Kafian : Pal Singh Arif

ਕਾਫ਼ੀਆਂ : ਪਾਲ ਸਿੰਘ ਆਰਫ਼

1. ਇਸ਼ਕੇ ਅੰਦਰ ਬਹੁਤ ਖੁਆਰੀ

ਜ਼ਾਲਮ ਇਸ਼ਕ ਬੇਦਰਦ ਕਹਾਵੇ ।
ਜਿਸ ਨੂੰ ਲੱਗੇ ਮਾਰ ਵੰਜਾਵੇ ।
ਬਾਝੋਂ ਯਾਰ ਕਰਾਰ ਨਾ ਆਵੇ।
ਦੂਜੀ ਵੈਰੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧।

ਜਬ ਚਲ ਆਵੇ ਇਸ਼ਕ ਬਦਨ ਮੇਂ ।
ਆਵੇ ਚੈਨ ਨਾ ਚੌਕ ਚਮਨ ਮੇਂ ।
ਰੋਂਦੇ ਫਿਰਦੇ ਆਸ਼ਕ ਬਨ ਮੇਂ ।
ਲਗੀ ਜਿਨ੍ਹਾਂ ਨੂੰ ਪ੍ਰੇਮ ਕਟਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨।

ਨਹੀਂ ਦੇਵੇ ਦਿਲਬਰ ਦਰਸ਼ਨ ।
ਆਸ਼ਕ ਮੁਖ ਦੇਖਨ ਨੂੰ ਤਰਸਨ ।
ਬਿਨ ਦਿਲਬਰ ਦੇ ਆਂਖੀ ਬਰਸਨ ।
ਸਾਵਨ ਬਰਸੇ ਜਿਉਂ ਘਟ ਕਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੩।

ਜ਼ਹਿਰ ਪਿਆਲੇ ਇਸ਼ਕੇ ਵਾਲੇ ।
ਆਸ਼ਕ ਪੀ ਹੋਵਨ ਮਤਵਾਲੇ ।
ਦੇਖ ਪਤੰਗ ਸ਼ਮਾਂ ਨੇ ਜਾਲੇ ।
ਮਰ ਗਏ ਸੂਰਤ ਦੇਖ ਪਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੪।

ਜਿਸ ਦੇ ਦਿਲ ਵਿੱਚ ਇਸ਼ਕ ਸਮਾਵੇ ।
ਉਸ ਦਾ ਐਸ਼ ਅਰਾਮ ਉਠਾਵੇ ।
ਜਾਨੀ ਬਾਝ ਚਲੀ ਜਿੰਦ ਜਾਵੇ ।
ਤਨ ਮਨ ਖਾਕ ਕਰੇ ਇਕ ਵਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੫।

ਇਸ਼ਕੇ ਸੱਸੀ ਮਾਰ ਗਵਾਈ ।
ਪੁਨੂੰ ਦੇਂਦਾ ਫਿਰੇ ਦੁਹਾਈ ।
ਮਜਨੂੰ ਦੇ ਤਨ ਦਭ ਉਗਾਈ ।
ਮੋਈ ਲੇਲੀ ਵੇਖ ਵਿਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੬।

ਇਸ਼ਕੇ ਮਿਰਜ਼ਾ ਮਾਰ ਗਵਾਇਆ ।
ਜਬ ਸਾਹਿਬਾਂ ਸੇ ਅੰਗ ਮਿਲਾਇਆ ।
ਮਹੀਂਵਾਲ ਫ਼ਕੀਰ ਬਨਾਇਆ ।
ਮਰ ਗਈ ਸੋਹਣੀ ਲਾ ਜਲ ਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੭।

ਰਾਂਝਾ ਹੀਰ ਇਸ਼ਕ ਨੇ ਮਾਰੇ ।
ਸ਼ੀਰੀਂ ਤੇ ਫ਼ਰਿਹਾਦ ਵਿਚਾਰੇ ।
ਚੰਦਰ ਬਦਨ ਮਾਂਹ ਯਾਰ ਪਿਆਰੇ ।
ਸ਼ਾਹ ਸ਼ਮਸ ਦੀ ਖੱਲ ਉਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੮।

ਮਨਸੂਰੇ ਨੂੰ ਦਾਰ ਚੜ੍ਹਾਇਆ ।
ਹਸਨ ਹੁਸੈਨ ਕਟਕ ਖਪਾਇਆ ।
ਬੁਲ੍ਹੇ ਤਾਈਂ ਇਸ਼ਕ ਸਤਾਇਆ ।
ਜ਼ਿਕਰੀਆ ਚੀਰ ਦੀਆ ਧਰ ਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੯।

ਇਸ਼ਕੇ ਪੀਰ ਫ਼ਕੀਰ ਰੰਜਾਨੇ ।
ਫਿਰਨ ਉਜਾੜੀਂ ਹੋਏ ਦੀਵਾਨੇ ।
ਜਿਸ ਨੂੰ ਲਗੀ ਵੋਹੀ ਜਾਨੇ ।
ਇਸ਼ਕ ਰੰਜਾਨੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੦।

ਇਸ਼ਕ ਜਿਨ੍ਹਾਂ ਤਨ ਚੋਟਾਂ ਲਾਈਆਂ ।
ਰੋ ਰੋ ਹਰ ਦਮ ਦੇਨ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੇਰੀ ਸੂਰਤ ਪਰ ਬਲਿਹਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੧।

ਜਿਸ ਦੇ ਪਾਸ ਨਹੀਂ ਦਿਲ ਜਾਨੀ ।
ਤਲਖ਼ ਉਸ ਦੀ ਹੈ ਜਿੰਦਗਾਨੀ ।
ਜਿਉਂ ਮਛਲੀ ਤਰਫੇ ਬਿਨ ਪਾਨੀ ।
ਤੈਸੇ ਦਿਲਬਰ ਬਾਝ ਲਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੨।

ਇਸ਼ਕ ਵਲੀ ਅਵਤਾਰ ਡੁਲਾਏ ।
ਭਰ ਭਰ ਪੂਰ ਹਜ਼ਾਰ ਡੁਬਾਏ ।
ਇਸ਼ਕ ਉਪਾਏ ਇਸ਼ਕ ਖਪਾਏ ।
ਇਸ਼ਕੇ ਮੁਨੇ ਸਭ ਨਰ ਨਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੩।

ਵੇਖ ਪਤੰਗ ਸ਼ਮਾ ਪਰ ਸੜਦੇ ।
ਆਸ਼ਕ ਜਾਇ ਸੂਲੀਆਂ ਚੜ੍ਹਦੇ ।
ਤਾਂ ਭੀ ਯਾਰ ਯਾਰ ਹੀ ਕਰਦੇ ।
ਏਸ ਇਸ਼ਕ ਦੀ ਚਾਲ ਨਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੪।

ਬ੍ਰਿਹੋਂ ਵਾਲੇ ਬਦਲ ਕੜਕਨ ।
ਆਸ਼ਕ ਘਾਇਲ ਮੁਰਗ ਜਿਉਂ ਫੜਕਨ ।
ਭੌਰ ਫੁਲੋਂ ਪਰ ਹਰ ਦਮ ਲਟਕਨ ।
ਸਭ ਸੋ ਮੁਸ਼ਕਲ ਕਰਨੀ ਯਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੫।

ਆਸ਼ਕ ਦੇ ਦੁਸ਼ਮਨ ਹਜ਼ਾਰਾਂ ।
ਚਾਰੋਂ ਤਰਫ ਨੰਗੀ ਤਲਵਾਰਾਂ ।
ਪੁਛੋ ਜਾ ਕੇ ਇਸ਼ਕ ਬੀਮਾਰਾਂ ।
ਖੂੰਨ ਚਸ਼ਮ ਸੋ ਕਰ ਰਹੇ ਜ਼ਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੬।

ਆਸ਼ਕ ਘਾਇਲ ਹੋਏ ਵਿੱਚ ਰਣ ਦੇ ।
ਰਤੀ ਰਤ ਨਹੀਂ ਵਿੱਚ ਤਨ ਦੇ ।
ਮਨ ਦੀ ਬਾਤ ਰਹੇ ਵਿੱਚ ਮਨ ਦੇ ।
ਕਿਸ ਨੂੰ ਕਹਾਂ ਹਕੀਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੭।

ਏਸ ਇਸ਼ਕ ਦੇ ਸਭ ਪਸਾਰੇ ।
ਇਸ਼ਕ ਉਪਾਏ ਇਸ਼ਕੇ ਮਾਰੇ ।
ਇਸ਼ਕ ਦੇ ਚੌਦਾਂ ਤਬਕ ਪਿਆਰੇ ।
ਇਸ਼ਕੇ ਪਰ ਆਸ਼ਕ ਜਿੰਦ ਵਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੮।

ਵਿੱਚ ਕੁਰਾਨ ਲਫਜ਼ ਇਕ ਆਇਆ ।
ਮੌਲਾ ਕੁੰਨ ਜਦੋਂ ਫੁਰਮਾਇਆ ।
ਇਹ ਇਸ਼ਕੇ ਚੌਦਾਂ ਤਬਕ ਬਨਾਇਆ ।
ਇਸ ਇਸ਼ਕ ਦੀ ਖੇਲ ਮਦਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੯।

ਪਾਲ ਸਿੰਘ ਹੁਨ ਕੀ ਕੁਝ ਕਹੀਏ ।
ਵਾਹਦ ਸਮਝ ਚੁਪ ਹੋ ਰਹੀਏ ।
ਦਿਲ ਵਿੱਚ ਦਿਲਬਰ ਨੂੰ ਮਿਲ ਰਹੀਏ ।
ਜਿਸ ਦੀ ਕੁਦਰਤ ਬੇਸ਼ੁਮਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨੦।

2. ਮਰਨ ਭਲਾ ਹੈ ਬੁਰੀ ਜੁਦਾਈ

ਆ ਮਿਲ ਪਿਆਰੇ ਆ ਦੇਹ ਦਰਸ਼ਨ ।
ਇਸ ਦਰਸ਼ਨ ਨੂੰ ਅੱਖੀਆਂ ਤਰਸਨ ।
ਛਮ ਛਮ ਵਾਂਗ ਘਟਾ ਦੇ ਬਰਸਨ ।
ਰੋ ਰੋ ਛਹਿਬਰ ਖੂਬ ਲਗਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧।

ਮਿਹਰ ਕਰੀਂ ਪਾਵੀਂ ਇਕ ਫੇਰੀ ।
ਮੈਂ ਮੋਹੀ ਹਾਂ ਸੂਰਤ ਤੇਰੀ ।
ਤੁਧ ਬਿਨ ਆਏ ਗ਼ਮਾਂ ਨੇ ਘੇਰੀ ।
ਹੈ ਹੁਣ ਜਾਨ ਲਬਾਂ ਪਰ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੨।

ਕਿਥੋਂ ਢੂੰਢਾਂ ਕਿਧਰ ਜਾਵਾਂ ।
ਕਿਸ ਨੂੰ ਦਿਲ ਦਾ ਹਾਲ ਸੁਨਾਵਾਂ ।
ਹੈ ਹੈ ਕਰ ਕੇ ਵਖਤ ਲੰਘਾਵਾਂ ।
ਡਾਢਾ ਦੁਖ ਨਾ ਕੋਈ ਦਵਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੩।

ਤੇਰੇ ਕਾਰਨ ਤਾਨ੍ਹੇ ਮਾਰਨ ।
ਜਲੀ ਬਲੀ ਨੂੰ ਮੁੜ ਮੁੜ ਜਾਰਨ ।
ਦੂਤੀ ਦੁਸ਼ਮਨ ਖਲ ਉਤਾਰਨ ।
ਵੈਰੀ ਹੋਈ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੪।

ਤੁਧ ਬਿਨ ਹੋਈ ਮੈਂ ਮਸਤਾਨੀ ।
ਕਰਦੀ ਫਿਰਦੀ ਜਾਨੀ ਜਾਨੀ ।
ਲਾ ਗਿਓਂ ਵਿੱਚ ਜਿਗਰ ਦੇ ਕਾਨੀ ।
ਮੁੜ ਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੫।

ਹੈ ਬੇਦਰਦੀ ਦਰਦ ਨਾ ਆਇਆ ।
ਖੂਨੀ ਤੀਰ ਜਿਗਰ ਵਿੱਚ ਲਾਇਆ ।
ਹੋਸ਼ ਅਕਲ ਜਹਾਨ ਭੁਲਾਇਆ ।
ਮੇਰਾ ਦਰਦ ਨਾ ਕੀਤੋ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੬।

ਕੋਈ ਦਸੇ ਦਿਲਬਰ ਮੇਰਾ ।
ਜਿਸ ਨੇ ਦਿਲ ਵਿਚ ਕੀਤਾ ਡੇਰਾ ।
ਚੈਨ ਨਾ ਤਿਸ ਬਿਨ ਸੰਝ ਸਵੇਰਾ ।
ਕਿਤ ਵਲ ਦੇਵਾਂ ਜਾਹਿ ਦੁਹਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੭।

ਉਸ ਛਲਹਾਰੇ ਕਰ ਛਲ ਛਲੀਆਂ ।
ਰੋਂਦੀ ਫਿਰੀ ਮੈਂ ਵਿੱਚ ਗਲੀਆਂ ।
ਬਿਰਹੋਂ ਆਤਸ਼ ਦੇ ਵਿੱਚ ਬਲੀਆਂ ।
ਚਿਖਾ ਵਿਛੋੜੇ ਪਕੜ ਝੜਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੮।

ਸਭ ਜ਼ਮਾਨਾ ਖੇਲੇ ਹੱਸੇ ।
ਮੇਰਾ ਯਾਰ ਨਾ ਕੋਈ ਦੱਸੇ ।
ਓਹ ਹੁਣ ਕੇਹੜੀਂ ਦੇਸੀਂ ਵੱਸੇ ।
ਜਿਸ ਦੀ ਸੂਰਤ ਹੋਸ਼ ਭੁਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੯।

ਜਾਂ ਸਾਈਆਂ ਓਹ ਸਾਈਂ ਆਵੇ ।
ਨਹੀਂ ਤਾਂ ਜਿੰਦ ਨਿਕਲ ਕੇ ਜਾਵੇ ।
ਜੋ ਕੋਈ ਮੇਰਾ ਯਾਰ ਮਿਲਾਵੇ ।
ਉਸ ਉੱਤੋਂ ਮੈਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੦।

ਹੋ ਜੋਗਨ ਜੰਗਲ ਵਿੱਚ ਜਾਵਾਂ ।
ਗਲ ਵਿੱਚ ਜੁਲਫ਼ਾਂ ਵੇਸ ਵਟਾਵਾਂ ।
ਜਾ ਸੋਹਣੇ ਨੂੰ ਢੂੰਢ ਲਿਆਵਾਂ ।
ਜਿਸ ਨੇ ਚੋਟ ਜਿਗਰ ਵਿੱਚ ਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੧।

ਪਉਏ ਪਹਿਰ ਚਿਪੀ ਹਥ ਫੜਸਾਂ ।
ਹੋ ਬੈਰਾਗਨ ਬਨ ਵਿੱਚ ਵੜਸਾਂ ।
ਬਿਰਹੋਂ ਆਤਸ਼ ਅੰਦਰ ਸੜਸਾਂ ।
ਜੇ ਨਾ ਜਾਨੀ ਦੇ ਦਿਖਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੨।

ਸਈਓ ਚਰਖੇ ਚਾਇ ਉਠਾਵੋ ।
ਘਰ ਬਾਹਿਰ ਨੂੰ ਅਗ ਲਗਾਵੋ ।
ਏਕੋ ਗੀਤ ਸਜਨ ਦੇ ਗਾਵੋ ।
ਜਿਸ ਬਿਨ ਝੂਠੀ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੩।

ਕੋਠੇ ਤੇ ਚੜ੍ਹ ਦਿਆਂ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੂੰ ਮੇਰੇ ਮਨ ਕੇਹੀਆਂ ਲਾਈਆਂ ।
ਕਮਲੀ ਸ਼ਕਲ ਬੇਹੋਸ਼ ਬਨਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੪।

ਤੇਰਾ ਇਸ਼ਕ ਜਾਂ ਤਨ ਮੇਂ ਆਇਆ ।
ਸਾਕ ਅੰਗ ਦਾ ਸੰਗ ਛਡਾਇਆ ।
ਵੈਰੀ ਸਭ ਜਹਾਨ ਬਣਾਇਆ ।
ਨਾ ਕੋਈ ਭੈਣ ਨਾ ਬਾਬਲ ਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੫।

ਘਰ ਵਿੱਚ ਲੋਕ ਸੁਖੀ ਸਭ ਸਉਂਦੇ ।
ਆਸ਼ਕ ਫਿਰਨ ਉਜਾੜੀਂ ਭਉਂਦੇ ।
ਹਰ ਦਮ ਸਲ ਜਿਗਰ ਵਿੱਚ ਪਉਂਦੇ ।
ਤਨ ਮਨ ਵਾਲੀ ਹੋਸ਼ ਨ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੬।

ਆ ਮਿਲ ਪਿਆਰੇ ਨਾ ਕਰ ਅੜੀਆਂ ।
ਰਾਹ ਉਡੀਕਾਂ ਹਰ ਦਮ ਖੜੀਆਂ ।
ਰੋ ਰੋ ਨੈਨ ਲਗਾ ਰਹੇ ਝੜੀਆਂ ।
ਸਾਵਨ ਜਿਉਂ ਕਾਲੀ ਘਟ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੭।

ਮੇਰੇ ਦਿਲ ਦੀ ਮੈਂ ਹੀ ਜਾਨਾ ।
ਕਮਲੀ ਆਖੇ ਸਭ ਜ਼ਮਾਨਾ ।
ਦੀਵੇ ਪਰ ਜਲਿਆ ਪਰਵਾਨਾ ।
ਤਿਉਂ ਤੂੰ ਮੇਰੀ ਜਾਨ ਜਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੮।

ਲੋਕੀ ਮਤ ਆਪਣੀ ਦੱਸਨ ।
ਮੈਂ ਪਰ ਤੀਰ ਕਹਿਰ ਦੇ ਕੱਸਨ ।
ਖ਼ਫ਼ਤਨ ਝਲੀ ਕਹਿ ਕਹਿ ਹੱਸਨ ।
ਬੇਦਰਦਾਂ ਨੂੰ ਦਰਦ ਨ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੯।

ਤੁਧ ਬਿਨ ਪਿਆਰੇ ਕਿਸ ਨੂੰ ਬੋਲਾਂ ।
ਕਿਹ ਤੇ ਭੇਦ ਦਿਲੇ ਦੇ ਖੋਲਾਂ ।
ਹਰ ਦਮ ਵਾਂਗ ਪੱਖੇ ਦੇ ਡੋਲਾਂ ।
ਵੇਖ ਬੇਦਰਦਨ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੦।

ਪੇਕੇ ਸਹੁਰੇ ਕੂੜ ਬਹਾਨਾ ।
ਤੁਧ ਬਿਨ ਝੂਠਾ ਸਗਲ ਜ਼ਮਾਨਾ ।
ਪੜ੍ਹ ਕੇ ਡਿਠਾ ਬੇਦ ਕੁਰਾਨਾ ।
ਤਾਂ ਭੀ ਤੇਰੀ ਸਾਰ ਨਾ ਪਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੧।

ਮਿਹਰ ਕਰੇਂ ਫੇਰੀ ਇਕ ਪਾਵੇਂ ।
ਇਸ ਬੰਦੀ ਦੀ ਬੰਦ ਛੁਡਾਵੇਂ ।
ਅਪਨੀਂ ਹਥੀਂ ਮਾਰ ਗੁਵਾਵੇਂ ।
ਤਾਂ ਮੇਰੇ ਮਨ ਖੌਫ਼ ਨਾ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੨।

ਆ ਮਿਲ ਪਿਆਰੇ ਆ ਲਗ ਛਾਤੀ ।
ਤੁਧ ਬਿਨ ਜਾਏ ਕਹਿਰ ਦੀ ਰਾਤੀ ।
ਲਾ ਕੇ ਵਿੱਚ ਜਿਗਰ ਦੇ ਕਾਤੀ ।
ਮੁੜਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੩।

ਆ ਹੁਣ ਆ ਜਾ ਦਿਲ ਦੇ ਅੰਦਰ ।
ਤੁਧ ਬਿਨ ਦਿਸਨ ਖਾਲੀ ਮੰਦਰ ।
ਤੈਨੂੰ ਭਾਲਨ ਸ਼ਾਹ ਕਲੰਦਰ ।
ਮੈਂ ਤੇਰੇ ਤੋਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੪।

ਵਾਹ ਵਾਹ ਪਿਆਰੇ ਵਾਹ ਵਾਹ ਜਾਨੀ ।
ਤੂੰ ਸਾਗਰ ਮੈਂ ਬੂੰਦ ਨਿਮਾਣੀ ।
ਰਿਹਾ ਨਾ ਮੇਰਾ ਨਾਮ ਨਿਸ਼ਾਨੀ ।
ਤੂੰ ਕਰ ਕਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੫।

ਪਾਲ ਸਿੰਘ ਤੂੰ ਆਪੇ ਸੋਈ ।
ਜਿਸ ਦੀ ਤੁਲ ਨਾ ਦੂਜਾ ਕੋਈ ।
ਹੁਣ ਮਿਲ ਉਸ ਨੂੰ ਓਹੀ ਹੋਈ ।
ਲਹਿਰ ਸਮੁੰਦਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੬।

3. ਕੀ ਦਿਲ ਦਾ ਭੇਤ ਸੁਨਾਵਾਂ ਮੈਂ

ਮੁਰਸ਼ਦ ਮੈਨੂੰ ਸਬਕ ਭੜਾਇਆ ।
ਯਾਰੋ ਯਾਰ ਚੌਤਰਫੇ ਛਾਇਆ ।
ਵਾਹਦ ਏਕੋ ਏਕ ਦਿਖਾਇਆ ।
ਹੁਣ ਕਿਸ ਦਾ ਜਾਪ ਜਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧।

ਕਿਸ ਦੀ ਖਾਤਰ ਮੱਕੇ ਜਾਵਾਂ ।
ਓਥੋਂ ਕਿਸ ਨੂੰ ਢੂੰਢ ਲਿਆਵਾਂ ।
ਜੇਹੜੀ ਤਰਫੇ ਅਖ ਉਠਾਵਾਂ ।
ਮੈਂ ਮੈਂ ਨਜ਼ਰੀ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨।

ਜਬ ਦਿਲਬਰ ਦੇ ਹੋਏ ਨਜ਼ਾਰੇ ।
ਉਸ ਦਾ ਰੂਪ ਹੋਏ ਫਿਰ ਸਾਰੇ ।
ਓਹੀ ਦਿਸਦਾ ਤਰਫਾਂ ਚਾਰੇ ।
ਜਿਧਰ ਅਖ ਉਠਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੩।

ਜਾਂ ਮੈਂ ਮੈਂ ਨੇ ਮਾਰ ਗਵਾਈ ।
ਖੁਦੀ ਛੱਡ ਕੇ ਮਿਲੀ ਖੁਦਾਈ ।
ਜਿਉਂ ਕਰ ਬੂੰਦ ਸਮੁੰਦਰ ਸਮਾਈ ।
ਹੋ ਫ਼ਾਨੀ ਰਬ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੪।

'ਨਾ ਹਨੋ ਅਕਬਰ' ਸੁਨ ਜ਼ਿੰਦਗਾਨੀ ।
ਵਿੱਚ ਕੁਰਾਨ ਕਲਾਮ ਰਬਾਨੀ ।
ਸ਼ਾਹ ਰਗ ਨੇੜੇ ਦਿਲਬਰ ਜਾਨੀ ।
ਕਿਆ ਮਸਜਦ ਮੇਂ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੫।

ਪਾਨੀ ਵਗਦਾ ਹੈ ਵਿੱਚ ਗੰਗਾ ।
ਗਿਆਨ ਗੰਗ ਮੇਂ ਨ੍ਹਾਵਨ ਚੰਗਾ ।
ਮਿਲਿਆ ਯਾਰ ਗਈ ਸਭ ਸੰਗਾ ।
ਕਿਆ ਗੰਗਾ ਮੇਂ ਨ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੬।

ਕਿਸ ਦੀ ਖਾਤਰ ਭੇਖ ਬਨਾਵਾਂ ।
ਜੋਗੀ ਹੋ ਕਿਸ ਨੂੰ ਦਿਖਲਾਵਾਂ ।
ਹਰ ਰੰਗ ਮੈਂ ਹੀ ਮੈਂ ਦਿਸ ਆਵਾਂ ।
ਕਿਸ ਨੂੰ ਬੇਦ ਪੜ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੭।

ਜਿਤ ਵਲ ਦੇਖਾਂ ਦਿਲਬਰ ਜਾਨੀ ।
ਲਾਖ ਤਰੰਗਾਂ ਏਕੋ ਪਾਨੀ ।
ਜਿਉਂ ਇਕ ਸੂਤ ਹੋਈ ਬਹੁ ਤਾਨੀ ।
ਕਿਆ ਕੁਦਰਤ ਆਖ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੮।

ਸਪਨੇ ਕਾ ਸਭ ਜਗਤ ਪਸਾਰਾ ।
ਜਾਗੇ ਏਕੋ ਰੂਪ ਹਮਾਰਾ ।
ਕਿਧਰੇ ਸੂਰਜ ਚੰਦ ਸਿਤਾਰਾ ।
ਕਿਧਰੇ ਰਾਜ ਕਮਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੯।

ਜਾਂ ਮੈਂ ਦੇਖਾਂ ਸੂਰਤ ਪਿਆਰੀ ।
ਵੈਰੀ ਹੋਈ ਖ਼ਲਕਤ ਸਾਰੀ ।
ਕਿਧਰੇ ਨਰ ਹੈ ਕਿਧਰੇ ਨਾਰੀ ।
ਕਿਆ ਕੁਛ ਰੰਗ ਦਿਖਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੦।

ਹਰ ਰੰਗ ਦੇ ਵਿੱਚ ਹਰ ਹੀ ਵੱਸੇ ।
ਆਪੇ 'ਲਾ ਮਕਾਨੀ' ਦੱਸੇ ।
ਟੁਟੇ ਗਫਲਤ ਵਾਲੇ ਰੱਸੇ ।
ਹੁਣ ਕੀ ਭੇਖ ਬਨਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੧।

ਖ਼ਲਕਤ ਸਾਨੂੰ ਕਾਫਰ ਕਹਿੰਦੀ ।
ਅਪਨੇ ਆਪ ਦੀ ਸਾਰ ਨਾ ਲੈਂਦੀ ।
ਲਾ ਦੇਖੋ ਹਥ ਪਰ ਮਹਿੰਦੀ ।
ਪਿੱਛੇ ਰੰਗ ਸੁਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੨।

ਘਰ ਵਿੱਚ ਯਾਰ ਨਾ ਢੂੰਡੇ ਕਾਈ ।
ਤੀਰਥ ਮਕੇ ਜਾਨ ਸਧਾਈ ।
ਭੁਲੀ ਫਿਰਦੀ ਸਭ ਲੁਕਾਈ ।
ਕਿਸ ਕਿਸ ਨੂੰ ਸਮਝਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੩।

ਸਚ ਕਹਾਂ ਤਾਂ ਦੁਸ਼ਮਨ ਲੱਖਾਂ ।
ਦਿਲ ਵਿੱਚ ਭੇਦ ਕਿਵੇਂ ਕਰ ਰੱਖਾਂ ।
ਅਗ ਨਾ ਛਪਦੀ ਅੰਦਰ ਕੱਖਾਂ ।
ਕੀਕਰ ਇਸ਼ਕ ਛਿਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੪।

ਜੋ ਕੋਈ ਭੇਖ ਪਖੰਡ ਬਨਾਵੇ ।
ਸੋ ਜਗ ਅੰਦਰ ਆਦਰ ਪਾਵੇ ।
ਸਚ ਕਹੇ ਤੇ ਖੱਲ ਲਹਾਵੇ ।
ਸਾਚੋ ਸਾਚ ਅਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੫।

ਸ਼ਾਹ ਰਗ ਨੇੜੇ ਦਿਲਬਰ ਵਸਦਾ ।
ਏਹ ਜਗ ਢੂੰਢਨ ਬਾਹਰ ਨਸਦਾ ।
ਕਿਧਰੇ ਰੋਂਦਾ ਕਿਧਰੇ ਹਸਦਾ ।
ਕੀ ਛਡਾਂ ਕੀ ਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੬।

ਵੋਹੀ ਤਨ ਮੇਂ ਵੋਹੀ ਮਨ ਮੇਂ ।
ਵੋਹੀ ਬਸਤੀ ਵੋਹੀ ਬਨ ਮੇਂ ।
ਵੋਹੀ ਲੜਤਾ ਜਾ ਰਨ ਮੇਂ ।
ਵੋਹੀ ਤੋ ਵੋਹੀ ਗਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੭।

ਕਹੀਂ ਸੋਹਨੀ ਸੂਰਤ ਪਿਆਰੀ ਹੈ ।
ਕਹੀਂ ਹੁਸਨ ਸਿੰਗਾਰੀ ਨਾਰੀ ਹੈ ।
ਕਹੀਂ ਲੋਹਾ ਕਹੀਂ ਕਟਾਰੀ ਹੈ ।
ਕਹੀਂ ਕਤਰਾ ਸਿੰਧ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੮।

ਕਹੀਂ ਬੇਦ ਕੁਰਾਨਾ ਪੜਦਾ ਹੈ ।
ਕਹੀਂ ਮੈਂ ਹਕ ਮੈਂ ਹਕ ਕਰਦਾ ਹੈ ।
ਕਹੀਂ ਹਕ ਕਹਿਨ ਥੀਂ ਲੜਦਾ ਹੈ ।
ਕਹੀਂ ਹਕੋ ਹਕ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੯।

ਸਾਚ ਕਹੂੰ ਨਹੀਂ ਕੋਈ ਮੰਨਦਾ ।
ਐਪਰ ਦੂਜੇ ਪਤਾ ਕੀ ਮਨ ਦਾ ।
ਮੂਰਖ ਦੇਖਨ ਬਾਨਾ ਤਨ ਦਾ ।
ਲਾਖੋਂ ਰੂਪ ਵਟਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੦।

ਕਿਧਰੇ ਰਾਜੇ ਰਾਜ ਕਮਾਵੇਂ ।
ਕਿਧਰੇ ਗਲੀਆਂ ਭੀਖ ਮੰਗਾਵੇਂ ।
ਹਮ ਹੀ ਲਖ ਲਖ ਰੂਪ ਵਟਾਵੇਂ ।
ਪੀਰ ਮੀਰ ਬਨ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੧।

ਕਿਧਰੇ ਜਾਗੇਂ ਕਿਧਰੇ ਸੋਵੇਂ ।
ਕਿਧਰੇ ਹੱਸੇਂ ਕਿਧਰੇ ਰੋਵੇਂ ।
ਕਿਧਰੇ ਐਨਲ ਹਕ ਬਗੋਵੇਂ ।
ਖੇਲ ਮਦਾਰ ਖਿਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੨।

ਆਵੋ ਦੇਖੋ ਸ਼ਕਲ ਹਮਾਰੀ ।
ਜਿਉਂ ਕਰ ਹੈ ਕਸਤੂਰੀ ਕਾਰੀ ।
ਜੇ ਕੋਈ ਆਵੇ ਸਾਚ ਬਪਾਰੀ ।
ਉਸ ਸੇ ਮੁਲ ਪਵਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੩।

ਮੈਂ ਹੀ ਬੁਲ੍ਹਾ ਸ਼ਾਹ ਹੋ ਆਇਆ ।
ਹੋ ਮਨਸੂਰ ਐਨਲ ਹਕ ਗਾਇਆ ।
ਸ਼ਾਹ ਸ਼ੱਮਸ ਬਨ ਚੰਮ ਲਹਾਇਆ ।
ਹਰ ਰੰਗ ਹਰ ਹੋ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੪।

ਸੋਹਨੇ ਦਾ ਹੈ ਸਭ ਪਸਾਰਾ ।
ਧਰਤ ਅਕਾਸ਼ ਚੰਦ ਸਿਤਾਰਾ ।
ਕਿਧਰੇ ਚਿੱਟਾ ਕਿਧਰੇ ਕਾਰਾ ।
ਪਰ ਬੇਰੰਗ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੫।

ਜਾਗ੍ਰਤ ਸੁਪਨ ਸਖੋਪਤ ਕਹਿੰਦੇ ।
ਤੁਰੀਆ ਛੋਡ ਪਰ੍ਹੇ ਹੋ ਰਹਿੰਦੇ ।
ਕਿਧਰੇ ਲਾ-ਮਕਾਨੀ ਬਹਿੰਦੇ ।
ਛੋਡ ਜਗ ਸਭ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੬।

ਸੁਪਨੇ ਅੰਦਰ ਦਿਲਬਰ ਪਾਇਆ ।
ਜਾਗੇ ਦੂਜਾ ਨਜ਼ਰ ਨਾ ਆਇਆ ।
ਨਹੀਂ ਕੁਝ ਪਾਇਆ ਨਹੀਂ ਗਵਾਇਆ ।
ਕਿਸ ਪਰ ਸ਼ੋਰ ਮਚਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੭।

ਪਾਲਾ ਸਿੰਘ ਹੁਣ ਕੀ ਕੁਝ ਗਾਈਏ ।
ਕਤਰੇ ਵਾਂਗ ਸਮੁੰਦ ਸਮਾਈਏ ।
ਉਸ ਨੂੰ ਮਿਲ ਓਹੀ ਹੋ ਜਾਈਏ ।
ਏਕ ਅਨੇਕ ਸਦਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੮।

4. ਯੇ ਜਗਤ ਮੁਸਾਫ਼ਰ ਖਾਨਾ ਹੈ

ਇਹ (ਜਗ) ਜੋਗੀ ਵਾਲਾ ਫੇਰਾ ।
ਨਾ ਕੁਛ ਤੇਰਾ ਨਾ ਕੁਛ ਮੇਰਾ ।
ਉਠ ਜਾਨਾ ਹੈ ਸੰਝ ਸਵੇਰਾ ।
ਕਿਆ ਰਾਜਾ ਕਿਆ ਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧।

ਲਾਖੋਂ ਪੀਰ ਮੀਰ ਜਗ ਹੋਏ ।
ਓੜਕ ਨੂੰ ਥਿਰ ਰਿਹਾ ਨਾ ਕੋਇ ।
ਅੰਤ ਬਾਰ ਹੰਝੂ ਭਰ ਰੋਏ ।
ਸਭ ਨੇ ਹੀ ਚਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੨।

ਸਾਗਰ ਲਾਖ ਤਰੰਗ ਬਨਾਏ ।
ਤਟੇ ਅੰਦਰ ਸਿੰਧ ਸਮਾਏ ।
ਪਾਤ ਪੌਨ ਨੇ ਤੋੜ ਉਡਾਏ ।
ਦੇਖੋ ਬਾਗ ਵਿਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੩।

ਕਿਆ ਕਿਸੀ ਸੇ ਦਾਵਾ ਕਰੀਏ ।
ਇਸ ਦੁਨੀਆਂ ਪਰ ਕਿਆ ਦਿਲ ਧਰੀਏ ।
ਜਾਂ ਚਿਰ ਰਹੀਏ ਤਾਂ ਭੀ ਮਰੀਏ ।
ਤਨ ਦਾ ਖ਼ਾਕੀ ਬਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੪।

ਕਿਸ ਦੇ ਨਾਲ ਲਗਾਈਏ ਯਾਰੀ ।
ਝੂਠੀ ਦਿਸੇ ਖ਼ਲਕਤ ਸਾਰੀ ।
ਨਾ ਕੋਈ ਪੁਤ੍ਰ ਭੈਣ ਨਾ ਨਾਰੀ ।
ਦੋ ਦਿਨ ਕਾ ਗੁਜਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੫।

ਰਾਵਨ ਸੋਨੇ ਲੰਕ ਉਸਾਰੀ ।
ਇਕ ਲਖ ਸੁੰਦਰ ਜਹਿੰ ਘਰ ਨਾਰੀ ।
ਕਾਰੂ ਮਾਇਆ ਬੇਸ਼ੁਮਾਰੀ ।
ਸੋ ਭੀ ਹੋਇ ਰਜਾਨਾ(ਰਵਾਨਾ) ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੬।

ਆਦਮ ਤਾਂਹੀ ਜਾਂ ਦਮ ਆਵੇ ।
ਦਮ ਜਾਵੇ ਆਦਮ ਮਰ ਜਾਵੇ ।
ਦਮ ਦਮ ਜੋ ਦਿਲਦਾਰ ਧਿਆਵੇ ।
ਉਸ ਦਾ ਦੰਮ ਕੀ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੭।

ਜਿਨ੍ਹਾਂ ਬਹੁਤਾ ਰਾਜ ਕਮਾਇਆ ।
ਚਾਰ ਕੂਟ ਪਰ ਹੁਕਮ ਚਲਾਇਆ ।
ਕਦਮੋਂ ਪਰ ਜਹਾਨ ਝੁਕਾਇਆ ।
ਵੋਹ ਅਬ ਖਾਬ ਸਮਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੮।

ਜੋ ਹੋਈਆਂ ਜਗ ਹੂਰਾਂ ਪਰੀਆਂ ।
ਸੋ ਭੀ ਓੜਕ ਨੂੰ ਸਭ ਮਰੀਆਂ ।
ਚਿਖਾ ਬ੍ਰਿਹੋਂ ਦੀ ਅੰਦਰ ਸੜੀਆਂ ।
ਜਿਉਂ ਜਲਦਾ ਪਰਵਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੯।

ਸੋਹਨੀ ਸੂਰਤ ਹੁਸਨ ਜਵਾਨੀ ।
ਜਿਸ ਦੇ ਦੂਜਾ ਕੋਈ ਨਾ ਸਾਨੀ ।
ਏਹ ਗੁਲਜ਼ਾਰ ਚਾਰ ਦਿਨ ਜਾਨੀ ।
ਸਭ ਫੁੱਲਾਂ ਕੁਮਲਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੦।

ਦੇਖ ਖਿਲੀ ਸੁੰਦਰ ਗੁਲਜ਼ਾਰੀ ।
ਬੁਲਬੁਲ ਲਾ ਬੈਠੀ ਹੁਣ ਯਾਰੀ ।
ਆਇ ਖਿਜ਼ਾਂ ਨੇ ਸਭ ਉਜਾੜੀ ।
ਬੁਲਬੁਲ ਨੇ ਪਛਤਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੧।

ਆਸ਼ਕ ਇਸ਼ਕ ਮਸ਼ੂਕਾਂ ਮਾਰੇ ।
ਕੀ ਕੁਝ ਬੋਲਨ ਮੁਖੋਂ ਵਿਚਾਰੇ ।
ਜਾ ਦੇਖੇ ਹੈਂ ਜ਼ਖਮੀ ਸਾਰੇ ।
ਜਿਗਰ ਆਸ਼ਕ ਛਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੨।

ਹਸੇਂ ਖੇਡੇਂ ਖੁਸ਼ੀ ਮਨਾਵੇਂ ।
ਪੱਕੇ ਮਹਿਲ ਮਕਾਨ ਬਨਾਵੇਂ ।
ਦਿਲ ਵਿਚ ਮੌਲਾ ਨਾਹਿੰ ਧਿਆਵੇਂ ।
ਤੂੰ ਕੋਈ ਬੜਾ ਦਿਵਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੩।

ਭੈ ਸਾਗਰ ਸਮਝੋ ਸੰਸਾਰਾ ।
ਇਸ ਵਿਚ ਡੁਬੇ ਬੇਸ਼ੁਮਾਰਾ ।
ਉਪਰ ਮਾਲ ਖਜ਼ਾਨਾ ਭਾਰਾ ।
ਬੇੜਾ ਹੇਠ ਪੁਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੪।

ਪਹਿਲੀ ਉਮਰਾ ਖੇਡ ਗਵਾਈ ।
ਵਿਸ਼ਿਆਂ ਵਿਚ ਜੁਆਨੀ ਜਾਈ ।
ਅਬ ਹੁਣ ਬਿਰਧ ਅਵਸਥਾ ਆਈ ।
ਕਾਲ ਬਲੀ ਨੇ ਖਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੫।

ਜਬ ਨਰ ਕਾ ਧਨ ਬਲ ਘਟ ਜਾਵੇ ।
ਨਾਰੀ ਦੂਜਾ ਖਸਮ ਬਨਾਵੇ ।
ਸਾਕ ਅੰਗ ਨਾ ਨੇੜੇ ਆਵੇ ।
ਅਪਨਾ ਹੋਇ ਬੇਗਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੬।

ਜਗ ਵਿਚ ਮੂਲ ਨਹੀਂ ਕੋਈ ਤੇਰਾ ।
ਕਾਹਨੂੰ ਕਰਨਾ ਏਂ ਮੇਰਾ ਮੇਰਾ ।
ਅਬ ਹੀ ਕਰੋ ਉਜਾੜੀ ਡੇਰਾ ।
ਓੜਕ ਜੰਗਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੭।

ਜਿਸ ਤਨ ਦਾ ਅਭਿਮਾਨ ਦਿਖਾਵੇਂ ।
ਸੀਸਾ ਸੁਰਮਾ ਅਤਰ ਲਗਾਵੇਂ ।
ਆਕੜ ਚਲੇਂ ਧਰਤ ਹਿਲਾਵੇਂ ।
ਵਿਚ ਆਤਸ਼ ਜਲ ਜਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੮।

ਸੁਖ ਵਿਚ ਸਭੇ ਯਾਰ ਤੁਮਾਰੇ ।
ਜਾਂ ਦੁਖ ਲਗੇ ਦੁਸ਼ਮਨ ਸਾਰੇ ।
ਅਬ ਹੀ ਤੁਣਕੇ ਤੋੜ ਪਿਆਰੇ ।
ਸਭ ਕਾ ਕੂੜ ਯਾਰਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੧੯।

ਪਾਲ ਸਿੰਘ ਨਾ ਆਵੇ ਜਾਵੇ ।
ਜੋ ਵਿਚ ਜੋਤੀ ਜੋਤ ਮਿਲਾਵੇ ।
ਹਰ ਹੀ ਹੋ ਹਰ ਰੰਗ ਸਮਾਵੇ ।
ਸਮਝੇ ਖ਼ਾਬ ਸਮਾਨਾ ਹੈ ।
ਯੇ ਜਗਤ ਮੁਸਾਫ਼ਰ ਖਾਨਾ ਹੈ ।੨੦।

5. ਕਹੁ ਕੀ ਪੱਲੇ ਲੈ ਜਾਵੇਂਗਾ

ਹਰਦਮ ਯਾਦ ਰਖ ਕਰਤਾਰਾ ।
ਜਿਸ ਬਿਨ ਤੇਰਾ ਨਹੀਂ ਛੁਟਕਾਰਾ ।
ਵਾਂਗ ਸਰਾਉਂ ਸਮਝ ਜਗ ਸਾਰਾ ।
ਇਕ ਦਿਨ ਛੋਡ ਸਿਧਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧।

ਅਬ ਹੀ ਸਮਝ ਯਹੀ ਹੈ ਵੇਲਾ ।
ਜਾਸੇਂ ਜਾਨੀ ਬਾਝ ਅਕੇਲਾ ।
ਬਹੁਰ ਨਾ ਹੋਸੀ ਐਸਾ ਮੇਲਾ ।
ਅੰਤ ਬਾਰ ਪਛਤਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੨।

ਮਹਿਲ ਮਕਾਨ ਉਚੀ ਅਟਾਰੀ ।
ਸੋਹਨੀ ਸੂਰਤ ਨਾਰੀ ਪਿਆਰੀ ।
ਮਾਇਆ ਦੌਲਤ ਬੇਸ਼ੁਮਾਰੀ ।
ਨੰਗੀਂ ਪੈਰੀਂ ਧਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੩।

ਜਿਹਨਾ ਸੰਗ ਪ੍ਰੀਤ ਲਗਾਈ ।
ਅੰਤ ਬਾਰ ਨਾ ਕੋਈ ਸਹਾਈ ।
ਝੂਠੇ ਸਾਕ ਸੈਨ ਸੁਤ ਭਾਈ ।
ਫਸ ਫਸ ਚੋਟਾਂ ਖਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੪।

ਜਿਨ੍ਹਾਂ ਮਹਿਲ ਮਕਾਨ ਬਨਾਏ ।
ਕਾਲ ਬਲੀ ਨੇ ਮਾਰ ਗਵਾਏ ।
ਰਾਵਨ ਜੇਹੇ ਖਾਕ ਰੁਲਾਏ ।
ਤੂੰ ਭੀ ਭਸਮ ਸਮਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੫।

ਜਬ ਕੇ ਮੌਤ ਤੇਰੇ ਸਿਰ ਆਸੀ ।
ਤਬ ਫਿਰ ਪੇਸ਼ ਨਾ ਕੋਈ ਜਾਸੀ ।
ਏਹ ਜਿੰਦ ਕੂੰਜ ਵਾਂਗ ਕੁਰਲਾਸੀ ।
ਰੋ ਰੋ ਨੀਰ ਵਹਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੬।

ਰਾਵਨ ਸੋਨੇ ਲੰਕ ਬਨਾਈ ।
ਜਾਤੀ ਵਾਰ ਨਹੀਂ ਕੰਮ ਆਈ ।
ਇਕ ਲਖ ਨਾਰ ਨਾ ਸੰਗ ਸਿਧਾਈ ।
ਤੂੰ ਕੀ ਸਾਥ ਲੈ ਜਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੭।

ਜਿਨ੍ਹ ਘਰ ਫ਼ੌਜਾਂ ਹਾਥੀ ਘੋੜੇ ।
ਚਾਲੀ ਗੰਜ ਕਰੂੰ ਨੇ ਜੋੜੇ ।
ਜਾਤੀ ਵਾਰ ਪੜੇ ਹੀ ਛੋੜੇ ।
ਤੂੰ ਕੀ ਬਨਤ ਬਨਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੮।

ਜੋ ਤੇਰੇ ਅਬ ਮੀਤ ਕਹਾਵਨ ।
ਤੈਨੂੰ ਹਥੀਂ ਪਕੜ ਜਲਾਵਨ ।
ਜਾਲੇ ਬਾਝ ਅੰਨ ਨਹੀਂ ਖਾਵਨ ।
ਕਬ ਦਿਲ ਕੋ ਸਮਝਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੯।

ਜੇ ਤੂੰ ਅਪਨਾ ਆਪ ਗਵਾਵੇਂ ।
ਗਲੀ ਯਾਰ ਦੀ ਫੇਰਾ ਪਾਵੇਂ ।
ਜਾਨੀ ਜਾਨੀ ਹਰ ਦਮ ਗਾਵੇਂ ।
ਤੂੰ ਜਾਨੀ ਸਦਵਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੦।

ਦੇਖ ਬੀਜ ਨੇ ਆਪ ਗਵਾਇਆ ।
ਬੀਜੋਂ ਹੀ ਫਿਰ ਬ੍ਰਿਛ ਬਨਾਇਆ ।
ਪਾਤ ਫੂਲ ਫਲ ਲਾਖੋਂ ਲਾਇਆ ।
ਤਿਉਂ ਹਰ ਰੰਗ ਸਮਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੧।

ਭੱਠ ਪਿਆ ਦਿਲਬਰ ਬਿਨ ਜੀਨਾ ।
ਹਰਾਮ ਲਖੋ ਸਭ ਖਾਨਾ ਪੀਨਾ ।
ਆ ਤੂੰ ਸਮਝ ਨਾ ਥੀਓ ਕਮੀਨਾ ।
ਸੋਚ ਸੋਚ ਸੁਖ ਪਾਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੨।

ਪਾਲ ਸਿੰਘ ਬਸ ਕਰ ਹੁਣ ਪਿਆਰੇ ।
ਤੇਰੇ ਹੀ ਸਭ ਰੰਗ ਪਸਾਰੇ ।
ਬੱਗੇ ਰੱਤੇ ਪੀਰੇ ਕਾਰੇ ।
ਕਦ ਦਿਲ ਅੰਦਰ ਆਵੇਂਗਾ ।
ਕਹੁ ਕੀ ਪੱਲੇ ਲੈ ਜਾਵੇਂਗਾ ।੧੩।

6. ਤੈਂ ਪਰ ਮੇਰੀ ਜਾਨ ਫ਼ਿਦਾ

ਸਾਕੀ ਐਸਾ ਜਾਮ ਪਿਲਾਨਾ ।
ਜਿਸ ਪੀ ਹੋ ਜਾਊਂ ਦੀਵਾਨਾ ।
ਮਸਤ ਬੇਹੋਸ਼ ਮਿਸਲ ਪਰਵਾਨਾ ।
ਜਲ ਜਾਊਂ ਦਿਲਬਰ ਪਰ ਜਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧।

ਸੁਣ ਪਿਆਰੇ ਇਕ ਅਰਜ਼ ਹਮਾਰੀ ।
ਮੁਝਕੋ ਮਾਰੋ ਖੈਂਚ ਕਟਾਰੀ ।
ਜਾਂ ਸਾਨੂੰ ਆ ਮਿਲ ਇਕ ਵਾਰੀ ।
ਹਰ ਦਮ ਮੈਨੂੰ ਨਾ ਤਰਸਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨।

ਲੋਕਾਂ ਸਾਥ ਕਰੇਂ ਅਸ਼ਨਾਈ ।
ਔਰ ਹਮਾਰੇ ਸੰਗ ਲੜਾਈ ।
ਤੇਰੇ ਕੂਚੇ ਦਿਆਂ ਦੁਹਾਈ ।
ਕਬੀ ਤੋ ਗਲ ਸੇ ਆਨ ਲਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੩।

ਆ ਮਿਲ ਸੋਹਣੀ ਸ਼ਕਲ ਪਿਆਰੀ ।
ਤੈਂ ਬਿਨ ਸੀਨੇ ਵਿਚ ਕਟਾਰੀ ।
ਦੂਜੀ ਵੈਰੀ ਖ਼ਲਕਤ ਸਾਰੀ ।
ਮੂਲ ਨਾ ਮੈਥੀਂ ਮੁੱਖ ਛਪਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੪।

ਜਿਧਰ ਜਾਵਾਂ ਜੰਗ ਲੜਾਈਆਂ ।
ਹਾਇ ਮੈਂ ਭੁਲ ਅੱਖੀਆਂ ਲਾਈਆਂ ।
ਭੜਕਣ ਅੱਗਾਂ ਦੂਣ ਸਵਾਈਆਂ ।
ਇਸ਼ਕੇ ਦਿਤਾ ਸ਼ੋਰ ਮਚਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੫।

ਜਬ ਕਾ ਤੇਰਾ ਹੂਆ ਨਜ਼ਾਰਾ ।
ਜਿਉਂ ਕਰ ਬਿਜਲੀ ਦਾ ਚਮਕਾਰਾ ।
ਹੋ ਗਿਆ ਏਹ ਦਿਲ ਪਾਰਾ ਪਾਰਾ ।
ਦਿਤਾ ਅਪਨਾ ਆਪ ਗਵਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੬।

ਤੇਰੇ ਨੈਣ ਜਿਵੇਂ ਤਲਵਾਰਾਂ ।
ਫਟੇ ਆਸ਼ਕ ਬੇਸ਼ੁਮਾਰਾਂ ।
ਰੋਂਦੇ ਫਿਰਦੇ ਜੰਗਲ ਬਾਰਾਂ ।
ਮੂਲ ਨਾ ਮੈਥੀਂ ਸਚ ਪੁਛਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੭।

ਦਸੋ ਗਲ ਤੁਮਾਰੀ ਆਵਾਂ ।
ਚਾਹੇ ਉਲਟੀ ਖੱਲ ਲੁਹਾਵਾਂ ।
ਤਾਂ ਭੀ ਪਿਛੇ ਕਦਮ ਨਾ ਪਾਵਾਂ ।
ਖੰਜਰ ਮਾਰ ਲਵੋ ਅਜ਼ਮਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੮।

ਹਮ ਤੇਰੇ ਪਰ ਹੂਏ ਦੀਵਾਨੇ ।
ਦੀਵੇ ਪਰ ਜੈਸੇ ਪਰਵਾਨੇ ।
ਜਿਸਨੂੰ ਲਗੇ ਵੋਹੀ ਜਾਨੇ ।
ਬੇਖ਼ਬਰਾਂ ਨੂੰ ਖ਼ਬਰ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੯।

ਤੂੰ ਹੈਂ ਸਾਗਰ ਹੁਸਨ ਪਿਆਰੇ ।
ਹਮ ਭੀ ਕਤਰੇ ਹੈਂ ਤੁਮਾਰੇ ।
ਆ ਹੁਣ ਜ਼ਾਹਿਰ ਦੇ ਨਜ਼ਾਰੇ ।
ਮੁਖ ਤੋਂ ਪੜਦਾ ਚਾਇ ਉਠਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੦।

ਤੁਧ ਬਿਨ ਦੁਖੀ ਰੋਜ ਵਿਹਾਵਨ ।
ਬਰਸਨ ਨੈਣ ਬਰਸ ਝੜ ਲਾਵਨ ।
ਸਾਵਨ ਜਿਉਂ ਬਾਦਲ ਬਰਸਾਵਨ ।
ਰੋ ਰੋ ਦਿਤਾ ਬਹਿਰ ਵਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੧।

ਮੈਂ ਜੀਵਾਂ ਮੁਖ ਦੇਖਾਂ ਤੇਰਾ ।
ਸੁਪਨੇ ਅੰਦਰ ਕਰ ਇਕ ਫੇਰਾ ।
ਦਿਲ ਵਿਚ ਆ ਗਿਆ ਦਿਲਬਰ ਮੇਰਾ ।
ਕਿਆ ਦੇਖਾਂ ਮੱਕੇ ਮੈਂ ਜਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੨।

ਦੰਮ ਦੰਮ ਤੇਰਾ ਹੀ ਦੰਮ ਭਰਸਾਂ ।
ਜਾਂ ਤੂੰ ਜਾਸੇਂ ਤਾਂ ਮੈਂ ਮਰਸਾਂ ।
ਜਾਨ ਕੁਰਬਾਨ ਤੇਰੇ ਪਰ ਕਰਸਾਂ ।
ਤੂੰ ਭੀ ਮੈਨੂੰ ਨਾਹਿ ਭੁਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੩।

ਸਾਕ ਅੰਗ ਸਭ ਦੂਰ ਸਿਧਾਰੇ ।
ਭਾਈ ਮੁਲਾਂ ਝੂਠੇ ਸਾਰੇ ।
ਬੇਦ ਕੁਰਾਨ ਨ ਕਾਮ ਹਮਾਰੇ ।
ਰਾਜ ਕਾਜ ਕੋ ਆਗ ਲਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੪।

ਮੈਂ ਇਕ ਚਾਹੂੰ ਦਰਸ ਤੁਮਾਰਾ ।
ਤੁਧ ਬਿਨ ਕੂੜ ਸਗਲ ਸੰਸਾਰਾ ।
ਜੇ ਤੂੰ ਦੋਸਤ ਹੈਂ ਹਮਾਰਾ ।
ਮੈਨੂੰ ਅਪਨੇ ਸੰਗ ਮਿਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੫।

ਕਹਿੰਦੇ ਆਰਫ਼ ਲੋਕ ਸਿਆਣੇ ।
ਤੂੰ ਹਰ ਰੰਗੀ ਮੌਜਾਂ ਮਾਣੇ ।
ਬਾਹਰ ਢੂੰਢਨ ਲੋਕ ਦੀਵਾਨੇ ।
ਤੈਨੂੰ ਤੁਧ ਬਿਨ ਲਖੇ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੬।

ਹਾਇ ਹਾਇ ਪਿਆਰੇ ਕਿਉਂ ਮੁਖ ਮੋੜੇਂ ।
ਯਾਰੀ ਲਾਇ ਮੁਹਬਤ ਤੋੜੇਂ ।
ਸਾਥੋਂ ਤੋੜ ਔਰ ਸੰਗ ਜੋੜੇਂ ।
ਚਲਿਓਂ ਦਿਲ ਦਾ ਚੈਨ ਚੁਰਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੭।

ਜੇਕਰ ਹੋਵੇ ਵਸਲ ਤੁਮਾਰਾ ।
ਇਹ ਦਿਲ ਟੁਟਾ ਜੁੜੇ ਹਮਾਰਾ ।
ਖ਼ਾਬ ਖ਼ਿਆਲ ਦਿਸੇ ਜਗ ਸਾਰਾ ।
ਐਸੀ ਮਸਤ ਸ਼ਰਾਬ ਪਿਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੮।

ਤੈਨੂੰ ਮਿਲ ਜੋ ਲੱਜਤ ਪਾਈ ।
ਸੋ ਮੈਂ ਕਿਸਨੂੰ ਕਹਾਂ ਸੁਣਾਈ ।
ਕਹਿਣੇ ਸੁਣਨੇ ਵਿਚ ਨਾ ਆਈ ।
ਓਸ ਜਗਾ ਪਰ ਬੰਦ ਜੁਬਾਂ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੯।

ਜਾਂ ਮੈਂ ਅਪਨਾ ਆਪ ਗਵਾਇਆ ।
ਹਰ ਰੰਗ ਆਪੇ ਆਪ ਸਮਾਇਆ ।
ਖ਼ੁਦੀ ਛੋਡ ਖ਼ੁਦਾਉ ਕਹਾਇਆ ।
ਗਿਆ ਸਮੁੰਦ ਹਬਾਬ ਸਮਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨੦।

ਪਾਲ ਸਿੰਘ ਆਰਫ਼ ਸੁਣ ਪਿਆਰੇ ।
ਤੇਰੇ ਹੀ ਸਭ ਰੰਗ ਪਸਾਰੇ ।
ਮੈ ਮੈ ਛੋਡੀ ਸਭੀ ਹਮਾਰੇ ।
ਤੂੰ ਮੈਂ ਅੰਦਰ ਫ਼ਰਕ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨੧।

7. ਬਿਨ ਡਿਠਿਆਂ ਨੈਣ ਤਰਸਦੇ ਨੀ

ਜਬ ਮਾਸ਼ੂਕ ਨੈਣ ਲੜਾਵਣ ।
ਆਸ਼ਕ ਤੁਰਤ ਕਤਲ ਹੋ ਜਾਵਣ ।
ਮਰਨੋ ਰਤੀ ਖ਼ੌਫ਼ ਨਾ ਖਾਵਣ ।
ਦੇਖ ਸੂਲੀਆਂ ਹਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧।

ਜ਼ੁਲਫ਼ ਪਿਆਰੇ ਵਾਲੀ ਕਾਲੀ ।
ਜਿਉਂ ਕਰ ਨਾਗ ਲਟਕਦੇ ਡਾਲੀ ।
ਦੇਖ ਮਹਬੂਬਾਂ ਲਾਈ ਜਾਲੀ ।
ਜਾ ਆਸ਼ਕ ਵਿਚ ਫਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੨।

ਨੈਣਾ ਵਾਲੀ ਬੁਰੀ ਕਟਾਰੀ ।
ਏਨਾ ਕੁਠੀ ਖ਼ਲਕਤ ਸਾਰੀ ।
ਜਿਥੇ ਦੇਖਨ ਸੂਰਤਿ ਪਿਆਰੀ ।
ਜਾਣ ਉਤੇ ਵਲ ਨਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੩।

ਜੇ ਨਾ ਜਾਨੀ ਮੁਖ ਦਿਖਾਵੇ ।
ਆਸ਼ਕ ਦੀ ਜਿੰਦ ਗੋਤੇ ਖਾਵੇ ।
ਬ੍ਰਿਹੋਂ ਆਤਸ਼ ਜਿਗਰ ਜਲਾਵੇ ।
ਛਮ ਛਮ ਨੈਣ ਬਰਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੪।

ਭੌਰੇ ਫੁਲਾਂ ਪ੍ਰੀਤਿ ਲਗਾਈ ।
ਬੁਲਬੁਲ ਦੇਂਦੀ ਫਿਰੇ ਦੁਹਾਈ ।
ਹੈ ਕਿਉਂ ਖ਼ਿਜ਼ਾਂ ਚਮਨ ਮੇਂ ਆਈ ।
ਦਿਲ ਜਾਨੀ ਦਿਲ ਖਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੫।

ਜੇ ਨੈਣ ਸੇ ਨੈਣ ਮਿਲਾਈਏ ।
ਯਾ ਰਬ ਰਖੇ ਤਾਂ ਮੁੜ ਆਈਏ ।
ਕੀ ਕੁਛ ਦਿਲ ਦਾ ਹਾਲ ਸੁਨਾਈਏ ।
ਤੀਰ ਜਿਗਰ ਵਿਚ ਧਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੬।

ਲਗੀ ਜਿਨ੍ਹਾਂ ਨੂੰ ਜਿਗਰ ਹਰਾਨੀ ।
ਵੋਹੀ ਕਰਦੇ ਜਾਨੀ ਜਾਨੀ ।
ਤੜਫਨ ਜਿਉਂ ਮਛਲੀ ਬਿਨ ਪਾਨੀ ।
ਐਪਰ ਭੇਦ ਨਾ ਦਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੭।

ਕਈ ਅੱਗਾਂ ਵਿਚ ਜਲਾਏ ।
ਕਈ ਸੂਲੀ ਪਕੜ ਝੜਾਏ ।
ਨੈਣਾਂ ਲਖ ਫ਼ਕੀਰ ਬਣਾਏ ।
ਜਾ ਜੰਗਲ ਵਿਚ ਵਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੮।

ਆਸ਼ਕ ਹੋਏ ਮਸਤ ਦੀਵਾਨੇ ।
ਉਨ ਕੋ ਉਨ ਬਿਨ ਕੋਇ ਨਾ ਜਾਨੇ ।
ਲੋਕੀ ਝੂਠੇ ਮਾਰਨ ਤਾਨੇ ।
ਨਾਗ ਜਿਵੇਂ ਕਰ ਡਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੯।

ਜਿਨ੍ਹਾਂ ਪੀਤੇ ਪ੍ਰੇਮ ਪਿਆਲੇ ।
ਸੋਈ ਮਸਤ ਰਹਿਨ ਹਰ ਹਾਲੇ ।
ਦੇਖ ਤਰੰਗ ਹੋਏ ਮਤਵਾਲੇ ।
ਜਾਇ ਸ਼ਮਾ ਵਿਚ ਧਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧੦।

ਪਾਲ ਸਿੰਘ ਏਹ ਬੁਰੀਆਂ ਅੱਖੀਂ ।
ਮਿਰਜੇ ਜਹੇ ਜਲਾਏ ਕੱਖੀਂ ।
ਸੰਭਲ ਕਦਮ ਅਗੇਰੇ ਰੱਖੀਂ ।
ਤੀਰ ਕਹਿਰ ਦੇ ਕਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧੧।

8. ਆਸ਼ਕ ਹਰ ਹਾਲ ਦੀਵਾਨੇ ਨੀ

ਆਸ਼ਕ ਮਰਦ ਸਦਾ ਮਤਵਾਲੇ ।
ਜਿਨ੍ਹਾਂ ਪੀਤੇ ਪ੍ਰੇਮ ਪਿਆਲੇ ।
ਐਪਰ ਅੱਗ ਇਸ਼ਕ ਦੀ ਜਾਲੇ ।
ਜਿਉਂ ਦੀਪਕ ਪਰਵਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧।

ਜਾਵਣ ਗਲੀ ਮਹਬੂਬਾਂ ਵਾਲੀ ।
ਤਨ ਮਨ ਖੁਦੀਓਂ ਕਰਕੇ ਖਾਲੀ ।
ਵੇਖਣ ਸੂਰਤ ਵਾਲੀ ਵਾਲੀ ।
ਵੇਖ ਵੇਖ ਮਸਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੨।

ਜਿਧਰ ਦੇਖਣ ਓਧਰ ਜਾਨੀ ।
ਜਿਉਂ ਇਕ ਸੂਤ ਹੋਈ ਬਹੁ ਤਾਨੀ ।
ਸਭ ਤਰੰਗਾਂ ਅੰਦਰ ਪਾਨੀ ।
ਬੀਜੋਂ ਬ੍ਰਿਛ ਸਿਆਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੩।

ਮਕੇ ਨੂੰ ਨਾਹੀ ਵੋਹ ਜਾਵਨ ।
ਗੰਗਾ ਕਾਸ਼ੀ ਕਦਮ ਨਾ ਪਾਵਨ ।
ਨਾ ਕੁਛ ਪੂਜਨ ਨਾਹਿ ਪੁਜਾਵਨ ।
ਨਾ ਕੁਛ ਦੀਨ ਈਮਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੪।

ਆਸ਼ਕ ਜ਼ਾਤ ਪਾਤ ਨਾ ਜਾਨਨ ।
ਮਾਇਆ ਦੌਲਤ ਨਾਹਿ ਸਿਆਨਨ ।
ਸ਼ਰਾ ਮਜ੍ਹਬ ਕੋਈ ਨਾ ਮਾਨਨ ।
ਦਿਲਬਰ ਪਰ ਕੁਰਬਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੫।

ਇਸ਼ਕੇ ਵਿਚ ਨਾ ਜ਼ਾਤ ਸਫਾਤ ।
ਸੂਰਜ ਪਾਸ ਕਹਾਂ ਦਿਨ ਰਾਤ ।
ਲੋਕ ਕੀ ਜਾਨਨ ਇਸਦੀ ਬਾਤ ।
ਮਾਰਨ ਝੂਠੇ ਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੬।

ਸਾਚੁ ਕਹੀਏ ਤਾਂ ਖੱਲ ਲੁਹਾਈਏ ।
ਕਹਿਣੋ ਭੀ ਕੈਸੇ ਹਟ ਜਾਈਏ ।
ਹਿੰਦੂ ਅੰਧੇ ਸਭ ਸੁਨਾਈਏ ।
ਤੇ ਇਹ ਮੁਸੱਲੇ ਕਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੭।

ਦੇਖ ਪਖੰਡੀ ਸੀਸ ਨਿਵਾਵਨ ।
ਸਾਚੇ ਨੂੰ ਫੜ ਦਾਰ ਚੜਾਵਨ ।
ਨਾ ਕੁਛ ਸੋਚਨ ਜ਼ੁਲਮ ਕਮਾਵਨ ।
ਕਾਫ਼ਰ ਸਾਧ ਮੁਲਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੮।

ਆਸ਼ਕ ਮੈ ਹਕ ਮੈ ਹਕ ਕਰਦੇ ।
ਸੂਲੀ ਸਾਰੋਂ ਮੂਲ ਨਾ ਡਰਦੇ ।
ਪੈਰ ਕਟਾਰੀ ਉਪਰ ਧਰਦੇ ।
ਜਾਨ ਬੂਝ ਅਨਜਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੯।

ਜਿਥੇ ਇਸ਼ਕ ਹੋਰੀਂ ਚਲ ਆਏ ।
ਓਥੋਂ ਸ਼ਰਮ ਹਯਾਉ ਉਠਾਏ ।
ਨਰਕ ਸੁਰਗ ਦੇ ਖ਼ੌਫ਼ ਗੁਵਾਏ ।
ਤੇ ਕਿਆ ਰਾਜੇ ਰਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੦।

ਕੈ ਤੋ ਫਿਰਦੇ ਬੀਚ ਉਜਾੜਾਂ ।
ਕੈ ਜਾ ਡੇਰਾ ਕਰਨ ਪਹਾੜਾਂ ।
ਕੈ ਖੇਲਨ ਸੰਗ ਸੁੰਦਰ ਨਾਰਾਂ ।
ਭੌਰ ਜਿਵੇਂ ਬੁਸਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੧।

ਕੈ ਤੋ ਹੋਵਨ ਹਾਲ ਅਮੀਰਾਂ ।
ਕੈ ਤੋ ਉਪਰ ਪਾਟੀ ਲੀਰਾਂ ।
ਕੈ ਤੋ ਮੰਜਾ ਹੇਠ ਕਰੀਰਾਂ ।
ਕੈ ਵਿਚ ਮਹਲ ਮਕਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੨।

ਕੈ ਤੋ ਹਸਨ ਖੇਡਨ ਗਾਵਨ ।
ਕੈ ਤੋ ਲਾਂਬੇ ਪਾਉਂ ਫੈਲਾਵਨ ।
ਕੈ ਚੁਪ ਕੈ ਬਹੁ ਸ਼ੋਰ ਮਚਾਵਨ ।
ਕੈ ਦਾਨੇ ਪਰਧਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੩।

ਕੈ ਤੋ ਬੇਦ ਕੁਰਾਨਾਂ ਪੜ੍ਹਦੇ ।
ਕੈ ਜਾ ਚੌਦੀਂ ਤਬਕੀਂ ਵੜਦੇ ।
ਕੈ ਜਾ ਓਸ ਜਗਾ ਪਰ ਚੜਦੇ ।
ਜਿਥੇ ਬੰਦ ਜ਼ੁਬਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੪।

ਇਸ਼ਕੇ ਵਾਲੀ ਚਾਲ ਨਿਆਰੀ ।
ਜਿਉਂ ਕਰ ਖੇਲੇ ਖੇਲ ਮਦਾਰੀ ।
ਇਨਕੋ ਵਿਰਲਾ ਲਖੇ ਲਿਖਾਰੀ ।
ਦੇਖਤ ਲੋਕ ਹੈਰਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੫।

ਪਾਲ ਸਿੰਘ ਜੇ ਆਪ ਗੁਵਾਵੇਂ ।
ਤਾਂ ਤੂੰ ਭੇਦ ਇਸ਼ਕ ਦਾ ਪਾਵੇਂ ।
ਜਾਨੀ ਮਿਲ ਜਾਨੀ ਹੋ ਜਾਵੇਂ ।
ਜਿਸਦੇ ਇਹ ਸਭ ਭਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੬।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਾਲ ਸਿੰਘ ਆਰਿਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ