Siharfi : Bawa Budh Singh

ਸਿਹਰਫ਼ੀ ਪ੍ਰੇਮ-ਲਗਨ : ਬਾਵਾ ਬੁਧ ਸਿੰਘ

ਅਲਫ਼, ਅੱਖਾਂ ਤ੍ਰਸੇਂਦੀਆਂ ਦੀਦ ਤੇਰਾ,
ਤੱਕਣ ਵਾਟ ਤੇਰੀ ਕਦੋਂ ਪਾਏਂ ਫੇਰਾ ।
ਪਿਆਲਾ ਯਾਰ ਉਡੀਕਦਾ ਡੀਕ ਲਾ ਕੇ,
ਅੱਡੇ ਪ੍ਰੇਮ ਦੇ ਪੀਤਾ ਈ ਲਾ ਡੇਰਾ ।
ਭੁੰਨੀ ਬ੍ਰਿਹੋਂ ਦੀ ਅੱਗ ਜਾਨ ਜਾਨੀ,
ਮੇਰਾ ਕਾਲਜਾ ਭਯਾ ਕਬਾਬ ਤੇਰਾ ।
'ਹਰੀ ਬੁਧ' ਰਹਿੰਦੀ ਦਿਨੇ ਰਾਤ ਮੈਨੂੰ,
ਸਿੱਕ ਯਾਰ ਦੀ ਸੇਕਦੀ ਜੀ ਮੇਰਾ ।੧।

ਬੇ, ਬਾਝ ਪਿਆਰੇ ਨਹੀਂ ਨੀਂਦ ਆਵੇ,
ਨੈਨ ਤੱਕਦੇ ਦੋ ਕਟੋਰੀਆਂ ਨੀ ।
ਖੁਲ੍ਹੇ ਅੱਖ ਤਾਰੇ ਗਿਣਦੀ ਰਾਤ ਤਾਰੇ,
ਡਿੱਗੇ ਭੂ ਮਾਰੇ ਕਰਮਾਂ ਤੋੜੀਆਂ ਨੀ ।
ਜੇੜੇ, ਪਿਆਰੜੇ ਦੀ ਸਾਨੂੰ ਪਿਆਸ ਲੱਗੀ,
ਸੁੱਕੇ ਪਿਆਲੇ ਤੇ ਝੱਜਰਾਂ ਫੋੜੀਆਂ ਨੀ ।
ਵੇ ਮੈਂ ਮੋਈ ਜਾਨੀ, ਜਾਨੀ ਸੱਚ ਜਾਨੀ,
ਮੈਥੋਂ ਜਾਨ ਵਾਗਾਂ ਕਾਹਨੂੰ ਮੋੜੀਆਂ ਨੀ ।੨।

ਪੇ, ਪ੍ਰੇਮ ਪਿਆਲੜਾ ਚਖ ਬੈਠੀ,
ਭੁੱਲਕੇ ਏਸ ਸ਼ਰਾਬ ਨੂੰ ਮੂੰਹ ਲਾਇਆ ।
ਘਰ ਬਾਰ ਦੀ ਮੱਤ ਤੇ ਗਈ ਮਾਰੀ,
ਨਸ਼ੇ ਪ੍ਰੇਮ ਵਾਲੇ ਆਣ ਜ਼ੋਰ ਪਾਇਆ ।
ਨੀ ਮੈਂ ਕੱਤਣਾ ਤੁੰਮਣਾ ਭੁੱਲ ਆਈ,
ਸਾਰੀ ਗਈ ਸੋਝੀ ਸਿਰੇ ਝੱਲ ਛਾਇਆ ।
'ਹਰੀ ਬੁਧ' ਏ ਦੀਦਨਾ ਹੋਰ ਹੋਈ,
ਨਜ਼ਰ ਹੋਰ ਦਾ ਹੋਰ ਈ ਹੋਰ ਆਇਆ ।੩।

ਤੇ, ਤੜਫਦੀ ਬਾਝ ਮੈਂ ਯਾਰ ਸੋਹਣੇ,
ਖਾਣਾਂ ਪੀਵਣਾ ਕੁੱਲ ਹਰਾਮ ਮੈਨੂੰ ।
ਏਹੀ ਖਾਂਵਦਾ ਰੋਗ ਵਿਜੋਗ ਭੈੜਾ,
ਕਾਹਨੂੰ ਛੱਡ ਕੀਤਾ ਬਦਨਾਮ ਮੈਨੂੰ ।
ਕੇਹੜੇ ਅਸਾਂ ਕੀਤੇ ਸੀ ਨੀ ਪਾਪ ਰੱਬਾ,
ਰਾਤ ਦਿਨੇ ਨ ਸੁੱਖ ਅਰਾਮ ਮੈਨੂੰ ।
'ਹਰੀ ਬੁਧ' ਵੇ ਜਾ ਸਮਝਾ ਓਹਨਾਂ,
ਲੌਂਡੀ ਰੱਖ ਲੇਵਣ ਬਿਨਾਂ ਦਾਮ ਮੈਨੂੰ ।੪।

ਟੇ, ਟੁਰੇ ਜਦੋਂ ਨਾਹੀਂ ਵਾਤ ਪੁੱਛੀ,
ਛੱਡ ਗਏ ਨੀ ਮੈਂ ਕੁਰਲਾਵੰਦੀ ਨੂੰ ।
ਸੋਹਣਾ ਵੇਖ ਅੱਖੀਂ, ਮੈਂ ਤਾਂ ਮੋਹਤ ਹੋਈ,
ਦਿੱਤੀ ਧੀਰ ਨਾ ਪ੍ਰੇਮ ਅਲਾਵੰਦੀ ਨੂੰ ।
ਚਾਰ ਨੈਨ ਕੀਤੇ ਬਿਨਾਂ ਨੈਨ ਹੋਈ,
ਦੀਦ ਹੋਈ ਨਾ ਰੱਜ ਸਿਕਾਵੰਦੀ ਨੂੰ ।
ਦੇ ਕੇ ਆਸ ਨੀ ਮੈਂ ਨਿਰਾਸ਼ ਕੀਤਾ,
ਮੁੱਠੀ ਆ ਅਨਭੋਲ ਕਤਾਵੰਦੀ ਨੂੰ ।੫।

ਜੀਮ, ਜਾਲ ਕਲੇਜੜਾ ਸਵਾਹ ਕੀਤਾ,
ਦਿੱਤਾ ਅੱਗ ਵਿਛੋੜੇ ਨੇ ਸਾੜ ਮਾਏ ।
ਹੁਨ ਮੈਂ ਭਾਹ ਲਾਵਾਂ ਏਹਨਾਂ ਤ੍ਰਿੰਞਨਾਂ ਨੂੰ,
ਏ ਛੋਪ ਪਟਾਰੀਆਂ ਜਾਰ ਮਾਏ ।
ਰੰਗ ਚੜ੍ਹੇ ਨੀ ਇਸ਼ਕ ਗੁਲਾਲ ਰੱਤੇ,
ਰੰਗ ਲਾਲ ਨਾ ਛੋਪ ਫੁਲਕਾਰ ਮਾਏ ।
ਲੱਗੇ ਤੀਰ ਦੋ ਆਨ ਅੰਞਾਨੜੀ ਨੂੰ,
ਗਏ ਪਯਾਰੇ ਦੇ ਨੈਨ ਦੋ ਮਾਰ ਮਾਏ ।੬।

ਚੇ, ਚਮੜੀ ਲਾਹੋ ਚਾ ਆਨ ਮੇਰੀ,
ਬਨੇ ਜੁੱਤੀਯਾਂ ਯਾਰ ਹੰਢਾਵਨੇ ਨੂੰ ।
ਕਾਲੇ ਵਾਲਾਂ ਦੇ ਚਾ ਬਨਾਉ ਆਸਨ,
ਪ੍ਰੀਤਮ ਪਯਾਰੇ ਦੇ ਹੇਠ ਵਿਛਾਵਨੇ ਨੂੰ ।
ਮੋਤੀ ਦੰਦ ਕੀ ਚਾ ਬਨਾਓ ਮਾਲਾ,
ਗਲੇ ਯਾਰ ਦੇ ਮੈਂ ਮਿਲਾਵਨੇ ਨੂੰ ।
ਦੋਵੇਂ ਨੈਨ ਬਨਾਵਨੇ ਆਨ ਐਨਕ,
ਸੋਹਣੇ ਯਾਰ ਦਾ ਦੀਦ ਵਖਾਵਣੇ ਨੂੰ ।੭।

ਖੇ, ਖਬਰ ਨਹੀਂ ਕੇਹੜੀ ਰਾਹ ਗਿਆ,
ਸੋਹਨਾ ਛੱਡ ਅਕੇਲੜੀ ਜਾਨ ਮੈਨੂੰ ।
ਸੁੱਤੀ ਪਈ ਨੂੰ ਛੱਡ ਅਨਭੋਲ ਟੁਰਯਾ,
ਹੋਤਾਂ ਵਾਂਗ ਸੱਸੀ ਠੱਗੇ ਆਨ ਮੈਨੂੰ ।
ਸਾਂਝੀ ਜ਼ਬਾਨ ਨ ਕੀਤੀ ਸੂ ਵਾਰ ਟੁਰਦੀ,
ਬੋਲੇ ਬੋਲ ਨਾ ਮੂੰਹੋਂ ਬੁਲਾਨ ਮੈਨੂੰ ।
'ਹਰੀ ਬੁੱਧ' ਮਾਰੀ ਮੈਂ ਵਿਛੋਰੜੇ ਦੀ,
ਅੰਨੀ ਹੋਈ ਝਲੀ ਝੱਲ ਪਾਨ ਮੈਨੂੰ ।੮।

ਦਾਲ, ਦਾਰੂ ਨਾ ਲੱਗਦਾ ਮੂਲ ਕੋਈ,
ਡਾਢੀ ਅਰਸ਼ ਦੀ ਉਤਰੀ ਪੀੜ ਸਈਏ ।
ਨਾ ਮੈਂ ਜਾਨਦੀ ਥਹੁ ਨ ਪਤਾ ਉਹਦਾ,
ਲਿੱਤੀ ਮੈਂ ਅਨਭੋਲ ਨਪੀੜ ਸਈਏ ।
ਵੱਸੇ ਚਿੱਤ ਦੇ ਵਿੱਚ ਨੀ ਯਾਰ ਸੋਹਣਾਂ,
ਕੱਢਾਂ ਹਾਏ ਕੀਕੁਨ ਦੰਦੋਂ ਬੀੜ ਸਈਏ ।
ਏਹੀ ਜਾਇਕੇ ਮੀਤ ਨੂੰ ਆਖ ਦੇਣਾ,
ਤੇਰੇ ਇਸ਼ਕ ਮਾਰੀ ਇਕ ਹੀਰ ਸਈਏ ।੯।

ਜ਼ਾਲ, ਜ਼ਰਾ ਮੈਂ ਦੁਖੀ ਨੂੰ ਧੀਰ ਦੇਵੀਂ,
ਕਦੀ ਆ ਮੈਂ ਕੋਲ ਪਿਆਰਿਆ ਵੇ ।
ਛੱਡ ਲਟਕ ਤੇ ਹਟਕ ਇਹ ਨਹੀਂ ਚੰਗਾ,
ਸੁਣੀਂ ਦੁਖ ਮੈਂ ਖੋਲ੍ਹ ਪਿਆਰਿਆ ਵੇ ।
ਤੇਰੇ ਬਾਝ ਮੈਂ ਨੀਰ ਵਹੀਰ ਰੋਂਦੀ,
ਬੈਠ ਕਦੀ ਤਾਂ ਕੋਲ ਪਿਆਰਿਆ ਵੇ ।
'ਹਰੀ ਬੁਧ' ਮੈਂ ਵਾਸਤੇ ਲੱਖ ਪਾਵਾਂ,
ਹੋਈ ਕੱਖ ਅਨਭੋਲ ਪਿਆਰਿਆ ਵੇ ।੧੦।

ਰੇ, ਰੋਂਵਦੀ ਨੂੰ ਦਿਨ ਰੈਨ ਗੁਜ਼ਰੇ,
ਅੱਖੀਂ ਪਏ ਪਾਣੀ ਬੁਰੇ ਹਾਲ ਹੋਈਆਂ ।
ਗਿਣਾਂ ਰਾਤ ਮੈਂ ਹੰਝੂਆਂ ਨਾਲ ਤਾਰੇ,
ਤੇਰੇ ਹਿਜਰ ਅੰਦਰ ਵਾਂਗ ਵਾਲ ਹੋਈਆਂ ।
ਖਾਣ ਪੀਣ ਛੁੱਟਾ ਸਾਰਾ ਮੌਤ ਦਿੱਸੇ,
ਇੱਕ ਮੁੱਖ ਦੀ ਭੁੱਖ ਬੇਹਾਲ ਹੋਈਆਂ ।
ਮਿਲੀਂ ਆਣ ਪਿਆਰਿਆ ਵਾਸਤਾ ਈ,
'ਹਰੀ ਬੁਧ' ਹੁਣ ਮੈਂ ਵੱਸ ਕਾਲ ਹੋਈਆਂ ।੧੧।

ਸੀਨ, ਸਈਓ ਮੇਰੀਓ ਪਿਆਰੀਓ ਨੀ,
ਦੱਸੋ ਕਾਸਨੂੰ ਸੀਸ ਗੁੰਦਾਵਸਾਂ ਮੈਂ ?
ਜਦੋਂ ਪੀਆ ਪਿਆਰੜਾ ਪਾਸ ਨਾਹੀਂ,
ਖੁੱਲ੍ਹੇ ਵਾਲ ਗਲੇ ਵਿੱਚ ਪਾਵਸਾਂ ਮੈਂ ।
ਭੰਨਾਂ ਚੂੜੀਆਂ ਕੰਗਨੀ ਹੇਠ ਵੱਟੇ,
ਜੁਗਨੀ ਹਾਰ ਤੋੜਾਂ ਵਾਲਾ ਠਾਵਸਾਂ ਮੈਂ ।
ਨੀ ਮੈਂ ਸਾਹੜੀਆਂ ਲੈਂਹਗੜੇ ਸਾੜ ਸੁੱਟਾਂ,
ਤੇ ਅੰਗ ਬਿਭੂਤ ਰਮਾਵਸਾਂ ਮੈਂ ।੧੨।

ਸ਼ੀਨ, ਸ਼ਰਮ ਕਾਹਦੀ ਹੁਣ ਜੱਗ ਦੀ ਜੇ,
ਕਦੀ ਭਾਹ ਲੱਗੀ ਨਾਹਿੰ ਲੁੱਕਦੀ ਏ ।
ਭਾਂਬੜ ਬਲਨ ਪ੍ਰੇਮ ਦੇ ਜੱਗ ਵੇਖੇ,
ਕਦੀ ਇਸ਼ਕ ਤੇ ਮੁਸ਼ਕ ਵੀ ਛੁੱਪਦੀ ਏ ?
ਜਦ ਜਿੰਦ ਤੇ ਜਾਨ ਮੈਂ ਵੇਚ ਦਿੱਤੀ,
ਸੋਹਣੇ, ਯਾਰ ਉਤੋਂ ਕੋਈ ਫਬਦੀ ਏ ।
'ਹਰੀ ਬੁਧ' ਨਾ ਕੌਲ ਕਰਾਰ ਹਾਰਾਂ,
ਭਾਵੇਂ ਦੁਨੀ ਸਾਰੀ ਪਈ ਹੱਸਦੀ ਏ ।੧੩।

ਸੁਆਦ, ਸਬਰ ਦਵੀਂ ਅਸਾਂ ਤਾਂਈਂ ਰੱਬਾ,
ਚਿੱਤ ਬਿਨਾਂ ਏ ਯਾਰ ਦੇ ਡੋਲਿਆ ਈ ।
ਮਿਲੇ ਯਾਰ ਤਾਂ ਜੀ ਨੂੰ ਸਬਰ ਆਵੇ,
ਬਿਨਾਂ ਯਾਰ ਨਾ ਸਬਰ ਟਟੋਲਿਆ ਈ ।
ਮੇਰਾ ਯਾਰ ਸੋਹਨਾ ਸਾਰੇ ਜੱਗ ਅੰਦਰ,
ਜਾਨ ਜਾਨ ਅੰਦਰ ਜਾਨੀ ਬੋਲਿਆ ਈ ।
'ਹਰੀ ਬੁੱਧ' ਮੈਂ ਓਸ ਤੋਂ ਘੋਲ ਘੱਤੀ,
ਘਟ ਘਟ ਦੇ ਵਿੱਚ ਜੋ ਮੌਲਿਆ ਈ ।੧੪।

ਜ਼ੁਆਦ, ਜ਼ਰਬ ਲੱਗੀ ਅਸਾਂ ਸੂਫ਼ੀਆਂ ਦੀ,
ਸਾਡੇ ਚਿੱਤ ਤੇ ਡਾਢੜੀ ਚੋਟ ਆਈ ।
ਕਿਸੇ ਪਿਆਰੇ ਦੀ ਨਜ਼ਰ ਨੇ ਮੋਹ ਲਿੱਤਾ,
ਸਾਡੇ ਚਿੱਤ ਦੇ ਵਿੱਚ ਨ ਖੋਟ ਆਹੀ ।
ਸੋਹਣੇ ਯਾਰ ਦਾ ਵੇਖਕੇ ਚਮਤਕਾਰਾ,
ਅੱਖਾਂ ਮੀਚ ਡਿੱਗੀ ਲੋਟ ਪੋਟ ਆਹੀ ।
'ਹਰੀ ਬੁੱਧ' ਮੈਂ ਅੱਖ ਜੋ ਖੋਹਲ ਵੇਖਾਂ,
ਨਾਹੀਂ ਯਾਰ ਭਾਗਾਂ ਵਿੱਚ ਟੋਟ ਆਈ ।੧੫।

ਤੋਏ, ਤਰਫ ਜਾਣਾਂ ਗਲੀ ਯਾਰ ਦੀ ਏ,
ਤੁਸਾਂ ਆਣਕੇ ਰਾਹ ਬਤਾਵਨਾਂ ਨੀ ।
ਮੈਂ ਤਾਂ ਹੋਈ ਪ੍ਰੇਮ ਦੇ ਵਿੱਚ ਅੰਨ੍ਹੀ,
ਬਾਂਹੋਂ ਪਕੜਕੇ ਅੱਗੇ ਕਰਾਵਨਾਂ ਨੀ ।
ਸੋਹਣਾ ਯਾਰ ਵੱਸੇ ਵਿੱਚ ਅੱਖੀਆਂ ਦੇ,
ਖੋਲ੍ਹਾਂ ਭੁੱਲਕੇ ਮੱਤ ਨੱਸ ਜਾਵਨਾਂ ਨੀ ।
'ਹਰੀ ਬੁੱਧ' ਹੌਲੀ ਏਸ ਯਾਰ ਤਾਈਂ,
ਹਿਰਦੇ ਵਿੱਚ ਮੈਂ ਕੈਦ ਕਰਾਵਨਾਂ ਨੀ ।੧੬।

ਐਨ, ਅਰਜ਼ ਮੇਰੀ ਸੁਨੀ ਪਿਆਰਿਆ ਵੇ,
ਕੇਹੜੀ ਗੱਲ ਪਿਛੇ ਚਿੱਤ ਚਾ ਲਿਤਾ ?
ਕੀ ਡਿੱਠਾ ਏ ਦੋਸ਼ ਤੂੰ ਵਿੱਚ ਮੇਰੇ,
ਕਾਹਨੂੰ ਲਾਇਕੇ ਮਨ ਹਟਾ ਲਿਤਾ ।
ਕਿਸੇ ਹੋਰ ਸੋਹਨੀ ਜੇ ਹੈ ਆਨ ਫਾਥਾ,
ਜਿੰਦ ਵੇਚਕੇ ਵੀ ਤੁਸਾਂ ਆ ਲਿਤਾ ।
'ਹਰੀ ਬੁਧ' ਕੋਝੇ ਹੋਏ ਹਿਜਰ ਅੰਦਰ,
ਰੱਖੀਂ ਲਾਜ ਹੁਨ ਪ੍ਰੇਮ ਜੋ ਲਾ ਲਿਤਾ ।੧੭।

ਗੈਨ, ਗਰਜ਼ ਨਹੀਂ ਪਿਆਰੇ ਹੋਰ ਕੋਈ,
ਇੱਕ ਦਰਸ ਦੀ ਤੇਰੇ ਈ ਤਾਂਘ ਮੈਨੂੰ ।
ਵੇਖਾਂ ਵਾਂਗ ਚਕੋਰ ਦੇ ਮੁੱਖ ਚੰਦਾ,
ਪਵੇ ਠੰਢ ਅੱਖੀਂ ਏਹੀ ਮਾਂਗ ਮੈਨੂੰ ।
ਕਦੀ ਨਾਲ ਪਿਆਰ ਬੁਲਾ ਛੱਡੀਂ,
ਕਿਸੇ ਲੌਂਡੜੀ ਗੋਲੜੀ ਵਾਂਗ ਮੈਨੂੰ ।
'ਹਰੀ ਬੁਧ' ਮੈਂ ਰੁੜ੍ਹੀ ਸ਼ੌਹ ਇਸ਼ਕ ਅੰਦਰ,
ਲਾਈਂ ਪਾਰ ਰੱਬਾ ਵਿੱਚੋਂ ਕਾਂਗ ਮੈਨੂੰ ।੧੮।

ਫੇ, ਫਿਕਰ ਜਾਨੀ ਇੱਕੋ ਜਾਨ ਤੇਰਾ,
ਹੋਰ ਜੱਗ ਦੇ ਫਿਕਰ ਭੁਲਾਏ ਨੀ ਮੈਂ ।
ਸਾਕ ਅੰਗ ਕੁਟੰਬ ਤੇ ਮੈਹਲ ਮਮਟ,
ਪਿੱਛੇ ਤੇਰੜੇ ਯਾਰ ਛੁਡਾਏ ਨੀ ਮੈਂ ।
ਸੋਨੇ ਰੁਪੇ ਦੇ ਤੋੜਕੇ ਯਾਰ ਗੈਹਨੇ,
ਮੋਤੀ ਹਾਰ ਵੀ ਹਾਰਕੇ ਲਾਹੇ ਨੀ ਮੈਂ ।
ਸਾਰਾ ਹਾਰ ਸ਼ਿੰਗਾਰ ਬਰਬਾਦ ਕੀਤਾ,
ਖੁੱਲ੍ਹੇ ਵਾਲ ਜੋਗਨ ਗਲ ਪਾਏ ਨੀ ਮੈਂ ।੧੯।

ਕਾਫ, ਕਰਮ ਤੇਰੇ ਦੀ ਮੈਂ ਆਸ ਕਰਕੇ,
ਜਾਨੀ ਆਨ ਏ ਭੇਸ ਵਟਾਇਆ ਸੀ ।
ਤੇਰੇ ਨੈਨਾਂ ਨੇ ਮਾਰਕੇ ਤੀਰ ਪਯਾਰੇ,
ਹਿਰਨਾਂ ਵਾਂਗ ਓ ਮਾਰ ਕੇ ਢਾਹਿਆ ਸੀ ।
ਤੇਰੇ ਮੁੱਖ ਦੇ ਰੂਪ ਨੇ ਪਿਆਰਿਆ ਓਏ,
ਸਾਰਾ ਜੱਗ ਜਹਾਨ ਭੁਲਾਇਆ ਸੀ ।
'ਹਰੀ ਬੁੱਧ' ਦਾਸੀ ਤੇਰੀ ਹੋ ਰਹੀਆਂ,
ਜਦੋਂ ਪ੍ਰੇਮ ਝੋਲੀ ਮੇਰੀ ਪਾਇਆ ਸੀ ।੨੦।

ਗਾਫ਼, ਗੁਜ਼ਰ ਗਈ ਸਾਰੀ ਰਾਤ ਸਹੀਆਂ,
ਮੇਰੇ ਕੋਲ ਜਾਨੀ ਨਹੀਂ ਆਇਆ ਨੀ ।
ਰਹੀ ਮੈਂ ਉਡੀਕਦੀ ਤਾਂਘ ਕਰਕੇ,
ਪਿਆਰੇ ਫੇਰੜਾ ਮੂਲ ਨਾ ਪਾਇਆ ਨੀ ।
ਮੇਰੀ ਸੇਜ ਵਿਚਾਰੀ ਕੀ ਦੋਸ਼ ਕੀਤਾ,
ਕਿਸੇ ਪੈਰ ਪਿਆਰੇ ਨਾ ਲਾਇਆ ਨੀ ।
'ਹਰੀ ਬੁੱਧ' ਦਿਲਾਸੜਾ ਦੇ ਗਿਓਂ,
ਮੈਨੂੰ ਜਾਨ ਭੋਲੀ ਭਰਮਾਇਆ ਨੀ ।੨੧।

ਲਾਮ, ਲਾ ਥੱਕੀ ਮੈਂ ਤੇ ਯਾਰੀਆਂ ਨੂੰ,
ਓਹ ਤੋੜ ਨਿਬਾਹੁਣਾ ਨਾ ਜਾਨਦੇ ਨੀ ।
ਮੇਰੇ ਦਰਦ ਵਿਛੋੜੇ ਦੀ ਖਬਰ ਨਹੀਓਂ,
ਨਾਹੀਂ ਇਸ਼ਕ ਨੂੰ ਮੂਲ ਪਛਾਨਦੇ ਨੀ ।
ਕਿਸੇ ਦੂਏ ਦੀ ਜਾਨ ਨੂੰ ਕੋਹ ਦੇਣਾ,
ਓਹ ਖੇਡ ਸੰਦੀ ਇੱਕ ਜਾਨਦੇ ਨੀ ।
'ਹਰੀ ਬੁੱਧ' ਹੁਨ ਨੇਹੁੰ ਮੈਂ ਲਾ ਬੈਠੀ,
ਉੱਤੋਂ ਜਾਨ ਵਾਰੀ ਜਿੰਦ ਜਾਨ ਦੇ ਨੀ ।੨੨।

ਮੀਮ, ਮੰਨ ਆਖਾ ਮੇਰਾ ਪਿਆਰਿਆ ਵੇ,
ਹੱਥ ਜੋੜਕੇ ਅਰਜ਼ ਗੁਜ਼ਾਰ ਰਹੀ ਆਂ ।
ਵੇ ਤੂੰ ਪੈਰਾਂ ਦੀ ਧੂੜ ਲਈਂ ਜਾਨ ਮੈਨੂੰ,
ਜਿੰਦ ਜਾਨ ਸਾਰੀ ਤੈਥੋਂ ਵਾਰ ਰਹੀ ਆਂ ।
ਦੇਵੀਂ ਢੋਈ ਪਿਆਰੇ ਏਹ ਅਰਜ਼ ਮੇਰੀ,
ਸਾਰਾ ਜੱਗ ਜਹਾਨ ਤੇ ਹਾਰ ਰਹੀ ਆਂ ।
'ਹਰੀ ਬੁੱਧ' ਢੱਠੀ ਤੋਹਿ ਦੁਆਰ ਉੱਤੇ,
ਪਾਵੋ ਖ਼ੈਰ ਵੇ ਜਾਨੀ ਪੁਕਾਰ ਰਹੀ ਆਂ ।੨੩।

ਨੂੰਨ, ਨਾ ਜਾਨੀ ਨਾ ਕੈਹਵਨਾ ਜੇ,
ਕਰਕੇ ਹਾਂ ਮੈਨੂੰ ਗਲ ਲਾਵਨਾ ਵੇ ।
ਤੇਰੀ ਪ੍ਰੇਮ ਮੱਤੀ ਵੇ ਮੈਂ ਭੁੱਲ ਮੱਤੀ,
ਹੁਨ ਆਈ ਤੈਂਡੇ ਨਾ ਹਟਾਵਨਾ ਵੇ ।
ਜੋ ਸੀ ਜੱਗ ਦਾ ਜੱਗ ਵਿੱਚ ਛੱਡ ਦਿੱਤਾ,
ਤਨ ਮਨ ਵੀ ਭੇਟ ਕਰਾਵਨਾ ਵੇ ।
'ਹਰੀ ਬੁੱਧ' ਆਖਾਂ ਬਿਨਾਂ ਯਾਰ ਤੇਰੇ,
ਕਿਸੇ ਹੋਰ ਨਾ ਆਸ ਪੁਜਾਵਨਾ ਵੇ ।੨੪।

ਵਾ, ਵੱਸ ਤੇਰੇ ਮੁੱਢੋਂ ਮੈਂ ਜਾਨੀ,
ਤੇਰੇ ਬਿਨਾਂ ਨਾ ਹੋਰ ਹੈ ਠੌਰ ਕੋਈ ।
ਫਿਰਾਂ ਤੇਰੇ ਦਵਾਲੇ ਵੇ ਰਸ ਭਿੰਨੇ,
ਜਿਵੇਂ ਫੁੱਲ ਉੱਤੇ ਭਵੇਂ ਭੌਰ ਕੋਈ ।
ਰਤੀ ਹੱਸਕੇ ਬੋਲ ਪਿਆਰਿਆ ਵੇ,
ਖਿੜੇ ਅਸਾਂ ਦਾ ਚਿੱਤ ਵੀ ਤੌਰ ਕੋਈ ।
'ਹਰੀ ਬੁੱਧ' ਮੈਂ ਲੱਗੀਆਂ ਲੜ ਤੇਰੇ,
ਕੀਕਨ ਆਖਸੀ ਹੁਨ ਵੇ ਮੌਰ ਕੋਈ ।੨੫।

ਹੇ, ਹਾਰੀ ਜਦੋਂ ਪਾ ਵਾਸਤੇ ਮੈਂ,
ਮੇਰੇ ਪਿਆਰੇ ਦੇ ਚਿੱਤ ਵਿੱਚ ਮੇਹਰ ਆਈ ।
ਬੋਲੇ ਡਿੱਠਾ ਪਿਆ ਉਮਾਹੜਾ ਨੀ,
ਮੇਰੀ ਜਾਨ ਪਿਆਰੀ ਹੁਨ ਮਨ ਭਾਈ ।
ਫੜਕੇ ਭੁੰਜ ਤੋਂ ਚੁੱਕ ਉਠਾਇਓ ਨੀ,
ਘੁੱਟ ਇੱਕ ਜੱਫੀ ਮੇਰੇ ਨਾਲ ਪਾਈ ।
'ਹਰੀ ਬੁੱਧ' ਜੋ ਮੇਰੀ ਸੀ ਸਿੱਕ ਸਾਰੀ,
ਹਿੱਕ ਹਿੱਕ ਦੇ ਨਾਲ ਉਹ ਆਨ ਲਾਹੀ ।੨੬।

ਯੇ, ਯਾਰ ਸਾਡਾ ਸਈਓ ਆਨ ਮਿਲਿਆ,
ਤੁਸੀਂ ਦੇਵਨਾ ਆਨ ਵਧਾਈਆਂ ਨੀ ।
ਪਿਆਰੇ ਪ੍ਰੀਤਮ ਦੇ ਨਾਲ ਮੈਂ ਮਿਲ ਬੈਠੀ,
ਪਿਆਰੇ ਆਪ ਈ ਆਸ ਪੁਜਾਈਆਂ ਨੀ ।
ਚੜ੍ਹੀ ਸੇਜ ਅਡੋਲ ਪਿਆਰੜੀ ਤੇ,
ਮਜ਼ਾ ਚੱਖਿਆ ਘੋਲ ਘੁਮਾਈਆਂ ਨੀ ।
'ਹਰੀ ਬੁੱਧ' ਮੈਂ ਜਾਨੀ ਦੀ ਜਾਨ ਹੋਈ,
ਅਸਾਂ ਦੂਈਆਂ ਕੁਲ ਮਿਟਾਈਆਂ ਨੀ ।੨੭।
('ਪ੍ਰੀਤਮ' ਮਈ, ੧੯੨੬, ਭਾਹ=ਅੱਗ,
ਸ਼ੌਹ=ਦਰਿਆ, ਕਾਂਗ=ਹੜ੍ਹ, ਠੌਰ=ਆਸਰਾ,
ਉਮਾਹੜਾ=ਉਮੰਗ, ਮੌਰ=ਬੇਸਹਾਰਾ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬੁਧ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ