Van-Vairag : Harinder Singh Mehboob
ਵਣ-ਵੈਰਾਗ : ਹਰਿੰਦਰ ਸਿੰਘ ਮਹਿਬੂਬ
(1961-62 ਵਿਚ ਲਿਖੀਆਂ ਨਜ਼ਮਾਂ ਵਿੱਚੋਂ ਕੁਝ) ***** ਮਜਮੂਏ ਦੇ ਛਪਣ ਦਾ ਵੇਲਾ ਧੀ ਨੂੰ ਘਰ 'ਚੋਂ ਵਿਦਿਆ ਕਰਨ ਦੇ ਵੇਲੇ ਵਾਂਗੂੰ ਲੱਗੇ। ਜਦ ਇਹ ਵੇਲਾ ਆਵੇ ਵਰ੍ਹਿਆਂ ਪਹਿਲਾਂ ਲਿਖੀਆਂ ਸ਼ੈਵਾਂ ਇਕ ਇਕ ਕਰਕੇ ਲੱਭੀਏ ਵਧ ਘੱਟ ਕਰਕੇ, ਛਾਂਟੀਏ, ਜੋੜੀਏ... ਭਾਵੇਂ ਆਉਣੇ ਵਾਲਾ ਵੇਲਾ ਯਾਦਾਂ ਦੀ ਇਸ ਬਰੀ ਨੂੰ ਨਿੰਦੇ ਭਾਵੇਂ ਸੀਨੇ ਲਾਵੇ... (ਡਾ. ਰਿਆਜ਼ ਮਜੀਦ, ਲਾਇਲਪੁਰ) ***** ਸਮਰਪਣ ਡਾ: ਸਤਿੰਦਰ ਸਿੰਘ ਨੂਰ ਦੇ ਨਾਂ, ਮੁਢ-ਕਦੀਮੀ ਦੋਸਤੀ ਦੇ ਕਿਸੇ ਉੱਜਲ ਸੁਪਨੇ ਨੂੰ ਯਾਦ ਰੱਖਣ ਲਈ; ਮੁਹੱਬਤ ਦੀ ਕਿਸੇ ਸ਼ਾਨ ਨੂੰ ਮੁੜ ਤੱਕਣ ਦੀ ਹਸਰਤ ਨਾਲ; ਵਗ ਚੁੱਕੇ ਦਰਿਆ ਦੀ ਆਵਾਜ਼ ਨੂੰ ਹਵਾਵਾਂ ਵਿਚ ਮੁੜ ਸੁਣਨ ਦੀ ਉਡੀਕ ਵਿਚ।
ਵਣ-ਵੈਰਾਗ ਬਾਰੇ
ਇਸ ਕਾਵਿ-ਪੁਸਤਕ ਦੀਆਂ ਸਭ ਕਵਿਤਾਵਾਂ 60 ਤੋਂ 62 ਸੰਨ ਦੇ ਵਿਚਾਲੇ ਲਿਖੀਆਂ ਗਈਆਂ। ਸਿਰਫ਼ ‘ਬਨਬਾਸ’ ਕਵਿਤਾ ਹੀ 1956 ਵਿਚ ਲਿਖੀ ਗਈ, ਜਿਸ ਨੂੰ ਕਿ ਲੰਘੇ ਦਿਨਾਂ ਦੇ ਵਤਨ ਛੱਡਣ ਦੇ ਨਿੱਜੀ ਹੌਕੇ ਨਾਲ ਰਿਸ਼ਤਾ ਜੋੜਨ ਲਈ ਮੈਂ ਵਣ-ਵੈਰਾਗ ਵਿਚ ਸ਼ਾਮਿਲ ਕਰ ਲਿਆ। ਇਹਨਾਂ ਸਾਲਾਂ ਵਿਚ ਸੌ ਤੋਂ ਉੱਪਰ ਕ੍ਰਾਂਤੀਕਾਰੀ ਕਵਿਤਾਵਾਂ ਵੀ ਲਿਖੀਆਂ, ਜਿਹੜੀਆਂ ਕਿ ਡਾ: ਹਰਿਭਜਨ ਸਿੰਘ ਹੋਰਾਂ ਦੀ ਅਲਫ਼ ਦੁਪਹਿਰ ਵਾਂਗ ਸੋਹਣੀਆਂ ਹੋਣ ਦੇ ਬਾਵਜੂਦ ਸਮੇਂ ਦੀਆਂ ਲਹਿਰਾਂ ਦੀ ਮੱਲੋ-ਜ਼ੋਰੀ ਬਣਾਈ ਹਕੀਕਤ ਉੱਤੇ ਖੜੀਆਂ ਸਨ। ਸੋ, ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਜ਼ਰਾ ਸਿਆਣਾ ਹੋਣ ਉੱਤੇ ਮੈਨੂੰ ਸਮਝ ਪਈ ਕਿ ਸ਼੍ਰੇਣੀ-ਸੰਘਰਸ਼ ਦੇ ਇਕਹਿਰੇ ਫ਼ਾਰਮੂਲੇ ਦੀ ਜ਼ਿੰਦਗੀ ਦੇ ਡੂੰਘੇ ਸੱਚਾਂ ਨਾਲ ਕਦੇ-ਕਦੇ ਹੀ ਅਸਲ ਸਾਂਝ ਹੁੰਦੀ ਹੈ।
ਇਹਨਾਂ ਕਵਿਤਾਵਾਂ ਵਿਚ ਨਾਇਕ ਕਿਸੇ ਪਾਵਨ ਚਿਹਰੇ ਦੇ ਸੁਪਨੇ ਵਿੱਚੋਂ ਸਕੂਨ ਲੈ ਰਿਹਾ ਹੈ, ਅਤੇ ਉਸ ਤੋਂ ਵਿੱਛੜ ਕੇ ਗੁਨਾਹਗਾਰ ਵਾਂਗ ਉਮਰ ਗੁਜ਼ਾਰਦਾ ਹੈ। ਕਹਿ ਨਹੀਂ ਸਕਦਾ ਉਸ ਨੇ ਉਹ ਚਿਹਰਾ ਸੱਚੀ-ਮੁੱਚੀ ਵੇਖਿਆ ਹੈ, ਜਾਂ ਨਹੀਂ। ਪਰ ਇਕ ਗੱਲ ਸਪਸ਼ਟ ਹੈ, ਹੁਸੀਨ ਚਿਹਰੇ ਦਾ ਸੁਪਨਾ ਨਾਇਕ ਦੀ ਪਾਕ ਫ਼ਕੀਰੀ ਹੈ, ਉਸ ਦੀ ਅਧਿਆਤਮਕ ਜੁਸਤਜੂ ਹੈ, ਉਸ ਦਾ ਕੁਦਰਤ ਦਾ ਸਫ਼ਰ ਹੈ ਅਤੇ ਗੁਨਾਹ ਤੋਂ ਨਜਾਤ ਹੈ।ਉਸ ਦਾ ਦੈਵੀ ਦੀਦਾਰ ਤੋਂ ਵਿਛੜਨਾ ਮਨੁੱਖੀ ਹੋਂਦ ਦੀ ਮੂਰਛਾ ਹੈ, ਅਤੇ ਜਨਮ-ਮਰਨ ਦੇ ਭਾਰ ਥੱਲੇ ਦੱਬੀ ਲਾਸ਼ ਹੋਣਾ ਹੈ। ਇਕ ਬੰਦੇ ਦਾ ਗੁਨਾਹ ਸਾਰੇ ਯੁਗ ਦਾ ਗੁਨਾਹ ਹੋ ਸਕਦਾ ਹੈ। ਇਕ ਬੰਦੇ ਦੀ ਚੀਖ਼ ਦਾ ਜੁਆਬ ਕਈ ਯੁਗਾਂ ਦੇ ਗੁਨਾਹ ਕੁਰਲਾ ਕੇ ਦੇ ਸਕਦੇ ਹਨ। ਉਹ ਰਲ ਕੇ ਉਸ ਨੂੰ ਪਾਰ ਨਹੀਂ ਲੰਘਾ ਸਕਦੇ; ਪਾਰ ਉਹ ਇਕੱਲਾ ਹੀ ਜਾਵੇਗਾ। ਜੀਵਨ ਦੀ ਚੰਨ-ਚਾਨਣੀ ਵਿਚ ਇਕ ਸੰਘਣਾ ਵਣ ਸੁੱਤਾ ਹੈ, ਜਿਸ ਵਿਚ ਯੁਗਾਂ ਦੇ ਗੁਨਾਹਗਾਰ ਮੂਰਛਿਤ ਪਏ ਹਨ। ਕਈਆਂ ਦੀ ਮੂਰਛਾ ਹੁਸਨ ਦੀ ਸੱਦ ਨੇ ਤੋੜੀ, ਤੇ ਉਹ ਸਰਸਬਜ਼ ਵਿਸ਼ੈਲੇ ਵਣ ਨੂੰ ਪਾਰ ਕਰ ਗਏ। ਉਹ ਲਾਸ਼ ਨਾਂਹ ਰਹੇ। ਉਹ ਮਸੀਹਾ ਬਣ ਗਏ । ਭਾਵੇਂ ਉਹਨਾਂ ਦੀ ਚੀਖ਼ ਇਕੱਲੀ ਸੀ, ਪਰ ਸਾਰਾ ਸੰਸਾਰ ਮਾਹੀ ਨੂੰ ਮਿਲਣ ਲਈ ਉਹਨਾਂ ਦੇ ਨਾਲ ਸੀ। ਜਨਮ ਇਕ ਪਰਦਾ ਹੈ, ਜੋ ਮਿਲਣ ਅਤੇ ਵਿਛੜਨ ਦੇ ਛਿਣ ਉੱਤੇ ਹੀ ਦਿੱਸਦਾ ਹੈ। ਮਿਲਣ ਦੀ ਤ੍ਰਿਖਾ ਫ਼ਰਿਹਾਦ ਦੇ ਲੱਖਾਂ ਸੰਘਰਸ਼ਾਂ ਵਿੱਚੋਂ ਦੀ ਗੁਜ਼ਰਦੀ ਹੈ; ਸੁੱਤੀ ਨਾਰ ਨੂੰ ਜਗਾਉਣ ਦਾ ਖ਼ਿਆਲ ਆਉਂਦਾ ਹੈ। ਵਿਛੜਨਾ ਸਿਦਕ ਦੇ ਗੁਆਚ ਜਾਣ ਦੀ ਦਾਸਤਾਨ ਬਣਦਾ ਹੈ : ਮਲਾਹਾਂ ਦੇ ਪਛਾਣੇ ਗਏ ਪੁੱਤਰ ਦੀ ਪਿਆਸ ਅਤੇ ਮੂਰਛਾ !
(21-9-89)
1. ਭਰਮ-ਭੈਅ
ਸੂਰਜ ਛਿਪਦੇ ਕੋਲੇ ਸਖੀਏ ਕੋ ਪੰਛੀ ਕੁਰਲਾਇਆ, ਤਰਕਾਲਾਂ ਦੇ ਦੇਸ ਅੰਦਰਾਂ ਕੌਣ ਕੌਣ ਨਹੀਂ ਆਇਆ? ਸੂਰਜ ਤਿਨ੍ਹਾਂ 'ਤੇ ਲਾਲੀ ਵਾਰੇ ਰਾਤ ਜਿਨ੍ਹਾਂ ਦੇ ਪੱਲੇ; ਰੰਗ ਨੂੰ ਰੰਗ ਦੇ ਦੇਸ ਉਡਾਵਾਂ ਖ਼ਤ ਕੋਈ ਸਾਨੂੰ ਘੱਲੇ। ਕਿਸ ਜੂਹ ਵਿੱਚ ਹੁਣ ਡਾਰ ਨੂੰ ਮਿਲਣਾ ਪੰਛੀ ਜੋ ਕੁਰਲਾਂਦਾ ਪੱਛਮ ਦੀ ਰੁਤ ਮੋਹਿਆ ਇਸ ਨੂੰ ਮੁੱਕਦੀ ਤੇ ਪਛਤਾਂਦਾ। ਦੂਰ ਸਰਾਂ ਦੇ ਕੰਢੇ ਸਖੀਏ ਹੰਝੂ ਜਲ ਵਿੱਚ ਰਲਿਆ, ਕਲਵਲ ਹੋ ਕੇ ਭੌਂਦੇ ਫਿਰਣਾ ਪਾਣੀਆਂ ਦੇ ਵਿੱਚ ਮਰਿਆ। ਸੋਹਣਾ ਸੰਞਾਂ ਵਿੱਚ ਗੁਆ ਕੇ ਅੱਗ ਘਰ ਮੈਂ ਨਹੀਂ ਜੀਣਾ, ਕੰਵਲਾਂ ਦੀ ਜਿਸ ਪਿਆਸ ਬੁਝਾਈ ਮੈਂ ਉਸ ਜਲ ਨੂੰ ਪੀਣਾ। ਦੂਰ ਲਾਲੀਆਂ ਕੰਬ ਕੰਬ ਗਈਆਂ ਪਾਣੀ ਕਦੇ ਨ ਰੋਇਆ, ਕੂੰਜ ਨੂੰ ਡਾਰੋਂ ਵਿਛੜ ਜਾਣ ਦਾ ਭਰਮ ਕਿਉਂ ਸਈਏ ਹੋਇਆ?
2. ਸੁੱਤੀ ਨਾਰ
ਮੈਂ ਇਕ ਸੁੱਤੀ ਨਾਰ ਸਰ੍ਹਾਣੇ ਕਿਹਾ: ਜਾਗ ਨੀ ਰੁੱਤੇ ਲੱਖਾ ਆਇ ਖੜੇ ਸੌਦਾਗਰ ਫੁੱਲਾਂ ਦੇ ਦਰ ਉੱਤੇ ! ਤੇਰੀ ਕੁਟੀਆ 'ਤੇ ਰਾਹੀਆਂ ਨੂੰ ਆਕੇ ਸੂਰਜ ਛਿਪਿਆ, ਪੱਛਮ ਦੇ ਰੰਗ ਮਿਲਣੇ ਆਏ ਆਏ, ਜਾਣ ਲਈ ਉੱਠੇ ! ਰੰਗ ਦਾ ਕੁਈ ਇਤਬਾਰ ਨ ਕਰਿਓ ਇਹ ਜੋਗੀ ਪ੍ਰੀਤ ਕਚੇਰੀ ਛੱਲ ਹੈ, ਮੇਰੇ ਦੇਖਣ ਦੀ ਗੱਲ ਮੋਹ ਪਾ ਪੈਂਡੇ ਉੱਚੇ ! ਰੈਣ ਬਸੇਰਾ ਦਰਦ ਘਨੇਰਾ ਦੁੱਖ ਮੰਜ਼ਲ ਦੇ ਕਿੰਨੇ ! ਮਿਤ੍ਰ ਪਿਆਰੇ 'ਤੇ ਮਰ ਜਾਣਾ ਜਿਸ ਨਗਰੀ ਵਿਚ ਸੁੱਤੇ ! ਤਿਰੇ ਮੁਰੀਦਾਂ ਦੇ ਸਾਹਵੇਂ ਤਾਂ ਤੈਂ ਜਾਗਣ ਦਾ ਵੇਲਾ ਘਟਦੀ ਸੂਰਜ ਦੀ ਵੀ ਉਮਰਾ ਰੰਗਾਂ ਦਾ ਦਿਲ ਟੁੱਟੇ ! ਤੇਰੇ ਵਣ ਦੀ ਦੁਨੀਆਂ ਤੇਰੀ ਅਸੀਂ ਤਾਂ ਦੂਰ ਦੇ ਬੰਦੇ, ਗੱਲ ਕਰ ਚਲੇ ਜਾਵਾਂਗੇ ਏਥੋਂ ਜਾਗ ਸੁਹਣੀਏਂ ਰੁੱਤੇ ! ਤੈਨੂੰ ਰੁੱਤ ਮੈਂ ਆਖਣ ਵਾਲਾ ਉਹ ਨਿੰਦਰਾਇਆ ਪਾਣੀ, ਜਿਸ ਦੇ ਉੱਤੇ ਖੰਭ ਫੈਲਾ ਕੇ ਕੰਵਲ ਯੁਗਾਂ ਤੋਂ ਸੁੱਤੇ ! ਇਹ ਕੀ ਭਲਾ ਮਾਣ ਹੈ ਤੈਨੂੰ ? ਪੌਣਾਂ ਦਾ ਸੰਗ ਤੱਜਣਾ, ਉਮਰ ਨੂੰ ਇੰਞ ਕੀਲ ਕੇ ਸੌਣਾ ਰਹਿਣਾ ਮਹਿਕ-ਵਿਗੁਤੇ ! ਵਿਸੁ ਵਿਸ਼ਵ ਭਰਕੇ ਨਾਗੋ ਫਣਾਂ 'ਚ ਰੋਹ ਨੂੰ ਬਾਲੋ, ਜ਼ਰਾ ਏਸ ਸੁਪਨੇ ਦੀ ਸ਼ੀਰੀਂ ਕੌੜੇ ਡੰਗ ਨਾ' ਟੁੱਟੇ !
3. ਕੰਤ
ਕੰਤ ਦੀ ਥਾਹ ਨਾ ਲੈ ਤੂੰ ਸਖੀਏ ਕੌਣ ਕੰਤ ਹੈ ਮੇਰਾ; ਜਲਾਂ ‘ਚੋਂ ਮੇਰਾ ਰੂਪ ਪਛਾਣੇ ਪੱਥਰਾਂ ਉਤੇ ਵਸੇਰਾ। ਕੇਸਾਂ ਨੂੰ ਧਾਹ ਚੜ੍ਹੀ ਜੁਆਨੀ ਜਨਮ ਮੇਘ ਦਾ ਹੋਇਆ, ਪੰਧ ਕਿਸੇ ਨੇ ਕੀਤਾ ਲੰਮਾ, ਦਰ ਵਿਚ ਆਣ ਖਲੋਇਆ। ਮੇਰਿਆਂ ਕੁੱਲ ਰਾਹਾਂ ਦਾ ਭੇਤੀ ਦੀਵਿਆਂ ਦਾ ਵਣਜਾਰਾ, ਰਹਿੰਦੀ ਉਮਰ ਦੀ ਪੂੰਜੀ ਲੈ ਕੇ ਰਾਹੀਂ ਬਲੇ ਪਿਆਰਾ। ਸੱਦ ਰਿਜ਼ਕ ਦੀ ਕਿਹੜੇ ਵੇਲੇ ਸੁਣੀ ਦਿਲਾਂ ਦੇ ਮਾਹੀ ? ਜਿਸ ਰਾਤੀਂ ਮੈਂ ਭੇਦ ਚਿਰੋਕਾ ਦਸਣਾ ਸਈ ਸ਼ਰਮਾਈ । ਰੁੱਤਾਂ ਦੇ ਬਹੁ ਕਾਸਦ ਆਏ ਕੀ ਕੁੱਝ ਅਸੀਂ ਗੁਆਇਆ ? ਪੱਥਰ ਕੁਟਦੇ ਮਾਹੀ ਦਾ ਕੋ ਮੀਤ ਦੇਸ ਨਹੀਂ ਆਇਆ । ਚਿੰਤਾ ਕੰਤ ਦੀ ਬਹੁਤ ਸਿਆਣੀ ਦੂਰ ਵਸੇ ਜੀ ਮੇਰਾ । ਕੇਸ ਮੇਰੇ ਤੂੰ ਭੁੱਲ ਨ ਸਕਿਉਂ ਪਿਆਰ ਕੀ ਜਾਣਾ ਤੇਰਾ ! ਮਾਹੀ ਕਦੇ ਪੱਥਰਾਂ ਨੂੰ ਤੋੜੇ ਕਦੇ ਰੰਗਾਂ ਨੂੰ ਛੋਹੇ । ਕਾਗਦ 'ਤੇ ਇਕ ਜ਼ੁਲਫ਼ ਜਾਂ ਢਿਲਕੀ ਫ਼ਜਰ ਦਾ ਵੇਲਾ ਹੋਏ । ਵੇਲੇ ਫ਼ਜਰ ਦੇ 'ਵਾਜਾਂ ਪਈਆਂ, ਹੁਕਮ ਆਏ ਸਰਕਾਰੋਂ । ਮੁੰਦ ਸੁਪਨਿਆਂ ਦੇ ਨੈਣਾਂ ਨੂੰ, ਤੁਰੇ ਹੁਸਨ ਦੇ ਬਾਰੋਂ । ਹੁਸਨ ਦਾ ਸੁਪਨਾ ਪੂੰਜੀ ਕਿਸਦੀ ? ਨ ਕੰਤ ਨ ਮੇਰੀ ਉਸ ਸੁਪਨੇ ਦੀ ਬਾਤ ਸੁਣਾਵਾਂ ਜਿਸ ਸੁਪਨੇ ਵਿਚ ਦੇਰੀ । ਕੰਤ ਮੇਰਾ ਧੁੱਪਾਂ ਦਾ ਜਾਇਆ, ਕਦੇ ਕਦੇ ਛਾਂ ਮਾਣੀ । ਭਾਰੇ ਬੋਲ ਪੱਥਰਾਂ ਦੇ ਸੁਣਕੇ ਸੁਣੇ ਬਿਰਖ ਦੀ ਬਾਣੀ । ਮਹਿਕ ਚੰਬੇਲੀ ਆਂਗਨ ਸਾਡੇ ਆ ਕੁਈ ਨੀਰ ਛੁਹਾਏ । ਸੋਨ-ਸੁਰਾਹੀ ਮਾਹੀ ਦੀ ਵਿਚ ਅਸਾਂ ਤਾਂ ਕੰਵਲ ਤਰਾਏ । ਡੋਲ ਜਾਣ ਕੰਵਲ ਦੀਆਂ ਪੱਤੀਆਂ ਮਾਹੀ ਦਾ ਦਿਲ ਡੋਲੇ । ਕਿਹੜੀ ਰੁੱਤ ਵਿਚ ਕੋਇਲ ਹੈ ਆਈ, ਕੌਣ ਵਿਯੋਗੀ ਬੋਲੇ ! ਇਸ ਬਾਰੀ 'ਚੋਂ ਜੂਹ ਮਾਹੀ ਦੀ ਤੱਕ ਕੇ ਜੀਉ ਡੁਲਾਣਾ । ਇਸ ਬਾਰੀ 'ਚੋਂ ਪੌਣ ਪਈ ਵੱਗੇ, ਜਿਸ ਸਾਜਨ ਵਲ ਜਾਣਾ । ਪੱਤੀ ਸਬਜ਼ ਕੰਵਲ ਦੀ ਢਿਲਕੀ ਦੁੱਧ-ਰੰਗ ਸ਼ਰਮਾਈ । ਕੀ ਉਸ ਫੁੱਲ ਨੂੰ ਹੋਇਆ ਸਖੀਏ ? ਓਦਰਿਆ ਜਿਉਂ ਮਾਹੀ । ਰਾਤਾਂ ਦਾ ਦਿਲ ਕੰਤ 'ਤੇ ਆਇਆ ਤਾਰੇ ਵਾਰਨ ਆਈਆਂ । ਰਾਹ ਵਿਚ ਚੰਨ ਦੀਆਂ ਗਲੀਆਂ ਅੰਦਰ ਖੇਡਣ ਲੱਗੀਆਂ ਦਾਈਆਂ । ਛੋਹ ਨੂੰ ਕੰਤ ਜਾਣ ਨਾ ਜਾਵੇ ਫੜੀਆਂ ਚੰਨ ਕਲਾਈਆਂ । ਕੱਜ ਕੱਜ ਤੁਰਨ ਕੰਤ ਵਲ ਜਿੰਦੂ ਰੈਣਾਂ ਨਿਹੁੰ ਦੀਆਂ ਜਾਈਆਂ । ਕੰਤ ਮੇਰਾ ਕੁੱਲ ਆਲਮ ਜਾਣੇ ਤੂੰ ਬਸ ਸਈਏ ਭੁੱਲੀ । ਖੇਡ ਦੀ ਉਮਰਾ ਪਾਈ ਬੁਝਾਰਤ ਜੁਆਨੀ ਦੀ ਰੁੱਤ ਹੁੱਲੀ ।
4. ਕਿਸੇ ਜਾਂਗਲੀ ਨਾਰ ਨੂੰ
ਤੇਰੇ ਵਾਂਗ ਹਵਾ ਵਿਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ ਜਦ ਤੇਰਾ ਹਵਾ ਨੂੰ ਨਾਂ ਦੱਸੀਏ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ ਤੈਨੂੰ ਢੱਕੀ ਦੇ ਵਿਚ ਭਾਲਣ ਲਈ, ਅਸੀਂ ਨਾਲ ਸ਼ੈਦਾਈਆਂ ਰਲ ਪੈਂਦੇ ਤਿਰੀ ਸੂਰਤ ਸਾਡੇ ਨੈਣੀਂ ਤਕ ਲੁਕ ਫੁੱਲਾਂ ਥੱਲੇ ਥਲ ਪੈਂਦੇ ਸਾਡੇ ਸਬਰ-ਹੁਸਨ ਦੀ ਕਾਂਗ ਚੜ੍ਹੀ ਲੱਖ ਢਾਬਾਂ ਦੇ ਕੰਬ ਜਲ ਪੈਂਦੇ ਅਸੀਂ ਨੇਰ੍ਹਾਂ ਨੂੰ ਮਚਕੋੜਦੇ ਹਾਂ ਜਦ ਰੂਪ ਤੇਰੇ ਦੇ ਛਲ ਪੈਂਦੇ ਜਦ ਰਾਹ ਨ ਸਾਨੂੰ ਲਭਦਾ ਕੁਈ ਤਦ ਸੀਨੇ ਸਾਡੇ ਸੱਲ ਪੈਂਦੇ ਸਾਡੀ ਖੇਡ ਨੂੰ ਚਾਲੂ ਰੱਖਣ ਲਈ ਤੇਰੇ ਦੀਵੇ ਅੰਬਰੀਂ ਬਲ ਪੈਂਦੇ ਤੇਰੇ ਵਾਂਗ ਹਵਾ ਵਿਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ
5. ਸੰਜੋਗ-ਵਿਜੋਗ
ਮਿਰੀ ਰੂਹ ਚੋਂ ਫੁੱਟੇ ਇਕ ਰਾਤ ਮਿੱਟੀ-ਰੰਗੇ ਰੋਗ ਦੇ ਕੀੜੇ ਵਿਸ਼ ਭਰਨ ਲਈ ਪੁਰੇ ਦੀਆਂ ਪੌਣਾਂ ਵਿਚ। ਬੇਚੈਨ ਜਿਹੇ ਮਿਰੇ ਫੇਫੜੇ ਹੋਏ ਤਪਦਿਕੀ ਥਕਨ ਤੋਂ ਲੈ ਲੈ ਕੇ ਸ਼ਕਤੀ ਪੌਣਾਂ ਦੇ ਅੰਗ ਮੇਰੀ ਹੋਂਦ ਨੇ ਵਿੰਨ੍ਹੇ। ਇਕ ਘੋਰ ਯੁਧ ਪਿੱਛੋਂ ਪੌਣਾਂ ਪਲੋਸੇ ਸਿਹ ਦੇ ਤਕਲੇ ਮੇਰੀ ਹੋਂਦ ਵਿਚ ਕਿੰਨੇ। ਫਿਰ ਬੇਸੁਰਤ ਕਰ ਸੋਹਣੀਆਂ ਮੈਨੂੰ ਪੈਰ ਸੁਹਣੇ ਤਾਰਿਆਂ ਵਰਗੇ, ਤਾਰਿਆਂ ਜਿੰਨੇ ਸੀਤਲ ਚੰਦ੍ਰਮਾ-ਰੰਗੇ ਧਰੇ ਆ ਰੂਹ ਤੇ। ਚਾਨਣ-ਨੇਰ੍ਹ ਦੇ ਛਲਾਵੇ ਜਹੇ ਗੂੰਜੇ ਨੀਂਦਾਂ ਦੇ ਦੇਸ ਵਿਚ ਸੌਣ ਦੀ ਰੁੱਤੇ, ਰੂਹ ਦੇ ਸੈਂਕੜੇ ਦਰਾਂ 'ਚੋਂ ਨਿਕਲੀਆਂ ਪੌਣਾਂ ਨੀਂਦ ਦੇ ਰਾਹੀ ਦਰਾਂ ਵਿਚ ਸੁੱਤੇ। ਅੱਥਰੂ ਸਿਮਣ ਤਕ ਮੇਰੀ ਨਜ਼ਰ ਦੇ ਵਿੱਚੋਂ ਦਰਿਆ ਵਗਦਾ ਰਿਹਾ ਮਾਰਦਾ ਠਾਠਾਂ ਕੈਸਾ ਨਵੇਂ ਰੰਗਾਂ ਦਾ ਜਸ਼ਨ ਹੋਇਆ ! ਫੱਟਦੇ ਰਹੇ ਵਣਾਂ ਵਣਾਂ ਦੇ ਪੱਤੇ ਨੀਂਦਾਂ ਦੇ ਬ੍ਰਿਛਾਂ ਦੇ ਬ੍ਰਿਛ ਇਸ ਤਰ੍ਹਾਂ ਟੁੱਟੇ ਜਿਉਂ ਮੈਂ ਵੱਸਦੇ ਜਹਾਨ ਵਿਚ ਕੱਲਾ ਹੀ ਹੋਵਾਂ। ਵਗੀ ਵਗੀ ਫਿਰ ਸ਼ਾਂਤ 'ਤੇ ਨਿਰਮਲ ਅਨੰਤ ਹੀ ਅਨੰਤ ਧਾਰ ਤਾਜ਼ਗੀ ਦੀ ਜਿਉਂ ਕੁਦਰਤਾਂ ਵਾਲੇ ਦਾ ਨਵਾਂ ਨਿਯਮ ਬਣਿਆਂ। - - - - - - - - - - - - - - - - - - - - - - - - - - - - - - - - - - - - ਨਦੀਆਂ-ਪੈਰ ਲੱਗੀ ਸੁਪਨੇ ਦੀ ਮਹਿੰਦੀ ਮੈਂ ਸੁੱਕੇ-ਹਰੇ ਘਾਹ ਦੇ ਦੇਸ ਵਿਚ ਸੁੱਤਾ।... ਸਾਏ ਡੁਬਕੀਆਂ ਮਾਰਨ ਮੈਲੀ ਫਿਜ਼ਾ ਵਿਚ ਉਡਣ ਟਾਹਲੀਆਂ ਦੇ ਖਾਕੀ ਪੱਤਰਾਂ ਦੇ ਪੱਤਰ, ਖੁਸ਼ਕ ਮੁਸਕਾਨ ਮੇਰੇ ਕੇਸਾਂ 'ਚੋਂ ਨਿਕਲੇ ਸੁੱਕੇ ਪੱਤਰਾਂ ਵਾਂਗੂੰ ਡੋਲਦੇ ਮੁੜ ਮੁੜ। ਚੀਕਦਾ ਪੰਛੀ ਇਉਂ ਲਗੇ ਕਿ ਉਸਦੀ ਵਾਜ ਨੇ ਸਦੀਆਂ ਤੋਂ ਕਦੇ ਵੀ ਪਾਣੀ ਨਹੀਂ ਪੀਤਾ, ਉੱਡ ਗਿਆ ਹਸਦਾ, ਥਲਾਂ ਨੂੰ ਰਾਜ਼ ਦਸਦਾ। ਉਹ ਮੇਰੀ ਯਾਦ ਵਿਚ ਅੱਥਰੂ ਭਰ ਗਿਆ ਜਿਸਦੇ ਪਰਾਂ ਦੀਆਂ ਜੜਾਂ ਸੀ ਸੁੱਕੀਆਂ। ਮੈਂ ਥਲਾਂ ਦੇ ਕੰਢੇ ਤੇ ਸੁੱਤਾ ਸਾਂ ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ। ਤਾਰਿਆਂ ਦੇ ਵਣਾਂ 'ਚੋਂ ਨਿਕਲੀਆਂ ਰਾਤੀਂ ਸਾਉਣ ਦੀ ਰੁੱਤੇ ਪੁਰੇ ਦੀਆਂ ਪੌਣਾਂ, ਚਾਂਦੀ ਭਿੱਜੀ ਅਰਸ਼ ਤੇ ਤਾਰਿਆਂ ਵਾਲੀ ਰੂਪ-ਛਾਵਾਂ ਹੇਠ ਪਏ ਸਫਰ ਨੇ ਹੁੰਦੇ। ਨਾਗਾਂ ਨੇ ਚਾਲ ਭੁੱਲੀ, ਵੰਝਲੀ ਮਾਰਦੀ ਹਾਕਾਂ, ਪਹਾੜਾਂ ਤੋਂ ਉਤਰ ਕਿਸ ਜੋਗੀ ਨੇ ਔਣਾ ? ਦੂਰ ਪ੍ਰਛਾਵਿਆਂ 'ਚ ਗੱਡਾ ਚੀਕਦਾ ਅਜਬ ਹੀ ਸਬਰ ਦੀ ਪਾਉਂਦਾ ਕਹਾਣੀ। ਖਲੋ ਗਿਆ ਮੇਰੇ ਕੋਲ ਆਪ ਹੀ ਆ ਕੇ ਬਿਰਧ ਦਾ ਹੱਥ ਮੇਰੀ ਛਾਤੀ ਤੇ ਟਿਕਿਆ ਜੁਆਨ ਪੁੱਤਰ ਮੇਰੀ ਅੱਖਾਂ ਤੇ ਝੁਕਿਆ; ਭੇਦ-ਭਰੀਆਂ ਵੈਦ ਦੀਆਂ ਅੱਖਾਂ ਦੇ ਵਾਂਗ ਜੋ ਟਿਕਣ ਕਿਸੇ ਹੋਣੀ ਦੇ ਨੁਕਤੇ ਤੇ ਜਾ ਜੋ ਦੱਸਣ ਕਿ ਵਿਛੜਦੇ ਉਮਰਾਂ ਦੇ ਹਾਣੀ ਇਉਂ ਨੈਣਾਂ 'ਚ ਤੋਲ ਕੇ ਮੈਨੂੰ, ਬੋਲਿਆ ਬੁੱਢਾ : “ਇਹ ਪਿਛਲੇ ਜਨਮ ਵਿਚ ਮਲਾਹਾਂ ਦਾ ਪੁੱਤਰ ਸੀ, ਚਿਰਾਂ ਤੋਂ ਏਸ ਨੇ ਪੀਤਾ ਨਹੀਂ ਪਾਣੀ।” ਪੁਰੇ ਨੇ ਛੱਲ ਮਾਰੀ ਬਦਲੀਆਂ ਨਾਲ ਸਾਵਣ ਦੇ ਰਾਹਾਂ ਤੋਂ ਗੀਤ ਇਕ ਆਇਆ। ਬਿਰਧ ਨੇ ਇਉਂ ਅਡੋਲ ਤਲੀਆਂ ਤੇ ਚੁੱਕਿਆ ਜਿਉਂ ਮੇਰੀ ਹੋਂਦ 'ਚੋਂ ਕਿਣਕਾ ਨਾ ਖੋਵੇ, ਆਇਆ ਬਿਰਧ ਦੇ ਨੈਣਾਂ 'ਚ ਮਾਵਾਂ ਦਾ ਨੀਰ। ਪਤਾਲ ਦੇ ਨ੍ਹੇਰੇ ਖੂਹਾਂ 'ਚ ਡਿੱਗਣ ਜਿਹੇ ਡੋਲ ਪਏ ਜ਼ਿਮੀਂ ਤੋਂ ਉਠਦਿਆਂ ਮੈਂ ਪਾਪ ਦੇ ਟੁਟਦਿਆਂ ਜਰੀ ਇਕ ਪੀੜ, ਮੇਰੇ ਜਿਸਮ ਵਿਚ ਸੈਆਂ ਤੰਦਾਂ ਦੀ ਈਰਖਾ ਪਾ ਕੇ ਸੀ ਯੁਗਾਂ ਦੀ ਨੀਂਦ ਵਿਚ ਸੌਂ ਗਿਆ ਤੰਦੂਆ ਡੰਗਾਂ ਨੂੰ ਖਿੱਚਿਆ ਕਿਸੇ ਨੇ ਅਖੀਰ। ਗੱਡੇ ਦੀ ਟੋਰ ਬਣੀ ਮਿੱਠੀ ਜਿਹੀ ਗਮ ਦੀ ਚਾਂਦਨੀ ਬੰਸੀ ਚੋਂ ਜਾਗ ਕੇ ਪਾਰੇ ਦੇ ਵਾਂਗ ਵਗਦੀ ਗਈ ਜਿਵੇਂ ਇੱਕ ਟਿੱਲੇ ਤੋਂ ਜੋਗੀ ਕਿਸੇ ਨਾਗ ਕਾਲਾ ਛੱਡਿਆ ਕਿਸੇ ਕਾਤਿਲ ਦੇ ਵਲ ਬਿਜਲੀ ਦੇ ਵਾਂਗ ਜੋ ਰੋਹੀਆਂ 'ਚ ਤਿਲ੍ਹਕਦਾ, ਤਿਵੇਂ ਸੋਹਣੇ ਦੇ ਬੁੱਲ੍ਹਾਂ ਚੋਂ ਨਿਕਲਕੇ ਆਤਮਾ ਦੇ ਅਨੰਤ ਰਾਹਾਂ ਦੇ ਕੰਢੜੇ ਸੁੱਤੇ ਉਮਰ ਦੇ ਦੁਸ਼ਮਣ ਨੂੰ ਡੰਗ ਕੇ ਇਕ ਵਾਜ ਜਾਂਦੀ ਤਿਲ੍ਹਕਦੀ, ਚਿਲਕਦੀ। ਫਿਰ ਸਦੀਵੀ ਰੰਗ ਵਿਚ ਮਿੱਠੀ ਆਵਾਜ਼ ਯੁਗਾਂ ਤੋਂ ਵਗਦੀ ਨਦੀ ਦੇ ਵਾਂਗ ਤੁਰਨ ਲੱਗੀ ਆਤਮਾ ਖੋਰ ਕੇ ਸਾਰੀ। ਜਾਦੂ ਹੇਠ ਬੇਹੋਸ਼ੀ ਦੀ ਪਰੀ ਸੀ ਫੈਲੀ ਉਸ ਵੇਲੇ ਜਦੋਂ ਫਿਰ ਚਾਂਦਨੀ ਅੰਦਰ ਦੋ ਸਫ਼ੈਦ ਬੁੱਢੇ ਕੰਵਲ ਜਿਉਂ ਵਿਗਸੇ ਮਦ ਸੂਹੀ ਪੀਂਵਦੇ ਫਿਰਨੀ ਤੇ ਬਹਿ ਪਿੰਡ ਜਿਹਦੇ ਕੰਢੇ ਸੀ ਵਸਣਾ ਕਦੇ। ਘੋੜੇ ਦੇ ਭੇਸ ਵਿਚ ਦੇਵ ਦੇ ਵਾਂਗੂੰ ਪੁਰਾ ਸੀ ਦੌੜਦਾ ਫਿਰਦਾ ਚੀਕਦੇ ਗੱਡੇ ਦੇ ਕੋਲ। ਤ੍ਰਿਕਾਲਾਂ ਦੀ ਰੁੱਤੇ, ਨੇਰ੍ਹ ਦੇ ਘਾਟਾਂ ਤੇ ਨ੍ਹਾਉਣ ਆਈ ਚਾਨਣ ਦੀ ਤਾਰ ਕੁਈ ਕੁਈ। ਘੁਲੇ ਉਹ ਪੌਣੀਂ, ਸੁਣਕੇ ਜੋ ਬੰਸਰੀ ਪੰਛੀਆਂ ਦੇ ਨੈਣਾਂ ਚੋਂ ਅੱਥਰੂ ਵੱਗੇ। ਮੇਰੀ ਸਾਰੰਗ-ਤਿਖਾ ਨੂੰ ਮੂਰਛਿਤ ਕਰਕੇ ਦੋ ਹੋਠਾਂ ਚੋਂ ਵਗ ਪਈਆਂ ਸ਼ੀਰੀਆਂ। ਸੁਆਦ ਦੇ ਕੰਬਦੇ ਪੰਜੇ 'ਚ ਅੜੀ ਰਹੀ ਬੇਹੋਸ਼ੀ, ਹੜਾਂ ਵਿਚ ਮਧੁਰ ਤੁਣਕੇ ਮਹੀਨ ਕਿੰਨੇ ! ਮੁਸਾਫ਼ਰਾਂ ਦੇ ਵਾਂਗ ਜੋ ਭੂਤ ਦੇ ਰਾਹਾਂ ਵਿਚ ਬਹੁਤ ਲੰਮੀ, ਬਹੁਤ ਵੈਰਾਗਨ ਹੋ ਖੋਈ ਸਿਤਾਰਿਆਂ ਤਕ ਭਰੀ ਉਸ ਨਦੀ ਦੇ ਅੰਦਰ ਲਾ ਕੇ ਤਾਰੀ ਵਿਛੜਦੇ ਦਰਦ ਦੇ ਕੰਢੇ ਤੋਂ । ਮਿਰੇ ਦੇਸ ਵਿਚ ਆਈਆਂ ਦੂਰ ਤੋਂ ਪੌਣਾਂ ਜੁਆਨ ਖੋਇਆ, ਰਿਹਾ ਬੁੱਢਾ, ਅਸੀਂ ਕੱਲੇ ! ਲੱਖਾਂ ਨਦੀਆਂ ਦੇ ਪਾਰੋਂ ਬੰਸੀ ਮਾਰਦੀ ਵਾਜਾਂ ਪਾਣੀ ਦੇ ਅੰਦਰ ਮੇਰੇ ਫੇਫੜੇ ਤਰਦੇ ਸੀ ਪਾਣੀ ਹੀ ਪਾਣੀ ਮੇਰੇ ਸਾਹਾਂ 'ਚ ਫਿਰਦਾ ਪਾਗਲ ਪਾਣੀਆਂ 'ਚ ਲਹੂ ਦੇ ਬੁਲਬੁਲੇ ਫੈਲੇ ਬਾਹਾਂ ਨੂੰ ਐਪਰ ਤੇਹ ਲਗੀ, ਮੇਰੀਏ ਜਿੰਦੇ ! ਤੜਪਣ ਮੱਛੀਆਂ ਵਾਂਗੂੰ, ਖੋਹ ਜਿਹੀ ਪੈਂਦੀ— ਮੈਂ ਮਸਲਣਾ ਚਾਹੁੰਦਾ ਸਾਂ ਕਿਸੇ ਕੰਵਲ ਨੂੰ ਛਾਤੀ ਤੇ ਕਣ ਕਣ ਮੈਂ ਉਸਦੀ ਮਹਿਕ ਸੀ ਪੀਣੀ ਮਾਸੂਮੀਅਤ ਕਿਸੇ ਚਿਹਰੇ ਦੀ ਜ਼ਾਲਿਮ ਮੈਂ ਨੱਪਣੀ ਚਾਹੁੰਦਾ ਸਾਂ ਦਿਲ ਵਾਲੇ ਪਾਸੇ ਨੱਪ ਨੱਪ ਕਿਸੇ ਚਿਹਰੇ ਨੂੰ ਛਾਤੀ ਤੇ ਉਦੋਂ ਮੈਂ ਲਾਉਣਾ ਚਾਹਿਆ ਦੁੱਧ-ਰੰਗਾ ਨਿਸ਼ਾਨ- ਪਾਗਲਪਨ ਸਾਂਭ ਕੇ ਲੈ ਜਾ ਰਿਹਾ ਗੱਡੇ ਤੇ ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ। - - - - - - - - - - - - - - - - - - ਮੋਮਬੱਤੀਆਂ ਜਲੀਆਂ ਬ੍ਰਿਛਾਂ ਦੇ ਝੁੰਡ ਅੰਦਰ ਮੋਮ-ਕਤਰੇ ਟਾਹਣਾਂ ਚੋਂ ਢਹਿੰਦੇ ਜਿਵੇਂ ਕੋਈ ਰੋਏ ਕਾਲੇ ਨ੍ਹੇਰਾਂ 'ਚ ਕਿਚਰਕ ਵਿਯੋਗ ਖੋਏ ? ਜਿਚਰਕ ਅਰਜ਼ਾਂ ਭਰੀ ਸੋਹਣੇ ਅੱਥਰੂ ਦੀ ਲੋਏ। ਖਲੋ ਗਿਆ ਗੱਡਾ। ਵਿਰਲ ਚੋਂ ਦਿੱਸਿਆ : ਮੇਰੀਆਂ ਉਡੀਕਾਂ ਚੋਂ ਵਿਛੜਿਆ ਪੱਥਰ ਜਿਸ ਤੇ ਥੱਕੇ ਸ਼ਲੋਕ ਸੀ, ਨਿੰਦਰਾਈਆਂ ਬੱਤੀਆਂ ਜੋ ਮੁੱਦਤਾਂ ਤੋਂ ਮੇਰੀ ਉਡੀਕ ਵਿਚ ਖੁਰੀਆਂ ਸ਼ਲੋਕਾਂ ਤੇ ਝੁਕੇ ਨੈਣ ਤ੍ਰਬਕ ਪਏ ਕਿੰਨੇ ਯਾਰ ਇਕ ਕੂਇਆ ਰਾਜੇ ਦੇ ਏਲਚੀ ਵਾਂਗੂੰ : “ਮਹਾਰਾਜ! ਤੁਸਾਂ ਦਾ ਫਿਟਕਾਰਿਆ ਸ਼ਿਸ਼ ਗੁਨਾਹਗਾਰ ਦੋਸਤ ਹੈ ਸਾਡਾ ਪਰਤਿਆ।” ਗੱਡੇ ਤੋਂ ਹੱਥ-ਬੰਨ੍ਹ ਤੁਰਿਆ ਤਰਸ ਹੀ ਜਾਣੀ “ਇਹ ਪਿਛਲੇ ਜਨਮ ਵਿਚ ਮਲਾਹਾਂ ਦਾ ਪੁੱਤਰ ਸੀ ਯੁਗਾਂ ਤੋਂ ਏਸ ਨੇ ਪੀਤਾ ਨਹੀਂ ਪਾਣੀ।” ਉਹ ਰਿਸ਼ੀ ਵੱਲ ਤੱਕੀ ਨੈਣ ਉਸਦੇ ਸ਼ਾਂਤ ਚੁਪ-ਕੀਤੇ ਜਹੇ ਸਨ ਜਿਨ੍ਹਾਂ ਵਿਚ ਤਰਲਾ ਸੀ ਹਾਣੀਆਂ ਵਾਲਾ : ‘ਫਿਰ ਤੇਰੇ ਦਰਾਂ ਤੇ ਆਇਆ ਹੈ, ਬਾਬਾ ਸ਼ਿਸ਼ ਕਿਸੇ ਰਿਸ਼ੀ ਦਾ ਫਿਟਕਾਰਿਆ ਹੋਇਆ।' ਵਤਨ ਦੀਆਂ ਜੂਹਾਂ 'ਚ ਆ ਕੇ ਫੇਰ ਮੈਂ ਵਤਨ ਤੋਂ ਵਿਛੜਿਆ, ਖੜੇ ਫਿਰ ਮੇਰੇ ਯਾਰ ਨਦੀ ਦੇ ਕੰਢੇ ਛਿਪਿਆ ਦੂਰ ..ਫਿਰ ਕਿਸੇ ਦੇ ਰਾਹ ਤੇ ਸਲਾਮ। ਹੋਏ ਪਤਾ ਨਹੀਂ ਅਸੀਂ ਕਿੰਨੀ ਕੁ ਵਾਰ ਰਾਜਧਾਨੀਆਂ ਨ੍ਹੇਰੇ ਦੀਆਂ ਵਿਚ ਦਾਖ਼ਿਲ। ਮੇਰੇ ਜਿਉਂ ਵਿਛੜੇ ਬਿਰਧ ਨੂੰ ਵੀ ਸ਼ਾਇਦ ਕਾਫ਼ਲੇ ਦਾ ਮਿਲਿਆ ਨ ਕੋਈ ਸੌਦਾਗਰ। ਇਕ ਢੋਕ ਆਈ, ਅੰਬੇ ਗਏ ਬੈਲਾਂ ਦੇ ਪੈਰ ਥੱਕ ਗਏ ਗੱਡੇ ਦੇ ਪਹੀਏ ਪੰਧ ਦਾ ਨਾਗ ਕਹਿਰ ਵਿਚ ਲਿਪਟਿਆ, ਖੁਲ੍ਹੇ ਅਰਸ਼ ਨੂੰ ਸੌਂਪ ਦਿੰਦਾ ਜਦੋਂ ਮਹਿਬੂਬ ਜਿਉਂ ਕਿਸੇ ਪੰਧ ਪਿੱਛੋਂ ਮੁਸਾਫ਼ਰ ਜਾਨ ਤੇ ਦੁਨੀਆ। ਆਉਣ ਵਾਲਾ ਸੀ ਉਹ ਪਲ ਜਦੋਂ ਕਿ ਬੁੱਢੇ ਨੇ ਕੁੱਲੀ ਵਾਲਿਆਂ ਨੂੰ ਲੰਮੀ ਵਾਜ ਇਕ ਮਾਰੀ— ਰਾਤ ਕੰਬੀ ਧੂਸ ਕਾਲੀ, ਬੁੱਤ ਕੁੱਝ ਕੰਬੇ— ਨੇਰੇ 'ਚ ਜਾਨ ਪੈ ਗਈ, ਇਨਸਾਨ ਜਨਮੇ ! ਦੋ ਨੇ ਮੈਨੂੰ ਅਡੋਲ ਗੱਡੇ 'ਚੋਂ ਲਾਹਿਆ ਉੱਗੀਆਂ ਰਾਤ ਦੇ ਕੰਧੇ ਮਾਨੁੱਖ ਦੀਆਂ ਬਾਹਾਂ। ਪੌਣਾਂ ਉੱਠੀਆਂ ਗੰਧਲੀਆਂ ਨਦੀਆਂ ਦੇ ਵਾਂਗੂੰ ਮਲਾਹਾਂ ਦੇ ਘਰ ਪਿਛਲਾ ਜਨਮ ਸੀ ਮੇਰਾ; ਬਲ ਰਹੇ ਨੀਲ ਦੀ ਕਿਸ਼ਤੀਏਂ ਦੀਵੇ ਕਿਸੇ ਅਨੰਤ ਘਾਟ ਨੂੰ ਕੱਸਿਆ ਜ਼ੰਜੀਰਾਂ, ਮਲਾਹ ਸਾਂ ਪਿਛਲੇ ਜਨਮ ਵਿਚ ਅੱਥਰੂਆਂ ਵਾਲੇ ਪੀ ਲਿਆ ਸਾਨੂੰ ਨਦੀਆਂ ਦੇ ਨੀਰਾਂ। ਨੰਗੇ ਨੀਲ ਵਿਚ ਲੱਖਾਂ ਹੀ ਤਾਰੇ ਬਲੇ ਘਾਟ-ਕਿਸ਼ਤੀਆਂ ਵਿਚ ਸੁੱਤੇ ਮਲਾਹ ! ਮੋਮਬੱਤੀਆਂ ਦੇ ਸਾਏ ਤ੍ਰਬਕਦੇ, ਜੀਕੂੰ ਪੈਗ਼ਾਮ ਕੋਈ ਸੂਰਜ ਦਾ ਆਇਆ ਕਿ ਆਇਆ। ਮੈਂ ਆਹ ਜਹੀ ਸੁਣੀ ਇਕ ਨਦੀ ਦੇ ਪਾਰ ਮਲਾਹਾਂ ਦੇ ਸਿਰ ਉੱਤੇ, ਆਣ ਕੇ ਜੁੜੀਆਂ ਨੀਂਦ-ਜਾਗ ਦੋ ਸਈਆਂ ਲੋਰ ਦੇ ਘਾਟਾਂ ਤੇ- ਕੂਕ ਨਿਕਲੀ ਕੈਦਖ਼ਾਨਾ ਅਕਲ ਦਾ ਢਾਹ ਕੇ : “ਵਾਜ ਮਾਰੀ ਕਿਸੇ ਨੇ ਮੈਨੂੰ, ਤੋੜ ਜ਼ੰਜੀਰਾਂ ਪਹਿਲੇ ਦਿਨ ਕਿਸ਼ਤੀ ਲੈ ਪਾਰ ਮੈਂ ਜਾਣਾ!" ਭਰਾ ਕਮਲਾ ਜਿਹਾ ਸਮਝਕੇ ਵਾਜਾਂ ਨਿੱਘੀਆਂ ਆਈਆਂ ਕਿ ‘ਏਸ ਵੇਲੇ ਤੁਰਨ ਨ ਰਾਹੀ' ਮੈਂ ਕਿਹਾ ‘ਤੁਸੀਂ ਨਾ ਜਾਣੋਂ ਵੀਰਨੋ ਰੂਪ ਨੂੰ ਸੁੱਤਾ ਛੱਡ ਕੇ ਕੱਲਮ ਕੱਲੜਾ ਵਿਯੋਗ ਤਾਂ ਰਾਤਾਂ ਨੂੰ ਨਦੀਆਂ ਤੇ ਰੋਂਦਾ।' ਪਾਰ ਬੁੱਧ ਦਾ ਅੱਥਰੂ ਲਿਸ਼ਕਿਆ ਜੀਕੂੰ। “ਤੋੜ ਦੇਵੋ ਮੇਰੇ ਲਹੂ ਦੀਆਂ ਜ਼ੰਜੀਰਾਂ ਤੋੜ ਦੇਵੋ ਇਹ ਅੱਥਰੂ, ਇਹ ਚੀਕਾਂ ਤੋਂ ਖ਼ਾਲੀ। ਖਿੱਚੋ ਜ਼ਰਾ ਇਹ ਧੜਕਣਾ ਕਮਜ਼ੋਰ ਨੇ ਬਸ ਨਿੱਕੇ ਜਿਹੇ ਦਿਲ ਤੋਂ ਉਭਰ ਕੇ ਡਿੱਗਣ।” ਮੇਰੀ ਚੀਕ ਤੇ ਮੁਸਕਰਾ ਸੌਂ ਗਏ ਸੱਭੇ ਨਦੀਆਂ ਦੇ ਪਾਰ ਕੋਈ ਹੋਵੇ ਜਾਂ ਨਾ ਹੋਵੇ... ਖੁੱਲੇ ਨਸ਼ੇ ਦੇ ਗੁੰਚੇ, ਨੀਂਦ ਦੀਆਂ ਮਹਿਕਾਂ ਲੱਸਦੇ ਪਾਣੀਆਂ ਉੱਤੇ ਠੰਡ ਬਣ ਚੋਈਆਂ- ਭੈ, ਦਰਦ, ਸ਼ੰਕੇ ਮੇਰੀ ਛਾਤੀ 'ਚ ਡੋਲਣ ਐਵੇਂ ਕੁੱਝ ਅੱਥਰਾਂ ਮੇਰੀ ਨਜ਼ਰ ਵਿਚ ਰੋਈਆਂ। ਵਾਜ ਆਈ, ‘ਜਾਗ ਵੀਰਾ ਪਾਰ ਹੈ ਜਾਣਾ।' ਜ਼ਾਤ ਮੇਰੀ ਨੀਵੀਂ ਅੰਤਲੀ ਵਾਰ ਹੱਸੀ : “ਮੈਂ ਸ਼ਿਸ਼ ਤੇਰੇ ਗੁਰੂ ਦਾ ਫਿਟਕਾਰਿਆ ਹੋਇਆ ਬੋਲ ਨ, ਛੋਹ ਨ, ਵੇਖ ਨ ਮੈਨੂੰ।” “ਵਾਲ ਮੇਰੇ ਖੁੱਲੇ ਚਿਰਾਂ ਤੋਂ ਵੀਰਾ, ਫਿਰ ਰੁਕ ਕੇ, ਠੰਡੀ ਵਾਜ ਵਿਚ ਬੋਲੀ : ‘ਤੇਰਾ ਵੀ ਅੱਥਰੂ ਕਿਸੇ ਤੋਂ ਲੁਕਿਆ ਨਹੀਂ।” ਕੁੱਝ ਕਦਮ ਤਿਲ੍ਹਕੀ ਛੋਰ ਤੋਂ ਕਿਸ਼ਤੀ, ਲਹਿਰਾਂ ਸਾਜ਼ਸ਼ ਕਰਨ ਕੋਈ ਨ੍ਹੇਰ ਦੇ ਓਹਲੇ, ਸਮੇਂ ਸਮੇਂ ਗੋਤਾ ਜਿਹਾ ਆਉਂਦਾ ਸੀ ਸਾਨੂੰ; ਕਦੇ ਕਦੇ ਫ਼ਰਜ਼ ਜਿਹਾ ਪੂਰਾ ਕਰਨ ਲਈ ਸੁਸਤ ਜਿਹਾ ਚੱਪੂ ਮੈਂ ਪਾਣੀਆਂ 'ਚ ਮਾਰਾਂ। ਵਾਲਾਂ ਦੀ ਛਾਂ ਪਲਮ ਪਈ ਮੇਰੀ ਛਾਤੀ ਤੇ ਨਾੜਾਂ 'ਚ ਬਿਜਲੀਆਂ ਦੌੜਣ, ਬਲਨ ਚੁੰਮਨ ਕਾਂਬਿਆਂ 'ਚ ਦੌੜ ਜਾਵਣ ਜੋ ਛੁਹਣ ਤੋਂ ਪਹਿਲਾਂ। ਜੁਗਾਂ ਜੀਵੇ ਕੇਸਾਂ ਦਾ ਰੇਸ਼ਮੀ ਬੁੱਲ੍ਹਾ। ਮਿਰੇ ਬੁੱਤ ਦੇ ਉੱਤੇ ਸਫ਼ੈਦ ਸ਼ੁਅਲੇ ਦੇ ਵਾਂਗ ਉਸ ਦੇ ਨੱਕ, ਕੰਨ, ਬੁੱਲ੍ਹਾਂ ਦਾ ਚਾਨਣ ਬਲੇ। ਜੀਅ ਕਰੇ ਉਸ ਰਵੀ ਦੇ ਬਲਦੇ ਹੱਥ ਨੂੰ ਫੜਕੇ ਪਾਣੀਆਂ 'ਚ ਮਾਰ ਜਾਵਾਂ ਸਦਾ ਲਈ ਗੋਤਾ। ਫਿਰ ਸੋਹਣੀ ਦੇ ਨੈਣਾਂ ਚੋਂ ਨਿਕਲਕੇ ਕੋਈ ਚਿੰਤਾ ਨਦੀ ਤੇ ਫੈਲੀ ਸ਼ਾਂਤ ਤ੍ਰਿਕਾਲਾਂ ਜਿਹੀ— ਵੇਹਣ ਸਜਨਾਂ ਦੇ ਅੱਥਰੂ ਨਦੀਆਂ ਦੀ ਲੀਲਾ ਪਿੰਡ ਕੇ ਮਰ ਜਾਣ ਕਿਸੇ ਦਹਿਲੀਜ਼ ਤੇ। ਭਿੱਜੇ ਨੈਣ ਲੈ ਅਸਾਂ ਨੇ ਪਾਰ ਜਾਣਾ ਬ੍ਰਿਹਾ ਜਗਾਵਣ, ਨਦੀਆਂ ਦੀ ਜ਼ਾਤ ਹੀ ਐਸੀ। ਮੈਂ ਵੇਖਿਆ ਵਿਛੜਦੀ ਸੋਹਣੀ ਦੇ ਵੱਲ “ਤਰਸ ਖਿਮਾ ਦੇ ਰਾਹਾਂ 'ਚ ਜਾਣ ਵਾਲੀ ਦਿਲ ਨੂੰ ਕਿਸੇ ਹੁਸਨ ਦੀ ਕੂਲ ਤੇ ਬੈਠਾ ਕੇ ਚਲੀ ਜਾਵੇਗੀ ਕਿਧਰ ਨੂੰ ? ਮੇਰਿਆ ਰੱਬਾ।” ਮੈਂ ਗਿਲਾ ਕਰਨ ਲਈ ਰੋਕਿਆ ਚੱਪੂ।
6. ਬਨਬਾਸ
ਇਸ ਰੋਹੀ ਚੋਂ ਆ ਰਹੀਆਂ ਨੇ ਮੌਤ ਮਿਰੀ ਦੀਆਂ ਵਾਜਾਂ ਦੂਰ ਨਗਾਰੇ ਸੂਰਮਿਆਂ ਦੇ ਗੂੰਜਣ ਸੁਣ ਫ਼ਰਿਆਦਾਂ। ਕੱਚੇ ਘਰਾਂ ਦੇ ਬੂਹਿਆਂ ਦੇ ਅੱਗੇ ਰੋਂਦੀਆਂ ਮਾਵਾਂ ਆਈਆਂ ਕਣਕਾਂ ਪੱਕੀਆਂ ਦੀ ਰੁੱਤੇ ਕਿਉਂ ਦਰਦ ਉਮਰ ਦੇ ਲਿਆਈਆਂ? ਸਾਡੇ ਵੱਡੇ ਵਡੇਰਿਆਂ ਤੋਂ ਨੇ ਮਿਰਗਾਂ ਨਾਲ ਯਰਾਨੇ ਮਾਵਾਂ ਰੋਹੀਆਂ ਨੂੰ ਨਾ ਛੱਡ ਕੇ ਵਸਨਾ ਦੇਸ ਬਿਗਾਨੇ। "'ਮਾਏ ਕਣੀ ਪਿਆਰ ਦੀ ਨਿੱਕੀ ਨੈਣ ਨਿਮਾਣੇ ਦੋਏ," ਮਾਂ ਦੇ ਤਰਸ ਦੇ ਖੰਭ ਨਿਤਾਣੇ ਦੇਖ ਬੱਚੜੇ ਰੋਏ। ਦੂਰ ਪਾਣੀਆਂ ਨੂੰ ਕੀ ਹੋਇਆ, ਹੂੰਗਰ ਮਾਰ ਬੁਲਾਣਾ ਪੁਸ਼ਤਾਂ ਦਾ ਇੱਕ ਗੀਤ ਸਾਂਭਿਆ, ਮਾਂਝੀ ਨੂੰ ਭੁਲ ਜਾਣਾ ਔਹ ਤਾਰਾ ਬਰਬਾਦ ਹੋ ਗਿਆ ਬਰਬਾਦੀ ਦੀਆਂ ਸੋਆਂ ਏਸ ਉਜੜਦੇ ਪਿੰਡ ਵਿਚ ਆਈਆਂ ਵਿਹੜਿਆਂ ਫਿਰਦੀ ਰੋਆਂ ਵਤਨ ਦਾ ਪਾਣੀ ਕੂੰਜਾਂ ਨੂੰ ਨ ਚਹੁੰ ਕੂੰਟਾਂ ਚੋਂ ਥਿਆਏ ਥੱਕੀਆਂ ਅਰਸ਼ ਦੀਆਂ ਪੌਣਾਂ ਵਿਚ ਰਾਖ ਉਡੰਦੀ ਜਾਏ ਸੂਰਜ ਪਰਾਂ ਤੇ ਪਾਣੀ ਲਾਏ ਜਦ ਪਰਦੇਸੋਂ ਚੱਲੀ, ਵਤਨਾਂ ਦੇ ਵਿੱਚ ਰੌਲੇ ਮਚੇ ਕੂੰਜ ਨਿਮਾਣੀ ਕੱਲੀ। (1956)
7. ਪਛਤਾਵਾ
ਚਾਨਣ ਦੇ ਰੰਗ ਭਰਮ ਕੇ ਐਵੇਂ ਚੰਨ ਨਾਲ ਪਿਆਰ ਨਾ ਪਾਈਏ, ਚੱਲ ਨੀ ਜਿੰਦੇ ਨ੍ਹੇਰ 'ਚ ਜਾ ਕੇ ਅੱਪਣਾ ਦੀਪ ਜਗਾਈਏ ! ਵਣਾਂ 'ਚ ਉਸ਼ਾ ਦੀ ਝੁੱਗੀ ਵੱਲੇ ਵਾਂਗ ਮੁਸਾਫ਼ਿਰ ਜਾਈਏ ! ਵਰ੍ਹਿਆਂ ਪਿੱਛੋਂ ਨ੍ਹੇਰ ਦੇ ਦਰ ਤੇ ਭਰਮ ਭਰਮ ਕੇ ਆਈਏ ! ਹਾਇ ਨੀ ਲੰਘੇ ਸਮਿਆਂ ਦਾ ਇਕ਼ ਬੁੱਲਾ ਸਫ਼ਰ 'ਚ ਰਲਿਆ ! ਹਾਇ ਨੀ ਮਸਾਂ ਪਛਾਣੇ ਸਾਨੂੰ ਜੋਬਨ ਦਾ ਪੱਤ ਹਰਿਆ ! ਘੜਾ ਮਿਰੇ ਦਰਾਂ ਦਾ ਜਾਦੂ ਨੂਰ ਓਸ ਨਾਲ ਭਰਿਆ ! ਜਿਸ ਨੇ ਨਿਆਣੀ ਉਮਰ 'ਚ ਮੈਨੂੰ, ਵਣਾਂ ਹੇਠ ਸੀ ਛਲਿਆ ! ਰਾਤ ਚਾਨਣੀ ਦੇ ਪ੍ਰਛਾਵੇਂ ਕਿਸ ਰਾਹੀ ਨੇ ਮੋਹੇ ! ਨੀਂਦ ਵਾਂਗ ਤਾਂ ਛੋਹ ਕੇ ਸਾਨੂੰ ਕਿਸੇ ਦਰਦ ਵਿਚ ਖੋਏ ! ਅੱਥਰੂ ਵਾਂਗੂੰ ਚੰਨਾ ਤਪਿਆ ਜ਼ਾਲਮ ਦੁਨੀਆਂ ਹੋਏ ! ਸੁੰਞੇ ਜੱਗ ਦੇ ਬੰਦਿਆਂ ਦੀ ਆ ਪਿਆਸ ਬੁਝਾਵੇ ਕੋਇ ! ਜ਼ਖਮ ਦਰਦ ਦੇ ਨੈਣਾਂ ਅੰਦਰ ਰਾਹ ਖਾਰੇ ਨੇ ਸਾਰੇ ਇਕ ਪਰਦੇਸਨ ਛਲ ਨੇ ਆ ਕੇ ਕਿਉਂ ਦਰਵੇਸ਼ ਨੇ ਮਾਰੇ ? ਰੈਣ ਨਾਲ ਮੈਂ ਮੋਹ ਕਿਉਂ ਪਾਵਾਂ ਕਿਉਂ ਮੈਂ ਗਿਣਾਂ ਸਿਤਾਰੇ ? ਇਹ ਤਾਂ ਭੂਤ ਦੀ ਗ਼ਾਰ ਸੁਨਹਿਰੀ ਤਿਲ੍ਹਕੇ ਵਕਤ ਸਾਂ ਮਾਰੇ ! ਬਾਲ ਲਵਾਂਗੇ ਸੁੰਞੇ ਖੂੰਜੇ ਚਾਨਣ ਦਾ ਰੰਗ ਕੋਈ ਅਗੋਂ ਬੁਝਣ ਵਾਲੇ ਦੀ ਮਰਜ਼ੀ ਕਿਸਮਤ ਹੋਰ ਜੇ ਹੋਈ !
8. ਸੰਞਾਂ ਦੇ ਦੇਸ ਵਿਚ
ਸੰਤਰੇ ਦੇ ਹਰੇ ਹਰੇ ਬੂਟਿਆਂ ਦੇ ਕੋਲ ਵੇ । ਪੀਲੀ ਪੀਲੀ ਕਣਕਾਂ ਦੇ ਦਿਲ ਰਹੇ ਡੋਲ ਵੇ । ਟਾਹਲੀਆਂ ਦੇ ਪੱਤਿਆਂ 'ਚ ਨ੍ਹੇਰ ਆ ਕੇ ਬੈਠਿਆ, ਅੰਬਰਾਂ ਨੇ ਚੰਨ ਖ਼ਾਤਰ ਦਰ ਦਿੱਤਾ ਖੋਲ੍ਹ ਵੇ । ਗੇਰੂਏ ਦੇ ਪਾਣੀ ਵਾਲਾ ਖ਼ਾਲ ਪਿਆ ਵਗਦਾ, ਚਟਾਲੜੇ ਦੇ ਖੇਤਾਂ 'ਚ ਗੁਲਾਲ ਰਿਹਾ ਘੋਲ ਵੇ । ਕੰਢੜੇ ਤੇ ਕੋਈ ਪਰਦੇਸੀ ਆ ਕੇ ਬੈਠਿਆ, ਸੰਤਰੇ ਦੇ ਬੂਟਿਆਂ ਜਿਉਂ ਚੁੱਪ ਤੇ ਅਡੋਲ ਵੇ । ਉਹਦੇ ਨੈਣਾਂ ਵਿੱਚੋਂ ਨਿਕਲ ਕੂਲਾ ਕੂਲਾ ਚਾਨਣਾ, ਰੱਤਿਆਂ ਅਨਾਰਾਂ ਵਿੱਚੋਂ ਰਿਹਾ ਮੈਨੂੰ ਟੋਲ ਵੇ । ਟਾਹਲੀਆਂ ਦੇ ਆਲ੍ਹੇ-ਦੁਆਲੇ ਪੌਣ ਪਈ ਸਹਿਕਦੀ, ਹਾਇ ਨਾ ਉਹਨੂੰ ਚੁੰਮ੍ਹਦਾ ਪਰਦੇਸੀਏ ਦਾ ਬੋਲ ਵੇ । ਰੋਸਾ ਦਿਲੇ ਵਿੱਚ ਨ ਲਿਆਵੀਂ ਮੇਰੇ ਹਾਣੀਆਂ, ਬਿੰਦ ਘੜੀ ਲਈ ਉਹਨੂੰ ਆਖ ਲਵਾਂ ਢੋਲ ਵੇ ।
9. ਇਕ ਅਰਜ਼ : ਕਾਲੀ ਰਾਤ ਦੇ ਜੋਬਨ ਅੱਗੇ
[ਲੋਕ ਗੀਤਾਂ ਦੀਆਂ ਰੂਹਾਂ ਦੇ ਸਾਂਝੇ ਬੋਲ ਤੇ ਖਿਲਰਵੇਂ ਅੰਦਾਜ਼] ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ ਕਿਧਰ ਸੰਗੀਤ ਤੇਰੇ ਜੋਬਨ ਦਾ ਵਰਸੇ ? ਮੈਂ ਰੋਂਦੇ ਸਿਤਾਰੇ ਦੇ ਸਾਹਾਂ ਸੁਣਦਾਂ ਤੇਰਾ ਜੋਬਨ ਏ ਐਨਾ ! ਅਸੀਂ ਤਰਸੇ। ਖੋਟਾ ਇਹ ਸਾਵਨ ਗ਼ਰੀਬਾਂ ਨੂੰ ਮਾਰੇ ਗ਼ਮ ਮੇਰਾ ਅੱਥਰੂ ਦੇ ਪਾਣੀ ਨ ਸਰਸੇ। ਕਾਲੀਏ ਰਾਤੇ ਮੈਂ ਗਗਨਾਂ ਦਾ ਰਾਹੀ ਮੇਘਾਂ 'ਚ ਕੁਚਲੇ ਨੇ ਚਾਨਣ ਹਜ਼ਾਰਾਂ। ਹੌਕੇ ਜਿਹੇ ਵਿਚ ਜਿੰਦੂ ਦਾ ਮਰਨਾ ਮੌਤ ਦੀ ਹੂੰਗਰ ਨੂੰ ਬਿਜਲੀ ਨੇ ਧੂਹਣਾ ਕੁਚਲੇ ਹੋਏ ਚਾਨਣ ਦਾ ਮਾਰਨਾ ਮਾਰਾਂ; ਅਰਸ਼ਾਂ ਦੇ ਅੰਦਰ ਜਿਉਂ ਕੂਣਾਂ ਪਹਾੜਾਂ ਮੈਂ ਸੁਣਦਾ, ਮੈਂ ਵੇਂਹਦਾ ਹਾਂ ਬਾਰੀ 'ਚ ਬੈਠਾ- ਸੈਆਂ ਕ੍ਰਾਂਤੀਆਂ ਦੇ ਪਿੱਛੋਂ ਨੀ ਰਾਤੇ ਬਾਰੀ ਤੇ ਦਸਤਕ ਆ ਦੇਵਣ ਫ਼ੁਹਾਰਾਂ। ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ ਜ਼ੁਲਫ਼ਾਂ ਦੇ ਉਹਲੇ ਸੁਣਾਂ ਕੁਰਲਾਟਾਂ। ਤਿਰੇ ਬੇਸ਼ੁਮਾਰ ਜੋਬਨ ਦੇ ਪੈਰਾਂ ਤੇ ਅੜੀਏ ਸਿਸਕਣ ਰਾਹੀਆਂ ਦੀ ਯਾਦਾਂ 'ਚ ਵਾਟਾਂ। ਸਿਤਾਰੇ ਦੇ ਪੱਥਰ ਨੇ ਲੰਮੀ ਕਹਾਣੀ ਯੁਗਾਂ ਦੇ ਸਫ਼ਰਾਂ 'ਚ ਤੁਰੀਆਂ ਨੇ ਰਾਤਾਂ। ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ ਕਮਾਦਾਂ ੱਚ ਭਿਜਦੇ ਜਨੌਰਾਂ ਦੇ ਸੁਪਨੇ- ਸੈਹੇ ਦੇ ਖ਼ਤ ਵਿਚ ਪਰਲੋ ਦਾ ਵਰ੍ਹਨਾ ਲੂੰਬੜ ਦੀ ਖੁੱਡ ਵਿਚ ਜਲ ਦੀਆਂ ਮਹਿਕਾਂ ਬਘਿਆੜਾਂ ਦੀਆਂ ਅੱਖਾਂ ਵਿਚ ਕਾਮ ਦਾ ਚੜ੍ਹਣਾ ਮਾਣਸ ਨੇ ਤੀਵੀਂ ਦੀ ਯਾਦ 'ਚ ਰੋਣਾ— ਮੈਂ ਜਾਣਾ ਕਿ ਸਭ ਥਾਂ ਸ੍ਰਿਸ਼ਟੀ ਨੇ ਜਲਣਾ ਕਾਲੀਏ ਰਾਤੇ ਪੈਗ਼ੰਬਰ ਦੇ ਵਾਂਗੂੰ ਮੈਂ ਜਾਣਾ ਕਿ ਕਿਸ ਥਾਂ ਹੈ ਬ੍ਰਿਹਾ ਨੇ ਹੋਣਾ। ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ, ਕਾਲਿਆਂ ਮਿਰਗਾਂ ਦੀ ਜੂਹ 'ਚ ਪਾਣੀ ! ਸਿੰਗ ਮਾਸੂਮਾਂ ਦੇ ਰਾਣੀ ਦੇ ਚਰਨੀਂ ਸੁਪਨੇ 'ਚ ਝੁਕਦੇ ਨੇ ਰਾਤਾਂ 'ਚ ਜਾਣੀ- ਇਹ ਨ੍ਹੇਰੇ ਦੀ ਗਾਰਾਂ 'ਚ ਪਾਣੀ ਦਾ ਵਸਨਾ ਸਤਾਉਣਾ ਇਉਂ ਕੁਦਰਤ ਦੇ ਰਿਸ਼ੀਆਂ ਨੂੰ ਆ ਕੇ ਵੈਰਾਗਾਂ 'ਚ ਡੁੱਬੀ ਇਹ ਬਾਤ ਪੁਰਾਣੀ। ਸੋਹਣੀ ਦਾ ਦੇਸ ਪਰਾਇਆ ਹੈ ਹੋਇਆ ਬਾਗ਼ਾਂ ਦੀ ਸੁਣਦੇ ਹਾਂ ਹੋਰ ਕਹਾਣੀ। ਕਾਲੀਏ ਰਾਤੇ ਤੂੰ ਕੇਸਾਂ ਨੂੰ ਧੋ ਧੋ ਭਰਿਆ ਏ ਮਿਰਗਾਂ ਦੀ ਜੂਹ 'ਚ ਪਾਣੀ। ਰਾਤੇ ਮੈਂ ਤੈਂਡਿਆਂ ਰਾਹਾਂ 'ਚ ਜਾਗਾਂ ਮਹਾਂ ਤਿਮਰ ਨੂੰ ਜਾ ਵਣ ਵਣ ਪਛਾਣਾਂ। ਨ੍ਹੇਰੇ ਦਾ ਜੋਬਨ ਜੋ ਸ਼ਾਖਾਂ 'ਚ ਵਸਦਾ ਇਹ ਸਮਿਆਂ ਦੀ ਵਸਤੀ ਦਾ ਚੋਰ ਹੈ ਕੋਈ, ਮਹਿਕਾਂ ਨੂੰ ਕੰਧੇ ਤੇ ਚੁੱਕ ਚੁੱਕ ਕੇ ਲਿਆਣਾ। ਸ਼ਿਕਵੇ ਤੋਂ ਖ਼ਾਲੀ ਤ੍ਰੇਲਾਂ ਦੀ ਛਣ ਛਣ ਆ ਪੱਤਾਂ ਦੇ ਜੋਬਨ 'ਚ ਹੁੰਮ-ਹੁਮਾਈ; ਸਹਿਮੇ ਹਨੇਰਾਂ ਨੂੰ ਭਿਉਂ ਭਿਉਂ ਕੇ ਜਾਣਾ। ਚੋਰਾਂ ਨੂੰ ਆ ਕੇ ਹੈਰਾਨੀ ਹੀ ਘੇਰੇ ਅੰਤਾਂ ਦੀ ਮਿਹਰਾਂ ਦਾ ਭੇਤੀ ਹੋ ਔਣਾ ! ਘੁੰਡ ਵਿਚ ਜੋਬਨ ਨੂੰ ਸਮਝਣ ਵਾਲਾ ਮਿੱਠਾ ਜਿਹਾ ਕੋਈ ਭਰਮ ਨਿਆਣਾ- ਸੰਗੀਤਾਂ ਦੇ ਜਾਦੂ ਦੇ ਪਹਿਰੇ 'ਚ ਆਇਆ ਕਾਇਨਾਤ ਹਨ੍ਹੇਰੇ ਨੂੰ ਲੱਗੇ ਅੰਞਾਣੀ। ਕਾਲੀਏ ਰਾਤੇ ਮੈਂ ਬਾਰੀ 'ਚ 'ਚ ਬੈਠਾ ਮੈਂ ਤੀਵੀਂ ਦੇ ਅੰਗਾਂ ਦੇ ਸੁਪਨੇ ਪਛਾਣਾਂ। ਮੈਂ ਦਿਲ ਦੀਆਂ ਲਹਿਰਾਂ ਨੂੰ ਮੁੱਠੀ 'ਚ ਘੁੱਟਾਂ ਮੈਂ ਤੀਵੀਂ ਦੇ ਅੰਗਾਂ ਦਾ ਰਾਜ਼ ਨ ਜਾਣਾਂ। ਅੰਗਾਂ ਦੀ ਮਹਿਕ ਤਾਂ ਬਕਬਕੀ ਤੱਤੀ ਕਾਮ-ਤ੍ਰਿਸ਼ਨਾ 'ਚ ਜੀਵਨ ਮੈਂ ਮਾਣਾਂ। ਰਾਤੇ ਮੈਂ ਤੈਂਡਿਆਂ ਰਾਹਾਂ ਦਾ ਭੇਤੀ ਮੀਹਾਂ 'ਚ ਭਿੱਜੇ ਮੈਂ ਸਾਹਾਂ ਨੂੰ ਚੁੰਮਾਂ। ਰੂਹ ਦੇ ਪਤਾਲਾਂ ਦੇ ਭੇਤਾਂ ਨੂੰ ਦੱਸਣ ਮੇਰੀ ਇਹ ਬਸਤੀ 'ਚ ਆਏ ਨੇ ਦੂਰੋਂ ਮੈਂ ਯਾਰਾਂ ਦੇ ਕਾਸਿਦ ਦੇ ਰਾਹਾਂ ਤੇ ਵਿਛਿਆ ਮੈਂ ਉਸਦੀ ਪਛਾਣੀ ਏ ਨਜ਼ਰ ਹੀ ਦੂਰੋਂ। ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ ਮੇਰੀ ਵੀ ਸੋਹਣੀ ਦਾ ਕਾਲਾ ਏ ਬਾਣਾ। ਨ੍ਹੇਰੇ ਦਾ ਲੱਖਾਂ ਝਨਾਵਾਂ ਤੋਂ ਅੱਗੇ ਲੱਖਾਂ ਹੀ ਵਰ੍ਹਿਆਂ ਦਾ ਬ੍ਰਿਛ ਪੁਰਾਣਾ- ਵਸਦਾ ਏ ਜਿੱਥੇ ਕਿ ਸੁੱਤੀ ਉਹ ਸੋਹਣੀ ਪਹਿਰਾ ਕੋਈ ਦਿੰਦਾ ਏ ਨਾਗ ਸਤਾਣਾ। ਫੁੰਕਾਰਾ ਜੋ ਮਾਰੇ ਮੈਂ ਜਾਨ ਨਾ' ਲਾਵਾਂ ਸੁੱਟ ਮਣੀ, ਨ ਉਹ ਚੁੱਕੇ ਨਿਤਾਣਾ। ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ ਪਾਣੀ ਦੇ ਜੌਬਨ 'ਚ ਸਾਂਵਲਾ ਸਾਵਨ। ਹੋਈ ਭੱਜ ਗਗਨ ਦੇ ਪਹਾੜਾਂ ਦੇ ਉਹਲੇ ਦੂਰ ਬੱਦਲੀ ਇਕ ਬਿਜਲੀ ਦੇ ਲਹਿੰਗੇ ਵਾਲੀ, ਚੱਲੀ ਏ ਯਾਰਾਂ ਦੀ ਖ਼ੈਰ ਮਨਾਵਣ। ਜੋਬਨ ਦੇ ਵਾਣ ਲੈ ਰਾਤ ਹੈ ਫਿਰਦੀ, ਹਿਜਰ ਦੀ ਨੀਂਦਰ ਦੀ ਅਲਖ ਮੁਕਾਵਣ। ਕੰਵਲਾਂ ਜਿਹੀ ਨੀਂਦਰ ! ਸ਼ੈਦਾਈ ਰਾਤਾਂ ! ਕੇਸਾਂ ਦੇ ਸੁੱਤੇ ਹੁਸਨ ਨੂੰ ਰੁਲਾਵਣ- ਧੂਹ ਧੂਹ ਕੇ ਕੇਸਾਂ ਦੀ ਸਾਰੀ ਜੁਆਨੀ ਕਾਲੀਆਂ ਰਾਤਾਂ ਤਾਂ ਕਹਿਰ ਕਮਾਵਣ। ਝਾਂਜੇ ਚਲੇ ਗਏ ਪਿਆਰੀ ਤੇ ਵਰ੍ਹ ਵਰ੍ਹ ਸੂਰਜ ਨ ਆਇਆ ਏ ਕੇਸ ਸੁਕਾਵਣ । ਤੇਰੇ ਤਾਂ ਜੋਬਨ ਦੀ ਸਾਰ ਨ ਮੈਨੂੰ ਮੈਂ ਹੰਝਾਂ ਦੇ ਪਾਣੀ ਨੂੰ ਆਇਆਂ ਸਤਾਵਣ। ਚਾਰਾ ਵੀ ਹੈ ਕੋਈ ਗ਼ਰੀਬਾਂ ਦਾ ਲੋਕੋ ਹਰਫ਼ ਨ ਲੱਭਣ ਤਾਂ ਅੱਥਰੂ ਆ ਜਾਵਣ। ਕਾਲੀਏ ਰਾਤੇ ਮੈਂ ਬਾਰੀ 'ਚੋਂ ਦੇਖਾਂ ਨ੍ਹੇਰੇ ਦੇ ਉੱਠਣ ਤੂਫ਼ਾਨ ਹਜ਼ਾਰਾਂ। ਇਉਂ ਬੇਮੁਹਾਰੇ ਫ਼ੌਜਾਂ ਦਾ ਚੜ੍ਹਨਾ ! ਕਿਹੜੇ ਇਹ ਦੇਸ਼ 'ਚ ਤੁਰੀਆਂ ਨੇ ਵਾਰਾਂ ? ਮੀਹਾਂ ਦੀ ਛੱਲਾਂ 'ਚ ਭਿੱਜਦੇ ਹੀ ਜਾਣਾ ਧੁੰਮ੍ਹ ਜਨੂੰਨ ਦੀਆਂ ਚੜ੍ਹੀਆਂ ਨੇ ਧਾੜਾਂ। ਕਿੱਥੇ ਕੁ ਰਣ ਜੀਨ੍ਹੇ ਖ਼ੂਨ ਨੂੰ ਪੀਣਾ, ਅੱਗ ਦੀ ਪੌਣਾਂ 'ਚ ਮੌਤ ਫੁੰਕਾਰਾਂ ? ਮਹਿਕਾਂ ਇਹ ਦੱਸਣ : ਕੋ ਰਾਖਸ਼ ਦੀ ਹੋਣੀ ਛਾਨਣੀ ਹੋ ਜਾਣਾ ਲੋਹ ਦੇ ਮੀਨਾਰਾਂ। ਤੈਂਡਿਆਂ ਨੈਣਾਂ 'ਚ ਤਾਰੇ ਦੇ ਪਾਣੀ ਰਾਤੇ ਨੀ ਸਾਹਾਂ 'ਚ ਲੱਖ ਹਬਕਾਰਾਂ। ਮੈਂ ਫੜਣ ਤੂਫ਼ਾਨਾਂ ਦੀ ਵਾਗਾਂ ਨੂੰ ਆਇਆ ਕਿਹੜੇ ਜੀ ਦੇਸ 'ਚ ਜਾਣਾ ਸੁਆਰਾਂ ? ਕਾਲਿਆਂ ਵੇਸਾਂ 'ਚ ਜਾਂਦੇ ਸਿਪਾਹੀਓ ਰਾਹਾਂ ੱਚ ਵਣ ਇਕ ਨਦੀਆਂ ਦੇ ਪਾਰਾਂ- ਉੱਤਰ ਵੱਲ ਕਰ ਪੈਹਾ ਕਿ ਜਿੱਥੇ, ਟੂਣੇਂ ਕਰੇਂਦੀਆਂ ਸੋਹਣੀਆਂ ਨਾਰਾਂ। ਪੈਹੇ ਦੀ ਹੱਦ ਨੂੰ ਚੁੰਮ ਕੇ ਜਾਣਾ ਡੂੰਘਿਆਂ ਪਿੰਡਾਂ ਚ ਮੋੜ ਮੁਹਾਰਾਂ। ਸਿਪਾਹੀ ਹੋ ਦੇਖਣ ਨੂੰ ਦਿਲ ਦੇ ਸੌਦਾਗਰ ਦੇਣੀਆਂ ਸਾਂਵਲ ਨੂੰ ਸਾਡੀਆਂ ਸਾਰਾਂ। ਸਾਵਣ ਦੀ ਯਾਦਾਂ 'ਚ ਲੱਖਾਂ ਛਲਾਵੇ ਝਲਕ ਕੇ ਲਹਿਰਾਂ 'ਤੇ ਛਿਪਣ ਬਹਾਰਾਂ।
10. ਲੂੰਆਂ
ਠੰਢੇ ਸਾਗਰਾਂ ਦੇ ਸੁਪਨੇ ਲੈਂਦੀਆਂ, ਲੂੰਆਂ ਆਈਆਂ ਫੁੱਲਾਂ ਦੇ ਘਾਟ ਵੇ । ਵੇ ਇਹ ਰੰਗਾਂ ਦੇ ਚਸ਼ਮੇ ਤੇ ਆਣ ਕੇ, ਬਣ ਗਈਆਂ ਨੇ ਕੈਸ ਦੀ ਜ਼ਾਤ ਵੇ । ਵੇ ਇਹ ਜਾਣਨ ਨ ਜਾਣਨ ਨ ਕਮਲੀਆਂ ਰੁੱਠੇ ਸੱਜਨਾਂ ਦੇ ਸੀਨੇ 'ਚ ਖਾਰ ਵੇ । ਵੇ ਇਹ ਤੱਤੀਆਂ ਦੇ ਪੈਂਡੇ ਅੰਦਰਾਂ, ਮੌਤ ਖੋਲੇਗੀ ਸਿਵਿਆਂ ਦੇ ਬਾਰ ਵੇ । ਧੀਆਂ ਚੱਲੀਆਂ ਵੈਰਾਗਨਾਂ ਤੱਤੀਆਂ ਪਾ ਬਾਬਲ ਦੇ ਦੇਸ਼ ਤੇ ਝਾਤ ਵੇ । ਸਾਜਨ ਠਾਰਸੀ ਹਿੱਕ ਨੂੰ ਕਿਸ ਤਰ੍ਹਾਂ ? ਪੀ ਕੇ ਚੱਲੀਆਂ ਨੇ ਸੂਰਜ ਦੀ ਲਾਟ ਵੇ । ਲੂੰਆਂ ਲੰਘੀਆਂ ਸਰੋਵਰਾਂ ਕੋਲ ਦੀ ਜਾਗੇ ਪਾਣੀ ਦੇ ਸੈਆਂ ਹੀ ਘੁੱਟ ਵੇ । ਛੰਭ ਵਾਜਾਂ ਹੀ ਰਹੇ ਬਸ ਮਾਰਦੇ ਤੱਤੀ ਧਰਤ ਦੇ ਅੰਙਨਾ ਉੱਠ ਵੇ । ਲੂੰਆਂ ਕਪੜੇ ਮੈਲੇ ਪਾ ਚਲੀਆਂ, ਰਾਹ ਵਿੱਚ ਚੰਨ ਦੀ ਆਉਣੀ ਏਂ ਰਾਤ ਵੇ । ਕਿਰਨਾਂ ਧੋਬਨਾਂ ਕਰਨਗੀਆਂ ਖੜਕ ਉੱਠ ਭਰੇ ਨੀਂਦਰਾਂ ਗੰਧਾਂ ਦੇ ਘਾਟ ਵੇ । ਨੀਲਮ ਦੇਸ ਦੀ ਜੂਹ ਵੀ ਝਲਕਦੀ ਪੀਤੀ ਲੂੰਆਂ ਨੇ ਰੱਜ ਪ੍ਰਭਾਤ ਵੇ । ਨਾਪਿਆ ਨਿੱਕੀ ਜਹੀ ਹਿੱਕ ਵਿੱਚ ਯਾਰ ਨੂੰ ਭਰੀ ਨਾਚਾਂ ਦੇ ਨਾਲ ਉਂਘਲਾਟ ਵੇ । ਪੰਛੀ ਚੰਨ ਦਾ ਅੰਬਰੀਂ ਉੱਡਿਆ ਤੱਕਨ ਆਇਆ ਸੁਹਾਗ ਦੀ ਰਾਤ ਵੇ । ਸਾਗਰ ਲਹਿਰਾਂ ਦੀ ਜੀਭਾਂ ਨਾ' ਬੋਲਿਆ ਹੋਈ ਗੀਤਾਂ ਵਿੱਚ ਇਸ਼ਕ ਦੀ ਬਾਤ ਵੇ । ਲੂੰਆਂ ਗਰਭ ਦੀ ਦਾਤ ਲੈ ਚੱਲੀਆਂ ਭਰਨ ਪੇਕਿਆਂ ਵੱਲ ਉਲਾਂਘ ਵੇ । ਸੁਆਗਤ ਸੱਜਨ-ਨਿਸ਼ਾਨੀਂ ਦਾ ਕਰਨ ਲਈ ਚਮਕਣ ਬਿੱਜਲੀਆਂ ਸੁਪਨਿਆਂ ਵਾਂਗ ਵੇ ।
11. ਪਹਾੜਾਂ ਦੀ ਵੇਦਨਾ
ਪਹਾੜਾਂ ਦੀ ਵੇਦਨਾ ਪੋਹ ਦੇ ਗਗਨ 'ਤੇ ਤ੍ਰੇਲਾਂ ਦੇ ਵਹਿਣ ਕੂੰਜਾਂ ਦੀ ਵਾਜ ਤੇ ਕੰਬਨ- ਪਹਾੜਾਂ ਦੇ ਹੰਝੂ ਊਸ਼ਾ ਦੀ ਲਾਲੀ ਤੋਂ ਖਿੱਚੇ ਗਏ ਗਗਨ ਤੇ ਅਜ਼ਲਾਂ ਦੇ ਵਾਂਗੂੰ, ਪਹਾੜ ਕੂੰਜਾਂ ਬਣ ਆਏ ਨੀਂਦ ਵਿੱਚ ਜਿੰਦੇ ਕੰਵਲ ਬਣੇ ਤਿਰੀ ਨੀਂਦ ਵਿੱਚ ਰਾਗ ਦੇ ਸੰਗਮ । ਕੀ ਸੁਣੇ ? ਕੀ ਦਿੱਸੇ ? ਪੋਹ ਦੀ ਰੁੱਤੇ ਕਿਸ ਕਾਲ ਦੇ ਕਿਨਾਰਿਆਂ ਉੱਤੇ 'ਟਿਕ ਟਿਕ' ਕਰ ਰਿਹਾ ਤੇਸਾ ਪਹਾੜੀਆਂ ਉੱਤੇ- ਝੋਲੀਆਂ ਗਗਨਾਂ ਦੀਆਂ ਟਸਕ ਪਈਆਂ ਊਸ਼ਾਵਾਂ ਰੋਂਦੀਆਂ ਫ਼ਰਿਹਾਦ ਦੇ ਸਿਰ ਤੇ- 'ਟਿਕ ਟਿਕ' ਲਹਿੰਦੀ ਹੀ ਜਾਂਦੀ ਡੂੰਘ-ਡੂੰਘਾਣੀਂ, ਝੀਲ ਵਿੱਚ ਕਿਸੇ ਨਹਿਰ ਦੀ ਜਾਗ ਖੁੱਲ੍ਹੇ ।
12. ਲਾਸ਼
ਕੁੱਲੀ ਦੇ ਭੜ੍ਹਦਾਏ ਨ੍ਹੇਰੀਂ ਲਾਸ਼ ਪਈ ਇਕ ਖੋਈ, ਚਲੇ ਗਏ ਲੱਖਾਂ ਹੀ ਤਾਰੇ ਕਹਿ : ‘ਏਥੇ ਨਾ ਕੋਈ' ਹਿਸੀ ਪਰਤ ਦੀਆਂ ਮੰਜ਼ਲਾਂ ਲੰਘਦੇ ਆ ਗਏ ਰਾਹੀ ਪਿਆਸੇ, ਝਾਤ ਜਹੀ ਪਾ ਤੁਰਦੇ ਹੋਏ ਤਪੇ ਥਲਾਂ ਜਿਉਂ ਕਾਸੇ। ਨ੍ਹੇਰ ਦਾ ਕਾਲਾ ਪੰਜਾ ਰੱਖੀ ਗਹਿਰਾਂ ਵਾਂਗ ਪਹਾੜਾਂ ਲਾਸ਼ ਦੀ ਹਿੱਕ ਨੂੰ ਦੱਬੀ ਖੜੀਆਂ ਖਿਚਿ ਜੱਲਾਦ-ਕਟਾਰਾਂ। ਨੀਰ-ਵਿਹੂਣੇ ਪਾਟੇ-ਤ੍ਰੇੜੇ ਛੰਭ ਤੇ ਮਿਰਗ ਵੈਰਾਗੀ, ਆ ਕੇ ਚਲਾ ਗਿਆ ਸੰਞਾਂ ਨੂੰ ਅੰਤਮ ਵਾਰ ਤਿਆਗੀ। ਪੀਲੇ ਭੂਕ ਬ੍ਹੋੜ ਦੀ ਟੀਸਿਉਂ ਵੇਂਹਦੀ ਗਿਰਝ ਉਜਾੜਾਂ, ਫਫੇਕੁਟਣ ਧੌਣ ਖਿੱਚ ਬੈਠੀ ਸੂਰਜ ਛਿਪਦੇ ਸਾਰਾਂ। ਹੰਝੂ ਦੀ ਕੰਬਨੀ ਜਹੇ ਹੌਕੇ ਭਰ ਵੇਦਨਾ ਕੋਈ, ਕਿਸੇ ਅੰਤਲੇ ਰਾਹੀ ਦੇ ਸੰਗ ਤੁਰੀ ਓਦਰੀ ਹੋਈ। ਲਾਸ਼ ਦੇ ਅੰਦਰ ਜਾਗ ਰਹੇ ਨੇ ਲਹਿਰ ਲਹਿਰ ਦੇ ਪਾਣੀ ਟਪਰੀਵਾਸਾਂ ਵਾਂਗੂੰ ਘੁੰਮਦੀ ਰਗ ਰਗ ਵਾਜ ਪਛਾਣੀ। ਫਿਰ ਵੀ ਕੋਈ ਦਰਦ-ਵਿਹੂਣਾਂ ਹੱਸਦਾ ਕਫ਼ਨਾਂ ਵਾਲਾ। ਸੁੱਕਿਆਂ ਪੱਤਰਾਂ ਦੇ ਵਿਚ ਤਣਦਾ ਇਕ ਮਟਮੈਲਾ ਜਾਲਾ। ਲਾਸ਼ ਦੇ ਅੰਦਰ ਵਗਣ ਵਗਣ ਪਏ ਸੈ ਜਨਮਾਂ ਦੇ ਪਾਣੀ; ਜੋ ਪਰਦੇਸੀ ਡਾਢੇ ਸੱਜਨਾਂ ਕਦੇ ਅਮਾਨਤ ਜਾਣੀ। - - - - - - - - - - - ਬੇਪਰਵਾਹ ਸਾਂਵਲਾ ਜਾਂਦਾ ਅਜਬ ਰੁੱਤ ਦਾ ਸੁਆਮੀ। ਅੱਡੀਆਂ ਬਾਹੀਂ ਵੱਲ ਉਡਾ ਗਿਆ ਜੁਗਨੂੰ ਵਾਂਗ ਜੁਆਨੀ। ਰੁੱਤਾਂ ਵਾਲੇ ਦੇ ਪੋਟੇ ਦੀ ਛੋਹ ਤਾਰੇ ਜਹੀ ਹੋਈ। ਪਿੱਛੇ ਕਿਸੇ ਨੈਣ ਵਿੱਚ ਵਿਲਕੇ ਮਹਿਕ ਨਿਆਣੀ ਕੋਈ। ਉਮਰ ਉਮਰ ਦੇ ਅੱਥਰੂ ਦੀ ਇੰਞ ਸ਼ੂਨ ਕੰਬਨੀ ਜਾਣਨ, ਡੁੱਬਦੇ ਸੂਰਜ ਦੇ ਕਿੰਗਰੇ ਤੇ ਮੁਕਦੇ ਮੁਕਦੇ ਚਾਨਣ। ਵਿਸਰ ਗਏ ਦੋ ਭਿਖਿਆ ਮੰਗਦੇ ਨੈਣ ਅਰਜ਼ ਦੇ ਮਾਰੇ। ਘੱਟ ਨੂਰ ਦਾ ਭਰਕੇ ਛਾਵੇਂ ਮੰਜ਼ਲੀਂ ਭੁੱਲ ਗਏ ਪਿਆਰੇ। ਕਿਸੇ ਸਿਤਾਰੇ ਦੇ ਵੱਲ ਵੇਂਹਦੇ ਨੈਣ ਚਮਕ ਕੇ ਰੋਏ। ਉਮਰਾਂ ਬੀਤ ਗਈਆਂ ਇੰਞ ਸਿਰ ਤੋਂ ਚਾਨਣਾ ਵਾਲੇ ਖੋਏ। ਕੁੱਝ ਰਾਹਾਂ ਦੀ ਰਾਖੀ ਕਰਕੇ ਪਹਿਰੇਦਾਰ ਗ਼ਰੀਬਾਂ। ਰੋਂਦਿਆਂ ਜਮ ਦੇ ਕੰਧੇ ਲੱਦੀਆਂ ਉਮਰਾਂ ਦੀਆਂ ਉਡੀਕਾਂ। ਲਾਸ਼ ਦੇ ਸਿਰ ਤੇ ਨਹੀਂ ਅੱਜ ਚੜ੍ਹਿਆ ਡੁਬਕੀ ਲਾ ਇਕ ਤਾਰਾ; ਜਿਸਦੇ ਚਾਨਣ ਦੇ ਵਿਚ ਭਰਿਆ ਨੀਰ ਸਰਾਂ ਦਾ ਨਿਆਰਾ। ਚਾਨਣ-ਬਸਤੀ ਉਜੜੇ ਨ੍ਹੇਰੋਂ ਪੰਛੀ ਦੱਸੇ ਜਾ ਕੇ : “ਨ੍ਹੇਰਾ ਦੂਰ ਜਿਹਦੀ ਰਗ ਅੰਦਰ ਵਗੇ ਨ ਚਾਨਣ ਆ ਕੇ।” ਕੀੜਾ ਨਿਕਲ ਰੁੱਡ 'ਚੋਂ ਸੋਚੇ : “ਕਿਸ ਮਹਿਕ ਵੱਲ ਜਾਵਾਂ ? ਲਾਸ਼ ਦੇ ਨੈਣਾਂ ਦੇ ਵਿੱਚ ਜੀਵੇ ਕਿਸ ਯੁਗ ਦਾ ਪ੍ਰਛਾਵਾਂ ?"
13. ਰੂਹਾਂ ਦਾ ਪਹੁਫਟਾਲਾ
(1) “ਜ਼ਾਲਿਮਾ ਚਾਂਦਨੀ ਵਗੀ, ਚਾਂਦਨੀ ਉੱਠੀ ਕਾਲੀ ਮੇਘ ਜਹੀ ਪਹਾੜ ਦੀ ਟੀਸੀ ਤੋਂ। ਬਣਿਆਂ ਚੰਨ ਕੋਲ ਸਿਤਾਰਿਆਂ ਦਾ ਅੱਖਰ ਨੂਰ ਨੇ ਭਿਉਂ ਦਿਤੇ ਵਣਾਂ ਦੇ ਪੱਤਰ— ਜਾਗ ਪਰਦੇਸੀਆ, ਕੋਈ ਆਇਆ ਪਹਾੜਾਂ ਤੇ। ਮਿੱਟੀ 'ਚ ਲਿਟੀਆਂ ਬੁੱਢਿਆਂ ਨਾਗਾਂ ਦੇ ਵਾਂਗੂੰ ਅਧਖੜ ਵਣਾਂ ਦੀ ਤਪਸ਼ ਹੇਠ ਬਰਸਾਂ ਤੋਂ ਥੱਕੀਆਂ ਜੜਾਂ ਕੀ ਜਾਣਨ ਕਿ ਅੰਮ੍ਰਿਤ ਨੇ ਕਿਸੇ ਪਲ ਰਾਖ-ਰੰਗੀ ਮੌਤ ਪੀ ਜਾਣੀ ਹੈ। ਧਸੇ ਧਰਤੀ 'ਚ ਬਿਰਖਾਂ ਦੇ ਬੇ-ਜਾਨ ਫੇਫੜੇ ਕੋਹਾਂ 'ਚ ਮਿੱਟੀ ਦਾ ਮੁਰਦਾ ਹੈ ਵਿਛਿਆ; ਕੌਣ ਜਾਣੇ ? ਉਹਨਾਂ ਨੂੰ ਦੂਰ ਦੀ ਦੁਨੀਆ 'ਚੋਂ ਕਾਲਿਆਂ ਮੇਘਾਂ ਨਾ' ਉੱਡਦੀ ਚਿੱਟਿਆਂ ਹੰਸਾਂ 'ਚ ਘੁੰਮਦੀ ਸਖੀ ਲਗਰਾਂ ਦੀ ਹਰੀ-ਭਰੀ ਨੇ ਚੁੰਮਨਾ ਤੇ ਡੁਲ੍ਹਣਾ ਉਸ ਸੋਹਣੀ ਸਮੀਰ ਦੇ ਨੈਣੀਂ— ਉੱਠ ਜ਼ਾਲਿਮਾ, ਕੋਈ ਆਇਆ ਪਹਾੜਾਂ ਤੇ।” ਨੀਂਦ ਖੁਲ੍ਹੀ, ਮੈਂ ਕਿਹਾ : ‘ਵਤਨ ਨੂੰ ਪਰਤਾਂ ਪੀ ਚਲਾਂ ਇਸ ਕੰਵਲ ਤੋਂ ਹੀ ਨੀਰ ਦੀ ਚੂਲੀ ਇਸ ਉਮਰ ਦੀ ਨੀਂਦ ਤੇ ਛਾਂ ਰਹੀ ਜ੍ਹੀਦੀ। ਦੂਧ ਕੰਵਲ ਦੇ ਅੰਗਾਂ ਦਾ ਚਾਨਣਾ ਲੈ ਕੇ ਸਿੰਜੀ ਨੀਂਦ ਜੁਆਨੀ ਦੀ ਸੋਹਣੀਆਂ ਤ੍ਰੇਲਾਂ।... ਕ੍ਰੋਧ ਖਿੰਘਰ ਜਿਹਾ ਬਣ ਹੱਡਾਂ 'ਚ ਸੁੱਤਾ ਬੋਲ੍ਹਾ ਅੰਦਰੋਂ ਬਾਹਰੋਂ, ਫ਼ਕੀਰ ਦੇ ਸੀਸ ਨੂੰ ਭੰਨਣ ਜੋ ਸੀ ਰਿੜ੍ਹਿਆ ਕਹਿਰ ਵਿਚ ਸੁੱਕੀ ਪਹਾੜੀ ਤੋਂ; ਸੋਹਣੇ ਕੰਵਲ ਕੋਲੋਂ ਬਖ਼ਸ਼ਿਸ਼ਾਂ ਨੈਣਾਂ ਦੀਆਂ ਪਾਈਆਂ ਉਸ ਗ਼ਰੀਬ ਪੱਥਰ ਨੇ ਮੰਨ ਕੇ ਭੁੱਲਾਂ ਤੇ ਵੈਰਾਗ ਦੇ ਪਾਣੀ ਵਗੇ ਨੀਂਦ ਦੇ ਰਾਹਾਂ ਵਿੱਚ... ਜਾਂ ਚੰਨ ਦੇ ਕੰਢੇ ਲਹਿਰਾਂ ਕੰਬੀਆਂ ਤੇ ਘੁਲੀ ਮੇਰਿਆਂ ਹੱਡਾਂ 'ਚ ਸੈਆਂ ਪਹਾੜਾਂ ਦੀ ਨੀਂਦ- ਤਾਂ ਪੈਂਡੇ ਮਾਰ ਕੇ ਬਰਫ਼ਾਂ ਦੀ ਚਾਂਦਨੀ ਪਿਆਰੀ ਆਈ ਅਜਨਬੀ ਬਣ ਕੇ ਕੰਵਲ ਦੇ ਦੁਆਰੇ ਤੇ।... ਉਸ ਦੇ ਪੈਂਡੇ ਦੇ ਜਾਦੂ ਛਿਣ ਲਏ ਜੀਵੇਂ ! ਅਰਸ਼ਾਂ ਨੂੰ ਛੂੰਹਦੇ, ਠੰਡੀਆਂ ਪੌਣਾਂ 'ਚ ਤਰਦੇ ਅਰਸ਼ਾਂ ਦੇ ਰੰਗ ਹਿੱਲੇ ਰੂਹਾਂ ਦੇ ਦੇਸ- ਲਾਲੀ ਨਦਰ ਦੀ ਟਿਕੀ ਰਹੀ ਜਿੰਦ 'ਤੇ ਜੀਵੇਂ ! ਕਾਫ਼ਲੇ ਤੁਰਦੇ ਰਹੇ ਤੇਰੀ ਦੁਨੀਆ ਤੋਂ ਆ ਕੇ ਯੁਗਾਂ ਪਹਿਲਾਂ ਕੰਵਲ ਤੂੰ ਜਾਦੂ ਛਿਣੇ ! ਵਤਨ ਨੂੰ ਪਰਤਾਂ ਰਾਤ ਹੈ ਲੰਮੀ ਅੱਧੀ ਰਾਤ ਮੈਂ ਜੋਗੀ ਦੇਸ ਜਾ ਆਖਾਂ : “ਜਾਗ ਕਿ ਨਦੀਆਂ ਦੇ ਨਵੇਂ ਰਾਹ ਮੈਂ ਲੱਭੇ ! ਜਾਗ ਕਿ ਵਣਾਂ ਵਿਚ ਤੇਰੇ ਸੰਤ ਮੈਂ ਦੇਖੇ ! ਹਵਾਏ ਜਗਾ ਨੀ ਸੁੱਤੇ ਕਬਰ ਵਿਚ ਹਾਣੀ ਆਖ ਕਿ ਤੁਸਾਂ ਦਾ ਆਇਆ ਅਜਬ ਹੀ ਬੇਲੀ।” ਪੀ ਚਲਾਂ ਇਸ ਕੰਵਲ ਤੋਂ ਨੀਰ ਦੀ ਚੂਲੀ ! ਗ਼ੁੱਸੇ, ਗਿਲੇ, ਹਿਰਸ, ਪਾਪ ਨ ਮੋਏ ! ਜੀਣ ਸੁਫਨੇ ਦੀ ਜਲੀ ਮਿੱਟੀ ਦੇ ਵਾਂਗੂੰ। ਤ੍ਰਿਸ਼ਨਾਵਾਂ ਤੇ ਭਲਾ ਰੂਹ ਕਿਉਂ ਰੌਸ਼ਨ ਹੈ ? ਜੜ੍ਹਾਂ ਬੁੱਢੀਆਂ ਲੁਕਾ ਕੇ ਮਹਿਕਣ ਵਣ ਕਿਉਂ ਮੇਰੇ ? ਮਿੱਟੀ ਦੇ ਮੁਰਦੇ ਤੇ ਰੰਗਾਂ ਦਾ ਕਫ਼ਨ ਤਾਂ ਨਹੀਂ ਮੈਂਡੀ ਅੱਧੀ ਰੂਹ ਤੇ ਵਗਦਾ ਹਾਇ ! ਇਹਨਾਂ ਰੰਗਾਂ ਦਾ ਪਾਣੀ ! ਇਲਹਾਮ ਹੋਇਆ ਕਿਹੜੇ ਪਹਾੜਾਂ ਤੋਂ ? ਲਗਰਾਂ ਨੇ ਵੰਨ ਕੀਤੇ ਮਿੱਟੀ 'ਚੋਂ ਨਿਕਲਕੇ ਕਲੀਆਂ ਹੁੰਮ ਹੁਮਾਈਆਂ, ਕੰਵਲ ਦੇ ਦੁਆਲੇ- ਟੀਸੀਆਂ ਤੇ ਢਿਲਕੀਆਂ ਗੋਰੀਆਂ ਰਾਤਾਂ ਅੱਜ ਸਭਨਾਂ ਤ੍ਰੇਲਾਂ ਦੀ ਝੋਲ ਵਿਚ ਤਾਰੇ, ਹਾਇ ਮੈਂ ਭੁੱਲ ਗਿਆ ਨਦੀ ਦੇ ਕਿਨਾਰੇ। ਕਿੱਥੇ ਗਈ ਮੇਰੇ ਦੇਸ ਦੇ ਪਾਣੀ ਜੋ ਲਿਆਉਂਦੀ ? ਉਹ ਕੰਵਲ ਨਾ ਦੀਂਹਦਾ, ਜੋ ਪਹਿਰੇਦਾਰ ਸੀ ਮੇਰਾ, ਜਿੰਦ ਵਸੇ ਜਿਸ ਦੀ ਪਤਾਲ ਦੇ ਖੂਹਾਂ ਵਿੱਚ। ਜਾਣ ਨੱਸੇ ਰਾਜ ਕਰਿ ਵਣਾ ਵਿੱਚ ਬਰਸਾਂ ਉਹ ਨਾਗ ਹੰਕਾਰੀ, ਮਹਿਕ ਦੇ ਮਾਰੇ। ਵਣ ਜਿਵੇਂ ਕੰਵਲ ਬਣ ਪੈਰਾਂ ਤੇ ਝੁਕਿਆ ਉਹ ਜਾਣ ਨ ਦੇਂਦਾ, ਉਹ ਪੈਰਾਂ ਨੂੰ ਛੋਂਹਦਾ। ਚੰਨ ਜ਼ੋਰ ਕਰਦਾ, ਲਗਰਾਂ ਹਿੱਕ ਤੇ ਪਲਮਣ ਨੰਨ੍ਹੀਆਂ ਤ੍ਰੇਲਾਂ ਨੈਣਾਂ 'ਚ ਝਮਕਣ— ਹਾਇ, ਮੈਂ ਭੁੱਲ ਗਿਆ ਨਦੀ ਦੇ ਕਿਨਾਰੇ ! ਮੈਂ ਤੁਰਿਆ, ਕੁੱਝ ਕਦਮਾਂ ਤੇ ਸ਼ਾਖ ਹਿੱਲੇ ਢਿਲਕੇ ਜੂੜੇ ਜਹੀ, ਸਿਰੇ ਤੇ ਝੂੰਮਦਾ ਪੰਖੀ। ਚੰਨ ਦੀ ਰਗੜ ਵਜੇ ਅਰਸ਼ਾਂ ਤੋਂ ਆ ਪੰਖ ਦੀ ਸਫ਼ੈਦੀ ਹੋਰ ਵੀ ਚਮਕੇ। ਚੁੰਜ ਵਿਚ ਕਲੀ, ਨੈਣ ਸਨ ਉਡੀਕਦੇ ਮੈਨੂੰ।... ਨਜ਼ਰ ਦਾ ਡੰਗ ਮਾਰ ਮਿਰੇ ਲੁਕੇ ਪਾਪਾਂ ਤੇ, ਪ੍ਰਸੰਨ ਹੋ, ਤੱਕ ਲੁਕੇ ਰੰਗਾਂ ਨੂੰ ਪੁੱਛੇ : “ਮਿਰੇ ਰਾਗ ਨੇ ਜਗਾਇਆ ਹੁਣੇ ਤੂੰ ਜਾਪੇਂ” ਮੈਂ ਕਿਹਾ: “ਤੇਰੇ ਰਾਗ ਨੇ ਜਗਾਇਆਂ ਪਰ ਇਹ ਸਾਰਾ ਵਣ ਨਾਰ ਕਿਉਂ ਬਣਿਆਂ ! ਮਗ਼ਰੂਰ ਸ਼ਾਖਾਂ ਲਮਕੀਆਂ ਵੇਲਾਂ ਹੋ ਕਿਉਂ ? ਚੁਭਣ ਪੈਰਾਂ 'ਚ ਸੂਲਾਂ ਨਖਰਿਆਂ ਵਾਂਗੂੰ— ਪੌਣੀਂ ਸਾਹ ਨ ਰਹੇ ਸੂਰਜ ਦੇ ਕਿਉਂ ? ਜ਼ਰਦ ਉਲਝੇ ਸਿਰ ਨਾ ਰਹੇ ਬਿਰਖਾਂ ਦੇ ਵੱਡੇ ਕਰਦੇ ਸੀ ਜੋ ਮਿਟ ਰਹੇ ਸ਼ਾਹਾਂ ਦੇ ਵਾਂਗੂੰ ਲਗਰ ਦੀ ਕਲਗੀ ਸਜਾਉਣ ਦਾ ਮਾਣ ਫੋਕਾ। ਔਰ ਪੱਥਰ ਸੌਂ ਰਹੇ ਪਤਲੀਆਂ ਧਾਰਾਂ ਦੇ ਥੱਲੇ ਜਿਨ੍ਹਾਂ ਸੰਗ ਚਿਤਰੇ ਹਜ਼ਾਰਾਂ ਧਾੜ ਕੇ ਪਰਬਤਾਂ ਅੰਦਰ ਖ਼ੂਨੀ ਨਹੁੰਦਰਾਂ ਤਿੱਖੀਆਂ ਕਰਦੇ। ਹਾਥੀ ਚਿੰਘਾੜਣ ਤਾਂ ਜਿਹੜੇ ਚਿੰਘਾੜਣ ਅੱਜ ਉਹ ਪੱਥਰ ਅਰਾਧਨਾ ਨਾਰਾਂ ਦੀ ਕਰਦੇ। ਚਾਂਦਨੀ ਦੇ ਹੁਕਮ ਵਿੱਚ ਤੁਰ ਰਹੇ ਪਾਣੀ ਇਹ ਮੇਘ ਨੇ ਬੂੰਦਾਂ 'ਚ ਉੱਡਦੇ ਪਏ, ਰੂਹ ਦੀ ਅਨੰਤ ਛਾਂ ਥੱਲੇ ਨੀਂਦ ਪਈ ਅਜ਼ਲਾਂ ਦੀ, ਸੌਂ ਗਿਆ ਮੇਰਾ ਗੁੱਸਾ ਮਹਿਕ ਦੀ ਦੁਨੀਆ। ਹਾਇ ! ਨਿੰਦ੍ਰਿਆ ਗਏ ਮੇਰੇ ਸੂਰਮੇ ਬਾਣ ਮੇਰੇ ਬੋਲੀਂ ਘੂਕ ਨਾ ਗੂੰਜੇ ਸੰਘਰਸ਼ਾਂ ਦੀ। ਮੇਰੀ ਨਾੜਾਂ 'ਚ, ਮੇਰੀ ਲਹੂ-ਬੂੰਦਾਂ 'ਚ ਕਿਧਰੋਂ ਕਾਮ ਦਾ ਰਾਗ ਪਿਆ ਸੀਸ ਨੂੰ ਧਾਏ। ਨਾ ਜਾਣਾ ? ਕੰਵਲ ਦੀ ਛਾਂ ਵਾਲੇ ਠੰਢੇ ਬੈਕੁੰਠੀਂ ਕਦੋਂ ਜਾ ਗੂੰਜਣ ਤਾਨਾਂ ਬਰੀਕ ਇਹ। ਇਹ ਆਕਾਸ਼, ਇਹ ਸਿਤਾਰੇ, ਮੇਰੀ ਹਸਤੀ ਕਸਮ ਅੱਲਾ ਦੀ ਮੈਨੂੰ ਨਾਰ ਹੀ ਜਾਪਣ।” ਪੰਖੀ ਨੇ ਨਜ਼ਰ ਚੁੱਕੀ ਜਿਸ ਵਿਚ ਮਰਦ ਸੀ ਪੂਰਾ ਤੇ ਯੁਗਾਂ ਦੀ ਬਜ਼ੁਰਗੀ ਦੇ ਚਿੰਤਨ ਦਾ ਜਲਵਾ ਧਾਰਮਿਕ ਪੁਰਸ਼ਾਂ ਦੇ ਵਾਂਗੂੰ, ਬਾਬੇ ਦੀ ਵਾਜ ਵਿੱਚ ਪੁੱਛੇ : “ਕੌਣ ਹੈਂ ਤੂੰ ? ਕਿੱਥੋਂ ਹੈਂ ਆਇਆ ? ਬਹੁਤ ਬੋਲੇਂ, ਨਸ਼ੇ ਵਿਚ ਜੀਵੇਂ।” ਮੈਂ ਕਿਹਾ : "ਹੈਵਾਨ ਸਾਂ ਮੈਂ ਬਾਬਾ ਛੁਰੀਆਂ ਦੀ ਤਿੱਖੀ ਧਾਰ ਨਜ਼ਰ ਵਿੱਚ ਕਰਦਾ ਜੱਲਾਦ ਮੇਰੇ ਅੰਦਰ ਦਾ ਫ਼ਿਜ਼ਾ ਵਿਚ ਦੌੜੇ ਕੱਢਦਾ ਜਗਤ ਨੂੰ ਚੀਕ ਕੇ ਗਾਲ੍ਹਾਂ ਸੰਘਰਸ਼ ਵਿੱਚ ਮੈਂ ਗੂੰਜਣਾ ਚਾਹਿਆ; ਕੁੱਝ ਗੀਤਾਂ 'ਚ ਭਰੀ ਮੈਂ ਹਥੌੜੇ ਦੀ ਵਾਜ— ਪਰ ਯੁਗ ਦੇ ਸਿੱਥਲ ਅਭਿਮਾਨੀ ਰਾਜਿਆਂ ਵੱਲੋਂ ਜੱਲਾਦਾਂ ਦੇ ਖ਼ੂਨੀ ਤਪੇ ਨੈਣਾਂ ਦੇ ਵਿੱਚੋਂ ਇਕ ਅੱਗ ਆ ਕੇ ਮੇਰੀ ਹਸਤੀ 'ਚ ਮੱਚੀ। ਕਰੋਧ, ਘਿਰਣਾ, ਸ਼ੱਕਾਂ ਦੀ ਗਰਮ ਦਲਦਲ 'ਚੋਂ ਨਿਕਲ ਨਾ ਸੂਰਮਾ ਰਣਾਂ ਦਾ ਬਣਿਆਂ। ਆਤਮਾ-ਜਿਸਮ ਦੀ ਪੂਨਮ ਦੇ ਦੀਦ ਲਈ ਮੈਂ ਆਇਆ ਹਾਂ ਤਿਰੇ ਵਣਾਂ ਵਿੱਚ ਬਾਬਾ।” ਕਿਹਾ ਪੰਖੀ: “ਤੇਰੀ ਵਾਰਤਾ ਲੰਮੀ ਏ ਤੂੰ ਖ਼ੂਨਖਾਰ ਦੁਨੀਆ ਦੇ ਨਿੱਕਿਆਂ ਪਾਪਾਂ ਤੇ ਦਿਲਗੀਰ ਹੋ ਗਿਆ ਧਰਤੀ ਦੇ ਬੇਟਿਆ। ਇਹ ਵਣਾਂ ਵਿੱਚ ਆ ਤੂੰ ਰਿਸ਼ੀ ਵੀ ਬਣਿਆਂ; ਅਣਵਰ੍ਹੇ ਕਾਲੇ ਬੱਦਲਾਂ ਦੀ ਛਾਵੇਂ ਗਾ ਉੱਠਿਆ ਪੰਖੀਆਂ ਦਾ ਜਗਤ ਜਲੰਦਾ ਰੂਹਾਂ ਦੀ ਵੇਦਨਾ ਤਰਸ ਲਈ ਕੂਕੀ। ਭਿੰਨੀ ਰਾਤ ਵਿੱਚ ਜਾ ਰਹੇ ਅੱਲਾ ਦੇ ਪਿਆਰੇ ਇਲਹਾਮ ਦੀ ਬਾਣੀ ਘੋਲ ਗਏ ਨੀਂਦਰਾਂ। ਗੰਧ ਡੁਲ੍ਹੀ ਕੰਵਲ-ਛਾਵਾਂ 'ਚੋਂ ਜਗਤ ਦੇ ਫੁੱਲਾਂ ਦੀ ਸੀ ਨੀਂਦ ਤੇਰੀ ਸ਼ਾਂਤ ਮਹਾਂ ਸਾਗਰਾਂ ਵਰਗੀ। ਬਾਰੂਦ ਦਾ ਫਣ, ਹੋਂਦ ਵਿੱਚ ਸੁੱਤਾ ਹੈ ਭਾਵੇਂ ਡੂੰਘੇ ਖੂਹਾਂ ਦੇ ਰਾਜ਼ ਨੇ ਤੇਰੇ ਵਿੱਚ ਬੀਬਾ। ਅਮਲ ਦੀ ਗਰਜ ਨ ਸੁਣੀਂ ਤੂੰ ਦੁਨੀਆ ਦੇ ਅੰਦਰ ਤੈਂ ਰਾਹਾਂ ਤੇ ਦੈਵੀ ਨੂਰ, ਪਰ ਮੰਜ਼ਲ ਸੀ ਛੋਟੀ। ਤਿਰੇ ਚੰਦਰਮਾ ਹੇਠ ਰਾਹ ਹੋਰ ਵੀ ਨੇ ਸੋਹਣੇ, ਉਹ ਗਿਲਾ ਕਰਸੀ ਜਿਨੂੰ ਛੋਹ ਸਮਾਂ ਨਾਰੀ।” “ਕਿਨੂੰ ਛੋਹ ਸਮਾਂ ਨਾਰੀ ? ਹਾਂ, ਹਾਂ! ਸਾਂਵਲ ਬੁੱਤ ਹੈ ਦਿਸਿਆ ਕਾਲੀ ਮੇਘ ਜਹੀ ਪਹਾੜ ਦੀ ਟੀਸੀ ਤੋਂ।” ਇਕ ਨੈਣ ਦੀ ਪਲਕ ਕੰਬੀ ਕੁੱਝ ਸੋਚ ਕੇ ਡੂੰਘਾ ਪੰਖੀ ਏਸ ਪਲ ਹੋ ਗਿਆ ਹੋਰ ਵੀ ਸਿਆਣਾ : “ਬਰਸ ਬੀਤੇ, ਸਹਿਮ ਕੇ ਤਖ਼ਤ ਸੀ ਡੋਲੇ। ਰੌਲਾ ਪਿਆ ਰਾਜ ਵਿਚ : ਮਰੇ ਕੋਈ ਦੁਖੀਆ। ਜੀਣ ਲੱਗੇ ਭੈਅ ਵਿਚ ਪਹਾੜਾਂ ਦੇ ਪੱਥਰ ਵੀ— ਜ਼ਮੀਰ ਦੇ ਚੋਰ ਕਾਲੀਆਂ ਗੁਫ਼ਾਵਾਂ 'ਚ ਉਤਰੇ ਭੀੜੀਆਂ ਸੁਰੰਗਾਂ 'ਚ ਨੱਸੇ ਹੱਦ ਨੂੰ ਚਿਮਟੇ ਤਿਰੀ ਹੂੰਗਰ ਦੇ ਉਡਣੇ ਸੱਪ ਤੋਂ ਡਰ ਡਰ। ਕੁਰਲਾਟ ਦਾ ਹਥੌੜਾ ਵਜਦਾ ਰਿਹਾ ਦਿਨ-ਰਾਤ ਨੂੰ ਬਰਸਾਂ ਉਨੀਂਦਰੇ ਕੈਦੀ ਦੇ ਵਾਂਗ ਸਮਾਂ ਲੋਹਾ ਹੋ ਖੜਿਆ ! ਫਿਰ ਤੂੰ ਸੌਂ ਗਿਆਂ ਇਕ ਚਾਨਣੀ ਰਾਤੇ। ਨੀਂਦ ਤੇ ਛਾਂ ਰਹੀ ਇਕ ਕੰਵਲ ਦੀ ਬਰਸਾਂ ਦਿਲ ਜ੍ਹੀਦਾ ਡੁੱਬਿਆ ਸਿਤਾਰਿਆਂ ਦੇ ਪਾਣੀ। ਫਿਰ ਤੇਰੇ ਸਿਰ ਤੇ ਚੜ੍ਹ ਇਕ ਸਿਤਾਰੇ ਨੇ ਸੈਨਤਾਂ ਮਾਰੀਆਂ ਰਾਹੀਆਂ ਨੂੰ ਬਰਸਾਂ। ਇਕ ਕੰਕਰੀ ਰਾਹ ਕਿਸੇ ਵਾਦੀ ਨੂੰ ਜਾਂਦਾ ਬਾਰਾਂ ਮਹੀਨੇ ਕਰਨ ਜਿਸ ਤੇ ਟਾਹਲੀਆਂ ਛਾਵਾਂ, ਜਿਥੇ ਹਮੇਸ਼ ਜੜ੍ਹਾਂ ਵਹਿੰਦੇ ਪਾਣੀਆਂ ਨੂੰ ਪੀਂਦੀਆਂ। ਕੁੱਝ ਜੋਗਨਾਂ, ਕੁੱਝ ਫ਼ਕੀਰਾਂ ਦੇ ਨਾਲ ਉਸ ਰਾਹ ਤੇ ਸ਼ਹਿਰਾਂ ਨੂੰ ਛਡਿ ਸਾਂਵਲ ਨਾਰ ਇਕ ਚੱਲੀ। ਜਿਉਂ ਵੀ ਹੋਇਆ ਉਹ ਆਈ ਪਹਾੜ ਤੇ, ਸ਼ਰਮ ਛੋਹੀ ਜ਼ੁਲਫ਼ ਨੇ ਨੈਣਾਂ ਦੀ। ਚਾਂਦਨੀ ਦੇ ਘੁੰਘਟ 'ਚ ਸਮਾਂ ਸ਼ਰਮਾਵੇ ਵੀ, ਪੱਥਰ ਦਾ ਰਥ ਲਈ ਦੌੜਦਾ ਜਾਵੇ ਵੀ। ਤਦ ਮੈਂ ਜਾਣਿਆ ਤੇਰੀ ਹੂੰਗਰ ਨੂੰ ਸੁਣਕੇ ਉਹ ਸਮੇਂ ਦਾ ਅਣੂ ਸੀ ਕੰਕਰ ਹੋ ਡਿੱਗਾ ਜੋ ਤੇਰੇ ਵਣਾਂ ਦੀ ਨਿੱਕੀ ਜਹੀ ਥਾਂ ਅੰਦਰ— ਸਮਾਂ ਸਰਬ ਜ਼ਿੰਦਗੀ ਦੁਆਲੇ ਰੇਸ਼ਮ ਦੇ ਕੀੜੇ ਦੇ ਵਾਂਗੂੰ ਲਿਪਟਦਾ ਜਾਂਦਾ, ਲਿਪਟਦਾ ਜਾਂਦਾ।” (2) ਅਸੀਂ ਹੈਰਾਨੇ ਹੋ ਗਏ, ਭੇਦ ਨ ਜਾਣੇ ਦੋ ਇਸ ਆਲਮ ਵਿੱਚ ਸੁਣੀ ਨ, ਇਹੋ ਜਿਹੀ ਕੰਨਸੋਅ। ਸ਼ਾਖ ਭਰੀ ਸੀ ਭਰ ਗਈ, ਨਾਲ ਨਵੀਂ ਖ਼ੁਸ਼ਬੋ ਸੰਗਮਰਮਰੀ ਪੰਖ 'ਚੋਂ, ਖਿੜੀ ਕੰਵਲ ਦੀ ਲੋਅ। ਮੈਂ ਕਿਰਨਾਂ ਤੇ ਵਾਰ ਕੇ, ਵੇਦਨ-ਅੱਥਰੂ ਕੋਅ ਬਾਹਾਂ ਕਰਕੇ ਕਿਸੇ ਵੱਲ, ਮਾਰੀ ਵਾਜ ਖਲੋ : “ਕਲੀਆਂ ਚੁੰਮ ਕੇ ਆਈਆਂ, ਸੱਤ ਅਰਸ਼ਾਂ ਤੋਂ ਜੋ ਅੱਜ ਤਾਂ ਸੋਹਣੇ ਹੱਥ ਨਾ,' ਰਿਸ਼ਮਾਂ ਦੇਵੋ ਧੋ। ਝੋਕ ਜਿੰਦ ਦੀ ਅੰਦਰਾਂ, ਫੁੱਲ ਮੈਂ ਲਏ ਲੁਕੋ ਕਾਲੀ ਜ਼ੁਲਫ਼ 'ਚ ਲਵੋ ਜੀ, ਲੱਖਾਂ ਰੰਗ ਪਰੋ। ਕੀ ਬਰਫ਼ਾਂ ਵੱਲ ਜਾਵਣਾ, ਸਦਾ ਹੀ ਸੁੱਤੀਆਂ ਜੋ ਜਾਦੂਗਰਨੀ ਨਦੀ ਵਿਚ, ਜ਼ੁਲਫ਼ਾਂ ਦੇਵੋ ਡੁਬੋ।" ਮੇਰੀ ਲੰਮੀ ਵਾਜ ਦਾ, ਲੰਮਾ ਪੈਂਡਾ ਜੋ ਯੁਗ ਯੁਗ ਉਸ ਤੇ ਉੱਡਣਗੇ, ਲੱਖਾਂ ਪੰਛੀ ਰੋ। ਉੱਡਦੇ ਉੱਡਦੇ ਵੇਹਣਗੇ, ਹਰ ਪਰਬਤ ਤੇ ਉਹ ਤੁਰਸ਼ ਝਰੀਟ ਆਵਾਜ਼ ਦੀ, ਪਿਆਰ ਮੇਰੇ ਦਾ ਰੋਹ। ਮੈਂ ਪੰਖੀ ਵੱਲ ਵੇਖਿਆ, ਨਜ਼ਰਾਂ ਦੇ ਵਿੱਚ ਖੋਹ, ਕੁੰਡ ਬਹਿਸ਼ਤਾਂ ਵਾਲੜੇ, ਬੂੰਦ ਨ ਦੇਂਦੇ ਕੋ। ਜਾਪੇ ਉਸ ਨੇ ਪੰਖ ਨੂੰ, ਚਿੱਟੀ ਅਗਨ ਡੁਬੋ ਬਰਸਾਂ ਹੀ ਸੀ ਰੱਖਿਆ, ਥਲ ਜਿੱਤਣ ਲਈ ਕੋ। ਇਕ ਦੂਰ ਦੀ ਨਦੀ ਦੀ, ਪਿਆਸ ਉਹਦੀ ਵਿੱਚ ਖੋਹ ਘਾਟ ਜ੍ਹੀਦੇ ਤੇ ਜਾਣ ਲਈ, ਤਿਆਰ ਰਿਹਾ ਸੀ ਹੋ। “ਕਿਸ ਅਰਸ਼ਾਂ ਦੇ ਪਰਬਤੋਂ, ਨੀਰ ਰਹੇ ਨੇ ਚੋਅ, ਦੱਸੀਂ ਪੰਖੀ ਮੈਂਡਿਆ, ਜੂਹ ਦਿਲਬਰ ਦੀ ਉਹ। ਕਿਉਂ ਸਮੇਂ ਵਿਚ ਭਰ ਗਿਆ, ਰੂਪਮਤੀ ਦਾ ਮੋਹ ? ਤੇ ਪੱਥਰ ਦਾ ਰਥ ਵੀ, ਕਿਉਂ ਰੂਪ ਸਮੇਂ ਦੇ ਦੋ ?” (3) ਲੂੰਅ ਮੈਲੀ ਦੇ ਅੰਦਰਾਂ, ਚਿੱਟੇ ਪੰਖ ਲੁਕੋ, ਇੱਕੋ ਪਲ ਵਿੱਚ ਗਿਆ ਸੀ, ਪੰਖੀ ਬੁੱਢਾ ਹੋ। ਉਸਦੀ ਫੈਲੀ ਨਜ਼ਰ ਸੀ, ਜਿਉਂ ਥਿੜਕੀ ਹੋਈ ਡਾਟ, ਜਿੱਥੇ ਫੱਟੇ ਦੁੱਧ ਜਿਉਂ, ਸਮਾਂ ਗਿਆ ਸੀ ਪਾਟ। ਕਹੇ : “ਤਪੇ ਹੋਏ ਯੋਜਨਾਂ, ਉੱਡਦਾ ਜਾਂਦਾ ਸਾਂ, ਪਈ ਤਪੰਦੇ ਪੰਖ ਤੇ, ਸਾਂਵਲ ਬੁੱਤ ਦੀ ਛਾਂ। ਮਨ ਦੀ ਫ਼ਿਜ਼ਾ 'ਚੋਂ ਬਰ੍ਹਸਿਆ, ਠੰਡਾ ਬੱਦਲ ਕੋ ਕਿਥੇ ਕੁ ਚਿੱਟਾ ਚੰਦ੍ਰਮਾ, ਰਿਹਾ ਅਰਸ਼ ਨੂੰ ਧੋ ? ਮਾਨਵ-ਕਰਮ ਚੋ ਸਮਾਂ ਸੀ, ਮੇਘ ਨਾਦ ਦੇ ਵਾਂਗ ਤੀਰ-ਤੇਗ ਲੈ ਧਾੜ੍ਹਿਆ, ਮਾਰ ਜਗਤ-ਰਣ ਚਾਂਗ। ਕੁਲ ਹਿਮਾਲਾ ਦੀ ਜੀਏ! ਜਿੱਥੋਂ ਸਮੇਂ ਦੀ ਛੋਹ, ਹਿਰਦੇ ਬੁੱਧ ਦੇ ਉਤਰਕੇ, ਅਮਰ ਗਈ ਸੀ ਹੋ। ਅੱਜ ਸਮੇਂ ਦੀ ਬਚੜਿਆ, ਹੋਰ ਹੋਰ ਸੀ ਛੱਬ, ਰੂਪਮਤੀ ਦੇ ਦੇਸ ਵਿੱਚ, ਦਿੱਸਿਆ ਚਾਨਣ ਰੱਬ।” ‘ਹੋਂਦ ਸਮੇਂ ਦੀ ਜਾਣ ਲਈ, ਕੀ ਪੰਖੀ ਜੀ ਤੈਂ ? ਜੇ ਸਮਝੋ ਤਾਂ ਦੱਸ ਦਿਉ, ਵਤਨ ਨੂੰ ਜਾਣਾ ਮੈਂ।' “ਮਨ ਦੀ ਫ਼ਿਜ਼ਾ 'ਚੋਂ ਲੰਘਦੀ”, ਪੰਖੀ ਕਹੇ "ਤਾਰੀਖ ਭਾਰੀ ਪਰਬਤ ਵਾਂਗ ਜੋ, ਕੇਸਾਂ ਜਹੀ ਬਾਰੀਕ। ਝਿੰਮ ਝਿੰਮ ਕਰਦੀ ਆਤਮਾ, ਅਣੂ ਅਣੂ ਦੀ ਲੋਅ ਅੱਲਾ ਜਾਣੇ ਪਹੁੰਚਦੀ, ਕਿੱਥੇ ਕਿੱਥੇ ਖ਼ੁਸ਼ਬੋ। ਅਮਲ ਅਣੂ ਤੋਂ ਪਾਰ ਵੀ, ਹੁੰਦਾ ਭੈਅ ਵਿੱਚ ਕੰਬ, ਓਸ ਅਮਲ ਦਾ ਕੋਈ ਵੀ, ਰੂਪ ਚਿਹਨ ਨ ਰੰਗ- ਉਸ ਕੰਪਨ ਤੱਕ ਸਮੇਂ ਦੀ, ਜਾਂਦੀ ਹੈ ਸ਼ਾਹ ਰਗ, ਆਏ ਓਥੋਂ ਨਿਕਲ ਕੇ, ਏਸ ਜਗਤ ਵਿੱਚ ਵਗ। ਮਾਦੇ ਤੋਂ ਮਾਨੁੱਖ ਤੱਕ, ਚਾਨਣ ਦੇ ਪਰਵਾਰ, ਕਿਤੇ ਦਾਗੀ, ਕਿਤੇ ਧੁੰਦਲੇ, ਕਿਤੇ ਦੇਣ ਚਮਕਾਰ। ਜਿੱਥੇ ਚਾਨਣ ਜ਼ੋਰ ਹੈ, ਤਿੱਥੇ ਅਮਲ ਚੇਤੰਨ, ਸਮਾਂ ਤੁਰੇਂਦਾ ਬਾਲਕੇ, ਕੰਦਰਾ ਦੇ ਵਿੱਚ ਚੰਨ। ਛੁੱਟੇ ਅਮਲ ਚੋਂ ਚਾਨਣਾ, ਪਾ ਟੁਟਦੇ ਤਾਰੇ ਮਾਤ ਦੇਸ ਦੇਸ ਵਿਚ ਉੱਡਦੀ, ਅਮਲ ਵਿੱਚੋਂ ਹੀ ਰਾਖ਼। ਮਾਦੇ ਤੋਂ ਮਾਨੁੱਖ ਤੱਕ, ਉਡਿ ਵਿੰਗੇ-ਤਿੱਖੇ ਰਾਹ ਪਸ਼ੂ ਤੋਂ ਚੇਤਨ ਦੇਵਤਾ, ਬਣਦਾ ਰਿਹਾ ਸਦਾ। ਬੁੱਤ ਬੰਦੇ ਦਾ ਆਖ਼ਰੀ, ਜਿਸ ਵਿਚ ਫਟਦੇ ਨੂਰ, ਜੋ ਮੈਲੇ ਹੋ ਥੱਕਦੇ, ਹੋ ਕੇ ਸਮੇਂ ਤੋਂ ਦੂਰ। ਰੂਹ ਬੰਦੇ ਦੀ ਘਿਸਰਦੀ, ਜਿਉਂ ਕੁਈ ਜ਼ਖ਼ਮੀ ਸੱਪ, ਫਿੱਕੀ ਰੂਹ ਵਿਚ ਉੱਗਦੀ, ਨਿਰੀ ਮਿੱਟੀ ਦੀ ਅੱਖ। ਫਿਰ ਜ਼ਿਮੀਆਂ ਦੀ ਮਾਲਕੀ, ਫਿਰ ਖ਼ੂਨਾਂ ਦੇ ਖ਼ੂਨ ! ਫਿਰ ਛਬੀਆਂ ਵਿੱਚ ਚਿਲਕਦਾ, ਹੌਂਕ ਬੇਅਕਲ ਜਨੂੰਨ । ਜਦ ਵੀ ਰਾਖਸ਼ ਆਇਆ, ਨ ਸਮੇਂ ਵਿੱਚ ਲੋਅ ਝੁਕੀ ਹੈ ਕਮਰ ਗ਼ੁਲਾਮ ਦੀ, ਜਲੇ ਈਰਖਾ-ਰੋਹ। ਉਸ ਵੇਲੇ ਫਿਰ ਅਣੂੰ ਤੋਂ, ਪਾਰ ਦਾ ਜਿਹੜਾ ਸੇਕ, ਦਿੰਦਾ ਆ ਕੇ ਦੂਰ ਤੋਂ, ਲਹੂ-ਬੂੰਦ ਨੂੰ ਛੇਕ। ਤਦ ਮਾਨਸਰੋਵਰ ਝੀਲ ਤੇ, ਕਾਸਦ ਪਹੁੰਚੇ ਆ ਸਿਖਰ ਹਿਮਾਲਾ ਰਿਸ਼ੀ ਕੁਈ, ਦੇਵੇ ਸੰਖ ਵਜਾ। ਜਾਂਦੇ ਤੱਤੀ ਤਵੀ ਤੇ, ਠੰਢੇ ਸਾਗਰ ਛਾ ਤੁਰ ਪੂਰਬ ਤੇ ਸੰਤ ਕੁੱਲ, ਨੈਣ ਠਾਰਦੇ ਆ। ਤਦ ਹੇਮਕੁੰਟ ਨੂੰ ਜਾਣਦੇ, ਦੁਨੀਆ ਦੇ ਕਿਰਸਾਨ ਤਦ ਮਹਿਲਾਂ ਵਿਚ ਪਹੁੰਚਦੀ, ਬਰਫ਼ਾਂ ਦੀ ਮੁਸਕਾਨ। ਤਦ ਖੰਡੇ ਵਿਚ ਘੂਕਦੀ, ਬੱਜਰ-ਚੀਰ ਘੁੰਘਾਰ, ਕੱਚੀ ਗੜ੍ਹੀ ਚੋਂ ਸੱਕਦੀ, ਸ਼ਾਹਾਂ ਨੂੰ ਵੰਗਾਰ। ਨੇਕੀ ਬਦੀ ਦਾ ਹੋ ਰਿਹਾ, ਜਗਤ-ਤਮਾਸ਼ਾ ਜੋ, ਉਸ ਵਿਚ ਆਪਣੇ ਅਮਲ ਨੂੰ, ਦੇਂਦਾ ਸਮਾਂ ਸਮੋ। ਬੰਨ੍ਹੀ ਸਮੇਂ ਨੇ ਕੁਦਰਤਾਂ, ਹਸਤੀ ਅਮਰ ਸਦੀਵ, ਮਾਨਵ ਜਿਸ ਦੇ ਸੱਚ ਨੂੰ, ਜਾਣੇ ਹਸ਼ਰਾਂ ਤੀਕ। ਕੁਦਰਤ ਲੰਮੇ ਰਾਜ ਵਿੱਚ, ਪਰਚਮ ਸਮੇਂ ਦਾ ਜਾਣ; ਜਿਸ ਦੇ ਤੇਜ ਨੂੰ ਦੱਸਦੇ, ਨਦੀਆਂ ਅਤੇ ਤੂਫ਼ਾਨ। ਸੱਚ ਕੁੱਝ ਲੋਕੀਂ ਆਖਦੇ, ਕੁਦਰਤ ਨੂੰ ਦਰਬਾਰ ਜਿਸਦੇ ਅੰਦਰ ਸੋਭਦੀ, ਨੇਕੀ ਦੀ ਸਰਕਾਰ।” “ਸੱਚ ਓ ਪੰਖੀ ਪਿਆਰਿਆ, ਵਤਨਾਂ ਨੂੰ ਮੈਂ ਜਾ, ਵਿੱਥਿਆ ਸੱਚ ਦੀ ਜੁਗਤ ਵਿੱਚ, ਦੇਵਾਂਗਾ ਵਰਤਾ। ਹੁਣ ਤਾਂ ਜਿੰਦ 'ਤੇ ਢੋਂਵਦੀ, ਸਾਗਰ ਪੁਰੇ ਦੀ ਵਾ, ਕਿਸੇ ਯਾਰ ਦੀ ਮਹਿਕ ਅੱਜ, ਜ਼ਾਲਮ ਰਹੇ ਲੁਕਾ। ਲੁਕ ਧ੍ਰੁਵਾਂ ਦੀ ਬਰਫ਼ ਵਿੱਚ, ਕੰਬੇ ਪਈ ਤਰੰਗ ਦੱਸੋ ਹੁਣ ਤਾਂ ਜਿੰਦ ਤੇ, ਟੂਣਾ ਕਰਦੇ ਰੰਗ। ਕੁਝ ਤਾਂ ਦੱਸੋ ਹੰਸ ਜੀ, ਨਸ਼ਿਆਂ-ਭੁੱਲੀ ਉਹ ਧ੍ਰੁਵ ਰੈਣਾਂ ਤੋਂ ਡੂੰਘੜੀ, ਲੁਕੇ ਨੀਰ ਦੀ ਸੋਅ ਲੈ ਗਈ ਜਿੰਦ ਨੂੰ ਖਿੱਚਕੇ, ਧ੍ਰੁਵ ਤਾਰੇ ਤੇ ਜੋ। ਹਾਇ ਤੂੰ ਜਿੰਦ ਨੂੰ ਮਾਰ ਨ, ਲੁਕ ਕੇ ਨ੍ਹੇਰ ਦੀ ਕੁੰਟ, ਪਾਣੀ ਸੰਗ ਨ ਰੋੜ੍ਹ ਤੂੰ, ਯੋਗੀ ਦਾ ਬੈਕੁੰਠ। ਅੰਤ-ਅਨੰਤ 'ਚ ਛਲਕਦੇ, ਤਿਲਕਣ ਬਣ ਸ਼ਮਸ਼ੀਰ, ਪੱਕੇ ਨੱਕੇ ਸਿਤਾਰਿਆਂ, ਦੇ ਰੋਕ ਨਾ ਸਕਣ ਨੀਰ। ਪੁਰਾ ਉਡੰਦਾ ਜਾਂਵਦਾ, ਘੁੰਮਦੇ ਤਾਰੇ ਖਿੱਚ, ਹਰ ਚਾਨਣ ਦੀ ਠੰਢ ਨੂੰ, ਓਸ ਪੁਰੇ ਦੇ ਵਿੱਚ: ਰਹੀ ਧ੍ਰੁਵਾਂ ਤੋਂ ਆਂਵਦੀ, ਲੈ ਰੈਣਾਂ ਦੇ ਰਾਜ਼, ਸਾਗਰ ਉੱਤੇ ਉਡਦਿਆਂ, ਹੰਸਾਂ ਦੀ ਆਵਾਜ਼। ਕੂਲਾਂ-ਨੀਂਦ ਲੈ ਪੁਰੇ ਵਿੱਚ, ਫਿਰਦੇ ਮਧੁਰ ਸ਼ਲੋਕ, ਛਾਵਾਂ ਚਾਂਦਨੀ ਵਾਲੀਆਂ, ਝੁਲਦੀ ਠੰਢੜੀ ਝੋਕ। ਜਿਹੜੀ ਸੋਹਣੀ ਅਸਾਂ ਤੇ, ਗਿਲੇ ਨੇ ਕਰਨੇ ਲੱਖ ਹਾਲ ਓਸ ਦਾ ਪੰਖੀਆ, ਸਾਨੂੰ ਤੇ ਕੁਝ ਦੱਸ।” ਪੰਖੀ ਬੋਲੇ : "ਮਿਲੇਗੀ, ਵਤਨਾ ਨੂੰ ਤੂੰ ਜਾ, ਉਹ ਤਾਂ ਹਰ ਇਕ ਨਦੀ ਦੇ, ਜਾਣੇ ਲੰਮੜੇ ਰਾਹ।” (4) ਤਾਰਾ-ਵਣ 'ਚੋ ਨਿਕਲੀਆਂ, ਲੰਮੀਆਂ ਪੌਣਾਂ ਗਾ ਪੱਤਿਆਂ ਕੋਲੋਂ ਪੁੱਛਦੀਆਂ, ਸੈ ਮੁਲਕਾਂ ਦੇ ਰਾਹ। ਵਣ ਦੇ ਪੱਤੇ ਡੰਗਦੀ, ਪੰਛੀ ਦੀ ਆਵਾਜ਼, ਲੱਖ ਵਰ੍ਹੇ ਦੀ ਚੁੱਪ 'ਚੋਂ, ਜਿਉਂ ਕੁਈ ਨਿਕਲੇ ਰਾਜ਼। ਮਾਰੇ ਪਈ ਕਿਲਕਾਰੀਆਂ, ਮਿੱਟੀ ਸਕੇ ਨ ਉੱਡ ਸਾਡੇ ਪੰਖ ਨ ਸੋਹਣਿਆਂ, ਕੂਕਣ ਸੱਭੇ ਯੁਗ। ਤੂੰ ਮਹਿਕੰਦੇ ਚੰਬਿਆ, ਰਾਹਾਂ ਵਿੱਚ ਨ ਆ, ਮੈਨੂੰ ਵਤਨ ਦੀ ਨਦੀ ਤੇ, ਯਾਰ ਮਿਲਣ ਦੇ ਚਾਅ। ਨਦੀ ਵਤਨ ਦੀ ਚੜ੍ਹੀ ਹੈ, ਘਾਹ ਵਿੱਚ ਮਹਿਕ ਬਣੀ, ਚਾਨਣ ਵਿੱਚੋਂ ਨਿਕਲਕੇ, ਕੰਢੜੇ ਪਵੇ ਕਣੀ। ਜੋਗੀ ਵਾਂਗੂੰ ਧਾਰ ਲਈ, ਜਿਵੇਂ ਅਨੰਤਾਂ ਚੁੱਪ, ਨਦੀ ਵਗੇਂਦੀ ਸਮੇਂ ਤੋਂ, ਬ੍ਰਿਛਾਂ ਦੇ ਵਿੱਚ ਲੁਕ ਙ ਮੈਂ ਪਾਣੀ ਵਲ ਵੇਖਿਆ, ਪਾ ਜਿੰਦਾਂ ਤੇ ਸੰਞ, ਲਾਲੀ ਚਿੱਟੇ ਚਾਨਣੇ, ਛਿਪ ਛਿਪ ਜਾਵੇ ਕੰਬ। ਜਿੰਦ-ਸੰਞ ਵਿੱਚ ਨਾ ਉੱਡੇ, ਦਰਮਾਂਦਾ ਬੇਚੈਨ, ਸੁੰਞ ਦਾ ਪੰਛੀ ਕਟਣ ਲਈ, ਉਦਰੇਵੇਂ ਦੀ ਰੈਣ। ਕੁਲ ਚਾਨਣ ਨੂੰ ਨਜ਼ਰ ਭਰਿ, ਘੁੱਟ ਤਾਰਿਆਂ ਦੇ ਅੰਗ, ਮੈਂ ਇਸ ਸੁੱਤੀ ਨਦੀ ਤੋਂ, ਕੁੱਝ ਨ ਸਕਿਆ ਮੰਗ। ਸੰਤ ਪੌਣ ਜਿਉਂ ਗੁਜ਼ਰਦੇ, ਰੱਬ ਦਾ ਮੰਦਰ ਜਾਣ, ਭਰੀ ਜਲਾਂ ਦੇ ਨਾਲ ਜਿਉਂ, ਮਿੱਠੀ ਨਦਰ ਜਹਾਨ। ਸਾਗਰ ਤਕ ਕੁਰਲਾਟ ਪਾ, ਕਣੀਆਂ ਕਣੀਆਂ ਚਾ, ਰੱਖੇ ਜਿਵੇਂ ਪਪੀਹਾਂ, ਜਲ ਦੇ ਕੁੰਡ ਲੁਕਾ। ਰੱਖੇ ਠੰਢਾ ਦੇਸ਼ ਇਹ, ਨੈਣ ਜਿਵੇਂ ਵੀ ਮੁੰਦ ਦੂਰ ਦੇ ਰਣ ਚੋਂ ਆਣ ਪਰ, ਸੁਣੇ ਢੋਲ ਦੀ ਰੁੰਗ। “ਸੁਤੀਏ ਨਦੀਏ ਵੇਖ ਲੈ, ਫੁੱਲਾਂ ਦਿੱਤੀਏਂ ਲੱਦ ਕੀਤੀ ਗੀਤਾਂ ਛਾਨਣੀ, ਹਰੀ ਤੇਰੀ ਸਰਹੱਦ।” : ਹੇਕ ਲਾਈ ਅਲਬੇਲੜੇ, ਉਹ ਬਿਰਖਾਂ ਤੋਂ ਪਾਰ ਹੱ ਥਾਂ ਅੰਦਰ ਛਲਕਦੇ, ਤੋੜੇ ਜਾਮ ਹਜ਼ਾਰ। ਰਾਜ ਸੁੰਞ ਵਿੱਚ ਚਾਨਣੇ, ਜਿਉਂ ਖੂਹਾਂ ਦੇ ਨੀਰ ਲੰਘਿਆ ਮੋਰ ਦੀ ਵਾਜ ਦਾ, ਕੰਦਰਾਵਾਂ ਚੋਂ ਤੀਰ। *** ਮੇਰੀ ਜਿੰਦ ਤੇ ਪਿਆ ਕੁੱਝ, ਆ ਚਾਨਣ ਦਾ ਜ਼ੋਰ, ਮਾਰੀ ਕੁੱਲ ਸਿਤਾਰਿਆਂ, ਰਲ ਮਿਲ ਕੇ ਚਿਲਕੋਰ। ਮੈਂ ਪਿੰਡਾਂ ਦੀ ਜੂਹ ਨੂੰ, ਰਾਹੀ ਮਿਲਿਆ ਹੋ, ਜਿਸ ਦੇ ਮੱਥੇ ਵਣਾਂ ਨੇ, ਗੱਲ ਲਿਖੀ ਸੀ ਕੋਅ। ਬੁੱਤ ਕੰਧਾਂ ਦੇ ਨਿਸਰਦੇ, ਕੀ ਚਾਨਣ ਦੇ ਰੰਗ। ਪਾ ਪਾ ਪਿੰਡ ਚੋਂ ਲੰਘਿਆ, ਫਿੱਕੇ ਚੋਲੇ ਚੰਦ। ਪੌਣ ਕਿਨਾਰੇ ਗਗਨ ਵਿੱਚ, ਖਿੜਿਆ ਤਾਰਾ ਡੁੱਬ, ਕਾਮਧੇਨ ਦੇ ਕੁੰਡ ਚੋਂ, ਭਰੇ ਕਮਲ ਵਿਚ ਦੁੱਧ। ਅੱਜ ਪੁਲੀਆਂ ਤੇ ਮਿਲਣਗੇ, ਕਿਧਰੋਂ ਸਾਜਨ ਦੋ ਧੋਂਦੇ ਨਦੀ ਤੇ ਰਾਤ ਨੂੰ, ਤਾਰੇ ਰੋ ਰੋ ਲੋਅ। ਪਹੁ ਫੁਟੀ ਮੈਂ ਜਾਣਿਆਂ, ਦਰਦ ਕਰੇਂਦਾ ਕੌਣ ? ਛੱਡਣ ਆਈ ਦੂਰ ਤਕ, ਵਣਾਂ ਦੇ ਵਿੱਚੋਂ ਪੌਣ। ਲਾਈ ਸਮਾਧੀ ਨਦੀ ਨੇ, ਉਸ ਪੱਥਰ ਨੂੰ ਧੋ ਅਨੰਤ ਧ੍ਰੁਵਾਂ ਤੋਂ ਫੁੱਟਿਆ, ਕੰਵਲ ਚਾਨਣਾ ਹੋ। ਉਜਲੇ ਨੈਣਾਂ ਵੇਖਿਆ, ਕਿਵੇਂ ਸਵੇਰਾਂ ਲੰਘ ਧਾਹ ਕੇ ਜਿੰਦ ਨੂੰ ਚੰਬੜੇ, ਪੰਧ ਨਦੀਆਂ ਦੇ ਸੰਗ। ਉਸਦੇ ਚਿੱਟੇ ਚਰਨ ਤੇ, ਸਭ ਤਾਰਿਆਂ ਤੇ ਛਾ ਝੁਲ ਝੁਲ ਝਾਂਝੇ ਊਂਘਦੇ, ਰੈਣ-ਵਣ ਕੰਪਾ। ਕਰ-ਕਮਲ ਜੀ ਕੰਬ ਗਏ, ਉਹ ਸ਼ਰਮਾਈ ਰੋ, ਆਵੇ ਉਸਦੇ ਹੁਸਨ ਚੋਂ, ਜਨਮ ਜਨਮ ਦੀ ਸੋ। ਉਹ ਚਾਨਣ ਤੇ ਡਿੱਗੀਆਂ, ਨਜ਼ਰਾਂ ਮੀਂਹ ਜਿਉਂ ਪੁੰਨ, ਜਿਥੇ ਉੱਠ ਪਤਾਲ ਚੋਂ, ਵਾਜਾਂ ਹੋਈਆਂ ਗੁੰਮ। ਹੱਥ ਉਹਦੇ ਕੁਈ ਸ਼ੈ। ਪਥਰੀਂ ਸੁੱਤੇ ਜਲਾਂ ਦੀ, ਸੁਰਗ ਪੁਰੀ ਵਿੱਚ ਰਹਿ ਜਲ-ਰੈਣਾਂ ਤੋਂ ਕੂੰਜ ਉਸ, ਪੰਕਜ ਲਏ ਸੀ ਲੈ। ਜਿੱਥੇ ਰਾਤਾਂ ਕਾਲੀਆਂ ਬਹਿਣ ਸੋਹਣੀਆਂ ਹੋ ਜਿੱਥੇ ਸੂਰਜ ਚੜ੍ਹੇ ਨਾ, ਬਿਨ ਤਾਰਿਆਂ ਦੀ ਲੋਅ; ਜਿੱਥੇ ਉਸ ਦੇ ਦੇਸ਼ ਚੋਂ, ਲੁਕਦੀ ਆਏ ਸਮੀਰ, ਖੂਹਾਂ ਦੀਆਂ ਸੈ ਮੰਜ਼ਲਾਂ, ਲੰਘ ਕੇ ਆਵੇ ਨੀਰ। ਓਸ ਨੀਰ ਸੰਗ ਬੱਝਿਆ ਇਕ ਸਰਵਰ ਦਾ ਮੁੱਢ ਕਥਾ ਨੀਰ ਦੀ ਚਲੀ ਹੈ, ਨਵੀਂ ਨਵੀਂ ਹਰ ਯੁੱਗ, : “ਗਈਆਂ ਤ੍ਰੇਲਾਂ ਭਰਮਕੇ, ਵਿਚ ਪਹਾੜਾਂ ਡੁੱਬ ਪੱਥਰ ਸਰਾਪੇ ਸੱਖਣੇ, ਠੰਢੇ ਹੋਏ ਯੁਗ।” ਬੰਸ ਤਾਰਿਆਂ ਦੇ ਯੁਗ-ਰੈਣੀ, ਸਿਖਰ ਪਹਾੜਾਂ ਕੰਬ ਚੜੇ ਛਿਪੇ ਇਸ ਤਾਲ ਤੇ, ਲਾ ਨਸ਼ਿਆਂ ਨੂੰ ਅੰਗ। ਜਿਸ ਜਲ ਰਾਤਾਂ ਡੂੰਘੀਆਂ, ਜਿਸ ਜਲ ਡੂੰਘੇ ਰਾਜ਼ ਉਸ ਜਲ ਵਿੱਚੋਂ ਸਮੇਂ ਨੇ, ਮਾਰੀ ਉਹਨੂੰ ਆਵਾਜ਼। ਮੇਰੀ ਜਿੰਦ ਦੇ ਸਾਗਰੀਂ, ਦੀਵੇ ਹੋ ਗਏ ਗੁੱਲ ਨ੍ਹੇਰ ਪਿਆ, ਤੇ ਥਾਂ ਥਾਂ, ਦਰਦ ਗਏ ਸੀ ਰੁਲ। ਅੱਥਰੇ ਬੋਲ ਜੁਆਨੀਆਂ, ਗਏ ਜ਼ੁਲਫ਼ਾਂ ਜਿਉਂ ਖੁੱਲ੍ਹ, ਅਦਬ ਮੈਂ ਕੀਤੇ ਦੁਨੀ ਵਿੱਚ, ਜੋਬਨ ਦੇ ਘਰ ਭੁੱਲ। ਸਰਕੰਢਿਆਂ ਤੇ ਦੂਰ ਤੋਂ, ਨ੍ਹੇਰੀ ਵਾਂਗ ਤਰੰਗ, ਵੱਜਦੀ ਪੱਥਰ ਤੋੜ ਕੇ, ਮਰ ਕੁਰਲਾਉਂਦੇ ਡੰਗ। ਰੋ ਕੇ ਵਾਜਾਂ ਮਾਰਦੇ, ਤਾਰੇ ਯੁਗਾਂ ਤੋਂ ਤੰਗ, ਹੰਝ ਦੇ ਚਾਨਣ ਕਸਕਦੇ, ਦਮਕਣ ਉਸ ਦੇ ਅੰਗ। ਮਿੱਠ-ਭਰਮੀ ਪਈ ਭਰਮਦੀ, ਅੰਤ ਨਾ ਜਾਣੇ ਉਹ। ਕੀ ਵਸ ? ਹਰ ਇਕ ਰਾਹ ਤੇ, ਤ੍ਰਬਕ ਰਹੀ ਸੀ ਲੋਅ। ਮੈਂ ਤਰਲਾ ਕਰ ਆਖਿਆ: “ਤੁਸੀਂ ਕੌਣ ਗਏ ਆ ? ਮੈਨੂੰ ਆਪਣਾ ਆਖ ਕੇ, ਜ਼ਰਾ ਜਾਵੋ ਸ਼ਰਮਾ।" ਉਸ ਨੇ ਨਦੀ 'ਚ ਵੇਖ ਕੇ, ਪੁਛ ਲਏ ਉਸ ਦੇ ਪੰਧ ਉਹ ਬੋਲੀ ਤਾਂ ਹੋ ਗਏ, ਚੇਤਨ ਚੇਤਨ ਅੰਗ- “ਮੁਦਤਾਂ ਹੋਈਆਂ ਚੰਦਰਮਾ, ਮੈਨੂੰ ਲਿਆ ਲੁਕਾ ਜਿਉਂ ਜਿਉਂ ਸੂਰਜ ਚੜ੍ਹੇ ਜੀ, ਮੈਂ ਜਾਵਾਂ ਲਜਿਆ।" ਅੰਬਰਾਂ ਦੇ ਵਿੱਚ ਫੈਲੀਆਂ, ਬਰਫ਼ਾਂ ਬਣ ਕੇ ਰੁੱਤ, ਚਿੱਟੀ ਘੁੱਘੀ ਪੌਣ ਰਹੀ, ਬਿਹਬਲ ਬਿਹਬਲ ਘੁੱਟ। ਹੰਸਾਂ ਵਰਗੀ ਦੇਹ ਲੈ, ਬਹਿਣਾ ਨਦੀਆਂ ਕੋਲ ਪਾਣੀ ਸਾਹਮੇਂ ਓਸਨੇ, ਜ਼ੁਲਫ਼ਾਂ ਦਿੱਤੀਆਂ ਖੋਲ੍ਹ। ਮੈਂ ਉਸ ਦੇ ਹਰ ਅੰਗ ਤੇ, ਵਾਰਨ ਲਈ ਜਿੰਦ ਕੁੱਲ, ਹਮਰਾਹੀ ਇਕ ਉਮਰ ਦੇ, ਮੰਜ਼ਲਾਂ ਤੇ ਗਿਆ ਭੁੱਲ। “ਕਿਹੜੇ ਮੁਲਕੋਂ ਆਈ ਹੈਂ, ਕੂੰਜ ਜਹੀ ਨੀ ਤੂੰ ? ਸਦਾ ਤੋਂ ਕੱਲੀ ਹੋਣ ਦਾ, ਉਦਰੇਵਾਂ ਧਰਤੀ ਨੂੰ। ਤੂੰ ਆਈ ਜਦ ਘਾਟ ਤੇ, ਚੜਿਆ ਸਫ਼ਰ ਦਾ ਯੁਗ ਨੱਸੀ ਵਿੱਚ ਪਗ-ਡੰਡੀਆਂ, ਕਮਲੀ ਰਮਲੀ ਬੁੱਧ। ਸੁੰਞੇ ਰਾਹ ਵਣਾਂ ਦੇ ਲੱਖਾਂ, ਤੈਂਡੇ ਪਗਾਂ ਨੂੰ ਚੁੰਮ੍ਹ, ਟੂਣਾ ਕਰਕੇ ਪੌਣ ਤੇ, ਕਿਧਰੇ ਹੋ ਗਏ ਗੁੰਮ। ਤੈਂਡੇ ਦਰ ਤੇ ਸੁੱਤੀਆਂ, ਰੁੱਤਾਂ ਵਿਚ ਉਡੀਕ, ਸੰਝਾਂ ਪਾ ਪਾ ਜਾਣਗੇ, ਪੰਛੀ ਹੰਝੂਆਂ ਤੀਕ। ਪਰ ਇਹ ਵੀ ਤੂੰ ਜਾਣਦੀ, ਹੁਸਨ ਜਾਂ ਆਉਂਦੇ ਉੱਠ, ਭਰੇ ਵੇਦਨਾ ਜਿੰਦੜੀ, ਹੌਕਾ ਜਾਂਦਾ ਟੁੱਟ ਙ ਖੰਭ ਜਿੰਦ ਦੇ ਫੜਕਦੇ, ਰੋਹੀਆਂ ਹੇਠ ਉਦਾਸ, ਜਲਾਂ ਥਲਾਂ ਵਲ ਵੇਖਦੀ, ਵਿਲਕ ਮੰਗੇ ਧਰਵਾਸ। ਉਸ ਵਣ ਨੂੰ ਵੀ ਜਾਣਕੇ, ਵੇਦਨ ਜਾਂਦੀ ਹੰਭ, ਜਿਸ ਵਣ ਵਾਜਾਂ ਮਾਰਦੇ, ਕੋਇਲਾਂ ਵਾਂਗੂੰ ਰੰਗ। ਲੁਕ ਕੇ ਗਾਈ ਵੇਦਨਾ, ਅੱਧੀ ਰਾਤ ਦੀ ਹਿੱਕ, ਮੈਂ ਜੋਗੀ ਨੇ ਜਾਣ ਲਈ, ਵਣਾਂ ਵਣਾਂ ਦੀ ਸਿੱਕ। ਸੋਚਾਂ ਸੋਨ-ਸਵੇਰ ਨੂੰ, ਕੀ ਮੈਂ ਪਾਇਆ ਵਣ, ਦਇਆ ਕਰੋ ਜੀ ਦਰਾਂ ਤੇ, ਮਰ ਵਰਸਣਗੇ ਘਣ। ਭੈਅ ਦੇ ਸਾਗਰ ਡੂੰਘੜੇ, ਕਿਤੇ ਨ੍ਹੇਰ ਵਿੱਚ ਵਾਸ, ਆਈ ਮਹਾਂ ਭੁਚਾਲ ਚੋਂ, ਹੋ ਇਕ ਪੌਣ ਉਦਾਸ। ਪਰਬਤ ਜਹੀਆਂ ਬਰਕਤਾਂ, ਹੇ ਮੇਘਾਂ ਜਿਹੇ ਹੱਥ, ਜੇ ਥੋਡੇ ਅਸਮਾਨ ਵਿਚ, ਝੋਲ ਜਾਣ ਦਿਉ ਵੱਸ।” (5) ਕੰਧੀ ਹੁਸਨ ਦੀ ਚਾਨਣੇ, ਗਏ ਮੇਘ ਜਿਉਂ ਘੁੱਲ, ਕੰਬੇ ਪੱਤਰ ਵਣਾਂ ਦੇ, ਮਹਿਕਾਂ ਜਾਵਣ ਰੁੱਲ। ਪਿਆਰ-ਬਿਜਲੀਆਂ ਉਡਦੀਆਂ, ਜਿਉਂ ਗਈਆਂ ਸ਼ਰਮਾ, ਜਿੰਦ ਨੂੰ ਆਕੇ ਵੀਣੀਆਂ, ਬੇਬਸ ਦੇਣ ਫੜਾ। ਜਾਣ ਨ ਲਹਿਰਾਂ ਮਰਦੀਆਂ, ਭੈੜੇ ਯਾਰ ਦੀ ਛੋਹ ਚਾਰ ਚੁਫ਼ੇਰੇ ਨਦੀ ਵਿੱਚ, ਜਾਣ ਜਲੂਣਾਂ ਹੋ। ‘ਆਉਣਾ ਤੇਰੇ ਵਣਾਂ ਨੂੰ, ਜਾਣਾ ਵਣਾਂ ਚੋਂ ਹੀ ਕੂੰਜਾਂ ਕੋਲੋਂ ਗਗਨ ਦੇ, ਰਾਹ ਨ ਪੁਛਿਓ ਜੀ।' *****
ਵਣ-ਵੈਰਾਗ ਮੁੱਢ ਕਦੀਮੀ ਮੇਲੇ ਦੇ ਨਾਲ ਨਾਲ
ਵਣ-ਵੈਰਾਗ ਦੀ ਸਿਰਜਣਾ ਮੇਰੇ ਅੰਦਰ ਉਸ ਸਮੇਂ ਦੀ ਯਾਦ ਜਗਾਉਂਦੀ ਹੈ, ਜਦੋਂ ਪਟਿਆਲੇ ਦੇ ਭੂਤਵਾੜੇ ਦੀ ਬੌਧਿਕ ਅਮੀਰੀ ਆਪਣੇ ਭਰ ਜੋਬਨ ਵਿਚ ਸੀ, ਜਦੋਂ ਸਾਡੇ ਹਜ਼ਾਰਾਂ ਧਿਆਨੀ ਛਿਣ ਕਾਲ ਤੋਂ ਪਾਰ ਜਾ ਕੇ ਕਿਸੇ ਮਸਤ ਮੇਲੇ ਨੂੰ ਵੇਖਣ ਦੇ ਚਾਅ ਨਾਲ ਭਰੇ ਰਹਿੰਦੇ ਸਨ ਅਤੇ ਜਦੋਂ ‘ਨੂਰ’ ਇਸ ਮੇਲੇ ਵਿਚ ਸਾਹਿਤ ਦੇ ਝਿਲਮਲਾਂਦੇ ਰੰਗਾਂ ਦੀ ਜ਼ਿੰਦਾ ਹੋਲੀ ਉਸ ਜੋਸ਼ ਨਾਲ ਹੀ ਖੇਡਿਆ ਕਰਦਾ ਸੀ, ਜਿਸ ਦੇ ਅਨੂਠੇ ਵਜਦ ਦਾ ਦ੍ਰਿਸ਼ ਸ਼ਾਇਰ ‘ਗੋਯਾ’ ਨੇ ਮਹਿਕਦੇ ਰੰਗਾਂ ਦੇ ਮੀਂਹ ਵਾਲੀ ਗ਼ਜ਼ਲ ਵਿਚ ਬੰਨ੍ਹਿਆ ਹੈ :
ਗੁਲਿ ਹੋਲੀ ਬਬਾਗਿ ਦਹਰ ਬੂ ਕਰਦ..... (ਗ਼ਜ਼ਲ 33)
ਉਦੋਂ ਰਿਗ ਵੇਦ ਨੂੰ ਪੜ੍ਹਨਾ ਵੀ ਮੇਰੇ ਲਈ ਪਾਰ ਦੇ ਮੇਲੇ ਦੇ ਕਿਸੇ ਅਲੌਕਿਕ ਦ੍ਰਿਸ਼ ਨੂੰ ਵੇਖਣਾ ਹੀ ਸੀ। ਮੇਰਾ ਸੰਜੋਗ ਵਿਜੋਗ ਦੇ ਜ਼ਿੰਦਾ ਅਰਥ ਦਿੰਦੇ ਦਰਿਆਵਾਂ, ਸੂਖਮ ਸੰਞਾਂ ਦੇ ਸਹਿਜ ਸੰਗੀਤ, ਜੋਬਨ ਮੱਤੀਆਂ ਰਾਤਾਂ ਦੇ ਸਹੰਸਰ ਰੌਆਂ, ਸਦਾ ਸੱਜਰੇ ਤਾਰਿਆਂ ਦੇ ਵਣਾਂ, ਨੀਂਦ ਵਿਚ ਕੂੰਜਾਂ ਵਾਂਗ ਉੱਡਦੇ ਵੇਦਨਾ-ਭਰੇ ਪਹਾੜਾਂ, ਭੇਦ-ਭਰੇ ਪੰਛੀਆਂ ਅਤੇ ਇੰਦ੍ਰਿਆਵੀ ਸੁਆਦਾਂ ਨਾਲ ਟਸਕਦੇ ਸੁਪਨਿਆਂ ਨੂੰ ਮਿਲਣਾ ਸਭ ਕਾਲਾਂ ਦੇ ਪਾਸ਼ਵੀ ਹਨੇਰੇ (ਵਿਸ਼ੇਸ਼ ਕਰਕੇ ਸਮਕਾਲੀ ਸਾਜ਼ਿਸ਼ਾਂ ਦੇ ਹੁੰਮਸ ਦੀਆਂ ਬੇਰਾਹ ਗ਼ਾਰਾਂ) ਉੱਤੇ ਜਿੱਤ ਪ੍ਰਾਪਤ ਕਰਨ ਦਾ ਹੁਲਾਰਾ ਸੀ। ‘ਸੁੱਤੀ ਨਾਰ' ਨੂੰ ਜਗਾਉਣ ਦੀ ਅਦਾ ਮੇਰੇ ਲਈ ਅਣਛੂਹ ਨਜ਼ਾਕਤ ਦੇ ਖੇੜੇ ਨੂੰ ਆਵਾਜ਼ ਦੇਣਾ ਸੀ। ਸੋ, ਉਦੋਂ ਮੈਂ ਆਪਣੀ ਰਹੱਸਮਈ ਅਦਾ ਨਾਲ ਸੁਤੰਤਰ ਅਤੇ ਸਦਾ ਨਿਰਲੇਪ ਦ੍ਰਿਸ਼ਟੀ ਦੀ ਸ਼ਕਤੀ ਰਾਹੀਂ ਮਨੁੱਖ ਦੇ ਵਿਸ਼ਵ-ਵਿਆਪੀ ਸਮਕਾਲੀ ਧ੍ਰੋਹ ਨੂੰ ਦੂਰ ਕਰਨ ਲਈ ਤ੍ਰਿਖਾਵੰਤ ਸਾਂ। ਮੇਰੀ ਅਜਿਹੀ ਕਾਵਿਮਈ ਅਨੁਭੂਤੀ ਵੀ ਮਾਨਵ ਦੀ ਜਿੱਤ ਦਾ ਇਕ ਖ਼ਾਸ ਅੰਦਾਜ਼ ਸੀ, ਕਿਉਂਕਿ ਪਰਾ-ਆਧੁਨਿਕਵਾਦ ਅਤੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਬਿਨਾਂ ਵੀ ਮਨੁੱਖ ਦੀ ਵਿਜੈਈ ਸਿਰਜਣਾ ਦੇ ਅਨੇਕ ਬਿੰਬ, ਪ੍ਰਤੀਕ, ਚਿਹਨ ਜਾਂ ਦ੍ਰਿਸ਼ਟਾਂਤ ਹੋ ਸਕਦੇ ਹਨ। ਜ਼ਿੰਦਗੀ ਦੇ ਸੁੱਚੇ ਇਸ਼ਕ ਉੱਤੇ ਪਕੜ ਕਾਇਮ ਰਹੇ, ਤਾਂ ਵਣ-ਵੈਰਾਗ ਦੀ ਜਿੱਤ ਸੈਂਕੜੇ ਵੇਸਾਂ ਵਿਚ ਸਾਹਮਣੇ ਆਵੇਗੀ।
ਸੋ, ਵਣ-ਵੈਰਾਗ ਦੀ ਸਿਰਜਣਾ ਸਮੇਂ ਨੂਰ ਸਾਹਿਬ ਸਮੇਤ ਅਸੀਂ ਸਭ ਵਿਅਕਤੀ ਤੋਂ ਸਮੂਹ ਤਕ ਦੇ ਬਹੁ-ਪਰਤੀ ਸਮਕਾਲੀ ਹੁੰਮਸ ਤੋਂ ਪਾਰ ਦੇ ਖੁੱਲ੍ਹੇ ਮੈਦਾਨਾਂ ਵਿਚ ਛੁਪੀ ਵੇਦਨਾ ਲੈ ਕੇ ਲੁੱਡੀਆਂ ਪਾਉਂਦੇ ਭਰੇ ਮੇਲਿਆਂ ਦੇ ਤਾਲਿਬ ਸਾਂ। ਇਹ ਵੱਖਰੀ ਗੱਲ ਹੈ ਕਿ ਮੈਂ ਹੁਣ ਉਸ ਦੂਰ ਦੇ ਮੇਲੇ ਵਿਚ ਇਕੱਲਾ ਹਾਂ।
(23-9-2002)