Saif-Ul-Malook : Mian Muhammad Bakhsh

ਸੈਫ਼-ਉਲ-ਮਲੂਕ : ਮੀਆਂ ਮੁਹੰਮਦ ਬਖ਼ਸ਼

43. ਦਾਸਤਾਨ ਰਵਾਂ ਸ਼ੁਦਨਿ ਸ਼ਹਿਜ਼ਾਦਾ ਬਮੱਏ ਮਲਕਾ ਅਜ਼ਾਂ
ਕਿਲੱਅ ਦਰ ਦਰਿਆ ਵਾ ਕੁਸ਼ਤਨਿ ਨਿਹੰਗਿ-ਹੋਸ਼-ਰੁਬਾ
ਰਾ ਵਾ ਹਜ਼ਾਰ ਹੀਲਾ ਵਾ ਰੰਜ ਬਰ ਦਰਿ ਗੰਜਿ ਮੁਰਾਦ
ਰਸਾਨੀਦਣ ਮਲਕਾ ਰਾ ਬ ਸਰਾਂਦੀਪ ਬ-ਮੁਸ਼ਕਤਿ ਬਿਸਿਆਰ
(ਸ਼ਹਿਜ਼ਾਦੇ ਦਾ ਮਲਿਕਾ ਖ਼ਾਤੂੰ ਨਾਲ਼ ਕਿਲੇ ਤੋਂ ਸਮੁੰਦਰ ਵੱਲ
ਰਵਾਨਾ ਹੋਣਾ ਤੇ ਬੜੀ ਸਖ਼ਤ ਮਿਹਨਤ ਨਾਲ਼ ਡਰਾਵਣੇ ਮਗਰਮੱਛ
ਨੂੰ ਜਾਨੋਂ ਮਾਰਨਾ ਤੇ ਮੁਰਾਦ ਦੇ ਨੇੜੇ ਅਪੜਨਾ)

ਮਾਲੀ ਏਸ ਬਾਗ਼ੀਚੇ ਵਾਲਾ ਦਾਨਾਂ ਮਰਦ ਸੱਚਾਵਾਂ
ਜਿਸਦੇ ਬਾਗ਼ੋਂ ਲੈ ਪਨੀਰੀ ਮੈਂ ਭੀ ਬੂਟੇ ਲਾਵਾਂ

ਹਰ ਹਰ ਜਾਇ ਕਿਆਰੇ ਤੱਕ ਕੇ ਬੂਟੇ ਰਾਸ ਲਵਾਂਦਾ
ਜਿਸ ਜਾਈ ਉਹ ਲਾਇਕ ਹੋਵੇ ਉਸੇ ਜਾ ਸੁਹਾਂਦਾ

ਇਹ ਫ਼ੁਰਮਾਂਦੇ ਆਈ ਅੱਗੋਂ ਰੁੱਤ ਬਸੰਤ ਫੁੱਲਾਂ ਦੀ
ਕੋਈ ਦਿਨ ਸਰਦ ਖ਼ਿਜ਼ਾਂ ਦੇ ਰਹਿੰਦੇ ਲੱਗੀ ਉਮੀਦ ਗੁਲਾਂ ਦੀ

ਬਾਗ਼ ਅੰਦਰ ਹਰਿਆਈ ਹੋਸੀ ਕਢਸੀ ਸ਼ਾਖ਼ ਅੰਗੂਰੀ
ਲਾਲਾ ਅਤੇ ਗੁਲਾਬ ਮਿਲਣਗੇ ਨਰਗਿਸ ਤੇ ਗੁਲ ਸੂਰੀ

ਜਾਂ ਸ਼ਹਿਜ਼ਾਦੇ ਦੇਵੇ ਤਾਈਂ ਕੀਤਾ ਮਾਰ ਅਜ਼ਾਈਂ
ਮਲਿਕਾ ਖ਼ਾਤੁੰ ਨੂੰ ਲੈ ਟੁਰਿਆ ਛੱਡ ਦੇਵੇ ਦੀਆਂ ਜਾਈਂ

ਲੱਕੜੀਆਂ ਦਾ ਟੱਲਾ ਬੱਧਾ ਬਹੁਤ ਪਕੇਰਾ ਕਰਕੇ
ਰੁੜ੍ਹ ਰੁੜ੍ਹ ਰਜਿਆ ਨਾਹੀਂ ਤੁਰਿਆ ਫੇਰ ਨਦੀ ਵਿਚ ਤਰ ਕੇ ।(੨੯੯੦)

ਲਅਲ ਜਵਾਹਰ ਕੀਮਤ ਵਾਲੇ ਨਿਅਮਤ ਬੇ ਸ਼ੁਮਾਰੀ
ਖਾਣੇ ਦਾਣੇ ਟੱਲੇ ਉੱਤੇ ਪਾ ਲਏ ਹਿਕ ਵਾਰੀ

ਸਭ ਅਸਬਾਬ ਟੱਲੇ ਤੇ ਧਰਿਆ ਪੱਕਾ ਮੁਹਕਮ ਕਰਕੇ
ਮਲਿਕਾ ਸਣੇ ਟੱਲੇ ਪਰ ਚੜ੍ਹਿਆ ਟੱਲਾ ਟੁਰਿਆ ਤਰਕੇ

ਅਠੇ ਪਹਿਰ ਨਦੀ ਵਿਚ ਜਾਂਦਾ ਟੱਲਾ ਨਾਲ਼ ਸ਼ਿਤਾਬੀ
ਸੈਫ਼-ਮਲੂਕ ਇਬਾਦਤ ਅੰਦਰ ਜ਼ਿਕਰ ਸੱਨਾ ਵੱਹਾਬੀ

ਲਹਿਰਾਂ ਅੰਦਰ ਆਇਆ ਟੱਲਾ ਵੱਲ ਵੱਲ ਧੱਕੇ ਖਾਂਦਾ
ਕਦੇ ਪਤਾਲ਼ ਅੰਦਰ ਲਹਿ ਜਾਏ ਕਦੇ ਗਗਨ ਚੜ੍ਹ ਜਾਂਦਾ

ਕਦੇ ਪਏ ਵਿਚ ਘੁੰਮਣ ਘੇਰਾਂ ਫਿਰਦਾ ਅੰਦਰ ਫੇਰਾਂ
ਫੇਰਾਂ ਵਿਚ ਗੱਜੇ ਇਉਂ ਪਾਣੀ ਚੋਟ ਲੱਗੇ ਜਿਉਂ ਸ਼ੇਰਾਂ

ਚੁਸਤ ਘਰਾਟ ਫਿਰੇ ਜਿਉਂ ਤਿਵੇਂ ਪਾਣੀ ਤਰਿੱਖਾ ਭੌਂਦਾ
ਲਹਿਰਾਂ ਕਹਿਰਾਂ ਦੇ ਮੂੰਹ ਟੱਲਾ ਡੁੱਬਣ ਉੱਤੇ ਹੋਂਦਾ

ਸ਼ਹਿਜ਼ਾਦੇ ਨੇ ਝਾਗੇ ਆਹੇ ਸਫ਼ਰ ਅਜੇਹੇ ਅੱਗੇ
ਮਲਿਕਾ ਸੀ ਮਾਸੂਮ ਸ਼ਾਹਜ਼ਾਦੀ ਡਰ ਡੁੱਬਣ ਦਾ ਲੱਗੇ

ਰਾਤ ਹਨੇਰੀ ਨਦੀ ਚੌਫੇਰੇ ਨਜ਼ਰ ਨਾ ਪੌਣ ਕਿਨਾਰੇ
ਜਾਨੇ ਤੋਂ ਹੱਥ ਧੋਤੇ ਬੈਠੇ ਇਹ ਮਾਰੇ ਕਿ ਮਾਰੇ

ਓੜਕ ਸਫ਼ਰ ਦੋਹਾਂ ਤੇ ਆਈ ਮੁਸ਼ਕਿਲ ਵੱਧ ਹਿਸਾਬੋਂ
ਕੁਦਰਤ ਨਾਲ਼ ਬਚਾਂਦਾ ਜਾਂਦਾ ਮਾਲਿਕ ਹਰ ਗਰਦਾਬੋਂ

ਸਰਗਰਦਾਨ ਨਦੀ ਵਿਚ ਰੁੜ੍ਹਦੇ ਨਾ ਕੁੱਝ ਪਤਾ ਨਿਸ਼ਾਨੀ
ਕਿਧਰੋਂ ਆਏ ਕਿਧਰ ਜਾਣਾ ਕਿਧਰ ਖ਼ਲਕ ਜਹਾਨੀ ।(੩੦੦੦)

ਹਿਕ ਥੀਂ ਹਿਕ ਚੜ੍ਹੰਦੀ ਆਵੇ ਆਸ਼ਿਕ ਨੂੰ ਦਿਲਗੀਰੀ
ਦਿਨ ਦਿਨ ਪੇਰ ਅਗੇਰੇ ਰੱਖੇ ਵਾਹ ਇਸ਼ਕ ਦੀ ਸ਼ੀਰੀ

ਚੁੱਲ੍ਹੇ ਵਿਚੋਂ ਲੱਕੜ ਸੜਦੀ ਸੱਟੇ ਵਿਚ ਚੁਰ੍ਹਾਂ ਦੇ
ਕੋਲਾ ਹੋਇਆ ਫੇਰ ਜਲਾਵੇ ਅਹਿਰਨ ਜ਼ਰਗਰਾਂ ਦੇ

ਇਸ਼ਕੇ ਦੀ ਇਹ ਰਸਮ ਕਦੀਮੀ ਜਲਿਆਂ ਨੂੰ ਨਿੱਤ ਜਾਲੇ
ਅਗਲਾ ਜ਼ਖ਼ਮ ਨਾ ਮੌਲਣ ਦੇਂਦਾ ਹੋਰ ਉੱਤੋਂ ਚਾ ਡਾਲੇ

ਟੱਲੇ ਉੱਤੇ ਰੁੜ੍ਹਦੇ ਆਹੇ ਮਲਿਕਾ ਤੇ ਸ਼ਹਿਜ਼ਾਦਾ
ਹਿਕ ਦਿਨ ਕਰਨਾ ਰੱਬ ਦਾ ਹੋਇਆ ਮੁਸ਼ਕਿਲ ਬਣੀ ਜ਼ਿਆਦਾ

ਜ਼ਾਲਿਮ ਵਾਓ ਮੁਖ਼ਾਲਿਫ਼ ਝੁੱਲੀ ਝੱਖੜ ਝੋਲੇ ਦੇਂਦਾ
ਬਦਲ ਪਾ ਗ਼ੁਬਾਰੀ ਆਇਆ ਮਾਰੋ ਮਾਰ ਕਰੇਂਦਾ

ਲੱਥਾ ਰੱਬ ਅਜੇਹਾ ਯਾਰੋ ਕੀ ਗੱਲ ਕੱਥ ਸੁਣਾਵਾਂ
ਕਿਤੇ ਜਹਾਜ਼ਾਂ ਲਾਂਘ ਨਾ ਲਗਦੀ ਕਾਂਗ ਚੜ੍ਹੀ ਦਰਿਆਵਾਂ

ਬਦਲ ਆਖੇ ਅੱਜੇ ਵੱਸਣਾ ਤੋੜੇ ਫੇਰ ਨਾ ਵੱਸਾਂ
ਕੀਤੇ ਸ਼ਹਿਰ ਉਜਾੜ ਬਤੇਰੇ ਵਾਹੀਆਂ ਕੂਹਲਾਂ ਕੱਸਾਂ

ਝੱਖੜ ਆਖੇ ਜ਼ੋਰ ਤਮਾਮੀ ਲਾ ਖ਼ਲਕ ਨੂੰ ਦੱਸਾਂ
ਹਿਕ ਹਿਕ ਨਦੀ ਸਮੁੰਦਰ ਹੋਈ ਨਦੀਆਂ ਵਾਂਗਰ ਕੱਸਾਂ

ਤਾਰੇ ਛੋਹੇ ਠਾਠ ਨਦੀ ਦੀ ਅੰਬਰ ਤੀਕ ਉਛੱਲੇ
ਨੈਣਾਂ ਹੰਝੂ ਮੀਂਹ ਵਸਾਏ ਮਾਰੇ ਮੌਤ ਉਦੱਲੇ

ਨਾ ਕੋਈ ਕੰਢੀ ਨਜ਼ਰੀਂ ਆਵੇ ਨਾ ਕੋਈ ਟਾਪੂ ਬੇਲਾ
ਕਾਂਗ ਤੂਫ਼ਾਨ ਗ਼ਜ਼ਬ ਦਾ ਚੜ੍ਹਿਆ ਕਹਿਰ ਕਿਆਮਤ ਮੇਲਾ ।(੩੦੧੦)

ਜੀਅ-ਜੂਨ ਨਦੀ ਦੇ ਵਿੱਚੇ ਸੱਪ ਸੰਸਾਰ ਬਲਾਈਂ
ਕੁੱਝ ਰੁੜ੍ਹਦੇ ਕੁੱਝ ਖਾਵਣ ਆਵਣ ਸ਼ਹਿਜ਼ਾਦੇ ਦੇ ਤਾਈਂ

ਸ਼ੋਰ ਕਕਾਰਾ ਅੰਬਰ ਤੋੜੀ ਕੀ ਲਹਿੰਦੇ ਕੀ ਚੜ੍ਹਦੇ
ਜ਼ੋਰ ਪਿਆ ਕੋਹ ਕਾਫ਼ ਨਦੀ ਵਿਚ ਸਿਰ ਪਰਨੇ ਹੋ ਝੜਦੇ

ਮੁੜ ਮੁੜ ਟੱਲੇ ਤਾਈਂ ਦੇਵਣ ਘੁੰਮਣ ਘੇਰ ਕਲਾਵੇ
ਠਾਠਾਂ ਮਾਰ ਉਲਾਰ ਵਗਾਵਣ ਤਾਂ ਫਿਰ ਬਾਹਰ ਆਵੇ

ਹਿਕ ਅੰਦਰ ਵਿਚ ਕਾਂਗ ਗ਼ਮਾਂ ਦੀ ਨਦੀਓਂ ਮੌਜ ਵਧੇਰੀ
ਬਦਲ ਵਾਂਙੂ ਹੰਝੂ ਵੱਸਣ ਆਹੀਂ ਸਰਦ ਹਨੇਰੀ

ਖ਼ੂਨੀ ਲਹਿਰ ਇਸ਼ਕ ਦੀ ਵਗੀ ਬੇ ਕਿਨਾਰ ਡੂੰਘੇਰੀ
ਫੇਰ ਕੜਾਹ ਫ਼ਿਕਰ ਦੇ ਪੈਂਦੀ ਹਿੰਮਤ ਸਿਦਕ ਦਲੇਰੀ

ਸ਼ੂਕੋ-ਸ਼ਾਂਕ ਨਦੀ ਦੀ ਸੁਣ ਕੀ ਸੀਮੁਰਗਾਂ ਤਨ ਕੰਬੇ
ਜਿੱਤ ਵੱਲ ਨੱਸਣ ਪਾਣੀ ਦਿੱਸੇ ਉੱਡ ਉੱਡ ਕੇ ਪਰ ਅੰਬੇ

ਸ਼ਾਹਜ਼ਾਦੇ ਦਿਲ ਹੌਲ ਪਿਆ ਤੇ ਕੰਬਿਆ ਧੌਲ ਤੂਫ਼ਾਨੋਂ
ਭਾਰ ਜ਼ਿਮੀਂ ਦਾ ਚਾਣ ਨਾ ਹੁੰਦਾ ਉਜ਼ਰ ਨਾ ਸੀ ਫ਼ੁਰਮਾਨੋਂ

ਮੱਛੀ ਜਾਨ ਤਲ਼ੀ ਪਰ ਰੱਖੀ ਤੱਲੀਏ ਨਾਰ ਫ਼ਿਕਰ ਦੀ
ਐਸੀ ਕਾਂਗ ਚੜ੍ਹਾਇਓਈ ਰੱਬਾ ਮੈਂ ਅੱਜ ਭਾਰੋਂ ਮਰਦੀ

ਉਬਲ ਉਬਲ ਨਿਕਲੇ ਪਾਣੀ ਜਿਉਂਕਰ ਤੇਲ ਕੜਾਹੀ
ਤੜਫ਼ਣ ਮੱਛ ਕੜਾਹੀਆਂ ਅੰਦਰ ਜਾਣ ਤਲੀਂਦੀ ਆਹੀ

ਮਛ ਕੱਛ ਨਦੀ ਵਿਚ ਕਿਧਰੇ ਬੁੱਲ੍ਹਣ ਸੰਸਾਰ ਦਸੀਂਦੇ
ਕੁੱਝ ਬੇਹੋਸ਼ ਹੋਏ ਖਾ ਧੱਕੇ ਕੁੱਝ ਮੋਏ ਕੁੱਝ ਜੀਂਦੇ ।(੩੦੨੦)

ਟੱਲੇ ਨੂੰ ਥਰਥਲੀ ਆਈ ਗਗਨ ਪਤਾਲ਼ ਮਰੀਂਦਾ
ਉਲਟਾ ਸਿੱਧਾ ਹੋ ਫਿਰ ਬਚਦਾ ਜਾਂ ਰੱਬ ਰਾਖਾ ਥੀਂਦਾ

ਆਸ਼ਿਕ ਦਾ ਰੱਬ ਇਸ਼ਕ ਪੱਕਾਂਦਾ ਦਮ ਦਮ ਦੁੱਖ ਸਹਾਂਦਾ
ਰਹਿਮਤ ਲੁਤਫ਼ ਕਮਾਂਦਾ ਆਪੇ ਮੁੜ ਮੁੜ ਪਿਆ ਬਚਾਂਦਾ

ਸੈਫ਼-ਮਲੂਕੇ ਦਾ ਪਿਓ ਨਾਲੇ ਆਸਿਮ ਸ਼ਾਹ ਨਿਮਾਣਾ
ਵਾਂਗ ਨਬੀ ਯਾਕੂਬੇ ਰੋਂਦਾ ਦਰਦ ਫ਼ਿਰਾਕ ਰੰਞਾਣਾ

ਅਠੇ ਪਹਿਰ ਦੁਆਈਂ ਕਰਦਾ ਸਿਜਦੇ ਅੰਦਰ ਪੈ ਕੇ
ਰੱਬਾ ਖ਼ੈਰੀਂ ਆਵੇ ਬੇਟਾ ਨਾਲ਼ ਪਰੀ ਨੂੰ ਲੈ ਕੇ

ਤੇਰਾ ਨਾਮ ਕਰੀਮ ਖ਼ੁਦਾਇਆ ਕਰਮ ਕਰੀਂ ਹਰ ਜਾਈ
ਮਾਰ ਲਿਆ ਮੈਂ ਚੋਟ ਪੁੱਤਰ ਦੀ ਤੁਧ ਬਿਨ ਓਟ ਨਾ ਕਾਈ

ਫੇਰੀਂ ਵਕਤ ਮੇਰੇ ਤੇ ਆਇਆ ਬਖ਼ਸ਼ਿਸ਼ ਤੁਧ ਜਨਾਬੋਂ
ਔਤਰ ਥੀਂ ਫਿਰ ਸੌਤਰ ਹੋਇੱਮ ਵਾਫ਼ਰ ਕਰਮ ਹਿਸਾਬੋਂ

ਸੈਫ਼-ਮਲੂਕ ਮੇਰੇ ਘਰ ਦਿੱਤਾ ਬੇਟਾ ਸੂਰਤ ਵਾਲਾ
ਦਾਨਿਸ਼ਮੰਦ ਅਕਾਬਰ ਚੰਗਾ ਯੂਸੁਫ਼ ਮਿਸਲ ਉਜਾਲਾ

ਉਸ ਨੂੰ ਸ਼ੇਰ ਇਸ਼ਕ ਦੇ ਖੜਿਆ ਜਿਉਂ ਯੂਸੁਫ਼ ਬਘਿਆੜਾਂ
ਆਸਿਮ ਤੇ ਯਾਕੂਬੇ ਆਪੂੰ ਅੱਗ ਲਗਾਈ ਵਾੜਾਂ

ਕਾਹਨੂੰ ਮੈਂ ਸ਼ਾਹ-ਮੁਹਰੇ ਦੱਸੇ ਕਾਹਨੂੰ ਉਸ ਤਾਬੀਰਾਂ
ਉਸ ਦਾ ਖੂਹ ਪਿਆ ਤੇ ਮੇਰਾ ਵਿਚ ਸਮੁੰਦਰ ਨੀਰਾਂ

ਹਿਕ ਗਿਆ ਉਸ ਬਾਰਾਂ ਵਿਚੋਂ ਰੋ ਰੋ ਹੋਇਆ ਨਾਬੀਨਾ
ਮੇਰਾ ਇਹੋ ਹਿਕੋ ਆਹਾ ਸੁੱਟ ਗਿਆ ਮਸਕੀਨਾਂ ।(੩੦੩੦)

ਉਸ ਨੂੰ ਭੀ ਤੁਧ ਖ਼ੈਰੀਂ ਖੜਿਆ ਲੌਂਡਾ ਹੋਇ ਵਿਕਾਇਆ
ਫੇਰ ਮਿਸਰ ਦੀ ਸ਼ਾਹੀ ਦੇ ਕੇ ਬਾਬਲ ਨਾਲ਼ ਮਿਲਾਇਆ

ਸੈਫ਼-ਮਲੂਕ ਮੇਰੇ ਫ਼ਰਜ਼ੰਦੇ ਸਹੀ ਸਲਾਮਤ ਰੱਖੀਂ
ਨਾਲ਼ ਮੁਰਾਦ ਦਿਲੇ ਦੇ ਉਸ ਨੂੰ ਮੈਂ ਭੀ ਵੇਖਾਂ ਅੱਖੀਂ

ਨਾਮੁਰਾਦੀ ਅੰਦਰ ਅੱਗੇ ਤੁਧ ਮੁਰਾਦ ਪੁਚਾਈ
ਫਿਰ ਭੀ ਆਸ ਤੇਰੇ ਦਰ ਉੱਤੇ ਹੋਰ ਪਨਾਹ ਨਾ ਕਾਈ

ਮੇਰਾ ਪੁੱਤ ਹਵਾਲੇ ਤੇਰੇ ਹੈ ਖ਼ਾਲਿਕ ਸੁਬਹਾਨਾ
ਮੈਂ ਭੀ ਆਜ਼ਿਜ਼ ਉਹ ਭੀ ਆਜ਼ਿਜ਼ ਤੈਨੂੰ ਸਭ ਖ਼ਸਮਾਨਾ

ਹਜ਼ਰਤ ਖ਼ਤਮ ਨਬੀਆਂ ਕਿਹਾ ਸੱਚੀ ਖ਼ਬਰ ਕਿਤਾਬੋਂ
ਸੱਲੇ ਅੱਲਾ ਅਲੈਹ ਵਸੱਲਮ ਹੋਵਣ ਪਾਕ ਜਨਾਬੋਂ

ਖ਼ਾਸ ਹਦੀਸ ਸ਼ਰੀਫ਼ੇ ਅੰਦਰ ਆਵਣ ਜਦੋਂ ਕਜ਼ਾਈਂ
ਕੋਈ ਦੁਆ ਨਾ ਚੱਲਦੀ ਓਥੇ ਨਾ ਉਹ ਟਲਣ ਬਲਾਈਂ

ਮਾਪੇ ਕਰਨ ਦੁਆਈਂ ਜਿਸਦੇ ਹੁੰਦਾ ਅਸਰ ਦੁਆਓਂ
ਯਾ ਫਿਰ ਰੱਦ ਬਲਾਈਂ ਕਰਦਾ ਸਦਕਾ ਪਾਕ ਰਿਆਓਂ

ਆਸਿਮ ਸ਼ਾਹ ਆਹਾ ਨਿੱਤ ਕਰਦਾ ਬੇਟੇ ਕਾਰਨ ਦੁਆਈਂ
ਉਹ ਦੁਆਈਂ ਜਾਨ ਬਚਾਇਣ ਸੈਫ਼-ਮਲੂਕੇ ਤਾਈਂ

ਸੱਚੇ ਮਰਦ ਸਫ਼ਾਈ ਵਾਲੇ ਜੋ ਕੁੱਝ ਕਹਿਣ ਜ਼ਬਾਨੋਂ
ਮੌਲਾ ਪਾਕ ਮਨੇਂਦਾ ਉਹੋ ਪੱਕੀ ਖ਼ਬਰ ਅਸਮਾਨੋਂ

ਕੰਮ ਨਹੀਂ ਇਹ ਅੰਬਰ ਕਰਦਾ ਸਿਰ ਉਸ ਦੇ ਬਦਨਾਈਂ
ਸਭ ਕੰਮ ਕਰਦੇ ਮਰਦ ਅੱਲ੍ਹਾ ਦੇ ਹੁਕਮ ਕਰੇਂਦਾ ਸਾਈਂ ।(੩੦੪੦)

ਨੀਲ ਨਦੀ ਫ਼ਿਰਔਨ ਨਾ ਖਾਧਾ ਨਾ ਕਾਰੂਨ ਜ਼ਮੀਨਾਂ
ਮੂਸਾ ਦੀ ਬਦ-ਦੁਆਏ ਕੀਤਾ ਗ਼ਰਕ ਦੋਹਾਂ ਬੇ-ਦੀਨਾਂ

ਹਿੰਮਤ ਮਰਦਾਂ ਦੀ ਹਰ ਜਾਈ ਕਰਦੀ ਕੰਮ ਹਜ਼ਾਰਾਂ
ਫੁੱਲਾਂ ਭੌਰਾਂ ਸ਼ਮ੍ਹਾ ਪਤੰਗਾਂ ਯਾਰ ਮਿਲਾਏ ਯਾਰਾਂ

ਹਰ ਮੁਸ਼ਕਿਲ ਦੀ ਕੁੰਜੀ ਯਾਰੋ ਮਰਦਾਂ ਦੇ ਹੱਥ ਆਈ
ਮਰਦ ਦੁਆ ਕਰਨ ਜਿਸ ਵੇਲੇ ਮੁਸ਼ਕਿਲ ਰਹੇ ਨਾ ਕਾਈ

ਕਲਮ ਰੱਬਾਨੀ ਹੱਥ ਵਲੀ ਦੇ ਲਿਖੇ ਜੋ ਮਨ ਭਾਵੇ
ਮਰਦੇ ਨੂੰ ਰੱਬ ਕੁੱਵਤ ਬਖ਼ਸ਼ੀ ਲਿਖੇ ਲੇਖ ਮਿਟਾਵੇ

ਮਰਦ ਉਣੇਂਦੇ ਮਰਦ ਤਣੇਂਦੇ ਮਰਦ ਕਰੇਂਦੇ ਲੀਰਾਂ
ਸਿਓਣ ਮਰਦ ਪੋਸ਼ਾਕ ਬਣਾਵਣ ਸ਼ਾਦ ਕਰਨ ਦਿਲਗੀਰਾਂ

ਮਰਦਾਂ ਦੇ ਹੱਥ ਕਾਰਜ ਸਾਰੇ ਆਪ ਖ਼ੁਦਾਵੰਦ ਸੁੱਟੇ
ਦੁਨੀਆਂ ਬਾਗ਼ ਵਲੀ ਵਿਚ ਮਾਲੀ ਬੂਟੇ ਲਾਵੇ ਪੁੱਟੇ

ਕਿਧਰੇ ਪਤਲਾ ਬੀਜ ਰਲਾਵੇ ਕਿਧਰੇ ਕਰੇ ਘਣੇਰਾ
ਕਿਧਰੇ ਥੋੜਾ ਪਾਣੀ ਲਾਵੇ ਕਿਧਰੇ ਦੇਇ ਵਧੇਰਾ

ਡਾਲ਼ੀ ਕਲਮ ਕਰੇ ਹਿਕ ਰੁੱਖੋਂ ਜਾ ਦੂਏੇ ਪਰ ਜੋੜੇ
ਪਿਓਂਦ ਲਾ ਬਣਾਵੇ ਮੇਵਾ ਆਪੇ ਫੇਰ ਤਰੋੜੇ

ਹਰ ਹਰ ਬੂਟੇ ਪਾਣੀ ਫੇਰੇ ਹਰ ਆਡੇ ਹਰ ਬੰਨੇ
ਹਿੱਕਨਾਂ ਨੂੰ ਸਿਰ ਰਾਸ ਕਰੇਂਦਾ ਗੁਲ ਹਿੱਕਨਾਂ ਦੇ ਭੰਨੇ

ਦੁਨੀਆਂ ਬਾਗ਼ ਅੰਬਰ ਖੂਹ ਵਹਿੰਦਾ ਦਿਹੁੰ ਚੰਨ ਵਾਂਙੂ ਬੈਲਾਂ
ਮਾਲੀ ਮਰਦ ਉੱਤੇ ਰੱਬ ਮਾਲਿਕ ਭੌਰ ਆਸ਼ਿਕ ਵਿਚ ਸੈਲਾਂ ।(੩੦੫੦)

ਇਤਨੇ ਭੇਤ ਫਰੋਲਣ ਜੋਗੀ ਵਿਹਲ ਨਾ ਦੇਇ ਵਿਖਾਲੀ
ਗੱਲ ਸੁਣਾ ਮੁਹੰਮਦ ਬਖਸ਼ਾ ਸੈਫ਼-ਮਲੂਕੇ ਵਾਲੀ

ਮਲਿਕਾ ਤੇ ਸ਼ਹਿਜ਼ਾਦੇ ਉੱਤੇ ਆਇਆ ਰੋਜ਼ ਹਸ਼ਰ ਦਾ
ਬਾਪ ਆਪਣੇ ਵੱਲ ਹੋ ਮੁਤਵੱਜੁਅ ਸ਼ਾਹ ਦਲੀਲਾਂ ਕਰਦਾ

ਜੇ ਮਾਂ ਬਾਪ ਮੇਰੇ ਸੰਗ ਮੈਨੂੰ ਸੱਚੇ ਰੱਬ ਮਿਲਾਣਾ
ਤਾਂ ਇਸ ਵੇਲੇ ਦਿਸਸੀ ਕੋਈ ਟਾਪੂ ਜਾਇ ਟਿਕਾਣਾ

ਇਹੋ ਸ਼ਗਨ ਵਿਚਾਰੇ ਦਿਲ ਵਿਚ ਪਾਂਦਾ ਇਹੋ ਫ਼ਾਲਾਂ
ਅਚਨਚੇਤ ਵਗੀ ਵਾਓ ਐਸੀ ਪੱਤਰ ਰਹੇ ਨਾ ਡਾਲਾਂ

ਸਾਇਤ ਝੁੱਲ ਹੋਈ ਫਿਰ ਮੱਠੀ ਸਾਫ਼ ਹੋਇਆ ਜੱਗ ਸਾਰਾ
ਅੱਚਨਚੇਤੀ ਨਜ਼ਰੀਂ ਆਇਆ ਟਾਪੂ ਨਦੀ ਕਿਨਾਰਾ

ਐਸੀ ਉਹ ਜ਼ਮੀਨ ਅਜਬ ਸੀ ਲੰਬੇ ਰੁੱਖ ਹਜ਼ਾਰਾਂ
ਗੁੱਲ ਫੁਲ਼ ਰੰਗ ਬਰੰਗੇ ਫੁੱਲੇ ਵਾਂਗ ਬਹਿਸ਼ਤ ਬਹਾਰਾਂ

ਹੋਰ ਹਿਕ ਕਿਸਮ ਰੁੱਖੇ ਦੀ ਆਹੀ ਕੀ ਕੁੱਝ ਆਖ ਸੁਣਾਵਾਂ
ਵਾਹ ਖ਼ਾਲਿਕ ਬੇ ਅੰਤ ਮੁਹੰਮਦ ਖ਼ਲਕਤ ਅੰਤ ਨਾ ਪਾਵਾਂ

ਜਾਂ ਖ਼ਰਚੁੰਗ-ਦਿਵਾਰੀ ਵਿਚੋਂ ਦਿਨ-ਗੁੱਲ ਰੰਗ ਰੰਗੀਲਾ
ਝਾਤੀ ਪਾਵੇ ਤੇ ਸਿਰ ਕੱਢੇ ਸੁਰਖ਼ ਕਰੇ ਰੰਗ ਪੀਲ਼ਾ

ਲਾਜਵਰਦੀ ਤੰਬੂ ਪਾਟੇ ਅੰਬਰ ਦਾ ਜਿਸ ਵੇਲੇ
ਸਾਦਿਕ ਸੁਬੱਹ ਸਿੱਤਰ ਥੀਂ ਉੱਠ ਕੇ ਆਵੇ ਬਾਹਰ ਸਵੇਲੇ

ਸੋਮਾ ਅਰਜ਼ਕ ਵਿਚੋਂ ਕੱਢੇ ਜਾਂ ਸਿਰ ਬਾਹਰ ਸ਼ਿਤਾਬੀ
ਹੱਥ ਤਕਦੀਰ ਦਿੱਸੇ ਯੱਦ-ਬੈਜ਼ਾ ਹੁਕਮੇ ਨਾਲ਼ ਵਹਾਬੀ ।(੩੦੬੦)

ਚਮਕਣ ਹਾਰ ਕਟੋਰੇ ਵਾਲਾ ਝੰਡਾ ਜਾਂ ਸਿਰ ਚਾਵੇ
ਜ਼ਿਲ ਅੱਲ੍ਹਾ ਫ਼ਲਕ ਦਾ ਰਾਜਾ ਜਿਸ ਦਮ ਤਖ਼ਤ ਸੁਹਾਵੇ

ਦਿਹੁੰ ਚੜ੍ਹੇ ਜੱਗ ਰੌਸ਼ਨ ਹੋਵੇ ਖ਼ੂਬ ਸੁਹਾਵੇ ਬੰਦਰ
ਰੁੱਖ ਸੁਨਹਿਰੀ ਪੈਦਾ ਹੋਵਣ ਹੋਰ ਇਸ ਬੰਦਰ ਅੰਦਰ

ਜਾਂ ਅਸਮਾਨੀ ਸ਼ਾਹ ਤਖ਼ਤ ਤੋਂ ਸਤਰਾਂ ਅੰਦਰ ਜਾਂਦਾ
ਮੀਰ ਵਜ਼ੀਰ ਹੋਵਣ ਫਿਰ ਤਾਜ਼ਾ ਹਰ ਹਿਕ ਖ਼ਾਨ ਕਹਾਂਦਾ

ਨਿੱਕੀ ਮੋਟੀ ਫ਼ੌਜ ਤਮਾਮੀ ਹੱਸਣ ਖੇਡਣ ਲੱਗੇ
ਕੋਈ ਲਹਿੰਦੇ ਕੋਈ ਚੜ੍ਹਦੇ ਦੱਖਣ ਕੋਈ ਪਰਬਤ ਨੂੰ ਵੱਗੇ

ਕੁਤਬ ਸ਼ੁਮਾਲੀ ਪੱਕਾ ਹੋ ਕੇ ਚੌਕੀਦਾਰ ਖਲੋਵੇ
ਸੂਰਜ ਡੁੱਬੇ ਤਾਰੇ ਚੜ੍ਹਦੇ ਰੋਜ਼ ਵੰਞੇ ਸ਼ਬ ਹੋਵੇ

ਰਾਤ ਪਏ ਤਾਂ ਰੁੱਖ ਸੁਨਹਿਰੀ ਛੁਪ ਜਾਵਣ ਵਿਚ ਧਰਤੇ
ਦਿਨ ਦੂਜੇ ਫਿਰ ਜ਼ਾਹਿਰ ਹੋਵਣ ਸਦਾ ਇਹੋ ਕੰਮ ਵਰਤੇ

ਬੰਦਰ ਅੰਦਰ ਮੇਵੇ ਆਹੇ ਬਾਹਰ ਅੰਤ ਸ਼ੁਮਾਰਾਂ
ਪਿਸਤਾ ਮਗ਼ਜ਼ ਬਾਦਾਮ ਮੁਨੱਕਾ ਅੰਬ ਅਲੂਚ ਅਨਾਰਾਂ

ਲਟਕਣ ਮੇਵੇ ਤੇ ਰਸ ਚੋਵੇ ਹਿਕ ਹਿਕ ਡਾਲ ਨਬਾਤੂੰ
ਟੱਲੇ ਤੂੰ ਸ਼ਹਿਜ਼ਾਦਾ ਲੱਥਾ ਨਾਲੇ ਮਲਿਕਾ ਖ਼ਾਤੂੰ

ਮੁਹਕਮ ਕਰਕੇ ਬੱਧਾ ਟੱਲਾ ਆਪ ਹੋਏ ਸੈਲਾਨੀ
ਖਾਵਣ ਮੇਵੇ ਸ਼ੁਕਰ ਗੁਜ਼ਾਰਨ ਫ਼ਜ਼ਲ ਹੋਇਆ ਸੁਬਹਾਨੀ

ਠੰਢੇ ਮਿੱਠੇ ਪਾਣੀ ਵਗਣ ਜੋ ਮਨ ਭਾਵੇ ਪੀਂਦੇ
ਹਿਕ ਮਹੀਨਾ ਰਹੇ ਮੁਕਾਮੀ ਫਿਰ ਉਦਾਸੀ ਥੀਂਦੇ ।(੩੦੭੦)

ਸੈਫ਼-ਮਲੂਕ ਕਿਹਾ ਸੁਣ ਮਲਿਕਾ ਕਿਸ ਕੰਮ ਏਥੇ ਬਹਿਣਾ
ਜਬ ਲੱਗ ਜਾਨ ਸੱਜਣ ਦੀ ਲੋੜੇ ਰੁੜ੍ਹਦੇ ਤਰਦੇ ਰਹਿਣਾ

ਮਲਿਕਾ ਕਹਿੰਦੀ ਸੁਣ ਵੇ ਵੀਰਾ ਮੈਂ ਫੜਿਆ ਸੰਗ ਤੇਰਾ
ਅੱਗਾ ਤੇਰਾ ਪਿੱਛਾ ਮੇਰਾ ਕੂਚ ਕਰੋ ਅੱਜ ਡੇਰਾ

ਕੋਈ ਦਿਨ ਦਾ ਕਰ ਖ਼ਰਚ ਟੱਲੇ ਤੇ ਰੱਖ ਲਏ ਕੁੱਝ ਮੇਵੇ
ਵੇਖ ਮੁਹੰਮਦ ਰਾਜ਼ਕ ਕਿੱਥੇ ਰਿਜ਼ਕ ਬੰਦੇ ਨੂੰ ਦੇਵੇ

ਹੋਏ ਸਵਾਰ ਟੱਲੇ ਤੇ ਦੋਏੇ ਮਲਿਕਾ ਤੇ ਸ਼ਹਿਜ਼ਾਦਾ
ਲੰਮੇ ਵਹਿਣ ਪਏ ਫਿਰ ਆਸ਼ਿਕ ਸੱਚਾ ਰੱਖ ਇਰਾਦਾ

ਰਾਤੀਂ ਦਿਹਾਂ ਟੁਰਦੇ ਜਾਂਦੇ ਘੜੀ ਆਰਾਮ ਨਾ ਪਾਂਦੇ
ਨਾ ਸੁਧ ਬੁਧ ਸੰਸਾਰ ਜਗਤ ਦੀ ਨਾ ਕੋਈ ਦੰਦਾ ਵਾਂਦੇ

ਪਾਣੀ ਉਪਰ ਜਾਂਦਾ ਟੱਲਾ ਬੇੜੀ ਵਾਂਙੂ ਤਰਕੇ
ਸੈਫ਼-ਮਲੂਕ ਚਲਾਈਂ ਜਾਂਦਾ ਆਸ ਰਬੇ ਦੀ ਕਰਕੇ

ਪੰਜ ਮਹੀਨੇ ਹੋਰ ਕਪੇਂਦਾ ਪੰਧ ਘਣੇਰਾ ਆਬੀ
ਵਾਅ ਮੁਰਾਦ ਰਹੀ ਨਿੱਤ ਝੁਲਦੀ ਟੁਰਿਆ ਗਿਆ ਸ਼ਿਤਾਬੀ

ਆਪ ਸ਼ਹਿਜ਼ਾਦਾ ਚੱਪਾ ਮਾਰੇ ਆਪੇ ਵੰਝ ਲਗਾਂਦਾ
ਰਾਤੀਂ ਦਿਹਾਂ ਖ਼ੌਫ਼ ਨਦੀ ਦਾ ਪਲਕ ਹਿਕ ਅੱਖ ਨਾ ਲਾਂਦਾ

ਬਾਝ ਮਲਾਹਾਂ ਤਰਨ ਨਾ ਬੇੜੇ ਮਰਦਾਂ ਬਾਝ ਨਾ ਝੇੜੇ
ਹੋਇਆ ਮੱਲਾਹ ਉਹ ਸ਼ਾਹ ਮਿਸਰ ਦਾ ਕਈ ਰੁੜ੍ਹਾ ਕੇ ਬੇੜੇ

ਯੂਸੁਫ਼ ਬਰਦਾ ਹੋ ਵਿਕਾਣਾ ਖ਼ੂਕ ਹੱਕੇ ਸਿਨਆਨੇ
ਪੱਟ ਪਹਾੜ ਸੁੱਟੇ ਸ਼ਹਿਜ਼ਾਦੇ ਫ਼ਰਹਾਦੇ ਹਿਕ ਜਾਨੇ ।(੩੦੮੦)

ਪੁਨੂੰ ਧੋਬਾ ਨਾਮ ਧਰਾਇਆ ਕੇਚਮ ਦੇ ਸੁਲਤਾਨੇ
ਚਾਕ ਕਲਾਲਾਂ ਦਾ ਸਦਵਾਇਆ ਇੱਜ਼ਤਬੇਗ ਜਵਾਨੇ

ਕਾਮ-ਕੰਵਰ ਛੱਡ ਘਰ ਦਰ ਟੁਰਿਆ ਮਰ ਮਰ ਕੇ ਜਿੰਦ ਬੱਚੀ
ਪੂਰਨ ਘਰ ਘਰ ਭੀਖ ਮੰਗੇਂਦਾ ਪਾਲ਼ ਮੁਹੱਬਤ ਸੱਚੀ

ਬੇਨਜ਼ੀਰਾ ਰੋਗ ਲਗਾਇਆ ਕੈਦ ਅੰਦਰ ਤਨ ਗਾਲੇ
ਨਜਮ ਨੱਸਾ ਬੀਬੀ ਬਣ ਜੋਗੀ ਬਨ ਬੇਲੇ ਕੋਹ ਭਾਲੇ

ਕੈਸ ਅਰਬ ਦਾ ਰਾਜਾ ਆਹਾ ਬਣਿਆ ਮਜਨੂੰ ਝੱਲਾ
ਸ਼ੇਰਾਂ ਤੇ ਬਘਿਆੜਾਂ ਅੰਦਰ ਵਿਚ ਪਹਾੜ ਇਕੱਲਾ

ਮਜਨੂੰ ਨੇ ਹਿਕ ਔਰਤ ਡਿੱਠੀ ਹਿਕ ਦਿਨ ਨਾਲ਼ ਕਜ਼ਾਏ
ਮਰਦੇ ਦੇ ਗਲ ਰਸਾ ਪਾਇਆ ਚਲੀ ਨਗਰ ਵੱਲ ਜਾਏ

ਮਰਦੇ ਦਾ ਮੂੰਹ ਕਾਲ਼ਾ ਕੀਤਾ ਵਾਲ਼ ਪਏ ਵਿਚ ਗਲ ਦੇ
ਰਿੱਛ ਕਲੰਦਰ ਵਾਂਗਰ ਦੋਏੇ ਅੱਗੇ ਪਿੱਛੇ ਚਲਦੇ

ਜਾਂ ਮਜਨੂੰ ਦੇ ਕੋਲੋਂ ਲੰਘੇ ਪੁੱਛਦਾ ਮਰਦ ਯਗਾਨਾ
ਕਿਸ ਕਾਰਨ ਇਹ ਕਾਰਨ ਕੀਤੋਈ ਇਹ ਮਕਰ ਬਹਾਨਾ

ਬੁੱਢੀ ਕਿਹਾ ਸਮਝ ਜਵਾਨਾ ਇਹ ਕੰਮ ਪੇਟ ਕਰਾਂਦਾ
ਮੈਂ ਔਰਤ ਇਸ ਮਰਦੇ ਤਾਈਂ ਦਰ ਦਰ ਫਿਰੇ ਨਚਾਂਦਾ

ਇਸ ਨੂੰ ਮੈਂ ਨਚਾਂਦੀ ਫਿਰਸਾਂ ਹਰ ਬੂਹੇ ਕਰ ਫੇਰਾ
ਖ਼ਲਕਤ ਵੇਖ ਤਅਜਬ ਹੋਸੀ ਪੈਸੀ ਖ਼ੈਰ ਵਧੇਰਾ

ਜੋ ਕੁੱਝ ਹਾਸਿਲ ਹੋਸੀ ਸਾਨੂੰ ਵੰਡ ਦੋਏੇ ਰਲ ਖਾਸਾਂ
ਅੱਧਾ ਮਰਦ ਖੜੇਗਾ ਘਰ ਨੂੰ ਅੱਧ ਮੈਂ ਭੀ ਲੈ ਜਾਸਾਂ ।(੩੦੯੦)

ਮਜਨੂੰ ਕਹਿੰਦਾ ਇਸ ਕੰਮ ਲਾਇਕ ਮੇਰੇ ਜੇਹਾ ਨਾ ਕੋਈ
ਪਾ ਮੇਰੇ ਗਲ ਰਸਾ ਮਾਈ ਖੱਟ ਜ਼ਿਆਦਾ ਹੋਈ

ਘਰ ਘਰ ਨਾਚ ਕਰਾਂਗਾ ਉਮਦੇ ਗ਼ਜ਼ਲਾਂ ਬੋਲ ਸੁਣਾਸਾਂ
ਲੈਲਾਂ ਦੇ ਘਰ ਤੋੜੀ ਚਲਸਾਂ ਖੱਟੀ ਤੁਧ ਕਰਾਸਾਂ

ਜੋ ਕੁੱਝ ਹਾਸਿਲ ਹੋਸੀ ਤੈਨੂੰ ਕੁੱਝ ਨਾ ਦੇਵੀਂ ਮੈਨੂੰ
ਜੋ ਕੁੱਝ ਲਭਸੀ ਤੂੰਹੇਂ ਖਾਈਂ ਹੋਗ ਭੰਜਾਲ ਨਾ ਤੈਨੂੰ

ਮਜਨੂੰ ਨੇ ਗਲ ਰਸਾ ਪਾਇਆ ਮੂੰਹ ਲਿਆ ਕਰ ਕਾਲ਼ਾ
ਉਸ ਔਰਤ ਦੇ ਪਿੱਛੇ ਟੁਰਿਆ ਵਾਹ ਇਸ਼ਕ ਦਾ ਚਾਲਾ

ਸ਼ਹਿਰ ਸ਼ਰੀਕਾਂ ਦੇ ਘਰ ਢੋਇਆ ਮਜਨੂੰ ਇਸ਼ਕ ਕਲੰਦਰ
ਰੱਸਾ ਛਿਕ ਨਚਾਵੇ ਬੁੱਢੀ ਹਰ ਹਰ ਵਿਹੜੇ ਅੰਦਰ

ਗ਼ਜ਼ਲਾਂ ਜੋੜੇ ਤਾੜੀ ਮਾਰੇ ਨਾਚ ਕਰੇ ਸੰਗ ਤਾਲਾਂ
ਵੇਖ ਸ਼ਰੀਕ ਮਜ਼ਾਖਾਂ ਕਰਦੇ ਬਹੁਤੇ ਕੱਢਣ ਗਾਲਾਂ

ਲੈਲਾਂ ਦੇ ਘਰ ਜਾ ਬੇਚਾਰਾ ਖ਼ੂਬ ਸਰੋਦ ਸੁਣਾਂਦਾ
ਮੂੰਹ ਕਾਲ਼ਾ ਤੇ ਗਲ ਵਿਚ ਰੱਸਾ ਖ਼ੂਬ ਧਮਾਲਾਂ ਪਾਂਦਾ

ਇਹੋ ਕੰਮ ਇਸ਼ਕ ਦੇ ਦਾਇਮ ਕਰੇ ਅਜੇਹੇ ਕਾਰੇ
ਕੀ ਹੋਇਆ ਜੇ ਚੱਪੇ ਮਾਰੇ ਸੈਫ਼-ਮਲੂਕ ਬੇਚਾਰੇ

ਜੇ ਮਜਨੂੰ ਦੀ ਗੱਲ ਤਮਾਮੀ ਹੋਰ ਅਗੇਰੇ ਖੜੀਏ
ਇਸ ਕਿੱਸੇ ਦਾ ਰਹੇ ਨਾ ਚੇਤਾ ਉਸੇ ਅੱਗੇ ਸੜੀਏ

ਇਹੋ ਗੱਲ ਮੁਹੰਮਦ ਬਖਸ਼ਾ ਹੈ ਫ਼ਰਮਾਇਸ਼ ਭਾਰੀ
ਸੈਫ਼-ਮਲੂਕੇ ਦੀ ਫਿਰ ਅੱਗੋਂ ਦੱਸ ਕਹਾਣੀ ਸਾਰੀ ।(੩੧੦੦)

ਮੌਲਾ ਪਾਕ ਕਰੇ ਮੈਂ ਯਾਰੀ ਤੋੜ ਚੜ੍ਹੇ ਇਹ ਕਿੱਸਾ
ਅੱਗੋਂ ਫੇਰ ਨਬੇੜ ਲਵੇਗਾ ਜਿੱਤ ਵੱਲ ਹੋਸੀ ਹਿੱਸਾ

ਬੇ ਅਰਾਮੀ ਵਿਚ ਸ਼ਹਿਜ਼ਾਦੇ ਮੁਦਤ ਬਹੁਤ ਗੁਜ਼ਾਰੀ
ਬੇਹੱਦ ਥਕਾ ਮਾਂਦਾ ਹੋਇਆ ਨੀਂਦਰ ਚੜ੍ਹੀ ਖ਼ੁਮਾਰੀ

ਸੈਫ਼-ਮਲੂਕ ਟੱਲੇ ਤੇ ਸੁੱਤਾ ਨੀਂਦਰ ਘੁਲ਼ਮਿਲ ਆਈ
ਅਜਬ ਜਮਾਲ ਪਰੀ ਦੀ ਮਹਿਰਮ ਮਲਿਕਾ ਰੱਬ ਮਿਲਾਈ

ਸੁੱਤੇ ਨੂੰ ਕੁੱਝ ਹੋਸ਼ ਨਾ ਰਿਹਾ ਬਹੁਤਾ ਸੀ ਨਿੰਦਰਾਇਆ
ਮਲਿਕਾ ਖ਼ਾਤੂੰ ਬੈਠੀ ਜਾਗੇ ਅੱਗੇ ਵੀਰ ਸਵਾਇਆ

ਫੇਰ ਉਹ ਝੱਲ ਸੱਟਾਂ ਦੀ ਜਾਈਓਂ ਖ਼ਬਰ ਰਖੇਂਦੀ ਸਾਰੀ
ਸੈਫ਼-ਮਲੂਕੇ ਵਾਂਗ ਟੱਲੇ ਨੂੰ ਟੋਰੇ ਨਾਲ਼ ਹੁਸ਼ਿਆਰੀ

ਹੋਰੋਂ ਹੋਰ ਆਸ਼ਿਕ ਨੂੰ ਆਫ਼ਤ ਨਿੱਤ ਖ਼ੁਦਾਵੰਦ ਦੱਸੇ
ਸਿਦਕ ਸਫ਼ਾਈ ਉਸ ਦੀ ਤੱਕਦਾ ਮੱਤ ਕਿਧਰੋਂ ਮੁੜ ਨੱਸੇ

ਸੈਫ਼-ਮਲੂਕ ਸੁੱਤੇ ਤੇ ਧਾਈ ਆਫ਼ਤ ਹੋਰ ਵਡੇਰੀ
ਇਸ ਥੀਂ ਭੀ ਰੱਬ ਰੱਖਣ ਵਾਲਾ ਖ਼ਾਸ ਉਸੇ ਦੀ ਢੇਰੀ

ਪਾਣੀ ਥੀਂ ਸਿਰ ਕੱਢ ਵਿਖਾਇਆ ਹਿਕ ਸੰਸਾਰ ਵਡੇਰੇ
ਟੱਲੇ ਦੇ ਚੌਫੇਰੇ ਫਿਰਦਾ ਮੁੜ ਮੁੜ ਪਾਵੇ ਘੇਰੇ

ਆਣ ਉਨ੍ਹਾਂ ਵੱਲ ਨੀਯਤ ਰੱਖੀ ਦੁਸ਼ਮਣ ਸਖ਼ਤ ਮਰੇਲੇ
ਮੂੰਹ ਐਡਾ ਵਿਚ ਮਿਟਦੇ ਆਹੇ ਕਿਤਨੇ ਹਾਥੀ ਪੇਲੇ

ਜ਼ਾਲਿਮ ਕਾਲ਼ਾ ਰੰਗ ਬੁਰਾ ਸੀ ਸ਼ਕਲ ਡਰਾਵਣ ਵਾਲੀ
ਵੇਖਣ ਵਾਲੇ ਹੋਸ਼ ਨਾ ਰਹਿੰਦੀ ਜਿਸ ਦਮ ਦੇ ਵਿਖਾਲੀ ।(੩੧੧੦)

ਟੁੱਟੇ ਜ਼ੋਰ ਦਲੇਰ ਜਵਾਨਾਂ ਸ਼ੇਰ ਤੱਕੇ ਮਰ ਜਾਵੇ
ਟੁਕੜੇ ਕਰੇ ਜਹਾਜ਼ਾਂ ਤਾਈਂ ਜੇ ਇਕ ਧੱਕਾ ਲਾਵੇ

ਸੰਘਾ ਵਾਂਗ ਹਨੇਰੀ ਗੋਰੇ ਦਿਸਦਾ ਜੇ ਮੂੰਹ ਅੱਡੇ
ਦਹਿਸ਼ਤ ਨਾਲ਼ ਬੰਦੇ ਨੂੰ ਭਾਈ ਤੁਰਤ ਫ਼ਰਿਸ਼ਤਾ ਛੱਡੇ

ਗਰਮ ਹਵਾੜ੍ਹ ਨਰਕ ਦੀ ਨਿਕਲੇ ਜਾਂ ਉਹ ਵਾਤ ਉੱਘਾੜੇ
ਜਿਸ ਪਾਸੇ ਸਾਹ ਲੈਂਦਾ ਆਹਾ ਬੂ ਮਗ਼ਜ਼ ਨੂੰ ਸਾੜੇ

ਟੱਲੇ ਨੂੰ ਉਹ ਖਾਵਣ ਆਇਆ ਮਲਿਕਾ ਨੂੰ ਡਰ ਲੱਗਾ
ਖ਼ੁਸ਼ਕ ਹੋਈ ਰੱਤ ਜੁੱਸੇ ਵਿਚੋਂ ਹੋ ਗਿਆ ਰੰਗ ਬੱਗਾ

ਝੋਲੇ ਵਿਚ ਸ਼ਹਿਜ਼ਾਦਾ ਸੁੱਤਾ ਉਸ ਨੂੰ ਸੁਰਤ ਨਾ ਕੋਈ
ਮਲਿਕਾ ਕਹਿੰਦੀ ਨਾ ਜਗਾਵਾਂ ਨੀਂਦ ਕੱਚੀ ਮੱਤ ਹੋਈ

ਮੈਂ ਵਾਰੀ ਜੇ ਮੈਨੂੰ ਖਾਵੇ ਜਾਨ ਕਰਾਂ ਕੁਰਬਾਨੀ
ਇਸ ਦਾ ਵਾਲ਼ ਨਾ ਹੋਵੇ ਡਿੰਗਾ ਨਾ ਹੋਵੇ ਬੇ ਅਰਮਾਨੀ

ਜਿਹਨਾਂ ਪਿਆਰ ਮੁਹੱਬਤ ਹੁੰਦੀ ਐਸੇ ਸਰਫ਼ੇ ਕਰਦੇ
ਸੱਜਣ ਸੁੱਤਾ ਨਹੀਂ ਜਗਾਵਨ ਆਪ ਹੋਵਣ ਜੇ ਮਰਦੇ

ਖ਼ੁਸਰੋ ਨੂੰ ਜਦ ਬੇਟੇ ਆਪਣੇ ਜ਼ਖ਼ਮ ਚਲਾਇਆ ਚੋਰੀ
ਕਾਰੀ ਫੱਟ ਲੱਗਾ ਵਿਚ ਵੱਖੀ ਹੋਈ ਕਲੇਜੇ ਮੋਰੀ

ਜਾਨ-ਕੰਦਨ ਦੀ ਤਲਖ਼ੀ ਅੰਦਰ ਬਹੁਤ ਹਇਆ ਤਰਿਹਾਇਆ
ਕੋਈ ਨਾ ਪਾਣੀ ਦੇਵਣ ਜੋਗਾ ਕੋਲ ਉਸ ਵੇਲੇ ਆਇਆ

ਸ਼ੀਰੀਂ ਕੋਲ ਉਹਦੇ ਸੀ ਸੁੱਤੀ ਇਕ ਦੂਜੇ ਅੰਗ ਲਾਏ
ਕਰੇ ਦਲੀਲ ਮੰਗਾਵਾਂ ਪਾਣੀ ਇਸੇ ਨੂੰ ਫ਼ੁਰਮਾਏ ।(੩੧੨੦)

ਫੇਰ ਕਹੇ ਇਹ ਹੁਣ ਹੀ ਸੁੱਤੀ ਨਾਹੀਂ ਭਲਾ ਜਗਾਣਾ
ਆਪ ਮਰਾਂ ਤਰਿਹਾਇਆ ਤੋੜੇ ਉਸ ਨੂੰ ਕੀ ਹਿਲਾਣਾ

ਵਗਿਆ ਲਹੂ ਸ਼ੀਰੀਂ ਦੇ ਹੇਠੋਂ ਗਰਮ ਲੱਗਾ ਜਾਗ ਆਈ
ਮੁੱਠੀ ਮੁਠੀ ਕਹਿੰਦੀ ਉੱਠੀ ਸ਼ਾਹ ਨਾ ਆਪ ਜਗਾਈ

ਅੱਜ ਜ਼ਮਾਨੇ ਯਾਰ ਕਹਾਵਣ ਦਾਅਵਾ ਕਰਨ ਪਿਆਰਾਂ
ਆਪਣੀ ਖ਼ੈਰ ਮੰਗਣ ਤੇ ਮਾਰਨ ਨਾਲ਼ ਦਗ਼ੇ ਦੇ ਯਾਰਾਂ

ਯਾਰੀ ਲਾਵਣ ਜਾਨ ਬਚਾਵਣ ਕਰਨ ਕਮਾਲ ਬੇਤਰਸੀ
ਹਿਕ ਮਰੇ ਹਿਕ ਹੱਸਦਾ ਵੱਤੇ ਉਹ ਜਾਣੇ ਜੇ ਮਰਸੀ

ਭੈਣਾਂ ਵਿਹੜੀਂ ਸੀਸ ਗੁੰਦਾਵਣ ਸੌਵਣ ਵੀਰ ਖੜਾ ਕੇ
ਵੀਰ ਵੀਰੇ ਗੱਲ ਪੁੱਛਦਾ ਨਾਹੀਂ ਮਰਨ ਲੱਗੇ ਨੂੰ ਜਾ ਕੇ

ਨਾਰੀ ਉੱਤੋਂ ਕਰਨ ਖ਼ਵਾਰੀ ਭੰਗ ਘੱਤਣ ਵਿਚ ਯਾਰੀ
ਯਾਰ ਯਾਰਾਂ ਦੀ ਰਤੂੰ ਨਹਾਵਣ ਮੌਜ ਜ਼ਮਾਨੇ ਮਾਰੀ

ਜੇ ਹਿਕ ਹੋਵੇ ਅੰਬਾਰਾਂ ਵਾਲਾ ਸਾਹਿਬ ਦੌਲਤ ਜ਼ਰਦਾ
ਦੂਜਾ ਕੋਲ ਮਰੇ ਜੇ ਭੁੱਖਾ ਨਹੀਂ ਮਰਵਤ ਕਰਦਾ

ਸਕਿਆਂ ਵੀਰਾਂ ਭੈਣਾਂ ਤਾਈਂ ਪੈਰੀਂ ਕਾਠ ਪਵਾਏ
ਐਬ ਗੁਨਾਹ ਡਿਠੇ ਬਿਨ ਅੱਖੀਂ ਹੱਥੀਂ ਸੋਟੇ ਲਾਏ

ਮਾਂ ਪਿਓ ਜਾਏ ਵੀਰ ਪਿਆਰੇ ਭੈਣਾਂ ਆਪ ਕੁਹਾਏ
ਨਾਰੀਂ ਕੰਤ ਅਜ਼ਾਈਂ ਕੀਤੇ ਭਾਬੀਆਂ ਦੇਵਰ ਖਪਾਏ

ਜਿਥੇ ਸੱਪ ਅਠੂਆਂ ਹੋਵੇ ਯਾ ਕੋਈ ਆਫ਼ਤ ਭਾਰੀ
ਸੱਜਣਾਂ ਟੋਰਨ ਆਪ ਨਾ ਜਾਵਣ ਵਾਹ ਅਜੋਕੀ ਯਾਰੀ ।(੩੧੩੦)

ਜੇ ਪੱਕੀ ਘਰ ਰੋਟੀ ਹੋਵੇ ਦੁੱਖ ਦੂਏੇ ਨੂੰ ਲੱਗੇ
ਹਰ ਤੁਹਮਤ ਬਦਨਾਮੀ ਦੇ ਕੇ ਚੁਗ਼ਲੀ ਮਾਰਨ ਵੱਗੇ

ਵੀਰਾਂ ਭੈਣਾਂ ਤੇ ਭਰਜਾਈਆਂ ਸਭਨਾਂ ਦੀ ਗੱਲ ਭਾਈ
ਹੂ-ਬ-ਹੁ ਦਸਾਲਾਂ ਸਾਰੀ ਵਰਤੀ ਜਿਸ ਜਿਸ ਜਾਈ

ਪਰਾਇਆ ਪਰਦਾ ਜ਼ਾਹਿਰ ਕਰਨਾ ਨਾਹੀਂ ਕੰਮ ਫ਼ਕੀਰਾਂ
ਖੜੀ ਮੁਹੱਬਤ ਰੱਬ ਮੁਹੰਮਦ ਵੀਰ ਨਾ ਭਾਵਨ ਵੀਰਾਂ

ਹਿਕੋ ਜੇਹੀ ਨਾ ਕਰੇ ਇਲਾਹੀ ਹੁਣ ਭੀ ਭਲੇ ਭਲੇਰੇ
ਛੱਡ ਉਨ੍ਹਾਂ ਦੀ ਗਲ ਮੁਹੰਮਦ ਕਿੱਸਾ ਟੋਰ ਅਗੇਰੇ

ਸੈਫ਼-ਮਲੂਕ ਜਗਾਇਆ ਨਾਹੀਂ ਮਲਿਕਾ ਖ਼ਾਤੂੰ ਰਾਣੀ
ਨਾ ਹੱਥ ਪੈਰ ਹਿਲਾਂਦੀ ਆਹੀ ਨੀਂਦ ਮਿੱਠੀ ਇਹ ਮਾਣੀ

ਚੁੱਪ ਚਪਾਤੀ ਹੰਝੂ ਰੋਂਦੀ ਆਹੀ ਬਾਲ ਇਆਨੀ
ਸ਼ਹਿਜ਼ਾਦੇ ਦੇ ਮੂੰਹ ਤੇ ਢੱਠਾ ਅੱਥਰੂਆਂ ਦਾ ਪਾਣੀ

ਜਾਗ ਲੱਗੀ ਸ਼ਹਿਜ਼ਾਦੇ ਤਾਈਂ ਉਠ ਖਲੋਤਾ ਜਲਦੀ
ਮਲਿਕਾ ਰੋਂਦੀ ਤੱਕ ਕੇ ਪੁੱਛਦਾ ਖ਼ਬਰ ਦੱਸੀਂ ਇਸ ਗੱਲ ਦੀ

ਵੀਰ ਤੇਰੇ ਤੂੰ ਘੋਲ਼ ਘੁਮਾਇਆ ਤੂੰ ਕਿਉਂ ਰੋਵੇਂ ਭੈਣੇ
ਦਸ ਸ਼ਿਤਾਬੀ ਕੀ ਗ਼ਮ ਤੈਨੂੰ ਦੁੱਖ ਤੇਰੇ ਵੰਡ ਲੈਣੇ

ਮਲਿਕਾ ਕਹਿੰਦੀ ਇਹ ਤੱਕ ਵੀਰਾ ਹੈ ਸੰਸਾਰ ਮਰੇਲਾ
ਅਸਾਂ ਦੋਹਾਂ ਨੂੰ ਖਾਵਣ ਆਇਆ ਢੁਕਾ ਆਖ਼ਿਰ ਵੇਲ਼ਾ

ਵੇਖ ਸੰਸਾਰ ਸ਼ਹਿਜ਼ਾਦੇ ਜਲਦੀ ਸਾਰ ਕਮਾਨ ਹੱਥ ਪਕੜੀ
ਮਾਰ ਹਥਿਆਰ ਦੋ ਪਾਰ ਕਰੇਸਾਂ ਕਰੇ ਦਲੇਰੀ ਤਕੜੀ ।(੩੧੪੦)

ਚਿੱਲੇ ਚਾੜ੍ਹ ਕਮਾਨ ਸ਼ਿਤਾਬੀ ਸ਼ੇਰ ਜਵਾਨ ਸਿਪਾਹੀ
ਕੁੰਦੀ ਛਿਕ ਕੜਾਕੇ ਕੱਢੇ ਕਾਨੀ ਉਤ ਵੱਲ ਵਾਹੀ

ਨਾਲ਼ ਅੱਖੀਂ ਦੇ ਅੱਖ ਭਿੜਾ ਕੇ ਸਿੱਧਾ ਤੀਰ ਵਗਾਇਆ
ਤੀਰ ਅੰਦਾਜ਼ ਨਾ ਘੁਥਾ ਸ਼ਿਸਤੋਂ ਅੱਖੀਂ ਵਿਚ ਲਗਾਇਆ

ਦੁਸਰ ਤੀਰ ਗਿਆ ਭੰਨ ਆਨਾ ਪਈ ਬਿਜਗ ਸੰਸਾਰੇ
ਹੋ ਕਾਣਾ ਛੱਡ ਗਿਆ ਟਿਕਾਣਾ ਜਲ਼ ਵਿਚ ਚੁੱਭੀ ਮਾਰੇ

ਦੂਜੀ ਵਾਰੀ ਫਿਰ ਸਿਰ ਕਢਿਓਸੁ ਆ ਟੱਲੇ ਦੇ ਕੋਲੋਂ
ਮਲਿਕਾ ਤੇ ਸ਼ਹਿਜ਼ਾਦਾ ਦੋਏੇ ਕੰਬ ਗਏ ਤਨ ਹੌਲੋਂ

ਦੂਜਾ ਤੀਰ ਸ਼ਹਿਜ਼ਾਦੇ ਜੜਿਆ ਕਰਕੇ ਫੇਰ ਦਲੇਰੀ
ਦੂਜੀ ਅੱਖ ਉਹਦੀ ਵਿਚ ਲੱਗਾ ਸੱਲ ਗਿਆ ਹਿਕ ਵੇਰੀ

ਕਰਕੇ ਝੁੱਟ ਚਲਾਇਆ ਤੇਗ਼ਾ ਸਿਰ ਸੰਸਾਰ ਸਿਆਹ ਦੇ
ਵੱਢ ਲਿਆ ਸਿਰ ਉਸ ਦਾ ਜਲਦੀ ਵਾਹ ਪੜਹੱਥੇ ਸ਼ਾਹ ਦੇ

ਮਾਰ ਸੰਸਾਰ ਸ਼ਹਿਜ਼ਾਦੇ ਸੁੱਟਿਆ ਇਤਨੀ ਰੱਤ ਵੱਗੀ ਸੀ
ਰੱਤੋਂ ਨਦੀ ਹੋਈ ਸਭ ਰੱਤੀ ਮਾਰਨ ਮੌਜ ਲੱਗੀ ਸੀ

ਰੱਤੋਂ ਨਦੀ ਹੋਈ ਸਭ ਰੱਤੀ ਨਜ਼ਰ ਨਾ ਆਵੇ ਪਾਣੀ
ਠਾਠ ਚੜ੍ਹੀ ਕੋਈ ਹਾਠ ਕਹਿਰ ਦੀ ਫਿਰਦੀ ਫੇਰ ਕਹਾਣੀ

ਜੋ ਗੇਲੀ ਵਿਚ ਫੇਰਾਂ ਪੈਂਦੀ ਜਾਣ ਨਾ ਦੇਂਦੇ ਬੰਨੇ
ਪੀੜ ਨਪੀੜ ਬਣਾਵਣ ਏਵੇਂ ਜਿਉਂ ਕੋਹਲੂ ਵਿਚ ਗੰਨੇ

ਟੱਲੇ ਦਾ ਰੱਬ ਰਾਖਾ ਆਹਾ ਜਾਂਦਾ ਆਪ ਬਚਾਈਂ
ਹੋਣ ਕਬੂਲ ਜਨਾਬੇ ਅੰਦਰ ਆਸਿਮ ਦਿਆਂ ਦੁਆਈਂ ।(੩੧੫੦)

ਲਹਿਰਾਂ ਅੰਦਰ ਜਾਂਦਾ ਟੱਲਾ ਰਾਤ ਦਿਹਾਂ ਕਰ ਧਾਈ
ਸੈ ਕੋਹਾਂ ਦੇ ਪੈਂਡੇ ਕਰਦਾ ਅੰਤ ਹਿਸਾਬ ਨਾ ਕਾਈ

ਲਹਿੰਦਾ ਚੜ੍ਹਦਾ ਦੱਖਣ ਪਰਬਤ ਪਤਾ ਨਾ ਵੈਂਦਾ ਕੋਈ
ਦਿੰਹ-ਚੰਨ ਵੇਖ ਪਛਾਨਣ ਕਿਬਲਾ ਰੋਜ਼ ਵਕਤ ਜਦ ਹੋਈ

ਰਾਤੀਂ ਤਾਰਾ ਕੁਤਬ ਤਕੇਂਦੇ ਤਾਂ ਕੁੱਝ ਮਾਲਮ ਹੋਂਦਾ
ਸ਼ਹਿਜ਼ਾਦਾ ਮੁਤਵੱਜੁਅ ਹੋ ਕੇ ਪੜ੍ਹਨ ਨਮਾਜ਼ ਖਲੋਂਦਾ

ਰਾਤ ਦਿਹਾਂ ਹੈਰਾਨੀ ਅੰਦਰ ਜਲਥਲ ਦਿਸਦਾ ਪਾਣੀ
ਨਾ ਬਨ ਵਾਸ ਦਿੱਸੇ ਨਾ ਬੇਲਾ ਨਾ ਕੋਈ ਜੂਹ ਵੀਰਾਨੀ

ਕੋਈ ਦਿਨ ਏਸ ਮੁਸੀਬਤ ਗੁਜ਼ਰੇ ਕਰਮ ਕੀਤਾ ਫਿਰ ਮੌਲੇ
ਲੱਥੀ ਕਾਂਗ ਨਦੀ ਤੋਂ ਸਾਰੀ ਦੂਰ ਹੋਏ ਸਭ ਰੌਲੇ

ਜਾ ਲੱਗੇ ਹਿਕ ਟਾਪੂ ਅੰਦਰ ਨਾਮ ਸਮਾਕ ਉਸ ਬੰਦਰ
ਮੇਵੇ ਅਜਬ ਅਜਾਇਬ ਮਿੱਠੇ ਡਿਠੇ ਬੰਦਰ ਅੰਦਰ

ਸਿਉ ਸਾਨ ਹਦਵਾਣੇ ਜਿੱਡੇ ਲਟਕਣ ਪਏ ਕਤਾਰਾਂ
ਪਾਣੀ ਵਾਲੇ ਘੜੇ ਬਰਾਬਰ ਆਹਾ ਕਦ ਅਨਾਰਾਂ

ਏਸ ਮੁਆਫ਼ਿਕ ਮੇਵੇ ਸਾਰੇ ਪੱਕ ਹੋਏ ਰੰਗ ਸੋਹਣੇ
ਵਸਤੀ ਵਾਸ ਨਾ ਨੇੜੇ ਕੋਈ ਕਿਸ ਨੇ ਆਹੇ ਖੋਹਣੇ

ਹਰ ਹਰ ਜਾਈ ਨਹਿਰਾਂ ਵਗਣ ਰੁੱਖੇ ਪਾਣੀ ਜਾਏ
ਜਿਉਂ ਕਰ ਬਾਗ਼ ਅੰਦਰ ਹਰ ਪੱਖੇ ਮਾਲੀ ਆਡਾਂ ਲਾਏ

ਹਰ ਨਹਿਰੇ ਤੇ ਝੁੱਲਣ ਸ਼ਾਖ਼ਾਂ ਘਣੀਆਂ ਠੰਢੀਆਂ ਛਾਵਾਂ
ਸਬਜ਼ੇ ਨਾਲ਼ ਸੁਹਾਵੇ ਧਰਤੀ ਪਾਇਆ ਖ਼ਿਜ਼ਰ ਪਛਾਵਾਂ ।(੩੧੬੦)

ਆਬ-ਹੱਯਾਤ ਜੇਹੇ ਵਿਚ ਚਸ਼ਮੇ ਬੇਜ਼ਿਲਮਾਤ ਦਿਸੀਂਦੇ
ਵਾਂਗ ਇਲਿਆਸ ਸ਼ਹਿਜ਼ਾਦਾ ਹੋਰੀਂ ਪੀ ਪੀ ਤਾਜ਼ਾ ਥੀਂਦੇ

ਰੰਗਾਰੰਗ ਪੰਖੇਰੂ ਬੋਲਣ ਹਿਕ ਥੀਂ ਹਿਕ ਚੰਗੇਰੇ
ਪਰ ਇਸ ਟਾਪੂ ਅੰਦਰ ਆਹੇ ਤੋਤੇ ਬਹੁਤ ਘਣੇਰੇ

ਰੰਗ ਅਸਮਾਨੀ ਅੱਖ ਗੁਮਾਨੀ ਮਿੱਠੇ ਬੋਲ ਜ਼ਬਾਨੀ
ਚੁੰਝਾਂ ਪੈਰਾਂ ਸੁਰਖ਼ੀ ਸੋਹਣੀ ਗੱਲ ਵਿਚ ਕਾਲ਼ੀ ਗਾਨੀ

ਉੱਚੀ ਨੀਵੀਂ ਤੇਜ਼ ਉਡਾਰੀ ਸਬਜ਼ ਲਿਬਾਸ ਫ਼ਰਿਸ਼ਤੇ
ਜਿਉਂ ਕਰ ਮਲਕ ਜਮਾਤਾਂ ਹੋਵਣ ਕਰਦੇ ਸੈਰ ਬਹਿਸ਼ਤੇ

ਹਿੱਕਨਾਂ ਦੇ ਸਿਰ ਸੂਹੇ ਆਹੇ ਹਿੱਕਨਾਂ ਰੰਗ ਬਸੰਤੀ
ਹਿਕ ਸਾਵੇ ਹਿਕ ਸੂਸਨ ਰੰਗੇ ਤੋਤੇ ਕਿਸਮ ਬੇਅੰਤੀ

ਬੁਲਬੁਲ ਕੋਇਲ ਖ਼ੁਸ਼ ਗੁਫ਼ਤਾਰਾਂ ਖ਼ੁਮਰੇ ਕਰਨ ਆਵਾਜ਼ੇ
ਜੋੜੇ ਨਾਲ਼ ਬੈਠੇ ਮਿਲ ਜੋੜੇ ਨਾਲ਼ ਮੁਹੱਬਤ ਤਾਜ਼ੇ

ਹੋਰ ਪਹਾੜੀ ਪੰਖੀ ਬੋਲਣ ਥਾਂ ਥਾਂ ਲਾ ਕਚਹਿਰੀ
ਸੂਹੇ ਸਾਵੇ ਚਿੱਟੇ ਕਾਲੇ ਤਿਤਰੀ ਰੰਗ ਸੁਨਹਿਰੀ

ਤੂੰਹੀਂ ਤੂੰਹੀਂ ਪੁਕਾਰੇ ਕੋਈ ਕੋਈ ਕਹੇ ਰੱਬ ਸੱਚਾ
ਕੋਈ ਪੀਰਾਂ ਨੂੰ ਯਾਦ ਕਰੇਂਦਾ ਕੋਈ ਬੁਲਾਵੇ ਬੱਚਾ

ਉਹਦਾ ਜ਼ਿਕਰ ਕਿਸੇ ਦੇ ਸੀਨੇ ਮੂੰਹ ਨਾ ਮੂਲ ਹਿਲਾਵੇ
ਹਰ ਹਰ ਪੰਖੀ ਰੱਬ ਸੱਚੇ ਦੀ ਹਮਦ ਸਨਾ ਅਲਾਵੇ

ਆਪੋ ਆਪਣੀ ਬੋਲੀ ਅੰਦਰ ਆਹੇ ਵਿਰਦ ਕਮਾਂਦੇ
ਇਸਮਾਂ ਸਿਫ਼ਤਾਂ ਨਾਲ਼ ਤਮਾਮੀ ਮਿੱਠੇ ਬੋਲ ਸੁਣਾਂਦੇ ।(੩੧੭੦)

ਵਾਹ ਖ਼ਾਲਿਕ ਬੇ-ਚੂਨ ਪੁਕਾਰਨ ਚੂੰ ਕੀਤੀ ਜਿਸ ਜ਼ਾਹਿਰ
ਰੰਗਾਰੰਗ ਪੈਦਾਇਸ਼ ਉਸ ਦੀ ਅੰਤ ਹਿਸਾਬੋਂ ਬਾਹਿਰ

ਹਿਕ ਹਿਕ ਵਿਚ ਨਿਗਾਹ ਉਸੇ ਦੀ ਰੋਜ਼ੀ ਨਿੱਤ ਪੁਚਾਂਦਾ
ਹਰ ਹਰ ਦੀ ਉਸ ਕਿਸਮਤ ਲਿਖੀ ਲਿਖਿਆ ਪਾਸ ਨਾ ਜਾਂਦਾ

ਜੂਨ ਹਜ਼ਾਰ ਅਠਾਰਾਂ ਤਾਈਂ ਦੇ ਕੇ ਰਿਜ਼ਕ ਸੰਭਾਲੇ
ਕਿਆ ਬੇਕਾਰ ਅਸਮਰੱਥ ਸ਼ੋਹਦੇ ਕਿਆ ਕਮਾਈਆਂ ਵਾਲੇ

ਹਿੱਕਨਾਂ ਆਸ ਉਸੇ ਦੇ ਦਰ ਤੇ ਹਿੱਕਨਾਂ ਆਸ ਕਮਾਈਆਂ
ਹਿੱਕਨਾਂ ਬਹੁਤ ਕਮਾਈਆਂ ਕਰਕੇ ਆਖ਼ਿਰ ਆਣ ਗੰਵਾਈਆਂ

ਹਿਕ ਆਲਮ ਹਿਕ ਫ਼ਾਜ਼ਿਲ ਮੁੱਲਾਂ ਹਿਕ ਹਾਫ਼ਿਜ਼ ਹਿਕ ਕਾਰੀ
ਹਿਕ ਕਾਜ਼ੀ ਹਿਕ ਮੁਫ਼ਤੀ ਬਹਿੰਦੇ ਸਿਰ ਧਰ ਪਗੜੀ ਭਾਰੀ

ਹਿਕ ਜ਼ਾਹਿਦ ਹਿਕ ਸੂਫ਼ੀ ਮੁਫ਼ਤੀ ਬਣਦੇ ਹਿਕ ਨਮਾਜ਼ੀ
ਹਿੱਕਨਾਂ ਰੋਜ਼ੇਦਾਰ ਕਹਾਇਆ ਸ਼ੇਖ਼ੀ ਬੇਅੰਦਾਜ਼ੀ

ਸ਼ੇਖ਼ ਸ਼ਯੂਖ਼ ਮੁਰੱਬੀ ਮੁਰਸ਼ਿਦ ਫੇਰ ਬਣੇ ਹਿਕ ਭਾਰੇ
ਹਿੱਕਨਾਂ ਤਲਬ ਬਹਿਸ਼ਤ ਵੰਜਣ ਦੀ ਹਿਕ ਦੋਜ਼ਖ਼ ਡਰ ਮਾਰੇ

ਹਿੱਕਨਾਂ ਮੱਧ ਮੁਹੱਬਤ ਵਾਲਾ ਪੀਤਾ ਪੂਰ ਪਿਆਲਾ
ਮਸਤ ਬੇਹੁ ਵਤਣ ਵਿਚ ਗਲੀਆਂ ਨਾ ਕੁੱਝ ਹੋਸ਼ ਸੰਭਾਲਾ

ਹਿੱਕਨਾਂ ਔਗੁਣਹਾਰ ਕਹਾਇਆ ਪਰ ਤਕਸੀਰ ਗੁਨਾਹੀਂ
ਗੱਲ ਪੱਲਾ ਤੇ ਘਾਹ ਮੂੰਹ ਵਿਚ ਮੱਥੇ ਦਾਗ਼ ਸਿਆਹੀ

ਚੋਰ ਉਚੱਕੇ ਠੱਗ ਅਸੱਤਰ ਜੂਏ ਬਾਜ਼ ਜ਼ਨਾਹੀ
ਸਭਨਾਂ ਆਸ ਤੇਰੇ ਦਰ ਸਾਈਆਂ ਕਰਸੀ ਕਰਮ ਇਲਾਹੀ ।(੩੧੮੦)

ਚੋਰੀ ਯਾਰੀ ਠੱਗੀ ਮੋਟਾ ਬਦਨ ਹਰਾਮ ਕਬਾਬੋਂ
ਕਰ ਕਰ ਤੌਬਾ ਮੁੜਮੁੜ ਭੰਨਣ ਮਸਤੀ ਚੜ੍ਹੀ ਸ਼ਰਾਬੋਂ

ਸਬਜ਼ ਲਿਬਾਸ ਫ਼ਕੀਰਾਂ ਵਾਲਾ ਸਿਰ ਟੋਪੀ ਗਲ ਅਲਫ਼ੀ
ਬਾਹਰ ਦਿੱਸੇ ਵੇਸ ਉਜਾਲ਼ਾ ਅੰਦਰ ਕਾਲ਼ਾ ਕਲਫ਼ੀ

ਹਰ ਸੂਰਤ ਵੱਲ ਮਾਇਲ ਹੋਵੇ ਗ਼ਾਲਿਬ ਨਫ਼ਸ ਅਜੇਹਾ
ਹਰਦਮ ਤਾਜ਼ਾ ਚਾ ਬੱਰੇ ਦਾ ਕਦੇ ਨਾ ਹੁੰਦਾ ਬੇਹਾ

ਜੋ ਜੋ ਐਬ ਜਗਤ ਵਿਚ ਭਾਰੇ ਸਭੇ ਮੈਂ ਦਰ ਆਏ
ਕਿਹੜੇ ਕਿਹੜੇ ਗਿਣ ਗਿਣ ਦੱਸਾਂ ਅੰਤ ਨਾ ਪਾਇਆ ਜਾਏ

ਔਗਣਹਾਰ ਕੁਚੱਜੀ ਕੋਹਝੀ ਲੁੰਡੀ-ਲਿੱਟ ਨਿਕਾਰੀ
ਖ਼ਾਵੰਦ ਮੁੱਲ ਖ਼ਰੀਦੀ ਸੱਈਓ ਦੇ ਕੇ ਕੀਮਤ ਭਾਰੀ

ਗੰਜੀ ਕਾਣੀ ਲੂਹਲੀ ਡੋਰੀ ਤੇਜ਼ ਜ਼ਬਾਨ ਚਰਾਕੀ
ਬੇ ਪਰਹੇਜ਼ ਆਮੇਜ਼ ਕਰੇਂਦੀ ਵਿਚ ਪਲੀਦੀ ਪਾਕੀ

ਹੈ ਬਦਨੀਯਤ ਪਰੀਤ ਨਾ ਪਾਲੇ ਕੂੜ ਜ਼ਬਾਨੋਂ ਬੋਲੀ
ਧੰਨ ਖ਼ਾਵੰਦ ਜਿਸ ਰੱਦ ਨਾ ਕੀਤੀ ਬਦ ਅਜੇਹੀ ਗੋਲੀ

ਖ਼ੂਬੀ ਖ਼ਾਵੰਦ ਦੀ ਕੀ ਦੱਸਾਂ ਸ਼ਾਲਾ ਜੁਗ ਜੁਗ ਜੀਵੇ
ਹੂਰਾਂ ਪਰੀਆਂ ਉਸ ਪਰ ਡਿੱਗਣ ਜਿਉਂ ਪਤੰਗੇ ਦੇਵੇ

ਭਲੀਆਂ ਭਲੀਆਂ ਦਰ ਪਰ ਖਲ੍ਹੀਆਂ ਨੱਕ ਰਗੜਨ ਵਿਚ ਤਲੀਆਂ
ਨੌਸ਼ਾ ਪਰਤ ਨਿਗਾਹ ਨਾ ਕਰਦਾ ਕੁੱਝ ਪਰਵਾਹ ਨਾ ਵਲੀਆਂ

ਮੈਂ ਨਕਾਰੀ ਔਗਣਹਾਰੀ ਕੀ ਮੂੰਹ ਲੈ ਕੇ ਜਾਵਾਂ
ਤਲਬ ਦੀਦਾਰ ਹਜ਼ਾਰ ਖਲੋਤੇ ਕਿਤ ਗੁਣ ਦਰਸਨ ਪਾਵਾਂ ।(੩੧੯੦)

ਲੇਕਿਨ ਆਸ ਨਾ ਤੋੜਾਂ ਮੈਂ ਭੀ ਪਾਸ ਉਨ੍ਹਾਂ ਦੇ ਜਾਂਦੀ
ਬੁੱਢੀ ਦੇ ਹੱਥ ਸੂਤਰ ਅੱਟੀ ਯੂਸੁਫ਼ ਮੁਲ ਕਰਾਂਦੀ

ਉਸ ਫਿਰ ਸੂਤਰ ਪੱਕੇ ਦੀ ਅੱਟੀ ਮੈਂ ਹੱਥ ਤੰਦ ਨਾ ਕੱਚੀ
ਕੱਚੀ ਖ਼ਵਾਹਿਸ਼ ਮੇਰੀ ਸਾਈਆਂ! ਤਲਬ ਉਹਦੀ ਸੀ ਸੱਚੀ

ਇਹ ਨਹੀਂ ਮੈਂ ਕਹਿੰਦੀ ਸ਼ਾਹਾ ਖ਼ਿਦਮਤ ਟਹਿਲ ਕਬੂਲੀਂ
ਨਾਮ ਅੱਲ੍ਹਾ ਦੇ ਬਖ਼ਸ਼ ਗੁਨਾਹਾਂ ਸਾਇਆ ਸਿਰ ਤੇ ਝੂਲੀਂ

ਭੰਨੀ ਕਸਮ ਕੀਤੀ ਗੁਸਤਾਖ਼ੀ ਬਹੁਤ ਬੇਅਦਬੀ ਹੋਈ
ਤੂੰ ਦੁਰਕਾਰੇਂ ਤਾਂ ਫਿਰ ਸਾਈਆਂ ਕਿਤੇ ਕਿੱਤੇ ਨਾ ਢੋਈ

ਕਿਤਨੀ ਵਾਰੀ ਤੌਬਾ ਭੰਨੀ ਮੈਂ ਹਾਂ ਬੇਇਤਬਾਰਾ
ਫਿਰ ਤੇਰੇ ਦਰ ਤੌਬਾ ਕੀਤੀ ਬਖ਼ਸ਼ੀਂ ਬਖ਼ਸ਼ਨਣਹਾਰਾ

ਮੂੰਹ ਕਾਲ਼ਾ ਸ਼ਰਮਿੰਦਾ ਆਸੀ ਕੀ ਤੇਰੇ ਦਰ ਆਵਾਂ
ਮੁਜਰਿਮ ਥੀਂ ਚਾਅ ਮਹਿਰਮ ਕਰਨਾ ਤੇਰਾ ਫ਼ਜ਼ਲ ਸੱਚਾਵਾਂ

ਦਮੜੀ ਲੈ ਕਰੋੜਾਂ ਬਖ਼ਸ਼ੇਂ ਕਾਫ਼ਿਰ ਮੁਸਲਮਾਨਾਂ
ਸ਼ਾਨ ਨਿਸ਼ਾਨ ਤੁਸਾਡਾ ਵਧਦਾ ਜਿਉਂ ਜਿਉਂ ਘਟੇ ਜ਼ਮਾਨਾ

ਉਸ ਦੀ ਕਸਮ ਤੁਸਾਨੂੰ ਹਜ਼ਰਤ ਜੋ ਮਹਿਬੂਬ ਤੁਮ੍ਹਾਰਾ
ਸਭ ਬੇਅਦਬੀ ਤੇ ਗੁਸਤਾਖ਼ੀ ਬਖ਼ਸ਼ ਮੈਨੂੰ ਸਚਿਆਰਾ

ਮੁੱਕਰ ਫ਼ਰੇਬ ਬਹਾਨੇ ਬੱਤੇ ਸੱਭੋ ਵੱਲ ਛੱਲ ਕੂੜੇ
ਮੈਂ ਕੁੱਤਾ ਤੂੰ ਸਾਹਿਬ ਦਾਤਾ ਪਾ ਕਰਮ ਦੇ ਪੂੜੇ

ਕੁੱਤਾ ਭੀ ਬੇਕਾਰ ਮੁਕੱਸਿਰ ਖ਼ਿਦਮਤ ਕੰਮ ਸ਼ਿਕਾਰੋਂ
ਰਾਖੀ ਚੌਕੀ ਬਾਝੋਂ ਖਾਵਾਂ ਖ਼ੈਰ ਤੇਰੇ ਦਰਬਾਰੋਂ ।(੩੨੦੦)

ਦਰ ਤੇਰੇ ਤੇ ਪਲ਼ਿਆ ਆਜ਼ਿਜ਼ ਖ਼ੈਰ ਕਰਮ ਦਾ ਹਿਲਿਆ
ਮਿਲੇ ਸਵਾਬ ਜਨਾਬ ਸੱਚੇ ਥੀਂ ਕਦੇ ਜਵਾਬ ਨਾ ਮਿਲਿਆ

ਤੁਧ ਝਿੜਕਿਆ ਕੋਈ ਨਾ ਝੱਲਦਾ ਕਿਸੇ ਜਹਾਨ ਨਾ ਢੋਈ
ਹੱਥ ਸਿਰੇ ਤੇ ਰੱਖੀਂ ਸ਼ਾਹਾ ਬਖ਼ਸ਼ ਬੇਅਦਬੀ ਹੋਈ

ਮਦਦ ਨਾਲ਼ ਬਚਾਈਂ ਹਜ਼ਰਤ ਹਰ ਸ਼ੱਰੋਂ ਹਰ ਬੁਰਿਓਂ
ਕਿੱਥੇ ਕਿੱਸਾ ਰਿਹਾ ਮੁਹੰਮਦ ਹੁਣ ਕਿਧਰ ਉਠ ਤੁਰਿਓਂ

ਜਾਮ ਜਹਾਨ ਦਿਸਾਲਣ ਵਾਲਾ ਰੌਸ਼ਨ ਚਿੱਤ ਸੱਜਣ ਦਾ
ਮੂਹੋਂ ਆਖ ਨਾ ਆਖ ਮੁਹੰਮਦ ਵਾਕਿਫ਼ ਹੈ ਉਹ ਮਨ ਦਾ

ਅਠੇ ਪਹਿਰ ਮੁਹੰਮਦ ਸਿਰ ਤੇ ਮੌਤ ਨਿਕਾਰਾ ਘੁਰਦਾ
ਦਸ ਕਹਾਣੀ ਪੱਕੀ ਜਾਣੀ ਨਹੀਂ ਵਸਾਹ ਉਮਰ ਦਾ

ਜਿਸ ਟਾਪੂ ਦੀ ਗੱਲ ਪਿੱਛੇ ਸੀ ਪੰਖੀ ਬੋਲਣ ਵਾਲੀ
ਉਸ ਬੰਦਰ ਵਿਚ ਹੌਜ਼ ਵੱਡਾ ਸੀ ਸਿਫ਼ਤ ਬਿਆਨੋਂ ਆਲੀ

ਇਸ ਹੌਜ਼ੇ ਦੇ ਗਿਰਦੇ ਆਹੇ ਪੰਖੀ ਹੋਰ ਕੱਦ ਆਵਰ
ਕਾਲੇ ਬੱਕਰੇ ਵਾਂਗ ਬਦਨ ਤੇ ਜਿੱਤ ਲੰਮੇਰੀ ਵਾਫ਼ਰ

ਲਾਜਵਰਦੀ ਰੰਗ ਪੰਜੇ ਦਾ ਅੱਖੀਂ ਬਲਣ ਮਸ਼ਾਲਾਂ
ਸੂਰਤ ਦੂਜੀ ਹੋਰ ਤਰ੍ਹਾਂ ਦੀ ਕਿਸ ਦੀ ਸ਼ਕਲ ਦਸਾਲਾਂ

ਇਸ ਹੌਜ਼ੇ ਥੀਂ ਰੋਟੀ ਵੇਲੇ ਕੁਦਰਤ ਹੁੰਦੀ ਜ਼ਾਹਿਰ
ਇਕ ਹਜ਼ਾਰ ਅੰਗੀਠੀ ਅੱਗ ਦੀ ਨਿਕਲੇ ਦੰਦਿਓਂ ਬਾਹਰ

ਹਰ ਹਰ ਉਸ ਅੰਗੀਠੀ ਉੱਤੇ ਉਹ ਪੰਖੀ ਆ ਬਹਿੰਦੇ
ਵਗੋ ਤਗ ਚੁਗਣ ਅੱਗ ਤੱਤੀ ਜਿਸ ਵੇਲੇ ਰੱਜ ਰਹਿੰਦੇ ।(੩੨੧੦)

ਉੱਡ ਹਵਾ ਵੰਞਣ ਚੜ੍ਹ ਸਾਰੇ ਆਵਣ ਫੇਰ ਦੁਪਹਿਰਾਂ
ਬਹਿ ਕੇ ਖ਼ੁਸ਼ ਆਵਾਜ਼ ਅਲਾਪਣ ਜਿਉਂ ਕਾਨੂੰਨੇ ਲਹਿਰਾਂ

ਦਾਊਦੀ ਆਵਾਜ਼ ਰਸੀਲੀ ਸੰਘ ਸਫ਼ਾਈ ਵਾਲੇ
ਮੁਰਲੀ ਤੇ ਸ਼ਰਨਾਈਓਂ ਚੰਗੀ ਬੈਂਸਰੀਆਂ ਥੀਂ ਨਾਲੇ

ਬੋਲਣ ਅਜਬ ਸੁਰਾਂ ਕੱਢ ਉੱਚੀ ਕੋਈ ਬੇਤਾਰ ਨਾ ਹੋਵੇ
ਤਾਨਸ਼ੇਨ ਵੀ ਸੁਣੇ ਜੇ ਓਥੇ ਖਾ ਗ਼ੈਰਤ ਬਹਿ ਰੋਵੇ

ਜਦੋਂ ਸਰੋਦ ਮੁਕਾਵਣ ਲਗਣ ਬੋਲਣ ਕਹ-ਕਹ ਕਰ ਕੇ
ਅੱਗ ਉਨ੍ਹਾਂ ਦੇ ਮੂੰਹੋਂ ਨਿਕਲੇ ਸੁੱਟਣ ਚੁੰਝਾਂ ਭਰਕੇ

ਪਾਣੀ ਵਿਚ ਪਏ ਅੱਗ ਸਾਰੀ ਨਾ ਡੁੱਬਦੀ ਨਾ ਬੁਝਦੀ
ਅੱਗੋ ਅੱਗ ਦਿੱਸ਼ੇ ਕੁੱਲ ਪਾਣੀ ਹੌਜ਼ ਅੰਗੀਠੀ ਸੁਝਦੀ

ਮਲਿਕਾ ਤੇ ਸ਼ਹਿਜ਼ਾਦਾ ਦੋਏੇ ਵੇਖ ਤਅਜਬ ਹੋਂਦੇ
ਕਈਂ ਤਮਾਸ਼ੇ ਇਹੋ ਜੇਹੇ ਤੱਕਦੇ ਵੱਤਣ ਭੌਂਦੇ

ਸੱਜੇ ਖੱਬੇ ਤੱਕਦੇ ਸੁਣਦੇ ਸੈਰ ਕਰਨ ਵਿਚ ਬੰਦਰ
ਕਈ ਅਜਾਇਬ ਦਿੱਸਣ ਜਿਹੜੇ ਨਹੀਂ ਕਿਆਸਾਂ ਅੰਦਰ

ਹਿਕ ਪਾਸੋਂ ਆਵਾਜ਼ ਸ਼ਹਿਜ਼ਾਦੇ ਆਦਮੀਆਂ ਦਾ ਆਇਆ
ਆਸੀਂ ਪਾਸੀਂ ਤੱਕਣ ਲੱਗਾ ਕੀ ਇਸਰਾਰ ਖ਼ੁਦਾਇਆ

ਵੇਖਦਿਆਂ ਹਿਕ ਨਜ਼ਰੀਂ ਆਈ ਕੌਮ ਸ਼ਹਿਜ਼ਾਦੇ ਤਾਈਂ
ਸੇਰ ਕਰਨ ਦਰਿਆ ਕਿਨਾਰੇ ਆਦਮ ਲੋਕ ਗਿਰਾਈਂ

ਸੈਫ਼-ਮਲੂਕ ਉਨ੍ਹਾਂ ਵੱਲ ਟੁਰਿਆ ਜਾ ਸਲਾਮ ਪੁਕਾਰੇ
ਬਾਦ ਸਲਾਮੋਂ ਨਾਲ਼ ਹਲੀਮੀ ਪੁੱਛਦਾ ਗੱਲ ਦੁਬਾਰੇ ।(੩੨੨੦)

ਯਾਰੋ ਸੱਚ ਦਸਾਲੋ ਮੈਨੂੰ ਕੌਣ ਤੁਸੀ ਕਿਸ ਸ਼ਹਿਰੋਂ
ਕਿਹੜੇ ਮੁਲਕ ਵਲਾਇਤ ਰਹਿੰਦੇ ਸੈਰ ਕਰੋ ਇਸ ਬਹਿਰੋਂ

ਯਾ ਕੋਈ ਵਾਂਗ ਅਸਾਡੇ ਆਏ ਵਖ਼ਤ ਕਜ਼ੀਏ ਮਾਰੇ
ਯਾ ਹੋ ਏਸ ਜਗ੍ਹਾ ਦੇ ਵਤਨੀ ਕੀ ਨਾਉਂ ਦੇਸ ਤੁਮ੍ਹਾਰੇ

ਉਨ੍ਹਾਂ ਜਵਾਨਾਂ ਕਿਹਾ ਅੱਗੋਂ ਸੈਫ਼-ਮਲੂਕੇ ਤਾਈਂ
ਇਹ ਵਲਾਇਤ ਵਤਨ ਅਸਾਡਾ ਵਸਦੇ ਸ਼ਹਿਰ ਗਿਰਾਈਂ

ਸੈਰ ਸ਼ਿਕਾਰ ਕਰੇਂਦੇ ਫਿਰਦੇ ਖ਼ੁਸ਼ੀਏਂ ਨਦੀ ਕਿਨਾਰੇ
ਵਾਸਿਤ ਏਸ ਮੁਲਕ ਦਾ ਨਾਵਾਂ ਰੌਸ਼ਨ ਵਿਚ ਸੰਸਾਰੇ

ਸਰਾਂਦੀਪ ਸ਼ਹਿਰ ਵਿਚ ਟੁਰਦਾ ਏਸ ਮੁਲਕ ਦਾ ਪੈਸਾ
ਓਥੇ ਸ਼ਾਹ ਤਖ਼ਤ ਦਾ ਵਾਲੀ ਸ਼ਾਨ ਸਿਕੰਦਰ ਜੈਸਾ

ਸੈਫ਼-ਮਲੂਕੇ ਨੂੰ ਇਸ ਖ਼ਬਰੋਂ ਖ਼ੁਸ਼ੀ ਹੋਈ ਦਿਲ ਭਾਰੀ
ਮਲਿਕਾ ਵਾਲੀ ਗੱਲ ਉਨ੍ਹਾਂ ਨੂੰ ਖੋਲ ਦਸਾਲੀ ਸਾਰੀ

ਸੁਣ ਗੱਲਾਂ ਫ਼ੁਰਮਾਇਆ ਉਨ੍ਹਾਂ ਹੈ ਇਹ ਸੱਚ ਵਿਹਾਣੀ
ਸ਼ਾਹ ਅਸਾਡੇ ਦੀ ਭਤਰੀਜੀ ਮਲਿਕਾ ਖ਼ਾਤੂੰ ਰਾਣੀ

ਪਤਾ ਨਿਸ਼ਾਨੀ ਰਾਹ ਸ਼ਹਿਰ ਦਾ ਪੁੱਛ ਲਈਆਂ ਸਭ ਗੱਲਾਂ
ਵਿਚੋ ਵਿਚ ਨਦੀ ਦੇ ਜਾਣਾ ਦੱਸਿਆ ਉਨ੍ਹਾਂ ਵਲਾਂ

ਆਇਆ ਪਰਤ ਸ਼ਹਿਜ਼ਾਦਾ ਓਥੋਂ ਆ ਮਲਿਕਾ ਨੂੰ ਕਹਿੰਦਾ
ਹੋਵੇ ਮੁਬਾਰਿਕ ਅੱਲ੍ਹਾ ਭਾਵੇ ਭਾਰ ਤੇਰਾ ਹੁਣ ਲਹਿੰਦਾ

ਹਾਲ ਹਕੀਕਤ ਸਭ ਸੁਣਾਈ ਮਲਿਕਾ ਖ਼ਾਤੂੰ ਤਾਈਂ
ਦੋਹਾਂ ਦੇ ਦਿਲ ਖ਼ੁਸ਼ੀਆਂ ਹੋਈਆਂ ਪੜ੍ਹਨ ਅਲਹਮਦ ਸਨਾਈਂ ।(੩੨੩੦)

ਫੇਰ ਟੱਲੇ ਚੜ੍ਹ ਠਿੱਲ੍ਹੇ ਆਹੇ ਵਾਅ ਮੁਰਾਦ ਹਿੱਲੀ ਸੀ
ਗਰਦਿਸ਼ ਗਈ ਸਿਤਾਰੇ ਸਾਇਤ ਆ ਸਅਦੈਨ ਰਲੀ ਸੀ

ਤਰਦਾ ਟੱਲਾ ਹਮਲੇ ਕਰਦਾ ਜਿਉਂ ਪੰਖੀ ਦਰਿਆਈ
ਯਾ ਕਸ਼ਮੀਰ ਅੰਦਰ ਡਲ਼ ਕਿਸ਼ਤੀ ਤਰਦੀ ਨਾਲ਼ ਸਫ਼ਾਈ

ਯਾ ਪਟੇ ਦੇ ਧਾਗੇ ਉੱਤੇ ਮੋਤੀ ਸੁੱਚਾ ਤੁਰਦਾ
ਯਾ ਰਾਹਵਰ ਤੁਰੇ ਜਿਉਂ ਤਾਜ਼ੀ ਤਰਫ਼ ਤਵੇਲੇ ਹੁਰਦਾ

ਦੂਰੋਂ ਤਾੜ ਸ਼ਿਕਾਰ ਹਵਾਓਂ ਬਾਜ਼ ਚਿੱਟਾ ਜਿਉਂ ਆਵੇ
ਤਾਰੀ ਸਾਫ਼ ਉਡਾਰੀ ਕਰਦਾ ਨਾ ਪਰ ਫੇਰ ਹਿਲਾਵੇ

ਨਾ ਕੋਈ ਖ਼ਲਲ ਖ਼ਰੂਜ ਨਦੀ ਦਾ ਨਾ ਕੋਈ ਦੂਜੀ ਆਫ਼ਤ
ਖ਼ੁਸ਼ਿਓਂ ਪਹਿਰ ਦਿੱਸੇ ਪਲਕਾਰਾ ਰੋਜ਼ ਲੰਘੇ ਜਿਉਂ ਸਾਇਤ

ਪਾਣੀ ਅੰਦਰ ਤਰਦੇ ਜਾਂਦੇ ਰੋਜ਼ ਗਏ ਪੰਜਤਾਲੀ
ਵਾਸਿਤ ਸ਼ਹਿਰ ਅੰਦਰ ਜਾ ਲੱਗੇ ਕਰਮ ਕੀਤਾ ਰੱਬ ਵਾਲੀ

ਟੱਲੇ ਉੱਤੋਂ ਉੱਤਰ ਆਏ ਮਲਿਕਾ ਤੇ ਸ਼ਹਿਜ਼ਾਦਾ
ਸੈਫ਼-ਮਲੂਕ ਸਲਾਮ ਉਸ ਸ਼ਾਹ ਦੇ ਟੁਰਿਆ ਰੱਖ ਇਰਾਦਾ

ਮਲਿਕਾ ਖ਼ਾਤੂੰ ਕੋਲੋਂ ਪੁੱਛਦਾ ਇਹ ਸ਼ਾਹ ਚਾਚਾ ਤੇਰਾ
ਕੀ ਕੁੱਝ ਨਾਮ ਮੁਬਾਰਿਕ ਇਸ ਦਾ ਦੱਸੀਂ ਪਤਾ ਪਕੇਰਾ

ਮਲਿਕਾ ਕਹਿੰਦੀ ਸੁਣ ਵੇ ਭਾਈਆ ਦਾਨਿਸ਼ਮੰਦ ਦਲੇਰਾ
ਤਾਜ ਮਲੂਕ ਇਸ ਨਾਵਾਂ ਹੋਸੀ ਜੇ ਇਹ ਚਾਚਾ ਮੇਰਾ

ਸੈਫ਼-ਮਲੂਕ ਗਿਆ ਦਰਬਾਰੇ ਪੁੱਛਦਾ ਜਾ ਨਕੀਬਾਂ
ਕਿੱਥੇ ਹੈ ਸੁਲਤਾਨ ਤੁਸਾਡਾ ਮਿਲਣਾ ਅਸਾਂ ਗ਼ਰੀਬਾਂ ।(੩੨੪੦)

ਦਰਬਾਨਾਂ ਫ਼ੁਰਮਾਇਆ ਅੱਗੋਂ ਸ਼ਾਹ ਸ਼ਿਕਾਰ ਗਿਆ ਹੈ
ਸ਼ਾਮ ਵਕਤ ਨੂੰ ਆਵਗ ਮੁੜ ਕੇ ਮਤਲਬ ਤੁਧ ਕਿਆ ਹੈ

ਸ਼ੈਫ਼-ਮਲੂਕ ਕਿਹਾ ਮੈਂ ਮਿਲਣਾ ਖ਼ਾਹ ਮਖ਼ਾਹ ਉਸ ਸ਼ਾਹ ਨੂੰ
ਖ਼ਬਰ ਨਹੀਂ ਮੱਤ ਚਿਰਕਾ ਆਵੇ ਮੱਲ ਬਹਾਂ ਚੱਲ ਰਾਹ ਨੂੰ

ਮਲਿਕਾ ਨੂੰ ਛੱਡ ਨਦੀ ਕਿਨਾਰੇ ਉਹਲੇ ਜਾਈ ਝਰੋਕੇ
ਸੈਫ਼-ਮਲੂਕ ਉਸ ਸ਼ਾਹੇ ਪਿੱਛੇ ਤੁਰਿਆ ਰਾਹੀ ਹੋ ਕੇ

ਜਾਂ ਕੁੱਝ ਪੈਂਡਾ ਗਿਆ ਅਗੇਰੇ ਮਰਦ ਅੱਗੋਂ ਹਿਕ ਆਇਆ
ਸੋਹਣੀ ਸੂਰਤ ਜ਼ੇਬ ਸ਼ਾਹਾਨਾ ਜ਼ੇਵਰ ਰੂਪ ਸੁਹਾਇਆ

ਸ਼ੌਕਤ ਸ਼ਾਨ ਨਿਸ਼ਾਨ ਉਚੇਰਾ ਤਾਜ ਸਿਰੇ ਪਰ ਸ਼ਾਹੀ
ਛਤਰ ਸੁਨਹਿਰੀ ਉਪਰ ਝੁੱਲਦਾ ਅੱਗੇ ਚੱਲਣ ਸਿਪਾਹੀ

ਨਰ ਗੱਜਣ ਜਿਉਂ ਰਾਦ ਗਜੇਂਦਾ ਵੱਜਣ ਨਾਲੇ ਬਾਜੇ
ਮੀਰ ਵਜ਼ੀਰ ਉਮਰਾ ਚੌਗਿਰਦੇ ਨੌਕਰ ਸਣ ਰਾਇ ਰਾਜੇ

ਨਾ ਕੁੱਝ ਅੰਤ ਸ਼ੁਮਾਰ ਸਵਾਰੀ ਖ਼ੱਚਰ ਹਾਥੀ ਘੋੜੇ
ਸ਼ਾਤਿਰ ਨਫ਼ਰ ਗ਼ੁਲਾਮ ਪਿਆਦੇ ਲਸ਼ਕਰ ਸਨ ਬੇਓੜੇ

ਤਾਜ ਮਲੂਕ ਅਮਾਰੀ ਅੰਦਰ ਨਜ਼ਰ ਪਿਆ ਸ਼ਹਿਜ਼ਾਦੇ
ਲੇਕਿਨ ਮਿਲਣ ਨਾ ਹੋਇਆ ਉਸ ਥੀਂ ਆਹੀ ਭੀੜ ਜ਼ਿਆਦੇ

ਪਿੱਛੇ ਪਿੱਛੇ ਗਿਆ ਸ਼ਹਿਜ਼ਾਦਾ ਟੁਰਦਾ ਵਾਂਗ ਗ਼ਰੀਬਾਂ
ਜਾ ਖਲਾ ਦਰਵਾਜ਼ੇ ਉੱਤੇ ਕਰਦਾ ਅਰਜ਼ ਨਕੀਬਾਂ

ਜਾ ਦਰਬਾਰ ਹਜ਼ੂਰੀ ਅੰਦਰ ਉਸ ਦੀ ਰਪਟ ਪੁਚਾਈ
ਐਸਾ ਸ਼ਖ਼ਸ ਮਿਲਣ ਨੂੰ ਲੋਚੇ ਹੈ ਪਰਦੇਸੀ ਕਾਈ ।(੩੨੫੦)

ਸੋਹਣੀ ਸ਼ਕਲ ਸਿਤਾਰੇ ਵਾਲਾ ਦਾਨਿਸ਼ਮੰਦ ਯਗਾਨਾ
ਚਿਹਰੇ ਤੇ ਚਮਕਾਰੇ ਮਾਰੇ ਰੂਪ ਇਕਬਾਲ ਸ਼ਹਾਨਾ

ਝਾਲ ਸ਼ਕਲ ਦੀ ਝੱਲ ਨਾ ਸਕੇ ਕਾਂਗ ਉਛੱਲ ਹੁਸਨ ਦੀ
ਨਕਸ਼ ਨਿਗਾਰ ਸ਼ੁਮਾਰ ਨਾ ਆਵੇ ਹਾਰ ਬਹਾਰ ਚਮਨ ਦੀ

ਉਂਗਲੀਆਂ ਹੱਥ ਪੈਰ ਅਵਾਜ਼ਾ ਸੱਭੇ ਵਾਂਗ ਮਲੂਕਾਂ
ਖ਼ੂਬ ਹਥਿਆਰ ਸਿਪਾਹੀ ਲਾਇਆ ਖ਼ਬਰ ਨਹੀਂ ਕੀ ਕੂਕਾਂ

ਹੈ ਕੋਈ ਰਾਜਾ ਦੇਸ ਕਿਸ਼ੇ ਦਾ ਸ਼ਾਹਾਂ ਹਾਰ ਸਰਿਸ਼ਤਾ
ਯਾ ਕੋਈ ਨੂਰੀ ਲੋਕ ਬਹਿਸ਼ਤੋਂ ਆਇਆ ਨਿਕਲ ਫ਼ਰਿਸ਼ਤਾ

ਬਹੁਤਾ ਦਰਦ ਰੰਞਾਣਾ ਦਿੱਸੇ ਨਾਲੇ ਬਹੁਤ ਸਿਆਣਾ
ਕਹਿੰਦਾ ਮਤਲਬ ਹੈ ਸਰਕਾਰੇ ਮਿਲਣ ਹਜ਼ੂਰੇ ਜਾਣਾ

ਤਾਜ ਮਲੂਕ ਸ਼ਾਹੇ ਨੂੰ ਸੁਣ ਕੇ ਸਿਫ਼ਤ ਸਨਾ ਜਣੇ ਦੀ
ਲੱਗੀ ਛਿਕ ਅੰਦਰ ਵਿਚ ਬਹੁਤੀ ਖ਼ੂਬੀ ਰੂਪ ਘਣੇ ਦੀ

ਹੁਕਮ ਕੀਤਾ ਦਰਬਾਨੇ ਤਾਈਂ ਵਾਸਿਤ ਦੇ ਸੁਲਤਾਨੇ
ਹਾਜ਼ਿਰ ਕਰੋ ਹਜ਼ੂਰ ਮੇਰੇ ਵਿਚ ਇਸ ਗ਼ਰੀਬ ਜਵਾਨੇ

ਸੈਫ਼-ਮਲੂਕ ਇਜ਼ਾਜ਼ਤ ਪਾਈ ਵੜਿਆ ਜਾ ਕਚਹਿਰੀ
ਸਭ ਮਜਲਿਸ ਨੂੰ ਤਾਬਿਸ਼ ਲੱਗੀ ਜਿਉਂ ਕਰ ਦਿਹੁੰ ਦੁਪਹਿਰੀ

ਕਰਕੇ ਸ਼ਰਤ ਅਦਬ ਦੀ ਪੂਰੀ ਜਾ ਸਲਾਮੀ ਹੋਇਆ
ਜਿਹੜੀ ਤਰ੍ਹਾਂ ਖਲੋਣਾ ਆਹਾ ਓਸੇ ਵਜ੍ਹਾ ਖਲੋਇਆ

ਤਾਜ ਮਲੂਕ ਦਿਲਾਸੇ ਕਰਕੇ ਨੇੜੇ ਸੱਦ ਬਹਾਇਆ
ਕਹਿੰਦਾ ਮਰਦ ਮੁਸਾਫ਼ਰ ਦਿੱਸੇਂ ਦੱਸ ਖਾਂ ਕਿਧਰੋਂ ਆਇਆ ।(੩੨੬੦)

ਸ਼ੈਫ਼-ਮਲੂਕ ਕਿਹਾ ਸੁਣ ਸ਼ਾਹਾ ਸੱਚਾ ਸੁਖ਼ਨ ਨਬੀ ਦਾ
'ਅਲਦੁਨੀਆ ਗ਼ਰੀਬੁਨ' ਏਥੋਂ ਓੜਕ ਕੂਚ ਸਭੀ ਦਾ

ਤਾਜ ਮਲੂਕ ਪੁੱਛੇ ਪਰ ਕਿਹੜਾ ਵਤਨ ਵਲਾਇਤ ਤੇਰੀ
ਕਿਤ ਸਬੱਬ ਹੋਇਉਂ ਪਰਦੇਸੀ ਪਹੁਤੋਂ ਜਾਇ ਮੇਰੀ

ਸੈਫ਼-ਮਲੂਕ ਜਵਾਬ ਸੁਣਾਂਦਾ ਮੈਂ ਹਾਂ ਸ਼ਹਿਰ ਮਿਸਰ ਥੀਂ
ਕਿੱਸਾ ਮੇਰਾ ਬਹੁਤ ਲੰਮੇਰਾ ਨਿਕਲ ਪਿਉਸੁ ਜਿਉਂ ਘਰ ਥੀਂ

ਬਣੀ ਮੁਸੀਬਤ ਭਾਰੀ ਮੈਨੂੰ ਕਈ ਕਜ਼ੀਏ ਝਾਗੇ
ਬਾਰਾਂ ਬਰਸ ਹੋਏ ਮੈਂ ਫਿਰਦੇ ਤਾਂ ਪਹੁਤੋਸੁ ਇਸ ਜਾਗ੍ਹੇ

ਨਦੀਆਂ ਨੀਰ ਸਮੁੰਦਰ ਟਾਪੂ ਬੇਲੇ ਜੰਗਲ਼ ਬਾਰਾਂ
ਜੂਹੀਂ ਤੇ ਕੋਹ ਕਾਫ਼ ਬਲਾਈਂ ਡਿਠੇ ਅਜਬ ਹਜ਼ਾਰਾਂ

ਸੈਫ਼-ਮਲੂਕੇ ਦੀ ਗੱਲ ਸੁਣ ਕੀ ਸ਼ਾਹ ਲੱਗਾ ਫ਼ੁਰਮਾਵਣ
ਸੁਣ ਤੂੰ ਸ਼ੇਰ ਜਵਾਨ ਬਹਾਦਰ ਸੁਖ਼ਨ ਤੇਰੇ ਮਨ ਭਾਵਣ

ਸਰਾਂਦੀਪ ਸ਼ਹਿਰ ਦਾ ਵਾਲੀ ਹੈ ਹਿਕ ਭਾਈ ਮੇਰਾ
ਉਸ ਘਰ ਧੀ ਪਿਆਰੀ ਆਹੀ ਹੂਰੋਂ ਹੁਸਨ ਘਣੇਰਾ

ਬਾਰਾਂ ਬਰਸ ਹੋਏ ਉਸ ਛਪਿਆਂ ਚਾਈ ਕਿਸੇ ਬਲਾਈ
ਉਸ ਦਾ ਪਤਾ ਨਿਸ਼ਾਨੀ ਕੋਈ ਅੱਜ ਦਿਨ ਤੀਕ ਨਾ ਆਈ

ਨਾ ਦੱਸ ਬੁਝ ਨਾ ਜਨ ਕਿਸੇ ਤੇ ਆਰੀ ਹਾਂ ਤਦਬੀਰੋਂ
ਤੂੰ ਭੀ ਬਹੁਤੀਂ ਜਾਈਂ ਫਿਰਿਆ ਹੈਂ ਭੀ ਸੁਘੜ ਵਜ਼ੀਰੋਂ

ਨਾ ਕੋਈ ਖੋਜ ਨਿਸ਼ਾਨੀ ਲੱਧੀ ਐਸੀ ਆਫ਼ਤ ਚੁੱਕੀ
ਇੱਕ ਵੀ ਖ਼ਬਰ ਨਹੀਂ ਅੱਜ ਤੋੜੀ ਜ਼ਿੰਦੀ ਯਾ ਮਰ ਮੁੱਕੀ ।(੩੨੭੦)

ਥਾਂ ਕੁਥਾਂ ਡਿਠੇ ਤੁਧ ਚੰਦੀ ਦਿਓ ਦੇਵਾਂ ਦੀਆਂ ਜਾਈਂ
ਮੱਤ ਕੋਈ ਮਾਲਮ ਹੋਏ ਤੈਨੂੰ ਪਤਾ ਅਸਾਨੂੰ ਪਾਈਂ

ਸੈਫ਼-ਮਲੂਕ ਪੁੱਛੇ ਕੀ ਆਹਾ ਨਾਮ ਉਹਦਾ ਮੈਂ ਪਾਵਾਂ
ਤਾਜ ਮਲੂਕ ਕਿਹਾ ਹੈ ਉਸ ਦਾ ਮਲਿਕਾ ਖ਼ਾਤੂੰ ਨਾਂਵਾਂ

ਸ਼ਹਿਜ਼ਾਦੇ ਫ਼ੁਰਮਾਇਆ ਸ਼ਾਹਾ ਹੋਵੇ ਮੁਬਾਰਿਕ ਤੈਨੂੰ
ਮਲਿਕਾ ਖ਼ਾਤੂੰ ਚੰਗੀ ਭਲੀ ਖ਼ਬਰ ਪੱਕੀ ਇਹ ਮੈਨੂੰ

ਤਾਜ ਮਲੂਕ ਕਿਹਾ ਦੱਸ ਜਲਦੀ ਹੈ ਉਹ ਕਿਹੜੀ ਜਾਏ
ਤੇਰੇ ਅਸੀਂ ਗ਼ੁਲਾਮ ਹੋਵਾਂਗੇ ਜੇ ਸਾਨੂੰ ਹੱਥ ਆਏ

ਸੈਫ਼-ਮਲੂਕ ਕਿਹਾ ਸੁਣ ਸ਼ਾਹਾ ਹੈ ਨੇੜੇ ਉਹ ਰਾਣੀ
ਬਾਹਰ ਸ਼ਹਿਰੋਂ ਨਦੀ ਕਿਨਾਰੇ ਵੇਖੋ ਜਾ ਫ਼ਲਾਣੀ

ਤਾਜ ਮਲੂਕ ਹੋਈਆਂ ਦਿਲ ਖ਼ੁਸ਼ੀਆਂ ਸੁਣ ਕੇ ਖ਼ਬਰ ਜਿਗਰ ਦੀ
ਤੱਤੇ ਤਾ ਤਬੀਅਤ ਉੱਠੀ ਸਾਇਤ ਸਬਰ ਨਾ ਕਰਦੀ

ਸਣੇ ਵਜ਼ੀਰਾਂ ਖ਼ਿਦਮਤ ਗਾਰਾਂ ਤੁਰਿਆ ਉਠਿ ਸ਼ਿਤਾਬੀ
ਉਸ ਪਤੇ ਤੇ ਢੂੰਡਣ ਲੱਗਾ ਜਾ ਕਿਨਾਰੇ ਆਬੀ

ਲਸ਼ਕਰ ਫ਼ੌਜ ਰਿਹਾ ਸਭ ਪਿੱਛੇ ਸ਼ਾਹ ਨੂੰ ਚਾਮਲ ਚਾਇਆ
ਹਿਕ ਇਕੱਲਾ ਭੱਜਦਾ ਭੱਜਦਾ ਉਸ ਜਾਈ ਪਰ ਆਇਆ

ਅੱਗੋਂ ਮਲਿਕਾ ਨਜ਼ਰੀਂ ਆਈ ਤਾਜ ਮਲੂਕੇ ਤਾਈਂ
ਉਠ ਸਲਾਮ ਕਰੇਂਦੀ ਚਾਚੇ ਰੁੰਨੀ ਪਾਇ ਕਹਾਈਂ

ਚਾਚੇ ਨੇ ਗੱਲ ਲਾਈ ਬੇਟੀ ਦੋਏੇ ਹੰਝੂ ਰੋਂਦੇ
ਸ਼ੁਕਰ ਅਲਹਮਦ ਗੁਜ਼ਾਰਨ ਰੱਬ ਦਾ ਸਦਕੇ ਸਦਕੇ ਹੋਂਦੇ ।(੩੨੮੦)

ਤਾਜ ਮਲੂਕ ਨਾ ਮੇਵੇ ਜਾਮੇ ਬਦਨ ਫੁੰਡਾਇਆ ਸ਼ਾਦੀ
ਮੀਰ ਵਜ਼ੀਰ ਰਲੇ ਆ ਪਿੱਛੋਂ ਹੋਈ ਮੁਬਾਰਿਕ ਬਾਦੀ

ਮਲਿਕਾ ਨੂੰ ਪੋਸ਼ਾਕ ਲਵਾਈ ਜ਼ੇਵਰ ਬਾਦ ਸ਼ਹਾਨਾ
ਡੋਲੀ ਪਾ ਘਰਾਂ ਨੂੰ ਚਲੇ ਫਿਰਿਆ ਨੇਕ ਜ਼ਮਾਨਾ

ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲੇ ਮਾਰੇ ਤਾਕ ਗ਼ਮਾਂ ਦੇ
ਡੋਲੀ ਉੱਤੋਂ ਮੁਹਰਾਂ ਮੋਤੀ ਸਦਕੇ ਸੁੱਟਦੇ ਜਾਂਦੇ

ਹਰਮਾਂ ਅੰਦਰ ਖ਼ਬਰਾਂ ਗਈਆਂ ਕਰਮਾਂ ਮੌਜ ਉਠਾਈ
ਇਸਤਿਕਬਾਲ ਕਰੋ ਉਠ ਸਭੇ ਮਲਿਕਾ ਖ਼ਾਤੂੰ ਆਈ

ਹਰ ਬੇਗਮ ਹਰ ਗੋਲੀ ਬੀਬੀ ਨੂੰਹਾਂ ਧੀਆਂ ਭੈਣਾਂ
ਮੀਰ ਵਜ਼ੀਰ ਸਭਸ ਦਿਆਂ ਹਰਮਾਂ ਲਾਜ਼ਿਮ ਹੋਇਆ ਵੈਣਾਂ

ਇਸਤਿਕਬਾਲ ਉਹਦੇ ਨੂੰ ਡੋਲੇ ਸ਼ਹਿਰੋਂ ਬਾਹਰ ਆਏ
ਜ਼ੇਵਰ ਜ਼ੇਬ ਸ਼ਹਾਨਾ ਯਾਰੋ ਅੰਤ ਨਾ ਕੀਤਾ ਜਾਏ

ਬਾਹੀਆਂ ਸੋਨੇ ਚਾਂਦੀ ਆਹੀਆਂ ਖ਼ੂਬ ਉਛਾੜ ਬਨਾਤੀ
ਕਲਸ ਕਿਨਾਰੇ ਝਿਲਮਿਲ ਕਰਦੇ ਸੁੱਚੇ ਮੋਤੀ ਜ਼ਾਤੀ

ਡੋਲੀ ਵੇਖ ਉਸ ਡੌਲੇ ਯਾਰੋ ਡੋਲੇ ਚਿੱਤ ਦਲੇਰਾਂ
ਤੱਕ ਸਾਬਤ ਦਿਲ ਰਹੇ ਨਾ ਸਾਬਤ ਭੱਜਦੀ ਸ਼ੇਰੀ ਸ਼ੇਰਾਂ

ਮਾਸੀ ਫੂਫੀ ਚਾਚੀ ਤਾਈ ਭੈਣਾਂ ਸੰਗਤ ਸੱਈਆਂ
ਰੋ ਰੋ ਮਲਿਕਾ ਦੇ ਗਲ ਮਿਲ ਕੇ ਲੈ ਘਰਾਂ ਨੂੰ ਗਈਆਂ

ਸ਼ਾਦੀ ਦੇ ਸ਼ਦਿਆਨੇ ਵਜੇ ਮਿਲੀ ਮੁਬਾਰਿਕਬਾਦੀ
ਗਈ ਗੁਆਤੀ ਰੱਬ ਲਿਆਂਦੀ ਫਿਰ ਮਲਿਕਾ ਸ਼ਹਿਜ਼ਾਦੀ ।(੩੨੯੦)

ਹਰ ਸਵਾਣੀ ਬੀਬੀ ਰਾਣੀ ਧਾਣੀ ਲੈ ਨਜ਼ਰਾਨੇ
ਜ਼ੇਵਰ ਬੇਵਰ ਨਕਦ ਤਰੇਵਰ ਗਲੀਏਂ ਰੁਲੇ ਸ਼ਹਾਨੇ

ਕਰ ਇੱਜ਼ਤ ਇਕਰਾਮ ਹਜ਼ਾਰਾਂ ਨਾਲ਼ ਤਮਾਮ ਆਈਨੇ
ਮਲਿਕਾ ਖ਼ਾਤੂੰ ਅੰਦਰ ਆਂਦੀ ਠੰਡ ਪਈ ਵਿਚ ਸੀਂੇ

ਤਖ਼ਤ ਉੱਤੇ ਸ਼ਾਹਜ਼ਾਦੀ ਤਾਈਂ ਘਰ ਦੇ ਲੋਕ ਬਹਾਲਣ
ਮੁੜ ਮੁੜ ਪਈ ਹੇਠਾਂ ਸੀ ਢਹਿੰਦੀ ਜੇ ਸੌ ਪਕੜ ਉਠਾਲਣ

ਪੁੱਛਣ ਲੱਗੇ ਗੱਲ ਸਫ਼ਰ ਦੀ ਬੀਬੀ ਦਸ ਕਹਾਣੀ
ਬਾਰਾਂ ਬਰਸ ਹੋਏ ਤੁਧ ਛੁਪਿਆਂ ਕਿਸ ਕਿਸ ਤਰ੍ਹਾਂ ਵਿਹਾਣੀ

ਕੀ ਕੁੱਝ ਕੈਦ ਮੁਸੀਬਤ ਝਾਗੀ ਕੇਡਕ ਰੰਜ ਸਫ਼ਰ ਦੇ
ਕੀਕਰ ਰੱਬ ਖ਼ਲਾਸੀ ਬਖ਼ਸ਼ੀ ਆਈਐਂ ਤਰਫ਼ ਇਸ ਘਰ ਦੇ

ਅਸੀਂ ਫ਼ਿਰਾਕ ਤੇਰੇ ਵਿਚ ਰੋਂਦੇ ਨੈਣਾਂ ਨੀਂਦ ਨਾ ਪਾਈ
ਰੱਬ ਮਾਲਮ ਕੀ ਜਾਣੇ ਆਲਮ ਜ਼ਾਲਿਮ ਰੋਗ ਜੁਦਾਈ

ਬਾਬਲ ਮਾਈ ਭੈਣਾਂ ਭਾਈ ਰਾਤ ਦਿਹਾਂ ਤੁਧ ਰੋਂਦੇ
ਜੋ ਕੁੱਝ ਪਤਾ ਉਨ੍ਹਾਂ ਨੂੰ ਲੱਭਦਾ ਸਭ ਤਸੱਦੁਕ ਹੋਂਦੇ

ਕੁੱਖ ਮਾਈ ਦੀ ਤੇਰੀ ਜਾਈ ਦੁੱਖ ਭਰੇ ਸੁਖ ਭਾਗੇ
ਚਿੱਟਾ ਪੂਣੀ ਰੰਗ ਹੋਇਆ ਸੂ ਸੁੱਕ ਹੋਈ ਜਿਉਂ ਧਾਗੇ

ਖਾਵਣ ਲਾਵਣ ਭਾਵਣ ਨਾਹੀਂ ਜਾਵਣ ਜਿਗਰ ਜਿਨ੍ਹਾਂ ਦੇ
ਮਾਪੇ ਕਰਨ ਸਿਆਪੇ ਦਿਲ ਵਿਚ ਰਹਿੰਦੇ ਤਾਪੇ ਮਾਂਦੇ

ਸਈਆਂ ਤੁਧ ਬਿਨ ਨਿੱਘਰ ਗਈਆਂ ਲਈਆਂ ਮੰਜੀਆਂ ਝਿੱਕੀਆਂ
ਹਿਕ ਮੋਈਆਂ ਹਿਕ ਹੋਈਆਂ ਖ਼ਫ਼ਤੀ ਹਿਕ ਜੋਬਨ ਦੇਇ ਵਿੱਕੀਆਂ ।(੩੩੦੦)

ਅੰਦਰ ਦਾਗ਼ ਵਿਛੋੜੇ ਵਾਲੇ ਕਾਲੇ ਵਾਂਙੂ ਲਾਲੇ
ਰੰਗ ਫਿਟਾਵਾਂ ਅੰਗ ਪੁਸ਼ਾਕਾਂ ਜਿਗਰ ਵਿਚੋਂ ਪਰ ਕਾਲੇ

ਹਸਣ ਖੇਡਣ ਸੋਹਲੇ ਗਾਵਣ ਸੀਸ ਗੁੰਦਾਵਣ ਭਲੇ
ਝੱਲੀਆਂ ਹੋਈਆਂ ਗਲੀਆਂ ਅੰਦਰ ਚਲੀਆਂ ਨੇਂ ਸਿਰ ਖੁੱਲੇ

ਸੁਰਮਾ ਪਾਵਣ ਮਹਿੰਦੀ ਲਾਵਣ ਵਟਣਾ ਤੇਲ ਮਲਾਵਣ
ਟਿੱਕਾ ਧੜੀ ਦੰਦਾਸਾ ਸ਼ੀਸ਼ਾ ਮਾਸਾ ਕਿਸੇ ਨਾ ਭਾਵਨ

ਵੈਣ ਕਰਨ ਦਿਨ ਰੈਣ ਗ਼ਮਾਂ ਦੇ ਚੈਨ ਗਿਆ ਸਭ ਸੰਗੋਂ
ਜਿਸ ਘਰ ਸ਼ਮ੍ਹਾ ਨਹੀਂ ਕਦ ਮਲਿਕਾ ਮਜਲਿਸ ਹੋਈ ਪਤੰਗੋਂ

ਤੀਰ ਤੇਰੇ ਦਾ ਚੀਰ ਕਲੇਜੇ ਵੀਰ ਫਿਰਨ ਜਿਉਂ ਫੱਟੇ
ਤੰਗ ਹਯਾਤੋਂ ਆਖਣ ਵਾਤੋਂ ਮਲਿਕਾ-ਖ਼ਾਤੂੰ ਪੱਟੇ

ਦਰਦ ਫ਼ਿਰਾਕ ਤੇਰੇ ਜੋ ਮਲਿਕਾ ਕੀਤੀ ਭਾ ਅਸਾਡੇ
ਗੁਜ਼ਰ ਗਈ ਜਿਸ ਹੋਣਾ ਆਹਾ ਮਾਰ ਸਹਾਈ ਡਾਹਢੇ

ਖ਼ਬਰ ਨਹੀਂ ਸਿਰ ਤੇਰੇ ਉੱਤੇ ਕੀਕਰ ਕਿਵੇਂ ਵਿਹਾਣੀ
ਕਿਤ ਸਬੱਬ ਖ਼ਲਾਸੀ ਹੋਈ ਆ ਦੱਸੀਂ ਖੋਲ ਕਹਾਣੀ

ਮਲਿਕਾ ਖੋਲ ਸੁਣਾਇਆ ਕਿੱਸਾ ਦਫ਼ਤਰ ਫੋਲ ਗ਼ਮਾਂ ਦਾ
ਰੱਬ ਸਬੱਬ ਬਣਾਇਆ ਮੈਨੂੰ ਸ਼ੈਫ਼-ਮਲੂਕੇ ਆਂਦਾ

ਜ਼ਾਲਿਮ ਦਿਓ ਵੱਡੇ ਦੀ ਕੈਦੋਂ ਇਸ ਵੀਰੇ ਛੁੜਕਾਈ
ਹੁਕਮ ਰਬੇ ਦਾ ਹਿੰਮਤ ਉਸ ਦੀ ਹੋਰ ਸਬੱਬ ਨਾ ਕਾਈ

ਜਿਹੜੀ ਨਾਲ਼ ਮੇਰੇ ਇਸ ਕੀਤੀ ਜਾਂਦੀ ਨਹੀਂ ਮੁਕਾਈ
ਕਰਨੀ ਇਸ ਦੀ ਮੈਨੂੰ ਦਿਸਦੀ ਕੀਮਤ ਕੌਣ ਚੁਕਾਈ ।(੩੩੧੦)

ਸੱਕੇ ਭਾਈ ਮਾਂ ਪਿਓ ਜਾਏ ਨਹੀਂ ਮੈਨੂੰ ਇਸ ਜੇਹੇ
ਜਿਸ ਨੇ ਮੇਰੇ ਕਾਰਨ ਕੀਤੇ ਕਾਰਨ ਸਖ਼ਤ ਅਵੇਹੇ

ਵਾਲ਼ ਉਹਦੇ ਤੂੰ ਘੋਲ਼ ਘੁੰਮਾਏ ਸੈ ਭਾਈ ਲੱਖ ਭੈਣਾਂ
ਸਿਰ ਭੀ ਕੱਟ ਤਲ਼ੀ ਤੇ ਰੱਖਾਂ ਜੇ ਇਸ ਹੋਵੇ ਲੈਣਾਂ

ਜਿਸ ਕੈਦੋਂ ਛੁੜਕਾਇਆ ਉਸ ਨੇ ਮੈਂ ਨਿਮਾਣੀ ਤਾਈਂ
ਜੰਗ ਨਿਸੰਗ ਹੋਇਆ ਸੰਗ ਦੇਵੇ ਕੀਤੋਸੁ ਮਾਰ ਅਜ਼ਾਈਂ

ਸੱਕਿਆਂ ਭਾਈਆਂ ਵਾਲੀ ਨਜ਼ਰੇ ਰਿਹਾ ਮੇਰੇ ਵੱਲ ਤੱਕਦਾ
ਸਾਹਵੇਂ ਅੱਖ ਨਾ ਕਰੇ ਹਿਆਓਂ ਉੱਚਾ ਬੋਲ ਨਾ ਸਕਦਾ

ਜੋ ਕੁੱਝ ਖ਼ੂਬੀ ਇਸ ਨੇ ਕੀਤੀ ਹੋਰ ਨਹੀਂ ਕੋਈ ਕਰਦਾ
ਜੇ ਕੋਈ ਸੱਕਾ ਮੇਰਾ ਹੋਸੀ ਰਹਿਸੀ ਇਸ ਦਾ ਬਰਦਾ

ਇਸ ਦਾ ਹਕ ਮੁਕਾਵਣ ਜੋਗੀ ਨਹੀਂ ਮੇਰੀ ਕੁੱਲ ਸਾਰੀ
ਮੈਂ ਪਰ ਹੈ ਵਡਿਆਈ ਇਸ ਦੀ ਹੱਦੋਂ ਬੇਸ਼ੁਮਾਰੀ

ਸੈਫ਼-ਮਲੂਕ ਇਹਦਾ ਹੈ ਨਾਵਾਂ ਮਿਸਰ ਸ਼ਹਿਰ ਦਾ ਵਾਲੀ
ਵੀਰ ਅਸੀਲ ਧਰਮ ਦਾ ਭਾਈ ਹਰ ਹਰ ਐਬੋਂ ਖ਼ਾਲੀ

ਮੈਨੂੰ ਫੜ ਫੜ ਤਖ਼ਤ ਬਹਾਲੋ ਉਸ ਬਿਨ ਕੀਕਰ ਬਹਿਸਾਂ
ਜਾਂ ਜਾਂ ਉਹ ਦਿਲਸ਼ਾਦ ਨਾ ਹੋਵੇ ਮੈਂ ਦੁਖਿਆਰੀ ਰਹਿਸਾਂ

ਤਾਜ ਮਲੂਕ ਸੁਣੀ ਗੱਲ ਸਾਰੀ ਜੋ ਮਲਿਕਾ ਫ਼ੁਰਮਾਈ
ਸੈਫ਼-ਮਲੂਕ ਸਦਾਇਆ ਮਹਿਲੀਂ ਬਹੁਤ ਕੀਤੀ ਵਡਿਆਈ

ਨੂੰਹਾਂ ਧੀਆਂ ਹਰਮਾਂ ਤਾਈਂ ਸਭਨਾਂ ਨੂੰ ਫ਼ੁਰਮਾਇਆ
ਸੈਫ਼-ਮਲੂਕੋਂ ਮੂੰਹ ਨਾ ਕਜੋ ਜਾਣੋ ਮਾਂ ਪਿਓ ਜਾਇਆ ।(੩੩੨੦)

ਨਾ ਕੋਈ ਬੀਬੀ ਛੱਪੇ ਇਸ ਥੀਂ ਨਾ ਕੋਈ ਪਰਦਾ ਤਾਣੇ
ਇਹ ਫ਼ਰਜ਼ੰਦਾਂ ਨਾਲੋਂ ਚੰਗਾ ਹੈ ਅਸਾਡੇ ਭਾਣੇ

ਮਲਿਕਾ ਖ਼ਾਤੂੰ ਬੇਟੀ ਸਾਡੀ ਇਸ ਥੀਂ ਕਿਹੜੀ ਚੰਗੀ
ਇਸ ਨੇ ਇਸ ਨੂੰ ਵੀਰ ਬਣਾਇਆ ਦੂਰ ਕੀਤੀ ਦੋ-ਰੰਗੀ

ਤਾਜ ਮਲੂਕ ਤਖ਼ਤ ਤੇ ਬੈਠਾ ਵਿਹੜਾ ਫ਼ਰਸ਼ ਸੁਹਾਇਆ
ਸੈਫ਼-ਮਲੂਕ ਬਰਾਬਰ ਆਪਣੇ ਸੱਜੇ ਪਾਸ ਬਹਾਇਆ

ਖੱਬੇ ਪਾਸ਼ੇ ਮਲਿਕਾ ਖ਼ਾਤੂੰ ਬੈਠੀ ਹੋ ਖ਼ੁਸ਼ਹਾਲੀ
ਸ਼ੁਕਰ ਹਜ਼ਾਰ ਗੁਜ਼ਾਰਨ ਸਾਰੇ ਕਰਮ ਕੀਤਾ ਰੱਬ ਵਾਲੀ

ਸੁਰਖ਼ ਸ਼ਰਾਬ ਯਾਕੂਤ ਪਿਆਲੇ ਆਣ ਹੋਏ ਫਿਰ ਹਾਜ਼ਿਰ
ਤੁਰਤ ਬਾਵਰਚੀ ਜਾ ਟਿਕਾਏ ਖਾਣੇ ਨਾਦਿਰ ਨਾਦਿਰ

ਸ਼ਰਬਤ ਮਿੱਠੇ ਪੀਣ ਪਿਆਲੇ ਹੋਰ ਸ਼ਰਾਬ ਪੁਰਾਣੇ
ਖਾਣ ਪੁਲਾਓ ਕਬਾਬ ਫਲੂਦੇ ਰੰਗ ਰੰਗਾਂ ਦੇ ਖਾਣੇ

ਇਸ਼ਰਤ ਐਸ਼ ਹੋਈ ਸਭ ਹਾਸਿਲ ਕੁੱਝ ਨਾ ਰਿਹਾ ਬਾਕੀ
ਖ਼ੁਸ਼ ਆਵਾਜ਼ ਸਰੋਦ ਅਲਾਪਣ ਸੋਹਣੇ ਮੁਤਰਿਬ ਸਾਕੀ

ਬਾਰੀਂ ਬਰਸੀਂ ਡੁੱਬਾ ਬੇੜਾ ਮੌਲਾ ਬੰਨੇ ਲਾਇਆ
ਜੀਅ ਜੀਅ ਖ਼ੁਸ਼ੀ ਮੁਰਾਦਾਂ ਅੰਦਰ ਹੋਇਆ ਚੈਨ ਸਵਾਇਆ

ਸੈਫ਼-ਮਲੂਕੇ ਵਾਂਗ ਕਲੀ ਦੇ ਬਾਹਰੋਂ ਰੂਪ ਸੁਹਾਵੇ
ਪਰ ਅੰਦਰ ਵਿਚ ਦਾਗ਼ ਪਰੀ ਦਾ ਧੋਤਾ ਮੂਲ ਨਾ ਜਾਵੇ

ਮੂੰਹੋਂ ਕੂਕ ਪੁਕਾਰ ਨਾ ਕਰਦਾ ਆਸ ਰਬੇ ਵੱਲ ਲਾਈਆ
ਐਸੇ ਦਰਦ ਪਚਾਵਣ ਹੱਸਦੇ ਵਾਹ ਮਰਦਾਂ ਦਾ ਦਾਈਆ ।(੩੩੩੦)

ਪੀਵਣ ਖਾਵਣ ਸੁਣਦੇ ਗੁਣਦੇ ਖ਼ੁਸ਼ੀ ਕਮਾਵਣ ਸਾਰੇ
ਫ਼ਜ਼ਲਾਂ ਦੇ ਦਰਵਾਜ਼ੇ ਖੁੱਲੇ ਤਾਕ ਕਹਿਰ ਦੇ ਮਾਰੇ

ਕਾਗ਼ਜ਼ ਲਿਖ ਦੌੜਾਇਆ ਕਾਸਿਦ ਸਰਾਂਦੀਪ ਸ਼ਹਿਰ ਵੱਲ
ਖ਼ੈਰ ਖ਼ੁਸ਼ੀ ਦੀ ਖ਼ਬਰ ਪੁਚਾਈ ਮਲਿਕਾ ਜੀ ਦੇ ਘਰ ਵੱਲ

ਸੈਫ਼-ਮਲੂਕ ਸ਼ਹਿਜ਼ਾਦੇ ਉੱਤੇ ਤਾਜ ਮਲੂਕ ਤਰੁੱਠਾ
ਕਰੇ ਤਵਾਜ਼ੁਅ ਬਾਹਰ ਹੱਦੋਂ ਕਰਦ ਅਹਿਸਾਨੇ ਕੁੱਠਾ

ਰਾਤੀਂ ਦਿਹਾਂ ਖ਼ੁਸ਼ੀਆਂ ਕਰਦੇ ਹਰਦਮ ਦਿਲ ਪਰਚਾਵਣ
ਸੈਫ਼-ਮਲੂਕ ਸ਼ਹਿਜ਼ਾਦੇ ਉੱਤੋਂ ਸਦਕੇ ਹੋ ਹੋ ਜਾਵਣ

ਸ਼ਮ੍ਹਾ ਜਲਵਾਣ ਪੀਣ ਪਿਆਲੇ ਮਜਲਿਸ ਲਾਣ ਪਿਆਰੇ
ਇਤਰ ਅੰਬੀਰ ਗੁਲਾਬ ਸੰਦਲ ਦੇ ਬਹੁਤ ਕਰਨ ਛਿਟਕਾਰੇ

ਊਦ ਵਜੂਦ ਜਲਾਏ ਆਤਿਸ਼ ਬੂਦ ਨਾਬੂਦ ਬਣਾਏ
ਦੂਦ ਅਪਣਾ ਦੇ ਸੋਜ਼ ਦੂਏੇ ਦਾ ਦਿਲ ਖ਼ੁਸ਼ਨੂਦ ਕਰਾਏ

ਤਾਰ ਸਿਤਾਰ ਸੱਤਾਰ ਬਜਾਏ ਵਾਹ ਸੱਤਾਰ ਚਿਤਾਰੇ
ਖੋਲ ਦਿੱਤੇ ਰੱਬ ਬਾਬ ਕਰਮ ਦੇ ਚੁੰਗ ਰਬਾਬ ਪੁਕਾਰੇ

ਸਾਰੰਗੀਆਂ ਸਾਰੰਗ ਅਲਾਪਣ ਐਸਾ ਰੰਗ ਬਣਾਇਆ
ਤਬਲ-ਪੁਰ-ਖ਼ੁਸ਼ਬੋਈ ਖ਼ੁਸ਼ੀ ਥੀਂ ਖ਼ਾਲੀ ਪੇਟ ਫੁਲਾਇਆ

ਤਾਰੇ ਰਾਤ ਖ਼ੁਸ਼ੀ ਦੀ ਤਾੜੀ ਮਾਰੇ ਖ਼ੂਬ ਪਟਾਕੇ
ਚੁਟਕੀ ਚੁਟਕੇ ਚਾਈ ਕਹਿੰਦੀ ਛੱਡੋ ਹੋਰ ਲਟਾਕੇ

ਹਰ ਹਿਕ ਦੇ ਦਿਲ ਖ਼ੁਸ਼ੀਆਂ ਮੌਜਾਂ ਗ਼ਮ ਨਾ ਆਹਾ ਮਾਸਾ
ਸੈਫ਼-ਮਲੂਕੇ ਦਾ ਦਿਲ ਘਾਇਲ ਬਾਹਰੋਂ ਕੂੜਾ ਹਾਸਾ ।(੩੩੪੦)

ਪੀਣ ਸ਼ਰਾਬ ਸ਼ਿਤਾਬ ਪਿਆਲੇ ਕਰਦੇ ਨੁਕਲ ਕਬਾਬੋਂ
ਦਸ ਰਾਤੀਂ ਦਸ ਰੋਜ਼ ਗੁਜ਼ਾਰੇ ਖ਼ੁਸ਼ੀਆਂ ਬਾਹਰ ਹਿਸਾਬੋਂ

ਮਹਿਲਾਂ ਅੰਦਰ ਦੇਇ ਸ਼ਹਿਜ਼ਾਦੇ ਮਾਨਣ ਐਸ਼ਾਂ ਮੌਜਾਂ
ਆ ਦਰਬਾਰ ਤਖ਼ਤ ਪਰ ਬਹਿੰਦੇ ਕਰਨ ਸਲਾਮੀ ਫ਼ੌਜਾਂ

ਰਹੇ ਸ਼ਰਾਬ ਕਬਾਬ ਰੱਬਾਬੀਂ ਦਸ ਦਿਨ ਤੇ ਦੱਸ ਲੈਲਾਂ
ਬਾਦ ਇਸ ਥੀਂ ਨਿੱਤ ਰਹਿੰਦੇ ਆਹੇ ਵਿਚ ਖ਼ੁਸ਼ੀ ਦੀਆਂ ਸੈਲਾਂ

ਜਾਂ ਕੋਈ ਰੋਜ਼ ਗੁਜ਼ਸ਼ਤਾ ਹੋਏ ਕਰਦੇ ਐਸ਼ ਜਵਾਨੀ
ਤਾਜ ਮਲੂਕ ਖ਼ੁਸ਼ੀ ਕਰ ਹਿਕ ਦਿਨ ਕਰਨ ਲੱਗਾ ਮਹਿਮਾਨੀ

ਸਭ ਫ਼ੌਜਾਂ ਕਰਵਾਇਆਂ ਮੌਜਾਂ ਐਦਾਂ ਖ਼ਿਦਮਤਗਾਰਾਂ
ਸੈਫ਼-ਮਲੂਕੇ ਨੂੰ ਫਿਰ ਦੇਂਦਾ ਦੌਲਤ ਮਾਲ ਹਜ਼ਾਰਾਂ

ਲੱਖ ਖ਼ਜ਼ਾਨੇ ਭਰੇ ਦਹਾਨੇ ਜ਼ੇਵਰ ਹੋਰ ਸ਼ਹਾਨੇ
ਕਈਂ ਪੋਸ਼ਾਕਾਂ ਸੁੱਚੀਆਂ ਪਾਕਾਂ ਜ਼ੀਨ ਅਸਬਾਬ ਤਰਾਨੇ

ਕੋਤਲ ਹੋਰ ਪੰਜਾਹ ਦਿੱਤੇ ਸਣ ਨਾਲ਼ ਅਸਬਾਬ ਸੁਨਹਿਰੀ
ਪਜ਼ੀ ਕਲਗ਼ੀ ਝਿਲਮਿਲ ਕਰਦੀ ਜਿਉਂ ਕਰ ਦਿਨ ਦੁਪਹਿਰੀ

ਸਾਖ਼ਤ ਤੰਨੀ ਲਗਾਮ ਰਕਾਬਾਂ ਕਿਲੇ ਰੱਸੇ ਸਾਰੇ
ਸੋਨੇ ਮੋਤੀ ਨਾਲ਼ ਜੜਾਓ ਕੋਤਲ ਖ਼ੂਬ ਸਿੰਗਾਰੇ

ਵਹਿਤਰ ਹੋਰ ਵਲੇਵੇ ਵਾਲੇ ਗੋਟ ਖ਼ੱਚਰ ਉਠ ਘੋੜੇ
ਜਾਮੇ ਬਹੁਤ ਦਿੱਤੇ ਜ਼ਰ ਕਾਰੀ ਜ਼ੀਨਾਂ ਕਲਗ਼ੀ ਤੋੜੇ

ਹਾਥੀ ਕਈ ਅਮਾਰੀ ਵਾਲੇ ਬਹੁਤੇ ਖ਼ੂਨੀ ਜੰਗੀ
ਛੋਕਰੀਆਂ ਤੇ ਗੋਲੇ ਦਿੱਤੇ ਰੂਮੀ ਖ਼ੁਤਨੀ ਜ਼ੰਗੀ ।(੩੩੫੦)

ਹਿੰਦੀ ਆਣ ਅਦਾਵਾਂ ਵਾਲੇ ਪਤਲੇ ਲੱਕ ਜਿਹਨਾਂ ਦੇ
ਬੋਲੀ ਖ਼ੂਬ ਤਬੀਅਤ ਹੌਲੀ ਲਟਕ ਤੁਰਨ ਵਲ ਖਾਂਦੇ

ਸੀਨੇ ਤੰਗ ਤੇ ਅੰਗ ਪੱਕੇਰੇ ਸਾਵਲੇ ਸਨ ਰੰਗ ਸੋਹਣੇ
ਮੋਰ ਚਕੋਰ ਤੇ ਟੋਰ ਖਗਾਂ ਦੀ ਚੋਰ ਦਿਲਾਂ ਨੂੰ ਮੋਹਣੇ

ਚੀਨੀ ਲੌਂਡੇ ਰੂਪਾਂ ਵਾਲੇ ਮੁੱਖ ਸੂਹੇ ਗੁਲ ਲਾਲੇ
ਬਦਨ ਸਫ਼ਾਈ ਚੀਨ ਨਾ ਕਾਈ ਚਮਕਣ ਚੀਨ ਪਿਆਲੇ

ਨਫ਼ਰ ਖ਼ਤਾਈ ਨਾ ਖ਼ਤ ਆਈ ਦਿੱਸਣ ਪਾਕ ਖ਼ਤਾਈਓਂ
ਜ਼ਰਾ ਖ਼ਤਾਈ ਕਿਸੇ ਨਾ ਜਾਈ ਰਾਸ ਸਜਨ ਹਰ ਜਾਈਓਂ

ਨਕਸ਼ ਜੰਗਲ ਦੇ ਮੇਵੇ ਦਲਦੇ ਹੁਸਨ ਬਸੰਤ ਬਹਾਰਾਂ
ਰੰਗਾ ਰੰਗ ਫੁੱਲਾਂ ਦੀ ਸੂਰਤ ਕਰਦੇ ਕੈਦ ਹਜ਼ਾਰਾਂ

ਨਰਗਿਸ ਨੈਣ ਸਿਆਹ ਕਸ਼ਮੀਰੀ ਬਿਨ ਪੀਤੇ ਮਤਵਾਰੇ
ਮਿਰਗ ਨੈਣਾਂ ਦੀਆਂ ਸ਼ਾਖ਼ਾਂ ਜੜ ਕੇ ਸ਼ੇਰ ਜਿਨ੍ਹਾਂ ਫੜ ਮਾਰੇ

ਰੂਮੀ ਸ਼ੋਖ਼ ਚਲਾਕ ਲਡਿਕੇ ਜੋ ਹੱਥ ਆਵਣ ਚਿਰਕੇ
ਅੱਗੇ ਆਏ ਭੀ ਛੁੱਟ ਜਾਵਣ ਰੂਮ ਖਲੋਂਦੇ ਫਿਰ ਕੇ

ਸੈਫ਼-ਮਲੂਕੇ ਤਾਈਂ ਦਿੱਤੇ ਖ਼ਿਦਮਤਗਾਰ ਅਜਿਹੇ
ਤੰਬੂ ਖ਼ੇਮੇ ਹੋਰ ਕਨਾਤਾਂ ਅੰਤ ਹਿਸਾਬ ਨਾ ਰਹੇ

ਲਅਲ ਜਵਾਹਰ ਮਾਣਕ ਮੋਤੀ ਦੌਲਤ ਮਾਲ ਖ਼ਜ਼ਾਨਾ
ਬਖ਼ਸ਼ੇ ਸੈਫ਼-ਮਲੂਕੇ ਤਾਈਂ ਜੋ ਹਥਿਆਰ ਸ਼ਹਾਨਾ

ਤਾਜ ਮਲੂਕ ਉਹਨੂੰ ਦਿਨ ਰਾਤੀਂ ਰੱਖਦਾ ਕੋਲ ਬਹਾਈਂ
ਹਰ ਤਦਬੀਰ ਸਲਾਹ ਅਕਲ ਦੀ ਉਸ ਨੂੰ ਕਹੇ ਦਸਾਈਂ ।(੩੩੬੦)

ਸੈਫ਼-ਮਲੂਕੇ ਨੂੰ ਰੱਖ ਕੋਲੇ ਰਹਿੰਦਾ ਦਿਲ ਪਰਚਾਂਦਾ
ਕਿੱਸੇ ਇਸ਼ਕ ਮੁਹੱਬਤ ਵਾਲੇ ਆਹਾ ਨਿੱਤ ਸੁਣਾਂਦਾ

ਖ਼ਾਤਰਿ ਜਮ੍ਹਾਂ ਤਸੱਲੀ ਦੇ ਕੇ ਸ਼ਾਦ ਰੱਖੇ ਦਿਲ ਉਸ ਦਾ
ਜਾਂ ਸਾਇਦ ਚਿੱਤ ਆਵੇ ਉਸ ਨੂੰ ਕਰਦ ਗ਼ਮਾਂ ਦੀ ਕੁਸਦਾ

ਦਿਲ ਸੀ ਸੀਖ਼ੇ ਲੱਗਾ ਬੇਰਾ ਭੁੱਜਦਾ ਵਾਂਗ ਕਬਾਬਾਂ
ਸਰਦ ਆਹੀਂ ਤੇ ਸੀਨਾ ਤੱਤਾ ਅੱਖੀਂ ਭਰੀਆਂ ਡਾਬਾਂ

ਪਰਤੇ ਪਾਸੇ ਉਸਾਸ ਚਲਾਵੇ ਰਹੇ ਉਦਾਸ ਨਿਮਾਣਾਂ
ਬੇ-ਗ਼ਮ ਹੋ ਨਾ ਹੱਸੇ ਖੇਡੇ ਨਿੱਤ ਦਿੱਸੇ ਕੁਮਲਾਣਾਂ

ਲਾਗ਼ਿਰ ਅੰਗ ਹੋਇਆ ਰੰਗ ਪੀਲ਼ਾ ਤੰਗ ਰਹੇ ਦਿਨ ਰਾਤੀਂ
ਹਰਦਮ ਸਾਇਦ ਯਾਦ ਕਰੇਂਦਾ ਜਾਂ ਕੋਈ ਲਾਵੇ ਬਾਤੀਂ

ਕਹਿੰਦਾ ਹਾਏ ਹਾਏ ਭਾਈ ਮੇਰਾ ਬਹੁਤ ਪਿਆਰਾ ਜਾਨੀ
ਜਾਨੀ ਨਾਲ਼ ਬਰਾਬਰ ਆਹਾ ਲਾ ਗਿਆ ਛਿਕ ਕਾਨੀ

ਜੇ ਉਸ ਖੂਹ ਦਰਿਆ ਵਗਾਵਾਂ ਕਹੇ ਮੇਰੇ ਵਿਚ ਚਲਦਾ
ਜਾਣ ਕਰੇ ਕੁਰਬਾਨ ਮੇਰੇ ਤੋਂ ਦੋਸਤ ਰੋਜ਼ ਅੱਵਲ ਦਾ

ਜੇ ਉਸ ਨੂੰ ਵਿਚ ਅੱਗੀ ਸੱਟਾਂ ਸਾਇਤ ਢਿੱਲ ਨਾ ਲਾਵੇ
ਖ਼ਵਾਹਿਸ਼ ਮੇਰੀ ਕਾਰਨ ਜਲਦੀ ਆਪਣੀ ਜਾਨ ਜਲਾਵੇ

ਹੁਕਮ ਮੇਰੇ ਥੀਂ ਮੁੱਖ ਨਾ ਮੋੜੇ ਤੋੜੇ ਸਿਰ ਧੜ ਮੰਗਾਂ
ਹੱਥੀਂ ਬੱਧੀਂ ਰਹੇ ਖਲੋਤਾ ਭਾਵੇਂ ਸੁਕਣ ਟੰਗਾਂ

ਹਿਕ ਦੂਜੇ ਥੀਂ ਜੁਦਾ ਨਾ ਹੁੰਦੇ ਦੋ ਜੁੱਸੇ ਹਿਕ ਜਿੰਦੇ
ਅੱਠੇ ਪਹਿਰ ਵਿਰਾਗੇ ਮਿਲਦੇ ਗਲ ਲੱਗ ਬਿੰਦੇ ਬਿੰਦੇ ।(੩੩੭੦)

ਪਾਇਆ ਰੱਬ ਵਿਛੋੜਾ ਸਾਨੂੰ ਜਾਨ ਜਿਗਰ ਨੂੰ ਝੋਰਾ
ਨਾ ਕੁੱਝ ਖ਼ਬਰ ਨਾ ਸੁੱਖ ਸੁਨੇਹਾ ਦੁੱਖ ਨਹੀਂ ਇਹ ਥੋੜਾ

ਕੀ ਕੁੱਝ ਰੰਜ ਮੁਸੀਬਤ ਹੋਸੀ ਯਾਰ ਮੇਰੇ ਸਿਰ ਆਈ
ਮੇਰੀ ਉਸ ਨੂੰ ਉਸ ਦੀ ਮੈਨੂੰ ਹਰਗਿਜ਼ ਖ਼ਬਰ ਨਾ ਕਾਈ

ਖ਼ਬਰ ਨਹੀਂ ਹੁਣ ਵਿਚ ਹੱਯਾਤੀ ਸਾਨੂੰ ਰੱਬ ਮਿਲਾ ਸੀ
ਯਾ ਉਸ ਦਾਗ਼ ਵਿਛੋੜੇ ਅੰਦਰ ਸਿਕਦਿਆਂ ਜਿੰਦ ਜਾਸੀ

ਕਾਂਗ ਤੂਫ਼ਾਨ ਸਮੁੰਦਰ ਅੰਦਰ ਸਾਇਦ ਯਾਰ ਰੁੜ੍ਹਾਇਆ
ਰੱਬ ਮਿਲਾਵੇ ਤਾਹੀਂ ਮਿਲੀਏ ਲੱਭਦਾ ਨਹੀਂ ਲੁੜਾਇਆ

ਮਗਰ-ਮੱਛ ਹਜ਼ਾਰ ਬਲਾਈਂ ਸੱਪ ਸੰਸਾਰ ਨਦੀ ਦੇ
ਕਿਉਂ ਕਰ ਬਚਿਆ ਹੋਸੀ ਅੰਦਰ ਮੁਸ਼ਕਿਲ ਬੇਹੱਦੀ ਦੇ

ਫੇਰ ਕਹੇ ਉਹ ਰੱਖਣ ਵਾਲਾ ਮੈਨੂੰ ਜਿਸ ਬਚਾਇਆ
ਜੇ ਉਸ ਨੂੰ ਭੀ ਰੱਖਿਆ ਹੋਵਸ ਨਹੀਂ ਤਅਜਬ ਆਇਆ

ਨੂਹ ਨਬੀ ਦਾ ਵਿਚ ਤੂਫ਼ਾਨੇ ਬੇੜਾ ਟਾਂਗ ਲਗਾਇਓਸੁ
ਯੂਨਸ ਪੇਟ ਮੱਛੀ ਦੇ ਅੰਦਰ ਅਮਨ ਈਮਾਨ ਬਚਾਇਓਸੁ

ਇਬਰਾਹੀਮ ਖ਼ਲੀਲ ਚਿਖ਼ਾ ਤੇ ਅੱਗ ਕੋਹਾਂ ਵਿਚ ਘੱਤੀ
ਰੱਖਣ ਵਾਲਾ ਰਾਖਾ ਹੋਇਆ ਸੇਕ ਨਾ ਲੱਗਾ ਰੱਤੀ

ਰੱਬ ਸੱਚੇ ਨੂੰ ਸਭ ਤੌਫ਼ੀਕਾਂ ਜਿਸ ਰੱਖੇ ਸੋ ਰਹਿੰਦਾ
ਤੋੜੇ ਸੈ ਗਜ਼ਾਂ ਦੇ ਪਾਣੀ ਰਹੇ ਸਿਰੇ ਤੋਂ ਵਹਿੰਦਾ

ਯਾ ਰੱਬ ਸਾਈਆਂ ਭਾਈ ਮੇਰਾ ਸਾਇਦ ਨਾਮ ਪਿਆਰਾ
ਜੇ ਹਿਕ ਵਾਰ ਮਿਲਾਵੇਂ ਖ਼ੈਰੀਂ ਤੇਰਾ ਫ਼ਜ਼ਲ ਨਿਆਰਾ ।(੩੩੮੦)

ਉਹ ਭੀ ਕੋਈ ਦਿਹਾੜਾ ਹੋਸੀ ਜਿਸ ਦਿਨ ਸਾਇਦ ਮਿਲਸੀ
ਝੁੱਲਸੀ ਵਾਅ ਮੁਰਾਦਾਂ ਵਾਲੀ ਕਲੀ ਉਮੀਦ ਦੀ ਖਿਲਸੀ

ਵੇਖਾਂਗਾ ਦੀਦਾਰ ਪਿਆਰੇ ਸਾਇਦ ਅਤੇ ਸਨਮ ਦਾ
ਯਾ ਐਵੇਂ ਮਰ ਜਾਸਾਂ ਸਿਕਦਾ ਕੀ ਭਰਵਾਸਾ ਦਮ ਦਾ

ਘੋੜੇ ਜੋੜੇ ਦੌਲਤ ਮਾਇਆ ਰਾਜ ਹਕੂਮਤ ਸ਼ਾਹੀ
ਸੰਗ ਬਿਨਾ ਕੋਈ ਰੰਗ ਨਾ ਲਾਵੇ ਤੰਗ ਕਰੇ ਗਲ ਫਾਹੀ

ਪੈਦਾ ਹੋਇਆ ਕਜ਼ੀਏ ਜੋਗਾ ਮੈਂ ਦੁਖਿਆਰਾ ਜੰਮਦਾ
ਕਿਸ ਦਿਹਾੜੇ ਨਜ਼ਰੀਂ ਪੌਸੀ ਸਾਥੀ ਰੁਖ਼ ਸਨਮ ਦਾ

ਜ਼ਾਲਿਮ ਇਸ਼ਕ ਪਰੀ ਦਾ ਸੀਨੇ ਤੇਜ਼ ਅਲੰਬੂ ਬਾਲੇ
ਦੂਜਾ ਘਾ ਵਿਛੋੜੇ ਵਾਲਾ ਸਾਇਦ ਜਾਨੀ ਡਾਲੇ

ਜੇ ਉਹ ਯਾਰ ਪਿਆਰਾ ਭਾਈ ਕੋਲ ਮੇਰੇ ਅੱਜ ਹੋਂਦਾ
ਦੁੱਖ ਕਜ਼ੀਏ ਵੇਖ ਸੱਜਣ ਦੇ ਹੰਝੂ ਭਰ ਭਰ ਰੋਂਦਾ

ਜਾਂ ਹੁਣ ਰੱਬ ਕਸ਼ਾਇਸ਼ ਕੀਤੀ ਮੈਂ ਪਹੁਤਾ ਇਸ ਜਾਈ
ਇਸ਼ਰਤ ਐਸ਼ ਸੁਖਾਂਦੀ ਤਾਹੀਂ ਜਾਂ ਰਲ਼ ਬਹਿੰਦੇ ਭਾਈ

ਮੌਲਾ ਪਾਕ ਵਿਛੋੜਾ ਪਾਇਆ ਕੌਣ ਅਸਾਂ ਹੁਣ ਮੇਲੇ
ਫੇਰ ਉਸੇ ਦਰ ਕੂਕ ਮੁਹੰਮਦ ਕਰਮ ਕਰੇ ਇਸ ਵੇਲੇ

ਮੈਂ ਅੱਜ ਮੌਜਾਂ ਐਸ਼ਾਂ ਅੰਦਰ ਇਸ਼ਕੇ ਬਾਝ ਨਾ ਝੋਰਾ
ਪਰ ਇਹ ਰਾਜ ਹਕੂਮਤ ਖ਼ੁਸ਼ੀਆਂ ਲੱਜ਼ਤ ਦੇਣ ਨਾ ਭੋਰਾ

ਖ਼ਬਰ ਨਹੀਂ ਉਹ ਸਾਇਦ ਜਾਨੀ ਯਾਰ ਪਿਆਰਾ ਭਾਈ
ਕਿਸ ਮੁਸੀਬਤ ਭਾਰੀ ਅੰਦਰ ਹੋਸੀ ਕਿਹੜੀ ਜਾਈ ।(੩੩੯੦)

ਹੇ ਸਾਇਦ ! ਰੱਬ ਖ਼ੈਰੀਂ ਮਿਹਰੀਂ ਸਾਨੂੰ ਝਬ ਮਿਲਾਏ
ਜਿਸ ਜਾਈ ਹੈਂ ਓਥੇ ਤੇਰਾ ਸੁੱਖੀਂ ਵਕਤ ਲੰਘਾਏ

ਬੁਰਾ ਵਿਰਾਗ ਤੇਰੇ ਮੈਂ ਤਾਇਆ ਮੁਦਤ ਬਹੁਤ ਵਿਹਾਣੀ
ਦਰਦ ਫ਼ਿਰਾਕ ਵਿਸਾਰੀ ਮੈਨੂੰ ਆਪਣੀ ਦੁੱਖ ਕਹਾਣੀ

ਜੋ ਕੁੱਝ ਸਿਰ ਮੇਰੇ ਤੇ ਵਰਤੇ ਸਫ਼ਰ ਕਜ਼ੀਏ ਭਾਰੇ
ਪਰ ਹੁਣ ਗ਼ਮ ਫ਼ਿਰਾਕ ਤੇਰੇ ਦੇ ਸੱਭੋ ਹੋਰ ਵਿਸਾਰੇ

ਦੌਲਤ ਮਾਇਆ ਸਭ ਕੁੱਝ ਲੱਧਾ ਕਮੀ ਨਾ ਰਹੀਆ ਕਾਈ
ਪੈਰਾਂ ਹੇਠ ਸ਼ਹਿਜ਼ਾਦੇ ਫਿਰਦੇ ਖ਼ਿਦਮਤ ਕਰੇ ਲੋਕਾਈ

ਪਰ ਮੈਨੂੰ ਕੁੱਝ ਭਾਵੇ ਨਾਹੀਂ ਦਿਨ ਦਿਨ ਹਾਂ ਦੁਖਿਆਰਾ
ਰੋ ਰੋ ਅਰਜ਼ ਕਰਾਂ ਰੱਬ ਮੇਲੇ ਸਾਇਦ ਯਾਰ ਪਿਆਰਾ
ਇਸੇ ਤਰ੍ਹਾਂ ਸ਼ਹਿਜ਼ਾਦੇ ਉਥੇ ਕੋਈ ਦਿਨ ਬੈਠ ਗੁਜ਼ਾਰੇ
ਲੋਕਾਂ ਭਾਣੇ ਮੌਜਾਂ ਮਾਣੇ ਦਿਲ ਉਸ ਦੇ ਦੁੱਖ ਭਾਰੇ

ਮੀਰ ਵਜ਼ੀਰ ਤਮਾਮੀ ਲਸ਼ਕਰ ਤਾਜ ਮਲੂਕੇ ਸੰਦਾ
ਸੈਫ਼-ਮਲੂਕ ਅੱਗੇ ਹਰ ਹਰ ਸੀ ਹੱਥੀਂ ਬੱਧੀਂ ਬੰਦਾ

ਸਭਨਾ ਬਹੁਤ ਪਿਆਰਾ ਲੱਗੇ ਹਰ ਕੋਈ ਆਸ਼ਿਕ ਉਸ ਦਾ
ਜੋ ਤੱਕੇ ਸੋ ਉੱਠ ਨਾ ਸਕੇ ਹਰ ਹਿਕ ਦਾ ਦਿਲ ਮੁਸਦਾ

ਇਲਮ ਅਕਲ ਤੇ ਅਦਬ ਹੁਨਰ ਸੀ ਜੋ ਦੁਨੀਆਂ ਤੇ ਖ਼ੂਬੀ
ਸੈਫ਼-ਮਲੂਕ ਅੰਦਰ ਰੱਬ ਪਾਈ ਸੂਰਤ ਸੀ ਮਹਿਬੂਬੀ

ਨਾਲੇ ਜਿਸਦੀ ਇੱਜ਼ਤ ਹੋਵੇ ਬਾਦਸ਼ਾਹਾਂ ਦੇ ਅੱਗੇ
ਸਭ ਕੋਈ ਉਸ ਦੀ ਖ਼ਾਤਿਰ ਕਰਦਾ ਹਰ ਹਿਕ ਦੇ ਮੂੰਹ ਲੱਗੇ ।(੩੪੦੦)

ਵਾਸਿਤ ਦੇ ਸਭ ਵਸਣ ਵਾਲੇ ਸ਼ਹਿਰੀ ਲੋਕ ਗਿਰਾਈਂ
ਬਹੁਤ ਅਜ਼ੀਜ਼ ਪਿਆਰਾ ਜਾਨਣ ਸੈਫ਼-ਮਲੂਕੇ ਥਾਂਈਂ

ਗੱਲੋਂ ਕਰੇਂ ਗਿਲਾਨ ਮੁਹੰਮਦ ਆਣ ਚੜ੍ਹੇਂ ਜਦ ਘੋੜੇ
ਸ਼ਾਇਰ ਤੇ ਦਰਿਆ ਦੋਹਾਂ ਦੇ ਵਹਿਣ ਨਾ ਰੱਬ ਤਰੋੜੇ

ਅਲਕਿੱਸਾ ਜੋ ਕਾਸਿਦ ਆਹਾ ਸਰਾਂਦੀਪ ਵਗਾਇਆ
ਰਾਤੀਂ ਦਿਨੇ ਉਡੀਕਣ ਉਸ ਨੂੰ ਇਹ ਆਇਆ ਕਿ ਆਇਆ

ਕਾਸਿਦ ਜਾ ਅਖ਼ਬਾਰ ਪੁਚਾਈ ਸਰਾਂਦੀਪ ਸ਼ਹਿਰ ਵਿਚ
ਮਲਿਕਾ-ਖ਼ਾਤੂੰ ਦਾ ਪਿਓ ਆਇਆ ਸ਼ਹਿਨਸ਼ਾਹ ਨਗਰ ਵਿਚ

ਅਜਾਇਬ-ਉਲ-ਮਲੂਕ ਉਹਦਾ ਸੀ ਬਾਦਸ਼ਾਹਾਂ ਵਿਚ ਨਾਵਾਂ
ਸ਼ੌਕਤ ਸ਼ਾਨ ਉਹਦੇ ਦੀ ਯਾਰੋ ਕੀ ਕੁੱਝ ਗੱਲ ਸੁਣਾਵਾਂ

ਰੁਸਤਮ ਸਾਮ ਸਿਕੰਦਰ ਸਾਨੀ ਦੌਲਤ ਸੀ ਬਹਿਰਾਮੀ
ਕੀ ਖ਼ੁਸਰੋ ਜਮਸ਼ੈਦ ਫ਼ਰੀਦੂੰ ਕਰਦੇ ਵੇਖ ਗ਼ੁਲਾਮੀ

ਇੱਜ਼ਤ ਮਾਲ ਮੁਲਕ ਦਾ ਸਾਈਂ ਕੈਦ ਕੀਤਾ ਤਕਦੀਰਾਂ
ਬੇਟੀ ਦੇ ਗ਼ਮ ਮਾਰ ਗਵਾਇਆ ਬੈਠਾ ਵਾਂਗ ਜ਼ਹੀਰਾਂ

ਹਿਕ ਜਾਈ ਦੀ ਪਈ ਜੁਦਾਈ ਇਹ ਅਫ਼ਸੋਸ ਨਾ ਜਾਈ
ਦੂਜਾ ਨੰਗ ਨਾਮੂਸ ਨਾ ਰਿਹਾ ਧੀ ਜਵਾਨ ਖੜਾਈ

ਸੌ ਪੁੱਤਰ ਪਰਦੇਸੀਂ ਜਾਵਣ ਲੈ ਕੇ ਦੇਸ ਨਿਕਾਲਾ
ਮਾਉ ਪਿਉ ਨੂੰ ਮਿਹਣਾ ਨਾਹੀਂ ਨਾ ਵੱਟਾ ਮੂੰਹ ਕਾਲ਼ਾ

ਜੇ ਹਿਕ ਧੀ ਛੁਪਾਵੇ ਕਿਧਰੇ ਚੋਰ ਕਜ਼ਾਈਂ ਵਾਲਾ
ਭਲਿਆਂ ਦੀ ਪੱਤ ਰਹਿੰਦੀ ਨਾਹੀਂ ਕਹਿੰਦਾ ਲੋਕ ਉਧਾਲਾ ।(੩੪੧੦)

ਨਿਮੋਝੂਣ ਗ਼ਮਾਂ ਵਿਚ ਬਹਿੰਦਾ ਮਲਿਕਾ ਦਾ ਪਿਉ ਦਾਇਮ
ਰਾਤ ਦਿਹਾਂ ਗ਼ਮਨਾਕ ਸ਼ਰਮ ਥੀਂ ਕਦੇ ਨਾ ਹੁੰਦਾ ਕਾਇਮ

ਮਲਿਕਾ-ਖ਼ਾਤੂੰ ਦਾ ਗ਼ਮ ਉਨ੍ਹਾਂ ਖਾ ਗਿਆ ਦਿਲ ਮੁੱਕੇ
ਮਾਪਿਆਂ ਦੇ ਰੰਗ ਪੀਲੇ ਹੋਏ ਤੀਲੇ ਵਾਂਗਰ ਸੁੱਕੇ

ਅੱਠੇ ਪਹਿਰ ਗ਼ਮਾਂ ਵਿਚ ਰਹਿੰਦੇ ਸੁੱਖ ਦਾ ਸਾਹ ਨਾ ਲੈਂਦੇ
ਦਮ ਦਮ ਨਾਲ਼ ਚਲਾਵਣ ਆਹੀਂ ਹੰਝੂ ਨਾਲੇ ਵਹਿੰਦੇ

ਸੁੱਕੇ ਖੇਤ ਖ਼ੁਸ਼ੀ ਦੇ ਉੱਤੇ ਅਚਨਚੇਤ ਅਸਮਾਨੋਂ
ਖਰਿਓਂ ਰਹਿਮਤ ਦਾ ਮੀਂਹ ਵੁੱਠਾ ਫ਼ਜ਼ਲ ਹੋਇਆ ਰਹਿਮਾਨੋਂ

ਜਿਉਂ ਕਰ ਡੁੱਬੀ ਜੰਞ ਬੁੱਢੀ ਦੀ ਹਜ਼ਰਤ ਪੀਰ ਤਰਾਈ
ਤਿਵੇਂ ਮਲਿਕਾ-ਖ਼ਾਤੂੰ ਵਾਲੀ ਖ਼ਬਰ ਉਨ੍ਹਾਂ ਘਰ ਆਈ

ਕਾਸਿਦ ਜਾ ਅਖ਼ਬਾਰ ਪਹੁੰਚਾਈ ਜੋ ਜੋ ਅੱਖੀਂ ਡਿੱਠੀ
ਨਾਲੇ ਖੋਲ ਰੱਖੀ ਸ਼ਾਹ ਅੱਗੇ ਵੀਰ ਸਕੇ ਦੀ ਚਿੱਠੀ

ਚਿੱਠੀ ਵਾਚ ਹੋਇਆ ਸ਼ਾਹ ਰਾਜ਼ੀ ਦਫ਼ਾ ਕੀਤੇ ਰੱਬ ਝੋਰੇ
ਮਹਿਲਾਂ ਹਰਮਾਂ ਅੰਦਰ ਸਾਰੇ ਸੁਖ ਸੁਨੇਹੇ ਟੋਰੇ

ਘਰ ਘਰ ਅੰਦਰ ਸ਼ਾਦੀ ਹੋਈ ਸਰਾਂਦੀਪ ਸ਼ਹਿਰ ਵਿਚ
ਮਾਪੇ ਭੈਣ ਭਰਾ ਕਬੀਲੇ ਆਏ ਖ਼ੁਸ਼ੀ ਲਹਿਰ ਵਿਚ

ਇਸਤਿਕਬਾਲ ਉਹਦੇ ਨੂੰ ਚਲੇ ਮਲਿਕਾ ਦਾ ਪਿਓ ਮਾਈ
ਨਾਲੇ ਮੀਰ ਵਜ਼ੀਰ ਅਕਾਬਰ ਸਾਰੇ ਸਾਕ ਅਸ਼ਨਾਈ

ਵਾਸਤ ਵੱਲ ਰਵਾਨਾ ਹੋਏ ਕਾਸਿਦ ਗਿਆ ਅਗੇਰੇ
ਤਾਜ ਮਲੂਕ ਤਾਈਂ ਜਾ ਕਹਿੰਦਾ ਸੁਣ ਸ਼ਹਿਨਸ਼ਾਹ ਮੇਰੇ ।(੩੪੨੦)

ਇਹ ਤਕ ਆਇਆ ਭਾਈ ਤੇਰਾ ਲਸ਼ਕਰ ਨਾਲ਼ ਹਜ਼ਾਰਾਂ
ਹਰਮ ਕਬੀਲੇ ਨਾਲ਼ ਤਮਾਮੀ ਅੰਤ ਨਾ ਨਾਤੇਦਾਰਾਂ

ਸੈਫ਼-ਮਲੂਕ ਸ਼ਹਿਜ਼ਾਦੇ ਤਾਈਂ ਇਸਤਿਕਬਾਲ ਕਰੇਂਦੇ
ਸਰਾਂਦੀਪ ਸ਼ਹਿਰ ਦੇ ਸਾਰੇ ਆਵਣ ਸਦਕੇ ਦੇਂਦੇ

ਤਾਜ ਮਲੂਕ ਸ਼ਹਿਜ਼ਾਦਾ ਤੁਰਿਆ ਅੱਗੋਂ ਮਿਲਣ ਉਨ੍ਹਾਂ ਨੂੰ
ਸੈਫ਼-ਮਲੂਕ ਸਖ਼ੀ ਤੇ ਮਲਿਕਾ ਖੜਿਆ ਨਾਲ਼ ਦੋਹਾਂ ਨੂੰ

ਹੋਰ ਵੱਡੇ ਉਮਰਾ ਅਕਾਬਰ ਇੱਜ਼ਤ ਵਾਲੇ ਸਾਰੇ
ਮਿਲਣੇ ਕਾਰਨ ਚਲੇ ਅਗੇਰੇ ਜਾਗੇ ਭਾਗ ਨਿਆਰੇ

ਦੋਹਾਂ ਵਲਾਂ ਥੀਂ ਤੁਰਦੇ ਆਏ ਆਣ ਮਿਲੇ ਹਿਕ ਜਾਈ
ਖ਼ੁਸ਼ੀਏਂ ਮਿਲਣੇ ਦੀ ਗੱਲ ਸਾਰੀ ਜਾਂਦੀ ਨਹੀਂ ਸੁਣਾਈ

ਹਿਕ ਦੂਜੇ ਗੱਲ ਲਾ ਲਾ ਮਿਲਦੇ ਸ਼ਾਹ ਅਮੀਰ ਤਮਾਮੀ
ਸਰਾਂਦੀਪ ਸ਼ਹਿਰ ਦਾ ਵਾਲੀ ਲਏ ਮੁਬਾਰਿਕ ਕਾਮੀ

ਮਲਿਕਾ ਨੂੰ ਗੱਲ ਲਾਕੇ ਰੁੰਨੇ ਮਾਈ ਬਾਪ ਵਧੇਰੇ
ਮਾਈ ਕਹਿੰਦੀ ਘੋਲ਼ ਘੁਮਾਈ ਸਿਰ ਚੁੰਮੇ ਹੱਥ ਫੇਰੇ

ਖ਼ੇਸ਼ ਕਬੀਲਾ ਭੈਣਾਂ ਭਾਈ ਕੌਮ ਰਲੀ ਸੀ ਸਾਰੀ
ਮਲਿਕਾ ਉੱਤੇ ਸਦਕੇ ਜਾਵਣ ਮਿਲ ਮਿਲ ਵਾਰੋ ਵਾਰੀ

ਸ਼ੁਕਰ ਬਜਾ ਲਿਆਵਣ ਰੱਬ ਦਾ ਕਹਿੰਦੇ ਹਮਦ ਸਨਾਈਂ
ਗਈ ਗੁਆਤੀ ਜਿਸ ਮਿਲਾਈ ਵਾਹ ਅਸਾਡਾ ਸਾਈਂ

ਸੈਫ਼-ਮਲੂਕ ਸ਼ਹਿਜ਼ਾਦੇ ਅੱਗੇ ਹੋਏ ਫੇਰ ਸਲਾਮੀ
ਸ਼ਾਹ ਅਮੀਰ ਕਬੀਰ ਤਮਾਮੀ ਕਰ ਕੇ ਰਸਮ ਗ਼ੁਲਾਮੀ ।(੩੪੩੦)

ਵਾਰੋ ਵਾਰ ਮਿਲਣ ਸਿਰ ਕਰਦੇ ਸਿਰ ਕਰਦੇ ਕੁਰਬਾਨੀ
ਲੱਖ ਹਜ਼ਾਰਾਂ ਕਰਨ ਨਿਸਾਰਾਂ ਦੀਨਾਰਾਂ ਜ਼ਰਕਾਨੀ

ਮਲਿਕਾ-ਖ਼ਾਤੂੰ ਦਾ ਪਿਓ ਮਿਲਿਆ ਸੈਫ਼-ਮਲੂਕੇ ਤਾਈਂ
ਗੱਲ ਲਾਵੇ ਤੇ ਮੂੰਹ ਸਿਰ ਚੁੰਮੇ ਲੱਖ ਲੱਖ ਦਏ ਦੁਆਈਂ

ਮਲਿਕਾ-ਖ਼ਾਤੂੰ ਦਾ ਪਿਉ ਮਾਈ ਚਿਰ ਚਿਰ ਮਿਲੇ ਵਿਰਾਗੇ
ਖ਼ੁਸ਼ਿਓਂ ਦੂਣੇ ਹੋ ਹੋ ਜਾਵਣ ਸੁੱਤੇ ਤਾਲਿਅ ਜਾਗੇ

ਐਸੇ ਵਿਕੇ ਸ਼ਹਿਜ਼ਾਦੇ ਉੱਤੇ ਅੰਤ ਨਾ ਕੀਤਾ ਜਾਵੇ
ਸਰਾਂਦੀਪ ਸ਼ਹਿਰ ਦੇ ਸਾਰੇ ਫੜ ਫੜ ਲੈਣ ਕਲਾਵੇ

ਕਰ ਇੱਜ਼ਤ ਤਾਜ਼ੀਮ ਹਜ਼ਾਰਾਂ ਜਾਹ ਜਲਾਲ ਘਣੇਰਾ
ਤਾਜ ਮਲੂਕੇ ਦੇ ਘਰ ਆਇਆ ਸਭ ਇਕੱਠਾ ਡੇਰਾ

ਇਸ਼ਰਤ ਐਸ਼ ਫ਼ਰਾਗ਼ਤ ਅੰਦਰ ਹੋ ਬੈਠੇ ਮਸ਼ਗ਼ੂਲੀ
ਭੈਣ ਭਰਾ ਉਮਰਾ ਅਕਾਬਰ ਕੱਠੀ ਕੌਮ ਸਮੂਲੀ

ਤਾਜ ਮਲੂਕ ਕਹਾਣੀ ਸਾਰੀ ਸੈਫ਼-ਮਲੂਕੇ ਵਾਲੀ
ਅਲਫ਼ੋਂ ਯੇ ਤੋੜੀ ਤੇ ਨਾਲੇ ਜ਼ਬਰੋਂ ਜ਼ੇਰ ਦਸਾਲੀ

ਜਜ਼ਮ ਉਹਦੀ ਕਰ ਨੁਕਤਾ ਨੁਕਤਾ ਪੇਸ਼ ਕਜ਼ੀਏ ਸ਼ੱਦਾਂ
ਪਾਈ ਫ਼ਤਿਹ ਗ਼ਨੀਮਾਂ ਉਪਰ ਜ਼ਮ ਆਸਿਮ ਦੀਆਂ ਮੱਦਾਂ

ਇਸ਼ਕ ਬਦੀਅ-ਜਮਾਲ ਪਰੀ ਦਾ ਸ਼ਾਹ-ਮੁਹਰੇ ਦੀ ਖ਼ੂਬੀ
ਅੱਵਲ ਆਖ਼ਿਰ ਤੀਕ ਸੁਣਾਇਆ ਗ਼ਲਬਾ ਤੇ ਮਗ਼ਲੂਬੀ

ਮਲਿਕਾ ਨਾਲ਼ ਮਰਵਤ ਉਸ ਦੀ ਪਾਕੀ ਗ਼ੈਰ ਦਲੀਲੋਂ
ਨਾਲੇ ਦੇ ਗਵਾਹੀ ਮਲਿਕਾ ਮਰਦ ਸ਼ਰੀਫ਼ ਅਸੀਲੋਂ ।(੩੪੪੦)

ਇਲਮ ਹਯਾ ਪਰਹੇਜ਼ ਸਫ਼ਾਈ ਕੁੱਵਤ ਸਿਦਕ ਦਲੇਰੀ
ਸੈ ਮਰਦਾਂ ਥੀਂ ਵੱਡਾ ਦਾਈਆ ਸੈ ਸ਼ੇਰਾਂ ਥੀਂ ਸ਼ੇਰੀ

ਸੈ ਦੇਵਾਂ ਪਰ ਗ਼ਾਲਿਬ ਸੈ ਜਿੰਨਾਂ ਤੇ ਯਾਵਰ
ਸੈ ਮਾਰਾਂ ਸੰਸਾਰਾਂ ਉੱਤੇ ਹੈ ਤਹਿਕੀਕ ਜ਼ੋਰਾਵਰ

ਇਸ ਦੇਵਾਂ ਨੂੰ ਮਾਰ ਗਵਾਇਆ ਦੇਵਾਂ ਮੈਂ ਗਵਾਹੀ
ਸੈ ਦੇਵਾਂ ਪਰ ਭਾਰਾ ਰਾਕਸ ਕੁੱਠਾ ਏਸ ਸਿਪਾਹੀ

ਐਸਾ ਦਿਓ ਮਰੇਲਾ ਉਸ ਨੇ ਮਾਰ ਗਵਾਇਆ ਜਲਦੀ
ਸੈ ਦੇਵਾਂ ਪਰ ਜਿਸਦੀ ਆਹੀ ਜ਼ੋਰ ਦੁਹਾਈ ਚੱਲਦੀ

ਆਫ਼ਤ ਹੋਰ ਸੰਸਾਰ ਵਡੇਰਾ ਮਾਰ ਨਦੀ ਵਿਚ ਪਾਇਆ
ਲਹੂਏ ਜਿਸਦੇ ਨਾਲ਼ ਤਮਾਮੀ ਦਰਿਆ ਠਾਠੀਂ ਆਇਆ

ਮੈਂ ਦੋ ਬਰਸ ਹੋਏ ਸੰਗ ਇਸਦੇ ਵਿਚ ਉਜਾੜਾਂ ਨੀਰਾਂ
ਰੱਤੀ ਮੈਲ ਨਾ ਡਿੱਠੀ ਇਸ ਵਿਚ ਵਾਂਗਰ ਸਕਿਆਂ ਵੀਰਾਂ

ਮਾਂ ਪਿਓ ਖ਼ੇਸ਼ ਕਬੀਲੇ ਤਾਈਂ ਮਲਿਕਾ ਨੇ ਗੱਲ ਦੱਸੀ
ਸਭ ਸ਼ਾਬਾ 'ਅੱਹਸਨਤ' ਪੁਕਾਰਨ ਵਾਹ ਸ਼ਹਿਜ਼ਾਦਾ ਜੱਸੀ

ਐਸਾ ਸਿਦਕ ਮੁਹੱਬਤ ਵਾਲਾ ਸਾਹਿਬ ਦਰਦ ਇਲਮ ਦਾ
ਆਲੀ ਹਿੰਮਤ ਮਰਦ ਵਫ਼ਾਈ ਘੱਟ ਜ਼ਿਮੀਂ ਪਰ ਜੰਮਦਾ

ਅਜਬ ਤਰੀਕਾ ਮੁਹਕਮ ਉਸ ਦਾ ਦੁਨੀਆਂ ਵਿਚ ਨਿਆਰਾ
ਐਸੀ ਸੀਰਤ ਐਸੀ ਸੂਰਤ ਵਾਹ ਵਾਹ ਸਿਰਜਨਹਾਰਾ

ਆਫ਼ਰੀਨ ਪੁਕਾਰਨ ਸਾਰੇ ਅਸ਼ਕੇ ਅਸ਼ਕੇ ਸ਼ਾਬਾ
ਦੋਂਵੇਂ ਸ਼ਾਹ ਦਿਲਾਸਾ ਕਰਦੇ ਹੱਦੋਂ ਬੇਹਿਸਾਬਾ ।(੩੪੫੦)

ਧੰਨ ਬਾਬਲ ਤੂੰ ਬੇਟਾ ਜਿਸਦਾ ਦੁਨੀਆਂ ਅੰਦਰ ਨਾਦਿਰ
ਆਸ਼ਿਕ ਸਾਦਿਕ ਆਲਮ ਮੁੱਤਕੀ ਸੁਘੜ ਦਲੇਰ ਬਹਾਦਰ

ਮਲਿਕਾ-ਖ਼ਾਤੂੰ ਦਾ ਪਿਓ ਉਸ ਨੂੰ ਦਮ ਦਮ ਨਾਲ਼ ਵਧਾਏ
ਕਹਿੰਦਾ ਬੇਟਾ ਸੈਫ਼-ਮਲੂਕਾ ਜੋ ਤੁਧ ਕਰਮ ਕਮਾਏ

ਸਾਡੇ ਥੀਂ ਮੁੱਕ ਆਵੇ ਕੀਕਰ ਇਹ ਤੇਰੀ ਭਲਿਆਈ
ਬੰਦਾਂ-ਜ਼ਾਦੀ ਆਪਣੀ ਮਲਿਕਾ ਤੂੰ ਕੈਦੋਂ ਛੁੜਕਾਈ

ਨੇਕੀ ਮਿਹਰ ਮਰਵਤ ਤੇਰੀ ਜੇਕਰ ਚਾਹਿਆ ਮੌਲਾ
ਮੈਂ ਭੀ ਕੁਝ ਮੁਕਾਸਾਂ ਬੇਟਾ ਨਾਲ਼ ਤਰੀਕੇ ਔਲਾ

ਕੀਤੀ ਤੇਰੀ ਕਿਤੇ ਨਾ ਜਾਸੀ ਇਜਰ ਦਏਗਾ ਸਾਈਂ
ਜੋ ਕੁੱਝ ਵੱਸ ਅਸਾਡਾ ਹੋਸੀ ਲਾਸਾਂ ਓਥੇ ਤਾਈਂ

ਇਹ ਗੱਲਾਂ ਕਰ ਹੋਏ ਬਾਂਦੇ ਕੀਤੀ ਫੇਰ ਤਿਆਰੀ
ਸਰਾਂਦੀਪ ਸ਼ਹਿਰ ਨੂੰ ਚਲੀ ਬਣੀ ਤਣੀ ਅਸਵਾਰੀ

ਮਲਿਕਾ-ਖ਼ਾਤੂੰ ਤੇ ਸ਼ਹਿਜ਼ਾਦਾ ਸੈਫ਼-ਮਲੂਕ ਬਦੇਸੀ
ਉਹ ਭੀ ਨਾਲੇ ਚਾੜ੍ਹ ਲਿਓ ਨੇ ਰੱਬ ਮੁਰਾਦਾਂ ਦੇਸੀ

ਸਰਾਂਦੀਪ ਸ਼ਹਿਰ ਦੇ ਨੇੜੇ ਜਾਂ ਮੰਜ਼ਿਲ ਪਰ ਆਏ
ਮਲਿਕਾ-ਖ਼ਾਤੂੰ ਦੇ ਪਿਉ ਅੱਗੇ ਕਾਸਿਦ ਤੁਰਤ ਵਗਾਏ

ਦਿੱਤਾ ਹੁਕਮ ਵਜ਼ੀਰਾਂ ਤਾਈਂ ਜਾਈਂ ਖ਼ੂਬ ਸੁਹਾਉ
ਹਰ ਕੂਚੇ ਬਾਜ਼ਾਰ ਬਗ਼ੀਚੇ ਬਣਤ ਬਣਾ ਬਣਾਓ

ਹਰ ਸੁਫ਼ੇ ਹਰ ਮਹਿਲ ਚੁਬਾਰੇ ਜਾ ਦਰਬਾਰ ਸ਼ਹਾਨੇ
ਝਾੜੂ ਦੇ ਛਿਟਕਾਰ ਕਰਾਉ ਕਰਿਓ ਜ਼ੇਬ ਯਗਾਨੇ ।(੩੪੬੦)

ਕੰਜਰ ਅਤੇ ਕਲੌਂਤ ਮਿਰਾਸੀ ਭਾਟ ਸੱਭੋ ਹੋਰ ਸਾਜ਼ੀ
ਸੋਹਣੇ ਹੋਰ ਸ਼ਹਿਰ ਦੇ ਸਾਰੇ ਬਾਂਕ ਬਣਾਵਣ ਤਾਜ਼ੀ

ਫ਼ੌਜਾਂ ਲਸ਼ਕਰ ਪਿਆਦੇ ਸਾਰੇ ਕਰਨ ਤਿਆਰ ਅਜੀਮਾਂ
ਸੈਫ਼-ਮਲੂਕ ਸ਼ਹਿਜ਼ਾਦੇ ਅੱਗੇ ਮਿਲ ਕੇ ਕਰਨ ਤਾਜ਼ੀਮਾਂ

ਹੋਰ ਬਾਜ਼ੀਗਰ ਭਗਤੀਏ ਸਾਰੇ ਰੰਗਾਰੰਗ ਤਮਾਸ਼ੇ
ਹੋਰ ਅਜਾਇਬ ਚੀਜ਼ਾਂ ਨਾਲੇ ਦਾਨੇ ਬੇਤਹਾਸ਼ੇ

ਆਲਿਮ ਫ਼ਾਜ਼ਿਲ ਮੁੱਲਾਂ ਕਾਜ਼ੀ ਮੁਫ਼ਤੀ ਕਾਰੀ ਸਾਰੇ
ਇਸਤਿਕਬਾਲ ਕਰਨ ਆ ਅੱਗੇ ਸੈਫ਼-ਮਲੂਕ ਪਿਆਰੇ

ਜਿਉਂ ਕਰ ਹੁਕਮ ਸ਼ਹਾਨਾ ਆਹਾ ਸਭ ਬਜਾ ਲਿਆਂਦਾ
ਹਰ ਨਗ਼ਮਾ ਹਰ ਸਾਜ਼ ਹਰ ਸੋਹਣਾ ਸ਼ਹਿਰੋਂ ਬਾਹਰ ਆਂਦਾ

ਹਾਥੀ ਲਾ ਸੰਧੂਰ ਬਣਾਏ ਕਿਤਨੇ ਊਠ ਸ਼ਿੰਗਾਰੇ
ਤਾਜ਼ੀ ਜ਼ੀਨ ਮੁਰੱਸਾ ਕਰਕੇ ਕੋਤਲ ਆਣ ਖਲ੍ਹਾਰੇ

ਗੱਡਾਂ ਬਹਿਲਾਂ ਪੀਨਸ ਹੌਦਜ ਪਾਲਕੀਆਂ ਤੇ ਖ਼ਾਸੇ
ਹੋਰ ਛਪਾਏ ਉਛਾੜ ਬਨਾਤੀ ਛਤਰ ਸੁਨਹਿਰੀ-ਪਾਸੇ

ਖੜਖੜੀਆਂ ਸੀ ਖੜ੍ਹੀਆਂ ਅੱਗੇ ਜਾ ਕਰ ਹੋਈਆਂ ਖੜ੍ਹੀਆਂ
ਖਿੱਚ ਉਲਾਰੀ ਨੀਚੇ ਜਿਉਂ ਕਰ ਸਾਵਣ ਹਾਠਾਂ ਚੜ੍ਹੀਆਂ

ਮੇਲਕਾਟ ਤੇ ਬੱਘੀ ਰਥ ਸੀ ਸੇਜ-ਕੜੇ ਤੇ ਯੱਕੇ
ਉਸਤਰ-ਗਾਡੀ ਤੇ ਬੁਜ਼-ਗਾਡੀ ਹੋਰ ਕਈ ਕੰਮ ਪੱਕੇ

ਫ਼ੌਜਾਂ ਲਸ਼ਕਰ ਰੰਗ ਬਰੰਗੀ ਸਭ ਸਵਾਰ ਪਿਆਦੇ
ਮੀਰ ਵਜ਼ੀਰ ਸ਼ਹਿਜ਼ਾਦੇ ਕੇਤੇ ਖ਼ੂਬ ਸੌਦਾਗਰ ਜ਼ਾਦੇ ।(੩੪੭੦)

ਸੋਹਣੇ ਸੁੰਦਰ ਬਾਂਕੇ ਸਾਰੇ ਲਾ ਲਿਬਾਸ ਸ਼ਿੰਗਾਰੇ
ਮਾਰਨ ਅੱਖ ਰੱਖਣ ਵਿਚ ਪੜਦੇ ਤੱਕ ਤੱਕ ਢਹਿਣ ਸਿਤਾਰੇ

ਜ਼ੇਵਰ ਹੁਸਨ ਉਨ੍ਹਾਂ ਦੇ ਕੋਲੋਂ ਝਲਕ ਲੱਗੀ ਅਸਮਾਨਾਂ
ਗਾਵਣ ਸਾਜ਼ ਬਜਾਵਣ ਸਾਜ਼ੀ ਨਗ਼ਮਾ ਨਾਚ ਤਰਾਨਾ

ਹੋਰ ਜ਼ੋਰਾਵਰ ਕੁਸ਼ਤੀ ਵਾਲੇ ਲੱਥੇ ਮੱਲ ਅਖਾੜੇ
ਡੰਡ ਸਰੂਰ ਤੇ ਕਰਦੇ ਪਕੜਾਂ ਹਿਕ ਦੂਏੇ ਥੀਂ ਚਾੜ੍ਹੇ

ਕਲਾ ਜੰਗ ਹਿਕ ਕਰੇ ਸ਼ਿਤਾਬੀ ਖ਼ਫ਼ਾ-ਤੰਗ ਹਿਕ ਕਰਦਾ
ਹਿਕ ਚਾਏ ਹਿਕ ਅੱਗੇ ਆਣੇ ਦਮ ਫਿਰੇ ਹਿਕ ਮਰਦਾ

ਧੋਬੀ ਪਟੜਾ ਕਰ ਹਿਕ ਸੁੱਟੇ ਹਿਕ ਬੰਗੜੀ ਕਰ ਭੰਨੇ
ਹਿਕ ਗਰਦਨ ਤੇ ਕਰੇ ਸਵਾਰੀ ਦੂਜਾ ਨਹੁੰਦਰ ਭੰਨੇ

ਤੀਰ ਅੰਦਾਜ਼ ਸਵਾਰ ਬਹਾਦਰ ਨੇਜ਼ਾ ਬਾਜ਼ ਸਿਪਾਹੀ
ਕਰਨ ਕਵਾਇਦ ਆਪੋ ਆਪਣੀ ਜਮ੍ਹਾਂ ਹੋਈ ਸਭ ਸ਼ਾਹੀ

ਸੈਫ਼-ਮਲੂਕ ਸ਼ਹਿਜ਼ਾਦੇ ਕਾਰਨ ਹਇਆ ਤਿਆਰ ਅਲੀਮਾਂ
ਕੀ ਹਿਸਾਬ ਸੁਣਾਵਾਂ ਯਾਰੋ ਸੈ ਅਸਬਾਬ ਅਜ਼ੀਮਾਂ

ਸੈਫ਼-ਮਲੂਕ ਅੱਗੇ ਵੰਝ ਹੋਏ ਹਾਜ਼ਿਰ ਸਭ ਤਮਾਸ਼ੇ
ਮਿਲੇ ਸਲਾਮੀ ਮੀਰ ਸ਼ਹਿਜ਼ਾਦੇ ਅਫ਼ਸਰ ਬੇਤਹਾਸ਼ੇ

ਮਲਿਕਾ ਤੇ ਸ਼ਹਿਜ਼ਾਦੇ ਉੱਤੇ ਸਦਕੇ ਕਰਨ ਨਿਸਾਰਾਂ
ਛਮ ਛਮ ਬਰਸਨ ਸੁੱਚੇ ਮੋਤੀ ਜਿਉਂ ਕਰ ਮੀਂਹ ਬਹਾਰਾਂ

ਐਸੇ ਤਰ੍ਹਾਂ ਨਿਸਾਰਾਂ ਕਰਦੇ ਟੁਰਦੇ ਨਾਲ਼ ਬਹਾਰਾਂ
ਮਲਿਕਾ ਤੇ ਸ਼ਹਿਜ਼ਾਦੇ ਅੱਗੇ ਮੁਜਰੇ ਹੋਣ ਹਜ਼ਾਰਾਂ ।(੩੪੮੦)

ਤਖ਼ਤ ਉੱਤੇ ਸ਼ਹਿਜ਼ਾਦਾ ਬੈਠਾ ਖ਼ਲਕਤ ਚਾਈਂ ਜਾਂਦੀ
ਨਗ਼ਮੇ ਨਾਚ ਅੱਗੇ ਸੈ ਮੁਜਰੇ ਚਮਕੇ ਸੋਨਾ ਚਾਂਦੀ

ਸਰਾਂਦੀਪ ਸ਼ਹਿਰ ਦੇ ਸੋਹਣੇ ਹਿਕ ਥੀਂ ਹਿਕ ਸਵਾਇਆ
ਸਫ਼ਾਂ ਬਣਾ ਖਲੋਤੇ ਆਹੇ ਜਦੋਂ ਸ਼ਹਿਜ਼ਾਦਾ ਆਇਆ

ਆਬ ਗਈ ਬੇਤਾਬ ਦਿਸੀਂਦੇ ਹੋਏ ਸ਼ਿਤਾਬ ਸਲਾਮੀ
ਜਿਉਂ ਕਰ ਮਿਸਰ ਸ਼ਹਿਰ ਵਿਚ ਯੂਸੁਫ਼ ਕੱਜੇ ਹੁਸਨ ਤਮਾਮੀ

ਜਿਉਂ ਕਿਨਆਨੀ ਮਿਸਰ ਸ਼ਹਿਰ ਦੇ ਸੋਹਣੇ ਖ਼ਾਕ ਕੀਤੇ ਸਨ
ਇਸ ਮਿਸਰੀ ਨੇ ਸਰਾਂਦੀਪੀ ਕੰਦ ਪਛਾਕ ਕੀਤੇ ਸਨ

ਮਲਿਕਾ-ਖ਼ਾਤੂੰ ਜਿਸ ਵਿਚ ਆਹੀ ਉਸ ਕਚਾਵੇ ਅੱਗੇ
ਨਾਚ ਤਮਾਸ਼ੇ ਤੇ ਸਿਰ ਸਦਕੇ ਵਿਹਲ ਨਹੀਂ ਹੱਥ ਲੱਗੇ

ਸ਼ੌਕਤ ਸ਼ਾਨ ਅਜੇਹੀ ਕਰਦੇ ਆਣ ਸ਼ਹਿਰ ਵਿਚ ਪਹੁਤੇ
ਅੰਤ ਹਿਸਾਬ ਸ਼ੁਮਾਰੋਂ ਬਾਹਰ ਦੇਇ ਸਿਰ ਸਦਕੇ ਬਹੁਤੇ

ਸਰਾਂਦੀਪ ਸ਼ਹਿਰ ਦਾ ਵਾਲੀ ਨਾਲ਼ ਲਈਂ ਸ਼ਹਿਜ਼ਾਦੇ
ਆਲੀ ਤਖ਼ਤ ਆਪਣੇ ਤੇ ਆਇਆ ਦਿਲ ਵਿਚ ਖ਼ੁਸ਼ੀ ਜ਼ਿਆਦੇ

ਆਪਣੇ ਤਖ਼ਤ ਉੱਤੇ ਉਸ ਫੜਕੇ ਸੈਫ਼-ਮਲੂਕ ਬਹਾਇਆ
ਬੱਧੇ ਹੱਥ ਖਲੋਤਾ ਆਪੂੰ ਖ਼ਿਦਮਤਗਾਰ ਕਹਾਇਆ

ਹਿਕ ਹਜ਼ਾਰ ਚੁਣਾ ਮੰਗਾਏ ਕੋਤਲ ਘੋੜੇ ਤਾਜ਼ੀ
ਸੁਮ ਜਾਲ਼ੀ ਦੁੰਬ ਪੂਜ਼ੀ ਬਿੰਦੀਆਂ ਜ਼ੀਨਤ ਜ਼ਰ ਦੀ ਤਾਜ਼ੀ

ਯੂਜ਼ ਹਜ਼ਾਰ ਸ਼ਿਕਾਰ-ਅਜ਼ਮੂਦੇ ਚੀਤੇ ਚੱਤੇ ਵਾਲੇ
ਹੋਰ ਹਜ਼ਾਰ ਸ਼ਿਕਾਰੀ ਕੁੱਤੇ ਮਾਰਨ ਮਿਰਗ ਸੁਖਾਲੇ ।(੩੪੯੦)

ਤੰਬੂ ਖ਼ੇਮੇ ਸੁਰਖ਼ ਕਨਾਤਾਂ ਮੁਲ ਜਿਨ੍ਹਾਂ ਦੇ ਭਾਰੇ
ਸੱਤਰ ਸੱਤਰ ਸ਼ੁਤਰ ਲੱਦੇ ਰੁੱਪੇ ਜ਼ਰ ਦੇ ਸਾਰੇ

ਸੱਤ ਸੰਦੂਕ ਜ਼ਮੁਰਦ ਮੋਤੀ ਲਅਲ ਜਵਾਹਰ ਹੀਰੇ
ਚਾਲੀ ਹੋਰ ਸੰਦੂਕ ਪੋਸ਼ਾਕਾਂ ਰਖ਼ਤ ਕਮਾਸ਼ ਜ਼ਖ਼ੀਰੇ

ਇਹ ਸਭ ਚੀਜ਼ਾਂ ਸ਼ਹਿਜ਼ਾਦੇ ਨੂੰ ਦਿੱਤੀਆਂ ਕਰ ਨਜ਼ਰਾਨਾ
ਜੋ ਜੋ ਚੀਜ਼ ਪਸੰਦੀ ਆਈ ਸਾਰਾ ਢੂੰਡ ਖ਼ਜ਼ਾਨਾ

ਮੇਖ਼ ਅਸਬਾਬ ਹਥਿਆਰ ਫ਼ੌਲਾਦੀ ਜੋ ਲਾਇਕ ਸੁਲਤਾਨਾਂ
ਅੱਧੋ ਅੱਧ ਦਿੱਤਾ ਵੰਡ ਸਾਰਾ ਬਾਦਸ਼ਾਹੀ ਸਮਿਆਨਾ

ਅੱਧੋ ਅੱਧ ਦਿਲੋਂ ਹੋ ਰਾਜ਼ੀ ਬਾਝੋਂ ਉਜ਼ਰ ਬਹਾਨੇ
ਸੈਫ਼-ਮਲੂਕੇ ਨੂੰ ਵੰਡ ਦਿੱਤੇ ਮੁਲਕ ਸਿਪਾਹ ਖ਼ਜ਼ਾਨੇ

ਸਰਾਂਦੀਪ ਸ਼ਹਿਰ ਦਾ ਵਾਲੀ ਦੇ ਕੇ ਦਾਨ ਜ਼ਿਆਦੇ
ਬੱਧੀਂ ਹੱਥੀਂ ਉਜ਼ਰ ਮਨੇਂਦਾ ਕਹਿੰਦਾ ਸੁਣ ਸ਼ਹਿਜ਼ਾਦੇ

ਜੋ ਤੁਧ ਮਲਿਕਾ ਪਿੱਛੇ ਝੱਲੀ ਰੰਜ ਮੁਸੀਬਤ ਦੂਣੀ
ਹੱਕ ਤੇਰਾ ਉਹ ਮੁਕਦਾ ਨਾਹੀਂ ਗੂਹੜੇ ਵਿਚੋਂ ਪੂਣੀ

ਕਰਕੇ ਕਰਮ ਸਖ਼ਾਵਤ ਬੇਟਾ ਬਖ਼ਸ਼ੀਂ ਵਾਧਾ ਸਾਰਾ
ਅੱਗੋਂ ਭੀ ਮੈਂ ਨੌਕਰ ਤੇਰਾ ਨਾ ਕੁੱਝ ਉਜ਼ਰ ਨਾ ਚਾਰਾ

ਜਿਸ ਜਾਈ ਤੂੰ ਪਾਣੀ ਡੋਲ੍ਹੇਂ ਓਥੇ ਰੱਤ ਡੁਲੇਸਾਂ
ਜਿਸ ਪਾਸੇ ਤੂੰ ਕਦਮ ਉਠਾਵੇਂ ਉਧਰ ਸੀਸ ਝੁਕੇਸਾਂ

ਜਿਤਨਾ ਵੱਸ ਲੱਗੇਗਾ ਮੇਰਾ ਲਾਸਾਂ ਦਿਲੋਂ ਈਮਾਨੋਂ
ਜੇ ਮਤਲਬ ਹੱਥ ਆਵੇ ਤੇਰਾ ਫ਼ਰਕ ਨਾ ਕਰਸਾਂ ਜਾਨੋਂ ।(੩੫੦੦)

ਸੈਫ਼-ਮਲੂਕ ਤਖ਼ਤ ਤੂੰ ਉੱਠ ਕੇ ਕਰਨ ਲੱਗਾ ਤਸਲੀਮਾਂ
ਦੇਇ ਜਵਾਬ ਇਸ ਗੱਲ ਉਹਦੀ ਦਾ ਵਾਂਗ ਅਸੀਲ ਹਲੀਮਾਂ

ਜਿਉਂ ਕਰ ਰਸਮ ਰਸੂਮ ਸ਼ਹਾਨੀ ਕਰਕੇ ਅਦਬ ਆਦਾਬਾਂ
ਸੈਫ਼-ਮਲੂਕੇ ਰਾਜ਼ੀ ਕੀਤਾ ਸ਼ਾਹ ਨੂੰ ਨਾਲ਼ ਜਵਾਬਾਂ

ਤਾਂ ਫਿਰ ਮਲਿਕਾ ਦਾ ਪਿਓ ਹੱਥੋਂ ਸ਼ਹਿਜ਼ਾਦੇ ਤੇ ਵਿਕਿਆ
ਬਖ਼ਸ਼ੀ ਜਾਇ ਅਲਹਿਦੀ ਜਿਥੇ ਰਹੇ ਸੁਖੱਲਾ ਟਿਕਿਆ

ਮਾੜੀ ਖ਼ਾਸ ਸ਼ਹਾਨੀ ਜੋ ਸੀ ਆਪਣੇ ਬੈਠਣ ਵਾਲੀ
ਓਥੇ ਫ਼ਰਸ਼ ਸੁਨਹਿਰੀ ਕੀਤੇ ਮਾਂਜੇ ਵਾਂਗਰ ਥਾਲੀ

ਵਿਚ ਸੋਨੇ ਦਾ ਤਖ਼ਤ ਵਿਛਾਇਆ ਲਅਲ ਜਵਾਹਰ ਜੜਿਆ
ਮਜਲਿਸ ਕਾਰਨ ਨਰਮ ਗ਼ਲੀਚੇ ਅੰਤ ਨਾ ਆਵੇ ਅੜਿਆ

ਮਾੜੀ ਦੀ ਤਾਰੀਫ਼ ਨਾ ਹੋਵੇ ਕੀ ਗੱਲ ਕਰਾਂ ਜ਼ਬਾਨੋਂ
ਧਰਤੀ ਉੱਤੇ ਆਹੀ ਯਾਰੋ ਮਿਸਲ ਬਣੀ ਅਸਮਾਨੋਂ

ਛੱਤ ਜੜਤ ਕੀਤੀ ਉਸਤਾਦਾਂ ਹਰ ਹਰ ਥਾਂ ਹਜ਼ਾਰਾਂ
ਬੂਟੇ ਤੇ ਫੁੱਲ ਖੇਲ ਰੰਗਾਂ ਦੇ ਬਾਗ਼ ਬਹਿਸ਼ਤ ਬਹਾਰਾਂ

ਸ਼ੀਸ਼ੇ ਲਾਵਣ ਝਲਕ ਚੌਤਰਫ਼ੇ ਮੋਤੀ ਲਟਕਣ ਛੱਜੇ
ਨਕਸ਼ ਨਿਗਾਰ ਸਫ਼ਾਈ ਸਫ਼ਿਆਂ ਵਿਹੜੇ ਰੌਣਕ ਰੱਜੇ

ਸੈਫ਼-ਮਲੂਕੇ ਦਾ ਉਸ ਜਾਈ ਖ਼ੂਬ ਸੁਹਾਇਆ ਡੇਰਾ
ਲੱਧਾ ਸ਼ਾਹੀ ਰਾਜ ਹਕੂਮਤ ਅਗਲਿਓਂ ਕੁੱਝ ਵਧੇਰਾ

ਸਰਾਂਦੀਪ ਨਗਰ ਦਾ ਵਾਲੀ ਕੋਲ ਉਹਦੇ ਨਿੱਤ ਆਵੇ
ਬਹੁਤ ਖ਼ੁਸ਼ਾਮਦ ਖ਼ਾਤਿਰ ਕਰਦਾ ਖੇਡੀਂ ਚਿੱਤ ਬਹਿਲਾਵੇ ।(੩੫੧੦)

ਚੌਪਟ ਗਜੰਫ਼ੇ ਤੇ ਸ਼ਤਰੰਜੋਂ ਹੱਸ ਹੱਸ ਕਰਦੇ ਬਾਜ਼ੀ
ਬਦ ਰੰਗੋਂ ਰੱਬ ਰੰਗ ਬਣਾਇਆ ਬਰਖਾ ਹੋਈ ਤਾਜ਼ੀ

ਪਹਿਲੇ ਹੱਥ ਅਠਾਰਾਂ ਡਿੱਠੇ ਛੁੱਪ ਗਏ ਤਰੈ ਕਾਣੇ
ਪੰਜੇ ਛਿੱਕੇ ਦੋਏੇਂ ਪੌਂਏੇ ਸਭ ਆਵਣ ਮਨਿ ਭਾਣੇ

ਸੱਤ ਸੱਤ ਵਾਰਾਂ ਪੈਣ ਸਤਾਰਾਂ ਦਾਅ ਰੱਖੇ ਜਦ ਉਸ ਦਾ
ਸ਼ਹਿਜ਼ਾਦੇ ਨੂੰ ਸ਼ਹਿ ਨਾ ਆਵੇ ਨਾਂ ਜੁੱਗ ਫੁਟ ਕੇ ਕੁਸਦਾ

ਤਰੈ ਫੇਰੇ ਦਾਅ ਖਾਵੇ ਪਾਸਾ ਛੇ ਤਰੈ ਪੰਜ ਦੋ ਭਾਈ
ਨਾਲੇ ਪੰਜੀਂ ਚੌਹੀਂ ਓਥੇ ਬਿੰਦ ਨਾ ਪੌਂਦੀ ਕਾਈ

ਛੇ ਦੂਏੇ ਛੇ ਚਾਰ ਉਨਾਂਵੇ ਪੌਂ ਬਾਰਾਂ ਤੇ ਤੇਰਾਂ
ਕੱਚੇ ਭੀ ਹੋ ਜਾਵਣ ਪੱਕੇ ਜੁਗ ਮੇਲਣ ਖੁੱਡ ਤੇਰਾਂ

ਪੰਜੇ ਛਿੱਕੇ ਜੇ ਲਾਚਾਰੋਂ ਦਾਅ ਰੱਖਣ ਤਰੈ ਪੰਜੇ
ਬੱਧੇ ਬਾਝ ਲਿਆਵਣ ਸਾਰਾਂ ਸੁੱਟ ਕੇ ਦਾਨੇ ਗੰਜੇ

ਆਸ਼ਿਕ ਨਰਗੋਂ ਪੈ ਪੈ ਨਿਕਲੇ ਕਿਤਨੀ ਕਿਤਨੀ ਵਾਰਾਂ
ਰੰਗੋਂ ਚਾ ਬਦਰੰਗ ਬਣਾਏ ਛੱਡ ਨਿਕਲੇ ਘਰ ਬਾਰਾਂ

ਸੰਗ ਕਬੀਲੇ ਰੰਗ ਆਪਣੇ ਥੀਂ ਮਾਰੀ ਵਾ ਉਠ ਗਿਰਦਾ
ਹਰ ਖ਼ਾਨੇ ਹਰ ਪਾਸੇ ਗਿਰਦੇ ਧੱਕੇ ਖਾਂਦਾ ਫਿਰਦਾ

ਕਿਧਰੇ ਹੁੰਦਾ ਕੈਦ ਨਿਮਾਣਾ ਕਿਧਰੇ ਵੱਤ ਮਰੀਂਦਾ
ਜਾਂ ਰੱਬ ਸੱਚਾ ਕਰੇ ਮੁਹੰਮਦ ਪੱਕ ਕੇ ਵਾਸਿਲ ਥੀਂਦਾ

ਕਦੇ ਸ਼ਹਿਜ਼ਾਦਾ ਕਰੇ ਮੁਤਾਲਿਆ ਦਫ਼ਤਰ ਇਲਮ ਕਲਾਮੋਂ
ਕਦੇ ਕਚਹਿਰੀ ਲਾ ਅਦਾਲਤ ਕਰਦਾ ਖ਼ਾਸੋਂ ਆਮੋਂ ।(੩੫੨੦)

ਕਦੇ ਇਕੱਲਾ ਬੈਠ ਸੁਖੱਲਾ ਕਰਦਾ ਐਸ਼ ਅੰਦਰ ਦੇ
ਗਾਂਧੀ ਸ਼ੀਸ਼ੇ ਭਰ ਭਰ ਲਾਵਣ ਹਰ ਹਰ ਕਿਸਮ ਇਤਰ ਦੇ

ਸਾਕੀ ਵਾਂਗ ਸ਼ਰਾਬ ਪਿਆਲੇ ਮੁੱਖ ਰੌਸ਼ਨ ਗੁਲ ਲਾਲੇ
ਹੱਥ ਸੁਰਾਹੀ ਨੂਰ ਸੱਬਾਹੀ ਕਾਸੇ ਪੂਰ ਪਿਆਲੇ

ਐਸ਼ ਸ਼ਰਾਬੋਂ ਨਿਕਲ ਕਬਾਬੋਂ ਤਾਰ ਖਣਕਾਰ ਰਬਾਬੋਂ
ਸਾਕੀ ਮੁਤਰਿਬ ਹਰ ਹਿਕ ਟੋਟਾ ਖ਼ੁਰਸ਼ੀਦੋਂ ਮਾਹਤਾਬੋਂ

ਛੋਕਰੀਆਂ ਵਿਚ ਖ਼ਿਦਮਤ ਹਾਜ਼ਿਰ ਲੌਂਡੇ ਹੋਰ ਬੇ-ਰੀਸ਼ੇ
ਸੱਭੋ ਸਨ ਅਣ-ਬਿੱਧੇ ਮੋਤੀ ਸਾਫ਼ ਬਦਨ ਜਿਉਂ ਸ਼ੀਸ਼ੇ

ਕੋਲ ਰਹੇ ਸੁਲਤਾਨ ਮੁਲਕ ਦਾ ਸਾਇਤ ਮੂਲ ਨਾ ਵਿੱਸੇ
ਸਬਰ ਅਰਾਮ ਨਾ ਆਵਸ ਜਾਂ ਜਾਂ ਸੈਫ਼-ਮਲੂਕ ਨਾ ਦਿੱਸੇ

ਜਾਂ ਸ਼ਹਿਜ਼ਾਦਾ ਹੋਵੇ ਉਦਾਸੀ ਆਪ ਗ਼ਜ਼ਲ ਕੋਈ ਗਾਵੇ
ਸੁਣਨੇ ਵਾਲੇ ਰਹਿਣ ਨਾ ਸਾਬਤ ਹੋਸ਼ ਤਮਾਮਾਂ ਜਾਵੇ

ਜਦੋਂ ਨਸ਼ੇ ਦੀ ਮਸਤੀ ਅੰਦਰ ਆਪ ਸਰੋਦ ਅਲਾਪੇ
ਦਾਨੇ ਲੋਕ ਹੋਵਣ ਦੀਵਾਨੇ ਰੋ ਰੋ ਕਰਨ ਸਿਆਪੇ

ਜਾਂ ਫਿਰ ਯਾਦ ਪਵੇ ਉਸ ਸਾਇਦ ਨਾਮ ਉਹਦਾ ਲੈ ਰੋਂਦਾ
ਆਹੀਂ ਢਾਹੀਂ ਮਾਰ ਸ਼ਹਿਜ਼ਾਦਾ ਨੀਲਾ ਪੀਲ਼ਾ ਹੋਂਦਾ

ਹੋ ਬੇਤਾਬ ਪਲੰਗ ਪਰ ਢਹਿੰਦਾ ਤਾਕਤ ਰਹੇ ਨਾ ਜੁੱਸੇ
ਤੇਗ਼ ਫ਼ਿਰਾਕ ਸੱਜਣ ਦੀ ਕੋਲੋਂ ਪਲ ਪਲ ਅੰਦਰ ਕੁੱਸੇ

ਸ਼ਾਹ ਮੁਲਕ ਦਾ ਤੇ ਹੋਰ ਸਾਰੇ ਮੀਰ ਵਜ਼ੀਰ ਸਿਆਣੇ
ਹੋਣ ਤਅੱਜੁਬ ਵੇਖ ਮੁਹੱਬਤ ਸਿਦਕ ਸਫ਼ਾ ਯਰਾਨੇ ।(੩੫੩੦)

ਸ਼ਾਬਸ਼ ਆਫ਼ਰੀਨ ਹਜ਼ਾਰਾਂ ਹਰ ਕੋਈ ਕਹੇ ਸ਼ਹਿਜ਼ਾਦੇ
ਐਸੈ ਮਰਦ ਇਨਸਾਫ਼ਾਂ ਵਾਲੇ ਹੋਸਣ ਨਹੀਂ ਜ਼ਿਆਦੇ

ਹਿਕ ਪਰੀ ਦੀ ਮੂਰਤ ਤੱਕ ਕੇ ਘਰ ਦਰ ਸ਼ਾਹੀ ਛੱਡੀ
ਚੌਦਾਂ ਬਰਸ ਸਿਰੇ ਪਰ ਝੱਲੀ ਰੰਜ ਮੁਸੀਬਤ ਵੱਡੀ

ਇਸ ਗੱਲੋਂ ਭੀ ਮੁੜਦਾ ਨਾਹੀਂ ਚਲਾ ਅਗੇਰੇ ਜਾਂਦਾ
ਫਿਰ ਮਲਿਕਾ ਨੇ ਵੀਰ ਬੁਲਾਇਆ ਉਸ ਨੂੰ ਭੀ ਘਰ ਆਂਦਾ

ਫਿਰ ਜੋ ਯਾਰ ਪਿਆਰਾ ਭਾਈ ਸਾਇਦ ਨਾਮ ਕੋਈ ਹੈ
ਉਸ ਬਿਨ ਘੜੀ ਆਰਾਮ ਨਾ ਇਸ ਨੂੰ ਹਰਦਮ ਯਾਦ ਸੋਈ ਹੈ

ਹਰ ਹਰ ਪਾਸੇ ਸਿਦਕੋਂ ਪੱਕਾ ਅਹਿਲ ਵਫ਼ਾ ਯਗ਼ਾਨਾ
ਘੱਟ ਵੱਧ ਪੈਦਾ ਕਰਸੀ ਯਾਰੋ ਐਸੈ ਪੁੱਤ ਜ਼ਮਾਨਾ

ਮਲਿਕਾ-ਖ਼ਾਤੂੰ ਤੇ ਭੈਣ ਉਸ ਦੀ ਬਦਰਾ-ਖ਼ਾਤੂੰ ਰਾਣੀ
ਬਦੀਅ-ਜਮਾਲ ਸਹੇਲੀ ਜਿਸਦੀ ਸ਼ਾਹ-ਪਰੀ ਮਨਿ ਭਾਣੀ

ਦੋਏੇ ਭੈਣਾਂ ਮੁੜ ਮੁੜ ਆਵਣ ਨਾਲੇ ਮਾਉ ਉਨ੍ਹਾਂ ਦੀ
ਸੈਫ਼-ਮਲੂਕੇ ਕੋਲ ਲਿਆਵਣ ਜੋ ਸ਼ੈ ਉਸ ਸੁਖਾਂਦੀ

ਖਾਣੇ ਦਾਣੇ ਹੋਰ ਪੋਸ਼ਾਕਾਂ ਸ਼ਰਬਤ ਰੰਗ ਬਰੰਗੀ
ਇਸ ਅਜ਼ੀਜ਼ ਅੱਗੇ ਆ ਰੱਖਣ ਚੀਜ਼ ਦਿੱਸੇ ਜੋ ਚੰਗੀ

ਇਸ਼ਰਤ ਐਸ਼ ਸੱਭੋ ਕੁੱਝ ਲੱਧਾ ਯਾਰ ਨਾ ਅੱਖੀਂ ਡਿੱਠਾ
ਜਾਂ ਜਾਂ ਯਾਰ ਨਾ ਮਿਲੇ ਮੁਹੰਮਦ ਕੁੱਝ ਨਾ ਲਗਦਾ ਮਿੱਠਾ

ਆਸ਼ਿਕ ਨੂੰ ਇਹ ਮਾਲ ਖ਼ਜ਼ਾਨੇ ਤਖ਼ਤ ਹਕੂਮਤ ਸ਼ਾਹੀ
ਦਿਲਬਰ ਬਾਝੋਂ ਐਵੇਂ ਦਿਸਦੇ ਜਿਉਂ ਚੋਰਾਂ ਗਲ ਫਾਹੀ ।(੩੫੪੦)

ਹਿਕ ਦਿਨ ਹੋ ਉਦਾਸ ਸ਼ਹਿਜ਼ਾਦਾ ਕਹਿੰਦਾ ਮਲਿਕਾ ਤਾਈਂ
ਕਦ ਇਕਰਾਰ ਹੋਵੇਗਾ ਪੂਰਾ ਜਾਂਦੀ ਉਮਰ ਅਜ਼ਾਈਂ

ਜਿਨ੍ਹਾਂ ਦੇ ਦਿਲ ਹੁੱਬ ਸੱਜਣ ਦੀ ਸੋ ਕਿਉਂ ਬਹਿਣ ਨਿਚੱਲੇ
ਜਿਚਰ ਫ਼ਿਰਾਕ ਹੋਵੇ ਤਕਦੀਰੋਂ ਉਚਰਕ ਵੱਸ ਨਾ ਚੱਲੇ

ਜਾਂ ਫਿਰ ਦਸ ਸੱਜਣ ਦੀ ਪੌਂਦੀ ਬੱਧੇ ਰਹਿਣ ਨਾ ਠੱਲੇ
ਇਸ ਸ਼ਾਹੀ ਥੀਂ ਉਸ ਦੇ ਕੂਚੇ ਭਲੇ ਮੈਨੂੰ ਧਰਕੱਲੇ

ਜਿਸ ਦਿਲ ਹੁੱਬ ਪਿਆਰ ਸੱਜਣ ਦਾ ਹਰਦਮ ਮਿਲਿਆ ਲੋੜੇ
ਕੀਤੇ ਕੌਲ ਅਸਾਡੇ ਮਲਿਕਾ ਸ਼ਾਇਦ ਤੁਸਾਂ ਤਰੋੜੇ

ਯਾ ਮੈਂ ਥੀਂ ਗੁਸਤਾਖ਼ੀ ਡਿੱਠੀ ਯਾ ਤੁਸੀਂ ਕਿਸੇ ਹੋੜੇ
ਜ਼ਾਇਅ ਉਮਰ ਮਿਲੇ ਬਿਨ ਜਾਂਦੀ ਜਗ ਜੀਵਨ ਦਿਨ ਥੋੜੇ

ਯਾ ਹੁਣ ਯਾਰ ਮਿਲਾਓ ਮੈਨੂੰ ਕੌਲ ਮੂੰਹੇਂ ਦਾ ਪਾਲੋ
ਯਾ ਕੋਈ ਤਰਫ਼ ਵਲਾਇਤ ਉਸ ਦੀ ਰਸਤਾ ਪੰਧ ਦਸਾਲੋ

ਤਖ਼ਤ ਵਲਾਇਤ ਦੌਲਤ ਇੱਜ਼ਤ ਘਰ ਮੇਰੇ ਭੀ ਆਹੀ
ਸਭ ਕੁਛ ਛੋੜ ਪਰੀ ਨੂੰ ਵੇਖਣ ਹੋਇਆਂ ਸਮੁੰਦਰ ਰਾਹੀ

ਫੇਰ ਤੁਸਾਂ ਇਸ ਬਾਦਸ਼ਾਹੀ ਵਿਚ ਕੀਤਾ ਕੈਦ ਧਿੰਙਾਣੇ
ਮੈਂ ਦਿਲਬਰ ਬਿਨ ਸੂਲ਼ੀ ਉੱਤੇ ਐਸ਼ ਤੁਸਾਡੇ ਭਾਣੇ

ਮੌਜਾਂ ਮਾਨਣ ਨਾ ਮੈਂ ਆਇਆ ਤਖ਼ਤ ਤੁਸਾਡੇ ਬਹਿ ਕੇ
ਪਰੀ ਮਿਲੇ ਤਾਂ ਬਿਹਤਰ ਨਹੀਂ ਤਾਂ ਕੀ ਲੈਣਾ ਬਹਿ ਰਹਿ ਕੇ

ਰੁਖ਼ਸਤ ਕਰੋ ਉੱਤੇ ਵੱਲ ਮੈਨੂੰ ਜਿੱਤ ਵੱਲ ਦਸ ਸੱਜਣ ਦੀ
ਪਰਦੇਸਾਂ ਸਿਰ ਦੇਸਾਂ ਕਿਧਰੇ ਵਾਂਙੂ ਕੋਹ ਸ਼ਿਕਨ ਦੀ ।(੩੫੫੦)

ਸਦਕਾ ਕਰ ਜੋ ਸੀਸ ਸੱਜਣ ਦੀਆਂ ਕਦਮਾਂ ਵਿਚ ਨਾ ਲਾਇਆ
ਭਾਰਾ ਭਾਰ ਨਿਕੰਮਾ ਧੜ ਤੇ ਐਵੇਂ ਰੱਖਿਆ ਚਾਇਆ

ਯਾ ਮਰਸਾਂ ਯਾ ਤੁਰਸਾਂ ਕਿਧਰੇ ਕਰਸਾਂ ਸਿਰ ਕੁਰਬਾਨੀ
ਯਾ ਮੇਲੋ ਯਾ ਲੋੜੋ ਮਲਿਕਾ ਜਾਂਦੀ ਮੁਫ਼ਤ ਜਵਾਨੀ

ਮਲਿਕਾ-ਖ਼ਾਤੂੰ ਆਖ ਸੁਣਾਂਦੀ ਮਿੰਨਤ ਕਰੇ ਫੜ ਪੈਰਾਂ
ਕਹਿੰਦੀ ਕਰੋ ਤਹੱਮੁਲ ਭਾਈ ਜਿਉਂ ਧੀਰਾਂ ਤਿਉਂ ਖ਼ੈਰਾਂ

ਕੀਤੋ ਈ ਸਬਰ ਤਹੱਮੁਲ ਅੱਗੇ ਚੌਦਾਂ ਬਰਸ ਲੰਮੇਰੇ
ਹੋਰ ਹੁਣ ਚੌਦਾਂ ਦਿਨ ਕਰ ਜਿਗਰਾ ਆਏ ਭਲੇ ਦਿਨ ਤੇਰੇ

ਸਬਰ ਪਿਆਲਾ ਜ਼ਹਿਰ ਨਿਵਾਲਾ ਅੱਵਲ ਮੁਸ਼ਕਿਲ ਭਾਰਾ
ਓੜਕ ਨਫ਼ਾ ਅਜੇਹਾ ਕਰਦਾ ਜਿਉਂ ਤਰਿਆਕ ਪਿਆਰਾ

ਕੌੜਾ ਮੂੰਹ ਮੁਸੱਬਰ ਕਰਦਾ ਬੁਰੀਆਂ ਹਿੰਙ ਹਰੀੜਾਂ
ਪਰ ਜਾਂ ਸੰਘੋਂ ਹੇਠ ਲੰਘਾਈਏ ਦਫ਼ਾ ਹੋਵਣ ਕਈ ਪੀੜਾਂ

ਕੌੜਾ ਖਾਵਣ ਸੌ ਗੁਣ ਪਾਵਣ ਮਿੱਠਾ ਖਾਵਣ ਵਾਲੇ
ਖ਼ੂਨ ਗ਼ਲੀਜ਼ ਹੋਵੇ ਤਨ ਰੋਗੀ ਥੋੜੇ ਰਹਿਣ ਸੁਖਾਲੇ

ਚੌਦਾਂ ਰੋਜ਼ ਸਬਰ ਕਰ ਭਾਈ ਝੱਲੀਂ ਦਰਦ ਜੁਦਾਈ
ਬੈਠਾ ਪੀ ਸ਼ਰਾਬ ਸਬਰ ਦਾ ਕੱਫ਼ ਗ਼ਮਾਂ ਦੀ ਜਾਈ

'ਅਲਤਾਨੀ ਮਿਨ-ਉ-ਰਹਿਮਾਨਾ' ਤਾਵਲ ਨਹੀਂ ਕਰੀਦੀ
ਦਮ ਦਮ ਖ਼ਬਰ ਅਸਾਨੂੰ ਆਵੇ ਅਜਬ ਜਮਾਲ ਪਰੀ ਦੀ

ਨੂਰ ਜ਼ਹੂਰ ਪਰੀ ਦੇ ਕੋਲੋਂ ਹੋਸੀ ਦੂਰ ਹਨੇਰਾ
ਸਰਾਂਦੀਪ ਮੁਲਕ ਵਿਚ ਸਾਰੇ ਚਾਨਣ ਹੋਗ ਵਧੇਰਾ ।(੩੫੬੦)

ਹੋਸੀ ਬਾਗ਼ ਅਸਾਡੇ ਅੰਦਰ ਆ ਪਰੀਆਂ ਦਾ ਡੇਰਾ
ਮੁਸ਼ਤਾਕਾਂ ਦੇ ਭਾਗ ਸਵਾਏ ਜਦੋਂ ਕਰੇਗੀ ਫੇਰਾ

ਘਰ ਦਰ ਸਾਡੇ ਹੋਗ ਬਹਿਸ਼ਤੋਂ ਰੌਣਕ ਰੂਪ ਸਵਾਇਆ
ਉਹ ਭੀ ਨੂਰੋਂ ਨੂਰ ਹੋਏਗਾ ਜਿਸ ਕਿਸ ਦਰਸਨ ਪਾਇਆ

ਜਿਸ ਦੀਦਾਰ ਨਾ ਵੇਖਣ ਹੋਇਆ ਨਾਲ਼ ਅਫ਼ਸੋਸ ਜਲੇਗਾ
ਇਸ਼ਕੇ ਬਾਝ ਨਾ ਡਿੱਠਾ ਜਾਸੀ ਆਸ਼ਿਕ ਝਾਲ ਝੱਲੇਗਾ

ਤੂੰ ਹੈਂ ਆਸ਼ਿਕ ਖ਼ਾਸਾ ਉਸ ਦਾ ਆਇਓਂ ਛੋੜ ਵਲਾਇਤ
ਉਸ ਪਿੱਛੇ ਤੁਧ ਸਿਰ ਤੇ ਝੱਲੀ ਸਖ਼ਤੀ ਬੇਨਿਹਾਇਤ

ਮੈਂ ਭੀ ਕਸਮ ਖ਼ੁਦਾ ਦੀ ਕਰਕੇ ਕੀਤੀ ਸ਼ਰਤ ਪਕੇਰੀ
ਅਜਬ-ਜਮਾਲ ਪਰੀ ਦੇ ਅੱਗੇ ਅਰਜ਼ ਕਰਾਂਗੀ ਤੇਰੀ

ਮਾਂ ਮੇਰੀ ਤੇ ਬਦਰਾ-ਖ਼ਾਤੂੰ ਉਹ ਭੀ ਕਹਾਵਣ ਹੱਬਾਂ
ਜੇ ਖ਼ੀਰੀ ਹੁਣ ਕੀਤਾ ਮੌਲਾ ਮੇਲਾ ਨਾਲ਼ ਸਬੱਬਾਂ

ਨਾਲ਼ ਬਦੀਅ-ਜਮਾਲ ਪਰੀ ਦੇ ਸੈਫ਼-ਮਲੂਕੇ ਤਾਈਂ
ਕੱਠੀ ਅਸੀਂ ਜ਼ਿਆਫ਼ਤ ਕਰਸਾਂ ਆਖਣ ਚਾਈਂ ਚਾਈਂ

ਬਾਪ ਮੇਰਾ ਭੀ ਕਸਮਾਂ ਕਰਦਾ ਜਾਂ ਵੱਸ ਲੱਗਾ ਮੇਰਾ
ਸੈਫ਼-ਮਲੂਕ ਧਰਮ ਦਾ ਬੇਟਾ ਕਰਸਾਂ ਫ਼ਿਕਰ ਬਤੇਰਾ

ਅਸੀਂ ਸੱਭੋ ਇਸ ਗੱਲੇ ਉੱਤੇ ਆਪੋ ਆਪਣੀ ਜਾਈ
ਸ਼ਾਮਿਲ ਹੋ ਖਲੋਤੇ ਆਪੇ ਚਿੰਤਾ ਨਾ ਕਰ ਭਾਈ

ਦੇਸੀ ਰੱਬ ਮੁਰਾਦਾਂ ਤੈਨੂੰ ਸ਼ੱਕ ਨਹੀਂ ਇਕ ਜ਼ੱਰਾ
ਨਾਲ਼ ਬਦੀਅ-ਜਮਾਲ ਪਰੀ ਦੇ ਹੋਗ ਵਿਸਾਲ ਮੁਕਰਰਾ ।(੩੫੭੦)

ਸੁਣ ਗੱਲਾਂ ਸ਼ਹਿਜ਼ਾਦੇ ਤਾਈਂ ਹੋਈ ਕੁੱਝ ਤਸੱਲੀ
ਲੈ ਦੁਆਈਂ ਅਤੇ ਸਨਾਈਂ ਮਲਿਕਾ ਘਰ ਨੂੰ ਚੱਲੀ

ਆ ਸਾਕੀ ਭਰ ਦੇ ਪਿਆਲਾ ਆਇਆ ਵਕਤ ਖ਼ੁਸ਼ੀ ਦਾ
ਨੇੜੇ ਆ ਮੁਕਾਮੀ ਹੋਇਆ ਪਿਛਲਾ ਯਾਰ ਪੋਸ਼ੀਦਾ

ਮੱਧ ਪੀਵਾਂ ਮਸਤਾਨਾ ਥੀਵਾਂ ਰਲ਼ ਕੇ ਸੰਗ ਸਵਾਰਾਂ
ਸ਼ਹਿਰ ਜੰਗਲ਼ ਥੀਂ ਬਾਹਰ ਨਿਕਲ ਕੇ ਢੂੰਡ ਲਿਆਵਾਂ ਯਾਰਾਂ

44. ਦਰ ਬਿਆਨ ਮੁਲਾਕਾਤ ਸ਼ੁਦਨ ਬਾ ਸਾਇਦ ਵਾ ਬਦਸਤ
ਆਮਦਨ ਵਾ ਕੈਫ਼ੀਅਤਿ ਖ਼ੁਦ ਬਿਆਨ ਕਰਦਨ ਬਯੱਕ
ਦੀਗਰ ਸਾਇਦ ਵਾ ਸ਼ਾਹਜ਼ਾਦਾ
(ਸ਼ਹਿਜ਼ਾਦੇ ਦਾ ਸਾਇਦ ਨਾਲ਼ ਮੁਲਾਕਾਤ ਕਰਨਾ ਤੇ ਇਕ
ਦੂਜੇ ਨੂੰ ਅਪਣਾ ਹਾਲ ਦੱਸਣਾ)

ਰਾਵੀ ਏਸ ਕਹਾਣੀ ਵਾਲਾ ਲਾਲਾਂ ਦਾ ਵਣਜਾਰਾ
ਚੁਣ ਚੁਣ ਮੋਤੀ ਦਏ ਮਜ਼ੂਰੀ ਕਹੇ ਮੁਹੰਮਦ ਯਾਰਾ

ਸ਼ਹਿਜ਼ਾਦੇ ਨੂੰ ਛੋੜ ਉਥਾਈਂ ਸੰਗ ਲੱਧਾ ਉਸ ਭਾਰਾ
ਸਾਇਦ ਦੀ ਲੈ ਖ਼ਬਰ ਇਕੱਲਾ ਦੂਰ ਰਿਹਾ ਬੇਚਾਰਾ

ਔਖਾ ਸੌਖਾ ਹੋ ਇਕਵਾਰੀ ਢੂੰਡ ਲਿਆਵੇਂ ਉਸ ਨੂੰ
ਤੈਨੂੰ ਭੀ ਰੱਬ ਸੰਗ ਮਿਲਾਵੇ ਸੰਗ ਮਿਲਾਵੇਂ ਉਸ ਨੂੰ

ਸਿਰ ਪਰ ਸਫ਼ਰ ਮੁਸੀਬਤ ਸਹੀਏ ਅਪਣਾ ਹਾਲ ਵੰਜਾਈਏ
ਨਜਮ-ਨਿਸਾ ਸਹੇਲੀ ਵਾਂਗਰ ਯਾਰਾਂ ਯਾਰ ਮਿਲਾਈਏ

ਹਾਤਿਮ ਤਾਈ ਨੇ ਸੁਣ ਭਾਈ ਕੀਤੀ ਕੇਡ ਕਮਾਈ
ਮੰਨ ਸਵਾਲ ਦੂਏੇ ਦੇ ਲਏ ਆਪਣੀ ਜਾਨ ਗਵਾਈ

ਬਾਦਸ਼ਾਹੀ ਸੱਟ ਸਫ਼ਰ ਮੁਸੀਬਤ ਸੱਤ ਵਾਰੀ ਉਸ ਚਾਈ
ਹੁਣ ਤੱਕ ਨਾਮ ਹਯਾਤ ਉਸੇ ਦਾ ਸ਼ਾਬਸ਼ ਦੇਸ ਲੋਕਾਈ

ਤੂੰ ਭੀ ਮਰਦ ਜਵਾਨ ਕਹਾਵੇਂ ਕੂੜਾ ਸੱਚਾ ਜੈਸਾ
ਸਾਇਦ ਤੇ ਸ਼ਹਿਜ਼ਾਦੇ ਵਾਲਾ ਮੇਲ਼ ਕਰਾਵੇਂ ਕੈਸਾ ।(੩੫੮੦)

ਉਸ ਨੂੰ ਬਾਹੋਂ ਪਕੜ ਸ਼ਹਿਰ ਦੇ ਰਾਹ ਪਰ ਆਣ ਬਹਾਈਂ
ਸੈਫ਼-ਮਲੂਕ ਸ਼ਿਕਾਰ ਚਲੇ ਤਾਂ ਓਸੇ ਰਾਹ ਲੰਘਾਈਂ

ਹਿਕ ਦੂਜੇ ਨੂੰ ਵੇਖ ਲੈਣਗੇ ਰਹਿਸੀ ਨਹੀਂ ਇਕੱਲਾ
ਦੋਂਵੇਂ ਰਾਜ਼ੀ ਹੋਣ ਇਸ ਕੰਮੋਂ ਪਾਕ ਤੇਰਾ ਤਦ ਪੱਲਾ

ਬੰਨ੍ਹ ਹੁਣ ਲੱਕ ਮੁਹੰਮਦ ਬਖਸ਼ਾ ਰਾਵੀ ਮਰਦ ਵੰਗਾਰੇ
ਹਿਕ ਦਿਨ ਸੈਫ਼-ਮਲੂਕ ਸ਼ਹਿਜ਼ਾਦਾ ਚੜ੍ਹਿਆ ਤਰਫ਼ ਸ਼ਿਕਾਰੇ

ਸਰਾਂਦੀਪ ਸ਼ਹਿਰ ਦਾ ਵਾਲੀ ਸ਼ਹਿਨਸ਼ਾਹ ਵਡੇਰਾ
ਉਹ ਭੀ ਨਾਲ਼ ਸ਼ਹਿਜ਼ਾਦੇ ਚੜ੍ਹਿਆ ਲਸ਼ਕਰ ਹੋਰ ਬਤੇਰਾ

ਸਰਾਂਦੀਪ ਨਗਰ ਵਿਚ ਫਿਰਦੇ ਕੂਚੇ ਗਲੀ ਬਜ਼ਾਰਾਂ
ਹਰ ਹਰ ਕਦਮੇ ਨਾਲ਼ ਸ਼ਹਿਜ਼ਾਦੇ ਫਿਰਦੇ ਸਰਦਾਰਾਂ

ਮਾਣਕ ਮੋਤੀ ਹੀਰੇ ਪੰਨੇ ਮੁਹਰਾਂ ਹੋਰ ਦੀਨਾਰਾਂ
ਸਦਕੇ ਸੁੱਟ ਸੁੱਟ ਤੂਦੇ ਲੱਗੇ ਪੈਰਾਂ ਹੇਠ ਸਵਾਰਾਂ

ਖ਼ਲਕਤ ਭੱਜ ਭੱਜ ਤੱਕਣ ਆਵੇ ਸੈਫ਼-ਮਲੂਕ ਪਿਆਰਾ
ਮਿਸਰ ਸ਼ਹਿਰ ਦਾ ਵਾਲੀ ਕੈਸਾ ਦੇਵਤਿਆਂ ਤੇ ਭਾਰਾ

ਮੀਰ ਵਜ਼ੀਰ ਉਮਰਾ ਸ਼ਹਿਜ਼ਾਦੇ ਸ਼ਾਹ ਸੌਦਾਗਰ ਜ਼ਾਦੇ
ਪੰਚ ਪੰਚਾਇਤ ਅਹਿਲ ਵਲਾਇਤ ਸਦਕੇ ਦੇਣ ਜ਼ਿਆਦੇ

ਸ਼ਹਿਜ਼ਾਦੇ ਨੂੰ ਵੇਖਣ ਵਾਲੇ ਅੰਤ ਨਾ ਰਿਹਾ ਕਾਈ
ਹਿਕ ਦੂਜੇ ਤੇ ਢਹਿ ਮਰਦੇ ਔਰਤ ਮਰਦ ਲੋਕਾਈ

ਹਿਕ ਚੁਬਾਰੇ ਵਿਚੋਂ ਵੇਖਣ ਝਾਕੀ ਖੋਲ ਸ਼ਿਤਾਬੀ
ਗਲੀਆਂ ਛੱਤ ਬਜ਼ਾਰ ਬਨੇਰਾ ਖ਼ਲਕਤ ਬੇਹਿਸਾਬੀ ।(੩੫੯੦)

ਸਭ ਕਿਸੇ ਨੂੰ ਮਿੱਠਾ ਲਗਦਾ ਹਰ ਹਿਕ ਦੇ ਦਿਲ ਪੁੜਦਾ
ਖ਼ਲਕਤ ਤੱਕ ਤੱਕ ਰੱਜੇ ਨਾਹੀਂ ਕੋਈ ਨਾ ਪੁੱਛੇ ਮੁੜਦਾ

ਹਿਕ ਸ਼ਹਿਜ਼ਾਦਾ ਦੂਜਾ ਸੋਹਣਾ ਨਾਲੇ ਸਖ਼ੀ ਬਹਾਦਰ
ਨਾਲੇ ਦੂਰ ਵਤਨ ਥੀਂ ਆਇਆ ਸਫ਼ਰ ਡਿਠੇ ਇਸ ਨਾਦਰ

ਹੁਸਨ ਜਵਾਨੀ ਮੱਧ ਮਸਤਾਨੀ ਚਿਹਰੇ ਇਸ਼ਕ ਨੂਰਾਨੀ
ਉਮਰ ਅਵਾਇਲ ਹੁੰਦਾ ਘਾਇਲ ਜੋ ਦੇਖੇ ਇਸ ਜਾਨੀ

ਦਾਨਿਸ਼ਮੰਦ ਅਕਾਬਰ ਨਾਲੇ ਆਲਿਮ ਫ਼ਾਜ਼ਿਲ ਰਾਗੀ
ਖ਼ੁਸ਼ ਆਵਾਜ਼ ਕਰੇ ਜਿਸ ਵੇਲੇ ਪੀੜ ਪਿਰਮ ਦੀ ਜਾਗੀ

ਹਰ ਬੰਦੇ ਨੂੰ ਲੱਗਾ ਪਿਆਰਾ ਜਿਸ ਜਿਸ ਨੇ ਉਹ ਡਿੱਠਾ
ਜਿਹੜੇ ਸਿਫ਼ਤ ਜ਼ਬਾਨੋਂ ਕਰਦੇ ਹੋਵੇ ਉਨ੍ਹਾਂ ਮੂੰਹ ਮਿੱਠਾ

ਸੁਣਨੇ ਵਾਲੇ ਸੁਣ ਸੁਣ ਸਿਫ਼ਤਾਂ ਆਸ਼ਿਕ ਹੋਣ ਬਤੇਰੇ
ਸ਼ਹਿਜ਼ਾਦਾ ਵਿਚ ਸ਼ਮ੍ਹਾ ਨੂਰਾਨੀ ਖ਼ਲਕ ਪਤੰਗ ਚੌਫੇਰੇ

ਜੇ ਉਹ ਕਦਮ ਅੱਖੀਂ ਤੇ ਰੱਖੇ ਸਭ ਆਖਣ ਬਿਸਮਿਲਾ
ਹਰ ਕੋਈ ਦੇ ਦੁਆਈਂ ਦਿਲ ਥੀਂ ਕੋਈ ਨਾ ਕਰਦਾ ਗਿਲਾ

ਖ਼ਲਕਤ ਆਖੇ ਜੋ ਕੁੱਝ ਖ਼ੂਬੀ ਦੁਨੀਆਂ ਉੱਤੇ ਆਈ
ਜੋ ਜੋ ਸਿਫ਼ਤ ਸਲਾਹੁਣ ਵਾਲੀ ਖ਼ਾਲਿਕ ਪਾਕ ਬਣਾਈ

ਜੋ ਭਲਿਆਈਆਂ ਵੱਧ ਸ਼ੁਮਾਰੋਂ ਵਿਚ ਕਿਤਾਬਾਂ ਸੁਣੀਆਂ
ਸਭਨਾਂ ਸਿਫ਼ਤਾਂ ਵਿਚ ਮੁਹੰਮਦ ਇਹੋ ਸੱਚ ਮੁੱਚ ਗਿਣੀਆਂ

ਜੋ ਕੁੱਝ ਜ਼ੀਨਤ ਜ਼ੇਬ ਬਦਨ ਦਾ ਸੂਰਤ ਹੁਸਨ ਜਵਾਨੀ
ਇਸੇ ਕਾਰਨ ਸਿਰਜੀ ਖ਼ਾਲਿਕ ਦਿਤੀਓਸੁ ਕਰ ਅਰਜ਼ਾਨੀ ।(੩੬੦੦)

ਵੇਖ ਹੈਰਾਨ ਰਹੀ ਸਭ ਖ਼ਲਕਤ ਥਾਂ-ਪ-ਥਾਂ ਖਲੋਈ
ਸੈਫ਼-ਮਲੂਕੇ ਦੀ ਅਸਵਾਰੀ ਸ਼ਹਿਰੋਂ ਬਾਹਰ ਹੋਈ

ਰੱਖ ਸ਼ਿਕਾਰ ਬਹਾਨਾ ਟੁਰਿਆ ਹੋਣ ਜੰਗਲ਼ ਦਾ ਵਾਸੀ
ਸਾਇਦ ਦੇ ਇਸ ਦਰਦ ਫ਼ਿਰਾਕੋਂ ਹੋਇਆ ਜੀ ਉਦਾਸੀ

ਪਰੀ ਵੱਲੋਂ ਕੁੱਝ ਹੋਈ ਤਸੱਲੀ ਵਕਤ ਮਿਲਣ ਦਾ ਆਇਆ
ਚੌਦਾਂ ਰੋਜ਼ਾਂ ਦਾ ਕਰ ਅਰਸਾ ਮਲਿਕਾ ਜ਼ਿੰਮਾ ਚਾਇਆ

ਸਾਇਦ ਦੀ ਹੁਣ ਛਿਕ ਸੀਨੇ ਵਿਚ ਲੈਣ ਅਰਾਮ ਨਾ ਦੇਂਦੀ
ਤਰੁੱਟੀ ਸਾਂਗ ਕਲੇਜੇ ਅੰਦਰ ਹਰਦਮ ਰੜਕ ਮਰੇਂਦੀ

ਸ਼ਹਿਜ਼ਾਦਾ ਦਿਲ ਖ਼ਫ਼ਗੀ ਅੰਦਰ ਚੁੱਪ ਚੁਪਾਤਾ ਜਾਂਦਾ
ਬਾਹਰ ਸ਼ਿਕਾਰੀ ਦਿਸੇ ਵਿਚੋਂ ਆਪ ਸ਼ਿਕਾਰ ਗ਼ਮਾਂ ਦਾ

ਸਾਇਦ ਨੂੰ ਹਰ ਸਾਇਤ ਅੰਦਰ ਯਾਦ ਕਰੇ ਤੇ ਰੋਵੇ
ਆਖੇ ਯਾ ਰੱਬ ਸਾਈਆਂ ਕਿਥੋਂ ਐਡ ਨਸੀਬਾ ਹੋਵੇ

ਸਾਇਦ ਯਾਰ ਮਿਲੇ ਅੱਜ ਮੈਨੂੰ ਅਚਨਚੇਤ ਉਸ ਰਾਹੋਂ
ਜਾਵੇ ਦਾਗ਼ ਜੁਦਾਈ ਵਾਲਾ ਹੋਵੇ ਫ਼ਜ਼ਲ ਅਲਾਹੋਂ

ਉਸੇ ਸੈਰ ਸ਼ਿਕਾਰੇ ਅੰਦਰ ਫਿਰਦਾ ਸੀ ਸ਼ਹਿਜ਼ਾਦਾ
ਕੀ ਤੱਕਦਾ ਹਿਕ ਜਾਈ ਬੈਠਾ ਮਰਦ ਬੁੱਢਾ ਹਿਕ ਸਾਦਾ

ਬੈਠਾ ਕੋਲ ਉਹਦੇ ਹੋਰ ਦੂਜਾ ਸ਼ਖ਼ਸ ਜਵਾਨ ਉਮਰ ਦਾ
ਤਨ ਰੰਜੂਰੀ ਉਪਰ ਭੂਰੀ ਨਾ ਤਹਿ-ਬੰਦ ਕਮਰ ਦਾ

ਲੰਮੇ ਵਾਲ਼ ਮਦਾਰੀ ਵਾਂਗਰ ਲਿੱਟਾਂ ਬਣ ਬਣ ਆਏ
ਨਾ ਸਿਰ ਪੱਗ ਨਾ ਟੋਪੀ ਚੋਲ਼ੀ ਮੂੰਹ ਸਿਰ ਖ਼ਾਕ ਰਮਾਏ ।(੩੬੧੦)

ਪੈਰ ਪਾੜ ਬਿਆਈਆਂ ਕੀਤੇ ਮੈਲ ਕੀਤਾ ਰੰਗ ਕਾਲ਼ਾ
ਨਕਸ਼ ਸੁੰਦਰ ਮਹਿਬੂਬਾਂ ਵਾਲੇ ਮਜਜ਼ੂਬਾਂ ਦਾ ਚਾਲਾ

ਲਾਗ਼ਰ ਅੰਗ ਹੋਇਆ ਸੁੱਕ ਤੀਲਾ ਰੰਗ ਕੇਸਰ ਜਿਉਂ ਪੀਲ਼ਾ
ਅੱਖੀਂ ਪਾਣੀ ਡਲ਼ ਡਲ਼ ਡਲਕੇ ਬੁਰਾ ਗ਼ਰੀਬੀ ਹੀਲਾ

ਹੱਥਾਂ ਪੈਰਾਂ ਦੇ ਨਹੁੰ ਵੱਧ ਕੇ ਨਸ਼ਤਰ ਵਾਂਗਰ ਹੋਏ
ਬਗ਼ਲਾਂ ਹੇਠ ਹਜਾਮਤ ਵਾਲੇ ਲੰਮੇ ਵਾਲ਼ ਖਲੋਏ

ਹਿਕੋ ਭੂਰੀ ਬਗਲਾ ਉਪਰ ਉਹੋ ਲੱਕ ਦੁਆਲੇ
ਚੁੱਪ ਚੁਪਾਤਾ ਬੈਠਾ ਡਿੱਠਾ ਮਜਜ਼ੂਬਾਂ ਦੇ ਚਾਲੇ

ਨਿਮੋਝੂਣ ਹੈਰਾਨ ਫ਼ਿਕਰ ਵਿਚ ਸਿਰ ਜ਼ਾਨੂੰ ਤੇ ਧਰਿਆ
ਆਇਆ ਨਜ਼ਰ ਸ਼ਹਿਜ਼ਾਦੇ ਤਾਈਂ ਧੂੜ ਗ਼ਮਾਂ ਦੀ ਭਰਿਆ

ਜਾਂ ਕਰ ਨਜ਼ਰ ਡਿੱਠਾ ਸ਼ਹਿਜ਼ਾਦੇ ਪਿਆ ਭੁਲਾਵਾ ਅਕਲੋਂ
ਸਾਇਦ ਵਾਂਗ ਨਮੂਨਾ ਦਿੱਸੇ ਹੱਥੋਂ ਪੈਰੋਂ ਸ਼ਕਲੋਂ

ਕਰ ਤਾਕੀਦ ਹਜ਼ਾਰ ਹਜ਼ਾਰਾਂ ਕਹਿੰਦਾ ਸ਼ਾਹ ਨਕੀਬੇ
ਲੈ ਚੱਲ ਡੇਰੇ ਮੇਰੇ ਅੰਦਰ ਉਸ ਮਜਜ਼ੂਬ ਗ਼ਰੀਬੇ

ਚੇਤਾ ਚੇਤਾ ਕਾਬੂ ਰੱਖੀਂ ਮੱਤ ਕਿਧਰੇ ਉਠ ਜਾਏ
ਜਾਂ ਮੈਂ ਮੁੜਕੇ ਡੇਰੇ ਆਵਾਂ ਆਣ ਦੱਸੀਂ ਇਸ ਜਾਏ

ਲੈ ਕੇ ਹੁਕਮ ਗ਼ੁਲਾਮ ਸ਼ਿਤਾਬੀ ਫਿਰਿਆ ਜਾ ਚੌਫੇਰੇ
ਧਰਿ ਅੱਗੇ ਮਜਜ਼ੂਬੇ ਤਾਈਂ ਆਣ ਬਹਾਇਓਸੁ ਡੇਰੇ

ਸ਼ਹਿਜ਼ਾਦੇ ਨੇ ਤਾਵਲ ਕੀਤੀ ਕਿਵੇਂ ਮੁੜ ਕੇ ਚੱਲਾਂ
ਇਸ ਗ਼ਰੀਬ ਜਣੇ ਥੀਂ ਪੁੱਛਾਂ ਹਾਲ ਉਹਦੇ ਦੀਆਂ ਗੱਲਾਂ ।(੩੬੨੦)

ਚਾਮਲ ਚਾਇਆ ਚਾਅ ਚਲਾਇਆ ਘੋੜੇ ਚਾਬਕ ਲਾਇਆ
ਹਿਕ ਅੰਦਰ ਸੀ ਸਿਕ ਸੱਜਣ ਦੀ ਛਿਕ ਵਿਰਾਗ ਲਿਆਇਆ

ਡੇਰੇ ਆਣ ਲੱਥਾ ਫਿਰ ਜਲਦੀ ਫ਼ਾਰਿਗ਼ ਹੋਇ ਸ਼ਿਕਾਰੋਂ
ਆਵਣ ਸਾਥ ਗੁਲਾਮਾਂ ਤਾਈਂ ਹੁਕਮ ਹੋਇਆ ਸਰਕਾਰੋਂ

ਹਾਜ਼ਿਰ ਕਰੋ ਸ਼ਿਤਾਬੀ ਏਥੇ ਉਸ ਮਜਜ਼ੂਬ ਜਣੇ ਨੂੰ
ਖ਼ਫ਼ਗੀ ਦੀ ਗੱਲ ਪੁੱਛੀਏ ਸਾਰੀ ਖ਼ਫ਼ਤੀ ਰੰਗ ਬਣੇ ਨੂੰ

ਖ਼ਿਦਮਤਗਾਰ ਗਏ ਉਠ ਜਲਦੀ ਪਕੜ ਗ਼ਰੀਬ ਲਿਆਂਦਾ
ਸ਼ਹਿਜ਼ਾਦੇ ਦੇ ਤਖ਼ਤੇ ਅੱਗੇ ਜਾਂ ਉਹ ਹੋਇਆ ਵਾਂਦਾ

ਕਰੇ ਸਲਾਮਾਂ ਵਾਂਗ ਗ਼ੁਲਾਮਾਂ ਚੁੰਮ ਜ਼ਮੀਨ ਅਦਬ ਦੀ
ਕਹੇ ਦੁਆਈਂ ਸਿਫ਼ਤ ਸਨਾਈਂ ਵਾਂਗ ਕਲਾਮ ਅਜਬ ਦੀ

ਬਹੁਤ ਫ਼ਸਾਹਤ ਨਾਲ਼ ਬਲਾਗ਼ਤ ਕਰੇ ਕਲਾਮ ਜ਼ਬਾਨੋਂ
ਖ਼ੁਸ਼ ਅਵਾਜ਼ਾ ਸਮਝ ਅੰਦਾਜ਼ਾ ਬੋਲੇ ਸੁਖ਼ਨ ਬਿਆਨੋਂ

ਵਾਂਗ ਵਜ਼ੀਰਾਂ ਕਰ ਤਦਬੀਰਾਂ ਖ਼ੂਬ ਕਰੇ ਤਕਰੀਰਾਂ
ਸੁਣ ਤਫ਼ਸੀਰਾਂ ਬਾ ਤਾਸੀਰਾਂ ਲੱਗੀ ਚੁੱਪ ਅਮੀਰਾਂ

ਚਾਲ ਕਮਾਲ ਵਬਾਲ ਅਲੂਦੀ ਨਾਲ਼ ਜ਼ਵਾਲ ਅਵੇਹੇ
ਹਾਲ ਮਿਸਾਲ ਕੰਗਾਲ ਸੁਦਾਈਆਂ ਕਾਲ ਮਿਕਾਲ ਅਜੇਹੇ

ਆਮ ਤਮਾਮ ਕਲਾਮ ਉਹਦੇ ਸੁਣ ਕਾਮ ਸਲਾਮ ਸ਼ਹਾਨੇ
ਨਾਮ ਇਨਾਮ ਹਰਾਮ ਹੋਇਓ ਨੇ ਵੇਖ ਕਲਾਮ ਯਗ਼ਾਨੇ

ਸ਼ਹਿਜ਼ਾਦੇ ਫ਼ੁਰਮਾਇਆ ਅੱਗੋਂ ਸੁਣ ਤੂੰ ਮਰਦ ਗ਼ਰੀਬਾ
ਕਿਥੋਂ ਆਇਓਂ ਕਿੱਥੇ ਜਾਸੇਂ ਫੇਰੇ ਕਿਧਰ ਨਸੀਬਾ ।(੩੬੩੦)

ਕੀ ਮਤਲਬ ਕੀ ਨਾਂਵਾਂ ਤੇਰਾ ਦੱਸੀਂ ਮਰਦ ਬਦੇਸੀ
ਕਹਿਓਸੁ ਮਤਲਬ ਪੁੱਛੋ ਨਾਹੀਂ ਕੌਣ ਸਾਈਂ ਬਿਨ ਦੇਸੀ

ਮਿਸਰ ਸ਼ਹਿਰ ਥੀਂ ਆਇਓਸੁ ਸ਼ਾਹਾ ਉਹ ਮੈਂ ਵਤਨ ਪਿਆਰਾ
ਜਾਵਣ ਦਾ ਕੁੱਝ ਪਤਾ ਨਾ ਅੱਗੋਂ ਕਿੱਤ ਵੱਲ ਰਿਜ਼ਕ ਹਮਾਰਾ

ਨਾਮ ਮਿਸਰ ਦਾ ਸੁਣ ਸ਼ਹਿਜ਼ਾਦੇ ਭੜਕ ਲੱਗੀ ਅੱਗ ਸੀਨੇ
ਆਹ ਚਲਾਵੇ ਤੇ ਫ਼ੁਰਮਾਵੇ ਸੁਖ ਵੱਸ ਮਿਸਰ ਜ਼ਮੀਨੇ

ਫਿਰ ਪਿੱਛੇ ਕੀ ਨਾਂਵਾਂ ਤੇਰਾ ਸੱਚ ਦਸਾਲੀਂ ਭਾਈ
ਕਹਿਓਸੁ ਨਾਮ ਮੇਰਾ ਹੈ ਸਾਇਦ ਰੱਖਿਆ ਬਾਬਲ ਮਾਈ

ਸਾਇਦ ਦਾ ਸੁਣ ਨਾਮ ਸ਼ਹਿਜ਼ਾਦਾ ਤਖ਼ਤੋਂ ਉੱਠ ਖਲੋਇਆ
ਹੋ ਬੇਹੋਸ਼ ਢੱਠਾ ਖਾ ਗਰਦੀ ਸਹੀ ਹੋਵੇ ਜਿਉਂ ਮੋਇਆ

ਜਾਂ ਬੇਹੋਸ਼ ਹੋਇਆ ਸ਼ਹਿਜ਼ਾਦਾ ਡਿੱਠਾ ਨਫ਼ਰ ਗ਼ੁਲਾਮਾਂ
ਬੇ ਅਕਲਾਂ ਕੁੱਝ ਸਮਝ ਨਾ ਕੀਤੀ ਪਾਇਆ ਸ਼ੋਰ ਹੰਗਾਮਾ

ਜੋ ਜੋ ਆਹੇ ਦਾਨਿਸ਼ ਵਾਲੇ ਸ਼ਹਿਜ਼ਾਦੇ ਪਰ ਢੱਠੇ
ਸਾਇਦ ਨੂੰ ਫੜ ਮਾਰਨ ਲੱਗੇ ਹੋ ਬੇਅਕਲ ਇਕੱਠੇ

ਕੁੰਦ ਫ਼ਹਿਮਾਂ ਨੇ ਮਾਲਮ ਕੀਤਾ ਸ਼ਹਿਜ਼ਾਦੇ ਦਾ ਵੈਰੀ
ਸੈਫ਼-ਮਲੂਕ ਕੀਤਾ ਇਸ ਦੁਖੀਆ ਇਹ ਕਿਉਂ ਜਾਵੇ ਖ਼ੈਰੀ

ਹਿਕ ਦੂਏੇ ਥੀਂ ਸਰਸ ਉਹ ਜ਼ਾਲਿਮ ਤਰਸ ਨਾ ਕਰਦਾ ਕੋਈ
ਇਸ ਆਜ਼ਿਜ਼ ਦੇ ਵੰਡੇ ਯਾਰੋ ਕੀ ਦੱਸਾਂ ਜੋ ਹੋਈ

ਲੱਤਾਂ ਮੁੱਕੇ ਮਾਰ ਤਮਾਚੇ ਨਾਲ਼ ਤੜਾਤੜ ਵੱਟਾਂ
ਸੋਟੇ ਸਹਿ ਸੌ ਲਾਸਾਂ ਪਈਆਂ ਭੰਨਿਆ ਫੱਟਾਂ ਸੱਟਾਂ ।(੩੬੪੦)

ਮਾਰਾਂ ਖਾਧਾ ਢਹਿੰਦਾ ਰੁੜ੍ਹਦਾ ਕਰ ਹਿੰਮਤ ਉਠ ਨੱਠਾ
ਹਿਕ ਇਕੱਲੇ ਕੋਠੇ ਅੰਦਰ ਛੁਪ ਕਿਤੇ ਵੰਝ ਢੱਠਾ

ਸੈਫ਼-ਮਲੂਕ ਉੱਤੇ ਛਿਣਕਾਏ ਇਤਰ ਗੁਲਾਬ ਅਮੀਰਾਂ
ਪੱਖੇ ਝੱਲੇ ਤਲੀਆਂ ਮਲੀਆਂ ਵਾਂਙੂ ਸਕਿਆਂ ਵੀਰਾਂ

ਜਿਸ ਵੇਲੇ ਸ਼ਾਹ ਹੋਸ਼ ਸੰਭਾਲੀ ਪੁਛਿਓਸੁ ਸਾਇਦ ਕਿੱਥੇ
ਸਭ ਹਕੀਕਤ ਨਫ਼ਰਾਂ ਦੱਸੀ ਇਹ ਕੁੱਝ ਗੁਜ਼ਰੀ ਇੱਥੇ

ਮਾਰੀ ਦਾ ਉਠ ਨੱਠਾ ਸਾਇਦ ਅਸੀਂ ਰਹੇ ਵਿਚ ਰੌਲੇ
ਖ਼ਬਰ ਨਹੀਂ ਵੰਝ ਛੁਪਿਆ ਕਿੱਥੇ ਹੈ ਬਚਿਆ ਕਿਸ ਡੌਲੇ

ਸੈਫ਼-ਮਲੂਕ ਕਿਹਾ ਕੰਮ ਬਖ਼ਤੋ ਬੁਰਾ ਹਨੇਰ ਕੀਤੋ ਏ
ਆਪਣੇ ਵੱਲੋਂ ਸੱਜਣ ਬਣ ਕੇ ਮੇਰਾ ਲਹੂ ਪੀਤੋ ਏ

ਅਹਿਮਕ ਸੱਜਣ ਦੀ ਭਲਿਆਈ ਵੈਰ ਹੁੰਦਾ ਸਤਰਾਣਾ
ਤਨ ਦੇ ਸੱਜਣ ਦਿਲ ਦੇ ਦੁਸ਼ਮਣ ਜਿਨ੍ਹਾਂ ਜ਼ੁਹਦ ਨਾ ਭਾਣਾ

ਸ਼ਹਿਜ਼ਾਦੇ ਫ਼ੁਰਮਾਇਆ ਉਸ ਨੂੰ ਪੈਦਾ ਕਰੋ ਸ਼ਿਤਾਬੀ
ਨਫ਼ਰਾਂ ਜਾਤਾ ਹੈ ਤਕਸੀਰੀ ਕਰੀਏ ਢੂੰਡ ਖ਼ਰਾਬੀ

ਨਫ਼ਰ ਗ਼ੁਲਾਮ ਚੌਤਰਫ਼ੀ ਦੌੜੇ ਆਵੇ ਕਿਤੋਂ ਨਜ਼ਰ ਵਿਚ
ਪੈਰੋਂ ਵਾਹਨਾ ਆਪ ਸ਼ਹਿਜ਼ਾਦਾ ਭੱਜਦਾ ਫਿਰੇ ਸ਼ਹਿਰ ਵਿਚ

ਕੂਚੇ ਗਲੀ ਬਜ਼ਾਰ ਮੁਹੱਲੇ ਦੇਂਦਾ ਫਿਰੇ ਢੰਡੋਰੇ
ਇਸ ਸੂਰਤ ਇਸ ਕੱਦ ਇਸ ਵੇਸੇ ਇਸ ਰਵਸੇ ਇਸ ਟੋਰੇ

ਏਸ ਘਰੇ ਵਿਚ ਅਸਾਂ ਖੜਾਇਆ ਦੱਸੋ ਜਿਸ ਨੇ ਡਿੱਠਾ
ਯਾ ਕੋਈ ਢੂੰਡ ਲਿਆਵੇ ਕਿਧਰੋਂ ਖੋਲ ਦਿਆਂ ਉਸ ਚਿੱਠਾ ।(੩੬੫੦)

ਹਿਕ ਹਜ਼ਾਰ ਦੀਨਾਰ ਦਿਆਂਗਾ ਜੋ ਉਸ ਨੂੰ ਫੜ ਆਣੇ
ਬਹੁਤ ਅਜ਼ੀਜ਼ ਅਸਾਨੂੰ ਲਗਸੀ ਸੱਜਣ ਦਿਲ ਦੇ ਭਾਣੇ

ਸਰਗਰਦਾਨ ਸ਼ਹਿਜ਼ਾਦਾ ਫਿਰਦਾ ਮੂੰਹ ਕੌੜਾ ਦਿਲ ਫਿੱਕਾ
ਵੇਖ ਉਹਨੂੰ ਜੱਗ ਲੋੜਣ ਚੜ੍ਹਿਆ ਕਿਆ ਵੱਡਾ ਕਿਆ ਨੱਕਾ

ਖ਼ਾਤਿਰ ਖ਼ੌਫ਼ ਸ਼ਾਹਾਂ ਦਾ ਨਾਲੇ ਤਮਾ ਪਿਉ ਨੇ ਜ਼ਰ ਦਾ
ਜਾ-ਬ-ਜਾਈ ਲੋੜਣ ਖ਼ਲਕਤ ਪਤਾ ਕਰਨ ਹਰ ਦਰ ਦਾ

ਨਾ ਕੋਈ ਖੋਜ ਨਿਸ਼ਾਨੀ ਲੱਭੇ ਨਾ ਕੋਈ ਪਤਾ ਨਾ ਦੱਸਾਂ
ਸਾਇਦ ਛੁਪਿਆ ਸੁਣੇ ਢੰਡੋਰੇ ਆਖੇ ਕਿੱਤ ਵੱਲ ਨੱਸਾਂ

ਜਿਉਂ ਜਿਉਂ ਲੋੜ ਤਲਾਇਸ਼ ਵੇਖੇ ਬਹਿੰਦਾ ਹੋ ਚੁਪੀਤਾ
ਦਿਲ ਵਿਚ ਘੜੇ ਦਲੀਲਾਂ ਰੱਬਾ ਬੁਰਾ ਕੀਹ ਮੈਂ ਕੀਤਾ

ਕੀ ਮੈਂ ਖ਼ੂਨ ਇਨ੍ਹਾਂ ਦਾ ਕੀਤਾ ਐਡ ਗੁਨਾਹ ਕਬੀਰਾ
ਢੂੰਡ ਸਜ਼ਾਈਂ ਦੇਵਣ ਲੱਗੇ ਅਣ ਦੋਸੇ ਬੇ-ਤਕਸੀਰਾਂ

ਖ਼ਬਰ ਨਹੀਂ ਜੇ ਕਤਲ ਕਰਨਗੇ ਯਾ ਫੜ ਕੈਦ ਕਰੇਸਣ
ਯਾ ਕੋਈ ਸਖ਼ਤ ਤੰਬੀਹਾਂ ਦੇ ਕੇ ਗੁੱਸੇ ਨਾਲ ਮਰੇਸਣ

ਸਾਇਦ ਖ਼ੌਫ਼ ਅੰਦੇਸੇ ਅੰਦਰ ਜਾਨ ਸੁੱਕੇ ਤਨ ਕੰਬੇ
ਸੈਫ਼-ਮਲੂਕ ਢੂੰਡੇਂਦਾ ਵਤਦਾ ਚਾਇਆ ਦਰਦ ਅਲੰਬੇ

ਘਰ ਘਰ ਹੋਕੇ ਦੇਂਦਾ ਫਿਰਦਾ ਭੱਜਦਾ ਪੈਰ ਨਾ ਲੱਗੇ
ਖ਼ਫ਼ਗੀ ਨਾਲ਼ ਹੋਇਆ ਰੰਗ ਪੀਲ਼ਾ ਹੋਠ ਸੁੱਕੇ ਮੂੰਹ ਬੱਗੇ

ਲੱਧਾ ਯਾਰ ਖੜਾਇਆ ਮੁੜ ਕੇ ਪਇਆ ਹਨੇਰ ਖ਼ੁਦਾਇਆ
ਜੀਵਨ ਮੇਰਾ ਹੈ ਕਿਸ ਕਾਰੀ ਜੇ ਉਹ ਹੱਥ ਨਾ ਆਇਆ ।(੩੬੬੦)

ਉਧਰ ਉਹ ਦੁਆਈਂ ਮੰਗੇ ਸ਼ਾਲਾ ਕੋਈ ਨਾ ਵੇਖੇ
ਇਧਰ ਇਹ ਕਹੇ ਝੱਬ ਲੱਭੇ ਮੇਲ ਹੋਵੇ ਕਿੱਤ ਲੇਖੇ

ਦੋ ਬੰਦੇ ਉਸ ਕੋਠੇ ਆਏ ਓੜਕ ਲੋੜ ਕਰੇਂਦੇ
ਅੰਦਰ ਵੜ ਕੇ ਵੇਖ ਲਿਓ ਨੇ ਝਨਡੋਂ ਪਕੜ ਮਰੇਂਦੇ

ਸਾਇਦ ਆਜ਼ਿਜ਼ ਦੇ ਦੁਹਾਈ ਨੱਸਦਾ ਯਾਰੋ ਨਾਹੀਂ
ਬੰਨ੍ਹੇ ਹੱਥ ਸਵਾਲ ਪੁਕਾਰੇ ਇਤਨਾ ਮਾਰੋ ਨਾਹੀਂ

ਵਾਲਾਂ ਥੀਂ ਫੜ ਧਰੂਹ ਲਿਓੁ ਨੇ ਵੰਝ ਹਜ਼ੂਰ ਪੁਚਾਇਆ
ਜਾਂਦੇ ਜਿੰਨੇ ਵਾਂਗ ਫ਼ਿਰਾਕੇ ਅਪਣਾ ਆਪ ਵਿਖਾਇਆ

ਝੱਖੜ ਪੱਤ ਉਡਾਏ ਪੀਲੇ ਫਿਰੀ ਹਵਾ ਚਮਨ ਦੀ
ਨੱਸ ਪਿਆ ਉਹ ਛੱਡ ਵਿਛੋੜਾ ਆਈ ਵਾਰ ਮਿਲਣ ਦੀ

ਹੋ ਬੇਹੋਸ਼ ਢੱਠਾ ਵੰਝ ਸਾਇਦ ਕੁੱਝ ਖ਼ੌਫ਼ੋਂ ਕੁੱਝ ਮਾਰੋਂ
ਸ਼ਹਿਜ਼ਾਦਾ ਫੜ ਤਲੀਆਂ ਮਲਦਾ ਆਪ ਕਰੇਂਦਾ ਦਾਰੋਂ

ਇਤਰ ਗੁਲਾਬ ਲੱਗੇ ਛਿਣਕਾਵਣ ਹੋਰ ਮਲਣ ਖ਼ੁਸ਼ਬੋਈਆਂ
ਹੋਸ਼ ਫਿਰੀ ਉੱਠ ਬੈਠਾ ਕਹਿੰਦਾ ਦੱਸੀਂ ਕੀਕਰ ਹੋਈਆਂ

ਹਾਲ ਹਕੀਕਤ ਆਪਣੀ ਸਾਰੀ ਖੋਲ ਸੁਣਾ ਜਵਾਨਾ
ਕਿਉਂ ਕਰ ਮਿਸਰ ਸ਼ਹਿਰ ਥੀਂ ਟੁਰਕੇ ਪਹੁਤੋਂ ਇਨ੍ਹਾਂ ਮਕਾਨਾਂ

ਸਾਇਦ ਦੇ ਦੁਆ ਸ਼ਹਿਜ਼ਾਦੇ ਸ਼ਾਲਾ ਸੁਖੀਆ ਜੀਵੇਂ
ਦੌਲਤ ਤਖ਼ਤ ਇਕਬਾਲਾਂ ਵਾਲਾ ਸਦਾ ਜ਼ਿਆਦਾ ਥੀਵੇਂ

ਸਿਰ ਪਰ ਜ਼ਿਲ-ਇਲਾਹੀ ਹੋਵੇ ਕਦਮਾਂ ਵਿਚ ਵਲਾਇਤ
ਦੁਸ਼ਮਣ ਚੂਰ ਹੋਵਣ ਤੇ ਸੱਜਣ ਮਾਨਣ ਖ਼ੁਸ਼ੀ ਨਿਹਾਇਤ ।(੩੬੭੦)

ਸ਼ੌਕਤ ਸ਼ਾਨ ਅਦਾਲਤ ਇੱਜ਼ਤ ਰਾਜ ਹਕੂਮਤ ਪਾਇਆ
ਰੋਜ਼ ਕਿਆਮਤ ਤੋੜੀ ਸ਼ਾਹਾ ਦਿਨ ਦਿਨ ਹੋਵੇ ਸਵਾਇਆ

ਆਸਿਮ ਬਿਨ ਸਫ਼ਵਾਨ ਸ਼ਹਿਜ਼ਾਦਾ ਮਿਸਰ ਸ਼ਹਿਰ ਦਾ ਵਾਲੀ
ਨੌਕਰ ਉਸ ਦੇ ਤਖ਼ਤਾਂ ਵਾਲੇ ਹੋਰ ਸ਼ਹਿਜ਼ਾਦੇ ਚਾਲੀ

ਸਾਲਿਹ ਇਬਨ ਹਮੀਦ ਉਹਦਾ ਸੀ ਹਿਕ ਵਜ਼ੀਰ ਪਿਆਰਾ
ਮੈਂ ਹਾਂ ਬੇਟਾ ਉਸ ਦਾ ਸ਼ਾਹਾ ਕਰਮਾਂ ਦਾ ਹਤਿਆਰਾ

ਮੇਰਾ ਹਿਕ ਸ਼ਹਿਜ਼ਾਦਾ ਆਹਾ ਬੇਟਾ ਆਸਿਮ ਸ਼ਾਹ ਦਾ
ਸੈਫ਼-ਮਲੂਕ ਆਹਾ ਉਸ ਨਾਵਾਂ ਭਾਈ ਸੂਰਜ ਮਾਹ ਦਾ

ਭਾਣਾ ਰੱਬ ਦਾ ਏਵੇਂ ਹੋਇਆ ਉਠਿਆ ਦਾਣਾ ਪਾਣੀ
ਕੱਪੜੇ ਉੱਤੇ ਲਿਖੀ ਡਿਠੀਓਸੁ ਮੂਰਤ ਪਰੀ ਜ਼ਨਾਨੀ

ਵੇਖਣ ਸਾਇਤ ਕੁੱਠਾ ਉਸ ਮੂਰਤ ਜੀਉ ਗਿਆ ਹੋ ਰਾਹੀ
ਉਠ ਪਰੀ ਦੀ ਲੋੜੇ ਚੜ੍ਹਿਆ ਛੱਡ ਵਲਾਇਤ ਸ਼ਾਹੀ

ਸੱਤਰ ਹਜ਼ਾਰ ਉਮਰਾ ਸਲਾਮੀ ਦੌਲਤ ਰਖ਼ਤ ਜਵਾਹਰ
ਮਾਲ ਖ਼ਜ਼ਾਨੇ ਤੇ ਸਮਿਆਨੇ ਲੈ ਹਿਸਾਬੋਂ ਬਾਹਰ

ਹੋ ਅਸਵਾਰ ਜਹਾਜ਼ਾਂ ਉੱਤੇ ਵਿਚ ਸਮੁੰਦਰ ਟੁਰਿਆ
ਹਿਕ ਦਿਨ ਵਾਅ ਮੁਖ਼ਾਲਿਫ਼ ਝੁੱਲੀ ਮੀਂਹ ਗ਼ਜ਼ਬ ਦਾ ਵਰ੍ਹਿਆ

ਭੱਜ ਜਹਾਜ਼ ਹੋਏ ਕਈ ਟੋਟੇ ਗ਼ਰਕ ਹੋਇਆ ਸਭ ਡੇਰਾ
ਹਿਕ ਦੂਏੇ ਦੀ ਸਾਰ ਨਾ ਕੋਈ ਆਹਾ ਸਖ਼ਤ ਹਨੇਰਾ

ਮੈਂ ਇਕ ਤਖ਼ਤੇ ਉੱਤੇ ਰੁੜ੍ਹਿਆ ਪੇਸ਼ ਨਾ ਚੱਲੀ ਕਾਈ
ਕੁਦਰਤ ਪਾਕ ਖ਼ੁਦਾਈ ਰੱਖਿਆ ਸ਼ਾਹੋਂ ਪਈ ਜੁਦਾਈ ।(੩੬੮੦)

ਸ਼ਹਿਜ਼ਾਦੇ ਦੇ ਦਰਦ ਫ਼ਿਰਾਕੋਂ ਬਿਹਤਰ ਸੀ ਡੁੱਬ ਮਰਨਾ
ਡਾਹਢੇ ਨਾਲ਼ ਨਾ ਜ਼ੋਰ ਮੁਹੰਮਦ ਜੋ ਭਾਵੇ ਉਸ ਕਰਨਾ

ਚੌਦਾਂ ਬਰਸਾਂ ਦੇ ਹੁਣ ਨੇੜੇ ਮੁਦਤ ਹੋਈ ਵਿਛੁੰਨੇ
ਸੰਭ ਗਿਆ ਸਭ ਆਂਸੂ ਪਾਣੀ ਦੀਦੇ ਇਤਨੇ ਰੁੰਨੇ

ਸਰਗਰਦਾਂ ਰਹਿਓਸੁ ਨਿੱਤ ਫਿਰਦਾ ਹਰ ਟਾਪੂ ਹਰ ਬੰਦਰ
ਨਸਟਾਖ਼ਾਂ ਦੀ ਕੌਮੇ ਪਹਿਲਾਂ ਪਾਈਓਸੁ ਕੈਦੇ ਅੰਦਰ

ਪਿੰਜਰੇ ਅੰਦਰ ਪਾ ਉਨ੍ਹਾਂ ਨੇ ਕੀਤਾ ਮੈਨੂੰ ਕੈਦੀ
ਨਾਲ਼ ਦਰਖ਼ਤ ਰੱਖਣ ਲਟਕਾਈਂ ਨਾ ਗੱਲ ਸਮਝ ਕਿਸੇ ਦੀ

ਦਰਦਾਂ ਨਾਲ਼ ਹੋਇਆ ਪੁਰ ਸੀਨਾ ਖ਼ੂਬ ਬੁਲੰਦ ਆਵਾਜ਼ੇ
ਗ਼ਜ਼ਲਾਂ ਗਾਵਾਂ ਮਨ ਪਰਚਾਵਾਂ ਸ਼ਿਅਰ ਪੜ੍ਹਾਂ ਤਰ ਤਾਜ਼ੇ

ਨਾ ਮੈਂ ਗੱਲ ਉਨ੍ਹਾਂ ਦੀ ਸਮਝਾਂ ਨਾ ਉਹ ਸਮਝਣ ਮੇਰੀ
ਮੈਨੂੰ ਜਾਣ ਪੰਖੇਰੂ ਲਾਵਣ ਅੱਗੇ ਦਾਣੇ ਢੇਰੀ

ਕੱਚੇ ਦਾਣੇ ਪਾਵਣ ਮੈਨੂੰ ਖਾਵਣ ਕਾਰਨ ਚੋਗਾਂ
ਉਹ ਨਾ ਖਾਵਾਂ ਪੇਟ ਸੁਕਾਵਾਂ ਰੱਬ ਦੀ ਦਿੱਤੀ ਭੋਗਾਂ

ਪਿੰਜਰਾ ਮੇਰੇ ਵਾਲਾ ਹੋਵੇ ਨਾਲ਼ ਰੁੱਖੇ ਦੀਆਂ ਡਾਲਾਂ
ਮੋਰੀ ਵਿਚੋਂ ਹੀਲਾ ਕਰਕੇ ਬਾਹਰ ਹੱਥ ਨਿਕਾਲਾਂ

ਮੇਵੇ ਕੋਲ ਹੋਵਣ ਜੇ ਪੱਕੇ ਤੋੜ ਸ਼ਿਤਾਬੀ ਖਾਵਾਂ
ਤਾਂ ਉਨ੍ਹਾਂ ਫਿਰ ਮਾਲਮ ਕੀਤਾ ਹੈ ਇਹ ਮੁਰਗ਼ ਸੱਚਾਵਾਂ

ਮੇਵੇ ਪੱਕੇ ਦੇਵਣ ਲੱਗੇ ਦਾਣੇ ਭੁੰਨ ਚਰਾਵਣ
ਫ਼ਜਰੇ ਸ਼ਾਮ ਨਿਕਾਲਣ ਬਾਹਰ ਜੰਗਲ਼-ਬੌਲ ਕਰਾਵਣ ।(੩੬੯੦)

ਫਿਰ ਪਿੰਜਰੇ ਵਿਚ ਪਾਵਣ ਜਲਦੀ ਕਰਨ ਵਸਾਹ ਨਾ ਮਾਸ਼ਾ
ਮੁਸ਼ਕਿਲ ਕੈਦ ਮੁਸੀਬਤ ਮੈਨੂੰ ਉਨ੍ਹਾਂ ਅਜਬ ਤਮਾਸ਼ਾ

ਬੇ ਤਰਸਾਂ ਨੂੰ ਤਰਸ ਨਾ ਆਵੇ ਕਰਦੇ ਕੈਦ ਪਰਿੰਦਾਂ
ਸੁਖੀਏ ਬਾਗ਼ੀਂ ਉਡਣ ਵਾਲੇ ਪਿੰਜਰਿਆਂ ਵਿਚ ਜਿੰਦਾਂ

ਕਰਨ ਜੁਦਾਈ ਡਾਰਾਂ ਨਾਲੋਂ ਜੋੜੇ ਚਾ ਤਰੋੜਨ
ਪਰ ਭਜਣ ਸਿਰ ਗੰਜੇ ਹੋਵਣ ਅਜੇ ਬੇਤਰਸ ਨਾ ਛੋੜਨ

ਜਿਨਸ ਆਪਣੀ ਥੀਂ ਵਿਛੜ ਜਿਹੜੇ ਨਾ ਜਿਨਸਾਂ ਵਿਚ ਆਏ
ਕਾਹਦਾ ਸੁਖ ਸਵਾਦ ਉਨ੍ਹਾਂ ਨੂੰ ਦਮ ਦਮ ਦੁੱਖ ਸਿਵਾਏ

ਵਿਚ ਹਵਾਈਂ ਉੱਡਣ ਵਾਲੇ ਕੈਦ ਅੰਦਰ ਦਰਮਾਂਦੇ
ਨਾ ਉਹ ਸੰਗ ਨਾ ਚੋਗ ਖ਼ੁਸ਼ੀ ਦੇ ਜ਼ਹਿਰ ਨਿਵਾਲੇ ਖਾਂਦੇ

ਪਿੰਜਰਿਆਂ ਵਿਚ ਟੁਰਨ ਨਾ ਹੁੰਦਾ ਕੀਕਰ ਹੋਏ ਉਡਾਰੀ
ਆਈ ਬਾਝੋਂ ਜਾਨ ਨਾ ਨਿਕਲੇ ਝੱਲਣ ਸਖ਼ਤ ਕਹਾਰੀ

ਖ਼ਬਰ ਨਹੀਂ ਕਿਸ ਦੇਸੋਂ ਆਵਣ ਮੁਰਗ਼ ਗ਼ਰੀਬ ਬਟੇਰੇ
ਦਾਣਾ ਪਾਣੀ ਪਕੜ ਬਦੇਸੀਂ ਹਰ ਹਰ ਬੰਨੇ ਫੇਰੇ

ਇਕ ਲਹਿੰਦੇ ਤੇ ਚੜ੍ਹਦੇ ਜਾਂਦੇ ਚੜ੍ਹਦੇ ਤੇ ਮੁੜ ਲਹਿੰਦੇ
ਹਿਕਨਾਂ ਸਖ਼ਤ ਨਸੀਬ ਅਜ਼ਲ ਦੇ ਪਿੰਜਰਿਆਂ ਵਿਚ ਬਹਿੰਦੇ

ਜਾਲਾਂ ਵਾਲੇ ਪਕੜ ਲਿਆਵਣ ਪਾਣ ਪਿੰਜਰ ਵਿਚ ਜਾਲਾਂ
ਚਾਲਾਂ ਯਾਦ ਕਰਨ ਤੇ ਰੋਵਣ ਕੋਈ ਨਾ ਮਹਿਰਮ ਹਾਲਾਂ

ਜਿਉਂ ਜਿਉਂ ਰੋਵਣ ਕਰਨ ਪੁਕਾਰਾਂ ਬੋਲਣ ਬੋਲ ਗ਼ਮੀ ਦੇ
ਉਹ ਰੋਵਣ ਤੇ ਰੱਖਣ ਵਾਲੇ ਹੱਸ ਹੱਸ ਦੂਹਰੇ ਥੀਂਦੇ

ਨਾ ਕੋਈ ਸਮਝੇ ਗੱਲ ਉਨ੍ਹਾਂ ਦੀ ਨਾ ਦਰਦਾਂ ਦੀਆਂ ਕੂਕਾਂ
ਫੜ ਫੜ ਕੇ ਅਧ-ਮੋਇਆ ਟੋਰਨ ਅਜਬ ਤਮਾਸ਼ਾ ਲੋਕਾਂ ।(੩੭੦੦)

ਸਾਰੀ ਉਮਰ ਪਿਟੇਂਦਿਆਂ ਗੁਜ਼ਰੇ ਸਿਰ ਤੇ ਵਾਲ਼ ਨਾ ਰਹਿੰਦੇ
ਪਿਤਾ ਮਾਰਨ ਸ਼ੁਕਰ ਗੁਜ਼ਾਰਨ ਰੱਬ ਦਾ ਦਿੱਤਾ ਸਹਿੰਦੇ

ਬੇਰਹਿਮਾਂ ਨੂੰ ਰਹਿਮ ਨਾ ਆਵੇ ਵੇਖ ਮੁਸੀਬਤ ਭਾਰੀ
ਸੱਜਣਾਂ ਨਾਲੋਂ ਸੱਜਣ ਵਿਛੁੰਨੇ ਰਸਮ ਕੇਹੀ ਹਤੀਆਰੀ

ਹਿਕ ਲਹਿੰਦੇ ਦੇ ਚੜ੍ਹਦੇ ਜਾਂਦੇ ਚੜ੍ਹਦੇ ਦੇ ਮੁੜ ਲਹਿੰਦੇ
ਹਿੱਕਨਾਂ ਸਖ਼ਤ ਨਸੀਬ ਅੱਵਲ ਦੇ ਪਿੰਜਰਿਆਂ ਵਿਚ ਬਹਿੰਦੇ

ਦੂਰ ਵਤਨ ਹਮਰਾਹ ਨਾ ਕੋਈ ਪਇਆ ਕਜ਼ੀਆ ਭਾਰਾ
ਖੋਲ੍ਹੀਂ ਕੈਦ ਉਮੀਦ ਤੇਰੇ ਤੇ ਯਾ ਮੁਰਸ਼ਿਦ ਸਚਿਆਰਾ

ਬੁਰੀ ਜੁਦਾਈ ਸਹਿਣੀ ਆਈ ਲੱਦ ਗਿਓਂ ਦਿਲਦਾਰਾ
ਰੱਬ ਰਹੀਮ ਗ਼ਫ਼ੂਰ ਮੁਹੰਮਦ ਮੇਲੇ ਫੇਰ ਪਿਆਰਾ

ਮੁਦਤ ਪਿੱਛੇ ਸਾਇਦ ਤਾਈਂ ਨਜ਼ਰ ਪਿਆ ਸ਼ਹਿਜ਼ਾਦਾ
ਹਾਲ ਸੁਣਾ ਮੁਹੰਮਦ ਬਖਸ਼ਾ ਗੱਲਾਂ ਛੋੜ ਜ਼ਿਆਦਾ

ਯਾਰ ਉਡੀਕ ਕਿਸੇ ਦੀ ਅੰਦਰ ਲੈ ਲੈ ਖਾਣ ਉਧਾਰਾ
ਸਿੱਧੀ ਸਾਫ਼ ਮੁਕਾ ਕਹਾਣੀ ਨਾ ਕਰ ਬਹੁਤ ਪਸਾਰਾ

ਸਾਇਦ ਹਾਲ ਸੁਣਾਂਦਾ ਸ਼ਾਹਾ ਐਵੇਂ ਸਾਂ ਮੈਂ ਕੈਦੀ
ਕਦੇ ਖ਼ਲਾਸ ਕਰੇਗਾ ਏਥੋਂ ਆਹੀ ਆਸ ਰੱਬੇ ਦੀ

ਆਇਆ ਰੱਬ ਕਰੀਮੀ ਉੱਤੇ ਇਹ ਸਬੱਬ ਬਣਾਇਆ
ਜੋ ਸੁਲਤਾਨ ਮੁਲਕ ਦਾ ਆਹਾ ਚੜ੍ਹ ਉਨ੍ਹਾਂ ਤੇ ਧਾਇਆ

ਜਿਸ ਕੌਮੇ ਵਿਚ ਕੈਦੀ ਹੈਸਾਂ ਮੈਂ ਪਰਦੇਸੀ ਬੰਦਾ
ਉਸ ਕੌਮੇ ਦੀ ਸਖ਼ਤੀ ਆਈ ਮਾਰ ਚੁਕਾਇਓਸੁ ਧੰਦਾ ।(੩੭੧੦)

ਓਥੋਂ ਰੱਬ ਖ਼ਲਾਸੀ ਕੀਤੀ ਨੱਸ ਟੁਰਿਓਸੁ ਕਰ ਜਲਦੀ
ਅੱਗੋਂ ਸ਼ੁਤਰ-ਸਿਰਾਂ ਨੇ ਫੜਿਆ ਲਿਖੀ ਮਿਲੀ ਅਜ਼ਲ ਦੀ

ਸ਼ੁਤਰ-ਸਿਰਾਂ ਦਾ ਰਾਜਾ ਜਿਹੜਾ ਘਰ ਉਸ ਦੇ ਸੀ ਬੇਟੀ
ਕੌਮ ਆਪਣੀ ਵਿਚ ਸੂਰਤ ਵਾਲੀ ਜ਼ੇਵਰ ਨਾਲ਼ ਲਪੇਟੀ

ਇਸ ਬੀਬੀ ਨੇ ਮੇਰੇ ਤਾਈਂ ਆਪਣੇ ਕੋਲ ਮੰਗਾਇਆ
ਕੁਦਰਤ ਨਾਲ਼ ਉਹਦਾ ਦਿਲ ਸ਼ਾਹਾ ਵੇਖਣ ਸਾਥ ਵਿਕਾਇਆ

ਮੁਦਤ ਪਾਸ ਆਪਣੇ ਉਸ ਰੱਖਿਆ ਲੋੜੇ ਮਤਲਬ ਪਾਇਆ
ਓਥੋਂ ਭੀ ਫਿਰ ਨੱਸ ਖਲੋਤਾ ਮੌਲਾ ਪਾਕ ਬਚਾਇਆ

ਘਣੀ ਘਣੇਰੀ ਵੇਖ ਮੁਸ਼ੱਕਤ ਪਹੁਤੋਸੁ ਏਸ ਨਗਰ ਵਿਚ
ਹਿਕ ਮਸਜਿਦ ਵਿਚ ਡੇਰਾ ਕੀਤਾ ਬੈਠਾ ਸਾਂ ਫ਼ਿਕਰ ਵਿਚ

ਹਿਕ ਨਮਾਜ਼ੀ ਬੁੱਢਾ ਆਹਾ ਇਸ ਮਸਜਿਦ ਦਾ ਬਾਂਗਾਂ
ਅੱਜ ਉਸ ਬਾਹਰ ਆਂਦਾ ਮੈਨੂੰ ਸੈਰ ਕਰਨ ਦੀ ਤਾਂਘਾਂ

ਇਸ ਜਾਈ ਆ ਬੈਠਾ ਸ਼ਾਹਾ ਜਿਸ ਜਾਈਓਂ ਤੁਧ ਆਂਦਾ
ਸੈਫ਼-ਮਲੂਕ ਦੇ ਗ਼ਮ ਅੰਦਰ ਬੈਠਾ ਸਾਂ ਦਰਮਾਂਦਾ

ਸ਼ਹਿਜ਼ਾਦੇ ਇਹ ਗੱਲਾਂ ਸੁਣ ਕੇ ਸਾਇਦ ਪੱਕ ਪਛਾਤਾ
ਹੰਝੂ ਰੋਇਆ ਉੱਠ ਖਲੋਇਆ ਫ਼ਜ਼ਲ ਰੱਬਾਣਾ ਜਾਤਾ

ਸਾਇਦ ਤਾਈਂ ਸੀਨੇ ਲਾਇਓਸੁ ਨਾਲ਼ ਪਿਆਰ ਸਫ਼ਾਈ
ਕਹਿੰਦਾ ਸੈਫ਼-ਮਲੂਕ ਸ਼ਹਿਜ਼ਾਦਾ ਮੈਂ ਹਾਂ ਤੇਰਾ ਭਾਈ

ਸੈਫ਼-ਮਲੂਕ ਮੇਰਾ ਹੈ ਨਾਵਾਂ ਆਸਿਮ ਸ਼ਾਹ ਦਾ ਜਾਇਆ

ਤੈਨੂੰ ਮੈਨੂੰ ਵਿਚ ਸਮੁੰਦਰ ਰੱਬ ਵਿਛੋੜਾ ਪਾਇਆ ।(੩੭੨੦)

ਅਪਣਾ ਆਪ ਸ਼ਹਿਜ਼ਾਦਾ ਦੱਸੇ ਸਾਇਦ ਮੂਲ ਨਾ ਮੰਨੇ
ਖ਼ਬਰ ਨਹੀਂ ਉਹ ਕਿੱਥੇ ਰੁੜ੍ਹਿਆ ਕਿਸ ਨੇ ਲਾਇਆ ਬੰਨੇ

ਜੇਕਰ ਕਿਧਰੇ ਰੁੜ੍ਹ ਖੜ ਲੱਗਾ ਹੋਸੀ ਹਾਲ ਸ਼ਿਕਸਤੇ
ਇਹ ਕੋਈ ਸ਼ਾਹ ਵਲਾਇਤ ਵਾਲਾ ਫ਼ੌਜਾਂ ਮਲਣ ਰਸਤੇ

ਦੌਲਤਮੰਦ ਇਕਬਾਲਾਂ ਵਾਲਾ ਰਾਜ ਹੁਕਮ ਇਸ ਬਹੁਤਾ
ਕੀਕਰ ਉਹ ਪਰਦੇਸੀ ਸ਼ੋਹਦਾ ਏਸ ਮਰਾਤਿਬ ਪਹੁਤਾ

ਸੂਰਤ ਜੈਸੀ ਸੂਰਤ ਹੁੰਦੀ ਵਾਂਗ ਆਵਾਜ਼ ਆਵਾਜ਼ੇ
ਆਕਿਲ ਦਾਨੇ ਸੋਹਣੇ ਸੁੰਦਰ ਭਲੇ ਭਲੇਰੇ ਤਾਜ਼ੇ

ਸੈਫ਼-ਮਲੂਕ ਨਹੀਂ ਤੂੰ ਭਾਈ ਸਾਇਦ ਕਰੇ ਨਾ ਬਾਵਰ
ਹਰ ਹਰ ਜਾ ਨਿਸ਼ਾਨੀ ਦਿਸਦਾ ਸੈਫ਼-ਮਲੂਕ ਅਕਾਬਰ

ਸਾਇਦ ਨੇ ਫ਼ੁਰਮਾਇਆ ਓੜਕ ਹਿਕ ਨਿਸ਼ਾਨੀ ਪੱਕੀ
ਤਦ ਯਕੀਨ ਲਿਆਵਾਂ ਸ਼ਾਹਾ ਜੇ ਉਹ ਜਾਵੇ ਤੱਕੀ

ਸੈਫ਼-ਮਲੂਕੇ ਦੇ ਵਿਚ ਮੱਥੇ ਆਹਾ ਖ਼ਾਲ ਨੂਰਾਨੀ
ਉਹੋ ਖ਼ਾਲ ਹੋਵੇ ਉਸ ਸ਼ਾਹਿਦ ਮਾਲਮ ਹੋਵੇ ਨਿਸ਼ਾਨੀ

ਸ਼ਹਿਜ਼ਾਦੇ ਦਸਤਾਰ ਉਠਾਈ ਮੱਥਾ ਕੀਤਾ ਵਾਂਦਾ
ਸਾਇਦ ਖ਼ਾਲ ਡਿੱਠਾ ਜਿਸ ਵੇਲੇ ਢੱਠਾ ਹੋ ਦਰਮਾਂਦਾ

ਹੋਸ਼ ਅਕਲ ਸ਼ੁੱਧ ਬੁੱਧ ਨਾ ਰਹਿਓਸੁ ਮੁਰਦੇ ਵਾਂਗ ਪਿਆ ਸੀ
ਸੈਫ਼-ਮਲੂਕ ਮਲੇਂਦਾ ਤਲੀਆਂ ਤਨ ਥੀਂ ਤਰਾਣ ਗਿਆ ਸੀ

ਲੈ ਗੁਲਾਬ ਮਰੇਂਦਾ ਛੱਟੇ ਸਿਰ ਮੂੰਹ ਸੀਨੇ ਤਾਈਂ
ਅਰਜ਼ ਕਰੇਂਦਾ ਬਾਰ ਖ਼ੁਦਾਇਆ ਇਸ ਨੂੰ ਫੇਰ ਬਚਾਈਂ ।(੩੭੩੦)

ਸਾਇਦ ਨੇ ਵੱਤ ਹੋਸ਼ ਸੰਭਾਲੀ ਆਇਆ ਜੀਉ ਟਿਕਾਣੇ
ਸ਼ਹਿਜ਼ਾਦੇ ਦੇ ਪੈਰੀਂ ਢੱਠਾ ਚੁੰਮੇ ਕਦਮ ਧਿੰਙਾਣੇ

ਕਹਿੰਦਾ ਸ਼ੁਕਰ ਹਜ਼ਾਰ ਹਜ਼ਾਰਾਂ ਡਿੱਠਿਓਂ ਫਿਰ ਸੁਖੱਲਾ
ਕੀ ਕੁੱਝ ਸ਼ੁਕਰ ਜ਼ਬਾਨੋਂ ਆਖਾਂ ਕਰਮ ਕਮਾਇਆ ਅੱਲ੍ਹਾ

ਸਾਇਦ ਤੇ ਸ਼ਹਿਜ਼ਾਦਾ ਦੋਂਵੇਂ ਉਠ ਮਿਲੇ ਗਲ ਲੱਗ ਕੇ
ਸਿੰਜ ਗਈ ਪੋਸ਼ਾਕ ਅੱਖੀਂ ਥੀਂ ਹੰਝੂ ਨਾਲੇ ਵਗ ਕੇ

ਸਰਾਂਦੀਪ ਨਗਰ ਦੇ ਸ਼ਾਹੇ ਨਾਲੇ ਫ਼ੌਜ ਰਈਅਤ
ਅਹਿਲਾਂ ਹਰਮਾਂ ਤਾਬੇਦਾਰਾਂ ਹੋਈ ਖ਼ੁਸ਼ੀ ਜਮੀਅਤ

ਗਿਆ ਗਵਾਤਾ ਯਾਰ ਸ਼ਹਿਜ਼ਾਦੇ ਮੌਲਾ ਪਾਕ ਮਿਲਾਇਆ
ਸੱਦ ਹਜਾਮ ਹਜਾਮਤ ਕੀਤੀ ਜਾ ਹਮਾਮ ਨਹਾਇਆ

ਕੀਮਤਦਾਰ ਪੁਸ਼ਾਕ ਮੰਗਾਈ ਇਤਰ ਉਪਰ ਛਿਣਕਾਇਆ
ਸਾਇਦ ਦੇ ਫਿਰ ਬਦਨ ਲਵਾਈ ਚੜ੍ਹਿਆ ਰੂਪ ਸਵਾਇਆ

ਨਗ਼ਮੇ ਨਾਚ ਹੋਏ ਹਰ ਕੋਈ ਸੋਹਲੇ ਗਾਵਣ ਆਇਆ
ਚੜ੍ਹਿਆ ਰੂਪ ਸਵਾਇਆ ਲਾਲਾ ਕੇਸਰੀਆਂ ਰੰਗ ਲਾਇਆ

ਹਰ ਹਰ ਵਾਲ਼ ਕੱਢੇ ਚਮਕਾਰੇ ਜਿਉਂ ਸੋਨੇ ਦੀਆਂ ਤਾਰਾਂ
ਹੁਸਨ ਬੇਅੰਤ ਬਸੰਤ ਫੁੱਲਾਂ ਦੀ ਵੇਖਣ ਲੋਕ ਹਜ਼ਾਰਾਂ

ਸ਼ਹਿਜ਼ਾਦੇ ਫਿਰ ਖਾਣੇ ਮੰਗੇ ਖਿਦਮਤਗਾਰਾਂ ਆਂਦੇ
ਮੁਦਤ ਪਿੱਛੇ ਮਿਲੇ ਪਿਆਰੇ ਰਲ਼ ਮਿਲ ਦੋਂਵੇਂ ਖਾਂਦੇ

ਖਾਣਾ ਖਾ ਅਰਾਮੀ ਹੋਏ ਪੀਂਦੇ ਲਾਲ ਪਿਆਲੇ
ਖੀਵੇ ਹੁੰਦੇ ਮੁੜ ਮੁੜ ਧੋਂਦੇ ਦਾਗ਼ ਵਿਛੋੜੇ ਵਾਲੇ ।(੩੭੪੦)

ਸਾਇਦ ਨੂੰ ਲੈ ਨਾਲ਼ ਸ਼ਹਿਜ਼ਾਦਾ ਟੁਰਿਆ ਤਰਫ਼ ਮਹੱਲਾਂ
ਕੀ ਕੁੱਝ ਆਖ ਸੁਣਾਵਾਂ ਯਾਰੋ ਉਸ ਖ਼ੁਸ਼ੀ ਦੀਆਂ ਗੱਲਾਂ

ਹੋਏ ਅਸਵਾਰ ਨਰਾਂ ਤੇ ਦੋਂਵੇਂ ਅੱਗੇ ਦੌੜੇ ਅਰਦਲ
ਚਾਲੀ ਸ਼ਾਤਿਰ ਭੱਜਦੇ ਜਾਂਦੇ ਨਾਲ਼ ਲਿਬਾਸ ਮੁਕੱਲਿਲ

ਹਰ ਸ਼ਾਤਰ ਹੱਥ ਹਿੰਦੀ ਤੇਗ਼ਾਂ ਕਬਜ਼ੇ ਜੜਤ ਸੁਨਹਿਰੀ
ਮੱਕੀ ਢਾਲੀਂ ਖੁੱਲੇ ਗਿਰਦੇ ਫੁੱਲ ਸੂਰਜ ਦੁਪਹਿਰੀ

ਪੋਸ਼ੋ ਪੋਸ਼ ਕਰੇਂਦੇ ਜਾਂਦੇ ਖ਼ਲਕਤ ਢਹਿ ਢਹਿ ਪੌਂਦੀ
ਵਾਹ ਸ਼ਹਿਜ਼ਾਦਾ ਤੇ ਵਾਹ ਸਾਇਦ ਚਾਰੋਂ ਤਰਫ਼ੋਂ ਹੋਂਦੀ

ਸ਼ੌਕਤ ਸ਼ਾਨ ਘਣੇਰਾ ਕਰ ਕੇ ਕਰੱ-ਓ-ਫ਼ਰੱ ਹਜ਼ਾਰਾਂ
ਸਾਇਦ ਦਾ ਰੰਗ ਰੂਪ ਸੁਹਾਇਆ ਜਿਉਂ ਗੁਲ ਵਕਤ ਬਹਾਰਾਂ

ਮਹਿਲਾਂ ਦੇ ਦਰਵਾਜ਼ੇ ਆਂਦਾ ਕਰਕੇ ਇਹ ਵਡਿਆਈ
ਸ਼ਾਹ ਨਗਰ ਦਾ ਅੱਗੋਂ ਮਿਲਿਆ ਨਾਲੇ ਹੋਰ ਲੋਕਾਈ

ਇਸਤਿਕਬਾਲ ਉਹਦੇ ਨੂੰ ਆਏ ਸ਼ਹਿਜ਼ਾਦੇ ਸਿਰਕਰਦੇ
ਲੱਖ ਖ਼ਾਤਿਰ ਲੱਖ ਇੱਜ਼ਤ ਕੀਤੀ ਵਾਲੀ ਉਸ ਨਗਰ ਦੇ

ਸੈਫ਼-ਮਲੂਕੇ ਦੀ ਫੜ ਉਂਗਲ ਸੱਜੇ ਪਾਸੇ ਟੋਰੇ
ਸਾਇਦ ਦਾ ਹੱਥ ਖੱਬੇ ਪਕੜੇ ਟੁਰਦੇ ਏਸੇ ਟੋਰੇ

ਜਾ ਸੁਲਤਾਨ ਤਖ਼ਤ ਤੇ ਬੈਠਾ ਉਹ ਭੀ ਕੋਲ ਬਹਾਲੇ
ਸੱਜੇ ਪਾਸ ਸ਼ਹਿਜ਼ਾਦਾ ਬੈਠਾ ਖੱਬੇ ਸਾਇਦ ਨਾਲੇ

ਦਿੱਤਾ ਹੁਕਮ ਕਲਾਲਾਂ ਤਾਈਂ ਸੁਰਖ਼ ਸ਼ਰਾਬ ਲਿਆਓ
ਕੰਜਰ ਅਤੇ ਕਲੌਂਤ ਮਿਰਾਸੀ ਖ਼ੂਬ ਸੁਰਾਂ ਕਰ ਗਾਉ ।(੩੭੫੦)

ਤਾਨ ਤਰਾਨੇ ਕਰਨ ਸ਼ਹਾਨੇ ਨਗ਼ਮੇ ਨਾਚ ਯਗ਼ਾਨੇ
ਸਾਤ ਸੁਰਾਂ ਤੇ ਤੀਨ ਗਰਾਮਾਂ ਗਾਵਣ ਗੁਣੀਂ ਦਾਨੇ

ਪਰਦੇ ਰੂਦ ਸਰੋਦ ਖ਼ੁਸ਼ੀ ਦੇ ਗਾਣ ਬਜਾਵਨ ਸਾਜ਼ੀ
ਪੀਣ ਸ਼ਰਾਬ ਰਬਾਬ ਸੁਣੇਂਦੇ ਮਜਲਿਸ ਹੋਈ ਤਾਜ਼ੀ

ਹੂਰਾਂ ਹਾਰ ਬਹਾਰ ਬਣਾਈ ਖ਼ਿਦਮਤਗਾਰ ਪਰੀ-ਸ਼ਾਂ
ਗੁਲ-ਰੁਖ਼ਸਾਰ ਸਮਨ-ਬਰ ਲਾਲੇ ਸੁੰਬਲ ਵਾਲ਼ ਪਰੇਸ਼ਾਂ

ਚੀਰੇ ਕਲਗ਼ੀ ਤੋੜੇ ਚਮਕਣ ਤਿੱਲੇਦਾਰ ਦੁਪੱਟੇ
ਘੇਰੇਦਾਰ ਨਰਮ ਪਸ਼ਵਾਜ਼ਾਂ ਗੂਹੜੇ ਰੰਗ ਉਲੱਟੇ

ਮਾਰਨ ਫੇਰੇ ਗਿਰਦ ਚੌਫੇਰੇ ਰੌਸ਼ਨ ਕਰਨ ਹਨੇਰੇ
ਸੁਣ ਆਵਾਜ਼ੇ ਤਾਜ਼ੇ ਤਾਜ਼ੇ ਹੁੰਦੇ ਰਕਸ ਘਣੇਰੇ

ਜ਼ਾਹਿਦ ਸੂਫ਼ੀ ਵੇਖ ਨਾ ਸਕਦੇ ਇਸ ਮਜਲਿਸ ਵੱਲ ਦੂਰੋਂ
ਜੋ ਤੱਕੇ ਸੋ ਜਾ ਨਾ ਸਕੇ ਤਾਬ ਹੁਸਨ ਦੇ ਨੂਰੋਂ

ਜਾਂ ਐਸ਼ਾਂ ਵਿਚ ਹੋਏ ਸੁਖੱਲੇ ਦੂਰ ਹੋਈ ਦਿਲਗੀਰੀ
ਸ਼ਾਹ ਨਗਰ ਦਾ ਪੁੱਛਣ ਲੱਗਾ ਕਰ ਕੇ ਜੀਭ ਮਠੀਰੀ

ਸਾਇਦ ਬੇਟਾ ਦਸ ਅਸਾਨੂੰ ਹਾਲ ਹਕੀਕਤ ਸਾਰੀ
ਕਿਸ ਸਬੱਬ ਬਚਾਯੋਂ ਮੌਲਾ ਕੀਕਰ ਉਮਰ ਗੁਜ਼ਾਰੀ

ਸਾਇਦ ਕਹਿੰਦਾ ਸੁਣ ਤੂੰ ਸ਼ਾਹਾ ਮੇਰੀ ਦਰਦ ਕਹਾਣੀ
ਜਾਂ ਸ਼ਹਿਜ਼ਾਦੇ ਨਾਲੋਂ ਖੜਿਆ ਦੂਰ ਰੁੜ੍ਹਾਇਆ ਪਾਣੀ

ਚਾਲੀ ਰੋਜ਼ ਰਹੀ ਸੀ ਝੁੱਲਦੀ ਵਾ ਮੁਖ਼ਾਲਿਫ਼ ਜ਼ਾਲਿਮ
ਤਖ਼ਤੇ ਤੇ ਮੈਂ ਰੁੜ੍ਹਦਾ ਰਿਹਾ ਨਾ ਦਿਸਦਾ ਕੋਈ ਆਲਿਮ ।(੩੭੬੦)

ਸਰਗਰਦਾਨ ਰਿਹਾ ਉਹ ਤਖ਼ਤਾ ਇਤਨੀ ਮੁਦਤ ਤੋੜੀ
ਚਾਰੋਂ ਤਰਫ਼ ਦਿਸੇ ਜਲ਼ ਮਾਰੂ ਜ਼ਿਮੀਂ ਨਾ ਲੱਭਦੀ ਲੋੜੀ

ਆਫ਼ਤ ਠਾਠਾਂ ਦੇਣ ਕਲਾਵੇ ਘੁੰਮਣ-ਘੇਰ ਕਹਿਰ ਦੇ
ਦਾਣਾ ਪਾਣੀ ਅਜੇ ਵੀ ਆਹਾ ਮੱਥੇ ਲੇਖ ਅਮਰ ਦੇ

ਹਿਕ ਦਿਨ ਝੱਖੜ ਵਾ ਖਲੋਤੀ ਹੋਈ ਦੂਰ ਗ਼ੁਬਾਰੀ
ਅੰਬਰ ਧਰਤੀ ਦਿੱਸਣ ਲੱਗੇ ਕੀਤੀ ਰੱਬ ਗ਼ੁਫ਼ਾਰੀ

ਹਿਕ ਟਾਪੂ ਦੇ ਦੰਦੇ ਮੈਨੂੰ ਜਾ ਸਾਹਿਬ ਨੇ ਲਾਇਆ
ਜਾਨ ਲਬਾਂ ਪਰ ਆਈ ਆਹੀ ਭੁੱਖ ਪਿਆਸ ਰੁਲਾਇਆ

ਟਾਪੂ ਅੰਦਰ ਨਜ਼ਰੀਂ ਆਈ ਨਿਅਮਤ ਵੱਧ ਸ਼ੁਮਾਰੋਂ
ਮਿੱਠੇ ਮੇਵੇ ਠੰਢੇ ਪਾਣੀ ਖ਼ੁਸ਼ ਹਵਾ ਬਹਾਰੋਂ

ਘਣੀਆਂ ਛਾਵਾਂ ਸਜੀਆਂ ਜਾਈਂ ਸਬਜ਼ੇ ਧਰਤੀ ਕੱਜੀ
ਹਰੀਆਂ ਸ਼ਾਖ਼ਾਂ ਮੇਵੇ ਭਰੀਆਂ ਕੋਈ ਨਾ ਸੁੱਕੀ ਭੱਜੀ

ਕੋਈ ਮੁਦਤ ਉਸ ਬੰਦਰ ਅੰਦਰ ਕੀਤਾ ਵਕਤ ਗੁਜ਼ਾਰਾ
ਓੜਕ ਟੁਰਿਓਸੁ ਬਣਾ ਕੇ ਟੱਲਾ ਲੱਕੜੀਆਂ ਦਾ ਭਾਰਾ

ਮੇਵਾ ਪਾਣੀ ਟੱਲੇ ਉੱਤੇ ਪਾ ਲਈ ਕੁੱਝ ਖ਼ਰਚੀ
ਔਸਰ ਵਕਤ ਬਦੇਸੀਂ ਭੁੱਖੇ ਆਪ ਹਕੀਮ ਬਵਰਚੀ

ਫੇਰ ਉਹ ਟੱਲਾ ਪਾਣੀ ਉੱਤੇ ਟੁਰਿਆ ਚਾਰ ਮਹੀਨੇ
ਇਸ ਸਖ਼ਤੀ ਦੀਆਂ ਗੱਲਾਂ ਦੱਸਾਂ ਸੜ ਬਲ ਉੱਠਣ ਸੀਨੇ

ਸਾਰੀ ਉਮਰ ਰਹਾਂ ਜੇ ਗਿਣਦਾ ਉਹ ਮੁਸੀਬਤ ਭਾਰੀ
ਸੈਂਕੜਿਆਂ ਥੀਂ ਹਿਕ ਨਾ ਮੁੱਕਦੀ ਐਸੀ ਰੰਜ ਗੁਜ਼ਾਰੀ ।(੩੭੭੦)

ਮੱਛ ਕਛਵੇ ਤੇ ਬੁੱਲ੍ਹਣਾਂ ਤੰਦਵੇ ਸੱਪ ਸੰਸਾਰ ਜੱਮਾਤਾਂ
ਲੁਧਰ ਕੁੰਮੇ ਤੇ ਜਲਹੋੜੇ ਹੋਰ ਹਜ਼ਾਰ ਆਫ਼ਾਤਾਂ

ਮਾਰੋ ਮਾਰ ਕਰੇਂਦੇ ਆਵਣ ਵੱਡੇ ਵਾਂਗ ਪਹਾੜਾਂ
ਹਰ ਹਰ ਦੇ ਮੂੰਹ ਵਿਚੋਂ ਨਿਕਲਣ ਦੋਜ਼ਖ਼ ਹਾਰ ਹਵਾੜਾਂ

ਉਨ੍ਹਾਂ ਬਲਾਈਂ ਥੀਂ ਰੱਬ ਮੈਨੂੰ ਕੁਦਰਤ ਨਾਲ਼ ਬਚਾਇਆ
ਹਰ ਆਜ਼ਿਜ਼ ਦਾ ਹਾਫ਼ਿਜ਼ ਨਾਸਿਰ ਵਾਹ ਵਾਹ ਬਾਰ ਖ਼ੁਦਾਇਆ

ਤਰੈ ਮਹੀਨੇ ਸਬਜੀ ਬਾਝੋਂ ਖਾਧੀ ਚੀਜ਼ ਨਾ ਕਾਈ
ਸਖ਼ਤ ਮੁਸੀਬਤ ਉਸ ਕਟਾਈ ਆਹੀ ਜਿਸ ਬਣਾਈ

ਹਿਕ ਦਿਨ ਕਰਨਾ ਰੱਬ ਦਾ ਹੋਇਆ ਮੌਜ ਚੜ੍ਹੀ ਦਰਿਆਵਾਂ
ਰੂਏ ਜ਼ਿਮੀਂ ਤੇ ਪਾਣੀ ਫਿਰਿਆ ਕੀ ਕੁੱਝ ਆਖ ਸੁਣਾਵਾਂ

ਉੱਚੀ ਨੀਵੀਂ ਥਾਂ ਨਾ ਛੱਡੀ ਜਲਥਲ ਹੋਇਆ ਪਾਣੀ
ਮੈਂ ਪਰ ਰੋਜ਼ ਹਸ਼ਰ ਦਾ ਆਇਆ ਮੁਸ਼ਕਿਲ ਸਖ਼ਤ ਵਿਹਾਣੀ

ਇਸ ਪਾਣੀ ਦੇ ਜ਼ੋਰੋਂ ਮੈਂ ਭੀ ਜੀਵਨ ਥੀਂ ਹੱਥ ਧੋਏ
ਇਹ ਮੋਇਆ ਕਿ ਮੋਇਆ ਮੈਂ ਭੀ ਯਾਰ ਜਿਵੇਂ ਸਨ ਮੋਏ

ਕਹਿਰ ਤੱਕੇ ਤੇ ਝੱਲੇ ਧੱਕੇ ਗ਼ੋਤੇ ਖਾਧੇ ਬਹੁਤੇ
ਲੇਕਿਨ ਲਿਖੇ ਦਮ ਉਮਰ ਦੇ ਓੜਕ ਮੂਲ ਨਾ ਪਹੁਤੇ

ਨਦੀ ਉਛੱਲ ਅਜੇਹਾ ਲਾਇਆ ਟੱਲਾ ਟਾਪੂ ਚੜ੍ਹਿਆ
ਮੌਲਾ ਸਹੀ ਸਲਾਮਤ ਮੈਨੂੰ ਖ਼ੁਸ਼ਕੀ ਅੰਦਰ ਖੜਿਆ

ਟਾਪੂ ਵੇਖ ਹੋਇਆ ਦਿਲ ਰਾਜ਼ੀ ਵਾਂਗ ਜੰਨਤ ਦੇ ਕੂਚੇ
ਸਰੂ ਚਨਾਰ ਅਨਾਰ ਖਜੂਰਾਂ ਹੋਰ ਸਫ਼ੈਦ ਅਲੂਚੇ ।(੩੭੮੦)

ਫ਼ੰਦਕ ਅਤੇ ਉੱਨਾਬ ਅੰਜੀਰਾਂ ਦਾਖ ਅੰਗੂਰਾਂ ਗੁੱਛੇ
ਜੋ ਮਨ ਭਾਵੇ ਸੋਈਓ ਖਾਈਏ ਨਾ ਕੋਈ ਠਾਕੇ ਪੁੱਛੇ

ਹਿੰਦੀ ਮੇਵੇ ਹੋਰ ਹਜ਼ਾਰਾਂ ਗਿਣਤਰ ਵਿਚ ਨਾ ਆਵਣ
ਪੱਕ ਪੱਕ ਸਭ ਹੋਏ ਰੰਗ ਰੱਤੇ ਰਸ ਚੋਂਦੇ ਮਨ ਭਾਵਣ

ਹੋਰ ਅਜਬ ਹਿਕ ਮੇਵਾ ਡਿੱਠਾ ਇਸ ਟਾਪੂ ਵਿਚ ਭਾਈ
ਵਾਂਗ ਅੰਗੂਰੇ ਗੁੱਛਾ ਉਸ ਦਾ ਸੂਰਤ ਸ਼ਕਲ ਸਫ਼ਾਈ

ਸ਼ਾਮ ਪਵੇ ਦਿਨ ਡੁੱਬੇ ਜਿਸ ਦਮ ਜੱਗ ਪਰ ਫਿਰੇ ਸਿਆਹੀ
ਪੱਤਰ ਚਾ ਲਪੇਟਣ ਗੁੱਛਾ ਕੁਦਰਤ ਨਾਲ਼ ਇਲਾਹੀ

ਸਾਰੀ ਰਾਤ ਰਹੇ ਉਹ ਬੱਧਾ ਫ਼ਜਰ ਹੋਵੇ ਫਿਰ ਖੁਲਦਾ
ਨੇਕ ਅਨੇਕ ਆਵਾਜ਼ ਇਸ ਰੁੱਖੋਂ ਨਿਕਲੇ ਭਾਰੇ ਤੁਲਦਾ

ਹੋਰ ਦਰਖ਼ਤ ਹਿਕ ਮੇਵਾ ਉਸ ਦਾ ਵਾਂਗਰ ਸ਼ਕਲ ਮਨੁੱਖਾਂ
ਦਿਸਦਾ ਆਦਮ ਜਿਉਂ ਲਟਕਾਇਆ ਜ਼ੁਲਫ਼ ਬੱਧੀ ਸੰਗ ਰੁੱਖਾਂ

ਹਰ ਡਾਲ਼ੀ ਪਰ ਇਹੋ ਜੇਹੇ ਮੇਵੇ ਬਹੁਤ ਰੰਗੀਲੇ
ਬੈਠੇ ਖਾਈਏ ਮਨ ਪਰ ਚਾਈਏ ਬਿਨ ਹਾੜੇ ਬਿਨ ਹੀਲੇ

ਮੈਂ ਭੀ ਦਿਲ ਵਿਚ ਨੀਯਤ ਕੀਤੀ ਇੱਥੇ ਰਹਿਣ ਭਲੇਰਾ
ਮੇਵੇ ਖਾਸਾਂ ਵਕਤ ਲੰਘਾਸਾਂ ਸੰਗ ਨਾ ਲੱਭਦਾ ਮੇਰਾ

ਹਿਕ ਦਿਨ ਅੱਚਨਚੇਤੀ ਆਇਆ ਨੱਸ-ਨਾਸਾਂ ਦਾ ਟੋਲਾ
ਮੈਨੂੰ ਪਕੜ ਲਿਆ ਰਲ਼ ਸਭਨਾਂ ਪਾ ਘੇਰਾ ਕਰ ਰੌਲ਼ਾ

ਚਿਕੜੀ ਉਦ ਲੱਕੜ ਦਾ ਉਨ੍ਹਾਂ ਪਿੰਜਰਾ ਖ਼ੂਬ ਬਣਾਇਆ
ਉਸ ਪਿੰਜਰੇ ਵਿਚ ਘੱਤ ਕੇ ਮੈਨੂੰ ਨਾਲ਼ ਰੁੱਖੇ ਲਟਕਾਇਆ ।(੩੭੯੦)

ਸਾਰੇ ਮੈਂ ਵੱਲ ਬਿਟ ਬਿਟ ਤੱਕਦੇ ਉਨ੍ਹਾਂ ਸ਼ਨਾਸ ਨਾ ਕਾਈ
ਆਦਮ ਸ਼ਕਲ ਪਛਾਨਣ ਨਾਹੀਂ ਉਹ ਨਸਨਾਸ ਲੋਕਾਈ

ਇਹ ਮਲੂਮ ਹੋਵੇ ਜੋ ਇਨ੍ਹਾਂ ਆਦਮ ਕੋਈ ਨਾ ਡਿੱਠਾ
ਅੰਨ ਕਬਾਬ ਨਾ ਦਿੰਦੇ ਖਾਣਾ ਨਾ ਕੋਈ ਮੇਵਾ ਮਿੱਠਾ

ਨੀਲਾ ਘਾਹ ਘੱਤਣ ਮੈਂ ਅੱਗੇ ਯਾ ਫਿਰ ਸੁੱਕੇ ਦਾਣੇ
ਖੋੜ ਬਦਾਮ ਛੁਹਾਰੇ ਮੱਛੀ ਖਾਣ ਆਪੂੰ ਇਹ ਖਾਣੇ

ਦਾਣੇ ਘਾਹ ਨਾ ਖਾਧੇ ਜਾਵਣ ਭੁੱਖ ਕੀਤੀ ਲਾਚਾਰੀ
ਪਿੰਜਰੇ ਵਿਚੋਂ ਬਾਹਰ ਆਇਓਸੁ ਕਰ ਕੇ ਬਹੁਤ ਹੁਸ਼ਿਆਰੀ

ਖ਼ੁਰਸ਼ ਉਨ੍ਹਾਂ ਦੀ ਖਾਵਣ ਲਗੋਸੁ ਮੱਛੀ ਮੇਵੇ ਪੱਕੇ
ਵੇਖ ਹੈਰਾਨ ਹੋਏ ਮੁਤਾਜੱਬ ਹਿੱਸੇ ਜੇ ਕੋਈ ਤੱਕੇ

ਮੈਨੂੰ ਅਜਬ ਪੰਖੇਰੂ ਜਾਨਣ ਕਰਨ ਆਪਸ ਵਿਚ ਗੱਲਾਂ
ਐਸਾ ਪੰਖੀ ਕਦੀ ਨਾ ਡਿੱਠਾ ਵਿਚ ਉਜਾੜਾਂ ਝੱਲਾਂ

ਸਾਰੀ ਖ਼ੁਰਸ਼ ਅਸਾਡੀ ਖਾਂਦਾ ਦਾਣਾ ਘਾਹ ਨਾ ਖਾਵੇ
ਖ਼ਬਰ ਨਹੀਂ ਕੀ ਜ਼ਾਤ ਇਨ੍ਹਾਂ ਦੀ ਕਿਹੜੇ ਦੇਸੋਂ ਆਵੇ

ਫਿਰ ਮੱਛੀ ਤੇ ਮੇਵੇ ਮੈਨੂੰ ਦੇਣ ਖ਼ੁਰਾਕ ਨਰੋਈ
ਖਾਵਣ ਪੀਵਣ ਸਭ ਕੁੱਝ ਆਹਾ ਸੁਖ ਨਾ ਆਹਾ ਕੋਈ

ਤੰਗ ਪਿਆ ਦਿਲ ਮੇਰਾ ਓਥੇ ਚਾਰਾ ਕੋਈ ਨਾ ਚਲਦਾ
ਵੇਖ ਕਲਹਨੀ ਸ਼ਕਲ ਉਨ੍ਹਾਂ ਦੀ ਜਿਗਰ ਸੀਨੇ ਵਿਚ ਗਲਦਾ

ਸੈਫ਼-ਮਲੂਕ ਪੁਛੇਂਦਾ ਭਾਈ ਸ਼ਕਲ ਉਨ੍ਹਾਂ ਦੀ ਕੈਸੀ
ਕੁੱਝ ਨਮੂਨਾ ਦਸ ਅਸਾਨੂੰ ਕਿਹੜੀ ਚੀਜ਼ੇ ਜੈਸੀ ।(੩੮੦੦)

ਸਾਇਦ ਕਹਿੰਦਾ ਸੁਣ ਸ਼ਹਿਜ਼ਾਦਾ ਦਸਾਂ ਕੁੱਝ ਨਿਸ਼ਾਨੀ
ਸਿਰ ਉਨ੍ਹਾਂ ਦਾ ਖ਼ੁੱਕਾਂ ਵਾਂਗਰ ਬਾਂਦਰ ਵਾਂਗ ਪੇਸ਼ਾਨੀ

ਅੱਖੀਂ ਸਬਜ਼ ਡਰਾਵਣ ਦੂਰੋਂ ਦੰਦ ਮਿਸਾਲ ਪਲੰਗਾਂ
ਗੋਰ-ਖ਼ਰਾਂ ਦੀ ਦੇਹੀ ਸਾਰੀ ਦਸਦਾ ਭੀ ਮੈਂ ਸੰਗਾਂ

ਸੂਰਤ ਆਦਮੀਆਂ ਦੀ ਆਹੇ ਦੋਂਵੇਂ ਹੱਥ ਉਨ੍ਹਾਂ ਦੇ
ਊਠਾਂ ਵਾਂਗਰ ਫੇਰ ਬਦਨ ਤੇ ਬਹੁਤੇ ਵਾਲ਼ ਰਖਾਂਦੇ

ਸੈਫ਼-ਮਲੂਕ ਪੁਛੇਂਦਾ ਅੱਗੋਂ ਨਾਲ਼ ਮੁਹੱਬਤ ਖ਼ਾਸੀ
ਦਸ ਭਾਈ ਇਸ ਕੈਦੇ ਵਿਚੋਂ ਕੀਕਰ ਹੋਈ ਖ਼ਲਾਸੀ

ਸਾਇਦ ਕਹਿੰਦਾ ਸੁਣ ਸ਼ਹਿਜ਼ਾਦਾ ਜੋ ਗੱਲ ਅੱਗੋਂ ਆਈ
ਹਿਕ ਦਿਨ ਮੈਨੂੰ ਮਾਰਨ ਲੱਗੇ ਉਹ ਨਸਨਾਸ ਲੋਕਾਈ

ਪਰ ਕੋਈ ਰੋਜ਼ ਹੱਯਾਤੀ ਬਾਕੀ ਦੁਨੀਆਂ ਉੱਤੇ ਆਹੀ
ਮਾਰਨ ਥੀਂ ਉਹ ਹੋਏ ਪਸ਼ੇਮਾਂ ਕੀਤਾ ਕਰਮ ਇਲਾਹੀ

ਤੋਹਫ਼ਾ ਕਰ ਕੇ ਭੇਜਣ ਲੱਗੇ ਦੁਜੇ ਮੁਲਕ ਕਿਸੇ ਨੂੰ
ਹਿਕ ਜਣਾ ਫਿਰ ਚਾ ਕੰਧਾੜੇ ਲੈ ਟੁਰਿਆ ਸੀ ਮੈਨੂੰ

ਜਾਂਦੇ ਜਾਂਦੇ ਨੂੰ ਹਿਕ ਜਾਈ ਪਾਣੀ ਅੱਗੋਂ ਆਇਆ
ਵਹਿੰਦੀ ਨਦੀ ਡੂੰਘੇਰੀ ਅੰਦਰ ਪੈਰ ਜਦੋਂ ਉਸ ਪਾਇਆ

ਪਾਣੀ ਕੋਲੋਂ ਡਰ ਕੇ ਹਟਿਆ ਠਿੱਲ੍ਹ ਨਾ ਸਕਿਆ ਮੂਲੇ
ਮੈਂ ਜਾਤਾ ਹੁਣ ਵੇਲ਼ਾ ਇਹੋ ਨੱਸ ਪਵਾਂ ਇਤ ਰੂਲੇ

ਪਿੰਜਰੇ ਥੀਂ ਮੈਂ ਬਾਹਰ ਆਇਆ ਛਾਲ ਨਦੀ ਵਿਚ ਮਾਰੀ
ਦੋ ਤਿੰਨ ਬਾਹਾਂ ਮਾਰ ਸ਼ਿਤਾਬੀ ਦੂਰ ਗਿਓਸੁ ਕਰ ਤਾਰੀ ।(੩੮੧੦)

ਅੱਗੇ ਰੁੜ੍ਹਦਾ ਜਾਂਦਾ ਆਹਾ ਪਾਣੀ ਤੇ ਹਿਕ ਤਖ਼ਤਾ
ਹੋ ਅਸਵਾਰ ਪਿਆ ਉਸ ਉੱਤੇ ਫੜਿਆ ਹੱਛਾ ਸਖ਼ਤਾ

ਪੰਜ ਦਿਹਾੜੇ ਤੇ ਪੰਜ ਰਾਤੀਂ ਗਇਓਸੁ ਨਦੀ ਵਿਚ ਰੁੜ੍ਹਦਾ
ਫੇਰ ਕਿਨਾਰੇ ਲੱਗਾ ਅੱਗੋਂ ਵੇਖ ਸਬੱਬ ਕੀ ਜੁੜਦਾ

ਜ਼ੰਗੀ ਆਦਮ ਖਾਵਣ ਵਾਲੇ ਅੱਗੇ ਸਾਨ ਬਤੇਰੇ
ਮੈਨੂੰ ਪਕੜ ਲਿਆ ਫਿਰ ਓਹਨਾਂ ਖਾਣ ਲੱਗੇ ਕਰ ਬੇਰੇ

ਫਿਰ ਕੋਈ ਪਈ ਦਲੀਲ ਉਨ੍ਹਾਂ ਨੂੰ ਕਰਨ ਆਪਸ ਵਿਚ ਗੱਲਾਂ
ਮੈਨੂੰ ਸਮਝ ਨਾ ਆਵੇ ਕੋਈ ਨਾ ਬੋਲਾਂ ਨਾ ਹਲਾਂ

ਖ਼ੂਬ ਸ਼ਿਕਾਰ ਸਮਝ ਕੇ ਉਨ੍ਹਾਂ ਆਪਣੇ ਮੁਲਕ ਪੁਚਾਇਆ
ਤੇਲੇ ਵਾਲੇ ਮੱਟਕੇ ਅੰਦਰ ਗਰਦਨ ਤੀਕ ਡੁਬਾਇਆ

ਜਾਂ ਗੋਸ਼ਤ ਵਿਚ ਤੇਲ ਸਿੰਜਰਸੀ ਤਰ ਹੋਸੀ ਸਭ ਦੇਹੀ
ਤਦੋਂ ਖ਼ੁਰਾਕ ਕਰਾਂਗੇ ਇਸ ਦੀ ਗ਼ਰਜ਼ ਉਨ੍ਹਾਂ ਸੀ ਏਹੀ

ਤਰੈ ਮਹੀਨੇ ਨਿੱਤ ਬੇਨਾਗ਼ਾ ਦੋਏੇ ਵਕਤ ਰਜਾਂਦੇ
ਸ਼ਕਰ ਮਗ਼ਜ਼ ਬਾਦਾਮ ਛੁਹਾਰੇ ਮੱਛੀ ਭੁੰਨ ਖਿਲਾਂਦੇ

ਦਿਲ ਵਿਚ ਖ਼ਵਾਹਿਸ਼ ਇਹ ਉਨ੍ਹਾਂ ਦੀ ਜਾਂ ਹੋਸੀ ਤਨ ਫ਼ਰਬਾ
ਮੇਵੇ ਰੋਗ਼ਨ ਤਰੀ ਦੇਵਣਗੇ ਗੋਸ਼ਤ ਹੋਸੀ ਚਰਬਾ

ਹਿਕ ਦਿਨ ਮਾਰ ਕਬਾਬ ਕਰਾਂਗੇ ਹੋਸੀ ਈਦ ਦਿਲੇ ਦੀ
ਏਸ ਤਮਾ ਤੇ ਪਾਲਣ ਮੈਨੂੰ ਕਰ ਤਾਕੀਦ ਦਿਲੇ ਦੀ

ਜਾਂ ਫਿਰ ਗੋਸ਼ਤ ਮੋਟਾ ਹੋਇਆ ਫਿਰੀ ਦੇਹੀ ਤੇ ਲਾਲੀ
ਆਇਆ ਰੰਗ ਅਜਾਇਬ ਜੁੱਸੇ ਸਿਫ਼ਤ ਖ਼ੁਦਾਵੰਦ ਵਾਲੀ ।(੩੮੨੦)

ਸ਼ੀਸ਼ੇ ਵਾਗ ਚਮਕਦੀ ਦੇਹੀ ਚੌਹ ਚੌਹ ਰੱਤ ਕਰੇਂਦੀ
ਮਿਸਲ ਅਨਾਰ ਭੱਖੇ ਤਨ ਸਾਰਾ ਲਾਟਾਂ ਜੋਤ ਮਰੇਂਦੀ

ਜ਼ੰਗੀ ਖਾਵਣ ਉੱਤੇ ਹੋਏ ਮਾਰਨ ਲੱਗੇ ਮੈਨੂੰ
ਪਰ ਜੇ ਰੱਖਣ ਵਾਲਾ ਰੱਖੇ ਮਾਰਨ ਤਾਕਤ ਕੈਨੂੰ

ਦਾਨੇ ਰਲ਼ ਕੇ ਕਰਨ ਸਲਾਹਾਂ ਇਹ ਹੈ ਤੋਹਫ਼ਾ ਭਾਰਾ
ਹਿਕ ਦਿਨ ਖਾਧਾ ਤਾਂ ਕੀ ਹੋਸੀ ਸਾਲ ਨਾ ਲੰਘਸੀ ਸਾਰਾ

ਆਪਣੇ ਬਾਦਸ਼ਾਹੇ ਵੱਲ ਘੱਲੀਏ ਤੋਹਫ਼ਾ ਕਰ ਨਜ਼ਰਾਨਾ
ਨਾਲੇ ਹਾਕਮ ਰਾਜ਼ੀ ਹੋਸੀ ਦੇਸੀ ਦਾਨ ਸ਼ਹਾਨਾ

ਕਿਸ਼ਤੀ ਉੱਤੇ ਚਾੜ੍ਹ ਲਿਓ ਨੇ ਲੈ ਚਲੇ ਵੱਲ ਸ਼ਾਹੇ
ਪਾਣੀ ਵਿਚ ਰਹੀ ਉਹ ਬੇੜੀ ਰੋਜ਼ ਕਦਰ ਹਿਕ ਮਾਹੇ

ਹਿਕ ਦਿਨ ਵਾਅ ਪੁਰੇ ਦੀ ਝੁੱਲੀ ਝੱਖੜ ਸਖ਼ਤ ਹਨੇਰੀ
ਕਾਂਗ ਚੜ੍ਹੀ ਦਰਿਆਵੇ ਉੱਤੇ ਵਾਂਗ ਤੂਫ਼ਾਨ ਵਡੇਰੀ

ਚਾਲੀ ਰੋਜ਼ ਚਲੀ ਫਿਰ ਕਿਸ਼ਤੀ ਵਾਹੋ ਦਾਹ ਸ਼ਿਤਾਬੀ
ਓਥੇ ਮੈਂ ਭੀ ਤੱਕੇ ਬਹੁਤੇ ਰੰਜ ਮੁਸੀਬਤ ਆਬੀ

ਹਿਕ ਦਿਨ ਜ਼ਾਲਿਮ ਵਾਅ ਖਲੋਤੀ ਨਰਮ ਹਵਾ ਸੁਖਾਈ
ਖ਼ੁਸ਼ਕੀ ਦੰਦੇ ਕੋਲ ਉਨ੍ਹਾਂ ਦੀ ਬੇੜੀ ਨੇੜੇ ਆਈ

ਅੱਗੋਂ ਸ਼ਹਿਰ ਆਇਆ ਹਿਕ ਨੇੜੇ ਆਦਮੀਆਂ ਦਾ ਵਾਸਾ
ਮੁਸਲਮਾਨ ਦੱਸਣ ਸਭ ਬੰਦੇ ਕੁਫ਼ਰ ਨਾ ਦਿਸਦਾ ਮਾਸਾ

ਜ਼ੰਗੀ ਦੇਖ ਨਸਾਵਨ ਲੱਗੇ ਕਿਸ਼ਤੀ ਪਰਤ ਪਿਛਾਹਾਂ
ਸ਼ਹਿਰੀ ਲੋਕ ਇਕੱਠੇ ਹੋ ਕੇ ਪਕੜ ਲਿਓ ਨੇਂ ਲਾਹਾਂ ।(੩੮੩੦)

ਜ਼ੰਗੀ ਜ਼ਾਲਿਮ ਲੋਕ ਖ਼ੁਨਾਮੀ ਪਕੜੇ ਮੁਸਲਮਾਨਾਂ
ਸਾਰੇ ਮਾਰ ਨਦੀ ਵਿਚ ਸੁੱਟੇ ਪਈ ਵਬਾ ਹੈਵਾਨਾਂ

ਮੈਨੂੰ ਉਨ੍ਹਾਂ ਖ਼ਲਾਸ ਕਰਾਇਆ ਮਾਰ ਗਵਾਏ ਵੈਰੀ
ਨਾਮ ਅਮਾਨ ਹਿਕ ਸ਼ਹਿਰ ਅੱਗੇ ਸੀ ਉਸ ਵਿਚ ਪਹੁਤੋਸੁ ਖ਼ੈਰੀ

ਕੁਦਰਤ ਵੇਖ ਖ਼ੁਦਾਵੰਦ ਸੰਦੀ ਆਪੇ ਕੁਦਰਤ ਵਾਲਾ
ਬਾਜ਼ਾਂ ਦੇ ਹੱਥ ਦੇ ਕਬੂਤਰ ਕਰਦਾ ਫੇਰ ਸੰਭਾਲਾ

ਬਾਜ਼ ਬਹੇ ਲੈ ਤਿੱਤਰ ਪੰਜੇ ਜਾਂ ਰੱਬ ਪਾਕ ਬਚਾਏ
ਲੂੰਹਦੀ ਪਈ ਮਰੇਂਦੀ ਬਾਜ਼ੇ ਤਿੱਤਰ ਫਿਰ ਉਡ ਜਾਏ

ਬਿੱਲੀ ਕੁੱਕੜ ਬੱਚਾ ਫੜਿਆ ਕਰ ਸ਼ਿਕਾਰ ਤੁਰੀ ਸੀ
ਲਗਿਓਸੁ ਸੋਟਾ ਬਚਿਆ ਬੱਚਾ ਮੋਈ ਮੌਤ ਬੁਰੀ ਸੀ

ਕਾਲੇ ਸੱਪ ਫੜੀ ਸੀ ਚਿੜੀਆ ਸਾਰੀ ਮੂੰਹ ਵਿਚ ਪਾਈ
ਲੱਗੀ ਸੱਟ ਹੋਈਆਂ ਸੱਪ ਘਾਇਲ ਸਾਬਤ ਬਾਹਰ ਆਈ

45. ਹਿਕਾਇਤ ਬਤਰੀਕਿ ਤਮਸਲਿ ਮੇ ਗੋਇਦ
(ਇੱਕ ਪਰਮਾਣ-ਸਾਖੀ)

ਹਿਕ ਦਿਨ ਕਰਨ ਸ਼ਿਕਾਰ ਸ਼ਿਕਾਰੀ ਬਾਰੇ ਅੰਦਰ ਆਇਆ
ਆ ਦਰਖ਼ਤ ਘਣੇ ਦੀ ਛਾਵੇਂ ਉਸ ਨੇ ਡੇਰਾ ਲਾਇਆ

ਨਾਲੇ ਬਾਜ਼ ਹਵਾਈਓਂ ਉੱਡਦਾ ਆ ਬੈਠਾ ਉਸ ਰੁੱਖ ਤੇ
ਤਾਮਾ ਲੋੜੇ ਮਾਸ ਨਾ ਛੋੜੇ ਆਇਆ ਜ਼ਾਲਿਮ ਭੁੱਖ ਤੇ

ਹੇਠ ਸ਼ਿਕਾਰੀ ਬਾਜ਼ ਉੱਤੇ ਸੀ ਵਿਚ ਬੈਠੀ ਇਕ ਘੁੱਗੀ
ਦੁਸ਼ਮਣ ਵੇਖ ਕਹੇ ਅੱਜ ਮੈਂ ਭੀ ਚੋਗ ਅਜਲ ਦੀ ਚੁੱਗੀ

ਹੇਠੋਂ ਸ਼ਿਸਤ ਸ਼ਿਕਾਰੀ ਜੋੜੇ ਤੀਰ ਘੁੱਗੀ ਨੂੰ ਲਾਵਾਂ
ਉਤੋਂ ਬਾਜ਼ ਤੱਕੇ ਜੇ ਉਡੇ ਪਕੜ ਸ਼ਿਤਾਬੀ ਖਾਵਾਂ ।(੩੮੪੦)

ਘੁੱਗੀ ਜਦੋਂ ਉਨ੍ਹਾਂ ਵੱਲ ਡਿੱਠਾ ਕਰਦੀ ਫ਼ਿਕਰ ਘਣੇਰਾ
ਕਹਿੰਦੀ ਰੱਬਾ ਕਿਉਂ ਕਰ ਰਖਸੇਂ ਬਚਣ ਨਹੀਂ ਹੁਣ ਮੇਰਾ

ਬੈਠ ਰਹਾਂ ਤਾਂ ਸ਼ਿਸਤ ਬਰਾਬਰ ਮਾਰੇ ਤੀਰ ਸ਼ਿਕਾਰੀ
ਜੇ ਉਡਾਂ ਤਾਂ ਬਾਜ਼ ਪਕੜਸੀ ਹਰ ਪਾਸੋਂ ਮੈਂ ਮਾਰੀ

ਤੀਰ ਲੱਗਣ ਵਿਚ ਦੇਰ ਨਾ ਕੋਈ ਕੁੱਝ ਤਦਬੀਰ ਨਾ ਚਲਦੀ
ਆਹੀ ਘੜੀ ਅਜਲ ਦੀ ਇਹੋ ਵਿਚ ਤਕਦੀਰ ਅਜ਼ਲ ਦੀ

ਜਾਂ ਰੱਬ ਰੱਖਣ ਉੱਤੇ ਹੋਇਆ ਕੀ ਸਬੱਬ ਬਣਾਇਆ
ਘੁੱਗੀ ਵੱਲ ਸ਼ਿਕਾਰੀ ਤੱਕਦਾ ਸ਼ਿਸਤ ਧਿਆਨ ਠਹਿਰਾਇਆ

ਪਿੱਛੋਂ ਨਾਗ ਚਲਾਏ ਉਸ ਨੂੰ ਦੰਦ ਆਲੂਦ ਜ਼ਹਿਰ ਦੇ
ਤੀਰ ਛੁੱਟਾ ਉਹ ਲੱਗਾ ਬਾਜ਼ੇ ਦੋਂਵੇਂ ਦੁਸ਼ਮਣ ਮਰਦੇ

ਘੁੱਗੀ ਬੈਠੀ ਰਹੀ ਉਥਾਈਂ ਚੰਗੀ ਭਲੀ ਨਿਰੋਈ
ਮਾਰਨ ਵਾਲੇ ਮੋਏ ਮੁਹੰਮਦ ਕੁਦਰਤ ਰੱਬ ਦੀ ਹੋਈ

ਕੁਦਰਤ ਕਾਦਰ ਵਾਲੀ ਵਾਲੀ ਗਿਣਤਰ ਵਿਚ ਨਾ ਮੇਵੇ
ਕਿੱਸਾ ਦਸ ਮੁਹੰਮਦ ਬਖਸ਼ਾ ਯਾਰ ਖਲੋਤਾ ਸੇਵੇ

ਸਾਇਦ ਕਹਿੰਦਾ ਸੁਣ ਤੂੰ ਸ਼ਾਹਾ ਸ਼ਹਿਰ ਅਮਾਨ ਮੈਂ ਆਇਆ
ਇਸ ਨਗਰੀ ਮੇਂ ਮੈਂ ਗ਼ਰੀਬੇ ਪੂਰਾ ਬਰਸ ਲੰਘਾਇਆ

ਓੜਕ ਹੋਇਓਸੁ ਉਦਾਸੀ ਉੇਥੋਂ ਆਈ ਦਿਲੇ ਨੂੰ ਤੰਗੀ
ਕਾਫ਼ਲਾ ਹਿਕ ਟੁਰਿਆ ਭਾਰਾ ਸੰਗਤ ਸੀ ਉਹ ਚੰਗੀ

ਨਾਲ਼ ਉਨ੍ਹਾਂ ਦੇ ਮੈਂ ਭੀ ਟੁਰਿਆ ਏਸ ਵਲਾਇਤ ਆਇਆ
ਰੰਜ ਮੁਸੀਬਤ ਭੁੱਲੇ ਸਾਰੇ ਜਦੋਂ ਸ਼ਹਿਜ਼ਾਦਾ ਪਾਇਆ ।(੩੮੫੦)

ਵੇਖ ਜਮਾਲ ਕਮਾਲ ਖ਼ਸਮ ਦਾ ਦੂਰ ਹੋਈ ਗ਼ਮਨਾਕੀ
'ਅਲਹਮਦ ਵਲਮਿਨਤ ਅੱਲਾ' ਉਸੇ ਨੂੰ ਸਭ ਪਾਕੀ

ਤੱਕ ਦੀਦਾਰ ਬਹਾਰ ਹੁਸਨ ਦੀ ਯਾਰ ਪਿਆਰੇ ਵਾਲੀ
ਦੁੱਖ ਗਏ ਸੁੱਖ ਹਾਸਿਲ ਹੋਏ ਕਰਮ ਕਮਾਇਆ ਵਾਲੀ

ਸੈਫ਼-ਮਲੂਕੇ ਨੂੰ ਫਿਰ ਕਹਿੰਦਾ ਸਾਇਦ ਯਾਰ ਪਿਆਰਾ
ਤੂੰ ਭੀ ਦਸ ਸ਼ਹਿਜ਼ਾਦਾ ਅਪਣਾ ਸਫ਼ਰ ਕਜ਼ੀਆ ਸਾਰਾ

ਸੈਫ਼-ਮਲੂਕ ਹਕੀਕਤ ਆਪਣੀ ਖੋਲ ਸੁਣਾਈ ਸਾਰੀ
ਯਾਰ ਯਾਰਾਂ ਦੇ ਦੁੱਖ ਵੰਡਾਂਦੇ ਕਰ ਕਰ ਗਿਰੀਆਜ਼ਾਰੀ

ਸਾਇਦ ਨੂੰ ਸੁਣ ਦਰਦ ਕਹਾਣੀ ਸ਼ਹਿਜ਼ਾਦੇ ਦੀ ਕੁੱਲੀ
ਰੰਜ ਮੁਸੀਬਤ ਮਿਹਨਤ ਸਖ਼ਤੀ ਆਪਣੀ ਸਾਰੀ ਭੁੱਲੀ

ਫੇਰ ਸ਼ਹਿਜ਼ਾਦੇ ਕੋਲੋਂ ਪੁੱਛਦਾ ਦੱਸ ਮੇਰੇ ਦਿਲ ਜਾਨੀ
ਬਾਗ਼-ਇਰਮ ਬਦੀਅ-ਜਮਾਲੋਂ ਲੱਭੀ ਆ ਕੁੱਝ ਨਿਸ਼ਾਨੀ

ਜੇ ਕਰ ਦਸ ਸੱਜਣ ਦੀ ਪਈ ਆ ਕਿਤੇ ਮਿਲਾਂਗੇ ਕੇਵੇਂ
ਨਹੀਂ ਤਾਂ ਰੰਜ ਮੁਸੀਬਤ ਸਾਰੇ ਗਏ ਅਸਾਡੇ ਐਵੇਂ

ਸ਼ਹਿਜ਼ਾਦੇ ਫ਼ੁਰਮਾਇਆ ਅੱਗੋਂ ਹੋਵੇ ਮੁਬਾਰਿਕ ਭਾਈ
ਬਾਰਾਂ ਰੋਜ਼ਾਂ ਤੀਕ ਪਰੀ ਦੀ ਹੈ ਉਡੀਕ ਇਸ ਜਾਈ

ਆਪੇ ਇਥੇ ਆ ਮਿਲੇਗੀ ਜੇ ਚਾਹਿਆ ਰੱਬ ਸੱਚੇ
ਮਲਿਕਾ-ਖ਼ਾਤੂੰ ਨੇ ਸੰਗ ਮੇਰੇ ਕੌਲ ਨਾ ਕੀਤੇ ਕੱਚੇ

ਸਾਇਦ ਸ਼ੁਕਰ ਗੁਜ਼ਾਰ ਹਜ਼ਾਰਾਂ ਹਮਦ ਕਹੇ ਫਿਰ ਰੱਬ ਦੀ
ਜ਼ਾਇਅ ਗਏ ਨਾ ਰੰਜ ਅਸਾਡੇ ਆਸ ਲੱਗੀ ਮਤਲਬ ਦੀ ।(੩੮੬੦)

ਅਲਕਿੱਸਾ ਉਸ ਰੋਜ਼ ਸ਼ਹਿਜ਼ਾਦੇ ਨਾਲੇ ਸਾਇਦ ਤਾਈਂ
ਸਰਾਂਦੀਪ ਸ਼ਹਿਰ ਦਾ ਵਾਲੀ ਰੱਖੇ ਕੋਲ ਬਹਾਈਂ

ਜਾਂ ਬਰਖ਼ਾਸਤ ਕਚਹਿਰੀ ਹੋਈ ਰਹੇ ਅਮੀਰ ਵਡੇਰੇ
ਸਾਇਦ ਤੇ ਸ਼ਹਿਜ਼ਾਦਾ ਸ਼ਾਹ ਥੀਂ ਵਿਦਿਆ ਹੋਏ ਵੱਲ ਡੇਰੇ

ਸ਼ਾਹੀ ਘੋੜੇ ਦੋ ਮੰਗਾਏ ਜਲਦੀ ਵਿਚ ਕਚਹਿਰੀ
ਜ਼ੀਨ ਲਗਾਮ ਜਿਨ੍ਹਾਂ ਦਾ ਆਹਾ ਸਭ ਅਸਬਾਬ ਸੁਨਹਿਰੀ

ਜੋੜੇ ਥਾਨ ਪੋਸ਼ਾਕਾਂ ਸੁੱਚੀਆਂ ਲਾਇਕ ਬਾਦਸ਼ਾਹਾਂ ਦੇ
ਜ਼ੇਵਰ ਜ਼ਰ ਜੜਾਊ ਉਹ ਭੀ ਦੋ ਦਸਤੇ ਕਰ ਆਂਦੇ

ਚਾਲੀ ਹੋਰ ਗ਼ੁਲਾਮ ਪਿਆਰੇ ਸੁੰਦਰ ਸੂਰਤ ਵਾਲੇ
ਖ਼ਿਦਮਤਗਾਰ ਹੁਸ਼ਿਆਰ ਸਿਆਣੇ ਖ਼ੂਬ ਜਿਨ੍ਹਾਂ ਦੇ ਚਾਲੇ

ਹੋਰ ਹਥਿਆਰ ਅਮੀਰਾਂ ਲਾਇਕ ਜ਼ੌਹਰਦਾਰ ਫ਼ੌਲਾਦੀ
ਚਮਕ ਜਿਨ੍ਹਾਂ ਦੀ ਮਾਰੇ ਦੂਰੋਂ ਦੁਸ਼ਮਣ ਲੋਕ ਫ਼ਸਾਦੀ

ਇਹ ਸਭ ਚੀਜ਼ਾਂ ਵਾਂਗ ਅਜ਼ੀਜ਼ਾਂ ਸ਼ਹਿਨਸ਼ਾਹ ਨਗਰ ਦੇ
ਸਾਇਦ ਨੂੰ ਇਨਾਮ ਦਿੱਤਾ ਸੀ ਤੁਸੀਂ ਵਜ਼ੀਰ ਮਿਸਰ ਦੇ

ਸਾਇਦ ਦਾ ਕੁੱਝ ਅੰਤ ਨਾ ਆਵੇ ਹੁਸਨ ਇਲਮ ਚਤੁਰਾਈ
ਤਬਾ ਲਿਤਾਫ਼ਤ ਰਸ ਅਵਾਜ਼ੇ ਕਬਜ਼ਾ ਹੁਨਰ ਦਾਨਾਈ

ਸੋਹਣਾ ਖ਼ਤ ਸਫ਼ਾਈ ਵਾਲਾ ਮਿੱਠੀ ਜੀਭ ਰਸੀਲੀ
ਬਾਦਸ਼ਾਹੇ ਨੂੰ ਦੇਇ ਦੁਆਈਂ ਨਾਲ਼ ਕਲਾਮ ਰੰਗੀਲੀ

ਜਦੋਂ ਕਲਾਮ ਜ਼ਬਾਨੋਂ ਕੀਤੀ ਇਸ ਅਜ਼ੀਜ਼ ਮਿਸਰ ਦੇ
ਮਾਲਿਕ ਮੁਲਕ ਵਲਾਇਤ-ਵਾਲੀ ਹੋ ਗਏ ਸਭ ਬਰਦੇ ।(੩੮੭੦)

ਸ਼ਹਿਜ਼ਾਦਾ ਤੇ ਸਾਇਦ ਦੋਂਵੇਂ ਉਹ ਮਜਲਿਸ ਛੱਡ ਚੱਲੇ
ਜਿਸ ਮਾੜੀ ਵਿਚ ਡੇਰਾ ਆਹਾ ਬੈਠੇ ਆਣ ਇਕੱਲੇ

ਹਿਕ ਦੂਜੇ ਸੰਗ ਗੱਲਾਂ ਕਰਦੇ ਫੋਲਣ ਭੇਤ ਦਿਲਾਂ ਦੇ
ਸੁਖ਼ਨ ਪਿਆਰ ਮੁਹੱਬਤ ਵਾਲੇ ਦੱਸੇ ਮੂਲ ਨਾ ਜਾਂਦੇ

ਦਮ ਦਮ ਨਾਲ਼ ਅਲਹਮਦ ਗੁਜ਼ਾਰਨ ਕਰਦੇ ਸ਼ੁਕਰ ਹਜ਼ਾਰਾਂ
ਕਰਮ ਕੀਤਾ ਰੱਬ ਫੇਰ ਮਿਲਾਇਆ ਸਿਕ ਸਿਕੇਂਦਿਆਂ ਯਾਰਾਂ

ਜੋ ਜੋ ਰੰਜ ਮੁਸੀਬਤ ਗੁਜ਼ਰੀ ਯਾਦ ਕਰੇਂਦੇ ਆਹੇ
ਬੈਠ ਪਿਆਰੇ ਲੇਖਾ ਗਿਣਦੇ ਇਸ਼ਕ ਵਣਜ ਦੇ ਲਾਹੇ

ਸੈਫ਼-ਮਲੂਕ ਦਿੱਤੀ ਸੁਖ ਦੌਲਤ ਦੁੱਖ ਮਤਾਅ ਖ਼ਰੀਦੀ
ਖਾਵਣ ਪੀਵਣ ਸੌਣ ਭੁਲਾਇਆ ਗਰਮ ਉਡੀਕ ਪਰੀ ਦੀ

ਕਦੇ ਸਰਹਾਂਦੀ ਕਦੇ ਪਵਾਂਦੀ ਬਸਤਰ ਪਾਸ ਨਾ ਲਾਵੇ
ਸ਼ਾਮ ਫ਼ਜਰ ਬਿਨ ਸ਼ਾਮ ਮੁਹੰਮਦ ਨੀਂਦ ਆਰਾਮ ਨਾ ਆਵੇ

ਸ਼ਾਮ ਮਿਲੇ ਤਾਂ ਕਾਮ ਸੰਵਾਰੇ ਹੋਣ ਦਰੁਸਤ ਸ਼ਿਕਸਤੇ
ਰੈਣ ਪਲਕ ਭਰ ਨੈਣ ਨਾ ਸੌਂਦੇ ਪੱਕਣ ਤੱਕਦੇ ਰਸਤੇ

ਜ਼ਾਲਿਮ ਦਰਦ ਵਿਛੋੜੇ ਵਾਲਾ ਨਾਮ ਲਿਆਂ ਦਿਲ ਕੰਬੇ
ਬੁਰੀ ਉਡੀਕ ਜੁਦਾਈ ਨਾਲੋਂ ਲੂੰ ਲੂੰ ਬਲਣ ਅਲੰਬੇ

ਮੌਤੋਂ ਸਖ਼ਤ ਉਡੀਕ ਸੱਜਣ ਦੀ ਤਲਖ਼ੀ ਜਾਨ-ਕੰਦਨ ਥੀਂ
ਨੀਂਦਰ ਭੁੱਖ ਕਰਾਰ ਸਬਰ ਨੂੰ ਕੱਢੇ ਮਾਰ ਵਤਨ ਥੀਂ

ਤਲੋ-ਪਸਿਤਾ ਸੀ ਸ਼ਹਿਜ਼ਾਦਾ ਆਮਦ ਬੁਝ ਪਰੀ ਦੀ
ਅੱਗੇ ਚੱਲ ਫ਼ਕੀਰਾ ਨਾਹੀਂ ਲੰਮੀ ਗੱਲ ਕਰੀ ਦੀ ।(੩੮੮੦)

ਸਾਇਦ ਤੇ ਸ਼ਹਿਜ਼ਾਦਾ ਅੰਦਰ ਬੈਠੇ ਰੂਪ ਸਹਾਏ
ਸੂਰਜ ਚੰਨ ਮੁਹੰਮਦ ਬਖਸ਼ਾ ਹਿਕ ਬੁਰਜ ਵਿਚ ਆਏ

ਮਲਿਕਾ-ਖ਼ਾਤੂੰ ਬਦਰਾ-ਖ਼ਾਤੂੰ ਨਾਲੇ ਮਾਂ ਉਨ੍ਹਾਂ ਦੀ
ਬਾਹਰ ਉਹਲੇ ਖਲੀਆਂ ਤੱਕਣ ਸੂਰਤ ਖ਼ੂਬ ਦੋਹਾਂ ਦੀ

ਤੱਕ ਤੱਕ ਬਹੁਤ ਤਅਜਬ ਹੋਵਣ ਜੋਬਨ ਲਹਿਰਾਂ ਚੜ੍ਹੀਆਂ
ਦੂਰੋਂ ਰਹਿ ਨਾ ਸਕੀਆਂ ਓੜਕ ਤਰੈਵੇ ਅੰਦਰ ਵੜੀਆਂ

ਸ਼ਹਿਜ਼ਾਦੇ ਸਨ ਡਿੱਠੀਆਂ ਹੋਈਆਂ ਉਹ ਜੋਬਨ ਦੀਆਂ ਲਾਟਾਂ
ਪਰ ਉਸ ਦਿਲ ਸੀ ਇਸ਼ਕ ਪਰੀ ਦਾ ਮੱਲ ਬੈਠਾ ਸਭ ਵਾਟਾਂ

ਹੋਰ ਕਿਸੇ ਦੀ ਸੂਰਤ ਉਸ ਨੂੰ ਕੀਕਰ ਸੀ ਦਿਲ ਪੁੜਦੀ
ਮਿਸਰੀ ਨਾਲ਼ ਹੋਵੇ ਮੂੰਹ ਭਰਿਆ ਰੀਝ ਰਹੇ ਕਦ ਗੁੜ ਦੀ

ਸਾਇਦ ਦਾ ਦਿਲ ਸ਼ਹਿਰ ਬੇਰਾਜਾ ਨਾਹਾ ਅਮਲ ਸ਼ਕਲ ਦਾ
ਜ਼ੁਵਿਲਕਰਨੈਨ ਹੁਸਨ ਦਾ ਚੜ੍ਹਿਆ ਮਾਰਨ ਕੋਟ ਅਕਲ ਦਾ

ਸ਼ਾਹ ਜ਼ੋਰਾਵਰ ਫ਼ੌਜਾਂ ਵਾਲੇ ਲੱਗੇ ਮੁਲਕ ਨਾ ਛਡਦੇ
ਕਰਨ ਸੰਭਾਲਾ ਪਰਜਾ ਵਾਲਾ ਓੜਕ ਹਾਲਾ ਕਢਦੇ

ਐਸੇ ਸ਼ਹਿਰ ਪੈਦਾਇਸ਼ ਵਾਲੇ ਵਾਂਗ ਨਗਰ ਕਸ਼ਮੀਰੇ
ਕੀਕਰ ਖ਼ਾਲੀ ਰਹਿਣ ਮੁਹੰਮਦ ਬਾਝੋਂ ਹੁਕਮ ਅਮੀਰੇ

ਸਾਇਦ ਪਰਤ ਡਿੱਠਾ ਜਿਸ ਵੇਲੇ ਮਲਿਕਾ ਬਦਰਾ ਤਾਈਂ
ਡਿਠੋਸੁ ਬਦਰ ਅਕਾਸ਼ ਹੁਸਨ ਦਾ ਕੀ ਗੱਲ ਆਖ ਸੁਣਾਈਂ

ਬਦਰਾ-ਖ਼ਾਤੂੰ ਸੂਰਤ ਐਸੀ ਨਾਜ਼ਿਮ ਕਰੇ ਬਦਰ ਨੂੰ
ਮੈਂ ਬੇਦਾਗ਼ ਮੈਨੂੰ ਤੱਕ ਤੈਨੂੰ ਲੱਗਾ ਦਾਗ਼ ਜਿਗਰ ਨੂੰ ।(੩੮੯੦)

46. ਦਰ ਬਿਆਨਿ ਵਸਫ਼ਿ ਜਮਾਲ ਬਦਰਾ-ਖ਼ਾਤੂੰ ਵਾ ਆਸ਼ਿਕ
ਸ਼ੁਦਨਿ ਸਾਇਦ ਬਰ ਵੈ
(ਬਦਰਾ-ਖ਼ਾਤੂੰ ਦੇ ਰੂਪ ਦਾ ਬਿਆਨ ਤੇ ਸਾਇਦ ਦਾ ਆਸ਼ਿਕ ਹੋਣਾ)

ਬਦਰ ਮੁਨੀਰ ਜ਼ਿਮੀਂ ਪਰ ਰੌਸ਼ਨ ਬੀਬੀ ਬਦਰਾ-ਖ਼ਾਤੂੰ
ਮਲਕ ਅਸਮਾਨੀ ਤੱਕ ਨਾ ਸਕਦੇ ਡਰਦੇ ਇਸ਼ਕ ਆਫ਼ਾਤੋਂ

ਸੂਰਤਗਾਰ ਕੋਈ ਚੀਨ ਚਗਲ਼ ਦਾ ਐਸੇ ਨਕਸ਼ ਨਾ ਸੰਗੇ
ਕੁੰਡਲਦਾਰ ਦੋ ਨਾਗ ਦੋ ਜ਼ੁਲਫ਼ਾਂ ਅੱਖ ਲੜਿਆਂ ਦਿਲ ਡੰਗੇ

ਜੋ ਤੱਕੇ ਸੋ ਸੜ ਮੁੱਕੇ ਖੜਦੀ ਅਕਲ ਦਾਨਾਵਾਂ
ਬੇ ਦਾਗ਼ਾਂ ਨੂੰ ਦਾਗ਼ ਲਗਾਵੇ ਸਬਰ ਖੜੇ ਫ਼ੁਕਰਾਵਾਂ

ਰੰਗ ਗੁਲਾਬੀ ਅੰਗ ਹਿਸਾਬੀ ਚਿਹਰਾ ਵਾਂਗ ਮਤਾਬੀ
ਜੁੱਸੇ ਥੀਂ ਖ਼ੁਸ਼ਬੋਈ ਹੁੱਲੇ ਅੱਖੀਂ ਮਸਤ ਸ਼ਰਾਬੀ

ਉੱਚੀ ਲੰਮੀ ਨਾਜ਼ੁਕ ਗੋਰੀ ਨਰਮ ਚੰਬੇ ਦੀ ਡਾਲ਼ੀ
ਨਾਜ਼ ਅੰਦਾਜ਼ ਤੇ ਆਨ ਕਰਿਸ਼ਮਾ ਸਿਫ਼ਤ ਖ਼ੁਦਾਵੰਦ ਵਾਲੀ

ਨੱਕ ਬੇਸ਼ੱਕ ਫ਼ੌਲਾਦੀ ਖੁੱਨਾ ਤਰਿਖੀ ਘੋੜੀ ਉਤਲੀ
ਇਸ਼ਕ ਮਿਜਾਜ਼ ਇਕੱਠਾ ਕਰਕੇ ਸਿਰਜੀ ਸੀ ਰੱਬ ਪੁਤਲੀ

ਕੱਦ ਸਫ਼ੈਦੇ ਵਾਂਗਰ ਟਾਂਗਰ ਬਾਜ਼ੂ ਸ਼ਾਖ਼ਾਂ ਭਵੀਆਂ
ਸਖ਼ਤ ਆਹੇ ਪਿਸਤਾਨ ਵਟੇ ਥੀਂ ਮਿਸਲ ਨਾਰੰਜਾਂ ਨਵੀਆਂ

ਲਾਲ ਸ਼ਕਰ ਹਿਕ ਤੰਗ ਮਿੱਠੀ ਸੀ ਤੰਗ ਮੂਹੇਂ ਦੀ ਮੋਰੀ
ਗੱਲ ਕਰੇ ਤਾਂ ਖ਼ੂਬ ਅਵਾਜ਼ਾ ਛਣਕੇ ਮਿਸਲ ਕਟੋਰੀ

ਪਿਸਤਾ ਮਗ਼ਜ਼ ਬਾਦਾਮ ਗਿਰੀ ਦੀ ਲੱਜ਼ਤ ਨਿਰੀ ਸ਼ਕਲ ਸੀ
ਗਿਰਦ ਪਤਾਸਾ ਮਿੱਠਾ ਖ਼ਾਸਾ ਰੰਗ ਦੰਦਾਸਾ ਮਲ ਸੀ

ਸਖ਼ਤ ਕਮਾਨਾਂ ਸਨ ਭਰਵੱਟੇ ਪੇਸ਼ਾ ਜ਼ੋਰ ਕਮਾਣਾ
ਪਲਕਾਂ ਤੀਰ ਖ਼ੁਦੰਗ ਦਿਲੇ ਦਾ ਮਾਰਨ ਤੁਰਤ ਨਿਸ਼ਾਨਾ ।(੩੯੦੦)

ਭਰਵੱਟਿਆਂ ਸਿਰ ਆਣ ਝੁਕਾਏ ਆ ਲੱਗੇ ਵਿਚਕਾਰੇ
ਜਿਉਂ ਕਰ ਹੋਵੇ ਮਕਾਬਰ ਅੰਦਰ ਕਅੱਬਾਤੀਨ ਕਰਾਰੇ

ਉੱਚਾ ਮੱਥਾ ਬਹੁਤ ਕੁਸ਼ਾਦਾ ਜਿਉਂ ਕਰ ਜ਼ੇਬ ਜ਼ਨਾਨਾ
ਦੋ ਭਰਵੱਟੇ ਚੰਨ ਈਦੇ ਦੇ ਯਾ ਖ਼ਮਦਾਰ ਕਮਾਨਾਂ

ਅੱਖ ਪਰਤ ਤੱਕੇ ਜਿਸ ਪਾਸੇ ਜ਼ਾਲਿਮ ਨੈਣ ਸਿਪਾਹੀ
ਛਿੱਕ ਕਟਾਰਾਂ ਕਰਦੇ ਮਾਰਾਂ ਲੁੱਟਣ ਜਾਂਦੇ ਰਾਹੀ

ਮਸਤ ਉਦਾਸ ਬੀਮਾਰ ਦੀਵਾਨੇ ਨੈਣ ਮੱਤੇ ਨਿੰਦਰਾਏ
ਚਸ਼ਮਾਂ ਨਾਲ਼ ਕਰਿਸ਼ਮਾ ਕਰ ਕੇ ਜਾਦੂ ਮੰਤਰ ਪਾਏ

ਪਲਕਾਂ ਤੀਰ ਆਹਾ ਨੱਕ ਪਤਲਾ ਖ਼ੰਜਰ ਸਾਨ ਚੜ੍ਹਾਈ
ਮਿੱਠੇ ਹੋਠ ਸੁਲਹ ਵਿਚ ਰਾਜ਼ੀ ਗ਼ਮਜ਼ਾ ਕਰੇ ਲੜਾਈ

ਥੋੜਾ ਹੱਸੇ ਤੇ ਦਿਲ ਖੱਸੇ ਵੱਸੇ ਵਿਚ ਮਨਾਂ ਦੀ
ਬਦਰਾ ਗੋਰੀ ਹੱਸੇ ਚੋਰੀ ਜਿਉਂ ਕਰ ਸ਼ਰਮ ਜ਼ਨਾਂ ਦੀ

ਤਲਖ਼ ਸੁਖ਼ਨ ਜਿਸ ਵੇਲੇ ਬੋਲੇ ਮਿਸਰੀ ਮਿੱਠੇ ਵਾਤੋਂ
ਆਸ਼ਿਕ ਤਾਈਂ ਚਾ ਪਿਲਾਏ ਸ਼ਰਬਤ ਮੌਤ ਹਯਾਤੋਂ

ਮੱਥਾ ਗੱਲ੍ਹਾਂ ਵਾਂਗ ਅੰਗਾਰਾਂ ਉਪਰ ਬਿੰਦੀ ਕਾਲ਼ੀ
ਜਿਉਂ ਆਤਿਸ਼ ਪਰ ਹਰਮਲ ਦਾਣਾ ਬਦ ਨਜ਼ਰਾਂ ਨੂੰ ਟਾਲੀ

ਨਾਜ਼ੁਕ ਜੁੱਸਾ ਮਖ਼ਮਲ ਕੋਲੋਂ ਸਿਰ ਪੈਰਾਂ ਤੱਕ ਸਾਰਾ
ਚਾਲ ਲਟਕਦੀ ਸ਼ਕਲ ਚਮਕਦੀ ਜੋਬਨ ਬੇਸ਼ੁਮਾਰਾ

ਨਾਜ਼ੁਕ ਦੇਹੀ ਵਿਚੋਂ ਦਿੱਸਣ ਨਾੜੀਂ ਲਹੂ ਰੱਤੀਆਂ
ਦੁੱਰਿ-ਯਤੀਮ ਵਿਚੋਂ ਜਿਉਂ ਦਿਸਣ ਪੱਟ ਧਾਗੇ ਦੀਆਂ ਬੱਤੀਆਂ ।(੩੯੧੦)

ਸੁੱਚਾ ਸਾਫ਼ ਲਹੂ ਵਿਚ ਚਮੜੇ ਖ਼ੂਬ ਆਹਾ ਚਮਕੇਂਦਾ
ਜਿਉਂ ਕਰ ਸ਼ੀਸ਼ੇ ਹਲਬੀ ਅੰਦਰ ਚਮਕ ਸ਼ਰਾਬ ਮਰੇਂਦਾ

ਆਨ ਅਦਾ ਹੁਸਨ ਦੀਆਂ ਲਹਿਰਾਂ ਸ਼ਾਨ ਗੁਮਾਨ ਵਡੇਰਾ
ਸਾਰੀ ਸਿਫ਼ਤ ਬਿਆਨ ਕਰਨ ਦਾ ਕਦਰ ਨਹੀਂ ਕੁੱਝ ਮੇਰਾ

ਸੂਰਤ ਬਦਰਾ-ਖ਼ਾਤੂੰ ਵਾਲੀ ਲਾਟ ਸ਼ਮ੍ਹਾ ਦੀ ਆਹੀ
ਸਾਇਦ ਵੇਖ ਹੋਈਆਂ ਦਿਲਬਰੀਆਂ ਵਾਂਗ ਪਤੰਗ ਸਿਪਾਹੀ

ਪਹਿਲੀ ਜੰਗ ਖ਼ੁਦੰਗ ਇਸ਼ਕ ਦਾ ਲੰਘ ਗਿਆ ਦੋ ਪਾਸਾ
ਕਾਰੀ ਸਾਂਗ ਪਿਰਮ ਨੇ ਮਾਰੀ ਸਬਰ ਨਾ ਰਹਿਓਸੁ ਮਾਸਾ

ਜਾਦੂਗਰ ਦੋ ਨੈਣ ਕੁੜੀ ਦੇ ਪਲ ਵਿਚ ਕੀਤਾ ਮਾਇਲ
ਮਾਇਲ ਦੀ ਕੀ ਗੱਲ ਮੁਹੰਮਦ ਹੋ ਗਿਆ ਦਿਲ ਘਾਇਲ

ਕੰਡਾ ਸਖ਼ਤ ਮੁਹੱਬਤ ਵਾਲਾ ਆਣ ਜਿਗਰ ਵਿਚ ਪੁੜਿਆ
ਬਦਰਾਂ ਨੂੰ ਭੀ ਸਾਇਦ ਮਿੱਠਾ ਜੋੜ ਦੋਹਾਂ ਦਾ ਜੁੜਿਆ

ਭਾਰੀ ਬਦਰ ਇਸ਼ਕ ਦੀ ਲੱਗੀ ਬਦਰਾ-ਖ਼ਾਤੂੰ ਤਾਈਂ
ਕੀਤੀ ਕੈਦ ਜ਼ੰਜ਼ੀਰ ਗ਼ਮਾਂ ਦੀ ਹੋਇਓਸੁ ਚਿੱਤ ਅਜ਼ਾਈਂ

ਸਾਇਦ ਦਾ ਨੱਕ ਉੱਚਾ ਆਹਾ ਵਾਂਗ ਅੰਗੁਸ਼ਤ ਸ਼ਹਾਦਤ
ਬਦਰਾ ਦਾ ਦਿਲ ਬਦਰੇ ਵਾਂਙੂ ਚਿਰਿਆ ਨਾਲ਼ ਇਸ਼ਾਰਤ

ਹਿਕ ਦੂਜੇ ਦੀ ਸੂਰਤ ਤੱਕ ਕੇ ਬੈਠੇ ਬੰਨ੍ਹ ਗ਼ਰੂਰਤ
ਮੂਰਤ ਤੇ ਸ਼ਹਿਜ਼ਾਦੇ ਵਾਲੀ ਹੋਈ ਦੋਹਾਂ ਦੀ ਸੂਰਤ

ਕੋਈ ਕਿਸੇ ਵੱਲ ਵੇਖ ਨਾ ਰੱਜਦਾ ਸੂਰਤ ਦੇ ਮਤਵਾਲੇ
ਸਖ਼ਤ ਜ਼ੰਜ਼ੀਰ ਮੁਹੱਬਤ ਵਾਲੇ ਰੱਬ ਦੋਹਾਂ ਵੱਲ ਡਾਲੇ ।(੩੯੨੦)

ਨੈਣ ਨੈਣਾਂ ਨੂੰ ਭੱਜ ਭੱਜ ਮਿਲਦੇ ਦੂਰੋਂ ਕਰ ਕਰ ਧਾਈ
ਨੈਣ ਨੈਣਾਂ ਦੇ ਦੋਸਤ ਨਾਲੇ ਨੈਣਾਂ ਨੈਣ ਕਸਾਈ

ਨੈਣ ਰੰਗੀਲੇ ਆਪ ਵਸੀਲੇ ਹੀਲੇ ਕਰਨ ਬਤੇਰੇ
ਆਪ ਵਕੀਲ ਦਲੀਲ ਪਛਾਨਣ ਆਪੇ ਚੋਰ ਲੁਟੇਰੇ

ਰਮਜ਼ਾਂ ਨਾਲ਼ ਕਰੇਂਦੇ ਬਾਤਾਂ ਰੱਖਣ ਜੀਭ ਚੁਪੀਤੀ
ਨੈਣ ਨੈਣਾਂ ਦੇ ਮਹਿਰਮ ਯਾਰੋ ਖੋਲ ਦੱਸਣ ਜੋ ਬੀਤੀ

ਸਾਇਦ ਸ਼ੇਰ ਜਵਾਨ ਸਿਪਾਹੀ ਬਦਰਾ-ਖ਼ਾਤੂੰ ਰਾਣੀ
ਹਿਕ ਦੂਜੇ ਦੇ ਆਸ਼ਿਕ ਹੋਏ ਅੱਗੋਂ ਦਸ ਕਹਾਣੀ

ਰੱਖਣ ਸ਼ਰਮ ਹਯਾ ਬਤੇਰਾ ਤੱਕਣ ਭੀ ਸ਼ਰਮਾਂਦੇ
ਪਹਿਲੇ ਦਰਜੇ ਸ਼ਰਮ ਨਾ ਜਾਂਦਾ ਬਹੁਤ ਆਸ਼ਿਕ ਫ਼ੁਰਮਾਂਦੇ

ਜਿਉਂ ਜ਼ੁਲੈਖ਼ਾ ਪਹਿਲੇ ਖ਼ਵਾਬੋਂ ਨਾਹਾ ਸ਼ਰਮ ਗਵਾਇਆ
ਝੱਲੀ ਹੋ ਪਈ ਜਦ ਯੂਸੁਫ਼ ਦੂਜੇ ਖ਼ਾਬੇ ਆਇਆ

ਮਲਿਕਾ ਬਦਰਾ ਅੰਦਰ ਆਈਆਂ ਨਾਲ਼ ਉਨ੍ਹਾਂ ਦੀ ਮਾਈ
ਸਾਇਦ ਉਠ ਸਲਾਮੀ ਹੋਇਆ ਕਰ ਕੇ ਸੀਸ ਨਿਵਾਈ

ਜੋ ਜੋ ਅਦਬ ਸ਼ਹਾਂ ਦੇ ਹੁੰਦੇ ਸਭ ਬਜਾ ਲਿਆਂਦੇ
ਖ਼ੈਰਾਂ ਸੁਖਾਂ ਪੁੱਛਣ ਨਾਲੇ ਸਦਕੇ ਹੱਥ ਘੁੰਮਾਂਦੇ

ਸਾਇਦ ਕੋਲੋਂ ਮਲਿਕਾ ਪੁੱਛਦੀ ਹਾਲ ਅਹਿਵਾਲ ਸਫ਼ਰ ਦਾ
ਨਾਲ਼ ਆਦਾਬ ਜਵਾਬ ਸੁਣਾਵੇ ਸਾਹਿਬ ਇਲਮ ਹੁਨਰ ਦਾ

ਹੇ ਬੀਬੀ ਜੀਓ ਮਿਹਰ ਤੁਸਾਡੀ ਹੈਣ ਅਹਿਸਾਨ ਹਜ਼ਾਰਾਂ
ਮੈਂ ਸ਼ੁਹਦੇ ਥੀਂ ਪੁੱਛੋ ਕਰ ਕੇ ਸ਼ਫ਼ਕਤ ਬੇਸ਼ੁਮਾਰਾਂ ।(੩੯੩੦)

ਲਾਖਾਂ ਸ਼ੁਕਰ ਇਲਾਹੀ ਆਖਾਂ ਕਰਮ ਕੀਤਾ ਰੱਬ ਮੇਰੇ
ਏਸ ਮੁਕਾਮ ਪੁਚਾਇਓਸੁ ਓੜਕ ਦਸ ਦਸ ਵਖ਼ਤ ਬਤੇਰੇ

ਕਾਲ਼ੀ ਰਾਤ ਹਿਜਰ ਦੀ ਅੰਦਰ ਚੰਨ ਕੱਢੇ ਚਮਕਾਰੇ
ਸੈਫ਼-ਮਲੂਕ ਸ਼ਹਿਜ਼ਾਦਾ ਮਿਲਿਆ ਭੁੱਲ ਗਏ ਗ਼ਮ ਸਾਰੇ

ਰੰਜ ਮੁਸੀਬਤ ਸਰਗਰਦਾਨੀ ਜੋ ਕੁੱਝ ਸੀ ਮੈਂ ਡਿੱਠੀ
ਸਾਇਦ ਰੱਬ ਸਬੱਬ ਬਣਾਇਆ ਤਾਂ ਹੁਣ ਖੁੱਲੀ ਚਿੱਠੀ

ਹੋਏ ਜਮਾਲ ਦੀਦਾਰ ਤੁਮਾਰੇ ਖਾਧੇ ਨਮਕ ਤੁਸਾਡੇ
ਸ਼ੁਕਰ ਅੱਲਾਹ ਦਾ ਇਸ ਸਬੱਬੋਂ ਜਾਗੇ ਭਾਗ ਅਸਾਡੇ

ਮਲਿਕਾ ਜੀਉ ਦੀ ਮਾਉ ਤਾਈਂ ਸਾਇਦ ਦੀ ਗੱਲ ਸਾਰੀ
ਖ਼ੂਬ ਪਸੰਦੇ ਆਈ ਲੱਗੀ ਮਿੱਠੀ ਬਹੁਤ ਪਿਆਰੀ

ਹਰ ਹਰ ਪਾਸੋਂ ਗੱਲਾਂ ਕਰ ਕੇ ਸਾਇਦ ਨੂੰ ਅਜ਼ਮਾਵੇ
ਇਲਮ ਅਕਲ ਚਤੁਰਾਈ ਵੱਲੋਂ ਕਿਧਰੋਂ ਖ਼ਤਾ ਨਾ ਖਾਵੇ

ਸਭਨਾਂ ਸਿਫ਼ਤਾਂ ਅੰਦਰ ਸਾਇਦ ਬਹੁਤ ਪਸੰਦੇ ਆਇਆ
ਪਰ ਬਦਰਾ ਦੇ ਇਸ਼ਕ ਉਸ ਨੂੰ ਸੀ ਗੁਝਾ ਰੋਗ ਲਗਾਇਆ

ਬਹੁਤ ਤਹੱਮੁਲ ਤੇ ਹੁਸ਼ਿਆਰੀ ਦਿਲ ਨੂੰ ਦੇ ਦਲੇਰੀ
ਮੁੜ ਮੁੜ ਰੂਹ ਉਡਣ ਤੇ ਆਵੇ ਨਾਲ਼ ਦਿਲਾਸੇ ਘੇਰੀ

ਦਿਲ ਨੂੰ ਆਸ ਮਿਲਣ ਦੀ ਲਾਂਦਾ ਸਮਝ ਦਿਲਾ ਨਾਦਾਨਾ
ਸੈਫ਼-ਮਲੂਕ ਮਿਲਾਸੀ ਬਦਰਾ ਹੈ ਉਹ ਯਾਰ ਯਗ਼ਾਨਾ

ਬਦਰਾ ਦੇ ਮਾਂ ਬਾਪ ਬੱਧੇ ਨੇ ਖ਼ਾਸ ਉਹਦਿਆਂ ਅਹਿਸਾਨਾਂ
ਜੋ ਫ਼ੁਰਮਾਏ ਸੋਈਓ ਕਰਸਣ ਨਾ ਕੁੱਝ ਉਜ਼ਰ ਬਹਾਨਾ ।(੩੯੪੦)

ਐਸਾ ਯਾਰ ਹਮਰਾਹੀ ਹੁੰਦਿਆਂ ਕਰ ਤੂੰ ਚਿੰਤਾ ਥੋੜੀ
ਹੋਗ ਵਸੀਲਾ ਕਰ ਕੇ ਹੀਲਾ ਜੋੜ ਦਏਗਾ ਜੋੜੀ

ਸਾਇਦ ਨੂੰ ਉਮੀਦ ਪੱਕੀ ਸੀ ਮੇਲ ਹੋਸੀ ਦਿਲਬਰ ਦਾ
ਨਹੀਂ ਤਾਂ ਬਦਰਾ ਦੇ ਗ਼ਮ ਕੋਲੋਂ ਓਥੇ ਹੀ ਸੜਿ ਮਰਦਾ

ਬਦਰਾ ਦੀ ਭੀ ਹਾਲਤ ਇਹੋ ਜੋ ਸਾਇਦ ਦੀ ਦੱਸੀ
ਚੜ੍ਹਦਿਓਂ ਚਾੜ੍ਹੇ ਇਸ਼ਕ ਦੋਹਾਂ ਨੂੰ ਹਿਰਸ ਹੋਈ ਬੇਵੱਸੀ

ਆਸ਼ਿਕ ਲੋਕ ਏਵੇਂ ਫ਼ੁਰਮਾਂਦੇ ਇਸ਼ਕ ਸ਼ੀਸ਼ਾ ਰੂਹਾਨੀ
ਏਸ ਵਿਚੋਂ ਤੱਕ ਲੈਂਦੇ ਆਸ਼ਿਕ ਜੋ ਵਰਤੀ ਸਿਰ ਜਾਨੀ

ਮਾਸ਼ੂਕਾਂ ਭੀ ਮਾਲਮ ਹੋਵੇ ਹਾਲ ਹਕੀਕਤ ਸਾਰੀ
ਮੂੰਹੋਂ ਬੋਲੇ ਬਾਝ ਮੁਹੰਮਦ ਲੱਗੇ ਪਰੀਤ ਪਿਆਰੀ

ਮਲਿਕਾ ਹੋਰਾਂ ਜਾਂ ਉਸ ਜਾਈਓਂ ਚਿੱਤ ਘਰੇ ਵੱਲ ਚਾਇਆ
ਸ਼ਹਿਜ਼ਾਦਾ ਭੀ ਰੁਖ਼ਸਤ ਕਾਰਨ ਨਾਲ਼ ਉਨ੍ਹਾਂ ਦੇ ਆਇਆ

ਬਦਰਾ ਮਲਿਕਾ ਮਾਉ ਉਨ੍ਹਾਂ ਦੀ ਤਰੱਏ ਘਰ ਨੂੰ ਆਈਆਂ
ਸੈਫ਼-ਮਲੂਕ ਗਿਆ ਮੁੜ ਡੇਰੇ ਖ਼ੈਰ ਗੁਜ਼ਾਰੀਂ ਸਾਈਆਂ

ਕੀ ਤੱਕਦਾ ਜੇ ਸਾਇਦ ਅੱਗੇ ਮੁਰਦੇ ਵਾਂਗ ਪਿਆ ਸੀ
ਜਿਸ ਦਮ ਬਦਰਾ ਉਹਲੇ ਹੋਈ ਹੋ ਬੇਹੋਸ਼ ਗਿਆ ਸੀ

ਵੇਖਣ ਸਾਇਤ ਸ਼ਹਿਜ਼ਾਦੇ ਤਾਈਂ ਲੱਗ ਗਿਆ ਗ਼ਮ ਭਾਰਾ
ਯਾ ਰੱਬ ਸਾਈਆਂ!ਦੋਸਤ ਮੇਰੇ ਸੰਗ ਇਹ ਕੀ ਹੋਇਆ ਕਾਰਾ

ਮਸਾਂ ਮਸਾਂ ਰੱਬ ਦਿੱਤਾ ਆਹਾ ਮੁਦਤ ਪਿੱਛੋਂ ਭਾਈ
ਹੱਥਾਂ ਵਿਚੋਂ ਜਾਂਦਾ ਦਿਸਦਾ ਪਈ ਬਿਜਗ ਇਹ ਕਾਈ ।(੩੯੫੦)

ਇਤਰ ਮੁਕੱਵੀ ਦਿਲ ਦਾ ਆਂਦਾ ਮਗ਼ਜ਼ ਉਹਦੇ ਤੇ ਮਿਲਿਆ
ਮਈਅਤ ਵਾਂਗ ਪਿਆ ਸੀ ਸਾਇਦ ਸਾਇਤ ਪਿੱਛੇ ਹਿਲਿਆ

ਜਾਂ ਫਿਰ ਉਸ ਨੇ ਹੋਸ਼ ਸੰਭਾਲੀ ਸੈਫ਼-ਮਲੂਕ ਪੁਛੇਂਦਾ
ਦਸ ਭਾਈ ਕੀ ਹੋਇਆ ਤੈਨੂੰ ਜ਼ਰਦੀ ਰੰਗ ਮਰੇਂਦਾ

ਸਾਇਦ ਕਹਿੰਦਾ ਹੇ ਸ਼ਹਿਜ਼ਾਦੇ ਕੀ ਪੁੱਛਸੇਂ ਗੱਲ ਮੇਰੀ
ਲੱਗੀ ਅੱਗ ਇਸ਼ਕ ਦੀ ਹੋਇਓਸੁ ਸੜ ਸੱਜੀ ਦੀ ਢੇਰੀ

ਬਦਰਾ ਦੀ ਤਕ ਸੂਰਤ ਲੱਗਾ ਇਸ਼ਕ ਚਕੋਰਾਂ ਵਾਲਾ
ਉਹ ਅਸਮਾਨੇ ਮੈਂ ਧਰਤੀ ਤੇ ਪਹੁੰਚਣ ਨਹੀਂ ਸੁਖਾਲ਼ਾ

ਬਾਪ ਉਹਦਾ ਸੁਲਤਾਨ ਮੁਲਕ ਦਾ ਮੈਂ ਪਰਦੇਸੀ ਬੰਦਾ
ਕਦ ਬਦਰਾ ਹੱਥ ਲਗਸੀ ਮੈਨੂੰ ਉਸ ਬਿਨ ਜੀਵਨ ਮੰਦਾ

ਜਾਂ ਅੱਖੀਂ ਥੀਂ ਉਹਲੇ ਹੋਈ ਬਦਰਾ-ਖ਼ਾਤੂੰ ਰਾਣੀ
ਮੇਰੀ ਜਾਨ ਲਬਾਂ ਪਰ ਆਈ ਜਿਉਂ ਮੱਛੀ ਬਿਨ ਪਾਣੀ

ਇਹ ਗੱਲਾਂ ਕਰ ਰੋਵਣ ਲੱਗਾ ਗਿਰੀਆਜ਼ਾਰੀ ਕਰਦਾ
ਆਹੀਂ ਢਾਹੀਂ ਚੱਲਣ ਤੋਪਾਂ ਢੱਠਾ ਕੋਟ ਸਬਰ ਦਾ

ਸੈਫ਼-ਮਲੂਕ ਕਹੇ ਸੁਣ ਭਾਈ ਕੋਲ ਅਸਾਡੇ ਰਹਿ ਕੇ
ਕਿਚਰਕ ਤੋੜੀ ਰਹੇਂ ਸੁਖਾਲ਼ਾ ਮੌਜਾਂ ਮਾਣੇਂ ਬਹਿ ਕੇ

ਦਰਦਮੰਦਾਂ ਦੀ ਸੰਗਤ ਰਲ਼ ਕੇ ਕੌਣ ਰਹੇ ਖ਼ੁਸ਼ਹਾਲੀ
ਦਰਦ ਮੇਰੇ ਦਾ ਪਿਆ ਪਛਾਵਾਂ ਰਹਿਓਂ ਨਾ ਦਰਦੋਂ ਖ਼ਾਲੀ

ਦਿੱਤਾ ਦਰਦ ਖ਼ੁਦਾਵੰਦ ਤੈਨੂੰ ਜਾਣੇਂ ਕਦਰ ਗ਼ਮਾਂ ਦਾ
ਇਸ਼ਕ ਮੁਸ਼ਕ ਦੀ ਕੀਮਤ ਪਾਵੇ ਜਿਸ ਨੇ ਸਾਨੂੰ ਆਂਦਾ ।(੩੯੬੦)

ਸਾਇਦ ਰੋਣੋਂ ਚੁੱਪ ਨਾ ਕਰਦਾ ਨਾ ਕੁੱਝ ਸਬਰ ਤਸੱਲੀ
ਦਰਦ ਫ਼ਿਰਾਕ ਸੱਜਣ ਦੇ ਵਾਲੀ ਝਾਲ ਨਾ ਗਈਓਸੁ ਝੱਲੀ

ਸੈਫ਼-ਮਲੂਕ ਮਰੇਂਦਾ ਤੱਅਨੇ ਸੁਣ ਤੂੰ ਭਾਈ ਮੇਰਾ
ਦਰਦ ਥੋੜਾ ਤੇ ਰੋਵਣ ਬਹੁਤਾ ਡਿੱਠਾ ਦਾਈਆ ਤੇਰਾ

ਬਦਰਾ-ਖ਼ਾਤੂੰ ਦੀ ਤੱਕ ਸੂਰਤ ਤੂੰ ਸੁੱਧ ਬੁੱਧ ਭੁਲਾਈ
ਯਾਰ ਜਿਨ੍ਹਾਂ ਦੇ ਕੋਲ ਵਸੇਂਦੇ ਕਾਹਦੀ ਉਨ੍ਹਾਂ ਜੁਦਾਈ

ਸਾਇਦ ਕਹਿੰਦਾ ਕਸਮ ਕਰਾਂ ਮੈਂ ਸੱਚੇ ਇਸ਼ਕ ਤੇਰੇ ਦੀ
ਆਸਿਮ ਸ਼ਾਹ ਦੇ ਤਾਜ ਤਖ਼ਤ ਦੀ ਨਾਲੇ ਬਾਪ ਮੇਰੇ ਦੀ

ਐਸੇ ਤੀਰ ਨੈਣਾਂ ਦੇ ਲੱਗੇ ਚੀਰ ਗਏ ਦਿਲ ਮੇਰਾ
ਬਦਰਾ ਦੇ ਗ਼ਮ ਕੀਤਾ ਏਵੇਂ ਜਿਉਂ ਸੀਖ਼ੇ ਪਰ ਬੇਰਾ

ਘੜੀਉ ਘੜੀ ਮੈਨੂੰ ਜੋ ਵਰਤੀ ਕਹਿਰ ਕਲੂਰ ਗ਼ਮਾਂ ਦੀ
ਚੌਦਾਂ ਬਰਸਾਂ ਵਿਚ ਨਾ ਹੋਈ ਐਸੀ ਬਾਬ ਤੁਸਾਂ ਦੀ

ਬਦਰਾਂ ਨੂੰ ਹਿਕ ਵਾਰੀ ਡਿੱਠਿਆਂ ਹਿਕ ਮੇਰੀ ਬਲ ਉੱਠੀ
ਉਹ ਭੀ ਇਸ਼ਕ ਮੁਹੱਬਤ ਮੇਰੀ ਬਿਨ ਤਲਵਾਰੋਂ ਕੁੱਠੀ

ਸ਼ਹਿਜ਼ਾਦਾ ਫ਼ੁਰਮਾਵਣ ਲੱਗਾ ਸੁਣ ਤੂੰ ਮੇਰੇ ਭਾਈ
ਇਸ਼ਕ ਕਮਾਵਣ ਨਹੀਂ ਸੁਖਾਲੇ ਉਹ ਜਾਣੇ ਜੋ ਲਾਈ

ਆਸ਼ਿਕ ਕੁੱਲ ਕੋਹ ਕਾਫ਼ ਜ਼ਿਮੀਂ ਦੇ ਰੇਤ ਵਾਂਙੂ ਗਾਹੁੰਦੇ
ਧੌਲੇ ਵਾਂਗਰ ਹੌਲ ਨਾ ਕਰਦੇ ਭਾਰਾਂ ਰੱਖਣ ਕਾਂਧੇ

ਰਾਹ ਇਸ਼ਕ ਦੇ ਚੱਲਣ ਵਾਲੇ ਸੱਚੇ ਮਰਦ ਸਿਪਾਹੀ
ਜਾਨਣ ਨਾ ਕੋਹ ਕਾਫ਼ ਸਮੁੰਦਰ ਜਿੱਤ ਵੱਲ ਹੋਵਣ ਰਾਹੀ ।(੩੯੭੦)

ਉਹ ਭੀ ਇਸ਼ਕ ਹਵਾਈ ਚਾਏ ਉੱਡ ਟੁਰਨ ਵੱਲ ਯਾਰਾਂ
ਉਡਣ ਵਾਲੇ ਨੂੰ ਕੀਹ ਜੰਗਲ਼ ਕੀ ਪਾਣੀ ਕੀ ਧਾਰਾਂ

ਫ਼ਰਹਾਦੇ ਆਜ਼ਾਦੇ ਲੱਗਾ ਇਸ਼ਕ ਸ਼ੀਰੀਂ ਦਾ ਸ਼ੀਰੀਂ
ਬਣ ਤਰਖਾਣ ਉਜਾੜਾਂ ਅੰਦਰ ਜਾਏ ਪਹਾੜਾਂ ਚੀਰੀਂ

ਜਦੋਂ ਜ਼ੁਲੈਖ਼ਾ ਇਸ਼ਕ ਸਤਾਈ ਬੈਠੀ ਰਸਤਾ ਮਲ ਕੇ
ਸੱਸੀ ਹੋਈ ਸ਼ਹੀਦ ਮੁਹੰਮਦ ਰਾਹ ਥਲਾਂ ਦੇ ਚੱਲ ਕੇ

ਸਾਇਦ ਨਾਲ਼ ਕੀਤੀ ਸ਼ਹਿਜ਼ਾਦੇ ਜਾਂ ਇਹ ਬਾਤ ਪਿਰਮ ਦੀ
ਲੱਗੀ ਭੜਕ ਬੰਬੂਲਾਂ ਤਾਈਂ ਆਤਿਸ਼ ਜਰਮ ਕਰਮ ਦੀ

ਆਹੀਂ ਢਾਹੀਂ ਘੱਤ ਕਹਾਈਂ ਰੁੰਨਾ ਦਰਦ ਰੰਞਾਣਾ
ਕੌਣ ਕੋਈ ਇਸ ਟਾਲੇ ਲੜਿਆ ਜ਼ਾਲਿਮ ਨਾਗ ਇਆਣਾ

ਬੇਦਿਲ ਦੀ ਕੋਈ ਵੇਦਨ ਜਾਣੇ ਹੋਵੇ ਬੈਦ ਸਿਆਣਾ
ਦਰਦਾਂ ਕਹਿਰਾਂ ਲਹਿਰਾਂ ਚੜ੍ਹੀਆਂ ਲੂੰ ਲੂੰ ਜ਼ਹਿਰ ਸਮਾਣਾ

ਹੋਇਆ ਘਾਉ ਕਲੇਜੇ ਅੰਦਰ ਬਿਸ-ਲਾ-ਇੰਦਰੀਆਂ ਨੂੰ
ਨੀਰ ਅੱਖੀਂ ਥੀਂ ਲਹੂ ਵਗਿਆ ਸੱਦੋ ਮਾਂਦਰੀਆਂ ਨੂੰ

ਆਈ ਜਾਨ ਲਬਾਂ ਪਰ ਭਾਈ ਮੌਤੋਂ ਬੁਰੀ ਜੁਦਾਈ
ਬਿਰਹੋਂ ਡੰਗੇ ਕਾਰਨ ਸੱਦੋ ਬਦਰਾ ਬੈਦ ਕਸਾਈ

ਸਾਇਦ ਰੋਂਦਾ ਬੇਸੁੱਧ ਹੁੰਦਾ ਵਾਂਗ ਕਬੂਤਰ ਫੜਕੇ
ਕੰਧਾਂ ਨਾਲ਼ ਵੱਜੇ ਸਿਰ ਮੱਥਾ ਜ਼ਖ਼ਮੀ ਹੋਇਆ ਝੜ ਕੇ

ਸ਼ਹਿਜ਼ਾਦੇ ਨੇ ਮਾਲਮ ਕੀਤਾ ਪਿਆ ਫ਼ਸਾਦ ਵਡੇਰਾ
ਸਬਰ ਬੰਨ੍ਹਾਵੇ ਚੁੱਪ ਕਰਾਵੇ ਸੁਣ ਤੂੰ ਭਾਈ ਮੇਰਾ ।(੩੯੮੦)

ਤੇਰੇ ਕਾਰਨ ਉਸ ਕੁੜੀ ਦਾ ਨਾਤਾ ਤਲਬ ਕਰਾਂਗਾ
ਕੰਮ ਤੇਰੇ ਵਿਚ ਦਮ ਨਾ ਲੈਸਾਂ ਜਾਂ ਜਾਂ ਤੀਕ ਸਰਾਂਗਾ

ਪਰ ਬਦਰਾ ਦੇ ਮਾਂ ਪਿਓ ਤਾਈਂ ਅੱਜ ਨਾ ਆਖਣ ਹੁੰਦਾ
ਬਾਅਜ਼ੇ ਕੰਮ ਸ਼ਿਤਾਬੀ ਕੀਤਿਆਂ ਫ਼ਿਤਨਾ ਉਠ ਖਲੋਂਦਾ

ਅੱਲ੍ਹਾ ਭਾਵੇ ਇਹ ਕੰਮ ਤੇਰਾ ਪਰੀ ਕਰੇਗੀ ਆ ਕੇ
ਸਬਰ ਕਰੀਂ ਤਾਂ ਅਜਰ ਮਿਲੇਗਾ ਬਹਿਸੇਂ ਮਤਲਬ ਪਾਕੇ

ਸਾਇਦ ਨੂੰ ਸੁਣ ਹੋਈ ਤਸੱਲੀ ਲੱਗੀ ਆਸ ਘਣੇਰੀ
ਸਬਰ ਆਰਾਮ ਤਹੱਮੁਲ ਕਰ ਕੇ ਬੈਠਾ ਨਾਲ਼ ਦਲੇਰੀ

ਬਾਰਾਂ ਰੋਜ਼ ਹੋਏ ਇਸ ਗੱਲ ਨੂੰ ਤਾਂ ਫਿਰ ਹਿਕ ਦਿਹਾੜੇ
ਬਦਰਾ ਦਾ ਦਿਲ ਕਾਹਲ਼ਾ ਹੋਇਆ ਲੱਗੀ ਅੱਗ ਪਹਾੜੇ

ਸਬਰ ਆਰਾਮ ਕਰਾਰ ਤਮਾਮੀ ਹੋਇਆ ਹਰਾਮ ਕੁੜੀ ਨੂੰ
ਕੱਤਣ ਵੱਸਣ ਹੱਸਣ ਖੇਡਣ ਭੁੱਲੇ ਕਾਮ ਕੁੜੀ ਨੂੰ

ਖਾਵਣ ਸੌਵਨ ਜ਼ੇਵਰ ਲਾਵਣ ਗਾਵਣ ਨਾਲ਼ ਸੱਈਆਂ ਦੇ
ਭੁੱਲ ਗਏ ਸਭ ਹੋਰ ਤਕਾਦੇ ਬਿਰਹੋਂ ਹਾਲ ਪਇਆਂ ਦੇ

ਹੋਇਆ ਚਿੱਤ ਉਦਾਸ ਕੁੜੀ ਦਾ ਇਸ਼ਕੇ ਪਕੜ ਉਠਾਈ
ਆਈ ਸਾਇਦ ਕੋਲ ਚੁਪੀਤੀ ਨਾਲ਼ ਨਾ ਆਂਦੋਸੁ ਕਾਈ

ਯਾਰ ਯਾਰਾਂ ਵੱਲ ਜਾਣ ਹਿਕੱਲੇ ਹੋਰਾਂ ਸੰਗ ਨਾ ਖੜਦੇ
ਚੋਰਾਂ ਹਾਰ ਚੌਤਰਫ਼ੀ ਤੱਕਦੇ ਛੁਪ ਛੁਪ ਅੰਦਰ ਵੜਦੇ

ਤੋੜੇ ਸੰਗ ਸਹੇਲੀ ਹੋਵੇ ਵਾਕਿਫ਼ ਸਾਰੀ ਗੱਲ ਦੀ
ਦਿਲਬਰ ਕੋਲ ਗਿਆ ਨਹੀਂ ਭਾਵੇ ਸਮਝੋ ਰਮਜ਼ ਅਸਲ ਦੀ ।(੩੯੯੦)

ਉਸ ਦਿਨ ਸੈਫ਼-ਮਲੂਕ ਸ਼ਹਿਜ਼ਾਦਾ ਬਾਗ਼ੇ ਵਿਚ ਗਿਆ ਸੀ
ਸਾਇਦ ਹਿਕ ਹਿਕੱਲਾ ਡੇਰੇ ਬਦਰਾ ਨਜ਼ਰ ਪਿਆ ਸੀ

ਬੰਗਲੇ ਦੇ ਦਰਵਾਜ਼ੇ ਉੱਤੇ ਬਦਰਾ ਆਣ ਖਲੋਈ
ਰੌਸ਼ਨ ਰੂਪ ਹਮਲ ਦੀ ਰੁੱਤੇ ਬਦਰ-ਕਲਾ ਜਿਉਂ ਹੋਈ

ਚੰਨ ਚੌਧਵੀਂ ਦਾ ਬਦਰ ਕਹਾਵੇ ਹਮਲ ਵਿਸਾਖ ਮਹੀਨਾ
ਇਨ੍ਹਾਂ ਦਿਨਾਂ ਵਿਚ ਰੂਪ ਚੰਨੇ ਦਾ ਰੌਸ਼ਨ ਬਹੁਤ ਨਗੀਨਾ

ਬਦਰਾ ਤੇ ਸੀ ਨਵੇਂ ਜਵਾਨੀ ਸੁੰਦਰ ਚੰਨ ਵਿਸਾਖੀ
ਨੈਣ ਸਮੁੰਦ ਕਜਲੇ ਦੀਆਂ ਲਹਿਰਾਂ ਗੱਲ ਨਾ ਜਾਵੇ ਆਖੀ

ਸਾਇਦ ਨੂੰ ਜਦ ਨਜ਼ਰੀਂ ਆਈ ਦਰ ਤੇ ਕੁੜੀ ਖਲੋਤੀ
ਲਹਿ ਲਹਿ ਕਰਦੀ ਸੂਰਤ ਸਾਰੀ ਨੀਰ ਹੁਸਨ ਦੇ ਧੋਤੀ

ਵੇਖਦਿਆਂ ਕੁੱਝ ਸਬਰ ਨਾ ਰਿਹਾ ਜੀਉ ਹੋਇਆ ਬੇ-ਵੱਸਾ
ਬਦਰਾਂ ਨੂੰ ਫ਼ੁਰਮਾਂਦਾ ਮੈਂ ਹਾਂ ਮਰਦਾ ਤੇਰਾ ਤੱਸਾ

ਦੁੱਧ ਬਦੀਅ-ਜਮਾਲ ਪਰੀ ਦੀ ਮਾਉ ਦਾ ਤੁਧ ਪੀਤਾ
ਇਸ ਦੁੱਧੇ ਦੀ ਕਸਮ ਹੈ ਤੈਨੂੰ ਗੱਲ ਮੇਰੀ ਸੁਣ ਮੀਤਾ

ਬਦਰਾ ਕਹਿੰਦੀ ਪਾਇਓਈ ਮੈਨੂੰ ਭਾਰੀ ਕਸਮ ਜਵਾਨਾ
ਕੰਨ ਦਿਲੇ ਦੇ ਧਰਕੇ ਸੁਣਸਾਂ ਜੋ ਤੁਧ ਸੁਖ਼ਨ ਸੁਣਾਨਾ

ਸਾਇਦ ਕਹਿੰਦਾ ਕੀ ਕੀ ਦੱਸਾਂ ਬਹੁਤੇ ਸੁਖ਼ਨ ਸ਼ੁਮਾਰੋਂ
ਫ਼ੁਰਸਤ ਥੋੜੀ ਗੱਲਾਂ ਵਾਫ਼ਰ ਆਖਾਂ ਹਿਕ ਹਜ਼ਾਰੋਂ

ਮਾਂ ਤੇਰੀ ਤੇ ਮਲਿਕਾ-ਖ਼ਾਤੂੰ ਨਾਲੇ ਤੂੰ ਹਤਿਆਰੀ
ਰਾਤੀਂ ਮੈਨੂੰ ਵੇਖਣ ਆਈਆਂ ਜਾਂ ਤਦ ਪਹਿਲੀ ਵਾਰੀ ।(੪੦੦੦)

ਰੂਪ ਅਨੂਪ ਤੇਰਾ ਜਦ ਡਿੱਠਾ ਸੂਰਤ ਅਪਰ ਅਪਾਰੀ
ਅੱਖ ਤੇਰੀ ਨੇ ਰੱਖ ਕਲੇਜੇ ਮਾਰੀ ਬੁਰੀ ਕਟਾਰੀ

ਨੱਕ ਬੇਸ਼ੱਕ ਫ਼ੌਲਾਦੀ ਖੁੰਨਾ ਵਾਢ ਸਫ਼ਾ ਮਹੀਨੇ
ਝੱਟ ਨਾ ਲਾਇਆ ਵੇਖਦਿਆਂ ਹੀ ਫੱਟ ਕੀਤੋ ਵਿਚ ਸੀਨੇ

ਪਲਕਾਂ ਤੀਰ ਖ਼ੁਦੰਗ ਨਿਸ਼ਾਨੀ ਅਬਰੂ ਸਖ਼ਤ ਕਮਾਨਾਂ
ਵਲ ਵਲ ਵਲਿ ਕਮੰਦ ਦੋ ਜ਼ੁਲਫ਼ਾਂ ਬੱਧੋ ਸੁ ਕਰ ਸਮਿਆਨਾਂ

ਚਸ਼ਮਾ ਆਬ ਹਯਾਤ ਸੁੱਚੇ ਦਾ ਮੂੰਹ ਮਿੱਠਾ ਜਦ ਡਿੱਠਾ
ਖ਼ਿਜ਼ਰ ਮਿਸਾਲ ਹਨੇਰੇ ਅੰਦਰ ਖੋਲ ਦਿੱਤਾ ਰੱਬ ਚੱਠਾ

ਰੌਸ਼ਨ ਸ਼ਮ੍ਹਾ ਮਤਾਬੀ ਵਾਂਗਰ ਚਿਹਰਾ ਤੇਰਾ ਤੱਕ ਕੇ
ਭੁੱਜ ਪਤੰਗ ਹੋਇਆ ਜੀਉ ਮੇਰਾ ਮਰ ਮੁਕਾ ਸੜ ਪੱਕ ਕੇ

ਲਾਇਲਾਜ ਆਜ਼ਾਰੋਂ ਬਦਰਾ ਜਾਨ ਲਬਾਂ ਪਰ ਆਈ
ਮਰਦੇ ਜਾਂਦੇ ਨੂੰ ਸ਼ਹਿਜ਼ਾਦੇ ਆਸ ਮਿਲਣ ਦੀ ਲਾਈ

ਜੇ ਸ਼ਹਿਜ਼ਾਦਾ ਆਸ ਨਾ ਲਾਂਦਾ ਤਾਂ ਮੈਂ ਸਾਂ ਮਰ ਜਾਂਦਾ
ਪਲਕ ਪਲਕ ਇਸ ਦਰਦ ਤੇਰੇ ਥੀਂ ਬਰਸ ਦਿਹਾਂ ਦਾ ਜਾਂਦਾ

ਜ਼ਰਦ ਕੀਤਾ ਰੰਗ ਦਰਦ ਤੇਰੇ ਨੇ ਰੱਤ ਸੜੀ ਵਿਚ ਦੇਹੀ
ਐਡੇ ਸਫ਼ਰ ਅੰਦਰ ਨਹੀਂ ਵੇਖੀ ਮੁਸ਼ਕਿਲ ਬੁਰੀ ਅਜੇਹੀ

ਤਾਂਘ ਤੇਰੀ ਦੀ ਸਾਂਗ ਕਲੇਜੇ ਦਮ ਦਮ ਅੰਦਰ ਰੜਕੇ
ਇਹ ਦਿਲ ਮੇਰਾ ਗੋਸ਼ਤ ਬੇਰਾ ਬੋਲਿਆ ਸੀਖ਼ੇ ਚੜ੍ਹ ਕੇ

ਇਸ਼ਕ ਤੇਰੇ ਦੀ ਨਾਰ ਭਲੇਰੀ ਦੋਜ਼ਖ਼ ਦੀ ਅੱਗ ਨਾਲੋਂ
ਲੰਬ ਬਲੇ ਹਰ ਵਾਲੋਂ ਬਦਰਾ ਕੋਈ ਨਾ ਮਹਿਰਮ ਹਾਲੋਂ ।(੪੦੧੦)

ਉੱਠੀ ਕਲੇਜੇ ਪੀੜ ਅਵੱਲੀ ਸੜ ਗਿਆ ਤਨ ਸਾਰਾ
ਤੁਧ ਬਿਨ ਕਿਸ ਨੂੰ ਨਬਜ਼ ਦਿਸਾਲਾਂ ਕੌਣ ਤਬੀਬ ਹਮਾਰਾ

ਬਦਰਾ-ਖ਼ਾਤੂੰ ਆਖ ਸੁਣਾਂਦੀ ਸਾਇਦ ਅੱਗੇ ਰੋ ਕੇ
ਦਮਾਂ ਬਾਝ ਤੇਰੀ ਮੈਂ ਗੋਲੀ ਸਦਕੇ ਸਦਕੇ ਹੋ ਕੇ

ਇਸ਼ਕੇ ਵਾਲੀ ਹਾਲ ਹਕੀਕਤ ਜੋ ਤੁਧ ਆਖ ਸੁਣਾਈ
ਸੋਈਓ ਜਾਣ ਮੇਰੇ ਸਿਰ ਵਰਤੀ ਹੱਥੋਂ ਹੋਰ ਸਵਾਈ

ਜਿਸ ਦਮ ਥੀਂ ਤੂੰ ਨਜ਼ਰੀਂ ਆਇਆ ਸੂਰਤ ਦਾ ਸ਼ਹਿਜ਼ਾਦਾ
ਭੜਕੀ ਭਾਹ ਪਰੇਮ ਤੇਰੇ ਦੀ ਤੁਧ ਥੀਂ ਕੁੱਝ ਜ਼ਿਆਦਾ

ਫਿਰਦੀ ਕੱਤਦੀ ਹੱਸਦੀ ਵਤਦੀ ਚਿਣਗ ਪਈ ਵਿਚ ਚੋਲੇ
ਝੜੀ ਮੱਥੇ ਥੀਂ ਧੜੀ ਖ਼ੁਸ਼ੀ ਦੀ ਜ਼ੁਲਫ਼ਾਂ ਬਣੇ ਪਰੋਲੇ

ਇਸ਼ਕ ਕਸਾਈ ਛੁਰੀ ਵਗਾਈ ਕੋਂਹਦਾ ਦੇ ਦੇ ਕੱਸਾਂ
ਜਿਗਰ ਕਬਾਬ ਸ਼ਰਾਬ ਲਹੂ ਦਾ ਬੋਲ ਅਜ਼ਾਬ ਨਾ ਦੱਸਾਂ

ਵਿਚੋ ਵਿਚ ਜਰਾਂ ਸੈ ਪੀੜਾਂ ਕੀ ਕਰਾਂ ਸ਼ਰਮਾਂਦੀ
ਬਾਹਰ ਰੋਵਾਂ ਜ਼ਾਹਿਰ ਹੋਵਾਂ ਕੋਈ ਪੇਸ਼ ਨਾ ਜਾਂਦੀ

ਚੰਗੀ ਭਲੀ ਤੇਰੇ ਭਾਣੇ ਮੈਂ ਤਨ ਸੂਲ ਸਮਾਣੇ
ਮਨ ਮੋਇਆ ਤਨ ਸਾਬਤ ਦਿਸਦਾ ਕੌਣ ਦਿਲਾਂ ਦੀਆਂ ਜਾਣੇ

ਜੇ ਹਿਕ ਰੋਜ਼ ਨਾ ਵੇਖਾਂ ਤੈਨੂੰ ਸੋਜ਼ ਕਨੋਂ ਸੜ ਜਾਵਾਂ
ਪਲ ਪਲ ਦੇ ਵਿਚ ਸੈ ਬਰਸਾਂ ਦੀ ਮਰ ਮਰ ਘੜੀ ਲੰਘਾਵਾਂ

ਡੇਰਾ ਤੇਰਾ ਤੱਕਦੀ ਰਹਿੰਦੀ ਮਹਿਲ ਉੱਚੇ ਤੇ ਚੜ੍ਹ ਕੇ
ਜਾਂ ਗ਼ਮ ਬਹੁਤਾ ਕਾਹਲ਼ੀ ਪਾਵੇ ਰੋਵਾਂ ਅੰਦਰ ਵੜਕੇ ।(੪੦੨੦)

ਅੱਠੇ ਪਹਿਰ ਖ਼ਿਆਲ ਤੇਰੇ ਦਾ ਦਿਲ ਵਿਚ ਨਕਸ਼ ਪਕਾਇਆ
ਸੂਰਤ ਤੇਰੀ ਹਾਜ਼ਿਰ ਰੱਖਾਂ ਤਾਂ ਕੋਈ ਰੋਜ਼ ਲੰਘਾਇਆ

ਇਹ ਦੁੱਖ ਸਹਿੰਦੀ ਡਰਦੀ ਰਹਿੰਦੀ ਗੱਲ ਨਾ ਕਹਿੰਦੀ ਕਿਸੇ
ਮੱਤ ਮਾਲੂਮ ਹੋਵੇ ਗੱਲ ਘਰ ਵਿਚ ਮੂੰਹ ਤੇਰਾ ਨਹੀਂ ਦਿੱਸੇ

ਮੈਂ ਕੁਆਰੀ ਨਿਹੁੰ ਲਗਾਇਆ ਕੱਪਰ ਕਹਿਰ ਕਮਾਇਆ
ਗਰਮ ਕਚਹਿਰੀ ਬਾਪ ਮੇਰੇ ਦੀ ਰੱਖੀਂ ਸ਼ਰਮ ਖ਼ੁਦਾਇਆ

ਮੂੰਹੋਂ ਬੋਲਾਂ ਤਾਂ ਕਰਨ ਵਿਚਾਰਾਂ ਲੱਜ ਲੱਗੇ ਕੁੱਲ ਸ਼ਾਹੀ
ਚਿੱਟੀ ਚਾਦਰ ਬਾਪ ਮੇਰੇ ਦੀ ਲਗਦਾ ਦਾਗ਼ ਸਿਆਹੀ

ਦੋਹਾਂ ਵੱਲੋਂ ਰੱਬ ਪਰਦਾ ਰੱਖੇ ਇਸ਼ਕੇ ਲੱਜ ਨਾ ਲੱਗੇ
ਨਾਲੇ ਦਾਗ਼ ਨਾ ਹੋਵੇ ਪਿਓ ਦੀ ਚਿੱਟੀ ਦਾਹੜੀ ਪੱਗੇ

ਮਾਈ ਦਾਈ ਸੰਗ ਸਹੇਲੀ ਕਾਈ ਭੈਣ ਨਾ ਸਕੀ
ਨਾ ਇਸ ਗੱਲ ਦੀ ਮਹਿਰਮ ਕੀਤੀ ਭੇਤ ਰੱਖੇ ਹੋ ਪੱਕੀ

ਤੂੰ ਭੀ ਸਾਇਦ ਰੱਖ ਸੰਭਾਲਾ ਕਰੀਂ ਨਹੀਂ ਗੱਲ ਵਾਂਦੀ
ਭੇਤ ਨਾ ਦੱਸ ਸ਼ਹਿਜ਼ਾਦੇ ਤਾਈਂ ਮੈਂ ਇਸ ਥੀਂ ਸ਼ਰਮਾਂਦੀ

ਤੁਧ ਨਾਲੋਂ ਦਸ ਹਿੱਸੇ ਮੈਨੂੰ ਹਿਰਸ ਹਵਾ ਜ਼ਿਆਦਾ
ਚੇਤਾ ਚੇਤਾ ਕਰੀਂ ਨਾ ਵਾਕਿਫ਼ ਇਸ ਗੱਲ ਦਾ ਸ਼ਹਿਜ਼ਾਦਾ

ਇਹ ਗੱਲਾਂ ਕਰ ਬਦਰਾ ਪੁੱਛਦੀ ਮੈਂ ਹੁਣ ਘਰ ਨੂੰ ਜਾਵਾਂ
ਮੱਤ ਬਾਹਰੋਂ ਸ਼ਹਿਜ਼ਾਦਾ ਆਵੇ ਬਹੁਤ ਉਸ ਥੀਂ ਸ਼ਰਮਾਵਾਂ

ਸਾਇਦ ਕਹਿੰਦਾ ਬੈਠ ਜ਼ਰਾ ਹੁਣ ਜਾ ਨਾ ਆਖਾਂ ਤੈਨੂੰ
ਜੋ ਦਮ ਗੁਜ਼ਰੇ ਨਾਲ਼ ਸੱਜਣ ਦੇ ਸੋਈ ਹੱਯਾਤੀ ਮੈਨੂੰ ।(੪੦੩੦)

ਨਿੱਤ ਨਿੱਤ ਹੈ ਹੱਥ ਲਗਦਾ ਕਿਸ ਨੂੰ ਇਹ ਕਰਮਾਂ ਦਾ ਵੇਲ਼ਾ
ਰੱਬ ਜਾਣੇ ਫਿਰ ਨਾਲ਼ ਸਬੱਬ ਦੇ ਕਦੋਂ ਹੋਵੇਗਾ ਮੇਲ਼ਾ

ਬਾਰਾਂ ਰੋਜ਼ ਗੁਜ਼ਾਰੇ ਅੱਗੇ ਵਾਂਙੂ ਬਾਰਾਂ ਬਰਸਾਂ
ਕਿਆ ਜਾਣਾਂ ਹੁਣ ਫੇਰ ਮਿਲਣ ਤਕ ਯਾ ਜਿਉਸਾਂ ਯਾ ਮਰਸਾਂ

ਬਦਰਾ ਕਹਿੰਦੀ ਪੈਰ ਮੇਰਾ ਭੀ ਬਾਹਰ ਦਰੋਂ ਨਹੀਂ ਪਾਉਂਦਾ
ਜਾਨ ਬਦਨ ਵਿਚ ਤੂੰਹੇਂ ਸੱਜਣਾ! ਛੱਡ ਕੇ ਜਾਣ ਨਾ ਹੁੰਦਾ

ਕੀ ਕਰਾਂ ਕੁੱਝ ਵੱਸ ਨਾ ਮੇਰਾ ਦੱਸ ਜਾਨੀ ਕੀ ਕਰੀਏ
ਏਸ ਵਿਛੋੜੇ ਕੋਲੋਂ ਕਿਵੇਂ ਬੈਠ ਇਕੱਠੇ ਮਰੀਏ

ਦੁਨੀਆਂ ਡਾਢੀ ਦੂਤੀ ਦੁਸ਼ਮਣ ਦੋਖੀ ਲੋਕ ਫ਼ਸਾਦੀ
ਚੀਚੀ ਦਾ ਚਾ ਕਾਂ ਬਣਾਵਣ ਹੱਥੋਂ ਕੁੱਝ ਜ਼ਿਆਦੀ

ਸਚੋਂ ਕੂੜ ਨਿਖੇੜਨ ਨਾਹੀਂ ਤੁਹਮਤ ਲਾਣ ਸ਼ਿਤਾਬੀ
ਪਾਕ ਪਲੀਤ ਪਰੀਤ ਨਾ ਲੋੜਣ ਜੋੜਨ ਚਾ ਖ਼ਰਾਬੀ

ਯਾਰ ਯਾਰਾਂ ਵੱਲ ਤੱਕਦੇ ਤੱਕਣ ਨਾ ਜਰ ਸਕਣ ਸਾਇਤ
ਫ਼ਿਤਨਾ ਪਾਵਣ ਸ਼ੋਰ ਮਚਾਵਣ ਗੋਸੇ ਕਰਨ ਜਮਾਇਤ

ਪੜਦਾ ਪਾੜਣ ਸ਼ਰਮ ਉਘਾੜਨ ਸਾੜਨ ਤੱਅਨੇ ਦੇ ਕੇ
ਆਸ਼ਿਕ ਕਾਰਨ ਪਕੜਾਂ ਡਾਰਨ ਮਾਰਨ ਸੌੜੇ ਪੈ ਕੇ

ਬਣ ਕੇ ਵੈਰੀ ਚਾੜ੍ਹ ਕਚਹਿਰੀ ਐਵੇਂ ਕਰਨ ਖ਼ਵਾਰੀ
ਯਾਰਾਂ ਨਾਲੋਂ ਯਾਰ ਵਿਛੋੜਣ ਬਦੀਆਂ ਲਾਣ ਕੁਆਰੀ

ਸੰਗ ਨਿਖੇੜਨ ਲੰਗ ਉਘੇੜਨ ਜੰਗ ਸਹੇੜਨ ਘਰ ਵਿਚ
ਕਟਕ ਉਠਾਵਣ ਡੰਗ ਲਗਾਵਣ ਭੰਗ ਪਾਵਣ ਹਰ ਹਰ ਵਿਚ ।(੪੦੪੦)

ਜੇ ਲੋਕਾਂ ਦੀ ਬਾਤ ਹਿਲਾਏਂ ਤੁਰਤ ਨਾ ਮੁਕਸੀ ਭਾਈ
ਨਾਲ਼ ਰਕੀਬਾਂ ਅਸਾਂ ਗ਼ਰੀਬਾਂ ਤੋੜੋਂ ਹੁੰਦੀ ਆਈ

ਵੇਲ਼ਾ ਥੋੜਾ ਤੇ ਕੰਮ ਬਹੁਤਾ ਕਾਹਨੂੰ ਕਰਾਂ ਪਸਾਰਾ
ਦੱਸਣ ਦੀ ਕੀ ਹਾਜਤ ਇਹ ਗੱਲ ਜਾਣੇ ਆਲਮ ਸਾਰਾ

ਮਤਲਬ ਦੀ ਲਿਖ ਗੱਲ ਮੁਹੰਮਦ ਨਾ ਕਰ ਚੱਜ ਨਿਕੰਮਾ
ਗਰਮ ਬਹਾਰ ਉਦਾਸ ਤਬੀਅਤ ਰਹਿੰਦਾ ਕਿੱਸਾ ਲੰਮਾ

ਸੱਯਦ ਬਾਕਿਰ ਅਲੀ ਪਿਆਰਾ ਦੂਰ ਗਿਆ ਦਿਲ ਚਾਂਦਾ
ਜੇ ਇਸ ਕੰਮੋਂ ਵਿਹਲਾ ਹੁੰਦਾ ਤਰਫ਼ ਸੱਜਣ ਦੀ ਜਾਂਦਾ

ਵਕਤ ਪਛਾਣ ਨਾ ਛੇੜ ਮੁਹੰਮਦ ਗੱਲ ਪਿਆਰੇ ਵਾਲੀ
ਮੱਤ ਇਹ ਕਿੱਸਾ ਰਹੇ ਲਬਾਂ ਤੇ ਦੇਵੇ ਦਰਦ ਉਬਾਲੀ

ਦਰਦ ਆਪਣੇ ਦੀ ਛੇੜ ਕਹਾਣੀ ਰੋਵੇਂ ਪਿਆ ਮੁਹੰਮਦ
ਸਾਇਦ ਬਦਰਾ ਖਲੇ ਉਡੀਕਣ ਕਿਤ ਵਲ ਗਿਆ ਮੁਹੰਮਦ

ਆਸ਼ਿਕ ਤੇ ਮਾਸ਼ੂਕ ਵਿਛੋੜਣ ਨਹੀਂ ਮੇਰਾ ਦਿਲ ਮੰਨੇ
ਤਾਹੀਂ ਸਾਇਦ ਵੱਲੋਂ ਕਿਨਾਰੇ ਪਿਆ ਫਿਰਾਂ ਹਰ ਬੰਨੇ

ਪਰ ਜਾਂ ਰੱਬ ਵਿਛੋੜੇ ਮੈਂ ਥੀਂ ਢਿੱਲ ਨਾ ਲਗਦੀ ਭਾਈ
ਖ਼ੂਬ ਮਿਲਾਪ ਹੋਇਆ ਹੁਣ ਸਾਇਤ ਵਿਛੜਨ ਵਾਲੀ ਆਈ

ਸੱਜਣਾਂ ਕੋਲੋਂ ਰੁਖ਼ਸਤ ਹਇਆਂ ਨਾਲ਼ ਨਸੀਬਾਂ ਜੁੜੀਏ
ਪਰਦੇ ਵਿਚ ਗਈ ਲੰਘ ਚੰਗੀ ਘਰ ਵੱਲ ਚੱਲ ਹੁਣ ਕੁੜੀਏ

ਬਦਰਾ ਸਾਇਦ ਵਿਛੜਨ ਲੱਗੇ ਉੱਭਾ ਸਾਹ ਲਿਓ ਨੇ
ਬਾਹਰੋਂ ਸੈਫ਼-ਮਲੂਕੇ ਵਾਲਾ ਕੰਨ ਆਵਾਜ਼ ਪਿਓ ਨੇ ।(੪੦੫੦)

ਬਦਰਾ ਜਦੋਂ ਹਵੇਲੀ ਵਿਚੋਂ ਬਾਹਰ ਕਦਮ ਉਠਾਇਆ
ਅੱਗੋਂ ਰੂਬਰੂ ਸ਼ਹਿਜ਼ਾਦਾ ਹਿਕ ਇਕੱਲਾ ਆਇਆ

ਬਦਰਾ-ਖ਼ਾਤੂੰ ਹੱਸ ਕੇ ਕਹਿੰਦੀ ਸੈਫ਼-ਮਲੂਕੇ ਤਾਈਂ
ਕੀ ਇਨਾਮ ਦੇਵੇਂਗਾ ਮੈਨੂੰ ਜੇ ਖ਼ੁਸ਼ਖ਼ਬਰ ਸੁਣਾਈਂ

ਸੈਫ਼-ਮਲੂਕ ਕਿਹਾ ਸੁਣ ਮੇਰੀ ਬਦਰਾ-ਖ਼ਾਤੂੰ ਭੈਣੇ
ਕੋਲ ਮੇਰੇ ਜੋ ਚੀਜ਼ ਚੰਗੇਰੀ ਸੋਈਓ ਤੁਹਫ਼ੇ ਦੇਣੇ

ਸਾਇਦ ਜੇਹਾ ਅਜ਼ੀਜ਼ ਨਾ ਕੋਈ ਬਾਝ ਬਦੀਅ-ਜਮਾਲੋਂ
ਉਹ ਕਰ ਨਫ਼ਰ ਦਿਆਂਗਾ ਤੈਨੂੰ ਬਾਝ ਦੰਮੋਂ ਬਿਨ ਮਾਲੋਂ

ਬਦਰਾ-ਖ਼ਾਤੂੰ ਏਸ ਜਵਾਬੋਂ ਲਾਜ਼ਿਮ ਹੋ ਸ਼ਰਮਾਣੀ
ਕਜ ਲਿਓਸੁ ਮੂੰਹ ਪੱਲਾ ਦੇ ਕੇ ਗਲ ਕਹੇ ਫਿਰ ਰਾਣੀ

ਮੈਂ ਪਰੀ ਦੇ ਆਵਣ ਵਾਲੀ ਖ਼ਬਰ ਤੈਨੂੰ ਸਾਂ ਦਸਦੀ
ਤੂੰ ਹੁਣ ਅੱਗੋਂ ਕਰੇਂ ਮਜ਼ਾਖਾਂ ਆਖ ਸੁਣਾਵੇ ਹੱਸਦੀ

ਸੈਫ਼-ਮਲੂਕ ਕਹੇ ਲੱਖ ਤੌਬਾ ਕਰਾਂ ਮਜ਼ਾਖ਼ ਨਾ ਕਾਈ
ਮਸਖ਼ਰੀਆਂ ਦੀ ਤਾਕਤ ਨਾਹੀਂ ਸੱਚੀ ਗੱਲ ਸੁਣਾਈ

ਖ਼ਾਨੇ ਕਾਬੇ ਦੀ ਸਹੁੰ ਮੈਨੂੰ ਹੈ ਸੌਗੰਦ ਵਡੇਰੀ
ਕਿਹਾ ਸੱਚ ਮਜ਼ਾਖ਼ ਨਾ ਕੀਤੀ ਸੁਣ ਤੂੰ ਭੈਣੂੰ ਮੇਰੀ

ਓੜਕ ਮਾਈ ਬਾਪ ਤੇਰੇ ਨੂੰ ਹਿਕ ਦਿਨ ਆਖ ਸੁਣਾਸਾਂ
ਜੇ ਰੱਬ ਸੱਚੇ ਚਾਹਿਆ ਤੈਨੂੰ ਸਾਇਦ ਨਾਲ਼ ਮੰਗਾਸਾਂ

ਯਾਦ ਰੱਖੀਂ ਇਹ ਸੁਖ਼ਨ ਅਸਾਡਾ ਜਾਨ ਮਜ਼ਾਖ਼ ਨਾ ਭੈਣੇ
ਬਰਕਤ ਪਾਕ ਇਸ਼ਕ ਦੀ ਕੋਲੋਂ ਸਾਕ ਅਸਾਂ ਇਹ ਲੈਣੇ ।(੪੦੬੦)

ਸਾਕ ਬਦੀਅ-ਜਮਾਲ ਪਰੀ ਦਾ ਮੰਗਾਂ ਪਾਕ ਅੱਲਾਹੋਂ
ਨਾਤਾ ਤੇਰਾ ਸਾਇਦ ਕਾਰਨ ਮੰਗ ਲਿਆ ਦਰਗਾਹੋਂ

ਮੌਲਾ ਆਸ ਕਰੇਗਾ ਪੂਰੀ ਸੁਖ਼ਨੋਂ ਕਰਸੀ ਸੱਚਾ
ਦਰਦ ਝੱਲਾਂ ਤੇ ਨਰਦ ਨਾ ਹਾਰਾਂ ਮਰਦ ਨਹੀਂ ਮੈਂ ਕੱਚਾ

ਸੈਫ਼-ਮਲੂਕੇ ਦੀ ਗੱਲ ਸੁਣ ਕੇ ਦਿਲੋਂ ਹੋਈ ਖ਼ੁਸ਼ਹਾਲੀ
ਚੁੱਪ ਚਪਾਤੀ ਚੱਲੀ ਬਦਰਾ ਨਾ ਕੁੱਝ ਬੋਲੀ ਚਾਲੀ

ਮਲਿਕਾ-ਖ਼ਾਤੂੰ ਤੇ ਮਾਂ ਉਸ ਦੀ ਤਾਵਲੀਆਂ ਫਿਰ ਆਈਆਂ
ਸ਼ਹਿਜ਼ਾਦੇ ਨੂੰ ਯਾਰ ਮਿਲਣ ਦੀਆਂ ਖ਼ਬਰਾਂ ਨੇਕ ਸੁਣਾਈਆਂ

ਫ਼ੌਜ ਬਦੀਅ-ਜਮਾਲ ਪਰੀ ਦੀ ਮੌਜ ਜਿਵੇਂ ਦਰਿਆਈ
'ਇਹ ਤੱਕ' ਆਈ ਸੈਫ਼-ਮਲੂਕਾ ਹੋਇਆ ਕਰਮ ਖ਼ੁਦਾਈ

ਸਿਦਕ ਸਬੂਤ ਤੇ ਮੁਸ਼ਕਿਲ ਅਸਾਂ ਆਈ ਆ ਪਰੀ ਪਿਆਰੀ
ਲਖ ਲਖ ਖ਼ੁਸ਼ੀ ਮੁਬਾਰਿਕ ਤੈਨੂੰ ਪਹੁੰਚੇ ਸੌ ਸੌ ਵਾਰੀ

ਹੇ ਸਾਕੀ ਗ਼ਮ ਰਿਹਾ ਨਾ ਬਾਕੀ ਬਹੁਤ ਡਿੱਠੀ ਮੁਸ਼ਤਾਕੀ
ਹੱਸਦਾ ਤੇ ਦਿਲ ਖੱਸਦਾ ਆਵੀਂ ਖੋਲ ਦਿਲੇ ਦੀ ਤਾਕੀ

ਲਾਲ਼ ਸ਼ਰਾਬ ਪਿਆਲ ਸ਼ਿਤਾਬੀ ਕਰ ਮੇਰੀ ਦਿਲਦਾਰੀ
ਹੋਵਾਂ ਮਸਤ ਸ਼ਿਕਸਤ ਨਾ ਖਾਵਾਂ ਯਾਰ ਮਿਲਣ ਦੀ ਵਾਰੀ

47. ਆਮਦਨਿ ਬਦੀਅ-ਜਮਾਲ ਬ-ਸ਼ਹਿਰਿ ਸਰਾਂਦੀਪ ਦਾ ਮੁਲਾਕੀ
ਸ਼ੁਦਨ ਬਾ ਮਲਕਾ-ਖ਼ਾਤੂੰ ਵਾ ਸ਼ੁਨੀਦਨਿ ਹਾਲਿ ਸ਼ਾਹਜ਼ਾਦਾ ਵਾ
ਮੁਲਾਕਾਤ ਨਮੂਦਨ ਬ-ਹਜ਼ਾਰ ਹੀਲਾ
(ਬਦੀਅ-ਜਮਾਲ ਦਾ ਸਰਾਂਦੀਪ ਸ਼ਹਿਰ ਵਿਚ ਆਉਣਾ ਤੇ
ਮਲਿਕਾ-ਖ਼ਾਤੂੰ ਨੂੰ ਮਿਲਣਾ ਅਤੇ ਸ਼ਹਿਜ਼ਾਦੇ ਦਾ ਹਾਲ ਸੁਣ ਕੇ
ਹਜ਼ਾਰ ਹੀਲੇ ਕਰ ਕੇ ਮੁਲਾਕਾਤ ਕਰਨਾ)

ਵਾਹ ਵਾਹ ਘੜੀ ਮੁਬਾਰਿਕ ਵਾਲੀ ਸਾਇਤ ਨੇਕ ਹਿਸਾਬੋਂ
ਆਵੇ ਵਾਅ ਸੱਜਣ ਦੇ ਪਾਸੋਂ ਹੋਵੇ ਕਰਮ ਜਨਾਬੋਂ

ਝਬਦੇ ਮਿਲਦਾ ਯਾਰ ਪਿਆਰਾ ਨਿਕਲੇ ਫ਼ਾਲ ਕਿਤਾਬੋਂ
ਆਇਆ ਯਾਰ ਮੁਹੰਮਦ ਬਖਸ਼ਾ ਛੁਟਸੀ ਜਾਨ ਅਜ਼ਾਬੋਂ ।(੪੦੭੦)

ਸੁਣ ਗੱਲਾਂ ਦਿਲ ਮਸਤੀ ਪਾਵੇ ਪੀਤੇ ਬਾਝ ਸ਼ਰਾਬੋਂ
ਨਾੜੀਂ ਤਾਰਾਂ ਗਾਵਣ ਬਾਰਾਂ ਬਦਨ ਮਿਸਾਲ ਰਬਾਬੋਂ

ਡੁੱਬਾ ਬੇੜਾ ਬਾਹਰ ਆਵੇ ਬੁਰੀ ਹਿਜਰ ਦੀ ਡਾਬੋਂ
ਬਾਦਸ਼ਹਾਨਾ ਮਿਲੇ ਖ਼ਜ਼ਾਨਾ ਅਚਨਚੇਤ ਖ਼ਰਾਬੋਂ

ਰੁੜ੍ਹਦੇ ਜਾਂਦੇ ਨੂੰ ਕੋਈ ਲਾਵੇ ਨਦੀ ਕਿਨਾਰੇ ਫੜਕੇ
ਹਾਜੀ ਔਝੜ ਭੁਲੇ ਤਾਈਂ ਹੱਜ ਰਲਾਵੇ ਖੜ ਕੇ

ਦੋਜ਼ਖ਼ ਅੱਗ ਗ਼ਮਾਂ ਦੀ ਅੰਦਰ ਖ਼ਾਕ ਹੋਏ ਜੋ ਸੜ ਕੇ
ਬਖ਼ਸ਼ਿਸ਼ ਦਾ ਅਵਾਜ਼ਾ ਆਵੇ ਬੁ ਬਹਿਸ਼ਤੀ ਚੜ੍ਹ ਕੇ

ਭਾਰਾ ਭਾਰ ਪਰੀਤ ਲੱਗੀ ਦਾ ਸਾਈਂ ਤੋੜ ਪੁਚਾਵੇ
ਵਾਓ ਫ਼ਜਰ ਦੀ ਬਾਗ਼-ਇਰਮ ਦੀ ਬੂ-ਬਹਾਰ ਲਿਆਵੇ

ਕੇਚਮ ਦਾ ਕਰਵਾਨ ਸੱਸੀ ਦੇ ਪਤਨ ਬਾਗ਼ ਸੁਹਾਵੇ
ਸੋਹਣਾ ਯਾਰ ਮੁਹੰਮਦ ਬਖਸ਼ਾ ਘਟ ਵਿਚ ਨਜ਼ਰੀਂ ਆਵੇ

ਕਿਨਆਨੋਂ ਸੌਦਾਗਰ ਆਵੇ ਮਿਸਰ ਜ਼ੁਲੈਖ਼ਾਂ ਵਾਲੇ
ਜਲਵਾ ਰੂਪ ਇਲਾਹੀ ਵਾਲਾ ਯੂਸੁਫ਼ ਆਣ ਦਸਾਲੇ

ਲੁਡਣ ਮੱਲਾਹ ਹੀਰੇ ਦੀ ਸੇਜੇ ਰਾਂਝਾ ਯਾਰ ਸਵਾਲੇ
ਸੁੱਤਾ ਇੱਜ਼ਤਬੇਗ ਮੁਹੰਮਦ ਸੋਹਣੀ ਜਾ ਉੱਠਾਲੇ

ਸ਼ੁਤਰ ਸਵਾਰ ਕਚਾਵੇ ਪੈ ਕੇ ਹੋਈ ਵੱਲੋਂ ਕੋਈ ਆਵੇ
ਚੜ੍ਹ ਕੇ ਨਜਦ ਪਹਾੜੀ ਉੱਤੇ ਵਾਗ ਵਿਰਾਗ ਉਠਾਵੇ

ਸੱਪਾਂ ਸ਼ੇਰਾਂ ਦੇ ਸਿਰ ਗਾਹ ਕੇ ਵਾਂਗ ਦਲੇਰਾਂ ਜਾਵੇ
ਨਾਲ਼ ਪਿਆਰ ਮੁਹੰਮਦ ਲੈਲਾ ਮਜਨੂੰ ਨੂੰ ਗੱਲ ਲਾਵੇ ।(੪੦੮੦)

ਜਾਂ ਮਾਸ਼ੂਕ ਪਿਆਰਾ ਭਾਈ ਆਸ਼ਿਕ ਦੇ ਘਟ ਆਇਆ
ਜ਼ਾਹਿਰ ਬਾਤਿਨ ਗ਼ੈਰ ਨਾ ਰਿਹਾ ਉਸੇ ਦਾ ਸਭ ਸਾਇਆ

'ਲੀ ਮੱਅ ਅੱਲਾ ਵਕੁੱਤਨ' ਯਾਰੋ ਸੱਚ ਨਬੀ ਫ਼ੁਰਮਾਇਆ
ਚੁੱਪ ਮੁਹੰਮਦ ਜਿਸ ਕਿਸ ਪਾਇਆ ਉਸੇ ਭੇਤ ਛੁਪਾਇਆ

ਵਹਦਤ ਦੇ ਦਰਿਆਵੇ ਅੰਦਰ ਚੁੱਭੀ ਮਾਰ ਹਿਠਾਹਾਂ
ਮੱਤ ਏਥੋਂ ਸਿਰ ਬਾਹਰ ਕਢੀਂ ਸੱਟੇ ਧੱਕ ਪਿਛਾਹਾਂ

ਇਹ ਇਸਰਾਰ ਨਾ ਫੋਲੀਂ ਇਥੇ ਮੱਤ ਕੋਈ ਮਾਰ ਗਵਾਈ
ਸ਼ਾਹ ਸ਼ਮਸ ਨੇ ਹਿਕਸੇ ਸੁਖ਼ਨੋਂ ਆਹੀ ਖੱਲ ਲੁਹਾਈ

ਮੂੰਹ ਨਿੱਕਾ ਤੇ ਗੱਲ ਵਡੇਰੀ ਨਾ ਕਰ ਮੱਤ ਕੋਈ ਹੱਸੇ
ਆਜ਼ਮ ਸ਼ਾਫ਼ੀ ਮਾਲਿਕ ਹੰਬਲ ਇਹ ਮਸਲੇ ਨਹੀਂ ਦੱਸੇ

ਵਹਦਤ ਦੇ ਦਰਿਆ ਵਿਚ ਪੈਣਾ ਕੰਮ ਨਹੀਂ ਹਰ ਹਰ ਦਾ
ਲੱਖ ਜਹਾਜ਼ ਡੁੱਬੇ ਫਿਰ ਮੁੜਕੇ ਤਖ਼ਤਾ ਬਾਹਰ ਨਾ ਤਰਦਾ

ਕਾਹਨੂੰ ਬਾਤਿਨ ਅੰਦਰ ਵੜਿਓਂ ਜ਼ਾਹਿਰ ਦੀ ਛੱਡ ਬਾਜ਼ੀ
ਰਮਜ਼ ਹੱਕਾਨੀ ਦਸਦਾ ਚੱਲੀਂ ਪਰਦਾ ਪਾ ਮਿਜਾਜ਼ੀ

ਆਈ ਗੱਲ ਸ਼ਹਿਜ਼ਾਦੇ ਵਾਲੀ ਸੁਣ ਤੂੰ ਭਾਈ ਮੇਰੇ
ਸਰਾਂਦੀਪ ਅੰਦਰ ਆ ਲੱਥੇ ਸ਼ਾਹ-ਪਰੀ ਦੇ ਡੇਰੇ

ਸ਼ਹਿਜ਼ਾਦਾ ਸੁਣ ਖ਼ਬਰ ਪਰੀ ਦੀ ਹਿਕ ਥੀਂ ਚਾਰ ਹੋਇਆ ਸੀ
ਭਾਹ ਭਾਹ ਕਰਦਾ ਰੰਗ ਗੁਲਾਬੀ ਵਾਂਗ ਅਨਾਰ ਹੋਇਆ ਸੀ

ਜਿਨ੍ਹਾਂ ਦੀ ਦੱਸ ਪੌਂਦੀ ਨਾਹੀਂ ਨਾ ਕੋਈ ਗੱਲ ਸੁਣਾਂਦਾ
ਲੁਤਫ਼ ਕੀਤਾ ਰੱਬ ਪਾਕ ਉਨ੍ਹਾਂ ਨੂੰ ਕੋਲ ਅਸਾਡੇ ਆਂਦਾ ।(੪੦੯੦)

ਨਾਲੇ ਇਹ ਅੰਦੇਸ਼ਾ ਕਰਦਾ ਗੱਲ ਨਹੀਂ ਟਲ਼ ਜਾਏ
ਮੁਸ਼ਕਿਲ ਵਕਤ ਇਹੋ ਰੱਬ ਮੇਰਾ ਮਿਹਰ ਪਰੀ ਦਿਲ ਪਾਏ

ਜਿਨ੍ਹਾਂ ਕਾਰਨ ਘਰ ਦਰ ਸੱਟੇ ਰਾਜ ਹਕੂਮਤ ਸ਼ਾਹੀ
ਚੌਦਾਂ ਬਰਸ ਮੁਸੀਬਤ ਝਾਗੀ ਜੋ ਕੁੱਝ ਲਿਖੀ ਆਹੀ

ਜਾਂ ਜਾਂ ਦੱਸ ਨਾ ਪੌਂਦੀ ਆਹੀ ਸ਼ੌਕ ਆਹਾ ਦਸ ਪੁਛ ਦਾ
ਦਸ ਪਈ ਤਾਂ ਫ਼ਿਕਰ ਇਹੋ ਸੀ ਕਿਵੇਂ ਉਤੇ ਵੱਲ ਪੁੱਜਦਾ

ਜਾਂ ਪੁੱਜਾ ਤਾਂ ਕੁੱਝ ਨਾ ਸੋਝਾ ਨਿੱਤ ਨਵਾਂ ਗ਼ਮ ਖਾਵਾਂ
ਤੁਰਤ ਬਦੀਅ-ਜਮਾਲ ਪਰੀ ਦਾ ਕਿਵੇਂ ਦਰਸ਼ਨ ਪਾਵਾਂ

ਜਾਂ ਹੁਣ ਆਈ ਪਰੀ ਪਿਆਰੀ ਫ਼ਿਕਰ ਪਿਆ ਦਿਲ ਭਾਰਾ
ਖ਼ਬਰ ਨਹੀਂ ਕਿਸ ਤਰ੍ਹਾਂ ਹੋਵੇਗਾ ਨਾਲ਼ ਮੇਰੇ ਇਹ ਕਾਰਾ

ਆਸ ਉਮੀਦ ਮੇਰੀ ਦੀ ਕਿਸ਼ਤੀ ਬੰਨੇ ਲਗਸੀ ਤਰ ਕੇ
ਯਾ ਗਰਦਾਬ ਗ਼ਮਾਂ ਦੇ ਡੁਬਸੀ ਰੱਤ ਸੁੱਕੀ ਡਰ ਡਰ ਕੇ

ਉਹ ਬਦੀਅ-ਜਮਾਲ ਪਰੀ ਹੈ ਪਰੀਆਂ ਦੀ ਸ਼ਹਿਜ਼ਾਦੀ
ਹੁਸਨ ਜਮਾਲ ਕਮਾਲ ਜਹਾਨੋਂ ਹੋਗ ਉਸ ਖ਼ੁਦੀ ਜ਼ਿਆਦੀ

ਪਰੀਆਂ ਦੇਵ ਆਦਮ ਦੇ ਦੁਸ਼ਮਣ ਹੋਸਣ ਕਈ ਫ਼ਸਾਦੀ
ਮੈਂ ਆਜ਼ਿਜ਼ ਪਰਦੇਸੀ ਬੰਦਾ ਹਿਕੋ ਆਸ ਖ਼ੁਦਾ ਦੀ

ਚੌਦਾਂ ਬਰਸ ਗੁਜ਼ਾਰੇ ਸਿਕਦਿਆਂ ਦੁੱਖ ਝੱਲੇ ਇਸ ਆਸੋਂ
ਖ਼ਬਰ ਨਹੀਂ ਹੁਣ ਪਲ ਝੱਲ ਅੰਦਰ ਕੀ ਹੁੰਦਾ ਉਤ ਪਾਸੋਂ

ਬਾਬਲ ਨੇ ਸ਼ਾਹ-ਮੁਹਰੇ ਦਿੱਤੇ ਨਾਲ਼ ਖ਼ੁਸ਼ੀ ਦੇ ਤੱਕੇ
ਤੱਕਣ ਸਾਇਤ ਗਈਆਂ ਭੱਜ ਖ਼ੁਸ਼ੀਆਂ ਇਸ਼ਕ ਚਲਾਏ ਧੱਕੇ ।(੪੧੦੦)

ਦਿਲਬਰ ਗ਼ੈਬੀ ਦਾ ਨਿਹੁੰ ਲਾਇਆ ਸੂਲੀ ਤੇ ਜਿੰਦ ਚਾੜ੍ਹੀ
ਆਸ ਫ਼ਜ਼ਲ ਦੀ ਕਰ ਕੇ ਦਿੱਤਾ ਛੱਟਾ ਲੰਮੀ ਬਾੜੀ

ਵਿਚ ਹਵਾਏ ਫਾਹੀਆਂ ਲਾਈਆਂ ਉੱਚੇ ਨੱਕੇ ਚੜ੍ਹ ਕੇ
ਭੁੱਖਾ ਤੇ ਤਰਿਹਾਇਆ ਸੁਕੋਸੁ ਗ਼ਮ ਦੀ ਕੋਠੀ ਵੜਕੇ

ਸ਼ਹਿਰ ਗਿਰਾਵਾਂ ਯਾਰ ਅਸ਼ਨਾਵਾਂ ਹੋਇਓਸੁ ਛੋੜ ਇਕੱਲਾ
ਮਤੇ ਹੁੰਮਾ ਪੰਖੇਰੂ ਲੱਭੇ ਹੋ ਜਾਵੇ ਸਭ ਭੱਲਾ

ਸੀਮੁਰਗ਼ੇ ਨੂੰ ਜਾਲ਼ ਲਗਾਇਆ ਹੱਥ ਲੱਗਣ ਦੀ ਆਸੇ
ਕੱਚੀਆਂ ਤੰਦਾਂ ਵਿਚ ਮੁਹੰਮਦ ਕਦ ਉਹ ਪੰਖੀ ਫਾਸੇ

ਘਰ ਦਰ ਛੋੜ ਜੰਗਲ਼ ਵਿਚ ਵੜਿਓਸੁ ਮੀਰ ਸ਼ਿਕਾਰੀ ਬਣ ਕੇ
ਸ਼ਾਹਬਾਜ਼ੇ ਨੂੰ ਪੱਟੀ ਲਾਈ ਕੱਚੇ ਧਾਗੇ ਤਣ ਕੇ

ਹੁਣ ਸ਼ਾਹਬਾਜ਼ ਆਇਆ ਕਰ ਤਾਰੀ ਤੋੜ ਜਾਏਗਾ ਪੱਟੀ
ਜੇ ਆਇਆ ਉਠ ਗਿਆ ਨਾ ਲੱਧਾ ਚੌੜ ਹੋਈ ਤਦ ਤਰੱਟੀ

ਜੇ ਸ਼ਾਹਬਾਜ਼ ਮੇਰੇ ਹੱਥ ਆਇਆ ਮੌਲਾ ਕਰਮ ਜਗਾਏ
ਹੋਰ ਹਜ਼ਾਰ ਸ਼ਿਕਾਰ ਜ਼ਿਮੀਂ ਦੇ ਸਭ ਫੜੇ ਘਰ ਆਏ

ਮੁਸ਼ਕਿਲ ਵਕਤ ਇਹੋ ਰੱਬ ਸੱਚਾ ਕਰਮ ਕਰੇ ਇਸ ਵੇਲੇ
ਦਿਲਬਰ ਦੇ ਦਿਲ ਪਾ ਮੁਹੱਬਤ ਫੇਰ ਮੇਰੇ ਸੰਗ ਮੇਲੇ

ਰੂਹ ਸ਼ਹਿਜ਼ਾਦਾ ਮੰਜ਼ਿਲ ਪਹੁਤਾ ਕਰ ਕਰ ਬਹੁਤੇ ਹੀਲੇ
ਦਿਲਬਰ ਟੋਰ ਲਿਆਂਦਾ ਅੱਗੋਂ ਕਾਮਿਲ ਪੀਰ ਵਸੀਲੇ

ਵਕਤ ਲਕਾ ਸੱਜਣ ਦਾ ਆਇਆ ਚਿੰਤਾ ਪਈ ਘਣੇਰੀ
ਬੇ ਪਰਵਾਹ ਪੀਆ ਮੱਤ ਰੱਦੇ ਘਟ ਮੁਹੱਬਤ ਮੇਰੀ ।(੪੧੧੦)

ਮੋਮਿਨ ਤਲਖ਼ੀ ਵੇਖ ਨਜ਼ਾ ਦੀ ਤੰਗੀ ਹੋਰ ਕਬਰ ਦੀ
ਮੁਸ਼ਕਿਲ ਪੰਧ ਸਿਰਾਤ-ਪੁਲੇ ਦਾ ਗਰਮੀ ਸਖ਼ਤ ਹਸ਼ਰ ਦੀ

ਹੋਰ ਹਿਸਾਬ ਅਜ਼ਾਬ ਬਤੇਰੇ ਝੱਲ ਬਹਿਸ਼ਤੀਂ ਆਇਆ
ਮਿਹਰ ਮੁਹੱਬਤ ਨਾਲ਼ ਸ਼ਿਤਾਬੀ ਦਸ ਲਕਾਇ ਖ਼ੁਦਾਇਆ

ਸਰਾਂਦੀਪ ਬਹਿਸ਼ਤ ਸ਼ਹਿਜ਼ਾਦਾ ਰੂਹ ਤੇਰਾ ਸੁਣ ਭਾਈ
ਓਥੇ ਯਾਰ ਦੀਦਾਰ ਦਏਗਾ ਜਿਸਦੀ ਤੇਰੀ ਕਮਾਈ

ਹਰ ਹਿਕ ਨੂੰ ਦੀਦਾਰ ਹੋਵੇਗਾ ਕਾਫ਼ਰ ਮੋਮਿਨ ਤਾਈਂ
ਕਾਫ਼ਰ ਵੇਖ ਲਕਾਇ ਕਹਿਰ ਦਾ ਲੈਸਣ ਸਖ਼ਤ ਸਜ਼ਾਈਂ

ਮੋਮਿਨ ਨੂੰ ਦੀਦਾਰ ਮਿਲੇਗਾ ਨਾਲ਼ ਇਖ਼ਲਾਸ ਪਿਆਰਾਂ
ਬਾਗ਼-ਇਰਮ ਵਿਚ ਕੋਲ ਸੱਜਣ ਦੇ ਕਰਸਣ ਬੈਠ ਬਹਾਰਾਂ

ਹਰ ਬੈਂਤੇ ਵਿਚ ਰਮਜ਼ ਫ਼ਕਰ ਦੀ ਜੇ ਤੁਧ ਸਮਝ ਅੰਦਰ ਦੀ
ਗੱਲ ਸੁਣਾ ਮੁਹੰਮਦ ਬਖਸ਼ਾ ਆਸ਼ਿਕ ਤੇ ਦਿਲਬਰ ਦੀ

ਬਹੁਤ ਹੋਈਆਂ ਖ਼ੁਸ਼ ਵਕਤ ਸ਼ਹਿਜ਼ਾਦਾ ਸਾਇਦ ਕੋਲ ਬੁਲਾਇਆ
ਉਸ ਬਿਨ ਹੋਰ ਆਹਾ ਜੋ ਕੋਈ ਕੋਲੋਂ ਦੂਰ ਕਰਾਇਆ

ਸਾਇਦ ਤਾਈਂ ਦੇ ਮੁਬਾਰਿਕ ਕਿਹਾ ਸ਼ਹਿਜ਼ਾਦੇ ਭਾਈ
ਅੱਜ ਬਦੀਅ-ਜਮਾਲ ਪਰੀ ਹੈ ਇਸ ਨਗਰ ਵਿਚ ਆਈ

ਆਣ ਸ਼ਰਾਬ ਕਬਾਬ ਤਮਾਮੀ ਚਿਣਗ ਰਬਾਬ ਸਿਤਾਰਾਂ
ਇਤਰ ਗੁਲਾਬ ਖ਼ੁਸ਼ੀ ਦੇ ਸਾਜੇ ਜੋ ਲਾਇਕ ਸਰਦਾਰਾਂ

ਲੈ ਕੇ ਨਾਲ਼ ਦੋਏੇ ਦਿਲ ਜਾਨੀ ਸਾਇਦ ਤੇ ਸ਼ਹਿਜ਼ਾਦਾ
ਬਾਗ਼ ਅੰਦਰ ਆ ਬੈਠੇ ਕਰ ਕੇ ਡੇਰਾ ਖ਼ੂਬ ਆਮਾਦਾ ।(੪੧੨੦)

ਸੈਫ਼-ਮਲੂਕ ਕਿਹਾ ਸੁਣ ਭਾਈ ਜਾਨੀ ਯਾਰ ਸਫ਼ਰ ਦਾ
ਹੋਰੋਂ ਹੋਰ ਹੋਇਆ ਹੁਣ ਮੇਰਾ ਹਾਲ ਅਹਿਵਾਲ ਅੰਦਰ ਦਾ

ਖ਼ੁਸ਼ੀ ਕਮਾਲ ਮੇਰੇ ਦਿਲ ਆਈ ਹੋਇਆ ਚੈਨ ਹਜ਼ਾਰਾਂ
ਸੁੱਕਾ ਬਾਗ਼ ਦਿਲੇ ਦਾ ਖਿੜਿਆ ਸਾਵਾ ਵਾਂਗ ਬਹਾਰਾਂ

ਪਹੁਤੀ ਆਣ ਦਿਮਾਗ਼ ਮੇਰੇ ਵਿਚ ਖ਼ੁਸ਼ਬੋਈ ਦਿਲਬਰ ਦੀ
ਮੀਟੀ ਕਲੀ ਗੁਲਾਬਾਂ ਵਾਲੀ ਖੋਲੀ ਵਾਓ ਫ਼ਜਰ ਦੀ

ਚੌਦਾਂ ਬਰਸਾਂ ਦੀ ਸਿਰਦਰਦੀ ਤਰੋਟਕ ਸਖ਼ਤ ਅਮਲ ਦੀ
ਆਨ ਨਸ਼ੇ ਦਾ ਵੇਲ਼ਾ ਹੋਇਆ ਢਿੱਲ ਰਹੀ ਪਲ ਛਲ ਦੀ

ਦਿਲਬਰ ਦਾ ਮੁੱਖ ਲਾਲ ਪਿਆਲਾ ਮੱਧ ਹੁਸਨ ਦਾ ਭਰਿਆ
ਸਾਕੀ ਕੁਦਰਤ ਵਾਲੇ ਮੈਨੂੰ ਆਣ ਤਲ਼ੀ ਪਰ ਧਰਿਆ

ਆਇਆ ਮਸਾਂ ਲਬਾਂ ਦੇ ਨੇੜੇ ਹੋਰ ਸੱਭੋ ਗ਼ਮ ਭੁੱਲੇ
ਤਫ਼ੂੰ ਤਫ਼ੂੰ ਜਿੰਦ ਕਰੇ ਮੁਹੰਮਦ ਮੱਤ ਹੱਥੋਂ ਛੁੱਟ ਡੁੱਲ੍ਹੇ

ਪਰੀਆਂ ਨੂਰੀ ਲੋਕ ਕਹਾਵਣ ਜੁੱਸੇ ਜਾਮੇ ਪਾਕੀ
ਧੱਕੇ ਦੇਇ ਖਦੇੜੇ ਨਾਹੀਂ ਮੈਂ ਬੇਚਾਰਾ ਖ਼ਾਕੀ

ਉਹ ਬੇਟੀ ਸ਼ਾਹਪਾਲ ਸ਼ਾਹੇ ਦੀ ਏਸ ਵਲਾਇਤ ਮਾਨੀ
ਮੈਂ ਏਥੇ ਪਰਦੇਸੀ ਤੋੜੇ ਮਿਸਰ ਅੰਦਰ ਸਾਂ ਸਾਨੀ

ਖ਼ਬਰ ਨਹੀਂ ਕੀ ਹੁੰਦਾ ਭਾਈ ਬਾਬ ਅਸਾਡੇ ਇੱਥੇ
ਸ਼ਾਨ ਉਹਦੀ ਦੇ ਲਾਇਕ ਨਾਹੀਂ ਮੈਂ ਕਿੱਥੇ ਉਹ ਕਿੱਥੇ

ਪਰ ਜੇ ਮਿਹਰ ਪੀਆ ਦਿਲ ਪਾਵੇ ਮਾਲਿਕ ਆਪ ਦਿਲਾਂ ਦਾ
'ਲਾ ਤਕਨਤੂ ਮਿਨ ਅਲਰਹੱਮਤ' ਕੌਲ ਸੱਚਾ ਫ਼ੁਰਮਾਂਦਾ ।(੪੧੩੦)

ਇਹ ਗੱਲਾਂ ਫ਼ੁਰਮਾ ਸ਼ਹਿਜ਼ਾਦਾ ਗ਼ੁਸਲ ਵੁਜ਼ੂ ਕਰ ਪਾਕੀ
ਬਣ ਤਣ ਸੇਜ ਉੱਤੇ ਚੜ੍ਹ ਬੈਠਾ ਜ਼ੇਵਰ ਪਹਿਨ ਪੁਸ਼ਾਕੀ

ਆਜ਼ਮ ਇਸਮ ਮੁਬਾਰਿਕ ਪੜ੍ਹਦਾ ਸੂਰੇ ਨਬੀ ਖ਼ਲੀਲੇ
ਸ਼ਾਹ-ਮੁਹਰੇ ਸੁਲੇਮਾਨੀ ਖੋਲੇ ਸੈਫ਼-ਮਲੂਕ ਅਸੀਲੇ

ਮੂਰਤ ਵੇਖ ਪਰੀ ਦੀ ਅੱਵਲ ਕਦਮ ਸ਼ਕਲ ਦੇ ਚੁੰਮੇ
ਫਿਰ ਅੱਖੀਂ ਮੂੰਹ ਮੱਥੇ ਮਲਦਾ ਮੁੜਮੁੜ ਜਾਂਦਾ ਘੁੰਮੇ

ਫਿਰ ਲਪੇਟ ਅੰਦਰ ਤਾਵੀਜ਼ੇ ਬਾਜ਼ੂਬੰਦ ਕਰ ਬੱਧਾ
ਕਹਿੰਦਾ ਬਰਕਤ ਤੇਰੀ ਪਿੱਛੇ ਮੈਂ ਇਹ ਵੇਲ਼ਾ ਲੱਧਾ

ਸਾਇਦ ਬਾਝ ਨਾ ਰੱਖਿਆ ਓਥੇ ਖ਼ਿਦਮਤਗਾਰ ਨਾ ਗੋਲਾ
ਪੀਣ ਸ਼ਰਾਬ ਹਿਕੱਲੇ ਬੈਠੇ ਨਾ ਕੋਈ ਸ਼ੋਰ ਨਾ ਰੌਲ਼ਾ

ਭਰ ਭਰ ਪੀਣ ਸ਼ਰਾਬ ਪਿਆਲੇ ਪੀ ਪੀ ਥੀਵਣ ਖੀਵੇ
ਚਿਹਰੇ ਰੌਸ਼ਨ ਮਿਸਲ ਮਤਾਬੀ ਨੈਣ ਬਲਣ ਜਿਉਂ ਦੇਵੇ

ਜਾਂ ਕੋਈ ਸਾਇਤ ਐਵੇਂ ਗੁਜ਼ਰੀ ਹੋਇਆ ਕਰਮ ਖ਼ੁਦਾਈ
ਹੋਰ ਨਵੀਂ ਖ਼ਸ਼ਬੂ ਸ਼ਹਿਜ਼ਾਦੇ ਦਿਲਬਰ ਵੱਲੋਂ ਆਈ

ਮਲਿਕਾ-ਖ਼ਾਤੂੰ ਤੇ ਮਾਂ ਉਸ ਦੀ ਅੰਬਰ ਊਦ ਜਲਾਏ
ਮੁਲਕਾਂ ਵਿਚ ਗਈ ਖ਼ੁਸ਼ਬੋਈ ਇਤਰ ਮਹੱਲੀਂ ਲਾਏ

ਪਰੀਆਂ ਏਸ ਮਹਿਮਾਨੀ ਤਾਈਂ ਬਹੁਤ ਪਸੰਦ ਲਿਆਵਣ
ਲੈ ਖ਼ਸ਼ਬੂ ਹੋਵਣ ਦਿਲ ਰਾਜ਼ੀ ਹੱਸਣ ਖੇਡਣ ਗਾਵਣ

ਐਸੇ ਤਰ੍ਹਾਂ ਦਿਹਾੜ ਗੁਜ਼ਾਰੀ ਸ਼ਾਮ ਪਈ ਦਿਨ ਲੱਥਾ
ਸ਼ਮਸ ਬਦੀਅ-ਜਮਾਲ ਪਰੀ ਦੇ ਕੱਜ ਲਿਆ ਮੂੰਹ ਮੱਥਾ ।(੪੧੪੦)

ਸਫ਼ਾਂ ਕਤਾਰਾਂ ਬੰਨ੍ਹ ਖਲੋਤੇ ਆਦਮ ਵਾਂਙੂ ਤਾਰੇ
ਸ਼ਾਹ-ਪਰੀ ਅਸਮਾਨੀ ਛੁਪੀ ਪਰਦੇ ਵਿਚ ਕਿਨਾਰੇ

ਦਿਨ ਡੁੱਬਾ ਤੇ ਪਈਆਂ ਸ਼ਾਮਾਂ ਸ਼ਾਹ-ਪਰੀ ਫਿਰ ਆਈ
ਪਿਆ ਘੁੰਕਾਰ ਵਲਾਇਤ ਅੰਦਰ ਰਿਹਾ ਸ਼ੁਮਾਰ ਨਾ ਕਾਈ

ਬਾਗ਼ ਮਹੱਲ ਤਲਾ ਕਿਨਾਰੇ ਸਾਰੇ ਸਿਹਨ ਚੁਬਾਰੇ
ਹਰ ਡਾਲ਼ੀ ਹਰ ਪੱਤਰ ਉੱਤੇ ਪਰੀਆਂ ਡੇਰੇ ਮਾਰੇ

ਚਮਕੂ ਚਮਕ ਪੋਸ਼ਾਕਾਂ ਸੁੱਚੀਆਂ ਹਿਕ ਥੀਂ ਹਿਕ ਚੜ੍ਹਾਵੇ
ਹਰ ਹਿਕ ਬਦਰ ਮੁਨੀਰ ਹੁਸਨ ਦੀ ਨਜਮ-ਨਿਸਾ ਕਹਾਵੇ

ਕੁੜੀਆਂ ਫਿਰਨ ਤਰਿੰਞਣ ਜੁੜੀਆਂ ਬਣੀਆਂ ਬਣ ਠਣ ਪਰੀਆਂ
ਹੱਸਣ ਗਾਵਣ ਮਾਂਹਗੇ ਪਾਵਣ ਉੱਪਰ ਬਾਰਾਂ ਦਰੀਆਂ

ਚਮਕਣ ਸਾਲੂ ਲਮਕਣ ਵਾਗਾਂ ਛਣਕਣ ਚੂੜੇ ਸੁੱਚੇ
ਜੋੜ ਮਰੋੜ ਕੱਢਣ ਲੱਕ ਪਤਲੇ ਲਟਕ ਟੁਰਨ ਕੱਦ ਉੱਚੇ

ਮਾਸ਼ੂਕਾਂ ਦੀ ਸਿਫ਼ਤੀਂ ਆਇਓਂ ਤਾਂ ਗੱਲ ਦੂਰ ਰਹੇਗੀ
ਥਾਂ ਕੁਥਾਂ ਪਛਾਣ ਮੁਹੰਮਦ ਖ਼ਲਕਤ ਕੀ ਕਹੇਗੀ

ਹਰ ਹਰ ਜਾਈ ਕਰ ਤਕਲੀਫ਼ਾਂ ਜ਼ੋਰ ਤੱਬਅ ਦਾ ਦਸਦਾ
ਦਰਦ ਫ਼ਿਰਾਕ ਫ਼ਕੀਰ ਦਸੇਂਦੇ ਜੋ ਅੰਦਰ ਵਿਚ ਵਸਦਾ

ਜੋ ਹਰ ਵੇਲੇ ਦਰਦ ਪੁਕਾਰਾਂ ਸੁਣੀਅਰ ਦੁਖੀਏ ਹੋਂਦੇ
ਰੰਗਾਰੰਗ ਕਲਾਮ ਭਲੇਰੀ ਬਿਹਤਰ ਹੱਸਦੇ ਰੋਂਦੇ

ਬਦਰਾ ਦੇ ਘਰ ਸ਼ਾਹ-ਪਰੀ ਦਾ ਹੋਇਆ ਆਣ ਉਤਾਰਾ
ਮੋਤੀ ਲਅਲ ਜੜਾਊ ਤੰਬੂ ਸੋਨੇ ਦਾ ਸੀ ਸਾਰਾ ।(੪੧੫੦)

ਮਲਿਕਾ ਬਦਰਾ ਮਾਂ ਉਨ੍ਹਾਂ ਦੀ ਹੋਰ ਤਮਾਮੀ ਸੱਈਆਂ
ਚਾਮਲ ਚਾਅ ਮੁਹੱਬਤ ਕੋਲੋਂ ਮਿਲਣ ਪਰੀ ਨੂੰ ਗਈਆਂ

ਸ਼ਾਹ-ਪਰੀ ਨੇ ਮਲਿਕਾ-ਖ਼ਾਤੂੰ ਮਿਲ ਅੱਵਲ ਗੱਲ ਲਾਈ
ਬਾਦ ਇਸ ਥੀਂ ਫਿਰ ਬਦਰਾ-ਖ਼ਾਤੂੰ ਫੇਰ ਉਨ੍ਹਾਂ ਦੀ ਮਾਈ

ਮਾਈ ਅੱਗੇ ਸੀਸ ਨਿਵਾਇਆ ਮਿੱਥੇ ਤੇ ਹੱਥ ਧਰਕੇ
ਉਸ ਨੇ ਅੱਗੋਂ ਸਿਰ ਮੂੰਹ ਚੁੰਮੇ ਬਹੁਤ ਮੁਹੱਬਤ ਕਰ ਕੇ

ਵਾਰੋ ਵਾਰ ਮਿਲਣ ਸਭ ਸੱਈਆਂ ਆਖਣ ਸਦਕੇ ਗਈਆਂ
ਜਿਉਂ ਦੀਵੇ ਤੇ ਢਹਿਣ ਪਤੰਗੇ ਤਿਵੇਂ ਢਹਿ ਢਹਿ ਪਈਆਂ

ਪਰੀਆਂ ਨਾਲ਼ ਸੱਈਆਂ ਦਾ ਮੇਲ਼ਾ ਖ਼ੂਬ ਤਰ੍ਹਾਂ ਦਾ ਹੋਇਆ
ਸਰਾਂਦੀਪ ਬਹਿਸ਼ਤ ਬਰਾਬਰ ਹੂਰੀਂ ਭਰਿਆ ਗੋਇਆ

ਸਾਵਰਿਆਂ ਰੰਗ ਗੋਰੇ ਸੱਈਆਂ ਕਣਕ ਵੰਨੇ ਰੰਗ ਪੱਕੇ
ਸ਼ਰਮ ਹਜ਼ੂਰ ਕੋਈ ਕੋਈ ਕਰਦੀ ਹੱਸ ਹੱਸ ਅੱਖ ਮੱਟਕੇ

ਹਿੱਕਨਾਂ ਦੇ ਗਲ ਸੂਹੇ ਕੁੜਤੇ ਸਿਰ ਤੇ ਭੋਛਣ ਬੱਗੇ
ਧੜੀ ਸੰਧੂਰ ਲੱਗੇ ਵਿਚ ਸ਼ੀਸ਼ੇ ਚਮਕ ਪਰੀ ਨੂੰ ਲੱਗੇ

ਹਿੱਕਨਾਂ ਦੇ ਸਿਰ ਸਬਜ਼ ਦੁਪੱਟੇ ਸੋਸਨ ਰੰਗੀ ਅੰਗੀ
ਘੇਰੇਦਾਰ ਸੁੱਥਣ ਚੁਣ ਲਾਈ ਸੁਰਮਈ ਕਰ ਰੰਗੀ

ਹਿੱਕਨਾਂ ਸੁਰਖ਼ ਪੋਸ਼ਾਕ ਤਮਾਮੀ ਪੈਰਾਂ ਥੀਂ ਲੱਗ ਚੋਟੀ
ਬਾਗ਼-ਇਰਮ ਜਿਉਂ ਘਾਹ ਹਰੇ ਵਿਚ ਸਾਵਣ ਚੀਜ ਬਹੋਟੀ

ਹਿੱਕਨਾਂ ਛਾਪੇਦਾਰ ਪੋਸ਼ਾਕਾਂ ਜੋੜੇ ਨਾਲ਼ ਬਨਾਤੀ
ਪੱਬ ਉਠਾਵਣ ਚਾਲ ਵਿਖਾਵਣ ਕੱਢ ਕੱਢ ਚੱਲਣ ਛਾਤੀ ।(੪੧੬੦)

ਹਿੱਕਨਾਂ ਦੇ ਸਿਰ ਸਾਵੀ ਚਾਦਰ ਗੱਲ ਵਿਚ ਕੁੜਤੇ ਕਾਲੇ
ਸੁੱਥਣ ਜਟਕੀ ਸਰਪਰ ਮਟਕੀ ਟੁਰਨ ਕਬੂਤਰ ਚਾਲੇ

ਮੋਢੇ ਮਾਰਨ ਬਾਹਾਂ ਉਲਾਰਨ ਗਰਦਨ ਲੱਕ ਮਰੋੜਨ
ਹੁਸਨ ਮਰੋੜਾਂ ਕਰਨ ਅਜੋੜਾਂ ਤਰੋੜਾਂ ਦੇਇ ਤਰੋੜਨ

ਨੈਣ ਕਟਾਰਾਂ ਭਵਾਂ ਕਮਾਨਾਂ ਨੱਕ ਖ਼ੰਜਰ ਬੇਦਸਤੇ
ਨਾਲ਼ ਸੱਈਆਂ ਦੇ ਖੂਹ ਗਈਆਂ ਦੇ ਕੋਠੇ ਮਿਲਣ ਚੌਰਸਤੇ

ਕੁੰਡਲਦਾਰ ਦੋ ਜ਼ੁਲਫ਼ਾਂ ਲਟਕਣ ਭਿੰਨੀਆਂ ਨਾਲ਼ ਫੁਲੇਲਾਂ
ਚੱਲਣ ਬਣਕੇ ਝਾਂਜਰ ਛਣਕੇ ਮਣਕੇ ਹਾਰ ਹਮੇਲਾਂ

ਕਜਲੇ ਪਾਵਣ ਤੇ ਮਟਕਾਵਨ ਲਾਵਣ ਦਾਗ਼ ਤਿਲਾਂ ਦੇ
ਉਹਲੇ ਬਹਿ ਬਹਿ ਗਾਵਣ ਸੋਹਲੇ ਢੋਲੇ ਗੀਤ ਦਿਲਾਂ ਦੇ

ਕੀ ਨਿਕੰਮੀ ਗੱਲ ਮੁਹੰਮਦ ਚੱਲ ਅਗੇਰੇ ਚੱਲਾਂ
ਪਰ ਜਿਸ ਇਹ ਫ਼ੁਰਮਾਇਸ਼ ਕੀਤੀ ਉਸ ਭਾਵਨ ਇਹ ਗੱਲਾਂ

ਜਿਸਦੀ ਖ਼ਾਤਿਰ ਰੱਖ ਇਰਾਦਾ ਕੀਤਾ ਐਡ ਤਗਾਦਾ
ਇਨ੍ਹਾਂ ਗੱਲਾਂ ਥੀਂ ਉਸ ਜਣੇ ਨੂੰ ਹੋਂਦੀ ਖ਼ੁਸ਼ੀ ਜ਼ਿਆਦਾ

ਦਿਲ ਮੇਰਾ ਪਰ ਚਾਹੁੰਦਾ ਨਾਹੀਂ ਬਿਨ ਦਰਦਾਂ ਦੀ ਬਾਤੋਂ
ਨਾਲ਼ ਜ਼ਰੂਰਤ ਥੋੜੀ ਥੋੜੀ ਗੱਲ ਕਰਾਂ ਉਸ ਜ਼ਾਤੋਂ

ਬਦਰ ਨੂੰ ਗੱਲ ਲਾ ਪਰੀ ਨੇ ਬਹੁਤ ਮੁਹੱਬਤ ਕੀਤੀ
ਸਿਰ ਮੂੰਹ ਚੁੰਮੇ ਨਾਲ਼ ਪਿਆਰਾਂ ਮੇਲ ਦੋਹਾਂ ਜਿੰਦ ਸੀਤੀ

ਮਲਿਕਾ ਦੇ ਵੱਲ ਵੇਖ ਪਰੀ ਨੂੰ ਬਹੁਤ ਹੋਈ ਖ਼ੁਸ਼ਹਾਲੀ
ਸ਼ੁਕਰ ਕਰੇ ਜੇ ਫੇਰ ਲਿਆਂਦੀ ਭੈਣ ਮੇਰੀ ਰੱਬ ਵਾਲੀ ।(੪੧੭੦)

ਜੀਉਂਦਿਆਂ ਮੂੰਹ ਉਸ ਦਾ ਡਿੱਠਾ ਲੱਧੀ ਗਈ ਗੁਆਤੀ
ਇਸ ਬਿਨ ਜੀਵਨ ਸਾਡੇ ਭਾਣੇ ਆਹੀ ਬੁਰੀ ਹੱਯਾਤੀ

ਮੌਲਾ ਸੰਗ ਮਿਲਾਏ ਮੁੜ ਕੇ ਕਰਮ ਜਗਾਏ ਸੁੱਤੇ
ਹੋ ਦਿਲਸ਼ਾਦ ਪਰੀ ਚੜ੍ਹ ਬੈਠੀ ਤਖ਼ਤ ਸੁਨਹਿਰੀ ਉੱਤੇ

ਮਾਈ ਨੇ ਫਿਰ ਕੋਲ ਪਰੀ ਦੇ ਆਣ ਚੌਗਿਰਦੇ ਧੂਈਆਂ
ਊਦ ਅਗਰ ਤੇ ਅੰਬਰ ਅਸਹਬ ਮੁਸ਼ਕ ਅਜ਼ਖ਼ਰ ਖ਼ੁਸ਼ਬੂਈਆਂ

ਮੁਸ਼ਕਾਂ ਦੀ ਕੁੱਝ ਹਾਜਤ ਨਾਹੀਂ ਅਜਬ ਜਮਾਲ ਪਰੀ ਨੂੰ
ਤਾਜ਼ੀ ਸ਼ਾਖ਼ ਗੁਲਾਬੀ ਸਾਵੀ ਫੁੱਲਾਂ ਨਾਲ਼ ਭਰੀ ਨੂੰ

ਉਸਦੇ ਕਦਰ ਮੁਆਫ਼ਿਕ ਆਹੀ ਇਹ ਹਰ ਚੀਜ਼ ਕਮੀਨੀ
ਹਰ ਹਰ ਵਾਲ਼ ਉਹਦੇ ਸੰਗ ਆਹਾ ਲਿਖ ਲਿਖ ਨਾਫ਼ਾ ਚੀਨੀ

ਸਿਫ਼ਤ ਉਹਦੀ ਦੀ ਗੱਲ ਮੁਹੰਮਦ ਕਿਸ ਮੂੰਹ ਨਾਲ਼ ਅਲਾਵਾਂ
ਮੂੰਹ ਨਿੱਕਾ ਗੱਲ ਬਹੁਤ ਵਡੇਰੀ ਕੀਕਰ ਆਖ ਸੁਣਾਵਾਂ

48. ਦਰ ਵਸਫ਼ਿ ਜਮਾਲਿ ਸ਼ਾਹ ਪਰੀ ਮੇਗੋਇਦ
(ਸ਼ਾਹ-ਪਰੀ ਦੇ ਰੂਪ ਦੀ ਤਾਰੀਫ਼)

ਕਾਗ਼ਜ਼ ਕਲਮ ਜ਼ਬਾਨ ਮੇਰੀ ਵਿਚ ਇਹ ਬਿਆਨ ਨਾ ਮਿਟਦਾ
ਅਕਲ ਫ਼ਿਕਰ ਹੁਣ ਆਰੀ ਹੋਇਆ ਖੁੱਲਾ ਸਰੋ-ਸਰ ਪਿਟਦਾ

ਹਰ ਹਰ ਥਾਂ ਮਰੇਂਦੀ ਆਹੀ ਚੌਕੜੀਆਂ ਵੱਧ ਹਰਨੋਂ
ਮਿਲੇ ਸਜ਼ਾ ਤਬੀਅਤ ਤਾਈਂ ਉਸ ਫ਼ਜ਼ੂਲੀ ਕਰਨੋਂ

ਹੁਸਨ ਬਿਆਨ ਨਾ ਹੁੰਦਾ ਇਸ ਦਾ ਕਿੱਸੇ ਦੀ ਫ਼ੁਰਮਾਇਸ਼
ਲੈਕ ਤਬੀਅਤ ਆਪਣੀ ਵਾਲੀ ਕਰਸਾਂ ਕੁੱਝ ਅਜ਼ਮਾਇਸ਼

ਵਿਹਲ ਹੁੰਦਾ ਜੇ ਕੰਮ ਵਿਚੋਂ ਤਾਂ ਅਫ਼ਸੋਸ ਨਾ ਰਹਿੰਦਾ
ਥੋੜੀ ਬਹੁਤੀ ਸਿਫ਼ਤ ਸ਼ਕਲ ਦੀ ਓੜਕ ਮੈਂ ਭੀ ਕਹਿੰਦਾ ।(੪੧੮੦)

ਜਿਉਂ ਸ਼ਾਇਰ ਪੰਜਾਬੀ ਕਰਦੇ ਉਹ ਕੰਮ ਤੁਰਤ ਕਰੀਦਾ
ਪਰ ਉਹ ਸਿਫ਼ਤ ਨਾ ਲਾਇਕ ਇਥੇ ਉੱਚਾ ਰੂਪ ਪਰੀ ਦਾ

ਉੱਜਲਾ ਰੂਪ ਪਰੀ ਦਾ ਭਾਈ ਫੇਰ ਤਬੀਅਤ ਮੇਰੀ
ਪੜ੍ਹਨੇ ਵਾਲੇ ਕਰਨ ਨਾ ਤਾਨ੍ਹਾ ਹੋਗ ਕਲਾਮ ਉਚੇਰੀ

ਜਿਉਂ ਮਹਿਬੂਬਾਂ ਦੀ ਗੱਲ ਦਸਦੇ ਨਜ਼ਮੀ ਮਰਦ ਹਿਸਾਬੀ
ਕੁੱਝ ਕੁੱਝ ਡੌਲ ਹੋਵੇਗੀ ਉਹੋ ਕਿਧਰੇ ਹੋਗ ਪੰਜਾਬੀ

ਉਝਰੀਆਂ ਦੀ ਲੱਜ਼ਤ ਬਹੁਤੀ ਨਿਰੇ ਹਿਕੱਲੇ ਮਾਸੋਂ
ਲੱਜ਼ਤਦਾਰ ਸਲੂਣਾ ਭਾਈ ਲਓ ਮੁਹੰਮਦ ਪਾਸੋਂ

ਪਰ ਜਾਂ ਕੱਟ ਜਿਗਰ ਦੇ ਬੀਰੇ ਮੈਂ ਕਬਾਬ ਬਣਾਵਾਂ
ਰੱਤ ਦਿਲੇ ਦੀ ਪਾਣੀ ਪਾਕੇ ਗ਼ਮ ਦੀ ਅੱਗ ਪਕਾਵਾਂ

ਪਰ ਜਿਸ ਵੇਲੇ ਖਾਵਣ ਵਾਲੇ ਅੱਧ ਖਾਧੇ ਮੁੱਖ ਮੋੜਨ
ਹਾਜ਼ਿਰ ਰਹੇ ਨਾ ਜੀਉ ਅਸਾਡਾ ਖ਼ੁਸ਼ੀ ਦਿਲੇ ਦੀ ਤਰੋੜਨ

ਪਰ ਮੈਂ ਬਿਨ ਇਨਸਾਫ਼ ਤੁਸਾਂ ਥੀਂ ਦਮ ਇਨਾਮ ਨਾ ਮੰਗਦਾ
ਕਰੋ ਕਬੂਲ ਗਦਾਈ ਟੁਕੜਾ ਯਾਰੋ ਏਸ ਮਲੰਗ ਦਾ

ਰਸਤਾ ਛੋੜ ਮੁਹੰਮਦ ਬਖਸ਼ਾ ਫਿਰੇਂ ਚਰੇਂਦਾ ਝੱਲਾਂ
ਕਰ ਕੁੱਝ ਸਿਫ਼ਤ ਪਰੀ ਦੀ ਇਥੇ ਦੀਬਾਚੇ ਇਹ ਗੱਲਾਂ

ਉੱਚਾ ਕੱਦ ਸਫ਼ੈਦਾ ਪਤਲਾ ਸਰੂ ਆਜ਼ਾਦ ਬਹਿਸ਼ਤੀ
ਯਾ ਉਹ ਨਖ਼ਲਿ-ਮੁਰਾਦ ਖ਼ੁਦਾਵੰਦ ਰਹਿਮਤ ਕੁਨੋਂ ਸਰਿਸ਼ਤੀ

ਕੁੰਡਲਦਾਰ ਦੋ ਜ਼ੁਲਫ਼ਾਂ ਸਿਰ ਤੇ ਕਾਲੇ ਨਾਗ ਡੰਗਾਲੇ
ਹਰ ਮੀਢੀ ਸਿਰ ਕੱਢੇ ਜਿਉਂ ਕਰ ਬਿਸ਼ੀਅਰ ਜੀਭ ਨਿਕਾਲੇ ।(੪੧੯੦)

ਦਾਨਿਸ਼ਮੰਦ ਕਮੰਦ ਜ਼ੁਲਫ਼ ਦੇ ਬੰਦ ਹੋਵਣ ਦਿਲ ਬਸਤੇ
ਪੇਚਾ ਪੇਚ ਉਹਦੇ ਵਿਚ ਫਾਸਣ ਨਾ ਨਿਕਲਣ ਦੇ ਰਸਤੇ

ਕੰਨੀਂ ਬੁੰਦਿਆਂ ਵਾਗਾਂ ਗੁੰਦੀਆਂ ਕੰਜ ਕੁਆਰੀ ਕਾਕੀ
ਹੂਰਾਂ ਵਾਂਗ ਰੰਜੂਰਾਂ ਹੋਵਣ ਵੇਖ ਲਤਾਫ਼ਤ ਪਾਕੀ

ਨੂਰਾਨੀ ਦਰਿਆ ਪੇਸ਼ਾਨੀ ਨਾਲ਼ ਸਫ਼ਾਈ ਚਮਕੇ
ਵਾਗਾਂ ਵਾਂਗ ਜ਼ੰਜੀਰੀ ਹੋਈਆਂ ਵਾਉ ਹੁਸਨ ਜਦ ਰਮਕੇ

ਸੱਜੀਆਂ ਭੱਜੀਆਂ ਮੁਸ਼ਕੀਂ ਰੱਚੀਆਂ ਸਿਹਲੜੀਆਂ ਕਰ ਵੱਤੀਆਂ
ਫਾਹੀਆਂ ਆਸ਼ਿਕ ਬੰਨ੍ਹਣ ਕਾਰਨ ਵੱਟ ਗਲੇ ਵਿਚ ਸਟੀਆਂ

ਫ਼ਰਕੋ ਫ਼ਰਕ ਪਿਆ ਕਸਤੂਰੀ ਹੋਇਆ ਦੋ ਟੁਕੜੇ ਹਿਕ ਦਿਲ
ਮੁਸ਼ਕਿਲ ਥੀਂ ਵਿਚ ਨਾਫ਼ੇ ਬਣਿਆ ਮੁਸ਼ਕੇ ਦਾ ਕੰਮ ਮੁਸ਼ਕਿਲ

ਵਾਗਾਂ ਮੁਸ਼ਕੋਂ ਲਾਗੇ ਲੱਗੀਆਂ ਝੂਲਣ ਸਿਰ ਲਮਕਾਇਆ
ਪਾਇਆ ਸ਼ਾਖ਼ ਗੁਲਾਬੇ ਤਾਈਂ ਸਿਰ ਪੈਰਾਂ ਤੱਕ ਸਾਇਆ

ਵਲ ਵਲ ਵਾਲ ਪਏ ਵਲ ਵਾਲਾਂ ਵਲ ਵਲ ਵਲੇ ਵਲਾਵਣ
ਆਬ ਹਯਾਤ ਮੂੰਹੋਂ ਘੱਤ ਜ਼ੁਲਮਤ ਜ਼ਵਿਲਕਰਨੇਨ ਭੁਲਾਵਣ

ਪੱਟੀ ਸਾਫ਼ ਆਹੀ ਖ਼ਮ ਵਾਲੀ ਜਿਉਂ ਤਲਵਾਰ ਸਰੋਹੀ
ਫੱਟੇ ਕੱਟੇ ਸੱਟੇ ਰਾਹੀਂ ਆਸ਼ਿਕ ਦੇਣ ਧਰੋਹੀ

ਦਰਸ ਜਮਾਲ ਉਹਦੇ ਦੀ ਪੜ੍ਹਦੇ ਸੂਰਜ ਅੰਬਰ ਤਾਰੇ
ਮੱਥਾ ਸਾਫ਼ ਰੁਪਹਿਰੀ ਤਖ਼ਤੀ ਰੱਖਣ ਪਕੜ ਕਿਨਾਰੇ

ਇਸ ਤਖ਼ਤੀ ਪੁਰ ਲਿਖੇ ਆਹੇ ਨਾਲ਼ ਸਿਆਹੀ ਕਾਲ਼ੀ
ਖ਼ੁਸ਼ਖ਼ਤ ਅਰਬੀ ਨੂਨ ਦੋ ਪਾਸੇ ਕਾਨੀ ਕੁਦਰਤ ਵਾਲੀ ।(੪੨੦੦)

ਨੂਨ ਹੇਠ ਅਜਾਇਬ ਸੋਹਣੇ ਦੋਏੇ ਸਵਾਦ ਲਿਖੇ ਸਨ
ਆਫ਼ਰੀਨ ਹਜ਼ਾਰਾਂ ਉਸ ਨੂੰ ਜਿਸ ਉਸਤਾਦ ਲਿਖੇ ਸਨ

ਇਸ ਤਖ਼ਤੀ ਦੇ ਦੰਦੇ ਦੰਦੇ ਦੂੰਹ ਜੀਮਾਂ ਦੇ ਘੇਰੇ
ਜੀਮ ਜਮਾਲ ਅੰਦਰ ਖ਼ੁਸ਼ ਨੁਕਤੇ ਕਾਲੇ ਖ਼ਾਲ ਲੁਟੇਰੇ

ਨੂਨਾਂ ਦੇ ਸਿਰ ਨਾਲੋਂ ਲੈ ਕੇ ਮੀਮ ਮੁਬਾਰਿਕ ਤੋੜੀ
ਅਲਫ਼ ਅਜ਼ਲ ਦੀ ਕਾਨੀ ਲਿਖਿਆ ਵਿਚ ਸਾਦਾਂ ਦੀ ਜੋੜੀ

ਅਲਫ਼ ਅੱਗੇ ਫਿਰ ਬਿੰਦੀ ਦੇ ਕੇ ਹਲਕਾ ਦਵਾਤ ਬਣਾਇਆ
ਸ਼ੋਰ ਇਸ਼ਕ ਦਾ ਸ਼ਾਨ ਹੁਸਨ ਦਾ ਹਿਕ ਥੀਂ ਦਾ ਵਧਾਇਆ

ਲਾਲ ਲਬਾਂ ਸ਼ਿੰਗਰਫੋਂ ਲਿਖੀਆਂ ਖ਼ਤ ਫ਼ਾਰਸ ਦਿਆਂ ਰੇਆਂ
ਇਨ੍ਹਾਂ ਵਿਚੋਂ ਸੀਸ ਦਸੀਂਦਾ ਜ਼ੋਰ ਹੁਸਨ ਦਾ ਪਿਆ

ਰੇ ਤੇ ਸੀਨ ਰਲੇ ਸੰਗ ਮੀਮੇ ਰਸਮ ਬਣੀ ਮਹਿਬੂਬੀ
ਮੀਮੇ ਦੀ ਗੰਢ ਨਾਲ਼ ਦੰਦਾਂ ਦੇ ਖੋਲ ਦਿਖਾਈ ਖ਼ੂਬੀ

ਬਾਗ਼-ਇਰਮ ਦੇ ਰੂਪੋਂ ਆਹੀ ਉਸ ਦੀ ਸ਼ਕਲ ਨਮੂਨਾ
ਸੂਰਤ ਅੰਦਰ ਪੈਦਾ ਹੋਇਆ ਗੁਲ ਫੁਲ ਗੂਨਾ-ਗੂਨਾ

ਇਨ੍ਹਾਂ ਫੁੱਲਾਂ ਤੇ ਭੌਰਾਂ ਵਾਂਙੂ ਟਿੱਕਾ ਬਿੰਦੀ ਵਾਲਾ
ਜਿਉਂ ਗੁਲਜ਼ਾਰ ਅੰਦਰ ਆ ਬੈਠਾ ਹਬਸ਼ੀ ਬੱਚਾ ਕਾਲ਼ਾ

ਠੋਡੀ ਸੀ ਫਿੰਡ ਸਾਫ਼ ਰੁੱਪੇ ਦੀ ਟਿਕੀ ਬਾਝ ਜ਼ਕਾਤੋਂ
ਵਿਚ ਟੋਆ ਪਰਸਿਓਂ ਭਰਿਆ ਚਸ਼ਮਾ ਆਬ ਹਯਾਤੋਂ

ਬਗ਼ਲਾਂ ਮੋਢੇ ਤੱਅਨੇ ਮਾਰਨ ਚੰਬੇ ਦੇ ਫੁੱਲ ਚਿੱਟੇ
ਮਿਸਲ ਕਲੀ ਦੇ ਘੋਟੀ ਦੇਹੀ ਸਿਰ ਥੀਂ ਲੈ ਲੱਗ ਗਿੱਟੇ ।(੪੨੧੦)

ਸੋਹਣਾ ਬਦਨ ਫੁੱਲਾਂ ਦਾ ਦਸਤਾ ਪੱਲੇ ਵਿਚ ਛੁਪਾਇਆ
ਕੀਤੇ ਜਤਨ ਹਜ਼ਾਰ ਹਜ਼ਾਰਾਂ ਕਿਸੇ ਨਾ ਦਰਸਨ ਪਾਇਆ

ਦੋ ਪਿਸਤਾਨ ਸਫ਼ਾਈ ਵਾਲੇ ਨਵੇਂ ਸ਼ਿਗੂਫ਼ੇ ਉੱਗੇ
ਕਾਲੇ ਭੌਰ ਉਪਰ ਰਖਵਾਲੇ ਨਜ਼ਰੋਂ ਜ਼ਖ਼ਮ ਨਾ ਪੁੱਗੇ

ਸੀਨਾ ਸਾਫ਼ ਸੰਦਲ ਦੀ ਤਖ਼ਤੀ ਜੋੜੀ ਉਸਤਾਦ ਬਣਾਈ
ਵਾਹ ਉਸਤਾਦ ਕਾਰੀਗਰ ਜਿਸ ਨੇ ਇਹ ਪੇਵੰਦ ਲਗਾਈ

ਪਤਲਾ ਚੰਮ ਸੁਫ਼ੈਦ ਸ਼ਿਕਮ ਦਾ ਜਿਉਂ ਕਾਗ਼ਜ਼ ਕਸ਼ਮੀਰੋਂ
ਰੇਸ਼ਮ ਕਿਸਮ ਉੱਚੀ ਦਾ ਯਾਸੀ ਲੱਛਾ ਸੂਤ ਹਰੀਰੋਂ

ਲਚ ਲਚ ਕਰਦਾ ਮਨਕਾ ਵਿਚਲਾ ਲੱਕ ਮਹੀਨ ਬਿਆਨੋਂ
ਪੈਰ ਉਠਾਵੇ ਤਾਂ ਵੱਲ ਖਾਵੇ ਉਠਦੀ ਡਰੇ ਜ਼ਿਆਨੋਂ

ਲੱਕੋਂ ਲੈ ਲੱਗ ਪੈਰਾਂ ਤਾਈਂ ਕਰਾਂ ਖ਼ਿਆਲ ਨਾ ਮਨ ਦਾ
ਬਾਦਸ਼ਾਹਾਂ ਦੇ ਸੱਤਰੀਂ ਜਾਏ ਕੀ ਮਕਦੂਰ ਸੁਖ਼ਨ ਦਾ

ਚਾਂਦੀ ਪੈਰ ਤੱਕੇ ਜਦ ਚਾਂਦੀ ਜਾਂਦੀ ਜਾਨ ਬਚਾਂਦੀ
ਕਦਮੀਂ ਢਹਿੰਦੀ ਅਰਜ਼ਾਂ ਕਹਿੰਦੀ ਸਿਜਦਿਓਂ ਸੀਸ ਨਾ ਚਾਂਦੀ

ਨਾਜ਼ੁਕ ਪੈਰ ਗੁਲਾਬ ਪਰੀ ਦੇ ਮਹਿੰਦੀ ਨਾਲ਼ ਸਿੰਗਾਰੇ
ਤਿਲੇਦਾਰ ਬੱਨਾਤੀ ਪਿੰਨੀਆਂ ਚਮਕਣ ਵਿਚ ਸਿਤਾਰੇ

ਕਲਗ਼ੀ ਮਗ਼ਜ਼ੀ ਨੋਕ ਪੰਜੇ ਤੇ ਜੜਤ ਹੋਈ ਫ਼ੀਰੋਜ਼ੀ
ਪੰਨੇ ਤਿਲੇ ਪਤਾਵੇ ਪੱਲੇ ਸਭ ਸੁੱਚੇ ਜ਼ਰਦੋਜ਼ੀ

ਫੂਕ ਚਲਾਈਏ ਤਾਂ ਉੱਡ ਜਾਵਣ ਵਾਂਙੂ ਸੋਹਣ ਚਿੜੀਆਂ
ਖਿੜੀਆਂ ਕਲੀਆਂ ਰੱਤੀਆਂ ਚਿੱਟੀਆਂ ਪੈਰੀਂ ਸੋਹਣ ਕਿੜੀਆਂ ।(੪੨੨੦)

ਹੁਸਨ ਬਦੀਅ-ਜਮਾਲ ਪਰੀ ਦਾ ਵਾਂਗ ਬਹਾਰ ਚਮਨ ਦੀ
ਸੁੰਬਲ ਵਾਲ਼ ਮਹੀਨ ਜ਼ੰਜੀਰੀ ਹਰ ਮੀਢੀ ਵੰਨ ਵੰਨ ਦੀ

ਨਰਗਿਸ ਮਸਤ ਬੀਮਾਰ ਪਰੀ ਦੇ ਨੈਣ ਗੂਹੜੇ ਮਤਵਾਰੇ
ਚਿਹਰਾ ਫੁੱਲ ਗੁਲਾਬ ਬਹਾਰੀ ਗੁਲ ਲਾਲੇ ਰੁਖ਼ਸਾਰੇ

ਪਾੜ ਸੁੱਟੇ ਪੈਰਾਹਨ ਗੱਲ ਦੇ ਚਿਹਰਾ ਵੇਖ ਗੁਲਾਬਾਂ
ਗਲਦੇ ਗਲਦੇ ਅਰਕ ਸਦਾਏ ਰਲ਼ ਗਏ ਵਿਚ ਆਬਾਂ

ਲਾਲ ਗੁਲਾਲ ਗੱਲ੍ਹਾਂ ਵੱਲ ਤੱਕ ਕੇ ਦਾਗ਼ ਲੱਗਾ ਗੁਲ ਲਾਲੇ
ਜੰਮੀ ਰੱਤ ਕਲੇਜੇ ਉੱਤੇ ਪੀਂਦਾ ਜ਼ਹਿਰ ਪਿਆਲੇ

ਜੋਸ਼ ਬੁਖ਼ਾਰ ਇਸ਼ਕ ਦੇ ਚੜ੍ਹਦੇ ਜਾਂ ਨੈਣਾਂ ਵੱਲ ਤੱਕਦਾ
ਨਰਗਿਸ ਨੂੰ ਸਿਰ ਦਰਦੀ ਲੱਗੇ ਅੱਖ ਉਘਾੜ ਨਾ ਸਕਦਾ

ਠੋਡੀ ਵੇਖ ਖ਼ੁਬਾਨੀ ਤਾਈਂ ਲੀਕ ਪਏ ਵਿਚਕਾਰੋਂ
ਪਿਸਤਾਨਾਂ ਦੀ ਗ਼ੈਰਤ ਕੋਲੋਂ ਵਿਕਿਆ ਰੰਗ ਅਨਾਰੋਂ

ਉੱਚਾ ਕੱਦ ਰੰਗੀਲਾ ਤੱਕ ਕੇ ਸਰਵ ਆਜ਼ਾਦ ਪਿਆਰਾ
ਪੈਰਾਂ ਭਾਰ ਹੈਰਾਨ ਖਲੋਤਾ ਹੋਇਆ ਕੈਦ ਬੇਚਾਰਾ

ਚੌਦੇਂ ਦਾ ਚੰਨ ਦਾਗ਼ੀ ਹੋਇਆ ਮੱਥਾ ਵੇਖ ਨੂਰਾਨੀ
ਅੱਖ ਭਿੜਾਏ ਨਾ ਤੱਕਣ ਹੁੰਦੀ ਸੂਰਜ ਹਾਰ ਪੇਸ਼ਾਨੀ

ਕਾਲ਼ੀ ਲੈਲ ਜ਼ੁਲਫ਼ ਵਿਚ ਆਹਾ ਖ਼ੂਬ ਸੁਹੇਲ ਯਮਨ ਦਾ
ਆਸ਼ਿਕ ਦੇ ਯਲਗ਼ਾਰੀ ਤਾਈਂ ਰੰਗ ਦਏ ਵੰਨ ਵੰਨ ਦਾ

ਉੱਚਾ ਮੱਥਾ ਬਹੁਤ ਕੁਸ਼ਾਦਾ ਸ਼ੀਸ਼ੇ ਹਾਰ ਚਮਕਦਾ
ਰੂਪ ਅਨੂਪ ਖ਼ੁਦਾਈ ਦਿੱਸੇ ਉਸ ਅੰਦਰ ਜੋ ਤੱਕਦਾ ।(੪੨੩੦)

ਲਾਡ ਤਕੱਬਰੋਂ ਭਰ ਭਰ ਵੱਟੇ ਭਰਵੱਟੇ ਦੋ ਕਾਲੇ
ਲਾਲੀ ਅੰਦਰ ਨਜ਼ਰੀਂ ਆਵਣ ਚੰਨ ਮੁਬਾਰਿਕ ਵਾਲੇ

ਮੱਥਾ ਸੀ ਅਸਮਾਨ ਹੁਸਨ ਦਾ ਉਹ ਵਿਚ ਕੌਸ-ਕਜ਼ਹ ਸਨ
ਸ਼ਾਮ ਜ਼ੁਲਫ਼ ਦੀ ਲਾਲੀ ਅੰਦਰ ਕਾਲ਼ੀ ਘਟ ਤਰਹ ਸਨ

ਚਿਹਰਾ ਸਾਫ਼ ਬਹਿਸ਼ਤੀ ਸੁਫ਼ਾ ਅਬਰੂ ਤਾਕ ਬਣਾਏ
ਵਾਹ ਨਕਾਸ਼ ਮੁਹੰਮਦ ਬਖ਼ਸ਼ਾ ਜਿਸ ਉਹ ਰੰਗ ਲਗਾਏ

ਮੁੱਖ ਮਹਿਬੂਬਾਂ ਦਾ ਬੈਤ-ਅੱਲਾ ਉਹ ਮਹਿਰਾਬ ਉਚੇਰੇ
ਕਰਨ ਨਿਮਾਜ਼ ਨਿਆਜ਼ਾਂ ਆਸ਼ਿਕ ਸਿਜਦੇ ਦੇਣ ਚੌਫੇਰੇ

ਜ਼ੋਰ ਕਮਾਣਾ ਕੰਮ ਹਮੇਸ਼ਾ ਅਬਰੂ ਸਖ਼ਤ ਕਮਾਨਾਂ
ਰੁਸਤਮ ਨੈਣ ਸਿਪਾਹੀ ਜ਼ਾਲਿਮ ਘਾਇਲ ਕਰਨ ਜਵਾਨਾਂ

ਚਮਕਣ ਕਾਨੀ ਜ਼ਹਿਰੋਂ ਪਾਣੀ ਤਰਿਖੇ ਤੀਰ ਖ਼ੁਦੰਗ ਦੇ
ਬਿਸੁਲੇ ਨਾਗ ਅੰਞਾਨੇ ਚੋਰੀ ਵਾਲ ਦਿਲਾਂ ਨੂੰ ਡੰਗਦੇ

ਅੱਖੀਂ ਤੇਜ਼ ਕਟਾਰਾਂ ਵਾਂਗਰ ਕਰਨ ਚੌਤਰਫ਼ੀ ਮਾਰਾਂ
ਅੱਖ ਮਟੱਕੇ ਚੋਰ ਉਚੱਕੇ ਛੁਪ ਛੁਪ ਕਰਦੇ ਵਾਰਾਂ

ਬੈਠੇ ਛੋਹ ਧਰੋਹ ਕਰ ਮਾਰਨ ਬਰਛੀ ਨੇਜ਼ੇ ਸਾਂਗਾਂ
ਲੁੱਟਣ ਕੁਟਣ ਸੁੱਟਣ ਰਾਹੀਂ ਸੁਣਨ ਨਾ ਕੂਕਾਂ ਚਾਂਗਾਂ

ਸੈਫ਼-ਮਲੂਕ ਜੇਹਾਂ ਨੂੰ ਲਾਵਣ ਕਸ ਬੰਦੂਕ ਕਲੇਜੇ
ਧੂੰ ਅਵਾਜ਼ ਨਾ ਨਿਕਲੇ ਕੋਈ ਸੱਲ ਜਾਵੇ ਹੱਡ ਭੇਜੇ

ਬਿਜਲੀ ਦੇ ਚਮਕਾਰੇ ਵਾਂਗਰ ਅੱਖ ਪਰਤ ਕਹਿਰ ਦਾ
ਜੋ ਤੱਕੇ ਸੋ ਨੱਸ ਨਾ ਸਕੇ ਭੱਜ ਉਥਾਈਓਂ ਮਰਦਾ ।(੪੨੪੦)

ਵਾਹ ਵਾਹ ਮਸਤ ਨਿਗਾਹ ਪਰੀ ਦੀ ਘਾ ਕਰੇ ਵਿਚ ਸੀਨੇ
ਡੌਰੀ ਭੌਰੀ ਨੀਂਦ ਭਰੀ ਸੀ ਤੱਕਦੀ ਤਰਫ਼ ਜ਼ਮੀਨੇ

ਖ਼ੂਬ ਬਦਾਮੀ ਅੱਖੀਂ ਭਾਈ ਚੀਰ ਮੀਆਂ ਅੰਬ ਫਾੜੀ
ਕੱਜਲਾ ਕਟਕਾਂ ਮਟਕ ਸੁਹਾਵੇ ਜਿਉਂ ਕਰ ਬੱਕ ਉਜਾੜੀ

ਗੂਹੜੇ ਨੈਣ ਸਮੁੰਦ ਹੁਸਨ ਦੇ ਕਜਲਾ ਲਹਿਰਾਂ ਮਾਰੇ
ਅੱਖ ਮਟੱਕੇ ਮਾਰਨ ਧੱਕੇ ਠੇਲ੍ਹ ਦੇਵਣ ਹੱਤਿਆਰੇ

ਹੁੰਦੇ ਗ਼ਰਕ ਜਹਾਜ਼ ਦਿਲਾਂ ਦੇ ਲਗਦਾ ਕੌਣ ਕਿਨਾਰੇ
ਪਰ ਇੁਸ ਵਹਿਣ ਮੁਹੰਮਦ ਬਖ਼ਸ਼ਾ ਜੋ ਡੁੱਬੇ ਰੱਬ ਤਾਰੇ

ਜਾਦੂਗਰ ਉਦਾਸ ਅੰਞਾਨੇ ਬਿਨ ਪੀਤੇ ਮਤਵਾਰੇ
ਉਪਰ ਖ਼ੁਮਾਰੀ ਕਰਨ ਸਵਾਰੀ ਫਿਰਨ ਸ਼ਿਕਾਰੀ ਭਾਰੇ

ਕੱਟ ਕੱਟ ਸੁੱਟਣ ਕਟਕ ਦਿਲਾਂ ਦੇ ਲੈਣ ਜਹਾਨ ਅਜ਼ਾਰੇ
ਕਰਦੇ ਵਾਰ ਹਥਿਆਰ ਜਿਨ੍ਹਾਂ ਦੇ ਸੁਰਮੇ ਸਾਰ ਸ਼ਿੰਗਾਰੇ

ਹਿਕ ਵਾਰੀ ਦੇ ਵੇਖਣ ਕਾਰਨ ਸੈਂਕੜਿਆਂ ਸਿਰ ਵਾਰੇ
ਪਾਕ ਸ਼ਹੀਦ ਮੁਹੰਮਦ ਬਖ਼ਸ਼ਾ ਜੋ ਇਸ ਝਗੜੇ ਮਾਰੇ

ਤੱਕਣ ਸਾਇਤ ਕਰੇਂਦਾ ਘਾਇਲ ਨੱਕ ਖ਼ੰਜਰ ਫ਼ੌਲਾਦੀ
ਉਹੋ ਕਾਤਲ ਓਸੇ ਅੱਗੇ ਫੇਰ ਕੱਠੇ ਫ਼ਰਿਆਦੀ

ਪਤਲਾ ਉੱਚਾ ਨੱਕ ਪਰੀ ਦਾ ਧਾਰ ਜਿਵੇਂ ਤਲਵਾਰੋਂ
ਲੌਂਗ ਬੁਲਾਕ ਸੁੱਚੇ ਦੀ ਤਾਬਿਸ਼ ਝਲਕ ਲੱਗੇ ਚਮਕਾਰੋਂ

ਸਿੱਧਾ ਤੀਰ ਸਫ਼ਾਈ ਵਾਲਾ ਜ਼ਹਿਰ ਆਲੂਦੀ ਕਾਨੀ
ਉਡਦੇ ਪਖ ਨੂ ਮਾਰ ਗਵਾਏ ਕਿਆ ਤਾਕਤ ਇਨਸਾਨੀ ।(੪੨੫੦)

ਕਾਤਿਬ ਲੋਹ-ਕਲਮ ਦੇ ਲਿਖਿਆ ਹਿਕਮਤ ਦੀ ਤਦਬੀਰੋਂ

ਵਿਚ ਬਿਸਮਿਲਾ ਅੱਲਾ-ਅਕਬਰ ਅਲਫ਼ ਜ਼ਬਹ ਤਕਬੀਰੋਂ
ਮੱਥਾ ਲੋਹ ਅਜ਼ਲ ਦੇ ਨੂਰੋਂ ਕਲਮ ਆਹਾ ਨੱਕ ਭਾਈ
ਮੁਢੋਂ ਇਕ ਅੱਗੋਂ ਮੂੰਹ ਦੋਏੇ ਨਾਹੀਂ ਖ਼ਤ ਖ਼ਤਾਈ

ਸੁਰਖ਼ੀ ਲਿਖਣ ਵਾਲੀ ਆਹੀ ਵਾਤ ਦਵਾਤ ਨੂਰਾਨੀ
ਸੂਫ਼ਾਂ ਸਿਰ ਇਲਾਹੀ ਨਿਕਲਣ ਅੱਖਰ ਇਸ਼ਕ ਹੱਕਾਨੀ

ਲਿਖਣ ਕੀ ਰੁਸ਼ਨਾਈ ਖ਼ੂਨੀ ਸਰ-ਖ਼ਤ ਆਸ਼ਿਕ ਫ਼ਾਨੀ
ਬੋਲ ਤੇਰੇ ਤੂੰ ਘੋਲ਼ ਘਮਾਈਏ ਸੈ ਜੁੱਸੇ ਲੱਖ ਜਾਨੀ

ਸਦਾ-ਬਹਾਰ ਗੁਲਾਬ ਗੂਹੜੇ ਦੀ ਵਾਤ ਕਲੀ ਮੁੱਖ ਮੀਟੀ
ਸਾਫ਼ ਆਵਾਜ਼ ਪਿਰਮ ਰਸ ਵਾਲਾ ਜਿਉਂ ਰਾਂਝੇ ਦੀ ਸੀਟੀ

ਸੋਹਣਾ ਸੁਰਖ਼ ਅਕੀਕੀ ਥੇਵਾ ਮੁਹਰ ਟਿਕੀ ਸੁਲੇਮਾਨੀ
ਮੋਰੀ ਮਿਸਲ ਸੂਈ ਦੇ ਨੱਕੇ ਆਹੀ ਜ਼ਰਾ ਨਿਸ਼ਾਨੀ

ਸੁੱਚਾ ਮੋਤੀ ਸਿਲ ਟਿਕਾਇਆ ਕਾਰੀਗਰ ਸਿਆਣਾ
ਯਾ ਉਹ ਗਿਰਦ ਪਤਾਸਾ ਮਿਸਰੀ ਲੱਜ਼ਤਦਾਰ ਮਖਾਣਾ

ਲਅਲ ਲਬਾਂ ਯਾਕੂਤ ਸੁੱਚੇ ਸਨ ਸ਼ਕਰ ਮਿਸਰੀ ਡਲੀਆਂ
ਲਾਲੀ ਤੇ ਬਾਰੀਕੀ ਵੱਲੋਂ ਗੁਲ ਅੱਬਾਸੀ ਕਲੀਆਂ

ਪਿਸਤਾ ਮਗ਼ਜ਼ ਬਾਦਾਮ ਗਿਰੀ ਸਨ ਜਿਸ ਵੇਲੇ ਮੂੰਹ ਮੀਟੇ
ਗੱਲ ਕਰੇ ਵੰਡ ਦੇਇ ਛੁਹਾਰੇ ਹੱਸੇ ਤਾਂ ਫੁੱਲ ਵੀਟੇ

ਲਾਲੀ ਵੇਖ ਲਬਾਂ ਦੇ ਵਾਲੀ ਵਾਲੀ ਮੁਲਕ ਮਿਸਰ ਦਾ
ਮੂਰਤ ਅੱਗੇ ਨਾਲ਼ ਜ਼ਰੂਰਤ ਹੋ ਗਿਆ ਸੀ ਬਰਦਾ ।(੪੨੬੦)

ਦੰਦ ਸਫ਼ੈਦ ਹੀਰੇ ਦੀਆਂ ਕਣੀਆਂ ਘਣੀਆਂ ਘਣੀਆਂ ਲਾਰਾਂ
ਉਸਤਾ ਕਾਰ ਬਰਾਬਰ ਕਰਕੇ ਰੱਖੀਆਂ ਖ਼ੂਬ ਕਤਾਰਾਂ

ਯਾ ਅਣ ਬਿੱਧੇ ਮੋਤੀ ਬਿੱਧੇ ਘੱਤ ਕੁਦਰਤ ਦੀਆਂ ਤਾਰਾਂ
ਯਾ ਉਹ ਚੰਬੇ ਕਲੀਆਂ ਜੜੀਆਂ ਪੰਜ ਚੌਕੇ ਹਿਕ ਬਾਰਾਂ

ਖ਼ੂਬ ਸੰਜਾਫ਼ ਚਿੱਟੇ ਤੇ ਸੂਹੇ ਕਿੰਗਰੀ ਚੋਟੀ ਦਾਰਾਂ
ਗੁਲੀਆਂ ਹਾਰ ਮੁਹੰਮਦ ਬਖਸ਼ਾ ਸੁਰਖ਼ ਦੱਸਣ ਦੰਦ ਯਾਰਾਂ

ਤੋਤੇ ਵਾਂਙੂ ਜੀਭ ਮਿੱਠੀ ਸੀ ਮੈਨਾ ਬੋਲਣ ਵਾਲੀ
ਆਖੇ ਮੈਂ ਨਾ ਬੋਲਣ ਵਾਲੀ ਹਰ ਇਕ ਨਾਲ਼ ਸੁਖਾਲੀ

ਠੋਡੀ ਸੇਉ ਸੀ ਬਾਗ਼-ਇਰਮ ਦਾ ਬੱਹੀ ਸੀ ਰਸ ਵਾਲੀ
ਝੱਲੇ ਲੱਖ ਆਸੇਬ ਨਾ ਪਹੁੰਚੇ ਉਸ ਦੇ ਕੋਲ ਸਵਾਲੀ

ਚੋਹਾ ਪਾਕ ਆਹਾ ਵਿਚ ਟੋਆ ਜੋਬਨ ਪਾਣੀ ਭਰਿਆ
ਠੋਡੀ ਹੇਠ ਲੌਲਾਕ ਜੁੜੀ ਸੀ ਮੱਛ ਹੁਸਨ ਦਾ ਤਰਿਆ

ਗਰਦਨ ਮਿਸਲ ਸੁਰਾਹੀ ਕੱਚ ਦੀ ਬੋਤਲ ਸਾਫ਼ ਬਲੌਰੀ
ਸੁਰਖ਼ ਸ਼ਰਾਬ ਲਹੂ ਭਰ ਰੁੱਤੇ ਸ਼ੀਸ਼ੇ ਗਰਦ ਲਾਹੌਰੀ

ਯਾ ਮਾਹੀ ਦੀ ਮੁਰਲੀ ਆਹੀ ਮਾਇਲ ਕਰੇ ਹੈਵਾਨਾਂ
ਯਾ ਕਰਨਾਇ ਆਖ਼ਿਰ ਦੀ ਸੁਣ ਕੇ ਨਿਕਲਣ ਪਾਉਣ ਜਾਨਾਂ

ਸ਼ੀਰੀਂ ਸ਼ਕਰ ਨਰਮ ਅਵਾਜ਼ਾ ਰਸੀਏ ਬੋਲ ਰੰਗੀਲੇ
ਤਲਖ਼ ਜਵਾਬ ਮਿੱਠੇ ਮੂੰਹ ਵਿਚੋਂ ਸੁਣ ਕੇ ਪੈਂਦੇ ਪੀਲੇ

ਮਿੱਠਾ ਹਾਸਾ ਮਾਸਾ ਮਾਸਾ ਦੰਦ ਨਾ ਕਰਦੀ ਨੰਗੇ
ਸਾਫ਼ ਲੰਮੀ ਤੇ ਪਤਲੀ ਗੋਰੀ ਗਰਦਨ ਮਿਸਲ ਕੁਲੰਗੇ ।(੪੨੭੦)

ਤੋਤੇ ਕੁਮਰੀ ਨਾਲੋਂ ਸੋਹਣੀ ਕੋਇਲ ਵਾਂਙੂ ਬੋਲੇ
ਛਣਕੇ ਗੱਲ ਕਟੋਰੀ ਜੈਸੀ ਮੋਤੀ ਭਰ ਭਰ ਤੋਲੇ

ਬਾਹਾਂ ਡੌਲੇ ਰੰਗ ਰੰਗੀਲੇ ਚੰਨਣ ਚੀਰ ਬਣਾਏ
ਉਸਤਾਕਾਰ ਅਜ਼ਲ ਦੇ ਯਾਰੋ ਜੰਦਰ ਚਾੜ੍ਹ ਸੁਹਾਏ

ਯਾ ਉਹ ਬਾਗ਼ ਹੁਸਨ ਦੇ ਵਿਚੋਂ ਚੰਬੇ ਨਵੀਆਂ ਸ਼ਾਖ਼ਾਂ
ਲਚਕਨ ਜੋੜ ਮਰੋੜ ਕਰੇਂਦੇ ਚਾਲ ਮਿਸਲ ਗੁਸਤਾਖ਼ਾਂ

ਉਂਗਲੀਆਂ ਦਸ ਪੌਣ ਸਲਾਇਆਂ ਚਾਂਦੀ ਖਰੀ ਸੁਲਾਕਾਂ
ਨਵ੍ਹੀਂ ਮਹਿੰਦੀ ਬਣ ਬਣ ਬਹਿੰਦੀ ਲਹੂ ਮਲੇ ਗ਼ਮਨਾਕਾਂ

ਯਾ ਉਹ ਕਿਲਕਾਂ ਸੂਹੀਆਂ ਆਹੀਆਂ ਸ਼ਿੰਗਰਫ਼ ਭਰੀਆਂ ਨੋਕਾਂ
ਯਾ ਸ਼ਾਤਿਰ ਯਾ ਤੀਰ ਅਜ਼ਲ ਦੇ ਰੱਤ ਪੀਵਣ ਸਭ ਲੋਕਾਂ

ਛਾਤੀ ਤਖ਼ਤੀ ਸਾਫ਼ ਚੰਨਣ ਦੀ ਖ਼ੂਬ ਕਾਰੀਗਰ ਘੜ ਕੇ
ਚਾਂਦੀ ਦੇ ਦੋ ਫਲ ਲਗਾਏ ਮੇਖ਼ ਲੋਹੇ ਦੀ ਜੜ ਕੇ

ਸ਼ਾਨ ਗੁਮਾਨ ਮਖ਼ੌਲ ਤਕੱਬਰ ਲਾਡ ਤੇ ਬੇਪਰਵਾਹੀ
ਬੇਰਹਿਮੀ ਤੇ ਸਿਤਮ ਬੇਤਰਸੀ ਖ਼ੂ ਬੇਮਿਹਰੀ ਆਹੀ

ਨਾਜ਼ੁਕ ਜੁੱਸਾ ਫੁੱਲ ਚੰਬੇ ਦਾ ਅਲਾ ਮੱਖਣ ਸਿਆਲਾ
ਧੁੰਨੀ ਥੀਂ ਖ਼ੁਸ਼ਬੋਈ ਹੁੱਲਾ ਮੁਸ਼ਕ ਤਤਾਰੀ ਵਾਲਾ

ਨਿੱਕੀ ਨਿੱਕੀ ਚਾਲ ਲਡਿਕੀ ਹੰਸਾਂ ਖੱਗਾਂ ਜੇਹੀ
ਰੰਗ ਗੁਲਾਬੀ ਸ਼ਕਲ ਮਤਾਬੀ ਫੁਲੀਂ ਤੁਲਦੀ ਦੇਹੀ

ਟੋਰ ਲਟਕਦੀ ਵਾਂਗ ਕਬਕ ਦੇ ਕਰਦਾ ਲੱਕ ਮਰੋੜੇ
ਪੱਬ ਉਠਾਵੇ ਰੱਬ ਬਚਾਵੇ ਕੱਚੀ ਤੰਦ ਤਰੋੜੇ ।(੪੨੮੦)

ਹੂਰਾਂ ਨਾਲੋਂ ਹੁਸਨ ਜ਼ਿਆਦਾ ਪਰੀਆਂ ਦੀ ਸਰਦਾਰੀ
ਯੂਸੁਫ਼ ਸਾਨੀ ਰੂਏ ਜ਼ਿਮੀਂ ਤੇ ਸੂਰਤ ਰੱਬ ਉਤਾਰੀ

ਰੂਪ ਬਦੀਅ-ਜਮਾਲ ਪਰੀ ਦਾ ਚੌਦਸ ਚੰਨ ਨੂਰਾਨੀ
ਧਾਵਸ ਜ਼ਹਿਰ ਕਲੇਜੇ ਤੱਕੇ ਜੇ ਜ਼ੁਹਰਾ ਅਸਮਾਨੀ

ਜੇ ਸੂਰਜ ਵੱਲ ਵੇਖੇ ਸਾਹਵਾਂ ਭੱਜ ਬਦਲੀ ਵਿਚ ਵੜਦਾ
ਤਾਰਾ ਵੇਖ ਹਿਕੋ ਚਮਕਾਰਾ ਹੋ ਬੇਚਾਰਾ ਝੜਦਾ

ਬਾਬਲ ਸ਼ਾਹਪਾਲੇ ਘਰ ਜੰਮੀ ਪਾਲੀ ਪਾਲਣ ਹਾਰੇ
ਬਾਬਲ ਦੇ ਖੌ ਪੈਣ ਫ਼ਰਿਸ਼ਤੇ ਮਾਰੂ ਗ਼ਮ ਦੇ ਮਾਰੇ

ਠੁਮ ਠੁਮ ਕਰਦੀ ਧਰਤੀ ਧਰਦੀ ਨਾਜ਼ੁਕ ਪੈਰ ਗੁਲਾਬੋਂ
ਮਹਿੰਦੀ ਰੰਗੇ ਜਿਉਂ ਪੱਟ ਲੱਛੇ ਆਵਣ ਸ਼ਹਿਰ ਖ਼ੁਸ਼ਾਬੋਂ

ਜੇ ਆਸ਼ਿਕ ਦਿਆਂ ਨੈਣਾਂ ਉੱਤੇ ਰੱਖੇ ਲਾਡ ਇਤਾਬੋਂ
ਪੁਰ ਪੁਰ ਛਾਲੇ ਪੌਣ ਮੁਹੰਮਦ ਅੱਥਰੂਆਂ ਦੇ ਆਬੋਂ

ਤਰੋੜਾਂ ਜੋੜਾਂ ਤੇ ਨੱਕ ਤੋੜਾਂ ਦਮ ਦਮ ਵਿਚ ਕਜੋੜਾਂ
ਤੁੰਦੀ ਤਲਖ਼ੀ ਬੇਵਫ਼ਾਈ ਮੋਇਆਂ ਨਾਲ਼ ਮਰੋੜਾਂ

ਨਵੀਂ ਜਵਾਨੀ ਮੱਧ ਮਸਤਾਨੀ ਆਲੀ ਭੋਲੀ ਸਾਦੀ
ਰੂਪ ਇਲਾਹੀ ਦੀ ਹਿਕ ਪਤਲੀ ਦਮ ਦਮ ਹੋਵੇ ਜ਼ਿਆਦੀ

ਆਨ ਅਦਾ ਗੁਮਾਨ ਪਰੀ ਦਾ ਬਾਹਰ ਸ਼ੁਮਾਰ ਅੰਦਾਜ਼ੇ
ਨੂਰ ਹਜ਼ੂਰ ਬੈਠੀ ਮਸਤੂਰਾਂ ਤੰਬੂ ਤਾਣ ਹਿਜਾਜ਼ੇ

ਯੂਸੁਫ਼ ਦੇ ਪੈਰਾਂਹਨ ਵਿਚੋਂ ਜਲਵਾ ਜਿਸ ਦਿਖਾਇਆ
ਉਹੋ ਯਾਰ ਇਸ ਬਾਗ਼-ਇਰਮ ਵਿਚ ਸੈਰ ਕਰਨ ਸੀ ਆਇਆ ।(੪੨੯੦)

ਜਾਂ ਬੈਠਾ ਸੀ ਵਿਚ ਕਚਾਵੇ ਸ਼ਮਸ ਲੈਲਾ ਵਾਲੇ
ਕੈਸ਼ ਨਿਮਾਣੇ ਨੂੰ ਕਰ ਮਜਨੂੰ ਨਜਦ ਉੱਤੇ ਤਨ ਗਾਲੇ

ਫ਼ਰਹਾਦੇ ਸ਼ਹਿਜ਼ਾਦੇ ਸੁਣਿਆ ਜਾਂ ਸ਼ੀਰੀਂ ਅਵਾਜ਼ਾ
ਪੁੱਟ ਪਹਾੜ ਸੁੱਟੇ ਉਸ ਕੀਤਾ ਖ਼ੈਬਰ ਨੂੰ ਦਰਵਾਜ਼ਾ

ਹਰ ਦਾ ਰੂਪ ਮਰੇਂਦਾ ਭਾਈ ਹਰ ਜਾਏ ਚਮਕਾਰੇ
ਪਾ ਝਾਤੀ ਮਹਿਬੂਬਾਂ ਵਾਲੀ ਗੂਹੜੇ ਨੈਣ ਸ਼ਿੰਗਾਰੇ

ਲਾਲਾਂ ਦਾ ਮੁੱਲ ਪਾਣ ਜਵਾਹਰੀ ਜੋਬਨ ਦੇ ਬਨਜਾਰੇ
ਹਿਕ ਦੂਜੇ ਦਿਲ ਲੈਣ ਮੁਹੰਮਦ ਆਦਮ ਕੌਣ ਬੇਚਾਰੇ

ਭੇਤ ਛਪਾਵੀਂ ਮਤਲਬ ਪਾਵੇਂ ਇਸ ਗਲੇ ਕਿਸ ਲਾਇਓਂ
ਕਿਧਰ ਰਹੀ ਆ ਗਲ ਪਰੀ ਦੀ ਕਿਤ ਪਾਸੇ ਉਠ ਆਇਓਂ

ਅੰਗ ਸਹੇਲੀ ਤੇ ਅਲਬੇਲੀ ਸੋਹਣੀ ਰਾਜ ਗਹੇਲੀ
ਜਿਉਂ ਤਾਰੇ ਚੰਨ ਨਾਲ਼ ਸ਼ਿੰਗਾਰੇ ਹਰ ਹਿਕ ਸੰਗ ਸਹੇਲੀ

ਪਰੀ ਗੁਲਾਬ ਸੁੰਦਰ ਮੁੱਖ ਵਾਲੀ ਵਿਚ ਗੁਲਜ਼ਾਰ ਹੁਸਨ ਦੇ
ਸੰਗ ਸੱਈਆਂ ਰਲ਼ ਖੇਡਣ ਪਈਆਂ ਜਿਉਂ ਫੁੱਲ ਹੋਣ ਚਮਨ ਦੇ

ਸ਼ਮ੍ਹਾ ਪਤੰਗ ਜਲਾਵਣ ਵਾਲੀ ਗਰਮ ਲਕਾ ਪਰੀ ਸੀ
ਬਹੁਤਾ ਝੱਕੇ ਨੀਵਾਂ ਤੱਕੇ ਸ਼ਰਮ ਹਯਾ ਭਰੀ ਸੀ

ਉਡਦੇ ਪੰਖੀ ਢਹਿਣ ਹਵਾਈਓਂ ਜੇ ਹਿਕ ਝਾਤੀ ਪਾਵਣ
ਵੇਖਣ ਤਾਰੇ ਚਮਕਣ ਹਾਰੇ ਡਿੱਗ ਜ਼ਿਮੀਂ ਪਰ ਆਵਣ

ਸ਼ੋਖ਼ ਆਸ਼ੋਬ ਜਗਤ ਦਾ ਫ਼ਿਤਨਾ ਸ਼ੋਰ-ਅੰਗੇਜ਼ ਜਹਾਨੋਂ
ਮਿੱਠੀ ਜੀਭ ਮਲੀਹ ਸਲੂਣੀ ਬਹੁਤ ਪਿਆਰੀ ਜਾਨੋਂ ।(੪੩੦੦)

ਆਸ਼ਿਕ ਸੋਜ਼ ਪਤੰਗਾਂ ਵਾਂਙੂ ਰੌਸ਼ਨ ਲਾਟ ਚਿਰਾਗੋਂ
ਨੌਨਿਹਾਲ ਅਤੇ ਗੁਲਬਦਨਾਂ ਬੱਕ ਇਰਮ ਦੇ ਬਾਗ਼ੋਂ

ਜੇ ਕੁੱਝ ਸਿਫ਼ਤ ਪਰੀ ਦੀ ਭਾਈ ਟੋਰਾਂ ਹੋਰ ਅਗੇਰੇ
ਡਰ ਲਗਦਾ ਮੱਤ ਆਸ਼ਿਕ ਤੱਸੇ ਸੜ ਸੜ ਮਰਨ ਚੌਫੇਰੇ

ਮੁਸ਼ਤਾਕਾਂ ਨੂੰ ਸ਼ੌਕ ਸੱਜਣ ਦਾ ਸੁਣ ਸੁਣ ਹੋਗ ਸਵਾਇਆ
ਅੱਗ ਵਿਛੋੜੇ ਵਾਲੀ ਉੱਤੇ ਤੇਲ ਜਦੋਂ ਇਹ ਪਾਇਆ

ਜੋਸ਼-ਓ-ਖ਼ਰੋਸ਼ ਭਰੇ ਦਿਲ ਵਾਲੇ ਬੇਸੁੱਧ ਹੋਸਣ ਹੋਸ਼ੋਂ
ਜਿਗਰ ਕਬਾਬ ਸ਼ਿਤਾਬ ਕਰਨਗੇ ਤਾਬ ਹੁਸਨ ਦੇ ਜੋਸ਼ੋਂ

ਮਸਤ ਨਿਗਾਹ ਪਰੀ ਦੀ ਅੰਦਰ ਖ਼ੂਨੀ ਨੈਣ ਬਹਾਦਰ
ਮੋਇਆਂ ਦਿਲਾਂ ਨੂੰ ਜ਼ਿੰਦਾ ਕਰਦੇ ਆਬ ਹਯਾਤ ਬਰਾਬਰ

ਜਾਂ ਚੜ੍ਹ ਬੈਠੀ ਤਖ਼ਤ ਸੁੱਚੇ ਤੇ ਮਲਿਕਾ ਕੋਲ ਬਹਾਈ
ਨਾਲ਼ ਪਿਆਰ ਪੁਛੇਂਦੀ ਗੱਲਾਂ ਜਿਉਂ ਮਾਉ ਦੀ ਜਾਈ

ਮਲਿਕਾ-ਖ਼ਾਤੂੰ ਨੂੰ ਫ਼ੁਰਮਾਂਦੀ ਹੇ ਸੁੰਦਰ ਮੁੱਖ ਭੈਣੇ
ਲਿਖੇ ਧੁਰ ਦਰਗਾਹ ਸੱਚੇ ਦੀ ਤੁਧ ਆਹੇ ਦੁੱਖ ਲੈਣੇ

ਕੀਕਰ ਗੁਜ਼ਰੀ ਹਾਲ ਹਕੀਕਤ ਕਿਸ ਕੈਦੋਂ ਛੁੜਕਾਈਏਂ
ਕੁਲਜ਼ਮ ਦੇ ਸ਼ਹਿਜ਼ਾਦੇ ਕੋਲੋਂ ਕਿਤ ਬਿਧ ਨਿਕਲ਼ ਆਈਏਂ

ਕੀ ਸਬੱਬ ਬਣਾਇਆ ਕਾਦਰ ਕਹੋ ਕੀ ਕੁਦਰਤ ਹੋਈ
ਐਸਾ ਕਾਮਿਲ ਮਿਲਿਆ ਤੈਨੂੰ ਕੌਣ ਮੁਅਕਲ ਕੋਈ

ਮਲਿਕਾ ਸੀ ਹੈਰਾਨ ਨਿਹਾਇਤ ਵੇਖ ਇਨਾਇਤ ਜ਼ਾਤੀ
ਤਾਬ ਹੁਸਨ ਬੇਤਾਬ ਕੀਤੀ ਸੀ ਬੈਠੀ ਚੁੱਪ ਚਪਾਤੀ ।(੪੩੧੦)

ਤਾਬਿਸ਼ ਜੋਸ਼ ਹੁਸਨ ਦੀ ਕੋਲੋਂ ਰਹੀ ਨਾ ਹੋਸ਼ ਟਿਕਾਣੇ
ਬਿਰ ਬਿਰ ਤੱਕੇ ਬੋਲ ਨਾ ਸਕੇ ਇਹ ਦਲੀਲਾਂ ਆਣੇ

ਵਾਹ ਕਾਰੀਗਰ ਸਿਰਜਣ ਹਾਰਾ ਸਭ ਕੁਦਰਤ ਦਾ ਵਾਲੀ
ਚੂਨੋਂ ਅਤੇ ਚਿਗੂਨੋਂ ਦਾਇਮ ਪਾਕ ਉਹਦਾ ਦਰ ਆਲੀ

ਨਾ ਉਸ ਜਿੰਦ ਨਾ ਜੁੱਸਾ ਜਾਮਾ ਬੇਮਾਨਿੰਦ ਇਲਾਹੀ
'ਲਮ ਯਲਦਿ ਵਾ ਲਮ ਯਵਲਦਾ' ਹੈ ਸਦਾ ਉਸੇ ਦੀ ਸ਼ਾਹੀ

ਆਪ ਹਕੀਮ ਸਭੇ ਬਿਧ ਜਾਣੇ ਹਿੜਕੋਂ ਰੁੱਖ ਬਣਾਂਦਾ
ਕਤਰੇ ਹਿਕ ਮਨੀ ਦੇ ਵਿਚੋਂ ਖ਼ੂਬ ਮਨੁੱਖ ਸੁਹਾਂਦਾ

ਪਾਣੀ ਦੀ ਹਿਕ ਬੂੰਦ ਬੇਕੱਦਰੀ ਹੋ ਝੜੀ ਅਸਮਾਨੋਂ
ਦੁੱਰੇ-ਯਤੀਮ ਬਣਾਵੇ ਉਸ ਥੀਂ ਲਅਲ ਪੱਥਰ ਦੀ ਖਾਨੋਂ

ਸ਼ਾਖ਼ ਹਰੀ ਥੀਂ ਫੁਲ ਨਿਕਾਲੇ ਫੁੱਲੇ ਵਿਚੋਂ ਦਾਣਾ
ਹਿਕ ਰੰਗੋਂ ਸੈ ਰੰਗ ਬਣਾਏ ਆਪ ਹਕੀਮ ਸਿਆਣਾ

ਪੱਥਰ ਨੂੰ ਦੇ ਨੂਰ ਜਨਾਬੋਂ ਸੂਰਜ ਕਰ ਚਮਕਾਂਦਾ
ਪਾਣੀ ਦੇ ਹਿਕ ਕਤਰੇ ਵਿਚੋਂ ਅਰਸ਼ ਮਜੀਦ ਬਣਾਂਦਾ

ਸਾਵਰਿਆਂ ਥੀਂ ਗੋਰੇ ਕਰਦਾ ਗੋਰੇ ਵਿਚੋਂ ਕਾਲ਼ਾ
ਸਿੱਪ ਸਮੁੰਦਰ ਵਿਚੋਂ ਮੋਤੀ ਕੋਹ ਕਾਫ਼ਾਂ ਵਿਚ ਲਾਲਾ

ਕਰਦਾ ਨਬੀ ਕੱਫ਼ਾਰਾਂ ਵਿਚੋਂ ਸਿਰ ਪਰ ਤਾਜ ਟਿਕਾ ਕੇ
ਮਲਕਾਂ ਥੀਂ ਸ਼ੈਤਾਨ ਬਣਾਏ ਤੌਕ ਗਲੇ ਵਿਚ ਪਾ ਕੇ

ਦੁਨੀਆਂਦਾਰਾਂ ਦੇ ਘਰ ਦੇਂਦਾ ਬੇਟੇ ਵਲੀ ਇਲਾਹੀ
ਵਲੀਆਂ ਦੇ ਘਰ ਪੈਦਾ ਕਰਦਾ ਮੇਰੇ ਵਾਂਗ ਗੁਨਾਹੀ ।(੪੩੨੦)

ਕੁਦਰਤ ਉਸ ਦੀ ਦਾ ਕੁੱਝ ਮੈਨੂੰ ਅੰਤ ਹਿਸਾਬ ਨਾ ਆਵੇ
ਸੁੱਕੀ ਲੱਕੜ ਸਿੱਰ-ਹੱਕਾਨੀ ਬਣ ਰਬਾਬ ਸੁਣਾਵੇ

ਸੁਹਣੀ ਸੂਰਤ ਸਿੱਰ ਇਲਾਹੀ ਆਮ ਨਾ ਸਮਝਣ ਸਾਰੇ
ਖ਼ਾਸਾਂ ਬਾਝ ਮੁਹੰਮਦ ਬਖਸ਼ਾ ਕੌਣ ਕਰੇ ਨਿਸਤਾਰੇ

ਵਕਤ ਨਾ ਵਕਤ ਪਛਾਣ ਫ਼ਕੀਰਾ ਗੁਝੀ ਰਮਜ਼ ਨਾ ਕਹੋ ਖਾਂ
ਕਿੱਸਾ ਤਰੋੜ ਉਚੇਰਾ ਹੋਵੇ ਬੈਠ ਨਿਚੱਲਾ ਰਹੋ ਖਾਂ

ਮਲਿਕਾ-ਖ਼ਾਤੂੰ ਸ਼ਕਲ ਪਰੀ ਦੀ ਵੇਖ ਤਅਜਬ ਹੋਈ
ਦਮ ਮਾਰਨ ਦੀ ਰਹੀ ਨਾ ਤਾਕਤ ਗੱਲ ਨਾ ਕਰਦੀ ਕੋਈ

ਐਸੀ ਸੂਰਤ ਐਸੀ ਸੀਰਤ ਐਸਾ ਰੂਪ ਨੂਰਾਨੀ
ਧੰਨ ਖ਼ਾਲਿਕ ਜਿਸ ਇਹ ਬਣਾਈ ਮਜ਼ਹਰ ਹੁਸਨ ਹੱਕਾਨੀ

ਪਰੀ ਬੁਲਾਏ ਮਲਿਕਾ ਤਾਈਂ ਮਲਿਕਾ ਬੋਲ ਨਾ ਸਕਦੀ
ਪਈ ਹਿਲਾਏ ਗੱਲ ਕਰਾਏ ਉਹ ਮੁੜ ਬਿਰ ਬਿਰ ਤਕਦੀ

ਜਾਂ ਕੁੱਝ ਹੋਸ਼ ਟਿਕਾਣੇ ਆਏ ਔਖੀ ਹੋ ਕੇ ਬੋਲੀ
ਸ਼ਾਹ-ਪਰੀ ਨੂੰ ਕਹਿੰਦੀ ਭੈਣੇ ਮੈਂ ਤੇਰੇ ਤੋਂ ਘੋਲ਼ੀ

ਹੁਸਨ ਜਮਾਲ ਕਮਾਲ ਤੇਰੇ ਦੀ ਝਾਲ ਨਾ ਜਾਂਦੀ ਝੱਲੀ
ਕੰਨ ਡੋਰੇ ਜੀਭ ਗੁੰਗੀ ਹੋਈ ਹੋਸ਼ ਗਈ ਮੈਂ ਝੱਲੀ

ਆਬ ਤੇਰੀ ਤੱਕ ਤਾਬ ਨਾ ਰਹੀਅਮ ਹੋ ਗ਼ਰਕਾਬ ਰਹੀ ਮੈਂ
ਗੱਲ ਨਹੀਂ ਹੋ ਸਕਦੀ ਇਹ ਭੀ ਮੰਦੇ ਹਾਲ ਕਹੀ ਮੈਂ

ਯਾਦ ਮੈਨੂੰ ਹਿਕ ਸੁਖ਼ਨ ਨਾ ਰਿਹਾ ਨਾਂ ਅੰਦਰ ਵਿਚ ਫਿਰਦਾ
ਕੰਨ ਨਾ ਸੁਣਦੇ ਮੂੰਹ ਨਾ ਹਿਲਦਾ ਹਰਫ਼ ਨਾ ਜੀਭੋਂ ਕਿਰਦਾ ।(੪੩੩੦)

ਸ਼ਾਹ-ਪਰੀ ਫਿਰ ਹੱਸ ਕਰ ਬੈਠੀ ਸਿਰ ਮਲਿਕਾ ਦਾ ਫੜ ਕੇ
ਸੀਨੇ ਆਪਣੇ ਸੰਗ ਲਗਾਇਆ ਨਾਲ਼ ਪਿਆਰ ਪਕੜ ਕੇ

ਹੱਥ ਮੂੰਹੇਂ ਤੇ ਫੇਰਨ ਲੱਗੀ ਨਾਲ਼ ਮੁਹੱਬਤ ਖ਼ਾਸੀ
ਲੱਜ਼ਤ ਗੱਲ ਦੀ ਤਾਹੀਂ ਜਿਸ ਦਮ ਸੋਹਣੇ ਹੋਣ ਇਖ਼ਲਾਸੀ

ਰਹਿਮਤ ਦਾ ਹੱਥ ਫੇਰਨ ਸਿਰ ਤੇ ਦੇਣ ਪਿਆਰ ਲਬਾਂ ਤੇ
ਫੁੱਲਾਂ ਜੈਸੇ ਸੁਖ਼ਨ ਉਸ ਵੇਲੇ ਫਿਰਨ ਹਜ਼ਾਰ ਲਬਾਂ ਤੇ

ਐਸੇ ਬਾਗ ਲੱਗਣਗੇ ਕਿਸ ਦਿਨ ਦਾਇਮ ਸ਼ਗਨ ਵਿਚਾਰਾਂ
ਸੀਨੇ ਲਾ ਪੁਛੇਗਾ ਗੱਲਾਂ ਸੋਹਣਾ ਨਾਲ਼ ਪਿਆਰਾਂ

ਮਲਿਕਾ ਵਾਲਾ ਜਫ਼ਰ ਕੱਟੇਂ ਤੇ ਮਾਰ ਦੇਵੇ ਨੂੰ ਆਵੇਂ
ਮੁਦਤ ਪਿੱਛੇ ਮਿਲੇਂ ਮੁਹੰਮਦ ਤਾਂ ਸੋਹਣਾ ਗੱਲ ਲਾਵੇਂ
ਨਾਲ਼ ਪਿਆਰ ਪਰੀ ਦੇ ਮਲਿਕਾ ਬਹੁਤ ਹੋਈ ਖ਼ੁਸ਼ਹਾਲੀ
ਮਿਟ ਗਈ ਉਹ ਮਸਤ ਖ਼ੁਮਾਰੀ ਸਾਰੀ ਹੋਸ਼ ਸੰਭਾਲੀ

ਦਿਲ ਵਿਚ ਕਹਿੰਦੀ ਯਾ ਰੱਬ ਸਾਈਆਂ ਸੈਫ਼-ਮਲੂਕ ਬੇਚਾਰਾ
ਐਸੀ ਆਫ਼ਤ ਡਿੱਠਿਆਂ ਹੋਇਆਂ ਕੀਕਰ ਕਰਗ ਗੁਜ਼ਾਰਾ

ਐਸੀ ਸ਼ੋਖ਼ ਲਡਿਕੀ ਸੂਰਤ ਸ਼ਾਨ ਗੁਮਾਨ ਭਰੀ ਹੈ
ਵੇਖਣ ਸਾਇਤ ਮਰੇਗਾ ਭਾਂਵੇਂ ਖ਼ੂਨੀ ਇਹ ਪਰੀ ਹੈ

ਉਹ ਪਤੰਗ ਇਹ ਲਾਟ ਅੱਗੇ ਦੀ ਮਰਸੀ ਭੁੱਜ ਉਥਾਈਂ
ਸੈਫ਼-ਮਲੂਕੇ ਦੀ ਰੱਬ ਸਾਈਆਂ ਕਿਵੇਂ ਜਾਨ ਬਚਾਈਂ

ਫੇਰ ਪਰੀ ਨੂੰ ਆਖਣ ਲੱਗੀ ਨਾਲ਼ ਜ਼ਬਾਨ ਰਸੀਲੀ
ਹੇ ਭੈਣੇ ਤੂੰ ਪਰੀਆਂ ਵਿਚੋਂ ਹੈਂ ਸ਼ਾਹ-ਪਰੀ ਰੰਗੀਲੀ ।(੪੩੪੦)

ਬਦਰਾ ਤੇ ਤੁਧ ਹਿਕ ਦੂਈ ਦੀ ਮਾਉ ਦਾ ਦੁੱਧ ਪੀਤਾ
ਮਾਂ ਤੇਰੀ ਨੇ ਨਾਲ਼ ਅਸਾਡੇ ਭਾਈਚਾਰਾ ਕੀਤਾ

ਹਕ ਤੇਰਾ ਹੁਣ ਸਾਡੇ ਉੱਤੇ ਸਾਡੇ ਹਕ ਤੇਰੇ ਤੇ
ਹੁੰਦੇ ਜ਼ੋਰ ਅਹਿਸਾਨ ਮੁਰੱਵਤ ਕੀਤੋ ਨਹੀਂ ਮੇਰੇ ਤੇ

ਮੈਂ ਪਰ ਐਡ ਮੁਸੀਬਤ ਗੁਜ਼ਰੀ ਬਾਹਰ ਹੱਦ ਸ਼ੁਮਾਰੋਂ
ਰਹਿਓਸੁ ਕੈਦ ਦੇਵਾਂ ਦੀ ਅੰਦਰ ਦੂਰ ਆਪਣੇ ਘਰ ਬਾਰੋਂ

ਸਾਕ ਅਸ਼ਨਾਈਆਂ ਭਾਈਚਾਰੇ ਵਰਤਣ ਭਾਜੀ ਸਾਰੇ
ਐਸੇ ਕਾਰਨ ਕਰਦੀ ਖ਼ਲਕਤ ਔਸਰ ਆਵਣ ਕਾਰੇ

ਔਸਰ ਮਿੱਤਰ ਪਰਖਣ ਹੁੰਦਾ ਵਿਚ ਗ਼ਰੀਬੀ ਨਾਰੀਂ
ਦੁੱਧਲ ਗਾਂ ਅਜ਼ਮਾਵਣ ਹੁੰਦੀ ਫੱਗਣ ਮਾਹ ਬਹਾਰੀਂ

ਔਖੇ ਵੇਲੇ ਕਾਰੀ ਆਵੇ ਭਲਿਆਂ ਦੀ ਅਸ਼ਨਾਈ

ਅੜਿਆ ਆਖਣ ਦੀ ਲੱਜ ਪਾਲਣ ਜੋ ਇਨਸਾਨ ਵਫ਼ਾਈ
ਦੁਨੀਆਂ ਤੇ ਜੋ ਕੰਮ ਨਾ ਆਇਆ ਔਖੇ ਸੌਖੇ ਵੇਲੇ
ਉਸ ਬੇਫ਼ੈਜ਼ੇ ਸੰਗੀ ਕੋਲੋਂ ਬਿਹਤਰ ਯਾਰ ਅਕੇਲੇ

ਸੁਖਾਂ ਐਸ਼ਾਂ ਮੌਜਾਂ ਅੰਦਰ ਹਰ ਕੋਈ ਯਾਰ ਕਹਾਂਦਾ
ਸੰਗੀ ਸੋ ਜੋ ਤੰਗੀ ਤੱਕ ਕੇ ਬਣੇ ਭੰਜਾਲ ਗ਼ਮਾਂ ਦਾ

ਕੋਲ ਹੋਵੇ ਤਾਂ ਖ਼ੈਰਾਂ ਅੰਦਰ ਯਾਰ ਅਸ਼ਨਾ ਕਹਾਵੇ
ਦੂਰ ਮੁਹਿੰਮ ਪਿਆਂ ਦੁਖਿਆਰੀ ਚੇਤਾ ਮਨੋਂ ਭੁਲਾਵੇ

ਓੜਕ ਨਫ਼ਾ ਹੋਵੇਗਾ ਕਿਥੋਂ ਐਸੇ ਸੰਗ ਦੋ ਰੰਗੋਂ
ਸੜਦਾ ਯਾਰ ਤੱਕੇ ਸੜ ਜਾਵੇ ਸੰਗ ਨਿਸੰਗ ਪਤੰਗੋਂ ।(੪੩੫੦)

ਹਿਕ ਬੇੜੀ ਪਰ ਮੌਜਾਂ ਮਾਣੇ ਵੇਖਦਿਆਂ ਹਿਕ ਰੁੜ੍ਹਦਾ
ਉਸ ਰੁੜ੍ਹਦੇ ਨੂੰ ਫੜਿਓਸੁ ਨਾਹੀਂ ਦਾਓ ਜਿਹਦਾ ਸੀ ਪੁੜਦਾ

ਕਾਹਦਾ ਸੰਗ ਮੁਹੱਬਤ ਕੇਹੀ ਕੀ ਐਸੀ ਅਸ਼ਨਾਈ
ਮੋਇਆਂ ਗਿeਆਂ ਤੁਧ ਯਾਦ ਨਾ ਕੀਤਾ ਖ਼ੁਸ਼ੀਏਂ ਉਮਰ ਲੰਘਾਈ

ਮਾਂ ਮੇਰੀ ਦੀ ਧੀ ਕਹਾਵੇਂ ਭੈਣੂ ਨਾਲ਼ ਸਹੇਲੀ
ਔਖੇ ਵੇਲੇ ਕੰਮ ਨਾ ਆਈਏਂ ਸਾਡਾ ਭੀ ਰੱਬ ਬੇਲੀ

ਤੇਰੇ ਜੇਹੀ ਸਹੇਲੀ ਹੋਵੇ ਪਰੀ ਅਸੀਲ ਸ਼ਹਿਜ਼ਾਦੀ
ਕੀ ਲਾਇਕ ਉਸ ਬੇਵਫ਼ਾਈ ਹੱਦੋਂ ਬਹੁਤ ਜ਼ਿਆਦੀ

ਮੈਂ ਆਜ਼ਿਜ਼ ਬੀਚਾਰੀ ਹੋਈ ਰਹੀ ਉਧਰ ਵਿਚ ਕੈਦਾਂ
ਨਾ ਕੋਈ ਭਾਈਚਾਰਾ ਡਿੱਠਾ ਨਾ ਕੋਈ ਥੱਈਆਂ ਉਮੈਦਾਂ

ਕੁਲਜ਼ਮ ਦੇ ਸ਼ਹਿਜ਼ਾਦੇ ਮੈਨੂੰ ਰੱਖਿਆ ਸੀ ਵਿਚ ਬੰਦੀ
ਬੰਦੀ ਦੇ ਸਿਰ ਬਣੀ ਕਹਿਰ ਦੀ ਸਖ਼ਤ ਮੁਸੀਬਤ ਮੰਦੀ

ਮਾਂ ਪੀਓ ਭੈਣ ਭਰਾ ਵਿਛੁੰਨੇ ਸੰਗ ਸੱਈਆਂ ਤੁਧ ਜਹੀਆਂ
ਪਿਆ ਵਿਛੋੜਾ ਦਿਲ ਦਾ ਝੋਰਾ ਸੈ ਪੀੜਾਂ ਸਿਰ ਸਹੀਆਂ

ਹਿਕ ਹਿਕੱਲੀ ਸੂਲੀਂ ਸੱਲੀ ਵਿਛੜੀ ਸੰਗ ਕਤਾਰੋਂ
ਕੂਕਾਂ ਕੂਕ ਕਹਿਰ ਦੀ ਜਿਉਂ ਕਰ ਤਰੁੱਟੀ ਕੂੰਜ ਉਸ ਡਾਰੋਂ

ਤਲੀਆਂ ਫਾਟਾਂ ਹੱਥ ਮਰੋੜਾਂ ਹੋਈ ਹੈਰਾਨ ਨਿਮਾਣੀ
ਤਲੀਆਂ ਵਿਚ ਕੜਾਹ ਗ਼ਮਾਂ ਦੇ ਜਿਉਂ ਮੱਛੀ ਬਿਨ ਪਾਣੀ

ਤੰਗ ਪਈਓਸੁ ਕੋਈ ਸੰਗ ਨਾ ਸਾਥੀ ਫਾਥੀ ਜਾ ਕੁਥਾਵੇਂ
ਬਾਪ ਮੇਰੇ ਦੀ ਪੇਸ਼ ਨਾ ਜਾਂਦੀ ਸੌ ਵੱਸ ਲਾਵੇ ਭਾਵੇਂ ।(੪੩੬੦)

ਵੱਸ ਤੇਰੇ ਸੀ ਉਹ ਉਪਰਾਲਾ ਜੇ ਤੂੰ ਆਹਰ ਕਰੇਂਦੀ
ਕੁਲਜ਼ਮ ਦੇ ਸ਼ਹਿਜ਼ਾਦੇ ਤਾਈਂ ਫ਼ੌਜਾਂ ਸਣੇ ਮਰੇਂਦੀ

ਬਾਪ ਤੇਰੇ ਦਾ ਲਸ਼ਕਰ ਭਾਰਾ ਵੱਧ ਇਸ ਥੀਂ ਸੌ ਹਿੱਸਾ
ਤੁਸੀਂ ਅਸਾਡੀ ਮਦਦ ਕਰਦੇ ਝਬ ਮੁੱਕ ਜਾਂਦਾ ਕਿੱਸਾ

ਬਾਪ ਤੇਰੇ ਦੇ ਅੱਗੇ ਭੈਣੇ ਆਹੀ ਗੱਲ ਸੁਖਾਲੀ
ਜੇ ਹਿਕ ਵਾਰ ਤਿਆਰੀ ਕਰਦਾ ਪਰੀਆਂ ਦੇਵਾਂ ਵਾਲੀ

ਕਲਜ਼ਮ ਦੇ ਦਰਿਆ ਦੇ ਤੋੜੀ ਫ਼ੌਜਾਂ ਦੇ ਘਟ ਭਜਦੇ
ਧੌਂਸੇ ਸ਼ੁਤਰੀ ਢੋਲ ਨਿਕਾਰੇ ਤੁਰਮ ਤੰਬੂਰੇ ਵੱਜਦੇ

ਪਰੀਆਂ ਦੇ ਘੁੰਕਾਰੇ ਪੈਂਦੇ ਦਿਓ ਮਰੇਲੇ ਗੱਜਦੇ
ਕਲਜ਼ਮ ਦੇ ਸਿਰਕਰਦੇ ਤੱਕ ਕੇ ਯਾ ਮਿਲਦੇ ਯਾ ਭੱਜਦੇ

ਜਿਸ ਸ਼ਹਿਜ਼ਾਦੇ ਮੈਨੂੰ ਖੜਿਆ ਜਾਂ ਇਹ ਬਾਜ਼ੀ ਹਰਦਾ
ਬਾਂਹ ਮੇਰੀ ਫੜ ਦੇਂਦਾ ਉਵੇਂ ਮਾਰੀਦਾ ਕੀ ਕਰਦਾ

ਤੁਸਾਂ ਅੱਗੇ ਕੁੱਝ ਚੀਜ਼ ਨਾ ਆਹੇ ਦਿਓ ਕੁਲਜ਼ਮ ਦੇ ਸਾਰੇ
ਮਾਰ ਮੰਦਾਲ ਉਨ੍ਹਾਂ ਨੂੰ ਕਰਦੇ ਤੁਸੀਂ ਮੇਰੇ ਛੁਟਕਾਰੇ

ਖ਼ੈਰ ਕਿਸੇ ਪਰ ਦੋਸ਼ ਨਾ ਕੋਈ ਲਿਖੀ ਸੀ ਦਰਗਾਹੋਂ
ਕੀਤੀ ਬੰਦ ਖ਼ਲਾਸ ਮੇਰੀ ਭੀ ਹੋਇਆ ਕਰਮ ਅਲਾਹੋਂ

ਇਹ ਉਪਰਾਲਾ ਮੇਰੇ ਵਾਲਾ ਕਦੀ ਤੁਸਾਂ ਥੀਂ ਢੁੱਕਦਾ
ਸੱਤਰ ਕੁਰਸੀ ਸਾਡੀ ਤੋੜੀ ਇਹ ਅਹਿਸਾਨ ਨਾ ਮੁਕਦਾ

ਗ਼ੈਬੋਂ ਟੋਰ ਮੁਅਕਲ ਦਿੱਤਾ ਮਰਦ ਭਲਾ ਇਖ਼ਲਾਸੀ
ਆਪ ਅਹਿਸਾਨ ਕੀਤਾ ਰੱਬ ਵਾਲੀ ਕੈਦੋਂ ਹੋਈ ਖ਼ਲਾਸੀ ।(੪੩੭੦)

ਜ਼ਾਲਿਮ ਨਫ਼ਸ ਦੇਵੇ ਦੀ ਕੈਦੇ ਰੱਬ ਕੀਤਾ ਖ਼ਸਮਾਨਾ
ਗ਼ੈਬੋਂ ਮੇਲ ਮੁਅਕਲ ਦਿੱਤਾ ਕਾਮਿਲ ਪੀਰ ਯਗ਼ਾਨਾ

ਉਸੇ ਤੂੰ ਮੈਂ ਘੋਲ਼ ਘੁਮਾਈ ਧੰਨ ਉਹ ਵੀਰ ਪਿਆਰਾ
ਉਹੋ ਬਾਬਲ ਉਹੋ ਮਾਈ ਉਹੋ ਭਾਈਚਾਰਾ

ਉਸੇ ਦਾ ਅਹਿਸਾਨ ਮੁਰਵੱਤ ਉਸੇ ਦੀ ਵਡਿਆਈ
ਜਿਸ ਨੇ ਕੈਦ ਅਵੱਲੀ ਵਿਚੋਂ ਹਿੰਮਤ ਕਰ ਛੁੜਕਾਈ

ਭਲਾ ਹੋਵੇ ਉਸ ਮਰਦ ਸੁੱਚੇ ਦਾ ਸ਼ਾਲਾ ਦੋਹੀਂ ਜਹਾਨੀ
ਬਹੁਤ ਪਿਆਰ ਮੁਹੱਬਤ ਕਰ ਕੇ ਮਿਲਸਣ ਪਿਆਰੇ ਜਾਨੀ

ਸੁਣ ਕੇ ਗਿਲੇ ਉਲਾਹਮੇ ਸੱਚੇ ਸ਼ਾਹ-ਪਰੀ ਕੁਮਲਾਣੀ
ਉਜ਼ਰ ਬਹਾਨੇ ਕਰ ਕਰ ਕਹਿੰਦੀ ਸੁਣ ਤੂੰ ਮਲਿਕਾ ਰਾਣੀ

ਬਾਪ ਮੇਰੇ ਨੇ ਬਹੁਤੀ ਵਾਰੀ ਕੀਤੇ ਸੈ ਸਮਿਆਨੇ
ਫ਼ੌਜਾਂ ਸਣੇ ਤਿਆਰ ਕਰਾਏ ਸਿਰਕਰਦੇ ਮਰਦਾਨੇ

ਤੇਰੀ ਲੋੜ ਕਰਨ ਦੀ ਖ਼ਾਤਿਰ ਲਸ਼ਕਰ ਬਹੁਤ ਚੜ੍ਹਾਏ
ਮਰਦ ਜ਼ੋਰਾਵਰ ਜੰਗੀ ਖ਼ੂਨੀ ਹਰ ਹਰ ਤਰਫ਼ ਦੌੜਾਏ

ਮੁਲਕ ਵਲਾਇਤ ਹੋਰ ਉਜਾੜਾਂ ਵਸਦੇ ਸ਼ਹਿਰ ਲੋੜਾਏ
ਕਿਧਰੋਂ ਖ਼ਬਰ ਨਾ ਲੱਭੀ ਤੇਰੀ ਸਭ ਘਰੀਂ ਮੁੜ ਆਏ

ਖ਼ੁਸ਼ਕੀ ਦੇ ਸਭ ਥਾਂ ਲੋੜਾਏ ਕਿਧਰੋਂ ਪਤਾ ਨਾ ਲੱਗਾ
ਪਰ ਅਤਰੋਕੇ ਮਾਂ ਮੇਰੀ ਸੀ ਕਰਦੀ ਇਹ ਉਸਰੱਗਾ

ਬਾਪ ਮੇਰੇ ਨੂੰ ਕਹਿੰਦੀ ਆਹੀ ਆਹਰਕ-ਟੱਲਾ ਛੋੜੋ
ਵਿਚ ਸਮੁੰਦਰ ਟਾਪੂ ਬੰਦਰ ਮਲਿਕਾ ਤਾਈਂ ਲੋੜੋ ।(੪੩੮੦)

ਦੇਵਾਂ ਪਰੀਆਂ ਦੇ ਵੰਡ ਲਸ਼ਕਰ ਹਰ ਟਾਪੂ ਵੱਲ ਟੋਰੋ
ਢੂੰਡੋ ਮਲਿਕਾ ਬੇਟੀ ਮੇਰੀ ਨਬੀ ਸੁਲੇਮਾਂ ਸੋਰੋ

ਕੋਹ ਕਾਫ਼ਾਂ ਦਰਿਆਵਾਂ ਅੰਦਰ ਢੂੰਡ ਕਰੋ ਜੱਗ ਸਾਰੇ
ਮਲਿਕਾ ਲੱਭੇ ਤਾਂ ਰਹਿ ਆਵੇ ਨਹੀਂ ਅਸੀਂ ਹੱਤਿਆਰੇ

ਪਟ ਉਲਟ ਪਹਾੜ ਜ਼ਜ਼ੀਰੇ ਹੋਰ ਲੋੜਾਓ ਸੱਭੇ
ਪੱਤ ਸਾਡੀ ਹੁਣ ਤਾਹੀਂ ਰਹਿੰਦੀ ਜੇ ਮੁੜ ਮਲਿਕਾ ਲੱਭੇ

ਬਾਬਲ ਭੀ ਅਤਰੋਕੇ ਆਹਾ ਸਾਇਤ ਰੋਜ਼ ਤਕੇਂਦਾ
ਤਲਬਾਂ ਖ਼ਰਚ ਮੁਹਿੰਮ ਘਲਣ ਦਾ ਲਸ਼ਕਰ ਤਾਈਂ ਦੇਂਦਾ

ਰਾਕਸ ਦਿਓ ਅਫ਼ਰੇਤ ਹਜ਼ਾਰਾਂ ਕਰਦੇ ਸਾਨ ਤਿਆਰੀ
ਹੁਣ ਤੈਨੂੰ ਰੱਬ ਆਪ ਲਿਆਂਦਾ ਲੁਤਫ਼ ਹੋਇਆ ਸਰਕਾਰੀ

ਨਾ ਅਹਿਸਾਨ ਮੁਰੱਵਤ ਸਾਡੇ ਨਹੀਂ ਕਿਸੇ ਦੇ ਭਾਰੇ
ਹਿਕ ਅਹਿਸਾਨ ਉਸੇ ਦਾ ਉਹ ਭੀ ਜਿਸਦੇ ਅਗਲੇ ਸਾਰੇ

ਮਲਿਕਾ ਕਹਿੰਦੀ ਆਹੋ ਮੈਂ ਤੇ ਲੁਤਫ਼ ਕੀਤਾ ਰੱਬ ਆਪੇ
ਲੇਕਿਨ ਹਿਕ ਸਬੱਬ ਬਣਾਇਓਸੁ ਤਾਂ ਚੁੱਕ ਗਏ ਸਿਆਪੇ

ਸ਼ਾਹ-ਪਰੀ ਫਿਰ ਕਹਿੰਦੀ ਮਲਿਕਾ ਛੋੜ ਨਿਹੋਰੇ ਬਹੋ ਖਾਂ
ਕੀ ਸਬੱਬ ਬਣਾਇਆ ਮੌਲਾ ਸੱਚ ਅਸਾਨੂੰ ਕਹੋ ਖਾਂ

ਮਲਿਕਾ-ਖ਼ਾਤੂੰ ਕਹੇ ਪਰੀ ਨੂੰ ਕੀ ਗੱਲ ਦੱਸਾਂ ਤੈਨੂੰ
ਮਿਸਰ ਸ਼ਹਿਰ ਦਾ ਹਿਕ ਸ਼ਹਿਜ਼ਾਦਾ ਉਸ ਛੁੜਾਇਆ ਮੈਨੂੰ

ਫੇਰ ਬਦੀਅ-ਜਮਾਲ ਪਰੀ ਨੂੰ ਚਮਕ ਲੱਗੀ ਇਸ ਗੱਲੋਂ
ਕੌਣ ਕੋਈ ਸ਼ਹਿਜ਼ਾਦਾ ਐਸਾ ਆਇਆ ਹੈ ਕਿਤ ਵੱਲੋਂ ।(੪੩੯੦)

ਗ਼ੈਰਤ ਗੁੱਸਾ ਖਾਇ ਦਿਲ ਵਿਚ ਪੁੱਛਦੀ ਮਲਿਕਾ ਤਾਈਂ
ਕੌਣ ਸ਼ਹਿਜ਼ਾਦਾ ਕੈਸਾ ਜਿਹੜਾ ਗਿਆ ਅਜੇਹੀ ਜਾਈਂ

ਪਰੀਆਂ ਤੇ ਅਫ਼ਰੇਤ ਮਰੇਲੇ ਰਾਕਸ਼ ਦਿਓ ਬਹਾਦਰ
ਉਸ ਕਿਲੇ ਵਿਚ ਜਾਵਣ ਜੋਗਾ ਨਹੀਂ ਕਿਸੇ ਦਾ ਬਾਦਰ

ਆਦਮੀਆਂ ਤੇ ਜਿੰਨਾਂ ਵਿਚੋਂ ਜੋ ਜੋ ਲੋਕ ਕੱਦਾਵਰ
ਉਸ ਗਿਰਦੇ ਵਿਚ ਪਹੁੰਚ ਨਾ ਸਕਦੇ ਜੇ ਸੌ ਹੋਣ ਜ਼ੋਰਾਵਰ

ਬਾਸ਼ਕ ਨਾਗ ਸੰਸਾਰ ਵਡੇਰੇ ਮੱਛ ਸਮੁੰਦਰ ਵਾਲੇ
ਉਸ ਗਿਰਦੇ ਵਿਚ ਪਹੁੰਚ ਨਾ ਸਕਦੇ ਨਾ ਪੰਖੀ ਪਰ ਵਾਲੇ

ਕੀ ਮੁਹਿੰਮ ਬਣੀ ਸ਼ਹਿਜ਼ਾਦੇ ਐਸੀ ਭਾਰੀ ਕਾਈ
ਕਿਸ ਆਫ਼ਤ ਨੇ ਚਾ ਲਿਆਂਦਾ ਜਾ ਵੜਿਆ ਉਸ ਜਾਈ

ਧੰਨ ਦਲੇਰੀ ਘਣੀ ਘਣੇਰੀ ਸੁਣੀ ਜ਼ਬਾਨੀ ਤੇਰੀ
ਐਸਾ ਮਰਦ ਅਪਰਾਧੀ ਕਿਹੜਾ ਦਸ ਸਹੇਲੀ ਮੇਰੀ

ਮਲਿਕਾ-ਖ਼ਾਤੂੰ ਕਹਿੰਦੀ ਅੱਗੋਂ ਦੱਸਾਂਗੀ ਤੱਕ ਵੇਲਾ
ਮਹਿਰਮ ਗੱਲ ਦਾ ਮਹਿਰਮ ਕਰੀਏ ਜਿਸ ਦਮ ਮਿਲੇ ਇਕੇਲਾ

ਆਮਾਂ ਬੇਇਖ਼ਲਾਸਾਂ ਅੰਦਰ ਖ਼ਾਸਾਂ ਦੀ ਗੱਲ ਕਰਨੀ
ਮਿੱਠੀ ਖੀਰ ਪਕਾ ਮੁਹੰਮਦ ਕੁੱਤਿਆਂ ਅੱਗੇ ਧਰਨੀ

ਆਸ਼ਿਕ ਦੀ ਮਾਸ਼ੂਕਾਂ ਅੱਗੇ ਚੋਰੀ ਅਰਜ਼ ਪੁਚਾਈਏ
ਬਾਝ ਪੀਆ ਥੀਂ ਭੇਤ ਸੱਜਣ ਦਾ ਹੋਰਾਂ ਨਹੀਂ ਸੁਣਾਈਏ

49. ਹਾਸਲ ਕਲਾਮ

ਭੀੜ ਹਜੂਮ ਹਵਾਈ ਵਾਲੇ ਦੂਰ ਕਰੇਂ ਜਿਸ ਵੇਲੇ
ਸਾਜਨ ਦੀ ਗੱਲ ਬਣੇ ਵਸੀਲਾ ਜਦ ਚਾਹੇ ਤਦ ਮੇਲੇ ।(੪੪੦੦)

ਦੂਰੋਂ ਆਇਆ ਯਾਰ ਮਿਲੇਗਾ ਜਾਂ ਹੋ ਬਹੇਂ ਇਕੱਲਾ
ਰਮਜ਼ ਹਕੀਕੀ ਕਹੇ ਮੁਹੰਮਦ ਪਾਇ ਮਿਜਾਜ਼ੀ ਪੱਲਾ

ਫੇਰ ਪਰੀ ਨੇ ਮਜਲਿਸ ਸਾਰੀ ਕੋਲੋਂ ਤੁਰਤ ਉਠਾਈ
ਹਿਕ ਪਰੀ ਹਿਕ ਮਲਿਕਾ-ਖ਼ਾਤੂੰ ਹੋਰ ਨਾ ਰਿਹਾ ਕਾਈ

ਸਰਦਾਰਾਂ ਨੂੰ ਰੁਖ਼ਸਤ ਦਿੱਤੀ ਸਰਾਂਦੀਪ ਚੌਫੇਰੇ
ਬਾਹਰ ਸ਼ਹਿਰੋਂ ਥਾਂ-ਬ-ਥਾਈਂ ਕਰੋ ਕਿਲੇ ਵਿਚ ਡੇਰੇ

ਕੁੱਝ ਫ਼ੌਜਾਂ ਜਾ ਲਹੋ ਕਿਲੇ ਵਿਚ ਓਥੇ ਰਹੋ ਮੁਕਾਮੀ
ਕੁੱਝ ਜਾਓ ਮੁੜ ਬਾਗ਼-ਇਰਮ ਨੂੰ ਪਰੀਆਂ ਹੋ ਸਲਾਮੀ

ਜਿਸ ਦਿਨ ਫੇਰ ਤਿਆਰੀ ਮੇਰੀ ਘਰ ਦੀ ਤਰਫ਼ੇ ਹੋਈ
ਉਸ ਦਿਨ ਹਾਜ਼ਿਰ ਹੋਣਾ ਸਭਨਾਂ ਚੇਤਾ ਰਹੇ ਨਾ ਕੋਈ

ਸਭਨਾਂ ਹੁਕਮ ਬਜਾ ਲਿਆਂਦਾ ਵਾਂਙੂ ਖ਼ਾਸ ਗ਼ੁਲਾਮਾਂ
ਕਹਿਣ ਸਨਾਈਂ ਦੇਣ ਦੁਆਈਂ ਨਿਓਂ ਨਿਓਂ ਕਰਨ ਸਲਾਮਾਂ

ਚੁੰਮ ਜ਼ਮੀਨ ਸਲਾਮੀ ਹੋ ਕੇ ਉੱਡੀਆਂ ਬੰਨ੍ਹ ਕਤਾਰਾਂ
ਕੂੰਜਾਂ ਹਾਰ ਹਜ਼ਾਰਾਂ ਪਰੀਆਂ ਜਾਵਣ ਨਾਲ਼ ਬਹਾਰਾਂ

ਕਈ ਹਜ਼ਾਰਾਂ ਮੁੜ ਕੇ ਗਈਆਂ ਬਾਗ਼-ਇਰਮ ਵੱਲ ਘਰ ਨੂੰ
ਸਰਾਂਦੀਪ ਅੰਦਰ ਕੁੱਝ ਰਹੀਆਂ ਸਿਰ ਪਰ ਮੰਨ ਅਮਰ ਨੂੰ

ਸੱਤ ਸੈ ਸੀ ਸਿਰਕਰਦਾ ਰਿਹਾ ਲਸ਼ਕਰ ਨਾਲ਼ ਤਮਾਮੀ
ਸੱਤ ਹਜ਼ਾਰ ਪਰੀ ਹੋਰ ਖ਼ਾਸੀ ਪਰਤ ਗਏ ਸਭ ਆਮੀ

ਜੋ ਕੁੱਝ ਗਿਰਦ ਸ਼ਹਿਰ ਦੇ ਆਹੇ ਉੱਚੇ ਥਾਂ ਉਜਾਲੇ
ਬੁਰਜ ਜ਼ਜ਼ੀਰੇ ਬਾਗ਼ ਅਛੇਰੇ ਚਸ਼ਮੇ ਪਾਣੀ ਵਾਲੇ ।(੪੪੧੦)

ਰੋਜ਼ੇ ਗੁੰਬਦ ਮਹਿਲ ਚੁਬਾਰੇ ਕੋਹਿਸਤਾਨ ਸਰਾਈਂ
ਮਸਜਿਦ ਅਤੇ ਮੁਨਾਰੇ ਕਬਰਾਂ ਹੋਰ ਬੁਲੰਦਾਂ ਜਾਈਂ

ਸਭਨਾਂ ਪਰੀਆਂ ਡੇਰੇ ਲਾਏ ਤੱਕ ਜਾਈਂ ਮਨ ਪੁੜੀਆਂ
ਨਾਲ਼ ਬਦੀਅ-ਜਮਾਲ ਪਰੀ ਦੇ ਰਹੀਆਂ ਦੋ ਤਿੰਨ ਕੁੜੀਆਂ

ਸਰਾਂਦੀਪ ਨਗਰ ਦੀ ਰਾਣੀ ਮਲਿਕਾ ਜੀਉ ਦੀ ਮਾਈ
ਹਰ ਹਰ ਕਿਸਮ ਅਜਾਇਬ ਖਾਣੇ ਸ਼ਰਬਤ ਸ਼ਹਿਦ ਲਿਆਈ

ਇਤਰੀਆਤਾਂ ਤੇ ਖ਼ੁਸ਼ਬੂਈ ਮਗ਼ਜ਼ ਕੀਤੇ ਹਰ ਤਾਜ਼ੇ
ਸੜਦੇ ਊਦ ਰਬਾਬ ਕਰੇਂਦੇ ਮਿੱਠੇ ਨਰਮ ਅਵਾਜ਼ੇ

ਮਲਿਕਾ ਬਦਰਾ ਸ਼ਾਹ-ਪਰੀ ਨੇ ਨਾਲੇ ਸਭਨਾਂ ਸੱਈਆਂ
ਖਾਧੇ ਖਾਣੇ ਜੋ ਮਨ ਭਾਣੇ ਫਿਰ ਖ਼ੁਸ਼ਬੂਈ ਲਈਆਂ

ਥਾਲ ਸੁਨਹਿਰੀ ਭਰ ਭਰ ਰੱਖੇ ਕੁਲੀਏ ਜ਼ਰਦ-ਪਲਾਉਂ
ਕੁੱਝ ਖਾਧੇ ਕੁਝ ਵਧੇ ਜਿਹੜੇ ਚਾਣ ਲੱਗੇ ਉਸ ਜਾਉਂ

ਸ਼ਾਹ-ਪਰੀ ਦੇ ਅੱਗੋਂ ਜਿਹੜਾ ਵਧਿਆ ਸੀ ਕੁੱਝ ਖਾਣਾ
ਅੱਧਾ ਸੀ ਯਾ ਘੱਟ ਜ਼ਿਆਦਾ ਰੱਬ ਮਾਲਮ ਕੀ ਜਾਣਾ

ਮਲਿਕਾ-ਖ਼ਾਤੂੰ ਆਪੂੰ ਉੱਠ ਕੇ ਚਾ ਲਈ ਉਹ ਥਾਲੀ
ਸ਼ਾਹ-ਪਰੀ ਥੀਂ ਪੁੱਛਣ ਲੱਗੀ ਬਣ ਕੇ ਵਾਂਗ ਸਵਾਲੀ

ਹੇ ਸੁੰਦਰ ਮੁੱਖ ਪਰੀਏ ਭੈਣੇ ਇਹ ਦਿਲ ਮੇਰਾ ਕਹਿੰਦਾ
ਹਿਕ ਬੰਦਾ ਬੀਮਾਰ ਚਰੋਕਾ ਬਾਗ਼ ਅਸਾਡੇ ਰਹਿੰਦਾ

ਉਹ ਆਜ਼ਿਜ਼ ਪਰਦੇਸੀ ਸ਼ੁਹਦਾ ਬਹੁਤ ਗ਼ਰੀਬ ਨਿਮਾਣਾ
ਜੇ ਆਖੇਂ ਤਾਂ ਭੇਜਾਂ ਉਸ ਨੂੰ ਜੂਠਾ ਤੇਰਾ ਖਾਣਾ ।(੪੪੨੦)

ਇਹ ਤਬਰਕ ਤੇਰਾ ਖਾਸੀ ਖ਼ੈਰ ਅਜ਼ਾਰੋਂ ਪਾਸੀ
ਲੂੰ ਲੂੰ ਨਾਲ਼ ਦੁਆਈਂ ਦੇਸੀ ਦੁੱਖ ਉਹਦਾ ਜਦ ਜਾਸੀ

ਸ਼ਾਹ-ਪਰੀ ਨੇ ਹੱਸ ਕੇ ਕਿਹਾ ਕੰਮ ਮੁਨਾਸਬ ਜਿਹੜਾ
ਅਕਲ ਤੇਰੀ ਵਿਚ ਚੰਗਾ ਲੱਗਾ ਠਾਕਣ ਵਾਲਾ ਕਿਹੜਾ

ਮੇਰੇ ਵੱਲੋਂ ਦਿਹ ਸ਼ਿਤਾਬੀ ਜਿਸ ਨੂੰ ਤੇਰੀ ਮਰਜ਼ੀ
ਦੁੱਖ ਨਹੀਂ ਕੁੱਝ ਮੈਨੂੰ ਭੈਣੇ ਜੇ ਸੁਖ ਪਾਵੇ ਮਰਜ਼ੀ

ਦਰਦਮੰਦਾਂ ਦੇ ਦਰਦ ਵੰਞਾਏ ਜੇ ਮੇਰਾ ਪਸ-ਖ਼ੁਰਦਾ
ਦਿਹ ਤੁਆਮ ਸ਼ਰਾਬ ਸ਼ਿਤਾਬੀ ਗਰਮ ਹੋਵੇ ਅਫ਼ਸੁਰਦਾ

ਵਾਹ ਨਸੀਬ ਗ਼ਰੀਬ ਬੰਦੇ ਦੇ ਕਈ ਦਿਨਾਂ ਦੇ ਭੁੱਖੇ
ਦਿਲਬਰ ਦਾ ਪਸ-ਖ਼ੁਰਦਾ ਲੱਭੇ ਅਮਨ ਪਵੇ ਵਿਚ ਕੁੱਖੇ

ਡਿੱਠੇ ਬਾਝ ਪਿਆਰਾ ਜਾਨੀ ਦੇਇ ਅੱਵਲ ਮਹਿਮਾਨੀ
ਲੱਗੇ ਆਸ ਨਿਰਾਸ ਬੰਦੇ ਨੂੰ ਦੂਰ ਹੋਵੇ ਹੈਰਾਨੀ

ਸ਼ਾਹ ਸ਼ਮਸ ਤਬਰੇਜ਼ੀ ਜੂਠਾ ਹਿਕ ਘੁਟ ਸੁਰਖ਼ ਸ਼ਰਾਬੋਂ
ਮੁੱਲਾਂ ਰੂਮੀ ਨੂੰ ਜੋ ਦਿੱਤਾ ਹੋਇਆ ਕਰਮ ਜਨਾਬੋਂ

ਸ਼ਾਲਾ ਦੌਲੂ ਦਮੜੀ ਵਾਲਾ ਜੂਠਾ ਅਪਣਾ ਖਾਣਾ
ਦੇਵੇ ਮੈਂ ਭੁੱਖੇ ਨੂੰ ਤਾਹੀਂ ਰੱਜ ਰੱਜ ਮੌਜਾਂ ਮਾਣਾਂ

ਜੇ ਉਹ ਮੁਰਸ਼ਿਦ ਮਿਹਰੀਂ ਆਵੇ ਜੂਠਾ ਘੁਟ ਪਿਆਲੇ
ਮੁੱਲਾਂ ਰੂਮੀ ਵਾਲੇ ਮੈਨੂੰ ਸੱਚੇ ਸੁਖ਼ਨ ਸਿਖਾਲੇ

ਪੜ੍ਹਨੇ ਸੁਣਨੇ ਵਾਲੇ ਤਾਈਂ ਤਾਹੀਂ ਲੱਜ਼ਤ ਆਵੇ
ਮੰਗ ਨਿਸੰਗ ਮੁਹੰਮਦ ਬਖਸ਼ਾ ਮੱਤ ਉਹ ਕਰਮ ਕਮਾਵੇ ।(੪੪੩੦)

ਅੱਗੇ ਭੀ ਸਭ ਕਰਮ ਉਸੇ ਦੇ ਅੱਗੋਂ ਭੀ ਲੱਖ ਆਸਾਂ
ਮਦਦ ਖ਼ਾਸ ਉਨ੍ਹਾਂ ਦੀ ਕੋਲੋਂ ਕਿੱਸਾ ਖੋਲ ਸੁਣਾਸਾਂ

ਸ਼ਾਹ-ਪਰੀ ਦਾ ਜੂਠਾ ਖਾਣਾ ਮਲਿਕਾ-ਖ਼ਾਤੂੰ ਚਾਇਆ
ਬਾਹਰ ਘਰ ਥੀਂ ਆ ਕਰ ਹੱਥੀਂ ਗੋਲੀ ਨੂੰ ਚੁਕਵਾਇਆ

ਵਾਹ ਵਾਹ ਗੋਲੀ ਨਾਜ਼ੁਕ ਹੌਲੀ ਪੰਜੀਂ ਫੁਲੀਂ ਤੋਲੀ
ਸੋਹਣੀ ਸੂਰਤ ਸੁੰਦਰ ਮੂਰਤ ਟੁਰਦੀ ਟੋਰ ਮਮੋਲੀ

ਚਾ ਰਕਾਬ ਸਿਰੇ ਤੇ ਚਲੀ ਗਿਣ ਗਿਣ ਪੈਰ ਉਠਾਂਦੀ
ਮਲਿਕਾ ਅੱਗੇ ਨਾਲ਼ ਗੁਮਾਨਾਂ ਮੁਜਰੇ ਕਰਦੀ ਜਾਂਦੀ

ਸੈਫ਼-ਮਲੂਕੇ ਦਾ ਸੀ ਭਾਈ ਜਿਸ ਬਾਗ਼ੇ ਵਿਚ ਡੇਰਾ
ਖ਼ੁਸ਼ੀ ਖ਼ੁਸ਼ੀ ਉਸ ਬਗ਼ੀਚੇ ਆਣ ਕੀਤੋ ਨੇ ਫੇਰਾ

ਸੈਫ਼-ਮਲੂਕੇ ਨੇ ਜਦ ਡਿੱਠੀ ਮਲਿਕਾ-ਖ਼ਾਤੂੰ ਰਾਣੀ
ਰੋ ਕਰ ਧਰਤੀ ਤੇ ਛਿਣਕਾਇਓਸੁ ਅੱਥਰੂਆਂ ਦਾ ਪਾਣੀ

ਵੇਖਦਿਆਂ ਕੁੱਝ ਵੱਸ ਨਾ ਰਹਿਓਸੁ ਝਸ ਗਈ ਅੱਗ ਗ਼ਮ ਦੀ
ਹੰਝੂ ਕਿਰ ਪਈਆਂ ਝੋਲੀ ਬੂੰਦ ਜਿਵੇਂ ਸ਼ਬਨਮ ਦੀ

ਨਰਗਿਸ ਦੇ ਫੁੱਲ ਵਿਚੋਂ ਢੱਠੇ ਕਤਰੇ ਉਸ ਖੱਰੀ ਦੇ
ਲਾਲੇ ਵਾਂਙੂ ਦਾਗ਼ ਕਲੇਜੇ ਲਾਇਆ ਸੋਜ਼ ਪਰੀ ਦੇ

ਡੱਬੀਆਂ ਰਾਂਗਲੀਆਂ ਥੀਂ ਡੁੱਲ੍ਹੇ ਮੋਤੀ ਡਲ੍ਹ ਡਲ੍ਹ ਕਰਦੇ
ਬਾਦਲ ਅੰਦਰ ਨੇਸਾਂ ਦਾਣੇ ਕਤਰੇ ਪਏ ਅਬਰ ਦੇ

ਮਲਿਕਾ ਰੋਂਦਾ ਵੇਖ ਸ਼ਹਿਜ਼ਾਦਾ ਕਹਿੰਦੀ ਨਾਲ਼ ਦਿਲਾਸੇ
ਸੁਣ ਤੂੰ ਵੀਰਾ ਹੋ ਖਾਂ ਧੀਰਾ ਵੇਖ ਰੱਬਾਨੇ ਪਾਸੇ ।(੪੪੪੦)

ਅੱਜ ਵੇਲ਼ਾ ਖ਼ੁਸ਼ਹਾਲੀ ਵਾਲਾ ਰੋਵਣ ਦੇ ਦਿਨ ਗੁਜ਼ਰੇ
ਕੰਮ ਤੇਰੇ ਦੇ ਹੀਲੇ ਲੱਗੇ ਅਸੀਂ ਬੰਦੇ ਬੇ-ਉਜ਼ਰੇ

ਤੇਰੇ ਕਾਰਨ ਦਿਲਬਰ ਵੱਲੋਂ ਅੱਵਲ ਦੀ ਮਹਿਮਾਨੀ
ਜੂਠਾ ਉਸ ਦਾ ਖਾਣਾ ਆਂਦਾ ਵੇਖ ਰਿਕਾਬ ਨਿਸ਼ਾਨੀ

ਏਸ ਰਕਾਬੀ ਵਿਚੋਂ ਉਸ ਭੀ ਹੱਥੀਂ ਆਪਣੀ ਖਾਧਾ
ਫਿਰ ਮੈਂ ਤੇਰੇ ਕਾਰਨ ਮੰਗਿਆ ਜੋ ਕੁੱਝ ਰਿਹਾ ਵਾਧਾ

ਆਪ ਬਦੀਅ-ਜਮਾਲ ਪਰੀ ਨੇ ਕੀਤਾ ਅਜ਼ਨ ਜ਼ੁਬਾਨੂੰ
ਤਾਂ ਇਹ ਖਾਣਾ ਚਾਈਂ ਚਾਈਂ ਦਿੱਤਾ ਆਣ ਤੁਸਾਨੂੰ

ਸੁਣ ਗੱਲਾਂ ਸ਼ਹਿਜ਼ਾਦੇ ਤਾਈਂ ਬਹੁਤ ਹੋਈ ਖ਼ੁਸ਼ਹਾਲੀ
ਕਰਨ ਲੱਗਾ ਤਾਜ਼ੀਮਾਂ ਉੱਠ ਕੇ ਨਾਲ਼ ਅਦਬ ਦੀ ਚਾਲੀ

ਕਰ ਕੇ ਅਦਬ ਸਲਾਮ ਹਜ਼ਾਰਾਂ ਦਿਲ ਦੀ ਨਾਲ਼ ਦਲੀਲੇ
ਬੈਠਾ ਤਾਂ ਫਿਰ ਖਾਣਾ ਧਰਿਆ ਮਲਿਕਾ ਕੁੜੀ ਵਕੀਲੇ

ਕਰ ਬਿਸਮਿਲਾ ਖਾਧਾ ਖਾਣਾ ਸੈਫ਼-ਮਲੂਕ ਸ਼ਹਿਜ਼ਾਦੇ
ਸ਼ੁਕਰ ਬਜਾ ਲਿਆਂਦਾ ਰੱਬ ਦਾ ਹੱਦੋਂ ਬਹੁਤ ਜ਼ਿਆਦੇ

ਗੱਲ ਬਦੀਅ-ਜਮਾਲ ਪਰੀ ਦੀ ਪੁੱਛਣ ਲੱਗਾ ਸਾਰੀ
ਦਸ ਮਲਿਕਾ ਕੀ ਸੁਖ਼ਨ ਤੁਸਾਂ ਸੰਗ ਕੀਤੇ ਪਰੀ ਪਿਆਰੀ

ਤੁਸਾਂ ਸੱਈਆਂ ਕੋਈ ਸਾਇਤ ਹੋਸੀ ਮਜਲਿਸ ਉਸਦੀ ਕੀਤੀ
ਕੀਕਰ ਹਾਲ ਹਕੀਕਤ ਸਾਰੀ ਉਸ ਮਜਲਿਸ ਵਿਚ ਬੀਤੀ

ਮਲਿਕਾ-ਖ਼ਾਤੂੰ ਨੇ ਸਭ ਗੱਲਾਂ ਖ਼ੂਬ ਤਰ੍ਹਾਂ ਕਰ ਦੱਸੀਆਂ
ਸੁੱਕੇ ਬਾਗ਼ ਮੁਦਤ ਦੇ ਉੱਤੇ ਰਹਿਮਤ ਬਾਰਾਂ ਵਸੀਆਂ ।(੪੪੫੦)

ਜਿਥੋਂ ਸ਼ਾਹ-ਪਰੀ ਸੀ ਪੁੱਛਿਆ ਕੀ ਬਣੀ ਸ਼ਹਿਜ਼ਾਦੇ
ਕੋਹ ਕਾਫ਼ਾਂ ਵਿਚ ਫਿਰਦਾ ਆਇਆ ਕਿਹੜੇ ਨਾਲ਼ ਇਰਾਦੇ

ਏਥੋਂ ਲੈ ਲੱਗ ਓਥੇ ਤੋੜੀ ਜਾਂ ਖਾਣਾ ਖਾ ਚੁੱਕੀ
ਮਲਿਕਾ-ਖ਼ਾਤੂੰ ਗੱਲ ਸੁਣਾਈ ਸਾਰੀ ਨਿੱਕੀ ਸੁੱਕੀ

ਸੁਣ ਕੇ ਬਾਤ ਸ਼ਹਿਜ਼ਾਦੇ ਕੀਤਾ ਲਾਖਾਂ ਸ਼ੁਕਰ ਇਲਾਹੀ
ਦਿਲਬਰ ਜ਼ਿਕਰ ਮੇਰਾ ਫ਼ੁਰਮਾਇਆ ਇਹ ਗੱਲ ਮੁਸ਼ਕਿਲ ਆਹੀ

ਹਾਲ ਅਹਿਵਾਲ ਸਫ਼ਰ ਦਾ ਪੁਛਿਓਸੁ ਕੀ ਬਣੀ ਉਸ ਬੰਦੇ
ਆਪੇ ਆਖ ਸੁਣਾਸੀ ਮਲਿਕਾ ਇਸ਼ਕ ਮੇਰੇ ਦੇ ਧੰਦੇ

ਸਖ਼ਤ ਕਜ਼ੀਏ ਮੇਰੇ ਸੁਣ ਕੇ ਮੱਤ ਉਹ ਮਿਹਰੀਂ ਆਵੇ
ਜਾਗਣ ਭਾਗ ਵਿਰਾਗ ਕੁੱਠੇ ਦੇ ਦਿਲਬਰ ਕੋਲ ਬੁਲਾਵੇ

ਪਰ ਮਹਿਬੂਬਾਂ ਦਾ ਕੰਮ ਭਾਈ ਦਾਇਮ ਬੇਪਰਵਾਹੀ
ਬੇ ਤਰਸਾਂ ਨੂੰ ਤਰਸ ਨਾ ਆਵੇ ਤੱਕ ਸੂਲ਼ੀ ਗਲ ਫਾਹੀ

ਤੋੜੇ ਆਸ਼ਿਕ ਮਰ ਮਰ ਜੀਵੇ ਕਰ ਕਰ ਜਤਨ ਬਤੇਰੇ
ਲੱਖ ਕੀਤੀ ਨੂੰ ਹਿਕ ਨਾ ਜਾਨਣ ਚਾਮਲ ਚੜ੍ਹਨ ਵਧੇਰੇ

ਦੁੱਖ ਤੰਗੀ ਸੁਣ ਆਸ਼ਿਕ ਵਾਲੀ ਪਾਵਣ ਸੁਖ ਫ਼ਰਾਖਾਂ
ਰੋਂਦੇ ਵੇਖ ਖਲੋਂਦੇ ਨਾਹੀਂ ਹੱਸ ਹੱਸ ਕਰਨ ਮਜ਼ਾਖਾਂ

ਜਾਂ ਜਾਂ ਤੋੜੀ ਖ਼ਬਰ ਨਾ ਹੋਣੇ ਇਸ ਦਿਲ ਪਰੀਤ ਹਮਾਰੀ
ਤਾਂ ਤਾਂ ਤੋੜੀ ਕਰਨ ਮੁਹੱਬਤ ਸਰਫ਼ਾ ਤੇ ਗ਼ਮਖ਼ਾਰੀ

ਜਿਸ ਵੇਲੇ ਫਿਰ ਪਤਾ ਲੱਗੇ ਨੇ ਇਸ ਦਿਲ ਇਸ਼ਕ ਸਮਾਣਾ
ਛੱਡ ਗ਼ਮਖ਼ਾਰੀ ਹੀਲਾ ਕਰਦੇ ਜਿਵੇਂ ਕਿਵੇਂ ਰੰਞਾਣਾ ।(੪੪੬੦)

ਸੱਜਣ ਨਾਮ ਆਸ਼ਿਕ ਦੇ ਵੈਰੀ ਕੋਂਹਦੇ ਦੇ ਦੇ ਕੱਸਾਂ
ਪੀ ਪੀ ਰੱਤ ਨਾ ਰੱਜਦੇ ਭਾਈ ਧਨ ਇਨ੍ਹਾਂ ਦੀਆਂ ਤੱਸਾਂ

ਮੱਤ ਸੁਣ ਇਸ਼ਕ ਮੇਰੇ ਦੀਆਂ ਗੱਲਾਂ ਵਤ ਪਰੀ ਚਿੱਤ ਚਾਏ
ਅੱਗੇ ਨਹੀਂ ਕੁੱਝ ਜ਼ਿਕਰ ਕੀਤਾ ਸੂ ਫੇਰ ਨਾ ਬਾਤ ਹਿਲਾਏ

ਡਰਦਾ ਖ਼ੁਸ਼ੀ ਨਹੀਂ ਮੈਂ ਕਰਦਾ ਮੱਤ ਰੱਬ ਗ਼ੈਰਤ ਖਾਵੇ
ਅੱਗੇ ਸੁੱਧ ਨਹੀਂ ਹੋ ਗੁਜ਼ਰੀ ਹੋਰ ਮੁਸੀਬਤ ਪਾਵੇ

ਜਿਸ ਦਿਨ ਜੰਞ ਅਜ਼ੀਜ਼ ਮਿਸਰ ਦੀ ਬਣ ਤਣ ਮਗ਼ਰਿਬ ਆਈ
ਤੰਬੂ ਖ਼ੇਮੇ ਵੇਖ ਜ਼ੁਲੈਖ਼ਾਂ ਲੂੰ ਲੂੰ ਖ਼ੁਸ਼ੀ ਸਮਾਈ

ਕਹਿੰਦੀ ਸੱਈਓ ਭਾਗ ਬੰਦੀ ਦੇ ਜਾਗ ਪਏ ਹੁਣ ਸੋਏ
ਆਇਆ ਹੱਥ ਸੁਹਾਗ ਉਮਰ ਦਾ ਦੁੱਖ ਗਏ ਸੁਖ ਹੋਏ

ਲੱਭਾ ਅੱਜ ਅਜ਼ੀਜ਼ ਮਿਸਰ ਦਾ ਚੀਜ਼ ਪਿਆਰੀ ਜਾਨੋਂ
ਔਖੀ ਘੜੀ ਖੜੀ ਹੁਣ ਤਾਲਿਅ ਸੌਖੀ ਮੈਂ ਜਹਾਨੋਂ

ਹੋਈ ਖ਼ੁਸ਼ੀ ਕਮਾਲ ਜ਼ੁਲੈਖ਼ਾ ਨਾਲ਼ ਖ਼ੁਸ਼ੀ ਦੇ ਕਹਿੰਦੀ
ਤੰਬੂ ਪਾੜ ਵਿਖਾਉ ਪਿਆਰਾ ਐਡ ਫ਼ਿਰਾਕ ਨਾ ਸਹਿੰਦੀ

ਕੀਤੀ ਖ਼ੁਸ਼ੀ ਜ਼ਿਆਦਾ ਹੱਦੋਂ ਕਦੀ ਨਾ ਪਚਦੀ ਭਾਈ
ਵੇਖ ਅਜ਼ੀਜ਼ ਜ਼ੁਲੈਖ਼ਾਂ ਹੱਥੋਂ ਆਤਿਸ਼ ਪਾ ਜਲਾਈ

ਅੱਗੇ ਹਿਕ ਕਜ਼ੀਏ ਝੁਰਦੀ ਹੋਰ ਪਏ ਲੱਖ ਉਤੋਂ
ਅਚਨਚੇਤ ਖ਼ਿਜ਼ਾਂ ਮੁੜ ਆਈ ਬਾਗ਼ ਬਸੰਤੀ ਰੁੱਤੋਂ

ਮਿਹਤਰ ਯੂਸੁਫ਼ ਖ਼ੁਸ਼ੀ ਕਮਾਈ ਵੇਖ ਜ਼ੋਰਾਵਰ ਭਾਈ
ਐਸੇ ਸ਼ੇਰ ਜਵਾਨ ਸਿਪਾਹੀ ਗ਼ਾਲਿਬ ਵਿਚ ਲੋਕਾਈ ।(੪੪੭੦)

ਪੁਸ਼ਤ ਪਨਾਹ ਮੇਰੀ ਹਰ ਵੇਲੇ ਵਾਹ ਨਾ ਲਗਦੀ ਵੈਰੀ
ਜੋ ਬਦ ਨਜ਼ਰ ਮੇਰੇ ਵੱਲ ਤਕਸੀ ਕਿਉਂ ਕਰ ਜਾਸੀ ਖ਼ੈਰੀ

ਉਹੋ ਭਾਈ ਦੁਸ਼ਮਣ ਹੋਏ ਹੱਥੀਂ ਜ਼ੁਲਮ ਕਮਾਇਆ
ਪੈਗ਼ੰਬਰ ਨੂੰ ਖ਼ੁਸ਼ੀ ਕਰਨ ਦਾ ਬਦਲਾ ਦੇਣਾ ਆਇਆ

ਮਜਨੂੰ ਨੂੰ ਜਦ ਬਾਗ਼ੇ ਅੰਦਰ ਸੱਦ ਘੱਲਿਆ ਸੀ ਲੈਲਾਂ
ਖ਼ੁਸ਼ੀਆਂ ਕਰਦਾ ਕਹਿੰਦਾ ਚੜ੍ਹਿਓਸੁ ਅੱਜ ਜੰਨਤ ਵੱਲ ਸੈਲਾਂ

ਇਸ ਲੈਲਾ ਤੋਂ ਘੋਲ਼ ਘੁਮਾਈਆਂ ਅਗਲੀਆਂ ਸੈ ਲੈਲਾਂ
ਘੜੀਉਂ ਚੌਥੇ ਭਾ ਕਲਾਵੇ ਲੈਲਾਂ ਨੂੰ ਮੈਂ ਲੈ ਲਾਂ

ਤਰੁੱਟੀ ਆਸ ਨਿਰਾਸ ਬੰਦੇ ਦੀ ਪਾਸ ਨਾ ਆਇਆ ਜਾਨੀ
ਯਾਰ ਸ਼ਿੰਗਾਰ ਦੀਦਾਰ ਨਾ ਦਿੱਤਾ ਮਾਰ ਕੀਤਾ ਗ਼ਮ ਫ਼ਾਨੀ

ਸ਼ਿਅਰ ਮੇਰੇ ਦੀ ਕੀਮਤ ਪਾਂਦਾ ਸਭਨਾਂ ਨਾਲੋਂ ਭਾਈ
ਤੈਨੂੰ ਭੀ ਉਹ ਖ਼ੁਸ਼ੀ ਮੁਹੰਮਦ ਦੂਣੀ ਦੇਣੀ ਆਈ

ਲਾਲਾਂ ਨਾਲੋਂ ਦੁੱਰ ਵਧਾਏ ਵਾਹ ਪਿਆ ਵਾਹ ਭਾਰਾ
ਖ਼ੁਸ਼ੀ ਕਰਨ ਦਾ ਮਜ਼ਾ ਸ਼ਿਤਾਬੀ ਲੈ ਮੁਹੰਮਦ ਯਾਰਾ

ਹਿਫ਼ਜ਼ ਮਰਾਤਬ ਵੇਖ ਮੁਹੰਮਦ ਕਰਦਾ ਵੰਞ ਨਾ ਪਾੜੇ
ਮਤੇ ਬਹਾਲੇਂ ਬੈਲ ਕਲਮ ਦਾ ਦੇ ਦੇਇ ਮੁਫ਼ਤ ਸਰਾੜੇ

ਸ਼ਾਹ-ਪਰੀ ਦੇ ਯਾਦ ਕਰਨ ਦੀ ਗੱਲ ਸੁਣੀ ਸ਼ਹਿਜ਼ਾਦੇ
ਲੈ ਉਮੀਦ ਦੀ ਕੁੰਜੀ ਖ਼ੁਸ਼ੀਓਂ ਕੀਤੇ ਦਰ ਕੁਸ਼ਾਦੇ

ਗ਼ਫ਼ਲਤ ਗ਼ਮ ਦੀ ਮਰਜ਼ ਵੰਜੇਗੀ ਲੂੰ ਲੂੰ ਰਚਸੀ ਸ਼ਾਦੀ
ਜਿਸ ਦਮ ਕਰਸੀ ਯਾਦ ਮੁਹੰਮਦ ਹਜ਼ਰਤ ਸ਼ਾਹ ਬਗ਼ਦਾਦੀ ।(੪੪੮੦)

ਵਾਹ ਵਾਹ ਸ਼ਹਿਨਸ਼ਾਹ ਜੀਲਾਨੀ ਮਜ਼ਹਰ ਜ਼ਾਤ ਰੱਬਾਨੀ
ਸਿਰ ਪਰ ਛਤਰ ਮਹਿਬੂਬੇ ਵਾਲਾ ਵਲੀਆਂ ਦੀ ਸੁਲਤਾਨੀ

ਗ਼ੌਸਾਂ ਕੁਤਬਾਂ ਤੇ ਅਬਦਾਲਾਂ ਕਦਮ ਜਿਨ੍ਹਾਂ ਦੇ ਚਾਏ
ਸੈ ਬਰਸਾਂ ਦੇ ਮੋਏ ਜਿਵਾਏ ਐਸੇ ਕਰਮ ਕਮਾਏ

ਮਦਦ ਦੇ ਮੁਹਤਾਜ ਜਿਨ੍ਹਾਂ ਦੀ ਮੁਰਸਲ ਨਬੀ ਪਿਆਰੇ
ਐਸੇ ਸੱਯਦ ਮਰਦ ਸੱਚੇ ਤੂੰ ਸਿਫ਼ਤ ਕਰੇਂਦੇ ਵਾਰੇ

ਦਮ ਦਮ ਸਿਫ਼ਤ ਸ਼ਾਹਾਂ ਦੀ ਕਹੀਏ ਇਸ ਥੀਂ ਕੁੱਝ ਨਾ ਚੰਗਾ
ਸੁਖ਼ਨ ਤੇਰੇ ਕੀ ਲਾਇਕ ਓਥੇ ਔਗਣਹਾਰ ਮਲੰਗਾ

ਨਾਮ ਸ਼ਰੀਫ਼ ਉਨ੍ਹਾਂ ਦਾ ਆਇਆ ਰਹਿ ਨਾ ਸਕਿਆ ਜਿਗਰਾ
ਥੋੜੇ ਸੁਖ਼ਨ ਕਹੇ ਪਰ ਅੱਗੋਂ ਡਰ ਖਾਂ ਨਾ ਕਿਸ ਫ਼ਿਕਰਾ

ਮੱਤ ਕੋਈ ਗੱਲ ਅਵੱਲੀ ਨਿਕਲੇ ਰੱਦ ਹੋਵੇਂ ਉਸ ਬਾਬੋਂ
ਬਖ਼ਸ਼ਿਸ਼ ਮਦਦ ਮੰਗ ਮੁਹੰਮਦ ਬੇਪਰਵਾਹ ਜਨਾਬੋਂ

ਸ਼ਾਲਾ ਯਾਦ ਕਰੇ ਮੈਂ ਬੰਦੇ ਮੀਰਾਂ ਸਾਹਿਬ ਵਾਲੀ
ਰੋੜੇ ਥੀਂ ਰੱਬ ਸਾਵਣ ਲਾਏ ਬਹੁਤ ਹੋਏ ਖ਼ੁਸ਼ਹਾਲੀ

ਜ਼ਿਕਰ ਸੱਜਣ ਦਾ ਛੋੜ ਨਾ ਸਕਾਂ ਵੱਸ ਨਹੀਂ ਕੁੱਝ ਮੇਰੇ
ਸ਼ਹਿਜ਼ਾਦੇ ਦੀ ਗੱਲ ਮੁਹੰਮਦ ਰਹਿ ਗਈ ਦੂਰ ਪਰੇਰੇ

ਸੈਫ਼-ਮਲੂਕ ਰਿਹਾ ਵਿਚ ਬਾਗ਼ੇ ਮਲਿਕਾ-ਖ਼ਾਤੂੰ ਚੱਲੀ
ਮਜਲਿਸ ਖ਼ਾਸ ਪਰੀ ਦੀ ਅੰਦਰ ਜਾ ਸ਼ਿਤਾਬੀ ਰੱਲੀ

ਪਰੀ ਪੁਛੇਂਦੀ ਦਸ ਤੂੰ ਮਲਿਕਾ ਕਿੱਥੇ ਤੀਕ ਗਈ ਸੈਂ
ਏਸ ਤਰਿੰਞਣ ਸਾਡੇ ਵਿਚੋਂ ਉੱਠੀ ਕਿਸ ਲਈ ਸੈਂ ।(੪੪੯੦)

ਮਲਿਕਾ-ਖ਼ਾਤੂੰ ਨੇ ਫ਼ੁਰਮਾਇਆ ਭੇਤ ਨਾ ਦੱਸਣ-ਹਾਰਾ
ਬਾਗ਼ੇ ਵਿਚ ਗਈ ਸਾਂ ਭੈਣੇ ਕੰਮ ਆਹਾ ਹਿਕ ਭਾਰਾ

ਵੇਖ ਹਜੂਮ ਨਾ ਪੁੱਛੀ ਅੱਗੋਂ ਸ਼ਾਹ-ਪਰੀ ਗੱਲ ਕੋਈ
ਕੀ ਕੰਮ ਸੀ ਤੁਧ ਬਾਗ਼ੇ ਅੰਦਰ ਫੇਰਾ ਆਪ ਕੀਤੋ ਈ

ਮਜਲਿਸ ਥੀਂ ਫਿਰ ਉੱਠ ਖਲੋਤੀ ਸ਼ਾਹ-ਪਰੀ ਮਨਿ ਭਾਣੀ
ਮਲਿਕਾ ਬਦਰਾ ਦੀ ਫੜ ਉਂਗਲ ਭੋਰੇ ਵਿਚ ਸਿਧਾਣੀ

ਭੋਰ੍ਹੇ ਦੇ ਦਰਵਾਜ਼ੇ ਦੂਹਰੇ ਸੰਗਲ ਕੁਫ਼ਲ ਚੜ੍ਹਾਏ
ਸਈਆਂ ਪਰਤ ਗਈਆਂ ਫਿਰ ਅੰਦਰ ਬੈਠ ਰਹੀਆਂ ਉਹ ਤਰਾਏ

ਭੋਰ੍ਹੇ ਦੀ ਤਾਰੀਫ਼ ਮੁਹੰਮਦ ਸਾਰੀ ਆਖ ਨਾ ਸਕਦਾ
ਜੰਨਤ ਦਾ ਹਿਕ ਖ਼ਾਨਾ ਆਹਾ ਝਿਲ ਮਿਲ ਨੂਰ ਚਮਕਦਾ

ਨੂਰੀ ਬੁਰਜ ਸ਼ਮਸ ਦਾ ਖ਼ਾਨਾ ਨਾਲੇ ਦੋ ਸਅਦੇਨਾਂ
ਸ਼ਮਸ ਪਰੀ ਸਅਦੇਨ ਪੁਛਾਵੇ ਮਲਿਕਾ ਬਦਰਾ ਭੈਣਾਂ

ਮਲਿਕਾ ਉਹ ਜਿਸ ਮਲਕ ਫ਼ਲਕ ਦੇ ਬਾਬਲ ਦੇ ਖੂਹ ਪਾਏ
ਬਦਰਾ ਬਦਰ ਆਕਾਸ਼ ਹੁਸਨ ਦਾ ਸਿਫ਼ਤ ਨਾ ਕੀਤੀ ਜਾਏ

ਅੱਗੇ ਭੀ ਇਸ ਭੋਰ੍ਹੇ ਅੰਦਰ ਸ਼ਾਹ-ਪਰੀ ਸੀ ਬਹਿੰਦੀ
ਮਲਿਕਾ ਬਦਰਾ ਬਾਝ ਸਹੇਲੀ ਪਾਸ ਨਾ ਕੋਈ ਰਹਿੰਦੀ

ਆਮਾਂ ਦਾ ਉਹ ਥਾਂ ਨਾ ਆਹਾ ਖ਼ਾਸਾਂ ਬਾਝ ਰਫ਼ੀਕਾਂ
ਉਸ ਜਾਈ ਕੋਈ ਹੁੰਦਾ ਨਾਹੀਓਂ ਬਿਨ ਮਹਿਰਮ ਸਦੀਕਾਂ

ਬੈਠ ਰਹੀਆਂ ਜਦ ਤਰਾਏ ਭੈਣਾਂ ਸ਼ਾਹ-ਪਰੀ ਫਿਰ ਬੋਲੀ
ਮਲਿਕਾ-ਖ਼ਾਤੂੰ ਨੂੰ ਫ਼ੁਰਮਾਂਦੀ ਕਰ ਗੱਲ ਹੌਲੀ ਹੌਲੀ ।(੪੫੦੦)

ਤੂੰ ਅਸਾਂ ਵਿਚ ਵੱਡੀ ਭੈਣ ਏਂ ਨਾਲੇ ਸੁਘੜ ਸਿਆਣੀ
ਦੇਸ ਬਦੇਸ ਡਿਠੇ ਤੁਧ ਬਹੁਤੇ ਖ਼ੈਬਰ ਖ਼ੁਸ਼ਕੀ ਪਾਣੀ

ਸਰਦੀ ਗਰਮੀ ਸਖ਼ਤੀ ਨਰਮੀ ਖ਼ੁਸ਼ੀਆਂ ਵਕਤ ਕਜ਼ੀਏ
ਤੇਰੇ ਜੇਡੇ ਕਿਸੇ ਨਾ ਡਿਠੇ ਮਾਂ ਮੇਰੀ ਦੀਏ ਧੀਏ

ਭੋਰ੍ਹੇ ਅੰਦਰ ਤਰੈਵੇਂ ਜਿੰਦਾਂ ਹੋਰ ਨਹੀਂ ਕੋਈ ਨੇੜੇ
ਚੁੱਪੇ ਵਿਚ ਹੁੱਸੜ ਦਾ ਜੀਉੜਾ ਕੌਣ ਦਿਹਾੜ ਨਬੇੜੇ

ਕਰ ਕੋਈ ਗੱਲ ਕਹਾਣੀ ਐਸੀ ਜਿਹੜੀ ਸੁਣੀ ਨਾ ਅੱਗੇ
ਸੁਣ ਸੁਣ ਅਸਰ ਅੰਦਰ ਵਿਚ ਧਾਏ ਚੰਗੀ ਦਿਲ ਨੂੰ ਲੱਗੇ

ਮਲਿਕਾ ਪੁੱਛਦੀ ਕੇਹੀ ਕਹਾਣੀ ਕੋਲ ਤੁਸਾਡੇ ਫੋਲਾਂ
ਸੁਣੀ ਕੰਨੀਂ ਯਾ ਅੱਖੀਂ ਡਿੱਠੀ ਯਾ ਸਿਰਵਰਤੀ ਖੋਲਾਂ

ਕਿਹਾ ਬਦੀਅ-ਜਮਾਲ ਪਰੀ ਨੇ ਮਲਿਕਾ ਬੀਬੀ ਖ਼ਾਤੂੰ
ਅੱਖੀਂ ਡਿੱਠੀ ਤੇ ਸਿਰਵਰਤੀ ਸੱਚੀ ਬਾਤ ਸੁਣਾ ਤੂੰ

ਕੰਨੀਂ ਸੁਣੀਆਂ ਗੱਲਾਂ ਅੰਦਰ ਕੂੜ ਤੂਫ਼ਾਨ ਬਤੇਰੇ
ਪਾਉਂ ਸੇਰ ਬਣਾਂਦੀ ਖ਼ਲਕਤ ਅੰਬਰ ਘਣੇ ਘਣੇਰੇ

ਝੂਠੇ ਨਗ਼ਮੇ ਚਾ ਉਠਾਵਣ ਜਿਸ ਵਿਚ ਸੱਚ ਨਾ ਮਾਸਾ
ਬੇਵਕੂਫ਼ ਮੰਨਣ ਸੱਚ ਉਸ ਨੂੰ ਕਰਨ ਸਿਆਣੇ ਹਾਸਾ

ਜਿਉਂ ਹੁਣ ਕਹਿੰਦੇ ਦਿਹਲੀ ਅੰਦਰ ਕਣਕੇ ਦਾ ਮੀਂਹ ਵੁੱਠਾ
ਓਥੋਂ ਆਏ ਕਹਿਣ ਨਾ ਡਿੱਠਾ ਸੁਣੀਅਰ ਤੁਰਨ ਅਪੁੱਠਾ

ਚੰਗੇ ਚੰਗੇ ਸੁਘੜ ਕਹਾਵਣ ਝਗੜੇ ਕਰਨ ਇਸ ਗੱਲ ਦੇ
ਅਕਲ ਕਿਆਸ ਨਾ ਲੋੜਨ ਮੂਲੇ ਬੇਅਕਲਾਂ ਵਿਚ ਰਲਦੇ ।(੪੫੧੦)

ਸੁਣੀਆਂ ਗੱਲਾਂ ਤੇ ਕੀ ਬਾਵਰ ਬਾਝੋਂ ਇਲਮ ਕਿਤਾਬੋਂ
ਜੋ ਆਲਿਮ ਦੇ ਮੂੰਹੋਂ ਸੁਣੀਏ ਸੋਈ ਖਰੀ ਹਿਸਾਬੋਂ

ਯਾ ਜੋ ਸਾਈਂ ਵਾਲੇ ਆਖਣ ਉਹ ਸੱਚ ਮੰਨ ਤਮਾਮੀ
ਪੱਕੀ ਜਾਣ ਕਲਾਮ ਉਨ੍ਹਾਂ ਦੀ ਜ਼ਰਾ ਨਹੀਂ ਵਿਚ ਖ਼ਾਮੀ

ਤੋੜੇ ਉਲਟ ਪੁਲਟ ਫ਼ੁਰਮਾਵਣ ਵਿਚ ਕਿਆਸ ਨਾ ਆਵੇ
ਗੁੱਝੀ ਰਮਜ਼ ਹੋਸੀ ਸਭ ਸੱਚੀ ਕੌਣ ਉਨ੍ਹਾਂ ਬਿਨ ਪਾਵੇ

ਸਾਈਂ ਵਾਲੇ ਸਦਾ ਸੁਖਾਲੇ ਰੱਬ ਦੇ ਬਾਲੇ ਦੀਵੇ
ਮਸਤ ਅਲਸਤ ਸ਼ਰਾਬ ਵਸਲ ਦੇ ਹਰਦਮ ਰਹਿੰਦੇ ਖੀਵੇ

ਜਿਉਂ ਜਿਉਂ ਲਿਖਿਆ ਵੇਖਣ ਭਾਈ ਅੱਖਰ ਲੋਹ-ਕਲਮ ਦਾ
ਵਾਲੇ ਜਿਤਨਾ ਫ਼ਰਕ ਨਾ ਪਾਵਣ ਦੇਣ ਪਤਾ ਹਰ ਕੰਮ ਦਾ

ਬਾਵਰ ਕਰੋ ਯਕੀਨ ਲਿਆਓ ਗੱਲ ਉਨ੍ਹਾਂ ਦੀ ਉੱਤੇ
ਆਇਤ ਵਾਂਗਰ ਸੱਚ ਕਰ ਮੰਨੋਂ ਤੋੜੇ ਭੇਜਣ ਸੁੱਤੇ

ਹਾਏ ਹਾਏ ਗਲਿ ਪਰੀ ਦੀ ਭਾਈ ਫਿਰ ਬਰਤਰਫ਼ ਰਹੀ ਹੈ
ਸ਼ਾਹ-ਪਰੀ ਨੇ ਮਲਿਕਾ ਤਾਈਂ ਇਹੋ ਬਾਤ ਕਹੀ ਹੈ

ਡਿੱਠੀਆਂ ਸੁਣੀਆਂ ਗੱਲਾਂ ਅੰਦਰ ਹੁੰਦਾ ਫ਼ਰਕ ਬਤੇਰਾ
ਅੱਖੀਂ ਡਿੱਠੀ ਕਹੀਂ ਕਹਾਣੀ ਇਹੋ ਮਤਲਬ ਮੇਰਾ

ਮਲਿਕਾ-ਖ਼ਾਤੂੰ ਬੀਬੀ ਬੋਲੀ ਨਾਲ਼ ਜ਼ੁਬਾਨੇ ਮਿੱਠੀ
ਉਹ ਫ਼ਸਾਹਿਤ ਅਤੇ ਬਲਾਗ਼ਤ ਪਰੀ ਨਾ ਅੱਗੇ ਡਿੱਠੀ

ਬੋਲ ਰਸੀਲੇ ਰੰਗ ਰੰਗੀਲੇ ਇਲਮ ਅਕਲ ਚਤੁਰਾਈ
ਮੁਰਲੀ ਬੰਸਰੀਓਂ ਕੁੱਝ ਉੱਤੇ ਵਿਚ ਆਵਾਜ਼ ਸਫ਼ਾਈ ।(੪੫੨੦)

ਆਸ਼ਿਕ ਸੱਚੇ ਦੀ ਫਿਰ ਸਚੀ ਦਰਦੋਂ ਦਰਦ ਕਹਾਣੀ
ਸੁਣ ਕੇ ਪੱਥਰ ਵਿਚੋਂ ਨਿਕਲੇ ਅੱਥਰੂਆਂ ਦਾ ਪਾਣੀ

ਖ਼ੂਬ ਬਣਾ ਤਣਾ ਕਹਾਣੀ ਮਲਿਕਾ ਜਦੋਂ ਸੁਣਾਂਦੀ
ਤੀਰ ਜੇਹੀ ਤਾਸੀਰ ਕਲੇਜਾ ਚੀਰ ਦੁਵੱਲੋਂ ਜਾਂਦੀ

ਸ਼ਾਹ-ਪਰੀ ਨੂੰ ਆਖਣ ਲੱਗੀ ਕੰਨ ਧਰ ਭੈਣੇ ਪਰੀਏ
ਅਜਬ ਕਹਾਣੀ ਦਰਦ ਰੰਞਾਣੀ ਤੇਰੇ ਅੱਗੇ ਕਰੀਏ

ਮੁਲਕ ਮਿਸਰ ਦੇ ਸੀ ਹਿਕ ਵਸਦਾ ਤਾਜ ਤਖ਼ਤ ਦਾ ਵਾਲੀ
ਆਸਿਮ ਬਿਨ ਸਫ਼ਵਾਨ ਸ਼ਹਿਜ਼ਾਦਾ ਸ਼ਾਨ ਬਿਆਨੋਂ ਆਲੀ

ਹੱਥੀਂ ਬੱਧੀਂ ਗੋਲੇ ਉਸ ਦੇ ਚਾਲੀ ਹੋਰ ਸ਼ਹਿਜ਼ਾਦੇ
ਅੰਤ ਹਿਸਾਬ ਸ਼ੁਮਾਰੋਂ ਹੱਦੋਂ ਲਸ਼ਕਰ ਉਸ ਜ਼ਿਆਦੇ

ਹਿਕ ਰਵਾਇਤ ਵਾਲਾ ਕਹਿੰਦਾ ਸਤਰ ਤਖ਼ਤਾਂ ਵਾਲੇ
ਆਸਿਮ ਸ਼ਾਹ ਅੱਗੇ ਦਿਨ ਰਾਤੀਂ ਖ਼ਿਦਮਤਗਾਰ ਸੁਖਾਲੇ

ਹੋਰ ਰਵਾਇਤ ਇਹ ਭੀ ਤਰੀਜੀ ਚਾਰ ਹਿਕ ਸੈ ਸ਼ਹਿਜ਼ਾਦਾ
ਬੱਧੇ ਲੱਕ ਕਰੇਂਦੇ ਖ਼ਿਦਮਤ ਵਾਫ਼ਰ ਗੰਜ ਆਮਾਦਾ

ਹੁਕਮ ਉਹਦੇ ਦਾ ਤੌਕ ਗਲੇ ਵਿਚ ਸ਼ੌਕ ਸੰਦਾ ਕੰਨ ਬਾਲਾ
ਤਲਬ ਹਜ਼ੂਰ ਉਹਦੀ ਦੀ ਖ਼ਾਤਿਰ ਕਰਨ ਜ਼ਰੂਰ ਕੁਸ਼ਾਲਾ

ਮੌਜਾਂ ਐਸ਼ਾਂ ਖ਼ੁਸ਼ੀਆਂ ਤਲਬਾਂ ਜੋ ਜੋ ਸਨ ਵਿਚ ਦੁਨੀਆਂ
ਰੱਬ ਘਰੇ ਵਿਚ ਦਿੱਤੀਆਂ ਉਸ ਨੂੰ ਸਭ ਮੁਰਾਦਾਂ ਪੁੰਨੀਆਂ

ਹਿਕ ਝੋਰਾ ਔਲਾਦੇ ਵਾਲਾ ਘਰ ਵਿਚ ਬਾਲ ਨਾ ਖੇਲੇ
ਦੌਲਤ ਮਾਲ ਭਰੇ ਕਦ ਸੋਹਣ ਮਾਈ ਬਾਪ ਇਕੇਲੇ ।(੪੫੩੦)

ਦੂਹਰੀ ਵਾਰ ਕਰਾਂ ਗੱਲ ਕਾਹਨੂੰ ਕਿੱਸਾ ਕੋਤਾਹ ਇਹਾ
ਅੱਵਲ ਆਖ਼ਿਰ ਤੋੜੀ ਮਲਿਕਾ ਸਭ ਕਜ਼ੀਆ ਕਿਹਾ

ਸ਼ਹਿਜ਼ਾਦੇ ਦੇ ਜੰਮਣ ਵਾਲਾ ਨਾਲੇ ਇਲਮ ਪੜ੍ਹਨ ਦਾ
ਨਾਲੇ ਸੂਰਤ ਦੀ ਤਕ ਮੂਰਤ ਗ਼ਮ ਦੀ ਅੱਗ ਸੜਨ ਦਾ

ਮੂਰਤ ਉੱਤੇ ਆਸ਼ਿਕ ਹੋਣਾ ਸ਼ਹਿਜ਼ਾਦੇ ਦਾ ਸਾਰਾ
ਯੱਕ-ਬ-ਯੱਕ ਸੁਣਾਇਆ ਮਲਿਕਾ ਸਫ਼ਰ ਕਜ਼ੀਆ ਭਾਰਾ

ਕਲਮੇ ਲਫ਼ਜ਼ ਬਹੁੰ ਖ਼ੁਸ਼ ਨੁਕਤੇ ਨਾਲ਼ ਤਲਾਜ਼ਮੀਆਂ ਦੇ
ਮਲਿਕਾ ਦੁਰ ਪਰੋਤੇ ਵਾਂਙੂ ਭਲਿਆਂ ਆਦਮੀਆਂ ਦੇ

ਨਾਲ਼ ਅਦਾ ਕਲਾਮ ਰਸੀਲੀ ਖ਼ੁਸ਼ ਖ਼ੁਸ਼ ਸੁਖ਼ਨ ਅਲਾਏ
ਲਅਲ ਜ਼ਮੁੱਰਦ ਮਿਸਲ ਮੁਹੰਮਦ ਕੰਨ ਪਰੀ ਦੇ ਪਾਏ

ਮੁਢੋਂ ਕਿੱਸਾ ਟੋਰ ਲਿਆਂਦਾ ਜ਼ਰਾ ਜ਼ਰਾ ਕਰ ਸਾਰਾ
ਬਾਗ਼ ਮੇਰੇ ਵਿਚ ਉਹ ਸ਼ਹਿਜ਼ਾਦਾ ਹੈ ਗ਼ਰੀਬ ਬੇਚਾਰਾ

ਸ਼ਾਹ-ਪਰੀ ਫ਼ੁਰਮਾਂਦੀ ਮਲਿਕਾ ਪੁੱਛ ਸ਼ਹਿਜ਼ਾਦੇ ਤਾਈਂ
ਦੁਨੀਆਂ ਉੱਤੇ ਸੂਰਤ ਕਿਹੜੀ ਇਸ ਮੂਰਤ ਦੀ ਸਾਈਂ

ਕਿਹੜੇ ਸ਼ਹਿਰ ਵਲਾਇਤ ਰਹਿੰਦੀ ਸੂਰਤ ਉਸ ਦਿਲਬਰ ਦੀ
ਪੁੱਟਿਆ ਜਿਸ ਨੇ ਇਹ ਸ਼ਹਿਜ਼ਾਦਾ ਰੌਣਕ ਮੁਲਕ ਮਿਸਰ ਦੀ

ਔਤਰ ਥੀਂ ਸਨ ਸੌਤਰ ਹੋਏ ਬਾਬਲ ਮਾਈ ਉਸ ਦੀ
ਸੌਤਰ ਥੀਂ ਮੁੜ ਔਤਰ ਕੀਤੇ ਬੁਰੀ ਜੁਦਾਈ ਉਸ ਦੀ

ਐਸੀ ਜ਼ਾਲਿਮ ਕਹਿਰ ਕੁਨਿੰਦੀ ਹੈ ਕੋਈ ਜਾਈ ਕਿਸ ਦੀ
ਸੈਫ਼-ਮਲੂਕ ਸ਼ਹਿਜ਼ਾਦੇ ਡਿੱਠੀ ਸੋਹਣੀ ਮੂਰਤ ਜਿਸਦੀ ।(੪੫੪੦)

ਗਰਦ ਕੀਤਾ ਜਿਸ ਮਰਦ ਅਜੇਹਾ ਫ਼ਰਦ ਹੋਇਆ ਛੱਡ ਸ਼ਾਹੀ
ਸੀਨੇ ਸਾਨ ਚੜ੍ਹਾਈਆਂ ਨੈਣਾਂ ਸਖ਼ਤ ਕਟਾਰੀ ਵਾਹੀ

ਫਿਰੇ ਦੁਆਲੇ ਬੰਦ ਸਿਪਾਹੀ ਮੁਲਕੋ ਮੁਲਕ ਉਦਾਸੀ
ਕਿਸਦੇ ਇਸ਼ਕ ਮੁਹਾਰਾਂ ਫੜਿਆ ਕਿਧਰ ਹਿਕੱਲਾ ਜਾਸੀ

ਸੂਰਤ ਦਾ ਕੁੱਝ ਪਤਾ ਲਗਾਸੁ ਯਾ ਕੋਈ ਸੁਖ ਸੁਨੇਹਾ
ਯਾ ਉਮੀਦ ਸੱਜਣ ਦੀ ਉੱਤੇ ਐਵੇਂ ਰੁੜ੍ਹਦਾ ਰਿਹਾ

ਐਸਾ ਦਿਲਬਰ ਕੌਣ ਕੋਈ ਹੈ ਅਜ਼ਗ਼ੈਬੋਂ ਦਿਲ ਖੱਸੇ
ਅੱਖੀਂ ਨਜ਼ਰ ਨਾ ਪਵੇ ਮੁਹੰਮਦ ਕੋਲ ਘਰੇ ਵਿਚ ਵੱਸੇ

ਮਲਿਕਾ ਕਹਿੰਦੀ ਭੈਣੇ ਤੈਨੂੰ ਤੱਤੀ ਵਾਅ ਨਾ ਲੱਗੇ
ਸੈਫ਼-ਮਲੂਕੇ ਥੀਂ ਇਹ ਗੱਲਾਂ ਪੁਛ ਲਈਆਂ ਮੈਂ ਅੱਗੇ

ਜਿਸ ਸੂਰਤ ਦਾ ਇਸ਼ਕ ਸ਼ਹਿਜ਼ਾਦੇ ਮੈਂ ਉਹ ਡਿੱਠੀ ਹੋਈ
ਅੱਜ ਇਸ ਮਜਲਿਸ ਸਾਡੀ ਅੰਦਰ ਹਾਜ਼ਿਰ ਦਿਸਦੀ ਸੋਈ

ਜਿਸ ਜਾਈ ਉਹ ਮੂਰਤ ਲਿਖੀ ਹਰ ਹਰ ਐਬੋਂ ਖ਼ਾਲੀ
ਨਾਮ ਉਹਦਾ ਭੀ ਲਿਖਿਆ ਓਥੇ ਕਲਮ ਕਾਰੀਗਰ ਵਾਲੀ

ਸੋਹਣੀ ਸੂਰਤ ਜੋ ਮਨ ਖਸਦੀ ਵਸਦੀ ਵਿਚ ਦਿਲਾਂ ਦੇ
ਕੋਲ ਬਹੇ ਤਾਂ ਬੋਲ ਨਾ ਦੱਸੇ ਭੇਤ ਨਾ ਕਰਦੀ ਵਾਂਦੇ

ਖ਼ੂਬ ਸ਼ਕਲ ਮਹਿਬੂਬ ਸੱਜਣ ਦੀ ਕਰੇ ਗ਼ਰੀਬ ਨਿਵਾਜ਼ੀ
ਖ਼ੂਨੀ ਨਿਅਮਤ ਆਸ਼ਿਕ ਤਾਈਂ ਦਏ ਦਨਾ-ਦਨ ਤਾਜ਼ੀ

ਜਾਦੂਗਰ ਦੋ ਨੈਣ ਲੁਟੇਰੇ ਦਿਲ ਨੂੰ ਮਾਰਨ ਵਾਲੇ
ਲਅਲ ਲਬਾਂ ਪਰ ਆਬ ਹਯਾਤੋਂ ਭਰ ਭਰ ਦੇਣ ਪਿਆਲੇ ।(੪੫੫੦)

ਬਾਦਸ਼ਾਹਾਂ ਨੂੰ ਤਖ਼ਤੋਂ ਸੁੱਟਣ ਕਰਨ ਗ਼ਰੀਬ ਨਿਮਾਣੇ
ਤਾਜ ਗ਼ਰੀਬਾਂ ਦੇ ਸਿਰ ਰੱਖਣ ਵਾਹ ਮਹਿਬੂਬ ਸਿਆਣੇ

ਆਪੇ ਲੁੱਟਣ ਆਪੇ ਮਾਰਨ ਆਪੇ ਜ਼ਿਬ੍ਹਾ ਕਰੇਂਦੇ
ਆਪ ਨਿਵਾਜ਼ਣ ਮਹਿਰਮ ਕਰ ਕੇ ਸਿਰ ਪਰ ਤਾਜ ਧਰੇਂਦੇ

ਆਪੇ ਪਾੜਨ ਆਪੇ ਸੀਵਣ ਆਪੇ ਲਾਇ ਬੁਝਾਵਣ
ਆਪ ਉਜਾੜਨ ਸ਼ਹਿਰ ਦਿਲਾਂ ਦੇ ਆਪੇ ਫੇਰ ਵਸਾਵਣ

ਆਪ ਦੁਖਾਵਣ ਦੁਖੀਏ ਤਾਈਂ ਆਪ ਕਰਨ ਗ਼ਮਖ਼ਾਰੀ
ਆਪ ਹਬੀਬ ਤਬੀਬ ਦਿਲਾਂ ਦੇ ਦਾਰੂ ਦੇਣ ਅਜ਼ਾਰੀ

ਸੂਰਤ ਦਿਲਬਰ ਤੇ ਜਿੰਦ ਪਰਵਰ ਸੁਣ ਤੂੰ ਬੀਬੀ ਰਾਣੀ
ਤੇਰੇ ਬਾਝ ਨਹੀਂ ਹੋਰ ਦੂਜੀ ਤੂੰ ਘਟ ਵਿਚ ਸਮਾਣੀ

ਹਾਲ ਹਕੀਕਤ ਆਸ਼ਿਕ ਵਾਲੀ ਅਰਜ਼ ਕਰਾਂ ਮੈਂ ਸਾਰੀ
ਜਿਵੇਂ ਸ਼ਹਿਨਸ਼ਾਹ ਫ਼ੁਰਮਾਵੇ ਹੁਕਮ ਹੋਵੇ ਸਰਕਾਰੀ

ਸੱਦ ਨਜੂਮੀ ਹਾਲ ਹਕੀਕਤ ਉਸ ਫਟੇ ਦਿਲ ਮਰਦੋਂ
ਅੱਜ ਦਿਨ ਪੁੱਛ ਲਈਂ ਮੱਤ ਭਲਕੇ ਮਰ ਵੰਞੇਂ ਇਸ ਦਰਦੋਂ

ਤੁਧ ਪੁੱਛੀ ਗੱਲ ਦੱਸਣੀ ਆਈ ਨਹੀਂ ਤੇਰੇ ਥੀਂ ਡਰੀਏ
ਇਸ ਮੂਰਤ ਦੀ ਸੂਰਤ ਤੂੰਹੇਂ ਹੇ ਭੈਣੇ ਸ਼ਾਹ ਪਰੀਏ

ਸੈਫ਼-ਮਲੂਕੇ ਦੀ ਠੱਗ ਤੂੰਹੇਂ ਲੁੱਟ ਲਿਆ ਜਿਸ ਰਾਹੀ
ਦੂਰੋਂ ਬੈਠੀ ਨੇ ਛਿਕ ਆਂਦਾ ਘੱਤ ਇਸ਼ਕੋਂ ਗਲ ਫਾਹੀ

ਡੇਰੇ ਤੇਰੇ ਦੇ ਦਰ ਉੱਤੇ ਢੱਠਾ ਆਣ ਬਦੇਸੀ
ਜਾਣ ਜਹਾਨ ਘੁਮਾ ਸੱਜਣ ਤੋਂ ਸਿਰ ਕੁਰਬਾਨ ਕਰੇਸੀ ।(੪੫੬੦)

ਮੂਰਤ ਤੇਰੀ ਕਮਲਾ ਕੀਤਾ ਦਾਨਿਸ਼ਮੰਦ ਸਿਆਣਾ
ਸ਼ਹਿਨਸ਼ਾਹ ਮਿਸਰ ਦਾ ਵਾਲੀ ਦਰ ਦਰ ਫਿਰੇ ਨਿਮਾਣਾ

ਓੜਕ ਆਣ ਤੇਰੇ ਦਰ ਢੱਠਾ ਕਰ ਕਰ ਬਹੁਤਾ ਹੀਆ
ਭਲਾ ਕਰੇ ਰੱਬ ਤੇਰਾ ਬੀਬੀ ਸਾਰ ਸ਼ੁਹਦੇ ਦੀ ਲਈਆ

ਸ਼ਾਹ-ਪਰੀ ਫਿਰ ਹੱਸ ਕੇ ਕਹਿੰਦੀ ਸੁਣ ਮਲਿਕਾ ਗ਼ਮਖ਼ਾਰੇ
ਆਪਣੇ ਮੂੰਹੋਂ ਬਣਾਵੇਂ ਗੱਲਾਂ ਜੋੜ ਮਸੌਦੇ ਸਾਰੇ

ਉਹ ਕਿੱਥੇ ਮੈਂ ਕਿੱਥੇ ਆਹੀ ਸੈ ਕੋਹਾਂ ਦੀਆਂ ਵਿੱਥਾਂ
ਜੋੜ ਮਜ਼ਾਖ਼ ਅਵੱਲੇ ਭੈਣੇ ਕਰੇਂ ਨਿਕੰਮੀਆਂ ਝਿੱਥਾਂ

ਨਾਰੀ ਨਾਰ ਪਰੀ ਮੈਂ ਬੰਦੀ ਉਹ ਹੈ ਆਦਮ ਖ਼ਾਕੋ
ਮੇਰੀ ਉਸ ਦੀ ਨਿਸਬਤ ਕੀਕਰ ਨਾ ਕਰ ਗੱਲ ਇਸ ਸਾਕੋਂ

ਆਦਮੀਆਂ ਦਾ ਕੰਮ ਹਮੇਸ਼ਾ ਬੇਵਫ਼ਾਈ ਕਰਦੇ
ਅੱਵਲ ਲਾ ਪਰੀਤ ਪਿਆਰੇ ਅਕਸਰ ਬਾਜ਼ੀ ਹਰ ਦੇ

ਮਹਿਬੂਬਾਂ ਦਾ ਨਿਹੁੰ ਲਗਾਵਣ ਕਰ ਕਰ ਮਕਰ ਭੁਲਾਵਣ
ਜਾਂ ਦਿਲਦਾਰ ਮਿਲੇ ਗਲ ਲਾਵੇ ਝਬਦੇ ਹੀ ਰੱਜ ਜਾਵਣ

ਠੱਗੀ ਦਗ਼ੇ ਫ਼ਰੇਬ ਬਤੇਰੇ ਕਰਦੇ ਨਾਲ਼ ਸੱਈਆਂ ਦੇ
ਜਾਂ ਦਿਲ ਵੱਸ ਕਰਨ ਤਾਂ ਪਾਵਣ ਭੱਸ ਸਿਰ ਵੱਸ ਪਈਆਂ ਦੇ

ਪਰੀਆਂ ਨਾਲੋਂ ਹੋਰ ਤਰ੍ਹਾਂ ਦਾ ਆਦਮੀਆਂ ਦਾ ਚਾਲਾ
ਇਹ ਦੋ ਜਿਨਸਾਂ ਵੱਖੋ ਵੱਖੀ ਰਲ਼ਾ ਨਾ ਨਿਸਬਤ ਵਾਲਾ

ਪਰੀਆਂ ਦਾਇਮ ਲੋਕ ਵਫ਼ਾਈ ਪਾਲਣ ਕੌਲ ਜ਼ਬਾਨੀ
ਜਾਨੀ ਨਾਲੋਂ ਉੱਤਮ ਜਾਨਣ ਜਿਸ ਨੂੰ ਆਖਣ ਜਾਨੀ ।(੪੫੭੦)

ਸਾਡੇ ਭਾਣੇ ਆਦਮੀਆਂ ਦੀ ਯਾਰੀ ਬਹੁਤ ਨਿਕਾਰੀ
ਆਸ਼ਿਕ ਬਣ ਬਦਨਾਮ ਕਰੇਂਦੇ ਵਿਚ ਵਲਾਇਤ ਸਾਰੀ

ਜਾਂ ਮਾਸ਼ੂਕ ਪਿਆਰਾ ਲੱਭੇ ਰੱਜ ਰੱਜ ਲੈਣ ਕਲਾਵੇ
ਇਸ ਨਿਅਮਤ ਦਾ ਕਦਰ ਨਾ ਜਾਨਣ ਕੋਈ ਵਿਰਲਾ ਮੁੱਲ ਪਾਵੇ

ਮਲਿਕਾ-ਖ਼ਾਤੂੰ ਬਦਰਾ-ਖ਼ਾਤੂੰ ਬੱਧੇ ਹੱਥ ਸ਼ਿਤਾਬੀ
ਮਿੰਨਤ ਕਰਕੇ ਸ਼ਾਹ-ਪਰੀ ਵੱਲ ਹੋਈਆਂ ਫੇਰ ਜਵਾਬੀ

ਤੇਰੀ ਸਾਡੀ ਮਿਹਰ ਮੁਹੱਬਤ ਗੂੜ੍ਹਾ ਭਾਈਚਾਰਾ
ਬਹੁਤ ਪਿਆਰਾ ਮਿੱਠਾ ਕੁੜੀਏ ਹੱਦੋਂ ਬੇਸ਼ੁਮਾਰਾ

ਅਸਾਂ ਸ਼ਹਿਜ਼ਾਦੇ ਨਾਲ਼ ਪਕਾਏ ਪੱਕੇ ਕੌਲ ਅਗੇਰੇ
ਅੱਲ੍ਹਾ ਭਾਵੇ ਮੇਲ਼ ਦਿਆਂਗੇ ਸ਼ਾਹ-ਪਰੀ ਸੰਗ ਤੇਰੇ

ਹੱਥ ਤੇਰੇ ਹੁਣ ਲਾਜ ਅਸਾਡੀ ਬੋਲ ਕਰੀਂ ਉਹ ਸੱਚੇ
ਨਹੀਂ ਤਾਂ ਅਸੀਂ ਕਿਆਮਤ ਤੋੜੀ ਉਸ ਵੱਲੋਂ ਹਾਂ ਕੱਚੇ
ਅਸੀਂ ਭੀ ਇਥੇ ਸ਼ਾਹ ਮੁਲਕ ਦੇ ਉਹ ਸ਼ਾਹ ਮਿਸਰ ਸ਼ਹਿਰ ਦਾ
ਦੂਜਾ ਉਸ ਵਡਿਆਈ ਕੀਤੀ ਜੈਸੀ ਕੋਈ ਨਾ ਕਰਦਾ

ਉਸ ਸ਼ਰੀਕ ਭਰਾ ਸੱਜਣ ਥੀਂ ਕਰੀਂ ਨਹੀਂ ਸ਼ਰਮਿੰਦੇ
ਰੱਖ ਲਈਂ ਪੱਤ ਸਾਡੀ ਏਥੋਂ ਸ਼ਾਹ ਪਰੀਏ ਦਿਲ ਜਿੰਦੇ

ਸਾਫ਼ ਜਵਾਬ ਪਰੀ ਨੇ ਦਿੱਤਾ ਸੁਣ ਤੂੰ ਮਲਿਕਾ-ਖ਼ਾਤੂੰ
ਨਾ ਮਹਿਰਮ ਨੂੰ ਮੂੰਹ ਨਾ ਦਿੱਸਾਂ ਇਸ ਗੱਲੋਂ ਬਾਜ਼ ਆ ਤੂੰ

ਮੈਂ ਕੋਈ ਲੰਡੀ ਉਚੱਕੀ ਨਾਹੀਂ ਮਾਂ ਪਿਓ ਮੇਰੇ ਕੇਹੇ
ਰਾਹੀਆਂ ਨਾਲ਼ ਕਰਾਵੇਂ ਯਾਰੀ ਛੋੜ ਖ਼ਿਆਲ ਅਜੇਹੇ ।(੪੫੮੦)

ਸ਼ਾਨ ਮੇਰੀ ਦੀ ਲਾਇਕ ਜਾਤੋਈ ਉਹ ਮੁਸਾਫ਼ਰ ਕੋਈ
ਗਲੀਏਂ ਰਲਦਿਆਂ ਨੂੰ ਮੂੰਹ ਦਿਸਾਂ ਲਾਹ ਸ਼ਰਮ ਦੀ ਲੋਈ

ਕੀ ਦੀਦਾਰ ਮੇਰਾ ਤੱਕ ਸਕਸੀ ਉਹ ਗ਼ਰੀਬ ਬੇਚਾਰਾ
ਨਾਲਾਇਕ ਨੂੰ ਕਿਉਂ ਦਿਸਾਲਾਂ ਜੋਬਨ ਅਪਰ ਅਪਾਰਾ

ਇਹੋ ਕਦਰ ਮੇਰਾ ਤੁਧ ਪਾਇਆ ਵਾਹ ਮਲਿਕਾ ਵਾਹ ਮਲਿਕਾ
ਐਸੇ ਵੈਸੇ ਨੂੰਕਦ ਮਿਲਸੀ ਰੂਪ ਮੇਰੇ ਦਾ ਝਲਕਾ

ਚੂਰ ਹੋਵੇ ਕੋਹ ਤੂਰ ਨਾ ਝੱਲੇ ਨੂਰ ਹਜ਼ੂਰੋਂ ਝਾਤੀ
ਲਣਤਰਾਣੀ ਆਖ ਉਸ ਤਾਈਂ ਹੋ ਰਹੋ ਚੁੱਪ ਚੱਪਾਤੀ

ਅਰਨੀ ਅਰਨੀ ਬੋਲੇ ਨਾਹੀਂ ਖਹਿੜਾ ਸਾਡਾ ਛੱਡੇ
ਨਾ ਮਹਿਰਮ ਦੀਦਾਰ ਨਾ ਪਾਸੀ ਲੱਖ ਚਲੀਹੇ ਕੱਢੇ

ਮਾਂ ਮਲਿਕਾ ਦੀ ਸੁਣਦੀ ਆਹੀ ਸ਼ਾਹ-ਪਰੀ ਦੀਆਂ ਗੱਲਾਂ
ਦਿਲ ਵਿਚ ਫ਼ਿਕਰ ਕੀਤੋਓਸੁ ਹੁਣ ਮੈਂ ਭੀ ਕਰਨ ਹਿਮਾਇਤ ਚੱਲਾਂ

ਹੱਸਦੀ ਹੱਸਦੀ ਅੰਦਰ ਆਈ ਕਹਿਓਸੁ ਸ਼ਾਹ-ਪਰੀ ਨੂੰ
ਹੇ ਬੇਟੀ ਮੰਨ ਲਈਂ ਨਾ ਮੋੜੇਂ ਸਾਡੀ ਅਰਜ਼ ਧਰੀ ਨੂੰ

ਕੀ ਹੋਇਆ ਜੇ ਮਲਿਕਾ ਪਿੱਛੇ ਹਿਕ ਵਾਰੀ ਮੂੰਹ ਦਿਸੇਂ
ਸਰ ਸੁੱਕੇ ਮੱਛ ਮਰਦੇ ਉੱਤੇ ਸਾਵਣ ਬਦਲੀ ਵੱਸੇਂ

ਚਿਰੀਂ ਵਿਛੁੰਨੀ ਮਲਿਕਾ-ਖ਼ਾਤੂੰ ਫਿਰ ਤੈਨੂੰ ਰੱਬ ਮੇਲੀ
ਉਸ ਸ਼ਹਿਜ਼ਾਦੇ ਕੱਢੀ ਕੈਦੋਂ ਫਾਥੀ ਜਾਨ ਇਕੇਲੀ

ਮਲਿਕਾ ਨੇ ਇਸ ਕੈਦੇ ਅੰਦਰ ਕੁਲ ਇਕਰਾਰ ਪਕਾਏ
ਤੇਰੇ ਨਾਲ਼ ਮਿਲਾਣਾ ਕੀਤੋਸੁ ਤਾਂ ਦੋਏੇ ਰਲ਼ ਆਏ ।(੪੫੯੦)

ਮਲਿਕਾ ਨੇ ਸੰਗ ਉਸ ਦੇ ਕੀਤੀਆਂ ਸ਼ਰਤਾਂ ਕਸਮ ਸੌਗੰਦਾਂ
ਤਾਂ ਉਸ ਨੇ ਕੱਢ ਆਂਦਾ ਓਥੋਂ ਤੋੜ ਅਜੇਹਾਂ ਬੰਦਾਂ

ਤਾਹੀਂ ਮੁੜ ਮੁੜ ਤੇਰੇ ਅੱਗੇ ਕਰੇ ਸਵਾਲ ਬਤੇਰੇ
ਕਿਵੇਂ ਏਸ ਗੱਲੋਂ ਰਹਿ ਆਵੇ ਸ਼ਰਮ ਉਹਦੀ ਹੱਥ ਤੇਰੇ

ਬਦਰਾ ਤਾਈਂ ਕਹੇਂ ਸਹੇਲੀ ਮੈਨੂੰ ਭੀ ਮਾਂ ਮਾਤਾਂ
ਅਸਾਂ ਦੋਹਾਂ ਦੀ ਭੀ ਇਹ ਖ਼ਵਾਹਿਸ਼ ਮਨ ਧੀਏ ਸੁਣ ਬਾਤਾਂ

ਕਦੇ ਸਵਾਲ ਨਾ ਕੀਤਾ ਤੈਂਥੀਂ ਅਸਾਂ ਦੋਹਾਂ ਭੀ ਅੱਗੇ
ਕੀ ਹੋਇਆ ਇਕ ਗੱਲ ਮੰਨੇਂਗੀ ਬੁਰੀ ਤੈਨੂੰ ਕਿਉਂ ਲੱਗੇ

ਕਹੇਂ ਮੁਸਾਫ਼ਰ ਰਾਹੀ ਉਸ ਨੂੰ ਨਾਲਾਇਕ ਬੇਚਾਰਾ
ਮਿਸਰ ਸ਼ਹਿਰ ਦਾ ਨਹੀਂ ਸ਼ਹਿਜ਼ਾਦਾ ਲਾਲਾਂ ਦਾ ਬਣਜਾਰਾ

ਬਾਦਸ਼ਾਹੀ ਛੱਡ ਆਇਆ ਨਾਹੀਂ ਤੇਰੇ ਕਾਰਨ ਬਦੇਸੀਂ
ਐਡੀ ਅਤ ਨਾ ਚੰਗੀ ਧੀਏ ਕਿਉਂ ਦੀਦਾਰ ਨਾ ਦੇਸੀਂ

ਘਰ ਦਰ ਮਾਪੇ ਭੈਣਾਂ ਭਾਈ ਤਖ਼ਤ ਵਲਾਇਤ ਸੱਟ ਕੇ
ਹਾਹੋ ਨੀਰ ਸਮੁੰਦਰ ਠਿਲ੍ਹਾ ਲੈਣ ਇਸ਼ਕ ਦੇ ਲਟਕੇ

ਬੇ ਅੰਦਾਜ਼ ਜਹਾਜ਼ ਰੁੜ੍ਹਾਇਓਸੁ ਬਾਜ਼ ਨਾ ਆਇਆ ਇਸ਼ਕੋਂ
ਜਰਮ ਗਵਾਇਓਸੁ ਕਦਰ ਘਟਾਇਓਸੁ ਕੀ ਫਲ ਪਾਇਆ ਇਸ਼ਕੋਂ

ਐਸ਼ਾਂ ਸੱਟੀਆਂ ਕਿਦਾਂ ਕੱਟੀਆਂ ਕੀਤੀਆਂ ਚੌੜ ਤਰੱਟੀਆਂ
ਤੁਧ ਪਿੱਛੇ ਉਹ ਪਰਬਤ ਕੱਛੇ ਵਾਹ ਦਿੱਤੀਆਂ ਤੁਧ ਖੱਟੀਆਂ

ਬਾਪ ਤੇਰੇ ਥੀਂ ਬਾਪ ਉਹਦਾ ਭੀ ਘੱਟ ਨਹੀਂ ਸ਼ਹਿਜ਼ਾਦਾ
ਕਿਉਂ ਅਪਣਾ ਮੁਲ ਪਾਵੇਂ ਧੀਏ ਉਸ ਥੀਂ ਬਹੁਤ ਜ਼ਿਆਦਾ ।(੪੬੦੦)

ਲਾਇਕ ਕਦਰ ਤੇਰੇ ਦੇ ਕਿਹੜਾ ਉਸ ਥੀਂ ਹੋਰ ਉਚੇਰਾ
ਉਹ ਸ਼ਾਹਾਂ ਦਾ ਸ਼ਾਹ ਹੈ ਧੀਏ ਹਰ ਕੋਈ ਉਸਦਾ ਚੇਰਾ

ਕੀ ਹੋਇਆ ਅੱਜ ਇਸ਼ਕ ਤੇਰੇ ਨੇ ਹੌਲਾ ਕੀਤਾ ਕੱਖੋਂ
ਬਾਪ ਉਹਦੇ ਥੀਂ ਮੰਗਿਆ ਲੋੜੇਂ ਵਾਲ਼ ਨਾ ਦੇਵੇ ਲੱਖੋਂ

ਹਿਕ ਵਾਰੀ ਦੀਦਾਰ ਦਿੱਸਣ ਥੀਂ ਸ਼ਾਨ ਕਰੇਂ ਸ਼ਰਮਾਂਦੀ
ਰੱਬ ਡਾਢਾ ਤੱਕ ਐ ਧੀਏ ਲਿਖੀ ਕੀ ਕਰਮਾਂ ਦੀ

ਦੇ ਦੀਦਾਰ ਹਿਕ ਵਾਰ ਸ਼ਹਿਜ਼ਾਦੇ ਪਾਲ਼ ਇਕਰਾਰ ਅਸਾਡੇ
ਬੋਲਣ ਜੋਗੇ ਤਾਹੀਏਂ ਹੋਈਏ ਲਹਿਣ ਉਧਾਰ ਅਸਾਡੇ

ਜੋ ਉਸ ਨਾਲ਼ ਅਸਾਡੇ ਕੀਤੀ ਕਿਸੇ ਤਰ੍ਹਾਂ ਨਹੀਂ ਮੁੱਕਦੀ
ਤੂੰ ਹਿਕ ਵਾਰੀ ਮੁੱਖ ਵਿਖਾਵੇਂ ਤਾਂ ਇਹ ਚਿੰਤਾ ਚੁੱਕਦੀ

ਸ਼ਾਹ-ਪਰੀ ਫ਼ੁਰਮਾਂਦੀ ਮਾਈਏ ਕੀ ਤੁਸਾਡੀ ਮਰਜ਼ੀ
ਪਰੀਆਂ ਖ਼ਬਰ ਹੋਈ ਤਾਂ ਲਿਖਸਣ ਬਾਪ ਮੇਰੇ ਵੱਲ ਅਰਜ਼ੀ

ਬੇਟੀ ਤੇਰੀ ਹੁਲੀ ਕੁਲੱਛਣ ਆਦਮੀਆਂ ਮੂੰਹ ਲਾਂਦੀ
ਮਰਦ ਬੇਗਾਨੇ ਨਾਲ਼ ਯਰਾਨੇ ਇਸ਼ਕ ਕਮਾਵਣ ਜਾਂਦੀ

ਜਾਂ ਸ਼ਾਹਪਾਲ ਸੁਣੀ ਗੱਲ ਐਸੀ ਭੜਕ ਲਗੋਸੁ ਸੀਨੇ
ਜਲਦੀ ਮੈਨੂੰ ਮਾਰ ਗਵਾਏ ਨਾਲੇ ਇਸ ਮਿਸਕੀਨੇ

ਯਾ ਮੁਝ ਕੈਦ ਰੱਖੇ ਵਿਚ ਘਰ ਦੇ ਬੰਦ ਕਰੇ ਉਸ ਪਾਸੋਂ
ਨਾਲ਼ ਤੁਸਾਡੇ ਮਿਲਣ ਨਾ ਦੇਵੇ ਜਾਣ ਬੁਰੇ ਵਿਸਵਾਸੋਂ

ਮੌਤੇ ਨਾਲੋਂ ਸਖ਼ਤ ਵਿਛੋੜਾ ਬਿਨ ਬਦਰਾ ਕਦ ਜਾਲਾਂ
ਐਡ ਕਜ਼ੀਏ ਸੁਝਦੇ ਮਾਏ ਕੀਕਰ ਮੁੱਖ ਦਿਸਾਲਾਂ ।(੪੬੧੦)

ਪਰੀਆਂ ਨਾਲ਼ ਮੇਰੇ ਜੋ ਆਈਆਂ ਭਿਣਕ ਪਈ ਜੇ ਉਨ੍ਹਾਂ
ਪਲ ਵਿਚ ਉਸਨੂੰ ਕਰਨ ਅਜ਼ਾਈਂ ਗ਼ਜ਼ਬ ਕਹਿਰ ਦਾ ਜਿਨ੍ਹਾਂ

ਲਹੂ ਮੇਰੇ ਨਹਾਉ ਨਾਹੀਂ ਮਲਿਕਾ ਬਦਰਾ ਮਾਈ
ਬਾਬਲ ਬਾਬ ਬੁਰਾ ਕਰ ਮਾਰੇ ਜੇ ਉਹ ਸੁਣੇ ਖ਼ਤਾਈ

ਮਾਈ ਕਹਿੰਦੀ ਸੁਣ ਨੀ ਧੀਏ ਬਾਪ ਤੇਰੇ ਸ਼ਾਹਪਾਲੇ
ਇਲਮ ਕਲਾਮ ਕਿਤਾਬਾਂ ਪੜ੍ਹੀਆਂ ਗ਼ੈਬੀ ਖ਼ਬਰ ਦਸਾਲੇ

ਲਿਖੇ ਆਪਣੇ ਵਿਚ ਉਨ੍ਹਾਂ ਨੇ ਇਹ ਗੱਲ ਡਿੱਠੀ ਹੋਸੀ
ਆਦਮੀਏਂ ਸੰਗ ਧੀ ਮੇਰੀ ਦੀ ਕਿਸਮਤ ਉੱਘੜ ਖਲੋਸੀ

ਲੇਖ ਅੱਵਲ ਦੇ ਵਾਚ ਧਿੰਙਾਣੇ ਫਿਰ ਕਿਉਂ ਗ਼ੁੱਸਾ ਖਾਸੀ
ਕੀ ਧਰ ਦੋਸ਼ ਤੇਰੇ ਸਿਰ ਬੇਟੀ ਮੰਦਾ ਹਾਲ ਕਰਾਸੀ

ਫੇਰ ਬਦੀਅ-ਜਮਾਲ ਪਰੀ ਨੇ ਕੀਤੀ ਚੁੱਪ ਜਵਾਬੋਂ
ਮਾਉ ਧੀਆਂ ਚੁੱਪ ਹੋਈਆਂ ਸੱਭੋ ਗੱਲ ਠੱਪੀ ਇਸ ਬਾਬੋਂ

ਜਾਂ ਕੋਈ ਸਾਇਤ ਗੁਜ਼ਰੀ ਐਵੇਂ ਸ਼ਾਹ-ਪਰੀ ਫਿਰ ਉੱਠੀ
ਜਾਗੇ ਤਾਲਿਅ ਨੀਯਤ ਪਈਆਂ ਦੇ ਆਸ਼ਿਕ ਦੇ ਵੱਲ ਤਰੁੱਠੀ

ਆਇਆ ਰੱਬ ਕਰੀਮੀ ਉੱਤੇ ਪਈ ਕਬੂਲ ਯਤੀਮੀ
ਬੇ ਮਿਹਰਾਂ ਰਲ਼ ਮਿਹਰਾਂ ਪਾਈਆਂ ਵਾਹ ਵਾਹ ਸਿਫ਼ਤ ਰਹੀਮੀ

ਜਿਸ ਵੇਲੇ ਰੱਬ ਮਿਹਰੀਂ ਆਵੇ ਢਿੱਲ ਨਾ ਲਗਦੀ ਮਾਸਾ
ਵਤੁਅੱਜ਼ੁ ਮਨ ਤਸ਼ਾਇ ਵਾਹ ਵਾਹ ਉਸ ਦਾ ਪਾਸਾ

ਖੂਹ ਪਿਆ ਹੋ ਲੌਂਡਾ ਵਿਕਿਆ ਪੈਗ਼ੰਬਰ ਕਿਨਆਨੀ
ਬਾਰਾਂ ਬਰਸਾਂ ਦੀ ਕੱਢ ਕੈਦੋਂ ਤੁਰਤ ਦਿੱਤੀ ਸੁਲਤਾਨੀ ।(੪੬੨੦)

ਨਾਰੋਂ ਚਾ ਗੁਲਜ਼ਾਰ ਬਣਾਇਆ ਇਬਰਾਹੀਮ ਨਬੀ ਤੇ
ਗਿਣਤਰ ਕੀ ਮੁਹੰਮਦ ਬਖਸ਼ਾ ਕਰਦਾ ਲੁਤਫ਼ ਸਭੀ ਤੇ

ਸ਼ਾਹ-ਪਰੀ ਉਠ ਆਖਣ ਲੱਗੀ ਮਲਿਕਾ-ਖ਼ਾਤੂੰ ਤਾਈਂ
ਆ ਇਸ ਬਾਗ਼ ਤੇਰੇ ਦੇ ਅੰਦਰ ਚੱਲੀਏ ਸੈਰ ਹਵਾਈਂ

ਮਲਿਕਾ ਦੇ ਦਿਲ ਖ਼ੁਸ਼ੀਆਂ ਹੋਇਆ ਮੌਲਾ ਆਸਾਂ ਲਾਈਆਂ
ਹਿਕ ਦੂਜੀ ਦੀ ਉਂਗਲ ਫੜ ਕੀ ਬਾਗ਼ੇ ਅੰਦਰ ਆਈਆਂ

ਟੁਰ ਟੁਰ ਸੈਰ ਕਰਨ ਵਿਚ ਬਾਗ਼ੇ ਫਿਰ ਫਿਰ ਲੈਣ ਹਵਾਈਂ
ਚੌਕ ਇਰਾਕ ਫੁਹਾਰੇ ਵੇਖਣ ਚਸ਼ਮੇ ਹੌਜ਼ ਸਰਾਈਂ

ਰੰਗ-ਮਹੱਲ ਚੁਬਾਰੇ ਧੌਲਰ ਭੋਰ੍ਹੇ ਬਾਰਾਂ ਦਰੀਆਂ
ਉਸ ਹਜ਼ੂਰੀ ਬਾਗ਼ੇ ਅੰਦਰ ਪਰ ਨਾ ਮਾਰਨ ਪਰੀਆਂ

ਸਬਜ਼ਾ ਵਾਂਗ ਪੋਸ਼ਾਕ ਖ਼ਿਜ਼ਰ ਦੀ ਪਾਕ ਹੋਇਆ ਜਲ਼ ਨੁਹਾਕੇ
ਫੁੱਲ ਗੁਲਾਬ ਸਿਕੰਦਰ ਵਾਂਗਰ ਬੈਠੇ ਤਖ਼ਤ ਸੁਹਾਕੇ

ਨਾਜ਼ ਆਜ਼ਾਦ ਸਹੀ ਸਲਾਮਤ ਝੂਲਣ ਸਰਵ ਖਲੋਤੇ
ਕਲੀਆਂ ਬੰਨ੍ਹ ਕਤਾਰਾਂ ਖੁਲ੍ਹੀਆਂ ਦੁੱਰਿ-ਯਤੀਮ ਪਰੋਤੇ

ਨਰਗਿਸ ਮਸਤ ਮੁਹੱਬਤ ਕੀਤਾ ਸ਼ਾਹ-ਪਰੀ ਦਿਆਂ ਨੈਣਾਂ
ਅਰਜ਼ ਕਰੇ ਸਿਰ ਕੱਢ ਸ਼ਿਗੂਫ਼ਾ ਮੈਂ ਭੀ ਦਰਸ਼ਨ ਲੈਣਾ

ਹੱਥ ਖਲ੍ਹਾਰ ਚਨਾਰ ਖਲੋਤੇ ਜ਼ਾਹਿਦ ਹਾਰ ਕਿਨਾਰੇ
ਕਰਨ ਦੁਆਈਂ ਮੌਲਾ ਸਾਈਂ ਪਰੀ ਦਿਖਾ ਕਰ ਮਾਰੇ

ਸੂਹਾ ਮੁੱਖ ਕੁਸ਼ਾਦਾ ਕਰ ਕੇ ਬਣ ਤਨ ਰੂਪ ਉਜਾਲ਼ਾ
ਵਿਚਲਾ ਦਾਗ਼ ਵਿਛੋੜੇ ਵਾਲਾ ਖੋਲ ਦੱਸੇ ਗੁਲ ਲਾਲਾ ।(੪੬੩੦)

ਕੇਲੇ ਖਲੇ ਅਕੇਲੇ ਝੂਲਣ ਸ਼ਾਹ-ਪਰੀ ਵੱਲ ਪੱਖੇ
ਆਖਣ ਠੰਢੇ ਹੋ ਕੇ ਖਾਓ ਚਰਖ਼ ਫਲੇ ਦੇ ਰੱਖੇ

ਉਠ ਉਠ ਨਿਮਦੀ ਸ਼ਾਖ਼ ਚੰਬੇ ਦੀ ਜਿਵੇਂ ਗੁਰੂ ਵੱਲ ਚੇਲਾ
ਗੁਲ ਅੱਬਾਸੀ ਮਾਰ ਅਵਾਸੀ ਕਹੇ ਨਸ਼ੇ ਦਾ ਵੇਲ਼ਾ

ਸ਼ਾਹ-ਪਰੀ ਮੁੱਖ ਦਿੱਸਣ ਲੱਗੀ ਭੁੱਖ ਚੁਕਸੀ ਸੁਖ ਪਾਸਾਂ
ਤਰੋਟਕ ਜਾਸੀ ਨਸ਼ਾ ਚੜ੍ਹੇਗਾ ਜਾਂ ਅੰਗ ਉਸ ਸੰਗ ਲਾਸਾਂ

ਰੰਗਾਰੰਗ ਬਹਾਰ ਫੁੱਲਾਂ ਦੀ ਜਿਉਂ ਕੁੜੀਆਂ ਵਿਚ ਮੀਲਾਂ
ਭਰ ਭਰ ਛੱਜ ਫੁੱਲਾਂ ਦੇ ਕੱਢਣ ਵੇਲਾਂ ਦੇਣ ਰਵੇਲਾਂ

ਸੰਭਲ ਸੁਰਤ ਪਰੀ ਵੱਲ ਤੱਕਦਾ ਸੁੰਬਲ ਖੁੱਲੇ ਵਾਲੀਂ
ਸਾਵਾ ਪੀਲ਼ਾ ਹੋ ਸਤਬਰਗਾ ਕਹਿੰਦਾ ਮੁੱਖ ਵਿਖਾਲੀਂ

ਉੱਚਾ ਹੋ ਸਫ਼ੈਦਾ ਨਾਜ਼ੁਕ ਤੱਕਦਾ ਰਾਹ ਪਰੀ ਦਾ
ਹਾਰ ਸ਼ਿੰਗਾਰ ਨਾ ਗਿਣਤਰ ਜੋਗਾ ਡਾਲ਼ੀ ਹਰੀ ਭਰੀ ਦਾ

ਸਿਉ ਸੁਆਦ ਦਾਰ ਖਲੋਤੇ ਨਾਖਾਂ ਮਿਸਰੀ ਜੇਹੀਆਂ
ਤਾਰਨ ਨਜ਼ਰਾਂ ਰੁੱਖ ਚਮਨ ਦੇ ਸੱਜਰੀਆਂ ਤੇ ਬੇਹੀਆਂ

ਚਾਈ ਅੰਬ ਖਲੋਤੇ ਡਾਲੀ ਅੰਬ ਗਏ ਸਨ ਭਾਰੋਂ
ਸ਼ਾਹ-ਪਰੀ ਰਸ ਚੂਪੇ ਸਾਡੀ ਯਾ ਖ਼ੁਸ਼ ਹੋਏ ਅਚਾਰੋਂ

ਖ਼ੂਬ ਖ਼ੁਬਾਨੀ ਸੀ ਰੰਗ ਰੱਤੀ ਦਾਗ਼ ਨਾ ਰੱਤੀ ਲੱਗਾ
ਸ਼ਾਖ਼ਾਂ ਲਟਕ ਜ਼ਿਮੀਂ ਪਰ ਆਈਆਂ ਮੱਲ ਪਰੀ ਦਾ ਅੱਗਾ

ਤਰਬੂਜ਼ੇ ਖ਼ਰਬੂਜ਼ੇ ਮਿੱਠੇ ਸਰਦੇ ਹਰੇ ਭਰੇ ਸਨ
ਗਲਗਲ ਚਿੱਟੇ ਖੱਟੇ ਮਿੱਠੇ ਨਿੰਬੂ ਸੰਗਤਰੇ ਸਨ ।(੪੬੪੦)

ਖਲੇ ਬਟੰਗ ਬੇਟੰਕ ਕਿਨਾਰੇ ਪੱਕ ਹੋਏ ਰਸ ਵਾਲੇ
ਸ਼ਾਹਪੁਰੀ ਵੱਲ ਡਿੱਗ ਡਿੱਗ ਪੈਂਦੇ ਮੱਤ ਸਾਨੂੰ ਮੁੱਖ ਡਾਲੇ

ਸੁੱਚੇ ਮੋਤੀ ਡਲ੍ਹ ਡਲ੍ਹ ਕਰਦੇ ਗੁੱਛੇ ਭਰੇ ਅੰਗੂਰਾਂ
ਦਾਖਾਂ ਮਿਲ ਮਿਲ ਬਾਖ਼ਾਂ ਝੋ ਜਿੰਨ ਆਲੇ ਦੇਣ ਖਜੂਰਾਂ

ਲਾਲ਼ ਗੁਲਾਬ ਹੋਏ ਰੰਗ ਰੱਤੇ ਦਾਨੇ ਪੱਕ ਅਨਾਰੋਂ
ਆਖਣ ਸ਼ਾਹ-ਪਰੀ ਮੂੰਹ ਪਾਵੇ ਮਿਹਰ ਪਵੇ ਸਰਕਾਰੋਂ

ਨਰਮ ਅੰਜੀਰ ਸੀ ਖੀਰ ਬਹਿਸ਼ਤੀ ਲੱਜ਼ਤਦਾਰ ਅਲੂਚੇ
ਨਗ਼ਜ਼ਕ ਖੋੜ ਬਦਾਮ ਛੁਹਾਰੇ ਲਟਕ ਰਹੇ ਹਰ ਕੂਚੇ

ਤੂਤ ਸ਼ਤੂਤ ਭਰ ਵਹੀਆਂ ਸੂਹੀਆਂ ਗੋਸ਼ੇ ਬੱਗੇ ਪੀਲੇ
ਸਿਉ ਬੇਰ ਚੌਫੇਰ ਚਮਨ ਦੇ ਮੇਵੇ ਰੰਗ ਰੰਗੀਲੇ

ਜਾਨਵਰਾਂ ਦੇ ਲੰਗਰ ਲਾਏ ਕੋਹਾਂ ਵਿਚ ਕੂ ਕੂਹਾਂ
ਹਰ ਹਰ ਪੰਖੀ ਚਾਹੇ ਸ਼ਾਲਾ ਪਰੀ ਕਹੇ ਮੈਂ ਕੂਹਾਂ

ਰੋਂਬਲ ਗੁੱਛੇ ਛੁਪਦੇ ਕੱਛੇ ਪਰੀ ਨਾ ਪੁੱਛੇ ਸਾਨੂੰ
ਮੱਤ ਮੱਛਰ ਤੱਕ ਗੁੱਸੇ ਹੋਵੇ ਬਾਹਰ ਕੱਢੇ ਬਸਤਾਂ ਨੂੰ

ਬਾਗ਼ ਬਹਾਰ ਬਜ਼ਾਰੋਂ ਰੌਣਕ ਹਰ ਹਰ ਵਿਚ ਚੌਰਾਹੇ
ਅਮਲਤਾਸੇ ਫਲੀਆਂ ਲਮਕਣ ਚੋਰ ਲੱਗੇ ਜਿਉਂ ਫਾਹੇ

ਰੁੱਤ ਬਸੰਤ ਬਹਾਰ ਫੁੱਲਾਂ ਦੀ ਨਵੀਆਂ ਸ਼ਾਖ਼ਾਂ ਸਰੋਆਂ
ਆਹਲਣਿਆਂ ਪਰ ਬਿਸਤਰ ਕੀਤੇ ਬਹਿ ਅਰਾਮ ਤਦ ਰੋਆਂ

ਇਰਾ ਜ਼ਿਕਰ ਕਬੂਤਰ ਕਰਦੇ ਨੀਵੇਂ ਉੱਚੇ ਹੋ ਕੇ
ਕੋਇਲ ਨਫ਼ਲ ਕਿਰਤ ਪੜ੍ਹਦੀ ਕਾਜ਼ੀ ਹਾਰ ਖਲ਼ੋਕੇ ।(੪੬੫੦)

ਬਣ ਬਣ ਕੇ ਬਣ ਕੁੱਕੜ ਦੇਵਣ ਬਾਂਗੇ ਵਾਂਙੂ ਬਾਂਗਾਂ
ਭੱਜ ਭੱਜ ਰਲਦੇ ਸਫ਼ੀਂ ਮਮੋਲੇ ਸੁਣ ਸੁਣ ਕੂਕਾਂ ਚਾਂਗਾਂ

ਈਦ ਪੜ੍ਹਨ ਜਿਉਂ ਮੁੱਲਾਂ ਆਵਣ ਨੀਲਾ ਬਾਣਾ ਤੋਤੇ
ਪੜ੍ਹ ਤਕ ਭੇਰੀਂ ਹੋ ਮੁਤਵੱਜੁਅ ਕਰਨ ਕਿਆਮ ਖਲੋਤੇ

ਮੀਨਾ ਹਮਦ ਸਨਾ ਪੁਕਾਰੇ ਸ਼ੁਕਰ ਗੁਜ਼ਾਰਨ ਘੁੱਗੀਆਂ
ਸ਼ਾਹ-ਪਰੀ ਵਿਚ ਬਾਗ਼ੇ ਆਈ ਅੱਜ ਮੁਰਾਦਾਂ ਪੁੱਗੀਆਂ

ਕਾਲੇ ਭੌਰ ਫੁੱਲਾਂ ਪਰ ਫਿਰਦੇ ਗਾਣ ਖ਼ੁਸ਼ੀ ਦੀਆਂ ਬਾਰਾਂ
ਦਾਇਮ ਰਹੇ ਬਹਾਰ ਚਮਨ ਦੀ ਕਰਨ ਦੁਆ ਹਜ਼ਾਰਾਂ

ਅਜਬ ਸਮਾਂ ਲੱਗਾ ਵਿਚ ਬਾਗ਼ੇ ਚੀਕਣ ਖੂਹ ਝੱਲਾਵਾਂ
ਬੋੜੀਏ ਕੁੱਬੇ ਗਲ ਲੱਗ ਮਿਲਦੇ ਜਿਵੇਂ ਭਰਾ ਭਰਾਵਾਂ

ਟਿੰਡਾਂ ਭਰ ਭਰ ਪਾਣੀ ਡੋਲ੍ਹਣ ਵਾਂਙੂ ਦੁਖੀਆ ਨੈਣਾਂ
ਮੁੜ ਜਾਵਣ ਜਿਉਂ ਟੋਰ ਭਰਾਵਾਂ ਘਰ ਵਲ ਜਾਵਣ ਭੈਣਾਂ

ਹੀਣਾ ਹੋ ਚਲੇ ਸਿਰ ਗਰਦਾਂ ਪਾਣੀ ਆਡੇ ਵਾਲਾ
ਜਿਉਂ ਸ਼ਹਿਰੋਂ ਸ਼ਹਿਜ਼ਾਦਾ ਟੁਰਦਾ ਲੈ ਕੇ ਦੇਸ ਨਿਕਾਲਾ

ਖੂਹ ਵਿਚ ਪਾਣੀ ਬੋਲੇ ਰੋਵੇ ਜਿਉਂ ਪੁੱਤ ਵਿਛੜੇ ਬਾਬਲ
ਪਾਣੀ ਹਰ ਕਿਆਰੇ ਫਿਰਦਾ ਜਿਉਂ ਹਰ ਬੂਹੇ ਰਾਵਲ

ਉਸ ਖੂਹੋਂ ਸੀ ਪਾਣੀ ਪੀਂਦਾ ਆਸ਼ਿਕ ਮਰਦ ਬੇਚਾਰਾ
ਸੈਫ਼-ਮਲੂਕੇ ਦੇ ਗ਼ਮ ਕੋਲੋਂ ਖੂਹ ਗਿਣਿਆ ਦੁੱਖ ਯਾਰਾ

ਸ਼ਾਹ-ਪਰੀ ਤੇ ਮਲਿਕਾ-ਖ਼ਾਤੂੰ ਬਾਗ਼ ਅੰਦਰ ਸੈਲਾਨੀ
ਹੂਰਾਂ ਨਾਲੋਂ ਸਰਸ ਜਵਾਨੀ ਚੱਲਣ ਚਾਲ ਗੁਮਾਨੀ ।(੪੬੬੦)

ਸੈਫ਼-ਮਲੂਕ ਸ਼ਹਿਜ਼ਾਦੇ ਵਾਲਾ ਜਿਸ ਪਾਸੇ ਸੀ ਡੇਰਾ
ਉਹਲੇ ਉਹਲੇ ਉਸ ਬਗ਼ੀਚੇ ਆਣ ਕੀਤੋ ਨੇ ਫੇਰਾ

ਨਜ਼ਰ ਪਿਆ ਸ਼ਹਿਜ਼ਾਦਾ ਦੂਰੋਂ ਅਜਬ-ਜਮਾਲ ਪਰੀ ਨੂੰ
ਸੌਦਾ ਕਰਸੀ ਜਾਂ ਤੱਕ ਲੈਸੀ ਅੱਵਲ ਵਸਤ ਖਰੀ ਨੂੰ

ਸ਼ਹਿਜ਼ਾਦਾ ਮੱਧ ਪੀ ਕੇ ਬੈਠਾ ਬਹੁਤ ਸ਼ਰਾਬੋਂ ਮਸਤੀ
ਦਿਲਬਰ ਵੱਲ ਖ਼ਿਆਲ ਦਿਲੇ ਦਾ ਦੂਰ ਕੀਤੀ ਹੋਰ ਹਸਤੀ

ਨਸ਼ਾ ਕਮਾਲ ਸ਼ਹਿਜ਼ਾਦੇ ਚੜ੍ਹਿਆ ਲਾਲ ਦਿਸੇ ਰੰਗ ਰੱਤਾ
ਲੈ ਕਾਨੂੰਨ ਵਜਾਵਣ ਲੱਗਾ ਜਾਂ ਹੋਇਆ ਮੱਧ ਮੱਤਾ

ਕਲੀਆਂ ਮੁੰਦਰੀਆਂ ਬੰਦ ਮਿਲੇ ਰਾਸ ਬਣਾਏ ਘੋੜੇ
ਹਰ ਹਰ ਤਾਰ ਮੁਕਾਮ ਆਪਣੇ ਤੇ ਖ਼ੂਬ ਸੁਰਾਂ ਕਰ ਜੋੜੇ

ਆਪ ਸ਼ਹਿਜ਼ਾਦਾ ਗਾਵਣ ਲੱਗਾ ਨਾਲ਼ ਜ਼ੁਬਾਨੇ ਮਿਸਰੀ
ਮਸਕਰ ਸਾਜ਼ ਵਜਾਇਓਸੁ ਜਿਸ ਦਮ ਜਾਨਵਰਾਂ ਸੁੱਧ ਵਿਸਰੀ

ਜਿਸ ਵੇਲੇ ਮਜ਼ਹਕ ਵਜਾਵੇ ਬੋਲ ਆਵਾਜ਼ ਦਾਊਦੀ
ਦੁਖੀਆਂ ਦੇ ਦੁੱਖ ਜਾਵਣ ਸਾਰੇ ਹੱਸਣ ਕਰ ਖ਼ੁਸ਼ਨੂਦੀ

ਜਦੋਂ ਮੁਨਅਮ ਸਾਜ਼ ਵਜਾਂਦਾ ਵਾਂਙੂ ਮਸਤ ਖ਼ੁਮਾਰਾਂ
ਗੂਹੜੀ ਨੀਂਦਰ ਨੈਣੀਂ ਆਵੇ ਜ਼ਾਹਿਦ ਸ਼ਬ ਬੇਦਾਰਾਂ

ਉਡਦੇ ਪੰਖੀ ਢਹਿਣ ਜ਼ਿਮੀਂ ਤੇ ਕੁੱਠਿਆਂ ਹਾਰ ਨਾ ਹਿਲਦੇ
ਸਿਰ ਧਰ ਉਹਦਿਆਂ ਕਦਮਾਂ ਉੱਤੇ ਸੁਣਦੇ ਮਿਰਗ ਜੰਗਲ਼ ਦੇ

ਜਸਤਾ ਸਾਜ਼ ਜਦੋਂ ਫਿਰ ਛੇੜੇ ਪਾਵੇ ਜਾਨ ਮੋਇਆਂ ਨੂੰ
ਦੇ ਦੇ ਹੋਸ਼ ਘਰਾਂ ਵੱਲ ਟੋਰੇ ਸਖ਼ਤ ਬੇਹੋਸ਼ ਹੋਇਆਂ ਨੂੰ ।(੪੬੭੦)

ਬਾਕਾਂ ਨੂੰ ਕੀਤਾ ਸੁਰ ਕਾਨੂੰ ਹਰ ਹਰ ਤਾਰ ਸੰਵਾਰੀ
ਸੱਤਾਂ ਤਾਰਾਂ ਦੀ ਅਸਵਾਰੀ ਖ਼ੂਬ ਵਜਾਏ ਸਾਰੀ

ਭੈਰੋ ਰਾਗ ਅਲਾਪਣ ਲੱਗਾ ਨਾਲ਼ ਜ਼ਬਾਨ ਕਰਾਰੀ
ਰਾਮਕਲੀ ਭਿਭਾਸ ਅਲਾਪੇ ਨਾਲੇ ਦੇਵ ਗੰਧਾਰੀ

ਗਾਵੇ ਫੇਰ ਅਸਾਵਰੀ ਅੱਗੋਂ ਫੇਰ ਮੀਆਂ ਬੈਰਾੜੀ
ਟੋਡੀ ਰਸਨਾਦਾਰ ਅਲਾਪੇ ਚੜ੍ਹਦੀ ਕਲਾਂ ਦਿਹਾੜੀ

ਖ਼ੂਬ ਸੁਰਾਂ ਕਰ ਗਾਵਣ ਲੱਗੇ ਕਦੇ ਹਿੰਡੋਲੇ ਰਾਗੇ
ਦਰਦ ਵਿਰਾਗ ਸੱਜਣ ਦੀ ਆਤਿਸ਼ ਜਾਗੇ ਨਾਲ਼ ਬਿਹਾਗੇ

ਸੋਹਣੀ ਕੋਨਸੀਏ ਕਮਾਚੀ ਜਾਚੇ ਨਾਲ਼ ਉਲਾਪੇ
ਜੋਗ ਪਰਜ ਦੇ ਦੋਹੜੇ ਸੁਣ ਕੇ ਦੁਖੀਏ ਕਰਨ ਸਿਆਪੇ

ਮਾਲਕੌਂਸ ਦੀ ਧੁਰਪਤ ਗਾਵੇ ਫੇਰ ਖ਼ਿਆਲ ਹੰਬੀਰੇ
ਰੇਖ਼ਤਿਆਂ ਦੀ ਲੱਜ਼ਤ ਕਰਦਾ ਟੱਪੇ ਨਾਲ਼ ਕੰਬੀਰੇ

ਸੋਰਠ ਮਿੱਠੀ ਰਾਗਣੀਆਂ ਦੀ ਗਾਵੇ ਫੇਰ ਜੈਜੈਵੰਤੀ
ਦੇਸੀ ਤੇ ਨਾਰਾਜ਼ ਅਲਾਪੇ ਰਸਨਾ ਨਾਲ਼ ਬੇਅੰਤੀ
ਕਾਹਨੜਿਆਂ ਦਾ ਰੰਗ ਬਣਾਵੇ ਸੋਹਣਾ ਸਿੰਘ ਨਿਹਾਇਤ
ਸ਼ਾਮ ਬਿਨਾਂ ਦਿਨ ਸ਼ਾਮ ਦਿਖਾਵੇ ਗਾਵੇ ਫੇਰ ਵਿਲਾਇਤ

ਦਰਬਾਰੀ ਭੋਪਾਲੀ ਗਾਵੇ ਨਟ ਕਲਿਆਣ ਲਾਹੌਰੀ
ਲਲਿਤਾ ਦੀਗਰ ਵਕਤ ਅਲਾਵੇ ਲੌਹਢੇ ਪੇਸ਼ੀ ਗੌਰੀ

ਸਾਰੰਗ ਗਾਵੇ ਸੁਣ ਫ਼ਰਜ਼ੰਦਾਂ ਜੋ ਸਾਰੰਗ ਦੇ ਖ਼ੇਸ਼ੀ
ਪੂਰਬੀਆਂ ਸ਼ਾਪਰ ਸੁਣਾਏ ਵਕਤ ਵਡੇਰੀ ਪੇਸ਼ੀ ।(੪੬੮੦)

ਜੰਗਲ਼ਾ ਤੇ ਬਡਹੰਸ ਅਲਾਪੇ ਬਰੂਆ ਹੋਰ ਮਲ੍ਹਾਰਾਂ
ਕਾਲੇ ਘਾਟ ਨੈਣਾਂ ਥੀਂ ਦਿੱਸਣ ਹੰਝੂ ਮੀਂਹ ਬਹਾਰਾਂ

ਗੱਲ ਰੱਖ ਸ਼ਾਹ-ਪਰੀ ਦੇ ਸ਼ੌਕੋਂ ਲੈਂਦਾ ਤਾਨ ਹਜ਼ਾਰਾਂ
ਗ਼ਮ ਦੇ ਨਗ਼ਮੇ ਸੱਚ ਮੁਹੰਮਦ ਦੇਣ ਗਵਾਹੀ ਤਾਰਾਂ

ਗ਼ਜ਼ਲ ਰੁਬਾਈ ਰੇਖ਼ਤਿਆਂ ਨੂੰ ਗਾਵੇ ਵਿਚ ਸੁਰ ਦੇ
ਵੇਲਾਂ ਦਿੰਦੇ ਨੈਣ ਸ਼ਿਤਾਬੀ ਦੁਰ ਸੱਟਣ ਵਿਚ ਗਰਦੇ

ਉੱਚਾ ਤਾਨ ਉਠਾਲ ਗਾਵੇ ਦੋਹੜੇ ਵਿਚ ਜਿਗਰ ਦੇ
ਜ਼ਹਿਰ ਅਲੂਦੀ ਕਾਨੀ ਵਾਂਗਰ ਘਾ ਕਲੇਜੇ ਕਰਦੇ

ਝੁੱਲੀ ਵਾਅ ਸੱਜਣ ਦੀ ਪਾਰੋਂ ਚਾਵੇ ਚਿੱਤ ਉਦਾਸੀ
ਹੀਣਾ ਹੋ ਕਰੇਂਦਾ ਅਰਜ਼ਾਂ ਵਾਓ ਵੱਲ ਅਰਦਾਸੀ

ਮੰਨ ਸਵਾਲ ਮੇਰਾ ਹਿਕ ਭਾਰਾ ਹੇ ਖ਼ੁਸ਼ ਵਾਓ ਫ਼ਜਰ ਦੀ
ਜੇ ਉਹ ਆਪ ਨਹੀਂ ਮੂੰਹ ਦਿਸਦਾ ਬੂ ਪੁਚਾ ਦਿਲਬਰ ਦੀ

ਮੈਂ ਆਸ਼ਿਕ ਬੇਸਬਰ ਬੰਦੇ ਨੂੰ ਚਿੱਤ ਨਹੀਂ ਜੇ ਲਾਂਦਾ
ਆਪ ਕੁੱਠੇ ਦੇ ਸਿਰ ਤੇ ਨਾਹੀਂ ਕਦਮ ਮੁਬਾਰਿਕ ਪਾਂਦਾ

ਫੇਰ ਗਿਐਂ ਤਾਂ ਚਾ ਲਿਆਵੀਂ ਧੂੜ ਉਨ੍ਹਾਂ ਦੇ ਦਰ ਦੀ
ਸੁਰਮਾ ਪਾਵਾਂ ਨੈਣ ਸੁਹਾਵਾਂ ਲਾਇਕ ਹੋਵਾਂ ਬਸਰ ਦੀ

ਜਾਂ ਹੋ ਜਾਵੇਂ ਮੇਰੇ ਵੱਲੋਂ ਫੇਰ ਪੀਆ ਦੇ ਜਾਈਂ
ਖ਼ਿਦਮਤ ਕਰੀਂ ਸਲਾਮ ਪੁਚਾਈਂ ਆਖੀਂ ਦੇ ਦੁਆਈਂ

ਅਸੀਂ ਨਹੀਂ ਪੁੱਜ ਸਕਦੇ ਓਥੇ ਜਿਸ ਸੰਗ ਪਰੀਤਾਂ ਲਾਈਆਂ
ਯਾਰ ਪਿਆਰੇ ਟੋਰ ਲਿਆਵੀਂ ਕੋਲ ਅਸਾਡੇ ਸਾਈਆਂ ।(੪੬੯੦)

ਦਰਦ ਫ਼ਿਰਾਕ ਸੱਜਣ ਦੇ ਕੀਤਾ ਮੈਂ ਹੌਲਾ ਹਿਕ ਕੱਖੋਂ
ਲੱਖਾਂ ਕੱਖ ਉਡਾਏਂ ਵਾਊ ਇਹ ਭੀ ਜਾਣ ਹਿਕ ਲੱਖੋਂ

ਲਈਂ ਉਡਾ ਮੈਨੂੰ ਭੀ ਏਥੋਂ ਅੰਦਰ ਧੂੜਾਂ ਗ਼ਰਦਾਂ
ਲੱਖ ਕੋਹਾਂ ਦੇ ਖੜੀਂ ਮਰੀਂਦਾ ਕਰ ਕਰਕੇ ਸਰ-ਗਰਦਾਂ

ਤਖ਼ਤੋਂ ਚਾਇ ਪੀਆ ਦੀ ਨਗਰੀ ਜਾ ਗਲੀਆਂ ਵਿਚ ਸੱਟੀਂ
ਭਲਾ ਕਰੀਂ ਇਹ ਨਾਲ਼ ਗ਼ਰੀਬਾਂ ਅਜਰ ਅਲਹੋਂ ਵੱਟੀਂ

ਨਿਹੁੰ ਲਗਾਇਆ ਤੇ ਦੁੱਖ ਪਾਇਆ ਅਪਣਾ ਜਰਮ ਗਵਾਇਆ
ਇਹ ਦਿਲ ਮੇਰਾ ਗੋਸ਼ਤ ਬੇਰਾ ਸੀਖ਼ਾਂ ਦੇ ਮੂੰਹ ਲਾਇਆ

ਜ਼ਹਿਰ ਪਿਆਲਾ ਇਸ਼ਕੇ ਵਾਲਾ ਪੀਤਾ ਕਿਸ ਪਚਾਇਆ
ਨੱਕ ਵਿਚ ਆਏ ਸਾਸ ਮੁਹੰਮਦ ਆਸ ਸੱਜਣ ਦੀ ਤਾਇਆ

ਇਸ਼ਕ ਕਸਾਈ ਛੁਰੀ ਵਗਾਈ ਕੋਂਹਦਾ ਦੇ ਦੇ ਲੱਤਾਂ
ਚੌਹੀਂ ਗੁਠੀਂ ਹੁਕਮ ਉਸੇ ਦਾ ਕਿਸ ਪਾਸੇ ਨਸ ਵੱਤਾਂ

ਆਕਿਲ ਥੀਂ ਬੇਅਕਲ ਸਦਾਇਆ ਭੁੱਲ ਗਈਆਂ ਸਭ ਗੱਤਾਂ
ਨੰਗ ਨਾਮੂਸ ਸੰਭਾਲ਼ ਮੁਹੰਮਦ ਦੇਣ ਸਿਆਣੇ ਮੱਤਾਂ ।

  • ਅੱਗੇ ਪੜ੍ਹੋ
  • ਪਿੱਛੇ ਪੜ੍ਹੋ
  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ
  •