Aakhri Sham : Harinder Singh Mehboob
ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ
ਦੀਵੇ ਕੋਲੇ ਬੁੱਤ ਬੈਠਾ ਕੇ ਥਾਂ ਥਾਂ ਤੈਨੂੰ ਟੋਲਾਂ। ਦੇਸ ਤੇਰੇ ਦੇ ਰੁੱਖ ਨਿਰਮੋਹੇ ਕਿਸ ਬੋਲੀ ਵਿਚ ਬੋਲਾਂ ? (ਨਵਤੇਜ ਸਿੰਘ ਭਾਰਤੀ) ***** ਆਵਣ ਵਾਲਾ ਹਰ ਮੌਸਮ ਈ, ਰੂਪ ਬਦਲ ਕੇ ਆਉਂਦਾ ਏ, ਅਸਲੀ ਧੁੱਪਾਂ ਅਸਲੀ ਛਾਵਾਂ, ਵੇਖਿਆਂ ਮੁੱਦਤ ਹੋਈ ਏ। ਡਿਉੜੀ ਦੇ ਵਿਚ ਤਾਂਘਾਂ ਵਾਲਾ, ਦੀਵਾ ਬਾਲ ਕੇ ਪੁੱਤਰਾਂ ਲਈ ਰਾਤਾਂ ਜਾਗਣ ਵਾਲੀਆਂ ਮਾਵਾਂ, ਵੇਖਿਆਂ ਮੁੱਦਤ ਹੋਈਏ। ਕਈ ਜ਼ਮਾਨੇ ਗੁਜ਼ਰੇ ਲਭਦੇ, ਉਨਾਂ ਈ ਦਰਦੀ ਹੱਥਾਂ ਨੂੰ ਭਾਰ ਵੰਡਾਵਣ ਵਾਲੀਆਂ ਬਾਹਵਾਂ, ਵੇਖਿਆਂ ਮੁੱਦਤ ਹੋਈ ਏ। ( ਅਕਰਾਮ ਮਜੀਦ–ਲਾਇਲਪੁਰ 'ਤਨੇ ਦਾ ਰੋਗ') ਸਮਰਪਣ ਪਿਆਰੇ ਯਾਰ ਜੋਗਿੰਦਰ ਸਿੰਘ ਹੀਰ ਨੂੰ, ਜਿਹਨਾਂ ਨਾਲ ਰਣ ਸਭਰਾਵਾਂ ਦੀਆਂ ਉਦਾਸ ਆਵਾਜ਼ਾਂ ਉਹਨਾਂ ਦੇ ਆਖ਼ਰੀ ਸੁਆਸ ਲੈਣ ਤਕ ਸਫ਼ਰ ਕਰਦੀਆਂ ਰਹੀਆਂ।
ਆਖ਼ਰੀ ਸ਼ਾਮ : ਬੇਵਤਨੀ ਦਾ ਛਿਣ
ਆਖ਼ਰੀ ਸ਼ਾਮ ਦੀਆਂ ਸਭ ਕਵਿਤਾਵਾਂ ਗੜ੍ਹਦੀਵਾਲਾ ਆਉਣ ਪਿੱਛੋਂ ਲਿਖੀਆਂ ਸਨ। ਇਹਨਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਮੈਂ ਇਕੱਲਿਆਂ ਸੈਰ ਕਰਦਿਆਂ ਦਸੰਬਰ ੧੯੬੯ ਵਿਚ ਜ਼ਬਾਨੀ ਤਿਆਰ ਕੀਤੀਆਂ, ਤੇ ਪਿੱਛੋਂ ਪ੍ਰੋ: ਜੱਸਾ ਸਿੰਘ (ਅੱਜ ਕੱਲ ਏ.ਐੱਸ. ਕਾਲਜ, ਖੰਨਾ) ਨੂੰ ਬੋਲ ਕੇ ਲਿਖਵਾਈਆਂ। ਕਈ ਕਵਿਤਾਵਾਂ ਮੈਂ ਉਸ ਦੇ ਸਾਹਮਣੇ ਬੈਠ ਕੇ ਵੀ ਲਿਖੀਆਂ, ਕਿਉਂਕਿ ਮੈਂ ਉਸ ਨੂੰ ਆਪਣੇ ਤੋਂ ਵੱਖ ਨਹੀਂ ਸਾਂ ਮੰਨਦਾ।
ਆਖ਼ਰੀ ਸ਼ਾਮ ਦੀਆਂ ਬਹੁਤੀਆਂ ਕਵਿਤਾਵਾਂ ਬੇਵਤਨ ਹੋਣ ਦੇ ਛਿਣ ਦਾ ਵਿਸਥਾਰ ਹਨ। ਅਤਿ ਪਿਆਰੀ ਵੱਥ ਦੇ ਗੁਆਚ ਜਾਣ ਦਾ ਹੌਕਾ, ਮਾਂ-ਪਿਉ ਦੇ ਦੇਸ ਦਾ ਜਬਰੀ ਖੋਹਿਆ ਜਾਣਾ, ਕੌਮ ਦੀ ਰੂਹਾਨੀਅਤ ਦਾ ਬਰਬਾਦ ਹੋਣਾ, ਮਾਹੀ ਦੀ ਯਾਦ ਉੱਤੇ ਗ਼ੁਲਾਮੀ ਦੇ ਪਹਿਰੇ, ਜਾਂ ਮੌਤ ਦੇ ਜੇਤੂ ਪਲ ਸਾਹਮਣੇ ਸੰਸਾਰ ਲਈ ਪਵਿੱਤਰ ਮੋਹ ਦੇ ਜਾਗਣ ਦਾ ਸਮਾਂ, ਕਵੀ ਲਈ ਬੇਵਤਨ ਹੋਣ ਦੇ ਬਰਾਬਰ ਹੈ। ਬੇਵਤਨ ਹੋਣ ਦਾ ਵੇਲਾ, ਜਾਂ ਕਿਸੇ ਵੀ ਮਜਬੂਰ ਅਲਵਿਦਾ ਦੇ ਛਿਣ ਉੱਤੇ ਉਪਜੀ ਪਾਵਨ ਰੂਹਾਨੀ ਚੀਸ, ਕਵੀ ਲਈ ਆਖ਼ਰੀ ਸ਼ਾਮ ਹਨ। ਇਸ ਕਿਸਮ ਦੇ ਵਿਸ਼ੇ ਨੂੰ ਪਕੜਦੀ ਕਵਿਤਾ ਕੋਈ ਵੀ ਦ੍ਰਿਸ਼ਟਾਂਤ ਪੇਸ਼ ਕਰ ਸਕਦੀ ਹੈ, ਪਰ ਉਸ ਦੇ ਵਿਸ਼ਵ-ਵਿਆਪੀ ਯਕੀਨ ਦੀ ਨੁਹਾਰ ਵਿਚ ਫਰਕ ਨਹੀਂ ਪਵੇਗਾ। ਮਿਸਾਲ ਲਈ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਿੱਖ ਕੌਮ ਦੀ ਦੁਖਾਂਤਕ ਹੋਣੀ ਦੇ ਇਤਿਹਾਸ ਨਾਲ ਤਅੱਲਕ ਰੱਖਦੀਆਂ ਹਨ, ਪਰ ਉਹਨਾਂ ਵਿਚ ਬੇਵਤਨ ਹੋਣ ਦੀ ਪੀੜ ਸੰਸਾਰ ਦੇ ਸਭ ਫਿਰਕਿਆਂ ਦੇ ਲੋਕਾਂ ਲਈ ਸਾਂਝੀ ਹੈ। ਆਖ਼ਰੀ ਸ਼ਾਮ ਇਕ ਸਾਂਝਾ ਬਿੰਬ ਹੈ, ਜਿਸ ਨਾਲ ਕਿਸੇ ਵੀ ਨਰ-ਨਾਰੀ ਨੂੰ ਮੋਹ ਹੋ ਸਕਦਾ ਹੈ। ਇਸ ਬਿੰਬ ਦੁਆਲੇ ਹੀ ਇਸ ਸੰਗ੍ਰਹਿ ਦੀਆਂ ਜ਼ਿਆਦਾ ਨਜ਼ਮਾਂ ਝੁਰਮਟ ਪਾਉਂਦੀਆਂ ਹਨ।
ਕੌਮੀ ਸਿਦਕ ਦੀ ਘੜੀ ਉੱਤੇ ਬੇਵਤਨ ਹੋਣ ਦੀ ਪੀੜ ਸ਼ਹਾਦਤ ਦਾ ਵਿਜੈਈ ਜਜ਼ਬਾ ਉਭਾਰਦੀ ਹੈ। (ਸਿਖ ਸ਼ਹੀਦ ਦੀ ਅਰਦਾਸ−31), ਜਾਂ ਕਿਸੇ ਅਟੱਲ ਫ਼ੈਸਲੇ ਦਾ ਨਾਅਰਾ ਲਗਾਉਂਦੀ ਹੈ (ਵੱਖਰਾ ਰਾਹ), ਜਾਂ ਮਾਹੀ ਦੇ ਮੁੜ ਆਉਣ ਦੀ ਉਮੀਦ ਨੂੰ ਹਸ਼ਰ ਦੀ ਘੜੀ ਦੀ ਸ਼ਿੱਦਤ ਤਕ ਲੈ ਜਾਂਦੀ ਹੈ (ਹਸ਼ਰ ਦਿਹਾੜੇ ਦੇ ਮੇਲੇ)। ਸੋ ਆਖ਼ਰੀ ਸ਼ਾਮ ਦੀਆਂ ਕਵਿਤਾਵਾਂ ਇਕ ਪਾਸੇ ਜਿਊਂਦਾ-ਜਾਗਦਾ ਅਨੁਭਵ ਹਨ, ਪਰ ਦੂਜੇ ਪਾਸੇ ਮਨੁੱਖੀ ਇਤਿਹਾਸ ਅਤੇ ਮਨ ਦੀਆਂ ਅਨੇਕ ਪ੍ਰਕ੍ਰਿਆਵਾਂ ਦੇ ਸੰਭਵ ਪ੍ਰਤੀਕ ਵੀ ਹਨ। ਇਹਨਾਂ ਪ੍ਰਤੀਕਾਂ ਦੀ ਉਤਪੱਤੀ ਤਸੱਵਫ਼ ਦੀ ਇਸਲਾਮੀ ਪ੍ਰਤੀਤੀ, ਅੱਲ੍ਹੜ ਕੁੜੀਆਂ ਦੇ ਤ੍ਰਬਕਦੇ ਚਾਵਾਂ ਜਾਂ ਪੂਰਨ-ਕਹਾਣੀ ਦੇ ਪਾਤਰਾਂ ਦੇ ਮਨ ਵਿੱਚੋਂ ਕਿਤੋਂ ਵੀ ਹੋ ਸਕਦੀ ਹੈ।
(23-7-1989)
1. ਪੈਗ਼ੰਬਰ ਦਾ ਸਫ਼ਰ
(ਇਹ ਕਵਿਤਾ ਜਿੱਥੇ ਦਸਮ ਪਾਤਸ਼ਾਹ ਦੇ ਆਨੰਦਪੁਰ ਛੱਡਣ ਤੋਂ ਲੈ ਕੇ ਖਦਰਾਣੇ ਦੀ ਢਾਬ ਉੱਤੇ ਲੜੇ ਗਏ ਮਹਾਨ ਯੁੱਧ ਤੱਕ ਦੀ ਦਾਸਤਾਨ ਨੂੰ ਪੇਸ਼ ਕਰਦੀ ਹੈ, ਉਥੇ ਖ਼ਾਲਸਾ ਜੀ ਦੇ ਮਨ ਵਿੱਚ ਵਸਦੇ ਹੋਏ ਉਸ ਵੈਰਾਗ ਅਤੇ ਸਿਦਕ ਦਾ ਸਮਾਚਾਰ ਵੀ ਦਿੰਦੀ ਹੈ, ਜਿਹੜਾ ਕਿ ਇਸ ਉਦਾਸ ਸਫ਼ਰ ਨੇ ਪੈਦਾ ਕੀਤਾ । ਇਹ ਸਿਦਕ ਅਤੇ ਵੈਰਾਗ ਹਰ ਸਦੀ ਦਾ ਸੱਚ ਹਨ) ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ, ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ । ਇਸ ਰਾਹ 'ਤੇ ਛੋੜ ਸੁਹਾਣੀ ਬਾਂਹ ਛੱਡ ਹਰੇ-ਕਚੂਰ ਅੰਬਾਂ ਦੀ ਛਾਂ ਛੱਡ ਨੈਣ-ਸੁਹਾਂਦੇ ਬਹੁਤ ਪਿੱਛਾਂਹ, ਹੱਸ ਜੱਗ ਦੇ ਕੂੜ ਵਪਾਰੀ 'ਤੇ ਮੇਰਾ ਵਗਿਆ ਸ਼ਹੁ ਦਰਿਆ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਕੁਝ ਦੂਰ ਦੇ ਰਣਾਂ ਨੂੰ ਕਹਿ ਤੁਰਿਆ ਵਿੱਚ ਹਰੀਆਂ ਜੂਹਾਂ ਰਹਿ ਤੁਰਿਆ ਅੱਜ ਖ਼ਾਕ ਦਾ ਓਢਨ ਲੈ ਤੁਰਿਆ, ਛੱਡ ਬਾਜ਼ ਕਹਿਰ ਦੇ ਬੇਲੀ ਨੂੰ ਉਹ ਬਾਤ ਸੰਜੋਗੀ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਨ੍ਹਾਂ ਦੂਰ ਦੁਰਾਡੇ ਸ਼ਹਿਰਾਂ ਵਿਚ ਕੋਈ ਭੇਹਰ ਵੱਜੀ ਏ ਕਹਿਰਾਂ ਵਿਚ ਰਣ ਖੜਾ ਲਹੂ ਦਾ ਪੈਰਾਂ ਵਿਚ, ਉਹ ਖ਼ਾਕ ਮਿਰੀ ਨੂੰ ਗਲ ਲਾਵੇ ਮੈਨੂੰ ਅੱਪਣੇ ਜਿਹਾ ਬਣਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਕੋ ਵੱਡ ਸੁੰਨ ਦੇ ਦਰਬਾਰੇ ਵੋ ਉਹ ਦਰ ਸਰਹਿੰਦ ਦੇ ਚਾਰੇ ਵੋ ਜਿੱਥੇ ਡਿਗਦੇ ਖੰਭ ਕਰਾਰੇ ਵੋ ਉਨ੍ਹਾਂ ਉੱਚਿਆਂ ਦਰਾਂ 'ਤੇ ਨਜ਼ਰਾਂ ਪਾ ਉਹ ਰਿੰਮ ਝਿੰਮ ਕੋਈ ਲਗਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਜਦ ਦੀਨ ਦੁਨੀ ਬੇ-ਕਦਰ ਹੋਈ ਕਿਸੇ ਪੀਰ-ਫ਼ਕੀਰ ਦੀ ਨਦਰ ਹੋਈ ਵਿੱਚ ਮਾਛੀਵਾੜੇ ਫ਼ਜਰ ਹੋਈ, ਰਣ ਡੁੱਲ੍ਹਿਆ ਲਹੂ ਮੁਰੀਦਾਂ ਦਾ ਦਰ ਦੀਨ ਆਖਰੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਫੜ ਵਾਗ ਦੁਪਹਿਰਾਂ ਦੀ ਸੁੱਤਾ ਹੈ, ਹਰ ਦੀਨ ਆਖ਼ਰੀ ਰੁੱਤਾ ਹੈ । ਲੱਖ ਭੇਹਰਾਂ…ਨੀਂਦ ਵਿਗੁੱਤਾ ਹੈ । ਕਰ ਨਾਲ ਮੁਰੀਦਾਂ ਸੁਖ਼ਨ ਕੋਈ ਕਿਸੇ ਕੌਲ ਕਰਨ ਦੇ ਰਾਹ ਜਾਂਦਾ ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਵੱਡ ਹੁਕਮ ਖ਼ੁਦਾ ਦੇ ਭਾਰੇ ਲੈ ਚੜ੍ਹ ਪੈਂਦੇ ਵਲੀ ਨਗਾਰੇ ਲੈ ਵਿੱਚ ਧੂੜ ਦੇ ਲਸ਼ਕਰ ਭਾਰੇ ਲੈ, ਮੇਰੀ ਜਾਨ ਕੁਸੇ, ਤੇ ਹੌਲ ਪਵੇ, ਉਹ ਤੁਰਿਆ ਬੇ-ਪਰਵਾਹ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰਣ ਸੁੱਤਿਆਂ, ਕਰਮ ਹਜ਼ਾਰ ਹੋਏ ਜੋ ਬਾਜ਼ ਦੁਪਹਿਰ ਉਡਾਰ ਹੋਏ ਹੜ੍ਹ ਤੁੰਦ ਹਵਾ ਵਿਚਕਾਰ ਹੋਏ, ਜਦ ਮੇਲੇ ਹੋਣ ਸੰਜੋਗਾਂ ਦੇ ਕੋਈ ਰਾਹ ਪਰਦੇਸੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਗੱਲ ਭੋਲੀਆਂ ਨਿੱਕੀਆਂ ਜਾਨਾਂ ਦੀ ਗੱਲ ਸਰਸਾ ਦੇ ਘਮਸਾਨਾਂ ਦੀ ਕੋਈ ਬਾਤ ਫ਼ਰੇਬ, ਇਮਾਨਾਂ ਦੀ, ਛੱਡ ਸ਼ਰਾ-ਵਫ਼ਾ ਦੇ ਰਾਹਾਂ ਨੂੰ ਰਸ-ਭਿੰਨੜਾ ਕੁੱਝ ਲਿਸ਼ਕਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰੱਤ-ਭਿੱਜੀ ਚੜ੍ਹਦੀ ਰੈਣ ਕਦੇ, ਤਦ ਰੋਸ ਨਾਲ ਭਰ ਨੈਣ ਕਦੇ ਫਿਰ ਨੀਲੇ ਬਸਤਰ ਪਹਿਣ ਕਦੇ ਰੁਖ਼ ਦੇਸ ਪਰਾਏ ਦਾ ਕਰਦਾ ਕਿਸੇ ਮੋਹ ਵਿੱਚ ਤੀਰ ਚਲਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹਾਂ ! ਨੀਲੇ ਬਸਤਰ ਪਹਿਣ ਕਦੇ ਜਾਵੇ ਰੁੱਸਿਆਂ ਮੁਰੀਦਾਂ ਨੂੰ ਲੈਣ ਕਦੇ ਡਾਢਾ ਸੁਖਨ ਫ਼ਕੀਰਾਂ ਦਾ ਕਹਿਣ ਕਦੇ, ਸੋਹਣੇ ਨੈਣ ਸ਼ਹੀਦਾਂ ਦੇ ਤੱਕਨੇ ਨੂੰ ਵਣ ਮਾਛੀਵਾੜੇ ਦੇ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰਸ-ਭਿੰਨੜੀ ਨਜ਼ਰ ਨਾ' ਵਾਹ ਸਾਡਾ ਖੰਭ ਬਾਜ਼ ਦੇ ਫੜਕਣ…ਸ਼ਾਹ ਸਾਡਾ । ਬੀਬਾ ਤੇਗ ਜਿਉਂ ਭੱਖਿਆ ਰਾਹ ਸਾਡਾ; ਰੁੱਸ ਬਹੀਏ, ਤਾਂ ਛੰਭ ਖਦਰਾਣੇ ਤੇ ਸਾਨੂੰ ਉਹੀਓ ਈ ਦਰਸ ਦਿਖਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹੱਥ ਤੇਗ ਤੇ ਨੈਣ ਦਿਲਾਸਾ ਹੈ, ਸਾਨੂੰ ਸੁੱਤਿਆਂ ਨੂੰ ਧਰਵਾਸਾ ਹੈ, ਉਹਦਾ ਬਾਜ਼ ਰਣਾਂ ਵਿੱਚ ਪਿਆਸਾ ਹੈ- ਰਗ ਨੀਲੇ ਦੀ 'ਚੋਂ ਲਹੂ ਵਗੇ ਸਾਨੂੰ ਪਿਛਲੇ ਪਹਿਰ ਰੁਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਚਹੁੰ ਕੁੰਟਾਂ ਵਿੱਚ ਤੁਰਿਆ ਹੈ, ਸਾਨੂੰ ਬਖ਼ਸ਼ਿਸ਼ ਦਾ ਦਰ ਜੁੜਿਆ ਹੈ, ਉਹਦਾ ਤੀਰ ਕਦੇ ਨਾ ਮੁੜਿਆ ਹੈ, ਉਹ ਕਰਮ ਕਰੇ, ਜਾਂ ਗਜ਼ਬ ਕਰੇ, ਕੁੜੇ ਵਖਤ ਕਹਿਰ ਦੇ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹੱਸ ਪੈਂਦਾ ਤੱਕ ਕੇ ਜਬਰ ਕੁੜੇ ਉਹ ਕਰਮ ਕਰੇ ਬੇਖ਼ਬਰ ਕੁੜੇ ਉਹਦੀ ਤੇਗ ਭਖੇ ਵਿੱਚ ਸਬਰ ਕੁੜੇ, ਪਾ ਮਿਹਰ ਦੀ ਤੱਕਨੀ ਭੁੱਲਿਆਂ 'ਤੇ ਉਹ ਸ਼ਾਹਾਂ ਨੂੰ ਕੰਬਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਜੋ ਸੁੰਨ ਸਰਹਿੰਦ 'ਚ ਖੋਏ ਨੇ, ਜੋ ਰਣ ਗੁਜਰਾਤ 'ਚ ਰੋਏ ਨੇ, ਜੋ ਸਿੱਕਦੇ ਦਰਸ ਨੂੰ ਮੋਏ ਨੇ, ਤੱਕ ਗਜ਼ਬ ਤੇਗ ਦਾ ਢਕ ਲੈਂਦਾ ਜੜ੍ਹ ਤੀਰ 'ਤੇ ਟੁੰਗ ਵਿਖਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹਦੀ ਉੱਠੀ ਖੜਗ…ਯਕੀਨ ਮਿਰਾ । ਵਿੱਚ ਦੇਸ ਬੇਗਾਨੇ ਜੀਣ ਮਿਰਾ । ਉਹ ਹੱਸਿਆ…ਦਰਦ ਮਹੀਨ ਮਿਰਾ, ਇਨ੍ਹਾਂ ਰੰਬੀਆਂ ਹੇਠ ਰਹੀਮ ਮਿਰਾ; ਜਦ ਚੀਸ ਦਰਦ ਦੀ ਸੀਨੇ ਵਿੱਚ ਉਹ ਧੁੰਮ ਲਸ਼ਕਰ ਦੀ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਬੰਨ੍ਹ ਕੌਲ ਦਾ ਗਾਨਾ ਵੀਣੀ ਵੋ ਰਣ ਉੱਠੀ ਤੇਗ ਉਡੀਣੀ ਵੋ, ਫਿਰ ਰਿੰਮ-ਝਿੰਮ ਹੋਈ ਝੀਣੀ ਵੋ, ਜਦ ਪੁਰੀ ਆਨੰਦ 'ਤੇ ਵਖਤ ਪਏ ਲੈ ਤੇਗ ਆਖ਼ਰੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਆਇਆ ਕੌਲ ਪੁਰਾਣੇ 'ਤੇ ਜਦ ਮੱਚਿਆ ਰਣ ਖਦਰਾਣੇ 'ਤੇ, ਸਭ ਨਜ਼ਰਾਂ ਬਾਜ਼ ਸੁਹਾਣੇ 'ਤ ਝੁਕ ਮਹਾਂ ਸਿੰਘ ਦੀਆਂ ਅੱਖੀਆਂ 'ਤੇ ਘੁੱਟ ਅਰਜ਼ ਨੂੰ ਸੀਨੇ ਲਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਲੋਹ ਤਪਿਆ ਚਰਖ ਦਾ ਆਰਾ ਹੈ । ਉਹਦੀ ਵਿੱਚ ਸ਼ਮਸ਼ੀਰ ਹੁਲਾਰਾ ਹੈ, ਕੋਈ ਸਾਵਨ ਹੁੱਲਿਆ ਪਿਆਰਾ ਹੈ, ਜਿਉਂ ਰੋਹ-ਬ੍ਰਿਛਾਂ 'ਤੇ ਫ਼ਜਰ ਪਵੇ ਉਹ ਰਣ ਦੇ ਪਾਰ ਸੁਹਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਝੁੰਡ ਬ੍ਰਿਛਾਂ ਦੇ ਭਾਰੇ ਜੋ ਅੱਜ ਹਰੇ-ਕਚੂਰ ਤੇ ਪਿਆਰੇ ਜੋ ਹਨ ਸਮਿਆਂ ਦੇ ਵਿੱਚ ਨਿਆਰੇ ਜੋ ਉੱਥੇ ਚੰਨ-ਸੂਰ ਦੇ ਡੁੱਬਣ ਦਾ ਪਲ ਸੌਂ ਕੇ ਭੇਦ ਛੁਪਾ ਜਾਂਦਾ ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਅੱਜ ਧੂੜ ਹਫ਼ੇ, ਰਣ ਧੁੰਧ ਹੋਏ, ਪਿਆ ਪੌੜ ਭਖੇ, ਤੇ ਤੁੰਦ ਹੋਏ, ਬੇ-ਸਾਹ ਮਨ ਮੇਰਾ ਮੁੰਦ ਹੋਏ, ਸਾਨੂੰ ਹਰੇ ਝੁੰਡਾਂ 'ਚੋਂ ਬਾਜ਼ਾਂ ਹੱਥ ਉਹ ਦੇਣ ਦਿਲਾਸਾ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ ।
2. ਕਾਲੇ ਖੂਹ ਵਿੱਚ ਪੂਰਨ ਦੀ ਫ਼ਰਿਆਦ
(੧) ਕਾਲੇ ਖੂਹ 'ਤੇ ਚਮਕਣ ਤਾਰੇ । ਮਾਏ ਕਿਸ ਨੂੰ ਅਰਜ਼ ਕਰਾਂ ਮੈਂ ਚੁੱਪ ਤੋਂ ਪਾਰ ਨੇ ਪਾਂਧੀ ਸਾਰੇ । ਜੇ ਇਕਰਾਰ ਹੈ ਕੋ ਤਾਰੇ ਦਾ ਮੇਰੇ ਸਾਹਮੇ ਕੌਲ ਨਾ ਹਾਰੇ । ਲੰਮੀ ਵਾਟ, ਤਨਾਂ ਤੇ ਲਾਸਾਂ, ਜ਼ੋਰ ਧਿੰਗਾਣਾ ਕਰ ਨਾ ਨਾਰੇ । ਸਾਡਾ ਦੁੱਖ ਨਦਰ ਤੋਂ ਹੀਣਾ ਕਿੱਥੇ ਜਾਸਨ ਨਾਥ ਵਿਚਾਰੇ ? ਕਦੇ ਕਦੇ ਚੜ੍ਹ ਰੋਹੀਆਂ ਦੀ ਵਾ ਨੰਗੇ ਤਨ 'ਤੇ ਅੱਥਰੂ ਮਾਰੇ । ਭਾਵੇਂ 'ਵਾਜ਼ ਮਾਹੀ ਦੀ ਸੁਣਦੀ ਮਾਵਾਂ ਜੇਡ ਨ ਬੋਲ ਪਿਆਰੇ । ਸੁੱਕੇ ਸਰਵਰ ਖੇਡ ਨਾ ਜਾਣਨ ਪੰਛੀ ਕੁਲ ਵਣਾਂ ਦੇ ਮਾਰੇ । ਛਿਪਿਆ ਸੂਰਜ, ਚਹੁੰ ਕੂੰਟਾਂ ਵਿੱਚ ਹਰ ਜੂਹ 'ਚੋਂ ਕੋਈ ਪੈੜ ਪੁਕਾਰੇ । ਟੁੱਟਿਆ ਪੰਖ ਕਿਤੇ ਅਸਮਾਨੋ ਸੋਹਣੇ ਯਾਰ ਦੀ 'ਵਾਜ ਉਤਾਰੇ । (੨) ਕਾਲੇ ਖੂਹ 'ਤੇ ਝੁੱਲੀਆਂ 'ਵਾਵਾਂ । ਨਾ ਚੰਨ ਬਾਗ਼ ਮਿਰੇ ਵਿੱਚ ਚੜ੍ਹਿਆ ਨਾ ਪੂਰਨ ਘਰ ਮਾਵਾਂ । ਪੀਲੇ ਪੱਤਰ ਅਰਜ਼ ਕਰੇਂਦੇ ਫੜਦੇ ਲੰਮੀਆਂ ਛਾਵਾਂ । ਵਣਾਂ-ਕਰੀਰਾਂ ਦੀ ਮਿੱਟੀ ਵਿੱਚ ਤਨ ਮਨ ਕਿਵੇਂ ਤਪਾਵਾਂ । ਰੋਹੀਆਂ ਦੇ ਵਿੱਚ ਕੇਸੂ ਭਖਦਾ ਅੱਜ ਰੂਹ ਮੰਗਦਾ ਜਾਵਾਂ । ਜਾਂ ਕੋਈ ਵਾਟ ਮੇਰੀ 'ਤੇ ਤੁਰਦਾ ਜਾਂ ਮੈਂ ਆਪ ਹੀ ਆਵਾਂ । ਬਾਂਕੇ ਨੈਣ, ਨਾਰ ਦੇ ਕਜਰਾ, ਖ਼ੈਰ ਨਾ ਮੰਗਣ ਜਾਵਾਂ । ਸੁਣਿਆਂ ਰਾਹ ਤਿਰੇ 'ਤੇ ਕਾਲੀ ਜਾਂ ਮੈਂਡਾ ਪਰਛਾਵਾਂ । (੩) ਕਾਲੇ ਖੂਹ 'ਤੇ ਸਿਖਰ ਦੁਪਹਿਰਾਂ । ਥਲ-ਡੂਗਰ ਵਿੱਚ ਯਾਰ ਸੁਣੀਂਦਾ ਦਰਦ ਨਾ ਸੁਣਿਆਂ ਗੈਰਾਂ । ਪੁੱਤ ਮਾਵਾਂ ਦੇ ਚਿਰਾਂ ਤੋਂ ਮੋਏ ਫੜੇ ਸ਼ਿਕਾਰੀ ਕਹਿਰਾਂ । ਮੇਰੇ ਯੋਗ ਦੀ ਵਾਟ ਲੰਮੇਰੀ ਕਠਨ ਘੜੀ ਵਿੱਚ ਪੈਰਾਂ । ਮੇਰੇ ਨਾਥ ਦਾ ਬੋਲ ਵੀ ਡਾਢਾ ਵੱਡੀਆਂ ਤੇਰੀਆਂ ਖ਼ੈਰਾਂ । (੪) ਕਾਲੇ ਖੂਹ 'ਤੇ ਸਾਉਣ ਮਹੀਨੇ । ਮੋਏ ਅੰਗ ਖਿੜੇ ਵਿੱਚ ਬਾਗ਼ਾਂ ਕੁਝ ਮੁਟਿਆਰਾਂ ਸੀਨੇ । ਮੇਰਾ ਬੋਲ ਵਸੇ ਵਿੱਚ ਰੋਹੀਆਂ, ਤੇ ਅੱਥਰੂ ਵਿੱਚ ਸੀਨੇ । ਜਿਚਰਕ ਖੈਰ ਨਾਥ ਦੀ ਮਾਏ, ਰੁਲਸਨ ਲਾਲ-ਨਗੀਨੇ । (੫) ਕਾਲੇ ਖੂਹ ਤੇ ਸੰਞਾਂ ਪਈਆਂ । ਸੁਣ ਕੇ ਕੂਕ ਕੂੰਜ ਦੀ ਡਾਢੀ ਉਮਰਾਂ ਢੂੰਡਣ ਗਈਆਂ । ਵਣਾਂ ਕਰੀਰਾਂ ਰੋਹੀਆਂ ਦੇ ਵਿੱਚ ਇੱਕ-ਦੋ ਖੇਡਾਂ ਰਹੀਆਂ । ਖੇਡ ਮੇਰੀ ਵਿੱਚ ਮਾਂ ਦੇ ਸੁਪਨੇ ਨਾਥ ਨੂੰ ਖ਼ਬਰਾਂ ਗਈਆਂ । ਵਾਟ ਮੇਰੀ 'ਤੇ ਸਾਉਣ ਮਹੀਨਾ ਮਹਿਲੀਂ ਪੀਂਘਾਂ ਪਈਆਂ । ਸੇਜ ਮੇਰੀ 'ਤੇ ਲਾਲ-ਨਗੀਨੇ ਨੈਣ ਭਰਦੀਆਂ ਸਈਆਂ । ਸੁੰਦਰਾਂ ਸਾਹਮੇ ਕਾਸਾ ਫੜ ਕੇ ਅੱਥਰਾਂ ਨਾਥ ਨੇ ਲਈਆਂ । ਯੋਗ ਨਾਥ ਦਾ ਥਰਹਰ ਕੰਬੇ ਚੂੜਾ ਛਣਕੇ ਬਹੀਆਂ । ਰੋਂਦੇ ਨੇ ਚਰਵਾਲ ਚਿਰਾਂ ਦੇ ਘਾਹ ਨ ਚਿੱਥਦੀਆਂ ਮਹੀਆਂ । (੬) ਕਾਲੇ ਖੂਹ 'ਤੇ ਹੌਲ ਦਿਲਾਂ ਦੇ । ਬਾਗਾਂ ਦੇ ਵਿੱਚ ਜੁਗਨੂੰ ਕੁੰਦਨ ਸਹਿਕਣ ਕੌਲ ਚਿਰਾਂ ਦੇ । ਖੇਡ ਜੀਰਾਣਾਂ ਦੇ ਵਿੱਚ ਮੇਰੀ ਮਾਂ ਦੇ ਨੈਣ ਬੁਲਾਂਦੇ । ਮੈਂ ਸੁਣਿਆਂ ਏ ਯੋਗ ਦੇ ਪੈਂਡੇ ਡਾਢ ਦਿਲਾਂ ਵਿੱਚ ਪਾਂਦੇ । ਜੋਬਨ ਦੇ ਜਦ ਆਉਣ ਦਿਹਾੜੇ ਢਾਡੀ ਕਾਰ ਵਲਾਂਦੇ । ਕਜਰੇ ਦੀ ਇੱਕ ਪਤਲੀ ਧਾਰ 'ਚ ਸਾਵਨ ਰੰਗ ਬਣਾਂਦੇ । ਯੋਗੀ ਤਨ ਵਿਭੂਤ ਰਚਾ ਕੇ ਨਾਲ ਰਕਾਨਾਂ ਜਾਂਦੇ । ਸੁਣਿਆਂ ਸੂਰਜ ਆਖ਼ਿਰ ਵੇਲੇ ਹਰ ਇਕ ਤੁਰ ਗਈ ਕਿਰਨ ਬੁਲਾਂਦੇ । ਸ਼ਬਨਮ ਦਾ ਵੀ ਸਫ਼ਰ ਹੈ ਕੋਈ ਬਿਰਖ ਵੀ ਸ਼ਿਕਵਾ ਕਦੇ ਸੁਣਾਂਦੇ । ਮਾਂ ਦਾ ਰਹਿਮ ਫਿਰੇ ਵਿੱਚ ਰੋਹੀਆਂ ਲੱਖ ਦਰਿਆ ਕੁਰਲਾਂਦੇ । ਲੱਖਾਂ ਯੋਗ ਤਪਨ ਵਿੱਚ ਸੀਨੇ ਨਾਰ ਨ ਤਨ 'ਤੇ ਲਾਂਦੇ । (੭) ਕਾਲੇ ਖੂਹ 'ਤੇ ਬਰਸਣ ਭੂਰਾਂ । ਡਿੱਠਾ ਸਾਨੂੰ ਫ਼ਜਰ ਦੇ ਵੇਲੇ ਸੋਹਣੇ ਚੰਨ ਦੇ ਨੂਰਾਂ । ਦੂਰ ਦੁਰਾਡੇ ਭੇਹਰ ਸੁਣੀਂਦੀ ਕਿਤੇ ਥਲਾਂ ਵਿੱਚ ਧੂੜਾਂ । ਭੈੜੀ ਪੈੜ ਮਿਰੀ ਵਿੱਚ ਰੁਲਣਾ ਰੰਗਲੇ ਬਾਗ਼ ਦੇ ਬੂਰਾਂ । ਖੇਡ ਰਕਾਨਾਂ ਤੁਰ ਗਈਆਂ ਨੇ ਉੱਡਦਾ ਜੁਗਨੂੰ ਦੂਰਾਂ । ਖੰਡਰਾਂ 'ਤੇ ਇਕ ਨਾਦ ਸੁਣੀਂਦਾ ਹੱਥ ਮਰੋੜਾਂ ਝੂਰਾਂ । ਸੁਣਿਆ ਸੰਖ ਨਾਥ ਦਾ ਭਾਰੀ ਚੜ੍ਹ ਵਿੱਚ ਕਹਿਰ-ਕਲੂਰਾਂ ।
ਮਹਾਰਾਜਾ ਦਲੀਪ ਸਿੰਘ ਦੇ ਜਾਣ ਉੱਤੇ
ਤੁਰ ਚੱਲਿਉਂ ਸ਼ਹਿਰ ਰੁਆ ਸਾਡਾ ਅੱਜ ਤਾਜ ਤੇ ਤਖ਼ਤ ਗੁਆ ਸਾਡਾ। ਸਾਨੂੰ ਛੋਡ ਫ਼ਜਰ ਨੂੰ ਯਾਰ ਗਏ, ਵਿਚ ਰੋਸ ਜਿੰਦੜੀਆਂ ਵਾਰ ਗਏ, ਤੁਰ ਲੰਮੇ ਰਾਹ ਸਰਦਾਰ ਗਏ, ਖਾ ਰੋਸ ਫ਼ਰੇਬ ਦੇ ਬੂਹੇ 'ਤੇ ਤੁਰ ਚੱਲਿਉਂ ਸੀਸ ਝੁਕਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਇਹ ਕਿੱਸੇ ਬਾਹਵਾਂ ਭੱਜੀਆਂ ਦੇ ਕੰਡ ਪਿੱਛੇ ਛੁਰੀਆਂ ਵੱਜੀਆਂ ਦੇ, ਕਿਸੇ ਕੋਹੇ ਛੇੜੂ ਮੱਝੀਆਂ ਦੇ, ਮੇਰੇ ਉਜੜੇ ਲਹੂ 'ਚ ਕੇਸ ਪਏ ਇਹ ਸਤਲੁਜ ਰਹੇ ਗਵਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵਾ ਡੁਸਕ ਪਈ ਮੁੜਕੇ ਰਾਹ ਵਾਲੀ, ਸੁਣੋ ਹੂੰਗ ਦਰਿਆ ਦੀ ਹਾ ਵਾਲੀ, ਲੰਮੀ ਰਾਤ ਸਰਹਿੰਦ ਦੀ ਸ਼ਾਹ ਕਾਲੀ, ਮੇਰੀ ਸਾਂਦਲ ਬਾਰ 'ਚ ਰੂਹ ਰੁੰਨੀ ਉਂਞ ਸਤਲੁਜ ਰਿਹਾ ਸੁਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਤੈਂਡੇ ਕਰਮ ਦੀ ਬਾਤ ਅੱਜ ਹੋਰ ਵੋ, ਉਸ ਰਾਤ 'ਤੇ ਸਰਸਾ ਰਹੀ ਘੋਰ ਵੋ, ਬੱਜਰ-ਚਸ਼ਮ ਦੀ ਸੁੰਨ ਦਾ ਜ਼ੋਰ ਵੋ, ਕਿਸੇ ਟੁੱਟਦੇ ਖੰਭ ਦੀ ਚੀਕ ਜਿਵੇਂ ਰੋ ਵਿਛੜੇ ਰਾਤ ਨੂੰ ਰਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕਿਸੇ ਤਪਦੇ ਭੱਠ 'ਤੇ ਸਾਹ ਸਾਡਾ, ਆ ਬੈਠਾ ਸ਼ਹਿਰ ਗੁਆ ਸਾਡਾ, ਏਥੇ ਬਾਜ਼ ਵਿਛੜਿਆ ਆ ਸਾਡਾ, ਪਈ ਜਾਨ ਵਿਛੜਦੀ ਨਦੀਆਂ ਦੀ ਕੋਈ ਪੈਂਡਾ ਰਿਹਾ ਬੁਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸਭ ਹਰੇ-ਕਚੂਰ ਸੀ ਸਰ ਮੇਰੇ, ਸਨ ਸੇਕ ਸਿਦਕ ਵਿਚ ਪਰ ਮੇਰੇ, ਸਨ ਯਾਰ ਪਿਆਰੇ ਘਰ ਮੇਰੇ, ਜਿੰਦ ਵਿਛੜੀ ਸਰਸਾ ਕੰਢੜੇ 'ਤੇ ਖੰਭ ਟੁੱਟਿਆ ਫ਼ਜਰ ਦੇ ਰਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਹਾਂ ! ਰੋਸ ਕਰੇ ਦਰਵੇਸ਼ਾਂ ਨੇ ਚੁੰਮ ਤੇਗਾਂ ਰੋਏ ਹਮੇਸ਼ਾਂ ਨੇ ਅੱਜ ਕੀਤੇ ਦਗ਼ੇ ਮਲੇਸ਼ਾਂ ਨੇ, ਜਾ ਲੁਕੇ ਥਲਾਂ ਦੀ ਤੁੰਦ ਹਵਾ ਹੜ੍ਹ ਕਾਲੇ ਲੈ ਦਰਿਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਅੱਖ ਸਰਸਾ ਦੇ ਕੰਢੇ ਪਈ ਚੋਅ ਸਾਡੀ ਗਈ ਹੇਕ ਫ਼ਕੀਰਾਂ ਜਹੀ ਹੋ ਸਾਡੀ ਪਈ ਲੱਖੀ ਦੇ ਜੰਗਲ ਨੂੰ ਖੋਹ ਸਾਡੀ, ਰੋਹ ਭਰੀ ਤੇਗ ਦੀ ਨਜ਼ਰ ਪਈ ਕਿਉਂ ਚੱਲਿਉਂ ਅਟਕ ਚੜ੍ਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸਾਡੇ ਵਿਛੜੇ ਹੋਏ ਫ਼ਕੀਰ ਮਨਾਂ ਮਾਂ ਜਿੰਦਾਂ ਜਦੋਂ ਅਧੀਰ ਮਨਾਂ ਜਾ ਵੇਖੀ ਨਦੀਆਂ ਚੀਰ ਮਨਾਂ, ਪਿਆ ਨਜ਼ਰ ਰੋਂਦਿਆਂ ਕੋਹਾਂ 'ਤੇ ਕਿਤੋਂ ਕਲਗੀਆਂ ਵਾਲਾ ਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵਗ ਪਏ ਦਰਿਆ ਨੇ ਲੂਹੇ 'ਤੇ ਤੂੰ ਰੋਇਉਂ ਤੇਗ ਦੇ ਬੂਹੇ 'ਤੇ ਰਾਹ ਵਿਛੜੇ ਫ਼ਜਰ ਦੇ ਖੂਹੇ 'ਤੇ, ਜਿਸ ਰਾਹ 'ਤੇ ਨ ਦਰਵੇਸ਼ ਲੜੇ ਉਸ ਰਾਹ ਕਿਉਂ ਟੁੱਟਿਆ ਸਾਹ ਸਾਡਾ ? ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕੁਝ ਚਾਰ-ਚੁਫੇਰੇ ਕਾਲ ਫੜੇ, ਕਿਸੇ ਭੈਅ ਵਿਚ ਲੱਖ ਦਰਿਆ ਖੜੇ, ਕਿਸੇ ਹਰੇ ਬੂਟ ਜੜ ਲਹੂ-ਭਰੇ ! ਹਾਂ ! ਜ਼ਖ਼ਮ ਕਿਸੇ ਦੀ ਸੱਦ ਸੁਣੇ ਮਨ ਡੁੱਬਿਆ ਰਿਹਾ ਬੁਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵੱਡੇ ਛੰਭ ਸਰਦਾਰਾਂ ਨੂੰ ਘੇਰਿਆ ਅਸਾਂ ਤੇਗਾਂ ਦਾ ਵਕਤ ਜਾ ਛੇੜਿਆ ਦਾਨੇ ਰਿਜ਼ਕ ਵਿਚ ਲਹੂ ਨੂੰ ਫੇਰਿਆ, ਉਂਞ ਵਕਤ ਨਮਾਜ਼ਾਂ ਦੇ ਛੇੜੇ ਉਂਞ ਮਨ ਪਿਆ ਕਰੇ ਦੁਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਜਦ ਰਣ ਅਬਦਾਲੀ ਬਾਤ ਮਿਰੀ ਰੱਤ-ਹੂੰਗਰ ਜਦ ਪ੍ਰਭਾਤ ਮਿਰੀ ਤਦ ਚਾਵਾਂ ਭਰੀ ਸੀ ਰਾਤ ਮਿਰੀ, ਉਹ ਚਾਵਾਂ ਦੇ ਸਨ ਦਿਨ ਸਾਡੇ ਸੀ ਨਿਭਿਆ ਲਹੂ ਨਾ' ਸਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਛੰਭ ਭਾਰੇ ਕਰੇ ਗੁਮਾਨ ਕਦੇ, ਹਾਂ ! ਭੀਸ਼ਣ ਸੀ ਵਰਦਾਨ ਕਦੇ, ਸੀ ਰਾਹ ਸਰਹਿੰਦ ਮਹਾਨ ਕਦੇ, ਹੱਸ ਨਾਲ ਜੱਲਾਦਾਂ ਬਚਨ ਕਰੇ ਕੋਈ ਬਲੀ ਬੰਦੇ ਨੂੰ ਚਾਅ ਸਾਡਾ— ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸੀ ਹੁਕਮ ਵਾਂਗ ਦਰਿਆ ਸਾਡਾ, ਕੋਈ ਚੜ੍ਹਿਆ ਕਹਿਰ ਹਵਾ ਸਾਡਾ, ਸੀ ਡਾਢਾ ਬਲੀ ਸ਼ੁਦਾ ਸਾਡਾ, ਸੁਣ ਸ਼ਾਹ ਅਸਵਾਰਾ ਅਰਜ਼ ਮਿਰੀ ਜ਼ਰਾ ਰੱਖਣਾ ਸ਼ੌਕ ਨਿਗ੍ਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਪਿਆ ਸ਼ੋਰ ਬਕਾ ਦਾ ਤੇਗਾਂ ਵਿਚ ਜਦ ਸੜੇ ਫ਼ਕੀਰ ਸੀ ਦੇਗਾਂ ਵਿਚ, ਸ਼ਹੁ ਚੜ੍ਹੇ ਫ਼ਨਾ ਦੇ ਵੇਗਾਂ ਵਿਚ, ਜਦ ਤਾਰੂ ਸਿੰਘ ਜੱਲਾਦ ਤਾਈਂ ਹੱਸ ਕਿਹਾ ਕਿ “ਹੁਕਮ ਬਜਾ ਸਾਡਾ” ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕਿਹਾ ਮਨੀ ਸਿੰਘ ਸਰਦਾਰ ਮਿਰੇ : “ਕਰ ਪੋਟੇ ਨਾਲ ਤੂੰ ਸਾਰ ਮਿਰੇ ਔਹ ਸਾਹਮੇ ਰਹੇ ਦੀਦਾਰ ਮਿਰੇ" ਸੀ ਸਿਖਰ ਬਾਜ਼ ਦਾ ਕਰਮ ਉਦੋਂ ਅਜ ਰਿਹਾ ਬਾਜ਼ ਕੁਰਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਰਾਹ ਭਖਣ ਜੱਲਾਦ ਦੇ ਪੈਰਾਂ ਦੇ ਲੱਖ ਕੋਟ ਨੇ ਖ਼ੂਨੀ ਗਹਿਰਾਂ ਦੇ ਇਹ ਸੁਫਨੇ ਪਿਛਲੇ ਪਹਿਰਾਂ ਦੇ, ਲੱਖ ਤਪ ਨੇ ਖੜੇ ਜੱਲਾਦਾਂ ਦੇ ਕਿਤੇ ਡਿੱਗਿਆ ਬੋਟ ਖ਼ੁਦਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਘਿਰਿ ਖ਼ੂਨੀ ਨਦੀ 'ਚ ਸਾਹ, ਸਾਡਾ ਦਰ ਤਕਦਾ ਬੇ-ਵਸਾਹ ਸਾਡਾ ਮਾਂ ਜਿੰਦਾਂ ਗਈ..ਨ ਵਾਹ ਸਾਡਾ ! ਖੰਭ ਡਿੱਗੇ ਵਿਚ ਦਿਲਗੀਰ ਥਲਾਂ ਕੁਝ ਵਿਚ ਪਰਵਾਜ਼ਾਂ ਤਾਅ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਰਣ ਭਾਰੇ ਜਿੰਦੜੀ ਮੂਕ ਮਿਰੀ, ਦਿਨ ਡੁੱਬਿਆ, ਅਰਜ਼ ਮਲੂਕ ਮਿਰੀ, ਸ਼ਾਹ ਰਗ ਵਿਚ ਕੰਬਦੀ ਕੂਕ ਮਿਰੀ, ਅਸੀਂ ਉਸਨੂੰ ਸਿਕਦੇ ਤੁਰ ਚੱਲੇ ਜਿਸ ਨਾਲ ਨਜ਼ਰ ਸੀ ਵਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਅੱਜ ਤਾਜ ਤੇ ਤਖ਼ਤ ਗੁਆ ਸਾਡਾ। (ਸੰਕੇਤ : ਇਸ ਕਵਿਤਾ ਵਿਚ ਸ਼ਹਿਰ ਤੋਂ ਮੁਰਾਦ ਲਾਹੌਰ ਸ਼ਹਿਰ ਹੈ। ਸ਼ਹਿਰ ਕੌਮ ਦੇ ਈਮਾਨ ਦਾ ਵੀ ਪ੍ਰਤੀਕ ਹੈ।)
ਭਰਿਆ ਹੋਇਆ ਉਦਾਸ ਮੇਲਾ
(ਹਾਰਾਂ ਦੀ ਉਦਾਸੀ ਪਿੱਛੋਂ ਜਾਗਿਆ ਸਿਦਕ) ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹ ਰਾਹ ਨੇ ਲੰਘੇ ਨਬੀਆਂ ਦੇ ਇਥੇ ਕਿੱਸੇ ਤੱਤੀਆਂ ਤਵੀਆਂ ਦੇ ਇਥੇ ਹੌਕੇ ਸੁੱਤਿਆਂ ਕਵੀਆਂ ਦੇ, ਸੁੰਮ ਖੜੇ ਥਲਾਂ ਦੇ ਸੀਨੇ ਵਿਚ ਸ਼ਾਹ ਰਗ ਹੈ ਲਹੂ-ਲੁਹਾਣ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੋਏ ਪੁੱਤ ਸਭਰਾਵਾਂ, ਨ ਚੈਨ ਵੋ, ਸੁੰਞੇ ਦਿਹੁੰ, ਤੇ ਧੁੱਖਦੀ ਰੈਣ ਵੋ, ਡੂੰਘੇ ਸ਼ਾਹ ਮੁਹੰਮਦ ਦੇ ਵੈਣ ਵੋ, ਇਹ ਬਾਜ਼ ਤਿਰੇ ਦੀ ਹੂੰਗਰ ਹੈ ਦੀ ਅੱਜ ਹੋ ਗਈ ਤੇਗ ਵੀਰਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹਨਾਂ ਪੀਲੇ ਪੱਤਰਾਂ ਛੁਰੀਆਂ ਬਣ ਜਾ ਢਕ ਲਏ ਮੇਰੇ ਖ਼ੂਨ ਦੇ ਰਣ ਅੱਜ ਖ਼ਾਲੀ ਰੋਹੀਆਂ ਹੋ ਗਏ ਵਣ- ਮਿਰੇ ਸੁੰਞੇ ਹੱਥ ਫ਼ਕੀਰ ਹੋਏ ਛਿਪ ਸੂਰਜ ਕੰਡ ਛੁਪਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੈਂਡਾ ਅੱਧ-ਵਿਚਕਾਰ ਈਮਾਨ ਵੋ, ਰੋਹ-ਭਰੀ ਬੇਅਦਬ ਅਜ਼ਾਨ ਵੋ, ਹੰਝੂ ਕੇਰਦੀ ਨਜ਼ਰ ਰਕਾਨ ਵੋ..... ਹਾਂ, ਇਹ ਵੀ ਰਾਹ ਦਰਵੇਸ਼ਾਂ ਦੇ ਅੱਜ ਤੁਰਸ਼ ਤੇ ਤੁੰਦ ਜ਼ਬਾਨ ਮਿਰੀ ! ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੁਰਸ਼ਦ ਵਿੰਨ੍ਹਿਆਂ ਹੱਕ ਦੀ ਚਾਂਗ ਨੇ ਮਿਹਨੇ-ਮਾਰਦੀ ਧੁੱਖਦੀ ਸਾਂਗ ਨੇ, ਤਾਰੇ ਖੜੇ ਦਰਵੇਸ਼ਾਂ ਦੇ ਵਾਂਗ ਨੇ, ਬੇਅਦਬ ਹੋਏ ਜਦ ਆਖ਼ਿਰ ਵਿਚ ਗੱਲ ਕਰਸਨ ਕਿਵੇਂ ਈਮਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ! ਭਰਿਆ ਮੇਲਾ ਜਾਨ ਮਿਰੀ। ਹੰਝੂ-ਕੇਰਦਾ ਹਰਖ ਅੱਜ ਚੁੱਪ ਹੈ ਹਰਿਆ-ਭਰਿਆ ਫ਼ਕੀਰ ਦਾ ਦੁੱਖ ਹੈ, ਕੰਧੀ ਆਖ਼ਰੀ ਹਸ਼ਰ ਦੀ ਰੁੱਖ ਹੈ, ਜਦ ਹਰਾ-ਕਚੂਰ ਹੀ ਆਖ਼ਿਰ ਹੈ ਤਦ ਲਭਦੀ ਹੁਕਮ ਅਜ਼ਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ! ਭਰਿਆ ਮੇਲਾ ਜਾਨ ਮਿਰੀ ! ਇਹ ਭਰਿਆ ਭਰਿਆ ਮੇਲਾ ਜਾਨ ਮੇਰੀ ਇਥੇ ਚਮਕੇ ਤੇਗ ਮਹਾਨ ਮਿਰੀ ਇਥੇ ਇੱਕੋ ਇਕ ਉਡਾਣ ਮਿਰੀ— ਇਥੇ ਇੱਕੋ ਇਕ ਹੈ ਅਰਜ਼ ਮਿਰੀ ਇਥੇ ਇੱਕੋ ਇਕ ਜ਼ਬਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਬੇਕਦਰ ਸ਼ਹਿਰ ਵਿਚ ਜਾਨ ਮਿਰੀ ! ਇਥੇ ਇੱਕੋ ਇਕ ਪਛਾਣ ਮਿਰੀ, ਤੱਕ ਸੂਰਤ ਵਿਚ ਘਮਸਾਨ ਮਿਰੀ, ਜਾਂ ਨਬੀ ਹੀ ਮੇਰਾ ਆਖ਼ਿਰ ਹੈ ਜਾਂ ਚੜ੍ਹੀ ਨਬੀ ਨੂੰ ਪਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹ ਸ਼ਹਿਰ ਅੱਲਾ ਦੇ ਮਾਰੇ ਨੇ, ਇਹ ਦਰ-ਦਰਵਾਜ਼ੇ ਹਾਰੇ ਨੇ, ਚੁੱਪ ਫਿਰਨ ਪਏ ਵਣਜਾਰੇ ਨੇ, ਜੱਗ ਵਾਲੇ ਚੁੱਪ ਦੇ ਵਣਜ ਘਿਰੇ ਲੱਭ ਸੂਰਤ ਲੈਣ ਤੂਫ਼ਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਅੱਜ ਸਿਖਰ ਦੁਪਹਿਰ ਬੇ-ਤਰਜ਼ ਕੋਈ, ਇਸ ਮੇਲੇ ਦੇ ਵਿਚ ਅਰਜ਼ ਕੋਈ, ਤੇਰੇ ਕਰਮ ਤੋਂ ਅੱਗੇ ਮਰਜ਼ ਕੋਈ, ਸਿਰ ਫ਼ੱਕਰਾਂ ਬਾਜ਼ ਪਿਆਰੇ ਦਾ ਭੁੱਖ ਬਣੇ ਪੈੜ ਘਮਸਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਸੁੰਮ ਥੰਮ੍ਹ ਖੜਾ ਅਸਮਾਨ ਨੂੰ ਤਿਰੇ ਸਰਬ ਲੋਹ ਦੇ ਤਾਣ ਨੂੰ ਕਿਸੇ ਸਿਖਰ ਦੁਪਹਿਰ ਦੇ ਵਾਣ ਨੂੰ, ਥੱਲ ਵਾਂਗ ਧਨੁਸ਼ ਦੇ ਟੁੱਟੇ ਆ ਤੇ ਮੁਰਸ਼ਦ ਨਾਲੋਂ ਤਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਜੋ ਮਾਹੀ ਬਖ਼ਸ਼ੇ ਸਾਹ ਲੋਕੋ ਗਏ ਟੁੱਟ ਮੁਰੀਦ ਦੇ ਰਾਹ ਲੋਕੋ ਵਿਚ ਰਣ ਗੁਜਰਾਤ ਦੇ ਆ ਲੋਕੋ, ਉਸ ਕੜੇ ਫ਼ਰੇਬ 'ਤੇ ਕਹਿਰ ਪਵੇ ਜਿਸ ਕੋਹੀ ਉਮਰ ਜਵਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਇਕ ਬੁੱਲ੍ਹੇ ਕੋਲ ਸੁਆਲ ਮਿਰਾ : “ਦੱਸ ! ਕਿਹੜਾ ਖ਼ੂਨੀ ਸਾਲ ਮਿਰਾ ? ਤੈਂ ਰਮਜ਼ ਕਿਹੋ ਜਿਹਾ ਤਾਲ ਮਿਰਾ ?” ਤੈਨੂੰ ਸ਼ਾਹ ਹੁਸੈਨਾ ਅਰਜ਼ ਕਰਾਂ ਦੇ ਵਿਛੜੀ ਜੋ ਕਿਰਪਾਨ ਮਿਰੀ - ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੇਰਾ ਤੱਤੀ ਤਵੀ 'ਤੇ ਸਾਹ ਬਲਿਆ, ਲੱਖ ਨਾਦ ਦੇ ਸ਼ਹਿਰ ਵਸਾ ਬਲਿਆ, ਜਿਵੇਂ ਹੁਕਮ ਦਾ ਆਖ਼ਰੀ ਤਾਅ ਬਲਿਆ, ਛੱਡ ਅੰਤਮ ਰਾਹ ਤੇ ਫ਼ੱਕਰਾਂ ਨੂੰ ਕਰ ਤੁਰ ਗਿਆ ਇਕ ਸੰਞਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੈਂਡੇ ਨੈਣਾਂ ਦੀ ਸ਼ਾਮ ਨੂੰ 'ਵਾਜ ਪਈ ਮੈਂਡੇ ਦਿਲ-ਕੁਹਰਾਮ ਨੂੰ 'ਵਾਜ ਪਈ ਮੈਂਡੇ ਉਹੀਓ ਹੀ ਹਾਣ ਨੂੰ 'ਵਾਜ ਪਈ, ਖੜੀ ਸਿਦਕ ਨਿਭਾਣ ਨੂੰ ਪੱਤਣਾਂ 'ਤੇ ਬੰਨ੍ਹ ਕਫ਼ਨ ਜਿੰਦ ਰਕਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ !
ਡਾਢਿਆਂ ਦੇ ਦਰਦ
ਊਠਾਂ ਵਾਲਿਆਂ ਨੂੰ ਦੇਈਂ ਨ ਮਾਏ ਜਿੰਦ ਕਰਦੇ ਦੁਖਿਆਰੀ, ਦਰਦ ਝਨਾਂ ਦੇ ਲੱਦ ਗਏ ਜਿੱਧਰ ਉਧਰੇ ਸਾਡੀ ਤਿਆਰੀ, ਚੜ੍ਹਿਆ ਤਪਦਾ ਸੂਰਜ ਸਿਰ 'ਤੇ ਜਦ ਵੀ ਉਮਰ ਸ਼ਿੰਗਾਰੀ, ਰਾਤ ਅੱਲਾ ਦੀ ਚਮਕਣ ਤਾਰੇ ਵਹਿਣ ਝਨਾਂ ਦੇ ਭਾਰੀ, ਬਾਹਵਾਂ ਵਾਲਿਆ ਆ ਮਿਲ ਛੱਡ ਕੇ ਤੇਗਾਂ ਦੀ ਸਰਦਾਰੀ, ਟਾਹਲੀਆਂ ਦੀ ਛਾਵਾਂ ਦੇ ਕੋਲੇ ਰਾਂਝਣ ਤਕਦਾ ਰਾਤ ਪਿਆਰੀ, ਦਰ ਦਰਵੇਸ਼ ਅਸਾਂ ਵੀ ਜਾਣਾ ਚੜ੍ਹ ਕੇ ਸ਼ੁਤਰ ਕੰਧਾਰੀ॥੧॥ ਊਠਾਂ ਵਾਲਿਆਂ ਨੂੰ ਦੇਈਂ ਨ ਮਾਏ ਜਾਨ ਰਹਿਮ ਬਿਨ ਮਾਰੀ, ਪੰਖ ਖੰਜਰ ਦੇ ਰਾਤਾਂ ਚੀਰਨ ਲਹੂ-ਸ਼ੂਕ ਅੰਧਿਆਰੀ, ਭੱਠ 'ਤੇ ਚਾੜ੍ਹ ਧਰਤ ਨੂੰ ਕਰਦੇ ਸ਼ੁਤਰਾਂ 'ਤੇ ਅਸਵਾਰੀ, ਜਿੰਦ ਦਾ ਬਾਜ਼ · ਮੌਤ ਹੱਥ ਦਿੰਦੇ ਪਾ ਝੱਖੜਾਂ ਨਾਲ ਯਾਰੀ, ਖਾਕੀਂ ਅੱਗ ਜ਼ਖ਼ਮ ਦੀ ਉੱਠੇ... ਸੁੰਨ ਰਹਿਮ ਦੀ ਖਾਰੀ, ਕਾਲ-ਜੀਭ ਪੈੜਾਂ ਨੇ ਕੱਢੀ ਭੁੱਖੀ ਧੂੜ ਵਿਚਾਰੀ, ਬਾਗ਼ਾਂ ਦੇ ਸੱਖਣੇ ਬਨੇਰੇ 'ਤੇ ਵੱਜੇ ਰੋਹੀਆਂ ਦੀ ਕਿਲਕਾਰੀ॥੨॥
ਅਜ਼ਾਨ
ਕਿਹੜੀ ਕੂਕ ਗਹਿਰ ਵਿਚ ਡੁੱਬੀ ਧੂੜਾਂ ਤੋੜ ਪਿਆਸੀ ? ਜੋ ਵੀ ਤੀਰ ਗਹਿਰ ਵਿਚ ਖੁੱਭਿਆ ਸੋਈ ਭਇਆ ਉਦਾਸੀ। ਸਿਖਰ ਦੁਪਹਿਰਾਂ ਲਹੂ ਕੇਰ ਕੇ ਸਾਜ ਲੈਣਗੀਆਂ ਤਾਰੇ, ਛੱਡ ਸ਼ਮਸ਼ੀਰਾਂ ਤੁਰ ਜਾਵਣਗੇ ਦਰ ਤੇਰੇ ਬਨਬਾਸੀ। ਜੋ ਅਸਮਾਨ ਤੇਰੇ ਦਰਵੇਸ਼ਾਂ ਨਜ਼ਰ ਤੇਰੀ ਲਈ ਸਾਜੇ, ਡੂੰਘੇ ਪੰਧ 'ਵਾਜ ਕੋਈ ਸੁਣਦੇ ਹੋ ਸੱਥਰਾਂ ਦੇ ਵਾਸੀ। ਸੂਲ ਸੁਰਾਹੀ ਖੰਜਰ ਚਮਕੇ ਕਟਕ ਚਾੜ੍ਹ ਸਿਰਹਾਨੇ, ਗਾਨੀ ਬੰਨ੍ਹ ਰਣਾਂ ਦੇ ਗਲ ਵਿਚ ਪਾਉਂਦੇ ਬੀਰ ਖ਼ਲਾਸੀ। ਜਦ ਅਸਮਾਨ ਖੰਜਰ ਦੇ ਸਿਖਰੀਂ ਬੂੰਦ ਪੀਣ ਲਈ ਚੜ੍ਹਿਆ, ਤੇਰੇ ਮਸਤਕ ਅਜ਼ਲ ਕਾਫ਼ਲਾ ਲਹੂ ਲੁਹਾਣ ਹੋ ਜਾਸੀ। ਗਲ ਵਿਚ ਪਾਇ ਫ਼ਜਰ ਦੀ ਗਾਨੀ ਵਿਚ ਮਜ਼ਾਰਾਂ ਭਾਉਣਾ ਹੇਕ ਨੂੰ ਤੋੜ ਰਹੀ ਵਿਚਕਾਰੋਂ ਨਾਗਾਂ ਨਾਲ ਹੁਲਾਸੀ। ਬਿਰਖ ਤੂਫ਼ਾਨਾਂ ਦੇ ਨਾਲ ਭਿੜਕੇ ਸਿੰਧ ਛਾਤੀਏਂ ਸੁੱਤੇ, ਰਾਤ ਚੀਖਦੀ ਮੁੱਠੀ ਦੇ ਵਿਚ ਬਲਦੇ ਕੋਟ ਚੁਰਾਸੀ। ਸ਼ੁਤਰ-ਸੁਆਰ ਦੀ 'ਵਾਜ ਸੁਹਾਣੀ ਫ਼ਜਰ ਵੇਲੜੇ ਉੱਠੀ, ਛਾਲੇ ਹੇਠ ਜ਼ਿਮੀਂ ਤਿਰਹਾਈ ਤਕਦੇ ਨੈਣ ਵਿਲਾਸੀ। ਹੇਠ ਸਿਰ੍ਹਾਨੇ ਜ਼ਿਮੀਂ ਵਿਲਕਦੀ ਸੱਥਰ ਵਣ ਵਣ ਵਿਛਿਆ, ਨਾਗ ਦੀ ਨਜ਼ਰ ਹਵਾ ਵਿਚ ਖੁਭਦੀ ਤਕਦੇ ਨੀਲ ਆਗਾਸੀ। ਹਵਾ ਦੇ ਲੂੰ ਲੂੰ ਦੇ ਵਿਚ ਕੁੰਡਲ ਨਾਗ ਨਪੀੜਣ ਜਿੰਦਾਂ, ਅਰਸ਼-ਨਾਭ ਤੋਂ ਤਪਦੇ ਭੱਠ ਤਕ ਲਟਕ ਰਹੀ ਇਕ ਫਾਸੀ। ਕੋਈ ਨਿਚੋੜ ਦਿਉ ਰਗ ਮੇਰੀ ਹਵਾ ਦੇ ਲੂੰ ਲੂੰ ਉੱਤੇ, ਏਸ ਜ਼ਿਮੀਂ ਨੂੰ ਮੋੜ ਦਿਉ ਕੁਝ ਹੂੰਗਰ ਚੜ੍ਹੇ ਚੌਪਾਸੀ। ਪੈੜਾਂ ਹੇਠ ਲਹੂ ਦੀ ਹੂੰਗਰ... ਨਜ਼ਰ ਸੁਹਾਣੀ ਭੇਜੋ, ਤੋੜ ਸੁੱਟੋ ਮਸਤਕ ਦੇ ਵਿੱਚੋਂ ਸੂਰਜ ਕੋਈ ਉਦਾਸੀ। ਚੀਖ਼ ਮਾਰ ਹਵਾ ਦੇ ਅੰਦਰ ਮੈਂ ਰੋਹੀਏਂ ਤੁਰ ਜਾਣਾ, ਮੋੜ ਲਵੋ ਦਰਵੇਸ਼ਾਂ ਨੂੰ ਹੁਣ ਥਲ ਦੇ ਰੰਗ ਵਿਣਾਸੀ। “ਸੁੱਟੋ ਨਜ਼ਰ ਫ਼ਜਰ ਦੇ ਆਖ਼ਿਰ" ਰੋ ਕੇ ਕਿਹਾ ਮੁਰੀਦਾਂ, “ਉਮਰ ਦੇ ਮੋੜ ਰੇਤ ਵਿਚ ਦੱਬੇ ਸੁੰਨ ਖੜੀ ਅਬਿਨਾਸੀ।”
ਬਨਬਾਸ ਦੀਆਂ ਵਾਟਾਂ
ਇਕ ਪੱਤੇ ਦੀ ਜਾਨ ਨਪੀੜੀ ਲੱਖ ਸੂਰਜਾਂ ਬਲ ਕੇ, ਡੂੰਘੀ 'ਵਾਜ ਧਸੀ ਵਿਚ ਪੌਣਾਂ ਲੱਖ ਨਦੀਆਂ ਸੰਗ ਰਲ ਕੇ। ਇਕ ਕਿਰਨ ਨੈਣ ਦੀ ਕੰਬੀ ਜਾਨ ਜ਼ਿਮੀਂ ਦੀ ਫੜ ਕੇ, ਇਕ ਕਣ ਹਰਿਆਵਲ ਦਾ ਬਲਿਆ ਭੇਦ ਗਗਨ ਦੇ ਚੜ੍ਹ ਕੇ। ਪਹਿਣ ਪੁਸ਼ਾਕ ਫ਼ਜਰ ਦੀ ਯਾਰਾਂ ਕਰੀ ਜ਼ੁਲਫ਼ ਤੇ ਲੋਇ, ਕੁਲ ਪਤਾਲ ਖ਼ੰਜਰ ਦੇ ਜਿੱਥੇ ਚੁੰਮ੍ਹ ਨਿਗਾਹ ਨੂੰ ਰੋਇ। ਤੇਜ਼ ਧਾਰ ਚਰਖ਼ ਦੀ ਫਾਸੀ ਮੁੱਠੀਏਂ ਭੱਠ ਤਪਾਣੀ, ਮਹਿੰਦੀ-ਤਲੀਆਂ ਤੋਂ ਜ਼ੁਲਫ਼ਾਂ ਤਕ ਬਨਬਾਸਾਂ ਦੇ ਪਾਣੀ। ਸ਼ਾਂਤ ਸੁਬਕ ਸਾਹਾਂ ਦੇ ਰਣ ਵਿਚ ਸਿੰਧ ਸਿਤਾਰੇ ਝੋਕੇ; ਨਦੀਆਂ ਦੇ ਘਮਸਾਨ ਹਜ਼ਾਰਾਂ ਕਤਰੇ ਦੇ ਵਿਚ ਰੋਕੇ। ਸ਼ਾਂਤ ਸੁਬਕ ਸਾਹਾਂ ਦਾ ਭਵਜਲ ਲੱਗ ਫ਼ਜਰਾਂ ਗਲ ਰੁੰਨਾ, ਨਾਭ ਦੁਆਲੇ ਚਰਖ਼ ਨੂਰਾਨੀ ਪੈੜ ਯੁਗਾਂ ਵਿਚ ਸੁੰਨਾ। ਭਵਜਲ ਖ਼ੂਨ ਗਜ਼ਬ ਵਿਚ ਗਰਜੇ ਲੋਹ-ਜੀਭਾਂ ਫੈਲਾਈਆਂ, ਇਕ ਕਤਰੇ ਦੇ ਰੁਸ ਜਾਵਨ 'ਤੇ ਹਸ਼ਰਾਂ ਰੋਵਨ ਆਈਆਂ। ਭਵਜਲ ਕਾਲਿ ਨਿਮਾਣੀ ਥਰਕਣ ਲੋਹ-ਕੋਟਾਂ ਵਿਚ ਖੋਈ, ਰੁਲ ਬਨਬਾਸ ਗਏ ਸ਼ਮਸ਼ੀਰੀਂ ਤੋੜ ਸਿਤਾਰੇ ਕੋਈ। ਚੰਨ ਦਾ ਭੇਦ ਪੰਖ ਦੀ ਛਾਵੇਂ ਸਿਰ ਬਿਰਖਾਂ ਨੇ ਜੋੜੇ, ਡੂੰਘ ਪਤਾਲ ਅਰਸ਼ ਵਿਚ ਸੁੱਟਦੇ ਡੂੰਘੇ ਪੁਲਾਂ ਨ ਮੋੜੇ। ਬਿਰਖ ਦੀ ਛਾਂ ਤਾਂ ਖੜੀ ਯੁਗਾਂ ਤੋਂ ਪੰਖ ਦੀ ਛਾਂ ਅਸਮਾਨੀ, ਤਾਰਿਆਂ ਦੀ ਛਾਂ ਤ੍ਰੇਲ ਦੇ ਸੀਨੇ ਸ਼ਮਸ਼ੀਰਾਂ ਦੀ ਗਾਨੀ। ਫੜ ਕੇ ਪੰਖ ਹਵਾ ਦੇ ਚੱਕਰ ਤੋੜ ਕਾਲ ਦੀਆਂ ਗਾਰਾਂ, ਵਗਦੇ ਪਾਣੀ ਲੱਖ ਵਗਾਏ ਮੋੜ ਖ਼ੂਨ ਦੀਆਂ ਵਾਹਰਾਂ। ਡੂੰਘੇ ਸਬਰ ਵਾਂਗ ਥੰਮ੍ਹ ਤਪਦੇ ਛਾਵਾਂ ਬਹਿ ਕੇ ਰੋਇ, ਜੋ ਦਰਵੇਸ਼ ਤੇਰੇ ਦਰ ਸੁੱਤੇ 'ਵਾਜ ਤੇਰੀ ਹੀ ਹੋਇ। ਜ਼ਿਮੀਂ ਹੋ ਭੱਠ ਕੋਟਾਨ ਸਿਖਰ ਤੋਂ ਖ਼ੂਨ-ਨੇਸ ਝਲਕਾਰੇ, ਕੁੱਲ ਹਰਿਆਵਲ ਦੇ ਸੀਨੇ 'ਤੇ ਹੱਥ ਟਿਕੇ ਦੋ ਪਿਆਰੇ।
ਰਹਿਮ
ਤੇਰੀ 'ਵਾਜ ਮਿਰੇ ਅਸਮਾਨੋ ਉਤਰੀ ਵਾਂਗ ਫ਼ਕੀਰਾਂ, ਦਰਗਾਹਾਂ ਦੇ ਪੱਤਣਾਂ ਉੱਤੇ ਤੱਕਿਆ ਭਰਿਆਂ ਨੀਰਾਂ। ਮਿਰੇ ਗੁਨਾਹ ਦੇ ਹੱਥਾਂ ਨੂੰ ਤੱਕ ਅਰਜ਼ ਤੇਰੀ ਇਕ ਆਈ, ਘੁੱਟੇ ਸ਼ਹੁ ਦਰਿਆ ਦੇ ਪਾਣੀ ਕਿਸੇ ਚੀਖ ਤਿਰਹਾਈ। ਡੂੰਘੀ ਸੰਞ ਅੰਬਾਂ ਦੀ ਛਾਵੇਂ ਡੰਗ ਜ਼ਿਮੀਂ ਦੇ ਰੁੰਨੇ, ਹਰਿਆ ਰੰਗ ਜ਼ਿਮੀਂ ਦਾ ਸਾਰਾ ਨੈਣ ਤਕੇਂਦਾ ਸੁੰਨੇ। ਸੰਞ ਨੇ ਜਾਨ ਫੜੀ ਜਦ ਮੇਰੀ ਬਾਜ਼ਾਂ ਅਉਧ ਰੁਲਾਣੀ, ਨੈਣਾਂ ਮਿਹਰ ਨਾਲ ਕੁਝ ਤੱਕਿਆ ਪੈਰ ਵਗੇ ਬਣ ਪਾਣੀ। ਸ਼ਾਹ ਰਗ ਨਾਲ ਕਾਲ ਦੇ ਲਾ ਕੇ ਜ਼ਿਮੀਂ ਸਬਰ ਵੰਗਾਰੇ, ਰੁੰਗ ਵਿਚ ਹੌਲ ਪਵੇ ਆ ਕਿਧਰੋਂ ਰਿੰਮ ਝਿੰਮ ਤਖ਼ਤ ਹਜ਼ਾਰੇ। ਝਿੰਮ ਝਿੰਮ ਹੌਲ ਕਿਰੇ ਅੰਬਰ ਤੋਂ ਚੜੇ ਗਹਿਰ ਰੋਹ ਭਾਰੇ, ਬਨਬਾਸੀ ਬਿਰਖਾਂ ਦੇ ਰੋਸੇ ਦਰਵੇਸ਼ਾਂ ਦੇ ਦੁਆਰੇ। ਦਿਲ ਦਾ ਸੇਕ ਧਰਤ ਦੀ ਰਗ ਵਿਚ ਲਾਲ ਥੰਮ੍ਹ ਹੋ ਖੜਿਆ, ਲਰਜ਼ਾ ਮੇਲ੍ਹ ਰਿਹਾ ਧਰ-ਵਿਹੜੇ ਤੋੜ ਬਿਰਖ ਕੋਈ ਹਰਿਆ। ਜਦੋਂ ਤਿਹਾਈ ਖ਼ਾਕ ਨੇ ਘੁੱਟੀ ਅੰਗ ਤਿਰੇ ਦੀ ਲੋਏ, ਵਿਚ ਮਜ਼ਾਰਾਂ 'ਵਾਜ ਸੁਣੀ ਇਕ ਸ਼ੁਤਰ-ਸੁਆਰ ਖਲੋਏ। ਜਦੋਂ ਜ਼ਖ਼ਮ ਦੀ ਆਖ਼ਿਰ ਲੱਥੀ ਫ਼ਜਰ ਕੂੰਜ ਜਿਉਂ ਮੋਈ, ਮਾਰੀ ਸੱਦ ਕਿਸੇ ਨੇ ਦੂਰੋਂ ਚੋਗ ਚੁਗਣ ਲਈ ਕੋਈ
ਈਮਾਨ ਦਾ ਸਫ਼ਰ
ਸਜ ਚੜ੍ਹਣਾ ਅਜੇ ਈਮਾਨ ਮਿਰਾ, ਇਹ ਰੋਹ ਤਾਂ ਅਜੇ ਮਿਆਨ ਮਿਰਾ। ਇਸ ਹਰਫ਼ 'ਚ ਤੜਫੇ ਜਾਨ ਕੋਈ, ਮਿਰੀ ਤਲੀਆਂ ਹੇਠ ਅਜ਼ਾਨ ਕੋਈ, ਨ ਦਿਸਦਾ ਸ਼ਹਿਰ ਮਕਾਨ ਕੋਈ, ਤੱਕ ਖ਼ਾਨਗਾਹਾਂ ਤੇ ਮੇਲੇ ਸੈ ਰਣ ਖੇਡੇ ਸ਼ੌਕ ਨਾਦਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਕਿਸੇ ਤੰਦ ਬਾਰੀਕ ਦਾ ਝਉਲਾ ਹੈ ਕੁਝ ਹੈ ਜਾਂ ਨਹੀਂ ਦਾ ਰੌਲਾ ਹੈ ਇਹ ਰਾਹ ਦੁਸ਼ਵਾਰ ਜਾਂ ਹੌਲਾ ਹੈ, ਜਾਂ ਹੁਕਮ ਮਿਰੇ ਦਾ ਪਹਿਰ ਅਜੇ ਜਾਂ ਹੋਇਆ ਸ਼ਹਿਰ ਵੀਰਾਨ ਮਿਰਾ, ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਕਰਾਲ ਸਭਾ ਦੇ ਦਰ ਕੁੱਤਾ ਬੇ-ਮੁੱਖ, ਬੇ-ਦੀਨ ਜਾਂ ਬੇ-ਰੁੱਤਾ, ਜਾਂ ਤੇਗ ਦੀ ਧਾਰ 'ਚ ਮੈਂ ਸੁੱਤਾ, ਹੈ ਸ਼ਕਲ ਪਾਸ਼ਵੀ ਨੂਰੀ ਜਾਂ ਤਨ ਸਾਬਤ ਸੂਰ ਸਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਜਾਂ ਆਇਆ ਸਿਖਰ ਫ਼ਕੀਰੀ ਹੈ... ਜਾਂ ਕੁਝ ਨਹੀਂ ਵਿਚ ਅਮੀਰੀ ਹੈ... ਜਾਂ ਇਹ ਕਲਬੂਤ ਅਖ਼ੀਰੀ ਹੈ... ਮੈਨੂੰ ਰਾਹ ਅਵੱਲਿਉਂ ਮੋੜਨ ਲਈ ਧਾਹ ਚੜ੍ਹਿਆ ਲਸ਼ਕਰ ਜਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਦੱਸ, ਰੁਤਬਾ ਰੂਹ ਦਾ ਨੂਰ ਹਈ ? ਦੱਸ, ਬੁੱਤ ਮੈਂਡਾ ਮਨਜ਼ੂਰ ਹਈ ? ਜਾਂ ਬਾਕੀ ਅਜੇ ਕਸੂਰ ਹਈ ? ਜਾਂ ਰਾਸ ਫ਼ਕੀਰੀ ਨਹੀਂ ਆਈ ਇਸ ਪਰਦੇ ਬਾਹਰ ਨ ਹਾਣ ਮਿਰਾ ? ਸਜ ਚੜ੍ਹਣਾ ਅਜੇ ਈਮਾਨ ਮਿਰਾ। ਬੇਕਿਰਕ ਕੌਲ ਵਿਚ ਜਾਨ ਫਿਰੇ ‘ਕੁਝ ਨਹੀਂ' ਵਿਚ ਸੁੱਕ ਜ਼ਬਾਨ ਫਿਰੇ ‘ਕੁਝ ਹੈ' ਵਿਚ ਥੱਕ ਈਮਾਨ ਫਿਰੇ ਜਾਂ ਮਿਹਰ ਗੁਰਾਂ ਦੀ ਸਾਡੇ 'ਤੇ ਜਾਂ ਹੋਣਾ ਅਜੇ ਬਿਆਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਮੈਂ ਕਿਰਤ ਕਰਾਂ ਜਾਂ ਸਿਹਰ ਕਰਾਂ ਜਾਂ ਤਕੀਏ ਬੈਠਾ ਮਿਹਰ ਕਰਾਂ ਜਾਂ ਭੈਅ ਵਿਚ ਉੱਚੀ ਭਿਹਰ ਕਰਾਂ, ਕੋਈ ਲਾ-ਮਕਾਨੀ ਬਾਕੀ ਹੈ ਜੋ ਚੁੱਕਦਾਂ ਕਦਮ ਭਿਆਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਧਰ-ਨਾਭ ਦੀ ਖ਼ਾਕ, ਮਨੂਰ ਵੀ ਹੈ। ਕੋਈ ਬਾਂਝ ਇਕੱਲ, ਫਤੂਰ ਵੀ ਹੈ। ਬੇ-ਨੇਮ ਤੇਗ, ਦਸਤੂਰ ਵੀ ਹੈ। ਇਹ ਇਕ ਵਜੂਦ ਦੀ ਕੈਦ ਨਹੀਂ ਰਾਹ ਤੋੜ ਅਸੰਖਾਂ ਜਾਣ ਮਿਰਾ- ਸਜ ਚੜ੍ਹਣਾ ਅਜੇ ਈਮਾਨ ਮਿਰਾ। ਕਿਤੇ ਡਿੱਗੇ ਖੰਭ, ਤੇ ਵਾਗ ਕਿਤੇ ਸੌਂ ਗਏ ਮੁਸਾਫ਼ਰ, ਜਾਗ ਕਿਤੇ ਬੇ-ਅੰਤ ਚਿਰਾਂ ਦੀ ਨਾਭ ਕਿਤੇ, ਮੈਂ ਮਸਤਕ ਹੁਕਮ-ਅਦੂਲੀ ਹੈ ਜਾਂ ਅਦਲੋਂ ਪਰੇ ਜਹਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ‘ਕੁਝ ਨਹੀਂ’ ਹੀ ਅੱਜ ਨਿਗਾਹ ਹੋਇਆ, ਵਿਚ ਵਾਲ ਕੱਠਾ ਦਰਿਆ ਹੋਇਆ, ਲੱਖ ਪੁਰੀਆਂ ਟੁੱਟ ਇਕ ਸਾਹ ਹੋਇਆ, ਕਿਤੇ ਗੁੰਮ-ਹਨ੍ਹੇਰ 'ਚ ਖੰਭ ਕਿਰੇ ਕੋਈ ਹੁਣ ਵੀ ਕਰੇ ਗੁਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਚ ਅੱਖਰਾਂ 'ਵਾਜ ਸਮੁੰਦ ਹੋਈ ਚੜ੍ਹ ਅਨਲਹੱਕ 'ਤੇ ਤੁੰਦ ਹੋਈ ਕਦੇ ਜਾ ਮਨਸੂਰ ਦਾ ਘੁੰਡ ਹੋਈ, ਹੋ ਜ਼ਾਮਨ ਮਿਰੇ ਜੱਲਾਦ ਖੜੇ ਜਦ ਤੇਗ ਖੜੀ ਫ਼ੁਰਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਹਾਂ, ਵਾਲ ਉੱਤੇ ਮਨਸੂਰ ਖੜਾ, ਕੋਈ ਪੁਰਸਲਾਤ 'ਤੇ ਪੂਰ ਖੜਾ ਕਿਤੇ ਨਾਭ ਪਤਾਲ ਤੋਂ ਦੂਰ ਖੜਾ, ਅੱਜ ਦੂਰ ਅਗੰਮ ਤੋਂ ਹੇਕ ਕੋਈ ਪਈ ਰੁਮਕੇ, ਕੰਬਦਾ ਵਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਹਾਂ, ਬਾਤ ਲਿਖੀ ਇਕ ਮੇਟ ਲਈ, ਸੱਜ ਚੜ੍ਹਿਆ ਲਸ਼ਕਰ, ਭੇਟ ਲਈ ! ਇਕ ਅੱਖਰ ਜਾਨ ਲਪੇਟ ਲਈ, ਸੁਣ ਰੁੰਗ ਢੋਲ ਦੀ ਹੌਲ ਪਵੇ ਕੰਨ ਕੀੜੀ ਧਮਕੇ ਤਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਨੈਂ ਵਾਂਗਰ ਦੂਰ ਘੰਗੋਰਾਂ ਨੇ ਵਿਚ ਪੁਰਸਲਾਤ ਦੀਆਂ ਡੋਰਾਂ ਨੇ, ਕਿਤੇ ਹੇਕ ਸੁਣੇ ਕਿਤੇ ਗੋਰਾਂ ਨੇ, ਇਹ ਸ਼ਾਮ ਆਖ਼ਰੀ ਹੂੰਗਰ ਦੀ ਤੱਕ ਜ਼ਖ਼ਮ ਮਿਰਾ, ਅਹਿਸਾਨ ਮਿਰਾ ! ਸਜ ਚੜ੍ਹਣਾ ਅਜੇ ਈਮਾਨ ਮਿਰਾ ! ਕਿਸ ਜ਼ਾਮਨ ਖੇਡ ਖਿਡਾਈ ਨੇ ? ਚੁੱਪ ਪੁਰਸਲਾਤ ਦੇ ਰਾਹੀ ਨੇ ! ਇਕ ਪੱਤ ਨੇ ਪਲਕ ਉਠਾਈ ਨੇ, ਚੁੱਪ ਰਾਹ ਗੁਜਰਾਤ ਦੇ ਵੱਸਦੀ ਹੈ ਪਿਆ ਰੋਂਦਾ, ਕੌਲ ਹੈਰਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਤੰਦ ਟੁੱਟੀ ਹੈ, ਕੁਰਲਾਟ ਅਜੇ ! ਗੱਲ ਮੁੱਕੀ, ਉਸ ਦੀ ਵਾਟ ਅਜੇ ! ਜੋ ਰਿਹਾ ਨਾਂਹ, ਉਸਦਾ ਘਾਟ ਅਜੇ। ਜੋ ਬਾਜ਼ ਸਿਖਰ 'ਤੇ ਉਡਦਾ ਸੀ ਉਸ ਸਿਖਰ 'ਤੇ ਅਜੇ ਨਿਸ਼ਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਚ ਗ੍ਰੰਥ-ਕਤੇਬਾਂ ਗ਼ੈਬ ਮਿਰੇ, ਹਨ ਖੜੇ ਅਦਨ ਵਿਚ ਐਬ ਮਿਰੇ, ਲੱਖ ਨਸ਼ੇ ਪਾਕ ਬੇ-ਐਬ ਮਿਰੇ, ਚੜ੍ਹ ਅਟਕ ਰਹੇ, ਨ ਥੰਮ੍ਹ ਸੱਕੇ ਉਸ ਵਾਂਗ ਵੱਸੇ ਅਰਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਸ਼ਾਹ ਰਗ ਫ਼ਰਿਆਦ ਦੀ ਮੁੜੇ ਨਹੀਂ, ਖੰਭ ਰੱਤ ਜਿਉਂ ਟਪਕੇ, ਜੁੜੇ ਨਹੀਂ, ਬੇ-ਤਾਬ ਸ਼ਰਾ ਅੱਜ ਮੁੜੇ ਨਹੀਂ, ਥਲ ਵਾਗ ਫੜੇ ਪਰ ਉੜੇ ਨਹੀਂ, ਲੋਹ-ਸਾਰ ਦੇ ਕੜੇ 'ਚ ਬੰਦ ਪਿਆ ਬੇ-ਅਟਕ ਨੇ ਥੰਮ੍ਹਿਆ ਨਾਮ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਜਾ ਮੱਲਿਆ ਰੂਹ ਕਲਬੂਤ ਜਦੋਂ ਇਕ ਨੁਕਤਾ ਹੋਇਆ ਸੂਤ ਜਦੋਂ ਬਣ ਨਾਥ ਬਲੀ ਅਵਧੂਤ ਜਦੋਂ, ਰੱਖ ਜ਼ਾਮਨ ਬਿਰਖ ਨੂੰ ਕੋਲ ਮਿਰੇ ਆ ਚੜ੍ਹਿਆ ਸ਼ਾਹਦ ਕਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਸਜ ਚੜ੍ਹਣਾ ਅਜੇ ਈਮਾਨ ਮਿਰਾ... ਇਹ ਰੋਹ ਤਾਂ ਅਜੇ ਮਿਆਨ ਮਿਰਾ...।
ਚਾਵਾਂ ਦੀ ਰੁੱਤ
ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ, ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ। ਮੈਨੂੰ ਹਰੇ-ਕਚੂਰ ਹੋ ਵੇਖਿਆ ਮੇਰੀ ਉਮਰ ਦੇ ਰੁੱਖਾਂ, ਮੇਰੇ ਲੰਮੇ ਕੇਸ ਸੁਹਾਣ ਵੇ ਵਿਚ ਖੁੱਲ੍ਹੀਆਂ ਧੁੱਪਾਂ, ਮੈਨੂੰ ਲੰਮੀਆਂ 'ਵਾਜਾਂ ਮਾਰੀਆਂ, ਚੜ੍ਹ ਸ਼ਹੁ ਦਰਿਆਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਬਾਂਕੇ ਨੈਣ ਸੰਞਾਣ ਲਏ ਇਹਨਾਂ ਸੁੰਨੀਆਂ ਰੋਹੀਆਂ, ਮੇਰੇ ਨਾਲ ਉਡਣ ਲਈ ਦੂਰ ਤੋਂ ਦੋ ਕੂੰਜਾਂ ਹੋਈਆਂ, ਮੈਨੂੰ ਮੁੜ ਮੁੜ ਖੇਡ ਖਿਡਾਣ ਵੇ, ਉੱਠ ਜੁੱਤੀਆਂ ਰਾਹਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਮੱਥੇ 'ਤੇ ਆ ਲੱਗੀਆਂ ਕਿਤੋਂ ਠੰਡੀਆਂ ਭੂਰਾਂ, ਮੇਰੇ ਸਭ ਰਾਹਾਂ ਨੂੰ ਘੇਰਿਆ ਰੁੱਖ ਹਰੇ ਕਚੂਰਾਂ, ਮੈਨੂੰ ਮਿਲੀਆਂ ਆ ਕੇ ਦੂਰ ਤੋਂ, ਅੰਞਾਣ ਹਵਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੈਂ 'ਕੱਲੀ ਜਿੰਦੜੀ ਸਮੇਂ ਤੋਂ ਬਸ ਆਪ ਸੁਹਾਵਾਂ, ਮੇਰਾ ਚੜ੍ਹਿਆ ਜੋਬਨੁ ਥੰਮ੍ਹਿਆ ਹਿੱਕ ਡਾਹ ਦਰਿਆਵਾਂ, ਮੈਂ ਟੁਕੜੇ ਹੋਏ ਚੰਨ ਦੀ, ਬਹਿ ਖ਼ੈਰ ਮਨਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਸ਼ਾਹ ਪਲਕਾਂ ਤੱਕ ਕੇ ਉਤਰੀਆਂ ਮਨ ਭਰ ਭਰ ਕੂੰਜਾਂ, ਉਹ ਦੂਰ-ਦੁਰਾਡੇ ਸਰਾਂ ਵਿਚ ਕਿਤੋਂ ਡਿੱਗੀਆਂ ਬੂੰਦਾਂ, ਮੈਨੂੰ ਵੇਖਣ ਪਏ ਫ਼ਕੀਰ ਵੇ, ਵਿਚ ਉਮਰ ਦੇ ਚਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੈਨੂੰ ਸੌਣ ਨ ਦਿੰਦੀਆਂ ਪੱਤਣਾਂ ਦੀਆਂ ਹਰੀਆਂ ਬਾਹਵਾਂ, ਮੈਂ ਸਾਵਨ ਵਾਂਗੂੰ ਹੱਲ ਕੇ ਪਈ ਆਪ ਜਗਾਵਾਂ, ਮਨ ਰੁੱਸਿਆ ਦੀਵੇ ਬਾਲ ਕੇ, ਮੈਂ ਖੜੀ ਮਨਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਪੈਰਾਂ ਦੇ ਵਿਚ ਵੱਗਦੇ ਕਿਸੇ ਹਸ਼ਰ ਦੇ ਪਾਣੀ, ਮੇਰਾ ਦਾਮਨ ਛੂਹ ਕੇ ਉੱਡਦੀ ਕੋਈ ਸੰਞ ਸੁਹਾਣੀ, ਮੇਰੇ ਹੱਥੀਂ ਬਹਿ ਕੇ ਕੀਤੀਆਂ, ਕਿਸੇ ਈਦ ਦੁਆਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ... ... ... ।