Ruttan De Bhed Bhare Khat : Harinder Singh Mehboob

ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ


ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ ਸੁਪਨੈ ਆਇਆ ਭੀ ਗਇਆ ਮੈਂ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ॥ (ਵਡਹੰਸੁ ਮਹਲਾ ੧) ***** ਗੋਰੇ ਕਾਗ਼ਜ਼ ਵਰਗੀ ਜਾਨ ਨੂੰ ਦੇ ਲਫ਼ਜ਼ਾਂ ਦੀ ਭੀਕ। ਸਾਡੇ ਇਕਲਾਪੇ ਨੂੰ ਤੇਰੇ ਖ਼ਤ ਦੀ ਅਜੇ ਉਡੀਕ। (ਡਾ: ਰਿਆਜ਼ ਮਜੀਦ-ਲਾਇਲਪੁਰ) ਸਮਰਪਣ ਕਵੀ, ਫ਼ਿਲਾਸਫ਼ਰ ਅਤੇ ਬੇਨਿਆਜ਼ਾਂ ਦੀ ਮਹਿਫ਼ਲ ਦੇ ਸਰਤਾਜ, ਯਾਰਾਂ ਦੇ ਦਿਲਾਂ ਦੀ ਜਾਣਨ ਵਾਲੇ ਸਾਡੇ ਪਿਆਰੇ ਸੱਜਣ, ਹਰਦਿਲਜੀਤ ਸਿੰਘ ‘ਲਾਲੀ’ (ਪਟਿਆਲਾ) ਦੇ ਨਾਂ।

ਖ਼ਤ ਪੜ੍ਹਨ ਤੋਂ ਪਹਿਲਾਂ

ਇਹ ਤਿੰਨ ਕਵਿਤਾਵਾਂ 1963 ਵਿਚ ਲਿਖੀਆਂ ਸਨ। “ਰੁੱਤਾਂ ਦੇ ਭੇਦ-ਭਰੇ ਖ਼ਤ" ਇਕ ਲੰਮੀ ਕਵਿਤਾ ਹੈ, ਜਿਸ ਦਾ ਇਕ ਚੌਥਾਈ ਭਾਗ ਹੀ ਥਾਂ ਦੀ ਥੁੜ ਕਾਰਨ ਏਥੇ ਦਿੱਤਾ ਜਾ ਰਿਹਾ ਹੈ। ਪੂਰੀ ਕਵਿਤਾ ਕਦੇ ਫੇਰ ਪੇਸ਼ ਕਰਾਂਗਾ।

ਰੁੱਤਾਂ ਦੀ ਲੰਮੀ ਕਵਿਤਾ ਇਕ ਸ੍ਵੈ-ਸਿਰਜੀ ਮਿੱਥ ਹੈ, ਜਿਸ ਦੇ ਨਿਰਮਲ ਜਿਸਮ ਵਿਚ ਕਈ ਹੋਰ ਹਿੰਦੂ ਮਿੱਥਾਂ ਦੇ ਚਿਹਨ-ਚੱਕਰ ਵੀ ਪਛਾਣੇ ਜਾ ਸਕਦੇ ਹਨ। ਰੁੱਤਾਂ ਵੈਰਾਗਿਆ ਮਨ ਹਨ, ਜਿਹੜਾ ਆਪਣੇ ਅੰਦਰ ਰੰਗ ਪੈਦਾ ਕਰਨ ਵਾਲੇ ਨੂੰ ਢੂੰਡ ਰਿਹਾ ਹੈ। ਉਸ ਦੀ ਤਲਬ ਦੂਰ ਦਿਸਹੱਦਿਆਂ ਤਕ ਥਰਕ ਰਹੀ ਹੈ, ਅਤੇ ਉਸ ਦੇ ਚਲੇ ਜਾਣ ਕਾਰਨ ਦੇਸ ਉੱਜੜ ਰਿਹਾ ਹੈ। ਰੰਗਾਂ ਦਾ ਨਸ਼ਾ ਵਣਾਂ ਦੇ ਪੱਤਿਆਂ ਅਤੇ ਸੁਗੰਧਾਂ ਵਿਚ ਲਿਆਉਣ ਵਾਲੇ ਦੀ ਯਾਦ ਮਾਨਵ-ਹਿਰਦੇ ਵਿਚ ਤਾਜ਼ਾ ਹੈ, ਅਤੇ ਇਸ ਕਾਰਨ ਜ਼ਿੰਦਗੀ ਦਾ ਇਕਰਾਰ ਜ਼ਿੰਦਾ ਹੈ, ਪਰ ਸਰੀਰ ਦੀ ਛਾਂ ਸਰੀਰ ਨਹੀਂ ਹੁੰਦੀ। ਉਸਦੀ ਪਰਤੱਖ ਆਮਦ ਹੀ ਖ਼ਾਬਾਂ ਦੇ ਫ਼ਿਰਦੌਸ ਨੂੰ ਅਸਲੀਅਤ ਦੀ ਸ਼ਾਨ ਮੁਹੱਈਆ ਕਰੇਗੀ। ਫਿਰ ਵੀ ਇਹ ਸਰੀਰਕ ਅਤੇ ਰੂਹਾਨੀ ਰੂਹ ਦਾ ਸੰਗਮ ਰੋਜ਼ ਦਿਹਾੜੀ ਦੀ ਜ਼ਿੰਦਗੀ ਵਿਚ ਸੁਹਜ ਦੇ ਨਵੇਂ ਕਪਾਟ ਖੋਲ੍ਹੇਗਾ, ਅਤੇ ਕਦਮਾਂ ਨੂੰ ਨਵੇਂ ਸੰਘਰਸ਼ਾਂ ਲਈ ਬੇਤਾਬ ਕਰੇਗਾ। ਰੁੱਤਾਂ ਦੀ ਵਿਸ਼ਾਲਤਾ ਮਨ ਅਤੇ ਰੂਹ ਦੀ ਵਿਸ਼ਾਲਤਾ ਹੈ। ਉਸ ਵਿਚ ਜ਼ੋਰਦਾਰ ਹਿਲਜੁਲ ਆਉਣੀ ਨਵੇਂ ਮਨੋਵਿਗਿਆਨਕ ਪਹਿਲੂਆਂ ਦੇ ਉਜਾਗਰ ਹੋਣ ਦੀ ਸੂਚਕ ਹੈ। ਇਸ ਨਾਲ ਸੁਹਜ-ਪਛਾਣ ਦੇ ਨਵੇਂ ਨਿਯਮ ਹੋਂਦ ਵਿਚ ਆਉਣੇ ਲਾਜ਼ਮੀ ਹਨ।

ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਦੇ ਨਕਸ਼ ਆਦਿ-ਜੁਗਾਦੀ ਹੀ ਰਹਿਣਗੇ, ਅਤੇ ਇਸ ਦੇ ਜਜ਼ਬੇ ਦੇ ਭੇਦ ਓਸੇ ਹੀ ਪੁਰਾਣੇ ਨਾਜ਼ ਵਿਚ ਉਘੜਨਗੇ, ਪਰ ਹਰ ਨਵੀਂ ਤਲਬ ਦੀ ਅਦਾ ਹੋਰ ਹੋਵੇਗੀ। ਇਹ ਅਦਾ ਜਹਾਨ ਅਤੇ ਰੂਹ ਦੀਆਂ ਲੋੜਾਂ ਦੀ ਨਵੀਂ ਵਿਆਖਿਆ ਕਰੇਗੀ, ਇਕ ਨਵੀਂ ਪੈਗ਼ੰਬਰੀ ਨਜ਼ਰ ਬਣਾਵੇਗੀ, ਅਤੇ ਮਾਹੀ ਦੀਆਂ ਪੈੜਾਂ ਵਿੱਚੋਂ ਥਲ ਦਾ ਕੋਈ ਵੱਖਰਾ ਜਨੂੰਨ ਭਾਲੇਗੀ। ਫਿਰ ਵੈਰਾਗ ਅਤੇ ਮਿਲਣ ਦੀ ਭਾਵਕ ਨੈਤਿਕਤਾ ਦੇ ਕਾਇਦੇ-ਕਾਨੂੰਨ ਵੀ ਹੋਰ ਹੋਣਗੇ। ਭਾਵੇਂ ਸ਼ਬਦ-ਜਗਤ ਦੀਆਂ ਮਿੱਥਾਂ, ਅਲੰਕਾਰ-ਲੜੀਆਂ ਅਤੇ ਗੋਂਦ-ਵਿਧੀਆਂ ਘਾਹ ਦੇ ਉੱਗਣ ਵਾਂਗ ਮੁੱਢ-ਕਦੀਮੀ ਸਾਦਗੀ ਤੋਂ ਬਾਹਰ ਨਹੀਂ ਜਾਂਦੀਆਂ, ਪਰ ਮਨ ਅਤੇ ਰੂਹ ਦੇ ਪੇਸ਼ ਕੀਤੇ ਰੰਗ ਹਰ ਛਿਣ ਉੱਤੇ ਚਮਤਕਾਰ ਵਿਖਾਉਂਦੇ ਹਨ। ਇਹ ਲੰਮੀ ਕਵਿਤਾ ਇਸ ਰਹੱਸ ਨੂੰ ਖੋਲ੍ਹਣ ਦਾ ਇਕ ਨਿਮਾਣਾ ਜਿਹਾ ਯਤਨ ਹੈ।

(22-7-1989)

1.ਅੰਮ੍ਰਿਤ ਵੇਲੇ ਦੀ ਲੋਅ

ਅੰਮ੍ਰਿਤ ਵੇਲੇ ਦਿਸਹੱਦੇ ਤੇ ਇਕ ਲੁਕਵੀਂ ਜਿਹੀ ਲੋਅ । ਵਣਾਂ ਦੇ ਆਂਙਣ ਵਿਚ ਆਇਆ ਕੱਲ੍ਹ ਸੂਰਮਾ ਜੋ । ਲੈ ਲੈ ਸਰਕਾਰਾਂ ਤੋਂ ਬਦਲੇ ਚਮਕੇ ਉਹਦੀ ਸੰਜੋਅ । ਪਲ ਵਿਚ ਆਇਆ ਅਜਬ ਬੇਦਰਦੀ ਸਾਨੂੰ ਕਹੇ ਜਲੋ । ਉਹ ਤੇ ਉਮਰ ਦਾ ਹਿੱਸਿਆ ਕੈਦੀ ਕੋਲ ਨਾ ਰਿਸ਼ਮਾਂ ਦੋ । ਕੰਦਰਾ ਦੇ ਵਿਚ ਯੁਗ ਯੁਗ ਸੌਂ ਕੇ ਚਾਨਣ ਰਿਸ਼ਮਾਂ ਖੋ । ਆਪਣੇ ਵਣਾਂ ਨੂੰ ਮੁੜ ਕੇ ਆਇਆ ਲੈ ਨੇਰ੍ਹਾਂ ਦੀ ਛੋਹ । ਸੁਣ ਸੁਣ ਕਦੇ ਕਦੇ ਕੁਝ ਅੱਥਰੂ ਖੜ ਖੜ ਦੇਂਦਾ ਸੋ : ਸੰਘਣੇ ਬ੍ਰਿਛਾਂ ਦੀ ਬਸਤੀ ਵਿਚ ਸੁੱਤਾ 'ਸਾਜਨ ਕੋ । ਦੂਰ ਕਲਰਾਂ ਦੇ ਵਿਚ ਸੁੱਤੇ ਆ ਕੇ ਯੋਗੀ ਦੋ । ਉਸ ਲੋਇ ਨੂੰ ਜਾ ਕੇ ਦੇਖਾਂ ਪਿੰਡ ਪਿੰਡਾਂ 'ਚੋਂ ਹੋ । ਮੇਰੀਆਂ ਕੁੱਲ ਫ਼ਰਿਆਦਾਂ ਹੇਠੋਂ ਉਠੇ ਮਾਂ ਦਾ ਮੋਹ : ਕਿਸੇ ਵਲੀ ਨੇ ਆਉਣਾ ਬੱਚਾ ਸਮਿਆਂ ਦੀ ਕਨਸੋਅ । ਨੇਰ੍ਹ ਦਾ ਸੀਨਾ ਪਾੜ ਸੁੰਞ ਨੇ ਜਾਨ ਨਿਮਾਣੀ ਖੋਹ । ਜਿਹੜੀ ਕਬਰ ਦੇ ਅੰਦਰ ਦੱਬੀ ਆਈ ਓਧਰ ਖ਼ੁਸ਼ਬੋ । ਖੂਹੇ ਦੇ ਵਿਚ ਜਾਂ ਕੋਈ ਪੂਰਨ ਵੈਰੀਆਂ ਸੁੱਟਿਆ ਕੋਹ । ਮੇਰੇ ਨੈਣ 'ਚ ਅੱਥਰੂ ਆਇਆ ਦੇਸ ਦੇਸਾਂ 'ਚੋਂ ਹੋ । ਰੱਬ ਜਾਣੇ ਕੋਈ ਦੂਰ ਦੁਰਾਡੇ ਰਿਹਾ ਸਿਤਾਰਾ ਰੋ ।

2. ਬਨਬਾਸੀ

ਕਦੋਂ ਓਹ ਨਗਰੀ ਨੂੰ ਮੁੜਿਆ ਬਨਬਾਸਾਂ ਤੋਂ ਜਾਕੇ ? ਕਦੋਂ ਓਸਦੇ ਅੱਥਰੂ ਆਉਣਾ ਉਮਰਾਂ ਦਾ ਗ਼ਮ ਖਾ ਕੇ ? ਕਿਵੇਂ ਗਿਆ ਬਨਬਾਸਾਂ ਨੂੰ ਉਹ ਇਹਤਾਂ ਰਾਜਾ ਜਾਣੇ, ਅਸਾਂ ਤਾਂ ਕਿਸੇ ਵਿਜੋਗਣ ਨੈਣੀਂ ਤੇਰਾਂ ਵਰ੍ਹੇ ਪਛਾਣੇ । ਸੁਣਿਆਂ ਉਸਦਾ ਦਰਦ ਡੂੰਘੇਰਾ ਸੁਣਿਆਂ ਉਹ ਬਹੂੰ ਪਿਆਰਾ ਕੋਈ ਆਖਦਾ ਸੋਗ ਓਸਦਾ, ਪੀੜ ਉਪਾਵਨਹਾਰਾ । ਕਿਸੇ ਵੰਝਲੀਆਂ ਵਾਲੇ ਦੇ ਘਰ ਚਾਕਰ ਰਹਿ ਉਹ ਪਲਿਆ, ਕੁੱਲ ਸਾਂਵਲਾ ਦਰਸ ਓਸਦਾ ਕਿਸੇ ਨਾਰ ਨ ਛਲਿਆ । ਸੁਣਿਆਂ ਉਸਦੀ ਕੁੱਲ ਜੁਆਨੀ ਵਿਛੜਿਆਂ ਸੰਗ ਬੀਤੀ । ਸੁਣਿਆਂ ਉਹ ਤਾਂ ਮੋਇਆ ਜੀਂਦਾ ਜ਼ਰਿਰ ਚਿਰਾਂ ਤੋਂ ਪੀਤੀ । ਜਗਤ ਦੇ ਪ੍ਰਿਯ ਦੇ ਸੰਗ ਗਾਵੇ, 'ਨਾਗ ਨਿਵਾਸਾਂ ਦੇ ਰਹਿਣਾ' ਜੁਗਾਂ ਨ੍ਹੇਰ ਦੀ ਕਾਲੀ ਕੰਬਲੀ ਤੇ ਮੌਤ ਸੰਗ ਬਹਿਣਾ । ਉਸ ਜੋਬਨ ਦਾ ਹਾਲ ਉਹ ਪੁੱਛਦਾ ਉਸ ਵੇਲੇ ਜਿਸ ਆਉਣਾ, ਵਾਰ ਅੰਤਲੀ ਸੰਞਾਂ ਵੇਲੇ ਸੂਰਜ ਨੇ ਜਦ ਸੌਣਾ । ਆਥਣ ਵੇਲੇ ਵਿਚ ਵਣਾਂ ਦੇ ਹਾਲ ਦੱਸੇ ਜਗ ਚਿਰ ਦਾ; ਕਿਸ ਭੇਸ ਵਿਚ ਆਈ ਵੇਦਨਾ ਭੇਦ ਜਾਣਦਾ ਫਿਰਦਾ । ਕਾਈ ਦਸਦੀ ਮੈਂ ਇਕ ਵਾਰੀ ਜਾਂਦਾ ਗਲੀ ਬੁਲਾਇਆ, ਰੋਗ ਅਵੱਲੜੇ ਵਾਲਾ ਸਾਜਨ ਅੱਥਰੂ ਵਾਂਗ ਗੁਆਇਆ । ਕਹਿੰਦਾ ਉਹ "ਮੈਂ ਨ੍ਹੇਰ ਓਸਦੀ ਗਲੀ 'ਚ ਕੌਲ ਨਿਭਾਣਾ; ਜਦੋਂ ਕਦੇ ਸੂਰਜ ਆਸਮਾਨੋ ਮੌਤ ਨਾਲ ਬੁਝ ਜਾਣਾ" । ਸਾਰੇ ਜੱਗ ਤੋਂ ਪਿਆਸਾ ਬੰਦਾ ਥਲਾਂ ਦਾ ਵੀਰ ਪਿਆਰਾ, ਕਹਿਣ ਲੱਗਿਆ ਖੂਹ ਤੇ ਆ ਕੇ "ਨੈਣ ਭਰੇ ਜੱਗ ਸਾਰਾ" ।

3. ਰੁੱਤਾਂ ਦੇ ਸਖੀ ਵੱਲ ਲਿਖੇ ਖ਼ਤ

ਰੁੱਤਾਂ ਨੇ ਪਰਦੇਸਾਂ ਵਿੱਚੋਂ ਖ਼ਤ ਦਰਦ ਦਾ ਪਾਇਆ । ਸਾਡੀ ਮੁੜ ਤਕਦੀਰ ਨਾ ਜਾਗੀ ਹਰ ਰੰਗ ਅੱਥਰੂ ਆਇਆ । ਇਕ ਤਾਂ ਪੰਛੀ ਪਾਰ ਪਹਾੜਾਂ ਗਿਆ ਸੀ, ਅਜੇ ਨਹੀਂ ਆਇਆ ਦੂਜਾ ਚਿਰਾਂ ਦਾ ਬਰਫ਼ਾਂ ਪਾਸੇ ਲੋਕਾਂ ਮਾਰ ਮੁਕਾਇਆ । ਤੀਜਾ ਪੰਛੀ ਤੂਤ ਤੇ ਰੋਂਦਾ ਓਦਰਿਆ, ਘਬਰਾਇਆ । ਚੌਥਾ ਉਮਰ ਦਾ ਅਜੇ ਨਿਆਣਾ ਤੇਰੇ ਦੇਸ ਸਿਧਾਇਆ । ਕਾਸਦ ਹੋ ਕੇ ਉਮਰ ਗੁਆਉਣੀ ਹਰ ਸੰਗੀ ਫ਼ੁਰਮਾਇਆ, ਨੌਕਰ ਚਲੇ ਗਏ ਸਭ ਘਰ ਨੂੰ ਸਾਨੂੰ ਆਖ ਪਰਾਇਆ । ਚੌਥਾ ਕਾਸਦ ਜਿਸਨੇ ਸਖੀਏ ਸਾਡਾ ਹੁਕਮ ਵਜਾਇਆ, ਉਸਨੂੰ ਇਕ ਤਾਂ ਗੱਲ ਇਹ ਦੱਸੀਂ ਕਦ ਸਾਜਨ ਘਰ ਆਇਆ । ਮਹਿਕਾਂ ਦਾ ਤਾਂ ਆਉਣਾ ਜਾਣਾ ਧੁਰੋਂ ਹੀ ਕਿਸੇ ਲਿਖਾਇਆ, ਜਿਸ ਰੁੱਤ ਤੂੰ ਮਾਣ ਸੀ ਕਰਦੀ ਉਸ ਰੁੱਤ ਮੀਤ ਵੀ ਆਇਆ ? ਦੂਜੀ ਗੱਲ ਮੁਸਾਫ਼ਿਰ ਬਾਰੇ ਘਰ ਨ ਜਿਹੜਾ ਸਮਾਇਆ । ਦੇਸ ਤੇਰੇ ਦੀ ਕੰਦਰਾ ਦੇ ਵਿਚ ਚੋਰ ਅਸਾਡਾ ਆਇਆ । - - - - - - - - - - - - - - - ਪਹਿਲੇ ਖ਼ਤ ਵਿਚ ਸੁਪਨ ਨਿਖੁੱਟਾ। ਚਿੰਤਨ-ਦੇਸ ਪਾਰ ਪਿਰ ਸੁੱਤਾ । ਬਣਦੀ ਮਿਟਦੀ ਮਨ ਦੀ ਛਾਇਆ ਸਾਹਮੇ ਨੂਰ ਪਰਮਨੰਦ ਪਾਇਆ । ਸੋਈ ਸਖੀ ਵੇਦਨਾ ਜਾਣੀ ਤਨ ਮਨ ਕਰਨ ਜਿਦੇ ਸੰਗ ਬਾਣੀ । ਘੋਰ ਬਿਛੋਹ ਦੇ ਮਨ ਅਗਿਆਨ 'ਚ ਜੋ ਉੱਡਦੀ ਰਹੀ ਅਮਰ ਬਿਬਾਨ 'ਚ ।੧। ਰੁੱਤਾਂ ਨੇ ਪ੍ਰਦੇਸਾਂ ਵਿੱਚੋਂ ਖ਼ਤ ਦਰਦ ਦਾ ਪਾਇਆ ਸਾਡੀ ਮੁੜ ਤਕਦੀਰ ਨ ਜਾਗੀ ਹਰ ਰੰਗ ਅੱਥਰੂ ਆਇਆ। ਦਿਲ ਦੇ ਸੰਗੀਆਂ ਨੂੰ ਵੈਰਾਗੇ ਕੋਈ ਕੱਲਾ ਪਲਕੀਂ ਆਏ ਨੈਣਾਂ ਦੇ ਵਿਚ ਅੱਥਰੂ ਚੜ੍ਹਕੇ ਮੌਤ-ਦੇਸ ਢਲ ਜਾਏ। ਬੈਠ ਪਹਾੜਾਂ ਦੀਆਂ ਬਰਫ਼ਾਂ ਤੇ ਸੁਣ ਸੁਣ ਦੂਰੋਂ ਸੋਆਂ ਕੂੰਜਾਂ ਵਾਂਗੂੰ ਓਦਰ ਗਈਆਂ ਇਕ ਜਨਮ ਵਿਚ ਛੋਹਾਂ ! ਹੁਣ ਤਾਂ ਸ਼ਹੁ ਦੀਆਂ ਛੋਹਾਂ ਦੇ ਵੀ ਦਿਨ ਆਏ ਨੇ ਪੁੱਗਣ। ਵੇਹਣ ਦੂਰ ਟੀਲਿਆਂ ਤੇ ਬਹਿ, ਭਰ ਭਰ ਹੌਕੇ ਉੱਡਣ। ਅੱਜ ਉਹ ਰਾਤੀਂ ਕਲਮ ਦੀ ਪਲਕੀਂ ਚਿੱਟਿਆਂ ਹੰਝੂਆਂ ਆਂਙੂੰ ਬਰਫ਼ਾਂ ਦੀਆਂ ਕੂੰਟਾਂ 'ਚੋਂ ਆਈਆਂ ਮੂਕ ਤ੍ਰੇਲਾਂ ਵਾਂਗੂੰ। ਖ਼ੁਸ਼ਬੋਆਂ ਦੇ ਮਹਿਲਾਂ ਵਿੱਚੋਂ ਦੋ ਪੈਰਾਂ ਦੇ ਤਾਰੇ ਚੁੰਮ੍ਹ ਨੀਂਦਾਂ ਨੂੰ ਅੱਧੀ ਰਾਤੀਂ ਖਿਸਕ ਗਏ ਵਣਜਾਰੇ। ਦੋ ਅਧ-ਮਿਟੀਆਂ, ਖਿੰਡੀਆਂ ਖਿੰਡੀਆਂ, ਨਦੀ ਕਿਨਾਰੇ ਪੈੜਾਂ; ਜਿਹਨਾਂ ਨੂੰ ਤੱਕ ਨੀਰ ਵਹਾਵਣ ਦੋ ਪ੍ਰਦੇਸਨ ਲਹਿਰਾਂ। ਨਦੀ-ਪਾਣੀਆਂ ਤੇ ਨਾ ਰਹੀਆਂ ਸ਼ਾਹ ਕੇਸਾਂ ਦੀਆਂ ਛਾਂਵਾਂ; ਨਾ ਰੋਂਦਾ ਕੰਵਲਾਂ ਤੇ ਕੋਈ ਝੁਕ ਠੰਢਾ ਪ੍ਰਛਾਵਾਂ। ਸੋਨ ਵਾਣ ਚਿਰਾਂ ਤੋਂ ਕੋਈ ਖੁਭਿਆ ਜੋ ਸੀ ਸ਼ਾਖੀਂ ਚੋਰ ਸ਼ਿਕਾਰੀ ਸਾਰ ਨ ਸਾਨੂੰ ਖਿੱਚ ਕੇ ਲੈ ਗਿਆ ਰਾਤੀਂ। ਘਾਹ ਦੇ ਕੋਲੋਂ ਖੋਹ ਇਕ ਹੰਝੂ ਸਾੜ ਸੁਪਨ ਦੀਆਂ ਛਾਵਾਂ, ਦਿਸਹੱਦੇ ਵਿਚ ਗੁੰਮ ਨੇ ਹੋਈਆਂ ਮਿਰਗਾਂ ਵਾਂਗ ਹਵਾਵਾਂ। ਅੱਧ-ਮੀਟੇ ਨੈਣਾਂ ਦੀਆਂ ਧੁੰਧਾਂ ਡੁੱਬੀਆਂ ਸੰਧਿਆ-ਪਾਣੀ ਇਹ ਟੂਣੇ ਵੀ ਤੋੜ ਗਏ ਨੇ ਡੰਗਣੇ-ਚਾਨਣ ਜਾਣੀ। ਪੱਤੀਆਂ ਤੋਂ ਕਲਵਲ ਹੋ ਜਲ ਗਈ ਠੰਢ ਪੋਟਿਆਂ ਦੀ ਕੋਈ। ਨੀਲ ਮਹੀਨ ਪਾਣੀਆਂ ਕੰਧੇ ਝੁਕ ਲੱਗੀ ਖ਼ੁਸ਼ਬੋਈ। ਕੋਈ ਬੇ-ਦਰਦਾਂ ਨੂੰ ਜਾ ਆਖੋ ਅਜਬ ਦੇਸ ਦੇ ਅੰਬਰ, ਰੁੱਤਾਂ ਦਾ ਦਿਲ ਟੁੱਟ ਰਿਹਾ ਹੈ ਕੰਬਦੇ ਵਣ ਦੇ ਅੰਦਰ। ਸੰਧਿਆਂ ਵੇਲੇ ਯਾਰ ਮਿਲਣ ਲਈ ਅੰਗ ਅੰਗ ਜਲ ਜਾਏ, ਮੱਚਦੀ ਸੂਹੀ ਹਿੱਕ ਤੇ ਸੂਰਜ ਰਾਹੀਆਂ ਦੇ ਸਿਰ ਲਾਏ। ਛੋਹ ਛੋਹ ਤ੍ਰਿਸ਼ਨਾ ਬੁੱਝੀ ਨ ਤੱਤੀ ਜਲਦੇ ਬੁੱਲ੍ਹ ਘਬਰਾਏ ਦਿਲ ਨੇ ਮੂੰਹ ਨਦੀਆਂ ਵਿਚ ਦਿੱਤਾ ਇਕ ਅੰਮ੍ਰਿਤ ਨ ਥਿਆਏ। ਲੱਖਾਂ ਰਾਹੀਆਂ ਦੇ ਜੋਬਨ ਨੂੰ ਲੋਹ-ਖੂਹਾਂ ਵਿਚ ਪਾਇਆ, ਲਾਲ ਥੰਮ੍ਹ ਤਪਦੇ ਰਹੇ, ਉਹ ਨ ਕਾਫ਼ਲਿਆਂ ਵਿਚ ਆਇਆ। ਲੱਖ ਪਹਾੜਾਂ ਉਤੋਂ ਮਿਟਿਆ ਮਿਹਰਬਾਨ ਇਕ ਪੰਜਾ, ਚੁੰਮ੍ਹਨ ਆਇਆ ਜਿਸਨੂੰ ਦੂਰੋਂ ਰੱਬ ਤੋਂ ਆਕੀ ਬੰਦਾ। ਸਾਡੀ ਪ੍ਰੀਤ ਮੂਰਛਾ ਵੇਲੇ ਖ਼ੂਨ ਉਛਲ ਕੇ ਕਿੰਨਾ ! ਫੁਟ ਕੇ ਉਸਦੀ ਛਾਤੀ ਵਿੱਚੋਂ ਚੜ੍ਹਿਆ ਲੋਕਾ ਤਿੰਨਾ। ਗਗਨਾਂ ਦੇ ਜਾਮੇ ਤੇ ਛਿੱਟਾਂ ! ਫੱਟ ਲੋਥੜੇ ਉੱਡੇ; ਏਸ ਫ਼ਿਜ਼ਾ ਵਿਚ ਕੌਣ ਹੈ ਖ਼ੂਨੀ ? ਲਾਲ ਨਜ਼ਰ ਇਕ ਉੱਡੇ। ਮੂਰਛਾ ਪਈ ਨੂੰ ਮੁੱਦਤਾਂ ਹੋਈਆਂ ਫਿਰ ਇਕ ਪੰਛੀ ਆਇਆ; ਜਿਸਨੇ ਉਸਦੇ ਜੀਂਦੇ ਹੋਣ ਦਾ ਭਰਮ ਅਸਾਂ ਨੂੰ ਪਾਇਆ। ਰੋਇਆ ਉਹ ਕਿ ਇਕ ਕੰਦਰਾ ਵਿਚ ਸੌਂ ਉਸ ਵਰ੍ਹੇ ਗੁਜ਼ਾਰੇ, ਮੂੰਹ-ਪੱਥਰਾਂ ਤੇ ਬੈਠੇ ਲੱਖਾਂ ਪਹਿਰਾ ਦੇਣ ਸਿਤਾਰੇ। ਓਸ ਪਤਾਲਾਂ ਦੇ ਪਾਣੀ ਜਿਉਂ ਉਸ ਦੀਆਂ ਨਜ਼ਰਾਂ ਲੁਕੀਆਂ, ਸੰਧਿਆ ਅਤੇ ਸਵੇਰਾਂ ਜਿਸ ਤੇ ਰੰਗ-ਸ਼ਾਖਾਂ ਨ ਝੁਕੀਆਂ। ਤਾਨਾਂ ਵਰਗੀਆਂ ਕਾਲੀਆਂ ਜ਼ੁਲਫ਼ਾਂ ਜਿਸ ਥਾਂ ਦਿਲ ਉਹ ਧੜਕਣ, ਨਿੰਦ੍ਰਾਇਆਂ ਸੱਪਾਂ ਦੇ ਵਾਂਗੂੰ ਵਾਂਗ ਬੇਹੋਸ਼ੀ ਸਰਕਣ। ਫਿਰ ਓਹ ਰੋਇਆ ਕੋਈ ਉਡੀਕੇ ਨੈਣ ਖੁਲ੍ਹਣ ਦਾ ਵੇਲਾ, ਨੀਂਦਾਂ ਕੋਲੇ ਜਾਗ ਰਿਹਾ ਹੈ ਪੰਖੀ ਜਿਹਾ ਸੁਹੇਲਾ। ਵੇ ਕਾਸਦ ! ਧਰਵਾਸ ਦਵਾਇਆ ਰਹੇਂ ਯੁਗਾਂ ਤੱਕ ਜੀਂਦਾ, ਕੀ ਹੋਇਆ ਜੇ ਕੋਲ ਨ ਸਾਡੇ ਮੀਤ ਹੋਰ ਜਗ ਥੀਂਦਾ। ਸਾਡੇ ਸਰਾਂ ਦੀ ਠੰਡੀ ਬਾਣੀ ਪੰਛੀ ਗਾਇਨ ਪੁਰਾਣੀ, ਸੁੱਕੇ ਖੂਹਾਂ ਦੇ ਵਿਚ ਫੁੱਟੇ ਨਾਲ ਚਾਂਦਨੀ ਪਾਣੀ। ਖੂਹ ਗੇੜ ਕੇ ਜਿਸ ਜੋਗੀ ਨੇ ਬਾਗ਼ ਨੂੰ ਕੀਤਾ ਹਰਿਆ, ਉਸ ਪੂਰਨ ਦੇ ਪਰਤਣ ਵਾਂਗੂੰ ਅੰਮ੍ਰਿਤ ਨਜ਼ਰੀਂ ਭਰਿਆ। ਚਿੰਬੜੇ ਰਹੇ ਨੈਣਾਂ ਨੂੰ ਬਰਸੀਂ ਪੁੱਤਾਂ ਦੇ ਗ਼ਮ ਭੈੜੇ, ਫਿਰ ਇਛਰਾਂ ਦੀ ਛਾਤੀ ਜੀਕਰ ਸ਼ੀਰ ਬੱਚੇ ਲਈ ਲਹਿਰੇ; ਏਦਾਂ ਨੀਂਦਾਂ-ਜਾਗਾਂ ਅੰਦਰ ਹੱਥ ਉਸਦਾ ਜਿੰਦ ਲਾ ਕੇ, ਰੋਂਦੀਆਂ ਸੋਅ ਇਹ ਦਸਦੀਆਂ ਫਿਰੀਆਂ ਉਮਰਾਂ ਦੇ ਗ਼ਮ ਖਾ ਕੇ। ਕੇਸ ਤ੍ਰੇਲਾਂ-ਭਿੱਜੇ ਓਹੀ ਮੂਕ ਖਿੰਡੇ ਚੰਨ-ਚਾਨਣ, ਜਿਵੇਂ ਵੇਦਨਾ ਕੋਲੋਂ ਚਿਰਦੀ ਮੰਗ ਖਿਮਾ ਲਜਿਆਵਣ। ਨੀਂਦਾਂ ਦਾ ਹਰ ਕਤਰਾ ਕੂਕੇ ਜੋਬਨ ਬਣ ਬਣ ਟੁੱਟਾਂ, ਤਾਨ ਬੰਸਰੀ ਦੀ ਵੀ ਸੁਣ ਲਈ ਡੂੰਘੇ ਮੱਧਰੇ ਰੁੱਖਾਂ। ਨੀਂਦ 'ਚ ਕਸਕਾਂ, ਮੁੜ ਹੰਸਾਂ ਦੀ ਜਿੰਦ ਹੋਈ ਦੁਖਿਆਰੀ, ਪੰਖਾਂ ਦਾ ਲਹੂ ਜਾਣਨ ਨ, ਵਿਚ ਕੰਵਲਾਂ ਉਮਰ ਗੁਜ਼ਾਰੀ। ਨੀਂਦ ਦੇ ਕੰਢੇ ਕੰਢੇ ਲੁਕ ਭਰਮਾਂ ਵੇਖੀ ਆਤਮਾ ਸਾਰੀ; ਨਦੀ ਦੇ ਪਾਰੋਂ ਤੀਰ ਚੱਲਿਆ, ਹੂੰਗਰ ਸਰਵਣ ਮਾਰੀ। ਡਰੇ ਹੋਏ ਨੈਣ ਸੀ ਜੀਂਦੇ ਵਿਚ ਸ਼ੂਕਦੇ ਤੀਰਾਂ; ਕੁੱਝ ਹੀ ਯਾਰ ਮਿਲਣ ਦੀਆਂ ਆਸਾਂ ਆਣ ਕ੍ਰਾਹੁੰਦੀਆਂ ਪੀੜਾਂ। ਜਾਗਾਂ ਨੀਂਦਾਂ ਤੇ ਟੁੱਟ ਪਈਆਂ ਮਾਰ ਕੇ ਜ਼ਾਲਮ ਚੀਕਾਂ, ਦਸਣ ਲਗੀਆਂ ਦੁਖਦੇ ਨੈਣੀਂ ਰੱਤ-ਰੋਹ ਤਪੀਆਂ ਸੀਖਾਂ। ਇਸ ਰਣ ਦੇ ਕੁਰਲਾਟ ਦੇ ਅੰਦਰ ਵਿਚ ਖ਼ੂਨਾਂ ਤੇ ਗਰਦਾਂ, ਨਦੀਆਂ ਵੀ ਤਾਂ ਵਗਦੀਆਂ ਰਹੀਆਂ ਲੈ ਕੁੱਝ ਮਿੱਠੀਆਂ ਦਰਦਾਂ। ਰਹੀ ਆਤਮਾ ਨੀਂਦੀ ਟੋਹ ਲੈ ਰੰਗ ਵਾਲੇ ਲਈ ਜੀਂਦੀ, ਰਹੀ ਓਸਦੇ ਨਾਂ ਤੇ ਬਰਸੀਂ ਲੱਖਾਂ ਨਦੀਆਂ ਪੀਂਦੀ। ਨਦੀਆਂ ਉੱਤੇ ਰੁਆ ਦੋ ਪੰਛੀ ਰੂਹ ਸਾਡੀ ਮਿਠ-ਭਰਮੀ, ਲਹਿਰਾਂ ਦੇ ਲਾਰੇ ਦੀ ਬੈਠੀ ਵੇਹਣ ਲਈ ਕੋਈ ਕਰਨੀ। ਚਕਵਾ ਚਕਵੀ ਕੰਢੇ ਕੂਕਣ ਇਹ ਨਦੀਆਂ ਦਾ ਜੀਣਾ ! ਖ਼ਾਬਾਂ ਵਿਚ ਮਨਜ਼ੂਰ ਸੀ ਕੀਤਾ ਜ਼ਹਿਰਾਂ ਨੂੰ ਅਸੀਂ ਪੀਣਾ। ਵਿਸ-ਘੋਲਦੀ ਚੇਤੰਨਤਾ ਨੇ ਮਾਰਿਆ ਇਕ ਫੁੰਕਾਰਾ, ਧੁੰਧਾਂ ਵਾਂਗੂੰ ਜਿਸ ਨਾ' ਉਡਿਆ ਠਗਣੀਆਂ ਦਾ ਸੰਸਾਰਾ। ਜ਼ਹਿਰਾਂ ਪੀ ਕੇ ਮਿਲਣ ਦੇ ਸੁਪਨੇ ਆ ਸੂਰਜ ਨੇ ਤੋੜੇ, ਵਿਯੋਗ ਦੀਆਂ ਵਾਜਾਂ ਵੀ ਮੱਧਮ ਸਮਿਆਂ ਨੇ ਰੰਗ ਮੋੜੇ। ਵਿਯੋਗ ਦੀਆਂ ਲੱਖਾਂ ਛੋਹਾਂ ਗਈਆਂ ਕੰਠ ਕੰਤ ਬਿਨ ਸੁੱਕੇ ਅੱਥਰੂ ਓਸ ਕਦੇ ਨਾ ਭੇਜੇ ਸਾਹ ਜੋਬਨ ਦੇ ਮੁੱਕੇ। ਉਸ ਸ਼ਹੁ ਦਾ ਵੀ ਆਉਣਾ ਹੀ ਸੀ ! ਦੱਸੀਏ ਕੋਈ ਨਜ਼ਾਰਾ, ਅੱਜ ਤਾਂ ਉਸ ਦੀਆਂ ਛੋਹਾਂ ਦਾ ਜੀ ਕੋਈ ਨ ਅੰਤ ਸ਼ੁਮਾਰਾ। ਸਾਂਵਰ ਬੁੱਤ ਦੀ ਬਾਤ ਸੁਣਾਈਏ ਜਿਸਨੇ ਗੀਤ ਰਚਾਏ, ਜੋ ਕੁਲ ਜਨਮਾਂ ਕੋਇਲਾਂ ਵਾਂਗੂੰ ਬੂਰ ਦੇ ਕੂਕਣ ਆਏ। ਏਸ ਜਨਮ ਦੀ ਲੰਮੀ ਪੱਤਝੜ ਨ ਅੱਥਰੂ ਵਿਚ ਬੋਲੇ, ਬੂਰ ਪਏ ਨੂੰ ਉਮਰਾਂ ਹੋਈਆਂ ਜਾਂ ਮਨ ਉਂਞ ਹੀ ਡੋਲੇ। ਸਾਂਵਰ ਬੁੱਤ ਦੀ ਬਾਤ ਸੁਣਾਈਏ ਜਿਸਦਾ ਅੱਜ ਪ੍ਰਛਾਵਾਂ, ਮੂਕ ਚੋਰ ਚਾਂਦਨੀ ਅੰਦਰ ਲੰਘਿਆ ਸੰਗ ਹਵਾਵਾਂ। ਕਸਕ ਮੱਥੇ ਤੇ ਚਮਕ ਚਮਕ ਕੇ ਚੜ੍ਹਦੀ ਹੋਈ ਦੀਵਾਨੀ, ਇਕ ਜਿੰਦੜੀ ਦੀ ਤੰਦ ਨਿਮਾਣੀ ਇਕ ਬਿਜਲੀ ਬਉਰਾਣੀ। ਇਕ ਵਣ ਲੱਖਾਂ ਛੋਹਾਂ ਹਰੀਆਂ ਇਕ ਵਣ ਠੰਡੀਆਂ ਭੂਰਾਂ, ਉਂਞ ਇਕ ਪਾਸੇ ਰੋਹੀਆਂ ਅੰਦਰ ਰੋਵਣ ਸੁੰਞੀਆਂ ਧੂੜਾਂ। ਬਹੁਤ ਕੁਝ ਪ੍ਰਦੇਸੀ ਹੋਇਆ ਕੋਈ ਕੋਈ ਲਗਰ ਹੀ ਫੁੱਟੇ। ਪੂਰਾ ਬ੍ਰਿਛ ਹਰਾ ਜੇ ਹੋਵੇ ਭਰਮ ਮਰਨ ਦਾ ਟੁੱਟੇ। ਮਹਾਂ ਨਦੀ ਇਕ ਵਗਦੀ ਲੰਮੀ ਜਿਸ ਵਿਚ ਪੱਤਿਆਂ ਗਾ ਕੇ, ਇਕ ਪਲ ਪਿੱਛੋਂ ਰੁੜ ਜਾਣਾ ਹੈ ਪੀਲਾ ਰੰਗ ਪਰਨਾ ਕੇ। ਪਤਲੀ ਜਿੰਦ ਨੇ ਯਾਦ ਪੁਰਾਣੀ ਹਰੀ ਕਰੀ ਜਿਉਂ ਕਹੀਏ ਅੱਥਰੂ ਵਾਂਗੂੰ ਕੁੱਲ ਛੋਹਾਂ ਇਹ ਬੀਤ ਨ ਜਾਵਣ ਸਈਏ। ਭਮਕ ਕਾਮਣੀ ਚਾਂਦਨੀ ਅੰਦਰ ਘੁਲੀ ਅਚਾਨਕ ਆ ਕੇ, ਪਹਿਲੀ ਰਾਤੀਂ ਦੇਸ ਜਾਂ ਸਾਡਾ ਤਕਿਆ ਉਸ ਸ਼ਰਮਾ ਕੇ। ਪ੍ਰਛਾਵੇਂ ਜਿਉਂ ਬੋਲ ਤਿਲ੍ਹਕਦਾ ਗੰਧ ਭਰੇ ਅਚਾਨਕ ਬਾਤੀਂ, ਸਾਂ ਸਾਂ ਨੀਂਦ ਦੀ ਮਧੁਰ ਜਹੀ ਜਿਉਂ ਚਾਨਣੀ ਤਿਉਂ ਅੱਧ-ਰਾਤੀਂ। ਫ਼ਿਜ਼ਾ ਦੇ ਕਾਂਬੇ ਕੋਲ ਸੀ ਹਿਲਦਾ ਹੱਥ ਬਿਜਲੀਆਂ ਧੂਹਿਆ, ਕੰਬ ਕੰਬ ਫੈਲ ਗਈਆਂ ਦੋ ਬਾਹਾਂ ਭੜਕ ਨਜ਼ਾਰਾ ਕੂਇਆ। ਰੁਗ ਭਰ ਭਰ ਕੇ ਵਹਿਸ਼ੀ ਮੁੱਠਾਂ ਹੰਝੂ ਭੋਂਅ ਤੋਂ ਖੋਹੇ ਮਹਿਕਾਂ ਦਾ ਦਲ ਅੰਬਰੀਂ ਚੜ੍ਹਿਆ ਬਾਂਹੀਂ ਜ਼ੋਰ ਨਾ ਕੋਇ। ਹੜ ਪੱਤੀਆਂ ਦਾ ਪੀਚਦਿਆਂ ਹੀ ਕਾਂਗਾਂ ਵਿਚ ਸੁਦਾਈ, ਕਿਹਾ ਜਨੂੰਨ ਸੀ ! ਦੋ ਬਾਹਾਂ ਵਿਚ ਜਿੰਦ ਧਰਤ ਦੀ ਆਈ। ਮੇਘ ਕਾਸ਼ਨੀ, ਮੇਘ ਸੰਤਰੀ, ਮੇਘ ਸੀ ਨੀਲਾ ਨੀਲਾ; ਦੋ ਨੈਣ ਉਠਣ ਤੇ ਬਣ ਗਈ ਦੋ ਘਾਟਾਂ ਤੇ ਲੀਲਾ। ਕੱਚੀਆਂ ਪੱਤੀਆਂ ਦੇ ਰੰਗ ਤ੍ਰੇਲੀਂ ਘੋਲ ਉਹ ਸੈ ਵਾਰਾਂ ਪਿਆਲਿਆਂ ਵਿਚ ਸ਼ਰਾਬਾਂ ਪਾ ਕੇ ਤੁਰਿਆ ਵਲ ਪਹਾੜਾਂ। ਸੰਗੀਆਂ ਵਲ ਮੁਸਕਾ ਪਹਾੜੀਂ ਮਦ-ਪਿਆਲੇ ਉਸ ਵੀਟੇ ਕਿਸਮਤ-ਬਿਜਲੀਆਂ ਨੌਂਹੀਂ ਪਾ ਕੇ ਪੱਥਰ ਫੇਰ ਝਰੀਟੇ। ਗੂੰਜ ਪਹਾੜਾਂ ਅੰਦਰ ਸੰਖਾਂ ਖਿੱਚ ਪਾਵਨ ਸਦ ਲੰਮੀ, ਦਿੱਤੀ ਜਾਂ, ਸਦੀਆਂ ਦੇ ਪਾਰੋਂ ਜਾਗੀ ਰੋ ਕੇ ਧੰਮੀ। ਮੋਇਆਂ ਮਜ਼੍ਹਬਾਂ ਦੇ ਲੱਖ ਅੱਥਰੂ ਪਾੜ ਕੇ ਕਬਰਾਂ ਕੰਬੇ, ਪਾਪ ਦੀਆਂ ਨਾੜਾਂ ਦੇ ਵਿੱਚੋਂ ਪੰਘਰ ਸਿਤਾਰੇ ਲੰਘੇ। ਉਸ ਸ਼ਹੁ ਦਾ ਵੀ ਆਉਣਾ ਹੀ ਸੀ ਜਾਨਾਂ ਪਾ ਕੰਬਾਵਣ, ਅੰਗਾਂ ਵਿਚ ਹੁਣ ਛੁਹ ਦੇ ਜੋਬਨ ਕੋਹ ਕੇ ਅੱਥਰੂ ਜਾਵਣ। - - - - - - - - - - - - - - - - - - - - - - - - - - - - - - - - - - - - - - - - - - - - - - - - ਦੂਜੇ ਖ਼ਤ ਵਿਚ ਕੰਦਰਾ ਕਾਲੀ, ਮਹਾਂ ਗਿਆਨ ਦੀ ਜੋਤ ਸੰਭਾਲੀ। ਜ਼ੋਰ ਮਹਾਂ ਪੱਥਰ ਵਿਚ ਸੈਣਾ ਕਠਨ ਤਪੱਸਿਆ ਜੋਤ ਦਾ ਪੈਣਾ।੨। ਹਿਸ ਗਈ ਚਮਕ ਚਰਨ ਦੀ ਅਰਸ਼ੀਂ ਕੁਲ ਤਾਰੇ ਕੁਮਲਾ ਗਏ, ਸੋਨ ਤੀਰਾਂ ਨੇ ਪਰਬਤ ਡੰਗੇ ਨਦੀਆਂ ਵਿਚ ਸਮਾ ਗਏ। ਖੰਡ-ਮੰਡਲ ਆਗਾਸ ਪਤਾਲੀਂ ਚਾਨਣ ਨੀਰ ਵਹਾਉਣਾ, ਫੁੱਲ ਦਾ ਡੋਲ ਜਾਣਾ ਸੁਣ ਦੇਸੀਂ ਮਹਿਕ ਵੈਰਾਗਣ ਆਉਣਾ। ਹਿੰਮ ਤਾਰੇ ਦੇ ਮਹਾਂ ਦੁਆਰੇ ਕਵਣ ਖੰਡ ਦਾ ਪੰਖੀ ? ਅਨੰਤ ਨੀਰ ਜਿਤ ਕੁੰਟੀਂ ਲਰਜ਼ੇ ਤਿਤ ਧਿਰ ਗੀਤ ਸੁਅੰਤੀ। ਫੇਰ ਬਸੰਤਰ ਦੇ ਮੰਡਲ ਵਿਚ ਸੂਹੀ ਲਾਟ ਅਨੰਤੀ। ਖੰਡ ਜਲੇ ਜਾਂ, ਨੈਣ ਭਰੇ ਤਾਂ, ਹਿੰਮ ਤਾਰੇ ਦੇ ਪੰਖੀ। ਬਿਰਖਾਂ ਦੇ ਮੰਡਲ ਵਿਚ ਬਹਿ ਕੇ ਕਾਲੀ ਕੋਇਲ ਦਾ ਜੀਣਾ, ਕਹੀ ਵੈਰਾਗਣ ਸੇਜਲ ਹੋ ਗਈ ਖੰਡ ਮੰਡਲ ਦੀ ਰੀਣਾ। ਕੋਇਲ ਨੇ ਭਗਤ ਜਗਾਏ, ਦਿਖਣ ਨ ਨਿਰਮਲ ਜਲ ਜਿਉਂ ਨਜ਼ਰਾਂ, ਓਸ ਸਿੰਘ ਤੇ ਬਹਿ ਕੇ ਰੋਈਆਂ ਦੂਰ ਖੰਡਾਂ ਦੀਆਂ ਫ਼ਜਰਾਂ। ਨੀਂਦ ੱਚ ਭਗਤ, ਨੀਂਦ ਵਿਚ ਪਰੀਆਂ, ਨੀਂਦ ਭਰੀ ਵਿਚ ਨਾਗਾਂ। ਪਤਾਲ ਅਸੰਖ ਬਨਸਪਤੀ ਮੌਲੀ ਖੰਡ ਜਗਾਇਆ ਭਾਗਾਂ। ਮੇਘ ਸਿਤਾਰੇ ਦੀ ਲਿਟ ਲੰਮੀ ਕਿਸ ਬਿਜਲੀ ਨੇ ਧੂਹੀ ? ਸ਼ਿਆਮ ਹੁਸਨ ਨੂੰ ਪਈ ਮੂਰਛਾ ਇਕ ਪਲ ਹੰਝ ਨਾ ਕੂਈ। ਅਨੰਤ ਨੂਰ ਦੇ ਪੱਥਰਾਂ ਉਤੇ ਉਤਰੇ ਹੰਸ ਸੁਹਾਣਾ, ਕਿਸੇ ਸੁਨਹਿਰੀ ਤਾਰੇ ਦਾ ਇਹ ਖੰਡਰ ਬਹੁਤ ਪੁਰਾਣਾ । ਸੁੰਨ ਘਾਮ ਮੰਡਲ ਵਿਚ ਪੌਣਾਂ ਕਿਉਂ ਨ ਜੁਗਾਂ 'ਚ ਜਲੀਆਂ ? ਹੌਕੇ ਭਰ ਭਰ ਉਠ ਉਠ ਡਿਗਣਾ ਰੇਤ ਨ ਦੋਜ਼ਖ਼ ਰਲੀਆਂ। ਜਗਨ ਨਾਥ ਦੇ ਸੀਸ ਤੇ ਸੋਹੇ ਰੂਹ ਕੰਮੀਏਂ ਦੀ ਕੰਬੀ, ਲੋਇ ਲੋਇ ਦੇ ਸਿੰਧ ਨੂੰ ਲਿਪਟੀ ਜਿਸਦੀ ਨਾਗਣ ਡੰਡੀ। ਗਿਰੀ ਥਰਾਟਾਂ ਦੇ ਵਿਚ ਚਮਕੇ ਗਜ਼ ਖਿੱਚੇ ਸਾਜ਼ਿੰਦੇ ਨਾਂਗੇ ਮਹਾਂਬਲੀ ਸਾਮੁੰਦਾਂ ਬੈਠ ਸਹੇ ਬਿੱਜ-ਬਿੰਗੇ। ਚਮਕ ਚਰਨ ਦੀ ਕੁਲ ਕੂੰਟਾਂ ਵਿਚ ਵਿੰਨ੍ਹੀ ਸੂਰਜਾਂ ਜਲਕੇ, ਅਮਰ ਹੋਏ, ਅੱਥਰੂ ਭਰ ਆਏ, ਹਰ ਯੋਜਨ ਵਿਚ ਬਲ ਕੇ। ਵਿਰਾਟ ਲਿਲਾਟ ਬੱਜਰ ਦੀ ਤਿਊੜੀ ਸੁੰਨ ਕੰਦਰਾ ਨੇ ਪਾਈ, ਚਮਕਾਂ ਬਿਨਸ ਗਈਆਂ ਨਭ ਅੰਦਰ ਨੀਂਦ ਮੀਤ ਨੂੰ ਆਈ। ਅਗਮ ਅਗਾਸ ਪਤਾਲੀਂ ਸੌਂ ਗਏ ਤੁਰ ਪਥਰੀਲੀਆਂ ਵਾਟਾਂ । ਚਾਨਣ ਜਗਤ ਦਾ ਬੇਹਿੱਸ ਕੀਤਾ ਪੱਥਰ ਦਿਆਂ ਲਿਲਾਟਾਂ। ਮਹਾਂ ਅਕਾਰੀ ਦੇਹ ਜੋਗੀ ਦੀ ਵਿਕਰਾਲ ਗੁਫ਼ਾ ਦੀ ਗੁੱਠੇ, ਖਿੰਘਰਾਂ ਉੱਤੇ ਪੱਥਰ ਬਣਕੇ ਸ਼ੇਸ਼ ਨਾਗ ਨੇ ਸੁੱਤੇ। ਮੀਤ ਅਸਾਡਾ ਸ਼ਾਮ ਓਸਦੀ ਲੋਇ ਲੋਇ ਘੁੰਮਿ ਆਵੇ। ਦੇ ਦਿਖਾਲੀ ਸ਼ਾਹ ਕੇਸਾਂ ਦੀ ਵਣਾਂ ਵਿੱਚੋਂ ਤੁਰ ਜਾਵੇ। ਜਿੱਤ ਦਾ ਮਾਣ ਗੁਮਾਨ ਨ ਕੀਜੇ। ਅਭਿਮਾਨੁ ਨ ਕੀਜੈ ਰਾਈ, ਪੱਥਰ ਦੇ ਖੰਜਰ ਨੇ ਦੇਣਾ ਸੂਹਾ ਤੇਜ ਮੁਕਾਈ। - - - - - - - - ਬਹੁਤ ਪਿਆਸ ਜਗਤ ਨੂੰ ਲੱਗੀ ਕਿਸ ਧਰ ਚਰਨ ਸੁਆਂਤੀ ? ਕਾਮਧੇਨ ਦੇ ਦੁੱਧ 'ਚ ਘੁਲ ਗਏ ਪੁੰਨ, ਪਿਆਰ ਤੇ ਸ਼ਾਂਤੀ। ਡੀਲ ਅਡੋਲ ਪੱਥਰ ਦੇ ਸਾਹਮੇ ਰਾਜਨ ਵਾਂਗ ਅਨੰਤੀ, ਨਿਰਭੈ ਕੰਵਲ ਡੋਲ ਜਦ ਜਾਵੇ ਪਾਪ ਦੀ ਸ਼ਾਨ ਬੇਅੰਤੀ। ਘੋਰ ਪਤਾਲਾਂ ਦੇ ਵਿਚ ਜੋਗੀ ਪਰਬਤ ਸੁੰਨ ਸਮਾਧੀ, ਮੀਤ ਦੇ ਨੈਣਾਂ ਦੇ ਕਾਜਲ ਦੀ ਧਾਰ ਦੋ ਲੋਚਣ ਜਾਗੀ। ਦੋਇ ਕਰ ਮੁੰਦ ਸਜਨ ਦੀ ਕਾਂਇਆਂ ਪਦਮ ਨਿਰਾਲਮ ਹੋਈ। ਤਿਪ ਤਿਪ ਉਸ਼ਾ-ਰੰਗਾਂ ਦੀ ਥਰਕੀ ਕਾਂਇਆਂ ਰਹੀ ਨ ਕੋਈ ! ਸਿੱਕ ਮੀਨ ਦੀ ਤਿਪ ਤਿਪ ਭਰਨੀ ਛੂਹਣੇ ਨੈਂ ਦੇ ਪਾਣੀ, ਚਿੱਟਾ ਬਾਣਾ ਬਹਿ ਗਏ ਸਾਜਨ ਪੌਣੀਂ ਅਉਧ ਵਿਹਾਣੀ। ਵੱਡ ਪਰਤਾਪੀ ਸੰਗ ਮੂਰਤ ਨੂੰ ਜਲ ਭਰ ਸੀਸ ਨਿਵੰਦਾ, ਪਿਰ ਦੇ ਹੰਝੂਆਂ ਦੇ ਵਿਚ ਸਿਸਕੇ ਸਾਰਾ ਜਗਤ ਜਲੰਦਾ। ਮਹਾਂਬਲੀ ਸੂਰੇ ਦੀ ਛਾਤੀ ਬਿਖ ਦੇ ਬਾਣ ਚਲਾ ਕੇ, ਮੋਹਿਆ ਉਸ ਨੂੰ ਨੀਂਦਾਂ ਅੜੀਏ ਸੁਪਨ 'ਚ ਕੰਵਲ ਜਗਾ ਕੇ। ਜ਼ਹਿਰ ਦੇ ਬਲਦੇ ਨੈਣਾਂ ਸਾਹਮੇ ਪੱਤੀ ਇਕ ਇਕ ਵਿਗਸੇ। ਬਰਸ ਬੀਤ ਜਾਣਗੇ ਸਖੀਏ ਚੰਨਾਂ ਜਗਣਾ ਹਿੱਸ ਕੇ। ਹਿੰਮ ਸ਼ਿਲਾ ਦੇ ਡੂੰਘੇ ਖੂਹੀਂ ਸੈਣ ਭਿੰਨੀਆਂ ਰੈਣਾਂ, ਸਾਈਂ ਤੁਰੇ ਅਜ਼ਲ ਦੇ ਦੇਸੋਂ ਦੇਸ ਨੂਰ ਦੇ ਸੈਣਾ। ਹਿੰਮ ਆਸਨ ਤੋਂ ਤੁਰਿਆ ਕੋਈ ਭਿੰਨੀਏ ਰੈਣ ਗਵੰਦਾ, ਪੈਰੀਂ ਛਾਲੇ ਕੰਦਰਾ ਵੜਿਆ ਪਿਰ ਦੇ ਕੋਲ ਸੁਹੰਦਾ। ਸੁਪਨੇ ਦੇ ਬੈਕੁੰਠਾਂ ਅੰਦਰ ਕੋ ਪਦਮ ਵਿਗਸੰਦਾ, ਬਿਸਮ ਬਿਸਮ ਹੋ ਸਖੀ ਸੁਹੇਲਾ ਬਿੰਦ ਬਿੰਦ ਨੂਰ ਛੁਹੰਦਾ । - - - - - - - - ਤੀਜੇ ਖ਼ਤ ਦਾ ਕਵਨ ਮਹੀਨਾ ? ਮਨ ਸਿਕਦੇ ਧਰਵਾਸ ਨ ਕੀਨਾ। ਗਹਿਰ-ਗੰਭੀਰ ਜੋ ਦਾਨਾ ਬੀਨਾ, ਰੁੱਤਾਂ ਤਿਸ ਸਾਂਈਂ ਦੀ ਰੀਨਾ। ਤਿਸਦੀ ਲੰਮੀ ਮੂਰਤ ਤਾਂਈ ਤਰਸਨ ਸੇਜਲ ਹੋਇ ਜ਼ਮੀਨਾਂ।੩। ਲਾਲ ਗੁਲਾਲ ਪਰਬਤਾਂ ਉੱਤੇ ਕੌਣ ਵਣਾਂ ਨੂੰ ਰੋਈ ? ਭਰੇ ਵਣਾਂ 'ਚੋਂ ਕੂੰਜ ਵਿਛੁੰਨੀ ਦਹਿਦਿਸ ਆਥਣ ਹੋਈ। ਸੂਹੀਆਂ ਨਦੀਆਂ ਨੇ ਛੱਲ ਮਾਰੀ ਮਾਹਣੀਆਂ ਅੱਥਰੂ ਕੇਰੇ, “ਧੀਏ” ਪਰਬਤ ਕਿਹਾ ਨਦੀ ਨੂੰ “ਫੁੱਲ ਪਿਆਸੇ ਤੇਰੇ।” ਰੱਤੇ ਖੰਭ ਵਣਾਂ ਦੇ ਪੰਛੀ ਰੋ ਪਏ ਮੁਲਕ ਬਿਗਾਨੇ, ਕਾਲ-ਸਾਮੁੰਦਾਂ ਦੀ ਥਾਹ ਔਖੀ ਹੰਝ ਦੀ ਲਿਸ਼ਕ ਨ ਜਾਣੇ। ਸਗਲ ਵਣਾਂ ਤੇ ਸੂਰਜ ਛਿਪਿਆ ਤ੍ਰੇਲ ਦਾ ਆਗਮ ਸੁਣਿਆਂ। ਭੇਸ ਮਾਤਮੀ ਰੈਣ 'ਚ ਆਵੇ ਤੈਂ ਵੇਦਨ ਨਿਰਗੁਣਿਆਂ ! ਤ੍ਰੇਲ ਭਰੀ ਪਵਨ ਦੇ ਸਾਗਰ ਸਖੀਆਂ ਬਹੁਤ ਕਿਹੋਈ। ਹੋਸ਼ ਗਈ ਜਾਂ, ਲੋਚ ਗਈ ਤਾਂ, ਪਰੀ ਨੂੰ ਡੋਲ ਪਿਉਈ। ਚਕਾਚੂੰਧ ਰਾਤ ਦੀ ਦੁਨੀਆ ਸਹਿਮ ਜਾਣ ਨੈਂ-ਤੋਰਾਂ। ਤਾਰਿਆਂ ਦੀ ਛਾਂ ਜਲ ਬਲ ਉਮਰਾਂ ਸੁਣਦੇ ਕੌਣ ਘੰਘੋਰਾਂ ? ਖ਼ੂਨ ਹੋਏ ਵਣਾਂ ਵਿਚ ਤੱਕੇ ਠੰਢੜੀ ਦਇਆ ਦੀ ਛਾਂ ਨੇ। “ਸਿੰਘ ਜੰਗਲ ਦੇ ਨ ਭਰ ਅੱਥਰੂ" ਅੱਜ ਕਿਹਾ ਕਿਸ ਮਾਂ ਨੇ ? ਬ੍ਰਹਿਮੰਡਾਂ ਦੇ ਗਿਰੀ ਕੰਬਾ ਕੇ ਸ਼ੀਹਾਂ ਉਮਰ ਗੁਜ਼ਾਰੀ, ਤਪਦੇ ਥੰਮ੍ਹਾਂ ਜਿਹੇ ਨੈਣਾਂ ਦੀ ਤਪਸ਼ ਹਰੇ ਬਨਵਾਰੀ। ਕਿਹਾ ਬਾਜ਼ ਸ਼ੀਂਹ ਨੂੰ “ਕਿਉਂ ਬੇਲੀ ਤਪਦੇ ਨੈਣ ਨੂੰ ਪੀਣਾ ? ਮੈਂ ਹੰਸ ਦੇ ਖ਼ੂਨ ਦਾ ਪਿਆਸਾ ਤੁਧ ਦਾ ਮਿਰਗ ਤੋਂ ਜੀਣਾ।” ਸ਼ੀਂਹ ਕਿਹਾ “ਨਾ ਬਲੀ ਸਮੇਂ ਦਾ ਮੈਂ ਕੋ ਅੱਥਰ ਭਿਖਾਰੀ- ਮੈਂ ਜ਼ੋਰਾਵਰ, ਜਿਸ ਤਬਕਾਂ ਦੀ ਹਵਾ ਗਰਜ ਕੇ ਪਾੜੀ।” ਨਦੀ-ਤੀਰ ਤੇ ਦੀਵਾ ਚਮਕੇ ਅੱਧੀ ਰਾਤ ਦੇ ਬੇਲੇ। ਸ਼ੇਸ਼ ਨਾਗ ਜਿਸਦੀ ਲੋਅ ਲੈ ਕੇ ਸਾਮੁੰਦਾਂ ਤਕ ਮੇਲ੍ਹੇ। ਗਰਬ ਗੁਮਾਨ ਰਹੇਗਾ ਉਮਰਾਂ ਦੂਰ ਖੜਗ ਪਿਆ ਲਿਸ਼ਕੇ। ਮੇਲ੍ਹ ਰਹੇ ਨਾਗਾਂ ਦੇ ਸਿਰ ਤੇ ਦੀਨ-ਦੁਖੀ ਰੁੱਤ ਸਿਸਕੇ। ਮਾਂਝੀ ! ਘਾਟ ਏਸ ਕਿਸ ਆਉਣਾ ? ਨ ਗਾ ਗੀਤ ਪੁਰਾਣਾ, ਅੱਧੀ ਰਾਤ ਦੇ ਮਾਰੇ ਉੱਤੇ ਫ਼ਜਰਾਂ ਨੀਰ ਵਹਾਣਾ ਙ ਅੰਮ੍ਰਿਤ ਵੇਲੇ ਕੂਕ ਕੋਇਲ ਦੀ ਖੰਡਾਂ ਖੰਡਾਂ ਵਿਚ ਜਾਣੀ, ਮਹਾਂ ਬਿਰਖ ਤੇ ਬਹਿ ਕੇ ਛਾਣੇ ਤ੍ਰੈਕਾਲਾਂ ਦੇ ਪਾਣੀ। ਇਹ ਤਕਦੀਰ ਕਹੀ ਮਹਿਕ ਦੀ ਤ੍ਰੇਲੀਂ ਸਿੰਮ ਸਿੰਮ ਜੀਣਾ। ਦਰਸ ਫੁੱਲਾਂ ਦਾ ਕੂੰਬਲ ਕੂੰਬਲ ਰੋ ਰੋ ਨਿਮ ਨਿਮ ਪੀਣਾ। ਲੰਮੇ ਦੇਸ ਆਉਣ ਵਿਚ ਰੈਣਾਂ, ਵਣ ਵਣ ਤ੍ਰੇਲ ਜਾਂ ਚੋਈ ਪੱਤੇ ਜਾਗ ਫ਼ਜਰ ਦੇ ਵੇਲੇ ਕਰਨ ਲਗੇ ਅਰਜ਼ੋਈ। - - - - - - - - ਚੌਥੇ ਖ਼ਤ ਦੀ ਸੁਣੀ ਕਹਾਣੀ, ਜਿਸ ਦੀ ਰਮਜ਼ ਭਰੀ ਸਭ ਬਾਣੀ। ਸਖੀਏ ਸਹਿਜ ਅਰਾਧਨਾ ਜਾਣੀਂ ਅਨਹੱਦ ਨਾਦ ਪਤਾਲੀਂ ਰਮਦਾ ਤਹਿ ਤੇ ਤੇਜ਼ ਤੂਫਾਨ ਪਛਾਣੀਂ।੪। - - - - - - - - - - - - - - - - ਸਾਵਣ ਦੀ ਰੁੱਤ ਜੋਬਨ ਦਰ ਤੇ ਚਿਣਗਾਂ ਦੀਆਂ ਪੁਕਾਰਾਂ। ਬਨ-ਬ੍ਰਿਛਾਂ ਤੇ ਜਲ ਜਲ ਪਈਆਂ ਪਾਰੇ ਦੀਆਂ ਕਟਾਰਾਂ। ਕੂਕੇ ਲਗਰਾਂ ਦੇ ਮਨ ਪਿਆਸੇ ਕਣੀਆਂ ਖੰਜਰ ਮਾਰੀ, ਦਰਸ ਦਿਓ ਸਖੀਆਂ ਨੂੰ ਆ ਕੇ ਪੰਕਜ ਮੀਰ ਮੁਰਾਰੀ। ਜ਼ਾਲਿਮ ਮਣੀਆਂ ਦੇ ਹੜ ਝੂਲਣ ਸਿਖਰ ਅਡੋਲ ਸਿਤਾਰਾ। ਨਾਗ-ਨ੍ਰਿਤ ਮੇਦਨੀ ਜਾਪੇ ਅੰਧ ਵਿਚ ਕਹਿਰ-ਪਸਾਰਾ। ਭੰਨ ਸ਼ਮਸ਼ੀਰਾਂ ਵਾਂਗ ਚੀਰਦਾ ਤਕਦੀਰਾਂ ਅਭਿਮਾਨੀ, ਤੋੜ ਸ੍ਰਿਸ਼ਟੀ ਦੀ ਕਾਇਆਂ ਨੂੰ ਕਲਕੀ ਹੋਏ ਨੂਰਾਨੀ। ਦੁਸ਼ਟ ਦਮਨ ਸ਼ਮਸ਼ੀਰ ਦੇ ਵਾਲੀ ਸ੍ਵੇਤ ਅਸ਼ਵ, ਬਿੱਜ ਕਹਿਰੀ, ਜਦ ਆਏ ਤਾਂ ਵਿਸੁ-ਪਾਪ ਦੀ ਕਾਲੀ ਨਦੀ ਸੁਨਹਿਰੀ। ਨੱਚੇ ਸ਼ੇਸ਼ ਨਾਗ ਅੰਧ ਗਗਨੀਂ ਵਿਸ ਦੇ ਚਮਕਣ ਮਣਕੇ ਕਾਲੀ ਜੀਭ ਫਿਰੀ ਸਾਮੁੰਦੀਂ, ਫਣ ਤੇ ਤਾਰੇ ਦਮਕੇ। ਪਰਬਤ ਤੋੜ ਭਸਮ ਕਰ ਨਦੀਆਂ ਭੰਨ ਸ੍ਰਿਸ਼ਟਿ ਦਾ ਦੁਆਰਾ, ਤਿੱਖਾ ਨੂਰ ਵਣਾਂ ਨੂੰ ਚੀਰੇ ਚਮਕੇ ਜਨਮ ਕੁਆਰਾ। ਨਵੇਂ ਜਨਮ ਦੇ ਪਰਬਤਾਂ ਵਿੱਚੋਂ ਅਜਬ ਚਾਨਣਾ ਹੋਇਆ। ਲਈ ਬਲੀ ਗਜਰਾਜਾਂ ਦੀ ਆ, ਨਾਮ ਪਾਪ ਦਾ ਧੋਇਆ। ਜਦ ਅਪਰਾਧਣ ਅੰਮ੍ਰਿਤ ਧਾਰਾ ਹੋ ਕੰਵਲਾਂ 'ਚੋਂ ਉੱਗੀ, ਦੌੜੇ ਮਹਾਂ ਅਗਨ ਚੋਂ ਪਾਣੀ ਸਹਿਜ ਦੀ ਉਮਰਾ ਪੁੱਗੀ। ਸਾਵਣ ਦੀ ਰੁੱਤ ਜੋਬਨ ਦਰ ਤੇ ਚਿਣਗਾਂ ਦੀਆਂ ਪੁਕਾਰਾਂ। ਕੰਜਕ ਸਹਿਜ ਰੂਪ ਹੋ ਆਈਆਂ ਤਬ ਜਲ ਮੇਂ ਸਰਕਾਰਾਂ। ਅਦਿੱਸ ਰਾਜ ਪਰਬਤਾਂ ਉੱਤੋਂ ਖਾਇ ਠੋਕਰਾਂ ਪਾਣੀ, ਡੀਲ ਅਡੋਲ ਕਾਮਨੀ ਪਰਸਣ ਥਰਕਣ ਹੋਇ ਨੂਰਾਨੀ। ਅਮਰ ਕੁੰਟ ਵਿਚ ਪਰਸੇ ਜਿਹਨਾਂ ਡੁਲਦੇ ਕੇਸ ਸ਼ਾਹਾਨੇ, ਅਮਰ ਰਿਤੂ ਵਿਚ ਅਮਰ ਵੇਗ ਹੋ ਤਾਰੇ ਹੋਇ ਬਿਗਾਨੇ। ਮਸਤਕ ਹਿੰਮ ਗੰਭੀਰ ਸੁਹਾਣਾ ਜਗਮਗ ਪਰਸਣ ਮਣੀਆਂ, ਕੰਵਲ ਅਡੋਲ ਪਗਾਂ ਤੇ ਡਿੱਗਣ ਬਲਿਹਾਰੀ ਹੋ ਕਣੀਆਂ। ਅਸਾਂ ਕਿਹਾ ਜਾਂ “ਸੂਰਜ ਮਾਂ ਕਿਉਂ ਕਣੀ ਤੇਰੇ ਦਰ ਦਾਮਨਿ ?” ਸ਼ਮਨ ਨਦਰ ਦੇ ਰੰਗ ਦੋਜ਼ਖ਼ੀ ਡੋਲ੍ਹ ਕੇ ਲਗੀ ਸੁਨਾਵਣ : "ਬੂੰਦ ਰਵੀ ਦੋ ਸਖੀ ਸੁਹੇਲਾ ਸਿਮਰਣ, ਅਗਨ-ਜੁਆਨੀ। ਜਨਮ ਜਨਮ ਸੂਰਜ ਜਾਂ ਤਪਦੇ ਜਲ ਹੋ ਜਾਣ ਨੂਰਾਨੀ।” “ਸੱਤ ਜਹਾਨਾਂ ਦੇ ਵਿਚ ਪਾਣੀ ਕਹਿਰ!” ਕਿਹਾ ਗਜਰਾਜਾਂ, “ਇੱਕੋ ਕੰਵਲ ਰਹੇਗਾ ਬਾਕੀ" ਸੁੰਨ 'ਚੋਂ ਆਉਣ ਅਵਾਜ਼ਾਂ। ਤਿੱਖੀ ਧਾਰ ਫੁੱਲਾਂ ਤੇ ਡਿਗਦੀ ਬੋਲੀ ਦਇਆ ਜਗਾ ਕੇ, ਦਾਮਨਿ ਤਪੇ ਸਹਿਜ ਮੁਸਕਾਵੇ ਗੰਭੀਰ ਰੂਪ ਸ਼ਰਮਾ ਕੇ। “ਕਿਸੇ ਸੁਭਾਗੀ ਸੰਧਿਆ ਵੇਲੇ ਚਾਨਣ ਲੈ ਅਣਜਾਣਾ, ਗਰਬ ਗੁਮਾਨੀ ਮੇਘਾਂ ਦੇ ਘਰ ਮਹਿਕਾਂ ਪੰਧ ਮੁਕਾਣਾ।”... ਛਮ ਛਮ 'ਤੇ ਕੋਈ ਸਹਿਮ ਪਸਰਿਆ ਥੰਮ੍ਹ ਗਈਆਂ ਸ਼ਮਸ਼ੀਰਾਂ। ਝਿੰਮ ਝਿੰਮ ਘਸਮਾਨਾਂ ਵਿਚ ਹੋਈ ਸਰ ਸਰ ਕਰਨ ਸਮੀਰਾਂ। ਅਨਹਦ ਰਾਗ ਬਣੀ ਵਣ-ਕਾਇਆਂ ਅਟੰਕ ਵੈਰਾਗਣ ਆਈ, ਆਬ ਗਗਨ ਦੀ ਰਹੀ ਦੂਧੀਆ ਝਿੰਮ ਝਿੰਮ ਪੰਖ ਹਿਲਾਈ। - - - - - - - - ਨਾਗਨ ਕਹੇ “ਕਿਉਂ ? ਅੱਜ ਪਿਰ ਜੀ ਰੰਗ ਸ਼ਾਂਤ ਤਿਸ਼ਨ ਦਾ, ਵਿਸੁ ਦੇ ਸ਼ਿਆਮ ਅੰਬਰ ਵਿਚ ਮੀਤਾ ਨਾਦ ਅਸੰਖ ਰਿਸ਼ਮ ਦਾ।” ਭਿੰਨੀ ਰੈਣੜੀ ਰੰਗ ਅਜੋ ਨ ਕਰੋ ਸੁਖਨ ਸੰਗ ਨਾਗਨ : “ਜਦ ਨੈਂ ਜਲੀ ਵਣਾਂ ਦੇ ਦੁਆਰੇ ਤਦ ਵੀ ਰੰਗ ਸੀ ਰਾਗਨ। “ਹੇ ਨਾਗਨ ! ਹਰ ਵਿਸ ਸ਼ੂਕਦੀ ਉਸ ਸੰਗਮ ਤੇ ਜਾਣਾ ਜਿੱਥੇ ਸੋਨ ਅੰਮ੍ਰਿਤਾਂ ਆ ਕੇ ਤਰਸ-ਨਿਧਾਨ ਹੋ ਜਾਣਾ। “ਜਿਥੇ ਗਗਨ ਖੁਲ੍ਹਣਗੇ ਰੋ ਕੇ ਪਾਪ ਤਰਸ ਵਿਚ ਪਿਆਸੇ ਵਸਣ ਜਨੂੰ ਦੇ ਤਪਦੇ ਸਿਰ ਤੇ ਛਾਂ ਬਣ ਬ੍ਰਿਛ ਹੁਲਾਸੇ। “ਉਥੇ ਪਿਆਰੀ ਸ਼ਾਂਤ ਹੋ ਜਾਣਾ ਵਿਸੁ ਦਾ ਕਹਿਰ ਗੁਰੀਲਾ, ਰਾਗ ਦੀ ਕੁਲ ਕੁਲ ਦੇ ਵਿਚ ਸਿਮਣਾ ਹਰ ਪੱਥਰ ਸ਼ੋਰੀਲਾ।” ਰਿਸ਼ਮ ਰਿਸ਼ਮ ਨੇ ਸੁਣੀ ਅਭੇਦ ਹੋ ਸੁਹਲ ਸਖੀ ਦੀ ਬਾਣੀ ਦੀਰਘ ਧਿਆਨ ਰਵਾਨ ਨੈਂ ਕੰਚਨ ਸੰਝ-ਸਰੋਦ 'ਚ ਜਾਣੀ। - - - - - - - - - - - - - - - - - - - - - - - - ਪਤਲੀ ਸਖੀ ਜਲਾਂ ਦੀ ਕੰਪਨ ਰਮਜ਼ ਸੰਞਾਂ ਦੀ ਜਾਣੀ ਜਾਂ ਪਰਬਤ ਦੇ ਮਸਤਕ ਜਾਗੀ ਪ੍ਰਾਚੀਨ ਕੋਈ ਬਾਣੀ। ਮਹਿਕ ਅਭੰਗ ਲਤਾ ਉਹ ਜਾਣੀ ਵੇਦਨ ਸੰਞ ਸਮਾਇਆਂ ਨੀਂਦ ਤਰੰਗ ਭਰੀ ਸੀ ਕੇਸਾਂ ਨੂਰ-ਆਨੰਦ ਸੀ ਕਾਇਆਂ। - - - - - - - - ਸਖੀ ਅੰਮ੍ਰਿਤਾਂ ਦੀ ਡਲ੍ਹਕਣ ਤੇ ਧਿਆਨ-ਸੰਗੀਤ ਸੀ ਆਪੇ, ਰਾਜ ਆਨੰਦ, ਕਰੁਣਾ ਦਾ ਚਾਨਣ, ਇਉਂ ਸੰਧਿਆ ਘਰ ਜਾਪੇ। ਜੋ ਆਵੇਸ਼ ਨੀਰਜ ਤੇ ਛਾਇਆ ਜੋ ਚਾਨਣ ਧੁਰ ਪਾਣੀ, ਉਸ ਸਖੀ ਨੇ ਅਨਹੱਦ ਘਰ ਵਿਚ ਅਗਨੀ-ਰਿਤੂ ਪਛਾਣੀ। ਵਣ ਦੀਆਂ ਰਗਾਂ 'ਚ ਚਿਲਕ ਰਿਹਾ ਸੀ ਬਾਜ਼ ਉਡੰਦਾ ਕੋਈ ਅਮਰ ਸੰਞਾਂ ਵਿਚ ਅੱਗ ਹੰਝੂਆਂ ਦੀ ਲੱਖ ਸ਼ਮਸ਼ੀਰਾਂ ਹੋਈ। - - - - - - - - - - - - - - - - - - - - - - - - - - - - - - - - - - - - - - - - - - - - - - - - ਸਿੰਧ ਅੰਮ੍ਰਿਤਾਂ ਦਾ ਉਹ ਕਾਇਆਂ ਅੱਪਣਾ ਨੂਰ ਬਣਾਏ, ਉਸ ਦੇ ਚਰਨ ਕਮਲ ਨੂੰ ਛੂਹ ਕੇ ਸਭ ਸੁਪਨਾ ਹੋ ਜਾਏ। - - - - - - - - - - - - - - - - ਬੱਜਰ ਭੁਜਾ ਤੋਂ ਤੋੜ ਬਿਜਲੀਆਂ ਸੀਸ ਤੋਂ ਫੂਲ ਨਿਆਰੇ, ਵਣ ਅਭਿਮਾਨੀ ਦੀਵਾ ਲੈ ਕੇ ਆਇਆ ਸਖੀ ਦੁਆਰੇ। - - - - - - - - ਵਣ ਜੋਗੀ ਦੇ ਸੀਸ ਸਮਾਇਆ ਸਿੰਧ-ਪੰਖਣੂ-ਰਾਗਾ, ਤਾਨ ਸਮੇਟ ਗਗਨ ਦੀ ਜੇਤੂ ਮੂਕ ਮੂਕ ਅਨੁਰਾਗਾ। ਹਮ ਅਭੇਦ ਸਾਗਰ ਇਕ ਜੋਨੀ ਦ੍ਵੈਤ ਮੇ ਪਿਰ ਕੀ ਵਿੱਥਿਆ ਰੋਨੀ ਕੋਊ ਜਨਮ ਕੰਦਰਾ ਨਿਆਂ-ਧਾਮਾਂ ਪ੍ਰਿਥਮੇ ਪਿਰੁ ਕਾ ਛਿਪਨ-ਠਿਕਾਣਾ ਠਹਿਰ ਸਖੀ, ਭੁਲਿ ਪਰਮ ਗਿਆਨਾ ਹਮ ਬਿਛੋਹ ਮੇਂ ਮਰਗ ਕੋ ਜਾਨਾ ਹਮ ਫਿਰ ਕਹੀ ਵਿਵਾਦ ਕੀ ਬਾਨੀ ਕਠਿਨ ਬਾਤ ਹੀ ਪਰੀ ਸੁਨਾਨੀ। ਰੁੱਤ ਸਾਵਣ ਦੀ ਪੌਣਾਂ ਭਰੀਆਂ ਕਣੀ ਕਣੀ ਜਿੰਦ ਝੀਣੀ, ਨੂਰੀ ਰਾਤ ਜੋ ਮੌਤ ਜਲਾਂ ਤੇ ਚਮਕਿ ਬਿਜਲੀਆਂ ਪੀਣੀ। ਜੇ ਮੌਤ ਦੀ ਸਾਬਰ ਧਰ ਤੇ ਪਾਪ ਨਦਰ ਲਈ ਰੋਏ, ਮੇਘਲਿਆਂ ਵੀ ਕਰਨੀ ਭਰਨੀ ਤਰਸ ਬੰਬੀਹੇ ਮੋਏ। ਮੌਤ ਦਾ ਸਬਰ, ਅੱਥਰ ਦਾ ਪਾਣੀ, ਜੀਵਨ ਵਲ ਨ ਜਾਏ। ਤਿਤ ਵਲ ਲੰਘ ਪ੍ਰਭਾਤਾਂ ਜੀਵਨ ਵਾਂਗ ਸਮੀਰਾਂ ਆਏ। - - - - - - - - ਡੂੰਘੀ ਸੁੰਨ ਮੌਤ ਦੀ ਉੱਤੇ ਨੈਣ ਗੁਨਾਹ ਦੇ ਭਾਰੀ, ਮਾਵਾਂ ਵਾਂਗੂੰ ਭਿੱਜ ਸੂਰਜ ਦੇ ਛਿਪ ਗਏ ਨੈਣ ਨੀਲਾਰੀ। ਤਿੱਪ ਨੀਰ ਦੀ, ਤਿੱਪ ਚਾਨਣ ਦੀ ਕਿਉਂ ਸਰਾਪ ਤੇ ਡੁੱਲ੍ਹੇ ? ਕਿਸੇ ਹਰੀ ਕੁੰਟ ਦੇ ਉਹਲਿਉਂ ਭੇਦ ਮਾਹੀ ਦਾ ਖੁੱਲ੍ਹੇ। - - - - - - - - - - - - - - - - - - - - - - - - - - - - - - - - ਸੁੰਨ ਮੌਤ ਦੇ ਤਪਦੇ ਆਂਗਣ ਅੰਮ੍ਰਿਤ ਵੇਲਾ ਹੋਇਆ, ਉਠੀ ਪੁਕਾਰ ਧ੍ਰੁਵਾਂ ਤਕ ਜਾਣੀ ਨਰਕ ਸੁਰਗ ਤਕ ਰੋਇਆ। ਜ਼ਾਲਿਮ ਡੰਗ ਸੁੰਨ ਦਾ ਖਾ ਕੇ ਰਾਤ ਸਰਾਪਾਂ ਵਾਲੀ, ਅਹਿੱਲ ਪੱਥਰ ਜਿਉਂ ਯੁਗਾਂ ਜਾਂ ਤਪਦੀ ਆਉਣ ਬੂੰਦ ਦੇ ਸੁਆਲੀ। ਖਾਰੇ ਮੌਤ-ਜਲਾਂ ਨੂੰ ਝੂਣੇ ਉਸ ਦੀ ਤਾਨ ਇਲਾਹੀ। ਹਰੀ ਕੁੰਟ 'ਚੋਂ ਭਰ ਭਰ ਕਾਸੇ ਆਉਣ ਸੁਆਲੀ ਰਾਹੀ। ਛੱਲ ਵਿਚ ਸਲ੍ਹ ਗਗਨ ਦੇ ਪੈਂਦੇ ਲਗਰਾਂ ਕੋਲ ਬਉਰਾਨੀ, ਪਰਤ ਪ੍ਰਾਣ ਆਇ ਘਰ ਸਖੀਏ ਪਰ ਜਿੰਦ ਰਹੇ ਹੈਰਾਨੀ। ਸਾਵਣ ਦੀ ਰੁੱਤ ਪੌਣਾਂ ਭਰੀਆਂ ਪਿਰੁ ਅਤੀਤ ਰੰਗ ਹੋਇਆ। ਜਗਮਗ ਦੂਰ ਗਗਨ ਤੇ ਕਰਦਾ ਰੁੱਤ ਵਿਚ ਚਰਨ ਡਬੋਇਆ। - - - - - - - - ਹੋਇ ਨਸੀਮ ਰੰਗ ਪ੍ਰਭਾਤੀ ਪਿਰੁ ਦੇ ਨੈਣ ਜਗਾਂਦੇ ਇਕ ਇਕ ਬੂੰਦ ਫੁੱਲਾਂ ਤੋਂ ਲੈ ਕੇ ਚਰਨਾਂ ਉੱਤੇ ਵਸਾਂਦੇ। ਸੰਗਮ ਨਦੀ ਨਦੀ ਦੇ ਲੱਖਾਂ ਕੁਟੀ ਕੁਟੀ ਜਿੰਦ ਥੀਵੇ। ਕੰਦਰਾਂ ਵਾਲਾ ਸਿਮਰਿ ਜਗਾਏ ਜਲ-ਧਾਰਾਂ ਨੇ ਦੀਵੇ। ਸੰਖਾਂ ਵਾਲੀ ਸੰਞ-ਘਾਟ ਤੇ ਨਾਦ ਅਨੰਤ ਵਜਾਵੇ। ਕੁਟੀ ਕੁਟੀ ਵਿਚ ਤਾਰਾ ਜਗਦਾ ਦੇਸ ਅਕਾਲ ਸੁਹਾਵੇ। ਸੰਵਾਂ ਦੇ ਵਿਚ ਕੂੰਜਾਂ ਉੱਡਣ ! ਇਹ ਵਿਗਾਸ ਦਾ ਵੇਲਾ ਅੱਥਰੂ ਕੁਲ ਆਗਾਸੀਂ ਦਮਕੇ ਤਿਮਰ-ਹੁਲਾਸ ਨਵੇਲਾ। ਵੱਡੀ ਰਾਤ ਹੋਈ ਹੇ ਨੈਣੋਂ ਸੌਂਈਏ ਸਮਾਂ ਸੁਹੇਲਾ... ਸਿਮਰਣ ਮਧੁਰ ਸਮੀਰਾਂ ਦਾ ਜੀ ਇਹ ਅਨੰਦ ਦੀ ਖੇਲਾ... ਮਹਾਂ ਅਨੰਦ ਤੋਂ ਸਿਮਰਣ ਦੀ ਜਦ ਅਉਧ ਬੀਤ ਹੈ ਜਾਂਦੀ, ਤਦ ਇਕ ਪੌਣ ਜੋ ਸਖੀ ਰਹੀ ਸੀ ਕੋ ਵਿਸੁ-ਜੀਭ ਛੁਹਾਂਦੀ। ਫਿਰ ਜਨੂੰਨ ਦਾ ਭਖੇ ਅੰਗਾਰਾ ਜਿੰਦ ਮੌਤ ਨੂੰ ਸੇਵੇ, ਤਿੱਪ ਨੀਰ ਤੋਂ ਪਰਬਤ ਤੱਕ ਨੂੰ ਓਟ ਨ ਜੋਬਨ ਦੇਵੇ। - - - - - - - - ਕਦੇ ਸੋਗ ਦਾ ਤੀਰ ਡੂੰਘੇਰਾ, ਕਦੇ ਵੇਦਨਾ ਭਾਰੀ ਹੋ ਕੇ ਅੰਮ੍ਰਿਤ-ਨਦੀਆ ਢਹਿੰਦੀ ਵਿਸੁ ਸਾਗਰ ਵਿਚ ਸਾਰੀ। ਅਰਸ਼ ਦੇ ਪਾਰੋਂ ਹੂੰਗਰ ਮਾਰੀ ਰਾਖ ਬਣੇ ਕੁਕਨੂਸਾਂ। ਕਾਲੀ ਧਰਤ ਗੁਨਾਹਾਂ ਮਾਰੀ ਜਰਿ ਮੋਇਆ ਦੀਆਂ ਕੂਕਾਂ... ਇਕ ਹੱਥ ਪਰਬਤ, ਇਕ ਹੱਥ ਫੜਦੀਆਂ ਬੱਜਰ ਧਾਤ ਸਰਕਾਰਾਂ। ਲੋਅ ਦੀ ਨਦੀ ਪੰਜੇ ਚੋਂ ਫੁਟਦੀ ਕੇਸਾਂ 'ਚੋਂ ਜਲਧਾਰਾਂ। ਨੈਣ ਦੀ ਜੋਤ, ਹਿਜਰ ਦਾ ਦਾਰੂ ਦੀਨ ਦੁਖੀ ਨੂੰ ਮਿਲਿਆ। ਬਾਗ਼ ਹਰੇ ਮਾਵਾਂ ਦੇ ਹੋ ਗਏ ਜੋਗੀ ਦੇਸੁ ਨ ਹਿੱਲਿਆ। ਅਗਨੀ ਠਾਰ ਜੋ ਥਲਾਂ ਨੂੰ ਮਾਰੇ ਬਾਲ ਮੌਤ-ਘਰਿ ਤਾਰਾ, ਲੱਜਿਆ ਦਾ ਅੱਥਰੂ ਦੇ ਸਭ ਨੂੰ ਛੋਡ ਜਾਏ ਸੰਸਾਰਾ। ਉਹ ਨ ਦਿਸਦਾ ਤੇਜ ਓਸਦਾ ਵਾਂਗ ਉਕਾਬਾਂ ਆਵੇ, ਖੋਹ ਸੂਹਾ ਫੁੱਲ ਪਾਤਸ਼ਾਹਾਂ ਤੋਂ ਰੰਕ ਦੇ ਦੁਆਰੇ ਜਾਵੇ। - - - - - - - - - - - - - - - - “ਤੈਂ ਸੰਜੀਵਨੀ ਬੂਟੀ ਦਿੱਤੀ ਜ਼ਖ਼ਮ ਨ ਮੋੜੇ ਤਨ ਨੇ। ਤੈਂ ਛਿਪਨਾ ਬਸ ਗਰਬ ਜਗਾਵੇ" ਕਿਹਾ ਰੋਸ ਵਿਚ ਮਨ ਨੇ। ਮੌਤ ਤੇ ਅੰਮ੍ਰਿਤ ਦੋਵੇਂ ਪੀਤੇ ਬਹੂੰ ਜਨਮਾਂ ਦੇ ਤਨ ਨੇ; ਸੁਚੇਤ ਅਚੇਤਨ, ਫਿਰ ਮਾਰੂਥਲ, ਲਗਰ ਪ੍ਰਾਣ ਦੀ ਜਨਮੇ। - - - - - - - - “ਤੈਂ ਤੇ ਰੋਸ ਸਜਨ ਇਕ ਮੈਨੂੰ" ਫੇਰ ਕਿਹਾ ਮਰਿ ਮਨ ਨੇ “ਤੈਂ ਛਿਪ ਨੂਰੀ ਨੈਣ ਛੁਹਾਏ ਅਗਨੀ ਜਾਣੇ ਤਨ ਨੇ।” - - - - - - - - ਸ਼ੇਰਾਂ ਦੇ ਪੰਜਿਆਂ ਨਾ' ਰੁਲਿਆ ਪੱਥਰਾਂ ਤੇ ਇਕ ਸਾਇਆ, ਕਿਹੜੀਆਂ ਨਦੀਆਂ ਲੈ ਗਈਆਂ ਨੇ ਫੁੱਲ ਜਿਉਂ ਜਲ ਕੁਮਲਾਇਆ ? ਹਰਫ਼ ਪਾਉਂਦਿਆਂ ਸੁੰਞੇ ਆਂਗਣ ਆਈਆਂ ਛੂਹਣ ਤਰੰਗਾਂ, ਜਿਹਨਾਂ ਦੇ ਪੈਰਾਂ ਵਿਚ ਰੁਲ ਕੇ ਜਨਮ ਲਏ ਕਈ ਅੰਗਾਂ। ਭਖਦੇ ਮਾਸ ਦੀਆਂ ਉਹ ਛੋਹਾਂ ਗੰਧ ਫ਼ਿਜ਼ਾ ਦੀ ਤੱਤੀ, ਕਿਹੜੇ ਦੇਸੀਂ ਚਲੀਆਂ ਗਈਆਂ ਪਿੰਜਰ ਕਰਕੇ ਵੱਖੀ। ਓਸ ਮਾਸ ਵਿਚ ਜਗ ਦਾ ਚਾਨਣ ਸੂਰਜਾਂ ਵਿੱਚੋਂ ਰਲਦਾ, ਓਸ ਮਾਸ ਦਾ ਲੂੰਬਾ ਅੱਜ ਤੱਕ ਬਾਹਾਂ ਦੇ ਵਿਚ ਬਲਦਾ। ਹੰਝ ਸ਼ੁਦੈਣਾਂ ਦੀ ਪਏ ਡੰਗਦੇ ਭਖ ਸਾਹ ਵਿਚ ਜਨੂੰਨਾਂ ਸੀ ਪੈਰਾਂ ਵਿਚ ਰੋਲ ਦਿੱਤੀਆਂ ਫੜ ਫੜ ਹੰਝ ਮਾਸੂਮਾਂ। ਨਵੇਂ ਜਨਮ ਦੀ ਸੋਨ ਚੁੰਨਰੀਆ, ਨੂੰ ਇਹ ਅਗਨ ਕੰਬਾਇਆ। ਨਵੇਂ ਨਵੇਂ ਇਕ ਨਗਨ ਜਹੇ ਬੁੱਤ ਨੈਣਾਂ ਨੂੰ ਚੁੰਧਿਆਇਆ। ਸਬਰਾਂ ਸਾਹਮੇ ਹੁਣ ਕਿਉਂ ਛਿਪਦੀ ਚਮਕ ਸੂਰ ਨਗਨ ਦੀ ? ਕਾਇਆਂ ਚੀਰ ਖੰਡਾਂ ਦੀ ਉਸਨੇ ਵਾਹੀ ਤੇਗ ਅਗਨ ਦੀ। ਓਸ ਤੇਗ ਦਾ ਵਾਰ ਜਾਨ ਤੇ ਕਿਉਂ ਫ਼ਿਜ਼ਾ ਵਿਚ ਰੁਕਿਆ ? ਕਿਉਂ ਉਹ ਕਾਇਰ ਨਜ਼ਾਰੇ ਵਾਲਾ ਕੰਦਰਾਵਾਂ ਵਿਚ ਲੁਕਿਆ ? ਓਸ ਕਹਿਰ ਦਾ ਜ਼ੋਰ ਨ ਸਾਥੋਂ ਕਲਮਾਂ ਵਿਚ ਸਮਾਇਆ ਉਸ ਦੀਆਂ ਛੋਹਾਂ ਮੁੜ ਮੁੜ ਆਵਣ ਉਹ ਤਾਂ ਕਦੇ ਨਾ ਆਇਆ। (1962 ਈ: ਵਿਚ ਲਿਖੀ ਲੰਮੀ ਕਵਿਤਾ ਦਾ ਕੁਝ ਹਿੱਸਾ) (ਇਤਿ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ