੈਣਾਂ ਦਾ ਖੁਮਾਰ ਨੀ
ਠੱਲ੍ਹਿਆ ਨਾ ਜਾਵੇ, ਸਾਡੇ ਹਾਸਿਆਂ ਦਾ ਸ਼ੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।

ਖੁਲ੍ਹ ਖੁਲ੍ਹ ਪੈਣ ਮੇਰੇ ਬੱਝੇ ਬੱਝੇ ਵਾਲ ਨੀ
ਸਾਂਭ ਸਾਂਭ ਰੱਖਾਂ, ਹੱਥਾਂ ਗੋਰਿਆਂ ਦੇ ਨਾਲ ਨੀ
ਮਹੰਦੀ ਵਾਲੇ ਪੈਰਾਂ ਵਿਚ ਕਾਹਲੀ ਕਾਹਲੀ ਤੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।

ਵੇਹੜੇ ਵਿਚ ਰੌਣਕਾਂ, ਬਜ਼ਾਰਾਂ ਵਿਚ ਰੌਣਕਾਂ
ਫੁੱਲਾਂ ਨਾਲ ਲਦੀਆਂ ਸ਼ਿੰਗਾਰਾਂ ਨਾਲ ਰੌਣਕਾਂ
'ਨੂਰਪੁਰੀ' ਅੰਗ ਅੰਗ ਵਿਚ ਨਵਾਂ ਸ਼ੋਰ ਨੀ
ਮਾਹੀ ਘਰ ਆਇਆ ਰਾਤਾਂ ਹੋਰ ਦੀਆਂ ਹੋਰ ਨੀ
ਮਾਹੀ ਮੇਰਾ ਚੰਦ ਤੇ ਮੈਂ ਬਣ ਗਈ ਚਕੋਰ ਨੀ ।

8. ਜੀਵਨ ਦਾ ਆਖ਼ਰੀ ਪੜਾ

ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

ਜੀਵਨ ਵਿਚ ਇਹ ਚਾਰ ਕੁ ਰਾਤਾਂ
ਵਿਰਸੇ ਦੇ ਵਿਚ ਆਈਆਂ
ਤੂੰ ਅੱਖੀਆਂ ਵਿਚ ਕਜਲੇ ਪਾ ਪਾ,
ਅੱਖੀਆਂ ਵਿਚ ਲੰਘਾਈਆਂ
ਅਕਲ ਕਿਸੇ ਦੀ ਹੁਣ ਕੋਈ ਤੇਰੀਆਂ
ਅਕਲਾਂ ਵਿਚ ਨਾ ਬਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

ਸ਼ੀਸ਼ੇ ਨੇ ਤੈਨੂੰ ਨਹੀਂ ਦਸਿਆ
ਜਾਂ ਤੂੰ ਵੇਖ ਕੇ ਉਸ ਨੂੰ ਹੱਸਿਆ
ਤੇਰੀਆਂ ਜ਼ੁਲਫ਼ਾਂ ਨਾਲੋਂ ਕਾਲੀ
ਕਬਰ ਤੇਰੀ ਦੀ ਕਾਲੀ ਮੱਸਿਆ
ਇਸ ਕਾਲਖ ਨੂੰ ਲਖ ਕੋਈ ਧੋਵੇ
ਵਲੀਆਂ ਤੋਂ ਨਹੀਂ ਲਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

ਡੋਲੀ ਤੀਕਰ ਆਉਂਦੇ ਆਉਂਦੇ
ਚੇਤੇ ਸੀ ਕੁਝ ਗੱਲਾਂ
ਅਜ ਬਚਪਨ ਦੇ ਸਾਥ ਦੀਆਂ ਇਹ
ਕਿੱਦਾਂ ਰੜਕਣ ਸੱਲਾਂ
ਰੰਗ ਮਹੱਲੀਂ ਪੈਰ ਧਰਦਿਆਂ
ਮਸਤੀ ਡਿਗ ਡਿਗ ਪੈਂਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

ਪਿਛਲੇ ਕੀਤੇ ਪਿਛੇ ਰਹਿ ਗਏ
ਅਗਲੇ ਆ ਗਏ ਅੱਗੇ
ਹੱਡ, ਪੈਰ ਜਾਂ ਕੜਕ ਕੜਕ ਕੇ
ਅੱਗਾ ਰੋਕਣ ਲੱਗੇ
ਕਾਲੇ ਸੁਣ ਸੁਣ ਬੱਗੇ ਹੋ ਗਏ
ਖਲਕ ਗੁਨਾਹੀਆਂ ਕਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

ਦੇਖਣ ਆਇਆ ਜਗਤ ਤਮਾਸ਼ਾ
ਆਪ ਤਮਾਸ਼ਾ ਹੋਇਆ
ਕਜਲੇ ਵਾਲੀਆਂ ਅੱਖੀਆਂ ਕੋਲੋਂ
ਭਰ ਕੇ ਜਾਏ ਨਾ ਰੋਇਆ
'ਨੂਰਪੁਰੀ' ਬੁਲ੍ਹਾਂ ਤੇ ਲਾਲੀ
ਨਾ ਚੜ੍ਹਦੀ ਨਾ ਲਹਿੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹਿੰਦੀ
ਇਹ ਸੀ ਗੱਲ ਅਖ਼ੀਰੀ ਰਹਿੰਦੀ

9. ਜੱਟੀਆਂ ਪੰਜਾਬ ਦੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ
ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ
ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਮੱਖਣਾਂ ਦੇ ਪੇੜਿਆਂ 'ਚ ਗੁੰਨ੍ਹ ਗੁੰਨ੍ਹ ਚੂਰੀਆਂ
ਹਾਸਿਆਂ 'ਚ ਰੰਗੀਆਂ ਨੇ ਬੁਲ੍ਹੀਆਂ ਸੰਧੂਰੀਆਂ
ਅੰਗ ਅੰਗ ਲਾਲੀਆਂ ਤੇ ਸੱਚਿਆਂ 'ਚ ਢਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਵੇਹੜੇ ਵਿਚ ਗੱਭਰੂ ਦਾ ਪਲੰਗ ਨਵਾਰੀ ਏ
ਚੰਦ ਨਾਲੋਂ ਗੋਰੀ ਕੋਲ ਬੈਠੀ ਸਰਦਾਰੀ ਏ
ਦੋਹਾਂ ਦੀਆਂ ਜਾਣ ਨਾ ਜਵਾਨੀਆਂ ਸੰਭਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਕਿੱਡਾ ਰੰਗ ਲਾਇਆ ਸੋਹਣੀ ਹਿੱਕ ਦੀ ਹਮੇਲ ਨੇ
ਚੰਦ ਤੇ ਸਿਤਾਰੇ ਚਾੜ੍ਹੇ ਵੇਲ ਉਤੇ ਵੇਲ ਨੇ
'ਨੂਰਪੁਰੀ' ਦੁੱਧ ਤੇ ਮਲਾਈਆਂ ਨਾਲ ਪਾਲੀਆਂ
ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ
ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

10. ਸੰਦੂਕ ਮੁਟਿਆਰ ਦਾ

ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਸ਼ੀਸ਼ਿਆਂ 'ਚ ਕਹਿੰਦੇ ਉਹਦਾ ਵੀਰ ਵੱਗ ਚਾਰਦਾ

ਵੇਲਾਂ ਫੁੱਲ ਕਾਰੀਗਰਾਂ ਏਦਾਂ ਦੇ ਬਣਾਏ ਨੇ
ਪੇਕਿਆਂ ਨੇ ਬਾਗ਼ ਜਿਵੇਂ ਦਾਜ 'ਚ ਘਲਾਏ ਨੇ
ਵਿਚ ਇੱਕ ਬੂਟਾ ਨਵਾਂ ਧੀਆਂ ਦੇ ਪਿਆਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ

ਇੱਕ ਤਸਵੀਰ ਵਿਚ ਪੱਕੀਆਂ ਹਵੇਲੀਆਂ
ਚੌਦਵ੍ਹੀਂ ਦੇ ਚੰਦ ਨਾਲ ਖੇਡਣ ਸਹੇਲੀਆਂ
ਵਿਚ-ਵਿਚ ਝੌਲਾ ਪੈਂਦਾ ਮਿਰਗਾਂ ਦੀ ਡਾਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ

ਇੱਕ ਤਸਵੀਰ ਵਿਚ ਘੜਾ ਡੋਲ੍ਹ ਘਿਓ ਦਾ
ਹੱਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ
ਮਾਂ ਦਾ ਨਾ ਢਿੱਡ ਇੱਕ ਵੱਟ ਵੀ ਸਹਾਰਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ

ਟੁੱਟੇ ਹੋਏ ਸ਼ੀਸ਼ੇ ਤਾਈਂ ਵੇਖਿਆ ਜੇ ਤਾੜ ਕੇ
ਡੋਲੀ ਵਿਚ ਆਣ ਬੈਠੀ ਦੋਵੇਂ ਪੱਲੇ ਝਾੜ ਕੇ
ਦਿਲ 'ਚ ਖ਼ਿਆਲ ਡਾਢਾ ਡਾਢਿਆਂ ਦੀ ਮਾਰ ਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ

ਇੱਕ ਤਸਵੀਰ ਵਿਚ ਓਪਰੀ ਜਿਹੀ ਥਾਂ ਏ
ਓਪਰਾ ਹੀ ਪਿਓ ਕੋਲ਼ ਓਪਰੀ ਹੀ ਮਾਂ ਏ
ਓਪਰਾ ਹੀ 'ਨੂਰਪੁਰੀ' ਘੁੰਡ ਹੈ ਉਤਾਰਦਾ
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ

11. ਗੋਰੀ ਦੇ ਸੁਨਹਿਰੀ ਝੁਮਕੇ

ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ

ਮਹਿੰਦੀ ਵਾਲੇ ਹੱਥ ਰੁੱਸ ਗਏ, ਜਦੋਂ ਘੋਲ ਕੇ ਨਨਾਣ ਨੇ ਲਾਈ
ਫਿੱਕਾ ਫਿੱਕਾ ਰੰਗ ਚੜ੍ਹਿਆ, ਬੂਟੀ ਇੱਕ ਨਾ ਸਵਾਦ ਦੀ ਪਾਈ
ਵੀਣੀਆਂ ਗੁਲਾਬੀ ਗੋਰੀਆਂ, ਉਹਦੇ ਗਜਰੇ ਜਾਨ ਤੜਫਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ

ਗਰਮੀ ਦੀ ਰੁੱਤ ਆ ਗਈ, ਰੂਪ ਨਿਖਰਿਆ ਦੂਣ ਸਵਾਇਆ
ਚਿੱਠੀ ਦੀ ਤਰੀਕ ਲੰਘ ਗਈ, ਵੈਰੀ ਮਾਹੀ ਨਾ ਅਜੇ ਘਰ ਆਇਆ
ਬੁੱਕ ਬੁੱਕ ਮੋਤੀ ਗੁੰਦ ਕੇ, ਟੰਗੇ ਕਿੱਲੀਆਂ ਨਾਲ ਪਰਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ

ਤਿੱਤਰਾਂ ਦੇ ਖੰਭ ਵਰਗੀ, ਗਲ ਕੁੜਤੀ ਸੰਵਾ ਕੇ ਪਾਈ
ਮੋਢਿਆਂ ਤੇ ਰੱਖ ਡੋਰੀਆ, ਉਹਦੀ ਉੱਡਦੀ ਜਵਾਨੀ ਆਈ
ਤੁਰਦੀ ਮਰੋੜੇ ਮਾਰ ਕੇ, ਉਹਦੇ ਅੰਗ ਨੇ ਕਹਾਣੀਆਂ ਪਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ

ਕਿੱਕਰਾਂ ਨੂੰ ਫੁੱਲ ਲੱਗ ਗਏ, ਤੈਨੂੰ ਕੁਝ ਨਾ ਲੱਗੇ ਮੁਟਿਆਰੇ
ਵੇਖ ਕੇ ਸਹੀ 'ਨੂਰਪੁਰੀ', ਮੇਹਣੇ ਜੱਗ ਨੇ ਓਸਨੂੰ ਮਾਰੇ
ਘੁੰਡ ਵਿਚ ਅੱਗ ਬਲਦੀ, ਉਹਦੇ ਨੈਣ ਦੱਸਣੋਂ ਸ਼ਰਮਾਂਦੇ
ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ
ਅੱਖੀਆਂ 'ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ

12. ਸ਼ੌਂਕਣ ਮੇਲੇ ਦੀ

ਚੰਨ ਵੇ ! ਕਿ ਸ਼ੌਂਕਣ ਮੇਲੇ ਦੀ ।
ਪੈਰ ਧੋ ਕੇ ਝਾਂਜਰਾਂ ਪੌਂਦੀ
ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ ।

ਚੰਨ ਵੇ ਕਿ ਉਤੇ ਲੈ ਕੇ ਅੰਬ-ਰਸੀਆ
ਗਲ ਪਾ ਕੇ ਵਾਸਕਟ ਕਾਲੀ
ਮੁਰੱਬਿਆਂ ਵਾਲੀ
ਕਿ ਸ਼ੌਂਕਣ ਮੇਲੇ ਦੀ ।

ਚੰਨ ਵੇ ਕਿ ਲਡੂਆਂ ਦਾ ਭਾ ਪੁਛਦੀ
ਚੰਨ ਚੜ੍ਹਿਆ ਸ਼ਹਿਰ ਵਿਚ ਸਾਰੇ
ਕਿ ਛਿਪ ਗਏ ਤਾਰੇ
ਕਿ ਸ਼ੌਂਕਣ ਮੇਲੇ ਦੀ ।

ਚੰਨ ਵੇ ਕਿ ਘਗਰਾ ਵੀਹ ਗਜ਼ ਦਾ
ਲੱਕ ਗੋਰੀ ਦਾ ਮਰੋੜੇ ਖਾਵੇ
ਪੇਸ਼ ਨਾ ਜਾਵੇ
ਕਿ ਸ਼ੌਂਕਣ ਮੇਲੇ ਦੀ ।

ਚੰਨ ਵੇ ਕਿ ਕੁੜਤੀ 'ਚੋਂ ਅੱਗ ਸਿੰਮਦੀ
ਉਹਦੇ ਲਹੂ ਦੀ ਚਾਨਣੀ ਦਮਕੇ
ਕਿ ਬਿਜਲੀ ਚਮਕੇ
ਕਿ ਸ਼ੌਂਕਣ ਮੇਲੇ ਦੀ ।

ਚੰਨ ਵੇ ਕਿ ਰਾਹੀਆਂ ਨੂੰ ਰਾਹ ਭੁੱਲ ਗਏ
ਓਹਦੇ ਗੋਰਿਆਂ ਹੱਥਾਂ ਦੀ ਮਹਿੰਦੀ
ਬੜਾ ਗਲ ਪੈਂਦੀ
ਕਿ ਸ਼ੌਂਕਣ ਮੇਲੇ ਦੀ ।

13. ਕੌਣ ਆਖੂ ਹੌਲਦਾਰਨੀ

ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।
ਹੌਲੀ ਜੇਹੀ ਬਾਰੀ ਖੋਲ੍ਹ ਕੇ
ਵਾਜ਼ਾਂ ਦੇਂਦੀਆਂ ਗੋਰੀਆਂ ਬਾਹਵਾਂ ।

ਇਕੋ ਪੁੱਤ ਲੰਬੜਾਂ ਦਾ
ਕੱਲ੍ਹ ਪਾ ਕੇ ਵਰਦੀਆਂ ਲੰਘਿਆ ।
ਪੈਰਾਂ 'ਚ ਪਰੇਟ ਨੱਚਦੀ
ਉਹਦਾ ਲਾਲੀਆਂ ਨੇ ਅੰਗ ਅੰਗ ਰੰਗਿਆ ।
ਮੋਢੇ ਤੇ ਬੰਦੂਕ ਵੇਖ ਕੇ
ਵੇ ਮੈਂ ਵੈਰੀਆ ਨਿਘਰਦੀ ਜਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।

ਤੇਰੇ ਤੇ ਜਵਾਨੀ ਕਹਰ ਦੀ
ਜਦੋਂ ਪਿਛਲੀ ਲੜਾਈ ਤੂੰ ਲੜਿਆ ।
ਵੱਡਾ ਸਾਹਿਬ ਦੇਵੇ ਥਾਪੀਆਂ
ਤੇਰੇ ਅੱਗੇ ਨਾ ਸ਼ੇਰ ਕੋਈ ਅੜਿਆ ।
ਚਾਈਂ ਚਾਈਂ ਛੌਣੀਆਂ ਵਿਚੋਂ
ਤੇਰਾ ਪੁਛਦੀ ਕਵਾਟਰ ਆਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।

ਤੇਰੀਆਂ ਉਡੀਕਾਂ ਵਿਚ ਵੇ
ਚੋਰੀਂ ਪੇਕਿਆਂ ਤੋਂ ਚਿਠੀਆਂ ਮੈਂ ਪਾਈਆਂ ।
ਤੇਰੀਆਂ ਲੁਕੋ ਕੇ ਚਿੱਠੀਆਂ
ਪੜ੍ਹੀਆਂ ਬੁਲ੍ਹਾਂ 'ਚ ਹੱਸਣ ਭਰਜਾਈਆਂ ।
ਮਿੰਨਤਾਂ ਦੇ ਨਾਲ ਮੰਗ ਕੇ,
ਵੇ ਮੈਂ ਲਖ ਲਖ ਵਾਰ ਪੜ੍ਹਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।

ਇਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ ।
ਹੱਥਾਂ ਉਤੇ ਲਾ ਕੇ ਮਹਿੰਦੀਆਂ
ਵੇ ਮੈਂ ਸੰਦਲੀ ਦੁਪੱਟਾ ਰੰਗਵਾਇਆ ।
ਅੱਧਾ ਅੱਧਾ ਘੁੰਡ ਕੱਢ ਕੇ
ਸੌਹਰੇ ਸਾਹਮਣੇ ਨਾ ਖੁਲ੍ਹ ਕੇ ਬੁਲਾਵਾਂ ।
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।

ਜੋਗੀਆਂ ਦੇ ਸਪ ਲੜ ਗਏ,
ਸਪ ਰੰਗੀ ਜਾਂ ਕਮੀਜ਼ ਮੈਂ ਪਾਈ ।
ਦੇਸ਼ ਬੰਗਾਲ ਦੇ ਵਿਚੋਂ
ਇਕ ਵਾਰੀ ਸੀ ਜੇਹੜੀ ਤੂੰ ਭਿਜਵਾਈ ।
ਪੁਛ ਤੂੰ ਹੀ 'ਨੂਰਪੁਰੀ' ਤੋਂ
ਜੇਹੜਾ ਲਿਖਦਾ ਰਹਿਆ ਸਰਨਾਵਾਂ
ਕੌਣ ਆਖੂ ਹੌਲਦਾਰਨੀ
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ ।

14. ਪੰਜਾਬਣ

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਚਰਖੀ ਦਾ ਸ਼ੌਂਕ ਕਤਣੀ 'ਚ ਪੂਣੀਆਂ
ਰੁਸ ਰੁਸ ਬਹਣ ਵੀਣੀਆਂ ਤੇ ਕੂਹਣੀਆਂ ।
ਧੱਮ ਧੱਮ ਚਾਟੀ 'ਚ ਮਧਾਣੀ ਵੱਜਦੀ
ਘੱਮ ਘੱਮ ਪੌੜੀਆਂ ਤੇ ਚੜ੍ਹੇ ਭੱਜਦੀ ।
ਮੇਲ੍ਹ ਮੇਲ੍ਹ ਪਾਵੇਂ ਖਿੱਦੂ ਨਾਲ ਬੱਚੀਆਂ
ਭਾਬੀ ਤੇ ਨਨਾਣ ਤੁਸੀਂ ਦੋਨੋਂ ਨੱਚੀਆਂ ।
ਤੇਰੀਆਂ ਰਕਾਨੇ ਗਿੱਧੇ ਵਿਚ ਧਮਕਾਂ
ਚੋਬਰਾਂ ਨੂੰ ਮਾਰੇਂ ਖਿੱਚ ਖਿੱਚ ਛਮਕਾਂ ।
ਨਚਦੀ ਦੇ ਤੇਰੇ ਖੁਲ੍ਹ ਗਏ ਕੇਸ ਨੀ
ਸਾਂਭ ਲੈ ਜਵਾਨੀ ਅੱਲ੍ਹੜ ਵਰੇਸ ਨੀ ।
ਪੀਂਘਾਂ ਝੂਟਦੀ ਦੇ ਤੇਰੇ ਕਿਰੇ ਬੋਰ ਨੀ
ਲੰਮੀ ਤੇਰੀ ਧੌਣ ਤੈਨੂੰ ਕਹਣ ਮੋਰਨੀ ।
ਲੱਕੋਂ ਟੁੱਟ ਜਾਵੇਂ ਗੰਦਲੇ ਨਾ ਕੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ।

ਮੱਘੇ ਵਿਚ ਲੱਸੀ ਉਤੇ ਛਿਕੂ ਰੋਟੀਆਂ
ਬੂਰੀ ਦੀਆਂ ਧੀਆਂ ਅੱਗੇ ਪੰਜ ਝੋਟੀਆਂ ।
ਰੁੱਖਾਂ ਹੇਠ ਬੈਠ ਅਸੀਂ ਬੇੜ ਵੱਟੀਏ
ਸਿਖ਼ਰ ਦੁਪਹਿਰ ਕਿਥੇ ਜਾਵੇਂ ਜੱਟੀਏ ?
ਕਣਕਾਂ 'ਚ ਮਾਰਦੇ ਖੰਘੂਰੇ ਜੱਟ ਨੀ
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ ।
ਪੱਕੀਏ ਪਕਾਈਏ ਤੈਨੂੰ ਕਿਦਾਂ ਠੋਰੀਏ
ਉਠ ਉਠ ਪਵੇਂ ਪੱਬਾਂ ਸਣੇ ਗੋਰੀਏ ।
ਮਿੱਠੀ ਤੇਰੀ ਬੋਲੀ ਨੀ ਬਲੌਰੀ ਤੋਰੀਏ
ਲੰਮੀਏਂ ਨੀ ਕਾਠੇ ਗੰਨੇ ਦੀਏ ਪੋਰੀਏ ।
ਪਾਉਂਦੀਆਂ ਦੁਹਾਈ ਨੇ ਪੰਜੇਬਾਂ ਲੰਘੀਆਂ
ਸੁੱਥਣਾਂ ਸਵਾਈਆਂ ਕਿਥੋਂ ਸੱਪ ਰੰਗੀਆਂ ?
ਸ਼ੀਸ਼ੇ ਵਾਂਗੂੰ ਸਾਫ਼ ਸੁੱਚੀਏ ਤੇ ਸੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ।

ਮੱਖਣਾਂ ਦੇ ਪੇੜੇ ਤੇ ਮਲਾਈਆਂ ਖਾਣ ਨੂੰ
ਡੋਲੀਆਂ ਤੇ ਰਥਾਂ ਤੇਰੇ ਸੌਹਰੇ ਜਾਣ ਨੂੰ ।
ਰੇਲਾਂ ਤੇ ਹਮੇਲਾਂ ਪਰੀ ਬੰਦ ਪੌਣ ਨੂੰ
ਵੀਰਾਂ ਦੀਆਂ ਘੋੜੀਆਂ ਦੇ ਗੀਤ ਗੌਣ ਨੂੰ ।
ਲਾਲ ਸੂਹੀਆਂ ਬੁਲ੍ਹੀਆਂ 'ਚ ਸੁੱਤਾ ਜੱਗ ਨੀ
ਹੀਰਿਆਂ ਦੀ ਖਾਣ ਨੂੰ ਤੈਂ ਲਾਈ ਅੱਗ ਨੀ ।
ਮਹਿੰਦੀ ਵਾਲੇ ਹੱਥ ਵਿਚ ਛੱਲੇ ਮੁੰਦੀਆਂ
ਤੇਰੀਆਂ ਨੇ ਗੱਲਾਂ ਮੇਲਿਆਂ 'ਚ ਹੁੰਦੀਆਂ ।
ਸਹੁਰਿਆਂ ਦੇ ਪਾਵੇਂ ਹੁੱਬ ਕੇ ਤਵੀਤ ਨੀ
ਸੱਸ ਨੂੰ ਸੁਣਾਵੇਂ ਪੇਕਿਆਂ ਦੇ ਗੀਤ ਨੀ ।
ਮੂੰਹ ਤੇ ਵਿਖਾਜਾ ਨਵੀਏਂ ਨੀ ਵਹੁਟੀਏ
ਪਿੰਡ ਦੇ ਸ਼ੁਕੀਨ ਦੀਏ ਚੀਚ ਵਹੁਟੀਏ ।
ਸਾਨੂੰ ਵੀ ਸਿਖਾਲ ਅਸੀਂ ਕਿੱਦਾਂ ਨੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

15. ਗੋਰੀ ਦੀਆਂ ਝਾਂਜਰਾਂ

ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ

ਅਥਰੀ ਜਵਾਨੀ ਗੱਲਾਂ ਫਿਰੇ ਦੱਸਦੀ
ਮਾਹੀ ਗੁੱਸੇ ਹੋ ਗਿਆ ਨਾ ਗੱਲ ਵੱਸ ਦੀ
ਰਾਹ ਜਾਂਦੇ ਰਾਹੀਆਂ ਨੂੰ ਸੁਣੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ

ਸਾਂਭੇ ਜਾਣ ਨਖਰੇ ਨਾ ਅੰਗ ਅੰਗ ਦੇ
ਵੀਣੀ ਉਤੇ ਨਾਚ ਸੀ ਬਲੌਰੀ ਵੰਗ ਦੇ
ਆਸ਼ਕਾਂ ਦੇ ਲਹੂ ਵਿਚ ਨ੍ਹਾਉਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ

ਕਾਲੇ ਜਹੇ ਦੁਪੱਟੇ ਨੇ ਕੀ ਪਾਇਆ ਨ੍ਹੇਰ ਨੀ
ਘੁੰਡ ਵਿਚ ਨੈਣ ਉਹਦੇ ਲਏ ਘੇਰ ਨੀ
ਮਿੱਤਰਾਂ ਦੇ ਦਿਲ ਧੜਕੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ

ਸਾਂਭ ਕੇ ਤੇ ਰੱਖ ਲੈ ਨਨਾਣੇ ਗੋਰੀਏ
ਰੂਪ ਦਾ ਸ਼ਿੰਗਾਰ ਜਾਲੀਦਾਰ ਡੋਰੀਏ
'ਨੂਰਪੁਰੀ' ਕੋਲੋਂ ਸ਼ਰਮੌਂਦੀਆਂ ਗਈਆਂ
ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ

16. ਕਾਲੇ ਰੰਗ ਦਾ ਪਰਾਂਦਾ

ਕਾਲੇ ਰੰਗ ਦਾ ਪਰਾਂਦਾ
ਸਾਡੇ ਸੱਜਣਾਂ ਨੇ ਆਂਦਾ
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ

ਕਾਲਾ ਏ ਪਰਾਂਦਾ ਨਾਲੇ ਮੇਢੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖ਼ੁਸ਼ੀ ਵਿਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾਂ ਵਿਚ ਪਈਆਂ ਹੋਈਆਂ ਵਾਲੀਆਂ ।
ਨੀ ਮੈਂ ਕੁਝ ਕੁਝ ਝਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ

ਸੱਜਣਾਂ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਫੁੱਲਾਂ ਉਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ ਏ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਨੀ ਮੈਂ ਲੁਕ ਲੁਕ ਤੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ

ਰੁੜ੍ਹ ਪੁੜ ਜਾਣਾ ਚੰਨ ਅੰਬਰਾਂ ਦਾ ਅੜੀਓ ਨੀ
ਮੈਨੂੰ ਫਿਰੇ ਲੁਕ ਲੁਕ ਤੱਕਦਾ ਏ
ਅੰਬਰਾਂ ਤੇ ਰੱਬ ਦੀ ਵਾਅ ਸਾਨੂੰ ਝਲਦੀ ਨਹੀਂ
ਤਾਹੀਂਉਂ ਉਹਨੂੰ ਤੱਕਣੋਂ ਨਹੀਂ ਡਕਦਾ ਏ
ਨੀ ਮੈਂ ਅੱਖੀਆਂ ਨੂੰ ਡੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ

17. ਨੱਚ ਲੈਣ ਦੇ

ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ
ਜਿਹਨੂੰ ਝੂਠ ਝੂਠ ਕਹਿੰਦੇ ਨੇ ਹੋ ਸੱਚ ਲੈਣ ਦੇ

ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ

ਸੌਂਫੀਆ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ
ਹਾਸੀਆਂ ਨੂੰ ਰੋਕ ਰੋਕ ਮਾਹੀ ਕੋਲੋਂ ਲੰਘਿਆ
ਨੀ ਮੈਨੂੰ ਮਾਹੀ ਵਾਲੇ ਰੰਗ ਵਿਚ ਰੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ

ਗੁੱਤ ਖੁਲ੍ਹ ਗਈ ਏ ਉਹਨੂੰ ਹੋਰ ਨੀ ਖਿੰਡਾ ਦਿਉ
ਨਾਗ ਕਿਵੇਂ ਕੀਲਾਂ ਮੈਨੂੰ ਜੋਗਣ ਬਣਾ ਦਿਉ
ਨੀ ਮੈਨੂੰ ਗਿੱਧੇ ਵਿਚ ਸਹਜੇ ਸਹਜੇ ਜੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ

ਵਿਹੜਾ ਕਿਵੇਂ ਗੂੰਜਦਾ ਤੇ ਕੰਧਾਂ ਕਿਵੇਂ ਗੌਂਦੀਆਂ
ਪਿੰਡ ਸਾਰਾ ਘੁੰਮੇ ਵਾਜਾਂ ਪਿੰਡ ਵਿਚੋਂ ਔਂਦੀਆਂ
ਨੀ ਅੜੀਓ 'ਨੂਰਪੁਰੀ' ਬਚਦਾ ਜੇ ਬੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ

18. ਜੁੱਤੀ ਕਸੂਰੀ ਪੈਰੀਂ ਨਾ ਪੂਰੀ

ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ।

ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਬੜਾ ਪਵਾੜਾ ਪੈ ਗਿਆ
ਯੱਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਆ ਪੈਦਲ ਲੈ ਗਿਆ

ਲੈ ਮੇਰਾ ਮੁਕਲਾਵਾ ਢੋਲਾ
ਸੜਕੇ ਸੜਕੇ ਜਾਂਵਦਾ
ਕੱਢਿਆ ਘੁੰਡ ਕੁਝ ਕਹਿ ਨਾ ਸਕਦੀ
ਦਿਲ ਮੇਰਾ ਸ਼ਰਮਾਂਵਦਾ

ਸੋਹਲ ਪਿੰਨੀਆਂ ਪੈਰ ਕੂਲੇ
ਸਾਥੋਂ ਤੁਰਿਆ ਜਾਏ ਨਾ
ਸੱਜਰਾ ਜੋਬਨ ਸਿਖ਼ਰ ਦੁਪਹਿਰਾ
ਤਰਸ ਸੋਹਣਾ ਖਾਏ ਨਾ

ਪੈਰਾਂ ਦੇ ਵਿਚ ਪੈ ਗਏ ਛਾਲੇ
ਮੂੰਹ ਮੇਰਾ ਕੁਮਲਾਂਵਦਾ
ਮਾਹੀਆ ਤੁਰਦਾ ਜਾਏ ਅਗੇਰੇ
ਪਿਛਾਂਹ ਨਾ ਝਾਤੀ ਪਾਂਵਦਾ

ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ।

19. ਖਤ ਆਇਆ ਸੋਹਣੇ ਸੱਜਣਾਂ ਦਾ

ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ
ਨਾ ਲਿਖੀਆਂ ਤਰੀਕਾਂ ਆਣ ਦੀਆਂ
ਨੀ ਮੈਂ ਪਲ ਪਲ ਕੋਠੇ ਚੜ੍ਹਦੀ ਹਾਂ

ਹੁਣ ਰੂਪ ਨਾ ਕੱਜਿਆ ਰਹਿੰਦਾ ਨੀ
ਅੰਗ ਅੰਗ 'ਚੋਂ ਡੁਲ੍ਹ ਡੁਲ੍ਹ ਪੈਂਦਾ ਨੀ
ਇਹ ਦਿਲ ਇਕ ਥਾਂ ਨਾ ਬਹਿੰਦਾ ਨੀ
ਇਹਨੂੰ ਮੁੜ ਮੁੜ ਭਜ ਭਜ ਫੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ

ਕੁਝ ਮਣਕੇ ਪਰੋ ਕੇ ਗਾਨੀ ਦੇ
ਨੀ ਮੈਂ ਪਰਖਾਂ ਸਬਰ ਜਵਾਨੀ ਦੇ
ਜਦ ਅਥਰੂ ਡਿਗਣ ਦੀਵਾਨੀ ਦੇ
ਨੀ ਮੈਂ ਐਵੇਂ ਖਿਝ ਖਿਝ ਲੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ

ਹਰ ਗੱਲ ਵਿਚ ਗੱਲ ਨੂੰ ਲਭਦੀ ਹਾਂ
ਅੱਗ ਦਿਲ ਦੀ ਦਿਲ ਵਿਚ ਦਬਦੀ ਹਾਂ
ਨੀ ਮੈਂ ਭੈੜੀ ਚਾਕਰ ਸਭ ਦੀ ਹਾਂ
ਨਾ ਧੁਖਦੀ ਹਾਂ ਨਾ ਸੜਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ

ਕੁਝ 'ਨੂਰਪੁਰੀ' ਦੇ ਝੋਰੇ ਨੇ
ਕੁਝ ਰੋਂਦੇ ਪਏ ਹਟਕੋਰੇ ਨੇ
ਕੁਝ ਦੁਨੀਆਂ ਵਾਲੇ ਕੋਰੇ ਨੇ
ਮੈਂ ਦੋਸ਼ ਜਿਨ੍ਹਾਂ ਸਿਰ ਮੜ੍ਹਦੀ ਹਾਂ
ਖੱਤ ਆਇਆ ਸੋਹਣੇ ਸੱਜਣਾਂ ਦਾ
ਕਦੇ ਰਖਦੀ ਹਾਂ ਕਦੇ ਪੜ੍ਹਦੀ ਹਾਂ

20. ਹੋਰ ਖਲੋ

ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ
ਇਸ ਦੁਨੀਆਂ ਦੇ ਨ੍ਹੇਰੇ ਵਿਚੋਂ ਵੇਖ ਤੇ ਅੜੀਏ ਲੋ ।

ਸੱਚੇ ਪਿਆਰ ਦੀਆਂ ਇਹ ਡੋਰਾਂ ਵੱਟ ਨਾ ਸੁੱਚੀਆਂ ਸੁੱਚੀਆਂ
ਕਲੀਆਂ ਵਾਂਗਰ ਖਿੜ ਖਿੜ ਹਸ ਨਾ ਬਾਹਵਾਂ ਕਰ ਕਰ ਉੱਚੀਆਂ
ਸੁੱਚੇ ਝੂਠੇ ਪਰਖ ਲੈ ਮੋਤੀ ਮਗਰੋਂ ਲਵੀਂ ਪਰੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਕੋਈ ਇੱਥੇ ਫੁਲ ਬਣਾਉਂਦਾ ਕੋਈ ਬਣਾਉਂਦਾ ਸੂਈਆਂ
ਕਈ ਮਹੰਦੀ ਵਾਲੇ ਹੱਥਾਂ ਨੇ ਕੋਮਲ ਜਿੰਦਾਂ ਲੂਹੀਆਂ
ਅੰਦਰ ਲੁਕ ਲੁਕ ਮਨ ਸਮਝਾਉਂਦਾ ਹੌਲੀ ਹੌਲੀ ਰੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਢਕ ਕੇ ਰੱਖ ਇਹ ਰਾਜ਼ ਅਨੋਖੇ ਨਾ ਪਉ ਹਰ ਥਾਂ ਗੱਲੀਂ
ਤੇਰੇ ਹੰਝੂਆਂ ਤੋਂ ਨਹੀਂ ਬੁਝਣੀ ਲੱਗ ਗਈ ਅੱਗ ਜੋ ਝੱਲੀਂ
ਰੰਗਲੇ ਰੰਗਲੇ ਗੂੜ੍ਹੇ ਹਾਸੇ ਬੁਲ੍ਹੀਆਂ ਵਿਚ ਲੁਕੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਏਥੇ ਕੋਈ ਮੌਤ ਨਾ ਜਾਣੇ ਜਿਸ ਦਾ ਹਰ ਥਾਂ ਘੇਰਾ
ਏਥੇ ਰਾਤ ਨਹੀਂ ਉਹ ਚੇਤੇ ਜਿਸ ਦਾ ਨਹੀਂ ਸਵੇਰਾ
ਤੇਰੇ ਰੋਣ ਦੀ ਕੰਧੀਂ ਲਗ ਲਗ ਦੁਨੀਆਂ ਲਏ ਕਨਸੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਜੇ ਲਭਦਾ ਤੇ ਗੰਢ ਪ੍ਰੀਤਾਂ ਗੰਢਾਂ ਦੇ ਦੇ ਪੱਕੀਆਂ
ਪਰ ਉਹਨੇ ਅਪਣੇ ਘੁੰਡ ਦੀਆਂ ਕੁੰਜਾਂ ਵੀ ਨਹੀਂ ਚੱਕੀਆਂ
ਉਹਦੇ ਆਉਣ ਦੀ ਤੇਰੇ ਕੰਨਾਂ ਸੁਣੀ ਨਾ ਕੋਈ ਸੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਤੂੰ ਜਾਣੇ ਇਹ ਕਲੀਆਂ ਤੇ ਫੁੱਲ ਬਾਹਲੇ ਚੰਗੇ ਚੰਗੇ
ਇਕੋ ਰਾਤ 'ਚ ਗਏ ਮਧੋਲੇ ਜਾਂ ਜ਼ੁਲਫ਼ਾਂ ਨੇ ਡੰਗੇ
ਕੂੜੇ ਉਤੇ ਚੁਕ ਕੇ ਸੁਟ ਗਏ ਜਿਨ੍ਹਾਂ ਲਈ ਖ਼ੁਸ਼ਬੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

ਮੰਜ਼ਲ ਤੇਰੀ ਬਾਹਲੀ ਲੰਮੀ ਤੂੰਹੀਉਂ ਆਪ ਮੁਕਾਉਣੀ
ਜੇ ਰਸਤੇ ਵਿਚ ਡਿਗ ਪਈ ਕਿਧਰੇ ਫੇਰ ਨਾ ਕਿਸੇ ਉਠਾਉਣੀ
'ਨੂਰਪੁਰੀ' ਛਡ ਜਗ ਦਾ ਖਹੜਾ ਇਕ ਸੱਚੇ ਦੀ ਹੋ
ਕੁਝ ਚਿਰ ਹੋਰ ਖਲੋ ਨੀ ਜਿੰਦੇ ਕੁਝ ਚਿਰ ਹੋਰ ਖਲੋ ।

21. ਅਰਜ਼ਾਂ

ਚਾਹੇ ਭਲੀਆਂ ਚਾਹੇ ਬੁਰੀਆਂ
ਢੱਕ ਲੈ ਸਭ ਬੁਰਿਆਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।

ਉਮਰ ਛੁਟੇਰੀ ਤੇ ਪੈਂਡਾ ਈ ਚੋਖਾ
ਦੁਨੀਆਂ ਸਾਰੀ ਧੋਖਾ ਈ ਧੋਖਾ
ਰਾਹ ਵਿਚ ਠੋਹਕਰ ਮਾਰ ਨਾ ਮੈਨੂੰ
ਹੋ ਜਾਊਂ ਵਾਂਗ ਸੁਦਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।

ਉੱਚੀ ਰੋਵਾਂ ਦੁਨੀਆਂ ਸੁਣਦੀ
ਪੈੜਾਂ ਕਢਦੀ ਅੱਥਰੂ ਪੁਣਦੀ
ਤੇਰੀ ਸਰਦਲ ਤਕ ਆ ਗਈਆਂ
ਰੋ, ਰੋ ਦਿਆਂ ਦੁਹਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।

ਪ੍ਰੀਤ ਤੇਰੀ ਦੇ ਹੋਠ ਪਿਆਸੇ
ਰੋਂਦੇ ਰਹੰਦੇ ਘੁੱਟ ਘੁੱਟ ਹਾਸੇ
ਤਕਦੀਆਂ ਅੱਖੀਆਂ ਡੱਕ ਡੱਕ ਰੱਖੀਆਂ
ਮਿਲਣ ਲਈ ਤਿਰਹਾਈਆਂ
ਮੈਂ ਕਮਲੀ ਦਿਆ ਬੇਪਰਵਾਹਾ
ਨਾ ਕਰ ਬੇਪਰਵਾਹੀਆਂ ।

22. ਮੈਨੂੰ ਜ਼ਿੰਦਗੀ ਦਿਉ ਉਧਾਰੀ

ਮੈਨੂੰ ਜ਼ਿੰਦਗੀ ਦਿਉ ਉਧਾਰੀ ।
ਹੈ ਕੋਈ ਵਸਦੀ ਦੁਨੀਆਂ ਦੇ ਵਿਚ,
ਜੇੜ੍ਹਾ ਜ਼ਿੰਦਗੀ ਵੰਡਦਾ ਹੋਵੇ,
ਜ਼ਿੰਦਗੀ ਦਾ ਬਿਉਪਾਰੀ ?
ਹੈ ਕੋਈ ਇਹ ਸਰਮਾਇਆ ਰਖਦਾ,
ਜਿਹੜਾ ਜ਼ਿੰਦਗੀ ਦਏ ਉਧਾਰੀ ।

ਮੈਂ ਲੁਟਾ ਬੈਠਾ ਹਾਂ ਜ਼ਿੰਦਗੀ,
ਜ਼ਿੰਦਗੀ ਲਭਦਾ ਫਿਰਦਾ ।
ਰੂਪ ਨਗਰ ਦੀਆਂ ਰਾਹਾਂ ਦੇ ਵਿਚ,
ਭਟਕ ਰਿਹਾ ਹਾਂ ਚਿਰ ਦਾ ।
ਨੈਣਾਂ ਨੂੰ ਕਈ ਨੈਣ ਮਿਲਾਏ,
ਜ਼ਿੰਦਗੀ ਲਈ ਤਿਹਾਏ ।
ਬੁਲ੍ਹਾਂ ਨੂੰ ਕਈ ਬੁਲ੍ਹ ਛੁਹਾਏ,
ਕੋਈ ਪਿਆਸ ਬੁਝਾਏ ।
ਪਲ ਭਰ ਦੇ ਲਈ ਅਪਣੇ ਬਣ ਕੇ,
ਇਸ ਦੁਨੀਆਂ ਦੇ,
ਸਮਾਜਾਂ ਨੂੰ ਵਖ਼ਤ ਪਏਗਾ,
ਸਭ ਹੋਏ ਇਨਕਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।

ਡੋਲੀ ਚੜ੍ਹ ਕੇ ਹੁਸਨ ਲਿਆਂਦਾ,
ਬੜਾ ਜਵਾਨੀ ਭਰਿਆ ।
ਜ਼ੁਲਫ਼ਾਂ ਨੂੰ ਜਾਂ ਕੰਘੀ ਲਾਵੇ,
ਜਾਵੇ ਦਰਦ ਨਾ ਜਰਿਆ ।
ਚੁੱਕਿਆ ਘੁੰਡ ਤੇ ਕਾਮ ਵਾਸ਼ਨਾ,
ਭਰੀ ਸੁਗੰਧੀ ਆਈ ।
ਐਸੀ ਉਲਝਣ ਵਿਚ ਉਲਝਿਆ,
ਸਾਰੀ ਸੁਰਤ ਭੁਲਾਈ ।
ਫੁੱਲਾਂ ਦਾ ਭੁਲੇਖਾ ਦੇ ਕੇ,
ਫੂਕ ਗਏ ਫੁਲਕਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।
ਮੈਂ ਚਾਹੁੰਦਾ ਇਕ ਪਲ ਜੀ ਜਾਵਾਂ,
ਜੀਣ ਲਈ ਸਾਂ ਆਇਆ ।
ਮੈਂ ਚਾਹੁੰਨਾ ਸਭ ਦਾ ਹੋ ਜਾਵਾਂ,
ਨਾ ਕੋਈ ਰਹੇ ਪਰਾਇਆ ।
ਕੁਝ ਪਿਆਰ ਮੈਂ ਪੱਲੇ ਬੰਨ੍ਹਾਂ,
ਤਾਂ ਸਾਜਨ ਕੋਲ ਜਾਵਾਂ ।
ਇਹ ਨਾ ਹੋਏ ਕਿ ਮੇਰਾ ਮੈਨੂੰ,
ਝੁਲਸ ਦਏ ਪਰਛਾਵਾਂ ।
'ਨੂਰਪੁਰੀ' ਤੂੰ ਮੋਤੀਆਂ ਵਾਲੇ,
ਸ਼ਾਹ ਦੇ ਘਰ ਹੈ ਜਾਣਾ ।
ਤੇਰੀ ਝੋਲੀ ਵਿਚ ਬੇਲੀਆ,
ਝੂਠੇ ਫੁੱਲ ਬਜ਼ਾਰੀ ।
ਮੈਨੂੰ ਜ਼ਿੰਦਗੀ ਦਿਉ ਉਧਾਰੀ ।

23. ਤੇਰੀ ਮਸਤੀ ਕਿਤੇ ਨਾ ਲੱਭੀ

ਤੇਰਾ ਜ਼ਿਕਰ ਕਰਾਂ ਕੀ ਸਜਣਾ ਮੇਰਾ ਜੀ ਏ ਡਰਦਾ ।
ਕਾਫ਼ਰ ਕਿਧਰੇ ਹੋ ਨਾ ਜਾਵੇ ਹੁਸਨ ਤੇਰੇ ਦਾ ਬਰਦਾ ।

ਟੁਟ ਗਈਆਂ ਕਈ ਕਲਮਾਂ ਲਿਖ ਲਿਖ ਸੋਚ ਸੋਚ ਸਿਰ ਫਿਰ ਗਏ
ਹੰਭ ਗਈਆਂ ਕਈ ਮਾਲਾਂ ਫਿਰ ਫਿਰ ਘਸ ਘਸ ਮਣਕੇ ਕਿਰ ਗਏ ।

ਹਰ ਸ਼ੈ ਦੇ ਵਿਚ ਵਸਦਾ ਹੋਵੇਂ ਫੇਰ ਨਾ ਨਜ਼ਰੀ ਆਵੇਂ
ਜ਼ੱਰੇ ਜ਼ੱਰੇ ਵਿਚੋਂ ਹਸ ਕੇ ਤੂੰ ਸੂਰਜ ਚੁੰਧਿਆਵੇਂ ।

ਤੇਰਾ ਜ਼ਿਕਰ ਜਿਨ੍ਹੇ ਵੀ ਕੀਤਾ ਮੂੰਹ ਤੋਂ ਪਰਦਾ ਲਾਹ ਕੇ
ਹੁਸਨ ਉਹਦਾ ਗਲੀਆਂ ਵਿਚ ਵਿਕਿਆ ਅੱਟੀ ਮੁਲ ਪਵਾ ਕੇ ।

ਜਿਨ੍ਹ ਤੈਨੂੰ ਵੇਖਣ ਲਈ ਸਾਲੂ ਰੰਗੇ ਲਾ ਲਾ ਗੋਟੇ
ਛੋਹ ਨਾ ਸਕਿਆ ਫਿਰ ਵੀ ਤੇਰੇ ਮਹੰਦੀ-ਰੰਗੇ ਪੋਟੇ ।

'ਨੂਰਪੁਰੀ' ਮੈਂ ਪੀ ਕੇ ਵੇਖੀ ਕਲੀਆਂ ਹੱਥੋਂ ਪਿਆਲੀ
ਤੇਰੀ ਮਸਤੀ ਕਿਤੇ ਨਾ ਲੱਭੀ ਸਭ ਮਸਤੀ ਤੋਂ ਖ਼ਾਲੀ ।

24. ਬਚਪਨ

ਬਚਪਨ ਸੀ ਇਕ ਭੋਲਾ ਪੰਛੀ,
ਨਿਰਛਲ ਕੀ ਜਾਣੇ ਚਤਰਾਈਆਂ ।
ਗੋਡੇ ਹੀਣਾ ਰੀਂਗ ਰੀਂਗ ਕੇ,
ਵੇਹੜੇ ਦੇ ਵਿਚ ਡੰਡੀਆਂ ਪਾਈਆਂ ।
ਮਾਂ ਦੀ ਛਾਤੀ ਤਕ ਸੀ ਮੰਜ਼ਲ,
ਗੋਦੀ ਵਿਚ ਖੇਡਣ ਸਚਿਆਈਆਂ ।
ਖ਼ਾਲੀ ਹੱਥ ਤੇ ਲੱਖ ਬਰਕਤਾਂ,
ਚਾਂਦੀ ਸੋਨੇ ਨਾਲ ਮੜ੍ਹਾਈਆਂ ।
ਖੂਹ ਵਿਚ ਪਾਵੇ ਪੌਂਡ ਰੁਪਈਏ,
ਮਨ ਪਰਚਾਵਣ ਧੇਲੇ ਪਾਈਆਂ ।
ਗੁੰਗੀ ਜੀਭ 'ਚ ਲੱਖਾਂ ਗੱਲਾਂ,
ਕਈ ਗੱਲਾਂ ਉਸ ਗੱਲੀਂ ਲਾਈਆਂ ।
ਪਾੜ ਸੁੱਟੇ ਸਭ ਵਹੀਆਂ ਖਾਤੇ,
ਅੜੀਆਂ ਤੇ ਜਾਂ ਅੜੀਆਂ ਆਈਆਂ ।
ਕਈ ਸੱਪਾਂ ਦੀਆਂ ਫੜ ਫੜ ਸਿਰੀਆਂ,
ਜਿਉਂਦਿਆਂ ਹੀ ਮੂੰਹ ਵਿਚ ਪਾਈਆਂ ।
ਬੁੱਲ੍ਹਾਂ ਨਾਲ ਛੁਹਾਵਣ ਬੁਲ੍ਹੀਆਂ,
ਚੋਹਲ ਕਰਨ ਸੱਕੀਆਂ ਭਰਜਾਈਆਂ ।
ਰੋਵੇ ਤੇ ਰੋਵੇ ਸਭ ਕੁਦਰਤ,
ਹੱਸੇ ਤੇ ਹੱਸਣ ਵਡਿਆਈਆਂ ।
ਨਾ ਕੋਈ ਇਹਦੇ ਪਿਆਰ ਤੇ ਸ਼ੱਕਾਂ
ਵੇਖ ਕਿਸੇ ਨਾ ਊਜਾਂ ਲਾਈਆਂ ।
ਇਸ ਚਾਨਣ ਦੇ ਲਭਣ ਦੇ ਲਈ,
ਜੋਤਾਂ ਚੀਰ ਪਹਾੜ ਜਗਾਈਆਂ ।
ਧਰਮਾਂ ਕਰਮਾਂ ਦਾ ਇਹ ਬੂਟਾ,
ਵਾਹ ਲਾਇਆ ਦੁਨੀਆਂ ਦੇ ਸਾਈਆਂ ।

25. ਰੱਬ ਨੂੰ ਨਾ ਮਾਰ

ਰੱਬ ਨੂੰ ਨਾ ਮਾਰ, ਸਾਡੇ ਰੱਬ ਨੂੰ ਨਾ ਮਾਰ ਉਏ ।
ਖ਼ੂਨੀਆਂ ਜਹਾਨ ਦਿਆ ਖ਼ੂਨ ਨਾ ਗੁਜ਼ਾਰ ਉਏ ।

ਵਗਦੀ ਏ ਰਾਵੀ ਹੜ੍ਹ ਕਹਰ ਦੇ ਨੇ ਵੱਗਦੇ
ਰੁੜ੍ਹੇ ਜਾਂਦੇ ਭਾਗ ਮੇਰੇ ਸੋਹਣੇ ਜਹੇ ਜੱਗ ਦੇ
ਚੜ੍ਹਿਆ ਤੂਫ਼ਾਨ ਡੁੱਬ ਜਾਊ ਸੰਸਾਰ ਉਏ
ਰੱਬ ਨੂੰ ਨਾ ਮਾਰ……

ਭੱਠੀ ਵਿਚੋਂ ਸੇਕ ਜਦੋਂ ਉਠਦਾ ਏ ਲੰਬ ਦਾ
ਵੇਖ ਵੇਖ ਦਿਲ ਪਿਆ ਰਾਵੀ ਦਾ ਏ ਕੰਬਦਾ
ਝੱਲੀ ਨਹੀਓਂ ਜਾਣੀ ਰੋਂਦੇ ਨੈਣਾਂ ਦੀ ਝਲਾਰ ਉਏ
ਰੱਬ ਨੂੰ ਨਾ ਮਾਰ……

ਖੁਲ੍ਹੇ ਹੋਏ ਕੇਸ ਤੱਤੀ ਰੇਤ ਸਾੜਦੀ
ਹੋ ਗਈ ਏ ਕੋਲੇ ਰੱਤ ਇਕ ਇਕ ਨਾੜ ਦੀ
ਫੁੱਲਾਂ ਉਤੇ ਕਾਹਨੂੰ ਪਿਆ ਸਿੱਟੇਂ ਅੰਗਿਆਰ ਉਏ
ਰੱਬ ਨੂੰ ਨਾ ਮਾਰ……

'ਨੂਰਪੁਰੀ' ਇਹਨੇ ਤੇਰੇ ਬੇੜਿਆਂ ਨੂੰ ਤਾਰਨਾ
ਸੇਕ ਤੇਰੇ ਪਾਪ ਦੇ ਨੂੰ ਏਸੇ ਠੰਡ ਠਾਰਨਾ
ਅੰਤ ਨੂੰ ਨਬੇੜੇ ਹੋਣੇ, ਏਸੇ ਦਰਬਾਰ ਉਏ
ਰੱਬ ਨੂੰ ਨਾ ਮਾਰ……

26. ਮਾਤਾ ਗੁਜਰੀ ਜੀ

ਅਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ।
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ ।

ਨੀ ਕੱਲ੍ਹ ਜਦੋਂ ਸੌਣ ਲਗੀ ਮੇਰੇ ਕੋਲ ਹੀਰਿਆਂ ਦੀ ਜੋੜੀ
ਪਿੰਡਿਆਂ ਤੇ ਹੱਥ ਫੇਰ ਕੇ, ਮੈਂ ਆਖਿਆ ਵੰਡੂੰਗੀ ਲੋੜ੍ਹੀ
ਢਿਡ ਦਾ ਸੇਕ ਬੁਰਾ ਨੀ ਮੈਥੋਂ ਸੇਕ ਝਲਿਆ ਨਾ ਜਾਵੇ
ਅਧੀ ਰਾਤੀਂ ਮਾਂ ਗੁਜਰੀ……

ਸੁਫ਼ਨਾ ਸੱਚ ਹੋ ਗਇਆ, ਮੇਰੇ ਨਾਲ ਝਗੜ ਪਈ ਹੋਣੀ
ਇਟ ਉਤੇ ਇਟ ਰਖਕੇ ਤੇਰੇ ਹੀਰਿਆਂ ਦੀ ਚਮਕ ਲੁਕੋਣੀ
ਨੀ ਛਾਤੀ ਨਾਲ ਮੈਂ ਲਾ ਲਏ, ਜਾਂ ਉਹ ਉਛਲੀ ਭਰਨ ਕਲਾਵੇ
ਅਧੀ ਰਾਤੀਂ ਮਾਂ ਗੁਜਰੀ……

ਇਕ ਦਿਨ ਪੁਛਦੇ ਸੀ, ਦਾਦੀ ਪਿਤਾ ਜੀ ਕੋਲ ਕਦ ਜਾਣਾ
ਐਤਕੀਂ ਤਾਂ ਰਜ ਰਜ ਕੇ, ਅਸੀਂ ਹਸ ਹਸ ਗਲ ਲਗ ਜਾਣਾ
ਇਕ ਇਕ ਬੋਲ ਚੰਦਰਾ ਨੀ ਮੇਰੇ ਧੂਹ ਕਾਲਜੇ ਨੂੰ ਪਾਵੇ
ਅਧੀ ਰਾਤੀਂ ਮਾਂ ਗੁਜਰੀ……

ਕਲ੍ਹ ਮੇਰੇ ਕੋਲ ਵਸਦੇ ਅਜ ਨਜ਼ਰ ਕਿਤੇ ਨਾ ਆਂਦੇ
ਨਿਕੇ ਨਿਕੇ ਓਦਰੇ ਹੋਏ, ਕੀਹਨੂੰ ਹੋਣਗੇ ਦਰਦ ਸੁਣਾਂਦੇ
ਵੇ ਲਭ ਤੇ ਸਹੀ 'ਨੂਰਪੁਰੀ' ਮੇਰੇ ਨੈਣਾਂ ਨੂੰ ਨੀਂਦ ਨਾ ਆਵੇ
ਅਧੀ ਰਾਤੀਂ ਮਾਂ ਗੁਜਰੀ……

27. ਵਸਦੇ ਅਨੰਦ ਪੁਰ ਨੂੰ

ਵਸਦੇ ਅਨੰਦ ਪੁਰ ਨੂੰ
ਛਡ ਚਲਿਆ ਕਲਗ਼ੀਆਂ ਵਾਲਾ ।
ਹਿੰਦ ਉਤੋਂ ਹੀਰੇ ਵਾਰ ਕੇ,
ਉਹ ਜੇ ਜਾਂਦਾ ਹਿੰਦ ਦਾ ਰਖਵਾਲਾ ।

ਕੇਹੜਾ ਨੀ ਮੋੜੇ ਏਸ ਨੀਲੇ ਦੇ ਸਵਾਰ ਨੂੰ
ਮੌਤ ਨੂੰ ਫੜਾਇਆ ਜਿਹਨੇ ਪੁੱਤਰਾਂ ਦੇ ਪਿਆਰ ਨੂੰ
ਕੇਹੜੇ ਜਿਗਰੇ ਦੇ ਨਾਲ ਦਿਤਾ ਨੀ ਏਸ ਨੇ
ਆਪਣੇ ਹੀ ਖ਼ੂਨ ਨੂੰ ਉਬਾਲਾ
ਵਸਦੇ ਅਨੰਦ ਪੁਰ ਨੂੰ

ਗੁਜਰੀ ਮਾਂ ਹੋਵੇ ਤਾਂ ਵੇਖੇ
ਕੀ ਲਿਖਿਆ ਇਸ ਅਪਣੇ ਲੇਖੇ
ਅਪਣੇ ਬਾਜ਼ ਦਾ ਕਿਵੇਂ ਇਸ ਭਰਿਆ
ਧੂਲਾਂ ਨਾਲ ਆਲਾ ਤੇ ਦਵਾਲਾ
ਵਸਦੇ ਅਨੰਦ ਪੁਰ ਨੂੰ

ਜੀ ਕਰਦਾ ਇਹਨੂੰ ਵੇਖੀ ਜਾਈਏ
ਰਾਹ ਵਿਚ ਇਹਦੇ ਨੈਣ ਵਿਛਾਈਏ
ਅਪਣੇ ਜਿਗਰ ਦਾ ਖ਼ੂਨ ਡੋਲ੍ਹ ਕੇ
ਦੁਨੀਆਂ ਨੂੰ ਦਿਤਾ ਏ ਵਿਖਾਲਾ
ਵਸਦੇ ਅਨੰਦ ਪੁਰ ਨੂੰ

ਭੋਲੀਆਂ ਭੋਲੀਆਂ ਅੱਧ-ਖਿੜੀਆਂ ਕਲੀਆਂ
ਇਹਦੀਆਂ ਪਥਰਾਂ ਇਟਾਂ ਵਲੀਆਂ
ਰਾਹਾਂ ਦੇ ਵਿਚ ਖਿੰਡੀਆਂ ਦੇਖ ਕੇ
ਕਰਦਾ ਨਾ ਫੇਰ ਸੰਭਾਲਾ
ਵਸਦੇ ਅਨੰਦ ਪੁਰ ਨੂੰ

ਸਰਸਾ ਨਦੀ ਦੇ ਬੈਠ ਕਿਨਾਰੇ
ਜਗ ਦੀਆਂ ਡੁਬੀਆਂ ਬੇੜੀਆਂ ਤਾਰੇ
'ਨੂਰਪੁਰੀ' ਇਹਦੇ ਦਰਸ਼ਨ ਕਰ ਲੈ
ਤੇਰਾ ਹੋ ਜਾਊ ਜੂਣ ਸੁਖਾਲਾ
ਵਸਦੇ ਅਨੰਦ ਪੁਰ ਨੂੰ

28. ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ

ਚਾਂਦੀ ਦੀਆਂ ਛਿਲੜਾਂ ਕੀ ਵੀਹ ਨਿਕਾਰੀਆਂ
ਬੰਦਿਆ ਤੂੰ ਰੱਬ ਦੇ ਚਪੇੜਾਂ ਮਾਰੀਆਂ

ਕਾਲੂ ਚੰਡਾਂ ਮਾਰ ਮੂੰਹ ਜਿਦ੍ਹਾ ਤੂੰ ਰੰਗਿਆ
ਉਸ ਸੋਹਣੇ ਚੰਦ ਨੂੰ ਨਾਗਾਂ ਨਾ ਡੰਗਿਆ
ਉਹਦੇ ਨਾਲ ਸੋਹਣ ਤੇਰੀਆਂ ਅਟਾਰੀਆਂ
ਬੰਦਿਆ ਤੂੰ ਰੱਬ ਦੇ……

ਅੱਖਾਂ ਨਾਲ ਵੇਖ ਉਸ ਦੀਆਂ ਅੱਖੀਆਂ
ਰਬ ਨੇ ਜਗਾ ਕੇ ਕਿਵੇਂ, ਜੋਤਾਂ ਰੱਖੀਆਂ
ਨਾਮ ਦੀਆਂ ਕਿਵੇਂ ਚੜ੍ਹੀਆਂ ਖ਼ੁਮਾਰੀਆਂ
ਬੰਦਿਆ ਤੂੰ ਰੱਬ ਦੇ……

ਸਾਧੂਆਂ ਦਾ ਸਾਧੂ, ਫ਼ਕੀਰਾਂ ਦਾ ਫ਼ਕੀਰ ਵੇ
ਝਿੜਕਾਂ ਨਾ ਮਾਰ ਨਾਨਕੀ ਦਾ ਵੀਰ ਵੇ
ਭੈਣ ਨੂੰ ਉਡੀਕਾਂ ਵੀਰ ਦੀਆਂ ਵਾਰੀਆਂ
ਬੰਦਿਆ ਤੂੰ ਰੱਬ ਦੇ……

ਏਹੋ ਜਹੇ ਫ਼ਕੀਰਾਂ ਉਤੋਂ, ਜਗ ਵਾਰ ਦੇ
'ਨੂਰਪੁਰੀ' ਜਿਹੜੇ ਕਹਰ ਨੇ ਗੁਜ਼ਾਰਦੇ
ਉਹਦੇ ਬੂਹੇ ਫੇਰ ਬੈਠਕੇ ਬੁਹਾਰੀਆਂ
ਬੰਦਿਆ ਤੂੰ ਰੱਬ ਦੇ……

29. ਹੋਰ ਹੱਲਾ ਮਾਰੋ

ਬੱਲੇ ਕਿਰਸਾਨੋ ਬੱਲੇ ਬੱਲੇ ਜ਼ਿਮੀਦਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ ।

ਦੇਸ਼ ਵਿਚ ਵੰਡ ਦਿਓ ਪ੍ਰੇਮ ਤੇ ਪਿਆਰ ਨੂੰ
ਨਵਾਂ ਨਵਾਂ ਰੂਪ ਚਾੜ੍ਹੋ ਪਿੰਡਾਂ ਦੀ ਬਹਾਰ ਨੂੰ
ਗਾਉ ਛੈਲ ਬਾਂਕਿਓ ਤੇ ਨੱਚੋ ਮੁਟਿਆਰੋ
ਹੋਰ ਹੱਲਾ ਮਾਰੋ……

ਫਸਲਾਂ ਦੇ ਪਾ ਦਿਉ ਪੁਸ਼ਾਕਾਂ ਗਲੀਂ ਗੋਰੀਆਂ
ਸੁੱਚੇ ਸੁੱਚੇ ਮੋਤੀਆਂ ਦੇ ਨਾਲ ਭਰੋ ਬੋਰੀਆਂ
ਪੈਰ ਪੈਰ ਉਤੇ ਨਵੀਂ ਜ਼ਿੰਦਗੀ ਖਿਲਾਰੋ
ਹੋਰ ਹੱਲਾ ਮਾਰੋ……

ਸੂਰਜ ਦੀ ਧੁੱਪੇ, ਕਿਤੇ ਤਾਰਿਆਂ ਦੀ ਲੋਏ
ਚਾਨਣਾ ਤੁਹਾਡੀਆਂ ਜਵਾਨੀਆਂ ਦਾ ਹੋਏ
ਹਿੰਮਤਾਂ ਦੇ ਨਾਲ ਦੇਸ਼ ਆਪਣਾ ਸ਼ਿੰਗਾਰੋ
ਹੋਰ ਹੱਲਾ ਮਾਰੋ……

ਬਾਹਾਂ ਵਿਚ ਬਾਹਾਂ ਪਾ ਕੇ ਸਾਹਾਂ ਵਿਚ ਸਾਹ ਉਏ
ਉਚੇ ਨੀਵੇਂ ਕਰੋ ਇਕ ਸਾਰ ਵਾਹ ਵਾਹ ਉਏ
ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ
ਹੋਰ ਹੱਲਾ ਮਾਰੋ……

'ਨੂਰਪੁਰੀ' ਗੋਰੀਆਂ ਦਾ ਰੂਪ ਡੋਲ੍ਹ ਡੋਲ੍ਹ ਕੇ
ਫੁੱਲਾਂ ਉਤੇ ਲਾਲੀਆਂ ਚੜ੍ਹਾਉ ਘੋਲ ਘੋਲ ਕੇ
ਰੰਗ ਦਿਓ ਹੋਲੀਆਂ ਵਸਾਖੀਆਂ ਸ਼ਿੰਗਾਰੋ
ਹੋਰ ਹੱਲਾ ਮਾਰੋ……

30. ਮੁਟਿਆਰ ਇਕ ਨੱਚਦੀ

ਭਾਖੜੇ ਤੋਂ ਆਉਂਦੀ ਮੁਟਿਆਰ ਇਕ ਨੱਚਦੀ
ਚੰਦ ਨਾਲੋਂ ਗੋਰੀ ਉਤੇ ਚੁੰਨੀ ਸੁੱਚੇ ਕੱਚ ਦੀ

ਪੈਰ ਪੈਰ ਉਤੇ ਉਹਨੇ ਰੂਪ ਹੈ ਖਿਲਾਰਨਾ
ਬਾਗਾਂ ਤੇ ਬਹਾਰਾਂ ਨਾਲ ਦੇਸ਼ ਨੂੰ ਸ਼ੰਗਾਰਨਾ
ਗੱਭਰੂ ਜਵਾਨਾਂ ਨੂੰ, ਜਗੌਣ ਲਈ ਆਏਗੀ
ਵੇਹੜਿਆਂ 'ਚ ਚਾਨਣਾ ਖਿੰਡੌਣ ਲਈ ਆਏਗੀ
ਦੇਸ਼ ਦੇ ਨਸੀਬਾਂ ਵਿਚ ਜਾਊ ਰਚ ਮਚ ਜੀ
ਭਾਖੜੇ ਤੋਂ ਆਉਂਦੀ……

ਮਾਰ ਮਾਰ ਹਾਕਾਂ ਉਹਨੇ ਪੈਲੀਆਂ ਜਗੌਣੀਆਂ
ਸਾਵੀਆਂ ਪੁਸ਼ਾਕਾਂ ਪਾ ਪਾ ਸੋਹਣੀਆਂ ਸਜੌਣੀਆਂ
ਬੇਲਿਆਂ ਤ ਬੰਜਰਾਂ ਨੂੰ ਜਾਊਗੀ ਉਹ ਰੰਗਦੀ
ਲਾਲੀ ਜਿੱਥੇ ਪਈ ਉਹਦੇ ਸੁਹਣੇ ਅੰਗ ਅੰਗ ਦੀ
ਪਿੰਡਾਂ ਦੀਆਂ ਰੌਣਕਾਂ 'ਚ ਕਿਵੇਂ ਆਵੇ ਨੱਚਦੀ
ਭਾਖੜੇ ਤੋਂ ਆਉਂਦੀ……

ਪੰਜ ਸਾਲਾ ਯੋਜਨਾ ਦੀ ਰਾਣੀ ਉਹਨੂੰ ਕਹਣਗੇ
ਨ੍ਹੇਰ ਉਡ ਜਾਊ ਲਸ਼ਕਾਰੇ ਜਿੱਥੇ ਪੈਣਗੇ
ਵਾਹਣਾਂ ਤੇ ਉਜਾੜਾਂ ਵਿਚ ਮੋਤੀ ਉਹਨੇ ਕੇਰਨੇ
ਜੱਟੀਆਂ ਬਣੌਣਗੀਆਂ, ਸੋਨੇ ਦੇ ਅਟੇਰਨੇ
ਚਾਂਦੀ ਦੀਆਂ ਚਰਖੀਆਂ ਤੇ ਸੂਤ ਉਠੂ ਨੱਚ ਜੀ
ਭਾਖੜੇ ਤੋਂ ਆਉਂਦੀ……

ਵੇਖ ਵੇਖ ਇਹਨੂੰ ਸਾਰੀ ਭੁੱਖ ਉਡ ਜਾਏਗੀ
ਭਾਗ ਭਰੀ ਜਿੱਥੇ ਜਿੱਥੇ ਪੈਰ ਜਾ ਕੇ ਪਾਏਗੀ
ਹਰ ਮੁਟਿਆਰ ਨੂੰ ਸਿਖਾਊਗੀ ਉਹ ਨੱਚਣਾ
ਵੇਖ ਵੇਖ ਗਿੱਧਿਆਂ ਦਾ ਰੰਗ ਦੂਣਾ ਮੱਚਣਾ
ਘੁੰਡ ਵਿਚ ਲਾਟ ਵਾਂਗੂੰ ਵੇਖੀਂ ਕਿਵੇਂ ਮੱਚਦੀ
ਭਾਖੜੇ ਤੋਂ ਆਉਂਦੀ……

ਕਾਲੀਆਂ ਬਨੌਣੀਆਂ ਨੇ ਰਾਤਾਂ ਇਹਨੇ ਗੋਰੀਆਂ
ਗਜ਼ ਗਜ਼ ਲੰਮੀਆਂ ਕਮਾਦਾਂ ਦੀਆਂ ਪੋਰੀਆਂ
ਚਾਈਂ ਚਾਈਂ ਘਰੀਂ ਮੁਟਿਆਰਾਂ ਦੌੜ ਚੱਲੀਆਂ
ਮੋਢਿਆਂ ਤੇ ਚੁਕੀਆਂ ਸੁਨਹਰੀ ਉਹਨਾਂ ਛੱਲੀਆਂ
ਘਾਟ ਪੂਰੀ ਹੋਊ ਜੇੜ੍ਹੀ ਰਹ ਗਈ ਸੀ ਬਚਦੀ
ਭਾਖੜੇ ਤੋਂ ਆਉਂਦੀ……

ਦੇਸ਼ ਵਿਚ ਪਿਆਰ ਇਹਨੇ ਹਾਸੇ ਨੇ ਖਿਲਾਰਨੇ
ਰੂਪ ਏਹਦਾ ਵੇਖਣਾ ਹੈ ਸਾਰੇ ਸੰਸਾਰ ਨੇ
ਘਰਾਂ ਵਿਚ ਹੋਰ ਹੀ ਇਹ ਜ਼ਿੰਦਗੀ ਲਿਆਏਗੀ
ਜਿੱਥੇ ਵੀ ਪਹਾੜੀ ਕੁੜੀ ਪੈਰ ਜਾ ਕੇ ਪਾਏਗੀ
'ਨੂਰਪੁਰੀ' ਮੂਰਤੀ ਇਹ ਸੁੱਚੀ ਸੱਚੀ ਸੱਚ ਦੀ
ਭਾਖੜੇ ਤੋਂ ਆਉਂਦੀ……

31. ਬੱਲੇ ਜੱਟਾ ਬੱਲੇ

ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ
ਅਜ ਤੇਰਾ ਸਿਕਾ ਸਾਰੇ ਦੇਸ਼ ਵਿੱਚ ਚੱਲੇ

ਬਾਰ ਵਿਚ ਛਡ ਆਇਉਂ, ਭਰੇ ਘਰ ਬਾਰ ਨੂੰ
ਕਾਫ਼ਲੇ ਦਾ ਘੱਟਾ ਤੂੰ ਖਵਾਇਆ ਸੰਸਾਰ ਨੂੰ
ਗੋਲੀਆਂ ਦੇ ਵਾਰ ਤੇਰੇ ਸੋਹਣਿਆਂ ਨੇ ਝੱਲੇ
ਬੱਲੇ ਜੱਟਾ ਬੱਲੇ……

ਬੰਜਰਾਂ, ਪਹਾੜਾਂ ਤੇ ਉਜਾੜਾਂ ਨੂੰ ਸਵਾਰ ਕੇ
ਕਿੱਡਾ ਤੂੰ ਜਵਾਨ ਕੀਤਾ ਦੇਸ਼ ਨੂੰ ਉਸਾਰ ਕੇ
ਰਾਤ ਦਿਨੇ ਮੇਹਨਤਾਂ ਦੇ ਮਾਰ ਮਾਰ ਹੱਲੇ
ਬੱਲੇ ਜੱਟਾ ਬੱਲੇ……

ਵਾਹ ਵਾਹ ਕੇ ਪੈਲੀਆਂ ਦਾ ਰੂਪ ਇਉਂ ਨਿਖਾਰਿਆ
ਮੋਤੀਆਂ ਦੇ ਬੋਹਲਾਂ ਨਾਲ ਪਿੰਡਾਂ ਨੂੰ ਸ਼ੰਗਾਰਿਆ
ਚਾਂਦੀ ਨਾਲ ਰੰਗੇ ਨੇ ਤੂੰ ਵਾਹਣ ਗੱਲੇ ਗੱਲੇ
ਬੱਲੇ ਜੱਟਾ ਬੱਲੇ……

ਜੱਟੀ ਦੀ ਪੁਸ਼ਾਕ ਅੱਜ ਚੰਦ ਨਾਲੋਂ ਗੋਰੀ ਏ
ਸੋਨੇ ਦਿਆਂ ਫੁੱਲਾਂ ਵਾਲੀ ਗੁੱਤ ਵਿਚ ਡੋਰੀ ਏ
ਨਿੱਤ ਨਵੇਂ ਹੱਥਾਂ ਵਿਚ ਪੌਂਹਚੀਆਂ ਤੇ ਛੱਲੇ
ਬੱਲੇ ਜੱਟਾ ਬੱਲੇ……

ਕੰਮ ਤੇਰੇ ਕਾਮਿਆਂ ਜਵਾਨ ਕਿਡੇ ਹੋ ਗਏ
ਕਾਰਖ਼ਾਨੇ ਮਿੱਲਾਂ ਤੇਰੇ, ਜ਼ੋਰ ਤੇ ਖਲੋ ਗਏ
ਆਏ ਜਾਂ ਤੁਫ਼ਾਨ ਤੂੰ ਹਜ਼ਾਰ ਵਾਰ ਠੱਲ੍ਹੇ
ਬੱਲੇ ਜੱਟਾ ਬੱਲੇ……

ਲੰਮੀਆਂ ਜਵਾਨ ਤੂੰ ਲਿਆਇਉਂ ਨਹਰਾਂ ਗੋਰੀਆਂ
ਰੂਪ ਨਾਲ ਰੰਗ ਗਈਆਂ ਜਿੱਥੇ ਜਿੱਥੇ ਤੋਰੀਆਂ
ਸ਼ੇਰਾ ਤੇਰੇ ਵਾਰ ਤਾਂ ਪਹਾੜਾਂ ਨੇ ਨਾ ਝੱਲੇ
ਬੱਲੇ ਜੱਟਾ ਬੱਲੇ……

ਗਏ ਜਿੱਥੇ ਗੱਭਰੂ ਪੰਜਾਬ ਦੀਆਂ ਮਾਵਾਂ ਦੇ
ਵਹਣ ਰੋਕ ਦਿੱਤੇ ਵੱਡੇ ਵੱਡੇ ਦਰਿਆਵਾਂ ਦੇ
ਲੱਖਾਂ ਉਤੇ ਭਾਰੀ ਇਹ ਜਵਾਨ ਕੱਲੇ ਕੱਲੇ
ਬੱਲੇ ਜੱਟਾ ਬੱਲੇ……

32. ਹੋਰ ਦਾ ਹੀ ਹੋਰ ਨੀ

ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ
ਦੇਸ਼ ਮੇਰਾ ਹੋ ਗਇਆ ਏ ਹੋਰ ਦਾ ਹੀ ਹੋਰ ਨੀ ।

ਸੁੱਕੇ ਸੁੱਕੇ ਬੰਜਰਾਂ, ਉਜਾੜਾਂ ਵਿਚ ਰੌਣਕਾਂ
ਆਂਦੀਆਂ ਜਵਾਨਾਂ ਨੇ ਪਹਾੜਾਂ ਵਿਚ ਰੌਣਕਾਂ
ਸਾਉਣ ਦਾ ਮਹੀਨਾ ਸਮਾਂ ਵੇਖੋ ਨੀ ਬਹਾਰ ਦਾ
ਪੈਲੀਆਂ ਦਾ ਰੂਪ ਨੀ ਜਵਾਨ ਠਾਠਾਂ ਮਾਰਦਾ
ਮਾਰਦਾ ਹਲੂਣੇ ਜੱਟ ਬਦਲਾਂ ਦਾ ਸ਼ੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।

ਸ਼ਹਰਾਂ ਵਾਂਗ ਵਧ ਗਏ ਨੇ, ਪਿੰਡ ਤੇ ਗਿਰਾਂ ਨੀ
ਮਾਲੀਆਂ ਦੇ ਸਿਰਾਂ ਉਤੇ, ਫੁੱਲਾਂ ਕੀਤੀ ਛਾਂ ਨੀ
ਸਰੂ ਜਿਹਾ ਗੱਭਰੂ ਇਹ ਪੁਛੇ ਮੁਟਿਆਰ ਨੂੰ
ਕਿੰਨੇ ਸੁੱਚੇ ਲਗਦੇ ਨੇ ਨਗ ਤੇਰੇ ਹਾਰ ਨੂੰ
ਝੁਮਕੇ ਸੁਨਹਰੀਆਂ 'ਚ ਕਿੰਨੇ ਕਿੰਨੇ ਬੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।

ਚਾਂਦੀ ਦੀਆਂ ਪਾ ਕੇ ਪੁਸ਼ਾਕਾਂ ਨਹਰਾਂ ਗੋਰੀਆਂ
ਕਿਵੇਂ ਸਾਊ ਨੀਂਗਰਾਂ ਸ਼ਿੰਗਾਰ ਕੇ ਨੇ ਤੋਰੀਆਂ
ਪੈਰ ਪੈਰ ਉਤੇ ਕਿਵੇਂ ਰੌਣਕਾਂ ਨੇ ਲਾਂਦੀਆਂ
ਜਿਥੇ ਜਿਥੇ ਜਾ ਕੇ ਜਵਾਨ ਪੈਰ ਪਾਂਦੀਆਂ
ਮਿੱਟੀ ਨੂੰ ਬਣਾਇਆ ਸੋਨਾ ਕਿਵੇਂ ਖੋਰ ਖੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।

ਨਿੱਕਾ ਜੇਹਾ ਦੇਸ਼ ਨੀ ਜਵਾਨ ਕਿੱਡਾ ਹੋ ਗਇਆ
ਤਕ ਕੇ ਹੈਰਾਨ ਨੀ ਜਹਾਨ ਕਿੱਡਾ ਹੋ ਗਇਆ
ਕਿਵੇਂ ਰੂਪ ਚੜ੍ਹਿਆ ਆਜ਼ਾਦੀ ਮੁਟਿਆਰ ਨੂੰ
ਜਿਨ੍ਹੇ ਰੂਪ ਦੂਣਾ ਦਿੱਤਾ ਹੱਸ ਕੇ ਬਹਾਰ ਨੂੰ
'ਨੂਰਪੁਰੀ' ਗੱਲਾਂ ਦੱਸੇ ਚੰਦ ਨੂੰ ਚਕੋਰ ਨੀ
ਬੋਲਦੀਆਂ ਕੂੰਜਾਂ ਕਿਤੇ ਬੋਲਦੇ ਨੇ ਮੋਰ ਨੀ ।

33. ਜਵਾਹਰ

ਆਓ ਲੋਕੋ ਗੱਲਾਂ ਕਰੀਏ, ਓਸ ਜਵਾਹਰ ਲਾਲ ਦੀਆਂ
ਜਿਸਨੂੰ ਸਾਰੇ ਜੱਗ ਦੀਆਂ ਅੱਖਾਂ, ਰੋ ਰੋ ਫਿਰਦੀਆਂ ਭਾਲਦੀਆਂ

ਮੋਤੀ ਲਾਲ ਦਾ ਲਾਲ ਪਿਆਰਾ, ਭਾਰਤ ਮਾਂ ਦਾ ਹੀਰਾ
ਵਿਜੇਲਕਸ਼ਮੀ ਕ੍ਰਿਸ਼ਨਾਂ ਵਰਗੀਆਂ, ਭੈਣਾਂ ਦਾ ਜੋ ਵੀਰਾ
ਇੰਦਰਾ ਗਾਂਧੀ ਵਰਗੀਆਂ ਧੀਆਂ, ਰੋ ਰੋ ਫਿਰਦੀਆਂ ਭਾਲਦੀਆਂ
ਆਓ ਲੋਕੋ ਗੱਲਾਂ ਕਰੀਏ……

ਜਿਸਦੀ ਜ਼ਿੰਦਗੀ ਜ਼ਿੰਦਗੀ ਦੇ ਗਈ, ਮੌਤ ਵੀ ਜ਼ਿੰਦਗੀ ਹੋ ਗਈ ਏ
ਜੋਤ ਜਿਦ੍ਹੇ ਮੱਥੇ ਦੀ ਹਰ ਥਾਂ, ਦੁਨੀਆਂ ਵਿਚ ਕਰ ਲੋ ਗਈ ਏ
ਦੁਨੀਆਂ ਰੋ ਰੋ ਬਾਤਾਂ ਪੌਂਦੀ, ਜਿਸਦੇ ਤੇਜ ਕਮਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……

'ਨਾ ਕੋਈ ਵੈਰੀ ਨਾ ਬਿਗਾਨਾ' ਜੋ ਦੁਨੀਆਂ ਨੂੰ ਦਸ ਗਇਆ
ਜਾਂਦਾ ਜਾਂਦਾ ਸਭ ਦੇਸ਼ਾਂ ਦੇ, ਹਿਰਦਿਆਂ ਦੇ ਵਿਚ ਵੱਸ ਗਇਆ
ਹਰ ਕੋਈ ਫਿਰੇ ਸਲਾਹੁਤਾਂ ਕਰਦਾ, ਜਿਸਦੇ ਨੇਕ ਖ਼ਿਆਲ ਦੀਆਂ
ਆਓ ਲੋਕੋ ਗੱਲਾਂ ਕਰੀਏ……

ਪੁੱਤਰ ਬਾਪੂ ਗਾਂਧੀ ਦਾ ਉਹ, ਦੂਣੀ ਮਹਕ ਖਿਲਾਰ ਗਇਆ
ਨਦੀਆਂ ਨਾਲੇ ਹੋਏ ਪਵਿੱਤਰ, ਜਿਥੇ ਹੱਡੀਆਂ ਤਾਰ ਗਇਆ
ਉਹਦੀ ਹਰ ਸਵਾਹ ਦਾ ਕਿਣਕਾ, ਕੌਮਾਂ ਫਿਰਨ ਸੰਭਾਲਦੀਆਂ
ਆਓ ਲੋਕੋ ਗੱਲਾਂ ਕਰੀਏ……

ਜੇ ਉਹ ਅਮਨ ਦੇਵਤਾ ਹੈਸੀ, ਲੋਕਾਂ ਦਾ ਵੀ ਪਿਆਰਾ ਸੀ
ਇਸ ਦੁਨੀਆਂ ਦੇ ਤਾਰਿਆਂ ਅੰਦਰ, ਓਸੇ ਦਾ ਲਿਸ਼ਕਾਰਾ ਸੀ
ਸ਼ਾਹ, ਪਿਆਦੇ ਕਰਨ ਸਲਾਹੁਤਾਂ, ਜਿਸਦੀ ਹਰ ਇੱਕ ਚਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……

ਨਾ ਉਹ ਗਇਆ ਨਾ ਛਿਪਿਆ ਕਿਧਰੇ, ਉਹ ਤੇ ਏਥੇ ਈ ਰਹੰਦਾ ਏ
ਉਹਦਾ ਝੌਲਾ ਹਰ ਸੁਫ਼ਨੇ ਵਿਚ, ਅਜੇ ਭੀ ਮੁੜ ਮੁੜ ਪੈਂਦਾ ਏ
'ਨੂਰਪੁਰੀ' ਮੁਸ਼ਕਲ ਨੇ ਮਿਲਣੀਆਂ ਰੂਹਾਂ ਉਹਦੇ ਨਾਲ ਦੀਆਂ
ਆਓ ਲੋਕੋ ਗੱਲਾਂ ਕਰੀਏ……

34. ਮੇਰੇ ਜੀਵਨ ਵਾਲੀਏ ਤਾਰੇ

ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ,
ਸੁਣ ਸੁਣ ਕੇ ਕੋਈ ਜ਼ਿੰਦਗੀ ਹੋਵੇ ਜ਼ਿੰਦਗੀ ਨੂੰ ਪਰਤੀਤ ।

ਤੂੰ ਜੋ ਗੀਤ ਸੀ ਛੋਹੇ ਅੱਗੇ, ਉਹ ਸਭ ਸੁਣੇ ਸੁਣਾਏ,
ਕਈ ਸੰਖਾਂ ਤੇ ਬੰਸੀ ਵਾਲੇ, ਸੁਣ ਸੁਣ ਕੇ ਘਬਰਾਏ ।
ਕਈ ਬਾਗਾਂ ਗੁਲਜ਼ਾਰਾਂ ਦੇ ਮੂੰਹ, ਹਾਲੀ ਪਏ ਉਦਾਸੇ,
ਕਲੀਆਂ ਤੇ ਫੁੱਲਾਂ ਦੇ ਪਿੰਡੇ ਹਾਲੇ ਲਾਸੇ ਲਾਸੇ ।
ਨਾ ਲਾ ਨਾਹਰੇ ਨਾ ਦੇ ਬਾਗਾਂ, ਨਾ ਉਹ ਛਡ ਮਸੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।

ਹੁਣ ਨਹੀਂ ਉਹ ਗੀਤਾਂ ਦੀਆਂ ਲੋੜਾਂ ਸੁਣ ਸੁਣ ਸੌਣ ਸਰੋਤੇ,
ਹੇਕਾਂ ਸੁਣ ਪੱਥਰ ਹੋ ਗਾਵਣ ਇਕੋ ਥਾਂ ਖੜੋਤੇ ।
ਦੇਸ਼ ਦੀਆਂ ਕੋਇਲਾਂ ਦੇ ਬੁਲ੍ਹੀਂ ਹੁਣ ਉਹ ਕੂਕਾਂ ਭਰ ਦੇ,
ਰੂਪ ਪਿਆਰ ਜਿਨ੍ਹਾਂ ਦੇ ਹੋਵਣ ਅੱਗ ਦੀਆਂ ਨਦੀਆਂ ਤਰਦੇ ।
ਸੋਹਣੀ ਕੁੜੀ ਰਹਣ ਦੇ ਡੁੱਬੀ ਨਾ ਕਰ ਫਿਰ ਸੁਰਜੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।

ਲੋੜ ਨਹੀਂ ਹੁਣ ਓਸ ਹੀਰ ਦੀ, ਇਸ਼ਕ ਮੇਰਾ ਜੋ ਭੰਡੇ,
ਜੋ ਮੇਰੇ ਮੁੰਡਿਆਂ ਦੇ ਹੱਥੀਂ ਛਵੀਆਂ ਟੋਕੇ ਵੰਡੇ !
ਮੈਂ ਨਹੀਂ ਉਹ ਪੁਜਾਰੀ ਚਾਹੁੰਦਾ, ਬਾਹਲਿਆਂ ਮਜ੍ਹਬਾਂ ਵਾਲ,
ਦੇਵੀ ਜਾਂ ਕੋਈ ਫੁੱਲ ਚੜ੍ਹਾਵੇ, ਉਹ ਖਿਸਕਾ ਲਏ ਮਾਲਾ ।
ਚੰਦਨ ਵਰਗੀ ਦੇਹੀ ਉਪਰੋਂ ਅੰਦਰ ਕਾਲੀ ਨੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।

ਲੱਭ ਉਹ ਹੱਥ ਪਿਆਰੇ, ਨਹੁੰ-ਸੁਰਖੀ ਤੋਂ ਖ਼ਾਲੀ,
ਅਜੇ ਜਿਨ੍ਹਾਂ ਨਾ ਕੁਲੰਜੀ ਹੋਵੇ, ਖ਼ੂਨੀ ਸਮੇਂ ਦੀ ਲਾਲੀ ।
ਉਹ ਨਾਚੀ ਦੇ ਪੈਰ ਪਵਿੱਤਰ ਨਾ ਧਰਤੀ ਤੋਂ ਲੱਭੀਂ,
ਅੰਨ੍ਹੀਆਂ ਮਸਤ ਸ਼ਰਾਬਣ ਅੱਖੀਆਂ ਖ਼ੂਨੀ ਮਹੰਦੀ ਪੱਬੀਂ ।
ਹਸਦੀ ਹਸਦੀ ਮਿੱਧੀ ਜਾਵੇ ਹੱਸ-ਦੰਦਾਂ ਦੀ ਪ੍ਰੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।

ਕੁਦਰਤ ਨੇ ਇਹ ਚੰਦ ਸਿਤਾਰੇ ਏਸੇ ਲਈ ਬਣਾਏ,
ਬੰਦੇ ਦੇ ਇਸ ਅੰਨ੍ਹੇ ਮਨ ਨੂੰ ਕੁਝ ਚਾਨਣ ਦਿਸ ਆਏ ।
'ਨੂਰਪੁਰੀ' ਉਹ ਗੀਤ ਸੁਣਾ ਤੂੰ ਛੇੜ ਸਿਤਾਰ ਸੁਰੀਲੀ,
ਉਹਦਾ ਹੁਸਨ ਸੁਣੇ ਤੇ ਦੌੜੇ ਲਾਹ ਕੇ ਚੁੰਨੀ ਨੀਲੀ ।
ਜਿਸ ਨੂੰ ਲਭਦੇ ਲਭਦੇ ਤੇਰੀ ਉਮਰ ਗਈ ਹੈ ਬੀਤ,
ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ ।

35. ਨਾ ਵਣਜਾਰੇ ਆਏ

ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।
ਜੋ ਮੇਰੇ ਬੁਲ੍ਹਾਂ 'ਚੋਂ ਲੈ ਗਏ
ਹਸਦੇ ਹਸਦੇ ਸੰਗਾਂ ।

ਨਾ ਕੋਈ ਜਗ ਨੇ ਊਜਾਂ ਲਾਈਆਂ
ਰੋਸ ਨਾ ਕੀਤੇ ਲੋਕਾਂ ।
ਨਾ ਇਹ ਅੱਖੀਆਂ ਨੀਵੀਆਂ ਹੋਈਆਂ
ਨਾ ਕੋਈ ਦਿਸੀਆਂ ਰੋਕਾਂ ।
ਨਾ ਕੋਈ ਖੇੜਿਉਂ ਹੋਏ ਉਧਾਲੇ
ਗਿਲੇ ਨਾ ਕੀਤੇ ਝੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।

ਨਾ ਲਭਿਆ ਮਹੰਦੀ ਦਾ ਬੂਟਾ
ਟੋਲੇ ਬਾਗ ਹਜ਼ਾਰਾਂ ।
ਮਹੰਦੀ ਲੈਣ ਗਈ ਜਿਸ ਕੋਲੋਂ
ਲੈ ਸੱਈਆਂ, ਮੁਟਿਆਰਾਂ ।
ਦੁਨੀਆਂ ਦੇ ਕਈ ਰੰਗ ਵਖਾਏ
ਜਿਸ ਦਇਆਂ ਮੈਨੂੰ ਰੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।

ਨਾ ਅਖੀਆਂ ਮਿਲੀਆਂ ਅਖੀਆਂ ਨੂੰ
ਪਹਲੋਂ ਜੋ ਦਿਸ ਆਈਆਂ ।
ਜੋ ਮੇਰੇ ਨੈਣਾਂ ਦੀ ਮਸਤੀ
ਪੀ ਗਈਆਂ ਤਿਰਹਾਈਆਂ ।
ਮੈਥੋਂ ਮੈਨੂੰ ਮੰਗਣ ਆਈਆਂ
ਲੈ ਲੈ ਵੱਡੀਆਂ ਮੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।

ਨਾ ਉਹ ਕਾਲੀਆਂ ਜ਼ੁਲਫ਼ਾਂ ਡਿੱਠੀਆਂ
ਨਾ ਉਹ ਜ਼ੁਲਫ਼ਾਂ ਵਾਲੇ ।
ਕੂਲੇ ਕੂਲੇ ਹੱਥ ਫੇਰ ਕੇ
ਨਾਗ ਜਿਨ੍ਹਾਂ ਨੇ ਪਾਲੇ ।
ਮੈਨੂੰ ਜ਼ਿੰਦਗੀ ਰਹੇ ਸਮਝਦੇ
ਨਵੀਆਂ ਰੋਜ਼ ਉਮੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।

ਪਹਲੀ ਵਾਰ ਜੋ ਛੋਹੀਆਂ ਬੁੱਲ੍ਹੀਆਂ
ਸਿਮਦੀ ਸਿਮਦੀ ਲਾਲੀ ।
ਉਮਰ ਬੀਤ ਗਈ ਸਵਾਦ ਜਿਨ੍ਹਾਂ ਦਾ
ਦਸਿਆ ਗਇਆ ਨਾ ਹਾਲੀ ।
'ਨੂਰਪੁਰੀ' ਉਹ ਧੜ ਧੜ ਕਰਦੇ
ਅੰਗ ਨਾ ਛੋਹੇ ਅੰਗਾਂ ।
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ ।

36. ਮੇਰਾ ਪਿਆਰ

ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।

ਰੂਪ ਨਾਲ ਖੇਡਣਾ ਤੇ ਨੈਣਾਂ ਨਾਲ ਬੋਲਣਾ
ਕੁਝ ਦੁੱਖ ਦੱਸਣਾ ਤੇ ਕੁਝ ਦੁੱਖ ਫੋਲਣਾ
ਜੱਗ ਨੇ ਬਣਾ ਲਈ ਹੈ ਧਾਰ ਤਲਵਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।

ਜ਼ਿੰਦਗੀ ਨੇ ਰਾਹ ਸੀ ਪਿਆਰ ਵਾਲਾ ਦੱਸਿਆ
ਇਕ ਪਲ ਹਾਸਾ ਨਾ ਜਵਾਨ ਹੋ ਕੇ ਹੱਸਿਆ
ਆਈ ਨਾ ਜਵਾਨੀ ਕੋਈ ਫੁੱਲਾਂ ਤੇ ਬਹਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।

ਚੁੱਪ ਚੁੱਪ ਵੱਸਣਾ ਤੇ ਲੁਕ ਲੁਕ ਹੱਸਣਾ
ਦੱਸਣਾ ਜੇ ਕੁਝ ਫੇਰ ਕੁਝ ਵੀ ਨਾ ਦੱਸਣਾ
ਜਿੱਤ ਨੂੰ ਸੁਣਾਈ ਜਾਣੀ ਗੱਲ ਸਦਾ ਹਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।

'ਨੂਰਪੁਰੀ' ਬੜਾ ਔਖਾ ਪੰਧ ਵੇ ਪ੍ਰੀਤ ਦਾ
ਜੱਗ ਨੂੰ ਕੀ ਪਤਾ ਤੇਰੀ ਜ਼ਿੰਦਗੀ ਦੇ ਗੀਤ ਦਾ
ਕੰਡਿਆਂ 'ਚ ਵੱਸੇ ਆਸ ਰੱਖੇ ਗੁਲਜ਼ਾਰ ਦੀ
ਨਿੱਕੀ ਜੇਹੀ ਗੱਲ ਮੇਰੀ ਵੇਖੋ ਨੀ ਪਿਆਰ ਦੀ ।
ਕਿੱਡੀ ਵੱਡੀ ਬਣ ਗਈ ਕਹਾਣੀ ਸੰਸਾਰ ਦੀ ।

37. ਗਿੱਧਾ

ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।
ਗੁਤ ਨਾ ਨੀ ਖੋਲ੍ਹੋ ਇਹਦਾ ਸੱਪ ਬਣ ਜਾਊਗਾ
ਵਾਲ ਨਾ ਨੀ ਤੋੜੋ ਕੌਣ ਟੁਟ ਗਏ ਮਿਲਾਊਗਾ
ਮੈਨੂੰ ਨਾ ਨਚਾਉ ਮੇਰਾ ਕੋਈ ਰੁਸ ਜਾਊਗਾ
ਵੀਣੀ ਨਾ ਮਰੋੜੋ ਮੇਰੇ ਚੂੜਾ ਕਿੱਥੇ ਪਾਊਗਾ
ਮੇਹਣੇ ਮਾਰੋ ਨਾ ਨੀ ਰੰਡੀਓ,
ਸਹੁਰਿਆਂ ਦਾ ਆਇਆ ਘਰ ਨਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।

ਚੂੰਢੀਆਂ ਨਾ ਵੱਢੋ ਮੈਨੂੰ ਵੱਢ ਵੱਢ ਖਾਊਗਾ
ਬਾਹਲਾ ਨਾ ਹਸਾਉ ਮੈਨੂੰ ਰੋਣ ਆ ਜਾਊਗਾ
ਲੀੜੇ ਨਾ ਨੀ ਪਾੜੋ ਮੇਰਾ ਰੂਪ ਡੁਲ੍ਹ ਜਾਊਗਾ
ਘੁੰਡ ਨਾ ਨੀ ਲਾਹੋ ਪਾਪੀ ਪਿੰਡ ਮਰ ਜਾਊਗਾ
ਮੈਨੂੰ ਨਾ ਨੀ ਛੇੜੋ ਰੰਡੀਓ,
ਖੰਘਦਾ ਦਲਾਨ ਵਿਚ ਭਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।

ਲੀੜਾ ਨਾ ਨੀ ਖਿਚੋ ਮੇਰਾ ਰੰਗ ਉਡ ਜਾਊਗਾ
ਬੂਹਾ ਨਾ ਨੀ ਢੋਵੋ ਕੋਈ ਚੰਦ ਚੜ੍ਹ ਜਾਊਗਾ
ਫੁੱਲ ਨਾ ਨੀ ਮਾਰੋ ਮੇਰਾ ਲੱਕ ਟੁਟ ਜਾਊਗਾ
ਭਾਬੀ ਨਾ ਨੀ ਆਖੋ ਮੇਰਾ ਦੇਉਰ ਰੁਸ ਜਾਊਗਾ
ਰੌਲਾ ਪਾਉ ਨਾ ਨੀ ਰੰਡੀਓ,
ਆਉਂਦਾ ਮੇਰਾ ਛੈਲ ਸਿਪਾਹੀ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।

ਮੋਰਨੀ ਨਾ ਆਖੋ ਕੋਈ ਵਾਧਾ ਵਧ ਜਾਊਗਾ
ਕੋਇਲ ਨਾ ਨੀ ਆਖੋ ਕੋਈ ਪਿੰਜਰੇ 'ਚ ਪਾਊਗਾ
ਕੂੰਜ ਨਾ ਨੀ ਆਖੋ ਮੇਰੇ ਲਹੂ ਕੋਈ ਨ੍ਹਾਊਗਾ
ਹੀਰ ਨਾ ਨੀ ਆਖੋ ਕੋਈ ਕੰਨ ਪੜਵਾਊਗਾ
ਰਾਂਝਾ ਆ ਗਇਆ ਨੀ ਰੰਡੀਓ,
ਜੇਹੜਾ ਜੱਟੀ ਹੀਰ ਦਾ ਸੌਦਾਈ ਆ
ਤੂੰ ਭੀ ਨੱਚ ਲੈ ਬਿਸ਼ਨੀਏ ਤੇਰੀ ਵਾਰੀ ਆਈ ਆ ।

38. ਭੁੱਲੀ ਯਾਦ

ਵੀਣੀ ਜ਼ਰਾ ਫੜਾ ਗੋਰੀਏ, ਵੀਣੀ ਜ਼ਰਾ ਫੜਾ ।
ਮੈਂ ਇਹ ਵੰਗਾਂ ਤੋੜ ਕੇ ਵੇਖਾਂ ਨਵੀਆਂ ਦਇਆਂ ਚੜ੍ਹਾ ।

ਹੁਣ ਤੇ ਨਾਲ ਸਮੇਂ ਦੇ ਤੁਰਨਾ,
ਘੁੰਡ ਨਾ ਪਰਦਾ ਕਰਨਾ ।
ਹੁਣ ਨਾ ਬਾਹਲੇ ਸੱਕਿਆਂ ਕੋਲੋਂ
ਪਿਆਰ ਕਰਨਾ ਤੋਂ ਡਰਨਾ ।
ਜਾਗਣ ਰਾਹ ਤੇ ਜਾਗੇ ਜ਼ਿੰਦਗੀ,
ਚੂੜਾ ਇਉਂ ਛਣਕਾ, ਗੋਰੀਏ, ਵੀਣੀ ਜ਼ਰਾ ਫੜਾ ।

ਪਿਆਰ ਭਰੇ ਨੈਣਾਂ ਦੇ ਅੰਦਰ
ਭਰ ਕੋਈ ਐਸੀ ਮਸਤੀ ।
ਡਿਗ ਡਿਗ ਵਿਕੇ ਨਾ ਰਸਤੇ ਦੇ ਵਿਚ
ਪ੍ਰੀਤ ਇਹ ਐਡੀ ਸਸਤੀ ।
ਚਾਰੇ ਬਾਹਾਂ ਗਲ ਨੂੰ ਆਵਣ,
ਅੰਗ ਅੰਗ ਨਸ਼ਿਆ, ਗੋਰੀਏ, ਵੀਣੀ ਜ਼ਰਾ ਫੜਾ ।

ਹੁਣ ਡੋਲੀ ਵਿਚ ਬੈਠ ਬੈਠ ਕੇ
ਥਕ ਗਈਆਂ ਮੁਟਿਆਰਾਂ ।
ਹੁਣ ਨਹੀਂ ਚਾਂਦੀ ਦੇ ਠੀਕਰ ਲਈ
ਚੁੱਕਣਾ ਹੁਸਨ ਕਹਾਰਾਂ ।
ਹੁਣ ਨਹੀਂ ਬੱਧੇ-ਰੱਸੇ ਵਿਕਣੇ,
ਲੁਕ ਲੁਕ ਕੇ ਇਹ ਚਾ, ਗੋਰੀਏ, ਵੀਣੀ ਜ਼ਰਾ ਫੜਾ ।

ਹੁਣ ਚਹੁੰ ਨੈਣਾਂ ਵਿਚ ਖੜੋਤੇ
ਰਹ ਗਏ ਦੂਰ ਹਨੇਰੇ ।
ਹੁਣ ਜ਼ਿੰਦਗੀ ਦੇ ਇਰਦੇ ਗਿਰਦੇ
ਚਾਨਣ ਚਾਰ ਚੁਫੇਰੇ ।
'ਨੂਰਪੁਰੀ' ਇਹ ਬੰਨ੍ਹ ਨਾ ਹੋਣੇ
ਰੂਪ ਭਰੇ ਦਰਿਆ ।
ਵੀਣੀ ਜ਼ਰਾ ਫੜਾ ਗੋਰੀਏ, ਵੀਣੀ ਜ਼ਰਾ ਫੜਾ ।

39. ਕਦੀ ਜਵਾਨੀ ਰਾਂਗਲੀ

ਕਦੀ ਜਵਾਨੀ ਰਾਂਗਲੀ ਮੇਰੇ ਭਰਵੇਂ ਭਰਵੇਂ ਅੰਗ
ਕਲ੍ਹ ਚੜ੍ਹਾਈ ਪੇਕਿਆਂ ਮੇਰੀ ਅਜ ਤਿੜਕ ਗਈ ਵੰਗ
ਇਸ਼ਕ ਲਪੇਟੇ ਡੋਰੀਏ, ਰੂਪ ਪਿਆਜ਼ੀ ਰੰਗ
ਮੇਰੀ ਇੱਕੋ ਜ਼ੁਲਫ਼ ਦੇ ਮੂੰਹ ਵਿਚ ਕਈ ਹਜ਼ਾਰਾਂ ਡੰਗ
ਬਿਨ ਨਸ਼ਿਉਂ ਨਸ਼ਿਆ ਗਈ, ਤੋਰਾਂ ਮਸਤ ਮਲੰਗ
ਅੰਗ ਅੰਗ ਭਰਿਆ ਮਸਤੀਆਂ ਚਾਲ ਨਿਰਾਲੇ ਢੰਗ
ਜਾਂ ਮੈਂ ਮਾਂਗ ਸੰਵਾਰ ਲਈ, ਮੈਂ ਕਈ ਨੈਣਾਂ ਦੀ ਮੰਗ
ਨੀਵੀਆਂ ਨਜ਼ਰਾਂ ਮੇਰੀਆਂ, ਫਿਰਦੀਆਂ ਇਉਂ ਨਿਸ਼ੰਗ
ਕਈ ਪਵਾੜੇ ਪਾ ਗਈ ਮੇਰੀ ਹਸਦੀ ਹਸਦੀ ਸੰਗ
ਮੈਂ ਖੇੜੀਂ ਸੰਨ੍ਹਾਂ ਮਾਰੀਆਂ, ਕਈ ਉਜਾੜੇ ਝੰਗ ।

40. ਇਹ ਕੀ ਕਰਦਾ

ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।

ਰੋਜ਼ ਰੋਜ਼ ਦੇ ਲੋਕ-ਤਮਾਸ਼ੇ
ਇਕੋ ਵਾਰ ਮੁਕਾ ਦੇ ।
ਜਾਂ ਇਹ ਅੱਗ ਬੁਝਾ ਦੇ ਧੁਖਦੀ,
ਜਾਂ ਭਾਂਬੜ ਭੜਕਾ ਦੇ ।
ਤੂੰ ਜੱਗ ਕੋਲੋਂ ਪਰਦੇ ਰਖਦਾ,
ਤਾਹੀਓਂ ਤੇ ਦੁਖ ਜਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।

ਫੁੱਲਾਂ ਦੇ ਮੂੰਹਾਂ ਤੇ ਲਾਲੀ
ਜਾਂ ਹਸਦੀ ਕੁਝ ਤੱਕੀ ।
ਸੂਲਾਂ ਬਣ ਬਣ ਉੱਠ ਖੜੋਤੀ,
ਕੁਦਰਤ ਜ਼ਰ ਨਾ ਸੱਕੀ ।
ਅਪਣਾ ਆਪ ਵਿਖਾ ਕੇ ਪਹਲੋਂ
ਦੋਸ਼ ਕਿਸੇ ਸਿਰ ਧਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।

ਬੇਸਮਝੀ ਵਿਚ ਨਿਕੀ ਜਹੀ ਗੱਲ
ਲੰਮੀ ਕਰ ਲਈ ਬਾਹਲੀ ।
ਦਿਲ ਦੇ ਭੇਤ ਉਜਾਗਰ ਕੀਤੇ,
ਸਾਰੇ ਕਾਹਲੀ ਕਾਹਲੀ ।
ਅੱਖੀਆਂ ਰੋਣੋਂ ਰਹ ਨਾ ਸਕੀਆਂ
ਹੁਣ ਕਿਉਂ ਹੌਕੇ ਭਰਦਾ ।
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।

ਤੂੰ ਤੇ ਕਰੇਂ ਪਿਆਰਾਂ ਦੀ ਗੱਲ
ਲੋਕ ਕਹਣ ਬਦਨਾਮੀ ।
ਏਥੇ ਪਿਆਰ ਦੀਆਂ ਕੀ ਗੱਲਾਂ
ਜਾਨਣ ਬੰਦੇ ਕਾਮੀ ।
ਸੋਨੇ ਰੂਪ ਦੇ ਝਗੜੇ ਦੇ ਵਿਚ
'ਨੂਰਪੁਰੀ' ਕਿਉਂ ਮਰਦਾ ?
ਇਹ ਕੀ ਸਜਣਾ, ਕਰਦਾ ?
ਨਾਲੇ ਅੰਦਰੋਂ ਪ੍ਰੀਤਾਂ ਗੰਢਦਾ,
ਨਾਲੇ ਬਾਹਰੋਂ ਡਰਦਾ ।

41. ਨਾ ਹੋ ਉਹਲੇ

ਹੁਣ ਨਹੀਂ ਉਹਲੇ ਹੋਇਆਂ ਮੁਕਣੀ,
ਹੁਣ ਨਾ ਉਹਲੇ ਹੋ ਓਏ ਯਾਰ ।
ਘੁੰਗਟ-ਵਾਲਿਆ, ਘੁੰਗਟ ਲਾਹ ਦੇ
ਕਰ ਦੁਨੀਆਂ ਤੇ ਲੋ ਓਏ ਯਾਰ ।
ਦੋਂਹ ਨੈਣਾਂ ਵਿਚ ਵੱਸ ਕੇ ਪਹਲੋਂ,
ਹੁਣ ਨਾ ਨੈਣ ਲੁਕੋ ਓਏ ਯਾਰ ।
'ਨੂਰਪੁਰੀ' ਦੇ ਦਰਦ ਵੇਖ ਜਾ,
ਕੁਝ ਚਿਰ ਕੋਲ ਖਲੋ ਓਏ ਯਾਰ ।

ਸੂਰਤ ਉਹੀਓ, ਪਿੰਜਰ ਉਹੀਓ,
ਉਹੀਓ ਈ ਮਹਫ਼ਲ ਯਾਰਾਂ ਦੀ ।
ਸੁਹਲ ਕਲਾਈ ਗਲ ਨੂੰ ਆਈ,
ਮੋੜ ਦਿਤੀ ਮੁਟਿਆਰਾਂ ਦੀ ।
ਛਣਕ ਸੁਣੇ ਤੇ ਡਰਦਾ ਜਿਊੜਾ,
ਚੂੜੇ ਦੇ ਛਣਕਾਰਾਂ ਦੀ ।
'ਨੂਰਪੁਰੀ' ਨੇ ਮਹੰਦੀ ਸਮਝੀ,
ਨਿਕਲੀ ਅੱਗ ਅੰਗਿਆਰਾਂ ਦੀ ।

ਵਗਦੇ ਰਾਹ ਸਭ ਰਹ ਗਏ ਉਥੇ
ਮੋੜ ਨਾ ਪਾਇਆ ਰਾਹੀਆਂ ਨੇ ।
ਘੁੰਗਟ ਵਿਚ ਲਕੋਈਆਂ ਸ਼ਰਮਾਂ,
ਹੁਣ ਸਭ ਸ਼ਰਮਾਂ ਲਾਹੀਆਂ ਨੇ ।
ਜ਼ੁਲਫ਼ਾਂ ਗੁੰਦੀਆਂ ਗਲ ਵਿਚ ਪਈਆਂ
ਨਾ ਗੁੰਦੀਆਂ ਨਾ ਵਾਹੀਆਂ ਨੇ ।
'ਨੂਰਪੁਰੀ' ਜਿੰਦ ਤੜਫਨ ਲਗੀ,
ਫਾਹੀ ਜਦ ਦੀਆਂ ਫਾਹੀਆਂ ਨੇ ।

ਬੇ-ਪਰਵਾਹ ਦੇ ਨਾਲ ਯਰਾਨਾ,
ਵੇਖਣ ਨੂੰ ਜੀ ਕਰਦਾ ਏ ।
ਆਂਢ ਗੁਆਂਢੀ ਵੇਹੜਾ ਭਰਮੀ,
ਪੈਰ ਪੈਰ ਜੀ ਡਰਦਾ ਏ ।
ਹੁਸਨ ਜਵਾਨੀ ਦੋਨੋ ਖੁੰਝ ਗਏ,
ਹਡ ਹਡ ਜਾਂਦਾ ਗਰਦਾ ਏ ।
'ਨੂਰਪੁਰੀ' ਉਹ ਬੂਹਾ ਢੋ ਕੇ,
ਬੈਠਾ ਅਪਣੇ ਘਰ ਦਾ ਏ ।

42. ਤਿਰਹਾਈਆਂ

ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।
ਲੱਖਾਂ ਪਿਆਰ ਨਸ਼ੇ ਵਿਚ ਭਿੱਜੇ,
ਲੱਖਾਂ ਬੇਪਰਵਾਹੀਆਂ ।

ਅਖੀਆਂ ਵੇਖਣ, ਨਜ਼ਰਾਂ ਬੋਲਣ,
ਬੁਲ੍ਹ ਰਹਣ ਚੁਪ ਕੀਤੇ ।
ਪਿਆਰ ਤੇਰੇ ਦਾ ਮਜ਼੍ਹਬ ਨਾ ਕੋਈ,
ਇਹ ਮਜ਼੍ਹਬ ਬੇ-ਪਰਤੀਤੇ ।
ਲੱਖਾਂ ਇਸ਼ਕ ਤੇਰੇ ਦਰ ਢੁੱਕੇ,
ਜਾਂ ਤੂੰ ਜ਼ੁਲਫ਼ਾਂ ਵਾਹੀਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।

ਨਾ ਕੋਈ ਰੰਗ ਰੂਪ ਦਾ ਝਗੜਾ
ਤੇਰੇ ਇਰਦੇ ਗਿਰਦੇ ।
ਸ਼ਾਹ ਫ਼ਕੀਰ ਅਨੇਕਾਂ ਤੇਰੇ
ਨਖ਼ਰੇ ਚੁੱਕੀ ਫਿਰਦੇ ।
ਕਈ ਹੁਸਨਾਂ ਨੇ ਖ਼ਾਕ ਤੇਰੀ ਨੂੰ
ਮਲਿਆ ਵਾਂਗ ਸੁਦਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।

ਤੇਰਾ ਰੂਪ ਕਿਨ੍ਹੇ ਨਾ ਡਿੱਠਾ,
ਤੇਰੇ ਰੂਪ ਹਜ਼ਾਰਾਂ ।
ਤੇਰੇ ਰੂਪ 'ਚ ਰੰਗੀਆਂ ਹੋਈਆਂ
ਜਗ ਦੀਆਂ ਕੁਲ ਗੁਲਜ਼ਾਰਾਂ ।
ਲੱਖਾਂ ਦੇ ਘੁੰਡ ਚੁਕੇ ਰਹ ਗਏ
ਤੂੰ ਨਾ ਨਜ਼ਰਾਂ ਪਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।

ਪਿਆਰ ਤੇਰੇ ਦੀ ਗੂੜ੍ਹੀ ਰੰਗਣ
ਜਿਸ ਨੂੰ ਹੈ ਚੜ੍ਹ ਜਾਂਦੀ,
ਉਹਦੇ ਨੈਣ ਵੇਖਣ ਨੂੰ ਤੇਰੀ
ਦੁਨੀਆਂ ਹਾੜੇ ਪਾਂਦੀ ।
ਉਹਦੇ ਇਸ਼ਕ ਝਨਾਂ ਵਿਚ ਡੁਬ ਕੇ
ਰਹੀਆਂ ਕਈ ਤਿਰਹਾਈਆਂ ।
ਸਜਣਾ, ਤੇਰਿਆਂ ਨੈਣਾਂ ਅੰਦਰ
ਲੱਖਾਂ ਜਾਮ ਸੁਰਾਹੀਆਂ ।

43. ਇੱਕੋ ਗੱਲ ਚੂੜੀਆਂ ਦੀ

(ਦੋ ਗਾਣਾ)

ਔਰਤ:- ਇੱਕੋ ਗੱਲ ਚੂੜੀਆਂ ਦੀ
ਉਹ ਭੀ ਮੰਨੀ ਨਾ ਮੇਰੀ ਤੂੰ ਸਰਦਾਰਾ
ਵੇ ਘਰ ਬਾਰ ਸਾਂਭ ਆਪਣਾ
ਮੇਰਾ ਹੋਣਾ ਨਹੀਂ ਵੇ ਏਸ ਥਾਂ ਗੁਜ਼ਾਰਾ

ਮਰਦ:- ਨੀ ਐਡੀਆਂ ਨਾ ਕਰ ਕਾਲ੍ਹੀਆਂ
ਘਰ ਨਰਮਾ ਆਉਣ ਦੇ ਮੇਰਾ
ਹੀਰਿਆਂ ਦੇ ਨਗ ਲਾ ਕੇ
ਚੂੜਾ ਸੋਨੇ ਦਾ ਘੜਾ ਦਇਆਂ ਤੇਰਾ

ਔਰਤ:- ਵੇ ਤੇਰੇ ਘਰ ਆਈ ਜਦ ਦੀ
ਹੋਇਆ ਇਕ ਵੀ ਸ਼ੌਕ ਨਾ ਪੂਰਾ
ਥੱਕ ਗਈ ਪਕਾਂਦੀ ਟਿੱਕੀਆਂ
ਮਿੱਟੀ ਹੋ ਗਈ ਛਾਣਦੀ ਬੂਰਾ

ਮਰਦ:- ਨੀ ਵੇਖ ਤੇ ਸਹੀ ਬਾਹਰ ਜਾ ਕੇ
ਤੇਰੇ ਰੂਪ ਤੋਂ ਗੋਰੀਆਂ ਛਲੀਆਂ
ਖਿੜ ਖਿੜ ਖੇਤ ਹੱਸਦੇ
ਕਿਤੇ ਜਾਣ ਨਾ ਜਵਾਨੀਆਂ ਝੱਲੀਆਂ

ਔਰਤ:- ਵੇ ਇਕ ਦਿਨ ਖੇਤ 'ਚ ਗਈ
ਮੈਨੂੰ ਵੇਖ ਕੇ ਸਰ੍ਹੋਂ ਦੇ ਫੁੱਲ ਹੱਸ ਪਏ
ਬਾਜਰੇ ਦੇ ਸਿੱਟਿਆਂ ਵਿਚੋਂ
ਕਿਤੇ ਮੀਂਹ ਮੋਤੀਆਂ ਦੇ ਵੱਸ ਪਏ

ਮਰਦ:- ਨੀ ਜਿੰਨੀਆਂ ਵੀ ਰੂਪ ਵਾਲੀਆਂ
ਤੇਰੇ ਰੂਪ ਦਾ ਭਰਦੀਆਂ ਪਾਣੀ
ਮੈਨੂੰ ਰਾਜਾ ਕਹਣ ਪਿੰਡ ਦਾ
ਤੈਨੂੰ ਕਹੰਦੀਆਂ ਰੂਪ ਦੀ ਰਾਣੀ

ਔਰਤ:- ਵੇ ਲੰਬੜਾਂ ਦੀ ਨੌਂਹ ਵੇਖ ਖਾਂ
ਸੋਨੇ ਨਾਲ ਵੇ ਲੱਦੇ ਅੰਗ ਸਾਰੇ
ਸੁੱਚੇ ਸੁੱਚੇ ਮੋਤੀਆਂ ਦੇ
ਉਹਦੇ ਲੌਂਗ 'ਚ ਪੈਣ ਲਸ਼ਕਾਰੇ

ਮਰਦ:- ਨੀ ਘਰ ਵਿਚ ਪੰਜ ਬੂਰੀਆਂ
ਪੀ ਦੁੱਧ, ਖਾਹ ਮੱਖਣ ਮਲਾਈਆਂ
ਕਿਸੇ ਕੋਲੋਂ ਪੁਛ ਤੇ ਸਹੀ
ਕਿਵੇਂ ਤੇਰੇ ਤੇ ਲਾਲੀਆਂ ਆਈਆਂ ।

44. ਚੱਲੇ ਮੇਰਾ ਗੋਪੀਆ

ਚੱਲੇ ਮੇਰਾ ਗੋਪੀਆ ਨੀ ਚੱਲੇ
ਬੱਲੇ ਬੱਲੇ ਨੀ ਬੱਲੇ ਬੱਲੇ
ਨਾਲ ਘੁਮ ਘੁਮ ਜਾਣ ਵੈਰੀ ਵਟ ਵਲ ਖਾਣ
ਮੇਰੀ ਜਾਲੀ ਦੇ ਦੁਪੱਟੜੇ ਦੇ ਪੱਲੇ
ਚੱਲੇ ਮੇਰਾ ਗੋਪੀਆ……

ਉਡੀ ਉਡੀ ਜਾਵਾਂ ਨੀ ਮੈਂ ਗੋਪੀਆ ਘੁਮਾਵਾਂ
ਇੱਕੋ ਹੀ ਘੁਮਾਟੇ ਵਿਚ ਸੌ ਸੌ ਵਲ ਖਾਵਾਂ
ਸੁਣ ਸੁਣ ਘੂਕਰਾਂ ਤੇ ਸੂਕਰਾਂ ਦੁਪੱਟੇ ਦੀਆਂ
ਪੰਛੀਆਂ ਦੇ ਸਾਹ ਸੁਕ ਚੱਲੇ
ਚੱਲੇ ਮੇਰਾ ਗੋਪੀਆ……

ਮੇਰੀ ਗੁੱਤ ਨਾਲੋਂ ਲੰਮੇ ਸਾਡੇ ਬਾਜਰੇ ਦੇ ਸਿੱਟੇ
ਸੁੱਚੇ ਮੋਤੀਆਂ ਤੋਂ ਸੋਹਣੇ ਨਾਲ ਦਾਣੇ ਚਿੱਟੇ ਚਿੱਟੇ
ਗੋਰੀਆਂ ਨੇ ਬਾਹਵਾਂ, ਉਤੇ ਵੰਗਾਂ ਸੱਤਰੰਗੀਆਂ
ਤੇ ਵਸ ਨਾ ਸਪੇਰਿਆਂ ਦਾ ਚੱਲੇ
ਚੱਲੇ ਮੇਰਾ ਗੋਪੀਆ……

ਇਕ ਛਾਲ ਦੂਜੀ ਛਾਲ ਛਾਲਾਂ ਉਤੇ ਛਾਲਾਂ
ਮਹੰਦੀ ਵਾਲੇ ਪੈਰ ਮਾਰ ਮਾਰ ਅਗ ਬਾਲਾਂ
ਹਰਨੀਆਂ ਦੀ ਡਾਰ ਦੇ ਦੁਪੱਟੇ ਲਹਕੇ ਵਾਰੋ ਵਾਰੀ
ਪੰਛੀਆਂ ਦੇ ਨਾਲ ਉਡ ਚੱਲੇ
ਚੱਲੇ ਮੇਰਾ ਗੋਪੀਆ……

45. ਦਿਓਰ ਦੀ ਜਵਾਨੀ ਨੇ

ਦਿਓਰ ਦੀ ਜਵਾਨੀ ਨੇ, ਸਾਡੇ ਰੂਪ ਨੂੰ ਬੜਾ ਕਲਪਾਇਆ
ਛਮ ਛਮ ਰੋਣ ਅਖੀਆਂ, ਛੁੱਟੀ ਮਾਹੀ ਨਾ ਅਜੇ ਘਰ ਆਇਆ

ਤੇਰਿਆਂ ਸ਼ਰੀਕਾਂ ਨੇ, ਸਾਰਾ ਪਿੰਡ ਚਾੜ੍ਹਿਆ ਸਿਰ ਮੇਰੇ
ਨਜ਼ਰਾਂ ਨੂੰ ਜਾਣ ਫੂਕਦੇ, ਕਹੰਦੇ ਲਾਲ ਘਗਰੇ ਦੇ ਘੇਰੇ
ਜਾਂ ਮੈਂ ਲੰਘਾਂ ਘੁੰਡ ਕੱਢ ਕੇ, ਕਹਣ ਚੰਦ ਬਦਲੀ ਹੇਠਾਂ ਆਇਆ
ਦਿਓਰ ਦੀ ਜਵਾਨੀ ਨੇ……

ਰਤੀ ਕੁ ਸੰਧੂਰ ਭੁੱਕ ਕੇ ਪਾਇਆ ਲੌਂਗ ਜਾਂ ਬੁਰਜੀਆਂ ਵਾਲਾ
ਰੋਟੀ ਲੈ ਕੇ ਖੇਤ ਨੂੰ ਚਲੀ, ਉਤੇ ਲੈ ਕੇ ਡੋਰੀਆ ਕਾਲਾ
ਘਰ ਘਰ ਅਗ ਲਗ ਗਈ, ਜਾਂ ਮੈਂ ਘੁੰਡ ਨੂੰ ਜ਼ਰਾ ਸਰਕਾਇਆ
ਦਿਓਰ ਦੀ ਜਵਾਨੀ ਨੇ……

ਅੰਬੀਆਂ ਦਾ ਰੰਗ ਵੇਖ ਕੇ, ਭੂਏ ਹੋ ਗਈ ਜਵਾਨੀ ਮੇਰੀ
ਇਕ ਰਾਤ ਘਰ ਔਣ ਦੀ ਚਿਠੀ ਆਈ ਨਾ ਵੈਰੀਆ ਤੇਰੀ
ਫੁੱਲਾਂ ਨਾਲ ਰੁਖ ਭਰ ਗਏ, ਸਾਡਾ ਸਖਣਾ ਰੂਪ ਕੁਮਲਾਇਆ
ਦਿਓਰ ਦੀ ਜਵਾਨੀ ਨੇ……

ਗੋਰੇ ਗੋਰੇ ਹਥ ਰੇਸ਼ਮੀ, ਮਹੰਦੀ ਰੰਗਲੀ ਵੇਖ ਕੇ ਝੁਰਦੇ
ਝਾਂਜਰਾਂ ਤੋਂ ਪੈਰ ਸੱਖਣੇ ਅੱਡੀ ਮਾਰ ਨਾ ਗਲੀ ਵਿਚੋਂ ਤੁਰਦੇ
ਮੂੰਹ ਤੇ ਉਦਾਸ ਲਾਲੀਆਂ, 'ਨੂਰਪੁਰੀ' ਨੇ ਵਿਛੋੜਾ ਪਾਇਆ
ਦਿਓਰ ਦੀ ਜਵਾਨੀ ਨੇ……

46. ਸਜਣ ਤੇਰੀ ਨੌਕਰ

ਸਜਣ ਤੇਰੀ ਨੌਕਰ, ਨੌਕਰ ਹੋ ਹੋ ਰਹੀਆਂ
ਅਖੀਆਂ ਰੋ ਰੋ ਰਾਹਾਂ ਵੇਖਣ
ਤੂੰ ਖਬਰਾਂ ਨਾ ਲਈਆਂ
ਸਜਣ ਤੇਰੀ ਨੌਕਰ……

ਪਾਗਲ ਦਿਲ ਨੂੰ ਕੀ ਸਮਝਾਵਾਂ
ਕਿਵੇਂ ਵਿਲਕੇ ਕਿਵੇਂ ਵਰਾਵਾਂ
ਖੁਲ੍ਹ ਖੁਲ੍ਹ ਜ਼ੁਲਫ਼ਾਂ ਨ੍ਹੇਰ ਮਚਾਇਆ
ਅਖੀਆਂ ਓਦਰ ਗਈਆਂ
ਸਜਣ ਤੇਰੀ ਨੌਕਰ……

ਦੁਨੀਆਂ ਵੇਖੀ ਦੁਨੀਆਂ ਵਾਲੇ
ਉਪਰੋਂ ਗੋਰੇ ਅੰਦਰੋਂ ਕਾਲੇ
ਇਹ ਹੰਝੂਆਂ ਦੇ ਆਸੇ ਪਾਸੇ
ਕਈ ਧੂਲਾਂ ਨੇ ਪਈਆਂ
ਸਜਣ ਤੇਰੀ ਨੌਕਰ……

ਨਾ ਲਾ ਸਜਣਾ ਬਾਹਲੇ ਲਾਂਬੂ
ਜੇ ਬਲ ਉਠਿਆ ਕੇਹੜਾ ਸਾਂਭੂ
'ਨੂਰਪੁਰੀ' ਮੈਂ ਤੇਰੀ ਹੋਈ
ਤੇਰੇ ਤੋਂ ਵਿਕ ਗਈਆਂ
ਸਜਣ ਤੇਰੀ ਨੌਕਰ……

47. ਗਜਰੇ

ਗਜਰੇ ਵਿਕਣੇ ਆ ਗਏ ਹੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਪੇਕਿਆਂ ਦੇ ਪਿੰਡ ਦੇ ਹੋਏ ਪੁਰਾਣੇ
ਸੌਹਰਿਆਂ ਦੇ ਨਵੇਂ ਨਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਆਸੇ ਪਾਸੇ ਚੰਦ ਕੋਈ ਚੜ੍ਹਿਓ ਏ
ਵਿਚ ਕਈ ਮਸਤ ਚਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਵੇਚਣ ਵਾਲਾ ਭੋਲਾ ਭਾਲਾ
ਵੇਖਣ ਵਾਲੇ ਚੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਉਹ ਪਰਦੇਸੀ ਜੀ ਨਹੀਂ ਲਭਦਾ
ਕੀ ਸਸੜੀ ਤੇ ਜ਼ੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਸਾਵਨ ਦੀ ਰੁਤ ਪੈਲਾਂ ਪਾਵਣ
ਮੋਰਨੀਆਂ ਘਰ ਮੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਦੇ ਕੇ ਪਰੀਬੰਦ ਚੋਰੀਂ ਲੈ ਲੈ
ਦੇਣ ਦੁਹਾਈਆਂ ਬੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

ਸਕੀਆਂ ਨਨਾਣਾਂ ਲੁਕ ਲੁਕ ਵੇਖਣ
ਪਲ ਪਲ ਲਾਣ ਟਕੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

'ਨੂਰਪੁਰੀ' ਜਾਹ ਮੈਂ ਨਹੀਂ ਲੈਣੇ
ਘਰ ਵਿਚ ਮਚਦਾ ਈ ਸ਼ੋਰ
ਨੀ ਗਜਰੇ ਵਿਕਣੇ ਆ ਗਏ ਹੋਰ ।

48. ਸੌਹਰੇ ਜਾਂਦੀ ਦੇ

(ਦੋ ਗਾਣਾ)

ਔਰਤ-ਸੁੱਚੇ ਫੁੱਲ ਵੇ ਪਰਾਂਦੀ ਦੇ
ਘਗਰੇ ਤੇ ਜਾਣ ਨਚਦੇ
ਮੇਰੇ ਸੌਹਰੇ ਜਾਂਦੀ ਦੇ ।

ਮਰਦ-ਨੀ ਤੇਰੇ ਧੁਪ ਵਿਚ ਜਾਂਦੀ ਦੇ
ਧੌਣ ਉਤੇ ਆ ਨੀ ਗਏ
ਕੋਈ ਮੁੜ੍ਹਕੇ ਚਾਂਦੀ ਦੇ ।

ਔਰਤ-ਮੇਰਾ ਸੁਹਜ ਜਵਾਨੀ ਦਾ
ਗੋਰੀ ਗੋਰੀ ਧੌਣ ਉਤੇ
ਲਸ਼ਕਾਰਾ ਗਾਨੀ ਦਾ ।

ਮਰਦ-ਕੋਈ ਖਿਲਰ ਨਾ ਅਗ ਜਾਵੇ
ਮੇਰੇ ਕੋਲੋਂ ਘੁੰਡ ਕਢ ਲੈ
ਤੈਨੂੰ ਨਜ਼ਰ ਨਾ ਲਗ ਜਾਵੇ ।

ਔਰਤ-ਲਾਲੀ ਕੁੜੀਆਂ ਤੇ ਔਣ ਲਗੀ
ਮੋਤੀਆਂ ਦਾ ਭਰਿਆ ਹੋਇਆ
ਜਦੋਂ ਲੌਂਗ ਮੈਂ ਪੌਣ ਲਗੀ ।

ਮਰਦ-ਇਹ ਨਹੀਂ ਪਿਆਰ ਦਿਖਾਵੇ ਦਾ
ਰਾਹਾਂ ਵਿਚ ਡੁਲ੍ਹਦਾ ਫਿਰੇ
ਸਾਡਾ ਚਾ ਮੁਕਲਾਵੇ ਦਾ ।

ਦੋਨੋ-ਇਸ ਜਗ ਤੋਂ ਬਚਾਈਂ ਵੇ ਰਬਾ
ਸਾਡਿਆਂ ਪਿਆਰਾਂ ਨੂੰ
ਕੋਈ ਨਜ਼ਰ ਨਾ ਲਾਈਂ ਵੇ ਰਬਾ ।

49. ਜਾਂ ਸਜਣਾਂ ਘਰ ਆਈਆਂ

ਅਖੀਆਂ ਰੰਗੀਆਂ ਗਈਆਂ,
ਜਾਂ ਸਜਣਾਂ ਘਰ ਆਈਆਂ ।

ਕਲ੍ਹ ਰੋਈਆਂ ਭਰ ਭਰ ਡਸਕੋਰੇ
ਕਰ ਕਰ ਕੇ ਸਜਣਾਂ ਦੇ ਝੋਰੇ
ਅਜ ਰੰਗ ਰਤੜੇ ਨੈਣ ਗੁਲਾਬੀ
ਮੋਤੀਆਂ ਵਰਗੇ ਹੋਠ ਉਨਾਬੀ
ਤਕ ਤਕ ਦੇਣ ਦੁਹਾਈਆਂ
ਅਖੀਆਂ ਰੰਗੀਆਂ ਗਈਆਂ……

ਥੋੜ੍ਹੇ ਅੱਥਰੂ ਬਾਹਲੇ ਹਾਸੇ
ਅਖੀਆਂ ਵਿਚ ਅਖੀਆਂ ਦੇ ਵਾਸੇ
ਚਾਵਾਂ ਭਰਿਆ ਸਾਰਾ ਵੇਹੜਾ
ਖ਼ੁਸ਼ੀਆਂ ਭਰਿਆ ਸਾਰਾ ਖੇੜਾ
ਭੁਲ ਗਈਆਂ ਚਤਰਾਈਆਂ
ਅਖੀਆਂ ਰੰਗੀਆਂ ਗਈਆਂ……

ਦਿਲ ਦੀਆਂ ਜਾਨਣ ਵਾਲੇ ਆਏ
ਵਿਛੜੇ ਹਾਸੇ ਨਾਲ ਲਿਆਏ
ਵੇਖ ਵੇਖ ਕੇ ਦਿਲ ਨਾ ਰਜਦਾ
ਪਲ ਪਲ ਵੇਖਣ ਉਠ ਉਠ ਭਜਦਾ
ਹੋ ਗਈ ਵਾਂਗ ਸੁਦਾਈਆਂ
ਅਖੀਆਂ ਰੰਗੀਆਂ ਗਈਆਂ……

ਚੁਪ ਕਰ ਜਾਵਾਂ ਫੇਰ ਬੁਲਾਵਾਂ
ਥੋੜ੍ਹਾ ਬੋਲਾਂ ਬਹੁਤ ਬੁਲਾਵਾਂ
'ਨੂਰਪੁਰੀ' ਸਜਣਾਂ ਬਿਨ ਜੀਣਾ
ਖ਼ੂਨ ਜਿਗਰ ਦਾ ਪਲ ਪਲ ਪੀਣਾ
ਜਗ ਨੇ ਲੀਕਾਂ ਲਾਈਆਂ
ਅਖੀਆਂ ਰੰਗੀਆਂ ਗਈਆਂ……

50. ਲੰਘ ਆਈ

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਪਿੰਡ ਦੀ ਆ ਗਈ ਜੂਹ ਵੇ
ਘੁੰਡ ਨਾ ਚੁਕ ਵੈਰੀਆ
ਹੋਰ ਨਾ ਸ਼ਰੀਕਾਂ ਨੂੰ ਲੂਹ ਵੇ ।

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲਾਗੇ ਆ ਗਇਆ ਘਰ ਵੇ
ਘੁੰਡ ਨਾ ਚੁਕ ਵੈਰੀਆ
ਪਾਪੀ ਪਿੰਡ ਜਾਊ ਮਰ ਵੇ ।

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲੰਬੜਾਂ ਦਾ ਲੰਘ ਆਈ ਦਰ ਵੇ
ਮੈਂ ਲੰਘ ਗਈ ਵੈਰੀਆ
ਡੋਰੀਆ ਨਾ ਸਿਰ ਤੇ ਧਰ ਵੇ ।

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਲੰਘ ਆਈ ਪਿੰਡ ਸਾਰਾ
ਐਵੇਂ ਨਾ ਝਿੜਕ ਵੈਰੀਆ
ਰਹ ਜਾਊ ਦਿਉਰ ਕਵਾਰਾ ।

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਮੈਂ ਆ ਗਈ ਵਿਚ ਵੇਹੜੇ
ਮਰ ਜਾਣਗੇ ਵੈਰੀਆ
ਲੋਕ ਸੜਨਗੇ ਜੇਹੜੇ ।

ਬੇਰੀਆਂ ਵੀ ਲੰਘ ਆਈ
ਕਿਕਰਾਂ ਵੀ ਲੰਘ ਆਈ
ਹੁਣ ਬਣ ਆਈ ਘਰ ਵਾਲੀ
ਆ ਵੇਖ ਲੈ ਵੈਰੀਆ
ਹਸਦੀ ਚੰਬੇ ਦੀ ਡਾਲੀ ।

51. ਹੋਰ ਰੰਗ ਹੋਰ ਹੋ ਗਇਆ

ਨੀ ਏਹਦਾ ਘੜੀ ਘੜੀ ਪਲ ਪਲ ਹੋਰ ਨੀ, ਹੋਰ ਰੰਗ ਹੋਰ ਹੋ ਗਇਆ
ਚਿੱਤ ਲੈ ਗਇਆ ਚੁਰਾਕੇ ਚਿੱਤ ਚੋਰ ਨੀ, ਹੋਰ ਰੰਗ ਹੋਰ ਹੋ ਗਇਆ ।

ਇਹਨੂੰ ਮਿੱਠੀਆਂ ਔਣ ਤਰੇਲੀਆਂ, ਦਿਲ ਧੜਕੇ ਈ ਧੜਕੇ
ਇਹ ਤੇ ਪੁਗਦੀ ਪੁਗਦੀ ਹਾਰ ਗਈ ਗੱਲ ਰੜਕੇ ਈ ਰੜਕੇ
ਇਹਦੀ ਡਿਗਦੀ ਡਿਗਦੀ ਤੋਰ ਨੀ, ਹੋਰ ਰੰਗ ਹੋਰ ਹੋ ਗਇਆ ।

ਇਹਦੇ ਅੰਗ ਅੰਗ ਕੰਬਣੀ ਛਿੜ ਗਈ, ਉਠੀਆਂ ਝਰਨਾਟਾਂ
ਇਹਦੇ ਨੈਣ ਨਸ਼ੀਲੇ ਭੁਲ ਗਏ, ਤਕ ਲੰਮੀਆਂ ਵਾਟਾਂ
ਇਹਦੇ ਪਿਆਰ ਦਾ ਮੱਚ ਗਇਆ ਸ਼ੋਰ ਨੀ, ਹੋਰ ਰੰਗ ਹੋਰ ਹੋ ਗਇਆ ।

ਇਹਦੇ ਹੱਥੀਂ ਕੰਬਦੀਆਂ ਵੰਗੜੀਆਂ, ਨੀ ਇਦ੍ਹਾ ਰੂਪ ਸੁਦਾਈ
ਅੱਜ ਸ਼ਰਮਾਂ ਦੇ ਵਿਚ ਡੁਬ ਗਈ, ਇਕ ਇਕ ਅੰਗੜਾਈ
ਇਹ ਤੇ ਆਪੇ ਈ ਬਣ ਗਈ ਚੋਰ ਨੀ, ਹੋਰ ਰੰਗ ਹੋਰ ਹੋ ਗਇਆ ।

ਇਹਦੀ ਮਾਲਾ ਦੇ ਉਲਝ ਗਏ, ਆਪੇ ਵਿਚ ਮਣਕੇ
ਅੱਜ ਪੈਰੀਂ ਛਣਕ ਪਾਜ਼ੇਬ ਦੀ ਨਾ ਬੋਲੇ ਨਾ ਛਣਕੇ
ਅੱਜ ਝੜ ਝੜ ਪੈਂਦੇ ਬੋਰ ਨੀ, ਹੋਰ ਰੰਗ ਹੋਰ ਹੋ ਗਇਆ ।

ਇਹਨੇ ਅੱਜ ਹੀ ਖੇਡਾਂ ਖੇਡੀਆਂ, ਜੱਗ ਤੋਂ ਡਰ ਡਰ ਕੇ
ਇਹ ਕਜਲਾ ਸਹਮਿਆਂ ਸਹਮਿਆਂ ਜਾਦੂ ਕਰ ਕਰ ਕੇ
ਕੋਈ ਮਿਲ ਗਇਆ ਜਾਦੂ ਖੋਰ ਨੀ, ਹੋਰ ਰੰਗ ਹੋਰ ਹੋ ਗਇਆ ।

52. ਨੀ ਨਣਦੇ

ਨੀ ਨਣਦੇ ਨੀ ਸ਼ੌਂਕਣ ਨਣਦੇ, ਲਾਹ ਸਿੱਟ ਗਲ ਦੀ ਗਾਨੀ ਨੀ
ਅਜੇ ਨਾ ਨੈਣੀ ਕਜਲਾ ਪਾ ਪਾ, ਚਾੜ੍ਹ ਨਾ ਤੀਰ ਕਮਾਨੀ ਨੀ ।

ਨੀ ਨਣਦੇ ਨੀ ਹਰਨੀਏ ਨਣਦੇ, ਨਾ ਤੁਰ ਕਾਹਲੀਆਂ ਤੋਰਾਂ ਨੀ
ਅਜੇ ਨਾ ਲਾ ਚੁੰਨੀਆਂ ਨੂੰ ਮੋਤੀ, ਵਟ ਵਟ ਸੁੱਚੀਆਂ ਡੋਰਾਂ ਨੀ ।

ਨੀ ਨਣਦੇ ਨੀ ਅਲ੍ਹੜ ਨਣਦੇ, ਨਾ ਡਾਹ ਪਲੰਘ ਰੰਗੀਲੇ ਨੀ
ਲਾਟਾਂ ਵਾਂਗਰ ਬਲ ਉਠਣਗੇ, ਨੈਣ ਤੇਰੇ ਸ਼ਰਮੀਲੇ ਨੀ ।

ਨੀ ਨਣਦੇ ਨੀ ਰੂਪ ਰਕਾਨੇ, ਨਾ ਲਾ ਹਸ ਹਸ ਮਹੰਦੀ ਨੀ
ਇਹਦੇ ਕੋਲੋਂ ਹੋਣ ਨਾ ਠੰਡੇ, ਜਾਂ ਕਿਧਰੇ ਬਲ ਪੈਂਦੀ ਨੀ ।

ਨੀ ਨਣਦੇ ਨੀ ਗੋਰੀਏ ਨਣਦੇ, ਨਾ ਤਕ ਰੰਗਲਾ ਚੂੜਾ ਨੀ
ਅਜੇ ਨਾ ਬੁਲ੍ਹੀਂ ਮਲ ਦੰਦਾਸੇ, ਕਰ ਕਰ ਕੇ ਰੰਗ ਗੂੜ੍ਹਾ ਨੀ ।

ਨੀ ਨਣਦੇ ਨੀ ਪਿਆਰੀਏ ਨਣਦੇ, ਨਾ ਗਾ ਪਿਆਰ ਦੇ ਗੀਤ ਕੁੜੇ
ਅਜੇ ਜਗਾ ਨਾ ਸੁੱਤੇ ਜਜ਼ਬੇ, ਕਰ ਕਰ ਚੇਤੇ ਪ੍ਰੀਤ ਕੁੜੇ ।

ਨੀ ਨਣਦੇ ਨੀ ਬੀਬੀਏ ਨਣਦੇ, ਚਰਖੀ ਡਾਹ ਪੁਰਾਣੀ ਨੀ
ਬਾਰੀ ਢੋ ਢੋ ਖੋਲ੍ਹ ਖੋਲ੍ਹ ਕੇ, ਵੇਖ ਨਾ ਝੀਤਾਂ ਥਾਣੀ ਨੀ ।

ਨੀ ਨਣਦੇ ਨੀ ਹੋਣੀਏਂ ਨਣਦੇ, ਨਾ ਵਾਹ ਕਾਲੇ ਕੇਸ ਕੁੜੇ
ਔਤਰਾ ਵੇਹੜਾ ਲੋਕੀ ਭਰਮੀ, ਮਾਹੀ ਤੇਰਾ ਪਰਦੇਸ ਕੁੜੇ ।

ਨੀ ਨਣਦੇ ਨੀ ਭੋਲੀਏ ਨਣਦੇ, ਪਲ ਪਲ ਬਾਹਰ ਨਾ ਜਾ ਕੁੜੇ
'ਨੂਰਪੁਰੀ' ਜਦ ਘਰ ਆ ਜਾਊ, ਲਾਹ ਲਈਂ ਦਿਲ ਦੇ ਚਾ ਕੁੜੇ ।

53. ਦੁਹਾਈ ਨੀ ਦੁਹਾਈ

ਦੁਹਾਈ ਨੀ ਦੁਹਾਈ
ਨੈਣਾਂ ਨਾਲ ਹੋਣ ਲਗੀ ਨੈਣਾਂ ਦੀ ਲੜਾਈ ।

ਸੰਦਲੀ ਦੁਪੱਟੇ ਉਤੇ ਬੂਟੀਆਂ ਨੇ ਕਾਲੀਆਂ
ਕਿਥੇ ਕਿਥੇ ਖਹੰਦੀਆਂ ਨੇ ਕੰਨਾਂ ਦੀਆਂ ਵਾਲੀਆਂ
ਜ਼ੁਲਫ਼ਾਂ ਦੇ ਕੁੰਡਲਾਂ 'ਚ ਮੋਤੀ ਲਟਕਾਈ
ਦੁਹਾਈ ਨੀ ਦੁਹਾਈ……

ਅੱਜ ਇਦ੍ਹੀ ਚੁਪ ਵਿਚ ਕਿੰਨੇ ਕਿੰਨੇ ਗੀਤ ਨੀ
ਅੰਗ ਅੰਗ ਵਿਚ ਵਿੱਸਾਂ ਘੋਲਦੀ ਪਰੀਤ ਨੀ
ਅੱਖੀਆਂ ਦੀ ਲਾਲੀ ਇਹਦੀ ਕਿਵੇਂ ਨਸ਼ਿਆਈ
ਦੁਹਾਈ ਨੀ ਦੁਹਾਈ……

ਮਿੱਠੀ ਮਿੱਠੀ ਕੰਬਣੀ ''ਚ ਕੇਹੋ ਜਹੇ ਤੁਫ਼ਾਨ ਨੀ
ਅਜ ਇਹਨੂੰ ਆਪਣੀ ਭੀ ਭੁਲ ਗਈ ਪਛਾਣ ਨੀ
ਗੁੱਝੀ ਗੁੱਝੀ ਤੋਰ ਇਦ੍ਹੀ ਹੋ ਗਈ ਸੁਦਾਈ
ਦੁਹਾਈ ਨੀ ਦੁਹਾਈ……

54. ਤਾਰਾ ਮੀਰਾ

ਵੰਗਾਂ ਵਾਲਿਆਂ ਹੱਥਾਂ ਦੇ ਨਾਲ
ਤਾਰਾ ਮੀਰਾ ਤੋੜਦੀ ਫਿਰਾਂ
ਉਡੇ ਮੇਰਾ ਡੋਰੀਆ, ਉਡੇ ਹਵਾ ਦੇ ਨਾਲ
ਤਾਰਾ ਮੀਰਾ ਤੋੜਦੀ ਫਿਰਾਂ ।

ਪੈਰੀਂ ਮੇਰੇ ਝਾਂਜਰ ਛਣਕੇ
ਹਿਕ ਤੇ ਹਾਰ ਹਮੇਲ
ਫੁੱਲਾਂ ਦੇ ਵਿਚ ਮੈਂ ਤਿਤਲੀ ਬਣ ਗਈ
ਵੇਲਾਂ 'ਚ ਬਣ ਗਈ ਵੇਲ
ਤਾਰਾ ਮੀਰਾ ਤੋੜਦੀ ਫਿਰਾਂ ।

ਭਾਬੋ ਮੇਰੀ ਛੈਲ ਛਬੀਲੀ
ਵੀਰ ਮਲੂਕ ਨਦਾਨ
ਲੁਕਨ ਮੀਚੀਆਂ ਖੇਡਣ ਫਿਰਦੇ
ਕਣਕਾਂ ਦੇ ਖੇਤ ਜਵਾਨ
ਤਾਰਾ ਮੀਰਾ ਤੋੜਦੀ ਫਿਰਾਂ ।

ਕੀਤੀਆਂ ਗੋਡੀਆਂ ਲਗੀਆਂ ਡੋਡੀਆਂ
ਖਿੜੇ ਕਪਾਹ ਦੇ ਹਾਸੇ
ਜੱਟੀ ਦੀ ਜਵਾਨੀ ਸਾਂਭੀ ਨਾ ਜਾਵੇ
ਤੁਰਦੀ ਮਾਰਦੀ ਪਾਸੇ
ਤਾਰਾ ਮੀਰਾ ਤੋੜਦੀ ਫਿਰਾਂ ।

ਸਾਡੇ ਤੇ ਵੇਹੜੇ ਅੰਬੀਆਂ ਰਸੀਆਂ
ਵਿਚ ਵਿਚ ਖਿੜੇ ਅਨਾਰ
ਚੰਦਰੀ ਗਵਾਂਢਣ ਝਾਤੀਆਂ ਮਾਰੇ
ਝਾਤੀਆਂ ਨਿਰੀ ਤਲਵਾਰ
ਤਾਰਾ ਮੀਰਾ ਤੋੜਦੀ ਫਿਰਾਂ ।

55. ਕੋਟੜਾ ਛਪਾਕੀ

ਮੈਂ ਗੁਤ ਦਾ ਬਣਾ ਲਇਆ ਕੋਟੜਾ
ਨੀ ਕੋਟੜਾ ਛਪਾਕੀ……

ਬਾਂਹ ਜੇ ਹਲਾਵਾਂ ਵੰਗਾਂ ਖੜਕਣ
ਦੌੜਾਂ ਤੇ ਹਾਰ ਹਮੇਲਾਂ
ਮੂੰਹ ਕੁੜੀਆਂ ਦੇ ਫੁੱਲ ਚੰਦ-ਮੁਖੀਏ
ਲੰਮੀਆਂ ਨਾਗਰ ਵੇਲਾਂ
ਵੇਲਾਂ ਦਵਾਲੇ ਬਾਂਵਰ ਭੰਵਰਾ
ਭੰਵਰੇ ਦਵਾਲੇ ਵੇਲਾਂ
ਨੈਣ ਕਹਣ ਇਹ ਮਸਤ ਸ਼ਰਾਬਣ
ਰੂਪ ਕਹੇ ਇਹ ਸਾਕੀ
ਨੀ ਕੋਟੜਾ ਛਪਾਕੀ……

ਜਿਉਂ ਜਿਉਂ ਚੜ੍ਹਦੀ ਜਾਏ ਜਵਾਨੀ
ਦਿਲ ਨੂੰ ਕੁਝ ਕੁਝ ਹੋਏ
ਕੱਲੀ ਦਲਾਨ ਵਿਚ ਨੱਚ ਨੱਚ ਵੇਖਾਂ
ਬੁਝਦੀ ਲਾਟ ਦੀ ਲੋਏ
ਪਿੱਪਲਾਂ ਦੇ ਪੱਤਾਂ ਦੇ ਕੋਕਲੇ ਬਣਾ ਲਏ
ਮੁਰਕੀਆਂ ਨਾਲ ਪਰੋਏ
ਬਾਰੀ ਵਿਚੋਂ ਚੰਦ ਚੜ੍ਹਿਆ ਵੇਖਿਆ
ਇਹ ਪਾਪੀ ਦਿਲ ਰੋਏ
ਆਪਣੇ ਵੀਰੇ ਨੂੰ ਰਹੇ ਸਖੌਂਦੀ
ਸੌਹਰਿਆਂ ਦੀ ਨਣਦ ਲੜਾਕੀ
ਨੀ ਕੋਟੜਾ ਛਪਾਕੀ……

ਦਸ ਵੇ ਰਮਲੀਆ ਰਮਲ ਤੇਰੀ ਇਹ
ਅੱਜ ਦੇ ਦਿਨ ਕੀ ਕਹੰਦੀ
ਸਿਟ ਕੇ ਵੇਖ ਖਾਂ ਦਿਲ ਮੇਰੇ ਦੀ
ਧੜਕਣ ਹੈ ਬੁੱਝ ਲੈਂਦੀ
ਸੂਰਜ ਡੁੱਬਿਆ ਗੋਰੀਆਂ ਗੋਰੀਆਂ
ਬਦਲੀਆਂ ਲਾ ਲਈ ਮਹੰਦੀ
ਕੇਹੜੇ ਦੇਸੋਂ ਔਣਾਂ ਪੀਆ ਨੇ
ਦੱਸ ਕਿਧਰੋਂ ਦੀ ਪੈਂਦੀ
'ਨੂਰਪੁਰੀ' ਸਭ ਸਚੀਆਂ ਸੁਣਾ ਦੇ
ਕੁਝ ਨਾ ਰੱਖ ਲਈਂ ਬਾਕੀ
ਨੀ ਕੋਟੜਾ ਛਪਾਕੀ……

56. ਇਕ ਪਾਸੇ ਟਾਹਲੀਆਂ

ਇਕ ਪਾਸੇ ਟਾਹਲੀਆਂ, ਤੇ ਇਕ ਪਾਸੇ ਬੇਰੀਆਂ
ਸੌਣ ਦਾ ਮਹੀਨਾ ਪੀਂਘਾਂ ਤੇਰੀਆਂ ਤੇ ਮੇਰੀਆਂ ।

ਪਹਲਾ ਝੂਟਾ ਝੂਟਿਆ, ਜਵਾਨੀ ਨੇ ਪਿਆਰ ਦਾ
ਕਟਿਆ ਨਾ ਜਾਵੇ ਸਮਾਂ ਕਲਿਆਂ ਬਹਾਰ ਦਾ
ਖੁਲ੍ਹ ਖੁਲ੍ਹ ਕੇਸਾਂ ਨੇ ਲਿਆਂਦੀਆਂ ਹਨੇਰੀਆਂ
ਇਕ ਪਾਸੇ ਟਾਹਲੀਆਂ……

ਦੂਜਾ ਝੂਟਾ ਪਿਆਰ ਦਾ, ਪਿਆਰਿਆਂ ਲਈ ਰਹਣ ਦੇ
ਅਖੀਆਂ ਦਾ ਦੁਖ, ਸਾਡੇ ਹੰਝੂਆਂ ਨੂੰ ਕਹਣ ਦੇ
ਪੀਂਘਾਂ ਅਜੇ ਛੋਟੀਆਂ ਤੇ ਗੱਲਾਂ ਨੇ ਲੰਮੇਰੀਆਂ
ਇਕ ਪਾਸੇ ਟਾਹਲੀਆਂ……

ਭਾਬੋ ਨੇ ਸੁਣਾਈ, ਜਿਵੇਂ ਟੁਟ ਉਹਦੀ ਵੰਗ ਗਈ
ਵਿਚੇ ਗੱਲ ਰਹ ਗਈ ਤੇ ਰਾਤ ਸਾਰੀ ਲੰਘ ਗਈ
ਓਸ ਵੇਲੇ ਅੱਥਰੂ ਮੈਂ ਰਜ ਰਜ ਕੇਰੀਆਂ
ਇਕ ਪਾਸੇ ਟਾਹਲੀਆਂ……

ਰਾਤ ਨਹੀਂਉਂ ਲੰਘਦੀ, ਤੇ ਦਿਨ ਨਹੀਂਉਂ ਬੀਤਦਾ
ਲੋਕਾਂ ਨੂੰ ਕੀ ਪਤਾ ਸਾਡੀ ਜ਼ਿੰਦਗੀ ਦੇ ਗੀਤ ਦਾ
ਜੱਗ ਅੱਖਾਂ ਫੇਰ ਲੈਂਦਾ, ਰੱਬ ਨੇ ਜਾਂ ਫੇਰੀਆਂ
ਇਕ ਪਾਸੇ ਟਾਹਲੀਆਂ……

57. ਰਾਤਾਂ

ਮਾਹੀ ਘਰ ਆਇਆ ਰਾਤਾਂ ਨਿਕੀਆਂ ਨਿਕੀਆਂ
ਮਾਹੀ ਦੀ ਤਿਆਰੀ, ਰਾਤਾਂ ਫਿਕੀਆਂ ਫਿਕੀਆਂ ।

ਤੁਰ ਗਇਆ ਮਾਹੀ ਰਾਤਾਂ ਵੱਡੀਆਂ ਵੱਡੀਆਂ
ਹਾਲ ਵੇ ਰੱਬਾ ਵੇ ਭੰਨ ਤੋੜ ਗਈਆਂ ਹੱਡੀਆਂ ।

ਮਾਹੀ ਪਾਈਆਂ ਚਿੱਠੀਆਂ ਮੈਂ ਪੜ੍ਹ ਪੜ੍ਹ ਡਿੱਠੀਆਂ
ਕੌੜੀਆਂ ਵੀ ਗੱਲਾਂ ਸਭੇ ਮਿਠੀਆਂ ਹੀ ਮਿਠੀਆਂ ।

ਬਾਹਲਾ ਚਿਰ ਹੋਇਆ ਜਦੋਂ ਮਾਹੀ ਚਿੱਠੀ ਪਾਈ ਨਾ
ਹਾਲ ਵੇ ਰੱਬਾ ਵੇ ਸਾਨੂੰ ਨੀਂਦ ਕਦੀ ਆਈ ਨਾ ।

ਮਾਹੀ ਘਰ ਹੈ ਨਾ, ਸਾਨੂੰ ਸਹੁਰਿਆਂ ਦਾ ਚਾ ਨਾ
ਪੇਕਿਆਂ ਦਾ ਪਿੰਡ ਚੰਗੇ ਲਗਦੇ ਭਰਾ ਨਾ ।

ਵਢ ਵਢ ਖਾਂਦੀਆਂ ਸਹੇਲੀਆਂ ਹਵੇਲੀਆਂ
ਹਾਲ ਵੇ ਰੱਬਾ ਵੇ ਸਭੇ ਹੁੰਦਿਆਂ ਵੀ ਵੇਹਲੀਆਂ ।

ਸੱਸ ਕਦੀ ਆਖੇ ਘਰ ਚੰਦ ਨੂੰ ਮੰਗਾ ਦਇਆਂ
'ਨੂਰਪੁਰੀ' ਦੁੱਧ ਨਾਲ ਬੈਠੀ ਨੂੰ ਨੁਹਾ ਦਇਆਂ ।

ਲਖ ਕੱਢੇ ਗਾਲ ਤੇ ਮੈਂ ਅੱਗੋਂ ਛੱਡਾਂ ਹਸ ਨੀ
ਹਾਲ ਵੇ ਰੱਬਾ ਵੇ ਸਾਡੀ ਕਿੱਡੀ ਚੰਗੀ ਸੱਸ ਨੀ ।

58. ਮੇਰੇ ਰੋਗੀ ਨੈਣ

ਮੇਰੇ ਰੋਗੀ ਰੋਗੀ ਨੈਣ, ਬਾਹਲੇ ਚੁਪ ਚੁਪ ਰਹਣ
ਮੇਰਾ ਮਾਹੀ ਘਰ ਹੋਵੇ ਤੇ ਪਵਾੜੇ ਕਾਹਨੂੰ ਪੈਣ ।

ਇਕ ਸਾਵਣੇ ਦੀ ਰੁਤ, ਘਰ ਕੱਲਾ ਕੱਲਾ ਬੁੱਤ
ਇਕ ਅੱਥਰੀ ਜਹੀ ਗੁਤ, ਭੂਏ ਕਰ ਗਈ ਏ ਨੈਣ
ਮੇਰੇ ਰੋਗੀ ਰੋਗੀ ਨੈਣ……

ਨਾ ਕੋਈ ਡੋਲੀਆਂ ਦਾ ਚਾ, ਨਾ ਕੋਈ ਸੌਹਰਿਆਂ ਦਾ ਭਾ
ਨਾ ਕੋਈ ਜਿੰਦ ਦਾ ਬਚਾ, ਇਹ ਵਿਛੋੜਿਆਂ ਦੇ ਵਹਣ
ਮੇਰੇ ਰੋਗੀ ਰੋਗੀ ਨੈਣ……

ਬਾਹਲੀ ਲਾਡਲੀ ਨਨਾਣ, ਜਿਹਨੂੰ ਪੇਕਿਆਂ ਤੇ ਮਾਣ
ਉਹ ਤੇ ਆਖੇ ਜਾਣ ਜਾਣ, ਭਾਬੀ ਹੋ ਗਈ ਸੁਦੈਣ
ਮੇਰੇ ਰੋਗੀ ਰੋਗੀ ਨੈਣ……

ਸਾਡੇ ਪਿਪਲਾਂ ਦੇ ਪੱਤ, ਛੇੜੀ ਰਖਦੇ ਕੁਪੱਤ
ਇਹ ਸੁਕਾਈ ਜਾਂਦੇ ਰੱਤ, ਐਵੇਂ ਡਿਗ ਡਿਗ ਪੈਣ
ਮੇਰੇ ਰੋਗੀ ਰੋਗੀ ਨੈਣ……

ਏਸੇ ਰੂਪ ਦੀਆਂ ਗੱਲਾਂ ਤੇ ਜੁਦਾਈ ਦੀਆਂ ਝੱਲਾਂ
ਜਾਣ ਸਾਂਭੀਆਂ ਨਾ ਛੱਲਾਂ, ਸਾਥੋਂ ਰੋਕੀਆਂ ਨਾ ਰਹਣ
ਮੇਰੇ ਰੋਗੀ ਰੋਗੀ ਨੈਣ……

59. ਹਵੇਲੀ ਵਾਲੇ ਜੱਟ ਦਾ

ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ
ਸੋਨੇ ਰੰਗੀ ਜਟੀ ਤੇ ਦੁਸ਼ਾਲਾ ਸੁੱਚੇ ਪੱਟ ਦਾ ।

ਕਿਡੇ ਕਿਡੇ ਚਾ ਨੇ ਨਰੋਏ ਹਰ ਅੰਗ ਦੇ
ਪਿੰਡ ਦੀਆਂ ਰੌਣਕਾਂ ਨੂੰ ਜਾਣ ਜੇਹੜੇ ਰੰਗਦੇ
ਪੈਂਦੇ ਲਸ਼ਕਾਰੇ ਜਿੱਥੇ ਰੂਪ ਭਰੀ ਵੰਗ ਦੇ
ਏਹਦੇ ਲਸ਼ਕਾਰਿਆਂ ਤੋਂ ਉਹ ਭੀ ਖੱਟੀ ਖਟਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……

ਪਿਆਰੀ ਪਿਆਰੀ ਵੇਖ ਲੌ ਹਵਾ ਕਿਡੀ ਵਗ ਗਈ
ਸਰੂ ਨਾਲੋਂ ਲੰਮੀ ਗੁੱਤ ਅੱਡੀਆਂ ਨੂੰ ਲਗ ਗਈ
ਮਹੰਦੀ ਵਾਲੇ ਪੈਰ ਤੇ ਬੁਝੌਂਦੀ ਮਾਰੀ ਅਗ ਗਈ
ਖੁਲ੍ਹ ਖੁਲ੍ਹ ਪੈਂਦਾ ਵਟ ਡੋਰੀਏ ਦੇ ਵੱਟ ਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……

ਭੱਤਾ ਲੈ ਕੇ ਚੱਲੀ ਚੰਦ ਘੁੰਡ 'ਚ ਲੁਕੋ ਕੇ
ਵੇਂਹਦੀਆਂ ਜਵਾਨ ਕਿਵੇਂ ਕਣਕਾਂ ਖਲੋ ਕੇ
ਮੋਤੀਆਂ ਦੇ ਬੁਕ ਬੁਕ ਗੁੱਤ 'ਚ ਪਰੋ ਕੇ
'ਨੂਰਪੁਰੀ' ਵੇਖਦਾ ਨਾ ਪੈਰ ਅਗੋਂ ਪੱਟਦਾ
ਰੂਪ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ……

60. ਰਾਵੀ ਤੇ ਝਨਾਂ

ਮੇਰੇ ਸੌਹਰਿਆਂ ਨੇ ਜਿੱਦ ਜਿੱਦ ਨਾਂ ਰਖਿਆ
ਕਿਸੇ ਰਾਵੀ ਰਖਿਆ ਤੇ ਝਨਾਂ ਰਖਿਆ ।

ਜਾਂ ਮੈਂ ਫੁੱਲਾਂ ਭਰੇ ਘੁੰਡ ਸਰਕਾਏ ਹੱਸ ਕੇ
ਝੱਟ ਵੇਲਾਂ ਨਾਲ ਭਰ ਗਏ ਨਸੀਬ ਸੱਸ ਦੇ
ਸਾਡੀ ਧੁੱਪ ਨੂੰ ਬਣਾਈ ਲੋਕਾਂ ਛਾਂ ਰਖਿਆ ।
ਮੇਰੇ ਸੌਹਰਿਆਂ ਨੇ………

ਉਥੇ ਸੌਣ ਦੇ ਮਹੀਨੇ ਵਿਚ ਤੀਆਂ ਲਗੀਆਂ
ਸਾਡੇ ਵਿਚ ਕੋਈ ਨਾ ਠੱਗ ਫੇਰ ਹੋਈਆਂ ਠਗੀਆਂ
ਫੇਰ ਠਗੀਆਂ ਦਾ ਮੇਰੇ ਤੇ ਨਿਆਂ ਰਖਿਆ ।
ਮੇਰੇ ਸੌਹਰਿਆਂ ਨੇ………

ਮੈਨੂੰ ਮੱਲੋ ਮੱਲੀ ਗਿੱਧੇ 'ਚ ਨਚੌਣ ਵਾਲੀਆਂ
ਸੱਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਣ ਵਾਲੀਆਂ
ਸਾਰਾ ਹੱਥਾਂ ਤੇ ਨਚਾਈ ਮੈਂ ਗਿਰਾਂ ਰਖਿਆ ।
ਮੇਰੇ ਸੌਹਰਿਆਂ ਨੇ………

ਮੈਨੂੰ ਝਾਂਜਰਾਂ ਘੜਾ ਕੇ ਉਹਨਾਂ ਹੋਰ ਦਿੱਤੀਆਂ
ਨੀ ਉਹ ਮਿੱਥ ਮਿੱਥ ਗਿਧਿਆਂ ਦੇ ਪਿੜ ਜਿੱਤੀਆਂ
ਮੇਰਾ ਰੂਪ ਵਡਿਆਈ ਹਰ ਥਾਂ ਰਖਿਆ ।
ਮੇਰੇ ਸੌਹਰਿਆਂ ਨੇ………

ਮੇਰੇ 'ਨੂਰਪੁਰੀ' ਭਾਗਾਂ ਦੇ ਹਿਸਾਬ ਦੱਸਦਾ
ਮੇਰੀ ਆਰਸੀ ਦੇ ਸ਼ੀਸ਼ੇ 'ਚ ਪੰਜਾਬ ਵਸਦਾ
ਉਹਨੇ ਨਵੇਂ ਗੀਤ ਦੇਣ ਦਾ ਹਿਆਂ ਰਖਿਆ ।
ਮੇਰੇ ਸੌਹਰਿਆਂ ਨੇ………

61. ਬੰਗਾਲੀ ਆਇਆ

ਭਾਬੀ ਤੇਰੀ ਗੁੱਤ ਵਰਗਾ, ਸੱਪ ਲੈ ਕੇ ਬੰਗਾਲੀ ਇਕ ਆਇਆ
ਵੇਖੀਂ ਮੇਰੇ ਰੰਗ ਵਰਗਾ ਚੋਲਾ ਓਸ ਰੰਗ ਕੇ ਗਲ ਪਾਇਆ ।

ਨੀ ਕੰਨਾਂ ਵਿਚ ਖ਼ੂਨੀ ਮੁੰਦਰਾਂ, ਲਾਗੇ ਕੁੰਡਲਾਂ ਨੇ ਪਾਇਆ ਘੇਰਾ
ਨੈਣ ਉਹਦੇ ਲੈ ਗਏ ਕੱਢ ਕੇ, ਰੁੱਗ ਭਰ ਕੇ ਕਾਲਜਾ ਮੇਰਾ
ਸਿਖਰ ਦੁਪਹਰ ਲੁਟ ਲਈ, ਛੰਨਾਂ ਭਰ ਕੇ ਖੈਰ ਜਾਂ ਪਾਇਆ ।
ਭਾਬੀ ਤੇਰੀ ਗੁੱਤ ਵਰਗਾ………………

ਭਾਬੀ ਮੈਨੂੰ ਧੁੱਪ ਲਗਦੀ, ਮੈਥੋਂ ਪੈਰ ਪੁਟਿਆ ਨਾ ਜਾਵੇ
ਵਿਚੇ ਵਿਚ ਦਿਲ ਚੰਦਰਾ ਕੁਝ ਸੋਚਦਾ ਤੇ ਅੱਗ ਭੜਕਾਵੇ
ਗੁੱਝੇ ਗੁੱਝੇ ਹੌਲ ਉਠਦੇ ਜਾਂ ਮੈਂ ਹੱਥ ਹਿਕੜੀ ਨੂੰ ਲਾਇਆ ।
ਭਾਬੀ ਤੇਰੀ ਗੁੱਤ ਵਰਗਾ………………

ਲਾਗਲੀ ਹਵੇਲੀ ਵਲ ਦੀ ਜੋੜੀ ਉਡਦੀ ਕਬੂਤਰਾਂ ਦੀ ਆਈ
ਆਪੋ ਵਿਚ ਘੁੱਲ ਘੁੱਲ ਕੇ ਉਹਨਾਂ ਹੋਰ ਮੇਰੀ ਜਿੰਦ ਤੜਫਾਈ
ਆਪੇ ਮੇਰੀ ਗਾਨੀ ਟੁੱਟ ਗਈ ਜਾਂ ਮੈਂ ਹੱਥ ਹਿਕੜੀ ਨੂੰ ਲਾਇਆ ।
ਭਾਬੀ ਤੇਰੀ ਗੁੱਤ ਵਰਗਾ………………

ਵੇਹੜੇ ਤੇ ਜਵਾਨੀ ਆ ਗਈ, ਜਾਂ ਉਹ ਬੀਨ ਨੀ ਵਜੌਂਦਾ ਆਇਆ
ਜਿਨੀਆਂ ਜਵਾਨ ਕੁੜੀਆਂ ਉਹਨੇ ਸਾਰੀਆਂ ਦਾ ਦਿਲ ਭਰਮਾਇਆ
ਕੀ ਤੂੰ ਪੁੱਛੇਂ 'ਨੂਰਪੁਰੀ' ਵੇ ਮੈਂ ਕਿੱਥੇ ਕਿੱਥੇ ਦਰਦ ਲੁਕਾਇਆ ।
ਭਾਬੀ ਤੇਰੀ ਗੁੱਤ ਵਰਗਾ………………

62. ਪੂਣੀਆਂ

ਪੂਣੀਆਂ ਨੀ ਪੂਣੀਆਂ, ਇਹ ਪੌਣ ਪਵਾੜੇ ਪੂਣੀਆਂ
ਇਕ ਨਨਾਣ ਸਲੌਹਤਾਂ ਕਰਦੀ ਦੂਜੀ ਮੁਢ ਲੜਾਈ ਦਾ
ਮੱਥੇ ਦੀ ਹਰ ਤਿਊੜੀ ਅੰਦਰ, ਦੇਵੇ ਡਰਾਵਾ ਭਾਈ ਦਾ
ਸੌਹਰੀਂ ਆ ਕੇ ਚੇਤਾ ਆਇਆ, ਸੁਖਨ ਸਕੀ ਭਰਜਾਈ ਦਾ
ਛਾਲੇ ਬਣ ਬਣ ਕਿਦਾਂ ਰੜਕੇ, ਕੂਲਾ ਰੂੰ ਸਲਾਈ ਦਾ
ਹੰਝੂ ਭਰ ਭਰ ਡੋਲ੍ਹੀ ਜਾਵਾਂ, ਹੋਣ ਨਾ ਅੱਖਾਂ ਊਣੀਆਂ
ਪੂਣੀਆਂ ਨੀ ਪੂਣੀਆਂ…………

ਚਰਖੀ ਮੇਰੀ ਰਾਂਗਲੀ ਤੇ ਰਾਂਗਲੀ ਦਾ ਚਾ ਕੁੜੇ
ਨਵੀਂ ਹਵੇਲੀ ਕੋਈ ਨਾ ਜਾਣੂ ਬਹ ਗਈ ਕੱਲੀ ਡਾਹ ਕੁੜੇ
ਕੱਢਾਂ ਤੰਦ ਤੇ ਤੰਦ ਨਾ ਨਿਕਲੇ ਕਿਨ੍ਹੇ ਲਈ ਭਰਮਾ ਕੁੜੇ
ਰਹ ਪਰਦੇਸੀਂ ਜੀ ਨਹੀਂ ਲਗਦਾ, ਜੀ ਡਿੱਠਾ ਪਰਚਾ ਕੁੜੇ
ਤਕਲੇ ਨਾਲ ਲਪੇਟੇ ਖਾਂਦੀਆਂ, ਮੁੜ ਮੁੜ ਪਈਆਂ ਪੂਣੀਆਂ
ਪੂਣੀਆਂ ਨੀ ਪੂਣੀਆਂ…………

ਕੱਤਣੀ ਮੇਰੀ ਫੁੱਲਾਂ ਵਾਲੀ, ਭਰੀ ਭਰਾਈ ਰਹ ਗਈ
ਗੁੱਝੀ ਯਾਦ ਕਿਸੇ ਦੀ ਆਈ, ਸੁੰਝੀ ਮਨ ਵਿਚ ਬਹ ਗਈ
ਬੁਤ ਦਵਾਲੇ ਰਹ ਗਏ ਗਹਣੇ ਜੀ ਨੂੰ ਜੀ ਦੀ ਪੈ ਗਈ
ਇਕ ਇਕ ਕਰਕੇ ਪੂਣੀ ਉਡ ਗਈ, ਗਲ ਉਡਾਕੇ ਲੈ ਗਈ
'ਨੂਰਪੁਰੀ' ਵੇਹੜੇ ਵਿਚ ਉਡ ਉਡ ਕਰਨ ਲੜਾਈਆਂ ਦੂਣੀਆਂ
ਪੂਣੀਆਂ ਨੀ ਪੂਣੀਆਂ…………

63. ਕੈਂਠੇ ਵਾਲਾ

ਇਕ ਕੈਂਠੇ ਵਾਲਾ ਆ ਗਇਆ ਪ੍ਰਾਹੁਣਾ
ਨੀ ਮਾਏ ਤੇਰੇ ਕੰਮ ਨਾ ਮੁਕੇ ।
ਸਾਡੇ ਮੁੜ ਮੁੜ ਇਹਨੇ ਕਦ ਆਉਣਾ
ਨੀ ਮਾਏ ਤੇਰੇ ਕੰਮ ਨਾ ਮੁਕੇ ।

ਤੁਰਦਾ ਤੇ ਤਿਲੇਦਾਰ ਜੁੱਤੀ ਰੜਕਦੀ
ਅਖੀਆਂ 'ਚ ਅਗ ਵਾਂਗੂੰ ਲਾਲੀ ਭੜਕਦੀ
ਕੁੰਜੀਆਂ ਫੜਾ ਮਾਏ ਕੱਢਾਂ ਨੀ ਸੰਦੂਕ ਵਿਚੋਂ
ਫੁੱਲਾਂ ਵਾਲਾ ਰੇਸ਼ਮੀ ਵਿਛੌਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………

ਮੇਰੇ ਕੋਲੋਂ ਸੰਗਦਾ ਖੜਾਕ ਸੁਣ ਵੰਗ ਦਾ
ਬੜਾ ਸਮਝਾਇਆ ਨੀ ਉਹ ਬੂਹਾ ਨਹੀਂ ਲੰਘਦਾ
ਉਚੀ ਪਹਲੋਂ ਵੇਖੇ ਫੇਰ ਨੀਵੀਆਂ ਉਹ ਪਾ ਲਵੇ
ਬੁਲ੍ਹੀਆਂ ਦੇ ਵਿਚੋਂ ਮਸਕੌਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………

ਦਿਲ ਕਹੰਦਾ ਉਹਨੂੰ ਕੋਲ ਆਪਣੇ ਬਹਾ ਲਵਾਂ
ਵੇਖ ਵੇਖ ਰੂਪ ਉਹਦਾ ਅਖੀਆਂ ਰਜਾ ਲਵਾਂ
'ਨੂਰਪੁਰੀ' ਗੁੱਸੇ ਹੋ ਕੇ ਉਹ ਤੁਰ ਜਾਏਗਾ
ਮਿਨਤਾਂ ਦੇ ਨਾਲ ਪਊ ਮਨਾਉਣਾ,
ਨੀ ਮਾਏ ਤੇਰੇ ਕੰਮ ਨਾ ਮੁਕੇ ।
ਇਕ ਕੈਂਠੇ ਵਾਲਾ………

Punjabi Ghazlan Nand Lal Noorpuri

ਪੰਜਾਬੀ ਗ਼ਜ਼ਲਾਂ ਨੰਦ ਲਾਲ ਨੂਰਪੁਰੀ

1. ਬੰਦਿਆ
ਭੁੰਨ ਦੇ ਉਹ ਕਲੀਆਂ, ਲੂਹ ਦੇ ਉਹ ਹਾਸੇ

ਭੁੰਨ ਦੇ ਉਹ ਕਲੀਆਂ, ਲੂਹ ਦੇ ਉਹ ਹਾਸੇ ।
ਜਿਨ੍ਹਾਂ ਕੋਲੋਂ ਤੁਰ ਗਏ ਨੇ, ਭੌਰੇ ਨਿਰਾਸੇ ।

ਪਵਣ ਖੂਹ ਦੇ ਵਿਚ, ਤੇ ਉਹ ਅੰਮ੍ਰਿਤ ਦੇ ਸੋਮੇ,
ਜਿਨ੍ਹਾਂ ਕੋਲ ਮਰ ਗਏ ਨੇ ਰਾਹੀ ਪਿਆਸੇ ।

ਗ਼ਰਕ ਕਰ ਦੇ ਉਹ ਦੌਲਤਾਂ ਤੇ ਖ਼ਜ਼ਾਨੇ,
ਗਏ ਜਿੱਥੋਂ ਖ਼ਾਲੀ ਫ਼ਕੀਰਾਂ ਦੇ ਕਾਸੇ ।

ਉਹ ਪਰੀਆਂ ਦੀ ਸੂਰਤ ਨੂੰ ਕੀੜੇ ਨਾ ਚੱਲੇ,
ਸੱਜਨ ਗਏ ਜਗ ਤੋਂ ਜਿਨ੍ਹਾਂ ਦੇ ਉਦਾਸੇ ।

ਰੱਖ ਦੇ ਉਹ ਚੁਲ੍ਹੇ ਤੇ ਤਕੜੀ ਦੇ ਪਲੜੇ,
ਜਿਨ੍ਹਾਂ ਵਿਚ ਨੇ ਤੁਲਦੇ ਛਟਾਕਾਂ ਦੇ ਮਾਸੇ ।

ਚੜ੍ਹੀ ਦੱਬ ਦੇ ਸੂਰਮੇ ਦੀ ਜਵਾਨੀ,
ਜ਼ੁਲਮ, ਪਾਪ ਪਲਦੇ ਜਿਹਦੇ ਆਸੇ ਪਾਸੇ ।

ਉਹ ਸੁਰੀਲੇ ਨੈਣੀਂ ਤੂੰ ਸੂਏ ਪਰੋ ਦੇ,
ਜਿਨ੍ਹਾਂ ਵਿਚ ਤੂੰ ਗ਼ੈਰਤ ਦੇ ਦੀਵੇ ਨਹੀਂ ਚਾਸੇ ।

ਤੂੰ ਉਸ ਘੁੰਡ ਦੇ ਪਰਦੇ ਨੂੰ ਲੀਰਾਂ ਬਣਾ ਦੇ,
ਜਿਦ੍ਹੇ ਵਿਚ ਪਏ ਕੈਦ ਲੱਖਾਂ ਬੇਆਸੇ ।

ਢਾ ਦੇ ਉਹ ਮੰਦਰ ਬਣਾ ਦੇ ਉਹ ਮੜ੍ਹੀਆਂ,
ਜਿਨ੍ਹਾਂ ਵਿਚ ਗ਼ਰੀਬਾਂ ਗ਼ੁਲਾਮਾਂ ਦੇ ਵਾਸੇ ।

ਜਿਨ੍ਹਾਂ ਵਿਚ ਮੁਹੱਬਤ ਦਾ ਰੱਤੀ ਨਾ ਚਾਨਣ,
ਉਹ ਛਡ 'ਨੂਰਪੁਰੀਆਂ', ਦਿਖਾਵੇ, ਦਿਲਾਸੇ ।

2. ਗ਼ਜ਼ਬ ਹੈ ਆਪਣੇ ਮੈਂ ਇਸ਼ਕ ਤੇ ਇਤਬਾਰ ਕਰ ਬੈਠਾ

ਗ਼ਜ਼ਬ ਹੈ ਆਪਣੇ ਮੈਂ ਇਸ਼ਕ ਤੇ ਇਤਬਾਰ ਕਰ ਬੈਠਾ ।
ਮੈਂ ਅਪਣਾ ਆਪ ਕਾਤਿਲ ਆਪਣੇ ਤੇ ਵਾਰ ਕਰ ਬੈਠਾ ।

ਤਸੱਲੀ ਸੀ ਜਵਾਨੀ ਨੂੰ ਕਿ ਮੇਰਾ ਰੱਬ ਨਹੀਂ ਕੋਈ,
ਗੁਨਾਹ ਕਰ ਕੇ ਖ਼ੁਦਾ ਦੇ ਸਾਹਮਣੇ ਇਨਕਾਰ ਕਰ ਬੈਠਾ ।

ਜ਼ਰਾ ਦੋਜ਼ਖ਼ 'ਚੋਂ ਜਾਂਦੇ ਜਾਂਦੇ ਮੈਨੂੰ ਮਿਲ ਤੇ ਜਾਵਣ ਦੇ,
ਗੁਨਹਗਾਰਾਂ ਦੀ ਦੁਨੀਆਂ ਨਾਲ ਹਾਂ ਮੈਂ ਪਿਆਰ ਕਰ ਬੈਠਾ ।

ਖ਼ਬਰ ਨਹੀਂ ਰਬ ਦੇ ਮੈਖ਼ਾਨੇ 'ਚ ਹੋਵੇ ਰਿੰਦ ਕੋਈ ਪੀਂਦਾ,
ਮੈਂ ਖੋਹ ਕੀ ਪੀ ਲਵਾਂ ਤੇ ਕਹ ਦਿਆਂ ਕੀ ਯਾਰ ਕਰ ਬੈਠਾ ।

ਤੇਰੇ ਉਡਦੇ ਹੋਏ ਘੁੰਗਟ 'ਚੋਂ ਤੇਰੀ ਸ਼ਕਲ ਵੇਖੀ ਏ,
ਗੁਨਾਹ ਹੋਇਆ ਕੀ ਮੈਥੋਂ ਜੇ ਤੇਰੇ ਦੀਦਾਰ ਕਰ ਬੈਠਾ ।

ਮੇਰੇ ਅਮਲਾਂ ਦੀ ਫੱਟੀ ਤੇ ਗੁਨਾਹ ਇਕ ਹੋਰ ਲਿਖ ਦੇਵੋ,
ਕਿ ਪੀ ਕੇ ਪੰਡਤਾਂ ਦੇ ਨਾਲ ਹਾਂ ਤਕਰਾਰ ਕਰ ਬੈਠਾ ।

ਤੇਰੀ ਜੱਨਤ 'ਚ ਸੁਣਿਆਂ ਮਿਲਣੀਆਂ ਹੂਰਾਂ ਨੇ ਬੰਦੇ ਨੂੰ,
ਸਜ਼ਾ ਦੇਵੇਗਾ ਕੀ ਜੇ ਨਜ਼ਰ ਦਾ ਕੋਈ ਵਾਰ ਕਰ ਬੈਠਾ ।

ਬਖ਼ਸ਼ ਦੇਵੇਂ ਤੇ ਕੁਝ ਘਟਣਾ ਨਹੀਂ ਏ ਤੇਰੀ ਰਹਮਤ ਦਾ,
ਭਰੋਸੇ ਤੇਰੀ ਰਹਮਤ ਦੇ ਗੁਨਾਹ ਦੋ ਚਾਰ ਕਰ ਬੈਠਾ ।

3. ਮੁਸਵਰ ਗੁੰਮ ਹੈ ਇਹ ਛਾਪ ਕੇ ਤਸਵੀਰ ਬੰਦੇ ਦੀ

ਮੁਸਵਰ ਗੁੰਮ ਹੈ ਇਹ ਛਾਪ ਕੇ ਤਸਵੀਰ ਬੰਦੇ ਦੀ ।
ਤੇ ਹਰ ਇਕ ਕਦਮ ਦੇ ਨੌਹਾਂ 'ਚ ਭਰ ਤਕਦੀਰ ਬੰਦੇ ਦੀ ।

ਜਵਾਨੀ ਨੂੰ ਭੁਲੇਖਾ ਹੈ ਸੰਵਾਰੀ ਜ਼ੁਲਫ਼ ਜਾਂਦੀ ਏ,
ਨਦਾਨੀ ਸਮਝਦੀ ਨਹੀਂ, ਬਣ ਰਹੀ ਜ਼ੰਜ਼ੀਰ ਬੰਦੇ ਦੀ ।

ਗੁਲਾਬੀ ਰੰਗ ਦੇ ਬੁਲ੍ਹਾਂ ਤੋਂ ਲਹੰਦੀ ਮੁਸਕਰਾਹਟ ਨਹੀਂ,
ਨਜ਼ਰ ਬਣਦੇ ਹੀ ਬਣਦੇ, ਬਣ ਗਈ ਏ ਤੀਰ ਬੰਦੇ ਦੀ ।

ਲਿਬਾਸਾਂ ਤੇ ਕਿਆਸਾਂ, ਆਸਾਂ ਤੇ ਦੁਨੀਆਂ ਘੜੀ ਜਾਂਦੀ,
ਨਸ਼ਰ ਹੋ ਕੇ ਹੈ ਖੂਹ ਪੁਟਦੀ, ਇਹ ਹਰ ਤਦਬੀਰ ਬੰਦੇ ਦੀ ।

ਗੁਨਾਹੀ ਸਮਝ ਕੇ ਪੰਡਤ ਲੰਘਣ ਦਹਲੀਜ਼ ਨਹੀਂ ਦਿੰਦਾ,
ਤੇ ਬਖ਼ਸ਼ੀ ਜਾਵੇਗੀ ਕਿੱਦਾਂ ਭਲਾ ਤਕਸੀਰ ਬੰਦੇ ਦੀ ।

ਇਹ ਅਪਣੇ ਅੰਦਰਲੇ ਠੱਗਾਂ ਦਾ ਠਗਿਆ ਠੋਹਕਰਾਂ ਖਾਂਦਾ,
ਨਾ ਕੋਈ ਅਪਣਾ ਬੇਗਾਨਾ ਰਿਹਾ ਜਾਗੀਰ ਬੰਦੇ ਦੀ ।

ਵਿਛਾਏ ਫੁੱਲਾਂ ਦੇ ਜਿਸ ਨੇ ਵਿਛੌਣੇ ਚਾਨਣੀ ਰਾਤੇ,
ਕਬਰ ਦੀ ਰਾਤ ਕਾਲੀ ਵਿਚ ਹੋਈ ਆਖ਼ੀਰ ਬੰਦੇ ਦੀ ।

4. ਮੇਰੀ ਬੰਦਗੀ ਤੇਰੀ ਦਰਗਾਹ ਵਿਚ ਮੰਜ਼ੂਰ ਨਾ ਹੋਈ

ਮੇਰੀ ਬੰਦਗੀ ਤੇਰੀ ਦਰਗਾਹ ਵਿਚ ਮੰਜ਼ੂਰ ਨਾ ਹੋਈ ।
ਤੇਰੇ ਹਰ ਹੁਕਮ ਦੀ ਆਵਾਜ਼ ਬੇ-ਦਸਤੂਰ ਨਾ ਹੋਈ ।

ਤੇਰੀ ਦਹਲੀਜ਼ ਤੇ ਮੱਥਾ ਰਗੜ ਕੇ ਕਰ ਲਇਆ ਕਾਲਾ,
ਤੇਰੀ ਰਹਮਤ ਅਜੇ ਬਖ਼ਸ਼ਣ ਲਈ ਮਜਬੂਰ ਨਾ ਹੋਈ ।

ਮੈਂ ਕੰਬਲੀ ਅਪਣੇ ਅਮਲਾਂ ਦੀ ਹੈ ਧੋ ਧੋ ਕੇ ਕਰ ਲਈ ਲੀਰਾਂ,
ਅਜੇ ਇਕ ਤਾਰ ਦੀ ਕਾਲਖ ਜ਼ਰਾ ਵੀ ਦੂਰ ਨਾ ਹੋਈ ।

ਗੁਨਾਹਗਾਰੀ ਦਾ ਫਤਵਾ ਦੇ ਕੇ ਮੁੱਲਾਂ ਲਾਸ਼ ਛਡ ਤੁਰਿਆ,
ਕਿਸੇ ਵੀ ਬੇਗੁਨਾਹ ਤੋਂ ਕਬਰ ਮੇਰੀ ਪੂਰ ਨਾ ਹੋਈ ।

ਇਹ ਟੁਕੜੀ ਤੇਰੇ ਹਰ ਜ਼ੱਰੇ ਦੇ ਸ਼ੀਸ਼ੇ ਦੀ ਰਹੀ ਸਾਬਤ,
ਕਿਸੇ ਵੀ ਸੰਗ-ਦਿਲ ਪੱਥਰ ਨੂੰ ਲਗ ਕੇ ਚੂਰ ਨਾ ਹੋਈ ।

ਸਿਦਕ ਤੇਰੇ ਇਸ਼ਕ ਦਾ ਸੂਲੀਆਂ ਤੋਂ ਬਾਜ਼ ਨਾ ਆਇਆ,
ਸ਼ਕਲ ਦੁਨੀਆਂ ਦੀ ਸੂਲੀ ਦੀ ਅਜੇ ਮਨਸੂਰ ਨਾ ਹੋਈ ।

5. ਤੇਰੇ ਮਿਲਣ ਦਾ ਦਿਲ ਨੂੰ ਹੈ ਇੰਤਜ਼ਾਰ ਬਾਕੀ

ਤੇਰੇ ਮਿਲਣ ਦਾ ਦਿਲ ਨੂੰ ਹੈ ਇੰਤਜ਼ਾਰ ਬਾਕੀ ।
ਕੁਝ ਆਸ ਮਿਟ ਚੁਕੀ ਹੈ, ਹੈ ਬੇਕਰਾਰ ਬਾਕੀ ।

ਮੇਰੇ ਚਮਨ ਦੇ ਫੁੱਲਾਂ ਹਾਸੇ ਉਡਾਏ ਮੇਰੇ,
ਖ਼ਬਰੇ ਇਹ ਕਰਨਗੇ ਕੀ, ਰਹ ਗਏ ਜੋ ਖਾਰ ਬਾਕੀ ।

ਲਿਖ ਲਿਖ ਕੇ ਅਮਲ-ਨਾਮਾ ਕਿਉਂ ਥਕ ਕੇ ਬਹ ਗਇਆ ਏਂ ?
ਹਾਲੀ ਗੁਨਾਹ ਮੇਰੇ, ਨੇ ਬੇਸ਼ੁਮਾਰ ਬਾਕੀ ।

ਘਸ ਘਸ ਕੇ ਗਿਰ ਗਈ ਏ, ਇਹ ਜ਼ਿੰਦਗੀ ਦੀ ਚੋਲੀ,
ਕੁਝ ਕਫ਼ਨ ਲਈ ਨੇ ਰਹ ਗਏ, ਦੋ ਚਾਰ ਤਾਰ ਬਾਕੀ ।

ਹੁਣ ਦੁਸ਼ਮਣਾਂ ਦੀ ਕੋਈ, ਨਹੀਂ ਲੋੜ 'ਨੂਰਪੁਰੀਆ',
ਜਦ ਤੇਰੇ ਕੋਲ ਨੇ ਇਹ, ਪਿਆਰੇ ਤੇ ਯਾਰ ਬਾਕੀ ।

6. ਜ਼ਿੰਦਗੀ ਵਿਚ ਹਰ ਕਦਮ ਨੂੰ ਸੰਭਲ ਕੇ ਧਰਦਾ ਰਹਿਆ

ਜ਼ਿੰਦਗੀ ਵਿਚ ਹਰ ਕਦਮ ਨੂੰ ਸੰਭਲ ਕੇ ਧਰਦਾ ਰਹਿਆ ।
ਆਪਣੇ ਪਰਛਾਵਿਆਂ ਤੋਂ ਆਪ ਹੀ ਡਰਦਾ ਰਹਿਆ ।

ਮੇਰੀ ਮੰਜ਼ਲ ਵਿਚ ਤਬਾਹੀਆਂ ਖਿਲਰੀਆਂ ਸੀ ਇਸ ਕਦਰ,
ਠੋਹਕਰਾਂ ਨੂੰ ਉਖੜ ਕੇ ਸਿਜਦਾ ਸਦਾ ਕਰਦਾ ਰਹਿਆ ।

ਜਾਂ ਜ਼ੁਲਫ਼ ਦੀ ਤਾਰ ਦੇ ਵਿਚ ਉਲਝਿਆ ਨਾ ਸੁਲਝਿਆ,
ਉਲਝਿਆ ਵੀ ਮਾਂਗ ਦੀ ਖ਼ੂਨੀ ਨਦੀ ਤਰਦਾ ਰਹਿਆ ।

ਦਿਲ ਸਮਝਿਆ ਜ਼ਿੰਦਗੀ ਦੀ ਖੇਡ ਹੈ ਨਾਂ ਜਿੱਤ ਦਾ,
ਬੇਸਮਝ ਨਾ ਸਮਝਿਆ, ਹਰ ਖੇਡ ਵਿਚ ਹਰਦਾ ਰਹਿਆ ।

ਹਰ ਕੀ ਪੌੜੀ ਨੂੰ ਬੜੀ ਦੌੜੀ ਤੇ ਅਹੁੜੀ ਆਤਮਾ,
ਤੂੰ ਕਿਸੇ ਕੰਢੇ ਨਾ ਲਾਇਆ, ਮੈਂ ਖੜਾ ਖਰਦਾ ਰਹਿਆ ।

ਚਾਂਦੀ ਸੋਨੇ ਦੀ ਝਲਕ ਨੇ ਦਿਲ ਨੂੰ ਅੰਨ੍ਹਿਆਂ ਕਰ ਦਿਤਾ,
ਦੌੜ ਕੇ ਪਿੱਛੇ ਨਾ ਮੁੜਿਆ, ਨਾ ਪਤਾ ਘਰ ਦਾ ਰਹਿਆ ।

ਤੂੰ ਛੁਹਾਈ ਨਾ ਮੇਰੇ ਮੱਥੇ ਨੂੰ ਨਹੁੰ ਭਰ ਧੂੜ ਵੀ,
ਮੈਂ ਤੇਰੇ ਕਦਮਾਂ ਤੇ ਮੱਥਾ ਰਗੜਦਾ ਧਰਦਾ ਰਹਿਆ ।

ਸਾਥੀ ਮੇਰੇ ਆਏ ਨਾ ਚੁੱਕਣ ਨੂੰ ਮੇਰੀ ਲਾਸ਼ ਵੀ,
ਮੈਂ ਜਿਨ੍ਹਾਂ ਦੀ ਮੌਤ ਮਰਿਆ ਤੇ ਸਦਾ ਮਰਦਾ ਰਹਿਆ ।

ਜਿਸ ਦੇ ਬਦਲੇ ਵਿਚ ਨੱਚਿਆ ਲਾਹ ਕੇ ਸ਼ਰਮਾਂ ਸਾਰੀਆਂ,
ਉਹ ਮੇਰੀ ਦੁਨੀਆਂ 'ਚ ਵੀ ਰਖਦਾ ਸਦਾ ਪਰਦਾ ਰਹਿਆ ।

ਭੇਤ ਉਸ ਦੇ ਸਮਝ ਨਾ ਸਕਿਆ ਕੋਈ ਵੀ ਉਮਰ ਭਰ,
ਕੋਈ ਫੁੱਲਾਂ ਵਿਚ ਪਲੇ, ਸੂਲਾਂ ਕੋਈ ਚਰਦਾ ਰਹਿਆ ।

'ਨੂਰਪੁਰੀਆਂ' ਉਮਰ ਭਰ ਧੋਂਦਾ ਰਹਿਆ ਜਿਸ ਜਿਸਮ ਨੂੰ,
ਕਬਰ ਵਿਚ ਜਾਂ ਵੇਖਿਆ ਤੇ ਲਾਸ਼ ਤੇ ਗਰਦਾ ਰਹਿਆ ।

7. ਬੁਢੇਪੇ ਵਿਚ ਜਵਾਨੀ ਦੀ ਗਲਤ ਹਰ ਇਕ ਅਦਾ ਨਿਕਲੀ

ਬੁਢੇਪੇ ਵਿਚ ਜਵਾਨੀ ਦੀ ਗਲਤ ਹਰ ਇਕ ਅਦਾ ਨਿਕਲੀ ।
ਮੇਰੇ ਹਰ ਕਦਮ ਦੀ ਠੁਹਕਰ ਵੀ ਹੈ ਮਰਜ਼ੀ ਖ਼ੁਦਾ ਨਿਕਲੀ ।

ਬੇਸਮਝੀ ਸੀ ਕਿ ਤੇਰੇ ਹੁਕਮ ਨੂੰ ਮੈਂ ਸਮਝ ਨਾ ਸਕਿਆ,
ਕਿ ਹਰ ਬੰਦੇ ਦੀ ਹਰ ਇਕ ਆਰਜ਼ੂ ਤੇਰੀ ਰਜ਼ਾ ਨਿਕਲੀ ।

ਮੈਂ ਜਿਸ ਪਿਆਲੀ ਨੂੰ ਪੀ ਕੇ ਹੋ ਗਇਆ ਬੇਹੋਸ਼ ਦੋ ਘੜੀਆਂ,
ਜਦੋਂ ਆਈ ਕੁਝ ਹੋਸ਼ ਸਾਰੀ ਬੇ-ਨਸ਼ਾ ਨਿਕਲੀ ।

ਬੜਾ ਕੈਦੀ ਏਂ ਮੰਦਰ ਵਿਚ ਟਿਕਾਣਾ ਕਰ ਕੇ ਬੈਠਾ ਏਂ,
ਕੀ ਤੇਰਾ ਜ਼ੁਰਮ ਹੈ, ਐਡੀ ਜੋ ਤੇਰੀ ਹੈ ਸਜ਼ਾ ਨਿਕਲੀ ।

ਗਰੀਬਾਂ ਤੋਂ ਕਿਨਾਰਾ ਕਰਕੇ ਦਸ ਤੂੰ ਜਾਏਂਗਾ ਕਿੱਥੇ ?
ਤੂੰ ਆ ਜਾਏਂਗਾ ਆਪੇ ਜਦ ਵੀ ਕੋਈ ਬਦਦੁਆ ਨਿਕਲੀ ।

ਜ਼ਰਾ ਅੱਖਾਂ ਨੂੰ ਧੂਆਂ ਲਗਣ ਦੇ ਦੇਹ ਸੜੀਆਂ ਆਹਾਂ ਦਾ,
ਤੂੰ ਖ਼ੁਦ ਸਮਝੇਂਗਾ ਇਸ ਬੰਦੇ ਦੇ ਵਿਚੋਂ ਕੀ ਬਲਾ ਨਿਕਲੀ ।

8. ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ

ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ ।
ਕਿ ਤੰਗ ਏਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ ।

ਇਹ ਦੁਨੀਆਂ ਦੀ ਮਹਫ਼ਿਲ ਉਠਾਵੇ ਕਿਉਂ ਮੈਨੂੰ ?
ਕਿ ਸਾਕੀ ਦਾ ਮੈਂ ਵੀ ਬੁਲਾਇਆ ਹੋਇਆ ਹਾਂ ।

ਮਰਨ ਵੇਲੇ ਉਸ ਦੀ ਕਿਉਂ ਯਾਦ ਆਈ,
ਮੈਂ ਜਿਸ ਦੀ ਨਜ਼ਰ ਦਾ ਭੁਲਾਇਆ ਹੋਇਆ ਹਾਂ ?

ਕਫ਼ਨ ਵਿਚ ਜ਼ਰਾ ਸੌਣ ਦੇਵੋ, ਨਾ ਬੋਲੋ
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ ।

ਨਾ ਦੋਜ਼ਖ਼ ਦੀ ਅੱਗ ਵਿਚ ਮੇਰੀ ਬਾਲ ਮਿਟੀ
ਮੈਂ ਦੁਨੀਆਂ ਦਾ ਪਹਲੋਂ ਸਤਾਇਆ ਹੋਇਆ ਹਾਂ ।

ਕਬਰ ਵਿਚ ਫ਼ਰਿਸ਼ਤੇ, ਨਾ ਸਾਹ ਲੈਣ ਦਿੰਦੇ,
ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ ।

ਜ਼ਰਾ ਸਾਹਮਣੇ ਬਹ ਕੇ ਵੇਖਣ ਦੇ ਉਸ ਨੂੰ
ਜੋ ਲੁਕਦਾ ਸੀ, ਉਸ ਕੋਲ ਆਇਆ ਹੋਇਆ ਹਾਂ ।

9. ਤੁਰ ਗਏ ਪ੍ਰੀਤਮ ਦਿਲ ਵਿਚ ਲੈ ਕੇ

ਤੁਰ ਗਏ ਪ੍ਰੀਤਮ ਦਿਲ ਵਿਚ ਲੈ ਕੇ
ਆਪਣੀਆਂ ਤੇ ਮੇਰੀਆਂ ਆਸਾਂ ।
ਵਿਛੜ ਗਏ ਪਰ ਮਿਲਣ ਵਾਸਤੇ
ਵਧੀਆਂ ਹੋਰ ਵਧੇਰੀਆਂ ਆਸਾਂ ।

ਚੁਪ ਕੀਤੇ ਹੀ ਕਹੰਦੇ ਸੀ ਕੁਝ
ਮੋਢੇ ਕਿਸੇ ਲਗਰ ਦੇ ਲੱਗ ਕੇ;
ਉਮਰ ਵਾਂਗ ਨੇ ਲੰਮੀਆਂ ਲੰਮੀਆਂ
ਨੈਣਾਂ ਵਿਚ ਬਥੇਰੀਆਂ ਆਸਾਂ ।

ਦਿਲ ਵਿਚ ਆਹਾਂ ਛਾਲੇ ਪਾਏ
ਨੈਣਾਂ ਦੇ ਮੂੰਹ ਓਦਰ ਚੱਲੇ;
ਹੰਝੂਆਂ ਵਿਚੋਂ ਜਦੋਂ ਓਸ ਨੇ
ਕੋਲੇ ਕਰ ਕਰ ਕੇਰੀਆਂ ਆਸਾਂ ।

ਪਿੰਜਰੇ ਪਾ ਕੇ ਲੈ ਗਏ ਪੰਛੀ
ਬੋਲੇ ਨਾ ਕੁਝ ਕੁਸਕੇ ਨਾ ਉਹ;
ਬੱਝੀਆਂ ਬੱਝੀਆਂ ਰੁੜ੍ਹ ਗਈਆਂ ਨੇ
ਢਾਹ ਗਈਆਂ ਨੇ ਢੇਰੀਆਂ ਆਸਾਂ ।

ਸਹਮੀਆਂ ਹੋਈਆਂ ਕੈਦੀ ਵਾਂਗਰ
ਕੈਦ ਕਿਸੇ ਜਾ ਪਈਆਂ ਨੇ ਉਹ;
'ਨੂਰਪੁਰੀ' ਰਖ ਰਬ ਤੇ ਡੋਰੀ
ਰੱਬਾ ਹੁਣ ਬਸ ਤੇਰੀਆਂ ਆਸਾਂ ।

10. ਜ਼ਿੰਦਗੀ ਵਿਚ ਚਾਰ ਦਿਨ ਆਈ ਬਹਾਰ

ਜ਼ਿੰਦਗੀ ਵਿਚ ਚਾਰ ਦਿਨ ਆਈ ਬਹਾਰ ।
ਹੁਸਨ ਫੜਦਾ ਰਹ ਗਇਆ ਬਾਹਵਾਂ ਖਿਲਾਰ ।

ਇਸ਼ਕ ਮੇਰਾ ਜਾਗਦਾ ਸੁੱਤਾ ਰਹਿਆ
ਤੁਰ ਗਈ ਕਰਕੇ ਜਵਾਨੀ ਇੰਤਜ਼ਾਰ ।

ਕਫ਼ਨ ਵਿਚ ਲੰਘ ਗਏ ਹਜ਼ਾਰਾਂ ਰਾਹ-ਗੁਜ਼ਰ
ਨਜ਼ਰ ਨੂੰ ਡਿੱਠਾ ਨਾ ਕੋਈ ਨਜ਼ਰ ਮਾਰ ।

ਡਿਗ ਪਇਆ ਮੰਜ਼ਲ 'ਚ ਹੱਫ਼ ਕੇ ਡਿਗ ਪਇਆ
ਪਹੁੰਚਿਆ ਮੰਜ਼ਲ ਤੇ ਨਾ ਕੋਈ ਸ਼ਾਹ-ਸਵਾਰ ।

11. ਜ਼ਿੰਦਗੀ ਦਾ ਸਫ਼ਰ ਬੇਆਰਾਮ ਹੈ

ਜ਼ਿੰਦਗੀ ਦਾ ਸਫ਼ਰ ਬੇਆਰਾਮ ਹੈ ।
ਐਵੇਂ ਇਸ ਜ਼ਿੰਦਗੀ ਦਾ ਜ਼ਿੰਦਗੀ ਨਾਮ ਹੈ ।

ਕੀ ਜਵਾਨੀ ਜੇਹੜੀ ਆ ਕੇ ਤੁਰ ਗਈ
ਉਹ ਕੀ ਦਿਨ ਹੋਇਆ ਕਿ ਜਿਸਦੀ ਸ਼ਾਮ ਹੈ ?

ਹੁਸਨ ਵਾਲੇ ਭੈੜੇ ਵੀ ਨੇ ਨਾਮਵਰ
ਆਸ਼ਕਾਂ ਦਾ ਨਾਮ ਵੀ ਬਦਨਾਮ ਹੈ ।

ਤੂੰ ਨਵੇਂ ਪੈਗ਼ਾਮ ਲੈ ਕੇ ਜਾ ਰਹਿਆ
ਤੇਰੇ ਪਿੱਛੇ ਮੌਤ ਦਾ ਪੈਗ਼ਾਮ ਹੈ ।

ਤੂੰ ਨਮਾਜ਼ੀ ਬਣ ਨਾ ਕੋਈ ਫ਼ਰਕ ਨਹੀਂ
ਤੇਰਿਆਂ ਐਬਾਂ ਦਾ ਚਰਚਾ ਆਮ ਹੈ ।

'ਨੂਰਪੁਰੀਆ' ਜ਼ਿਕਰ ਤੇਰਾ ਸੀ ਕਦੀ
ਹੁਣ ਨਾ ਤੇਰਾ ਜ਼ਿਕਰ ਹੈ ਨਾ ਨਾਮ ਹੈ ।

12. ਬਿਨਾਂ ਕਫ਼ਨ ਦੇ ਲੈ ਚਲੋ ਯਾਰ ਮੈਨੂੰ

ਬਿਨਾਂ ਕਫ਼ਨ ਦੇ ਲੈ ਚਲੋ ਯਾਰ ਮੈਨੂੰ ।
ਹੈ ਲੁਕ ਕੇ ਗਇਆ ਆਖੂ ਸੰਸਾਰ ਮੈਨੂੰ ।

ਗੁਵਾਂਢੀ ਨੇ ਦੱਬੀ ਹਕੀਕਤ ਹੈ ਮੇਰੀ
ਉਹਦੇ ਰੂਬਰੂ ਕਰ ਲਉ ਇਕ ਵਾਰ ਮੈਨੂੰ ।

ਨਸ਼ਰ ਜਿਸ ਨੇ ਕਰਨਾ ਮੇਰੇ ਮਗਰੋਂ ਮੈਨੂੰ
ਉਹ ਹੁਣ ਕਿਉਂ ਨਹੀਂ ਕਹੰਦਾ ਗੁਨਾਹਗਾਰ ਮੈਨੂੰ ।

ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਤੇ ਭੰਡਿਆ
ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ ।

ਮੈਂ ਅਜ ਖ਼ਾਲੀ ਹੱਥੀਂ ਸਜਣ ਕੋਲ ਚਲਿਆਂ
ਬੜਾ ਹੋਣਾ ਪੈਣਾ ਸ਼ਰਮ-ਸਾਰ ਮੈਨੂੰ ।

Punjabi Kavitavan Nand Lal Noorpuri

ਪੰਜਾਬੀ ਕਵਿਤਾਵਾਂ ਨੰਦ ਲਾਲ ਨੂਰਪੁਰੀ

1. ਸ਼ਾਇਰ ਨੂੰ

ਸੋਹਲੇ ਲਿਖ ਕੇ ਮੌਤ ਦੇ ਤੜਫਾਂਦਾ ਫਿਰਿਓਂ
ਹੰਝੂ ਭਰ ਭਰ ਕਲਮ ਦੇ ਕਲਪਾਂਦਾ ਫਿਰਿਓਂ
ਫੱਟ ਚਿਰਾਂ ਦੇ ਕਿਸੇ ਨੂੰ ਰੜਕਾਂਦਾ ਫਿਰਿਓਂ
ਦੀਵੇ ਕਿਸੇ ਦੀ ਕਬਰ ਤੇ ਜਗਵਾਂਦਾ ਫਿਰਿਓਂ
ਬੇਕਦਰਾਂ ਘਰ ਮੋਤੀਆਂ ਨੂੰ ਲਾਂਦਾ ਫਿਰਿਓਂ
ਖੇਡਾਂ ਤੂੰ ਅਣਹੋਣੀਆਂ ਖਿਡਵਾਂਦਾ ਫਿਰਿਓਂ
ਲਾਂਬੂ ਭਰੇ ਸਮੁੰਦਰੀਂ ਤੂੰ ਲਾਂਦਾ ਫਿਰਿਓਂ
ਦੁੱਖੜੇ ਹੰਝੂਆਂ ਭਰੀ ਦੇ, ਵੰਡਵਾਂਦਾ ਫਿਰਿਓਂ
ਸਜਣ ਢੁੰਡਾਊ ਚੈਂਚਲਾਂ ਤਰਸਾਂਦਾ ਫਿਰਿਓਂ
ਵੇਖ ਜਵਾਨੀ ਅੱਥਰੀ ਭੁੜਕਾਂਦਾ ਫਿਰਿਓਂ
ਖੋਹੇ ਤੋੜੇ ਹੁਸਨ ਨੂੰ ਲਿਸ਼ਕਾਂਦਾ ਫਿਰਿਓਂ
ਸੱਸੀ ਵਰਗੀ ਛੋਕਰੀ ਵਿਲਕਾਂਦਾ ਫਿਰਿਓਂ
ਬਾਹਾਂ ਨਖਰੀਂ ਰੁੱਝੀਆਂ ਪਿਟਵਾਂਦਾ ਫਿਰਿਓਂ
ਲੰਮੀ ਪਤਲੀ ਧੌਣ ਨੂੰ ਮਚਕਾਂਦਾ ਫਿਰਿਓਂ
ਵਾਲੋਂ ਪਤਲੇ ਲੱਕ ਨੂੰ ਲਚਕਾਂਦਾ ਫਿਰਿਓਂ
ਕੀ ਹੋਇਆ ਸੀ ਹੀਰ ਨੂੰ ਤੂੰ ਗਾਂਦਾ ਫਿਰਿਓਂ
ਕਾਰੇ ਹੱਥੀ ਕੁੜੀ ਨੂੰ ਵਡਿਆਂਦਾ ਫਿਰਿਓਂ
ਮੌਤ ਕਿਸੇ ਦੀ ਆਪਣੇ ਗਲ ਪਾਂਦਾ ਫਿਰਿਓਂ
ਅੱਖੀਆਂ ਹੱਥੋਂ ਖ਼ੂਨ ਤੂੰ ਕਰਵਾਂਦਾ ਫਿਰਿਓਂ
ਜ਼ੁਲਫ਼ਾਂ ਦੇ ਕਈ ਸੱਪ ਤੂੰ ਲੜਵਾਂਦਾ ਫਿਰਿਓਂ
ਚੰਦਰ ਕਿਰਨਾਂ ਸੁੰਦਰੀਆਂ ਵਿਚ ਗਾਂਦਾ ਫਿਰਿਓਂ
ਕੌਮਾਂ ਤਕ ਕੇ ਮੁਰਦੀਆਂ ਜਿੰਦ ਪਾਂਦਾ ਫਿਰਿਓਂ
'ਨੂਰਪੁਰੀ' ਤੂੰ ਫੇਰ ਵੀ ਪਛਤਾਂਦਾ ਫਿਰਿਓਂ ।

2. ਪ੍ਰੀਤਮ ਦੀ ਭਾਲ

ਪੱਥਰਾਂ ਵਿਚ ਬੋਲਦਾ ਸੁਣਿਆਂ ਏਂ ਮਾਹੀ ਕਿਸੇ ਨੇ,
ਰੰਗਪੁਰ ਦੀ ਧੂੜ 'ਚੋਂ ਲਭਿਆ ਏ ਰਾਹੀ ਕਿਸੇ ਨੇ,
ਜੰਗਲਾਂ ਵਿਚ ਕਲਗੀਆਂ ਵਾਲਾ ਸਿਪਾਹੀ ਕਿਸੇ ਨੇ,
ਅੱਗ ਦੀਆਂ ਲਾਟਾਂ ਦੇ ਵਿਚ ਡਿੱਠਾ ਇਲਾਹੀ ਕਿਸੇ ਨੇ ।

ਪੰਛੀਆਂ ਵਿਚ ਗਾਂਵਦਾ, ਕੁਦਰਤ 'ਚ ਸੁਣਿਆ ਹੱਸਦਾ,
ਮਜਨੂਆਂ ਦੇ ਭੇਸ ਵਿਚ ਲੈਲਾ ਦੇ ਪਿਛੇ ਨੱਸਦਾ,
ਗੋਪੀਆਂ ਵਿਚ ਕਾਨ੍ਹ ਬਣ ਬਣ ਕੇ ਦਿਲਾਂ ਨੂੰ ਖੱਸਦਾ,
ਦਿਲ ਮੇਰੇ ਦਾ ਚੋਰ ਪਰ ਮੈਨੂੰ ਪਤਾ ਨਹੀਂ ਦੱਸਦਾ ।

ਅੱਖੀਆਂ ਦੇ ਭੌਰਿਆਂ ਹਸਦੇ ਫੁਲਾਂ ਵਿਚ ਟੋਲਿਆ,
ਜ਼ਹਰ ਦੇ ਦਿੱਤੀ ਕਿਸੇ, ਪੀ ਲਈ ਤੇ ਮਨ ਨਾ ਡੋਲਿਆ,
ਮੰਦਰੀਂ ਕਹੰਦੀ ਫਿਰੀ 'ਬੋਲੀਂ ਵੇ ਮੇਰਿਆ ਭੋਲਿਆ',
ਖ਼ਬਰੇ ਮੈਂ ਬੋਲੀ ਹਾਂ, ਖ਼ਬਰੇ ਉਹ ਨਹੀਂ ਗੁੰਗਾ ਬੋਲਿਆ ।

ਮੈਨੂੰ ਵੀ ਜੇ ਧੂੜ ਮਿਲ ਜਾਵੇ ਹਰੀ ਦੇ ਨਾਮ ਦੀ,
ਬੰਸਰੀ ਦੀ ਵਾਜ ਕੰਨੀ ਪੈ ਜਾਏ ਜੇ ਸ਼ਾਮ ਦੀ,
ਭੀਲਣੀ ਬਣ ਕੇ ਉਹਦੇ ਚਰਨਾਂ 'ਚ ਡੇਰਾ ਲਾ ਦਿਆਂ,
ਦਿਲ ਦੀ ਦੁਨੀਆਂ ਵਿਚ ਵਸਾ ਲਾਂ ਮੂਰਤੀ ਉਸ ਰਾਮ ਦੀ ।

ਸੁਣਿਆ ਏ ਉਸ ਚੰਦ ਦਾ ਹਰ ਜ਼ੱਰੇ ਦੇ ਵਿਚ ਨੂਰ ਏ,
ਨੇੜੇ ਹੈ ਉਹ ਸ਼ਾਹ-ਰਗੋਂ, ਕੋਹ-ਤੂਰ ਤੋਂ ਵੀ ਦੂਰ ਏ,
ਕਤਰੇ ਕਤਰੇ ਵਿਚ ਉਹਦੇ ਅੰਮ੍ਰਿਤ ਦਾ ਰਸ ਭਰਪੂਰ ਏ,
ਉਹ ਮੁਹੰਮਦ ਸਾਹਿਬ ਏ, ਨਾਨਕ ਦਾ ਉਹੀਓ ਨੂਰ ਏ ।

ਵੇਖ ਬਦਲੀ ਸੌਣ ਦੀ ਸਾਵਨ ਦੇ ਬਿਨ ਵਸਦੀ ਰਹੀ,
ਮੇਰੇ ਹੰਝੂ ਵੇਖ ਕੇ ਬਿਜਲੀ ਕੋਈ ਹਸਦੀ ਰਹੀ,
ਤੁਰ ਪਈ ਓਧਰ ਜਿਧਰ ਵੀ ਆਸ ਕੁਝ ਦਸਦੀ ਰਹੀ,
ਉਹ ਗਇਆ ਫੜਿਆ ਨਾ ਮੈਥੋਂ, ਮੈਂ ਮਗਰ ਨਸਦੀ ਰਹੀ ।

ਦਸ ਦਿਓ ਵੇ ਪ੍ਰੇਮੀਓ, ਕੋਈ ਓਸ ਹਰਥਾਵੇਂ ਦਾ ਥਾਂ,
ਦਸ ਦਿਓ ਵੇ ਪ੍ਰੇਮੀਓ, ਕੋਈ ਓਸ ਹਰਨਾਵੇਂ ਦਾ ਨਾਂ,
ਕਿਹੜੀ ਥਾਂ ਤੇ ਬੈਠ ਕੇ ਮੱਝੀਆਂ ਚਰਾਉਂਦਾ ਉਹ ਰਹਿਆ,
ਕਿਹੜੀ ਦਿਲ ਦੀ ਨੁਕਰੇ ਛੰਨਾਂ ਬਣਾਉਂਦਾ ਉਹ ਰਿਹਾ ?
ਕਿਹੜੀ ਥਾਂ ਤੇ ਮਾਰ ਕੇ ਠੋਕਰ ਉਹ ਅਪਣੇ ਪੈਰ ਦੀ,
ਸੁੱਤੀਆਂ ਕਬਰਾਂ ਦੇ ਮੁਰਦੇ ਸੀ ਜਗਾਉਂਦਾ ਉਹ ਰਹਿਆ ।

ਆਰਤੀ ਉਹਦੀ 'ਚ ਤੜਕੇ ਗੀਤ ਗਾਉਂਦੀ ਮੈਂ ਫਿਰੀ
ਨ੍ਹੇਰੇ ਨਾ ਬੈਠਾ ਰਹੇ ਜੋਤਾਂ ਜਗਾਉਂਦੀ ਮੈਂ ਫਿਰੀ
ਜਾਗ ਪਏ ਸੁੱਤਾ ਕਿਤੇ ਚਿਮਟੇ ਵਜਾਉਂਦੀ ਮੈਂ ਫਿਰੀ,
ਆਪ ਰਖੇ ਵਰਤ ਉਹਨੂੰ ਭੋਗ ਲਾਉਂਦੀ ਮੈਂ ਫਿਰੀ,
ਮੂਰਤੀ ਉਹਦੀ ਪੰਘੂੜੇ ਵਿਚ ਝੁਟਾਉਂਦੀ ਮੈਂ ਫਿਰੀ,
ਏਸ ਮਨ ਨੂੰ ਉਸ ਲਈ ਦਰ ਦਰ ਨਚਾਉਂਦੀ ਮੈਂ ਫਿਰੀ ।

ਸਭ ਬਣਾਏ ਵੇਸ ਮੈਂ ਜਿੱਦਾਂ ਸੀ ਸੱਈਆਂ ਕਹੰਦੀਆਂ,
ਰੰਗਲੇ ਚੂੜੇ ਪੰਘੂੜੇ ਲਾਲ ਲਾਈਆਂ ਮਹੰਦੀਆਂ,
ਸੋਚਿਆ, ਕਿ ਅੰਨ੍ਹੀਆਂ ਅੱਖੀਆਂ ਨੂੰ ਚਾਨਣ ਮਿਲੇਗਾ,
ਜਿਸ ਲਈ ਵਾਂਗਰ ਚਕੋਰੀ ਤੜਫਦੀ ਸਾਂ ਰਹੰਦੀਆਂ ।

ਚੰਦ ਦਾ ਜੋਬਨ ਮੇਰੇ ਮੱਥੇ ਦੇ ਵਿਚ ਭਰਿਆ ਗਇਆ,
ਆਰਸੀ ਦੇ ਸ਼ੀਸ਼ੇ ਵਿਚ ਸੂਰਜ ਨਵਾਂ ਧਰਿਆ ਗਇਆ,
ਦਿਲ ਦੇ ਅੰਦਰ ਚਾ ਸੀ ਆ ਕਿ ਆ ਗਈ ਉਸ ਦੇਸ਼ ਮੈਂ,
ਜਿਸ ਸੱਜਣ ਦੇ ਫਾਹਣ ਲਈ ਫਾਹੀਆਂ ਬਣਾਏ ਕੇਸ ਮੈਂ,
ਚੁੱਕਿਆ ਘੂੰਗਟ ਤੇ ਦਿਲ ਕਹੰਦਾ ਇਹ ਝੂਠਾ ਸ਼ੋਰ ਹੈ,
ਉਹ ਸੱਜਣ ਕੋਈ ਹੋਰ ਹੈ ਤੇ ਇਹ ਸੱਜਣ ਕੋਈ ਹੋਰ ਹੈ ।

3. ਏਸੇ ਲਈ ਖ਼ਾਮੋਸ਼ ਹਾਂ

ਏਸੇ ਲਈ ਖ਼ਾਮੋਸ਼ ਹਾਂ
ਏਸੇ ਲਈ ਖ਼ਾਮੋਸ਼ ਹਾਂ ।

ਯਾਦ ਹੈ ਮੈਨੂੰ ਉਹ ਸ਼ਾਮ
ਤੂੰ ਜਦੋਂ ਜਾਂਦੀ ਸੈਂ; ਇਕ ਦਿਨ
ਰੂਪ ਰੱਜੇ ਗੱਭਰੂ ਦੇ ਕੋਲ ਦੀ
ਜ਼ੁਲਫ਼ ਤੇਰੀ ਦੀ ਨਿਆਣੀ
ਉਮਰ ਸੀ ਵਿਸ ਘੋਲਦੀ ।

ਸੁਣ ਰਹਿਆ ਸਾਂ ਤੇਰਿਆਂ ਬੁਲ੍ਹਾਂ 'ਚੋਂ
ਮੈਂ ਕੋਈ ਅਵਾਜ਼ ।
ਤੇਰਿਆਂ ਨੈਣਾਂ 'ਚੋਂ ਲੁਕ ਲੁਕ ਵੇਖਦਾ
ਕੋਈ ਸਾਂ ਰਾਜ਼ ।

ਮੈਂ ਨਹੀਂ ਚਾਹੁੰਦਾ ਸੁਣਾਉਣਾ ਓਸ ਨੂੰ
ਅਦਬ ਅਪਣੇ ਦਾ ਬੜਾ ਮੈਨੂੰ ਖ਼ਿਆਲ
ਹਾਲੇ ਕੁਝ ਕਰਨੀ ਏਂ ਮੈਂ ਤਾਂ
ਏਸ ਜ਼ਿੰਦਗਾਨੀ ਦੀ ਭਾਲ ।
ਏਸੇ ਲਈ ਖ਼ਾਮੋਸ਼ ਹਾਂ ।

ਏਸੇ ਲਈ ਖ਼ਾਮੋਸ਼ ਹਾਂ
ਏਸੇ ਲਈ ਮੈਂ ਨਹੀਂ ਸੁਣਾਉਂਦਾ ਗੋਰੀਏ ।
ਏਸ ਦੁਨੀਆਂ ਦੇ
ਸਮਾਜਾਂ ਨੂੰ ਵਖ਼ਤ ਪੈ ਜਾਇਗਾ ।
ਏਸ ਦੁਨੀਆਂ ਦੇ ਦਨਾਵਾਂ ਦੀ
ਸ਼ਰ੍ਹਾ ਘਬਰਾਏਗੀ ।
ਡਰੇਗੀ ਨਾ ਤੇਰਿਆਂ
ਪਰਛਾਵਿਆਂ ਵਲ ਆਏਗੀ ।

ਮੰਦਰਾਂ ਵਿਚ ਔਣ ਵੇਲੇ
ਆਪ ਭਾਵੇਂ ਬੈਠ ਕੇ
ਭਗਵਾਨ ਸਾਹਵੇਂ ਪੀਣਗੇ
ਪਰ ਤੇਰੇ ਇਸ ਰੂਪ ਦੀ ਡੁਲ੍ਹੀ ਸ਼ਰਾਬ
ਗਲੀਆਂ ਦੇ ਕੱਖਾਂ ਨੂੰ ਭੀ ਚੜ੍ਹ ਜਾਏਗੀ ।

ਓਸ ਗੱਭਰੂ ਦੇ ਛਲਕਦੇ ਨੈਣ ਦੋ
ਮੇਰੇ ਹੁੰਦੇ ਤੇਰੇ ਬੇਹਬਲ ਨੈਣ ਦੋ
ਨੈਣਾਂ ਜੋ ਨਾ ਪੀ ਸਕੇ
ਫੇਰ ਕਿਧਰੇ ਪੀਣਗੇ
ਮੌਤ ਵਾਂਗਰ ਜੀਣਗੇ ।

ਮੈਂ ਤੇਰੀ ਚੁਪ ਦਾ ਬੜਾ ਕਰਕੇ ਖ਼ਿਆਲ
ਜਬਰ ਨਾ ਕੀਤਾ ਤੇਰੀ ਜ਼ਿੰਦਗੀ ਦੇ ਨਾਲ ।
ਅਦਬ ਅਪਣੇ ਦਾ ਬੜਾ ਮੈਨੂੰ ਖ਼ਿਆਲ
ਏਸੇ ਲਈ ਖ਼ਾਮੋਸ਼ ਹਾਂ
ਏਸੇ ਲਈ ਖ਼ਾਮੋਸ਼ ਹਾਂ ।

4. ਤੇਰੇ ਨੈਣ

ਤੇਰੇ ਨੈਣ ਮਿਲੇ ਦੋ ਮੈਨੂੰ
ਮੈਂ ਨੈਣਾਂ ਵਿਚ ਲਕੋਏ ।
ਮੇਰੇ ਨੈਣਾਂ ਦੇ ਵਿਚ ਘੁਲ ਗਏ
ਮੇਰੇ ਨੈਣ ਨਸ਼ੀਲੇ ਹੋਏ ।

ਸਾਰੀ ਉਮਰ ਰਹਿਆ ਬੁੱਤਖ਼ਾਨੇ
ਮੈਂ ਰੂਪ ਹਜ਼ਾਰਾਂ ਤੱਕੇ ।
ਕਿਸੇ ਰੂਪ ਦਾ ਰੰਗ ਨਾ ਚੜ੍ਹਿਆ
ਕਈਆਂ ਨੇ ਘੁੰਡ ਚੱਕੇ ।

ਲੋਕੀ ਕਹਣ ਗੁਨਾਹ ਜਿਸ ਗੱਲ ਨੂੰ
ਉਹ ਹੈ ਅਜ ਮੈਂ ਕੀਤਾ ।
ਭਰ ਕੇ ਘੁੱਟ ਤੇਰੇ ਨੈਣਾਂ 'ਚੋਂ
ਜੋ ਹੈ ਅਜ ਮੈਂ ਪੀਤਾ ।

ਰੰਗਲੇ ਬੁਲ੍ਹ ਜਾਂ ਖੁਲ੍ਹੇ ਤੇਰੇ
ਮੇਰੇ ਅੰਗ ਅੰਗ ਰਮ ਗਏ ਹਾਸੇ ।
ਛੋਹਿਆਂ ਬਿਨਾਂ ਤ੍ਰੇਹਾਂ ਬੁੱਝੀਆਂ
ਮੇਰੇ ਸਦੀਆਂ ਤੋਂ ਬੁਲ੍ਹ ਪਿਆਸੇ ।

ਨਾ ਕੋਈ ਗੀਤ ਮੁਹੱਬਤ ਵਾਲਾ
ਮੇਰਾ ਜਗ ਨੇ ਸੁਣਿਆਂ ।
ਤੇਰੀਆਂ ਜ਼ੁਲਫ਼ਾਂ ਅੰਦਰੋ ਅੰਦਰੀਂ
ਜਾਲ ਕੋਈ ਐਸਾ ਉਣਿਆਂ ।

ਮੇਰਾ ਇਸ਼ਕ ਗੁਨਾਹਾਂ ਭਰਿਆ
ਅੱਜ ਪਵਿੱਤਰ ਹੋਇਆ ।
ਤੇਰੀਆਂ ਨਜ਼ਰਾਂ ਨੇ ਜਾਂ ਆ ਕੇ
ਇਸ਼ਕ ਮੇਰੇ ਨੂੰ ਛੋਹਿਆ ।

ਵਰਕੇ ਕਈ ਉਥੱਲੇ ਹੱਥਾਂ
ਪਰ ਉਹ ਹਰਫ਼ ਨਾ ਲੱਭੇ ।
ਜੋ ਤੇਰੇ ਬੋਲਾਂ ਨੇ ਤੇਰੇ
ਹੋਠਾਂ ਦੇ ਵਿਚ ਦੱਬੇ ।

ਰੀਝ ਰਹੀ ਨਾ ਰੱਬ ਵੇਖਣ ਦੀ
ਅੱਜ ਉਹ ਰੱਬ ਦਿਸ ਆਇਆ,
ਜਿਸ ਨੇ ਤੇਰਾ ਰੂਪ ਢਾਲ ਕੇ
ਅਪਣੇ ਜੇਹਾ ਬਣਾਇਆ ।

ਕੋਈ ਸ਼ਰ੍ਹਾ ਰੋਕ ਨਾ ਸੱਕੀ
ਨਾ ਕਾਫ਼ਰ ਸਦਵਾਇਆ ।
ਤੇਰੀਆਂ ਸੁਹਲ ਉਂਗਲੀਆਂ ਮੈਨੂੰ
ਮੰਜ਼ਲ ਤੀਕ ਪਹੁੰਚਾਇਆ ।

5. ਉਮਰ ਕੈਦੀ

(ਸੜਕ ਨੂੰ ਮੁਖ਼ਾਤਬ ਹੋ ਕੇ)

ਨੀ ਸੜਕੇ ! ਏਥੋਂ ਲੰਘੇ ਹੋਣਗੇ ਪਿਆਰੇ
ਵਹੁਟੀਆਂ ਲੈ ਕੇ ਚੂੜੇ ਖੜਕਦੇ
ਹੁਸਨਾਂ ਦੇ ਦੋਪਹਰ ਕੜਕਦੇ
ਨਦੀਆਂ ਵਰਗੀਆਂ ਲੰਮੀਆਂ ਲੰਮੀਆਂ ਲਹ ਲਹ ਕਰਦੀਆਂ
ਕੱਚੀਆਂ ਕੱਚੀਆਂ ਗੰਦਲਾਂ ਵਰਗੀਆਂ
ਛਮਕਾਂ ਜਹੀਆਂ ਲਗਰਾਂ ਵਰਗੀਆਂ ਸੁਬਕ ਜਹੀਆਂ
ਚਾਨਣੀ ਰਾਤ ਵਰਗੀਆਂ ਛੈਲਾਂ ਲੈ ਕੇ
ਕਿਸੇ ਨਵੀਂ ਦੁਨੀਆਂ ਵਿਚ ਜਾਣ ਦਾ ਜਿਨ੍ਹਾਂ ਦੇ ਮਨ ਚਾ ਸੀ
ਜਿਨ੍ਹਾਂ ਦੀ ਉਂਗਲੀ ਫੜ ਕੇ ਲੈ ਜਾਣ ਵਾਲਾ ਮੰਦਰ ਸੀ ਖ਼ੁਦਾ ਸੀ
ਜੇਹੜੀਆਂ ਹਨੇਰੀ ਰਾਤ ਵਿਚ ਪਿੰਡ ਦੇ ਕੁੱਤਿਆਂ ਦੀਆਂ
ਅਵਾਜ਼ਾਂ ਕੰਨ ਲਾ ਕੇ ਸੁਣਦੀਆਂ, ਬਿੜਕਾਂ ਲੈਂਦੀਆਂ,
ਜਿਨ੍ਹਾਂ ਦੇ ਦੰਦਾਸੇ ਵਾਲੇ ਬੁਲ੍ਹਾਂ 'ਚੋਂ ਹਾਸਾ ਕਿਰਦਾ ਸੀ
ਜਿਨ੍ਹਾਂ ਦੇ ਨੈਣਾਂ ਵਿਚ ਰਾਤ ਦਾ ਉਨੀਂਦਰਾ ਫਿਰਦਾ ਸੀ
ਜਿਨ੍ਹਾਂ ਦੀਆਂ ਮਿਲਣ ਵਾਲੀਆਂ ਬਾਹਾਂ ਵਿਚ
ਘੜੀ ਮੁੜੀ ਆਕੜ ਆਕੜਾਂ ਭੰਨਦੀ
ਆਪਣੇ ਆਪ ਗਲ ਨੂੰ ਜਾ ਲਗਦੀਆਂ ਸਨ
ਜਿਨ੍ਹਾਂ ਦੇ ਨੈਣਾਂ ਵਿਚ ਕਿਸੇ ਦੇ ਰੂਪ ਦੀਆਂ ਲਾਟਾਂ ਜਗਦੀਆਂ ਸਨ
ਜਿਨ੍ਹਾਂ ਨੂੰ ਰਾਤ ਦੀ ਠੰਡੀ ਠੰਡੀ ਹਵਾ ਉਦਾਸ ਕਰਦੀ
ਜਿਨ੍ਹਾਂ ਦੇ ਕਜਲੇ ਵਾਲੇ ਸ਼ਰਾਬ ਦੀ ਘੁੱਟ ਵਰਗੇ ਨੈਣ
ਮਸਤੇ ਹੋਏ ਮਿੱਠੇ ਮਿੱਠੇ ਮਿਸ਼ਰੀ ਵਰਗੇ ਬੈਣ
ਜਿਨ੍ਹਾਂ ਦੇ ਆਸਾਂ ਗਲ ਗਲ ਚੜ੍ਹੀਆਂ
ਕਿਸ ਵੇਲੇ ਨੂੰ ਉਡੀਕਦੀਆਂ
ਜਿਨ੍ਹਾਂ ਦੀ ਜਵਾਨੀ ਉਛਲ ਉਛਲ ਪਵੇ
ਕਚਾਵੇ ਦੀਆਂ ਗੁਝਾਂ ਚੀਕਦੀਆਂ
ਜਿਨ੍ਹਾਂ ਦੇ ਪੈਰਾਂ ਹੇਠੋਂ ਵਾਟ ਨੱਸੀ ਜਾਵੇ
ਜਿਨ੍ਹਾਂ ਦਾ ਹਾਸਾ ਮੱਲੋ ਮੱਲੀ ਹੱਸੀ ਜਾਵੇ
ਕਾਹਲੀ ਨਾਲ ਉਤਰਨ ਲੱਗਿਆਂ ਦੀ ਮਾਲਾ ਟੁੱਟੀ ਹੋਣੀ ਏਂ
ਜੇੜ੍ਹੀਆਂ ਪ੍ਰੇਮ ਦੇ ਨਸ਼ੇ ਵਿਚ ਬੌਂਦਲੀਆਂ ਹੋਈਆਂ
ਭਜ ਗਈਆਂ ਹੋਣਗੀਆਂ
ਜਿਨ੍ਹਾਂ ਨੂੰ ਦੁੱਖ ਭੁੱਖ ਤ੍ਰੇਹ ਭੁੱਲ ਗਏ ਹੋਣਗੇ
ਸਜਨਾਂ ਨੂੰ ਮਿਲ ਕੇ ਰਜ ਗਈਆਂ ਹੋਣਗੀਆਂ
ਉਨ੍ਹਾਂ ਦੇ ਘਰ ਦੇ ਲਾਗੇ ਇਕ ਉਜਾੜ ਵਰਗੀ ਉਦਾਸੀ ਬੈਠੀ ਹੋਈ ਏ
ਤੂੰ ! ਉਹਨੂੰ ਦੱਸੀਂ ਨਾ
ਜਿਦੇ ਨੈਣ ਸਾਰੀ ਰਾਤ ਜਾਗ ਜਾਗ ਕੇ ਤਾਰੇ ਬਣ ਗਏ ਹੋਣੇ ਨੇ
ਜੇਹੜੇ ਸੁੱਖ ਭੀ ਦੁਖਿਆਰੇ ਬਣ ਗਏ ਹੋਣੇ ਨੇ
ਇਕ ਵਸਦੇ ਰਸਦੇ ਪਿੰਡੋਂ ਬਾਹਰ ਆ ਕੇ ਉਹ ਉਜਾੜੀ ਹੋਈ
ਉਡੀਕਦੀ ਹੋਣੀ ਏ ਰਾਹ ਮੇਰਾ
ਕਦੋਂ ਆਉਂਦਾ ਏ ਬਾਦਸ਼ਾਹ ਮੇਰਾ
ਨੀ ਸੜਕੇ ! ਇਹ ਸਜਰੀ ਪੈੜ ਨੀ
ਜਾਂਦੀ ਦੀ ਪਛਾਣ ਲਈ ਮੈਂ
ਪਰਖ ਲਈ ਮੈਂ, ਜਾਣ ਲਈ ਮੈਂ
ਦਸੀਂ ਨਾ ਮਰ ਜਾਊ ਡਰ ਜਾਊ, ਡਰ ਜਾਣ ਦੇ
ਹੌਕੇ ਲੈ ਲੈ ਕੇ ਠਰ ਜਾਣ ਦੇ
ਉਹ ਜੀ ਕੇ ਕੀ ਕਰੂ ਤੇ ਰਹ ਕੇ ਕੀ ਕਰੂ
ਮੈਂ ਜਾਣਾ ਨਾਹੀਂ ਉਹ ਬਹ ਕੇ ਕੀ ਕਰੂ
ਜੇਹਨੂੰ ਭੁੱਖ ਤ੍ਰੇਹ ਨਹੀਂ ਲਗਦੀ ਹੋਣੀ ਏ
ਜੀਦ੍ਹੇ ਅੱਖੀਆਂ ਅੱਗੇ ਕਾਲੀ ਹਨੇਰੀ ਵਗਦੀ ਹੋਣੀ ਏਂ
ਉਹ ਸੜੀ ਹੋਈ ਦੁਨੀਆਂ ਨੂੰ ਹੋਰ ਸਾੜਸੀ
ਉਹਦੇ ਸੀਨੇ ਦੀਆਂ ਲੀਰਾਂ ਨੂੰ ਦੁਨੀਆਂ ਖਿੱਚ ਖਿੱਚ ਕੇ ਹੋਰ ਪਾੜਸੀ
ਕਹ ਦੇਵੀਂ, ਤੇਰਾ ਕੋਈ ਕੈਦੀ ਮਿਲਿਆ ਸੀ
ਸੰਗਲਾਂ ਵਿਚ ਬੱਝਾ ਹੋਇਆ ਉਹ ਉਮਰ ਦਾ ਕੈਦੀ
ਉਹਦੇ ਆਜ਼ਾਦ ਹੋਣ ਦੀ ਉਮੀਦ ਨਹੀਂ
ਲੋਕ ਉਹਨੂੰ ਵੇਖ ਕੇ ਹੱਸਦੇ ਸੀ, ਉਹ ਚੋਰ ਨਹੀਂ
ਪਰ ਲੋਕ ਚੋਰ ਚੋਰ ਕਹੰਦੇ ਸੀ, ਦੂਰ ਰਹੰਦੇ ਸੀ
ਪਰ ਪਰੇ ਨਸਦੇ ਸੀ, ਉਹ ਕੈਦੀ ਸੀ, ਪਰਾਏ ਵਸ ਸੀ ।
ਸੜਕੇ ਤੂੰ ਹਮੇਸ਼ਾ ਰਵ੍ਹੇਂਗੀ, ਤੇਰੀ ਉਮਰ ਬੜੀ ਲੰਮੀ ਏ
ਦੱਸ ਖਾਂ ! ਅਸੀਂ ਕਦੀ ਕੈਦੀ ਨਹੀਂ ਭੀ ਸਾਂ ?
ਨੀ ਸੜਕੇ ਮੇਰੇ ਸੰਗਲ ਕਟ ਦੇ, ਕੋਈ ਟੋਆ ਪੱਟ ਦੇ ।
ਮੈਂ, ਲੁਕ ਜਾਵਾਂ
ਮੈਂ ਮੁਕ ਜਾਵਾਂ ।

6. ਓ ਬੁੱਤਘਾੜੇ

ਕਾਹਦੇ ਲਈ ਇਹ ਬੁੱਤ ਘੜੇ ਨੀ, ਪੀਹਣ ਖਾਣ ਲਈ ਆਟਾ ?
ਪੀਂਹਦੇ ਖਾਂਦੇ ਉਮਰ ਬੀਤ ਗਈ, ਬੱਗਾ ਹੋ ਗਇਆ ਝਾਟਾ ।

ਜੰਮੇ ਰਿੜ੍ਹੇ ਤੇ ਉੱਠੇ ਦੌੜੇ, ਹੰਭੇ, ਹੁੱਟੇ ਢੱਠੇ,
ਭਖਦੇ ਰੰਗ ਲਾਲੀਆਂ ਚੜ੍ਹੀਆਂ, ਓੜਕ ਪੈ ਗਏ ਮੱਠੇ ।
ਸੁੱਤਾ ਉਚੀ ਸਾਹ ਨਾ ਲੈਂਦਾ, ਨਾ ਉਹ ਰਹਿਆ ਫਰਾਟਾ,
ਕਾਹਦੇ ਲਈ ਇਹ ਬੁੱਤ ਘੜੇ ਨੀ, ਪੀਹਣ ਖਾਣ ਲਈ ਆਟਾ ?

ਲੱਖਾਂ ਪਹੀਏ ਫਿਰ ਫਿਰ ਘੁੰਮ ਗਏ, ਆਟਾ ਦਲੀਆ ਕਰਦੇ ।
ਘੁੰਮਦੇ ਘੁੰਮਦੇ ਹੋਏ ਖੋਖਲੇ, ਛੇਕ ਇਹਦੇ ਹਰ ਅਰ ਦੇ ।
ਨਾ ਉਹ ਛੋਹਲੀ ਨਾ ਉਹ ਕਾਹਲੀ, ਨਾ ਉਹ ਰਹਿਆ ਘੁਮਾਟਾ,
ਕਾਹਦੇ ਲਈ ਇਹ ਬੁੱਤ ਘੜੇ ਨੀ, ਪੀਹਣ ਖਾਣ ਲਈ ਆਟਾ ?

ਤੂੰ ਕਹੰਦਾ ਇਹ ਮੇਰੀ ਦੁਨੀਆਂ, ਮੈਂ ਨਹੀਂ ਕਹੰਦਾ ਤੇਰੀ ।
ਇਹ ਮਿੱਟੀ ਦੇ ਵਾਵਰੋਲਿਆਂ ਦੀ ਹੈ ਹੇਰਾ ਫੇਰੀ ।
ਮੁੱਕੀ ਹਵਾ ਤੇ ਮੁੱਕ ਗਇਆ ਏ ਮੰਜ਼ਲ ਵਿਚ ਅਧਵਾਟਾ ।
ਕਾਹਦੇ ਲਈ ਇਹ ਬੁੱਤ ਘੜੇ ਨੀ, ਪੀਹਣ ਖਾਣ ਲਈ ਆਟਾ ?

ਸਵਰਗ ਨਰਕ ਦੇ ਲਾਲਚ ਦੇ ਕੇ ਰਚਿਆ ਤੂੰ ਤਮਾਸ਼ਾ ।
ਸਭ ਦੁਨੀਆਂ ਨੂੰ ਜਿੱਤਣ ਵਾਲੇ ਓੜਕ ਹਾਰੇ ਪਾਸਾ ।
'ਨੂਰਪੁਰੀ' ਦੋਵੇਂ ਹੱਥ ਖਾਲੀ, ਨਾ ਵਾਧਾ ਨਾ ਘਾਟਾ ।
ਕਾਹਦੇ ਲਈ ਇਹ ਬੁੱਤ ਘੜੇ ਨੀ, ਪੀਹਣ ਖਾਣ ਲਈ ਆਟਾ ?

7. ਰੂਹ ਤੇ ਬੁੱਤ

ਰੂਹ:-ਦਾਜ ਵਿਹੂਣੀ ਚੱਲੀ ਧੀਏ, ਕੱਤ ਨਾ ਡਿਠੀ ਪੂਣੀ
ਗੋਰੇ ਹੱਥੀਂ ਮਹੰਦੀ ਲਾ ਕੇ, ਅੱਗ ਭੜਕਾ ਲਈ ਦੂਣੀ
ਚਿੱਕੜ ਮਲ ਮਲ ਮੈਲੇ ਕਰ ਲਏ ਕਪੜੇ ਕੁੱਲ ਸਬੂਣੀ
'ਨੂਰਪੁਰੀ' ਤਨ ਅਪਣਾ ਲੂਹ ਲਇਆ ਬਾਲ ਹੁਸਨ ਦੀ ਪੂਣੀ ।

ਬੁੱਤ:-ਨੀ ਮਾਏ ਕੁਝ ਵਸ ਨਾ ਮੇਰੇ ਨਾ ਦੇਹ ਮੈਨੂੰ ਮੱਤਾਂ
ਚਰਖੀ ਰੰਗਲੀ, ਮਾਲ੍ਹ ਪੁਰਾਣੀ ਟੁੱਟ ਜਾਵੇ ਜਾਂ ਕੱਤਾਂ
ਪੇਕਿਓਂ ਤੁਰ ਕੇ ਸਹੁਰੇ ਆ ਗਈ, ਹੰਭ ਖੜੋਤੀਆਂ ਲੱਤਾਂ
'ਨੂਰਪੁਰੀ' ਨੂੰ ਘੇਰ ਲਇਆ ਏ ਰਲ ਮਿਲ ਪੰਜਾਂ ਤੱਤਾਂ ।

ਰੂਹ:-ਨੀ ਧੀਏ ਅੱਜ ਦੀ ਵਿਛੜੀ ਨੂੰ ਫੇਰ ਮਿਲਾਊ ਕੇਹੜਾ ?
ਅੱਖੀਆਂ ਦੇ ਵਿਚ ਕਜਲਾ ਤੱਕ ਕੇ ਸੜ ਗਇਆ ਔਂਤਰ ਵੇਹੜਾ
ਦਿਲ ਦਾ ਦਰਦੀ ਕੋਈ ਨਾ ਮਿਲਿਆ ਦਰਦ ਵੰਡਾਵੇ ਜੇਹੜਾ
'ਨੂਰਪੁਰੀ' ਰਸਤੇ ਵਿਚ ਭੱਜ ਭੱਜ, ਭੱਜ ਗਇਆ ਓੜਕ ਰੇੜ੍ਹਾ ।

ਬੁੱਤ:-ਨੀ ਮਾਏ ਕਰ ਝੱਬ ਤਿਆਰੀ, ਲੈਣ ਆਇਆ ਸ਼ਹੁ ਮੇਰਾ
ਉਹ ਡਾਢਾ ਇਕ ਪਲ ਨਾ ਠਹਰੇ, ਵੱਸ ਨਹੀਂ ਚਲਣਾ ਤੇਰਾ
ਸੱਭੇ ਸੱਈਆਂ ਓਦਰ ਗਈਆਂ, ਰੋਕਣ ਪਾ ਪਾ ਘੇਰਾ
'ਨੂਰਪੁਰੀ' ਉਹ ਰਾਤ ਆ ਗਈ, ਜਿਸ ਦਾ ਨਹੀਂ ਸਵੇਰਾ ।

ਰੂਹ:-ਆ ਧੀਏ, ਓੜਕ ਦੀਆਂ ਕਰ ਲੈ, ਅੱਜ ਦਿਨ ਹੋ ਗਏ ਪੂਰੇ
ਡਾਢੇ ਨੇ ਗਲ ਕਰਨ ਨਾ ਦੇਣੀ, ਜਾਂ ਵਿਚ ਲੁਕ ਗਈ ਭੂਰੇ
ਚਾਰੇ ਕੰਨੀਆਂ ਖ਼ਾਲੀ ਤਕ ਕੇ, ਨਣਦ ਲੜੇ ਸੱਸ ਘੂਰੇ
'ਨੂਰਪੁਰੀ' ਦੁਖ ਕੌਣ ਵੰਡਾਵੇ ਬਹ ਬਹ ਕੋਲ ਗਹੂਰੇ ।

ਬੁੱਤ:-ਪਿੰਜਰ ਹੋ ਗਇਆ ਖੋਲ੍ਹ ਖੋਲ੍ਹ ਕੇ ਜੱਗ ਦਾ ਗੋਰਖ ਧੰਦਾ
ਚੰਗਾ ਬਣ ਬਣ ਰਹੰਦਾ ਸੀ ਜੋ ਓੜਕ ਹੋ ਗਇਆ ਮੰਦਾ
ਜੱਗ ਦੀ ਕਾਲਖ ਕੱਠੀ ਕਰ ਕਰ ਸਿਰ ਤਕ ਲਾ ਲਇਆ ਦੰਦਾ
'ਨੂਰਪੁਰੀ' ਇਹ ਬਖ਼ਸ਼ਿਆ ਜਾਵੇ ਕਿਵੇਂ ਰੱਬ ਦਾ ਬੰਦਾ ।

8. ਗੁੰਝਲਾਂ

ਕਿੱਦਾਂ ਖੋਲ੍ਹਾਂ ਮੈਂ ਇਹ ਗੁੰਝਲਾਂ, ਜੋ ਜ਼ਿੰਦਗੀ ਵਿਚ ਆਪੇ ਪਾਈਆਂ
ਹਰ ਉਲਝਣ ਵਿਚ ਫਸ ਗਇਆ ਆਪੇ ਇਕ ਜਿੰਦੜੀ ਤੇ ਲਖਾਂ ਫਾਹੀਆਂ
ਅੱਖੀਆਂ ਹੰਭੀਆਂ ਵੇਖ ਵੇਖ ਕੇ ਰੂਪ ਨਗਰ ਦੀਆਂ ਸਭ ਚਤਰਾਈਆਂ
ਨੈਣਾਂ ਵਿਚੋਂ ਸਾਂਝਾਂ ਲੱਭੀਆਂ ਨੈਣਾਂ ਨੂੰ ਨਾ ਨਜ਼ਰੀ ਆਈਆਂ ।

ਤੇਰੇ ਹਰ ਪੜਾ ਦੇ ਉਤੇ, ਬੜੀਆਂ ਗੂੜ੍ਹ ਸਮਾਧੀਆਂ ਲਾਈਆਂ
ਅਪਣਾ ਆਪ ਨਾ ਦਿਸਿਆ ਮੈਨੂੰ, ਚੁੱਭੀਆਂ ਲਾ ਲਭੀਆਂ ਡੁੰਘਿਆਈਆਂ
ਲਿਫ ਗਏ ਹੱਡ ਜੋੜ ਸਭ ਕੜਕੇ, ਟਪ ਟਪ ਕੇ ਖਾਲਾਂ ਤੇ ਖਾਈਆਂ
ਰਾਹਾਂ ਵਿਚ ਮਿਲੇ ਕਈ ਸਾਥੀ, ਬੜੀਆਂ ਗੂੜ੍ਹ ਪ੍ਰੀਤਾਂ ਪਾਈਆਂ ।

ਮਿੱਠੇ ਬੋਲ ਤੇ ਭੋਲੀਆਂ ਸ਼ਕਲਾਂ, ਘੜਤਾਂ ਵਿਚ ਭਰੀਆਂ ਚੰਗਿਆਈਆਂ
ਅੱਖ ਦੇ ਉਹਲੇ ਦੇ ਨ੍ਹੇਰੇ ਵਿਚ, ਚਾਨਣੀਆਂ ਮੈਂ ਕਈ ਗੰਵਾਈਆਂ
ਸੁਫ਼ਨੇ ਵਰਗੀਆਂ ਪੈੜਾਂ ਵੇਖੀਆਂ, ਧਰਤੀ ਨੇ ਢਿਡ ਅਪਣੇ ਪਾਈਆਂ
ਬੇੜੀਆਂ ਤਰਨ ਮਲਾਹ ਸਭ ਡੁੱਬੇ, ਘੁੰਮਣ-ਘੇਰਾਂ ਵਿਚ ਫਸਾਈਆਂ ।

ਪਧਰੇ ਥਾਂ ਤੇ ਹਫ ਕੇ ਡਿਗ ਪਏ, ਲੰਘੇ ਜੋ ਲੱਖਾਂ ਉਚਿਆਈਆਂ
ਹੁੰਦਾ ਖ਼ਤਮ ਤਮਾਸ਼ਾ ਡਿੱਠਾ, ਮੇਰੇ ਗਲੀ ਗਵਾਂਢ ਗਿਰਾਈਆਂ
ਫੁੱਲਾਂ ਵਰਗੇ ਹਸਦੇ ਬੁਲ੍ਹਾਂ, ਓੜਕ ਦਿਤੀਆਂ ਆਪ ਦੁਹਾਈਆਂ
ਅਸਲ ਨਿਸ਼ਾਨਾ ਕੋਈ ਨਾ ਲੱਭਾ, ਗਾਹੇ ਕਈ ਚੜ੍ਹਾ ਉਤਰਾਈਆਂ ।

ਅਪਣੇ ਆਪ ਬਣੇ ਮਨ ਚੰਗਾ, ਕਰ ਕਰ ਕੇ ਲੱਖਾਂ ਬੁਰਿਆਈਆਂ
ਕਿੱਥੇ ਲੁਕਿਆ ਕਰੇਂ ਇਸ਼ਾਰੇ, ਬੇਪਰਵਾਹ ਕਮਲੀ ਦਿਆ ਸਾਈਆਂ ?

9. ਚਲ ਚਲੀਏ

ਚਲ ਜੀਆ ਘਰ ਅਪਣੇ ਚਲੀਏ
ਨਾ ਕਰ ਮੱਲਾ ਅੜੀਆਂ ।
ਇਹ ਪਰਦੇਸ਼, ਦੇਸ਼ ਨਹੀਂ ਸਾਡਾ
ਏਥੇ ਗੁੰਝਲਾਂ ਬੜੀਆਂ ।

ਤੂੰ ਮਾੜਾ ਤੇ ਲੋਕੀ ਡਾਢੇ,
ਵੈਰੀ ਕੁੱਲ ਜ਼ਮਾਨਾ ।
ਜਿੱਧਰ ਕਿੱਧਰ ਦੁੱਖਾਂ ਭਰੀਆਂ,
ਕਾਂਗਾਂ ਦਿੱਸਣ ਚੜ੍ਹੀਆਂ ।

ਹੋ ਲਟਬਾਉਰਾ, ਭੌਰੇ ਵਾਂਗਰ,
ਫੁੱਲ ਜਗਤ ਤੇ ਭੁੱਲੋਂ,
ਹੁਸਨ-ਵਣਜ ਵਿਚ ਘਾਟਾ ਈ ਘਾਟਾ
ਦਿੱਤੀਆਂ ਕਲਰ ਰੜੀਆਂ ।

ਉਤੋਂ ਆਖਣ ਮੇਰਾ ਮੇਰਾ
ਵਿਚੋਂ ਫੇਰਨ ਕਾਤੀ,
ਮੇਰੇ ਉਤੇ ਰਹਣ ਖਲੋਤੀਆਂ
ਮਾੜੀਆਂ ਸਾਇਤਾਂ ਘੜੀਆਂ ।

ਜੇ ਬੋਲੇਂ ਤਾਂ ਭੀ ਤੂੰ ਨਹੀਂ,
ਨਾ ਬੋਲੇਂ ਤੇ ਤਾਂ ਭੀ,
ਮੋਤੀ ਸੁਆਸ ਇਹ ਮਹੰਗੇ ਡਾਢੇ,
ਭਰ ਭਰ ਰੋਹੜੇਂ ਧੜੀਆਂ ।

ਜ਼ੋਰਾਵਰਾਂ ਦੇ ਨਾਲ ਯਰਾਨਾ,
ਸਾਡਾ ਮੂਲ ਨਾ ਫੱਬੇ,
ਹੱਥੀਂ ਪੈਰੀਂ ਪੈਸਣ ਬੀਬਾ,
ਤੇਰੇ ਬੇੜੀਆਂ ਕੜੀਆਂ ।
ਜਗ ਮੁਸਾਫ਼ਰ ਜਿਥੋਂ ਡਰਦਾ
ਚਲ ਓਥੇ ਚਲ ਵਸੀਏ ।
ਅਸਲੀ ਵਤਨ ਅਸਾਂ ਦੇ ਜੇਹੜੇ
ਮੰਦਰ, ਗੋਰਾਂ, ਮੜੀਆਂ ।

ਓੜਕ ਇਨ੍ਹਾਂ ਅਮੀਰਾਂ ਵਡਿਆਂ
ਸਾਰਿਆਂ ਓਥੇ ਆਉਣਾ ।
ਪੁੱਛ ਲਵਾਂਗੇ ਘੂਰ ਘੂਰ ਕੇ
ਸਭਨਾਂ ਨੂੰ ਦੇ ਤੜੀਆਂ ।

ਕੀ ਆਂਦਾ ਜੇ ਜੋੜ ਜੋੜ ਕੇ,
ਦੇਸ਼ ਪਰਾਏ ਵਿਚੋਂ
ਦੁਖਾਂ ਦਰਦਾਂ ਵਾਲੀਆਂ ਸੱਭੇ
ਛੇੜ ਛੇੜ ਕੇ ਲੜੀਆਂ ?

ਕਿੱਥੇ ਐਂਠ ਤੇ ਸ਼ਾਨਾਂ ਕਿੱਥੇ
ਕਿੱਥੇ ਚੋਲ੍ਹ ਅਨੋਖੇ,
ਕਿੱਥੇ ਛੱਡ ਆਏ ਜੇ ਦੱਸੋ,
ਗਹਣੇ, ਮੋਹਰਾਂ ਜੜੀਆਂ ?

ਹੱਥੀਂ ਕੌਡੀ ਸਰੀ ਨਾ ਕੋਈ,
ਮੰਗਤੇ ਮੰਗਦੇ ਹਾਰੇ ।
ਕੇਹੜੇ ਵਹਣੀਂ ਮਿਲਖ ਜਗੀਰਾਂ
ਓਏ ! ਸਰਦਾਰੋ ਹੜ੍ਹੀਆਂ ?

ਏਹ ਤਾਂ ਝੂਠਾ ਜਗਤ ਤਮਾਸ਼ਾ
ਅਦਲਣ ਬਦਲਣ ਰੁੱਤਾਂ ।
ਓਸ ਦੇਸ਼ ਦੀਆਂ ਠੰਡੀਆਂ ਛਾਵਾਂ
ਸਾਵਣ ਲਾਈਆਂ ਝੜੀਆਂ ।

ਕੱਲੀ ਕੱਲੀ ਰੂਹ ਕਰਜ਼ਾਈ
ਉਸ ਮਾਹੀ ਦੇ ਦੁਆਰੇ,
ਰੋ ਰੋ ਚੀਕਾਂ ਪੈਣਗੀਆਂ
ਜਾਂ ਸਿਰ ਤੋਂ ਉਹਨੇ ਫੜੀਆਂ ।

'ਨੂਰਪੁਰੀ' ਪਛਤਾਵੇ ਕਰਸਨ,
ਝੂਰ ਝੂਰ ਕੇ ਸੱਭੇ ।
ਖ਼ਾਲੀ ਹੱਥ ਜਾਂ ਅਮਲਾਂ ਬਾਝੋਂ
ਕੀਤੀਆਂ ਉਹਨੇ ਖੜੀਆਂ ।

10. ਕੱਲੀ ਜਿੰਦੜੀ

ਚੰਦਾ ! ਸਾਲੂ ਤਾਣ ਮੈਂ ਸੌਂ ਗਈ ਓਦਰੀ
ਅੱਧੀ ਰਾਤ ਨੂੰ ਚੜ੍ਹਿਓਂ ਵੇ ਕੋਠੇ ਭਾਲਦਾ
ਹੁਸਨ ਤੇਰੇ ਦੀ ਕਿਰਨ ਵੇ ਮੇਰੇ ਚੁਭ ਗਈ
ਨੰਗ ਮੁਨੰਗੀ ਮੈਂ ਵੀ ਕੱਲੀ ਰਾਤ ਨੂੰ
ਉਠ ਕੇ ਬਹ ਗਈ ਮੈਂ ਵੇ ਮੁੱਠ ਵਿਚ ਕਾਲਜਾ
ਚਾਵਾਂ ਭਰਿਆ ਹੰਸ ਵੇ ਥਰ ਥਰ ਕੰਬਿਆ
ਏਹ ਕੀ ਕੀਤਾ ਤੂੰ, ਵੇ ਜੋਬਨ ਮੱਤਿਆ
ਸੇਜ ਮੇਰੀ ਤੇ ਮਾਰ ਵੇ ਨਜ਼ਰਾਂ ਗੂੜ੍ਹੀਆਂ
ਰੂਪ ਮੇਰੇ ਦਾ ਬਾਗ ਵੇ ਸਾਰਾ ਲੁੱਟਿਆ
ਚੂੜਾ ਮੇਰਾ ਘੜ ਵੇ ਘੜ ਸੁਨਿਆਰਿਆ
ਕੰਡੀ ਦੇ ਵਿਚ ਪਾ ਅਜੇ ਨਾ ਤੋਲਿਆ
ਓਭੜ ਮੇਰਾ ਰੂਪ ਵੇ ਹਾਲੇ ਲਾਡਲਾ
ਦੁਨੀਆਂ ਸਭ ਬੇ-ਪ੍ਰੀਤ ਵੇ ਪ੍ਰੀਤਾਂ ਭਾਲਦਾ
ਨੈਣ ਮੇਰੇ ਵੇ ਸਹਮੇਂ ਦੁਨੀਆਂ ਤੱਕ ਕੇ
ਉਚੀ ਵੇਖਣ ਮੂਲ ਨਾ ਗਰਦਣ ਚੱਕ ਕੇ
ਮਤੇ ਕੋਈ ਬੇ-ਪਰਖ ਵੇ ਪਿਛੇ ਲਾ ਲਵੇ
ਮਤੇ ਕੋਈ ਬੇ-ਲੋੜ ਵੇ ਪਿੰਜਰੇ ਪਾ ਲਵੇ
ਹੋਵੇ ਤੇਰੀ ਮਾਂ ਤੇ ਉਹਨੂੰ ਪੁਛ ਲਵਾਂ
ਗਲ ਵਿਚ ਪਾ ਕੇ ਬਾਂਹ ਵੇ ਢਾਹੀਂ ਰੋ ਪਵਾਂ
ਹੋਵੇ ਤੇਰੀ ਭੈਣ ਤੇ ਉਹਨੂੰ ਫੜ ਲਵਾਂ
ਹੰਝੂਆਂ ਵਾਲੇ ਨੈਣ ਵੇ ਨੈਣੀਂ ਪਾ ਦਿਆਂ
ਹੋਵੇ ਤੇਰੀ ਨਾਰ ਤੇ ਉਹਨੂੰ ਕਹ ਦਿਆਂ
ਜ਼ੁਲਫ਼ਾਂ ਦੇ ਜ਼ੰਜੀਰ ਮੈਂ ਪੈਰੀਂ ਜੜ ਦਿਆਂ
ਜਿਸ ਕੈਂਤੇ ਦੀ ਨਾਰ ਜੇ ਉਹੋ ਸੁਣ ਲਵੇ
ਸੱਤੇ ਅੰਬਰ ਪਾੜ ਕੇ ਤੈਨੂੰ ਲਾਹ ਲਵੇ
ਰਿਸ਼ਮਾਂ ਤੇਰੀਆਂ ਖੋਹ ਵੇ ਧੁੱਪੇ ਝੁਲਸ ਦੇ
ਉਂਗਲਾਂ ਪਾ ਕੇ ਦੋ ਵੇ ਅੱਖਾਂ ਕਢ ਲਵੇ
ਕੱਲੀ ਨੂੰ ਹਰ ਕੋਈ ਵੇ ਨਜ਼ਰੀਂ ਚਾੜ੍ਹਦਾ
ਸੜੀ ਹੋਈ ਹਰ ਕੋਈ ਭੁੰਨਦਾ ਸਾੜਦਾ
ਕੱਲੀ ਹੁੰਦੀ ਜਿੰਦ ਵੇ ਕੇਹੜੇ ਕੰਮ ਦੀ
ਮੋਈ ਮੇਰੀ ਮਾਂ ਵੇ ਮੈਨੂੰ ਜੰਮਦੀ ।

11. ਸਵਰਗਾਂ ਦਾ ਲਾਰਾ

ਨਾ ਦੇ ਇਹ ਸਵਰਗਾਂ ਦਾ ਲਾਰਾ
ਸਾਨੂੰ ਸਾਡਾ ਕੁਫ਼ਰ ਪਿਆਰਾ

ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ
ਮੈਂ ਕੀ ਮੱਥੇ ਟੇਕਾਂ
ਪੱਥਰ ਦਿਲ ਭਗਵਾਨ ਦਾ ਕੀਤਾ
ਇਹ ਜੋਤਾਂ ਦਿਆਂ ਸੇਕਾਂ

ਵੇਖਣ ਦਿਉ ਜਵਾਨੀ ਕੋਈ
ਮੈਨੂੰ ਬਹਿ ਬਹਿ ਲਾਗੇ
ਮੇਰਾ ਰੱਬ ਲਕੋਈ ਬੈਠੇ
ਇਹ ਘੁੰਗਟ ਦੇ ਧਾਗੇ

ਬਲਦੀ ਲਾਟ ਹੁਸਨ ਦੀ ਉਤੋਂ
ਜਾਂ ਉਸ ਘੁੰਡ ਸਰਕਾਇਆ
ਲੱਖ ਨਸੀਹਤ ਕਰਦਾ ਸੀ ਜੋ
ਪਹਿਲੋਂ ਭੁੱਜਣ ਆਇਆ

ਮਹੰਦੀ ਵਾਲੇ ਹੱਥ ਜਦੋਂ ਆ
ਕਰਨ ਇਸ਼ਾਰੇ ਲੱਗੇ
ਕਾਫ਼ਰ ਸਾਰੇ ਪਿੱਛੇ ਰਹਿ ਗਏ
ਮੋਮਨ ਹੋਏ ਅੱਗੇ

ਦੋਵੇਂ ਨੈਣ ਨਸ਼ੀਲੇ ਐਡੇ,
ਕੁਲ ਦੁਨੀਆਂ ਨਸ਼ਿਆਈ
ਮੈਨੂੰ ਮੰਜ਼ਲ ਦੀ ਹੱਦ ਮੇਰੀ
ਉਥੋਂ ਤਕ ਦਿਸ ਆਈ

ਹੁਣ ਕੀ ਐਵੇਂ ਰਾਹਾਂ ਦੇ ਵਿਚ
ਖੇਹ ਉਡਾਉਣੀ ਯਾਰਾ
ਏਹੋ ਠੀਕਰ ਠਾਕਰ ਸਾਡਾ
ਏਹੋ ਠਾਕਰ-ਦਵਾਰਾ

ਨਾਂ ਦੇ ਇਹ ਸਵਰਗਾਂ ਦਾ ਲਾਰਾ
ਸਾਨੂੰ ਸਾਡਾ ਕੁਫ਼ਰ ਪਿਆਰਾ

12. ਓ ਇਸ਼ਕਾ

ਓ ਇਸ਼ਕਾ, ਦੁਨੀਆਂ ਦੇ ਅੰਦਰ ਤੂੰ ਕੀ ਜਾਲ ਖਿਲਾਰੇ ?
ਉਡਦੇ ਜਾਂਦੇ ਮਾਰੇ ਪੰਛੀ ਤੂੰ ਅਣਭੋਲ ਵਿਚਾਰੇ ।

ਜਿਸ ਥਾਂ ਇਕ ਵਾਰੀ ਤੂੰ ਹਸ ਕੇ ਰੰਗਲੇ ਬੁਲ੍ਹ ਵਖਾਲੇ,
ਫਾਹੀਆਂ ਬਣ ਬਣ ਵਿਛ ਗਏ ਉਥੇ ਵਾਲ ਤੇਰੇ ਘੁੰਗਰਾਲੇ ।

ਤੂੰ ਨਾ ਵੇਖੀ ਕੋਈ ਗ਼ਰੀਬੀ, ਨਾ ਤੂੰ ਚਾਹੀ ਅਮੀਰੀ
ਹਸਦੇ ਦੰਦਾਂ ਨਾਲ ਹੈ ਤੇਰੀ, ਮੁੱਢੋਂ ਬੜੀ ਸਕੀਰੀ ।

ਜਿਥੇ ਨੈਣ ਖਲੋ ਗਏ ਤੇਰੇ, ਉਥੋਂ ਹਿੱਲ ਨਾ ਸੱਕੇ
ਇਸ ਦੁਨੀਆਂ ਦੇ ਛਵ੍ਹੀਆਂ ਟੋਕੇ ਵਾਹਾਂ ਲਾ ਲਾ ਥੱਕੇ ।

ਚੰਨਣ ਵਰਗੀ ਦੇਹੀ ਤੇਰੀ, ਥਲ ਵਿਚ ਤਪਦੀ ਫਿਰਦੀ
ਯਾਰ ਦਿਆਂ ਪੈੜਾਂ ਦੇ ਪਿਛੇ ਰੋਂਦੀ ਖਪਦੀ ਫਿਰਦੀ ।

ਤੈਨੂੰ ਹੀਰੇ ਲਾਲ ਨਾ ਭਾਉਂਦੇ ਨਾ ਕੋਈ ਰਾਜ ਘਰਾਣਾ
ਸਜਣਾਂ ਦੀ ਪੈਛੜ ਦੀਆਂ ਹਰਦਮ ਬਿੜਕਾਂ ਲੈਂਦੇ ਜਾਣਾ ।

ਨਾ ਤੈਨੂੰ ਜੀਵਨ ਦੀ ਆਸ਼ਾ ਨਾ ਪਹਨਣ ਦਾ ਝੋਰਾ
ਤੈਨੂੰ ਕਾਲਿਆਂ ਨੈਣਾਂ ਵਿਚੋਂ ਦਿਸਦਾ ਏ ਰੱਬ ਗੋਰਾ ।

ਤੇਰਾ ਦੀਨ ਨਾ ਮਜ਼੍ਹਬ ਕੋਈ ਤੂੰ ਉਹ ਕਾਫ਼ਰ ਬੰਦਾ
ਜਿਸ ਦਾ ਯਾਰ ਦੀ ਪੂਜਾ ਦੇ ਬਿਨ ਹੋਰ ਨਾ ਕੋਈ ਧੰਦਾ ।

ਨਾ ਕੋਈ ਤੇਰਾ ਰੈਣ-ਬਸੇਰਾ ਨਾ ਕੋਈ ਪਤਾ ਟਿਕਾਣਾ
ਤੇਰਾ ਜਦੋਂ ਜਨਾਜ਼ਾ ਨਿਕਲੇ ਸਜਣਾਂ ਵਲ ਦੀ ਜਾਣਾ ।

ਕਈ ਹੁਸਨਾਂ ਨੂੰ ਰੋਣੇ ਦਿੱਤੇ ਵਸਦੇ ਕਈ ਉਜਾੜੇ
ਫੂਕ ਗਏ ਲੱਖਾਂ ਨੂੰ ਤੇਰੇ ਰੂਪ ਭਰੇ ਚੰਗਿਆੜੇ ।
ਇਕੋ ਝਿੜਕੇ ਸਜਣ ਦੀ ਸੁਣ ਕੇ ਤੂੰ ਜਿਉਂਦਾ ਮਰ ਜਾਵੇਂ
'ਨੂਰਪੁਰੀ' ਸੂਲੀ ਤੇ ਚੜ੍ਹਦਾ ਤੂੰ ਕੋਈ ਢਿਲ ਨਾ ਲਾਵੇਂ ।

13. ਹੁਸਨ ਤੇ ਇਸ਼ਕ

ਇਸ਼ਕ
ਇਸ਼ਕ ਕਹੇ ਤੂੰ ਸੁਣ ਓਏ ਹੁਸਨਾ ਨੈਣ ਤੇਰੇ ਮਤਵਾਲੇ
ਵੇਖੇ, ਤੇਰੇ ਅੰਗ ਰੇਸ਼ਮੀ ਸੱਚਿਆਂ ਦੇ ਵਿਚ ਢਾਲੇ
ਕਈ ਅਨਭੋਲ ਵੇਖ ਕੇ ਫਸ ਗਏ ਵਾਲ ਤੇਰੇ ਘੁੰਗਰਾਲੇ
ਤੇਰੀ ਇਕ ਪਰਾਂਦੀ ਲੱਭਦੇ ਵਿਕ ਗਏ ਮੋਤੀਆਂ ਵਾਲੇ
ਅੱਖੀਆਂ ਦੇ ਵਿਚ ਹੰਝੂ ਭਰ ਭਰ ਤੂੰ ਲੱਖਾਂ ਘਰ ਗਾਲੇ
ਪਾਟੀਆਂ ਲੀਰਾਂ ਵਿਚ ਤੇਰੇ ਮੈਂ ਨਖਰੇ ਕਈ ਸੰਭਾਲੇ ।

ਹੁਸਨ
ਹੁਸਨ ਆਖਦਾ ਜਾਹ ਉਏ ਇਸ਼ਕਾ ਨਾ ਕਰ ਇਹ ਵਡਿਆਈਆਂ
ਮੈਂ ਨਾ ਹੁੰਦਾ ਦੁਨੀਆਂ ਵਿਚ ਤੂੰ ਭੁੱਲ ਜਾਂਦਾ ਚਤੁਰਾਈਆਂ
ਗਲੀਆਂ ਦੇ ਵਿਚ ਪਸ਼ੂਆਂ ਵਾਂਗਰ ਫਿਰਦੋਂ ਵਾਂਗ ਸੁਦਾਈਆਂ
ਨਾ ਤੂੰ ਬੰਨ੍ਹਦੋਂ ਟੇਢੀਆਂ ਪੱਗਾਂ ਫਰਲਿਆਂ ਨਾਲ ਸਜਾਈਆਂ
ਨਾ ਤੂੰ ਦਿੰਦਾ ਵੱਟ ਮੁੱਛਾਂ ਨੂੰ ਤਕਦਾ ਫਿਰੇਂ ਪਰਾਈਆਂ
ਤੇਰੇ ਚੁੱਲ੍ਹੇ ਅੱਗ ਨਾ ਬਲਦੀ ਨਾ ਹੁੰਦੀਆਂ ਕੁੜਮਾਈਆਂ ।

ਇਸ਼ਕ
ਸੁਣ ਉਏ ਹੁਸਨਾ ਛਾਤੀ ਕੱਢ ਕੱਢ ਨਾ ਪਾ ਪੇਚੇ ਤਾਣੇ
ਚੰਦ ਮੱਥੇ ਤੇ ਤਿਉੜੀਆਂ ਪਾ ਕੇ, ਨਾ ਕਰ ਜ਼ੋਰ ਧਿੰਗਾਣੇ
ਨਾ ਬੁਲ੍ਹੀਆਂ ਤੇ ਸੁਰਖੀ ਹੁੰਦੀ ਵੰਨ-ਸੁਵੰਨੇ ਬਾਣੇ
ਮੇਰੇ ਨਾਲ ਹੀ ਦੁਨੀਆਂ ਤੇਰੀ ਆਦਰ ਥਾਂ ਥਾਂ ਜਾਣੇ
ਮੂੰਹ ਤੇਰੇ ਭਖੇ ਨਾ ਲਾਲੀ ਭੁੱਲ ਜਾਏਂ ਪਲੰਘ ਵਿਛਾਣੇ ।

ਹੁਸਨ
ਜਾਹ ਉਏ ਇਸ਼ਕਾ ਝੂਠਿਆ ਇਸ਼ਕਾ ਛੱਡ ਗਿਓਂ ਲੜ ਲਾ ਕੇ
ਤੇਰੀ ਖਾਤਰ ਮਾਂ ਪਿਓ ਛੱਡੇ ਤੂੰ ਨਾ ਪੁਛਿਆ ਆ ਕੇ
ਕਚੇ ਘੜੇ ਤੇ ਠਿੱਲ੍ਹ ਪਈ ਰਾਤੀਂ ਚੜ੍ਹੀ ਝਨਾਂ ਵਿੱਚ ਜਾ ਕੇ
ਮੇਰੇ ਸਿਰ ਤੇ ਮੌਤ ਚੜ੍ਹਾਈ, ਤੂੰ ਗਲ ਕੈਂਠੇ ਪਾ ਕੇ
ਤੂੰ ਕੱਚਾ ਤੂੰ ਦਿਲ ਦਾ ਕੋਰਾ ਵੇਖਿਆ ਠੋਕ ਵਜਾ ਕੇ
ਐਵੇਂ ਰਹੀ ਉਡੀਕਾਂ ਕਰਦੀ ਸੂਹੇ ਬੁਲ੍ਹ ਲਿਸ਼ਕਾ ਕੇ ।

ਇਸ਼ਕ
ਛੱਡ ਉਏ ਹੁਸਨਾਂ ਜੋਬਨ ਮਤਿਆ ਤੂੰ ਕਈ ਜਾਲ ਖਿਲਾਰੇ
ਮੱਝੀਆਂ ਤੇਰੀਆਂ ਚਾਰ ਚਾਰ ਕੇ, ਲੱਖਾਂ ਰਾਂਝੇ ਹਾਰੇ
ਤੂੰ ਰਾਤੀਂ ਸੂਰਜ ਚੜ੍ਹਵਾਏ, ਦਿਨੇ ਵਿਖਾਏ ਤਾਰੇ
ਜੰਡਾਂ ਹੇਠਾਂ ਭੰਨ ਕਮਾਨਾਂ, ਮਿਰਜ਼ੇ ਵਰਗੇ ਮਾਰੇ
ਲਹੂ ਇਸ਼ਕ ਦਾ ਕੁਲੰਜ ਕੁਲੰਜ ਕੇ ਕਰਦਾ ਰਿਹੋਂ ਗਰਾਰੇ
ਅੱਧੀ ਰਾਤੀਂ ਉਧਲ ਤੁਰਿਓਂ ਬੈਠੀ ਛੱਡ ਕੇ ਖਾਰੇ ।

ਹੁਸਨ
ਉਏ ਇਸ਼ਕਾ ਇਹ ਡਾਂਗਾਂ ਫੜ ਫੜ ਨਾ ਦੇਹ ਐਡ ਡਰਾਵੇ
ਪਹਲੋਂ ਮਾਰ ਖੰਘੂਰੇ ਪੱਟੇਂ, ਦੇ ਜਾਏਂ ਕਈ ਪਛਤਾਵੇ
ਕੱਲੀ ਛੱਡ ਕੇ ਤੁਰ ਜਾਏਂ ਪਲ ਵਿਚ ਸੜ ਸੜ ਤੜਫੀ ਜਾਵੇ
ਭਰੀ ਕਚਹਰੀਉਂ ਚੁਕ ਲੈ ਜਾਵੇਂ ਆਪੇ ਈ ਵਿਚ ਕਲਾਵੇ
ਆਪੇ ਰੋਲ ਰੋਲ ਕੇ ਮਾਰੇਂ, ਐਡੇ ਬੰਨ੍ਹ ਬੰਨ੍ਹ ਦਾਅਵੇ
ਮੈਂ ਆਖਾਂ ਕਿ ਇਸ਼ਕ ਮੇਰੇ ਨੂੰ ਲੀਕ ਨਾ ਕੋਈ ਲਗ ਜਾਵੇ ।

ਇਸ਼ਕ
ਸੁਣ ਉਏ ਹੁਸਨਾ ਮਾਰਿਆ ਮੈਨੂੰ ਦੇ ਦੇ ਝੂਠ ਦਿਲਾਸੇ
ਖ਼ੂਨ ਲੱਖਾਂ ਦਾ ਕਰ ਗਏ ਤੇਰੇ ਰੰਗਲੇ ਰੰਗਲੇ ਹਾਸੇ
ਤੇਰੀ ਖ਼ਾਤਰ ਚੀਰੀਆਂ ਨਹਰਾਂ ਤੂੰ ਨਾ ਆਇਓਂ ਰਾਸੇ
ਲੱਖਾਂ ਭੱਠੀਆਂ ਝੋਕ ਝੋਕ ਕੇ ਅੰਗ ਕਈਆਂ ਦੇ ਲਾਸੇ
ਕਈ ਮਨਸੂਰ ਸੂਲੀਆਂ ਉੱਤੇ ਰਹੇ ਮਾਰਦੇ ਪਾਸੇ
ਕਾਲੀਆਂ ਜ਼ੁਲਫ਼ਾਂ ਧੂ ਧੂ ਕੇ ਤੂੰ ਗੱਭਰੂ ਲੱਖਾਂ ਘਾਸੇ ।

ਹੁਸਨ
ਤੇਰੇ ਜੇਹੇ ਨਦਾਨ ਉਏ ਇਸ਼ਕਾ ਮੈਂ ਲੱਖਾਂ ਗਲ ਲਾਏ
ਫੇਰੇ ਮਾਰ ਮਾਰ ਕੇ ਜਿਨ੍ਹਾਂ ਮੈਨੂੰ ਰਾਹ ਭੁਲਾਏ
ਤੇਰੀ ਖ਼ਾਤਰ ਮਾਂਜ ਕੂਚ ਕੇ ਸਾਰੇ ਅੰਗ ਲਿਸ਼ਕਾਏ
ਦਮਯੰਤੀ ਦੇ ਵਾਂਗੂੰ ਓੜਕ ਛੱਡ ਗਿਓਂ ਦੇਸ ਪਰਾਏ
ਏਸ ਹੁਸਨ ਨੂੰ ਲੁੱਟਣ ਦੇ ਲਈ, ਤੂੰ ਕਈ ਢੰਗ ਬਣਾਏ
ਮਿਰਗਾਂ ਵਰਗੇ ਤਰਸ ਤਰਸ ਕੇ ਮਰ ਗਏ ਨੈਣ ਤਿਹਾਏ ।

ਇਸ਼ਕ
ਉਪਰੋਂ ਹੁਸਨਾਂ ਗੋਰਾ ਦਿਸਦੈਂ ਅੰਦਰੋਂ ਵੈਰੀਆ ਕਾਲਾ
ਮਾਵਾਂ ਦੇ ਪੁੱਤ ਲੱਖਾਂ ਖਾ ਗਿਓਂ ਬਣ ਕੇ ਭੋਲਾ ਭਾਲਾ
ਪਾਇਆ ਰੱਬ ਭੁਲੇਖੇ ਵਿਚ ਤੂੰ ਗਲ ਵਿਚ ਪਾ ਕੇ ਮਾਲਾ
ਬਹ ਕੇ ਬੁੱਕਲ ਵਿਚ ਡੰਗ ਮਾਰੇਂ ਆਖੇਂ ਲਗਦਾ ਪਾਲਾ
ਲੱਖਾਂ ਖੂਹਣੀਆਂ ਗ਼ਰਕ ਕੀਤੀਆਂ, ਦੇ ਕੇ ਰੂਪ ਉਛਾਲਾ
ਤੈਨੂੰ ਕੋਈ ਜਿੱਤ ਨਾ ਸਕਿਆ ਰਾਣੀ ਖਾਂ ਦਾ ਸਾਲਾ ।

ਹੁਸਨ
ਸੁਣ ਇਸ਼ਕਾ ਕਰਤੂਤ ਆਪਣੀ ਜੋ ਮੇਰੇ ਨਾਲ ਹੋਈ
ਇਕ ਦਿਨ ਨਿਕਲ ਬਰੂਹਾਂ ਵਿਚੋਂ ਬਾਹਰ ਆਣ ਖਲੋਈ
ਤੂੰ ਲੰਘਦੇ ਨੇ ਮੋਢਾ ਮਾਰਿਆ ਦੁਨੀਆਂ ਸਭ ਸਿਰ ਹੋਈ
ਵੀਰ ਮੇਰੇ ਡਾਂਗਾਂ ਫੜ ਆਏ ਫੜ ਲੈ ਫੜ ਲੈ ਹੋਈ
ਤੈਨੂੰ ਇਸ਼ਕ ਜਾਣ ਕੇ ਸੱਚਾ ਡਾਂਗਾਂ ਵਿਚ ਖਲੋਈ
ਲੱਖਾਂ ਦੀ ਪਗ ਰੋਲ ਕੇ ਪੈਰੀਂ ਧਾਹਾਂ ਮਾਰ ਕੇ ਰੋਈ ।

ਦੋਨੋਂ
ਸੋਹਣਿਆ ਹੁਸਨਾ, ਪਿਆਰਿਆ ਇਸ਼ਕਾ, ਨਾ ਇਹ ਛੇੜੀਏ ਛੇੜੇ
ਅਸਾਂ ਦੋਹਾਂ ਦਾ ਸਾਕ ਜੋ ਗੂੜ੍ਹਾ, ਪੌਂਦੇ ਲੋਕ ਬਖੇੜੇ
ਦੋਵੇਂ ਗਲ ਗਲਵਕੜੀ ਪਾ ਕੇ ਕਰੀਏ ਆਪ ਨਬੇੜੇ
ਇਹ ਫੁੱਟ ਚੰਦਰੀ ਵਸਣ ਨਾ ਦਿੰਦੀ ਵੜ ਗਈ ਜੇਹੜੇ ਵੇਹੜੇ
ਅਪਣੀ ਤੌਣ ਖ਼ਰਾਬ ਨਾ ਕਰੀਏ ਘੜ ਘੜ ਵਿੰਗੇ ਪੇੜੇ
'ਨੂਰਪੁਰੀ' ਉਹ ਘਰ ਨਾ ਵਸਦੇ ਜਿਨ੍ਹਾਂ ਨੇ ਵੈਰ ਸਹੇੜੇ ।

14. ਪੀਂਘਾਂ

ਪੀਂਘਾਂ ਪਈਆਂ ਪਿਪਲਾਂ ਨਾਲ
ਕੁੜੀਆਂ ਲੱਦੀਆਂ ਸੋਨੇ ਨਾਲ
ਸੋਨਾ ਸੋਭੇ ਰੂਪ ਨਾਲ ।

ਰੂਪ ਜਿਨ੍ਹਾਂ ਦੇ, ਫੁੱਲਾਂ ਵਰਗੇ
ਹੱਥ ਜਿਨ੍ਹਾਂ ਦੇ, ਛੱਲਿਆਂ ਵਾਲੇ
ਵੰਗਾਂ ਵਾਲੇ, ਮਹੰਦੀ ਵਾਲੇ ।

ਪੈਰ ਜਿਨ੍ਹਾਂ ਦੇ, ਝਾਂਜਰ ਵਾਲੇ
ਨੈਣ ਜਿਨ੍ਹਾਂ ਦੇ, ਕਜਲੇ ਵਾਲੇ
ਬੋਲ ਜਿਨ੍ਹਾਂ ਦੇ ਭੋਲੇ ਭਾਲੇ
ਚਾ ਜਿਨ੍ਹਾਂ ਦੇ ਨਵੇਂ ਨਰੋਏ
ਹਾਰ ਜਿਨ੍ਹਾਂ ਨੂੰ ਆਏ ਢੋਏ ।

ਪੀਂਘਾਂ ਝੂਟਣ ਵਾਰੀ ਵਾਰੀ
ਆਪ ਹੌਲੀਆਂ ਪੀਂਘਾਂ ਭਾਰੀ
ਦੋ ਦੋ ਚੜ੍ਹੀਆਂ ਤਾਂ ਭੀ ਭਾਰੀ
ਹੰਬਲਾ ਮਾਰਨ ਇੱਕੋ ਵਾਰੀ
ਪੀਂਘਾਂ ਬਣੀਆਂ ਮੀਂਹ ਹਨੇਰੀ
ਲਹ ਗਏ ਲੀੜੇ ਖੁਲ੍ਹ ਗਏ ਵਾਲ
ਚੀਕਣ ਲੱਗੇ ਛੋਟੇ ਡਾਲ ।

ਚਿੜੀਆਂ ਵਾਂਗੂੰ ਉੱਡਣ ਲੱਗੀਆਂ
ਪਰੀਆਂ ਬਣ ਅਸਮਾਨੀਂ ਚੜ੍ਹੀਆਂ
ਰੂਪ ਹਵਾ ਨਾਲ ਗੱਲਾਂ ਕਰਦਾ
ਮੇਰਾ ਬੰਦਾ ਪਾਣੀ ਭਰਦਾ
ਥੱਕ ਕੇ ਹੋਈਆਂ ਹਾਲ ਬੇਹਾਲ
ਲਾਟਾਂ ਵਾਂਗੂੰ ਲਾਲੋ ਲਾਲ ।

ਖੜੀ ਕਰੋ ਨੀ ਵੀਰਾਂ ਖਾਣੀਓਂ
ਖੜੀ ਕਰੋ ਨੀ ਰੁੜ੍ਹ ਪੁੜ ਜਾਣੀਓਂ
ਖੜੀ ਕਰੋ ਨੀ ਸਹੁਰੇ ਜਾਣੀਓਂ
ਖੜੀ ਕਰੋ ਨੀ ਮੋਈ ਮੋਈ
ਖੜੀ ਕਰੋ ਮੈਂ ਬੇਦਿਲ ਹੋਈ
ਇਕ ਦੂਜੀ ਨੂੰ ਭਰਨ ਕਲਾਵੇ
ਅਪਣਾ ਅਪਣਾ ਤੋਲਣ ਭਾਰ ।

ਮੈਂ ਹੌਲੀ ਮੈਂ ਸਭ ਤੋਂ ਹੌਲੀ
ਮੈਂ ਪਤਲੀ ਮੈਂ ਸਭ ਤੋਂ ਪਤਲੀ
ਮੈਂ ਸੋਹਣੀ ਮੈਂ ਸਭ ਤੋਂ ਸੋਹਣੀ
ਕੱਦ ਮਚਾਵਣ ਕੱਦਾਂ ਨਾਲ
ਲੱਕ ਮਚਾਵਣ ਲੱਕਾਂ ਨਾਲ
ਵਾਲ ਮਚਾਵਣ ਵਾਲਾਂ ਨਾਲ
ਕੰਡੀਆਂ ਬੱਧੀਆਂ ਚੁੰਨੀਆਂ ਨਾਲ ।

ਲੰਮੀ ਨੀ ਮੈਂ ਸਭ ਤੋਂ ਲੰਮੀ
ਛਾਤੀ ਛਾਤੀ ਲੱਕ ਬਰੋਬਰ
ਪਿੰਨੀ ਪਿੰਨੀ ਪੱਟੋਂ ਕੂਲੇ
ਮੇਰੇ ਲੰਮੇ ਸਭ ਤੋਂ ਵਾਲ
ਨਾ ਇਹ ਲਭਦੇ ਧੁਰੋਂ ਵਲਾਇਤੋਂ
ਨਾ ਇਹ ਲਭਦੇ ਚੀਨ ਬੰਗਾਲ ।

ਮਾਪਿਆਂ ਮੇਰਿਆਂ ਦੁੱਧ ਪਿਲਾਏ
ਚਾਚੇ ਤਾਇਆਂ ਲਾਡ ਲਡਾਏ
ਇਕ ਧੜੱਕ ਤੇ ਦੋ ਧੜੱਕ
ਇਕ ਦੂਜੀ ਦੇ ਅੱਗੜ ਪਿੱਛੜ
ਮੈਂ ਭੀ ਮਾਰੂੰ ਮਗਰੇ ਛਾਲ
ਆਵੋ ਨੀ ਹੁਣ ਆਵੋ ਖੇਡੋ
ਦੁੱਧ ਮਧਾਣੀ ਪਾਣੀ ਨਾਲ ।

ਲੱਭੋ ਨੀ ਮੈਂ ਚੁੱਭੀ ਮਾਰਾਂ
ਫੜ ਲਓ ਨੀ ਮੈਂ ਖ਼ੂਨ ਗੁਜ਼ਾਰਾਂ
ਜਿਦ੍ਹੀ ਮਰਜ਼ੀ ਫੜ ਲਏ ਕੋਈ
ਉਹ ਮੇਰਾ ਮੈਂ ਉਹਦੀ ਹੋਈ
ਵੇਖੋ ਨੀ ਮੈਂ ਮੱਛੀ ਬਣ ਗਈ
ਵੇਖੋ ਨੀ ਮੈਂ ਲਹਰਾਂ ਬਣ ਗਈ
ਵੇਖੋ ਨੀ ਮੈਂ ਮੱਖਣ ਵਰਗੀ
ਵੇਖੋ ਨੀ ਮੈਂ ਚੰਨਣ ਵਰਗੀ
ਮੇਰਾ ਰੂਪ ਨਾ ਕਿਧਰੇ ਰਲਦਾ
ਵੇਖ ਵੇਖ ਕੇ ਪਾਣੀ ਬਲਦਾ
ਵੇਖੋ ਨੀ ਮੈਂ ਪਾਣੀ ਨੂੰ ਭੀ
ਮਾਰ ਮਾਰ ਕੇ ਲਾਸਾਂ ਪਾਈਆਂ
ਵੇਖੋ ਨੀ ਮੈਂ ਜ਼ੁਲਫ਼ਾਂ ਧੂ ਧੂ
ਲਹਰਾਂ ਉਤੇ ਘਾਸਾਂ ਪਾਈਆਂ
ਮੈਂ ਪਹਾੜੀ ਨਦੀਆਂ ਵਰਗੀ
ਖਬਰੇ ਨੀ ਮੈਂ ਪਰੀਆਂ ਵਰਗੀ
ਵੇਖੋ ਮੇਰੇ ਸੁੰਦਰ ਵਾਲ
ਰਲਦੇ ਮਿਲਦੇ ਕਿਰਨਾਂ ਨਾਲ ।

ਬੰਨ੍ਹੋਂ ਨੀ ਕੋਈ ਬੰਨ੍ਹੋਂ ਮੋਈਓ
ਖੁਲ੍ਹ ਗਏ ਮੇਰੇ ਕਹਰੀ ਵਾਲ
ਸੋਨੇ ਵਾਂਗ ਸੁਨਹਰੀ ਵਾਲ
ਰੁੱਖਾਂ ਉੱਤੇ ਡਾਲੀ ਡਾਲੀ
ਕਾਟੋ ਵਾਂਗੂੰ ਕਾਹਲੀ ਕਾਹਲੀ
ਲੁਕਣ ਮਚਾਈਆਂ ਖੇਡਣ ਲੱਗੀਆਂ
ਡਾਲੀਆਂ ਬਣੀਆਂ ਡਾਲੀਆਂ ਨਾਲ
ਪੱਤੇ ਬਣੀਆਂ ਪੱਤਿਆਂ ਨਾਲ ।

ਵੇਖੋ ਨੀ ਮੈਂ ਤਿੱਤਰੀ ਬਣ ਗਈ
ਤਿੱਤਰੀ ਬਣ ਗਈ ਕਿਧਰੇ ਛਿਪ ਗਈ
ਸਿੱਕਾਂ ਸਿਕਦਿਆਂ ਸਾਵਣ ਆਇਆ
ਸਾਡੀ ਖ਼ਾਤਰ ਕੀ ਲਿਆਇਆ ?
ਸਾਡੀ ਖ਼ਾਤਰ ਮੀਂਹ ਲਿਆਇਆ
ਸਾਡੀ ਖ਼ਾਤਰ ਪ੍ਰੇਮ ਲਿਆਇਆ
ਸਾਡੀ ਖ਼ਾਤਰ ਪਿਆਰ ਲਿਆਇਆ
ਕਾਲੇ ਕਾਲੇ ਰਾ' ਲਿਆਇਆ
ਨਿੰਬੂਆਂ ਵਾਲੇ ਬਾਗ ਲਿਆਇਆ
ਸਾਡੀ ਖ਼ਾਤਰ ਅੰਬ ਲਿਆਇਆ
ਸੂਹੇ ਲਾਲ ਅਨਾਰ ਲਿਆਇਆ ।

15. ਮਿੱਤਰ

ਸੌਦਾਗਰਾ, ਪਿਆਰਾਂ ਦਿਆ, ਓਏ, ਗਾਹਕਾ ਯਾਰਾਂ ਦਿਆ
ਦਰਦਾਂ ਦੇ ਲੈ ਕੇ ਕਾਫ਼ਲੇ ਖ਼ੁਸ਼ੀਆਂ ਨੂੰ ਵੇਚਣ ਆ ਗਿਓਂ
ਪਰਵਾਨਿਆਂ, ਲਾਟਾਂ ਦਿਆ ਸੀਨਾਂ ਵਿਨ੍ਹਾਵਣ ਵਾਲਿਆ
ਓਏ ਆਸ਼ਕਾ ਦਾਰਾਂ ਦਿਆ ਹੀਰੇ ਦਿਲਾਂ ਦੇ ਵੇਚ ਕੇ
ਸੌਦੇ ਦਿਲਾਂ ਦੇ ਕਰ ਗਿਓਂ
ਗ਼ਮੀਆਂ ਦੇ ਘਾਟੇ ਖਾ ਗਿਓਂ, ਦਰਦਾਂ ਦੀ ਚੱਟੀ ਭਰ ਗਿਓਂ
ਨਿਰਮਲ, ਚਲਿੱਤਰ ਤੋਂ ਬਿਨਾਂ, ਸ਼ੀਸ਼ੇ ਜਹੇ ਹਿਰਦੇ ਵਾਲਿਆ
ਜਿਸ ਨੇ ਬੁਲਾਇਆ ਹੱਸ ਕੇ, ਓਥੇ ਹੀ ਡੇਰਾ ਲਾ ਲਿਆ
ਸੱਚੇ ਦਿਲਾਂ ਦੇ ਆਲ੍ਹਣੇ, ਜੇ ਮਿਲ ਗਏ ਤੇ ਵੱਸ ਗਿਓਂ
ਸੀਨੇ ਦੇ ਪਿੰਜਰੇ ਪੰਖੀਆ, ਭੋਲਾ ਕਬੂਤਰ ਫਸ ਗਿਓਂ
ਸਾਜਨ ਤੇ ਏਨਾ ਵਿਕ ਗਿਓਂ ਸੂਲੀ ਦੇ ਉਤੇ ਟਿਕ ਗਿਓਂ
ਪਿਆਰੇ ਦੀ ਅੱਖ ਦਾ ਅੱਥਰੂ ਡਿੱਗਾ ਤੇ ਓਥੇ ਮਿੱਟ ਗਿਓਂ
ਦੇਹੀ ਦੇ ਤਖ਼ਤੇ ਚੀਰ ਕੇ, ਸਾਜਨ ਦੀ ਕਦਮੀਂ ਸਿੱਟ ਗਿਓਂ
ਅੱਖੀਆਂ ਦੀ ਸੱਚੀ ਤਕੜੀ, ਵੇਖੀ ਤੇ ਉਥੇ ਤੁੱਲ ਗਿਓਂ
ਹੰਸਾ ਕਿਸੇ ਦੇ ਪਿਆਰ ਨੂੰ, ਮੋਤੀ ਸਮਝ ਕੇ ਭੁੱਲ ਗਿਓਂ
ਪਾਣੀ ਦੇ ਫੋਕੇ ਘੁੱਟ ਨੂੰ, ਸ਼ਰਬਤ ਦੇ ਪਿਆਲੇ ਦੱਸਣਾ
ਜਾਨੀ ਦੀ ਪਾਟੀ ਲੀਰ ਨੂੰ, ਤੇਰਾ ਦੁਸਾਲਾ ਦਸਣਾ ।

ਚੰਨਾਂ ਤੇਰੇ ਦੀਦਾਰ ਵਿਚ, ਸੁੱਚੀਆਂ ਨੇ ਝਲਕਾਂ ਪੈਂਦੀਆਂ
ਤੇਰੇ ਸਮੁੰਦਰ ਚਿੱਤ ਵਿਚ, ਨਿਰਮਲ ਨੇ ਨਦੀਆਂ ਵਹੰਦੀਆਂ
ਬਦੀਆਂ ਦੇ ਲੱਖਾਂ ਜ਼ਲਜ਼ਲੇ, ਗੋਤੇ ਨੇ ਖਾਂਦੇ ਆਣ ਕੇ
ਭਾਈ ਤੇ ਸਾਕਾ ਗੀਰੀਆਂ, ਲੱਖਾਂ ਨੇ ਡੁੱਬੀਆਂ ਰਹੰਦੀਆਂ
ਇਕੋ ਹੀ ਢਿੱਡੋਂ ਜੰਮ ਕੇ, ਕਰਦੇ ਸ਼ਰੀਕੇ ਨ੍ਹੇਰ ਦੇ
ਸਕਿਆਂ ਦੇ ਪੀਂਦੇ ਸੀਰਮੇਂ, ਭਾਈਆਂ ਨੂੰ ਭਾਈ ਘੇਰਦੇ
ਮਾਂ ਪਿਉ ਦੇ ਛੁਰੀਆਂ ਮਾਰਦੇ, ਅੱਖੀਆਂ 'ਚ ਸੂਏ ਫੇਰਦੇ
ਕੁਰਬਾਨ ਤੇਰੇ ਬੋਲ ਤੋਂ, ਮਾਤਾ ਦੇ ਮੋਹ ਨੂੰ ਮਾਰ ਦੇ
ਘਰ ਦੀ ਸਵਾਣੀ ਵਾਰ ਦੇ, ਮਾਇਆ ਲੁਟਾ ਤੂੰ ਲੱਖ ਦੇ
ਚਮੜੀ ਜੇ ਮੰਗੇ ਪੁੱਤ ਦੀ, ਸਾਜਨ ਦੇ ਮੁਹਰੇ ਰੱਖ ਦੇ
ਜਾਨੀ ਦੇ ਦਿਲ ਦੀ ਜਲਨ ਨੂੰ, ਏਦਾਂ ਬੁਝਾਵੇਂ ਪੁਜ ਕੇ
ਠਾਰਨ ਲਈ ਪੁਨੂੰ ਮੀਤ ਨੂੰ ਮੁੱਕੇਂ ਥਲਾਂ ਵਿਚ ਭੁੱਜ ਕੇ
ਲੋਭਾਂ ਬਿਨਾਂ, ਨਿੰਦਿਆ ਬਿਨਾਂ, ਸਾੜਾਂ ਬਿਨਾਂ, ਚੁਗਲੀ ਬਿਨਾਂ
ਜਿਸ ਨੂੰ ਤੂੰ ਉਤੋਂ ਪਾ ਲਿਆ, ਉਹੋ ਹੈ ਅੰਦਰ ਵੱਸਦਾ ।

ਦਰਸ਼ਨ-ਪਿਆਸੀ ਅੱਖ ਨੂੰ, ਕਿਧਰੇ ਤਿਹਾ ਜੇ ਲਗ ਗਈ
ਮਸਤੀ 'ਚ ਏਨੀ ਪੀ ਲਈ, ਵਿਚੇ ਝਨਾਂ ਹੀ ਵਗ ਪਈ
ਡਿੱਠਾ ਸੀ ਹੁਣ ਮੋਇਆ ਪਿਆ, ਬੇਹਬਲ ਜਿਹਾ ਹੋਇਆ ਪਿਆ
ਪਲ ਵਿਚ ਕੁਹਾੜੇ ਚੱਕ ਲਏਂ, ਜਿਸ ਦਮ ਦੁਗਾੜੇ ਤੱਕ ਲਏਂ
ਮੁੱਠੀ ਕੁ ਜਿੰਨੀ ਖ਼ਾਕ ਵਿਚ, ਸ਼ੇਰਾਂ ਦੀ ਤਾਕਤ ਪਾ ਲਵੇਂ
ਰਤੀ ਕੁ ਜਿੰਨੀ ਗੱਲ ਤੇ, ਲਾਹ ਕੇ ਫੜਾਂਦਾ ਖੱਲ ਗਿਉਂ
ਨਹੁੰ ਭਰ ਹਿਲਾਈ ਜਾਨ ਨਾ, ਦੇਗਾਂ 'ਚ ਜਿਉਂਦਾ ਗਲ ਗਿਉਂ
ਖੇਤਾਂ 'ਚ ਘਾਹ ਹੀ ਖੋਤਦਾ, ਕੱਲਾ ਬੜਾਵਨ ਲਗ ਪਏਂ
ਰੰਬੀ ਵਜਾਵਣ ਲਗ ਪਏਂ, ਰਾਜੋਂ ਫ਼ਕੀਰੀ ਧਾਰ ਕੇ
ਗਿਰਧਰ ਮਨਾਵਣ ਲਗ ਪਏਂ,
ਜ਼ੱਰਾ ਤੇਰੇ ਜਦ ਸਬਰ ਦਾ ਬਣ ਕੇ ਸਿਤਾਰਾ ਚਮਕਿਆ,
ਲੈਲਾ ਦੇ ਕਾਲੇ ਰੰਗ ਵਿਚ ਮਜਨੂੰ ਦਾ ਚੇਹਰਾ ਦਮਕਿਆ,
ਮਸਤੀ 'ਚ ਏਨਾ ਮਸਤਿਓਂ ਕਮਲਾ ਦੀਵਾਨਾ ਹੋ ਗਿਓਂ,
ਬੰਦੇ ਤੋਂ ਮਜਨੂੰ ਬਣ ਗਿਓਂ, ਮਜਨੂੰ ਤੋਂ ਕਾਨਾ ਹੋ ਗਿਓਂ ।

ਪਿਆਰੇ ਦੇ ਮਾਸਾ ਦੁੱਖ ਲਈ, ਦੁਨੀਆਂ ਦੇ ਦੁਖ ਗਲ ਪਾ ਲਏਂ
ਸਾਜਨ ਤੋਂ ਵਾਰੇਂ ਫੁੱਲ ਤੂੰ, ਕੰਡੇ ਤੂੰ ਸੀਨੇ ਲਾ ਲਏਂ
ਦੋਸਤ ਵਤਨ ਜਾਂ ਕੌਮ ਦਾ ਤੇਰਾ ਇਹ ਹਿਰਦਾ ਹੋ ਗਿਆ,
ਕਹਰਾਂ ਦੇ ਕਾਲੇ ਦਾਗ ਤਾਂ ਕਤਰਾ ਲਹੂ ਦਾ ਹੋ ਗਿਆ,
ਗਾਨੀ ਪਵਾ ਕੇ ਰੇਸ਼ਮੀ, ਲਾੜਾ ਜਦੋਂ ਤੂੰ ਬਣ ਗਿਆ,
ਗੋਲੀ ਜਿਹੀ ਗੋਲੀ ਦੀਆਂ ਸੀਨੇ ਤੇ ਜਰੀਆਂ ਰੱਜ ਕੇ,
ਗੋਰੀ ਨਿਛੋਹ ਤਲਵਾਰ ਦੀ, ਮਹੰਦੀ ਲਵਾ ਲਈ ਭੱਜ ਕੇ,
ਮਰ ਕੇ ਭੀ ਅਪਣੇ ਮੂੰਹ ਤੇ ਤੂੰ ਨੂਰ ਰਿੰਦਾ ਰਖਿਆ,
ਦੁਨੀਆਂ ਤੋਂ ਆਪੋਂ ਮਿਟ ਗਿਓਂ ਖ਼ਲਕਤ ਨੂੰ ਜ਼ਿੰਦਾ ਰਖਿਆ ।

ਕੋਈ ਆਂਦਰਾਂ ਦਾ ਸਾਕ ਵੇਂ, ਸਾਧਾ ਤੂੰ ਕੀਹਦਾ ਚਾਕ ਵੇਂ ?
ਤੈਨੂੰ ਹਜ਼ਾਰੇ ਤਖ਼ਤ ਤੇ, ਇਕ ਦਿਨ ਸੀ ਬੈਠਾ ਤਕਿਆ
ਏਹ ਕੀ ਡਰਾਉਣੇ ਝੱਲ ਵਿਚ, ਮੱਝੀਆਂ ਦਾ ਚੌਣਾਂ ਹੱਕਿਆ
ਏਨਾ ਕਿਸੇ ਦਾ ਦਰਦ ਵੇ, ਸੀਨਾ ਤਾਂ ਠੰਢਾ ਸਰਦ ਵੇ
ਭਾਂਬੜ ਕੀ ਐਡਾ ਬਲ ਪਿਆ, ਡਿੱਠਾ ਕਿ ਹੰਝੂ ਕਿਰ ਗਏ
ਅੱਖੀਂ ਨਾ ਸਕਿਓਂ ਵੇਖ ਤੂੰ, ਦੇਹੀ ਦੇ ਫਟੜੇ ਚਿਰ ਗਏ
ਕੰਨਾਂ 'ਚ ਤੇਰੀ ਸੋ ਰਹੇ, ਸੋਆਂ 'ਚ ਤੇਰਾ ਭੈ ਰਹੇ
ਜੰਗਾਂ 'ਚ ਤੇਰੀ ਗੂੰਜ ਰਹੇ, ਗੂੰਜਾਂ 'ਚ ਤੇਰੀ ਕਦਰ ਰਹੇ
ਨੈਣਾਂ 'ਚ ਤੇਰੀ ਪਿਆਸ ਰਹੇ, ਪਿਆਸਾਂ 'ਚ ਤੇਰੀ ਮੈਂ ਰਹੇ
ਜੀਭਾਂ ਤੇ ਤੇਰਾ ਰਾਗ ਰਹੇ, ਰਾਗਾਂ 'ਚ ਤੇਰੀ ਲੈ ਰਹੇ
ਰਾਜਾ ਏਂ ਤੂੰ ਜ਼ਾਲਮ ਨਹੀਂ, ਤੈਥੋਂ ਦੁਖੀ ਆਲਮ ਨਹੀਂ
ਬਾਗਾਂ ਦਾ ਤੂੰ ਇਕ ਫੁੱਲ ਵੇਂ, ਜਿਸ ਨੇ ਕਦੀ ਨਹੀਂ ਸੁੱਕਣਾ
ਨਦੀਆਂ ਦੀ ਤੂੰ ਇਕ ਬੂੰਦ ਵੇਂ, ਜਿਸ ਨੇ ਕਦੀ ਨਹੀਂ ਮੁੱਕਣਾ
ਤੂੰ ਹੀ ਤੇ ਮਜ਼੍ਹਬ ਦੀਨ ਵੇਂ, ਦਾਤਾ ਦਾ ਤੂੰ ਇਕ ਸੀਨ ਵੇਂ
ਤੇਰਾ ਹੈ ਜੀਵਨ ਜੀਂਵਦਾ, ਤੇਰੀ ਜਵਾਨੀ ਕੰਮ ਦੀ
ਉਹ ਸ਼ੇਰਨੀ ਜੀਉਂਦੀ ਰਹੇ, ਜੇਹੜੀ ਹੈ ਤੈਨੂੰ ਜੰਮਦੀ ।

16. ਨਿਰਧਨ

ਦਾਤਾ ਦੀਆਂ ਬੇਪਰਵਾਹੀਆਂ ਤੋਂ
ਉਏ ਬੇਪਰਵਾਹਾ ਡਰਿਆ ਕਰ ।
ਤੂੰ ਹਰਦਮ ਦਮ ਦਮ ਕਰਦਾ ਏਂ,
ਦਮ ਦੇਣੇ ਨੇ ਦਮ ਭਰਿਆ ਕਰ ।
ਚਾਂਦੀ ਦੀਆਂ ਗਿਣ ਗਿਣ ਠੀਕਰੀਆਂ
ਤੂੰ ਰਾਤ ਦਿਨੇ ਨਾ ਮਰਿਆ ਕਰ ।
ਉਹ ਪਲ ਵਿਚ ਜਲ ਥਲ ਕਰ ਦੇਂਦਾ
ਇਹ ਸਾਗਰ ਸੋਚ ਕੇ ਤਰਿਆ ਕਰ ।
ਇਹ ਦੁਨੀਆਂ ਤਿਲਕਣ-ਬਾਜ਼ੀ ਏ
ਤੂੰ ਪੈਰ ਸੋਚ ਕੇ ਧਰਿਆ ਕਰ ।
ਕਿਸੇ ਨਿਰਧਨ, ਆਤੁਰ ਦੁਖੀਏ ਦਾ
ਕੁਝ ਭਾਰ ਵੀ ਹੌਲਾ ਕਰਿਆ ਕਰ ।

ਉਹ ਜੇਕਰ ਤਖ਼ਤ ਬਠਾਉਂਦਾ ਏ
ਕਾਸੇ ਵੀ ਹੱਥ ਫੜਾਉਂਦਾ ਏ ।
ਮਖ਼ਮਲ ਦੇ ਕੂਲੇ ਕੁੜਤੇ 'ਚੋਂ
ਤੰਦਾਂ ਦੇ ਸੱਪ ਲੜਾਉਂਦਾ ਏ ।
ਰਖਸ਼ੇ ਦੇ ਹੰਭਿਆਂ ਕੁਲੀਆਂ ਨੂੰ
ਉਹ ਸ਼ਾਹ ਅਸਵਾਰ ਬਣਾਉਂਦਾ ਏ ।
ਗਧਿਆਂ ਦੀਆਂ ਛੱਟਾਂ ਪਾ ਪਾ ਕੇ
ਸ਼ੇਰਾਂ ਨੂੰ ਘਾਹ ਖੁਵਾਉਂਦਾ ਏ ।
ਦੁਨੀਆਂ ਦੇ ਖ਼ੂਨ ਪਸੀਨੇ ਦੇ
ਨਾ ਰਾਤ ਦਿਨੇ ਘੁਟ ਭਰਿਆ ਕਰ ।
ਕਿਸੇ ਨਿਰਧਨ, ਆਤੁਰ ਦੁਖੀਏ ਦਾ
ਕੁਝ ਭਾਰ ਵੀ ਹੌਲਾ ਕਰਿਆ ਕਰ ।

ਇਹ ਤੇਰੇ ਪੁੱਤਰ ਵਰਗਾ ਈ
ਜਿਸ ਨੂੰ ਤੂੰ ਝਿੜਕੀਂ ਜਾਨਾ ਏਂ ।
ਭਗਵਾਨ ਇਹਦੇ ਵਿਚ ਵਸਦਾ ਏ
ਭਗਵਾਨ ਨੂੰ ਕਿਉਂ ਦਬਕਾਨਾ ਏਂ ।
ਏਸੇ ਦੇ ਪਿਉ ਕਮਾਇਆ ਈ
ਜੋ ਅੰਦਰ ਵੜ ਵੜ ਖਾਨਾ ਏਂ ।
ਅਪਣੇ ਨੂੰ ਹੀਰਾ ਕਹ ਕਹ ਕੇ,
ਬੋਝੇ ਵਿਚ ਹੀਰੇ ਪਾਨਾ ਏਂ ।
ਕੁਦਰਤ ਦੀ ਏਸ ਅੰਗੂਰੀ ਨੂੰ
ਤੂੰ ਪਸ਼ੂਆਂ ਵਾਂਗ ਨਾ ਚਰਿਆ ਕਰ ।
ਕਿਸੇ ਨਿਰਧਨ, ਆਤੁਰ ਦੁਖੀਏ ਦਾ
ਕੁਝ ਭਾਰ ਵੀ ਹੌਲਾ ਕਰਿਆ ਕਰ ।

ਇਹ ਉਸ ਦਾਤੇ ਦੀ ਨਗਰੀ ਏ
ਤੂੰ ਜਿਸ ਨਗਰੀ ਵਿਚ ਵਸਦਾ ਏਂ ।
ਨਿੱਘਰਿਆ ਵੇਖ ਗੁਆਂਢੀ ਨੂੰ
ਨਿਤ ਹੁੱਬਦਾ ਏਂ ਨਿਤ ਹਸਦਾ ਏਂ ।
ਬੂਹੇ ਤੇ ਆਏ ਫ਼ਕੀਰਾਂ ਨੂੰ
ਭੁੱਖੇ ਤੇ ਨੰਗੇ ਦਸਦਾ ਏਂ ।
ਮਾੜੇ ਦੀਆਂ ਹੱਡੀਆਂ ਪੀਹਨਾ ਏਂ
ਤਕੜੇ ਦੀਆਂ ਤਲੀਆਂ ਝਸਦਾ ਏਂ ।
ਤਕੜੇ ਦੀ ਜੇਕਰ ਜਰਦਾ ਏਂ
ਤੂੰ ਮਾੜੇ ਦੀ ਵੀ ਜਰਿਆ ਕਰ ।
ਕਿਸੇ ਨਿਰਧਨ, ਆਤੁਰ ਦੁਖੀਏ ਦਾ
ਕੁਝ ਭਾਰ ਵੀ ਹੌਲਾ ਕਰਿਆ ਕਰ ।
ਤੂੰ ਬੰਦਾ ਏਂ ਇਹ ਬੰਦਾ ਏ
ਦੋਹਾਂ ਨੇ ਏਥੇ ਹੀ ਰਹਣਾ ਏ ।
ਤੂੰ ਤਕੜਾ ਸਹੀ ਇਹ ਮਾੜਾ ਸਹੀ
ਕੰਮ ਮਾੜੇ ਨਾਲ ਵੀ ਪੈਣਾ ਏ ।
ਤੇਰੇ ਗਲ ਚਿੱਟਾ ਕੁੜਤਾ ਜੇ
ਕੋਈ ਇਹਨੇ ਲਾਹ ਨਾ ਲੈਣਾ ਏ ।
ਇਹ ਮਿੱਟੀ ਏ ਤੂੰ ਮਿੱਟੀ ਏਂ
ਮਿੱਟੀ ਵਿਚ ਰਲਣਾ ਪੈਣਾ ਏ ।
ਉਹ ਹਰ ਹਰ ਦੇ ਵਿਚ ਵਸਦਾ ਏ
ਤੂੰ ਹਰ ਦੇ ਕੋਲੋਂ ਹਰਿਆ ਕਰ ।
ਕਿਸੇ ਨਿਰਧਨ, ਆਤੁਰ ਦੁਖੀਏ ਦਾ
ਕੁਝ ਭਾਰ ਵੀ ਹੌਲਾ ਕਰਿਆ ਕਰ ।

17. ਮਜ਼ਦੂਰ

ਘੁੱਗੂ ਦੇ ਬੋਲਦਿਆਂ ਬੂਹੇ ਨੂੰ ਖੋਲ੍ਹਦਿਆਂ
ਚਿੜੀਆਂ ਦੀ ਚੀਂ ਚੀਂ ਸੁਣ ਮੈਂ ਆਣ ਖਲੋਇਆ ਹਾਂ
ਆ ਹਾਜ਼ਰ ਹੋਇਆ ਹਾਂ, ਕਹਰਾਂ ਦੀ ਸਰਦੀ ਏ
ਬੁੱਕਲ ਪਈ ਠਰਦੀ ਏ, ਮੈਲੀ ਜਹੀ ਵਰਦੀ ਏ
ਕਈ ਦਾਗ਼ ਤੇ ਧੱਬੇ ਨੇ ਜੋ ਡੱਬ-ਖੜੱਬੇ ਨੇ
ਏਹ ਹੀਰੇ ਦੱਬੇ ਨੇ, ਮਰ ਮਰ ਕੇ ਲੱਭੇ ਨੇ ।

ਸਨ ਦੇ ਛੱਬੇ ਨੇ, ਛੱਬੇ ਨਹੀਂ
ਮੇਰੀ ਕਿਸਮਤ ਦੇ ਸਿਤਾਰੇ ਨੇ, ਅਸਮਾਨੀ ਤਾਰੇ ਨੇ
ਮੇਰੇ ਇਹ ਪਿੰਡੇ ਤੇ ਬਾਹਾਂ ਤੇ ਜਾਂ ਲੱਤਾਂ ਤੇ
ਛੈਣੀ ਜਾਂ ਰੰਬੇ ਦੇ ਖੋਹਲੇ ਹੋਏ ਖੱਪੇ ਨੇ
ਖੱਪੇ ਨਹੀਂ ਭੁੱਲੀਂ ਨਾ ਦਾਤਾ ਦੇ ਬਖ਼ਸ਼ੇ ਹੋਏ
ਤੇਰੀ ਇਹ ਕਿਸਮਤ ਵਿਚ ਨੋਟਾਂ ਦੇ ਠੱਪੇ ਨੇ ।

ਪਾਪਾਂ ਦੀ ਮਖ਼ਮਲ ਨਹੀਂ, ਮੋਇਆਂ ਦੀ ਇਹ ਖਲ ਨਹੀਂ
ਜੰਗਲਾਂ ਤੇ ਜੂਹਾਂ ਵਿਚ ਰਾਹੀਆਂ ਨੂੰ ਲੁਟਿਆ ਨਹੀਂ
ਵੱਸਦੇ ਨੂੰ ਪੁੱਟਿਆ ਨਹੀਂ ।

ਧੁੱਪਾਂ ਵਿਚ ਸੜ ਸੜ ਕੇ ਗਰਮੀ ਵਿਚ ਕੜ੍ਹ ਕੜ੍ਹ ਕੇ
ਭੁਖੇ ਤੇ ਤਿਹਾਏ ਨੇ, ਟੋਕਰੀਆਂ ਚਾਈਆਂ ਨੇ
ਮੈਂ ਕਹੀਆਂ ਵਾਹੀਆਂ ਨੇ, ਪਾਪੀ ਇਹ ਪੇਟ ਮੇਰਾ
ਜੇਹਨੇ ਕਰਵਾਈਆਂ ਨੇ ।

ਸਿਰ ਤੇ ਇਸ ਪਗੜੀ ਦਾ ਮੇਰੇ ਤਾਜ ਜੋ ਸ਼ਾਹੀ ਏ
ਇਹ ਸ਼ਾਨ ਬਣਾਉਟੀ ਨਹੀਂ ਇਹ ਦਾਤ ਇਲਾਹੀ ਏ
ਮੱਥੇ ਤੇ ਪਗੜੀ 'ਚੋਂ ਲਮਕਣ ਜੋ ਲੀਰਾਂ ਨੇ
ਧੁਰ ਤੋਂ ਹੀ ਲਿਖੀਆਂ ਹੋਈਆਂ ਮੇਰੀਆਂ ਤਕਦੀਰਾਂ ਨੇ ।

ਚੇਹਰੇ ਤੇ ਖ਼ੁਸ਼ੀਆਂ ਦੀ ਡੁਲ੍ਹਦੀ ਜੋ ਲਾਲੀ ਏ
ਪਾਪਾਂ ਤੋਂ ਕੋਰੀ ਏ ਅਨਿਆਉਂ ਖ਼ਾਲੀ ਏ
ਇਹ ਹਕ ਹਲਾਲ ਮਿਰਾ ਦਸ ਨਹੁੰ ਦੀ ਕਮਾਈ ਏ
ਮਰ ਮਰ ਕੇ ਬਣਾਈ ਏ ਕੋਈ ਰੋਹਬ ਜਾਂ ਅੱਤ ਨਹੀਂ
ਕਹਰਾਂ ਦੀਆਂ ਕਲਮਾਂ ਦੇ ਥਾਂ ਥਾਂ ਤੇ ਸੂਏ ਲਾ
ਮਾਸੂਮਾਂ ਗ਼ਰੀਬਾਂ ਦੀ ਚੂਸੀ ਹੋਈ ਰੱਤ ਨਹੀਂ ।

ਵੱਹੀਆਂ ਤੇ ਲਿਖ ਲਿਖ ਕੇ ਖੱਟੀ ਇਹ ਖੱਟੀ ਨਹੀਂ
ਇਹ ਸੂਦ ਬੇਦਰਦਾਂ ਦੇ ਵੱਢੀ ਜਾਂ ਚੱਟੀ ਨਹੀਂ
ਇਹ ਗਾੜ੍ਹੇ ਪਸੀਨੇ ਦੀਆਂ ਬੂੰਦਾਂ ਦੇ ਮੋਤੀ ਨੇ
ਪਾਸੰਗ ਦੀ ਤਕੜੀ ਦੀ ਵਟਕ ਇਹ ਵੱਟੀ ਨਹੀਂ
ਹੱਥਾਂ ਤੇ ਵੇਖੇ ਜੋ ਛਾਲੇ ਜਾਂ ਚੀਰੇ ਨੇ
ਛਾਲੇ ਨਹੀਂ ਮੋਤੀ ਨੇ ਮੋਤੀ ਨਹੀਂ ਹੀਰੇ ਨੇ
ਸੜ ਸੜ ਕੇ ਢਲ ਢਲ ਕੇ ਸੂਲਾਂ ਨਾਲ ਵਲ ਵਲ ਕੇ
ਅੱਖੀਆਂ ਨੇ ਗਲ ਗਲ ਕੇ ਲੱਭੇ ਇਹ ਮਮੀਰੇ ਨੇ ।

ਦੁਖੀਆ ਕੋਈ ਦੁਖਾਇਆ ਨਹੀਂ
ਭੁੰਨਿਆ ਕੋਈ ਜਲਾਇਆ ਨਹੀਂ
ਹੱਸਦੇ ਨੂੰ ਰੁਆਇਆ ਨਹੀਂ
ਚੋਰੀ ਨਾ ਠੱਗੀ ਏ, ਖੋਲ੍ਹੀ ਨਾ ਢੱਗੀ ਏ
ਕੁਲੀਆਂ ਕਈ ਢਾਹ ਢਾਹ ਕੇ ਮੈਂ ਮਹਲ ਬਣਾਏ ਨਹੀਂ
ਮੰਜੇ ਕਈ ਖੋਹ ਖੋਹ ਕੇ ਮੈਂ ਕਾਊਚ ਡਹਾਏ ਨਹੀਂ
ਦੀਵੇ ਕਈ ਗੁਲ ਕਰਕੇ ਫਾਨੂਸ ਜਗਾਏ ਨਹੀਂ
ਬੂਟੇ ਕਈ ਪੁੱਟ ਪੁੱਟ ਕੇ ਮੈਂ ਲਾਏ ਬਗੀਚੇ ਨਹੀਂ
ਚਮੜੇ ਇਹ ਸਾਧਾਂ ਦੇ ਮੇਰੇ ਫਰਸ਼ ਗਲੀਚੇ ਨਹੀਂ
ਭਗਤਾਂ ਨੂੰ ਬੰਨ੍ਹ ਬੰਨ੍ਹ ਕੇ ਮੈਂ ਮੋਟਰ ਆਂਦੀ ਨਹੀਂ
ਮਮਿਆਈਂ ਗਰੀਬਾਂ ਦੀ ਮੇਰੀ ਇਹ ਚਾਂਦੀ ਨਹੀਂ ।

ਦਰਬਾਰੀਂ ਰਹ ਰਹ ਕੇ ਮੈਂ ਕੀਤੀ ਵਕੀਲੀ ਨਹੀਂ
ਝੁੱਗੇ ਕਈ ਫੂਕ ਦਿਤੇ ਲਾ ਲਾ ਕੇ ਤੀਲੀ ਨਹੀਂ
ਬੁੱਕਲ ਇਹ ਯਤੀਮਾਂ ਦੀ ਮੇਰੇ ਬਿਸਕੁਟ ਆਂਡੇ ਨਹੀਂ
ਚੱਲਣ ਬੇਜ਼ੋਰਾਂ ਦੇ ਪਿਰਚਾਂ ਤੇ ਭਾਂਡੇ ਨਹੀਂ
ਮੈਂ ਮਾਲ ਗ਼ਰੀਬਾਂ ਦੇ ਡਿੱਠੇ ਜਾਂ ਖੋਲ੍ਹੇ ਨਹੀਂ
ਗੋਗੜ ਇਹ ਪਾਲਣ ਲਈ ਮੈਂ ਖੀਸੇ ਫੋਲੇ ਨਹੀਂ ।

ਮੂੰਹ ਨ੍ਹੇਰੇ ਜਾਂਦਾ ਹਾਂ ਸ਼ਾਮਾਂ ਨੂੰ ਆਂਦਾ ਹਾਂ
ਘਰ ਵਿਚ ਸਵਾਣੀ ਏਂ ਮੇਰੀ ਜੋ ਰਾਣੀ ਏਂ
ਸੂਰਜ ਦੇ ਡੁਬਦੇ ਈ ਬੂਹੇ ਤੇ ਆਉਂਦੀ ਏ
ਪੁਛਦੀ ਪੁਛਾਉਂਦੀ ਏ, ਬਿੜਕਾਂ ਪਈ ਲੈਂਦੀ ਏ
ਪੁੱਤਰ ਨੂੰ ਕਹੰਦੀ ਏ "ਜਾਹ ਵੇ ! ਪਰਕਾਸ਼ ਜ਼ਰਾ
ਔਥੋਂ ਤਾਈਂ ਵੇਖ ਤੇ ਆ ਬਾਬੂ ਜੀ ਆਂਦੇ ਨੂੰ
ਹੋ ਚਲਿਆ ਹਨੇਰਾ ਏ ਦਿਲ ਘਿਰਦਾ ਮੇਰਾ ਏ ।"

ਸੁਣਦਾ ਈ ਭਜਦਾ ਏ ਡਿੱਗਦਾ ਈ ਆਉਂਦਾ ਏ
ਖ਼ੁਸ਼ੀਆਂ ਤੇ ਚਾਵਾਂ ਵਿਚ ਘੁੰਮਦਾ ਏ ਗਾਉਂਦਾ ਏ
ਟੱਪਦਾ ਏ ਨੱਚਦਾ ਏ ਖਿੜਦਾ ਵਿਗਸਾਉਂਦਾ ਏ
ਹਾਬੜਿਆ ਦੱਸਦਾ ਏ :
"ਮਾਤਾ ਜੀ ! ਆਉਂਦੇ ਨੇ ਚੀਜੀ ਭੀ ਲਿਆਉਂਦੇ ਨੇ ।"

ਜੋ ਸਾਰੀ ਦਿਹਾੜੀ ਦੀ ਕੱਤਦੀ ਏ ਤੁੰਮਦੀ ਏ
ਵੇਹੜੇ ਵਿਚ ਵੜਦੇ ਈ ਪੈਰਾਂ ਨੂੰ ਚੁੰਮਦੀ ਏ
ਜੀ ਜੀ ਪਈ ਕਰਦੀ ਏ ਮਲਕਾ ਜੋ ਘਰ ਦੀ ਏ
ਫੁਲ ਫੁਲ ਕੇ ਬਹੰਦੀ ਏ ਦਿਲ ਵਿਚ ਈ ਕਹੰਦੀ ਏ
'ਧਨ ਭਾਗ ਜੇ ਆਏ ਨੇ ਮੇਰੇ ਦੇਸ ਵਸਾਏ ਨੇ ।'
ਬਟੂਆ ਕੋਈ ਹੱਥ ਵਿਚ ਨਹੀਂ ਤੇ ਚੂੰਡਾ ਨੰਗਾ ਨਹੀਂ
ਤੇ ਕੇਸਾਂ ਵਿਚ ਕੀਤਾ ਚਿੜੀਆਂ ਨੇ ਕੰਘਾ ਨਹੀਂ
ਮਾਲਕ ਦੇ ਪਿਛੋਂ ਈ ਟਾਂਗੇ ਵਿਚ ਜਾਂਦੀ ਨਹੀਂ
ਬਹ ਬਹ ਕੇ ਹੋਟਲਾਂ ਵਿਚ ਪੇਸਟਰੀ ਖਾਂਦੀ ਨਹੀਂ
ਪਰਕਾਸ਼ ਜ਼ਰਾ ਕਹ ਕੇ ਪੁੱਤਰ ਨੂੰ ਸੱਦਾਂ ਜਾਂ
ਅਗੋਂ ਉਹ ਬੋਲੇ ਨਾ, ਕੋਠੀ ਵਿਚ ਲੁੱਕਿਆ ਈ
ਖਿੜ ਖਿੜ ਕੇ ਹੱਸਦਾ ਏ, ਓਥੋਂ ਈ ਕਹੰਦਾ ਏ
"ਆਓ ਜੀ ਲਭੋ ਖਾਂ" ਲੁਕਿਆ ਨਹੀਂ ਰਹੰਦਾ ਏ
ਦੂਹੋ ਦੂਹ ਆਉਂਦਾ ਏ ਮੋਢੇ ਤੇ ਚੜ੍ਹਦਾ ਏ
ਜਫੀਆਂ ਕਈ ਪਾਉਂਦਾ ਏ ਚਿੱਤ ਨੂੰ ਪਰਚਾਉਂਦਾ ਏ
ਖੀਸੇ ਨੂੰ ਟੋਂਹਦਾ ਏ,
ਪਿਆਰੇ ਜਹੇ ਮੂੰਹ ਵਿਚੋਂ ਪਿਆਰੀ ਜੇਹੀ ਬੋਲੀ ਵਿਚ
'ਬਾਬੂ ਜੀ ਬਾਬੂ ਜੀ,' ਮੈਨੂੰ ਜਾਂ ਆਂਹਦਾ ਏ
ਮੇਰਾ ਉਦਰੇਵਾਂ ਉਹ ਦਿਨ ਭਰ ਦਾ ਥਕੇਵਾਂ ਉਹ ਕਿਧਰੇ ਉਡ ਜਾਂਦਾ ਏ ।
ਗੰਦਲਾਂ ਦਾ ਪ੍ਰੀਤਾਂ ਲਾ ਉਹਨੇ ਸਾਗ ਬਣਾਇਆ ਏ
ਸੱਧਰਾਂ ਤੇ ਆਸਾਂ ਦਾ ਭਰਿਆ ਆ ਖੁਆਇਆ ਏ
ਅੱਖੀਆਂ ਨੇ ਮੇਰੇ ਵੱਲ ਪੁੱਛਦੀ ਏ ਸੌ ਸੌ ਗੱਲ
ਉਹ ਸਾਰੀ ਦਿਹਾੜੀ ਦੀ ਬੁਝੀ ਹੋਈ ਹਸਦੀ ਏ ਕੁਮਲਾਈ ਖਿੜਦੀ ਏ ।

ਸਾਰਾ ਦਿਨ ਖੱਪ ਖੱਪ ਕੇ ਅਠਿਆਨੀ ਆਂਦੀ ਏ
ਏਹੋ ਹੀ ਪਾਰਸ ਵੇ ਏਹੋ ਹੀ ਚਾਂਦੀ ਏ
ਸ਼ਾਂਤੀ ਨਾਲ ਬਹ ਕੇ ਹੁਣ ਟੱਬਰ ਵਿਚ ਖਾਵਾਂਗਾ
ਦਾਤਾ ਨੇ ਦਿੱਤੀ ਏ ਦਾਤਾ ਨੂੰ ਗਾਵਾਂਗਾ ।
ਲੱਗੇ ਹੋਏ ਵੈਲ ਕੋਈ ਵਿਸਕੀ ਤੇ ਫੀਮਾਂ ਨਹੀਂ
ਕੁੱਕੜਾਂ ਨੂੰ ਭੁੰਨਿਆਂ ਨਹੀਂ ਖਾਧਾ ਕੋਈ ਕੀਮਾ ਨਹੀਂ
ਕੀਤੀ ਏ ਖਾ ਲਈ ਏ ਚੰਗੀ ਈ ਲੰਘਾ ਲਈ ਏ
ਸਿਰਹਾਣੇ ਬਾਂਹ ਦੇ ਕੇ ਮੈਂ ਰਾਤ ਗੁਜ਼ਾਰੀ ਏ
ਮੁੱਠੀਆਂ ਈ ਭਰਦੀ ਰਹੀ ਮੇਰੀ ਨੀਂਦ ਪਿਆਰੀ ਏ
ਮਜ਼ਦੂਰ ਮੈਂ ਮਾੜਾ ਹਾਂ ਥੋੜ੍ਹੀ ਜੇਹੀ ਮਜੂਰੀ ਏ
ਮੱਕੀ ਦੀ ਰੋਟੀ ਹੀ ਮੇਰੀ ਘਿਉ ਦੀ ਚੂਰੀ ਏ ।

18. ਭੈਣ ਦਾ ਪਿਆਰ

ਆਟਾ ਤਕਾਲੀਂ ਗੁੰਨ੍ਹਦੀ, ਇਕ ਦਿਨ ਵਿਚਾਰੀ ਨਾਨਕੀ
ਸੋਚਾਂ 'ਚ ਏਦਾਂ ਪੈ ਗਈ, ਨਾਨਕ ਦੀ ਪਿਆਰੀ ਨਾਨਕੀ
ਵੀਰਾ ਸੀ ਜਾਂਦਾ ਕਹ ਗਇਆ, ਭੈਣੇਂ ਕਰੇਂ ਫਰਯਾਦ ਜਾਂ
ਓਸੇ ਘੜੀ ਆ ਜਾਊਂਗਾ, ਮੈਨੂੰ ਕਰੇਂਗੀ ਯਾਦ ਜਾਂ ।
ਲੋਕਾਂ ਦੀਆਂ ਭੈਣਾਂ ਕਦੀ, ਜਦ ਰੱਖੜੀ ਨੇ ਬੰਨ੍ਹਦੀਆਂ
ਆਸਾਂ ਉਮੈਦਾਂ ਟੁਟਦੀਆਂ, ਓਦੋਂ ਨੇ ਮੇਰੇ ਮਨ ਦੀਆਂ ।
ਭਾਪਾ ਕਿਥੇ ਭਾਪਾ ਕਿਥੇ, ਕਹੰਦੇ ਰਹੰਦੇ ਨੇ ਬਾਲ ਦੋ
ਭਰਜਾਈ ਸੁਕ ਕੇ ਹੋ ਗਈ ਤੀਲਾ, ਬੀਤੇ ਨੇ ਸਾਲ ਦੋ ।
ਪਲ ਪਲ ਹੈ ਰਹੰਦੀ ਝੂਰਦੀ, ਦਰਸ਼ਨ ਉਹਦੇ ਨੂੰ ਲੋਚਦੀ
ਦਿਲ ਦੀ ਫੱਟੀ ਤੇ ਓਸਦੇ, ਨਕਸੇ ਵੇ ਲਿਖ ਲਿਖ ਪੋਚਦੀ ।
ਵੇਖਾਂ ! ਮੈਂ ਓਹਦੇ ਪਿਆਰ ਨੂੰ ਅਜ ਮੇਰੇ ਵੇਹੜੇ ਆਏ ਉਹ
ਆਸਾਂ ਦੀ ਪੱਕੀ ਆਣ ਕੇ, ਪਹਲੀ ਜੇ ਰੋਟੀ ਖਾਏ ਉਹ ।
ਦੇਹੀ 'ਚ ਉਹਦੇ 'ਨੂਰ' ਦੀ, ਏਦਾਂ ਸੀ ਹੋ ਕੋਈ ਲੋ, ਗਈ
ਪੈਰਾਂ ਤੋਂ ਲੈ ਕੇ ਸੀਸ ਤਕ, ਨਾਨਕ ਹੀ ਨਾਨਕ ਹੋ ਗਈ ।
ਚੌਕੇ 'ਚ ਲਾਗੇ ਸੱਦ ਕੇ, ਹੁਣ ਨਹੀਂ ਮੈਂ ਕਹਣੋਂ ਉੱਕਣਾ
'ਠੱਗਾਂ ਨੂੰ ਫਿਰਦਾ ਤਾਰਦਾ, ਸਾਡੇ ਨਾ ਨੇੜੇ ਢੁਕਣਾ' ।
ਤੇਰਾ ਤੇ ਚਕਰਵਰਤੀਆ, ਪੈਂਡਾ ਨਹੀਂ ਏ ਮੁੱਕਣਾ
ਹੰਝੂ ਵਹਾ ਕੇ ਰਾਤ ਦਿਨ, ਵੀਰਾ ਨਹੀਂ ਮੈਂ ਸੁਕਣਾ ।
ਜੇਹੜੇ ਪਿਆਰੇ ਬਾਪ ਨੇ, ਝਿੜਕਾਂ ਸੀ ਤੈਨੂੰ ਦਿੱਤੀਆਂ
ਦਿਨ ਨੂੰ ਵੇ ਉਹੋ ਝੂਰਦਾ, ਰਾਤੀਂ ਵੇ ਗਿਣਦਾ ਖਿੱਤੀਆਂ ।
ਹੋਇਆ ਕੀ, ਜੇ 'ਬਾਪੂ' ਕਦੀ, ਗਹਣੇ ਲੁਟੌਂਦਾ ਤੱਕ ਕੇ
ਵੀਰਾ ਚਪੇੜਾਂ ਮਾਰੀਆਂ, ਤੇਰੇ ਸੀ ਦੋ ਕੁ ਅੱਕ ਕੇ ।
ਭੋਰਾ ਕੁ ਜਿੰਨੀ ਗੱਲ ਤੋਂ, ਕੋਰਾ ਕਰਾਰਾ ਹੋ ਗਿਓਂ
ਘਰ ਦੇ ਭੁਲਾ ਕੇ ਆਪਣੇ, ਖ਼ਲਕਤ ਦਾ ਪਿਆਰਾ ਹੋ ਗਿਓਂ ।
ਤੇਰੇ 'ਚ ਸਾਡੀ ਜਾਨ ਵੇ, ਪੌਨਾ ਏਂ ਏਵੇਂ ਫਿੱਕ ਤੂੰ,
ਸਾਨੂੰ ਮਿਲਣ ਦੀ ਲੋੜ ਵੇ, ਧੇਲਾ ਨਾ ਦੇਹ ਖਾਂ ਇਕ ਤੂੰ ।
ਆਖੂੰਗੀ ਵੀਰਾ ਮੇਰਿਆ ਕਪੜੇ ਸੰਵਾ ਦਊਂ ਮੇਚ ਦੇ
ਲੈ ਖਾਂ ਤੂੰ ਗਹਣੇ ਭੈਣ ਦੇ, ਭਾਵੇਂ ਪਟਾਰੀ ਵੇਚ ਦੇ ।
ਕਹਣਾ ਏਂ ਮੈਨੂੰ ਓਸ ਨੇ, ਭੈਣੇਂ ਨਹੀਂ ਘਬਰਾਈ ਦਾ
ਆਖੂੰ ਵਿਛੋੜੇ ਵਾਲੜਾ, ਮੌਹਰਾ ਨਹੀਂ ਏ ਖਾਈ ਦਾ ।
ਕਹਣਾ ਏਂ ਓਹਨੇ ਰੋਏਂ ਕਿਉਂ, ਅੱਖੀਆਂ ਜਾਂ ਰੋ ਕੱਜੀਆਂ
ਆਖੂੰਗੀ ਵੀਰਾ ਵੇਖ ਕੇ, ਇਹ ਪਾਪਣਾਂ ਨਹੀਂ ਰੱਜੀਆਂ ।
ਉਸਨੇ ਕਿਹਾ ਜਾ ਭੈਣ ਘਰ, ਨਹੀਂ ਵੀਰ ਆ ਰਹੰਦੇ ਕਦੀ
ਆਖੂੰਗੀ ਏਡੇ ਦੂਰ ਜਾ ਵਿਛੜੇ ਭੀ ਨਹੀਂ ਰਹੰਦੇ ਕਦੀ ।
ਕਹਣਾ ਏ ਓਹਨੇ ਭੋਲੀਏ, ਗੱਲਾਂ ਨੇ ਇਹ ਤਾਂ ਛੋਟੀਆਂ
ਆਖੂੰਗੀ ਲੈ ਜਾ ਨਾਲ 'ਉਹ', ਕਿਦਾਂ ਨੇ ਲਾਟਾਂ ਬਲਦੀਆਂ
ਪਲਪਲ ਤੜਫਦੀ ਵੇਖ ਕੇ, ਸੀਨੇ ਤੇ ਛੁਰੀਆਂ ਚਲਦੀਆਂ ।
ਭੈਣੇ ਸੁਦੈਣੇ ਮੇਰੀਏ, ਉਹਨੇ ਕਿਹਾ ਜਾ ਬਹੁ ਤੂੰ
ਆਖੂੰਗੀ ਵੀਰਾ ਮੇਰਿਆ, ਅੱਜ ਦੀ ਦਿਹਾੜੀ ਰਹੁ ਤੂੰ ।
ਲਾਲੇ ਤੇ ਮਾਂ ਨੂੰ ਸੱਦ ਕੇ ਮੂੰਹ ਤੇ ਨੇ ਗੱਲਾਂ ਕਰਨੀਆਂ
ਇਹ ਜਿੰਦ ਨੂੰ ਮੁਸੀਬਤਾਂ, ਜੋ ਜੋ ਨੇ ਪਈਆਂ ਜਰਨੀਆਂ ।
ਮੇਰੇ ਮਿਲਣ ਨੂੰ ਚਿੱਤ ਜੋ, ਫਿਰ ਭੀ ਨਾ ਓਹਦਾ ਮੰਨਿਆ
ਆਖੂੰਗੀ 'ਚਰਖੀ' ਦਾਜ ਦੀ, ਲੈ ਜਾਹ ਤੂੰ ਅਪਣੀ ਚੰਨਿਆ ।
ਤੜਕੇ ਕਦੀ ਜੇ ਉੱਠ ਕੇ, ਪੂਣੀ ਹਾਂ ਕੱਤਣ ਲੱਗਦੀ
ਮੁਲਖਾਂ ਤੋਂ ਬਾਹਰੀ ਆਣਕੇ, ਇਸ ਵਿਚ ਹਵਾ ਏ ਵੱਗਦੀ ।
ਹਰ, ਹਰ ਘੁਮਾਟੇ ਵਿਚ ਆ, ਏਦਾਂ ਨੇ ਗੂੰਜਾਂ ਪੈਂਦੀਆਂ
ਸੂਤਰ ਦੀਆਂ ਤਾਰਾਂ ਪਈਆਂ, ਨਾਨਕ ਹੀ ਨਾਨਕ ਕਹੰਦੀਆਂ ।
ਸੁਫ਼ਨਾ ਜਿਹਾ ਬਣ ਆਂਵਦੀ, ਤੇਰੀ ਪਿਆਰੀ ਪ੍ਰੀਤ ਵੇ
ਮੂੰਹੋਂ ਅਵੱਸੋਂ ਨਿਕਲਦਾ, ਨਾਨਕ ਹੀ ਨਾਨਕ ਗੀਤ ਵੇ ।
ਫਿਰ ਫਿਰ ਕੇ ਧਾਗਾ ਮਾਹਲ ਦਾ, ਘੂੰ ਘੂੰ ਜਾ ਕਰਕੇ ਘੁੰਮਦਾ
ਅੰਦਰ ਤੇ ਵੇਹੜੇ ਵਿਚ ਆ, ਨਾਨਕ ਹੀ ਨਾਨਕ ਧੁਮਦਾ ।
ਪਿੱਤਲ ਦੇ ਫੁੱਲ ਸ਼ੀਸ਼ੇ ਜੜੇ, ਚਰਖੇ 'ਚ ਜੋ ਨੇ ਵੀਰ ਵੇ
ਓਹਨਾਂ 'ਚ ਬੈਠੀ ਜਾਪਦੀ, ਮੈਨੂੰ ਤੇਰੀ ਤਸਵੀਰ ਵੇ ।
ਨਹੀਂ ਤੇ ਸਾਡੇ ਕੋਲ ਰਹੁ ਇਹ ਲਾਹ, ਫ਼ਕੀਰੀ ਵੇਸ ਦਿਹ
ਹਰ ਰੋਜ਼ ਦੇ ਕਲਪੌਣ ਦੀ, ਅੱਜ ਤੋਂ ਹੀ ਪੱਟੀ ਮੇਸ ਦਿਹ ।
ਏਨ੍ਹਾਂ ਦਲੀਲਾਂ ਵਿਚ ਉਹ, ਚੁਲ੍ਹੇ ਦੇ ਲਾਗੇ ਆਣ ਕੇ
ਰੋਟੀ ਪਕਾਵਣ ਲਗ ਪਈ, ਨਾਨਕ ਨੂੰ ਔਂਦਾ ਜਾਣ ਕੇ ।
ਰੀਝਾਂ ਪ੍ਰੀਤਾਂ ਨਾਲ ਉਸ, ਪਹਲੀ ਜਾਂ ਰੋਟੀ ਪਾਈ ਸੀ
ਬਾਹਰੋਂ ਕਿਸੇ ਨੇ ਆਣ ਕੇ, ਕੁੰਡੀ ਜ਼ਰਾ ਖੜਕਾਈ ਸੀ ।
ਵਿਚੇ ਹੀ ਆਟਾ ਛਡ ਕੇ, ਬੂਹਾ ਜਾ ਓਹਨੇ ਖੋਲ੍ਹਿਆ
ਰਾਜ਼ੀ ਏਂ ਭੈਣੇ ਮੇਰੀਏ, 'ਨਾਨਕ' ਸੀ ਅੱਗੋਂ ਬੋਲਿਆ ।
ਬਾਹਾਂ ਗਲੇ ਵਿਚ ਪਾ ਕੇ, ਏਦਾਂ ਲਗੀ ਕੁਰਲਾਨ ਸੀ
ਨਾਨਕ ਹੀ ਉਹਦੇ ਪ੍ਰਾਣ ਸਨ, ਨਾਨਕ ਹੀ ਉਹਦੀ ਜਾਨ ਸੀ ।
ਵੀਰਾ ਤੂੰ ਕੇਹੜੇ ਦੇਸ ਵਿਚ, ਜਾ ਕੇ ਨੇ ਡੇਰੇ ਲਾ ਲਏ
ਪਾਟੇ ਪੁਰਾਣੇ ਕਪੜੇ ਰੇਸ਼ਮ ਨੂੰ ਛੱਡ ਕੇ ਪਾ ਲਏ ।
ਅਗੋਂ ਗੁਰੂ ਜੀ ਬੋਲਦੇ, ਖਿਚਿਆ ਏ ਤੇਰੀ ਪ੍ਰੀਤ ਨੇ
ਤਾਰਾਂ ਹਿਲਾਈਆਂ ਦਿਲ ਦੀਆਂ, ਤੜਕੇ ਦੇ ਇਕੋ ਗੀਤ ਨੇ ।
ਜਫੀਆਂ ਦੋ ਪੌਂਦੇ ਬਾਲ ਸਨ, ਪੈਰਾਂ ਤੇ ਪਈ ਸੀ 'ਜਾਨਕੀ'
ਉਹ ਨਾਨਕੀ ਨਾਨਕ ਦਿਸੇ, ਨਾਨਕ ਸੀ ਦਿਸਦਾ ਨਾਨਕੀ ।

19. ਹੀਰ ਦਾ ਮਕਬਰਾ

ਜੇਹੜੀ ਪਰੀ ਨੂੰ ਧੁੱਪੇ ਸਵਾਲਿਆ ਈ,
ਉਹਦੇ ਨਾਜ਼ ਨਾ ਛਾਵੇਂ ਸਵਾਲ ਸਕਿਓਂ ।
ਜੇਹਦੀ ਮੇਢੀ ਤੇ ਅੱਖ ਪੰਜਾਬ ਦੀ ਸੀ,
ਉਹਦੇ ਵਾਲ ਨਾ ਖੁਲ੍ਹੇ ਸੰਭਾਲ ਸਕਿਓਂ ।
ਜੇਹਦੀ ਸੇਜ ਝਨਾਂ ਦੀ ਹਿੱਕ ਤੇ ਸੀ,
ਉਹਦਾ ਧੋ ਨਾ ਉਤੋਂ ਰੁਮਾਲ ਸਕਿਓਂ ।
ਜਲੀ ਇਸ਼ਕ ਦੀ ਲਾਟ ਤੇ ਸ਼ਮ੍ਹਾਂ ਜੇਹੜੀ,
ਉਹਦੀ ਕਬਰ ਤੇ ਦੀਵਾ ਨਾ ਬਾਲ ਸਕਿਓਂ ।
ਕੀ ਹੋਇਆ ਜੇ ਜੱਟਾਂ ਦੀ ਕੁੜੀ ਸੀ ਉਹ,
ਵੈਰੀ ਲਖ ਸਨ ਖੇੜੇ ਸਿਆਲ ਉਹਦੇ ।
ਰਾਂਝਾ ਹੁੰਦਾ ਤੇ ਮੋਤੀ ਪਰੋ ਦਿੰਦਾ,
ਮੋਈ ਪਈ ਦੇ ਵੀ ਵਾਲ ਵਾਲ ਉਹਦੇ ।

ਇਹ ਉਹ ਪਰੀ ਹੈ ਖੋਹ ਕੇ ਖੰਭ ਜੇਹਦੇ,
ਸਿਆਲਾਂ ਖੇੜਿਆਂ ਦੀ ਮਹਲੀਂ ਤਾੜਿਆ ਸੀ ।
ਇਹ ਉਹ ਕਲੀ ਏ ਜੇਹੜੀ ਆਜ਼ਾਦ ਰੂਹ ਨੂੰ,
ਮੁੱਲਾਂ ਸ਼ਰ੍ਹਾ ਦੀ ਅੱਗ ਵਿਚ ਸਾੜਿਆ ਸੀ ।
ਇਹ ਉਹ ਮੱਛੀ ਦਰਿਆ ਝਨਾਂ ਦੀ ਏ,
ਜਿਸ ਦਾ ਜਿਉਂਦੀ ਦਾ ਢਿੱਡ ਪਾੜਿਆ ਸੀ ।
ਇਹ ਉਹ ਨਾਜ਼ ਨੇ ਰਾਂਝੇ ਤੋਂ ਵਿਛੜੇ ਜਾਂ,
ਉਹਦਾ ਤਖ਼ਤ-ਹਜ਼ਾਰਾ ਉਜਾੜਿਆ ਸੀ ।
ਮਰਦੀ ਵਾਰ ਵੀ ਕਹ ਗਈ ਰੂਹ ਜਿਸਦੀ,
"ਮੈਂ ਤੇ ਰੁਲੀ ਪਰ ਰਾਂਝੇ ਨੂੰ ਰੋਲਣਾ ਨਾ ।
ਜਿਧਰ ਪਿੰਡ ਹੋਵੇ ਮੇਰੇ ਪੇਕਿਆਂ ਦਾ,
ਉਸ ਬੰਨੇ ਦੀ ਬਾਰੀ ਵੀ ਖੋਲ੍ਹਣਾ ਨਾ" ।

ਏਹਨੇ ਯਾਰ ਦਾ ਸੱਥਰ ਕਬੂਲ ਕੀਤਾ,
ਅੱਗ ਖੇੜਿਆਂ ਦੇ ਮਹਲੀਂ ਲਾ ਦਿੱਤੀ ।
ਆਪ ਰੋਈ ਬਰੇਤੇ ਵਿਚ ਵਾਂਗ ਮੱਛੀ,
ਮੰਜੀ ਨੈਣਾਂ ਵਿਚ ਚਾਕ ਨੂੰ ਡਾਹ ਦਿੱਤੀ ।
ਏਹਦੇ ਛੱਲੇ ਦੇ ਬੌਰ ਦੀ ਛਣਕਣੀ ਨੇ,
ਵਾਰਸ ਸ਼ਾਹ ਦੀ ਕਲਮ ਮਚਾ ਦਿੱਤੀ ।
ਜਿਹਨੂੰ ਸਿਆਲਾਂ ਬੁਝਾ ਕੇ ਦਬਿਆ ਸੀ,
ਉਹਨੇ ਮੋਈ ਹੋਈ ਨਾਰ ਜਗਾ ਦਿੱਤੀ ।
ਜਿਹਨੂੰ ਧੀ ਕਹਣਾ ਐਬ ਸਮਝਦੇ ਸੀ,
ਉਹਦੀ ਇਸ ਤਰ੍ਹਾਂ ਪੂਜ ਕਰਵਾ ਦਿੱਤੀ ।
ਵੱਡੇ ਵੱਡੇ ਮੁਲਾਣਿਆਂ ਮੋਮਨਾਂ ਤੋਂ,
ਉਹਦੀ ਕਲਾ ਨੇ ਮਾਈ ਅਖਵਾ ਦਿੱਤੀ ।

ਕੀ ਹੋਇਆ ਜੇ ਰਾਂਝਣੇ ਕੰਨ ਪਾੜੇ,
ਮੈਂ ਕੁਰਬਾਨ ਕੁਰਬਾਨੀਆਂ ਤੇਰੀਆਂ ਦੇ ।
ਜਿਸਦੇ ਹੁਸਨ ਤੇ ਇਸ਼ਕ ਦੀ ਲਾਲ ਰੱਤੀ,
ਚੜ੍ਹ ਕੇ ਤੁਲ ਗਈ ਨਾਲ ਪਸੇਰੀਆਂ ਦੇ ।
ਸੱਤਾਂ ਅੰਦਰਾਂ ਦੇ ਵਿਚ ਕੈਦ ਰਹ ਕੇ,
ਤਾਂ ਵੀ ਚਾਕ ਹੰਢਾਈਏ ਲਵੇਰੀਆਂ ਦੇ ।
ਜਿਸ ਨੇ ਲੱਖ ਦੁਲੱਤੇ ਸਹਾਰ ਲਏ,
ਸਹਤੀ ਵਰਗੀਆਂ ਅਲਕ ਵਛੇਰੀਆਂ ਦੇ ।
ਇਹ ਕਸੂਰ ਸਿਆਲਾਂ ਦਾ ਹੈ ਸਾਰਾ,
ਕਿਉਂ ਨਾ ਰਾਂਝੇ ਦੀ ਨਾਰ ਬਣਾ ਦਿੱਤੀ ।
ਜਿਨ੍ਹਾਂ ਨੱਕ ਦੀ ਸ਼ਰਮ ਦੀ ਧਾਰ ਉਤੇ,
ਧੀ ਕਲੀ ਜਹੀ ਜ਼ਬ੍ਹਾ ਕਰਵਾ ਦਿੱਤੀ ।

ਮੋਈ ਪਈ ਏ ਜਿਸ ਫ਼ਿਰਾਕ ਅੰਦਰ,
ਜੇ ਉਹ ਹੁੰਦਾ ਤੇ ਮੌਤ ਨੂੰ ਮਾਰ ਦਿੰਦਾ ।
ਏਹਦੀ ਮਹੰਦੀ ਦੇ ਫੁੱਲਾਂ ਦੀ ਲਾਲੜੀ ਤੋਂ,
ਪਰੀਆਂ ਹੁਣ ਦੀਆਂ ਦੇ ਹੋਠ ਵਾਰ ਦਿੰਦਾ ।
ਹੰਝੂ ਡੋਲ੍ਹ ਕੇ ਕਬਰ ਨੂੰ ਧੋ ਦਿੰਦਾ,
ਥਾਂ ਥਾਂ ਹੀਰੇ ਤੇ ਪੰਨੇ ਖਿਲਾਰ ਦਿੰਦਾ ।
ਏਹਦੀ ਜੁੱਤੀ ਨੂੰ ਸੋਨੇ ਦਾ ਤਲਾ ਲਾ ਕੇ,
ਸਿਆਲਾਂ ਖੇੜਿਆਂ ਦੇ ਮੂੰਹ ਤੇ ਮਾਰ ਦਿੰਦਾ ।
ਸੁਹਣੀ ਤਾਜ ਮਹੱਲ ਦੀ ਸੰਗਮਰਮਰ,
ਏਹਦੀ ਲੌਂਗ ਦੀ ਚੂਨੀ ਤੋਂ ਵਾਰ ਦਿੰਦਾ ।
ਚਹੁੰ ਇਟਾਂ ਦਾ ਮਕਬਰਾ ਗੱਲ ਕੀ ਸੀ,
ਇਥੇ ਹੀਰ-ਮਹੱਲ ਉਸਾਰ ਦਿੰਦਾ ।

20. ਜਾਗ ਮੁਸਾਫ਼ਰ

ਓ ਮੁਸਾਫ਼ਰ ਸੌਣ ਵਾਲੇ ਗਾਫ਼ਲਾ ਤੂੰ ਜਾਗ ਹੁਣ
ਸੁੱਤਿਆਂ ਸਾਜ਼ਾਂ ਦੀਆਂ ਤਾਰਾਂ ਤੇ ਜਾਗੇ ਰਾਗ ਹੁਣ ।

ਆ ਗਈਆਂ ਕਲੀਆਂ ਤੇ ਬਾਗਾਂ ਵਿਚ ਨੇ ਹੁਣ ਮਸਤੀਆਂ
ਭੌਰਿਆਂ ਦੇ ਇਸ਼ਕ ਨੂੰ ਹੁਣ ਸੁਝਦੀਆਂ ਖਰਮਸਤੀਆਂ
ਹੁਣ ਜਵਾਨੀ ਨੂੰ ਨਚਾਇਆ ਜਾਏਗਾ ਤਲਵਾਰ ਤੇ
ਫੇਰ ਹੁਣ ਇਸ ਦਾ ਲਹੂ ਕੁਦੇਗਾ ਚੜ੍ਹ ਕੇ ਦਾਰ ਤੇ
ਹੁਣ ਗਵਾਚੇ ਮਿਲਣਗੇ ਲੱਖਾਂ ਯਤੀਮਾਂ ਦੇ ਨਸੀਬ
ਦੇਸ਼ ਦੇ ਰੋਂਦੇ ਹਸਾਏ ਜਾਣਗੇ ਬੇਜ਼ਰ ਗ਼ਰੀਬ ।
ਓ ਮੁਸਾਫ਼ਰ ਸੌਣ ਵਾਲੇ………

ਉਬਲਿਆ ਹੈ ਖ਼ੂਨ ਹੁਣ ਇਸ ਦੇਸ਼ ਦੇ ਬਲਵਾਨ ਦਾ
ਹੁਣ ਜਵਾਨੀ ਦੇ ਪਰਾਂ ਵਿਚ ਚਾਉ ਹੈ ਉੱਡ ਜਾਣ ਦਾ
ਲਾਹ ਲਇਆ ਹੈ ਘੁੰਡ ਇਸ ਦਾ ਵਤਨ ਦੀ ਤਲਵਾਰ ਨੇ
ਹੁਣ ਹੁਸਨ ਦੇ ਨੱਪੇ ਹੋਏ ਮਘ ਪਏ ਅੰਗਿਆਰ ਨੇ
ਹੁਣ ਫੁੱਲਾਂ ਨੇ ਨੇਜ਼ਿਆਂ ਦੇ ਸਿਰ ਤੇ ਚੜ੍ਹ ਕੇ ਹੱਸਣਾ
ਹੁਣ ਕਿਸੇ ਬੁਲਬੁਲ ਦਾ ਘਰ ਇਹ ਉਜੜਿਆ ਫਿਰ ਵਸਣਾ ।
ਓ ਮੁਸਾਫ਼ਰ ਸੌਣ ਵਾਲੇ………

ਹੁਣ ਵਤਨ ਦੇ ਦਰਦ ਤੇ ਮਲ੍ਹਮਾਂ ਨੇ ਲਾਈਆਂ ਜਾਣੀਆਂ
ਦੱਬੀਆਂ ਇਹ ਸੱਧਰਾਂ ਕੱਢ ਕੇ ਵਿਖਾਈਆਂ ਜਾਣੀਆਂ
ਬੁਲਬੁਲਾਂ ਨੇ ਦੱਸਣੇ ਨੇ ਜ਼ਖ਼ਮ ਹੁਣ ਸੱਯਾਦ ਨੂੰ
ਪੱਤਿਆਂ ਦੇ ਵਰਕਿਆਂ ਤੇ ਲਿਖ ਕੇ ਪਿਛਲੀ ਯਾਦ ਨੂੰ
ਹੁਣ ਭਰਾਵਾਂ ਨੇ ਭਰਾਵਾਂ ਦਾ ਲਹੂ ਪੀਣਾ ਨਹੀਂ
ਤੇ ਗ਼ੁਲਾਮਾਂ ਨੇ ਗ਼ੁਲਾਮਾਂ ਵਾਂਗ ਹੁਣ ਜੀਣਾ ਨਹੀਂ ।
ਓ ਮੁਸਾਫ਼ਰ ਸੌਣ ਵਾਲੇ………

ਪੰਜ ਦਰਿਆਵਾਂ ਦੇ ਪਾਣੀ ਵਿਚ ਉਬਾਲੇ ਆਉਣਗੇ
ਡੁੱਬੀਆਂ ਕਈ ਸੋਹਣੀਆਂ ਦੇ ਦਿਲ ਉਛਾਲੇ ਖਾਉਣਗੇ
ਜ਼ੁਲਫ਼ ਦੇ ਮੂੰਹ 'ਚੋਂ ਡਿਗੇਗੀ ਬੂੰਦ ਸੜ ਕੇ ਜ਼ਹਰ ਦੀ
ਹੁਸਨ ਨੂੰ ਰੰਗਣ ਚੜ੍ਹਾਈ ਜਾਏਗੀ ਹੁਣ ਕਹਰ ਦੀ
ਹਿੰਦ ਦੀ ਇਕ ਇਕ ਕੁੜੀ ਹੁਣ ਪਦਮਨੀ ਬਣ ਜਾਏਗੀ
ਸਾੜ੍ਹੀ ਦੇ ਲੱਪੇ ਦੀ ਥਾਂ ਤਲਵਾਰ ਬੰਨ੍ਹ ਕੇ ਆਏਗੀ ।
ਓ ਮੁਸਾਫ਼ਰ ਸੌਣ ਵਾਲੇ………

21. ਪੂਜਾ

ਮੰਦਰੀਂ ਜਾ ਕੇ ਪੂਜਾ ਕਰਨੀ, ਮੈਂ ਇਕ ਤਰਲਾ ਜਾਣਾ
ਫ਼ਰਜ਼ੀ ਇਕ ਭਗਵਾਨ ਬਣਾਉਣਾ, ਇਹ ਗੁਨਾਹ ਪੁਰਾਣਾ ।

ਬਗਲਾਂ ਵਿਚ ਲਕੋ ਕੇ ਛੁਰੀਆਂ, ਨੀਵਾਂ ਹੋਵਣ ਚੋਖਾ
ਸਾਧਾਂ ਦੇ ਬੁਰਕੇ ਦੇ ਅੰਦਰ, ਫਿਰਣ ਲਕੋਈ ਧੋਖਾ ।

ਮੈਂ ਉਸ ਥਾਂ ਦੀ ਪੂਜਾ ਕਰਦਾ, ਭਾਵੇਂ ਪੱਧਰ ਹੋਵੇ
ਪੈਰ ਧਰਾਂ ਜਿਸ ਥਾਂ ਦੇ ਉਤੇ, ਉਹ ਥਾਂ ਛਮ ਛਮ ਰੋਵੇ ।

ਜਿਸ ਥਾਂ ਮਾਲੀਆਂ ਹੱਥੋਂ ਖੋਹ ਖੋਹ, ਕਲੀਆਂ ਫੁੱਲ ਮਧੋਲੇ
ਮਿੱਟੀ ਪਾ ਪਾ ਦੱਬੇ ਜਿਸ ਥਾਂ ਕੱਚੇ ਧੁਖਦੇ ਕੋਲੇ ।

ਸੁੱਤੇ ਪਏ ਸ਼ਹੀਦ ਅਨੇਕਾਂ ਜਿਸ ਧਰਤੀ ਦੇ ਅੰਦਰ
ਓਹੋ ਮੇਰੇ ਕਾਬੇ ਮਸਜਦ, ਓਹੋ ਮੇਰੇ ਮੰਦਰ ।

ਮੈਂ ਉਸ ਰੱਬ ਨੂੰ ਰੱਬ ਨਾ ਜਾਣਾ, ਪੱਥਰ ਜਾਂ ਤਸਵੀਰਾਂ
ਮੇਰੀਆਂ ਜੇਹੜਾ ਲਾਹ ਨਾ ਸਕਿਆ, ਗ਼ੈਰਾਂ ਦੀਆਂ ਜ਼ੰਜੀਰਾਂ ।

ਨਮਸਕਾਰ ਹੈ ਉਸ ਧਰਤੀ ਨੂੰ, ਜੇਹੜੀ ਧਰਤੀ ਬੋਲੇ
ਵੱਢੀਆਂ ਟੁਕੀਆਂ ਹੱਡੀਆਂ ਨਿਕਲਣ, ਜਦੋਂ ਪੁਜਾਰੀ ਫੋਲੇ ।

ਮੈਂ ਨਹੀਂ ਚਾਹੁੰਦਾ ਲੋਕ-ਦਿਖਾਵਾ, ਮਾਲਾ ਤਸਬੀ ਫੇਰਾਂ
ਇਕ ਲਹੂ ਦਾ ਕਤਰਾ ਵੇਖਾਂ, ਬੁਕ ਬੁਕ ਹੰਝੂ ਕੇਰਾਂ ।

ਧੰਨ ਉਹ ਮਾਵਾਂ, ਧੰਨ ਉਹ ਬੰਦੇ, ਜਿਨ੍ਹਾਂ ਦੇ ਇਹ ਹੀਰੇ
ਧੰਨ ਉਹ ਦੇਵੀ ਜਿਸ ਦੇ ਦਿਉਤੇ, ਵੇਖ ਨਾ ਸਕੇ ਕਲੀਰੇ ।

'ਨੂਰਪੁਰੀ' ਉਹ ਅਸਲੀ ਦਿਉਤੇ, ਜਗ ਵਿਚ ਥੋੜ੍ਹਾ ਵਸ ਗਏ
ਦੁਨੀਆਂ ਨੂੰ ਇਕ ਜ਼ਿੰਦਗੀ ਦੇ ਗਏ, ਮਰ ਕੇ ਜਿਊਣਾ ਦਸ ਗਏ ।

22 ਚਿੱਤਰਕਾਰ

ਓ ਦੁਨੀਆਂ ਦੇ ਚਿੱਤਰਕਾਰ !
ਬੜੇ ਅਨੋਖੇ ਬੁੱਤ ਘੜੇ ਨੀ, ਚੰਗੇ ਕੀਤੇ ਨਕਸ਼ ਤਿਆਰ
ਚੁਕ ਪੁਰਾਣਾ ਚਿੱਤਰ ਅਪਣਾ, ਹੋਰ ਨਵਾਂ ਕੋਈ ਕਰ ਤਿਆਰ
ਇਕ ਹੱਥ ਦੇ ਵਿਚ ਮਾਲਾ ਤਸਬੀ, ਦੂਜੇ ਦੇ ਵਿਚ ਤੀਰ ਕਟਾਰ
ਇਕ ਢੀਂਗਰ ਨੂੰ ਪੈਣ ਕੁਹਾੜੇ, ਜਿਸ ਤੇ ਵੇਖੀ ਕਲ੍ਹ ਬਹਾਰ
ਫੁੱਲਾਂ ਦਿਆਂ ਲਿਬਾਸਾਂ ਹੇਠਾਂ, ਜਾਂ ਡਿੱਠਾ ਤੇ ਵੇਖੇ ਖਾਰ
ਇਕ ਘਰ ਚੜ੍ਹੇ ਰਾਤ ਨੂੰ ਸੂਰਜ; ਦੂਜੇ ਘਰ ਵਿਚ ਅੰਧ-ਗੁਬਾਰ
ਸੇਹਰੇ ਇੱਕੋ, ਖਾਰੇ ਇੱਕੋ, ਇੱਕੋ ਜਹੇ ਸਭ ਗੱਭਰੂ ਨਾਰ
ਇਕ ਸਵਰਗਾਂ ਦੇ ਲੈਣ ਹੁਲਾਰੇ, ਇਕ ਸੜਕਾਂ ਤੇ ਹੋਣ ਖਵਾਰ
ਸੱਪ ਬਣਾ ਕੇ ਕੀ ਤੂੰ ਖੱਟਿਆ, ਕਾਫੀ ਸਨ ਇਹ ਰਿਸ਼ਤੇਦਾਰ
ਸੂਹੇ ਸੂਹੇ ਬੁਲ੍ਹਾਂ ਦੇ ਵਿਚ ਮੋਤੀਆਂ ਵਰਗੀ ਸੁੰਦਰ ਡਾਰ
ਚੰਨਣ ਵਰਗੀ ਸੁੰਦਰ ਦੇਹੀ ਓੜਕ ਨੂੰ ਹੋ ਗਈ ਅੰਗਿਆਰ
ਬੱਚੇ ਖਾਣੇ ਬੰਦੇ ਵੇਖੇ, ਨਿਗਲੀ ਜਾਂਦੇ ਬਿਨਾਂ ਡਕਾਰ
ਓ ਦੁਨੀਆਂ ਦੇ ਚਿੱਤਰਕਾਰ !

ਵਸਦੇ ਇਕ ਗਿਰਾਂ ਦੇ ਲਾਗੇ, ਵੱਸਦਾ ਏ ਇਕ ਕਬਰਸਤਾਨ
ਕਈ ਗਭਰੂ ਤੇ ਬੁੱਢੇ ਬੱਚੇ, ਦੱਬੀ ਬੈਠੇ ਨੇ ਸ਼ਮਸ਼ਾਨ
ਸੁੱਧ-ਕਮਾਨਾਂ, ਠੀਕ ਨਿਸ਼ਾਨੇ, ਖੂੰਜੇ ਬੈਠੇ ਕੁਲ ਨਿਸ਼ਾਨ
ਭੁਲ ਭੁਲੇਖੇ ਦੇ ਵਿਚ ਮਰ ਗਏ, ਬੱਤੀ ਦੰਦ ਤੇ ਇਕ ਜ਼ਬਾਨ
ਮੂਰਖ ਰਾਜਾ ਬੜਾ ਸਿਆਣਾ, ਚਾਤਰ ਮੂਰਖ ਨੇ ਦਰਬਾਨ
ਚਾਂਦੀ ਦਾ ਲਿਸ਼ਕਾਰਾ ਪਾ ਕੇ ਲੁੱਟਿਆ ਜਾਂਦਾ ਏ ਇਨਸਾਨ
ਗੋਰਖ ਦੇ ਟਿੱਲੇ ਦੇ ਚੇਲੇ ਕਰ ਕਰ ਤੁਰ ਗਏ ਜੋਗ ਧਿਆਨ
ਹੀਰਾਂ ਖ਼ਾਤਰ ਆਏ ਸੀ ਜੋ ਉਹ ਕਿਉਂ ਤੇਰਾ ਜੋਗ ਕਮਾਣ
ਤੂੰ ਭਗਵਾਨ ਕੀ ਬਣਿਆ ਬੈਠਾ ਇੱਥੇ ਤੇਰੇ ਕਈ ਭਗਵਾਨ
ਜੋ ਇਹ ਕਰਦੇ ਆਪੇ ਕਰਦੇ ਤੇਰਾ ਨਹੀਂ ਕੀਤਾ ਪਰਵਾਨ
ਅਪਣੀ ਖੇਹ ਉਡਾਵਣ ਆਪੇ, ਅਪਣਾ ਇਹ ਬਣਾ ਸੰਸਾਰ
ਓ ਦੁਨੀਆਂ ਦੇ ਚਿੱਤਰਕਾਰ !

ਸੂਹੇ ਚੂੜੇ ਲਾਲ ਪੰਘੂੜੇ, ਦਿਲ ਨੂੰ ਪਾਉਂਦੇ ਦਿਲ ਦੀ ਧੂਹ
ਭੌਰੇ ਤੇ ਕਲੀਆਂ ਦੀਆਂ ਰੂਹਾਂ, ਮਿਲ ਕੇ ਹੋ ਜਾਵਣ ਇਕ ਰੂਹ
ਔੜ ਹਨੇਰੇ ਦੇ ਵਿਚ ਵਿਛੜੇ, ਫੁੱਲ ਮਿਲੇ ਨਾ ਉਹ ਖ਼ੁਸ਼ਬੂ
ਜਿਸ ਹੱਥ ਨਾਲ ਪਰੋਈ ਕੈਂਠੀ ਉਹਨੇ ਦਿੱਤੀ ਆਪੇ ਧੂਹ
ਜੂਹਾਂ ਵਿਚ ਵਗ ਚਰਦੇ ਚਰਦੇ ਅਗਲੇ ਵੱਗ ਦੀ ਬਣ ਗਏ ਜੂਹ
ਜਿਨ੍ਹਾਂ ਹੱਥਾਂ ਨੇ ਲਾਈ ਮਹੰਦੀ ਉਨ੍ਹਾਂ ਦਿੱਤੀ ਆਪੇ ਈ ਲੂਹ
ਮੋਹਲੇ ਫੜ ਫੜ ਛੜਦੀ ਜਾਂਦੀ, ਕੱਚੇ ਪੱਕੇ ਦੂਹੋ ਦੂਹ
ਜਿਨ੍ਹੀ ਨੈਣੀ ਕਜਲਾ ਪਾਇਆ, ਨੈਣਾਂ ਦੇ ਲਈ ਬਣ ਗਏ ਖੂਹ
'ਨੂਰਪੁਰੀ' ਨਾ ਮੰਜ਼ਲ ਲੱਭੀ, ਬੁੱਢੀ ਹੋ ਗਈ ਲਭਦੀ ਸੂਹ
ਨੇਕ ਅਮਲ ਨਾ ਇਕ ਵੀ ਪੱਲੇ, ਬੰਦਾ ਹੁੰਦਾ ਫਿਰੇ ਖਵਾਰ
ਓ ਦੁਨੀਆਂ ਦੇ ਚਿੱਤਰਕਾਰ !

23. ਹਿੰਦੁਸਤਾਨ ਦੀ ਤਲਵਾਰ

ਵੇਖਿਆ ਸ਼ਾਹੀ ਕਿਲਾ ਪੰਜਾਬ ਦੇ ਲਾਹੌਰ ਦਾ,
ਖ਼ੂਨ ਜਿੱਥੋਂ ਉਛਲਦਾ ਸੀ ਗੁਜ਼ਰੇ ਹੋਏ ਦੌਰ ਦਾ ।
ਵੇਖ ਲਈ ਬਹਾਦਰੀ ਇਨਸਾਫ਼ ਦੇ ਦਰਬਾਰ ਦੀ,
ਲਟਕਦੇ ਜਿੱਥੇ ਕਦਾਈਂ ਬੇਗ਼ਮਾਂ ਦੇ ਹਾਰ ਸੀ ।
ਵੇਖੀਆਂ ਉਹ ਡਿਓਢੀਆਂ ਜਿਨ੍ਹਾਂ ਦੇ ਹੇਠੋਂ ਦੀ ਕਦੀ
ਹਾਥੀਆਂ ਤੇ ਸ਼ਹਿਨਸ਼ਾਹਾਂ ਦੀ ਸਵਾਰੀ ਨਿਕਲਦੀ ।
ਫ਼ਰਸ਼ ਉਤੇ ਪੈਰ ਸਨ ਲੱਗੇ ਹੋਏ ਉਸ ਨਾਜ਼ ਦੇ,
ਤਾਰ ਜਿਸ ਦੀ ਜ਼ੁਲਫ਼ ਦੀ ਗਾਉਂਦੀ ਸੀ ਨਗਮੇ ਰਾਜ਼ ਦੇ ।
ਕੰਧ ਦੇ ਵਿਚ ਛੇਕ ਸੀ ਤੇ ਹਸਰਤਾਂ ਦੇ ਦਾਗ਼ ਸੀ,
ਹਿੰਦ ਦੀ ਕਿਸਮਤ ਦੇ ਫੁੱਲ ਕੇ ਉਜੜੇ ਹੋਏ ਬਾਗ਼ ਸੀ ।
ਡਿੱਠੇ ਇਕ ਕਮਰੇ ਦੇ ਵਿਚ ਕੁਝ ਜੰਗ ਦੇ ਹਥਿਆਰ ਸੀ,
ਕੋਲ ਇਕ ਪਈ ਲਟਕਦੀ ਸਹਮੀ ਹੋਈ ਤਲਵਾਰ ਸੀ ।

ਇਹ ਕੋਈ ਹੋਣੀ ਏਂ, ਕਾਲੀ ਸਪਣੀ ਮਾਰੀ ਹੋਈ
ਜਾਂ ਕਿਸੇ ਆਜ਼ਾਦ ਦਿਲ ਦੀ ਲਹਰ ਇਹ ਠਾਰੀ ਹੋਈ ।
ਜਾਂ ਕੋਈ ਇਹ ਆਖ਼ਰੀ ਖਾਹਿਸ਼ ਏ ਅੰਰੰਗਜ਼ੇਬ ਦੀ
ਜਾਂ ਕੋਈ ਟੁੱਟੀ ਕੜੀ ਮੁਮਤਾਜ਼ ਦੀ ਪਾਜ਼ੇਬ ਦੀ ।
ਦਾਗ਼ ਉਸ ਦੀ ਮੁੱਠ ਤੇ ਪਰਤਾਪ ਦੇ ਸੀ ਹੱਥ ਦਾ
ਵਿੰਗ ਉਸਦਾ ਜਾਪਦਾ ਸੀ, ਪਦਮਨੀ ਦੀ ਨੱਥ ਦਾ ।
ਜਾਂ ਇਹ ਅਕਬਰ ਰਾਜਪੂਤੀ ਪਿਆਰ ਦੀ ਕੋਈ ਲੁੱਛ ਏ
ਜਾਂ ਪੰਜਾਬੀ ਸ਼ੇਰ ਇਹ ਰਣਜੀਤ ਸਿੰਘ ਦੀ ਮੁੱਛ ਏ ।

ਕੌਣ ਵੇਂ ਤੂੰ ਗੋਰੀਏ, ਪਰੀਏ ਨੀ, ਕਿਰਨੇ, ਨਾਰੀਏ
ਕੀ ਕਿਸੇ ਬੇਗ਼ਮ ਦੇ ਅਬਰੂ ਦੀ ਤੂੰ ਛਾਂ ਏਂ ਪਿਆਰੀਏ ?
ਨਾ ਹੈ ਤਨ ਤੇ ਕਪੜਾ, ਬੁਰਕਾ ਨਾ ਪਰਦਾ ਖੋਲ ਏ
ਏਸ ਤੇਰੇ ਸੰਗ ਦਾ ਵਜਿਆ ਇਹ ਘਰ ਘਰ ਢੋਲ ਏ ।
ਬੁਲ੍ਹੀਆਂ ਦੇ ਵਿਚ ਤੇਰੇ ਚੁੱਪ ਕਿਉਂ ਅਟਕੀ ਹੋਈ
ਕਮਰ ਹੈ ਕੀ ਸ਼ਾਹਪਰੀ ਦੀ ਟੁੱਟ ਕੇ ਲਟਕੀ ਹੋਈ ?
ਕੀ ਤੂੰ ਉਹ ਕਾਨੀ ਨਹੀਂ ਜਹਾਂਗੀਰ ਦੇ ਦਰਬਾਰ ਦੀ,
ਪਰੀ ਬਣ ਪਿਆਲੀ ਦੇ ਵਿਚ ਜੋ ਸੈਨਤਾਂ ਸੀ ਮਾਰਦੀ ?
ਕੀ ਤੂੰ ਉਹ ਸ਼ਰਮ ਨਹੀਂ ਗ਼ੈਰਤ-ਭਰੀ ਕੋਈ ਅੱਖ ਦੀ
ਤਾਜ ਸੀ ਜਿਹੜੀ ਗ਼ੁਲਾਮਾਂ ਦੇ ਸਿਰਾਂ ਤੇ ਰੱਖਦੀ ?

ਉਛਲ ਕੇ ਤਲਵਾਰ ਕਹੰਦੀ, "ਸੁਣ ਬੁਲਾਵਣ ਵਾਲਿਆ
ਦੂਸਰੇ ਦੇ ਮੋਢੇ ਤੇ ਧਰ ਕੇ ਚਲਾਵਣ ਵਾਲਿਆ ।
ਜੇ ਤੂੰ ਹਿੰਦੁਸਤਾਨ ਦਾ ਹਿੰਦੂ ਏਂ ਏਥੋਂ ਦੂਰ ਹੋ,
ਜੇ ਕੋਈ ਤੂੰ ਮੁਸਲਮਾਂ ਏਂ, ਭੱਜ ਜਾ ਕਾਫ਼ੂਰ ਹੋ ।
ਜੇ ਕੋਈ ਤੂੰ ਸਿੱਖ ਵੇਂ ਤੇ ਡੁੱਬ ਜਾਹ ਨਾ ਨਜ਼ਰ ਆ
ਰਹਣ ਦੇ ਨੰਗੀ ਧੜੰਗੀ, ਮੇਰੇ ਤੇ ਨਾ ਪਰਦੇ ਪਾ ।
ਤੇਰੇ ਤੁੱਰੇ ਤੇ ਅਜੇ ਆਕੜ ਹੈ ਕੇਹੜੇ ਨਾਜ਼ ਦੀ ?
ਤੇਰੇ ਮੰਦਰ ਵਿਚ ਅਜੇ ਹੈ ਆਰਤੀ ਕਿਸ ਸਾਜ਼ ਦੀ ?
ਤੇਰੀ ਪੱਗ ਦੇ ਦਾਗ਼ ਜੇ ਤੈਨੂੰ ਨਜ਼ਰ ਆਉਂਦੇ ਨਹੀਂ
ਗੀਤ ਆਜ਼ਾਦੀ ਦੇ ਤੇਰੇ ਦਿਲਰੁਬਾ ਗਾਉਂਦੇ ਨਹੀਂ ।
ਫੇਰ ਮੈਨੂੰ ਜਾਣ ਕੇ ਤੂੰ ਕਿਉਂ ਸਤਾਉਨਾ ਏਂ ਪਇਆ ?
ਏਸ ਸੁੱਤੀ ਨਾਗਣੀ ਨੂੰ ਕਿਉਂ ਜਗਾਉਨਾ ਏਂ ਪਇਆ ?"

"ਫੜ ਕੇ ਮੈਨੂੰ ਹੱਥ ਵਿਚ ਭਾਈਆਂ ਨੂੰ ਮਾਰਨ ਵਾਲਿਆ,
ਖ਼ੂਨ ਪੀ ਕੇ ਮਾਉਂ ਦਾ, ਵੇ ਹਿੱਕ ਠਾਰਨ ਵਾਲਿਆ,
ਕੀ ਭਰੋਸਾ ਰਹ ਗਇਆ ਹੈ ਮੈਨੂੰ ਤੇਰੇ ਯਤਨ ਦਾ
ਅੱਜ ਤਾਈਂ ਕੀ ਬਣਾਇਆ ਹੈ ਤੂੰ ਆਪਣੇ ਵਤਨ ਦਾ ?
ਮਸਜਦਾਂ ਦੀ ਬਾਂਗ ਤੇਰੇ ਕੰਨ ਹੈ ਹੁਣ ਪਾੜਦੀ,
ਹਵਨ ਦੀ ਇਹ ਲਾਟ ਕਿਉਂ ਸੀਨਾ ਏ ਤੇਰਾ ਸਾੜਦੀ ?
ਹੱਥ ਮੈਨੂੰ ਪਾਈਂ ਨਾ, ਤੇਰਾ ਗੁਨਾਹ ਕੋਈ ਮਾਫ਼ ਨਹੀਂ
ਹੱਥ ਮੈਨੂੰ ਲਾਈਂ ਨਾ, ਤੇਰਾ ਤਾਂ ਹਿਰਦਾ ਸਾਫ਼ ਨਹੀਂ ।
ਮੇਰਾ ਕੋਈ ਆਜ਼ਾਦ ਬਾਂਕਾ, ਸ਼ਹਨਸ਼ਾਹ ਜਦ ਆਏਗਾ,
ਮੇਰੀ ਜਵਾਨੀ, ਜ਼ੋਰ ਦੀ ਆ ਕੇ ਕਦਰ ਉਹ ਪਾਏਗਾ ।
ਗੁਰੂਆਂ ਤੇ ਪੀਰਾਂ ਨੇ ਵੀ ਕੁਝ ਸੋਚਿਆ ਨਾ ਲੱਖਿਆ
ਮੰਦਰਾਂ ਤੇ ਮਸਜਦਾਂ ਦਾ ਦਰ ਨਾ ਸਾਂਝਾ ਰਖਿਆ ।
ਕੀ ਏਂ ਪੁਛਦਾ 'ਨੂਰਪੁਰੀਆ' ਕੌਣ ਕੋਈ ਨਾਰ ਹਾਂ ।
ਰਾਣੀ ਜਿੰਦਾ ਤੋਂ ਖੁਸੀ ਹੋਈ, ਹਿੰਦ ਦੀ ਤਲਵਾਰ ਹਾਂ ।"

24. ਅਰਥੀ

(ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਸਮਾਂ)

ਬੁਝ ਗਏ ਅਜ ਫ਼ਾਨੂਸ ਸ਼ਾਹੀ
ਉਜੜ ਗਏ ਜਲੂਸ ਸ਼ਾਹੀ ।
ਮਹਲਾਂ ਦੇ ਵਿਚ ਨ੍ਹੇਰਾ ਹੋਇਆ
ਅੰਨ੍ਹਾ ਚਾਰ ਚੁਫੇਰਾ ਹੋਇਆ ।
ਇਸ ਨਗਰੀ ਦੇ ਮਾਲਕ ਦੇ ਘਰ
ਕਿਸ ਪਾਪਣ ਦਾ ਫੇਰਾ ਹੋਇਆ ।

ਡਿਉਢੀ ਵਿਚ ਦਰਬਾਨ ਤੜਫਦੇ
ਕਈ ਵਜ਼ੀਰ ਦੀਵਾਨ ਤੜਫਦੇ ।
ਪਾ ਪਾ ਤੇਰੀਆਂ ਬਾਤਾਂ ਸ਼ੇਰਾ
ਈਰਾਨੀ ਅਫ਼ਗਾਨ ੜਫਦੇ ।
ਕਰ ਕਰ ਯਾਦ ਸਖ਼ਾਵਤ ਤੇਰੀ
ਗਲੀਆਂ ਵਿਚ ਨਾਦਾਨ ਤੜਫਦੇ ।
ਜੰਗਾਂ ਵਿਚ ਜਵਾਨ ਤੜਫਦੇ
ਖ਼ਾਲੀ ਵੇਖ ਕੇ ਤਖ਼ਤ ਲਾਹੌਰੀ
ਹਿੰਦੂ ਮੁਸਲਮਾਨ ਤੜਫਦੇ ।
ਵੈਰੀ ਪਿੱਟ ਪਿੱਟ ਨੀਲੇ ਹੋਏ
ਜੋਧੇ ਸੁਣ ਸੁਣ ਪੀਲੇ ਹੋਏ ।
ਮਾਈਆਂ ਪਿਟ ਪਿਰ ਸ਼ਿੰਗਰਫ਼ ਹੋਈਆਂ
ਪੱਥਰ-ਦਿਲ ਇਨਸਾਨ ਤੜਫਦੇ ।

ਖੜਕ ਸਿੰਘ ਸਿਤਾਰਾ ਤੇਰਾ
ਦਿਲ ਦਾ ਟੁਕੜਾ ਮਨ ਦਾ ਮੰਦਰ ।
ਅੱਖੀਆਂ ਦਾ ਉਹ ਤਾਰਾ ਤੇਰਾ ।
ਨਾ ਕੁਝ ਖਾਂਦਾ ਨਾ ਕੁਝ ਪੀਂਦਾ
ਕਕੂੰ ਲੁੱਛਦਾ ਪਿਆਰਾ ਤੇਰਾ ।
ਵੇਖ ਤੇ ਸਹੀ ਕੁਮਲਾਈ ਜਾਂਦਾ
ਸੁੱਟ ਚੱਲਿਆ ਏਂ ਤੋੜ ਕੇ ਜਿਸ ਨੂੰ
ਹਿੱਸ ਗਿਆ ਫੁੱਲ ਹਜ਼ਾਰਾ ਤੇਰਾ ।
ਤੈਨੂੰ ਵੇਖ ਕੇ ਢੱਠਾ ਹੋਇਆ
ਢੈਂਦਾ ਜਾਏ ਮੁਨਾਰਾ ਤੇਰਾ ।

ਰਾਣੀ ਜਿੰਦਾਂ ਜਿੰਦ ਗਵਾਵੇ
ਡਾਢੇ ਸੰਗ ਪੇਸ਼ ਨਾ ਜਾਵੇ ।
ਸ਼ੇਰ ਸਿੰਘ ਦਾ ਸ਼ੇਰ ਜੇਹਾ ਦਿਲ
ਕਾਬੂ ਵਿਚ ਨਾ ਵਸ ਵਿਚ ਆਵੇ ।
ਤੇਰੀ ਲੋਥ ਨੂੰ ਭਰੇ ਕਲਾਵੇ
ਭਜ ਭਜ ਤੈਨੂੰ ਜੱਫੀਆਂ ਪਾਵੇ ।
ਹੀਰੇ ਪੁੱਤਰ ਰੋਂਦੇ ਤਕ ਕੇ
ਹੁਣ ਭੀ ਤੈਨੂੰ ਜਾਗ ਨਾ ਆਵੇ ।

ਬਾਹਰ ਕਈ ਜਰਨੈਲ ਖੜੇ ਨੀ
ਤੈਨੂੰ ਦੇਣ ਸਲਾਮੀ ਆਏ ।
ਓੜਕ ਦੀ ਕਰਨੈਲ ਖੜੇ ਨੀ
ਕੀ ਆਂਹਦੇ ਨੇ, ਕੀ ਕਹੰਦੇ ਨੇ ?
ਸਭਨਾਂ ਦਾ ਟੋਹ ਦਿਲ ਤੇ ਲੈ ਤੂੰ ।
ਉਠੀਂ ਨਾ ਤੂੰ ਬੈਠੀਂ ਨਾ ਤੂੰ
ਬੋਲੀਂ ਨਾ ਮੂੰਹ ਖੋਲ੍ਹੀਂ ਨਾ ਤੂੰ ।
ਝਿਮਣਾ ਨਾਲ ਪਾੜ ਕੇ ਖੱਫ਼ਣ
ਨਜ਼ਰੋ ਨਜ਼ਰੀ ਮਿਲ ਤੇ ਲੈ ਤੂੰ ।

ਅਰਥੀ ਉਤੇ ਸੁੱਤਿਆ ਸ਼ੇਰਾ
ਗੂਹੜੀ ਨੀਂਦ ਵਿਗੁੱਤਿਆ ਸ਼ੇਰਾ !
ਤਾਜ਼ਾਂ ਵਾਲਿਆ ਰਾਜਾਂ ਵਾਲਿਆ
ਏਸ ਪੰਥ ਦੀਆਂ ਲਾਜਾਂ ਵਾਲਿਆ ।
ਕਿਧਰ ਵਾਗਾਂ ਮੋੜੀ ਜਾਨੈ ?
ਕਾਹਨੂੰ ਸਾਂਝਾਂ ਤੋੜੀ ਜਾਨੈ ?
ਅਪਣਾ ਸਿੱਕਾ ਆਪ ਚਲਾ ਜਾ
ਸਾਡੇ ਕੁਝ ਨਾ ਜ਼ਿੰਮੇ ਲਾ ਜਾ ।
ਤੇਰੀਆਂ ਲਿਖੀਆਂ ਤੁਹੀਉਂ ਜਾਣੇ
ਸਾਥੋਂ ਇਹ ਹਿਸਾਬ ਨਹੀਂ ਰਹਣਾ ।
ਅਜ ਭੀ ਖੁੱਸਾ ਕਲ੍ਹ ਭੀ ਖੁੱਸਾ
ਸ਼ੇਰਾ ਤੇਰੇ ਜੀਵਣ ਪਿਛੋਂ
ਸਾਡੇ ਕੋਲ ਪੰਜਾਬ ਨਹੀਂ ਰਹਣਾ ।

ਨਾਲੇ ਅਪਣਾ ਤਖ਼ਤ ਭੀ ਲੈ ਜਾ
ਨਾਲੇ ਅਪਣਾ ਬਖ਼ਤ ਭੀ ਲੈ ਜਾ
ਅਪਣਾ ਨਾਲ ਸਮਾਜ ਭੀ ਲੈ ਜਾ
ਖੱਫਣ ਵਿਚ ਲਪੇਟ ਲਵੀਂ ਤੂੰ
ਨਾਲੇ ਅਪਣਾ ਤਾਜ ਭੀ ਲੈ ਜਾ ।

ਕੇਹੜਾ ਏਹਨੂੰ ਪਹਨੂੰ ਪਾਊ ?
ਕੇਹੜਾ ਏਡੇ ਬੀੜੇ ਚਾਊ ?
ਅਟਕ ਜਹੇ ਦਰਿਆ ਨੂੰ ਕੇਹੜਾ
ਸੈਨਤ ਨਾਲ ਈ ਜਾ ਅਟਕਾਊ ?
ਤੇਰੇ ਪੁੱਤਰ ਭੁੱਲਦੇ ਫਿਰਸਨ
ਤੇਰੇ 'ਹੀਰੇ' ਰੁਲਦੇ ਫਿਰਸਨ ।
ਤੇਰਾ ਨਲਵਾ ਬਣ ਕੇ ਕੇਹੜਾ
ਦੇਸ਼ਾਂ ਦੇ ਵਿਚ ਧੁੱਮਾਂ ਪਾਊ ?
ਕੇਹੜਾ ਤੇਰਾ ਫੂਲਾ ਸਿੰਘ ਹੁਣ
ਸਿੱਖੀ ਦੇ ਬਾਗੀਚੇ ਲਾਊ ?

ਏਸ ਬੇੜੀ ਦਾ ਤੂੰ ਮੁਹਾਣਾ
ਤੂੰ ਤੁਰ ਚਲਿਉਂ ਅੱਧ ਵਿਚ ਛਡ ਕੇ
ਏਹਨੂੰ ਕੇਹਨੇ ਬੰਨੇ ਲਾਣਾ ?
ਏਸ ਗੱਡੀ ਦੇ ਟੁੱਟ ਗਏ ਪਹੀਏ
ਏਸ ਤੋਂ ਨਹੀਂ ਹੁਣ ਰਿੜ੍ਹਿਆ ਜਾਣਾ ।
ਸੜਨੋਂ ਪਹਲੋਂ ਜਲਨੋਂ ਪਹਲੋਂ
ਚੜ੍ਹ ਕੇ ਚਿਖਾ ਤੇ ਬਲਨੋਂ ਪਹਲੋਂ
ਪਹਲੋਂ ਸਾਨੂੰ ਕੋਲੇ ਕਰ ਜਾ ।
ਅੱਜ ਭੀ ਉਜੜੇ ਕਲ੍ਹ ਭੀ ਉਜੜੇ
ਲੋਕਾਂ ਹੱਥੋਂ ਉਜੜਨ ਨਾਲੋਂ
ਹੱਥੀਂ ਖਾਲੀ ਖੋਲੇ ਕਰ ਜਾ ।
ਸੁੱਤੀ ਪਈ ਤਲਵਾਰ ਏ ਤੇਰੀ
ਇਕ ਵਾਰੀ ਤੇ ਫੇਰ ਜਗਾ ਜਾ ।
ਇਸ ਸ਼ੀਹਣੀ ਨੂੰ ਰਣ ਵਿਚ ਛਡ ਦੇ
ਗਭਰੂਆਂ ਦੇ ਪਿਛੇ ਲਾ ਜਾ ।
ਕੁੰਢੀਆਂ ਕੁੰਢੀਆਂ ਮੁੱਛਾਂ ਵਾਲੇ
ਟੇਢੀਆਂ ਟੇਢੀਆਂ ਪੱਗਾਂ ਵਾਲੇ ।
ਵੈਰੀ ਦੇ ਬਘਿਆੜੀ ਬੁਰਛੇ
ਮੋਟੇ ਮੋਟੇ ਡੇਲਿਆਂ ਵਾਲੇ
ਨੌਂ ਨੌਂ ਫੁੱਟੇ ਸੇਲਿਆਂ ਵਾਲੇ ।
ਰੱਤੀ, ਮਾਸਾ ਗੁੱਸਾ ਖਾ ਕੇ
ਮੱਥੇ ਉਤੇ ਤਿਊੜੀਆਂ ਪਾ ਕੇ
ਅੱਖੀਆਂ ਵਿਚੋਂ ਅੱਗ ਵਸਾ ਕੇ
ਖੜੇ ਖੜੇ ਨੂੰ ਲਾਂਬੂ ਲਾ ਜਾ ।
ਸ਼ੇਰਾ ਇਕ ਤਲਵਾਰ ਮਾਰ ਕੇ
ਸਹਜੇ ਜਹੇ ਇਕ ਭਬਕ ਮਾਰ ਕੇ
ਓਸ ਗੀਦੀ ਨੂੰ ਮਜ਼ਾ ਚਖਾ ਜਾ
ਸੱਥਰ ਵਾਂਗਰ ਲੰਮਿਆਂ ਪਾ ਜਾ ।

ਜਿੱਥੇ ਚਲਿਉਂ ਸਾਡੇ ਸਾਈਆਂ
ਸਾਨੂੰ ਉਥੇ ਨਾਲ ਈ ਲੈ ਜਾ ।
ਵੇਖ ਤੇ ਸਹੀ ਆ, 'ਹੀਰਾ' ਤੇਰਾ
ਏਹਦੀਆਂ ਕਦਰਾਂ ਤੂੰ ਹੀ ਜਾਣੇ ।
ਏਹਨੂੰ ਤੋੜ ਨਿਆਣੇ ਦੇਸਣ
ਏਹ ਨੂੰ ਪਹਨ ਦਵਾਲੇ ਈ ਲੈ ਜਾ
ਇਸ ਵੇਹੜੇ ਵਿਚ ਫੁੱਟ ਹੈ ਫੁੱਟੀ
ਇਸ ਨੇ ਇਕ ਦਿਨ ਫਲ ਹੈ ਜਾਣਾ
ਤੈਨੂੰ ਲਾਂਬੂ ਮਗਰੋਂ ਲਗਸੀ
ਪਹਲੋਂ ਸਭ ਕੁਝ ਜਲ ਏ ਜਾਣਾ ।
ਅਰਸ਼ਾਂ ਵਿਚੋਂ ਤੱਕ ਲਵੀਂ ਤੂੰ
ਰੋ ਰੋ ਖਿੰਡਿਆ ਚੱਕ ਲਵੀਂ ਤੂੰ ।
ਏਸ ਰਾਜ ਦਾ ਤੀਲਾ ਤੀਲਾ
ਮਿੱਟੀ ਦੇ ਵਿਚ ਰੱਲ ਹੈ ਜਾਣਾ ।
ਅੱਜ ਭੀ ਮੋਏ ਕਲ੍ਹ ਭੀ ਮੋਏ
ਪਰਸੋਂ ਕਿਸੇ ਨੇ ਆਉਣ ਨਹੀਂ ਦੇਣਾ ।
ਤੇਰੀ ਮੜ੍ਹੀ ਤੇ ਇਕ ਕੀਰਨਾ
ਸਾਨੂੰ ਕਿਸੇ ਨੇ ਪੌਣ ਨਹੀਂ ਦੇਣਾ ।

ਕੀ ਹੋਇਆ ਜੇ ਏਸ ਕੌਮ ਦੇ
ਰਾਜੇ ਤੇ ਮਹਾਰਾਜੇ ਰੋਸਣ ।
ਕੀ ਹੋਇਆ ਜੇ ਇਜ਼ਤਾਂ ਖ਼ਾਤਰ
ਲੋਭਾਂ ਖ਼ਾਤਰ, ਲੀਡਰ ਮੋਟੇ ਤਾਜ਼ੇ ਹੋਸਣ ?
ਕੀ ਹੋਇਆ ਜੇ ਸੇਹਰੇ ਲਾ ਕੇ
ਉਚਿਆਂ ਉਚਿਆਂ ਹਾਥੀਆਂ ਉਤੇ
ਪਰੀਆਂ ਕੋਲੋਂ ਚੌਰ ਕਰਾਉਂਦੇ
ਹੌਦਿਆਂ ਵਿਚ ਬਰਾਜੇ ਹੋਸਣ ?
ਕੀ ਹੋਇਆ ਜੇ ਘਰੀਂ ਗ਼ੁਲਾਮਾਂ
ਵਜਦੇ ਤਰਬਾਂ ਵਾਜੇ ਹੋਸਣ
ਕਿਸੇ ਕਿਸੇ ਦਾ ਦਮ ਨਹੀਂ ਭਰਨਾ
ਕਿਸੇ ਕਿਸੇ ਦਾ ਬੋਲ ਨਹੀਂ ਜਰਨਾ
ਤੇਰੀ ਜੰਮਣੀ ਕਿਸੇ ਨਹੀਂ ਜੰਮਣਾ
ਤੇਰੀ ਮਰਨੀ ਕਿਸੇ ਨਹੀਂ ਮਰਨਾ ।

ਤੇਰਾ ਕੋਈ 'ਅਜ਼ੀਜ਼' ਨਹੀਂ ਰਹਣਾ
ਤੇਰਾ ਕੋਈ 'ਧਿਆਨ' ਨਹੀਂ ਰਹਣਾ
ਕੇਹਨੂੰ ਸੌਂਪੇਂ ਰਾਜ-ਬਣਤਰਾਂ
ਇਨਸਾਨਾਂ ਇਨਸਾਨ ਨਹੀਂ ਰਹਣਾ ।
ਚਿੱਟੀ ਪੱਗ ਨੂੰ ਦਾਗ਼ ਲੱਗ ਗਇਆ
ਹੋਰ ਕਿਸੇ ਨੇ ਧੋਣਾ ਹੈ ਨਹੀਂ ।
ਅਪਣੇ ਰੋਣੇ ਹਰ ਕੋਈ ਰੋਸੀ
ਤੈਨੂੰ ਕਿਸੇ ਨੇ ਰੋਣਾ ਹੈ ਨਹੀਂ ।

25. ਗ਼ੁਲਾਮ

ਫੁੱਲਾਂ ਦੀਆਂ ਸੇਜਾਂ ਉਤੇ ਸੌਣ ਨੂੰ ਦਿਲ ਨਹੀਂ ਕਰਦਾ
ਸ਼ਗਨਾਂ ਦੀਆਂ ਤਰਬਾਂ ਵੱਜਣ, ਗੌਣ ਨੂੰ ਦਿਲ ਨਹੀਂ ਕਰਦਾ
ਚੰਦਾਂ ਦੀਆਂ ਚਾਨਣੀਆਂ ਦੇ, ਚਾਨਣ ਨੂੰ ਦਿਲ ਨਹੀਂ ਕਰਦਾ
ਸੁੰਦਰੀ ਦਾ ਜੋਬਨ ਡੁਲ੍ਹਦਾ, ਮਾਨਣ ਨੂੰ ਦਿਲ ਨਹੀਂ ਕਰਦਾ
ਪੁਤਰਾਂ ਦੇ ਲਾਡ ਨੇ ਰੋਂਦੇ, ਚੁੱਕਣ ਨੂੰ ਦਿਲ ਨਹੀਂ ਕਰਦਾ
ਭਾਈਆਂ ਦੀਆਂ ਬਾਲ੍ਹਾਂ ਬਾਹਾਂ, ਤਕਣ ਨੂੰ ਦਿਲ ਨਹੀਂ ਕਰਦਾ
ਸੋਨੇ ਦੇ ਮਹਲਾਂ ਅੰਦਰ, ਵੱਸਣ ਨੂੰ ਦਿਲ ਨਹੀਂ ਕਰਦਾ
ਚਾਂਦੀ ਦੇ ਥਾਲਾਂ ਅੰਦਰ, ਖਾਵਣ ਨੂੰ ਦਿਲ ਨਹੀਂ ਕਰਦਾ
ਸਜਣਾਂ ਦੇ ਵੇਹੜੇ ਅੰਦਰ, ਜਾਵਣ ਨੂੰ ਦਿਲ ਨਹੀਂ ਕਰਦਾ
ਅਮਰਤ ਦੇ ਘੁਟ ਲਬਾਂ ਤੇ, ਪੀਵਣ ਨੂੰ ਦਿਲ ਨਹੀਂ ਕਰਦਾ
ਮੇਰਾ ਗ਼ੁਲਾਮ ਜੀਵਨ, ਜੀਵਣ ਨੂੰ ਦਿਲ ਨਹੀਂ ਕਰਦਾ ।

ਮੇਰੀ ਗੰਗਾ ਦਾ ਅਮਰਤ, ਪਾਪਾਂ ਵਿਚ ਡੁੱਬਣ ਲੱਗਾ
ਮੇਰੇ ਮੱਕੇ ਦਾ ਹਾਜੀ, ਸੀਨੇ ਵਿਚ ਖੁੱਭਣ ਲੱਗਾ
ਮੇਰੀ ਹੀ ਮੂਰਤ ਮੈਨੂੰ, ਮੰਦਰ 'ਚੋਂ ਕੱਢਣ ਲੱਗੀ
ਮੇਰੀ ਹੀ ਰੰਬੀ ਮੇਰੀਆਂ, ਜੜ੍ਹੀਆਂ ਏ ਵੱਢਣ ਲੱਗੀ
ਮੇਰਾ ਹੀ ਹਾਰ ਮੇਰੀ ਸੰਘੀ ਏ ਘੁੱਟਣ ਲੱਗਾ
ਮੇਰਾ ਹੀ ਮਾਲੀ ਮੇਰੇ ਬੂਟੇ ਨੂੰ ਪੁੱਟਣ ਲੱਗਾ
ਮੇਰਾ ਹੀ ਖ਼ੂਨ ਮੈਨੂੰ ਖ਼ੂਨੀ ਠਹਰਾਵਣ ਲੱਗਾ
ਮੇਰਾ ਹੀ ਦੀਵਾ ਮੇਰੇ ਘਰ ਨੂੰ ਜਲਾਵਣ ਲੱਗਾ
ਮੇਰੀ ਹੀ ਬੁਲਬੁਲ ਮੈਨੂੰ, ਪਿੰਜਰੇ ਵਿਚ ਤਾੜਨ ਲੱਗੀ
ਮੇਰੀ ਹੀ ਵਾੜ ਮੇਰੀ ਖੇਤੀ ਉਜਾੜਨ ਲੱਗੀ ।

ਮੇਰੀ ਗ਼ੁਲਾਮ 'ਮਾਂ' ਨੇ, ਮੈਨੂੰ ਗ਼ੁਲਾਮ ਜਣਿਆ
ਮੇਰਾ ਕੋਈ ਰੱਬ ਰਹਿਆ ਨਾ ਮੇਰਾ ਕੋਈ ਰਾਮ ਬਣਿਆ
ਜੇ ਉਹ ਆਜ਼ਾਦ ਹੁੰਦੀ, ਮੈਂ ਭੀ ਆਜ਼ਾਦ ਹੁੰਦਾ
ਮੇਰਾ ਵੀਰਾਨ ਮੰਦਰ, ਰੱਬਾ ! ਅਬਾਦ ਹੁੰਦਾ
ਮੇਰਾ ਹੀ ਲੋਹਾ ਉਠ ਕੇ, ਮੇਰੇ ਜ਼ੰਜੀਰ ਬਣਿਆ
ਮੇਰੀ ਹੀ ਚਾਰ-ਦੀਵਾਰੀ, ਵਿਚ ਮੈਂ ਅਸੀਰ ਬਣਿਆ
ਦੁਨੀਆਂ ਦੇ ਮੰਦਰ ਜਰਦੇ, ਮੈਨੂੰ ਨਿਥਾਵਾਂ ਤਕ ਕੇ
ਦੁਨੀਆਂ ਦਾ ਚਾਨਣ ਜਰਦਾ, ਮੇਰਾ ਪਰਛਾਵਾਂ ਤਕ ਕੇ
ਲੱਖਾਂ ਦੇ ਧੜ ਪਏ ਤੜਫਨ ਜਿੱਥੇ ਕੋਈ ਕਬਰ ਨਹੀਂ ਸੀ
ਫੁੱਲਾਂ ਦੇ ਗੁੱਛੇ ਪਿੱਛੇ ਸੱਪਾਂ ਦੀ ਖ਼ਬਰ ਨਹੀਂ ਸੀ
ਮੈਥੋਂ ਹੈ ਮੌਤ ਡਰਦੀ ਮੈਨੂੰ ਅਸੀਰ ਤਕ ਕੇ
ਮੇਰਾ ਹੈ ਅੱਲਾ ਡਰਦਾ, ਮੇਰੇ ਜ਼ੰਜੀਰ ਤਕ ਕੇ
ਉਸਦੀਆਂ ਬੁਲ੍ਹੀਆਂ ਤੇ, ਹੁਣ ਮੇਰਾ ਨਾਂ ਨਾ ਕੋਈ
ਓਸੇ ਦੇ ਨਰਕਾਂ ਅੰਦਰ, ਮੇਰੇ ਲਈ ਥਾਂ ਨਾ ਕੋਈ ।

ਅੱਖੀਓ ਨੀ ਅੰਨ੍ਹੀਆਂ ਹੋ ਜਾਓ, ਕੰਨੋ ਵੇ, ਬੋਲੇ ਹੋ ਜਾਓ
ਬਾਗਾਂ ਦਿਓ ਫੁੱਲੋ ਕਲੀਓ, ਸੜ ਜਾਓ ਕੋਲੇ ਹੋ ਜਾਓ
ਸਾਜ਼ੋ, ਵੇ ਵੱਜਣ ਲੱਗੋ, ਜ਼ਖ਼ਮੋ ਵੇ ਰੜਕਣ ਲੱਗੋ
ਬੱਦਲੋ ਵੇ ! ਗੱਜਣ ਲੱਗੋ, ਬਿਜਲੀਓ ਕੜਕਣ ਲੱਗੋ
ਕਬਰੋ ਨੀ ! ਸੁੱਤੀਆਂ ਜਾਗੋ, ਸ਼ੇਰੋ ਵੇ ! ਬੁੱਕਣ ਲੱਗੋ
ਅਪਣੇ ਹੀ ਕਾਲੇ ਮੂੰਹ ਤੇ, ਆਪੇ ਹੀ ਥੁੱਕਣ ਲੱਗੋ
ਸ਼ਹਰੋ ਵੇ ! ਖੰਡਰ ਬਣ ਜਾਓ, ਦਰਿਆਓ ! ਪਾਣੀ ਬਣ ਜਾਓ
ਮੌਤ ਦੇ ਹੜ੍ਹ ਵਿਚ ਹੜ੍ਹ ਕੇ, ਮੌਤ ਦੇ ਹਾਣੀ ਬਣ ਜਾਓ
ਸਾਨੂੰ ਕੁਝ ਨਜ਼ਰ ਨਾ ਆਵੇ, ਸਾਨੂੰ ਕੋਈ ਸੁਣ ਨਾ ਸੱਕੇ
ਅਸਾਂ ਗ਼ੁਲਾਮਾਂ ਦੀਆਂ ਹੱਡੀਆਂ ਕੋਈ ਚੁਣ ਨਾ ਸੱਕੇ
ਸੀਨਾਂ ਏ ਲੀਰਾਂ ਲੀਰਾਂ ਸੀਵਣ ਨੂੰ ਦਿਲ ਨਹੀਂ ਕਰਦਾ
ਮੇਰਾ ਗ਼ੁਲਾਮ ਜੀਵਨ, ਜੀਵਣ ਨੂੰ ਦਿਲ ਨਹੀਂ ਕਰਦਾ ।

 

To veiw this site you must have Unicode fonts. Contact Us

punjabi-kavita.com